ਮਨ ਕੀ ਹੈ ਅਤੇ ਕੀ ਇਹ ਮਾਰਿਆ ਜਾ ਸਕਦਾ ਹੈ ? (ਭਾਗ ਦੂਜਾ)
ਮਨ ਕੀ ਹੈ ਅਤੇ ਕੀ ਇਹ ਮਾਰਿਆ ਜਾ ਸਕਦਾ ਹੈ ? (ਭਾਗ ਦੂਜਾ)
ਗਿਆਨੀ ਅਵਤਾਰ ਸਿੰਘ
ਮਨ ਕੀ ਹੈ ਅਤੇ ਕੀ ਇਹ ਮਾਰਿਆ ਜਾ ਸਕਦਾ ਹੈ ? (ਭਾਗ ਪਹਿਲਾ)
ਜੀਵ-ਜੰਤਾਂ ਦੇ ਕਰਮ ਅਤੇ ਸੁਭਾਅ ਤੋਂ ਅਕਸਰ ਉਨ੍ਹਾਂ ਦੇ ਨਾਂ ਪੈ ਜਾਂਦੇ ਹਨ। ਲੋਭ, ਲਾਲਚ ਪੱਖੋਂ ‘ਕਾਂ, ਕੁੱਤਾ, ਬਾਂਦਰ’ ਆਦਿ ਦੀ ਮਿਸਾਲ ਆਮ ਦਿੱਤੀ ਜਾਂਦੀ ਹੈ। ਅਵੈੜੇਪਣ ਲਈ ‘ਸਾਂਢ, ਊਠ, ਗਧਾ’ ਅਤੇ ਨਿਮਰਤਾ ਲਈ ‘ਕੀੜੀ, ਬੱਕਰੀ’ ਆਦਿ; ਇਉਂ ਹੀ ਜ਼ਿਆਦਾਤਰ ਭਾਸ਼ਾਵਾਂ ’ਚ ਬੰਦੇ ਦੇ ਨਾਂ ਵਿੱਚ ਦੋ ਅੱਖਰ; ‘ਮ’ ਤੇ ‘ਨ’ (ਮਨ) ਸ਼ਾਮਲ ਕੀਤੇ ਮਿਲਦੇ ਹਨ; ਜਿਵੇਂ ਕਿ ‘ਮਨੁੱਖ, ਮਾਨਵ, ਮਾਨਸ, ਮੈਨ, ਮਨੁਸ਼ਿਅ’ ਆਦਿ। ਇਸ ਤੋਂ ਜਾਪਦਾ ਹੈ ਕਿ ਬੰਦਾ; ਅਕਸਰ ਆਪਣੇ ਮਨ ਅਨੁਸਾਰ ਜਿਊਂਦਾ ਹੈ, ਮਨ ਮੁਤਾਬਕ ਵਿਚਰਦਾ ਹੈ ਯਾਨੀ ਮਨ ਦੇ ਅਧੀਨ ਰਹਿੰਦਾ ਹੈ ਤਾਹੀਓਂ ਸੱਚੇ ਰਹਿਬਰਾਂ, ਗੁਰੂਆਂ ਨੇ ਧਰਮ ਦਾ ਸਿੱਧਾ ਸੰਬੰਧ ਹੀ ਬੰਦੇ ਦੇ ‘ਮਨ’ ਨਾਲ਼ ਰੱਖਿਆ ਹੈ। ਜਿਨ੍ਹਾਂ ਧਰਮਾਂ ’ਚ ‘ਮਨ’ ਦੀ ਥਾਂ ਬੰਦੇ ਦੇ ਸਰੀਰ ਨਾਲ਼ ਜੋੜ ਕੇ ਧਾਰਮਿਕ ਕਰਮ ਉਲੀਕੇ ਗਏ; ਜਿਵੇਂ ਕਿ ਸਰੀਰਕ ਪਵਿੱਤਰ ਜਾਂ ਸਰੀਰਕ ਤਲ ’ਤੇ ਸਮਾਜਿਕ ਭੇਦ-ਭਾਵ ਕਰਨਾ; ਜੈਸਾ ਕਿ ਜਾਤ-ਪਾਤ/ਲਿੰਗ/ਨਸਲ ਭੇਦ, ਲਿਬਾਸ ਦਾ ਰੰਗ ਜਾਂ ਸਰੀਰਕ ਨੰਗੇਜ, ਖਾਣ-ਪਾਣ ਅਤੇ ਭਾਸ਼ਾਈ ਵਿਤਕਰੇ ਆਦਿਕ, ਉਨ੍ਹਾਂ ਸਾਰੇ ਧਾਰਮਿਕ ਕਰਮਾਂ ਨੂੰ ਗੁਰਬਾਣੀ ਕਰਮਕਾਂਡ (ਵਿਖਾਵੇ ਮਾਤਰ ਕੀਤੇ ਜਾਣ ਵਾਲ਼ੇ ਕੰਮ/ ਜਿਨ੍ਹਾਂ ਦਾ ਮਨ ਨਾਲ਼ ਕੋਈ ਸੰਬੰਧ ਨਹੀਂ) ਮੰਨਦੀ ਹੈ। ਗੁਰੂ ਗ੍ਰੰਥ ਸਾਹਿਬ ਅੰਦਰ ‘ਮਨ’ ਦੀ ਸ਼ੁੱਧਤਾ ਨੂੰ ਹੀ ਪ੍ਰਮੁੱਖਤਾ ਦਿੱਤੀ ਗਈ ਹੈ। ਸੰਖੇਪਤਾ ਨੂੰ ਧਿਆਨ ’ਚ ਰੱਖਦਿਆਂ ਭਗਤ ਕਬੀਰ ਜੀ ਅਤੇ 6 ਗੁਰੂ ਸਾਹਿਬਾਨ ਦੀ ਬਾਣੀ ’ਚੋਂ ਇੱਕ-ਇੱਕ ਹਵਾਲਾ ਦਿੱਤਾ ਜਾ ਰਿਹਾ ਹੈ ‘‘ਮਨਿ ਜੀਤੈ ਜਗੁ ਜੀਤੁ॥ (ਜਪੁ/ਮਹਲਾ ੧), ਨਾਨਕ ! ਗੁਰ ਬਿਨੁ, ਮਨ ਕਾ ਤਾਕੁ (ਬੂਹਾ/ਭੇਦ) ਨ ਉਘੜੈ; ਅਵਰ ਨ ਕੁੰਜੀ ਹਥਿ (’ਚ)॥ (ਮਹਲਾ ੨/੧੨੩੭), ਜਿਨ ਗੁਰ ਪਰਸਾਦੀ ਮਨੁ ਜੀਤਿਆ; ਜਗੁ, ਤਿਨਹਿ ਜਿਤਾਨਾ (ਉਸ ਨੇ ਹੀ ਜਗਤ–ਬਾਜ਼ੀ ਜਿੱਤੀ) ॥ (ਮਹਲਾ ੩/੧੦੮੯), ਮਨੁ ਜਿਣੈ (ਜਿੱਤ ਕੇ) ਗੁਰਮੁਖਿ ਜੀਤਿਆ ॥ (ਮਹਲਾ ੪/੫੭੫), ਆਤਮ ਜਿਣੈ (ਮਨ ਜਿੱਤਿਆ) ਸਗਲ ਵਸਿ (’ਚ) ਤਾ ਕੈ (ਉਸ ਦੇ); ਜਾ ਕਾ ਸਤਿਗੁਰੁ ਪੂਰਾ ॥ (ਮਹਲਾ ੫/੬੭੯), ਜਤਨ ਬਹੁਤੁ ਮੈ ਕਰਿ ਰਹਿਓ; ਮਿਟਿਓ ਨ ਮਨ ਕੋ ਮਾਨੁ ॥ (ਮਹਲਾ ੯/੧੪੨੮), ਮਮਾ; ਮਨ ਸਿਉ ਕਾਜੁ ਹੈ; ਮਨ ਸਾਧੇ, ਸਿਧਿ (ਸਫਲਤਾ) ਹੋਇ ॥ (ਭਗਤ ਕਬੀਰ/੩੪੨), ਮਨੁ ਦੇ (ਦੇ ਕੇ), ਰਾਮੁ ਲੀਆ ਹੈ ਮੋਲਿ ॥’’ (ਭਗਤ ਕਬੀਰ/੩੨੭)
ਸਿਰਲੇਖ ਵਿਸ਼ੇ ਦੇ ਪਹਿਲੇ ਭਾਗ ’ਚ ਕੀਤੀ ਗਈ ਵਿਚਾਰ ਦਾ ਸੰਖੇਪ ਭਾਵ ਸੀ ਕਿ
(1). ਮਨੋਵਿਗਿਆਨ ਮੁਤਾਬਕ ‘ਸੁਚੇਤ ਮਨ’ ਰਾਹੀਂ ਬਚਪਨ ਤੋਂ ਪਨਪੀਆਂ ਇਛਾਵਾਂ ਹੀ ‘ਅਚੇਤ ਮਨ’ ਹੈ। ਇਹ ਇਛਾਵਾਂ; ‘ਅਚੇਤ ਮਨ’ ’ਚੋਂ ਸੁਪਨਿਆਂ ਰਾਹੀਂ ਪ੍ਰਗਟ ਹੁੰਦੀਆਂ ਹਨ, ਪਰ ਗੁਰਬਾਣੀ ਸਿਧਾਂਤ; ਇਸ ਦੇ ਬਿਲਕੁਲ ਉਲ਼ਟ ਹੈ। ਮਨੋਵਿਗਿਆਨ ਦਾ ‘ਅਚੇਤ ਮਨ’; ਗੁਰਬਾਣੀ ਵਿੱਚ ਅੰਤਹਿਕਰਣ ਦੀ ਮੈਲ਼ ਹੈ, ਜੋ ਕਈ ਜਨਮਾਂ ’ਚ ਕੀਤੇ ਕੰਮਾਂ ਦੇ ਫਲ਼ ਵਜੋਂ ਇਕੱਠੀ ਹੋਈ ਹੈ। ਇਸ ਮੈਲ਼ (ਅਚੇਤ ਮਨ) ਦੀ ਪਰਛਾਈ; ‘ਸੁਚੇਤ ਮਨ’ ਹੈ, ਨਾ ਕਿ ‘ਸੁਚੇਤ ਮਨ’ ਰਾਹੀਂ ‘ਅਚੇਤ ਮਨ’ ਬਣਿਆ ਹੈ।
(2). ਮਨ; ਸੁਰਤਿ ਅਧੀਨ ਰਹਿ ਕੇ ਕਾਬੂ ਹੁੰਦਾ ਹੈ ‘‘ਸੁਰਤੀ ਕੈ ਮਾਰਗਿ ਚਲਿ ਕੈ; ਉਲਟੀ ਨਦਰਿ ਪ੍ਰਗਾਸੀ ॥’’ (ਮਹਲਾ ੧/੧੩੨੯), ਵੈਸੇ ਮਨ ਦੇ ਮੁਤਾਬਕ ਹੀ ਬੰਦੇ ਦੀ ਸੁਰਤਿ ਅਕਸਰ ਚੱਲਦੀ ਹੈ। ਇਸ ਸੰਬੰਧ ’ਚ ਗੁਰਬਾਣੀ ਵਾਕ ਹੈ ‘‘ਕਹੁ ਕਬੀਰ ! ਪਰਗਟੁ ਭਈ ਖੇਡ ॥ ਲੇਲੇ (ਮਨ) ਕਉ ਚੂਘੈ ਨਿਤ ਭੇਡ (ਸੁਰਤਿ)॥’’ (ਭਗਤ ਕਬੀਰ/੩੨੬)
(3). ਰੱਬ ਦੀ ਕਿਰਪਾ ਨਾਲ਼ ‘ਮਨ’ ਕਾਬੂ ਹੁੰਦਾ ਹੈ ‘‘ਮਨੁ ਬਸਿ (’ਚ) ਆਵੈ ਨਾਨਕਾ ! ਜੇ ਪੂਰਨ ਕਿਰਪਾ ਹੋਇ ॥’’ (ਮਹਲਾ ੫/੨੯੮)
ਉਕਤ ਨੰਬਰ 2 ਅਤੇ ਨੰਬਰ 3 ਨੂੰ ਪੜ੍ਹ ਕੇ ਆਮ ਬੰਦੇ ਦੇ ਮਨ ’ਚ ਸਵਾਲ ਪੈਦਾ ਹੁੰਦਾ ਹੈ ਕਿ ਮਨ; ਸੁਰਤਿ ਦੇ ਪਿੱਛੇ ਚੱਲ ਕੇ ਕਾਬੂ ਹੋਣਾ ਹੈ ਜਾਂ ਰੱਬ ਦੀ ਕਿਰਪਾ ਨਾਲ਼ ਕਾਬੂ ਹੋਣਾ ਹੈ ? ਇਸ ਗਹਿਰੇ ਰਾਜ਼ ਨੂੰ ਵਿਚਾਰਨ ਲਈ ਹੀ ਹਥਲਾ ‘ਭਾਗ ਦੂਜਾ’ ਲੇਖ ਲਿਖਣਾ ਜ਼ਰੂਰੀ ਸਮਝਿਆ ਗਿਆ ਹੈ। ਸੋ ਸਭ ਤੋਂ ਪਹਿਲਾਂ ‘ਮਨ’ ਦਾ ਸੰਸਾਰਿਕ ਜੀਵਨ ’ਤੇ ਪੈਂਦਾ ਪ੍ਰਭਾਵ ਜਾਣਨਾ ਜ਼ਰੂਰੀ ਹੈ।
ਗੁਰੂ ਨਾਨਕ ਸਾਹਿਬ ਜੀ ਦੁਆਰਾ ਰਚੀ ‘ਮਾਝ ਕੀ ਵਾਰ’ ’ਚ 27 ਪਉੜੀਆਂ ਹਨ। ਪਹਿਲੀ ਹੀ ਪਉੜੀ ਨਾਲ਼ ਤਿੰਨ ਸਲੋਕ ਹਨ। ਦੂਜੇ ਅਤੇ ਤੀਜੇ ਸਲੋਕ ’ਚ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਪੂਰੀ ਜ਼ਿੰਦਗੀ ’ਚ ‘ਮਨ’ ਦੀ ਯਾਤਰਾ ਬਾਰੇ ਚਾਨਣਾ ਪਾਇਆ ਹੈ। ਪਿਛਲੇ ਭਾਗ ’ਚ ‘ਮਨ’ ਦੇ ਦਰਜਨ ਭਰ ਅਰਥ; ਗੁਰਬਾਣੀ ਵਿੱਚੋਂ ਵਿਚਾਰੇ ਗਏ ਸਨ, ਪਰ ਇੱਥੇ ਇੱਕ ਜ਼ਿੰਦਗੀ ’ਚ ‘ਮਨ’ ਦੀ ਯਾਤਰਾ ਤੋਂ ਭਾਵ ‘ਮਨ’ ਦਾ ਕੇਵਲ ਸੰਕਲਪ-ਵਿਕਲਪ ਰੂਪ ਵਿਚਾਰਨਾ ਹੈ, ਜੋ ਪੰਜ ਤੱਤਾਂ ਦੇ ਸਰੀਰ ਨਾਲ਼ ਉਪਜਦਾ ਹੈ; ਜਿਵੇਂ ਕਿ ਵਾਕ ਹੈ ‘‘ਇਹੁ ਮਨੁ ਪੰਚ ਤਤੁ ਤੇ ਜਨਮਾ ॥’’ (ਮਹਲਾ ੧/੪੧੫) ਅਤੇ ਸਰੀਰਕ ਮੌਤ ਦੇ ਨਾਲ਼-ਨਾਲ਼ ‘ਮਨ’ ਦਾ ਇਹ ਭਾਗ ਵੀ ਮਰ ਜਾਂਦਾ ਹੈ, ਅਲੋਪ ਹੋ ਜਾਂਦਾ ਹੈ।
ਗੁਰੂ ਨਾਨਕ ਸਾਹਿਬ ਜੀ ਦੇ ਇਸ ਦੂਜੇ ਸਲੋਕ ’ਚ ਮਨ ਦੇ 10 ਪੜਾਅ ਇਹ ਹਨ- ਪਹਿਲੇ ਪੜਾਅ ’ਚ ਮਨ; ਮਾਤਾ ਦਾ ਦੁੱਧ ਪੀਣ ’ਚ ਮਗਨ ਰਹਿੰਦਾ ਹੈ ‘‘ਪਹਿਲੈ; ਪਿਆਰਿ ਲਗਾ ਥਣ ਦੁਧਿ (’ਚ)॥’’ ਦੂਜੇ ਪੜਾਅ ’ਚ ਮਾਤਾ-ਪਿਤਾ ਨੂੰ ਪਹਿਚਾਨਦਾ ਹੈ ‘‘ਦੂਜੈ; ਮਾਇ ਬਾਪ ਕੀ ਸੁਧਿ ॥’’ ਤੀਜੇ ਪੜਾਅ ’ਚ ਮਨ ਨੂੰ ਭੈਣ, ਭਰਾ, ਭਾਬੀ ਆਦਿ ਦਾ ਫ਼ਰਕ ਨਜ਼ਰ ਆਉਂਦਾ ਹੈ ‘‘ਤੀਜੈ; ਭਯਾ, ਭਾਭੀ, ਬੇਬ ॥’’ ਚੌਥੇ ਪੜਾਅ ’ਚ ਗੁਆਂਢ ਦੇ ਬੱਚਿਆਂ ਨਾਲ਼ ਰੁਚੀ ਪੈਦਾ ਕਰ ਖੇਡਦਾ ਹੈ ‘‘ਚਉਥੈ; ਪਿਆਰਿ ਉਪੰਨੀ ਖੇਡ॥’’ ਪੰਜਵੇਂ ਪੜਾਅ ’ਚ ਮਨ ਅੰਦਰ ਖਾਣ-ਪੀਣ ਦੀ ਤੜਫ ਵਧੇਰੇ ਉੱਠਦੀ ਹੈ ‘‘ਪੰਜਵੈ; ਖਾਣ ਪੀਅਣ ਕੀ ਧਾਤੁ (ਦੌੜ–ਭੱਜ)॥’’ ਛੇਵੇਂ ਪੜਾਅ ’ਚ ਮਨ; ਕਾਮ-ਵਾਸ਼ਨਾ ’ਚ ਅੰਨ੍ਹਾ ਹੋਇਆ; ਅਛੂਤ ਜਾਤ ਦੀ ਭਿੱਟ (ਜਿਸ ਨੂੰ ਸਾਰੀ ਉਮਰ ਬੜਾ ਮਹੱਤਵ ਦਿੰਦਾ ਹੈ) ਨੂੰ ਵੀ ਬੁਰਾ ਨਹੀਂ ਮੰਨਦਾ ‘‘ਛਿਵੈ; ਕਾਮੁ ਨ ਪੁਛੈ ਜਾਤਿ ॥’’ ਸਤਵੇਂ ਪੜਾਅ ’ਚ ਮਨ; ਧਨ-ਪਦਾਰਥ ਜੋੜਨ ’ਚ ਉਤਾਵਲ਼ਾ ਹੁੰਦਾ ਹੈ ‘‘ਸਤਵੈ; ਸੰਜਿ ਕੀਆ ਘਰ ਵਾਸੁ ॥’’ ਅੱਠਵੇਂ ਪੜਾਅ ’ਚ; ਇਸ ਧਨ-ਪਦਾਰਥ ਨੂੰ ਪੁੱਤਰ-ਨੂੰਹ, ਧੀ ਆਦਿ ਖੋਹ ਨਾ ਲੈਣ, ਬਚਾਉਣ ਲਈ ਝਗੜਦਾ ਹੈ ‘‘ਅਠਵੈ; ਕ੍ਰੋਧੁ ਹੋਆ ਤਨ ਨਾਸੁ ॥’’ ਨਾਵੇਂ ਪੜਾਅ ’ਚ ਮਨ; ਹਾਰ ਮੰਨ ਲੈਂਦਾ ਹੈ, ਸਾਹ ਚੜ੍ਹਨ ਲੱਗਦਾ ਹੈ, ਧੌਲੇ ਆ ਜਾਂਦੇ ਹਨ ‘‘ਨਾਵੈ; ਧਉਲੇ ਉਭੇ ਸਾਹ ॥’’ ਅੰਤਮ ਦਸਵੇਂ ਪੜਾਅ ’ਚ ਮਨ; ਨਾਸ਼ ਹੋ ਜਾਂਦਾ ਹੈ ਯਾਨੀ ਪੰਜ ਗਿਆਨ ਇੰਦ੍ਰੇ (ਅੱਖ, ਨੱਕ, ਕੰਨ, ਜੀਭ, ਤ੍ਵਚਾ) ਅਤੇ ਪੰਜ ਕਰਮ ਇੰਦ੍ਰੇ (ਹੱਥ, ਪੈਰ, ਮੂੰਹ, ਗੁਦਾ, ਲਿੰਗ) ਜਵਾਬ ਦੇ ਜਾਂਦੇ ਹਨ ‘‘ਦਸਵੈ; ਦਧਾ ਹੋਆ ਸੁਆਹ ॥’’ (ਮਹਲਾ ੧/੧੩੮), ਮਨ ਦੀ ਇਹ ਯਾਤਰਾ ਅਜੋਕੇ ਸਾਇੰਸ ਯੁੱਗ ’ਚ ਮਨੁੱਖ ਅੰਦਰ ਹੋਰ ਵੀ ਪ੍ਰਬਲ ਹੋਈ ਹੈ; ਜਿਵੇਂ ਕਿ 12 ਤੋਂ 35 ਸਾਲ ਦੀ ਉਮਰ ’ਚ ਕਾਮ-ਵਾਸ਼ਨਾ ਅਤੇ ਜੀਭ ਰਸ; ਬੰਦੇ ਦੀ ਸੁਰਤਿ ਨੂੰ ਸਾਂਤ ਨਹੀਂ ਰਹਿਣ ਦਿੰਦੇ ਅਤੇ 35 ਤੋਂ 55 ਸਾਲ ’ਚ ਧਨ ਇਕੱਠਾ ਕਰਨ ’ਚ ਵਧੇਰੇ ਲੱਗਾ ਰਹਿੰਦਾ ਹੈ ਕਿਉਂਕਿ ਬੱਚਿਆਂ ਅਤੇ ਬਜ਼ੁਰਗਾਂ ਦੀ ਦੂਹਰੀ ਜ਼ਿੰਮੇਵਾਰੀ ਆ ਪੈਂਦੀ ਹੈ। ਇਸ ਸਮੇਂ ਪਤੀ-ਪਤਨੀ ਦੇ ਸੰਬੰਧ ਵੀ ਟੁੱਟਦੇ ਹਨ ਕਿਉਂਕਿ ਦੂਜੀ ਸ਼ਾਦੀ ਕਰਨ/ਕਰਾਉਣ ਦੀ ਸੰਭਾਵਨਾ ਬਚੀ ਹੁੰਦੀ ਹੈ। ਮਿਸਾਲ ਵਜੋਂ ਇਉਂ ਵੀ ਕਹਿ ਸਕਦੇ ਹਾਂ ਕਿ ਛੋਟੀ ਉਮਰ ’ਚ ਲੜਕਾ/ਲੜਕੀ ਦੁਆਰਾ ਆਪਸੀ ਰਿਸ਼ਤੇ ਬਣਾਨ ਸਮੇਂ ਇੱਕ ਦੂਜੇ ਦੀ ਪਿਛੋਕੜ ਦਸ਼ਾ; ਜਿਵੇਂ ਕਿ ਆਰਥਿਕ ਹਾਲਾਤ, ਜਾਤ-ਪਾਤ ਜਾਂ ਪਰਵਾਰਿਕ ਰਿਸ਼ਤਿਆਂ/ਸੰਸਕਾਰਾਂ ਆਦਿ ਨੂੰ ਅਣਡਿੱਠ ਕੀਤਾ ਹੁੰਦਾ ਹੈ, ਪਰ ਵਡੇਰੀ ਉਮਰ ’ਚ ਜੀਵਨ ਸਾਥੀ ਚੁਣਨ ਸਮੇਂ ਇਹੀ ਗੱਲਾਂ ਖ਼ਾਸ ਮਾਅਨਾ ਰੱਖਦੀਆਂ ਹਨ ਕਿਉਂਕਿ ਛੋਟੀ ਉਮਰ ’ਚ ਕਾਮ ਵਾਸ਼ਨਾ; ਜੀਵਨ ਉੱਤੇ ਪ੍ਰਭਾਵ ਵਧੇਰਾ ਪਾਉਂਦੀ ਹੈ ਤੇ ਵੱਡੀ ਉਮਰ ’ਚ ਦੌਲਤ। ਤਦ ਸਰੀਰਕ ਸੁੰਦਰਤਾ ਵੀ ਬਹੁਤਾ ਮਾਅਨਾ ਨਹੀਂ ਰੱਖਦੀ। 55 ਸਾਲ ਤੋਂ ਬਾਅਦ ਤਲਾਕ ਦਰ ਨਾ-ਮਾਤਰ ਰਹਿ ਜਾਂਦੀ ਹੈ। ਮਾਤਾ-ਪਿਤਾ ਆਪਣੀ ਕਮਾਈ ਨੂੰ ਬੁਢੇਪੇ ਲਈ ਬਚਾਉਣ ਵਾਸਤੇ ਬੱਚਿਆਂ (ਪੁੱਤਰ, ਨੂੰਹਾਂ ਆਦਿ) ਨਾਲ਼ ਝਗੜਦੇ ਹਨ।
ਆਪਣੇ ਤੀਜੇ ਸਲੋਕ ’ਚ ਗੁਰੂ ਨਾਨਕ ਸਾਹਿਬ ਜੀ; ਪੜਾਅ ਦਰ ਪੜਾਅ ਦੀ ਥਾਂ ਉਮਰ ਗਣਿਤ ਮੁਤਾਬਕ ‘ਮਨ’ ਦੀ ਯਾਤਰਾ ਬਿਆਨ ਕਰਦੇ ਹਨ; ਜਿਵੇਂ ਕਿ ‘‘ਦਸ ਬਾਲਤਣਿ, ਬੀਸ ਰਵਣਿ; ਤੀਸਾ ਕਾ ਸੁੰਦਰੁ ਕਹਾਵੈ ॥ ਚਾਲੀਸੀ ਪੁਰੁ ਹੋਇ; ਪਚਾਸੀ ਪਗੁ ਖਿਸੈ; ਸਠੀ ਕੇ ਬੋਢੇਪਾ ਆਵੈ ॥ ਸਤਰਿ ਕਾ ਮਤਿਹੀਣੁ; ਅਸੀਹਾਂ ਕਾ ਵਿਉਹਾਰੁ ਨ ਪਾਵੈ ॥ ਨਵੈ ਕਾ ਸਿਹਜਾਸਣੀ; ਮੂਲਿ ਨ ਜਾਣੈ ਅਪ ਬਲੁ ॥’’ (ਮਹਲਾ ੧/੧੩੮) ਅਰਥ : (ਮਨ ਦੇ ਪਿੱਛੇ ਚੱਲਣ ਵਾਲ਼ਾ ਮਨੁੱਖ) 10 ਸਾਲ ਦੀ ਉਮਰ ਤੱਕ ਬਚਪਨ ’ਚ ਹੁੰਦਾ ਹੈ (ਦਸ ਬਾਲਤਣਿ), 20 ਸਾਲ ਤੋਂ ਕਾਮ-ਵਾਸ਼ਨਾ ’ਚ ਗ੍ਰਸਤ (ਬੀਸ ਰਵਣਿ), 30 ਸਾਲ ਤੱਕ ਆਪਣੇ ਆਪ ਨੂੰ ਬੜਾ ਸੁੰਦਰ ਸਮਝਦਾ ਹੈ (ਤੀਸਾ ਕਾ ਸੁੰਦਰੁ ਕਹਾਵੈ), 40 ਸਾਲ ’ਚ ਬੜਾ ਤਾਕਤਵਰ (ਚਾਲੀਸੀ ਪੁਰੁ ਹੋਇ), 50 ਸਾਲ ’ਚ ਕਮਜ਼ੋਰ ਯਾਨੀ ਪੈਰ ਥਿੜਕਣ ਲੱਗਦਾ ਹੈ (ਪਚਾਸੀ ਪਗੁ ਖਿਸੈ) ਅਤੇ 60 ਸਾਲ ’ਚ ਬੁਢੇਪਾ ਆ ਜਾਂਦਾ ਹੈ (ਸਠੀ ਕੇ ਬੋਢੇਪਾ ਆਵੈ), 70 ਸਾਲ ’ਚ ਅਕਲਹੀਣ (ਸਤਰਿ ਕਾ ਮਤਿਹੀਣੁ), 80 ਸਾਲ ’ਚ ਲੈਣ-ਦੇਣ ਕਰਨ ’ਚ ਅਸਮਰੱਥ ਹੈ (ਅਸੀਹਾਂ ਕਾ ਵਿਉਹਾਰੁ ਨ ਪਾਵੈ), 90 ਸਾਲ ’ਚ ਮੰਜੇ ’ਤੇ ਆਸਣ ਲਗਾ ਬੈਠ ਜਾਂਦਾ ਹੈ (ਨਵੈ ਕਾ ਸਿਹਜਾਸਣੀ) ਅਤੇ (100 ਸਾਲ ’ਚ) ਖ਼ੁਦ ਨੂੰ ਵੀ ਸੰਭਾਲਣਯੋਗ ਨਹੀਂ ਰਹਿੰਦਾ (ਮੂਲਿ ਨ ਜਾਣੈ ਅਪ ਬਲੁ)।
ਗੁਰੂ ਨਾਨਕ ਸਾਹਿਬ ਜੀ ਦੇ ਉਕਤ ਦੋਵੇਂ ਸਲੋਕਾਂ ਦੇ ਅੰਤਮ ਦਸਵੇਂ ਪੜਾਅ ’ਚ ਮਨ ਦਾ ਨਾਸ਼ ਹੋਣਾ ਜਾਂ ਖ਼ੁਦ ਨੂੰ ਸੰਭਾਲਣਯੋਗ ਨਾ ਰਹਿਣਾ; ਦਾ ਭਾਵ ਮਨ ਕਾਬੂ ਹੋਣਾ ਜਾਂ ਮਨ ਮਰ ਜਾਣਾ, ਨਹੀਂ ਹੈ। ਇਹ ਤਾਂ ਦੁਨਿਆਵੀ ਝਮੇਲਿਆਂ ’ਚ ਮਨ; ਸਰੀਰਕ ਪੱਖੋਂ ਹਾਰਿਆ ਹੈ। ਮਨ ਦਾ ਹਾਰਨਾ; ਵਾਸ਼ਨਾਵਾਂ ਦਾ ਖ਼ਾਤਮਾ ਨਹੀਂ। ਇਹੀ ਵਾਸ਼ਨਾਵਾਂ ਮੁੜ-ਮੁੜ ਜਨਮ-ਮਰਨ ਕਰਾਉਂਦੀਆਂ ਹਨ। ਇਉਂ ਵੀ ਕਹਿ ਸਕਦੇ ਹਾਂ ਕਿ ਪੰਜ ਤੱਤਾਂ (ਅੱਗ, ਪਾਣੀ, ਹਵਾ, ਧਰਤੀ, ਅਕਾਸ਼) ਰੂਪੀ ਸਰੀਰ ਦੇ ਨਾਲ਼ ਉਪਜਿਆ ਸੰਕਲਪ-ਵਿਕਲਪ ਰੂਪ ਮਨ, ਜੋ ਮਨੋਵਿਗਿਆਨ ਦੇ ਸ਼ਬਦਾਂ ’ਚ 10% ਹੈ; ਸਰੀਰਕ ਮੌਤ ਦੇ ਨਾਲ਼-ਨਾਲ਼ ਅਲੋਪ ਹੋ ਗਿਆ, ਮਰ ਗਿਆ, ਪਰ ਅੰਤਹਿਕਰਣ ਮਨ (ਜੋ ਮਨੋਵਿਗਿਆਨ ਦੇ ਸ਼ਬਦਾਂ ’ਚ 90% ‘ਅਚੇਤ ਮਨ’ ਹੈ); ਅਜੇ ਭੀ ਕਾਲ਼ਖ਼ ਭਰਪੂਰ ਹੈ। ਇਸ ਨੇ ਅਗਲਾ ਜਨਮ ਕਰਾਉਣਾ ਹੈ। ਭਾਈ ਗੁਰਦਾਸ ਜੀ ਨੇ ਵੀ ਐਸੇ ਹੀ ਵਿਚਾਰ ਰੱਖੇ ਹਨ ‘‘ਜੁਗਿ ਜੁਗਿ ਮੇਰੁ ਸਰੀਰ ਕਾ; ਬਾਸਨਾ ਬਧਾ ਆਵੈ ਜਾਵੈ। ਫਿਰਿ ਫਿਰਿ, ਫੇਰਿ ਵਟਾਈਐ; ਗਿਆਨੀ ਹੋਇ ਮਰਮੁ (ਭੇਤ) ਕਉ ਪਾਵੈ।.. ਫਿਰਿ ਕਲਿਜੁਗ ਅੰਦਰਿ ਦੇਹਿ ਧਰਿ (ਸਰੀਰ ਧਾਰ); ਕਰਮਾਂ ਅੰਦਰਿ ਫੇਰ (ਮੁੜ) ਫਸਾਵੈ। ਅਉਸਰੁ ਚੁਕਾ, ਹਥ ਨ ਆਵੈ ॥੧੫॥’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੧੫) ਅਰਥ : ਹਰ ਯੁੱਗ ’ਚ ਯਾਨੀ ਕੁਦਰਤਿ ਵਿੱਚ ਆਦਿ ਤੋਂ ਸਰੀਰ ਦਾ ਅੰਤਹਿਕਰਣ-ਮਨ (ਮੇਰੁ); ਵਾਸ਼ਨਾ ਅਧੀਨ ਹੈ, ਇਸ ਲਈ ਜੰਮਦਾ ਮਰਦਾ ਹੈ। ਮੁੜ-ਮੁੜ ਜਨਮ ਲੈਂਦਾ ਹੈ, ਪਰ ਇਹ ਗੁਪਤ ਰਾਜ਼ ਕੋਈ ਗੁਰੂ ਪਿਆਰਾ ਹੀ ਜਾਣਦਾ ਹੈ। ਇਹ ਕਾਲ-ਚੱਕ੍ਰ ਕਲਿਯੁਗ ’ਚ (ਯਾਨੀ ਅੱਜ ਵੀ) ਸਰੀਰ ਧਾਰਨ ਕਰਾ ਕੇ (ਮਲ਼ੀਨ ‘ਅਚੇਤ ਮਨ’ ਕਾਰਨ) ਭੈੜੇ ਕਰਮਾਂ ’ਚ ਮੁੜ ਫਸਾ ਦਿੰਦਾ ਹੈ (ਯਾਨੀ ਮਲ਼ੀਨ ਅੰਤਹਿਕਰਣ ਲੈ ਕੇ ਪਿਛਲੇ ਜਨਮ ’ਚ ਮਰਿਆ ਸੀ ਤੇ ਹੁਣ ਓਹੀ ‘ਕੂੜ ਦੀ ਪਾਲਿ’ ਬਣ ਕੇ ਮੁੜ ਮਨੁੱਖ ਜੂਨੀ ’ਚ ਪੈਦਾ ਹੋ ਗਿਆ। ਜਿਸ ਨੇ ਸੁਰਤਿ; ਗੰਧਲ਼ੀ ਤੇ ਕਮਜ਼ੋਰ ਬਣਾਈ ਰੱਖੀ ਤਾਹੀਓਂ ਸੁਰਤਿ ਹੁਣ ਮਨ ਦੇ ਅਧੀਨ ਹੈ, ਨਾ ਕਿ ਸੁਰਤਿ ਦੇ ਅਧੀਨ ਮਨ)।
ਅੰਤਹਿਕਰਣ ’ਤੇ ਚੜ੍ਹੀ ਇਹ ਜਨਮ ਜਨਮ ਦੀ ਮੈਲ਼ ‘‘ਜਨਮ ਜਨਮ ਕੀ ਇਸੁ ਮਨ (ਅੰਤਹਿਕਰਣ) ਕਉ ਮਲੁ ਲਾਗੀ.. ॥’’ (ਮਹਲਾ ੩/੬੫੧) ਹੀ ‘ਕੂੜ ਦੀ ਪਾਲਿ, ਝੂਠ ਦੀ ਦੀਵਾਰ, ਹਉਮੈ’ ਆਦਿ ਹੈ, ਜੋ ਸੂਖਮ ਸਰੀਰ ਨੂੰ ਆਵਾਗਮਣ ’ਚ ਲੈ ਜਾਣ ਦਾ ਜ਼ਰੀਆ ਬਣਦੀ ਹੈ। ਜੋਗੀਆਂ ਦੁਆਰਾ ਪੁੱਛਿਆ ਗਿਆ ਇਹ ਸਵਾਲ ਕਿ ਜਗਤ ਉਤਪਤੀ ਵਾਰ-ਵਾਰ ਕਿਉਂ ਹੁੰਦੀ ਹੈ ‘‘ਕਿਤੁ ਕਿਤੁ ਬਿਧਿ ਜਗੁ ਉਪਜੈ ? ਪੁਰਖਾ !.. ॥’’ ਦਾ ਜਵਾਬ ਗੁਰੂ ਨਾਨਕ ਸਾਹਿਬ ਜੀ ਨੇ ਇਹ ਦਿੱਤਾ ‘‘ਹਉਮੈ ਵਿਚਿ ਜਗੁ ਉਪਜੈ, ਪੁਰਖਾ !… ॥’’ (ਗੋਸਟਿ/ਮਹਲਾ ੧/੯੪੬) ਗੁਰੂ ਨਾਨਕ ਸਾਹਿਬ; ਇਸ ਧੁੰਦਲ਼ੀ ਅਤੇ ਅਸਪਸ਼ਟ ਮਤਿ ਨੂੰ ਰੌਸ਼ਨ ਅਤੇ ਵਿਕਸਿਤ ਕਰਨ ਲਈ ਹੀ ਮਨੁੱਖਾ ਜਨਮ ਲੈਂਦੇ ਹਨ ‘‘ਸਤਿਗੁਰ ਨਾਨਕ ਪ੍ਰਗਟਿਆ; ਮਿਟੀ ਧੁੰਧੁ, ਜਗਿ (’ਚ) ਚਾਨਣੁ ਹੋਆ।’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੭)
ਇਹ ਧੁੰਦ; ਸਤਿਗੁਰੂ ਦੀ ਸਿੱਖਿਆ ਮੰਨਣ ਨਾਲ਼, ਅਮਲ ’ਚ ਲਿਆਉਣ ਨਾਲ਼ ਮਿਟਦੀ ਹੈ। ‘ਜਪੁ’ ਬਾਣੀ ਦੀ 13ਵੀਂ ਅਤੇ 36ਵੀਂ ਪਉੜੀ ’ਚ ਇਸ ਸੰਕਲਪ-ਵਿਕਲਪ ਰੂਪ ਮਨ ਨੂੰ ਬੁਧਿ ਦੇ ਨਾਲ਼ ਸਾਂਝਾ ਇਉਂ ਰੱਖਿਆ ਹੈ ‘‘ਮੰਨੈ; ਸੁਰਤਿ ਹੋਵੈ, ਮਨਿ+ਬੁਧਿ ..॥੧੩॥, ਤਿਥੈ ਘੜੀਐ; ਸੁਰਤਿ, ਮਤਿ, ਮਨਿ+ਬੁਧਿ ..॥੩੬॥’’ (ਜਪੁ), ‘ਮਨਿ ਬੁਧਿ’ ਤੋਂ ਭਾਵ ‘ਮਨ ’ਚ ਬੁਧਿ’ ਆਉਣਾ, ਮਨ ਦਾ ਵਿਕਲਪ (ਦੁਬਿਧਾ/ਅੰਨ੍ਹਾਪਣ) ਮਰਨਾ ਅਤੇ ‘ਬੁਧਿ’ ਵਾਲ਼ਾ ਨਿਸ਼ਚਾ ਤੇ ਚਾਨਣ; ਮਨ ’ਚ ਆ ਜਾਣਾ, ਜੋ ਗੁਰੂ ਸਿੱਖਿਆ ਨੂੰ ਗ੍ਰਹਿਣ ਕਰਨ ਨਾਲ਼ ਹੀ ਮਿਲਣਾ ਹੈ।
ਹੇਠਾਂ ਦੋ ਭਾਗਾਂ ਵਿੱਚ; ‘ਸੁਰਤਿ ਦੇ ਅਧੀਨ ਰਹਿ ਕੇ ਮਨ ਕਾਬੂ ਹੁੰਦੈ’ ਜਾਂ ‘ਰੱਬ ਦੀ ਕਿਰਪਾ ਨਾਲ਼ ਕਾਬੂ ਹੁੰਦੈ’, ਬਾਰੇ ਵਿਚਾਰ ਕੀਤੀ ਗਈ ਹੈ :
ਭਾਗ ਪਹਿਲਾ : ਵਿਕਾਰ ਬਿਰਤੀ ਤੋਂ ਉੱਚਾ ਉੱਠਣ ਲਈ ਪਹਿਲਾਂ ਆਪਣੇ ਆਪ ਨੂੰ ਰੋਗੀ ਮੰਨਣਾ, ਮੁੱਢਲੀ ਸ਼ਰਤ ਹੈ; ਜਿਵੇਂ ਇੱਕ ਨਸੇੜੀ ਤਦ ਤੱਕ ਨਸ਼ਾ ਨਹੀਂ ਛੱਡ ਸਕਦਾ ਜਦ ਤੱਕ ਉਹ, ਖ਼ੁਦ ਨੂੰ ਰੋਗੀ ਨਾ ਸਮਝੇ। ਉਸੇ ਤਰ੍ਹਾਂ ਹਉਮੈ ਗ੍ਰਸਤ ਮਨੁੱਖ, ਜੋ ਖ਼ੁਦ ਨੂੰ ਬੜਾ ਸਿਆਣਾ ਸਮਝਦਾ ਹੈ ‘‘ਨਾਨਕ ! ਆਖਣਿ (ਮੂੰਹ ਨਾਲ਼) ਸਭੁ ਕੋ ਆਖੈ; ਇਕ ਦੂ ਇਕੁ ਸਿਆਣਾ ॥’’, ਆਪਣੇ ਆਪ ਨੂੰ ਰੋਗੀ ਮੰਨੇ ਤੇ ਇਸ ਰੋਗ ਗ੍ਰਸਤ ਹੋਣ ਦੀ ਜ਼ਿੰਮੇਵਾਰੀ ਵੀ ਆਪਣੇ ਉੱਤੇ ਲਵੇ; ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਇਲਾਵਾ ਸਾਰੇ ਹੀ ਬਾਣੀਕਾਰ ਆਪਣੀ ਦਿਲੀ ਵੇਦਨਾ ਇਉਂ ਪ੍ਰਗਟ ਕਰ ਰਹੇ ਹਨ ‘‘ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ; ਗੁਰ ਸਤਿਗੁਰ ਸੰਗਿ, ਕੀਰੇ ਹਮ ਥਾਪੇ ॥ (ਮਹਲਾ ੪/੧੬੭), ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥ ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥ ਕਹੁ ਨਾਨਕ ! ਹਮ ਨੀਚ ਕਰੰਮਾ ॥ ਸਰਣਿ ਪਰੇ ਕੀ ਰਾਖਹੁ ਸਰਮਾ ॥ (ਸੋ ਪੁਰਖੁ/ਮਹਲਾ ੫/੧੨), ਕਹਿ ਰਵਿਦਾਸ ਭਗਤਿ ਇਕ ਬਾਢੀ (ਦਿੜ੍ਹ ਕੀਤੀ); ਅਬ ਇਹ ਕਾ ਸਿਉ (ਕਿਸ ਨੂੰ) ਕਹੀਐ ?॥ ਜਾ ਕਾਰਨਿ ਹਮ ਤੁਮ ਆਰਾਧੇ; ਸੋ ਦੁਖੁ ਅਜਹੂ ਸਹੀਐ ॥ (ਭਗਤ ਰਵਿਦਾਸ/੬੫੮), ਬਹੁਤ ਜਨਮ ਬਿਛੁਰੇ ਥੇ ਮਾਧਉ ! ਇਹੁ ਜਨਮੁ ਤੁਮ੍ਹਾਰੇ ਲੇਖੇ ॥ ਕਹਿ ਰਵਿਦਾਸ ਆਸ ਲਗਿ ਜੀਵਉ; ਚਿਰ ਭਇਓ ਦਰਸਨੁ ਦੇਖੇ ॥ (ਭਗਤ ਰਵਿਦਾਸ/੬੯੪), ਫਰੀਦਾ ! ਕਾਲੇ ਮੈਡੇ ਕਪੜੇ; ਕਾਲਾ ਮੈਡਾ ਵੇਸੁ ॥ ਗੁਨਹੀ ਭਰਿਆ ਮੈ ਫਿਰਾ; ਲੋਕੁ ਕਹੈ ਦਰਵੇਸੁ ॥’’ (ਬਾਬਾ ਫਰੀਦ ਜੀ/੧੩੮੧) ਆਦਿ।
ਮਨੋਵਿਗਿਆਨ ਦੇ ਸ਼ਬਦਾਂ ’ਚ ‘ਅਰਧ ਅਚੇਤ ਮਨ’; ‘ਅਚੇਤ ਮਨ’ ਬਾਰੇ ਜਾਣਦਾ ਹੈ ਤਾਹੀਓਂ ‘ਸੁਚੇਤ ਮਨ’ ਨੂੰ ਦਵਾ ਨਾਲ਼ ਸੁਲਾ ਕੇ ‘ਅਚੇਤ ਮਨ’ ’ਚ ਛੁਪੇ ਕਈ ਰਾਜ਼; ਝੂਠ ਪਕੜਨ ਵਾਲ਼ੀ ਮਸ਼ੀਨ ਰਾਹੀਂ ਪਕੜ ਲਏ ਜਾਂਦੇ ਹਨ। ਇਸ ਦਾ ਭਾਵ ਇਹ ਸਮਝਣਾ ਪਏਗਾ ਕਿ ਜੇਕਰ ਜਨਮ ਸਮੇਂ ਮਨ ਦੀ ਮੈਲ਼/ਕਾਲ਼ਖ਼ 90% ਸੀ, ਜੋ 50 ਸਾਲ ਦੀ ਉਮਰ ਤੱਕ 2% ਹੋਰ
ਵਧ ਗਈ ਜਾਂ 2% ਘਟ ਗਈ। ‘ਅਚੇਤ ਮਨ’ ਦਾ ਇਹ ਬਦਲਾਅ; ‘ਸੁਚੇਤ ਮਨ’ ਰਾਹੀਂ ਹੋਇਆ ਹੋਣ ਕਾਰਨ ‘ਅਰਧ ਅਚੇਤ ਮਨ’, ਇਸ ਤੋਂ ਜਾਣੂ ਹੈ। ਜਦ ਦਿਨ ਦੀਆਂ ਘਟਨਾਵਾਂ ਸੁਪਨਿਆਂ ਰਾਹੀਂ ਹੂ-ਬਹੂ ਪ੍ਰਗਟ ਹੋਣ ਤਾਂ ਇਸ ਦਾ ਕਾਰਨ ਇਹ 2% ਨਵੀਂ ਹੋਈ ਹਲਚਲ ਹੀ ਹੈ ਜਦਕਿ ਸੁਪਨਿਆਂ ’ਚ ਪ੍ਰਗਟ ਹੋਣ ਵਾਲ਼ੇ ਬਾਕੀ ਊਟ-ਪਟਾਂਗ (ਵਿਅਰਥ) ਖ਼ਿਆਲਾਂ ਦਾ ਸਰੋਤ; ਅਚੇਤ ਮਨ ਦੀ 90% ਮੈਲ਼ ਹੈ, ਜੋ ਕਈ ਜਨਮਾਂ ਤੋਂ ਇਕੱਠੀ ਹੁੰਦੀ ਰਹੀ ਹੈ। ਮਿਸਾਲ ਵਜੋਂ ਸੁਪਨੇ ’ਚ ਚਲਾਈ ਗਈ ਗੋਲ਼ੀ, ਜੋ ਵੈਰੀ ਨਾਲ਼ ਇੱਕ ਫੁੱਲ ਵਾਙ ਟਕਰਾਅ ਕੇ ਹੇਠਾਂ ਡਿੱਗ ਪਈ, ਇਹ ਫੁਰਨਾ ‘ਸੁਚੇਤ ਮਨ’ ਰਾਹੀਂ ‘ਅਚੇਤ ਮਨ’ ’ਚ ਨਹੀਂ ਪਹੁੰਚਿਆ ਕਿਉਂਕਿ ‘ਸੁਚੇਤ ਮਨ’; ਗੋਲ਼ੀ ਦੀ ਮਾਰ ਤੋਂ ਪੂਰਨ ਤੌਰ ’ਤੇ ਜਾਣੂ ਹੁੰਦਾ ਹੈ। ਦਰਅਸਲ ਇਉਂ ਜਾਪਦਾ ਹੈ ਕਿ ਕਈ ਜਨਮਾਂ ਦੀ ਮੈਲ਼ ਨੂੰ ਆਧੁਨਿਕ ਗੋਲ਼ੀ ਦੀ ਤਾਕਤ ਦਾ ਪਤਾ ਨਹੀਂ ਵਰਨਾ ਫੁੱਲ ਵਾਙ ਟਕਰਾਉਣ ਦਾ ਦ੍ਰਿਸ਼ ਪੇਸ਼ ਨਾ ਕਰਦੀ। ਸੋ ‘ਅਰਧ ਅਚੇਤ ਮਨ’; ‘ਅਚੇਤ ਮਨ’ ਦੀ ਕੇਵਲ 2% ਮੈਲ਼ ਤੋਂ ਜਾਣੂ ਹੈ, ਨਾ ਕਿ 90% ਮੈਲ਼ ਤੋਂ ਵੀ।
ਇੱਥੇ ਇਹ ਵੀ ਮੰਨਣਾ ਪੈਣਾ ਹੈ ਕਿ ਗੁਰਮਤਿ ਸਿੱਖਿਆ ਮਨੁੱਖਤਾ ਲਈ ਪ੍ਰਗਟ ਕਰਨ ਵਾਲ਼ੇ ਝਰਨੇ/ਫੁਹਾਰੇ (ਯਾਨੀ ਕਿ ਸਤਿਗੁਰੂ ਦੇ ਹਿਰਦੇ) ਅੰਦਰ ਅਚੇਤ ਮਨ (ਅੰਤਹਿਕਰਣ) ਦੀ ਇਹ ਮੈਲ਼; 0% ਹੈ ਤਾਹੀਓਂ ਸਰਬ ਵਿਆਪਕ ਰੱਬੀ ਜੋਤਿ (ਆਤਮਾ/ਰੂਹ) ਦਾ ਹੂ-ਬਹੂ ਪ੍ਰਕਾਸ਼; ਦਿਮਾਗ਼ ’ਚ ਬਿਬੇਕ ਬਣ ਪ੍ਰਗਟ ਹੋਇਆ, ਜਿਸ ਨੇ ਨਿਰਾਕਾਰ (ੴ), ਆਕਾਰ (ਕੁਦਰਤਿ ਭਾਵ ਤਾਰਾ-ਮੰਡਲ, ਜੀਵ ਵਿਗਿਆਨ ਤੇ ਇਸ ਦੇ ਆਦਿ-ਅੰਤ ਬਾਰੇ) ਅਤੇ ਮਨੁੱਖੀ ਜੀਵਨ ਦੀਆਂ ਤਹਿਆਂ ਨੂੰ (ਪਿਆਜ਼ ਦੇ ਛਿਲਕਿਆਂ ਵਾਙ) ਪਰਤ ਦਰ ਪਰਤ ਖੋਲ੍ਹਣ ’ਚ ਸਫਲ ਰਹੇ ਹਨ। ਗੁਰਬਾਣੀ ਨੇ ਇਹੀ ਫ਼ੁਰਮਾਇਆ ਹੈ ਕਿ ਸਤਿਗੁਰੂ ਜੀ ਆਵਾਗਮਣ ਵਿੱਚੋਂ ਨਹੀਂ ਆਏ ਬਲਕਿ ਉਨ੍ਹਾਂ ਨੇ ਮਨੁੱਖਤਾ ਦੇ ਕਲਿਆਣ ਲਈ ਜਨਮ ਲਿਆ ਹੈ ‘‘ਜਨਮ ਮਰਣ ਦੁਹਹੂ ਮਹਿ ਨਾਹੀ; ਜਨ (ਗੁਰੂ) ਪਰਉਪਕਾਰੀ ਆਏ ॥ ਜੀਅ ਦਾਨੁ ਦੇ (ਦੇ ਕੇ) ਭਗਤੀ ਲਾਇਨਿ; ਹਰਿ ਸਿਉ ਲੈਨਿ ਮਿਲਾਏ ॥’’ (ਮਹਲਾ ੫/੭੪੯) ਇੱਥੇ ਸ਼ਬਦ ‘ਲੈਨਿ ਮਿਲਾਏ’ ਹੈ, ਨਾ ਕਿ ‘ਦੇਨਿ ਮਿਲਾਏ’। ‘ਲੈਨਿ ਮਿਲਾਏ’ ਤੋਂ ਸਪਸ਼ਟ ਹੁੰਦਾ ਹੈ ਕਿ ਆਪ ਵੀ ਹਰੀ-ਪ੍ਰਭੂ ਨਾਲ਼ ਅਭੇਦ ਹਨ ਜਦਕਿ ‘ਦੇਨਿ ਮਿਲਾਏ’ ਵਾਲ਼ੇ ਆਪ ਅਭੇਦ ਨਹੀਂ ਹੁੰਦੇ, ਇਹ ਭਾਵ ਪ੍ਰਗਟ ਹੁੰਦਾ ਹੈ।
ਗੁਰਬਾਣੀ ਅੰਦਰ ‘ਅਰਧ ਅਚੇਤ ਮਨ’ ਨੂੰ ਸੰਬੋਧਨ ਕਰਾ ਕੇ ‘ਅਚੇਤ ਮਨ’ ਦੀ 90% ਮੈਲ਼ ਵੱਲ ਵੀ ਧਿਆਨ ਦਿਲਵਾਇਆ ਗਿਆ ਹੈ। ‘ਅਰਧ ਅਚੇਤ ਮਨ’ ਨੂੰ ‘ਸੁਚੇਤ ਮਨ’ ਦਾ ਅਸਲ ਸੁਭਾਅ ਯਾਨੀ ਮਤਿ ਜਾਂ ਕੁਮਤਿ ਵੀ ਕਹਿ ਸਕਦੇ ਹਾਂ। ‘ਸੁਚੇਤ ਮਨ’ ਆਪਣੀ ਬੁਰਿਆਈ ਸਮਾਜ ਤੋਂ ਭਾਵੇਂ ਛੁਪਾ ਲਏ, ਪਰ ‘ਅਰਧ ਅਚੇਤ ਮਨ’ ਤੋਂ ਨਹੀਂ ਛੁਪਾ ਸਕਦਾ। ‘ਅਰਧ ਅਚੇਤ ਮਨ’ ਨੂੰ ਅਹਿਸਾਸ ਵੀ ਕਰਾਇਆ ਜਾ ਸਕਦਾ ਹੈ, ਸ਼ੈਤਾਨ ‘ਸੁਚੇਤ ਮਨ’ ਨੂੰ ਨਹੀਂ।
ਗੁਰਬਾਣੀ ਅੰਦਰ ਦਿਮਾਗ਼ ਉੱਤੇ ਮਨ ਦੇ ਪਏ ਬੁਰੇ ਪ੍ਰਭਾਵ (ਯਾਨੀ ਕਿ ਮੱਤ/ਕੁਮੱਤ) ਵੱਲ ਧਿਆਨ ਦਿਵਾਉਂਦਿਆਂ ਬਚਨ ਕੀਤੇ ਹਨ ‘‘ਮਨ ਰੇ ! ਕਉਨੁ ਕੁਮਤਿ ਤੈ ਲੀਨੀ ॥ ਪਰ ਦਾਰਾ ਨਿੰਦਿਆ ਰਸ ਰਚਿਓ; ਰਾਮ ਭਗਤਿ ਨਹਿ ਕੀਨੀ ॥੧॥ ਰਹਾਉ ॥ (ਮਹਲਾ ੯/੬੩੧), ਪਡੀਆ ! ਕਵਨ ਕੁਮਤਿ ਤੁਮ ਲਾਗੇ ॥ ਬੂਡਹੁਗੇ ਪਰਵਾਰ ਸਕਲ ਸਿਉ; ਰਾਮੁ ਨ ਜਪਹੁ ਅਭਾਗੇ ॥੧॥ ਰਹਾਉ ॥’’ (ਭਗਤ ਕਬੀਰ/੧੧੦੨), ਇਹ ਇੱਕ ਤਰ੍ਹਾਂ ਦਾ ਅੰਦਰਲੇ ਤੀਰਥ ਉੱਤੇ ਇਸ਼ਨਾਨ ਕਰਨਾ ਹੈ; ਜਿਵੇਂ ਕਿ ਵਾਕ ਹੈ ‘‘ਅੰਤਰਗਤਿ ਤੀਰਥਿ (’ਤੇ) ਮਲਿ (ਕੇ) ਨਾਉ ॥’’ (ਜਪੁ), ਜਿਸ ਉਪਰੰਤ ਪਾਰਦਰਸ਼ੀ ਹੋਏ ਅੰਤਹਿਕਰਣ ’ਚੋਂ ਆਤਮ ਪ੍ਰਕਾਸ਼/ਜੋਤਿ ਵਜੋਂ ਬਿਰਾਜਮਾਨ ਸਰਬ ਵਿਆਪਕ (ਪ੍ਰਭੂ) ਦੇ ਗੁਣਾਂ ਦਾ ਸੁਰਤਿ ਨੂੰ ਅਹਿਸਾਸ ਹੁੰਦਾ ਹੈ। ਫਿਰ ਸੁਰਤਿ; ਬਲਵਾਨ (ਵਿਵੇਕ/ਉੱਚੀ) ਹੋ ਕੇ ਮਨ ਨੂੰ ਆਪਣੇ ਅਧੀਨ ਰੱਖਣ ਲਈ ਮਜਬੂਰ ਕਰਦੀ ਹੈ। ਇਹੀ ਹੈ ਮਨ ਵਿੱਚ ਬੁਧਿ ਆਉਣਾ, ਸੁਰਤਿ ਮਤਿ ਮਨਿ+ਬੁਧਿ ਦਾ ਘੜਨਾ।
ਸਰਬ ਵਿਆਪਕ ਰਾਮ (ਅਕਾਲ ਪੁਰਖ) ਹੀ ਸ੍ਰਿਸ਼ਟੀ ਨੂੰ ਬਣਾਨ ਵਾਲ਼ਾ ਅਤੇ ਮਾਨਵਤਾ ਦੇ ਕਲਿਆਣ ਲਈ ਸਤਿਗੁਰੂ ਨੂੰ ਜਗਤ ’ਚ ਭੇਜਣ ਵਾਲ਼ਾ ਹੈ, ਇਸ ਵਿਸ਼ਵਾਸ ਤੋਂ ਇਨਕਾਰੀ ਬੰਦੇ ਦੀ ਕੁਮਤਿ ਨੂੰ ਲਾਹਨਤ ਪਾਈ ਗਈ ਹੈ ‘‘ਮੰਮੈ; ਮਤਿ ਹਿਰਿ ਲਈ ਤੇਰੀ ਮੂੜੇ ! ਹਉਮੈ ਵਡਾ ਰੋਗੁ ਪਇਆ ॥ ਅੰਤਰ ਆਤਮੈ (’ਚੋਂ) ਬ੍ਰਹਮੁ ਨ ਚੀਨਿ੍ਆ (ਵੇਖਿਆ); ਮਾਇਆ ਕਾ ਮੁਹਤਾਜੁ ਭਇਆ ॥’’ (ਪਟੀ/ਮਹਲਾ ੩/੪੩੫) ਇੱਥੇ ਅਕਾਲ ਪੁਰਖ ਲਈ ‘ਬ੍ਰਹਮੁ’ ਸ਼ਬਦ ਵਰਤਣ ਤੋਂ ਭਾਵ ਉਸ ਤਥਾ-ਕਥਿਤ ਬ੍ਰਹਮਾ ਬਾਰੇ ਬਣੀ ਧਾਰਨਾ ਰਾਹੀਂ ‘ੴ’ ਨੂੰ ਚੇਤੇ ਕਰਾਉਣਾ ਹੈ, ਜਿਸ ਮਨੌਤ ਅਨੁਸਾਰ ਕਿਹਾ ਗਿਆ ਕਿ ਸ੍ਰਿਸ਼ਟੀ ਨੂੰ ਚਾਰ ਮੂੰਹਾਂ ਵਾਲ਼ੇ ਅਖੌਤੀ ਬ੍ਰਹਮਾ-ਦੇਵਤੇ ਨੇ ਬਣਾਇਆ ਹੈ। ਸੋ ਇਸ ਪਹਿਲੇ ਭਾਗ ’ਚ ‘ਅਰਧ ਅਚੇਤ ਮਨ’ ਨੂੰ ਸਵੈ ਪੜਚੋਲ ਕਰਨ ਵੱਲ ਪ੍ਰੇਰਨਾ ਹੈ ਤਾਂ ਜੋ ਆਤਮ ਪ੍ਰਕਾਸ਼ ਦਾ ਸੁਰਤਿ; ਅਨੁਭਵ ਮਾਣ ਸਕੇ।
ਭਾਗ ਦੂਜਾ : ਗੁਰੂ ਅਰਜਨ ਸਾਹਿਬ ਜੀ ਨੇ ਹਉਮੈ ਗ੍ਰਸਤ ਮਨ ਦੀ ਤੁਲਨਾ ਅਮੋੜ ਗਧੇ ਨਾਲ਼ ਕਰਦਿਆਂ ਕਿਹਾ ਕਿ ਜੇਕਰ ਗਧੇ ਉੱਤੇ ਭਾਰ ਲੱਦਿਆ ਜਾਵੇ ਤਾਂ ਉਹ ਕਦੇ ਲੱਤ ਨਹੀਂ ਮਾਰਦਾ ‘‘ਮਨ ਖੁਟਹਰ ! ਤੇਰਾ ਨਹੀ ਬਿਸਾਸੁ; ਤੂ ਮਹਾ ਉਦਮਾਦਾ ॥ ਖਰ ਕਾ ਪੈਖਰੁ ਤਉ ਛੁਟੈ; ਜਉ ਊਪਰਿ ਲਾਦਾ ॥੧॥ ਰਹਾਉ ॥’’ (ਮਹਲਾ ੫/੮੧੫) ਅਰਥ : ਹੇ ਖੋਟੇ/ਅਮੋੜ ਮਨ ! ਤੇਰਾ ਕੋਈ ਭਰੋਸਾ ਨਹੀਂ ਕਿਉਂਕਿ ਤੂੰ ਮਾਇਆ ਦੇ ਨਸ਼ੇ ’ਚ ਮਸਤ ਹੈਂ। ਜਿਵੇਂ ਗਧੇ ਦਾ ਪੈਖੜ (ਅਗਲੀ ਪਿਛਲੀ ਲੱਤ ਨੂੰ ਬੰਨ੍ਹਿਆ ਰੱਸਾ) ਤਦ ਖੋਲ੍ਹੀਦਾ ਹੈ ਜਦ ਉਸ ਉੱਤੇ ਭਾਰ ਲੱਦਿਆ ਜਾਵੇ (ਇਉਂ ਹੀ ਤੇਰੇ ਉੱਤੇ ਨਿਰਾਕਾਰ ਅਤੇ ਆਕਾਰ (ਕੁਦਰਤਿ) ਦਾ ਸਚਾਈ ਭਰਪੂਰ ਗਿਆਨ ਲੱਦਣਾ ਜ਼ਰੂਰੀ ਹੈ)।
ਕੁਦਰਤਿ ਬਾਰੇ ਜਾਣਨਾ ਹੈ ਕਿ ਇਸ ਅੰਦਰ ਕੁੱਝ ਵੀ ਇੱਕ ਤਰਫ਼ਾ ਨਹੀਂ ਯਾਨਿ ਕਿ ਆਪਾ ਵਿਰੋਧੀ ਨਿਯਮਾਂ ਦਾ ਸੰਗ੍ਰਹਿ ਹੈ ‘ਕੁਦਰਤਿ/ਬ੍ਰਹਿਮੰਡ’। ਭੌਤਿਕ ਵਿਗਿਆਨ ਦੀ ਬ੍ਰਹਿਮੰਡ ਬਾਰੇ ਸਭ ਤੋਂ ਵੱਡੀ ਅਤੇ ਪ੍ਰਮੁੱਖ ਖੋਜ; 13.8 ਅਰਬ ਸਾਲ ਪਹਿਲਾਂ ਬਲੈਕ ਹੋਲ ’ਚ ਹੋਏ ਵੱਡੇ ਧਮਾਕੇ ਦਾ ਪਤਾ ਲਗਾਉਣਾ ਰਹੀ ਹੈ। ਜਿਸ ਤੋਂ ਅਕਾਸ਼ ਗੰਗਾ ’ਚ ਤਿੰਨ ਸ਼ਕਤੀਆਂ ਹੋਂਦ ’ਚ ਆਈਆਂ (1). ਸਾਧਾਰਨ ਪਦਾਰਥ : ਹਰ ਵਸਤੂ, ਹਰ ਜੀਵ-ਜੰਤ, ਹਰੇਕ ਤਾਰਾ; ਇਹ ਸਾਰਾ ਸਾਧਾਰਨ ਪਦਾਰਥ ਹੈ, ਜੋ ਅਕਾਸ਼ ਗੰਗਾ ਦਾ ਮਾਤਰ 5% ਹੈ। (2). ਡਾਰਕ ਮੈਟਰ : ਨਾ ਵਿਖਾਈ ਦੇਣ ਵਾਲ਼ੇ ਇਹ ਕਣ; ਅਕਾਸ਼ ਗੰਗਾ ’ਚ 26.8% ਹਨ, ਜੋ ਸਾਧਾਰਨ ਪਦਾਰਥ (5%) ਨੂੰ ਬਲੈਕ ਹੋਲ ਵੱਲ ਯਾਨੀ ਕਿ ਅੰਦਰ ਵੱਲ ਖਿੱਚਦੇ ਰਹਿੰਦੇ ਹਨ। (3). ਡਾਰਕ ਐਨਰਜੀ : ਅਕਾਸ਼ ਗੰਗਾ ’ਚ ਇਨ੍ਹਾਂ ਅਦ੍ਰਿਸ਼ ਕਣਾਂ ਦੀ ਮਾਤਰਾ 68.2% ਹੈ, ਜੋ ਪੂਰੇ ਬ੍ਰਹਿਮੰਡ ਨੂੰ ਰੌਸ਼ਨੀ ਦੀ ਗਤੀ (ਲਗਭਗ 3 ਲੱਖ/299782.458 ਕਿਲੋ ਮੀਟਰ ਪ੍ਰਤੀ ਸਕਿੰਟ) ਨਾਲ਼ ਬਾਹਰ ਵੱਲ ਯਾਨੀ ਕਿ ਬਲੈਕ ਹੋਲ ਤੋਂ ਦੂਰ, ਧੱਕ ਰਹੇ ਹਨ, ਫੈਲਾਅ ਰਹੇ ਹਨ।
ਜਿਵੇਂ ਅਕਾਸ਼ ਗੰਗਾ ’ਚ 5% ਸਾਧਾਰਨ ਪਦਾਰਥ ਨੂੰ ਡਾਰਕ ਮੈਟਰ ਅੰਦਰ ਵੱਲ ਅਤੇ ਡਾਰਕ ਐਨਰਜੀ ਬਾਹਰ ਵੱਲ ਧੱਕਣ ਦੀ ਕਸ਼ਮਕਸ਼ ’ਚ ਰਹਿੰਦੇ ਹਨ; ਉਸੇ ਤਰ੍ਹਾਂ 10% ‘ਸੁਚੇਤ ਮਨ’ ਨੂੰ ਸੰਕਲਪ ਬਾਹਰ ਵੱਲ ਅਤੇ ਵਿਕਲਪ ਅੰਦਰ ਵੱਲ ਖਿੱਚਦਾ ਹੈ। ਸੰਕਲਪ; ਡਾਰਕ ਐਨਰਜੀ ਵਾਙ ਨਵੇਂ ਵਿਚਾਰ ਬਣਾਉਂਦਾ ਹੈ, ਪਰ ਵਿਕਲਪ; ਡਾਰਕ ਮੈਟਰ ਵਾਙ ਉਨ੍ਹਾਂ ਨੂੰ ਪਿਛਾਂਹ ਲੈ ਆਉਂਦਾ ਹੈ ਯਾਨੀ ਕਿ ਉਨ੍ਹਾਂ ਨੂੰ ਸਫਲ ਨਹੀਂ ਹੋਣ ਦਿੰਦਾ। ਇਸ ਕਸ਼ਮਕਸ਼ ਦਾ ਹੀ ਨਤੀਜਾ ਹੁੰਦਾ ਹੈ ਕਿ ਇੱਕੋ ਬੰਦਾ; ਇੱਕ ਥਾਂ ਚੰਗਾ ਅਤੇ ਦੂਜੇ ਥਾਂ ਮਾੜਾ ਬਣਿਆ ਹੁੰਦਾ ਹੈ। ਧੁੰਦਲ਼ਾ ਸੁਚੇਤ ਮਨ; ਦੋਸਤ ਦੇ ਕੇਵਲ ਗੁਣ ਅਤੇ ਵੈਰੀ ਦੇ ਕੇਵਲ ਔਗੁਣ ਚੇਤੇ ਕਰ ਆਪਣੇ ਅੰਦਰ ਨਫ਼ਰਤ ਜਾਂ ਪਿਆਰ ਪਾਲ਼ਦਾ ਹੈ। ਜੇਕਰ ਵੈਰੀ ਅਤੇ ਦੋਸਤ ਨੂੰ ਕੁਦਰਤਿ ਦੇ ਨਿਯਮਾਂ ਵਾਙ ਮਨ ਸਮਝ ਲਏ ਯਾਨੀ ਕਿ ਦੋਸਤ ਦੇ ਔਗੁਣ (ਜੋ ਕਿ ਜ਼ਰੂਰ ਹੋਣੇ ਹਨ) ਅਤੇ ਵੈਰੀ ਦੇ ਗੁਣ (ਜੋ ਕਿ ਜ਼ਰੂਰ ਹੋਣੇ ਹਨ) ਵੀ ਧਿਆਨ ’ਚ ਰੱਖੇ ਤਾਂ ਮਨ ਅੰਦਰ ਸਥਿਰਤਾ ਆ ਜਾਂਦੀ ਹੈ। ਕਿਸੇ ਦੇ ਔਗੁਣ ਧਿਆਨ ’ਚ ਰੱਖਣ ਤੋਂ ਭਾਵ ਆਪਣੀ ਸਮ-ਦ੍ਰਿਸ਼ਟੀ ਬਣਾਉਣਾ ਹੈ, ਨਾ ਕਿ ਦੋਸਤ ਨਾਲ਼ ਵੀ ਵੈਰ ਪਾਉਣਾ ਜਾਂ ਬੇਲੋੜੇ ਵਿਵਾਦ ਪੈਦਾ ਕਰਨਾ।
ਇਸ ਦੂਜੇ ਭਾਗ ਵਿੱਚ ਮਨੁੱਖ ਨੇ ਦੁਨੀਆ ਵੱਲੋਂ ਨਿਰਮੋਹ ਹੋਣਾ ਹੈ ਅਤੇ ਨਿਰਾਕਾਰ ਪ੍ਰਤੀ ਲਗਨ ਪੈਦਾ ਕਰਨੀ ਹੈ। ਦੁਨਿਆਵੀ ਖਿੱਚ ਕਦੇ ਵੀ ਸੁਰਤਿ ਨੂੰ ਉੱਚਾ ਨਹੀਂ ਉੱਠਣ ਦਿੰਦੀ। ਕਿਸੇ ਵੀ ਮਨੁੱਖ ਉੱਤੇ ਬਹੁਤਾ ਨਿਰਭਰ ਨਹੀਂ ਹੋਣਾ। ਸਾਰੀਆਂ ਦਾਤਾਂ ਦੇਣ ਵਾਲ਼ਾ ਅਤੇ ਮਾਰਨ ਵਾਲ਼ਾ ਦਾਤਾਰ; ਇੱਕ ਅਕਾਲ ਪੁਰਖ ਹੈ, ਨਾ ਕਿ ਕੋਈ ਬੰਦਾ। ਗੁਰਬਾਣੀ ਦੇ ਬਚਨ ਹਨ ‘‘ਮਾਨੁਖ ਕੀ ਟੇਕ; ਬ੍ਰਿਥੀ ਸਭ ਜਾਨੁ ॥ ਦੇਵਨ ਕਉ ਏਕੈ ਭਗਵਾਨੁ ॥ (ਸੁਖਮਨੀ/ਮਹਲਾ ੫/੨੮੧), ਹਰਿ ਜੀਉ ! ਤੇਰੀ ਦਾਤੀ ਰਾਜਾ ॥ ਮਾਣਸੁ ਬਪੁੜਾ ਕਿਆ ਸਾਲਾਹੀ ? ਕਿਆ ਤਿਸ ਕਾ ਮੁਹਤਾਜਾ ॥ ਰਹਾਉ ॥’’ (ਮਹਲਾ ੫/੬੦੮) ਅਰਥ : ਹੇ ਮਾਲਕ ਪ੍ਰਭੂ ! ਤੇਰੀਆਂ ਦਾਤਾਂ ਨਾਲ਼ ਹੀ ਰੱਜ ਹੁੰਦਾ ਹੈ। ਵਿਚਾਰੇ ਮਨੁੱਖ ਦੀ ਕਾਹਦੀ ਮੁਥਾਜੀ। ਉਸ ਦਾ ਪਾਣੀ ਕਾਹਦੇ ਲਈ ਭਰਾਂ ? (ਉਹ ਤਾਂ ਖ਼ੁਦ ਤੇਰੇ ਦਰ ਦਾ ਮੰਗਤਾ ਹੈ)। ਐਸੀ ਗੁਰੂ ਸਿੱਖਿਆ ਜਦ ਸੁਰਤਿ ਨੂੰ ਉੱਚਾ ਉਠਾਏਗੀ ਤਾਂ 35 ਤੋਂ 50 ਸਾਲ ਦੀ ਉਮਰ ’ਚ ਮਾਇਆ ਦੀ ਭੁੱਖ ਅਤੇ 50 ਸਾਲ ਤੋਂ ਬਾਅਦ ਉਸ ਦੇ ਖੁੱਸ ਜਾਣ ਦਾ ਡਰ ਵੀ ਨਹੀਂ ਸਤਾਏਗਾ। ਭਾਵੇਂ ਕਿ ਇਸ ਨੂੰ ਅਮਲ ’ਚ ਲਿਆਉਣਾ ਬੜਾ ਕਠਿਨ ਹੈ, ਪਰ ਕਿਸੇ ਨਾਲ਼ ਬਹੁਤੀ ਨੇੜਤਾ ਅਤੇ ਕਿਸੇ ਤੋਂ ਬਹੁਤੀ ਦੂਰੀ ਬਣਾਉਣ ਤੋਂ ਬਚਣ ਦਾ ਇਹੀ ਰਸਤਾ ਹੈ ‘‘ਉਸਤਤਿ ਨਿੰਦਾ ਦੋਊ ਤਿਆਗੈ; ਖੋਜੈ ਪਦੁ ਨਿਰਬਾਨਾ ॥ ਜਨ ਨਾਨਕ ! ਇਹੁ ਖੇਲੁ ਕਠਨੁ ਹੈ; ਕਿਨਹੂੰ ਗੁਰਮੁਖਿ ਜਾਨਾ ॥’’ (ਮਹਲਾ ੯/੨੧੯)
ਗੁਰੂ ਨਾਨਕ ਸਾਹਿਬ ਜੀ ਦੁਆਰਾ ‘ਮਾਝ ਕੀ ਵਾਰ’ ਦੀ ਪਹਿਲੀ ਪਉੜੀ ਨਾਲ਼ ਦਰਜ ਕੀਤੇ ਉਕਤ ਦੋਵੇਂ ਸਲੋਕਾਂ ਦੇ ਅੰਤ ’ਚ ਸੰਖੇਪ ਭਾਵ ਇਉਂ ਦਰਜ ਹੈ (ਪਹਿਲਾ ਸਲੋਕ) ‘‘ਦਸਵੈ; ਦਧਾ ਹੋਆ ਸੁਆਹ ॥ ਗਏ ਸਿਗੀਤ ਪੁਕਾਰੀ ਧਾਹ ॥ ਉਡਿਆ ਹੰਸੁ ਦਸਾਏ ਰਾਹ ॥ ਆਇਆ ਗਇਆ ਮੁਇਆ ਨਾਉ ॥ ਪਿਛੈ ਪਤਲਿ ਸਦਿਹੁ ਕਾਵ ॥ ਨਾਨਕ ! ਮਨਮੁਖਿ ਅੰਧੁ ਪਿਆਰੁ ॥ ਬਾਝੁ ਗੁਰੂ; ਡੁਬਾ ਸੰਸਾਰੁ ॥੨॥’’ (ਮਾਝ ਕੀ ਵਾਰ/ਮਹਲਾ ੧/੧੩੮) ਅਰਥ : ਦਸਵੇਂ ਪੜਾਅ ’ਚ ਮਨ ਕਰੋਧ ਨਾਲ਼ ਸੜ ਜਾਂਦਾ ਹੈ। (ਮ੍ਰਿਤਕ ਦੇਹ ਦੇ ਨਾਲ਼-ਨਾਲ਼ ਮਸਾਣਾਂ ਤੱਕ) ਸਾਰੇ ਸਾਥੀ-ਪਰਿਵਾਰਿਕ ਮੈਂਬਰ ਰੌਂਦੇ-ਕੁਰਲਾਂਦੇ ਜਾਂਦੇ ਹਨ। ਅਗਾਂਹ ਜੀਵਾਤਮਾ (ਸਰੀਰ ’ਚੋਂ ਨਿਕਲ ਕੇ) ਅਗਲਾ ਮਾਰਗ ਪੁੱਛਦਾ ਹੈ ਯਾਨੀ ਜੂਨਾਂ ’ਚ ਜਾਂਦਾ ਹੈ। ਐਸਾ ਮਨਮਤੀ ਬੰਦਾ; ਜਗਤ ’ਚ ਆਇਆ, ਮਰ ਗਿਆ, ਜਿਸ ਨੂੰ ਬਾਅਦ ’ਚ ਸਾਰੇ ਭੁੱਲ ਵੀ ਗਏ (ਜਿਨ੍ਹਾਂ ਲਈ ਅਤੇ ਜਿਨ੍ਹਾਂ ਕਾਰਨ ਸੱਚੇ ਸਾਥੀ ਦਾਤਾਰ-ਰੱਬ ਨੂੰ ਯਾਦ ਵੀ ਨਾ ਕਰ ਸਕਿਆ। ਲੋਕਾਚਾਰੀ ਪੱਖੋਂ) ਮਰਨ ਉਪਰੰਤ ਹਰ ਸਾਲ ਉਸ ਲਈ ਪਿੰਡ-ਪੱਤਲ ਕਿਰਿਆ ਕੀਤੀ ਜਾਂਦੀ ਹੈ, ਜੋ ਕੇਵਲ ਕਾਂਵਾਂ ਨੂੰ ਸੱਦਾ ਦੇਣਾ ਹੈ (ਭਾਵ ਉਸ ਭੋਜਨ ਨੂੰ ਕੇਵਲ ਕਾਂ ਹੀ ਖਾਂਦੇ ਹਨ, ਨਾ ਕਿ ਮਿਰਤਕ ਸੂਖਮ ਸਰੀਰ ਨੂੰ ਉਸ ਦਾ ਕੋਈ ਲਾਭ ਪਹੁੰਚਦਾ ਹੈ)। ਮਨਮੁਖੀ ਸਾਕ ਸੰਬੰਧੀਆਂ ਦਾ ਵੀ ਇਹ (ਆਪਣੇ ਮਰ ਚੁੱਕੇ ਬਜ਼ੁਰਗਾਂ ਪ੍ਰਤੀ) ਅੰਨ੍ਹਾ ਪਿਆਰ ਹੈ, ਨਾ ਸਮਝੀ ਹੈ ਕਿਉਂਕਿ ਗੁਰੂ ਦੀ ਅਗਵਾਈ ਤੋਂ ਬਿਨਾਂ ਸੰਸਾਰਿਕ ਬਿਰਤੀ ਐਸੇ ਹਨ੍ਹੇਰੇ ’ਚ ਰਹਿੰਦਾ ਹੈ। ਮਨੁੱਖ ਵਾਰ ਵਾਰ ਮਰਦਾ, ਜੰਮਦਾ, ਮਰਦਾ ਹੈ (ਇਉਂ ਅਸਲੀਅਤ ਨੂੰ ਕਦੇ ਨਹੀਂ ਜਾਣ ਸਕਦਾ)।
(ਦੂਜਾ ਸਲੋਕ) ‘‘ਨਵੈ ਕਾ ਸਿਹਜਾਸਣੀ; ਮੂਲਿ ਨ ਜਾਣੈ ਅਪ ਬਲੁ ॥ ਢੰਢੋਲਿਮੁ ਢੂਢਿਮੁ ਡਿਠੁ ਮੈ; ਨਾਨਕ ! ਜਗੁ ਧੂਏ ਕਾ ਧਵਲਹਰੁ ॥’’ (ਮਹਲਾ ੧/੧੩੮) ਅਰਥ : 90 ਸਾਲਾਂ ਦਾ ਮੰਜੇ ਉੱਤੇ ਆਸਣ ਟਿਕਾ ਬੈਠ ਜਾਂਦਾ ਹੈ ਤੇ (100 ਸਾਲ ’ਚ) ਆਪਣਾ ਆਪ ਸੰਭਾਲਣਯੋਗ ਨਹੀਂ ਰਹਿੰਦਾ। ਹੇ ਨਾਨਕ ! ਆਖ ਕਿ ਮੈ (ਚਾਰੋਂ ਦਿਸਾਵਾਂ ’ਚ ਭਰਮਣ ਕਰਕੇ) ਭਾਲ਼ਿਆ, ਲੱਭਿਆ ਤੇ ਵੇਖਿਆ ਕਿ ਇਹ ਜਗਤ ਪਿਆਰ; ਕੇਵਲ ਧੂੰਏਂ ਦਾ ਪਹਾੜ/ਗ਼ੁਬਾਰ ਮਾਤਰ ਹੈ (ਇਸ ਵਿੱਚ ਕੁੱਝ ਵੀ ਸਥਾਈ ਨਹੀਂ, ਜਿਸ ਵਾਸਤੇ ਅਨੰਤ ਜਨਮਾਂ ਤੋਂ ਬਾਅਦ ਮਿਲਿਆ ਇਹ ਕੀਮਤੀ ਮਨੁੱਖਾ ਜੀਵਨ ਬਰਬਾਦ ਕਰ ਲਿਆ)।
ਸੋ ਮਨ ਦੀ ਜੀਵਨ ਭਰ ਦੀ ਯਾਤਰਾ ਨਾਲ਼ ਸੰਬੰਧਿਤ ਉਕਤ ਦੋਵੇਂ ਸਲੋਕਾਂ ਦੇ ਅੰਤ ’ਚ ਗੁਰੂ ਨਾਨਕ ਸਾਹਿਬ ਜੀ ਨੇ ‘ਅਰਧ ਅਚੇਤ ਮਨ’ ਨੂੰ ਸੰਸਾਰਿਕ ਬੰਧਨਾਂ ਵੱਲੋਂ ਉਪਰਾਮ ਰਹਿਣ ਲਈ ਪ੍ਰੇਰਿਆ ਹੈ। ਇਹੀ ਦੋਵੇਂ ਸ਼ਬਦਾਂ ਦਾ ਤੱਤ-ਸਾਰ ਹੈ। ਦੂਜੇ ਪਾਸੇ ਸਵੈ ਪੜਚੋਲ ਕਰਨ ਤੋਂ ਸੱਖਣਾ ਮਨੁੱਖ; ਆਪਣੇ ਹਰ ਦੁੱਖ-ਗ਼ਮ ਲਈ ਹੋਰਾਂ ਨੂੰ ਦੋਸ਼ੀ ਠਹਿਰਾਉਂਦਾ ਹੈ, ਝਗੜਦਾ ਹੈ ‘‘ਬਾਧਿਓ ਆਪਨ ਹਉ ਹਉ ਬੰਧਾ ॥ ਦੋਸੁ ਦੇਤ ਆਗਹ ਕਉ (ਹੋਰਾਂ ਨੂੰ) ਅੰਧਾ ॥’’ (ਮਹਲਾ ੫/੨੫੮), ਐਸੇ ਹਉਮੈ ਗ੍ਰਸਤ ਮਨ ਕੋਲ਼ ਦਸ ਕੁ ਮਣ ਦਾਣੇ ਜਾਂ ਚਾਰ ਕੁ ਰੁਪਏ ਪੱਲੇ ਹੋਣ ਤਾਂ ਚੌੜਾ ਹੋ ਹੋ ਭੀ ਤੁਰਦਾ ਹੈ ‘‘ਕਹਾ ਨਰ ! ਗਰਬਸਿ ਥੋਰੀ ਬਾਤ ॥ ਮਨ ਦਸ ਨਾਜੁ; ਟਕਾ ਚਾਰਿ ਗਾਂਠੀ; ਐਂਡੌ ਟੇਢੌ ਜਾਤੁ ॥੧॥ ਰਹਾਉ ॥’’ (ਭਗਤ ਕਬੀਰ/੧੨੫੧), ਇਹ ਹੈ ‘ਨੀਵੀਂ ਸੁਰਤਿ ਦੀ ਨਿਸ਼ਾਨੀ’ ਤਾਹੀਓਂ ਅਕਸਰ ਮਨੁੱਖ ਦੀ ਸੁਰਤਿ; ਮਨ ਦੇ ਅਧੀਨ ਰਹਿੰਦੀ ਹੈ।
ਮਾਲਕ-ਪ੍ਰਭੂ ਦੀ ਮਹਿਮਾ ਕਰਦਿਆਂ-ਕਰਦਿਆਂ ਉੱਚੀ ਹੁੰਦੀ ਸੁਰਤਿ ਲਈ ਮਨ ਨੂੰ ਅਲੱਗ ਕਾਬੂ ਕਰਨ ਦੀ ਲੋੜ ਨਹੀਂ ਰਹਿੰਦੀ ਕਿਉਂਕਿ ਸੁਰਤਿ ਦਾ ਉੱਚਾ ਹੋਣਾ ਹੀ ਮਨ ਦਾ ਨੀਵਾਂ ਹੋਣਾ ਹੈ, ਮਨ ਦਾ ਕਾਬੂ ਹੋਣਾ ਹੈ। ਜਿਵੇਂ ਵੱਡੀ ਲਕੀਰ ਖਿੱਚਣ ਨਾਲ਼ ਪਹਿਲਾਂ ਵਾਲ਼ੀ ਲਕੀਰ ਆਪਣੇ ਆਪ ਛੋਟੀ ਜਾਪਣ ਲੱਗਦੀ ਹੈ; ਓਵੇਂ ਹੀ ਸੁਰਤਿ ਉੱਚੀ ਹੋਣ ਨਾਲ਼ ਮਨ ਆਪਣੇ ਆਪ ਨੀਵਾਂ ਹੋ ਜਾਂਦਾ ਹੈ। ਗੁਰੂ ਸਾਹਿਬਾਨ ਨੇ ਮਨੁੱਖ ਦੀ ਸੁਰਤਿ ਨੂੰ ਉੱਚਾ ਕਰਨ ਲਈ ਦਿੱਤੀਆਂ ਦੋ ਕੁ ਹੇਠਲੀਆਂ ਉਦਾਹਰਨਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ :
(1). ਗੁਰੂ ਨਾਨਕ ਸਾਹਿਬ ਜੀ ਜਗਨਨਾਥ ਪੁਰੀ ਪਹੁੰਚੇ ਜਿੱਥੇ ਥਾਲ ’ਚ ਦੀਵਿਆਂ ਨੂੰ ਰੱਖ ਕੇ ਆਰਤੀ ਕੀਤੀ ਜਾ ਰਹੀ ਸੀ। ਇਸ ਦੇ ਸੰਬੰਧ ਵਿੱਚ ਆਪ ਜੀ ਨੇ ਸੁਰਤਿ ਨੂੰ ਉੱਚੇ ‘ੴ’ ਨਾਲ਼ ਇਉਂ ਜੋੜਿਆ ‘‘ਗਗਨ ਮੈ ਥਾਲੁ; ਰਵਿ ਚੰਦੁ ਦੀਪਕ ਬਨੇ; ਤਾਰਿਕਾ ਮੰਡਲ ਜਨਕ ਮੋਤੀ ॥ ਧੂਪੁ ਮਲਆਨਲੋ, ਪਵਣੁ ਚਵਰੋ ਕਰੇ; ਸਗਲ ਬਨਰਾਇ ਫੂਲੰਤ ਜੋਤੀ ॥’’ (ਸੋਹਿਲਾ/ਮਹਲਾ ੧/੧੩) ਅਰਥ : ਅਕਾਸ਼ ਰੂਪ ਇੱਕ ਥਾਲ ਹੈ, ਜਿਸ ਅੰਦਰ ਸੂਰਜ ਤੇ ਚੰਦ; ਦੋ ਦੀਵੇ ਰੱਖੇ ਹਨ। ਤਾਰਿਆਂ ਦਾ ਸਮੂਹ, ਸਮਝੋ (ਅਕਾਸ਼-ਥਾਲ ’ਚ ਰੱਖੇ) ਮੋਤੀ ਹਨ। (ਸ਼੍ਰੀਲੰਕਾ ਦਾ) ਮਲ੍ਯ ਪਰਬਤ; ਸੁਗੰਧੀ ਦਿੰਦਾ ਹੈ। ਹਵਾ; ਚੌਰ ਕਰਦੀ ਹੈ। ਸਾਰੀ ਬਨਸਪਤੀ; ਜੋਤੀ (ਸਾਰੀਆਂ ਜੋਤਾਂ/ਰੂਹਾਂ ਦੇ ਮੂਲ/ਕੁਦਰਤ ਰਚੇਤਾ) ਉੱਤੇ ਫੁੱਲਾਂ ਦੀ ਵਰਖਾ ਕਰਦੀ ਹੈ (ਇਹ ਵਿਸਮਾਦਮਈ ਆਰਤੀ ਜਦ ਨਿਰੰਤਰ ਹੋ ਰਹੀ ਹੈ ਤਾਂ ਥਾਲ ’ਚ ਦੀਵੇ ਰੱਖ ਕੇ ਵੱਖਰੀ ਆਰਤੀ ਕਰਨ ਦੀ ਕੋਈ ਲੋੜ ਨਹੀਂ)।
(2). ਗੁਰੂ ਸਾਹਿਬਾਨ ਨੇ ਉਹੀ ਸ਼ਬਦ ਸਿੱਖਾਂ ਲਈ ਨਿਤਨੇਮ ਬਣਾਏ, ਜਿਨ੍ਹਾਂ ਰਾਹੀਂ ਹਰ ਦਿਨ ਸਿੱਖ ਦੀ ਸੁਰਤਿ ਉੱਚੀ ਹੋਵੇ ਕਿਉਂਕਿ ਉਹ ਮਾਲਕ ਆਪ ਬੜਾ ਉੱਚਾ ਹੈ, ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਹੈ; ਜਿਵੇਂ ਕਿ ਬਚਨ ਹਨ ‘‘ਅੰਤ ਕਾਰਣਿ ਕੇਤੇ ਬਿਲਲਾਹਿ ॥ ਤਾ ਕੇ ਅੰਤ ਨ ਪਾਏ ਜਾਹਿ ॥ ਏਹੁ ਅੰਤੁ ਨ ਜਾਣੈ ਕੋਇ ॥ ਬਹੁਤਾ ਕਹੀਐ ਬਹੁਤਾ ਹੋਇ ॥ ਵਡਾ ਸਾਹਿਬੁ ਊਚਾ ਥਾਉ ॥ ਊਚੇ ਉਪਰਿ ਊਚਾ ਨਾਉ ॥ ਏਵਡੁ ਊਚਾ ਹੋਵੈ ਕੋਇ ॥ ਤਿਸੁ ਊਚੇ ਕਉ ਜਾਣੈ ਸੋਇ ..॥੨੪॥’’ (ਜਪੁ)
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਮਨੁੱਖ ਆਪਣੀ ਸੁਰਤਿ ਨੂੰ ਆਪ ਉੱਚੀ ਕਰ ਸਕਦਾ ਹੈ ? ਜਵਾਬ ਹੈ : ਨਹੀਂ, ਕਿਉਂਕਿ ਕਿਹੜਾ ਮਨੁੱਖ ਹੈ, ਜੋ ਆਪਣੀ ਸੁਰਤਿ ਨੂੰ ਨੀਵੀਂ ਮੰਨਦਾ ਹੈ ? ਜਵਾਬ ਹੈ : ਕੋਈ ਨਹੀਂ। ਜਦ ਹਉਮੈ ਗ੍ਰਸਤ ਹਰ ਮਨੁੱਖ; ਆਪਣੀ ਸੁਰਤਿ ਨੂੰ ਹੀ ਸਾਰੀ ਮਨੁੱਖੀ ਸੋਚ ’ਚੋਂ ਉੱਚੀ ਮੰਨਦਾ ਹੈ ਤਾਂ ਕੋਈ ਵਿਰਲਾ ਗੁਰਮੁਖ ਪਿਆਰਾ ਹੀ ਹੈ, ਜਿਸ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਮੇਰੀ ਸੁਰਤਿ ਉੱਚੀ ਨਹੀਂ। ਐਸੀ ਭਾਵਨਾ ਵਿਅਕਤ ਕਰਨ ਵਾਲ਼ੇ ਜੀਵਨ ’ਚ ਹੁੰਦੇ ਅਥਾਹ ਬਦਲਾਅ ਪਿੱਛੇ ਗੁਰੂ ਦੀ ਮਿਹਰ/ਰੱਬ ਦੀ ਕਿਰਪਾ ਕਾਰਜਸ਼ੀਲ ਹੁੰਦੀ ਹੈ, ਜਿਸ ਨੂੰ ਮਹਿਸੂਸ ਕਰਦਿਆਂ ਉਹ ਪੁਕਾਰ-ਪੁਕਾਰ ਆਖਦਾ ਹੈ ‘‘ਮਨੁ ਬਸਿ (’ਚ) ਆਵੈ ਨਾਨਕਾ ! ਜੇ ਪੂਰਨ ਕਿਰਪਾ ਹੋਇ ॥’’ (ਮਹਲਾ ੫/੨੯੮)
ਬਖ਼ਸ਼ਸ਼ ਬਨਾਮ ਬਖ਼ਸ਼ਸ਼ : ਕਰਤਾਰ ਵੱਲੋਂ ਮਨੁੱਖੀ ਸਰੀਰ ਮਿਲਣਾ ਵੀ ਇੱਕ ਬਖ਼ਸ਼ਸ਼ ਹੈ; ਜਿਵੇਂ ਕਿ ਬਚਨ ਹਨ ‘‘ਕਰਮੀ ਆਵੈ ਕਪੜਾ..॥’’ ਭਾਵ ਰੱਬ ਦੀ ਮਿਹਰ ਨਾਲ਼ ਸਰੀਰ ਰੂਪ ਕੱਪੜਾ ਮਿਲਿਆ ਹੈ ਤਾਂ ਤੇ ਉਸੇ ਮਾਲਕ ਅੱਗੇ ਅਰਦਾਸ ਕਰਦਿਆਂ ‘‘ਜਨਮ ਜਨਮ ਕੀ ਮਲੁ ..॥’’ ਤੋਂ ਛੁਟਕਾਰਾ ਵੀ ਉਸ ਦੀ ਮਿਹਰ-ਦ੍ਰਿਸ਼ਟੀ ਨਾਲ਼ ਹੋਣਾ ਹੈ ‘‘ਨਦਰੀ ਮੋਖੁ ਦੁਆਰੁ ॥’’ (ਜਪੁ), ਵੈਸੇ ਮਨੁੱਖ ਨੂੰ ਮਿਲੀ ਹਰ ਦਾਤ ਹੀ ਰੱਬ ਦੀ ਮਿਹਰ ਹੈ। ਜਿਸ ਦਾ ਜ਼ਿਕਰ ‘ਜਪੁ’ ਬਾਣੀ ਦੀ 25ਵੀਂ ਪਉੜੀ ‘‘ਬਹੁਤਾ ਕਰਮੁ (ਮਿਹਰ); ਲਿਖਿਆ ਨਾ ਜਾਇ ॥’’ ’ਚ ਵਿਸਥਾਰ ਸਹਿਤ ਕੀਤਾ ਗਿਆ ਹੈ, ਪਰ ਇਹ ਬਖ਼ਸ਼ਸ਼ਾਂ ਤਾਂ ਹਰੇਕ ਜੀਵ-ਜੰਤ ਨੂੰ ਪ੍ਰਾਪਤ ਹੋ ਜਾਂਦੀਆਂ ਹਨ ਜਦਕਿ ਵਿਚਾਰ ਅਧੀਨ ਤੁਕ ‘‘ਮਨੁ ਬਸਿ (’ਚ) ਆਵੈ ਨਾਨਕਾ ! ਜੇ ਪੂਰਨ ਕਿਰਪਾ ਹੋਇ ॥’’ (ਮਹਲਾ ੫/੨੯੮) ਵਾਲ਼ੀ ਖ਼ਾਸ ਮਿਹਰ ਯਾਨੀ ਹਉਮੈ ਗ੍ਰਸਤ ਬੰਦੇ ਤੋਂ ਆਪਣਾ ‘ਮਨ’ ਕਾਬੂ ਕਰਾਉਣ ਵਾਲ਼ੀ ਮਿਹਰ; ਗੁਰੂ ਪ੍ਰਤੀ ਸਿਦਕ ਰੱਖਣ ਵਾਲ਼ੇ ਕਿਸੇ ਵਿਰਲੇ ਗੁਰਸਿੱਖ ਉੱਤੇ ਹੀ ਹੁੰਦੀ ਹੈ। ਇਸ ਮਿਹਰ ਦਾ ਜ਼ਿਕਰ ਵੀ ‘ਜਪੁ’ ਬਾਣੀ ਦੀਆਂ ਕਈ ਪਉੜੀਆਂ ਦੇ ਅੰਤ ’ਚ ਇਉਂ ਕੀਤਾ ਹੈ ‘‘ਨਾਨਕ ! ਨਦਰੀ ਕਰਮੀ ਦਾਤਿ ॥੨੪॥, ਜਿਸ ਨੋ ਬਖਸੇ ਸਿਫਤਿ ਸਾਲਾਹ ॥ ਨਾਨਕ ! ਪਾਤਿਸਾਹੀ ਪਾਤਿਸਾਹੁ ॥੨੫॥, ਨਾਨਕ ! ਨਦਰੀ ਪਾਈਐ; ਕੂੜੀ ਕੂੜੈ ਠੀਸ ॥੩੨॥, ਤਿਥੈ ਸੋਹਨਿ ਪੰਚ ਪਰਵਾਣੁ ॥ ਨਦਰੀ ਕਰਮਿ (ਨਾਲ਼); ਪਵੈ ਨੀਸਾਣੁ ..॥੩੪॥, ਜਿਨ ਕਉ ਨਦਰਿ ਕਰਮੁ; ਤਿਨ ਕਾਰ ॥ ਨਾਨਕ ! ਨਦਰੀ ਨਦਰਿ ਨਿਹਾਲ ॥੩੮॥ (ਜਪੁ)
‘ਸਚਖੰਡਿ’ ਪੜਾਅ ਵੱਲ ਜਾਂਦਿਆਂ ਰਸਤੇ ’ਚ ਬੂਹੇ ਵਜੋਂ ਜਾਣੀ ਜਾਂਦੀ ‘ਜਪੁ’ ਬਾਣੀ ਦੀ 37ਵੀਂ ਪਉੜੀ ’ਚ ਵੀ ਇਸੇ ਮਿਹਰ ਦਾ ਜ਼ਿਕਰ ਹੈ ‘‘ਕਰਮਖੰਡ ਕੀ ਬਾਣੀ ਜੋਰੁ ॥ ਤਿਥੈ; ਹੋਰੁ ਨ ਕੋਈ ਹੋਰੁ ॥ ਤਿਥੈ; ਜੋਧ ਮਹਾਬਲ ਸੂਰ ॥ ਤਿਨ ਮਹਿ; ਰਾਮੁ ਰਹਿਆ ਭਰਪੂਰ ..॥੩੭॥’’ (ਜਪੁ) ਯਾਨੀ ਰੱਬ ਦੀ ਇਸ ਮਿਹਰ ਭਰਪੂਰ ਅਵਸਥਾ ਦੀ ਬਣਾਵਟ ਬੜੀ ਬਲਵਾਨ ਹੁੰਦੀ ਹੈ, ਜਿੱਥੇ (ਕਾਬੂ ਹੋਏ ਮਨ ਅੰਦਰ) ਕੋਈ ਹੋਰ ਫੁਰਨਾ ਨਹੀਂ ਉੱਠਦਾ। ਇਸ ਅਵਸਥਾ ’ਚ ਗੁਰੂ ਪਿਆਰੇ ਭਗਤ; ਸੁਰਤਿ ਪੱਖੋਂ ਬੜੇ ਬਲਵਾਨ ਹੁੰਦੇ ਹਨ, ਯੋਧੇ ਹੁੰਦੇ ਹਨ, ਸੂਰਮੇ ਬਣ ਜਾਂਦੇ ਹਨ। ਉਨ੍ਹਾਂ ਦੇ ਮਨ ਅੰਦਰ ਸਰਬ ਵਿਆਪਕ ਰਾਮ ਪ੍ਰਤੀ ਹੀ ਲਗਨ ਲੱਗੀ ਰਹਿੰਦੀ ਹੈ।
ਸੋ ਐਸੀ ਅਵਸਥਾ ਵਿੱਚ ‘ਮਨ’ ਦਾ ਅਰਥ ਵੀ ‘ਸੁਰਤਿ’ ਕਰਨਾ ਪੈਣਾ ਹੈ ਕਿਉਂਕਿ ਮਨ; ਸੁਰਤਿ ਅਧੀਨ ਆ ਚੁੱਕਾ ਹੈ ਜਾਂ ਕਹਿ ਲਈਏ ਕਿ ‘ਸੁਰਤਿ’ ਹੀ ‘ਮਨ’ ਬਣ ਚੁੱਕੀ ਹੈ। ਮਨ ਵਿੱਚ ਬੁਧਿ ਆ ਗਈ। ਸੁਰਤਿ ਮਤਿ ਮਨਿ ਬੁਧਿ ਘੜੇ ਗਏ। ਅੰਤਹਿਕਰਣ ਪਾਰਦਰਸ਼ੀ ਹੋ ਗਿਆ। ਅੰਦਰ ਵੱਸਦੇ ਰਾਮ ਦਾ ਸੁਰਤਿ ਨੂੰ ਪ੍ਰਤੱਖ ਅਹਿਸਾਸ ਹੋ ਗਿਆ।
ਸੋ, ਸੁਰਤਿ ਨੂੰ ਉੱਚਾ ਕਰਨਾ ਅਤੇ ਮਨ ਨੂੰ ਨੀਵਾਂ ਜਾਂ ਕਾਬੂ ਕਰਨਾ; ਦੋ ਵੱਖ ਵੱਖ ਪੜਾਅ ਜਾਂ ਘੋਲ਼ ਨਹੀਂ ਹਨ। ਸੁਰਤਿ ਦਾ ਉੱਚਾ ਹੋਣਾ ਹੀ ਮਨ ਦਾ ਨੀਵਾਂ ਹੋਣਾ ਹੈ ਅਤੇ ਮਨ ਦਾ ਨੀਵਾਂ ਹੋਣਾ ਹੀ ਸੁਰਤਿ ਦਾ ਉੱਚਾ ਉੱਠਣਾ ਹੈ। ਇਨ੍ਹਾਂ ਦੇ ਆਪਸੀ ਉਤਾਰ-ਚੜ੍ਹਾਅ ’ਚ ਜਦ ਸਫਲਤਾ ਮਿਲਣ ਦਾ ਅਹਿਸਾਸ ਹੋਣ ਲੱਗੇ ਤਾਂ ਉਸ ਪਿੱਛੇ ਸਤਿਗੁਰੂ ਜੀ ਦੀ ਮਿਹਰ ਅਤੇ ਕਰਤਾਰ ਦੀ ਬਖ਼ਸ਼ਸ਼ ਹੀ ਕਾਰਜਸ਼ੀਲ ਹੁੰਦੀ ਹੈ।
ਗੁਰੂ ਦੀ ਕਿਰਪਾ ਅਤੇ ਗੁਰੂ ਦਾ ਸ਼ਬਦ-ਗਿਆਨ; ਪ੍ਰਾਪਤ ਕਰਨਾ ਮਨੁੱਖ ਲਈ ਦੋ ਅਲੱਗ-ਅਲੱਗ ਬੇੜੀਆਂ ਹਨ। ਪਹਿਲੀ ਬੇੜੀ (ਗੁਰੂ ਗਿਆਨ) ’ਚ ਬੈਠਣਾ ਯਾਨੀ ਸੁਰਤਿ ਉੱਚੀ ਕਰਨੀ; ਇਹ ਅਧਿਕਾਰ ਮਨੁੱਖ ਕੋਲ਼ ਹੈ ਕਿਉਂਕਿ 10% ਸੁਚੇਤ ਮਨ/ਸ਼ਕਤੀ ਦਾ ਮਾਲਕ ਇਹ ਖ਼ੁਦ ਹੈ ਅਤੇ ਦੂਜੀ ਬੇੜੀ ਯਾਨੀ ਗੁਰੂ ਕਿਰਪਾ ਰਾਹੀਂ ਸੰਸਾਰ-ਸਮੁੰਦਰ ਪਾਰ ਕਰਨਾ; ਇਹ ਸਮਰੱਥਾ ਗੁਰੂ ਜੀ ਕੋਲ਼ ਹੈ ਜਾਂ ਅਕਾਲ ਪੁਰਖ ਕੋਲ਼ ਹੈ ਕਿਉਂਕਿ 90% ਅਚੇਤ ਮਨ ਵਾਲ਼ੀ ਮਲ਼ੀਨਤਾ ਇਕੱਠੀ ਕਰਾਉਣ ਪਿੱਛੇ ਵੀ ਸਿਰਜਣਹਾਰ ਦਾ ਹੱਥ ਰਿਹਾ ਹੈ। ਬੰਦੇ ਨੂੰ ਕੁਰਾਹੇ ਪਾ ਅੰਨ੍ਹਾ ਕਰਨਾ ਅਤੇ ਫਿਰ ਸੁਜਾਖਾ ਕਰਨਾ; ਜਗਤ ਰਚੇਤਾ ਦੇ ਹੁਕਮ ਵਿੱਚ ਹੁੰਦਾ ਹੈ ‘‘ਸਹ ਦੇਖੇ ਬਿਨੁ ਪ੍ਰੀਤਿ ਨ ਊਪਜੈ; ਅੰਧਾ ਕਿਆ ਕਰੇਇ ?॥ ਨਾਨਕ ! ਜਿਨਿ ਅਖੀ ਲੀਤੀਆ; ਸੋਈ ਸਚਾ ਦੇਇ ॥’’ (ਮਹਲਾ ੩/੮੩), ਸੋ ਮਨੁੱਖ ਨੂੰ ਜਿਸ ਅਗਲੇ ਪੈਂਡੇ ਦੀ ਉੱਕਾ ਹੀ ਸੂਝ ਨਹੀਂ ਹੁੰਦੀ ਕਿ ਕੈਸਾ ਹੈ, ਕਿੱਦਾਂ ਦਾ ਮਹਿਸੂਸ ਹੁੰਦਾ ਹੈ, ਓਥੇ ਕੇਵਲ ਬਖ਼ਸ਼ਸ਼ ਹੀ ਮਾਰਗ-ਦਰਸ਼ਨ ਬਣਦੀ ਹੈ, ਨਾ ਕਿ ਮਨੁੱਖ ਦੀ ਆਪਣੀ ਕੋਈ ਘਾਲਣਾ।
ਸਿੱਟਾ : ਸਤਿਗੁਰੂ ਦਾ ਸ਼ਬਦ-ਗਿਆਨ; ਮਨੁੱਖ ਦੀ ਸੁਰਤਿ ਨੂੰ ਉੱਚਾ ਕਰ ਸਵੈ ਪੜਚੋਲ ਅਤੇ ਰੱਬ ਤੋਂ ਪਏ ਵਿਛੋੜੇ ਦਾ ਅਹਿਸਾਸ ਕਰਾਉਂਦਾ ਹੈ। ਜਿਸ ਤੋਂ ਬਾਅਦ ਦਿਲ ਦੀਆਂ ਗਹਿਰਾਈਆਂ ’ਚੋਂ ਉੱਠੀ ਅਰਦਾਸ/ਬੇਨਤੀ; ਗੁਰੂ ਦੀ ਕਿਰਪਾ ਵਾਲ਼ਾ ਮਾਰਗ ਖੋਲ੍ਹਦੀ ਹੈ। ਇਹ ਮਿਹਰ ਹੀ ਅੰਤਹਿਕਰਣ-ਮਨ ਨੂੰ ਸ਼ੁੱਧ ਕਰਦੀ ਹੋਈ ਰੱਬ ਤੋਂ ਪਈ ਦੂਰੀ ਨੂੰ ਮਿਟਾ ਕੇ ਅੰਦਰੋਂ ਹੀ ਰੱਬੀ ਜੋਤਿ ਨਾਲ਼ ਅਭੇਦ ਕਰਾਉਂਦੀ ਹੈ। ਹਉਮੈ ਗ੍ਰਸਤ ਮਨ ਦੀ ਸ਼ੈਤਾਨ ਰੂਪ ਰੁਕਾਵਟ (ਪੰਜ ਗਿਆਨ ਇੰਦ੍ਰਿਆਂ) ਨੂੰ ਗੁਰੂ ਦੀ ਕਿਰਪਾ ਹੀ ਰਾਹ ’ਚੋਂ ਹਟਾਉਂਦੀ ਹੈ, ਨਾ ਕਿ ਗੁਰੂ ਦਾ ਸ਼ਬਦ-ਗਿਆਨ ਕਿਉਂਕਿ ਗੁਰੂ ਦੇ ਸ਼ਬਦ ਗਿਆਨ ਦੇ ਅਰਥ ਵੀ ਸ਼ੈਤਾਨ-ਮਨ; ਬਦਲ ਕੇ ਆਪਣੀ ਸੋਚ ਅਨੁਸਾਰ ਕਰ ਲੈਂਦਾ ਹੈ, ਪਰ ਗੁਰੂ ਦੀ ਕਿਰਪਾ ਦਾ ਪ੍ਰਭਾਵ ਨਹੀਂ ਬਦਲ ਸਕਦਾ ਕਿਉਂਕਿ ਤਦ; ਸ਼ੈਤਾਨ-ਮਨ ਮਰ ਚੁੱਕਿਆ ਹੁੰਦਾ ਹੈ।
ਹਲੀਮੀ ਵਾਲ਼ੀ ਦਿਲੀ ਭਾਵਨਾ ਨੂੰ ਅਕਾਲ ਪੁਰਖ ਦੀ ਕਿਰਪਾ ਰੂਪ ਲੱਗੇ ਫਲ਼ ਉਪਰੰਤ ਰੱਬੀ ਹੋਂਦ ਨੂੰ ਮਹਿਸੂਸ ਕਰਦਿਆਂ ਉਸ ਨਾਲ਼ ਇਉਂ ਸੰਵਾਦ ਹੁੰਦਾ ਹੈ ‘‘ਆਪੁ ਸਵਾਰਹਿ ਮੈ ਮਿਲਹਿ; ਮੈ ਮਿਲਿਆ, ਸੁਖੁ ਹੋਇ ॥ ਫਰੀਦਾ ! ਜੇ ਤੂ ਮੇਰਾ ਹੋਇ ਰਹਹਿ; ਸਭੁ ਜਗੁ ਤੇਰਾ ਹੋਇ ॥੯੫॥’’ (ਬਾਬਾ ਫਰੀਦ ਜੀ/੧੩੮੨) ਅਰਥ : ਹੇ ਫ਼ਰੀਦ ਜੀ ! ਜੇ ਤੂੰ ਆਪਣੇ ਆਪ ਨੂੰ ਸੰਵਾਰ ਲਏਂ (ਯਾਨੀ ਮਾਇਆਵੀ ਪ੍ਰਭਾਵ ਵੱਲੋਂ ਧਿਆਨ ਹਟਾ ਕੇ ਉਤਾਂਹ ਨੂੰ (ਉੱਚਾ) ਵੇਖੇਂ ਤਾਂ ਸੁੱਤੇ ਹੀ) ਮੈਨੂੰ ਮਿਲ ਸਕਦਾ ਹੈਂ ਕਿਉਂਕਿ ਅਸਲ ਅਨੰਦ ਮੈਨੂੰ ਮਿਲਣ ਵਿੱਚ ਹੈ (ਨਾ ਕਿ ਧਨ-ਪਦਾਰਥ ਜਾਂ ਸਾਕ ਸੰਬੰਧਾਂ ਵਿੱਚ) ਜੇ ਕੇਵਲ ਮੇਰਾ ਭਗਤ ਬਣਿਆ ਰਹੇਂਗਾ ਤਾਂ ਸਾਰਾ ਜਗਤ ਤੈਨੂੰ ਪਿਆਰ ਕਰੇਗਾ (ਕਿਉਂਕਿ ਤੇਰੇ ਅੰਦਰ ਕੋਈ ਪਦਾਰਥਿਕ ਖਿੱਚ ਨਹੀਂ ਰਹੇਗੀ, ਜਿਸ ਬਦਲੇ ਸਮਾਜ; ਨਫ਼ਰਤ ਕਰਦਾ ਹੈ)।
ਗੁਰਬਾਣੀ ਅਨੁਸਾਰ ਸੁਰਤਿ, ਮਤਿ, ਮਨੁ, ਬੁਧਿ, ਬਿਬੇਕ, ਸੁਮਤਿ, ਅਕਲਿ ਆਦਿ।
——ਕਿਰਪਾ ਲਾਇਕ ਤੇ ਸ਼ੇਅਰ ਜ਼ਰੂਰ ਕਰਨਾ, ਉਚਿਤ ਸੁਝਾਅ ਵੀ ਟਿੱਪਣੀ ਕਰਕੇ ਦਿੱਤਾ ਜਾ ਸਕਦਾ ਹੈ, ਜੀ।—–
Alaahaneeaa Bani Mahla 1 (Jin Jag Siraj Samaaiaa, Ang 581)
ਸਾਧ ਸੰਗਤ ਜੀ
ਅਲਾਹਣੀਆ ਬਾਣੀ ਵਿੱਚ ਗੁਰੂ ਨਾਨਕ ਪਾਤਸ਼ਾਹ ਬ੍ਰਹਮ ਦੀ ਬੀਚਾਰ ਦੱਸ ਰਹੇ ਹਨ। ਇਸ ਦੀ ਵਿਆਖਿਆ ਧਿਆਨ ਲਾ ਕੇ ਸੁਣੋ ਤੇ ਲਾਹਾ ਲਵੋ ਜੀ
ਆਵੋ ਸਤਸੰਗੀ ਸੱਜਣੋ / ਭੇਣੋ ਗੁਰੂ ਨਾਨਕ ਪਾਤਸ਼ਾਹ ਦੇ ੳਪਦੇਸ਼ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਅਤੇ ਆਪਣੇ ਮਿੱਤਰਾਂ / ਸੰਬੰਧੀਆਂ ਨਾਲ ਵੀ ਸਾਂਝ ਪਾਈਏ ਜੀ
ਅਲਾਹਣੀਆ ਬਾਣੀ ਦਾ ਤੀਸਰਾ ਸ਼ਬਦ
ਸਾਧ ਸੰਗਤ ਜੀ
ਅਲਾਹਣੀਆ ਬਾਣੀ ਦੇ ਤੀਸਰੇ ਸ਼ਬਦ ਵਿੱਚ ਗੁਰੂ ਨਾਨਕ ਪਾਤਸ਼ਾਹ ਬ੍ਰਹਮ ਦੀ ਬੀਚਾਰ ਰਹਾਉ ਦੇ ਬੰਦ ਵਿੱਚ ਦੱਸ ਰਹੇ ਹਨ – ਸਚੜਾ ਸਾਹਿਬੁ ਸਚੁ ਤੂ ਸਚੜਾ ਦੇਹਿ ਪਿਆਰੋ
ਇਸ ਦੀ ਵਿਆਖਿਆ ਧਿਆਨ ਲਾ ਕੇ ਸੁਣੋ ਤੇ ਲਾਹਾ ਲਵੋ ਜੀ
ਗੁਰੂ ਨਾਨਕ ਦੀ ਸਿੱਖੀ
ਗੁਰੂ ਨਾਨਕ ਦੀ ਸਿੱਖੀ
-ਰਮੇਸ਼ ਬੱਗਾ ਚੋਹਲਾ
ਖੰਨਿਉਂ ਤਿੱਖੀ ਵਾਲੋਂ ਨਿੱਕੀ, ਸੌਖੀ ਨਹੀਂ ਕਮਾਉਣੀ ਸਿੱਖੀ,
ਜਿਸ ਨੇ ਤਨ ਮਨ ਨਾਲ ਕਮਾਈ ਪੂਜਣ ਯੋਗ ਬਣਾਉਂਦੀ ਹੈ।
ਗੁਰੂ ਨਾਨਕ ਦੇਵ ਦੀ ਸਿੱਖੀ ਜਿਉਂਣ ਦਾ ਵੱਲ ਸਿਖਾਂਉਦੀ ਹੈ।
ਦੁਨੀਆਂ ਨਾਲੋਂ ਇਸ ਸਿੱਖੀ ਦੀ ਦਿੱਖ ਨਿਆਰੀ ਹੈ,
ਸੱਚੇ ਸਿੱਖ ਨੂੰ ਸਿੱਖੀ ਜਾਨੋਂ ਤੋਂ ਵੱਧ ਪਿਆਰੀ ਹੈ,
ਭਲਾ ਮੰਗੇ ਸਰਬਤ ਦਾ, ਕਦੇ ਨਾ ਬੁਰਾ ਤਕਾਉਂਦੀ ਹੈ।
ਗੁਰੂ ਨਾਨਕ ਦੇਵ ਦੀ…………………………..।
ਸੰਗਤ ਤੇ ਪੰਗਤ, ਸਿੱਖੀ ਦੇ ਵੱਖਰੇ ਵਰਤਾਰੇ ਨੇ,
ਜਾਤ-ਪਾਤ ਦੇ ਦਿੱਤੇ ਜਿਨ੍ਹਾਂ ਸਮੇਟ ਖਿਲਾਰੇ ਨੇ,
ਊੂਚ ਨੀਚ ਦੇ ਸਾਰੇ ਭਰਮ ਤੇ ਭੇਦ ਮਿਟਾਉਂਦੀ ਹੈ।
ਗੁਰੂ ਨਾਨਕ ਦੇਵ ਦੀ………………………….।
ਏਕਸ ਕੇ ਹਮ ਬਾਰਿਕ ਇਹ ਵਿਚਾਰ ਹੈ ਸਿੱਖੀ ਦਾ,
ਨਾ ਕੋ ਬੈਰੀ ਨਹੀ ਬਿਗਾਨਾ ਇਹ ਪ੍ਰਚਾਰ ਹੈ ਸਿੱਖੀ ਦਾ,
ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ ਇੱਕੋ ਪਾਲ ਬਿਠਾਉਂਦੀ ਹੇ।
ਗਰੂ ਨਾਨਕ ਦੇਵ ਦੀ………………………………….।
ਕਰਕੇ ਕਿਰਤ ਤੇ ਵੰਡ ਛੱਕਣ ਦੀ, ਭਰਦੀ ਹਾਮੀ ਇਹ,
ਸਗਲ ਸ੍ਰਿਸ਼ਟੀ ਦਾ ਮੰਨਦੀ ਹੈ, ਇੱਕ ਸਵਾਮੀ ਇਹ,
ਉਸ ਦੇ ਅੱਗੇ ਹੀ ਬੱਸ ਆਪਣਾ ਸੀਸ ਝੁਕਾਉਂਦੀ ਹੈ।
ਗੁਰੂ ਨਾਨਕ ਦੇਵ ਦੀ……………………………….।
ਠੱਗ ਬਿਰਤੀਆਂ ਵਾਲੇ, ਸੱਜਣ ਬਣਾਏ ਸਿੱਖੀ ਨੇ,
ਭੂਮੀਏ ਵਰਗੇ ਚੋਰ, ਚੋਰੀ ਤੋਂ ਹਟਾਏ ਸਿੱਖੀ ਨੇ,
ਪਾ ਕੇ ਸਿੱਧੇ ਰਾਹੇ ਧਰਮ ਦੀ ਕਾਰ ਕਰਾਉਂਦੀ ਹੈ।
ਗੁਰੂ ਨਾਨਕ ਦੇਵ ਦੀ……………………….।
ਅਸਲੀ ਜੋਗ ਕਮਾਓ, ਕਹਿੰਦੀ ਨਾਥ ਜੋਗੀਆਂ ਨੂੰ,
ਦੁਨੀਆਂ ਨਾ ਭਰਮਾਉ, ਕਹਿੰਦੀ ਨਾਥ ਜੋਗੀਆਂ ਨੂੰ,
ਸੱਚਾ ਜੋਗ ਕਮਾਵਣ ਦੀ, ਇਹ ਜੁਗਤ ਬਤਾਉਂਦੀ ਹੈ।
ਗੁਰੂ ਨਾਨਕ ਦੇਵ ਦੀ………………………….।
ਸਦਾ ਬਖ਼ਸ਼ਦੀ ਆਈ ਹੈ ਇਹ ਮਾਣ ਨਿਮਾਣਿਆਂ ਨੂੰ,
ਤੱਤੀ ਤਵੀ ਬਹਿ ਕੇ ਵੀ ਇਹ ਮੰਨਦੀ ਭਾਣਿਆਂ ਨੂੰ,
ਖੇਡ, ਖੇਡ ਕੇ ਅੱਗ ਨਾਲ ਵੀ, ਇਹ ਠੰਢ ਵਰਤਾਉਂਦੀ ਹੈ।
ਗੁਰੂ ਨਾਨਕ ਦੇਵ ਦੀ………………………………।
ਦਸ ਗੁਰੂ ਸਾਹਿਬਾਨ ਨੇ ਬਣਤ ਬਣਾਈ ਸਿੱਖੀ ਦੀ,
ਸਿਦਕੀ ਸਿੱਖਾਂ ਕੀਤੀ ਸਫਲ ਕਮਾਈ ਸਿੱਖੀ ਦੀ,
ਇਹ ਕਮਾਈ ਦਰਗਾਹ ਦੇ ਵਿਚ ਮੁੱਲ ਪਵਾਉਂਦੀ ਹੈ।
ਗੁਰੂ ਨਾਨਕ ਦੇਵ ਦੀ……………………………..।
ਰਹਿਣੀ, ਬਹਿਣੀ, ਕਹਿਣੀ ਦੇ ਵਿਚ ਵਿੱਥ ਨਾ ਰਹਿਣ ਦਿੰਦੀ,
ਕਰੇ ਬਿਆਨ ਹਕੀਕਤ ਕੋਈ ਵੀ ਮਿੱਥ ਨਾ ਰਹਿਣ ਦਿੰਦੀ,
ਰੱਖਦੀ ਨਾ ਕੋਈ ਉਹਲਾ ਸੱਚੋ ਸੱਚ ਸੁਣਾਉਂਦੀ ਹੈ।
ਗੁਰੂ ਨਾਨਕ ਦੇਵ ਦੀ…………………………।
ਭਾਗੋ ਦੀ ਪ੍ਰਵਾਹ ਨਹੀਂ ਹੈ, ਬਾਬੇ ਦੀ ਸਿੱਖੀ ਨੂੰ,
ਕਰਦੀ ਹੈ ਪ੍ਰਵਾਨ ਲਾਲੋ ਦੀ ਰੁੱਖੀ ਮਿੱਸੀ ਨੂੰ,
ਹੱਕ ਪਰਾਏ ਉਪਰ, ਨਾ ਇਹ ਨਜ਼ਰ ਟਿਕਾਉਂਦੀ ਹੈ।
ਗੁਰੂ ਨਾਨਕ ਦੇਵ ਦੀ………………………….।
ਧਰ ਕੇ ਸੀਸ ਤਲੀ ’ਤੇ, ਲੜਦੀ ਆਈ ਇਹ ਸਿੱਖੀ,
ਮਜ਼ਲੂਮਾਂ ਲਈ ‘ਚੋਹਲਾ’ ਸਦਾ ਸਹਾਈ ਇਹ ਸਿੱਖੀ,
‘ਰਮੇਸ਼ ਬੱਗੇ’ ਦੀ ਕਲਮ ਤੋਂ ਇਹ ਕਵਿਤਾ ਲਿਖਵਾਉਂਦੀ ਹੈ।
ਗੁਰੂ ਨਾਨਕ ਦੇਵ ਦੀ ਸਿੱਖੀ ਜਿਉਣ ਦਾ ਵੱਲ ਸਿਖਾਉਂਦੀ ਹੈ।
–ਗਲੀ ਨੰ: 8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ)-94631-32719
ਸਰਲ ਗੁਰਬਾਣੀ ਵਿਆਕਰਣ (ਭਾਗ 1)
ਸਰਲ ਗੁਰਬਾਣੀ ਵਿਆਕਰਣ (ਭਾਗ 1)
(ਸ਼ੁਰੂਆਤ ਪੰਜਾਬੀ ਵਿਆਕਰਣ ਤੋਂ)
– ਗਿਆਨੀ ਅੰਮ੍ਰਿਤਪਾਲ ਸਿੰਘ (ਲੁਧਿਆਣਾ)
ਮੈਂ ਅੱਜ ਗੁਰਬਾਣੀ ਵਿਆਕਰਣ ਬਾਰੇ ਕੁਝ ਨਹੀਂ ਕਹਾਂਗਾ। ਪੰਜਾਬੀ ਵਿਆਕਰਣ ਬਾਰੇ ਆਪ ਜੀ ਨੂੰ ਪਤਾ ਹੀ ਹੈ, ਉਸ ਬਾਰੇ ਵੀ ਮੈਨੂੰ ਕੁਝ ਕਹਿਣ ਦੀ ਲੋੜ ਨਹੀਂ ਹੈ। ਉਹ ਬਹੁਤ ਪਿਆਰੀ ਘਟਨਾ ਸੁਨਾਉਣ ਦੀ ਵੀ ਲੋੜ ਨਹੀਂ ਹੈ, ਜਿਸ ਵਿਚ ਕਿਸੇ ਨੇ ਮਜ਼ਾਕ ਉਡਾ ਕੇ ਕਿਹਾ ਸੀ ਕਿ ਗਿਆਨੀ ਅੰਮ੍ਰਿਤਪਾਲ ਸਿੰਘ ਛੋਟੇ ਬੱਚਿਆਂ ਨੂੰ ਵਿਆਕਰਣ ਸਿਖਾਉਣਗੇ ਤੇ ਉਹ ਵੀ ਗੁਰਬਾਣੀ ਦੀ। ਗੁਰਬਾਣੀ ਵਿਆਕਰਣ ਤਾਂ ਉਹ ਔਖਾ ਵਿਸ਼ਾ ਹੈ, ਜਿਸ ਨੂੰ ਸਮਝਣ ਲਈ ਵੱਡੇ-ਵੱਡੇ ਵਿਦਵਾਨ ਵੀ ਮੱਥਾ-ਪੱਚੀ ਕਰਦੇ ਰਹਿੰਦੇ ਹਨ, ਬੱਚੇ ਕਿਵੇਂ ਸਿੱਖ ਸਕਦੇ ਹਨ ?
ਕਸ਼ਮੀਰ ਦੇ ਸ਼ਹਿਰ ਬਾਰਾਮੂਲਾ ਦੇ ਗੁਰਦੁਆਰਾ ਸਾਹਿਬ ਵਿਖੇ ਅਸੀਂ ਬੱਚਿਆਂ ਲਈ ਸਿੱਖੀ ਕੈਂਪ ਲਗਾਉਣ ਗਏ। ਉਸ ਕੈਂਪ ਵਿਚ 3 ਸਤੰਬਰ 2022, ਦਿਨ ਸ਼ਨੀਵਾਰ ਨੂੰ ਮੇਰਾ ਇਕ ਵਿਸ਼ਾ ਗੁਰਬਾਣੀ ਵਿਆਕਰਣ ਬਾਰੇ ਵੀ ਸੀ। ਮੇਰੇ ਸਾਹਮਣੇ ਸਾਰੇ ਬੱਚੇ ਅਤੇ ਆਲੇ-ਦੁਆਲੇ ਸਿੱਖੀ ਦੇ ਧੁਰੰਧਰ ਵਿਦਵਾਨ ਤੇ ਸੰਗਤਾਂ ਸਜੀਆਂ ਹੋਈਆਂ ਸਨ। ਮੈਂ ਸਟੇਜ ’ਤੇ ਇਕ 5-6 ਸਾਲ ਦੇ ਬੱਚੇ ਨੂੰ ਬੁਲਾਇਆ ਤੇ ਉਸ ਨੂੰ ਕੁੱਝ ਸਵਾਲ ਕੀਤੇ।
ਮੈਂ : ਪੁੱਤਰ ਜੀ ! ਤੁਹਾਡਾ ਨਾਮ ਕੀ ਹੈ ?
ਬੱਚਾ : ਜੈਦੀਪ ਸਿੰਘ।
ਮੈਂ : ਤੁਹਾਡਾ ਤਾਂ ਨਾਮ ਬਹੁਤ ਪਿਆਰਾ ਹੈ, ‘ਜੈਦੀਪ ਸਿੰਘ’। ਬੇਟੇ ਤੂੰ ਕਿਹੜੀ ਕਲਾਸ ਵਿਚ ਪੜਦੀ ਹੈਂ ?
(ਸਾਰੇ ਬੱਚੇ ਹੱਸ ਪਏ)
ਜੈਦੀਪ ਸਿੰਘ : (ਪਿਆਰੀ ਜਿਹੀ ਮੁਸਕਰਾਹਟ ਨਾਲ) ਪੜਦੀ ਨਹੀਂ, ਮੈਂ ਪੜਦਾ ਹਾਂ।
ਮੈਂ : ਉਹ, ਅੱਛਾ ਪੜਦੀ ਹੈਂ।
ਜੈਦੀਪ ਸਿੰਘ : ਨਹੀਂ ਜੀ ਪੜਦੀ ਹਾਂ, (ਮੱਥੇ ’ਤੇ ਹੱਥ ਮਾਰ ਕੇ) ਉਹੋ ਮੈਨੂੰ ਵੀ ਭੁਲਾ ਦਿੱਤਾ, ਮੈਂ ਪੜਦਾ ਹਾਂ।
(ਸਾਰੇ ਬੱਚੇ ਫਿਰ ਹੱਸ ਪਏ)
ਮੈਂ : ਤੈਨੂੰ ਪਤਾ ਹੈ ਕਿ ‘ਪੜਦਾ ਹਾਂ’ ਕਹਿਣਾ ਹੈ ਕਿ ‘ਪੜਦੀ ਹਾਂ’ ਕਹਿਣਾ ਹੈਂ ?
ਜੈਦੀਪ ਸਿੰਘ : ਹਾਂ ਜੀ। ਮੁੰਡੇ ਨੂੰ ‘ਪੜਦਾ ਹਾਂ’ ਲੱਗਦਾ ਹੈ ਤੇ ਕੁੜੀ ਨੂੰ ‘ਪੜਦੀ ਹਾਂ’ ਲੱਗਦਾ ਹੈ।
ਮੈਂ : ਥੈਂਕ ਯੂ ਤੁਸੀਂ ਮੈਨੂੰ ਇਕ ਨਵੀਂ ਗੱਲ ਸਿਖਾ ਦਿੱਤੀ। (ਸਾਰੇ ਫਿਰ ਹੱਸ ਪਏ) ਵਾਹ ਜੀ ! ਤੁਸੀਂ ਤਾਂ ਘੜੀਆਂ ਬਹੁਤ ਸੋਹਣੀਆਂ ਬੰਨੀਆਂ ਨੇ।
ਜੈਦੀਪ ਸਿੰਘ : ਇਕੋ ਈ ਘੜੀ ਬੰਨੀ ਐ ਮੈਂ।
ਮੈਂ : ਉਹ ਹਾਂ, ਤੁਸੀਂ ਤਾਂ ਇਕੋ ਈ ਘੜੀ ਬਹੁਤ ਸੋਹਣੀਆਂ ਬੰਨੀਆਂ ਨੇ। (ਫਿਰ ਹਾਸਾ)
ਜੈਦੀਪ ਸਿੰਘ : ਨਹੀਂ ਨਹੀਂ, ਇੱਦਾਂ ਨਈਂ ਕਹਿੰਦੇ। ਇੱਦਾਂ ਕਹਿੰਦੇ ਨੇ ਕਿ ਇਹ ਘੜੀ ਬਹੁਤ ਸੋਹਣੀ ਬੰਨੀ ਹੈ।
ਮੈਂ : ਉਹ ਸੌਰੀ, ਮੈਨੂੰ ਪੰਜਾਬੀ ਬੋਲਣੀ ਭੁੱਲ ਜਾਂਦੀ ਹੈ। ਵਾਹ ਜੀ ਵਾਹ ! ਤੁਸੀਂ ਕੜੇ ਬੜੇ ਸੋਹਣੇ ਪਾਏ ਹੋਏ ਨੇ।
ਜੈਦੀਪ ਸਿੰਘ : (ਪਿਆਰੀ ਜਿਹੀ ਸਮਾਈਲ ਨਾਲ ਮੱਥੇ ’ਤੇ ਫਿਰ ਹੱਥ ਮਾਰ ਕੇ) ਉਹੋ ! ਮੈਂ ਤਾਂ ਇਕ ਕੜਾ ਪਾਇਆ ਹੈ।
ਮੈਂ : ਉਹ ਹਾਂ ਇਹ ਤਾਂ ਇਕ ਕੜਾ ਹੈ। ਮੈਨੂੰ ਤੇਰਾ ਕੜਾ ਬੜੀ ਚੰਗੀ ਲਗਦੀ ਐ।
ਜੈਦੀਪ ਸਿੰਘ : (ਹੱਸ ਕੇ) ਕੜਾ ਚੰਗੀ ਨੀਂ, ਕੜਾ ਚੰਗਾ ਲਗਦਾ ਆ।
ਮੈਂ : ਉਹ ਵਾਹ ਜੀ, ਤੁਹਾਨੂੰ ਤਾਂ ਬਹੁਤ ਵਧੀਆ ਪੰਜਾਬੀ ਬੋਲਣਾ ਆਉਂਦਾ ਆ। (ਫਿਰ ਹਾਸਾ)
ਜੈਦੀਪ ਸਿੰਘ : (ਹੱਸ ਕੇ) ਬੋਲਣਾ ਨੀਂ, ਬੋਲਣੀ ਆਂਦੀ ਐ। ਤੁਹਾਨੂੰ ਤਾਂ ਪੰਜਾਬੀ ਵੀ ਬੋਲਣੀ ਨੀਂ ਆਂਦੀ। ਕੋਈ ਨਾ ਮੈਂ ਤੁਹਾਨੂੰ ਸਿਖਾ ਦਿਆਂਗਾ। (ਇਸ ਗੱਲਬਾਤ ਦੌਰਾਨ ਸਾਰੇ ਹੱਸਦੇ ਰਹੇ।)
ਮੈਂ : ਠੀਕ ਹੈ ਬੇਟਾ ਜੀ, ਮੈਨੂੰ ਜ਼ਰੂਰ ਪੰਜਾਬੀ ਸਿਖਾ ਦੇਣਾ। ਹੁਣ ਤੁਸੀਂ ਬੈਠ ਜਾਉ।
(ਬੱਚਾ ਜੈਦੀਪ ਸਿੰਘ ਬਾਕੀ ਬੱਚਿਆਂ ਵਿਚ ਜਾ ਕੇ ਬੈਠ ਜਾਂਦਾ ਹੈ।)
ਮੈਂ : ਭਾਈ ਗੁਰਜੀਤ ਸਿੰਘ ਜੀ ਅਜ਼ਾਦ ਸਟੇਜ ਤੋਂ ਕਹਿ ਕੇ ਗਏ ਸਨ ਕਿ ਕੋਈ ਐਸਾ ਸੰਗੀਤ ਨਹੀਂ, ਜਿਸ ਵਿਚ ਰਾਗ ਨਾ ਹੋਵੇ। ਮੈਂ ਕਹਿੰਦਾ ਹਾਂ ਕਿ ਕੋਈ ਐਸੀ ਗੱਲਬਾਤ ਨਹੀਂ, ਜਿਸ ਵਿਚ ਵਿਆਕਰਣ ਨਾ ਹੋਵੇ। ਵਿਆਕਰਣ ਸਾਰਿਆਂ ਨੂੰ ਆਉਂਦੀ ਹੈ, ਇਸ ਕਰਕੇ ਜੈਦੀਪ ਸਿੰਘ ਨੂੰ ਪਤਾ ਹੈ ਕਿ ‘ਮੈਂ ਪੜਦਾ ਹਾਂ’ ਨਹੀਂ ਕਹਿਣਾ, ‘ਮੈਂ ਪੜਦੀ ਹਾਂ’ ਕਹਿਣਾ ਹੈ।
(ਸਾਰੇ ਬੱਚੇ ਹੱਸਦੇ ਹਨ ਤੇ ਬੱਚਿਆਂ ਵਿਚੋਂ ਹੀ ਜੈਦੀਪ ਸਿੰਘ ਦੀ ਉਚੀ ਅਵਾਜ਼ ਆਉਂਦੀ ਹੈ)
ਜੈਦੀਪ ਸਿੰਘ : ਮੈਂ ਪੜਦਾ ਹਾਂ। ਮੈਂ ਮੁੰਡਾ ਹਾਂ। (ਸਾਰੇ ਬੱਚੇ ਫਿਰ ਹੱਸਦੇ ਹਨ)
ਮੈਂ : ਜੈਦੀਪ ਸਕੂਲ ਵਿਚ ਪੜਦੀ ਹੈ ਤੇ ਜੈਦੀਪ ਸਿੰਘ ਦਾ ਤਾਂ ਕੜਾ ਵੀ ਬਹੁਤ ਸੋਹਣੀ ਹੈ।
ਸਾਰੇ ਬੋਲਦੇ ਹਨ : ਨਹੀਂ ਜੀ, ਜੈਦੀਪ ਸਿੰਘ ਸਕੂਲ ਪੜਦਾ ਹੈ ਤੇ ਉਸ ਦਾ ਕੜਾ ਵੀ ਬਹੁਤ ਸੋਹਣਾ ਹੈ।
ਮੈਂ : ਬਿਲਕੁਲ ਠੀਕ। ਪੁਲਿੰਗ ਵਾਸਤੇ ‘ਪੜਦਾ’ ਲੱਗੇਗਾ ਤੇ ਇਸਤਰੀ ਲਿੰਗ ਵਾਸਤੇ ‘ਪੜਦੀ’ ਲੱਗੇਗਾ। ਇਸੇ ਤਰ੍ਹਾਂ ਜੇ ਵਿਸ਼ੇਸ਼ਣ ਪੁਲਿੰਗ ਲਈ ਹੈ ਤਾਂ ‘ਸੋਹਣਾ’, ਜੇ ਵਿਸ਼ੇਸ਼ਣ ਇਸਤਰੀ ਲਿੰਗ ਲਈ ਹੈ ਤਾਂ ‘ਸੋਹਣੀ’ ਲੱਗੇਗਾ। ਤੁਹਾਨੂੰ ਤਾਂ ਸਾਰਿਆਂ ਨੂੰ ਪੰਜਾਬੀ ਦੀ ਵਿਆਕਰਣ ਆਉਂਦੀ ਹੈ। ਤੁਹਾਨੂੰ ਤਾਂ ਇਕ ਵਚਨ ਤੇ ਬਹੁ ਵਚਨ ਵੀ ਆਉਂਦੇ ਹੋਣਗੇ। ਚੱਲੋ ਮੈਂ ਤੁਹਾਡਾ ਟੈਸਟ ਲੈਂਦਾ ਹਾਂ। ਤੁਸੀਂ ਬਹੁ ਵਚਨ ਬਣਾਉ। ਕੁਰਸੀ
ਬੱਚੇ : ਕੁਰਸੀਆਂ
ਮੈਂ : ਬਰਫੀ।
ਬੱਚੇ : ਬਰਫੀਆਂ।
ਮੈਂ : ਪਰਦਾ।
ਬੱਚੇ : ਪਰਦੇ।
ਮੈਂ : ਨਹੀਂ ਜੀ, ਪਰਦੀਆਂ। (ਸਾਰੇ ਹਸਦੇ ਹਨ)
ਬੱਚੇ : ਪਰਦਾ ਦਾ ਬਹੁ ਵਚਨ ਪਰਦੇ ਹੁੰਦਾ ਆ।
ਮੈਂ : ਤੀਲਾ।
ਬੱਚੇ : ਤੀਲੇ।
ਮੈਂ : ਨਹੀਂ ਜੀ, ਤੀਲੇ ਦਾ ਬਹੁ ਵਚਨ ਝਾੜੂ ਹੁੰਦਾ ਆ। (ਸਾਰੇ ਫਿਰ ਹਸਦੇ ਹਨ)
ਬੱਚੇ : ਨਹੀਂ ਜੀ ਤੀਲੇ ਹੁੰਦਾ ਆ।
ਮੈਂ : ਚਲੋ ਦੱਸੋ ਪਜਾਮਾ ਇਕ ਵਚਨ ਹੈ ਕਿ ਬਹੁ ਵਚਨ ?
ਬੱਚੇ : ਇਕ ਵਚਨ।
ਮੈਂ : ਨਹੀਂ ਜੀ, ਪਜਾਮਾ ਉਪਰੋਂ ਇਕ ਇਕ ਵਚਨ ਹੁੰਦਾ ਆ ਤੇ ਹੇਠਾਂ ਆ ਕੇ ਬਹੁ ਵਚਨ ਬਣ ਜਾਂਦਾ ਆ। (ਸਾਰੇ ਉੱਚੀ-ਉੱਚੀ ਹਸਦੇ ਹਨ।)
ਇਸ ਤਰ੍ਹਾਂ ਹਲਕੀ-ਫੁਲਕੀ ਗੱਲਬਾਤ ਦੌਰਾਨ ਮੈਂ ਦੱਸਿਆ ਕਿ ਗੁਰਬਾਣੀ ਵਿਆਕਰਣ ਦੇ ਨੇਮ ਸਮਝਾਉਣੇ ਸ਼ੁਰੂ ਕਰ ਦਿੱਤੇ ਤੇ ਥੋੜੇ ਜਿਹੇ ਸਮੇਂ ਵਿਚ ਹੀ ਉਹਨਾਂ ਬੱਚਿਆਂ ਤੇ ਹਾਜ਼ਰ ਸੰਗਤਾਂ ਨੇ ਹੱਸਦੇ-ਹੱਸਦੇ ਹੀ ਗੁਰਬਾਣੀ ਵਿਆਕਰਣ ਦੇ 3 ਕੀਮਤੀ ਨੇਮ ਸਿੱਖ ਲਏ। ਬਾਅਦ ਵਿਚ ਕਈਆਂ ਨੇ ਮੈਨੂੰ ਆ ਕੇ ਕਿਹਾ ਕਿ ਗੁਰਬਾਣੀ ਵਿਆਕਰਣ ਤਾਂ ਬਹੁਤ ਸੌਖੀ ਹੈ। ਸਾਨੂੰ ਇਹ 3 ਨੇਮ ਤਾਂ ਹੁਣ ਕਦੀ ਵੀ ਨਹੀਂ ਭੁੱਲ ਸਕਦੇ। ਇਹ ਇਕ ਨਾਰਮਲ ਜਿਹੀ ਘਟਨਾ ਸੀ, ਜਿਸ ਬਾਰੇ ਮੈਨੂੰ ਕੁੱਝ ਦੱਸਣ ਦੀ ਲੋੜ ਨਹੀਂ ਹੈ। ਇਸ ਲਈ ਮੈਂ ਇਹ ਘਟਨਾ ਦੱਸ ਕੇ ਆਪ ਜੀ ਦਾ ਕੀਮਤੀ ਟਾਈਮ ਵੇਸਟ ਨਹੀਂ ਕਰਾਂਗਾ।
ਸਾਨੂੰ ਇਹ ਕਹਿ ਕੇ ਗੁੰਮਰਾਹ ਕੀਤਾ ਜਾਂਦਾ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਗਾਧ ਬੋਧ ਹੈ। ਇਸ ਨੂੰ ਨਾ ਕੋਈ ਸਮਝ ਸਕਦਾ ਹੈ ਅਤੇ ਨਾ ਹੀ ਇਸ ਉੱਤੇ ਕਿਸੇ ਵਿਆਕਰਣ ਦਾ ਅਸਰ ਹੈ। ਗੁਰਬਾਣੀ ’ਤੇ ਕੋਈ ਵੀ ਵਿਆਕਰਣ ਲਾਗੂ ਨਹੀਂ ਹੁੰਦੀ।
ਅਸਲੀਅਤ ਤਾਂ ਇਹ ਹੈ ਕਿ ਬੱਚੇ ਵੀ ਵਿਆਕਰਣ ਸਿੱਖੇ ਸਿਖਾਏ ਹੀ ਆਉਂਦੇ ਨੇ। ਵਿਆਕਰਣ ਤੋਂ ਬਿਨਾਂ ਤਾਂ ਅਸੀਂ ਸਾਰਥਕ ਵਾਕ ਬੋਲ ਵੀ ਨਹੀਂ ਸਕਦੇ। ਵਿਆਕਰਣ ਤੋਂ ਬਿਨਾਂ ਬੋਲਣਾ ਹੋਵੇ ਤਾਂ ਮੈਨੂੰ ਨਿਰਾਰਥਕ ਕਹਿਣਾ ਪਵੇਗਾ, ‘ਮੈਂ ਵਿਆਕਰਣ ਨੂੰ ਬਿਨਾਂ ਬੋਲ ਰਹੀਆਂ ਸਨ।’ ਗਲਤ ਹੋ ਗਿਆ ਨਾ ? ਮੈਨੂੰ ਵਿਆਕਰਣ ਅਨੁਸਾਰ ਇਹ ਕਹਿਣਾ ਪਵੇਗਾ,‘ਮੈਂ ਵਿਆਕਰਣ ਤੋਂ ਬਿਨਾਂ ਬੋਲ ਰਿਹਾ ਹਾਂ।’
ਇਸੇ ਤਰ੍ਹਾਂ ਵਿਆਕਰਣ ਤੋਂ ਬਿਨਾਂ ਤਾਂ ਅਸੀਂ ਲਿਖ ਵੀ ਨਹੀਂ ਸਕਦੇ। ਕੀ ਲਿਖਾਂਗਾ ਕਿ ‘ਮੈਂ ਵਿਆਕਰਣ ਤੋਂ ਬਿਨਾਂ ਲਿਖਦੀ ਹਾਂ ?’ ਨਹੀਂ ਨਾ ? ਇਹ ਹੀ ਲਿਖਣਾ ਪਵੇਗਾ ਨਾ, ਕਿ ‘ਮੈਂ ਵਿਆਕਰਣ ਤੋਂ ਬਿਨਾਂ ਲਿਖਦਾ ਹਾਂ।’ ਸਪਸ਼ਟ ਹੈ ਕਿ ਕੁਝ ਵੀ ਸਾਰਥਕ ਵਾਕ ਲਿਖਣਾ ਜਾਂ ਬੋਲਣਾ ਹੋਵੇ ਤਾਂ ਵਿਆਕਰਣ ਦੇ ਨੇਮ ਜ਼ਰੂਰ ਲਾਗੂ ਹੁੰਦੇ ਹਨ। ਪੰਜਾਬੀ ਵਿਆਕਰਣ ਤਾਂ ਸਭ ਨੂੰ ਆਉਂਦੀ ਹੀ ਹੈ, ਇਸ ਲਈ ਮੈਂ ਪੰਜਾਬੀ ਦੀ ਵਿਆਕਰਣ ਬਾਰੇ ਵੀ ਅੱਜ ਕੁੱਝ ਨਹੀਂ ਲਿਖਾਂਗਾ।
ਅੱਜ ਤੋਂ ਕੁੱਝ ਦਿਨਾਂ ਬਾਅਦ ਅਸੀਂ ਇਕੀਵੀਂ ਸਦੀ ਦੇ ਤੀਜੇ ਦਹਾਕੇ ਦੇ ਤੀਜੇ ਸਾਲ ਵਿਚ ਕਦਮ ਰੱਖਣ ਵਾਲੇ ਹਾਂ। ਇਸ ਜੁੱਗ ਵਿਚ ਅਸੀਂ ਇੰਨੇ ਸਿਆਣੇ ਹਾਂ ਕਿ ਜੇ ਕੁੱਝ ਖਰੀਦ ਕੇ ਖਾਣਾ ਹੋਵੇ ਤਾਂ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਅਸੀਂ ਕੀ ਖਾ ਰਹੇ ਹਾਂ। ਇਸ ਵਿਚ ਕਿੰਨੀ ਸ਼ੂਗਰ ਹੈ, ਕਿੰਨਾ ਸਾਲਟ ਹੈ, ਕਿੰਨੀ ਫੈਟ ਹੈ, ਕਿੰਨੀ ਕੈਲੋਰੀਜ਼ ਹਨ। ਕੋਈ ਕੱਪੜਾ ਪਹਿਨਣਾ ਹੈ ਤਾਂ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਇਸ ਵਿਚ ਕਿੰਨੀ ਕੌਟਨ ਹੈ ਤੇ ਕਿੰਨੀ ਪੌਲਿਸਟਰ ਹੈ। ਕੋਈ ਫ਼ੋਨ ਜਾਂ ਕੰਪਿਊਟਰ ਵੀ ਲੈਣਾ ਹੋਵੇ ਤਾਂ ਅਸੀਂ ਉਸ ਦੇ ਸਾਰੇ ਫੀਚਰਜ਼ ਜਾਣਨਾ ਚਾਹੁੰਦੇ ਹਾਂ। ਹੋਰ ਛੱਡੋ, ਇਕ ਆਟੇ ਦਾ ਬੈਗ ਹੀ ਲੈਣਾ ਹੋਵੇ ਤਾਂ ਅਸੀਂ ਜਾਣਨਾ ਚਾਹੁੰਦੇ ਹਾਂ ਕਿ 10 ਰੁਪਏ ਸਸਤਾ ਕਿੱਥੋਂ ਮਿਲਦਾ ਹੈ, ਅਸੀਂ ਉੱਥੋਂ ਲੈਣ ਚਲੇ ਜਾਂਦੇ ਹਾਂ।
ਦੁਨੀਆਵੀ ਤੌਰ ’ਤੇ ਅਸੀਂ ਬਹੁਤ ਸਿਆਣੇ ਹੋ ਗਏ ਹਾਂ ਪਰ ਧਰਮ ਦੀ ਦੁਨੀਆਂ ਵਿਚ ਬਹੁਤ ਪਿੱਛੇ ਰਹਿ ਗਏ ਹਾਂ। ਸਿੱਖ ਜਪੁ ਜੀ ਸਾਹਿਬ ਦਾ ਪਾਠ ਤਾਂ ਕਈ ਸਾਲਾਂ ਤੋਂ ਕਰ ਰਿਹਾ ਹੈ ਪਰ ਜਾਣਨਾ ਨਹੀਂ ਚਾਹੁੰਦਾ ਕਿ ਇਸ ਵਿਚ ਹੈ ਕੀ ? ਇਹ ਨਹੀਂ ਜਾਣਨਾ ਚਾਹੁੰਦਾ ਕਿ ਜਪੁ ਜੀ ਸਾਹਿਬ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਮੈਨੂੰ ਕੀ ਸਮਝਾ ਰਹੇ ਹਨ। ਅਸੀਂ ਰੋਜ਼ ਪੜ੍ਹ ਰਹੇ ਹਾਂ : ਸੁਅਸਤਿ ਆਥਿ ਬਾਣੀ ਬਰਮਾਉ॥ ਸਤਿ ਸੁਹਾਣੁ ਸਦਾ ਮਨਿ ਚਾਉ॥ ਪਰ ਅਜੇ ਤੱਕ ਸਾਨੂੰ ਇਹ ਨਹੀਂ ਪਤਾ ਕਿ ‘ਸੁਅਸਤਿ’ ਦਾ ਕੀ ਅਰਥ ਹੈ। ‘ਆਥਿ’ ਕਿਸ ਨੂੰ ਕਹਿੰਦੇ ਨੇ। ‘ਬਾਣੀ ਬਰਮਾਉ’ ਇਕੱਠਾ ਪੜ੍ਹਨਾ ਹੈ ਜਾਂ ਅਲੱਗ ਅਲੱਗ। ‘‘ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ॥’’ ਇਸ ਤੁੱਕ ਵਿਚ ‘ਭੁਗਤਿ’ ਕਿਸ ਨੂੰ ਆਖਦੇ ਹਨ। ‘‘ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ॥’’ ਇਹ ‘ਆਈ ਪੰਥ’ ਕਿਹੜਾ ਹੈ। ‘‘ਕੇਤੀ ਦਾਤਿ ਜਾਣੈ ਕੌਣੁ ਕੂਤੁ॥’’ ਇੱਥੇ ‘ਕੂਤ’ ਕਿਸ ਨੂੰ ਕਿਹਾ ਗਿਆ ਹੈ ?
ਜਪੁ ਜੀ ਸਾਹਿਬ ਦਾ ਪਾਠ ਕਰਨਾ ਮੁਬਾਰਕ ਹੈ ਪਰ ਇਕ ਸਾਲ ਬਾਅਦ ਤਾਂ ਬੱਚਾ ਵੀ ਆਪਣੀ ਕਲਾਸ ਬਦਲ ਲੈਂਦਾ ਹੈ। ਉਸ ਦਾ ਸਿਲੇਬਸ ਵੀ ਇਕ ਸਾਲ ਬਾਅਦ ਬਦਲ ਜਾਂਦਾ ਹੈ। ਲੱਗਦਾ ਹੈ ਕਿ ਅਸੀਂ ਤਾਂ ਪਿਛਲੇ ਕਈ ਸਾਲਾਂ ਤੋਂ ਇੱਕੋ ਕਲਾਸ ਵਿਚ ਹੀ ਬੈਠੇ ਹਾਂ। ਗੁਰਬਾਣੀ ਦੇ ਪਾਠ ਤੋਂ ਅਗਲੀ ਕਲਾਸ ਗੁਰਬਾਣੀ ਦੇ ਅਰਥ ਸਮਝਣ ਦੀ ਵੀ ਹੈ। ਉਸ ਤੋਂ ਅਗਲੀ ਕਲਾਸ ਗੁਰਬਾਣੀ ਦੀ ਵੀਚਾਰ ਦੀ ਵੀ ਹੈ। ਫਿਰ ਉਸ ਤੋਂ ਅਗਲੀ ਕਲਾਸ ਗੁਰਬਾਣੀ ਦੇ ਉਪਦੇਸ਼ ਅਨੁਸਾਰ ਜ਼ਿੰਦਗੀ ਜਿਊਣ ਦੀ ਵੀ ਹੈ।
ਗੁਰਬਾਣੀ ਵਿਆਕਰਣ ਇਕ ਉਹ ਸਾਧਨ ਹੈ, ਜਿਸ ਰਾਹੀਂ ਅਸੀਂ ਲਗਭਗ 500 ਸਾਲ ਪਹਿਲਾਂ ਦੀ ਭਾਖਾ, ਬੋਲੀ ਅਤੇ ਗੁਰੂ ਸਾਹਿਬ ਜੀ ਦੇ ਜ਼ਮਾਨੇ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੋਈ ਗੁਰਬਾਣੀ ਨੂੰ ਸਮਝ ਸਕਦੇ ਹਾਂ। ਗੁਰਬਾਣੀ ਵਿਆਕਰਣ ਦੇ ਨੇਮਾਂ ਨੂੰ ਸਿੱਖ ਕੇ ਗੁਰਬਾਣੀ ਦਾ ਪਾਠ ਕਰਦਿਆਂ ਸਹਿਜੇ ਹੀ ਅਰਥਾਂ ਦੀ ਸਮਝ ਪੈ ਜਾਂਦੀ ਹੈ। ਗੁਰਬਾਣੀ ਨੂੰ ਸਮਝਣ ਦੇ ਸਾਨੂੰ 2 ਫਾਇਦੇ ਹੋਣਗੇ। ਇਕ ਤਾਂ ਸਾਡਾ ਡੋਲਦਾ-ਭਟਕਦਾ ਮਨ ਗੁਰਬਾਣੀ ਨਾਲ ਜੁੜ ਕੇ ਇਕਾਗਰ ਹੋ ਜਾਵੇਗਾ। ਦੂਜਾ ਸਾਨੂੰ ਸਤਿਗੁਰੂ ਜੀ ਦੇ ਉਪਦੇਸ਼ ਦੀ ਸਮਝ ਪੈ ਜਾਵੇਗੀ। ਅਸੀਂ ਗਿਆਨਵਾਨ ਬਣ ਜਾਵਾਂਗੇ। ਗੁਰਬਾਣੀ ਦਾ ਫ਼ੁਰਮਾਣ ਹੈ ਕਿ ਕੋਈ ਵਿਰਲਾ ਗੁਰਸਿੱਖ ਗੁਰ ਸ਼ਬਦ ਦੀ ਵੀਚਾਰ ਕਰਦਾ ਹੈ। ਜੋ ਸ਼ਬਦ ਦੀ ਵੀਚਾਰ ਕਰਦਾ ਹੈ, ਉਹ ਆਪ ਵੀ ਤਰ ਜਾਂਦਾ ਹੈ ਅਤੇ ਆਪਣੀਆਂ ਸਾਰੀਆਂ ਕੁੱਲਾਂ ਦਾ ਉਧਾਰ ਵੀ ਕਰ ਦਿੰਦਾ ਹੈ ‘‘ਵਿਰਲਾ ਕੋ ਪਾਏ ਗੁਰ ਸਬਦਿ ਵੀਚਾਰਾ॥ ਆਪਿ ਤਰੈ ਸਗਲੇ ਕੁਲ ਉਧਾਰਾ॥’’
ਅਖੀਰ ਵਿਚ ਇਹ ਕਹਿਣ ਦੀ ਲੋੜ ਹੀ ਨਹੀਂ ਹੈ, ਸਾਰੇ ਜਾਣਦੇ ਹੀ ਹਨ ਕਿ ਪ੍ਰਿੰ: ਤੇਜਾ ਸਿੰਘ ਜੀ, ਪ੍ਰੋ: ਸਾਹਿਬ ਸਿੰਘ ਜੀ, ਪੰਡਿਤ ਕਰਤਾਰ ਸਿੰਘ ਦਾਖਾ, ਭਾਈ ਰਣਧੀਰ ਸਿੰਘ ਜੀ ਹੋਰਾਂ ਦੀ ਗੁਰਬਾਣੀ ਵਿਆਕਰਣ ਦੇ ਖੇਤਰ ਵਿਚ ਕੌਮ ਨੂੰ ਬਹੁਤ ਵੱਡੀ ਦੇਣ ਹੈ। ਬਾਬਾ ਗੁਰਬਚਨ ਸਿੰਘ (ਜਥਾ ਭਿੰਡਰ ਕਲਾਂ), ਭਾਈ ਹਰਬੰਸ ਸਿੰਘ ਜੀ ਵੱਲੋਂ ਗੁਰਬਾਣੀ ਉਚਾਰਣ ਸੇਧਾਂ ਵਿਚ ਮਹਾਨ ਯੋਗਦਾਨ ਪਾਇਆ ਗਿਆ ਹੈ। ਮਿਸ਼ਨਰੀ ਕਾਲਜਾਂ ਦੀਆਂ ਵਿਆਕਰਣਿਕ ਨੇਮਾਂ ਦੀਆਂ ਬਹੁਤ ਸਾਰੀਆਂ ਕੀਮਤੀ ਪੁਸਤਕਾਂ ਨੇ ਤਾਂ ਗੁਰਬਾਣੀ ਵਿਆਕਰਣ ਖੇਤਰ ਵਿਚ ਕ੍ਰਾਂਤੀ ਲਿਆ ਦਿੱਤੀ ਹੈ। ਅਜੋਕੇ ਸਮੇਂ ਵਿਚ ਗੁਰਬਾਣੀ ਵਿਆਕਰਣ ਦੇ ਕੌਮੀ ਵਿਦਵਾਨ ਪ੍ਰੋ: ਮਨਿੰਦਰਪਾਲ ਸਿੰਘ ਜੀ ’ਤੇ ਸਾਰੀ ਕੌਮ ਨੂੰ ਅਥਾਹ ਮਾਣ ਹੈ। ਲਗਾਤਾਰ ਪਿੱਛਲੇ 28 ਸਾਲਾਂ ਤੋਂ ਇਹਨਾਂ ਸਭਨਾਂ ਪਾਸੋਂ ਕਿਣਕਾ-ਕਿਣਕਾ ਲੈ ਕੇ ਮੈਂ ਜੋ ਕੁਝ ਗੁਰਬਾਣੀ ਵਿਆਕਰਣ ਬਾਰੇ ਸਮਝ ਸਕਿਆ ਹਾਂ, ਉਸ ਦੀ ਲੜੀਵਾਰ ਵੀਚਾਰ ਹਰ ਮਹੀਨੇ ਆਪ ਜੀ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗਾ। ‘ਸਰਲ ਗੁਰਬਾਣੀ ਵਿਆਕਰਣ’ ਦੀ ਲੜੀਵਾਰ ਵੀਚਾਰ ਵਿਚ ਅਸੀਂ ਘਰ ਬੈਠਿਆਂ ਹੀ ਬਹੁਤ ਸੌਖੇ ਤਰੀਕੇ ਨਾਲ ਗੁਰਬਾਣੀ ਦੇ ਨੇਮ ਸਮਝਣ ਦਾ ਜਤਨ ਕਰਾਂਗੇ। ਆਪ ਜੀ ਆਪਣੀਆਂ ਡਾਇਰੀਆਂ ’ਤੇ ਨੋਟਸ ਲਿਖਣ ਲਈ ਹੁਣੇ ਤੋਂ ਕਮਰ ਕੱਸ ਲਵੋ ਜੀ।
—–ਚਲਦਾ—-
ਕਾਹੇ ਰੇ ਮਨ ! ਚਿਤਵਹਿ ਉਦਮੁ ?
ਕਾਹੇ ਰੇ ਮਨ ! ਚਿਤਵਹਿ ਉਦਮੁ ?
ਗਿਆਨੀ ਅਵਤਾਰ ਸਿੰਘ
ਰਾਗੁ ਗੂਜਰੀ ਮਹਲਾ ੫ ॥
ਕਾਹੇ ਰੇ ਮਨ ! ਚਿਤਵਹਿ ਉਦਮੁ; ਜਾ ਆਹਰਿ ਹਰਿ ਜੀਉ ਪਰਿਆ ॥
ਸੈਲ ਪਥਰ ਮਹਿ ਜੰਤ ਉਪਾਏ; ਤਾ ਕਾ ਰਿਜਕੁ ਆਗੈ ਕਰਿ ਧਰਿਆ ॥੧॥
ਮੇਰੇ ਮਾਧਉ ਜੀ ! ਸਤਸੰਗਤਿ ਮਿਲੇ, ਸੁ ਤਰਿਆ ॥
ਗੁਰ ਪਰਸਾਦਿ ਪਰਮ ਪਦੁ ਪਾਇਆ; ਸੂਕੇ ਕਾਸਟ ਹਰਿਆ ॥੧॥ ਰਹਾਉ ॥
ਜਨਨਿ, ਪਿਤਾ, ਲੋਕ, ਸੁਤ, ਬਨਿਤਾ; ਕੋਇ ਨ ਕਿਸ ਕੀ ਧਰਿਆ ॥
ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ; ਕਾਹੇ ਮਨ ! ਭਉ ਕਰਿਆ ॥੨॥
ਊਡੇ ਊਡਿ, ਆਵੈ ਸੈ ਕੋਸਾ; ਤਿਸੁ ਪਾਛੈ ਬਚਰੇ ਛਰਿਆ ॥
ਤਿਨ ਕਵਣੁ ਖਲਾਵੈ; ਕਵਣੁ ਚੁਗਾਵੈ; ਮਨ ਮਹਿ ਸਿਮਰਨੁ ਕਰਿਆ ॥੩॥
ਸਭਿ ਨਿਧਾਨ, ਦਸ ਅਸਟ ਸਿਧਾਨ; ਠਾਕੁਰ ਕਰ ਤਲ ਧਰਿਆ ॥
ਜਨ ਨਾਨਕ ! ਬਲਿ ਬਲਿ ਸਦ ਬਲਿ ਜਾਈਐ; ਤੇਰਾ ਅੰਤੁ ਨ ਪਾਰਾਵਰਿਆ ॥੪॥੫॥
(ਸੋ ਦਰੁ ਗੂਜਰੀ/ਮਹਲਾ ੫/੧੦)
ਵਿਚਾਰ ਅਧੀਨ ਸ਼ਬਦ ਪੰਜਵੇਂ ਪਾਤਸ਼ਾਹ ਜੀ ਦੁਆਰਾ ਉਚਾਰਿਆ ਗਿਆ ਹੈ, ਜਿਸ ਦੇ ਚਾਰ ਬੰਦ ਅਤੇ ਇੱਕ ‘ਰਹਾਉ’ ਤੁਕ ਹੈ। ਇਸ ਵਿੱਚ ਪੂਰੇ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ; ਜਿਵੇਂ ਕਿ ‘‘ਮੇਰੇ ਮਾਧਉ ਜੀ ! ਸਤਸੰਗਤਿ ਮਿਲੇ, ਸੁ ਤਰਿਆ ॥ ਗੁਰ ਪਰਸਾਦਿ ਪਰਮ ਪਦੁ ਪਾਇਆ; ਸੂਕੇ ਕਾਸਟ ਹਰਿਆ ॥੧॥ ਰਹਾਉ ॥ ਅਰਥ : ਹੇ ਮਾਇਆ ਦੇ ਪਤੀ (ਪ੍ਰਭੂ) ਜੀ ! ਜੋ ਮਨੁੱਖ, ਗੁਰੂ ਦੀ ਕਿਰਪਾ ਨਾਲ਼ ਸਤਸੰਗਤਿ ਵਿੱਚ ਮਿਲ ਬੈਠਦੇ ਹਨ, ਉਨ੍ਹਾਂ ਦਾ ਮੁਰਝਾਇਆ ਹੋਇਆ ਹਿਰਦਾ (ਸੰਗਤ ’ਚ ਮਿਲ ਕੇ) ਖਿੜ ਗਿਆ ਅਤੇ ਸਭ ਤੋਂ ਉੱਚਾ ਰੁਤਬਾ ਹਾਸਲ ਕਰ ਲਿਆ। ਉਹ (ਸਤਿਸੰਗੀ; ਮਾਇਆ ਤੋਂ) ਤਰ ਗਿਆ॥ਰਹਾਉ॥
‘ਰਹਾਉ’ ਤੁਕ ’ਚ ਰੱਬ ਲਈ ‘ਮਾਧਉ’ ਸ਼ਬਦ ਵਰਤਿਆ ਹੈ ਕਿਉਂਕਿ ਪੂਰੇ ਸ਼ਬਦ ’ਚ ‘ਮਨ’ ਨੂੰ ‘ਮਾਇਆ’ ਤੋਂ ਮੁਕਤ ਕਰਨਾ ਹੈ। ਸ਼ਬਦ ਦੇ ਪਹਿਲੇ ਬੰਦ ’ਚ ਅੱਧੀ ਤੁਕ ਹੈ ‘‘ਕਾਹੇ ਰੇ ਮਨ ! ਚਿਤਵਹਿ ਉਦਮੁ; ਜਾ ਆਹਰਿ ਹਰਿ ਜੀਉ ਪਰਿਆ ॥’’ ਅਰਥ : ਹੇ ਮਨ ! (ਮਾਇਆ ਲਈ) ਤੂੰ ਨਿੱਤ ਨਵਾਂ-ਨਵਾਂ ਯਤਨ/ਹੀਲਾ ਕਿਉਂ ਸੋਚਦਾ ਹੈਂ, ਨਵੀਂ ਸਕੀਮ ਕਿਉਂ ਘੜਦਾ ਰਹਿੰਦਾ ਹੈਂ ? (ਜਗਤ ਨੂੰ ਪਾਲਣ ਵਾਲ਼ੀ) ਜਿਸ ਸਕੀਮ (ਕਾਰ) ਵਿੱਚ ਹਰੀ-ਮਾਲਕ ਪਹਿਲਾਂ ਤੋਂ ਆਪ ਹੀ ਨਿਰੰਤਰ ਲੱਗਿਆ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ‘ਜਪੁ’ ਬਾਣੀ ਦੀ 29ਵੀਂ ਪਉੜੀ ’ਚ ਵੀ ਇਹੀ ਸਮਝਾ ਰਹੇ ਹਨ ‘‘ਸੰਜੋਗੁ ਵਿਜੋਗੁ ਦੁਇ, ਕਾਰ ਚਲਾਵਹਿ; ਲੇਖੇ ਆਵਹਿ ਭਾਗ …..॥੨੯॥ (ਜਪੁ) ਯਾਨੀ ਮਾਲਕ ਦੀ ਸੰਜੋਗ ਸੱਤਾ (ਜੀਵਾਂ ਦੇ ਪਰਵਾਰਿਕ ਸੰਬੰਧ ਬਣਾਨ ਵਾਲ਼ੀ ਕੜੀ) ਅਤੇ ਵਿਜੋਗ ਸੱਤਾ (ਪਰਵਾਰਿਕ ਸੰਬੰਧ ਤੋੜਨ/ਮਾਰਨ ਵਾਲ਼ੀ ਕੜੀ) ਦੋਵੇਂ ਮਿਲ ਕੇ ਜਗਤ-ਕਾਰ ਚਲਾ ਰਹੀਆਂ ਹਨ ਅਤੇ ਜੀਵਾਂ ਦੇ ਨਸੀਬ ਮੁਤਾਬਕ ਹਰੇਕ ਦੇ ਹਿੱਸੇ ਭਾਗ (ਦੁੱਖ-ਸੁੱਖ) ਆਉਂਦੇ ਹਨ।
ਨੋਟ : ਉਕਤ ਤੁਕ ਦੇ ਅਰਥ ਕਰਦਿਆਂ ਦੋ ਗੱਲਾਂ ਵੱਲ ਵਿਸ਼ੇਸ਼ ਧਿਆਨ ਦੇਣਾ ਹੈ (ੳ). ‘ਉਦਮੁ’ ਦਾ ਅਰਥ ‘ਉਦਮ ਲਈ’ (ਸੰਪਰਦਾਨ ਕਾਰਕ) ਨਹੀਂ ਕਰਨਾ, ਨਹੀਂ ਤਾਂ ‘ਉਦਮੁ’; ਗੁਰਬਾਣੀ ਲਿਖਤ ਮੁਤਾਬਕ ਅੰਤ ਮੁਕਤ (ਉਦਮ) ਹੋਣਾ ਸੀ। (ਅ). ‘ਉਦਮੁ’ ਦਾ ਅਰਥ ਓਹੀ ਕਰਨਾ ਹੈ, ਜੋ ‘ਆਹਰਿ’ ਦਾ ਹੈ ਕਿਉਂਕਿ ਜੋ ਸਕੀਮ ਮਨ ਬਣਾਉਂਦਾ ਹੈ ਓਹੀ ਸਕੀਮ ਕਰਨਾ; ਰੱਬ ਦਾ ਕਾਰਜ-ਖੇਤਰ ਸਾਬਤ ਕਰਨਾ ਹੈ। ਚੇਤੇ ਰਹੇ ਕਿ ‘ਆਹਰਿ’ ਦਾ ਅਰਥ ‘ਅਹਾਰ’ ਜਾਂ ‘ਆਹਾਰ’ ਨਹੀਂ ਕਿਉਂਕਿ ਇਨ੍ਹਾਂ ਦਾ ਅਰਥ ਹੈ ‘ਭੋਜਨ, ਖ਼ੁਰਾਕ’; ਜਿਵੇਂ ਕਿ ‘‘ਜੀਅ ਜੰਤ (ਨੂੰ) ਦੇਵੈ ਆਹਾਰ ॥ (ਮਹਲਾ ੫/੧੧੪੮), ਦੇਇ (ਕੇ) ਅਹਾਰੁ ਅਗਨਿ ਮਹਿ (ਗਰਭ ’ਚ) ਰਾਖੈ; ਐਸਾ ਖਸਮੁ ਹਮਾਰਾ ॥’’ (ਭਗਤ ਧੰਨਾ/੪੮੮)
‘ਰਹਾਉ’ ਤੁਕ ਅਤੇ ਪਹਿਲੇ ਬੰਦ ਦੀ ਉਕਤ ਅੱਧੀ ਤੁਕ ਤੋਂ ਇਲਾਵਾ ਇਸ ਸ਼ਬਦ ਦਾ ਅੰਤਮ ਚੌਥਾ ਬੰਦ ‘‘ਸਭਿ ਨਿਧਾਨ, ਦਸ ਅਸਟ ਸਿਧਾਨ; ਠਾਕੁਰ ਕਰ ਤਲ ਧਰਿਆ ॥ ਜਨ ਨਾਨਕ ! ਬਲਿ ਬਲਿ ਸਦ ਬਲਿ ਜਾਈਐ; ਤੇਰਾ ਅੰਤੁ ਨ ਪਾਰਾਵਰਿਆ ॥੪॥’’ ਸਮਝਾਉਣ ਲਈ ਹੀ ਗੁਰੂ ਸਾਹਿਬ ਨੇ ਇਹ ਸ਼ਬਦ ਉਚਾਰਿਆ ਹੈ, ਬਾਕੀ ਪੂਰਾ ਸ਼ਬਦ ਤਾਂ ਮਨੁੱਖ ਦੇ ਪੰਜ ਗਿਆਨ ਇੰਦ੍ਰਿਆਂ (ਅੱਖ, ਕੰਨ, ਨੱਕ, ਜੀਭ, ਤ੍ਵਚਾ) ਨੂੰ ਤਸੱਲੀ ਕਰਾਉਣ ਲਈ ਸਮਾਜਿਕ ਮਿਸਾਲਾਂ ਹੀ ਦਿੱਤੀਆਂ ਹਨ। ਇਨ੍ਹਾਂ ਉਦਾਹਰਨਾਂ ਰਾਹੀਂ ਅਸਲ ਗੁਰਮਤਿ ’ਤੇ ਭਰੋਸਾ ਕਰਨਾ ਹੈ, ਨਾ ਕਿ ਉਸ ਉੱਤੇ ਵੀ ਗਿਆਨ-ਇੰਦ੍ਰਿਆਂ ਰਾਹੀਂ ਕਿੰਤੂ-ਪਰੰਤੂ ਕਰਨਾ ਹੈ।
ਪਹਿਲੇ ਬੰਦ ਦੀ ਬਾਕੀ ਅੱਧੀ ਤੁਕ ’ਚ ਪਹਿਲੀ ਮਿਸਾਲ ਹੈ ‘‘ਸੈਲ ਪਥਰ ਮਹਿ ਜੰਤ ਉਪਾਏ; ਤਾ ਕਾ ਰਿਜਕੁ ਆਗੈ ਕਰਿ ਧਰਿਆ ॥੧॥’’ ਅਰਥ : (ਹੇ ਮਨ ! ਵੇਖ; ਜਿਵੇਂ) ਪੱਥਰ-ਚਟਾਨ ਵਿੱਚ ਜੀਵ-ਜੰਤ ਪੈਦਾ ਕੀਤੇ ਹੁੰਦੇ ਹਨ, ਉਨ੍ਹਾਂ ਦਾ ਰਿਜ਼ਕ (ਮਾਇਆ ਦੇ ਪਤੀ ਨੇ ਉਨ੍ਹਾਂ ਦੇ ਪੈਦਾ ਹੋਣ ਤੋਂ) ਪਹਿਲਾਂ ਹੀ (ਪੱਥਰ ਰੂਪ ’ਚ) ਬਣਾ ਰੱਖਿਆ ਹੁੰਦਾ ਹੈ।
ਨੋਟ : ਇਸ ਤੁਕ ’ਚ ‘ਆਗੈ’ ਦਾ ਅਰਥ ਹੈ ‘ਪਹਿਲਾਂ’; ਜਿਵੇਂ ਕਿ ‘ਨਗਰ-ਕੀਰਤਨ ਦੇ ਅੱਗੇ-ਅੱਗੇ ਸਫ਼ਾਈ ਕਰੋ।, ਬਰਾਤ ਦੇ ਅੱਗੇ-ਅੱਗੇ ਬਿਸਤਰੇ ਲਗਾਓ ਯਾਨੀ ਉਨ੍ਹਾਂ ਦੇ ਆਉਣ ਤੋਂ ਪਹਿਲਾਂ-ਪਹਿਲਾਂ, ਮੂਹਰੇ-ਮੂਹਰੇ ਇਹ ਕੰਮ ਕਰਨਾ ਹੈ। ਪੰਜਵੇਂ ਪਾਤਸ਼ਾਹ ਜੀ ਦਾ ਹੀ ਬਚਨ ਹੈ ਕਿ ‘‘ਪਹਿਲੋ ਦੇ ਤੈਂ ਰਿਜਕੁ ਸਮਾਹਾ ॥ ਪਿਛੋ ਦੇ ਤੈਂ ਜੰਤੁ ਉਪਾਹਾ ॥ ਤੁਧੁ ਜੇਵਡੁ ਦਾਤਾ ਅਵਰੁ ਨ ਸੁਆਮੀ ! ਲਵੈ ਨ ਕੋਈ ਲਾਵਣਿਆ ॥’’ (ਮਹਲਾ ੫/੧੩੦) ਅਰਥ : ਹੇ ਸੁਆਮੀ ! (ਇੱਥੇ ਵੀ ਰੱਬ ਨੂੰ ਮਾਲਕ ਸਿੱਧ ਕਰਨ ਲਈ ‘ਸੁਆਮੀ’ ਸ਼ਬਦ ਵਰਤਿਆ) ਤੈਂ, ਜੀਵ ਨੂੰ ਪੈਦਾ ਕਰਨ ਤੋਂ ਪਹਿਲਾਂ (ਉਸ ਦਾ) ਰਿਜ਼ਕ ਬਣਾਇਆ, ਫਿਰ (ਉਹ) ਪੈਦਾ ਕੀਤਾ ਹੈ। ਤੇਰੇ ਵਰਗਾ ਐਸਾ ਸਮਰੱਥ ਦਾਤਾ ਹੋਰ ਕੋਈ ਨਹੀਂ, ਜਿਸ ਨੂੰ ਤੇਰੇ ਬਰਾਬਰ ਰੱਖਿਆ ਜਾਵੇ।
ਸ਼ਬਦ ਦੇ ਦੂਜੇ ਬੰਦ ’ਚ ਅਗਲੀ ਮਿਸਾਲ ਹੈ ‘‘ਜਨਨਿ, ਪਿਤਾ, ਲੋਕ, ਸੁਤ, ਬਨਿਤਾ; ਕੋਇ ਨ ਕਿਸ ਕੀ ਧਰਿਆ ॥ ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ; ਕਾਹੇ ਮਨ ! ਭਉ ਕਰਿਆ ॥੨॥ ਅਰਥ : ਹੇ ਮਨ ! ਮਾਤਾ, ਪਿਤਾ, ਸਮਾਜ-ਰਿਸ਼ਤੇਦਾਰ, ਪੁੱਤਰ, ਪਤਨੀ ਆਦਿ ਕੋਈ ਕਿਸੇ ਦਾ ਆਸਰਾ-ਸਹਾਰਾ (ਰਿਜ਼ਕ ਦੇਣ ਵਾਲ਼ਾ) ਨਹੀਂ। ਕੇਵਲ ਠਾਕੁਰੁ (ਇੱਥੇ ਵੀ ‘ਠਾਕੁਰੁ’ ਭਾਵ ਮਾਲਕ) ਹੀ ਹਰ ਇੱਕ ਦੇ ਜ਼ਿੰਮੇ (ਸਿਰ ’ਤੇ) ਰਿਜ਼ਕ ਅਪੜਾਉਂਦਾ ਹੈ, ਇਸ ਲਈ ਤੂੰ ਕਿਉਂ ਘਬਰਾਉਂਦਾ ਹੈਂ ?
ਸ਼ਬਦ ਦੇ ਤੀਜੇ ਬੰਦ ’ਚ ਅਗਲੀ ਮਿਸਾਲ ਹੈ ‘‘ਊਡੇ ਊਡਿ, ਆਵੈ ਸੈ ਕੋਸਾ; ਤਿਸੁ ਪਾਛੈ ਬਚਰੇ ਛਰਿਆ ॥ ਤਿਨ ਕਵਣੁ ਖਲਾਵੈ; ਕਵਣੁ ਚੁਗਾਵੈ; ਮਨ ਮਹਿ ਸਿਮਰਨੁ ਕਰਿਆ ॥੩॥ ਅਰਥ : ਹੇ ਮਨ ! ਵੇਖ; ਜਿਵੇਂ ਕੂੰਜ ਉੱਡ-ਉੱਡ ਕੇ (ਆਪਣੇ ਬੱਚਿਆਂ ਤੋਂ) ਸੈਂਕੜੇ ਕੋਹ ਦੂਰ ਆ ਜਾਂਦੀ ਹੈ। ਉਸ ਨੇ ਆਪਣੇ ਬੱਚੇ ਪਿੱਛੇ ਛੱਡੇ ਹੁੰਦੇ ਹਨ। ਉਨ੍ਹਾਂ ਨੂੰ ਕੌਣ ਖਵਾਉਂਦਾ ਹੈ ? ਕੌਣ ਚੋਗਾ ਦਿੰਦਾ ਹੈ ? (ਕੂੰਜ; ਆਪਣੇ) ਮਨ ਵਿੱਚ (ਕੇਵਲ ਉਨ੍ਹਾਂ ਨੂੰ) ਯਾਦ ਕਰਦੀ ਹੈ (ਜੋ ਉਨ੍ਹਾਂ ਲਈ ਖ਼ੁਰਾਕ ਬਣਾ ਜਾਂਦੀ ਹੈ)।
ਅਧਿਆਪਕ ਬੱਚਿਆਂ ਨੂੰ ਕੋਈ ਸਿਲੇਬਸ ਸਰਲ ਕਰਨ ਲਈ ਇੱਕ ਦੋ ਮਿਸਾਲਾਂ ਦਿੰਦਾ ਹੈ ਜਾਂ ਵੱਧ ਤੋਂ ਵੱਧ ਤਿੰਨ। ਜ਼ਰੂਰਤ ਤੋਂ ਵੱਧ ਮਿਸਾਲ ਦੇਣ ਨਾਲ਼ ਅਸਲ ਵਿਸ਼ਾ ਦੱਬ ਜਾਂਦਾ ਹੈ, ਸਪਸ਼ਟ ਨਹੀਂ ਹੁੰਦਾ ਕਿਉਂਕਿ ਮਿਸਾਲ; ਵਿਸ਼ਾ ਬਣ ਚੁੱਕੀ ਹੁੰਦੀ ਹੈ। ਸੋ ਉਕਤ ਤਿੰਨ ਮਿਸਾਲਾਂ ਦੇਣ ਤੋਂ ਬਾਅਦ; ਅਸਲ ਸਚਾਈ ਕਿ ਸਾਰੇ ਜੀਵ-ਜੰਤਾਂ ਨੂੰ ਮਾਲਕ ਪਾਲ਼ਦਾ ਹੈ, ਜਿਨ੍ਹਾਂ ਨੂੰ ਦ੍ਰਿੜ੍ਹ ਹੋ ਗਿਆ, ਉਨ੍ਹਾਂ ਅੰਦਰੋਂ ਬਣੀ ਭਾਵਨਾ ਹੀ ਗੁਰੂ ਸਾਹਿਬ ਜੀ ਨੇ ਸ਼ਬਦ ਦੇ ਅੰਤਮ/ਚੌਥੇ ਬੰਦ ’ਚ ਦਰਜ ਕੀਤੀ ਹੈ; ਜਿਵੇਂ ਕਿ ‘‘ਸਭਿ ਨਿਧਾਨ, ਦਸ ਅਸਟ ਸਿਧਾਨ; ਠਾਕੁਰ ਕਰ ਤਲ ਧਰਿਆ ॥ ਜਨ ਨਾਨਕ ! ਬਲਿ ਬਲਿ ਸਦ ਬਲਿ ਜਾਈਐ; ਤੇਰਾ ਅੰਤੁ ਨ ਪਾਰਾਵਰਿਆ ॥੪॥’’ ਅਰਥ : ਹੇ ਠਾਕੁਰ ! ਹੇ ਮਾਇਆ ਦੇ ਪਤੀ ! ਹੇ ਅਸਲ ਦਾਤੇ ! ਸਾਰੇ ਖ਼ਜ਼ਾਨੇ, ਅਠ੍ਹਾਰਾਂ ਕਰਾਮਾਤੀ ਸਿੱਧੀਆਂ/ਸ਼ਕਤੀਆਂ ਤੇਰੇ ਹੱਥਾਂ ਦੀ ਤਲੀ ’ਤੇ ਟਿੱਕੀਆਂ ਹਨ ਯਾਨੀ ਤੇਰੇ ਪਾਸੋਂ ਹੀ ਮਿਲਦੀਆਂ ਹਨ। ਤੇਰੇ ਤੋਂ ਸਦਾ ਕੁਰਬਾਨ ਹੋਣਾ ਬਣਦਾ ਹੈ। ਤੇਰੇ ਅੰਤ ਅਤੇ ਉਰਲੇ-ਪਰਲੇ ਕਿਨਾਰੇ ਦਾ ਕੋਈ ਰਾਜ਼ ਨਹੀਂ ਜਾਣ ਸਕਦਾ।
ਵਿਚਾਰ : ਗੁਰੂ ਨਾਨਕ ਸਾਹਿਬ ਜੀ ਨੇ ‘ਜਪੁ’ ਬਾਣੀ ਦੀ 5ਵੀਂ ਤੇ 6ਵੀਂ ਪਉੜੀ ’ਚ ਦੋ ਵਾਰ ਸਮਝਾਇਆ ਕਿ ‘‘ਸਭਨਾ ਜੀਆ ਕਾ ਇਕੁ ਦਾਤਾ; ਸੋ ਮੈ ਵਿਸਰਿ ਨ ਜਾਈ ॥੫॥’’ (ਜਪੁ), ਇਸ ਅਸਲ ਦਾਤਾਰ ਨੂੰ ਹੀ ਗੁਰਬਾਣੀ ਦੇ ਅਰੰਭਕ ਸਲੋਕ ’ਚ ‘‘ਆਦਿ ਸਚੁ; ਜੁਗਾਦਿ ਸਚੁ ॥ ਹੈ ਭੀ ਸਚੁ; ਨਾਨਕ ! ਹੋਸੀ ਭੀ ਸਚੁ ॥੧॥’’ (ਜਪੁ) ਕਿਹਾ ਹੈ, ਜੋ ਕੁਦਰਤ ਦੇ ਆਦਿ ਤੋਂ ਅੰਤ ਤੱਕ ਕਾਇਮ ਰਹੇਗਾ। ‘ਜਪੁ’ ਬਾਣੀ ਦੀ 27ਵੀਂ (ਸੋ ਦਰੁ) ਪਉੜੀ, ਜੋ ਗੁਰੂ ਗ੍ਰੰਥ ਸਾਹਿਬ ’ਚ ਤਿੰਨ ਵਾਰ ਦਰਜ ਹੈ, ਦੇ ਅੰਤ ’ਚ ਵੀ ਇਹੀ ਕਿਹਾ ‘‘ਸੋਈ ਸੋਈ, ਸਦਾ ਸਚੁ; ਸਾਹਿਬੁ ਸਾਚਾ, ਸਾਚੀ ਨਾਈ ॥ ਹੈ ਭੀ ਹੋਸੀ; ਜਾਇ ਨ ਜਾਸੀ; ਰਚਨਾ ਜਿਨਿ ਰਚਾਈ ..॥੨੭॥’’ (ਜਪੁ), ਇਸ ਪਉੜੀ ’ਚ ਬਿਆਨ ਕੀਤੀ ਬਾਕੀ ਸਾਰੀ ਪਰਜਾ, ਉਸ ਦੇ ਹੁਕਮ ’ਚ ਬੱਝੀ ਹੈ, ਦਾਤਾਂ ਭੋਗਣ ਵਾਲ਼ੀ ਹੈ ਅਤੇ ਆਰਜ਼ੀ ਰਿਸ਼ਤੇਦਾਰ ਬਣ ਸਮਾਜਿਕ ਭੂਮਿਕਾ ਨਿਭਾ ਰਹੀ ਹੈ। ‘ਜਪੁ’ ਬਾਣੀ ਦੀ ਹੀ ਤੀਜੀ ਪਉੜੀ ’ਚ ਬਚਨ ਹਨ ਕਿ ਦਾਤਾਰ ਪਿਤਾ; ਅਨੇਕਾਂ ਜੁਗਾਂ ਤੋਂ ਜੀਵਾਂ ਨੂੰ ਰਿਜ਼ਕ ਦਿੰਦਾ ਆ ਰਿਹਾ ਹੈ ਅਤੇ ਦਾਤਾਂ ਲੈਣ ਵਾਲ਼ੇ ਜੀਵ ਤਦ ਤੋਂ ਹੀ ਉਨ੍ਹਾਂ ਨੂੰ ਭੋਗਦੇ-ਭੋਗਦੇ ਥੱਕ ਜਾਂਦੇ ਹਨ ‘‘ਦੇਦਾ ਦੇ ਲੈਦੇ ਥਕਿ ਪਾਹਿ ॥ ਜੁਗਾ ਜੁਗੰਤਰਿ ਖਾਹੀ ਖਾਹਿ…॥੩॥’’ (ਜਪੁ) ਤਾਹੀਓਂ ਸੁਖਮਨੀ ਸਾਹਿਬ ’ਚ ਬਚਨ ਕੀਤੇ ਹਨ ਕਿ ਕਿਸੇ ਮਨੁੱਖ ਦੀ ਮੁਥਾਜੀ ਨਾ ਕਰੋ ‘‘ਮਾਨੁਖ ਕੀ ਟੇਕ; ਬ੍ਰਿਥੀ ਸਭ ਜਾਨੁ ॥ ਦੇਵਨ ਕਉ ਏਕੈ ਭਗਵਾਨੁ ॥…. ਮਾਰੈ ਰਾਖੈ ਏਕੋ ਆਪਿ ॥ ਮਾਨੁਖ ਕੈ, ਕਿਛੁ ਨਾਹੀ ਹਾਥਿ (’ਚ)॥’’ (ਸੁਖਮਨੀ/ਮਹਲਾ ੫/੨੮੧), ਗੁਰੂ ਅੰਗਦ ਸਾਹਿਬ ਅਤੇ ਗੁਰੂ ਰਾਮਦਾਸ ਜੀ ਵੀ ਇਹੀ ਬਚਨ ਕਰਦੇ ਹਨ; ਜਿਵੇਂ ਕਿ ‘‘ਨਾਨਕ ! ਚਿੰਤਾ ਮਤਿ ਕਰਹੁ; ਚਿੰਤਾ ਤਿਸ (ਰੱਬ ਨੂੰ) ਹੀ ਹੇਇ ॥ ਜਲ ਮਹਿ ਜੰਤ ਉਪਾਇਅਨੁ; ਤਿਨਾ ਭਿ ਰੋਜੀ ਦੇਇ ॥ ਓਥੈ ਹਟੁ ਨ ਚਲਈ; ਨਾ ਕੋ ਕਿਰਸ (ਖੇਤੀ) ਕਰੇਇ ॥ ਸਉਦਾ ਮੂਲਿ ਨ ਹੋਵਈ; ਨਾ ਕੋ ਲਏ, ਨ ਦੇਇ ॥ ਜੀਆ ਕਾ ਆਹਾਰੁ, ਜੀਅ; ਖਾਣਾ ਏਹੁ ਕਰੇਇ ॥ ਵਿਚਿ ਉਪਾਏ ਸਾਇਰਾ (ਸਮੁੰਦਰ ਦੇ); ਤਿਨਾ ਭਿ ਸਾਰ (ਸੰਭਾਲ਼) ਕਰੇਇ ॥ ਨਾਨਕ ! ਚਿੰਤਾ ਮਤ ਕਰਹੁ; ਚਿੰਤਾ ਤਿਸ ਹੀ ਹੇਇ ॥ (ਮਹਲਾ ੨/੯੫੫), ਹਰਿ ਅਗਮ ਅਗੋਚਰੁ ਸਦਾ ਅਬਿਨਾਸੀ ॥ ਸਰਬੇ ਰਵਿ ਰਹਿਆ ਘਟ ਵਾਸੀ ॥ ਤਿਸੁ ਬਿਨੁ ਅਵਰੁ ਨ ਕੋਈ ਦਾਤਾ; ਹਰਿ ਤਿਸਹਿ (ਨੂੰ), ਸਰੇਵਹੁ ਪ੍ਰਾਣੀ ਹੇ ! ॥੧॥… ਨਾ ਕਰਿ ਚਿੰਤ; ਚਿੰਤਾ ਹੈ ਕਰਤੇ (ਕਰਤਾਰ ਨੂੰ) ॥ ਹਰਿ ਦੇਵੈ, ਜਲਿ ਥਲਿ (’ਚ) ਜੰਤਾ ਸਭਤੈ (ਸਭ ਨੂੰ) ॥ ਅਚਿੰਤ ਦਾਨੁ ਦੇਇ ਪ੍ਰਭੁ ਮੇਰਾ; ਵਿਚਿ ਪਾਥਰ ਕੀਟ ਪਖਾਣੀ (ਚਟਾਨ ’ਚ ਕੀੜੇ ਨੂੰ) ਹੇ ॥੬॥’’ (ਮਹਲਾ ੪/੧੦੭੧) ਆਦਿ ਤਾਂ ਤੇ ਉਸ ਦਾਤਾਰ ਨੂੰ ਧੰਨ ਧੰਨ ਕਹਿਣਾ ਚਾਹੀਦਾ ਹੈ, ਜੋ ਨਹੀਂ ਕਹਿੰਦਾ ਉਸ ਮਨ ਨੂੰ ਗੁਰੂ ਅਰਜਨ ਸਾਹਿਬ ਜੀ ਮੂਰਖ ਮੰਨਦੇ ਹਨ ‘‘ਦਦਾ; ਦਾਤਾ ਏਕੁ ਹੈ, ਸਭ ਕਉ ਦੇਵਨਹਾਰ ॥ ਦੇਂਦੇ ਤੋਟਿ ਨ ਆਵਈ; ਅਗਨਤ ਭਰੇ ਭੰਡਾਰ ॥ ਦੈਨਹਾਰੁ; ਸਦ ਜੀਵਨਹਾਰਾ ॥ ਮਨ ਮੂਰਖ ! ਕਿਉ ਤਾਹਿ ਬਿਸਾਰਾ ?॥’’ (ਮਹਲਾ ੫/੨੫੭), ਮਾਇਆ ਮੋਹ ਕਾਰਨ ਅੰਨ੍ਹੇ ਹੋਏ ਮਨੁੱਖ ਦਾ ਇਸ ਸਚਾਈ ’ਤੇ ਭਰੋਸਾ ਬਣਦਾ ਰਹੇ ਤਾਹੀਓਂ ਵਿਚਾਰ ਅਧੀਨ ਸ਼ਬਦ ਹਰ ਸ਼ਾਮ ਨੂੰ ਰਹਰਾਸਿ ਪਾਠ ’ਚ ਪੜ੍ਹਨ ਦੀ ਹਿਦਾਇਤ ਹੈ।
ਗੁਰਬਾਣੀ ਅੰਦਰ ਭਾਵੇਂ ਸਮਾਜਿਕ, ਪਰਵਾਰਿਕ, ਵਿਗਿਆਨਿਕ, ਰਾਜਨੀਤਿਕ ਆਦਿਕ ਵਿਸ਼ਿਆਂ ’ਤੇ ਵੀ ਵਿਚਾਰ ਖੁੱਲ੍ਹ ਕੇ ਰੱਖੇ ਗਏ ਹਨ, ਪਰ ਮਨ ਨੂੰ ਅਨੰਦਿਤ ਕਰਨ ਵਾਲ਼ਾ ਅਸਲ ਵਿਸ਼ਾ ਰੂਹਾਨੀਅਤ-ਗਿਆਨ ਹੈ ਯਾਨੀ ਮਨ ਨੂੰ ਗ਼ਲਤੀ ਸਮਝਾ ਕੇ ਸਹੀ ਰਾਹ ਪਾਉਣਾ ਹੈ। ਇਸ ਨੂੰ ਹੀ ਸਵੈ ਪੜਚੋਲ ਅਤੇ ਅੰਤਰਗਤਿ ਤੀਰਥ ’ਤੇ ਇਸ਼ਨਾਨ ਕਰਨਾ, ਕਿਹਾ ਹੈ। ਜੀਵਨ ਨੂੰ ਅਨੰਦਮਈ ਬਣਾਨ ਲਈ ਗਿਆਨ ਇੰਦ੍ਰਿਆਂ (ਅੱਖ, ਕੰਨ, ਨੱਕ, ਜੀਭ, ਤ੍ਵਚਾ) ਨੂੰ ਤਰਕ ਕਰਨ ਤੋਂ ਰੋਕਣਾ ਹੈ ਅਤੇ ਗੁਰੂ ਦੇ ਅਨੁਭਵ ਗਿਆਨ ’ਤੇ ਵਿਸ਼ਵਾਸ ਕਰਨਾ ਹੈ।
ਉਕਤ ਸਚਾਈ ’ਤੇ ਭਰੋਸਾ ਨਾ ਬਣਾ ਸਕਣ ਵਾਲ਼ੇ ਮਨ ਅੰਦਰ ਇਹ ਦੁਬਿਧਾ ਵੇਖੀ ਗਈ ਕਿ ਗੁਰੂ ਸਾਹਿਬ ਨੇ ਮਨੁੱਖ ਨੂੰ ਹੱਕ-ਸੱਚ ਦੀ ਕਮਾਈ ਕਰਨ ਲਈ ਕਿਹਾ ਹੈ, ਨਾ ਕਿ ਹੱਥ ’ਤੇ ਹੱਥ ਧਰ ਕੇ ਬੈਠਣ ਲਈ; ਜਿਵੇਂ ਕਿ ‘‘ਘਾਲਿ ਖਾਇ; ਕਿਛੁ ਹਥਹੁ ਦੇਇ ॥’’ (ਮਹਲਾ ੧/੧੨੪੫) ਜਦਕਿ ਗੁਰੂ ਨਾਨਕ ਸਾਹਿਬ ਜੀ ਨੇ ਇਹ ਬਚਨ ਉਨ੍ਹਾਂ ਪਾਖੰਡੀਆਂ ਦੇ ਸੰਬੰਧ ਵਿੱਚ ਕਹੇ ਹਨ, ਜੋ ਆਪਣੇ ਆਪ ਨੂੰ ਧਾਰਮਿਕ ਰਹਿਬਰ ਵੀ ਅਖਵਾਉਂਦੇ ਹਨ ਅਤੇ ਹੋਰਾਂ ਦੁਆਰਾ ਕੀਤੀ ਮਿਹਨਤ ’ਤੇ ਨਿਰਭਰ ਵੀ ਰਹਿੰਦੇ ਹਨ ਯਾਨੀ ਗਿਆਨ ਪੱਖੋਂ ਆਪ ਸਿਆਣੇ ਬਣੇ ਹਨ, ਪਰ ਸਰੀਰਕ ਲੋੜਾਂ ਲਈ ਉਨ੍ਹਾਂ ਦੇ ਮੁਥਾਜ ਹਨ, ਜਿਨ੍ਹਾਂ ਨੂੰ ਆਪ ਅਗਿਆਨੀ ਸਮਝਦੇ ਹਨ; ਜਿਵੇਂ ਕਿ ਵਾਕ ਹੈ ‘‘ਗੁਰੁ ਪੀਰੁ ਸਦਾਏ; ਮੰਗਣ ਜਾਇ ॥ ਤਾ ਕੈ; ਮੂਲਿ ਨ ਲਗੀਐ ਪਾਇ ॥ ਘਾਲਿ ਖਾਇ; ਕਿਛੁ ਹਥਹੁ ਦੇਇ ॥ ਨਾਨਕ ! ਰਾਹੁ ਪਛਾਣਹਿ ਸੇਇ ॥’’ ਭਾਵ ਗੁਰੂ ਪੀਰ ਅਖਵਾਉਂਦੇ ਹਨ, ਪਰ ਸਰੀਰਕ ਲੋੜਾਂ ਲਈ ਪੈਰੋਕਾਰਾਂ ਦੇ ਘਰਾਂ ’ਚ ਮੰਗਣ ਜਾਂਦੇ ਹਨ। ਐਸੇ ਪਾਖੰਡੀਆਂ ਦੇ ਚਰਨੀਂ ਬਿਲਕੁਲ ਨਹੀਂ ਲੱਗਣਾ ਚਾਹੀਦਾ ਭਾਵ ਐਸੀ ਜ਼ਿੰਦਗੀ ਸੁਆਰਥੀ ਹੈ, ਨਾ ਕਿ ਸੱਚ ਆਧਾਰਿਤ। ਗੁਰੂ ਜੀ ਦਾ ਕਥਨ ਹੈ ਕਿ ਹਰ ਮਨੁੱਖ ਹੱਕ-ਸੱਚ ਦੀ ਕਮਾਈ ਆਪ ਕਰੇ ਅਤੇ ਲੋੜਵੰਦਾਂ ਦਾ ਸਹਾਰਾ ਬਣੇ। ਐਸਾ ਜੀਵਨ ਹੀ ਗੁਰੂ ਸਿੱਖਿਆ ਕਮਾ ਕੇ ਸਹੀ ਰਾਹ (ਰੱਬ ਨੂੰ) ਪਾ ਸਕਦਾ ਹੈ।
ਉਕਤ ਨੈਤਿਕਤਾ; ਸਮਾਜਿਕ ਮਨੁੱਖ ਲਈ ਹੈ ਜਦਕਿ ਵਿਚਾਰ ਅਧੀਨ ਸ਼ਬਦ ’ਚ ਕੇਵਲ ਰੱਬੀ ਭਗਤ ਯਾਨੀ ਕਿ ਜਾਗਰੂਕ ਮਨ ਨੂੰ ਕਿਹਾ ਹੈ ਕਿ ਸਰੀਰਕ ਲੋੜਾਂ ਤੱਕ ਹੀ ਨਾ ਚਿੰਤਤ ਰਹਿ। ਜੇਕਰ ਰੱਬ ਦਾ ਪਿਆਰਾ ਵੀ ਦੁਨਿਆਵੀ ਮਾਇਆ ਤੱਕ ਸੋਚਦਾ ਰਿਹਾ ਤਾਂ ਉਸ ਦੀ ਸੁਰਤਿ ਨੂੰ ਉੱਚਾ ਨਹੀਂ ਚੁੱਕਿਆ ਜਾ ਸਕਦਾ, ਰੱਬ ਨਾਲ਼ ਨਹੀਂ ਜੋੜਿਆ ਜਾ ਸਕਦਾ।
ਨਿਰੋਲ ਗੁਰਮਤਿ, ਜੋ ਅਨੁਭਵੀ/ਅਲੌਕਿਕ ਗਿਆਨ ਹਨ, ਉਸ ਉੱਤੇ ਭਰੋਸਾ ਕਰਨਾ ਹੀ ਪੈਣਾ ਹੈ। ਗਿਆਨ ਇੰਦ੍ਰਿਆਂ ਦੀ ਸੰਤੁਸ਼ਟੀ ਲਈ ਦੁਨਿਆਵੀ ਗਿਆਨ ’ਚੋਂ ਮਿਸਾਲਾਂ ਵੀ ਦਿੱਤੀਆਂ ਹਨ। ਜੇਕਰ ਫਿਰ ਵੀ ਸਿੱਖਾਂ ਅੰਦਰ ਗੁਰਮਤਿ ਬਾਰੇ ਦੁਬਿਧਾ ਹੈ ਤਾਂ ਇਹ ਉਸ ਦੇ ਮਾੜੇ ਭਾਗ ਹੀ ਹਨ। ਝੂਠੇ ਬੰਦੇ ਦੇ ਮੂੰਹ ’ਚੋਂ ਕਿਰਦੇ ਨਿਰੰਤਰ ਝੂਠ ਨੂੰ ਸਮਝਾਉਣ ਲਈ ਗੁਰੂ ਨਾਨਕ ਸਾਹਿਬ ਜੀ ਨੇ ਔਰਤ ਦੇ ਮਾਸਿਕ ਧਰਮ ਦਾ ਹਵਾਲਾ ਦਿੱਤਾ ਹੈ ਕਿ ਜਿਵੇਂ ਔਰਤ ਆਪਣਾ ਮਾਸਿਕ ਧਰਮ ਰੋਕ ਨਹੀਂ ਸਕਦੀ ਓਸੇ ਤਰ੍ਹਾਂ ਝੂਠਾ ਬੰਦਾ ਆਪਣੀ ਝੂਠ ਬੋਲਣ ਦੀ ਆਦਤ ਨਹੀਂ ਛੱਡ ਸਕਦਾ। ਗੁਰੂ ਜੀ ਦੇ ਬਚਨ ਹਨ ‘‘ਜਿਉ ਜੋਰੂ ਸਿਰਨਾਵਣੀ; ਆਵੈ ਵਾਰੋ ਵਾਰ ॥ ਜੂਠੇ ਜੂਠਾ ਮੁਖਿ (’ਚ) ਵਸੈ; ਨਿਤ ਨਿਤ ਹੋਇ ਖੁਆਰੁ ॥’’ (ਆਸਾ ਕੀ ਵਾਰ/ਮਹਲਾ ੧/੪੭੨), ਹੁਣ ਜੇਕਰ ਕੋਈ ਔਰਤ ਦੀ ਦਿੱਤੀ ਇਸ ਮਿਸਾਲ ਨੂੰ ਗੁਰਮਤਿ ਸਿਧਾਂਤ ਸਮਝ ਕੇ ਔਰਤਾਂ ਨੂੰ ਪੰਜ ਪਿਆਰਿਆਂ ਵਿੱਚ ਸ਼ਾਮਲ ਨਾ ਕਰੇ ਜਾਂ ਦਰਬਾਰ ਸਾਹਿਬ ਵਿੱਚ ਕੀਰਤਨ ਨਾ ਕਰਨ ਦੇਵੇ ਤਾਂ ਇਹ ਗੁਰਮਤਿ ਦਾ ਵਿਰੋਧ ਹੀ ਹੈ। ਮਨ ਦਾ ਭਰਮ ਹੀ ਹੈ ਕਿ ਸਚਾਈ ਉਜਾਗਰ ਕਰਨ ਵਾਲ਼ੇ ਦਾ ਵਿਰੋਧ ਕਰਨ ਲਈ ਅੰਮ੍ਰਿਤਧਾਰੀ ਔਰਤਾਂ ਖ਼ੁਦ ਵੀ ਉਨ੍ਹਾਂ ਨਾਲ਼ ਜਾ ਖੜ੍ਹਦੀਆਂ ਹਨ।
ਉਕਤ ਮਿਸਾਲ ਨੂੰ ਗੁਰਮਤਿ ਸਮਝ ਕੇ ਕੁਰਾਹੇ ਪਏ ਲੋਕਾਂ ਵਾਙ ਵਿਚਾਰ ਅਧੀਨ ਸ਼ਬਦ ’ਚ ਵੀ ਅਸਲ ਦਾਤੇ (ਮਾਧਉ, ਸੁਆਮੀ, ਠਾਕੁਰ) ’ਤੇ ਭਰੋਸਾ ਪੈਦਾ ਕਰਾਉਣ ਲਈ ਸਮਾਜਿਕ ਰਿਸ਼ਤੇ ’ਚੋਂ ਦਿੱਤੀ ਮਿਸਾਲ; ਜਿਵੇਂ ਕਿ ‘‘ਜਨਨਿ, ਪਿਤਾ, ਲੋਕ, ਸੁਤ, ਬਨਿਤਾ; ਕੋਇ ਨ ਕਿਸ ਕੀ ਧਰਿਆ ॥’’ ਦੇ ਅਰਥਾਂ ’ਚ ਮਨ ਦੇ ਵਿਕਾਰਾਂ ਨੂੰ ਹੀ ‘ਮਾਤਾ, ਪਿਤਾ, ਪੁੱਤਰ’ ਆਦਿ ਨਾਂ ਦੇ ਕੇ, ਕੀਤੇ ਅਰਥ ਕਿ ‘ਹੇ ਮਨ ! ਇਹ (ਮਾਤਾ ਪਿਤਾ ਰੂਪ ਸੰਬੰਧੀ) ਤੇਰੇ ਸਦੀਵੀ ਸਾਥੀ ਨਹੀਂ, ਇਹ ਤੇਰਾ ਅਸਲ ਸਹਾਰਾ ਨਹੀਂ’ ਆਦਿ ਵਿਆਖਿਆ ਨਾਲ਼ ਦੁਬਿਧਾ ਘਟਣ ਦੀ ਬਜਾਇ ਹੋਰ ਵਧਦੀ ਹੈ ਕਿ ਸਰੀਰ ਅੰਦਰ ਐਸੀ ਕਿਹੜੀ ਸ਼ਕਤੀ ਹੈ, ਜੋ ‘ਮਨ’ ਦਾ ਅਸਲ ਸਹਾਰਾ ਹੈ ? ਜੇਕਰ ਇਨਸਾਨੀਅਤ ਗੁਣਾਂ ਨੂੰ ਮਨ ਦਾ ਅਸਲ ਸਹਾਰਾ ਮੰਨੀਏ ਤਾਂ ਇਹ ਸਮਾਜਿਕ ਬਿਰਤੀ ਹੀ ਹੈ, ਜਿਸ ਨੂੰ ਇਸ ਪੂਰੇ ਸ਼ਬਦ ’ਚ ਵਾਰ-ਵਾਰ ਝੂਠਾ ਸਾਬਤ ਕੀਤਾ ਹੈ, ਜੋ ਸਾਥ ਨਿਭਣ ਵਾਲ਼ਾ ਨਹੀਂ। ਵੈਸੇ ਇਹ ਅਰਥ; ਨਿਰਾਕਾਰ-ਅਦ੍ਰਿਸ਼ ਦਾਤਾਰ ਦੀ ਹੋਂਦ ਤੋਂ ਮੁਨਕਰ ਹੋਣਾ ਦਾ ਸੰਕੇਤ ਹੈ ਤਾਹੀਓਂ ਦਿੱਤੀ ਮਿਸਾਲ ਨੂੰ ਅਸਲ ਗੁਰਮਤਿ ਵਿਸ਼ਾ ਬਣਾਨ ਦਾ ਯਤਨ ਹੈ।
ਸਿੱਖਾਂ ਅੰਦਰ ਗੁਰਬਾਣੀ ਨੂੰ ਆਪ ਸਮਝ ਕੇ, ਅਨੁਭਵ ਰੂਪ ’ਚ ਅਪਣਾਅ ਕੇ ਹੋਰਾਂ ਨੂੰ ਦ੍ਰਿੜ੍ਹਤਾ ਨਾਲ਼ ਗੁਰਮਤਿ ਸਮਝਾਉਣ ਵਾਲ਼ੇ ਗੁਰਸਿੱਖ ਭਾਵੇਂ ਅੱਜ ਘੱਟ ਹਨ ਪਰ ਗੁਰਬਾਣੀ ਨੂੰ ਸਮਝਣ ’ਚ ਆਪ ਅਸਮਰੱਥ ਪ੍ਰਚਾਰਕ, ਕਈ ਮਿਲ ਜਾਣਗੇ, ਜਿਨ੍ਹਾਂ ਕਾਰਨ ਸੰਗਤਾਂ ’ਚ ਗੁਰਮਤਿ ਸਿਧਾਂਤ ਦੀ ਸਪਸ਼ਟਤਾ ਦੀ ਥਾਂ ਦੁਬਿਧਾ ਵਧਦੀ ਵੇਖੀ ਜਾ ਸਕਦੀ ਹੈ।
ਨਾਨਕਸ਼ਾਹੀ ਕੈਲੰਡਰ ਦੇ ਰਚੇਤਾ ਸ: ਪਾਲ ਸਿੰਘ ਪੁਰੇਵਾਲ ਨੂੰ ਸ਼ਰਧਾਜਲੀ ਅਰਪਣ
ਨਾਨਕਸ਼ਾਹੀ ਕੈਲੰਡਰ ਦੇ ਰਚੇਤਾ ਸ: ਪਾਲ ਸਿੰਘ ਪੁਰੇਵਾਲ ਨੂੰ ਸ਼ਰਧਾਜਲੀ ਅਰਪਣ
ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰ ਪੁਰਬ ਨਾਨਕਸ਼ਾਹੀ ਕੈਲੰਡਰ ਮੁਤਾਬਕ ੨੩ ਪੋਹ/5 ਜਨਵਰੀ ਨੂੰ ਮਨਾਇਆ ਜਾਵੇ : ਭਾਈ ਪੰਥਪ੍ਰੀਤ ਸਿੰਘ
ਸੰਗਤ ਮੰਡੀ/ਬਠਿੰਡਾ: 4 ਦਸੰਬਰ (ਕਿਰਪਾਲ ਸਿੰਘ ਬਠਿੰਡਾ): ਬਠਿੰਡਾ-ਡੱਬਵਾਲੀ ਰੋਡ ਸੰਗਤ ਕੈਂਚੀਆਂ ਵਿਖੇ, ਗੁਰਮਤਿ ਸੇਵਾ ਲਹਿਰ ਦੇ ਸਾਲਾਨਾ ਗੁਰਮਤਿ ਸਮਾਗਮ ਨੂੰ ਸੰਬੋਧਨ ਕਰਦੇ ਭਾਈ ਪੰਥਪ੍ਰੀਤ ਸਿੰਘ ਜੀ ਨੇ ਇਸੇ ਸਾਲ ਸਤੰਬਰ ਮਹੀਨੇ ’ਚ ਚੜ੍ਹਾਈ ਕਰ ਚੁੱਕੇ ਸ: ਪਾਲ ਸਿੰਘ ਪੁਰੇਵਾਲ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਇਸ ਪਦਾਰਥਵਾਦੀ ਯੁੱਗ ’ਚ ਸ: ਪੁਰੇਵਾਲ ਨੇ ਨਿਸ਼ਕਾਮ ਤੌਰ ’ਤੇ ਆਪਣੀ ਜਿੰਦਗੀ ਦੇ 5 ਦਹਾਕੇ ਭਾਰਤੀ ਕੈਲੰਡਰਾਂ ਨੂੰ ਸਮਝ ਕੇ ਸਿੱਖ ਕੌਮ ਲਈ ਵਿਲੱਖਣ ਨਾਨਕਸ਼ਾਹੀ ਕੈਲੰਡਰ ਤਿਆਰ ਕਰਨ ਲਈ ਲਗਾਏ। ਨਾਨਕਸ਼ਾਹੀ ਕੈਲੰਡਰ ਇੱਕ ਐਸਾ ਕੈਲੰਡਰ ਹੈ, ਜੋ ਸਮਝਣ ਅਤੇ ਯਾਦ ਰੱਖਣ ’ਚ ਅਤਿ ਸੁਖਾਲਾ ਹੋਣ ਤੋਂ ਇਲਾਵਾ ਸਾਰੇ ਗੁਰ ਪੁਰਬਾਂ ਅਤੇ ਸਿੱਖ ਇਤਿਹਾਸਕ ਦਿਹਾੜਿਆਂ ਦੀਆਂ ਤਾਰੀਖ਼ਾਂ ਹਰ ਸਾਲ ਪੱਕੀਆਂ ਤਾਰੀਖ਼ਾਂ ‘ਤੇ ਆਉਂਦੀਆਂ ਹਨ। ਭਾਈ ਪੰਥਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਤੋਂ ਮੰਗ ਕੀਤੀ ਕਿ 2003 ’ਚ ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ਅਤੇ 2010 ’ਚ ਰੱਦ ਕਰਕੇ ਮੁੜ ਬਿਕ੍ਰਮੀ ਕੈਲੰਡਰ ਲਾਗੂ ਕਰਨ ਦੇ ਤਜਰਬੇ ਤੋਂ ਸਮਝਣ ਦੀ ਲੋੜ ਹੈ ਕਿ ਨਾਨਕਸ਼ਾਹੀ ਕੈਲੰਡਰ ਹੀ ਸਿੱਖਾਂ ਲਈ ਢੁਕਵਾਂ ਕੈਲੰਡਰ ਹੈ ਇਸ ਲਈ ਨਾਨਕਸ਼ਾਹੀ ਕੈਲੰਡਰ ਤੁਰੰਤ ਬਹਾਲ ਕਰਨਾ ਚਾਹੀਦਾ ਹੈ, ਜੋ ਸ: ਪਾਲ ਸਿੰਘ ਪੁਰੇਵਾਲ ਨੂੰ ਸੱਚੀ ਸ਼ਰਧਾਂਜਲੀ ਹੋਵੇਗਾ। ਉਨ੍ਹਾਂ ਸਮੂਹ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਸ਼ ਪੁਰਬ ਹਰ ਸਾਲ ੨੩ ਪੋਹ/5 ਜਨਵਰੀ ਨੂੰ ਹੀ ਮਨਾਇਆ ਜਾਵੇ ਤਾਂ ਕਿ ਸ਼ਹੀਦੀ ਦਿਹਾੜੇ ਅਤੇ ਗੁਰ ਪੁਰਬ ਕਦੀ ਇਕੱਠੇ ਅਤੇ ਕਦੀ ਅੱਗੇ ਪਿੱਛੇ ਆਉਣ ਦਾ ਝੰਜਟ ਹਮੇਸ਼ਾਂ ਲਈ ਮੁੱਕ ਜਾਵੇ।
ਸਮਾਗਮ ਦੌਰਾਨ ਗੁਰਬਾਣੀ, ਗੁਰਮਤਿ ਅਤੇ ਸਿੱਖ ਇਤਿਹਾਸ ਸੰਬੰਧੀ ਖੁੱਲ੍ਹੀਆਂ ਵੀਚਾਰਾਂ ਕਰਨ ਤੋਂ ਇਲਾਵਾ ਮੌਜੂਦਾ ਹਾਲਾਤਾਂ ’ਤੇ ਟਿੱਪਣੀ ਕਰਦੇ ਹੋਏ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਤੋਂ ਤੰਗ ਆਏ ਪੰਜਾਬੀਆਂ ਨੇ ‘ਆਪ’ ਦੇ ਵਾਅਦਿਆਂ ’ਤੇ ਯਕੀਨ ਕਰਦਿਆਂ ਉਨ੍ਹਾਂ ਨੂੰ ਇੱਕ ਮੌਕਾ ਦਿੱਤਾ ਸੀ ਪਰ ਹੁਣ ਤੱਕ ਦੀ ਕਾਰਗੁਜ਼ਾਰੀ ਨੂੰ ਵੇਖਦਿਆਂ ਆਪ ਸਰਕਾਰ ਵੀ ਲੋਕਾਂ ਦੀਆਂ ਉਮੀਦਾਂ
’ਤੇ ਖਰੀ ਉਤਰਦੀ ਨਜ਼ਰ ਨਹੀਂ ਆ ਰਹੀ ਕਿਉਂਕਿ ਬਰਗਾੜੀ ਬੇਅਦਬੀ ਕਾਂਡ ਦਾ ਇਨਸਾਫ਼ ਦੇਣ ਦਾ ਵਾਅਦਾ ਕਰਨ ਵਾਲੀ ਸਰਕਾਰ ਹਾਲੀ ਤੱਕ ਬੇਅਦਬੀ ਕਾਂਡ ਦੇ ਭਗੌੜੇ ਕਥਿਤ ਦੋਸ਼ੀ ਪ੍ਰਦੀਪ ਕਲੇਰ, ਸੰਦੀਪ ਬਰੇਟਾ ਅਤੇ ਹਰਸ਼ ਧੂਰੀ ਤੋਂ ਇਲਾਵਾ ਮੌੜ ਬੰਬ ਕਾਂਡ ਦੇ ਦੋਸ਼ੀਆਂ ਨੂੰ ਹਾਲੀ ਤੱਕ ਗ੍ਰਿਫ਼ਤਾਰ ਨਹੀਂ ਕਰ ਸਕੀ। ਇਸ ਦਾ ਮੁੱਖ ਕਾਰਨ ਇਹ ਹੈ ਕਿ ਇਨ੍ਹਾਂ ਕਥਿਤ ਦੋਸ਼ੀਆਂ ਦਾ ਸੰਬੰਧ ਡੇਰਾ ਸਿਰਸਾ ਨਾਲ ਹੋਣ ਕਾਰਨ ਸਰਕਾਰ ਉਨ੍ਹਾਂ ਨੂੰ ਹੱਥ ਪਾਉਣ ਲਈ ਤਿਆਰ ਨਹੀਂ। ਬਲਾਤਕਾਰਾਂ
ਅਤੇ ਕਤਲ ਕੇਸਾਂ ’ਚ ਸਜਾ ਭੁਗਤ ਰਹੇ ਡੇਰਾ ਮੁਖੀ ਨੂੰ ਵਾਰ ਵਾਰ ਪੈਰੋਲ ਅਤੇ ਫਰਲੋ ’ਤੇ ਰਿਹਾਈ ਮਿਲਣ ਵਿਰੁੱਧ ਕਿਸੇ ਵੀ ਪਾਰਟੀ ਵੱਲੋਂ ਆਵਾਜ਼ ਨਾ ਉਠਾਉਣਾ ਅਤੇ ਪਾਰਟੀਆਂ ਦੇ ਪ੍ਰਮੁਖ ਆਗੂਆਂ ਵੱਲੋਂ ਉਸ ਦੀਆਂ ਸੰਗਤਾਂ ’ਚ ਹਾਜਰੀ ਭਰਨਾ, ਸਿੱਧ ਕਰਦਾ ਹੈ ਕਿ ਸਾਰੀਆਂ ਪਾਰਟੀਆਂ ਆਪਣੇ ਵੋਟ ਬੈਂਕ ਨੂੰ ਧਿਆਨ ’ਚ ਰੱਖਦਿਆਂ ਦੋਸ਼ੀਆਂ ਨਾਲ ਅਜਿਹਾ ਵਰਤਾਉ ਕਰਦੀਆਂ ਹਨ ਅਤੇ ਅਜਿਹੇ ਮਾਹੌਲ ’ਚ ਆਮ ਲੋਕਾਂ ਅਤੇ ਪੀੜਤਾਂ ਨੂੰ ਕਦੀ ਵੀ ਇਨਸਾਫ਼ ਨਹੀਂ ਮਿਲ ਸਕਦਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੱਦੇ ਨਸ਼ਾ ਤਸਕਰ ਅਤੇ ਰੇਤ ਮਾਫੀਆ ਨੂੰ ਨੱਥ ਨਾ ਪਾਏ ਜਾ ਸਕਣ, ਪੰਜਾਬ ’ਚ ਨਸ਼ਿਆਂ ਦੀ ਭਰਮਾਰ ਅਤੇ ਰੇਤ ਦੇ ਵਧਦੇ ਭਾਅ ਕਾਰਨ ਲੋਕਾਂ ਦੇ ਨੱਕ ’ਚ ਦਮ ਆਇਆ ਪਿਆ ਹੈ । ਆਮ ਤੌਰ ’ਤੇ ਅਪਰਾਧ ਗੈਰਕਾਨੂੰਨੀ ਹਥਿਆਰਾਂ ਨਾਲ ਹੁੰਦੇ ਹਨ ਪਰ ਸਰਕਾਰ ਲਾਇਸੰਸੀ ਹਥਿਆਰਾਂ ਦੀ ਚੈੱਕਿੰਗ ਕਰਕੇ ਮੁੱਦੇ ਤੋਂ ਧਿਆਨ ਭੜਕਾ ਰਹੀ ਹੈ।
ਐੱਨਡੀਟੀਵੀ ਦੇ ਸਾਬਕਾ ਪੱਤਰਕਾਰ ਰਵੀਸ਼ ਕੁਮਾਰ ਦੀ ਚੰਗੀ ਪੱਤਰਕਾਰੀ ਨੂੰ ਸਲੂਟ ਕਰਦਿਆਂ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਬਾਕੀ ਪੱਤਰਕਾਰਾਂ ਨੂੰ ਵੀ ਰਵੀਸ਼ ਕੁਮਾਰ ਤੋਂ ਸਿੱਖਿਆ ਲੈਣੀ ਚਾਹੀਦੀ ਹੈ । ਦੇਸ਼ ਦੇ ਅਜੋਕੇ ਹਾਲਤ ਇਹ ਹਨ ਜਿਸ ਸੰਬੰਧੀ ਸੰਵਿਧਾਨ ਦਿਵਸ ’ਤੇ ਬੋਲਦਿਆਂ ਦੇਸ਼ ਦੀ ਰਾਸ਼ਟਰਪਤੀ ਸ੍ਰੀਮਤੀ ਮੁਰਮੂ ਨੇ ਦੇਸ਼ ਦੀ ਕਾਨੂੰਨ ਵਿਵਸਥਾ ਵੱਲ ਗਹਿਰਾ ਇਸ਼ਾਰਾ ਕੀਤਾ ਹੈ ਕਿ ਇਸ ਦੇਸ਼ ’ਚ ਮਾਮੂਲੀ ਅਪਰਾਧ ਕਰਨ ਵਾਲੇ ਸਾਲਾਂ ਬੱਧੀ ਜੇਲ੍ਹਾਂ ’ਚ ਬੰਦ ਰਹਿੰਦੇ ਹਨ ਜਿਨ੍ਹਾਂ ਨੂੰ ਪੈਰੋਲ ਤੱਕ ਨਹੀਂ ਮਿਲਦੀ ਪਰ ਸੰਗੀਨ ਅਪਰਾਧ ਕਰਨ ਵਾਲੇ ਖੁੱਲ੍ਹੇਆਮ ਘੁੰਮਦੇ ਕਾਨੂੰਨ ਵਿਵਸਥਾ ਨੂੰ ਖਤਰੇ ’ਚ ਪਾ ਰਹੇ ਹਨ। ਸਮਾਗਮ ਦੌਰਾਨ ਲੱਗੇ ਖੂਨ ਦਾਨ ਕੈਂਪ ’ਚ 122 ਪ੍ਰਾਣੀਆਂ ਨੇ ਖੂਨ ਦਾਨ ਕੀਤਾ।
ਭਾਈ ਪੰਥਪ੍ਰੀਤ ਸਿੰਘ ਤੋਂ ਇਲਾਵਾ ਗੁਰਮਤਿ ਸੇਵਾ ਲਹਿਰ ਨਾਲ ਜੁੜੇ ਸਿੱਖ ਪ੍ਰਚਾਰਕ ਬੀਬੀ ਗਗਨਦੀਪ ਕੌਰ, ਭਾਈ ਹਰਪ੍ਰੀਤ ਸਿੰਘ ਜਗਰਾਉਂ, ਭਾਈ ਸਤਿਨਾਮ ਸਿੰਘ ਚੰਦੜ, ਭਾਈ ਰਘਬੀਰ ਸਿੰਘ ਖਿਆਲੀਵਾਲਾ, ਭਾਈ ਕੁਲਵਿੰਦਰ ਸਿੰਘ ਬੀਬੀਵਾਲਾ, ਢਾਡੀ ਜਥਾ ਭਾਈ ਗੁਰਭਾਗ ਸਿੰਘ ਮਰੂੜ, ਭਾਈ ਜਗਤਾਰ ਸਿੰਘ ਗੰਗਾ, ਭਾਈ ਪਰਗਟ ਸਿੰਘ ਮੁੱਦਕੀ, ਬੀਬੀ ਗੁਰਸ਼ਰਨਪ੍ਰੀਤ ਕੌਰ ਬੱਲ੍ਹੋ ਆਦਿਕ ਹੋਰ ਪ੍ਰਚਾਰਕਾਂ ਨੇ ਵੀ ਸੰਬੋਧਨ ਕੀਤਾ। ਭਾਈ ਪਰਗਟ ਸਿੰਘ ਮੁੱਦਕੀ ਵਾਲਿਆਂ ਨੇ ਸਮਾਗਮ ਦੀ ਸਮੁੱਚੀ ਕਾਰਵਾਈ ਨੂੰ ਆਪਣੀਆਂ ਵੈੱਬਸਾਈਟਾਂ ਰਾਹੀਂ ਲਾਈਵ ਟੈਲੀਕਾਸਟ ਕੀਤਾ।








