ਦਰਸ਼ਨ ਪਿਆਸੀ

0
60

ਦਰਸ਼ਨ ਪਿਆਸੀ

ਗਿਆਨੀ ਬਲਜੀਤ ਸਿੰਘ (ਰੋਪੜ)

ਮਨੁੱਖ ਦੇ ਮਨ ਵਿੱਚ ਖ਼ਿਆਲ ਉੱਠਦਾ ਹੈ ਕਿ ਸੱਚ ਕੀ ਹੈ ? ਇਸ ਦੇ ਉੱਤਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਹਨ ‘‘ਸਾਹਿਬੁ ਮੇਰਾ ਏਕੋ ਹੈ ॥ ਏਕੋ ਹੈ ਭਾਈ ਏਕੋ ਹੈ ॥੧॥ ਰਹਾਉ ॥’’ (ਮਹਲਾ ੧/੩੫੦) ਭਾਵ ਸੱਚ ਇੱਕ ਹੈ ਉਹ ਅਬਿਨਾਸ਼ੀ ਪੁਰਖ ਹੈ, ਦੇ ਅਨੁਸਾਰ ਸਦੀਵੀ ਹੋਂਦ ਵਾਲਾ ਹੈ ‘‘ਨਿਰਗੁਨੁ ਆਪਿ, ਸਰਗੁਨੁ ਭੀ ਓਹੀ ॥’’ (ਮਹਲਾ ੫/੨੮੮) ਇਨ੍ਹਾਂ ਦੋਹਾਂ ਸਰੂਪਾਂ ਵਿਚ ਵਿਆਪਕ ਹੈ, ਪਰ ਸਭਹੂੰ ਤੇ ਨਿਆਰਾ ਵੀ ਹੈ ‘‘ਸਚੁ ਪੁਰਾਣਾ ਹੋਵੈ ਨਾਹੀ, ਸੀਤਾ ਕਦੇ ਨ ਪਾਟੈ ॥’’ (ਮਹਲਾ ੧/੯੫੬) ਮੁਤਾਬਕ ਸਾਹਿਬ ਮੇਰਾ ਨੀਤ ਨਵਾ ਵੀ ਹੈ ‘‘ਨਿਰੰਕਾਰੁ ਪ੍ਰਭੁ ਸਦਾ ਸਲਾਮਤਿ; ਕਹਿ ਨ ਸਕੈ ਕੋਊ ਤੂ ਕਦ ਕਾ ॥’’ (ਭਟ ਗਯੰਦ/੧੪੦੩) ਸਭ ਤੋਂ ਪਹਿਲਾਂ ਪੁਰਾਣਾ ਵੀ ਉਹੀ ਹੈ। ਇਹੋ ਜਿਹੇ ਸੱਚ ਵਿਚ ਲੀਨ ਸਚਿਆਰ ਪੁਰਖਾਂ ਦੀ ਪਛਾਣ ਗੁਰਬਾਣੀ ਇੰਝ ਦਰਸਾਉਂਦੀ ਹੈ ‘‘ਸੇ ਜਨ ਸਚੇ ਨਿਰਮਲੇ; ਜਿਨ ਸਤਿਗੁਰ ਨਾਲਿ ਪਿਆਰੁ ॥ ਸਤਿਗੁਰ ਕਾ ਭਾਣਾ ਕਮਾਵਦੇ; ਬਿਖੁ ਹਉਮੈ ਤਜਿ ਵਿਕਾਰੁ ॥ (ਮਹਲਾ ੩/੬੫), ਸੋ ਸਤਸੰਗਤਿ ਸਬਦਿ ਮਿਲੈ; ਜੋ ਗੁਰਮੁਖਿ ਚਲੈ ॥ ਸਚੁ ਧਿਆਇਨਿ ਸੇ ਸਚੇ; ਜਿਨ ਹਰਿ ਖਰਚੁ ਧਨੁ ਪਲੈ ॥ ਭਗਤ ਸੋਹਨਿ ਗੁਣ ਗਾਵਦੇ; ਗੁਰਮਤਿ ਅਚਲੈ ॥ ਰਤਨ ਬੀਚਾਰੁ ਮਨਿ ਵਸਿਆ; ਗੁਰ ਕੈ ਸਬਦਿ ਭਲੈ ॥ ਆਪੇ ਮੇਲਿ ਮਿਲਾਇਦਾ; ਆਪੇ ਦੇਇ ਵਡਿਆਈ ॥’’ (ਮਹਲਾ ੩/੯੫੬) ਇਹ ਸੱਚ ਦਾ ਤੇ ਸਚਿਆਰ ਮਨੁੱਖਾਂ ਦੀ ਅਭੇਦਤਾ ਦਾ ਸੰਖੇਪ ਤੇ ਸੰਕੇਤ ਮਾਤਰ ਵਰਣਨ ਹੈ। ਜਿਹੜਾ ਸੱਚ ਹਰ ਥਾਂ ਵਿਆਪਕ ਹੈ, ਉਸ ਦੇ ਦਰਸ਼ਨ ਦੀ ਪਿਆਸ ਤੇ ਅਨੰਦ ਉਦੋਂ ਮਿਲਦਾ ਹੈ ਜਦੋਂ ਜੀਵ ਦੇ ਹਿਰਦੇ ਅੰਦਰ ਸੱਚ ਵੱਸਦਾ ਹੈ। ਫ਼ੁਰਮਾਨ ਹੈ ‘‘ਸਚੁ ਤਾ ਪਰੁ ਜਾਣੀਐ; ਜਾ ਰਿਦੈ ਸਚਾ ਹੋਇ ॥ ਕੂੜ ਕੀ ਮਲੁ ਉਤਰੈ; ਤਨੁ ਕਰੇ ਹਛਾ ਧੋਇ ॥’’ (ਮਹਲਾ ੧/੪੬੮)

ਅੱਖਾਂ; ਮਨੁੱਖ ਨੂੰ ਕੇਵਲ ਰੰਗ ਤਮਾਸ਼ੇ ਬਹੁ ਬਿਧੀ ਵੇਖਣ ਲਈ ਹੀ ਨਹੀਂ ਮਿਲੀਆਂ ਸਗੋਂ ਕੁਦਰਤਿ ਵਿੱਚੋਂ ਕਾਦਿਰ, ਖਲਕਤ ਵਿੱਚੋਂ ਖਾਲਿਕ, ਰਚਨਾ ਵਿੱਚੋਂ ਰਚਨਹਾਰ ਨੂੰ ਵੇਖਦਿਆਂ ‘‘ਏਹੁ ਵਿਸੁ ਸੰਸਾਰੁ ਤੁਮ ਦੇਖਦੇ; ਏਹੁ ਹਰਿ ਕਾ ਰੂਪੁ ਹੈ.. ॥’’ (ਅਨੰਦ (ਮਹਲਾ ੩/੯੨੨) ਨੂੰ ਵੇਖਣ ਲਈ ਮਿਲੀਆਂ ਹਨ, ਪਰ ਅਫ਼ਸੋਸ ਸਾਡੀਆਂ ਅੱਖਾਂ ‘‘ਹਰਿ ਰੂਪੁ ਨਦਰੀ ਆਇਆ ॥’’ ਦੀ ਥਾਂ ਰੰਗ ਤਮਾਸ਼ਿਆਂ ਵਿੱਚ ਹੀ ਗ਼ਲ਼ਤਾਨ ਰਹਿੰਦੀਆਂ ਹਨ। ਦਾਤਾ ਦੇਣ ਵਾਲੇ ਦਾਤੇ ਤੱਕ ਪੁੱਜਣ ਦੀ ਥਾਂ ‘ਦਾਤਿ ਪਿਆਰੀ’ ਹੀ ਸਮਝਦੀਆਂ ਤੇ ਵੇਖਦੀਆਂ ਹਨ। ਆਪਣੇ ਆਲੇ ਦੁਆਲੇ ਸਧਾਰਨ ਦ੍ਰਿਸ਼ਟੀ ਨਾਲ ਤੱਕਦੀਆਂ ਹਨ। ਗੁਰੂ ਅੰਗਦ ਦੇਵ ਜੀ ਜੇ ਆਪਣਾ ਅਨੁਭਵ ‘ਜਗਤ ਕੋਠੜੀ’ ਵਿੱਚ ਵੱਸਦੇ ਜੀਵਾਂ ਨਾਲ ਇਸ ਤਰ੍ਹਾਂ ਸਾਂਝਾ ਕੀਤਾ ਹੈ ਕਿ ਪਰਮਾਤਮਾ ਨੂੰ ਮਿਲਣ ਤੇ ਉਸ ਰਚਨਹਾਰ ਦੇ ਦਰਸ਼ਨ ਕਰਨ ਲਈ ਮਨੁੱਖ ਪਰ ਤਨ, ਪਰ ਧਨ, ਪਰਾਈ ਨਿੰਦਿਆ ਛੱਡ ਦੇਵੇ। ਫ਼ੁਰਮਾਨ ਹੈ ‘‘ਅਖੀ ਬਾਝਹੁ ਵੇਖਣਾ; ਵਿਣੁ ਕੰਨਾ ਸੁਨਣਾ ॥ ਪੈਰਾ ਬਾਝਹੁ ਚਲਣਾ; ਵਿਣੁ ਹਥਾ ਕਰਣਾ ॥ ਜੀਭੈ ਬਾਝਹੁ ਬੋਲਣਾ; ਇਉ ਜੀਵਤ ਮਰਣਾ ॥ ਨਾਨਕ  ! ਹੁਕਮੁ ਪਛਾਣਿ ਕੈ; ਤਉ ਖਸਮੈ ਮਿਲਣਾ ॥’’ (ਮਹਲਾ ੨/੧੩੯) ਫਿਰ ਆਪ ਜੀ ਨੇ ਸਮਝਾਇਆ ਕਿ ਪ੍ਰਭੂ ਦਾ ਦਰਸ਼ਨ ਤਦੋਂ ਹੀ ਹੋ ਸਕਦਾ ਹੈ ਜਦ ਮਨੁੱਖੀ ਹਿਰਦੇ ਵਿੱਚ ਪਰਮਾਤਮਾ ਦਾ ਡਰ-ਅਦਬ ਹੋਵੇ। ਪਿਆਰ ਤੇ ਯਾਦ ਟਿਕੀ ਰਹੇ। ਫ਼ੁਰਮਾਨ ਹੈ ‘‘ਭੈ ਕੇ ਚਰਣ; ਕਰ ਭਾਵ ਕੇ; ਲੋਇਣ ਸੁਰਤਿ ਕਰੇਇ ॥ ਨਾਨਕੁ ਕਹੈ ਸਿਆਣੀਏ ! ਇਵ ਕੰਤ ਮਿਲਾਵਾ ਹੋਇ ॥’’ (ਮਹਲਾ ੨/੧੩੯) ਅਸੀਂ ‘ਲੋਇਣ ਸੁਰਤਿ’ ਕਰਦੇ ਜ਼ਰੂਰ ਹਾਂ ਲੇਕਿਨ ਸਾਡੀ ਅੱਖ ਜਗਤ ਪਦਾਰਥਾਂ ਜਾਂ ਜੀਵਾਂ ਨੂੰ ਆਮ ਫੋਟੋ ਗ੍ਰਾਫਿਕ ਕੈਮਰੇ ਦੇ ਸ਼ੀਸ਼ੇ ਦੀ ਤਰ੍ਹਾਂ ਤੱਕਦੀ ਹੋਈ ਉਨਾਂ ਦੇ ਬਾਹਰਲੇ ਰੂਪ ਤੋਂ ਸੰਤੁਸ਼ਟ ਹੋ ਜਾਂਦੀ ਹੈ। ਸਾਡੀ ਅੱਖ ਕੈਮਰੇ ਵਾਂਗ ਅੰਦਰ ਝਾਤੀ ਨਹੀਂ ਮਾਰਦੀ। ਇਹ ਸਰੀਰ ਦੀ ਗਹਿਰਾਈ ਤੱਕ ਨਹੀਂ ਪੁੱਜਦੀ। ਜਿੱਥੇ ਸਧਾਰਨ ਕੈਮਰੇ ਨਾਲ ਖਿੱਚੀਆਂ ਤਸਵੀਰਾਂ ਜੀਵਾਂ ਦੀ ਭਿੰਨਤਾਂ ਨੂੰ ਉਜਾਗਰ ਕਰਦੀਆਂ ਹਨ, ਉੱਥੇ ਐਕਸਰੇ ਰਾਹੀਂ ਖਿੱਚੀਆਂ ਤਸਵੀਰਾਂ ਸਭ ਦੇ ਅੰਦਰਲੇ ਢਾਂਚੇ ਨੂੰ ਇਕੋ ਜਿਹਾ ਦਰਸਾ ਕੇ ਭਿੰਨਤਾ ਨੂੰ ਮਿਟਾ ਦਿੰਦੀਆਂ ਹਨ। ਇਸੇ ਤਰ੍ਹਾਂ ਜਿੱਥੇ ਸੰਸਾਰੀ ਮਨੁੱਖ ਸਰੀਰਾਂ ਦੇ ਵੱਖ-ਵੱਖ ਰੂਪ ਵੇਖ ਕੇ ਕਾਲੇ ਗੋਰੇ ਦਾ ਭੇਦ ਸਮਝਦਾ ਹੈ। ਕਿਰਤ ਤੇ ਕਿਰਤੀ ਵੱਲ ਧਿਆਨ ਦੇਂਦਿਆਂ ਕਿਸੇ ਨੂੰ ਸ਼ੂਦਰ, ਵੈਸ਼, ਬ੍ਰਾਹਮਣ ਤੇ ਖੱਤ੍ਰੀ ਸਮਝਦਾ ਹੈ। ਉੱਥੇ ਇਕ ਵੈਦ ਜਾਂ ਡਾਕਟਰ ਸਭਨਾਂ ਦੀ ਇੱਕੋ ਜਿਹੀ ਬਣਤਰ ਦੇਖ ਕੇ ਸਭ ਨੂੰ ਇੱਕ ਸਮਾਨ ਜਾਣਦਾ ਹੈ। ਇਸੇ ਤਰ੍ਹਾਂ ਗਿਆਨੀ ਪੁਰਸ਼ ਇਨਸਾਨੀ ਮੱਤ ਨੂੰ ਸਮਝਦਾ ਹੋਇਆ ਸਾਰੇ ਸਰੀਰਾਂ ਵਿੱਚੋਂ ‘‘ਘਟ ਘਟ ਮੈ ਹਰਿ ਜੂ ਬਸੈ’’ ਦੇ ਦੀਦਾਰ ਪੂਰੀ ਮਨੁੱਖਤਾ ਨੂੰ ‘‘ਏਕ ਨੂਰ ਤੇ ਸਭੁ ਜਗੁ ਉਪਜਿਆ’’ ਮੰਨਦਾ ਹੈ ਸਭ ਨੂੰ ‘‘ਕੁਦਰਤਿ ਕੇ ਸਭ ਬੰਦੇ’’ ਪਹਿਚਾਣਦਾ ਤੇ ਸਨਮਾਨਦਾ ਹੈ। ਸੁਰਤਿ ਦੀ ਲੋਇਣਾ ਨਾਲ ਵੇਖਣ ਵਾਲੇ ਦੀ ਦ੍ਰਿਸ਼ਟੀ ‘‘ਬ੍ਰਹਮ ਗਿਆਨੀ ਕੈ ਦਿਸਟਿ ਸਮਾਨਿ’’ ਵਾਲੀ ਹੋ ਜਾਂਦੀ ਹੈ।

ਜਿਸ ਨੂੰ ਨਿੱਤਾ ਪ੍ਰਤੀ ਯਾਦ ਕਰੀਏ ਇਹ ਯਾਦ ਸਿਮਰਨ, ਪਿਆਰ ਦਾ ਰੂਪ ਧਾਰ ਕੇ ਬਿਰਹੇ ਦੀ ਪੀੜਾ ਨੂੰ ਜਨਮ ਦਿੰਦੀ ਹੈ ‘‘ਫਰੀਦਾ ! ਜਿਤੁ ਤਨਿ ਬਿਰਹੁ ਨ ਊਪਜੈ; ਸੋ ਤਨੁ ਜਾਣੁ ਮਸਾਨੁ ॥’’ (ਬਾਬਾ ਫ਼ਰੀਦ ਜੀ/੧੩੭੯) ਦਾ ਅਹਿਸਾਸ ਕਰਾਂਦੀ ਹੈ। ਬਿਰਹੀ ਹਿਰਦਾ ਮਿਲਾਪ ਦੀ ਉਡੀਕ ਵਿੱਚ ਤੜਪਦਾ ਹੈ। ਮਿਲਣ ਦੀ ਲੋਚਾ ਹਰ ਦਮ ਬਣੀ ਰਹਿੰਦੀ ਹੈ। ਬਿਰਹੇ ਦੀ ਪੀੜਾ ਫਿਰ ਹਉਕਿਆਂ ਨੂੰ ਜਨਮ ਦਿੰਦੀ ਹੈ। ਅੱਖਾਂ; ਰਾਹ ਤੱਕਦੀਆਂ ਹਨ ਸੱਜਲ ਹੋ ਜਾਂਦੀਆਂ ਹਨ ‘‘ਹਉ ਰਹਿ ਨ ਸਕਾ ਬਿਨੁ ਦੇਖੇ ਪ੍ਰੀਤਮਾ; ਮੈ ਨੀਰੁ ਵਹੇ ਵਹਿ ਚਲੈ ਜੀਉ ॥ (ਮਹਲਾ ੪/੯੪), ਮੇਰਾ ਮਨੁ ਲੋਚੈ; ਗੁਰ ਦਰਸਨ ਤਾਈ ॥ ਬਿਲਪ ਕਰੇ; ਚਾਤ੍ਰਿਕ ਕੀ ਨਿਆਈ ॥ ਤ੍ਰਿਖਾ ਨ ਉਤਰੈ; ਸਾਂਤਿ ਨ ਆਵੈ; ਬਿਨੁ ਦਰਸਨ ਸੰਤ ਪਿਆਰੇ ਜੀਉ ॥’’ (ਮਹਲਾ ੫/੯੬) ਮਿਲਣ ਦੀ ਤਾਂਘ ਜਦੋਂ ਅੱਖਾਂ ਰਾਹੀਂ ਪਾਣੀ ਬਣ ਕੇ ਵਹਿੰਦੀ ਹੈ ਤਾਂ ਬਿਰਹੀ ਗੀਤਾਂ ਦਾ ਜਨਮ ਹੁੰਦਾ ਹੈ। ਇਹ ਬਿਰਹੀ ਗੀਤ ਅਧਿਆਤਮ ਦੁਨੀਆਂ ਦਾ ਸਭ ਤੋਂ ਵੱਡਾ ਸਰਮਾਇਆ ਹਨ। ਭਾਈ ਵੀਰ ਸਿੰਘ ਜੀ ਨੇ ਇਸ ਬਿਰਹੇ ਨੂੰ ਇੰਝ ਬਿਆਨ ਕੀਤਾ ਹੈ। ਚੋਣਵੀਂ ਕਵਿਤਾ ‘ਨੈਣਾਂ ਦੇ ਵਿਚ ਸੱਜਣ ਬਹਾਇਆ ਉਹ ਹੇਠਾਂ ਨੂੰ ਧਸਿਆ। ਧਸਿਆ ਅੰਦਰਲੇ ਦੇ ਅੰਦਰ ਜਾ ਡੂੰਘਾਈ ਫਸਿਆ। ਨੈਣ ਮੀਟਿਆਂ ਅੰਦਰ ਦਿਸਦਾ, ਖੁਲਿਆਂ ਬਾਹਰ ਦਿਸੀਵੇ। ਜਿਤ ਵਲ ਨਜ਼ਰ ਉਸੇ ਵਲ ਦਿਸਦਾ, ਵਣ ਤਿਣ ਸੱਜਣ ਵਸਿਆ।’

ਜਦੋਂ ਪ੍ਰਭੂ ਪ੍ਰੀਤਮ ਨੂੰ ਮਿਲਣ ਦੀ ਤਾਂਘ ਲੈ ਬਿਰਹਾ ਦੀ ਅਗਨ ਵਿੱਚ ਤੱਪਦਾ ਹੈ ਤਾਂ ਉਸ ਦੇ ਹਿਰਦੇ ਅੰਦਰ ਤੜਪ ਪੈਦਾ ਹੁੰਦੀ ਹੈ ‘‘ਕੋਈ ਸਜਣੁ ਸੰਤੁ ਮਿਲੈ ਵਡਭਾਗੀ; ਮੈ ਹਰਿ ਪ੍ਰਭੁ ਪਿਆਰਾ ਦਸੈ ਜੀਉ ॥’’ (ਮਹਲਾ ੪/੯੪) ਕਿਉਂਕਿ ਉਸ ਦੇ ਮਨ ਵਿੱਚ ਵਾਰ ਵਾਰ ਖ਼ਿਆਲ ਆਂਦਾ ਹੈ ‘‘ਹਉ ਮਨੁ ਤਨੁ ਖੋਜੀ; ਭਾਲਿ ਭਾਲਾਈ ॥ ਕਿਉ ਪਿਆਰਾ ਪ੍ਰੀਤਮੁ ਮਿਲੈ ਮੇਰੀ ਮਾਈ ! ॥’’ (ਮਹਲਾ ੪/੯੪) ਫਿਰ ਉਸ ਪ੍ਰਭੂ ਦੀ ਨਦਰ ਹੁੰਦੀ ਹੈ ‘‘ਵਡਭਾਗੀ ਹਰਿ ਸੰਗਤਿ ਪਾਵਹਿ ॥’’ (ਮਹਲਾ ੪/੯੫) ਦਾ ਸੁਭਾਗ ਬਣਦਾ ਹੈ, ਜਿਸ ਰਾਹੀਂ ਇਹ ਗਿਆਨ ਪ੍ਰਾਪਤ ਹੁੰਦਾ ਹੈ ‘‘ਮਿਲਿ ਸਤਸੰਗਤਿ ਖੋਜੁ ਦਸਾਈ; ਵਿਚਿ ਸੰਗਤਿ ਹਰਿ ਪ੍ਰਭੁ ਵਸੈ ਜੀਉ ॥’’ (ਮਹਲਾ ੪/੯੪) ਜਗਿਆਸੂ ਨੂੰ ਸਤਸੰਗਤਿ ਜਾਂ ਸਤਿ ਸੰਗੀ ਉਸ ਪ੍ਰਭੂ ਦਾ ਨਿਵਾਸ ਅਸਥਾਨ ਨਜ਼ਰ ਆਂਦਾ ਹੈ। ਪ੍ਰਮਾਤਮਾ ਪ੍ਰਭੂ ਦਾ ਦੇਸ਼ ਅਨੁਭਵ ਹੁੰਦਾ ਹੈ, ਫਿਰ ਉਸ ਤੋਂ ਘੋਲ ਘੁਮਾਂਦਾ, ਬਲਿਹਾਰ ਜਾਂਦਾ, ਪੁਕਾਰਦਾ ਹੈ ‘‘ਹਉ ਘੋਲੀ ਹਉ ਘੋਲਿ ਘੁਮਾਈ; ਗੁਰ ਸਜਣ ਮੀਤ ਮੁਰਾਰੇ ਜੀਉ ॥੧॥ ਰਹਾਉ ॥ (ਮਹਲਾ ੫/੯੬), ਸਤਿਗੁਰੁ ਮਿਤ੍ਰੁ ਮੇਰਾ; ਬਾਲ ਸਖਾਈ ॥ ਹਉ ਰਹਿ ਨ ਸਕਾ; ਬਿਨੁ ਦੇਖੇ ਮੇਰੀ ਮਾਈ ॥ (ਮਹਲਾ ੪/੯੪), ਇਕ ਘੜੀ ਨ ਮਿਲਤੇ; ਤਾ ਕਲਿਜੁਗੁ ਹੋਤਾ ॥ ਹੁਣਿ ਕਦਿ ਮਿਲੀਐ ? ਪ੍ਰਿਅ ਤੁਧੁ ਭਗਵੰਤਾ ॥ (ਮਹਲਾ ੫/੯੭), ਕਾਗਾ ਕਰੰਗ ਢੰਢੋਲਿਆ; ਸਗਲਾ ਖਾਇਆ ਮਾਸੁ ॥ ਏ ਦੁਇ ਨੈਨਾ ਮਤਿ ਛੁਹਉ; ਪਿਰ ਦੇਖਨ ਕੀ ਆਸ ॥’’ (ਬਾਬਾ ਫ਼ਰੀਦ ਜੀ/੧੩੮੨) ਬਚਨਾਂ ਅਨੁਸਾਰ ਪ੍ਰੀਤਵਾਨ; ਦਰਸ਼ਨ ਪਿਆਸੀ ਆਪਣੇ ਪਿਆਸੇ ਦੇ ਮਿਲਾਪ ਲਈ ਬੇਨਤੀ ਕਰਦਾ ਹੈ ‘‘ਮੋਹਿ ਲਾਗਤੀ ਤਾਲਾਬੇਲੀ ॥ ਬਛਰੇ ਬਿਨੁ ਗਾਇ ਅਕੇਲੀ ॥੧॥ ਪਾਨੀਆ ਬਿਨੁ; ਮੀਨੁ ਤਲਫੈ ॥ ਐਸੇ ਰਾਮ ਨਾਮਾ ਬਿਨੁ; ਬਾਪੁਰੋ ਨਾਮਾ ॥੧॥ ਰਹਾਉ ॥’’ (ਭਗਤ ਨਾਮਦੇਵ/੮੭੪)

ਮਾਇਆ ਜਾਲ ਵਿਚ ਫਸਿਆ ਜੀਵ ਆਪਣੇ ਪ੍ਰੀਤਮ ਦਾ ਰਾਹ ਤੱਕਦਾ ਹੈ। ਰਾਹ ਤੱਕਦੀਆਂ ਤਕਦੀਆਂ ਅੱਖਾਂ ਸੱਜਲ ਹੋ ਪੁਕਾਰਦੀਆਂ ਹਨ ‘‘ਪੰਥੁ ਨਿਹਾਰੈ ਕਾਮਨੀ; ਲੋਚਨ ਭਰੀ ਲੇ ਉਸਾਸਾ ॥ ਉਰ ਨ ਭੀਜੈ, ਪਗੁ ਨਾ ਖਿਸੈ; ਹਰਿ ਦਰਸਨ ਕੀ ਆਸਾ ॥ (ਭਗਤ ਕਬੀਰ/੩੩੮), ਉਡਹੁ ਨ, ਕਾਗਾ ਕਾਰੇ ॥ ਬੇਗਿ ਮਿਲੀਜੈ; ਅਪੁਨੇ ਰਾਮ ਪਿਆਰੇ ॥੧॥ ਰਹਾਉ ॥’’ (ਭਗਤ ਕਬੀਰ/੩੩੮) ਇਹ ਪ੍ਰੇਮ ਦਾ ਪੰਥ ਰਸਤਾ ਹੈ। ਇਸ ਦੇ ਪਾਂਧੀ ਨੂੰ ‘‘ਪਿਰ ਦੇਖਨ ਦੀ ਆਸ’’ ਲੱਗੀ ਰਹਿੰਦੀ ਹੈ। ਇਸ ਮਿਲਾਪ ਵਿੱਚ ਸਹਾਇਤਾ ਕਰਨ ਵਾਲੇ ਤੋਂ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਹੋ ਜਾਂਦਾ ਹੈ। ਅਜਿਹੇ ਸੰਕੇਤ ਗੁਰਬਾਣੀ ਵਿੱਚੋਂ ਮਿਲਦੇ ਹਨ ‘‘ਹਉ ਮਨੁ ਅਰਪੀ, ਸਭੁ ਤਨੁ ਅਰਪੀ; ਅਰਪੀ ਸਭਿ ਦੇਸਾ ॥ ਹਉ ਸਿਰੁ ਅਰਪੀ; ਤਿਸੁ ਮੀਤ ਪਿਆਰੇ; ਜੋ ਪ੍ਰਭ ਦੇਇ ਸਦੇਸਾ ॥ (ਮਹਲਾ ੫/੨੪੭), ਕੋਈ ਆਨਿ ਆਨਿ ਮੇਰਾ ਪ੍ਰਭੂ ਮਿਲਾਵੈ; ਹਉ ਤਿਸੁ ਵਿਟਹੁ ਬਲਿ ਬਲਿ ਘੁਮਿ ਗਈਆ ॥’’ (ਮਹਲਾ ੪/੮੩੬)

ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਸਿੱਖਾਂ ਤੋਂ ਉਪਦੇਸ਼ ਲੈ ਕੇ ਗੁਰੂ ਦਾ ਸਿੱਖ ਤਾਂ ਬਣ ਜਾਂਦਾ ਹੈ, ਪਰ ਗੁਰੂ ਤੋਂ ਗੁਰੂ ਕੋਈ ਵਿਰਲਾ ਹੀ ਬਣਦਾ ਹੈ। ਗੁਰੂ ਦੇ ਉਪਦੇਸ਼ਾਂ ਵਿੱਚ ਜੋ ਚੇਲੇ ਨੇ ਪ੍ਰੀਤੀ ਕਰਨੀ ਹੈ, ਉਹ ਇਹੋ ਹੀ ਹੈ ਕਿ ਪਰਮੇਸ਼ਰ ਨੂੰ ਮਿਲਣ ਲਈ ਗੁਰੂ ਦਰਸ਼ਨ ਵਿੱਚ ਆਪਣਾ ਧਿਆਨ ਧਰ ਕੇ ਗੁਰੂ ਦੀ ਸ਼ਬਦ ਰੂਪ ਮੂਰਤੀ ਹੋ ਜਾਂਦਾ ਹੈ। ਕਥਨ ਹੈ ‘‘ਗੁਰ ਸਿਖਹੁ ਗੁਰ ਸਿਖੁ ਹੈ; ਪੀਰ ਪੀਰਹੁ ਕੋਈ। ਸਬਦਿ ਸੁਰਤਿ ਚੇਲਾ ਗੁਰੂ; ਪਰਮੇਸਰੁ ਸੋਈ। ਦਰਸਨਿ ਦਿਸਟਿ ਧਿਆਨੁ ਧਰਿ; ਗੁਰ ਮੂਰਤਿ ਹੋਈ।’’ (ਭਾਈ ਗੁਰਦਾਸ ਜੀ/ਵਾਰ ੧੩ ਪਉੜੀ ੨) ਦਰਸ਼ਨ ਦਾ ਅਰਥ ਵਿਚਾਰਧਾਰਾ ਵੀ ਹੈ । ਵਿਦਵਾਨਾਂ ਨੇ ਗੁਰਬਾਣੀ ਦੇ ਫ਼ੁਰਮਾਨਾਂ ਅਨੁਸਾਰ ਦਰਸ਼ਨ ਚਾਰ ਪ੍ਰਕਾਰ ਦਾ ਮੰਨਿਆ ਹੈ।

  1. ਸ਼੍ਰਵਣ ਦਰਸ਼ਨ : ਪ੍ਰੀਤਮ ਦਾ ਸ਼ਬਦ ਸੁਣ ਕੇ ਉਸ ਵਿੱਚ ਲੀਨ ਹੋਣਾ; ਜਿਵੇਂ ‘‘ਸੁਣਿਐ ਲਾਗੈ ਸਹਜਿ ਧਿਆਨੁ ॥ (ਜਪੁ), ਸੁਣਿ ਸੁਣਿ ਜੀਵਾ ਸੋਇ ਤੁਮਾਰੀ ॥’’ (ਮਹਲਾ ੫/੧੦੪)
  2. ਚਿੱਤ੍ਰ ਦਰਸ਼ਨ : ਗੁਰਮਤਿ ਵਿੱਚ ਕਿਸੇ ਪ੍ਰਕਾਰ ਦੀ ਮੂਰਤੀ ਪੂਜਾ ਪ੍ਰਵਾਨ ਨਹੀਂ ‘‘ਸਤਿਗੁਰ ਨੋ ਸਭੁ ਕੋ ਵੇਖਦਾ; ਜੇਤਾ ਜਗਤੁ ਸੰਸਾਰੁ ॥ ਡਿਠੈ ਮੁਕਤਿ ਨ ਹੋਵਈ; ਜਿਚਰੁ ਸਬਦਿ ਨ ਕਰੇ ਵੀਚਾਰੁ ॥’’ (ਮਹਲਾ ੩/੫੯੪), ਇਸ ਲਈ ‘‘ਗੁਰ ਮੂਰਤਿ ਗੁਰੁ ਸਬਦੁ ਹੈ..॥’’ (ਭਾਈ ਗੁਰਦਾਸ ਜੀ) ਅਨੁਸਾਰ ‘‘ਗੁਰ ਕੀ ਮੂਰਤਿ; ਮਨ ਮਹਿ ਧਿਆਨੁ ॥ ਗੁਰ ਕੈ ਸਬਦਿ; ਮੰਤ੍ਰੁ ਮਨੁ ਮਾਨ ॥’’ (ਮਹਲਾ ੫/੮੬੪) ਹੀ ਗੁਰੂ ਚਿਤ੍ਰ ਦੇ ਦਰਸ਼ਨ ਹਨ।
  3. ਸੁਪਨ ਦਰਸ਼ਨ : ਪਿਆਰੇ ਨੂੰ ਸੁਪਨੇ ਵਿੱਚ ਵੇਖਣਾ; ਜਿਵੇਂ ਫ਼ੁਰਮਾਨ ਹੈ ‘‘ਸੁਣਿ ਸਖੀਏ ! ਮੇਰੀ ਨੀਦ ਭਲੀ; ਮੈ ਆਪਨੜਾ ਪਿਰੁ ਮਿਲਿਆ ॥ (ਮਹਲਾ ੫/੨੪੯), ਸੁਪਨੈ ਆਇਆ ਭੀ ਗਇਆ; ਮੈ ਜਲੁ ਭਰਿਆ ਰੋਇ ॥’’ (ਮਹਲਾ ੧/੫੫੮)
  4. ਪ੍ਰਤੱਖ ਦਰਸ਼ਨ : ਪਿਆਰੇ ਦੇ ਸਾਖ਼ਿਆਤ ਰੂਪ ਵਿੱਚ ਦਰਸ਼ਨ ਹਨ; ਜਿਵੇਂ ‘‘ਅਦਿਸਟੁ ਅਗੋਚਰੁ ਅਲਖੁ ਨਿਰੰਜਨੁ; ਸੋ ਦੇਖਿਆ ਗੁਰਮੁਖਿ ਆਖੀ ॥ (ਮਹਲਾ ੪/੮੭), ਸੰਤਨ ਕੀ ਸੁਣਿ; ਸਾਚੀ ਸਾਖੀ ॥ ਸੋ ਬੋਲਹਿ; ਜੋ ਪੇਖਹਿ ਆਖੀ ॥’’ (ਮਹਲਾ ੫/੮੯੪)

  ਭਾਈ ਵੀਰ ਸਿੰਘ ਜੀ ਪ੍ਰਭੂ ਅੱਗੇ ਬੇਨਤੀ ਕਰਦੇ ਹਨ ਹੇ ਅਰੂਪ  ! ਤੁਸੀਂ ਰੂਪਵਾਨ ਹੋ ਕਦੇ ਤਾਂ ਲਾਡ ਲਡਾਉ ਜਾਂ ਅਰੂਪ ਕਰ ਕਦੇ ਅਸਾਂ ਨੂੰ ਦਰਸ਼ਨ ਅਰੂਪ ਦਿਖਾਉ ‘ਸੱਸੀ ਵਾਂਗੂੰ ਬਾਂਹ ਉਲਾਰਾਂ, ਉਝੱਲ ਡਾਚੀ ਮਗਰੇ। ਦਿਨੇ ਰਾਤ ਪਈ ਕੂਕਾਂ ਸਾਂਈਆਂ ! ਆ ਜਾਉ ਆ ਜਾਉ।’’ ਫਿਰ ਗੁਰੂ ਫ਼ੁਰਮਾਨ ਹੈ ‘‘ਦਰਸਨੁ ਦੇਖਿ ਜੀਵਾ ਗੁਰ ਤੇਰਾ ॥’’ (ਮਹਲਾ ੫/੭੪੨) ਦੀ ਉਮਾਹ ਪੈਦਾ ਹੋਈ, ਇਸੇ ਲਈ ਪੰਜਵੇਂ ਪਾਤਸ਼ਾਹ ਜੀ ਵੀ ਪ੍ਰਭੂ ਅੱਗੇ ਜੋਦੜੀ ਕਰਦੇ ਹਨ ‘‘ਦਰਸਨੁ ਮਾਗਉ ਦੇਹਿ ਪਿਆਰੇ  !॥’’ (ਮਹਲਾ ੫/੩੮੬) ਆਉ ਅਸੀਂ ਵੀ ਆਪਣੇ ਅੰਦਰ ਇਕ ਪਿਆਸ ਪੈਦਾ ਕਰੀਏ ਤਾਂ ਕਿ ਸਾਡੇ ਅੰਦਰ ਵੀ ਇਹ ਪੁਕਾਰ ਬਣ ਨਿਕਲ ਸਕੇ ਕਿ ਹੇ ਪ੍ਰਭੂ  ! ‘‘ਜਿਉ ਮਛੁਲੀ ਬਿਨੁ ਪਾਣੀਐ; ਕਿਉ ਜੀਵਣੁ ਪਾਵੈ  ?॥ ਬੂੰਦ ਵਿਹੂਣਾ ਚਾਤ੍ਰਿਕੋ; ਕਿਉ ਕਰਿ ਤ੍ਰਿਪਤਾਵੈ ? ॥ ਨਾਦ ਕੁਰੰਕਹਿ ਬੇਧਿਆ; ਸਨਮੁਖ ਉਠਿ ਧਾਵੈ ॥ ਭਵਰੁ ਲੋਭੀ ਕੁਸਮ ਬਾਸੁ ਕਾ; ਮਿਲਿ ਆਪੁ ਬੰਧਾਵੈ ॥ ਤਿਉ ਸੰਤ ਜਨਾ ਹਰਿ ਪ੍ਰੀਤਿ ਹੈ; ਦੇਖਿ ਦਰਸੁ ਅਘਾਵੈ ॥’’ (ਮਹਲਾ ੫/੭੦੮) ਇਹੀ ਮਾਰਗ ਹੈ, ਜਿਸ ਰਾਹੀਂ ਅਸੀਂ ਪ੍ਰਭੂ ਮਿਲਾਪ ਦੀ ਮੰਜ਼ਲ ’ਤੇ ਪਹੁੰਚਣ ਵਾਲ਼ੀ ਪਦਵੀ ਪਾ ਸਕਦੇ ਹਾਂ ‘‘ਜਲ ਤਰੰਗੁ ਜਿਉ ਜਲਹਿ ਸਮਾਇਆ ॥ ਤਿਉ ਜੋਤੀ ਸੰਗਿ ਜੋਤਿ ਮਿਲਾਇਆ ॥ ਕਹੁ ਨਾਨਕ !  ਭ੍ਰਮ ਕਟੇ ਕਿਵਾੜਾ; ਬਹੁੜਿ ਨ ਹੋਈਐ ਜਉਲਾ ਜੀਉ ॥’’ (ਮਹਲਾ ੫/੧੦੨) ਜਾਂ ‘‘ਸੁ ਕਹੁ ਟਲ  ! ਗੁਰੁ ਸੇਵੀਐ; ਅਹਿਨਿਸਿ ਸਹਜਿ ਸੁਭਾਇ ॥ ਦਰਸਨਿ ਪਰਸਿਐ ਗੁਰੂ ਕੈ; ਜਨਮ ਮਰਣ ਦੁਖੁ ਜਾਇ ॥’’ (ਭਟ ਕਲੵ/੧੩੯੨)