ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਦਿਹਾੜਾ (‘ਵੈਸਾਖ ਵਦੀ ੧’ ਜਾਂ ‘ਵੈਸਾਖ ਸੁਦੀ ੧’)

0
74

ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਦਿਹਾੜਾ

‘ਵੈਸਾਖ ਵਦੀ ੧’ ਜਾਂ ‘ਵੈਸਾਖ ਸੁਦੀ ੧’

ਸਰਵਜੀਤ ਸਿੰਘ ਸੈਕਰਾਮੈਂਟੋ

ਸਿੱਖ ਇਤਿਹਾਸ ਦੀਆਂ ਕਈ ਹੋਰ ਤਾਰੀਖ਼ਾਂ ਦੀ ਤਰ੍ਹਾਂ, ਗੁਰੂ ਅੰਗਦ ਦੇਵ ਜੀ ਦੇ ਜਨਮ ਦੀਆਂ ਵੀ ਦੋ ਤਾਰੀਖ਼ਾਂ ਮਿਲਦੀਆਂ ਹਨ। ਪਹਿਲੀ ਤਾਰੀਖ਼ ਹੈ ਵੈਸਾਖ ਵਦੀ ਏਕਮ, ੫ ਵੈਸਾਖ, ਸੰਮਤ ੧੫੬੧ ਬਿਕ੍ਰਮੀ ਅਤੇ ਦੂਜੀ ਹੈ ਵੈਸਾਖ ਸੁਦੀ ਏਕਮ, ੨੦ ਵੈਸਾਖ, ਸੰਮਤ ੧੫੬੧ ਬਿਕ੍ਰਮੀ।  ਗੋਰਿਆਂ ਦੇ ਰਾਜ ਵੇਲੇ, ਜਦੋਂ ਅੰਗਰੇਜ਼ੀ ਤਾਰੀਖ਼ਾਂ ਲਿਖਣ ਦਾ ਰਿਵਾਜ ਪਿਆ ਤਾਂ ਇਹ 31 ਮਾਰਚ 1504 ਈ: ਅਤੇ 15 ਅਪ੍ਰੈਲ 1504 (ਜੂਲੀਅਨ) ਲਿਖੀਆਂ ਗਈਆਂ। ਇਨ੍ਹਾਂ ਦੋਵਾਂ ਤਾਰੀਖ਼ਾਂ ’ਚ 15 ਦਿਨਾਂ ਦਾ ਫ਼ਰਕ ਹੈ। ਸਪਸ਼ਟ ਹੈ ਕਿ ਇਹ ਦੋਵੇਂ ਤਾਰੀਖ਼ਾਂ ਸਹੀ ਨਹੀਂ ਹੋ ਸਕਦੀਆਂ। ਆਓ, ਵੇਖੀਏ ਕਿ ਇਨ੍ਹਾਂ ਦੋਵਾਂ ਤਾਰੀਖ਼ਾਂ ’ਚੋਂ ਕਿਹੜੀ ਤਾਰੀਖ਼ ਸਹੀ ਹੋ ਸਕਦੀ ਹੈ।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਵੈੱਬ ਸਾਈਟ ਉੱਪਰ ਇਹ ਤਾਰੀਖ਼ ਵੈਸਾਖ ਵਦੀ ੧, ੫ ਵੈਸਾਖ ਸੰਮਤ ੧੫੬੧ ਬਿਕ੍ਰਮੀ ਦਰਜ ਹੈ, “Sri Guru Angad Dev ji (Bhai Lahna ji) was born in village named Saria Naga (Matte Di Saria) district Muktsar (Punjab) on Vaisakh Vadi 1st (5 Vaisakh) Samvat 1561, March 31, 1504.” (sgpc.net)

ਸਿੱਖ ਇਤਿਹਾਸ ਰਿਸਰਚ ਬੋਰਡ ਵੱਲੋਂ 1965 ਈ: ਵਿੱਚ ਛਾਪੀ ਗਈ ਡਾਇਰੀ ‘ਸਿੱਖ ਬਿਕ੍ਰਮੀ ਕੈਲੰਡਰ 1665-66’ ਵਿੱਚ ਗੁਰੂ ਅੰਗਦ ਦੇਵ ਜੀ ਦੇ ਜਨਮ ਦੀ ਤਾਰੀਖ਼ ‘੫ ਵੈਸਾਖ ੧੫੬੧ ਸੰਮਤ, 31 ਮਾਰਚ 1504 ਈ:’ ਦਰਜ ਹੈ।

ਧਰਮ ਪ੍ਰਚਾਰ ਕਮੇਟੀ ਵੱਲੋਂ ਛਾਪੀ ਗਈ ‘ਖ਼ਾਲਸਾ ਡਾਇਰੀ 1975-76’ ਵਿੱਚ ਗੁਰੂ ਅੰਗਦ ਦੇਵ ਜੀ ਦੇ ਜਨਮ ਦੀ ਤਾਰੀਖ਼, ‘ਵਿਸਾਖ ਵਦੀ ੧, ਵਿਸਾਖ ਪ੍ਰਵਿਸ਼ਟੇ ੫, ਸੰਮਤ ੧੫੬੧ ਬਿ:, 31 ਮਾਰਚ, ਸੰਨ 1504 ਈ: ਦਿਨ ਐਤਵਾਰ’ ਦਰਜ ਹੈ।

ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਗਈ ‘ਸ਼੍ਰੋਮਣੀ ਡਾਇਰੀ 1991’ ਵਿੱਚ ਵੀ ਗੁਰੂ ਜੀ ਦੇ ਜਨਮ ਦੀ ਤਾਰੀਖ਼ ਵਿਸਾਖ ਵਦੀ ੧, ਸੰਮਤ ੧੫੬੧ ਬਿ:/ 31 ਮਾਰਚ ਸੰਨ 1504 ਈ: ਹੀ ਦਰਜ ਹੈ।

‘ਸ਼੍ਰੋਮਣੀ ਡਾਇਰੀ 1992’ ਵਿੱਚ ‘ਵਿਸਾਖ ਸੁਦੀ ੧, ਸੰਮਤ ੧੫੬੧ ਬਿ:, ਮੁਤਾਬਕ 31 ਮਾਰਚ ਸੰਨ 1504 ਈ:’ ਦਰਜ ਹੈ, ਜੋ ਕਿ ਸਹੀ ਨਹੀਂ ਕਿਉਂਕਿ ਜੇ ਵੈਸਾਖ ਸੁਦੀ ੧ ਨੂੰ ਸਹੀ ਮੰਨੀਏ ਤਾਂ ਇਹ 15 ਅਪ੍ਰੈਲ 1504 ਈ: (ਜੂਲੀਅਨ) ਬਣਦੀ ਹੈ ਤੇ ਜੇ 31 ਮਾਰਚ ਸੰਨ 1504 ਈ: ਨੂੰ ਸਹੀ ਮੰਨੀਏ ਤਾਂ ਇਹ ਵੈਸਾਖ ਵਦੀ ੧ (੫ ਵੈਸਾਖ) ਬਣਦੀ ਹੈ, ਨਾ ਕਿ ‘ਵਿਸਾਖ ਸੁਦੀ ੧’।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਗਈ, ਪ੍ਰੋ. ਕਰਤਾਰ ਸਿੰਘ ਦੀ ਕਿਤਾਬ ‘ਸਿੱਖ ਇਤਿਹਾਸ ਭਾਗ 1’ ਵਿੱਚ ਵੀ ਗੁਰੂ ਜੀ ਦੇ ਜਨਮ ਦੀ ਤਾਰੀਖ਼, ‘ਵੈਸਾਖ ਵਦੀ ੧, ੫ ਵੈਸਾਖ ਸੰਮਤ ੧੫੬੧ ਮੁਤਾਬਕ 31 ਮਾਰਚ ਸੰਨ 1504 ਈ:’ ਹੀ ਦਰਜ ਹੈ। (ਪੰਨਾ 114)

ਧਰਮ ਪ੍ਰਚਾਰ ਕਮੇਟੀ ਵੱਲੋਂ ਛਾਪੀ ਜਾਂਦੀ ਧਾਰਮਿਕ ਪ੍ਰੀਖਿਆ ਲਈ ਨਿਰਧਾਰਿਤ ਪੁਸਤਕ ‘ਗੁਰਮਤਿ ਗਿਆਨ ਦਰਜਾ ਪਹਿਲਾ’ ਵਿੱਚ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਗੁਰੂ ਅੰਗਦ ਸਾਹਿਬ ਜੀ ਦੇ ਜਨਮ ਦੀ ਤਾਰੀਖ਼ 31 ਮਾਰਚ 1504 ਈ: ਦਰਜ ਕੀਤੀ ਹੈ।

‘ਸਿੱਖ ਇਤਿਹਾਸ (1469-1765)’ ਵਿੱਚ ਪ੍ਰਿੰ: ਤੇਜਾ ਸਿੰਘ ਅਤੇ ਡਾ: ਗੰਡਾ ਸਿੰਘ ਜੀ (ਅਨੁਵਾਦਕ ਡਾ: ਭਗਤ ਸਿੰਘ) ਲਿਖਦੇ ਹਨ, ‘ਗੁਰੂ ਜੀ ਦਾ ਜਨਮ 31 ਮਾਰਚ 1504 ਈਸਵੀ ਨੂੰ ਹੋਇਆ ਸੀ’।

ਡਾ ਹਰਜਿੰਦਰ ਸਿੰਘ ਦਿਲਗੀਰ ਭੀ 31 ਮਾਰਚ 1504 ਈ: ਲਿਖ ਕੇ ਕਹਿੰਦਾ ਹੈ ਕਿ ‘ਜਿਨ੍ਹਾਂ ਦਿਨਾਂ ਵਿੱਚ ਗੁਰੂ ਨਾਨਕ ਸਾਹਿਬ ਅਜੇ ਸੁਲਤਾਨਪੁਰ ਨਹੀਂ ਗਏ ਬਲਕਿ ਤਲਵੰਡੀ ਵਿੱਚ ਹੀ ਸਨ, ਤਕਰੀਬਨ ਉਸ ਵੇਲੇ ਹੀ ਗੁਰੂ ਅੰਗਦ ਸਾਹਿਬ ਦਾ ਜਨਮ 31 ਮਾਰਚ 1504 ਦੇ ਦਿਨ ਮੱਤੇ ਦੀ ਸਰਾਂ ਵਿੱਚ ਹੋਇਆ’। (ਪੰਨਾ 185)

ਗਿਆਨੀ ਸੋਹਣ ਸਿੰਘ ਸੀਤਲ ਜੀ ਲਿਖਦੇ ਹਨ, ‘ਭਾਈ ਲਹਿਣਾ ਜੀ, ‘ਅੰਗਦ’ ਨਾਮ ਧਾਰਨ ਕਰਕੇ ਸਿੱਖਾਂ ਦੇ ਦੂਸਰੇ ਗੁਰੂ ਬਣੇ। ਆਪ ਜੀ ਦਾ ਜਨਮ ਵਿਸਾਖ ਵਦੀ ੧ (ਪੰਜ ਵਿਸਾਖ) ੧੫੬੧ ਬਿ: (31 ਮਾਰਚ, 1504 ਈ:) ਐਤਵਾਰ ਨੂੰ ਅੰਮ੍ਰਿਤ ਵੇਲੇ ਪਿੰਡ ‘ਮੱਤੇ ਦੀ ਸਰਾਏ’ ਵਿਚ ਹੋਇਆ’। (ਗੁਰ ਇਤਿਹਾਸ ਦਸ ਪਾਤਸ਼ਾਹੀਆਂ, ਪੰਨਾ 65)

ਪ੍ਰੋ: ਸਾਹਿਬ ਸਿੰਘ ਜੀ ਲਿਖਦੇ ਹਨ, ‘੫ ਵੈਸਾਖ ਸੰਮਤ ੧੫੬੧ ਨੂੰ ਇਨ੍ਹਾਂ ਦਾ ਜਨਮ ਹੋਇਆ ਸੀ, ਚੰਦਰਮਾ ਦੀਆਂ ਥਿੱਤਾਂ ਦੇ ਹਿਸਾਬ ਉਸ ਦਿਨ ਵੈਸਾਖ ਵਦੀ ੧ ਸੀ, ਭਾਵ ਹਨੇਰਾ ਪੱਖ ਪੂਰਨਮਾਸ਼ੀ ਤੋਂ ਅਗਲਾ ਦਿਨ। ਈਸਵੀ ਸੰਨ 1504 ਸੀ ਅਤੇ ਮਾਰਚ ਦੀ 31 ਤਾਰੀਖ਼’ (ਪੰਨਾ 12)

“Guru Angad was born at Matte di Sarae in Firozpur district on March 31, 1504” (Hari Ram Gupta, History of the Sikhs, Page 113)

ਪ੍ਰਿੰਸੀਪਲ ਸਤਬੀਰ ਸਿੰਘ ਜੀ ਲਿਖਦੇ ਹਨ, ‘ਇਥੇ ਬਾਬਾ ਫੇਰੂ ਮੱਲ ਜੀ ਦੇ ਘਰ ਤੇ ਮਾਤਾ ਰਾਮੋ ਜੀ ਦੀ ਕੁੱਖੋਂ ਹਰੀਏ ਕੇ ਮੱਤੇ ਕੀ ਸਰਾਂ 31 ਮਾਰਚ 1504 ਨੂੰ ਲਹਿਣਾ ਜੀ ਦਾ ਜਨਮ ਅੰਮ੍ਰਿਤ ਵੇਲੇ ਹੋਇਆ’। (ਕੁਦਰਤੀ ਨੂਰ, ਪੰਨਾ 12) ਨੋਟ : ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਇਹ ੫ ਵੈਸਾਖ, ਵੈਸਾਖ ਵਦੀ ੧, ਸੰਮਤ ੧੫੬੧ ਬਿਕ੍ਰਮੀ ਬਣਦੀ ਹੈ।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਮਾਰਚ 2003 ਈ: ਵਿੱਚ ਨਾਨਕਸ਼ਾਹੀ ਕੈਲੰਡਰ (੫੩੫ ਨਾ: ਸ਼ਾ:) ਲਾਗੂ ਕੀਤਾ ਗਿਆ ਸੀ। ਕੈਲੰਡਰ ਕਮੇਟੀ ਵੱਲੋਂ ਲਏ ਫੈਸਲੇ ਕਿ ‘ਤਿੱਥਾਂ ਨੂੰ ਨਾਨਕਸ਼ਾਹੀ ਕੈਲੰਡਰ ਵਿੱਚ ਬਦਲਣ ਲਈ ਅੰਗਰੇਜ਼ੀ ਤਾਰੀਖ਼ਾਂ ਨੂੰ ਨਹੀਂ ਬਲਕਿ ਪ੍ਰਵਿਸ਼ਟਿਆਂ ਨੂੰ ਮੁੱਖ ਰੱਖਿਆ ਜਾਵੇਗਾ’, ਮੁਤਾਬਕ ਨਾਨਕਸ਼ਾਹੀ ਕੈਲੰਡਰ ਵਿੱਚ ਗੁਰੂ ਅੰਗਦ ਦੇਵ ਜੀ ਦੇ ਜਨਮ ਦਾ ਅਸਲ ਪ੍ਰਵਿਸ਼ਟਾ ੫ ਵੈਸਾਖ ਹੀ ਦਰਜ ਕੀਤਾ ਗਿਆ ਸੀ। ਇਹ ਕੈਲੰਡਰ 7 ਸਾਲ (2003-2010) ਲਾਗੂ ਰਿਹਾ ਸੀ। ਸਮੁੱਚੇ ਪੰਥ ਵੱਲੋਂ ਗੁਰੂ ਅੰਗਦ ਦੇਵ ਜੀ ਦਾ ਜਨਮ ਦਿਹਾੜਾ ਹਰ ਸਾਲ ੫ ਵੈਸਾਖ (18 ਅਪ੍ਰੈਲ) ਨੂੰ ਮਨਾਇਆ ਜਾਂਦਾ ਸੀ, ਪਰ ਮਾਰਚ 2010 ਈ: ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਦੋ ਮੈਂਬਰੀ (ਕੈਲੰਡਰ ਵਿਗਾੜੂ) ਕਮੇਟੀ ਦੀਆਂ ਸਿਫ਼ਾਰਿਸ਼ਾਂ ਨੂੰ ਮੰਨਦੇ ਹੋਏ ਸੂਰਜੀ ਬਿਕ੍ਰਮੀ (ਦ੍ਰਿਕਗਿਣਤ ਸਿਧਾਂਤ) ਕੈਲੰਡਰ ਛਾਪਣਾ ਆਰੰਭ ਕਰ ਦਿੱਤਾ। ਇਸ ਕੈਲੰਡਰ ਦਾ ਆਰੰਭ ਤਾਂ ਭਾਵੇਂ ਹਰ ਸਾਲ ਸੂਰਜੀ ਤਾਰੀਖ਼ ੧ ਚੇਤ ਤੋਂ ਹੀ ਹੁੰਦਾ ਹੈ, ਪਰ ਗੁਰ ਪੁਰਬਾਂ ਦੀਆਂ ਤਾਰੀਖ਼ਾਂ; ਚੰਦ ਦੇ ਕੈਲੰਡਰ (ਵਦੀ/ਸੁਦੀ) ਅਨੁਸਾਰ ਨਿਰਧਾਰਿਤ ਕੀਤੀਆਂ ਜਾਂਦੀਆਂ ਹਨ। ਜਿਸ ਕਾਰਨ ਹਰ ਸਾਲ ਗੁਰੂ ਅੰਗਦ ਸਾਹਿਬ ਜੀ ਦੇ ਜਨਮ ਦਾ ਪ੍ਰਵਿਸ਼ਟਾ ਬਦਲ ਜਾਂਦਾ ਹੈ; ਜਿਵੇਂ ਕਿ ਹੇਠ ਬਣਾਈ ਸਾਰਣੀ ’ਚ ਵੇਖਿਆ ਜਾ ਸਕਦਾ ਹੈ :-

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਵੈੱਬ ਸਾਈਟ, 1965 ਤੋਂ ਛਾਪੀਆਂ ਗਈ ਡਾਇਰੀਆਂ ਅਤੇ 2019 ਈ: ਵਿੱਚ ਛਾਪੀ ਗਈ ਕਿਤਾਬ (ਗੁਰਮਤਿ ਗਿਆਨ ਦਰਜਾ ਪਹਿਲਾ) ਵਿੱਚ ਤਾਂ ਗੁਰੂ ਜੀ ਦੇ ਜਨਮ ਦੀ ਤਾਰੀਖ਼ ਵੈਸਾਖ ਵਦੀ ਏਕਮ, ੫ ਵੈਸਾਖ (31 ਮਾਰਚ) ਹੀ ਦਰਜ ਹੈ।

ਸਵਾਲ ਪੈਦਾ ਹੁੰਦਾ ਹੈ ਕਿ ਵੈਸਾਖ ਵਦੀ ਏਕਮ ਤੋਂ ਬਦਲ ਕੇ ਹੁਣ ਵੈਸਾਖ ਸੁਦੀ ਏਕਮ ਕਿਉਂ ਕੀਤੀ ਗਈ ? ਇਸ ਦਾ ਕਾਰਨ ਇਹ ਹੈ ਕਿ ਵੈਸਾਖ ਸੁਦੀ ਏਕਮ, ਗਿਆਨੀ ਗੁਰਬਚਨ ਸਿੰਘ ਭਿੰਡਰਾਂਵਾਲੇ ਦੁਆਰਾ ਲਿਖਤ ਪੁਸਤਕਾਂ ‘ਗੁਰਮਤਿ ਰਹਿਤ ਮਰਯਾਦਾ’ ਅਤੇ ‘ਗੁਰਬਾਣੀ ਪਾਠ ਦਰਪਣ’ ਵਿੱਚ ਦਰਜ ਹੈ। ਇਸ ਲਈ ਦੋ ਮੈਂਬਰੀ ਕੈਲੰਡਰ ਵਿਗਾੜੂ ਕਮੇਟੀ ਦੇ ਮੈਂਬਰ ਹਰਨਾਮ ਸਿੰਘ ਦੇ ਦਬਾਅ ਹੇਠ ਸ੍ਰੋਮਣੀ ਕਮੇਟੀ ਦੇ ਕੈਲੰਡਰ ’ਚ ਇਹ ਤਾਰੀਖ਼ ਦਰਜ ਕੀਤੀ ਗਈ ਹੈ ਭਾਵੇਂ ਕਿ ਪੜਤਾਲ ਕਰਨ ’ਤੇ ਇਸ ਤਾਰੀਖ਼ ਨੂੰ ਕਿਸੇ ਵੀ ਦਲੀਲ ਨਾਲ ਸਹੀ ਸਿੱਧ ਨਹੀਂ ਕੀਤਾ ਜਾ ਸਕਦਾ। ‘ਗੁਰਮਤਿ ਰਹਿਤ ਮਰਯਾਦਾ’ ਵਿੱਚ ਗੁਰੂ ਜੀ ਦੇ ਜਨਮ ਦੀ ਤਾਰੀਖ਼, ‘੧੫੬੧ ਬਿ:, ਵੈਸਾਖ ਸੁਦੀ ਏਕਮ, ਦਿਨ ਸ਼ਨਿਚਰਵਾਰ 23 ਅਪ੍ਰੈਲ 1504 ਈ:, ਨਛੱਤਰ ਭਰਣੀ’ ਦਰਜ ਹੈ। (ਪੰਨਾ 31)

ਆਪਾਂ ਉੱਪਰ ਵੇਖ ਆਏ ਹਾਂ ਕਿ ਵੈਸਾਖ ਸੁਦੀ ਏਕਮ, ਸੰਮਤ ੧੫੬੧ ਬਿ: ਨੂੰ 15 ਅਪ੍ਰੈਲ (ਜੂਲੀਅਨ) ਦਿਨ ਸੋਮਵਾਰ ਨਛੱਤਰ ਕ੍ਰਿਤਿਕਾ ਬਣਦਾ ਸੀ, ਪਰ ਗੁਰਬਾਣੀ ਪਾਠ ਦਰਪਣ ਵਿੱਚ ਦਿਨ ਸ਼ਨਿਚਰਵਾਰ ਨਛੱਤਰ ਭਰਣੀ, 23 ਅਪ੍ਰੈਲ ਦਰਜ ਹੈ।  ਜੇ 23 ਅਪ੍ਰੈਲ ਨੂੰ ਸਹੀ ਮੰਨਿਆ ਜਾਵੇ ਤਾਂ ਉਸ ਦਿਨ ਮੰਗਲਵਾਰ ਅਤੇ ਨਛੱਤਰ ਮਘਾ ਸੀ, ਨਾ ਕਿ ਭਰਣੀ। ਸੋ ‘ਗੁਰਮਤਿ ਰਹਿਤ ਮਰਯਾਦਾ’ ਵਿੱਚ ਗੁਰੂ ਜੀ ਦੇ ਜਨਮ ਦੀ ਦਰਜ ਤਿਥੀ ਵੈਸਾਖ ਸੁਦੀ ਏਕਮ ਨਾਲ ਲਿਖਿਆ, ਨਾ ਦਿਨ ਸ਼ਨਿਚਰਵਾਰ ਸਹੀ ਹੈ, ਨਾ 23 ਅਪ੍ਰੈਲ ਸਹੀ ਹੈ ਤੇ ਨਾ ਹੀ ਨਛੱਤਰ ਭਰਣੀ ਸਹੀ ਹੈ। ਇਹ ਹੈ ਕੈਲੰਡਰ ਸੋਧ ਕਮੇਟੀ ਦੀ ਯੋਗਤਾ, ਜਿਸ ਨੂੰ ਨਾ ਇਤਿਹਾਸ ਦੀ ਜਾਣਕਾਰੀ ਹੈ, ਨਾ ਕੈਲੰਡਰ ਵਿਗਿਆਨ ਦੀ ਪਤਖ; ਸਿਰਫ ਇਕੋ ਫਾਰਮੂਲਾ ਕਿ ਧੁੰਮੇ ਨੂੰ ਕਿਵੇਂ ਖ਼ੁਸ਼ ਕਰਨਾ ਹੈ !

ਸਾਰੀ ਵਿਚਾਰ ਤੋਂ ਬਾਅਦ ਸਹਿਜੇ ਹੀ ਇਸ ਨਤੀਜੇ ’ਤੇ ਪੁੱਜਿਆ ਜਾ ਸਕਦਾ ਹੈ ਕਿ ਗੁਰੂ ਜੀ ਦੀ ਜਨਮ ਤਾਰੀਖ਼ ਵੈਸਾਖ ਵਦੀ ਏਕਮ, ੫ ਵੈਸਾਖ ਸੰਮਤ ੧੫੬੧ ਬਿ;, 31 ਮਾਰਚ 1504 ਈ: (ਜੂਲੀਅਨ) ਹੀ ਸਹੀ ਹੈ। ਫਿਰ ਸ਼੍ਰੋਮਣੀ ਕਮੇਟੀ ਦੀ ਕੀ ਮਜ਼ਬੂਰੀ ਹੈ ਕਿ ਪ੍ਰਮਾਣਿਕ ਇਹ ਤਾਰੀਖ਼; ਬਿਨਾ ਕਿਸੇ ਦਲੀਲ ਦੇ ਬਦਲ ਕੇ ਵੈਸਾਖ ਸੁਦੀ ਏਕਮ, ੨੦ ਵੈਸਾਖ, 15 ਅਪ੍ਰੈਲ 1504 ਈ: (ਜੂਲੀਅਨ) ਮੰਨ ਲਈ ਗਈ। ਕੀ ਇਸ ਦਾ ਕਾਰਨ ਕੇਵਲ ਹਰਨਾਮ ਸਿੰਘ ਧੁੰਮੇ ਨੂੰ ਖ਼ੁਸ਼ ਕਰਨਾ ਹੈ ? ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਸੂਰਜੀ ਕੈਲੰਡਰ ਛਾਪਿਆ ਜਾਂਦਾ ਹੈ। ਜਿਸ ਮੁਤਾਬਕ ਹਰ ਸਾਲ, ਹਰ ਦਿਹਾੜਾ ਉਸੇ ਪ੍ਰਵਿਸ਼ਟੇ ਨੂੰ ਹੀ ਆਉਂਦਾ ਹੈ; ਜਿਵੇਂ ਵੈਸਾਖੀ ਹਰ ਸਾਲ ੧ ਵੈਸਾਖ ਨੂੰ ਹੀ ਆਉਂਦੀ ਹੈ। ਇਸੇ ਤਰ੍ਹਾਂ ਜੇ ਗੁਰੂ ਅੰਗਦ ਦੇਵ ਜੀ ਦਾ ਜਨਮ ਦਿਹਾੜਾ, ਸ਼੍ਰੋਮਣੀ ਕਮੇਟੀ ਦੀਆਂ ਪੁਸਤਕਾਂ, ਡਾਇਰੀਆਂ ਅਤੇ ਵੈੱਬ ਸਾਈਟ ਉੱਪਰ ਦਰਜ ਪ੍ਰਵਿਸ਼ਟੇ ਅਨੁਸਾਰ ਹਰ ਸਾਲ ‘੫ ਵੈਸਾਖ’ ਨੂੰ ਮਨਾਇਆ ਜਾਵੇ ਤਾਂ ਗੁਰਮਤਿ ਦੇ ਕਿਹੜੇ ਸਿਧਾਂਤ ਦੀ ਅਵੱਗਿਆ ਹੋ ਜਾਣੀ ਹੈ ?