35.5 C
Jalandhar
Sunday, May 17, 2026
spot_img
Home Blog Page 8

ਗਾਵਹਿ ਮੋਹਣੀਆ ਮਨੁ ਮੋਹਨਿ

0

ਗਾਵਹਿ ਮੋਹਣੀਆ ਮਨੁ ਮੋਹਨਿ

ਜਗਤੀਰ ਸਿੰਘ ਜਾਚਕ

ਹਿੰਦੋਸਤਾਨੀ ਵੈਦਿਕ ਦਰਸ਼ਨ ਵਿਖੇ ਵੇਦਾਂ ਤੇ ਖਾਸ ਕਰਕੇ ਪੁਰਾਣਾਂ ਵਿੱਚ ਸਵਰਗੀ ਅਪੱਸ਼ਰਾਂਵਾਂ ਦਾ ਜ਼ਿਕਰ ਹੈ, ਜਿਨ੍ਹਾਂ ਨੂੰ ਅਤਿ ਸੰਦਰ, ਕੰਵਲ ਦੀਆਂ ਪੰਖੜੀਆਂ ਵਰਗੇ ਨੇਤ੍ਰ, ਪਤਲੀ ਕਮਰ, ਉਭਰਵੀਂ ਛਾਤੀ, ਸਰੁਚੀਪੂਰਕ ਤੇ ਸਦਾ ਜਵਾਨ ਰਹਿਣ ਵਾਲੀਆਂ ਮਨਮੋਹਣੀਆਂ ਯੁਵਤੀਆਂ (ਲੜਕੀਆਂ) ਮੰਨਿਆਂ ਜਾਂਦਾ ਹੈ। ‘ਰਿਗ ਵੇਦ’ ਵਿੱਚ ਕੇਵਲ ਸਭ ਤੋਂ ਸੁੰਦਰ ਮੰਨੀ ਜਾਂਦੀ ਇੱਕ ‘ਉਰਵਸ਼ੀ’ ਅਪੱਸ਼ਰਾ ਦਾ ਹੀ ਵਰਣਨ ਹੈ। ਵੈਸੇ ਉਹ ਵਧੇਰੇ ਅਪੱਸ਼ਰਾਵਾਂ ਦੇ ਹੋਣ ਦੀ ਸੰਭਾਵਨਾਂ ਤੋਂ ਇਨਕਾਰੀ ਨਹੀਂ ਜਾਪਦਾ, ਪਰ ਪਿੱਛੋਂ ਜਾ ਕੇ ਪੁਰਾਣਾਂ ਨੇ ਉਨ੍ਹਾਂ ਦੀ ਗਿਣਤੀ ਵਿੱਚ ਹੋਰ ਵਾਧਾ ਕਰ ਦਿੱਤਾ। ਰਮਾਇਣ ਤੇ ਮਹਾਂਭਾਰਤ ਵਿੱਚ ਇਸ ਪੱਖੋਂ ਬੜੀਆਂ ਰੌਚਿਕ ਕਹਾਣੀਆਂ ਹਨ। ਇਹ ਅਪੱਸ਼ਰਾਵਾਂ ਗੰਧਰਬਾਂ (ਦਿਵ੍ਯ-ਸੰਗੀਤਕਾਰ) ਨਾਲ ਮਿਲ ਕੇ ਦੇਵਤਿਆਂ ਦਾ ਮਨੋਰੰਜਨ ਵੀ ਕਰਦੀਆਂ ਹਨ। ਇਨ੍ਹਾਂ ਨੂੰ ਸਵਰਗ ਦੇ ਰਾਜੇ ਇੰਦਰ ਦੀਆਂ ਦਾਸੀਆਂ ਮੰਨਿਆਂ ਗਿਆ ਹੈ, ਜੋ ਉਸ ਦੇ ਦਰਬਾਰ ਵਿੱਚ ਨਾਚ ਕਰਦੀਆਂ ਹਨ ਅਤੇ ਉਹ ਇਨ੍ਹਾਂ ਨੂੰ ਤਪਸਵੀਆਂ ਦੇ ਮਨ ਮੋਹਣ ਲਈ ਮਾਤਲੋਕ ਵੀ ਭੇਜਦਾ ਹੈ। ਇਨ੍ਹਾਂ ਵਿੱਚ ਉਰਵਸ਼ੀ ਤੋਂ ਇਲਾਵਾ ਘ੍ਰਿਤਾਚੀ, ਮੇਨਕਾ, ਰੰਭਾ, ਨੰਦਾ, ਸੁੰਦਰੀ, ਦੰਡਗੌਰੀ, ਗੋਪਾਲੀ, ਚਿਤ੍ਰਸੈਨਾ ਤੇ ਚਿਤ੍ਰਲੇਖਾ ਆਦਿਕ ਨਾਵਾਂ ਦਾ ਵਰਣਨ ਕਰਦਿਆਂ ਲਿਖਿਆ ਹੈ ਕਿ ਇਸ ਪ੍ਰਕਾਰ ਦੀ ਹਜ਼ਾਰਾਂ ਹੋਰ ਹਨ, ਜਿਨ੍ਹਾਂ ਦੀਆਂ ਅੱਖਾਂ ਕਮਲ ਦੀਆਂ ਪਤੀਆਂ ਵਾਂਗ ਹਨ। ਮਧ ਪ੍ਰਦੇਸ਼ ਅੰਦਰਲੇ ਖੁਜਰਾਂਉਂ ਅਤੇ ਬਨਾਰਸ ਆਦਿਕ ਦੇ ਕਈ ਹਿੰਦੂ ਮੰਦਰਾਂ ਦੀਆਂ ਦੀਵਾਰਾਂ ਉੱਤੇ ਉਪਰੋਕਤ ਅਪੱਸ਼ਰਾਵਾਂ ਦੇ ਚਿਤ੍ਰ ਅਤੇ ਮੂਰਤੀਆਂ ਵੀ ਵੇਖੀਆਂ ਜਾ ਸਕਦੀਆਂ ਹਨ।

ਕਥਿਤ ਦਸਮ ਗ੍ਰੰਥ (ਬਚਿਤ੍ਰ ਨਾਟਕ) ਨੂੰ ਵੀ ਉਪਰੋਕਤ ਪੱਖੋਂ ਵਿਚਾਰਿਆ ਜਾ ਸਕਦਾ ਹੈ, ਜਿਸ ਨੂੰ ਕੁਝ ਭੁਲੇਖਾ-ਪਾਊ ਰਚਨਾਵਾਂ ਕਾਰਨ ਸਿੱਖ ਸਾਹਿਤ ਦਾ ਅੰਗ ਮੰਨ ਲਿਆ ਗਿਆ ਹੈ। ਉਸ ਵਿਚਲੇ ਚ੍ਰਤਿਰੋਪਾਖਿਆਨ ਦੇ ਪ੍ਰਸੰਗ ਤਾਂ ਛੱਡੋ, (ਕਿਉਂਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਨ੍ਹਾਂ ਨੂੰ ਦਸਮਗ੍ਰੰਥ ਦਾ ਹਿੱਸਾ ਨਹੀਂ ਮੰਨਿਆ ਅਤੇ (ਸੰਤ ਬਾਬਾ) ਬਲਵਿੰਦਰ ਸਿੰਘ ਜੀ ਦੁਆਰਾ (ਬਾਬਾ) ਈਸ਼ਰ ਸਿੰਘ ਜੀ ਦੀ ਯਾਦ ਨੂੰ ਸਮਰਪਤ ਤਿਆਰ ਕੀਤੇ ‘ਈਸ਼ਰ ਮਾਈਕ੍ਰੋਮੀਡੀਆ’ ਐਪ ਵਿੱਚ ਵੀ ਉਸ ਭਾਗ ਦੀ ਅਸਲੀਲਤਾ ਦੇ ਕਾਰਨ ਅਰਥ ਨਹੀਂ ਕੀਤੇ ਗਏ) ਜੇ ਉਸ ਵਿੱਚੋਂ ਕੇਵਲ ‘ਰਾਮਾਵਤਾਰ’, ‘ਕ੍ਰਿਸ਼ਨਾਵਤਾਰ’ ਤੇ ‘ਹਕਾਇਤਾਂ’ ਅੰਦਰਲੇ ਸ਼ਿੰਗਾਰ-ਰਸ ਨੂੰ ਹੀ ਗੰਭੀਰਤਾ ਸਹਿਤ ਵਾਚ ਲਿਆ ਜਾਵੇ ਤਾਂ ਰਮਾਇਣ ਤੇ ਮਹਾਂਭਾਰਤ ਵਰਗੇ ਪੌਰਾਣਿਕ ਗ੍ਰੰਥ ਵੀ ਇਸਤ੍ਰੀ ਸੁੰਦਰਤਾ ਦੇ ਅਲੰਕਾਰਾਂ ਪੱਖੋਂ ਪਿੱਛੇ ਰਹਿ ਜਾਂਦੇ ਹਨ। ਕਥਿਤ ਦਸਮ ਗ੍ਰੰਥ ਦੀ ਪ੍ਰਚਲਿਤ ਬੀੜ ਦੇ ਅੰਤ ਵਿੱਚ ਫ਼ਾਰਸੀ ਭਾਸ਼ਾ ਦੀ 12ਵੀਂ ਹਕਾਇਤ ਹੈ, ਉਹ ‘ਈਸ਼ਰ ਮਾਈਕ੍ਰੋਮੀਡੀਏ’ ਦੇ ਅਰਥਾਂ ਸਮੇਤ ਪਾਠਕਾਂ ਦੀ ਕਚਿਹਰੀ ਵਿੱਚ ਪੇਸ਼ ਹੈ :

ਸ਼ੁਨੀਦਮ ਸੁਖ਼ਨ ਕੋਹ ਕੈਬਰ ਅਜ਼ੀਮ ॥ ਕਿ ਅਫ਼ਗਾਂ ਯਕੇ ਬੂਦ ਓ ਜਾ ਰਹੀਮ ॥3॥

ਅਰਥ : ਮੈਂ ਸੁਣਿਆ ਕਿ ਉਥੇ ਰਹੀਮ ਨਾਂ ਦਾ ਇਕ ਅਫ਼ਗਾਨ ਰਹਿੰਦਾ ਸੀ। ਉਸ ਦੇ ਘਰ ਚੰਦ੍ਰਮਾ ਵਰਗੀ ਸੁੰਦਰ ਇਸਤ੍ਰੀ ਸੀ।

ਯਕੇ ਬਾਨੂਏ ਬੂਦ ਓ ਹਮ ਚੁ ਮਾਹ ॥ ਕੁਨਦ ਦੀਦਨ ਸ਼ਰਿਸ਼ਤ ਗ਼ਰਦਨ ਜ਼ਿ ਸ਼ਾਹ ॥4॥

ਅਰਥ : ਉਸ ਨੂੰ ਵੇਖ ਕੇ ਬਾਦਸ਼ਾਹਾਂ ਦੀਆਂ ਵੀ ਗਰਦਨਾਂ ਝੁਕ ਜਾਂਦੀਆਂ ਸਨ। ਉਸ ਦੇ ਦੋਵੇਂ ਭਰਵੱਟੇ ਬਰਖਾ ਰੁੱਤ ਦੇ (ਕਾਲੇ) ਬਦਲਾਂ ਵਾਂਗ ਸਨ।

ਦੋ ਅਬਰੂ ਚੁ ਅਬਰੇ ਬਹਾਰਾਂ ਕੁਨਦ ॥ ਬਮਿਯਗਾਂ ਚੁ ਤੀਰ ਬਾਰਾਂ ਕੁਨਦ ॥5॥

ਅਰਥ : ਅਤੇ ਪਲਕਾਂ ਵਿਚੋਂ ਨੈਣਾਂ ਦੇ ਤੀਰਾਂ ਦੀ ਬਰਖਾ ਹੋ ਰਹੀ ਸੀ। ਉਹ ਇਕ ਦੂਜੇ ਨੂੰ ਬਹੁਤ ਪਿਆਰ ਕਰਦੇ ਸਨ।

ਰੁਖ਼ੇ ਚੂੰ ਖ਼ਲਾਸੀ ਦਿਹਦ ਮਾਹਿ ਰਾਂ ॥ ਬਹਾਰੇ ਗੁਲਿਸਤਾਂ ਦਿਹਦ ਸ਼ਾਹਿ ਰਾਂ ॥6॥

ਅਰਥ : (ਉਹਦਾ ਚਿਹਰਾ) ਬਾਦਸ਼ਾਹਾਂ ਦੇ ਮੁਖੜਿਆਂ ਨੂੰ ਬਸੰਤ ਵਾਂਗ ਖਿੜਾ ਦਿੰਦਾ ਸੀ, (ਕਿਉਂਕਿ) ਉਸ ਇਸਤ੍ਰੀ ਦੇ ਭਰਵੱਟੇ ਕਮਾਨ ਦੇ ਸਮਾਨ ਸਨ।

ਇਸਲਾਮ ਵਿੱਚ ਵੀ ਇਸੇ ਤਰਜ਼ ’ਤੇ ਹੀ ਜੱਨਤ (ਬਹਿਸ਼ਤ) ਦੀਆਂ ਨਿਆਮਤਾਂ ਵਜੋਂ ਗ਼ਿਲਮਾ ਤੇ ‘ਹੂਰਾਂ’ ਦੀ ਮਨੌਤ ਹੈ। ਹਦੀਸ ਤ੍ਰਿਮਜ਼ੀ ਦੇ ਖੰਡ 2, ਪੰਨਾ 35 ਤੋਂ 40 ਤਕ ਹੂਰਾਂ ਦੀ ਸੁੰਦਰਤਾ ਦਾ ਵਰਣਨ ਹੈ। ਜਿਵੇਂ ‘ਹੂਰ’ ਇੱਕ ਅਤਿਅੰਤ ਸੁੰਦਰ ਜੁਆਨ ਇਸਤ੍ਰੀ ਹੁੰਦੀ ਹੈ, ਜਿਸ ਦਾ ਸਰੀਰ ਪਾਰਦਰਸ਼ੀ ਹੁੰਦਾ ਹੈ। ਉਸ ਦਾ ਰੰਗ ਸਫੇਦ ਅਤੇ ਉਹ ਸਧਾਰਣ ਇਸਤ੍ਰੀਆਂ ਵਾਲੀਆਂ ਕਮੀਆਂ ਤੋਂ ਰਹਿਤ ਹੁੰਦੀ ਹੈ। ਜਿਵੇਂ ਮਾਸਕ ਧਰਮ, ਮਲ ਮੂਤ੍ਰ ਵਿਸਰਜਨ ਤੇ ਗਰਭਧਾਰਣ ਆਦਿ ਵਿਕਾਰਾਂ ਤੋਂ ਮੁਕਤ ਹੁੰਦੀ ਹੈ। ਉਸ ਦੇ ਓਰੋਜ ਉੱਨਤ, ਗੋਲ ਅਤੇ ਵੱਡੇ ਹੁੰਦੇ ਹਨ, ਜਿਹੜੇ ਝੁਕੇ ਨਹੀਂ ਹੁੰਦੇ। ਜਦੋਂ ਉਹ ਜੱਨਤ ਵਾਲੇ ਆਪਣੇ ਮਹਲਾਂ ’ਚੋਂ ਧਰਤੀ ਵੱਲ ਝਾਕਦੀ ਹੈ ਤਾਂ ਐਸਾ ਸਾਰਾ ਰਸਤਾ ਸੁਗੰਧਿਤ ਤੇ ਪ੍ਰਕਾਸ਼ਮਾਨ ਹੋ ਜਾਂਦਾ ਹੈ। ਇਹੀ ਕਾਰਨ ਸੀ ਕਿ ਮੌਲਾਨਾ ਇਕਬਾਲ ਨੂੰ ਕਹਿਣਾ ਪਿਆ ਕਿ ਜ਼ਾਹਿਦ ਲੋਕ ਇਸਲਾਮ-ਮਤ ਧਾਰਨ ਦੇ ਬਦਲੇ ਵਿੱਚ ਬਹਿਸ਼ਤ, ਹੂਰਾਂ ਤੇ ਉਨ੍ਹਾਂ ਦੀ ਸੇਵਾ ਲਈ ਗ਼ਿਲਮਾ ਆਦਿਕ ਦੇ ਮਿਲਣ ਦੀ ਜੋ ਚਰਚਾ ਕਰਦੇ ਹਨ, ਉਹ ਮੈਂ ਨਹੀਂ ਮੰਨਦਾ; ਇਹ ਗੱਲਾਂ ਈਮਾਨ ਨੂੰ ਕਮਜ਼ੋਰ ਕਰਦੀਆਂ ਹਨ :

ਬਹਿਸ਼ਤੋ, ਹੂਰੋ, ਗ਼ਿਲਮਾ ਇਵਜ਼ਿ ਤਾਇਤ, ਮੈਂ ਨਾ ਮਾਨੂੰਗਾ,

ਇਨ੍ਹੀਂ ਬਾਤੋਂ ਸੇ, ਐ ਜ਼ਾਹਿਦ  ! ਜ਼ਈਫ਼ ਇਮਾਂ ਹੋਤਾ ਹੈ ।

ਇਸੇ ਲਈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਹੇ ਅਕਾਲ ਪੁਰਖ  ! ਪੰਡਿਤ ਤੇ ਮਹਾਂਰਿਖੀ. ਜੋ ਵੇਦਾਂ ਨੂੰ ਪੜ੍ਹਦੇ ਹਨ। ਵੇਦਾਂ ਸਣੇ ਤੈਨੂੰ ਗਾ ਰਹੇ ਹਨ। ਅਪੱਸ਼ਰਾਂ ਤੇ ਹੂਰਾਂ ਵਰਗੀਆਂ ਸੁੰਦਰ ਇਸਤ੍ਰੀਆਂ, ਜਿਨ੍ਹਾਂ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਸੁਰਗ, ਮਾਤ-ਲੋਕ ਤੇ ਪਾਤਾਲ ਵਿਚ ਹਰ ਥਾਂ ਮਨੁੱਖ ਦੇ ਮਨ ਨੂੰ ਮੋਹ ਲੈਂਦੀਆਂ ਹਨ, ਉਹ ਵੀ ਤੈਨੂੰ ਹੀ ਗਾ ਰਹੀਆਂ ਹਨ ਭਾਵ ਇਹ ਵੀ ਰੱਬੀ ਹੁਕਮ ਅੰਦਰ ਉਸ ਦੀ ਸੁੰਦਰਤਾ ਤੇ ਮਨਮੋਹਣਾ-ਪਨ ਪ੍ਰਗਟਾਅ ਰਹੀਆਂ ਹਨ :

ਗਾਵਨਿ ਪੰਡਿਤ ਪੜਨਿ ਰਖੀਸਰ (ਰਖੀਸੁਰ); ਜੁਗੁ ਜੁਗੁ ਵੇਦਾ ਨਾਲੇ

ਗਾਵਹਿ ਮੋਹਣੀਆ ਮਨੁ ਮੋਹਨਿ; ਸੁਰਗਾ ਮਛ ਪਇਆਲੇ

ਕਾਰਨ ਹੈ ਕਿ ਇੱਕ ਤਾਂ ‘‘ਸਬਦਿ ਰਤੀ ਸੋਹਾਗਣੀ; ਸਤਿਗੁਰ ਕੈ ਭਾਇ ਪਿਆਰਿ ਸਦਾ ਰਾਵੇ ਪਿਰੁ ਆਪਣਾ; ਸਚੈ ਪ੍ਰੇਮਿ ਪਿਆਰਿ ਅਤਿ ਸੁਆਲਿਓ ਸੁੰਦਰੀ, ਸੋਭਾਵੰਤੀ ਨਾਰਿ ਨਾਨਕ  ! ਨਾਮਿ ਸੋਹਾਗਣੀ, ਮੇਲੀ ਮੇਲਣਹਾਰਿ ’’ ਗੁਰਵਾਕ ਮੁਤਾਬਕ ਗੁਰੂ ਦ੍ਰਿਸ਼ਟੀ ਵਿੱਚ ਅਤੀ ਸੁੰਦਰ, ਸੋਹਣੀ ਤੇ ਸੋਭਾਵੰਤੀ ਜੀਵ-ਇਸਤ੍ਰੀ ਉਹ ਹੈ, ਜਿਹੜੀ ਗੁਰੂ ਦੇ ਸ਼ਬਦ ਦੀ ਰਾਹੀਂ ਸਤਿਗੁਰੂ ਦੇ ਪ੍ਰੇਮ-ਪਿਆਰ ਵਿਚ ਸਦਾ ਆਪਣੇ ਹਰੀ-ਖਸਮ ਦੀ ਯਾਦ ਦਾ ਆਨੰਦ ਮਾਣਦੀ ਹੈ। ਜਿਸ ਗੁਰਮੁਖ ਨੂੰ ਅੰਮ੍ਰਿਤ-ਨਾਮ ਵਿਚ ਜੁੜੀ ਹੋਣ ਕਰਕੇ ਮੇਲਣਹਾਰ ਹਰੀ ਨੇ ਆਪਣੇ ਵਿਚ ਮਿਲਾ ਕੇ ਸਦਾ ਦਾ ਸੁਹਾਗ ਬਖ਼ਸ਼ ਦਿੱਤਾ ਹੁੰਦਾ ਹੈ। ਦੂਜੇ, ‘‘ਭਲਾ ਭਲਾ ਭਲਾ ਤੇਰਾ ਰੂਪ ਅਤਿ ਸੁੰਦਰ ਅਪਾਰ ਅਨੂਪ ’’ (ਪੰਨਾ 534);  ‘‘ਅੰਮ੍ਰਿਤਾ ਪ੍ਰਿਅ ਬਚਨ ਤੁਹਾਰੇ ਅਤਿ ਸੁੰਦਰ, ਮਨਮੋਹਨ ਪਿਆਰੇ; ਸਭ ਹੂ ਮਧਿ ਨਿਰਾਰੇ ’’( ਪੰਨਾ 534) ਅਤੇ ‘‘ਸੁੰਦਰੁ, ਸੁਘੜੁ, ਸੁਜਾਣੁ ਬੇਤਾ; ਗੁਣ ਗੋਵਿੰਦ ਅਮੁਲਿਆ ’’ (ਪੰਨਾ 928) ਆਦਿਕ ਗੁਰਵਾਕਾਂ ਦੇ ਚਾਨਣ ਵਿੱਚ ਜਦੋਂ ‘‘ਗਾਵਹਿ ਮੋਹਣੀਆ ਮਨੁ ਮੋਹਨਿ; ਸੁਰਗਾ ਮਛ ਪਇਆਲੇ ’’ ਗੁਰਵਾਕ ਨੂੰ ਵਿਚਾਰਦੇ ਹਾਂ ਤਾਂ ਗੁਰੂ ਦ੍ਰਿਸ਼ਟੀ ਤੋਂ ਇਹੀ ਜਾਪਦਾ ਹੈ ਕਿ ਸੁਰਗ, ਮਾਤਲੋਕ ਤੇ ਪਾਤਾਲ ਦੀਆਂ ਮਨਮੋਹਣੀਆਂ ਦੀ ਸੁੰਦਰਤਾ ਦੁਆਰਾ ਰੱਬੀ ਸੁੰਦਰਤਾ ਦਾ ਹੀ ਪ੍ਰਗਟਾਵਾ ਹੁੰਦਾ ਹੈ। ਕਾਰਨ ਹੈ ਕਿ ਕਿਸੇ ਵੀ ਮਨਮੋਹਣੀ ਔਰਤ ਦੀ ਸੁੰਦਰਤਾ ਦੇ ਮਿਆਰ ਪੱਖੋਂ ਕੇਵਲ ਉਹਦੀ ਸਰੀਰਕ ਬਣਤਰ ਤੇ ਰੰਗ-ਰੂਪ ਹੀ ਨਹੀਂ ਪਰਖੇ ਜਾਂਦੇ; ਸਗੋਂ ਉਸ ਦੇ ਬੋਲਣ ਦਾ ਅੰਦਾਜ਼, ਮਿਠਾਸ, ਸਿਆਣਪ ਅਤੇ ਉਸ ਦੀ ਚਾਲ (ਤੋਰ) ਆਦਿਕ ਹੋਰ ਵੀ ਕਈ ਗੁਣ ਸ਼ਾਮਲ ਹੁੰਦੇ ਹਨ, ਜਿਹੜੇ ਬਾਣੀਕਾਰ ਗੁਰੂ ਸਾਹਿਬਾਨ ਤੇ ਭਗਤ-ਜਨਾਂ ਨੇ ਰੱਬੀ ਸੁੰਦਰਤਾ ਵਿੱਚ ਸ਼ੁਮਾਰ ਕੀਤੇ ਹਨ।

ਸ਼ਾਇਦ ਇਸੇ ਲਈ ਸ੍ਰੀ ਗੁਰੂ ਨਾਨਕ ਪਾਤਿਸ਼ਾਹ ਜੀ ਮਹਾਰਾਜ ਅਕਾਲ-ਪੁਰਖ ਸਾਹਿਬ ਜੀ ਦੇ ਸਰਗੁਣ ਸਰੂਪ ਨੂੰ ਤਕ ਕੇ ਉਸ ਨੂੰ ਸੰਬੋਧਤ ਹੋ ਕੇ ਕਹਿੰਦੇ ਹਨ : ਹੇ ਸਰਬ-ਵਿਆਪਕ ਸਿਰਜਣਹਾਰ  ! ਜਗਤ ਦੀ ਸਾਰੀ ਸੁੰਦਰਤਾ, ਤੂੰ ਆਪਣੇ ਸੁੰਦਰ-ਸਰੂਪ ਤੋਂ ਹੀ ਰਚੀ ਹੈ। ਤੂੰ ਉਹ ਉਹ ਇਸਤ੍ਰੀ ਮਰਦ ਪੈਦਾ ਕੀਤੇ ਹਨ, ਜਿਨ੍ਹਾਂ ਦੇ ਨੈਣ, ਦੰਦ, ਨੱਕ, ਕੇਸ ਆਦਿਕ ਸਾਰੇ ਹੀ ਅੰਗ ਮਹਾਨ ਸੁੰਦਰ ਹਨ। ਉਹਨਾਂ ਵਿਚ, ਹੇ ਪ੍ਰਭੂ  ! ਤੂੰ ਆਪ ਹੀ ਬੈਠਾ ਜੀਵਨ-ਜੋਤਿ ਜਗਾ ਰਿਹਾ ਹੈਂ। ਸੋ ਇਸ ਲਈ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ, ਜੇ ਮੈਂ ਆਖਾਂ ਕਿ ਹੇ ਪ੍ਰਭੂ  ! ਤੇਰੇ ਨੈਣ ਬਾਂਕੇ ਹਨ, ਤੇਰੇ ਦੰਦ ਸੋਹਣੇ ਹਨ, ਤੇਰਾ ਨੱਕ ਸੋਹਣਾ ਹੈ, ਤੇਰੇ ਸੋਹਣੇ ਲੰਮੇ ਕੇਸ ਹਨ, ਜਿਨ੍ਹਾਂ ਦੇ ਸੋਹਣੇ ਨੱਕ ਹਨ, ਜਿਨ੍ਹਾਂ ਦੇ ਸੋਹਣੇ ਲੰਮੇ ਕੇਸ ਹਨ; ਇਹ ਭੀ, ਹੇ ਪ੍ਰਭੂ  ! ਤੇਰੇ ਹੀ ਨੱਕ, ਤੇਰੇ ਹੀ ਕੇਸ ਹਨ। ਹੇ ਪ੍ਰਭੂ  ! ਤੇਰਾ ਸਰੀਰ ਸੋਨੇ ਵਰਗਾ ਸੁੱਧ ਅਰੋਗ ਹੈ ਤੇ ਸੁਡੌਲ ਹੈ, ਮਾਨੋ ਸੋਨੇ ਵਿਚ ਹੀ ਢਲਿਆ ਹੋਇਆ ਹੈ। ਇਹੀ ਕਾਰਨ ਹੈ ਕਿ ਮੈਂ ਸਤਿਸੰਗੀ ਸਹੇਲੀਆਂ ਨੂੰ ਆਖਦਾ ਹਾਂ ਕਿ ਹੇ ਸਤਸੰਗੀ ਸੱਜਣੋ  ! ਤੁਸੀਂ ਉਸ ਪਰਮਾਤਮਾ ਦੇ ਨਾਮ ਦੀ ਮਾਲਾ ਜਪੋ (ਭਾਵ, ਉਸ ਪਰਮਾਤਮਾ ਦਾ ਨਾਮ ਮੁੜ ਮੁੜ ਜਪੋ) ਜਿਸ ਦਾ ਸਰੀਰ ਅਰੋਗ ਤੇ ਸੁਡੌਲ ਹੈ, ਮਾਨੋ ਸੋਨੇ ਵਿਚ ਢਲਿਆ ਹੋਇਆ ਹੈ :

ਤੇਰੇ ਬੰਕੇ ਲੋਇਣ, ਦੰਤ ਰੀਸਾਲਾ ਸੋਹਣੇ ਨਕ ਜਿਨ ਲੰਮੜੇ ਵਾਲਾ                                                               

ਕੰਚਨ ਕਾਇਆ, ਸੁਇਨੇ ਕੀ ਢਾਲਾ ਸੋਵੰਨ ਢਾਲਾ, ਕ੍ਰਿਸਨ ਮਾਲਾ; ਜਪਹੁ ਤੁਸੀ ਸਹੇਲੀਹੋ   (ਪੰਨਾ 567)

ਸਤਿਗੁਰੂ ਜੀ ਰੱਬੀ ਸੁੰਦਰਤਾ ਦੇ ਪ੍ਰਕਾਸ਼ ਦਾ ਪ੍ਰਗਟਾਵਾ ਕਰਦੇ ਹੋਏ ਇੱਥੇ ਹੀ ਨਹੀਂ ਰੁਕਦੇ, ਉਹ ਕਹਿੰਦੇ ਹਨ ਕਿ ਕਿਤੇ ਮਿੱਠੀ ਵੈਰਾਗ-ਭਰੀ ਸੁਰ ਵਿਚ ਕੋਇਲਾਂ ਕੂਕ ਰਹੀਆਂ ਹਨ। ਕਿਤੇ ਚੰਚਲ ਜਵਾਨੀ ਦੇ ਮਦ-ਭਰੀਆਂ ਸੁੰਦਰੀਆਂ ਹਨ, ਜੋ ਮਸਤ ਹਾਥੀ ਵਾਂਗ ਬੜੀ ਮਟਕ ਨਾਲ ਤੁਰਦੀਆਂ ਹਨ। ਹੇ ਪ੍ਰਭੂ  ! ਇਹ ਕੋਇਲ ਦੀ ਮਿੱਠੀ ਬੋਲੀ ਤੇ ਚੰਚਲ ਜਵਾਨੀ ਦਾ ਮਦ, ਸਭ ਕੁਝ ਤੂੰ ਆਪ ਹੀ ਪੈਦਾ ਕੀਤਾ ਹੈ। ਇਸ ਲਈ ਮੈਂ ਆਖਦਾ ਹਾਂ ਕਿ ਹੇ ਪ੍ਰਭੂ  ! ਤੇਰੀ ਮਸਤ ਚਾਲ ਮਨ ਨੂੰ ਸੁਖ ਦੇਣ ਵਾਲੀ ਹੈ, ਤੇਰੀ ਬੋਲੀ ਸੋਹਣੀ ਮਿੱਠੀ ਮਿੱਠੀ ਹੈ। ਤੇਰੀਆਂ ਹੀ ਪੈਦਾ ਕੀਤੀਆਂ ਕੋਇਲਾਂ ਮਿੱਠੀ ਵੈਰਾਗ-ਭਰੀ ਸੁਰ ਵਿਚ ਕੂਕ ਰਹੀਆਂ ਹਨ, ਤੇਰੀਆਂ ਹੀ ਪੈਦਾ ਕੀਤੀਆਂ ਚੰਚਲ ਜਵਾਨੀ ਦੇ ਮਦ-ਭਰੀਆਂ ਸੁੰਦਰੀਆਂ ਹਨ :

ਤੇਰੀ ਚਾਲ ਸੁਹਾਵੀ, ਮਧੁਰਾੜੀ ਬਾਣੀ ਕੁਹਕਨਿ ਕੋਕਿਲਾ, ਤਰਲ ਜੁਆਣੀ

ਤਰਲਾ ਜੁਆਣੀ, ਆਪਿ ਭਾਣੀ; ਇਛ ਮਨ ਕੀ ਪੂਰੀਏ

ਸਾਰੰਗ ਜਿਉ ਪਗੁ ਧਰੈ ਠਿਮਿ ਠਿਮਿ; ਆਪਿ ਆਪੁ ਸੰਧੂਰਏ (ਪੰਨਾ 567)

ਉਪਰੋਕਤ ਸਾਰੇ ਕਥਨ ਦਾ ਭਾਵ ਹੈ ਕਿ ਦਿਸ਼੍ਰਟਮਾਨ ਜਗਤ ਦੀ ਚੰਚਲ ਜੁਆਨੀ ਪ੍ਰਭੂ ਨੇ ਆਪ ਹੀ ਪੈਦਾ ਕੀਤੀ ਹੈ। ਉਸ ਨੂੰ ਆਪ ਹੀ ਇਸ ਦਾ ਪੈਦਾ ਕਰਨਾ ਚੰਗਾ ਲੱਗਾ ਹੈ। ਇਸ ਖ਼ਿਆਲ ਨੂੰ ਇਉਂ ਵੀ ਆਖਿਆ ਜਾ ਸਕਦਾ ਹੈ ਕਿ ਸੁੰਦਰਤਾ ਦੇ ਮੁਜਸਮੇ ਪ੍ਰਭੂ ਜੀ ਨੇ ਆਪਣੇ ਹੀ ਮਨ ਦੀ ਇੱਛਾ ਪੂਰੀ ਕੀਤੀ ਹੈ, ਕਿਉਂਕਿ ਸ੍ਰਿਸ਼ਟੀ ਦੇ ਵਾਧੇ ਅਤੇ ਸੰਤਾਨ ਉਤਪਤੀ ਹਿਤ ਨਰ ਤੇ ਮਦੀਨ ਦੀ ਪਰਸਪਰ ਸਰੀਰਕ ਖਿਚ ਲੋੜੀਂਦੀ ਸੀ। ਚੰਚਲ ਜਵਾਨੀ ਵਾਲੀ ਮਦਮੱਤੀ ਸੁੰਦਰੀ ਵਿਚ ਬੈਠ ਕੇ ਪ੍ਰਭੂ ਆਪ ਹੀ ਮਸਤ ਹਾਥੀ ਵਾਂਗ ਬੜੀ ਮਟਕ ਚਾਲ ਨਾਲ ਪੈਰ ਧਰਦਾ ਹੈ। ਉਹ ਆਪ ਹੀ ਆਪਣੇ ਆਪ ਨੂੰ ਜਵਾਨੀ ਦੇ ਮਦ ਵਿਚ ਮਸਤ ਕਰ ਰਿਹਾ ਹੈ। ਇਸ ਲਈ ਗੁਰੂ ਸਾਹਿਬ ਉਪਰੋਕਤ ਪ੍ਰਸੰਗ ਦੇ ਅੰਤ ਵਿੱਚ ਕਹਿੰਦੇ ਹਨ ਕਿ ‘‘ਸ੍ਰੀਰੰਗ ਰਾਤੀ, ਫਿਰੈ ਮਾਤੀ; ਉਦਕੁ ਗੰਗਾ ਵਾਣੀ ’’ (ਪੰਨਾ 567) ਭਾਵ ਪ੍ਰਭੂ ਜੀ ਦੀ ਆਪਣੀ ਹੀ ਕਿਰਪਾ ਨਾਲ ਕੋਈ ਵਡਭਾਗਣ ਜੀਵ-ਇਸਤ੍ਰੀ ਉਸ ਲੱਛਮੀ-ਪਤੀ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ, ਉਸ ਦੇ ਨਾਮ ਵਿਚ ਮਸਤ ਫਿਰਦੀ ਹੈ। ਉਹ ਤਾਂ ਪ੍ਰਭੂ-ਪਤੀ ਦੀਆਂ ਸਿਫ਼ਤਾਂ ਗਾਉਂਦੀ ਹੋਈ ਪੁੱਛਦੀ ਹੈ ‘‘ਮੇਰੋ ਸੁੰਦਰੁ, ਕਹਹੁ  ! ਮਿਲੈ ਕਿਤੁ ਗਲੀ ਹਰਿ ਕੇ ਸੰਤ ! ਬਤਾਵਹੁ ਮਾਰਗੁ; ਹਮ ਪੀਛੈ ਲਾਗਿ ਚਲੀ ’’ (ਪੰਨਾ 527) ਉਸ ਦਾ ਜੀਵਨ ਇਉਂ ਪਵਿਤ੍ਰ ਹੋ ਜਾਂਦਾ ਹੈ, ਜਿਵੇਂ ਗੰਗਾ ਦਾ ਪਾਣੀ, ਕਿਉਂਕਿ ਸਰੀਰਕ ਰੰਗ-ਰੂਪ ਦੀ ਸੁੰਦਰਤਾ ਤੇ ਜੁਆਨੀ ਦੀ ਚੰਚਲਤਾ ਉਸ ਦੀ ਦਿਸ਼੍ਰਟੀ ਨੂੰ ਵਿਕਾਰੀ ਨਹੀਂ ਬਣਨ ਦਿੰਦੀ ਸਗੋਂ ਅਜਿਹਾ ਦ੍ਰਿਸ਼, ਉਸ ਨੂੰ ਰੱਬੀ ਸੁੰਦਰਤਾ ਦਾ ਐਸਾ ਝਲਕਾਰਾ ਮਾਰਦਾ ਹੈ, ਜਿਹੜਾ ਉਸ ਨੂੰ ਵਿਸਮਾਦਤ ਕਰ ਦਿੰਦਾ ਹੈ। ਹੋਸ਼ ਪਰਤਣ ’ਤੇ ਪੁੱਛੋ ਤਾਂ ਉਹ ਕਹਿੰਦਾ ਹੈ : ਹੇ ਭਾਈ  ! ਉਸ ਬੇਅੰਤ ਹਰੀ ਦਾ ਦਰਸਨ ਕਰ ਕੇ ਮੈਂ ਹੈਰਾਨ ਪਈ ਹੁੰਦੀ ਹਾਂ। ਹੇ ਭਾਈ  ! ਉਹ ਮੇਰਾ ਸੋਹਣਾ ਮਾਲਕ ਹੈ, ਮੈਂ ਉਸ ਦੇ ਸੋਹਣੇ ਚਰਨਾਂ ਦੀ ਧੂੜ ਹਾਂ :

ਹਉ ਬਿਸਮੁ ਭਈ, ਜੀ  ! ਹਰਿ ਦਰਸਨੁ ਦੇਖਿ ਅਪਾਰਾ

ਮੇਰਾ ਸੁੰਦਰੁ ਸੁਆਮੀ, ਜੀ ! ਹਉ ਚਰਨ ਕਮਲ ਪਗ ਛਾਰਾ (ਪੰਨਾ 784)

ਰੱਬੀ ਸੁੰਦਰਤਾ ਤੇ ਮਨਮੋਹਣਤਾ ਪੱਖੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ‘ਗਾਥਾ’ ਨਾਮਕ ਬਾਣੀ ਵਿੱਚ ਸ੍ਰੀ ਗੁਰੂ ਅਰਜਨ ਸਾਹਿਬ ਜੀ ਕਮਾਲ ਦੇ ਵਿਸਮਾਦੀ ਤੇ ਅਲੰਕਾਰੀ ਗੁਰਵਾਕ ਹਨ, ਜਿਨ੍ਹਾਂ ਰਾਹੀਂ ਸਤਿਗੁਰੂ ਜੀ ਕਿਸੇ ਸਤਿਸੰਗਣ ਸਹੇਲੀ ਨੂੰ ਸੰਬੋਧਤ ਹੋ ਕੇ ਕਹਿੰਦੇ ਹਨ ਕਿ ਹੇ ਸਹੇਲੀਏ  ! ਸੁਪਨੇ ਵਿਚ ਪ੍ਰਭੂ-ਪਤੀ ਨੂੰ ਵੇਖ ਕੇ ਮੈਂ ਉੱਠ ਖਲੋਤੀ, ਪਰ ਮੈਂ ਉਸ ਦਾ ਪੱਲਾ ਨਾਹ ਫੜ ਸਕੀ; ਕਿਉਂਕਿ ਉਸ ਸੋਹਣੇ ਦਗ-ਦਗ ਕਰਦੇ ਪ੍ਰਭੂ-ਪਤੀ ਨੂੰ ਵੇਖ ਕੇ ਮੇਰਾ ਮਨ ਠੱਗਿਆ ਗਿਆ ਭਾਵ ਮੋਹਿਆ ਗਿਆ। ਇਸ ਲਈ ਮੈਂ ਉਸ ਦਾ ਪੱਲਾ ਤਾਂ ਕੀ ਫੜਣਾ ਸੀ, ਮੈਨੂੰ ਆਪਣੇ ਆਪ ਦੀ ਹੀ ਸੁਰਤਿ ਨਾ ਰਹੀ :

ਸੁਪਨੈ ਊਭੀ ਭਈ; ਗਹਿਓ ਕੀ ਅੰਚਲਾ

ਸੁੰਦਰ ਪੁਰਖ ਬਿਰਾਜਿਤ; ਪੇਖਿ ਮਨੁ ਬੰਚਲਾ (ਪੰਨਾ 534)

ਇਸੇ ਲਈ ਗੁਰਦੇਵ ਜੀ ਨੇ ਜਿਵੇਂ ਸੂਰਮਿਆਂ ਨੂੰ ਸੂਰਮਗਤੀ ਦੀ ਆਕੜ ਤੋਂ ਬਚਾਉਣ ਲਈ ਉਪਰੋਕਤ ਬਚਨ ਕੀਤਾ ਹੈ ‘‘ਅਤਿ ਸੂਰਾ, ਜੇ ਕੋਊ ਕਹਾਵੈ ਪ੍ਰਭ ਕੀ ਕਲਾ ਬਿਨਾ, ਕਹ ਧਾਵੈ  ?’’ (ਪੰਨਾ 282) ਤਿਵੇਂ ਹੀ ਮਨੁੱਖ ਨੂੰ ਸੁੰਦਰਤਾ ਦੀ ਹਉਮੈ ਤੋਂ ਬਚਾਉਣ ਲਈ ਵੀ ਹਜ਼ੂਰ ਨੇ ਚੇਤਾਵਨੀ ਭਰਪੂਰ ਬਚਨ ਕੀਤੇ ਹਨ ਕਿ ਕੋਈ ਵੀ ਮਨੁੱਖ ਰੂਪਵੰਤ ਅਥਵਾ ਸੁੰਦਰ ਸਰੂਪ ਹੋਵੇ ਤਾਂ ਉਹ ਮਾਣ ਨਾ ਕਰ ਬੈਠੇ, ਕਿਉਂਕਿ ਸਾਰਿਆਂ ਅੰਦਰ ਰੱਬੀ-ਜੋਤਿ ਹੀ ਸ਼ੋਭਦੀ ਹੈ। ਸੁੰਦਰਤਾ ਦੀ ਚਮਕ-ਦਮਕ ਵੀ ਉਸੇ ਕਰਕੇ ਹੈ। ਗੁਰਵਾਕ ਹੈ ‘‘ਰੂਪਵੰਤੁ ਹੋਇ, ਨਾਹੀ ਮੋਹੈ ਪ੍ਰਭ ਕੀ ਜੋਤਿ, ਸਗਲ ਘਟ ਸੋਹੈ ’’ (ਪੰਨਾ 282) ਇਹੀ ਕਾਰਨ ਹੈ ਕਿ ਜਦੋਂ ਕਿਸੇ ਪ੍ਰਾਣੀ ਵਿੱਚੋਂ ਉਹ ਆਪਣੀ ਜੋਤਿ ਖਿਚ ਲੈਂਦਾ ਹੈ, ਉਹ ਸੁੰਦਰ ਸਰੂਪ ਵਿਅਕਤੀ ਢਹਿ ਢੇਰੀ ਹੋਣ ’ਤੇ ਡਰਾਉਣਾ ਦਿੱਸਣ ਲੱਗਦਾ ਹੈ। ਇਸ ਪੱਖੋਂ ਸਤਿਗੁਰਾਂ ਦਾ ਨਿਰਣੈ-ਜਨਕ ਗੁਰਵਾਕ ਹੈ :

ਜੋ ਜਾਨੈ, ਮੈ ਜੋਬਨਵੰਤੁ ਸੋ ਹੋਵਤ ਬਿਸਟਾ ਕਾ ਜੰਤੁ (ਪੰਨਾ 278)

ਸੋ ਉਪਰੋਕਤ ਵੀਚਾਰ ਦੇ ਪਰਿਪੇਖ ਵਿੱਚ ਜਪੁ-ਜੀ ਦੇ ਵਿਚਾਰਧੀਨ ਬੰਦ ਦੀਆਂ ਪਾਵਨ ਤੁਕਾਂ ‘‘ਗਾਵਨਿ ਪੰਡਿਤ ਪੜਨਿ ਰਖੀਸਰ; ਜੁਗੁ ਜੁਗੁ ਵੇਦਾ ਨਾਲੇ ਗਾਵਹਿ ਮੋਹਣੀਆ ਮਨੁ ਮੋਹਨਿ; ਸੁਰਗਾ ਮਛ ਪਇਆਲੇ ’’ ਦਾ ਸਾਰੰਸ਼ ਇਹੀ ਹੈ ਕਿ ਵਿਦਵਾਨ ਪੰਡਿਤ ਤੇ ਮਹਾਂਰਿਖੀ, ਜੋ ਵੇਦਾਂ ਨੂੰ ਪੜ੍ਹਦੇ ਹਨ। ਵੇਦਾਂ ਸਣੇ ਉਹ ਪ੍ਰਭੂ ਜੀ ਦੀ ਉਸਤਤੀ ਗਾ ਰਹੇ ਹਨ, ਕਿਉਂਕਿ ਉਨ੍ਹਾਂ ਦੀਆਂ ਬਿਖਮ ਵਿਚਾਰਾਂ ’ਚੋਂ ਵੀ ਰੱਬੀ ਬਿਬੇਕਤਾ, ਚਾਤਰੁਤਾ ਤੇ ਸੁਜਾਨਤਾ ਹੀ ਪ੍ਰਗਟ ਹੁੰਦੀ ਹੈ। ‘‘ਆਪਿ ਬਿਬੇਕੁ, ਆਪਿ ਸਭੁ ਬੇਤਾ (ਜਾਣੂ);  ਆਪੇ ਗੁਰਮੁਖਿ ਭੰਜਨੁ ’’  ਅਤੇ ‘‘ਇਕ ਥੈ ਪੜਿ ਬੁਝੈ ਸਭੁ ਆਪੇ, ਇਕ ਥੈ ਆਪੇ ਕਰੇ ਇਆਣੇ ’’ (ਪੰਨਾ 552) ਆਦਿਕ ਗੁਰਵਾਕ, ਜਿਨ੍ਹਾਂ ਨੂੰ ਰੱਬੀ ਸੁੰਦਰਤਾ ਦੇ ਅਮੋਲਕ ਗੁਣਾਂ ਲਈ ਪ੍ਰਮਾਣਾਂ ਵਜੋਂ ਪਹਿਲਾਂ ਵੀ ਲਿਖਿਆ ਜਾ ਚੁੱਕਾ ਹੈ, ਉਹ ਸਾਰੇ ਇਸ ਹਕੀਕਤ ਨੂੰ ਹੀ ਪ੍ਰਗਟਾਉਂਦੇ ਹਨ। ਅਪੱਸ਼ਰਾਂ ਤੇ ਹੂਰਾਂ ਵਰਗੀਆਂ ਸੁੰਦਰ ਇਸਤ੍ਰੀਆਂ, ਜਿਨ੍ਹਾਂ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਸੁਰਗ, ਮਾਤ-ਲੋਕ ਤੇ ਪਾਤਾਲ ਵਿਚ ਹਰ ਥਾਂ ਮਨੁੱਖ ਦੇ ਮਨ ਨੂੰ ਮੋਹ ਲੈਂਦੀਆਂ ਹਨ, ਉਹ ਵੀ ਅਕਾਲ-ਪੁਰਖ ਨੂੰ ਗਾ ਰਹੀਆਂ ਹਨ; ਕਿਉਂਕਿ ਉਨ੍ਹਾਂ ਦੁਆਰਾ ਵੀ ਰੱਬੀ ਸੁੰਦਰਤਾ ਤੇ ਉਸ ਦੇ ਮਨਮੋਹਣੇ ਹੋਣ ਦਾ ਵਿਸਮਾਦੀ ਪ੍ਰਗਟਾਵਾ ਹੋ ਰਿਹਾ ਹੈ ।

ਇਸੇ ਲਈ ਹਜ਼ੂਰ ਨੇ ‘ਸੁਖਮਨੀ ਸਾਹਿਬ’ ਵਿਚ ਮਨੁੱਖ ਨੂੰ ਸੁਚੇਤ ਕਰਦਿਆਂ ਬਚਨ ਕੀਤਾ ਕਿ ਰੂਪ ਵਾਲਾ ਹੋ ਕੇ ਕੋਈ ਪ੍ਰਾਣੀ ਆਪਣੀ ਸੁੰਦਰਤਾ ’ਤੇ ਮੋਹਿਤ ਨਾ ਹੋਵੇ ਭਾਵ ਮਾਣ ਨਾ ਕਰੇ; ਕਿਉਂਕਿ ਸਾਰੇ ਸਰੀਰਾਂ ਵਿੱਚ ਉਸ ਪ੍ਰਭੂ ਜੀ ਦੀ ਹੀ ਜੋਤਿ ਸ਼ੋਭਨੀਕ ਹੈ, ਜਿਸ ਦੀ ਅਤਿ ਅਨੂਪਮ ਸੁੰਦਰਤਾ ਦਾ ਕੋਈ ਪਾਰਾਵਾਰ ਨਹੀਂ। ਪਾਵਨ ਗੁਰਵਾਕ ਹਨ :

ਰੂਪਵੰਤੁ ਹੋਇ ਨਾਹੀ ਮੋਹੈ ਪ੍ਰਭ ਕੀ ਜੋਤਿ ਸਗਲ ਘਟ ਸੋਹੈ (ਪੰਨਾ 282)

ਭਲਾ ਭਲਾ ਭਲਾ ਤੇਰਾ ਰੂਪ ਅਤਿ ਸੁੰਦਰ ਅਪਾਰ ਅਨੂਪ (ਪੰਨਾ 279)

ਪੋਹ ਦਾ ਮਹੀਨਾ

0

ਪੋਹ ਦਾ ਮਹੀਨਾ

ਰਣਜੀਤ ਸਿੰਘ, B.Sc., M.A., M.Ed. ਸਟੇਟ ਤੇ ਨੈਸ਼ਨਲ ਅਵਾਰਡੀ,

ਹੈਡਮਾਸਟਰ (ਸੇਵਾ ਮੁਕਤ)-99155-15436

ਹਰ ਸਾਲ ਜਦੋਂ ਪੋਹ ਦਾ ਮਹੀਨਾ ਚੜ੍ਹਦਾ ਹੈ ਤਾਂ ਮਨ ਵਿੱਚ ਜਿੱਥੇ ਬੀਰ ਰਸ ਪੈਦਾ ਹੁੰਦਾ, ਉੱਥੇ ਮਨ ਉਦਾਸੀ ਵਿੱਚ ਵੀ ਗਵਾਚ ਜਾਂਦਾ ਹੈ। ਜਿਸ ਚਾਅ ਤੇ ਮਲ੍ਹਾਰ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ (ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ) ਚਮਕੌਰ ਦੀ ਗੜ੍ਹੀ ਵਿੱਚ ਲੜ ਕੇ ਸ਼ਹਾਦਤ ਦਾ ਜਾਮ ਪੀ ਗਏ। ਇਹ ਦੁਨੀਆਂ ਦੇ ਇਤਿਹਾਸ ਦੀ ਇੱਕ ਵਿਲੱਖਣ ਘਟਨਾ ਹੈ। ਇਸ ਘਟਨਾ ਤੋਂ 4-5 ਦਿਨ ਬਾਅਦ ਜਿਸ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਸਰਹੰਦ ਵਿਖੇ ਸ਼ਹੀਦ ਕੀਤਾ ਗਿਆ, ਇਹ ਵੀ ਸੰਸਾਰ ਭਰ ਦੇ ਇਤਿਹਾਸ ਦੀ ਇੱਕੋ ਇੱਕ ਵਿਲੱਖਣ ਮਿਸਾਲ ਹੈ। ਜ਼ਰਾ ਉਸ ਇਤਿਹਾਸ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਲਿਆ ਕੇ ਮਹਿਸੂਸ ਕਰੀਏ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਦੇ ਪਰਵਾਰ ਦੇ ਪੰਜ ਮੈਂਬਰ ਇੱਕ ਹਫਤੇ ਵਿੱਚ ਹੀ ਸ਼ਹੀਦ ਹੋ ਗਏ। ਗੁਰੂ ਸਾਹਿਬ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ, ਉਸ ਦੇ ਅੱਗੇ ਸੀਸ ਹੀ ਨਿਵਾਇਆ ਹੈ। ਇਸ ਦੇ ਨਾਲ ਹੀ ਅਨੰਦਪੁਰ ਸਾਹਿਬ ਦੀ ਆਖਰੀ ਲੜਾਈ ਵਿੱਚ, ਸਰਸਾ ਨਦੀ ਪਾਰ ਕਰਨ ਸਮੇਂ ਅਤੇ ਚਮਕੌਰ ਦੀ ਗੜ੍ਹੀ ਵਿੱਚ ਜੂਝਦੇ ਹੋਏ 40 ਹੋਰ ਸਿੰਘ ਵੀ ਸ਼ਹਾਦਤ ਦਾ ਜਾਮ ਪੀ ਗਏ ਅਤੇ ਇਤਿਹਾਸ ਵਿੱਚ ਹਮੇਸ਼ਾਂ ਲਈ ਅਮਰ ਹੋ ਗਏ।

ਮੁਸਲਿਮ ਅਲੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਹਬੀਬ ਦਾ ਕਹਿਣਾ ਬਿਲਕੁਲ ਦਰੁਸਤ ਹੈ ਕਿ ਸਿੱਖਾਂ ਨੇ ਇਤਿਹਾਸ ਬਣਾਇਆ ਜ਼ਰੂਰ ਹੈ, ਪਰ ਇਸ ਦੀ ਸੰਭਾਲ ਨਹੀਂ ਕੀਤੀ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਲੱਗਭਗ 60-70 ਸਾਲਾਂ ਦਾ ਸਮਾਂ ਐਸਾ ਸੀ ਕਿ ਸਿੱਖਾਂ ਦਾ ਟਿਕਾਣਾ ਜੰਗਲਾਂ ਬੀਆਬਾਨਾਂ ਵਿੱਚ ਸੀ ਤੇ ਉਹਨਾਂ ਦੇ ਘਰ ਘੋੜੇ ਦੀਆਂ ਕਾਠੀਆਂ ਸਨ, ਉਸ ਸਮੇਂ ਸਿੱਖਾਂ ਲਈ ਆਪਣੀ ਹੋਂਦ ਬਰਕਰਾਰ ਰੱਖਣੀ ਵੀ ਬਹੁਤ ਵੱਡੀ ਪ੍ਰਾਪਤੀ ਸੀ। ਇਤਿਹਾਸ ਨੂੰ ਸੰਭਾਲਣਾ ਤਾਂ ਉਸ ਵੇਲੇ ਦੂਰ ਦੀ ਗੱਲ ਸੀ। ਇਤਿਹਾਸ ਖੋਜ ਦਾ ਵਿਸ਼ਾ ਹੁੰਦਾ ਹੈ। ਜਿਵੇਂ ਜਿਵੇਂ ਇਤਿਹਾਸ ਦੀਆਂ ਪਰਤਾਂ ਨੂੰ ਫਰੋਲੀਏ ਤਾਂ ਬਹੁਤ ਸਾਰੇ ਨਵੇਂ ਤੱਥ ਸਾਹਮਣੇ ਪ੍ਰਗਟ ਹੁੰਦੇ ਹਨ। ਵੱਡੇ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਹੀ ਅਸੀਂ ਹੁਣ ਤੱਕ ਇਹ ਸੁਣਦੇ ਆ ਰਹੇ ਹਾਂ ਕਿ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਗਏ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਵਿਖੇ ਨੀਹਾਂ ਵਿੱਚ ਖੜ੍ਹੇ ਕਰਕੇ ਸ਼ਹੀਦ ਕਰ ਦਿੱਤਾ ਗਿਆ। ਸਮੇਂ ਦੇ ਨਾਲ ਨਾਲ ਨਵੀਨ ਖੋਜ ਕਰਕੇ ਇਤਿਹਾਸਕਾਰਾਂ ਨੇ ਇਹਨਾਂ ਸਾਕਿਆਂ ਦੀਆਂ ਗੁੰਝਲਾ ਖੋਲ੍ਹੀਆਂ ਹਨ ਅਤੇ ਅਸਲ ਤੱਤ ਸਾਡੇ ਸਾਹਮਣੇ ਰੱਖੇ ਹਨ।

ਅਨੰਦਪੁਰ ਸਾਹਿਬ ਦੇ ਘੇਰੇ ਨੂੰ ਜਦੋਂ ਲੰਮਾ ਸਮਾ ਹੋ ਗਿਆ ਤੇ ਰਸਦ ਪਾਣੀ ਦੀ ਤੋਟ ਹੋ ਗਈ ਤਾਂ ਕਿਲ੍ਹੇ ਦੇ ਅੰਦਰ ਸਿੰਘਾਂ ਦੀ ਹਾਲਤ ਦਿਨੋ ਦਿਨ ਨਾਜ਼ੁਕ ਹੋਣ ਲੱਗੀ। ਦੂਜੇ ਪਾਸੇ ਦੁਸ਼ਮਣ ਫੌਜ ਵੀ ਅੱਕੀ ਪਈ ਸੀ। ਇਸ ਲਈ ਪਹਾੜੀ ਰਾਜੇ ਤੇ ਮੁਸਲਿਮ ਫੌਜ ਨੇ ਅਨੰਦਪੁਰ ਦਾ ਕਿਲ੍ਹਾ ਖਾਲੀ ਕਰਨ ਲਈ ਸੰਦੇਸ਼ ਭੇਜਿਆ ਅਤੇ ਕਿਹਾ ਕਿ ਤੁਹਾਡੀਆਂ ਫੌਜਾਂ ਨੂੰ ਸੁਰੱਖਿਅਤ ਲੰਘਣ ਦਿੱਤਾ ਜਾਵੇਗਾ। ਇਸ ਮਕਸਦ ਲਈ ਉਹਨਾਂ ਨੇ ਕੁਰਾਨ ਅਤੇ ਗਊ ਦੀਆਂ ਕਸਮਾਂ ਵਾਲਾ ਇੱਕ ਪੱਤਰ ਵੀ ਕਿਲ੍ਹੇ ਅੰਦਰ ਭੇਜਿਆ। ਗੁਰੂ ਸਾਹਿਬ ਇਸ ਨੂੰ ਦੁਸ਼ਮਣ ਦੀ ਚਾਲ ਸਮਝਦੇ ਸਨ, ਪਰ ਬਹੁਤ ਸਾਰੇ ਸਿੱਖਾਂ ਦੇ ਕਹਿਣ ’ਤੇ ਗੁਰੂ ਸਾਹਿਬ ਨੇ ਕਿਲ੍ਹਾ ਖਾਲੀ ਕਰਨ ਦਾ ਮਨ ਬਣਾ ਲਿਆ। ਜਦੋਂ ਗੁਰੂ ਸਾਹਿਬ ਅਤੇ ਸਿੱਖਾਂ ਨੇ ਕਿਲ੍ਹਾ ਖਾਲੀ ਕੀਤਾ ਤਾਂ ਉਹਨਾਂ ਦਾ ਸ਼ੱਕ ਠੀਕ ਹੀ ਨਿੱਕਲਿਆ। ਦੁਸ਼ਮਣ ਫੌਜਾਂ ਨੇ ਅਚਨਚੇਤ ਹਮਲਾ ਕਰ ਦਿੱਤਾ। ਇਸ ਹਫੜਾ ਦਫੜੀ ਵਿੱਚ ਸਿੱਖ ਸਿਪਾਹੀ ਖਿੰਡ ਪੁੰਡ ਗਏ। ਸਰਸਾ ਨਦੀ ਪਾਰ ਕਰਨ ਤੋਂ ਬਾਅਦ ਗੁਰੂ ਸਾਹਿਬ ਦਾ ਪਰਵਾਰ ਤਿੰਨੇ ਹਿੱਸਿਆਂ ਵਿੱਚ ਵੰਡਿਆ ਗਿਆ। ਬਹੁਤ ਸਾਰੇ ਸਿੰਘ ਸਰਸਾ ਨਦੀ ਵਿੱਚ ਹੀ ਸ਼ਹੀਦ ਹੋ ਗਏ। ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵਾ ਆਪਣੇ ਕੁਝ ਕੁ ਸੇਵਾਦਾਰਾਂ ਨਾਲ ਦਿੱਲੀ ਵੱਲ ਚਲੇ ਗਏ। ਮਾਤਾ ਗੁਜਰੀ ਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਬ੍ਰਾਹਮਣ ਆਪਣੇ ਘਰ ਖੇੜੀ ਪਿੰਡ ਲੈ ਗਿਆ। ਗੁਰੂ ਸਾਹਿਬ, ਵੱਡੇ ਸਾਹਿਬਜ਼ਾਦੇ ਤੇ ਕੁੱਝ ਹੋਰ ਸਿੰਘ ਰੋਪੜ ਵੱਲ ਨੂੰ ਚੱਲ ਪਏ। ਗੁਰੂ ਸਾਹਿਬ ਪਿੰਡ ਕੋਟਲੇ ਦੇ ਨਿਹੰਗ ਖਾਨ ਦੇ ਕਿਲ੍ਹੇ ਵਿੱਚ ਚਾਲੀ ਸਿੰਘਾਂ ਸਮੇਤ ਆ ਗਏ। ਇੱਥੇ ਭਾਈ ਬਚਿੱਤਰ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਨਿਹੰਗ ਖਾਨ ਦੇ ਸਪੁਰਦ ਕਰਕੇ ਆਪ ਚਮਕੌਰ ਸਾਹਿਬ ਵੱਲ ਚੱਲ ਪਏ। ਮੁਗਲ ਫੌਜਾਂ ਵੀ ਆਪ ਦਾ ਪਿੱਛਾ ਕਰਦੀਆਂ ਆ ਰਹੀਆਂ ਸਨ। ਚਮਕੌਰ ਵਿੱਚ ਗੁਰੂ ਸਾਹਿਬ ਨੇ ਇੱਕ ਜਿੰਮੀਦਾਰ ਬੁੱਧੀ ਚੰਦ ਦੀ ਹਵੇਲੀ ਵਿੱਚ ਡੇਰਾ ਜਮਾ ਲਿਆ ਅਤੇ ਆਪਣੇ ਸੀਮਤ ਸਾਧਨਾ ਨਾਲ ਇਸ ਹਵੇਲੀ ਨੂੰ ਇੱਕ ਗੜ੍ਹੀ ਦਾ ਰੂਪ ਦੇ ਦਿੱਤਾ। ਇਹ ਹਵੇਲੀ ਇੱਕ ਉੱਚੇ ਟਿੱਬੇ ’ਤੇ ਬਣੀ ਹੋਈ ਸੀ। ਜਿਸ ਕਰਕੇ ਗੁਰੂ ਸਾਹਿਬ ਨੇ ਮੁੱਠੀ ਭਰ ਯੋਧਿਆਂ ਨਾਲ ਪਹਾੜੀ ਰਾਜਿਆਂ ਤੇ ਮੁਗਲ ਫੌਜਾਂ ਨਾਲ ਡੱਟ ਕੇ ਮੁਕਾਬਲਾ ਕੀਤਾ। ਇਸ ਤਰ੍ਹਾਂ 22 ਦਸੰਬਰ 1704 ਨੂੰ ਸੰਸਾਰ ਦਾ ਇੱਕ ਅਨੋਖਾ ਜੰਗ ਸ਼ੁਰੂ ਹੋਇਆ। ਇੱਕ ਪਾਸੇ ਭੁੱਖਣ ਭਾਣੇ 40 ਸਿੰਘ ਤੇ ਦੂਜੇ ਪਾਸੇ ਕੁੱਲ ਮਿਲਾ ਕੇ 10 ਲੱਖ ਫੌਜੀ ਸੀ। ਜਿਹੜੇ ਸੂਰਮੇ ਇਸ ਜੰਗ ਵਿੱਚ ਬਹਾਦਰੀ ਨਾਲ ਲੜੇ ਤੇ ਸ਼ਹੀਦ ਹੋਏ, ਉਹਨਾਂ ਵਿੱਚ ਦੋਵੇਂ ਵੱਡੇ ਸਾਹਿਬਜ਼ਾਦੇ (ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ) ਵੀ ਸ਼ਾਮਲ ਸਨ। ਬਾਬਾ ਅਜੀਤ ਸਿੰਘ ਚੜ੍ਹਦੀ ਜਵਾਨੀ ਵਿੱਚ ਇਕ ਵਿਲੱਖਣ ਸੂਰਮਾ ਸੀ। ਪਿਤਾ ਗੁਰੂ ਤੋਂ ਆਗਿਆ ਲੈ ਕੇ 17 ਸਾਲ ਦੀ ਉਮਰ ਦਾ ਇਹ ਗੱਭਰੂ ਅਨੇਕਾਂ ਹੀ ਦੁਸ਼ਮਣ ਫੌਜੀਆਂ ਨੂੰ ਮਾਰਨ ਉਪਰੰਤ ਸ਼ਹੀਦੀ ਦਾ ਜਾਮ ਪੀ ਗਿਆ। ਗੁਰੂ ਸਾਹਿਬ ਦਾ ਦੂਜਾ ਸਾਹਿਬਜ਼ਾਦਾ ਜੁਝਾਰ ਸਿੰਘ, ਜਿਸ ਦੀ ਉਮਰ ਕੇਵਲ 15 ਸਾਲ ਦੀ ਸੀ, ਵੀ ਪਿਤਾ ਗੁਰੂ ਤੋਂ ਆਗਿਆ ਲੈ ਕੇ ਜੰਗ ਦੇ ਮੈਦਾਨ ਵਿੱਚ ਤੁੱਟ ਪਿਆ। ਬਹਾਦਰੀ ਨਾਲ ਲੜਦਾ ਹੋਇਆ ਕਈਆਂ ਨੂੰ ਮੌਤ ਦੇ ਘਾਟ ਉਤਾਰ ਕੇ ਸ਼ਹੀਦੀ ਦਾ ਜਾਮ ਪੀ ਗਿਆ। ਗੁਰੂ ਸਾਹਿਬ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਦੋਵੇਂ ਸਪੁੱਤਰ ਸ਼ਹੀਦ ਹੁੰਦੇ ਦੇਖ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਇਸੇ ਲਈ ਯੋਗੀ ਅੱਲਾ ਯਾਰ ਖਾਨ ਲਿਖਦਾ ਹੈ ਕਿ ਜੇ ਹਿੰਦੋਸਤਾਨ ਵਿੱਚ ਕੋਈ ਤੀਰਥ ਹੈ ਤਾਂ ਉਹ ਚਮਕੌਰ ਹੈ, ਜਿੱਥੇ ਬਾਪ ਨੇ ਧਰਮ ਖਾਤਰ ਬੱਚਿਆਂ ਦੇ ਸੀਸ ਕਟਵਾਏ।

ਉਹ ਲਿਖਦਾ ਹੈ – ਬੱਸ, ਏਕ ਹਿੰਦ ਮੇ ਤੀਰਥ ਹੈ, ਯਾਤਰਾ ਕੇ ਲੀਏ।

                               ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲੀਏ।

ਉਹ ਇਸ ਧਰਤੀ ਨੂੰ ਸਿਜਦਾ ਕਰਦਾ ਹੋਇਆ ਲਿਖਦਾ ਹੈ – ਚਮਕੌਰ ਦੀ ਮਿੱਟੀ ਤੇਰੇ ਵਿੱਚ ਇਹ ਚਮਕ ਕਿੱਥੋਂ ਆ ਗਈ। ਉਹ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਦੀ ਚੰਦ ਨਾਲ ਤੁਲਨਾ ਕਰਦੇ ਹੋਏ ਲਿਖਦੇ ਹਨ ਕਿ ਅਸਮਾਨ ਵਿੱਚ ਇੱਕ ਚੰਦਰਮਾ ਹੈ, ਪਰ ਚਮਕੌਰ ਦੀ ਧਰਤੀ ਉਪਰ ਦੋ ਚੰਦਰਮਾ ਇੱਕ ਸਮੇਂ ਚਮਕਦੇ ਹਨ ਉਹ ਹਨ ‘ਅਜੀਤ ਸਿੰਘ ਤੇ ਜੁਝਾਰ ਸਿੰਘ’।

          ਗੁਰੂ ਗੋਬਿੰਦ ਕੇ ਲਖਤਿ-ਜਿਗਰ ਅਜੀਤ ਜੁਝਾਰ। ਫਲਕ ਪਿ ਇਕ ਯਹਾਂ ਦੋ ਚਾਂਦ ਜਿਯਾ ਕੇ ਲਿਯੇ।

          ਯੋਗੀ ਜੀ ਖਾਲਸੇ ਦੀ ਇਸ ਚਮਕੌਰ ਦੀ ਧਰਤੀ ਨੂੰ ਇਸਲਾਮ ਦੇ ਸਭ ਤੋਂ ਪਵਿੱਤਰ ਅਸਥਾਨ ਕਾਅਬੇ ਨਾਲ ਤੁਲਨਾ ਕਰਦੇ ਹਨ। ਉਹ ਲਿਖਦੇ ਹਨ –

          ਭਟਕਤੇ ਫਿਰਤੇ ਹੋ ਕਿਉਂ  ? ਹਜ ਕਰੇ ਯਹਾਂ ਆ ਕਰ, ਯਹ ਕਾਬਾ ਪਾਸ ਹੈ ਹਰ ਇਕ ਖਾਲਸਾ ਕੇ ਲਿਯੇ।

          ਇਸ ਤਰ੍ਹਾਂ ਯੋਗੀ ਜੀ ਚਮਕੌਰ ਦੀ ਧਰਤੀ ਨੂੰ ਗੰਜਿ-ਸ਼ਹੀਦਾਂ ਲਿਖਦੇ ਹਨ ਭਾਵ ਉਹ ਥਾਂ ਜਿੱਥੇ ਵੱਡੀ ਗਿਣਤੀ ਵਿੱਚ ਸ਼ਹਾਦਤਾਂ ਹੋਈਆਂ ਹੋਣ। ਫਰਿਸ਼ਤੇ ਵੀ ਐਸੀ ਧਰਤੀ ਦੀ ਖਾਕ ਨੂੰ ਲੋਚਦੇ ਹਨ। ਉਹ ਲਿਖਦੇ ਹਨ :

          ਮਿਜ਼ਾਰ ਗੰਜ ਸ਼ਹੀਦਾਂ ਹੈ, ਉਨ ਸ਼ਹੀਦੋਂ ਕਾ। ਫਰਿਸ਼ਤੇ ਜਿਨ ਕੀ ਤਰਸਤੇ ਬੇ ਖਾਕਿ-ਪਾ ਕੇ ਲਿਯੇ।

          ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਤੋਂ ਕੂਚ ਕੀਤਾ ਤਾਂ ਦੋਵੇਂ ਛੋਟੇ ਸਾਹਿਬਜ਼ਾਦੇ, ਜਿਨ੍ਹਾਂ ਦੀ ਉਮਰ 7 ਤੋਂ 9 ਸਾਲ ਦੀ ਸੀ ਆਪਣੀ ਦਾਦੀ ਮਾਂ ਗੁਜਰੀ ਦੀ ਸੰਭਾਲ ਵਿੱਚ ਪਲੇ ਸਨ। ਅਨੰਦਪੁਰ ਛੱਡਣ ਵੇਲੇ ਮਾਤਾ ਗੁਜਰੀ ਜੀ ਨੇ ਹੀ ਬੱਚਿਆਂ ਦੀ ਦੇਖਭਾਲ ਖੁਦ ਸੰਭਾਲੀ ਸੀ। ਜਦੋਂ ਇਹ ਕਾਫ਼ਲਾ ਥੋੜ੍ਹੀ ਦੂਰ ਹੀ ਪੁੱਜਾ ਤਾਂ ਰਾਹ ਵਿੱਚ ਸਰਸਾ ਨਦੀ ਪਾਰ ਕਰਨੀ ਪਈ। ਇਸ ਦੌਰਾਨ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਗੁਰੂ ਜੀ ਦੇ ਸੰਗ-ਸਾਥ ਤੋਂ ਵਿੱਛੜ ਗਏ। ਨਦੀ ਪਾਰ ਕਰਨ ਤੋਂ ਬਾਅਦ ਜਦੋਂ ਮਾਤਾ ਜੀ ਤੇ ਸਾਹਿਬਜ਼ਾਦੇ ਜਾ ਰਹੇ ਸਨ ਤਾਂ ਉਹਨਾਂ ਦੀ ਨਜ਼ਰ ਗੰਗੂ ਰਸੋਈਏ ’ਤੇ ਪਈ। ਗੰਗੂ ਨੇ ਜਦੋਂ ਮਾਤਾ ਜੀ ਤੇ ਬੱਚਿਆਂ ਨੂੰ ਦੇਖਿਆ ਤਾਂ ਉਹ ਉਹਨਾਂ ਨੂੰ ਪਿੰਡ ਸਹੇੜੀ ਆਪਣੇ ਘਰ ਲੈ ਗਿਆ। ਜਦੋਂ ਗੰਗੂ ਨੂੰ ਇਹ ਪਤਾ ਲੱਗਾ ਕਿ ਮਾਤਾ ਜੀ ਕੋਲ ਸੋਨੇ ਦੀਆਂ ਮੋਹਰਾਂ ਤੇ ਗਹਿਣਿਆਂ ਦੀ ਭਰੀ ਹੋਈ ਖੁਰਜੀ ਹੈ ਤਾਂ ਉਸ ਦਾ ਮਨ ਬੇਈਮਾਨ ਹੋ ਗਿਆ, ਉਹ ਇਸ ਤਾਕ ਵਿੱਚ ਰਿਹਾ ਕਿ ਕਦੋਂ ਮਾਤਾ ਜੀ ਸੌਣ ਤੇ ਮੈਂ ਇਹ ਖੁਰਜੀ ਚੁਰਾ ਲਵਾਂ। ਜਦੋਂ ਸਵੇਰੇ ਮਾਤਾ ਜੀ ਉਠੇ ਤਾਂ ਉਹਨਾਂ ਨੇ ਖੁਰਜੀ ਨਾ ਦੇਖੀ ਤਾਂ ਗੰਗੂ ਨੂੰ ਇਸ ਬਾਰੇ ਪੁੱਛਿਅ। ਗੰਗੂ ਅੱਗੋਂ ਮਾਤਾ ਜੀ ਨਾਲ ਹੋਛਾ ਹੋ ਕੇ ਬੋਲਿਆ। ਉਸ ਨੇ ਆਪਣਾ ਪਾਪ ਛੁਪਾਉਣ ਲਈ ਸਰਕਾਰ ਕੋਲ ਮਾਤਾ ਜੀ ਤੇ ਬੱਚਿਆਂ ਦੀ ਮੁਖਬਰੀ ਕਰਕੇ ਤੇ ਸਰਕਾਰ ਤੋਂ ਇਨਾਮ ਲੈਣ ਲਈ ਵਿਓਂਤ ਬਣਾਈ। ਕੁੱਝ ਸਮੇਂ ਬਾਅਦ ਸਿਪਾਹੀਆਂ ਨੇ ਆ ਕੇ ਮਾਤਾ ਜੀ ਤੇ ਬੱਚਿਆਂ ਨੂੰ ਗ੍ਰਿਫਤਾਰ ਕਰ ਲਿਆ।

          ਮਾਤਾ ਗੁਜਰੀ ਨਾਲੋਂ ਵਿੱਛੜੇ ਸਿੱਖ ਭਾਈ ਦੋਨਾ ਸਿੰਘ ਹੰਡੂਰੀਆ ਦੀ ਬ੍ਰਿਜ ਭਾਸ਼ਾ ਵਿੱਚ ਲਿਖੀ ਕਿਤਾਬ ‘ਕਥਾ ਗੁਰੂ ਸੁਤਨ ਜੀ ਕੀ’ ਅਨੁਸਾਰ ਛੋਟੇ ਸਾਹਿਬਜ਼ਾਦਿਆਂ ਨੂੰ ਹੱਥ-ਕੜੀਆਂ ਲਗਾ ਕੇ ਤੋਰ ਕੇ ਮੋਰਿੰਡੇ ਦੇ ਥਾਨੇ ਲਿਆਂਦਾ ਗਿਆ।  9 ਪੋਹ ਦੀ ਰਾਤ ਨੂੰ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਮੋਰਿੰਡਾ ਦੀ ਕਾਲ ਕੋਠੜੀ ਵਿੱਚ ਭੁੱਖੇ ਰੱਖਿਆ ਗਿਆ ਅਤੇ ਕੋਈ ਕੱਪੜਾ ਵੀ ਨਹੀਂ ਦਿੱਤਾ ਗਿਆ। ਇਸ ਤਰ੍ਹਾਂ ਸਾਰੀ ਰਾਤ ਠੰਡ ਵਿੱਚ ਜਮੀਨ ’ਤੇ ਹੀ ਲੇਟੇ ਰਹੇ। ਉਸ ਤੋਂ ਬਾਅਦ 10 ਪੋਹ ਨੂੰ ਸਰਹਿੰਦ ਲਿਆਂਦਾ ਗਿਆ, ਜਿੱਥੇ ਵਜੀਰ ਖਾਨ; ਗੁਰੂ ਜੀ ਨੂੰ ਏਨੇ ਲੰਮੇ ਸਮੇਂ ਤੋਂ ਘੇਰਾ ਪਾ ਕੇ ਵੀ ਫੜ ਸਕਣ ਕਾਰਨ ਮਾਯੂਸ ਹੋ ਕੇ ਪਰਤਿਆ ਸੀ। ਜਦੋਂ ਮਾਤਾ ਜੀ ਤੇ ਛੋਟੇ ਸਾਹਿਬਜਾਦਿਆਂ ਦੀ ਗ੍ਰਿਫਤਾਰੀ ਬਾਰੇ ਪਤਾ ਲੱਗਾ ਤਾਂ ਉਸ ਨੇ ਸੋਚਿਆ ਕਿ ਮਾਂ ਤੇ ਪੁੱਤਰਾਂ ਦਾ ਮੋਹ ਗੁਰੂ ਗੋਬਿੰਦ ਸਿੰਘ ਨੂੰ ਮੇਰੇ ਕੋਲ ਖਿੱਚ ਲਿਆਵੇਗਾ ਅਤੇ ਮੇਰੇ ਅੱਗੇ ਝੁਕਣ ਲਈ ਮਜਬੂਰ ਕਰ ਦੇਵੇਗਾ।

ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ। ਉਸ ਸਮੇਂ ਠੰਡੇ ਬੁਰਜ ਦੇ ਥਲਿਉਂ ਪਾਣੀ ਵਗਦਾ ਸੀ, ਜਿਸ ਨਾਲ ਹਵਾ ਟਕਰਾ ਕੇ ਉਪਰ ਵੱਲ ਆਉਂਦੀ ਸੀ ਅਤੇ ਅੱਤ ਦੀ ਗਰਮੀ ਵਿੱਚ ਵੀ ਕੰਬਨੀ ਛੇੜ ਦਿੰਦੀ ਸੀ। ਪੋਹ ਦੇ ਮਹੀਨੇ ਵਿੱਚ ਕੀ ਹਾਲ ਹੁੰਦਾ ਹੋਵੇਗਾ, ਇਸ ਦਾ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ। ਪੰਥ ਦੋਖੀਆਂ ਵੱਲੋਂ ਹੁਣ ਇਹ ਬੁਰਜ ਢਾਹ ਕੇ ਨਵਾ ਬਣਾ ਦਿੱਤਾ ਗਿਆ ਹੈ। ਮਾਤਾ ਜੀ ਤੇ ਬੱਚੇ ਠੰਡੇ ਫਰਸ਼ ਉਪਰ ਬੈਠ ਗਏ। ਉਸ ਰਾਤ ਵੀ ਉਹਨਾ ਨੂੰ ਖਾਣ ਲਈ ਕੁੱਝ ਨਾ ਦਿੱਤਾ ਗਿਆ। ਦੋ ਦਿਨਾਂ ਬਾਅਦ ਬੱਚਿਆਂ ਨੂੰ ਕਚਿਹਰੀ ਵਿੱਚ ਪੇਸ਼ ਕੀਤਾ ਗਿਆ। ਡਾਕਟਰ ਗੰਡਾ ਸਿੰਘ ਅਨੁਸਾਰ ਸਾਹਿਬਜ਼ਾਦਿਆਂ ਦੀਆਂ ਨੱਕ ਦੀਆਂ ਟੋਡਰੀਆਂ ਲਾਲ ਹੋ ਗਈਆਂ ਸਨ ਤੇ ਬੁੱਲ੍ਹ ਨੀਲੇ ਤੇ ਹੱਥ ਠੰਡ ਨਾਲ ਬੇਹਾਲ ਹੋਏ ਪਏ ਸਨ।

ਜਦੋਂ ਸਾਹਿਬਜ਼ਾਦੇ ਕਿਸੇ ਵੀ ਲਾਲਚ ਵਿੱਚ ਆ ਕੇ ਨਾ ਮੰਨੇ ਤਾਂ ਉਹਨਾਂ ਨੂੰ ਤਸੀਹੇ ਦਿੱਤੇ ਗਏ। ਇਕ ਖਮਚੀ (ਤੂਤ ਦੀ ਪਤਲੀ ਸੋਟੀ) ਲੈ ਕੇ ਸਾਹਿਬਜ਼ਾਦਿਆਂ ਨੂੰ ਕੁੱਟਿਆ ਗਿਆ ਤਾਂ ਜੋ ਸੱਟ ਲੱਗਣ ਦੇ ਡਰ ਤੇ ਇਸਲਾਮ ਕਬੂਲ ਕਰ ਲੈਣਗੇ। ਇਸ ਨਾਲ ਉਹਨਾਂ ਦਾ ਮਾਸ ਉੱਭਰ ਗਿਆ ਅਤੇ ਕੋਮਲ ਸਰੀਰ ’ਤੇ ਨਿਸ਼ਾਨ ਪੈ ਗਏ। ਭਾਈ ਦੋਨਾ ਸਿੰਘ ਹੰਡੂਰੀਆ ਲਿਖਦੇ ਹਨ :

          ਖਮਚੀ ਸਾਥ ਜੁ ਲਗੈ ਤਬੈ ਦੁਖ ਦੇਵਨੰ ਏਹ ਸੁ ਬਾਲਕ ਫੂਲ ਧੂਪ ਨਾ ਖੇਵਨੰ।

          ਇਸ ਸਜਾ ਤੋਂ ਬਾਅਦ ਉਹਨਾਂ ਨੂੰ ਵਾਪਸ ਮਾਤਾ ਜੀ ਕੋਲ ਭੇਜ ਦਿੱਤਾ ਗਿਆ। ਅਗਲੇ ਦਿਨ ਸਾਹਿਬਜ਼ਾਦਿਆਂ ਨੂੰ ਪਿੱਪਲ ਨਾਲ ਬੰਨ ਕੇ ਗੁਲੇਲੇ ਮਾਰੇ ਗਏ।

          ਰਜ ਕੋ ਪਾਇ ਪੀਪਲਹਿ ਬਾਂਧੇ। ਦੁਸ਼ਟ ਗੁਲੇਲ ਤੀਰ ਸੁ ਗਾਂਧੇ। (ਰਜ ਤੋਂ ਭਾਵ ਰੱਸਾ)

          ਇਤਿਹਾਸ ਵਿੱਚ ਇਹ ਵੀ ਜ਼ਿਕਰ ਆਉਂਦਾ ਹੈ ਕਿ ਗੁਲੇਲ ਰਾਹੀਂ ਚਲਾਇਆ ਇੱਕ ਪੱਥਰ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਦੀ ਖੱਬੀ ਅੱਖ ’ਤੇ ਲੱਗਾ ਤੇ ਖੂਨ ਵਹਿਣ ਲੱਗ ਪਿਆ। ਅੰਤਾਂ ਦੀ ਠੰਡ ਸੀ। ਇਸ ਤੋਂ ਬਾਅਦ ਉਹਨਾਂ ਨੂੰ ਫਿਰ ਇਸਲਾਮ ਕਬੂਲ ਕਰਨ ਲਈ ਪੁੱਛਿਆ ਗਿਆ। ਉਹਨਾਂ ਨੇ ਸਿਰ ਹਿਲਾ ਕੇ ਨਾ ਕਰ ਦਿੱਤੀ। ਡਾਕਟਰ ਗੰਡਾ ਸਿੰਘ ਅਨੁਸਾਰ ਸਾਹਿਬਜ਼ਾਦਿਆਂ ਦੀਆਂ ਉਂਗਲਾਂ ਵਿੱਚ ਪੁਲੀਤੇ ਰੱਖ ਕੇ ਅੱਗ ਲਗਾਈ ਗਈ ਤਾਂ ਜੋ ਚਮੜੀ ਦੇ ਸੜਨ ਨਾਲ ਡੋਲ ਜਾਣਗੇ, ਪਰ ਸਾਹਿਬਜ਼ਾਦਿਆਂ ਨੇ ਈਨ ਨਹੀਂ ਮੰਨੀ।

          ਅਖੀਰ 12 ਪੋਹ ਨੂੰ ਆਖਰੀ ਕਚਿਹਰੀ  ਲੱਗੀ ਜਦੋਂ ਕਾਜ਼ੀ ਨੂੰ ਫਤਵਾ ਦੇਣ ਲਈ ਕਿਹਾ ਗਿਆ, ਪਰ ਸਾਹਿਬਜ਼ਾਦਿਆਂ ਦਾ ਕੋਈ ਕਸੂਰ ਨਾ ਮਿਲਿਆ। ਇਸ ਵਾਰ ਫਿਰ ਸੁੱਚਾ ਨੰਦ ਨੇ ਆਪਣਾ ਰੋਲ ਨਿਭਾਇਆ ਤੇ ਸਾਹਿਬਜ਼ਾਦਿਆਂ ਨੂੰ ਪੁੱਛਿਆ ਕਿ ਜੇਕਰ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਕੀ ਕਰੋਗੇ ? ਉਹਨਾਂ ਨੇ ਕਿਹਾ ਕਿ ਆਪਣੇ ਪਿਤਾ ਕੋਲ ਜਾਵਾਂਗੇ, ਸਿੰਘ ਇਕੱਠੇ ਕਰਾਂਗੇ ਕਿ ਸੂਬਾ ਸਰਹੰਦ ਦਾ ਸਿਰ ਲਾਹਵਾਂਗੇ ਅਤੇ ਜਿੰਨਾ ਚਿਰ ਇਸ ਜ਼ੁਲਮੀ ਰਾਜ ਦੀ ਨੀਂਹ ਨਹੀਂ ਪੁੱਟੀ ਜਾਂਦੀ ਅਸੀਂ ਲੜਦੇ ਰਹਾਂਗੇ। ਸਾਰਿਆਂ ਪਾਸੋਂ ਇਹ ਅਵਾਜ਼ ਆਈ ਬਾਗੀ…ਬਾਗੀ…। ਕਾਜ਼ੀ ਨੇ ਫੈਸਲਾ ਸੁਣਾ ਦਿੱਤਾ ਕਿ ਇਹਨਾਂ ਹਕੂਮਤ ਦੇ ਬਾਗੀਆਂ ਨੂੰ ਨੀਹਾਂ ਵਿੱਚ ਚਿਣ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ। ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ, ਜੋ ਨੇਕਦਿਲ ਇਨਸਾਨ ਸੀ, ਨੂੰ ਵਜੀਰ ਖਾਨ ਨੇ ਕਿਹਾ ਕਿ ਤੇਰਾ ਭਰਾ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਦੇ  ਹੱਥੋਂ ਮਾਰਿਆ ਗਿਆ ਹੈ, ਤੂੰ ਸਾਹਿਬਜ਼ਾਦਿਆਂ ਨੂੰ ਸਜਾ ਦੇ ਕੇ ਆਪਣੇ ਭਰਾ ਦਾ ਬਦਲਾ ਲੈ, ਪਰ ਉਸ ਨੇ ਅੱਗੋ ਉੱਤਰ ਦਿੱਤਾ ਕਿ ਜੇ ਮੈਂ ਬਦਲਾ ਲੈਣਾ ਹੋਇਆ ਤਾਂ ਜੰਗ ਦੇ ਮੈਦਾਨ ਵਿੱਚ ਹੀ ਲਵਾਂਗਾ। ਮੈਂ ਇਹਨਾਂ ਬੱਚਿਆਂ ਨੂੰ ਮਾਰ ਕੇ ਅੱਲਾ ਨੂੰ ਕੀ ਮੂੰਹ ਦਿਖਾਵਾਂਗਾ, ਨਾਲ ਇਹ ਵੀ ਕਿਹਾ ਕਿ ਜਦ ਬੱਚਿਆਂ ਦਾ ਕਸੂਰ ਹੀ ਕੋਈ ਨਹੀਂ ਤਾਂ ਫਿਰ ਇਹਨਾਂ ਨੂੰ ਸਜਾ ਕਿਸ ਕਸੂਰ ਦੀ ਦਿੱਤੀ ਜਾ ਰਹੀ ਹੈ। ਅੱਲਾ ਤਾਲਾ ਤੈਨੂੰ ਕਦੀ ਮਾਫ਼ ਨਹੀਂ ਕਰੇਗਾ। ਉਸ ਨੇ ਬੜੇ ਤਰਲੇ ਪਾਏ ਕਿ ਕਿਸੇ ਤਰ੍ਹਾਂ ਬੱਚਿਆ ਨੂੰ ਸਜਾ ਨਾ ਦਿੱਤੀ ਜਾਵੇ, ਪਰ ਵਜੀਰ ਖਾਨ  ਨੇ ਉਸ ਦੀ ਇੱਕ ਨਾ ਸੁਣੀ। ਸਿੱਖ ਕੌਮ ਅਜੇ ਤੱਕ ਨਵਾਬ ਮਲੇਰਕੋਟਲੇ ਦੀ ਅਹਿਸਾਨਮੰਦ ਹੈ। ਯੋਗੀ ਜੀ ਨੇ ਨਵਾਬ ਮਲੇਰਕੋਟਲੇ ਦੇ ਜਵਾਬ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ :

          ਬਦਲਾ ਹੀ ਲੇਨਾ ਹੋਗਾ ਤੋ ਹਮ ਲੇਂਗੇ ਬਾਪ ਸੇ। ਮਹਿਫੂਜ਼ ਰਖੇ ਹਮ ਕੋ ਖੁਦਾ ਐਸਾ ਪਾਪ ਸੇ।

          ਜੋਗੀ ਜੀ ਲਿਖਦੇ ਹਨ –

ਝਾੜੂ ਖਾ ਕਰ ਦੋਨੋ ਸ਼ਰਮਸਾਰ ਹੋ ਗਏ। ਜਲਾਦ ਸਾਰੇ ਕਤਲ ਸੇ ਬੇਜ਼ਾਰ ਹੋ ਗਏ।     

ਇਸ ਤੋਂ ਬਾਅਦ ਦੋਹਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ। ਅਚਨਚੇਤ ਕੰਧ ਡਿੱਗ ਪਈ ਤੇ ਬੱਚੇ ਬੇਹੋਸ਼ ਹੋ ਗਏ। ਹੋਸ਼ ਵਿੱਚ ਆਉਣ ’ਤੇ ਖੰਜਰ ਤਿੱਖੇ ਕਰ ਰਹੇ ਜਲਾਦਾਂ ਨੇ ਫਿਰ ਪੁੱਛਿਆ ਕਿ ਇਸਲਾਮ ਕਬੂਲ ਕਰ ਲਵੋ। ਉਸ ਵਕਤ ਅਵਾਜ ਆਈ :

ਸੱਚ ਕੋ ਮਿਟਾਉਗੇ ਤੋ ਮਿਟੋਗੇ ਜਹਾਨ ਸੇ।

ਡਰਤਾ ਨਹੀ ਹੈ ਅਕਾਲ ਕਿਸੀ ਸਹਿਨਸ਼ਾਹ ਸੇ।

ਉਪਦੇਸ਼ ਆਪਣਾ ਸੁਣ ਲਓ ਜ਼ਰਾ ਦਿਲ ਕੇ ਕਾਨ ਸੇ।

ਕਹਿ ਰਹੇ ਹੈ ਹਮ ਤੁਮੇ ਖੁਦਾ ਕੀ ਜ਼ੁਬਾਨ ਸੇ।

ਸਾਹਿਬਜ਼ਾਦਿਆਂ ਨੂੰ ਸਜਾ ਦੇਣ ਲਈ ਕੋਈ ਜਲਾਦ ਤਿਆਰ ਨਾ ਹੋਇਆ ਤਾਂ ਵਜੀਰ ਖਾਂਨ ਦਾ ਧਿਆਨ ਸਾਸ਼ਲਬੇਗ ਤੇ ਬਾਸ਼ਲ ਬੇਗ ਵੱਲ ਗਿਆ, ਜਿਹਨਾਂ ਦਾ ਮੁਕੱਦਮਾ ਸਰਹਿੰਦ ਦੀ ਕਚਿਹਰੀ ਵਿੱਚ ਚੱਲ ਰਿਹਾ ਸੀ। ਉਹ ਇਸ ਸ਼ਰਤ ’ਤੇ ਸਜਾ ਦੇਣ ਲਈ ਤਿਆਰ ਹੋ ਗਏ ਕਿ ਉਹਨਾਂ ਦਾ ਮੁਕੱਦਮਾ ਖਾਰਜ ਕੀਤਾ ਜਾਵੇ। ਇਸ ਤਰ੍ਹਾਂ ਦੋਨਾਂ ਸਾਹਿਬਜ਼ਾਦਿਆਂ ਨੂੰ ਜਲਾਦਾਂ ਨੇ ਆਪਣੇ ਗੋਡਿਆਂ ਥੱਲੇ ਲਿਆ ਅਤੇ ਉਹਨਾਂ ਦੀ ਸਾਹ ਨਾਲੀ ਕੱਟ ਦਿੱਤੀ। ਇਤਿਹਾਸਕ ਗ੍ਰੰਥ ਬੰਸਾਵਲੀਨਾਮੇ ਵਿੱਚ ਲਿਖਿਆ ਹੈ ਕਿ ਬਾਬਾ ਜ਼ੋਰਾਵਰ ਸਿੰਘ ਢਾਈ ਮਿੰਟਾਂ ਵਿੱਚ ਹੀ ਸ਼ਹੀਦ ਹੋ ਗਏ ਤੇ ਬਾਬਾ ਫ਼ਤਿਹ ਸਿੰਘ ਲਗਭਗ ਅੱਧੀ ਘੜੀ ਭਾਵ 12 ਮਿੰਟ ਪੈਰ ਮਾਰਦੇ ਰਹੇ ਤੇ ਖੂਨ ਨਿੱਕਲਦਾ ਰਿਹਾ ਤੇ ਹੌਲੀ ਹੌਲੀ ਚਰਨ ਹਿੱਲਣੇ ਬੰਦ ਹੋ ਗਏ ਤੇ ਸ਼ਹੀਦ ਹੋ ਗਏ। ਕੁੱਝ ਇਤਿਹਾਸਕ ਸਰੋਤ ਇਹ ਵੀ ਲਿਖਦੇ ਹਨ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖਬਰ ਮਾਤਾ ਗੁਜਰੀ ਜੀ ਨੂੰ ਦੀਵਾਨ ਟੋਡਰ ਮੱਲ ਨੇ ਜਾ ਕੇ ਦਿੱਤੀ। ਇਸ ਤੋਂ ਬਅਦ ਉਹ ਵੀ ਸਰੀਰ ਤਿਆਗ ਗਏ। ਕੁੱਝ ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ ਮਾਤਾ ਜੀ ਨੂੰ ਠੰਡੇ ਬੁਰਜ ਤੋਂ ਧੱਕਾ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ।

ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਹੈ ਕਿ ਸ਼ਹੀਦ ਕਰਨ ਤੋਂ ਪਹਿਲਾਂ ਇਕ ਬਜਾਰ ਸਜਾਇਆ ਗਿਆ, ਜਿਸ ਵਿੱਚ ਮਠਿਆਈ ਦੀਆਂ ਦੁਕਾਨਾਂ, ਖਿਡੌਣਿਆਂ ਦੀਆਂ ਦੁਕਾਨਾਂ ਅਤੇ ਸ਼ਸਤਰਾਂ ਦੀਆਂ ਦੁਕਾਨਾ ਲਗਾਈਆਂ ਗਈਆਂ ਤੇ ਬੱਚਿਆਂ ਨੂੰ ਉੱਥੇ ਭੇਜਿਆ ਗਿਆ। ਬੱਚਿਆਂ ਨੇ ਮਠਿਆਈਆਂ ਤੇ ਖਿਡੌਣਿਆਂ ਦੀਆਂ ਦੁਕਾਨਾਂ ਵੱਲ ਵੇਖਿਆ ਤੱਕ ਵੀ ਨਹੀਂ ਤੇ ਬਾਰ ਬਾਰ ਸ਼ਸਤਰਾਂ ਦੀਆਂ ਦੁਕਾਨਾਂ ’ਤੇ ਜਾ ਕੇ ਉਹਨਾਂ ਨੂੰ ਹੀ ਵੇਖਦੇ ਰਹੇ। ਇਸ ਤੋਂ ਵਜੀਰ ਖਾਨ ਨੇ ਅੰਦਾਜ਼ਾ ਲਾਇਆ ਕਿ ਜੇ ਇਸ ਨੂੰ ਛੱਡ ਦਿੱਤਾ ਤਾਂ ਵੱਡੇ ਹੋ ਕੇ ਇਹ ਸਾਡੇ ਵਿਰੁੱਧ ਜੰਗ ਲੜਨਗੇ।

ਸ਼ਹਾਦਤ ਤੇ ਸਮੇਂ ਬਾਰੇ ਸ: ਬੀਰਦਵਿੰਦਰ ਪਾਲ ਸਿੰਘ ਜੀ ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਲਿਖਦੇ ਹਨ ਕਿ ਬੜੀ ਖੋਜ ਕਰਨ ਤੋਂ ਬਾਅਦ ਸ਼ਹਾਦਤ ਦੇ ਸਮੇਂ ਦਾ ਜ਼ਿਕਰ ਕੇਵਲ ਗੁਰ ਪ੍ਰਣਾਲੀ ਗੁਲਾਬ ਸਿੰਘ ਵਿੱਚੋਂ ਹੀ ਮਿਲਿਆ ਹੈ, ਜੋ ਸਵੇਰੇ ਲਗਭਗ ਪੌਣੇ ਦਸ ਤੋਂ ਗਿਆਰਾਂ ਵਜੇ ਦਾ ਬਣਦਾ ਹੈ। ਉਹ ਲਿਖਦੇ ਹਨ :

‘ਸਵਾ ਪਹਿਰ ਦਿਨ ਚੜ੍ਹੇ ਕਾਮ ਭਯੋ ਹੈ।’

ਵਜੀਰ ਖਾਨ ਛਾਤਰ ਦਿਮਾਗ ਦਾ ਮਾਲਕ ਸੀ। ਉਸ ਨੇ ਸਾਹਿਬਜ਼ਾਦਿਆਂ ਦੀ ਕਚਿਹਰੀ ਵਿੱਚ ਪੇਸ਼ੀ ਸਮੇਂ ਕਚਿਹਰੀ ਦਾ ਛੋਟਾ ਦਰਵਾਜਾ ਖੋਲ੍ਹਿਆ ਅਤੇ ਆਪ ਦਰਵਾਜੇ ਦੇ ਪਿੱਛੇ ਤਖਤ ਲਾ ਕੇ ਬੈਠ ਗਿਆ। ਉਸ ਦਾ ਵਿਚਾਰ ਸੀ ਜਦੋਂ ਬੱਚੇ ਛੋਟੇ ਦਰਵਾਜੇ ਰਾਹੀਂ ਅੰਦਰ ਆਉਣਗੇ ਤਾਂ ਉਹਨਾਂ ਨੂੰ ਸਿਰ ਝੁਕਾ ਕੇ ਲੰਘਣਾ ਪਵੇਗਾ ਤੇ ਇਸ ਤਰ੍ਹਾਂ ਮੇਰੇ ਅੱਗੇ ਉਹਨਾਂ ਦਾ ਸਿਰ ਝੁਕ ਜਾਵੇਗਾ, ਪਰ ਦੂਰ ਅੰਦੇਸ਼ ਬੱਚਿਆਂ ਨੇ ਦਰਵਾਜੇ ਦੇ ਅੱਗੇ ਆਪਣਾ ਪੈਰ ਜੁੱਤੀ ਸਮੇਤ ਅੰਦਰ ਕੀਤਾ ਤੇ ਸਾਬਤ ਕਰ ਦਿੱਤਾ ਕਿ ਸੂਬਿਆ ! ਅਸੀਂ ਤੈਨੂੰ ਜੁੱਤੀ ਦੀ ਠੋਕਰ ਨਿਆਈਂ ਸਮਝਦੇ ਹਾਂ। ਇਹ ਵੇਖ ਕੇ ਸੂਬਾ ਅੱਗ ਭਬੂਲਾ ਹੋ ਗਿਆ ਅਤੇ ਉਹਨਾ ਨੂੰ ਮੌਤ ਦੇ ਘਾਟ ਉਤਾਰਨ ਲਈ ਕਾਹਲਾ ਪੈ ਗਿਆ।

ਏਨਾ ਜ਼ੁਲਮ ਕਰਕੇ ਵੀ ਵਜੀਰ ਖਾਨ ਦਾ ਗੁੱਸਾ ਠੰਡਾ ਨਹੀਂ ਸੀ ਹੋਇਆ। ਉਸ ਨੇ ਤਿੰਨੇ ਲਾਸ਼ਾਂ ਨੂੰ ਲਾਵਾਰਸ ਹਾਲਤ ਵਿੱਚ ਰੋਲਣ ਦੇ ਖਿਆਲ ਨਾਲ ਕਿਲ੍ਹੇ ਦੀਆਂ ਦੀਵਾਰਾਂ ਦੇ ਬਾਹਰ ਹੰਸਲਾ ਨਦੀ ਦੇ ਕਿਨਾਰੇ ਉਜਾੜ ਥਾਂ ’ਤੇ ਸੁਟਵਾ ਦਿੱਤਾ। ਦਹਿਸ਼ਤ ਦਾ ਮਹੌਲ ਏਨਾ ਜ਼ਿਆਦਾ ਸੀ ਕਿ ਕੋਈ ਕੁੱਝ ਬੋਲ ਨਹੀਂ ਸੀ ਸਕਦਾ। ਕਿਸੇ ਵਿੱਚ ਵੀ ਲਾਸ਼ਾਂ ਨੂੰ ਵੇਖਣ ਤੱਕ ਦੀ ਜੁਰਅਤ ਨਹੀਂ ਸੀ। ਜਦੋਂ ਸ਼ਹਰ ਵਿੱਚ ਵਸਦੇ ਗੁਰੂ ਪਿਆਰ ਵਾਲਿਆਂ ਨੂੰ ਵਜ਼ੀਰਖਾਨ ਦੇ ਇਸ ਕੁਕਰਮ ਦਾ ਪਤਾ ਲੱਗਾ ਤਾਂ ਉਹਨਾਂ ਨੇ ਖੂਨ ਦੇ ਹੰਝੂ ਵਹਾਏ, ਪਰ ਸਰਕਾਰੀ ਕਹਿਰ ਤੋਂ ਡਰਦਿਆਂ ਕਿਸੇ ਦੀ ਹਿੰਮਤ ਨਾ ਪਈ ਕਿ ਸਤਿਕਾਰ ਸਹਿਤ ਸਸਕਾਰ ਕੀਤਾ ਜਾਵੇ।

ਇਸ ਪਰਖ ਦੀ ਘੜੀ ਵਿੱਚ ਦੀਵਾਨ ਟੋਡਰ ਮੱਲ ਦੇ ਪਰਵਾਰ ਨੇ ਜੁਰਅਤ ਦੀ ਮਿਸਾਲ ਪੈਦਾ ਕੀਤੀ। ਉਸ ਨੇ ਸਸਕਾਰ ਕਰਨ ਲਈ ਵਜੀਰ ਖਾਨ ਅੱਗੇ ਅਰਜ਼ੋਈ ਕੀਤੀ। ਦੀਵਾਨ ਟੋਡਰ ਮੱਲ, ਵਜ਼ੀਰ ਖਾਨ ਤੋਂ ਪਹਿਲਾਂ ਸੂਬਾ ਸਰਹੰਦ ਦੇ ਬਰਾਬਰ ਦਾ ਰੁੱਤਬਾ ਰੱਖਣ ਵਾਲਾ ਇੱਕ ਉੱਚ ਅਧਿਕਾਰੀ ਸੀ। ਨਾਂਹ ਨੁੱਕਰ ਕਰਨ ਤੋਂ ਬਾਅਦ ਉਸ ਦਾ ਦਿੱਲੀ ਦਰਬਾਰ ਵਿੱਚ ਉਸ ਦਾ ਚੰਗਾ ਅਸਰ ਰਸੂਖ ਵੇਖ ਕੇ ਉਸ ਨੇ ਸਸਕਾਰ ਕਰਨ ਦੀ ਇਜ਼ਾਜਤ ਦੇ ਦਿੱਤੀ। ਸਸਕਾਰ ਕਰਨ ਦੀ ਮਨਜੂਰੀ ਮਿਲਣ ਤੋਂ ਬਾਅਦ ਜਗ੍ਹਾ ਬਾਰੇ ਗੱਲ ਛਿੜੀ ਤਾਂ ਹਰ ਪਾਸੇ ਪਾਬੰਦੀਆਂ ਲੱਗੀਆਂ ਹੋਈਆਂ ਸਨ। ਵਜ਼ੀਰ ਖਾਨ ਦੇ ਸ਼ਾਤਰ ਦਿਮਾਗ ਨੇ ਟੋਡਰ ਮੱਲ ਨੂੰ ਸੋਨੇ ਦੀਆਂ ਮੋਹਰਾਂ ਵਿਛਾ ਕੇ ਜਮੀਨ ਖਰੀਦ ਦੀ ਪੇਸ਼ਕਸ਼ ਕੀਤੀ। ਵਜ਼ੀਰ ਖਾਨ ਦਾ ਖਿਆਲ ਸੀ ਕਿ ਟੋਡਰ ਮੱਲ ਏਨੀ ਮਹਿੰਗੀ ਜਮੀਨ ਖਰੀਦ ਨਹੀਂ ਸਕੇਗਾ, ਪਰ ਉਸ ਮੂਰਖ ਨੂੰ ਇਹ ਨਹੀਂ ਸੀ ਪਤਾ ਕਿ ਕਿਸ ਕਦਰ ਨੇਕ ਹਿੰਦੂ ਤੇ ਮੁਸਲਮਾਨ ਗੁਰੂ ਸਾਹਿਬ ਨਾਲ ਪਿਆਰ ਰੱਖਦੇ ਹਨ। ਗੁਰੂ ਪਿਆਰ ਵਿੱਚ ਭਿੱਜੇ ਹੋਏ ਟੋਡਰ ਮੱਲ ਨੇ ਆਪਣੀ ਪਤਨੀ ਦੇ ਗਹਿਣੇ, ਆਪਣਾ ਘਰ ਬਾਰ, ਜਮੀਨ ਜਾਇਦਾਦ ਸਭ ਕੁੱਝ ਵੇਚ ਕੇ ਸੋਨੇ ਦੀਆਂ ਮੋਹਰਾਂ ਇਕੱਠੀਆਂ ਕਰਕੇ ਜਮੀਨ ’ਤੇ ਵਿਛਾ ਕੇ ਸਸਕਾਰ ਲਈ ਜਗ੍ਹਾ ਖਰੀਦੀ, ਜੋ ਅੱਜ ਭੀ ਦੁਨੀਆਂ ਦੀ ਸਭ ਤੋਂ ਮਹਿੰਗੀ ਜਗ੍ਹਾ ਹੈ। ਇਸ ਦੀ ਕੀਮਤ ਅੱਜ ਦੇ ਸਮੇਂ ਸਾਢੇ ਤਿੰਨ ਅਰਬ ਰੁਪਏ ਬਣਦੀ ਹੈ। ਇਸ ਤਰ੍ਹਾਂ ਮਾਤਾ ਜੀ ਅਤੇ ਦੋਵੇਂ ਸਾਹਿਬਜ਼ਾਦਿਆਂ ਦਾ ਸਸਕਾਰ ਕੀਤਾ ਗਿਆ। ਸਸਕਾਰ ਲਈ ਜੰਗਲ ਵਿੱਚੋਂ ਲੱਕੜਾਂ ਲਿਆਉਣ ਦੀ ਸੇਵਾ ਬਾਬਾ ਮੋਤੀ ਰਾਮ ਮਹਿਰਾ ਨੇ ਕੀਤੀ।

          ਸ੍ਰ. ਸਿਮਰਜੀਤ ਸਿੰਘ ਸੰਪਾਦਕ ਗੁਰਮਤਿ ਪ੍ਰਕਾਸ਼ ਅਨੁਸਾਰ ਦੂਜੇ ਪਾਸੇ, ਜਿਸ ਧਨ ਦੇ ਲਾਲਚ ਵਿੱਚ ਗੰਗੂ ਨੇ ਐਡਾ ਵੱਡਾ ਪਾਪ ਕੀਤਾ ਸੀ, ਉਹੀ ਧਨ ਉਸ ਦੀ ਮੌਤ ਦਾ ਕਾਰਨ ਬਣਿਆ। ਇੱਕ ਰਿਪੋਰਟ ਦੇ ਆਧਾਰ ’ਤੇ ਜਾਨੀ ਖਾਂ ਅਤੇ ਮਾਨੀ ਖਾਂ ਨੇ ਨਵਾਬ ਵਜੀਰ ਖਾਂ ਨੂੰ ਦੱਸਿਆ ਕਿ ਮਾਤਾ ਗੁਜਰੀ ਜੀ, ਜੋ ਮੋਹਰਾਂ ਦੀ ਖੁਰਜੀ ਨਾਲ ਲੈ ਕੇ ਆਏ ਸਨ, ਉਹ ਗੰਗੂ ਕੋਲ ਹੈ। ਵਜ਼ੀਰ ਖਾਂ ਨੇ ਉਹ ਰਕਮ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣ ਲਈ ਕਿਹਾ। ਗੰਗੂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਹਾਕਮਾਂ ਵੱਲੋਂ ਉਸ ਦੀ ਮਾਰ-ਕੁਟਾਈ ਸ਼ੁਰੂ ਕੀਤੀ ਗਈ। ਕੁੱਟ ਦਾ ਮਾਰਿਆ ਗੰਗੂ ਮੋਹਰਾਂ ਦੇਣੀਆਂ ਮੰਨ ਗਿਆ। ਉਸ ਨੇ ਕਈ ਥਾਵਾਂ ਵਿਖਾਈਆਂ, ਜਿੱਥੇ ਉਸ ਨੇ ਮੋਹਰਾਂ ਦੱਬੀਆਂ ਸਨ, ਪਰ ਉਹ ਕਿਤੋਂ ਵੀ ਨਾ ਮਿਲੀਆਂ ਕਿਉਂਕਿ ਉਹ ਹੜ੍ਹ ਦੇ ਪਾਣੀ ਨਾਲ ਰੁੜ੍ਹ ਗਈਆਂ ਸਨ। ਹਾਕਮਾਂ ਨੇ ਸਮਝਿਆ ਕਿ ਗੰਗੂ ਜਾਣ-ਬੁੱਝ ਕੇ ਉਹਨਾਂ ਨੂੰ ਧੋਖਾ ਦੇ ਰਿਹਾ ਹੈ। ਸਿਪਾਹੀਆਂ ਨੇ ਫਿਰ ਗੰਗੂ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ।

ਸਾਕਾ ਸਰਹਿੰਦ ਦੀ ਘਟਨਾ ਮੁਗਲ ਹਕੂਮਤ ਵੱਲੋਂ ਤਾਕਤ ਦੇ ਨਸ਼ੇ ਵਿੱਚ ਕੀਤੀ ਅਜਿਹੀ ਗਲਤੀ ਸੀ, ਜਿਸ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿੱਚ ਨਹੀਂ ਮਿਲਦੀ। ਪ੍ਰਸਿੱਧ ਇਤਿਹਾਸਕਾਰ ਬ੍ਰਾਊਨ ਲਿਖਦਾ ਹੈ ਕਿ ਨਵੇਂ ਧਾਰਮਿਕ ਅਸੂਲਾਂ ਦਾ ਪ੍ਰਚਾਰ ਕਰਨ ਵਾਲਿਆਂ ਉੱਤੇ ਢਾਏ ਜੁਲਮਾਂ ਦੀਆਂ ਸਾਰੀਆਂ ਮਿਸਾਲਾਂ ਵਿੱਚੋਂ ਇਹ ਸਾਕਾ ਸਭ ਤੋਂ ਜ਼ਿਆਦਾ ਕਠੋਰ, ਉਪੱਦਰ, ਨਿਰਦਈ ਅਤੇ ਅੱਤਿਆਚਾਰੀ ਹੈ। ਆਮ ਤੌਰ ’ਤੇ ਧਾਰਮਿਕ ਕ੍ਰੋਧ ਤੋਂ ਬੱਚੇ ਅਤੇ ਨਿਰਬਲ ਇਸਤਰੀਆਂ ਬਚੀਆਂ ਰਹਿੰਦੀਆਂ ਹਨ। ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਜੇਕਰ ਇਸ ਘਟਨਾ ਪ੍ਰਤੀ ਸਿੱਖਾਂ ਦਾ ਗੁੱਸਾ ਵੀ ਇਤਨਾ ਹੀ ਸਖਤ ਸੀ। ਇਹ ਕਹਿਣ ਵਿੱਚ ਕੋਈ ਅਤਿਕਥਨੀ ਨਹੀਂ ਕਿ ਤਿੰਨ ਸਦੀਆਂ ਤੋਂ ਵੱਧ ਸਮਾਂ ਬੀਤ ਜਾਣ ’ਤੇ ਵੀ ਇਸ ਘਟਨਾ ਪ੍ਰਤੀ ਸਿੱਖਾਂ ਦਾ ਗੁੱਸਾ ਅਜੇ ਵੀ ਠੰਡਾ ਨਹੀਂ ਪਿਆ।

ਅੱਲਾ ਯਾਰ ਖਾਨ ਜੋਗੀ ਲਿਖਦਾ ਹੈ ਕਿ ਸਾਕਾ ਸਰਹਿੰਦ ਦੀ ਘਟਨਾ ਤੋਂ ਬਾਅਦ ਸਿੱਖ ਕੌਮ ਤਾਜੋ ਤਖਤ ਦੀ ਪ੍ਰਾਪਤੀ ਵੱਲ ਵਧਣ ਲੱਗੀ। ਉਹ ਲਿਖਦਾ ਹੈ :

ਸਿੰਘੋਂ ਕੀ ਸਲਤਨਤ ਕਾ ਹੈਂ ਪੌਦਾ ਲਗਾ ਚਲੇ।

ਗੱਦੀ ਸੇ ਤਾਜੋ-ਤਖਤ ਬਸ ਅਬ ਕੌਮ ਪਾਏਗੀ।

ਦੁਨੀਆਂ ਸੇ ਜ਼ਾਲਿਮੋਂ ਕਾ ਨਿਸ਼ਾਂ ਤਕ ਮਿਟਾਏਗੀ।

ਸੋ ਇਹ ਸਰਹਿੰਦ ਤੇ ਚਮਕੌਰ ਸਾਹਿਬ ਦੇ ਸਾਕਿਆਂ ਦੇ ਤਿੱਖੇ ਪ੍ਰਤੀਕਰਮ ਵਜੋਂ ਹੀ ਸੰਭਵ ਹੋ ਸਕਿਆ ਹੈ ਕਿ ਸਿੱਖਾਂ ਨੇ ਮੁਗਲਾਂ ਤੇ ਫ਼ਤਹਿ ਹਾਸਲ ਕਰਕੇ ਗਜਨਵੀ, ਤੈਮੂਰ ਤੇ ਬਾਬਰ ਦੇ ਖਾਨਦਾਨ ਵਿੱਚੋਂ ਅਖਵਾਉਣ ਵਾਲਿਆਂ ਦੀ ਆਨ ਤੇ ਸ਼ਾਨ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤੀ। ਗੱਲ ਕੀ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦੀਆਂ ਅਦੁੱਤੀ ਘਟਨਾਵਾਂ ਨੇ ਇਤਿਹਾਸ ਨੂੰ ਨਵੀਆਂ ਲੀਹਾਂ ’ਤੇ ਤੁਰਨ ਲਈ ਮਜਬੂਰ ਕੀਤਾ। ਇਤਿਹਾਸ ਕੁੱਝ ਸਮੇਂ ਲਈ ਸਿੱਖਾਂ ਦੇ ਹੱਥਾਂ ਵਿੱਚ ‘ਪਾਲਤੂ‘ ਬਣ ਗਿਆ ਅਤੇ ਉਹ ਆਪਣੀ ਮਰਜ਼ੀ ਨਾਲ ਇਤਿਹਾਸ ਦੀ ਸਿਰਜਣਾ ਕਰਨ ਲੱਗੇ। ਅਸਲ ਵਿੱਚ ਸਿੱਖ ਰਾਜ ਦੀ ਸਥਾਪਨਾ ਦਾ ਮੁੱਢ ਹੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਬੰਨ੍ਹਿਆ।

ਸਰਹਿੰਦ ਅਤੇ ਚਮਕੌਰ ਦੇ ਸਾਕਿਆਂ ’ਤੇ ਅਨੇਕਾਂ ਕਵੀਆਂ ਤੇ ਲਿਖਾਰੀਆਂ ਨੇ ਆਪਣੀ ਕਲਮ ਚਲਾਈ ਹੈ। ਪੰਜਾਬੀ ਤੋਂ ਇਲਾਵਾ ਹਿੰਦੀ ਤੇ ਉਰਦੂ ਵਿੱਚ ਵੀ ਸਾਹਿਤ ਰਚਿਆ ਗਿਆ। ਹਿੰਦੀ ਦਾ ਕਵੀ ਮੈਥਲੀ ਸ਼ਰਨ ਗੁਪਤਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਪ੍ਰਤੀ ਸ਼ਰਧਾ ਦੇ ਫੁੱਲ ਭੇਂਟ ਕਰਦਾ ਹੋਇਆ ਲਿਖਦਾ ਹੈ :

ਜਿਸ ਕੁਲ ਜਾਤਿ ਦੇਸ ਕੇ ਬੱਚੇ ਦੇ ਸਕਤੇ ਹੈ ਯੋਂ ਬਲਿਦਾਨ।

ਉਸ ਕਾ ਵਰਤਮਾਨ ਕੁਛ ਭੀ ਹੋ, ਪਰ ਭਵਿਸਯ ਹੈ ਮਹਾਂ ਮਹਾਨ।

ਵੀਹਵੀ ਸਦੀ ਦੇ ਉਰਦੂ ਦੇ ਕਵੀ ਮਿਰਜ਼ਾ ਮੁਹੰਮਦ ਅਬਦੁਲ ਗਨੀ ‘ਜ਼ੋਹਿਰ ਤੇਗ’ ਨਾਂ ਦੀ ਆਪਣੀ ਨਜ਼ਮ ਵਿੱਚ ਚਮਕੌਰ ਦੀ ਜੰਗ ਦਾ ਦਿਲ ਟੁੰਬਵਾ ਵਰਣਨ ਹਾਸਲ ਕਰਕੇ ਬਹੁਤ ਹੀ ਲੋਕ ਪ੍ਰਿਯਤਾ ਹਾਸਲ ਕੀਤੀ ਹੈ। ਬਾਬਾ ਅਜੀਤ ਸਿੰਘ ਬਾਰੇ ਉਹ ਲਿਖਦਾ ਹੈ :

ਨਾਮ ਕਾ ਅਜੀਤ ਹੂੰ ਜੀਤਾ ਨਾ ਜਾਊਂਗਾ। ਜੀਤਾ ਤੋ ਖੈਰ ਹਾਰ ਕੇ ਜੀਤਾ ਨਾ ਆਊਂਗਾ।

ਲੜਕੇ ਨੇ ਲੜ ਕੇ ਜਾਨ ਦੀ ਆਖਰ ਕੋ ਜੰਗ ਮੇ। ਆਯਾ ਬਾ ਹੌਸਲੇ ਸੇ ਧਰਮ ਕੀ ਉਮੰਗ ਮੇ

ਸਾਹਿਬਜ਼ਾਦੇ ਦੇ ਸ਼ਹੀਦ ਹੋ ਜਾਣ ਤੇ ਗੁਰੂ ਸਾਹਿਬ ਦੇ ਪ੍ਰਤੀਕਰਮ ਨੂੰ ਸ਼ਾਇਰ ਇਸ ਤਰ੍ਹਾਂ ਬਿਆਨ ਕਰਦਾ ਹੈ :

ਮੁਝ ਪਰ ਸੇ ਆਜ ਤੇਰੀ ਅਮਾਨਤ ਅਦਾ ਹੁਈ।

ਬੇਟੇ ਕੀ ਜਾਂ ਧਰਮ ਕੀ ਖਾਤਰ ਫ਼ਿਦਾ ਹੂਈ।

ਸੋ ਜੇਕਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਬਾਰੇ ਹੁਣ ਤੱਕ ਲਿਖੀਆਂ ਗਈਆਂ ਰਚਨਾਵਾਂ ਨੂੰ ਵਾਚਿਆ ਜਾਵੇ ਤਾਂ ਨਿਸ਼ਚੇ ਹੀ ਇਹ ਤੱਥ ਸਾਹਮਣੇ ਉਭਰ ਕੇ ਆਵੇਗਾ ਕਿ ਜਿਨ੍ਹਾਂ ਸਿਖਰਾਂ ਨੂੰ ਅੱਲਾ ਯਾਰ ਖਾਨ ਜੋਗੀ ਨੇ ਛੋਹਿਆ ਹੈ, ਉਹ ਹੋਰ ਕਿਸੇ ਦੇ ਹਿੱਸੇ ਨਹੀਂ ਆਇਆ।

ਕਿਸੇ ਉਰਦੂ ਦੇ ਸ਼ਾਇਰ ਨੇ ਸਾਹਿਬਜ਼ਾਦਿਆਂ ਦੀ ਮਾਸੂਮੀਅਤ ਦਾ ਜ਼ਿਕਰ ਕਰਕੇ ਲਿਖਿਆ ਹੈ :

ਜਿਨ ਕਾ ਮੂੰਹ ਸੂੰਘਨੇ ਸੇ ਦੂਧ ਕੀ ਬੂ ਆਤੀ ਥੀ।

ਐਸੇ ਮਾਸੂਮ ਭੀ ਮੇਰੀ ਕੌਮ ਕੇ ਰਾਹਬਰ ਨਿਕਲੇ।

ਸ: ਬੀਰਦਵਿੰਦਰ ਸਿੰਘ ਜੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਲਿਖਦੇ ਹਨ ਕਿ ਉਹਨਾਂ ਨੂੰ 2003 ਸੰਨ ਵਿੱਚ ਅਮਰੀਕਾ ਦੀ ਇੱਕ ਯੂਨੀਵਰਸਿਟੀ ਵਿੱਚ ‘ਅੰਤਰ ਧਰਮ ਇਕ ਅਨੁਭਵ’ ਵਿਸ਼ੇ ’ਤੇ ਵਿਚਾਰ ਪਰਗਟ ਕਰਨ ਦਾ ਮੌਕਾ ਮਿਲਿਆ। ਆਡੀਟੋਰੀਅਮ ਦੀ ਸਟੇਜ ਦੇ ਪਿੱਛੇ ਇੱਕ ਵੱਡੇ ਅਕਾਰ ਦੀ ਹਜ਼ਰਤ ਈਸਾ ਦੀ ਫੋਟੋ ਲੱਗੀ ਹੋਈ ਸੀ। ਉਸ ਦੇ ਪੈਰਾਂ ਤੇ ਹੱਥਾਂ ਵਿੱਚ ਕਿੱਲ ਗੱਡੇ ਹੋਏ ਸਨ ਤੇ ਲਹੂ ਸਿੰਮ ਰਿਹਾ ਸੀ। ਉਹ ਕਹਿਣ ਲੱਗੇ ਕਿ ਮੈਂ ਆਪਣਾ ਭਾਸ਼ਨ ਇਸ ਫੋਟੋ ਤੋਂ ਹੀ ਸ਼ੁਰੂ ਕਰਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵੱਲ ਰੁੱਖ ਕੀਤਾ। ਸਾਰੇ ਸਰੋਤੇ ਸਾਹ ਸੂਤ ਕੇ ਇਸ ਖੌਫ਼ਨਾਕ ਇਤਿਹਾਸ ਨੂੰ ਸੁਣਦੇ ਰਹੇ। ਕਈਆਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ। ਹਾਲ ਵਿੱਚ ਇਕ ਤਰ੍ਹਾਂ ਦਾ ਸਨਾਟਾ ਛਾ ਗਿਆ। ਮੈਂ ਵੀ ਕਾਫ਼ੀ ਦੇਰ ਚੁੱਪ ਰਹਿਣ ਤੋਂ ਬਾਅਦ ਕਿਹਾ ਕਿ ਜੇ ਕਿਸੇ ਦੇ ਮਨ ਵਿੱਚ ਕੋਈ ਸਵਾਲ ਹੈ ਤਾਂ ਉਹ ਪੁੱਛ ਸਕਦਾ ਹੈ। ਸਵਾਲਾਂ ਦੀ ਝੜੀ ਲੱਗ ਗਈ। ਮੈਂ ਹਰ ਸੁਆਲ ਦਾ ਜੁਆਬ ਦੇ ਕੇ ਉਹਨਾਂ ਦੀ ਤਸੱਲੀ ਕਰਾ ਦਿੱਤੀ, ਪਰ ਇੱਕ ਪ੍ਰਸ਼ਨ ਨੇ ਤਾਂ ਮੇਨੂੰ ਸ਼ਰਮਸਾਰ ਹੀ ਕਰ ਦਿੱਤਾ ਤੇ ਮੈਂ ਉਸ ਦਾ ਕੋਈ ਜਵਾਬ ਨਾ ਦੇ ਸਕਿਆ। ਉਹ ਪ੍ਰਸ਼ਨ ਸੀ ਕਿ ਜਦੋਂ ਸ਼ਹਾਦਤ ਦਾ ਦਿਨ ਹਰ ਸਾਲ ਆਉਂਦਾ ਹੈ ਤਾਂ ਤੁਹਾਡੀ ਕੌਮ ਇਸ ਪੀੜਾ ਨੂੰ ਕਿਵੇਂ ਅਨੁਭਵ ਕਰਦੀ ਹੈ ? ਮੈ ਉਹਨਾਂ ਨੂੰ ਕੀ ਦੱਸਦਾ ਕਿ ਸਾਡੀ ਕੌਮ ਤਾਂ ਇਸ ਨੂੰ ਮੇਲੇ ਦੇ ਰੂਪ ਵਿੱਚ ਲੈਂਦੀ ਹੈ, ਉਹਨਾਂ ਦਿਨਾਂ ਵਿੱਚ ਹੀ ਵਿਆਹ ਸ਼ਾਦੀਆਂ ਹੁੰਦੀਆਂ। ਫ਼ਤਹਿਗੜ੍ਹ ਸਾਹਿਬ ਦੀ ਧਰਤੀ ’ਤੇ ਭਾਂਤ ਭਾਂਤ ਦੇ ਲੰਗਰ, ਲੱਡੂ, ਜਲੇਬੀਆਂ ਤੇ ਖੀਰ ਪੂੜੇ ਵਰਤਦੇ ਹਨ। ਸਿਆਸੀ ਕਾਨਫਰੰਸਾਂ ਹੁੰਦੀਆਂ ਹਨ। ਸ਼ਰਾਬ ਦੇ ਠੇਕੇ ਵੀ ਖੁੱਲ੍ਹੇ ਰਹਿੰਦੇ ਹਨ। ਉਹ ਲਿਖਦੇ ਹਨ ਕਿ ਅਮਰੀਕਾ ਤੋਂ ਵਾਪਸ ਆ ਕੇ ਮੈਂ ਸ਼੍ਰੋਮਣੀ ਕਮੇਟੀ ਨਾਲ ਵਿਚਾਰ ਸਾਂਝੇ ਕੀਤੇ ਤੇ ਉਸ ਸਮੇਂ ਦੇ ਪ੍ਰਧਾਨ ਸ: ਗੁਰਚਰਨ ਸਿੰਘ ਟੌਹੜਾ ਨੇ ਸੁਣ ਕੇ ਕੁੱਝ ਸਾਰਥਕ ਉਪਰਾਲੇ ਵੀ ਅਰੰਭ ਕਰ ਦਿੱਤੇ। ਉਹਨਾਂ ਨੇ ਅਪੀਲ ਕੀਤੀ ਹੈ ਕਿ ਅਸੀਂ ਸਾਰੇ 12 ਪੋਹ ਭਾਵ 27 ਦਸੰਬਰ ਨੂੰ ਸਵੇਰੇ 10 ਵਜੇ ਤੋਂ 11 ਵਜੇ ਤੱਕ ਇੱਕ ਘੰਟਾ ਹਰ ਸਿੱਖ ਭਾਵੇਂ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਹੋਵੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਜੁੜ ਵਾਹਿਗੁਰੂ ਦਾ ਜਾਪ ਤੇ ਸਿਮਰਨ ਕਰੋ।

ਡਾ: ਹਰਚੰਦ ਸਿੰਘ ਸਰਹੰਦੀ ਲਿਖਦੇ ਹਨ ਸਰਹਿੰਦ ਦਾ ਨਾਂ ਸੁਣਦਿਆਂ ਹੀ ਪੰਜਾਬ ਦੇ ਇਤਿਹਾਸ ਦਾ ਇੱਕ ਲਹੂ ਭਿੱਜਾ ਕਾਂਡ ਸਾਡੇ ਜਿਹਨ ਵਿੱਚ ਉਭਰ ਆਉਂਦਾ ਹੈ। ਸਰਹੰਦ ਦੀ ਖੂਨੀ ਦੀਵਾਰ ਸਾਡੀ ਚੇਤਨਾ ਦਾ ਵਿਹੜਾ ਮੱਲ ਲੈਂਦੀ ਹੈ। ਫਿਰ ਇਸ ਦੁਖਾਂਤ ਤੋਂ ਉਪਜਿਆ ਦਰਦ ਜੋ ਹਰ ਪੰਜਾਬੀ ਨੂੰ ਪੀੜ੍ਹੀ ਦਰ ਪੀੜ੍ਹੀ ਵਿਰਾਸਤ ਵਿੱਚ ਮਿਲਦਾ ਹੈ। ਇੱਕ ਲੰਮਾ ਹਉਕਾ ਬਣ ਕੇ ਹਿੱਕ ਨੂੰ ਚੀਰਦਾ ਹੋਇਆ ਬਾਹਰ ਨਿੱਕਲਦਾ ਹੈ।

ਦਰਅਸਲ ਕੁੱਝ ਘਟਨਾਵਾਂ ਅਜਿਹੀਆਂ ਵੀ ਹੁੰਦੀਆਂ ਹਨ, ਜਿੰਨ੍ਹਾਂ ਦਾ ਦੁਖਾਂਤ ਸਮੁੱਚੀ ਕੌਮ ਦਾ ਦੁਖਾਂਤ ਹੋ ਨਿੱਬੜਦਾ ਹੈ ਅਤੇ ਉਸ ਦੁਖਾਂਤ ਨਾਲ ਹੋਏ ਜ਼ਖਮ ਹਮੇਸ਼ਾਂ ਰਿਸਦੇ ਰਹਿੰਦੇ ਹਨ। ਸਾਕਾ ਸਰਹਿੰਦ ਵੀ ਇੱਕ ਅਜਿਹਾ ਦੁਖਾਂਤ ਹੈ, ਜਿਸ ਨੇ ਸਿੱਖ ਮਨਾਂ ’ਤੇ ਡੂੰਘਾ ਪੱਛ ਮਾਰਿਆ ਹੈ। ਇਕ ਵੇਰ ਤਾਂ ਸਮੁੱਚਾ ਸਿੱਖ ਜਗਤ ਝੰਜੋੜਿਆ ਗਿਆ। ਉਹ ਕਿਹੋ ਜਿਹਾ ਵਕਤ ਤੇ ਭਿਆਨਕ ਸਮਾਂ ਹੋਵੇਗਾ, ਜਿਸ ਦਾ ਹਾਲ ਸੁਣ ਕੇ ਅੱਜ ਵੀ ਮਨ ਬੇਚੈਨ ਹੋ ਜਾਂਦਾ ਹੈ, ਕਲੇਜਾ ਮੂੰਹ ਨੂੰ ਆਉਂਦਾ ਹੈ ਤੇ ਦਿਲ ਲਹੂ ਦੇ ਅੱਥਰੂ ਕੇਰਨ ਲੱਗ ਜਾਂਦਾ ਹੈ।

ਲਾਲਾ ਦੌਲਤ ਰਾਏ ਆਰੀਆ ‘ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ’ ਪੁਸਤਕ ਦੇ ਪੰਨਾ 179’ਤੇ ਲਿਖਦੇ ਹਨ :

ਸਿੱਖ ਸੁਭਾਅ ਨੂੰ ਨੇੜਿਉਂ ਵੇਖਣ ਤੇ ਸਮਝਣ ਵਾਲਾ ਵਿਅਕਤੀ ਇਸ ਘਟਨਾ ਦੇ ਸਿੱਖ ਮਨਾਂ ਤੇ ਉਭਰੇ ਗੂੜ੍ਹੇ ਜ਼ਖਮਾ ਦੀ ਚੀਸ ਨੂੰ ਅੱਜ ਵੀ ਮਹਿਸੂਸ ਕਰ ਰਿਹਾ ਹੈ। ਸਾਕਾ ਸਰਹੰਦ ਸਿੱਖਾਂ ਨੂੰ ਅਣਖ ਤੇ ਗੈਰਤ ਨਾਲ ਜੀੳਣ ਦਾ ਬਲ ਪ੍ਰਦਾਨ ਕਰਦਾ ਹੈ।

ਦਰਅਸਲ ਪੋਹ ਦੇ ਮਹੀਨੇ ਵਿੱਚ ਹੀ ਗੁਰੂ ਸਾਹਿਬ ਦੇ ਪਰਵਾਰ ਤੋਂ ਇਲਾਵਾ ਅਨੇਕਾਂ ਹੀ ਸ਼ਹੀਦੀਆਂ ਹੋਈਆਂ। ਕੁੱਝ ਅਨੰਦਪੁਰ ਸਾਹਿਬ ਦੇ ਕਿਲ੍ਹੇ ਦੀ ਆਖਰੀ ਜੰਗ ਸਮੇਂ, ਕੁੱਝ ਸਰਸਾ ਨਦੀ ਦੇ ਕੰਢੇ ’ਤੇ ਅਤੇ ਕੁੱਝ ਨਦੀ ਪਾਰ ਕਰਨ ਸਮੇਂ ਅਤੇ 40 ਸ਼ਹੀਦੀਆਂ ਚਮਕੌਰ ਦੀ ਜੰਮ ਸਮੇਂ ਹੋਈਆਂ। ਕਾਫੀ ਮਿਹਨਤ ਕਰਨ ਤੋਂ ਬਾਅਦ ਇਹਨਾਂ ਸ਼ਹੀਦਾਂ ਦੇ ਕੇਵਲ ਨਾਮ ਹੀ ਮਿਲ ਸਕੇ ਹਨ। ਕੁੱਝ ਕੁ ਸ਼ਹੀਦਾਂ ਦੀਆਂ ਜੀਵਨੀਆਂ ਦਾ ਪਤਾ ਲੱਗਾ ਹੈ, ਜਿਨ੍ਹਾਂ ਵਿੱਚ ਪੰਜ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਤੇ ਭਾਈ ਸਾਹਿਬ ਸਿੰਘ ਹਨ। ਇਹਨਾਾਂ ਤੋਂ ਇਲਾਵਾ ਭਾਈ ਸੰਗਤ ਸਿੰਘ, ਭਾਈ ਉਦੈ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਜੈਤਾ ਜੀ (ਜੀਵਨ ਸਿੰਘ) ਤੇ ਕੇਵਲ ਇੱਕ ਬੀਬੀ ਹਰਸ਼ਰਨ ਕੌਰ ਜਿਨ੍ਹਾਂ ਦਾ ਜੀਵਨ ਇਤਿਹਾਸ ਨੇ ਸੰਭਾਲਿਆ ਹੋਇਆ ਹੈ। ਇਸ ਤੋਂ ਇਲਾਵਾ ਹੋਰ ਸ਼ਹੀਦ ਹੋਣ ਵਾਲੇ ਹਨ। (1) ਸਮੀਰ ਸਿੰਘ (2) ਸਰਜਾ ਸਿੰਘ (3) ਸਾਧੂ ਸਿੰਘ (4) ਸੁਹੇਲ ਸਿੰਘ (5) ਸੁਲਤਾਨ ਸਿੰਘ (6) ਸੋਭਾ ਸਿੰਘ (7) ਸੰਤ ਸਿੰਘ (8) ਹਰਸਾ ਸਿੰਘ (9) ਹਰੀ ਸਿੰਘ (10) ਕਰਨ ਸਿੰਘ (11) ਕਰਮ ਸਿੰਘ (12) ਕਾਲ੍ਹਾ ਸਿੰਘ (13) ਕੀਰਤਿ ਸਿੰਘ (14) ਕ੍ਰਿਪਾਲ ਸਿੰਘ (15) ਖੁਸ਼ਾਲ ਸਿੰਘ (16) ਗੁਲਾਬ ਸਿੰਘ (17) ਗੰਗਾ ਸਿੰਘ (18) ਗੰਡਾ ਸਿੰਘ (19) ਘਰਬਾਰਾ ਸਿੰਘ (20) ਚੰਬਾ ਸਿੰਘ (21) ਜਾਦੋ ਸਿੰਘ (22) ਜੋਗਾ ਸਿੰਘ (23) ਜੰਗ ਸਿੰਘ (24) ਦਯਾਲ ਸਿੰਘ (25) ਦਰਬਾਰਾ ਸਿੰਘ (26) ਦਿਲਬਾਗ ਸਿੰਘ (27) ਧਰਮ ਸਿੰਘ (28) ਧੰਨਾ ਸਿੰਘ (29) ਨਿਹਾਲ ਸਿੰਘ (30) ਨਿਧਾਨ ਸਿੰਘ (31) ਬੂੜ ਸਿੰਘ (32) ਭਾਗ ਸਿੰਘ (33) ਭੋਲਾ ਸਿੰਘ (34) ਭੰਗਾ ਸਿੰਘ (35) ਮਹਾ ਸਿੰਘ (36) ਮੱਜਾ ਸਿੰਘ (37) ਮਾਨ ਸਿੰਘ (38) ਮੈਯਾ ਸਿੰਘ (39) ਰਾਇ ਸਿੰਘ (40) ਲਛਮਨ ਸਿੰਘ।

ਇਹਨਾਂ ਦੇ ਜੀਵਨ ਬਾਰੇ ਇਤਿਹਾਸ ਚੁੱਪ ਹੀ ਹੈ, ਪਰ ਇਤਿਹਾਸ ਖੋਜ ਦਾ ਵਿਸ਼ਾ ਹੈ। ਸਮੇਂ ਸਮੇਂ ਖੋਜ ਹੋਣ ਨਾਲ ਇਹਨਾਂ ਦੇ ਜੀਵਨ ਉਤੋਂ ਵੀ ਇਤਿਹਾਸ ਪਰਦਾ ਚੁੱਕੇਗਾ ਅਤੇ ਉਹਨਾਂ ਬਾਰੇ ਜਾਣਕਾਰੀ ਪ੍ਰਾਪਤ ਹੋ ਸਕੇਗੀ। 

ਸਾਕਾ ਸਰਹਿੰਦ ਜ਼ੁਲਮ ਉੱਤੇ ਨਿਆਂ ਦੀ ਫ਼ਤਹਿ ਝੂਠ ਉੱਤੇ ਸੱਚ ਦੀ ਫ਼ਤਹਿ ਅਤੇ ਲਾਲਚ ਉੱਤੇ ਤਿਆਗ ਦੀ ਫ਼ਤਹਿ ਦਾ ਪ੍ਰਤੀਕ ਹੈ। ਅਜਿਹੀਆਂ ਘਟਨਾਵਾਂ ਦੇ ਪ੍ਰਤੀਕਰਮ ਵਜੋਂ ਜਦੋਂ ਕੌਮਾਂ ਕਰਵਟ ਲੈਂਦੀਆਂ ਹਨ ਤਾਂ ਇਤਿਹਾਸ ਵੀ ਥਰਥਰਾਉਣ ਲੱਗਦਾ ਹੈ। ਇਸ ਘਟਨਾ ਤੋਂ ਕੇਵਲ ਪੰਜ ਸਾਲ ਬਾਅਦ ਇਤਿਹਾਸ ਨੇ ਮੋੜ ਲਿਆ ਤੇ ਸਰਹੰਦ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਕਾਇਮ ਕੀਤਾ।

ਸ਼ਹੀਦ

0

ਸ਼ਹੀਦ

ਭਾਈ ਅਮਰਿੰਦਰ ਸਿੰਘ (ਸੀਨੀਅਰ ਲੈਕਚਰਾਰ)

‘ਸ਼ਹੀਦ’ ਸ਼ਬਦ ਸ਼ਾਹਦੀ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ‘ਸਚ ਵਾਸਤੇ ਆਪਣਾ ਆਪ ਵਾਰ ਦੇਣਾ’। ‘ਸ਼ਹੀਦ’ ਉਹ ਸਖ਼ਸ਼ ਹੁੰਦਾ ਹੈ, ਜੋ ਧਰਮ ਵਾਸਤੇ ਆਪਣੀ ਜਾਨ ਵਾਰ ਦਿੰਦਾ ਹੈ। ਸੰਸਾਰ ਵਿੱਚ ਬਹੁਤ ਸਾਰੇ ਲੋਕ ਡਰ, ਲਾਲਚ ਜਾਂ ਕਿਸੇ ਹੋਰ ਕਮਜ਼ੋਰੀ ਕਾਰਨ ਆਪਣੇ ਸਿਧਾਂਤ ਤੋਂ ਪਿੱਛੇ ਹਟ ਜਾਂਦੇ ਹਨ, ਪਰ ਸਿਦਕ ਵਾਲੇ ਲੋਕ ਸਮਝੌਤਾ ਕਰਨ ਦੀ ਥਾਂ ਆਪਣੀ ਜਾਨ ਦੇਣਾ ਕਬੂਲ ਕਰਦੇ ਹਨ। ਅਜਿਹੇ ਲੋਕਾਂ ਦੀ ਗਵਾਹੀ ‘ਸ਼ਹੀਦੀ’ ਅਖਵਾਉਂਦੀ ਹੈ।

‘ਸ਼ਹੀਦੀ’ ਇਸਲਾਮ ਦੀ ਕੁਰਬਾਨੀ ਅਤੇ ਹਿੰਦੂਆਂ ਦੀ ਬਲੀ ਤੋਂ ਬਿਲਕੁਲ ਵੱਖਰਾ ਵਿਸ਼ਾ ਹੈ। ਕੁਰਬਾਨੀ ਤੇ ਬਲੀ ਤਾਂ ਲੋਕ ਜਾਨਵਰਾਂ ਦੀ ਵੀ ਦੇ ਦਿੰਦੇ ਹਨ। ਧਰਮ ਵਿਚ ਤਾਂ ਕਿਸੇ ਸਮੇਂ ਲੋਕ ਇਨਸਾਨ ਦੀ ਵੀ ਬਲੀ ਦੇ ਦਿੰਦੇ ਸੀ। ਇਸ ਕਰਕੇ ਸ਼ਹੀਦ ਹੋਣਾ; ਕੁਰਬਾਨੀ ਤੇ ਬਲੀ ਤੋਂ ਬਿਲਕੁਲ ਵੱਖਰਾ ਹੈ।

‘ਸ਼ਹੀਦੀ’ ਮਨੁੱਖ ਦਾ ਅਕਾਲ ਪੁਰਖ ਦੇ ਨਾਲ ਇੱਕ ਵਾਅਦਾ ਹੈ ਕਿ ਰੱਬ ਦੀ ਰਜ਼ਾ ਵਿੱਚ, ਰੱਬ ਦੇ ਰਾਹ ’ਤੇ ਚਲਣਾ ਹੈ। ਸ਼ਹੀਦੀ ਰੱਬ ਦੇ ਨੇੜੇ ਹੋਣ ਦਾ ਇੱਕ ਮੁਕਾਮ ਹੈ, ਮੰਜ਼ਲ ਹੈ।

ਧਰਮ ਦੀ ਸ਼ਹਾਦਤ ਕੇਵਲ ਬਾਹਰੀ ਰੂਪ ਵਿੱਚ ਲੜ ਕੇ ਮਰਨਾ ਨਹੀਂ ਹੁੰਦੀ ਸਗੋਂ ਸੱਚ, ਪਿਆਰ, ਸੰਤੋਖ, ਅਣਖ ਤੇ ਆਜ਼ਾਦੀ ਦਾ ਜਜ਼ਬਾ ਹੁੰਦਾ ਹੈ, ਜਿਨਾਂ ਸ਼ਹਾਦਤਾਂ ਵਿੱਚੋਂ ਸਚ, ਪਿਆਰ, ਸੰਤੋਖ ਤੇ ਤਿਆਗ ਦਾ ਪ੍ਰਭਾਵ ਨਹੀਂ ਮਿਲਦਾ, ਉਸ ਨੂੰ ਧਰਮ ਦੀ ਸ਼ਹਾਦਤ ਨਹੀਂ ਕਿਹਾ ਜਾ ਸਕਦਾ : ‘‘ਮੁਰਦਾ ਹੋਇ ਮੁਰੀਦ ਗਲੀ ਹੋਵਣਾ ਸਾਬਰੁ ਸਿਦਕਿ ਸਹੀਦੁ, ਭਰਮ ਭਉ ਖੋਵਣਾ’’ (ਭਾਈ ਗੁਰਦਾਸ ਜੀ /੧੮)

ਸਿੱਖ ਜਗਤ ਵਿੱਚ ਸ਼ਹੀਦਾਂ ਦੀ ਬੜੀ ਮਹਾਨਤਾ ਹੈ, ਪਰ ਬੜੀ ਅਜੀਬ ਗੱਲ ਹੈ ਕਿ ਗੁਰਬਾਣੀ, ਜੋ ਸਿੱਖੀ ਦਾ ਮੁੱਢ ਹੈ, ਵਿੱਚ ਇਨ੍ਹਾਂ ਦੀ ਮਹੱਤਤਾ ਦਾ ਕੋਈ ਜ਼ਿਕਰ ਨਹੀ ਮਿਲਦਾ। ਅਗਰ ਗੁਰਬਾਣੀ ਅਨੁਸਾਰ ਬਾਹਰੀ ਜੁੱਧ ਵਿੱਚ ਮਰ ਮਿਟਣ ਵਾਲੇ ਦੀ ਕੋਈ ਮਹੱਤਤਾ ਨਹੀਂ ਦਰਸਾਈ ਗਈ ਤਾਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਜੁੱਧ ਜਾਂ ਉਸ ਵਿੱਚ ਜਾਨਾਂ ਵਾਰਨ ਵਾਲੇ, ਧਰਮ ਦਾ ਕੋਈ ਵਿਸ਼ਾ ਨਹੀ ਹੋ ਸਕਦੇ। ਧਰਮ ਮਨੁੱਖਤਾ ਦੇ ਮਣਕਿਆਂ ਨੂੰ ਪਰੋਂਦਾ ਹੈ, ਬਖੇਰਦਾ ਨਹੀ, ਇਸ ਲਈ ਜੋ ਕਰਮ ਮਨੁੱਖਤਾ ਵਿੱਚ ਵੰਡੀਆ ਪਾ ਕੇ, ਮਨੁੱਖਤਾ ਦੀ ਮਾਲਾ ਦੇ ਮਣਕਿਆਂ ਨੂੰ ਬਖੇਰਦਾ ਹੈ, ਉਹ ਕਦਾਚਿਤ ਧਰਮ ਨਹੀਂ ਹੋ ਸਕਦਾ। ਗੁਰਬਾਣੀ ਵਿੱਚ ‘ਸ਼ਹੀਦ’ ਸ਼ਬਦ ਦੋ ਵਾਰ ਵਰਤਿਆ ਪੜ੍ਹਿਆ ਹੈ :

ਪੀਰ ਪੈਕਾਮਰ ਸਾਲਕ ਸਾਦਕ ਸੁਹਦੇ ਅਉਰੁ ਸਹੀਦ

ਸੇਖ ਮਸਾਇਕ ਕਾਜੀ ਮੁਲਾ, ਦਰਿ ਦਰਵੇਸ ਰਸੀਦ (ਮਹਲਾ /੫੩

ਜਾ ਕੈ ਈਦਿ ਬਕਰੀਦਿ ਕੁਲ ਗਊ ਰੇ ਬਧੁ ਕਰਹਿ;  ਮਾਨੀਅਹਿ ਸੇਖ ਸਹੀਦ ਪੀਰਾ

ਜਾ ਕੈ ਬਾਪ ਵੈਸੀ ਕਰੀ; ਪੂਤ ਐਸੀ ਸਰੀ; ਤਿਹੂ ਰੇ ਲੋਕ ਪਰਸਿਧ ਕਬੀਰਾ (ਭਗਤ ਰਵਿਦਾਸ ਜੀ ੧੨੯੩)

ਅਗਰ ਹਰ ਕੋਈ ਆਪਣਿਆਂ ਨੂੰ ਹੀ ਸ਼ਹੀਦ ਦਾ ਰੁਤਬਾ ਦੇਈ ਜਾਏ ਤਾਂ ਫਿਰ ਅਸਲ ਸ਼ਹੀਦ ਕੌਣ ਹੈ ? ਕੀ ਸ਼ਹੀਦ ਦੇ ਰੁਤਬੇ ਦਾ ਮਾਪਦੰਡ ਕੇਵਲ ਸਰੀਰਕ ਮੌਤ ਹੀ ਹੈ ? ਸ਼ਹੀਦ ਦਾ ਰੁਤਬਾ ਕਿਸ ਗੱਲ ’ਤੇ ਆਧਾਰਤ ਹੈ ਤੇ ਇਸ ਪਦਵੀ ਨੂੰ ਸੌਂਪਣ ਦਾ ਹੱਕ ਕਿਸ ਨੂੰ ਹੈ ? ਕੀ ਇਹ ਰੁਤਬਾ ਦੇਣ ਦਾ ਹੱਕ ਮਨੁੱਖ ਕੋਲ ਹੈ ?

ਗੁਰਬਾਣੀ ’ਚ ਬਾਹਰੀ ਜੁੱਧ ਵਿੱਚ ਮਰ ਮਿਟਣ ਵਾਲੇ ਦੀ ਕੋਈ ਮਹਾਨਤਾ ਦਰਸਾਈ ਨਹੀਂ ਗਈ ਤੇ ਨਾ ਹੀ ਕਿਸੇ ਨੂੰ ਸ਼ਹੀਦ ਦਾ ਰੁਤਬਾ ਦਿੱਤਾ ਹੈ। ਗੁਰਬਾਣੀ ਦਾ ਉਪਦੇਸ਼ ਹੈ :

ਭੀਜੈ; ਭੇੜਿ ਮਰਹਿ ਭਿੜਿ ਸੂਰ ਭੀਜੈ; ਕੇਤੇ ਹੋਵਹਿ ਧੂੜ

ਲੇਖਾ ਲਿਖੀਐ; ਮਨ ਕੈ ਭਾਇ ਨਾਨਕ  ! ਭੀਜੈ ਸਾਚੈ ਨਾਇ (ਮਹਲਾ /੧੨੩੭)

ਅਧਿਆਤਮਿਕ ਪੱਖੋਂ ਜਿੱਥੇ ਸੰਸਾਰ, ਸ਼ਸਤਰਾਂ ਨਾਲ ਮੈਦਾਨੇ ਜੰਗ ਵਿੱਚ ਜੁੱਧ ਕਰਕੇ, ਕੁਰਬਾਨ ਹੋਣ ਵਾਲਿਆਂ ਨੂੰ ਸੂਰਬੀਰ, ਬਹਾਦਰ ਤੇ ਸ਼ਹੀਦ ਮੰਨਦਾ ਹੈ, ਉੱਥੇ ਅੰਦਰੂਨੀ ਮਨ ਦੇ ਜੁੱਧ ਵਿੱਚ ਗੁਰ ਗਿਆਨ ਦੀ ਖੜਗ ਨਾਲ  ‘‘ਕਾਮੁ ਕ੍ਰੋਧੁ ਅਹੰਕਾਰੁ ਨਿਵਾਰੇ ਤਸਕਰ ਪੰਚ ਸਬਦਿ ਸੰਘਾਰੇ ਗਿਆਨ ਖੜਗੁ ਲੈ ਮਨ ਸਿਉ ਲੂਝੈ, ਮਨਸਾ ਮਨਹਿ ਸਮਾਈ ਹੇ ’’ (ਮਹਲਾ /੧੦੨੨) ਿਕਾਰਾਂ ਨਾਲ ਜੁੱਧ ਕਰਕੇ ਆਪਣੀ ਮਨਮਤ ਨੂੰ ਗੁਰਮਤਿ ਤੋਂ ਕੁਰਬਾਨ ਕਰਨ ਵਾਲੇ ਨੂੰ ਗੁਰਬਾਣੀ ਸੂਰਬੀਰ, ਬਲੀ ਤੇ ਗੁਰਮੁਖ ਦੇ ਖਿਤਾਬ ਨਾਲ ਨਿਵਾਜਦੀ ਹੈ। ਤਨ ਦੀ ਕੁਰਬਾਨੀ ਵਾਲੇ ਸ਼ਹੀਦ ਤਾਂ ਅਨੇਕਾਂ ਹੋਏ ਹਨ, ਪਰ ਮਨ (ਮਤ) ਦੀ ਕੁਰਬਾਨੀ ਵਾਲੇ ਉਂਗਲਾਂ ’ਤੇ ਗਿਣੇ ਜਾ ਸਕਦੇ ਹਨ :

ਜਿਨਿ ਮਿਲਿ ਮਾਰੇ ਪੰਚ ਸੂਰਬੀਰ; ਐਸੋ ਕਉਨੁ ਬਲੀ ਰੇ  ?

ਜਿਨਿ ਪੰਚ ਮਾਰਿ ਬਿਦਾਰਿ ਗੁਦਾਰੇ; ਸੋ ਪੂਰਾ ਇਹ ਕਲੀ ਰੇ (ਮਹਲਾ /੪੦੪)

ਕੋਈ ਵਿਰਲਾ ਹੀ ਐਸਾ ਬਲਵਾਨ (ਤੇ ਸੂਰਬੀਰ) ਗੁਰਮੁਖ ਹੁੰਦਾ ਹੈ, ਜਿਸ ਨੇ ਗੁਰ ਗਿਆਨ ਦੁਆਰਾ ਕਾਮਾਦਿਕ ਪੰਜਾਂ ਸੂਰਮਿਆਂ ਨੂੰ ਮਾਰ ਲਿਆ ਹੋਵੇ :

 ਨਾਨਕ ਸੋ ਸੂਰਾ ਵਰੀਆਮੁ; ਜਿਨਿ, ਵਿਚਹੁ ਦੁਸਟੁ ਅਹੰਕਰਣੁ ਮਾਰਿਆ ’’  (ਮਹਲਾ /੮੬)

ਕਿਉਂਕਿ

ਜੋ ਜਨ ਲੂਝਹਿ ਮਨੈ ਸਿਉ; ਸੇ ਸੂਰੇ ਪਰਧਾਨਾ ਹਰਿ ਸੇਤੀ ਸਦਾ ਮਿਲਿ ਰਹੇ; ਜਿਨੀ ਆਪੁ ਪਛਾਨਾ

(ਮਹਲਾ /੧੦੮੯)

ਗੁਰਬਾਣੀ ਅਨੁਸਾਰ ਸੂਰਮਾ ਅੰਦਰੂਨੀ (ਮਨ ਕਰਕੇ) ਹੈ। ਜੋ ਮਨੁੱਖ ਵਿਕਾਰਾਂ ਦੇ ਟਾਕਰੇ ਵਿੱਚ ਅੜ ਖਲੋਤਾ ਹੈ ਤੇ ਅਨੇਕ ਮੁਸ਼ਕਲਾਂ ਦੇ ਬਾਵਜੂਦ ਵੀ ਉਹ ਗੁਰਮਤਿ ਦਾ ਬਿਖੜਾ ਪੈਂਡਾ ਨਹੀਂ ਛੱਡਦਾ, ਗੁਰੂ ਤੋਂ ਆਪਾ (ਮਨਮਤ) ਵਾਰ ਦਿੰਦਾ ਹੈ, ਉਹੀ ਅਸਲੀ ਸੂਰਮਾ (ਗੁਰਮੁਖ ਜਾਂ ਸ਼ਹੀਦ) ਤੇ ਅੱਲ੍ਹਾ ਦੇ ਗੁਣਾਂ ਦਾ ਗਵਾਹ ਹੈ। ਇਹ ਦ੍ਰਿਸ਼ ਕਿਸੇ ਬਾਹਰੀ ਜੁੱਧ ਦਾ ਨਹੀਂ ਬਲਕਿ ਅੰਦਰੂਨੀ (ਵਿਕਾਰਾਂ ਨਾਲ) ਜੁੱਧ ਦਾ ਹੈ, ਪਰ ਇਸ ਨੂੰ ਆਮ ਤੌਰ ’ਤੇ ਬਾਹਰੀ ਜੁੱਧਾਂ ਤੇ ਸ਼ਹੀਦਾਂ ਨਾਲ ਜੋੜ ਕੇ ਸਰੋਤਿਆਂ ਦੀਆਂ ਭਾਵਨਾਵਾਂ ਨੂੰ ਉਕਸਾਇਆ ਜਾਂ ਭੜਕਾਇਆ ਜਾਂਦਾ ਹੈ, ਜੋ ਕੇ ਗੁਰਬਾਣੀ ਅਨੁਕੂਲ ਨਹੀਂ। ਇਹ ਵੀ ਇੱਕ ਹਕੀਕਤ ਹੈ ਕਿ ਜੋ ਕਰਮ, ਪੱਖ ਪਾਤ, ਵਖਰੇਵਾਂ, ਘਿਰਨਾ, ਵੈਰ ਵਿਰੋਧਤਾ ਮਨੁੱਖੀ ਏਕਤਾ ਨੂੰ ਭੰਗ ਕਰੇ, ਉਹ ਕਦੇ ਧਰਮ ਦਾ ਅੰਗ ਨਹੀਂ ਹੋ ਸਕਦਾ ਕਿਉਂਕਿ ਗੁਰਬਾਣੀ ਦਾ ਉਪਦੇਸ਼ ਹੈ :

ਕੁ ਪਿਤਾ ਏਕਸ ਕੇ ਹਮ ਬਾਰਿਕ; ਤੂ ਮੇਰਾ ਗੁਰ ਹਾਈ (ਮਹਲਾ /੬੧੨)

ਬਿਸਰਿ ਗਈ ਸਭ ਤਾਤਿ ਪਰਾਈ  ਜਬ ਤੇ ਸਾਧਸੰਗਤਿ ਮੋਹਿ ਪਾਈ ਰਹਾਉ

ਨਾ ਕੋ ਬੈਰੀ, ਨਹੀ ਬਿਗਾਨਾ; ਸਗਲ ਸੰਗਿ ਹਮ ਕਉ ਬਨਿ ਆਈ

ਜੋ ਪ੍ਰਭ ਕੀਨੋ, ਸੋ ਭਲ ਮਾਨਿਓ; ਏਹ ਸੁਮਤਿ ਸਾਧੂ ਤੇ ਪਾਈ

ਸਭ ਮਹਿ ਰਵਿ ਰਹਿਆ ਪ੍ਰਭੁ ਏਕੈ; ਪੇਖਿ ਪੇਖਿ ਨਾਨਕ ਬਿਗਸਾਈ (ਮਹਲਾ /੧੨੯੯)

ਪਰਾਈ ਈਰਖਾ ਤੇ ਵੈਰ ਵਿਰੋਧਤਾ ਨੂੰ ਮਨ ਵਿਚੋਂ ਕੱਢ ਦੇਣ ਵਾਲਾ, ਪ੍ਰਭੂ ਦੇ ਹੁਕਮ ਅਨੁਸਾਰ ਚੱਲਣ ਵਾਲਾ ਤੇ ਸਭਨਾਂ ਵਿੱਚ ਵਸਦੇ ਰੱਬ ਨੂੰ ਜਾਨਣ ਵਾਲਾ ਕਦੇ ਹਮਲਾਵਰ ਨਹੀਂ ਹੋ ਸਕਦਾ।

ਸਭ ਮਹਿ ਏਕੁ ਵਰਤਦਾ; ਜਿਨਿ ਆਪੇ ਰਚਨ ਰਚਾਈ (ਮਹਲਾ /੯੫੪)

ਸਭੁ ਕੋ ਮੀਤੁ ਹਮ ਆਪਨ ਕੀਨਾ; ਹਮ ਸਭਨਾ ਕੇ ਸਾਜਨ

ਦੂਰਿ ਪਰਾਇਓ ਮਨ ਕਾ ਬਿਰਹਾ; ਤਾ ਮੇਲੁ ਕੀਓ ਮੇਰੈ ਰਾਜਨ (ਮਹਲਾ /੬੭੧)

ਸਿੱਖ ਇਤਿਹਾਸ ਸ਼ਹੀਦੀਆਂ ਨਾਲ ਭਰਿਆ ਪਿਆ ਹੈ। ਗੁਰੂ ਅਰਜਨ ਸਾਹਿਬ ਜੀ ਨੇ ਹੱਕ ਇਨਸਾਫ ਖਾਤਰ ਤੱਤੀ ਤਵੀ ’ਤੇ ਬੈਠ ਕੇ ਦਿਲ ਕੰਬਾਊ ਅੱਤਿਆਚਾਰ ਸਬਰ ਸ਼ੁਕਰ ਨਾਲ ਲੜ ਕੇ ਆਪਣੀ ਸ਼ਹਾਦਤ ਦੇ ਕੇ ਕੌਮ ਵਿੱਚ ਕ੍ਰਾਂਤੀਕਾਰੀ ਸ਼ਹਾਦਤ ਦੇ ਪ੍ਰਸੰਗ ਨੂੰ ਆਰੰਭਿਆ ਤੇ ਗੁਰੂ ਨਾਨਕ ਸਾਹਿਬ ਜੀ ਦੇ ਇਨ੍ਹਾਂ ਸ਼ਬਦਾਂ ਨੂੰ ਸੱਚ ਕਰ ਵਿਖਾਇਆ :

ਮਰਣੁ ਮੁਣਸਾ ਸੂਰਿਆ ਹਕੁ ਹੈ, ਜੋ ਹੋਇ ਮਰਨਿ ਪਰਵਾਣੋ (ਮਹਲਾ /੫੭੯)

ਫਿਰ ਦੂਜਿਆਂ ਦੇ ਹਿੱਤਾਂ ਲਈ ਨੌਵੇਂ ਪਾਤਿਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਸ਼ਹਾਦਤ ਦਿੱਤੀ। ਇਸ ਗੱਲ ਨੂੰ ਪ੍ਰਗਟ ਕਰ ਦਿੱਤਾ ਕਿ ਸਭ ਨੂੰ ਜਿਊਣ ਦਾ ਪੂਰਾ ਅਧਿਕਾਰ ਹੈ। ਗੁਰੂ ਜੀ ਦੀ ਸ਼ਹੀਦੀ ਇਨ੍ਹਾਂ ਗੱਲਾਂ ਨੂੰ ਪ੍ਰਗਟ ਕਰਦੀ ਹੈ ਕਿ ਨਾ ਕਿਸੇ ਤੋਂ ਡਰ ਕੇ ਜੀਵਨ ਬਤੀਤ ਕਰਨਾ ਅਤੇ ਨਾ ਹੀ ਕਿਸੇ ਨੂੰ ਡਰ ਦੇਣਾ ਹੈ :

ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ (ਮਹਲਾ /੧੪੨੬)

ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ਼ਹੀਦੀ ਦੇ ਸੰਕਲਪ ਨੂੰ ਪਵਿੱਤਰਤਾ ਬਖਸ਼ਦਿਆਂ ਹੋਇਆਂ ਜਿੱਥੇ ਪਿਤਾ ਜੀ ਨੂੰ ਸ਼ਹੀਦੀ ਲਈ ਭੇਜਿਆ, ਉੱਥੇ ਆਪਣੇ ਵੱਡੇ ਸਾਹਿਬਜ਼ਾਦਿਆਂ ਨੂੰ ਤਿਆਰ ਕਰਕੇ ਆਪ ਮੈਦਾਨੇ ਜੰਗ ਵਿੱਚ ਭੇਜਿਆ। ਮਾਤਾ ਗੁਜਰ ਕੌਰ ਜੀ ਦਾ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਹੱਥੀਂ ਤਿਆਰ ਕਰ ਕੇ ਸ਼ਹਾਦਤ ਦੇਣ ਲਈ ਤੋਰਨਾ ਤੇ ਅਣਗਿਣਤ ਸਿੰਘਾਂ ਦਾ ਰੱਬੀ ਗੁਣਾਂ ਤੇ ਸਿਧਾਂਤ ਦੀ ਖਾਤਰ ਆਪਣਾ ਆਪ ਵਾਰ ਦੇਣਾ, ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਨੂੰ ਅਮਲੀ ਜਾਮਾ ਪਹਿਣਾਉਣਾ ਹੈ :

ਗਗਨ ਦਮਾਮਾ ਬਾਜਿਓ; ਪਰਿਓ ਨਿਸਾਨੈ ਘਾਉਖੇਤੁ ਜੁ ਮਾਂਡਿਓ ਸੂਰਮਾ; ਅਬ ਜੂਝਨ ਕੋ ਦਾਉ

(ਭਗਤ ਕਬੀਰ ਜੀ/੧੧੦੫)

ਗੁਰਬਾਣੀ ਤੇ ਸਿੱਖ ਇਤਿਹਾਸ ਨੇ ਸ਼ਹੀਦੀ ਦੇ ਸੰਕਲਪ ਨੂੰ ਬੜਾ ਬਲ ਤੇ ਪਵਿੱਤਰਤਾ ਬਖਸ਼ਸ਼ ਕੀਤੀ। ਗੁਰਬਾਣੀ ਨੇ ਸੂਰਮੇ ਨੂੰ ਸਰੀਰਕ ਸੂਰਮਤਾਈ ਵਿੱਚ ਪੂਰਾ ਕਰਨ ਦੇ ਨਾਲ ਨਾਲ ਸਮਾਜਿਕ ਏਕਤਾ ਪੈਦਾ ਕੀਤੀ ਅਤੇ ਆਤਮਿਕ ਤੌਰ ’ਤੇ ਸੂਰਬੀਰ ਬਣਾ ਪੀਰੀ ਗੁਣ ਨੂੰ ਮੁਕੰਮਲ ਕੀਤਾ ਤਾਂ ਕਿ ਸਿੱਖੀ ਕਿਰਦਾਰ ਦੇ ਉੱਚੇ ਸੁੱਚੇ ਜੀਵਨ ਵਿੱਚ ਵਿਸ਼ੇ ਵਿਕਾਰਾਂ ਦਾ ਕੋਈ ਵੀ ਪ੍ਰਭਾਵ ਨਾ ਪਵੇ ; ਜਿਵੇਂ ਕਿ ਬਚਨ ਹਨ ‘‘ਨਾਨਕ  ! ਸੋ ਸੂਰਾ ਵਰੀਆਮੁ; ਜਿਨਿ, ਵਿਚਹੁ ਦੁਸਟੁ ਅਹੰਕਰਣੁ ਮਾਰਿਆ ’’ (ਮਹਲਾ /੮੬)

ਗੁਰੂ ਕੇ ਪਿਆਰੇ ਸਿੱਖ ਦੇ ਜੀਵਨ ਦੀਆਂ ਛੇ ਨਿਸ਼ਾਨੀਆਂ

0

ਗੁਰੂ ਕੇ ਪਿਆਰੇ ਸਿੱਖ ਦੇ ਜੀਵਨ ਦੀਆਂ ਛੇ ਨਿਸ਼ਾਨੀਆਂ

ਬੀਬੀ ਸਤਵੰਤ ਕੌਰ ਖਾਲਸਾ

ਗੁਰੂ ਕੇ ਪਿਆਰੇ ਸਿੱਖ ਦੇ ਜੀਵਨ ਦੀਆਂ ਛੇ ਨਿਸ਼ਾਨੀਆਂ ਸਿੱਖ ਧਰਮ ਵਿੱਚ ਅੱਜ ਤੱਕ ਜਿੰਨੇ ਵੀ ਮਹਾਨ ਸਿੱਖ ਸ਼ਹੀਦ, ਸਿੰਘ ਸੂਰਮੇ, ਭਗਤ, ਸੰਤ ਤੇ ਮਹਾਂ ਪੁਰਸ਼ ਹੋਏ ਹਨ, ਉਨ੍ਹਾਂ ਦੇ ਜੀਵਨ ਨੂੰ ਪੜ੍ਹ ਕੇ ਵੇਖੀਏ ਤਾਂ ਸਾਨੂੰ ਉਹਨਾਂ ਦੇ ਕਮਾਈ ਵਾਲੇ ਜੀਵਨ ਤੋਂ ਸਦਾ ਸੇਧ ਮਿਲਦੀ ਹੈ। ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਪਾਵਨ ਅਤੇ ਪਵਿੱਤਰ ਗੁਰਬਾਣੀ ਨੂੰ ਢਾਲ਼ ਕੇ ਆਪਣੇ ਰੋਮ-ਰੋਮ ਵਿੱਚ ਗੁਰਬਾਣੀ ਰਾਹੀਂ ਪਰਮਜੋਤ ਨੂੰ ਪ੍ਰਗਟ ਕਰ ਲਿਆ, ਅਜਿਹੇ ਮਹਾਂ ਪੁਰਸ਼ਾਂ ਦੀ ਅਗਵਾਈ ਵਾਹਿਗੁਰੂ ਆਪ ਕਰਦੇ ਹਨ।

 ਪਾਵਨ ਗੁਰਬਾਣੀ ਦਾ ਹਰੇਕ ਸ਼ਬਦ ਸਿੱਖ ਦੇ ਜੀਵਨ ਦੀ ਆਤਮਕ ਅਵਸਥਾ ਨੂੰ ਉੱਚਾ ਚੁੱਕਣ ਲਈ ਨਾਮ ਰੂਪੀ ਜਹਾਜ ਦਾ ਕੰਮ ਕਰਦਾ ਹੈ। ਇੱਕ ਗੁਰਸਿੱਖ ਦੇ ਜੀਵਨ ਦੀਆਂ ਪਿਆਰੀਆਂ ਛੇ ਨਿਸ਼ਾਨੀਆਂ ਬਹੁਤ ਹੀ ਪਿਆਰ ਨਾਲ ਪੜ੍ਹ ਕੇ ਅਮਲ ਕਰਨ ਦਾ ਯਤਨ ਜ਼ਰੂਰ ਕਰੋ, ‘‘ਹਉ ਤਿਸੁ ਘੋਲਿ ਘੁਮਾਇਆ, ਗੁਰਮਤਿ ਰਿਦੈ ਗਰੀਬੀ ਆਵੈ’’ ਭਾਈ ਗੁਰਦਾਸ ਜੀ ਆਪਣੀ ਪਵਿੱਤਰ ਪਉੜੀ ਰਾਹੀਂ ਫੁਰਮਾਉਂਦੇ ਹਨ ਕਿ ਅਸੀਂ ਉਸ ਸਿੱਖ ਦੇ ਜੀਵਨ ਤੋਂ ਸਦਾ ਬਲਿਹਾਰ ਬਲਿਹਾਰ ਜਾਂਦੇ ਹਾਂ, ਜਿਸ ਸਿੱਖ ਦੇ ਹਿਰਦੇ ਅੰਦਰ ਨਿਮਰਤਾ ਦੀ ਪਿਆਰੀ ਦਾਤ ਪ੍ਰਗਟ ਹੋ ਜਾਂਦੀ ਹੈ। ਐਸੇ ਗੁਰਸਿੱਖ ਦੇ ਨਿਮਰਤਾ ਵਾਲੇ ਸੁਭਾਅ ਕਰਕੇ ਹੀ ਉਸ ਦੀ ਜ਼ਬਾਨ ਵਿੱਚੋਂ ਬਹੁਤ ਹੀ ਮਿੱਠੇ ਅਤੇ ਪਿਆਰੇ ਬਚਨ ਨਿਕਲਣੇ ਸ਼ੁਰੂ ਹੋ ਜਾਂਦੇ ਹਨ। ਇਹ ਇੱਕ ਗੁਰੂ ਕੇ ਸਿੱਖ ਦੇ ਜੀਵਨ ਦੀ ਪਹਿਲੀ ਅਹਿਮ ਨਿਸ਼ਾਨੀ ਹੈ।

‘‘ਹਉ ਤਿਸੁ ਘੋਲਿ ਘੁਮਾਇਆ, ਪਰ ਨਾਰੀ ਦੇ ਨੇੜਿ ਜਾਵੈ।’’ ਭਾਈ ਸਾਹਿਬ ਜੀ ਅੱਗੇ ਫੁਰਮਾਉਂਦੇ ਹਨ ਕਿ ਅਸੀਂ ਉਸ ਸਿੱਖ ਦੇ ਜੀਵਨ ਤੋਂ ਬਹੁਤ ਹੀ ਕੁਰਬਾਨ ਜਾਂਦੇ ਹਾਂ, ਜਿਹੜਾ ਸਿੱਖ ਆਪ ਤੋਂ ਛੋਟੀ ਨੂੰ ਧੀ, ਬਰਾਬਰ ਦੀ ਨੂੰ ਭੈਣ ਅਤੇ ਆਪ ਤੋਂ ਵੱਡੀ ਨੂੰ ਮਾਂ ਦੇ ਬਰਾਬਰ ਸਮਝਦਾ ਹੈ ਅਤੇ ਕਦੇ ਵੀ ਕਿਸੇ ਧੀ ਭੈਣ ਵੱਲ ਮਾੜੀ ਨਜ਼ਰ ਨਾਲ ਨਹੀਂ ਵੇਖਦਾ। ਇਹ ਗੁਰੂ ਕੇ ਸਿੱਖ ਦੇ ਜੀਵਨ ਦੀ ਦੂਜੀ ਅਹਿਮ ਨਿਸ਼ਾਨੀ ਹੈ।

‘‘ਹਉ ਤਿਸੁ ਘੋਲਿ ਘੁਮਾਇਆ, ਪਰ ਦਰਬੈ ਨੋ ਹਥੁ ਲਾਵੈ।’’ ਭਾਈ ਸਾਹਿਬ ਜੀ ਪਉੜੀ ਦੀ ਅਗਲੀ ਪਿਆਰੀ ਪੰਗਤੀ ਵਿੱਚ ਫੁਰਮਾਉਂਦੇ ਹਨ ਕਿ ਅਸੀਂ ਉਸ ਸਿੱਖ ਦੇ ਜੀਵਨ ਤੋਂ ਸਦਾ ਵਾਰ-ਵਾਰ ਬਲਿਹਾਰ ਜਾਂਦੇ ਹਾਂ, ਜਿਹੜਾ ਸਿੱਖ ਕਦੇ ਵੀ ਕਿਸੇ ਨਾਲ ਠੱਗੀ ਨਹੀਂ ਮਾਰਦਾ ਅਤੇ ਮਾੜੇ ਪੈਸੇ ਨੂੰ ਕਦੇ ਹੱਥ ਤੱਕ ਨਹੀਂ ਲਾਉਂਦਾ। ਜਿਸ ਨਾਲ ਮਹਾਨ ਸਤਿਗੁਰੂ ਜੀ ਦੀ ਨਾਰਾਜਗੀ ਮਿਲ ਜਾਵੇ। ਇਹ ਗੁਰੂ ਕੇ ਸਿੱਖ ਦੇ ਜੀਵਨ ਦੀ ਤੀਜੀ ਅਹਿਮ ਨਿਸ਼ਾਨੀ ਹੈ।

‘‘ਹਉ ਤਿਸੁ ਘੋਲਿ ਘੁਮਾਇਆ, ਪਰ ਨਿੰਦਾ ਸੁਣਿ ਆਪੁ ਹਟਾਵੈ’’ ਭਾਈ ਸਾਹਿਬ ਜੀ ਅਗਲੀ ਪਿਆਰੀ ਪੰਗਤੀ ਵਿੱਚ ਫੁਰਮਾਉਂਦੇ ਹਨ ਕਿ ਅਸੀਂ ਉਸ ਸਿੱਖ ਦੇ ਜੀਵਨ ਤੋਂ ਸਦਾ ਹੀ ਕੁਰਬਾਨ ਜਾਂਦੇ ਹਾਂ, ਜਿਹੜਾ ਸਿੱਖ ਪਰਾਈ ਨਿੰਦਿਆ ਮੂਲੋਂ ਹੀ ਨਹੀਂ ਕਰਦਾ ਹੈ। ਜੇ ਕੋਈ ਪ੍ਰਾਣੀ ਕਿਸੇ ਦੀ ਨਿੰਦਿਆ, ਉਸ ਸਿੱਖ ਦੇ ਸਾਹਮਣੇ ਕਰਦਾ ਹੈ ਤਾਂ ਉਹ ਕਿਸੇ ਦੀ ਨਿੰਦਿਆ ਕਰਨੀ ਬੰਦ ਵੀ ਕਰਵਾਉਂਦਾ ਹੈ। ਇਹ ਗੁਰੂ ਕੇ ਸਿੱਖ ਦੇ ਜੀਵਨ ਦੀ ਚੌਥੀ ਅਹਿਮ ਨਿਸ਼ਾਨੀ ਹੈ।

‘‘ਹਉ ਤਿਸੁ ਘੋਲਿ ਘੁਮਾਇਆ, ਸਤਿਗੁਰ ਦਾ ਉਪਦੇਸ ਕਮਾਵੈ’’ ਭਾਈ ਗੁਰਦਾਸ ਜੀ ਅਗਲੀ ਪਿਆਰੀ ਪੰਗਤੀ ਵਿੱਚ ਫੁਰਮਾਉਂਦੇ ਹਨ ਕਿ ਅਸੀਂ ਉਸ ਸਿੱਖ ਦੇ ਜੀਵਨ ਨੂੰ ਵੇਖ ਕੇ ਬਹੁਤ ਹੀ ਖੁਸ਼ ਅਤੇ ਪ੍ਰਸੰਨ ਹੁੰਦੇ ਹਾਂ। ਜਿਹੜਾ ਸਿੱਖ ਪਾਵਨ ਗੁਰਬਾਣੀ ਦੇ ਉਪਦੇਸ਼ਾਂ ਨੂੰ ਨਿਰਾ ਪੜ੍ਹਨ ਤੱਕ ਹੀ ਸੀਮਤ ਨਹੀਂ ਰਹਿੰਦਾ, ਸਗੋਂ ਪਾਵਨ ਗੁਰਬਾਣੀ ਦੇ ਪਵਿੱਤਰ ਸ਼ਬਦ ਦੇ ਉਪਦੇਸ਼ ’ਤੇ ਸਦਾ ਅਮਲ ਕਰਨ ਦਾ ਉਪਰਾਲਾ ਕਰਦਾ ਰਹਿੰਦਾ ਹੈ। ਗੁਰੂ ਸ਼ਬਦ ਅਭਿਆਸ ਕਰਨ ਵਿੱਚ ਜਿਹੜਾ ਸਿੱਖ ਸਦਾ ਆਪਣੇ ਮਨ ਵਿੱਚ ਜੱਦੋ ਜਹਿਦ ਕਰਦਾ ਰਹਿੰਦਾ ਹੈ। ਮਹਾਨ ਸਤਿਗੁਰੂ ਜੀ ਐਸੇ ਪਿਆਰੇ ਗੁਰਸਿੱਖ ’ਤੇ ਸਦਾ ਨਿਹਾਲ ਹੁੰਦੇ ਰਹਿੰਦੇ ਹਨ। ਇਹ ਗੁਰੂ ਕੇ ਸਿੱਖ ਦੇ ਜੀਵਨ ਦੀ ਪੰਜਵੀਂ ਅਹਿਮ ਨਿਸ਼ਾਨੀ ਹੈ।

‘‘ਹਉ ਤਿਸੁ ਘੋਲਿ ਘੁਮਾਇਆ, ਥੋੜਾ ਸਵੈ ਥੋੜਾ ਹੀ ਖਾਵੈ ਗੁਰਮੁਖਿ ਸੋਈ ਸਹਜਿ ਸਮਾਵੈ।’’ ਭਾਈ ਗੁਰਦਾਸ ਜੀ ਆਪਣੀ ਪਵਿੱਤਰ ਪਉੜੀ ਦੀ ਅਖੀਰਲੀ ਪੰਕਤੀ ਵਿੱਚ ਫੁਰਮਾਉਂਦੇ ਹਨ ਕਿ ਅਸੀਂ ਐਸੇ ਸਿੱਖ ਦੇ ਜੀਵਨ ਤੋਂ ਸਦਾ ਕੁਰਬਾਨ ਜਾਂਦੇ ਹਾਂ ਜਿਹੜਾ ਸਿੱਖ ਖਾਂਦਾ ਵੀ ਸੰਜਮ ਵਿੱਚ ਹੈ ਅਤੇ ਸੌਂਦਾ ਵੀ ਸੰਜਮ ਵਿੱਚ ਹੈ ਯਾਨੀ ਕਿ ਜਿਸ ਗੁਰਸਿੱਖ ਦਾ ਖਾਣਾ, ਪੀਣਾ, ਪਹਿਨਣਾ, ਬੋਲਣਾ, ਸੁਣਨਾ ਅਤੇ ਵੇਖਣਾ ਸਿੱਖੀ ਦੀ ਮਰਿਆਦਾ ਵਿੱਚ ਹੋ ਗਿਆ। ਐਸੇ ਸਿੱਖ ਦੇ ਜੀਵਨ ਤੋਂ ਅਸੀਂ ਸਦਾ ਬਲਿਹਾਰ ਜਾਂਦੇ ਹਾਂ। ਇਹ ਗੁਰੂ ਕੇ ਸਿੱਖ ਦੇ ਜੀਵਨ ਦੀ ਛੇਵੀਂ ਅਹਿਮ ਨਿਸ਼ਾਨੀ ਹੈ।

ਐਸੇ ਛੇ ਗੁਣਾਂ ਵਾਲੇ ਪਿਆਰੇ ਗੁਰਸਿੱਖ ਦਾ ਜੀਵਨ ਬਹੁਤ ਹੀ ਸਾਦਾ ਨਿਮਰਤਾ ਵਾਲਾ, ਸਹਿਜ ਅਵਸਥਾ ਵਾਲਾ ਅਤੇ ਨਾਮ ਸਿਮਰਨ ਵਾਲਾ ਬਣ ਜਾਂਦਾ ਹੈ। ਹੁਣ ਸਾਨੂੰ ਬਹੁਤ ਹੀ ਗੌਰ ਨਾਲ ਆਪੋ ਆਪਣੇ ਹਿਰਦੇ ਅੰਦਰ ਵਿਚਾਰਨਾ ਚਾਹੀਦਾ ਹੈ ਕਿ ਸਾਡਾ ਜੀਵਨ ਇੱਕ ਗੁਰਸਿੱਖ ਦੇ ਜੀਵਨ ਦੀਆਂ ਇਹਨਾਂ ਛੇ ਨਿਸ਼ਾਨੀਆਂ ਮੁਤਾਬਕ ਅਜੇ ਕਿੱਥੇ ਕੁ ਖੜ੍ਹਾ ਹੈ। ਸਾਨੂੰ ਹਰ ਸਿੱਖ ਨੂੰ ਇਸ ਬਾਰੇ ਆਪੋ ਆਪਣੇ ਹਿਰਦੇ ਅੰਦਰ ਅੱਜ ਬਹੁਤ ਹੀ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਕੋਈ ਵੀ ਪਿਆਰਾ ਸਿੱਖ ਅੱਜ ਤੋਂ ਇਸ ਪਵਿੱਤਰ ਸ਼ਬਦ ਦੀ ਪੂਰੀ ਕਮਾਈ ਆਪਣੇ ਹਿਰਦੇ ਅੰਦਰ ਕਰਨ ਲੱਗ ਜਾਵੇ ਅਤੇ ਦ੍ਰਿੜ੍ਹ ਕਰਕੇ ਆਪਣੇ ਅੰਦਰ ਧਾਰ ਲਵੇ ਕਿ ਅੱਜ ਤੋਂ ਬਾਅਦ ਮੈਂ ਆਪਣੇ ਪਿਆਰੇ ਸਤਿਗੁਰੂ ਜੀ ਦਾ ਪਿਆਰਾ ਸਿੱਖ ਬਣਨਾ ਹੈ ਅਤੇ ਇੱਕ ਗੁਰੂ ਕੇ ਸਿੱਖ ਦੇ ਜੀਵਨ ਦੀਆਂ ਇਹ ਛੇ ਅਹਿਮ ਨਿਸ਼ਾਨੀਆਂ ਆਪਣੇ ਹਿਰਦੇ ਅੰਦਰ ਪੂਰੀ ਤਰ੍ਹਾਂ ਧਾਰਨ ਕਰਨੀਆਂ ਹਨ।

ਪੋਹ ਮਹੀਨੇ ਦਾ ਸ਼ਹੀਦੀ ਹਫ਼ਤਾ

0

ਪੋਹ ਮਹੀਨੇ ਦਾ ਸ਼ਹੀਦੀ ਹਫ਼ਤਾ

ਕਿਰਪਾਲ ਸਿੰਘ ਬਠਿੰਡਾ

ਵੈਸੇ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਜੀਵਨ ਹੀ ਸੰਘਰਸ਼ੀਲ ਰਿਹਾ ਹੈ, ਪਰ ੬ ਪੋਹ ਸੰਮਤ ੧੭੬੧ ਬਿਕ੍ਰਮੀ/5 ਦਸੰਬਰ 1704 ਜੂਲੀਅਨ ਤੋਂ ੧੩ ਪੋਹ ਸੰਮਤ ੧੭੬੧/12 ਦਸੰਬਰ 1704 ਜੂਲੀਅਨ ਤੱਕ ਦਾ ਹਫ਼ਤਾ ਮੁਗਲਾਂ, ਪਹਾੜੀ ਰਾਜਿਆਂ ਅਤੇ ਗੰਗੂ ਬ੍ਰਾਹਮਣ ਦਾ ਵਿਸ਼ਵਾਸਘਾਤ, ਪਰਵਾਰ ਦਾ ਦਰਦਨਾਕ ਵਿਛੋੜਾ, ਇਨ੍ਹਾਂ ਅਸਹਿਣਯੋਗ ਘਟਨਾਵਾਂ ਸਮੇਂ ਗੁਰੂ ਅਤੇ ਸਿੰਘਾਂ ਦਾ ਪ੍ਰਮਾਤਮਾ ’ਚ ਅਉੱਟ ਵਿਸ਼ਵਾਸ, ਬੇਮਿਸਾਲ ਬਹਾਦਰੀਆਂ ਤੇ ਲਾਸਾਨੀ ਕੁਰਬਾਨੀਆਂ ਦੀ ਦਾਸਤਾਨ ਹੈ, ਜੋ ਸਮੇਂ ਦੇ ਤਾਣੇ-ਬਾਣੇ ਵਿੱਚ ਨਵਾਂ ਸਿੱਖ ਇਤਿਹਾਸ ਸਿਰਜਦੀਆਂ ਹਨ; ਜਿਸ ਦਾ ਬਿਰਤਾਂਤ ਅੱਜ ਵੀ ਸੁਣਨ ਵਾਲੇ ਹਰ ਪ੍ਰਾਣੀ ਦੀਆਂ ਅੱਖਾਂ ਨਮ ਹੋਏ ਬਿਨਾਂ ਨਹੀਂ ਰਹਿ ਸਕਦੀਆਂ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਬਚਨ ਕਿ ਕੇਵਲ ਉਸ ਮਨੁੱਖ ਨੂੰ ਹੀ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਰੱਖਣ ਵਾਲਾ ਸਮਝਣਾ ਹੈ, ਜਿਸ ਨੂੰ ਨਾ ਕੋਈ ਦੁੱਖ ਤੇ ਨਾ ਕੋਈ ਸੁਖ ਆਪਣੇ ਪ੍ਰਭਾਵ ’ਚ ਬੰਨ੍ਹ ਸਕਦਾ ਹੈ : ‘‘ਦੁਖੁ ਸੁਖੁ ਬਾਧੇ ਜਿਹ ਨਾਹਨਿ; ਤਿਹ ਤੁਮ ਜਾਨਉ ਗਿਆਨੀ ’’ (ਮਹਲਾ /੨੨੦) ਅਤੇ ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਇਹ ਪਾਵਨ ਬਚਨ ਕਿ (ਜੋ ਮਨੁੱਖ ਪ੍ਰਭੂ ਨੂੰ ਆਪਣੇ ਅੰਗ ਸੰਗ ਸਮਝਦਾ ਹੈ) ਉਸ ਦੇ ਹਿਰਦੇ ’ਚ ਦੁੱਖ ਤੇ ਸੁੱਖ ਇਕੋ ਜਿਹੇ ਜਾਪਣ ਲੱਗ ਪੈਂਦੇ ਹਨ : ‘‘ਦੁਖ ਸੁਖ ਉਆ ਕੈ ਸਮਤ ਬੀਚਾਰਾ ’’ (ਮਹਲਾ /੨੫੯) ਜਦੋਂ ਆਮ ਮਨੁੱਖ ਪੜ੍ਹਦਾ ਹੈ ਤਾਂ ਉਸ ਨੂੰ ਯਕੀਨ ਨਹੀਂ ਹੁੰਦਾ ਕਿ ਦੁੱਖ ਤੇ ਸੁੱਖ ਆਪਾ ਵਿਰੋਧੀ ਸ਼ਬਦਾਂ ਅਤੇ ਇਨ੍ਹਾਂ ਦੇ ਪੈਣ ਵਾਲੇ ਪ੍ਰਭਾਵਾਂ ਨੂੰ ਨਾ ਕੋਈ ਮਨੁੱਖ ਬਰਾਬਰ ਸਮਝ ਸਕਦਾ ਹੈ ਤੇ ਨਾ ਹੀ ਇਨ੍ਹਾਂ ਦਾ ਪ੍ਰਭਾਵ ਕਬੂਲੇ ਬਿਨਾਂ ਰਹਿ ਸਕਦਾ ਹੈ, ਪਰ ਪੋਹ ਮਹੀਨੇ ਦੇ ਸ਼ਹੀਦੀ ਹਫ਼ਤੇ ਦੀ ਦਾਸਤਾਨ ਦਰਸਾਉਂਦੀ ਹੈ ਕਿ ਜਿਹੜੇ ਗੁਰੂ ਗੋਬਿੰਦ ਸਿੰਘ ਜੀ; ਪ੍ਰਭੂ ਦਾ ਜਸ ਕੀਰਤ ਕਰਦੇ ਹੋਏ ਅਨੰਦਪੁਰ ਦੇ ਕਿਲ੍ਹੇ ’ਚ ਸੁੱਖ ਮਾਣਦੇ ਰਹੇ, ਉਹ ਸਰਸਾ ਨਦੀ ਦੇ ਕੰਢੇ ਜਦੋਂ ਪਹਾੜੀ ਰਾਜਿਆਂ ਅਤੇ ਮੁਗਲ ਫੌਜਾਂ ਪਿੱਛੋਂ ਮਾਰੋ ਮਾਰ ਕਰਦੀਆਂ ਆ ਰਹੀਆਂ ਸਨ, ਉਸ ਵੇਲੇ ਵੀ ‘ਆਸਾ ਦੀ ਵਾਰ’ ਦਾ ਕੀਰਤਨ ਕਰਕੇ ਪ੍ਰਭੂ ਦਾ ਸ਼ੁਕਰ ਕਰਦੇ ਹਨ। ਵੱਡੇ ਦੋਵੇਂ ਪੁੱਤਰਾਂ ਨੂੰ ਆਪਣੀਆਂ ਅੱਖਾਂ ਸਾਮ੍ਹਣੇ ਦੁਸ਼ਮਨ ਨਾਲ ਬਹਾਦਰੀ ਨਾਲ ਜੂਝ ਕੇ ਹੋਇਆ ਸ਼ਹੀਦ ਹੁੰਦੇ ਵੇਖਦਿਆਂ ਵੀ ਜੈਕਾਰਾ ਛੱਡਦੇ ਅਤੇ ਅਕਾਲ ਪੁਰਖ ਦਾ ਸ਼ੁਕਰ ਕਰਦੇ ਹਨ ਤਾਂ ਇਸ ਗੱਲ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ ਕਿ ਗੁਰਬਾਣੀ ਕੇਵਲ ਕਹਿਣ ਮਾਤਰ ਕਥਾ-ਕਹਾਣੀ ਨਹੀਂ ਬਲਕਿ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਸਿੱਖਾਂ ਨੇ ਆਪਣੇ ਸਰੀਰ ’ਤੇ ਗੁਰਮਤਿ ਨੂੰ ਹੰਢਾਇਆ ਭੀ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਐਸੇ ਵਿਵਹਾਰ ਨੇ ਸਿੱਖਾਂ ਨੂੰ ਹਰ ਦੁੱਖ ਸੁੱਖ ’ਚ ਹਮੇਸ਼ਾਂ ਚੜ੍ਹਦੀ ਕਲਾ ’ਚ ਰਹਿਣ ਦੀ ਪ੍ਰੇਰਣਾ ਦਿੱਤੀ। ਇਸ ਖੂਨੀ ਹਫ਼ਤੇ ਦਾ ਸੰਖੇਪ ਜਿਹਾ ਇਤਿਹਾਸ ਤਰਤੀਬ ਮੁਤਾਬਕ ਹੇਠਾਂ ਵਿਚਾਰਿਆ ਜਾ ਰਿਹਾ ਹੈ।

ਪਹਾੜੀ ਰਾਜਿਆਂ ਅਤੇ ਤੁਰਕਾਂ ਦੀਆਂ 10 ਲੱਖ ਫੌਜਾਂ ਨੇ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਕਾਫੀ ਲੰਬੇ ਸਮੇਂ ਤੋਂ ਘੇਰਾ ਪਾਇਆ ਹੋਇਆ ਸੀ। ਉਨ੍ਹਾਂ ਲਈ ਇਹ ਵਕਾਰ ਦਾ ਸਵਾਲ ਸੀ ਕਿ ਜੰਗੀ ਸਮਾਨ ਨਾਲ ਲੈਸ ਵੱਡੀ ਗਿਣਤੀ ਫੌਜਾਂ ਕੁਝ ਗਿਣਤੀ ਦੇ ਸਿੰਘਾਂ ਨੂੰ ਫੜ ਜਾਂ ਮਾਰ ਮੁਕਾ ਨਾ ਸਕੀਆਂ। ਉੱਧਰ ਕਿਲ੍ਹੇ ’ਚ ਲੰਗਰਾਂ ਲਈ ਰਸਦ ਪਾਣੀ ਅਤੇ ਘੋੜਿਆਂ ਲਈ ਚਾਰੇ ਦੀ ਵੱਡੀ ਘਾਟ ਹੋਣ ਕਾਰਨ ਸਿੰਘ ਅਤੇ ਘੋੜੇ ਭੁੱਖ ਨਾਲ ਮਰਨ ਲਗੇ ਸਨ। ਸ਼ਾਹੀ ਫੌਜਾਂ ਨੇ ਆਪਣਾ ਇੱਜ਼ਤ ਬਚਾਉਣ ਲਈ ਕੁਰਾਨ ਸ਼ਰੀਫ਼ ਅਤੇ ਪਹਾੜੀ ਹਿੰਦੂ ਰਾਜਿਆਂ ਨੇ ਗਊ ਦੀਆਂ ਸੌਹਾਂ ਚੁੱਕ ਕੇ ਅਨੰਦਪੁਰ ਕਿਲ੍ਹੇ ’ਚ ਸੁਨੇਹਾ ਭੇਜਿਆ ਕਿ ਜੇ ਗੁਰੂ ਜੀ ਕਿਲ੍ਹਾ ਖਾਲੀ ਕਰ ਦੇਣ ਤਾਂ ਉਨ੍ਹਾਂ ਨੂੰ ਸੁਰੱਖਿਅਤ ਰਾਹ ਦਿੱਤਾ ਜਾ ਸਕਦਾ ਹੈ। ਗੁਰੂ ਸਾਹਿਬ ਜੀ ਉਨ੍ਹਾਂ ਦੀ ਇਸ ਬਦਨੀਤੀ ਤੋਂ ਜਾਣੂ ਸਨ, ਪਰ ਕਿਲ੍ਹੇ ਅੰਦਰ ਲੰਗਰ ਅਤੇ ਚਾਰੇ ਦੀ ਘਾਟ ਹੋਣ ਕਾਰਨ ਸਿੰਘਾਂ ਦੀ ਇਹ ਸਲਾਹ ਕਿ ਅੰਦਰ ਭੁੱਖ ਨਾਲ ਮਰਨ ਨਾਲੋਂ ਜੰਗ ਦੇ ਮੈਦਾਨ ’ਚ ਲੜ ਕੇ ਮਰਨਾ ਚੰਗਾ ਹੈ; ਨੂੰ ਮੰਨਦੇ ਹੋਏ ੬-੭ ਪੋਹ ਸੰਮਤ 1761 (ਸੰਨ 1704) ਦੀ ਦਰਮਿਆਨੀ ਰਾਤ ਨੂੰ ਕਿਲ੍ਹਾ ਖਾਲੀ ਕਰਨ ਦਾ ਫੈਸਲਾ ਹੋਇਆ (ਕੁਝ ਇਤਿਹਾਸਕਾਰ ਸੰਮਤ 1762/ਸੰਨ 1705 ਭੀ ਲਿਖਦੇ ਹਨ) ਅਤੇ ਅੱਧੀ ਰਾਤ ਨੂੰ ਕਿਲ੍ਹਾ ਖਾਲੀ ਕਰਕੇ ਰੋਪੜ ਵੱਲ ਚਾਲੇ ਪਾ ਦਿੱਤੇ।  ੭ ਪੋਹ ਦੀ ਸਵੇਰ ਨੂੰ ਸਿੰਘਾਂ ਸਮੇਤ ਗੁਰੂ ਪਰਵਾਰ ਹਾਲੀ ਥੋੜ੍ਹੀ ਦੂਰ ਸਿਰਸਾ ਨਦੀ ਦੇ ਕੰਢੇ ਹੀ ਪਹੁੰਚਿਆ ਸੀ ਕਿ ਕਸਮਾਂ ਤੋੜ ਕੇ ਪਹਾੜੀ ਅਤੇ ਸ਼ਾਹੀ ਫੌਜਾਂ ਨੇ ਮਗਰੋਂ ਹੱਲਾ ਕਰ ਦਿੱਤਾ। ਦੁਨੀਆਂ ਦੇ ਇਤਿਹਾਸ ਵਿਚ ਇਸ ਦਰਦਨਾਕ ਘਟਨਾ ਦੀ ਇਹ ਵਿਸ਼ੇਸ਼ਤਾ ਹੈ ਕਿ ਇਕ ਪਾਸੇ ਤਾਂ ਗੁਰੂ ਸਾਹਿਬ ਨੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਭਾਈ ਜੀਵਨ ਸਿੰਘ, ਭਾਈ ਉਦੇ ਸਿੰਘ ਤੇ ਕੁਝ ਹੋਰ ਸਿੰਘਾਂ ਨੂੰ ਵੈਰੀਆਂ ਦਾ ਟਾਕਰਾ ਕਰਨ ਦਾ ਹੁਕਮ ਦਿੱਤਾ; ਜਿਨ੍ਹਾਂ ਨੇ ਕਾਫੀ ਸਮਾਂ ਸ਼ਾਹੀ ਫੌਜਾਂ ਨੂੰ ਅੱਗੇ ਵਧਣ ਤੋਂ ਰੋਕੀ ਰੱਖਿਆ। ਦੂਜੇ ਪਾਸੇ ਭਾਈ ਦਇਆ ਸਿੰਘ ਨੂੰ ਆਸਾ ਦੀ ਵਾਰ ਦਾ ਕੀਰਤਨ ਕਰਨ ਲਈ ਆਖਿਆ। ਅਜਿਹਾ ਸਿਰਫ ਦਸਮੇਸ਼ ਜੀ ਹੀ ਕਰ ਸਕਦੇ ਸਨ, ਜੋ ਦੁਨੀਆਂ ਦੇ ਇਤਿਹਾਸ ਵਿਚ ਇਕੋ ਇਕ ਲਾਮਿਸਾਲ ਘਟਨਾ ਹੈ। ਕੀਰਤਨ ਦੀ ਸਮਾਪਤੀ ਉਪਰੰਤ ਸਿੰਘਾਂ ਨੂੰ ਸਿਰਸਾ ਨਦੀ ਪਾਰ ਕਰਨ ਲਈ ਆਖਿਆ। ਇਸ ਯੁੱਧ ’ਚ ਭਾਵੇਂ ਸੈਂਕੜੇ ਬਹਾਦਰ ਸਿੰਘਾਂ ਸਮੇਤ ਭਾਈ ਜੀਵਨ ਸਿੰਘ ਤੇ ਭਾਈ ਉਦੇ ਸਿੰਘ ਸ਼ਹੀਦ ਹੋ ਗਏ ਅਤੇ ਭਾਈ ਬਚਿੱਤਰ ਸਿੰਘ ਸਖਤ ਜਖ਼ਮੀ ਹੋ ਗਏ, ਪਰ ਇਨ੍ਹਾਂ ਸੂਰਬੀਰਾਂ ਨੇ ਵਿਰੋਧੀ ਸੈਨਾ ਦਾ ਕਾਫ਼ੀ ਨੁਕਸਾਨ ਕਰ ਦਿੱਤਾ ਸੀ।

ਸਿਰਸਾ ਨਦੀ ’ਚ ਹੜ੍ਹ ਆਇਆ ਹੋਇਆ ਸੀ, ਜਿਸ ਕਾਰਨ ਪਾਰ ਕਰਦੇ ਸਮੇਂ ਗੁਰੂ ਜੀ ਦਾ ਪਰਵਾਰ ਆਪਸ ’ਚ ਵਿਛੜ ਗਿਆ। ਬਹੁਤ ਸਾਰੇ ਸਿੰਘ ਅਤੇ ਕੀਮਤੀ ਸਮਾਨ ਨਦੀ ਦੀ ਭੇਟ ਚੜ੍ਹ ਗਿਆ। ਗੁਰੂ ਜੀ ਨੇ ਵੱਡੇ ਸਾਹਿਬਜ਼ਾਦਿਆਂ ਅਤੇ 40 ਸਿੰਘਾਂ ਸਮੇਤ ਰਾਤ ਦਾ ਕੁਝ ਸਮਾਂ ਰੋਪੜ ਦੇ ਲਾਗੇ ਨਿਹੰਗ ਖਾਂ ਦੀ ਗੜ੍ਹੀ ਵਿਚ ਬਿਤਾਇਆ। ਇੱਥੇ ਜ਼ਖਮੀ ਹਾਲਤ ਵਿੱਚ ਭਾਈ ਬਚਿੱਤਰ ਸਿੰਘ ਨੂੰ ਨਿਹੰਗ ਖਾਨ ਦੇ ਸਪੁਰਦ ਕਰਕੇ ਆਪ ਚਮਕੌਰ ਸਾਹਿਬ ਵੱਲ ਚੱਲ ਪਏ। ਜਖ਼ਮਾਂ ਦੀ ਤਾਬ ਨਾ ਝਲਦੇ ਹੋਏ ਭਾਈ ਬਚਿੱਤਰ ਸਿੰਘ ਅਗਲੇ ਦਿਨ ਸ਼ਹੀਦੀ ਪਾ ਗਏ। ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਨੂੰ ਕੁਝ ਸੇਵਾਦਾਰਾਂ ਦੇ ਨਾਲ ਦਿੱਲੀ ਵੱਲ ਭੇਜ ਦਿੱਤਾ। ਪਰਵਾਰ ਤੋਂ ਵਿਛੜ ਕੇ ਮਾਤਾ ਗੁਜਰੀ ਤੇ ਛੋਟੇ ਲਾਲ ਪੂਰਾ ਦਿਨ ਕੰਡਿਆਲੇ ਤੇ ਰੇਤਲੇ ਰਾਹਾਂ ਦਾ ਲੰਮਾ ਪੈਂਡਾ ਤੈਅ ਕਰਦੇ ਹੋਏ ਰਾਤ ਨੂੰ ਮਲਾਹ ਕੁੰਮਾ ਮਾਸ਼ਕੀ ਦੀ ਕਾਨਿਆਂ ਦੀ ਛੰਨ ’ਚ ਜਾ ਪਹੁੰਚੇ, ਜਿੱਥੇ ਮਾਤਾ ਲਛਮੀ ਨੇ ਸਾਹਿਬਜ਼ਾਦਿਆਂ ਨੂੰ ਭੋਜਨ ਛਕਾਇਆ ਤੇ ਇੱਥੇ ਹੀ ਗੁਰੂ ਘਰ ਦਾ ਰਸੋਈਆ ਗੰਗੂ ਬ੍ਰਾਹਮਣ ਮਾਤਾ ਗੁਜਰੀ ਨੂੰ ਮਿਲਿਆ।

ਮੁਗਲ ਫੌਜਾਂ ਵੀ ਆਪ ਦਾ ਪਿੱਛਾ ਕਰਦੀਆਂ ਆ ਰਹੀਆਂ ਸਨ। ਚਮਕੌਰ ਵਿੱਚ ਗੁਰੂ ਸਾਹਿਬ ਨੇ ਇੱਕ ਜ਼ਿੰਮੀਦਾਰ ਬੁੱਧੀ ਚੰਦ ਦੀ ਹਵੇਲੀ ’ਚ ਜਾ ਡੇਰਾ ਲਾਇਆ ਤੇ ਆਪਣੇ ਸੀਮਤ ਸਾਧਨਾਂ ਨਾਲ ਇਸ ਹਵੇਲੀ ਨੂੰ ਇੱਕ ਗੜ੍ਹੀ ਦਾ ਰੂਪ ਦੇ ਦਿੱਤਾ। ਇਹ ਹਵੇਲੀ ਇੱਕ ਉੱਚੇ ਟਿੱਬੇ ’ਤੇ ਬਣੀ ਹੋਈ ਸੀ।  ੮ ਪੋਹ ਸੰਮਤ ੧੭੬੧/7 ਦਸੰਬਰ 1704 ਨੂੰ ਗੁਰੂ ਸਾਹਿਬ ਨੇ ਮੁੱਠੀਭਰ ਯੋਧਿਆਂ ਨਾਲ ਪਹਾੜੀ ਰਾਜਿਆਂ ਤੇ ਮੁਗਲ ਫੌਜਾਂ ਨਾਲ ਡੱਟ ਕੇ ਮੁਕਾਬਲਾ ਕੀਤਾ। ਸੰਸਾਰ ਦਾ ਇੱਕ ਅਨੋਖਾ ਜੰਗ ਸ਼ੁਰੂ ਹੋਇਆ। ਇੱਕ ਪਾਸੇ ਭੁੱਖਣ ਭਾਣੇ 40 ਸਿੰਘ ਤੇ ਦੂਜੇ ਪਾਸੇ 10 ਲੱਖ ਫੌਜੀ ਸੀ। ਜਿਹੜੇ ਸੂਰਮੇ ਇਸ ਜੰਗ ਵਿੱਚ ਬਹਾਦਰੀ ਨਾਲ ਲੜੇ ਤੇ ਸ਼ਹੀਦ ਹੋਏ, ਉਨ੍ਹਾਂ ਵਿੱਚ ਦੋਵੇਂ ਵੱਡੇ ਸਾਹਿਬਜ਼ਾਦੇ (ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ) ਅਤੇ ਪੰਜ ਪਿਆਰਿਆਂ ’ਚੋਂ ਤਿੰਨ ਪਿਆਰੇ (ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ) ਸਮੇਤ ਚਮਕੌਰ ਦੀ ਇਸ ਜੰਗ ’ਚ ਕੁੱਲ 32 ਸਿੰਘ ਸ਼ਹੀਦੀ ਜ਼ਾਮ ਪੀ ਗਏ। 

 ਬਾਬਾ ਅਜੀਤ ਸਿੰਘ ਚੜ੍ਹਦੀ ਜਵਾਨੀ ਵਿੱਚ ਇਕ ਵਿਲੱਖਣ ਸੂਰਮਾ ਸੀ। ਪਿਤਾ ਗੁਰੂ ਤੋਂ ਆਗਿਆ ਲੈ ਕੇ 17 ਸਾਲ ਦੀ ਉਮਰ ਦਾ ਇਹ ਗਭਰੂ ਅਨੇਕਾਂ ਹੀ ਦੁਸ਼ਮਣ ਫੌਜੀਆਂ ਨੂੰ ਮਾਰਨ ਉਪਰੰਤ ਸ਼ਹੀਦੀ ਦਾ ਜਾਮ ਪੀ ਗਿਆ। ਵੀਹਵੀਂ ਸਦੀ ਦੇ ਉਰਦੂ ਦੇ ਕਵੀ ਮਿਰਜ਼ਾ ਮੁਹੰਮਦ ਅਬਦੁਲ ਗਨੀ ‘ਜ਼ੋਹਿਰ ਤੇਗ’ ਨੇ ਆਪਣੀ ਨਜ਼ਮ ਵਿੱਚ ਚਮਕੌਰ ਦੀ ਜੰਗ ਦਾ ਦਿਲ ਟੁੰਬਵਾ ਵਰਣਨ ਕੀਤਾ ਹੈ। ਬਾਬਾ ਅਜੀਤ ਸਿੰਘ ਬਾਰੇ ਉਹ ਲਿਖਦਾ ਹੈ :

‘ਨਾਮ ਕਾ ਅਜੀਤ ਹੂੰ; ਜੀਤਾ ਨਾ ਜਾਊਂਗਾ। ਜੀਤਾ ਤੋ ਖੈਰ; ਹਾਰ ਕੇ ਜੀਤਾ ਨਾ ਆਊਂਗਾ।’

ਸਾਹਿਬਜ਼ਾਦੇ ਦੇ ਸ਼ਹੀਦ ਹੋ ਜਾਣ ’ਤੇ ਗੁਰੂ ਸਾਹਿਬ ਦੇ ਪ੍ਰਤੀਕਰਮ ਨੂੰ ਸ਼ਾਇਰ ਇਸ ਤਰ੍ਹਾਂ ਬਿਆਨ ਕਰਦਾ ਹੈ :

‘ਮੁਝ ਪਰ ਸੇ ਆਜ ਤੇਰੀ ਅਮਾਨਤ ਅਦਾ ਹੁਈ। ਬੇਟੇ ਕੀ ਜਾਂ ਧਰਮ ਕੀ ਖਾਤਰ ਫ਼ਿਦਾ ਹੂਈ।’

ਦੂਜੇ ਸਾਹਿਬਜ਼ਾਦੇ (ਬਾਬਾ ਜੁਝਾਰ ਸਿੰਘ) ਦੀ ਉਮਰ ਕੇਵਲ 15 ਸਾਲ ਦੀ ਸੀ। ਉਹ ਵੀ ਪਿਤਾ ਗੁਰੂ ਤੋਂ ਆਗਿਆ ਲੈ ਕੇ ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਉੱਤੇ ਟੁੱਟ ਪਿਆ। ਬਹਾਦਰੀ ਨਾਲ ਲੜਦਾ ਹੋਇਆ ਕਈਆਂ ਨੂੰ ਮੌਤ ਦੇ ਘਾਟ ਉਤਾਰ ਕੇ ਸ਼ਹੀਦੀ ਜਾਮ ਪੀ ਗਿਆ। ਗੁਰੂ ਸਾਹਿਬ ਨੇ ਆਪਣੀਆਂ ਅੱਖਾਂ ਦੇ ਸਾਮ੍ਹਣੇ ਦੋਵੇਂ ਸਪੁੱਤਰ ਸ਼ਹੀਦ ਹੁੰਦੇ ਦੇਖ ਜੈਕਾਰੇ ਛੱਡੇ ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਇਸੇ ਲਈ ਯੋਗੀ ਅੱਲਾ ਯਾਰ ਖਾਨ ਲਿਖਦਾ ਹੈ ਕਿ ਜੇ ਹਿੰਦੋਸਤਾਨ ਵਿੱਚ ਕੋਈ ਤੀਰਥ ਹੈ ਤਾਂ ਉਹ ਚਮਕੌਰ ਹੈ, ਜਿੱਥੇ ਬਾਪ ਨੇ ਧਰਮ ਖਾਤਰ ਬੱਚਿਆਂ ਦੇ ਸੀਸ ਕਟਵਾਏ :

‘ਬੱਸ, ਹਿੰਦ ਮੇਂ ਏਕ ਤੀਰਥ ਹੈ, ਯਾਤਰਾ ਕੇ ਲੀਏ।  ਕਟਾਏ ਬਾਪ ਨੇ ਬੱਚੇ ਜਹਾਂ, ਖ਼ੁਦਾ ਕੇ ਲੀਏ।’

ਯੋਗੀ ਅੱਲਾ ਯਾਰ ਖਾਨ ਇਸ ਧਰਤੀ ਨੂੰ ਸਿਜਦਾ ਕਰਦੇ ਲਿਖਦੇ ਹਨ : ‘ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜ਼ੱਰੋਂ ਮੇਂ’। ਉਹ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਦੀ ਚੰਦ ਨਾਲ ਤੁਲਨਾ ਕਰਦੇ ਹੋਏ ਲਿਖਦੇ ਹਨ ਕਿ ਅਸਮਾਨ ਵਿੱਚ ਇੱਕ ਚੰਦਰਮਾ ਹੈ, ਪਰ ਚਮਕੌਰ ਦੀ ਧਰਤੀ ਉੱਪਰ ਦੋ ਚੰਦਰਮਾ ਇੱਕੋ ਸਮੇਂ ਚਮਕਦੇ ਹਨ; ਉਹ ਹਨ ‘ਅਜੀਤ ਸਿੰਘ ਤੇ ਜੁਝਾਰ ਸਿੰਘ’ :

‘ਗੁਰੂ ਗੋਬਿੰਦ ਕੇ ਲਖਤਿ-ਜਿਗਰ ਅਜੀਤ ਜੁਝਾਰ।

ਫ਼ਲਕ ਪਿ ਇੱਕ ਯਹਾਂ, ਦੋ ਚਾਂਦ ਜ਼ਿਯਾ (ਰੌਸ਼ਨੀ) ਕੇ ਲਿਯੇ।’

ਯੋਗੀ ਜੀ ਖਾਲਸੇ ਦੀ ਇਸ ਚਮਕੌਰ ਦੀ ਧਰਤੀ ਨੂੰ ਇਸਲਾਮ ਦੇ ਸਭ ਤੋਂ ਪਵਿੱਤਰ ਅਸਥਾਨ ਕਾਅਬੇ ਨਾਲ ਤੁਲਨਾ ਕਰਦੇ ਹੋਏ ਲਿਖਦੇ ਹਨ :

‘ਭਟਕਤੇ ਫਿਰਤੇ ਹੋ ਕਿਉਂ  ? ਹਜ ਕਰੇ ਯਹਾਂ ਆ ਕਰ,

ਯਹ ਕਾਬਾ ਪਾਸ ਹੈ ਹਰ ਇਕ ਖਾਲਸਾ ਕੇ ਲਿਯੇ।’

ਇਸ ਤਰ੍ਹਾਂ ਯੋਗੀ ਜੀ ਚਮਕੌਰ ਦੀ ਧਰਤੀ ਨੂੰ ਗੰਜਿ-ਸ਼ਹੀਦਾਂ ਵਜੋਂ ਲਿਖਦੇ ਹਨ ਭਾਵ ਉਹ ਥਾਂ, ਜਿੱਥੇ ਵੱਡੀ ਗਿਣਤੀ ਵਿੱਚ ਸ਼ਹਾਦਤਾਂ ਹੋਈਆਂ ਹੋਣ। ਫ਼ਰਿਸ਼ਤੇ ਵੀ ਐਸੀ ਧਰਤੀ ਦੀ ਖਾਕ ਨੂੰ ਲੋਚਦੇ ਹਨ। ਉਹ ਲਿਖਦੇ ਹਨ :

‘ਮਿਜ਼ਾਰ ਗੰਜ ਸ਼ਹੀਦਾਂ ਹੈ, ਉਨ ਸ਼ਹੀਦੋਂ ਕਾ। ਫਰਿਸ਼ਤੇ ਜਿਨ ਕੀ ਤਰਸਤੇ ਬੇ ਖਾਕਿ-ਪਾ ਕੇ ਲਿਯੇ।

ਗੁਰੂ ਗੋਬਿੰਦ ਕੇ ਲਖਤਿ-ਜਿਗਰ ਅਜੀਤ ਜੁਝਾਰ।’

੮ ਪੋਹ-੯ ਪੋਹ ਦੀ ਵਿਚਕਾਰਲੀ ਰਾਤ ਨੂੰ ਗੜ੍ਹੀ ’ਚ ਗੁਰੂ ਗੋਬਿੰਦ ਸਿੰਘ ਜੀ ਤੋਂ ਇਲਾਵਾ ਭਾਈ ਸੰਗਤ ਸਿੰਘ, ਪੰਜ ਪਿਆਰੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ, ਸਮੇਤ 8 ਕੁ ਸਿੰਘ ਬਾਕੀ ਬਚੇ ਸਨ। ਇਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਸਾਡੇ ਵਰਗੇ ਅਨੇਕਾਂ ਸਿੰਘ ਤਿਆਰ ਕਰ ਸਕਦੇ ਹੋ, ਪਰ ਅਸੀਂ ਸਾਰੇ ਮਿਲ ਕੇ ਵੀ ਤੁਹਾਡੇ ਵਰਗਾ ਗੁਰੂ ਪੈਦਾ ਨਹੀਂ ਕਰ ਸਕਦੇ, ਇਸ ਲਈ ਤੁਸੀਂ ਗੜ੍ਹੀ ’ਚੋਂ ਸੁਰੱਖਿਅਤ ਬਾਹਰ ਨਿਕਲ ਜਾਵੋ ਕਿਉਂਕਿ ਤੁਹਾਡੀ ਅਜੇ ਪੰਥ ਨੂੰ ਲੋੜ ਹੈ। ਪਹਿਲਾਂ ਤਾਂ ਗੁਰੂ ਜੀ ਨੇ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਕਿ ਆਪਣੇ ਪਿਆਰੇ ਸਿੰਘਾਂ ਨੂੰ ਸ਼ਹੀਦ ਕਰਵਾ ਕੇ ਮੈਂ ਆਪਣੀ ਜਾਨ ਬਚਾ ਕੇ ਕਿਸ ਤਰ੍ਹਾਂ ਨਹੀਂ ਜਾ ਸਕਦਾ। ਗੁਰੂ ਜੀ ਵੱਲੋਂ ਇਨਕਾਰ ਕਰਨ ’ਤੇ ਉਨ੍ਹਾਂ ਨੇ ਆਪਣੇ ’ਚੋਂ ਪੰਜ ਪਿਆਰਿਆਂ ਦੀ ਚੋਣ ਕੀਤੀ, ਜਿਨ੍ਹਾਂ ਨੇ ਗੁਰਮਤਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਹੁਕਮ ਕੀਤਾ ਕਿ ਤਿੰਨ ਸਿੰਘ ਨਾਲ ਲੈ ਕੇ ਤੁਸੀਂ ਗੜ੍ਹੀ ’ਚੋਂ ਸੁਰੱਖਿਅਤ ਬਾਹਰ ਨਿਕਲ ਜਾਵੋ। ਅਸੀਂ ਅੰਤਮ ਸਮੇਂ ਤੱਕ ਦੁਸ਼ਮਨ ਦੀਆਂ ਫੌਜਾਂ ਦਾ ਟਾਕਰਾ ਕਰਾਂਗੇ।

ਪੰਜ ਪਿਆਰਿਆਂ ਦੇ ਹੁਕਮ ਨੂੰ ਗੁਰੂ ਜੀ ਮੋੜ ਨਾ ਸਕੇ। ਆਪਣੀ ਪੁਸ਼ਾਕ ਅਤੇ ਕਲਗੀ ਆਪਣੇ ਹਮ ਸ਼ਕਲ ਤੇ ਹਮ ਉਮਰ ਭਾਈ ਸੰਗਤ ਸਿੰਘ ਨੂੰ ਸਜਾ ਕੇ ਹਿਦਾਇਤ ਕੀਤੀ ਕਿ ਉਹ ਗੜ੍ਹੀ ਦੇ ਸਭ ਤੋਂ ਉੱਪਰ ਬੈਠ ਕੇ ਬਾਕੀ ਸਿੰਘਾਂ ਨੂੰ ਜੰਗ ’ਚ ਜੂਝਨ ਦੀਆਂ ਹਿਦਾਇਤਾਂ ਦਿੰਦੇ ਰਹਿਣ ਤਾਂ ਕਿ ਦੁਸ਼ਮਨ ਨੂੰ ਭੁਲੇਖਾ ਬਣਿਆ ਰਹੇ ਕਿ ਗੁਰੂ, ਗੜ੍ਹੀ ਵਿੱਚ ਹੀ ਹਨ। ਇਸ ਤੋਂ ਬਾਅਦ ਆਪਣੇ ਨਾਲ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਨੂੰ ਨਾਲ ਲੈ ਕੇ ਬਾਹਰ ਨਿਕਲ ਗਏ। ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਗੁਰੂ ਜੀ ਤਾੜੀ ਮਾਰ ਕੇ ਨਿਕਲੇ ਸਨ, ਜਿਸ ਨਾਲ ਦੁਸ਼ਮਨ ਫੌਜਾਂ ’ਚ ਹਫੜਾ ਦਫੜੀ ਮੱਚ ਗਈ ਤੇ ਵੱਡੀ ਗਿਣਤੀ ਆਪਸ ’ਚ  ਲੜ ਕੇ ਮਾਰੇ ਗਏ। ਗੁਰੂ ਸਾਹਿਬ ਅਤੇ ਤਿੰਨੇ ਸਿੱਖ ਮਾਛੀਵਾੜੇ ਦੇ ਜੰਗਲਾਂ ’ਚ ਜਾ ਇਕੱਤਰ ਹੋਏ, ਜਿੱਥੇ ਇੱਕ ਰਾਤ ਕੱਟੀ ਅਤੇ ਅਗਲੇ ਦਿਨ ਭਾਈ ਨਬੀ ਖਾਂ ਗਨੀ ਖਾਂ ਨੇ ਉੱਚ ਦਾ ਪੀਰ ਬਣਾ ਕੇ ਗੁਰੂ ਜੀ ਨੂੰ ਮਾਲਵੇ ਵੱਲ ਸੁਰੱਖਿਅਤ ਕੱਢ ਦਿੱਤਾ। ਪਿੱਛੇ ਰਹੇ ਸਿੰਘਾਂ ਨਾਲ ੯ ਪੋਹ/8 ਦਸੰਬਰ ਨੂੰ ਭਾਈ ਸੰਗਤ ਸਿੰਘ ਦੀ ਕਮਾਂਡ ਹੇਠ ਘਸਮਾਨ ਦੀ ਜੰਗ ਹੋਈ ਤੇ ਅੰਤ ਨੂੰ ਸਾਰੇ ਹੀ ਸਿੰਘ ਸ਼ਹੀਦੀਆਂ ਪਾ ਗਏ। ਇੱਕ ਵੀ ਸਿੰਘ ਜਿਊਂਦਿਆਂ ਦੁਸ਼ਮਨ ਦੇ ਹੱਥ ਨਾ ਆਇਆ।

ਉੱਧਰ ੮ ਪੋਹ/7 ਦਸੰਬਰ ਨੂੰ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਗੰਗੂ ਦੇ ਨਾਲ ਸਹੇੜੀ ਵੱਲ ਨੂੰ ਚਾਲੇ ਪਾ ਦਿੱਤੇ। ਮਾਤਾ ਗੁਜਰੀ ਤੇ ਛੋਟੇ ਲਾਲਾਂ ਨੇ ਗੰਗੂ ਪਾਪੀ ਸਮੇਤ ਪਿੰਡ ਕਾਇਨੌਰ ਦੇ ਤਲਾਅ ’ਤੇ ਇਹ ਰਾਤ ਗੁਜ਼ਾਰੀ।  ੯ ਪੋਹ/8 ਦਸੰਬਰ ਨੂੰ ਕਾਇਨੌਰ ਤੋਂ ਚੱਲ ਕੇ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਨੂੰ ਗੰਗੂ ਬੀਆਬਾਨ ਜੰਗਲ ’ਚ ਇਕ ਫਕੀਰ ਦੀ ਕੁਟੀਆ ’ਚ ਛੱਡ ਕੇ ਆਪ ਪਿੰਡ ਸਹੇੜੀ, ਮਾਹੌਲ ਦੀ ਛੂਹ ਲੈਣ ਚਲਾ ਗਿਆ। ਸ਼ਾਮ ਨੂੰ ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਨੂੰ ਅਪਣੇ ਘਰ ਪਿੰਡ ਸਹੇੜੀ ਵਿਖੇ ਲੈ ਆਇਆ। ਜਦੋਂ ਗੰਗੂ ਨੂੰ ਇਹ ਪਤਾ ਲੱਗਾ ਕਿ ਮਾਤਾ ਜੀ ਕੋਲ ਕੁਝ ਕੀਮਤੀ ਸਾਮਾਨ (ਮੋਹਰਾਂ ਆਦਿਕ) ਦੀ ਭਰੀ ਹੋਈ ਖੁਰਜੀ ਹੈ ਤਾਂ ਉਸ ਦਾ ਮਨ ਬੇਈਮਾਨ ਹੋ ਗਿਆ, ਉਹ ਇਸ ਤਾਕ ’ਚ ਰਿਹਾ ਕਿ ਕਦੋਂ ਮਾਤਾ ਜੀ ਸੌਣ ਤੇ ਮੈਂ ਇਹ ਖੁਰਜੀ ਚੁਰਾ ਲਵਾਂ। ਜਦੋਂ ਸਵੇਰੇ ਮਾਤਾ ਜੀ ਉੱਠੇ ਤਾਂ ਉਨ੍ਹਾਂ ਨੇ ਖੁਰਜੀ ਨਾ ਦੇਖੀ ਤਾਂ ਗੰਗੂ ਨੂੰ ਇਸ ਬਾਰੇ ਪੁੱਛਿਆ। ਗੰਗੂ ਨੇ ਆਪਣੀ ਚੋਰੀ ਛੁਪਾਉਣ ਲਈ ੧੦ ਪੋਹ/9 ਦਸੰਬਰ ਨੂੰ ਸਵੇਰੇ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੇ ਸਹੇੜੀ ਹੋਣ ਦੀ ਖ਼ਬਰ ਮੋਰਿੰਡੇ ਦੀ ਕੋਤਵਾਲੀ ਵਿਚ ਜਾ ਦਿੱਤੀ। ਹੌਲਦਾਰ ਜਾਨੀ ਖ਼ਾਂ ਤੇ ਮਾਨੀ ਖ਼ਾਂ ਆ ਕੇ ਮਾਂ ਗੁਜਰੀ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰ ਕੇ ਮੋਰਿੰਡੇ ਲੈ ਗਏ ਤੇ ਬਿਨ੍ਹਾਂ ਕੁਝ ਖਾਧੇ ਪੀਤੇ ਇੱਕ ਰਾਤ ਮੋਰਿੰਡੇ ਦੀ ਜੇਲ੍ਹ ਵਿਚ ਗੁਜ਼ਾਰੀ।  ੧੧ ਪੋਹ/10 ਦਸੰਬਰ ਨੂੰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੇ ਮੋਰਿੰਡੇ ਜੇਲ੍ਹ ਵਿਚ ਹੋਣ ਦੀ ਖ਼ਬਰ ਜਦ ਵਜ਼ੀਰ ਖਾਂ ਤੱਕ ਪਹੁੰਚੀ ਤਾਂ ਉਹ ਬਹੁਤ ਖੁਸ਼ ਹੋਇਆ ਤੇ ਤੁਰੰਤ ਹੀ ਕੈਦ ਕਰਕੇ ਲਿਆਉਣ ਲਈ ਸਿਪਾਹੀ ਭੇਜ ਦਿੱਤੇ; ਜੋ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਸਰਹੰਦ ਲੈ ਆਏ। ਸਾਹਿਬਜ਼ਾਦਿਆਂ ਨੂੰ ਸਿੱਧਾ ਸੂਬਾ ਸਰਹੰਦ ਵਜ਼ੀਰ ਖ਼ਾਂ ਦੀ ਕਚਹਿਰੀ ’ਚ ਪੇਸ਼ ਕੀਤਾ ਗਿਆ। ਸਾਹਿਬਜ਼ਾਦਿਆਂ ਨੇ ਸੂਬੇ ਨੂੰ ਝੁਕ ਕੇ ਸਲਾਮ ਨਾ ਕੀਤਾ ਬਲਕਿ ਬੜੀ ਅਡੋਲਤਾ ਨਾਲ ਫ਼ਤਿਹ ਬੁਲਾਈ। ਜਿਸ ਦਾ ਬਦਲਾ ਲੈਣ ਲਈ ਗੁਰੂ ਕੇ ਲਾਲਾਂ ਤੇ ਮਾਤਾ ਨੂੰ ੧੧ ਪੋਹ/10 ਦਸੰਬਰ ਦੀ ਅੱਤ ਠੰਢੀ ਰਾਤ ਨੂੰ ਬਿਨਾਂ ਕੁਝ ਖਵਾਏ-ਪਿਆਏ, ਭੁੰਜੇ-ਨੰਗੇ ਫਰਸ਼ ’ਤੇ ਸਖ਼ਤ ਪਹਿਰੇ ਵਿਚ ਚਾਰੇ ਪਾਸਿਆਂ ਤੋਂ ਆਉਂਦੀਆਂ ਠੰਢੀਆਂ ਸੀਤ ਹਵਾਵਾਂ ਵਿਚ ਠੰਢੇ ਬੁਰਜ ਵਿਚ ਰੱਖਿਆ ਗਿਆ।

੧੨ ਪੋਹ/11 ਦਸੰਬਰ ਨੂੰ ਆਖਰੀ ਕਚਿਹਰੀ ਲੱਗੀ। ਜਦੋਂ ਸਾਹਿਬਜ਼ਾਦਿਆਂ ਕਿਸੇ ਲਾਲਚ ਜਾਂ ਡਰ ਵਿੱਚ ਨਾ ਆਏ ਤਾਂ ਉਨ੍ਹਾਂ ਨੂੰ ਤਸੀਹੇ ਦੇਣ ਦਾ ਮਨ ਬਣਾਇਆ। ਇਕ ਖਮਚੀ (ਤੂਤ ਦੀ ਪਤਲੀ ਸੋਟੀ) ਲੈ ਕੇ ਸਾਹਿਬਜ਼ਾਦਿਆਂ ਨੂੰ ਕੁੱਟਿਆ ਗਿਆ ਤਾਂ ਜੋ ਸੱਟ ਲੱਗਣ ਦੇ ਡਰ ਨਾਲ ਇਸਲਾਮ ਕਬੂਲ ਕਰ ਲੈਣ। ਇਸ ਨਾਲ ਉਨ੍ਹਾਂ ਦਾ ਮਾਸ ਉੱਭਰ ਗਿਆ ਅਤੇ ਕੋਮਲ ਸਰੀਰਾਂ ’ਤੇ ਨਿਸ਼ਾਨ ਪੈ ਗਏ। ਭਾਈ ਦੋਨਾ ਸਿੰਘ ਹੰਡੂਰੀਆ ਲਿਖਦੇ ਹਨ :

‘ਖਮਚੀ ਸਾਥ ਜੁ ਲਗੈ ਤਬੈ ਦੁਖ ਦੇਵਨੰ, ਏਹ ਸੁ ਬਾਲਕ ਫੂਲ ਧੂਪ ਨਾ ਖੇਵਨੰ।’

ਜਦੋਂ ਕਾਜ਼ੀ ਨੂੰ ਫਤਵਾ ਦੇਣ ਲਈ ਕਿਹਾ ਗਿਆ ਤਾਂ ਉਸ ਨੂੰ ਸਾਹਿਬਜ਼ਾਦਿਆਂ ਦਾ ਕੋਈ ਕਸੂਰ ਨਾ ਮਿਲਿਆ। ਫਿਰ ਸੁੱਚਾ ਨੰਦ ਨੇ ਆਪਣਾ ਰੋਲ ਨਿਭਾਇਆ ਕਿ ਸਾਹਿਬਜ਼ਾਦਿਆਂ ਨੂੰ ਪੁੱਛਿਆ ਜਾਏ ਕਿ ਜੇਕਰ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਕੀ ਕਰੋਗੇ  ? ਉਨ੍ਹਾਂ ਨੇ ਕਿਹਾ ਕਿ ਆਪਣੇ ਪਿਤਾ ਵਾਙ ਸਿੰਘ ਇਕੱਠੇ ਕਰਾਂਗੇ ਤੇ ਜ਼ੁਲਮ ਵਿਰੁਧ ਸੰਘਰਸ਼ ਕਰਾਂਗੇ। ਸਾਰਿਆਂ ਪਾਸੋਂ ਅਵਾਜ਼ ਆਈ ਬਾਗੀ-ਬਾਗੀ। ਕਾਜ਼ੀ ਨੇ ਫ਼ੈਸਲਾ ਸੁਣਾ ਦਿੱਤਾ ਕਿ ਹਕੂਮਤ ਦੇ ਇਨ੍ਹਾਂ ਬਾਗੀਆਂ ਨੂੰ ਨੀਹਾਂ ਵਿੱਚ ਚਿਣ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ।

ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਹੈ ਕਿ ਸ਼ਹੀਦ ਕਰਨ ਤੋਂ ਪਹਿਲਾਂ ਇਕ ਬਜ਼ਾਰ ਸਜਾਇਆ ਗਿਆ, ਜਿਸ ਵਿੱਚ ਮਠਿਆਈ ਦੀਆਂ ਦੁਕਾਨਾਂ, ਖਿਡੌਣਿਆਂ ਦੀਆਂ ਦੁਕਾਨਾਂ ਅਤੇ ਸ਼ਸਤਰਾਂ ਦੀਆਂ ਦੁਕਾਨਾਂ ਲਗਾਈਆਂ ਗਈਆਂ। ਸਾਹਿਬਜ਼ਾਦਿਆਂ ਨੂੰ ਉੱਥੇ ਭੇਜਿਆ ਗਿਆ। ਉਨ੍ਹਾਂ ਨੇ ਮਠਿਆਈਆਂ ਤੇ ਖਿਡੌਣਿਆਂ ਦੀਆਂ ਦੁਕਾਨਾਂ ਵੱਲ ਵੇਖਿਆ ਤੱਕ ਨਹੀਂ ਤੇ ਬਾਰ ਬਾਰ ਸ਼ਸਤਰਾਂ ਦੀਆਂ ਦੁਕਾਨਾਂ ਤੇ ਜਾ ਕੇ ਉਨ੍ਹਾਂ ਨੂੰ ਹੀ ਵੇਖਦੇ ਰਹੇ। ਇਸ ਤੋਂ ਵਜੀਰ ਖਾਨ ਨੇ ਅੰਦਾਜ਼ਾ ਲਾ ਲਿਆ ਕਿ ਜੇ ਇਨ੍ਹਾਂ ਨੂੰ ਛੱਡ ਦਿੱਤਾ ਤਾਂ ਵੱਡੇ ਹੋ ਕੇ ਇਹ ਸਾਡੇ ਵਿਰੁੱਧ ਜੰਗ ਲੜਨਗੇ। ਇਸ ਉਪਰੰਤ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਪਾਸ ਭੇਜ ਦਿੱਤਾ।

੧੩ ਪੋਹ ਬਿਕ੍ਰਮੀ ਸੰਮਤ ੧੭੬੧/12 ਦਸੰਬਰ 1704 ਜੂਲੀਅਨ ਨੂੰ ਮਾਤਾ ਗੁਜਰੀ ਨੇ ਸਾਹਿਬਜ਼ਾਦਿਆਂ ਨੂੰ ਅਪਣੇ ਹੱਥੀਂ ਤਿਆਰ ਕੀਤਾ, ਸੁੰਦਰ ਪੁਸ਼ਾਕਾਂ ਪਵਾ ਅਤੇ ਸੀਸ ’ਤੇ ਕਲਗੀਆਂ ਸਜਾ ਕੇ ਸੂਬੇ ਦੀ ਕਚਹਿਰੀ ਵੱਲ ਤੋਰ ਦਿੱਤਾ। ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ, ਜੋ ਨੇਕ ਦਿਲ ਇਨਸਾਨ ਸੀ, ਨੂੰ ਵਜੀਰ ਖਾਨ ਨੇ ਕਿਹਾ ਕਿ ਤੇਰਾ ਭਰਾ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਦੇ ਹੱਥੋਂ ਮਾਰਿਆ ਗਿਆ ਹੈ, ਤੂੰ ਸਾਹਿਬਜ਼ਾਦਿਆਂ ਨੂੰ ਸਜ਼ਾ ਦੇ ਕੇ ਆਪਣੇ ਭਰਾ ਦਾ ਬਦਲਾ ਲੈ। ਉਸ ਨੇ ਅੱਗੋਂ ਉੱਤਰ ਦਿੱਤਾ ਕਿ ਜੇ ਮੈਂ ਬਦਲਾ ਲੈਣਾ ਹੋਇਆ ਤਾਂ ਜੰਗ ਦੇ ਮੈਦਾਨ ਵਿੱਚ ਹੀ ਲਵਾਂਗਾ। ਮੈਂ ਇਨ੍ਹਾਂ ਬੱਚਿਆਂ ਨੂੰ ਮਾਰ ਕੇ ਅੱਲ੍ਹਾ ਨੂੰ ਕੀ ਮੂੰਹ ਦਿਖਾਵਾਂਗਾ ? ਯੋਗੀ ਜੀ ਨੇ ਨਵਾਬ ਮਲੇਰਕੋਟਲੇ ਦੇ ਜਵਾਬ ਨੂੰ ਇਸ ਤਰ੍ਹਾਂ ਬਿਆਨ ਕੀਤਾ :

‘ਬਦਲਾ ਹੀ ਲੇਨਾ ਹੋਗਾ ਤੋ ਹਮ ਲੇਂਗੇ ਬਾਪ ਸੇ। ਮਹਿਫੂਜ਼ ਰਖੇ ਹਮ ਕੋ ਖੁਦਾ ਐਸਾ ਪਾਪ ਸੇ।’

ਜੋਗੀ ਜੀ ਅੱਗੇ ਲਿਖਦੇ ਹਨ –

‘ਝਾੜੂ ਖਾ ਕਰ ਦੋਨੋ ਸ਼ਰਮਸਾਰ ਹੋ ਗਏ। ਜਲਾਦ ਸਾਰੇ ਕਤਲ ਸੇ ਬੇਜ਼ਾਰ ਹੋ ਗਏ।’

ਸਾਹਿਬਜ਼ਾਦਿਆਂ ਨੂੰ ਸਜ਼ਾ ਦੇਣ ਲਈ ਕੋਈ ਜਲਾਦ ਤਿਆਰ ਨਾ ਹੋਇਆ ਤਾਂ ਵਜੀਰ ਖ਼ਾਨ ਦਾ ਧਿਆਨ ਸਾਸ਼ਲ ਬੇਗ ਤੇ ਬਾਸ਼ਲ ਬੇਗ ਵੱਲ ਗਿਆ, ਜਿਨ੍ਹਾਂ ਦਾ ਮੁਕੱਦਮਾ ਸਰਹਿੰਦ ਦੀ ਕਚਿਹਰੀ ਵਿੱਚ ਚੱਲ ਰਿਹਾ ਸੀ। ਉਹ ਇਸ ਸ਼ਰਤ ’ਤੇ ਸਜ਼ਾ ਦੇਣ ਲਈ ਤਿਆਰ ਹੋ ਗਏ ਕਿ ਉਨ੍ਹਾਂ ਦਾ ਮੁਕੱਦਮਾ ਖਾਰਜ ਕੀਤਾ ਜਾਵੇ। ਇਸ ਤੋਂ ਬਾਅਦ ਦੋਹਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ, ਪਰ ਉਸਾਰੀ ਜਾ ਰਹੀ ਕੰਧ ਅਚਾਨਕ ਡਿੱਗ ਪਈ ਤੇ ਬੱਚੇ ਬੇਹੋਸ਼ ਹੋ ਗਏ। ਦੋਨਾਂ ਸਾਹਿਬਜ਼ਾਦਿਆਂ ਨੂੰ ਜਲਾਦਾਂ ਨੇ ਆਪਣੇ ਗੋਡਿਆਂ ਥੱਲੇ ਲਿਆ ਅਤੇ ਉਨ੍ਹਾਂ ਦੀ ਸਾਹ ਨਾਲੀ ਕੱਟ ਦਿੱਤੀ। ਇਤਿਹਾਸਕ ਗ੍ਰੰਥ ਬੰਸਾਵਲੀਨਾਮੇ ’ਚ ਲਿਖਿਆ ਹੈ ਕਿ ਬਾਬਾ ਜ਼ੋਰਾਵਰ ਸਿੰਘ ਢਾਈ ਮਿੰਟਾਂ ਵਿੱਚ ਹੀ ਸ਼ਹੀਦ ਹੋ ਗਏ ਤੇ ਬਾਬਾ ਫ਼ਤਿਹ ਸਿੰਘ ਲਗਭਗ ਅੱਧੀ ਘੜੀ ਭਾਵ 12 ਮਿੰਟ ਪੈਰ ਮਾਰਦੇ ਰਹੇ ਤੇ ਖ਼ੂਨ ਨਿਕਲਦਾ ਰਿਹਾ, ਹੌਲੀ ਹੌਲੀ ਚਰਨ ਹਿੱਲਣੇ ਬੰਦ ਹੋ ਗਏ। ਕੁੱਝ ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖ਼ਬਰ ਮਾਤਾ ਗੁਜਰੀ ਜੀ ਨੂੰ ਦੀਵਾਨ ਟੋਡਰ ਮੱਲ ਨੇ ਜਾ ਕੇ ਦਿੱਤੀ। ਇਸ ਤੋਂ ਬਾਅਦ ਠੰਡ ਅਤੇ ਭੁੱਖ ਕਾਰਨ ਉਹ ਵੀ ਸਰੀਰ ਤਿਆਗ ਗਏ। ਕੁੱਝ ਇਤਿਹਾਸਕਾਰ ਮੰਨਦੇ ਹਨ ਕਿ ਮਾਤਾ ਜੀ ਨੂੰ ਠੰਡੇ ਬੁਰਜ ਤੋਂ ਧੱਕਾ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਫਿਰ ਪਾਵਨ ਦੇਹਾਂ ਦੀ ਬੇਅਦਬੀ ਕਰਨ ਲਈ ਹੰਸਲਾ ਨਦੀ ਦੇ ਕਿਨਾਰੇ ਉਜਾੜ ਥਾਂ ਲਿਜਾ ਕੇ ਸਰੀਰਾਂ ਨੂੰ ਸੁੱਟਵਾ ਦਿੱਤਾ ਗਿਆ।

ਜਦੋਂ ਸ਼ਹਰ ਵਿੱਚ ਵੱਸਦੇ ਗੁਰੂ ਪਿਆਰ ਵਾਲਿਆਂ ਨੂੰ ਵਜ਼ੀਰਖ਼ਾਨ ਦੇ ਇਸ ਕੁਕਰਮ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਖ਼ੂਨ ਦੇ ਹੰਝੂ ਵਹਾਏ, ਪਰ ਸਰਕਾਰੀ ਕਹਰ ਤੋਂ ਡਰਦਿਆਂ ਕਿਸੇ ਦੀ ਹਿੰਮਤ ਨਾ ਪਈ ਕਿ ਸਤਿਕਾਰ ਸਹਿਤ ਸਸਕਾਰ ਕੀਤਾ ਜਾਵੇ। ਇਸ ਤੋਂ ਬਾਅਦ ਗੁਰੂ ਘਰ ਦੇ ਸੇਵਕ ਦੀਵਾਨ ਟੋਡਰ ਮਲ ਨੇ ਜ਼ੁਰਅਤ ਦੀ ਮਿਸਾਲ ਪੈਦਾ ਕੀਤੀ ਅਤੇ ਪਾਵਨ ਦੇਹਾਂ ਦਾ ਸਸਕਾਰ ਕਰਨ ਦੀ ਇਜਾਜ਼ਤ ਮੰਗੀ। ਵਜ਼ੀਰ ਖਾਨ ਦੇ ਸ਼ਾਤਰ ਦਿਮਾਗ ਨੇ ਟੋਡਰ ਮੱਲ ਨੂੰ ਸੋਨੇ ਦੀਆਂ ਮੋਹਰਾਂ ਵਿਛਾ ਕੇ ਜ਼ਮੀਨ ਖਰੀਦਨ ਦੀ ਪੇਸ਼ਕਸ਼ ਕੀਤੀ। ਵਜ਼ੀਰ ਖਾਨ ਦਾ ਖ਼ਿਆਲ ਸੀ ਕਿ ਟੋਡਰ ਮੱਲ ਏਨੀ ਮਹਿੰਗੀ ਜ਼ਮੀਨ ਖਰੀਦ ਨਹੀਂ ਸਕੇਗਾ, ਪਰ ਉਸ ਮੂਰਖ ਨੂੰ ਇਹ ਨਹੀਂ ਸੀ ਪਤਾ ਕਿ ਨੇਕ ਹਿੰਦੂ ਤੇ ਮੁਸਲਮਾਨ ਗੁਰੂ ਸਾਹਿਬ ਨਾਲ ਕਿਸ ਕਦਰ ਪਿਆਰ ਰੱਖਦੇ ਹਨ। ਗੁਰੂ ਪਿਆਰ ਵਿੱਚ ਭਿੱਜੇ ਹੋਏ ਟੋਡਰ ਮੱਲ ਨੇ ਆਪਣੀ ਪਤਨੀ ਦੇ ਗਹਿਣੇ, ਆਪਣਾ ਘਰ ਬਾਰ, ਜ਼ਮੀਨ ਜਾਇਦਾਦ ਸਭ ਕੁੱਝ ਵੇਚ ਕੇ ਸੋਨੇ ਦੀਆਂ ਮੋਹਰਾਂ ਇਕੱਠੀਆਂ ਕਰ ਜ਼ਮੀਨ ’ਤੇ ਵਿਛਾ ਕੇ ਸਸਕਾਰ ਲਈ ਜਗ੍ਹਾ ਖਰੀਦੀ। ਇਹ, ਦੁਨੀਆਂ ਦੀ ਸਭ ਤੋਂ ਮਹਿੰਗੀ ਜਗ੍ਹਾ ਬਣ ਗਈ, ਜੋ ਅੱਜ ਦੇ ਸਮੇਂ ਸਾਢੇ ਤਿੰਨ ਅਰਬ ਰੁਪਏ ਬਣਦੀ ਹੈ। ਇਸ ਤਰ੍ਹਾਂ ਮਾਤਾ ਜੀ ਅਤੇ ਦੋਵੇਂ ਸਾਹਿਬਜ਼ਾਦਿਆਂ ਦਾ ਸਸਕਾਰ ਕੀਤਾ ਗਿਆ। ਸਸਕਾਰ ਲਈ ਜੰਗਲ ਵਿੱਚੋਂ ਲੱਕੜਾਂ ਲਿਆਉਣ ਦੀ ਸੇਵਾ ਬਾਬਾ ਮੋਤੀ ਰਾਮ ਜੀ ਮਹਿਰਾ ਨੇ ਕੀਤੀ।

ਦੂਜੇ ਪਾਸੇ ਜਿਸ ਧਨ ਦੇ ਲਾਲਚ ਵਿੱਚ ਗੰਗੂ ਨੇ ਐਡਾ ਵੱਡਾ ਪਾਪ ਕੀਤਾ ਸੀ, ਉਹੀ ਧਨ ਉਸ ਦੀ ਮੌਤ ਦਾ ਕਾਰਨ ਬਣਿਆ। ਇੱਕ ਰਿਪੋਰਟ ਦੇ ਆਧਾਰ ’ਤੇ ਜਾਨੀ ਖਾਂ ਅਤੇ ਮਾਨੀ ਖਾਂ ਨੇ ਨਵਾਬ ਵਜੀਰ ਖ਼ਾਨ ਨੂੰ ਦੱਸਿਆ ਕਿ ਮਾਤਾ ਗੁਜਰੀ ਜੀ, ਜੋ ਮੋਹਰਾਂ ਦੀ ਖੁਰਜੀ ਨਾਲ ਲੈ ਕੇ ਆਏ ਸਨ, ਉਹ ਗੰਗੂ ਕੋਲ ਹੈ। ਵਜ਼ੀਰ ਖਾਂ ਨੇ ਉਹ ਰਕਮ ਸਰਕਾਰੀ ਖਜ਼ਾਨੇ ਵਿੱਚ ਜਮ੍ਹਾ ਕਰਵਾਉਣ ਲਈ ਕਿਹਾ। ਗੰਗੂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਹਾਕਮਾਂ ਵੱਲੋਂ ਉਸ ਦੀ ਮਾਰ-ਕੁਟਾਈ ਸ਼ੁਰੂ ਕੀਤੀ ਗਈ। ਕੁੱਟ ਦਾ ਮਾਰਿਆ ਗੰਗੂ ਮੋਹਰਾਂ ਦੇਣੀਆਂ ਮੰਨ ਗਿਆ। ਉਸ ਨੇ ਕਈ ਥਾਵਾਂ ਵਿਖਾਈਆਂ, ਜਿੱਥੇ ਉਸ ਨੇ ਮੋਹਰਾਂ ਦੱਬੀਆਂ ਸਨ, ਪਰ ਉਹ ਕਿਤੋਂ ਵੀ ਨਾ ਮਿਲੀਆਂ ਕਿਉਂਕਿ ਉਹ ਹੜ੍ਹ ਦੇ ਪਾਣੀ ਨਾਲ ਰੁੜ੍ਹ ਗਈਆਂ ਸਨ। ਹਾਕਮਾਂ ਨੇ ਸਮਝਿਆ ਕਿ ਗੰਗੂ ਜਾਣ-ਬੁੱਝ ਕੇ ਉਨ੍ਹਾਂ ਨੂੰ ਧੋਖਾ ਦੇ ਰਿਹਾ ਹੈ। ਸਿਪਾਹੀਆਂ ਨੇ ਫਿਰ ਗੰਗੂ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ।

ਸਾਕਾ ਸਰਹਿੰਦ ਦੀ ਘਟਨਾ ਮੁਗਲ ਹਕੂਮਤ ਵੱਲੋਂ ਤਾਕਤ ਦੇ ਨਸ਼ੇ ਵਿੱਚ ਕੀਤੀ ਅਜਿਹੀ ਗ਼ਲਤੀ ਸੀ, ਜਿਸ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿੱਚ ਨਹੀਂ ਮਿਲਦੀ। ਪ੍ਰਸਿੱਧ ਇਤਿਹਾਸਕਾਰ ਬ੍ਰਾਊਨ ਲਿਖਦਾ ਹੈ ਕਿ ਨਵੇਂ ਧਾਰਮਿਕ ਅਸੂਲਾਂ ਦਾ ਪ੍ਰਚਾਰ ਕਰਨ ਵਾਲਿਆਂ ਉੱਤੇ ਢਾਹੇ ਜੁਲਮਾਂ ਦੀਆਂ ਸਾਰੀਆਂ ਮਿਸਾਲਾਂ ਵਿੱਚੋਂ ਇਹ ਸਾਕਾ ਸਭ ਤੋਂ ਜ਼ਿਆਦਾ ਕਠੋਰ, ਉਪੱਦਰ, ਨਿਰਦਈ ਅਤੇ ਅੱਤਿਆਚਾਰੀ ਹੈ। ਇਸ ਘਟਨਾ ਪ੍ਰਤੀ ਸਿੱਖਾਂ ਦਾ ਗੁੱਸਾ ਵੀ ਇਤਨਾ ਹੀ ਸਖਤ ਸੀ। ਇਹ ਕਹਿਣ ਵਿੱਚ ਕੋਈ ਅਤਿਕਥਨੀ ਨਹੀਂ ਕਿ ਤਿੰਨ ਸਦੀਆਂ ਤੋਂ ਵੱਧ ਸਮਾਂ ਬੀਤ ਜਾਣ ’ਤੇ ਵੀ ਇਸ ਘਟਨਾ ਪ੍ਰਤੀ ਸਿੱਖਾਂ ਦਾ ਗੁੱਸਾ ਅਜੇ ਵੀ ਠੰਡਾ ਨਹੀਂ ਪਿਆ।

ਅੱਲਾ ਯਾਰ ਖਾਂ ਜੋਗੀ ਲਿਖਦਾ ਹੈ ਕਿ ਸਾਕਾ ਸਰਹਿੰਦ ਦੀ ਘਟਨਾ ਤੋਂ ਬਾਅਦ ਸਿੱਖ ਕੌਮ ਤਾਜੋ ਤਖ਼ਤ ਦੀ ਪ੍ਰਾਪਤੀ ਵੱਲ ਵਧਣ ਲੱਗੀ। ਉਹ ਲਿਖਦਾ ਹੈ :

‘ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ। ਗੱਦੀ ਸੇ ਤਾਜੋ-ਤਖਤ ਬਸ ਅਬ ਕੌਮ ਪਾਏਗੀ।

ਦੁਨੀਆਂ ਸੇ ਜ਼ਾਲਿਮੋਂ ਕਾ ਨਿਸ਼ਾਂ ਤਕ ਮਿਟਾਏਗੀ।’

ਸੋ ਇਹ ਸਰਹਿੰਦ ਤੇ ਚਮਕੌਰ ਸਾਹਿਬ ਦੇ ਸਾਕਿਆਂ ਦੇ ਤਿੱਖੇ ਪ੍ਰਤੀਕਰਮ ਵਜੋਂ ਹੀ ਸੰਭਵ ਹੋ ਸਕਿਆ ਹੈ ਕਿ ਸਿੱਖਾਂ ਨੇ ਮੁਗਲਾਂ ਤੇ ਫ਼ਤਿਹ ਹਾਸਲ ਕਰਕੇ ਗਜਨਵੀ, ਤੈਮੂਰ ਤੇ ਬਾਬਰ ਦੇ ਖਾਨਦਾਨ ਵਿੱਚੋਂ ਅਖਵਾਉਣ ਵਾਲਿਆਂ ਦੀ ਆਨ ਤੇ ਸ਼ਾਨ ਮਿੱਟੀ ਵਿੱਚ ਮਿਲਾ ਦਿੱਤੀ ਸੀ। ਗੱਲ ਕੀ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦੀਆਂ ਅਦੁੱਤੀ ਘਟਨਾਵਾਂ ਨੇ ਇਤਿਹਾਸ ਨੂੰ ਨਵੀਆਂ ਲੀਹਾਂ ’ਤੇ ਤੁਰਨ ਲਈ ਮਜਬੂਰ ਕੀਤਾ। ਅਸਲ ਵਿੱਚ ਸਿੱਖ ਰਾਜ ਦੀ ਸਥਾਪਨਾ ਦਾ ਮੁੱਢ ਹੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਬੰਨ੍ਹਿਆ ਹੈ।

ਹਿੰਦੀ ਦਾ ਕਵੀ ਮੈਥਲੀ ਸ਼ਰਨ ਗੁਪਤਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਪ੍ਰਤੀ ਸ਼ਰਧਾ ਦੇ ਫੁੱਲ ਭੇਂਟ ਕਰਦਾ ਹੋਇਆ ਲਿਖਦਾ ਹੈ :

‘ਜਿਸ ਕੁਲ ਜਾਤਿ ਦੇਸ ਕੇ ਬੱਚੇ ਦੇ ਸਕਤੇ ਹੈ ਯੋਂ ਬਲਿਦਾਨ। 

ਉਸ ਕਾ ਵਰਤਮਾਨ ਕੁਛ ਭੀ ਹੋ, ਪਰ ਭਵਿਸ਼ਯ ਹੈ ਮਹਾਂ ਮਹਾਨ।’

ਸਾਕਾ ਸਰਹੰਦ ਸਿੱਖਾਂ ਨੂੰ ਅਣਖ ਤੇ ਗ਼ੈਰਤ ਨਾਲ ਜਿਊਣ ਦਾ ਬਲ ਪ੍ਰਦਾਨ ਕਰਦਾ ਹੈ। ਸਾਕਾ ਸਰਹਿੰਦ; ਜ਼ੁਲਮ ਉੱਤੇ ਨਿਆਂ ਦੀ ਫ਼ਤਿਹ, ਝੂਠ ਉੱਤੇ ਸੱਚ ਦੀ ਫ਼ਤਿਹ ਅਤੇ ਲਾਲਚ ਉੱਤੇ ਤਿਆਗ ਦੀ ਫ਼ਤਿਹ ਦਾ ਪ੍ਰਤੀਕ ਹੈ। ਅਜਿਹੀਆਂ ਘਟਨਾਵਾਂ ਦੇ ਪ੍ਰਤੀਕਰਮ ਵਜੋਂ ਜਦੋਂ ਕੌਮਾਂ ਕਰਵਟ ਲੈਂਦੀਆਂ ਹਨ ਤਾਂ ਇਤਿਹਾਸ ਵੀ ਥਰਥਰਾਉਣ ਲੱਗਦਾ ਹੈ। ਇਸ ਘਟਨਾ ਤੋਂ ਕੇਵਲ ਚਾਰ ਸਾਲ ਬਾਅਦ ਹੀ ਇਤਿਹਾਸ ਨੇ ਮੋੜ ਲਿਆ ਤੇ ਸਰਹੰਦ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਕਾਇਮ ਕੀਤਾ।

ਸ੍ਰੋਮਣੀ ਅਕਾਲੀ ਦਲ ਨੂੰ ਦਿੱਤੀ ਨਸੀਹਤ

0

ਸ੍ਰੋਮਣੀ ਅਕਾਲੀ ਦਲ ਨੂੰ ਦਿੱਤੀ ਨਸੀਹਤ

ਜਿਹੜੀਆਂ ਗਲਤੀਆਂ ਗੱਠਜੋੜ ਸਮੇਂ ਭਾਜਪਾ ਨੇ ਕਰਵਾਈਆਂ;

ਉਨ੍ਹਾਂ ਨੂੰ ਹੁਣ ਹੀ ਸੁਧਾਰ ਲੈਣ: ਭਾਈ ਪੰਥਪ੍ਰੀਤ ਸਿੰਘ ਖ਼ਾਲਸਾ

ਸੰਗਤ ਮੰਡੀ/ਬਠਿੰਡਾ, 1 ਦਸੰਬਰ (ਕਿਰਪਾਲ ਸਿੰਘ ਬਠਿੰਡਾ) : ਸੰਗਤ ਕੈਂਚੀਆਂ ਵਿਖੇ ਗੁਰਮਤਿ ਸੇਵਾ ਲਹਿਰ ਭਾਈ ਬਖ਼ਤੌਰ (ਬਠਿੰਡਾ) ਦੇ ਸਾਲਾਨਾ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਅਕਾਲੀ ਦਲ ਦੇ ਆਗੂਆਂ ਨੂੰ ਸੰਬੋਧਤ ਹੁੰਦੇ ਕਿਹਾ ਕਿ ਜੇ ਸ੍ਰੋਮਣੀ ਅਕਾਲੀ ਦਲ ਨੂੰ ਹੁਣ ਸਮਝ ਆ ਗਈ ਹੈ ਕਿ ਭਾਜਪਾ ਦੀ ਝੋਲ਼ੀ ’ਚ ਖੇਡਣ ਵਾਲੇ, ਅਕਾਲੀ ਦਲ ਦਾ ਨੁਕਸਾਨ ਕਰ ਰਹੇ ਹਨ; ਤਾਂ ਹੁਣ ਤੱਕ ਜਿਹੜੀਆਂ ਗਲਤੀਆਂ ਅਕਾਲੀ-ਭਾਜਪਾ ਗੱਠਜੋੜ ਦੌਰਾਨ; ਭਾਜਪਾ ਨੇ ਅਕਾਲੀ ਦਲ ਤੋਂ ਕਰਵਾਈਆਂ; ਉਨ੍ਹਾਂ ਨੂੰ ਹੁਣੇ ਹੀ ਸੁਧਾਰ ਲੈਣ। ਅਕਾਲੀ-ਭਾਜਪਾ ਗੱਠਜੋੜ ਦੌਰਾਨ ਭਾਜਪਾ/ਆਰਐੱਸਐੱਸ ਦੇ ਇਸ਼ਾਰੇ ’ਤੇ ਕੀਤੀਆਂ ਗਲਤੀਆਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ’ਚ ਬਦਲਣਾ, ਪੰਜਾਬ ਤੇ ਪੰਥ ਦੇ ਮੂਲ ਮੁੱਦਿਆਂ ਨੂੰ ਮੂਲੋਂ ਵਿਸਾਰਨਾ, ਨਾਨਕਸ਼ਾਹੀ ਕੈਲੰਡਰ ਰੱਦ ਕਰਨਾ ਅਤੇ ਡੇਰਾਵਾਦ ਨੂੰ ਵਡਾਵਾ ਦੇਣਾ ਮੁੱਖ ਤੌਰ ’ਤੇ ਸ਼ਾਮਲ ਹਨ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਜੇ ਇਹ ਦਿਲੋਂ ਭਾਜਪਾ ਦੇ ਵਿਰੋਧ ’ਚ ਖੜ੍ਹੇ ਹੋਣਾ ਵਿਖਾਉਣਾ ਚਾਹੁੰਦੇ ਹਨ; ਤਾਂ ਇਨ੍ਹਾਂ ਪਾਸ ਸ੍ਰੋਮਣੀ ਕਮੇਟੀ ਦਾ ਪ੍ਰਬੰਧ ਹੋਣ ਦੇ ਨਾਤੇ, ਇਹ ਤਿੰਨ ਕੰਮ ਬੜੀ ਆਸਾਨੀ ਨਾਲ ਕਰ ਸਕਦੇ ਹਨ; ਜਿਨ੍ਹਾਂ ’ਚੋਂ ਪਹਿਲਾ ਹੈ ਨਾਨਕਸ਼ਾਹੀ ਕੈਲੰਡਰ ਨੂੰ ਤੁਰੰਤ ਬਹਾਲ ਕਰਨਾ, ਦੂਸਰਾ ਸ੍ਰੋਮਣੀ ਕਮੇਟੀ ਵੱਲੋਂ ਛਾਪੀ ਜਾ ਰਹੀ ਸਿੱਖ ਰਹਿਤ ਮਰਯਾਦਾ ਲਾਗੂ ਕਰਕੇ ਪੰਥ ’ਚ ਇੱਕਸਾਰਤਾ ਅਤੇ ਏਕਤਾ ਦੀ ਭਾਵਨਾ ਪੈਦਾ ਕਰਨੀ ਅਤੇ ਤੀਸਰਾ ਸਭ ਤੋਂ ਜਰੂਰੀ ਨੁਕਤਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦੂਸਰੇ ਤਖ਼ਤਾਂ ਦੇ ਜਥੇਦਾਰਾਂ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ ਅਤੇ ਕਾਰਜਸ਼ੈਲੀ ਲਈ ਨਿਯਮ ਬਣਾਉਣਾ ਅਤੇ ਸਾਲ ’ਚ ਦੋ ਵਾਰ ਵੈਸਾਖੀ ਅਤੇ ਦਿਵਾਲੀ ਮੌਕੇ ਸਰਬਤ ਖਾਲਸਾ ਸੱਦ ਕੇ ਹਰ ਵੱਡੇ ਅਤੇ ਵਿਵਾਦਤ ਮਸਲੇ ਹੱਲ ਕਰਨ ਲਈ ਡੂੰਘੀਆਂ ਵੀਚਾਰਾਂ ਰਾਹੀਂ ਉਨ੍ਹਾਂ ਦੇ ਹੱਲ ਲੱਭਣ ਦਾ ਰਾਹ ਪੱਧਰਾ ਕਰਨਾ। ਜਥੇਦਾਰਾਂ ਦੀ ਨਿਯੁਕਤੀ, ਕਾਰਜ ਖੇਤਰ ਅਤੇ ਬਰਖਾਸਤਗੀ ਸਬੰਧੀ ਜੇ 2000 ਈ: ’ਚ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਸ੍ਰੋਮਣੀ ਕਮੇਟੀ ਨੂੰ ਦਿੱਤੀ ਹਿਦਾਇਤ ’ਤੇ ਸੁਹਿਰਦਤਾ ਨਾਲ ਕਾਰਵਾਈ ਕੀਤੀ ਹੁੰਦੀ ਤਾਂ ਬਾਦਲ ਦਲ ਨੂੰ ਅੱਜ ਵਾਲਾ ਸੰਤਾਪ ਭੋਗਣਾ ਨਾ ਪੈਂਦਾ। ਜੇ ਹੁਣ ਵੀ ਅਹਿਸਾਸ ਹੋ ਰਿਹਾ ਹੈ ਕਿ ਭਾਜਪਾ ਸਾਡੀਆਂ ਧਾਰਮਿਕ ਸੰਸਥਾਵਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਆਪਣਾ ਪ੍ਰਭਾਵ ਵਰਤ ਕੇ ਸ੍ਰੋਮਣੀ ਅਕਾਲੀ ਦਲ ਅਤੇ ਪੰਥ ਦਾ ਨੁਕਸਾਨ ਕਰ ਰਹੀ ਹੈ ਤਾਂ ਦੱਸੇ ਗਏ ਇਹ ਤਿੰਨ ਕਾਰਜ ਤੁਰੰਤ ਕਰਨ। ਜੇਕਰ ਸਿੱਖ ਰਾਜਨੀਤਕ ਤੌਰ ’ਤੇ ਕਮਜੋਰ ਹੋਏ ਹਨ ਤਾਂ ਹੀ ਤਾਂ ਕਿਤੇ ਕਿਰਪਾਨ ਪਹਿਨਣ ’ਤੇ ਪਾਬੰਦੀ ਅਤੇ ਕਿਤੇ ਗੁਰੂ ਨਾਨਕ ਸਾਹਿਬ ਦਾ ਸ੍ਵਾਂਗ ਰਚਨ ਵਰਗੀਆਂ ਘਟਨਾਵਾਂ ਹੋ ਰਹੀਆਂ ਹਨ।

ਬੇਅਦਬੀ ਅਤੇ ਬਰਗਾੜੀ ਕਾਂਡ ਦਾ 24 ਘੰਟੇ ’ਚ ਇਨਸਾਫ਼ ਦੇਣ ਦਾ ਵਾਅਦਾ ਕਰਕੇ ਸਤਾ ’ਚ ਆਈ ਆਪ ਸਰਕਾਰ ਨੂੰ ਉਨ੍ਹਾਂ ਵੱਲੋਂ ਕੀਤੇ ਵਾਅਦਿਆਂ ਦਾ ਚੇਤਾ ਕਰਾਉਂਦਿਆਂ ਕਿਹਾ ਕਿ ਮਾਮਲੇ ਦੀ ਸਹੀ ਢੰਗ ਨਾਲ ਪੈਰਵੀ ਕਰਕੇ ਇਸ ਕੇਸ ਨੂੰ ਫੈਸਲੇ ਤੱਕ ਪੁਹੰਚਾਇਆ ਜਾਵੇ। ਜਿਹੜੇ ਬੇਅਦਬੀ ਕਾਂਡ ਅਤੇ ਮੌੜ ਬੰਬ ਕਾਂਡ ਦੇ ਭਗੌੜੇ ਹਨ ਉਹਨਾਂ ਨੂੰ ਵੀ ਜਲਦ ਗ੍ਰਿਫ਼ਤਾਰ ਕੀਤਾ ਜਾਵੇ ।

ਇਸ ਸਮੇਂ ਹਰ ਸਾਲ ਦੀ ਤਰ੍ਹਾਂ ਖੂਨ ਦਾਨ ਕੈਂਪ ਵੀ ਲਾਇਆ ਗਿਆ, ਜਿਸ ਵਿਚ ਅਨੇਕਾਂ ਵਿਅਕਤੀਆਂ ਨੇ ਖੂਨਦਾਨ ਕੀਤਾ।

ਭਾਈ ਪੰਥਪ੍ਰੀਤ ਸਿੰਘ ਤੋਂ ਇਲਾਵਾ ਗੁਰਮਤਿ ਸੇਵਾ ਲਹਿਰ ਨਾਲ ਜੁੜੇ ਸਿੱਖ ਪ੍ਰਚਾਰਕ ਭਾਈ ਸਤਿਨਾਮ ਸਿੰਘ ਚੰਦੜ, ਬੀਬੀ ਗਗਨਦੀਪ ਕੌਰ, ਡਾ: ਹਰਦੀਪ ਸਿੰਘ ਖਿਆਲੀਵਾਲਾ, ਭਾਈ ਰਘਬੀਰ ਸਿੰਘ ਖਿਆਲੀਵਾਲਾ, ਭਾਈ ਕੁਲਵਿੰਦਰ ਸਿੰਘ ਬੀਬੀਵਾਲਾ, ਢਾਡੀ ਜਥਾ ਭਾਈ ਗੁਰਭਾਗ ਸਿੰਘ ਮਰੂੜ, ਮੱਖਣ ਸਿੰਘ ਰੌਂਤਾ, ਭਾਈ ਪਰਗਟ ਸਿੰਘ ਮੁੱਦਕੀ, ਆਦਿਕ ਹੋਰ ਪ੍ਰਚਾਰਕਾਂ ਨੇ ਵੀ ਸੰਬੋਧਨ ਕੀਤਾ। ਭਾਈ ਪਰਗਟ ਸਿੰਘ ਮੁੱਦਕੀ ਵਾਲਿਆਂ ਨੇ ਸਮਾਗਮ ਦੀ ਸਮੁੱਚੀ ਕਾਰਵਾਈ ਨੂੰ ਆਪਣੀਆਂ ਵੈੱਬਸਾਈਟਾਂ ਰਾਹੀਂ ਲਾਈਵ ਟੈਲੀਕਾਸਟ ਕੀਤਾ।

ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਕੱਤਕ ਦੀ ਪੂਰਨਮਾਸ਼ੀ ਜਾਂ ਵੈਸਾਖ ?

0

ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਕੱਤਕ ਦੀ ਪੂਰਨਮਾਸ਼ੀ ਜਾਂ ਵੈਸਾਖ ?

ਕਿਰਪਾਲ ਸਿੰਘ ਬਠਿੰਡਾ ਦੀ ਪੁਸਤਕ

ਨਾਨਕਸ਼ਾਹੀ ਕੈਲੰਡਰ ਬਨਾਮ ਬਿਕ੍ਰਮੀ ਕੈਲੰਡਰਵਿਚੋਂ

ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਲਈ ਤਿੰਨ ਤਾਰੀਖ਼ਾਂ ਕੱਤਕ ਦੀ ਪੂਰਨਮਾਸ਼ੀ, 15 ਅਪ੍ਰੈਲ ਅਤੇ ੧ ਵੈਸਾਖ ਮੰਨੀਆਂ ਜਾ ਰਹੀਆਂ ਹਨ। ਇੱਕ ਧਿਰ ਜੋ ਕੱਤਕ ਦੀ ਪੂਰਨਮਾਸ਼ੀ ਮੰਨਦੀ ਹੈ, ਉਨ੍ਹਾਂ ਦੇ ਸੋਮੇ, ਇਸ ਸਾਰਣੀ ਅਨੁਸਾਰ ਹਨ :

ਅਸਲ ਵਿੱਚ ਉਪਰੋਕਤ ਸੋਮਿਆਂ ਦੇ ਸਾਰੇ ਹੀ ਲੇਖਕਾਂ ਦਾ ਮੁੱਢਲਾ ਸ੍ਰੋਤ ਹੈ ‘ਭਾਈ ਬਾਲੇ ਵਾਲੀ ਜਨਮ ਸਾਖੀ’। ਭਾਈ ਬਾਲੇ ਵਾਲੀ ਜਨਮ ਸਾਖੀ ’ਚ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਮਿਤੀ ਕੱਤਕ ਸੁਦੀ ੧੫, ਸੰਮਤ ੧੫੨੬, ੨੭ਵਾਂ ਨਛੱਤਰ ਲਿਖਿਆ ਹੈ। ੨੭ਵਾਂ ਨਛੱਤਰ ਰੇਵਤੀ ਹੁੰਦਾ ਹੈ, ਪਰ ਇਸੇ ਜਨਮ ਸਾਖੀ ’ਚ ਦੂਸਰੇ ਥਾਂ ਅਨੁਰਾਧਾ ਲਿਖਿਆ ਹੈ। ਦੋਵੇਂ ਹੀ ਨਛੱਤਰ ਕੈਲੰਡਰ ਵਿਗਿਆਨ ਦੀ ਕਸਵੱਟੀ ’ਤੇ ਪੂਰੇ ਨਹੀਂ ਉਤਰਦੇ ਕਿਉਂਕਿ ਕੱਤਕ ਦੀ ਪੂਰਨਮਾਸ਼ੀ ਨੂੰ ਰੇਵਤੀ ਜਾਂ ਅਨੁਰਾਧਾ ਦੋਵਾਂ ਹੀ ਨਛੱਤਰਾਂ ’ਚੋਂ ਕਦੇ ਵੀ ਕੋਈ ਨਹੀਂ ਆਉਂਦਾ। ਕੱਤਕ ਦੀ ਪੂਰਨਮਾਸ਼ੀ ਨੂੰ ਕੇਵਲ ਪਹਿਲੇ 4 ਨਛੱਤਰ (ਅਸ਼ਵਨੀ, ਭਰਨੀ, ਕ੍ਰਿਤਿਕਾ ਅਤੇ ਰੋਹਿਣੀ) ’ਚੋਂ ਕੋਈ ਇੱਕ ਹੋ ਸਕਦਾ ਹੈ। ਕੱਤਕ ਸੁਦੀ ੧੫, ਸੰਮਤ ੧੫੨੬ ਦੀ ਪੜਤਾਲ ਕੀਤਿਆਂ ਉਸ ਦਿਨ ੨੧ ਕੱਤਕ, ਦਿਨ ਸ਼ੁੱਕਰਵਾਰ, ਅਸ਼ਵਨੀ ਨਛੱਤਰ, 20 ਅਕਤੂਬਰ 1469 ਜੂਲੀਅਨ ਬਣਦਾ ਹੈ। ਇਸ ਲਈ ਜਨਮ ਸਾਖੀ ਦੇ ਲੇਖਕ ਵੱਲੋਂ 27ਵਾਂ ਨਛੱਤਰ ਜਾਂ ਅਨੁਰਾਧਾ ਲਿਖੇ ਜਾਣਾ ਹੀ ਇਸ ਗੱਲ ਦਾ ਸਬੂਤ ਹੈ ਕਿ ਇਹ ਤਾਰੀਖ਼ ਗ਼ਲਤ ਅਤੇ ਕਾਲਪਨਿਕ ਹੈ। ਇਸ ਆਧਾਰ ’ਤੇ ਉਪਰੋਕਤ ਸਾਰੇ ਸੋਮਿਆਂ ਦੀਆਂ ਤਾਰੀਖ਼ਾਂ ਗ਼ਲਤ ਸਾਬਤ ਹੋ ਜਾਂਦੀਆਂ ਹਨ ਕਿਉਂਕਿ ਕਿਸੇ ਦਾ ਵੀ ਪ੍ਰਵਿਸ਼ਟਾ, ਦਿਨ ਅਤੇ ਨਛੱਤਰ; ਵਿਗਿਆਨਿਕ ਕਸਵੱਟੀ ’ਤੇ ਪੂਰਾ ਨਹੀਂ ਉਤਰਦਾ।

ਕਵੀ ਭਾਈ ਸੰਤੋਖ ਸਿੰਘ ਨੇ ਆਪਣੇ ਗ੍ਰੰਥ ‘ਸ੍ਰੀ ਗੁਰੂ ਨਾਨਕ ਪ੍ਰਕਾਸ਼ ਪੂਰਬਾਰਧ’ (1823 ਈ:) ਦੇ 37ਵੇਂ ਅਧਿਆਇ ‘ਨਾਨਕ ਪ੍ਰਕਾਸ਼ ਕਿਨ੍ਹਾਂ ਪੁਸਤਕਾਂ ਤੋਂ ਬਣਿਆ’ ਵਿੱਚ ਆਪਣੇ ਸ੍ਰੋਤਾਂ ਦਾ ਜ਼ਿਕਰ ਕਰਦੇ ਲਿਖਦੇ ਹਨ :

ਪੂਰਬ ਪੋਥੀ ਜੋ ਲਿਖੀ ਸ੍ਰੀ ਨਾਨਕ ਇਤਿਹਾਸ

ਲਖਵਾਈ ਅੰਗਦ ਗੁਰੂ ਬਾਲੇ ਬਦਨ ਪ੍ਰਕਾਸ਼੧੩

ਇਸ ਪੰਕਤੀ ਤੋਂ ਸਪਸ਼ਟ ਹੈ ਕਿ ਕਵੀ ਭਾਈ ਸੰਤੋਖ ਸਿੰਘ ਆਪਣੀ ਲਿਖਤ ਦਾ ਸ੍ਰੋਤ; ਭਾਈ ਬਾਲੇ ਵਾਲੀ ਜਨਮਸਾਖੀ ਮੰਨਦੇ ਹਨ, ਜੋ ਗੁਰੂ ਅੰਗਦ ਸਾਹਿਬ ਜੀ ਨੇ ਲਿਖਵਾਈ ਸੀ। ਇਸ ਤੋਂ ਅੱਗੇ ਕਵੀ ਜੀ ਲਿਖਦੇ ਹਨ :

ਚੌਪਈ ਗੁਰੁ ਅੰਗਦ ਜੀ ਜੋ ਲਿਖਵਾਈ

ਬਹੁ ਨਹਿਂ ਲਿਖੀ, ਰਹੀ ਇਕ ਥਾਈ

ਇਕ ਕਬੀਰ ਬੰਸੀ ਮਿਲਿ ਤਾਂਹੀ  ਸੋ ਪੋਥੀ ਪਢਿ ਗੁਨ ਮਨ ਮਾਂਹੀ੨੨

ਅਰਥ : ਗੁਰੂ ਅੰਗਦ ਜੀ ਨੇ ਜੋ ਪੋਥੀ ਲਿਖਵਾਈ ਸੀ, ਉਸ ਦੀਆਂ ਬਹੁਤ ਪੋਥੀਆਂ ਨਹੀਂ ਸਨ; ਕੇਵਲ ਇੱਕੋ ਹੀ ਸੀ। (ਹੰਦਾਲ ਦੇ ਘਰ ਪੈਦਾ ਹੋਏ ਨੀਚ ਨੇ) ਕਬੀਰ ਪੰਥੀ ਨਾਲ ਮਿਲ ਕੇ ਮਨ ’ਚ ਵੀਚਾਰ ਕੀਤਾ।22।

ਕਰਿ ਕੁਕਰਮ ਅਨਸੋਧ ਬਨਾਈਅਪਨ ਵਡਿਨ ਕੀ ਕੀਰਤਿ ਪਾਈ

ਬਚਨ ਅਨੁਚਿਤ ਲਿਖੇ ਸਮੁਦਾਏਜਿਨਕੇ ਪਢਨ ਸੁਨਨਿ ਅਘ ਪਾਏ੨੩

ਅਰਥ : ਗ਼ਲਤ ਤੇ ਮਿਲਾਵਟੀ ਪੋਥੀ ਬਣਾਉਣ ਦਾ ਕੁਕਰਮ ਕੀਤਾ; ਜਿਸ ’ਚ ਆਪਣੇ ਵਡੇਰਿਆਂ ਦੀ ਕੀਰਤੀ ਪਾ ਦਿੱਤੀ ਅਤੇ ਬਹੁਤ ਸਾਰੇ ਅਨਉਚਿਤ ਤੇ ਅਯੋਗ ਸ਼ਬਦ ਲਿਖ ਦਿੱਤੇ, ਜਿਸ ਦੇ ਪੜ੍ਹਨ ਸੁਣਨ ਨਾਲ ਪਾਪ ਲੱਗਦਾ ਹੈ।

ਅਪਨਾ ਵਡਾ ਜਾਨ ਹਿੰਦਾਲੂ ਤਿਹ ਕੀ ਕੀਰਤਿ ਲਿਖੀ ਬਿਸਾਲੂ

ਸ਼੍ਰੀ ਨਾਨਕ ਤੇ ਵਡੀ ਬਨਾਇਮਹਿਮਾ ਲਿਖਤ ਭਯੋ ਬਹੁ ਭਾਇ੨੪

ਅਰਥ : ਆਪਣੇ (ਪਿਤਾ) ਹਿੰਦਾਲ ਨੂੰ ਵੱਡਾ ਜਾਣ ਕੇ ਉਸ ਦੀ ਮਹਿਮਾ ਸ੍ਰੀ ਗੁਰੂ ਨਾਨਕ ਜੀ ਤੋਂ ਵੀ ਬਹੁਤ ਵੱਡੀ ਬਣਾ ਕੇ ਲਿਖ ਦਿੱਤੀ।੨੪। ਅੱਗੇ ਲਿਖਦੇ ਹਨ ਅਸਲ ਪੋਥੀ ਨੂੰ ਪਾੜ ਕੇ ਬਿਆਸ ਦਰਿਆ ਦੇ ਸਪੁਰਦ ਕਰ ਦਿੱਤਾ :

ਹਮਕੋ ਮਨਹਿਂਗੇ ਬਹੁ ਮਾਨਵ  ਲਿਖੀ ਅਧਿਕਤਾ ਉਰ ਆਨਵ

ਪੂਰਬ ਪੋਥੀ ਹੁਤੀ ਜੋ ਸੋਈ  ਦਈ ਬਿਆਸ ਬੀਚ ਡਬੋਇ੨੭

ਪੰਨੇ ਛੇਦੇ ਦਈ ਬਹਾਈ ਜੋ ਸ੍ਰੀ ਗੁਰੂ ਅੰਗਦ ਲਿਖਵਾਈ

ਤਿਹਕੋ ਤਾਤ ਪਰਜ ਸਭਿ ਚੀਨੇ  ਅਧਿਕ ਬਚਨ ਅਪਨੇ ਲਿਖਿ ਦੀਨੇ੨੮

ਅਰਥ: ਆਪਣੇ ਹਿਰਦੇ ’ਚ ਇਹ ਧਾਰ ਕੇ (ਹਿੰਦਾਲ ਦੀ) ਬਹੁਤ ਮਹਿਮਾ ਲਿਖ ਦਿੱਤੀ, ਜਿਸ ’ਚ ਬਹੁਤੇ ਬਚਨ ਆਪਣੇ ਲਿਖ ਦਿੱਤੇ, ਤਾਂ ਕਿ ਬਹੁਤੇ ਮਨੁੱਖ ਸਾਨੂੰ (ਗੁਰੂ) ਮੰਨਣ ਲੱਗ ਪੈਣਗੇ। ਅਸਲ ਪੋਥੀ, ਜੋ ਗੁਰੂ ਅੰਗਦ ਜੀ ਨੇ ਲਿਖਵਾਈ ਸੀ; (ਮੁੱਦਾ ਗਾਇਬ ਕਰਨ ਲਈ) ਉਸ ਦੇ ਪੰਨੇ ਫਾੜ ਕੇ ਬਿਆਸ ਦਰਿਆ ’ਚ ਡੁਬੋ ਦਿੱਤੀ।

ਕਵੀ ਸੰਤੋਖ ਸਿੰਘ ਜੀ ਦੀ ਉਪਰੋਕਤ ਲਿਖਤ ਤੋਂ ਸਪਸ਼ਟ ਹੈ ਕਿ ਅਸਲ ਜਨਮ ਸਾਖੀ, ਜੋ ਗੁਰੂ ਅੰਗਦ ਸਾਹਿਬ ਜੀ ਨੇ ਲਿਖਵਾਈ ਸੀ, ਉਹ ਤਾਂ ਹਿੰਦਾਲੀਆਂ ਨੇ ਪਾੜ ਕੇ ਬਿਆਸ ਦਰਿਆ ਵਿੱਚ ਡੁਬੋ ਦਿੱਤੀ ਸੀ, ਇਸ ਲਈ ਉਨ੍ਹਾਂ ਦੀ ਜਾਣਕਾਰੀ ਦਾ ਵਸੀਲਾ ਭਾਈ ਬਾਲੇ ਵਾਲੀ ਮਿਲਾਵਟੀ ਜਨਮ ਸਾਖੀ ਹੈ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਉਨ੍ਹਾਂ ਦਾ ਸਰੋਤ (ਹੰਦਾਲੀਆਂ ਵਾਲੀ ਜਨਮ ਸਾਖੀ) ਹੀ ਮਿਲਾਵਟੀ ਹੈ ਤਾਂ ਕਵੀ ਸੰਤੋਖ ਸਿੰਘ ਦੀ ਲਿਖਤ ‘ਸ੍ਰੀ ਗੁਰੂ ਨਾਨਕ ਪ੍ਰਕਾਸ਼’ ਵੀ ਕਿਵੇਂ ਸਹੀ ਮੰਨੀ ਜਾ ਸਕਦੀ ਹੈ? ਦੂਸਰਾ ਨੁਕਤਾ ਹੈ ਕਿ ਡਾ: ਗੁਰਬਚਨ ਕੌਰ ਦੀ ਖੋਜ ਅਨੁਸਾਰ ਹੁਣ ਤੱਕ ਪੁਰਾਣੀ ਤੋਂ ਪੁਰਾਣੀ ਮਿਲੀ ਜਨਮ ਸਾਖੀ ਬਿਕ੍ਰਮੀ ਸੰਮਤ ੧੭੧੫/1658 ਈ: ਦੀ ਲਿਖੀ ਹੋਈ ਹੈ, ਜੋ ਪਿਆਰੇ ਲਾਲ ਕਪੂਰ ਦਿੱਲੀ ਦੀ ਸੰਤਾਨ ਪਾਸ ਪਈ ਹੈ (ਜਨਮ ਸਾਖੀ ਭਾਈ ਬਾਲਾ ਦਾ ਪਾਠਪ੍ਰਮਾਣੀਕਰਨ ਤੇ ਅਲੋਚਨਾਤਮਕ ਸੰਪਾਦਨ)।

ਇੱਕ ਹੋਰ ਜਨਮ ਸਾਖੀ ਭਾਈ ਬਾਲਾ ਲਾਹੌਰ ਤੋਂ ਸੰਮਤ ੧੮੮੩/1826 ਈ: ’ਚ ਛਪੀ ਹੈ। ਇਨ੍ਹਾਂ ਦੋਵਾਂ ਹੀ ਜਨਮ ਸਾਖੀਆਂ ’ਤੇ ਪੋਥੀ ਲਿਖਣ ਦੀ ਤਾਰੀਖ਼, ਵੈਸਾਖ ਸੁਦੀ ੫ ਸੰਮਤ ੧੫੮੨ ਪੰਦ੍ਰਹ ਸੈ ਬਿਆਸੀਆ ਮਿਤੀ ਵੈਸਾਖ ਸੁਦੀ ੫ ਪੰਚਵੀਂ (ਯਾਨੀ 1525 ਈ:) ਲਿਖੀ ਹੈ; ਜੋ ਕਦਾਚਿਤ ਮੰਨਣਯੋਗ ਨਹੀਂ ਕਿਉਂਕਿ ਭਾਈ ਲਹਿਣਾ ਜੀ; ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ’ਚ ਹੀ ਸੰਮਤ ੧੫੮੯/1532 ਈ: ’ਚ ਆਏ ਸਨ ਅਤੇ ੧੫੯੬/1539 ਈ: ’ਚ ਗੁਰੂ ਪਦ ਪ੍ਰਾਪਤ ਕੀਤਾ। ਫਿਰ ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ’ਚ ਆਉਣ ਤੋਂ ਵੀ 7 ਸਾਲ ਪਹਿਲਾਂ ਅਤੇ ਗੁਰੂ ਬਣਨ ਤੋਂ 14 ਸਾਲ ਪਹਿਲਾਂ ਹੀ ਭਾਈ ਬਾਲੇ ਕੋਲ਼ੋਂ ਸੁਣ ਕੇ ਜਨਮਸਾਖੀ ਲਿਖਵਾ ਦਿੱਤੀ ਹੋਵੇ ਅਤੇ ਉਹ ਵੀ ਆਪਣੇ ਆਪ ਨੂੰ ਗੁਰੂ ਕਹਾ ਕੇ? ਪੋਥੀ ਲਿਖਣ ਦੀ ਮਿਤੀ ਅੰਕਾਂ ਅਤੇ ਸ਼ਬਦਾਂ ਦੋਵਾਂ ’ਚ ਲਿਖੇ ਜਾਣਾ ਸਿੱਧ ਕਰਦਾ ਹੈ ਕਿ ਇਹ ਕੋਈ ਸਹਿਜ ਸੁਭਾ ਟਾਈਪ ਦੀ ਗਲਤੀ ਨਹੀਂ ਬਲਕਿ ਬਹੁਤ ਬਾਅਦ ’ਚ ਐਸੇ ਲੇਖਕ ਵੱਲੋਂ ਲਿਖੀਆਂ ਗਈਆ ਪੋਥੀਆਂ ਹਨ, ਜਿਸ ਨੂੰ ਇਤਿਹਾਸ ਸਬੰਧੀ ਕੋਈ ਜਾਣਕਾਰੀ ਨਾ ਹੋਣ ਕਾਰਨ ਅਜਿਹੀਆਂ ਗਲਤੀਆਂ ਕਰ ਰਿਹਾ ਹੈ।

ਭਾਈ ਬਾਲੇ ਵਾਲੀ ਜਨਮ ਸਾਖੀ ਦੇ ਹਵਾਲੇ ਨਾਲ਼ ‘ਨਾਨਕ ਪ੍ਰਕਾਸ਼’ ਲਿਖਣ ਵਾਲੇ ਚੂੜਾਮਨੀ ਕਵੀ ਸਤੋਖ ਸਿੰਘ ਨੇ ਗੁਰੂ ਸਾਹਿਬ ਜੀ ਦੀ ਜਨਮ ਮਿਤੀ ਕੱਤਕ ਸੁਦੀ ੧੫, ਸੰਮਤ ੧੫੨੬; ਕੁੱਲ ਉਮਰ 70 ਸਾਲ 5 ਮਹੀਨੇ 7 ਦਿਨ ਅਤੇ ਜੋਤੀ ਜੋਤ ਸਮਾਉਣ ਦੀ ਮਿਤੀ ਅੱਸੂ ਵਦੀ ੧੦, ਸੰਮਤ ੧੫੯੬ ਲਿਖੀ ਹੈ। ਜੋਤੀ ਜੋਤ ਸਮਾਉਣ ਦੀ ਇਹੀ ਮਿਤੀ ਕਰਤਾਰਪੁਰੀ ਵਾਲੀ ਦੱਸੀ ਜਾਂਦੀ ਬੀੜ ’ਚ ਭੀ ਲਿਖੀ ਹੈ, ਜਿਸ ਕਾਰਨ ਇਸ ਮਿਤੀ ਨਾਲ਼ ਸਾਰਿਆਂ ਦੀ ਸਹਿਮਤੀ ਹੈ। ਹੁਣ ਜੇ ਇਸ ਸਰਬ ਪ੍ਰਵਾਣਿਤ ਮਿਤੀ (ਅੱਸੂ ਵਦੀ ੧੦, ਸੰਮਤ ੧੫੯੬) ਵਿੱਚੋਂ ਗੁਰੂ ਸਾਹਿਬ ਦੀ ਕੁੱਲ ਉਮਰ 70 ਸਾਲ 5 ਮਹੀਨੇ 7 ਦਿਨ ਘਟਾ ਦੇਈਏ ਤਾਂ ਗੁਰੂ ਸਾਹਿਬ ਦਾ ਜਨਮ; ਵੈਸਾਖ ਦੇ ਮਹੀਨੇ ’ਚ ਹੋਇਆ ਬਣਦਾ ਹੈ, ਨਾ ਕਿ ਕੱਤਕ ’ਚ। ਇਨ੍ਹਾਂ ਤੱਥਾਂ ਮੁਤਾਬਕ ਭੀ ਕੱਤਕ ਦੀ ਪੂਰਨਮਾਸ਼ੀ; ਗ਼ਲਤ ਸਾਬਤ ਹੁੰਦੀ ਹੈ।

ਐਸੇ ਕੁੱਝ ਕਾਰਨਾਂ ਕਰਕੇ ਹੀ ਸ: ਕਰਮ ਸਿੰਘ ਹਿਸਟੋਰੀਅਨ, ਸ: ਸੰਤ ਸਿੰਘ ਪਦਮ, ਡਾ: ਆਸਾ ਸਿੰਘ ਘੁੰਮਣ, ਮੈਕਾਲਿਫ਼, ਗਿਆਨੀ ਗਿਆਨ ਸਿੰਘ, ਭਾਈ ਕਾਨ੍ਹ ਸਿੰਘ ਨਾਭਾ, ਡਾ: ਗੰਡਾ ਸਿੰਘ, ਪ੍ਰਿੰਸੀਪਲ ਸਤਿਬੀਰ ਸਿੰਘ, ਪ੍ਰੋਫੈਸਰ ਸਾਹਿਬ ਸਿੰਘ, ਡਾ: ਹਰੀ ਰਾਮ ਗੁਪਤਾ, ਡਾ: ਕਿਰਪਾਲ ਸਿੰਘ, ਡਾ: ਖੜਕ ਸਿੰਘ, ਪ੍ਰਿੰ. ਯੋਧ ਸਿੰਘ, ਖ਼ੁਸ਼ਵਤ ਸਿੰਘ, ਗਿਆਨੀ ਸੋਹਨ ਸਿੰਘ ਸੀਤਲ, ਆਦਿਕ ਸਾਰੇ ਹੀ ਵਿਦਵਾਨ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਮਿਤੀ ਵੈਸਾਖ ਮਹੀਨੇ ’ਚ ਮੰਨਦੇ ਹਨ, ਨਾ ਕਿ ਕੱਤਕ ਦੀ ਪੂਰਨਮਾਸ਼ੀ ’ਚ।

ਭਾਈ ਬਾਲੇ ਵਾਲੀ ਜਨਮ ਸਾਖੀ ਤੋਂ ਬਿਨਾਂ ਬਾਕੀ ਸਾਰੀਆਂ ਜਨਮ ਸਾਖੀਆਂ ਅਤੇ ਬਹੁਤਾਤ ਲੇਖਕਾਂ ਨੇ ਗੁਰੂ ਜੀ ਦੀ ਜਨਮ ਮਿਤੀ ਵੈਸਾਖ ਸੁਦੀ ੩, ਸੰਮਤ ੧੫੨੬ ਲਿਖੀ ਹੈ। ਇਸ ਨੂੰ ਦੂਸਰੀਆਂ ਪਧਤੀਆਂ ’ਚ ਤਬਦੀਲ ਕੀਤਿਆਂ ਬਣਦਾ ਹੈ ‘ਵੈਸਾਖ ਸੁਦੀ ੩, ਸੰਮਤ ੧੫੨੬, ੨੦ ਵੈਸਾਖ, ਦਿਨ ਸ਼ਨਿਚਰਵਾਰ, ਨਛੱਤਰ ਮ੍ਰਿਗਸ਼ਰ’। ਇਨ੍ਹਾਂ ਤਾਰੀਖ਼ਾਂ ਦੇ ਸੋਮਿਆਂ ਦੀ ਹੇਠਾਂ ਬਣਾਈ ਸਾਰਣੀ ’ਤੇ ਨਜ਼ਰ ਮਾਰੀਏ ਤਾਂ ਵੇਖਿਆ ਕਿ ਵੈਸਾਖ ਸੁਦੀ ੩, ਸੰਮਤ ੧੫੨੬ ਲਿਖਣ ਵਾਲੇ ਭਾਈ ਮਨੀ ਸਿੰਘ (ਗਿਆਨ ਰਤਨਾਵਲੀ), ਪੁਰਾਤਨ ਜਨਮ ਸਾਖੀ ਅਤੇ ਮਹਿਮਾ ਪ੍ਰਕਾਸ਼ ਤਿੰਨਾਂ ’ਚੋਂ ਕਿਸੇ ਨੇ ਭੀ ਉਸ ਤਿੱਥ ਦਾ ਪ੍ਰਵਿਸ਼ਟਾ, ਦਿਨ ਅਤੇ ਨਛੱਤਰ ਕੁਝ ਵੀ ਨਹੀਂ ਲਿਖਿਆ ਜਦਕਿ ਪੰਚਾਂਗ ਦੇ ਨਿਯਮਾਂ ਅਨੁਸਾਰ ਇਨ੍ਹਾਂ ਤਿੰਨਾਂ ’ਚੋਂ ਘੱਟੋ ਘੱਟ ਇਕ ਲਿਖਣਾ ਜ਼ਰੂਰੀ ਹੁੰਦਾ ਹੈ, ਜਿਸ ਤੋਂ ਬਗੈਰ ਤਿੱਥ ਦੇ ਸਹੀ ਗ਼ਲਤ ਹੋਣ ਦੀ ਪੜਤਾਲ ਨਹੀਂ ਹੋ ਸਕਦੀ।

ਸ੍ਰੋਮਣੀ ਕਮੇਟੀ ਵੱਲੋਂ ਤਿਆਰ ਕੀਤੀ ਸ਼ੁੱਧ ਗੁਰਪ੍ਰਣਾਲੀ ’ਚ ਵੈਸਾਖ ਸੁਦੀ ੩, ਸੰਮਤ ੧੫੨੫, ੨੯ ਵੈਸਾਖ, ਦਿਨ ਐਤਵਾਰ/25 ਅਪ੍ਰੈਲ 1468 ਲਿਖੇ ਹਨ ਜਦੋਂਕਿ ਵੈਸਾਖ ਸੁਦੀ ੩ ਸੰਮਤ ੧੫੨੫ ਨੂੰ ਤਬਦੀਲ ਕੀਤਿਆ ਬਣਦਾ ਹੈ ‘੩੧ ਵੈਸਾਖ ਸੰਮਤ ੧੫੨੫, 25 ਅਪ੍ਰੈਲ 1468 ਈ: ਦਿਨ ਸੋਮਵਾਰ’। ਇਸ ਦਾ ਪ੍ਰਵਿਸ਼ਟਾ ਅਤੇ ਦਿਨ; ਦੋਵੇਂ ਗ਼ਲਤ ਹੋਣ ਕਾਰਨ ਕੈਲੰਡਰ ਵਿਗਿਆਨ ਮੁਤਾਬਕ ਸਹੀ ਨਹੀਂ ਠਹਿਰਾਇਆ ਜਾ ਸਕਦਾ। ਦੂਸਰਾ ਨੁਕਤਾ ਹੈ ਕਿ ਇਸ ਵਿੱਚ ਦਰਸਾਈ ਸੰਮਤ ੧੫੨੫/1468 ਈ: ਨਾਲ ਖ਼ੁਦ ਸ੍ਰੋਮਣੀ ਕਮੇਟੀ ਸਣੇ ਪੰਥ ਦੀ ਕੋਈ ਵੀ ਧਿਰ ਸਹਿਮਤ ਨਹੀਂ ਹੈ।

ਕਰਮ ਸਿੰਘ ਹਿਸਟੋਰੀਅਨ ਵੱਲੋਂ ਲਿਖੀਆਂ ਤਾਰੀਖ਼ਾਂ ਕੈਲੰਡਰ ਵਿਗਿਆਨ ਮੁਤਾਬਕ ਸਹੀ ਹਨ। ਕਰਮ ਸਿੰਘ ਜੀ ਦੀ ਇਸ ਖੋਜ ਤੋਂ ਬਾਅਦ ਤਕਰੀਬਨ ਸਾਰੇ ਹੀ ਲੇਖਕ; ਗੁਰੂ ਜੀ ਦੇ ਜਨਮ ਦੀ ਤਾਰੀਖ਼ 15 ਅਪ੍ਰੈਲ ਲਿਖਣ ਅਤੇ ਬੋਲਣ ਲੱਗ ਪਏ ਹਨ; ਜਿਸ ਕਾਰਨ 15 ਅਪ੍ਰੈਲ ਹੀ ਤਕਰੀਬਨ ਪ੍ਰਚਲਿਤ ਹੋ ਚੁੱਕੀ ਹੈ। ਪ੍ਰੋ: ਕਰਤਾਰ ਸਿੰਘ ਐੱਮ.ਏ., ਜਿਨ੍ਹਾਂ ਦਾ ਲਿਖਿਆ ਹੋਇਆ ਸਿੱਖ ਇਤਿਹਾਸ ਸ੍ਰੋਮਣੀ ਕਮੇਟੀ ਨੇ ਛਪਵਾਇਆ ਹੈ; ਉਸ ਵਿਚ ਭੀ ਵੈਸਾਖ ਸੁਦੀ ੩, ਸੰਮਤ ੧੫੨੬, ੨੦ ਵੈਸਾਖ ਸੰਮਤ ੧੫੨੬/15 ਅਪ੍ਰੈਲ 1469 ਹੀ ਲਿਖਿਆ ਹੈ। ਸ੍ਰੋ. ਗੁ. ਪ੍ਰ. ਕਮੇਟੀ ਦੀ ਵੈੱਬਸਾਈਟ ’ਤੇ ਵੀ 15 ਅਪ੍ਰੈਲ 1469 ਹੀ ਲਿਖਿਆ ਹੋਇਆ ਹੈ।

ਇੱਥੇ ਕਰਮ ਸਿੰਘ ਤੋਂ ਵੀ ਦੋ ਉਕਾਈਆਂ ਹੋਈਆਂ ਹਨ। ਪਹਿਲੀ ਇਹ ਕਿ ਉਨ੍ਹਾਂ ਨੇ ਗਣਿਤ ਕਰਦੇ ਸਮੇਂ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ਼, ਪੁਰਾਤਨ ਜਨਮ ਸਾਖੀ (ਸੰਪਾਦਕ ਭਾਈ ਵੀਰ ਸਿੰਘ) ਅਤੇ ਗਿਆਨ ਰਤਨਾਵਲੀ (ਜਨਮ ਸਾਖੀ) ਲੇਖਕ ਭਾਈ ਮਨੀ ਸਿੰਘ ਜੀ ਤੋਂ ਅੱਸੂ ਸੁਦੀ ੧੦, ਸੰਮਤ ੧੫੯੬, ਨੋਟ ਕਰ ਲਈ। ਚੰਦ੍ਰਮਾਂ ਦੇ ਹਿਸਾਬ ਇਸ ਤਾਰੀਖ਼ ’ਚੋਂ ਗੁਰੂ ਸਾਹਿਬ ਜੀ ਦੀ ਕੁੱਲ ਸਰੀਰਕ ਉਮਰ 70 ਸਾਲ 5 ਮਹੀਨੇ 7 ਦਿਨ ਘਟਾਉਣ ਨਾਲ ਵੈਸਾਖ ਸੁਦੀ ੩, ਸੰਮਤ ੧੫੨੬ ਬਣਦਾ ਹੈ। ਇਨ੍ਹਾਂ ਦੋਵਾਂ ਹੀ ਜਨਮ ਸਾਖੀਆਂ ’ਚ ਗੁਰੂ ਜੀ ਦੀ ਜਨਮ ਤਾਰੀਖ਼ ਵੈਸਾਖ ਸੁਦੀ ੩, ਸੰਮਤ ੧੫੨੬ ਲਿਖੀ ਹੋਣ ਕਾਰਨ ਕਰਮ ਸਿੰਘ ਜੀ ਨੇ ਆਪਣੀ ਖੋਜ ਨੂੰ ਸਹੀ ਮੰਨ ਲਿਆ ਜਦਕਿ ਕਰਤਾਰਪੁਰ ਵਾਲੀ ਦੱਸੀ ਜਾਂਦੀ ਬੀੜ ’ਚ ਜੋਤੀ-ਜੋਤ ਸਮਾਉਣ ਦੀ ਤਾਰੀਖ਼ ਅੱਸੂ ਵਦੀ ੧੦, ਸੰਮਤ ੧੫੯੬ ਲਿਖੀ ਹੈ ਅਤੇ ਸਮੁੱਚਾ  ਪੰਥ ਇਸ (ਅੱਸੂ ਵਦੀ ੧੦) ਨਾਲ ਸਹਿਮਤ ਹੈ। ਜੋਤੀ ਜੋਤ ਸਮਾਉਣ ਦੀ ਇਸ ਪੰਥ ਪ੍ਰਵਾਣਿਤ ਮਿਤੀ ’ਚੋਂ ਚੰਦਰ ਕੈਲੰਡਰ ਦੇ ਹਿਸਾਬ; ਗੁਰੂ ਜੀ ਦੀ ਉਮਰ ਘਟਾਈ ਜਾਵੇ ਤਾਂ ਜਨਮ ਮਿਤੀ ਬਣਦੀ ਹੈ ‘ਵੈਸਾਖ ਵਦੀ ੩, ਸੰਮਤ ੧੫੨੬’ । ਗੁਰ ਪ੍ਰਣਾਲੀ ੯ ’ਚ ਗਿਆਨੀ ਗਿਆਨ ਸਿੰਘ ਨੇ ਵੀ ਇਹੋ ਤਾਰੀਖ਼ ਲਿਖੀ ਹੈ। ਵੈਸਾਖ ਵਦੀ ੩ ਸੰਮਤ ੧੫੨੬ ਨੂੰ ਦੂਜੀਆਂ ਪਧਤੀਆਂ ’ਚ ਬਦਲਣ ਨਾਲ ੪ ਵੈਸਾਖ, ਸੰਮਤ ੧੫੨੬/30 ਮਾਰਚ 1469 ਬਣਦਾ ਹੈ। ਕੇਵਲ ਇਸੇ ਪੱਖ ਨੂੰ ਵਿਚਾਰੀਏ ਤਾਂ ੨੦ ਵੈਸਾਖ ੧੫੨੬/15 ਅਪ੍ਰੈਲ 1469 ਦੇ ਮੁਕਾਬਲੇ ੪ ਵੈਸਾਖ ਸੰਮਤ ੧੫੨੬/30 ਮਾਰਚ 1469 ਵੱਧ ਠੀਕ ਹੈ।

ਫ਼ਰਵਰੀ 2010 ’ਚ ਛਾਪੀ ਗਈ ਭਾਈ ਬਾਲੇ ਵਾਲੀ ਜਨਮ ਸਾਖੀ (ਪ੍ਰਕਾਸ਼ਕ ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ) ਦੇ ਪੰਨਾ 759 ’ਤੇ ਜਨਮ ਸਾਖੀ ਦੀ ਭੂਮਿਕਾ ਵਿੱਚ ਲਿਖਿਆ ਹੈ : ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਬਹੁਤ ਸਾਰੀਆਂ ਸਾਖੀਆਂ ਤੇ ਨਾਨਕ ਪ੍ਰਕਾਸ਼ ਦੇ ਕਰਤਾ ਭਾਈ ਸੰਤੋਖ ਸਿੰਘ ਜੀ ਨੇ ਕੱਤਕ ਦੀ ਪੂਰਨਮਾਸ਼ੀ ਦਾ ਲਿਖਿਆ ਹੈ ਅਤੇ ਭਾਈ ਮਨੀ ਸਿੰਘ ਜੀ ਤੇ ਵਲਾਇਤ ਵਾਲੀ ਸਾਖੀ ਵਿਚ ਜਨਮ ਵੈਸਾਖ ਸੁਦੀ ਤੀਜ ਦਾ ਲਿਖਿਆ ਹੈ ਇਸ ਦੀ ਅਸਲੀਅਤ ਜਿੱਥੋਂ ਤੱਕ ਵੇਖੀ ਜਾਂਦੀ ਹੈ ਤਾਂ ਸੁਦੀ ਵੈਸਾਖ ਤੀਜ ਦਾ ਹੀ ਜਨਮ ਦਿਨ ਸਿਧ ਹੁੰਦਾ ਹੈ ਪਰੰਤੂ ਲੌਕਿਕ ਮਰਯਾਦਾ ਦਾ ਪ੍ਰਵਾਹ ਜਿਹੜਾ ਇਕ ਵਾਰੀ ਪੈ ਗਿਆ ਹੈ ਏਸ ਦਾ ਇਕੋ ਵਾਰੀ ਪਲਟ ਜਾਣਾ ਬਹੁਤ ਮੁਸ਼ਕਿਲ ਹੈ ਤੇ ਜੇਕਰ ਕੋਈ ਇਕ ਅੱਧਾ ਪੁਰਖ ਹੌਂਸਲਾ ਕਰਕੇ ਏਸ ਦੇ ਪਰਚਾਰ ਕਰਨ ਵਾਸਤੇ ਕੋਸ਼ਸ਼ ਕਰਦਾ ਹੈ ਤਾਂ ਬਾਕੀ ਦੇ ਲੋਕ ਜਿਨ੍ਹਾਂ ਨੂੰ ਪੂਰੀ ਵਾਕਫੀਅਤ ਨਹੀਂ ਹੁੰਦੀ ਉਸ ਦਾ ਸਾਥ ਨਹੀਂ ਦੇਂਦੇ ਜਿਸ ਕਰਕੇ ਉਸ ਦੀ ਮਿਹਨਤ ਨਿਹਫਲ਼ ਹੁੰਦੀ ਹੈ ਪਰੰਤੂ ਅਸੀਂ ਭਰੋਸਾ ਰਖਦੇ ਹਾਂ ਕਿ ਜੇਕਰ ਸਿੰਘ ਸਭਾ ਵਾਲੇ ਲੋਕ ਇਕੱਤਰ ਹੋ ਕੇ ਇਸ ਦਾ ਨਿਰਣਾ ਕਰਕੇ ਪਰਚਾਰ ਕਰਨਾ ਚਾਹੁਣ ਤਾਂ ਇਹ ਗੱਲ ਕੋਈ ਮੁਸ਼ਕਲ ਨਹੀਂ (ਦਾਸ-ਬੁਧ ਸਿੰਘ ਰਤਨਾ)

ਸੁਦੀ ਅਤੇ ਵਦੀ ’ਚ 15 ਦਿਨਾਂ ਦਾ ਫ਼ਰਕ ਹੁੰਦਾ ਹੈ। ਜਾਪਦਾ ਹੈ ਕਿ ਪੁਰਾਤਨ ਜਨਮ ਸਾਖੀਆਂ ਅਤੇ ਗਿਆਨ ਰਤਨਾਵਲੀ ਦੇ ਲੇਖਕਾਂ ਨੂੰ ਵਦੀ ਸੁਦੀ ਦਾ ਭੁਲੇਖਾ ਪਿਆ ਹੈ, ਜਿਹੜਾ ਅਕਸਰ ਪੈ ਭੀ ਜਾਂਦਾ ਹੈ। ਸ: ਕਰਮ ਸਿੰਘ ਹਿਸਟੋਰੀਅਨ ਨੇ ਇਨ੍ਹਾਂ ਜਨਮ ਸਾਖੀਆਂ ਤੋਂ ਗ਼ਲਤ ਤਾਰੀਖ਼ਾਂ ਨੋਟ ਕਰ ਲਈਆਂ। ਕਰਮ ਸਿੰਘ ਹਿਸਟੋਰੀਅਨ ਦੀ ਦੂਸਰੀ ਉਕਾਈ ਇਹ ਹੈ ਕਿ ਉਨ੍ਹਾਂ ਨੇ ਗੁਰੂ ਜੀ ਦੀ ਉਮਰ ਚੰਦਰਮਾਂ ਦੀਆਂ ਤਿੱਥਾਂ ਦੇ ਹਿਸਾਬ ਵੈਸਾਖ ਸੁਦੀ ੩, ਸੰਮਤ ੧੫੨੬ ਕੱਢ ਕੇ ਫਿਰ ਉਸ ਨੂੰ ਪ੍ਰਵਿਸ਼ਟਿਆਂ ਵਿੱਚ ਤਬਦੀਲ ਕਰ ੨੦ ਵੈਸਾਖ/15 ਅਪ੍ਰੈਲ 1469 ਜਨਮ ਮਿਤੀ ਕੱਢੀ ਜਦ ਕਿ ਉਮਰ ਦੀ ਗਣਿਤ ਹਮੇਸ਼ਾਂ ਸੂਰਜੀ ਤਾਰੀਖ਼ਾਂ ਨਾਲ ਕਰਨੀ ਬਣਦੀ ਹੈ ਕਿਉਂਕਿ ਚੰਦਰ ਤਿੱਥਾਂ ਮੁਤਾਬਕ ਉਮਰ ਕਦੀ ਵੀ ਠੀਕ ਨਹੀਂ ਹੁੰਦੀ; ਜਿਵੇਂ ਕਿ ਹੇਠ ਲਿਖੀ ਸਾਰਣੀ ’ਚ ਚੰਦਰ ਤਿੱਥਾਂ ਮੁਤਾਬਕ ਵੱਖ ਵੱਖ ਸਾਲਾਂ ਦੀ ਲੰਬਾਈ ਵੱਖ ਵੱਖ ਆਉਂਦੀ ਹੈ।

ਉਕਤ ਸਮੱਸਿਆ ਨੂੰ ਹੱਲ ਕਰਨ ਲਈ ਪਾਲ ਸਿੰਘ ਪੁਰੇਵਾਲ ਨੇ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ-ਜੋਤ ਸਮਾਉਣ ਦੀ ਮਿਤੀ ਅੱਸੂ ਵਦੀ ੧੦, ਸੰਮਤ ੧੫੯੬, ਜੋ ਕਰਤਾਰਪੁਰੀ ਬੀੜ ’ਚ ਦਰਜ ਹੈ; ਨੂੰ ਸਹੀ ਮੰਨ ਕੇ ਪਹਿਲਾਂ ਸੰਗਰਾਂਦ ਦੇ ਹਿਸਾਬ ਨਾਲ਼ ਸੂਰਜੀ ਤਾਰੀਖ਼ਾਂ ’ਚ ਤਬਦੀਲ ਕਰ ੮ ਅੱਸੂ ਸੰਮਤ, ੧੫੯੬ ਬਣਾਇਆ, ਜਿਸ ਵਿੱਚੋਂ ਕੁੱਲ ਉਮਰ 70 ਸਾਲ 5 ਮਹੀਨੇ 7 ਦਿਨ ਘਟਾਉਣ ਨਾਲ਼ ਗੁਰੂ ਸਾਹਿਬ ਜੀ ਦੀ ਜਨਮ ਮਿਤੀ ੧ ਵੈਸਾਖ, ਸੰਮਤ ੧੫੨੬ ਬਣੀ। ਇਸ ਨੂੰ ਦੂਸਰੀਆਂ ਪੱਧਤੀਆਂ ’ਚ ਤਬਦੀਲ ਕੀਤਿਆਂ ੧ ਵੈਸਾਖ, ਚੇਤ ਸੁਦੀ ੧੫, ਸੰਮਤ ੧੫੨੬, ਦਿਨ ਸੋਮਵਾਰ, ਨਛੱਤਰ ਹਸਤ/27 ਮਾਰਚ 1469 ਜੂਲੀਅਨ ਬਣ ਗਈ।

ਹੁਣ ਇਸ ਰੋਲ਼-ਘਚੋਲ਼ੇ ’ਚ ਸਭ ਤੋਂ ਸ਼ੁੱਧ ਤਾਰੀਖ਼ ਦਾ ਨਿਤਾਰਾ ਕਿਸ ਤਰ੍ਹਾਂ ਕੀਤਾ ਜਾਵੇ ? ਸ: ਪਾਲ ਸਿੰਘ ਪੁਰੇਵਾਲ ਨੇ ਇਸ ਦਾ ਹੱਲ ਲੱਭਣ ਲਈ ਵੱਖ ਵੱਖ 34 ਸੋਮਿਆਂ ’ਚੋਂ 10 ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ, ਗੁਰਗੱਦੀ ਪੁਰਬ ਅਤੇ ਜੋਤੀ-ਜੋਤ ਸਮਾਉਣ ਦੀਆਂ ਤਾਰੀਖ਼ਾਂ ਵਾਲ਼ੀਆਂ ਵੱਖਰੀਆਂ-ਵੱਖਰੀਆਂ ਸੂਚੀਆਂ ਬਣਾਈਆਂ। ਇਨ੍ਹਾਂ ਸੂਚੀਆਂ ’ਚੋਂ ਵੇਖਿਆ ਜਾ ਸਕਦਾ ਹੈ ਕਿ ਸਾਰੇ ਹੀ ਗੁਰੂ ਸਾਹਿਬਾਨਾਂ ਦੇ ਜੋਤੀ-ਜੋਤ ਪੁਰਬ ਦੀਆਂ ਤਾਰੀਖ਼ਾਂ ’ਚ ਤਕਰੀਬਨ ਸਮਾਨਤਾ ਹੈ ਤੇ ਕੋਈ ਵੀ ਵਿਵਾਦ ਨਹੀਂ, ਪਰ ਪ੍ਰਕਾਸ਼ ਪੁਰਬਾਂ ’ਚ ਬਹੁਤ ਅਸਮਾਨਤਾ ਹੈ। ਕਈ ਸਰੋਤਾਂ ’ਚ ਤਾਂ ਇੱਕ ਤੋਂ ਦਸ ਸਾਲ ਤੱਕ ਦਾ ਅੰਤਰ ਹੈ। ਇਸ ਦਾ ਕਾਰਨ ਇਹ ਹੈ ਕਿ ਜਨਮ ਸਮੇਂ ਕਿਸੇ ਨੂੰ ਕੋਈ ਇਲਮ ਨਹੀਂ ਹੁੰਦਾ ਕਿ ਇਸ ਬਾਲਕ ਨੇ ਵੱਡਾ ਹੋ ਕੇ ‘ਗੁਰੂ’ ਜਾਂ ਕੋਈ ਵੱਡੀ ਇਤਿਹਾਸਕ ਸ਼ਖ਼ਸੀਅਤ ਬਣਨਾ ਹੈ; ਤਾਹੀਓਂ ਉਨ੍ਹਾਂ ਦੇ ਜਨਮ ਦਿਨ ਦਾ ਸਹੀ-ਸਹੀ ਰਿਕਾਰਡ ਸੰਭਾਲਿਆ ਨਹੀਂ ਗਿਆ ਹੁੰਦਾ। ਜਿਨ੍ਹਾਂ ਲਿਖਾਰੀਆਂ ਨੇ ਆਪਣੀ ਲਿਖਤ ’ਚ ਇਹ ਵੇਰਵਾ ਲਿਖਿਆ ਹੈ, ਉਹ ਬਾਅਦ ’ਚ ਅੰਦਾਜ਼ੇ ਨਾਲ ਹੀ ਲਿਖ ਦਿੱਤਾ ਜਾਂ ਇੱਧਰੋਂ ਓਧਰੋਂ ਇਕ ਦੂਜੇ ਦੀ ਨਕਲ ਕਰਕੇ ਲਿਖਿਆ ਹੈ, ਪਰ ਅਸੀਂ ਚੋਣ ਅਸਲ ਤਾਰੀਖ਼ ਦੀ ਕਰਨੀ ਹੈ, ਜੋ ਹਰ ਪੱਖੋਂ ਵੱਧ ਤੋਂ ਵੱਧ ਸਹੀ ਉਤਰੇ।

ਜੋਤੀ-ਜੋਤ ਸਮਾਉਣ ਸਮੇਂ ਗੁਰੂ ਸ਼ਖ਼ਸੀਅਤ ਦੀ ਸਿੱਖੀ ਸੇਵਕੀ ਅਤੇ ਪ੍ਰਸਿੱਧਤਾ ਬਹੁਤ ਵਧ ਚੁੱਕੀ ਹੁੰਦੀ ਸੀ, ਜਿਸ ਕਾਰਨ ਉਨ੍ਹਾਂ ਘਟਨਾਵਾਂ, ਵੇਰਵਿਆਂ ਨੂੰ ਸਹੀ-ਸਹੀ ਨੋਟ ਕਰ ਲਿਆ ਗਿਆ; ਤਾਹੀਓਂ ਜੋਤੀ ਜੋਤ ਸਮਾਉਣ ਦੀਆਂ ਤਾਰੀਖ਼ਾਂ ਸਬੰਧੀ ਕੋਈ ਵਿਵਾਦ ਨਹੀਂ। ਕਰਤਾਰਪੁਰ ਵਾਲੀ ਦੱਸੀ ਜਾਂਦੀ ਬੀੜ ’ਚ ਸਭ ਗੁਰੂ ਸਾਹਿਬਾਨ ਜੀ ਦੇ ਕੇਵਲ ਜੋਤੀ-ਜੋਤ ਸਮਾਉਣ ਦੇ ਦਿਵਸ ਹੀ ਅੰਕਿਤ ਹਨ (ਜਨਮ ਦਿਨ, ਕਿਸੇ ਦਾ ਭੀ ਦਰਜ ਨਹੀਂ), ਇਸ ਲਈ ਕਿਸੇ ਭੀ ਗੁਰੂ ਸਾਹਿਬਾਨ ਦੇ ਜਨਮ ਦਿਵਸ ਨੂੰ ਦਾਅਵੇ ਨਾਲ਼ ਸਹੀ ਨਹੀਂ ਕਹਿ ਸਕਦੇ। ਜੇ ਉਸ ਸਮੇਂ ਗੁਰੂ ਸਾਹਿਬਾਨ ਦੇ ਆਗਮਨ ਦਿਵਸਾਂ ਦੀਆਂ ਸਹੀ ਸਹੀ ਤਾਰੀਖ਼ਾਂ ਦੀ ਜਾਣਕਾਰੀ ਹੁੰਦੀ ਤਾਂ ਉਹ ਵੀ ਜ਼ਰੂਰ ਲਿਖ ਦਿੱਤੀਆਂ ਗਈਆਂ ਹੁੰਦੀਆਂ।

ਵਧੇਰੇ ਸਹੀ ਅਤੇ ਮੰਨਣਯੋਗ ਜਨਮ ਤਾਰੀਖ਼ਾਂ ਦਾ ਹੱਲ ਲੱਭਣ ਲਈ ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਸਵ: ਸ: ਪਾਲ ਸਿੰਘ ਪੁਰੇਵਾਲ ਨੇ ਦੱਸਿਆ ਕਿ ਬਿਕ੍ਰਮੀ ਕੈਲੰਡਰ ਦੀਆਂ ਪੰਚਾਂਗਾਂ ’ਚ ਪੰਜ ਮੁੱਖ ਅੰਗ ਹੁੰਦੇ ਹਨ ‘ਤਿੱਥ, ਵਾਰ, ਨਛੱਤਰ, ਕਰਨ ਤੇ ਯੋਗ’। ਗੁਰ ਪੁਰਬਾਂ ਵਾਲੇ ਪੁਰਾਤਨ ਸੋਮਿਆਂ ’ਚ ਗੁਰ ਪੁਰਬ ਦਿਹਾੜਿਆਂ ’ਚ ਆਮ ਤੌਰ ’ਤੇ ਤਿੱਥ, ਵਾਰ, ਨਛੱਤਰ ਅਤੇ ਕਈ ਥਾਂ ਸੰਗਰਾਂਦ ਦੇ ਹਿਸਾਬ ਨਾਲ਼ ਸੂਰਜੀ ਤਾਰੀਖ਼ਾਂ ਲਿਖੀਆਂ ਮਿਲਦੀਆਂ ਹਨ। ਅੰਗਰੇਜ਼ਾਂ ਦੇ ਰਾਜ ਤੋਂ ਬਾਅਦ ਸਾਰੇ ਇਤਿਹਾਸਕਾਰਾਂ ਨੇ ਜੂਲੀਅਨ ਕੈਲੰਡਰ ਦੀਆਂ ਤਾਰੀਖ਼ਾਂ ਨੂੰ ਮਹੱਤਵ ਦੇਣਾ ਸ਼ੁਰੂ ਕੀਤਾ। ਕਿਸੇ ਲਿਖਾਰੀ ਜਾਂ ਇਤਿਹਾਸਕਾਰ ਦੁਆਰਾ ਦਿੱਤੀਆਂ ਤਾਰੀਖ਼ਾਂ ਨੂੰ ਸਹੀ ਮੰਨਣ ਲਈ ਉਸ ਸਮੇਂ ਨਾਲ਼ ਸਬੰਧਿਤ ਜੰਤਰੀਆਂ ਦੀ ਟੇਕ ਲੈਣੀ ਪੈਣੀ ਹੈ ਤਾਂ ਜੋ ਵੇਖਿਆ ਜਾ ਸਕੇ ਕਿ ਕਿਸ ਤਾਰੀਖ਼ ਦੇ ਸਾਰੇ ਤੱਥ; ਪੰਚਾਂਗ ਨਾਲ ਮਿਲਦੇ ਹਨ। ਪੰਚਾਂਗ ਨਾਲ਼ ਮਿਲਣ ਵਾਲ਼ੇ ਸਾਰੇ ਅੰਗਾਂ ਵਾਲ਼ੀ ਤਾਰੀਖ਼, ਸਹੀ ਅਤੇ ਬਾਕੀ ਤਾਰੀਖ਼ਾਂ ਗ਼ਲਤ ਹੋਣਗੀਆਂ।

ਐਨੀਆਂ ਪੁਰਾਣੀਆਂ ਜੰਤਰੀਆਂ ਭੀ ਮਿਲਣੀਆਂ ਮੁਸ਼ਕਲ ਹਨ, ਇਸ ਲਈ ਪਾਲ ਸਿੰਘ ਪੁਰੇਵਾਲ ਜੀ ਨੇ 1469 ਤੋਂ 2100 ਈ: ਤੱਕ ਭਾਵ 632 ਸਾਲਾ ਜੰਤਰੀ ਬਣਾ ਲਈ। ਜਿਸ ਦੀ ਸਹਾਇਤਾ ਨਾਲ ਇੱਕ ਤੋਂ ਦੂਸਰੀ ਪੱਧਤੀ ’ਚ ਤਾਰੀਖ਼ਾਂ ਆਸਾਨੀ ਨਾਲ ਤਬਦੀਲ ਕੀਤੀਆਂ ਜਾ ਸਕਦੀਆਂ ਹਨ। ਇਸ ਤਰ੍ਹਾਂ ਜਿਸ ਵੀ ਦਿਹਾੜੇ ਦੀ ਪੰਚਾਂਗ ਦੇ ਸਾਰੇ ਅੰਗ ਅਸਲ ਨਾਲ ਮੇਲ ਖਾਣ, ਉਸ ਨੂੰ ਸਹੀ ਮੰਨਿਆ ਗਿਆ ਤੇ ਜਿਨ੍ਹਾਂ ਵਿੱਚ ਅੰਤਰ ਸੀ, ਉਨ੍ਹਾਂ ਤਾਰੀਖ਼ਾਂ ਨੂੰ ਗ਼ਲਤ ਸਮਝ ਕੇ ਰੱਦ ਕਰ ਦਿੱਤਾ ਗਿਆ।

ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲਿਖੀਆਂ ਤਾਰੀਖ਼ਾਂ ’ਚ ਇੱਕ ਨਵੀਂ ਸਮੱਸਿਆ ਇਹ ਭੀ ਹੈ ਕਿ ਪੁਰਾਤਨ ਜਨਮ ਸਾਖੀਆਂ/ਲੇਖਕਾਂ ਵੱਲੋਂ ਦਿੱਤੀਆਂ ਸਾਰੀਆਂ ਹੀ ਤਾਰੀਖ਼ਾਂ ’ਚੋਂ ਕੋਈ ਵੀ ਤਾਰੀਖ਼ ਇਸ ਕਸਵੱਟੀ ’ਤੇ ਪੂਰੀ ਨਹੀਂ ਉਤਰਦੀ। ਕਵੀ ਸੰਤੋਖ ਸਿੰਘ ਸਣੇ ਹੋਰ ਭੀ ਕਈ ਵਿਦਵਾਨਾਂ ਵੱਲੋਂ ਗੁਰੂ ਨਾਨਕ ਸਾਹਿਬ ਜੀ ਦੀ ਕੁੱਲ ਸਰੀਰਕ ਉਮਰ 70 ਸਾਲ, 5 ਮਹੀਨੇ ਤੇ 7 ਦਿਨ ਲਿਖੀ ਗਈ ਹੈ। ਇਸ ਲਈ ਜੋਤੀ-ਜੋਤ ਸਮਾਉਣ ਦੀ ਨਿਰਵਿਵਾਦ ਤਾਰੀਖ਼ ’ਚੋਂ ਇਹ ਕੁੱਲ ਉਮਰ ਘਟਾ ਕੇ ਜਨਮ ਮਿਤੀ ‘੧ ਵੈਸਾਖ’ ਸਿੱਧ ਹੁੰਦੀ ਹੈ, ਨਾ ਕਿ ਕੱਤਕ।

ਗੁਰੂ ਨਾਨਕ ਸਾਹਿਬ ਜੀ ਦੇ ਇਸ ਜਨਮ (੧ ਵੈਸਾਖ) ਦੀ ਪ੍ਰੋੜ੍ਹਤਾ; ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ ੨੭ਵੀਂ ਪਉੜੀ ’ਚ ਵਰਤਿਆ ਸ਼ਬਦ ‘ਵਿਸੋਆ’ ਅਤੇ ਸਿੰਘ ਸਭਾ ਪੰਚ ਖ਼ਾਲਸਾ ਦੀਵਾਨ ਵੱਲੋਂ ਛਾਪੀ ਗਈ ‘ਖ਼ਾਲਸਾ ਰਹਿਤ ਪ੍ਰਕਾਸ਼’ ਨਾਮ ਦੀ ਪੁਸਤਕ ਦੇ ਪੰਨਾ ਨੰ: 63 ’ਤੇ ਲਿਖੀ ‘੧ ਵੈਸਾਖ’ ਤੋਂ ਭੀ ਹੁੰਦਾ ਹੈ। ਕਰਮ ਸਿੰਘ ਹਿਸਟੋਰੀਅਨ ਨੇ ਸੰਨ 1912 ’ਚ ਛਪੀ ਆਪਣੀ ਪੁਸਤਕ ‘ਕੱਤਕ ਕਿ ਵੈਸਾਖ’ ਦੀ ਭੂਮਿਕਾ ’ਚ ਭੀ ਇਸ (ਸਿੰਘ ਸਭਾ ਪੰਚ ਖ਼ਾਲਸਾ ਦੀਵਾਨ) ਦਾ ਹਵਾਲਾ ਦਿੱਤਾ ਹੈ। ਇਸ ਤੋਂ ਸਾਫ਼ ਹੈ ਕਿ ਖ਼ਾਲਸਾ ਰਹਿਤ ਪ੍ਰਕਾਸ਼ ਪੁਸਤਕ 1912 ਤੋਂ ਪਹਿਲਾਂ ਦੀ ਛਪੀ ਹੈ।

੧ ਵੈਸਾਖ, ਸੰਮਤ ੧੫੨੬ ’ਚ ਜੇ ਕਵੀ ਸੰਤੋਖ ਸਿੰਘ ਸਣੇ ਹੋਰਨਾਂ ਵਿਦਵਾਨਾਂ ਵੱਲੋਂ ਲਿਖੀ ਗਈ ਕੁੱਲ ਉਮਰ 70 ਸਾਲ 5 ਮਹੀਨੇ 7 ਦਿਨ ਜੋੜ ਦੇਈਏ ਤਾਂ ਭੀ ਜੋਤੀ-ਜੋਤ ਸਮਾਉਣ ਦੀ ਸਰਬ ਪ੍ਰਵਾਣਿਤ ਤਾਰੀਖ਼ ੮ ਅੱਸੂ, ਅੱਸੂ ਵਦੀ ੧੦ ਸੰਮਤ ੧੫੯੬ ਬਣਦੀ ਹੈ।

ਪ੍ਰਚਲਿਤ ਮਨੌਤ ਹੈ ਕਿ ਗੁਰੂ ਸਾਹਿਬ ਦਾ ਜਨਮ; ਪੂਰਨਮਾਸ਼ੀ ਵਾਲੇ ਦਿਨ ਹੋਇਆ, ਇਹ ਭੀ ਸਹੀ ਸਿੱਧ ਹੋ ਜਾਂਦੀ ਹੈ ਕਿਉਂਕਿ ੧ ਵੈਸਾਖ, ਸੰਮਤ ੧੫੨੬ ਨੂੰ ਚੇਤ ਮਹੀਨੇ ਦੀ ਪੂਰਨਮਾਸ਼ੀ ਹੀ ਸੀ। ਫਿਰ ਭੀ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਸਬੰਧੀ ਸੰਗਤਾਂ ਦੇ ਮਨਾਂ ’ਚ ਉਪਜ ਰਹੇ ਕੁਝ ਹੋਰ ਸ਼ੰਕਿਆਂ ਨੂੰ ਹੇਠ ਲਿਖੇ ਸਵਾਲ-ਜਵਾਬ ਰਾਹੀਂ ਹੱਲ ਕਰਨ ਦਾ ਯਤਨ ਕਰ ਰਿਹਾ ਹਾਂ :

ਸਵਾਲ : ਕਰਮ ਸਿੰਘ ਹਿਸਟੋਰੀਅਨ ਦੁਆਰਾ ਕੱਢੀ ਗਈ ਗੁਰੂ ਨਾਨਕ ਸਾਹਿਬ ਜੀ ਦੀ ਆਗਮਨ ਮਿਤੀ 15 ਅਪ੍ਰੈਲ; ਸਿੱਖ ਸਮਾਜ ’ਚ ਤਕਰੀਬਨ ਪ੍ਰਚਲਿਤ ਹੋ ਚੁੱਕੀ ਹੈ, ਜੋ ਨਾਨਕਸ਼ਾਹੀ ਕੈਲੰਡਰ ਦੀ ੧ ਵੈਸਾਖ/14 ਅਪ੍ਰੈਲ ਨਾਲੋਂ ਕੇਵਲ ਇੱਕ ਦਿਨ ਦੇ ਫ਼ਰਕ ਨਾਲ਼ ਹੈ। ਹੁਣ ਵਿਚਾਰ ਦਾ ਵਿਸ਼ਾ ਹੈ ਕਿ ਜੇਕਰ 15 ਅਪ੍ਰੈਲ ਨੂੰ ਹੀ ਸਹੀ ਮੰਨੀਏ ਤਾਂ ਕੀ ਫ਼ਰਕ ਪੈ ਜਾਣਾ ਹੈ ?

ਜਵਾਬ : ਸ: ਕਰਮ ਸਿੰਘ ਹਿਸਟੋਰੀਅਨ ਦੁਆਰਾ ਚੁਣੀ ਗਈ ਵੈਸਾਖ ਸੁਦੀ ੩, ੨੦ ਵੈਸਾਖ, ਸੰਮਤ ੧੫੨੬ ਨੂੰ ਜੂਲੀਅਨ ਕੈਲੰਡਰ ’ਚ ਤਬਦੀਲ ਕੀਤਿਆਂ 15 ਅਪ੍ਰੈਲ 1469 ਜੂਲੀਅਨ ਬਣਦਾ ਹੈ। ਇਸ ਲੇਖ ਦੇ ਪਹਿਲੇ ਹਿੱਸੇ ’ਚ ਵਿਚਾਰੇ ਗਏ ਦੋ ਕਾਰਨਾਂ (ਗੁਰੂ ਸਾਹਿਬ ਦੇ ਜੋਤੀ-ਜੋਤ ਸਮਾਉਣ ਦੀ ਪ੍ਰਮਾਣਿਕ ਤਾਰੀਖ਼; ਅੱਸੂ ਵਦੀ ੧੦ ਸੰਮਤ ੧੫੯੬ ਦੀ ਥਾਂ ਜਨਮ ਸਾਖੀਆਂ ’ਚੋਂ ਗ਼ਲਤ ਤਾਰੀਖ਼ ਅੱਸੂ ਸੁਦੀ ੧੦ ਸੰਮਤ ੧੫੯੬ ਲਿਖ ਲੈਣਾ ਅਤੇ ਜਨਮ ਮਿਤੀ ਕੱਢਣ ਲਈ ਸੂਰਜੀ ਤਾਰੀਖ਼ਾਂ ਦੀ ਥਾਂ ਚੰਦਰ ਤਿੱਥਾਂ ਦੇ ਹਿਸਾਬ ਗਣਿਤ ਕਰ ਲੈਣ) ਕਰਕੇ 20 ਵੈਸਾਖ ਸੰਮਤ ੧੫੨੬ (15 ਅਪ੍ਰੈਲ 1469 ਈਸਵੀ) ਕੱਢਣਾ; ਬਿਲਕੁਲ ਗ਼ਲਤ ਹੈ।

ਸ: ਪਾਲ ਸਿੰਘ ਪੁਰੇਵਾਲ ਨੇ ਜੋਤੀ-ਜੋਤ ਸਮਾਉਣ ਦੀ ਪੰਥ ਪ੍ਰਵਾਨਤ ਤਾਰੀਖ਼; ਅੱਸੂ ਵਦੀ ੧੦ ਸੰਮਤ ੧੫੯੬ ਨੂੰ ਤਬਦੀਲ ਕਰਨ ਪਿੱਛੋਂ ਕੱਢੀ ਗਈ ਸੂਰਜੀ ਤਾਰੀਖ਼ ੮ ਅੱਸੂ, ਸੰਮਤ ੧੫੯੬ ’ਚੋਂ ਗੁਰੂ ਜੀ ਦੀ ਕੁਲ ਆਯੂ 70 ਸਾਲ 5 ਮਹੀਨੇ 7 ਦਿਨ; ਘਟਾ ਕੇ ੧ ਵੈਸਾਖ ਸੰਮਤ ੧੫੨੬ ਕੱਢੀ; ਜਿਸ ਨੂੰ ਤਬਦੀਲ ਕੀਤਿਆਂ 27 ਮਾਰਚ 1469 ਜੂਲੀਅਨ ਬਣਦਾ ਹੈ। ਸਿੱਖ ਧਰਮ ਦਾ ਜੂਲੀਅਨ ਕੈਲੰਡਰ ਨਾਲ ਬਹੁਤਾ ਸਬੰਧ ਨਾ ਹੋਣ ਕਾਰਨ ਜੂਲੀਅਨ ਦੀਆਂ ਤਾਰੀਖ਼ਾਂ ਦੀ ਥਾਂ ਚੇਤ, ਵੈਸਾਖ ਆਦਿ ਮਹੀਨਿਆਂ ਦੇ ਪ੍ਰਵਿਸ਼ਟਿਆਂ ਨੂੰ ਧਿਆਨ ’ਚ ਰੱਖਿਆ ਗਿਆ। ਇਸੇ ਕਾਰਨ ‘੧ ਵੈਸਾਖ’ ਨਿਸ਼ਚਿਤ ਕੀਤਾ, ਜੋ ਕਿ ਨਾਨਕਸ਼ਾਹੀ ਕੈਲੰਡਰ ’ਚ ਹਰ ਸਾਲ 14 ਅਪ੍ਰੈਲ ਨੂੰ ਆਏਗਾ। ਜੇ ਸ: ਕਰਮ ਸਿੰਘ ਹਿਸਟੋਰੀਅਨ ਦੁਆਰਾ ਕੱਢੀ ਗਈ ‘੨੦ ਵੈਸਾਖ’ ਮੰਨੀਏ ਤਾਂ ਆਮ ਧਾਰਨਾ ਕਿ 1 ਦਿਨ ਦਾ ਹੀ ਫ਼ਰਕ ਪੈਂਦਾ ਹੈ, ਕਹਿਣਾ ਸਹੀ ਨਹੀ ਕਿਉਂਕਿ ਇਹ ਅੰਤਰ 19 ਦਿਨਾਂ ਦਾ ਪੈਂਦਾ ਹੈ।

ਸਵਾਲ : ‘੧ ਵੈਸਾਖ’ ’ਤੇ ਅਸਹਿਮਤ ਕਈ ਸਿੱਖ, ਸਵਾਲ ਕਰਦੇ ਹਨ ਕਿ ਕਿਸੇ ਵੀ ਜਨਮ ਸਾਖੀ ’ਚ ਗੁਰੂ ਨਾਨਕ ਸਾਹਿਬ ਜੀ ਦਾ ਜਨਮ; ‘੧ ਵੈਸਾਖ’ ਨਹੀਂ ਲਿਖਿਆ, ਤਾਂ ਫਿਰ ਗੁਰ ਪੁਰਬ ‘੧ ਵੈਸਾਖ’ ਦਾ ਕਿਵੇਂ ਮੰਨਿਆ ਜਾ ਸਕਦਾ ਹੈ ?

ਜਵਾਬ : ਜਨਮ ਸਾਖੀਆਂ ਨਾਲੋਂ ਭਾਈ ਗੁਰਦਾਸ ਜੀ ਦੀ ਰਚਨਾ ਵਧੇਰੇ ਭਰੋਸੇਯੋਗ ਹੈ। ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ’ਚ ਗੁਰੂ ਨਾਨਕ ਸਾਹਿਬ ਜੀ ਦਾ ਸੰਖੇਪ ਜੀਵਨ ਵੇਰਵਾ ਦਰਜ ਹੈ; ਜਿਵੇਂ ਕਿ ਅਰੰਭਕ ਪਉੜੀ ਮੰਗਲਾਚਰਨ ਵਜੋਂ ਹੈ, ਜਿਸ ਵਿਚ ਗੁਰੂ ਸਾਹਿਬ ਨੂੰ ਨਮਸਕਾਰ ਕੀਤੀ ਗਈ ਹੈ :

ਨਮਸਕਾਰੁ ਗੁਰਦੇਵ ਕੋ; ਸਤਿ ਨਾਮੁ ਜਿਸੁ ਮੰਤ੍ਰੁ ਸੁਣਾਇਆ

ਭਵਜਲ ਵਿਚੋਂ ਕਢਿ ਕੈ; ਮੁਕਤਿ ਪਦਾਰਥਿ ਮਾਹਿ ਸਮਾਇਆ

ਜਨਮ ਮਰਣ ਭਉ ਕਟਿਆ; ਸੰਸਾ ਰੋਗੁ ਵਿਯੋਗੁ ਮਿਟਾਇਆ..

ਅਰਥ : ਗੁਰਦੇਵ (ਭਾਵ ਗੁਰੂ ਨਾਨਕ ਜੀ) ਨੂੰ ਨਮਸਕਾਰ ਹੈ, ਜਿਸ ਨੇ ‘ਸਤਿ ਨਾਮ’ ਰੂਪ ਉਪਦੇਸ਼-ਮੰਤ੍ਰ ਸੁਣਾਇਆ (ਉਚਾਰਿਆ) ਹੈ। (ਇਸ ਮੰਤ੍ਰ ਨੇ ਸਿੱਖਾਂ ਨੂੰ) ਸੰਸਾਰ ਸਮੁੰਦਰ ’ਚੋਂ ਕੱਢ ਕੇ ਜੀਵਨ ਮੁਕਤ ਅਵਸਥਾ ’ਚ ਪਹੁੰਚਾ ਦਿੱਤਾ। ਜਨਮ ਮਰਨ ਦਾ ਡਰ ਦੂਰ ਕਰ ਰੋਗ ਤੇ ਵਿਯੋਗ ਦਾ ਸੰਸਾ ਹੀ ਮਿਟਾ ਦਿੱਤਾ।

ਅਗਲੀ ਦੂਜੀ ਪਉੜੀ ’ਚ ਜਗਤ ਰਚਨਾ ਨੂੰ ਸਿਰਜਣ ਬਾਰੇ ਜ਼ਿਕਰ ਹੈ,

ਪ੍ਰਿਥਮੈ ਸਾਸ ਮਾਸ ਸਨ; ਅੰਧ ਧੁੰਧ ਕਛੁ ਖਬਰ ਪਾਈ

ਰਕਤ ਬਿੰਦ ਕੀ ਦੇਹਿ ਰਚਿ; ਪਾਂਚ ਤਤ ਕੀ ਜੜਤ ਜੜਾਈ

ਚਉਰਾਸੀਹ ਲਖ ਜੋਨਿ ਉਪਾਈ

ਇੱਦਾਂ ਹੀ ਪ੍ਰਸੰਗ ਚੱਲਦਾ ਅਗਾਂਹ 23ਵੀਂ ਪਉੜੀ ’ਚ ਮਨੁੱਖਤਾ ਦੇ ਕਲਿਆਣ ਲਈ ਕਰਤਾਰ ਵੱਲੋਂ ਗੁਰੂ ਨਾਨਕ ਸਾਹਿਬ ਨੂੰ ਸਰੀਰਕ ਜਾਮੇ ’ਚ ਸੰਸਾਰ ਵਿਖੇ ਭੇਜਣ ਦਾ ਜ਼ਿਕਰ ਹੈ, ‘‘ਸੁਣੀ ਪੁਕਾਰਿ ਦਾਤਾਰ ਪ੍ਰਭਿ (ਨੇ), ਗੁਰੁ ਨਾਨਕ ਜਗ ਮਾਹਿ ਪਠਾਇਆ..੨੩’’

ਫਿਰ 24ਵੀਂ ਪਉੜੀ ’ਚ ਗੁਰੂ ਸਾਹਿਬ ਨੂੰ ਅਕਾਲ ਪੁਰਖ ਤੋਂ ਸਾਰੀਆਂ ਸ਼ਕਤੀਆਂ ਪ੍ਰਾਪਤ ਕਰਨ ਪਿੱਛੋਂ ਜੰਤਾ ਦੇ ਕਲਿਆਣ ਹਿੱਤ ਉਦਾਸੀਆਂ (ਪ੍ਰਚਾਰ ਫੇਰੀਆਂ) ਸ਼ੁਰੂ ਕਰਨ ਬਾਰੇ ਸੰਕੇਤ ਹੈ:

ਪਹਿਲਾਬਾਬੇ ਪਾਯਾ ਬਖਸੁ ਦਰਿ; ਪਿਛੋ ਦੇ ਫਿਰਿ ਘਾਲਿ ਕਮਾਈ

ਬਾਬਾ ਦੇਖੈ ਧਿਆਨੁ ਧਰਿਜਲਤੀ ਸਭਿ ਪ੍ਰਿਥਵੀ ਦਿਸਿ ਆਈ

ਬਾਝਹੁ ਗੁਰੂ, ਗੁਬਾਰੁ ਹੈ; ਹੈ ਹੈ ਕਰਦੀ ਸੁਣੀ ਲੁਕਾਈ

ਅਰਥ : ਗੁਰੂ ਬਾਬੇ ਨੇ ਪਹਿਲਾਂ (ਅਕਾਲ ਪੁਰਖ ਦੇ) ਦਰ ਤੋਂ ਬਖ਼ਸ਼ਸ਼ ਪ੍ਰਾਪਤ ਕੀਤੀ, ਬਾਅਦ ’ਚ ‘ਸਤਿ ਨਾਮ’ ਮੰਤ੍ਰ ਦੀ ਕਮਾਈ ਆਪ ਕਰਨ ਅਤੇ ਹੋਰਾਂ ਤੋਂ ਕਰਾਉਣ ਲਈ ਘਾਲਣਾ ਘਾਲ਼ੀ। ਬਾਬੇ ਨੇ ਆਪਣੀ ਦਿਬਦ੍ਰਿਸ਼ਟੀ ਨਾਲ ਦੇਖਿਆ ਤਾਂ ਸਾਰੀ ਪ੍ਰਿਥਵੀ ਸੜਦੀ ਨਜ਼ਰ ਆਈ ਭਾਵ ਪਾਪਾਂ ’ਚ ਗ੍ਰਸਤ ਪ੍ਰਤੀਤ ਹੋਈ ਕਿਉਂਕਿ ਗੁਰੂ ਤੋਂ ਬਿਨਾਂ ਅਗਿਆਨਤਾ ਦਾ ਘੁੱਪ ਹਨ੍ਹੇਰਾ ਸੀ ਤਾਹੀਓਂ ਮਾਨਵਤਾ ਕੁਰਲਾ ਰਹੀ ਹੈ। ਸਤਿਗੁਰੂ ਤੋਂ ਬਿਨਾਂ ਇਸੇ ਅਧਿਆਤਮਿਕ ਘੋਰ ਹਨ੍ਹੇਰੇ ਦਾ ਜ਼ਿਕਰ ਗੁਰੂ ਅੰਗਦ ਸਾਹਿਬ ਨੇ ਵੀ ਕੀਤਾ ਹੈ, ‘‘ਜੇ ਸਉ ਚੰਦਾ ਉਗਵਹਿ; ਸੂਰਜ ਚੜਹਿ ਹਜਾਰ  ਏਤੇ ਚਾਨਣ ਹੋਦਿਆਂ; ਗੁਰ ਬਿਨੁ ਘੋਰ ਅੰਧਾਰ’’ (ਮਹਲਾ /੪੬੩), ਤਾਹੀਓਂ ਭਾਈ ਗੁਰਦਾਸ ਜੀ ਨੇ ਇਸ 24ਵੀਂ ਪਉੜੀ ’ਚ ਕਿਹਾ ਹੈ, ‘‘ਬਾਬੇ ਭੇਖ ਬਣਾਇਆਉਦਾਸੀ ਕੀ ਰੀਤਿ ਚਲਾਈ ਚੜ੍ਹਿਆ ਸੋਧਣਿ ਧਰਤਿ ਲੁਕਾਈ੨੪’’ ਭਾਵ ਬਾਬੇ ਨੇ ਸਨਿਆਸੀ ਲਿਬਾਸ ਧਾਰਨ ਕਰ (ਭਰਮਣ ਕਰਦਿਆਂ) ਮਾਯਾ ਤੋਂ ਨਿਰਮੋਹ ਕਰਨ ਵਾਲ਼ੀ ਰੀਤ ਚਲਾਈ ਯਾਨਿ ਲੋਕਾਂ ਨੂੰ ਰੱਬ ਦੀ ਬੰਦਗੀ ਕਰਨ ਲਗਾ ਦਿੱਤਾ। ਮਾਨਵਤਾ ਨੂੰ ਸਹੀ ਰਾਹ ਪਾਉਣ ਲਈ ਹਰ ਪਾਸੇ ਉਦਾਸੀਆਂ ਸ਼ੁਰੂ ਕੀਤੀਆਂ। ਮਨੁੱਖਤਾ ਦੇ ਕਲਿਆਣ ਹਿਤ ਚੱਲਦੇ ਇਸ ਪ੍ਰਸੰਗ ’ਚ ਅਗਾਂਹ 27ਵੀਂ ਪਉੜੀ ’ਚ ‘ਵਿਸੋਆ’ (ਵਿਸਾਖ) ਸ਼ਬਦ ਭੀ ਦਰਜ ਕੀਤਾ ਹੈ :

ਸਤਿਗੁਰੁ ਨਾਨਕੁ ਪ੍ਰਗਟਿਆਮਿਟੀ ਧੁੰਧੁ, ਜਗਿ ਚਾਨਣੁ ਹੋਆ

ਜਿਉ ਕਰਿ ਸੂਰਜੁ ਨਿਕਲਿਆ; ਤਾਰੇ ਛਪੇ, ਅੰਧੇਰੁ ਪਲੋਆ

ਸਿੰਘੁ ਬੁਕੇ, ਮਿਰਗਾਵਲੀ ਭੰਨੀ ਜਾਇ ਧੀਰਿ ਧਰੋਆ

ਜਿਥੇ ਬਾਬਾ ਪੈਰੁ ਧਰੇਪੂਜਾ ਆਸਣੁ ਥਾਪਣਿ ਸੋਆ

ਅਰਥ : (ਜਦ) ਸਤਿਗੁਰ ਨਾਨਕ ਜੀ (ਇਸ ਦੁਨੀਆਂ ’ਚ) ਪ੍ਰਗਟ ਹੋਏ ਤਾਂ ਅਗਿਆਨਤਾ ਦਾ ਹਨ੍ਹੇਰਾ ਮਿਟਾ ਕੇ ਮਨੁੱਖੀ ਹਿਰਦਿਆਂ ’ਚ ਇਉਂ ਚਾਨਣ ਕੀਤਾ; ਜਿਵੇਂ ਸੂਰਜ ਦੇ ਚੜ੍ਹਿਆਂ ਤਾਰੇ ਛਿਪ ਜਾਂਦੇ ਹਨ। ਹਨ੍ਹੇਰਾ ਅਲੋਪ ਹੋ ਜਾਂਦਾ ਹੈ। (ਗੁਰੂ ਜੀ ਦੀ ਸ਼ਰਨ ’ਚ ਆਉਣ ਵਾਲਿਆਂ ਦਾ ਅਗਿਆਨਤਾ ਦਾ ਹਨ੍ਹੇਰਾ ਇਉਂ ਚਲਾ ਗਿਆ ਜਿਵੇਂ) ਸ਼ੇਰਾਂ ਦੀ ਦਹਾੜ ਨਾਲ਼ ਹਿਰਨ ਭੱਜ ਜਾਂਦੇ ਹਨ ਕਿਉਂਕਿ ਉਹ, ਸ਼ੇਰ ਦੇ ਤੇਜ਼ ਨੂੰ ਸਹਾਰ ਨਹੀਂ ਸਕਦੇ। ਸੋ ਜਿੱਥੇ ਭੀ ਬਾਬਾ ਨਾਨਕ ਚਰਨ ਪਾਉਂਦਾ ਓਹੀ ਸਥਾਨ ਪੂਜਾ ਦਾ ਕੇਂਦਰ ਬਣਦਾ ਜਾਂਦਾ ਸੀ, ‘‘ਸਿਧ ਆਸਣਿ ਸਭਿ ਜਗਤਿ ਦੇ; ਨਾਨਕ ਆਦਿ ਮਤੇ ਜੇ ਕੋਆ ਘਰਿ ਘਰਿ ਅੰਦਰਿ ਧਰਮਸਾਲਹੋਵੈ ਕੀਰਤਨੁ ਸਦਾਵਿਸੋਆ’’

ਅਰਥ : ਜਿਵੇਂ ਸਿੱਧਾਂ ਦੇ ਗੋਰਖ ਮੱਤੇ ਦੀ ਥਾਂ ਨਾਨਕ ਮਤਾ ਬਣਿਆ; ਇਸੇ ਤਰ੍ਹਾਂ ਜਗਤ ਦੇ ਸਾਰੇ ਪ੍ਰਸਿੱਧ ਅਸਥਾਨ, ਨਾਨਕ ਦੇ ਨਾਮ ਨਾਲ਼ ਜਾਣੇ ਜਾਣ ਲੱਗੇ। ਜੋਗੀਆਂ ਆਦਿ ਦੀ ਮਰਯਾਦਾ ਦੀ ਥਾਂ ਨਾਨਕ ਦੀ ਮਰਯਾਦਾ ਸ਼ੁਰੂ ਹੋ ਗਈ। ਘਰ ਘਰ ਵਿਖੇ ਪ੍ਰਭੂ ਦੀ ਕੀਰਤੀ ਹੋਣ ਲੱਗੀ (ਮਾਨੋ) ਸਦਾ ‘ਵਿਸਾਖੀ’ ਬਣੀ ਰਹਿੰਦੀ ਹੈ। ਨੋਟ : ਇੱਥੇ ਵਿਸ਼ੇਸ਼ ਤੌਰ ’ਤੇ ‘ਵਿਸੋਆ’ ਭਾਵ ਵੈਸਾਖੀ ਜਾਂ ‘੧ ਵੈਸਾਖ’ ਦਾ ਜਿਕਰ ਕਰਨਾ; ਉਸ ਖੁਸ਼ੀਆਂ ਭਰੇ ਮਹੌਲ ਵੱਲ ਸੰਕੇਤਿਕ ਹੈ, ਜਦ ਮਹਿਤਾ ਕਾਲ਼ੂ ਜੀ ਦੇ ਘਰ ਗੁਰੂ ਨਾਨਕ ਸਾਹਿਬ ਜੀ ਦੇ ਪੈਦਾ ਹੋਣ ਸਮੇਂ ਖ਼ੁਸ਼ੀ ਮਨਾਈ ਗਈ ਸੀ; ਬਿਲਕੁਲ ਉਸੇ ਤਰ੍ਹਾਂ ਘਰ ਘਰ ਅੰਦਰ ਪ੍ਰਭੂ ਦੀ ਕੀਰਤੀ ਹੋਣ ਨਾਲ ਸਤਸੰਗੀਆਂ ਦੇ ਮਨ ਹਮੇਸ਼ਾਂ ਅਨੰਦਿਤ ਹੋਣ ਲੱਗੇ; ਮਾਨੋ ਮਹਿਤਾ ਕਾਲ਼ੂ ਜੀ ਦੇ ਘਰ ‘੧ ਵੈਸਾਖ’ ਵਾਲਾ ਖ਼ੁਸ਼ੀ ਦਾ ਮਾਹੌਲ ਬਣ ਗਿਆ।

ਬਾਬੇ ਤਾਰੇ ਚਾਰਿ ਚਕਿ; ਨਉ ਖੰਡਿ ਪ੍ਰਿਥਮੀ ਸਚਾ ਢੋਆ

ਗੁਰਮੁਖਿ, ਕਲਿ ਵਿਚ ਪਰਗਟੁ ਹੋਆ੨੭

ਬਾਬੇ ਨੇ ਚਾਰੇ ਦਿਸ਼ਾਵਾਂ ਤਾਰ ਦਿੱਤੀਆਂ, 9 ਖੰਡ ਪ੍ਰਿਥਵੀ ਭਾਵ ਸਾਰੀ ਮਾਨਵਤਾ; ਸੱਚ ਦੀ ਟੇਕ ਲੈਣ ਲੱਗੀ। ਕਲਿਜੁਗ ’ਚ ਸ੍ਰੋਮਣੀ ਗੁਰੂ (ਨਾਨਕ) ਪ੍ਰਗਟ ਹੋਇਆ (ਤੇ ਵਿਕਾਰਾਂ ’ਚ ਸੜਦੀ-ਤਪਦੀ ਲੁਕਾਈ ਦੇ ਹਿਰਦੇ ’ਚ ਠੰਢ ਪਈ)।

ਅਗਾਂਹ 28ਵੀਂ ਪਉੜੀ ’ਚ ਸੁਮੇਰ ਪਰਬਤ ’ਤੇ ਸਿੱਧਾਂ ਨਾਲ ਹੋਈ ਚਰਚਾ ਦਾ ਜ਼ਿਕਰ ਹੈ :

ਬਾਬੇ ਡਿਠੀ ਪਿਰਥਮੀ, ਨਵੈ ਖੰਡਿ ਜਿਥੈ ਤਕਿ ਆਹੀ

ਫਿਰਿ ਜਾਇ ਚੜ੍ਹਿਆ ਸੁਮੇਰ ਪਰਿ, ਸਿਧਿ ਮੰਡਲੀ ਦ੍ਰਿਸਟੀ ਆਈ..੨੮

ਅਗਾਂਹ 35ਵੀਂ ਪਉੜੀ ’ਚ ਬਗ਼ਦਾਦ ਪ੍ਰਚਾਰ ਫੇਰੀ ਦਾ ਜ਼ਿਕਰ ਹੈ :

ਫਿਰਿ ਬਾਬਾ ਗਇਆ ਬਗਦਾਦਿ ਨੋ; ਬਾਹਰਿ ਜਾਇ ਕੀਆ ਅਸਥਾਨਾ

ਇਕੁ ਬਾਬਾ ਅਕਾਲ ਰੂਪੁ; ਦੂਜਾ ਰਬਾਬੀ ਮਰਦਾਨਾ੩੫

ਅਰਥ : ਫੇਰ ਬਾਬਾ ਜੀ ਬਗ਼ਦਾਦ ਵੱਲ ਚਲੇ ਗਏ, ਜਿੱਥੇ ਬਾਹਰ ਜਾ ਡੇਰਾ ਲਾਇਆ। ਇਕ ਅਕਾਲ ਰੂਪ ਬਾਬਾ (ਗੁਰੂ ਨਾਨਕ) ਸੀ ਅਤੇ ਦੂਜਾ ਨਾਲ਼ ਰਬਾਬੀ ਮਰਦਾਨਾ ਸੀ।

ਇੱਥੇ ਨੋਟ ਕਰਨ ਵਾਲੀ ਗੱਲ ਹੈ ਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ’ਚ ਗੁਰੂ ਨਾਨਕ ਸਾਹਿਬ ਜੀ ਦੀਆਂ ਉਦਾਸੀਆਂ (ਪ੍ਰਚਾਰ ਫੇਰੀਆਂ) ਦੌਰਾਨ ਕੇਵਲ ਰਬਾਬੀ ਮਰਦਾਨਾ ਜੀ ਦਾ ਹੀ ਜ਼ਿਕਰ ਹੈ, ਕਿਸੇ ਬਾਲੇ ਦਾ ਨਹੀਂ। ਇਸ ਤੋਂ ਸਿੱਧ ਹੁੰਦਾ ਹੈ ਕਿ ਭਾਈ ਬਾਲੇ ਨਾਂ ਦਾ ਫਰਜੀ ਪਾਤਰ ਘੜ ਕੇ ਉਸ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਉਮਰਭਰ ਦਾ ਸਾਥੀ ਸਿੱਧ ਕੀਤਾ ਗਿਆ, ਜਿਸ ਨੇ ਗੁਰੂ ਅੰਗਦ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਅੱਖੀਂ ਡਿੱਠਾ ਸਾਰਾ ਜੀਵਨ ਵੇਰਵਾ ਸੁਣਾਇਆ, ਜਿਸ ਨੂੰ ਮੋਖਾ ਪੈੜਾ ਨਾਲੋਂ ਨਾਲ ਲਿਖਦਾ ਗਿਆ; ਇਉਂ ਭਾਈ ਬਾਲੇ ਵਾਲੀ ਜਨਮ ਸਾਖੀ ਹੋਂਦ ’ਚ ਲਿਆਂਦੀ ਗਈ।  ਇਸ ਭਾਈ ਬਾਲੇ ਵਾਲੀ ਜਨਮ ਸਾਖੀ ਨੂੰ ਸ: ਕਰਮ ਸਿੰਘ ਹਿਸਟੋਰੀਅਨ ਅਤੇ ਡਾ: ਗੁਰਬਚਨ ਕੌਰ ਆਦਿਕ ਖੋਜੀ ਵਿਦਵਾਨਾਂ ਨੇ ਇਸ ਦੀਆਂ ਅੰਦਰਲੀਆਂ ਗਵਾਹੀਆਂ ਦੇ ਹਵਾਲੇ ਨਾਲ ਰੱਦ ਕੀਤਾ ਹੈ। ਕੇਵਲ ਇਸੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਜਨਮ; ਕੱਤਕ ਦੀ ਪੂਰਨਮਾਸ਼ੀ ਲਿਖਿਆ ਹੈ।

ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ ਪਹਿਲੀ ਪਉੜੀ ਤੋਂ ਲੈ ਕੇ 44ਵੀਂ ਪਉੜੀ ਤੱਕ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰਕ ਯਾਤਰਾ ਦਾ ਸੰਖੇਪ ਜਿਹਾ ਵਰਣਨ ਹੈ ਅਤੇ ਫਿਰ 45ਵੀਂ ਪਉੜੀ ’ਚ ਗੁਰੂ ਅੰਗਦ ਸਾਹਿਬ ਨੂੰ ਗੁਰਿਆਈ ਬਖ਼ਸ਼ਣ ਦਾ ਜ਼ਿਕਰ ਹੈ :

ਮਾਰਿਆ ਸਿਕਾ ਜਗਤ ਵਿਚਿਨਾਨਕ ਨਿਰਮਲ ਪੰਥੁ ਚਲਾਇਆ

ਥਾਪਿਆ ਲਹਿਣਾ ਜੀਂਵਦੇ; ਗੁਰਿਆਈ ਸਿਰਿ ਛਤ੍ਰੁ ਫਿਰਾਇਆ..੪੫

(ਭਾਈ ਗੁਰਦਾਸ ਜੀ/ਵਾਰ , ਪਉੜੀ ੪੫)

ਸੋ ਉਕਤ ਕੀਤੀ ਗਈ ਸੰਖੇਪ ਵਿਚਾਰ ਵਿੱਚੋਂ 27ਵੀਂ ਪਉੜੀ ’ਚ ਅਚਾਨਕ ‘ਵਿਸੋਅ’ (ਵਿਸਾਖੀ) ਦਾ ਜ਼ਿਕਰ ਹੋਣਾ, ਗੁਰੂ ਸਾਹਿਬ ਜੀ ਦੇ ਜਨਮ ਦਿਨ ਨਾਲ਼ ਹੀ ਸੰਬੰਧਿਤ ਹੋ ਸਕਦਾ ਹੈ, ਨਹੀਂ ਤਾਂ ਵਿਸਾਖ ਮਹੀਨੇ ਦੀ ਸੰਗਰਾਂਦ ਨੂੰ ਸਿੱਖਾਂ ਵੱਲੋਂ ਵਿਸ਼ੇਸ਼ ਖੁਸ਼ੀ ਪ੍ਰਗਟਾਉਣ ਦਾ ਕੋਈ ਹੋਰ ਕਾਰਨ ਨਹੀਂ ਜਾਪਦਾ। ਇਸ ਤੋਂ ਇਲਾਵਾ ਪੰਚ ਖ਼ਾਲਸਾ ਦੀਵਾਨ, ਸਿੰਘ ਸਭਾ ਭਸੌੜ ਵੱਲੋਂ 100 ਸਾਲ ਤੋਂ ਪਹਿਲਾਂ ਤੇਜਾ ਸਿੰਘ ਰਿਟਾਇਰਡ ਐੱਸਡੀਓ ਵੱਲੋਂ ਲਿਖੀ ‘ਖ਼ਾਲਸਾ ਰਹਿਤ ਪ੍ਰਕਾਸ਼’ ਨਾਮ ਦੀ ਪੁਸਤਕ ਦੇ ਪੰਨਾ ਨੰ: 63 ’ਤੇ ਭੀ ਗੁਰੂ ਨਾਨਕ ਸਾਹਿਬ ਜੀ ਦਾ ਜਨਮ ‘੧ ਵੈਸਾਖ’, ਸੰਮਤ ੧੫੨੬ ਦਿਨ ਐਤਵਾਰ/27 ਮਾਰਚ 1468 ਲਿਖਿਆ ਮਿਲਦਾ ਹੈ (ਭਾਵੇਂ ਕਿ ਇੱਥੇ ਦਿਨ ਸੋਮਵਾਰ ਤੇ ਸੰਨ 1469 ਭੀ ਚਾਹੀਦਾ ਸੀ, ਜੋ ਟਾਈਪ ਕਰਨ ’ਚ ਅਕਸਰ ਗ਼ਲਤੀ ਰਹੀ ਜਾਪਦੀ ਹੈ)।

ਇੱਕ ਪੁਸਤਕ, ਜੋ ਅੰਗਰੇਜ਼ੀ ’ਚ ਲਗਭਗ 1880 ਸੀਈ ’ਚ ਛਪੀ ਸੀ, ਉਸ ਦੇ ਇੱਕ ਪੰਨੇ ਦੀ ਫੋਟੋ ਭੀ ਮੈਨੂੰ ਸਵ: ਸ. ਪਾਲ ਸਿੰਘ ਜੀ ਪੁਰੇਵਾਲ ਨੇ ਭੇਜੀ ਸੀ, ਜਿਸ ਵਿੱਚ ਲਿਖਿਆ ਸੀ ਕਿ ਬਹੁਤ ਸਾਰੇ ਲੇਖਕ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਵੈਸਾਖ ਸੰਮਤ ੧੫੨੬ ਮੰਨਦੇ ਹਨ। ਜੇ ਤੇਜਾ ਸਿੰਘ ਰਿਟਾਇਰਡ ਐੱਸਡੀਓ ਸਮੇਤ ਹੋਰ ਬਹੁਤ ਸਾਰੇ ਵਿਦਵਾਨ ਗੁਰੂ ਨਾਨਕ ਸਾਹਿਬ ਜੀ ਦਾ ਜਨਮ ੧ ਵੈਸਾਖ ਸੰਮਤ ੧੫੨੬ ਲਿਖਦੇ ਹਨ ਤਾਂ ਇਸ ਤੋਂ ਪਹਿਲਾਂ ਵੀ ਕਿਤੇ ਨਾ ਕਿਤੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ‘੧ ਵੈਸਾਖ’ ਅਵੱਸ਼ ਲਿਖਿਆ ਮਿਲਦਾ ਹੋਵੇਗਾ ਤਾਹੀਓਂ ਉਕਤ ਕਈ ਇਤਿਹਾਸਕਾਰਾਂ ਅਤੇ ਲੇਖਕਾਂ ਨੇ ਲਿਖੀ ਹੋਵੇਗੀ। ਇਹ ਵੀ ਠੀਕ ਹੈ ਕਿ ਜੰਗਾਂ ਯੁੱਧਾਂ ਦੇ ਚੱਲਦਿਆਂ ਸਾਡੀ ਕੌਮ ਬਹੁਤ ਸਾਰਾ ਇਤਿਹਾਸ ਲਿਖ ਜਾਂ ਸੰਭਾਲ਼ ਨਾ ਸਕੀ, ਇਸ ਲਈ ਜੇ ਅਜੋਕੇ ਸਮੇਂ ਕੋਈ ਪੁਰਾਣੀ ਲਿਖਤ ਨਹੀਂ ਮਿਲਦੀ, ਜਿਸ ’ਚ ‘੧ ਵੈਸਾਖ’ ਲਿਖਿਆ ਹੋਵੇ ਤਾਂ ਵੀ ਇਸ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿਉਂਕਿ ਕੈਲੰਡਰ ਵਿਗਿਆਨ ਅਤੇ ਮਿਲਣਯੋਗ ਇਤਿਹਾਸਕ ਤੱਥਾਂ ਦੀ ਕਸਵੱਟੀ ’ਤੇ ‘੧ ਵੈਸਾਖ’ ਹੀ ਪੂਰਾ ਉਤਰਦਾ ਹੈ।

ਸਵਾਲ : ਭਾਈ ਗੁਰਦਾਸ ਜੀ ਦੇ ਕਬਿੱਤ ਨੰ: 345 ’ਚ ਕੱਤਕ ਦੀ ਪੂਰਨਮਾਸ਼ੀ ਦਾ ਜ਼ਿਕਰ ਹੈ। ਕੁੱਝ ਸਿੱਖ ਇਸ ਕਬਿੱਤ ਦਾ ਸਬੰਧ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਨਾਲ਼ ਜੋੜਦੇ ਹਨ; ਇਸ ਸਬੰਧੀ ਸਪਸ਼ਟ ਕੀਤਾ ਜਾਵੇ ?

ਜਵਾਬ : ਇਸ ਪੂਰੇ ਕਬਿੱਤ ਨੂੰ ਵਿਚਾਰਿਆਂ ਇਹ ਭੁਲੇਖਾ ਭੀ ਦੂਰ ਹੋ ਜਾਣਾ ਹੈ, ਜੋ ਕਿ ਇਸ ਤਰ੍ਹਾਂ ਹੈ :

ਕਾਰਤਕ ਮਾਸ, ਰੁਤਿ ਸਰਦ, ਪੂਰਨਮਾਸੀ, ਆਠ ਜਾਮ ਸਾਠਿ ਘਰੀ; ਆਜੁ ਤੇਰੀ ਬਾਰੀ ਹੈ

ਅਰਥ : ਹੇ ਸਖੀ ! ਇਸੇ ਜਨਮ ’ਚ ਤੇਰੇ ਕੋਲ਼ ਜੀਵਨ ਸਫਲਾ ਕਰਨ ਦਾ ਸਮਾਂ ਹੈ। ਵੇਖ ਕੱਤਕ ਦਾ ਮਹੀਨਾ, ਸਰਦ ਰੁੱਤ ਅਤੇ ਪੁੰਨਿਆ ਦਾ ਦਿਨ ਹੈ ਯਾਨੀ ਬਾਹਰ ਚਾਨਣ ਅਤੇ ਠੰਢਕ ਹੈ, ਪਰ ਤੇਰੇ ਅੰਦਰ ਅਗਿਆਨਤਾ ਦਾ ਹਨ੍ਹੇਰਾ ਤੇ ਵਿਕਾਰਾਂ ਦੀ ਤਪਸ਼ ਹੀ ਹੈ, ਜੋ ਅੱਠੇ ਪਹਿਰ ਅਤੇ 60 ਘੜੀਆਂ (ਭਾਵ ਹਰ ਸਮੇਂ) ਬਣੀ ਰਹਿੰਦੀ ਹੈ।

ਅਉਸਰ ਅਭੀਚ ਬਹੁਨਾਇਕ ਕੀ ਨਾਇਕਾ ਹੁਇ; ਰੂਪ ਗੁਨ ਜੋਬਨ ਸਿੰਗਾਰ ਅਧਿਕਾਰੀ ਹੈ

ਅਰਥ : ਸੁੰਦਰ ਲਗਨ ਦਾ ਸਮਾਂ (ਮੌਕਾ) ਹੈ। ਅਣਗਿਣਤ ਪਤਨੀਆਂ ਵਾਲ਼ੇ ਪਤੀ (ਪ੍ਰਭੂ) ਦੀ ਪਤਨੀ ਬਣ ਕੇ ਉਸ ਦੇ ਗੁਣਾਂ ਨਾਲ਼ ਸੁੰਦਰ ਰੂਪ ਤੇ ਸੁੰਦਰ ਸ਼ਿੰਗਾਰ ਬਣਾ ਭਾਵ ਆਪਣੇ ਅੰਦਰੋਂ ਭੀ ਬਾਹਰ ਵਾਲੀ ਚਾਨਣੀ ਰਾਤ ਵਾਙ ਸੁੰਦਰ ਹੋ ਜਾਹ।

ਨੋਟ : ਇੱਥੇ ‘ਬਹੁ ਨਾਇਕ ਕੀ ਨਾਇਕਾ’ ਦਾ ਭਾਵ ਜਾਣਨਾ ਜ਼ਰੂਰੀ ਹੈ। ਗੁਰਬਾਣੀ ਅਨੁਸਾਰ ਜਗਤ ਅੰਦਰ ਕੇਵਲ ਇਕ ਪ੍ਰਭੂ ਹੀ ਪੁਰਖ ਹੈ, ਨਾਇਕ ਹੈ, ਮਾਲਕ ਹੈ; ਬਾਕੀ ਸਭ ਪ੍ਰਾਣੀ ਉਸ ਦੀਆਂ ਜੀਵ-ਇਸਤਰੀਆਂ ਹਨ, ‘‘ਇਸੁ ਜਗ ਮਹਿ ਪੁਰਖੁ ਏਕੁ ਹੈ; ਹੋਰ ਸਗਲੀ ਨਾਰਿ ਸਬਾਈ’’ (ਮਹਲਾ /੫੯੧) ਤਾਹੀਓਂ ਜਗਿਆਸੂ ਲਈ ਗੁਰਬਾਣੀ ’ਚ ਅਕਸਰ ਇਸਤ੍ਰੀ ਵਾਚਕ ਨਾਂਵ ਵਰਤੇ ਹੁੰਦੇ ਹਨ ‘ਧਨ, ਸਾਧਨ, ਮਾਇ, ਸੁਹਾਗਣਿ, ਕਾਮਣਿ, ਕੁਲਖਣੀ, ਸੁਲਖਣੀ, ਸੁੰਦਰਿ, ਨਾਰਿ, ਸੀਲਵੰਤਿ’ ਆਦਿ।

ਉਕਤ ਪੰਕਤੀ ’ਚ ਆਏ ‘ਅਉਸਰ ਅਭੀਚ’ ਦਾ ਅਰਥ ‘ਅਭੀਚ ਨਛੱਤਰ’ ਕੀਤਾ ਜਾਂਦਾ ਹੈ। ਭਾਈ ਕਾਹਨ ਸਿੰਘ ਜੀ ਨਾਭਾ ਮਹਾਨ ਕੋਸ਼ ਵਿੱਚ ‘ਅਭੀਚ’ ਨੂੰ ‘ਅਭਿਜਿਤ’ ਮੰਨਦੇ ਹੋਏ ਲਿਖਦੇ ਹਨ ਕਿ ‘ਕਈ ਅਭਿਜਿਤ ਨੂੰ ਨਛਤ੍ਰ ਸਮਝਦੇ ਹਨ, ਪਰ ਇਹ ਇੱਕ ਲਗਨ ਹੈ, ਨਛੱਤਰ ਨਹੀਂ। ਇਸ ਲਗਨ ਵਿੱਚ ਅਭਿ (ਸਾਮ੍ਹਣੇ ਹੋ ਕੇ) ਵੈਰੀ ਨੂੰ ਜਿੱਤੀਦਾ ਹੈ’। ਗੁਰਬਾਣੀ ’ਚ ਦੋ ਵਾਰ ‘ਅਭੀਚੁ’ ਸ਼ਬਦ ਹੈ, ਜਿਸ ਦੇ ਐਸੇ ਹੀ ਅਰਥ ਪ੍ਰੋਫ਼ੈਸਰ ਸਾਹਿਬ ਸਿੰਘ ਜੀ ਕਰਦੇ ਹਨ। ਭਾਈ ਗੁਰਦਾਸ ਜੀ ਨੇ ਭੀ ਇਹ ਸ਼ਬਦ ਆਪਣੇ ਕਬਿੱਤਾਂ ’ਚ 5 ਵਾਰ ਵਰਤਿਆ ਹੈ, ਜਿੱਥੋਂ ਇਸ ਦੇ ਅਰਥ ਵਿਚਾਰਨੇ ਜ਼ਰੂਰੀ ਹਨ,

ਗੰਧਰਬ ਨਗਰ ਗਤ ਰਜਨੀ ਬਿਹਾਤ ਜਾਤ; ਆਸੁਰ ਅਭੀਚ ਅਤਿ ਦੁਲਭ ਕੈ ਜਾਨੀਐ (ਕਬਿੱਤ ੬੫੯)

ਅਰਥ : ਜੀਵਨ-ਰਾਤ ਧੂੰਏਂ ਦੇ ਪਹਾੜ/ਗ਼ੁਬਾਰ ਵਾਙ ਛੇਤੀ ਹੀ ਬੀਤ ਜਾਂਦੀ ਹੈ। ਸਹੀ ਲਗਨ (ਭਾਵ ਜ਼ਿੰਦਗੀ) ਬੜੀ ਮੁਸ਼ਕਲ ਨਾਲ਼ ਮਿਲੀ ਸਮਝਣੀ ਹੈ ਭਾਵ ਕਈ ਜੂਨਾਂ ਤੋਂ ਬਾਅਦ ਮਿਲੇ ਇਸ ਮਨੁੱਖਾ ਸਰੀਰ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ।

ਸੋ ਉਕਤ ਪੰਕਤੀਆਂ ਦੇ ਇਹ ਅਰਥ ਕਰਨੇ ਕਿ ਹੇ ਗੁਰੂ ਨਾਨਕ ਸਾਹਿਬ ਜੀ! ਕੱਤਕ ਮਹੀਨੇ ਦੀ ਸਰਦ ਰੁੱਤ ਪੂਰਨਮਾਸ਼ੀ ਵਾਲੇ ਦਿਨ ਸ਼ੁਭ ਅਭੀਚ ਨਛੱਤਰ ਨੂੰ ਜਨਮ ਲੈ ਕੇ ਜਗਤ ਦਾ ਉਧਾਰ ਕਰਨ ਦੀ ਹੁਣ ਤੇਰੀ ਵਾਰੀ ਹੈ; ਚੱਲਦੇ ਪ੍ਰਸੰਗ ਦੇ ਵਿਪਰੀਤ ਹਨ। ਜਿਨ੍ਹਾਂ ਨੇ ਐਸੇ ਅਰਥ ਕੀਤੇ, ਉਹ; ਸਤਿਜੁਗ, ਤ੍ਰੇਤਾ, ਦੁਆਪਰ ਆਦਿ ਯੁਗਾਂ ਦੇ ਹਵਾਲੇ ਨਾਲ਼ ਹੀ ਕਹਿੰਦੇ ਹਨ ਕਿ ਵੱਖ ਵੱਖ ਜੁੱਗਾਂ ’ਚ ਹੋਰਾਂ ਅਵਤਾਰਾਂ ਵੱਲੋਂ ਧਾਰੇ ਜਨਮ ਵਾਙ ਹੁਣ ਇਸ ਕਲਜੁਗ ਵਿੱਚ ਨਾਨਕ ਦੇ ਜਨਮ ਲੈਣ ਦੀ ਵਾਰੀ ਹੈ ਭਾਵ ਜੋ ਉਹ ਨਾ ਕਰ ਸਕੇ, ਉਹ ਹੁਣ ਤੈਂ ਕਰਨਾ ਹੈ, ਆਦਿ। ਜੇਕਰ ਇਹ ਅਰਥ ਸਹੀ ਮੰਨ ਭੀ ਲਈਏ ਤਾਂ ਭਾਈ ਗੁਰਦਾਸ ਜੀ ਵੇਲ਼ੇ ਉਨ੍ਹਾਂ ਨਾਲ਼ ਤੀਜੇ ਪਾਤਿਸ਼ਾਹ ਗੁਰੂ ਅਮਰਦਾਸ ਜੀ, ਚੌਥੇ ਪਾਤਿਸ਼ਾਹ ਗੁਰੂ ਰਾਮਦਾਸ ਜੀ, ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਸਾਹਿਬ ਜੀ ਤੇ ਛੇਵੇਂ ਪਾਤਿਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਹੀ ਸਨ, ਨਾ ਕਿ ਗੁਰੂ ਨਾਨਕ ਸਾਹਿਬ ਜੀ, ਜਿਨ੍ਹਾਂ ਨੂੰ ਸੰਬੋਧਨ ਕਰਦਿਆਂ ਕਿਹਾ ਜਾਵੇ ਕਿ ਹੇ ਨਾਨਕ! ‘ਆਜੁਭਾਵ ਹੁਣ (ਕਲਿਯੁਗ ਵਿਚ) ਜਨਮ ਲੈਣ ਦੀ ਤੇਰੀ ਵਾਰੀ ਹੈ। ਧਿਆਨ ਰਹੇ ਕਿ ਗੁਰੂ ਨਾਨਕ ਸਾਹਿਬ ਜੀ ਵੱਲੋਂ ਸੰਨ 1539 ’ਚ ਜੋਤੀ ਜੋਤ ਸਮਾਉਣ ਤੋਂ 12 ਸਾਲ ਬਾਅਦ ਸੰਨ 1551 ’ਚ ਭਾਈ ਗੁਰਦਾਸ ਜੀ ਦਾ ਜਨਮ ਹੋਇਆ ਸੀ, ਇਸ ਲਈ ਉਹ, ਗੁਰੂ ਨਾਨਕ ਸਾਹਿਬ ਜੀ ਤੋਂ ਇਲਾਵਾ ਬਾਕੀ ਗੁਰੂ ਸਾਬਾਨ ਨੂੰ ਕਹਿ ਸਕਦੇ ਸਨ; ਜਿਵੇ ਕਿ ਗੁਰੂ ਅਰਜਨ ਸਾਹਿਬ ਜੀ ਨੂੰ ਸੰਬੋਧਨ ਕਰਕੇ ਕਹਿ ਸਕਦੇ ਸਨ ਕਿ ਹੇ ਗੁਰੂ ਅਰਜਨ ਸਾਹਿਬ ਜੀ! ਹੁਣ (ਜਨਮ ਲੈ ਕੇ ਜਗਤ ਦਾ ਉਧਾਰ ਕਰਨ ਦੀ) ਤੇਰੀ ਵਾਰੀ ਹੈ

ਇਹ ਭੀ ਧਿਆਨ ਰਹੇ ਕਿ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਲਈ ਆਪਣੀ ਪਹਿਲੀ ਵਾਰ ’ਚ ਵਾਰ ਵਾਰ ‘ਸਤਿਗੁਰ, ਗੁਰੂ, ਨਾਨਕ ਜਾਂ ਬਾਬਾ’ ਸ਼ਬਦ; ਸਤਿਕਾਰ ਵਜੋਂ ਵਰਤੇ ਹਨ, ਜਦੋਂ ਕਿ ਇਸ 345ਵੇਂ ਕਬਿੱਤ ਸਣੇ ਕਿਸੇ ਹੋਰ ਥਾਂ ਐਸੇ ਸ਼ਬਦ ਨਹੀਂ ਵਰਤੇ। ਸੋ ਕੇਵਲ ‘ਕੱਤਕ, ਪੂਰਨਮਾਸ਼ੀ ਜਾਂ ਅਭੀਚ’ ਸ਼ਬਦਾਂ ਨੂੰ ਵੇਖ ਕਬਿੱਤ ’ਚ ਚੱਲਦੇ ਵਿਸ਼ੇ ਨੂੰ ਗੁਰੂ ਸਾਹਿਬ ਦੇ ਜਨਮ ਵੱਲ ਉਲਥਾਉਣਾ, ਬਿਲਕੁਲ ਸਹੀ ਨਹੀਂ।

ਜੋਤਿਸ਼ ਅਨੁਸਾਰ ਅਭੀਚ (ਅਭਿਜਿਤ) ਦਾ ਅਰਥ ਹੈ ਜੋ ਜਿੱਤਿਆ ਨਾ ਜਾ ਸਕੇ ਕਿਉਂਕਿ ਅਭੀਚ ਨਛੱਤਰ ਨੂੰ ਜਨਮ ਲੈਣ ਵਾਲੇ ਬਹੁਤ ਭਾਗਸ਼ਾਲੀ ਮੰਨੇ ਜਾਂਦੇ ਹਨ। ਗੂਗਲ ’ਤੇ ਅਭੀਚ ਨਛੱਤਰ ਦੀ ਅੰਗਰੇਜ਼ੀ ’ਚ ਇਹ ਪਰਿਭਾਸ਼ਾ ਦਿੱਤੀ ਮਿਲਦੀ ਹੈ :

  “In ancient times as against the modern times when only 27 Nakshatras are counted there was a 28th Nakshatra called Abhijit, which lies from 6° 40′ to 10° 53′ in Capricorn in the Sidereal Zodiac. This overlaps the last phase of the 21st Nakshatra Uttarashada and the early phase of the 22nd Nakshatra, Shravan”.

ਇਸ ਦਾ ਪੰਜਾਬੀ ਤਰਜ਼ੁਮਾ ਇਉਂ ਹੈ: ਆਧੁਨਿਕ ਸਮੇਂ ’ਚ ਸਿਰਫ 27 ਨਛੱਤਰ ਗਿਣੇ ਜਾਂਦੇ ਹਨ, ਪਰ ਇਸ ਦੇ ਉਲ਼ਟ ਪੁਰਾਣੇ ਸਮਿਆਂ ’ਚ ‘ਅਭਿਜੀਤ’ ਨਾਮਕ ਇੱਕ 28ਵਾਂ ਨਛੱਤਰ ਭੀ ਸੀ, ਜੋ ਕਿ ਮਕਰ ਰਾਸ਼ੀ ਵਿੱਚ 6 ਡਿਗਰੀ 40 ਮਿੰਟ ਤੋਂ 10 ਡਿਗਰੀ 53 ਮਿੰਟ ਤੱਕ ਹੁੰਦਾ ਸੀ। ਇਹ, 21ਵੇਂ ਨਛੱਤਰ ਉੱਤਰਾਸ਼ਾਡਾ ਦੇ ਆਖਰੀ ਪੜਾਅ ਅਤੇ 22ਵੇਂ ਨਛੱਤਰ ਸ਼ਰਵਣ ਦੇ ਸ਼ੁਰੂਆਤੀ ਪੜਾਅ, ਨੂੰ ਓਵਰ ਲੈਪ ਕਰਦਾ ਹੈ।

ਹੁਣ ਜੇ ਇਹ ਪਰਿਭਾਸ਼ਾ ਸਹੀ ਮੰਨੀਏ ਤਾਂ ਮਕਰ ਰਾਸ਼ੀ ’ਚ ਤਾਂ ਮਾਘ ਦਾ ਮਹੀਨਾ ਹੁੰਦਾ ਹੈ, ਨਾ ਕਿ ਕੱਤਕ; ਤਾਂ ਤੇ ਕੱਤਕ ਦੀ ਪੂਰਨਮਾਸ਼ੀ ਨੂੰ ‘ਅਭੀਚ ਨਛੱਤਰ’ ਆ ਹੀ ਨਹੀਂ ਸਕਦਾ। ਜੇਕਰ ਫਿਰ ਵੀ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਸੰਮਤ ੧੫੨੬ ਨੂੰ ਮੰਨੀਏ ਤਾਂ ਉਸ ਦਿਨ ‘ਅਸ਼ਵਨੀ ਨਛੱਤਰ’ ਸੀ, ਨਾ ਕਿ ‘ਅਭੀਚ ਨਛੱਤਰ’।

ਸੋ ਭਾਈ ਗੁਰਦਾਸ ਜੀ ਦੀ ਰਚਨਾ ’ਚ ਕਾਰਤਕ ਮਾਸ, ਰੁਤਿ ਸਰਦ, ਪੂਰਨਮਾਸੀ, ਅਉਸਰ ਅਭੀਚ ਆਦਿ ਸ਼ਬਦ ਕੇਵਲ ਅਲੰਕਾਰ ਵਜੋਂ ਹਨ। ਜਿਨ੍ਹਾਂ ਦੀ ਰਾਹੀਂ ਸੁਹਾਵਣੇ ਕੁਦਰਤੀ ਮੌਸਮ ਨਾਲ਼ ਅੰਦਰਲੇ ਗੁਣਾਂ ਨੂੰ ਤੁਲਨਾਤਮਿਕ ਵਿਚਾਰਿਆ ਜਾਂਦਾ ਹੈ, ਨਾ ਕਿ ਇਨ੍ਹਾਂ ਮਿਸਾਲਾਂ ਰਾਹੀਂ ਗੁਰੂ ਨਾਨਕ ਸਾਹਿਬ ਦਾ ਜੀਵਨ ਵਰਣਨ ਕੀਤਾ ਗਿਆ ਹੈ। ਇਸ 345ਵੇਂ ਕਬਿੱਤ ਦੀਆਂ ਅੰਤਮ ਪੰਕਤੀਆਂ ਹਨ :

ਚਾਤਿਰ ਚਤੁਰ ਪਾਠ, ਸੇਵਕ ਸਹੇਲੀ ਸਾਠਿਸੰਪਦਾ ਸਮਗ੍ਰੀ, ਸੁਖ ਸਹਜ ਸਚਾਰੀ ਹੈ

ਅਰਥ : ਹੇ ਸਖੀ ! ਤੂੰ ਵਿਦਿਆ ਵਿੱਚ ਪ੍ਰਬੀਨ ਹੈਂ, ਹੁਸ਼ਿਆਰ ਹੈਂ। 60 ਸਹੇਲੀਆਂ ਭਾਵ 60 ਨਾੜੀਆਂ ਵਾਲ਼ਾ ਸਰੀਰ ਭੀ ਤੇਰਾ ਆਗਿਆਕਾਰੀ ਹੈ। ਸਹਿਜ, ਸੁੱਖ ਰੂਪ ਧਨ-ਸੰਪਤੀ ਦਾ ਸੁਭਾਗ ਭੀ ਤੈਨੂੰ ਪ੍ਰਾਪਤ ਹੈ ਭਾਵ ਤੇਰੇ ਕੋਲ਼ ਦਾਤੇ ਦੀਆਂ ਬਖ਼ਸ਼ੀਆਂ ਸਾਰੀਆਂ ਦਾਤਾਂ ਭੀ ਹਨ, ਫਿਰ ਭੀ ਤੂੰ ਉਸ ਮਾਲਕ ਨੂੰ ਕਿਉਂ ਨਹੀਂ ਯਾਦ ਕਰਦੀ ?

ਸੁੰਦਰ ਮੰਦਰ, ਸੁਭ ਲਗਨ, ਸੰਜੋਗ ਭੋਗ, ਜੀਵਨ ਜਨਮ ਧੰਨਿ, ਪ੍ਰੀਤਮ ਪਿਆਰੀ ਹੈ ੩੪੫

ਅਰਥ : ਹੇ ਸਖੀ ! ਇਸ ਸ਼ੁਭ ਲਗਨ ਸਮੇਂ ਸਰੀਰ ਰੂਪੀ ਸੁੰਦਰ ਮੰਦਿਰ ਦੀ (ਹਿਰਦੇ ਰੂਪ) ਸੇਜਾ ਉੱਤੇ ਪਿਆਰੇ ਪ੍ਰੀਤਮ ਨਾਲ਼ ਭੋਗ-ਬਿਲਾਸ ਮਾਣਨ ਨਾਲ਼ ਤੇਰਾ ਮਨੁੱਖਾ ਜੀਵਨ ਧੰਨਤਾਯੋਗ ਹੋ ਜਾਣਾ ਹੈ ਕਿਉਂਕਿ ਤੂੰ ਪਿਆਰੇ ਪ੍ਰੀਤਮ ਦੀ ਪਿਆਰੀ ਇਸਤਰੀ ਬਣ ਜਾਣਾ ਹੈ।

ਨੋਟ : ਇਸ ਅੰਤਮ ਪਦੇ ’ਚ ‘ਅਭੀਚ’ ਨੂੰ ‘ਸੁਭ ਲਗਨ’ ਕਿਹਾ ਹੈ, ਇਸ ਲਈ ਸਪਸ਼ਟ ਹੋ ਗਿਆ ਕਿ ਉਕਤ (ਅਉਸਰ ਅਭੀਚ ਬਹੁਨਾਇਕ ਕੀ ਨਾਇਕਾ ਹੁਇ) ਵਾਕ ’ਚ ਭੀ ਇਸ ਦਾ ਅਰਥ ਕੋਈ ਨਛੱਤਰ ਨਹੀਂ ਬਲਕਿ ਮੌਕਾ ਹੈ, ਸਮਾਂ ਹੈ; ਜੋ ਕੀਮਤੀ ਮਨੁੱਖਾ ਜਨਮ ਵਜੋਂ ਮਿਲਿਆ ਹੋਇਆ ਹੈ।

ਸੋ ਗੁਰੂ ਨਾਨਕ ਸਾਹਿਬ ਜੀ ਦਾ ਜਨਮ; ‘੧ ਵਿਸਾਖ’ ਦੀ ਥਾਂ ‘ਕੱਤਕ ਦੀ ਪੂਰਨਮਾਸ਼ੀ’ ਮੰਨਣਾ, ਨਿਰੀ ਮਨ ਦੀ ਕਠੋਰਤਾ ਅਤੇ ਅਗਿਆਨਤਾ ਹੈ, ਜੋ ਸਿੱਖਾਂ ਦੁਆਰਾ ਕੀਤੀ ਗਈ ਹਰ ਨਵੀਂ ਖੋਜ ਦਾ ਵਿਰੋਧ ਕਰਦੀ ਹੈ।

ਬੰਦੀਛੋੜ ਦਿਵਸ ਬਨਾਮ ਦੀਵਾਲੀ

0

ਬੰਦੀਛੋੜ ਦਿਵਸ ਬਨਾਮ ਦੀਵਾਲੀ

(ਲੇਖਕ ਕਿਰਪਾਲ ਸਿੰਘ ਦੀ ਪੁਸਤਕ ਨਾਨਕਸ਼ਾਹੀ ਕੈਲੰਡਰ ਬਨਾਮ ਬਿਕ੍ਰਮੀ ਕੈਲੰਡਰ’ ’ਚੋ)

ਸਿੱਖ ਇਤਿਹਾਸ ਦੀਆਂ ਇਤਿਹਾਸਕ ਤਾਰੀਖ਼ਾਂ ਲੱਭਣ ਲਈ ਸਿਰਫ਼ ਦੋ ਹੀ ਮੁੱਢਲੇ ਸੋਮੇ ਹਨ : (1). ਸਮਕਾਲੀ ਮੁਗ਼ਲ ਇਤਿਹਾਸ (2). ਭੱਟ ਵਹੀਆਂ। ਇਨ੍ਹਾਂ ਦੋਵਾਂ ਹੀ ਸੋਮਿਆਂ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾ ਹੋਣ ਉਪਰੰਤ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚਣ ਦੀ ਕੋਈ ਵੀ ਪ੍ਰਮਾਣਿਕ ਤਾਰੀਖ਼ ਨਹੀਂ ਮਿਲਦੀ। ਇਸ ਦੇ ਬਾਵਜੂਦ ਸਿੱਖ ਕੌਮ ਦੇ ਆਗੂ ਅਤੇ ਕਈ ਸਿੱਖ ਪ੍ਰਚਾਰਕ; ਬੰਦੀਛੋੜ ਦਿਵਸ ਨੂੰ ਦੀਵਾਲੀ ਨਾਲ਼ ਜੋੜ ਕੇ ਝੂਠ ਬੋਲਦੇ ਆ ਰਹੇ ਹਨ ਕਿ ਛੇਵੇਂ ਪਾਤਿਸ਼ਾਹ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾਅ ਕਰਵਾ ਕੇ ਦੀਵਾਲੀ ਵਾਲੇ ਦਿਨ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚੇ ਸਨ; ਜਿਸ ਦੀ ਖੁਸ਼ੀ ’ਚ ਬੰਦੀਛੋੜ ਦਿਵਸ ਮਨਾਇਆ ਜਾਂਦਾ ਹੈ।

ਕੇਵਲ ਦੋ ਭੱਟ ਵਹੀਆਂ ਹਨ, ਜਿਨ੍ਹਾਂ ’ਚੋਂ ਇੱਕ ਵਿੱਚ ਗੁਰੂ ਸਾਹਿਬਾਨ ਜੀ ਦੀ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾਈ ਦੀ ਤਾਰੀਖ਼ ਹੈ ਅਤੇ ਦੂਜੀ ਵਿੱਚ ਦਰਬਾਰ ਸਾਹਿਬ ਵਿਖੇ ਪਹੁੰਚਣ ਦੀ ਤਾਰੀਖ਼ ਦਿੱਤੀ ਹੋਈ ਹੈ। ਬਹੁਤੇ ਇਤਿਹਾਸਕਾਰਾਂ ਨੇ ਇਨ੍ਹਾਂ ਦੋਵੇਂ ਭੱਟ ਵਹੀਆਂ ਦੇ ਹਵਾਲਿਆਂ ਨਾਲ ਹੀ ਤਾਰੀਖ਼ਾਂ ਲਿਖੀਆਂ ਹਨ। ਸੋ ਆਓ, ਇਨ੍ਹਾਂ ਦੋਵੇਂ ਭੱਟ ਵਹੀਆਂ ਵਿੱਚ ਦਰਜ ਤਾਰੀਖ਼ਾਂ ਦਾ ਤੁਜ਼ਕ-ਏ-ਜਹਾਂਗੀਰੀ ਵਿੱਚ ਦਰਜ ਤਾਰੀਖ਼ਾਂ ਅਤੇ ਹੋਰ ਇਤਿਹਾਸਕਾਰਾਂ ਦੀਆਂ ਤਾਰੀਖ਼ਾਂ ਨਾਲ ਮਿਲਾਣ ਕਰ ਕੇ ਵੇਖੀਏ।

ਗੁਰੂ ਕੀਆਂ ਸਾਖੀਆਂ ਭਾਈ ਸ੍ਵਰੂਪ ਸਿੰਘ ਕੌਸ਼ਿਸ਼ ਸੰਪਾਦਨਾ ਪ੍ਰੋ: ਪਿਆਰਾ ਸਿੰਘ ਪਦਮ (ਪ੍ਰਕਾਸ਼ਕ ਸਿੰਘ ਬ੍ਰਦਰਜ਼-1991 ਸੀ. ਈ.) ’ਚ ਇੰਦਰਾਜ ਇਸ ਤਰ੍ਹਾਂ ਹੈ :-

ਗੁਰੂ ਹਰਿਗੋਬਿੰਦ ਜੀ ਮਹਲ ਛਟਾ ਬੇਟਾ ਗੁਰੂ ਅਰਜਨ ਜੀ ਕਾ, ਸੋਢੀ ਖੱਤ੍ਰੀ ਚੱਕ ਗੁਰੂ ਕਾ ਪਰਗਣਾ ਨਿਝਰਆਲਾ, ਸੰਮਤ ਸੋਲਾਂ ਸੈ ਛਿਹਤ੍ਰਾ ਕੱਤਕ ਮਾਸੇ ਕ੍ਰਿਸ਼ਨਾ ਪੱਖੇ ਚੌਦਸ ਕੇ ਦਿਹੁੰ ਗੁਰੂ ਜੀ ਬਾਵਨ ਰਾਜਯੋਂ ਕੇ ਗੈਲ ਗੜ੍ਹ ਗੁਆਲੀਅਰ ਸੇ ਬੰਧਨ ਮੁਕਤ ਹੂਏ ਨਾਇਕ ਹਰੀਰਾਮ ਦਰੋਗਾ ਨੇ ਬੰਦੀ ਛੋੜ ਗੁਰੂ ਹਰਿਗੋਬਿੰਦ ਜੀ ਕੇ ਬੰਧਨਮੁਕਤ ਹੋਨੇ ਕੀ ਖੁਸ਼ੀ ਮੇਂ ਦੀਪਮਾਲਾ ਕੀ (ਭੱਟ ਵਹੀ ਜਾਦੋਬੰਸੀਆਂ ਬੜਤੀਆਂ ਕੀ)

ਨੋਟ : ਉਕਤ ਕੱਤਕ ਵਦੀ ੧੪, ਸੰਮਤ ੧੬੭੬ ਨੂੰ ਕੈਲੰਡਰ ਦੀਆਂ ਦੂਸਰੀਆਂ ਪੱਧਤੀਆਂ ਵਿੱਚ ਤਬਦੀਲ ਕਰਨ ’ਤੇ ੨੬ ਕੱਤਕ ਸੰਮਤ ੧੬੭੬, ਦਿਨ ਐਤਵਾਰ; 26 ਅਕਤੂਬਰ 1619 ਈ: ਜੂਲੀਅਨ ਬਣਦਾ ਹੈ। ਹੇਠਲੇ ਕੁਝ ਕਾਰਨਾਂ ਕਰਕੇ ਭੱਟ ਵਹੀ ਦੀ ਇਹ ਤਾਰੀਖ਼ ਸੰਦੇਹ ਪੈਦਾ ਕਰਦੀ ਹੈ :

(1). ਹਿੰਦੂ ਸ਼ਾਸਤਰਾਂ ਮੁਤਾਬਕ ਦੀਵਾਲੀ; ਕਦੇ ਕੱਤਕ ਵਦੀ ੧੪ ਨੂੰ ਹੁੰਦੀ ਹੈ ਤੇ ਕਦੇ ਕੱਤਕ ਦੀ ਮੱਸਿਆ ਨੂੰ। ਸੰਮਤ ੧੬੭੬ (1619 ਈ:) ’ਚ ਕੱਤਕ ਵਦੀ ੧੪ ਨੂੰ ਹੀ ਦੀਵਾਲੀ ਸੀ। ਜੇ ਰਿਹਾਈ ਦੀਵਾਲੀ ਵਾਲੇ ਦਿਨ ਹੋਈ ਹੁੰਦੀ ਤਾਂ ਭੱਟ ਲੇਖਕ ਨੇ ਦੀਵਾਲੀ ਦਾ ਜ਼ਿਕਰ ਜ਼ਰੂਰ ਕੀਤਾ ਹੁੰਦਾ ਕਿਉਂਕਿ ਦੀਵਾਲੀ ਭਾਰਤ ਦਾ ਇੱਕ ਖ਼ਾਸ ਤੇ ਪ੍ਰਸਿੱਧ ਤਿਉਹਾਰ ਹੈ, ਜਿਸ ਤੋਂ ਹਰ ਕੋਈ ਵਾਕਫ਼ ਹੈ। ਉਂਝ ਕੱਤਕ ਵਦੀ ੧੪ ਨੂੰ ਭਾਵੇਂ ਕੋਈ ਨਾ ਵੀ ਜਾਣਦਾ ਹੋਵੇ।

(2). ਭੱਟ ਵਹੀ ਅਨੁਸਾਰ ‘ਨਾਇਕ ਹਰੀਰਾਮ ਦਰੋਗਾ ਨੇ ਗੁਰੂ ਸਾਹਿਬ ਦੀ ਰਿਹਾਈ ਉਪਰੰਤ ਆਪਣੀ ਹਵੇਲੀ ਪਹੁੰਚਣ ’ਤੇ ਖ਼ੁਸ਼ੀ ’ਚ ਦੀਪਮਾਲਾ ਕੀਤੀ।’ ਹੁਣ ਜਦ ਕੱਤਕ ਵਦੀ ੧੪ ਨੂੰ ਹੈ ਹੀ ਦੀਵਾਲੀ ਤਾਂ ਗਵਾਲੀਅਰ ਸਮੇਤ ਪੂਰੇ ਭਾਰਤ ’ਚ ਦੀਪਮਾਲਾ ਕੀਤੀ ਗਈ ਹੋਵੇਗੀ ਕਿਉਂਕਿ ਦੀਵਾਲੀ ਵਾਲੇ ਦਿਨ ਤਾਂ ਵੈਸੇ ਹੀ ਸਾਰੇ ਲੋਕ ਦੀਪਮਾਲਾ ਕਰਦੇ ਹਨ, ਪਰ ਇੱਥੇ ਕੇਵਲ ਹਰੀਰਾਮ ਦਰੋਗਾ ਹੀ ਦੀਪਮਾਲਾ ਕਰਦਾ ਹੈ। ਇਸ ਤੋਂ ਸਿੱਟਾ ਇਹੀ ਨਿਕਦਾ ਹੈ ਕਿ ਗੁਰੂ ਜੀ ਦੇ ਬੰਧਨ ਮੁਕਤ ਹੋਣ ਵਾਲੇ ਦਿਨ ਕੱਤਕ ਵਦੀ ੧੪ ਨਹੀਂ ਹੋਵੇਗੀ ਭਾਵ ਇਹ ਤਾਰੀਖ਼ ਗ਼ਲਤ ਹੈ ?

(3). ਹਰੀ ਰਾਮ ਦਰੋਗੇ ਦੀ ਹਵੇਲੀ ਵਾਲੀ ਥਾਂ ਅੱਜ ਕੱਲ੍ਹ ਬੰਦੀਛੋੜ ਗੁਰਦੁਆਰਾ (ਗਵਾਲੀਅਰ) ਸੁਸ਼ੋਭਿਤ ਹੈ। ਇੱਥੇ ਹਰ ਸਾਲ ਅੱਸੂ ਵਦੀ ਮੱਸਿਆ ਨੂੰ ਬੰਦੀ ਛੋੜ ਦਿਨ ਦੀ ਯਾਦ ਵਿੱਚ ਜੋੜਮੇਲਾ ਹੁੰਦਾ ਹੈ। ਜੇ ਗੁਰੂ ਜੀ; ਦੀਵਾਲੀ ਵਾਲੇ ਦਿਨ ਕੱਤਕ ਵਦੀ ੧੪ ਨੂੰ ਰਿਹਾ ਹੋਏ ਹੁੰਦੇ ਤਾਂ ਕੱਤਕ ਵਦੀ ੧੪ ਦੀ ਬਜਾਏ ਗਵਾਲੀਅਰ ਵਿਖੇ ਅੱਸੂ ਵਦੀ ਮੱਸਿਆ ਨੂੰ ਬੰਦੀਛੋੜ ਦਿਵਸ ਕਿਉਂ ਮਨਾਇਆ ਜਾ ਰਿਹਾ ਹੈ ? ਇਨ੍ਹਾਂ ਕਾਰਨਾਂ ਕਰਕੇ ਭੱਟ ਵਹੀ ਦੀ ਇਹ ਤਾਰੀਖ਼ ਮੰਨਣਯੋਗ ਨਹੀਂ ਜਾਪਦੀ।

ਵੱਖ ਵੱਖ ਇਤਿਹਾਸਕਾਰਾਂ ਨੇ ਜੋ ਤਾਰੀਖ਼ਾਂ ਦਿੱਤੀਆਂ ਹਨ, ਉਹ ਵੀ ਬਿਨਾਂ ਕਿਸੇ ਜਾਚ-ਪੜਤਾਲ ਤੋਂ ਹੀ ਲਿਖੀਆਂ ਹਨ। ਆਓ, ਹੁਣ ਉਨ੍ਹਾਂ ਦੀ ਪੁਣ-ਛਾਣ ਕਰੀਏ :

(1) ਅੰਮ੍ਰਿਤਸਰ ਦੀ ਤਵਾਰੀਖ਼ ਨਾਮੀ ਡਾਇਰੀ ਵਿੱਚ ਐਡਵੋਕੇਟ ਸਤਨਾਮ ਸਿੰਘ ਖ਼ਾਲਸਾ ਗੁਰੂ ਮਹਾਰਾਜ ਦੀ ਰਿਹਾਈ ਸੰਨ 1612 ਨੂੰ ਮੰਨਦਾ ਹੈ।

(2) ਵਿਦਵਾਨ ਲੇਖਕ ਪਿਆਰਾ ਸਿੰਘ ਪਦਮ ‘ਸੰਖੇਪ ਸਿੱਖ ਇਤਿਹਾਸ’ ਵਿੱਚ ਪੰਨਾ 38, 39 ’ਤੇ ਦੁਬਿਸਤਾਨਿ ਮਜ਼ਾਹਬ ਦੇ ਕਰਤਾ ਮੁਹੱਸਨ ਫ਼ਾਨੀ ਦੇ ਹਵਾਲੇ ਨਾਲ ਲਿਖਦੇ ਹਨ ਕਿ ਗੁਰੂ ਸਾਹਿਬ ਨੂੰ 12 ਵਰ੍ਹੇ ਕੈਦ ’ਚ ਰੱਖਿਆ ਗਿਆ ਅਤੇ 1619 ਈ: ਵਿੱਚ ਗੁਰੂ ਜੀ ਦੀ ਰਿਹਾਈ ਹੋਈ।

(3) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਮੁਖੀ ਵਿੱਚ ਛਪੇ ਸਿੱਖ ਇਤਿਹਾਸ ਭਾਗ ੧ ਵਿੱਚ ਪ੍ਰੋ. ਕਰਤਾਰ ਸਿੰਘ ਐਮ. ਏ. ਲਿਖਦੇ ਹਨ ਕਿ ਗੁਰੂ ਸਾਹਿਬ 1614 ਈ: ਵਿੱਚ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾ ਹੋਏ ਹਨ। ਸ਼੍ਰੋਮਣੀ ਕਮੇਟੀ ਆਪਣੀਆਂ ਧਾਰਮਿਕ ਪੋਥੀਆਂ ਵਿੱਚ ਵੀ ਛੇਵੀਂ ਪਾਤਿਸ਼ਾਹੀ ਜੀ ਦੀ ਗਵਾਲੀਅਰ ਕਿਲ੍ਹੇ ਤੋਂ ਰਿਹਾਈ ਦਾ ਕੇਵਲ ਸਾਲ 1614 ਈ: ਲਿਖਦੀ ਹੈ। ਉਕਤ ਤਿੰਨਾਂ ਲੇਖਕਾਂ ਨੇ ਵੀ ਦਿਵਾਲੀ ਦਾ ਕੋਈ ਜ਼ਿਕਰ ਨਹੀਂ ਕੀਤਾ ਅਤੇ ਨਾ ਹੀ ‘ਸੰਨ’ ਤੋਂ ਇਲਾਵਾ ਕੋਈ ਮਿਤੀ ਦਿੱਤੀ ਹੈ।

(4) ਸ੍ਰੋਮਣੀ ਕਮੇਟੀ ਵੱਲੋਂ ਡਾ: ਕਿਰਪਾਲ ਸਿੰਘ ਅਤੇ ਡਾ. ਖੜਕ ਸਿੰਘ ਤੋਂ ਲਿਖਵਾਈ ਗਈ ‘ਸਿੱਖ ਹਿਸਟਰੀ’ ਦੇ ਪੰਨਾ 175 ’ਤੇ ਗੁਰੂ ਸਾਹਿਬਾਨ ਦੀ ਰਿਹਾਈ 28 ਨਵੰਬਰ 1619 ਲਿਖੀ ਹੈ ਅਤੇ ਨਾਲ ਇਹ ਵੀ ਲਿਖਦੇ ਹਨ ਕਿ ਸ਼ਾਇਦ ਰਿਹਾਈ 30 ਦਸੰਬਰ 1619 ਨੂੰ ਹੋਈ ਹੋਵੇ। [ਇਨ੍ਹਾਂ ਦੋਵੇਂ ਦਿਨਾਂ ’ਚ ਵੀ ਦੀਵਾਲੀ ਨਹੀਂ ਕਿਉਂਕਿ ਸੰਨ 1619 ’ਚ ਭੀ ਦੀਵਾਲੀ 26 ਅਕਤੂਬਰ ਨੂੰ ਸੀ]।

(5) ਸ਼੍ਰੋਮਣੀ ਕਮੇਟੀ ਦੀ ਹੀ ਹਿਸਟਰੀ ਆਫ਼ ਦਾ ਸਿੱਖਸ ਵਿਚ ਛੇਵੀਂ ਪਾਤਿਸ਼ਾਹੀ ਦਾ ਅੰਮ੍ਰਿਤਸਰ ਵਿਖੇ ਵਾਪਸ ਪਹੁੰਚਣ ਦੀ ਤਾਰੀਖ਼ 28 ਜਨਵਰੀ 1620 ਦਿੱਤੀ ਹੈ [ਨੋਟ : ਇਹ 28 ਜਨਵਰੀ 1620 ਦਾ ਦਿਨ; ਮੌਜੂਦਾ ਸਮੇਂ ਪ੍ਰਚਲਿਤ ਦ੍ਰਿਕ ਗਣਿਤ ਸਿਧਾਂਤ ਮੁਤਾਬਕ ੧ ਫੱਗਣ ਸੰਮਤ ੧੬੭੬ ਦਿਨ ਸ਼ੁੱਕਰਵਾਰ ਨੂੰ ਹੈ ਜਦਕਿ ਗੁਰੂ ਕਾਲ ਸਮੇਂ ਪ੍ਰਚਲਿਤ ਸੂਰਜੀ ਸਿਧਾਂਤ ਅਨੁਸਾਰ ੨ ਫੱਗਣ ਸੰਮਤ ੧੬੭੬ ਦਿਨ ਸ਼ੁੱਕਰਵਾਰ ਨੂੰ ਹੈ]। ਲੇਖਕ ਨੇ ਇਸ 28 ਜਨਵਰੀ 1620 ਦਾ ਵੀ ਕੋਈ ਸਰੋਤ ਨਹੀਂ ਦਿੱਤਾ ਅਤੇ ਨਾ ਹੀ ਇਸ ਤਾਰੀਖ਼ ਨੂੰ ਦੀਵਾਲੀ ਸੰਭਵ ਹੈ। [ਹੋ ਸਕਦਾ ਹੈ ਕਿ ਲੇਖਕ ਨੇ ਕਿਸੇ ਸੋਮੇ ਫੱਗਣ ਸੰਮਤ ੧੬੭੬ ਵੇਖਿਆ ਹੋਵੇ ਪਰ ਈਸਵੀ ਕੈਲੰਡਰ ਦੀਆਂ ਤਾਰੀਖ਼ਾਂ ਤਬਦੀਲ ਕਰਦੇ ਸਮੇਂ ਉਹ ਗੁਰੂ ਕਾਲ ਦੌਰਾਨ ਪ੍ਰਚਲਿਤ ਸੂਰਯ ਸਿਧਾਂਤ ਦੀ ਬਜਾਏ ਨਵੀਨ ਸਿਧਾਂਤ ਦ੍ਰਿਕ ਗਣਿਤ ਦੀ ਫੱਗਣ ਸਮਝ ਕੇ 28 ਜਨਵਰੀ 1620 ਲਿਖ ਬੈਠੇ ਹੋਣ ਜਦੋਂ ਕਿ ਉਸ ਸਮੇਂ ਪ੍ਰਚਲਿਤ ਕੈਲੰਡਰ ਦੀ ਫੱਗਣ ੧੬੭੬ (ਸੂਰਜੀ ਸਿਧਾਂਤ) ਨੂੰ 27 ਜਨਵਰੀ 1620 ਜੂਲੀਅਨ ਬਣਦਾ ਹੈ]

(6) ‘ਗੁਰ ਬਿਲਾਸ ਪਾਤਿਸ਼ਾਹੀ ਛੇਵੀਂ’ ਵਿਚ ਵੀ ਇਹ ਲਿਖਿਆ ਨਹੀਂ ਮਿਲਦਾ ਕਿ ਗੁਰੂ ਜੀ ਦੀਵਾਲੀ ਵਾਲੇ ਦਿਨ ਅੰਮ੍ਰਿਤਸਰ ਪਹੁੰਚੇ ਸਨ। ਇਹ ਵੀ ਦਰਜ ਨਹੀਂ ਕਿ ਗੁਰੂ ਜੀ ਦੀ ਰਿਹਾਈ ਸਮੇਂ ਜਾਂ ਅੰਮ੍ਰਿਤਸਰ ਪਹੁੰਚਣ ’ਤੇ ਕੋਈ ਦੀਪਮਾਲਾ ਕੀਤੀ ਗਈ ਹੋਵੇ।

ਨੋਟ : ਵੱਖ ਵੱਖ ਪੁਸਤਕਾਂ ਦੇ ਉਕਤ ਹਵਾਲੇ ‘ਸਿੱਖ ਸਭਿਅਤਾ ਦੇ ਮੂਲ ਆਧਾਰ’ ਲੇਖਕ ਸ: ਅਤਿੰਦਰਪਾਲ ਸਿੰਘ ਸਾਬਕਾ M.P. ਦੀ ਪੁਸਤਕ ਵਿੱਚੋਂ ਲਏ ਗਏ ਹਨ।

(7) ਡਾ: ਇੰਦੂ ਭੂਸ਼ਨ ਬੈਨਰਜੀ ਅਨੁਸਾਰ ਗੁਰੂ ਸਾਹਿਬਾਨ ਨੂੰ 1607 ਈ: ਵਿੱਚ ਗ੍ਰਿਫ਼ਤਾਰ ਕੀਤਾ ਗਿਆ ਅਤੇ 1612 ਵਿੱਚ ਰਿਹਾਅ ਹੋਏ, ਪਰ ਉਨ੍ਹਾਂ ਨੇ ਵੀ ਕੋਈ ਮਹੀਨਾ ਜਾਂ ਤਾਰੀਖ਼ ਨਹੀਂ ਦਿੱਤੀ।

(8) ਗੁਰੂ ਕੀਆਂ ਸਾਖੀਆਂ ਵਿੱਚੋਂ ਭੱਟ ਵਹੀ ਜਾਦੋਬੰਸੀਆਂ ਬੜਤੀਆਂ ਕੀ ਦੇ ਹਾਵਾਲੇ ਨਾਲ ਡਾ. ਹਰਜਿੰਦਰ ਸਿੰਘ ਦਿਲਗੀਰ; ਆਪਣੀ ਪੁਸਤਕ ਦੇ ਪੰਨਾ 230 ’ਤੇ ਗੁਰੂ ਸਾਹਿਬਾਨ ਦੀ ਰਿਹਾਈ ਦਾ ਸਮਾਂ 26 ਅਕਤੂਬਰ 1619 ਲਿਖਦੇ ਹਨ; ਇਸ ਵਿਦਵਾਨ ਲੇਖਕ ਨੇ ਵੀ ਦੀਵਾਲੀ ਵਾਲੇ ਦਿਨ ਦਾ ਕੋਈ ਜ਼ਿਕਰ ਨਹੀਂ ਕੀਤਾ।

(9) ਡਾ. ਦਿਲਗੀਰ; ਆਪਣੀ ਪੁਸਤਕ ‘ਸਿੱਖ ਤਵਾਰੀਖ਼’ ਦੇ ਪੰਨਾ 231 ’ਤੇ ਲਿਖਦੇ ਹਨ: ‘ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਜਹਾਂਗੀਰ ਨਾਲ ਇੱਕ ਮੁਲਾਕਾਤ ਗੋਇੰਦਵਾਲ ਵਿਖੇ 27 ਜਨਵਰੀ 1620 ਨੂੰ ਹੋਈ। ਦੂਸਰੀ ਮੁਲਾਕਾਤ 8 ਫ਼ਰਵਰੀ 1620 ਨੂੰ ਕਲਾਨੌਰ ਵਿਖੇ ਹੋਈ। ਇੱਥੋਂ ਜਹਾਂਗੀਰ ਅਤੇ ਗੁਰੂ ਸਾਹਿਬਾਨ ਨੇ ਇਕੱਠਿਆਂ ਸਾਈਂ ਮੀਆਂ ਮੀਰ ਨਾਲ 16 ਫ਼ਰਵਰੀ ਨੂੰ ਲਾਹੌਰ ’ਚ ਮੁਲਾਕਾਤ ਕੀਤੀ। 1620 ਦੀਆਂ ਗਰਮੀਆਂ ਵਿੱਚ ਜਹਾਂਗੀਰ ਅਤੇ ਗੁਰੂ ਸਾਹਿਬਾਨ ਇਕੱਠੇ ਕਸ਼ਮੀਰ ਦੇ ਦੌਰੇ ’ਤੇ ਗਏ। ਇਸ ਤੋਂ ਪਿੱਛੋਂ ਗੁਰੂ ਜੀ; ਜਹਾਂਗੀਰ ਤੋਂ ਵੱਖਰੇ ਹੋ ਕੇ ਧਰਮ ਪ੍ਰਚਾਰ ਲਈ ਨਿਕਲ ਗਏ। ਕਸ਼ਮੀਰ ਤੋਂ ਵਾਪਸੀ ਸਮੇਂ ਗੁਰੂ ਜੀ 28 ਦਸੰਬਰ 1620 ਦੇ ਦਿਨ ਗੁਰੂ ਦਾ ਚੱਕ (ਅੰਮ੍ਰਿਤਸਰ) ਵੀ ਆਏ। ਰਿਹਾਈ ਤੋਂ ਮਗਰੋਂ ਗੁਰੂ ਜੀ ਦਾ ਅੰਮ੍ਰਿਤਸਰ ਵਿਖੇ ਇਹ ਪਹਿਲਾ ਦੌਰਾ ਸੀ। [ਸੰਨ 1620 ਵਿੱਚ 15 ਅਕਤੂਬਰ ਨੂੰ ਦੀਵਾਲੀ ਸੀ; ਇਸ ਤੋਂ ਸਾਫ਼ ਪਤਾ ਲਗਦਾ ਹੈ ਕਿ ਇਸ ਦਿਨ ਵੀ ਹਿੰਦੂਆਂ ਦੀ ਦੀਵਾਲੀ ਦਾ ਤਿਉਹਾਰ ਨਹੀਂ ਸੀ]।’

ਅੰਮ੍ਰਿਤਸਰ ਵਿਖੇ ਪਹੁੰਚਣ ਦੀ ਪ੍ਰੋੜ੍ਹਤਾ ਵਜੋਂ ਡਾ: ਦਿਲਗੀਰ ਵੱਲੋਂ ਦਿੱਤਾ ਭੱਟ ਵਹੀ ਤਲਾਉਂਡਾ, ਪਰਗਣਾ ਜੀਂਦ ਦਾ ਹਵਾਲਾ ਇੰਝ ਹੈ : ਗੁਰੂ ਹਰਿਗੋਬਿੰਦ ਜੀ ਮਹਲ ਛਟਾ ਬੇਟਾ ਗੁਰੂ ਅਰਜਨ ਜੀ ਕਾ ਸੰਮਤ ਸੋਲਾ ਸੈ ਸਤੱਤ੍ਰਾ ਮਾਘ ਪ੍ਰਵਿਸ਼ਟੇ ਪਹਿਲੀ ਕੇ ਦਿਹੁੰ ਹੇਹਰ ਨਗਰੀ ਸੇ ਚਲ ਕਰ ਗਾਮ ਗੁਰੂ ਕੇ ਚੱਕ ਆਏਗੁਰੂ ਜੀ ਕੇ ਆਨੇ ਕੀ ਖੁਸ਼ੀ ਮੇਂ ਦੀਪਮਾਲਾ ਕੀ ਗਈ. [੧ ਮਾਘ ਸੰਮਤ ੧੬੭੭ ਨੂੰ ਤਬਦੀਲ ਕਰਕੇ ਬਣਦਾ ਹੈ ਪੋਹ ਸੁਦੀ ੧੪ ਸੰਮਤ ੧੬੭੭/28 ਦਸੰਬਰ 1620 ਜੂਲੀਅਨ]

ਡਾ: ਦਿਲਗੀਰ ਵੱਲੋਂ ਦਿੱਤੀਆਂ ਉਕਤ ਤਾਰੀਖ਼ਾਂ ਅਤੇ ਸਥਾਨ ਹੇਠਲੇ ਕੁਝ ਕਾਰਨਾਂ ਕਰਕੇ ਸੰਦੇਹ ਪੈਦਾ ਕਰਦੇ ਹਨ :

(੧). ਡਾ: ਦਿਲਗੀਰ, ਜੋ ਹਮੇਸ਼ਾਂ ਭੱਟ ਵਹੀਆਂ ਦੇ ਹਵਾਲੇ ਨਾਲ ਇਤਿਹਾਸਕ ਤਾਰੀਖ਼ਾਂ ਦਰਜ ਕਰਦੇ ਹਨ, ਪਰ ਗੋਇੰਦਵਾਲ, ਕਲਾਨੌਰ ਅਤੇ ਲਾਹੌਰ ਵਿਖੇ ਜਹਾਂਗੀਰ ਨਾਲ ਹੋਈਆਂ ਮੁਲਾਕਾਤਾਂ ਅਤੇ ਕਸ਼ਮੀਰ ’ਚ ਗੁਰੂ ਸਾਹਿਬ ਨਾਲ ਇਕੱਠੇ ਜਾਣ ਦੀ ਪ੍ਰੋੜ੍ਹਤਾ ਲਈ ਉਨ੍ਹਾਂ ਨੇ ਕੋਈ ਹਵਾਲਾ ਨਹੀਂ ਦਿੱਤਾ ਜਦੋਂ ਕਿ ਸ. ਪਾਲ ਸਿੰਘ ਪੁਰੇਵਾਲ ਵੱਲੋਂ ਅੰਗਰੇਜ਼ੀ ’ਚ ਲਿਖੇ ਲੇਖ ‘Bandi Chhod Date’ ਵਿੱਚ ਦਿੱਤੇ ਤੁਜ਼ਕ-ਏ-ਜਹਾਂਗੀਰੀ ਦੇ ਇੰਦਰਾਜ ਡਾ: ਦਿਲਗੀਰ ਵੱਲੋਂ ਦਿੱਤੀਆਂ ਤਾਰੀਖ਼ਾਂ ਦੇ ਉਲ਼ਟ ਹਨ।

  ‘English Translation of Jahangir’s Memoirs’ [ਤੁਜ਼ਕ-ਏ-ਜਹਾਂਗੀਰੀ] by Alexander Rogers and Henry Beveridge ਵਿੱਚ ਦਿੱਤੀਆਂ ਕੁਝ ਚੋਣਵੀਆਂ ਤਾਰੀਖ਼ਾਂ ਦਾ ਪੰਜਾਬੀ ਤਰਜਮਾ ਇਉਂ ਹੈ :

2 ਬਾਹਮਨ (ਇਰਾਨੀ ਸੂਰਜੀ ਕੈਲੰਡਰ ਦੇ ਮਹੀਨੇ ਬਾਹਮਨ ਦੀ 2 ਤਾਰੀਖ਼/ਬੁੱਧਵਾਰ, 12 ਜਨਵਰੀ 1620 ਈ: ਜੂਲੀਅਨ) : ਆਪਣੇ ਪਿਤਾ ਅਕਬਰ ਵੱਲੋਂ ਤਖ਼ਤ ’ਤੇ ਬੈਠਣ ਵਾਲੇ ਸਥਾਨ ਕਲਾਨੌਰ ਦੇ ਬਾਗ਼ ਵਿੱਚ ਠਹਿਰੇ।

3 ਬਾਹਮਨ; (ਵੀਰਵਾਰ 13 ਜਨਵਰੀ 1620 ਈ: ਜੂਲੀਅਨ) ਨੂੰ ਕਲਾਨੌਰ।

10 ਬਾਹਮਨ; (ਵੀਰਵਾਰ 20 ਜਨਵਰੀ 1620 ਈ: ਜੂਲੀਅਨ) ਨੂੰ ਸ਼ਾਹਜਹਾਨ ਲਾਹੌਰ ਤੋਂ ਵਾਪਸ ਕਲਾਨੌਰ ਆਇਆ ਕਿਉਂਕਿ ਉਸ ਦਾ ਪਿਤਾ ਜਹਾਂਗੀਰ ਹਾਲੀ ਕਲਾਨੌਰ ਵਿਖੇ ਹੀ ਸੀ।

ਤੁਜ਼ਕ-ਏ-ਜਹਾਂਗੀਰੀ ਵਿੱਚ ਜਹਾਂਗੀਰ ਲਿਖ ਰਹੇ ਹਨ: ‘As it was reported to me that in Lahore one Miyan Sheikh Muhammad Mir [Sain Miyan Mir] by name, who was a Darvish [Darvesh], a Sindi [Sindhi] by origin, very eloquent, virtuous, austere, of auspicious temperament, a lord of ecstasy, had seated himself in the corner of reliance upon God and retirement, and was rich in his poverty and independent of the world, my truth-seeking mind was not at rest without meeting him, and my desire to see him increased. As it was impossible to go to Lahore, I wrote a note to him, and explained to him the desire of my heart, and that saint, not withstanding his great age and weakness took the trouble to come. I sate [sat] with him for a long time alone, and enjoyed a thorough interview with him. Truly he is a noble personage and in this Age he is a great gain and a delightful exence. This supplicant for Grace was taken out of himself by companionship with him and heard from him sublime words of truth and religious knowledge. Although I desired to make him some gift, I found that his spirit was too high for this, and so did not express my wish. I left him the skin of a white antelope to pray upon, and he immediately bade me farewell and went back to Lahore.’

ਇਸ ਪੈਰੇ ਦਾ ਭਾਵ ਅਰਥ ਸਮਝਣ ਪਿੱਛੋਂ ਸਪਸ਼ਟ ਹੁੰਦਾ ਹੈ ਕਿ ਜਹਾਂਗੀਰ ਸਾਂਈ ਮੀਆਂਮੀਰ ਨੂੰ ਮਿਲਣ ਵਾਸਤੇ ਲਾਹੌਰ ਨਹੀਂ ਗਿਆ ਕਿਉਂਕਿ ਉਸ ਦੇ ਆਪਣੇ ਪਹਿਲਾਂ ਦੇ ਉਲੀਕੇ ਪ੍ਰੋਗਰਾਮ ਅਨੁਸਾਰ ਰੁਝੇਵੇਂ ਹੀ ਇੰਨੇ ਸਨ ਕਿ ਉਹ ਲਾਹੌਰ ਜਾਣ ਤੋਂ ਅਸਮਰਥ ਸੀ। ਇਸ ਲਈ ਉਸ ਨੇ ਸਾਂਈ ਮੀਆਂਮੀਰ ਨੂੰ ਚਿੱਠੀ ਲਿਖ ਕੇ ਮਿਲਣ ਦੀ ਆਪਣੀ ਇੱਛਾ ਦੱਸੀ। ਜਹਾਂਗੀਰ ਲਿਖਦਾ ਹੈ ਕਿ ਆਪਣੀ ਵੱਡੇਰੀ ਉਮਰ ਅਤੇ ਕਮਜੋਰੀ ਦੇ ਬਾਵਜੂਦ ਉਸ ਪਵਿੱਤਰ ਆਤਮਾ ਵਾਲੇ ਮਹਾਨ ਸੰਤ (ਸਾਈਂ ਮੀਆਂਮੀਰ) ਨੇ ਮੈਨੂੰ ਮਿਲਣ ਦਾ ਕਸ਼ਟ ਸਹਾਰਿਆ। ਮੈਂ ਇਕੱਲਿਆਂ ਲੰਬਾ ਸਮਾਂ ਉਸ ਨਾਲ ਬੈਠ ਕੇ ਗੱਲ-ਬਾਤ ਕੀਤੀ ਅਤੇ ਚੰਗੀ ਤਰ੍ਹਾਂ ਇੰਟਰਵਿਉ ਦਾ ਆਨੰਦ ਮਾਣਿਆ।

ਜਹਾਂਗੀਰ ਅੱਗੇ ਲਿਖਦਾ ਹੈ ਕਿ ਮੈਂ ਉਨ੍ਹਾਂ ਨੂੰ ਕੋਈ ਤੋਹਫ਼ਾ ਦੇਣਾ ਚਾਹੁੰਦਾ ਸੀ, ਪਰ ਵੇਖਿਆ ਕਿ ਉਸ ਦੀ ਅਧਿਆਤਮਿਕ ਅਵਸਥਾ ਤੋਹਫ਼ਿਆਂ ਦੇ ਤੁਲ ਬਹੁਤ ਉੱਚੀ ਹੈ, ਇਸ ਲਈ ਮੈਂ ਆਪਣੀ ਇੱਛਾ ਪ੍ਰਗਟ ਨਹੀਂ ਕੀਤੀ। ਪ੍ਰਾਰਥਨਾ ਕਰਨ ਲਈ ਮੈਂ ਉਨ੍ਹਾਂ ਵਾਸਤੇ ਚਿੱਟੇ ਹਿਰਨ ਦੀ ਚਮੜੀ [ਮ੍ਰਿਗਸ਼ਾਲਾ] ਛੱਡ ਦਿੱਤੀ ਤੇ ਉਹ ਤੁਰੰਤ ਮੈਨੂੰ ਅਲਵਿਦਾ ਕਹਿ ਕੇ ਲਾਹੌਰ ਨੂੰ ਵਾਪਸ ਚਲੇ ਗਏ।

ਮੈਂ ਕਲਾਨੌਰ ਤੋਂ ਚੱਲ ਕੇ 2 ਫ਼ਰਵਰੀ ਨੂੰ ਦੌਲਤਾਬਾਦ [ਪਾਕਿਸਤਾਨ] ਪਹੁੰਚਿਆ ਅਤੇ ਇਸ ਤੋਂ ਅੱਗੇ ਪਰਗਨਾ ਕਰੋਹੀ, ਜੇਹਲਮ ਦਰਿਆ ਪਾਰ ਕਰਕੇ ਰੋਹਤਾਸ ਹੁੰਦਾ ਹੋਇਆ 12 ਫ਼ਰਵਰੀ ਨੂੰ ਹਸਨ ਅਬਦਾਲ [ਪੰਜਾ ਸਾਹਿਬ] ਪਹੁੰਚਿਆ। ਅੱਗੇ ਬਾਰਾਮੁੱਲਾ ਹੁੰਦਾ ਹੋਇਆ 20 ਮਾਰਚ 1620 ਨੂੰ ਡੱਲ ਝੀਲ ਸ਼੍ਰੀ ਨਗਰ [ਕਸ਼ਮੀਰ] ਵਿਖੇ ਜਾ ਤੰਬੂ ਗੱਡੇ।

ਤੁਜ਼ਕ-ਏ-ਜਹਾਂਗੀਰੀ ਦੀਆਂ ਉਕਤ ਤਾਰੀਖ਼ਾਂ ਮੁਤਾਬਕ ਜਦ ਜਹਾਂਗੀਰ ਲਾਹੌਰ ਗਿਆ ਹੀ ਨਹੀਂ ਤਾਂ ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਜਹਾਂਗੀਰ ਅਤੇ ਗੁਰੂ ਹਰਿਗੋਬਿੰਦ ਸਾਹਿਬ ਨੇ ਇਕੱਠਿਆਂ ਸਾਈਂ ਮੀਆਂਮੀਰ ਨਾਲ 16 ਫ਼ਰਵਰੀ 1620 ਨੂੰ ਲਾਹੌਰ ’ਚ ਮੁਲਾਕਾਤ ਕੀਤੀ ਹੋਵੇ ਜਿਵੇਂ ਕਿ ਡਾ: ਦਿਲਗੀਰ ਨੇ ‘ਸਿੱਖ ਤਵਾਰੀਖ਼’ ਦੇ ਪੰਨਾ 231 ’ਤੇ ਲਿਖਿਆ ਹੈ। ਹਾਂ ਇਹ ਹੋ ਸਕਦਾ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਕੱਲਿਆਂ ਹੀ ਲਾਹੌਰ ਜਾ ਕੇ ਮੀਆਂਮੀਰ ਜੀ ਨਾਲ ਮੁਲਾਕਾਤ ਕੀਤੀ ਹੋਵੇ।

ਡਾ: ਦਿਲਗੀਰ ਦਾ ਇਹ ਦਾਅਵਾ ਵੀ ਗ਼ਲਤ ਸਾਬਤ ਹੁੰਦਾ ਹੈ ਕਿ 1620 ਦੀਆਂ ਗਰਮੀਆਂ ਵਿੱਚ ਜਹਾਂਗੀਰ ਅਤੇ ਗੁਰੂ ਸਾਹਿਬਾਨ ਇਕੱਠੇ ਕਸ਼ਮੀਰ ਦੇ ਦੌਰੇ ਤੇ ਗਏ ਇਸ ਤੋਂ ਪਿੱਛੋਂ ਗੁਰੂ ਜੀ; ਜਹਾਂਗੀਰ ਤੋਂ ਵੱਖਰੇ ਹੋ ਕੇ ਧਰਮ ਪ੍ਰਚਾਰ ਲਈ ਨਿਕਲ ਗਏ ਕਸ਼ਮੀਰ ਤੋਂ ਵਾਪਸੀ ਸਮੇਂ ਗੁਰੂ ਜੀ 28 ਦਸੰਬਰ 1620 ਦੇ ਦਿਨ ਗੁਰੂ ਦਾ ਚੱਕ (ਅੰਮ੍ਰਿਤਸਰ) ਵੀ ਆਏ; ਕਿਉਂਕਿ ‘ਤੁਜ਼ਕਿ ਜਹਾਂਗੀਰੀ’ ’ਚ ਖ਼ੁਦ ਜਹਾਂਗੀਰ ਤਾਂ ਲਿਖ ਰਹੇ ਹਨ ਮੈਂ ਕਲਾਨੌਰ ਤੋਂ ਚੱਲ ਕੇ 2 ਫ਼ਰਵਰੀ ਨੂੰ ਦੌਲਤਾਬਾਦ [ਪਾਕਿਸਤਾਨ] ਪਹੁੰਚਿਆ ਅਤੇ ਇਸ ਤੋਂ ਅੱਗੇ ਪਰਗਨਾ ਕਰੋਹੀ, ਜੇਹਲਮ ਦਰਿਆ ਪਾਰ ਕਰਕੇ ਰੋਹਤਾਸ ਹੁੰਦਾ ਹੋਇਆ 12 ਫ਼ਰਵਰੀ ਨੂੰ ਹਸਨ ਅਬਦਾਲ [ਪੰਜਾ ਸਾਹਿਬ] ਪਹੁੰਚਿਆ ਅੱਗੇ ਬਾਰਾਮੁੱਲਾ ਹੁੰਦਾ ਹੋਇਆ 20 ਮਾਰਚ 1620 ਨੂੰ ਡੱਲ ਝੀਲ ਸ਼੍ਰੀ ਨਗਰ [ਕਸ਼ਮੀਰ] ਵਿਖੇ ਜਾ ਤੰਬੂ ਗੱਡੇ  ਹਰ ਕੋਈ ਜਾਣਦਾ ਹੈ ਕਿ 2 ਫ਼ਰਵਰੀ ਤੋਂ 20 ਮਾਰਚ ਤੱਕ ਤਾਂ ਪੰਜਾਬ ’ਚ ਗਰਮੀਆਂ ਦੀਆਂ ਛੁੱਟੀਆਂ ਨਹੀਂ ਹੁੰਦੀਆਂ।

(੨) ਪ੍ਰੋ. ਪਿਆਰਾ ਸਿੰਘ ਵੱਲੋਂ ਸੰਪਾਦਿਤ ਕੀਤੀ ਪੁਸਤਕ ਦੇ ਪੰਨਾ ਨੰਬਰ 30 ’ਤੇ ਲਿਖਿਆ ਹੈ ਕਿ ‘ਰਿਹਾਈ ਤੋਂ ਤੁਰੰਤ ਬਾਅਦ ਪਹਿਲੇ ਆਪਣੇ ਤਾਇਆ ਜੀ ਪ੍ਰਿਥੀ ਚੰਦ ਦੀ ਮੁਕਾਣ ਦੇਣ ਲਾਹੌਰ ਲਾਗੇ ਪਿੰਡ ਹੇਅਰਾਂ ਜਾਂਦੇ ਹਨ। ਪ੍ਰਿਥੀ ਚੰਦ ੧੨ ਵੈਸਾਖ ੧੬੭੬ ਬਿ: [8 ਅਪ੍ਰੈਲ 1619 ਈ:] ਨੂੰ ਦੇਹਾਂਤ ਪਾ ਗਿਆ ਸੀ। ਭੱਟ ਵਹੀ ‘ਮੁਲਤਾਨੀ ਸਿੰਧੀ ਖਾਤਾ ਜਲਾਨੋਂ ਕਾ’ ਵਿੱਚ ਲਿਖਿਆ ਹੈ : ਗੁਰੂ ਹਰਿਗੋਬਿੰਦ ਜੀ ਮਹਲਾ ਛਟਾ, ਤਾਊ ਗੁਰੂ ਪ੍ਰਿਥੀ ਚੰਦ ਕੀ ਮੁਕਾਣ ਦੇਣ ਗੋਇੰਦਵਾਲ ਸੇ ਗਾਮ ਹੇਅਰ ਪਰਗਣਾ ਪੱਟੀ ਗੁਰੂ ਮਿਹਰਵਾਨ ਜੀ ਕੇ ਘਰ ਆਏ ਸਾਲ ਸੋਲਾਂ ਸੈ ਸਤੱਤਰ ਪੋਖ ਪ੍ਰਵਿਸ਼ਟੇ ਅਠਾਈ ਦਿਹੁੰ ਸ਼ੁੱਕਰਵਾਰ ਕੋ [੨੮ ਪੋਹ ਸੰਮਤ ੧੬੭੭ ਵਾਲੇ ਦਿਨ ਮੰਗਲਵਾਰ; 26 ਦਸੰਬਰ 1620 ਬਣਦਾ ਹੈ। ਇਸ ਲਈ ਭੱਟ ਵਹੀ ਦੀ ੨੮ ਪੋਹ ਸੰਮਤ ੧੬੭੭ ਤਾਰੀਖ਼ ਵਿੱਚ ੨੮ ਪੋਹ ਗ਼ਲਤ ਹੈ ਜਾਂ ਫਿਰ ਦਿਨ ਸ਼ੁੱਕਰਵਾਰ ਗ਼ਲਤ ਹੈ]।

‘ਗੁਰੂ ਕੀਆਂ ਸਾਖੀਆਂ’ ਦੀ ਭੂਮਿਕਾ ਵਿੱਚ ਹੀ ਇਸ ਦੇ ਸੰਪਾਦਕ ਪ੍ਰੋ: ਪਿਆਰਾ ਸਿੰਘ ਪਦਮ ਨੇ ਸਵੀਕਾਰ ਕੀਤਾ ਹੈ ਕਿ ਅਸਲ ਭੱਟ ਵਹੀਆਂ ਮੌਜੂਦ ਨਹੀਂ, ਭੱਟ ਵਹੀਆਂ ਦੀ ਸੰਪਾਦਨਾ ਕਰਨ ਵਾਲੇ ਸ੍ਵਰੂਪ ਸਿੰਘ ਕੌਸ਼ਿਸ਼ ਦੀ ਅਸਲ ਲਿਖਤ ਵੀ ਨਹੀਂ ਮਿਲਦੀ। ਸ੍ਵਰੂਪ ਸਿੰਘ ਦੀ ਨਕਲ ਦਰ ਨਕਲ ਵੀ ਨਹੀ ਮਿਲਦੀ। ਸਾਡੇ ਪਾਸ ਸਿਰਫ਼ ਅਖ਼ੀਰ ’ਤੇ ਗਿਆਨੀ ਗਰਜਾ ਸਿੰਘ ਵੱਲੋਂ ਕੀਤੀ ਨਕਲ ਹੀ ਮੌਜੂਦ ਹੈ, ਇਸ ਲਈ ਨਕਲ ਕਰਦੇ ਸਮੇਂ ਹੋਈਆਂ ਸੁਭਾਵਕ ਗ਼ਲਤੀਆਂ ਕਾਰਨ ਮਿਲਾਵਟ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਪ੍ਰੋ: ਪਿਆਰਾ ਸਿੰਘ ਦੀ ਉਕਤ ਲਿਖਤ ਨੂੰ ਧਿਆਨ ’ਚ ਰਖਦਿਆਂ ਢੁੱਕਵੀਂ ਤਾਰੀਖ਼ (ਇੱਕ ਸਾਲ ਪਹਿਲਾਂ) ੨੮ ਪੋਹ ਸੰਮਤ ੧੬੭੬ ਬਿਕ੍ਰਮੀ ਹੋ ਸਕਦੀ ਹੈ ਕਿਉਂਕਿ ਜੇ ੨੮ ਪੋਹ ੧੬੭੭ ਮੰਨੀਏ ਤਾਂ ਰਿਹਾਈ ਤੋਂ ਤੁਰੰਤ ਬਾਅਦ ਪਿੰਡ ਹੇਅਰਾਂ ਪਹੁੰਚਣ ਵਾਲੀ ਗੱਲ ਸਹੀ ਨਹੀਂ ਬੈਠਦੀ।

(੩). ਡਾ. ਦਿਲਗੀਰ ਮੁਤਾਬਕ ਗੁਰੂ ਜੀ ਜਨਵਰੀ 1613 ਨੂੰ ਦਿੱਲੀ ’ਚ ਗ੍ਰਿਫ਼ਤਾਰ ਕੀਤੇ ਗਏ; 26 ਅਕਤੂਬਰ 1619 ਨੂੰ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾ ਹੋਏ ਅਤੇ 28 ਦਸੰਬਰ 1620 ਨੂੰ ਸਿੱਖੀ ਦੇ ਮੁੱਖ ਕੇਂਦਰ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚਦੇ ਹਨ। ਹੁਣ ਕੀ ਮੰਨੀਏ ਕਿ ਜਦ ਦਰਬਾਰ ਸਾਹਿਬ ਵਿਖੇ ਹਜ਼ਾਰਾਂ ਸੰਗਤਾਂ; ਸਤਿਗੁਰੂ ਜੀ ਨੂੰ ਪਿਛਲੇ 7-8 ਸਾਲਾਂ ਤੋਂ ਉਡੀਕ ਰਹੀਆਂ ਹੋਣ ਤਾਂ ਗੁਰੂ ਜੀ ਨੇ ਰਿਹਾ ਹੋਣ ਤੋਂ ਲੈ ਕੇ ਦਰਬਾਰ ਸਾਹਿਬ ਪਹੁੰਚਣ ਤੱਕ 14 ਮਹੀਨੇ ਲਗਾ ਦਿੱਤੇ ਅਤੇ ਉਹ ਵੀ ਤਦ; ਜਦ ਗੁਰੂ ਜੀ ਅੰਮ੍ਰਿਤਸਰ ਦੇ ਇਰਦ-ਗਿਰਦ (ਗੋਇੰਦਵਾਲ, ਕਲਾਨੌਰ, ਲਾਹੌਰ, ਆਦਿ ’ਚ) ਹੀ ਵਿਚਰਦੇ ਰਹੇ ਹੋਣ ?

(੪). ਡਾ: ਦਿਲਗੀਰ ਜੀ ਮੁਤਾਬਕ ਗੁਰੂ ਜੀ 27 ਜਨਵਰੀ 1620 ਨੂੰ ਗੋਇੰਦਵਾਲ ’ਚ ਅਤੇ 8 ਫ਼ਰਵਰੀ ਨੂੰ ਕਲਾਨੌਰ ਵਿੱਚ ਜਹਾਂਗੀਰ ਨੂੰ ਮਿਲੇ, ਜਿੱਥੋਂ ਚੰਦੂ ਨੂੰ ਸਿੱਖਾਂ ਦੇ ਹਵਾਲੇ ਕਰਨ ਦਾ ਹੁਕਮ ਜਾਰੀ ਕੀਤਾ। ਜਹਾਂਗੀਰ ਅਤੇ ਗੁਰੂ ਸਾਹਿਬਾਨ ਨੇ ਇਕੱਠਿਆਂ ਸਾਈਂ ਮੀਆਂਮੀਰ ਨਾਲ 16 ਫ਼ਰਵਰੀ ਨੂੰ ਲਾਹੌਰ ’ਚ ਮੁਲਾਕਾਤ ਕੀਤੀ। ਗਰਮੀਆਂ (ਭਾਵ ਮਈ, ਜੂਨ) ’ਚ ਗੁਰੂ ਜੀ ਜਹਾਂਗੀਰ ਨਾਲ ਕਸ਼ਮੀਰ ਜਾਂਦੇ ਹਨ। ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਅੰਮ੍ਰਿਤਸਰ ਤੋਂ ਪੱਛਮ ਵੱਲ ਲਾਹੌਰ, ਦੱਖਣ-ਪੂਰਬ ਵੱਲ ਗੋਇੰਦਵਾਲ ਅਤੇ ਉੱਤਰ-ਪੂਰਬ ਵੱਲ ਕਲਾਨੌਰ ਤਕਰੀਬਨ 50-50 ਕੁ ਕਿਲੋਮੀਟਰ ਦੀ ਦੂਰੀ ’ਤੇ ਹਨ। ਗੋਇੰਦਵਾਲ ਤੋਂ ਕਲਾਨੌਰ ਜਾਂ ਲਾਹੌਰ ਜਾਂਦਿਆਂ ਅੰਮ੍ਰਿਤਸਰ ਦੇ ਤਕਰੀਬਨ ਲਾਗਿਓਂ ਹੀ ਲੰਘਣਾ ਪੈਂਦਾ ਹੈ ਤਾਂ ਕੋਈ ਕਾਰਨ ਨਹੀਂ ਦਿਸਦਾ ਕਿ ਜਨਵਰੀ/ਫ਼ਰਵਰੀ ਦੌਰਾਨ ਕਿਸੇ ਸਮੇਂ ਅੰਮ੍ਰਿਤਸਰ ਨਾ ਗਏ ਹੋਣ। ਇਹ ਗੱਲ ਮੰਨਣ ’ਚ ਨਹੀਂ ਆਉਂਦੀ ਕਿ ਬਹੁਤ ਹੀ ਤੀਬਰਤਾ ਨਾਲ ਉਡੀਕ ਰਹੀਆਂ ਸੰਗਤਾਂ ਨੂੰ 28 ਦਸੰਬਰ ਤੱਕ ਦਾ ਇੰਤਜ਼ਾਰ ਕਰਵਾਇਆ ਗਿਆ ਹੋਵੇ।

ਤੁਜ਼ਕ-ਏ-ਜਹਾਂਗੀਰੀ ਅਨੁਸਾਰ ਜਹਾਂਗੀਰ ਲਾਹੌਰ ਗਏ ਹੀ ਨਹੀਂ; ਨਾ ਜਨਵਰੀ ਦੇ ਆਖਰੀ ਦਿਨਾਂ ’ਚ ਗੋਇੰਦਵਾਲ ਸਨ ਅਤੇ ਨਾ ਹੀ ਫ਼ਰਵਰੀ ਦੇ ਮਹੀਨੇ ’ਚ ਕਲਾਨੌਰ ਸਨ। ਉਹ ਜਨਵਰੀ ਦੇ ਆਖਰੀ ਦਿਨਾਂ ’ਚ ਕਲਾਨੌਰ ਅਤੇ ਫ਼ਰਵਰੀ ਮਾਰਚ ਮਹੀਨਿਆਂ ਦੌਰਾਨ ਕਸ਼ਮੀਰ ਦੌਰੇ ’ਤੇ ਸਨ, ਇਸ ਲਈ ਡਾ: ਦਿਲਗੀਰ ਦੀਆਂ ਉਕਤ ਤਿੰਨੇ ਤਾਰੀਖ਼ਾਂ ਗ਼ਲਤ ਸਾਬਤ ਹੁੰਦੀਆਂ ਹਨ।

(੫) ਭੱਟ ਵਹੀ ‘ਤਲਾਉਂਡਾ ਪਰਗਣਾ ਜੀਂਦ’ ਵਿੱਚ ਦਰਜ ਹੈ ਕਿ ਪਿੰਡ ਹੇਅਰਾਂ ਤੋਂ ਚੱਲ ਕੇ ਗੁਰੂ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮਾਘ ਪ੍ਰਵਿਸ਼ਟੇ ਪਹਿਲੀ ਕੇ ਦਿਹੁੰ ਸੰਮਤ ੧੬੭੭ [28 ਦਸੰਬਰ 1620] ਨੂੰ ਪਹੁੰਚੇ। ਇਸ ਦਾ ਹੀ ਹਵਾਲਾ ਡਾ. ਦਿਲਗੀਰ ਜੀ ਨੇ ਦਿੱਤਾ ਹੈ। ਜਿਸ ਤਰ੍ਹਾਂ ਕਿ ਪਹਿਲਾਂ ਲੜੀ ਨੰ: (੩) ’ਚ ਦੱਸਿਆ ਗਿਆ ਹੈ; ਇਹ ਵੀ ਹੋ ਸਕਦਾ ਹੈ ਕਿ ਭੱਟ ਵਹੀ ਵਿੱਚ ਸੰਮਤ ੧੬੭੭ ਦੀ ਥਾਂ ਸੰਮਤ ੧੬੭੬ ਅਤੇ ਮਾਘ ਪ੍ਰਵਿਸ਼ਟੇ ਪਹਿਲੀ ਕੇ ਦੀ ਥਾਂ ਫੱਗਣ ਪ੍ਰਵਿਸ਼ਟੇ ਪਹਿਲੀ ਕੇ ਹੋਵੇ। ਇਹ ਪ੍ਰਿੰਟਿੰਗ ਦੀ ਗ਼ਲਤੀ ਹੋ ਸਕਦੀ ਹੈ ਜਾਂ ਨਕਲ ਦਰ ਨਕਲ ਕਰਦਿਆਂ ਚੱਲੀ ਆ ਰਹੀ ਹੋਵੇ । ਚੇਤੇ ਰਹੇ ਕਿ ਸੰਮਤ ੧੬੭੭ ਦੇ ਮਾਘ ਦੀ ਸੰਗਰਾਂਦ 28 ਦਸੰਬਰ 1620 ਈ: ਜੂਲੀਅਨ ਨੂੰ ਸੀ ਅਤੇ ਸੰਮਤ ੧੬੭੬ ਦੇ ਫੱਗਣ ਦੀ ਸੰਗਰਾਂਦ 27 ਜਨਵਰੀ 1620 ਜੂਲੀਅਨ ਨੂੰ ਸੀ।

ਜੇ ਗੁਰੂ ਜੀ 1620 ਈ: ’ਚ ਜਨਵਰੀ ਦੇ ਆਖ਼ਰੀ ਦਿਨਾਂ ’ਚ ਕਲਾਨੌਰ ’ਚ ਸਨ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਅੰਮ੍ਰਿਤਸਰ ਪਹੁੰਚਣ ਤੱਕ 28 ਦਸੰਬਰ ਹੋ ਗਿਆ  ? ਲਾਜ਼ਮੀ ਤੌਰ ’ਤੇ ਭੱਟ ਵਹੀ ਦੇ ਲੇਖਕ ਤੋਂ ਜਾਂ ਉਸ ਦੀ ਅੱਗੇ ਨਕਲ ਦਰ ਨਕਲ ਕਰਨ ਵਾਲੇ ਤੋਂ ਸੰਮਤ ਤੇ ਮਹੀਨਾ ਗ਼ਲਤ ਲਿਖ ਹੋ ਗਿਆ। ਅੰਮ੍ਰਿਤਸਰ ਵਿਖੇ ਗੁਰੂ ਜੀ ੧ ਫੱਗਣ ਸੰਮਤ ੧੬੭੬ ਨੂੰ ਪਹੁੰਚੇ ਹੋ ਸਕਦੇ ਹਨ, ਪਰ ਉਸ ਦਿਨ ਵੀ ਕੋਈ ਦੀਵਾਲੀ ਨਹੀਂ ਸੀ। ਇਸੇ ਤਰ੍ਹਾਂ ਦੀ ਗ਼ਲਤੀ ਸ਼੍ਰੋਮਣੀ ਕਮੇਟੀ ਦੀ ਹਿਸਟਰੀ ਆਫ਼ ਦਾ ਸਿੱਖਸ ਵਿੱਚ ਵੀ ਲਗਦੀ ਹੈ, ਜਿਸ ਵਿੱਚ ਅੰਮ੍ਰਿਤਸਰ ਵਾਪਸ ਪਹੁੰਚਣ ਦੀ ਤਾਰੀਖ਼ 27 ਜਨਵਰੀ 1620 ਦੀ ਥਾਂ 28 ਜਨਵਰੀ 1620 ਲਿਖੀ ਗਈ ਹੈ ਕਿਉਂਕਿ 27 ਜਨਵਰੀ 1620 ਨੂੰ ਹੀ ੧ ਫੱਗਣ ਸੰਮਤ ੧੬੭੬ ਬਣਦਾ ਹੈ।

ਸੋ ਸਾਰੇ ਤੱਥਾਂ ਨੂੰ ਵੀਚਾਰ ਕੇ ਨਾਨਕਸ਼ਾਹੀ ਕੈਲੰਡਰ ਵਿੱਚ ਬੰਦੀਛੋੜ ਦਿਵਸ ੧ ਫੱਗਣ ਆਉਂਦਾ ਹੈ, ਜਿਸ ਦਿਨ ਹਰ ਸਾਲ 12 ਫ਼ਰਵਰੀ ਬਣਦੀ ਹੈ।

ਇਸ ਲੇਖ ਦੀ ਸਮੁੱਚੀ ਵਿਚਾਰ ਤੋਂ ਸਾਫ਼ ਹੋ ਜਾਂਦਾ ਹੈ ਕਿ ਗੁਰੂ ਜੀ ਦੀ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਈ ਉਪਰੰਤ ਦਰਬਾਰ ਸਾਹਿਬ (ਅੰਮ੍ਰਿਤਸਰ) ਪਹੁੰਚਣ ਦੀਆਂ ਤਾਰੀਖ਼ਾਂ ਨਾਲ ਦੀਵਾਲੀ ਦਾ ਨੇੜੇ-ਤੇੜੇ ਦਾ ਵੀ ਕੋਈ ਸੰਬੰਧ ਨਹੀਂ।

ਸਰੀਰ ਛੱਡਣ ਤੋਂ ਬਾਅਦ ਗੁਰੂ-ਜੋਤਿ ਦਾ ਮਾਰਗ

0

ਸਰੀਰ ਛੱਡਣ ਤੋਂ ਬਾਅਦ ਗੁਰੂ-ਜੋਤਿ ਦਾ ਮਾਰਗ

ਗਿਆਨੀ ਅਵਤਾਰ ਸਿੰਘ

ਹਥਲੇ ਵਿਸ਼ੇ ਨੂੰ ਵਿਚਾਰਨ ਤੋਂ ਪਹਿਲਾਂ ਸੰਖੇਪ ’ਚ ਇਹ ਜਾਣਨਾ ਭੀ ਜ਼ਰੂਰੀ ਹੈ ਕਿ ਅਕਾਲ ਪੁਰਖ; ਕਣ ਕਣ ’ਚ ਕਿਸ ਤਰ੍ਹਾਂ ਮੌਜੂਦ ਹੈ ਯਾਨੀ ‘ਜੋਤਿ ਰੂਪ ’ਚ ਜਾਂ ਪ੍ਰਤਿਬਿੰਬ ਰੂਪ ’ਚ ਜਾਂ ਤੱਤ ਰੂਪ ’ਚ ਜਾਂ ਗੁਣ ਰੂਪ ’ਚ’ ਵਿਆਪਕ ਹੈ ? ਸਿੱਖਾਂ ’ਚ ਅਕਸਰ ਇਸ ਮੁੱਦੇ ’ਤੇ ਆਮ ਰਾਇ ਨਹੀਂ ਬਣਦੀ। ਇੱਕ ਧੜੇ ਦਾ ਮੰਨਣਾ ਹੈ ਕਿ ਰੱਬ, ਪ੍ਰਤਿਬਿੰਬ ਰੂਪ ’ਚ ਹੈ; ਜੈਸਾ ਕਿ ਪਾਣੀ ਦੇ ਭਰੇ ਘੜੇ ’ਚ ਜਾਂ ਸ਼ੀਸ਼ੇ ਅੰਦਰ ਖ਼ੁਦ ਦਾ ਅਕਸ/ਪਰਛਾਵਾਂ ਵੈਸੇ ਹੀ ਵਿਖਾਈ ਦਿੰਦਾ ਹੈ। ਆਪਣੀ ਸੋਚ ਨੂੰ ਗੁਰਮਤਿ ਅਨੁਸਾਰੀ ਸਿੱਧ ਕਰਨ ਲਈ ਇਹ ਲੋਕ, ਇਸ ਵਾਕ ਦਾ ਸਹਾਰਾ ਲੈਂਦੇ ਹਨ, ‘‘ਪਾਨੀ ਮਾਹਿ ਦੇਖੁ ਮੁਖੁ ਜੈਸਾ   ਨਾਮੇ ਕੋ ਸੁਆਮੀ; ਬੀਠਲੁ ਐਸਾ ’’ (ਭਗਤ ਨਾਮਦੇਵ/੧੩੧੮)

ਦੂਸਰੇ ਧੜੇ ਦੀ ਦਲੀਲ ਹੈ ਕਿ ਅਕਾਲ ਪੁਰਖ; ਤੱਤ ਰੂਪ ’ਚ ਸਰਬ ਵਿਆਪਕ ਹੈ। ਸਰੀਰਕ ਮੌਤ ਤੋਂ ਬਾਅਦ ਪੰਜ ਤੱਤ (ਅੱਗ, ਪਾਣੀ, ਹਵਾ, ਧਰਤੀ ਤੇ ਅਕਾਸ਼); ਆਪੋ ਆਪਣੇ ਮੂਲ ਤੱਤਾਂ ’ਚ ਮਿਲ ਜਾਂਦੇ ਹਨ, ਕੋਈ ਵੱਖਰਾ ਸੂਖਮ ਸਰੀਰ ਨਹੀਂ ਬਚਦਾ। ਇਹ ਲੋਕ, ਇਸ ਵਾਕ ਦੀ ਮਿਸਾਲ ਦਿੰਦੇ ਹਨ, ‘‘ਪਵਨੈ ਮਹਿ ਪਵਨੁ ਸਮਾਇਆ   ਜੋਤੀ ਮਹਿ ਜੋਤਿ ਰਲਿ ਜਾਇਆ   ਮਾਟੀ ਮਾਟੀ ਹੋਈ ਏਕ   ਰੋਵਨਹਾਰੇ ਕੀ ਕਵਨ ਟੇਕ ? ’’ (ਮਹਲਾ /੮੮੫) ਭਾਵ ਮਰਨ ਤੋਂ ਬਾਅਦ ਕਿਸੇ ਨੂੰ ਰੋਣਾ ਨਹੀਂ ਚਾਹੀਦਾ ਕਿਉਂਕਿ ਮਰਿਆ ਤਾਂ ਕੋਈ ਭੀ ਨਹੀਂ ਹੁੰਦਾ। ਕੇਵਲ ਪੰਜ ਤੱਤਾਂ ਦਾ ਵੱਖਰਾ ਪੁਤਲਾ (ਸਰੀਰ) ਹੀ ਅਲੋਪ ਹੋਇਆ ਹੁੰਦਾ ਹੈ, ਨਾ ਕਿ ਸੂਖਮ ਸਰੀਰ (ਮੂਲ ਤੱਤ ਜਾਂ ਇਨ੍ਹਾਂ ਦਾ ਰੱਬ)। ਤੀਜਾ ਧੜਾ ਕਹਿੰਦਾ ਹੈ ਕਿ ਅਕਾਲ ਪੁਰਖ; ਗੁਣ ਰੂਪ ਵਜੋਂ ਸਰਬ ਵਿਆਪਕ ਹੈ। ਇਨ੍ਹਾਂ ਅਨੁਸਾਰ ਗੁਣਹੀਣ (ਮੂਰਖ ਬੰਦੇ) ਅੰਦਰ ਰੱਬ ਨਹੀਂ ਹੁੰਦਾ।

ਚੌਥਾ ਸਿੱਖ ਵਰਗ ਪ੍ਰਭੂ ਨੂੰ ਜੋਤਿ ਰੂਪ ’ਚ ਸਰਬ ਵਿਆਪਕ ਮੰਨਦਾ ਹੈ। ਇਨ੍ਹਾਂ ਦੀ ਸੋਚ ਦਾ ਆਧਾਰ ਹਨ ਇਹ ਬਚਨ, ‘‘ਸਭ ਮਹਿ ਜੋਤਿ; ਜੋਤਿ ਹੈ ਸੋਇ (ਸੋਹਿਲਾ/ਮਹਲਾ /੧੩), ਜਹ ਜਹ ਦੇਖਾ, ਤਹ ਜੋਤਿ ਤੁਮਾਰੀ; ਤੇਰਾ ਰੂਪੁ ਕਿਨੇਹਾ ! ! ! ’’ (ਮਹਲਾ /੫੯੬)

ਇੱਕ ਕੌਮ ਅੰਦਰ ਇੰਨੇ ਧੜੇ ਪੈਦਾ ਹੋਣ ਦਾ ਕਾਰਨ ਸਿੱਖਾਂ ਦੁਆਰਾ ਗੁਰਮਤਿ ਨੂੰ ਖ਼ੁਦ ਨਾ ਸਮਝਣਾ ਤੇ ਹੋਰ ਭੁੱਲਣਹਾਰ-ਸਿੱਖਾਂ ਪਾਸੋਂ ਸੁਣੀਆਂ-ਸੁਣਾਈਆਂ ਆਪਾ ਵਿਰੋਧੀ ਗੱਲਾਂ ’ਤੇ ਨਿਰਭਰ ਰਹਿਣਾ ਹੈ। ‘ਸਿੱਖ’ ਦਾ ਅਰਥ ਹੈ ‘ਹਰ ਸਮੇਂ ਸਿੱਖਣਾ’ ਯਾਨੀ ਸਿੱਖ ਦੀ ਸੋਚ; ਸਾਰੀ ਉਮਰ ਧਰਮ ਬਾਰੇ (ਗੁਰੂ ਵਾਙ) ਵਿਕਸਿਤ ਨਹੀਂ ਹੋ ਸਕਦੀ ਤਾਂ ਜੋ ਉਸ ਦੇ ਵਿਚਾਰਾਂ ਨੂੰ ਪੂਰਨ ਸੱਚ ਮੰਨਿਆ ਜਾ ਸਕੇ। ਗੁਰਬਾਣੀ ਨੂੰ ਨਿਰੰਤਰ ਵਿਚਾਰਦੇ ਰਹਿਣ ਨਾਲ਼ ਉਪਜਦਾ ਆਤਮ ਵਿਸ਼ਵਾਸ; ਸਿੱਖ ਦੇ ਨਜ਼ਰੀਏ ਨੂੰ ਗੁਰਮਤਿ ਪ੍ਰਤੀ ਬਦਲਦਾ ਰਹਿੰਦਾ ਹੈ, ਪਰ ਜੋ ਸਿੱਖ ਆਪਣੇ ਮੂੰਹੋਂ ਕਹੀ ਇੱਕ ਵਾਰੀ ਗੱਲ ਨੂੰ ਹੀ ਸਾਰੀ ਉਮਰ ਸਹੀ ਠਹਿਰਾਉਣ ਦੀ ਜ਼ਿੱਦ ਕਰਦੇ ਹਨ, ਉਨ੍ਹਾਂ ਕਰਕੇ ਹੀ ਇਹ ਧੜੇ ਜਨਮ ਲੈਂਦੇ ਹਨ। ਜੇ ਪ੍ਰਾਇਮਰੀ ਸੋਚ ਦਾ ਕੋਈ ਵਿਦਿਆਰਥੀ; ਯੂਨੀਵਰਸਿਟੀ ’ਚ ਪੜ੍ਹਨ ਸਮੇਂ ਭੀ ਆਪਣੀ ਬਾਲ ਬੁਧੀ ਨੂੰ ਨਾ ਛੱਡੇ ਤਾਂ ਸਮਝੋ ਕਿ ਵਿੱਦਿਆ ਨੇ ਉਸ ਦੇ ਮਾਨਸਿਕ ਵਿਕਾਸ (ਜਾਂ ਗੁਰਬਾਣੀ ਨੇ ਉਸ ਦੇ ਰੂਹਾਨੀਅਤ ਵਿਕਾਸ) ’ਚ ਕੋਈ ਰੋਲ ਅਦਾ ਨਹੀਂ ਕੀਤਾ ਹੁੰਦਾ।

ਉਕਤ ਪਹਿਲਾ ਧੜਾ; ਅਕਾਲ ਪੁਰਖ ਦੇ ‘ਅੰਤਰਜਾਮੀ ਗੁਣ’ ਕਿ ਉਹ, ਹਰ ਮਨ ਨੂੰ ਇਸ ਤਰ੍ਹਾਂ ਪੜ੍ਹਨ ਦੇ ਸਮਰੱਥ ਹੈ; ਜਿਵੇਂ ਕਿ ਪਾਣੀ ਦੇ ਭਰੇ ਘੜੇ ’ਚੋਂ ਖ਼ੁਦ ਦਾ ਅਕਸ ਹੂ-ਬਹੂ ਵਿਖਾਈ ਦਿੰਦਾ ਹੈ, ਨੂੰ ਹੀ ਰੱਬ ਸਮਝ ਬੈਠਦਾ ਹੈ ਜਦਕਿ ਇਸੇ ਸ਼ਬਦ ਦਾ ‘ਰਹਾਉ’ ਬੰਦ, ਜੋ ਕਿ ਪੂਰੇ ਸ਼ਬਦ ਦਾ ਕੇਂਦਰੀ ਭਾਵ ਹੈ, ’ਚ ਇਸ ਗੁਣ ਨੂੰ ‘ਅੰਤਰਜਾਮੀ ਕਲਾ’ ਕਿਹਾ ਹੈ, ‘‘ਐਸੋ ਰਾਮ ਰਾਇ ਅੰਤਰਜਾਮੀ   ਜੈਸੇ ਦਰਪਨ ਮਾਹਿ ਬਦਨ ਪਰਵਾਨੀ ਰਹਾਉ ’’ (ਭਗਤ ਨਾਮਦੇਵ/੧੩੧੮) ਭਾਵ ਜਿਵੇਂ ਸ਼ੀਸ਼ੇ ’ਚ ਮੂੰਹ ਵੇਖੀਦਾ ਹੈ; ਵੈਸੇ ਹੀ ਪ੍ਰਭੂ, ਜੀਵਾਂ ਦੀ ਦਿਲੀ-ਭਾਵਨਾ ਨੂੰ ਵੇਖਦਾ ਹੈ, ਪਹਿਚਾਣਦਾ ਹੈ ਯਾਨੀ ਕਿ ਉਸ ਤੋਂ ਕੋਈ ਪਾਪ ਛੁਪਾਇਆ ਨਹੀਂ ਜਾ ਸਕਦਾ। ਰੱਬ ਦੇ ਕਿਸੇ ਇੱਕ ਗੁਣ ਨੂੰ ਉਸ ਦਾ ਵਜੂਦ ਮੰਨਣਾ, ਇੱਕ ਐਸਾ ਭਰਮ ਹੈ; ਜਿਵੇਂ ਦਰਖ਼ਤ ਦੀ ਪਰਛਾਈ ਨੂੰ ਕੋਈ ਮਨੁੱਖ, ਰੁੱਖ ਸਮਝ ਬੈਠੇ।

ਦੂਜਾ ਧੜਾ; ਇਨ੍ਹਾਂ ਪੰਕਤੀਆਂ ‘‘ਪਵਨੈ ਮਹਿ ਪਵਨੁ ਸਮਾਇਆ .. ਮਾਟੀ ਮਾਟੀ ਹੋਈ ਏਕ ’’ ਦੇ ਅਰਥ ਤਾਂ ਠੀਕ ਕਰਦਾ ਹੈ, ਪਰ ਇਨ੍ਹਾਂ ਅੰਦਰਲੀ ਪੰਕਤੀ ‘‘ਜੋਤੀ ਮਹਿ ਜੋਤਿ ਰਲਿ ਜਾਇਆ ’’ ਦੇ ਅਰਥਾਂ ਨੂੰ ਆਪਣੀ ਮਨਮਤ ਹੇਠ ਦਬਾ ਲੈਂਦਾ ਹੈ, ਜਿਸ ਦਾ ਅਰਥ ਹੈ ਕਿ ‘(ਮਰਨ ਉਪਰੰਤ ਬੰਦੇ ਅੰਦਰਲੀ) ਜੋਤਿ (ਸੂਖਮ ਸਰੀਰ) ਭੀ ਜੋਤਾਂ ਦੇ ਸਮੂਹ (ਪ੍ਰਭੂ/ਜੋਤੀ) ’ਚ ਲੀਨ ਹੁੰਦੀ ਹੈ। ਇੱਥੇ ‘ਰਹਾਉ’ ਬੰਦ ’ਚ ਮਰ ਚੁੱਕੇ ਪ੍ਰਾਣੀ ਦੇ ਸਾਕ-ਸਬੰਧੀਆਂ ਦੇ ਰੌਣ-ਪਿੱਟਣ ਨੂੰ ਭਰਮ ਸਿੱਧ ਕਰਨਾ ਸੀ, ‘‘ਕਉਨੁ ਮੂਆ ਰੇ ! ਕਉਨੁ ਮੂਆ ?   ਬ੍ਰਹਮਗਿਆਨੀ ਮਿਲਿ ਕਰਹੁ ਬੀਚਾਰਾ; ਇਹੁ ਤਉ ਚਲਤੁ ਭਇਆ ਰਹਾਉ ’’ (ਮਹਲਾ /੮੮੫) ਯਾਨੀ ਕੋਈ ਨਹੀਂ ਮਰਿਆ ਬਲਕਿ ਇਹ ਤਾਂ ਕਰਤਾਰ ਦੁਆਰਾ ਰਚਿਆ ਇੱਕ ਖੇਲ ਹੈ। ਤੀਜੇ ਬੰਦ ’ਚ ਭੀ ਇਹੀ ਕਿਹਾ ਹੈ, ‘‘ਇਹੁ ਤਉ ਰਚਨੁ ਰਚਿਆ ਕਰਤਾਰਿ (ਨੇ)..’’ ਭਾਵ ਸ਼ਤਰੰਜ ਦੀ ਗੋਟੀ/ਨਰਦ; ਅਸਲ ਜ਼ਿੰਦਗੀ ਨਹੀਂ; ਸ਼ਤਰੰਜ-ਖੇਲ ਦੇ ਕਰਤਾ (ਕਰਤਾਰ) ਨੂੰ ਪਹਿਚਾਣੋ। ਉਸ ਤੋਂ ਬਣੀ ਦੂਰੀ ਤੋਂ ਚਿੰਤਤ ਹੋਵੋ। ਇੱਕ ਦੀ ਮੌਤ ਤੋਂ ਸੇਧ ਲੈ ਕੇ ਆਪਣੀ ਸੁਆਸ-ਪੂੰਜੀ ਨੂੰ ਸਫਲਾ ਕਰੋ, ਬਚਾਓ; ਜਿਵੇਂ ਕਿ ਬਾਬਾ ਬੁੱਢਾ ਜੀ ਤੇ ਮਹਾਤਮਾ ਬੁੱਧ (ਸਿਧਾਰਥ/ਗੌਤਮ ਬੁੱਧ); ਛੋਟੀ ਉਮਰ ’ਚ ਹੀ ਮੌਤ ਨੂੰ ਯਾਦ ਕਰ ਭਗਤੀ-ਮਾਰਗ ਅਪਣਾਅ ਸਫਲ ਜੀਵਨ ਭੋਗ ਗਏ ਸਨ। ਅੰਤਮ ਪਦੇ ’ਚ ਇਸ ਰੋਣ-ਪਿੱਟਣ ਵਾਲ਼ੇ ਭਰਮ ਨੂੰ ਗੁਰੂ ਦੀ ਰਾਹੀਂ ਦੂਰ ਹੁੰਦਾ ਦਰਸਾਇਆ ਹੈ, ‘‘ਕਹੁ ਨਾਨਕ ਗੁਰਿ (ਨੇ) ਭਰਮੁ ਚੁਕਾਇਆ   ਨਾ ਕੋਈ ਮਰੈ; ਆਵੈ ਜਾਇਆ ’’ (ਮਹਲਾ /੮੮੫) ਸੋ ਪੰਜ ਤੱਤ; ਕਰਤਾਰ ਦਾ ਖੇਲ (ਗੁਣ) ਹੈ, ਨਾ ਕਿ ਖ਼ੁਦ ਕਰਤਾਰ। ਇਹ ਤੱਤ ਤਾਂ ਕਰਤਾਰ ਦੇ ਡਰ/ਹੁਕਮ ’ਚ ਹਨ; ਜਿਵੇਂ ਕਿ ‘‘ਭੈ ਵਿਚਿ; ਪਵਣੁ (ਹਵਾ ਤੱਤ) ਵਹੈ ਸਦਵਾਉ   ਭੈ ਵਿਚਿ; ਚਲਹਿ ਲਖ ਦਰੀਆਉ (ਪਾਣੀ ਤੱਤ)  ਭੈ ਵਿਚਿ; ਅਗਨਿ (ਅੱਗਤੱਤ) ਕਢੈ ਵੇਗਾਰਿ (ਸੇਵ ਕਰਦੀ)   ਭੈ ਵਿਚਿ; ਧਰਤੀ (ਤੱਤ) ਦਬੀ ਭਾਰਿ (ਨਾਲ਼) ’’ (ਆਸਾ ਕੀ ਵਾਰ/ਮਹਲਾ /੪੬੪), ਇਸ ਲਈ ਪੰਜ ਤੱਤਾਂ ਨੂੰ ਰੱਬ ਕਹਿਣਾ; ਐਸਾ ਭਰਮ ਹੈ; ਜਿਵੇਂ ਕੋਈ ਨਦੀਆਂ, ਝੀਲਾਂ ਨੂੰ ਹੀ ਸਮੁੰਦਰ ਸਮਝ ਬੈਠੇ। ਐਸੇ ਲੋਕ; ਦਿਮਾਗ਼ੀ ਗਿਆਨ (ਸਾਇੰਸ) ਦੇ ਪੂਜਾਰੀ ਬਣ ਗੁਰਮਤਿ ਦੇ ਸੂਖਮ ਨੁਕਤਿਆਂ ਨੂੰ ਆਪਣੀ ਮਨਮਤ ਹੇਠਾਂ ਦਬਾ ਸੰਗਤਾਂ ’ਚ ਅਖੌਤੀ ਜਾਗਰੂਕ ਬਣਦੇ ਹਨ। ਭੋਲ਼ੀ-ਭਾਲ਼ੀ ਸੰਗਤ; ਇਹ ਨਹੀਂ ਸਮਝਦੀ ਕਿ ਐਸੇ ਵਿਚਾਰਾਂ ਨਾਲ਼ ਕਰਤਾਰ ਦੀ ਸਰਬ ਵਿਆਪਕ ‘ਜੋਤਿ’ ਭੀ ਰੱਦ ਹੁੰਦੀ ਹੈ। ਜਿਸ ਦੀ ਰਾਹੀਂ ਹੀ ਹਰ ਜੀਵ-ਜੰਤ ਲਈ ਪ੍ਰਭੂ ਦਾ ਹੁਕਮ ਵਾਪਰਦਾ ਹੈ, ਦਾਤ ਮਿਲਦੀ ਹੈ, ਬਖ਼ਸ਼ਸ਼ ਹੁੰਦੀ ਹੈ, ਉਸ ਦਾ ਅੰਤਰਜਾਮੀ ਨਜ਼ਰੀਆ ਕਾਰਜ ਕਰਦਾ ਹੈ, ਆਦਿ।

ਤੀਜੇ ਧੜੇ ਦਾ ਇਹ ਕਹਿਣਾ ਕਿ ਰੱਬ; ਗੁਣ ਰੂਪ ’ਚ ਸਰਬ ਵਿਆਪਕ ਹੈ ਯਾਨੀ ਕਿ ‘‘ਅਸੰਖ ਮੂਰਖ..’’ ਬੰਦਿਆਂ ਅੰਦਰ ਰੱਬ ਨਹੀਂ; ਇਸ ਗੁਰਮਤਿ-ਸਿਧਾਂਤ ਦੇ ਹੀ ਵਿਰੁਧ ਹੈ, ‘‘ਘਟ ਘਟ ਮੈ ਹਰਿ ਜੂ ਬਸੈ; ਸੰਤਨ ਕਹਿਓ ਪੁਕਾਰਿ (ਕੇ) (ਮਹਲਾ /੧੪੨੭), ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ; ਸਭ ਮਹਿ ਰਹਿਆ ਸਮਾਇ ਜੀਉ ’’ (ਮਹਲਾ /੪੪੮) ਐਸੇ ਬੰਦੇ ਆਪਣੇ ਆਪ ਨੂੰ ਬੜੇ ਗੁਣਵਾਨ (ਇਕ ਦੂ ਇਕੁ ਸਿਆਣਾ) ਸਮਝਦੇ ਹਨ ਤੇ ਹੋਰਾਂ ਨੂੰ ਅਧਰਮੀ ਜਾਣਦੇ ਹਨ, ਮਨ ’ਚ ਨਫ਼ਰਤ ਪਾਲ਼ੀ ਰੱਖਦੇ ਹਨ। ਵੈਸੇ ਐਸਾ ਕੋਈ ਸਰੀਰ ਜਾਂ ਜਗ੍ਹਾ ਨਹੀਂ, ਜਿੱਥੇ ਹਰੀ ਨਾ ਹੋਵੇ; ਜਿਵੇਂ ਕਿ ਵਾਕ ਹਨ, ‘‘ਵਿਣੁ ਨਾਵੈ; ਨਾਹੀ ਕੋ ਥਾਉ ..੧੯ (ਜਪੁ), ਸਭਨਾ ਵਿਚਿ ਤੂ ਵਰਤਦਾ ਸਾਹਾ  !.. (ਮਹਲਾ /੬੭੦), ਸਭਨਾ ਜੀਆ ਵਿਚਿ ਹਰਿ ਆਪਿ; ਸੋ ਭਗਤਾ ਕਾ ਮਿਤੁ ਹਰਿ ’’ (ਮਹਲਾ /੮੪੯) ਐਸੇ ਲੋਕਾਂ ਬਾਰੇ ਹੀ ਇਹ ਬਚਨ ਉਚਾਰੇ ਗਏ ਹਨ, ‘‘ਆਪਸ ਕਉ ਦੀਰਘੁ ਕਰਿ ਜਾਨੈ; ਅਉਰਨ ਕਉ ਲਗ ਮਾਤ   ਮਨਸਾ ਬਾਚਾ ਕਰਮਨਾ; ਮੈ ਦੇਖੇ ਦੋਜਕ ਜਾਤ ’’ (ਭਗਤ ਕਬੀਰ/੧੧੦੫) ਅਰਥ: ਕਬੀਰ ਜੀ ਕਹਿੰਦੇ ਹਨ ਕਿ ਜੋ ਆਪਣੇ ਆਪ ਨੂੰ ਮਨ, ਬਚਨ, ਕਰਮ ਕਰਕੇ ਯਾਨੀ ਅਕਲ ਦੇ ਤਲ ’ਤੇ ਵੱਡਾ (ਪੂਰਾ ਸ਼ਬਦ, ਜੋ ਅਰਥ ਭਰਪੂਰ ਹੋਵੇ) ਸਮਝਦੇ ਹਨ ਤੇ ਹੋਰਾਂ ਨੂੰ ਲਗ-ਮਾਤਰ (ਜੋ ਬਿਨਾਂ ਕਿਸੇ ਅੱਖਰ; ਵਾਕ ’ਚ ਅਰਥ ਨਹੀਂ ਦੇ ਸਕਦੀ) ਜਾਣਨ, ਮੈ ਐਸੇ ਲੋਕਾਂ ਨੂੰ ਨਰਕਾਂ ’ਚ ਜਾਂਦੇ ਵੇਖਦਾ ਹਾਂ।

ਗੁਰਮਤਿ ਦਾ ਆਧਾਰ ਯਾਨੀ ਸਰੋਤ; ਗੁਰੂ ਨਾਨਕ ਸਾਹਿਬ ਜੀ ਦੀ ਸੋਚ ਹੈ, ਬਾਣੀ ਹੈ। ਆਪ ਨੇ ਆਪਣੀ ਬਾਣੀ ਅੰਦਰ ਧਰਮ ਦੇ ਅਤਿ ਸੂਖਮ ਨੁਕਤਿਆਂ ਨੂੰ ਬੜੇ ਵਿਸਥਾਰ ਨਾਲ਼ ਖੋਲ੍ਹਿਆ ਹੈ; ਮਿਸਾਲ ਵਜੋਂ ਗੁਰਬਾਣੀ ਅੰਦਰ ‘ਜੋਤਿ’ ਸ਼ਬਦ 295 ਵਾਰ ਹੈ। ਇਨ੍ਹਾਂ ’ਚੋਂ 200 ਵਾਰ ਇਸ ਦਾ ਅਰਥ ‘ਇਲਾਹੀ ਜੋਤਿ’ ਹੈ। ਜਿਸ ਨੂੰ ‘ਰੂਹ, ਆਤਮਾ, ਜਿੰਦ’ ਭੀ ਕਿਹਾ ਹੈ। ਗੁਰਬਾਣੀ ਦੀ ਸ਼ਬਦ ਸੰਖਿਆ ਮੁਤਾਬਕ ਆਪ ਜੀ ਦੀ ਬਾਣੀ 16.7% (977 ਸ਼ਬਦ) ਹੈ, ਪਰ ‘ਜੋਤਿ’ ਦੀ ਵਿਆਖਿਆ ਆਪ ਨੇ 97 ਵਾਰ (50%) ਕੀਤੀ ਹੈ; ਜਿਵੇਂ ਕਿ ਹੇਠਲੇ ਸ਼ਬਦਾਂ ਰਾਹੀਂ ‘ਰੱਬੀ ਜੋਤਿ’ ਨੂੰ ਜ਼ਰਰੇ-ਜ਼ਰਰੇ (ਬਨਸਪਤੀ, ਬ੍ਰਹਿਮੰਡ, ਤ੍ਰਿਲੋਕ, ਚਾਰੇ ਖਾਣੀਆਂ, ਅੱਗ, ਪਾਣੀ, ਚੰਦ, ਸੂਰਜ’ ਆਦਿ) ’ਚ ਮੌਜੂਦ ਕਿਹਾ ਹੈ :

ਸਰਬ ਜੋਤਿ ਤੇਰੀ; ਪਸਰਿ ਰਹੀ ਜਹ ਜਹ ਦੇਖਾ; ਤਹ ਨਰਹਰੀ (ਮਹਲਾ /੮੭੬)

ਤ੍ਰਿਭਵਣ () ਜੋਤਿ ਧਰੀ ਪਰਮੇਸਰਿ (ਨੇ); ਅਵਰੁ ਦੂਜਾ ਭਾਈ ਹੇ (ਮਹਲਾ /੧੦੨੪)

ਅਗਨਿ ਪਾਣੀ ਜੀਉ (ਜੀਵ ) ਜੋਤਿ ਤੁਮਾਰੀ; ਸੁੰਨੇ ਕਲਾ ਰਹਾਇਦਾ (ਮਹਲਾ /੧੦੩੭)

ਅੰਡਜ ਜੇਰਜ ਸੇਤਜ ਉਤਭੁਜ; ਘਟਿ ਘਟਿ () ਜੋਤਿ ਸਮਾਣੀ (ਬਾਰਹਮਾਹਾ/ਮਹਲਾ /੧੧੦੯)

ਅਰਥ : ਅੰਡੇ ਤੋਂ ਪੈਦਾ ਹੋਣ ਵਾਲ਼ੇ ਪੰਛੀ, ਵੀਰਜ ਤੋਂ ਪੈਦਾ ਹੋਣ ਵਾਲ਼ੇ ਪਸ਼ੂ, ਮਨੁੱਖ ਆਦਿ, ਪਸੀਨੇ ਨਾਲ਼ ਉਪਜਣ ਵਾਲੇ ਜੂੰ, ਚਿੱਚੜ ਆਦਿ ਤੇ ਧਰਤੀ ’ਚੋਂ ਉਗਣ ਵਾਲ਼ੇ ਪੇਡ-ਪੌਦੇ ਆਦਿਕ ਕਣ -ਕਣ ’ਚ ਇਲਾਹੀ ਜੋਤਿ ਮੌਜੂਦ ਹੈ।

ਸੂਰਜੁ ਚੰਦੁ ਉਪਾਇ (ਕੇ); ਜੋਤਿ ਸਮਾਣਿਆ (ਭਾਵ ਜੋਤਿ ਮੌਜੂਦ ਹੈ) (ਮਹਲਾ /੧੨੭੯)

ਸਗਲ ਸਰੋਵਰ () ਜੋਤਿ ਸਮਾਣੀ (ਮਹਲਾ /੧੩੪੨)

ਜਲ ਮਹਿ ਜੋਤਿ; ਰਹਿਆ ਭਰਪੂਰਿ (ਮਹਲਾ /੪੧੧) ਜਾਂ ‘‘ਪਹਿਲਾ ਪਾਣੀ ਜੀਉ (ਜੋਤਿ) ਹੈ; ਜਿਤੁ ਹਰਿਆ ਸਭੁ ਕੋਇ ’’ (ਮਹਲਾ /੪੭੨) ਕਿਉਂਕਿ ਜੇ ਪਾਣੀ; ਬੇਜਾਨ ਹੁੰਦਾ ਤਾਂ ਇਸ ’ਚੋਂ ਕਦੇ ਜਾਨਦਾਰ ਜੀਵ-ਜੰਤ ਨਹੀਂ ਉਪਜਦੇ। ‘ਭੋਜਨ’ ਭੀ ਜਾਨਦਾਰ ਹੈ ਭਾਵ ‘ਜੋਤਿ’ ਸਹਿਤ ਹੈ, ‘‘ਜੇਤੇ ਦਾਣੇ ਅੰਨ ਕੇ; ਜੀਆ ਬਾਝੁ ਕੋਇ ’’ (ਮਹਲਾ /੪੭੨) ਜਾਨਦਾਰ ਵਸਤੂਆਂ (ਪਾਣੀ, ਅੰਨ, ਆਦਿ) ਨਾਲ਼ ਜੇਕਰ ਜੀਵ ਪੈਦਾ ਹੁੰਦੇ ਹਨ, ਤਾਂ ਇਨ੍ਹਾਂ ਵਸਤੂਆਂ ਦਾ ਸਰੋਤ (ਅਕਾਲ ਪੁਰਖ) ਭੀ ਜਾਨਦਾਰ ਹੈ, ‘‘ ਮਨ ! ਮਤ ਜਾਣਹਿ ਹਰਿ ਦੂਰਿ ਹੈ; ਸਦਾ ਵੇਖੁ ਹਦੂਰਿ   ਸਦ ਸੁਣਦਾ, ਸਦ ਵੇਖਦਾ; ਸਬਦਿ ਰਹਿਆ ਭਰਪੂਰਿ ਰਹਾਉ ’’ (ਮਹਲਾ /੪੨੯) ਇਹ ਬੋਲ; ਕਿਸ ਗੁਣ, ਤੱਤ, ਪ੍ਰਤਿਬਿੰਬ’ ਪ੍ਰਤੀ ਨਹੀਂ ਕਹੇ ਜਾ ਸਕਦੇ ਹਨ।

  ਸੋ ਜਿਸ ਤਰ੍ਹਾਂ ਵਰਖਾ ਦੀ ਬੂੰਦ ਦਾ ਸਰੋਤ, ਸਮੁੰਦਰ ਹੈ; ਉਸੇ ਤਰ੍ਹਾਂ ‘ਸਰਬ ਵਿਆਪਕਤਾ ਜੋਤਿ’ ਦਾ ਸਰੋਤ, ਪ੍ਰਭੂ/ਜੋਤੀ ਹੈ। ਸਾਰੀ ਬਨਸਪਤੀ ਇਸ ‘ਜੋਤੀ’ ਦੀ ਆਰਤੀ ਕਰਦੀ ਹੈ ਯਾਨੀ (ਅੱਗ, ਪਾਣੀ, ਹਵਾ ਤੱਤਾਂ ਵਾਙ) ਜੋਤੀ ਦੇ ਡਰ ਅੰਦਰ ਸਾਰੀ ਬਨਸਪਤੀ ਹੈ, ‘‘ਧੂਪੁ ਮਲਆਨਲੋ, ਪਵਣੁ ਚਵਰੋ ਕਰੇ; ਸਗਲ ਬਨਰਾਇ ਫੂਲੰਤ ਜੋਤੀ ’’ (ਸੋਹਿਲਾ/ਮਹਲਾ /੧੩), ਐਸੇ ਹੀ ਬਚਨ ਹਨ, ‘‘ਜਾਤਿ ਮਹਿ ਜੋਤਿ, ਜੋਤਿ ਮਹਿ ਜਾਤਾ; ਅਕਲ ਕਲਾ ਭਰਪੂਰਿ ਰਹਿਆ (ਮਹਲਾ /੪੬੯) ਭਾਵ (ਹੇ ਸਿਰਜਣਹਾਰ) ! ਤੇਰਾ ਇਲਾਹੀ ਨੂਰ/ਜੋਤਿ; ਸਾਰੀ ਸ੍ਰਿਸ਼ਟੀ ਅੰਦਰ ਹੈ। ਇੱਕ ਰਸ ਵਿਆਪਕ ਹੈ। ਇਸੇ ਵਿਆਪਕ ਜੋਤਿ/ਚਾਨਣ ਤੋਂ (ਤੈਨੂੰ) ਪਹਿਚਾਣੀਦਾ ਹੈ, ਦਿਲ ਅੰਦਰ ਤੇਰਾ ਅਹਿਸਾਸ ਹੁੰਦਾ ਹੈ।

 ਉਞ ਰੱਬ ਭਾਵੇਂ ਸਾਰੀ ਬਨਸਪਤੀ ਅੰਦਰ ਹੈ, ਪਰ ਮਨੁੱਖ ਨੂੰ ਉਹ ਮਹਿਸੂਸ ਆਪਣੇ ਅੰਦਰੋਂ ਹੀ ਹੋਣਾ ਹੈ, ਹੁੰਦਾ ਹੈ ਤਾਹੀਓਂ ਬਾਬਾ ਫ਼ਰੀਦ ਜੀ ਨੇ ਬਚਨ ਉਚਾਰੇ ਹਨ, ‘‘ਵਸੀ ਰਬੁ ਹਿਆਲੀਐ; ਜੰਗਲੁ ਕਿਆ ਢੂਢੇਹਿ ’’ (ਬਾਬਾ ਫਰੀਦ ਜੀ/੧੩੭੮) ਭਾਵ (ਹੇ ਬੰਦੇ !) ਰੱਬ; ਦਿਲ ਅੰਦਰ ਵੱਸਦਾ ਹੈ, ਉਸ ਨੂੰ ਲੱਭਣ ਲਈ ਜੰਗਲ਼ਾਂ ’ਚ ਨਾ ਭਟਕ (ਨੋਟ : ਜੇਕਰ ਉਹ ਬਾਹਰੋਂ ਮਿਲਦਾ ਤਾਂ ਉਸ ਦੀ ਪ੍ਰਾਪਤੀ ਲਈ ਜੰਗਲ਼-ਇਕਾਂਤ ਬੜਾ ਢੁੱਕਵਾਂ ਸਥਾਨ ਸੀ)।

ਹੁਣ ਅਗਾਂਹ ਹਥਲਾ ਵਿਸ਼ਾ ‘ਸਰੀਰ ਛੱਡਣ ਤੋਂ ਬਾਅਦ ਗੁਰੂ ਜੋਤਿ ਦਾ ਮਾਰਗ’ ਵਿਚਾਰਿਆ ਜਾਣਾ ਹੈ। ਅਕਸਰ ਸਵਾਲ ਪੁੱਛਿਆ ਜਾਂਦਾ ਹੈ ਕਿ ਗੁਰੂ ਜੋਤਿ; ਆਪਣੇ ਉੱਤਰਾਧਿਕਾਰੀ ਗੁਰੂ ਅੰਦਰ ਨਿਵਾਸ ਕਰਦੀ ਹੈ; ਜੈਸਾ ਕਿ ਬਚਨ ਹਨ, ‘‘ਰਾਮਦਾਸਿ ਗੁਰੂ (ਨੇ) ਜਗ ਤਾਰਨ ਕਉ; ਗੁਰ ਜੋਤਿ ਅਰਜੁਨ ਮਾਹਿ ਧਰੀ ’’ (ਭਟ ਮਥੁਰਾ/੧੪੦੯) ਜਾਂ ਆਪਣੇ ਮੂਲ ਸਰੋਤ (ਪ੍ਰਭੂ) ਅੰਦਰ ਜਾ ਸਮਾਉਂਦੀ ਹੈ; ਜਿਵੇਂ ਕਿ ਬਚਨ ਹਨ, ‘‘ਹਰਿ ਭਾਣਾ ਗੁਰ ਭਾਇਆ; ਗੁਰੁ ਜਾਵੈ ਹਰਿ ਪ੍ਰਭ ਪਾਸਿ ਜੀਉ ’’ (ਸਦ/ਬਾਬਾ ਸੁੰਦਰ/੯੨੩)

ਵਿਚਾਰ : ਗੁਰੂ ਗ੍ਰੰਥ ਸਾਹਿਬ ਜੀ ਵਿਖੇ 11 ਭੱਟ ਸਾਹਿਬਾਨ ਦੀ ਬਾਣੀ; ਗੁਰੂ ਸਾਹਿਬਾਨ ਦੇ ਰੂਹਾਨੀਅਤ ਬਲ ਅਤੇ ਜੋਤਿ-ਚਾਨਣ ਦੀ ਹੀ ਵਿਆਖਿਆ ਹੈ। ਭਾਵੇਂ ਕਿ ਹਰ ਬਾਣੀਕਾਰ; ਅਕਾਲ ਪੁਰਖ ਦਾ ਰੂਪ ਹੈ, ਪਰ ਐਸਾ ਮੁਕਾਮ; ਜ਼ਿੰਦਗੀ ਦੇ ਕਿਸ ਪੜਾਅ ’ਚ ਹਾਸਲ ਕੀਤਾ; ਵਿਚਾਰਨਾ ਜ਼ਰੂਰੀ ਹੈ। ਭੱਟ ਸਾਹਿਬਾਨ ਨੇ ਕੇਵਲ ਗੁਰੂ ਨਾਨਕ ਸਾਹਿਬ ਜੀ ਬਾਰੇ ਹੀ ਇਹ ਬੋਲ ਕਹੇ ਹਨ, ‘‘ਸਤਜੁਗਿ ਤੈ ਮਾਣਿਓ; ਛਲਿਓ ਬਲਿ ਬਾਵਨ ਭਾਇਓ   ਤ੍ਰੇਤੈ ਤੈ ਮਾਣਿਓ; ਰਾਮੁ ਰਘੁਵੰਸੁ ਕਹਾਇਓ   ਦੁਆਪੁਰਿ (), ਕ੍ਰਿਸਨ ਮੁਰਾਰਿ; ਕੰਸੁ ਕਿਰਤਾਰਥੁ ਕੀਓ ’’ (ਸਵਈਏ ਮਹਲੇ ਪਹਿਲੇ ਕੇ/ਭਟ ਕਲ/੧੩੯੦) ਭਾਵ ਹੇ ਗੁਰੂ ਨਾਨਕ ਜੀ ! ਤੁਸਾਂ ਨੇ ਸਤਿਜੁਗ ’ਚ ਭੀ (ਰਾਜ ਤੇ ਜੋਗ/ਮੀਰੀ-ਪੀਰੀ) ਮਾਣਿਆ। ਆਪਣਾ ਰੂਪ ਬਾਮਨ (ਬੌਣਾ) ਬਣਾ ਰਾਜਾ ਬਲਿ ਨੂੰ (ਢਾਈ ਕੁ ਕਦਮ ਕੁਟੀਆਂ ਲਈ ਜਗ੍ਹਾ ਮੰਗ ਕੇ) ਛਲਿਆ। ਤੈਂ ਤ੍ਰੇਤੇ ਜੁਗ ’ਚ ਭੀ (ਰਾਜ ਤੇ ਜੋਗ) ਮਾਣਿਆ। ਤੂੰ ਹੀ ਰਘੁਵੰਸੀ ਰਾਮ ਚੰਦਰ ਅਖਵਾਇਆ। ਦੁਆਪਰ ’ਚ ਤੂੰ ਹੀ ਮੁਰ-ਦੈਂਤ ਨੂੰ ਮਾਰਨਵਾਲ਼ਾ ਕ੍ਰਿਸ਼ਨ ਹੈ, ਜਿਸ ਨੇ ਕੰਸ ਨੂੰ ਮਾਰ ਕੇ ਮੁਕਤ ਕੀਤਾ, ਆਦਿ।

ਸਵਾਲ : ਕੀ ਗੁਰੂ ਨਾਨਕ ਸਾਹਿਬ ਜੀ ਸਤਿਜੁਗ, ਤ੍ਰੇਤਾ ਤੇ ਦੁਆਪਰ ਜੁਗ ’ਚ ਪੈਦਾ ਹੋਏ ਹਨ; ਜਿਵੇਂ ਕਿ ਕਈ ਡੇਰੇਦਾਰ ਸਾਧ, ਗੁਰੂ ਨਾਨਕ ਸਾਹਿਬ ਨੂੰ ਰਾਮਚੰਦਰ ਜੀ ਦੀ ਕੁਲ ਦੇ ਵੰਸ਼ਜ ਮੰਨਦੇ ਹਨ ? ਜਵਾਬ ਹੈ : ਨਹੀਂ। ਫਿਰ ਕੀ ਭੱਟ ਸਾਹਿਬਾਨ ਇੱਥੇ ਗ਼ਲਤ ਕਹਿ ਰਹੇ ਹਨ ? ਜਵਾਬ ਹੈ : ਨਹੀਂ। ਦਰਅਸਲ ਭੱਟ ਸਾਹਿਬਾਨ; ਗੁਰੂ ਨਾਨਕ ਸਾਹਿਬ ਦੀ ‘ਜੋਤਿ’ ਨੂੰ ਅਕਾਲ ਪੁਰਖ ਦੀ ‘ਜੋਤਿ’ ਮੰਨਦੇ ਹਨ, ਜੋ ‘‘ਆਦਿ ਸਚੁ ਜੁਗਾਦਿ ਸਚੁ..’’ ਕਰਤਾਰ ਵਾਙ ਸ੍ਰਿਸ਼ਟੀ ਦੇ ਆਦਿ ਤੋਂ ਮੌਜੂਦ ਹੈ, ‘‘ਜੋਤਿ ਰੂਪਿ ਹਰਿ ਆਪਿ; ਗੁਰੂ ਨਾਨਕੁ ਕਹਾਯਉ ’’ (ਭਟ ਮਥੁਰਾ/੧੪੦੮) ਭਾਵ ਭੱਟ ਸਾਹਿਬਾਨ ਅਨੁਸਾਰ ਗੁਰੂ ਨਾਨਕ ਸਾਹਿਬ ਜੀ; ਇਸ ਜਨਮ ’ਚ ਭੀ ਪੈਦਾਇਸ਼ ਤੋਂ ਅਕਾਲ ਪੁਰਖ ਦੇ ਰੂਪ ਹਨ।

ਧਿਆਨ ਰਹੇ ਕਿ ਭੱਟ ਸਾਹਿਬਾਨ ਨੇ ਬਾਕੀ ਗੁਰੂ ਸਾਹਿਬਾਨ ਨੂੰ ਭੀ ਹਰੀ ਦਾ ਰੂਪ ਮੰਨਿਆ ਹੈ; ਜਿਵੇਂ ਕਿ ‘‘ਪਰਤਛਿ ਰਿਦੈ ਗੁਰ ਅਰਜੁਨ ਕੈ; ਹਰਿ ਪੂਰਨ ਬ੍ਰਹਮਿ (ਨੇ) ਨਿਵਾਸੁ ਲੀਅਉ ’’ (ਸਵਈਏ ਮਹਲੇ ਪੰਜਵੇਂ ਕੇ/ਭਟ ਮਥੁਰਾ/੧੪੦੯), ਪਰ ਇਹ ਰੂਹਾਨੀਅਤ ਮੁਕਾਮ ਜਨਮ ਤੋਂ ਨਹੀਂ ਬਲਕਿ ਗੁਰੂ ਨਾਨਕ-ਜੋਤਿ ਦੇ ਉੱਤਰਾਧਿਕਾਰੀ ਬਣਨ ਤੋਂ ਬਾਅਦ ਹਾਸਲ ਹੋਇਆ ਹੈ; ਜਿਵੇਂ ਕਿ ਗੁਰੂ ਰਾਮਦਾਸ ਜੀ ਦੇ ਰੂਹਾਨੀਅਤ-ਪੜਾਅ ਬਾਰੇ ਬਚਨ ਹਨ, ‘‘ਮਿਲਿ ਨਾਨਕ ਅੰਗਦ ਅਮਰ ਗੁਰ; ਗੁਰੁ ਰਾਮਦਾਸੁ ਹਰਿ ਪਹਿ ਗਯਉ ’’ (ਸਵਈਏ ਮਹਲੇ ਪੰਜਵੇਂ ਕੇ/ਭਟ ਹਰਿਬੰਸ/੧੪੦੯) ਇਸ ਤਰ੍ਹਾਂ ਗੁਰੂ ਨਾਨਕ ਜੀ ਤੇ ਉਨ੍ਹਾਂ ਦੇ ਉੱਤਰਾਧਿਕਾਰੀ ਗੁਰੂ ਸਾਹਿਬਾਨ ਦੇ ਹਿਰਦੇ ਇੱਕ ਸਮਾਨ ਨਿਰਮਲ ਜੋਤਿ ਤੇ ਇੱਕ ਸਮਾਨ ਬਿਬੇਕ-ਚਾਨਣ/ਬਲ ਸੀ; ਕੋਈ ਭੁਲੇਖਾ ਨਾ ਰਹੇ, ਇਸ ਲਈ ਬਾਬਾ ਸੱਤਾ-ਬਲਵੰਡ ਜੀ ਨੇ ਬਚਨ ਉਚਾਰੇ ਹਨ, ‘‘ਜੋਤਿ ਓਹਾ ਜੁਗਤਿ ਸਾਇ; ਸਹਿ (ਨੇ) ਕਾਇਆ ਫੇਰਿ ਪਲਟੀਐ ’’ (ਬਲਵੰਡ ਸਤਾ/੯੬੬) ਭਾਵ ਗੁਰੂ ਅੰਗਦ ਸਾਹਿਬ ਜੀ ਅੰਦਰ ਓਹੀ (ਗੁਰੂ ਨਾਨਕ ਜੀ ਦੀ) ਜੋਤਿ ਹੈ, ਓਹੀ ਨਿਰਮਲ ਰਹਿਣੀ ਹੈ। ਗੁਰੂ ਨਾਨਕ ਪਾਤਿਸ਼ਾਹ ਨੇ (ਗੁਰੂ ਅੰਗਦ ਜੀ ਦੇ ਰੂਪ ’ਚ) ਕੇਵਲ ਸਰੀਰ ਹੀ ਬਦਲਿਆ ਹੈ।

ਮਨੋਵਿਗਿਆਨ ਨੇ ‘ਮਨ’ ਨੂੰ ਤਿੰਨ ਭਾਗਾਂ ’ਚ ਵੰਡਿਆ ਹੈ (1). ਸੁਚੇਤ ਮਨ (Conscience mind) (2). ਅਚੇਤ ਮਨ (Unconscious mind) (3). ਅਰਧ ਅਚੇਤ ਮਨ (Preconscious mind)। ਇਸ ਕਾਢ ਦੇ ਪਿਤਾਮਾ ਮੰਨੇ ਜਾਂਦੇ ਹਨ ‘ਆਸਟਰੀਅਨ ਨਿਵਾਸੀ ਸਿਗਮੰਡ ਸਕਲੋਮੋ ਫ਼ਰਾਇਡ, ਜਿਸ ਦਾ ਜਨਮ ਇੱਕ ਯਹੂਦੀ ਪਰਵਾਰ ’ਚ 6 ਮਈ 1856 ਨੂੰ ਹੋਇਆ ਤੇ ਇੰਗਲੈਂਡ ’ਚ 23 ਸਤੰਬਰ 1939 ਨੂੰ ਮੌਤ ਹੋ ਗਈ। ਇਹ ਮਨੋਰੋਗਾਂ ਦਾ ਡਾਕਟਰ, ਮਨੋਵਿਗਿਆਨੀ ਅਤੇ ਮਨੋਵਿਸ਼ਲੇਸ਼ਕ ਸੀ।

ਮਨੋਵਿਗਿਆਨ ਅਨੁਸਾਰ ‘ਸੁਚੇਤ ਮਨ’ ਰਾਹੀਂ ਬਚਪਨ ਤੋਂ ਇਕੱਠੀਆਂ ਹੁੰਦੀਆਂ ਯਾਦਾਂ ਹੀ ‘ਅਚੇਤ ਮਨ’ ਹਨ। ‘ਸੁਚੇਤ ਮਨ’; ਰਾਤ ਨੂੰ ਸੌਂ ਜਾਂਦਾ ਹੈ, ਪਰ ‘ਅਚੇਤ ਮਨ’ ਜੀਵਨਭਰ ਜਾਗਦਾ ਹੈ ਜਦਕਿ ਗੁਰਬਾਣੀ ਅਨੁਸਾਰ ‘ਅਚੇਤ ਮਨ’; ਅੰਤਹਿਕਰਣ ’ਤੇ ਚੜ੍ਹੀ ਜਨਮ ਜਨਮ ਦੀ ਮੈਲ਼ ਹੈ, ‘‘ਜਨਮ ਜਨਮ ਕੀ ਇਸੁ ਮਨ (ਅੰਤਹਿਕਰਣ) ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ ’’ (ਮਹਲਾ /੬੫੧) ਇਹੀ ਮੈਲ਼ ‘ਕੂੜ ਦੀ ਪਾਲ’ (ਕੰਧ/ਪਰਦਾ) ਹੈ, ਜਿਸ ਨੂੰ ਨਾਲ਼ ਲੈ ਕੇ ਹਰ ਜੀਵ-ਜੰਤ ਪੈਦਾ ਹੁੰਦਾ ਹੈ। ‘ਜਪੁ’ ਬਾਣੀ ਦੀ ਪਹਿਲੀ ਪਉੜੀ ’ਚ ਇਸੇ ਨੂੰ ‘‘ਲਿਖਿਆ ਨਾਲਿ’’ ਕਿਹਾ ਹੈ ਤੇ 31ਵੀਂ ਪਉੜੀ ’ਚ ‘‘ਜੋ ਕਿਛੁ ਪਾਇਆ; ਸੁ ਏਕਾ ਵਾਰ.. ੩੧’’ (ਜਪੁ) ਕਿਹਾ ਹੈ।

ਮਨੋਵਿਗਿਆਨ; ਜਿੱਥੇ ਇਸੇ ਜਨਮ ’ਚ ਸੁਚੇਤ ਮਨ ਰਾਹੀਂ ‘ਅਚੇਤ ਮਨ’ ਬਣਦਾ, ਮੰਨਦਾ ਹੈ; ਓਥੇ ਗੁਰਮਤਿ ਨੇ ਇਸ ਦਾ ਸਬੰਧ ਅਨੇਕਾਂ ਜਨਮਾਂ ਨਾਲ਼ ਕੀਤਾ ਹੈ। ਹਿਰਦੇ ਅੰਦਰਲੀ ਇਲਾਹੀ ਰੱਬੀ ਜੋਤਿ ਦਾ ਹੂਬਹੂ ਚਾਨਣ; ਇਸ (ਅੰਤਹਿਕਰਣ ਦੀ) ਮੈਲ਼ ਕਾਰਨ ਹੀ ਮਨੁੱਖ ਦੀ ਬੁੱਧੀ (ਸੁਚੇਤ ਮਨ) ਤੱਕ ਨਹੀਂ ਪਹੁੰਚਦਾ। ‘ਅੰਤਹਿਕਰਣ’; ਉਹ ਅੰਦਰੂਨੀ ਇੰਦ੍ਰੀ (ਜ਼ਮੀਰ) ਹੈ, ਜਿਸ ’ਤੇ ਚੜ੍ਹੀ ਘੱਟ-ਵੱਧ ਮੈਲ਼ ਦਾ ਪ੍ਰਭਾਵ; ਚਾਰ ਬਾਹਰਲੀਆਂ (ਸਰੀਰਕ) ਇੰਦ੍ਰੀਆਂ ‘ਸੁਰਤਿ, ਮਤਿ, ਮਨਿ, ਬੁਧਿ’ ਰਾਹੀਂ ਪ੍ਰਗਟ ਹੁੰਦਾ ਹੈ। ਇਨ੍ਹਾਂ ਚਾਰਾਂ ਨੂੰ ਘੜਨਾ; ਅੰਤਹਿਕਰਣ ਨੂੰ ਪਾਰਦਰਸ਼ੀ ਕਰਨਾ ਹੈ ਜਾਂ ਅੰਤਹਿਕਰਣ ਨੂੰ ਪਾਰਦਰਸ਼ੀ ਬਣਾਉਣਾ; ਇਨ੍ਹਾਂ ਚਾਰਾਂ ਨੂੰ ਘੜਨਾ ਹੈ। ਗੁਰਮਤਿ ਅਨੁਸਾਰ ਕੀਤੀ ਸਵੈ ਪੜਚੋਲ (ਅੰਤਰਗਤਿ ਤੀਰਥਿ (ਤੇ) ਮਲਿ (ਕੇ) ਨ੍ਹਾਉ ..੨੧) ਉਪਰੰਤ ਇਹ ਸਫਲਤਾ ਹਾਸਲ ਹੁੰਦੀ ਹੈ ਤਾਹੀਓਂ ਸ਼੍ਰਮਖੰਡ ਅਵਸਥਾ ’ਚ ਇਸ ਦਾ ਜ਼ਿਕਰ ਹੈ, ‘‘ਸਰਮਖੰਡ ਕੀ ਬਾਣੀ ਰੂਪੁ   ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ ਤਾ ਕੀਆ ਗਲਾ; ਕਥੀਆ ਨਾ ਜਾਹਿ   ਜੇ ਕੋ ਕਹੈ; ਪਿਛੈ ਪਛੁਤਾਇ   ਤਿਥੈ ਘੜੀਐ; ਸੁਰਤਿ ਮਤਿ ਮਨਿ () ਬੁਧਿ   ਤਿਥੈ ਘੜੀਐ; ਸੁਰਾ ਸਿਧਾ ਕੀ ਸੁਧਿ ੩੬’’ (ਜਪੁ) ‘ਸ਼੍ਰਮਖੰਡ’ ਤੋਂ ਭਾਵ ਆਪਣੇ ਆਪ ਨੂੰ ਪੜਚੋਲਣਾ ਹੈ। ਇਹੀ ਹੈ ‘ਗੁਰੂ ਸਿੱਖਿਆ ਨੂੰ ਮੰਨਣਾ’ ਤਾਹੀਓਂ ‘ਮੰਨੈ’ ਵਾਲ਼ੀਆਂ ਪਉੜੀਆਂ ’ਚ ਭੀ ਇਸ ਘਾੜਤ ਦਾ ਜ਼ਿਕਰ ਹੈ, ‘‘ਮੰਨੇ ਕੀ ਗਤਿ; ਕਹੀ ਜਾਇ   ਜੇ ਕੋ ਕਹੈ; ਪਿਛੈ ਪਛੁਤਾਇ.. ੧੨ ਮੰਨੈ ਸੁਰਤਿ ਹੋਵੈ; ਮਨਿ () ਬੁਧਿ ..੧੩’’ ‘ਜਪੁ’ ਸਾਹਿਬ ਦੀ ਅੰਤਮ (38ਵੀਂ) ਪਉੜੀ ’ਚ ਭੀ ਇਸੇ ਜੀਵਨ-ਘਾੜਤ ਦਾ ਵੇਰਵਾ ਹੈ, ‘‘ਘੜੀਐ ਸਬਦੁ; ਸਚੀ ਟਕਸਾਲ ..੩੮’’, ਜਿਸ ਨੇ ਇਹ ਮੰਥਨ ਕੀਤਾ; ਉਸ ਦੀ ਮਤਿ (ਸੁਚੇਤ ਮਨ) ’ਚ ਰਤਨ, ਜਵਾਹਾਰ, ਲਾਲ ਪ੍ਰਗਟ ਹੋ ਗਏ, ‘‘ਮਤਿ ਵਿਚਿ ਰਤਨ ਜਵਾਹਰ ਮਾਣਿਕ; ਜੇ ਇਕ ਗੁਰ ਕੀ ਸਿਖ ਸੁਣੀ ..’’ (ਜਪੁ) ਯਾਨੀ ਸਵੈ ਪੜਚੋਲ ਨਾਲ਼ ਪਾਰਦਰਸ਼ੀ ਹੋਏ ਅੰਤਹਿਕਰਣ ਰਾਹੀਂ ਹਿਰਦੇ ਅੰਦਰਲੀ ਇਲਾਹੀ ਜੋਤਿ ਦਾ ਹੂਬਹੂ ਪ੍ਰਕਾਸ਼ ਚਾਰੋਂ ਬਾਹਰਲੀਆਂ ਇੰਦ੍ਰੀਆਂ (ਸੁਰਤ, ਮਤਿ, ਮਨ, ਬੁਧਿ) ਨੇ ਪ੍ਰਾਪਤ ਕਰ ਲਿਆ। ਇਹੀ ਹੈ ‘ਪ੍ਰਭੂ ਦਾ ਦਰਸ਼ਨ, ਪ੍ਰਭੂ ’ਚ ਲੀਨਤਾ, ਆਵਾਗਮਣ ਮੁਕਤ ਹੋਣਾ, ਇੱਕ ਸਮਾਨ ਦ੍ਰਿਸ਼ਟੀ’, ਜਿਸ ਦਾ ਜ਼ਿਕਰ ਕਬੀਰ ਜੀ ਨੇ ਇਉਂ ਕੀਤਾ, ‘‘ਰਾਮ ਕਬੀਰਾ ਏਕ ਭਏ ਹੈ; ਕੋਇ ਸਕੈ ਪਛਾਨੀ ’’ (ਭਗਤ ਕਬੀਰ/੯੬੯) ਇਹ ਅਵਸਥਾ; ਜੀਵਦਿਆਂ ਹੀ ਹਾਸਲ ਹੋ ਸਕਦੀ ਹੈ ਤਾਹੀਓਂ ਭਗਤ ਬੇਣੀ ਜੀ ਫ਼ੁਰਮਾ ਰਹੇ ਹਨ, ‘‘ਬੇਣੀ ਕਹੈ ਸੁਨਹੁ ਰੇ ਭਗਤਹੁ ! ਮਰਨ ਮੁਕਤਿ ਕਿਨਿ ਪਾਈ ? ’’ (ਭਗਤ ਬੇਣੀ/੯੩) ਭਾਵ ਮਰਨ ਉਪਰੰਤ ‘ਜਨਮ ਜਨਮ ਦੀ ਮੈਲ਼’ ਦਾ ਦਾਗ਼ ਨਹੀਂ ਮਿਟਦਾ। ਇਸ ਨੇ ਅਵੱਸ਼ ਨਵਾਂ ਜਨਮ ਕਰਾ ਦੇਣਾ ਹੈ। ਇਹ ਮੈਲ਼ (ਹਉਮੈ) ਹੀ ਅਵਾਗਮਣ ਦਾ ਮੂਲ ਹੈ, ‘‘ਜਿਨਿ ਰਚਿ ਰਚਿਆ ਪੁਰਖਿ+ਬਿਧਾਤੈ (ਨੇ); ਨਾਲੇ ਹਉਮੈ ਪਾਈ   ਜਨਮ ਮਰਣੁ ਉਸ (ਮੈਲ਼) ਹੀ ਕਉ ਹੈ ਰੇ  ! ਓਹਾ ਆਵੈ ਜਾਈ ’’ (ਮਹਲਾ /੯੯੯)

ਭਾਈ ਗੁਰਦਾਸ ਜੀ; ਇਸ ਮੈਲ਼ (ਕੂੜੈ ਪਾਲਿ) ਨੂੰ ਮਨ ਦੀ ਵਾਸ਼ਨਾ ਮੰਨਦੇ ਹਨ, ਜਿਸ ਨੇ ਹਰ ਜੁਗ ’ਚ ਪੈਦਾ ਕਰਾਇਆ, ‘‘ਜੁਗਿ ਜੁਗਿ () ਮੇਰੁ ਸਰੀਰ ਕਾ; ਬਾਸਨਾ ਬਧਾ ਆਵੈ ਜਾਵੈ ਫਿਰਿ ਫਿਰਿ ਫੇਰਿ ਵਟਾਈਐ; ਗਿਆਨੀ ਹੋਇ ਮਰਮੁ ਕਉ ਪਾਵੈ ਸਤਿਜੁਗਿ () ਦੂਜਾ ਭਰਮੁ ਕਰਿ; ਤ੍ਰੇਤੇ ਵਿਚਿ ਜੋਨੀ (ਜਨਮ) ਫਿਰ ਆਵੈ ਤ੍ਰੇਤੇ ਕਰਮਾ ਬਾਂਧਤੇ; ਦੁਆਪਰਿ () ਫਿਰਿ ਅਵਤਾਰ (ਜਨਮ) ਕਰਾਵੈ ਦੁਆਪਰਿ () ਮਮਤਾ ਅਹੰਕਾਰ; ਹਉਮੈ ਅੰਦਰਿ ਗਰਬਿ ਗਲਾਵੈ ਤ੍ਰਿਹੁ ਜੁਗਾ ਕੇ ਕਰਮ ਕਰਿ; ਜਨਮ ਮਰਨ ਸੰਸਾ ਚੁਕਾਵੈ ਫਿਰਿ ਕਲਿਜੁਗ ਅੰਦਰਿ ਦੇਹ ਧਰਿ; ਕਰਮਾਂ ਅੰਦਰਿ ਫੇਰ ਫਸਾਵੈ ਅਉਸਰੁ ਚੁਕਾ; ਹਥ ਆਵੈ ੧੫’’ (ਭਾਈ ਗੁਰਦਾਸ ਜੀ/ਵਾਰ ਪਉੜੀ ੧੫) ਅਰਥ : ਹਰ ਜੁਗ ’ਚ ਮੇਰੂ (ਸ੍ਰੇਸ਼ਟ) ਸਰੀਰ; ਮਨ ਦੀਆਂ ਵਾਸ਼ਨਾਵਾਂ ’ਚ ਬੱਝਿਆ ਹੋਇਆ ਜੰਮਦਾ ਮਰਦਾ ਹੈ। ਵਾਰ-ਵਾਰ ਦੇਹ ਬਦਲਦੀ ਹੈ, ਪਰ ਇਹ ਰਾਜ਼; ਕੋਈ ਗਿਆਨੀ (ਆਤਮ ਗਿਆਨੀ/ਸਵੈ ਪੜਚੋਲ ਕਰਨ ਵਾਲ਼ਾ) ਹੀ ਜਾਣਦਾ ਹੈ। ਸਤਿਜੁਗ ’ਚ (ਰੱਬ ਤੋਂ ਇਲਾਵਾ ਹੋਰ ਭਾਵ ਮਾਇਆ ਨਾਲ਼) ਪ੍ਰੇਮ ਕੀਤਾ, ਇਸੇ ਭਰਮ ਕਾਰਨ (ਕਿ ਮਾਇਆ ਹੀ ਅਸਲ ਸਾਥੀ ਹੈ, ਪਰ ਉਹ ਨਾ ਬਣੀ ਤੇ) ਤ੍ਰੇਤੇ ’ਚ ਮੁੜ ਜਨਮ ਲੈਣਾ ਪਿਆ। ਤ੍ਰੇਤੇ ’ਚ ਮਾੜੇ ਕਰਮਾਂ ’ਚ ਮਗਨ ਰਹਿਣ ਕਾਰਨ ਦੁਆਪਰ ’ਚ ਪੈਦਾ ਹੋ ਜਾਂਦਾ ਹੈ। ਦੁਆਪਰ ਵਿਖੇ ਮੋਹ-ਮਮਤਾ, ਅਹੰਕਾਰ ’ਚ ਮਸਤ ਰਹਿ ਕੇ ਆਤਮ-ਜੀਵਨ ਸਾੜਿਆ ਗਿਆ। ਇਸ ਤਰ੍ਹਾਂ ਤਿੰਨੇ ਜੁਗਾਂ ’ਚ (ਕੂੜੈ ਪਾਲਿ ਅਧੀਨ) ਕਰਮ ਕਰਦਿਆਂ ਜਨਮ ਮਰਨ ਦਾ ਡਰ ਨਾ ਮਿਟਿਆ ਭਾਵ ਆਵਾਗਮਣ ਹੁੰਦਾ ਗਿਆ। ਹੁਣ ਫਿਰ ਕਲਿਜੁਗ ’ਚ ਜਨਮ ਲੈ ਕੇ (ਬੁਰੇ) ਕਰਮਾਂ ’ਚ ਆਪਣੇ ਆਪ ਨੂੰ ਫਸਾਈ ਰੱਖਿਆ। (ਜੇ ਇਹ) ਸਮਾਂ ਭੀ ਬੀਤ ਗਿਆ ਤਾਂ (ਆਵਾਗਮਣ ਨਿਸ਼ਚਿਤ ਹੈ ਤੇ ਗੁਰੂ ਦੀ ਰਾਹੀਂ ‘ਕੂੜੈ ਪਾਲਿ’ ਨੂੰ ਖ਼ਤਮ ਕਰਨ ਵਾਲ਼ਾ ਸੁਭਾਗਾ ਸਮਾਂ) ਹੱਥ ਨਹੀਂ ਆਵੇਗਾ। ਇਸ ਸਚਾਈ ਨੂੰ ਪੰਜਵੇਂ ਪਾਤਿਸ਼ਾਹ ਜੀ ਨੇ ਇਉਂ ਬਿਆਨ ਕੀਤਾ, ‘‘ਲਖ ਚਉਰਾਸੀਹ ਜੋਨਿ ਸਬਾਈ   ਮਾਣਸ ਕਉ ਪ੍ਰਭਿ (ਨੇ) ਦੀਈ ਵਡਿਆਈ   ਇਸੁ ਪਉੜੀ ਤੇ ਜੋ ਨਰੁ ਚੂਕੈ; ਸੋ ਆਇ ਜਾਇ ਦੁਖੁ ਪਾਇਦਾ ’’ (ਮਹਲਾ /੧੦੭੫) ਸੋ ਹਰ ਜੀਵ-ਜੰਤ ਦੇ ਵਜੂਦ (ਸਰੀਰ) ਨੂੰ ਸਹਾਰਾ ਦਿੰਦੀ ਹੈ ‘ਇਲਾਹੀ ਜੋਤਿ’ ਤੇ ਜਨਮ ਹੋਣ ਦਾ ਕਾਰਨ ਬਣਦੀ ਹੈ ‘ਜਨਮ ਜਨਮ ਦੀ ਮੈਲ਼’, ਜਿਸ ਨੂੰ ਮਨੋਵਿਗਿਆਨ ਨੇ ਇਸੇ ਜਨਮ ’ਚ (ਸੁਚੇਤ ਮਨ ਰਾਹੀਂ) ਉਪਜਿਆ ‘ਅਚੇਤ ਮਨ’ ਕਿਹਾ ਹੈ। ਜਦ ਅਕਾਲ ਪੁਰਖ ਆਪਣੀ ਜੋਤਿ; ਸਰੀਰ ਅੰਦਰੋਂ ਕੱਢ ਲੈਂਦਾ ਹੈ ਤਾਂ ਸਰੀਰਕ ਮੌਤ ਹੋ ਜਾਂਦੀ ਹੈ, ‘‘ਜਬ ਅਪੁਨੀ ਜੋਤਿ ਖਿੰਚਹਿ ਤੂ ਸੁਆਮੀ ! ਤਬ ਕੋਈ ਕਰਉ ਦਿਖਾ ਵਖਿਆਨਾ ’’ (ਮਹਲਾ /੭੯੭) ਭਾਵ ਇਲਾਹੀ ਜੋਤਿ ਤੋਂ ਸੱਖਣਾ ਸਰੀਰ; ਕੁੱਝ ਨਹੀਂ ਕਰ ਸਕਦਾ।

ਗੁਰੂ ਨਾਨਕ ਸਾਹਿਬ ਦੀ ਜੋਤਿ; ਬ੍ਰਹਮ ਰੂਪ ਹੋਣ ਕਾਰਨ ਆਦਿ ਕਾਲ (ਸਤਿਜੁਗ, ਤ੍ਰੇਤਾ, ਦੁਆਪਰ) ਤੋਂ ਸੁਭਾਇਮਾਨ ਹੈ ਤੇ ਹੁਣ ਭੀ ਦਸ ਗੁਰੂ ਸਾਹਿਬਾਨ ’ਚ ਵਿਚਰਦੀ ਹੋਈ ਹਰ ਥਾਂ (ਸ਼ਰਧਾਵਾਨ ਸਿੱਖਾਂ ਅੰਦਰ ਤੇ ‘ਗੁਰੂ ਸ਼ਬਦ’ ਅੰਦਰ) ਪ੍ਰਕਾਸ਼ਮਾਨ ਹੈ ਤਾਹੀਓਂ 7 ਅਕਤੂਬਰ 1708 (ਕੱਤਕ ਸੁਦੀ ੫, ਸੰਮਤ ੧੭੬੫, ੭ ਕੱਤਕ; ਨਾਨਕਸ਼ਾਹੀ ੨੪੦) ਨੂੰ ਤਖ਼ਤ ਸ੍ਰੀ ਨੰਦੇੜ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਜਦ ਪੁੱਛਿਆ ਗਿਆ ਕਿ ਤੁਹਾਡੇ ਅਕਾਲ ਚਲਾਣੇ ਤੋਂ ਬਾਅਦ ਆਪ ਜੀ ਦਾ ਦੀਦਾਰ ਕਿਵੇਂ ਹੋਇਆ ਕਰੇਗਾ ? ਤਾਂ ਆਪ ਜੀ ਨੇ ਜਵਾਬ ਦਿੱਤਾ ਸੀ ਕਿ ‘ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ, ਦੀਦਾਰ ਖ਼ਾਲਸੇ ਕਾ’ ਭਾਵ (ਗੁਰੂ) ਸ਼ਬਦ ਦਾ ਪਰਿਚਯ (ਜਾਣਕਾਰੀ) ਰੱਖਣੀ, ਕੇਵਲ ਅਕਾਲ ਪੁਰਖ ਦੀ ਬੰਦਗੀ ਕਰਨੀ ਅਤੇ ਮੇਰੇ ਦਰਸ਼ਨ; ਤਿਆਰ ਬਰ ਤਿਆਰ ਖ਼ਾਲਸੇ ਅੰਦਰੋਂ ਹੋਇਆ ਕਰਨਗੇ।

ਸੋ ‘ਗੁਰੂ ਨਾਨਕ ਜੋਤਿ’; ਅਕਾਲ ਪੁਰਖ ਵਾਙ ਸਦੀਵੀ ਸਥਿਰ ਹੈ ਤਾਹੀਓਂ ਗੁਰੂ ਰਾਮਦਾਸ ਜੀ ਨੇ ਬਚਨ ਕੀਤੇ ਹਨ, ‘‘ਸਤਿਗੁਰੁ ਮੇਰਾ ਸਦਾ ਸਦਾ; ਨਾ ਆਵੈ ਨਾ ਜਾਇ   ਓਹੁ ਅਬਿਨਾਸੀ ਪੁਰਖੁ ਹੈ; ਸਭ ਮਹਿ ਰਹਿਆ ਸਮਾਇ ’’ (ਮਹਲਾ /੭੫੯), ਗੁਰੂ ਅਮਰਦਾਸ ਜੀ ਦੇ ਬਚਨ ਹਨ, ‘‘ਸੁਣਤੇ ਪੁਨੀਤ ਕਹਤੇ ਪਵਿਤੁ; ਸਤਿਗੁਰੁ ਰਹਿਆ ਭਰਪੂਰੇ ..੪੦’’ (ਅਨੰਦ/ਮਹਲਾ /੯੨੨) ਯਾਨੀ ਗੁਰੂ ਬਚਨਾਂ ਅੰਦਰ ਸਤਿਗੁਰੂ ਜੀ ਦੀ ਰੂਹਾਨੀਅਤ ਜੋਤਿ-ਸ਼ਕਤੀ ਹੈ ਤਾਹੀਓਂ ਇਸ ਨੂੰ ਸੁਣਨਵਾਲ਼ੇ ਤੇ ਪੜ੍ਹਨਵਾਲ਼ੇ ਨਿਰਮਲ ਹੋ ਜਾਂਦੇ ਹਨ ਤੇ ਹੁੰਦੇ ਰਹਿਣਗੇ।

ਫਿਰ ਗੁਰੂ ਅਮਰਦਾਸ ਜੀ ਨੇ ਐਸੇ ਬਚਨ ਕਿਉਂ ਕੀਤੇ ਹਨ, ‘‘ਹਰਿ ਭਾਣਾ ਗੁਰ ਭਾਇਆ; ਗੁਰੁ ਜਾਵੈ ਹਰਿ ਪ੍ਰਭ ਪਾਸਿ ਜੀਉ ’’ (ਸਦ/ਬਾਬਾ ਸੁੰਦਰ/੯੨੩)

ਜਵਾਬ : ਦਰਅਸਲ ਗੁਰੂ ਸਾਹਿਬ ਜੀ; ਇੱਥੇ ਉਕਤ ਭਰਮ (ਕਉਨੁ ਮੂਆ ਰੇ ! ਕਉਨੁ ਮੂਆ ?   ਬ੍ਰਹਮਗਿਆਨੀ ਮਿਲਿ ਕਰਹੁ ਬੀਚਾਰਾ; ਇਹੁ ਤਉ ਚਲਤੁ ਭਇਆ ਰਹਾਉ ) ਨੂੰ ਹੀ ਤੋੜ ਰਹੇ ਹਨ, ‘‘ਸਤਿਗੁਰਿ (ਨੇ) ਭਾਣੈ ਆਪਣੈ; ਬਹਿ ਪਰਵਾਰੁ ਸਦਾਇਆ   ਮਤ ਮੈ ਪਿਛੈ ਕੋਈ ਰੋਵਸੀ; ਸੋ ਮੈ ਮੂਲਿ ਭਾਇਆ ..’’ (ਸਦ/ਬਾਬਾ ਸੁੰਦਰ/੯੨੩) ਭਾਵ ਮੇਰੇ ਸਰੀਰ ਤਿਆਗਣ ਤੋਂ ਬਾਅਦ ਰੋਣਾ-ਪਿੱਟਣਾ ਨਹੀਂ। ਐਸਾ ਕਰਨਾ ਮੈਨੂੰ ਬਿਲਕੁਲ ਪਸੰਦ ਨਹੀਂ। ਉਨ੍ਹਾਂ ਵਾਸਤੇ ਨਹੀਂ ਰੋਈਦਾ; ਜਿਹੜੇ ਆਪਣੇ ਮਾਲਕ ’ਚ ਲੀਨ ਹੋਣ ਜਾ ਰਹੇ ਹਨ (ਚੇਤੇ ਰਹੇ ਕਿ ਪਾਰਦਰਸ਼ੀ ਅੰਤਹਿਕਰਣ ਹੋਣ ਕਾਰਨ ਗੁਰੂ ਜੀ; ਜੀਵਦਿਆਂ ਭੀ ਪ੍ਰਭੂ ’ਚ ਲੀਨ ਸਨ)। ਉਨ੍ਹਾਂ ਬਦਨਸੀਬ ਲੋਕਾਂ ਲਈ ਰੋਵੋ, ਜੋ ਕੀਮਤੀ ਮਨੁੱਖਾ-ਜਨਮ ਅਜਾਈਂ ਗਵਾ ਆਵਾਗਮਣ ’ਚ ਭਟਕਦੇ ਹਨ, ‘‘ਕਬੀਰ  ! ਸੰਤ ਮੂਏ ਕਿਆ ਰੋਈਐ  ? ਜੋ ਅਪੁਨੇ ਗ੍ਰਿਹਿ () ਜਾਇ   ਰੋਵਹੁ ਸਾਕਤ ਬਾਪੁਰੇ; ਜੁ ਹਾਟੈ ਹਾਟ ਬਿਕਾਇ ’’ (ਭਗਤ ਕਬੀਰ/੧੩੬੫)

ਸੋ ਜਿਸ ਤਰ੍ਹਾਂ 7 ਸਤੰਬਰ 1539 (ਅੱਸੂ ਵਦੀ ੧੦, ਸੰਮਤ ੧੫੯੬, ੮ ਅੱਸੂ; ਨਾਨਕਸ਼ਾਹੀ ੭੧) ਨੂੰ ਗੁਰੂ ਨਾਨਕ ਸਾਹਿਬ ਦੇ ਸਰੀਰ ਤਿਆਗਣ ਤੋਂ ਬਾਅਦ ਉਨ੍ਹਾਂ ਦੀ ਜੋਤਿ; ਗੁਰੂ ਅੰਗਦ ਸਾਹਿਬ ਦੇ ਹਿਰਦੇ ’ਚ ਅਤੇ ਅਗਾਂਹ ਅਗਾਂਹ 1 ਸਤੰਬਰ 1581 (ਭਾਦੋਂ ਸੁਦੀ ੩, ਸੰਮਤ ੧੬੩੮, ਅੱਸੂ ੨; ਨਾਨਕਸ਼ਾਹੀ ੧੧੩) ਨੂੰ ਗੁਰੂ ਰਾਮਦਾਸ ਜੀ ਦੇ ਸਰੀਰ ਤਿਆਗਣ ਤੋਂ ਬਾਅਦ ਉਹੀ ਜੋਤ; ਗੁਰੂ ਅਰਜਨ ਦੇਵ ਜੀ ਦੇ ਹਿਰਦੇ ’ਚ ਸੁਸ਼ੋਭਿਤ ਹੋ ਸ਼ਰਧਾਵਾਨ ਮਾਨਵਤਾ ਦੀ ਅਗਵਾਈ ਕਰਦੀ ਰਹੀ;  ਜੈਸਾ ਕਿ ਬਚਨ ਹਨ, ‘‘ਰਾਮਦਾਸਿ ਗੁਰੂ (ਨੇ) ਜਗ ਤਾਰਨ ਕਉ; ਗੁਰ ਜੋਤਿ ਅਰਜੁਨ ਮਾਹਿ ਧਰੀ ’’ (ਭਟ ਮਥੁਰਾ/੧੪੦੯) ਵੈਸੇ ਹੀ ਇਹ ਨਾਨਕ-ਜੋਤਿ ਨੇ ਸ਼ਰਧਾਵਾਨ ਸਿੱਖਾਂ ਅੰਦਰ ਚਾਨਣ-ਬਲ ਪੈਦਾ ਕਰ ਜੋਤੀ/ਪ੍ਰਭੂ ਨੂੰ ਅੰਗ-ਸੰਗ ਮਹਿਸੂਸ ਕਰਾਇਆ ਹੈ, ਹੁਣ ਭੀ ਕਰਾ ਰਹੀ ਹੈ ਤੇ ਅਗਾਂਹ ਭੀ ਸ਼ਰਧਾਵਾਨ ਮਾਨਵਤਾ ਦੀ ਬਾਂਹ ਫੜਦੀ ਰਹੇਗੀ।

ਵਿਸ਼ਾਲ ਕੁਦਰਤ ਅੰਦਰ ਅਨੇਕਾਂ ਸੂਖਮ ਰੂਹਾਂ (ਭੂਤ, ਪ੍ਰੇਤ, ਦੇਵਤਿਆਂ ਆਦਿ ਦੇ ਰੂਪ ’ਚ) ਮੌਜੂਦ ਹਨ; ਜੈਸਾ ਕਿ ਪੰਜਵੇਂ ਪਾਤਿਸ਼ਾਹ ਜੀ ਦੇ ਬਚਨ ਹਨ, ‘‘ਕਈ ਕੋਟਿ; ਜਖ ਕਿੰਨਰ ਪਿਸਾਚ   ਕਈ ਕੋਟਿ; ਭੂਤ ਪ੍ਰੇਤ ਸੂਕਰ ਮ੍ਰਿਗਾਚ ’’ (ਸੁਖਮਨੀ/ਮਹਲਾ /੨੭੬) ਐਸੀਆਂ ਹੀ ਸੂਖਮ ਰੂਹਾਂ (ਦੇਵਤਿਆਂ) ਦਾ ਜ਼ਿਕਰ ਭਗਤ ਕਬੀਰ ਜੀ ਕਰਦੇ ਹਨ, ‘‘ਇਸ ਦੇਹੀ ਕਉ ਸਿਮਰਹਿ ਦੇਵ   ਸੋ ਦੇਹੀ ਭਜੁ; ਹਰਿ ਕੀ ਸੇਵ ’’ (ਭਗਤ ਕਬੀਰ/੧੧੫੯) ਭਾਵ ਮਨੁੱਖਾ ਸਰੀਰ ਪਾਉਣ ਲਈ ਸੂਖਮ ਦੇਵਤੇ ਭੀ ਤਰਸਦੇ ਹਨ, ਤਾਂ ਤੇ (ਹੇ ਬੰਦੇ !) ਇਸ ਦੇਹ (ਦੇ ਰਹਿੰਦਿਆਂ) ਹਰੀ ਦਾ ਭਜਨ ਕਰ, ਉਸ ਦੀ ਬੰਦਗੀ ਕਰ।

ਇਨ੍ਹਾਂ ਸੂਖਮ ਰੂਹਾਂ ਵਾਙ ਹੀ ਨਾਨਕ-ਜੋਤਿ; ਸ਼ਰਧਾਵਾਨ ਸਿੱਖਾਂ ਦੇ ਅੰਗ-ਸੰਗ ਹੁੰਦੀ ਹੈ। ਗੁਰੂ ਦਾ ਮਿਲਾਪ; ਸਰੀਰ ਕਰਕੇ ਨਹੀਂ ਸਗੋਂ ਮਨ ਦੀ ਚਾਹਤ (ਭਾਵਨਾ) ਨਾਲ਼ ਜੁੜਿਆ ਵਿਸ਼ਾ ਹੈ; ਜਿਵੇਂ ਕਿ ਬਚਨ ਹਨ, ‘‘ਗੁਰ ਸਭਾ ਏਵ ਪਾਈਐ; ਨਾ ਨੇੜੈ, ਨਾ ਦੂਰਿ   ਨਾਨਕ  ! ਸਤਿਗੁਰੁ ਤਾਂ ਮਿਲੈ; ਜਾ ਮਨੁ ਰਹੈ ਹਦੂਰਿ ’’ (ਮਹਲਾ /੮੪) ਯਾਨੀ ਸਰੀਰਕ ਜਾਮੇ ਸਮੇਂ ਭੀ ਗੁਰੂ ਨੇ ਆਪਣੀ ਜੋਤਿ-ਸ਼ਕਤੀ ਨਾਲ਼ ਸ਼ਰਧਾਵਾਨ ਸਿੱਖ ਦੀ ਭਾਵਨਾ ਨੂੰ ਵਾਚ ਕੇ ਫਲ਼ ਦਿੱਤਾ ਹੈ; ਜੈਸਾ ਕਿ ਸੁਲਤਾਨਪੁਰ ਵਿਖੇ ਮਸਜਿਦ ’ਚ ਕਾਜ਼ੀ ਨਾਲ਼ ਨਮਾਜ਼ ਪੜ੍ਹਨ ਸਮੇਂ ਉਸ ਦੇ ਮਨ ਦੀ ਭਾਵਨਾ ਪੜ੍ਹੀ ਗਈ, ਜੋ ਘੋੜੇ ਖ਼ਰੀਦ ਰਹੀ ਸੀ ਤੇ ਘੋੜੀ ਦੇ ਵਛੇਰੇ ਦੇ ਖੂਹ ’ਚ ਡਿੱਗਣ ਤੋਂ ਚਿੰਤਤ ਸੀ ਤਾਹੀਓਂ ਜਗਿਆਸੂ ਸਿੱਖ ਅੱਜ ਭੀ ‘ਨਾਨਕ-ਜੋਤਿ’ ਦਾ ਨਿੱਘ ਮਾਨਣ ਲਈ ‘ਸਰੀਰ-ਗੁਰੂ’ ਦੀ ਘਾਟ ਮਹਿਸੂਸ ਨਹੀਂ ਕਰਦੇ।

ਸੋ ਗੁਰਬਾਣੀ ਦੀ ਪੜਚੋਲ ਕਰਦਿਆਂ ਓਹੀ ਅਸਲ ਲਾਭ ਖੱਟੇਗਾ, ਜੋ ਖ਼ੁਦ ਨੂੰ ਅਸ਼ਰਧਕ ਕੇਸਧਾਰੀ ਅਤੇ ਰੂੜ੍ਹੀਵਾਦੀ ਡੇਰੇਦਾਰਾਂ ਤੋਂ ਦੂਰ ਰੱਖੇਗਾ। ਅਸ਼ਰਧਕ ਸਿੱਖ; ਜਿੱਥੇ ਅਦ੍ਰਿਸ਼ ਨਿਰਾਕਾਰ-ਸ਼ਕਤੀ ’ਤੇ ਬਣਦਾ ਭਰੋਸਾ ਤੋੜਦੇ ਹਨ, ਓਥੇ ਡੇਰੇਦਾਰ; ਦੇਵਤਿਆਂ ਵਾਙ ਸਤਿਗੁਰੂ ਦੇ ਸ਼ਰੀਕ (ਸੰਤ) ਪੈਦਾ ਕਰ-ਕਰ ਨਾਨਕ-ਜੋਤਿ (ਸ਼ਕਤੀ ਦੀ ਚਮਕ) ਨੂੰ ਧੁੰਦਲਾ (ਮੱਧਮ) ਕਰਦੇ ਹਨ। ਇਨ੍ਹਾਂ ਅਖੌਤੀ ਸਮਾਜਿਕ ਹਸਤੀਆਂ ਦੀ ਪੂਜਾ ਹੀ ਆਪਸੀ ਭੇਦ-ਭਾਵ ਪੈਦਾ ਕਰਦੀ ਹੈ, ਤਾਹੀਓਂ ਡੇਰੇਦਾਰ ਪ੍ਰਚਾਰਕ; ਇਸ ਮਨਮਤੀ ਪ੍ਰਚਾਰ ਵਿਰੁਧ ਬੋਲਣ ਵਾਲ਼ੇ ਜਾਗਰੂਕ ਸਿੱਖਾਂ ਉੱਤੇ ਅਕਸਰ ਹਿੰਸਕ ਹਮਲੇ ਕਰਦੇ ਰਹਿੰਦੇ ਹਨ।

‘ਨਾਨਕਸ਼ਾਹੀ ਕੈਲੰਡਰ ਬਨਾਮ ਬਿਕ੍ਰਮੀ ਕੈਲੰਡਰ’ ਕਿਤਾਬ ਦਾ ਮੁੱਖ ਬੰਦ

0

‘ਨਾਨਕਸ਼ਾਹੀ ਕੈਲੰਡਰ ਬਨਾਮ ਬਿਕ੍ਰਮੀ ਕੈਲੰਡਰ’ ਕਿਤਾਬ ਦਾ ਮੁੱਖ ਬੰਦ

ਪ੍ਰੋ: ਹਰਦੇਵ ਸਿੰਘ ਵਿਰਕ

ਸ. ਕਿਰਪਾਲ ਸਿੰਘ ਬਠਿੰਡਾ ਦੀ ਕੈਲੰਡਰ ਬਾਰੇ ਖੋਜ ਭਰਪੂਰ ਪੁਸਤਕ ‘ਨਾਨਕਸ਼ਾਹੀ ਕੈਲੰਡਰ ਬਨਾਮ ਬਿਕ੍ਰਮੀ ਕੈਲੰਡਰ’ ਦਾ ਖਰੜਾ 24 ਅਗਸਤ ਨੂੰ ਪ੍ਰਾਪਤ ਹੋਇਆ। ਪਹਿਲਾਂ ਮੈਂ ਦੋਚਿੱਤੀ ਵਿਚ ਸਾਂ ਕਿ ਇਸ ਬਾਰੇ ਆਪਣੀ ਰਾਏ ਲਿਖਾਂ ਜਾਂ ਨਾ ਕਰ ਭੇਜਾਂ। ਜਦੋਂ ਖਰੜੇ ਦੀ ਭੂਮਿਕਾ ਪੜ੍ਹੀ ਤਾਂ ਮੈਂ ਇਸ ਦਾ ਮੁੱਖ ਬੰਦ ਲਿਖਣ ਦਾ ਮਨ ਬਣਾ ਲਿਆ। ਸਭ ਤੋਂ ਮਹੱਤਵਪੂਰਣ ਤੱਥ ਬਾਰੇ ਜ਼ਿਕਰ ਕਰਨਾ ਬਣਦਾ ਹੈ। ਜਦੋਂ ਗਿਆਰਾਂ ਮੈਂਬਰੀ ਕਮੇਟੀ ਦੀ ਆਖਰੀ ਫੈਸਲਾਕੁਨ ਮੀਟਿੰਗ ਹੋਣੀ ਸੀ ਤਾਂ ਕਿਸੇ ਮੈਂਬਰ ਨੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਹੋਰਾਂ ਨੂੰ ਸੁਝਾਉ ਦਿੱਤਾ ਕਿ ਪ੍ਰੋ. ਹਰਦੇਵ ਸਿੰਘ ਵਿਰਕ ਨੂੰ ਵਿਸ਼ੇਸ਼ ਮਾਹਰ ਵਜੋਂ ਬੁਲਾਇਆ ਜਾਣਾ ਚਾਹੀਦਾ ਹੈ। ਸੋ ਆਖਰੀ ਮੀਟਿੰਗ ਵਿੱਚ ਸ਼ਾਮਲ ਹੋ ਕੇ ਮੈਂ ਆਪਣੀ ਨਿੱਜੀ ਰਾਏ ਪੇਸ਼ ਕਰ ਸਕਿਆ ਜੋ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਸੀ। ਇਹੋ ਕਾਰਨ ਹੈ ਕਿ ਮੁੱਖਬੰਦ ਲਿਖਣ ਤੋਂ ਮੈਂ ਕੰਨੀ ਕਤਰਾ ਨਹੀਂ ਸਕਿਆ।

ਨਾਨਕਸ਼ਾਹੀ ਕੈਲੰਡਰ ਦੀ ਆਖਰੀ ਅਤੇ ਸਭ ਤੋਂ ਅਹਿਮ ਮੀਟਿੰਗ ਵਿੱਚ ਸ਼ਮੂਲੀਅਤ ਹੋਣ ਕਰਕੇ ਮੈਂ ਇਸ ਦਾ ਸਮਰਥਕ ਤਾਂ ਬਣ ਗਿਆ ਪਰ ਮੇਰੇ ਵਿਚਾਰ ਕੁਝ ਇਸ ਤਰ੍ਹਾਂ ਸਨ ਅਤੇ ਹਨ। ਮੈਂ ਕੌਮੀ ਕੈਲੰਡਰ (ਸਾਕਾ ਕੈਲੰਡਰ) ਕਮੇਟੀ ਦੀ ਰਿਪੋਰਟ ਨਾਲ ਲੈ ਕੇ ਗਿਆ ਸੀ, ਜੋ ਭਾਰਤ ਦੇ ਪ੍ਰਸਿੱਧ ਭੌਤਿਕ ਵਿਗਿਆਨੀ ਪ੍ਰੋ. ਮੇਘਨਾਥ ਸਾਹਾ ਦੀ ਦੇਖ-ਰੇਖ ਵਿੱਚ ਤਿਆਰ ਕੀਤੀ ਗਈ ਸੀ। ਇਹ ਰਿਪੋਰਟ 1956 ਵਿੱਚ ਪਾਰਲੀਮੈਂਟ ਤੋਂ ਪ੍ਰਵਾਨ ਹੋਣ ਉਪਰੰਤ ਲਾਗੂ ਹੋ ਗਈ ਸੀ। ਮੇਰਾ ਵਿਚਾਰ ਸੀ (ਅਤੇ ਹੈ) ਕਿ ਦੁਨੀਆਂ ਵਿੱਚ ਕੋਈ ਵੀ ਕੈਲੰਡਰ ਸ਼ੁੱਧ ਨਹੀਂ ਹੋ ਸਕਦਾ ਕਿਉਂਕਿ ਧਰਤੀ ਦੀ ਗਤੀ ਹਮੇਸ਼ਾਂ ਸਥਿਰ ਨਹੀਂ ਰਹਿੰਦੀ। ਵਿਗਿਆਨੀ ਇਸ ਤੱਥ ਤੋਂ ਭਲੀ ਭਾਂਤ ਜਾਣੂ ਹਨ ਅਤੇ ਲੋੜ ਪੈਣ ’ਤੇ ਸੋਧ ਲਗਾ ਲੈਂਦੇ ਹਨ।

ਕਿਰਪਾਲ ਸਿੰਘ ਦੀ ਪੁਸਤਕ ਦਾ ਖਰੜਾ ਪੜ੍ਹ ਕੇ ਇਹ ਤੱਥ ਸਪਸ਼ਟ ਹੋ ਜਾਂਦਾ ਹੈ। ਹੈਰਾਨੀ ਇਸ ਗੱਲ ਤੋਂ ਹੈ ਕਿ ਪੁਸਤਕ ਦਾ ਲੇਖਕ ਕੋਈ ਵਿਗਿਆਨੀ ਨਹੀਂ ਪਰੰਤੂ ਇਕ ਸਿਰੜੀ ਖੋਜੀ ਹੈ, ਜਿਸ ਨੇ ਦੁਨੀਆਂ ਭਰ ਦੇ ਕੈਲੰਡਰ ਵਾਚ ਕੇ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਫੈਸਲਾ ਲਿਆ ਹੈ। ਭਾਰਤ ਵਿੱਚ ਹਰ ਰਿਆਸਤ ਦਾ ਆਪਣਾ ਕੈਲੰਡਰ ਹੋਇਆ ਕਰਦਾ ਸੀ। ਲੇਖਕ ਨੇ 30 ਕੈਲੰਡਰਾਂ ਦਾ ਜ਼ਿਕਰ ਕੀਤਾ ਹੈ।

ਪਹਿਲੇ ਅਧਿਆਏ ਵਿੱਚ ਕੈਲੰਡਰਾਂ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਰਜ ਹੈ। ਪੁਸਤਕ ਦਾ ਇਹ ਸਭ ਤੋਂ ਮਹੱਤਵਪੂਰਣ ਅਧਿਆਏ ਹੈ। ਲੇਖਕ ਨੇ ਬੜੀ ਸੋਝੀ ਨਾਲ ਚੰਦਰ, ਸੂਰਜੀ, ਚੰਦਰ-ਸੂਰਜੀ ਮਿਸ਼ਰਤ, ਬਿਕ੍ਰਮੀ ਅਤੇ ਰੁੱਤੀ ਕੈਲੰਡਰਾਂ ਬਾਰੇ ਜਾਣਕਾਰੀ ਪੇਸ਼ ਕੀਤੀ ਹੈ। ਚੰਦਰ ਕੈਲੰਡਰ ਸਭ ਤੋਂ ਪਹਿਲਾਂ ਘੜਿਆ ਗਿਆ ਕਿਉਂਕਿ ਇਸ ਨੂੰ ਸਮਝਣਾ ਸਭ ਤੋਂ ਸੌਖਾ ਹੈ। ਚੰਦਰਮਾ ਦੀ ਚਾਲ ਧਰਤੀ ਦਵਾਲੇ ਪੂਰਨਮਾਸ਼ੀ ਅਤੇ ਮੱਸਿਆ ਨੂੰ ਜਨਮ ਦਿੰਦੀ ਹੈ, ਜਿਸ ਤੋਂ ਕੈਲੰਡਰ ਦੀ ਧਾਰਨਾ ਕਾਇਮ ਹੋਈ। ਹੁਣ ਇਹ ਇਸਲਾਮ ਤੋਂ ਬਗੈਰ ਹੋਰ ਕਿਸੇ ਧਰਮ ਵਿੱਚ ਪ੍ਰਵਾਨ ਨਹੀਂ ਚੜ੍ਹਿਆ। ਇਹ ਅਸ਼ੁੱਧ ਹੈ, ਜਿਸ ਕਰਕੇ ਰੋਜ਼ੇ ਕਦੇ ਗਰਮੀਆਂ ਵਿੱਚ ਅਤੇ ਕਦੇ ਸਰਦੀਆਂ ਵਿੱਚ ਆ ਜਾਂਦੇ ਹਨ।

ਸੂਰਜੀ ਕੈਲੰਡਰ ਵੀ ਦੋ ਤਰ੍ਹਾਂ ਦੇ ਹਨ: ਪ੍ਰਕਰਮੀ (Sidereal) ਅਤੇ ਰੁੱਤੀ (Tropical) ਕੈਲੰਡਰ। ਲੇਖਕ ਨੇ ਦੋਹਾਂ ਕੈਲੰਡਰਾਂ ਦੇ ਗੁਣ-ਔਗੁਣ ਬਿਆਨ ਕੀਤੇ ਹਨ। ਆਪਣੀ ਰਾਏ ਦੀ ਪ੍ਰੋੜ੍ਹਤਾ ਵਿੱਚ ਸਾਰਣੀਆਂ ਦੀ ਵਰਤੋਂ ਕੀਤੀ ਗਈ ਹੈ। ਰੁੱਤੀ ਸਾਲ ਨੂੰ ਸਭ ਤੋਂ ਵੱਧ ਵਿਸ਼ੇਸ਼ਤਾ ਦਿੱਤੀ ਗਈ ਹੈ ਅਤੇ ਲੇਖਕ ਦੀ ਰਾਏ ਅਨੁਸਾਰ ਨਾਨਕਸ਼ਾਹੀ ਕੈਲੰਡਰ ਇਸ ਰੁੱਤੀ ਸਾਲ ਦੇ ਨਾਲ ਪੱਲਾ ਮੇਚ ਕੇ ਚੱਲਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚੋਂ ਤਿੰਨ ਤਿੱਥੀ ਬਾਣੀਆਂ ਦਾ ਹਵਾਲਾ ਦੇ ਕੇ ਦੱਸਿਆ ਗਿਆ ਹੈ ਕਿ ਇਨ੍ਹਾਂ ਤਿੰਨਾਂ ਹੀ ਬਾਣੀਆਂ ਦਾ ਕੈਲੰਡਰ ਨਾਲ ਕੋਈ ਸਬੰਧ ਨਹੀਂ। ਕੇਵਲ ਤਿੱਥਾਂ ਦੇ ਨਾਮ ’ਤੇ ਕੀਤੀ ਕਾਵਿ ਰਚਨਾ ਹੈ, ਜਿਸ ’ਚ ਨਿਰੋਲ ਅਕਾਲ ਪੁਰਖ ਦੇ ਗੁਣਾਂ ਦੀ ਵਿਆਖਿਆ ਕਰਕੇ ਉਸ ਦੀ ਯਾਦ ’ਚ ਹਮੇਸ਼ਾਂ ਜੁੜੇ ਰਹਿਣ ਦਾ ਸੰਦੇਸ਼ ਹੈ। ਦੋ ਬਾਰਹਮਾਹਾ (ਮਾਝ ਅਤੇ ਤੁਖਾਰੀ) ਅਤੇ ਰਾਮਕਲੀ ਰੁਤੀ ਬਾਣੀਆਂ ’ਚ 12 ਮਹੀਨਿਆਂ ਦੀਆਂ ਰੁੱਤਾਂ ਦਾ ਜ਼ਿਕਰ ਕੀਤਾ ਹੈ। ਇਨ੍ਹਾਂ ਉਦਾਹਰਣਾਂ ਦਾ ਹਵਾਲਾ ਦੇ ਕੇ ਦੱਸਿਆ ਗਿਆ ਹੈ ਕਿ ਨਾਨਕਸ਼ਾਹੀ ਕੈਲੰਡਰ ਗੁਰਬਾਣੀ ਵਿੱਚ ਦਰਜ ਰੁੱਤਾਂ ਨਾਲ ਸਮਕਾਲੀ ਸਥਿਤੀ ਵਿੱਚ ਰਹਿੰਦਾ ਹੈ। ਬਿਕਰਮੀ ਕੈਲੰਡਰ ਇਸ ਸ਼ਰਤ ਉੱਪਰ ਖਰਾ ਨਹੀਂ ਉਤਰਦਾ।

ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਵਾਉਣ ਵਿੱਚ ਸਭ ਤੋਂ ਵੱਡਾ ਰੋਲ ਡਾ. ਖੜਕ ਸਿੰਘ ਹੋਰਾਂ ਦਾ ਹੈ। ਉਹ ਧਰਮ ਪ੍ਰਚਾਰ ਕਮੇਟੀ ਦੇ ਸਲਾਹਕਾਰ ਸਨ ਅਤੇ ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਦੇ ਸੈਕਟਰੀ। ਸ. ਗੁਰਚਰਨ ਸਿੰਘ ਟੌਹੜਾ, ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਨ੍ਹਾਂ ਦਾ ਬਹੁਤ ਸਤਿਕਾਰ ਕਰਦੇ ਸਨ। ਮੇਰੇ ਨਾਲ ਵੀ ਡਾ. ਖੜਕ ਸਿੰਘ ਦੇ ਚੰਗੇ ਸਬੰਧ ਸਨ। ਪਾਲ ਸਿੰਘ ਪੁਰੇਵਾਲ ਟੌਹੜਾ ਸਾਹਿਬ ਨੂੰ ਜ਼ਰੂਰ ਮਿਲਿਆ ਹੋਵੇਗਾ ਪਰੰਤੂ ਜੇਕਰ ਖੜਕ ਸਿੰਘ ਉਸ ਦੀ ਬਾਂਹ ਨਾ ਫੜਦੇ ਤਾਂ ਨਾਨਕਸ਼ਾਹੀ ਕੈਲੰਡਰ ਕਦੇ ਵੀ ਹੋਂਦ ਵਿੱਚ ਨਾ ਆਉਂਦਾ। ਖੜਕ ਸਿੰਘ ਹਮੇਸ਼ਾਂ ਦੱਸਿਆ ਕਰਦੇ ਕਿ ਗੁਰਬਾਣੀ ਵਿੱਚ ਆਈਆਂ ਰੁੱਤਾਂ ਦੀ ਤਰਤੀਬ ਕਾਇਮ ਰੱਖਣ ਲਈ ਬ੍ਰਿਕਰਮੀ ਕੈਲੰਡਰ ਤੋਂ ਨਜਾਤ ਪਾਉਣੀ ਜ਼ਰੂਰੀ ਹੈ। ਮੈਂ ਉਨ੍ਹਾਂ ਦੇ ਵਿਚਾਰ ਦੀ ਪ੍ਰੋੜ੍ਹਤਾ ਕਰਨ ਤੋਂ ਝਿਜਕ ਮਹਿਸੂਸ ਕਰਦਾ ਸਾਂ। ਮੇਰਾ ਵਿਚਾਰ ਸੀ ਕਿ ਚੰਦਰ-ਸੂਰਜੀ ਮਿਸ਼ਰਤ ਕੈਲੰਡਰ ਹਿੰਦੂ ਤਿਉਹਾਰਾਂ ਦਾ ਬੁੱਤਾ ਸਾਰ ਰਿਹਾ ਹੈ ਅਤੇ ਗੁਰਬਾਣੀ ਵਿੱਚ ਦਰਜ ਰੁੱਤਾਂ ਲਈ ਵੀ ਕੋਈ ਹੱਲ ਨਿਕਲ ਸਕਦਾ ਹੈ। ਕਿਰਪਾਲ ਸਿੰਘ ਦੀ ਪੁਸਤਕ ਨੇ ਮੇਰੇ ਭਰਮ-ਭੁਲੇਖੇ ਦੂਰ ਕਰ ਦਿੱਤੇ ਹਨ। ਨਾਨਕਸ਼ਾਹੀ ਕੈਲੰਡਰ ਹੀ ਇਸ ਤਰੁੱਟੀ ਨੂੰ ਦੂਰ ਕਰਨ ਦਾ ਇਕੋ ਇਕ ਸਾਧਨ ਬਣ ਸਕਿਆ ਹੈ।

ਕਿਰਪਾਲ ਸਿੰਘ ਨਾਨਕਸ਼ਾਹੀ ਕੈਲੰਡਰ ਦੀ ਸਿਫਤ-ਸਲਾਹ ਕਰਦਿਆਂ ਲਿਖਦੇ ਹਨ :

ਪਾਲ ਸਿੰਘ ਪੁਰੇਵਾਲ ਵੱਲੋਂ ਬਹੁਤ ਹੀ ਮਿਹਨਤ ਨਾਲ ਤਿਆਰ ਕੀਤਾ ਗਿਆ ਨਾਨਕਸ਼ਾਹੀ ਕੈਲੰਡਰ, ਜੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਵੱਲੋਂ ਸਰਬ ਸੰਮਤੀ ਨਾਲ ਮਤਾ ਪਾਸ ਕਰਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਪ੍ਰਵਾਨਗੀ ਮਿਲਣ ਉਪਰੰਤ 2003 ਦੀ ਵੈਸਾਖੀ ਮੌਕੇ ਲਾਗੂ ਹੋਇਆ; ਉਹ ਗੁਰਬਾਣੀ, ਸਿੱਖ ਇਤਿਹਾਸ ਅਤੇ ਕੈਲੰਡਰ ਵਿਗਿਆਨ ਦੀ ਕਸਵੱਟੀ ’ਤੇ ਪੂਰਾ ਉਤਰਨ ਵਾਲਾ ਕੈਲੰਡਰ ਹੈ।

ਲੇਖਕ ਨੇ ਭਾਰਤ ਵਿੱਚ ਵਰਤੇ ਜਾਂਦੇ ਸਾਰੇ ਕੈਲੰਡਰਾਂ ਦੀ ਵਿਥਿਆ ਬਿਆਨ ਕਰਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਵਲੋਂ ਵਰਤੇ ਜਾ ਰਹੇ ਮੌਜੂਦਾ ਕੈਲੰਡਰ ਦੇ ਨੁਕਸਾਂ ਬਾਰੇ ਵੀ ਚਰਚਾ ਕੀਤੀ ਹੈ। 2003 ਦੀ ਵਿਸਾਖੀ ਵਾਲੇ ਦਿਨ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਤੋਂ ਬਾਅਦ ਡੇਰੇਦਾਰਾਂ ਅਤੇ ਕੈਲੰਡਰ ਵਿਰੋਧੀਆਂ ਦੇ ਪ੍ਰਭਾਵ ਹੇਠ ਆ ਕੇ ਕਮੇਟੀ ਨੇ 2010 ਤੋਂ ਮਹੀਨਿਆਂ ਦੀਆਂ ਅਰੰਭਕ ਤਾਰੀਖ਼ਾਂ (ਸੰਗਰਾਂਦਾਂ) ਗੁਰ ਪੁਰਬਾਂ ਅਤੇ ਇਤਿਹਾਸਕ ਦਿਹਾੜਿਆਂ ਦੀਆਂ ਤਰੀਕਾਂ ਬਦਲ ਦਿੱਤੀਆਂ ਹਨ। ਜੋ ਰੇੜਕਾ ਪੁਰੇਵਾਲ ਦੇ ਕੈਲੰਡਰ ਨੇ ਹੱਲ ਕੀਤਾ ਸੀ, ਉਹ ਕਮੇਟੀ ਦੇ ਅਪਣਾਏ ਜਾਂ ਨਾਨਕਸ਼ਾਹੀ ਕੈਲੰਡਰ ਦੇ ਵਿਗਾੜੇ ਹੋਏ ਸਰੂਪ ਨੇ ਫਿਰ ਪਾ ਦਿੱਤਾ ਹੈ। ਕਿਰਪਾਲ ਸਿੰਘ ਨੇ ਸਿੱਧ ਕਰ ਵਿਖਾਇਆ ਹੈ ਕਿ ਸ੍ਰੋਮਣੀ ਕਮੇਟੀ ਦਾ ਮੌਜੂਦਾ ਕੈਲੰਡਰ ਮਸਲੇ ਦਾ ਹੱਲ ਨਹੀਂ ਕਰਦਾ।

ਨਾਨਕਸ਼ਾਹੀ ਕੈਲੰਡਰ ਦੀ ਰੂਪ ਰੇਖਾ ਕਿਵੇਂ ਤਿਆਰ ਹੋਈ, ਇਸ ਦਾ ਪੂਰਾ ਵੇਰਵਾ ਪਹਿਲੇ ਅਧਿਆਏ ਦੇ ਅਖੀਰ ਵਿੱਚ ਬਿਆਨ ਕੀਤਾ ਹੈ। ਨਾਨਕਸ਼ਾਹੀ ਕੈਲੰਡਰ ਦੇ ਨਿਯਮ ਅਤੇ ਵਿਲੱਖਣਤਾਵਾਂ ਦਾ ਲੇਖਾ-ਜੋਖਾ ਬਹੁਤ ਸੁਚੱਜੇ ਢੰਗ ਨਾਲ ਕੀਤਾ ਗਿਆ ਹੈ। ਪਾਠਕ ਲਈ ਇਸ ਕੈਲੰਡਰ ਬਾਰੇ ਆਪਣੀ ਰਾਏ ਬਣਾਉਣ ਵਿੱਚ ਮਦਦ ਮਿਲ ਜਾਂਦੀ ਹੈ। ਵਿਰੋਧੀਆਂ ਨੂੰ ਨਿਰੁੱਤਰ ਕਰਨ ਲਈ ਖੰਡਨ ਅਤੇ ਮੰਡਨ ਦੀ ਵਿਧੀ ਦਾ ਪ੍ਰਯੋਗ ਕੀਤਾ ਗਿਆ ਹੈ। ਗੁਰਬਾਣੀ ਦੇ ਸ਼ਬਦਾਂ ਦੀ ਢੁਕਵੀਂ ਵਰਤੋਂ ਕਰ ਕੇ ਭਰਮ-ਭੁਲੇਖੇ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਪੁਸਤਕ ਦੇ ਬਾਕੀ ਪੰਜ ਅਧਿਆਏ, ਪਹਿਲੇ ਅਧਿਆਏ ਦੀ ਪ੍ਰੋੜ੍ਹਤਾ ਲਈ ਲਿਖੇ ਗਏ ਹਨ। ਮਿਸਾਲ ਦੇ ਤੌਰ ’ਤੇ ਦੂਜੇ ਅਧਿਆਏ ਵਿੱਚ ਗੁਰਚਰਨ ਸਿੰਘ ਸੇਖੋਂ ਦੀ ਪੁਸਤਕ, ‘ਗੁਰੂ ਸਾਹਿਬਾਂ ਵਲੋਂ ਸਥਾਪਿਤ ਕੀਤਾ ਮੂਲ ਸਿੱਖ ਕੈਲੰਡਰ’, ਦਾ ਲੇਖਾ-ਜੋਖਾ ਕਰਕੇ ਇਸ ਨੂੰ ਨਕਾਰਿਆ ਗਿਆ ਹੈ। ਇਕ ਸਾਰਣੀ ਵਿੱਚ ਪੁਰੇਵਾਲ, ਕਰਨਲ ਸੁਰਜੀਤ ਸਿੰਘ ਨਿਸ਼ਾਨ ਅਤੇ ਗੁਰਚਰਨ ਸਿੰਘ ਸੇਖੋਂ ਦੀਆਂ ਪੁਸਤਕਾਂ ਵਿੱਚੋਂ ਗੁਰੂ ਸਾਹਿਬਾਨ ਦੇ ਜੋਤੀ ਜੋਤ ਸਮਾਉਣ ਦੀਆਂ ਤਾਰੀਖਾਂ ਦਾ ਵੇਰਵਾ ਦਰਜ ਹੈ। ਇਸ ਸਾਰਣੀ ਹੇਠ ਇਕ ਪ੍ਰਸ਼ਨੋਤਰੀ ਦਿੱਤੀ ਹੋਈ ਹੈ ਤਾਂ ਕਿ ਪੁਰੇਵਾਲ ਦੇ ਕੈਲੰਡਰ ਦੀ ਉਤਮਤਾ ਨੂੰ ਸਾਰਥਕ ਸਿੱਧ ਕੀਤਾ ਜਾ ਸਕੇ।

ਕਿਰਪਾਲ ਸਿੰਘ ਨੇ ਕੈਲੰਡਰਾਂ ਦੇ ਅਧਿਐਨ ਦੇ ਨਾਲ ਸਿੱਖ ਇਤਿਹਾਸ ਦੀਆਂ ਘਟਨਾਵਾ ਦਾ ਵੀ ਜ਼ਿਕਰ ਕੀਤਾ ਹੈ। ਉਸ ਨੇ ਕਰਮ ਸਿੰਘ ਹਿਸਟੋਰੀਅਨ ਅਤੇ ਗੰਡਾ ਸਿੰਘ ਦੁਆਰਾ ਨਿਰਧਾਰਿਤ ਤਾਰੀਖ਼ਾਂ ਉਪਰ ਵੀ ਕਿੰਤੂ-ਪਰੰਤੂ ਕੀਤਾ ਹੈ। ਪਾਲ ਸਿੰਘ ਪੁਰੇਵਾਲ ਦੀ ਖੋਜ ਦਾ ਉਹ ਮੁਦੱਈ ਹੈ। ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀਆਂ ਨੂੰ ਉਹ ਆੜੇ-ਹੱਥੀਂ ਲੈਂਦਾ ਹੈ। ਇਨ੍ਹਾਂ ਵਿੱਚ ਤਿੰਨ ਨਾਮ ਵਾਰ ਵਾਰ ਲਏ ਜਾਂਦੇ ਹਨ : ਕਰਨਲ ਸੁਰਜੀਤ ਸਿੰਘ ਨਿਸ਼ਾਨ, ਹਰਜਿੰਦਰ ਸਿੰਘ ਦਿਲਗੀਰ ਅਤੇ ਅਨੁਰਾਗ ਸਿੰਘ। ਮੇਰੇ ਤਿੰਨਾਂ ਨਾਲ ਨਿੱਜੀ ਸਬੰਧ ਹਨ, ਪਰੰਤੂ ਕਰਨਲ ਨਿਸ਼ਾਨ ਤੋਂ ਇਲਾਵਾ ਬਾਕੀ ਦੋਹਾਂ ਨਾਲ ਨਾਨਕਸ਼ਾਹੀ ਕੈਲੰਡਰ ਬਾਰੇ ਕਦੇ ਵਿਚਾਰ-ਵਟਾਂਦਰਾਂ ਨਹੀਂ ਹੋਇਆ।

ਮੁੱਖ ਬੰਦ ਦੇ ਅਖੀਰ ਉਪਰ ਕੁਝ ਨਿੱਜੀ ਤਜ਼ਰਬੇ ਸਾਂਝੇ ਕਰ ਰਿਹਾ ਹਾਂ। ਮੇਰੇ ਜਨਮ ਦੀ ਕੋਈ ਅੰਗਰੇਜ਼ੀ ਤਾਰੀਖ਼ ਪਤਾ ਨਹੀਂ। ਮਾਤਾ ਜੀ ਨੇ ਦੱਸਿਆ ਸੀ ਕਿ ਮੇਰਾ ਜਨਮ ਰੱਖੜ ਪੁੰਨਿਆਂ ਦੇ ਦਿਨ ਹੋਇਆ। ਰੱਖੜੀ ਬਿਕਰਮੀ ਕੈਲੰਡਰ ਅਨੁਸਾਰ ਮਨਾਈ ਜਾਂਦੀ ਹੈ, ਜਿਸ ਕਰਕੇ ਮੇਰੇ ਜਨਮ ਦੀ ਅੰਗਰੇਜ਼ੀ ਤਾਰੀਖ਼ ਹਰ ਸਾਲ ਬਦਲਦੀ ਰਹਿੰਦੀ ਹੈ। ਹੋ ਸਕਦਾ ਹੈ ਨਾਨਕਸ਼ਾਹੀ ਕੈਲੰਡਰ ਮੇਰੀ ਮਦਦ ਕਰੇ ? ਪਰ ਮੈਂ ਬਿਕਰਮੀ ਕੈਲੰਡਰ ਦਾ ਮੁਰੀਦ ਬਣ ਕੇ ਜਨਮ ਦਿਨ ਮਨਾਈ ਜਾ ਰਿਹਾ ਹਾਂ।

ਪੁਸਤਕ ਵਿੱਚ ਮੇਰੇ ਮਿੱਤਰ ਡਾ. ਸ਼ਕਤੀਧਰ ਸ਼ਰਮਾ ਜੀ ਦਾ ਜ਼ਿਕਰ ਹੋਇਆ ਹੈ। ਅਸੀਂ ਦੋਵੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਇਕੋ ਇੰਟਰਵਿਯੂ ਦੌਰਾਨ ਚੁਣੇ ਗਏ ਸਾਂ। ਡਾ. ਸ਼ਕਤੀਧਰ ਕੁਰਾਲੀ ਵਾਲੇ ਰਾਜਜੋਤਸ਼ੀ ਪੰਡਿਤ ਮੁਕੰਦਵੱਲਭ ਮਿਸ਼ਰ (ਸ਼ਰਮਾ) ਜੋਤਿਸ਼ਚਾਰਯ ਦੇ ਸਪੁੱਤਰ ਸਨ। ਉਹ ਭੌਤਿਕ ਵਿਗਿਆਨ, ਜੋਤਿਸ਼ ਵਿਗਿਆਨ ਅਤੇ ਸੰਸਕ੍ਰਿਤ ਦੇ ਮੰਨੇ ਪ੍ਰਮੰਨੇ ਸਕਾਲਰ ਸਨ। ਪਾਲ ਸਿੰਘ ਪੁਰੇਵਾਲ ਨਾਲ ਮੇਰੀ ਪਹਿਲੀ ਜਾਣ-ਪਹਿਚਾਣ ਸ਼ਕਤੀਧਰ ਨੇ ਹੀ ਕਰਵਾਈ। ਪੁਰੇਵਾਲ ਦੇ ਸਮਰਥਿਕ ਮੰਨਣ ਜਾਂ ਨਾ ਮੰਨਣ ਪਰੰਤੂ ਮੇਰੀ ਨਿੱਜੀ ਰਾਏ ਹੈ ਕਿ ਪੁਰੇਵਾਲ ਦੇ ਨਾਨਕਸ਼ਾਹੀ ਕੈਲੰਡਰ ਵਿੱਚ ਸ਼ਕਤੀਧਰ ਦਾ ਯੋਗਦਾਨ ਵੀ ਸਵੀਕਾਰਿਆ ਜਾਣਾ ਚਾਹੀਦਾ ਹੈ।

ਹਥਲੀ ਪੁਸਤਕ ਦਾ ਸਵਾਗਤ ਕਰਨਾ ਬਣਦਾ ਹੈ। ਭਵਿੱਖ ਵਿੱਚ ਹੋਰ ਲੇਖਕ ਇਸ ਦਾ ਲੇਖਾ-ਜੋਖਾ ਕਰਨਗੇ। ਹਾਲ ਘੜੀ ਤਾਂ ਨਾਨਕਸ਼ਾਹੀ ਕੈਲੰਡਰ ਹੀ ਮੋਹਰੀ ਜਾਪਦਾ ਹੈ ਅਤੇ ਇਸ ਨੂੰ ਲਾਗੂ ਕਰਨਾ ਪੰਥਕ ਲੋੜ ਹੈ।

ਪ੍ਰੋ: ਹਰਦੇਵ ਸਿੰਘ ਵਿਰਕ (Ph.D. Nuclear Physics)

Professor of Eminence (Honorary),

Sri Guru Granth Sahib World University,

Fatehgarh Sahib (Punjab)

Most Viewed Posts