ਸਵਾਲ ਜਵਾਬ (ਅਗਸਤ 2024)

0
51

ਸਵਾਲ ਜਵਾਬ

ਸਵਾਲ : ਗੁਰਮਤਿ ਵਿਚ ਨਾਮ ਅਤੇ ਨਾਮ ਜਪਣ ਤੋਂ ਕੀ ਭਾਵ ਹੈ ?

ਜਵਾਬ : ‘‘ਨਾਮੈ ਤੇ ਸਭਿ ਊਪਜੇ ਭਾਈ ! ਨਾਇ ਵਿਸਰਿਐ ਮਰਿ ਜਾਇ ’’ (ਮਹਲਾ /੬੦੩) ਇਸ ਤੁਕ ਮੁਤਾਬਕ ਨਾਮ ਅਤੇ ਅਕਾਲ ਪੁਰਖ ਸਮ ਅਰਥੀ ਸ਼ਬਦ ਹਨ ਕਿਉਂਕਿ ਇਸ ਗੱਲ ਤੋਂ ਕੋਈ ਵੀ ਮੁਨਕਰ ਨਹੀਂ ਕਿ ਸਭ ਦੀ ਉਤਪਤੀ ਇੱਕ ਅਕਾਲ ਪੁਰਖ ਤੋਂ ਹੁੰਦੀ ਹੈ, ‘‘ਕਰਣ ਕਾਰਣ ਏਕੁ ਓਹੀ; ਜਿਨਿ ਕੀਆ ਆਕਾਰੁ ’’ (ਮਹਲਾ /੫੧) ਅਕਾਲ ਪੁਰਖ ਦੀ ਯਾਦ ਨੂੰ ਮਨ ਵਿਚ ਸਦਾ ਵਸਾਈ ਰੱਖਣਾ ਹੀ ‘ਨਾਮ’ ਜਪਣਾ ਹੈ। ਜੇ ਪ੍ਰਭੂ ਚਿਤ ’ਚ ਨਹੀਂ ਵਸਿਆ ਤਾਂ ਜੀਭ ਨਾਲ ਨਾਮ ਜਪਣ ਦਾ ਉਹ ਲਾਭ ਨਹੀਂ ਮਿਲਦਾ, ਜੋ ਹਰੀ ਨੂੰ ਹਿਰਦੇ ’ਚ ਵਸਾਉਣ ਨਾਲ ਮਿਲਣਾ ਹੈ। ਸਮਝ ਤੋਂ ਸੱਖਣੇ ਅਕਸਰ ਇਸ ਤਰ੍ਹਾਂ ਦੀ ਨਾਮ ਜਪਦੇ ਹਨ, ‘‘ਹਰਿ ਹਰਿ ਨਿਤ ਕਰਹਿ ਰਸਨਾ; ਕਹਿਆ ਕਛੂ ਜਾਣੀ (ਅਨੰਦ ਮਹਲਾ /੯੨੦), ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ; ਰਾਮੁ ਪਾਇਆ ਜਾਇ ’’ (ਮਹਲਾ /੫੫੫)

ਸਵਾਲ : ਅੰਮ੍ਰਿਤ ਜਾਂ ਖੰਡੇ ਕੀ ਪਾਹੁਲ ਦੀਆਂ ਵਿਸ਼ੇਸ਼ਤਾਵਾਂ ਬਾਰੇ ਚਾਨਣਾ ਪਾਓ ਜੀ।

ਜਵਾਬ: ‘ਖੰਡੇ ਕੀ ਪਹੁਲ’ ਨੇ ਸਿੱਖਾਂ ਦੀ ਵਿਚਾਰਧਾਰਾ ਅਤੇ ਬਾਹਰੀ ਦਿੱਖ ਨੂੰ ਇਕੋ ਜਿਹਾ ਕਰ ਕੇ ਸਮੂਹ ਸਿੱਖਾਂ ਨੂੰ ਏਕਤਾ ਦੇ ਬੰਧਨ ’ਚ ਬੰਨ੍ਹਣਾ ਹੁੰਦਾ ਹੈ। ਇਸ ਤਰ੍ਹਾਂ ਸੋਚ ਅਤੇ ਸਰੂਪ ਦੇ ਪੱਖੋਂ ਨਿਆਰਾਪਣ ਬਖ਼ਸ਼ਿਆ, ਜਿਸ ਨਾਲ਼ ‘ਖ਼ਾਲਸਾ ਪੰਥ’ ਇਕ ਵੱਡੇ ਪਰਵਾਰ ਦੇ ਰੂਪ ’ਚ ਪ੍ਰਸਿੱਧ ਹੋਇਆ। ਸਿੱਖਾਂ ਦੇ ਇਕੋ ਧਾਰਮਿਕ ਜਨਮ ਸਥਾਨ, ਵਸਣ ਦਾ ਇਕੋ ਸ਼ਹਰ, ਇਕੋ ਮਾਤਾ-ਪਿਤਾ ਆਦਿ ਹੋਣ ਕਰਕੇ ਉਨ੍ਹਾਂ ਦੇ ਸਾਰੇ ਭਿੰਨ ਭੇਦ ਮੁਕਾ ਦਿੱਤੇ। ਸਭ ਸਿੱਖ ਮਰਦਾਂ ਦੇ ਨਾਮ ਦੇ ਅੰਤ ’ਚ ‘ਸਿੰਘ’ ਅਤੇ ਬੀਬੀਆਂ ਦੇ ਨਾਂ ਦੇ ਅਖੀਰ ’ਚ ‘ਕੌਰ’ ਸ਼ਬਦ ਲਾਉਣ ਅਤੇ ਸਭ ਲਈ ਪੰਜ-ਕਕਾਰ (ਕੇਸ, ਕੰਘਾ, ਕੜਾ, ਕਛਹਿਰਾ ਤੇ ਕਿਰਪਾਨ) ਜ਼ਰੂਰੀ ਕਰਨ ਪਿੱਛੇ ਵੀ ਕੌਮੀ ਮਜ਼ਬੂਤੀ ਦੀ ਭਾਵਨਾ ਸੀ। ਇਸੇ ਕਰਕੇ ਸਿੱਖ ਇਕ ਅਜਿਹੀ ਸ਼ਕਤੀ ਦੇ ਧਾਰਨੀ ਬਣੇ, ਜਿਸ ਨੇ ਸੱਚ, ਇਨਸਾਫ਼ ਅਤੇ ਮਨੁੱਖੀ ਹਿੱਤਾਂ ਲਈ ਸੰਘਰਸ਼ ਕਰਨ, ਕੁਰਬਾਨੀਆਂ ਦੇਣ ਅਤੇ ਅੰਤ ’ਚ ਆਪਣਾ ਰਾਜ-ਭਾਗ ਕਾਇਮ ਕਰਨ ’ਚ ਯੋਗ ਪਾਇਆ।

ਗੁਰਬਾਣੀ ਅਨੁਸਾਰ ਅਕਾਲ ਪੁਰਖ ਦਾ ਨਾਮ ਹੀ ‘ਅੰਮ੍ਰਿਤ’ ਹੈ, ‘‘ਅੰਮ੍ਰਿਤੁ ਹਰਿ ਕਾ ਨਾਮੁ ਹੈ; ਜਿਤੁ+ਪੀਤੈ (ਨਾਲ) ਤਿਖ ਜਾਇ ਨਾਨਕ  ! ਗੁਰਮੁਖਿ ਜਿਨ੍ਹ ਪੀਆ; ਤਿਨ੍ਹ ਬਹੁੜਿ ਲਾਗੀ ਆਇ ’’ (ਮਹਲਾ /੧੨੮੩)

ਸਵਾਲ : ਕੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਸੈਂਚੀਆਂ ਤੋਂ ਕੀਤਾ ਜਾ ਸਕਦਾ ਹੈ ਤੇ ਪਾਠ ਦਾ ਭੋਗ ਵੀ ਸੈਂਚੀਆਂ ’ਤੇ ਪਾਇਆ ਜਾ ਸਕਦਾ ਹੈ ?

ਜਵਾਬ : ਪਾਠ ਤਾਂ ਸੈਂਚੀਆਂ ਤੋਂ ਕੀਤਾ ਜਾ ਸਕਦਾ ਹੈ, ਪਰ ਪਾਠ ਦਾ ਆਰੰਭ ਅਤੇ ਭੋਗ; ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਪਾਇਆ ਜਾਵੇ। ਇਸ ਸਬੰਧ ’ਚ ਸਿੱਖ ਰਹਿਤ ਮਰਯਾਦਾ ਵਿਚ ਅੰਕਿਤ ਹੈ ਕਿ ‘ਸਹਿਜ ਪਾਠ ਦੇ ਅਰੰਭ ਵੇਲੇ ਪ੍ਰਸ਼ਾਦ ਲਿਆ ਕੇ ਅਨੰਦ ਸਾਹਿਬ ਦੀਆਂ ਪਹਿਲੀਆ ਪੰਜ ਪਉੜੀਆਂ ਅਤੇ ਇੱਕ ਆਖਰੀ ਪਉੜੀ ਦਾ ਪਾਠ ਕਰਕੇ, ਅਰਦਾਸ ਮਗਰੋਂ ਹੁਕਮ (ਵਾਕ) ਲਿਆ ਜਾਵੇ। ਇਸ ਦੇ ਮਗਰੋਂ ਪਾਠ ਅਰੰਭ ਕੀਤਾ ਜਾਵੇ’। ਇਸ ਤਰ੍ਹਾਂ ਹੀ ਭੋਗ ਦੀ ਮਰਯਾਦਾ ਹੈ। ਵਧੇਰੇ ਜਾਣਕਾਰੀ ਲਈ ਸਿੱਖ ਰਹਿਤ ਮਰਯਾਦਾ ਪੜ੍ਹੀ ਜਾ ਸਕਦੀ ਹੈ, ਜੋ ਸ੍ਰੋ: ਕਮੇਟੀ ਦੇ ਲਿਟਰੇਚਰ ਹਾਊਸ ਤੋਂ ਜਾਂ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

ਸਵਾਲ : ‘‘ਸਜਣੁ ਸਚਾ ਪਾਤਿਸਾਹੁ, ਸਿਰਿ ਸਾਹਾਂ ਦੈ ਸਾਹੁ ਜਿਸ ਪਾਸਿ ਬਹਿਠਿਆ ਸੋਹੀਐ, ਸਭਨਾਂ ਦਾ ਵੇਸਾਹੁ ’’ ਵਾਕ ਦਾ ਸ਼ੁੱਧ ਉਚਾਰਨ ਕਿਸ ਤਰ੍ਹਾਂ ਕਰਨਾ ਹੈ  ?

ਜਵਾਬ : ‘ਸਾਹੁ’ ਦਾ ਅਰਥ ਹੈ ‘ਸੁਆਸੁ’ ਜਦਕਿ ‘ਸ਼ਾਹ’ ਦਾ ਅਰਥ ਹੈ ‘ਸ਼ਾਹੂਕਾਰ, ਮਾਲਕ’। ‘ਪਾਤਿਸ਼ਾਹੁ’ ਦਾ ਅਰਥ ਹੈ ‘ਬਾਦਿਸ਼ਾਹ’। ਸੋ ਪ੍ਰਸੰਗ ਅਨੁਸਾਰ ਇਸ ਵਾਕ ’ਚ ‘ਸਜਣੁ’ ਦਾ ਉਚਾਰਨ ਸੱਜਣ, ‘ਸਾਹੁ’ ਦਾ ਉਚਾਰਨ ਸ਼ਾਹੁ, ‘ਪਾਤਿਸਾਹੁ’ ਦਾ ਉਚਾਰਨ ਪਾਤਿਸ਼ਾਹ ਅਤੇ ‘ਵੇਸਾਹੁ’ ਦਾ ਉਚਾਰਨ ‘ਵੇਸਾਹ’ (ਜਿਸ ਦਾ ਅਰਥ ਹੈ ‘ਭਰੋਸਾ’) ਕਰਨਾ ਵਧੇਰੇ ਸਹੀ ਜਾਪਦਾ ਹੈ।

ਗੁਰਬਾਣੀ ਵਿਆਕਰਨ ਅਨੁਸਾਰ ਨਾਂਵ, ਪੜਨਾਂਵ ਅਤੇ ਵਿਸ਼ੇਸ਼ਣ ਸ਼ਬਦਾਂ ਦੇ ਅੰਤਮ ਅੱਖਰ ਨੂੰ ਲੱਗੀ ਔਂਕੜ; ਇਕ ਵਚਨ ਦੀ ਲਖਾਇਕ ਹੈ, ਜੋ ਅਰਥ ਕਰਨ ’ਚ ਸਹਾਇਕ ਹੁੰਦੀ ਹੈ। ਇਸ ਦਾ ਉਚਾਰਨ ਨਾਲ ਕੋਈ ਸਬੰਧ ਨਹੀਂ। ਇਸ ਲਈ ਸਜਣੁ, ਪਾਤਿਸਾਹੁ, ਸਾਹੁ, ਵੇਸਾਹੁ ਸ਼ਬਦਾਂ ਦੇ ਅੰਤਮ ਅੱਖਰਾਂ ਨੂੰ ਬਿਨਾਂ ਔਂਕੜ ਉਚਾਰਨਾ ਸਹੀ ਹੈ। ਗੁਰਬਾਣੀ ਵਿਆਕਰਨ ਦਾ ਦੂਸਰਾ ਨਿਯਮ ਹੈ ‘ਇੱਕ ਵਚਨ ਪੁਲਿੰਗ ਨਾਂਵ’ ਦੇ ਅੰਤਲੇ ਅੱਖਰ ਨੂੰ ਲੱਗੀ ਸਿਹਾਰੀ (ਸਜਣਿ, ਸਾਹਿ, ਪਾਤਿਸਾਹਿ, ਵੇਸਾਹਿ) ਕਾਰਕ ਦੇ ਰੂਪ ’ਚ ਵਰਤੀ ਜਾਂਦੀ ਹੈ।ਇਹ ਸਿਹਾਰੀ ਵੀ ਉਚਾਰੀ ਨਹੀਂ ਜਾਂਦੀ; ਜਿਵੇਂ ਕਿ ‘ਸਿਰਿ’ ਦਾ ਉਚਾਰਨ ਬਿਨਾਂ ਸਿਹਾਰੀ ‘ਸਿਰ’ ਉਚਾਰਨ ਹੋਵੇਗਾ। ਸੋ ਉਕਤ ਵਾਕ ਦਾ ਸਹੀ ਉਚਾਰਨ ਹੈ, ‘‘ਸਜਣ ਸਚਾ ਪਾਤਿਸ਼ਾਹ, ਸਿਰ ਸ਼ਾਹਾਂ ਦੈ ਸ਼ਾਹ ਜਿਸ ਪਾਸ ਬਹਿਠਿਆ ਸੋਹੀਐ, ਸਭਨਾਂ ਦਾ ਵੇਸਾਹ ’’

ਸਵਾਲ : ਤ੍ਰੈ ਗੁਣ ਦਾ ਕੀ ਭਾਵ ਹੈ, ਜੀ  ?

ਜਵਾਬ : ਤ੍ਰੈ ਗੁਣ ਦਾ ਅਰਥ ਹੈ ‘ਮਾਇਆ ਦੇ ਤਿੰਨ ਗੁਣ (ਰਜੋ, ਤਮੋ, ਸਤੋ ਜਾਂ ਰਜ, ਤਮ, ਸਤ)। ਇਨ੍ਹਾਂ ਦੇ ਅਰਥ ਹਨ :

(). ਰਜ ਗੁਣ : ਮਾਇਆ ਦਾ ਉਹ ਗੁਣ, ਜੋ ਮਨ ’ਚ ਮੋਹ, ਹੰਕਾਰ ਆਦਿ ਪੈਦਾ ਕਰਦਾ ਹੈ।

(). ਤਮ ਗੁਣ : ਮਾਇਆ ਦਾ ਉਹ ਗੁਣ, ਜਿਸ ਕਾਰਨ ਆਤਮਕ ਜੀਵਨ ਦਾ ਸਾਹ ਘੁਟਿਆ ਜਾਵੇ, ਅਗਿਆਨਤਾ, ਹਨ੍ਹੇਰਾ।

(). ਸਤ ਗੁਣ : ਮਾਇਆ ਦਾ ਉਹ ਗੁਣ, ਜਿਸ ਤੋਂ ਦਇਆ, ਦਾਨ, ਖਿਮਾ, ਆਦਿ ਗੁਣ ਉਪਜਦੇ ਹਨ ਭਾਵ ਵਿਖਾਵੇ ਮਾਤਰ ਕੀਤੇ ਜਾਂਦੇ ਧਾਰਮਿਕ ਕਰਮ।

ਇਨ੍ਹਾਂ ਤਿੰਨੇ ਗੁਣਾਂ ਤੋਂ ਸ੍ਰੇਸ਼ਟ ਗੁਣ ਹੈ ‘ਨਾਮ ਜਪਣਾ’, ‘‘ਸਰਬ ਧਰਮ ਮਹਿ ਸ੍ਰੇਸਟ ਧਰਮੁ ਹਰਿ ਕੋ ਨਾਮੁ ਜਪਿ; ਨਿਰਮਲ ਕਰਮੁ ’’ (ਮਹਲਾ /੨੬੬) , ਇਸ ਨੂੰ ਅਣਡਿੱਠ ਕਰ ਕੀਤੇ ਜਾਂਦੇ ਉਕਤ ਕਰਮ; ਮਾਇਆ ਦਾ ਹੀ ਰੂਪ ਹਨ,‘‘ਤ੍ਰੈ ਗੁਣ ਵਰਤਹਿ ਸਗਲ ਸੰਸਾਰਾ; ਹਉਮੈ ਵਿਚ ਪਤਿ ਖੋਈ ਗੁਰਮੁਖਿ ਹੋਵੈ, ਚਉਥਾ ਪਦੁ ਚੀਨੈ; ਰਾਮ ਨਾਮਿ ਸੁਖੁ ਹੋਈ’’ (ਮਹਲਾ /੬੦੪) ਸ੍ਰੀ ਗੁਰੂ ਅਮਰਦਾਸ ਜੀ ਦੇ ਬਚਨ ਹਨ ਕਿ ਮਾਇਆ ਦੇ ਤਿੰਨ ਗੁਣ ਸਾਰੇ ਸੰਸਾਰ ਉੱਤੇ ਆਪਣਾ ਪ੍ਰਭਾਵ ਪਾਈ ਰੱਖਦੇ ਹਨ, ਜਿਨ੍ਹਾਂ ਦੇ ਅਸਰ ਹੇਠ ਮਨੁੱਖ ਹਉਮੈ ’ਚ ਫਸ ਕੇ ਇੱਜ਼ਤ ਗਵਾ ਬੈਠਦਾ ਹੈ, ਪਰ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ, ਉਹ ਚੌਥੇ ਪਦ ਨੂੰ ਪਛਾਣ ਲੈਂਦਾ ਹੈ, ਜਿੱਥੇ ਮਾਇਆ ਦੇ ਇਹ ਤਿੰਨ ਗੁਣ ਅਸਰ ਨਹੀਂ ਪਾ ਸਕਦੇ। ਪਰਮਾਤਮਾ ਦੇ ਨਾਮ ’ਚ ਟਿਕ ਕੇ ਉਹ ਆਤਮਕ ਅਨੰਦ ਮਾਣਦਾ ਹੈ।

ਸਵਾਲ : ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਦੇ ਸਿਧਾਂਤ ਦੀ ਵਿਆਖਿਆ ਕਰੋ, ਜੀ।

ਜਵਾਬ : ਸਿੱਖਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਦੇ ਧਰਮ ’ਚ ਨਾਮ ਜਪਣ, ਧਰਮ ਦੀ ਕਿਰਤ ਕਰਨ ਤੇ ਵੰਡ ਛਕਣ ਦਾ ਮਨੁੱਖਤਾ ਪੱਖੀ ਸਿਧਾਂਤ ਹੈ। ਗੁਰੂ ਨਾਨਕ ਜੀ ਵੱਲੋਂ ਸ਼ੁਰੂ ਕੀਤੇ ਗਏ ਇਸ ਸਿਧਾਂਤ ਤਹਿਤ ਮਨੁੱਖ ਨੇ ਨਾਮ ਜਪ ਕੇ ਆਪਣਾ ਮਨ ਕਾਬੂ ਕਰਨਾ ਹੈ।  ਹੱਥੀਂ ਕਿਰਤ-ਕਾਰ ਕਰਨੀ ਹੈ ਤੇ ਇਸ ਕਿਰਤ ’ਚੋਂ ਕੁੱਝ ਹਿੱਸਾ ਲੋੜਵੰਦਾਂ ਲਈ ਵੰਡਣਾ ਹੈ। ਪਦਾਰਥਵਾਦ ਸਿਧਾਂਤ ਦੇ ਹਾਮੀ ਕਾਰਲ ਮਾਰਕਸ ਦੇ ਅਖੌਤੀ ਸਮਾਜਵਾਦ ਦੀ ਥਿਊਰੀ ਤੋਂ ਕਈ ਸਦੀਆਂ ਪਹਿਲਾਂ ਤੇ ਕਿਤੇ ਵਧੀਆ ਢੰਗ ਨਾਲ ਸਿੱਖ ਧਰਮ ਨੇ ਇਹ ਸਿਧਾਂਤ ਦਿੱਤਾ ਤੇ ਅਮਲੀ ਰੂਪ ਵਿਚ ਲਾਗੂ ਕੀਤਾ। ਸੰਸਾਰ ਪੱਧਰ ’ਤੇ ਅੱਜ ਵੀ ਸਿੱਖਾਂ ਦੀ ਕੌਮਾਂਤਰੀ ਸੰਸਥਾ ‘ਖਾਲਸਾ ਏਡ’ ਨੇ ਦੁਨੀਆਂ ਭਰ ਦੇ ਲੋਕਾਂ ਦਾ ਧਿਆਨ ਸਿੱਖ ਧਰਮ ਵੱਲ ਖਿੱਚਿਆ ਹੈ। ਸੰਸਾਰ ਦੇ ਅਨੇਕਾਂ ਬੁੱਧੀਜੀਵੀ, ਚਿੰਤਕਾਂ ਦਾ ਮੰਨਣਾ ਹੈ ਕਿ ਜੰਗ ਏ ਮੈਦਾਨ, ਤੂਫ਼ਾਨਾਂ, ਆਦਿ ਸਮੇਂ ਸਿੱਖ ਮੁਫ਼ਤ ਦਵਾਈਆਂ, ਲੰਗਰ ਪਾਣੀ ਆਦਿ ਦੇ ਦ੍ਰਿੜ੍ਹਤਾ ਤੇ ਨਿਡਰਤਾ ਨਾਲ਼ ਪ੍ਰਬੰਧ ਕਰਦੇ ਹਨ ਕਿਉਂਕਿ ਭਾਈ ਘਨੱਈਆ ਜੀ ਦੇ ਵਾਰਸ ਹਨ।

ਸਵਾਲ : ‘ਸੌ ਸਾਖੀ’ ਬਾਰੇ ਜਾਣਕਾਰੀ ਦੇਣ ਦੀ ਕਿਰਪਾ ਕਰਨੀ, ਜੀ।

ਜਵਾਬ : ‘ਮਹਾਨ ਕੋਸ਼’ ਦੇ ਲੇਖਕ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਸੌ ਸਾਖੀ ਬਾਰੇ ਕਈਆਂ ਦਾ ਖ਼ਿਆਲ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ, ਪਰ ਇਸ ਦੀ ਕਵਿਤਾ ਪ੍ਰਗਟ ਕਰਦੀ ਹੈ ਕਿ ਇਹ ਸਾਧਾਰਨ ਵਿੱਦਿਆ ਵਾਲੇ ਸਿੱਖ ਦੀ ਕਲਮ ਤੋਂ ਲਿਖੀ ਗਈ ਹੈ। ਸਾਖੀ ਤੋਂ ਪ੍ਰਚਲਿਤ ਇਤਿਹਾਸ ਵਿਚ ਲਿਖੇ ਅਨੁਸਾਰ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਕਥਾ ਪ੍ਰਸੰਗ ਭਾਈ ਗੁਰਬਖਸ਼ ਸਿੰਘ ਜੀ (ਰਾਮ ਕੁੰਵਰ) ਨੂੰ ਸੁਣਾਏ, ਉਹ ਉਨ੍ਹਾਂ ਨੇ ਲਿਖਾਰੀ ਸਾਹਿਬ ਸਿੰਘ ਤੋਂ ਲਿਖਵਾਏ। ਭਾਈ ਸੰਤੋਖ ਸਿੰਘ ਜੀ ਨੇ ਵੀ ‘ਗੁਰ ਪ੍ਰਤਾਪ ਸੂਰਯ’ (ਸੂਰਜ ਪ੍ਰਕਾਸ਼) ਦੀ ਕਥਾ ਇਸੇ ਆਧਾਰ ’ਤੇ ਲਿਖੀ ਅਤੇ ਭਾਈ ਸਾਹਿਬ ਨੇ ਸੌ ਸਾਖੀ ਦੇ ਅਨੇਕ ਪ੍ਰਸੰਗ ਆਪਣੀ ਕਵਿਤਾ ਵਿਚ ਕੁਝ ਬਦਲ ਕੇ ਜਿਉਂ ਦੇ ਤਿਉਂ ਲਿਖ ਦਿੱਤੇ।

ਕੂਕੇ ਸੌ ਸਾਖੀ ਨੂੰ ਉਹੀ ਦਰਜਾ ਦਿੰਦੇ ਹਨ, ਜੋ ਹਿੰਦੂ ਸਮਾਜ ਵਿਚ ਭਵਿੱਖਤ ਪੁਰਾਣ ਨੂੰ ਦਿੱਤਾ ਜਾਂਦਾ ਹੈ ਅਤੇ ਆਪਣੀ-ਆਪਣੀ ਬੁੱਧੀ ਅਨੁਸਾਰ ਪਹੇਲੀ (ਬੁਝਾਰਤ) ਵਾਂਗ ਕਹੇ ਗਏ ਵਾਕਾਂ ਦੇ ਅਨੇਕ ਅਰਥ ਕੱਢ ਕੇ ਦਿਲ ਪਰਚਾਇਆ ਕਰਦੇ ਹਨ।

ਸੌ ਸਾਖੀ ਪਿੰਗਲ ਦੇ ਨਿਯਮਾਂ ਤੋਂ ਬਾਹਰ ਹੈ; ਜਿਵੇਂ ਕਿ

‘ਗੁਰੂ ਹਰਿ ਰਾਇ ਸਹਾਇ ਹਰਿ ਕ੍ਰਿਸ਼ਨੈ, ਸੇਵੀਐ ਗੁਰ ਤੇਗ ਬਹਾਦਰ ਧੀਰ।’

ਇਸ ਪਿੰਗਲ ਦੇ ਸਮਤਾਂ ਤੋਂ ਹੀ ਇਹ ਸਿੱਧ ਹੋ ਜਾਂਦਾ ਹੈ ਕਿ ਇਹ ਪੰਕਤੀ ਗੁਰੂ ਸਾਹਿਬ ਵਲੋਂ ਗੁਰਮਤਿ ਸਿਧਾਂਤ ਦੀ ਪੁਸ਼ਟੀ ਲਈ ਲਿਖੀ ਜਾਂ ਲਿਖਵਾਈ ਨਹੀਂ, ਜਿਵੇਂ ਕਿ ‘ਸੰਮਤ ਬਿਕ੍ਰਮ ਭੂਪਤੀ ਸਤਰਾਂ ਸਤ ਨੌ ਏਕ (੧੭੯੧) ਮਾਹਿਣੇ ਸਾਖੀ ਵਾਰ ਗੁਰ ਮਲਕੀ ਦੁਚਿਤਾ ਭੇਟ ।’

ਫਿਰ ਲਿਖਿਆ ਹੈ ‘ਸਤਾਰਾਂ ਸੌ ਇਕਾਸੀ ਮੈਂ ਸਾਖੀਆਂ ਲਿਖੀਆਂ।’ ਇਸ ਵਿਚ ਇਤਿਹਾਸ ਦੇ ਵਿਰੁੱਧ ਬਹੁਤ ਗੱਲਾਂ ਹਨ, ਜੈਸੇ-

(ੳ). ਪਾਂਡਵਾਂ ਵੇਲੇ ਸੈਯਦਾਂ ਦੀ ਉਤਪਤੀ।

(ਅ). ਖੋਲ ਵਿਚੋਂ ਪ੍ਰਗਟ ਹੋਣ ਕਰਕੇ ਖਾਲਸਾ ਨਾਉਂ ਹੋਇਆ (ਸਾਖੀ ੧੩)

(ੲ). ਈਸਾ ਦੀ ਉਤਪਤੀ, ਮੂਸਾ ਤੋਂ ਪਹਿਲੇ ਹੋਈ। (ਸਾਖੀ ੧੪)

(ਸ). ਸਤਲੁਜ ਦਾ ਧਨ ਬਿਕ੍ਰਮੀ ਸੰਮਤ ੧੮੯੯ ਵਿਚ ਲਵਾਂਗੇ (ਸਾਖੀ ੨੭) ਇਤਿਆਦਿਕ। ਸਰਦਾਰ ਸਰ ਅਤਰ ਸਿੰਘ ਰਈਸ ਭਸੌੜ ਦੀ ਰਾਇ ਹੈ ਕਿ ਜਿਸ ਵੇਲੇ ਕਸ਼ਮੀਰ ਦਾ ਇਲਾਕਾ ਮਹਾਰਾਜਾ ਜੰਮੂ ਨੂੰ ਅੰਗਰੇਜ਼ ਸਰਕਾਰ ਨੇ ਧਨ ਬਦਲੇ ਦਿੱਤਾ, ਉਸ ਸਮੇਂ ਇਹ ਪੋਥੀ ਲਿਖੀ ਗਈ ਹੈ, ਇਸ ਲਈ ਉਸ ਵਿਚ ਇਹ ਵਾਕ ਹੈ –

‘ਦੇਸ ਬੇਚਕਰ ਜਾਹਿ ਫਿਰੰਗੀ। ਗਾਜੇਗਾ ਤਬ ਮੇਰ ਭੁਜੰਗੀ।’ (ਸਾਖੀ ੮੫)

ਸਵਾਲ : ਵਰ ਸਰਾਪ ਆਦਿ ਬਾਰੇ ਗੁਰਮਤਿ ਸਿਧਾਂਤ ਸਪਸ਼ਟ ਕਰੋ, ਜੀ।

ਜਵਾਬ : ਗੁਰਮਤਿ ਕਿਸੇ ਤਰ੍ਹਾਂ ਦੇ ਵਰ ਸਰਾਪ ਵਾਲੇ ਅਨਮਤੀ ਸਿਧਾਂਤ ਨੂੰ ਮਾਨਤਾ ਨਹੀਂ ਦਿੰਦੀ। ਗੁਰਮਤਿ ਅਨੁਸਾਰ ਗੁਰੂ ਤੋਂ ਬੇਮੁਖ ਹੋ ਕੇ ਪਰਮਾਤਮਾ ਨੂੰ ਵਿਸਾਰ ਦੇਣਾ ਹੀ ਸਰਾਪੇ ਜਾਣਾ ਹੈ। ਗੁਰੂ ਤੋਂ ਬੇਮੁਖ ਹੋਣਾ ਏਸੇ ਤਰ੍ਹਾਂ ਹੈ ਜਿਵੇਂ ਕੋਈ ਰੁੱਖ ਮੂਲ (ਮੁੱਢ) ਤੋਂ ਹੀ ਪੁੱਟਿਆ ਗਿਆ ਹੋਵੇ ਸਿੱਖੀ ਦੀ ਜੜ੍ਹ ਗੁਰੂ ਦੀ ਮਤ ਹੀ ਹੈ, ਜੜ੍ਹ ਨਾਲੋਂ ਜੁਦਾ ਹੋ ਜਾਣ ਦਾ ਅਰਥ ਹੈ ‘ਮੌਤ ਹੋਣਾ’। ਅੱਜ ਜੇਕਰ ਅਸੀਂ ਗੁਰੂ ਦੇ ਗਿਆਨ ਨਾਲੋਂ ਟੁੱਟ ਚੁੱਕੇ ਹਾਂ ਤਾਂ ਗੁਰਮਤਿ ਅਨੁਸਾਰ ਨਾ ਤੁਰਨਾ ਹੀ ਸਰਾਪ ਹੋ ਜਾਣਾ ਹੈ, ‘‘ਮਨੁ ਮੁਗਧੌ ਦਾਦਰੁ ਭਗਤਿਹੀਨੁ ਦਰਿ ਭ੍ਰਸਟ ਸਰਾਪੀ ਨਾਮ ਬੀਨੁ ਤਾ ਕੈ ਜਾਤਿ ਪਾਤੀ ਨਾਮ ਲੀਨ ਸਭਿ ਦੂਖ ਸਖਾਈ ਗੁਣਹ ਬੀਨ (ਮਹਲਾ /੧੧੮੮) ਭਾਵ ਮੂਰਖ ਦਾ ਮਨ ਭਗਤੀ ਤੋਂ ਵਾਂਝਿਆ ਰਹਿੰਦਾ ਹੈ। ਮੂਰਖ ਮਨ ਮਾਨੋ ਡੱਡੂ ਹੈ (ਜੋ ਨੇੜੇ ਹੀ ਉੱਗੇ ਹੋਏ ਕਮਲ ਦੇ ਫੁੱਲ ਦੀ ਕਦਰ ਨਹੀਂ ਕਰ ਰਿਹਾ), ਕੁਰਾਹੇ ਪਿਆ ਮਨ; ਪ੍ਰਭੂ ਦੇ ਦਰ ਤੋਂ ਡਿੱਗਿਆ ਹੋਇਆ ਹੈ, ਮਾਨੋ ਸਰਾਪਿਆ ਦੁਰਕਾਰਿਆ ਹੋਇਆ ਹੈ, ਪਰਮਾਤਮਾ ਦੇ ਨਾਮ ਤੋਂ ਸੱਖਣਾ ਹੈ।

ਸਰਾਪਾਂ ਦਾ ਜਿਸ ਤਰ੍ਹਾਂ ਦਾ ਡਰ-ਭਰਮ ਬ੍ਰਾਹਮਣ ਨੇ ਪਾਇਆ ਹੋਇਆ ਹੈ, ਸਤਿਗੁਰਾਂ ਨੇ ਅਜਿਹੇ ਕਿਸੇ ਸਰਾਪ ਨੂੰ ਕੋਈ ਮਹਾਨਤਾ ਨਹੀਂ ਦਿੱਤੀ। ਗੁਰਦੇਵ ਜੀ ਦਾ ਫ਼ੁਰਮਾਨ ਹੈ ਕਿ ਅਜਿਹੀ ਸ਼ਕਤੀ ਕਿਸੇ ਵੀ ਮਨੁੱਖ ਕੋਲ ਨਹੀਂ, ਜਿਸ ਨਾਲ ਉਹ ਰੱਬੀ ਹੁਕਮ ਦੇ ਵਿਰੁੱਧ ਆਪਣੀ ਮਰਜ਼ੀ ਨਾਲ ਕੋਈ ਨੁਕਸਾਨ ਕਰ ਸਕਦਾ ਹੋਵੇ। ਮਾਰਨ ਜੀਵਾਲਣ ਵਾਲਾ ਪ੍ਰਭੂ ਆਪ ਹੀ ਹੈ, ‘‘ਭਾਈ  ! ਮਤ ਕੋਈ ਜਾਣਹੁ, ਕਿਸੀ ਕੈ ਕਿਛੁ ਹਾਥਿ ਹੈ; ਸਭ ਕਰੇ ਕਰਾਇਆ ਜਰਾ ਮਰਾ ਤਾਪੁ ਸਿਰਤਿ ਸਾਪੁ, ਸਭੁ ਹਰਿ ਕੈ ਵਸਿ ਹੈ; ਕੋਈ ਲਾਗਿ ਸਕੈ, ਬਿਨੁ ਹਰਿ ਕਾ ਲਾਇਆ (ਮਹਲਾ ,੧੬੮) ਪਦ ਅਰਥ : ਹਾਥਿ-ਵੱਸ ਵਿਚ। ਜਰਾ-ਬੁਢੇਪਾ। ਗੁਰੂ ਮਰਾ-ਮੌਤ। ਤਾਪੁ ਸਾਪੁ-ਤਾਪ, ਸਾਪ। ਸਿਰਤਿ-ਸਿਰ ਪੀੜ।

ਸਵਾਲ : ਪੰਜ ਵਿਕਾਰ, ਮਨੁੱਖ ਲਈ ਕਿਵੇਂ ਹਾਨੀਕਾਰਕ ਹਨ ਅਤੇ ਇਨ੍ਹਾਂ ਦੇ ਮਾੜੇ ਅਸਰ ਤੋਂ ਕਿਵੇਂ ਬਚਿਆ ਜਾ ਸਕਦਾ ਹੈ  ?

ਜਵਾਬ : ਪੰਜ ਵਿਕਾਰ-ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਮਨੁੱਖ ਨੂੰ ਪ੍ਰਭੂ ਤੋਂ ਦੂਰ ਕਰਦੇ ਹਨ। ਇਨ੍ਹਾਂ ਵਿਕਾਰਾਂ ਦੇ ਪ੍ਰਭਾਵ ਹੇਠ ਮਨੁੱਖ ਦੁਨਿਆਵੀ ਰਸਾਂ-ਕਸਾਂ ’ਚ ਫਸ ਕੇ ਸਰੀਰਕ ਤੇ ਮਾਨਸਿਕ ਬਿਮਾਰੀਆਂ ਸਹੇੜਦਾ ਲੈਂਦਾ ਹੈ ਤੇ ਜਿਉਂਦਿਆਂ ਹੀ ਆਤਮਿਕ ਮੌਤ ਹੋ ਜਾਂਦੀ ਹੈ। ਇਨ੍ਹਾਂ ਵਿਕਾਰਾਂ ਦੀ ਮਾਰ ਹੇਠ ਆ ਕੇ ਕੀਤੇ ਕੁਕਰਮਾਂ ਕਾਰਨ ਉਹ ਆਵਾਗਵਨ ਦੇ ਚੱਕਰ ’ਚ ਭਟਕਦਾ ਹੈ।

‘ਕਾਮ’ ਦੀ ਵਧੀ ਹੋਈ ਰੁਚੀ ਵਿਭਚਾਰ ਨੂੰ ਜਨਮ ਦਿੰਦੀ ਹੈ। ਇਸ ਅਧੀਨ ਮਨੁੱਖ ਤੇ ਇਸਤਰੀਆਂ ਹੋਰਾਂ ਨਾਲ ਅਨੈਤਿਕ ਸਰੀਰਿਕ ਸਬੰਧ ਰੱਖਦੇ ਹਨ।

‘ਕ੍ਰੋਧ’, ਬੁਧੀ ਦੀ ਬਿਬੇਕਤਾ ਖ਼ਤਮ ਕਰ ਦਿੰਦਾ ਹੈ ਅਤੇ ਲੜਾਈਆਂ ਝਗੜਿਆਂ ਦੀ ਜੜ੍ਹ ਹੋ ਨਿਬੜਦਾ ਹੈ।

‘ਲੋਭ’ ਦੇ ਕਾਰਨ ਧਨ-ਪਦਾਰਥਾਂ ਨੂੰ ਪ੍ਰਾਪਤ ਕਰਨ ਦੀ ਲਾਲਸਾ ਵਧਦੀ ਹੈ। ਇਸ ਅਧੀਨ ਮਨੁੱਖ ਦੂਜਿਆਂ ਦਾ ਹੱਕ ਮਾਰਨ, ਰਿਸ਼ਵਤ ਖਾਣ, ਧੱਕੇ ਨਾਲ ਪਰਾਏ ਧਨ-ਪਦਾਰਥਾਂ ਨੂੰ ਕਾਬੂ ਕਰਨ ਦੇ ਯਤਨ ਕਰਦਾ ਹੈ।

‘ਮੋਹ’, ਸਾਕ-ਸੰਬੰਧੀਆਂ ਨਾਲ ਵਧਿਆ ਪਿਆਰ ਹੈ। ਇਹ ਉਨ੍ਹਾਂ ਦੇ ਵਿਛੋੜੇ ਸਮੇਂ ਮਨੁੱਖ ਨੂੰ ਢਹਿੰਦੀਆਂ ਕਲਾ ਵਿਚ ਸੁੱਟ ਦਿੰਦਾ ਹੈ। ਮੋਹ ਵਿਚ ਅੰਨ੍ਹਾ ਹੋਇਆ ਮਨੁੱਖ ‘ਆਪਣਿਆਂ ਦੇ ਭਲੇ’ ਦੀ ਖਾਤਰ ‘ਦੂਜਿਆਂ’ ਨਾਲ ਠਗੀ-ਠੋਰੀ, ਧੱਕਾ, ਚੋਰੀ ਆਦਿ ਅਨੈਤਿਕ ਕੰਮ ਕਰਦਾ ਹੈ।

‘ਹੰਕਾਰ’, ਆਪਣੇ ਸਰੀਰਿਕ ਬਲ, ਵਿੱਦਿਆ, ਸੁੰਦਰਤਾ, ਰਾਜਨੀਤਿਕ ਤਾਕਤ ਅਤੇ ਧਨ ਸੰਪਤੀ ਆਦਿ ਕਾਰਨ ਪੈਦਾ ਹੋਏ ਅਭਿਮਾਨ ਦਾ ਨਾਂ ਅਹੰਕਾਰ ਹੈ। ਕਈ ਵਾਰ ਤਾਂ ਮਨੁੱਖ ਆਪਣੇ ਚੰਗੇ ਗੁਣਾਂ ਉੱਤੇ ਵੀ ਹੰਕਾਰ ਕਰਨ ਲੱਗ ਪੈਂਦਾ ਹੈ ਤੇ ਹੋਰਾਂ ਭਲੇ ਪੁਰਖਾਂ ਤੋਂ ਵੀ ਨਫ਼ਰਤ ਕਰਨ ਲੱਗ ਪੈਂਦਾ ਹੈ, ਜਿਸ ਕਾਰਨ ਈਰਖਾ, ਸਾੜਾ ਆਦਿ ਦਾ ਸ਼ਿਕਾਰ ਹੋ ਜਾਂਦਾ ਹੈ। ਸਤਿਗੁਰ ਦੀ ਸ਼ਰਨ ’ਚ ਆ ਕੇ, ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ (ਨਾਮ ਜਪਣ) ਨਾਲ ਇਨ੍ਹਾਂ ਸਮੇਤ ਹੋਰ ਵਿਕਾਰਾਂ ਤੋਂ ਭੀ ਬਚ ਸਕੀਦਾ ਹੈ। ਗੁਰ ਫ਼ੁਰਮਾਨ ਹੈ, ‘‘ਰਾਖਿ ਲੀਏ ਅਪਨੀ ਕਿਰਪਾ ਧਾਰਿ ਪੰਚ ਦੂਤ ਭਾਗੇ ਬਿਕਰਾਲ ਜੂਐ ਜਨਮੁ ਕਬਹੂ ਹਾਰਿ ਨਾਨਕ ਕਾ ਅੰਗ ਕੀਆ ਕਰਤਾਰਿ (ਨੇ) ’’ (ਮਹਲਾ /੮੬੬)