ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿਖੇ ਨੈਸ਼ਨਲ ਸਿੱਖ ਡੇ ਪਰੇਡ (ਸਿੱਖ ਫ਼ਰੀਡਮ ਮਾਰਚ) 7 ਅਪ੍ਰੈਲ ਨੂੰ

0
242

ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿਖੇ ਨੈਸ਼ਨਲ ਸਿੱਖ ਡੇ ਪਰੇਡ (ਸਿੱਖ ਫ਼ਰੀਡਮ ਮਾਰਚ) 7 ਅਪ੍ਰੈਲ ਨੂੰ

7 ਅਪ੍ਰੈਲ ਦੇ ਸਮਾਗਮ ਸਬੰਧੀ ਅਮਰੀਕੀ ਸਿੱਖਾਂ ਵਿੱਚ ਭਾਰੀ ਉਤਸ਼ਾਹ – ਹਿੰਮਤ ਸਿੰਘ

(ਨਿਊਯੌਰਕ, 2 ਅਪ੍ਰੈਲ, 2018): ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖ਼ਸ਼ਿਸ਼ ਸਦਕਾ ਯੂ. ਐਸ. ਏ. ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਵੱਲੋਂ ਬਣਾਈ ਸਾਂਝੀ ਸੰਸਥਾ, ਸਿੱਖ ਕੋਆਰਡੀਨੇਸ਼ਨ ਕਮੇਟੀ, ਈਸਟ ਕੋਸਟ (ਯੂ. ਐਸ. ਏ.) ਵੱਲੋਂ 7 ਅਪ੍ਰੈਲ 2018, ਦਿਨ ਛਨਿੱਚਰਵਾਰ ਨੂੰ ਸਿੱਖ ਡੇਅ ਪਰੇਡ (ਸਿੱਖ ਫ਼ਰੀਡਮ ਮਾਰਚ) ਕੱਢਣਾ ਉਲੀਕੀਆ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ. ਸੀ., ਪਾਰਲੀਮੈਂਟ ਦੇ ਸਾਹਮਣੇ ਖ਼ਾਲਸਾ ਪ੍ਰਗਟ ਦਿਵਸ (ਵਿਸਾਖੀ) ਨੂੰ ਸਮਰਪਿਤ ਸਿੱਖ ਡੇਅ ਪਰੇਡ (ਸਿੱਖ ਫ਼ਰੀਡਮ ਮਾਰਚ) ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ  ਹੇਠ ਕੱਢਣਾ ਸਾਰੀ ਦੁਨੀਆਂ ਦੇ ਸਿੱਖਾਂ ਲਈ ਮਾਣ ਵਾਲੀ ਗੱਲ ਹੈ।

ਇਹ ਜਾਣਕਾਰੀ ਦਿੰਦਿਆਂ ਕੋਆਰਡੀਨੇਸ਼ਨ ਕਮੇਟੀ ਦੇ ਸ੍ਰ: ਹਿੰਮਤ ਸਿੰਘ ਕੋਆਰਡੀਨੇਟਰ, ਕੇਵਲ ਸਿੰਘ ਸਿੱਧੂ, ਹਰਜਿੰਦਰ ਸਿੰਘ, ਵੀਰ ਸਿੰਘ ਮਾਂਗਟ, ਦਵਿੰਦਰ ਸਿੰਘ ਦਿਓ ਨੇ ਦੱਸਿਆ ਕਿ ਖ਼ਾਲਸਾ ਪ੍ਰਗਟ ਦਿਵਸ ਵਿਸਾਖੀ ਦੇ ਦਿਹਾੜੇ ਨੂੰ ਨੈਸ਼ਨਲ ਸਿੱਖ ਡੇਅ ਦੇ ਤੌਰ ਤੇ ਮਨਾਉਣ ਦੀ ਅਮਰੀਕੀ ਰਾਜ ਦੀਆਂ ਕਈ ਸੂਬਾ ਸਰਕਾਰਾਂ ਵੱਲੋਂ ਮਾਨਤਾ ਮਿਲੀ ਹੈ। ਇਸ ਦਿਨ ਦਸਮੇਸ਼ ਪਿਤਾ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖ਼ਾਲਸਾ ਪੰਥ ਸਾਜਿਆ ਸੀ ਅਤੇ ਇੱਕ ਸਭ ਤੋਂ ਅੱਡਰੀ ਕੌਮ ਦਾ ਝੰਡਾ ਬੁਲੰਦ ਕੀਤਾ ਸੀ। ਇਸੇ ਦਿਨ ਦੀ ਮਹੱਤਤਾ ਨੂੰ ਮੁਖ ਰੱਖ ਕੇ ਸਿੱਖ ਪੰਥਕ ਜੱਥੇਬੰਦੀਆਂ ਵੱਲੋਂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ 7 ਅਪ੍ਰੈਲ 2018, ਦਿਨ ਛਨਿੱਚਰਵਾਰ ਨੂੰ ਦੁਪਹਿਰ 12 ਵਜੇ ਤੋਂ ਸਿੱਖ ਡੇਅ ਪਰੇਡ (ਸਿੱਖ ਫ਼ਰੀਡਮ ਮਾਰਚ) ਕੈਪੀਟਲ ਹਿੱਲ ਵਾਸ਼ਿੰਗਟਨ ਡੀ. ਸੀ., ਪਾਰਲੀਮੈਂਟ ਦੇ ਸਾਹਮਣੇ ਕੱਢਣਾ ਨੀਅਤ ਕੀਤਾ ਗਿਆ ਹੈ।

ਇੱਥੇ ਜਿਕਰਯੋਗ ਹੈ ਕਿ ਸੰਨ 2017 ਵਿੱਚ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਗਾੜੀ, ਪੰਜਾਬ ਤੋਂ ਸ਼ੁਰੂ ਹੋਈ ਬੇਹੁਰਮਤੀ ਦੇ ਉਪਰੰਤ ਯੂ. ਐਸ. ਏ. ਦੇ ਈਸਟ ਕੋਸਟ ਦੇ ਗੁਰਦੁਆਰਿਆਂ ਅਤੇ ਜੱਥੇਬੰਦੀਆਂ ਦੇ ਸਮੂਹ ਉੱਦਮ ਸਦਕਾ ਹੀ ਅਮਰੀਕੀ ਸਿੱਖਾਂ ਦੀ ਇਹ ਸਾਂਝੀ ਸੰਸਥਾ ਸਿੱਖ ਕੋਆਰਡੀਨੇਸ਼ਨ ਕਮੇਟੀ, ਈਸਟ ਕੋਸਟ (ਯੂ.ਐਸ.ਏ.) ਹੋਂਦ ਵਿੱਚ ਆਈ ਸੀ ਜਿਸ ਦੇ ਉਪਰਾਲਿਆਂ ਸਦਕਾ ਸਿੱਖ ਕੌਮ ਨੇ ਥੋੜ੍ਹੇ ਜਿਹੇ ਸਮੇਂ ਵਿੱਚ ਕਈ ਕਾਮਯਾਬੀਆਂ ਪ੍ਰਾਪਤ ਕੀਤੀਆਂ, ਜਿਵੇਂ ਕਿ ਸੰਨ 2017 ਵਿੱਚ ਸਿੱਖ ਕੌਕਸ ਦੇ ਸਹਿਯੋਗ ਨਾਲ ਖ਼ਾਲਸਾ ਸਾਜਨਾ ਦਿਵਸ ਨੂੰ ਅਮਰੀਕੀ ਪਾਰਲੀਮੈਂਟ ਵਿੱਚ ਸਪੀਕਰ ਪਾਲ ਰਾਅਨ ਦੀ ਮੌਜੂਦਗੀ ਵਿੱਚ ਬਿੱਲ 189 ਤਹਿਤ ਪ੍ਰਮਾਣਿਤ ਕਰਾਉਣਾ; ਇਸੇ ਲੜ੍ਹੀ ਵਿੱਚ ਅੱਗੇ ਤੁਰਦਿਆਂ ਸੂਬਾਈ ਸਰਕਾਰਾਂ ਕਨੈਕਟੀਕੱਟ, ਮੈਸਾਚੂਸੈਸ, ਪੈਨਸੈਲਵੇਨਿਆ, ਡੈਲਾਵੇਅਰ ਅਤੇ ਇੰਡਿਆਨਾ ਨੇ ਵੀ 14 ਅਪ੍ਰੈਲ਼ ਨੂੰ ਸਿੱਖ ਨੈਸ਼ਨਲ ਡੇਅ ਦੀ ਮਾਣਤਾ ਦਿੱਤੀ ਹੈ। ਇਸੇ ਮਾਰਚ ਮਹੀਨੇ ਵਿੱਚ ਨਿਊ ਜਰਸੀ ਸੂਬਾਈ ਸਰਕਾਰ ਨੇ ਵੀ 14 ਅਪ੍ਰੈਲ ਨੂੰ ਸਿੱਖ ਨੈਸ਼ਨਲ ਡੇਅ ਅਤੇ ਹਰ ਸਾਲ ਅਪ੍ਰੈਲ ਦੇ ਮਹੀਨੇ ਨੂੰ ਪੱਕੇ ਤੌਰ ਤੇ ਸਿੱਖ ਅਵੇਅਰਨੈੱਸ ਮਹੀਨਾ ਪ੍ਰਵਾਨ ਕੀਤਾ ਹੈ। ਯਾਦ ਰਹੇ ਕਿ ਇਸੇ ਸਾਲ ਅਮਰੀਕਾ ਦੇ 96 ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਭਾਰਤੀ ਸਰਕਾਰ ਦੇ ਨੁੰਮਾਇੰਦਿਆਂ ਦੀ ਗੁਰਦੁਆਰਿਆਂ ਵਿੱਚ ਸਰਕਾਰੀ ਤੌਰ ਤੇ ਧਾਰਮਿਕ ਅਤੇ ਸਮਾਜਿਕ ਸਮਾਗਮਾਂ ਵਿੱਚ ਹਾਜਰੀ ਭਰਣ ਤੇ ਪੂਰਨ ਪਾਬੰਦੀ ਲਾਉਣ ਵਿੱਚ ਵੀ ਸਿੱਖ ਕੋਆਰਡੀਨੇਸ਼ਨ ਕਮੇਟੀ, ਈਸਟ ਕੋਸਟ (ਯੂ.ਐਸ.ਏ.) ਵੱਲੋਂ ਮੁੱਖ ਭੂਮਿਕਾ ਜਿੰਮੇਵਾਰੀ ਸਹਿਤ ਨਿਭਾਈ ਗਈ। 
ਇਸ ਮਾਰਚ ਦੇ ਕੱਢਣ ਦਾ ਮੁੱਖ ਉਦੇਸ਼ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਲਗਾਤਾਰ ਹੋ ਰਹੀ ਬੇਹੁਰਮਤੀ ਨੂੰ ਠੱਲ ਪਾਉਣ ਲਈ ਜਾਗਰਿਤ ਕਰਨਾ, ਗੁਰੂ ਨਾਨਕ ਸਾਹਿਬ ਜੀ ਦੇ ਚਲਾਏ ਨਿਰਮਲ ਪੰਥ ਦਾ ਦੇਸ਼-ਵਿਦੇਸ਼ ਵਿੱਚ ਵੱਧ ਤੋਂ ਵੱਧ ਪ੍ਰਚਾਰ ਕਰਨਾ, ਪੰਜਾਬ ਦੇਸ਼ ਦੀ ਅਜਾਦੀ, ਖ਼ਾਲਸਾ ਰਾਜ ਦੀ ਸਥਾਪਨਾ, ਸਿੱਖਾਂ ਦੀ ਪਹਿਚਾਣ, ਨਸਲ਼ੀ ਹਮਲਿਆਂ ਦੀ ਰੋਕਥਾਮ, ਸਿੱਖ ਨੌਜਵਾਨੀ ਨੂੰ ਅਮਰੀਕੀ ਰਾਜਨੀਤੀ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ, ਆਦਿ।

ਸ੍ਰ: ਦਵਿੰਦਰ ਸਿੰਘ ਦਿਓ ਨੇ ਕਿਹਾ ਕਿ ਇਸ ਤਰ੍ਹਾਂ ਦੇ ਪੰਥਕ ਇਕੱਠ ਕਰ ਕੇ ਜਿੱਥੇ ਸਮੂਹ ਦੁਨਿਆਂ ਨੂੰ ਸਿੱਖ ਇਤਿਹਾਸ ਦਾ ਸੰਦੇਸ਼ ਦਿੱਤਾ ਜਾਵੇਗਾ ਉੱਥੇ ਨਾਲ ਹੀ ਹੋਰਨਾਂ ਕੌਮਾਂ ਨੂੰ ਵੀ ਸਿੱਖੀ ਅਤੇ ਸਿੱਖ ਫ਼ਲਸਫੇ ਤੋਂ ਜਾਣੂ ਕਰਵਾਇਆ ਜਾਵੇਗਾ। ਸ੍ਰ: ਹਰਜਿੰਦਰ ਸਿੰਘ, ਨਿਊਜਰਸੀ ਨੇ ਕਿਹਾ ਕਿ ਇਸ ਸਿੱਖ ਡੇਅ ਪਰੇਡ ਵਿੱਚ ਸਮੂਹ ਪੰਥਕ ਧਿਰਾਂ ਅਤੇ ਹੋਰ ਕੌਮਾਂ ਨੂੰ ਵੀ ਪੁੱਜਣ ਦਾ ਸੱਦਾ ਦਿੱਤਾ ਗਿਆ ਹੈ।

ਜਾਰੀ ਕਰਤਾ: ਹਿੰਮਤ ਸਿੰਘ ਕੋਆਰਡੀਨੇਟਰ ਸਿੱਖ ਕੋਆਰਡੀਨੇਸ਼ਨ ਕਮੇਟੀ, ਈਸਟ ਕੋਸਟ (ਯੂ.ਐਸ.ਏ.)