32.6 C
Jalandhar
Wednesday, August 13, 2025
spot_img
Home Blog Page 7

ਸਵਾਲ ਜਵਾਬ (ਅਗਸਤ 2024)

0

ਸਵਾਲ ਜਵਾਬ

ਸਵਾਲ : ਗੁਰਮਤਿ ਵਿਚ ਨਾਮ ਅਤੇ ਨਾਮ ਜਪਣ ਤੋਂ ਕੀ ਭਾਵ ਹੈ ?

ਜਵਾਬ : ‘‘ਨਾਮੈ ਤੇ ਸਭਿ ਊਪਜੇ ਭਾਈ ! ਨਾਇ ਵਿਸਰਿਐ ਮਰਿ ਜਾਇ ’’ (ਮਹਲਾ /੬੦੩) ਇਸ ਤੁਕ ਮੁਤਾਬਕ ਨਾਮ ਅਤੇ ਅਕਾਲ ਪੁਰਖ ਸਮ ਅਰਥੀ ਸ਼ਬਦ ਹਨ ਕਿਉਂਕਿ ਇਸ ਗੱਲ ਤੋਂ ਕੋਈ ਵੀ ਮੁਨਕਰ ਨਹੀਂ ਕਿ ਸਭ ਦੀ ਉਤਪਤੀ ਇੱਕ ਅਕਾਲ ਪੁਰਖ ਤੋਂ ਹੁੰਦੀ ਹੈ, ‘‘ਕਰਣ ਕਾਰਣ ਏਕੁ ਓਹੀ; ਜਿਨਿ ਕੀਆ ਆਕਾਰੁ ’’ (ਮਹਲਾ /੫੧) ਅਕਾਲ ਪੁਰਖ ਦੀ ਯਾਦ ਨੂੰ ਮਨ ਵਿਚ ਸਦਾ ਵਸਾਈ ਰੱਖਣਾ ਹੀ ‘ਨਾਮ’ ਜਪਣਾ ਹੈ। ਜੇ ਪ੍ਰਭੂ ਚਿਤ ’ਚ ਨਹੀਂ ਵਸਿਆ ਤਾਂ ਜੀਭ ਨਾਲ ਨਾਮ ਜਪਣ ਦਾ ਉਹ ਲਾਭ ਨਹੀਂ ਮਿਲਦਾ, ਜੋ ਹਰੀ ਨੂੰ ਹਿਰਦੇ ’ਚ ਵਸਾਉਣ ਨਾਲ ਮਿਲਣਾ ਹੈ। ਸਮਝ ਤੋਂ ਸੱਖਣੇ ਅਕਸਰ ਇਸ ਤਰ੍ਹਾਂ ਦੀ ਨਾਮ ਜਪਦੇ ਹਨ, ‘‘ਹਰਿ ਹਰਿ ਨਿਤ ਕਰਹਿ ਰਸਨਾ; ਕਹਿਆ ਕਛੂ ਜਾਣੀ (ਅਨੰਦ ਮਹਲਾ /੯੨੦), ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ; ਰਾਮੁ ਪਾਇਆ ਜਾਇ ’’ (ਮਹਲਾ /੫੫੫)

ਸਵਾਲ : ਅੰਮ੍ਰਿਤ ਜਾਂ ਖੰਡੇ ਕੀ ਪਾਹੁਲ ਦੀਆਂ ਵਿਸ਼ੇਸ਼ਤਾਵਾਂ ਬਾਰੇ ਚਾਨਣਾ ਪਾਓ ਜੀ।

ਜਵਾਬ: ‘ਖੰਡੇ ਕੀ ਪਹੁਲ’ ਨੇ ਸਿੱਖਾਂ ਦੀ ਵਿਚਾਰਧਾਰਾ ਅਤੇ ਬਾਹਰੀ ਦਿੱਖ ਨੂੰ ਇਕੋ ਜਿਹਾ ਕਰ ਕੇ ਸਮੂਹ ਸਿੱਖਾਂ ਨੂੰ ਏਕਤਾ ਦੇ ਬੰਧਨ ’ਚ ਬੰਨ੍ਹਣਾ ਹੁੰਦਾ ਹੈ। ਇਸ ਤਰ੍ਹਾਂ ਸੋਚ ਅਤੇ ਸਰੂਪ ਦੇ ਪੱਖੋਂ ਨਿਆਰਾਪਣ ਬਖ਼ਸ਼ਿਆ, ਜਿਸ ਨਾਲ਼ ‘ਖ਼ਾਲਸਾ ਪੰਥ’ ਇਕ ਵੱਡੇ ਪਰਵਾਰ ਦੇ ਰੂਪ ’ਚ ਪ੍ਰਸਿੱਧ ਹੋਇਆ। ਸਿੱਖਾਂ ਦੇ ਇਕੋ ਧਾਰਮਿਕ ਜਨਮ ਸਥਾਨ, ਵਸਣ ਦਾ ਇਕੋ ਸ਼ਹਰ, ਇਕੋ ਮਾਤਾ-ਪਿਤਾ ਆਦਿ ਹੋਣ ਕਰਕੇ ਉਨ੍ਹਾਂ ਦੇ ਸਾਰੇ ਭਿੰਨ ਭੇਦ ਮੁਕਾ ਦਿੱਤੇ। ਸਭ ਸਿੱਖ ਮਰਦਾਂ ਦੇ ਨਾਮ ਦੇ ਅੰਤ ’ਚ ‘ਸਿੰਘ’ ਅਤੇ ਬੀਬੀਆਂ ਦੇ ਨਾਂ ਦੇ ਅਖੀਰ ’ਚ ‘ਕੌਰ’ ਸ਼ਬਦ ਲਾਉਣ ਅਤੇ ਸਭ ਲਈ ਪੰਜ-ਕਕਾਰ (ਕੇਸ, ਕੰਘਾ, ਕੜਾ, ਕਛਹਿਰਾ ਤੇ ਕਿਰਪਾਨ) ਜ਼ਰੂਰੀ ਕਰਨ ਪਿੱਛੇ ਵੀ ਕੌਮੀ ਮਜ਼ਬੂਤੀ ਦੀ ਭਾਵਨਾ ਸੀ। ਇਸੇ ਕਰਕੇ ਸਿੱਖ ਇਕ ਅਜਿਹੀ ਸ਼ਕਤੀ ਦੇ ਧਾਰਨੀ ਬਣੇ, ਜਿਸ ਨੇ ਸੱਚ, ਇਨਸਾਫ਼ ਅਤੇ ਮਨੁੱਖੀ ਹਿੱਤਾਂ ਲਈ ਸੰਘਰਸ਼ ਕਰਨ, ਕੁਰਬਾਨੀਆਂ ਦੇਣ ਅਤੇ ਅੰਤ ’ਚ ਆਪਣਾ ਰਾਜ-ਭਾਗ ਕਾਇਮ ਕਰਨ ’ਚ ਯੋਗ ਪਾਇਆ।

ਗੁਰਬਾਣੀ ਅਨੁਸਾਰ ਅਕਾਲ ਪੁਰਖ ਦਾ ਨਾਮ ਹੀ ‘ਅੰਮ੍ਰਿਤ’ ਹੈ, ‘‘ਅੰਮ੍ਰਿਤੁ ਹਰਿ ਕਾ ਨਾਮੁ ਹੈ; ਜਿਤੁ+ਪੀਤੈ (ਨਾਲ) ਤਿਖ ਜਾਇ ਨਾਨਕ  ! ਗੁਰਮੁਖਿ ਜਿਨ੍ਹ ਪੀਆ; ਤਿਨ੍ਹ ਬਹੁੜਿ ਲਾਗੀ ਆਇ ’’ (ਮਹਲਾ /੧੨੮੩)

ਸਵਾਲ : ਕੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਸੈਂਚੀਆਂ ਤੋਂ ਕੀਤਾ ਜਾ ਸਕਦਾ ਹੈ ਤੇ ਪਾਠ ਦਾ ਭੋਗ ਵੀ ਸੈਂਚੀਆਂ ’ਤੇ ਪਾਇਆ ਜਾ ਸਕਦਾ ਹੈ ?

ਜਵਾਬ : ਪਾਠ ਤਾਂ ਸੈਂਚੀਆਂ ਤੋਂ ਕੀਤਾ ਜਾ ਸਕਦਾ ਹੈ, ਪਰ ਪਾਠ ਦਾ ਆਰੰਭ ਅਤੇ ਭੋਗ; ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਪਾਇਆ ਜਾਵੇ। ਇਸ ਸਬੰਧ ’ਚ ਸਿੱਖ ਰਹਿਤ ਮਰਯਾਦਾ ਵਿਚ ਅੰਕਿਤ ਹੈ ਕਿ ‘ਸਹਿਜ ਪਾਠ ਦੇ ਅਰੰਭ ਵੇਲੇ ਪ੍ਰਸ਼ਾਦ ਲਿਆ ਕੇ ਅਨੰਦ ਸਾਹਿਬ ਦੀਆਂ ਪਹਿਲੀਆ ਪੰਜ ਪਉੜੀਆਂ ਅਤੇ ਇੱਕ ਆਖਰੀ ਪਉੜੀ ਦਾ ਪਾਠ ਕਰਕੇ, ਅਰਦਾਸ ਮਗਰੋਂ ਹੁਕਮ (ਵਾਕ) ਲਿਆ ਜਾਵੇ। ਇਸ ਦੇ ਮਗਰੋਂ ਪਾਠ ਅਰੰਭ ਕੀਤਾ ਜਾਵੇ’। ਇਸ ਤਰ੍ਹਾਂ ਹੀ ਭੋਗ ਦੀ ਮਰਯਾਦਾ ਹੈ। ਵਧੇਰੇ ਜਾਣਕਾਰੀ ਲਈ ਸਿੱਖ ਰਹਿਤ ਮਰਯਾਦਾ ਪੜ੍ਹੀ ਜਾ ਸਕਦੀ ਹੈ, ਜੋ ਸ੍ਰੋ: ਕਮੇਟੀ ਦੇ ਲਿਟਰੇਚਰ ਹਾਊਸ ਤੋਂ ਜਾਂ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

ਸਵਾਲ : ‘‘ਸਜਣੁ ਸਚਾ ਪਾਤਿਸਾਹੁ, ਸਿਰਿ ਸਾਹਾਂ ਦੈ ਸਾਹੁ ਜਿਸ ਪਾਸਿ ਬਹਿਠਿਆ ਸੋਹੀਐ, ਸਭਨਾਂ ਦਾ ਵੇਸਾਹੁ ’’ ਵਾਕ ਦਾ ਸ਼ੁੱਧ ਉਚਾਰਨ ਕਿਸ ਤਰ੍ਹਾਂ ਕਰਨਾ ਹੈ  ?

ਜਵਾਬ : ‘ਸਾਹੁ’ ਦਾ ਅਰਥ ਹੈ ‘ਸੁਆਸੁ’ ਜਦਕਿ ‘ਸ਼ਾਹ’ ਦਾ ਅਰਥ ਹੈ ‘ਸ਼ਾਹੂਕਾਰ, ਮਾਲਕ’। ‘ਪਾਤਿਸ਼ਾਹੁ’ ਦਾ ਅਰਥ ਹੈ ‘ਬਾਦਿਸ਼ਾਹ’। ਸੋ ਪ੍ਰਸੰਗ ਅਨੁਸਾਰ ਇਸ ਵਾਕ ’ਚ ‘ਸਜਣੁ’ ਦਾ ਉਚਾਰਨ ਸੱਜਣ, ‘ਸਾਹੁ’ ਦਾ ਉਚਾਰਨ ਸ਼ਾਹੁ, ‘ਪਾਤਿਸਾਹੁ’ ਦਾ ਉਚਾਰਨ ਪਾਤਿਸ਼ਾਹ ਅਤੇ ‘ਵੇਸਾਹੁ’ ਦਾ ਉਚਾਰਨ ‘ਵੇਸਾਹ’ (ਜਿਸ ਦਾ ਅਰਥ ਹੈ ‘ਭਰੋਸਾ’) ਕਰਨਾ ਵਧੇਰੇ ਸਹੀ ਜਾਪਦਾ ਹੈ।

ਗੁਰਬਾਣੀ ਵਿਆਕਰਨ ਅਨੁਸਾਰ ਨਾਂਵ, ਪੜਨਾਂਵ ਅਤੇ ਵਿਸ਼ੇਸ਼ਣ ਸ਼ਬਦਾਂ ਦੇ ਅੰਤਮ ਅੱਖਰ ਨੂੰ ਲੱਗੀ ਔਂਕੜ; ਇਕ ਵਚਨ ਦੀ ਲਖਾਇਕ ਹੈ, ਜੋ ਅਰਥ ਕਰਨ ’ਚ ਸਹਾਇਕ ਹੁੰਦੀ ਹੈ। ਇਸ ਦਾ ਉਚਾਰਨ ਨਾਲ ਕੋਈ ਸਬੰਧ ਨਹੀਂ। ਇਸ ਲਈ ਸਜਣੁ, ਪਾਤਿਸਾਹੁ, ਸਾਹੁ, ਵੇਸਾਹੁ ਸ਼ਬਦਾਂ ਦੇ ਅੰਤਮ ਅੱਖਰਾਂ ਨੂੰ ਬਿਨਾਂ ਔਂਕੜ ਉਚਾਰਨਾ ਸਹੀ ਹੈ। ਗੁਰਬਾਣੀ ਵਿਆਕਰਨ ਦਾ ਦੂਸਰਾ ਨਿਯਮ ਹੈ ‘ਇੱਕ ਵਚਨ ਪੁਲਿੰਗ ਨਾਂਵ’ ਦੇ ਅੰਤਲੇ ਅੱਖਰ ਨੂੰ ਲੱਗੀ ਸਿਹਾਰੀ (ਸਜਣਿ, ਸਾਹਿ, ਪਾਤਿਸਾਹਿ, ਵੇਸਾਹਿ) ਕਾਰਕ ਦੇ ਰੂਪ ’ਚ ਵਰਤੀ ਜਾਂਦੀ ਹੈ।ਇਹ ਸਿਹਾਰੀ ਵੀ ਉਚਾਰੀ ਨਹੀਂ ਜਾਂਦੀ; ਜਿਵੇਂ ਕਿ ‘ਸਿਰਿ’ ਦਾ ਉਚਾਰਨ ਬਿਨਾਂ ਸਿਹਾਰੀ ‘ਸਿਰ’ ਉਚਾਰਨ ਹੋਵੇਗਾ। ਸੋ ਉਕਤ ਵਾਕ ਦਾ ਸਹੀ ਉਚਾਰਨ ਹੈ, ‘‘ਸਜਣ ਸਚਾ ਪਾਤਿਸ਼ਾਹ, ਸਿਰ ਸ਼ਾਹਾਂ ਦੈ ਸ਼ਾਹ ਜਿਸ ਪਾਸ ਬਹਿਠਿਆ ਸੋਹੀਐ, ਸਭਨਾਂ ਦਾ ਵੇਸਾਹ ’’

ਸਵਾਲ : ਤ੍ਰੈ ਗੁਣ ਦਾ ਕੀ ਭਾਵ ਹੈ, ਜੀ  ?

ਜਵਾਬ : ਤ੍ਰੈ ਗੁਣ ਦਾ ਅਰਥ ਹੈ ‘ਮਾਇਆ ਦੇ ਤਿੰਨ ਗੁਣ (ਰਜੋ, ਤਮੋ, ਸਤੋ ਜਾਂ ਰਜ, ਤਮ, ਸਤ)। ਇਨ੍ਹਾਂ ਦੇ ਅਰਥ ਹਨ :

(). ਰਜ ਗੁਣ : ਮਾਇਆ ਦਾ ਉਹ ਗੁਣ, ਜੋ ਮਨ ’ਚ ਮੋਹ, ਹੰਕਾਰ ਆਦਿ ਪੈਦਾ ਕਰਦਾ ਹੈ।

(). ਤਮ ਗੁਣ : ਮਾਇਆ ਦਾ ਉਹ ਗੁਣ, ਜਿਸ ਕਾਰਨ ਆਤਮਕ ਜੀਵਨ ਦਾ ਸਾਹ ਘੁਟਿਆ ਜਾਵੇ, ਅਗਿਆਨਤਾ, ਹਨ੍ਹੇਰਾ।

(). ਸਤ ਗੁਣ : ਮਾਇਆ ਦਾ ਉਹ ਗੁਣ, ਜਿਸ ਤੋਂ ਦਇਆ, ਦਾਨ, ਖਿਮਾ, ਆਦਿ ਗੁਣ ਉਪਜਦੇ ਹਨ ਭਾਵ ਵਿਖਾਵੇ ਮਾਤਰ ਕੀਤੇ ਜਾਂਦੇ ਧਾਰਮਿਕ ਕਰਮ।

ਇਨ੍ਹਾਂ ਤਿੰਨੇ ਗੁਣਾਂ ਤੋਂ ਸ੍ਰੇਸ਼ਟ ਗੁਣ ਹੈ ‘ਨਾਮ ਜਪਣਾ’, ‘‘ਸਰਬ ਧਰਮ ਮਹਿ ਸ੍ਰੇਸਟ ਧਰਮੁ ਹਰਿ ਕੋ ਨਾਮੁ ਜਪਿ; ਨਿਰਮਲ ਕਰਮੁ ’’ (ਮਹਲਾ /੨੬੬) , ਇਸ ਨੂੰ ਅਣਡਿੱਠ ਕਰ ਕੀਤੇ ਜਾਂਦੇ ਉਕਤ ਕਰਮ; ਮਾਇਆ ਦਾ ਹੀ ਰੂਪ ਹਨ,‘‘ਤ੍ਰੈ ਗੁਣ ਵਰਤਹਿ ਸਗਲ ਸੰਸਾਰਾ; ਹਉਮੈ ਵਿਚ ਪਤਿ ਖੋਈ ਗੁਰਮੁਖਿ ਹੋਵੈ, ਚਉਥਾ ਪਦੁ ਚੀਨੈ; ਰਾਮ ਨਾਮਿ ਸੁਖੁ ਹੋਈ’’ (ਮਹਲਾ /੬੦੪) ਸ੍ਰੀ ਗੁਰੂ ਅਮਰਦਾਸ ਜੀ ਦੇ ਬਚਨ ਹਨ ਕਿ ਮਾਇਆ ਦੇ ਤਿੰਨ ਗੁਣ ਸਾਰੇ ਸੰਸਾਰ ਉੱਤੇ ਆਪਣਾ ਪ੍ਰਭਾਵ ਪਾਈ ਰੱਖਦੇ ਹਨ, ਜਿਨ੍ਹਾਂ ਦੇ ਅਸਰ ਹੇਠ ਮਨੁੱਖ ਹਉਮੈ ’ਚ ਫਸ ਕੇ ਇੱਜ਼ਤ ਗਵਾ ਬੈਠਦਾ ਹੈ, ਪਰ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ, ਉਹ ਚੌਥੇ ਪਦ ਨੂੰ ਪਛਾਣ ਲੈਂਦਾ ਹੈ, ਜਿੱਥੇ ਮਾਇਆ ਦੇ ਇਹ ਤਿੰਨ ਗੁਣ ਅਸਰ ਨਹੀਂ ਪਾ ਸਕਦੇ। ਪਰਮਾਤਮਾ ਦੇ ਨਾਮ ’ਚ ਟਿਕ ਕੇ ਉਹ ਆਤਮਕ ਅਨੰਦ ਮਾਣਦਾ ਹੈ।

ਸਵਾਲ : ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਦੇ ਸਿਧਾਂਤ ਦੀ ਵਿਆਖਿਆ ਕਰੋ, ਜੀ।

ਜਵਾਬ : ਸਿੱਖਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਦੇ ਧਰਮ ’ਚ ਨਾਮ ਜਪਣ, ਧਰਮ ਦੀ ਕਿਰਤ ਕਰਨ ਤੇ ਵੰਡ ਛਕਣ ਦਾ ਮਨੁੱਖਤਾ ਪੱਖੀ ਸਿਧਾਂਤ ਹੈ। ਗੁਰੂ ਨਾਨਕ ਜੀ ਵੱਲੋਂ ਸ਼ੁਰੂ ਕੀਤੇ ਗਏ ਇਸ ਸਿਧਾਂਤ ਤਹਿਤ ਮਨੁੱਖ ਨੇ ਨਾਮ ਜਪ ਕੇ ਆਪਣਾ ਮਨ ਕਾਬੂ ਕਰਨਾ ਹੈ।  ਹੱਥੀਂ ਕਿਰਤ-ਕਾਰ ਕਰਨੀ ਹੈ ਤੇ ਇਸ ਕਿਰਤ ’ਚੋਂ ਕੁੱਝ ਹਿੱਸਾ ਲੋੜਵੰਦਾਂ ਲਈ ਵੰਡਣਾ ਹੈ। ਪਦਾਰਥਵਾਦ ਸਿਧਾਂਤ ਦੇ ਹਾਮੀ ਕਾਰਲ ਮਾਰਕਸ ਦੇ ਅਖੌਤੀ ਸਮਾਜਵਾਦ ਦੀ ਥਿਊਰੀ ਤੋਂ ਕਈ ਸਦੀਆਂ ਪਹਿਲਾਂ ਤੇ ਕਿਤੇ ਵਧੀਆ ਢੰਗ ਨਾਲ ਸਿੱਖ ਧਰਮ ਨੇ ਇਹ ਸਿਧਾਂਤ ਦਿੱਤਾ ਤੇ ਅਮਲੀ ਰੂਪ ਵਿਚ ਲਾਗੂ ਕੀਤਾ। ਸੰਸਾਰ ਪੱਧਰ ’ਤੇ ਅੱਜ ਵੀ ਸਿੱਖਾਂ ਦੀ ਕੌਮਾਂਤਰੀ ਸੰਸਥਾ ‘ਖਾਲਸਾ ਏਡ’ ਨੇ ਦੁਨੀਆਂ ਭਰ ਦੇ ਲੋਕਾਂ ਦਾ ਧਿਆਨ ਸਿੱਖ ਧਰਮ ਵੱਲ ਖਿੱਚਿਆ ਹੈ। ਸੰਸਾਰ ਦੇ ਅਨੇਕਾਂ ਬੁੱਧੀਜੀਵੀ, ਚਿੰਤਕਾਂ ਦਾ ਮੰਨਣਾ ਹੈ ਕਿ ਜੰਗ ਏ ਮੈਦਾਨ, ਤੂਫ਼ਾਨਾਂ, ਆਦਿ ਸਮੇਂ ਸਿੱਖ ਮੁਫ਼ਤ ਦਵਾਈਆਂ, ਲੰਗਰ ਪਾਣੀ ਆਦਿ ਦੇ ਦ੍ਰਿੜ੍ਹਤਾ ਤੇ ਨਿਡਰਤਾ ਨਾਲ਼ ਪ੍ਰਬੰਧ ਕਰਦੇ ਹਨ ਕਿਉਂਕਿ ਭਾਈ ਘਨੱਈਆ ਜੀ ਦੇ ਵਾਰਸ ਹਨ।

ਸਵਾਲ : ‘ਸੌ ਸਾਖੀ’ ਬਾਰੇ ਜਾਣਕਾਰੀ ਦੇਣ ਦੀ ਕਿਰਪਾ ਕਰਨੀ, ਜੀ।

ਜਵਾਬ : ‘ਮਹਾਨ ਕੋਸ਼’ ਦੇ ਲੇਖਕ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਸੌ ਸਾਖੀ ਬਾਰੇ ਕਈਆਂ ਦਾ ਖ਼ਿਆਲ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ, ਪਰ ਇਸ ਦੀ ਕਵਿਤਾ ਪ੍ਰਗਟ ਕਰਦੀ ਹੈ ਕਿ ਇਹ ਸਾਧਾਰਨ ਵਿੱਦਿਆ ਵਾਲੇ ਸਿੱਖ ਦੀ ਕਲਮ ਤੋਂ ਲਿਖੀ ਗਈ ਹੈ। ਸਾਖੀ ਤੋਂ ਪ੍ਰਚਲਿਤ ਇਤਿਹਾਸ ਵਿਚ ਲਿਖੇ ਅਨੁਸਾਰ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਕਥਾ ਪ੍ਰਸੰਗ ਭਾਈ ਗੁਰਬਖਸ਼ ਸਿੰਘ ਜੀ (ਰਾਮ ਕੁੰਵਰ) ਨੂੰ ਸੁਣਾਏ, ਉਹ ਉਨ੍ਹਾਂ ਨੇ ਲਿਖਾਰੀ ਸਾਹਿਬ ਸਿੰਘ ਤੋਂ ਲਿਖਵਾਏ। ਭਾਈ ਸੰਤੋਖ ਸਿੰਘ ਜੀ ਨੇ ਵੀ ‘ਗੁਰ ਪ੍ਰਤਾਪ ਸੂਰਯ’ (ਸੂਰਜ ਪ੍ਰਕਾਸ਼) ਦੀ ਕਥਾ ਇਸੇ ਆਧਾਰ ’ਤੇ ਲਿਖੀ ਅਤੇ ਭਾਈ ਸਾਹਿਬ ਨੇ ਸੌ ਸਾਖੀ ਦੇ ਅਨੇਕ ਪ੍ਰਸੰਗ ਆਪਣੀ ਕਵਿਤਾ ਵਿਚ ਕੁਝ ਬਦਲ ਕੇ ਜਿਉਂ ਦੇ ਤਿਉਂ ਲਿਖ ਦਿੱਤੇ।

ਕੂਕੇ ਸੌ ਸਾਖੀ ਨੂੰ ਉਹੀ ਦਰਜਾ ਦਿੰਦੇ ਹਨ, ਜੋ ਹਿੰਦੂ ਸਮਾਜ ਵਿਚ ਭਵਿੱਖਤ ਪੁਰਾਣ ਨੂੰ ਦਿੱਤਾ ਜਾਂਦਾ ਹੈ ਅਤੇ ਆਪਣੀ-ਆਪਣੀ ਬੁੱਧੀ ਅਨੁਸਾਰ ਪਹੇਲੀ (ਬੁਝਾਰਤ) ਵਾਂਗ ਕਹੇ ਗਏ ਵਾਕਾਂ ਦੇ ਅਨੇਕ ਅਰਥ ਕੱਢ ਕੇ ਦਿਲ ਪਰਚਾਇਆ ਕਰਦੇ ਹਨ।

ਸੌ ਸਾਖੀ ਪਿੰਗਲ ਦੇ ਨਿਯਮਾਂ ਤੋਂ ਬਾਹਰ ਹੈ; ਜਿਵੇਂ ਕਿ

‘ਗੁਰੂ ਹਰਿ ਰਾਇ ਸਹਾਇ ਹਰਿ ਕ੍ਰਿਸ਼ਨੈ, ਸੇਵੀਐ ਗੁਰ ਤੇਗ ਬਹਾਦਰ ਧੀਰ।’

ਇਸ ਪਿੰਗਲ ਦੇ ਸਮਤਾਂ ਤੋਂ ਹੀ ਇਹ ਸਿੱਧ ਹੋ ਜਾਂਦਾ ਹੈ ਕਿ ਇਹ ਪੰਕਤੀ ਗੁਰੂ ਸਾਹਿਬ ਵਲੋਂ ਗੁਰਮਤਿ ਸਿਧਾਂਤ ਦੀ ਪੁਸ਼ਟੀ ਲਈ ਲਿਖੀ ਜਾਂ ਲਿਖਵਾਈ ਨਹੀਂ, ਜਿਵੇਂ ਕਿ ‘ਸੰਮਤ ਬਿਕ੍ਰਮ ਭੂਪਤੀ ਸਤਰਾਂ ਸਤ ਨੌ ਏਕ (੧੭੯੧) ਮਾਹਿਣੇ ਸਾਖੀ ਵਾਰ ਗੁਰ ਮਲਕੀ ਦੁਚਿਤਾ ਭੇਟ ।’

ਫਿਰ ਲਿਖਿਆ ਹੈ ‘ਸਤਾਰਾਂ ਸੌ ਇਕਾਸੀ ਮੈਂ ਸਾਖੀਆਂ ਲਿਖੀਆਂ।’ ਇਸ ਵਿਚ ਇਤਿਹਾਸ ਦੇ ਵਿਰੁੱਧ ਬਹੁਤ ਗੱਲਾਂ ਹਨ, ਜੈਸੇ-

(ੳ). ਪਾਂਡਵਾਂ ਵੇਲੇ ਸੈਯਦਾਂ ਦੀ ਉਤਪਤੀ।

(ਅ). ਖੋਲ ਵਿਚੋਂ ਪ੍ਰਗਟ ਹੋਣ ਕਰਕੇ ਖਾਲਸਾ ਨਾਉਂ ਹੋਇਆ (ਸਾਖੀ ੧੩)

(ੲ). ਈਸਾ ਦੀ ਉਤਪਤੀ, ਮੂਸਾ ਤੋਂ ਪਹਿਲੇ ਹੋਈ। (ਸਾਖੀ ੧੪)

(ਸ). ਸਤਲੁਜ ਦਾ ਧਨ ਬਿਕ੍ਰਮੀ ਸੰਮਤ ੧੮੯੯ ਵਿਚ ਲਵਾਂਗੇ (ਸਾਖੀ ੨੭) ਇਤਿਆਦਿਕ। ਸਰਦਾਰ ਸਰ ਅਤਰ ਸਿੰਘ ਰਈਸ ਭਸੌੜ ਦੀ ਰਾਇ ਹੈ ਕਿ ਜਿਸ ਵੇਲੇ ਕਸ਼ਮੀਰ ਦਾ ਇਲਾਕਾ ਮਹਾਰਾਜਾ ਜੰਮੂ ਨੂੰ ਅੰਗਰੇਜ਼ ਸਰਕਾਰ ਨੇ ਧਨ ਬਦਲੇ ਦਿੱਤਾ, ਉਸ ਸਮੇਂ ਇਹ ਪੋਥੀ ਲਿਖੀ ਗਈ ਹੈ, ਇਸ ਲਈ ਉਸ ਵਿਚ ਇਹ ਵਾਕ ਹੈ –

‘ਦੇਸ ਬੇਚਕਰ ਜਾਹਿ ਫਿਰੰਗੀ। ਗਾਜੇਗਾ ਤਬ ਮੇਰ ਭੁਜੰਗੀ।’ (ਸਾਖੀ ੮੫)

ਸਵਾਲ : ਵਰ ਸਰਾਪ ਆਦਿ ਬਾਰੇ ਗੁਰਮਤਿ ਸਿਧਾਂਤ ਸਪਸ਼ਟ ਕਰੋ, ਜੀ।

ਜਵਾਬ : ਗੁਰਮਤਿ ਕਿਸੇ ਤਰ੍ਹਾਂ ਦੇ ਵਰ ਸਰਾਪ ਵਾਲੇ ਅਨਮਤੀ ਸਿਧਾਂਤ ਨੂੰ ਮਾਨਤਾ ਨਹੀਂ ਦਿੰਦੀ। ਗੁਰਮਤਿ ਅਨੁਸਾਰ ਗੁਰੂ ਤੋਂ ਬੇਮੁਖ ਹੋ ਕੇ ਪਰਮਾਤਮਾ ਨੂੰ ਵਿਸਾਰ ਦੇਣਾ ਹੀ ਸਰਾਪੇ ਜਾਣਾ ਹੈ। ਗੁਰੂ ਤੋਂ ਬੇਮੁਖ ਹੋਣਾ ਏਸੇ ਤਰ੍ਹਾਂ ਹੈ ਜਿਵੇਂ ਕੋਈ ਰੁੱਖ ਮੂਲ (ਮੁੱਢ) ਤੋਂ ਹੀ ਪੁੱਟਿਆ ਗਿਆ ਹੋਵੇ ਸਿੱਖੀ ਦੀ ਜੜ੍ਹ ਗੁਰੂ ਦੀ ਮਤ ਹੀ ਹੈ, ਜੜ੍ਹ ਨਾਲੋਂ ਜੁਦਾ ਹੋ ਜਾਣ ਦਾ ਅਰਥ ਹੈ ‘ਮੌਤ ਹੋਣਾ’। ਅੱਜ ਜੇਕਰ ਅਸੀਂ ਗੁਰੂ ਦੇ ਗਿਆਨ ਨਾਲੋਂ ਟੁੱਟ ਚੁੱਕੇ ਹਾਂ ਤਾਂ ਗੁਰਮਤਿ ਅਨੁਸਾਰ ਨਾ ਤੁਰਨਾ ਹੀ ਸਰਾਪ ਹੋ ਜਾਣਾ ਹੈ, ‘‘ਮਨੁ ਮੁਗਧੌ ਦਾਦਰੁ ਭਗਤਿਹੀਨੁ ਦਰਿ ਭ੍ਰਸਟ ਸਰਾਪੀ ਨਾਮ ਬੀਨੁ ਤਾ ਕੈ ਜਾਤਿ ਪਾਤੀ ਨਾਮ ਲੀਨ ਸਭਿ ਦੂਖ ਸਖਾਈ ਗੁਣਹ ਬੀਨ (ਮਹਲਾ /੧੧੮੮) ਭਾਵ ਮੂਰਖ ਦਾ ਮਨ ਭਗਤੀ ਤੋਂ ਵਾਂਝਿਆ ਰਹਿੰਦਾ ਹੈ। ਮੂਰਖ ਮਨ ਮਾਨੋ ਡੱਡੂ ਹੈ (ਜੋ ਨੇੜੇ ਹੀ ਉੱਗੇ ਹੋਏ ਕਮਲ ਦੇ ਫੁੱਲ ਦੀ ਕਦਰ ਨਹੀਂ ਕਰ ਰਿਹਾ), ਕੁਰਾਹੇ ਪਿਆ ਮਨ; ਪ੍ਰਭੂ ਦੇ ਦਰ ਤੋਂ ਡਿੱਗਿਆ ਹੋਇਆ ਹੈ, ਮਾਨੋ ਸਰਾਪਿਆ ਦੁਰਕਾਰਿਆ ਹੋਇਆ ਹੈ, ਪਰਮਾਤਮਾ ਦੇ ਨਾਮ ਤੋਂ ਸੱਖਣਾ ਹੈ।

ਸਰਾਪਾਂ ਦਾ ਜਿਸ ਤਰ੍ਹਾਂ ਦਾ ਡਰ-ਭਰਮ ਬ੍ਰਾਹਮਣ ਨੇ ਪਾਇਆ ਹੋਇਆ ਹੈ, ਸਤਿਗੁਰਾਂ ਨੇ ਅਜਿਹੇ ਕਿਸੇ ਸਰਾਪ ਨੂੰ ਕੋਈ ਮਹਾਨਤਾ ਨਹੀਂ ਦਿੱਤੀ। ਗੁਰਦੇਵ ਜੀ ਦਾ ਫ਼ੁਰਮਾਨ ਹੈ ਕਿ ਅਜਿਹੀ ਸ਼ਕਤੀ ਕਿਸੇ ਵੀ ਮਨੁੱਖ ਕੋਲ ਨਹੀਂ, ਜਿਸ ਨਾਲ ਉਹ ਰੱਬੀ ਹੁਕਮ ਦੇ ਵਿਰੁੱਧ ਆਪਣੀ ਮਰਜ਼ੀ ਨਾਲ ਕੋਈ ਨੁਕਸਾਨ ਕਰ ਸਕਦਾ ਹੋਵੇ। ਮਾਰਨ ਜੀਵਾਲਣ ਵਾਲਾ ਪ੍ਰਭੂ ਆਪ ਹੀ ਹੈ, ‘‘ਭਾਈ  ! ਮਤ ਕੋਈ ਜਾਣਹੁ, ਕਿਸੀ ਕੈ ਕਿਛੁ ਹਾਥਿ ਹੈ; ਸਭ ਕਰੇ ਕਰਾਇਆ ਜਰਾ ਮਰਾ ਤਾਪੁ ਸਿਰਤਿ ਸਾਪੁ, ਸਭੁ ਹਰਿ ਕੈ ਵਸਿ ਹੈ; ਕੋਈ ਲਾਗਿ ਸਕੈ, ਬਿਨੁ ਹਰਿ ਕਾ ਲਾਇਆ (ਮਹਲਾ ,੧੬੮) ਪਦ ਅਰਥ : ਹਾਥਿ-ਵੱਸ ਵਿਚ। ਜਰਾ-ਬੁਢੇਪਾ। ਗੁਰੂ ਮਰਾ-ਮੌਤ। ਤਾਪੁ ਸਾਪੁ-ਤਾਪ, ਸਾਪ। ਸਿਰਤਿ-ਸਿਰ ਪੀੜ।

ਸਵਾਲ : ਪੰਜ ਵਿਕਾਰ, ਮਨੁੱਖ ਲਈ ਕਿਵੇਂ ਹਾਨੀਕਾਰਕ ਹਨ ਅਤੇ ਇਨ੍ਹਾਂ ਦੇ ਮਾੜੇ ਅਸਰ ਤੋਂ ਕਿਵੇਂ ਬਚਿਆ ਜਾ ਸਕਦਾ ਹੈ  ?

ਜਵਾਬ : ਪੰਜ ਵਿਕਾਰ-ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਮਨੁੱਖ ਨੂੰ ਪ੍ਰਭੂ ਤੋਂ ਦੂਰ ਕਰਦੇ ਹਨ। ਇਨ੍ਹਾਂ ਵਿਕਾਰਾਂ ਦੇ ਪ੍ਰਭਾਵ ਹੇਠ ਮਨੁੱਖ ਦੁਨਿਆਵੀ ਰਸਾਂ-ਕਸਾਂ ’ਚ ਫਸ ਕੇ ਸਰੀਰਕ ਤੇ ਮਾਨਸਿਕ ਬਿਮਾਰੀਆਂ ਸਹੇੜਦਾ ਲੈਂਦਾ ਹੈ ਤੇ ਜਿਉਂਦਿਆਂ ਹੀ ਆਤਮਿਕ ਮੌਤ ਹੋ ਜਾਂਦੀ ਹੈ। ਇਨ੍ਹਾਂ ਵਿਕਾਰਾਂ ਦੀ ਮਾਰ ਹੇਠ ਆ ਕੇ ਕੀਤੇ ਕੁਕਰਮਾਂ ਕਾਰਨ ਉਹ ਆਵਾਗਵਨ ਦੇ ਚੱਕਰ ’ਚ ਭਟਕਦਾ ਹੈ।

‘ਕਾਮ’ ਦੀ ਵਧੀ ਹੋਈ ਰੁਚੀ ਵਿਭਚਾਰ ਨੂੰ ਜਨਮ ਦਿੰਦੀ ਹੈ। ਇਸ ਅਧੀਨ ਮਨੁੱਖ ਤੇ ਇਸਤਰੀਆਂ ਹੋਰਾਂ ਨਾਲ ਅਨੈਤਿਕ ਸਰੀਰਿਕ ਸਬੰਧ ਰੱਖਦੇ ਹਨ।

‘ਕ੍ਰੋਧ’, ਬੁਧੀ ਦੀ ਬਿਬੇਕਤਾ ਖ਼ਤਮ ਕਰ ਦਿੰਦਾ ਹੈ ਅਤੇ ਲੜਾਈਆਂ ਝਗੜਿਆਂ ਦੀ ਜੜ੍ਹ ਹੋ ਨਿਬੜਦਾ ਹੈ।

‘ਲੋਭ’ ਦੇ ਕਾਰਨ ਧਨ-ਪਦਾਰਥਾਂ ਨੂੰ ਪ੍ਰਾਪਤ ਕਰਨ ਦੀ ਲਾਲਸਾ ਵਧਦੀ ਹੈ। ਇਸ ਅਧੀਨ ਮਨੁੱਖ ਦੂਜਿਆਂ ਦਾ ਹੱਕ ਮਾਰਨ, ਰਿਸ਼ਵਤ ਖਾਣ, ਧੱਕੇ ਨਾਲ ਪਰਾਏ ਧਨ-ਪਦਾਰਥਾਂ ਨੂੰ ਕਾਬੂ ਕਰਨ ਦੇ ਯਤਨ ਕਰਦਾ ਹੈ।

‘ਮੋਹ’, ਸਾਕ-ਸੰਬੰਧੀਆਂ ਨਾਲ ਵਧਿਆ ਪਿਆਰ ਹੈ। ਇਹ ਉਨ੍ਹਾਂ ਦੇ ਵਿਛੋੜੇ ਸਮੇਂ ਮਨੁੱਖ ਨੂੰ ਢਹਿੰਦੀਆਂ ਕਲਾ ਵਿਚ ਸੁੱਟ ਦਿੰਦਾ ਹੈ। ਮੋਹ ਵਿਚ ਅੰਨ੍ਹਾ ਹੋਇਆ ਮਨੁੱਖ ‘ਆਪਣਿਆਂ ਦੇ ਭਲੇ’ ਦੀ ਖਾਤਰ ‘ਦੂਜਿਆਂ’ ਨਾਲ ਠਗੀ-ਠੋਰੀ, ਧੱਕਾ, ਚੋਰੀ ਆਦਿ ਅਨੈਤਿਕ ਕੰਮ ਕਰਦਾ ਹੈ।

‘ਹੰਕਾਰ’, ਆਪਣੇ ਸਰੀਰਿਕ ਬਲ, ਵਿੱਦਿਆ, ਸੁੰਦਰਤਾ, ਰਾਜਨੀਤਿਕ ਤਾਕਤ ਅਤੇ ਧਨ ਸੰਪਤੀ ਆਦਿ ਕਾਰਨ ਪੈਦਾ ਹੋਏ ਅਭਿਮਾਨ ਦਾ ਨਾਂ ਅਹੰਕਾਰ ਹੈ। ਕਈ ਵਾਰ ਤਾਂ ਮਨੁੱਖ ਆਪਣੇ ਚੰਗੇ ਗੁਣਾਂ ਉੱਤੇ ਵੀ ਹੰਕਾਰ ਕਰਨ ਲੱਗ ਪੈਂਦਾ ਹੈ ਤੇ ਹੋਰਾਂ ਭਲੇ ਪੁਰਖਾਂ ਤੋਂ ਵੀ ਨਫ਼ਰਤ ਕਰਨ ਲੱਗ ਪੈਂਦਾ ਹੈ, ਜਿਸ ਕਾਰਨ ਈਰਖਾ, ਸਾੜਾ ਆਦਿ ਦਾ ਸ਼ਿਕਾਰ ਹੋ ਜਾਂਦਾ ਹੈ। ਸਤਿਗੁਰ ਦੀ ਸ਼ਰਨ ’ਚ ਆ ਕੇ, ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ (ਨਾਮ ਜਪਣ) ਨਾਲ ਇਨ੍ਹਾਂ ਸਮੇਤ ਹੋਰ ਵਿਕਾਰਾਂ ਤੋਂ ਭੀ ਬਚ ਸਕੀਦਾ ਹੈ। ਗੁਰ ਫ਼ੁਰਮਾਨ ਹੈ, ‘‘ਰਾਖਿ ਲੀਏ ਅਪਨੀ ਕਿਰਪਾ ਧਾਰਿ ਪੰਚ ਦੂਤ ਭਾਗੇ ਬਿਕਰਾਲ ਜੂਐ ਜਨਮੁ ਕਬਹੂ ਹਾਰਿ ਨਾਨਕ ਕਾ ਅੰਗ ਕੀਆ ਕਰਤਾਰਿ (ਨੇ) ’’ (ਮਹਲਾ /੮੬੬)

ਕੀ ਗੁਰੂ ਸਾਹਿਬ ਨੇ ਕੋਈ ਕੈਲੰਡਰ ਬਣਾਇਆ, ਸੋਧਿਆ ਜਾਂ ਲਾਗੂ ਕੀਤੈ ?

0

ਕੀ ਗੁਰੂ ਸਾਹਿਬ ਨੇ ਕੋਈ ਕੈਲੰਡਰ ਬਣਾਇਆ, ਸੋਧਿਆ ਜਾਂ ਲਾਗੂ ਕੀਤੈ ?

ਕਿਰਪਾਲ ਸਿੰਘ ਬਠਿੰਡਾ

ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਵਾਲਿਆਂ ਦਾ ਮੰਨਣਾ ਹੈ ਕਿ ਜੇ ਗੁਰੂ ਸਾਹਿਬ ਜੀ ਨੇ ਬਿਕ੍ਰਮੀ ਕੈਲੰਡਰ ਦੀਆਂ ਚੰਦਰ ਤਿੱਥਾਂ ਦੀ ਵਰਤੋਂ ਕੀਤੀ ਹੈ ਤਾਂ ਅਸੀਂ ਇਸ ਨੂੰ ਕਿਉਂ ਛੱਡੀਏ। ਇਸ ਦਾ ਜਵਾਬ ਗੁਰਬਾਣੀ ’ਚੋਂ ਹੀ ਹੇਠ ਲਿਖੀਆਂ ਉਦਾਹਰਨਾਂ ’ਚੋਂ ਮਿਲ ਜਾਵੇਗਾ।

ਭਗਤ ਸਾਹਿਬਾਨ ਅਤੇ ਗੁਰੂ ਸਾਹਿਬਾਨ ਵੇਲੇ ਭਾਰ ਤੋਲਣ ਦੀਆਂ ਇਕਾਈਆਂ ਮਣ, ਸੇਰ, ਅੱਧ ਸੇਰ, ਪਾਈਆ ਆਦਿ ਪ੍ਰਚਲਿਤ ਸਨ, ਉਨ੍ਹਾਂ ਨੇ ਇਨ੍ਹਾਂ ਇਕਾਈਆਂ ਦੀ ਵਰਤੋਂ ਕੀਤੀ, ਜਿਸ ਦੀਆਂ ਹੇਠ ਲਿਖੀਆ ਕੁਝ ਉਦਾਹਰਨਾਂ ਹਨ :

ਸਾਢੇ ਤ੍ਰੈ ਮਣ ਦੇਹੁਰੀ; ਚਲੈ ਪਾਣੀ ਅੰਨਿ (ਬਾਬਾ ਫਰੀਦ ਜੀ/੧੩੮੩)

ਦੁਇ ਸੇਰ ਮਾਂਗਉ ਚੂਨਾ (ਆਟਾ) ਪਾਉ (ਪਾਈਆ) ਘੀਉ ਸੰਗਿ ਲੂਨਾ ਅਧ ਸੇਰੁ ਮਾਂਗਉ ਦਾਲੇ ਮੋ ਕਉ ਦੋਨਉ ਵਖਤ ਜਿਵਾਲੇ (ਭਗਤ ਕਬੀਰ ਜੀ/੬੫੬), ਪਰ ਅੱਜ ਕੱਲ੍ਹ ਇਨ੍ਹਾਂ ਦੀ ਥਾਂ ਗ੍ਰਾਮ, ਕਿਲੋਗ੍ਰਾਮ, ਕੁਇੰਟਲ ਆਦਿਕ ਵਰਤੇ ਜਾਂਦੇ ਹਨ।

ਲੰਬਾਈ ਮਿਣਨ ਦੀਆਂ ਇਕਾਈਆਂ ਕੋਸ, ਕਰਮ, ਹੱਥ, ਉਂਗਲਾਂ ਪ੍ਰਚਲਿਤ ਸਨ ਤਾਂ ਗੁਰਬਾਣੀ ’ਚ ਇਨ੍ਹਾਂ ਦੀ ਵਰਤੋਂ ਕੀਤੀ ਹੈ :

ਪਾਂਚ ਕੋਸ ਪਰ ਗਊ ਚਰਾਵਤ; ਚੀਤੁ ਸੁ ਬਛਰਾ ਰਾਖੀਅਲੇ (ਭਗਤ ਨਾਮਦੇਵ ਜੀ/੯੭੨)

ਕਰਉ ਅਢਾਈ (ਢਾਈ ਕਰਮਾ) ਧਰਤੀ ਮਾਂਗੀ; ਬਾਵਨ ਰੂਪਿ ਬਹਾਨੈ (ਮਹਲਾ /੧੩੪੪)

ਸਾਢੇ ਤੀਨਿ ਹਾਥ ਤੇਰੀ ਸੀਵਾਂ (ਭਗਤ ਰਵਿਦਾਸ ਜੀ/੬੫੯)

ਤ੍ਰੈ ਸਤ ਅੰਗੁਲ (10 ਉਂਗਲਾ) ਵਾਈ ਕਹੀਐ; ਤਿਸੁ, ਕਹੁ ਕਵਨੁ ਅਧਾਰੋ (ਮਹਲਾ /੯੪੪), ਪਰ ਅੱਜ ਕੱਲ੍ਹ ਇਨ੍ਹਾਂ ਦੀ ਥਾਂ ਮਿਲੀਮੀਟਰ, ਸੈਂਟੀਮੀਟਰ, ਮੀਟਰ, ਕਿਲੋਮੀਟਰ ਆਦਿਕ ਵਰਤੇ ਜਾਂਦੇ ਹਨ।

ਇਸੇ ਤਰ੍ਹਾਂ ਸਮਾਂ ਨਾਪਣ ਲਈ ਵਿਸੁਏ, ਚੱਸੇ, ਘੜੀ, ਪਹਿਰ, ਤਿੱਥ ਵਾਰ ਮਹੀਨੇ ਆਦਿ ਦੀਆਂ ਇਕਾਈਆਂ ਪ੍ਰਚਲਿਤ ਹੋਣ ਕਾਰਨ ਇਨ੍ਹਾਂ ਦੀ ਵਰਤੋਂ ਗੁਰਬਾਣੀ ’ਚ ਹੋਈ ਹੈ :

ਵਿਸੁਏ, ਚਸਿਆ, ਘੜੀਆ, ਪਹਰਾ; ਥਿਤੀ, ਵਾਰੀ, ਮਾਹੁ ਹੋਆ (ਸੋਹਿਲਾ/ਮਹਲਾ /੧੨), ਪਰ ਹੁਣ ਵਿਸੁਏ, ਚਸਿਆ, ਘੜੀਆ, ਪਹਰਾਂ ਦੀ ਥਾਂ  ਸਕਿੰਟ, ਮਿੰਟ, ਘੰਟੇ ਆਦਿਕ ਵਰਤੇ ਜਾਂਦੇ ਹਨ।

ਜੇ ਗੁਰਬਾਣੀ ’ਚ ਵਰਤੀਆਂ ਉਕਤ ਸਾਰੀਆਂ ਇਕਾਈਆਂ ਦੀ ਥਾਂ ਅੱਜ ਕੱਲ੍ਹ ਨਵੀਆਂ ਇਕਾਈਆਂ ਵਰਤੀਆਂ ਜਾਣ ਲੱਗ ਪਈਆਂ ਹਨ, ਜਿਨ੍ਹਾਂ ਦੀ ਵਰਤੋਂ ਕਰਨ ਨਾਲ ਹਿਸਾਬ ਕਿਤਾਬ ਕਰਨ ’ਚ ਵੱਧ ਆਸਾਨੀ ਹੋ ਰਹੀ ਹੈ ਤਾਂ ਸਮੇਂ ਦੀਆਂ ਇਕਾਈਆਂ ਲਈ ਵਰਤੇ ਜਾਣ ਵਾਲੀਆਂ ਵੱਡੀਆਂ ਇਕਾਈਆਂ ਮਹੀਨੇ ਅਤੇ ਸਾਲ ਦੀਆਂ ਲੰਬਾਈਆ ’ਚ ਲੋੜੀਂਦੀ ਸੋਧ ਕਰਕੇ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਨਾਲ ਵੀ ਕਿਸੇ ਧਾਰਮਿਕ ਅਸੂਲ ਦੀ ਅਵੱਗਿਆ ਨਹੀਂ ਹੋਵੇਗੀ। ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਵਾਲਿਆਂ ਦਾ ਕੁਤਰਕ ਹੈ ਕਿ ਗੁਰੂ ਸਾਹਿਬ ਜੀ ਨੇ ਆਪ ਹੀ ਮੂਲ ਸਿੱਖ ਕੈਲੰਡਰ ਸੋਧ ਕੇ ਸਥਾਪਿਤ ਕੀਤਾ ਸੀ; ਪਰ ਉਹ ਕੈਲੰਡਰ ਕਿਹੜਾ ਹੈ; ਕਦੇ ਕਿਸੇ ਨੇ ਨਹੀਂ ਵਿਖਾਇਆ। ਅਸਲ ’ਚ ਇਨ੍ਹਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ’ਚ ਦੋ ਬਾਰਹਮਾਹਾ ਅਤੇ ਤਿੰਨ ਤਿੱਥੀ ਬਾਣੀਆਂ ਦੇ ਦਰਜ ਹੋਣ ਨੂੰ ਹੀ ਗੁਰੂ ਸਾਹਿਬ ਵੱਲੋਂ ਸਥਾਪਿਤ ਕੀਤਾ ਕੈਲੰਡਰ ਦੱਸਿਆ ਜਾ ਰਿਹਾ ਹੈ; ਜੋ ਕਿ ਗਲਤ ਹੈ। ਥਿਤੀ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਜੀ ’ਚ ਤਿੰਨ ਬਾਣੀਆਂ ਹਨ, ਜਿਨ੍ਹਾਂ ਦੀ ਵਿਚਾਰ ਹੇਠਾਂ ਕੀਤੀ ਜਾ ਰਹੀ ਹੈ :

ਥਿਤੀ ਸਿਰਲੇਖ ਹੇਠ ਪਹਿਲੀ ਬਾਣੀ ਗਉੜੀ ਰਾਗ ’ਚ ਗੁਰੂ ਅਰਜਨ ਸਾਹਿਬ ਜੀ ਦੀ ਉਚਾਰਨ ਕੀਤੀ ਹੈ, ਜੋ ਪਾਵਨ ਅੰਕ ੨੯੬ ਤੋਂ ੩੦੦ ਤੱਕ ਹੈ। ਇਸ ਵਿੱਚ ਤਿੱਥਾਂ ਦੀ ਤਰਤੀਬ ਏਕਮ ਤੋਂ ਲੈ ਕੇ ਮੱਸਿਆ ਅਤੇ ਮੱਸਿਆ ਤੋਂ ਬਾਅਦ ਪੂਰਨਮਾਸ਼ੀ ਤੱਕ ਹੈ।

ਗਉੜੀ ਰਾਗ ’ਚ ਹੀ ਪਾਵਨ ਅੰਕ ੩੪੩ ਤੋਂ ੩੪੪ ਉੱਪਰ ਦੂਸਰੀ ਬਾਣੀ ਭਗਤ ਕਬੀਰ ਸਾਹਿਬ ਜੀ ਦੀ ਹੈ, ਜਿਸ ਦੀ ਤਰਤੀਬ ਅੰਮਾਵਸ (ਮੱਸਿਆ) ਤੋਂ ਸ਼ੁਰੂ ਕਰਕੇ ਚਉਦਸ ਅਤੇ ਚਉਦਸ ਤੋਂ ਬਾਅਦ ਪੂਰਨਮਾਸ਼ੀ ਤੱਕ ਹੈ।

ਇੱਥੇ ਨੋਟ ਕਰਨ ਵਾਲੀ ਗੱਲ ਹੈ ਕਿ ਭਗਤ ਕਬੀਰ ਸਾਹਿਬ ਜੀ ਬਨਾਰਸ ਦੇ ਰਹਿਣ ਵਾਲੇ ਹਨ, ਜਿੱਥੇ ਅਮੰਤਾ (ਮੱਸਿਆ ’ਤੇ ਪੂਰੇ ਹੋਣ ਵਾਲ਼ੇ) ਮਹੀਨੇ ਲਾਗੂ ਸਨ। ਇਸ ਪ੍ਰਣਾਲੀ ਅਨੁਸਾਰ ਉਨ੍ਹਾਂ ਨੇ ਮੱਸਿਆ ਤੋਂ ਮੱਸਿਆ ਦੇ ਹਿਸਾਬ ਨਾਲ ਤਿੱਥਾਂ ਨੂੰ ਤਰਤੀਬ ਦਿੱਤੀ ਹੈ ਭਾਵ ਮੱਸਿਆ ਤੋਂ ਬਾਅਦ ਸੁਦੀ ੧ ਤੋਂ ਸ਼ੁਰੂ ਕਰਕੇ ਮਹੀਨੇ ਦੇ ਅੱਧ ਵਿਚਕਾਰ ਪੂਰਨਮਾਸ਼ੀ ਤੱਕ ਤਿੱਥਾਂ ਲਿਖੀਆਂ ਹਨ, ਪਰ ਗੁਰੂ ਅਰਜਨ ਸਾਹਿਬ ਜੀ ਉੱਤਰੀ ਭਾਰਤ ’ਚ ਸਥਿਤ ਪੰਜਾਬ ਦੇ ਵਸਨੀਕ ਹਨ, ਜਿੱਥੇ ਪੂਰਨਮੰਤਾ ਮਹੀਨੇ ਦੇ ਨਿਯਮ ਭਾਵ ਪੂਰਨਮਾਸ਼ੀ ’ਤੇ ਪੂਰੇ ਹੋਣ ਵਾਲੇ ਮਹੀਨਿਆਂ ਦਾ ਨਿਯਮ ਲਾਗੂ ਹੈ, ਇਸ ਲਈ ਨਵਾਂ ਮਹੀਨਾ ਵਦੀ ੧ ਤੋਂ ਸ਼ੁਰੂ ਕਰਕੇ ਅੱਧ-ਵਿਚਕਾਰ ਮੱਸਿਆ ਹੈ ਤੇ ਪੂਰਨਮਾਸ਼ੀ ’ਤੇ ਮਹੀਨਾ ਸਮਾਪਤ ਹੁੰਦਾ ਹੈ। ਇਸ ਤੋਂ ਭਾਵ ਹੈ ਕਿ ਬਾਣੀਕਾਰਾਂ ਨੇ ਕੈਲੰਡਰ ਸਮੇਤ ਮਿਣਤੀ ਗਿਣਤੀ ਦੀਆਂ ਸਾਰੀਆਂ ਉਨ੍ਹਾਂ ਹੀ ਇਕਾਈਆਂ ਦੀ ਵਰਤੋਂ ਕੀਤੀ ਹੈ, ਜਿਹੜੀਆਂ ਉਸ ਸਮੇਂ ਸਬੰਧਿਤ ਇਲਾਕਿਆਂ ’ਚ ਪ੍ਰਚਲਿਤ ਸਨ, ਨਾ ਕਿ ਕੋਈ ਨਵਾਂ ਕੈਲੰਡਰ ਬਣਾਇਆ, ਸੋਧਿਆ ਜਾਂ ਸਥਾਪਿਤ ਕੀਤਾ ਹੈ।

ਤੀਸਰੀ ਬਾਣੀ ਬਿਲਾਵਲ ਰਾਗ ’ਚ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤੀ ਹੈ, ਜੋ ਪਾਵਨ ਅੰਕ ੮੩੮ ਤੋਂ ੮੪੦ ਤੱਕ ਦਰਜ ਹੈ। ਇਸ ਬਾਣੀ ’ਚ ਗੁਰੂ ਸਾਹਿਬ ਜੀ ਨੇ ਗੁਰਮਤਿ ਵਿਸ਼ੇ ਨੂੰ ਏਕਮ ਤੋਂ ਅਰੰਭ ਕਰਕੇ ਚਉਦਸ ਉਪਰੰਤ ਕੇਵਲ ਅਮਾਵਸ ਹੀ ਦਰਜ ਕੀਤੀ ਹੈ। ਇਸ ਸਾਰੀ ਬਾਣੀ ’ਚ ਪੂਰਨਮਾਸ਼ੀ ਦਾ ਨਾਂ ਬਿਲਕੁਲ ਨਹੀਂ ਲਿਖਿਆ; ਤਾਂ ਫਿਰ ਕੀ ਮੰਨ ਲਿਆ ਜਾਵੇ ਕਿ ਗੁਰੂ ਨਾਨਕ ਸਾਹਿਬ ਜੀ ਨੇ ਕੇਵਲ ਇੱਕ ਪੱਖ ਦੇ ਹੀ ਮਹੀਨੇ ਬਣਾਏ ਅਤੇ ਗੁਰੂ ਅਰਜਨ ਸਾਹਿਬ ਜੀ ਨੇ ਸੋਧ ਅਤੇ ਵਾਧਾ ਕਰ ਪੂਰਨਮਾਸ਼ੀ ਦਰਜ ਕਰ ਦਿੱਤੀ, ਜਿਸ ਨਾਲ ਮਹੀਨਾ ਪੂਰਾ ਹੋ ਗਿਆ ? ਜਵਾਬ : ਐਸਾ ਬਿਲਕੁਲ ਨਹੀਂ। ਇਹ ਬਾਣੀਆਂ ਨਾ ਕੋਈ ਕੈਲੰਡਰ ਬਣਾਉਣ ਲਈ, ਨਾ ਕਿਸੇ ਕੈਲੰਡਰ ’ਚ ਸੋਧ ਕਰਨ ਜਾਂ ਕਿਸੇ ਕੈਲੰਡਰ ਨੂੰ ਸਥਾਪਿਤ ਕਰਨ ਲਈ ਉਚਾਰੀਆਂ ਹਨ ਬਲਕਿ ਗੁਰਮਤਿ ਵਿਸ਼ਾ ਭਾਵ ਅਕਾਲ ਪੁਰਖ ਨਾਲ ਜਾਣ ਪਛਾਣ ਕਰਵਾ ਕੇ ਉਸ ਦੀ ਯਾਦ ’ਚ ਜੋੜਨ ਦੇ ਮਕਸਦ ਨਾਲ ਵੈਸੇ ਹੀ ਉਚਾਰੀਆਂ ਗਈਆਂ ਹਨ; ਜਿਵੇਂ ਬਾਵਨ ਅੱਖਰੀ, ਪਟੀ ਬਾਣੀਆਂ ਉਚਾਰੀਆਂ ਗਈਆਂ ਹਨ।

‘‘ਰਾਗੁ ਆਸਾ ਮਹਲਾ ਪਟੀ ਲਿਖੀ’’ ਬਾਣੀ ’ਚ ਗੁਰੂ ਨਾਨਕ ਸਾਹਿਬ ਜੀ ਨੇ ਗੁਰਮੁਖੀ ਅੱਖਰਾਂ ਦੀ, ਜੋ ਤਰਤੀਬ ਲਿਖੀ ਹੈ ਕੀ ਅਸੀਂ ਅੱਜ ਉਹੀ ਤਰਤੀਬ ਵਰਤ ਰਹੇ ਹਾਂ ਜਾਂ ਵੱਖਰੀ ਹੈ ? ਕੀ ਪੈਂਤੀ ਅੱਖਰਾਂ ਦੀ ਤਰਤੀਬ ਬਦਲਣ ਨਾਲ ਜਾਂ ਗਿਣਤੀ ਮਿਣਤੀ ਅਤੇ ਭਾਰ ਆਦਿ ਦੀਆਂ ਨਵੀਆਂ ਇਕਾਈਆਂ ਵਰਤਣ ਨਾਲ ਗੁਰਮਤਿ ਦੇ ਕਿਸੇ ਸਿਧਾਂਤ ਦੀ ਅਵੱਗਿਆ ਹੋ ਰਹੀ ਹੈ ? ਜੇਕਰ ਨਹੀਂ ਤਾਂ ਕੈਲੰਡਰ ਦੇ ਮਹੀਨਿਆਂ ਦੇ ਦਿਨਾਂ ਦੀ ਇੱਕ ਸਮਾਨ ਵੰਡ ਕਰਨ ਅਤੇ ਸਾਲ ਦੀ ਲੰਬਾਈ; ਸਾਰੀ ਦੁਨੀਆਂ ’ਚ ਪ੍ਰਚਲਿਤ ਸਾਂਝੇ ਕੈਲੰਡਰ ਦੇ ਸਾਲ ਦੀ ਲੰਬਾਈ ਦੇ ਸਮਾਨ ਕਰਨ ਨਾਲ ਕਿਹੜੀ ਅਵੱਗਿਆ ਹੋ ਜਾਣੀ ਹੈ ? ਜਿਸ ਤਰ੍ਹਾਂ ਬਾਕੀ ਦੀਆਂ ਸਾਰੀਆਂ ਇਕਾਈਆਂ ਦੀ ਥਾਂ ਐੱਮ.ਕੇ.ਐੱਸ. ਇਕਾਈਆਂ ਲਾਗੂ ਕਰਨ ਨਾਲ ਹਿਸਾਬ ਕਿਤਾਬ ਕਰਨਾ ਸੁਖਾਲਾ ਹੁੰਦਾ ਹੈ, ਉਸੇ ਤਰ੍ਹਾਂ ਨਾਨਕਸ਼ਾਹੀ ਕੈਲੰਡਰ ਦੀਆਂ ਤਾਰੀਖ਼ਾਂ ਯਾਦ ਰੱਖਣੀਆਂ ਅਤੇ ਇੱਕ ਦੂਸਰੀ ਪੱਧਤੀ ’ਚ ਤਬਦੀਲ ਕਰਨਾ ਅਤਿ ਸੁਖਾਲਾ ਹੈ; ਜਿਵੇਂ ਕਿ ਵੈਸਾਖੀ, 1469 ’ਚ 27 ਮਾਰਚ ਨੂੰ, 1699 ’ਚ 29 ਮਾਰਚ ਨੂੰ ਅਤੇ ਅੱਜ ਕੱਲ੍ਹ 13/14 ਅਪ੍ਰੈਲ ਨੂੰ ਆ ਰਹੀ ਹੈ। ਐਸਾ ਹੀ ਚਲਦਾ ਰਿਹਾ ਤਾਂ 3000 ਸੀਈ ’ਚ 27 ਅਪ੍ਰੈਲ ਨੂੰ ਆਵੇਗੀ ਭਾਵ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਕੇਵਲ 1500 ਕੁ ਸਾਲਾਂ ’ਚ ਹੀ ਇੱਕ ਮਹੀਨੇ ਦਾ ਫ਼ਰਕ ਪੈ ਜਾਏਗਾ। ਨਾਨਕਸ਼ਾਹੀ ਕੈਲੰਡਰ ’ਚ ਜੋ ਅੰਤਰ 1699 ਸੀਈ ਤੱਕ ਬਿਕ੍ਰਮੀ ਕੈਲੰਡਰ ਦੀ ਵਜ੍ਹਾ ਨਾਲ ਪੈ ਗਿਆ, ਸੁ ਪੈ ਗਿਆ ਪਰ ਭਵਿੱਖ ’ਚ ੧ ਵੈਸਾਖ ਹਮੇਸ਼ਾਂ 14 ਅਪ੍ਰੈਲ ਨੂੰ ਆਇਆ ਕਰੇਗਾ, ਜਿਸ ਨਾਲ ਹਰ ਸਾਲ ਤਾਰੀਖ਼ਾਂ ਬਦਲਣ ਦੀ ਸਮੱਸਿਆ ਪੂਰੀ ਤਰ੍ਹਾਂ ਹੱਲ ਹੋ ਗਈ ਹੈ।

ਫਿਰ ਕਿਸ ਆਧਾਰ ’ਤੇ ਦਾਅਵਾ ਕੀਤਾ ਜਾ ਸਕਦਾ ਹੈ ਕਿ ਗੁਰੂ ਸਾਹਿਬਾਨ ਨੇ ਸੋਧ ਕੇ ਸਿੱਖ ਕੈਲੰਡਰ ਲਾਗੂ ਕੀਤਾ, ਜੋ ਬਦਲਿਆ ਨਹੀਂ ਜਾ ਸਕਦਾ। ਉਕਤ ਵਿਚਾਰਿਆ ਜਾ ਚੁੱਕਾ ਹੈ ਕਿ ਗੁਰੂ ਸਾਹਿਬਾਨ ਨੇ ਕੋਈ ਕੈਲੰਡਰ ਸੋਧਿਆ ਜਾਂ ਸਥਾਪਿਤ ਨਹੀਂ ਕੀਤਾ ਬਲਕਿ ਪ੍ਰਚਲਿਤ ਇਕਾਈਆਂ ਨੂੰ ਮਿਸਾਲ ਬਣਾ ਗੁਰਮਤਿ ਸਿਧਾਂਤ ਨੂੰ ਦ੍ਰਿੜ੍ਹ ਕਰਵਾਇਆ ਗਿਆ ਹੈ। ਇਨ੍ਹਾਂ ਮਿਸਾਲਾਂ ’ਚ, ਲੋਕਧਾਰਾ ਦੇ ਹਰ ਉਸ ਵਾਕ/ਕਾਵਿ ਨੂੰ ਵਰਤਿਆ, ਜੋ ਆਮ ਪ੍ਰਚਲਿਤ ਸਨ ਤੇ ਹਰ ਇੱਕ ਦੀ ਜਬਾਨ ’ਤੇ ਚੜ੍ਹੇ ਹੋਣ ਕਾਰਨ ਅਕਸਰ ਇਨ੍ਹਾਂ ਨੂੰ ਲੋਕ ਗਾਉਂਦੇ ਰਹਿੰਦੇ ਸਨ।

ਗੁਰਬਾਣੀ ਵਰਤੇ ਗਏ ਲੋਕ ਕਾਵਿ ਹਨ – ਅਲਾਹਣੀਆਂ (ਮਰ ਚੁੱਕੇ ਪ੍ਰਾਣੀ ਦੀ ਯਾਦ ’ਚ ਸ਼ਲਾਘਾ ਦਾ ਗੀਤ ਹੈ); ਆਰਤੀ (ਇਸ਼ਟ ਦੇਵ ਦੀ ਮਹਿਮਾ ਅਤੇ ਪੂਜਾ ਲਈ ਵਰਤੀ ਜਾਂਦੀ ਲੈਅ); ਅੰਜੁਲੀ (ਬੇਨਤੀ ਦੇ ਬੋਲਾਂ ਦਾ ਗੀਤ); ਸਦੁ (ਲੰਮੀ ਹੇਕ ਨਾਲ ਗਾਇਆ ਜਾਣ ਵਾਲਾ ਪੇਂਡੂ ਲੋਕਾਂ ਦਾ ਪਿਆਰਾ ਗੀਤ); ਸੋਹਿਲਾ (ਖੁਸ਼ੀ ਦੇ ਗੀਤ); ਕਰਹਲੇ (ਊਠਵਾਨਾਂ ਦੀ ਇੱਕ ਗੀਤ ਗਾਉਣ ਦੀ ਧਾਰਨਾ); ਕਾਫ਼ੀ (ਸੂਫ਼ੀਆਂ ਦਾ ਪ੍ਰੇਮ-ਗੀਤ); ਘੋੜੀਆਂ (ਵਿਆਹ ਸਮੇਂ ਲਾੜੇ ਵੱਲੋਂ ਘੋੜੀ ਉੱਤੇ ਚੜ੍ਹਨ ਸਮੇਂ ਭੈਣਾਂ ਵੱਲੋਂ ਗਾਏ ਜਾਣ ਵਾਲੇ ਖੁਸ਼ੀ ਦੇ ਗੀਤ), ਆਦਿ। ਇਸੇ ਤਰ੍ਹਾਂ ਥਿਤੀ ਸਿਰਲੇਖ ਹੇਠ ਤਿੰਨ ਅਤੇ ਬਾਰਹ ਮਾਹਾ ਸਿਰਲੇਖ ਹੇਠ ਦੋ ਬਾਣੀਆਂ, ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਹਨ। ਥਿਤੀ ਨਾਮ ਦੀਆਂ ਤਿੰਨੇ ਬਾਣੀਆਂ ’ਚ ਕੈਲੰਡਰ ਨਾਲ ਸਬੰਧਿਤ ਕੋਈ ਸੰਕੇਤ ਨਹੀਂ ਮਿਲਦਾ। ਇਨ੍ਹਾਂ ਰਾਹੀਂ ਕੇਵਲ ਤਿੱਥਾਂ ਦੀ ਮਿਸਾਲ ਦੇ ਕੇ ਪ੍ਰਭੂ ਦੇ ਸੁਭਾਅ ਅਤੇ ਗੁਣਾਂ ਦਾ ਵਰਣਨ ਕੀਤਾ ਹੈ; ਜਿਵੇਂ ਕਿ

ਏਕਮ, ਏਕੰਕਾਰੁ ਨਿਰਾਲਾ ਅਮਰੁ ਅਜੋਨੀ ਜਾਤਿ ਜਾਲਾ ਅਗਮ ਅਗੋਚਰੁ ਰੂਪੁ ਰੇਖਿਆ ਖੋਜਤ ਖੋਜਤ; ਘਟਿ ਘਟਿ ਦੇਖਿਆ ਜੋ ਦੇਖਿ ਦਿਖਾਵੈ; ਤਿਸ ਕਉ ਬਲਿ ਜਾਈ ਗੁਰ ਪਰਸਾਦਿ, ਪਰਮ ਪਦੁ ਪਾਈ (ਥਿਤੀ ਮਹਲਾ /੮੩੯) ਅਰਥ : ਪਰਮਾਤਮਾ ਇੱਕ ਹੈ (ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ)। ਉਸ ਦਾ ਕੋਈ ਖ਼ਾਸ ਘਰ ਨਹੀਂ, ਉਹ ਕਦੇ ਮਰਦਾ ਨਹੀਂ, ਉਹ ਜੂਨਾਂ ’ਚ ਨਹੀਂ ਆਉਂਦਾ, ਉਸ ਦੀ ਕੋਈ ਖ਼ਾਸ ਜਾਤ ਨਹੀਂ, ਉਸ ਨੂੰ ਕੋਈ (ਮਾਇਅਕ) ਬੰਧਨ ਨਹੀਂ (ਵਿਆਪਦਾ)। ਉਹ ਅਪਹੁੰਚ ਹੈ, ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਉਸ ਤੱਕ ਪਹੁੰਚ ਨਹੀਂ ਹੋ ਸਕਦੀ, ਕਿਉਂਕਿ ਉਸ ਦੀ ਕੋਈ ਖ਼ਾਸ ਸ਼ਕਲ ਨਹੀਂ, ਕੋਈ ਖ਼ਾਸ ਨਿਸ਼ਾਨ ਨਹੀਂ, ਪਰ ਖੋਜ ਕਰਦਿਆਂ ਕਰਦਿਆਂ ਉਸ ਨੂੰ ਹਰੇਕ ਸਰੀਰ ’ਚ ਵੇਖ ਸਕੀਦਾ ਹੈ। ਮੈਂ ਉਸ (ਗੁਰੂ) ਤੋਂ ਸਦਕੇ ਹਾਂ, ਜੋ (ਹਰ ਸਰੀਰ ’ਚ ਪ੍ਰਭੂ ਨੂੰ ਆਪ) ਵੇਖ ਕੇ (ਹੋਰਾਂ ਨੂੰ) ਵਿਖਾ ਦੇਂਦਾ ਹੈ (ਕਿਉਂਕਿ ਉਸੇ) ਗੁਰੂ ਦੀ ਕਿਰਪਾ ਨਾਲ (ਹਰ ਸਰੀਰ ’ਚ ਉਸ ਦਾ ਦਰਸ਼ਨ ਕਰਨ ਦੀ) ਉੱਚੀ ਤੋਂ ਉੱਚੀ ਪਦਵੀ ਮੈਂ ਪ੍ਰਾਪਤ ਕਰ ਸਕਦਾ ਹਾਂ।

ਦੁਤੀਆ, ਦੁਰਮਤਿ ਦੂਰਿ ਕਰਿ; ਗੁਰ ਸੇਵਾ ਕਰਿ ਨੀਤ ਰਾਮ ਰਤਨੁ ਮਨਿ ਤਨਿ ਬਸੈ; ਤਜਿ ਕਾਮੁ ਕ੍ਰੋਧੁ ਲੋਭੁ ਮੀਤ ਮਰਣੁ ਮਿਟੈ, ਜੀਵਨੁ ਮਿਲੈ; ਬਿਨਸਹਿ ਸਗਲ ਕਲੇਸ ਆਪੁ ਤਜਹੁ, ਗੋਬਿੰਦ ਭਜਹੁ; ਭਾਉ ਭਗਤਿ ਪਰਵੇਸ ਲਾਭੁ ਮਿਲੈ, ਤੋਟਾ ਹਿਰੈ, ਹਰਿ ਦਰਗਹ ਪਤਿਵੰਤ ਰਾਮ ਨਾਮ ਧਨੁ ਸੰਚਵੈ; ਸਾਚ ਸਾਹ ਭਗਵੰਤ ਊਠਤ ਬੈਠਤ ਹਰਿ ਭਜਹੁ; ਸਾਧੂ ਸੰਗਿ ਪਰੀਤਿ ਨਾਨਕ  ! ਦੁਰਮਤਿ ਛੁਟਿ ਗਈ; ਪਾਰਬ੍ਰਹਮ ਬਸੇ ਚੀਤਿ () (ਥਿਤੀ ਮਹਲਾ /੨੯੭) ਅਰਥ : (ਹੇ ਭਾਈ !) ਸਦਾ ਗੁਰੂ ਦੀ ਦੱਸੀ ਸੇਵਾ ਕਰਦਾ ਰਹਿ, (ਤੇ ਆਪਣੇ ਅੰਦਰੋਂ) ਖੋਟੀ ਮੱਤ ਕੱਢ ਦੇਹ। ਹੇ ਮਿੱਤਰ  ! (ਮਨ ’ਚੋਂ) ਕਾਮ ਕ੍ਰੋਧ ਲੋਭ ਦੂਰ ਕਰ, (ਜੋ ਐਸਾ ਕਰਦਾ ਹੈ ਉਸ ਦੇ) ਮਨ ’ਚ ਰਤਨ (ਵਰਗਾ ਕੀਮਤੀ) ਪ੍ਰਭੂ-ਨਾਮ ਆ ਵਸਦਾ ਹੈ। (ਇਸ ਲਈ) ਹਉਮੈ ਦੂਰ ਕਰੋ ਤੇ ਪਰਮਾਤਮਾ ਦਾ ਭਜਨ ਕਰੋ। (ਜੋ ਐਸਾ ਕਰਦਾ ਹੈ ਉਸੇ ਨੂੰ) ਆਤਮਕ ਜੀਵਨ ਮਿਲਦਾ ਹੈ, (ਸੁਚੱਜਾ ਪਵਿਤ੍ਰ) ਜੀਵਨ ਮਿਲਦਾ ਹੈ, ਸਰੀਰਕ ਮੌਤ ਦਾ ਡਰ ਮਿਟ ਜਾਂਦਾ ਹੈ; ਉਸ ਦੇ ਸਾਰੇ ਦੁੱਖ ਕਲੇਸ਼ ਮਿਟ ਜਾਂਦੇ ਹਨ, ਉਸ ਅੰਦਰ ਪ੍ਰਭੂ-ਪ੍ਰੇਮ ਆ ਵੱਸਦਾ ਹੈ, ਪ੍ਰਭੂ ਦੀ ਭਗਤੀ ਆ ਵੱਸਦੀ ਹੈ। ਜਿਹੜਾ ਜਿਹੜਾ ਮਨੁੱਖ ਪਰਮਾਤਮਾ ਦਾ ਨਾਮ-ਧਨ ਇਕੱਤਰ ਕਰਦਾ ਹੈ, ਉਹ ਸਾਰੇ ਹੀ ਭਾਗਾਂ ਵਾਲੇ ਹੁੰਦੇ ਹਨ, ਉਹ ਸਦਾ ਲਈ ਸ਼ਾਹੂਕਾਰ ਬਣ ਜਾਂਦੇ ਹਨ, (ਰੂਹਾਨੀਅਤ ਦਾ ਉਨ੍ਹਾਂ ਅੰਦਰ) ਵਾਧਾ ਹੀ ਵਾਧਾ ਹੁੰਦਾ ਜਾਂਦਾ ਹੈ, ਅੰਦਰੋਂ ਘਾਟ ਨਿਕਲ ਜਾਂਦੀ ਹੈ, ਉਹ ਰੱਬੀ ਦਰਗਾਹ ’ਚ ਇੱਜ਼ਤ ਪਾਉਂਦੇ ਹਨ। ਤਾਂ ਤੇ ਉਠਦਿਆਂ ਬੈਠਦਿਆਂ ਹਰ ਵੇਲੇ ਪਰਮਾਤਮਾ ਦਾ ਭਜਨ ਕਰੋ ਤੇ ਗੁਰੂ ਦੀ ਸੰਗਤ ਰਾਹੀਂ ਪ੍ਰੇਮ ਪੈਦਾ ਕਰੋ। ਹੇ ਨਾਨਕ ! (ਜਿਨ੍ਹਾਂ ਨੇ ਐਸਾ ਕੀਤਾ ਉਨ੍ਹਾਂ ਦੀ) ਖੋਟੀ ਮਤ ਮੁੱਕ ਗਈ, ਪਰਮਾਤਮਾ ਦੀ ਯਾਦ ਸਦਾ ਲਈ ਉਸ ਦੇ ਚਿੱਤ ’ਚ ਆ ਵਸੀ।

ਤ੍ਰਿਤੀਆ ਤੀਨੇ ਸਮ ਕਰਿ ਲਿਆਵੈ ਆਨਦ ਮੂਲ ਪਰਮ ਪਦੁ ਪਾਵੈ ਸਾਧ ਸੰਗਤਿ ਉਪਜੈ ਬਿਸ੍ਵਾਸ ਬਾਹਰਿ ਭੀਤਰਿ ਸਦਾ ਪ੍ਰਗਾਸ (ਥਿਤੀ ਕਬੀਰ ਜੀਉ/੩੪੩) ਅਰਥ : (ਪ੍ਰਭੂ ਦੀ ਬੰਦਗੀ ਕਰਨ ਵਾਲਾ ਮਨੁੱਖ) ਮਾਇਆ ਦੇ ਤਿੰਨੇ ਗੁਣਾਂ ਨੂੰ ਇੱਕ ਸਮਾਨ ਰੱਖਦਾ ਹੈ ਭਾਵ ਇਨ੍ਹਾਂ ’ਚ ਨਹੀਂ ਡੋਲਦਾ ਕਿਉਂਕਿ) ਉਹ ਸਰਬੋਤਮ ਪਦ (ਚੌਥੀ ਅਵਸਥਾ) ਹਾਸਲ ਕਰ ਲੈਂਦਾ ਹੈ, ਜੋ ਅਨੰਦ ਦਾ ਸੋਮਾ ਹੈ; ਸਤਿਸੰਗ ਨਾਲ਼ ਉਸ ਅੰਦਰ ਇਹ ਦਿੜ੍ਹਤਾ ਆ ਜਾਂਦੀ ਹੈ ਕਿ ਅੰਦਰ ਬਾਹਰ ਹਰ ਥਾਂ ਸਦਾ ਪ੍ਰਭੂ ਹੀ ਹੈ॥੪॥

ਅਮਾਵਸਿਆ, ਚੰਦੁ ਗੁਪਤੁ ਗੈਣਾਰਿ (ਅਕਾਸ਼ ) ਬੂਝਹੁ ਗਿਆਨੀ ਸਬਦੁ ਬੀਚਾਰਿ (ਕੇ) ਸਸੀਅਰੁ ਗਗਨਿ (); ਜੋਤਿ ਤਿਹੁ ਲੋਈ ਕਰਿ ਕਰਿ ਵੇਖੈ ਕਰਤਾ ਸੋਈ ਗੁਰ ਤੇ ਦੀਸੈ; ਸੋ ਤਿਸ ਹੀ ਮਾਹਿ ਮਨਮੁਖਿ ਭੂਲੇ ਆਵਹਿ ਜਾਹਿ ੧੯  (ਬਿਲਾਵਲੁ ਥਿਤੀ ਮਹਲਾ /੮੪੦) ਅਰਥ : ਹੇ ਭਾਈ ! (ਜਿਸ ਤਰ੍ਹਾਂ) ਮੱਸਿਆ ਨੂੰ ਆਕਾਸ਼ ’ਚ ਚੰਦ ਗੁਪਤ ਰਹਿੰਦਾ ਹੈ (ਵੈਸੇ ਹੀ ਪਰਮਾਤਮਾ ਗੁਪਤ ਰੂਪ ’ਚ ਸਰਬ ਵਿਆਪਕ ਹੈ)। ਹੇ ਜਗਿਆਸੂ ਬੰਦੇ ! ਗੁਰੂ ਸ਼ਬਦ ਨੂੰ ਮਨ ’ਚ ਵਸਾ ਕੇ (ਹੀ ਇਹ ਰਾਜ਼) ਸਮਝਿਆ ਜਾ ਸਕਦਾ ਹੈ। (ਜਿਸ ਤਰ੍ਹਾਂ ਮੱਸਿਆ ਨੂੰ) ਚੰਦ੍ਰਮਾ (ਭਾਵੇਂ  ਵਿਖਾਈ ਨਾ ਦੇਵੇ ਪਰ) ਆਕਾਸ਼ ’ਚ ਜ਼ਰੂਰ ਹੁੰਦਾ ਹੈ, (ਵੈਸੇ ਹੀ ਰੱਬੀ) ਜੋਤਿ (ਭਾਵੇਂ ਵਿਖਾਈ ਨਾ ਦੇਵੇ, ਪਰ) ਤਿੰਨੇ ਲੋਕਾਂ ’ਚ (ਜੀਵਨ-ਸੱਤਾ ਦੇ ਰਹੀ ਹੈ)। ਉਹ ਕਰਤਾਰ ਆਪ ਹੀ (ਸਭ ਜੀਵਾਂ ਨੂੰ) ਪੈਦਾ ਕਰ ਕੇ (ਸਭ ਦੀ) ਸੰਭਾਲ ਕਰ ਰਿਹਾ ਹੈ। ਜਿਸ ਨੂੰ ਗੁਰੂ ਪਾਸੋਂ ਇਹ ਸੂਝ ਹੋ ਗਈ, ਉਹ ਆਪਣੇ ਆਪ ਨੂੰ ਭੀ ਪਰਮਾਤਮਾ ’ਚ ਲੀਨ ਕਰ ਲੈਂਦਾ ਹੈ ਜਦਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨਾਸਤਿਕ ਮਨੁੱਖ ਕੁਰਾਹੇ ਪੈ ਪੈ ਕੇ ਜਨਮ ਮਰਨ ਦੇ ਗੇੜ ’ਚ ਪਏ ਰਹਿੰਦੇ ਹਨ।

ਪੂਰਨਮਾ, ਪੂਰਨ ਪ੍ਰਭ ਏਕੁ; ਕਰਣ ਕਾਰਣ ਸਮਰਥੁ ਜੀਅ ਜੰਤ ਦਇਆਲ ਪੁਰਖੁ; ਸਭ ਊਪਰਿ ਜਾ ਕਾ ਹਥੁ ਗੁਣ ਨਿਧਾਨ ਗੋਬਿੰਦ ਗੁਰ; ਕੀਆ ਜਾ ਕਾ ਹੋਇ ਅੰਤਰਜਾਮੀ ਪ੍ਰਭੁ ਸੁਜਾਨੁ; ਅਲਖ ਨਿਰੰਜਨ ਸੋਇ ਪਾਰਬ੍ਰਹਮੁ ਪਰਮੇਸਰੋ; ਸਭ ਬਿਧਿ ਜਾਨਣਹਾਰ ਸੰਤ ਸਹਾਈ ਸਰਨਿ ਜੋਗੁ; ਆਠ ਪਹਰ ਨਮਸਕਾਰ ਅਕਥ ਕਥਾ ਨਹ ਬੂਝੀਐ; ਸਿਮਰਹੁ ਹਰਿ ਕੇ ਚਰਨ ਪਤਿਤ ਉਧਾਰਨ ਅਨਾਥ ਨਾਥ; ਨਾਨਕ  ! ਪ੍ਰਭ ਕੀ ਸਰਨ ੧੬ (ਗਉੜੀ ਥਿਤੀ ਮਹਲਾ /੩੦੦) ਅਰਥ : ਕੇਵਲ ਪਰਮਾਤਮਾ ਹੀ ਸਭ ਗੁਣ ਸੰਪੰਨ ਹੈ, ਜਗਤ ਦਾ ਮੁੱਢ ਹੈ ਤੇ ਸਭ ਕਲਾ ਸਮਰੱਥ ਹੈ। ਉਹ ਅਕਾਲ ਪੁਰਖ ਸਭ ਜੀਵਾਂ ਉੱਤੇ ਮਿਹਰਵਾਨ ਰਹਿੰਦਾ ਹੈ, ਸਭ ਉੱਤੇ ਉਸ (ਦੀ ਸਹਾਇਤਾ) ਦਾ ਹੱਥ ਹੈ। ਉਹ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ। ਸਾਰੀ ਸ੍ਰਿਸ਼ਟੀ ਦਾ ਪਾਲਕ ਹੈ। ਸਭ ਤੋਂ ਵੱਡਾ ਹੈ। ਸਭ ਕੁਝ ਉਸੇ ਅਨੁਸਾਰ ਵਾਪਰਦਾ ਹੈ। ਸਭ ਦੇ ਦਿਲ ਦੀ ਜਾਣਨਹਾਰ ਹੈ। ਸਿਆਣਾ ਹੈ। ਉਸ ਦਾ ਮੁਕੰਮਲ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਸਭ ਦਾ ਮਾਲਕ ਹੈ। (ਜੀਵਾਂ ਦੇ ਭਲੇ ਦਾ) ਹਰ ਢੰਗ ਜਾਣਨਹਾਰ ਹੈ। ਸੰਤਾਂ ਦਾ ਰਾਖਾ ਹੈ। ਸ਼ਰਨ ਆਏ ਦੀ ਸਹਾਇਤਾ ਕਰਨਜੋਗ ਹੈ। ਉਸ ਦੇ ਸਾਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ। ਉਸ ਦਾ ਪੂਰਨ ਸਰੂਪ ਸਮਝਿਆ ਨਹੀਂ ਜਾ ਸਕਦਾ। (ਹੇ ਭਾਈ !) ਉਸ ਨੂੰ ਅੱਠੇ ਪਹਰ ਨਮਸ਼ਕਾਰ ਕਰ।  ਉਸ ਦੇ ਚਰਨਾਂ ਦਾ ਧਿਆਨ ਧਰ ਕਿਉਂਕਿ ਉਹੀ (ਵਿਕਾਰਾਂ ’ਚ) ਡਿੱਗੇ ਬੰਦਿਆਂ ਨੂੰ ਬਚਾਣ ਵਾਲਾ ਹੈ, ਨਿਖਸਮਿਆਂ ਦਾ ਖਸਮ ਹੈ ਤਾਂ ਤੇ ਉਸੇ ਦਾ ਆਸਰਾ ਲੈ।

ਸੋ ਉਕਤ ਤਿੰਨੇ ਹੀ ਥਿਤੀ ਬਾਣੀਆਂ ਨੂੰ ਸੰਖੇਪ ’ਚ ਵਾਚਣ ਨਾਲ਼ ਸਪਸ਼ਟ ਹੋ ਜਾਂਦਾ ਹੈ ਕਿ ਇਨ੍ਹਾਂ ਦਾ ਸਬੰਧ; ਕੈਲੰਡਰ ਜਾਂ ਕੈਲੰਡਰ ਦੀ ਬਣਤਰ ਨਾਲ ਬਿਲਕੁਲ ਭੀ ਨਹੀਂ। ਜਿਸ ਤਰ੍ਹਾਂ ਲੰਬੀਆਂ ਬਾਣੀਆਂ ’ਚ ਕਈ ਮਿਸਾਲਾਂ ਦੇ ਕੇ ਪ੍ਰਭੂ ਦੇ ਗੁਣਾਂ ਨਾਲ਼ ਜਾਣ ਪਛਾਣ ਕਰਵਾਈ ਜਾਂਦੀ ਹੈ; ਵੈਸੇ ਹੀ ਇਨ੍ਹਾਂ ਥਿਤੀ ਬਾਣੀਆਂ ’ਚ ਥਿਤਾਂ ਨੂੰ ਮਿਸਾਲ ਵਜੋਂ ਵਰਤਿਆ ਗਿਆ ਹੈ ਤਾਂ ਜੋ ਪ੍ਰਕਿਰਤਿਕ ਹਵਾਲਿਆਂ ਨਾਲ਼ ਸਹਿਜੇ ਹੀ ਧਰਮ ਦੇ ਗਹਿਰੇ ਰਾਜ਼ ਪਕੜ ’ਚ ਆ ਸਕਣ।

ਬਾਰਹ ਮਾਹਾ : ਬਾਰ੍ਹਾਂ ਮਹੀਨਿਆਂ ਵਿੱਚੋਂ ਹਰ ਇੱਕ ਮਹੀਨੇ ਅਤੇ ਉਸ ਦੇ ਮੌਸਮੀ ਅਸਰ ਨੂੰ ਆਧਾਰ ਬਣਾ ਕੇ ਗੁਰਮਤਿ ਸੰਦੇਸ਼ ਨੂੰ ਉਜਾਗਰ ਕਰਨ ਵਾਲੀ ਰਚਨਾ ਹੀ ‘ਬਾਰਹ ਮਾਹਾ’ ਕਹਾਉਂਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਤੁਖਾਰੀ ਰਾਗ ’ਚ ਤੇ ਗੁਰੂ ਅਰਜਨ ਸਾਹਿਬ ਜੀ ਨੇ ਮਾਝ ਰਾਗ ’ਚ ‘ਬਾਰਹ ਮਾਹਾ’ ਬਾਣੀ ਰਚੀ ਹੈ, ਜਿਸ ਅੰਦਰ ਗੁਰਮਤਿ ਦੇ ਹੇਠਲੇ ਵਿਸ਼ੇ ਮਾਨਵਤਾ ਨੂੰ ਦ੍ਰਿੜ੍ਹ ਕਰਵਾਏ ਗਏ ਹਨ :

ਚੇਤਿ, ਗੋਵਿੰਦੁ ਅਰਾਧੀਐ; ਹੋਵੈ ਅਨੰਦੁ ਘਣਾ ਸੰਤ ਜਨਾ ਮਿਲਿ ਪਾਈਐ; ਰਸਨਾ ਨਾਮੁ ਭਣਾ ਜਿਨਿ ਪਾਇਆ ਪ੍ਰਭੁ ਆਪਣਾ; ਆਏ ਤਿਸਹਿ ਗਣਾ ਇਕੁ ਖਿਨੁ ਤਿਸੁ ਬਿਨੁ ਜੀਵਣਾ; ਬਿਰਥਾ ਜਨਮੁ ਜਣਾ ਜਲਿ+ਥਲਿ+ਮਹੀਅਲਿ () ਪੂਰਿਆ; ਰਵਿਆ ਵਿਚਿ ਵਣਾ ਸੋ ਪ੍ਰਭੁ ਚਿਤਿ () ਆਵਈ; ਕਿਤੜਾ ਦੁਖੁ ਗਣਾ ਜਿਨੀ ਰਾਵਿਆ ਸੋ ਪ੍ਰਭੂ; ਤਿੰਨਾ ਭਾਗੁ ਮਣਾ ਹਰਿ ਦਰਸਨ ਕੰਉ ਮਨੁ ਲੋਚਦਾ; ਨਾਨਕ  ! ਪਿਆਸ ਮਨਾ ਚੇਤਿ () ਮਿਲਾਏ ਸੋ ਪ੍ਰਭੂ; ਤਿਸ ਕੈ ਪਾਇ ਲਗਾ (ਮਾਝ ਬਾਰਹਮਾਹਾ ਮਹਲਾ /੧੩੩) ਅਰਥ : ਚੇਤ ਮਹੀਨੇ ’ਚ (ਸੁਹਾਵਣੀ ਬਸੰਤ ਰੁੱਤ ਕਾਰਨ ਤਨ/ਚਮੜੀ ਨੂੰ ਠੰਢਕ ਮਿਲਦੀ ਹੈ, ਪਰ ਜੇ) ਪਰਮਾਤਮਾ ਨੂੰ ਸਿਮਰੀਏ ਤਾਂ ਆਤਮਕ ਆਨੰਦ ਭੀ ਮਿਲਦਾ ਹੈ। ਵੈਸੇ ਸੰਤ ਜਨਾਂ ਨੂੰ ਮਿਲ ਕੇ ਹੀ ਜ਼ਬਾਨ ਨਾਲ ਪ੍ਰਭੂ ਨਾਮ ਜਪਣ ਦੀ ਦਾਤਿ ਪ੍ਰਾਪਤ ਹੁੰਦੀ ਹੈ। ਉਸੇ ਬੰਦੇ ਨੂੰ ਜਗਤ ’ਚ ਜੰਮਿਆ ਜਾਣੋ (ਬਾਕੀ ਤਾਂ ਡਰਾਵਣੀਆਂ ਲੋਥਾਂ ਹੀ ਫਿਰਦੀਆਂ ਹਨ) ਜਿਸ ਨੇ ਆਪਣੇ ਮਾਲਕ ਨਾਲ਼ ਮਿਲਾਪ ਹਾਸਲ ਕਰ ਲਿਆ। ਉਸ ਦੀ ਯਾਦ ਤੋਂ ਬਿਨਾਂ ਇਕ ਖਿਨ ਮਾਤ੍ਰ ਗੁਜ਼ਾਰਨਾ ਭੀ ਜ਼ਿੰਦਗੀ ਵਿਅਰਥ ਗਵਾਉਣਾ ਹੈ। ਜੋ ਮਾਲਕ ਪਾਣੀ ’ਚ ਧਰਤੀ ਉੱਤੇ ਅਕਾਸ਼ ’ਚ ਜੰਗਲ਼ਾਂ ’ਚ ਯਾਨੀ ਕਿ ਹਰ ਥਾਂ ਵਿਆਪਕ ਹੈ, ਜੇਕਰ ਉਹ, ਹਿਰਦੇ ਅੰਦਰੋਂ ਮਹਿਸੂਸ ਨਾ ਹੋਵੇ, ਤਾਂ ਮਾਨਸਿਕ ਰੋਗ ਬਿਆਨ ਕਰਨ ਤੋਂ ਬਾਹਰ ਹੁੰਦਾ ਹੈ। ਜਿਨ੍ਹਾਂ ਨੇ ਉਸ ਦੀ ਯਾਦ ਨੂੰ ਆਪਣੇ ਹਿਰਦੇ ’ਚ ਵਸਾ ਲਿਆ, ਉਹ ਵੱਡੇ ਭਾਗਾਂ ਵਾਲ਼ੇ ਹਨ ਕਿਉਂਕਿ ਉਨ੍ਹਾਂ ਅੰਦਰ ਹਰੀ ਮਿਲਾਪ ਦੀ ਤਾਂਘ ਰਹਿੰਦੀ ਹੈ, ਮਨ ’ਚ ਹਰੀ-ਦਰਸ਼ਨ ਦੀ ਪਿਆਸ ਹੁੰਦੀ ਹੈ। ਜੋ ਐਸੇ ਪ੍ਰਭੂ ਪਿਆਰਿਆਂ ਦਾ ਮਿਲਾਪ ਕਰਾ ਦੇਵੇ ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ।

ਆਸਾੜੁ ਤਪੰਦਾ ਤਿਸੁ ਲਗੈ; ਹਰਿ ਨਾਹੁ ਜਿੰਨਾ ਪਾਸਿ ਜਗਜੀਵਨ ਪੁਰਖੁ ਤਿਆਗਿ ਕੈ; ਮਾਣਸ ਸੰਦੀ ਆਸ ਦੁਯੈ ਭਾਇ ਵਿਗੁਚੀਐ; ਗਲਿ ਪਈਸੁ ਜਮ ਕੀ ਫਾਸ ਜੇਹਾ ਬੀਜੈ, ਸੋ ਲੁਣੈ; ਮਥੈ ਜੋ ਲਿਖਿਆਸੁ ਰੈਣਿ ਵਿਹਾਣੀ, ਪਛੁਤਾਣੀ; ਉਠਿ ਚਲੀ ਗਈ ਨਿਰਾਸ ਜਿਨ ਕੌ ਸਾਧੂ ਭੇਟੀਐ; ਸੋ ਦਰਗਹ ਹੋਇ ਖਲਾਸੁ ਕਰਿ ਕਿਰਪਾ ਪ੍ਰਭ ਆਪਣੀ; ਤੇਰੇ ਦਰਸਨ ਹੋਇ ਪਿਆਸ ਪ੍ਰਭ  ! ਤੁਧੁ ਬਿਨੁ ਦੂਜਾ ਕੋ ਨਹੀ; ਨਾਨਕ ਕੀ ਅਰਦਾਸਿ ਆਸਾੜੁ ਸੁਹੰਦਾ ਤਿਸੁ ਲਗੈ; ਜਿਸੁ ਮਨਿ, ਹਰਿ ਚਰਣ ਨਿਵਾਸ (ਮਾਝ ਬਾਰਹਮਾਹਾ ਮਹਲਾ /੧੩੪) ਅਰਥ : ਹਾੜ ਦਾ ਮਹੀਨਾ ਉਸ ਉਸ ਜੀਵ ਨੂੰ ਤਪਦਾ ਪ੍ਰਤੀਤ ਹੁੰਦਾ ਹੈ; ਜਿਨ੍ਹਾਂ ਕੋਲ਼ ਪ੍ਰਭੂ-ਪਤੀ ਨਹੀਂ ਵੱਸਦਾ। ਜਿਹੜੇ ਜਗਤ ਦੇ ਮਾਲਕ (ਦੀ ਟੇਕ ਲੈਣੀ) ਛੱਡ ਕੇ ਮਨੁੱਖਾਂ ਦੀ ਟੇਕ ਰੱਖਦੇ ਹਨ (ਉਹ ਦੁਖਦਾਈ ਰਹਿੰਦੇ ਹਨ ਕਿਉਂਕਿ ਪ੍ਰਭੂ ਤੋਂ ਬਿਨਾਂ) ਹੋਰ ਦੇ ਆਸਰੇ ਰਿਹਾਂ ਖ਼ੁਆਰ ਹੋਈਦਾ ਹੈ। ਉਸ ਦੇ ਗਲ ’ਚ ਜਮ ਦੀ ਫਾਹੀ ਪੈਂਦੀ ਹੈ। (ਕੁਦਰਤ ਦਾ ਇਹੀ ਸਿਧਾਂਤ ਹੈ ਕਿ) ਬੰਦਾ ਜੋ ਬੀਜ ਬੀਜਦਾ ਹੈ, ਓਹੀ ਵੱਢਦਾ ਹੈ (ਕਿਉਂਕਿ) ਉਸ ਮਾਲਕ ਨੇ ਮੱਥੇ ਉੱਤੇ ਲੇਖ/ਭਾਗ ਜੋ ਐਸਾ ਲਿਖਿਆ ਹੁੰਦਾ ਹੈ। (ਜਗਤ ਦੇ ਮਾਲਕ ਨੂੰ ਭੁਲਾ ਕੇ) ਬੀਤ ਚੁੱਕੀ ਜੀਵਨ-ਰਾਤੀ ਉਪਰੰਤ ਪਛੁਤਾਵਾ ਹੀ ਹੱਥ ਲੱਗਦਾ ਹੈ। ਐਸੀ ਜੀਵ ਇਸਤਰੀ ਨੇ ਨਿਰਾਸ਼ ਹੋ ਕੇ ਹੀ ਜਗਤ ਤੋਂ ਜਾਣਾ ਹੈ ਭਾਵ ਕੀਮਤੀ ਮਨੁੱਖਾ ਜੀਵਨ ’ਚ ਲਾਹਾ ਨਹੀਂ ਖੱਟ ਸਕੀ। ਚੰਗੇ ਭਾਗਾਂ ਨਾਲ਼ ਜਿਨ੍ਹਾਂ ਨੂੰ ਗੁਰੂ ਮਿਲ ਪੈਂਦਾ ਹੈ, ਉਹ ਮਾਲਕ ਦੇ ਦਰ ’ਤੇ ਸੁਰਖ਼ਰੂ ਹੁੰਦੇ ਹਨ (ਆਦਰ-ਮਾਣ ਪਾਉਂਦੇ ਹਨ ਤਾਂ ਤੇ) ਨਾਨਕ ਵਾਙ ਬੇਨਤੀ ਕਰ ਕਿ ਹੇ ਪ੍ਰਭੂ !  ਆਪਣੀ ਮਿਹਰ ਕਰ (ਤਾਂ ਜੋ ਮੇਰੇ ਮਨ ਅੰਦਰ ਭੀ) ਤੇਰੇ ਦਰਸ਼ਨ ਦੀ ਤਾਂਘ ਬਣ ਜਾਵੇ। ਤੈਥੋਂ ਬਿਨਾਂ ਮੇਰਾ ਹੋਰ ਕੋਈ ਸਦੀਵੀ ਸਹਾਰਾ ਨਹੀਂ। ਸੋ ਜਿਸ ਦੇ ਮਨ ਅੰਦਰ ਇਲਾਹੀ ਗੁਣਾਂ ਦਾ ਵਾਸਾ ਹੋ ਗਿਆ, ਉਸ ਨੂੰ (ਤਪਦਾ) ਹਾੜ (ਭੀ) ਸੁਹਾਵਣਾ ਜਾਪਦਾ ਹੈ (ਉਸ ਨੂੰ ਦੁਨੀਆਂ ਦੇ ਦੁੱਖ-ਕਲੇਸ਼ ਪੋਹ ਨਹੀਂ ਸਕਦੇ) ॥੫॥

ਗੁਰੂ ਨਾਨਕ ਸਾਹਿਬ ਜੀ ਨੇ ਤੁਖਾਰੀ ਰਾਗ ’ਚ ਉਚਾਰਨ ਕੀਤੇ ਬਾਰਹਮਾਹਾ ਦੇ ਹਾੜ ਮਹੀਨੇ ’ਚ ਰੂਹਾਨੀਅਤ ਪੱਖ ਦੇ ਨਾਲ਼-ਨਾਲ਼ ਖਗੋਲ ਵਿਗਿਆਨ ਵਾਙ ਮੌਸਮੀ ਪਰਿਵਰਤਨ ਨੂੰ ਭੀ ਤੱਥਾਂ ਆਧਾਰਿਤ ਬਿਆਨ ਕੀਤਾ ਹੈ :

ਆਸਾੜੁ ਭਲਾ; ਸੂਰਜੁ ਗਗਨਿ () ਤਪੈ ਧਰਤੀ ਦੂਖ ਸਹੈ, ਸੋਖੈ, ਅਗਨਿ ਭਖੈ ਅਗਨਿ ਰਸੁ ਸੋਖੈ, ਮਰੀਐ ਧੋਖੈ; ਭੀ ਸੋ ਕਿਰਤੁ ਹਾਰੇ ਰਥੁ ਫਿਰੈ, ਛਾਇਆ ਧਨ ਤਾਕੈ; ਟੀਡੁ ਲਵੈ ਮੰਝਿ ਬਾਰੇ ਅਵਗਣ ਬਾਧਿ ਚਲੀ, ਦੁਖੁ ਆਗੈ; ਸੁਖੁ ਤਿਸੁ, ਸਾਚੁ ਸਮਾਲੇ ਨਾਨਕ  ! ਜਿਸ ਨੋ ਇਹੁ ਮਨੁ ਦੀਆ; ਮਰਣੁ ਜੀਵਣੁ ਪ੍ਰਭ ਨਾਲੇ (ਤੁਖਾਰੀ ਬਾਰਹਮਾਹਾ/ਮਹਲਾ /੧੧੦੮) ਇਨ੍ਹਾਂ ਅਰਥਾਂ ਨੂੰ ਗਹੁ ਨਾਲ਼ ਵਿਚਾਰਿਆ ਜਾਏ ਤਾਂ ਪ੍ਰਤੱਖ ਜਾਪਦਾ ਹੈ ਕਿ ਇਸ ਵਾਕ ਅੰਦਰ ਗੁਰਮਤਿ, ਕੈਲੰਡਰ ਗਿਆਨ ਤੇ ਖਗੋਲ ਵਿਗਿਆਨ ਸਮੋਏ ਹੋਏ ਹਨ; ਜਿਵੇਂ ਕਿ

ਆਸਾੜੁ ਭਲਾ; ਸੂਰਜੁ ਗਗਨਿ ਤਪੈ ਧਰਤੀ ਦੂਖ ਸਹੈ ; ਸੋਖੈ, ਅਗਨਿ ਭਖੈ ਅਗਨਿ ਰਸੁ ਸੋਖੈ, ਮਰੀਐ ਧੋਖੈ; ਭੀ, ਸੋ ਕਿਰਤੁ ਹਾਰੇ   ਅਰਥ : ਜਦੋਂ ਹਾੜ ਦਾ ਮਹੀਨਾ ਪੂਰੇ ਜੋਬਨ ’ਚ ਹੁੰਦਾ ਹੈ ਤਾਂ ਅਕਾਸ਼ ’ਚ ਸੂਰਜ ਤਪਦਾ ਹੈ। ਧਰਤੀ ਅੱਗ ਵਾਙ ਭਖਦੀ ਹੈ। ਪਾਣੀ ਸੁੱਕ ਜਾਂਦਾ ਹੈ। ਧਰਤੀ ਦੁੱਖ ਸਹਾਰਦੀ ਹੈ ਭਾਵ ਧਰਤੀ ਦੇ ਜੀਵ ਜੰਤ ਗਰਮੀ ਨਾਲ਼ ਤਪਦੇ ਹਨ। ਬਨਸਪਤੀ ਪਾਣੀ ਤੋਂ ਬਿਨਾਂ ਸੁੱਕ ਜਾਂਦੀ ਹੈ; ਫਿਰ ਭੀ ਸੂਰਜ ਆਪਣਾ ਕਰਤੱਬ ਨਹੀਂ ਛੱਡਦਾ ਭਾਵ ਅੱਗ ਵਾਙ ਭਖਦਾ ਰਹਿੰਦਾ ਹੈ। ਇਸੇ ਤਰ੍ਹਾਂ ਧਰਤੀ ਰੂਪ ਸਰੀਰ (ਜਿਵੇਂ ਕਿ ਵਾਕ ਹੈ ‘‘ਇਹੁ ਤਨੁ ਧਰਤੀ.. ’’ ਮਹਲਾ /੨੩) ਅੰਦਰ ਨਿਰਦਈਪੁਣਾ, ਮੋਹ, ਲੋਭ ਤੇ ਕ੍ਰੋਧ ਰੂਪ ਚਾਰੇ ਅੱਗਾਂ ਭਖਦੀਆਂ ਹਨ, ‘‘ਹੰਸੁ, ਹੇਤੁ, ਲੋਭੁ, ਕੋਪੁ ; ਚਾਰੇ ਨਦੀਆ ਅਗਿ ’’ (ਮਹਲਾ /੧੪੭); ਜਿਨ੍ਹਾਂ ਦੀ ਤਪਸ਼ ਕਾਰਨ ਪ੍ਰਭੂ ਦਾ ਨਾਮ ਰੂਪ ਜਲ (ਹਿਰਦੇ ’ਚੋਂ) ਸੁੱਕ ਜਾਂਦਾ ਹੈ ਤੇ ਹਿਰਦੇ ’ਚੋਂ ਸਤ, ਸੰਤੋਖ, ਦਇਆ, ਧਰਮ, ਧੀਰਜ ਵਾਲ਼ਾ ਸੁਭਾਅ ਖ਼ਤਮ ਹੋ ਜਾਂਦਾ ਹੈ ਤੇ ਮਨੁੱਖ ਦੁਖੀ ਰਹਿੰਦਾ ਹੈ। ਬਾਹਰ ਭੀ ਸੂਰਜ ਆਪਣੀ ਤਪਸ਼ ਦੇਣ ਵਾਲ਼ਾ ਸੁਭਾਅ ਨਹੀਂ ਛੱਡਦਾ ਯਾਨੀ ਅੱਗ ਵਾਙ ਭਖਦਾ ਰਹਿੰਦਾ ਹੈ। ਇਸ ਮੌਸਮ ਤੋਂ ਬਾਅਦ ਰੁੱਤ ’ਚ ਕੀ ਤਬਦੀਲੀ ਹੁੰਦੀ ਹੈ। ਉਸ ਦਾ ਜ਼ਿਕਰ ਅਗਾਂਹ ਕੀਤਾ ਹੈ, ‘‘ਰਥੁ ਫਿਰੈ, ਛਾਇਆ ਧਨ ਤਾਕੈ ; ਟੀਡੁ ਲਵੈ, ਮੰਝਿ ਬਾਰੇ’’

ਪਦ ਅਰਥ : ਰਥੁ ਫਿਰੈ  ਦੇ ਅਰਥ ਕੋਸ਼ ਅਤੇ ਟੀਕੇਕਾਰਾਂ ਨੇ ਇਸ ਤਰ੍ਹਾਂ ਕੀਤੇ ਹਨ :

(1).  ਮਹਾਨ ਕੋਸ਼ ਭਾਈ ਕਾਹਨ ਸਿੰਘ ਨਾਭਾ ਪੰਨਾ 1022  :  ਸੂਰਜ ਦਾ ਦੱਖਨਾਇਣ ਉੱਤਰਾਇਨ ਹੋਣਾ।

(2). ਫਰੀਦਕੋਟ ਟੀਕਾ : ਬਹੁੜੋ ਜਬ ਅਸਾੜ ਮਹੀਨੇ ਮੇਂ ਸੂਰਜ ਕਾ ਰਥ ਫਿਰਤਾ ਹੈ ਅਰਥਾਤ ਉਤ੍ਰਾਇਣ ਦਖਯਾਇਣ ਕੋ ਹੋਤਾ ਹੈ ਤਬ ਇਸਤ੍ਰੀਆਂ ਬ੍ਰਿਛਾਦਿਕੋਂ ਕੀ ਛਾਯਾ ਕੋ ਤਕਤੀ ਹੈਂ ਔਰ (ਬਾਰੇ) ਉਜਾੜੋਂ ਕੇ ਬੀਚ (ਟੀਡੁ) ਬਿੰਡੇ (ਲਵੈ) ਬੋਲਤੇ ਹੈਂ।  ਪੁਨਾ : ਅੰਤ੍ਰੀਵ ਅਰਥ : ਜਬ ਅਗ੍ਯਾਨ ਕਾ ਰਥੁ ਫਿਰਾ ਤਬ ਜਗ੍ਯਾਸੂ ਰੂਪ ਇਸਤ੍ਰੀ ਇਕਾਗਰਤਾ ਵਾ ਸਾਂਤੀ ਰੂਪ ਛਾਯਾ ਕੋ ਤਕ ਰਹੀ ਹੈਂ ਔਰ ਕਾਮ, ਕ੍ਰੋਧਾਦਿ ਬਿਕਾਰ ਰੂਪ ਬਿੰਡੇ ਅੰਤਹਿਕਰਣ ਵਾ ਸਰੀਰ ਰੂਪੀ (ਬਾਰੇ) ਉਜਾੜ ਮੇਂ ਬੋਲਤੇ ਹੈਂ, ਭਾਵ ਅਪਨੇ ਅਪਨੇ ਵਿਸ਼ਿਓਂ ਕੀ ਖੈਂਚ ਖੈਂਚ ਕਰਤੇ ਹੈਂ।

(3). ਸੰਪ੍ਰਦਾਈ ਟੀਕਾ ਸੰਤ ਕਿਰਪਾਲ ਸਿੰਘ ਅੰਮ੍ਰਿਤਸਰ : ਜਿਸ ਵੇਲੇ ਸੂਰਜ ਦਾ ਰਥ 13 ਹਾੜ ਨੂੰ ਫਿਰਦਾ ਹੈ। ਤਾਂ ਧਨ = ਇਸਤ੍ਰੀਆਂ ਤੇ ਮੁਸਾਫਰ ਬ੍ਰਿਛਾਂ ਦੀ ਛਾਇਆ ਤਾਕੈ = ਤੱਕਦੇ ਹਨ ਅਤੇ ਟੀਂਡੁ = ਬਿੰਡੇ । ਲਵੈ =ਬੋਲਦੇ ਹਨ।

(4). ਪਾਲ ਸਿੰਘ ਪੁਰੇਵਾਲ ਵੱਲੋਂ ਕੀਤੇ ਅੰਤਰੀਵ ਭਾਵ ਅਰਥ : ਹਾੜ ਦੇ ਮਹੀਨੇ ਸੂਰਜ ਅੱਗ ਵਾਙ ਤਪਦਾ ਹੈ ਹਰ ਜੀਵ ਗਰਮੀ ਨਾਲ ਤ੍ਰਾਹ ਤ੍ਰਾਹ ਕਰ ਉਠਦਾ ਹੈ। ਧਰਤੀ ਦੀ ਨਮੀ ਸੁੱਕ ਜਾਣ ਸਦਕਾ ਉਹ ਵੀ ਦੁੱਖ ਸਹਿੰਦੀ ਹੈ। ਇਸ ਹਾਲਤ ’ਚ ਦੁਨਿਆਵੀ ਤੌਰ ’ਤੇ ਹਰ ਪ੍ਰਾਣੀ, ਰੁੱਤ ਦੀ ਇਸ ਤਬਦੀਲੀ ਦੀ ਉਡੀਕ ਵਿੱਚ ਹੈ ਕਿ ਕਦੋਂ ਸਾਵਣ ਦਾ ਮਹੀਨਾ ਆਵੇ ਜਿਸ ਦੌਰਾਨ ਵਰਖਾ ਹੋਣ ਕਰਕੇ ਜੇਠ ਹਾੜ ਮਹੀਨੇ ਦੀ ਤਪਸ਼ ਤੋਂ ਛੁਟਕਾਰਾ ਮਿਲੇ।

ਸੋ ਜਿਸ ਸਮੇਂ ਸੂਰਜ ਦਾ ਰਥ ਫਿਰਦਾ ਹੈ (Summer Solstice) ਭਾਵ ਸੂਰਜ ਉੱਤਰਾਇਣ ਤੋਂ ਦੱਖਨਾਇਣ ਨੂੰ ਮੁੜਦਾ ਹੈ। ਇਸ ਦਾ ਅੰਦਾਜ਼ਾ ਪੁਰਾਤਨ ਸਮੇਂ ਵਿੱਚ ਨੀਝ ਸ਼ਾਲਾਵਾਂ ’ਚ ਵਿਗਿਆਨੀ (ਜੀਵ ਇਸਤ੍ਰੀ) ਖੁਲ੍ਹੇ ਮੈਦਾਨ ਵਿੱਚ ਲੰਬਕਾਰ ਸਿੱਧੇ ਖੜ੍ਹੇ ਖੰਭੇ ਦੀ ਛਾਂ ਵੇਖ ਕੇ ਲਗਾਉਂਦੇ ਸਨ ਕਿ ਜਿਸ ਦਿਨ ਸੋਲਰ ਦੁਪਹਿਰ ਸਮੇਂ ਖੰਭੇ ਦੀ ਛਾਂ ਛੋਟੀ ਤੋਂ ਛੋਟੀ ਹੁੰਦੀ ਹੈ, ਉਸ ਦਿਨ ਤੋਂ ਵਰਖਾ ਰੁੱਤ ਸ਼ੁਰੂ ਹੋ ਜਾਂਦੀ ਹੈ), ਮੀਂਹ ਪੈਣ ਬਾਅਦ ਗਰਮੀ ਤੋਂ ਰਾਹਤ ਮਿਲਣ ਕਰਕੇ ਹਰ ਜੀਵ ਸੁੱਖ ਮਹਿਸੂਸ ਕਰਦਾ ਹੈ, ਖੁਸ਼ੀ ਵਿੱਚ ਆਏ ਬਿੰਡੇ ਜੂਹਾਂ ਵਿੱਚ ਬੋਲਦੇ ਹਨ। ਬਿਲਕੁਲ ਇਸੇ ਤਰ੍ਹਾਂ ਜਦੋਂ ਅੰਤਹਿਕਰਣ ’ਚ ਨਾਮ ਦੀ ਅੰਮ੍ਰਿਤ ਵਰਖਾ ਹੋਣ ਕਾਰਨ ਮਾਇਆ ਦੇ ਰੂਪ ਹੰਸੁ, ਹੇਤੁ, ਲੋਭੁ, ਕੋਪੁ (ਚਾਰੇ ਅਗਨੀਆਂ) ਦਾ ਪ੍ਰਭਾਵ ਵੀ ਘਟ ਜਾਂਦੈ, ਜਿਸ ਦਾ ਅੰਦਾਜ਼ਾ ਜੀਵ ਇਸਤ੍ਰੀ ਇਸ ਗੱਲ ਤੋਂ ਲਗਾਉਂਦੀ ਹੈ ਕਿ ਮਾਇਆ ਦਾ ਪ੍ਰਭਾਵ ਘਟਣ ਕਰਕੇ ਉਸ ਦੇ ਧਰਤੀ ਰੂਪ ਸਰੀਰ ਅੰਦਰ ਸਤ, ਸੰਤੋਖ, ਦਇਆ, ਧਰਮ ਆਦਿਕ ਸ਼ੁਭ ਗੁਣ ਉਸੇ ਤਰ੍ਹਾਂ ਪ੍ਰਫੁਲਿਤ ਹੋਣੇ ਸ਼ੁਰੂ ਹੋ ਜਾਂਦੇ ਹਨ ਜਿਵੇਂ ਵਰਖਾ ਪੈਣ ਉਪਰੰਤ ਬਿੰਡੇ ਬੋਲਦੇ ਹਨ। ਬਨਸਪਤੀ ਉੱਗਣ ਨਾਲ ਧਰਤੀ ਹਰੀ ਭਰੀ ਹੋ ਜਾਂਦੀ ਹੈ। ਠੀਕ ਇਸੇ ਤਰ੍ਹਾਂ ਅਧਿਆਤਮਕ ਤੌਰ ’ਤੇ ਜੀਵ ਇਸਤ੍ਰੀ ਉਸ ਸਮੇਂ ਦੀ ਉਡੀਕ ਕਰਦੀ ਹੈ ਕਿ ਗੁਰੂ ਦੀ ਕ੍ਰਿਪਾ ਦੁਆਰਾ ਕਦੋਂ ਇਸ ਵਾਕ (ਸਾਵਣਿ, ਸਰਸੀ ਕਾਮਣੀ ; ਚਰਨ ਕਮਲ ਸਿਉ ਪਿਆਰੁ ) ਵਾਲਾ ਸਮਾਂ ਆਵੇ ਭਾਵ ਨਾਮ ਅੰਮ੍ਰਿਤ ਜਲ ਦੀ ਵਰਖਾ ਹੋਵੇ, ਜਿਸ ਸਦਕਾ ਉਸ ਦੇ ਮਨ ਵਿੱਚੋਂ ਵਿਕਾਰਾਂ ਦਾ ਪ੍ਰਭਾਵ (ਛਾਇਆ) ਘਟੇ ਅਤੇ ਪ੍ਰਭੂ ਦੇ ਚਰਨਾਂ ਨਾਲ ਪਿਆਰ ਬਣੇ।

ਅਵਗਣ ਬਾਧਿ ਚਲੀ, ਦੁਖੁ ਆਗੈ, ਸੁਖੁ ਤਿਸੁ, ਸਾਚੁ ਸਮਾਲੇ ਨਾਨਕ  ! ਜਿਸ ਨੋ ਇਹੁ ਮਨੁ ਦੀਆ; ਮਰਣੁ ਜੀਵਣੁ ਪ੍ਰਭ ਨਾਲੇ ਪਦ ਅਰਥ : ਬਾਧਿ = ਬੰਨ੍ਹ ਕੇ। ਚਲੀ = ਤੁਰਦੀ ਹੈ। ਆਗੈ = ਅਗਾਂਹ ਸਾਮ੍ਹਣੇ, ਜ਼ਿੰਦਗੀ ਦੇ ਸਫ਼ਰ ਵਿਚ। ਸਾਚੁ = ਸਦਾ-ਥਿਰ ਪ੍ਰਭੂ। ਸਮਾਲੇ = ਹਿਰਦੇ ਵਿਚ ਸੰਭਾਲਦੀ ਹੈ। ਇਹੁ ਮਨੁ = ਸੱਚ ਸੰਭਾਲਣ ਵਾਲਾ ਮਨ। ਮਰਣੁ ਜੀਵਣੁ = ਹਰ ਵੇਲੇ ਦਾ ਸਾਥ ॥੮॥

 (ਐਸੀ ਮਾਨਸਿਕ ਤਪਸ਼ ਦਾ) ਦੁੱਖ ਉਸ ਜੀਵ-ਇਸਤ੍ਰੀ ਦੇ ਸਾਮ੍ਹਣੇ (ਭਾਵ ਜੀਵਨ-ਸਫ਼ਰ ’ਚ) ਮੌਜੂਦ ਹੁੰਦਾ ਹੈ, ਜੋ ਮੰਦੇ ਕਰਮਾਂ (ਦੀ ਪੰਡ ਸਿਰੇ ਉੱਤੇ) ਬੰਨ੍ਹ ਕੇ ਤੁਰਦੀ ਹੈ। ਆਤਮਕ ਅਨੰਦ ਕੇਵਲ ਉਸ ਨੂੰ ਹੈ, ਜੋ ਸਦਾ-ਥਿਰ ਪ੍ਰਭੂ ਨੂੰ ਆਪਣੇ ਹਿਰਦੇ ’ਚ ਟਿਕਾ ਰੱਖਦੀ ਹੈ।

ਭਾਵ ਜੋ ਰੱਬੀ ਨਾਮ ਹਿਰਦੇ ’ਚ ਵਸਾਈ ਰੱਖਦਾ ਹੈ, ਉਸ ਨੂੰ ਜ਼ਿੰਦਗੀ ’ਚ ਹਾੜ ਦੀ ਕਹਰ ਵਾਲ਼ੀ ਇਸ ਤਪਸ਼ ਵਰਗਾ ਵਿਕਾਰਾਂ ਦਾ ਸੇਕ ਪੋਹ ਨਹੀਂ ਸਕਦਾ।

ਹਰ ਪਹਿਲੂ ਨੂੰ ਵਿਚਾਰਨ ਪਿੱਛੋਂ ਸ: ਪਾਲ ਸਿੰਘ ਪੁਰੇਵਾਲ ਵੱਲੋਂ ਕੀਤੇ ਇਹ ਅਰਥ ਅਧਿਆਤਮਿਕ ਤੌਰ ’ਤੇ ਗੁਰਮਤਿ ਅਤੇ ਕੈਲੰਡਰ ਵਿਗਿਆਨ/ਖਗੋਲ ਵਿਗਿਆਨ ਦੇ ਵਧੇਰੇ ਨੇੜੇ ਜਾਪਦੇ ਹਨ। ਕੈਲੰਡਰ/ਖਗੋਲ ਵਿਗਿਆਨ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਵੇਲੇ (ਭਾਵ 1469 ਤੋਂ 1539 ਦੌਰਾਨ) ਹਾੜ੍ਹ ਮਹੀਨੇ ਦੇ 31/32 ਦਿਨਾਂ ਦਾ ਅੱਧ (ਹਾੜ ਮਹੀਨੇ ਦੇ ਜੋਬਨ ਦਾ ਸਮਾਂ) ੧੫/੧੬ ਹਾੜ ਨੂੰ Summer Solstice ਹੁੰਦਾ ਸੀ ਭਾਵ ਰਥ ਫਿਰਦਾ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ (ਸੰਨ 1666-1708 ਦੌਰਾਨ) ੧੨/੧੩ ਹਾੜ ਦੇ ਆਸ ਪਾਸ ਫਿਰਦਾ ਸੀ, ਜਿਸ ਦਾ ਜ਼ਿਕਰ ਸੰਪ੍ਰਦਾਈ ਟੀਕਾ ਸੰਤ ਕਿਰਪਾਲ ਸਿੰਘ ਅੰਮ੍ਰਿਤਸਰ ’ਚ ਕੀਤਾ ਹੈ। ਅੱਜ ਕੱਲ੍ਹ ਇਹ ਰਥ ੬/੭ ਹਾੜ ਨੂੰ ਫਿਰਦਾ ਹੈ।

ਸੋ ਗੁਰਬਾਣੀ ਦੇ ਇਨ੍ਹਾਂ ਅਰਥਾਂ ਨੂੰ ਵਿਚਾਰਿਆਂ ਹਿਰਦਾ ਗਦ ਗਦ ਹੋ ਉੱਠਦਾ ਹੈ ਕਿ ਗੁਰੂ ਸਾਹਿਬ ਨੇ ਰੂਹਾਨੀਅਤ ਉਪਦੇਸ਼ ਨੂੰ ਸਪਸ਼ਟ ਕਰਨ ਲਈ ਕਿਵੇਂ ਤਾਰਾ ਮੰਡਲ ਅਤੇ ਮੌਸਮੀ ਤਬਦੀਲੀ ਨੂੰ ਮਿਸਾਲ ਵਜੋਂ ਬਿਲਕੁਲ ਸਹੀ ਬਿਆਨ ਕੀਤਾ ਹੈ, ਜਿਸ ਨੂੰ ਆਧੁਨਿਕ ਖਗੋਲ ਵਿਗਿਆਨ ਦੀਆਂ ਖੋਜਾਂ ਭੀ ਗ਼ਲਤ ਸਾਬਤ ਨਹੀਂ ਕਰਦੀਆਂ। ਫਰੀਦਕੋਟੀ ਟੀਕੇ ’ਚ ਭਾਵੇਂ ਕੋਈ ਤਾਰੀਖ਼ ਨਹੀਂ ਲਿਖੀ, ਪਰ ਸੰਪ੍ਰਦਾਈ ਟੀਕੇ ’ਚ ਲਿਖੀ ਤਾਰੀਖ਼ ੧੩ ਹਾੜ ਪੂਰੀ ਤਰ੍ਹਾਂ ਸਹੀ ਸਿੱਧ ਹੁੰਦੀ ਹੈ।

ਤੀਜਾ ਸਬੂਤ ਇਹ ਹੈ ਕਿ ਪੰਜਾਬ ’ਚ ਜਿੰਨੀਆਂ ਵੀ ਪੰਚਾਂਗਾਂ ਬਣਦੀਆਂ ਹਨ, ਉਨ੍ਹਾਂ ’ਚ ਅੱਜ ਭੀ 20-21 ਜੂਨ/੬-੭ ਹਾੜ ਦੀ ਤਾਰੀਖ਼ ਦੇ ਬਰਾਬਰ ਨੋਟ ਲਿਖਿਆ ਹੁੰਦਾ ਹੈ – ਸੂਰਜ ਸਾਈਨ ਕਰਕ ਵਿੱਚ, ਵਰਖਾ ਰੁੱਤ ਸ਼ੁਰੂ।

ਹਰ ਪ੍ਰਾਣੀਮਾਤ੍ਰ ਦੀ ਇਹ ਜਾਣੀ ਪਛਾਣੀ ਗੱਲ ਹੈ ਕਿ ਜੂਹਾਂ ’ਚ ਬਿੰਡੇ ਕੇਵਲ ਵਰਖਾ ਤੋਂ ਬਾਅਦ ਹੀ ਬੋਲਦੇ ਸੁਣੇ ਜਾਂਦੇ ਹਨ ਅਤੇ ਕਿਸੇ ਨੇ ਕਦੀ ਵੀ ਹਾੜ ਦੇ ਮਹੀਨੇ ਸਿਖਰ ਦੁਪਹਿਰ ਨੂੰ ਬ੍ਰਿਛਾਂ ਦੀ ਛਾਂ ਹੇਠ ਬੋਲਦੇ ਨਹੀਂ ਸੁਣੇ। ਗੁਰੂ ਨਾਨਕ ਸਾਹਿਬ ਜੀ ਵੱਲੋਂ ਆਪਣੇ ਵਾਕ ’ਚ ‘ਟੀਡੁ ਲਵੈ= ਬਿੰਡਾ ਬੋਲਦਾ ਹੈ’, ਨੂੰ ਇੱਕ ਮੁਹਾਵਰੇ ਦੇ ਤੌਰ ’ਤੇ ਵਰਤਣਾ ਸੇਧ ਦਿੰਦਾ ਹੈ ਕਿ ਜਿਸ ਦਿਨ ਸੂਰਜ ਦਾ ਰਥ ਫਿਰਦਾ ਹੈ, ਉਸ ਦਿਨ ਤੋਂ ਵਰਖਾ ਰੁੱਤ ਸ਼ੁਰੂ ਹੋ ਜਾਂਦੀ ਹੈ ਤਾਹੀਓਂ ਬਿੰਡੇ ਬੋਲਦੇ ਹਨ।

ਸੋ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ (1469-1539); ਜਿਹੜਾ ਸੂਰਜ ਦਾ ਰਥ ੧੫/੧੬ ਹਾੜ ਨੂੰ ਫਿਰਦਾ ਸੀ, ਜੋ ਵੱਡੇ ਤੋਂ ਵੱਡਾ ਦਿਨ (Solstice) ਹੁੰਦਾ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ (1666-1708); ਉਹ ਸੂਰਜ ਦਾ ਰਥ ੧੨/੧੩ ਹਾੜ ਨੂੰ ਫਿਰਦਾ ਸੀ ਅਤੇ ਹੁਣ (ਸੰਨ 2024) ਨੂੰ ੭ ਹਾੜ ਨੂੰ ਫਿਰਿਆ ਹੈ ਭਾਵ ਕੇਵਲ 550 ਕੁ ਸਾਲਾਂ ’ਚ ਰਥ ਫਿਰਨ ਦੀ ਕ੍ਰਿਆ (Solstice) ’ਚ 8/9 ਦਿਨਾਂ ਦਾ ਅੰਤਰ ਪੈ ਗਿਆ, ਫਿਰ ਭੀ ਅਸੀਂ ਆਪਣੇ ਕੈਲੰਡਰ ’ਚ ਸੋਧ ਕਰਨ ਲਈ ਤਿਆਰ ਨਹੀਂ ਹਾਂ ਜਦੋਂ ਕਿ ਗੋਰਿਆਂ ਨੂੰ 16ਵੀਂ ਸਦੀ ’ਚ ਇਹ ਪਤਾ ਲੱਗਾ ਕਿ ਜਿਹੜੇ Equinox 20/21 ਮਾਰਚ ਨੂੰ ਦਿਨ ਰਾਤ ਬਰਾਬਰ ਹੁੰਦੇ ਸੀ, ਉਹ 16ਵੀਂ ਸਦੀ ਤੱਕ ਹੀ 10/11 ਮਾਰਚ ਨੂੰ ਬਰਾਬਰ ਹੋ ਜਾਂਦੇ ਸਨ। ਉਨ੍ਹਾਂ ਨੇ 325 ਈਸਵੀ ਦੀਆਂ ਰੁੱਤਾਂ ਨੂੰ ਆਧਾਰ ਬਣਾ ਜਿਹੜੇ ਆਪਣੇ ਇਤਿਹਾਸਕ ਦਿਹਾੜੇ ਨਿਸ਼ਚਿਤ ਕੀਤੇ ਸਨ, ਉਹ 1250 ਕੁ ਸਾਲ ਬਾਅਦ (ਯਾਨੀ 16ਵੀਂ ਸਦੀ ਤੱਕ ਹੀ) ਤਕਰੀਬਨ 10 ਦਿਨ ਪਹਿਲਾਂ ਆ ਰਹੇ ਹਨ ਤਾਂ ਕੈਥੋਲਿਕ ਚਰਚ ਦੇ ਪੋਪ ਗ੍ਰੈਗਰੀ 8ਵੇਂ ਨੇ 4 ਅਕਤੂਬਰ 1582 ਦਿਨ ਵੀਰਵਾਰ ਤੋਂ ਅਗਲਾ ਦਿਨ ਸ਼ੁੱਕਰਵਾਰ ਨੂੰ 5 ਅਕਤੂਬਰ ਦੀ ਥਾਂ ਸਿੱਧੇ 15 ਅਕਤੂਬਰ ਐਲਾਨ ਦਿੱਤਾ। ਭਾਵੇਂ ਕਿ ਅਕਤੂਬਰ 1582 ਦਾ ਮਹੀਨਾ ਕੇਵਲ 21 ਦਿਨਾਂ ਦਾ ਹੀ ਰਹਿ ਗਿਆ ਭਾਵ 10 ਤਰੀਖ਼ਾਂ ਖ਼ਤਮ ਕਰ ਦਿੱਤੀਆਂ ਤਾਂ ਕਿ ਅਗਾਂਹ ਤੋਂ ਕੈਲੰਡਰ ਦਾ ਰੁੱਤਾਂ ਨਾਲੋਂ ਬਹੁਤਾ ਫ਼ਰਕ ਨਾ ਪਵੇ; ਲੀਪ ਸਾਲਾਂ ਦੇ ਨਿਯਮਾਂ ’ਚ ਭੀ ਸੋਧ ਕੀਤੀ ਗਈ; ਜਿਵੇਂ ਕਿ ਜੂਲੀਅਨ ਕੈਲੰਡਰ (ਉਹ ਕੈਲੰਡਰ ਜੋ ਸੰਨ 1582 ਤੋਂ ਪਹਿਲਾਂ ਲਾਗੂ ਸੀ) ’ਚ ਹਰ ਚੌਥਾ ਸਾਲ ਲੀਪ ਦਾ ਹੁੰਦਾ ਸੀ, ਪਰ ਨਵੇਂ ਲਾਗੂ ਕੀਤੇ ਗ੍ਰੈਗੋਰੀਅਨ ਕੈਲੰਡਰ (ਉਹ ਕੈਲੰਡਰ, ਜੋ 1582 ਤੋਂ ਬਾਅਦ ਸ਼ੁਰੂ ਹੋਇਆ) ’ਚ ਸਦੀ ਵਾਲਾ ਸਾਲ ਕੇਵਲ ਉਹੀ ਲੀਪ ਸਾਲ ਮੰਨਿਆ ਜਾਏਗਾ, ਜਿਹੜੀ ਸਦੀ; 400 ’ਤੇ ਪੂਰੀ ਪੂਰੀ ਵੰਡੀ ਜਾਵੇਗੀ। ਲੀਪ ਸਾਲ ਦੇ ਬਦਲੇ ਇਸ ਨਿਯਮ ਅਨੁਸਾਰ 400 ਸਾਲਾਂ ਦੇ ਸੈੱਟ ’ਚ ਪਹਿਲਾਂ 100 ਲੀਪ ਦੇ ਸਾਲ ਹੁੰਦੇ ਸਨ, ਜੋ ਅਗਾਂਹ ਤੋਂ ਘਟਾ ਕੇ 97 ਕਰ ਦਿੱਤੇ। ਇਸ ਸੋਧ ਨਾਲ ਸਾਲ ਦੀ ਲੰਬਾਈ, ਜੋ ਪਹਿਲਾਂ 365.25 ਦਿਨ (365 ਦਿਨ 6 ਘੰਟੇ) ਹੁੰਦੀ ਸੀ, ਉਸ ਨੂੰ ਘਟਾ ਕੇ 365.2425 ਦਿਨ (365 ਦਿਨ 5 ਘੰਟੇ 49 ਮਿੰਟ 12 ਸੈਕੰਡ) ਕਰ ਦਿੱਤਾ ਕਿਉਂਕਿ ਰੁੱਤੀ/ਮੌਸਮੀ ਸਾਲ ਦੀ ਕੁੱਲ ਲੰਬਾਈ 365.242189 (365 ਦਿਨ 5 ਘੰਟੇ 48 ਮਿੰਟ 45 ਸਕਿੰਟ) ਦੇ ਵੱਧ ਤੋਂ ਵੱਧ ਨੇੜੇ ਲਿਆਉਣਾ ਜ਼ਰੂਰੀ ਸੀ। ਇਸ ਸੋਧ ਨਾਲ ਹੁਣ ਅਗਾਂਹ ਨੂੰ ਤਕਰੀਬਨ 3226 ਸਾਲਾਂ ਬਾਅਦ ਹੀ ਰੁੱਤਾਂ ਨਾਲੋਂ ਇੱਕ ਦਿਨ ਦਾ ਫਰਕ ਰਹੇਗਾ ਜਦੋਂ ਕਿ ਸਾਡੇ ਵੱਲੋਂ ਵਰਤੇ ਜਾ ਰਹੇ ਬਿਕ੍ਰਮੀ ਕੈਲੰਡਰ ’ਚ ਇਹ ਅੰਤਰ ਤਕਰੀਬਨ 70-71 ਸਾਲਾਂ ’ਚ ਹੀ ਪੈ ਜਾਂਦਾ ਹੈ, ਫਿਰ ਵੀ ਕੈਲੰਡਰ ’ਚ ਸੋਧ ਕਰਨ ਲਈ ਭਾਰੀ ਅੜੀਕੇ ਖੜ੍ਹੇ ਕੀਤੇ ਜਾ ਰਹੇ ਹਨ। ਇਸ ਦਾ ਅਸਲ ਕਾਰਨ ਹਿੰਦੂ ਬਿਕ੍ਰਮੀ ਕੈਲੰਡਰ ਨੂੰ ਅਪਣਾਅ ਕੇ ਆਪਣੇ ਆਪ ਨੂੰ ਪੰਡਿਤਾਂ ਦੇ ਨੇੜੇ ਰੱਖਣਾ ਹੈ ਤਾਹੀਓਂ ਉਹ ਕਹਿੰਦੇ ਹਨ ਕਿ ਸਿੱਖ ਧਰਮ; ਹਿੰਦੂ ਧਰਮ ਤੋਂ ਵੱਖਰਾ ਧਰਮ ਨਹੀਂ ਹੈ। ਇੱਥੇ ਆਰ.ਐੱਸ.ਐੱਸ. ਮੁਖੀ ਕੇ.ਐੱਸ. ਸੁਦਰਸ਼ਨ ਦਾ ਉਹ ਬਿਆਨ ਭੀ ਧਿਆਨ ਮੰਗਦਾ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਅਸੀਂ ਨਾਨਕਸ਼ਾਹੀ ਕੈਲੰਡਰ ਲਾਗੂ ਨਹੀਂ ਹੋਣ ਦੇਵਾਂਗੇ ਕਿਉਂਕਿ ਇਸ ਨਾਲ ਹਿੰਦੂ-ਸਿੱਖਾਂ ’ਚ ਦੂਰੀਆਂ ਵਧਣਗੀਆਂ। ਸੋ ਜਿਹੜੇ ਸਿੱਖੀ ਸਰੂਪ ’ਚ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰ ਰਹੇ ਹਨ, ਉਹ ਸਿੱਧੇ ਹੀ ਆਰ.ਐੱਸ.ਐੱਸ. ਦੀਆਂ ਇਛਾਵਾਂ ਪੂਰੀਆਂ ਕਰ ਰਹੇ ਹਨ।

ਗੁਰੂ ਕਾ ਬਾਗ਼ ਮੋਰਚਾ

0

ਗੁਰੂ ਕਾ ਬਾਗ਼ ਮੋਰਚਾ

ਕਿਰਪਾਲ ਸਿੰਘ ਬਠਿੰਡਾ

੧੦ ਫੱਗਣ ਸੰਮਤ ੧੯੭੭/20 ਫ਼ਰਵਰੀ 1921 ਈ: ਨੂੰ ਵਾਪਰੇ ਸ੍ਰੀ ਨਨਕਾਣਾ ਸਾਹਿਬ ਦੇ ਖੂਨੀ ਸਾਕੇ ਤੋਂ ਬਾਅਦ ਅਕਾਲੀ ਲਹਿਰ ਦਾ ਇੱਕ ਹੋਰ ਮਹੱਤਵ ਪੂਰਨ ਸਾਕਾ ਗੁਰੂ ਕਾ ਬਾਗ਼ ਮੋਰਚਾ; ਸਿੰਘਾਂ ਦੇ ਸਾਮ੍ਹਣੇ ਆ ਗਿਆ। ਇਤਿਹਾਸਕ ਗੁਰਦੁਆਰਾ ਗੁਰੂ ਕਾ ਬਾਗ਼ ਅੰਮ੍ਰਿਤਸਰ ਤੋਂ 13 ਕੁ ਮੀਲ ਦੂਰ ਪਿੰਡ ਘੁਕੇਵਾਲੀ ’ਚ ਸਥਿਤ ਹੈ। ਇਸ ਸਥਾਨ ’ਤੇ 5ਵੇਂ ਅਤੇ 9ਵੇਂ ਗੁਰੂ ਸਾਹਿਬਾਨ ਨੇ ਆਪਣੇ ਪਾਵਨ ਚਰਨ ਪਾਏ ਸਨ। ਜਦੋਂ 9ਵੇਂ ਪਾਤਿਸ਼ਾਹ ਨੇ ਇੱਥੇ ਇੱਕ ਬਾਗ਼ ਲਗਵਾਇਆ ਤਾਂ ਇਸ ਦਾ ਨਾਂ ਗੁਰਦੁਆਰਾ ਗੁਰੂ ਕਾ ਬਾਗ਼ ਪੈ ਗਿਆ। ਇੱਥੋਂ ਦਾ ਮਹੰਤ ਸੁੰਦਰ ਦਾਸ ਬਹੁਤ ਹੀ ਘਟੀਆ ਆਚਰਨ ਦਾ ਮਾਲਕ ਸੀ। ਸ੍ਰੀ ਨਨਕਾਣਾ ਸਾਹਿਬ ਦਾ ਮਹੰਤ ਲਛਮਣ ਦਾਸ; ਇਸ ਸੁੰਦਰ ਦਾਸ ਦਾ ਲੰਗੋਟੀਆ ਯਾਰ ਸੀ। ਇਸੇ ਕਰਕੇ ਇਸ ਗੁਰਦੁਆਰੇ ’ਤੇ ਉਦਾਸੀ ਮਹੰਤ ਸੁੰਦਰ ਦਾਸ ਦਾ ਕਬਜ਼ਾ ਸੀ। ਇਸ ਵਿਭਚਾਰੀ ਮਹੰਤ ਨੇ ਬਿਨਾਂ ਸ਼ਾਦੀ ਕੀਤੇ ਦੋ ਜ਼ਨਾਨੀਆਂ (ਈਸਰੋ ਤੇ ਜਗਦੇਈ) ਰੱਖੀਆਂ ਹੋਈਆਂ ਸਨ। ਕਈ ਵੇਸਵਾਵਾਂ ਨਾਲ ਵੀ ਇਸ ਦੇ ਸਰੀਰਕ ਸਬੰਧ ਸਨ। ਜਦੋਂ ਹਰਿਮੰਦਰ ਸਾਹਿਬ ਸਮੇਤ ਕਈ ਹੋਰ ਗੁਰਦੁਆਰਿਆਂ ਦਾ ਪ੍ਰਬੰਧ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥ ’ਚ ਆ ਗਿਆ ਤਾਂ ਸੁਧਾਰਵਾਦੀ ਅਕਾਲੀਆਂ ਨੇ ਆਪਣਾ ਧਿਆਨ ਗੁਰੂ ਕੇ ਬਾਗ਼ ਵੱਲ ਮੋੜਿਆ।  31 ਜਨਵਰੀ, 1921 ਨੂੰ ਸ. ਦਾਨ ਸਿੰਘ ਦੀ ਅਗਵਾਈ ’ਚ ਕੁੱਝ ਸਿੱਖਾਂ ਨੇ ਮਹੰਤ ਨੂੰ ਸਮਝਾਇਆ ਕਿ ਉਹ ਆਪਣੇ ਆਪ ਨੂੰ ਸੁਧਾਰ ਲਵੇ। ਸਿੱਟੇ ਵਜੋਂ ਮਹੰਤ ਸ੍ਰੋ. ਗੁ. ਪ੍ਰ. ਕ. ਵੱਲੋਂ ਸਥਾਪਿਤ ਕੀਤੀ ਗਈ ਕਮੇਟੀ ਅਧੀਨ ਕੰਮ ਕਰਨ ਅਤੇ ਅੰਮ੍ਰਿਤਪਾਨ ਕਰਨ ਲਈ ਸਹਿਮਤ ਹੋ ਗਿਆ। ਉਸ ਨੇ ਦੋਵਾਂ ’ਚੋਂ ਇੱਕ ਔਰਤ ਈਸਰੋ ਨਾਲ ਅਨੰਦ ਕਾਰਜ ਕਰ, ਦੋਵੇਂ ਪਤੀ ਪਤਨੀ ਨੇ ਅੰਮ੍ਰਿਤ ਛਕ ਲਿਆ। ਅੰਮ੍ਰਿਤ ਛਕਣ ਤੋਂ ਬਾਅਦ ਮਹੰਤ ਸੁੰਦਰ ਦਾਸ ਦਾ ਨਾਮ ਜੋਗਿੰਦਰ ਸਿੰਘ ਅਤੇ ਈਸਰੋ ਦਾ ਨਾਮ ਗਿਆਨ ਕੌਰ ਰੱਖਿਆ ਗਿਆ, ਪਰ ਮਹੰਤ ਅੰਦਰੋਂ ਆਪਣੇ ਆਪ ਨੂੰ ਬਦਲ ਨਾ ਸਕਿਆ। ਉਸ ਦੇ ਮਨ ਅੰਦਰ ਅਜੇ ਵੀ ਉਹੀ ਸ਼ੈਤਾਨ ਬੈਠਾ ਸੀ। ਸਾਕਾ ਸ੍ਰੀ ਨਨਕਾਣਾ ਸਾਹਿਬ ਵੇਲੇ ਜੋ ਅੰਗਰੇਜ਼ ਸਰਕਾਰ ਦੀ ਨੀਤੀ ਸੀ ਅਤੇ ਉਹ, ਨਾਮਿਲਵਰਤਨੀਏ ਸਿੰਘਾਂ ’ਤੇ ਹੁੰਦੀ ਸਖਤੀ ਨੂੰ ਵੇਖ ਕੇ ਮੁੱਕਰ ਗਿਆ ਅਤੇ ਉਸ ਨੇ ਪਹਿਲਾਂ ਵਾਲੇ ਕੰਮ ਕਰਨੇ ਫਿਰ ਸ਼ੁਰੂ ਕਰ ਦਿੱਤੇ।

੨੪ ਸਾਵਣ ਬਿਕ੍ਰਮੀ ਸੰਮਤ ੧੯੭੮/8 ਅਗਸਤ 1921 ਨੂੰ ਕੁੱਝ ਸਿੱਖ; ਗੁਰ ਘਰ ਦੇ ਲੰਗਰ ਲਈ ਲੱਕੜਾਂ ਲੈਣ ਵਾਸਤੇ ਗੁਰਦੁਆਰੇ ਦੇ ਬਾਗ਼ ਵਿਚੋਂ ਇੱਕ ਸੁੱਕੀ ਕਿੱਕਰ ਨੂੰ ਕੱਟ ਰਹੇ ਸਨ ਤਾਂ ਮਹੰਤ ਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ। ਸਰਕਾਰ ਨੇ ਅਕਾਲੀਆਂ ਨੂੰ ਦਬਾਉਣ ਲਈ ਚੰਗਾ ਮੌਕਾ ਸਮਝਿਆ ਤੇ ਗੁਰਦੁਆਰੇ ਦੇ 5 ਸੇਵਾਦਾਰਾਂ ਨੂੰ ਲੱਕੜਾਂ ਚੋਰੀ ਕਰਨ ਦੇ ਦੋਸ਼ ’ਚ 9 ਅਗਸਤ ਨੂੰ ਫੜ ਲਿਆ। ਅਦਾਲਤ ਨੇ ਉਹਨਾਂ ਨੂੰ ਚੋਰੀ ਦੇ ਜੁਰਮ ’ਚ ਹਰ ਇੱਕ ਨੂੰ 50-50 ਰੁਪਏ ਜੁਰਮਾਨਾ ਤੇ ਛੇ-ਛੇ ਮਹੀਨੇ ਕੈਦ ਦੀ ਸਜ਼ਾ ਸੁਣਾ ਦਿੱਤੀ।

ਜਿਸ ਜ਼ਮੀਨ ਵਿੱਚੋਂ ਲੰਗਰ ਦੇ ਬਾਲਣ ਲਈ ਲੱਕੜਾਂ ਕੱਟੀਆਂ ਗਈਆਂ, ਉਹ ਗੁਰਦੁਆਰੇ ਦੀ ਹੀ ਮਾਲਕੀਅਤ ਸੀ। ਇਸ ਲਈ ਸਜ਼ਾ ਕਿਸ ਗੱਲ ਦੀ ? ਸਰਕਾਰ ਦੀ ਇਸ ਕਾਰਵਾਈ ਨੂੰ ਸ੍ਰੋਮਣੀ ਕਮੇਟੀ ਨੇ ਸਿੱਖਾਂ ਦੇ ਅਧਿਕਾਰਾਂ ’ਤੇ ਨਾਜਾਇਜ਼ ਹਮਲਾ ਸਮਝਿਆ। ਸ੍ਰੋਮਣੀ ਕਮੇਟੀ ਨੇ ਲੰਗਰ ਲਈ ਲੱਕੜਾਂ ਕੱਟਣ ਦੇ ਹੱਕ ਦੀ ਰਾਖੀ ਅਤੇ ਸਰਕਾਰੀ ਧੱਕੇਬਾਜ਼ੀ ਦੇ ਵਿਰੁੱਧ ਸ਼ਾਂਤਮਈ ਸੰਘਰਸ਼ ਅਰੰਭ ਕਰ ਦਿੱਤਾ। ਹਰ ਰੋਜ਼ 5 ਨਿਹੱਥੇ ਸਿੱਖਾਂ ਦਾ ਜੱਥਾ ਅਕਾਲ ਤਖਤ ਤੋਂ ਅਰਦਾਸ ਕਰ ਕੇ ਤੇ ਸ਼ਾਂਤਮਈ ਰਹਿਣ ਦੀ ਸਹੁੰ ਚੁੱਕ ਕੇ ਗੁਰੂ ਦੇ ਬਾਗ਼ ਲਈ ਤੁਰਦਾ ਤੇ ਸ਼ਾਂਤਮਈ ਰਹਿ ਕੇ ਪੁਲਿਸ ਦੀ ਮਾਰ ਝੱਲਦਾ ਝੱਲਦਾ ਗ੍ਰਿਫ਼ਤਾਰ ਹੋ ਜਾਂਦਾ। ਇਨ੍ਹਾਂ ਨੂੰ ਗੁਮਟਾਲੇ ਦੇ ਪੁਲ ’ਤੇ ਰੋਕ ਕੇ ਬੜਾ ਮਾਰਿਆ ਕੁੱਟਿਆ ਜਾਂਦਾ ਅਤੇ ਗੁਰੂ ਦੇ ਬਾਗ਼ ਪਹੁੰਚਣ ਨਾ ਦਿੱਤਾ ਜਾਂਦਾ। ਕਈਆਂ ਦੇ ਸਿਰ ਪਾਟ ਗਏ ਤੇ ਕਈ ਡਿਗਦੇ ਹੀ ਬੇਹੋਸ਼ ਹੋ ਜਾਂਦੇ। ਕੁੱਟ ਮਾਰ ਪਿੱਛੋਂ ਪੁਲਿਸ ਫੜਦੀ ਅਤੇ ਦੂਰ-ਦੂਰਾਡੇ ਲਿਜਾ ਕੇ ਛੱਡ ਦਿੰਦੀ। ਇੱਧਰ ਜਥੇ ਦੇ ਸਿੰਘਾਂ ਦੀ ਗਿਣਤੀ ਵਧੀ ਤਾਂ ਉਧਰ ਪੁਲਿਸ ਮੁਖੀ ਬੀ. ਟੀ. ਨੇ ਉੱਚ ਅਫ਼ਸਰਾਂ ਨਾਲ ਮੀਟਿੰਗ ਕਰ ਸਿੰਘਾਂ ਉੱਤੇ ਸਖ਼ਤੀ ਹੋਰ ਤੇਜ਼ ਕਰ ਦਿੱਤੀ।  26 ਅਗਸਤ ਨੂੰ ਲੱਕੜਾਂ ਲੈਣ ਗਏ 36 ਸਿੰਘਾਂ ਦੇ ਜਥੇ ਦੀ ਸਖ਼ਤ ਮਾਰ ਕੁਟਾਈ ਕੀਤੀ ਗਈ। ਜਿਉਂ ਜਿਉਂ ਪੁਲਿਸ ਸਿੱਖਾਂ ’ਤੇ ਸਖ਼ਤੀ ਕਰਦੀ ਤਾਂ ਸਿੰਘਾਂ ਦਾ ਜੋਸ਼ ਵਧਦਾ ਜਾਂਦਾ।

ਇਸ ਸਮੇਂ ਸਿਵਲ ਨਾਫ਼ੁਰਮਾਨੀ ਦੀ ਲਹਿਰ ਸਰਕਾਰ ਨੇ ਦਬਾਅ ਛੱਡੀ ਸੀ। ਉਸ ਨੂੰ ਅਭਿਮਾਨ ਸੀ ਕਿ ਇਹ ਖ਼ਾਲਸਈ ਜੋਸ਼ ਵੀ ਮਾਰ-ਕੁਟਾਈ ਨਾਲ ਠੰਢਾ ਪਾ ਦਿੱਤਾ ਜਾਵੇਗਾ, ਪਰ ਉਸ ਦਾ ਇਹ ਅਨੁਮਾਨ ਗ਼ਲਤ ਨਿਕਲਿਆ।  30 ਅਗਸਤ ਨੂੰ 60 ਕੁ ਸਿੱਖਾਂ ਦਾ ਜੱਥਾ ਗੁਰੂ ਕੇ ਬਾਗ਼ ਵੱਲ ਰਵਾਨਾ ਹੋਇਆ, ਰਾਹ ’ਚ ਰਾਤ ਪੈ ਜਾਣ ’ਤੇ ਸਿੰਘ ਉੱਥੇ ਹੀ ਸੌਂ ਗਏ ਪਰੰਤੂ ਪੁਲਿਸ ਨੇ ਸੁੱਤੇ ਪਏ ਜੱਥੇ ਉੱਤੇ ਵੀ ਮਾਰ ਕੁਟਾਈ ਕੀਤੀ।  31 ਅਗਸਤ ਤੋਂ ਹਰ ਰੋਜ਼ 100-100 ਸਿੰਘਾਂ ਦਾ ਜੱਥਾ ਅਕਾਲ ਤਖ਼ਤ ਤੋਂ ਅਰਦਾਸਾ ਕਰ ਜਾਣ ਲੱਗਾ। ਰਸਤੇ ਵਿੱਚ ਹੀ ਜੱਥੇ ਉੱਤੇ ਸਖ਼ਤ ਮਾਰ ਕੁਟਾਈ ਹੁੰਦੀ ਤੇ ਸਿੱਖਾਂ ਨੂੰ ਕੇਸਾਂ ਤੋਂ ਫੜ ਕੇ ਕੁੱਟ-ਕੁੱਟ ਬੇਹੋਸ਼ ਕਰ ਸੁੱਟ ਦਿੱਤਾ ਜਾਂਦਾ। ਬਾਅਦ ’ਚ ਕਮੇਟੀ ਵੱਲੋਂ ਗੱਡੀਆਂ ਭੇਜੀਆਂ ਜਾਂਦੀਆਂ ਤੇ ਜ਼ਖ਼ਮੀਆਂ ਨੂੰ ਹਸਪਤਾਲ ਲਿਆ ਕੇ ਉਨ੍ਹਾਂ ਦੀ ਸੇਵਾ-ਸੰਭਾਲ ਕੀਤੀ ਜਾਂਦੀ। ਇਸ ਸਮੇਂ ਤਿੰਨ ਹਸਪਤਾਲ ਕੰਮ ਕਰ ਰਹੇ ਸਨ, ਜਿਨ੍ਹਾਂ ਦਾ ਰੋਜ਼ਾਨਾ ਤਿੰਨ ਹਜ਼ਾਰ ਰੁਪਿਆ ਖ਼ਰਚ ਪੈਂਦਾ ਸੀ, ਪਰ ਬਾਵਜੂਦ ਐਨੀ ਸਖ਼ਤੀ ਦੇ ਕਿਸੇ ਸਿੰਘ ਨੇ ਸ਼ਾਂਤਮਈ ਦੀ ਪ੍ਰਤਿੱਗਿਆ ਨਾ ਤੋੜੀ।  2 ਸਤੰਬਰ ਨੂੰ ਪੰਡਿਤ ਮਦਨ ਮੋਹਨ ਮਾਲਵੀਆ ਜੀ ਨੇ ਵੀ ਸਿੱਖਾਂ ਦੇ ਇਸ ਅਦੁੱਤੀ ਸੱਤਿਆਗ੍ਰਹਿ ਨੂੰ ਅੱਖੀਂ ਦੇਖ ਕੇ ਪ੍ਰਸੰਸਾ ਅਤੇ ਹਮਦਰਦੀ ਪ੍ਰਗਟ ਕੀਤੀ।  3 ਸਤੰਬਰ ਨੂੰ ਖ਼ੈਰ ਦੀਨ ਦੀ ਮਸਜਿਦ ’ਚ ਮੁਸਲਮਾਨਾਂ ਨੇ ਸੱਤਿਆਗ੍ਰਹੀ ਸਿੱਖਾਂ ਨਾਲ ਹਮਦਰਦੀ ਕਰਦਿਆਂ ਰੱਬ ਅੱਗੇ ਦੁਆ ਕੀਤੀ।

5 ਸਤੰਬਰ 1922 ਨੂੰ ਬੀ.ਟੀ. ਦੀ ਪੁਲਿਸੀ ਨੇ ਅਕਾਲੀਆਂ ਰੂੰ ਦੀ ਤਰ੍ਹਾਂ ਪਿੰਜਿਆ। ਅਕਾਲੀ ਮੋਰਚਾ ਜਥੇਦਾਰ ਪ੍ਰਿਥੀਪਾਲ ਸਿੰਘ ਲਾਇਲਪੁਰ ਨੂੰ 19 ਵੱਡੇ ਤੇ ਲਗਭਗ 100 ਛੋਟੇ ਜ਼ਖ਼ਮ ਹੋਏ। ‘ਮੁਸਲਮ ਆਊਟ ਲੁੱਕ’ 7 ਸਤੰਬਰ 1922 ਦੇ ਪਰਚੇ ’ਚ ਲਿਖਦਾ ਹੈ, ‘ਜਿਤਨੀ ਦੇਰ ਮਾਰ ਪੈਂਦੀ ਰਹੀ, ਨਗਾਰਾ ਵੱਜਦਾ ਰਿਹਾ, ਅਕਾਲੀ ਜ਼ਮੀਨ ’ਤੇ ਬੈਠ ਗਏ, ਉਨ੍ਹਾਂ ਦੀ ਪਿੱਠ, ਟੰਗਾਂ, ਗਿੱਟਿਆਂ ਅਤੇ ਕਈ ਹੋਰ ਹਿੱਸਿਆਂ ਤੇ ਡਾਂਗਾਂ ਮਾਰੀਆਂ ਗਈਆਂ। ਇਹ ਮਾਰ ਬਹੁਤ ਜ਼ਿਆਦਾ ਜ਼ਾਲਮਾਨਾ ਤੇ ਬੇਰਹਿਮੀ-ਭਰੀ ਸੀ, ਇਸ ਨੂੰ ਵੇਖਿਆ ਨਹੀਂ ਸੀ ਜਾ ਸਕਦਾ’। ਇਸੇ ਤਰ੍ਹਾਂ ਡਾ. ਖਾਨ ਚੰਦ ਦੇਵਾ ਅਕਾਲੀਆਂ ਦੀ ਮਾਨਸਿਕ ਦ੍ਰਿੜ੍ਹਤਾ ਦੀ ਪ੍ਰਸੰਸਾ ਕਰਦੇ ਕਹਿੰਦੇ ਹਨ, ‘ਇਹ ਅਕਾਲੀ ਲਹੂ ਹੱਡੀਆਂ ਦੇ ਨਹੀਂ ਸੀ ਬਣੇ ਹੋਏ, ਨਾ ਹੀ ਇਨ੍ਹਾਂ ਵਿੱਚ ਆਮ ਮਨੁੱਖਾਂ ਵਾਲੀ ਰੂਹ ਸੀ। ਇਨ੍ਹਾਂ ਦੇ ਸਰੀਰ ’ਤੇ ਰੂਹਾਨੀ ਸ਼ਕਤੀ ਸੱਚ ਮੁੱਚ ਅੰਦਾਜ਼ੇ ਤੋਂ ਬਾਹਰ ਸੀ।’ ਇਸੇ ਤਰ੍ਹਾਂ ਖ਼ਿਲਾਫ਼ਤ ਕਮੇਟੀ ਦੇ ਮੁਖੀ ਮਿਰਜ਼ਾ ਯਾਕੂਬ ਬੇਗ਼ ਜਿਨ੍ਹਾਂ ਕਾਫ਼ੀ ਅਰਸਾ ਜ਼ਖ਼ਮੀਆਂ ਦੀ ਡਾਕਟਰੀ ਸੇਵਾ ਕੀਤੀ, ਲਿਖਦੇ ਹਨ, ‘ਸਿੱਖ ਪੰਜਾਬ ਦੀਆਂ ਸਾਰੀਆਂ ਕੌਮਾਂ ਨਾਲੋਂ ਸਖ਼ਤ ਜਾਨ ਹਨ। ਜੇ ਇਤਨਾ ਕੁਟਾਪਾ ਕਿਸੇ ਹੋਰ ਕੌਮ ’ਤੇ ਪਿਆ ਹੁੰਦਾ ਤਾਂ ਉਹ ਬਹੁਤ ਦੁੱਖ ਮੰਨਦੀ, ਪਰ ਮੈਂ ਕਿਸੇ ਸਿੱਖ ਨੂੰ ਮਾਰ ਪੈਣ ਤੇ ‘ਹਾਇ ਹਾਇ’ ਕਰਦਿਆਂ ਨਹੀਂ ਦੇਖਿਆ ਤੇ ਨਾ ਹੀ ਕਿਸੇ ਨੇ ਕੁਟਾਈ ਤੋਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਪਰਤੱਖ ਤੱਕਿਆ ਕਿ ਪੁਲਿਸ ਅੰਦਰ ਜ਼ੁਲਮ ਅਤੇ ਅਕਾਲੀਆਂ ਵਿੱਚ ਰੱਬ ਵੱਸਦਾ ਸੀ’।

9 ਸਤੰਬਰ ਨੂੰ ਪੁਲਿਸ ਨੇ ਰਾਹ ਦੀ ਚੌਂਕੀ ਉੱਠਾ ਲਈ ਤੇ ਰਸਤੇ ਵਿੱਚ ਕੀਤੀ ਜਾਂਦੀ ਮਾਰ-ਕੁਟਾਈ ਬੰਦ ਕਰ ਦਿੱਤੀ ਤੇ ਜੱਥਾ ਸਿੱਧਾ ਗੁਰੂ ਕੇ ਬਾਗ਼ ਵਿੱਚ ਪਹੁੰਚਿਆ, ਜਿੱਥੇ ਮਿਸਟਰ ਬੀ. ਟੀ. (ਡਿਪਟੀ ਸੁਪਰਡੰਟ ਪੁਲਿਸ) ਨੇ ਖ਼ੂਬ ਕੁਟਾਈ ਕਰਵਾਈ, ਪਰ ਸਿੰਘਾਂ ਦੀ ਕੁਰਬਾਨੀ ’ਤੇ ਧਾਰਮਿਕ ਉਤਸ਼ਾਹ ਵੀ ਲਾਸਾਨੀ ਸੀ। ਉਹ ਡਾਂਗਾਂ ਦੀਆਂ ਮਾਰਾਂ ਖਾਂਦੇ ‘ਵਾਹਿਗੁਰੂ ਵਾਹਿਗੁਰੂ’ ਆਖਦੇ ਤੇ ਕਈ ਵੇਰ ਇਹ ਵੀ ਕਹਿੰਦੇ ਕਿ ‘ਹੋਰ ਗੱਫੇ ਬਖ਼ਸ਼ੋ।’ ਸਿੱਖਾਂ ਦੀ ਅਜਿਹੀ ਸਪਿਰਟ ਦੇਖ ਦੇਖ ਹਰ ਗ਼ੈਰ ਸਿੱਖ ਨੇ ਵੀ ਸਿੰਘਾਂ ਦੀ ਪ੍ਰਸੰਸਾ ਕੀਤੀ।

ਇੱਕ ਪ੍ਰਸਿੱਧ ਇਸਾਈ ਪਾਦਰੀ Rev.C. F. Andrews ਜਿਸ ਨੇ ਇਹ ਜ਼ੁਲਮ ਆਪਣੀ ਅੱਖੀਂ ਵੇਖਿਆ ਸੀ; ਲਿਖਦਾ ਹੈ ਕਿ ‘ਇਹ ਅੰਗਰੇਜ਼ ਸਰਕਾਰ ਦੀ ਨੈਤਿਕ ਹਾਰ, ਕਾਇਰਤਾ ਅਤੇ ਅਣਮਨੁੱਖੀ ਵਿਹਾਰ ਦੀ ਨਿਸ਼ਾਨੀ ਹੈ’। ਉਸ ਨੇ ਪੰਜਾਬ ਦੇ ਗਵਰਨਰ ਨੂੰ ਲਿਖਿਆ ਕਿ ਉਸ ਨੇ ਆਪਣੀ ਅੱਖਾਂ ਨਾਲ ਗੁਰੂ ਕੇ ਬਾਗ਼ ’ਚ ਜ਼ੁਲਮ ਹੁੰਦਾ ਵੇਖਿਆ ਹੈ। ਇਹ ਉਹ ਨਜ਼ਾਰਾ ਸੀ ਜਿਹੜਾ ਉਹ ਫਿਰ ਕਦੇ ਦੇਖਣਾ ਨਹੀਂ ਚਾਹੁੰਦਾ। ਉਸ ਨੇ ਇਹ ਵੀ ਲਿਖਿਆ ਕਿ ਉਹ ਇਹ ਨਿਰਦਈ ਤੇ ਅਤਿਅੰਤ ਵਹਿਸ਼ੀਆਨਾ ਕਾਰਵਾਈ ਬੰਦ ਕਰੇ। ਉਸ ਦੇ ਸ਼ਬਦ ਬੜੇ ਭਾਵਪੂਰਤ ਤੇ ਕਰੁਣਾਮਈ ਸਨ। ਉਸ ਨੇ ਪੰਜਾਬ ਦੇ ਗਵਰਨਰ ਨੂੰ ਮਿਲ ਕੇ ਦੱਸਿਆ ਕਿ ਉਸ ਨੇ ਇਤਿਹਾਸ ’ਚ ਇੱਕ ਈਸਾ ਮਸੀਹ ਨੂੰ ਸੂਲੀ ਚੜ੍ਹਾਏ ਜਾਣ ਦੀ ਗਾਥਾ ਪੜ੍ਹੀ ਹੈ, ਪਰ ਆਪਣੀਆਂ ਅੱਖਾਂ ਨਾਲ ਗੁਰੂ ਕੇ ਬਾਗ਼ ਵਿੱਚ ਹਜ਼ਾਰਾਂ ਈਸਾ ਮਸੀਹ ਫਾਂਸੀ ਲੱਗਦੇ ਵੇਖੇ ਹਨ, ਜੋ ਸ਼ਾਂਤੀ ਦਾ ਉਪਦੇਸ਼ ਦਿੰਦੇ ਵਿਖਾਈ ਦਿੰਦੇ ਦਿੱਸ ਰਹੇ ਹਨ। ਉਸ ਨੇ ਪੰਜਾਬ ਦੇ ਗਵਰਨਰ ਸਰ ਮੈਕਲੈਗਨ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਇਹ ਕਹਿਰ ਬੰਦ ਕਰਨ ਲਈ ਜ਼ੋਰ ਪਾਇਆ, ਜਿਸ ’ਤੇ 13 ਸਤੰਬਰ ਨੂੰ ਮੈਕਲੈਗਨ ਖ਼ਦ ਗੁਰੂ ਕੇ ਬਾਗ਼ ਪੁੱਜਾ, ਜਿਸ ਦੇ ਫਲਸਰੂਪ ਸਿੰਘਾਂ ’ਤੇ ਤਸ਼ੱਦਦ ਹੋਣਾ ਬੰਦ ਹੋ ਗਿਆ, ਪਰ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਰਿਹਾ, ਜੋ 17 ਨਵੰਬਰ 1922 ਤੱਕ ਚੱਲਿਆ।

ਹੁਣ ਤੱਕ 1300 ਦੇ ਲਗਭਗ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਸਨ। ਪਹਿਲੇ 20-20 ਸਿੰਘਾਂ ਦਾ ਜੱਥਾ ਜਾਂਦਾ ਰਿਹਾ ਅਤੇ 10 ਅਕਤੂਬਰ ਤੋਂ 100-100 ਦਾ ਜੱਥਾ ਰੋਜ਼ਾਨਾ ਜਾਣ ਲੱਗਾ।  25 ਅਕਤੂਬਰ ਨੂੰ ਰਸਾਲਦਾਰ ਅਨੂਪ ਸਿੰਘ ਦੀ ਜਥੇਦਾਰੀ ਹੇਠ 100 ਫ਼ੌਜੀ ਸਿੱਖ ਪੈਨਸ਼ਨਰਾਂ ਦਾ ਜੱਥਾ ਗਿਆ। ਦੂਰ ਦੂਰ ਤੋਂ ਹਿੰਦੂ ਮੁਸਲਮਾਨ ਸਿੰਘਾਂ ਦੇ ਇਸ ਮੋਰਚੇ ਨੂੰ ਵੇਖਣ ਲਈ ਆਉਂਦੇ ਤੇ ਸਰਕਾਰ ਨੂੰ ਫਿਟਕਾਰਾਂ ਪਾਉਂਦੇ। ਸੱਯਦ ਬੁੱਧੂ ਸ਼ਾਹ ਦੀ ਸੰਤਾਨ ਨੇ ਵੀ ਇਸ ਸੱਤਿਆਗ੍ਰਹਿ ਲਈ ਆਪਣਾ ਆਪ ਪੇਸ਼ ਕੀਤਾ। ਗ੍ਰਿਫ਼ਤਾਰ ਹੋਣ ਵਾਲੇ ਸਿੰਘਾਂ ਨੂੰ ਸਰਕਾਰ ਭੁੱਖਣ-ਭਾਣੇ ਲਿਜਾ ਕੇ ਦੂਰ ਦੂਰ ਜੇਲ੍ਹ ਖਾਨਿਆਂ ’ਚ ਜਾ ਸੁੱਟਦੀ ਕਿਉਂਕਿ ਪੰਜਾਬ ਦੀਆਂ ਜੇਲ੍ਹਾਂ ਨੱਕੋ-ਨੱਕ ਭਰੀਆਂ ਪਈਆਂ ਸਨ। ਕੋਈ ਖ਼ਾਲੀ ਥਾਂ ਨਹੀਂ ਸੀ ਰਿਹਾ।

ਨਿਹੱਥੇ ਤੇ ਸ਼ਾਂਤਮਈ ਅਕਾਲੀਆਂ ’ਤੇ ਕੀਤੇ ਜ਼ੁਲਮ ਨੇ ਲੋਕਾਂ ਉੱਤੇ ਡੂੰਘਾ ਪ੍ਰਭਾਵ ਪਾਇਆ। ਗੋਰਖੇ ਸਿਪਾਹੀਆਂ ਨੇ ਨਿਹੱਥੇ ਤੇ ਸ਼ਾਂਤਮਈ ਅਕਾਲੀਆਂ ਨੂੰ ਮਾਰਨ-ਕੁੱਟਣ ਤੋਂ ਇਨਕਾਰ ਕਰ ਦਿੱਤਾ। ਮਨੁੱਖਤਾ ਨਾਲ ਹਮਦਰਦੀ ਰੱਖਣ ਵਾਲੇ ਵੱਖ-ਵੱਖ ਧਰਮਾਂ ਦੇ ਲੋਕ ਵੀ ਭਾਰੀ ਸੰਖਿਆ ’ਚ ਗੁਰੂ ਕੇ ਬਾਗ਼ ਪੁੱਜਣ ਲੱਗੇ। ਇਨ੍ਹਾਂ ਵਿੱਚ ਅੰਗਰੇਜ਼ ਪਾਦਰੀ ਸੀ. ਐਫ. ਐਂਡਰੀਊਜ਼, ਪੰਡਿਤ ਮਦਨ ਮੋਹਨ ਮਾਲਵੀਆ, ਪ੍ਰੋ: ਰੁਚੀ ਰਾਮ ਸਾਹਨੀ, ਹਕੀਮ ਅਜਮਲ ਖਾਂ, ਸ੍ਰੀਮਤੀ ਸਰੋਜਨੀ ਨਾਇਡੂ ਖ਼ਾਸ ਵਰਣਨਯੋਗ ਹਨ। ਪ੍ਰਸਿਧ ਹਿੰਦੂ, ਮੁਸਲਮਾਨ ਆਗੂ ਤੇ ਅਸੰਬਲੀਆਂ ਦੇ ਮੈਂਬਰ ਅਤੇ ਭਾਰੀ ਸੰਖਿਆ ’ਚ ਲੋਕ ਗੁਰੂ ਕੇ ਬਾਗ਼ ਪੁੱਜਣ ਲੱਗੇ। ਕਈ ਭਾਰਤੀ ਅਤੇ ਵਿਦੇਸ਼ੀ ਅਖਬਾਰਾਂ ਦੇ ਪੱਤਰਕਾਰਾਂ ਨੇ ਵੀ ਇਸ ਅਦੁੱਤੀ ਸਖ਼ਤੀ ਨੂੰ ਆਪਣੀ ਅੱਖੀਂ ਵੇਖਿਆ ਤੇ ਆਪਣੇ ਅਖ਼ਬਾਰਾਂ ’ਚ ਛਾਪਿਆ। ਇਸ ਕਾਰਨ ਸੰਸਾਰ ਦੇ ਲੋਕਾਂ ਦੀ ਰਾਏ ਸਰਕਾਰ ਵਿਰੁਧ ਹੋ ਗਈ। ਇੱਕ ਵਿਦੇਸ਼ੀ A.L. Verges ਨੇ ਇਸ ਸਾਕੇ ਦੀ ਇੱਕ ਫਿਲਮ ਬਣਾਈ, ਜਿਸ ਵਿੱਚ ਸਰਕਾਰ ਦੀ ਇਸ ਨਾਜਾਇਜ਼ ਸਖ਼ਤੀ ਨੂੰ ਘਿਰਣਾਯੋਗ ਦਰਸਾਇਆ, ਅਕਾਲੀਆਂ ਦੇ ਸਬਰ ਅਤੇ ਸ਼ਾਂਤਮਈ ਰਹਿਣ ਦੀ ਬਹੁਤ ਸ਼ਲਾਘਾ ਕੀਤੀ ਅਤੇ ਇਸ ਅਹਿੰਸਕ ਮੋਰਚੇ ਨੂੰ ਸੰਸਾਰ ਦੇ ਇਤਿਹਾਸ ਵਿੱਚ ਇੱਕ ਮੀਲ ਪੱਥਰ ਦਰਸਾਇਆ। ਹਜ਼ਾਰਾਂ ਸਰੋਤਿਆ ਨੂੰ ਸੰਬੋਧਨ ਕਰਦਿਆਂ ਪੰਡਿਤ ਮਦਨ ਮੋਹਨ ਮਾਲਵੀਆ ਨੇ ਸਰਕਾਰ ਵੱਲੋਂ ਕੀਤੀ ਜਾ ਰਹੀ ਇਸ ਸਖ਼ਤੀ ਦੀ ਕਰੜੇ ਸ਼ਬਦਾਂ ’ਚ ਆਲੋਚਨਾ ਕੀਤੀ ਅਤੇ ਸਰਕਾਰ ਨੂੰ ਸਲਾਹ ਦਿੱਤੀ ਕਿ ਇਸ ਨੂੰ ਤੁਰੰਤ ਬੰਦ ਕਰੇ।

ਗੁਰੂ ਕੇ ਬਾਗ਼ ਦੇ ਚੱਲਦੇ ਮੋਰਚੇ ਦੌਰਾਨ ਇੱਕ ਹੋਰ ਭਿਆਨਕ ਸਾਕਾ ਪੰਜਾ ਸਾਹਿਬ ਵਾਪਰਿਆ। ਹੋਇਆ ਇੰਝ ਕਿ ਜਦੋਂ ਗ੍ਰਿਫ਼ਤਾਰ ਹੋਏ ਸਿੰਘਾਂ ਨਾਲ ਪੰਜਾਬ ਦੀਆਂ ਜੇਲ੍ਹਾਂ ਭਰ ਗਈਆਂ ਤਾਂ ਉਨ੍ਹਾਂ ਨੂੰ ਗੱਡੀਆਂ ’ਚ ਭਰ ਕੇ ਦੂਰ ਦੁਰਾਡੇ ਦੀਆਂ ਜੇਲ੍ਹਾਂ ’ਚ ਛੱਡਿਆ ਜਾ ਰਿਹਾ ਸੀ।  ੧੪ ਕੱਤਕ ਸੰਮਤ ੧੯੭੯/30 ਅਕਤੂਬਰ 1922 ਨੂੰ ਗੁਰੂ ਕੇ ਬਾਗ਼ ਦੇ ਮੋਰਚੇ ਦੇ ਸਿੰਘ ਕੈਦੀਆਂ ਦੀ ਗੱਡੀ ਅਟਕ ਜੇਲ੍ਹ ਵੱਲ ਲਿਜਾਈ ਜਾ ਰਹੀ ਸੀ। ਪੰਜਾ ਸਾਹਿਬ (ਹਸਨ ਅਬਦਾਲ) ਦੇ ਸਿੰਘਾਂ ਨੇ ਇਨ੍ਹਾਂ ਕੈਦੀ ਭਰਾਵਾਂ ਨੂੰ ਲੰਗਰ ਪਾਣੀ ਛਕਾਉਣ ਦਾ ਵਿਚਾਰ ਬਣਾਇਆ। ਉਨ੍ਹਾਂ ਸਟੇਸ਼ਨ ਮਾਸਟਰ ਨੂੰ ਗੱਡੀ ਖੜ੍ਹੀ ਕਰਨ ਲਈ ਬੇਨਤੀ ਕੀਤੀ, ਪਰ ਸਰਕਾਰ ਦਾ ਹੁਕਮ ਸੀ ਕਿ ਰਸਤੇ ’ਚ ਗੱਡੀ ਬਿਲਕੁਲ ਨਾ ਰੋਕੀ ਜਾਵੇ; ਇਸ ਲਈ ਉਹ ਗੱਡੀ ਖੜ੍ਹੀ ਕਰਨਾ ਨਾ ਮੰਨਿਆ। ਕਈ ਸਿੰਘ ਗੱਡੀ ਮੂਹਰੇ ਬੈਠ ਗਏ, ਉਨ੍ਹਾਂ ਕਿਹਾ, ‘ਸਾਡਾ ਭਾਵੇਂ ਸਰੀਰ ਲੱਥ ਜਾਵੇ, ਅਸੀਂ ਆਪਣੇ ਭੁੱਖੇ ਭਰਾਵਾਂ ਦੀ ਜ਼ਰੂਰ ਟਹਿਲ ਕਰਨੀ ਹੈ।’ ਇੰਜਨ ਤੇਜ ਚੱਲਦਾ ਆ ਰਿਹਾ ਸੀ, ਜੋ ਦੋ ਸਿੰਘਾਂ ਨੂੰ ਕੁਚਲਣ ਪਿੱਛੋਂ ਅਚਾਨਕ ਰੁਕ ਗਿਆ ਤੇ ਗੱਡੀ ਖੜ੍ਹੀ ਹੋ ਗਈ। ਭਾਈ ਪਰਤਾਪ ਸਿੰਘ ਖਜ਼ਾਨਚੀ ਗੁਰਦੁਆਰਾ ਪੰਜਾ ਸਾਹਿਬ ਤੇ ਭਾਈ ਕਰਮ ਸਿੰਘ, ਜੋ ਯਾਤਰਾ ਲਈ ਆਏ ਸਨ; ਦੋਵੇਂ ਸਿੰਘ ਸ਼ਹੀਦ ਹੋ ਗਏ ਤੇ 6 ਸਿੰਘ ਬਹੁਤ ਜ਼ਖ਼ਮੀ ਹੋ ਗਏ। ਭਾਈ ਪਰਤਾਪ ਸਿੰਘ ਹਾਲੀ ਸਹਿਕਦਾ ਸੀ ਜਦੋਂ ਉਸ ਨੂੰ ਗੱਡੀ ਹੇਠੋਂ ਕੱਢਣ ਲੱਗੇ ਤਾਂ ਉਨ੍ਹਾਂ ਕਿਹਾ ਪਹਿਲਾਂ ਭੁਖੇ ਸਿੰਘਾਂ ਨੂੰ ਲੰਗਰ ਛਕਾਇਆ ਜਾਵੇ, ਉਸ ਪਿੱਛੋਂ ਮੈਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇ। ਸੋ ਇਸੇ ਤਰ੍ਹਾਂ ਕੀਤਾ ਗਿਆ ਭਾਈ ਪ੍ਰਤਾਪ ਸਿੰਘ ਨੂੰ ਗੱਡੀ ਹੇਠੋਂ ਕੱਢ ਕੇ ਇਲਾਜ਼ ਲਈ ਹਸਪਤਾਲ ਲੈ ਜਾਣ ਤੋਂ ਪਹਿਲਾਂ ਲੰਗਰ ਛਕਾਇਆ ਗਿਆ। ਜ਼ਿਆਦਾ ਖ਼ੂਨ ਨਿਕਲਣ ਕਾਰਨ ਭਾਈ ਪ੍ਰਤਾਪ ਸਿੰਘ ਹਸਪਤਾਲ ’ਚ ਦਮ ਤੋੜ ਗਏ। ਇਉਂ ਹਰ ਥਾਂ ਸਿੰਘਾਂ ਦੇ ਮਨ ’ਚ ਕੁਰਬਾਨੀਆਂ ਦਾ ਚਾਅ ਠਾਠਾਂ ਮਾਰ ਰਿਹਾ ਸੀ। ਇੱਧਰ ਬੀ. ਟੀ. ਦੀਆਂ ਡਾਂਗਾਂ ਝੱਲੀਆਂ ਜਾ ਰਹੀਆਂ ਸਨ ਅਤੇ ਉਧਰ ਇੰਜਨ ਨਾਲ ਮੁਕਾਬਲਾ ਹੋ ਰਿਹਾ ਸੀ। ਸਿੱਖਾਂ ਨੂੰ ਜਾਨ ਨਾਲੋਂ ਧਰਮ ਦੀ ਕੀਮਤ ਵੱਧ ਨਜ਼ਰ ਆਉਂਦੀ ਸੀ।

ਅਕਾਲੀ ਜੱਥਿਆਂ ’ਚ ਭਾਰੀ ਗਿਣਤੀ ਵਿੱਚ ਸੇਵਾ ਮੁਕਤ ਫੌਜੀ ਗ੍ਰਿਫ਼ਤਾਰੀ ਦੇਣ ਲਈ ਸ਼ਾਮਲ ਹੋ ਰਹੇ ਸਨ। ਸਰਕਾਰ ਨੂੰ ਭਾਰਤੀ ਸਿੱਖ ਫੌਜੀ ਦਸਤਿਆਂ ’ਚ ਅਸ਼ਾਂਤੀ ਫੈਲਣ ਦਾ ਖਤਰਾ ਪੈਦਾ ਹੋ ਗਿਆ। ਅਖਬਾਰਾਂ ਵਿੱਚ ਸਰਕਾਰ ਵਿਰੋਧੀ ਛਪੇ ਲੇਖ, ਕੌਮੀ ਪੱਧਰ ਦੇ ਲੀਡਰਾਂ ਦੇ ਬਿਆਨਾਂ ਅਤੇ ਸ੍ਰੋਮਣੀ ਕਮੇਟੀ ਦੇ ਪ੍ਰਚਾਰ ਨੇ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ।

ਸਰਕਾਰ ਨੇ ਇੱਕ ਸੇਵਾ ਮੁਕਤ ਇੰਜੀਨੀਅਰ ਸਰ ਗੰਗਾ ਰਾਮ ਨੂੰ ਇਸ ਗੱਲ ਲਈ ਮੰਨਾ ਲਿਆ ਕਿ ਉਹ ਬਾਗ਼ ਦੀ ਜ਼ਮੀਨ ਮਹੰਤ ਤੋਂ ਪਟੇ ’ਤੇ ਲੈ ਲਵੇ। ਨਵੰਬਰ 1922 ’ਚ ਉਸ ਨੇ ਜ਼ਮੀਨ ਪਟੇ ’ਤੇ ਲੈ ਲਈ ਅਤੇ ਸਰਕਾਰ ਨੂੰ ਕਿਹਾ ਕਿ ਮੈਨੂੰ ਸਰਕਾਰੀ ਮੱਦਦ ਦੀ ਲੋੜ ਨਹੀਂ ਤੇ ਅਕਾਲੀਆਂ ਨੂੰ ਬਾਗ਼ ’ਚੋਂ ਲੱਕੜਾਂ ਕੱਟਣ ਦੀ ਮਨਜ਼ੂਰੀ ਦੇ ਦਿੱਤੀ। ਸਰਕਾਰ ਨੇ ਗੁਰੂ ਕੇ ਬਾਗ਼ ਤੋਂ ਪੁਲਿਸ ਵਾਪਸ ਬੁਲਾ ਲਈ ਤੇ ਬਾਗ਼ ਦੁਆਲੇ ਲਗਾਈ ਕੰਡਿਆਲੀ ਤਾਰ ਵੀ ਹਟਾ ਦਿੱਤੀ। ਅਕਾਲੀਆਂ ਨੇ ਬਾਗ਼ ਵਾਲੀ ਜ਼ਮੀਨ ’ਤੇ ਕਬਜ਼ਾ ਕਰ ਲਿਆ ਅਤੇ ਸਰਕਾਰ ਨੇ ਕੈਦ ਕੀਤੇ ਅਕਾਲੀ ਰਿਹਾ ਕਰ ਦਿੱਤੇ।  ੨ ਮੱਘਰ ਸੰਮਤ ੧੯੭੯/17 ਨਵੰਬਰ, 1922 ਵਾਲੇ ਦਿਨ ਇਹ ਸੰਘਰਸ਼ ਸਮਾਪਤ ਹੋ ਗਿਆ; ਜਿਸ ’ਚ 1500 ਅਕਾਲੀ ਫੱਟੜ ਹੋਏ ਤੇ 5605 ਅਕਾਲੀਆਂ ਨੇ ਗ੍ਰਿਫਤਾਰੀ ਦਿੱਤੀ। ਅਕਾਲੀਆਂ ਨੇ ਗੁਰੂ ਕੇ ਬਾਗ਼ ਦੀ ਜ਼ਮੀਨ ਅਤੇ ਗੁਰਦੁਆਰੇ ਨੂੰ ਆਪਣੇ ਕਬਜ਼ੇ ’ਚ ਲੈ ਲਿਆ।

ਅਕਾਲੀਆਂ ਵਲੋਂ ਲਾਇਆ ‘ਗੁਰੂ ਕੇ ਬਾਗ਼ ਦਾ ਮੋਰਚਾ’ ਗੁਰਦੁਆਰਾ ਸੁਧਾਰ ਲਹਿਰ ਦੇ ਇਤਿਹਾਸ ’ਚ ਇੱਕ ਮੀਲ ਪੱਥਰ ਹੈ। ਇੱਥੇ ਸਿੱਖਾਂ ਨੇ ਸ਼ਾਂਤਮਈ ਤੇ ਅਹਿੰਸਕ ਢੰਗ ਨਾਲ ਟਾਕਰਾ ਕਰ ਕੇ ਅਹਿੰਸਾ ਦੇ ਹਥਿਆਰ ਦੀ ਸਫਲਤਾ ਸਿਧ ਕਰ ਦਿਖਾਈ। ਉਨ੍ਹਾਂ ਨੇ ਅਟੁੱਟ ਵਿਸ਼ਵਾਸ਼ ਅਤੇ ਸਬਰ ਨਾਲ ਮੁਸੀਬਤਾਂ ਝਲ ਕੇ ਭਾਰਤੀਆਂ ਦਾ ਦਿਲ ਜਿੱਤ ਲਿਆ ਅਤੇ ਅੰਗਰੇਜ਼ ਹਕੂਮਤ ਦੀਆ ਨੀਹਾਂ ਹਿਲਾ ਦਿੱਤੀਆਂ। ਵਿਰੋਧੀਆਂ ਨੇ ਇਹ ਅਨੁਭਵ ਕੀਤਾ ਕਿ ਸ਼ਕਤੀ ਦੀ ਅੰਨ੍ਹੀ ਵਰਤੋਂ ਅਕਾਲੀਆਂ ਦੀ ਅਹਿੰਸਕ ਤੇ ਸ਼ਾਂਤਮਈ ਸੰਘਰਸ਼ ਦੇ ਸਾਮ੍ਹਣੇ ਫੇਲ੍ਹ ਹੋ ਗਈ ਹੈ।

ਸਰਕਾਰ ਨੇ ਚਾਬੀਆਂ ਦੇ ਮੋਰਚੇ ਦੀ ਨਮੋਸ਼ੀ ਦੂਰ ਕਰਨ ਲਈ ਇਸ ਨਵੇਂ ਮੋਰਚੇ ਤੇ ਅਕਾਲੀਆਂ ਨਾਲ ਟੱਕਰ ਲਈ ਸੀ, ਪਰ ਉਸ ਨੂੰ ਮੂੰਹ ਦੀ ਖਾਣੀ ਪਈ। ਸਰਕਾਰੀ ਤਸ਼ੱਦਦ ਅਤੇ ਪੁਲਿਸ ਦੇ ਅਣਮੱਨੁਖੀ ਵਤੀਰੇ ਦੇ ਬਾਵਜੂਦ ਅਕਾਲੀ ਸ਼ਾਂਤਮਈ ਰਹੇ। ਉਨ੍ਹਾਂ ਨੇ ਇਹ ਸਿੱਧ ਕਰ ਦਿਖਾਇਆ ਕਿ ਸਿੱਖ ਜ਼ੁਲਮ ਤੇ ਭੜਕਾਊ ਵਰਤਾਰੇ ਦਾ ਟਾਕਰਾ ਵੀ ਸ਼ਾਂਤਮਈ ਤੇ ਅਹਿੰਸਕ ਰਹਿ ਕੇ ਕਰ ਸਕਦੇ ਹਨ। ਸਿੱਟੇ ਵਜੋਂ ਸ਼੍ਰੋਮਣੀ ਕਮੇਟੀ ਦਾ ਵਕਾਰ ਬੜਾ ਵਿਸ਼ਾਲ ਹੋ ਗਿਆ ਕਿਉਂਕਿ ਇਸ ਨੇ ਸ਼ਾਂਤਮਈ ਰਹਿ ਕੇ ਜਿੱਤ ਪ੍ਰਾਪਤ ਕੀਤੀ ਸੀ।

ਬੜੇ ਦੁੱਖ ਦੀ ਗੱਲ ਹੈ ਕਿ ਅਸੀਂ ਆਪਣੇ ਸੁਨਹਿਰੀ ਵਿਰਸੇ ਨੂੰ ਭੁੱਲ ਰਹੇ ਹਾਂ। ਮੇਰਾ ਮੰਨਣਾ ਹੈ ਕਿ ਪੰਜਾਬ ਅਤੇ ਪੰਜਾਬ ਤੋਂ ਬਾਹਰ ਵੀ ਸਕੂਲਾਂ ਤੇ ਕਾਲਜਾਂ ’ਚ ਪੜ੍ਹਦੇ ਸਿੱਖ ਵਿਦਿਆਰਥੀਆਂ ਵਿਚੋਂ ਬਹੁਤ ਥੋੜ੍ਹੇ ਵਿਦਿਆਰਥੀ ਹੀ ਗੁਰੂ ਕੇ ਬਾਗ਼ ਬਾਰੇ ਕੁੱਝ ਜਾਣਦੇ ਹੋਣਗੇ। ਸ਼ਾਇਦ ਅਸੀਂ ਗੁਰੂ ਅਮਰ ਦਾਸ ਜੀ ਦਾ ਕਥਨ ਭੁੱਲ ਗਏ ਹਾਂ, ‘‘ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ ’’ (ਮਹਲਾ /੯੫੧) ਭਾਵ ਬਜ਼ੁਰਗਾਂ ਦੀਆਂ ਸਾਖੀਆਂ ਆਮ ਪੁੱਤਰਾਂ ਨੂੰ ਸਪੁੱਤਰ (ਚੰਗੇ ਪੁੱਤਰ) ਬਣਾ ਦਿੰਦੀਆ ਹਨ (ਕਿਉਂਕਿ ਉਹ ਉਨ੍ਹਾਂ ਦੇ ਤਜਰਬਿਆਂ ਤੋਂ ਸਿੱਖਦੇ ਹਨ)।

ਆਪਣੇ ਸੁਨਹਿਰੀ ਵਿਰਸੇ ਨੂੰ ਭੁੱਲ ਜਾਣ ਕਾਰਨ ਸਾਡੀ ਕੇਵਲ ਨਵੀਂ ਪਨੀਰੀ ਹੀ ਨਹੀਂ ਬਲਕਿ ਅਜੋਕੀ ਅਕਾਲੀ ਲੀਡਰਸ਼ਿੱਪ ਵਿਚੋਂ ਵੀ ਬਹੁਤੇ ਕੁਰਾਹੇ ਪੈ ਚੁੱਕੇ ਹਨ, ਜਿਨ੍ਹਾਂ ਦਾ ਮੁੱਖ ਟੀਚਾ ਸੱਤਾ ਪ੍ਰਾਪਤੀ ਅਤੇ ਐਸ਼ ਪ੍ਰਸਤੀ ਕਰਨਾ ਰਹਿ ਗਿਆ ਹੈ, ਨਾ ਕਿ ਰੋਲ ਮਾਡਲ ਬਣ ਕੌਮ ਦੀ ਅਗਵਾਈ ਕਰਨਾ।

ਗੁਰਮਤਿ ਦੀ ਵਿਲੱਖਣਤਾ

0

ਗੁਰਮਤਿ ਦੀ ਵਿਲੱਖਣਤਾ

ਗਿਆਨੀ ਅਵਤਾਰ ਸਿੰਘ

ਕਰਤਾਰ ਨੇ ਸਮੂਹ ਕੁਦਰਤ ਨੂੰ ਥੋੜ੍ਹੀ-ਬਹੁਤੀ ਅਕਲ ਬਖ਼ਸ ਕੇ ਪੈਦਾ ਕੀਤਾ ਹੈ ਤਾਂ ਜੋ ਇਹ ਆਪਣਾ ਵਿਕਾਸ ਖ਼ੁਦ ਕਰਦੀ ਰਹੇ। ਇਸੇ ਅਨੁਸਾਰ ਸਾਰੇ ਜੀਵ-ਜੰਤ; ਆਪਣੇ ਬੱਚੇ ਪੈਦਾ ਕਰ ਉਨ੍ਹਾਂ ਦਾ ਪਾਲਣ-ਪੋਸ਼ਣ ਕਰਦੇ ਹਨ। ਇਹ ਸਚਾਈ; ਗੁਰੂ ਨਾਨਕ ਸਾਹਿਬ ਨੇ ਬਿਆਨ ਕੀਤੀ ਹੈ, ‘‘ਏਕਾ ਸੁਰਤਿ; ਜੇਤੇ ਹੈ ਜੀਅ   ਸੁਰਤਿ ਵਿਹੂਣਾ; ਕੋਇ ਕੀਅ ’’ (ਮਹਲਾ /੨੫), ਇਹੀ ਕੁਦਰਤ ਦਾ ਨਿਯਮ ਹੈ, ਵਿਧਾਨ ਹੈ।

ਜਿਸ ਤਰ੍ਹਾਂ ਹਰ ਦੇਸ਼; ਆਪਣੇ ਸੰਵਿਧਾਨ ’ਚ ਬਦਲਾਅ ਕਰਦਾ ਆਇਆ ਹੈ; ਵੈਸਾ ਹੀ ਕਰਤਾਰ ਨੇ ਆਪਣੇ ਇਸ ਵਿਧਾਨ ’ਚ ਸਦੀਆਂ ਤੋਂ ਬਦਲਾਅ ਕਰਨਾ ਜਾਰੀ ਰੱਖਿਆ ਹੈ ਯਾਨੀ ਜੀਵਾਂ ਦੀ ਸੁਰਤਿ ’ਚ ਨਵੀਂ ਨਵੀਂ ਚੇਤਨਾ ਪੈਦਾ ਕੀਤੀ ਗਈ ਹੈ ਤਾਂ ਕਿ ਸਮਾਜ ਸਮੇਂ ਦਾ ਹਾਣੀ ਬਣਦਾ ਰਹੇ;ਜਿਵੇਂ ਜੰਗਲ਼ੀ ਮਾਨਵ ਨੂੰ ਅੱਗ ਮਚਾਉਣ, ਨੰਗੇ ਰਹਿਣ ਦਾ ਅਹਿਸਾਸ ਕਰਾਉਣ, ਖੇਤੀ ਕਰਨ ਲਈ ਨਵੇਂ ਔਜਾਰ ਸਥਾਪਿਤ ਕਰਨ ਲਈ ਉਸ ਦੀ ਸੋਚ ’ਚ ਨਿਰੰਤਰ ਵਾਧਾ ਕੀਤਾ, ਜੋ ਹੁਣ ਭੀ ਜਾਰੀ ਹੈ ਤੇ ਅਗਾਂਹ ਭੀ ਜਾਰੀ ਰਹੇਗੀ।  15 ਤੋਂ 14 ਲੱਖ ਸਾਲ ਪੂਰਬ ਤੋਂ ਮਨੁੱਖ ਅੰਦਰ ਵਧੀ ਇਹ ਚੇਤਨਾ ਆਧੁਨਿਕ ਯੁਗ ਅਖਵਾਉਂਦੀ ਆਈ, ਜੋ ਹੁਣ ਭੀ ਜਾਰੀ ਹੈ ਤੇ ਅਗਾਂਹ ਭੀ ਆਧੁਨਿਕ ਯੁਗ ਅਖਵਾਏਗੀ ਤੇ ਬੀਤ ਚੁੱਕਿਆ ਸਮਾਂ ਰੂੜ੍ਹੀਵਾਦੀ ਸੋਚ ਐਲਾਨਿਆ ਜਾਂਦਾ ਰਹੇਗਾ ਭਾਵੇਂ ਕਿ ਉਹ ਭੀ ਕਦੇ ਆਧੁਨਿਕ ਹੀ ਸੀ।

15 ਕੁ ਹਜ਼ਾਰ ਸਾਲ ਤੋਂ ਮਨੁੱਖ-ਜਾਤੀ ਨੇ ਇੱਕ ਦੂਜੇ ਉੱਤੇ ਰਾਜ ਕਰਨ ਨੂੰ ਵੱਧ ਤਰਜੀਹ ਦੇਣੀ ਸ਼ੁਰੂ ਕੀਤੀ। ਆਪਣੇ ਆਪਣੇ ਕਬੀਲੇ ਦੇ ਸਰਦਾਰ ਨੂੰ ਮਹਾਨ ਪੁਰਸ਼ ਐਲਾਨਿਆ ਜਾਣ ਲੱਗਾ, ਜਿਸ ਦੀ ਨਕਲ ਅੱਜ ਭੀ ਭਾਰਤ ’ਚ ਕੀਤੀ ਜਾਂਦੀ ਹੈ। ਸਮੂਹ ਭਾਈਚਾਰੇ ਦਾ ਸਿਰ ਉਸ ਅੱਗੇ ਝੁਕਾਇਆ ਜਾਣ ਲੱਗਾ; ਜੈਸਾ ਕਿ ਸਿੱਖ ਸਮਾਜ ’ਚ ਭੀ ਸੰਤ, ਬ੍ਰਹਮਗਿਆਨੀ ਆਦਿ ਬਣਾ-ਬਣਾ ਪੈਰੀਂ ਹੱਥ ਲਗਵਾਏ ਜਾਂਦੇ ਹਨ। ਸਰਦਾਰਾਂ ਦੀ ਮੌਤ ਉਪਰੰਤ ਉਨ੍ਹਾਂ ਦੀ ਮੂਰਤੀ ਬਣਾ ਉਸ ਨੂੰ ਪੂਜਣਾ; 5 ਕੁ ਹਜ਼ਾਰ ਸਾਲ ਪੂਰਬ ਆਧੁਨਿਕ ਧਰਮ ਵਜੋਂ ਜਾਣਿਆ ਜਾਂਦਾ ਸੀ।

ਮਨੁੱਖਤਾ ਅੰਦਰ ਹੋਰ-ਹੋਰ ਚੇਤਨਾ ਭਰਨ ਲਈ ਸਮਾਜ ’ਚ ਅਨੇਕਾਂ ਮਹਾਂ ਪੁਰਸ਼ ਬਣ ਵਿਚਰਦੇ ਰਹੇ। ਕਈ ਜਗਿਆਸੂਆਂ ਨੇ ਪ੍ਰਚਲਿਤ ਰਹੁ-ਰੀਤਾਂ ਨੂੰ ਅਰਥਹੀਣ ਸਾਬਤ ਭੀ ਕੀਤਾ ਜਾਂ ਕਹਿ ਲਈਏ ਕਿ ਪ੍ਰਾਚੀਨ ਧਰਮ ਜਦ ਸਮੇਂ ਦੇ ਹਾਣੀ ਨਾ ਹੋਏ ਤਾਂ ਨਵੇਂ ਨਵੇਂ ਧਰਮਾਂ ਨੇ ਜਨਮ ਲਿਆ। ਧਰਮਾਂ ਦੀ ਇਸ ਕੜੀ ’ਚੋਂ ਹੀ ਇੱਕ ਆਧੁਨਿਕ ਅਤੇ ਨਿਵੇਕਲਾ ਧਰਮ ਉਪਜਿਆ ਹੈ ‘ਗੁਰਮਤਿ’ ਜਾਂ ‘ਸਿੱਖ ਧਰਮ’। ਇਸ ਨੇ ਉਕਤ ਕੁਦਰਤੀ ਨਿਯਮ ‘‘ਏਕਾ ਸੁਰਤਿ; ਜੇਤੇ ਹੈ ਜੀਅ ’’ ਦੀ ਹੋਰ ਵਿਆਖਿਆ ਕਰ ਸਮਝਾਇਆ ਕਿ ‘‘ਜੇਹੀ ਸੁਰਤਿ; ਤੇਹਾ ਤਿਨ ਰਾਹੁ   ਲੇਖਾ ਇਕੋ ਆਵਹੁ ਜਾਹੁ ’’ ਭਾਵ ਕਰਤਾਰ; ਜੀਵਾਂ ਨੂੰ ਜਿੰਨੀ ਕੁ ਸੋਝੀ ਦਿੰਦਾ ਹੈ; ਵੈਸਾ ਹੀ ਮਾਰਗ ਜੀਵ ਅਪਣਾਉਂਦੇ ਹਨ। ਓਨੀ ਕੁ ਸੋਝੀ (ਨਸੀਬ, ਭਾਗ) ਲੈ ਕੇ ਮਨੁੱਖ ਜੰਮਦੇ ਹਨ ਤੇ ਉਸ ਅਨੁਸਾਰ ਕਿਰਤ-ਵਿਹਾਰ ਕਰਦਿਆਂ ਇੱਕ ਦਿਨ ਮਰ ਜਾਂਦੇ ਹਨ ਯਾਨੀ ਮਨੁੱਖ ਅਸਫਲ ਜ਼ਿੰਦਗੀ ਭੋਗਦੇ ਰਹੇ ਕਿਉਂਕਿ ਉਨ੍ਹਾਂ ਦੇ ਹੱਥ-ਵੱਸ ਕੁੱਝ ਨਹੀਂ ਹੁੰਦਾ। ਇਹੀ ਵਿਚਾਰ ਆਪ ਨੇ ਜਪੁ ਬਾਣੀ ’ਚ ਦਿੱਤੇ ਹਨ, ‘‘ਆਖਣਿ ਜੋਰੁ; ਚੁਪੈ ਨਹ ਜੋਰੁ .. ਜੋਰੁ ਜੀਵਣਿ; ਮਰਣਿ ਨਹ ਜੋਰੁ ..੩੩’’ ਭਾਵ ਬਹੁਤਾ ਬੋਲਣ ’ਚ ਜਾਂ ਮੌਨ ਧਾਰਨ ’ਚ ਕਿਸੇ ਦਾ ਜ਼ੋਰ ਨਹੀਂ। ‘‘ਜੇ ਜੁਗ ਚਾਰੇ ਆਰਜਾ.. ’’ ਜਿੰਨੀ ਲੰਬੀ ਉਮਰ ਕਰਨ ’ਚ ਜਾਂ ਜਲਦੀ ਮਰਨ ’ਚ ਕਿਸੇ ਕੋਲ਼ ਸਮਰੱਥਾ ਨਹੀਂ, ਆਦਿ ਆਦਿ ਕਿਉਂਕਿ ਮਾਲਕ ਦੇ ਹੱਥ ’ਚ ਹੀ ਸਭ ਕੁੱਝ ਕਰਨ/ਕਰਾਉਣ ਦੀ ਸਮਰੱਥਾ ਹੈ। ਉਸ ਨੇ ਸਭ ਤਾਕਤ ਆਪਣੇ ਹੱਥ ’ਚ ਰੱਖੀ ਹੈ, ‘‘ਜਿਸੁ ਹਥਿ () ਜੋਰੁ; ਕਰਿ ਵੇਖੈ ਸੋਇ ’’; ਜੇਕਰ ਕਰਤਾਰ; ਕੁਦਰਤ ਤੋਂ ਹਰ ਕਾਰਜ ਕਰਵਾ ਰਿਹਾ ਹੈ ਤਾਂ ਉਹ ਕੁਦਰਤ ਅੰਦਰ ਹੀ ਵਿਰਾਜਮਾਨ ਹੋਵੇਗਾ, ਕਣ ਕਣ ’ਚ ਮੌਜੂਦ ਹੋਏਗਾ, ਨਾ ਕਿ ਇਸ ਤੋਂ ਵੱਖਰਾ 7ਵੇਂ ਅਸਮਾਨ ਉੱਤੇ ਬੈਠਾ ਹੈ ਜਾਂ ਇੱਕ ਮੰਦਿਰ ’ਚ ਮੂਰਤੀ ਵਜੋਂ ਸਥਾਪਿਤ ਹੈ। ਸੋ ਬਾਣੀਕਾਰਾਂ ਦੁਆਰਾ ਕੁਦਰਤ ਦੇ ਮਾਲਕ (ਅਸਲ ਸਚਾਈ/ਧਰਮ) ਦੀ ਕੀਤੀ ਇਹ ਵਿਆਖਿਆ ਨਿਵੇਕਲੀ ਹੈ, ਜੋ ਪਰੰਪਰਾਵਾਦੀ ਧਰਮਾਂ ਦੁਆਰਾ ਆਪਣੇ ਇਸ਼ਟ ਦੀ ਕੀਤੀ ਵਿਆਖਿਆ ਤੋਂ ਭਿੰਨ ਹੈ।

ਜੋ ਕਰਤਾਰ; ਹਰ ਜੀਵਨ ਜਾਂ ਜਾਨਦਾਰ ਵਸਤੂ ਅੰਦਰ ਵਿਆਪਕ ਹੈ; ਉਹ ਨਿਰਜਿੰਦ ਨਹੀਂ ਹੋ ਸਕਦਾ। ਉਹ ਸਭ ਕੁੱਝ ਸੁਣਦਾ ਤੇ ਹਰ ਹਰਕਤ ਵੇਖਦਾ ਹੈ, ‘‘ਸਭੁ ਕਿਛੁ ਸੁਣਦਾ ਵੇਖਦਾ.. ’’ (ਮਹਲਾ /੩੬) ਇਸ ਸਚਾਈ ਨੂੰ ਓਹੀ ਸਵੀਕਾਰ ਸਕਦਾ ਹੈ, ਜਿਸ ਨੂੰ ਉਹ ਵੇਖਣਯੋਗ ਨੇਤਰ ਬਖ਼ਸ਼ਦਾ ਹੈ, ‘‘ਸੋ ਪ੍ਰਭੁ ਨਦਰਿ ਆਵਈ; ਮਨਮੁਖਿ ਬੂਝ ਪਾਇ   ਜਿਸੁ ਵੇਖਾਲੇ, ਸੋਈ ਵੇਖੈ; ਨਾਨਕ ! ਗੁਰਮੁਖਿ ਪਾਇ ’’ (ਮਹਲਾ /੩੬) ਧਰਮ ਦੇ ਇਹੀ ਸੂਖਮ ਤੇ ਮੂਲ ਨੁਕਤੇ ਦ੍ਰਿੜ੍ਹ ਕਰਵਾਉਣ ਲਈ ਸ਼ਰਧਾਵਾਨਾਂ ਲਈ ਨਿਤਨੇਮ ਨਿਰਧਾਰਿਤ ਕੀਤਾ ਹੁੰਦਾ ਹੈ।

ਅੱਲ੍ਹਾ ਦਾ ਦੀਦਾਰ 7ਵੇਂ ਅਕਾਸ਼ ਉੱਤੇ ਸਿੱਧ ਕਰਨ ਲਈ ਜਾਂ ਇਸ਼ਟ ਨੂੰ ਮੂਰਤੀ ’ਚ ਸਾਬਤ ਕਰਨ ਲਈ ਅਨੁਯਾਈਆਂ ਅਤੇ ਪੈਰੋਕਾਰਾਂ (ਚੇਲਿਆਂ) ਵਿੱਚ ਨਿਜ ਦੀ ਘਾਲ-ਕਮਾਈ ਉਜਾਗਰ ਕਰਨ ਦੀ ਲੋੜ ਨਹੀਂ ਹੁੰਦੀ ਜਦਕਿ ਕਰਤਾਰ ਨੂੰ ਹਿਰਦੇ ’ਚੋਂ ਪ੍ਰਗਟ ਕਰ ਹੋਰਾਂ ਨੂੰ ਦਰਸ਼ਨ ਕਰਾਉਣ ਲਈ ਰਹਿਬਰ, ਪੀਰ, ਗੁਰੂ, ਆਦਿ ਨੂੰ ਆਪਣਾ ਸਰੀਰ; ਹਨੂੰਮਾਨ ਵਾਙ ਖੋਲ੍ਹ ਕੇ ਵਿਖਾਉਣਾ ਪੈਂਦਾ ਹੈ। ਗੁਰੂ ਨਾਨਕ ਸਾਹਿਬ ਦੇ ਬਚਨ ਹਨ, ‘‘ਬਿਨੁ ਸਤਿਗੁਰ ਕਿਨੈ ਪਾਇਓ; ਬਿਨੁ ਸਤਿਗੁਰ, ਕਿਨੈ ਪਾਇਆ   ਸਤਿਗੁਰ ਵਿਚਿ ਆਪੁ ਰਖਿਓਨੁ; ਕਰਿ ਪਰਗਟੁ ਆਖਿ ਸੁਣਾਇਆ ’’ (ਆਸਾ ਕੀ ਵਾਰ/ਮਹਲਾ /੪੬੬) ਅਰਥ : ਸਤਿਗੁਰੂ ਤੋਂ ਬਿਨਾਂ ਕਿਸੇ ਨੇ ਕਰਤਾਰ ਨੂੰ ਨਹੀਂ ਪਾਇਆ, ਉਸ ਦਾ ਦੀਦਾਰ ਨਹੀਂ ਕੀਤਾ। ਕਰਤਾਰ ਨੇ ਆਪਣੇ ਆਪ ਨੂੰ ਸਤਿਗੁਰੂ ਅੰਦਰ ਟਿਕਾ ਰੱਖਿਆ ਹੈ ਤਾਹੀਓਂ ਸਤਿਗੁਰੂ ਉਸ ਬਾਰੇ ਖੋਲ੍ਹ ਕੇ ਵਿਚਾਰ ਆਖ ਸੁਣਾਉਂਦਾ ਹੈ ਭਾਵ ਕਰਤਾਰ ਆਪ ਹੀ ਸਤਿਗੁਰੂ ਦੇ ਮੂੰਹੋਂ ਬੋਲਦਾ ਪਿਆ ਹੈ, ਦਰਸ਼ਨ ਕਰਾ ਰਿਹਾ ਹੈ।

ਮੁਸਲਮਾਨ; ਕਾਬਾ (ਮੱਕੇ) ਨੂੰ ਅੱਲ੍ਹਾ ਦਾ ਘਰ ਮੰਨਦਾ ਹੈ, ਨਾ ਕਿ ਉਸ ਅਨੁਸਾਰ ਹਰ ਮਨੁੱਖ ਅੰਦਰ ‘ਅੱਲ੍ਹਾ’ ਹੈ ਤਾਹੀਓਂ ਉਸ ਦੀ ਫਿਰਕੂ ਸੋਚ ਨਾ ਮਰੀ। ਇਸਲਾਮੀ ਕਿਤਾਬਾਂ ’ਚ ਕਾਬੇ ਵਾਲ਼ਾ ਮੰਦਿਰ; ਹਜਰਤ ਆਦਮ ਨੇ ਬਣਾਇਆ ਹੈ। ਭਗਤ ਕਬੀਰ ਜੀ ਨੇ ਫ਼ੁਰਮਾਇਆ ਕਿ ਅਸਲ ਕਾਬਾ (ਖ਼ੁਦਾ ਦਾ ਗੁਪਤ ਘਰ) ਹਰ ਸਰੀਰ ਅੰਦਰ ਹੈ, ‘‘ਸਤਰਿ (ਭਾਵ ਗੁਪਤ) ਕਾਬਾ ਘਟ ਹੀ ਭੀਤਰਿ; ਜੇ ਕਰਿ ਜਾਨੈ ਕੋਈ ’’ (ਭਗਤ ਕਬੀਰ/੪੮੦) ਪੰਡਿਤਾਂ ਅਨੁਸਾਰ ਬਨਾਰਸ (ਕਾਂਸ਼ੀ) ’ਚ ਮਰਨ ਵਾਲ਼ਾ ਹੀ ਸੁਰਗ ’ਚ ਜਾਏਗਾ। ਭਗਤ ਕਬੀਰ ਜੀ ਨੇ ਆਪਣੀ ਸਾਰੀ ਉਮਰ ਕਾਂਸ਼ੀ ’ਚ ਗੁਜ਼ਾਰੀ, ਪਰ ਅੰਤਮ ਸਮੇਂ ਸ਼ਰਾਪੀ ਹੋਈ ਜਗ੍ਹਾ ਮਗਹਰ (ਹਾੜੰਬਾ) ਜਾ ਸਰੀਰ ਛੱਡਿਆ। ਆਪ ਜੀ ਨੇ ਬਚਨ ਕੀਤੇ ਕਿ ‘‘ਮਨਹੁ ਕਠੋਰੁ ਮਰੈ ਬਾਨਾਰਸਿ (); ਨਰਕੁ ਬਾਂਚਿਆ ਜਾਈ ਹਰਿ ਕਾ ਸੰਤੁ ਮਰੈ ਹਾੜੰਬੈ; ਸਗਲੀ ਸੈਨ ਤਰਾਈ ’’ (ਭਗਤ ਕਬੀਰ/੪੮੪) ਭਾਵ ਜੇਕਰ ਮਨ ’ਚ ਜਾਤੀ ਅਭਿਮਾਨ (ਕਠੋਰਤਾ) ਹੈ ਤਾਂ ਬਨਾਰਸ ’ਚ ਮਰ ਕੇ ਭੀ ਨਰਕ ਭੋਗਣਾ ਪੈਣਾ ਹੈ ਤੇ ਹਰੀ ਦਾ ਭਗਤ; ਮਗਹਰ ’ਚ ਸਰੀਰ ਤਿਆਗ ਕੇ ਭੀ ਤਰ ਜਾਏਗਾ। ਉਹ ਸਾਰੀ ਸੰਗਤ ਨੂੰ ਭੀ ਤਾਰ ਲਏਗਾ। ਇਹੀ ਵਿਚਾਰ ਭਾਈ ਗੁਰਦਾਸ ਜੀ ਦੇ ਹਨ, ‘‘ਗੰਗ ਬਨਾਰਸਿ ਹਿੰਦੂਆਂ; ਮਕਾ ਕਾਬਾ ਮੁਸਲਮਾਣੇ’’ ਅਤੇ ਅੰਤ ’ਚ ਮਨ ਦੀ ਕਠੋਰਤਾ ਨੂੰ ਉਜਾਗਰ ਕੀਤੀ, ‘‘ਰਾਮ ਰਹੀਮ ਕਹਾਇਦੇ; ਇਕੁ ਨਾਮੁ ਦੁਇ ਰਾਹ ਭੁਲਾਣੇ ਬੇਦ ਕਤੇਬ ਭੁਲਾਇ ਕੈ; ਮੋਹੇ ਲਾਲਚ ਦੁਨੀ ਸੈਤਾਣੇ ਸਚੁ ਕਿਨਾਰੇ ਰਹਿ ਗਇਆ; ਖਹਿ ਮਰਦੇ ਬਾਹਮਣ ਮਉਲਾਣੇ ਸਿਰੋ ਮਿਟੇ; ਆਵਣ ਜਾਣੇ ੨੧’’ (ਵਾਰ ਪਉੜੀ ੨੧) ਯਾਨੀ ਧਰਮ ਦਾ ਮੁੱਢਲਾ ਕਾਰਜ ਮਨ ਦੀ ਕਠੋਰਤਾ ਮਾਰਨਾ ਹੈ ਤਾਹੀਓਂ ਗੁਰੂ ਸਾਹਿਬ ਨੇ ਮੌਲਵੀ ਨੂੰ ਇਹ ਉਪਦੇਸ਼ ਕੀਤਾ, ‘‘ਮੁਸਲਮਾਣੁ; ਮੋਮ ਦਿਲਿ ਹੋਵੈ   ਅੰਤਰ ਕੀ ਮਲੁ; ਦਿਲ ਤੇ ਧੋਵੈ ’’ (ਮਹਲਾ /੧੦੮੪)

ਸੋ ਅਸਲ ਧਰਮ ਓਹੀ ਹੈ, ਜੋ ਮਨੁੱਖ ਦੇ ਅੰਦਰਲੇ ਔਗੁਣਾਂ ਨੂੰ ਚੇਤੇ ਕਰਾ-ਕਰਾ ਉਸ ਦਾ ਮਨ ਨਰਮ ਰੱਖੇ, ਅੰਤਹਿਕਰਣ ਪਾਰਦਰਸ਼ੀ ਕਰੇ ਤਾਂ ਕਿ ਅੰਦਰਲੇ ਜੋਤਿ-ਸਰੂਪ ਕਰਤਾਰ ਦਾ ਪਾਰਦਰਸ਼ੀ ਹੋਏ ਅੰਤਹਿਕਰਣ ਰਾਹੀਂ ਸੁਰਤਿ ਨੂੰ ਅਹਿਸਾਸ ਹੋਵੇ, ਦਰਸ਼ਨ ਹੋ ਜਾਵੇ। ਮਨੁੱਖੀ ਜਨਮ ਬੜਾ ਕੀਮਤੀ ਹੈ, ਅਮੋਲਕ ਹੈ। ਧਰਮ-ਗਿਆਨ ਨੂੰ ਐਨਕ ਬਣਾ ਹੋਰਾਂ ਦੇ ਔਗੁਣ ਫਰੋਲ-ਫਰੋਲ ਆਪਣੇ ਅਹੰਕਾਰ ਨੂੰ ਪੱਠੇ ਪਾਉਣ ਨਾਲ਼ ਖ਼ੁਦ ਦਾ ਜੀਵਨ ਅਜਾਈਂ ਚਲਾ ਜਾਣਾ ਹੈ। ਕਰਤਾਰ ਦਾ ਭੀ ਹੁਕਮ ਹੈ ਕਿ ‘‘ਪਹਿਲਾ ਮਰਣੁ ਕਬੂਲਿ; ਜੀਵਣ ਕੀ ਛਡਿ ਆਸ   ਹੋਹੁ ਸਭਨਾ ਕੀ ਰੇਣੁਕਾ; ਤਉ ਆਉ ਹਮਾਰੈ ਪਾਸਿ ’’ (ਮਹਲਾ /੧੧੦੨) ਐਸੀ ਜੀਵਨਸ਼ੈਲੀ ਸਦਾ ਨਵੀਤਨ ਰਹਿੰਦੀ ਹੈ। ਆਧੁਨਿਕ ਰਹਿੰਦੀ ਹੈ। ਸਮੇਂ ਦੀ ਹਾਣੀ ਬਣੀ ਰਹਿੰਦੀ ਹੈ। ਵਾਰ-ਵਾਰ ਨਵੇਂ ਆਧੁਨਿਕ ਧਰਮ ਸਥਾਪਿਤ ਕਰਨ ਦੀ ਲੋੜ ਨਹੀਂ ਪੈਂਦੀ।

ਮੁਕਤੀ : ਧਰਮ ਦਾ ਅਸਲ ਫਲ਼; ਮੁਕਤੀ ਪ੍ਰਾਪਤ ਕਰਨਾ ਹੈ। ਫਲ਼ਦਾਰ ਰੁੱਖ ਲਗਾਏ ਦਾ ਤਾਂ ਹੀ ਫ਼ਾਇਦਾ ਹੈ ਜੇਕਰ ਉਸ ਨੂੰ ਫਲ਼ ਲੱਗਣ। ਧਰਮੀ ਹੋਣ ਦਾ ਭੀ ਤਾਂ ਹੀ ਲਾਭ ਹੈ; ਜੇਕਰ ਬੰਦਾ ਮੁਕਤ ਹੋਵੇ। ਸਵਾਲ : ਮੁਕਤੀ ਕੀ ਹੈ ? ਜਵਾਬ : ਹਿੰਦੂ ਮੱਤ; ‘ਆਤਮਾ’ (ਰੂਹ, ਜਿੰਦ, ਸੂਖਮ ਸਰੀਰ) ਨੂੰ ਮੁਕਤ ਕਰਨਾ ਮੰਨਦੀ ਹੈ। ਇਸ ਦੀ ਮੁਕਤੀ ਲਈ 68 ਤੀਰਥ-ਸਥਾਨ ਭੀ ਬਣਾਏ ਗਏ ਹਨ। ਜੇਕਰ ਫਿਰ ਭੀ ਇਹ ਮੁਕਤ ਨਾ ਹੋਇਆ ਤਾਂ ਮਰਨ ਉਪਰੰਤ ਗਊ ਦਾਨ ਕਰਨੀ ਪੈਣੀ ਹੈ ਤਾਂ ਜੋ ਉਸ ਦੀ ਪੂਛ ਫੜ ਕੇ ‘ਆਤਮਾ/ਸੂਖਮ ਸਰੀਰ’; ਵੈਤਰਣੀ ਨਦੀ (ਨਰਕ ਦਾ ਦਰਿਆ; ਜੋ ਤਕਰੀਬਨ 16 ਮੀਲ ਚੌੜਾ; ਦੁਰਗੰਧ ਤੇ ਅੱਗ ਵਰਗੇ ਗਰਮ ਪਾਣੀ ਨਾਲ਼ ਭਰਿਆ ਹੈ) ਪਾਰ ਕਰ ਸਕੇ ਭਾਵ ਮੁਕਤ ਹੋ ਜਾਵੇ।

ਈਸਾਈ, ਇਸਲਾਮ, ਆਦਿ ਮੱਤਾਂ ਅਨੁਸਾਰ ਬੰਦਾ; ਬੰਦਗੀ ਕਰੇ ਜਾਂ ਨਾ ਕਰੇ; ਉਸ ਦੀ ਰੂਹ ਨੇ ਕਿਆਮਤ ਤੱਕ ਕਬਰ ’ਚ ਰਹਿਣਾ ਹੈ। ਕਿਆਮਤ ਭਾਵ ਸ੍ਰਿਸ਼ਟੀ ਦੇ ਅੰਤ ਹੋਣ ਤੋਂ ਬਾਅਦ ਬੰਦਗੀ ਕਰਨ ਵਾਲ਼ੇ ਦੀ ਰੂਹ (ਪੈਗ਼ੰਬਰ ਦੀ ਗਵਾਹੀ ਨਾਲ਼) ਮੁਕਤ ਹੋ ਜਾਏਗੀ ਅਤੇ ਕਾਫ਼ਿਰ (ਨਾਸਤਿਕ) ਦੀ ਰੂਹ ਨੇ ਪੁਲਸਿਰਾਤ (ਨਰਕ ਦਾ ਪੁਲ; ਜਿਸ ਹੇਠਾਂ ਕਿੱਲਾਂ ਵਰਗੇ ਨੁਕੀਲੇ ਚੋਭ ਅਤੇ ਅੱਗ ਦੇ ਭਾਂਬੜ ਬਲ਼ਦੇ ਹਨ) ’ਚ ਕਸ਼ਟ ਸਹਾਰਨੇ ਪੈਂਦੇ ਹਨ। ਬਾਬਾ ਫ਼ਰੀਦ ਜੀ ਦੇ ਬੋਲ ਹਨ, ‘‘ਵਾਲਹੁ ਨਿਕੀ ਪੁਰਸਲਾਤ; ਕੰਨੀ ਸੁਣੀ ਆਇ ਫਰੀਦਾ  ! ਕਿੜੀ ਪਵੰਦੀਈ; ਖੜਾ ਆਪੁ ਮੁਹਾਇ ’’ (ਬਾਬਾ ਫਰੀਦ/੧੩੭੭) ਭਾਵ ਹੇ ਬੰਦੇ ! ਤੈਂ ਕਦੇ ਪੁਲਸਿਰਾਤ ਦਾ ਨਾਂ ਨਹੀਂ ਸੁਣਿਆ, ਜੋ ਵਾਲ ਤੋਂ ਭੀ ਬਰੀਕ ਹੈ। ਕੰਨੀਂ ਵਾਜਾਂ ਪੈਣ ’ਤੇ ਭੀ ਆਪਣਾ ਆਪ ਨਾ ਲੁਟਾ ਭਾਵ ਪ੍ਰਤੱਖ ਸੂਝ ਹੋਣ ਦੇ ਬਾਵਜੂਦ ਭੀ ਕਾਫ਼ਿਰ ਨਾ ਬਣ।

‘ਮੁਕਤੀ’ ਦੀ ਉਕਤ ਕੀਤੀ ਵਿਆਖਿਆ; ਪ੍ਰਾਚੀਨ ਧਰਮਾਂ ਦੀ ਹੈ ਜਦਕਿ ਗੁਰਬਾਣੀ ਅਨੁਸਾਰ ‘ਆਤਮਾ’; ਕਰਤਾਰ ਦਾ ਅੰਸ਼ ਹੈ, ਜਿਸ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾ ਸਕਦੀ। ਭਗਤ ਕਬੀਰ ਜੀ ਦੇ ਬੋਲ ਹਨ, ‘‘ਇਆ ਮੰਦਰ (ਸਰੀਰ) ਮਹਿ ਕੌਨ ਬਸਾਈ ?  ਤਾ ਕਾ ਅੰਤੁ; ਕੋਊ ਪਾਈ ਰਹਾਉ .. ਨਾ ਇਹੁ ਤਪਾ; ਕਹਾਵੈ ਸੇਖੁ   ਨਾ ਇਹੁ ਜੀਵੈ; ਮਰਤਾ ਦੇਖੁ   ਇਸੁ ਮਰਤੇ ਕਉ ਜੇ ਕੋਊ ਰੋਵੈ   ਜੋ ਰੋਵੈ; ਸੋਈ ਪਤਿ ਖੋਵੈ ਗੁਰ ਪ੍ਰਸਾਦਿ (ਨਾਲ਼) ਮੈ ਡਗਰੋ (ਸਹੀ ਮਾਰਗ) ਪਾਇਆ   ਜੀਵਨ ਮਰਨੁ ਦੋਊ ਮਿਟਵਾਇਆ   ਕਹੁ ਕਬੀਰ  ! ਇਹੁ ਰਾਮ ਕੀ ਅੰਸੁ   ਜਸ ਕਾਗਦ ਪਰ ਮਿਟੈ ਮੰਸੁ (ਭਗਤ ਕਬੀਰ/੮੭੧) ਭਾਵ ਜਿਵੇਂ ਕਾਗਜ਼ ਉੱਤੇ ਛਪੀ ਸਿਆਹੀ ਨਹੀਂ ਮਿਟਦੀ; ਵੈਸੇ ਹੀ ਆਤਮਾ; (ਪ੍ਰਭੂ ਵਾਙ) ਅਮਰ ਹੈ।

ਗੁਰਬਾਣੀ ਅਨੁਸਾਰ ਮੁਕਤੀ; ਆਪਣੇ ਅੰਤਹਿਕਰਣ (ਅੰਦਰਲੀ ਇੰਦ੍ਰੀ, ਜਿਸ ਦੀ ਪ੍ਰੇਰਨਾ ਨਾਲ਼ ਬਾਹਰਲੀਆਂ 4 ਇੰਦ੍ਰੀਆਂ ‘ਸੁਰਤਿ, ਮਤਿ, ਮਨ, ਬੁਧਿ’ ਕਾਰਜ ਕਰਦੀਆਂ ਹਨ) ਨੂੰ ਪਾਰਦਰਸ਼ੀ ਕਰਨਾ ਹੈ ਤਾਂ ਜੋ ਸਰਬ ਵਿਆਪਕ ਰੱਬੀ ਜੋਤਿ (ਆਤਮਾ) ਦਾ ਹੂ-ਬਹੂ ਪ੍ਰਕਾਸ਼; ਇਨ੍ਹਾਂ ਬਾਹਰਲੀਆਂ ਚਾਰੋਂ ਇੰਦ੍ਰੀਆਂ ਨੂੰ ਮਿਲ ਸਕੇ। ਇਹੀ ਹੈ ‘ਪ੍ਰਭੂ ਦਾ ਦਰਸ਼ਨ, ਜੀਵਨ ਮੁਕਤ ਹੋਣਾ’। ਜੋ ਅੰਦਰਲੇ ਤੀਰਥ ਉੱਤੇ ਇਸ਼ਨਾਨ ਕੀਤਿਆਂ (ਅੰਤਰਗਤਿ ਤੀਰਥਿ (ਤੇ) ਮਲਿ ਨਾਉ ੨੧ ਜਪੁ) ਭਾਵ ਗੁਰਮਤਿ ਅਨੁਸਾਰੀ ਸਵੈ ਪੜਚੋਲ ਕੀਤਿਆਂ ਹੋਣਾ ਹੈ। ਜੇਕਰ ਸਿੱਖ ਇਸ ਸੰਘਰਸ਼ ’ਚ ਅਸਫਲ ਰਿਹਾ ਤਾਂ ਜਿਹੜੀ ‘‘ਜਨਮ ਜਨਮ ਕੀ ਇਸੁ ਮਨ (ਅੰਤਹਿਕਰਣ) ਕਉ ਮਲੁ ਲਾਗੀ.. ’’ (ਮਹਲਾ /੬੫੧) ਹੈ, ਜਿਸ ਨੂੰ ਗੁਰੂ ਨਾਨਕ ਸਾਹਿਬ ਜੀ ਨੇ ‘ਕੂੜ ਦੀ ਕੰਧ/ਪਰਦਾ’ ਭੀ ਕਿਹਾ ਹੈ, ‘‘ਕਿਵ ਕੂੜੈ ਤੁਟੈ ਪਾਲਿ ? ..’’ (ਜਪੁ), ਨੇ ਅਗਲਾ ਜਨਮ ਅਵੱਸ਼ ਕਰਾਉਣਾ ਹੈ; ਜੈਸਾ ਕਿ ਵਾਕ ਹੈ, ‘‘ਸੁਨਹੁ ਰੇ  ! ਤੂ ਕਉਨੁ ? ਕਹਾ ਤੇ ਆਇਓ ?   ਏਤੀ ਜਾਨਉ, ਕੇਤੀਕ ਮੁਦਤਿ ? ਚਲਤੇ ਖਬਰਿ ਪਾਇਓ ਰਹਾਉ ..  ਜਿਨਿ ਰਚਿ ਰਚਿਆ ਪੁਰਖਿ+ਬਿਧਾਤੈ (ਨੇ); ਨਾਲੇ ਹਉਮੈ ਪਾਈ   ਜਨਮ ਮਰਣੁ ਉਸ (ਹਉਮੈ/ਮੈਲ਼) ਹੀ ਕਉ ਹੈ ਰੇ ! ਓਹਾ ਆਵੈ ਜਾਈ (ਮਹਲਾ /੯੯੯) ਭਾਵ ਆਵਾਗਮਣ ’ਚ ਜਨਮ ਜਨਮ ਦੀ ਮੈਲ਼, ਜੋ ਬੰਦੇ ਦੁਆਰਾ ਕੀਤੇ ਕੰਮਾਂ ਦਾ ਫਲ਼ ਹੈ; ਹੀ ਜਾਂਦੀ ਹੈ। ਉਸ ਲਈ ਸਹਾਰਾ ਫਿਰ ਰੱਬੀ ਜੋਤਿ (ਆਤਮਾ, ਰੂਹ, ਜਿੰਦ) ਬਣ ਜਾਂਦਾ ਹੈ, ਨਾ ਕਿ ਪ੍ਰਾਚੀਨ ਮੱਤਾਂ ਵਾਙ ‘ਆਤਮਾ’ ਨੂੰ ਮੁਕਤ ਕਰਨਾ ਹੈ।

ਅੰਤ ’ਚ ਸ਼ਰਧਾਵਾਨ ਮਨੁੱਖਾਂ ਨੂੰ ਸਤਿਗੁਰੂ ਦੇ ਮਾਨਵਤਾ ਲਈ ਕੀਤੇ ਅਹਿਸਾਸ, ਗੁਰੂ ਦੀ ਅਹਿਮੀਅਤ ਅਤੇ ਗੁਰੂ ਦੇ ਅਪਾਰ ਰੂਹਾਨੀਅਤ ਬਲ ਦਾ ਸਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ, ਜਿਨ੍ਹਾਂ ਦੁਆਰਾ ਬਖ਼ਸ਼ੀ ਗਿਆਨ-ਰੌਸ਼ਨੀ ਨਾਲ਼ ਅਪਹੁੰਚ ਮਾਲਕ (ਕਰਤਾਰ) ਨਾਲ਼ ਪ੍ਰੀਤ ਬਣ ਸਕੀ ਤੇ ਜਨਮ ਸਫਲ ਹੋਇਆ। ਭਗਤ ਕਬੀਰ ਜੀ ਦੇ ਬਚਨ ਹਨ, ‘‘ਕਬੀਰਸੇਵਾ ਕਉ ਦੁਇ ਭਲੇ; ਏਕੁ ਸੰਤੁ ਇਕੁ ਰਾਮੁ   ਰਾਮੁ ਜੁ ਦਾਤਾ ਮੁਕਤਿ ਕੋ; ਸੰਤੁ ਜਪਾਵੈ ਨਾਮੁ ’’ (ਭਗਤ ਕਬੀਰ/੧੩੭੩)

ਨੋਟ : ਉਕਤ ਵਾਕ ’ਚ ‘ਸੰਤੁ’ ਦਾ ਅਰਥ ‘ਸਤਿਗੁਰੂ’ ਹੈ, ਕੋਈ ਚੋਲ਼ਾਧਾਰੀ ਪਾਖੰਡੀ ਨਹੀਂ ਅਤੇ ‘ਰਾਮੁ’ ਦਾ ਅਰਥ ‘ਕਣ ਕਣ ’ਚ ਵਿਆਪਕ ਕਰਤਾਰ ਹੈ’, ਅਯੁੱਧਿਆ ਪਤੀ ਰਾਜੇ ਦਸ਼ਰਥ ਦਾ ਪੁੱਤਰ ‘ਸ਼੍ਰੀ ਰਾਮ ਚੰਦਰ’ ਨਹੀਂ; ਜਿਸ ਨੂੰ ਵਿਸ਼ਨੂੰ ਦਾ 22ਵਾਂ ਅਵਤਾਰ ਮੰਨਿਆ ਜਾਂਦਾ ਹੈ ਤੇ ਇਸ ਦਾ ਜਨਮ ਚੇਤ ਸੁਦੀ ੯, ਸੰਮਤ ੨੦੫੭ (12 ਅਪਰੈਲ 2000) ਤੋਂ 8,80,100 ਸਾਲ ਪਹਿਲਾਂ ਹੋਇਆ ਮੰਨਿਆ ਜਾਂਦਾ ਹੈ।

ਜੀਵ ਵਿਗਿਆਨ ਅਨੁਸਾਰ 8 ਲੱਖ ਵਰ੍ਹੇ ਤੋਂ 4 ਲੱਖ ਵਰ੍ਹੇ ਪਹਿਲਾਂ, ਜੋ ਪਹਿਲੀ ਮਨੁੱਖੀ ਨਸਲ ‘ਹੋਮੋ ਇਰੈਕਟਸ’ ਵਜੂਦ ’ਚ ਆਈ; ਉਸ ਕੋਲ਼ ਅਜੋਕੇ ਮਨੁੱਖ ਵਰਗੇ ਵਿਕਸਿਤ ਹੱਥ ਤੇ ਵਿਕਸਿਤ ਦਿਮਾਗ਼ ਨਹੀਂ ਸਨ ਭਾਵੇਂ ਕਿ ਉਹ ਅੱਗ ਮਚਾਉਣਾ ਸਿੱਖ ਚੁੱਕੀ ਸੀ ਜਦਕਿ ਰਾਮ ਚੰਦਰ ਜੀ ਦਾ ਜਨਮ ਇਸ ਨਸਲ ਤੋਂ ਭੀ 80 ਹਜ਼ਾਰ ਸਾਲ ਤੋਂ ਵੱਧ ਸਮਾਂ ਪਹਿਲਾਂ ਹੋਇਆ ਮੰਨਿਆ ਗਿਆ ਹੈ।

ਨਾਨਕਸ਼ਾਹੀ ਕੈਲੰਡਰ; ਬਿਕ੍ਰਮੀ ਕੈਲੰਡਰ ਨਾਲੋਂ ਵਧੇਰੇ ਕੁਦਰਤੀ

0

ਨਾਨਕਸ਼ਾਹੀ ਕੈਲੰਡਰ; ਬਿਕ੍ਰਮੀ ਕੈਲੰਡਰ ਨਾਲੋਂ ਵਧੇਰੇ ਕੁਦਰਤੀ

ਕਿਰਪਾਲ ਸਿੰਘ ਬਠਿੰਡਾ

ਜਯੋਤਿਸ਼ੀ ਵੰਡ ਅਨੁਸਾਰ 30-30 ਡਿਗਰੀਆਂ ਦੀ ਬਰਾਬਰ ਵਿੱਥੀ ’ਤੇ 12 ਰਾਸ਼ੀਆਂ ਮਿਥੀਆਂ ਗਈਆਂ ਹਨ ਕਿਉਂਕਿ ਸੂਰਜ ਦੁਆਲੇ ਧਰਤੀ ਸਮਾਨ ਦੂਰੀ ’ਤੇ ਪੂਰਨ ਗੋਲਾਕਾਰ ਰੂਪ ’ਚ ਨਹੀਂ ਬਲਕਿ ਅੰਡਾਕਾਰ ਚੱਕਰ ’ਚ ਘੁੰਮਦੀ ਹੈ; ਇਸ ਕਾਰਨ ਇਨ੍ਹਾਂ ਰਾਸ਼ੀ ਤਬਦੀਲੀਆਂ ਨਾਲ ਬਣੇ ਬਿਕ੍ਰਮੀ ਕੈਲੰਡਰ (ਸੂਰਯ ਸਿਧਾਂਤ) ਦੇ ਮਹੀਨਿਆਂ ’ਚ ਬਰਾਬਰ ਦਿਨ ਨਹੀਂ ਹੁੰਦੇ ਬਲਕਿ 29 ਤੋਂ 32 ਦਿਨਾਂ ਵਿਚਕਾਰ ਵਧਦੇ ਘਟਦੇ ਰਹਿੰਦੇ ਹਨ; ਜਿਵੇਂ ਕਿ ਚੇਤ, ਵੈਸਾਖ ਅਤੇ ਅੱਸੂ (3 ਮਹੀਨੇ); 30 ਜਾਂ 31 ਦਿਨ ਦੇ ਹੁੰਦੇ ਹਨ। ਜੇਠ, ਹਾੜ, ਸਾਵਣ ਤੇ ਭਾਦੋਂ (4 ਮਹੀਨੇ); 31 ਜਾਂ 32 ਦਿਨ ਦੇ ਹੁੰਦੇ ਹਨ। ਕੱਤਕ, ਮੱਘਰ, ਪੋਹ, ਮਾਘ ਤੇ ਫੱਗਣ (5 ਮਹੀਨੇ); 29 ਜਾਂ 30 ਦਿਨਾਂ ਦੇ ਹੁੰਦੇ ਹਨ। ਚੇਤੇ ਰਹੇ ਕਿ ਦ੍ਰਿਕ ਗਣਿਤ ਸਿਧਾਂਤ ’ਚ ਭਾਦੋਂ ਦਾ ਮਹੀਨਾ 31 ਜਾਂ 32 ਦਿਨਾਂ ਦੀ ਥਾਂ 31 ਜਾਂ 30 ਦਿਨਾਂ ਦਾ ਹੁੰਦਾ ਹੈ। ਇਨ੍ਹਾਂ 12 ਹੀ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਅਤੇ ਮਹੀਨੇ ਦਾ ਅਰੰਭਕ ਦਿਨ ਭਾਵ ਸੰਗਰਾਂਦ; ਸਾਲ-ਬ-ਸਾਲ ਬਦਲਦੀ ਰਹਿੰਦੀ ਹੈ। ਜਿਸ ਕਾਰਨ ਯਾਦ ਰੱਖਣੇ ਅਤਿ ਕਠਿਨ ਹਨ।

ਪੁਲਾੜ ’ਚ ਤਾਰਿਆਂ ਦੇ ਸਮੂਹ ਨੂੰ ਤਾਰਾਮੰਡਲ ਜਾਂ ਜੋਤਿਸ਼ ਦੀ ਭਾਸ਼ਾ ’ਚ ਰਾਸ਼ੀਆਂ ਕਿਹਾ ਜਾਂਦਾ ਹੈ। ਵੱਖ-ਵੱਖ ਸਭਿਆਚਾਰਾਂ ਵਿੱਚ ਰਾਸ਼ੀਆਂ ਦੀਆਂ ਵੱਖੋ ਵੱਖਰੀਆਂ ਪਰਿਭਾਸ਼ਾਵਾਂ ਹਨ। ਬੇਬੀਲੋਨੀਅਨ ਖਗੋਲ ਵਿਗਿਆਨੀਆਂ ਨੇ 12 ਦੀ ਥਾਂ 18 ਤਾਰਾਮੰਡਲਾਂ (ਰਾਸ਼ੀਆਂ) ਦਾ ਜ਼ਿਕਰ ਕੀਤਾ ਹੈ। ਵੈਸਟਰਨ ਵਸ਼ਿੰਗਟਿਨ ਯੂਨੀਵਰਸਿਟੀ, ਯੂਨੀਵਰਸਿਟੀ ਆਫ਼ ਹਾਂਗ ਕਾਂਗ, ਜਰਨਲ ਆਫ਼ ਰੌਇਲ ਅਸਟ੍ਰੌਨੀਮੀਕਲ ਸੁਸਾਇਟੀ ਆਫ਼ ਕੈਨੇਡਾ ਅਤੇ ਨਾਸਾ ਆਦਿਕ ਦੀਆਂ ਭਰੋਸੇਯੋਗ ਵੈੱਬਸਾਈਟਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਯੋਤਿਸ਼ੀਆਂ ਵੱਲੋਂ ਮਿਥੀਆਂ 12 ਰਾਸ਼ੀਆਂ ਨਹੀਂ ਬਲਕਿ ਅਸਲ ’ਚ ਸੂਰਜ ਦੇ ਮਾਰਗ ’ਤੇ 13 ਰਾਸ਼ੀਆਂ (ਤਾਰਾਮੰਡਲ) ਹਨ, ਜੋ ਬਰਾਬਰ ਵਿੱਥ ’ਤੇ ਨਹੀਂ ਬਲਕਿ ਬਹੁਤ ਹੀ ਅ-ਸਮਾਨ ਵਿੱਥ ’ਤੇ ਫੈਲੀਆਂ ਹੋਈਆਂ ਹਨ। ਇਨ੍ਹਾਂ 13 ਖਗੋਲੀ ਰਾਸ਼ੀਆਂ ਦੇ ਆਧਾਰ ’ਤੇ ਕੁਦਰਤੀ ਕੈਲੰਡਰ ਦੇ ਮਹੀਨੇ ਬਣਾਏ ਜਾਣ ਤਾਂ 6 ਤੋਂ 45 ਦਿਨਾਂ ਵਾਲੇ 13 ਮਹੀਨੇ ਬਣਨਗੇ, ਜਿਨ੍ਹਾਂ ਦੇ ਦਿਨਾਂ ਦੀ ਗਿਣਤੀ ਹੇਠ ਬਣਾਈ ਸਾਰਣੀ ’ਚ ਦਿੱਤੀ ਗਈ ਹੈ। ਸੂਰਜ ਦਾ ਇਨ੍ਹਾਂ ਖਗੋਲੀ ਰਾਸ਼ੀਆਂ ਦੇ ਤਾਰਾਮੰਡਲ ਵਿੱਚੋਂ ਲੰਘਣ ਨਾਲ ਬਣੀਆਂ ਤਾਰੀਖਾਂ; ਜੋਤਿਸ਼ ਕੁੰਡਲੀਆਂ ਨਾਲ ਮੇਲ ਨਹੀਂ ਖਾਂਦੀਆਂ।

 

Above are general date ranges not for a particular year unless specifically indicated. https://astro101.wwu.edu/a101_zodiac.html

https://www.rasc.ca/sites/default/files/publications/JRASC-2010-06-hr.pdf

https://theskylive.com/sun-info

ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਨ ਵਾਲੇ ਸਿੱਖਾਂ ਲਈ ਸਵਾਲ ਹੈ ਕਿ ਜੇ ਉਨ੍ਹਾਂ ਅਕਾਸ਼ੀ ਪੁਲਾੜ ਦੀਆਂ ਕੁਦਰਤੀ 13 ਖਗੋਲੀ ਰਾਸ਼ੀਆਂ ਨੂੰ ਛੱਡ ਕੇ ਜਯੋਤਿਸ਼ ਵੰਡ ਅਨੁਸਾਰ ਮਿਥੀਆਂ 12 ਰਾਸ਼ੀਆਂ ਦੇ ਆਧਾਰ ’ਤੇ ਹੋਂਦ ’ਚ ਆਏ ਬਿਕ੍ਰਮੀ ਕੈਲੰਡਰ ਨੂੰ ਹੀ ਮੰਨਣਾ ਹੈ (ਜਿਸ ਨੂੰ ਭਾਰਤ ਸਰਕਾਰ ਭੀ 1957 ਸੀਈ ’ਚ ਰੱਦ ਕਰ ਸਾਕਾ ਕੈਲੰਡਰ ਅਪਣਾਅ ਚੁੱਕੀ ਹੈ) ਤਾਂ ਕਿਉਂ ਨਾ ਸਿੱਖ ਭੀ ਨਾਨਕਸ਼ਾਹੀ ਕੈਲੰਡਰ ਹੀ ਅਪਣਾਅ ਲੈਣ। ਇਸ ਦੇ ਸਾਲ ਦੀ ਲੰਬਾਈ ਸੂਰਜ ਦਾ ‘ਰਥ ਫਿਰੈ’ (ਇਹ ਹਵਾਲਾ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਕ ੧੧੦੮ ’ਤੇ ਹੈ) ਤੋਂ ਇੱਕ ਚੱਕਰ ਪੂਰਾ ਕਰਨ ਤੋਂ ਮੁੜ ਉਸੇ ਰਥ ਫਿਰਨ ਤੱਕ ਪਹੁੰਚਣ ਲਈ ਲੱਗੇ ਸਮੇਂ ਦੇ ਤਕਰੀਬਨ-ਤਕਰੀਬਨ ਸਮਾਨ (365.2425 ਦਿਨ) ਹੈ। ਇਸ ਦੀ ਬਰਾਬਰ ਵੰਡ ਕਰਨ ਉਪਰੰਤ ਬਣੇ 12 ਮਹੀਨਿਆਂ ’ਚੋਂ ਪਹਿਲੇ 5 ਮਹੀਨੇ (ਚੇਤ, ਵੈਸਾਖ, ਜੇਠ, ਹਾੜ ਅਤੇ ਸਾਵਣ) 31-31 ਦਿਨਾਂ ਦੇ ਹਨ ਤੇ ਅਗਲੇ 7 ਮਹੀਨੇ (ਭਾਦੋਂ, ਅੱਸੂ, ਕੱਤਕ, ਮੱਘਰ, ਪੋਹ, ਮਾਘ ਅਤੇ ਫੱਗਣ) 30-30 ਦਿਨਾਂ ਦੇ ਹਨ। ਲੀਪ ਦੇ ਸਾਲ ਸਮੇਂ ਅੰਤਮ ਮਹੀਨਾ (ਫੱਗਣ); 31 ਦਿਨਾਂ ਦਾ ਹੋ ਜਾਂਦਾ ਹੈ। ਐਸਾ ਕੈਲੰਡਰ ਯਾਦ ਰੱਖਣਾ ਬੜਾ ਆਸਾਨ ਹੈ ਕਿਉਂਕਿ ਬਿਕ੍ਰਮੀ ਕੈਲੰਡਰ ਦੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ 29 ਤੋਂ 32 ਦਿਨ; ਜਿੱਥੇ ਸਾਲ-ਬ-ਸਾਲ ਬਦਲਦੀ ਰਹਿੰਦੀ ਹੈ ਤੇ ਗ੍ਰੈਗੋਰੀਅਨ ਕੈਲੰਡਰ ਦੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ 28 ਤੋਂ 31 ਦਿਨ ਹੈ; ਜਿਵੇਂ ਕਿ ਤਰਤੀਬਵਾਰ ਜਨਵਰੀ 31, ਫ਼ਰਵਰੀ 28, ਮਾਰਚ 31, ਅਪ੍ਰੈਲ 30, ਮਈ 31, ਜੂਨ 30, ਜੁਲਾਈ 31, ਅਗਸਤ 31, ਸਤੰਬਰ 30 ਅਕਤੂਬਰ 31, ਨਵੰਬਰ 30, ਦਸੰਬਰ 31 ਦਿਨ ਹੈ। ਇਨਾਂ ਦੇ ਨਾ ਦਿਨਾਂ ਦੀ ਗਿਣਤੀ ’ਚ ਕੋਈ ਤਰਤੀਬ ਹੈ ਤੇ ਨਾ ਹੀ ਨਾਵਾਂ ’ਚ; ਕਿਉਂਕਿ ਸਤੰਬਰ; Seven (ਸੱਤ) ਅਰਥ ਦਿੰਦਾ ਹੈ, ਪਰ ਹੈ ਇਹ ‘9ਵਾਂ ਮਹੀਨਾ’। ਅਕਤੂਬਰ; Octa (ਅੱਠ) ਅਰਥ ਦਿੰਦਾ ਹੈ, ਪਰ ਹੈ ਇਹ 10ਵਾਂ ਮਹੀਨਾ।  ਨਵੰਬਰ; Nine (ਨੌ) ਅਰਥ ਦਿੰਦਾ ਹੈ, ਪਰ ਹੈ ਇਹ 11ਵਾਂ ਮਹੀਨਾ। ਦਸੰਬਰ;  Deka (ਦਸ) ਅਰਥ ਦਿੰਦਾ ਹੈ, ਪਰ ਹੈ ਇਹ 12ਵਾਂ ਮਹੀਨਾ। ਇਉਂ ਯਾਦ ਰੱਖਣੇ ਮੁਸ਼ਕਲ ਹਨ। ਇਸ ਦਾ ਲੀਪ ਮਹੀਨਾ ਫ਼ਰਵਰੀ; ਸਾਲ ਦਾ ਦੂਸਰਾ ਮਹੀਨਾ ਭਾਵ ਸਾਲ ਦੇ ਵਿਚਕਾਰ ਹੈ, ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦਾ ਅੰਤਮ ਮਹੀਨਾ (ਫੱਗਣ); ਲੀਪ ਮਹੀਨਾ ਹੈ, ਜੋ ਯਾਦ ਰੱਖਣਾ ਬੜਾ ਆਸਾਨ ਹੈ ਕਿਉਂਕਿ ਵਾਧਾ ਘਾਟਾ ਹਮੇਸ਼ਾਂ ਅਖੀਰ ’ਤੇ ਹੀ ਕੀਤਾ ਜਾਂਦਾ ਹੈ।

ਸੰਪ੍ਰਦਾਈ ਸਿੱਖ ਦਾਅਵਾ ਕਰਦੇ ਹਨ ਕਿ ਬਿਕ੍ਰਮੀ ਕੈਲੰਡਰ ਦੇ ਮਹੀਨਿਆਂ ਦੀਆਂ ਸੰਗਰਾਂਦਾਂ ਕੁਦਰਤੀ ਹਨ ਕਿਉਂਕਿ ਇਨ੍ਹਾਂ ਨੂੰ ਸੂਰਜ ਦੇ ਇੱਕ ਰਾਸ਼ੀ ਤੋਂ ਦੂਸਰੀ ਰਾਸ਼ੀ ’ਚ ਤਬਦੀਲੀ ਹੋਣ ਮੁਤਾਬਕ ਨਿਰਧਾਰਿਤ ਕੀਤਾ ਗਿਆ ਹੈ ਜਦਕਿ ਨਾਨਕਸ਼ਾਹੀ ਕੈਲੰਡਰ ਦੀਆਂ ਸੰਗਰਾਂਦਾਂ ਮਿਥੀਆਂ ਹਨ। ਮਿਥੀਆਂ ਤਾਰੀਖ਼ਾਂ ਨਾਲ ਸਾਡਾ ਇਤਿਹਾਸ ਭੀ ਮਿਥਿਹਾਸ ਬਣ ਜਾਵੇਗਾ, ਪਰ ਇਹ ਦਾਅਵਾ ਨਿਰਾ ਝੂਠ ਹੈ ਕਿਉਂਕਿ ਪਹਿਲਾਂ ਤਾਂ ਜਿਨ੍ਹਾਂ ਰਾਸ਼ੀਆਂ ਨੂੰ ਇਹ ਕੁਦਰਤੀ ਮੰਨੀ ਬੈਠੇ ਹਨ, ਉਹ ਕੁਦਰਤੀ ਨਹੀਂ ਹਨ। ਅਸਲ ’ਚ ਪੁਲਾੜ ’ਚ ਅ-ਸਮਾਨ ਦੂਰੀ ’ਤੇ 13 ਖਗੋਲੀ ਰਾਸ਼ੀਆਂ ਹਨ। ਇਨ੍ਹਾਂ 13 ਖਗੋਲੀ ਰਾਸ਼ੀਆਂ ਦੇ ਆਧਾਰ ’ਤੇ ਜੇ ਕੁਦਰਤੀ ਕੈਲੰਡਰ ਦੇ ਮਹੀਨੇ ਬਣਾਏ ਜਾਣ ਤਾਂ 6 ਤੋਂ 45 ਦਿਨਾਂ ਵਾਲੇ 13 ਮਹੀਨੇ ਬਣਨਗੇ, ਜਿਨ੍ਹਾਂ ਦੇ ਦਿਨਾਂ ਦੀ ਗਿਣਤੀ ਉਕਤ ਬਣਾਈ ਸਾਰਣੀ ’ਚ ਦਿੱਤੀ ਗਈ ਹੈ। ਇਸ ਤਰ੍ਹਾਂ ਦੇ ਮਹੀਨੇ ਸਮਾਜਿਕ ਅਤੇ ਰਾਜ ਪ੍ਰਬੰਧਕੀ ਕਾਰਜਾਂ ਲਈ ਉਪਯੋਗੀ ਸਿੱਧ ਨਹੀਂ ਹੁੰਦੇ। ਇਸ ਲਈ ਇਨ੍ਹਾਂ 13 ਖਗੋਲੀ ਰਾਸ਼ੀਆਂ ਦੀ ਥਾਂ ਜਯੋਤਿਸ਼ੀ ਵੰਡ ਅਨੁਸਾਰ 30-30 ਡਿਗਰੀਆਂ ਦੀਆਂ ਸਮਾਨ 12 ਰਾਸ਼ੀਆਂ ਬਣਾਈਆਂ ਗਈਆਂ ਹਨ, ਪਰ ਸਮਾਨ ਰਾਸ਼ੀਆਂ ਬਣਾਉਣ ਦੇ ਬਾਵਜੂਦ 12 ਮਹੀਨਿਆਂ ਦੇ ਦਿਨਾਂ ਦੀ ਗਿਣਤੀ ਅ-ਸਮਾਨ ਹੈ, ਜੋ 29 ਤੋਂ 32 ਦਿਨਾਂ ਵਿਚਕਾਰ ਸਾਲ-ਬ-ਸਾਲ ਬਦਲਦੀ ਰਹਿੰਦੀ ਹੈ। ਦੂਸਰਾ ਕਾਰਨ ਹੈ ਕਿ ਪੱਛਮੀ ਅਤੇ ਪੂਰਬੀ ਰਾਸ਼ੀਆਂ ’ਚ ਇਸ ਵੇਲੇ 24 ਡਿਗਰੀ ਤੋਂ ਵੱਧ ਯਾਨੀ ਲਗਭਗ 24 ਦਿਨਾਂ ਦਾ ਅੰਤਰ ਹੈ, ਜੋ ਸਮੇਂ ਨਾਲ ਤਕਰੀਬਨ 0 ਡਿਗਰੀ 0 ਮਿੰਟ 50 ਸੈਕੰਡ ਦੇ ਹਿਸਾਬ ਪ੍ਰਤੀ ਸਾਲ ਵਧਦਾ ਜਾ ਰਿਹਾ ਹੈ। ਤੀਸਰਾ ਸਭ ਤੋਂ ਠੋਸ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ’ਚ ਰਾਸ਼ੀਆਂ ਅਤੇ ਸੰਗਰਾਂਦਾਂ ਦਾ ਕੋਈ ਜ਼ਿਕਰ ਹੀ ਨਹੀਂ ਹੈ। ਇਸ ਲਈ ਇਨ੍ਹਾਂ ਰਾਸ਼ੀਆਂ ਅਤੇ ਸੰਗਰਾਂਦਾਂ ਨੂੰ ਬਹੁਤੀ ਤਵੱਜੋ ਦੇਣਾ ਕਿਸੇ ਵੀ ਤਰ੍ਹਾਂ ਯੋਗ ਨਹੀਂ।

ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ ‘ਰਥ ਫਿਰੈ’ (ਉਤਰਾਇਣੰਤ = Solstice) ਤੋਂ ਮੁੜ ਉਸੇ ‘ਰਥ ਫਿਰੈ’ ਤੱਕ ਪਹੁੰਚਣ ਲਈ ਲੱਗੇ ਸਮੇਂ (365.24219 ਦਿਨ) ਦੇ ਲਗਭਗ ਬਰਾਬਰ ਹੈ; ਜਿਸ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ ੧੧੦੮ ’ਤੇ ਇਸ ਤਰ੍ਹਾਂ ਕੀਤਾ ਹੈ, ‘‘ਆਸਾੜੁ ਭਲਾ; ਸੂਰਜੁ ਗਗਨਿ () ਤਪੈ ਧਰਤੀ ਦੂਖ ਸਹੈ; ਸੋਖੈ, ਅਗਨਿ ਭਖੈ ਅਗਨਿ ਰਸੁ ਸੋਖੈ; ਮਰੀਐ ਧੋਖੈ; ਭੀ ਸੋ ਕਿਰਤੁ ਹਾਰੇ ਰਥੁ ਫਿਰੈ ਛਾਇਆ ਧਨ ਤਾਕੈ; ਟੀਡੁ ਲਵੈ ਮੰਝਿ ਬਾਰੇ ’’ (ਤੁਖਾਰੀ/ਬਾਰਹਮਾਹਾ/ ਮਹਲਾ /੧੧੦੮)

 ਸੂਰਜ ਦਾ ਰਥ ਫਿਰਨ ਵਾਲ਼ੀ ਘਟਨਾ ਕੁਦਰਤੀ ਅਤੇ ਖਗੋਲ ਵਿਗਿਆਨ ਅਨੁਸਾਰ ਹੈ, ਜੋ ਸਾਰੇ ਸੰਸਾਰ ’ਚ ਇੱਕੋ ਸਮੇਂ ਵਾਪਰਦੀ ਹੈ। ਇਨ੍ਹਾਂ 365 ਦਿਨਾਂ ਦੀ ਬਰਾਬਰ ਵੰਡ ਕੀਤਿਆਂ ਬਣੇ 12 ਮਹੀਨਿਆਂ ’ਚੋਂ ਪਹਿਲੇ 5 ਮਹੀਨੇ (ਚੇਤ, ਵੈਸਾਖ, ਜੇਠ, ਹਾੜ ਅਤੇ ਸਾਵਣ) 31-31 ਦਿਨਾਂ ਦੇ ਅਤੇ ਆਖਰੀ 7 ਮਹੀਨੇ (ਭਾਦੋਂ, ਅੱਸੂ, ਕੱਤਕ, ਮੱਘਰ, ਪੋਹ, ਮਾਘ ਤੇ ਫੱਗਣ) 30-30 ਦਿਨਾਂ ਦੇ ਹਨ। ਬਾਕੀ 0.24219 ਦਿਨਾਂ ਨੂੰ ਲੀਪ ਦੇ ਸਾਲ ’ਚ ਪੂਰਾ ਕਰ ਉਸ ਸਾਲ ’ਚ ਆਖਰੀ ਮਹੀਨਾ ਫੱਗਣ 31 ਦਿਨਾ ਦਾ ਹੋ ਜਾਂਦਾ ਹੈ। ਐਸਾ ਨਾਨਕਸ਼ਾਹੀ ਕੈਲੰਡਰ ਸਮਝਣ ਅਤੇ ਯਾਦ ਰੱਖਣ ’ਚ ਬਿਕ੍ਰਮੀ ਕੈਲੰਡਰ ਨਾਲੋਂ ਬਹੁਤ ਸੁਖਾਲਾ, ਸਰਲ ਅਤੇ ਹਮੇਸ਼ਾਂ ਗੁਰਬਾਣੀ ਤੇ ਖਗੋਲ ਵਿਗਿਆਨ ਦੀ ਕਸੌਟੀ ’ਤੇ ਪੂਰਾ ਢੁੱਕਦਾ ਹੈ ਯਾਨੀ ਸੂਰਜ ਦਾ ਰਥ ਸਦਾ ਹਾੜ ਦੇ ਮਹੀਨੇ ’ਚ ਫਿਰੇਗਾ, ਜਿਸ ਨਾਲ ਮਾਸਿਕ ਰੁੱਤਾਂ ਹਮੇਸ਼ਾਂ ਲਈ ਉਹੀ ਰਹਿਣਗੀਆਂ, ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਦੋਵੇਂ ਬਾਰਹਮਾਹਾ ਅਤੇ ਰਾਮਕਲੀ ਰੁਤੀ ਬਾਣੀ ’ਚ ਬਿਆਨ ਕੀਤੀਆਂ ਗਈਆਂ ਹਨ ਤੇ ਅਜੋਕੇ ਸਮੇਂ ’ਚ ਚੱਲ ਰਹੀਆਂ ਹਨ ਜਦਕਿ ਬਿਕ੍ਰਮੀ ਕੈਲੰਡਰ ’ਚ ਸੂਰਜ ਦਾ ਰਥ ਬਿਕ੍ਰਮੀ ਸੰਮਤ ੫੫੮ ’ਚ ੧ ਸਾਵਣ (20 ਜੂਨ 501 ਈਸਵੀ) ਨੂੰ ਫਿਰਿਆ ਸੀ, ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ੧੬ ਹਾੜ ਸੰਮਤ ੧੫੫੮ (12 ਜੂਨ 1501 ਈ: ਜੂਲੀਅਨ) ਨੂੰ ਅਤੇ ਹੁਣ ੬-੭ ਹਾੜ/20-21 ਜੂਨ ਨੂੰ, ਬਿਕ੍ਰਮੀ ਸੰਮਤ ੨੫੫੮ ’ਚ ੩੨ ਜੇਠ/21 ਜੂਨ 2501 ਈ: ਗ੍ਰੈਗੋਰੀਅਨ ਨੂੰ ਫਿਰੇਗਾ, ਜੋ ਨਾਨਕਸ਼ਾਹੀ ਕੈਲੰਡਰ ’ਚ ਹਮੇਸ਼ਾਂ ੬-੭ ਹਾੜ ਨਿਰਧਾਰਿਤ ਕੀਤਾ ਹੈ। ਉਕਤ ਸਾਰੀ ਵਿਚਾਰ ਦਾ ਇਹੀ ਤਤਸਾਰ ਹੈ ਕਿ ਗੁਰਮਤਿ ਅਤੇ ਖਗੋਲ ਵਿਗਿਆਨ ਦੀ ਕਸੌਟੀ ’ਤੇ ਪਰਖਿਆਂ ਨਾਨਕਸ਼ਾਹੀ ਕੈਲੰਡਰ; ਬਿਕ੍ਰਮੀ ਕੈਲੰਡਰ ਨਾਲੋਂ ਕਿਤੇ ਵੱਧ ਕੁਦਰਤੀ ਅਤੇ ਸਹੀ ਹੈ।

ਬੇੜੀ ’ਚ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ (ਭਾਗ ਚੌਥਾ)

0

ਬੇੜੀ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ (ਭਾਗ ਚੌਥਾ)

ਗਿਆਨੀ ਅਵਤਾਰ ਸਿੰਘ

ਬੇੜੀ ’ਚ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ (ਭਾਗ ਪਹਿਲਾ)

ਬੇੜੀ ’ਚ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ (ਭਾਗ ਦੂਜਾ)

ਬੇੜੀ ’ਚ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ (ਭਾਗ ਤੀਜਾ)

ਦੁਨਿਆਵੀ ਮਨੁੱਖ ਕੋਲ਼ ਅਸਲ ਖ਼ਜ਼ਾਨਾ; ਉਸ ਦੁਆਰਾ ਆਪਣੇ ਪੰਜ ਗਿਆਨ ਇੰਦ੍ਰਿਆਂ (ਅੱਖ, ਨੱਕ, ਕੰਨ, ਜੀਭ ਤੇ ਚਮੜੀ) ਰਾਹੀਂ ਪਾਇਆ ਗਿਆਨ ਹੀ ਹੁੰਦਾ ਹੈ। ਕਿਸੇ ਘਟਨਾ ਜਾਂ ਚਿੱਤਰ ਨੂੰ ਅੱਖਾਂ ਨਾਲ਼ ਵੇਖ ਕੇ, ਫੁੱਲਾਂ ਦੀ ਮਹਿਕ ਜਾਂ ਗੰਦ ਨੂੰ ਨੱਕ ਨਾਲ਼ ਸੁੰਘ ਕੇ, ਆਵਾਜ਼ ਨੂੰ ਕੰਨਾਂ ਨਾਲ਼ ਸੁਣ ਕੇ, ਪਦਾਰਥਾਂ ਨੂੰ ਜੀਭ ਨਾਲ਼ ਚੱਖ ਕੇ ਤੇ ਹੱਥ-ਪੈਰ (ਭਾਵ ਚਮੜੀ) ਨਾਲ਼ ਵਸਤੂ ਨੂੰ ਛੋਹ ਕੇ ਪ੍ਰਾਪਤ ਹੁੰਦਾ ਗਿਆਨ ਹੀ ਹਰ ਮਨੁੱਖ ਦਾ ਪ੍ਰੇਰਨਾ-ਸ੍ਰੋਤ ਹੁੰਦਾ ਹੈ, ਜੋ ਦਿਮਾਗ਼ ਨੂੰ ਸੰਤੁਸ਼ਟ ਕਰੀ ਰੱਖਦਾ ਹੈ ਤਾਹੀਓਂ ਉਹ ਕਦੇ ਇਹ ਸੰਦੇਹ ਜਾਂ ਤਰਕ ਨਹੀਂ ਕਰਦਾ ਕਿ ਛੋਹੀ ਗਈ ਵਸਤੂ; ਵਸਤੂ ਨਹੀਂ ਸੀ। ਸੁੰਘੀ ਗਈ ਮਹਿਕ; ਮਹਿਕ ਨਹੀਂ ਸੀ। ਵੇਖੀ ਗਈ ਘਟਨਾ; ਕੋਈ ਹਾਦਸਾ ਨਹੀਂ ਸੀ, ਆਦਿ।

ਦੂਜੇ ਪਾਸੇ ਧਰਮ ਦਾ ਗਿਆਨ; ਗੁਰੂ ਸਾਹਿਬਾਨ, ਭਗਤ ਸਾਹਿਬਾਨ ਆਦਿਕ ਦੇ ਅੰਦਰੋਂ ਫੁਟਿਆ ਉਹ ਅਨੁਭਵ ਹੈ, ਜੋ ਗਿਆਨ ਇੰਦ੍ਰਿਆਂ ਤੋਂ ਇਲਾਵਾ ਇੱਕ ਗ਼ੈਬੀ/ਅਦ੍ਰਿਸ਼ ਸ਼ਕਤੀ ਨਾਲ਼ ਲਗਾਅ ਪੈਦਾ ਕਰ ਉਤਪੰਨ ਹੋਇਆ ਹੁੰਦਾ ਹੈ। ਇਸ ਨਾਲ਼ ਹੋਇਆ ਸ਼ਾਂਤ ਮਨ, ਦੁਬਿਧਾ ਮੁਕਤ (ਸਥਿਰ) ਦਿਮਾਗ਼ ਤੇ ਬੋਲ-ਬਾਣੀ ’ਚ ਉਪਜੀ ਹਾਂ-ਪੱਖੀ ਭਾਵਨਾ ਆਮ ਜ਼ਿੰਦਗੀ ਨਾਲ਼ੋਂ ਬਹੁਤ ਭਿੰਨ ਹੁੰਦੀ ਹੈ। ਆਪਣੇ ਬੌਧਿਕ ਪੱਧਰ ਨਾਲ਼ ਬਾਣੀਕਾਰ, ਜਿੱਥੇ ਸਭ ਨੂੰ ਇੱਕ ਸਮਾਨ ਵੇਖਦਾ ਹੈ; ਓਥੇ ਆਮ ਮਨੁੱਖ ਦੀ ਦ੍ਰਿਸ਼ਟੀ ’ਚ ਕਈ ਤਰੇੜਾਂ ਹੁੰਦੀਆਂ ਹਨ, ਜੋ ਵਿਤਕਰਿਆਂ ਨੂੰ ਜਨਮ ਦਿੰਦੀਆਂ ਰਹਿੰਦੀਆਂ ਹਨ।

ਗੁਰੂ ਅਮਰਦਾਸ ਜੀ ਨੇ ਆਪਣੇ ਲੰਬੇ ਅਨੁਭਵ ਨੂੰ ਬਿਆਨ ਕਰਦਿਆਂ ਕਿਹਾ ਕਿ ਹਰ ਮਨੁੱਖ; ਸਰੀਰਕ ਰਸਾਂ-ਕਸਾਂ ਨੂੰ ਹੀ ਅਸਲ ਅਨੰਦ ਸਮਝ ਬੈਠਦਾ ਹੈ, ਜੋ ਅਸਲ ’ਚ ਗੁਰੂ ਪਾਸੋਂ ਮਿਲਦਾ ਹੈ, ‘‘ਆਨੰਦੁ ਆਨੰਦੁ ਸਭੁ ਕੋ ਕਹੈ; ਆਨੰਦੁ ਗੁਰੂ ਤੇ ਜਾਣਿਆਅੰਦਰਹੁ ਜਿਨ ਕਾ ਮੋਹੁ ਤੁਟਾ; ਤਿਨ ਕਾ ਸਬਦੁ ਸਚੈ ਸਵਾਰਿਆ   ਕਹੈ ਨਾਨਕੁ ਏਹੁ ਅਨੰਦੁ ਹੈ; ਆਨੰਦੁ ਗੁਰ ਤੇ ਜਾਣਿਆ (ਮਹਲਾ /੯੧੭) ਅਰਥ : ਹਰ ਕੋਈ ਸਰੀਰਕ ਰਸ ਨੂੰ ਹੀ ਅਨੰਦ ਮੰਨਦਾ ਹੈ ਜਦਕਿ ਅਸਲ ਅਨੰਦ ਦੀ ਪ੍ਰਾਪਤੀ ਸਤਿਗੁਰੂ ਪਾਸੋਂ ਹੁੰਦੀ ਹੈ। ਜਿਨ੍ਹਾਂ ਨੂੰ ਅਸਲ ਅਨੰਦ ਆਇਆ, ਉਨ੍ਹਾਂ ਅੰਦਰ ਮਾਇਆ ਦੀ ਖਿੱਚ ਨਹੀਂ ਰਹਿੰਦੀ। ਉਨ੍ਹਾਂ ਦਾ ਬੋਲ/ਆਚਰਨ ਸੱਚੇ-ਪ੍ਰਭੂ ਨੇ ਸੋਹਣਾ ਬਣਾ ਦਿੱਤਾ ਹੁੰਦਾ ਹੈ।

ਸੋ ਆਤਮਿਕ ਅਨੰਦ ਤੇ ਸਰੀਰਕ ਇੰਦ੍ਰਿਆਂ ਦੇ ਰਸ ’ਚ ਬੜਾ ਅੰਤਰ ਹੁੰਦਾ ਹੈ। ਜਿਸ ਤਰ੍ਹਾਂ ਫਲ਼ਦਾਰ ਰੁੱਖ ਲਗਾਉਣ ਦਾ ਤਦ ਹੀ ਲਾਭ ਹੈ, ਜੇ ਉਸ ਨੂੰ ਫਲ਼ ਲੱਗਣ। ਉਸ ਦਾ ਵਧਣਾ-ਫੈਲਣਾ ਕੋਈ ਅਰਥ ਨਹੀਂ ਰੱਖਦਾ; ਇਸੇ ਤਰ੍ਹਾਂ ਮਨੁੱਖ ਨੇ ਕਿੰਨੇ ਜਪ-ਤਪ, ਦਾਨ, ਤੀਰਥ ਇਸ਼ਨਾਨ, ਨਿਤਨੇਮ ਆਦਿ ਕੀਤੇ ਤਾਂ ਹੀ ਮਾਅਨਾ ਰੱਖਦੇ ਹਨ, ਜੇਕਰ ਉਸ ਦਾ ਹਿਰਦਾ ਖਿੜਿਆ ਹੋਵੇ ਵਰਨਾ ਇਹ ਸਭ ਕਰਮਕਾਂਡ ਹੀ ਹਨ। ਕਰਮਕਾਂਡ ਤੋਂ ਭਾਵ ਲੋਕ ਵਿਖਾਵੇ ਮਾਤਰ ਕੀਤੇ ਜਾਣ ਵਾਲ਼ੇ ਧਾਰਮਿਕ ਕਰਮ, ਜਿਨ੍ਹਾਂ ਨੂੰ ਕਰਨ ਨਾਲ਼ ਮਨ ’ਚ ਸਗੋਂ ਮਾਣ ਭਾਵਨਾ ਜਨਮ ਲੈਂਦੀ ਹੈ ਕਿ ਮੈ ਤਾਂ ਧਰਮੀ ਹਾਂ। ਪਾਵਨ ਬਚਨ ਹਨ, ‘‘ਤੀਰਥੁ ਤਪੁ ਦਇਆ ਦਤੁ ਦਾਨੁ   ਜੇ ਕੋ ਪਾਵੈ; ਤਿਲ ਕਾ ਮਾਨੁ .. ਨਾਨਕ  ! ਜੇ ਕੋ ਆਪੌ ਜਾਣੈ; ਅਗੈ ਗਇਆ ਸੋਹੈ ੨੧’’ (ਜਪੁ) ਅਰਥ : ਤੀਰਥ-ਇਸ਼ਨਾਨ, ਰਹਿਮਦਿਲੀ ਭਾਵ ਅਹਿੰਸਕ ਹੋਣਾ, ਦਾਨ ਦੇਣਾ, ਆਦਿ ਬਦਲੇ ਜੇ ਕੋਈ ਇੱਜ਼ਤ-ਮਾਣ ਲੈਣਾ ਚਾਹੇ ਤਾਂ ਕੇਵਲ ਐਨਾ ਕੁ ਮਿਲਦਾ ਹੈ ਕਿ ਥੋੜ੍ਹੇ ਸਮੇਂ ਲਈ ਲੋਕ ਕਹਿ ਦਿੰਦੇ ਹਨ ਕਿ ਇਹ ਬੰਦਾ ਧਰਮੀ ਹੈ। ਇਸ ਤਰ੍ਹਾਂ ਆਪਣੇ ਆਪ ਸਿਆਣਾ ਬਣਿਆਂ ਰੱਬ ਦੀ ਦਰਗਾਹ ’ਚ ਸਤਿਕਾਰ ਨਹੀਂ ਮਿਲਦਾ।

ਧਰਮ ਦੇ ਉੱਚੇ-ਸੁੱਚੇ ਅਸੂਲਾਂ ਤੱਕ ਹਰ ਮਨੁੱਖ ਦੀ ਪਹੁੰਚ ਕਰਵਾਉਣ ਲਈ ਧਰਮ ਦੀ ਵਿਆਖਿਆ ’ਚ ਕਈ ਸਮਾਜਿਕ ਤੇ ਇਤਿਹਾਸਕ ਮਿਸਾਲਾਂ ਭੀ ਦੇਣੀਆਂ ਪੈਂਦੀਆਂ ਹਨ, ਜੋ ਧਰਮ ਨਹੀਂ ਬਲਕਿ ਧਰਮ ਨੂੰ ਸਮਝਣ ਲਈ ਹੁੰਦੀਆਂ ਹਨ। ਇਨ੍ਹਾਂ ਮਿਸਾਲਾਂ ਨੂੰ ਭੀ ਧਰਮ ਮੰਨਣ ਨਾਲ਼ ਧਰਮ ਦੀ ਚਮਕ; ਮੱਧਮ ਪੈ ਜਾਂਦੀ ਹੈ। ਧਰਮ ਦੀ ਚਮਕ (ਜੋ ਕਿ ਮਿਸਾਲ ਨਹੀਂ) ਨੂੰ ਹੀ ਸਿੱਖ ਦਾ ਨਿਤਨੇਮ ਬਣਾਇਆ ਗਿਆ ਤਾਂ ਜੋ ਸਹਿਜੇ-ਸਹਿਜੇ ਸੁਰਤ, ਧਰਮ ਦੇ ਉੱਚੇ-ਸੁੱਚੇ ਗੁਣਾਂ ਨੂੰ ਧਾਰਨ ਕਰ ਸਕੇ। ਸਨਾਤਨ ਹਿੰਦੂ ਦਾ ਨਿਤਨੇਮ, ਇਤਿਹਾਸ ਹੈ; ਜਿਵੇਂ ਕਿ ਰਾਮ ਕਥਾ (ਰਮਾਇਣ), ਕ੍ਰਿਸ਼ਨ ਕਥਾ (ਗੀਤਾ), ਹਨੂੰਮਾਨ ਚਾਲੀਸਾ, ਆਦਿ। ਵੇਦ, ਬਾਇਬਲ ਆਦਿਕ ਗ੍ਰੰਥ ਭੀ ਇਤਿਹਾਸਿਕ ਸਰੋਤ ਹਨ। ਇਤਿਹਾਸ ਦੀ ਕਥਾ ਕਰਨੀ ਬੜੀ ਸੁਖਾਲੀ ਹੈ ਕਿਉਂਕਿ ਇਸ ਨਾਲ਼ ਖ਼ੁਦ ਦਾ ਕਿਰਦਾਰ ਪੜਚੋਲ ’ਚ ਨਹੀਂ ਆਉਂਦਾ, ਪਰ ਸਿੱਖ ਦਾ ਨਿਤਨੇਮ; ਹੋਰਾਂ ਦੀ ਕਥਾ ਭਾਵ ਇਤਿਹਾਸ ਨਹੀਂ ਹੈ। ਇਹ ਮੂਲ ਅਸੂਲ; ਖ਼ੁਦ ਕੀਤੀ ਕਮਾਈ ਰਾਹੀਂ ਜ਼ਬਾਨ ’ਚੋਂ ਨਿਕਲ ਕੇ ਹੋਰਾਂ ਨੂੰ ਪ੍ਰਭਾਵਤ ਕਰਦੇ ਹਨ। ਜੇਕਰ ਆਪ ਕਮਾਈ ਨਾ ਕੀਤੀ ਜਾਏ ਤਾਂ ਗੁਰਮਤਿ ਦਾ ਪ੍ਰਚਾਰ-ਪ੍ਰਸਾਰ ਕਰਨਾ ਅਤਿ ਕਠਿਨ ਹੈ। ਉਦਾਹਰਨ ਲਈ ਜੇਕਰ ਵਕਤਾ ਰਸਾਂ-ਕਸਾਂ ਨੂੰ ਹੀ ਅਨੰਦ ਸਮਝਦਾ ਰਹੇ ਤਾਂ ਗੁਰਬਾਣੀ ’ਚ ਦਰਸਾਇਆ ਅਸਲ ਅਨੰਦ ਕਿਵੇਂ ਬਿਆਨ ਹੋਏਗਾ। ਇਸ ਲਈ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਵਿਸ਼ੇਸ਼ ਹਿਦਾਇਤਾਂ ਕੀਤੀਆਂ ਹਨ ਕਿ ਧਾਰਮਿਕ ਵਿਚਾਰ ਵਟਾਂਦਰਾ ਕਰਨ ਤੋਂ ਪਹਿਲਾਂ ਖ਼ੁਦ; ਧਰਮ ਤੋਂ ਲਾਹਾ ਲੈਣਾ ਸਿੱਖਣਾ ਹੈ, ‘‘ਪ੍ਰਥਮੇ ਮਨੁ ਪਰਬੋਧੈ ਅਪਨਾ; ਪਾਛੈ ਅਵਰ ਰੀਝਾਵੈ   ਰਾਮ ਨਾਮ ਜਪੁ ਹਿਰਦੈ ਜਾਪੈ; ਮੁਖ ਤੇ ਸਗਲ ਸੁਨਾਵੈ ’’ (ਮਹਲਾ /੩੮੧) ਅਰਥ : ਪਹਿਲਾਂ ਆਪਣੇ ਮਨ ਨੂੰ ਕਾਬੂ ਕਰਨਾ ਸਿੱਖਣਾ ਹੈ, ਫਿਰ ਹੋਰਾਂ ਨੂੰ ਮਨ ਕਾਬੂ ਕਰਨ ਦੀ ਜੁਗਤੀ ਦੱਸਣੀ ਹੈ। (ਸਵਾਲ : ਮਨ ਕਾਬੂ ਕਿਵੇਂ ਹੋਵੇ  ? ਜਵਾਬ ਹੈ) ਦਿਲੋਂ ਰੱਬ ਦਾ ਨਾਮ ਜਪਣਾ ਹੈ ਤੇ (ਇਸ ਵਿੱਚ ਮਿਲੀ ਸਫਲਤਾ ਨੂੰ) ਜ਼ਬਾਨ ਨਾਲ਼ ਸਭ ਨਾਲ਼ ਸਾਂਝਾ ਕਰਨਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਭੀ ਬਚਨ ਹਨ, ‘‘ਪਹਿਲਾ ਵਸਤੁ ਸਿਞਾਣਿ ਕੈ; ਤਾਂ ਕੀਚੈ ਵਾਪਾਰੁ ’’ (ਮਹਲਾ /੧੪੧੦) ਭਾਵ ਪਹਿਲਾਂ ਵਸਤੂ ਨੂੰ ਪਰਖ ਕੇ, ਫਿਰ ਉਸ ਦਾ ਵਪਾਰ ਕਰਨਾ ਹੈ ਯਾਨੀ ਫਿਰ ਹੀ ਵਿਚਾਰ-ਵਟਾਂਦਰਾ ਕਰਨਾ ਸਹੀ ਹੈ। ਗੁਰੂ ਅੰਗਦ ਸਾਹਿਬ ਜੀ ਦੇ ਭੀ ਬੋਲ ਹਨ, ‘‘ਨਾਨਕ  ! ਪਰਖੇ ਆਪ ਕਉ; ਤਾ ਪਾਰਖੁ ਜਾਣੁ   ਰੋਗੁ ਦਾਰੂ ਦੋਵੈ ਬੁਝੈ; ਤਾ ਵੈਦੁ ਸੁਜਾਣੁ ’’ (ਮਹਲਾ /੧੪੮) ਅਰਥ : ਜੋ ਧਰਮ ਦੀ ਕਸੌਟੀ ’ਤੇ ਆਪਣਾ ਜੀਵਨ ਪਰਖਦਾ ਹੈ, ਓਹੀ ਅਸਲ ’ਚ ਵਿਚਾਰਵਾਨ ਹੈ, ਸਿਆਣਾ ਹੈ। ਸੰਸਾਰਕ ਰੋਗ ਤੇ ਉਨ੍ਹਾਂ ਦੀ ਦਵਾ (ਨਾਮ ਸਿਮਰਨ) ਨੂੰ ਸਮਝਣ ਵਾਲ਼ਾ ਮਨੁੱਖ ਹੀ ਸਿਆਣਾ ਹੈ, ਫ਼ਿਲਾਸਫ਼ਰ ਹੈ, ਧਰਮ ਪ੍ਰਚਾਰਕ ਹੈ। ਸੋ ਗੁਰਬਾਣੀ ’ਚ ਵਾਰ-ਵਾਰ ਦਰਜ ਕੀਤੇ ਇਹ ਪਾਵਨ ਬਚਨ; ਸਪਸ਼ਟ ਸੰਕੇਤ ਕਰਦੇ ਹਨ ਕਿ ਅਧਰਮੀ ਬੰਦੇ ਨੂੰ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ’ਚ ਭੂਮਿਕਾ ਨਹੀਂ ਨਿਭਾਉਣੀ ਚਾਹੀਦੀ। ਗੁਰੂ ਸਾਹਿਬਾਨ ਦੀ ਇਸ ਦੂਰ-ਦ੍ਰਿਸ਼ਟੀ ਨੂੰ ਸਤਾ-ਬਲਵੰਡ ਜੀ ਨੇ ਬਿਆਨ ਕਰਦਿਆਂ ਕਿਹਾ ਕਿ ਹੇ ਗੁਰੂ ਜੀ ! ਮਨੁੱਖ ਬੜਾ ਨੇੜੇ ਵੇਖਦਾ ਹੈ ਭਾਵ ਇਸ ਸੰਸਾਰ ਤੱਕ ਹੀ ਸੋਚਦਾ ਹੈ, ਪਰ ਤੁਹਾਡੀ ਤੀਖਣ ਬਿਰਤੀ ਬੜੀ ਅਗਾਂਹ ਵੇਖਦੀ ਹੈ, ‘‘ਨੇੜੈ ਦਿਸੈ ਮਾਤ ਲੋਕ; ਤੁਧੁ ਸੁਝੈ ਦੂਰੁ ’’ (ਬਲਵੰਡ ਸਤਾ/੯੬੭), ਪਰ ਅੱਜ ਅਕਸਰ ਵੇਖਿਆ ਜਾਂਦਾ ਹੈ ਕਿ ਬਹੁਤਾਤ ਸਿੱਖ; ਗੁਰਮਤਿ ਦੀ ਥਾਂ ਗ਼ੈਰ ਧਰਮਾਂ ਵਾਙ ਇਤਿਹਾਸ ਦੀ ਹੀ ਕਥਾ ਕਰਦੇ ਹਨ, ਜੋ ਕਿ ਮਿਸਾਲ ਦੇਣ ਮਾਤਰ ਸੀ। ਵਕਤਿਆਂ ’ਚ ਵਿਖਾਈ ਦਿੰਦੀ ਇਹ ਗਿਰਾਵਟ ਵੈਸੀ ਹੀ ਹੈ; ਜੈਸੀ ਕਿ ਮਸੰਦਾਂ ਅੰਦਰ ਸੀ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਠੋਰ ਸਜ਼ਾਵਾਂ ਦਿੱਤੀਆਂ ਸਨ ਕਿਉਂਕਿ ਧਰਮ ਅਨੁਸਾਰੀ ਚਰਿੱਤਰ ਤੇ ਗੁਰਮਤਿ ਦੇ ਮੂਲ ਅਸੂਲਾਂ ਦਾ ਚਾਨਣ; ਉਨ੍ਹਾਂ ਅੰਦਰੋਂ ਭੀ ਗ਼ਾਇਬ ਹੈ।

ਇਹ ਨਹੀਂ ਸਮਝ ਲੈਣਾ ਕਿ ਸਿੱਖ-ਸੰਗਤਾਂ ਨੂੰ ਇਤਿਹਾਸ ਸੁਣਾਉਣਾ ਹੀ ਨਹੀਂ ਕਿਉਂਕਿ ਇਤਿਹਾਸ ਹੀ ਕੌਮਾਂ ਦੀ ਅਸਲ ਪੂੰਜੀ ਹੁੰਦੀ ਹੈ ਯਾਨੀ ਧਰਮ ਉੱਤੇ ਸਿੱਖਾਂ ਨੇ ਕਿਸ ਤਰ੍ਹਾਂ ਅਸਹਿ ਤਸੀਹੇ ਸਹਾਰ ਕੇ ਪਹਿਰਾ ਦਿੱਤਾ, ਇਸ ਦਾ ਅਸਲ ਸਬੂਤ ਇਤਿਹਾਸ ’ਚੋਂ ਹੀ ਮਿਲਣਾ ਹੈ, ਪਰ ਖੋਜ ਦਾ ਵਿਸ਼ਾ ਇਹ ਹੈ ਕਿ ਇਤਿਹਾਸ; ਮਨੁੱਖ ਅੰਦਰ ਜਜ਼ਬਾਤ ਭਰਦਾ ਹੈ ਜਦਕਿ ਜੀਵਨ ਦੀ ਘਾੜਤ; ਇਤਿਹਾਸ ਰਾਹੀਂ ਨਹੀਂ; ਕੌਮੀ ਫ਼ਲਸਫ਼ੇ ਦੁਆਰਾ ਘੜੀ ਜਾਂਦੀ ਹੈ। ਕਿੰਨਾ ਭੀ ਸੁਨਹਿਰਾ ਇਤਿਹਾਸ ਕਿਉਂ ਨਾ ਹੋਵੇ, ਉਹ ਨਵੀਂ ਪੀੜੀ ਨੂੰ ਸਵੈ ਪੜਚੋਲ ਕਰਨ ਲਈ ਨਹੀਂ ਪ੍ਰੇਰਦਾ। ਇਸੇ ਕਾਰਨ ਜ਼ਿਆਦਾਤਰ ਗ਼ੈਰ ਧਰਮ; ਏਕਤਾ, ਪਿਆਰ, ਸੁਤੰਤਰਤਾ, ਆਦਿਕ ਸਰਬ ਸਾਂਝੇ ਗੁਣ ਆਪਣੇ ਅਨੁਯਾਈਆਂ ’ਚ ਨਾ ਭਰ ਸਕੇ। ਸਿੱਖਾਂ ਅੰਦਰ ਵਿਵਾਦਾਂ ਦੀ ਜੜ੍ਹ ਭੀ ਧਰਮ ਦੀ ਟੇਕ ਲੈਣ ਤੋਂ ਦੂਰ ਹੋਣਾ ਹੈ।

ਨਿਰੇ ਇਤਿਹਾਸ ਦੀ ਕਥਾ ਕਰਨ ਦਾ ਨੁਕਸਾਨ : ਹਰ ਬੰਦਾ ਆਪਣੀ ਅਕਲ ਨੂੰ ਅਸਲ ਧਰਮ ਸਿੱਧ ਕਰਨ ਲਈ ਇਤਿਹਾਸ ਨੂੰ ਤੋੜ-ਮਰੋੜ ਲੈਂਦਾ ਹੈ ਜਾਂ ਇਤਿਹਾਸ ਦਾ ਉਹ ਅੱਧ-ਅਧੂਰਾ ਹਿੱਸਾ ਸੁਣਾਉਂਦਾ ਹੈ, ਜਿਸ ਨਾਲ਼ ਉਸ ਦੀ ਆਪਣੀ ਸੋਚ ਸਹੀ ਜਾਪੇ। ਇੱਕ ਇਤਿਹਾਸਕ ਤੱਥ ਵਿਚਰਨਾ ਜ਼ਰੂਰੀ ਹੈ। ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ (੨ ਹਾੜ ਬਿਕ੍ਰਮੀ ਸੰਮਤ ੧੬੬੩/30 ਮਈ 1606) ਤੋਂ ਬਾਅਦ ਬਦਲੇ ਜ਼ਮੀਨੀ ਹਾਲਾਤਾਂ [ਜਿਵੇਂ ਕਿ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਨੀਆਂ, ਤਖ਼ਤ ਬੁੰਗਾ (ਜੋ ਕਿ ਹੁਣ ਅਕਾਲ ਤਖ਼ਤ ਸਾਹਿਬ ਹੈ) ਦੀ ਸਿਰਜਣਾ ਕਰਨੀ, ਹਿਫ਼ਾਜ਼ਤ ਲਈ ਹਥਿਆਰਬੰਦ ਸਿੱਖ ਫ਼ੌਜ ਖੜ੍ਹੀ ਕਰਨੀ ਤੇ ਢਾਡੀ ਵਾਰਾਂ ਗਾਉਣ] ਕਾਰਨ ਗੁਰੂ ਹਰਗੋਬਿੰਦ ਸਾਹਿਬ ਜੀ ਵਿਰੁੱਧ; ਜੁਲਾਈ 1611 ’ਚ ਲਾਹੌਰ ਦੇ ਨਵੇਂ ਬਣੇ ਕੱਟੜ ਗਵਰਨਰ ਮੁਰਤਜ਼ਾ ਖ਼ਾਨ ਅਤੇ ਕੱਟੜ ਹਿੰਦੂ ਬ੍ਰਾਹਮਣਾਂ ਨੇ ਬਾਦਿਸ਼ਾਹ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਤੇ ਉਸ ਨੇ ਦਸੰਬਰ 1612 ’ਚ ਗੁਰੂ ਸਾਹਿਬ ਨੂੰ 12 ਸਾਲ ਦੀ ਸਜ਼ਾ ਸੁਣਾ ਗਵਾਲੀਅਰ ਦੇ ਕਿਲ੍ਹੇ ’ਚ ਬੰਦ ਕਰ ’ਤਾ। ਇਸ ਪਿੱਛੋਂ ਸਿੱਖ ਕੌਮ ਦੀ ਅਗਵਾਈ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਸੰਭਾਲ਼ੀ, ਜੋ ਗੁਰਮਤਿ ਦੇ ਮਹਾਨ ਵਿਦਵਾਨ ਸਨ। ਉਨ੍ਹਾਂ ਨੇ ਹਕੂਮਤ ਵਿਰੁੱਧ ਸ਼ਾਂਤਮਈ ਸੰਘਰਸ਼ ਅਰੰਭਿਆ। ਦੂਰੋਂ ਦੂਰੋਂ ਸੰਗਤਾਂ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕਰਦੀਆਂ ਗਵਾਲੀਅਰ ਪਹੁੰਚਦੀਆਂ, ਕੁੱਝ ਦਿਨ ਕਿਲ੍ਹੇ ਦੇ ਚਾਰੋਂ ਤਰਫ਼ ਪਰਕਰਮਾ ਕਰਦੀਆਂ ਤੇ ਵਾਪਸ ਪਰਤ ਆਉਂਦੀਆਂ [ਗੁਰੂ ਜੀ ਦੀ ਪਰਕਰਮਾ ਕਰਨ ਵਾਲ਼ੀ ਇਹ ਰੀਤ ਹੁਣ ਭੀ ਦਰਬਾਰ ਸਾਹਿਬ (ਅੰਮ੍ਰਿਤਸਰ) ਵਿਖੇ ਕਾਇਮ ਹੈ]। ਇਸ ਨਾਲ਼ ਚਾਰੋਂ ਤਰਫ਼ ਤਾਨਾਸ਼ਾਹ ਮੁਗ਼ਲ ਹਾਕਮ ਵਿਰੁੱਧ ਮਹੌਲ ਬਣਨ ਲੱਗਾ। ਜਿਸ ਦੇ ਡਰ ਕਾਰਨ ਉਸ ਨੇ ਸਜ਼ਾ ਪੂਰੀ ਹੋਣ ਤੋਂ 5 ਸਾਲ ਪਹਿਲਾਂ ਹੀ ਗੁਰੂ ਜੀ ਨੂੰ ਰਿਹਾਅ ਕਰਨ ਦਾ ਫ਼ੈਸਲਾ ਲੈ ਲਿਆ, ਪਰ ਗੁਰੂ ਜੀ ਨੇ ਓਥੇ ਹੀ ਕੈਦ 52 ਹੋਰ ਪਹਾੜੀ ਰਾਜਿਆਂ ਨੂੰ ਆਪਣੇ ਨਾਲ਼ ਰਿਹਾਅ ਕਰਨ ਦੀ ਸ਼ਰਤ ਰੱਖ ਦਿੱਤੀ। ਜਿਸ ਨੂੰ ਮੰਨਦਿਆਂ ਗੁਰੂ ਸਾਹਿਬ ਸਮੇਤ ਸਭ ਰਾਜਿਆਂ ਨੂੰ 26 ਅਕਤੂਬਰ 1619 ਨੂੰ ਰਿਹਾਅ ਕਰਨਾ ਪਿਆ। ਇਨ੍ਹਾਂ 7 ਸਾਲਾਂ (1612-1619) ’ਚ ਗੁਰੂ ਸਾਹਿਬ ਦੇ ਰੁਤਬੇ, ਉਪਦੇਸ਼ ਅਤੇ ਸਿੱਖ ਸੰਗਤਾਂ ਦੇ ਸਾਹਸੀ ਕਦਮ ਦਾ ਇਹ ਪ੍ਰਭਾਵ ਹੋਇਆ ਕਿ ਜੇਲ੍ਹ ਦਾ ਦਰੋਗਾ (ਹਰੀ ਦਾਸ ਯਾਦਵ), ਕਈ ਰਾਜੇ ਅਤੇ ਅਨੇਕਾਂ ਹੋਰ ਲੋਕ ਸਿੱਖ ਧਰਮ ਨਾਲ਼ ਜੁੜ ਗਏ।  28 ਮਾਰਚ 1624 ਨੂੰ ਗੁਰੂ ਦੇ ਚੱਕ (ਅੰਮ੍ਰਿਤਸਰ) ’ਚ ਹੋਏ ਸਿੱਖਾਂ ਦੇ ਵੱਡੇ ਇਕੱਠ ’ਚ ਬਿਲਾਸਪੁਰ, ਹੰਡੂਰ ਤੇ ਕਈ ਹੋਰ ਰਿਆਸਤਾਂ ਦੇ ਰਿਹਾਅ ਕਰਵਾਏ ਰਾਜੇ ਭੀ ਸ਼ਾਮਲ ਹੋਏ। ਇਸੇ ਦਾ ਨਤੀਜਾ ਸੀ ਕਿ ਅਗਲੇ 70 ਸਾਲਾਂ ਤੱਕ (ਯਾਨੀ ਕਿ ਸੰਨ 1688 ’ਚ ਹੋਏ ਪਹਿਲੇ ਭੰਗਾਣੀ ਦੇ ਜੁੱਧ ਤੱਕ) ਸਾਰੇ ਪਹਾੜੀ (ਹਿਮਾਚਲ, ਉਤਰਾਖੰਡ ਆਦਿ ਦੇ) ਰਾਜੇ ਗੁਰੂ ਘਰ ਨਾਲ਼ ਅਥਾਹ ਪ੍ਰੇਮ ਕਰਦੇ ਰਹੇ ਭਾਵੇਂ ਕਿ ਬਾਅਦ ’ਚ ਉਨ੍ਹਾਂ ਦੀਆਂ ਔਲਾਦਾਂ ਨੇ ਆਪਣੀ ਮੁੜ ਕੱਟੜ ਹਿੰਦੂ ਸੋਚ ਕਾਰਨ ਅਕ੍ਰਿਤਘਣ ਹੋ ਕੇ ਗੁਰੂ ਸਾਹਿਬ ਨਾਲ਼ ਜੁੱਧ ਕੀਤੇ।  ਸੰਨ 1621 ਤੋਂ 1635 ਵਿਚਕਾਰ ਕੁੱਝ ਮੁਗ਼ਲ ਹਾਕਮਾਂ ਤੇ ਗੁਰੂ ਘਰ ਦੇ ਦੋਖੀਆਂ ਨੇ ਗੁਰੂ ਘਰ ’ਤੇ 4 ਹਮਲੇ ਕੀਤੇ, ਜਿਨ੍ਹਾਂ ਦਾ ਗੁਰੂ ਹਰਗੋਬਿੰਦ ਸਾਹਿਬ ਨੇ ਹਥਿਆਰਾਂ ਨਾਲ਼ ਭੀ ਮੁਕਾਬਲਾ ਕੀਤਾ, ਜੋ ਕਿ ਆਤਮ ਰੱਖਿਆ ਲਈ ਜ਼ਰੂਰੀ ਸੀ ਕਿਉਂਕਿ ਉਸ ਸਮੇਂ ਅੱਜ ਦੀ ਤਰ੍ਹਾਂ ਅਦਾਲਤਾਂ, ਮੀਡੀਆ ਜਾਂ ਅੰਤਰਰਾਸ਼ਟਰੀ ਮਾਨਵ ਅਧਿਕਾਰ ਸੰਸਥਾਵਾਂ; ਨਾਲ਼ ਖੜਨ ਲਈ ਨਹੀਂ ਸਨ। ਹਾਲਾਤ ਇਹ ਸੀ ਕਿ ‘ਜਿਸ ਦੀ ਲਾਠੀ ਉਸ ਦੀ ਭੈਂਸ’ ਜਦਕਿ ਹੁਣ ਹਾਲਾਤ ਬਹੁਤ ਭਿੰਨ ਹਨ।  ਅਜੋਕੀਆਂ ਸਰਕਾਰਾਂ ਨੇ ਬੜੇ ਖ਼ਤਰਨਾਕ ਹਥਿਆਰ ਬਣਾ ਲਏ। ਆਮ ਜਨਤਾ ਨੂੰ ਘੱਟ ਗਿਣਤੀਆਂ ਵਿਰੁੱਧ ਉਕਸਾਉਣ ਦੇ ਭੀ ਨਵੇਂ ਨਵੇਂ ਪੈਂਤੜੇ ਅਖ਼ਤਿਆਰ ਕਰ ਲਏ ਹਨ। ਅੱਜ ਹਥਿਆਰਬੰਦ ਸੰਘਰਸ਼ ਕਰਨਾ ਆਪਣੀ ਕੌਮ ਨੂੰ ਖ਼ਤਮ ਕਰਨਾ ਹੈ ਜਦਕਿ ਸ਼ਾਂਤਮਈ ਸੰਘਰਸ਼ ਅੱਜ ਭੀ ਕਾਰਗਰ ਹੈ, ਪਰ ਰਾਜਸੀ ਸੋਚ ਦੇ ਮਾਲਕ ਸਿੱਖਾਂ ਨੇ ਸ਼ਾਂਤਮਈ ਸੰਘਰਸ਼ਾਂ ਨੂੰ ਕਾਇਰਤਾ ਕਹਿਣਾ ਸ਼ੁਰੂ ਕਰ ਦਿੱਤਾ ਤਾਹੀਓਂ ਸਤੰਬਰ 2020 ਤੋਂ ਨਵੰਬਰ 2021 ਤੱਕ ਚੱਲੇ ਸ਼ਾਂਤਮਈ ਕਿਸਾਨ ਅੰਦੋਲਨ ਨੂੰ ਭੀ ਹਿੰਸਕ ਬਣਾਉਣ ਲਈ ਪੂਰਾ ਜ਼ੋਰ ਲਾਈ ਰੱਖਿਆ। ਇਸੇ ਤਰ੍ਹਾਂ 8 ਅਪਰੈਲ 1982 ਨੂੰ ਇੰਦਰਾ ਗਾਂਧੀ ਦੁਆਰਾ ਸਤਲੁਜ-ਯਮਨਾ ਲਿੰਕ ਨਹਿਰ ਜੋੜ ਕੇ ਹਰਿਆਣਾ, ਰਾਜਸਤਾਨ ਨੂੰ ਪਾਣੀ ਦੇਣ ਲਈ ਲਾਏ ਗਏ ਪਿੰਡ ਕਪੂਰੀ (ਜ਼ਿਲ੍ਹਾ ਪਟਿਆਲਾ) ’ਚ ਟੱਕ ਦੇ ਵਿਰੁੱਧ ਆਰੰਭੇ ਸ਼ਾਂਤਮਈ ਕਪੂਰੀ ਮੋਰਚੇ ਨੂੰ ਬਾਅਦ ’ਚ ‘ਧਰਮ ਯੁੱਧ ਮੋਰਚਾ’ ਮੰਨ ਅਕਾਲ ਤਖ਼ਤ ਸਾਹਿਬ (ਅੰਮ੍ਰਿਤਸਰ) ਵਿਖੇ ਲਿਆਂਦਾ ਗਿਆ। ਜਿਸ ਨੂੰ ਸਾਲ ਕੁ ’ਚ ਹਥਿਆਰਬੰਦ ਬਣਾ ਲਿਆ ਕਿਉਂਕਿ ਇੰਦਰਾ ਗਾਂਧੀ ਭੀ ਚੋਣਾ ਨੂੰ ਨੇੜੇ ਵੇਖਦਿਆਂ ਐਸਾ ਕਰਨ ਲਈ ਕਾਹਲ਼ੀ ਸੀ। ਇਸ ਨਾਲ਼ ਜਿੱਥੇ ਸਿੱਖਾਂ ਦੀ ਵੱਡੇ ਪੱਧਰ ’ਤੇ ਨਸਲਕੁਸ਼ੀ ਕੀਤੀ ਗਈ; ਓਥੇ ਦਸੰਬਰ 1984 ’ਚ ਹੋਈਆਂ ਲੋਕ ਸਭਾ ਚੋਣਾਂ ’ਚ ਕਾਂਗਰਸ ਨੇ 543 ’ਚੋਂ 414 ਸੀਟਾਂ ਜਿੱਤ ਲਈਆਂ। ਇਹੀ ਨੀਤੀ ਪ੍ਰਧਾਨ ਮੰਤਰੀ ਨਰਿੰਦਰ ਮੰਦੀ ਨੇ ਅਪਰੈਲ-ਮਈ 2024 ’ਚ ਹੋਏ ਚੁਣਾਵ ਦੌਰਾਨ ਮਹੌਲ ਨੂੰ ਸੰਪਰਦਾਇਕ ਰੂਪ ਦੇਣ ਲਈ ਅਪਣਾਈ। ਜੇਕਰ ਸਿੱਖਾਂ ਵਾਙ ਮੁਸਲਮਾਨ ਭੀ ਹਿੰਸਕ ਹੋ ਜਾਂਦੇ ਤਾਂ ਮੋਦੀ ਨੇ ਭੀ 240 ਦੀ ਥਾਂ 400 ਤੋਂ ਵੱਧ ਸੀਟਾਂ ਜਿੱਤ ਲੈਣੀਆਂ ਸਨ। ਸਿੱਖ ਕੌਮ ਦਾ ਵੱਡਾ ਦੁਖਾਂਤ ਹੈ ਕਿ ਇਹ ਸਮਾਜਿਕ ਮੁੱਦਿਆਂ ਨੂੰ ਭੀ ਕੌਮੀ ਸਮੱਸਿਆ ਬਣਾ ਬਹੁਤਾਤ ਸਮਾਜ ਨੂੰ ਉਸ ਵਿੱਚੋਂ ਮਨਫ਼ੀ/ਘਟਾਅ ਲੈਂਦੀ ਹੈ ਜਦਕਿ ਚਾਹੀਦਾ ਇਹ ਸੀ ਕਿ ਕੌਮੀ ਮੁੱਦਿਆਂ ਨੂੰ ਭੀ ਸਮਾਜਿਕ ਸੰਘਰਸ਼ ਬਣਾ ਆਪ ਪਿਛਾਂਹ ਰਹਿ ਕੇ ਹਰ ਵਰਗ ਨੂੰ ਮੂਹਰੇ ਲਗਾ ਤੋਰਦੀ।

ਸਿੱਖਾਂ ਨੇ ਨੌਜਵਾਨ ਪੀੜੀ ਨੂੰ ਸ਼ਾਂਤਮਈ ਸੰਘਰਸ਼ ਦੇ ਲਾਭ ਦੱਸਣ ਦਾ ਕਦੇ ਉਪਰਾਲਾ ਨਹੀਂ ਕੀਤਾ ਤਾਹੀਓਂ ਐਰਾ-ਗ਼ੈਰਾ ਇਹ ਕੱਚੀ ਰਚਨਾ (ਸ਼ਸਤ੍ਰਨ ਕੇ ਅਧੀਨ ਹੈ ਰਾਜ ਰਾਜ ਬਿਨਾ ਨਹਿ ਧਰਮ ਚਲੈ ਹੈਂ ਧਰਮ ਬਿਨਾ ਸਭ ਦਲੇ ਮਲੇ ਹੈਂ ਕੋਊ ਕਿਸੀ ਕੋ ਰਾਜ ਨਹਿ ਦੇ ਹੈਂ ਜੋ ਲੇ ਹੈਂ ਨਿਜ ਬਲ ਸੇ ਲੈ ਹੈਂ) ਨੂੰ ਗੁਰੂ ਉਪਦੇਸ਼ ਕਹਿ ਕਹਿ ਪ੍ਰਚਾਰਿਆ ਜਾ ਰਿਹਾ ਹੈ ਜਦਕਿ ਐਸਾ ਕੋਈ ਸੇਧ ਨਾ ਪੂਰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ’ਚ 35 ਬਾਣੀਕਾਰਾਂ ਨੇ ਦਿੱਤੀ, ਨਾ ਦਸਮ ਗ੍ਰੰਥ ’ਚ ਹੈ, ਨਾ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਸਿੰਘ ਜੀ ਦੀ ਕਿਸੇ ਰਚਨਾ ’ਚ ਹੈ। ਇਹ ਬੋਲ ਕਿਸ ਲਿਖਾਰੀ ਦੇ ਹਨ, ਇਹ ਭੀ ਸਪਸ਼ਟ ਨਹੀਂ, ਪਰ ਪੰਜਾਬ ਦੀ ਨੌਜਵਾਨੀ ਨੂੰ ਇਨ੍ਹਾਂ ਨਾਲ਼ ਗੁਮਰਾਹ ਕਰਨਾ ਜਾਰੀ ਹੈ। ਸ਼ਾਂਤਮਈ ਤੇ ਹਥਿਆਰਬੰਦ ਜੁੱਧ ਦੇ ਨਫ਼ੇ-ਨੁਕਸਾਨ ਵਾਚਣ ਲਈ ਸਿੱਖਾਂ ਦਾ ਇਕੱਠ ਬੁਲਾਉਣ ਦੇ ਭੀ ਇਹ ਲੋਕ ਘੋਰ ਵਿਰੋਧੀ ਹਨ। ਗੁਰੂ ਸਾਹਿਬਾਨ ਨੇ ਜਿੰਨੇ ਹਥਿਆਰਬੰਦ ਜੁੱਧ ਲੜੇ, ਉਨ੍ਹਾਂ ਦਾ ਮਕਸਦ ਜ਼ਰ (ਸੰਪੱਤੀ), ਜ਼ੋਰੂ (ਔਰਤ) ਤੇ ਜ਼ਮੀਨ ਨਹੀਂ ਸੀ। ਆਤਮ ਰੱਖਿਆ ਲਈ ਤਾਂ ਅੱਜ ਭੀ ਸਿੱਖੀ ਦੇ ਪੰਜ ਕਕਾਰਾਂ ’ਚ ਤਲਵਾਰ ਨੂੰ ਸ਼ਾਮਲ ਕੀਤਾ ਹੋਇਆ ਹੈ, ਨਾ ਕਿ ਲੋਕਾਂ ਨੂੰ ਡਰਾਉਣ ਲਈ। ਇਹ ਵੱਖਰੀ ਗੱਲ ਹੈ ਕਿ 99% ਸਿੱਖਾਂ ਨੇ ਕਿਰਪਾਨ ਨੂੰ ਜਨੇਊ ਦੀ ਤਰ੍ਹਾਂ ਰਸਮੀ ਤੌਰ ’ਤੇ ਹੀ ਧਾਰਨ ਕੀਤਾ ਹੈ, ਆਤਮ ਰੱਖਿਆ ਲਈ ਨਹੀਂ ਵਰਨਾ ਇਸ ਦਾ ਸਾਈਜ਼ ਦਿਨ-ਬ-ਦਿਨ ਘਟਦਾ ਨਾ ਜਾਂਦਾ।

ਭਗਤ ਕਬੀਰ ਜੀ ਦੇ ਇਹ ਬੋਲ ਹਥਿਆਰ ਚੁੱਕਣ ਲਈ ਨਹੀਂ ਬਲਕਿ ਸਵੈਮਾਨ ਨੂੰ ਜਗਾਉਣ ਲਈ ਹਨ, ‘‘ਗਗਨ ਦਮਾਮਾ ਬਾਜਿਓ; ਪਰਿਓ ਨੀਸਾਨੈ ਘਾਉ   ਖੇਤੁ ਜੁ ਮਾਂਡਿਓ ਸੂਰਮਾ; ਅਬ ਜੂਝਨ ਕੋ ਦਾਉ ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ   ਪੁਰਜਾ ਪੁਰਜਾ ਕਟਿ ਮਰੈ; ਕਬਹੂ ਛਾਡੈ ਖੇਤੁ ’’ (ਭਗਤ ਕਬੀਰ/੧੧੦੫) ਅਰਥ : ਭਗਤ ਦੇ ਦਸਮ ਦੁਆਰ ’ਚ ਧੌਂਸਾ ਵੱਜਦਾ ਹੈ, ਨਿਸ਼ਾਨੇ ’ਤੇ ਚੋਟ ਪੈਂਦੀ ਹੈ ਭਾਵ ਉਸ ਦਾ ਮਨ; ਪ੍ਰਭੂ ਚਰਨਾਂ ’ਚ ਜੁੜਿਆ ਹੋਇਆ ਉੱਚੀਆਂ ਉਡਾਰੀਆਂ ਲਾਉਂਦਾ ਹੈ, ਜਿੱਥੇ ਕਿਸੇ ਵਿਕਾਰ ਦੀ ਆਵਾਜ਼ ਨਹੀਂ ਸੁਣਾਈ ਦਿੰਦੀ, ਪ੍ਰਭਾਵ ਨਹੀਂ ਪਾਉਂਦੀ। ਜੋ ਇਸ ਜਗਤ (ਰਣ-ਭੂਮੀ) ’ਚ ਵਿਕਾਰਾਂ ਦੇ ਸਾਮ੍ਹਣੇ ਅੜ ਜਾਵੇ ਤੇ ਸਮਝੇ ਕਿ ਇਹੀ ਜਨਮ ਵਿਕਾਰਾਂ ਨਾਲ਼ ਮੁਕਾਬਲਾ ਕਰਨ ਲਈ ਹੈ, ਉਹ ਅਸਲ ਸੂਰਮਾ ਹੈ (ਪਰ ਹਾਂ, ਉਸ ਨੂੰ ਭੀ) ਸੂਰਮਾ ਸਮਝਣਾ ਹੈ, ਜੋ ਕਮਜ਼ੋਰਾਂ ਦਾ ਸਹਾਰਾ ਬਣਦਾ ਹੈ। ਸਚਾਈ ਲਈ ਆਵਾਜ਼ ਬੁਲੰਦ ਕਰਦਿਆਂ ਭਾਵੇਂ ਕੁਰਬਾਨ ਹੋਣਾ ਪਵੇ, ਕਦੇ ਮੂੰਹ ਨਹੀਂ ਮੋੜਦਾ ਭਾਵ ਸੱਚ ਦਾ ਸਾਥ ਦਿੰਦੇ ਰਹਿਣਾ ਹੈ।

ਭਗਤ ਕਬੀਰ ਜੀ ਨੂੰ ਬੰਨ੍ਹ ਕੇ ਮਸਤ ਹਾਥੀ ਅੱਗੇ ਸੁੱਟਿਆ ਗਿਆ; ਜਿਵੇਂ ਕਿ ਵਾਕ ਹੈ, ‘‘ਕਿਆ ਅਪਰਾਧੁ ਸੰਤ ਹੈ ਕੀਨ੍ਹਾ  ?   ਬਾਂਧਿ ਪੋਟ; ਕੁੰਚਰ ਕਉ ਦੀਨ੍ਹਾ ’’ (ਭਗਤ ਕਬੀਰ/੮੭੦), ਜੰਜੀਰ ਨਾਲ਼ ਬੰਨ੍ਹ ਕੇ ਗੰਗਾ ’ਚ ਸੁੱਟਿਆ ਗਿਆ, ‘‘ਗੰਗਾ ਕੀ ਲਹਰਿ (ਨਾਲ਼) ਮੇਰੀ ਟੁਟੀ ਜੰਜੀਰ ਮ੍ਰਿਗਛਾਲਾ ਪਰ ਬੈਠੇ ਕਬੀਰ ’’ (ਭਗਤ ਕਬੀਰ/੧੧੬੨), ਫਿਰ ਭੀ ਕਬੀਰ ਜੀ ਨੇ ਸੱਚ ਦਾ ਸਾਥ ਦੇਣਾ ਨਾ ਛੱਡਿਆ। ਇਸੇ ਤਰ੍ਹਾਂ ਗੁਰੂ ਨਾਨਕ ਜੀ ਨੇ ਬਾਬਰ ਨੂੰ ਉਸ ਦੇ ਮੂੰਹ ਉੱਤੇ ਜਾਬਰ (ਜ਼ਾਲਮ, ਹਤਿਆਰਾ) ਕਿਹਾ ਕਿਉਂਕਿ ਆਪ ਜੀ ਦਾ ਟੀਚਾ ਸੀ, ‘‘ਸਚੁ ਸੁਣਾਇਸੀ ਸਚ ਕੀ ਬੇਲਾ ’’ (ਮਹਲਾ /੭੨੩) ਭਾਵ ਵਕਤ ਉੱਤੇ ਸੱਚ ਬੋਲਣਾ ਜ਼ਰੂਰੀ ਹੈ। ਸੱਚ ਬੋਲ ਬੋਲ ਕੇ ਕ੍ਰਾਂਤੀਕਾਰੀ ਜਮਾਤ ਪੈਦਾ ਕਰਨਾ ਭੀ ਜੁੱਧ ਨੀਤੀ ਦਾ ਹੀ ਭਾਗ ਹੁੰਦਾ ਹੈ।

ਗੁਰਬਾਣੀ ’ਚ ਐਸਾ ਬਚਨ ਤਾਂ ਹੈ ਕਿ ਹਰ ਕੋਈ ਰਾਜ ਸੱਤਾ ਦੀ ਖ਼ੁਸ਼ਾਮਦ ਕਰਦਾ ਹੈ, ‘‘ਜਿਸ ਹੀ ਕੀ ਸਿਰਕਾਰ ਹੈ; ਤਿਸ ਹੀ ਕਾ ਸਭੁ ਕੋਇ ’’ (ਮਹਲਾ /੨੭), ਪਰ ਇਹ ਉਪਦੇਸ਼ ਨਹੀਂ ਕਿ ਰਾਜ ਸੱਤਾ ਹਾਸਲ ਕਰਨ ਤੋਂ ਬਿਨਾਂ ਧਰਮ ਦਾ ਪ੍ਰਚਾਰ-ਪ੍ਰਸਾਰ ਨਹੀਂ ਹੋ ਸਕਦਾ ਸਗੋਂ ਗੁਰੂ ਜੀ ਇਸ ਤੋਂ ਵਿਪਰੀਤ ਕਹਿ ਰਹੇ ਹਨ ਕਿ ਮੈਨੂੰ ਰਾਜ ਸੱਤਾ ਨਹੀਂ ਚਾਹੀਦੀ, ‘‘ਰਾਜੁ ਚਾਹਉ.. (ਮਹਲਾ /੫੩੪), ਰਾਜ ਮਿਲਖ ਸਿਕਦਾਰੀਆ; ਅਗਨੀ ਮਹਿ ਜਾਲੁ ’’ (ਮਹਲਾ /੮੧੧) ਅਰਥ : (ਹੇ ਭਾਈ !) ਰਾਜ ਸੱਤਾ, ਜ਼ਮੀਨ ਦੀ ਮਾਲਕੀ ਤੇ ਚੌਧਰਪੁਣਾ (ਦੀ ਭੁੱਖ ਨੂੰ) ਅੱਗ ’ਚ ਜਲਾ ਦੇਹ। ਗੁਰਬਾਣੀ ਅਨੁਸਾਰ ਰਾਜ ਕਰਨ ਤੋਂ ਭਾਵ ਲੋਕਾਂ ਦੇ ਦਿਲਾਂ ’ਤੇ ਰਾਜ ਕਰਨਾ ਹੈ। ਸਿਆਸੀ ਰਾਜ ਸਥਾਪਿਤ ਕਰਨਾ ਭੀ ਕੋਈ ਗੁਨਾਹ ਨਹੀਂ, ਪਰ ਜਿਸ ਛਲ-ਕਪਟ ਤੇ ਝੂਠ ਨਾਲ਼ ਅੱਜ ਰਾਜ ਹਥਿਆਉਣ ਲਈ ਹੱਥਕੰਡੇ ਅਪਣਾਏ ਜਾ ਰਹੇ ਹਨ, ਉਹ ਗੁਰਮਤਿ ਅਨੁਕੂਲ ਨਹੀਂ। ਇਸ ਲਈ ਗੁਰਮਤਿ ਅਸੂਲਾਂ ਦੀ ਟੇਕ ਲੈਣ ਤੋਂ ਬਿਨਾਂ ਸੁਣਾਏ ਜਾਂਦੇ ਇਤਿਹਾਸ ਵਿੱਚੋਂ ਇਹ ਸਚਾਈ ਅਲੋਪ ਹੀ ਕਰ ਦਿੱਤੀ ਗਈ ਹੈ।

ਦਸਮੇਸ਼ ਪਿਤਾ ਨੇ ਸਿੱਖ ਕੌਮ ਨੂੰ ਪੰਜ ਪ੍ਰਧਾਨੀ ਪ੍ਰਣਾਲੀ (ਪੰਜ ਪਿਆਰਿਆਂ ਦੇ ਸਾਂਝੇ ਫ਼ੈਸਲੇ) ਅਧੀਨ ਰੱਖਿਆ ਸੀ ਤਾਂ ਕਿ ਵਿਅਕਤੀ ਵਿਸ਼ੇਸ਼ ਰਾਜਾ ਬਣ ਗੁਰਮਤਿ ਦਾ ਘਾਣ ਨਾ ਕਰੇ, ਪਰ ਅੱਜ ਕੱਲ੍ਹ ਹਰ ਸਿਆਸਤਦਾਨ; ਪਵਿੱਤਰ ਮੀਰੀ-ਪੀਰੀ ਸਿਧਾਂਤ ਦੇ ਗ਼ਲਤ ਅਰਥ ਕੱਢ ਗੁਰੂ ਦੀ ਗੋਲਕ (ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਉੱਤੇ ਕਾਬਜ਼ ਹੋਣ ਲਈ ਕਾਹਲ਼ਾ ਹੈ। ਚਾਹੀਦਾ ਇਹ ਸੀ ਕਿ ਪੀਰੀ (ਰੂਹਾਨੀਅਤ ਸ਼ਕਤੀ) ਅਧੀਨ ਮੀਰੀ (ਬਾਦਿਸ਼ਾਹੀ) ਹੁੰਦੀ, ਪਰ ਰਾਜਸੀ ਮਨਸ਼ਾ ਪਾਲਣ ਵਾਲ਼ਿਆਂ ਨੇ ਬਿਲੁਕਲ ਉਲ਼ਟ ਕਰ ਰੱਖਿਆ ਹੈ ਫਿਰ ਭੀ ਕੋਈ ਸਿੱਖ ਪ੍ਰਚਾਰਕ; ਇਸ ਪਰਵਾਰਵਾਦ ਵਿਰੁੱਧ ਜ਼ਬਾਨ ਨਹੀਂ ਖੋਲ੍ਹਦਾ ਕਿਉਂਕਿ ਚਾਰੋਂ ਤਰਫ਼ ਸਿੱਖ, ‘ਸ਼ਸਤ੍ਰਨ ਕੇ ਅਧੀਨ ਹੈ ਰਾਜ ਰਾਜ ਬਿਨਾ ਨਹਿ ਧਰਮ ਚਲੈ ਹੈਂਵਾਲ਼ੀ ਬਿਮਾਰ ਮਾਨਸਿਕਤਾ ਤੋਂ ਪੀੜਤ ਹੋ ਚੁੱਕੇ ਹਨ। ਇਹੀ ਕਾਰਨ ਹੈ ਕਿ ਦਰਬਾਰ ਸਾਹਿਬ (ਅੰਮ੍ਰਿਤਸਰ ਸਾਹਿਬ) ਤੋਂ ਹੁਕਮਨਾਮੇ ਦੀ ਨਿੱਤ ਹੁੰਦੀ ਕਥਾ ’ਚ ਭੀ ਸਮਾਜਿਕ ਉਥਲ-ਪੁਥਲ ਭਾਰੂ ਰਹਿੰਦੀ ਹੈ, ਨਾ ਕਿ ਰੂਹਾਨੀਅਤ ਉੱਨਤੀ ਬਾਰੇ ਕੋਈ ਜੁਗਤੀ ਸਮਝਾਈ ਜਾਂਦੀ ਹੈ।

ਸੋ ਗੁਰਮਤਿ ਨੂੰ ਆਧਾਰ ਬਣਾ ਕਥਾ ਕਰਨੀ ਸਮੇਂ ਦੀ ਮੁੱਖ ਲੋੜ ਹੈ। ਇਸ ਵਿੱਚ ਇਤਿਹਾਸ ਨੂੰ ਮਿਸਾਲ ਬਣਾਇਆ ਜਾ ਸਕਦਾ ਹੈ। ਕੇਵਲ ਇਤਿਹਾਸ ਦੀ ਕਥਾ ਰਾਹੀਂ ਵਿਅਕਤੀ ਵਿਸ਼ੇਸ਼ ਨੂੰ ਗੁਰੂ ਸਮਾਨ ਮਹਾਨਤਾ ਦੇਣੀ ਗੁਰਮਤਿ ਦਾ ਘੋਰ ਅਪਮਾਨ ਹੈ। ਜੂਨ 1984 ’ਚ ਦਰਬਾਰ ਸਾਹਿਬ (ਅੰਮ੍ਰਿਤਸਰ) ’ਤੇ ਭਾਰਤੀ ਹਕੂਮਤ ਨੇ ਜਦ ਹਮਲਾ ਕਰ ਸੈਂਕੜੇ ਸਿੱਖ ਸ਼ਹੀਦ ਕੀਤੇ ਸਨ ਤਾਂ ਓਥੇ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੀ ਨਹੀਂ ਕੀਤੀ ਬਲਕਿ ਮਾਨਵਤਾ ਲਈ ਕਈ ਖੂਹ ਖੁਦਵਾਏ, ਦਵਾਖ਼ਾਨੇ ਭੀ ਖੋਲ੍ਹੇ ਸਨ, ਪਰ ਬੜੀ ਜਲਦੀ ਹੀ ਇਸ ਯਾਦਗਾਰੀ ਦਿਵਸ ਨੂੰ ਗੁਰੂ ਸਾਹਿਬ ਦੇ ਸ਼ਹੀਦੀ ਹਵਾਲੇ ਨਾਲ਼ ਨਹੀਂ; ਸਿੱਖ ਸ਼ਹੀਦਾਂ ਦੇ ਹਵਾਲੇ ਨਾਲ਼ ਮਨਾਇਆ ਜਾਣ ਲੱਗਾ। ਗੁਰਬਾਣੀ ਦਾ ਵਾਕ ਹੈ, ‘‘ਬਾਬਾਣੀਆ ਕਹਾਣੀਆ; ਪੁਤ ਸਪੁਤ ਕਰੇਨਿ   ਜਿ ਸਤਿਗੁਰ ਭਾਵੈ, ਸੁ ਮੰਨਿ ਲੈਨਿ; ਸੇਈ ਕਰਮ ਕਰੇਨਿ ’’ (ਮਹਲਾ /੯੫੧) ਅਰਥ : ਬਜ਼ੁਰਗਾਂ ਦੀਆਂ ਕਥਾ-ਸਾਖੀਆਂ; ਪੁੱਤਰਾਂ ਨੂੰ ਸੁਚੱਜੇ ਪੁੱਤਰ ਬਣਾ ਦਿੰਦੀਆਂ ਹਨ ਕਿਉਂਕਿ ਜੋ ਬਜ਼ੁਰਗਾਂ ਨੂੰ ਪਸੰਦ ਸੀ, ਉਸ ਨੂੰ ਮੰਨ ਲਈਦਾ ਹੈ ਯਾਨੀ ਸੁਚੱਜੇ ਪੁੱਤਰ ਭੀ ਬਜ਼ੁਰਗਾਂ ਦੀ ਤਰ੍ਹਾਂ ਕੰਮ ਕਰਨ ਲੱਗ ਜਾਂਦੇ ਹਨ। ਸਵਾਲ : ਬਜ਼ੁਰਗਾਂ (ਸਤਿਗੁਰ ਸਾਹਿਬਾਨ) ਨੂੰ ਕੀ ਪਸੰਦ ਸੀ ? ਜਵਾਬ : ਉਨ੍ਹਾਂ ਨੂੰ ਪਸੰਦ ਸੀ ਕਿ ਮਨੁੱਖਤਾ; ਇੱਕ ਮਾਲਕ (ੴ) ਦੀ ਉਸਤਤ ਕਰੇ। ਜੋ ਸਭ ਨੂੰ ਪੈਦਾ ਕਰਨ ਵਾਲ਼ਾ, ਰਿਜ਼ਕ ਦੇਣ ਵਾਲ਼ਾ, ਮਾਰਨਾ ਵਾਲ਼ਾ ਤੇ ਸਤਿਗੁਰੂ ਜੀ ਦੀ ਅਗਵਾਈ ਬਖ਼ਸ਼ਣ ਵਾਲ਼ਾ ਹੈ; ਜਿਨ੍ਹਾਂ ਨੇ ਦੱਸਿਆ ਕਿ ਹਰ ਕੋਈ ਉਸ ਦੇ ਹੁਕਮ ’ਚ ਹੈ ਤਾਂ ਤੇ ਹਰ ਕੰਮ ਦਾ ਮਹੱਤਵ ਆਪਣੇ ’ਤੇ ਲੈ ਕੇ ਮਨ ’ਚ ਅਹੰਕਾਰ/ਕੂੜ ਭਰਮ ਦੀ ਥਾਂ ਮਾਲਕ ਨੂੰ ਸਿਰਮੌਰਤਾ ਦੇਣੀ ਬਣਦੀ ਹੈ।

ਗੁਰਬਾਣੀ ਦੀ ਸੰਪਾਦਨਾ ਸਮੇਂ ‘ਇਤਿਹਾਸ ਬਨਾਮ ਸਿਧਾਂਤ’ ਵਿੱਚੋਂ ਸਿਧਾਂਤ ਨੂੰ ਸਿਰਮੌਰ ਮੰਨਣ ਕਾਰਨ ਹੀ ਭਾਈ ਗੁਰਦਾਸ ਜੀ ਦੀ ਰਚਨਾ (ਜਿਸ ਵਿੱਚ ਜ਼ਿਆਦਾਤਰ ਇਤਿਹਾਸ ਹੈ) ਨੂੰ ਗੁਰੂ ਗ੍ਰੰਥ ਸਾਹਿਬ ’ਚ ਸਥਾਨ ਨਹੀਂ ਮਿਲਿਆ। ਦਸਮ ਗ੍ਰੰਥ ਭੀ ਜ਼ਿਆਦਾਤਰ ਇਤਿਹਾਸ ਸਰੋਤ ਹੈ, ਜਿਸ ਨੂੰ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰ ‘ਸਬਦੁ ਗੁਰੂ’ ਦੀ ਮਹਾਨਤਾ ਨੂੰ ਘਟਾਇਆ ਜਾ ਰਿਹਾ ਹੈ।

ਸਿੱਖਾਂ ’ਚ ਦੂਜੀ ਜਮਾਤ; ਗੁਰਮਤਿ ਨੂੰ ਸ਼ਰਧਾ ਭਾਵਨਾ ਨਾਲ਼ ਨਹੀਂ ਬਲਕਿ ਵਿਗਿਆਨਿਕ ਖੋਜ (ਜਿਸ ਦਾ ਆਧਾਰ ਪੰਜ ਗਿਆਨ ਇੰਦ੍ਰੇ ਹਨ) ਨਾਲ਼ ਸਮਝਣ ਨੂੰ ਮਹੱਤਵ ਦਿੰਦੀ ਹੈ ਤਾਹੀਓਂ ਇਨ੍ਹਾਂ ਅਨੁਸਾਰ ਮਰਨ ਉਪਰੰਤ ਕੋਈ ਆਵਾਗਮਣ ਨਹੀਂ ਹੁੰਦਾ ਭਾਵ ਇਸੇ ਜਨਮ ’ਚ ਚੰਗੇ-ਮੰਦੇ ਕਰਮਾਂ ਦਾ ਲੇਖਾ-ਜੋਖਾ ਹੁੰਦਾ ਰਹਿੰਦਾ ਹੈ, ਪਰ ਜ਼ਿੰਦਗੀ ਦੀ ਅਸਲੀਅਤ ਨੂੰ ਬਿਆਨ ਕਰਦੇ ਇਹ ਪਾਵਨ ਬਚਨ; ਇਸ ਸੋਚ ਦੇ ਉਲ਼ ਕਹਿ ਰਹੇ ਹਨ, ‘‘ਜਬ ਜਰੀਐ ਤਬ ਹੋਇ ਭਸਮ ਤਨੁ; ਰਹੈ ਕਿਰਮ ਦਲ ਖਾਈ   ਕਾਚੀ ਗਾਗਰਿ ਨੀਰੁ ਪਰਤੁ ਹੈ; ਇਆ ਤਨ ਕੀ ਇਹੈ ਬਡਾਈ   ਕਾਹੇ ਭਈਆ ! ਫਿਰਤੌ ਫੂਲਿਆ ਫੂਲਿਆ   ਜਬ ਦਸ ਮਾਸ ਉਰਧ ਮੁਖ ਰਹਤਾ; ਸੋ ਦਿਨੁ ਕੈਸੇ ਭੂਲਿਆ ਰਹਾਉ ਜਿਉ ਮਧੁ ਮਾਖੀ, ਤਿਉ ਸਠੋਰਿ ਰਸੁ; ਜੋਰਿ ਜੋਰਿ ਧਨੁ ਕੀਆ   ਮਰਤੀ ਬਾਰ ਲੇਹੁ ਲੇਹੁ ਕਰੀਐ; ਭੂਤੁ ਰਹਨ ਕਿਉ ਦੀਆ ?   ਦੇਹੁਰੀ ਲਉ ਬਰੀ ਨਾਰਿ ਸੰਗਿ ਭਈ; ਆਗੈ ਸਜਨ ਸੁਹੇਲਾ   ਮਰਘਟ ਲਉ ਸਭੁ ਲੋਗੁ ਕੁਟੰਬੁ ਭਇਓ; ਆਗੈ ਹੰਸੁ ਅਕੇਲਾ ’’ (ਭਗਤ ਕਬੀਰ/੬੫੪) ਅਰਥ : ਹੇ ਭਾਈ ! ਸਰੀਰ (ਚਿਖ਼ਾ ’ਚ) ਸਾੜਨ ਨਾਲ਼ ਸੁਆਹ ਬਣਦਾ ਹੈ। ਕਬਰ ’ਚ ਦਫ਼ਨਾਉਣ ਨਾਲ਼ ਕੀੜੇ ਖਾ ਜਾਂਦੇ ਹਨ। ਕੱਚੇ ਘੜੇ ’ਚੋਂ ਸਿੰਮਦੇ ਪਾਣੀ (ਵਾਙ ਸੁਆਸ ਖ਼ਤਮ ਹੋ ਰਹੇ ਹਨ, ਜੋ) ਇਸ ਸਰੀਰ ਦੀ ਬੁਨਿਆਦ ਹਨ॥੧॥ (ਇਸ ਲਈ) ਤੂੰ (ਸਰੀਰ ਦਾ) ਕਾਹਦਾ ਮਾਣ ਕਰਦਾ ਹੈਂ ? ਜਦ ਮਾਂ ਦੇ ਪੇਟ ’ਚ 10 ਮਹੀਨੇ ਉਲ਼ਟਾ ਲੇਟਿਆ ਸੀ (ਤਾਂ ਕਰਤਾਰ ਬਚਾਉਂਦਾ ਰਿਹਾ ਹੁਣ ਤੂੰ) ਉਹ ਦਿਨ ਕਿਉਂ ਭੁੱਲ ਗਿਆ ?॥ ਰਹਾਉ॥ ਜਿਵੇਂ ਮੱਖੀ (ਫੁੱਲਾਂ ਦਾ) ਰਸ ਜੋੜ ਜੋੜ ਕੇ ਸ਼ਹਿਦ ਇਕੱਠਾ ਕਰਦੀ ਹੈ (ਪਰ ਸ਼ਹਿਦ ਕੋਈ ਹੋਰ ਲੈ ਜਾਂਦਾ ਹੈ; ਇਉਂ) ਮੂਰਖ ਧਨ ਹੀ ਜੋੜਦਾ ਰਿਹਾ (ਜੋ ਅੰਤ ਨੂੰ ਔਲਾਦ ਲੈ ਗਈ। ਅਸਲ ਮਦਦਗਾਰ ਪ੍ਰਭੂ ਦਾ ਨਾਮ ਨਾ ਜਪਿਆ) ਮਰਨ ਵੇਲ਼ੇ ਇਹੀ ਔਲਾਦ ਤੁਰੰਤ ਕਹਿੰਦੀ ਹੈ ਕਿ ਜਲਦੀ ਸ਼ਮਸ਼ਾਨ ਘਾਟ ਲੈ ਜਾਓ, ਘਰ ’ਚ ਬਹੁਤੀ ਦੇਰ ਨਾ ਰੱਖੋ॥੨॥ (ਮੁਰਦੇ ਨੂੰ ਸ਼ਮਸ਼ਾਨ ਵੱਲ ਲੈ ਜਾਂਦਿਆਂ) ਦੇਹਲ਼ੀ/ਦਹਿਲੀਜ਼ ਤੱਕ ਪਤਨੀ ਨਾਲ਼ ਜਾਂਦੀ ਹੈ। ਅਗਾਂਹ ਸ਼ਮਸ਼ਾਨ ਘਾਟ ਤੱਕ ਸਨੇਹੀ-ਪਿਆਰੇ ਚੁੱਕ ਲੈ ਜਾਂਦੇ ਹਨ ਤੇ ਉਸ ਤੋਂ ਅਗਾਂਹ ਜੀਵਾਤਮਾ (ਹੰਸ) ਇਕੱਲਾ ਹੀ ਜਾਂਦਾ ਹੈ।

ਹੁਣ ਜੇਕਰ ਮੰਨੀਏ ਕਿ ਆਵਾਗਮਣ ਨਹੀਂ ਹੁੰਦਾ ਤਾਂ ਇਹ ਹੰਸ ਅਗਾਂਹ ਇਕੱਲਾ ਕਿੱਥੇ ਜਾ ਰਿਹਾ ਹੈ ? ਐਸੇ ਹੀ ਬਚਨ ਆਪਣੇ ਅੰਤਮ ਸਮੇਂ ਗੁਰੂ ਅਮਰਦਾਸ ਜੀ ਨੇ ਬੋਲੇ ਹਨ, ਜਿਨ੍ਹਾਂ ਨੂੰ ਬਾਬਾ ਸੁੰਦਰ ਜੀ ਲਿਖ ਰਹੇ ਸਨ, ‘‘ਮੇਰੇ ਸਿਖ ਸੁਣਹੁ ਪੁਤ ਭਾਈਹੋ  ! ਮੇਰੈ ਹਰਿ ਭਾਣਾ ਆਉ ਮੈ ਪਾਸਿ ਜੀਉ .. ਤੁਸੀ ਪੁਤ ਭਾਈ ਪਰਵਾਰੁ ਮੇਰਾ; ਮਨਿ ਵੇਖਹੁ ਕਰਿ ਨਿਰਜਾਸਿ ਜੀਉ   ਧੁਰਿ ਲਿਖਿਆ ਪਰਵਾਣਾ ਫਿਰੈ ਨਾਹੀ; ਗੁਰੁ ਜਾਇ ਹਰਿ ਪ੍ਰਭ ਪਾਸਿ ਜੀਉ ਸਤਿਗੁਰਿ (ਨੇ) ਭਾਣੈ ਆਪਣੈ ਬਹਿ ਪਰਵਾਰੁ ਸਦਾਇਆ   ਮਤ ਮੈ ਪਿਛੈ ਕੋਈ ਰੋਵਸੀ; ਸੋ ਮੈ ਮੂਲਿ ਭਾਇਆ .. ਸਤਿਗੁਰੂ ਪਰਤਖਿ ਹੋਦੈ; ਬਹਿ ਰਾਜੁ ਆਪਿ ਟਿਕਾਇਆ   ਸਭਿ ਸਿਖ ਬੰਧਪ ਪੁਤ ਭਾਈ; ਰਾਮਦਾਸ ਪੈਰੀ (ਪੈਰੀਂ) ਪਾਇਆ ’’ (ਸਦ/ਬਾਬਾ ਸੁੰਦਰ/੯੨੩) ਅਰਥ : ਹੇ ਭਾਈਓ ! ਮੇਰੇ ਸਿੱਖੋ, ਮੇਰੇ ਪੁੱਤਰੋ ! ਮੇਰੇ ਕੋਲ਼ ਆਓ ਤੇ ਗ਼ੌਰ ਨਾਲ਼ ਸੁਣੋ; ਇਹੀ ਹਰੀ ਨੂੰ ਪਸੰਦ ਹੈ ਭਾਵ ਮੇਰੀ ਸਰੀਰਕ ਮੌਤ ਨਿਸ਼ਚਿਤ ਹੈ। ਤੁਸੀਂ ਮੇਰਾ ਪਰਵਾਰ ਹੋ। ਮਨ ’ਚ ਨਿਰਣਾ ਕਰਕੇ ਵੇਖੋ ਕਿ ਰੱਬੀ ਦਰਗਾਹ ਤੋਂ ਲਿਖਿਆ (ਮੌਤ ਦਾ) ਲੇਖ/ਸੁਨੇਹਾ ਮੁੜਦਾ ਨਹੀਂ ਹੁੰਦਾ। ਗੁਰੂ (ਅਮਰਦਾਸ ਜੀ ਤਾਂ) ਹਰੀ ਕੋਲ਼ ਜਾ ਰਿਹਾ ਹੈ। ਸਤਿਗੁਰੂ ਨੇ ਆਪਣੀ ਇੱਛਾ ਅਨੁਸਾਰ ਪਰਵਾਰ ਨੂੰ ਨੇੜੇ ਬੁਲਾਇਆ (ਤੇ ਕਿਹਾ ਕਿ) ਮੇਰੇ (ਮਰਨ) ਤੋਂ ਬਾਅਦ ਰੌਣਾ ਨਹੀਂ। ਮੈਨੂੰ ਐਸਾ ਬਿਲਕੁਲ ਪਸੰਦ ਨਹੀਂ (ਕਿਉਂਕਿ ਹਰੀ ’ਚ ਅਭੇਦ ਹੋਣ ਲਈ ਤਾਂ ਸਾਰੀ ਉਮਰ ਬੰਦਗੀ ਕੀਤੀ ਹੈ)। ਸਤਿਗੁਰੂ ਨੇ ਜੀਵਦਿਆਂ ਸੰਗਤ ਦੇ ਅੱਗੇ ਬੈਠ ਕੇ ਆਪ (ਗੁਰਸਿੱਖ ਰਾਮਦਾਸ ਜੀ) ਨੂੰ ਗੁਰਿਆਈ-ਤਿਲਕ ਲਾਇਆ ਤੇ ਸਾਰੇ ਸਿੱਖ, ਰਿਸ਼ਤੇਦਾਰ, ਦੋਸਤਾਂ ਆਦਿ ਨੂੰ ਗੁਰੂ ਰਾਮਦਾਸ ਜੀ ਦੇ ਚਰਨੀਂ ਲਗਾ ਦਿੱਤਾ। ਫਿਰ ਭੀ ਜੇਕਰ ਮੰਨੀਏ ਕਿ ਮਰਨ ਉਪਰੰਤ (ਸਰੀਰ ’ਚੋਂ) ਕੋਈ ਆਤਮਾ (ਹੰਸ) ਨਹੀਂ ਨਿਕਲਦਾ ਤਾਂ ‘‘ਗੁਰੁ ਜਾਇ ਹਰਿ ਪ੍ਰਭ ਪਾਸਿ ਜੀਉ’’ ਦਾ ਕੀ ਅਰਥ ਰਹਿ ਜਾਏਗਾ।

ਆਵਾਗਮਣ ਦੀ ਹੋਂਦ ਤੋਂ ਇਨਕਾਰੀ ਸਿੱਖ; ਆਪਣੀ ਸੋਚ ਨੂੰ ਸਹੀ ਸਿੱਧ ਕਰਨ ਲਈ ਹੇਠਲੇ ਸ਼ਬਦ ਦਾ ਸਹਾਰਾ ਲੈਂਦੇ ਹਨ ਜਦਕਿ ਇਸ ਸ਼ਬਦ ’ਚ ਜ਼ਿੰਦਗੀ ਦੀ ਬੁਨਿਆਦ ਆਤਮਾ/ਜੋਤਿ ਨੂੰ ਅਮਰ (ਇਲਾਹੀ ਨੂਰ) ਸਿੱਧ ਕਰਨ ਲਈ ਸਰੀਰ ਅੰਦਰਲੀਆਂ ਹੋਰ ਸੂਖਮ ਤਾਕਤਾਂ (ਜਿਵੇਂ ਕਿ ਸੁਆਸ, ਅੱਗ ਤੱਤ, ਹਵਾ ਤੱਤ, ਪਾਣੀ ਤੱਤ, ਮਿੱਟੀ ਤੱਤ, ਅਕਾਸ਼ ਤੱਤ); ਆਪਣੇ-ਆਪਣੇ ਸਰੋਤ ’ਚ ਮਿਲਦੀਆਂ ਨੂੰ ਮਿਸਾਲ ਬਣਾਇਆ ਗਿਆ ਹੈ ਤਾਂ ਜੋ ਸਰੀਰਕ ਮੋਹ ਕਾਰਨ ਕਿਸੇ ਦੀ ਮੌਤ ’ਤੇ ਅਫ਼ਸੋਸ ਨਾ ਕੀਤਾ ਜਾਏ। ਪੂਰਾ ਸ਼ਬਦ ਹੈ, ‘‘ਪਵਨੈ ਮਹਿ ਪਵਨੁ ਸਮਾਇਆ   ਜੋਤੀ ਮਹਿ ਜੋਤਿ ਰਲਿ ਜਾਇਆ   ਮਾਟੀ ਮਾਟੀ ਹੋਈ ਏਕ   ਰੋਵਨਹਾਰੇ ਕੀ ਕਵਨ ਟੇਕ ?   ਕਉਨੁ ਮੂਆ ਰੇ ! ਕਉਨੁ ਮੂਆ   ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ; ਇਹੁ ਤਉ ਚਲਤੁ ਭਇਆ ਰਹਾਉ   ਅਗਲੀ; ਕਿਛੁ ਖਬਰਿ ਪਾਈ  ਰੋਵਨਹਾਰੁ ਭਿ ਊਠਿ ਸਿਧਾਈ   ਭਰਮ ਮੋਹ ਕੇ ਬਾਂਧੇ ਬੰਧ   ਸੁਪਨੁ ਭਇਆ; ਭਖਲਾਏ ਅੰਧ   ਇਹੁ ਤਉ; ਰਚਨੁ ਰਚਿਆ ਕਰਤਾਰਿ (ਨੇ)   ਆਵਤ ਜਾਵਤ ਹੁਕਮਿ+ਅਪਾਰਿ (’)   ਨਹ ਕੋ ਮੂਆ; ਮਰਣੈ ਜੋਗੁ   ਨਹ ਬਿਨਸੈ; ਅਬਿਨਾਸੀ ਹੋਗੁ   ਜੋ ਇਹੁ ਜਾਣਹੁ; ਸੋ ਇਹੁ ਨਾਹਿ   ਜਾਨਣਹਾਰੇ ਕਉ ਬਲਿ ਜਾਉ   ਕਹੁ ਨਾਨਕ  ! ਗੁਰਿ (ਨੇ) ਭਰਮੁ ਚੁਕਾਇਆ   ਨਾ ਕੋਈ ਮਰੈ; ਆਵੈ ਜਾਇਆ (ਮਹਲਾ /੮੮੫) ਅਰਥ : ਹੇ ਭਾਈ ! (ਗ਼ੌਰ ਕਰ; ਮੌਤ ਉਪਰੰਤ) ਸੁਆਸ; ਆਪਣੇ ਸਰੋਤ ਸੁਆਸ-ਸੰਗ੍ਰਹਿ (ਪ੍ਰਭੂ) ’ਚ ਜਾ ਸਮਾਉਂਦੇ ਹਨ ਭਾਵ ਜਿਸ ਮਾਲਕ ਨੇ ਸੁਆਸ-ਪੂੰਜੀ ਬਖ਼ਸ਼ੀ ਸੀ; ਉਸੇ ਨੇ ਸੁਆਸ ਵਾਪਸ ਖਿੱਚ ਲਏ, ਨਾ ਕਿ ਉਹ ਆਪ ਮਰਿਆ ਹੈ। ਸਰੀਰ ਅੰਦਰਲੀ ਜੋਤਿ ਭੀ ਜੋਤਾਂ ਦੇ ਸਮੂਹ (ਪ੍ਰਭੂ) ’ਚ ਲੀਨ ਹੋ ਗਈ (ਨੋਟ : ਚੇਤੇ ਰਹੇ ਕਿ ਭਗਤੀ; ਜੋਤਿ ਨੂੰ ਮੁਕਤ ਕਰਨ ਲਈ ਨਹੀਂ; ਅੰਤਹਿਕਰਣ ’ਤੇ ਚੜੀ ਜਨਮ ਜਨਮ ਦੀ ਮੈਲ਼ (ਕੂੜੈ ਪਾਲਿ) ਰੂਪ ਪਰਤ/ਹਉਮੈ ਨੂੰ ਸਵੈ ਪੜਚੋਲ ਨਾਲ਼ ਉਤਾਰਨ ਲਈ ਕਰਨੀ ਹੈ ਤਾਂ ਜੋ ਪਾਰਦਰਸ਼ੀ ਹੋਏ ਅੰਤਹਿਕਰਣ ਰਾਹੀਂ ਅੰਦਰਲੀ ਜੋਤਿ/ਆਤਮ ਪ੍ਰਕਾਸ਼ ਦਾ ਹੂ-ਬਹੂ ਚਾਨਣ/ਅਹਿਸਾਸ; ਦਿਮਾਗ਼ ਨੂੰ ਹੋਵੇ। ਇਹੀ ‘ਪ੍ਰਭੂ ਦਾ ਦਰਸ਼ਨ’ ਹੈ। ਅਸ਼ਰਧਕ ਬੰਦੇ ਅੰਦਰਲੀ ਮੈਲ਼; ਆਵਾਗਮਣ ਭੋਗਦੀ ਹੈ; ਜਿਵੇਂ ਕਿ ਵਾਕ ਹੈ, ‘‘ਜਿਨਿ ਰਚਿ ਰਚਿਆ ਪੁਰਖਿ+ਬਿਧਾਤੈ (ਨੇ); ਨਾਲੇ ਹਉਮੈ ਪਾਈ ਜਨਮ ਮਰਣੁ ਉਸ (ਹਉਮੈ) ਹੀ ਕਉ ਹੈ ਰੇ ! ਓਹਾ ਆਵੈ ਜਾਈ ’’ (ਮਹਲਾ /੯੯੯) ਇਸ (ਹਉਮੈ) ਦਾ ਫਿਰ ਆਧਾਰ ਬਣਦੀ ਹੈ ਓਹੀ ‘ਰੱਬੀ ਜੋਤਿ/ਰੂਹ’।) ਜੋਤਿ/ਆਤਮਾ; ਆਪਣੇ ਅਬਿਨਾਸੀ ਸਰੋਤ (ਜੋਤਾਂ ਦੇ ਸਮੂਹ ਪ੍ਰਭੂ) ’ਚ ਜਾ ਸਮਾਉਂਦਾ ਹੈ। ਮਿੱਟੀ ਤੱਤ; ਸੁਆਹ ਬਣ ਆਪਣੇ ਸਰੋਤ ਮਿੱਟੀ ਤੱਤ ਭਾਵ ਧਰਤੀ ’ਚ ਜਾ ਮਿਲਦਾ ਹੈ। ਸਰੀਰਕ ਮੌਤ ਦਾ ਵਿਰਲਾਪ ਕਰਨ ਵਾਲ਼ੇ ਕੋਲ਼ ਰੌਣ ਦਾ ਆਧਾਰ ਕੀ ਬਚਿਆ ?॥੧॥ ਹੇ ਭਾਈ ! (ਮੌਤ ਉਪਰੰਤ) ਕੀ ਖ਼ਤਮ ਹੋਇਆ ਹੈ ਭਾਵ ਕੁੱਝ ਭੀ ਖ਼ਤਮ ਨਹੀਂ ਹੁੰਦਾ। ਇਹ ਅਸਲੀਅਤ ਜਾਣ ਚੁੱਕੇ ਮਿਲ ਕੇ ਵਿਚਾਰੋ, ਸੋਚੋ ਕਿਉਂਕਿ ਇਹ (ਆਉਣਾ-ਜਾਣਾ) ਤਾਂ ਕਰਤਾਰ ਦੀ ਇੱਕ ਖੇਡ ਹੈ॥ ਰਹਾਉ॥ ਪਹਿਲਾਂ ਮਰ ਚੁਕਿਆਂ ਬਾਰੇ ਕੋਈ ਜਾਣਕਾਰੀ ਨਹੀਂ (ਕਿ ਕੌਣ ਕਿਸ ਜੂਨ ’ਚ ਹੈ ਜਾਂ ਕੌਣ ਪ੍ਰਭੂ ’ਚ ਲੀਨ ਹੈ; ਹੁਣ) ਰੌਣਵਾਲ਼ਾ ਭੀ ਇੱਕ ਦਿਨ ਇੱਥੋਂ ਚਲਾ ਜਾਏਗਾ। ਸਾਰੇ ਭਰਮ-ਮੋਹ ਦੇ ਬੰਧਨਾਂ ’ਚ ਬੱਝੇ ਹਨ, ਸਚਾਈ ਤੋਂ ਅਣਜਾਣ ਹਨ। (ਆਤਮਾ/ਜੋਤਿ ਤੇ ਸਰੀਰ ਦਾ ਸਬੰਧ) ਸੁਫਨਾ ਹੋ ਬੀਤ ਜਾਣਾ ਹੈ। ਅਗਿਆਨੀ (ਕਿਸੇ ਦੀ ਮੌਤ ’ਤੇ ਐਵੇਂ) ਕਲਪਦੇ ਹਨ॥੨॥ ਇਹ ਜਗਤ-ਖੇਡ ਤਾਂ ਕਰਤਾਰ ਨੇ ਰਚੀ ਹੈ। ਉਸ ਦੇ ਅਪਾਰ ਹੁਕਮ ’ਚ ਹੀ ਸਭ (ਜਗਤ-ਖੇਡ ਖੇਡਣ) ਆਉਂਦੇ, ਜਾਂਦੇ ਹਨ। ਨਾ ਕੋਈ ਮਰਿਆ ਹੈ, ਨਾ ਮਰਨ ਵਾਲ਼ਾ ਹੈ। ਕੋਈ (ਜੋਤਿ/ਆਤਮਾ) ਮਰਦਾ ਨਹੀਂ ਕਿਉਂਕਿ ਇਹ ਨਾਸ ਰਹਿਤ ਹੈ॥੩॥ ਆਤਮਾ ਨੂੰ ਜੈਸਾ ਸਮਝਦੇ ਹੋ; ਵੈਸਾ ਇਹ ਨਹੀਂ ਹੈ ਭਾਵ ਇਹ ਕੋਈ ਸਰੀਰਕ ਅੰਗ ਨਹੀਂ ਕਿ ਸਕੈਨਿੰਗ ਨਾਲ਼ ਵੇਖਿਆ ਜਾਵੇ। ਜੋ ਇਸ ਆਤਮ ਪ੍ਰਕਾਸ਼ ਨੂੰ (ਆਪਣਾ ਪਾਰਦਰਸ਼ੀ ਅੰਤਹਿਕਰਣ ਬਣਾ) ਮਹਿਸੂਸ ਕਰ ਲੈਂਦਾ ਹੈ, ਮੈ ਉਸ ਤੋਂ ਕੁਰਬਾਨ ਹਾਂ। ਗੁਰੂ ਨੇ ਜਿਸ ਦਾ ਭਰਮ ਮਿਟਾ ਦਿੱਤਾ ਭਾਵ ਅੰਤਹਿਕਰਣ ਪਾਰਦਰਸ਼ੀ ਕਰ ਦਿੱਤਾ; ਉਹ (ਵਾਰ-ਵਾਰ) ਨਾ ਮਰਦਾ ਹੈ, ਨਾ ਜਗਤ-ਖੇਡ ਖੇਡਣ ਲਈ ਆਉਂਦਾ ਹੈ, ਨਾ ਇੱਥੋਂ ਜਾਂਦਾ ਹੈ ਭਾਵ ਉਹ ਆਵਾਗਮਣ ਮੁਕਤ ਹੋ ਸਦਾ ਲਈ ਪ੍ਰਭੂ ’ਚ ਲੀਨ ਹੋ ਜਾਂਦਾ ਹੈ। ਸੋ ਇਸ ਪੂਰੇ ਸ਼ਬਦ ’ਚ ਨਹੀਂ ਜਾਪਦਾ ਕਿ ਆਵਾਗਮਣ ਦੀ ਹੋਂਦ ਨੂੰ ਰੱਦ ਕਰਨ ਵਾਲ਼ਾ ਕੋਈ ਫ਼ੁਰਮਾਨ ਹੈ। ਸਰੀਰਕ ਬੁਨਿਆਦ (ਆਤਮਾ) ਨੂੰ ਅਮਰ ਅਤੇ ਇਸ ਸਚਾਈ ਨੂੰ ਨਾ ਸਮਝਣਾ; ਭਰਮ ਸਿੱਧ ਕੀਤਾ ਗਿਆ ਹੈ। ਇਲਾਹੀ ਹੁਕਮ ਅਤੇ ਇਸ ’ਤੇ ਭਰੋਸਾ ਨਾ ਕਰਨਾ ਭਰਮ; ਹਥਲੇ ਚਾਰੇ ਭਾਗਾਂ ਦਾ ਮੂਲ ਵਿਸ਼ਾ ਰਿਹਾ ਹੈ।

ਸਰੀਰਕ ਮੌਤ ਉਪਰੰਤ ਆਵਾਗਮਣ (ਜਾਂ ਪ੍ਰਭੂ ’ਚ ਲੀਨ/ਅਭੇਦ ਕੋਈ) ਹੁੰਦਾ ਹੈ ਜਾਂ ਨਹੀਂ; ਇਹ ਨਿਰਣਾ ਕਰਨ ਤੋਂ ਪਹਿਲਾਂ ਇਹ ਸਮਝਣਾ ਬੜਾ ਜ਼ਰੂਰੀ ਹੈ ਕਿ ਇਹ ਲੋਕ; ਸਥੂਲ ਸਰੀਰਾਂ ’ਚ ਸੂਖਮ ਆਤਮਾ (ਹੰਸ) ਦੀ ਹੋਂਦ ਤੋਂ ਇਨਕਾਰੀ ਭੀ ਹਨ, ਜਿਸ ਨੂੰ ਬਾਣੀਕਾਰਾਂ ਨੇ ਪ੍ਰਭੂ ਦੀ ਜੋਤਿ, ਰੂਹ, ਜਿੰਦ, ਆਤਮਾ, ਜੀਅ ਆਦਿ ਕਿਹਾ; ਜੈਸਾ ਕਿ ਗੁਰੂ ਨਾਨਕ ਸਾਹਿਬ ਦੇ ਹੀ ਬਚਨ ਹਨ, ‘‘ਸਭ ਮਹਿ ਜੋਤਿ; ਜੋਤਿ ਹੈ ਸੋਇ   ਤਿਸ ਦੈ ਚਾਨਣਿ (ਨਾਲ਼); ਸਭ ਮਹਿ ਚਾਨਣੁ ਹੋਇ (ਸੋਹਿਲਾ/ਮਹਲਾ /੧੩), ਜੇਤੇ ਦਾਣੇ ਅੰਨ ਕੇ; ਜੀਆ (ਜਿੰਦ) ਬਾਝੁ ਕੋਇ (ਮਹਲਾ /੪੭੨), ਪਹਿਲਾ ਪਾਣੀ ਜੀਉ (ਜੋਤਿ) ਹੈ; ਜਿਤੁ (ਜਿਸ ਨਾਲ਼) ਹਰਿਆ ਸਭੁ ਕੋਇ (ਮਹਲਾ /੪੭੨), ਜਲਿ (’) ਥਲਿ (’) ਮਹੀਅਲਿ (ਅਕਾਸ਼) ਭਰਿਪੁਰਿ ਲੀਣਾ; ਘਟਿ ਘਟਿ (’) ਜੋਤਿ ਤੁਮ੍ਾਰੀ (ਮਹਲਾ /੭੯੫), ਅਗਨਿ ਪਾਣੀ ਜੀਉ (ਸਰੀਰ) ਜੋਤਿ ਤੁਮਾਰੀ; ਸੁੰਨੇ ਕਲਾ ਰਹਾਇਦਾ ’’ (ਮਹਲਾ /੧੦੩੭), ਆਦਿ ਭਾਵ ਕੂੜੈ ਪਾਲਿ ਜਾਂ ‘‘ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ’’ (ਮਹਲਾ /੬੫੧) ਵਾਲ਼ੇ ਹਰ ਸਰੀਰ ਅੰਦਰ ਰੱਬ ਦੀ ਜੋਤਿ ਹੈ, ‘‘ਨਿਰੰਕਾਰਿ (ਨੇ) ਆਕਾਰੁ (ਬਣਾਨ ਲਈ); ਜੋਤਿ ਜਗ ਮੰਡਲਿ (’) ਕਰਿਯਉ ’’ (ਭਟ ਕੀਰਤ/੧੩੯੫), ਇਸੇ ਨੂੰ ਭਗਤ ਕਬੀਰ ਜੀ ਨੇ ‘ਹੰਸ’ (ਆਗੈ ਹੰਸੁ ਅਕੇਲਾ) ਕਿਹਾ ਹੈ।

ਸ਼ਰਧਾ ਤੋਂ ਸੱਖਣੇ ਬੰਦਿਆਂ ਦੀ ਅਕਲ ਦਾ ਦਿਵਾਲ਼ਾਪਣ ਇੱਥੇ ਹੀ ਖ਼ਤਮ ਨਹੀਂ ਹੁੰਦਾ। ਗੁਰੂ ਸਾਹਿਬਾਨ ਅੰਦਰ ਇਹੀ ਨਿਰਮਲ ਜੋਤਿ-ਸ਼ਕਤੀ ਹੈ, ਜੋ ਉਨ੍ਹਾਂ ਨੂੰ ਆਮ ਤੋਂ ਖ਼ਾਸ ਬਣਾਉਂਦੀ ਹੈ। ਸੱਤਾ-ਬਲਵੰਡ ਜੀ ਤੇ ਭੱਟ ਸਾਹਿਬਾਨ ਗਵਾਹੀ ਭੀ ਭਰਦੇ ਹਨ, ‘‘ਜੋਤਿ ਰੂਪਿ ਹਰਿ ਆਪਿ; ਗੁਰੂ ਨਾਨਕੁ ਕਹਾਯਉ ’’ (ਭਟ ਮਥੁਰਾ/੧੪੦੮) ਭਾਵ ਅਕਾਲ ਪੁਰਖ ਦੀ ਨਿਰਮਲ ਜੋਤਿ ਹੀ ਆਕਾਰ ਰੂਪ ’ਚ ਗੁਰੂ ਨਾਨਕ ਜੀ ਹਨ। ਗੁਰੂ ਨਾਨਕ ਸਾਹਿਬ ਜੀ ਦੇ ਜੋਤੀ-ਜੋਤਿ ਸਮਾਉਣ ਸਮੇਂ ਆਪਣੇ ਅੰਦਰਲੀ ਇਹ ਜੋਤਿ; ਗੁਰੂ ਅੰਗਦ ਸਾਹਿਬ ’ਚ ਸੁਸ਼ੋਭਿਤ ਕਰ ਦਿੱਤੀ, ‘‘ਜੋਤਿ ਓਹਾ, ਜੁਗਤਿ ਸਾਇ; ਸਹਿ (ਗੁਰੂ ਨਾਨਕ ਨੇ) ਕਾਇਆ ਫੇਰਿ ਪਲਟੀਐ ’’ (ਬਲਵੰਡ ਸਤਾ/੯੬੬) ਅਗਾਂਹ ਤਬਦੀਲ ਹੁੰਦੀ ਹੋਈ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਸਾਹਿਬ ’ਚ ਟਿਕਾ ਦਿੱਤੀ, ‘‘ਰਾਮਦਾਸਿ (ਨੇ) ਗੁਰੂ ਜਗ ਤਾਰਨ ਕਉ; ਗੁਰ ਜੋਤਿ, ਅਰਜੁਨ ਮਾਹਿ ਧਰੀ ’’ (ਭਟ ਮਥੁਰਾ/੧੪੦੯), ਇਹੀ ਜੋਤਿ ਹੁਣ ‘ਗੁਰੂ ਗ੍ਰੰਥ ਸਾਹਿਬ’ ਅੰਦਰ ਸੁਭਾਇਮਾਨ ਹੈ, ਜੋ ਸ਼ਰਧਾਵਾਨ ਸਿੱਖਾਂ ਉੱਤੇ ਬਖ਼ਸ਼ਸ਼ ਕਰਦੀ ਹੈ। ਇਸੇ ਨੂੰ ਮੂਲ ਮੰਤਰ ਦੇ ਅੰਤ ’ਚ ‘ਗੁਰ ਪ੍ਰਸਾਦਿ’ ਭਾਵ ‘ਗੁਰੂ ਦੀ ਮਿਹਰ ਨਾਲ਼’ (ੴ ਮਿਲਦਾ ਹੈ) ਸ਼ਬਦਾਂ ਰਾਹੀਂ ਬਿਆਨ ਕੀਤਾ ਹੈ।

ਕਿਸੇ ਬੰਦੇ ’ਚ ਤਬਦੀਲੀ ਆਉਣ ਜਾਂ ਲਿਆਉਣ ਦੇ ਚਾਰ ਹੀ ਕਾਰਗਰ ਉਪਾਅ ਹੁੰਦੇ ਹਨ (ੳ). ਪੈਦਾਇਸ਼ ਤੋਂ ਰੁਚੀ ਹੋਣੀ; ਜਿਵੇਂ ਕਿ ਗੁਰੂ ਨਾਨਕ ਸਾਹਿਬ ਅੰਦਰ ਬਚਪਨ ਤੋਂ ਨਿਰਾਕਾਰ ਪ੍ਰਤੀ ਲਗਨ ਸੀ ਤਾਹੀਓਂ 3 ਕੁ ਸਾਲ ਦੀ ਉਮਰ ’ਚ ਇਕਾਂਤ ਚਿੱਤ ਲੰਬਾ ਸਮਾਂ ਬੈਠੇ ਰਹਿੰਦੇ ਸਨ। (ਅ). ਕੁੱਝ ਲਾਲਚ ਦੇ ਕੇ ਰੁਚੀ ਪੈਦਾ ਕਰਨਾ; ਜਿਵੇਂ ਕਿ ਬਾਬਾ ਫ਼ਰੀਦ ਜੀ ਨੂੰ ਉਨ੍ਹਾਂ ਦੀ ਮਾਤਾ ਮਰੀਅਮ ਜੀ; ਨਮਾਜ਼ ਪੜ੍ਹਨ ਬਦਲੇ ਗੁੜ ਦਿਆ ਕਰਦੀ ਸੀ। (ੲ). ਪਿਆਰ ਜਾਂ ਹੱਲਾਸ਼ੇਰੀ ਨਾਲ਼ ਰੁਚੀ ਪੈਦਾ ਕਰਨੀ; ਜਿਵੇਂ ਕਿ ਭਗਤ ਰਵਿਦਾਸ ਜੀ ਉਤਸ਼ਾਹ ਭਰਦੇ ਹਨ, ‘‘ਅਜਾਮਲੁ ਪਿੰਗੁਲਾ ਲੁਭਤੁ ਕੁੰਚਰੁ; ਗਏ ਹਰਿ ਕੈ ਪਾਸਿ ਐਸੇ ਦੁਰਮਤਿ ਨਿਸਤਰੇ; ਤੂ ਕਿਉ ਤਰਹਿ ? ਰਵਿਦਾਸ ! ’’ (ਭਗਤ ਰਵਿਦਾਸ/੧੧੨੪) ਅਰਥ : ਹੇ ਭਾਈ ! ਵੇਖ ਦੁਰਾਚਾਰੀ ਅਜਾਮਲ ਬ੍ਰਾਹਮਣ, ਵੇਸਵਾ ਪਿੰਗੁਲਾ, ਸ਼ਿਕਾਰੀ ਲੁਬਧਕ ਤੇ ਹਾਥੀ; ਹਰੀ ਦਾ ਨਾਮ ਲੈਣ ਨਾਲ਼ ਤਰ ਗਏ। ਤੂੰ ਕਿਉਂ ਨਹੀਂ ਤਰ ਸਕਦਾ ਭਾਵ ਤੂੰ ਭੀ ਹਰੀ ਦਾ ਨਾਮ ਜਪ; ਜ਼ਰੂਰ ਤਰ ਜਾਏਂਗਾ।

ਨੋਟ : ਉਕਤ ਵਾਕ ’ਚ ਚਾਰ ਨਾਂਵਾਂ ਦਾ ਜ਼ਿਕਰ ਹੈ, ਜਿਨ੍ਹਾਂ ਦਾ ਪੁਰਤਾਨ ਗ੍ਰੰਥਾਂ ’ਚ ਇਸ ਤਰ੍ਹਾਂ ਹਵਾਲਾ ਹੈ (1). ਭਗਤਮਾਲ ਤੇ ਭਾਗਵਤ ’ਚ ਸਾਖੀ ਹੈ ਕਿ ਕਨੌਜ ਦੇਸ਼ ਦੇ ਬ੍ਰਾਹਮਣ (ਅਜਾਮਲ) ਨੇ ਇੱਕ ਵੇਸਵਾ ਨਾਲ਼ ਸ਼ਾਦੀ ਕਰ ਲਈ, ਜਿਸ ਤੋਂ 10 ਪੁੱਤਰ ਪੈਦਾ ਹੋਏ। ਸਭ ਤੋਂ ਛੋਟੇ ਦਾ ਨਾਂ ਨਾਰਾਇਣ ਸੀ। ਆਪਣੇ ਪੁੱਤਰ ਨੂੰ ਨਾਰਾਇਣ-ਨਰਾਇਣ ਕਹਿ ਕੇ ਅਜਾਮਲ; ਆਪਣੇ ਦੁਰਾਚਾਰੀ ਪਾਪ ਤੋਂ ਮੁਕਤ ਹੋ ਗਿਆ। (2). ਭਾਗਵਤ ਦੇ 11ਵੇਂ ਸਕੰਧ ਦੇ 8ਵੇਂ ਅਧਿਆਏ ’ਚ ਪ੍ਰਸੰਗ ਹੈ ਕਿ ਵਿਦੇਹ ਨਗਰ (ਜਨਕਪੁਰੀ) ’ਚ ਇੱਕ ਵੇਸਵਾ ਰਹਿੰਦੀ ਸੀ, ਜਿਸ ਦਾ ਨਾਂ ਪਿੰਗੁਲਾ ਸੀ। ਇੱਕ ਦਿਨ ਉਹ, ਧਨੀ ਤੇ ਸੁੰਦਰ ਜਵਾਨ ਨੂੰ ਵੇਖ ਕਾਮ ’ਚ ਵਿਆਕੁਲ ਹੋ ਗਈ ਤੇ ਸਾਰੀ ਰਾਤ ਉਸ ਨਾਲ਼ ਗੁਜ਼ਾਰੀ। ਅਚਾਨਕ ਮਨ ’ਚ ਵੈਰਾਗ ਉੱਠਿਆ ਕਿ ਜੇ ਐਸਾ ਪਿਆਰ ਈਸ਼ਵਰ ਨਾਲ਼ ਕਰਦੀ ਤਾਂ ਸਦਾ ਅਨੰਦ ਮਿਲਦਾ। ਉਹ, ਪ੍ਰਭੂ ਦਾ ਸਿਮਰਨ ਕਰਨ ਲੱਗੀ ਤੇ ਅੰਤ ਵੇਸਵਾ-ਪਾਪ ਤੋਂ ਮੁਕਤ ਹੋ ਗਈ। (3). ਇੱਕ ਲੋਦੀਆ (ਲੁਭਤ/ਲੁਬਧਕ) ਨਾਂ ਦਾ ਸ਼ਿਕਾਰੀ ਸੀ। ਉਸ ਨੇ ਸੰਤਾਂ ਦੀ ਸੇਵਾ ਕੀਤੀ। ਅਗਲੇ ਦਿਨ ਉਸ ਨੂੰ ਬਹੁਤ ਸ਼ਿਕਾਰ ਮਿਲੇ। ਇੱਕ ਸ਼ਿਕਾਰ ਸੰਤਾਂ ਲਈ ਲੈ ਆਇਆ। ਸੰਤਾਂ ਨੇ ਕਿਹਾ ਕਿ ਇਹ ਸਾਡੇ ਕੰਮ ਦਾ ਨਹੀਂ। ਤੂੰ ਸਾਡੇ ਲਈ ਕੋਈ ਸੰਖ ਚਕ੍ਰ ਗਦਾ ਵਾਲ਼ਾ (ਭਾਵ ਹਰੀ) ਲੱਭ ਕੇ ਲਿਆ। ਸ਼ਿਕਾਰੀ ਲੱਭਦਾ ਰਿਹਾ, ਪਰ ਉਹ ਨਾ ਮਿਲਿਆ।  ਉਹ ਮਾਯੂਸ ਹੋ ਕੇ ਮਰਨ ਲੱਗਾ। ਅਚਾਨਕ ਭਗਵਾਨ ਨੇ ਪ੍ਰਗਟ ਹੋ ਕੇ ਦਰਸ਼ਨ ਦਿੱਤੇ ਤੇ ਸ਼ਿਕਾਰ-ਬਿਰਤੀ ਪਾਪ ਤੋਂ ਮੁਕਤੀ ਪਾ ਗਿਆ। (4). ਭਾਗਵਤ ਕਥਾ ਅਨੁਸਾਰ ਇੱਕ ਗੰਧਰਵ (ਸੁਰਗ ’ਚ ਰਾਗ-ਸੰਗੀਤ ਗਾਉਣ ਵਾਲ਼ਾ; ਅਥ੍ਰਵਣ ਵੇਦ ’ਚ ਇਨ੍ਹਾਂ ਦੀ ਗਿਣਤੀ 6333 ਦੱਸੀ ਹੈ), ਜੋ ਰਿਖੀ ਦੇ ਸਰਾਪ ਨਾਲ਼ ਹਾਥੀ ਬਣ ਗਿਆ ਸੀ। ਉਸ ਨੂੰ ਵਰੁਣ ਦੇ ਤਲਾ ’ਚ ਇੱਕ ਤੇਂਦੂਆ ਆਪਣੀਆਂ ਤੰਦਾਂ ’ਚ ਪਕੜ ਬੈਠਾ ਸੀ; ਰਾਮ ਨਾਮ ਜਪਣ ਨਾਲ਼ ਮੁਕਤ ਹੋ ਗਿਆ। ਚੇਤੇ ਰਹੇ ਕਿ ਇਹ ਕਥਾਵਾਂ ਸੱਚੀਆਂ ਹਨ ਜਾਂ ਝੂਠੀਆਂ; ਗੁਰਬਾਣੀ ਇਹ ਨਿਰਣਾ ਨਹੀਂ ਕਰਦੀ। ਬਾਣੀਕਾਰਾਂ ਦਾ ਮਕਸਦ ਅੰਬ (ਸਾਖੀ ਦਾ ਤਤਸਾਰ) ਖਾਣਾ ਹੈ, ਨਾ ਕਿ ਪੇੜ ਗਿਣਨਾ।)

(ਸ). ਅਰੰਭਕ ਰੁਚੀ; ਪੈਦਾਇਸ਼ ਤੋਂ ਹੁੰਦੀ ਹੈ। ਦੂਜੀ; 10-12 ਸਾਲ ਤੱਕ ਦੇ ਬੱਚੇ ’ਚ ਪਾਈ ਜਾ ਸਕਦਾ ਹੈ। ਤੀਜੀ; 15 ਤੋਂ 25 ਕੁ ਸਾਲ ਤੱਕ ਦੀ ਉਮਰ ’ਚ ਭਰੀ ਜਾ ਸਕਦੀ ਹੈ, ਪਰ ਜੇਕਰ ਇਹ ਤਿੰਨੇ ਨਾ ਹੋਣ ਤਾਂ ਆਖ਼ਿਰ ‘ਡਰ’ ਨਾਲ਼ ਰੁਚੀ ਪੈਦਾ ਕੀਤੀ ਜਾਂਦੀ ਹੈ। ਇਹ ਡਰ; ਮੌਤ ਜਾਂ ਆਵਾਗਮਣ ਦਾ ਹੀ ਹੋ ਸਕਦਾ ਹੈ; ਜਿਵੇਂ ਕਿ ਬਚਨ ਹਨ, ‘‘ਇਸੁ ਪਉੜੀ ਤੇ ਜੋ ਨਰੁ ਚੂਕੈ; ਸੋ ਆਇ ਜਾਇ ਦੁਖੁ ਪਾਇਦਾ ’’ (ਮਹਲਾ /੧੦੭੫) ਭਾਵ ਇਸ ਮਨੁੱਖਾ ਜਨਮ ਨੂੰ ਅਜਾਈਂ ਗਵਾ ਕੇ ਮੁੜ (ਜੂਨਾਂ ’ਚ ਵਾਰ-ਵਾਰ) ਜਨਮ ਲੈ ਕੇ, ਮਰ ਕੇ ਦੁੱਖ ਭੋਗਣਾ ਪੈਂਦਾ ਹੈ। ਭਗਤ ਕਬੀਰ ਜੀ ਦੇ ਭੀ ਬੋਲ ਹਨ, ‘‘ਚਾਰਿ ਪਾਵ, ਦੁਇ ਸਿੰਗ ਗੁੰਗ ਮੁਖ; ਤਬ ਕੈਸੇ ਗੁਨ ਗਈਹੈ  ?  ਊਠਤ ਬੈਠਤ ਠੇਗਾ ਪਰਿਹੈ ? ਤਬ ਕਤ ਮੂਡ ਲੁਕਈਹੈ   ਹਰਿ ਬਿਨੁ; ਬੈਲ ਬਿਰਾਨੇ ਹੁਈਹੈ   ਫਾਟੇ ਨਾਕਨ, ਟੂਟੇ ਕਾਧਨ; ਕੋਦਉ ਕੋ ਭੁਸੁ ਖਈਹੈ ਰਹਾਉ ’’ (ਭਗਤ ਕਬੀਰ/੫੨੪) ਅਰਥ : ਹਰੀ ਦਾ ਨਾਮ ਜਪਣ ਤੋਂ ਬਿਨਾਂ (ਅਗਾਂਹ ਜੂਨ ਵਜੋਂ) ਪਰਾਏ ਮਨੁੱਖ ਦੇ ਬਲ਼ਦ ਬਣਨਾ ਪੈਣਾ ਹੈ। (ਨੱਥ ਨਾਲ਼) ਨੱਕ ਫਟੇ ਹੋਣਗੇ। (ਜੂਲੇ ਜਾਂ ਪੰਜਾਲੀ ਨਾਲ਼) ਕੰਧੇ ਫਿੱਸੇ ਹੋਣਗੇ। ਕੋਧ੍ਰਾ (ਬਾਥੂ ਵਰਗਾ) ਘਾਹ ਖਾਏਂਗਾ॥ ਰਹਾਉ॥ ਚਾਰ ਪੈਰ ਤੇ ਦੋ ਸਿੰਗ ਹੋਣਗੇ। ਮੂੰਹ ਤੋਂ ਗੂੰਗਾ ਹੋਵੇਂਗਾ, ਤਾਂ ਉਸ ਸਮੇਂ ਕਿਵੇਂ ਨਾਮ ਜਪੇਂਗਾ (ਜੇਕਰ ਹੁਣ ਨਾ ਜਪ ਸਕਿਆ) ?

ਹੁਣ ਜੇ ਮੰਨੀਏ ਕਿ ਆਵਾਗਮਣ ਨਹੀਂ ਹੁੰਦਾ ਤਾਂ ਜੀਵਨ ਬਦਲਣ ਲਈ ਆਖ਼ਿਰ ਨੂੰ ਕਾਹਦਾ ਡਰ ਦਿੱਤਾ ਜਾ ਸਕਦਾ ਹੈ ? ਦਰਅਸਲ ਜ਼ਿਆਦਾਤਰ ਸਿੱਖਾਂ ਅੰਦਰ ਗੁਰਮਤਿ ਪ੍ਰਤੀ ਸ਼ਰਧਾ ਹੀ ਨਹੀਂ; ਗੁਰਬਾਣੀ ਨੂੰ ਵਿਚਾਰਨ ਦਾ ਸਮਾਂ ਨਹੀਂ; ਉਂਝ ਇਹ ਗੁਰੂ ਘਰਾਂ ’ਚ ਵਕਤਾ ਬਣ ਆਪਣੀਆਂ ਲੋੜਾਂ ਭੀ ਪੂਰੀਆਂ ਕਰਦੇ ਹਨ, ਜੋ ਸੰਗਤਾਂ ਦੇ ਭੋਲ਼ੇਪਣ ਦਾ ਨਾਜਾਇਜ਼ ਲਾਭ ਉਠਾਉਣਾ ਹੈ। ਬਹੁਤੀ ਸੰਗਤ ਭਾਵੇਂ ਗੁਰਬਾਣੀ ਪੜ੍ਹਦੀ ਹੈ, ਪਰ ਗੁਰਮਤਿ ਦੇ ਭਾਵਾਰਥ ਨਹੀਂ ਸਮਝਦੀ ਤਾਹੀਓਂ ਬਚਨ ਕੀਤੇ ਹਨ, ‘‘ਪੜਿਐ ਨਾਹੀ; ਭੇਦੁ ਬੁਝਿਐ ਪਾਵਣਾ ’’ (ਮਹਲਾ /੧੪੮) ਐਸੇ ਹੀ ਕੁੱਝ ਕਾਰਨ ਹਨ ਕਿ ਗੁਰਬਾਣੀ ਦੀ ਮੂਲ ਲਿਖਤ ‘ਫੁਰਮਾਨ ਤੋਂ ਫਰਮਾਨ, ਪਰਵਾਰ ਤੋਂ ਪਰਿਵਾਰ, ਬਾਦਿਸਾਹ ਤੋਂ ਬਾਦਸਾਹ, ਪਾਤਿਸਾਹ ਤੋਂ ਪਾਤਸਾਹ’, ਕੜਾਹ ਪ੍ਰਸਾਦ ਤੋਂ ਕੜਾਹਿ ਪ੍ਰਸਾਦਿ, ਆਦਿਕ ਸ਼ਬਦਸ਼ੈਲੀ ਨੂੰ ਭਾਸ਼ਾਈ ਵਿਕਾਸ ਦੇ ਨਾਂ ’ਤੇ ਸਵੀਕਾਰਿਆ ਗਿਆ। ਅੰਤ ’ਚ ਭਾਈ ਕਾਨ੍ਹ ਸਿੰਘ ਜੀ ਨਾਭਾ ਦੇ ਮਹਾਨ ਕੋਸ਼ ਅਤੇ ਡਾਕਟਰ ਹਰਜਿੰਦਰ ਸਿੰਘ ਜੀ ਦਲਗੀਰ ਦੇ ਨਵੇਂ ਮਹਾਨ ਕੋਸ਼ ’ਚੋਂ ਦੋ ਕੁ ਸ਼ਬਦਾਂ ਦੇ ਅਰਥ ’ਚ ਆਏ ਬਦਲਾਅ ਨੂੰ ਵਿਚਾਰਨਾ ਜ਼ਰੂਰੀ ਹੈ ਤਾਂ ਜੋ ਸਿੱਖ ਸੁਚੇਤ ਹੋ ਜਾਣ।

(1). ਗੁਰਬਾਣੀ ’ਚ ‘ਅੰਤਰਜਾਮੀ’ ਸ਼ਬਦ 131 ਵਾਰ ਹੈ। ਮਹਾਨ ਕੋਸ਼ ’ਚ ਇਸ ਦਾ ਅਰਥ ਹੈ ‘ਅੰਦਰ ਦੀ ਜਾਣਨ ਵਾਲ਼ਾ, ਮਨ ਦੀ ਬੁੱਝਣ ਵਾਲਾ’। ਇਸ ਨਾਲ ਭਾਈ ਸਾਹਿਬ ਨੇ ਵਾਕ ਦਿੱਤਾ ਹੈ, ‘‘ਜਤਨ ਕਰੈ ਮਾਨੁਖ ਡਹਕਾਵੈ; ਓਹੁ ਅੰਤਰਜਾਮੀ ਜਾਨੈ (ਮਹਲਾ /੬੮੦) ਅਰਥ : (ਬੰਦਾ ਲਾਲਚ ਲਈ ਅਨੇਕਾਂ) ਕੋਸ਼ਿਸ਼ਾਂ ਭਾਵ ਛਲ-ਕਪਟ ਕਰਦਾ ਹੈ। ਮਨੁੱਖਾਂ ਨੂੰ ਧੋਖੇ ਦਿੰਦਾ ਹੈ, ਪਰ ਦਿਲਾਂ ਦੀ ਜਾਣਨ ਵਾਲ਼ਾ ਉਹ (ਮਾਲਕ) ਸਭ ਕੁੱਝ ਜਾਣੀ-ਜਾਣ ਹੈ, ਸਭ ਕੁੱਝ ਸਮਝਦਾ ਹੈ। ਡਾਕਟਰ ਦਲਗੀਰ ਨੇ ਇਸ ਦਾ ਅਰਥ ਕੀਤਾ ਹੈ, ‘ਦਿਲ ਦਾ ਮਾਲਕ, ਪ੍ਰੇਰਕ’; ਇਸ ਦੀ ਪੁਸ਼ਟੀ ਲਈ ਗੁਰਬਾਣੀ ਦੇ 17 ਵਾਕ ਭੀ ਦਿੱਤੇ ਹਨ, ਪਰ ਮਹਾਨ ਕੋਸ਼ ਵਾਲ਼ਾ ਵਾਕ (ਜਤਨ ਕਰੈ ਮਾਨੁਖ ਡਹਕਾਵੈ; ਓਹੁ ਅੰਤਰਜਾਮੀ ਜਾਨੈ) ਨਹੀਂ ਦਿੱਤਾ ਜਦਕਿ ਗੁਰਬਾਣੀ ’ਚ ਐਸੇ ਹੋਰ ਭੀ ਕਈ ਵਾਕ ਹਨ; ਜਿਵੇਂ ਕਿ ‘‘ਅੰਤਰਜਾਮੀ ਸਭੁ ਕਿਛੁ ਜਾਨੈ; ਉਸ ਤੇ ਕਹਾ ਛਪਾਇਆ (ਮਹਲਾ /੩੮੧), ਅੰਤਰਜਾਮੀ ਪੁਰਖ ਸੁਆਮੀ ! ਅਨਬੋਲਤ ਹੀ ਜਾਨਹੁ ਹਾਲ (ਸਾਡੀ ਅੰਦਰਲੀ ਸਥਿਤੀ)) (ਮਹਲਾ /੮੨੮), ਅੰਤਰਜਾਮੀ ਸਭ ਬਿਧਿ ਜਾਨੈ; ਤਿਸ ਤੇ ਕਹਾ ਦੁਲਾਰਿਓ (ਉਸ ਤੋਂ ਛੁਪਾ ਕੇ ਕਿੱਥੇ ਭੱਜਿਆ ਜਾ ਸਕਦਾ ਹੈ)॥’’ (ਮਹਲਾ /੧੦੦੦), ਆਦਿ। ਇੱਥੇ ਭਾਈ ਗੁਰਦਾਸ ਜੀ ਦਾ 305ਵਾਂ ਕਬਿੱਤ ਵਾਚਣਾ ਭੀ ਜ਼ਰੂਰੀ ਹੈ, ‘‘ਭਗਤ ਵਛਲ ਸੁਨਿ ਹੋਤ ਹੋ ਨਿਰਾਸ ਰਿਦੈ; ਪਤਿਤ ਪਾਵਨ ਸੁਨਿ ਆਸਾ ਉਰ ਧਾਰਿ ਹੌਂ ਅੰਤਰਜਾਮੀ ਸੁਨਿ ਕੰਪਤ ਹੌ ਅੰਤਰਗਤਿ (ਭਾਵ ਮਨ); ਦੀਨ ਕੋ ਦਇਆਲ ਸੁਨਿ ਭੈ ਭ੍ਰਮ ਟਾਰ ਹੌਂ..੫੦੩॥’’ (ਭਾਈ ਗੁਰਦਾਸ ਜੀ/ਕਬਿੱਤ ੫੦੩) ਅਰਥ : ਪ੍ਰਭੂ ਭਗਤਾਂ ਨੂੰ ਪਿਆਰ ਕਰਨ ਵਾਲ਼ਾ ਹੈ; ਇਹ ਸੁਣ ਕੇ ਮੇਰਾ ਮਨ ਉਦਾਸ ਹੋ ਜਾਂਦਾ ਹੈ (ਕਿਉਂਕਿ ਮੈ ਭਗਤ ਨਹੀਂ, ਇਸ ਲਈ ਉਹ ਮੇਰੇ ਨਾਲ਼ ਪਿਆਰ ਨਹੀਂ ਕਰੇਗਾ, ਪਰ) ਉਹ ਪਾਪੀਆਂ ਨੂੰ ਤਾਰਨ ਵਾਲ਼ਾ ਹੈ; ਇਹ ਸੁਣ ਕੇ ਹਿਰਦੇ ’ਚ ਆਸਾ ਜਾਗ ਪੈਂਦੀ ਹੈ, ਹੌਂਸਲਾ ਆ ਜਾਂਦਾ ਹੈ (ਕਿ ਮੈ ਭੀ ਤਰ ਸਕਦਾ ਹਾਂ)। ਉਹ ਦਿਲਾਂ ਦੀ ਜਾਣਨਹਾਰ ਹੈ; ਇਹ ਸੁਣ ਕੇ ਮੇਰਾ ਹਿਰਦਾ ਕੰਬ ਜਾਂਦਾ ਹੈ (ਕਿਉਂਕਿ ਮੈ ਆਪਣੇ ਅੰਦਰਲੇ ਪਾਪ ਨਹੀਂ ਛੁਪਾ ਸਕਦਾ, ਪਰ) ਉਹ ਗ਼ਰੀਬਾਂ ਉੱਤੇ ਮਿਹਰ ਕਰਨ ਵਾਲ਼ਾ ਹੈ; ਇਹ ਸੁਣ ਕੇ ਮੇਰੇ ਸਾਰੇ ਭਰਮ ਖ਼ਤਮ ਹੋ ਜਾਂਦੇ ਹਨ (ਕਿ ਮੈ ਪਾਪੀ ਭੀ ਤਰ ਸਕਦਾ ਹਾਂ)। ਭਾਈ ਗੁਰਦਾਸ ਜੀ; 315ਵੇਂ ਕਬਿੱਤ ’ਚ ਭੀ ਪ੍ਰਭੂ ਨੂੰ ਦਿਲਾਂ ਦੀ ਜਾਣਨਹਾਰ ਲਿਖਦੇ ਹਨ, ‘‘ਅੰਤਰ ਕੀ ਅੰਤਰਜਾਮੀ ਜਾਨੈ ਅੰਤਰਗਤਿ; ਕੈਸੇ ਨਿਰਬਾਹੁ ਕਰੈ, ਸਰੈ ? ਨਰਹਰ ਹੈ  ! ੩੧੫॥’’ (ਭਾਈ ਗੁਰਦਾਸ ਜੀ/ਕਬਿੱਤ ੩੧੫) ਅਰਥ : ਹੇ ਨਰਹਰੀ ਪ੍ਰਭੂ ! ਤੁਸੀਂ ਮੇਰੀ ਅੰਦਰਲੀ ਦਸ਼ਾਂ/ਅਵਸਥਾ ਜਾਣਨਹਾਰ ਹੋ। ਮੈ ਤੁਹਾਨੂੰ ਕਿਵੇਂ ਆਪਣੇ ਅਪਰਾਧ ਦੱਸਾਂ, ਕਿਵੇਂ ਪੂਰਾ ਉੱਤਰਾਂ ਭਾਵ ਮੈ ਗੁਣਹੀਣ ਕਿਵੇਂ ਤਰਾਂਗਾ ?

ਹੁਣ ਸਮਝਣਾ ਹੈ ਕਿ ਇਨ੍ਹਾਂ ਦੋਵੇਂ ਅਰਥਾਂ ’ਚ ਕੀ ਅੰਤਰ ਹੈ। ‘ਦਿਲ ਦੀ ਜਾਣਨ’ ਤੋਂ ਭਾਵ ਹੈ ਕਿ ਉਹ ਪ੍ਰਭੂ ਜੋਤਿ ਰੂਪ ’ਚ ਸਾਰਿਆਂ ਅੰਦਰ ਹੈ ਜਦਕਿ ‘ਦਿਲ ਦੇ ਮਾਲਕ ਜਾਂ ਪ੍ਰੇਰਕ’ ਤੋਂ ਭਾਵ ਹੈ; ਜਿਵੇਂ ਮਾਤਾ-ਪਿਤਾ ਬੱਚੇ ਦੇ ਬਾਹਰੋਂ ਪ੍ਰੇਰਨਾ-ਸਰੋਤ ਹੁੰਦੇ ਹਨ, ਨਾ ਕਿ ਬੱਚੇ ਦੇ ਅੰਦਰ ਬੈਠੇ ਹੁੰਦੇ ਹਨ। ਇਨ੍ਹਾਂ ਕਾਰਨਾਂ ਕਰਕੇ ਹੀ ਇਹ ਲੋਕ ‘ਜੋਤਿ, ਆਤਮਾ, ਰੂਹ, ਜਿੰਦ’ ਦੇ ਵਜੂਦ ਤੋਂ ਇਨਕਾਰੀ ਹਨ। ਅੰਤਰਰਾਸ਼ਟਰੀ ਪ੍ਰਚਾਰਕ ਸ. ਇੰਦਰ ਸਿੰਘ ਘੱਗਾ ਤਾਂ ‘ਆਤਮਾ’ ਦਾ ਅਰਥ ‘ਦਿਮਾਗ਼’ ਕਰਦਾ ਹੈ। ਉਸ ਅਨੁਸਾਰ ਅਤੀਤ ’ਚ ‘ਦਿਮਾਗ਼’ ਨੂੰ ਹੀ ਆਤਮਾ ਕਿਹਾ ਜਾਂਦਾ ਸੀ, ਪਰ ਇਸ ਦਾ ਕਿਸੇ ਪੁਰਾਤਨ ਗ੍ਰੰਥ ’ਚੋਂ ਸਬੂਤ ਕਦੇ ਨਹੀਂ ਦਿੱਤਾ।

(2). ਗੁਰੂ ਨਾਨਕ ਸਾਹਿਬ ਜੀ; ਸੰਨ 1521 (ਸੰਮਤ 1578) ’ਚ ਆਪਣੀ ਚੌਥੀ ਉਦਾਸੀ ਦੇ ਅੰਤ ’ਚ ਤਰਖਾਣ ਭਾਈ ਲਾਲੋ ਜੀ ਦੇ ਘਰ ਏਮਨਾਬਾਦ (ਪਾਕਿਸਤਾਨ) ਵਿਖੇ ਠਹਿਰੇ ਹੋਏ ਸਨ। ਉਨ੍ਹੀਂ ਦਿਨੀਂ ਬਾਬਰ ਨੇ ਉਸ ਸ਼ਹਰ ’ਤੇ ਹਮਲਾ ਕਰ ਦਿੱਤਾ ਤੇ ਗੁਰੂ ਸਾਹਿਬ ਦੀ ਜ਼ਬਾਨ ਤੋਂ ਸੁੱਤੇ ਹੀ ਇਹ ਬਚਨ ਨਿਕਲੇ ਕਿ ‘‘ਆਵਨਿ ਅਠਤਰੈ, ਜਾਨਿ ਸਤਾਨਵੈ; ਹੋਰੁ ਭੀ ਉਠਸੀ ਮਰਦ ਕਾ ਚੇਲਾ ’’ (ਮਹਲਾ /੭੨੩) ਭਾਵ ਮੁਗ਼ਲ ਹਾਕਮ (ਬਾਬਰ) ਹੁਣ ਹਿੰਦੋਸਤਾਨ ਆ ਰਹੇ ਹਨ ਤੇ ਸੰਮਤ ੧੫੯੭ (ਸੰਨ 1540) ’ਚ ਕਿਸੇ ਹੋਰ ਮਰਦ ਦੇ ਚੇਲੇ ਕੋਲ਼ੋ ਹਾਰ ਕੇ ਆਪਣੇ ਦੇਸ਼ (ਈਰਾਨ, ਜੋ ਕਿ ਹੁਣ ਅਫ਼ਗਾਨਿਸਤਾਨ ਹੈ) ਵੱਲ ਵਾਪਸ ਭੱਜਣਗੇ। ਇਹ ਘਟਨਾ 17 ਮਈ 1540 ’ਚ ਵਾਪਰ ਭੀ ਚੁੱਕੀ ਹੈ, ਜਿਸ ਨੂੰ ਗੁੱਗਲ ਤੋਂ ਪੜ੍ਹਿਆ ਜਾ ਸਕਦੀ ਹੈ।  17 ਮਈ 1540 (ਸੰਮਤ ੧੫੯੭) ’ਚ ਸ਼ੇਰ ਸ਼ਾਹ ਸੂਰੀ ਤੋਂ (ਬਾਬਰ ਦਾ ਪੁੱਤਰ) ਹਮਾਯੂੰ ਹਾਰ ਕੇ ਵਾਪਸ ਭੱਜਦਿਆਂ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਸਾਹਿਬ ਉੱਤੇ ਤਲਵਾਰ ਕੱਢਦਾ ਹੈ ਕਿਉਂਕਿ ਗੁਰੂ ਜੀ ਨੇ ਉਸ ਵੱਲ ਵਿਸ਼ੇਸ਼ ਧਿਆਨ ਨਾ ਦਿੱਤਾ। ਗੁਰੂ ਜੀ ਨੇ ਨਿਡਰਤਾ ਨਾਲ਼ ਕਿਹਾ ਕਿ ਇਹ ਤਲਵਾਰ ਮੈਦਾਨੇ ਜੰਗ ’ਚ ਕਿਉਂ ਨਾ ਚੱਲੀ। ਐਸੀ ਹੀ ਨਿਡਰਤਾ ਸੰਨ 1521 ’ਚ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਜਾਬਰ ਬੋਲ ਕੇ ਵਿਖਾਈ ਸੀ। ਇਨ੍ਹਾਂ ਘਟਨਾਵਾਂ ਤੋਂ ਜਾਪਦਾ ਹੈ ਕਿ ਗੁਰੂ ਜੀ ਬਾਣੀ (ਹਰਿ ਬਿਨੁ, ਕੋਈ ਮਾਰਿ ਜੀਵਾਲਿ ਸਕੈ; ਮਨ ! ਹੋਇ ਨਿਚਿੰਦ, ਨਿਸਲੁ ਹੋਇ ਰਹੀਐ ਮਹਲਾ /੫੯੪) ’ਤੇ ਕਿੰਨੇ ਸਿੱਦਕ ਨਾਲ਼ ਪਹਿਰਾ ਦਿੰਦੇ ਰਹੇ ਹਨ। ਪਿਛਲੇ ਭਾਗਾਂ ’ਚ ਵਿਚਾਰਿਆ ਭੀ ਗਿਆ ਹੈ ਕਿ ਸਭ ਕੁੱਝ ਕਰਤਾਰ ਦੇ ਹੁਕਮ ਅਨੁਸਾਰ ਹੀ ਵਾਪਰਨਾ ਹੁੰਦਾ ਹੈ।

ਮਹਾਨ ਕੋਸ਼ ’ਚ ਇਸ ‘ਅਠਤਰੈ’ ਦਾ ਅਰਥ; ਉਕਤ ਸਾਖੀ ਅਨੁਸਾਰ ਹੈ, ਪਰ ਡਾਕਟਰ ਦਲਗੀਰ ਨੇ ਇਸ ਦਾ ਅਰਥ ਕਰਨ ਉਪਰੰਤ ਇਹ ਭੀ ਲਿਖਿਆ ਹੈ, ‘ਬਹੁਤ ਸਾਰੇ ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਤੁਕ ਗੁਰੂ ਅੰਗਦ ਸਾਹਿਬ ਦੀ ਲਿਖੀ ਹੋਈ ਹੈ। ਗੁਰੂ ਨਾਨਕ ਸਾਹਿਬ ਦੇ ਜੋਤੀ-ਜੋਤਿ ਸਮਾਉਣ ਵੇਲੇ [ਭਾਵ ਅੱਸੂ ਵਦੀ ੧੦, ੧੫੯੬, ੮ ਅੱਸੂ/7 ਸਤੰਬਰ 1539] ਤੱਕ ਸ਼ੇਰ ਸ਼ਾਹ ਸੂਰੀ ਨੇ ਅਜੇ ਹਮਾਯੂੰ ਤੋਂ ਹਕੂਮਤ ਨਹੀਂ ਖੋਹੀ ਸੀ। ਸਿੱਖ ਫ਼ਲਸਫ਼ੇ ਵਿਚ ਪੇਸ਼ੀਨਗੋਈ ਦੀ ਕੋਈ ਜਗ੍ਹਾ ਨਹੀਂ’। ਆਪਣੇ ਕੋਸ਼ ’ਚ ਇਸ ਨੇ ‘ਪੇਸ਼ੀਨਗੋਈ’ (ਪੇਸ਼ਗੋਈ) ਦਾ ਅਰਥ ਕੀਤਾ ਹੈ ‘ਭਵਿੱਖਬਾਣੀ’, ਪਰ ‘ਅਠਤਰੈ’ ਦੇ ਅਰਥ ਨੂੰ ਗੁੰਝਲ਼ਦਾਰ (ਪੇਸ਼ੀਨਗੋਈ ਕਹਿ ਕੇ) ਬਣਾਇਆ ਗਿਆ ਤਾਂ ਜੋ ਸਿੱਖ ਸੰਗਤਾਂ ਵਿਰੋਧ ਨਾ ਕਰਨ। ਵੀਰ ਭੁਪਿੰਦਰ ਸਿੰਘ (ਦਿੱਲੀ ਵਾਲ਼ੇ) ਨੇ ‘ਅਠਤਰੈ’ ਦਾ ਅਰਥ ਕੀਤਾ ਹੈ ‘ਅਠ+ ਤਰੈ’ ਭਾਵ ਸਰੀਰ ’ਚ ਆਏ 8 ਵਿਕਾਰ (ਕਾਮ, ਕਰੋਧ, ਲੋਭ, ਮੋਹ, ਅਹੰਕਾਰ, ਮਨ, ਈਰਖਾ, ਦਵੈਤ ਆਦਿ) ਤਰ ਜਾਂਦੇ ਹਨ ਜਦਕਿ ਗੁਰਮਤਿ ਅਨੁਸਾਰ ਵਿਕਾਰ-ਵਾਸ਼ਨਾ ਤਰਦੀ ਨਹੀਂ, ਮਰਦੀ ਹੈ ਤਾਂ ਜੋ ਹੰਸ/ਜੀਵਾਤਮਾ ਤਰ ਜਾਏ, ਆਵਾਗਮਣ ਮੁਕਤ ਹੋ ਜਾਵੇ। ਭੁਪਿੰਦਰ ਸਿੰਘ ਵਾਲ਼ੇ ਅਰਥ ਤਾਂ ਸਹੀ ਹੁੰਦੇ, ਜੇ ‘ਅਠ ਤਰੈ’ ਦੀ ਥਾਂ ‘ਅਠ ਤਰਹਿ’ ਸ਼ਬਦ ਹੁੰਦਾ ਕਿਉਂਕਿ ‘ਆਵਨਿ’ ਬਹੁ ਵਚਨ ਕਿਰਿਆ ਹੈ ਭਾਵ ਜੇ ਸਰੀਰ ’ਚ 8 ਆਏ ਤਾਂ ‘ਤਰੈ’ (ਇੱਕ ਵਚਨ ਕਿਰਿਆ) ਨਾਲ਼ ਇੱਕ ਨਾ ਤਰਦਾ; ਜਿਵੇਂ ਕਿ ਵਾਕ ਹੈ, ‘‘ਮੰਨੈ; ‘ਤਰੈਤਾਰੇ ਗੁਰੁ ਸਿਖ ’’ (ਜਪੁ) ਭਾਵ ਗੁਰੂ ਸਿੱਖਿਆ ਨੂੰ ਮੰਨਣ ਨਾਲ਼ (ਬੰਦਾ ਆਪ) ਤਰਦਾ ਹੈ (ਤੇ ਹੋਰਾਂ ਨੂੰ ਭੀ ਤਾਰਦਾ ਹੈ) ਜਦਕਿ ‘ਤਰਹਿ’ ਬਹੁ ਵਚਨ ਹੁੰਦੀ; ਜਿਵੇਂ ਕਿ ਵਾਕ ਹੈ, ‘‘ਜਾ ਕੀ ਸੇਵ (ਨਾਲ਼), ਸਿਵ ਸਿਧ ਸਾਧਿਕ ਸੁਰ ਅਸੁਰ ਗਣਤਰਹਿਤੇਤੀਸ; ਗੁਰ ਬਚਨ ਸੁਣਿ ਕੰਨ ਰੇ ’’ (ਭਟ ਨਲ/੧੪੦੧) ਡਾਕਟਰ ਚਮਕੌਰ ਸਿੰਘ, ਜੋ ਕਿ ਆਪਣੇ ਆਪ ਨੂੰ ਗੁਰਬਾਣੀ ਵਿਆਕਰਨ ਦੇ ਗਿਆਤਾ ਮੰਨਦੇ ਹਨ, ਉਹ ‘‘ਆਵਨਿ ਅਠਤਰੈ, ਜਾਨਿ ਸਤਾਨਵੈ’’ ਦੇ ਅਰਥ ਕਰਦੇ ਹਨ ‘ਸੰਸਾਰ ’ਚ ਤੇਰੇ ਵਰਗੇ 78 ਆਉਂਦੇ ਹਨ ਤੇ 97 ਜਾਂਦੇ ਹਨ, ਮਰਦੇ ਹਨ’ ਹੁਣ ਵਿਚਾਰਨਾ ਬਣਦਾ ਹੈ ਕਿ ਜੇਕਰ ਪੈਦਾ 78 ਹੀ ਹੋਏ ਹਨ ਤਾਂ 97 ਕਿਵੇਂ ਮਰਨਗੇ ? ਕੀ ਕੋਈ ਕਹਿ ਸਕਦਾ ਹੈ ਕਿ ਮੇਰਾ ਇੱਕ ਬਾਪ ਸੀ, ਪਰ ਮਰੇ ਦੋ ਬਾਪ ਹਨ ? ਪਟਿਆਲਾ ਯੂਨੀਵਰਸਿਟੀ ’ਚ ਇਤਿਹਾਸ ਵਿਭਾਗ ਦੇ ਮੁਖੀ ਰਹੇ ਡਾਕਟਰ ਸੁਖਦਿਆਲ ਸਿੰਘ; ਇਸੇ ਵਾਕ ਨੂੰ ਆਧਾਰ ਬਣਾ ਕੇ ਗੁਰੂ ਨਾਨਕ ਸਾਹਿਬ ਜੀ ਦਾ ਜੋਤਿ ਜੋਤਿ ਸਮਾਉਣਾ ਸੰਨ 1539 ਦੀ ਥਾਂ 1540 ਮੰਨਦਾ ਹੈ ਤਾਂ ਜੋ ਇਸ ਵਾਕ ਰਾਹੀਂ 19 ਸਾਲ ਪਹਿਲਾਂ ਸੰਨ 1521 ’ਚ ਕੀਤੀ ਭਵਿੱਖਬਾਣੀ ਤੋਂ ਇਨਕਾਰੀ ਹੋਇਆ ਜਾ ਸਕੇ। ਇਹ ਸਭ ਸਿੱਖਾਂ ਅੰਦਰ ਪੈਦਾ ਹੋਈ ਅਸ਼ਰਧਕਪੁਣੇ ਦੀ ਨਿਸ਼ਾਨੀ ਹੈ, ਜੋ ਪੰਜ ਗਿਆਨ ਇੰਦ੍ਰਿਆਂ ਵਾਲ਼ੇ ਸੀਮਤ ਗਿਆਨ ਨੂੰ ਹੀ ਸਿਰਮੌਰ ਪਦਵੀ ਮੰਨਣ ਦੀ ਗ਼ਲਤੀ ਕਰ ਰਹੇ ਹਨ। ਉਕਤ ਦਿੱਤੇ ਸੰਖੇਪ ਜਿਹੇ ਹਵਾਲਿਆਂ ’ਚ ਸਾਰੇ ਹੀ ਲੇਖਕ ਹਨ, ਇਤਿਹਾਸਕਾਰ ਹਨ, ਗੁਰਬਾਣੀ ਦਾ ਟੀਕਾ ਕਰ ਰਹੇ ਹਨ ਭਾਵ ਸਿੱਖਾਂ ’ਚ ਪੜ੍ਹੀ ਲਿਖੀ ਜਮਾਤ ਮੰਨੀ ਜਾ ਰਹੀ ਹੈ।

ਸੋ ਪੰਥ ਦਰਦੀ ਸੁਹਿਰਦ ਸਿੱਖ ਪ੍ਰਚਾਰਕਾਂ ਦਾ ਫ਼ਰਜ਼ ਬਣਦਾ ਹੈ ਕਿ ਉਹ, ਸਿੱਖ ਸੰਗਤਾਂ ਅੰਦਰ ਗੁਰਮਤਿ ਸਾਹਿਤ ਨੂੰ ਪੜ੍ਹਨ, ਵਿਚਾਰਨ ਲਈ ਰੁਚੀ ਪੈਦਾ ਕਰਨ ਤਾਂ ਜੋ ਕੌਮੀ ਦੇ ਵਿਲੱਖਣ ਫ਼ਲਸਫ਼ੇ ’ਚ ਗਿਰਾਵਟ ਪੈਦਾ ਕਰਨ ਵਾਲ਼ੇ ਇਨ੍ਹਾਂ ਵਿਚੋਲਿਆਂ ਨੂੰ ਬੇਦਾਵਾ ਦਿੱਤਾ ਜਾ ਸਕੇ। ਵੈਸੇ ਇਹ ਖ਼ੁਦ ਭੀ ਕਹਿੰਦੇ ਹਨ ਕਿ ਸਿੱਖਾਂ ਅੰਦਰ ਪੂਜਾਰੀਵਾਦ ਭਾਵ ਵਿਚੋਲੇ ਦੀ ਕੋਈ ਥਾਂ ਨਹੀਂ ਜਦਕਿ ਸਾਰੇ ਹੀ ਵਿਚੋਲੇ ਬਣੇ ਹੋਏ ਹਨ। ਗੁਰਬਾਣੀ ਨੂੰ ਖ਼ੁਦ ਪੜ੍ਹਨ, ਸਮਝਣ ਤੇ ਅਪਣਾਉਣ ਨਾਲ਼ ਹੀ ਹਿਰਦੇ ’ਚ ਅਸਲ ਅਨੰਦ, ਦਿਮਾਗ਼ ’ਚ ਸਥਿਰਤਾ ਭਾਵ ਦੁਚਿੱਤੀ ਮੁਕਤ ਹੋਣਾ ਅਤੇ ਹਾਂ ਪੱਖੀ ਵਿਚਾਰ ਪਨਪਨੇ ਹਨ, ਜਿਨ੍ਹਾਂ ਨੂੰ ਗੁਰਬਾਣੀ ਦੇ ਅੰਤਮ ਸ਼ਬਦ ’ਚ ਤਿੰਨ ਵਸਤੂ (ਥਾਲ ਵਿਚਿ ਤਿੰਨਿ ਵਸਤੂ ਪਈਓ; ਸਤੁ ਸੰਤੋਖੁ ਵੀਚਾਰੋ ਮਹਲਾ /੧੪੨੯) ਕਿਹਾ ਹੈ। ‘ਸਤੁ’ ਤੋਂ ਭਾਵ ਉੱਚਾ ਆਚਰਨ (ਸਥਿਰ ਦਿਮਾਗ਼), ‘ਸੰਤੋਖ’ ਤੋਂ ਭਾਵ ਅਸਲ ਅਨੰਦ ਅਤੇ ‘ਵਿਚਾਰ’ ਤੋਂ ਭਾਵ ਹਾਂ-ਪੱਖੀ ਸੋਚ ਵਿਕਸਿਤ ਕਰਨਾ ਹੈ, ਨਾ ਕਿ ਸ਼ਰਧਹੀਣ ਸਿੱਖਾਂ ਪਾਸੋਂ ਗੁਰਬਾਣੀ ਦੀ ਵਿਆਖਿਆ ਸੁਣ ਆਪਣਾ ਕੀਮਤੀ ਸਮਾਂ ਤੇ ਜੀਵਨ ਅਜਾਈਂ ਗਵਾਉਣਾ ਹੈ।

–ਸਮਾਪਤ–

ਕੁਆਰੀ ਕਾਇਆ ਜੁਗਤਿ

0

ਕੁਆਰੀ ਕਾਇਆ ਜੁਗਤਿ

ਗਿਆਨੀ ਜਗਤਾਰ ਸਿੰਘ ਜਾਚਕ

ਜਗਤ-ਗੁਰ ਬਾਬਾ ਨਾਨਕ ਪਾਤਿਸ਼ਾਹ ਜੀ ਦੇ ਆਗਮਨ ਮੌਕੇ ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਨੇਪਾਲ ਤੱਕ ਗੋਰਖ-ਮਤੀ ਨਾਥ ਜੋਗੀਆਂ ਦਾ ਬਹੁਤ ਜ਼ਿਆਦਾ ਪ੍ਰਭਾਵ ਸੀ । ਇਸ ਦੇ ਕੁਝ ਪ੍ਰਤੱਖ ਪ੍ਰਮਾਣ ਹਨ ‘ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਅੰਦਰ ਅਚੱਲ ਬਟਾਲੇ ਦਾ ਮੱਠ (ਮੰਦਰ), ਪਾਕਿਸਤਾਨ ਦੇ ਜ਼ਿਲ੍ਹਾ ਪੇਸ਼ਾਵਰ ਵਿਖੇ ਮੱਠ ‘ਗੋਰਖ ਹੱਟੜੀ’, ਰਾਜਸਥਾਨ ਦੇ ਜ਼ਿਲ੍ਹਾ ਹਨੂੰਮਾਨਗੜ੍ਹ ਅੰਦਰ ਉੱਚਾ ਟਿੱਲਾ ਗੋਗਾ-ਮੇੜੀ ਮੰਦਰ ਅਤੇ ਨੇਪਾਲ ਦਾ ਜ਼ਿਲ੍ਹਾ ‘ਗੋਰਖਾ’, ਜਿਥੇ ਸ੍ਰੀ ਗੋਰਖਨਾਥ ਦੀ ਗੁਫ਼ਾ ਤੇ ਇੱਕ ਮੂਰਤੀ ਵੀ ਦੱਸੀ ਜਾਂਦੀ ਹੈ’। ਮੰਨਿਆ ਜਾਂਦਾ ਹੈ ਕਿ 10ਵੀਂ ਸ਼ਤਾਬਦੀ ਵਿੱਚ ਸਭ ਤੋਂ ਪਹਿਲਾਂ ਗੋਰਖ ਜੀ ਇੱਥੇ ਹੀ ਦਿਸੇ ਸਨ। ਭਾਰਤੀ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ‘ਗੋਰਖਪੁਰ’, ਜੋ ਗੋਰਖਨਾਥ ਦਾ ਜਨਮ ਸਥਾਨ ਵੀ ਮੰਨਿਆ ਜਾਂਦਾ ਹੈ, ਉਹ ਵੀ ਨੇਪਾਲ ਦੀ ਹੱਦ ਨਾਲ ਹੀ ਲੱਗਦਾ ਹੈ। ਇੱਥੇ ਹੀ ‘ਗੋਰਖਨਾਥ ਮੱਠ (ਮੰਦਰ)’ ਹੈ, ਜੋ ਨਾਥ-ਜੋਗੀਆਂ ਦਾ ਕੇਂਦਰੀ ਧਰਮ-ਸਥਾਨ ਹੈ । ਨੇਪਾਲੀਆਂ ਨੂੰ ‘ਗੋਰਖੇ’ ਤਾਂ ਹੁਣ ਵੀ ਸੱਦਿਆ ਜਾਂਦਾ ਹੈ, ਪ੍ਰੰਤੂ ਕੋਈ ਸਮਾਂ ਸੀ ਜਦੋਂ ਨੇਪਾਲ ਦੇਸ਼ ਨੂੰ ਗੋਰਖਾ-ਰਾਜ ਵਜੋਂ ਹੀ ਜਾਣਿਆ ਜਾਂਦਾ ਸੀ, ਕਿਉਂਕਿ ਸ੍ਰੀ ਗੋਰਖ ਨਾਥ ਨੂੰ ‘ਗੋਰਖਾ ਨਾਥ’ ਵੀ ਸੱਦਿਆ ਜਾਂਦਾ ਰਿਹਾ ਹੈ। ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਭ੍ਰਾਤਾ ਬਾਬਾ ਪ੍ਰਿਥੀਚੰਦ ਦੇ ਬੇਟੇ ਬਾਬਾ ਮਿਹਰਵਾਨ (ਸ੍ਰੀ ਮਨੋਹਰਦਾਸ) ਜੀ ਦੀਆਂ ਲਿਖਤਾਂ ਵਿੱਚ ਸ੍ਰੀ ਗੋਰਖ ਨਾਥ ਨੂੰ ‘ਗੋਰਖਾ ਨਾਥ’ ਵੀ ਲਿਖਿਆ ਮਿਲਦਾ ਹੈ।

ਨੇਪਾਲ ਦੀ ਹੱਦ ਨਾਲ ਲੱਗਦੇ ਉੱਤਰ ਪ੍ਰਦੇਸ਼ ਅੰਦਰਲਾ ‘ਗੋਰਖਪੁਰ’ ਨਾਥ-ਜੋਗੀਆਂ ਦਾ ਕੇਂਦਰੀ ਧਰਮ-ਸਥਾਨ ਹੈ। ਹੁਣ ਇਹ ਸਥਾਨ ਆਰ.ਐਸ.ਐਸ ਦੀ ਹਿੰਦੂ ਰਾਸ਼ਟਰ ਵਾਲੀ ਰਾਜਨੀਤਕ ਰਣਨੀਤੀ ਤਹਿਤ ਭਾਜਪਾ ਦੀ ਰਾਜਨੀਤੀ ਦਾ ਕੇਂਦਰ ਬਣ ਚੁੱਕਾ ਹੈ। ਕਾਰਨ ਹੈ ਕਿ ਉਥੋਂ ਦਾ ਮਹੰਤ ਜੋਗੀ ਅਦਿਤ੍ਯ ਨਾਥ, ਪਹਿਲਾਂ ਭਾਜਪਾ ਵੱਲੋਂ ਲੋਕ-ਸਭਾ ਦਾ ਮੈਂਬਰ ਚੁਣਿਆ ਜਾਂਦਾ ਰਿਹਾ ਅਤੇ ਹੁਣ ਉਹ ਉੱਤਰ ਪ੍ਰਦੇਸ਼ ਦਾ ਮੌਜੂਦਾ ਮੁੱਖ-ਮੰਤ੍ਰੀ ਹੈ। ਪ੍ਰਸਿੱਧ ਵਪਾਰੀ ਸੁਆਮੀ ਰਾਮਦੇਵ ਅਤੇ ਸ਼੍ਰੀ ਸ਼੍ਰੀ ਰਵੀਸ਼ੰਕਰ ਆਦਿਕ ਵੀ ਉਸੇ ਸ਼੍ਰੇਣੀ ਵਿੱਚ ਹੀ ਗਿਣੇ ਜਾਂਦੇ ਹਨ। ਉਹ ਬਸਤਰ ਤਾਂ ਭਾਵੇਂ ਭਗਵੇਂ ਤੇ ਸਫ਼ੈਦ ਪਹਿਨਦੇ ਹਨ, ਪ੍ਰੰਤੂ ਉਨ੍ਹਾਂ ਦੇ ਪਹਿਰਾਵੇਂ ’ਚੋਂ ਜੋਗੀਆਂ ਦੇ ਪ੍ਰੰਪਰਾਗਤਿ ਬਾਹਰੀ ਚਿੰਨ ਮੁਦ੍ਰਾ, ਖਿੰਥਾ, ਖੱਪਰ, ਝੋਲੀ ਤੇ ਡੰਡਾ ਆਦਿਕ ਗਾਇਬ ਹਨ, ਜਿਨ੍ਹਾਂ ਨੂੰ ਆਧਾਰ ਬਣਾ ਕੇ ਗੁਰੂ ਨਾਨਕ ਸਾਹਿਬ ਜੀ ਨੇ ਜਪੁ-ਜੀ ਦਾ ਹੇਠ ਲਿਖਿਆ 28ਵਾਂ ਬੰਦ ਉਚਾਰਨ ਕੀਤਾ ਹੈ, ‘‘ਮੁੰਦਾ ਸੰਤੋਖੁ, ਸਰਮੁ ਪਤੁ ਝੋਲੀ; ਧਿਆਨ ਕੀ ਕਰਹਿ ਬਿਭੂਤਿ ਖਿੰਥਾ ਕਾਲੁ, ਕੁਆਰੀ ਕਾਇਆ ਜੁਗਤਿ; ਡੰਡਾ ਪਰਤੀਤਿ ..੨੮’’ (ਜਪੁ)

ਇਸ ਲੇਖ ਦਾ ਮਨੋਰਥ ਪਾਠਕਾਂ ਨਾਲ ਕੇਵਲ ‘ਕੁਆਰੀ ਕਾਇਆ ਜੁਗਤਿ’ ਦੇ ਗੁਰਮਤੀ ਅਰਥ-ਭਾਵ ਸਾਂਝੇ ਕਰਨਾ ਹੈ, ਕਿਉਂਕਿ ਜੋਗੀਆਂ ਦੇ ‘ਆਈ-ਪੰਥ’ ਦੀ ਤਾਂਤ੍ਰਿਕ ਸਾਧਨਾ ਦਾ ਇਹ ਪੱਖ ਬੜਾ ਗੁੰਝਲਦਾਰ ਹੈ। ਸਾਹਿਤਕ ਕੋਸ਼ਾਂ ਮੁਤਾਬਕ ‘ਕੁਆਰੀ’ ਪਦ ਦਾ ਅਰਥ ਹੈ, ਉਹ ਨੌਜਵਾਨ ਲੜਕੀ, ਜੋ ਵਿਆਹੀ ਨਾ ਹੋਵੇ। ਜਿਸ ਨੇ ਅਜੇ ਆਪਣੇ ਪੁਰਸ਼-ਪਤੀ ਨਾਲ ਮਿਲ ਕੇ ਕਾਮਾਦਿਕ ਰਸ ਨਾ ਮਾਣਿਆ ਹੋਵੇ। ਇਸ ਦ੍ਰਿਸ਼ਟੀਕੋਨ ਤੋਂ ਹੀ ਪ੍ਰਭੂ-ਪਤੀ ਦੇ ਮਿਲਾਪ ਤੋਂ ਹੀਣੀ ਜੀਵ ਇਸਤ੍ਰੀ ਪ੍ਰਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਾਕ ਹੈ, ‘‘ਕੁਆਰ ਕੰਨਿਆ ਜੈਸੇ ਕਰਤ ਸੀਗਾਰਾ ਕਿਉ ਰਲੀਆ ਮਾਨੈ ? ਬਾਝੁ ਭਤਾਰਾ ’’ (ਭਬਤ ਕਬੀਰ/੭੯੨) ਤਾਂਤਰਿਕ-ਮਤੀ ਤੇ ਹਠ-ਯੋਗ ਸਾਧਨਾ ਵਿੱਚ ‘ਕੁਆਰੀ ਕੰਨਿਆ’ ਦਾ ਸਾਥ ਵੀ ਲਿਆ ਜਾਂਦਾ ਹੈ। ‘ਵੈੱਬ-ਦੁਨੀਆ’ ਨਾਂ ਦੀ ਹਿੰਦੀ ਵੈੱਬਸਾਈਟ ਉੱਤੇ ਤੰਤ੍ਰ ਸ਼ਾਸ਼ਤਰ ਦੇ ‘ਮੈਥਨ’ ਅਤੇ ‘ਕੁਆਰੀ ਕੰਨਿਆ’ ਆਦਿਕ ਸ਼ਬਦਾਂ ਬਾਰੇ ਲਿਖਿਆ ਹੈ ਕਿ ਵਾਸਤਵ ਵਿੱਚ ਇਨ੍ਹਾਂ ਦਾ ਅਰਥ ਸ਼ਾਬਦਿਕ ਨਾ ਹੋ ਕੇ ਗੁਪਤ ਸੀ। ਜਿਸ ਵਿੱਚ ‘ਕੁਆਰੀ ਕੰਨਿਆ’ ਦਾ ਮਹੱਤਵ ਨਾਰੀ ਅੰਦਰਲੀ ਚੁੰਬਕੀ ਸ਼ਕਤੀ (ਗ੍ਰੈਵਟੀ ਅਥਵਾ ਮੈਗਨੈਟਕ ਫੋਰਸ) ਤੋਂ ਸੀ। ਅਜਿਹਾ ਨਾ ਸਮਝਣ ਕਾਰਨ ਹੀ ਤਾਂਤਰਿਕ ਸਾਧਨਾ ਪ੍ਰਤੀ ਕਈ ਕਿਸਮ ਦੀਆਂ ਭ੍ਰਾਂਤੀਆਂ ਪੈਦਾ ਹੋਈਆਂ ਹਨ।

ਸਾਈਟ ਮੁਤਾਬਕ ਮੰਨਿਆ ਗਿਆ ਹੈ ਕਿ ਨਾਰੀ, ਜਿੰਨਾ ਵੀ ਪੁਰਸ਼ ਦੇ ਸੰਪਰਕ ਵਿੱਚ ਆਉਂਦੀ ਹੈ, ਰਿਸਨ ਕਾਰਨ ਓਨੀ ਹੀ ਉਸ ਦੀ ਚੁੰਬਕੀ ਸ਼ਕਤੀ ਘਟਦੀ ਹੈ। ਇਹ ਚੁੰਬਕੀ ਸ਼ਕਤੀ ਹੀ ਉਹ ਆਧਾਰ-ਸ਼ਕਤੀ ਹੈ, ਜਿਸ ’ਤੇ ਕਾਬੂ ਪਾ ਕੇ ਕਾਮ-ਸ਼ਕਤੀ ਨੂੰ ਆਤਮ-ਸ਼ਕਤੀ ਵਿੱਚ ਬਦਲਿਆ ਜਾਂਦਾ ਹੈ। ਇਹ ਸ਼ਕਤੀ ਮਨੁੱਖੀ ਸਰੀਰ ਦੇ ਦੋ ਕੇਂਦਰਾਂ ਤੋਂ ਵਲੀਨ ਹੁੰਦੀ ਹੈ। ਪਹਿਲਾ ਹੈ ਮੂਲਾਧਾਰ ਚੱਕ੍ਰ, ਜਿੱਥੋਂ ਇਹ ਜਨਨ-ਇੰਦਰੀ ਦੇ ਰਸਤੇ ਕੁਦਰਤ ਵਿੱਚ ਵਲੀਨ ਹੁੰਦੀ ਹੈ, ਪ੍ਰੰਤੂ ਤਾਂਤਰਿਕ ਜਾਂ ਹੱਠ-ਜੋਗ ਦੀ ਸਾਧਨਾ ਸਦਕਾ ਜੇ ਇਹ ਸ਼ਕਤੀ ਮਾਨਵੀ ਭਰਵੱਟਿਆਂ ਦੇ ਵਿਚਕਾਰਲੇ ਅਗਿਆ-ਚੱਕ੍ਰ ਨੂੰ ਵਿੰਨ੍ਹਦੀ ਹੈ ਤਾਂ ਜੋਗੀਆਂ ਮੁਤਾਬਕ ਦਸਮ-ਦੁਆਰ ਅੰਦਰਲੇ ‘ਸਹਸਤਾਰ-ਚਕ੍ਰ’ ਵਿੱਚ ਪਹੁੰਚ ਕੇ ਬ੍ਰਹਮ ਵਿੱਚ ਲੀਨ ਹੋ ਜਾਂਦੀ ਹੈ। ਸਾਈਟ ਮੁਤਾਬਕ ਉਪਰੋਕਤ ਵਿਚਾਰ ਦਾ ਸਾਰੰਸ਼ ਇਹ ਹੈ ਕਿ ਤਾਂਤ੍ਰਿਕ-ਸਾਧਨਾ ਵਿੱਚ ਕੁਆਰੀ ਕੰਨਿਆ ਦੇ ਸਹਿਯੋਗ ਤੇ ਪ੍ਰਯੋਗ ਦਾ ਮਨੋਰਥ ਦੇਹ ਸੁਖ ਮਾਨਣਾ ਨਹੀਂ ਬਲਕਿ ਉਸ ਅੰਦਰਲੀ ਸ਼ਕਤੀ ਦੀ ਭੈਰਵੀ ਵਰਤੋਂ ਕਰਕੇ ਬ੍ਰਹਮ ਨਾਲ ਜੁੜਣਾ ਹੈ।

ਅਚਾਰੀਆ ਰਜਨੀਸ਼ (ਓਸ਼ੋ) ਕਹਿੰਦਾ ਹੈ ‘ਨਾਥ ਸੰਪਰਦਾਯ ਅਤੇ ਤਾਂਤ੍ਰਿਕਾਂ ਦੇ ਬਹੁਤ ਸਾਰੇ ਸੰਪਰਦਾਯ ਹਨ, ਜਿਹੜੇ ਸਾਧਨਾ ਕਰਨ ਲਈ ਕਿਸੇ ਕੁਆਰੀ ਇਸਤ੍ਰੀ ਨੂੰ ਲੱਭਦੇ ਹਨ; ਕਿਉਂਕਿ ਕੁਆਰੀ ਇਸਤ੍ਰੀ ਨਾਲ ਖ਼ਾਸ ਤਾਂਤ੍ਰਿਕ ਸੰਭੋਗ ਦੇ ਮਾਧਿਅਮ ਨਾਲ ਧਿਆਨ ਦੀ ਉਪਲਬਧੀ ਹੋ ਸਕਦੀ ਹੈ। ਇਹ ਹੋ ਸਕਦਾ ਹੈ ਕਿ ਤੰਤਰ ਨੇ ਇਸ ਦਾ ਮਾਰਗ ਲੱਭਿਆ ਹੈ, ਪਰ ਆਦਮੀ ਬੇਈਮਾਨ ਹੈ। ਤੰਤਰ ਦੇ ਨਾਮ ਉੱਤੇ ਹਜ਼ਾਰਾਂ ਯੋਗੀ ਤਾਂਤ੍ਰਿਕ ਕੁਆਰੀਆਂ ਨੂੰ ਲੈ ਕੇ ਘੁੰਮ ਰਹੇ ਸਨ। ਤਾਂਤ੍ਰਿਕ ਦੀ ਇੱਕ ਵੱਡੀ ਪਰੰਪਰਾ ਗੁਆਚ ਗਈ ਇਸੇ ਦੁਰਾਚਾਰ ਦੇ ਕਾਰਨ। ਆਦਮੀ ਤਾਂ ਬਹੁਤ ਹੁਸ਼ਿਆਰ ਹੈ। ਉਹ ਹਰ ਚੀਜ਼ ਵਿੱਚ ਆੜ ਲੱਭ ਲੈਂਦਾ ਹੈ’। ਪੁਸਤਕ-ੴ ਸਤਿਨਾਮ, ਪੰ. 370 ਇਸੇ ਲਈ ਗੁਰੂ ਨਾਨਕ ਸਾਹਿਬ ਜੀ ਨੇ ‘ਕੁਆਰੀ ਕਾਇਆ ਜੁਗਤਿ’ ਕਹਿ ਕੇ ਜੋਗੀਆਂ ਨੂੰ ਆਪਣੀ ਕਾਇਆਂ ਕੁਆਰੀ ਰੱਖਣ ਦੀ ਪ੍ਰੇਰਨਾ ਕੀਤੀ ਭਾਵ ਆਪਣੇ ਸਰੀਰ ਨੂੰ ਵਿਕਾਰੀ ਹੋਣ ਤੋਂ ਬਚਾਉਣ ਦਾ ਉਪਦੇਸ਼ ਦਿੱਤਾ।

ਦਾਸਰੇ (ਲੇਖਕ) ਦਾ ਖ਼ਿਆਲ ਹੈ ਕਿ ਅਚਾਰੀਆ ਰਜ਼ਨੀਸ਼ ਜੀ ਦੀ ਸਾਧਨਾ ਦਾ ਆਧਾਰ ਵੀ ਉਪਰੋਕਤ ਕਿਸਮ ਦੀ ਤਾਂਤਰਿਕ ਸਾਧਨਾ ਹੀ ਸੀ, ਜਿਸ ਅਧੀਨ ਉਸ ਨੇ ਪੂਰੇ ਯੂਰਪ ਮਹਾਂਦੀਪ ਨੂੰ ਪ੍ਰਭਾਵਤ ਕੀਤਾ । ਇਹੀ ਕਾਰਨ ਹੈ ਕਿ ਯੂ-ਟਿਊਬ ਉਸ ਨੂੰ ਪ੍ਰਸਿੱਧ ਜੋਗੀਆਂ ਦੀ ਸੂਚੀ ਵਿੱਚ ਦਰਸਾਉਂਦੀ ਹੈ। ਇਸ ਪੱਖੋਂ ਵਿਸਥਾਰ ਲਈ ਅਚਾਰੀਆ ਜੀ ਦੀ ‘ਸੰਭੋਗ ਸੇ ਸਮਾਧੀ ਓਰ’ ਪੁਸਤਕ ਪੜ੍ਹੀ ਜਾ ਸਕਦੀ ਹੈ। ਅਮਰੀਕਾ ਵਿਖੇ ਜੋਗੀ ਹਰਿਭਜਨ ਸਿੰਘ ਨੇ ਵੀ ਹੱਠ-ਯੋਗ ਦੇ ਇਸੇ ਕੁਢੰਗ ਨੂੰ ਹੀ ‘ਕੰਡਲਨੀ ਯੋਗਾ’ ਨਾਂ ਦੇ ਕੇ ਅਮਰੀਕਨ ਲੋਕਾਂ ਨੂੰ ਅਕਰਸ਼ਤ ਕੀਤਾ ਹੈ; ਕਿਉਂਕਿ ਅਜਿਹੀ ਸਾਧਨਾ ਦੇ ਬਹਾਨੇ ਉਨ੍ਹਾਂ ਦੀਆਂ ਕਾਮਿਕ ਰੁਚੀਆਂ ਦੀ ਪੂਰਤੀ ਵੀ ਹੁੰਦੀ ਸੀ। ਹਰਿਭਜਨ ਸਿੰਘ ਯੋਗੀ ਦੀ ਪੀ.ਏ. ਨਿਯੁਕਤ ਰਹੀ ਪ੍ਰੇਮਕਾ ਕੌਰ ਦੀ ਲਿਖੀ ਪੁਸਤਕ ‘ਵਾਈਟ ਬਰਡ ਇਨ ਦਾ ਗੋਲਡਨ ਕੇਜ’ ਇਸ ਹਕੀਕਤ ਦੀ ਪ੍ਰਤੱਖ ਗਵਾਹ ਹੈ। ਸਾਡੇ ਸਿੱਖ ਧਾਰਮਕ ਆਗੂ ਵੀ ਜੋਗੀ ਦੇ ਮਾਇਕ ਪ੍ਰਭਾਵ ਹੇਠ ਉਹਦੇ ਸੁਨਿਹਰੀ ਪਿੰਜਰੇ ਦੇ ਪੰਛੀ ਬਣੇ ਰਹੇ। ਉਸ ਸਭ ਕੁਝ ਜਾਣਦੇ ਬੁੱਝਦੇ ਹੋਏ ਵੀ ਜੋਗੀ ਦੇ ਕੇਸਾਧਾਰੀ ਅਨੁਆਈਆਂ ਦਾ ਸ਼ਬਦ ਗਾਇਨ ਸੁਣ ਸੁਣਾ ਕੇ, ਇਸ ਨੂੰ ਸਿੱਖੀ ਦਾ ਵਿਕਾਸ ਪ੍ਰਚਾਰਦੇ ਰਹੇ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਭਟ ‘ਭਾਈ ਗਯੰਦ ਜੀ’ ਦੇ ਹੇਠ ਲਿਖੇ ਉਨ੍ਹਾਂ ਬੋਲਾਂ ਨੂੰ ਵੀ ਭੁੱਲੇ ਰਹੇ, ਜਿਨ੍ਹਾਂ ਦੁਆਰਾ ਉਸ ਨੇ ਐਲਾਨ ਕੀਤਾ ਸੀ ਕਿ ਜਿਹੜੇ ਮਨੁੱਖਾਂ ਨੇ ਗੁਰੂ ਦੇ ਬਚਨ ਧੂ੍ਰ ਭਗਤ ਵਾਂਗ ਦ੍ਰਿੜ੍ਹ ਕਰਕੇ ਮੰਨੇ ਹਨ, ਉਹ ਮਨੁੱਖ ਕਾਲ ਦੇ ਭੈ ਤੋਂ ਬਚ ਗਏ ਹਨ। ਭਿਆਨਕ ਸੰਸਾਰ-ਸਮੁੰਦਰ ਉਹਨਾਂ ਨੇ ਇਕ ਪਲ ਵਿਚ ਤਰ ਲਿਆ ਹੈ, ਜਗਤ ਨੂੰ ਉਹ ਬੱਦਲਾਂ ਦੀ ਛਾਂ ਵਾਂਗ ਰਚਿਆ ਹੋਇਆ ਸਮਝਦੇ ਹਨ : ‘‘ਜਿਨਹੁ ਬਾਤ ਨਿਸਲ ਧ੍ਰੂਅ ਜਾਨੀ; ਤੇਈ ਜੀਵ ਕਾਲ ਤੇ ਬਚਾ ਤਿਨ੍ ਤਰਿਓ ਸਮੁਦ੍ਰੁ ਰੁਦ੍ਰੁ ਖਿਨ ਇਕ ਮਹਿ; ਜਲਹਰ ਬਿੰਬ ਜੁਗਤਿ ਜਗੁ ਰਚਾ ’’ (ਸਵਈਏ ਮਹਲੇ ਚਉਥੇ ਕੇ/ਭਟ ਗਯੰਦ/੧੪੦੨)

ਉਹਨਾਂ ਦੀਆਂ ਮਾਨਸਿਕ ਗੁੰਝਲਾਂ ਅਥਵਾ ਮਨ ਦੇ ਵੱਟ ਸਤ-ਸੰਗ ਵਿਚ ਸੁਭਾਵਕ ਹੀ ਖੁਲ੍ਹ ਗਏ। ਉਹ ਆਤਮਕ ਤੌਰ ’ਤੇ ਪਰਮਾਨੰਦ ਮਾਣਦੇ ਹਨ ਅਤੇ ਗੁਰੂ ਦੀ ਬਰਕਤ ਨਾਲ ਸੰਸਾਰ ਵਿੱਚ ਉਨ੍ਹਾਂ ਦਾ ਜਸ ਪ੍ਰਗਟਦਾ (ਮੱਚਦਾ) ਹੈ। ਤਾਂ ਤੇ ਇਹੋ ਜਿਹੇ ਸੱਚੇ ਗੁਰੂ ਨੂੰ ਮਨ, ਬਚਨ ਤੇ ਕਰਮਾਂ ਦੁਆਰਾ ਪੂਜਣਾ ਚਾਹੀਦਾ ਹੈ; ਇਹ ਸਤਿਗੁਰੂ ਸਭ ਤੋਂ ਉੱਚਾ ਹੈ : ‘‘ਕੁੰਡਲਨੀ ਸੁਰਝੀ ਸਤਸੰਗਤਿ; ਪਰਮਾਨੰਦ, ਗੁਰੂ ਮੁਖਿ ਮਚਾ ਸਿਰੀ ਗੁਰੂ ਸਾਹਿਬੁ ਸਭ ਊਪਰਿ; ਮਨ ਬਚ ਕ੍ਰੰਮ ਸੇਵੀਐ ਸਚਾ ’’ (ਸਵਈਏ ਮਹਲੇ ਚਉਥੇ ਕੇ/ਭਟ ਗਯੰਦ/੧੪੦੨)

ਸ੍ਰੀ ਗੁਰੂ ਨਾਨਕ ਸਾਹਿਬ ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਮੂਹ ਬ੍ਰਹਮ-ਗਿਆਨੀ ਬਾਣੀਕਾਰ; ਨਰ ਅਤੇ ਮਦੀਨ ਅੰਦਰਲੀ ਪਰਸਪਰ ਕੁਦਰਤੀ ਖਿਚਤੋਂ ਭਲੀਭਾਂਤ ਜਾਣੂ ਸਨ। ਉਹ ਸਮਝਦੇ ਸਨ ਕਿ ਇਹ ਕੁਦਰਤੀ ਸਮਤੁਲਨ ਬਣਾਈ ਰੱਖਣ ਵਿੱਚ ਸਹਾਇਕ ਹੋਣ ਵਾਲੀ ਕੁਦਰਤੀ ਖਿਚ (ਗਰੂਤਾ-ਸ਼ਕਤੀ) ਦਾ ਹੀ ਇੱਕ ਅੰਗ ਹੈ, ਜੋ ਰੱਬੀ ਹੁਕਮ (ਕੁਦਰਤੀ ਨਿਯਮ) ਅਧੀਨ ਹਰੇਕ ਸ਼੍ਰੇਣੀ ਦੀ ਸੰਤਾਨ ਪ੍ਰਕ੍ਰਿਆ ਲਈ ਲਾਜ਼ਮੀ ਹੈ। ਉਹ ਅਕਾਲ-ਪੁਰਖ ਸਾਹਿਬ ਦੀ ਕੌਤਕੀ ਵਡਿਆਈ ਦਾ ਵਰਣਨ ਕਰਦੇ ਹੋਏ ਐਲਾਨੀਆ ਆਖਦੇ ਸਨ ‘‘ਪੁਰਖ ਮਹਿ ਨਾਰਿ; ਨਾਰਿ ਮਹਿ ਪੁਰਖਾ; ਬੂਝਹੁ ਬ੍ਰਹਮ ਗਿਆਨੀ ’’ (ਮਹਲਾ /੮੭੯), ਪਰ ਮਾਇਆ ਮੋਹ ਦੇ ਪ੍ਰਭਾਵ ਹੇਠ ਵਰਤਣ ਵਾਲੇ ਜਿਨ੍ਹਾਂ ਲੋਕਾਂ ਨੂੰ ਐਸੀ ਸੋਝੀ ਨਹੀਂ ਹੁੰਦੀ, ਉਨ੍ਹਾਂ ਲਈ ਅਜਿਹੀ ਅੰਤਰੀਵ ਤੇ ਪਰਸਪਰ ਖਿੱਚ ਕੇਵਲ ਕਾਮਿਕ ਰੁਚੀ ਦੀ ਪੂਰਤੀ ਦਾ ਸਾਧਨ ਬਣ ਕੇ ਹੀ ਰਹਿ ਜਾਂਦੀ ਹੈ। ਗੁਰਬਾਣੀ ਵਿੱਚ ਇਸ ਮਾਨਵੀ ਕਮਜ਼ੋਰੀ ਤੇ ਮਨੋਵਿਗਿਆਨਕ ਪੱਖ ਨੂੰ ਇਉਂ ਪ੍ਰਗਟ ਕੀਤਾ ਹੈ ‘‘ਇਸਤਰੀ ਪੁਰਖ ਕਾਮਿ ਵਿਆਪੇ ਜੀਉ; ਰਾਮ ਨਾਮ ਕੀ ਬਿਧਿ ਨਹੀ ਜਾਣੀ ’’ (ਮਹਲਾ /੨੪੬) ਇਹੀ ਕਾਰਨ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਕਿਰਤਕਾਰ ਤੇ ਗ੍ਰਿਹਸਤੀ ਜੀਵਨ ਨੂੰ ਮਹੱਤਵ ਦਿੰਦਿਆਂ ਹੱਠ-ਜੋਗ (ਕੁੰਡਲਨੀ ਯੋਗਾ) ਵਰਗੀ ਇਕਾਂਤਕ ਤੇ ਬਿਖਮ ਸਾਧਨਾ ਦੀ ਥਾਂ ਗੁਰਦੁਆਰੇ ਦੇ ਸਾਂਝੇ ਸਤਿਸੰਗ ਨੂੰ ਹੀ ਅਧਿਆਤਮਕ ਸਾਧਨਾ ਦਾ ਸਰਬੋਤਮ ਸਥਾਨ ਸਥਾਪਿਤ ਕੀਤਾ ।

ਭੱਟ ਗਯੰਦ ਜੀ ਦਾ ਉਪਰੋਕਤ ਵਾਕ ‘‘ਕੁੰਡਲਨੀ ਸੁਰਝੀ ਸਤਸੰਗਤਿ; ਪਰਮਾਨੰਦ, ਗੁਰੂ ਮੁਖਿ ਮਚਾ ’’ ਅਸਲ ਵਿੱਚ ਇਸ ਹਕੀਕਤ ਦਾ ਐਲਾਨ ਹੈ ਕਿ ਜਿਸ ਪ੍ਰਾਪਤੀ ਲਈ ਹਠ-ਜੋਗੀ ਕੁੰਡਲਨੀ ਜਗਾ ਕੇ ਆਪਣੀ ਕੁਦਰਤੀ ਸ਼ਕਤੀ ਨੂੰ ਖਟ-ਚਕ੍ਰਾਂ (1. ਮੂਲਾਧਾਰ, 2. ਸ੍ਵਾਧਿਸ਼ਠਾਨ, 3. ਮਣੀਪੁਰ 4. ਅਨਹਤ, 5. ਵਿਸ਼ੁਧ, 6. ਆਗਿਆ) ਵਿੱਚੋਂ ਲੰਘਾਉਣ ਦੀ ਬਿਖਮ-ਸਾਧਨਾ ਕਰਦੇ ਹਨ, ਉਹ ਆਤਮਕ ਅਨੰਦ ਅਸੀਂ ਗੁਰੂ ਅਗਵਾਈ ਦੀ ਬਰਕਤ ਸਦਕਾ ਸਤਿਸੰਗ ਰਾਹੀਂ ਸਹਿਜ-ਸੁਭਾਵਕ ਹੀ ਮਾਣ ਲਿਆ ਹੈ। ਯੋਗ-ਸ਼ਾਸਤਰ ਤਾਂ ਕੇਵਲ ਚਿੱਤ ਬਿਰਤੀਆਂ ਦੇ ਨਿਰੋਧ ਨੂੰ ਹੀ ਯੋਗ ਮੰਨਦਾ ਹੈ, ਪਰ ਗੁਰਮਤਿ ਦ੍ਰਿਸ਼ਟੀਕੋਨ ਤੋਂ ‘ਜੋਗ’ ਨਾਮ ਹੈ ‘ਸ਼ਬਦ ਸੁਰਤਿ’ ਦੇ ਸੁਮੇਲ ਦੁਆਰਾ ਅਕਾਲ-ਪੁਰਖ ਨਾਲ ਜੁੜਣ ਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰਲਾ ‘‘ਰਾਜ ਲੀਲਾ; ਤੇਰੈ ਨਾਮਿ ਬਨਾਈ ਜੋਗੁ ਬਨਿਆ; ਤੇਰਾ ਕੀਰਤਨੁ ਗਾਈ ’’ (ਮਹਲਾ /੩੮੫) ਗੁਰਵਾਕ, ਭੱਟ ਭਾਈ ਗਯੰਦ ਜੀ ਵਰਗੇ ਗੁਰਸਿੱਖ ਸਾਧਕ ਸਤਿਸੰਗੀਆਂ ਦੀ ਸਦਾ ਲਈ ਅਗਵਾਈ ਕਰਦਾ ਰਹੇਗਾ। ਇਸ ਰਾਹੀਂ ਗੁਰੂ ਪੰਚਮ ਪਾਤਿਸ਼ਾਹ ਖ਼ੁਦ ਕਹਿੰਦੇ ਹਨ ਕਿ ਹੇ ਪ੍ਰਭੂ ! ਤੇਰੇ ਨਾਮ-ਸਿਮਰਨ ਨੇ ਮੇਰੇ ਵਾਸਤੇ ਉਹ ਮੌਜ ਬਣਾ ਦਿੱਤੀ ਹੈ, ਜੋ ਰਾਜੇ ਲੋਕਾਂ ਨੂੰ ਰਾਜ ਤੋਂ ਮਿਲਦੀ ਪ੍ਰਤੀਤ ਹੁੰਦੀ ਹੈ। ਜਦੋਂ ਮੈਂ ਕੀਰਤਨ ਰੂਪ ਤੇਰੀ ਸਿਫ਼ਤਿ-ਸਾਲਾਹ ਗਾਂਦਾ ਹਾਂ ਤਾਂ ਮੈਨੂੰ ਜੋਗ ਵਾਲਾ ਆਤਮਕ ਅਨੰਦ ਪ੍ਰਾਪਤ ਹੋ ਜਾਂਦਾ ਹੈ ਭਾਵ ਦੁਨੀਆ ਵਾਲਾ ਸੁੱਖ ਤੇ ਫ਼ਕੀਰੀ ਵਾਲਾ ਆਤਮਕ ਅਨੰਦ ਦੋਵੇਂ ਹੀ ਮੈਨੂੰ ਤੇਰੀ ਸਿਫ਼ਤਿ-ਸਾਲਾਹ ਵਿਚੋਂ ਮਿਲ ਰਹੇ ਹਨ।

ਗੁਰਮਤਿ ਦੀ ਹੱਠ-ਯੋਗ ਵਾਲੀ ਕਠਨ ਸਾਧਨਾ ਤੋਂ ਨਿਰਾਲੀ, ਸੁਖਾਲੀ ਤੇ ਸਹਜਮਈ ਸੁਖਦਾਈ ਸਾਧਨਾ ਨੂੰ ‘ਸਹਜ ਜੋਗ’,‘ਭਗਤਿ-ਜੋਗ’ ਅਤੇ ‘ਰਾਜ-ਜੋਗ’ ਨਾਮ ਦਿੱਤੇ ਜਾ ਸਕਦੇ ਹਨ; ਕਿਉਂਕਿ ਗੁਰਬਾਣੀ ਦੇ ਸ਼ਬਦਾਂ ’ਚੋਂ ਇਨ੍ਹਾਂ ਨਾਵਾਂ ਦੀ ਪੁਸ਼ਟੀ ਹੁੰਦੀ ਹੈ, ‘‘ਗੁਰਿ (ਨੇ) ਮਨੁ ਮਾਰਿਓ ਕਰਿ ਸੰਜੋਗੁ ਅਹਿਨਿਸਿ ਰਾਵੇ ਭਗਤਿ ਜੋਗੁ ਗੁਰ ਸੰਤ ਸਭਾ; ਦੁਖੁ ਮਿਟੈ ਰੋਗੁ ਜਨ ਨਾਨਕ  ! ਹਰਿ ਵਰੁ ਸਹਜ ਜੋਗੁ (ਮਹਲਾ /੧੧੭੦), ਪੂਰਾ ਸੁਖੁ; ਪੂਰਾ ਸੰਤੋਖੁ ਪੂਰਾ ਤਪੁ; ਪੂਰਨ ਰਾਜੁ ਜੋਗੁ ’’ (ਮਹਲਾ /੧੮੮)

ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸੰਗਤ ਦਾ ਪਰਤੱਖ ਅਨੰਦ ਮਾਨਣ ਵਾਲੇ ਭੱਟ ਕਵੀ ਕਲਸਹਾਰ ਜੀ ਨੇ ਤਾਂ ਮਹਲੇ ਪਹਿਲੇ, ਮਹਲੇ ਦੂਜੇ, ਮਹਲੇ ਚੌਥੇ ਤੇ ਮਹਲੇ ਪੰਜਵੇਂ ਤੱਕ ਸਾਰੇ ਗੁਰੂ ਸਾਹਿਬਾਨ ਨੂੰ ਰਾਜ-ਜੋਗ ਮਾਨਣ ਵਾਲੇ ਦੱਸਿਆ ਹੈ। ਉਸ ਨੇ ਗੁਰਸਿੱਖ ਹੋਣ ਦੇ ਨਾਂ ’ਤੇ ‘‘ਸਤਿਗੁਰੁ ਵਡਾ ਕਰਿ ਸਾਲਾਹੀਐ; ਜਿਸੁ ਵਿਚਿ ਵਡੀਆ ਵਡਿਆਈਆ ’’ (ਮਹਲਾ /੪੭੩) ਗੁਰਵਾਕ ਦੇ ਚਾਨਣ ਵਿੱਚ ਜਗਤ-ਗੁਰੂ ਸਾਹਿਬਾਨ ਦੀਆਂ ਵਡਿਆਈਆਂ ਦਾ ਵਰਣਨ ਕਰਦਿਆਂ ਲਿਖਿਆ ਹੈ :

ਕਬਿ ਕਲ, ਸੁਜਸੁ ਗਾਵਉ ਗੁਰ ਨਾਨਕ; ਰਾਜੁ ਜੋਗੁ ਜਿਨਿ ਮਾਣਿਓ

(ਸਵਈਏ ਮਹਲੇ ਪਹਿਲੇ ਕੇ/ਭਟ ਕਲ/੧੩੮੯)

ਗੁਰੁ ਜਗਤ, ਫਿਰਣਸੀਹ, ਅੰਗਰਉ; ਰਾਜੁ ਜੋਗੁ ਲਹਣਾ ਕਰੈ

(ਸਵਈਏ ਮਹਲੇ ਦੂਜੇ ਕੇ/ਭਟ ਕਲ/੧੩੯੧)

ਇਹੁ ਰਾਜ ਜੋਗ ਗੁਰ ਰਾਮਦਾਸਤੁਮ੍ ਹੂ ਰਸੁ ਜਾਣੇ ੧੨

(ਸਵਈਏ ਮਹਲੇ ਚਉਥੇ ਕੇ/ਭਟ ਕਲ/੧੩੯੮)

ਗੁਰ ਅਰਜੁਨ, ਕਲਚਰੈ (ਕੱਲ-ਉੱਚਰੈ); ਤੈ ਰਾਜ ਜੋਗ ਰਸੁ ਜਾਣਿਅਉ

(ਸਵਈਏ ਮਹਲੇ ਪੰਜਵੇਂ ਕੇ/ਭਟ ਕਲ/੧੪੦੭)

ਸਤਿਗੁਰ ਕੀ ਸੇਵਾ ਸਫਲੁ ਹੈ

0

ਸਤਿਗੁਰ ਕੀ ਸੇਵਾ ਸਫਲੁ ਹੈ

ਗਿਆਨੀ ਹਰਭਜਨ ਸਿੰਘ

ਸਤਿਗੁਰ ਕੀ ਸੇਵਾ ਸਫਲੁ ਹੈ; ਜੇ ਕੋ ਕਰੇ ਚਿਤੁ ਲਾਇ ਮਨਿ ਚਿੰਦਿਆ ਫਲੁ ਪਾਵਣਾ; ਹਉਮੈ ਵਿਚਹੁ ਜਾਇ ਬੰਧਨ ਤੋੜੈ, ਮੁਕਤਿ ਹੋਇ; ਸਚੇ ਰਹੈ ਸਮਾਇ ਇਸੁ ਜਗ ਮਹਿ ਨਾਮੁ ਅਲਭੁ ਹੈ; ਗੁਰਮੁਖਿ ਵਸੈ ਮਨਿ ਆਇ ਨਾਨਕ  ! ਜੋ ਗੁਰੁ ਸੇਵਹਿ ਆਪਣਾ; ਹਉ ਤਿਨ ਬਲਿਹਾਰੈ ਜਾਉ (ਮਹਲਾ /੬੪੪)

ਵਿਚਾਰ ਅਧੀਨ ਪਾਵਨ ਸਲੋਕ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਸੋਰਠਿ ਕੀ ਵਾਰ ਦੀ 6ਵੀਂ ਪਉੜੀ ਨਾਲ ਪਹਿਲਾ ਸਲੋਕ ਹੈ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ 644 ’ਤੇ ਸੁਭਾਇਮਾਨ ਹੈ। ਗੁਰਮਤਿ ਅਨੁਸਾਰ ਆਤਮਕ ਜੀਵਨ ਰੂਪੀ ਮਹਿਲ ਦੇ ਦੋ ਮਜ਼ਬੂਤ ਥੰਮ (ਸੇਵਾ ਤੇ ਸਿਮਰਨ) ਮੰਨੇ ਹਨ। ਇਨ੍ਹਾਂ ਥੰਮਾਂ ਨੂੰ ਅਡੋਲ ਅਤੇ ਅਡਿੱਗ ਰੱਖਣ ਲਈ ਸੇਵਾ ਅਤੇ ਸਿਮਰਨ ਦੋਨੋ ਅਤਿ ਜ਼ਰੂਰੀ ਹਨ। ਸੇਵਾ ਕਿਸ ਦੀ ਕੀਤੀ ਜਾਏ, ਕਿਵੇਂ ਕੀਤੀ ਜਾਏ, ਕਦੋਂ ਕੀਤੀ ਜਾਏ, ਸਿਮਰਨ ਕਿਸ ਦਾ ਅਤੇ ਕਿਸ ਢੰਗ ਨਾਲ ਕੀਤਾ ਜਾਏ ? ਇਸ ਬਾਰੇ ਗਿਆਨ ਹੋਣਾ ਲਾਜ਼ਮੀ ਹੈ। ਨਹੀਂ ਤਾਂ ਗਿਆਨ ਵਿਹੂਣੀ ਸੇਵਾ ਅਤੇ ਸਿਮਰਨ ਨਾਲ ਕੁਝ ਵੀ ਸੰਵਰਨ ਵਾਲਾ ਨਹੀਂ ਹੈ; ਜੈਸਾ ਕਿ ਫ਼ੁਰਮਾਨ ਹੈ, ‘‘ਮਤਿ ਥੋੜੀ; ਸੇਵ ਗਵਾਈਐ ੧੦’’ (ਮਹਲਾ /੪੬੮) ਦੂਜੇ ਪਾਸੇ ਉਨ੍ਹਾਂ ਗੁਰਮੁਖ ਪਿਆਰਿਆਂ ਦਾ ਜ਼ਿਕਰ ਹੈ, ਜਿਨ੍ਹਾਂ ਨੇ ਸੱਚ ਨਾਲ ਜੁੜ ਕੇ ਸੰਤੋਖ ਧਾਰਨ ਕਰ ਸੇਵਾ ਕੀਤੀ। ਫ਼ੁਰਮਾਨ ਹੈ, ‘‘ਸੇਵ ਕੀਤੀ ਸੰਤੋਖੀੲਂੀ; ਜਿਨ੍ਹੀ ਸਚੋ ਸਚੁ ਧਿਆਇਆ ਓਨ੍ਹੀ ਮੰਦੈ ਪੈਰੁ ਰਖਿਓ; ਕਰਿ ਸੁਕ੍ਰਿਤੁ, ਧਰਮੁ ਕਮਾਇਆ ਓਨ੍ਹੀ ਦੁਨੀਆ ਤੋੜੇ ਬੰਧਨਾ; ਅੰਨੁ ਪਾਣੀ ਥੋੜਾ ਖਾਇਆ ਤੂੰ ਬਖਸੀਸੀ ਅਗਲਾ (ਬਹੁਤਾ); ਨਿਤ ਦੇਵਹਿ ਚੜਹਿ ਸਵਾਇਆ ਵਡਿਆਈ, ਵਡਾ ਪਾਇਆ ’’ (ਆਸਾ ਕੀ ਵਾਰ/ਮਹਲਾ /੪੬੭)

ਭਗਤ ਕਬੀਰ ਜੀ ਨੇ ਆਪਣੇ ਸਲੋਕ ਨੰ: 164 ਵਿੱਚ ਕਿਸ ਦੀ ਸੇਵਾ ਕਰਨੀ ਚਾਹੀਦੀ ਹੈ, ਇਸ ਬਾਰੇ ਸੋਝੀ ਬਖ਼ਸ਼ੀ ਹੈ ਕਿ ਹੇ ਕਬੀਰ  ! ਮਾਇਕ ਬੰਧਨਾਂ ਤੋਂ ਖਲਾਸੀ ਦੇਣ ਵਾਲਾ ਪਰਮਾਤਮਾ ਆਪ ਹੈ ਤੇ ਗੁਰੂ; ਉਸ ਪਰਮਾਤਮਾ ਦੇ ਨਾਮ ਸਿਮਰਨ ਵੱਲ ਪ੍ਰੇਰਦਾ ਹੈ। ਸੋ ਇੱਕ ਸੰਤ (ਗੁਰੂ) ਹੈ ਤੇ ਇੱਕ ਪਰਮਾਤਮਾ; ਇਨ੍ਹਾਂ ਦੋਹਾਂ ਦੀ ਹੀ ਸੇਵਾ ਕਰਨੀ ਚਾਹੀਦੀ ਹੈ। ਫ਼ੁਰਮਾਨ ਹੈ, ‘‘ਕਬੀਰ  ! ਸੇਵਾ ਕਉ ਦੁਇ ਭਲੇ; ਏਕੁ ਸੰਤੁ, ਇਕੁ ਰਾਮੁ ਰਾਮੁ ਜੁ ਦਾਤਾ ਮੁਕਤਿ ਕੋ; ਸੰਤੁ ਜਪਾਵੈ ਨਾਮੁ ੧੬੪’’ (ਭਗਤ ਕਬੀਰ/੧੩੭੩)

ਵਿਚਾਰ ਅਧੀਨ ਸਲੋਕ ਦੀਆਂ ਅਰੰਭਕ ਪੰਕਤੀਆਂ ਵਿੱਚ ਵੀ ਗੁਰੂ ਅਮਰਦਾਸ ਸਾਹਿਬ ਜੀ ਫ਼ੁਰਮਾ ਰਹੇ ਹਨ, ‘‘ਸਤਿਗੁਰ ਕੀ ਸੇਵਾ ਸਫਲੁ ਹੈ; ਜੇ ਕੋ ਕਰੇ ਚਿਤੁ ਲਾਇ ਮਨਿ ਚਿੰਦਿਆ ਫਲੁ ਪਾਵਣਾ; ਹਉਮੈ ਵਿਚਹੁ ਜਾਇ ’’ ਭਾਵ ਜੇ ਕੋਈ ਮਨੁੱਖ ਚਿਤ ਲਗਾ ਕੇ ਸਤਿਗੁਰੂ ਦੀ ਸੇਵਾ ਕਰੇ ਤਾਂ ਸਤਿਗੁਰੂ ਦੀ ਕੀਤੀ ਸੇਵਾ ਜ਼ਰੂਰ ਫਲ ਲਾਉਂਦੀ ਹੈ, ਮਨ ਇੱਛਤ ਫਲ਼ ਮਿਲਦਾ ਹੈ। ਮਨ ਵਿੱਚੋਂ ਅਹੰਕਾਰ ਦੂਰ ਹੁੰਦਾ ਹੈ। ਚਿੱਤ ਲਾ ਕੇ ਕੀਤੀ ਹੋਈ ਸੇਵਾ ਵਿੱਚੋਂ ਸੁਆਰਥ ਦੀ ਬਦਬੂ ਨਹੀਂ ਸਗੋਂ ਨਿਰਸੁਆਰਥ ਦੀ ਸੁਗੰਦ ਆਉਂਦੀ ਹੈ। ਅੱਜ ਕੱਲ੍ਹ ਤਾਂ ਆਪਣੇ ਇਸ਼ਟ ਦੀ ਸੇਵਾ ਨੂੰ ਆਮ ਲੋਕਾਂ ਨੇ ਵਪਾਰ ਜਾਂ ਸੌਦੇਬਾਜ਼ੀ ਬਣਾਇਆ ਹੋਇਆ ਹੈ। ਪਹਿਲਾਂ ਸੁੱਖਣਾ ਸੁੱਖਣਗੇ ਕਿ ਜੇ ਸਾਡਾ ਕੰਮ ਸਿਰੇ ਚੜ੍ਹ ਗਿਆ ਤਾਂ ਫਲਾਣੀ ਸੇਵਾ ਕਰਾਂਗੇ, ਨਹੀਂ ਤਾਂ ਕੁਝ ਵੀ ਨਹੀਂ ਜਦ ਕਿ ਗੁਰੂ ਸਾਹਿਬ ਜੀ ਕਹਿ ਰਹੇ ਹਨ, ‘‘ਆਪੁ ਗਵਾਇ ਸੇਵਾ ਕਰੇ; ਤਾ ਕਿਛੁ ਪਾਏ ਮਾਨੁ ਨਾਨਕ ! ਜਿਸ ਨੋ ਲਗਾ, ਤਿਸੁ ਮਿਲੈ; ਲਗਾ ਸੋ ਪਰਵਾਨੁ ’’ (ਆਸਾ ਕੀ ਵਾਰ/ਮਹਲਾ /੪੭੪) ਜਾਂ ‘‘ਗੁਰ ਕੈ ਗ੍ਰਿਹਿ (ਵਿਖੇ); ਸੇਵਕੁ ਜੋ ਰਹੈ ਗੁਰ ਕੀ ਆਗਿਆ; ਮਨ ਮਹਿ ਸਹੈ ਆਪਸ ਕਉ ਕਰਿ ਕਛੁ ਜਨਾਵੈ ਹਰਿ ਹਰਿ ਨਾਮੁ; ਰਿਦੈ ਸਦ ਧਿਆਵੈ ਮਨੁ ਬੇਚੈ; ਸਤਿਗੁਰ ਕੈ ਪਾਸਿ ਤਿਸੁ ਸੇਵਕ ਕੇ ਕਾਰਜ ਰਾਸਿ ਸੇਵਾ ਕਰਤ; ਹੋਇ ਨਿਹਕਾਮੀ ਤਿਸ ਕਉ ਹੋਤ; ਪਰਾਪਤਿ ਸੁਆਮੀ ਅਪਨੀ ਕ੍ਰਿਪਾ; ਜਿਸੁ ਆਪਿ ਕਰੇਇ ਨਾਨਕ  ! ਸੋ ਸੇਵਕੁ (ਹੀ); ਗੁਰ ਕੀ ਮਤਿ ਲੇਇ ’’ (ਸੁਖਮਨੀ/ਮਹਲਾ /੨੮੭)

ਨਿਰਸੁਆਥ ਸੇਵਾ ਕਰਨ ਵਾਲੇ ਨੂੰ ਹੀ ਸੇਵਕ ਆਖਿਆ ਜਾਂਦਾ ਹੈ। ਐਸੇ ਸੇਵਕ ਦਾ ਜ਼ਿਕਰ ਗੁਰੂ ਅਮਰਦਾਸ ਸਾਹਿਬ ਜੀ ਕਰਦੇ ਹਨ, ‘‘ਨਾਨਕ ! ਸੇਵਕੁ ਸੋਈ ਆਖੀਐ; ਜੋ ਸਿਰੁ ਧਰੇ ਉਤਾਰਿ ਸਤਿਗੁਰ ਕਾ ਭਾਣਾ ਮੰਨਿ ਲਏ; ਸਬਦੁ ਰਖੈ ਉਰ ਧਾਰਿ ’’ (ਮਹਲਾ /੧੨੪੭)

ਮਨ ਇੱਛਤ ਫਲ਼ ਇਹ ਹੈ ਕਿ ਸੇਵਾ ਕਰਦਿਆਂ-ਕਰਦਿਆਂ ਹਉਮੈ ਨਾਸ ਹੋ ਜਾਏ। ਵਿਚਾਰ ਅਧੀਨ ਸਲੋਕ ਦੀਆਂ ਅਗਲੀਆਂ ਪੰਕਤੀਆਂ ਰਾਹੀਂ ਸਤਿਗੁਰੂ ਜੀ ਸਮਝਾਉਂਦੇ ਹਨ, ‘‘ਬੰਧਨ ਤੋੜੈ, ਮੁਕਤਿ ਹੋਇ; ਸਚੇ ਰਹੈ ਸਮਾਇ ਇਸੁ ਜਗ ਮਹਿ ਨਾਮੁ ਅਲਭੁ ਹੈ; ਗੁਰਮੁਖਿ ਵਸੈ ਮਨਿ ਆਇ ’’ (ਮਹਲਾ /੬੪੪) ਭਾਵ ਚਿੱਤ ਲਾ ਕੇ ਕੀਤੀ ਹੋਈ ਸੇਵਾ ਬੰਧਨਾਂ ਨੂੰ ਤੋੜਦੀ ਹੈ, ਬੰਧਨਾਂ ਤੋਂ ਮੁਕਤੀ ਮਿਲ ਜਾਂਦੀ ਹੈ ਤੇ ਸੱਚੇ ਹਰੀ ਦੇ ਵਿੱਚ ਮਨੁੱਖ ਸਮਾਇਆ ਰਹਿੰਦਾ ਹੈ। ਇਸ ਸੰਸਾਰ ਵਿੱਚ ਹਰੀ ਦਾ ਨਾਮ ਦੁਰਲੱਭ ਹੈ, ਜੋ ਗੁਰੂ ਦੁਆਰਾ ਮਨੁੱਖ ਦੇ ਮਨ ’ਚ ਵੱਸਦਾ ਹੈ। ਸੰਸਾਰ ਵਿੱਚ ਜਿੰਨੇ ਭੀ ਬੰਧਨ ਹਨ, ਉਨ੍ਹਾਂ ਸਭ ਨੂੰ ਤੋੜਨ ਦੀ ਸਮਰੱਥਾ ਕੇਵਲ ਤੇ ਕੇਵਲ ਗੁਰੂ ਸਾਹਿਬ ਪਾਸ ਹੈ। ਗੁਰੂ ਅਰਜਨ ਦੇਵ ਜੀ ਦਾ ਫ਼ੁਰਮਾਨ ਹੈ, ‘‘ਸਤਿਗੁਰੁ, ਸਿਖ ਕੀ ਕਰੈ ਪ੍ਰਤਿਪਾਲ ਸੇਵਕ ਕਉ ਗੁਰੁ ਸਦਾ ਦਇਆਲ ਸਿਖ ਕੀ ਗੁਰੁ; ਦੁਰਮਤਿ ਮਲੁ ਹਿਰੈ ਗੁਰ ਬਚਨੀ; ਹਰਿ ਨਾਮੁ ਉਚਰੈ ਸਤਿਗੁਰੁ; ਸਿਖ ਕੇ ਬੰਧਨ ਕਾਟੈ ਗੁਰ ਕਾ ਸਿਖੁ; ਬਿਕਾਰ ਤੇ ਹਾਟੈ ਸਤਿਗੁਰੁ ਸਿਖ ਕਉ ਨਾਮ ਧਨੁ ਦੇਇ ਗੁਰ ਕਾ ਸਿਖੁ; ਵਡਭਾਗੀ ਹੇ ਸਤਿਗੁਰੁ; ਸਿਖ ਕਾ ਹਲਤੁ ਪਲਤੁ ਸਵਾਰੈ ਨਾਨਕ  ! ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ ’’ (ਸੁਖਮਨੀ/ਮਹਲਾ /੨੮੬)

ਗੁਰੂ ਜੀ ਰਾਹੀਂ ਨਾਮ ਪ੍ਰਾਪਤ ਹੋਣ ਨਾਲ਼ ਅਹ ਅਲੱਭ ਨਾਮ ਮਿਲ ਜਾਂਦਾ ਹੈ ਤੇ ਬੰਧਨਾਂ ਤੋਂ ਮੁਕਤ ਹੋ ਜਾਈਦਾ ਹੈ। ਗੁਰੂ ਅਮਰਦਾਸ ਜੀ ਦਾ ਫ਼ੁਰਮਾਨ ਹੈ, ‘‘ਇਹੁ ਭੋਜਨੁ ਅਲਭੁ ਹੈ ਸੰਤਹੁ ! ਲਭੈ ਗੁਰ ਵੀਚਾਰਿ ’’ (ਮਹਲਾ /੬੪੫)

 ਭਾਈ ਨੰਦ ਲਾਲ ਜੀ ਆਪਣੀ ਰਚਨਾ (ਜ਼ਿੰਦਗੀਨਾਮਾ) ਵਿੱਚ ਸੱਚੇ ਗੁਰੂ ਦੀ ਉਪਮਾ ਕਰਦੇ ਹੋਏ ਸਮਝਾ ਰਹੇ ਹਨ ਕਿ ਮਹਾਨ ਹਨ ਉਹ ਸੱਚੇ ਗੁਰੂ ਪਾਤਿਸ਼ਾਹ, ਜਿਸ ਨੇ ਮਨ ਅੰਦਰ ਹਰੀ ਦੀ ਪ੍ਰੀਤ ਬਖ਼ਸੀ। ਧੰਨਤਾਯੋਗ ਹਨ ਉਹ ਸਤਿਗੁਰੂ ਜੀ, ਜਿਸ ਨੇ ਮਨ ਦੇ ਸਾਰੇ ਬੰਧਨ ਕੱਟੇ ਦਿੱਤੇ, ‘‘ ਜ਼ਹੇ ਮੁਰਸ਼ਦ ਕਿ ਦਿਲ ਰਾ ਸ਼ੌਕ ਦਾਦ ਜ਼ਹੇ ਮੁਰਸ਼ਦ ਕਿ ਬੰਦਿ ਦਿਲ ਕੁਸ਼ਾਦ੪੩੨’’

ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਵੀ ਕਥਨ ਹੈ, ‘‘ਸਤਿਗੁਰੁ ਬੰਦੀਛੋੜੁ ਹੈ; ਜੀਵਣ ਮੁਕਤਿ ਕਰੈ ਓਡੀਣਾ ਗੁਰਮੁਖਿ ਮਨ ਅਪਤੀਜੁ ਪਤੀਣਾ ੨੦’’ (ਭਾਈ ਗੁਰਦਾਸ ਜੀ/ਵਾਰ ੨੬ ਪਉੜੀ ੨੦)

ਬੇਸ਼ੱਕ ਸਤਿਗੁਰੂ ਜੀ ਨੇ ਜਗਿਆਸੂ ਦੇ ਬੰਧਨ ਤੋੜ ਕੇ ਉਸ ਨੂੰ ਸੇਵਾ ਦਾ ਫਲ਼ ਆਪ ਬਖ਼ਸ਼ਿਆ ਹੈ, ਪਰ ਫਿਰ ਵੀ ਗੁਰੂ ਜੀ ਐਸੇ ਗੁਰਮੁਖਾਂ ਪ੍ਰਤੀ ਨਿਮਰਤਾ ਭਾਵ ਵਿਅਕਤ ਕਰ ਉਨ੍ਹਾਂ ਤੋਂ ਕੁਰਬਾਨ ਜਾਂਦੇ ਹਨ; ਜਿਵੇਂ ਕਿ ਵਿਚਾਰ ਅਧੀਨ ਸਲ਼ੋਕ ਦੇ ਅਖੀਰਲੇ ਪਦੇ ’ਚ ਦਰਜ ਹੈ, ‘‘ਨਾਨਕ  ! ਜੋ ਗੁਰੁ ਸੇਵਹਿ ਆਪਣਾ; ਹਉ ਤਿਨ ਬਲਿਹਾਰੈ ਜਾਉ ’’ ਭਾਵ ਗੁਰੂ ਜੀ ਕਹਿੰਦੇ ਹਨ ਕਿ ਮੈਂ ਸਦਕੇ ਹਾਂ ਉਨ੍ਹਾਂ ਤੋਂ, ਜੋ ਆਪਣੇ ਸਤਿਗੁਰ ਦੀ ਦੱਸੀ ਕਾਰ ਕਰਦੇ ਹਨ। ਗੁਰੂ ਸਾਹਿਬ ਜੀ ਦੇ ਹੀ ਇੱਕ ਹੋਰ ਸ਼ਬਦ ’ਚ ਬਚਨ ਹਨ ਕਿ ‘‘ਸਤਿਗੁਰੂ ਫੁਰਮਾਇਆ; ਕਾਰੀ ਏਹ ਕਰੇਹੁ ਗੁਰੂ ਦੁਆਰੈ ਹੋਇ ਕੈ; ਸਾਹਿਬੁ ਸੰਮਾਲੇਹੁ ਸਾਹਿਬੁ ਸਦਾ ਹਜੂਰਿ ਹੈ; ਭਰਮੈ ਕੇ ਛਉੜ ਕਟਿ ਕੈ; ਅੰਤਰਿ ਜੋਤਿ ਧਰੇਹੁ ਹਰਿ ਕਾ ਨਾਮੁ ਅੰਮ੍ਰਿਤੁ ਹੈ; ਦਾਰੂ ਏਹੁ ਲਾਏਹੁ ਸਤਿਗੁਰ ਕਾ ਭਾਣਾ ਚਿਤਿ () ਰਖਹੁ; ਸੰਜਮੁ ਸਚਾ ਨੇਹੁ ਨਾਨਕ  ! ਐਥੈ ਸੁਖੈ ਅੰਦਰਿ ਰਖਸੀ; ਅਗੈ ਹਰਿ ਸਿਉ ਕੇਲ ਕਰੇਹੁ ’’ (ਮਹਲਾ /੫੫੪)

ਸਿੱਖ ਧਰਮ ਅਤੇ ਤਲਾਕ

0

ਸਿੱਖ ਧਰਮ ਅਤੇ ਤਲਾਕ

ਮਨਪ੍ਰੀਤ ਸਿੰਘ ਬਾਜ-ਮੋ: 9530744177

ਸ਼ਬਦ-ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਪ੍ਰਵਾਣਿਤ ‘ਸਿੱਖ ਰਹਿਤ ਮਰਯਾਦਾ’ ਅੰਦਰ ਪਤੀ-ਪਤਨੀ ਦੇ ਤਲਾਕ ਬਾਬਤ ਕਿਸੇ ਤਰ੍ਹਾਂ ਦਾ ਵਰਣਨ ਨਹੀਂ ਮਿਲਦਾ। ਇਸ ਤੋਂ ਸਪੱਸ਼ਟ ਹੈ ਕਿ ਸਿੱਖ ਧਰਮ ਅੰਦਰ ਤਲਾਕ ਦਾ ਕੋਈ ਵਿਧਾਨ ਨਹੀਂ ਹੈ। ਦੂਜੇ ਧਰਮਾਂ ਨਾਲੋਂ ਸਿੱਖ ਧਰਮ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਦੇ ਮੋਢੀਆਂ ਭਾਵ ਗੁਰੂ ਸਾਹਿਬਾਨ ਨੇ ਆਪਣੇ ਹੱਥੀਂ ਗੁਰਬਾਣੀ ਦੀ ਰਚਨਾ ਅਤੇ ਸੰਗ੍ਰਹਿ ਕਰ ਕੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਕੀਤੀ ਸੀ। ਇਸ ਲਈ ਗੁਰਬਾਣੀ ਅੰਦਰ ਤਲਾਕ ਸਬੰਧੀ ਕੋਈ ਉਪਦੇਸ਼ ਦਰਜ ਨਾ ਹੋਣ ਬਾਰੇ ਕਿਸੇ ਤਰ੍ਹਾਂ ਦਾ ਕੋਈ ਸ਼ੰਕਾ ਨਹੀਂ ਕੀਤਾ ਜਾ ਸਕਦਾ। ਗੁਰਬਾਣੀ ਤੋਂ ਇਲਾਵਾ ਗੁਰ-ਇਤਿਹਾਸ ਅਤੇ ਸਿੱਖ ਇਤਿਹਾਸ ਅੰਦਰ ਵੀ ਤਲਾਕ ਬਾਰੇ ਕੋਈ ਜ਼ਿਕਰ ਨਹੀਂ ਮਿਲਦਾ। ਇਸ ਦਾ ਅਰਥ ਹੈ ਕਿ ਗੁਰੂ ਸਾਹਿਬਾਨ ਨੇ ਸਿੱਖਾਂ ਅੰਦਰ ਤਲਾਕ ਦੀ ਕੁਰੀਤੀ ਨੂੰ ਪ੍ਰਵਾਨ ਨਹੀਂ ਕੀਤਾ ਸਗੋਂ ਵਿਆਹ ਦੀ ਰਸਮ ਨੂੰ ਧਰਮ ਦੇ ਕਿਲ੍ਹੇ ਅੰਦਰ ਸਮੇਟਿਆ ਹੈ, ਇਸ ਲਈ ਗੁਰੂ ਦਾ ਕੋਈ ਵੀ ਸਿੱਖ ਇਸ ਪਵਿੱਤਰ ਰਿਸ਼ਤੇ ਨੂੰ ਨਿਭਾਉਣ ਤੋਂ ਮੁਨਕਰ ਨਹੀਂ ਹੋ ਸਕਦਾ। ਇਸ ਬਾਰੇ ਵਿਸਥਾਰ ਨਾਲ ਸਮਝਣ ਦੀ ਲੋੜ ਹੈ।

ਅਨੇਕ ਗੁਰਬਾਣੀ ਸ਼ਬਦਾਂ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਗੁਰੂ ਦੀ ਸਿੱਖਿਆ ਨੂੰ ਮੰਨਣ ਵਿਚ ਹੀ ਸਿੱਖ ਦਾ ਭਲਾ ਹੈ। ਸਿੱਖ ਨੇ ਜ਼ਿੰਦਗੀ ਵਿਚ ਅਜਿਹਾ ਕੋਈ ਕਰਮ ਨਹੀਂ ਕਰਨਾ, ਜੋ ਗੁਰਮਤਿ ਸਿਧਾਂਤਾਂ ਤੋਂ ਉਲਟ ਹੋਵੇ। ਹਰੇਕ ਸਿੱਖ ਦੇ ਮਨ ਅੰਦਰ ਜਿੱਥੇ ਗੁਰੂ ਲਈ ਪਿਆਰ-ਸਤਿਕਾਰ ਹੋਣਾ ਜ਼ਰੂਰੀ ਹੈ, ਉੱਥੇ ਹੀ ਗੁਰੂ ਦਾ ਭੈਅ ਹੋਣਾ ਵੀ ਲਾਜ਼ਮੀ ਹੈ। ਗੁਰੂ ਸਾਹਿਬ ਦਾ ਹੁਕਮ ਮੰਨਣਾ ਸਿੱਖ ਦਾ ਪਰਮ ਕਰਤੱਵ ਹੈ। ਗੁਰਬਾਣੀ ਅਨੁਸਾਰ ਗੁਰੂ ਸਾਹਿਬ ਆਪਣੇ ਸਿੱਖ ਦੇ ਅੰਗ-ਸੰਗ ਰਹਿੰਦੇ ਹਨ ਅਤੇ ਗੁਰੂ ਤੋਂ ਬੇਮੁਖ ਹੋ ਕੇ ਸਿੱਖ; ਜ਼ਿੰਦਗੀ ਭਰ ਖੁਆਰ ਹੁੰਦਾ ਹੈ। ਗੁਰਬਾਣੀ ਦੇ ਬਚਨ ਹਨ :

ਹਉਮੈ ਕਰਤਾ ਜਗੁ ਮੁਆ; ਗੁਰ ਬਿਨੁ ਘੋਰ ਅੰਧਾਰੁ (ਮਹਲਾ /੩੪)

ਲਖ ਚਉਰਾਸੀਹ ਫਿਰਦੇ ਰਹੇ; ਬਿਨੁ ਸਤਿਗੁਰ ਮੁਕਤਿ ਹੋਈ (ਮਹਲਾ /੭੦)

ਬਿਨੁ ਗੁਰ ਮੂੜ ਭਏ ਹੈ ਮਨਮੁਖ; ਤੇ ਮੋਹ ਮਾਇਆ ਨਿਤ ਫਾਥਾ (ਮਹਲਾ /੬੯੬)

ਜਿਨਾ ਸਤਿਗੁਰੁ ਪੁਰਖੁ ਸੇਵਿਓ; ਸਬਦਿ ਕੀਤੋ ਵੀਚਾਰੁ ਓਇ ਮਾਣਸ ਜੂਨਿ ਆਖੀਅਨਿ; ਪਸੂ ਢੋਰ ਗਾਵਾਰ

(ਮਹਲਾ /੧੪੧੮)

ਸਿੱਖ ਰਹਿਤ ਮਰਯਾਦਾ ਅਨੁਸਾਰ ਸਿੱਖ ਧਰਮ ਅੰਦਰ ‘ਅਨੰਦ ਸੰਸਕਾਰ’ ਰਾਹੀਂ ਵਿਆਹ ਦੀ ਰਸਮ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਨਿਭਾਈ ਜਾਂਦੀ ਹੈ, ਜਿਸ ਨੂੰ ਅਨੰਦ ਕਾਰਜ ਕਿਹਾ ਜਾਂਦਾ ਹੈ। ਅਨੰਦ ਦੇ ਅਰਥ ਬਹੁਤ ਗਹਿਰੇ ਤੇ ਵਿਸ਼ਾਲ ਹਨ। ਸੰਖੇਪ ਵਿਚ ਇਸ ਦਾ ਅਰਥ ਹੈ- ਅਧਿਆਤਮਕ ਪ੍ਰਸੰਨਤਾ ਜਾਂ ਸਹਿਜ ਅਵਸਥਾ (ਆਤਮਿਕ ਅਡੋਲਤਾ ਤੇ ਅਧਿਆਤਮਕ ਜਾਗਰੂਕਤਾ ਦੀ ਅਵਸਥਾ) ਹੈ। ਸਹਿਜ ਸੁਭਾਅ ਵਾਲੇ ਮਨੁੱਖ ਤੋਂ ਭਾਵ ਹੈ, ਜੋ ਧੀਰਜ, ਸਬਰ-ਸੰਤੋਖ ਤੇ ਸ਼ਾਂਤ-ਸੁਭਾਅ ਦੇ ਗੁਣਾਂ ਦਾ ਧਾਰਨੀ ਹੋਵੇ (ਧਰਮ ਕਮਾਉਣ ਲਈ ਸਹਿਜ ਗੁਣ ਦਾ ਹੋਣਾ ਜ਼ਰੂਰੀ ਹੈ)। ਇਸ ਦਾ ਅਰਥ ਇਹ ਹੈ ਕਿ ਸਹਿਜ ਦਾ ਗੁਣ ਧਾਰਨ ਕਰਕੇ ਸਹਿਜ ਅਵਸਥਾ ਭਾਵ ਆਤਮਿਕ ਅਡੋਲਤਾ ਤੇ ਅਧਿਆਤਮਕ ਜਾਗਰੂਕਤਾ ਵਾਲ਼ੀ ਅਵਸਥਾ ਪ੍ਰਾਪਤ ਕਰਨੀ ਹੈ।

ਪਤੀ-ਪਤਨੀ ਨੂੰ ਅਨੰਦ ਕਾਰਜ ਸਮੇਂ ਇਹ ਉਪਦੇਸ਼ ਦ੍ਰਿੜ੍ਹ ਕਰਵਾਇਆ ਜਾਂਦਾ ਹੈ ਕਿ ਉਨ੍ਹਾਂ ਨੇ ਗ੍ਰਿਹਸਤ ਜੀਵਨ ਵਿਚ ਵਿਚਰਦਿਆਂ ਸਹਿਜ ਦੀ ਅਵਸਥਾ ਦੀ ਪ੍ਰਾਪਤੀ ਕਰਨ ਵੱਲ ਇਕੱਠੇ ਹੋ ਕੇ ਵਧਣਾ ਹੈ। ਲਾਵਾਂ ਦੀ ਬਾਣੀ ਵਿਚ ਸਹਿਜ ਅਵਸਥਾ ਦੀ ਮਹੱਤਤਾ ਅਤੇ ਪ੍ਰਾਪਤੀ ਕਰਨ ਲਈ ਪ੍ਰੇਰਣਾ ਤਹਿਤ ਫ਼ੁਰਮਾਨ ਦਰਜ ਹੈ, ‘‘ਸਹਜ ਅਨੰਦੁ ਹੋਆ ਵਡਭਾਗੀ; ਮਨਿ () ਹਰਿ ਹਰਿ ਮੀਠਾ ਲਾਇਆ (ਮਹਲਾ /੭੭੪) ਅਤੇ ‘‘ਹਰਿ ਚਉਥੜੀ ਲਾਵ ਮਨਿ () ਸਹਜੁ ਭਇਆ; ਹਰਿ ਪਾਇਆ ਬਲਿ ਰਾਮ ਜੀਉ ’’ (ਮਹਲਾ /੭੭੪)

ਸ੍ਰੀ ਗੁਰੂ ਗ੍ਰੰਥ ਸਾਹਿਬ; ਸਿੱਖਾਂ ਦੇ ਜਾਗਤਿ-ਜੋਤਿ ਸ਼ਬਦ-ਗੁਰੂ ਹਨ। ਆਪਣੇ ਗੁਰੂ ਸਾਹਿਬ ਦੀ ਪਵਿੱਤਰ ਹਜ਼ੂਰੀ ਅੰਦਰ ਗ੍ਰਿਹਸਤ ਜੀਵਨ ਵਿਚ ਪ੍ਰਵੇਸ਼ ਕਰਨ ਦਾ ਸੁਭਾਗ ਸਿੱਖਾਂ ਨੂੰ ਪ੍ਰਾਪਤ ਹੋਇਆ ਹੈ। ਗੁਰੂ ਸਾਹਿਬ ਦੇ ਸਨਮੁਖ ਅਨੰਦ ਕਾਰਜ ਰਾਹੀਂ ਕਿਸੇ ਨੂੰ ਆਪਣਾ ਜੀਵਨ-ਸਾਥੀ ਬਣਾਉਣ ਤੋਂ ਭਾਵ ਹੈ ਕਿ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਪਤੀ-ਪਤਨੀ ਦੇ ਰਿਸ਼ਤੇ ਨੂੰ ਆਖਰੀ ਸਾਹ ਤੀਕ ਨਿਭਾਉਣ ਦਾ ਵਚਨ ਕਰਨਾ। ਇਸੇ ਲਈ ਸਿੱਖ ਨੂੰ ਆਪਣੀ ਮੱਤ (ਅਕਲ, ਬੁੱਧੀ) ਗੁਰੂ ਸਾਹਿਬ ਦੇ ਸਪੁਰਦ ਕਰਨ ਅਤੇ ਗੁਰੂ ਸਾਹਿਬ ਦੀ ਮੱਤ (ਉਪਦੇਸ਼ਾਂ) ਨੂੰ ਗ੍ਰਹਿਣ ਕਰਨ ਲਈ ਤਿਆਰ ਹੋਣ ਤੋਂ ਬਾਅਦ ਹੀ ਅਨੰਦ ਕਾਰਜ ਕਰਵਾਉਣਾ ਚਾਹੀਦਾ ਹੈ। ਲਾਵਾਂ ਦੀ ਬਾਣੀ ਰਾਹੀਂ ਪਤੀ-ਪਤਨੀ ਨੂੰ ਸਮਝਾਉਣਾ ਕੀਤਾ ਜਾਂਦਾ ਹੈ ਕਿ ਪਰਮਾਤਮਾ ਦੀ ਭਗਤੀ ਕਰਦਿਆਂ ਪਰਵਾਰਕ ਜੀਵਨ ਦਾ ਨਿਰਬਾਹ ਕਰਨਾ ਹੈ ਅਤੇ ਅਧਿਆਤਮਕ ਮਾਰਗ ਨੂੰ ਆਪਣਾ ਸਾਂਝਾ ਜੀਵਨ ਉਦੇਸ਼ ਬਣਾਉਣਾ ਹੈ। ਇਸ ਤਰ੍ਹਾਂ ਗੁਰੂ ਸਾਹਿਬ ਨੇ ਗ੍ਰਿਹਸਤ ਨੂੰ ਧਰਮ ਦੇ ਦਾਇਰੇ ਅੰਦਰ ਲਿਆਂਦਾ ਹੈ। ਗੁਰੂ ਸਾਹਿਬ ਦੀ ਪਵਿੱਤਰ ਹਜ਼ੂਰੀ ਅੰਦਰ ਅਨੰਦ ਕਾਰਜ ਹੋਣ ਕਾਰਨ ਪਤੀ-ਪਤਨੀ ਦਾ ਰਿਸ਼ਤਾ ਧਾਰਮਿਕ ਰੂਪ ਵਿਚ ਮਹੱਤਵ ਪੂਰਨ ਬਣ ਜਾਂਦਾ ਹੈ। ਇਸ ਲਈ ਇਸ ਪਵਿੱਤਰ ਰਿਸ਼ਤੇ ਵਿਚ ਬੇਈਮਾਨੀ, ਝੂਠ, ਫਰੇਬ ਕਰਨਾ ਜਾਂ ਆਪਣੇ ਜੀਵਨ-ਸਾਥੀ ਨੂੰ ਧੋਖਾ ਦੇਣਾ; ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਧੋਖਾ ਦੇਣ ਦੇ ਬਰਾਬਰ ਹੈ। ਗੁਰੂ ਨੂੰ ਧੋਖਾ ਦੇਣ ਬਾਰੇ ਸੋਚਣਾ ਵੀ ਸਿੱਖ ਲਈ ਪਾਪ ਹੈ। ਜਿਹੜੇ ਸਿੱਖ ਇਹ ਪਾਪ ਕਰਦੇ ਹਨ, ਉਨ੍ਹਾਂ ਨੂੰ ਦੁੱਖਾਂ ਦੇ ਕਹਿਰ ਤੋਂ ਕੋਈ ਨਹੀਂ ਬਚਾਅ ਸਕਦਾ। ਗੁਰਬਾਣੀ ਦਾ ਫ਼ੁਰਮਾਨ ਹੈ, ‘‘ਜੇ ਕੋ ਗੁਰ ਤੇ ਵੇਮੁਖੁ ਹੋਵੈ; ਬਿਨੁ ਸਤਿਗੁਰ ਮੁਕਤਿ ਪਾਵੈ   ਪਾਵੈ ਮੁਕਤਿ ਹੋਰ ਥੈ ਕੋਈ; ਪੁਛਹੁ ਬਿਬੇਕੀਆ ਜਾਏ   ਅਨੇਕ ਜੂਨੀ ਭਰਮਿ ਆਵੈ; ਵਿਣੁ ਸਤਿਗੁਰ ਮੁਕਤਿ ਪਾਏ .. ੨੨’’ (ਅਨੰਦ/ਮਹਲਾ /੯੨੦)

ਤਲਾਕ ਦੀ ਸਥਿਤੀ ਉਦੋਂ ਪੈਦਾ ਹੁੰਦੀ ਹੈ ਜਦੋਂ ਪਤੀ-ਪਤਨੀ ਆਪੋ-ਆਪਣੀ ਮੱਤ ਜਾਂ ਬੁੱਧੀ ਨੂੰ ਇੱਕ-ਦੂਜੇ ਨਾਲੋਂ ਉੱਚਾ ਸਮਝਣ ਦੀ ਗ਼ਲਤੀ ਕਰਦੇ ਹਨ। ਨਤੀਜੇ ਵਜੋਂ ਆਪਸੀ-ਸਮਝ ਅਤੇ ਸਹਿਮਤੀ ਦੀ ਅਣਹੋਂਦ; ਤਲਾਕ ਹੋਣ ਦਾ ਮੁੱਖ ਕਾਰਨ ਬਣਦੀ ਹੈ। ਇਸੇ ਲਈ ਗੁਰੂ ਸਾਹਿਬਾਨ ਨੇ ਵਿਆਹ ਨੂੰ ਧਾਰਮਿਕ ਵਿਧੀ ਰਾਹੀਂ ਸੰਪੂਰਨ ਕਰਨ ਦੀ ਵਿਵਸਥਾ ਸਿੱਖਾਂ ਨੂੰ ਬਖਸ਼ਸ਼ ਕੀਤੀ ਹੈ। ਅਨੰਦ ਕਾਰਜ ਸਮੇਂ ਪਤੀ-ਪਤਨੀ ਨੂੰ ਇਹ ਦ੍ਰਿੜ੍ਹ ਕਰਵਾਇਆ ਜਾਂਦਾ ਹੈ ਕਿ ਗ੍ਰਿਹਸਤ ਵਾਲੀ ਜ਼ਿੰਦਗੀ ਗੁਰੂ ਦੀ ਮੱਤ ਅਨੁਸਾਰ ਭਾਵ ਗੁਰਬਾਣੀ ਉਪਦੇਸ਼ਾਂ ਤੇ ਗੁਰਮਤਿ ਸਿਧਾਂਤਾਂ ਦੇ ਅਨੁਸਾਰ ਜਿਊਣੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਜੀਵਨ ਜਿਊਣ ਦੀਆਂ ਉੱਤਮ ਸਿੱਖਿਆਵਾਂ ਦਰਜ ਹਨ, ਜੋ ਸਿੱਖਾਂ ਲਈ ਸਦੀਵ-ਕਾਲ ਮਾਰਗ-ਦਰਸ਼ਕ ਹੈ। ਜਦੋਂ ਪਤੀ-ਪਤਨੀ ਦਾ ਜੀਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਉੱਪਰ ਆਧਾਰਿਤ ਹੋਵੇਗਾ ਤਾਂ ਸੁਭਾਵਕ ਹੈ ਕਿ ਉਨ੍ਹਾਂ ਦਾ ਜੀਵਨ ਮਨੋਰਥ ਇੱਕ ਹੋਵੇਗਾ, ਜੀਵਨ-ਜਾਚ ਇੱਕ ਹੋਵੇਗੀ, ਜੀਵਨ ਜਿਊਂਦਿਆਂ ਅਧਿਆਤਮਕ ਨਿਸ਼ਾਨੇ ਦੀ ਪ੍ਰਾਪਤੀ ਦਾ ਮਾਰਗ ਇੱਕ ਹੋਵੇਗਾ ਅਤੇ ਜ਼ਿੰਦਗੀ ਦੌਰਾਨ ਹਰੇਕ ਫ਼ੈਸਲਾ ਗੁਰਮਤਿ ਦੀ ਕਸਵੱਟੀ ਉੱਪਰ ਨਿਰਧਾਰਿਤ ਹੋਵੇਗਾ ਤਾਂ ਅਜਿਹੇ ਵਿਚ ਪਤੀ-ਪਤਨੀ ਦਰਮਿਆਨ ਕਿਸੇ ਕਿਸਮ ਦੀ ਅਸਹਿਮਤੀ ਜਾਂ ਝਗੜਾ ਪੈਦਾ ਹੋਣਾ ਸੰਭਵ ਨਹੀਂ। ਪਤੀ-ਪਤਨੀ ਦੀ ਜੀਵਨ-ਵਿਚਾਰਧਾਰਾ ਨੂੰ ਦੋ ਤੋਂ ‘ਇੱਕ’ ਭਾਵ ਗੁਰਮਤਿ ਅਨੁਸਾਰੀ ਬਣਾਉਣਾ ਹੀ ਗੁਰਬਾਣੀ ਦਾ ਉਦੇਸ਼ ਹੈ, ‘‘ਧਨ ਪਿਰੁ ਏਹਿ ਆਖੀਅਨਿ; ਬਹਨਿ ਇਕਠੇ ਹੋਇ   ਏਕ ਜੋਤਿ ਦੁਇ ਮੂਰਤੀ; ਧਨ ਪਿਰੁ ਕਹੀਐ ਸੋਇ ’’ (ਮਹਲਾ /੭੮੮)

ਅੱਜ-ਕੱਲ੍ਹ ਤਲਾਕ ਸਿੱਖ ਸਮਾਜ ਅੰਦਰ ਇੱਕ ਆਮ ਵਰਤਾਰਾ ਬਣ ਗਿਆ ਹੈ। ਧਾਰਮਿਕ ਮਹੱਤਤਾ ਵਾਲੇ ਰਿਸ਼ਤੇ ਵਿਆਹ ਨੂੰ ਇੱਕ ਮਾਮੂਲੀ ਰਸਮ ਸਮਝਿਆ ਜਾਣ ਲੱਗਾ ਹੈ। ਗ਼ਲਤੀਆਂ ਕਾਰਨ ਰਿਸ਼ਤੇ ਵਿਚ ਪੈਦਾ ਹੋਈ ਦਰਾੜ ਇਨਸਾਨ ਨੂੰ ਮਾਨਸਿਕ ਪੀੜਾ ਵੱਲ ਧੱਕ ਦਿੰਦੀ ਹੈ। ਆਪਣੇ ਸਾਥੀ ਨਾਲ ਆਪਸੀ ਸਮਝ ਨਾ ਬਣਨ ਕਾਰਨ ਮਨੁੱਖ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਜਾਂਦਾ ਹੈ। ਗ਼ਲਤੀ ਕਰਨਾ ਅਤੇ ਆਪਣੀ ਗ਼ਲਤੀ ਨੂੰ ਛੁਪਾਉਣ ਦੀ ਕੋਸ਼ਿਸ਼ ਕਰਨਾ; ਮਨੁੱਖ ਦਾ ਕੁਦਰਤੀ ਸੁਭਾਅ ਹੈ, ਪਰੰਤੂ ਵਿਆਹੁਤਾ ਰਿਸ਼ਤੇ ਨੂੰ ਬਚਾਉਣ ਲਈ ਆਪਣੀਆਂ ਗ਼ਲਤੀਆਂ ਨੂੰ ਸਮਝਣਾ ਤੇ ਸੁਧਾਰਨਾ ਮੁੱਖ ਲੋੜ ਹੈ। ਇੱਕ ਗ਼ਲਤੀ ਇਹ ਹੈ ਕਿ ਵਿਆਹ ਮਗਰੋਂ ਪਹਿਲਾਂ ਦੀ ਤਰ੍ਹਾਂ ਜੀਵਨ ਸਾਥੀ ਇੱਕ ਦੂਜੇ ਦਾ ਸਤਿਕਾਰ ਨਹੀਂ ਕਰਦੇ। ਇਸ ਤਰ੍ਹਾਂ ਆਪਸੀ ਸਮਝ ਨੂੰ ਢਾਅ ਲੱਗ ਜਾਂਦੀ ਹੈ। ਫਿਰ ਹੌਲੀ-ਹੌਲੀ ਇਕ ਦੂਜੇ ਦੀ ਪਰਵਾਹ ਕਰਨਾ ਛੱਡ ਦਿੰਦੇ ਹਨ। ਰਿਸ਼ਤੇ ਅੰਦਰ ਵਿਸ਼ਵਾਸ ਮੁੱਕਣ ਲੱਗਦਾ ਹੈ। ਇਕ-ਦੂਜੇ ਪ੍ਰਤੀ ਭੱਦੀ ਸ਼ਬਦਾਵਲੀ ਅਤੇ ਤਾਹਨੇ-ਮਿਹਣੇ ਸ਼ੁਰੂ ਹੋ ਜਾਂਦੇ ਹਨ, ਜੋ ਸਮਾਂ ਪਾ ਕੇ ਗਾਲੀ-ਗਲੋਚ ਵਿਚ ਬਦਲ ਜਾਂਦੇ ਹਨ। ਇਸ ਤੋਂ ਅੱਗੇ ਗੱਲ ਮਾਰ-ਕੁੱਟ ਤੱਕ ਪਹੁੰਚ ਜਾਂਦੀ ਹੈ ਅਤੇ ਰਿਸ਼ਤਾ ਖ਼ਤਮ ਹੋ ਜਾਂਦਾ ਹੈ। ਯਾਦ ਰਹੇ ਕਿ ਤਲਾਕ ਜਿੱਥੇ ਪਤੀ-ਪਤਨੀ ਉੱਪਰ ਨਾਕਾਰਾਤਮਿਕ ਅਸਰ ਛੱਡਦਾ ਹੈ, ਉੱਥੇ ਹੀ ਬੱਚਿਆਂ ਦੇ ਦਿਮਾਗ਼ ਉੱਪਰ ਵੀ ਮਾੜਾ ਪ੍ਰਭਾਵ ਪਾਉਂਦਾ ਹੈ। ਤਲਾਕ ਉਪਰੰਤ ਪਤੀ-ਪਤਨੀ ਅਤੇ ਬੱਚਿਆਂ ਨੂੰ ਵੱਖ-ਵੱਖ ਢੰਗਾਂ ਨਾਲ ਭਾਵਨਾਤਮਿਕ ਚਿੰਤਾਵਾਂ, ਸੋਗ, ਗੁੱਸਾ, ਉਦਾਸੀ ਤੇ ਇਕੱਲਾਪਣ ਆਦਿ ਸਹਿਣਾ ਪੈਂਦਾ ਹੈ, ਜੋ ਮਾਨਸਿਕ ਤੰਦਰੁਸਤੀ ਨੂੰ ਪ੍ਰਭਾਵਤ ਕਰਦਾ ਹੈ। ਮਾਤਾ-ਪਿਤਾ ਨੂੰ ਗੁਆਉਣ ਦੇ ਡਰ ਕਾਰਨ ਕਈ ਬੱਚਿਆਂ ਅੰਦਰ ਸਦਾ ਲਈ ਨਿਰਾਸ਼ਾਵਾਦੀ ਸੋਚ ਵੀ ਪੈਦਾ ਹੋ ਜਾਂਦੀ ਹੈ, ਜੋ ਸਮਾਜ ਲਈ ਬੇਹੱਦ ਖ਼ਤਰਨਾਕ ਹੈ। ਅਜਿਹੀ ਮਾਨਸਿਕ ਸਥਿਤੀ ਬੱਚਿਆਂ ਨੂੰ ਸਿੱਖੀ ਤੋਂ ਦੂਰ ਲੈ ਜਾਂਦੀ ਹੈ।

ਸਿੱਖ ਸਮਾਜ ਦੇ ਅਜੋਕੇ ਹਾਲਾਤਾਂ ਦੇ ਮੱਦੇ ਨਜ਼ਰ ਇੱਕ ਇਸਤਰੀ ਅਤੇ ਉਸ ਦੇ ਪਰਵਾਰ ਲਈ ਤਲਾਕ ਨੂੰ ਸਹਿਣ ਕਰਨਾ ਬੇਹੱਦ ਔਖਾ ਹੁੰਦਾ ਹੈ। ਤਲਾਕ ਮਗਰੋਂ ਕਿਸੇ ਹੋਰ ਨਾਲ ਵਿਆਹ ਕਰਵਾਉਣਾ ਇਸਤਰੀ ਲਈ ਸੌਖਾ ਨਹੀਂ ਹੁੰਦਾ, ਖ਼ਾਸਕਰ ਬੱਚਾ ਪੈਦਾ ਹੋਣ ਉਪਰੰਤ। ਅਨੇਕਾਂ ਕੇਸਾਂ ਵਿਚ ਇਹ ਦੇਖਿਆ ਗਿਆ ਹੈ ਕਿ ਅਜਿਹੇ ਮੁਸ਼ਕਲ ਹਾਲਾਤਾਂ ਕਾਰਨ ਮਾਨਸਿਕ ਤਣਾਅ ਦਾ ਸ਼ਿਕਾਰ ਹੋਈ ਸਿੱਖ ਇਸਤਰੀ, ਕਿਸੇ ਗ਼ੈਰ-ਸਿੱਖ ਮਰਦ ਨਾਲ ਵਿਆਹ ਜਾਂ ਰਿਸ਼ਤੇ ਨੂੰ ਤਰਜੀਹ ਦਿੰਦੀ ਹੈ।

ਇਸ ਦੇ ਨਾਲ ਹੀ ਸਿੱਖ ਸਮਾਜ ਅੰਦਰ ਕੁਝ ਅਜਿਹੇ ਕੇਸ ਵੀ ਸਾਮ੍ਹਣੇ ਆਏ ਹਨ ਕਿ ਵਿਦੇਸ਼ਾਂ ਦੀਆਂ ਸਿੱਖ ਇਸਤਰੀਆਂ ਨੇ ਸਿੱਖ ਧਰਮ ਦੀਆਂ ਸਿੱਖਿਆਵਾਂ ਦੀ ਰੌਸ਼ਨੀ ਵਿਚ ਸਫਲ ਵਿਆਹੁਤਾ ਜੀਵਨ ਦੀ ਪ੍ਰਾਪਤੀ ਦੇ ਉਦੇਸ਼ ਨੂੰ ਮੁੱਖ ਰੱਖਦਿਆਂ ਪੰਜਾਬ (ਭਾਰਤ) ਦੇ ਸਿੱਖ ਮਰਦਾਂ ਨਾਲ ਵਿਆਹ ਕਰਵਾਉਣ ਨੂੰ ਤਰਜੀਹ ਦਿੱਤੀ ਹੈ। ਜਿਸ ਲਈ ਸਿੱਖ ਮਰਦਾਂ ਦੀ ਗ਼ਰੀਬੀ ਜਾਂ ਘੱਟ ਪੜ੍ਹਾਈ ਨੂੰ ਵੀ ਨਜ਼ਰਅੰਦਾਜ਼ ਕੀਤਾ ਗਿਆ। ਪਰੰਤੂ ਕੁਝ ਸਿੱਖ ਮਰਦਾਂ ਵੱਲੋਂ ਕੇਵਲ ਵਿਦੇਸ਼ ਜਾਣ ਲਈ ਵਿਆਹ ਦੀ ਆੜ ਵਿਚ ਕੀਤੇ ਗਏ ਧੋਖੇ ਜਾਂ ਹੋਰ ਗ਼ਲਤੀਆਂ ਕਾਰਨ ਹੋਏ ਤਲਾਕਾਂ ਨੇ ਉਨ੍ਹਾਂ ਸਿੱਖ ਇਸਤਰੀਆਂ ਦੇ ਧਾਰਮਿਕ ਵਿਸ਼ਵਾਸਾਂ ਨੂੰ ਸੱਟ ਮਾਰੀ ਹੈ। ਆਪਣੀਆਂ ਧੀਆਂ ਦੇ ਹੋਏ ਦੁੱਖਦਾਈ ਤਲਾਕਾਂ ਅਤੇ ਬਣੇ ਤਰਸਯੋਗ ਹਾਲਾਤਾਂ ਕਾਰਨ ਕਈ ਸਿੱਖ ਮਾਪਿਆਂ ਨੇ ਮਜ਼ਬੂਰੀ-ਵੱਸ ਆਪਣੀਆਂ ਧੀਆਂ ਨੂੰ ਅੰਤਰ-ਧਰਮ ਵਿਆਹ ਭਾਵ ਗ਼ੈਰ ਸਿੱਖ ਮਰਦਾਂ ਨਾਲ ਵਿਆਹ ਲਈ ਰਜ਼ਾਮੰਦੀ ਦੇ ਦਿੱਤੀ।

ਅਜਿਹੇ ਗੰਭੀਰ ਹਾਲਾਤ ਜਿੱਥੇ ਪੀੜ੍ਹਤ ਸਿੱਖ ਇਸਤਰੀਆਂ ਦਾ ਧਰਮ ਤੋਂ ਬੇਮੁਖ ਹੋਣ ਦਾ ਕਾਰਨ ਬਣ ਸਕਦੇ ਹਨ, ਉੱਥੇ ਹੀ ਸਿੱਖ ਅਬਾਦੀ ਘਟਣ ਦੇ ਵਰਤਾਰੇ ਦੇ ਮੁੱਖ ਕਾਰਨਾਂ ਵਿਚੋਂ ਇੱਕ ਕਾਰਨ ਬਣਦੇ ਹਨ। ਸਿੱਖ ਇਸਤਰੀ ਦਾ ਕਿਸੇ ਗ਼ੈਰ ਸਿੱਖ ਨਾਲ ਵਿਆਹ ਹੋਣ ਦੀ ਹਾਲਤ ਵਿਚ ਸਿੱਖ ਅਬਾਦੀ 2 ਤੋਂ 3 ਦੀ ਗਿਣਤੀ ਵਿਚ ਘੱਟ ਹੋ ਜਾਂਦੀ ਹੈ। ਸਿੱਖ ਅਬਾਦੀ ਘਟਣ ਦਾ ਵਰਤਾਰਾ ਸਮੁੱਚੀ ਸਿੱਖ ਕੌਮ ਲਈ ਡੂੰਘੀ ਚਿੰਤਾ ਦਾ ਵਿਸ਼ਾ ਹੈ, ਜਿਸ ਬਾਰੇ ਕੌਮੀ ਪੱਧਰ ’ਤੇ ਪੜਚੋਲ ਕਰਨੀ ਚਾਹੀਦੀ ਹੈ।

ਜਿਕਰਯੋਗ ਹੈ ਕਿ ਕਈ ਸਿੱਖ ਮਰਦਾਂ ਨਾਲ ਵੀ ਸਿੱਖ ਇਸਤਰੀਆਂ ਵੱਲੋਂ ਧੋਖਾ ਕਰਨ ਦੀਆਂ ਘਟਨਾਵਾਂ ਸਾਮ੍ਹਣੇ ਆਈਆਂ। ਅਜਿਹੇ ਹਾਲਾਤ ਬਣਾਉਣ ਵਾਲੇ ਸਿੱਖ ਮਰਦ ਜਾਂ ਇਸਤਰੀਆਂ ਕਦਾਚਿਤ ਇਹ ਨਾ ਸਮਝਣ ਕਿ ਉਹ ਆਪਣੇ ਕੀਤੇ ਮਾੜੇ ਕਰਮਾਂ ਤੋਂ ਬਚ ਜਾਣਗੇ ਕਿਉਂਕਿ ਆਪਣੇ ਜੀਵਨ ਸਾਥੀ ਨੂੰ ਧੋਖਾ ਦੇਣਾ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਧੋਖਾ ਦੇਣਾ ਹੈ। ਮਨੁੱਖ ਵੱਲੋਂ ਕੀਤੇ ਮਾੜੇ ਕਰਮਾਂ ਦਾ ਫਲ਼ ਭੋਗਣ ਸਬੰਧੀ ਭੀ ਗੁਰਬਾਣੀ ਅੰਦਰ ਦਰਜ ਹੈ, ‘‘ਦਦੈ, ਦੋਸੁ ਦੇਊ ਕਿਸੈ; ਦੋਸੁ ਕਰੰਮਾ ਆਪਣਿਆ   ਜੋ ਮੈ ਕੀਆ, ਸੋ ਮੈ ਪਾਇਆ; ਦੋਸੁ ਦੀਜੈ ਅਵਰ ਜਨਾ ੨੧’’ (ਪਟੀ/ਮਹਲਾ /੪੩੩)

ਇਸ ਤੋਂ ਇਲਾਵਾ ਕੁਝ ਕੇਸਾਂ ਵਿਚ ਇਹ ਕਾਰਨ ਵੀ ਸਾਮ੍ਹਣੇ ਆਇਆ ਹੈ ਕਿ ਪੁਰਾਣੇ ਸਮਿਆਂ ਵਿਚ ਇਸਤਰੀ ਆਰਥਿਕ ਤੌਰ ’ਤੇ ਆਪਣੇ ਪਤੀ ਉੱਪਰ ਨਿਰਭਰ ਰਹਿੰਦੀ ਸੀ ਪਰੰਤੂ ਹੁਣ ਕੰਮ ਕਰਨ ਵਾਲੀ ਇਸਤਰੀ ਨੂੰ ਆਰਥਿਕ ਸੰਕਟ ਦਾ ਡਰ ਨਾ ਹੋਣ ਕਾਰਨ ਤਲਾਕ ਦੀ ਦਰ ਵਿਚ ਵਾਧਾ ਹੋਇਆ ਹੈ। ਆਰਥਿਕ ਤੌਰ ’ਤੇ ਸਵੈ ਨਿਰਭਰ ਹੋਣਾ ਇਸਤਰੀਆਂ ਲਈ ਬਹੁਪੱਖੀ ਲਾਹੇਵੰਦ ਸਾਬਤ ਹੋਇਆ ਹੈ ਪਰੰਤੂ ਇੱਥੇ ਇਹ ਵਿਚਾਰਨਯੋਗ ਹੈ ਕਿ ਕਿਤੇ ਸਵੈ ਨਿਰਭਰਤਾ ਨੇ ਇਸਤਰੀ ਅੰਦਰੋਂ ਸਹਿਜਤਾ ਦਾ ਗੁਣ ਖ਼ਤਮ ਤਾਂ ਨਹੀਂ ਕਰ ਦਿੱਤਾ। ਇੱਥੇ ਇਸਤਰੀ ਦੇ ਕੱਦ ਨੂੰ ਘਟਾਉਣ ਦੀ ਗੱਲ ਨਹੀਂ ਬਲਕਿ ਤਲਾਕ ਲਈ ਕਾਹਲ ਕਰਨ ਤੋਂ ਸਾਵਧਾਨ ਕਰਨ ਹਿਤ ਵਿਚਾਰਨਾ ਜ਼ਰੂਰੀ ਹੈ।

ਪੁਰਾਣੇ ਸਮਿਆਂ ਵਿਚ ਮਰਦ ਕਮਾਉਂਦਾ ਸੀ ਅਤੇ ਇਸਤਰੀ ਘਰ ਦਾ ਕੰਮ-ਕਾਜ ਕਰਦੀ ਹੋਈ ਪਰਵਾਰ ਨੂੰ ਸੰਭਾਲਦੀ ਸੀ। ਅਜੋਕੇ ਸਮੇਂ ਇਸਤਰੀ ਵਿਦਿਅਕ ਯੋਗਤਾ ਪ੍ਰਾਪਤ ਕਰਕੇ ਕੰਮ ਕਰਦੀ ਹੈ ਭਾਵ ਉਹ ਵੀ ਕਮਾਊ ਮਰਦ ਵਾਂਗ ਕਮਾਊ ਇਸਤਰੀ ਬਣ ਚੁੱਕੀ ਹੈ ਅਤੇ ਆਪਣੀ ਕਮਾਈ ਨਾਲ ਘਰ ਦੇ ਖਰਚਿਆਂ ਵਿਚ ਯੋਗਦਾਨ ਪਾਉਂਦੀ ਹੈ ਪਰੰਤੂ ਇਸ ਦੇ ਬਾਵਜੂਦ ਅੱਜ ਕੱਲ੍ਹ ਦੇ ਕਈ ਮਰਦ ਘਰ ਦੇ ਕੰਮ-ਕਾਜ ਵਿਚ ਆਪਣੀ ਪਤਨੀ ਦਾ ਹੱਥ ਵਟਾਉਣ ਤੋਂ ਪਾਸਾ ਵੱਟਦੇ ਹਨ। ਜਦੋਂ ਕੰਮ ਕਰਨ ਵਾਲੀ ਇਸਤਰੀ ਇਸ ਬਾਰੇ ਗੱਲ ਕਰਦੀ ਹੈ ਤਾਂ ਮਰਦ ਇਸ ਨੂੰ ਆਪਣੀ ਹੱਤਕ ਜਾਂ ਇੱਜ਼ਤ ਉੱਪਰ ਵਾਰ ਸਮਝ ਲੈਂਦੇ ਹਨ (ਜੋ ਮਰਦ-ਪ੍ਰਧਾਨਤਾ ਵਾਲੀ ਸੋਚ ਹੈ)। ਦੂਜੇ ਪਾਸੇ ਇਸਤਰੀ ਇਹ ਸਮਝਦੀ ਹੈ ਕਿ ਉਸ ਨੂੰ ਕਮਾਈ ਕਰਨ ਬਦਲੇ ਉਹ ਇੱਜ਼ਤ ਨਹੀਂ ਮਿਲਦੀ, ਜੋ ਮਰਦ ਨੂੰ ਸਦੀਆਂ ਤੋਂ ਮਿਲ ਰਹੀ ਹੈ (ਜੋ ਵਾਜਬ ਇਤਰਾਜ਼ ਹੈ)। ਅਜਿਹੇ ਝਗੜੇ ਦਾ ਵਿਸ਼ਾ ਇਸਤਰੀ ਨੂੰ ਮਾਨਸਿਕ ਤੌਰ ’ਤੇ ਸਦਾ ਪ੍ਰੇਸ਼ਾਨ ਕਰਦਾ ਰਹਿੰਦਾ ਹੈ ਕਿਉਂਕਿ ਉਸ ਨੂੰ ਕਮਾਊ ਮਰਦ ਵਾਂਗ ਘਰ ਅਤੇ ਸਮਾਜ ਵਿਚ ਇੱਜ਼ਤ ਨਾ ਮਿਲਣਾ; ਇੱਕ ਸਦਮੇ ਦੀ ਤਰ੍ਹਾਂ ਲੱਗਦਾ ਹੈ। ਜੋ ਅੱਗੇ ਚੱਲ ਕੇ ਤਲਾਕ ਦੀ ਸਥਿਤੀ ਵਿਚ ਬਲਦੀ ਵਿਚ ਤੇਲ ਪਾਉਣ ਦਾ ਕੰਮ ਕਰਦਾ ਹੈ।

ਸੋ ਇਹ ਵਰਤਾਰਾ ਸਪਸ਼ਟ ਰੂਪ ਵਿਚ ਮਰਦ ਪ੍ਰਧਾਨਤਾ ਨਾਲ ਜਾ ਜੁੜਦਾ ਹੈ ਕਿਉਂਕਿ ਮਰਦ ਪ੍ਰਧਾਨਤਾ ਵਾਲੀ ਸੋਚ ਅੱਜ ਵੀ ਉਵੇਂ ਹੀ ਕਾਇਮ ਹੈ। ਸਿੱਖ ਧਰਮ ਅਜਿਹੀ ਸੋਚ ਦਾ ਪੂਰਨ ਰੂਪ ਵਿਚ ਖੰਡਨ ਕਰਦਾ ਹੈ ਕਿਉਂਕਿ ਗੁਰੂ ਸਾਹਿਬਾਨ ਨੇ ਇਸਤਰੀ ਨੂੰ ਹਰ ਖੇਤਰ ਵਿਚ ਬਰਾਬਰ ਦਾ ਹੱਕ ਪ੍ਰਦਾਨ ਕਰਦਿਆਂ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਫ਼ੁਰਮਾਨ ਦਰਜ ਕਰਕੇ ਇਸਤਰੀ ਦਾ ਸਤਿਕਾਰ ਸਦੀਵ ਕਾਲ ਲਈ ਸਥਾਪਿਤ ਕੀਤਾ ਹੈ, ‘‘ਸੋ ਕਿਉ ਮੰਦਾ ਆਖੀਐ  ? ਜਿਤੁ ਜੰਮਹਿ ਰਾਜਾਨ ’’ (ਮਹਲਾ /੪੭੩) ਇੱਥੋਂ ਤੱਕ ਕਿ ਵਾਹਦ ਸਿੱਖ ਧਰਮ ਅੰਦਰ ਇਸਤਰੀ ਨੂੰ ਭਗਤੀ ਕਰਨ ਅਤੇ ਮੁਕਤੀ ਪ੍ਰਾਪਤ ਕਰਨ ਦਾ ਅਧਿਕਾਰੀ ਮੰਨਿਆ ਗਿਆ ਹੈ। ਇਸ ਲਈ ਸਿੱਖ ਮਰਦਾਂ ਨੂੰ ਚਾਹੀਦਾ ਹੈ ਕਿ ਪਾਵਨ ਗੁਰਬਾਣੀ ਵਿਚ ਦਿੱਤੇ ਉਪਦੇਸ਼ ਅਨੁਸਾਰ ਇਸਤਰੀ ਪ੍ਰਤੀ ਆਪਣੀ ਸੋਚ ਬਦਲਣ। ਇਸ ਨਾਲ ਜਿੱਥੇ ਪਰਵਾਰਕ ਜ਼ਿੰਦਗੀ ਅੰਦਰ ਸੁੱਖ-ਸ਼ਾਂਤੀ ਵਰਤੇਗੀ, ਉੱਥੇ ਹੀ ਪੁਰਾਤਨ ਸਿੱਖ-ਮਰਦ ਕਿਰਦਾਰ ਮੁੜ ਸੁਰਜੀਤ ਹੋਵੇਗਾ, ਜਿਸ ਦੀਆਂ ਲੋਕ ਬਾਤਾਂ ਪਾਇਆ ਕਰਦੇ ਸਨ।

ਵਿਆਹੁਤਾ ਰਿਸ਼ਤੇ ਦੀ ਸਫਲਤਾ ਲਈ ਆਪਸੀ ਸਮਝਦਾਰੀ ਨੂੰ ਵਿਕਸਿਤ ਕਰਨਾ ਪਤੀ-ਪਤਨੀ ਦੋਹਾਂ ਦਾ ਮੁੱਢਲਾ ਫਰਜ਼ ਹੁੰਦਾ ਹੈ ਅਤੇ ਇਸ ਲਈ ਪਤੀ-ਪਤਨੀ ਵਿਚ ਸਹਿਜਤਾ ਦਾ ਗੁਣ ਹੋਣਾ ਲਾਜ਼ਮੀ ਹੈ। ਸਹਿਜਤਾ ਦਾ ਗੁਣ ਜੀਵਨ ਦੇ ਹਰੇਕ ਪੜਾਅ ਵਿਚ ਪਤੀ-ਪਤਨੀ ਲਈ ਸਹਾਈ ਸਿੱਧ ਹੁੰਦਾ ਹੈ ਕਿਉਂਕਿ ਸਹਿਜਤਾ ਸਿਆਣਪ ਨੂੰ ਵਿਕਸਿਤ ਕਰਦੀ ਹੈ ਅਤੇ ਕਾਹਲੀ ਵਿਚ ਗ਼ਲਤ ਫ਼ੈਸਲਾ ਕਰਨ ਤੋਂ ਬਚਾਉਂਦੀ ਹੈ। ਭਗਤੀ ਮਾਰਗ ਉੱਪਰ ਚੱਲਣ ਵਾਲੇ ਪਤੀ-ਪਤਨੀ ਅੰਦਰ ਸਹਿਜਤਾ ਦਾ ਗੁਣ ਪੈਦਾ ਹੋਣਾ ਲਾਜ਼ਮੀ ਹੈ। ਗੁਰਬਾਣੀ ਅਨੁਸਾਰ ਸਹਿਜਤਾ ਦੇ ਗੁਣ ਸਦਕਾ ਪਰਮਾਤਮਾ ਦੀ ਕਿਰਪਾ ਪ੍ਰਾਪਤ ਹੁੰਦੀ ਹੈ ਤੇ ਜਿਸ ਨੂੰ ਪਰਮਾਤਮਾ ਦੀ ਕਿਰਪਾ ਪ੍ਰਾਪਤ ਹੋ ਜਾਵੇ, ਉਸ ਦਾ ਜੀਵਨ ਅਨੰਦਮਈ ਬਣ ਜਾਂਦਾ ਹੈ, ‘‘ਸਤਿਗੁਰੁ ਸੇਵਿਐ ਸਹਜੁ ਊਪਜੈ; ਹਉਮੈ ਤ੍ਰਿਸਨਾ ਮਾਰਿ   ਹਰਿ ਗੁਣਦਾਤਾ ਸਦ ਮਨਿ ਵਸੈ; ਸਚੁ ਰਖਿਆ ਉਰ ਧਾਰਿ   ਪ੍ਰਭੁ ਮੇਰਾ ਸਦਾ ਨਿਰਮਲਾ; ਮਨਿ+ਨਿਰਮਲਿ (ਨਾਲ਼) ਪਾਇਆ ਜਾਇ   ਨਾਮੁ ਨਿਧਾਨੁ ਹਰਿ ਮਨਿ ਵਸੈ; ਹਉਮੈ ਦੁਖੁ ਸਭੁ ਜਾਇ ’’ (ਮਹਲਾ /੬੫)

ਸਿੱਖ ਸਮਾਜ ਅੰਦਰ ਕੁਆਰੇ/ਕੁਆਰੀ ਦਾ ਕਿਸੇ ਵਿਧਵਾ/ਤਲਾਕਸ਼ੁਦਾ ਨਾਲ ਵਿਆਹ ਹੋਣ ਨੂੰ ਮਾੜੇ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ, ਜੋ ਗੁਰਮਤਿ ਦੇ ਉਲ਼ਟ ਹੈ। ਜੇਕਰ ਸਿੱਖ ਧਰਮ ਦੀ ਉਤਪਤੀ ਦੇ ਬੁਨਿਆਦੀ ਸਿਧਾਂਤਾਂ ਵੱਲ ਝਾਤ ਮਾਰੀਏ ਤਾਂ ਸਪਸ਼ਟ ਜਾਪਦਾ ਹੈ ਕਿ ਸਿੱਖ ਧਰਮ ਸਮਾਜਿਕ ਕੁਰੀਤੀਆਂ ਦੇ ਵਿਰੋਧ ਵਿਚ ਪੈਦਾ ਹੋਇਆ ਕ੍ਰਾਂਤੀਕਾਰੀ ਧਰਮ ਹੈ। ਸਿੱਖ ਗੁਰੂ ਸਾਹਿਬਾਨ ਨੇ ਇਸਤਰੀਆਂ ਦੇ ਸਤੀ ਹੋਣ ਦੀ ਪ੍ਰਥਾ ਦਾ ਵਿਰੋਧ ਕੀਤਾ ਅਤੇ ਵਿਧਵਾ ਨੂੰ ਦੂਸਰਾ ਵਿਆਹ ਕਰਵਾਉਣ ਦਾ ਅਧਿਕਾਰ ਪ੍ਰਦਾਨ ਕੀਤਾ। ਇਸ ਲਈ ਸਿੱਖ ਨੌਜੁਆਨਾਂ ਨੂੰ ਸਿੱਖੀ ਸਿਧਾਂਤਾਂ ਉੱਪਰ ਪਹਿਰਾ ਦਿੰਦਿਆਂ ਵਿਆਹ ਕਰਵਾਉਣ ਸਮੇਂ ਵਿਧਵਾ/ਤਲਾਕਸ਼ੁਦਾ ਨਾਲ ਵਿਆਹ ਕਰਵਾਉਣ ਨੂੰ ਵੀ ਵਿਚਾਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਵਿਧਵਾ/ਤਲਾਕਸ਼ੁਦਾ ਮਰਦ ਜਾਂ ਇਸਤਰੀ, ਜੋ ਕਿ ਪਹਿਲਾਂ ਹੀ ਜੀਵਨ-ਸਾਥੀ ਨੂੰ ਗੁਆਉਣ ਦਾ ਦੁੱਖ ਝੱਲ ਚੁੱਕੇ ਹੁੰਦੇ ਹਨ, ਉਨ੍ਹਾਂ ਨੂੰ ਜੀਵਨ-ਸਾਥੀ ਦੀ ਅਹਿਮੀਅਤ ਦੀ ਵਧੇਰੇ ਸਮਝ ਹੁੰਦੀ ਹੈ। ਸਿੱਖ ਲਈ ਅਨੰਦ ਕਾਰਜ ਇੱਕ ਸਾਂਝੀ ਅਧਿਆਤਮਕ ਯਾਤਰਾ ਦੀ ਸ਼ੁਰੂਆਤ ਕਰਨਾ ਹੁੰਦਾ ਹੈ। ਇਸ ਅਧਿਆਤਮਕ ਯਾਤਰਾ ਲਈ ਜੇਕਰ ਜ਼ਿੰਦਗੀ ਅਤੇ ਰਿਸ਼ਤੇ ਨੂੰ ਵਧੇਰੇ ਸਮਝਣ ਵਾਲਾ ਜੀਵਨ-ਸਾਥੀ ਮਿਲਦਾ ਹੈ ਤਾਂ ਇਹ ਲਾਭਕਾਰੀ ਸਿੱਧ ਹੁੰਦਾ ਹੈ।

ਕੋਈ ਵੀ ਇਨਸਾਨ ਸਰਬ ਕਲਾ ਸੰਪੂਰਨ ਨਹੀਂ ਹੁੰਦਾ ਪਰੰਤੂ ਗੁਰਮਤਿ ਅਨੁਸਾਰ ਸਥਾਪਿਤ ਕੀਤੀ ਆਪਸੀ ਸਮਝਦਾਰੀ ਨਾਲ ਆਪਣੇ ਵਿਆਹੁਤਾ ਰਿਸ਼ਤੇ ਨੂੰ ਸਰਬ ਕਲਾ ਸੰਪੂਰਨ ਬਣਾਇਆ ਜਾ ਸਕਦਾ ਹੈ। ਜ਼ਿੰਦਗੀ ਵਿਚ ਪਤੀ-ਪਤਨੀ ਨੂੰ ਇੱਕ ਦੂਜੇ ਦੀ ਲੋੜ ਬਰਾਬਰ ਰੂਪ ਵਿਚ ਹੁੰਦੀ ਹੈ। ਖੁਸ਼ਹਾਲ ਵਿਆਹੁਤਾ ਜ਼ਿੰਦਗੀ ਵਿਚ ਕੁਝ ਮੁੱਢਲੇ ਨਿਯਮਾਂ ਦੀ ਪਾਲਣਾ ਕਰਨਾ ਪਤੀ-ਪਤਨੀ ਲਈ ਜ਼ਰੂਰੀ ਹੁੰਦਾ ਹੈ; ਜਿਵੇਂ ਕਿ ਸਾਰੀ ਜ਼ਿੰਦਗੀ ਇੱਕ ਦੂਜੇ ਦੀ ਇੱਜ਼ਤ ਕਰਦੇ ਰਹਿਣਾ ਜ਼ਰੂਰੀ ਹੈ। ਕੋਈ ਵੀ ਫ਼ੈਸਲਾ ਜਾਂ ਕੰਮ ਆਪਸੀ ਰਜ਼ਾਮੰਦੀ ਅਤੇ ਆਪਸੀ ਸਹਿਯੋਗ ਨਾਲ ਕਰਨਾ ਚਾਹੀਦਾ ਹੈ। ਇੱਕ ਦੂਜੇ ਦੀ ਪਸੰਦ-ਨਾਪਸੰਦ ਦਾ ਧਿਆਨ ਰੱਖਣਾ ਚਾਹੀਦਾ ਹੈ। ਹੋ ਸਕਦਾ ਹੈ ਕਿ ਤੁਹਾਡਾ ਜੀਵਨ ਸਾਥੀ ਤੁਹਾਡੇ ਵਾਂਗ ਤੇਜ਼ ਦਿਮਾਗ਼ ਨਾ ਹੋਵੇ ਅਤੇ ਉਸ ਨੂੰ ਕੋਈ ਗੱਲ ਜਲਦੀ ਸਮਝ ਨਾ ਆਉਂਦੀ ਹੋਵੇ, ਅਜਿਹੇ ਵਿਚ ਤੁਹਾਡਾ ਫ਼ਰਜ਼ ਬਣਦਾ ਹੈ ਕਿ ਤੁਸੀਂ ਉਸ ਨੂੰ ਦੁਬਾਰਾ ਸਮਝਾਓ। ਕਦੇ ਵੀ ਕਿਸੇ ਤੀਜੇ ਇਨਸਾਨ ਸਾਮ੍ਹਣੇ ਬਹਿਸ ਨਹੀਂ ਕਰਨੀ ਚਾਹੀਦੀ, ਬਲਕਿ ਆਪਣੇ ਘਰ ਦੀ ਗੱਲ ਘਰ ਤੀਕ ਸੀਮਤ ਰੱਖਣੀ ਚਾਹੀਦੀ ਹੈ। ਯਾਦ ਰੱਖੋ ਕਿ ਜੀਵਨ ਸਾਥੀ ਦੇ ਸਹਿਯੋਗ ਤੋਂ ਬਿਨਾਂ ਪਰਵਾਰ ਅੰਦਰ ਸੁੱਖ-ਸ਼ਾਂਤੀ ਸੰਭਵ ਨਹੀਂ ਅਤੇ ਪਰਵਾਰਕ ਸੁੱਖ-ਸ਼ਾਂਤੀ ਦੀ ਅਣਹੋਂਦ; ਆਮ ਮਨੁੱਖ ਲਈ ਭਗਤੀ ਮਾਰਗ ਦੇ ਰਾਹ ਵਿਚ ਵੱਡਾ ਰੋੜਾ ਸਾਬਤ ਹੁੰਦੀ ਹੈ। ਉਪਰੋਕਤ ਨਿਯਮ ਅਸਲ ਵਿਚ ਸਿੱਖੀ ਜੀਵਨ ਜਾਚ ਦਾ ਹਿੱਸਾ ਹੀ ਹਨ। ਸਿੱਖੀ ਸਿਧਾਂਤਾਂ ਅਨੁਸਾਰ ਸੇਵਾ ਭਾਵਨਾ, ਨਿਮਰਤਾ, ਸਹਿਜਤਾ, ਸਹਿਣਸ਼ੀਲਤਾ, ਦਿਆਲਤਾ, ਪਰਉਪਕਾਰੀ ਜੀਵਨ ਵਾਲੇ ਗੁਣ ਪੈਦਾ ਕਰਨ ਅਤੇ ਪਤੀ-ਪਤਨੀ ਦੀ ਸਾਂਝੀ ਰਾਇ ਦੀ ਵਿਵਸਥਾ ਦਾ ਪਾਲਣ ਕਰਨਾ ਪਰਵਾਰ ਅੰਦਰ ਸੁੱਖ-ਸ਼ਾਂਤੀ ਦਾ ਆਧਾਰ ਬਣਦਾ ਹੈ। ਜੇਕਰ ਪਤੀ-ਪਤਨੀ ਆਪਣੇ ਜੀਵਨ ਅੰਦਰ ਗੁਰਮਤਿ ਸਿਧਾਂਤਾਂ ਦੀ ਪਾਲਣਾ ਨੂੰ ਯਕੀਨੀ ਬਣਾ ਲੈਣ ਤਾਂ ਹਰ ਤਰ੍ਹਾਂ ਦੇ ਔਖੇ ਹਾਲਾਤਾਂ ਵਿੱਚੋਂ ਸਹਿਜੇ ਪਾਰ ਹੋ ਜਾਣਗੇ।

ਤਲਾਕ ਦੀ ਕੁਰੀਤੀ ਨੂੰ ਰੋਕਣਾ, ਜਿੱਥੇ ਸਿੱਖ ਮਰਦਾਂ-ਇਸਤਰੀਆਂ ਅਤੇ ਉਨ੍ਹਾਂ ਦੇ ਬੱਚਿਆਂ ਦੀ ਸੁਰੱਖਿਆ ਲਈ ਅਹਿਮ ਹੈ, ਉੱਥੇ ਹੀ ਸਿੱਖ ਧਰਮ ਦੇ ਉੱਚ ਆਦਰਸ਼ਾਂ ਨੂੰ ਕਾਇਮ ਰੱਖਣ ਲਈ ਇਸ ਕੁਰੀਤੀ ਨੂੰ ਖ਼ਤਮ ਕਰਨਾ, ਸਿੱਖ ਸਮਾਜ ਲਈ ਅਤੀ ਜ਼ਰੂਰੀ ਹੈ। ਸਿੱਖ ਨੇ ਜਿਸ ਨੂੰ ਵੀ ਆਪਣਾ ਜੀਵਨ ਸਾਥੀ ਬਣਾਉਣਾ ਹੈ, ਫਿਰ ਉਸੇ ਨਾਲ ਇਮਾਨਦਾਰੀ ਸਹਿਤ ਜੀਵਨ ਬਤੀਤ ਕਰਨਾ ਲਾਜ਼ਮੀ ਹੈ, ਕਿਉਂਕਿ ਸਿੱਖ ਦਾ ਵਿਆਹ ਅਨੰਦ ਕਾਰਜ ਰਾਹੀਂ ਹੋਣ ਕਾਰਨ ਧਾਰਮਿਕ ਰਿਸ਼ਤੇ ਵਜੋਂ ਮਹੱਤਤਾ ਰੱਖਦਾ ਹੈ।

ਇਸ ਤੋਂ ਇਲਾਵਾ ਜੇਕਰ ਰਿਸ਼ਤਾ ਜੋੜਨ ਤੋਂ ਪਹਿਲਾਂ ਇਸਤਰੀ ਜਾਂ ਮਰਦ ਦੇ ਕਿਰਦਾਰ ਬਾਰੇ ਕਿਸੇ ਤਰ੍ਹਾਂ ਦਾ ਉਹਲਾ (ਜੋ ਗੱਲ ਗੁਰਮਤਿ ਤੋਂ ਉਲਟ ਹੋਵੇ, ਨਸ਼ਾ, ਚੋਰੀ, ਬੇਈਮਾਨੀ, ਬਦ-ਇਖ਼ਲਾਕੀ ਵਾਲਾ ਕਿਰਦਾਰ ਆਦਿ) ਰੱਖਿਆ ਜਾਂਦਾ ਹੈ ਤੇ ਕਿਸੇ ਗੁਰਸਿੱਖ ਇਸਤਰੀ ਜਾਂ ਮਰਦ ਨਾਲ ਧੋਖਾ ਕੀਤਾ ਜਾਂਦਾ ਹੈ ਤਾਂ ਇਹ ਅਨੰਦ ਕਾਰਜ ਦੇ ਮਨੋਰਥ ਉੱਪਰ ਸਹੀ ਨਹੀਂ ਉਤਰਦਾ, ਕਿਉਂਕਿ ਅਨੰਦ ਕਾਰਜ ਗੁਰਸਿੱਖਾਂ ਲਈ ਪ੍ਰਵਾਣਿਤ ਸੰਸਕਾਰ ਹੈ, ਨਾ ਕਿ ਮਨਮੁਖਾਂ ਜਾਂ ਧੋਖੇਬਾਜ਼ਾਂ ਲਈ। ਜੇਕਰ ਕਿਸੇ ਇੱਕ ਜੀਵਨ ਸਾਥੀ ਵੱਲੋਂ ਸਿੱਖ ਰਹਿਤ ਮਰਯਾਦਾ ਦੀ ਉਲੰਘਣਾ ਕਰਦਿਆਂ ਗ਼ੈਰ ਮਰਦ ਜਾਂ ਗ਼ੈਰ ਇਸਤਰੀ ਨਾਲ ਰਿਸ਼ਤਾ ਬਣਾਇਆ ਜਾਂਦਾ ਹੈ ਜਾਂ ਘਰੇਲੂ ਹਿੰਸਾ ਜਾਂ ਭਾਵਨਾਤਮਕ ਸ਼ੋਸ਼ਣ ਦਾ ਸ਼ਿਕਾਰ ਹੋਣਾ ਆਦਿ ਅਜਿਹੇ ਹਾਲਾਤਾਂ ਵਿਚ ਧੋਖੇ ਵਾਲੇ ਰਿਸ਼ਤੇ ਤੋਂ ਮੁਕਤ ਹੋਣ ਵਿਚ ਕੋਈ ਸੰਕੋਚ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ ਹਾਲਤ ਵਿਚ ਕਿਸੇ ਇੱਕ ਜੀਵਨ ਸਾਥੀ ਵੱਲੋਂ ਗੁਰੂ ਹੁਕਮ ਅਤੇ ਸਿੱਖ ਰਹਿਤ ਮਰਯਾਦਾ ਦੀ ਉਲੰਘਣਾ ਕੀਤੀ ਜਾ ਚੁੱਕੀ ਹੁੰਦੀ ਹੈ।

ਜਿਕਰਯੋਗ ਹੈ ਕਿ ਕਿਸੇ ਸਿੱਖ ਦਾ ਵਿਧਵਾ ਹੋ ਜਾਣ ਦੀ ਸੂਰਤ ਵਿਚ ਸਿੱਖ ਧਰਮ ਦੁਬਾਰਾ ਅਨੰਦ ਕਾਰਜ ਕਰਵਾਉਣ ਦੀ ਆਗਿਆ ਦਿੰਦਾ ਹੈ। ਮੌਤ ਇੱਕ ਕੁਦਰਤੀ ਵਰਤਾਰਾ ਹੈ ਅਤੇ ਇੱਕ ਦੀ ਮੌਤ ਪਿੱਛੋਂ ਦੂਜੇ ਦੀ ਜ਼ਿੰਦਗੀ ਰੁਕਦੀ ਹੈ। ਜਿਸ ਦੇ ਮੱਦੇ ਨਜ਼ਰ ਪੰਥ ਪ੍ਰਵਾਣਿਤ ‘ਸਿੱਖ ਰਹਿਤ ਮਰਯਾਦਾ’ ਵਿਚ ਦਰਜ ਹੈ ਕਿ ‘ਜਿਸ ਇਸਤਰੀ ਦਾ ਭਰਤਾ ਕਾਲ ਵੱਸ ਹੋ ਜਾਵੇ, ਉਹ ਚਾਹੇ ਤਾਂ ਯੋਗ ਵਰ ਦੇਖ ਕੇ ਪੁਨਰ ਸੰਜੋਗ ਕਰ ਲਵੇ। ਸਿੱਖ ਦੀ ਇਸਤਰੀ ਮਰ ਜਾਵੇ ਤਾਂ ਉਸ ਲਈ ਭੀ ਇਹੋ ਹੁਕਮ ਹੈ।’

ਅੰਤ ਵਿਚ ਸਿੱਖ ਕੌਮ ਨੂੰ ਅਪੀਲ ਹੈ ਕਿ ‘ਸਿੱਖ ਰਹਿਤ ਮਰਯਾਦਾ’ ਦੇ ਪੰਨਾ 22 ਉੱਪਰ ਦਰਜ ‘ਅਨੰਦ ਸੰਸਕਾਰ’ ਦੀਆਂ ਹਿਦਾਇਤਾਂ ਅਨੁਸਾਰ ਹੀ ਅਨੰਦ ਕਾਰਜ ਕੀਤੇ ਜਾਣ। ਅਨੰਦ ਕਾਰਜ ਸਮੇਂ ਜੇਕਰ ਗੁਰਮਤਿ ਵਿਰੋਧੀ ਕਰਮਕਾਂਡ ਜਾਂ ਮਨਮਤ ਕੀਤਾ ਜਾਵੇਗਾ ਤਾਂ ਵਿਆਹੁਤਾ ਰਿਸ਼ਤੇ ਦਾ ਖੁਸ਼ਹਾਲ ਤੇ ਸਫਲ ਹੋਣਾ ਸੰਭਵ ਨਹੀਂ। ਗੁਰੂ ਸਾਹਿਬ ਦੀ ਕਿਰਪਾ ਤਾਂ ਹੀ ਪ੍ਰਾਪਤ ਹੋ ਸਕਦੀ ਹੈ, ਜੇਕਰ ਗੁਰੂ ਸਾਹਿਬ ਦਾ ਹੁਕਮ ਮੰਨਿਆ ਜਾਵੇ। ਅੱਜ ਸਮੁੱਚੀ ਸਿੱਖ ਕੌਮ ਨੂੰ ਮੰਥਨ ਕਰਨ ਦੀ ਵੱਡੀ ਲੋੜ ਹੈ ਤਾਂ ਜੋ ਅਨੰਦ ਕਾਰਜ ਸਮੇਂ ਸਿੱਖ ਰਹਿਤ ਮਰਯਾਦਾ ਦੀ ਪਾਲਣਾ ਨੂੰ ਯਕੀਨੀ ਬਣਾ ਕੇ ਤਲਾਕ ਦੀ ਕੁਰੀਤੀ ਨੂੰ ਸਿੱਖ ਸਮਾਜ ਵਿਚੋਂ ਖ਼ਤਮ ਕੀਤਾ ਜਾ ਸਕੇ।

ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਦਿਹਾੜਾ (‘ਵੈਸਾਖ ਵਦੀ ੧’ ਜਾਂ ‘ਵੈਸਾਖ ਸੁਦੀ ੧’)

0

ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਦਿਹਾੜਾ

‘ਵੈਸਾਖ ਵਦੀ ੧’ ਜਾਂ ‘ਵੈਸਾਖ ਸੁਦੀ ੧’

ਸਰਵਜੀਤ ਸਿੰਘ ਸੈਕਰਾਮੈਂਟੋ

ਸਿੱਖ ਇਤਿਹਾਸ ਦੀਆਂ ਕਈ ਹੋਰ ਤਾਰੀਖ਼ਾਂ ਦੀ ਤਰ੍ਹਾਂ, ਗੁਰੂ ਅੰਗਦ ਦੇਵ ਜੀ ਦੇ ਜਨਮ ਦੀਆਂ ਵੀ ਦੋ ਤਾਰੀਖ਼ਾਂ ਮਿਲਦੀਆਂ ਹਨ। ਪਹਿਲੀ ਤਾਰੀਖ਼ ਹੈ ਵੈਸਾਖ ਵਦੀ ਏਕਮ, ੫ ਵੈਸਾਖ, ਸੰਮਤ ੧੫੬੧ ਬਿਕ੍ਰਮੀ ਅਤੇ ਦੂਜੀ ਹੈ ਵੈਸਾਖ ਸੁਦੀ ਏਕਮ, ੨੦ ਵੈਸਾਖ, ਸੰਮਤ ੧੫੬੧ ਬਿਕ੍ਰਮੀ।  ਗੋਰਿਆਂ ਦੇ ਰਾਜ ਵੇਲੇ, ਜਦੋਂ ਅੰਗਰੇਜ਼ੀ ਤਾਰੀਖ਼ਾਂ ਲਿਖਣ ਦਾ ਰਿਵਾਜ ਪਿਆ ਤਾਂ ਇਹ 31 ਮਾਰਚ 1504 ਈ: ਅਤੇ 15 ਅਪ੍ਰੈਲ 1504 (ਜੂਲੀਅਨ) ਲਿਖੀਆਂ ਗਈਆਂ। ਇਨ੍ਹਾਂ ਦੋਵਾਂ ਤਾਰੀਖ਼ਾਂ ’ਚ 15 ਦਿਨਾਂ ਦਾ ਫ਼ਰਕ ਹੈ। ਸਪਸ਼ਟ ਹੈ ਕਿ ਇਹ ਦੋਵੇਂ ਤਾਰੀਖ਼ਾਂ ਸਹੀ ਨਹੀਂ ਹੋ ਸਕਦੀਆਂ। ਆਓ, ਵੇਖੀਏ ਕਿ ਇਨ੍ਹਾਂ ਦੋਵਾਂ ਤਾਰੀਖ਼ਾਂ ’ਚੋਂ ਕਿਹੜੀ ਤਾਰੀਖ਼ ਸਹੀ ਹੋ ਸਕਦੀ ਹੈ।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਵੈੱਬ ਸਾਈਟ ਉੱਪਰ ਇਹ ਤਾਰੀਖ਼ ਵੈਸਾਖ ਵਦੀ ੧, ੫ ਵੈਸਾਖ ਸੰਮਤ ੧੫੬੧ ਬਿਕ੍ਰਮੀ ਦਰਜ ਹੈ, “Sri Guru Angad Dev ji (Bhai Lahna ji) was born in village named Saria Naga (Matte Di Saria) district Muktsar (Punjab) on Vaisakh Vadi 1st (5 Vaisakh) Samvat 1561, March 31, 1504.” (sgpc.net)

ਸਿੱਖ ਇਤਿਹਾਸ ਰਿਸਰਚ ਬੋਰਡ ਵੱਲੋਂ 1965 ਈ: ਵਿੱਚ ਛਾਪੀ ਗਈ ਡਾਇਰੀ ‘ਸਿੱਖ ਬਿਕ੍ਰਮੀ ਕੈਲੰਡਰ 1665-66’ ਵਿੱਚ ਗੁਰੂ ਅੰਗਦ ਦੇਵ ਜੀ ਦੇ ਜਨਮ ਦੀ ਤਾਰੀਖ਼ ‘੫ ਵੈਸਾਖ ੧੫੬੧ ਸੰਮਤ, 31 ਮਾਰਚ 1504 ਈ:’ ਦਰਜ ਹੈ।

ਧਰਮ ਪ੍ਰਚਾਰ ਕਮੇਟੀ ਵੱਲੋਂ ਛਾਪੀ ਗਈ ‘ਖ਼ਾਲਸਾ ਡਾਇਰੀ 1975-76’ ਵਿੱਚ ਗੁਰੂ ਅੰਗਦ ਦੇਵ ਜੀ ਦੇ ਜਨਮ ਦੀ ਤਾਰੀਖ਼, ‘ਵਿਸਾਖ ਵਦੀ ੧, ਵਿਸਾਖ ਪ੍ਰਵਿਸ਼ਟੇ ੫, ਸੰਮਤ ੧੫੬੧ ਬਿ:, 31 ਮਾਰਚ, ਸੰਨ 1504 ਈ: ਦਿਨ ਐਤਵਾਰ’ ਦਰਜ ਹੈ।

ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਗਈ ‘ਸ਼੍ਰੋਮਣੀ ਡਾਇਰੀ 1991’ ਵਿੱਚ ਵੀ ਗੁਰੂ ਜੀ ਦੇ ਜਨਮ ਦੀ ਤਾਰੀਖ਼ ਵਿਸਾਖ ਵਦੀ ੧, ਸੰਮਤ ੧੫੬੧ ਬਿ:/ 31 ਮਾਰਚ ਸੰਨ 1504 ਈ: ਹੀ ਦਰਜ ਹੈ।

‘ਸ਼੍ਰੋਮਣੀ ਡਾਇਰੀ 1992’ ਵਿੱਚ ‘ਵਿਸਾਖ ਸੁਦੀ ੧, ਸੰਮਤ ੧੫੬੧ ਬਿ:, ਮੁਤਾਬਕ 31 ਮਾਰਚ ਸੰਨ 1504 ਈ:’ ਦਰਜ ਹੈ, ਜੋ ਕਿ ਸਹੀ ਨਹੀਂ ਕਿਉਂਕਿ ਜੇ ਵੈਸਾਖ ਸੁਦੀ ੧ ਨੂੰ ਸਹੀ ਮੰਨੀਏ ਤਾਂ ਇਹ 15 ਅਪ੍ਰੈਲ 1504 ਈ: (ਜੂਲੀਅਨ) ਬਣਦੀ ਹੈ ਤੇ ਜੇ 31 ਮਾਰਚ ਸੰਨ 1504 ਈ: ਨੂੰ ਸਹੀ ਮੰਨੀਏ ਤਾਂ ਇਹ ਵੈਸਾਖ ਵਦੀ ੧ (੫ ਵੈਸਾਖ) ਬਣਦੀ ਹੈ, ਨਾ ਕਿ ‘ਵਿਸਾਖ ਸੁਦੀ ੧’।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਗਈ, ਪ੍ਰੋ. ਕਰਤਾਰ ਸਿੰਘ ਦੀ ਕਿਤਾਬ ‘ਸਿੱਖ ਇਤਿਹਾਸ ਭਾਗ 1’ ਵਿੱਚ ਵੀ ਗੁਰੂ ਜੀ ਦੇ ਜਨਮ ਦੀ ਤਾਰੀਖ਼, ‘ਵੈਸਾਖ ਵਦੀ ੧, ੫ ਵੈਸਾਖ ਸੰਮਤ ੧੫੬੧ ਮੁਤਾਬਕ 31 ਮਾਰਚ ਸੰਨ 1504 ਈ:’ ਹੀ ਦਰਜ ਹੈ। (ਪੰਨਾ 114)

ਧਰਮ ਪ੍ਰਚਾਰ ਕਮੇਟੀ ਵੱਲੋਂ ਛਾਪੀ ਜਾਂਦੀ ਧਾਰਮਿਕ ਪ੍ਰੀਖਿਆ ਲਈ ਨਿਰਧਾਰਿਤ ਪੁਸਤਕ ‘ਗੁਰਮਤਿ ਗਿਆਨ ਦਰਜਾ ਪਹਿਲਾ’ ਵਿੱਚ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਗੁਰੂ ਅੰਗਦ ਸਾਹਿਬ ਜੀ ਦੇ ਜਨਮ ਦੀ ਤਾਰੀਖ਼ 31 ਮਾਰਚ 1504 ਈ: ਦਰਜ ਕੀਤੀ ਹੈ।

‘ਸਿੱਖ ਇਤਿਹਾਸ (1469-1765)’ ਵਿੱਚ ਪ੍ਰਿੰ: ਤੇਜਾ ਸਿੰਘ ਅਤੇ ਡਾ: ਗੰਡਾ ਸਿੰਘ ਜੀ (ਅਨੁਵਾਦਕ ਡਾ: ਭਗਤ ਸਿੰਘ) ਲਿਖਦੇ ਹਨ, ‘ਗੁਰੂ ਜੀ ਦਾ ਜਨਮ 31 ਮਾਰਚ 1504 ਈਸਵੀ ਨੂੰ ਹੋਇਆ ਸੀ’।

ਡਾ ਹਰਜਿੰਦਰ ਸਿੰਘ ਦਿਲਗੀਰ ਭੀ 31 ਮਾਰਚ 1504 ਈ: ਲਿਖ ਕੇ ਕਹਿੰਦਾ ਹੈ ਕਿ ‘ਜਿਨ੍ਹਾਂ ਦਿਨਾਂ ਵਿੱਚ ਗੁਰੂ ਨਾਨਕ ਸਾਹਿਬ ਅਜੇ ਸੁਲਤਾਨਪੁਰ ਨਹੀਂ ਗਏ ਬਲਕਿ ਤਲਵੰਡੀ ਵਿੱਚ ਹੀ ਸਨ, ਤਕਰੀਬਨ ਉਸ ਵੇਲੇ ਹੀ ਗੁਰੂ ਅੰਗਦ ਸਾਹਿਬ ਦਾ ਜਨਮ 31 ਮਾਰਚ 1504 ਦੇ ਦਿਨ ਮੱਤੇ ਦੀ ਸਰਾਂ ਵਿੱਚ ਹੋਇਆ’। (ਪੰਨਾ 185)

ਗਿਆਨੀ ਸੋਹਣ ਸਿੰਘ ਸੀਤਲ ਜੀ ਲਿਖਦੇ ਹਨ, ‘ਭਾਈ ਲਹਿਣਾ ਜੀ, ‘ਅੰਗਦ’ ਨਾਮ ਧਾਰਨ ਕਰਕੇ ਸਿੱਖਾਂ ਦੇ ਦੂਸਰੇ ਗੁਰੂ ਬਣੇ। ਆਪ ਜੀ ਦਾ ਜਨਮ ਵਿਸਾਖ ਵਦੀ ੧ (ਪੰਜ ਵਿਸਾਖ) ੧੫੬੧ ਬਿ: (31 ਮਾਰਚ, 1504 ਈ:) ਐਤਵਾਰ ਨੂੰ ਅੰਮ੍ਰਿਤ ਵੇਲੇ ਪਿੰਡ ‘ਮੱਤੇ ਦੀ ਸਰਾਏ’ ਵਿਚ ਹੋਇਆ’। (ਗੁਰ ਇਤਿਹਾਸ ਦਸ ਪਾਤਸ਼ਾਹੀਆਂ, ਪੰਨਾ 65)

ਪ੍ਰੋ: ਸਾਹਿਬ ਸਿੰਘ ਜੀ ਲਿਖਦੇ ਹਨ, ‘੫ ਵੈਸਾਖ ਸੰਮਤ ੧੫੬੧ ਨੂੰ ਇਨ੍ਹਾਂ ਦਾ ਜਨਮ ਹੋਇਆ ਸੀ, ਚੰਦਰਮਾ ਦੀਆਂ ਥਿੱਤਾਂ ਦੇ ਹਿਸਾਬ ਉਸ ਦਿਨ ਵੈਸਾਖ ਵਦੀ ੧ ਸੀ, ਭਾਵ ਹਨੇਰਾ ਪੱਖ ਪੂਰਨਮਾਸ਼ੀ ਤੋਂ ਅਗਲਾ ਦਿਨ। ਈਸਵੀ ਸੰਨ 1504 ਸੀ ਅਤੇ ਮਾਰਚ ਦੀ 31 ਤਾਰੀਖ਼’ (ਪੰਨਾ 12)

“Guru Angad was born at Matte di Sarae in Firozpur district on March 31, 1504” (Hari Ram Gupta, History of the Sikhs, Page 113)

ਪ੍ਰਿੰਸੀਪਲ ਸਤਬੀਰ ਸਿੰਘ ਜੀ ਲਿਖਦੇ ਹਨ, ‘ਇਥੇ ਬਾਬਾ ਫੇਰੂ ਮੱਲ ਜੀ ਦੇ ਘਰ ਤੇ ਮਾਤਾ ਰਾਮੋ ਜੀ ਦੀ ਕੁੱਖੋਂ ਹਰੀਏ ਕੇ ਮੱਤੇ ਕੀ ਸਰਾਂ 31 ਮਾਰਚ 1504 ਨੂੰ ਲਹਿਣਾ ਜੀ ਦਾ ਜਨਮ ਅੰਮ੍ਰਿਤ ਵੇਲੇ ਹੋਇਆ’। (ਕੁਦਰਤੀ ਨੂਰ, ਪੰਨਾ 12) ਨੋਟ : ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਇਹ ੫ ਵੈਸਾਖ, ਵੈਸਾਖ ਵਦੀ ੧, ਸੰਮਤ ੧੫੬੧ ਬਿਕ੍ਰਮੀ ਬਣਦੀ ਹੈ।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਮਾਰਚ 2003 ਈ: ਵਿੱਚ ਨਾਨਕਸ਼ਾਹੀ ਕੈਲੰਡਰ (੫੩੫ ਨਾ: ਸ਼ਾ:) ਲਾਗੂ ਕੀਤਾ ਗਿਆ ਸੀ। ਕੈਲੰਡਰ ਕਮੇਟੀ ਵੱਲੋਂ ਲਏ ਫੈਸਲੇ ਕਿ ‘ਤਿੱਥਾਂ ਨੂੰ ਨਾਨਕਸ਼ਾਹੀ ਕੈਲੰਡਰ ਵਿੱਚ ਬਦਲਣ ਲਈ ਅੰਗਰੇਜ਼ੀ ਤਾਰੀਖ਼ਾਂ ਨੂੰ ਨਹੀਂ ਬਲਕਿ ਪ੍ਰਵਿਸ਼ਟਿਆਂ ਨੂੰ ਮੁੱਖ ਰੱਖਿਆ ਜਾਵੇਗਾ’, ਮੁਤਾਬਕ ਨਾਨਕਸ਼ਾਹੀ ਕੈਲੰਡਰ ਵਿੱਚ ਗੁਰੂ ਅੰਗਦ ਦੇਵ ਜੀ ਦੇ ਜਨਮ ਦਾ ਅਸਲ ਪ੍ਰਵਿਸ਼ਟਾ ੫ ਵੈਸਾਖ ਹੀ ਦਰਜ ਕੀਤਾ ਗਿਆ ਸੀ। ਇਹ ਕੈਲੰਡਰ 7 ਸਾਲ (2003-2010) ਲਾਗੂ ਰਿਹਾ ਸੀ। ਸਮੁੱਚੇ ਪੰਥ ਵੱਲੋਂ ਗੁਰੂ ਅੰਗਦ ਦੇਵ ਜੀ ਦਾ ਜਨਮ ਦਿਹਾੜਾ ਹਰ ਸਾਲ ੫ ਵੈਸਾਖ (18 ਅਪ੍ਰੈਲ) ਨੂੰ ਮਨਾਇਆ ਜਾਂਦਾ ਸੀ, ਪਰ ਮਾਰਚ 2010 ਈ: ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਦੋ ਮੈਂਬਰੀ (ਕੈਲੰਡਰ ਵਿਗਾੜੂ) ਕਮੇਟੀ ਦੀਆਂ ਸਿਫ਼ਾਰਿਸ਼ਾਂ ਨੂੰ ਮੰਨਦੇ ਹੋਏ ਸੂਰਜੀ ਬਿਕ੍ਰਮੀ (ਦ੍ਰਿਕਗਿਣਤ ਸਿਧਾਂਤ) ਕੈਲੰਡਰ ਛਾਪਣਾ ਆਰੰਭ ਕਰ ਦਿੱਤਾ। ਇਸ ਕੈਲੰਡਰ ਦਾ ਆਰੰਭ ਤਾਂ ਭਾਵੇਂ ਹਰ ਸਾਲ ਸੂਰਜੀ ਤਾਰੀਖ਼ ੧ ਚੇਤ ਤੋਂ ਹੀ ਹੁੰਦਾ ਹੈ, ਪਰ ਗੁਰ ਪੁਰਬਾਂ ਦੀਆਂ ਤਾਰੀਖ਼ਾਂ; ਚੰਦ ਦੇ ਕੈਲੰਡਰ (ਵਦੀ/ਸੁਦੀ) ਅਨੁਸਾਰ ਨਿਰਧਾਰਿਤ ਕੀਤੀਆਂ ਜਾਂਦੀਆਂ ਹਨ। ਜਿਸ ਕਾਰਨ ਹਰ ਸਾਲ ਗੁਰੂ ਅੰਗਦ ਸਾਹਿਬ ਜੀ ਦੇ ਜਨਮ ਦਾ ਪ੍ਰਵਿਸ਼ਟਾ ਬਦਲ ਜਾਂਦਾ ਹੈ; ਜਿਵੇਂ ਕਿ ਹੇਠ ਬਣਾਈ ਸਾਰਣੀ ’ਚ ਵੇਖਿਆ ਜਾ ਸਕਦਾ ਹੈ :-

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਵੈੱਬ ਸਾਈਟ, 1965 ਤੋਂ ਛਾਪੀਆਂ ਗਈ ਡਾਇਰੀਆਂ ਅਤੇ 2019 ਈ: ਵਿੱਚ ਛਾਪੀ ਗਈ ਕਿਤਾਬ (ਗੁਰਮਤਿ ਗਿਆਨ ਦਰਜਾ ਪਹਿਲਾ) ਵਿੱਚ ਤਾਂ ਗੁਰੂ ਜੀ ਦੇ ਜਨਮ ਦੀ ਤਾਰੀਖ਼ ਵੈਸਾਖ ਵਦੀ ਏਕਮ, ੫ ਵੈਸਾਖ (31 ਮਾਰਚ) ਹੀ ਦਰਜ ਹੈ।

ਸਵਾਲ ਪੈਦਾ ਹੁੰਦਾ ਹੈ ਕਿ ਵੈਸਾਖ ਵਦੀ ਏਕਮ ਤੋਂ ਬਦਲ ਕੇ ਹੁਣ ਵੈਸਾਖ ਸੁਦੀ ਏਕਮ ਕਿਉਂ ਕੀਤੀ ਗਈ ? ਇਸ ਦਾ ਕਾਰਨ ਇਹ ਹੈ ਕਿ ਵੈਸਾਖ ਸੁਦੀ ਏਕਮ, ਗਿਆਨੀ ਗੁਰਬਚਨ ਸਿੰਘ ਭਿੰਡਰਾਂਵਾਲੇ ਦੁਆਰਾ ਲਿਖਤ ਪੁਸਤਕਾਂ ‘ਗੁਰਮਤਿ ਰਹਿਤ ਮਰਯਾਦਾ’ ਅਤੇ ‘ਗੁਰਬਾਣੀ ਪਾਠ ਦਰਪਣ’ ਵਿੱਚ ਦਰਜ ਹੈ। ਇਸ ਲਈ ਦੋ ਮੈਂਬਰੀ ਕੈਲੰਡਰ ਵਿਗਾੜੂ ਕਮੇਟੀ ਦੇ ਮੈਂਬਰ ਹਰਨਾਮ ਸਿੰਘ ਦੇ ਦਬਾਅ ਹੇਠ ਸ੍ਰੋਮਣੀ ਕਮੇਟੀ ਦੇ ਕੈਲੰਡਰ ’ਚ ਇਹ ਤਾਰੀਖ਼ ਦਰਜ ਕੀਤੀ ਗਈ ਹੈ ਭਾਵੇਂ ਕਿ ਪੜਤਾਲ ਕਰਨ ’ਤੇ ਇਸ ਤਾਰੀਖ਼ ਨੂੰ ਕਿਸੇ ਵੀ ਦਲੀਲ ਨਾਲ ਸਹੀ ਸਿੱਧ ਨਹੀਂ ਕੀਤਾ ਜਾ ਸਕਦਾ। ‘ਗੁਰਮਤਿ ਰਹਿਤ ਮਰਯਾਦਾ’ ਵਿੱਚ ਗੁਰੂ ਜੀ ਦੇ ਜਨਮ ਦੀ ਤਾਰੀਖ਼, ‘੧੫੬੧ ਬਿ:, ਵੈਸਾਖ ਸੁਦੀ ਏਕਮ, ਦਿਨ ਸ਼ਨਿਚਰਵਾਰ 23 ਅਪ੍ਰੈਲ 1504 ਈ:, ਨਛੱਤਰ ਭਰਣੀ’ ਦਰਜ ਹੈ। (ਪੰਨਾ 31)

ਆਪਾਂ ਉੱਪਰ ਵੇਖ ਆਏ ਹਾਂ ਕਿ ਵੈਸਾਖ ਸੁਦੀ ਏਕਮ, ਸੰਮਤ ੧੫੬੧ ਬਿ: ਨੂੰ 15 ਅਪ੍ਰੈਲ (ਜੂਲੀਅਨ) ਦਿਨ ਸੋਮਵਾਰ ਨਛੱਤਰ ਕ੍ਰਿਤਿਕਾ ਬਣਦਾ ਸੀ, ਪਰ ਗੁਰਬਾਣੀ ਪਾਠ ਦਰਪਣ ਵਿੱਚ ਦਿਨ ਸ਼ਨਿਚਰਵਾਰ ਨਛੱਤਰ ਭਰਣੀ, 23 ਅਪ੍ਰੈਲ ਦਰਜ ਹੈ।  ਜੇ 23 ਅਪ੍ਰੈਲ ਨੂੰ ਸਹੀ ਮੰਨਿਆ ਜਾਵੇ ਤਾਂ ਉਸ ਦਿਨ ਮੰਗਲਵਾਰ ਅਤੇ ਨਛੱਤਰ ਮਘਾ ਸੀ, ਨਾ ਕਿ ਭਰਣੀ। ਸੋ ‘ਗੁਰਮਤਿ ਰਹਿਤ ਮਰਯਾਦਾ’ ਵਿੱਚ ਗੁਰੂ ਜੀ ਦੇ ਜਨਮ ਦੀ ਦਰਜ ਤਿਥੀ ਵੈਸਾਖ ਸੁਦੀ ਏਕਮ ਨਾਲ ਲਿਖਿਆ, ਨਾ ਦਿਨ ਸ਼ਨਿਚਰਵਾਰ ਸਹੀ ਹੈ, ਨਾ 23 ਅਪ੍ਰੈਲ ਸਹੀ ਹੈ ਤੇ ਨਾ ਹੀ ਨਛੱਤਰ ਭਰਣੀ ਸਹੀ ਹੈ। ਇਹ ਹੈ ਕੈਲੰਡਰ ਸੋਧ ਕਮੇਟੀ ਦੀ ਯੋਗਤਾ, ਜਿਸ ਨੂੰ ਨਾ ਇਤਿਹਾਸ ਦੀ ਜਾਣਕਾਰੀ ਹੈ, ਨਾ ਕੈਲੰਡਰ ਵਿਗਿਆਨ ਦੀ ਪਤਖ; ਸਿਰਫ ਇਕੋ ਫਾਰਮੂਲਾ ਕਿ ਧੁੰਮੇ ਨੂੰ ਕਿਵੇਂ ਖ਼ੁਸ਼ ਕਰਨਾ ਹੈ !

ਸਾਰੀ ਵਿਚਾਰ ਤੋਂ ਬਾਅਦ ਸਹਿਜੇ ਹੀ ਇਸ ਨਤੀਜੇ ’ਤੇ ਪੁੱਜਿਆ ਜਾ ਸਕਦਾ ਹੈ ਕਿ ਗੁਰੂ ਜੀ ਦੀ ਜਨਮ ਤਾਰੀਖ਼ ਵੈਸਾਖ ਵਦੀ ਏਕਮ, ੫ ਵੈਸਾਖ ਸੰਮਤ ੧੫੬੧ ਬਿ;, 31 ਮਾਰਚ 1504 ਈ: (ਜੂਲੀਅਨ) ਹੀ ਸਹੀ ਹੈ। ਫਿਰ ਸ਼੍ਰੋਮਣੀ ਕਮੇਟੀ ਦੀ ਕੀ ਮਜ਼ਬੂਰੀ ਹੈ ਕਿ ਪ੍ਰਮਾਣਿਕ ਇਹ ਤਾਰੀਖ਼; ਬਿਨਾ ਕਿਸੇ ਦਲੀਲ ਦੇ ਬਦਲ ਕੇ ਵੈਸਾਖ ਸੁਦੀ ਏਕਮ, ੨੦ ਵੈਸਾਖ, 15 ਅਪ੍ਰੈਲ 1504 ਈ: (ਜੂਲੀਅਨ) ਮੰਨ ਲਈ ਗਈ। ਕੀ ਇਸ ਦਾ ਕਾਰਨ ਕੇਵਲ ਹਰਨਾਮ ਸਿੰਘ ਧੁੰਮੇ ਨੂੰ ਖ਼ੁਸ਼ ਕਰਨਾ ਹੈ ? ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਸੂਰਜੀ ਕੈਲੰਡਰ ਛਾਪਿਆ ਜਾਂਦਾ ਹੈ। ਜਿਸ ਮੁਤਾਬਕ ਹਰ ਸਾਲ, ਹਰ ਦਿਹਾੜਾ ਉਸੇ ਪ੍ਰਵਿਸ਼ਟੇ ਨੂੰ ਹੀ ਆਉਂਦਾ ਹੈ; ਜਿਵੇਂ ਵੈਸਾਖੀ ਹਰ ਸਾਲ ੧ ਵੈਸਾਖ ਨੂੰ ਹੀ ਆਉਂਦੀ ਹੈ। ਇਸੇ ਤਰ੍ਹਾਂ ਜੇ ਗੁਰੂ ਅੰਗਦ ਦੇਵ ਜੀ ਦਾ ਜਨਮ ਦਿਹਾੜਾ, ਸ਼੍ਰੋਮਣੀ ਕਮੇਟੀ ਦੀਆਂ ਪੁਸਤਕਾਂ, ਡਾਇਰੀਆਂ ਅਤੇ ਵੈੱਬ ਸਾਈਟ ਉੱਪਰ ਦਰਜ ਪ੍ਰਵਿਸ਼ਟੇ ਅਨੁਸਾਰ ਹਰ ਸਾਲ ‘੫ ਵੈਸਾਖ’ ਨੂੰ ਮਨਾਇਆ ਜਾਵੇ ਤਾਂ ਗੁਰਮਤਿ ਦੇ ਕਿਹੜੇ ਸਿਧਾਂਤ ਦੀ ਅਵੱਗਿਆ ਹੋ ਜਾਣੀ ਹੈ ?

Most Viewed Posts