ਪੱਤਰ ਨੰਬਰ 10, ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਨੂੰ ਸਰਵਜੀਤ ਸਿੰਘ ਸੈਕਰਾਮੈਂਟੋ ਵੱਲੋਂ ਜਵਾਬ

0
425

ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ !

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।

ਮਿਤੀ 4 ਅਪ੍ਰੈਲ 2018

ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ ! ਮੇਰੇ 30 ਮਾਰਚ ਦੇ ਪੱਤਰ ਦੇ ਜਵਾਬ ਵਿੱਚ ਆਪ ਜੀ ਦਾ ਪੱਤਰ 3 ਅਪ੍ਰੈਲ ਨੂੰ ਮਿਲਿਆ। ਮੈਂ ਤਾਂ ਆਪਣੇ ਸਵਾਲਾਂ ਦੇ ਜਵਾਬ ਉਡੀਕ ਰਿਹਾ ਸੀ ਪਰ ਤੁਸੀਂ ਤਾਂ ਵਿਚਾਰ ਚਰਚਾ ਦਾ ਦਰਵਾਜ਼ਾ ਹੀ ਬੰਦ ਕਰ ਦਿੱਤਾ ਹੈ। ਨਿਸ਼ਾਨ ਜੀ !  ਕੀ ਕਾਰਨ ਹੈ ਕਿ ਵਾਰ-ਵਾਰ ਬੇਨਤੀਆਂ ਕਰਨ ’ਤੇ ਵੀ ਤੁਸੀਂ ਵਿਚਾਰ ਚਰਚਾ ਕਰਨ ਨੂੰ ਤਿਆਰ ਨਹੀਂ ਹੋ ?  ਜੇ ਸ. ਅਜੀਤ ਸਿੰਘ ਜੀ ਵੱਲੋਂ ਵਰਤੀ ਸ਼ਬਦਾਵਲੀ ’ਤੇ ਆਪ ਜੀ ਨੂੰ ਕੋਈ ਇਤਰਾਜ਼ ਹੈ ਤਾਂ ਉਨ੍ਹਾਂ ਦਾ ਈ-ਮੇਲ ਪਤਾ, ਇਸ ਗਰੁੱਪ ਵਿੱਚੋਂ ਹਟਾਇਆ ਜਾ ਸਕਦਾ ਹੈ। ਵਿਚਾਰ ਚਰਚਾ ਤਾਂ ਆਪ ਜੀ ਅਤੇ ਮੇਰੇ ਵਿਚਕਾਰ ਹੋ ਰਹੀ ਹੈ। ਬਾਕੀ ਸੱਜਣ ਤਾਂ ਇਸ ਦਾ ਆਨੰਦ ਮਾਣ ਰਹੇ ਹਨ। ਉਨ੍ਹਾਂ ਵੱਲੋਂ ਕੀਤੀ ਕਿਸੇ ਟਿੱਪਣੀ ਕਾਰਨ, ਵਿਚਾਰ ਚਰਚਾ ਨੂੰ ਹੀ ਬੰਦ ਕਰ ਦੇਣਾ, ਇਹ ਦਲੀਲ ਤਾਂ ਮੰਨਣ ਯੋਗ ਨਹੀਂ ਹੈ; ਜਿਵੇਂ ਕਿ

(1). ਗੁੱਟਬੰਦੀ ਸਬੰਧੀ ਬੇਨਤੀ ਹੈ ਕਿ ਮੈਂ ਇਹ, ਡਾ ਅਨੁਰਾਗ ਸਿੰਘ ਦੇ ਪੱਤਰ (26/7/2017) ਦੇ ਅਧਾਰ ’ਤੇ ਹੀ ਲਿਖਿਆ ਸੀ।

ਅੱਗੇ ਆਪ ਜੀ ਲਿਖਦੇ ਹੋ, “ਅਨੁਰਾਗ ਸਿੰਘ ਨੇ ਜ਼ਰੂਰ ਕਿਸੇ ਅਣ ਸੁਖਾਵੇਂ ਸ਼ਬਦਾਂ ਦੇ ਜੁਆਬ ਵਿਚ ਹੀ ਇਹ ਸ਼ਬਦ ਵਰਤੇ ਹੋਣਗੇ ਕਿਉਂਕਿ ਉਹ ਕਿਸੇ ਵਧੀਕੀ ਨੂੰ ਬਰਦਾਸ਼ਤ ਨਹੀਂ ਕਰਦਾ”। ਤੁਹਾਡੀ ਜਾਣਕਾਰੀ ਲਈ ਬੇਨਤੀ ਹੈ ਕਿ ਮੈਨੂੰ ਕਿਸੇ ਲਈ ਅਣਸੁਖਾਵੇ ਸ਼ਬਦ ਵਰਤਣ ਜਾਂ ਵਧੀਕੀ ਕਰਨ ਦੀ ਲੋੜ ਨਹੀਂ ਹੈ। ਮੈਂ ਦਲੀਲ ਨਾਲ ਵਿਚਾਰ ਕਰਨ `ਚ ਵਿਸ਼ਵਾਸ ਰੱਖਦਾ ਹਾਂ। ਜਦੋਂ ਉਨ੍ਹਾਂ ਨੇ ਮੇਰੀ ਬੇਨਤੀ ਵੱਲ ਧਿਆਨ ਨਹੀਂ ਦਿੱਤਾ ਤਾਂ ਮੈਂ ਆਪਣੇ ਪੱਤਰ ਵਿੱਚ ਇਹ ਲਿਖਿਆ ਸੀ, “ਅਨੁਰਾਗ ਸਿੰਘ ਜੀ ! ਸੱਚ ਜਾਣਿਓ, ਅੱਜ ਤੁਹਾਨੂੰ ਫ਼ਤਿਹ ਬੁਲਾਉਣ ਨੂੰ ਰੂਹ ਨਹੀਂ ਕਰਦੀ। ਇਸ ਦੇ ਤਿੰਨ ਕਾਰਨ ਹਨ। ਅਕਾਲ ਤਖਤ ਦੇ ਹੁਕਮਨਾਮੇ ਦੀ ਅਵੱਗਿਆ, ਤੁਹਾਡੀ ਸ਼ਬਦਾਵਲੀ ਅਤੇ ਤੁਹਾਡੇ ਵੱਲੋਂ ਲਿਖੇ ਗਏ ਝੂਠ”। (8/1/2017, ਕਿਸ਼ਤ 3)

(2). ਅੱਗੇ ਆਪ ਜੀ ਨੇ ਲਿਖਿਆ ਹੈ, “ ਤੁਹਾਡੇ ਗਰੁੱਪ ਦਾ ਪਾਲ ਸਿੰਘ ਪੁਰੇਵਾਲ ਮੈਂਬਰ ਹੈ, ਚੰਗਾ ਹੋਵੇ ਆਪਣੇ 5 ਸੁਆਲਾਂ ਸਬੰਧੀ ਸ਼ੰਕਿਆਂ ਦੀ ਨਵਿਰਤੀ ਉਸ ਕੋਲੋਂ ਕਰ ਲਵੋ ਮੈਨੂੰ ਉਮੀਦ ਹੈ ਉਹ ਤੁਹਾਨੂੰ ਗ਼ਲਤ ਰਾਇ ਨਹੀਂ ਦੇਵੇਗਾ ਬੇਸ਼ੱਕ ਮੇਰੇ ਅਤੇ ਪਾਲ ਸਿੰਘ ਪੁਰੇਵਾਲ ਵਿਚਕਾਰ ਕੈਲੰਡਰ ਸਬੰਧੀ ਮਤਭੇਦ ਹਨ”।

ਕਰਨਲ ਨਿਸ਼ਾਨ ਜੀ ! ਸਵਾਲ ਤਾਂ ਤੁਹਾਡੀ ਲਿਖਤ ਨਾਲ ਸਬੰਧਿਤ ਹੈ, ਤੁਸੀਂ ਕਹਿੰਦੇ ਹੋ ਕਿ ਉਸ ਦਾ ਜਵਾਬ ਪਾਲ ਸਿੰਘ ਪੁਰੇਵਾਲ ਤੋਂ ਲੈ ਲਵੋ। ਵਾਹ ! ਨਿਸ਼ਾਨ ਜੀ ! ਸ਼ਾਇਦ ਤੁਹਾਨੂੰ ਯਾਦ ਹੋਵੇਗਾ, ਮਾਰਚ 2010 ਵਿੱਚ ਜਦੋਂ ਸ਼੍ਰੋਮਣੀ ਕਮੇਟੀ ਵੱਲੋਂ ਧੁਮੱਕੜਸ਼ਾਹੀ ਕੈਲੰਡਰ ਜਾਰੀ ਕੀਤਾ ਗਿਆ ਸੀ, ਤਾਂ ਮੈਂ ਆਪ ਜੀ ਨੂੰ ਈ ਮੇਲ ਕਰ ਕੇ ਇਹ ਸਵਾਲ ਪੁੱਛਿਆ ਸੀ, ਕਿ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਦਰਜ ਅਤੇ ਤੁਹਾਡੇ ਵੱਲੋਂ ਵਰਤੀ ਜਾਂਦੀ ਸੀ ਡੀ ਵਿੱਚ ਦਰਜ ਸੰਗਰਾਂਦਾਂ ਵਿੱਚੋਂ 4 ਸੰਗਰਾਂਦਾਂ ਦੀ ਤਾਰੀਖ ਵਿੱਚ 1 ਦਿਨ ਦਾ ਫਰਕ ਹੈ ਇਸ ਦਾ ਕੀ ਕਾਰਨ ਹੈ ?  ਤੁਸੀਂ ਇਸ ਦੇ ਜਵਾਬ ਵਿੱਚ ਲਿਖਿਆ ਸੀ ਕਿ “ਮੈਂ ਅਜੇ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤਾ ਗਿਆ ਕੈਲੰਡਰ ਨਹੀਂ ਵੇਖਿਆ”। ਮੈਂ ਆਪ ਨੂੰ ਸ਼੍ਰੋਮਣੀ ਕਮੇਟੀ ਦਾ ਕੈਲੰਡਰ ਭੇਜ ਦਿੱਤਾ ਸੀ ਕਿ ਵੇਖ ਕੇ ਮੇਰੇ ਸਵਾਲ ਦਾ ਜਵਾਬ ਦਿਓ, ਜਿਸ ਦਾ ਜਵਾਬ ਅੱਜ ਤੱਕ ਨਹੀਂ ਆਇਆ। ਫੇਰ ਮੈਂ ਇਹ ਸਵਾਲ ਸ. ਪਾਲ ਸਿੰਘ ਜੀ ਨੂੰ ਪੁੱਛਿਆ ਸੀ ਤਾਂ ਉਨ੍ਹਾਂ ਨੇ ਮੈਨੂੰ ਇਸ ਦਾ ਕਾਰਨ ਸਮਝਾਇਆ ਸੀ। ਨਿਸ਼ਾਨ ਜੀ ! ਉਸ ਕਾਰਨ ਨੂੰ ਤੁਸੀਂ ਅੱਜ ਵੀ ਨਹੀਂ ਸਮਝ ਸਕੇ, ਇਹ ਗੱਲ ਮੈਂ ਬਿਨਾਂ ਵਜਾ ਨਹੀਂ ਲਿਖ ਰਿਹਾ। ਮੇਰੇ ਪਾਸ ਇਸ ਦਾ ਠੋਸ ਸਬੂਤ ਮੌਜੂਦ ਹੈ ਉਹ ਹੈ ਤੁਹਾਡੀ ਕਿਤਾਬ “ਗੁਰ ਪੁਰਬ ਦਰਪਣ”।

ਮੈਂ ਵੀ ਉਸੇ ਸੀ ਡੀ ਤੋਂ ਨਕਲ ਕਰ ਕੇ ਪੋਹ ਸੁਦੀ 7 ਮੁਤਾਬਕ 100 ਸਾਲ ਦਾ ਕੈਲੰਡਰ ਬਣਾਇਆ ਸੀ, ਜਿਸ ਵਿੱਚ ਮੈਂ ਲਿਖਿਆ ਸੀ ਕਿ ਆਉਣ ਵਾਲੇ 100 ਸਾਲ ਵਿਚੋਂ ਤਿੰਨ ਸਾਲ ਅਜਿਹੇ ਹੋਣਗੇ, ਜਦੋਂ ਪੋਹ ਦਾ ਮਹੀਨਾ ਨਹੀਂ ਆਵੇਗਾ। ਇਹ ਵੀ ਮੈਨੂੰ ਪੁਰੇਵਾਲ ਜੀ ਨੇ ਦੱਸਿਆ ਸੀ ਕਿ ਇਹ ਫਾਰਮੂਲਾ ਪੁਰਾਣਾ ਹੈ ਹੁਣ ਇਸ ਵਿਚ ਵਿਦਵਾਨਾਂ ਵੱਲੋਂ ਸੋਧ ਕਰ ਦਿੱਤੀ ਗਈ ਹੈ।

ਨਿਸ਼ਾਨ ਜੀ !  ਤੁਹਾਡੀ ਕਿਤਾਬ ਵਿੱਚ ਪੰਨਾ 17 ਉੱਪਰ ਦਰਜ ਤੁਹਾਡੇ ਹੇਠਲੇ ਸ਼ਬਦਾਂ ਤੋਂ ਪ੍ਰਭਾਵਤ ਹੋ ਕੇ ਮੈਂ ਆਪ ਜੀ ਨਾਲ ਵਿਚਾਰ ਆਰੰਭ ਕੀਤੀ ਹੈ।

(3). ਅੱਗੇ ਤੁਸੀਂ ਲਿਖਿਆ ਹੈ, “ ਤੁਹਾਡੇ ਵੱਲੋਂ ਪੁੱਛੀਆਂ ਚੇਤ ਸੁਦੀ 14 ਅਤੇ ਭਾਦੋਂ ਸੁਦੀ 2 ਦੀਆਂ ਤਾਰੀਖ਼ਾਂ ਇਤਿਹਾਸ ਮੁਤਾਬਕ ਠੀਕ ਹਨ। ਬੇਸ਼ੱਕ ਇਨ੍ਹਾਂ ਸਾਲਾਂ ਵਿਚ ਵੀ ਮਲ ਮਾਸ ਆਉਂਦਾ ਹੈ”।

ਨਿਸ਼ਾਨ ਜੀ ! ਤੁਹਾਡੇ ਵਾਸਤੇ ਇਹ ਤਾਰੀਖ਼ਾਂ ਇਸ ਲਈ ਠੀਕ ਹਨ ਕਿਉਂਕਿ ਤੁਸੀਂ ਆਪਣੀ ਕਿਤਾਬ ਵਿੱਚ ਦਰਜ ਕਰ ਚੁੱਕੇ ਹੋ। ਮੇਰਾ ਸਵਾਲ ਇਹ ਹੈ ਕਿ ਇਹ ਕਿਵੇਂ ਠੀਕ ਹਨ ?

ਕਰਨਲ ਨਿਸ਼ਾਨ ਜੀ ! ਤੁਹਾਡੀ ਆਪਣੀ ਲਿਖਤ ਮੁਤਾਬਕ, (ਜਵਾਬ ਨੰ: 14, ਪੰਨਾ 27) ਤੁਸੀਂ ਅਕਾਲ ਤਖਤ ਸਾਹਿਬ ਤੇ 22 ਦਸੰਬਰ 1999 ਈ: ਨੂੰ ਹੋਈ ਮੀਟਿੰਗ ਵਿੱਚ ਸ਼ਾਮਲ ਸੀ। ਮੈਂ ਹੈਰਾਨ ਹਾਂ ਕਿ ਅੱਜ ਤੁਸੀਂ ਆਪਣੀ ਲਿਖਤ ਬਾਰੇ ਦਲੀਲ ਨਾਲ ਗੱਲ ਕਰਨ ਤੋਂ ਭੱਜ ਰਹੇ ਹੋ, ਅੱਜ ਤੋਂ ਦੋ ਦਹਾਕੇ ਪਹਿਲਾਂ ਤੁਸੀਂ ਕੀ ਸੁਝਾਅ ਜਾਂ ਦਲੀਲਾਂ ਦਿੰਦੇ ਹੋਵੋਗੇ, ਜਿਨ੍ਹਾਂ ਬਾਰੇ ਤੁਹਾਨੂੰ ਇਤਰਾਜ਼ ਹੈ ਕਿ ਮੰਨੀਆਂ ਨਹੀਂ ਗਈਆਂ ? ਉਸ ਮੀਟਿੰਗ ਤੋਂ 17 ਸਾਲ ਪਿੱਛੋਂ, ਦਸੰਬਰ 2016 ਈ: ਵਿੱਚ ਤੁਹਾਡੀ ਕਿਤਾਬ ’ਗੁਰ ਪੁਰਬ ਦਰਪਣ”’ ਆਈ ਹੈ। ਜਿਸ ਵਿੱਚ ਤੁਸੀਂ 28 ਸਵਾਲ-ਜਵਾਬ ਦਰਜ ਕੀਤੇ ਹਨ। ਨਿਸ਼ਾਨ ਜੀਲ !  ਬਹੁਤ ਸੌਖਾ ਹੁੰਦਾ ਹੈ ਆਪੇ ਸਵਾਲ ਕਰ ਕੇ, ਆਪ ਹੀ ਜਵਾਬ ਦੇਣਾ। ਅਜੇ ਤਾਂ ਆਪਾਂ ਪਹਿਲੇ ਸਵਾਲ (ਨੰ. 27) ) ’ਤੇ ਹੀ ਵਿਚਾਰ ਆਰੰਭ ਕੀਤੀ ਹੈ। ਤੁਸੀਂ ਮੈਦਾਨ `ਚੋਂ  ਭੱਜ ਗਏ ਹੋ। ਐਨਾ ਕਮਜ਼ੋਰ ਤਾਂ ਨਹੀਂ ਹੋਣਾ ਚਾਹੀਦਾ, ਭਾਰਤੀ ਫੌਜ ਦਾ ਸਾਬਕਾ ਉੱਚ ਅਧਿਕਾਰੀ, ਜਿਹੜਾ ਆਪਣੀ ਲਿਖਤ ਬਾਰੇ ਵੀ ਦਲੀਲ ਨਾਲ ਵਿਚਾਰ ਨਾ ਕਰ ਸਕੇ। ਅਜੇ ਕਈ ਸਵਾਲ ਹੋਰ ਹਨ ਜਿਨ੍ਹਾਂ ’ਤੇ ਵਿਚਾਰ ਕੀਤੀ ਜਾਣੀ ਬਹੁਤ ਹੀ ਜ਼ਰੂਰੀ ਹੈ।

ਕਰਨਲ ਨਿਸ਼ਾਨ ਜੀ !  ਇਸ ਗਰੁੱਪ ਵਿਚ, ਲਗਭਗ 70 ਸੱਜਣਾਂ ਦੇ ਨਾਮ ਸ਼ਾਮਲ ਹਨ, ਪਰ ਤੁਸੀਂ ਆਪਣਾ ਪੱਤਰ ਮੈਨੂੰ, ਸ. ਕਿਰਪਾਲ ਸਿੰਘ ਅਤੇ ਸ. ਰਵਿੰਦਰ ਸਿੰਘ ਜੀ ਨੂੰ ਹੀ ਭੇਜਿਆ ਹੈ। ਚੰਗਾ ਹੁੰਦਾ ਜੇ ਤੁਸੀਂ ਇਹ ਪੱਤਰ ਸਾਰਿਆਂ ਸੱਜਣਾਂ ਨੂੰ ਹੀ ਭੇਜ ਕੇ ਆਪਣੇ ਫੈਸਲੇ ਤੋਂ ਜਾਣੂ ਕਰਵਾ ਦਿੰਦੇ।

################

ਇਸ ਗਰੁੱਪ ਵਿਚ ਸ਼ਾਮਲ ਸਮੂਹ  ਸੱਜਣ, ਜੋ ਇਸ ਵਿਚਾਰ ਚਰਚਾ ਵਿਚੋਂ ਹਾਂ ਪੱਖੀ ਨਤੀਜਿਆਂ ਦੀ ਉਡੀਕ ਵਿੱਚ ਸਨ, ਨੂੰ  ਹੋਈ ਨਿਰਾਸ਼ਾ ਲਈ ਮੈਨੂੰ ਅਫ਼ਸੋਸ ਹੈ। ਉਨ੍ਹਾਂ ਦੀ ਜਾਣਕਾਰੀ ਲਈ ਮੈਂ ਉਪ੍ਰੋਕਤ ਨੁਕਤੇ ਨੂੰ ਸਪੱਸ਼ਟ ਕਰਨ ਦਾ ਯਤਨ ਕਰ ਰਿਹਾ ਹਾਂ।

ਚੰਦ ਦੇ ਕੈਲੰਡਰ ਮੁਤਾਬਕ ਇਕ ਸਾਲ ਦੇ 354.37 ਦਿਨ ਹੁੰਦੇ ਹਨ। ਧਰਤੀ, ਸੂਰਜ ਦੁਆਲੇ ਆਪਣਾ ਇਕ ਚੱਕਰ 365.2422 ਦਿਨਾਂ `ਚ ਪੂਰਾ ਕਰਦੀ ਹੈ ਇਸ ਨੂੰ ਰੁੱਤੀ ਸਾਲ (Tropical Year) ਕਹਿੰਦੇ ਹਨ। ਚੰਦ ਦਾ ਇਕ ਸਾਲ ਸੂਰਜੀ ਸਾਲ ਤੋਂ 11 ਦਿਨ ਛੋਟਾ ਹੁੰਦਾ ਹੈ। ਇਸਲਾਮ ਧਰਮ `ਚ ਪ੍ਰਚਲਿਤ ਹਿਜਰੀ ਕੈਲੰਡਰ ਕੇਵਲ ਚੰਦ ਆਧਾਰਿਤ ਕੈਲੰਡਰ ਹੈ। ਜਿਸ ਮੁਤਾਬਕ ਇਸਲਾਮ ਧਰਮ ਦੇ ਪਵਿੱਤਰ ਦਿਹਾੜੇ ਹਰ ਸਾਲ (ਸੀ. ਈ. ਕੈਲੰਡਰ ਮੁਤਾਬਕ) ਪਿਛਲੇ ਸਾਲ ਨਾਲੋਂ 11 ਦਿਨ ਪਹਿਲਾਂ ਆਉਂਦੇ ਹਨ, ਪਰ ਸਾਡੇ ਅਜਿਹਾ ਨਹੀਂ ਹੁੰਦਾ।

ਚੰਦ ਦਾ ਸਾਲ, ਇਕ ਸਾਲ ਵਿਚ 11 ਦਿਨ ਅਤੇ ਦੋ ਸਾਲਾਂ ਵਿਚ 22 ਦਿਨ ਅਤੇ ਤੀਜੇ ਸਾਲ 33 ਦਿਨ, ਸੂਰਜੀ ਸਾਲ ਤੋਂ ਪਿੱਛੇ ਰਹਿ ਜਾਵੇ ਤਾਂ ਇਸ ਨੂੰ ਸੂਰਜੀ ਸਾਲ ਦੇ ਨੇੜੇ ਤੇੜੇ ਰੱਖਣ ਲਈ ਇਸ ਵਿਚ ਇਕ ਮਹੀਨਾ ਹੋਰ ਜੋੜ ਦਿੱਤਾ ਜਾਂਦਾ ਹੈ ਭਾਵ ਉਸ ਸਾਲ ਚੰਦ ਦੇ ਸਾਲ ਦੇ 13 ਮਹੀਨੇ ਕਰ ਦਿੱਤੇ ਜਾਂਦੇ ਹਨ। ਚੰਦ ਦੇ ਸਾਲ ਦੇ ਦਿਨ, ਜੋ ਸਧਾਰਨ ਸਾਲ ਵਿਚ 354 ਹੁੰਦੇ ਹਨ ਉਹ ਤੇਰਵਾਂ ਮਹੀਨਾ ਜੋੜੇ ਜਾਣ ਕਾਰਨ 384/85 ਹੋ ਜਾਂਦਾ ਹੈ। ਅਜਿਹਾ 19 ਸਾਲਾਂ ਵਿਚ 7 ਵਾਰੀ ਕੀਤਾ ਜਾਂਦਾ ਹੈ। ਇਸ ਸਾਲ (ਸੰਮਤ 2075 ਬਿਕ੍ਰਮੀ/2018-19 ਈ:) ਵੀ ਚੰਦ ਦੇ ਸਾਲ ਵਿੱਚ 13 ਮਹੀਨੇ ਹੋਣਗੇ, ਜਿਨ੍ਹਾਂ ਵਿਚੋਂ ਜੇਠ ਦਾ ਮਹੀਨਾ ਦੋ ਵਾਰੀ ਆ ਰਿਹਾ ਹੈ।

ਮਈ ਮਹੀਨੇ ਦੀ ਪਹਿਲੀ ਤਾਰੀਖ ਨੂੰ ਵੇਖੋ। ਇੱਥੇ “ਪਹਿਲਾ ਜੇਠ (ਸ਼ੁਭ) ਵਦੀ 1” ਲਿਖਿਆ ਹੋਇਆ ਹੈ। ਇਹ ਪੱਖ 15 ਮਈ ਭਾਵ ਮੱਸਿਆ ਨੂੰ ਖ਼ਤਮ ਹੋ ਜਾਵੇਗਾ। 16 ਮਈ ਵਾਲੇ ਖ਼ਾਨੇ ਵਿੱਚ, “ਪਹਿਲਾ ਜੇਠ (ਅਸ਼ੁਭ) ਸੁਦੀ 1 ਲਿਖਿਆ ਹੋਇਆ ਹੈ। ਇਹ ਪੱਖ 29 ਮਈ ਭਾਵ ਪੁੰਨਿਆ ਨੂੰ ਖ਼ਤਮ ਹੋ ਜਾਵੇਗਾ। 30 ਮਈ ਵਾਲੇ ਖ਼ਾਨੇ ਵਿੱਚ, “ਦੂਜਾ ਜੇਠ (ਅਸ਼ੁਭ) ਵਦੀ 1 ਲਿਖਿਆ ਹੋਇਆ ਹੈ। ਇਹ ਪੱਖ 13 ਜੂਨ ਨੂੰ ਖ਼ਤਮ ਹੋਵੇਗਾ। 14 ਜੂਨ ਤੋਂ “ ਦੂਜਾ ਜੇਠ (ਸ਼ੁਭ) ਸੁਦੀ 1” ਤੋਂ ਆਰੰਭ ਹੋ ਕੇ 28 ਜੂਨ, “ਦੂਜਾ ਜੇਠ (ਸ਼ੁਭ) ਸੁਦੀ 15” ਭਾਵ ਪੁੰਨਿਆ ਨੂੰ ਖ਼ਤਮ ਹੋਵੇਗਾ। ਚੰਦ ਦੇ ਕੈਲੰਡਰ ਦਾ ਜੇਠ 1 ਮਈ ਤੋਂ ਆਰੰਭ ਹੋਵੇਗਾ ਅਤੇ 28 ਜੂਨ ਨੂੰ ਖ਼ਤਮ ਹੋਵੇਗਾ। ਆਮ ਤੌਰ ਤੇ ਮਹੀਨੇ ਦੇ ਦੋ ਪੱਖ (ਵਦੀ ਅਤੇ ਸੁਦੀ) ਹੁੰਦੇ ਹਨ, ਪਰ ਇਸ ਸਾਲ ਜੇਠ ਦੇ ਚਾਰ ਪੱਖ ਹਨ। ਪਹਿਲਾ ਪੱਖ “ਸ਼ੁਭ ਵਦੀ”, ਦੂਜਾ ਪੱਖ “ਅਸ਼ੁਭ ਸੁਦੀ”, ਤੀਜਾ ਪੱਖ “ਅਸ਼ੁਭ ਵਦੀ” ਅਤੇ ਚੌਥਾ ਪੱਖ “ਸ਼ੁਧ ਸੁਦੀ”। (ਕਦੋਂ ਅਤੇ ਕਿਹੜਾ ਮਹੀਨਾ, ਮਲ ਮਾਸ ਹੋਵੇਗਾ ਇਹ ਇਕ ਵੱਖਰਾ ਵਿਸ਼ਾ ਹੈ)

ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ, ਚੰਦ ਦੇ ਕੈਲੰਡਰ ਮੁਤਾਬਕ ਜੇਠ ਸੁਦੀ 4 ਨੂੰ ਹੈ। ਕਰਨਲ ਨਿਸ਼ਾਨ ਨੇ ਆਪਣੀ ਕਿਤਾਬ ਦੇ ਵਿੱਚ ਇਹ ਤਾਰੀਖ 19 ਮਈ ਦਰਜ ਕੀਤੀ ਹੈ (ਪੰਨਾ 54 ਅਤੇ 85), ਜੋ ਕਿ ਪਹਿਲੇ ਜੇਠ ਦਾ ਅਸ਼ੁਭ ਸੁਦੀ ਪੱਖ ਹੈ। ਬਿਕ੍ਰਮੀ ਕੈਲੰਡਰ ਦੇ ਕਾਇਦੇ-ਕਾਨੂੰਨ ਮੁਤਾਬਕ ਇਹ ਤਾਰੀਖ ਦੂਜੇ ਜੇਠ ਦੇ ਸ਼ੁਭ ਸੁਦੀ ਪੱਖ ਭਾਵ 17 ਜੂਨ ਹੋਣੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਦੇ ਕੈਲੰਡਰ ਸਮੇਤ ਸਾਰੀਆਂ ਜੰਤਰੀਆਂ ਵਿਚ ਇਹ ਤਾਰੀਖ 17 ਜੂਨ ਹੀ ਦਰਜ ਹੈ।

ਇਹ ਤਾਂ ਸੀ ਸੁਦੀ ਪੱਖ, ਦੂਜਾ ਹੈ ਵਦੀ ਪੱਖ, ਇੱਥੇ ਆਪਾ ਗੁਰੂ ਨਾਨਕ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ ਅੱਸੂ ਵਦੀ 10 ਦੀ ਉਦਾਹਰਨ ਲੈਂਦੇ ਹਾਂ। ਸਾਲ 2058 ਅਤੇ 2077 ਈ: ਵਿੱਚ ਅੱਸੂ ਦਾ ਮਹੀਨਾ ਮਲ ਮਾਸ ਹੋਵੇਗਾ; ਜਿਵੇ ਕਿ ਉਪਰ ਜਿਕਰ ਕੀਤਾ ਜਾ ਚੁੱਕਾ ਹੈ ਕਿ ਪਹਿਲੇ ਅੱਸੂ ਦਾ ਪਹਿਲਾ (ਵਦੀ) ਪੱਖ ਸ਼ੁਭ ਮੰਨਿਆ ਜਾਂਦਾ ਹੈ ਤਾਂ ਅੱਸੂ ਵਦੀ 10 ਤਾਂ ਸ਼ੁਭ ਪੱਖ ਵਿੱਚ ਹੀ ਆਉਂਦੀ ਹੈ, ਪਰ ਨਿਸ਼ਾਨ ਜੀ ਨੇ 12-10-2058 ਅਤੇ 11-10-2077 ਦਰਜ ਕੀਤੀਆਂ ਹਨ। (ਪੰਨਾ 38) ਭਾਵ ਇਹ ਦੋਵੇਂ ਤਾਰੀਖ਼ਾਂ “ਦੂਜੇ ਅੱਸੂ (ਅਸ਼ੁਭ) ਵਦੀ 10” ਮੁਤਾਬਕ ਦਰਜ ਕੀਤੀਆਂ ਗਈਆਂ ਹਨ, ਜੋ ਕਿ ਮੁੱਢੋਂ ਹੀ ਗ਼ਲਤ ਹਨ। ਇਹ ਤਾਰੀਖ਼ਾਂ “ਪਹਿਲਾ ਅੱਸੂ (ਸ਼ੁਭ) ਵਦੀ 10” ਮੁਤਾਬਕ 12 ਸਤੰਬਰ 2058  ਅਤੇ 11 ਸਤੰਬਰ 2077 ਈ: ਬਣਦੀਆਂ ਹਨ।

ਸਤਿਕਾਰ ਯੋਗ ਸੱਜਣੋ ! ਕਰਨਲ ਨਿਸ਼ਾਨ ਜੀ ਨਾਲ ਪਹਿਲੇ ਸਵਾਲ (ਨੰ. 27) ’ਤੇ ਹੀ ਵਿਚਾਰ ਆਰੰਭ ਕੀਤੀ ਸੀ ਜਿਸ ਤੋਂ ਉਨ੍ਹਾਂ ਨੇ ਮੁਖ ਮੋੜ ਲਿਆ ਹੈ। ਇਸ ਤੋਂ ਪਹਿਲਾਂ, ਇਨ੍ਹਾਂ ਵੱਲੋਂ ਦਿੱਤੀ ਗਈ ਇੱਕ ਲੱਖ ਰੁਪਏ ਦੀ ਚੁਣੌਤੀ, (ਪੰਨਾ 95) ਦਸੰਬਰ 2017 ਈ: ਵਿੱਚ ਪ੍ਰਵਾਨ ਕੀਤੀ ਸੀ। ਕਰਨਲ ਨਿਸ਼ਾਨ ਨੇ ਉਸ ਵੇਲੇ ਵੀ ਕੋਈ ਹੁੰਗਾਰਾ ਨਹੀਂ ਭਰਿਆ ਸੀ। ਮੈਨੂੰ ਬੜੇ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਕਰਨਲ ਸੁਰਜੀਤ ਸਿੰਘ ਨਿਸ਼ਾਨ, ਜੋ ਕਿ ਅੱਜ ਵੀ ਬਿਕ੍ਰਮੀ ਕੈਲੰਡਰ ਦੇ ਬੁਨਿਆਦੀ ਨੁਕਤਿਆਂ ਨੂੰ ਸਮਝਣ ਤੋਂ ਅਸਮਰੱਥ ਹਨ, ਅੱਜ ਤੋਂ ਦੋ ਦਹਾਕੇ ਪਹਿਲਾਂ ਕਿਹੋ ਜਿਹੀਆਂ ਹਾਸੋਂ ਹੀਣੀਆਂ ਦਲੀਲਾਂ ਦਿੰਦੇ ਹੋਣਗੇ ? ਇਸ ਦਾ ਅੰਦਾਜ਼ਾਂ ਤੁਸੀਂ ਆਪ ਹੀ ਲਗਾ ਸਕਦੇ ਹੋ। 

ਧੰਨਵਾਦ
ਭੁੱਲ-ਚੁੱਕ ਦੀ ਖਿਮਾ

ਸਰਵਜੀਤ ਸਿੰਘ ਸੈਕਰਾਮੈਂਟੋ
ਮਿਤੀ 4/4/2018

ਸੰਪਾਦਕੀ ਨੋਟ : ਕਈ ਵਾਰ ਬੰਦ ਕਮਰੇ ਵਿੱਚ ਬੈਠ ਕੇ ਕੀਤੀ ਗਈ ਕੋਈ ਸਟੱਡੀ , ਅਗਰ ਉਸ ਨੂੰ ਵਿਸ਼ੇ ਨਾਲ ਸਬੰਧਕੀ ਵਿਦਵਾਨ ਮੰਡਲੀ ਨਾਲ ਬੈਠ ਕੇ ਵਿਚਾਰਿਆ ਨਾ ਜਾਵੇ ਤਾਂ ਬੜਾ ਨੁਕਸਾਨ ਕਰ ਜਾਂਦੀ ਹੈ, ਅਜਿਹਾ ਹੀ ਕੁਝ ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ ਵੱਲੋਂ ਕੀਤੀ ਗਈ ਕੈਲੰਡਰ ਗਣਿਤ (ਗਿਆਨ) ਬਾਰੇ ਸਟੱਡੀ, ਸਿੱਖ ਕੌਮ ਦੀ ਏਕਤਾ ਨੂੰ ਨੁਕਸਾਨ ਪਹੁੰਚਾ ਰਹੀ ਹੈ।

ਮੇਰਾ ਇਹ ਮੰਨਣਾ ਨਹੀਂ ਕਿ ਕਰਨਲ ਸੁਰਜੀਤ ਸਿੰਘ ਅਕਲਹੀਣ ਹਨ ਪਰ ਬੰਦ ਕਮਰੇ ਦੀ ਯੋਗਤਾ ਨੂੰ ਲਿਖਤੀ ਰੂਪ ਦੇਣ ਤੋਂ ਪਹਿਲਾਂ, ਵਿਸ਼ੇ ਨਾਲ ਸਬੰਧਿਤ ਭਾਈਚਾਰੇ ਨਾਲ ਵਿਚਾਰਾਂ ਦਾ ਲੈਣ-ਦੇਣ ਕਰਨਾ ਬੁਧੀਮਾਨੀ ਦੇ ਨਿਮਰਤਾ ਦਾ ਪ੍ਰਤੀਕ ਹੁੰਦਾ ਹੈ, ਜੋ ਕਿ ਕਰਨਲ ਸਾਹਿਬ ਨੇ ਨਾ ਕੀਤਾ ਤੇ ਨਾ ਹੀ ਕਰਨ ਦਾ ਯਤਨ ਕਰ ਰਹੇ ਹਨ ਕਿਉਂਕਿ ਨਿਖੜਵਾਂ ਗਿਆਨ ਲਿਖਤੀ ਰੂਪ ਲੈ ਚੁੱਕਾ ਹੈ, ਜੋ ਹੁਣ ਜਿੱਦ ਵੱਲ ਤਬਦੀਲ ਹੋ ਚੁੱਕਾ ਜਾਪਦਾ ਹੈ।

ਕਿਸੇ ਕਿਤਾਬ ਵਿਚ ਛਾਪੀ ਜਾਂਦੀ ਸੁਝਾਅ ਦੇਣ ਬਾਰੇ ਅਪੀਲ ਵੀ ਕੇਵਲ ਜਿੱਦ ਨੂੰ ਛੁਪਾਉਣ ਦੇ ਯਤਨ ਤੋਂ ਵੱਧ ਕੁਝ ਨਹੀਂ ਹੁੰਦਾ ਕਿਉਂਕਿ ਮੈਂ ਵਿਰਲਿਆ ਨੂੰ ਹੀ ਇਸ ਉਤੇ ਅਮਲ ਕਰਦੇ ਹੋਏ ਵੇਖਿਆ ਹੈ।

ਗਿਆਨੀ ਅਵਤਾਰ ਸਿੰਘ-98140-35202