ਫ਼ਿਲਮ ‘ਨਾਨਕ ਸ਼ਾਹ ਫ਼ਕੀਰ’ ਦੇਖਣ ਤੋਂ ਬਾਦ…

0
223

ਅਪ੍ਰੈਲ 2015 ਵਿਚ ‘ਪੰਜਾਬ ਟਾਈਮਜ਼’ ਵਿਚ ਛਪੀ ਰਿਪੋਰਟ

ਫ਼ਿਲਮ ‘ਨਾਨਕ ਸ਼ਾਹ ਫ਼ਕੀਰ’ ਦੇਖਣ ਤੋਂ ਬਾਦ…

ਸੁਰਿੰਦਰ ਸੋਹਲ

ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਜਨਮ-ਸਾਖੀਆਂ ਵਿੱਚੋਂ ਕੁਝ ਸਾਖੀਆਂ ਚੁਣ ਕੇ ਬਣਾਈ ਗਈ ਫ਼ਿਲਮ ‘ਨਾਨਕ ਸ਼ਾਹ ਫ਼ਕੀਰ’ ਨਾ-ਪੱਖੀ ਅਤੇ ਹਾਂ-ਪੱਖੀ ਵਿਚਾਰਾਂ ਦੇ ਭੰਵਰਾਂ ਅਤੇ ਵਰੋਲਿਆਂ ਦੀ ਲਪੇਟ ਵਿੱਚ ਹੈ। ਵਿਰੋਧ ਦੇ ਭੰਵਰ ਜ਼ਿਆਦਾ ਤੇਜ਼ ਹਨ।  ਹੈ ਵੀ ਸੁਭਾਵਕ। ਵਿਸ਼ਾ ਹੀ ਏਨਾ ਸੰਵੇਦਨਸ਼ੀਲ ਹੈ ਅਗਰ ਗੁਲਾਬ ਦੀ ਪੱਤੀ ਵਰਗਾ ਨਾਜ਼ਕ ਲਫ਼ਜ਼ ਵੀ ਸਹੀ ਸੰਦਰਭ ਵਿੱਚ ਨਾ ਵਰਤਿਆ ਜਾਵੇ ਤਾਂ ਸਤਿਕਾਰ, ਸ਼ਰਧਾ, ਵਿਸ਼ਵਾਸ ’ਤੇ ਜ਼ਰਬ (ਚੋਟ) ਆਉਣ ਦਾ ਖ਼ਤਰਾ ਬਰਾਬਰ ਬਣਿਆ ਰਹਿੰਦਾ ਹੈ।

ਫ਼ਿਲਮ ਦੀ ਸਮੁੱਚੀ ਕਹਾਣੀ ਨੂੰ ਭਾਈ ਮਰਦਾਨਾ ਜੀ ਦੀ ਦ੍ਰਿਸ਼ਟੀ ਤੋਂ ਦਿਖਾਇਆ ਗਿਆ ਹੈ। ਭਾਈ ਮਰਦਾਨਾ ਜੀ ਸਿੱਖ ਇਤਿਹਾਸ ਵਿੱਚ ਅਜਿਹੀ ਸ਼ਖ਼ਸੀਅਤ ਵਜੋਂ ਸਨਮਾਨਯੋਗ ਸਥਾਨ ਰੱਖਦੇ ਹਨ, ਜਿਹਨਾਂ ਨੇ ਸਭ ਤੋਂ ਵੱਧ ਸਮਾਂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਬਿਤਾਇਆ। ਉਹਨਾਂ ਨੇ ਗੁਰੂ ਸਾਹਿਬ ਦੀ ਬਾਣੀ ਨੂੰ ਆਪਣੀ ਰਬਾਬ ਦੀਆਂ ਸੁਰਾਂ ਦੇ ਰਸ ਵਿੱਚ ਡੁਬੋ ਕੇ ਮਾਨਵਤਾ ਦੇ ਕੰਨਾਂ ਵਿੱਚ ਇਲਾਹੀ ਨਾਦ ਘੋਲ਼ਿਆ।

ਪ੍ਰਤੀਕਾਤਮਕ ਰੂਪ ਵਿੱਚ ਸਮੁੱਚੀ ਫ਼ਿਲਮ ਦਾ ਸਾਰੰਸ਼ ਦੇਣਾ ਹੋਵੇ ਤਾਂ- ‘ਇਲਾਹੀ ਬਾਣੀ ਦਾ ਦਰਜਾ ਰੱਖਦੀ ਗੁਰੂ ਸਾਹਿਬ ਦੀ ਬਾਣੀ ਨਾਲ ਪੱਥਰਾਂ ਵਰਗੇ ਹਿਰਦਿਆਂ ਵਿੱਚ ਪਰਮਾਤਮਾ ਦੇ ਨਾਮ ਦਾ ਪੰਜਾ ਲੱਗਦਾ ਹੈ, ਰੂਹ ਨੂੰ ਲੱਗੇ ਵਿਕਾਰਾਂ ਦੇ ਕੋਹੜ ਦਾ ਨਾਸ਼ ਹੁੰਦਾ ਹੈ, ਸਿੱਧਾਂ ਅੰਦਰ ਘਰ ਕਰ ਗਏ ਹੰਕਾਰ ਦਾ ਸੰਘਾਰ (ਨਾਸ਼) ਹੁੰਦਾ ਹੈ। ਫੋਕੇ ਕਰਮਕਾਂਡਾ ਦਾ ਭਾਂਡਾ ਭੱਜਦਾ ਹੈ ਅਤੇ ਸਾਰੀ ਕਾਇਨਾਤ ਹੀ ‘ੴ’ ਦੇ ਨਾਦ ਵਿੱਚ ਵਿਸਮਾਦ ਅਵਸਥਾ ਵਿੱਚ ਵਿਚਰ ਰਹੀ ਪ੍ਰਤੀਤ ਹੁੰਦੀ ਹੈ, ਪਰ ਫਿਰ ਵੀ ਫ਼ਿਲਮ ਦੇਖਦੇ ਸਮੇਂ ਫ਼ਿਲਮ ਦੇ ਨਿਰਮਾਣ ਨੂੰ ਲੈ ਕੇ ਇਤਰਾਜ਼ ਦਾ ਕੰਡਾ ਦਿਲ ਵਿੱਚ ਚੁੱਭਦਾ ਰਹਿੰਦਾ ਹੈ। ਇਸ ਦਾ ਕਾਰਨ ਹਰਿੰਦਰ ਸਿੰਘ ਮਹਿਬੂਬ ਦੇ ਸ਼ਬਦਾਂ ਦੀ ਲੋਅ ਵਿੱਚ ਸਪਸ਼ਟ ਨਜ਼ਰ ਆ ਜਾਂਦਾ ਹੈ, ਰੰਗ ਮੰਚ ਉੱਤੇ ਖੇਡਣ ਦੇ ਨੁਕਤੇ ਤੋਂ ਲਿਖੇ ਗਏ ਨਾਟਕਾਂ ਅਤੇ ਫ਼ਿਲਮਾਂ ਵਿੱਚ ਗੁਰੂ ਜੀਵਨਾਂ, ਗੁਰਬਾਣੀ ਅਤੇ ਅਭਿਨੈ ਦਾ ਸੰਜੋਗ ਤੇ ਗੁਰਮੁਖਾਂ ਦੇ ਰੂਪ ਪੇਸ਼ ਕਰਨੇ, ਰੂਹਾਨੀ ਖ਼ੁਦਕੁਸ਼ੀ ਸਾਬਤ ਹੋਣਗੇ।’

ਫ਼ਿਲਮ ਸ਼ੁਰੂ ਹੋਣ ਤੋਂ ਪਹਿਲਾਂ ਫ਼ਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨਾਲ ਭੇਟ ਵਾਰਤਾ ਵਿੱਚੋਂ ਕੁਝ ਅਹਿਮ ਗੱਲਾਂ ਸਾਹਮਣੇ ਆਈਆਂ।  ਸ. ਸਿੱਕਾ ਮੁਤਾਬਕ, ਏਡਾ ਵੱਡਾ ਕਾਰਜ ਉਹਨਾਂ ਦੇ ਵੱਸ ਦੀ ਗੱਲ ਨਹੀਂ ਸੀ, ਨਾ ਹੀ ਉਹਨਾਂ ਨੇ ਕਦੇ ਇਸ ਤਰ੍ਹਾਂ ਦੇ ਪ੍ਰੋਜੈਕਟ ਬਾਰੇ ਸੋਚਿਆ ਸੀ। ਇਕ ਦਿਨ ਸੁਪਨ-ਅਵਸਥਾ ਵਿੱਚ ਉਹਨਾਂ ਨੂੰ ਇਲਾਹੀ ਨੂਰ ਦੀ ਝਲਕੀ ਦਿਖਾਈ ਦਿੱਤੀ। ਉਸ ਛਬੀ ਦੇ ਨਕਸ਼ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਮਿਲਦੇ-ਜੁਲਦੇ ਸਨ। ਬਸ ਓਹੀ ਇਲਾਹੀ ਨੂਰ ਦੀ ਝਲਕ ਫ਼ਿਲਮ ਦੀ ਪ੍ਰੇਰਨਾ ਬਣੀ।

ਕਿਸੇ ਨੇ ਸਵਾਲ ਕੀਤਾ-ਸਿੱਕਾ ਜੀ  !  ਕੀ ਤੁਹਾਡੀ ਫ਼ਿਲਮ ਦੇ ਪਿੱਛੇ, ਫ਼ਿਲਮ ‘ਚਾਰ ਸਾਹਿਬਜ਼ਾਦੇ’ ਦੀ ਸਫਲਤਾ ਦੀ ਚਮਕ ਤਾਂ ਨਹੀਂ? ਸਿੱਕਾ ਸਾਹਿਬ ਦਾ ਕਹਿਣ ਸੀ-ਉਹ ਫ਼ਿਲਮ ਕਮੱਰਸ਼ੀਅਲ ਐਂਗਲ ਤੋਂ ਬਣਾਈ ਗਈ ਸੀ, ਇਹ ਫ਼ਿਲਮ ਨਿਸ਼ਕਾਮ ਸੇਵਾ ਦੀ ਭਾਵਨਾ ਨਾਲ ਬਣਾਈ ਗਈ ਹੈ। ਇਸ ਫ਼ਿਲਮ ਦੀ ਕਮਾਈ ਬਿਨਾਂ ਕਿਸੇ ਜ਼ਾਤੀ ਭੇਦ ਦੇ, ਲੋੜਵੰਦਾਂ ਨੂੰ ਵੰਡ ਦਿੱਤੀ ਜਾਵੇਗੀ।

ਫ਼ਿਲਮ ‘ਨਾਨਕ ਸ਼ਾਹ ਫ਼ਕੀਰ’ ਭਾਈ ਮਰਦਾਨਾ ਜੀ ਦੀ ਦ੍ਰਿਸ਼ਟੀ ਤੋਂ ਬਣਾਈ ਗਈ ਹੈ। ਕੈਮਰੇ ਦੀ ਅੱਖ ਨੂੰ ਭਾਈ ਮਰਦਾਨਾ ਜੀ ਦੀ ਅੱਖ ਵਜੋਂ ਵਰਤਣ ਦਾ ਯਤਨ ਕੀਤਾ ਗਿਆ ਹੈ। ਭਾਈ ਮਰਦਾਨਾ ਜੀ ਦਾ ਰੋਲ ਕਰਨ ਵਾਲਾ ਐਕਟਰ ਆਰਿਫ਼ ਜ਼ਕਰੀਆ ਇਸ ਸਕਰੀਨਿੰਗ ਮੌਕੇ ਮੌਜੂਦ ਸੀ।  ਉਸ ਦਾ ਕਹਿਣਾ ਸੀ-ਮੈਂ ਇਸ ਯਾਤਰਾ ਵਿੱਚ ਸੱਚ ਮੁੱਚ ਕੋਈ ਵਿਲੱਖਣ ਯਾਤਰਾ ਕੀਤੀ ਮਹਿਸੂਸ ਕਰਦਾ ਹਾਂ।

ਸੋਚਣ ਵਾਲੀ ਗੱਲ ਇਹ ਹੈ ਕਿ ਭਾਈ ਮਰਦਾਨਾ ਜੀ ਨੇ ਜ਼ਿੰਦਗੀ ਦਾ ਵੱਡਾ ਹਿੱਸਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਕੁਦਰਤ ਅਤੇ ਪੈਗ਼ੰਬਰੀ ਜਲਵਿਆਂ ਨੂੰ ਮਾਣਦਿਆਂ ਬਿਤਾਇਆ। ਇਕ ਪੈਗ਼ੰਬਰ ਨਾਲ ਰਹਿ ਕੇ ਆਤਮਕ ਤੌਰ ’ਤੇ ਭਾਈ ਮਰਦਾਨਾ ਜੀ ਕਿੰਨੀ ਉਚ-ਅਵਸਥਾ ਦੇ ਧਾਰਨੀ ਹੋ ਗਏ ਹੋਣਗੇ, ਉਸ ਦੀ ਤਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਸ ਸ਼ਖ਼ਸੀਅਤ ਦੀ ਬਾਹਰੀ ਦਿਖ ਅਤੇ ਅੰਦਰੂਨੀ ਬੁਲੰਦੀ ਨੂੰ ਐਕਟਰ (ਭਾਵੇਂ ਉਹ ਕਿੰਨੀ ਵੀ ਪ੍ਰਤਿਭਾ ਦਾ ਮਾਲਕ ਕਿਉਂ ਨਾ ਹੋਵੇ) ਕਿੰਨੀ ਕੁ ਸਫਲਤਾ ਨਾਲ ਨਿਭਾ ਸਕਦਾ ਹੈ। ਪਹਿਲੀ ਗੱਲ ਤਾਂ ਇਹ ਕਿ ਕਿਸੇ ਵੀ ਐਕਟਰ ਨੂੰ ਭਾਈ ਮਰਦਾਨਾ ਜੀ ਦੇ ਕੱਦ, ਬੁਲੰਦੀ ਅਤੇ ਮਾਨਸਿਕ-ਅਵਸਥਾ ਦੀ ਉਚਾਈ ਦੇ ਸਾਹਮਣੇ, ਆਪਣੀ ਹੋਂਦ ਦਾ ਅਹਿਸਾਸ ਕਰਦੇ ਹੋਏ ਕਿਰਦਾਰ ਨਿਭਾਉਣ ਦੀ ਹਾਮੀ ਭਰਨੀ ਹੀ ਨਹੀਂ ਚਾਹੀਦੀ ਸੀ।

ਫ਼ਿਲਮ ਸ਼ੁਰੂ ਹੋਣ ਤੋਂ ਪਹਿਲਾਂ ਸਿੱਕਾ ਜੀ ਦਾ ਕਹਿਣ ਸੀ-ਗੁਰੂ ਸਾਹਿਬ ਨੂੰ ਅਸੀਂ ਕੰਪਿਊਟਰ ਗ੍ਰਾਫ਼ਿਕਸ ਦੀ ਮਦਦ ਨਾਲ ਸਿਰਫ਼ ਰੌਸ਼ਨੀ ਦੇ ਰੂਪ ਵਿੱਚ ਪਿਛਾੜੀ ਤੋਂ ਹੀ ਵਿਖਾਇਆ ਹੈ, ਪਰ ਉਹਨਾਂ ਦੀ ਇਹ ਗੱਲ ਸਿਰਫ਼ ਪੈਰ ਟਿਕਾਉਣਾ ਹੀ ਸਾਬਤ ਹੋਈ, ਬੈਠਣ ਦਾ ਹੀਲਾ ਉਹਨਾਂ ਨੇ ਆਪੇ ਕਰ ਲਿਆ। ਫ਼ਿਲਮ ਵਿੱਚ ਦਿਖਾਏ ਗਏ ਗੁਰੂ ਸਾਹਿਬ ਦਾ ਰੂਪ ਗ੍ਰਾਫ਼ਿਕਸ ਘੱਟ, ਵਿਅਕਤੀ ਦੁਆਰਾ ਕੀਤਾ ਗਿਆ ਵੱਧ ਲੱਗਿਆ, ਜਿਸ ਨੂੰ ਕੰਪਿਊਟਰੀ ਜੁਗਤਾਂ ਰਾਹੀਂ ਫੇਡ ਕੀਤਾ ਗਿਆ ਹੋਵੇ। ਫਿਰ ਸੰਵਾਦ ਬੋਲਦੇ ਵੀ ਦਿਖਾਇਆ ਗਿਆ।

ਕੁਦਰਤ ਵਲੋਂ ਭਰਪੂਰ ਗੁਣਾਂ ਨਾਲ ਵਰਸੋਏ ਗੁਰੂ ਸਾਹਿਬ ਦੀ ਛਬੀ ਅਤੇ ਰਹੱਸਮਈ ਪੈਗ਼ੰਬਰੀ ਬੋਲਾਂ ਨੂੰ ਮਨੁੱਖੀ ਯਤਨ ਅਤੇ ਮਨੁੱਖ ਦਾ ਬਣਾਇਆ ਕੈਮਰਾ ਕਿੰਨਾ ਕੁ ਪਕੜ ਸਕਦਾ ਹੈ। ਪੈਗ਼ੰਬਰੀ ਰੂਹਾਂ ਖ਼ੂਬਸੂਰਤ ਰੂਹਾਨੀ ਓਹਲੇ ਦੀਆਂ ਧਾਰਣੀ ਹੁੰਦੀਆਂ ਹਨ। ਉਹਨਾਂ ਰੂਹਾਨੀ ਓਹਲਿਆਂ ਨੂੰ ਮਨੁੱਖੀ ਮੱਤ ਨਾਲ ਤਾਰ-ਤਾਰ ਕਰਨ ਦੀ ਕੋਸ਼ਿਸ਼ ਨੂੰ ਹੀ ਸ਼ਾਇਦ ਹਰਿੰਦਰ ਸਿੰਘ ਮਹਿਬੂਬ ਨੇ ‘ਰੂਹਾਨੀ ਖ਼ੁਦਕੁਸ਼ੀ’ ਦਾ ਨਾਮ ਦਿੱਤਾ ਹੈ।

ਮਾਤਾ ਤ੍ਰਿਪਤਾ, ਬੇਬੇ ਨਾਨਕੀ, ਬੀਬੀ ਸੁਲੱਖਣੀ ਆਦਿ ਵਰਗੀਆਂ ਬੇਜੋੜ, ਮਹਾਨ ਸ਼ਖ਼ਸੀਅਤਾਂ ਨੂੰ ਪਰਦੇ ’ਤੇ ਪੇਸ਼ ਕਰਨ ਦਾ, ਫ਼ਿਲਮ ਵਾਲਿਆਂ ਨੂੰ ਹੌਸਲਾ ਹੀ ਨਹੀਂ ਕਰਨਾ ਚਾਹੀਦਾ ਸੀ।  ਕਲਾ ਦੀ ਦੁਨੀਆ ਵਿੱਚ ਗੱਲ ਕਹਿਣ ਦੇ ਅਨੇਕ ਤਰੀਕੇ ਹੁੰਦੇ ਹਨ।

ਦਰਸ਼ਕਾਂ ਦੇ ਵਿਚਾਰ ਸਧਾਰਨਤਾ ਦੀ ਪੱਧਰ ਪਾਰ ਨਹੀਂ ਕਰ ਸਕੇ। ਕੁਝ ਇਕ ਨੇ, ਫ਼ਿਲਮ ਦੀ ਤਕਨੀਕ ਬਾਰੇ ਗੱਲ ਕਰ ਗਏ।

ਇਕ ਦਰਸ਼ਕ ਦਾ ਇਤਰਾਜ਼ ਸੀ, ਗੁਰੂ ਸਾਹਿਬ ਦੇ ਬੱਚੇ ਮੋਨੇ ਕਿਉਂ ਦਿਖਾਏ ਗਏ ਹਨ। ਮੇਰੇ ਖ਼ਿਆਲ ਵਿੱਚ ਉਸ ਦਾ ਇਤਰਾਜ਼ ਹੋਣਾ ਇਹ ਚਾਹੀਦਾ ਸੀ ਕਿ ਗੁਰੂ ਸਾਹਿਬ ਦੇ ਬੱਚੇ ਦਿਖਾਏ ਹੀ ਕਿਉਂ ਗਏ ਹਨ !

ਇਕ ਦਰਸ਼ਕ ਦਾ ਕਹਿਣ ਸੀ-ਇਸ ਫ਼ਿਲਮ ਨੂੰ ਚੰਗਾ ਕਹਿਣਾ ਵੀ ਮਾੜਾ ਹੈ ਅਤੇ ਮਾੜਾ ਕਹਿਣਾ ਵੀ ਮਾੜਾ। ਚੁੱਪ ਬਿਹਤਰ ਹੈ।

ਇਕ ਦਰਸ਼ਕ ਨੇ ਗੱਲ ਹੀ ਨਿਬੇੜ ਦਿੱਤੀ-ਦੇਖੋ ਜੀ ਸਿੱਕਾ ਸਾਹਿਬ ਨੇ ਕਿਹਾ ਕਿ ਇਹ ਫ਼ਿਲਮ ਨਾ ਉਹਨਾਂ ਨੇ ਲਿਖੀ ਹੈ, ਨਾ ਬਣਾਈ ਹੈ। ਇਹ ਲਿਖੀ ਵੀ ਗੁਰੂ ਸਾਹਿਬ ਨੇ ਹੈ, ਬਣਾਈ ਵੀ ਗੁਰੂ ਸਾਹਿਬ ਨੇ। ਹੁਣ ਚੰਗਾ ਮਾੜਾ ਵਿਚਾਰ ਦੇਣ ਵੇਲੇ ਤੁਸੀਂ ਆਪ ਸੋਚ ਲਵੋ।

ਇਕ ਦਰਸ਼ਕ ਦਾ ਕਹਿਣਾ ਸੀ ਕਿ ਸਿੱਕਾ ਸਾਹਿਬ ਨੇ ਕਿਹਾ ਕਿ ਉਹਨਾਂ ਨੇ ਫ਼ਿਲਮ ਬਣਾਉਣ ਤੋਂ ਪਹਿਲਾਂ ਬਹੁਤ ‘ਰਿਸਰਚ’ ਕਰਵਾਈ ਸੀ, ਪਰ ਫ਼ਿਲਮ ਦੇਖ ਕੇ ਸਿੱਕਾ ਜੀ ਦਾ ਇਹ ਕਥਨ ਸਹੀ ਨਹੀਂ ਜਾਪਦਾ।

ਪੋਸਟ ਸਕ੍ਰਪਿਟ-

ਇਕ ਦਰਸ਼ਕ ਨੇ ਫ਼ਿਲਮ ਦੀ ਤਕਨੀਕ ਪੱਖੋਂ ਬੜੀ ਸਿਫ਼ਤ ਕੀਤੀ ਸੀ।

ਚਲੋ ਠੀਕ ਹੈ, ਅੱਜ ਦੇ ਦੌਰ ਵਿੱਚ ਕੰਪਿਊਟਰ, ਬਲਿਊ ਸਕਰੀਨ ਆਦਿ ਨਾਲ ਮਨਚਾਹੇ ਖ਼ੂਬਸੂਰਤ ਸੀਨ ਫ਼ਿਲਮਾਏ ਜਾ ਸਕਦੇ ਹਨ, ਪਰ ਨਿਰੀ ਤਕਨੀਕ ਹੀ ਸਭ ਕੁਝ ਨਹੀਂ ਹੁੰਦੀ, ਫ਼ਿਲਮ ਦਾ ਵਿਸ਼ਾ, ਵਿਸ਼ੇ ਦੀ ਸੰਵੇਦਨਸ਼ੀਲਤਾ ਵੀ ਤਾਂ ਮਹੱਤਵਪੂਰਨ ਹੁੰਦੀ ਹੈ। ਦੂਜੇ ਸ਼ਬਦਾਂ ਵਿੱਚ ਕਹਿਣਾ ਹੋਵੇ ਤਾਂ ਕਿਸੇ ਸਿਆਣੇ ਦੇ ਬੋਲ ਯਾਦ ਆ ਰਹੇ ਹਨ-ਅਗਰ ਸੋਨੇ ਦੀ ਛੁਰੀ ਹੱਥ ਆ ਜਾਵੇ ਤਾਂ ਉਸ ਨਾਲ ਆਪਣਾ ਢਿੱਡ ਹੀ ਨਹੀਂ ਪਾੜ ਲੈਣਾ ਚਾਹੀਦਾ।