ਔਰਤਾਂ ਤੇ ਬੱਚੀਆਂ ਦੀ ਸੁੰਨਤ

0
350

ਔਰਤਾਂ ਤੇ ਬੱਚੀਆਂ ਦੀ ਸੁੰਨਤ

ਡਾ. ਹਰਸ਼ਿੰਦਰ ਕੌਰ, ਐਮ. ਡੀ.,  ਬੱਚਿਆਂ ਦੀ ਮਾਹਿਰ,  28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਲਗਭਗ 200 ਮਿਲੀਅਨ ਬੱਚੀਆਂ ਤੇ ਔਰਤਾਂ ਅੱਜ ਦੇ ਦਿਨ ਗੁਪਤ ਅੰਗ ਵੱਢੇ ਜਾਣ ਦੀਆਂ ਸ਼ਿਕਾਰ ਹੋ ਚੁੱਕੀਆਂ ਹਨ। ਇਹੀ ਕਾਰਨ ਹੈ ਕਿ ਯੂਨਾਈਟਿਡ ਨੇਸ਼ਨਜ਼ ਪਾਪੂਲੇਸ਼ਨ ਫੰਡ ਵਾਲੇ ਇਸ ਨੂੰ ਔਰਤ ਜ਼ਾਤ ਪ੍ਰਤੀ ਸਭ ਤੋਂ ਵੱਧ ਘਿਣਾਉਣਾ ਜੁਰਮ ਮੰਨ ਚੁੱਕੇ ਹਨ। ਯੂਨੀਸੇਫ ਅਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਜਗ ਜ਼ਾਹਰ ਕੀਤੇ ਗਏ ਇਹ ਅੰਕੜੇ ਅੱਖਾਂ ਖੋਲ੍ਹਣ ਵਾਲੇ ਹਨ।

ਅੱਜ ਦੇ ਦਿਨ ਵੀ 30 ਮੁਲਕ ਇਹ ਪ੍ਰਥਾ ਜਾਰੀ ਰੱਖ ਰਹੇ ਹਨ, ਜਿੱਥੇ ਬੱਚੀਆਂ ਦੇ ਗੁਪਤ ਅੰਗ ਵੱਢ ਟੁੱਕ ਦਿੱਤੇ ਜਾਂਦੇ ਹਨ ਜਾਂ ਟਾਂਕੇ ਲਾ ਕੇ ਸੀਅ ਦਿੱਤੇ ਜਾਂਦੇ ਹਨ, ਇਨ੍ਹਾਂ ਵਿੱਚੋਂ 27 ਅਫ਼ਰੀਕਨ ਮੁਲਕਾਂ, ਇੰਡੋਨੇਸ਼ੀਆ, ਇਰਾਕ, ਯੇਮੇਨ ਆਦਿ ਸਮੇਤ ਸਾਰਿਆਂ ਵਿੱਚ ਨਵਜੰਮੀਆਂ ਬੱਚੀਆਂ ਤੋਂ ਲੈ ਕੇ 50 ਸਾਲ ਤੱਕ ਦੀਆਂ ਔਰਤਾਂ ਇਹ ਸੰਤਾਪ ਭੁਗਤ ਰਹੀਆਂ ਹਨ।

ਬਲੇਡ ਨਾਲ ਗੁਪਤ ਅੰਗ ਵੱਢੇ ਜਾਣ ਦੀ ਇਸ ਪ੍ਰਥਾ ਦੀਆਂ ਸ਼ਿਕਾਰ ਜ਼ਿਆਦਾਤਰ ਪੰਜ ਸਾਲ ਤੋਂ ਛੋਟੀਆਂ ਬੱਚੀਆਂ ਹੁੰਦੀਆਂ ਹਨ।

ਇਸ ਦੇ ਮਕਸਦ ਹਨ :-

  1. ਔਰਤ ਨੂੰ ਹੇਠਲੇ ਪੱਧਰ ਦਾ ਦਰਜਾ ਦੇਣਾ।
  2. ਔਰਤ ਦੀਆਂ ਤਾਂਘਾਂ ਖ਼ਤਮ ਕਰਨੀਆਂ।
  3. ਵਿਆਹ ਹੋਣ ਵੇਲੇ ਤੱਕ ਕੁਆਰਾਪਣ ਸਾਂਭਿਆ ਰਹਿਣਾ।

ਇਹ ਕੰਮ ਕਰਵਾਇਆ ਵੀ ਔਰਤਾਂ ਕੋਲੋਂ ਹੀ ਜਾਂਦਾ ਹੈ, ਉਨ੍ਹਾਂ ਦੇ ਮਨਾਂ ਵਿੱਚ ਇਹ ਬਿਠਾ ਦਿੱਤਾ ਗਿਆ ਹੈ ਕਿ ਸੁੰਨਤ ਕਰਨ ਨਾਲ ਉਹ ਆਪਣੀਆਂ ਧੀਆਂ ਨੂੰ ਪਵਿੱਤਰ ਬਣਾ ਰਹੀਆਂ ਹਨ ਤੇ ਇੰਜ ਕਰਨ ਨਾਲ ਉਨ੍ਹਾਂ ਨੂੰ ਆਪਣੇ ਪਤੀ ਰੂਪੀ ਰੱਬ ਵੱਲੋਂ ਸਨਮਾਨ ਮਿਲੇਗਾ ਤੇ ਸਮਾਜ ਵਿੱਚ ਵੀ ਆਦਰ ਮਾਣ ਬਣਿਆ ਰਹੇਗਾ।

ਖ਼ਤਰੇ :-

ਕੱਟ ਵੱਢ ਕਰਨ ਵਾਲੀਆਂ ਔਰਤਾਂ ਜ਼ਿਆਦਾਤਰ ਅਨਪੜ੍ਹ ਤੇ ਨਾ-ਤਜਰਬੇਕਾਰ ਹੁੰਦੀਆਂ ਹਨ, ਇਸੇ ਲਈ ਕਈ ਵਾਰ :-

*           ਮੌਤ ਹੋ ਸਕਦੀ ਹੈ।

*           ਕੀਟਾਣੂਆਂ ਦਾ ਹਮਲਾ ਹੋ ਸਕਦਾ ਹੈ।

*           ਪਿਸ਼ਾਬ ਦੀ ਨਾਲੀ ਵੱਢੀ ਜਾ ਸਕਦੀ ਹੈ।

*           ਮਾਹਵਾਰੀ ਵਿੱਚ ਦਿੱਕਤ ਆ ਸਕਦੀ ਹੈ।

*           ਬੱਚਾ ਜੰਮਣ ਵੇਲੇ ਔਖਿਆਈ ਆ ਸਕਦੀ ਹੈ।

*           ਸਰੀਰਕ ਸੰਬੰਧ ਬਣਾਉਣ ਵਿੱਚ ਦਿੱਕਤ ਹੋ ਸਕਦੀ ਹੈ।

*           ਇਸ ਤਕਨੀਕ ਨਾਲ ਅਜੇ ਤੱਕ ਸਿਰਫ਼ ਨੁਕਸਾਨ ਹੀ ਹੋਏ ਹਨ। ਕਦੇ ਕੋਈ ਫ਼ਾਇਦਾ ਹੋਇਆ ਨਹੀਂ ਵੇਖਿਆ ਗਿਆ।

ਸੰਨ 1970 ਵਿੱਚ ਇਸ ਪ੍ਰਥਾ ਨੂੰ ਬਹੁਤ ਭਾਰੀ ਜੁਰਮ ਮੰਨਦੇ ਹੋਏ ਇਸ ਨੂੰ ਰੋਕਣ ਲਈ ਅੰਤਰਰਾਸ਼ਟਰੀ ਕਾਨੂੰਨ ਬਣਾਏ ਗਏ, ਪਰ ਜ਼ਿਆਦਾ ਸਫਲ ਨਹੀਂ ਹੋਏ ਕਿਉਂਕਿ ਔਰਤਾਂ ਦੇ ਮਨਾਂ ਵਿੱਚ ਡੂੰਘਾ ਉਕਰਿਆ ਪਿਆ ਸੀ ਕਿ ਜੇ ਸਮਾਜ ਵਿੱਚ ਇੱਜ਼ਤ ਪਾਉਣੀ ਹੈ ਤਾਂ ਧੀਆਂ ਦੀ ਸੁੰਨਤ ਹਰ ਹਾਲ ਕਰਨੀ ਹੀ ਹੈ। ਪੁਰਸ਼ਾਂ ਨੇ ਵੀ ਕੁਆਰਪੁਣੇ ਨੂੰ ਤਰਜੀਹ ਦਿੰਦੇ ਹੋਏ ਸਿਰਫ਼ ਉਨ੍ਹਾਂ ਕੁੜੀਆਂ ਨਾਲ ਵਿਆਹ ਕਰਵਾਉਣ ਦੀ ਹਾਮੀ ਭਰੀ ਜਿਨ੍ਹਾਂ ਦੀ ਸੁੰਨਤ ਹੋ ਚੁੱਕੀ ਹੋਵੇ।

ਸੰਨ 2010 ਵਿੱਚ ਯੂਨਾਈਟਿਡ ਨੇਸ਼ਨਜ਼ ਨੇ ਇਸ ਪ੍ਰਥਾ ਨੂੰ ਹਰ ਹਾਲ ਰੋਕਣ ਲਈ ਸਿਹਤ ਕਰਮਚਾਰੀਆਂ ਨੂੰ ਤਾਕੀਦ ਕੀਤੀ।

ਇਤਿਹਾਸ :-

ਲਗਭਗ 800 ਤੋਂ 350 ਸਾਲ ਈਸਾ ਤੋਂ ਪਹਿਲਾਂ ਕੁਆਰਪੁਣੇ ਤੇ ਔਰਤ ਦੇ ਸੁੰਨਤ ਬਾਰੇ ਜ਼ਿਕਰ ਕੀਤਾ ਲੱਭਿਆ ਹੈ। ਬਰਿਟਿਸ਼ ਮਿਊਜ਼ੀਅਮ ਵਿੱਚ ਇੱਕ ਈਜਿਪਟ ਦੀ ਬੱਚੀ ਦੀ ਸੁੰਨਤ ਬਾਰੇ ਲਿਖਿਆ ਹੋਇਆ ਖ਼ਤ ਪਿਆ ਹੈ-‘‘ਜੇ ਵਿਆਹ ਤੋਂ ਪਹਿਲਾਂ ਸੁੰਨਤ ਨਾ ਹੋਈ ਤਾਂ ਸਾਰੇ ਪੈਸੇ ਵਾਪਸ ਮੋੜਨੇ ਪੈਣਗੇ।’’

ਅੱਜ ਦੇ ਦਿਨ ਵੀ ਇੰਗਲੈਂਡ ਤੇ ਵੇਲਜ਼ ਵਿੱਚ ਰਹਿ ਰਹੀਆਂ 1 ਲੱਖ 35 ਹਜ਼ਾਰ ਔਰਤਾਂ ਤੇ ਬੱਚੀਆਂ, ਜੋ ਹੋਰਨਾਂ ਮੁਲਕਾਂ ਵਿੱਚੋਂ ਇੱਥੇ ਆ ਕੇ ਵੱਸੀਆਂ ਹੋਈਆਂ ਹਨ, ਸੁੰਨਤ ਦਾ ਸ਼ਿਕਾਰ ਹੋ ਚੁੱਕੀਆਂ ਹਨ।

ਮਿਲੇ ਅੰਕੜਿਆਂ ਅਨੁਸਾਰ ਢਾਈ ਲੱਖ ਬੱਚੀਆਂ ਸੁੰਨਤ ਕਰਵਾਉਂਦਿਆਂ ਜ਼ਿਆਦਾ ਲਹੂ ਵਹਿ ਜਾਣ ਕਾਰਨ ਮੌਤ ਦੇ ਮੂੰਹ ਜਾ ਪਈਆਂ। ਕੁੱਝ ਟੈਟਨਸ, ਲਹੂ ਤੇ ਪਿਸ਼ਾਬ ਵਿਚਲੇ ਕੀਟਾਣੂਆਂ ਦੇ ਹਮਲੇ ਸਦਕਾ ਕੂਚ ਕਰ ਗਈਆਂ। ਕੁੱਝ ਜਣੇਪੇ ਵੇਲੇ ਮਰ ਖੱਪ ਗਈਆਂ। ਕੁੱਝ ਏਡਜ਼ ਦਾ ਸ਼ਿਕਾਰ ਹੋ ਗਈਆਂ। ਕੁੱਝ ਪੀੜ ਨਾ ਸਹਿੰਦੀਆਂ ਆਪ ਮੌਤ ਸਹੇੜ ਗਈਆਂ ਤੇ ਕੁੱਝ ਮਾਨਸਿਕ ਰੋਗੀ ਹੋ ਗਈਆਂ।

ਬਹੁਤ ਵੱਡੀ ਗਿਣਤੀ ਵਿੱਚ ਔਰਤਾਂ ਦੇ ਨਾਰਮਲ ਬੱਚਾ ਪੈਦਾ ਨਾ ਹੋ ਸਕਣ ਕਾਰਨ ਵੱਡਾ ਅਪਰੇਸ਼ਨ ਕਰਨਾ ਪਿਆ ਤੇ ਬਹੁਤ ਸਾਰੀਆਂ ਬੱਚੇਦਾਨੀ ਦੇ ਫਟਣ ਕਾਰਨ ਵੀ ਮਰ ਗਈਆਂ। ਅੱਜ ਦੇ ਦਿਨ ਵੀ ਇਹ ਗਿਣਤੀ ਲਗਭਗ 550 ਮਾਵਾਂ ਦੀਆਂ ਮੌਤਾਂ, ਪ੍ਰਤੀ 1 ਲੱਖ ਜੰਮੇ ਬੱਚਿਆਂ ਪਿੱਛੇ ਪਹੁੰਚ ਚੁੱਕੀ ਹੈ।

43 ਫੀਸਦੀ ਔਰਤਾਂ ਬੱਚੇ ਜੰਮਣ ਬਾਅਦ ਅਤਿ ਦੀ ਪੀੜ ਨੂੰ ਨਾ ਸਹਾਰਦਿਆਂ ਤੇ ਬੱਚਾ ਜੰਮਣ ਬਾਅਦ ਦੀਆਂ ਪਿਸ਼ਾਬ ਦੇ ਰਾਹ ਦੀਆਂ ਤਕਲੀਫ਼ਾਂ ਨਾ ਝੱਲਦਿਆਂ ਦਿਮਾਗ਼ੀ ਰੋਗੀ ਹੋਈਆਂ ਲੱਭੀਆਂ।

ਮੌਜੂਦਾ ਹਾਲ :-

ਸੰਨ 2016 ਵਿੱਚ ਯੂਨਾਈਟਿਡ ਨੇਸ਼ਨਜ਼ ਨੇ ਪੂਰੀ ਦੁਨੀਆਂ ਵਿੱਚ ਹੋਕਾ ਦਿੱਤਾ ਕਿ ਈਸਾਈ ਤੇ ਇਸਲਾਮ ਧਰਮ ਤੋਂ ਸ਼ੁਰੂ ਹੋਈ ਇਹ ਪ੍ਰਥਾ ਔਰਤ ਜ਼ਾਤ ਲਈ ਜ਼ੁਲਮ ਦੀ ਅਤਿ ਹੈ ਤੇ ਅੱਜ ਦੇ ਯੁਗ ਵਿੱਚ ਇਸ ਨੂੰ ਖ਼ਤਮ ਕਰਨ ਦੀ ਅਤੇ ਪੂਰੀ ਦੁਨੀਆ ਨੂੰ ਜਾਗਰੂਕ ਕਰਨ ਦੀ ਲੋੜ ਹੈ।

ਇਸ ਵਾਸਤੇ ਹਰ ਸਾਲ 6 ਫਰਵਰੀ ਨੂੰ ‘ਅੰਤਰਰਾਸ਼ਟਰੀ ਔਰਤਾਂ ਦੀ ਸੁੰਨਤ ਰੋਕਣ ਦਾ ਦਿਨ’ ਮਨਾਉਣ ਲਈ ਪੱਕਾ ਕਰ ਦਿੱਤਾ ਗਿਆ ਹੈ।

ਅੱਜ ਦੇ ਦਿਨ ਵੀ 30 ਮੁਲਕਾਂ ਵਿੱਚ ਇਹ ਪ੍ਰਥਾ ਜਾਰੀ ਹੈ ਜਦਕਿ ਕਿਸੇ ਵੀ ਧਾਰਮਿਕ ਗ੍ਰੰਥ ਵਿੱਚ ਇਸ ਨੂੰ ਪ੍ਰੋਤਸਾਹਿਤ ਨਹੀਂ ਕੀਤਾ ਗਿਆ। ਸਿਰਫ਼ ਤੇ ਸਿਰਫ਼ ਨਿਘਰੀ ਸੋਚ ਵਾਲੇ ਗਿਣੇ ਚੁਣੇ ਮਰਦਾਂ ਵੱਲੋਂ ਸ਼ੁਰੂ ਕੀਤੀ ਇਸ ਪ੍ਰਥਾ ਦੀ ਸਖ਼ਤ ਨਿਖੇਧੀ ਦੀ ਲੋੜ ਹੈ। ਇਸੇ ਲਈ ਅੰਤਰ ਰਾਸ਼ਟਰੀ ਪੱਧਰ ਉੱਤੇ ਇਸ ਪ੍ਰਥਾ ਨੂੰ ਜਾਰੀ ਰੱਖਣ ਤੇ ਅਜਿਹਾ ਕਰਨ ਵਾਲੇ ਨੂੰ 6 ਮਹੀਨੇ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਦਿੱਤੀ ਜਾ ਰਹੀ ਹੈ।

ਸਮਾਂ ਹੈ ਜ਼ੋਰਦਾਰ ਆਵਾਜ਼ ਚੁੱਕਣ ਦਾ, ਤਾਂ ਜੋ ਉਨ੍ਹਾਂ ਮੁਲਕਾਂ ਦੀਆਂ ਨਾਬਾਲਗ ਬੱਚੀਆਂ ਨੂੰ ਬਚਾਇਆ ਜਾ ਸਕੇ ਜਿੱਥੇ ਅਜੇ ਵੀ ਇਹ ਪ੍ਰਥਾ ਜਾਰੀ ਹੈ। ਯੂਨਾਈਟਿਡ ਨੇਸ਼ਨਜ਼ ਜੈਨਰਲ ਅਸੈਂਬਲੀ ਵਿੱਚ, 2016 ਵਿੱਚ, ‘‘ਦ ਗਰਲ ਚਾਈਲਡ ਰੈਜ਼ੋਲੂਸ਼ਨ’’ ਤਹਿਤ ਇਸ ਪ੍ਰਥਾ ਨੂੰ ਅਤਿ ਘਿਨਾਉਣਾ ਜ਼ੁਲਮ ਤੇ ਮਨੁੱਖੀ ਅਧਿਕਾਰਾਂ ਦਾ ਘਾਣ ਮੰਨ ਲਿਆ ਗਿਆ ਹੈ ਤੇ ਹਰ ਮੁਲਕ ਵਿੱਚ ਇਸ ਬਾਰੇ ਵੱਡੀ ਪੱਧਰ ਉੱਤੇ ਜਾਣਕਾਰੀ ਦੇ ਕੇ ਜਾਗ੍ਰਿਤ ਕਰਨ ਲਈ ਵੀ ਕਿਹਾ ਗਿਆ ਹੈ ਤਾਂ ਜੋ ਸਾਰੇ ਰਲ ਮਿਲ ਕੇ ਦੁਨੀਆ ਵਿੱਚੋਂ ਇਹ ਘਿਣਾਉਣਾ ਜੁਰਮ ਖ਼ਤਮ ਕਰ ਸਕਣ !

ਅੱਗੇ ਤੋਂ ਚੇਤੇ ਰੱਖਿਓ ! ਚੌਦਾਂ ਫਰਵਰੀ ਨੂੰ ਵੈਲੇਨਟਾਈਨ ਡੇਅ ਮਨਾਉਣ ਤੋਂ ਹਫ਼ਤਾ ਪਹਿਲਾਂ ਆਪਣੀਆਂ ਪਿਆਰੀਆਂ ਦੁਲਾਰੀਆਂ ਦੇ ਹੱਕਾਂ ਲਈ ਆਵਾਜ਼ ਚੁੱਕਣੀ ਨਾ ਭੁੱਲਿਓ।