ਸਿੱਖ ਵਿਰਾਸਤੀ ਖੇਡ ਗਤਕਾ ਨੂੰ ਨਿਗਲ ਚੱਲੀ ਸਟੰਟਬਾਜ਼ੀ

0
340

ਸਿੱਖ ਵਿਰਾਸਤੀ ਖੇਡ ਗਤਕਾ ਨੂੰ ਨਿਗਲ ਚੱਲੀ ਸਟੰਟਬਾਜ਼ੀ

ਗੁਰਜੀਤ ਸਿੰਘ ਗੀਤੂ 94653-10052

ਗਤਕਾ ਸਿੱਖਾਂ ਦੀ ਵਿਰਾਸਤੀ ਖੇਡ ਹੈ, ਜੋ ਧਰਮ ਯੁੱਧ ਵਿੱਚ ਲੜਨ ਦੀ ਕਲਾ ਹੈ ਤੇ ਨਾਲ ਹੀ ਨਾਲ ਸਿੱਖਾਂ ਦੇ ਇਤਿਹਾਸਿਕ ਤੇ ਖੁਸ਼ੀ ਦਿਆਂ ਦਿਹਾੜਿਆ ਵਿੱਚ ਮੰਨੋਰੰਜਨ ਦਾ ਸਾਧਨ ਵੀ ਬਣਦੀ ਹੈ। ਗਤਕੇ ਦਾ ਆਰੰਭ ਸਿੱਖਾਂ ਦੇ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਤਾ ਗੱਦੀ ਸਮੇਂ ਪਹਿਨੀਆ ‘ਮੀਰੀ-ਪੀਰੀ’ ਦੀਆਂ ਦੋ ਕਿ੍ਰਪਾਨਾਂ ਨਾਲ ਹੁੰਦਾ ਹੈ। ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਹ ਕਲਾ ਬਾਬਾ ਬੁੱਢਾ ਜੀ ਦੇ ਸਹਿਯੋਗ ਨਾਲ ਸਿੱਖ ਜਗਤ ਦੀ ਝੋਲੀ ਵਿੱਚ ਪਾਈ।  ਗਤਕੇ ਦੇ ਜੰਗੀ ਵਾਰਾਂ ਦਾ ਪ੍ਰਦਰਸ਼ਨ ਗੁਰੂ ਸਾਹਿਬ ਦੇ ਸਮੇਂ ਵਿੱਚ ਹੀ ਅਖਾੜੇ ਸਜਾ ਕੇ ਕੀਤਾ ਜਾਣ ਲੱਗਾ, ਜਿਸ ਨਾਲ ਹਰ ਸਿੱਖ ਦੀ ਮੁਹਾਰਤ ਪਰਖ ਕੇ ਉਸ ਨੂੰ ਹੋਰ ਬਰੀਕੀਆਂ ਤੇ ਤਕਨੀਕਾਂ ਸਿੱਖਣ ਲਈ ਉਤਸ਼ਾਹਿਤ ਕੀਤਾ ਜਾਂਦਾ ਸੀ।  ਗਤਕਾ ਸਿੱਖਣ ਅਤੇ ਖੇਡਣ ਤੋਂ ਪਹਿਲਾਂ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਕੀਤੀ ਹਦਾਇਤ ਦੀ ਪਾਲਣਾ ਕਰਨਾ ਵੀ ਅਤਿ ਜ਼ਰੂਰੀ ਸੀ, ਜਿਸ ਵਿੱਚ ਉਹਨਾਂ ਨਿਹੱਥੇ, ਬਜ਼ੁਰਗ, ਬੱਚੇ, ਔਰਤ, ਭੱਜੇ ਜਾਂਦੇ ਅਤੇ ਬਿਮਾਰ ਵਿਅਕਤੀ ’ਤੇ ਵਾਰ ਕਰਨ ਤੋਂ ਵਰਜਿਆ ਹੈ। ਗੁਰੂ ਜੀ ਨੇ ਇਹ ਵੀ ਸਖ਼ਤ ਹੁਕਮ ਕੀਤੇ ਹਨ ਕਿ ਜੰਗ ਦੇ ਮੈਦਾਨ ਵਿੱਚ ਸਿੱਖ ਨੇ ਪਹਿਲਾ ਵਾਰ ਨਹੀਂ ਕਰਨਾ।  ਅਗਰ ਦੁਸ਼ਮਣ ਪਹਿਲਾਂ ਵਾਰ ਕਰਦਾ ਹੈ ਤਾਂ ਉਸ ਵਾਰ ਦੇ ਬਚਾਅ ਉਪਰੰਤ ਆਪਣਾ ਵਾਰ ਕਰਨਾ ਹੈ, ਜਿਸ ਨਾਲ ਗਤਕੇ ਦਾ ਮੁੱਖ ਸਿਧਾਂਤ ਹੀ ਇਹ ਪ੍ਰਚਲਿਤ ਹੋਇਆ ਹੈ ਕਿ ਪਹਿਲਾਂ ਰੋਕੋ ਤੇ ਫਿਰ ਠੋਕੋ।

ਖਾਲਸਾ ਰਾਜ ਤੱਕ ਗਤਕੇ ਦੀ ਕਲਾ ਨੂੰ ਭਰਪੂਰ ਪਿਆਰ ਮਿਲਿਆ ਤੇ ਫਿਰ ਬਾਅਦ ਵਿਚ ਅੰਗਰੇਜ਼ੀ ਕਾਲ ਦੇ ਆਰੰਭ ਹੋਣ ਨਾਲ ਆਮ ਸਿੱਖਾਂ ਕੋਲੋ ਗਤਕੇ ਦੀ ਕਲਾ ਵਿਸਰਨ ਲੱਗ ਪਈ। ਅੱਜ ਦੀ ਗੱਲ ਕਰੀਏ ਤਾਂ ਨਿਹੰਗ ਸਿੰਘਾਂ ਦੀ ਬਚਾਈ ਹੋਈ ਗਤਕਾ ਖੇਡ ਫਿਰ ਪ੍ਰਫੁਲਿਤ ਹੋਣ ਲੱਗੀ ਹੈ। ਅੱਜ ਦੇ ਸਮੇਂ ਗਤਕੇ ਦੇ ਦੋ ਰੂਪ ਸਾਹਮਣੇ ਆਉਂਦੇ ਹਨ ਇੱਕ ਖੇਡਾਂ ਦੇ ਰੂਪ ਵਿੱਚ ਤੇ ਦੂਸਰਾ ਪ੍ਰਦਰਸ਼ਨ ਦੇ ਰੂਪ ਵਿਚ। ਇਹ ਦੋਨੋਂ ਰੂਪ ਹੀ ਆਪਣੀ ਮੂਲ ਹੋਂਦ ਗੁਆ ਚੁੱਕੇ ਹਨ।  ਖੇਡ ਦੇ ਰੂਪ ਵਿੱਚ ਸਾਹਮਣੇ ਆਈ ਗਤਕੇ ਦੀ ਕਲਾ ਜਿੱਥੇ ਇੱਕ ਨਿਵੇਕਲੀ ਪਹਿਚਾਣ ਨਾਲ ਵਿੱਦਿਅਕ ਅਦਾਰਿਆ ਵਿੱਚ ਪਹੁੰਚ ਕੇ ਨੌਜਵਾਨੀ ਤੱਕ ਪਹੁੰਚੀ ਹੈ। ਉੱਥੇ ਇਸ ਵਿਚ ਭਾਗ ਲੈਣ ਵਾਲੇ ਗਤਕੇ ਦੇ ਖਿਡਾਰੀ ਕੋਲ ਨਾ ਬਾਣੀ ਹੈ ਤੇ ਨਾ ਬਾਣਾ।  ਗਤਕਾ ਖੇਡ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਵਿੱਚ ਹੁਣ ਗੈਰ ਸਿੱਖ ਵੀ ਸਾਹਮਣੇ ਆ ਰਹੇ ਹਨ।

ਦੂਸਰਾ ਪ੍ਰਦਰਸ਼ਨ ਦੇ ਤੌਰ ’ਤੇ ਸਾਹਮਣੇ ਆਉਣ ਵਾਲੀ ਗਤਕੇ ਦੀ ਕਲਾ ਦਾ ਮੂਲ ਰੂਪ ਕਿਤੇ ਹੀ ਦੇਖਣ ਵਿੱਚ ਆਉਂਦਾ ਹੈ, ਜ਼ਿਆਦਾਤਰ ਤਾਂ ਕੁਝ ਅਲੱਗ ਕਰਨ ਦੀ ਸੋਚ ਨਾਲ ਨੌਜਵਾਨ ਗਤਕੇ ਤੋ ਕੋਹਾਂ ਦੂਰ ਨਿਕਲ ਜਾਂਦੇ ਹਨ ਤੇ ਗਤਕੇ ਦੇ 14 ਮੁੱਖ ਸ਼ਸਤਰਾਂ ਦੀ ਕਲਾ ਨੂੰ ਛੱਡ ਕੇ ਸਟੰਟ ਕਰਨ ਨਾਲ ਹੀ ਆਪਣਾ ਹੁਨਰ ਜੋੜਦੇ ਪ੍ਰਤੀਤ ਹੁੰਦੇ ਹਨ। 

ਗਤਕੇ ਦੇ ਰੂਪ ਵਿੱਚ ਦਿਖਾਏ ਜਾਣ ਵਾਲੇ ਸਟੰਟ ਇਤਿਹਾਸਿਕ ਦਿਹਾੜਿਆ ਵਿੱਚ ਆਮ ਦੇਖੇ ਜਾ ਸਕਦੇ ਹਨ। ਜਿਨ੍ਹਾਂ ਦਾ ਸਿੱਖ ਵਿਰਾਸਤੀ ਖੇਡ ਗਤਕੇ ਨਾਲ ਕੋਈ ਸੰਬੰਧ ਨਹੀਂ ਹੈ। ਇਹਨਾਂ ਸਟੰਟਾਂ ਦੇ ਕਾਰਨ ਬਹੁਤ ਵਾਰ ਅਣਹੋਣੀਆ ਦੁਰਘਟਨਾਵਾਂ ਵੀ ਵਰਤ ਜਾਂਦੀਆ ਹਨ ਤੇ ਉਹ ਨੌਜਵਾਨ ਅਪਾਹਜ ਹੋ ਕੇ ਰਹਿ ਜਾਂਦੇ ਹਨ ਤੇ ਕਿਤੇ ਕਿਤੇ ਜਾਨ ਵੀ ਗਵਾ ਬੈਠਦੇ ਹਨ। ਅੱਜ ਲੋੜ ਹੈ ਗਤਕੇ ਦੀਆਂ ਪ੍ਰਮੁੱਖ ਕੰਮ ਕਰ ਰਹੀਆਂ ਫੈਡਰੇਸ਼ਨਾਂ ਵੱਲੋਂ ਨੌਜਵਾਨੀ ਨੂੰ ਪ੍ਰੇਰਿਤ ਕਰ ਕੇ ਚੱਲ ਰਹੇ ਭਿਆਨਕ ਸਟੰਟਾਂ ਦੇ ਦੌਰ ਤੋ ਹਟਾ ਕੇ ਗਤਕੇ ਦੀ ਮੂਲ ਸਿੱਖ ਵਿਰਾਸਤੀ ਖੇਡ ਨਾਲ ਜੋੜਿਆ ਜਾਵੇ।