ਹਊਮੈ ਦੀਰਘ ਰੋਗ ਹੈ॥

0
176

ਹਊਮੈ ਦੀਰਘ ਰੋਗ ਹੈ

ਰਣਜੀਤ ਸਿੰਘ, B.Sc., M.A., M.Ed. ਸਟੇਟ ਤੇ ਨੈਸ਼ਨਲ ਅਵਾਰਡੀ,

ਹੈਡਮਾਸਟਰ (ਸੇਵਾ ਮੁਕਤ), 105, ਮਾਇਆ ਨਗਰ, ਸਿਵਲ ਲਾਈਨਜ਼, ਲੁਧਿਆਣਾ। 99155-15436

ਸਤਿਗੁਰ ਪ੍ਰਸਾਦਿ

ਮਨੁੱਖੀ ਸਰੀਰ ਪੰਜ ਤੱਤਾਂ ਦਾ ਬਣਿਆ ਹੋਇਆ ਹੈ। ਇਸ ਸਰੀਰ ਵਿੱਚ ਜਿੱਥੇ ਮਨ, ਬੁੱਧੀ ਅਤੇ ਚਿੱਤ ਹੈ, ਉੱਥੇ ਨਾਲ ਹੀ ਇਸ ਵਿੱਚ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਵੀ ਵੱਸਦੇ ਹਨ। ਜੇ ਇਹਨਾਂ ਉੱਤੇ ਕਾਬੂ ਨਾ ਪਾਇਆ ਜਾਵੇ ਤਾਂ ਵਿਕਾਰ ਬਣ ਜਾਂਦੇ ਹਨ। ਪਵਿੱਤਰ ਤੇ ਉੱਚਾ ਸੁੱਚਾ ਜੀਵਨ ਜਿਊਣ ਲਈ ਇਹਨਾਂ ’ਤੇ ਕਾਬੂ ਪਾਉਣਾ ਬਹੁਤ ਜ਼ਰੂਰੀ ਹੈ। ਮਨੁੱਖ ਨੇ ਇਹਨਾਂ ਵਿਕਾਰਾਂ ਨੂੰ ਤਿਆਗਣਾ ਨਹੀਂ ਸਗੋਂ ਇਹਨਾਂ ’ਤੇ ਕੰਟਰੋਲ ਕਰਨਾ ਹੈ। ਮਨੁੱਖ ਅਤੇ ਪਸ਼ੂਆਂ ਵਿੱਚ ਫ਼ਰਕ ਇਹ ਹੈ ਕਿ ਪਸ਼ੂ ਆਪਣੀਆਂ ਕਾਮਨਾਵਾਂ ਨੂੰ ਕਾਬੂ ਨਹੀਂ ਰੱਖ ਸਕਦੇ ਪਰ ਮਨੁੱਖ ਇਹਨਾਂ ਨੂੰ ਸਵੈ ਕਾਬੂ ਵਿੱਚ ਰੱਖ ਸਕਦਾ ਹੈ। ਮਨੁੱਖ ਨੇ ਇਹਨਾਂ ਵਿਕਾਰਾਂ ਦੀ ਦਿਸ਼ਾ ਨੂੰ ਬਦਲਣਾ ਹੈ। ਸਿੱਖ ਨੇ ਇਹਨਾਂ ਨੂੰ ਮਾਰਨਾ ਨਹੀਂ ਸਗੋਂ ਸੁਧਾਰਨਾ ਹੈ। ਕਾਮ ਨੂੰ ਸੰਜਮ ਤੇ ਸ਼ਕਤੀ ਦੇ ਰੂਪ ਵਿੱਚ ਬਦਲਣਾ ਹੈ। ਕ੍ਰੋਧ ਨੂੰ ਸੂਰਬੀਰਤਾ ਤੇ ਬੀਰ ਰਸ ਵਿੱਚ, ਲੋਭ ਨੂੰ ਪੁਰਸ਼ਾਰਥ ਤੇ ਸੰਤੋਖ ਵਿੱਚ ਬਦਲਣਾ ਹੈ। ਇਸੇ ਤਰ੍ਹਾਂ ਮੋਹ ਨੂੰ ਪ੍ਰੇਮ ਤੇ ਕੁਰਬਾਨੀ ਵਿੱਚ ਅਤੇ ਹੰਕਾਰ ਨੂੰ ਸਵੈਮਾਨ ਤੇ ਅਣਖ ਦੇ ਰੂਪ ਵਿੱਚ ਬਦਲਣਾ ਹੈ। ਇਸ ਤਰ੍ਹਾਂ ਕਰਨ ਨਾਲ ਮਨੁੱਖ ਦੇ ਅੰਦਰ ਸਚਾਈ, ਪ੍ਰੇਮ, ਵੈਰਾਗ, ਦਇਆ, ਸੰਤੋਖ ਅਤੇ ਨਿਮ੍ਰਤਾ ਵਰਗੇ ਸ਼ੁਭ ਗੁਣ ਪੈਦਾ ਹੋ ਜਾਣਗੇ।

ਭਗਤ ਰਵਿਦਾਸ ਜੀ ਫ਼ੁਰਮਾਉਂਦੇ ਹਨ ਕਿ ਹਿਰਨ, ਮੱਛੀ, ਭੌਰਾ, ਪਤੰਗਾ ਤੇ ਹਾਥੀ ਨੂੰ ਕੇਵਲ ਇੱਕ ਇੱਕ ਰੋਗ ਹੈ, ਜਿਸ ਕਾਰਨ ਉਹ ਮਰ ਜਾਂਦੇ ਹਨ ਜਾਂ ਪਰ ਅਧੀਨ ਹੋ ਜਾਂਦੇ ਹਨ, ਪਰ ਮਨੁੱਖ ਜੋ ਸਾਰੀਆਂ ਜੂਨਾਂ ਦਾ ਸਰਦਾਰ ਹੈ ਉਸ ਨੂੰ ਪੰਜੇ ਰੋਗ ਚੰਬੜੇ ਹੋਏ ਹਨ। ਭਗਤ ਰਵਿਦਾਸ ਜੀ ਆਸਾ ਰਾਗ ਵਿੱਚ ਫ਼ੁਰਮਾਉਂਦੇ ਹਨ ‘‘ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ; ਏਕ ਦੋਖ ਬਿਨਾਸ ਪੰਚ ਦੋਖ ਅਸਾਧ ਜਾ ਮਹਿ; ਤਾ ਕੀ ਕੇਤਕ ਆਸ ’’ (ਭਗਤ ਰਵਿਦਾਸ/੪੮੬) ਭਾਵ ਹਿਰਨ ਨੂੰ ਕੰਨਾ ਦਾ ਰਸ, ਮੱਛੀ ਨੂੰ ਜੀਭ ਦਾ ਸੁਆਦ, ਭੌਰੇ ਨੂੰ ਸੁੰਘਣ ਦਾ, ਪਤੰਗੇ ਨੂੰ ਦੇਖਣ ਦਾ ਸ਼ੌਂਕ, ਹਾਥੀ ਨੂੰ ਕਾਮ ਰਸ ਹੈ।

ਚੇਤੇ ਰਹੇ ਕਿ ਜੰਗਲ਼ ’ਚ ਛੁਪ ਕੇ ਸ਼ਿਕਾਰੀ ਘੰਟਾਹੇੜਾ (ਘੰਟਾਕਹੇਰਿ) ’ਚੋਂ ਧੁਨੀ ਪ੍ਰਗਟ ਕਰਦਾ ਹੈ, ਜਿਸ ਨੂੰ ਸੁਣਨ ਲਈ ਹਿਰਨ ਉਸ ਵੱਲ ਭੱਜਦਾ ਹੋਇਆ ਉਸ ਦੇ ਜਾਲ ’ਚ ਫਸ ਜਾਂਦਾ ਹੈ ਯਾਨੀ ਹਿਰਨ ਨੂੰ ਕੰਨ ਰਸ ਰੋਗ ਹੈ।, ਮੱਛੀ ਜੀਭ ਰਸ ਕਾਰਨ ਸ਼ਿਕਾਰੀ ਦੀ ਕੁੰਡੀ ’ਚ ਫਸ ਜਾਂਦੀ ਹੈ।, ਭੌਰੇ ਨੂੰ ਨਾਸਿਕੀ (ਸੁਗੰਧੀ ਰਸ) ਰੋਗ ਹੈ। ਉਹ ਖਿੜੇ ਫੁੱਲ ’ਚੋਂ ਸੁਗੰਧੀ ਲੈਣ ਜਾਂਦਾ ਹੈ, ਜੋ ਰਾਤ ਨੂੰ ਬੰਦ ਹੋ ਜਾਂਦਾ ਹੈ ਤੇ ਭੌਰਾ ਵਿੱਚੇ ਮਰ ਜਾਂਦਾ ਹੈ।, ਪਤੰਗੇ ਨੂੰ ਦ੍ਰਿਸ਼ਟੀ ਰੋਗ ਹੈ, ਜੋ ਰੌਸ਼ਨੀ ’ਤੇ ਜਾ ਕੇ ਆਪਣੀ ਜਾਨ ਗਵਾ ਬੈਠਦਾ ਹੈ।, ਹਾਥੀ ਨੂੰ ਤ੍ਵਚਾ (ਕਾਮ) ਰੋਗ ਹੈ। ਇਸ ਨੂੰ ਪਕੜਨ ਲਈ ਸ਼ਿਕਾਰੀ ਜੰਗਲ਼ ’ਚ ਟੋਆ ਪੁੱਟ ਕੇ ਉੱਪਰ ਕਾਗਜ਼ ਦੀ ਹਥਨੀ ਬਣਾ ਉਸ ਨੂੰ ਪਕੜ ਲੈਂਦਾ ਹੈ। ਸੋ ਇਹ ਇੱਕ ਇੱਕ ਰੋਗ ਕਰਕੇ ਦੁੱਖੀ ਹਨ, ਪਰ ਮਨੁੱਖ ਵਿੱਚ ਇਹ ਪੰਜੇ ਰੋਗ ਹਨ। ਇਨ੍ਹਾਂ ਤੋਂ ਬਚਣ ਦੀ ਆਸ ਕਿਵੇਂ ਹੋ ਸਕਦੀ ਹੈ ? ਭਾਈ ਗੁਰਦਾਸ ਜੀ ਦਾ ਕਥਨ ਹੈ ‘‘ਗਜ ਮ੍ਰਿਗ ਮੀਨ ਪਤੰਗ ਅਲਿ (ਭੌਰਾ); ਇਕਤੁ ਇਕਤੁ ਰੋਗਿ (ਨਾਲ਼) ਪਚੰਦੇ ਮਾਣਸ ਦੇਹੀ ਪੰਜਿ ਰੋਗ; ਪੰਜੇ ਦੂਤ ਕੁਸੂਤੁ ਕਰੰਦੇ’’ (ਭਾਈ ਗੁਰਦਾਸ ਜੀ/ਵਾਰ ਪਉੜੀ ੨੦)

ਇਹਨਾਂ ਪੰਜਾਂ ਰੋਗਾਂ ਵਿੱਚੋਂ ਵਿਸ਼ੇਸ਼ ਹਊਮੈ ਜਾਂ ਹੰਕਾਰ ਦਾ ਰੋਗ ਕੇਵਲ ਤੇ ਕੇਵਲ ਪ੍ਰਮਾਤਮਾ ਨੇ ਮਨੁੱਖ ਨੂੰ ਦਿੱਤਾ ਹੈ ‘‘ਹਉਮੈ ਰੋਗੁ ਮਾਨੁਖ ਕਉ ਦੀਨਾ ’’ (ਮਹਲਾ /੧੧੪੦) ਇਹਨਾਂ ਪੰਜਾਂ ਵਿੱਚੋਂ ਸਭ ਤੋਂ ਵੱਡਾ ਰੋਗ ਅਤੇ ਅੰਤ ਤੱਕ ਮਨੁੱਖ ਦੇ ਨਾਲ ਨਿਭਣ ਵਾਲਾ ਰੋਗ ਹੈ ‘ਹਉਮੈ’ ਪਰ ਇਹ ਰੋਗ ਲਾ-ਇਲਾਜ ਨਹੀਂ। ਗੁਰੂ ਨਾਨਕ ਸਾਹਿਬ ਜੀ ਆਸਾ ਕੀ ਵਾਰ ਵਿੱਚ ਫ਼ੁਰਮਾਉਂਦੇ ਹਨ ‘‘ਹਉਮੈ ਦੀਰਘ ਰੋਗੁ ਹੈ; ਦਾਰੂ ਭੀ, ਇਸੁ ਮਾਹਿ ਕਿਰਪਾ ਕਰੇ ਜੇ ਆਪਣੀ; ਤਾ ਗੁਰ ਕਾ ਸਬਦੁ ਕਮਾਹਿ ’’ (ਮਹਲਾ /੪੬੬), ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ ‘‘ਹੰਉਮੈ ਵਡਾ ਰੋਗੁ ਹੈ; ਮਰਿ ਜੰਮੈ ਆਵੈ ਜਾਇ ’’ (ਮਹਲਾ /੫੯੨)

ਮਨੁੱਖ ਪ੍ਰਮਾਤਮਾ ਦੀ ਅੰਸ ਹੈ। ਜਿਵੇਂ ਸਮੁੰਦਰ ਅਤੇ ਇਸ ਦੀ ਬੂੰਦ ਦਾ ਅਸਲਾ ਇੱਕ ਹੁੰਦਿਆਂ ਹੋਇਆਂ ਵੀ, ਦੋਹਾਂ ਵਿੱਚ ਬਹੁਤ ਅੰਤਰ ਹੈ। ਸਮੁੰਦਰ ਅਥਾਹ ਸ਼ਕਤੀ ਦਾ ਮਾਲਕ ਹੈ, ਜਿਸ ਦੀ ਕੁੱਖ ਵਿੱਚ ਬਹੁਤ ਕੀਮਤੀ ਪਦਾਰਥਾਂ ਦਾ ਢੇਰ ਹੈ ਅਤੇ ਇਸ ਦੇ ਤਲ ਉੱਤੇ ਵੱਡੇ ਵੱਡੇ ਸਮੁੰਦਰੀ ਜਹਾਜ਼ ਚੱਲਦੇ ਹਨ ਪਰ ਇਸ ਦਾ ਅੰਸ਼ ਹੁੰਦਿਆਂ ਵੀ ਬੂੰਦ ਵਿੱਚ ਕੋਈ ਤਾਕਤ ਨਹੀਂ ਕਿਉਂਕਿ ਇਸ ਵਿੱਚ ਵੱਖਰੀ ਹੋਂਦ ਦੀ ਹੰਊਮੈ ਬਣੀ ਹੋਈ ਹੈ। ਜੇ ਇਹ ਬੂੰਦ ਆਪਣੀ ਹਉਮੈ ਤਿਆਗ ਕੇ ਆਪਣੇ ਮੂਲ ਸੋਮੇ ਸਮੁੰਦਰ ਵਿੱਚ ਜਜ਼ਬ ਹੋ ਜਾਵੇ ਤਾਂ ਇਹ ਵੀ ਸਮੁੰਦਰ ਦੀ ਤਰ੍ਹਾਂ ਸਾਰੀ ਤਾਕਤ ਹਾਸਲ ਕਰ ਲਵੇਗੀ। ਇਹੀ ਗੱਲ ਮਨੁੱਖੀ ਆਤਮਾ ਦੀ ਹੈ। ਜੇ ਇਹ ਆਪਣੀ ਹਉਮੈ ਤਿਆਗ ਕੇ ਪਰਮ ਆਤਮਾ ਨਾਲ ਇਕ ਸੁਰਤਾ ਹਾਸਲ ਕਰ ਲਵੇ ਤੇ ਉਸ ਵਿੱਚ ਲੀਨ ਹੋ ਜਾਵੇ ਤਾਂ ਉਸ ਵਿੱਚ ਤੇ ਪ੍ਰਮਾਤਮਾ ਵਿੱਚ ਕੋਈ ਭੇਦ ਨਹੀਂ ਰਹਿ ਜਾਵੇਗਾ। ਗੁਰੂ ਰਾਮਦਾਸ ਜੀ ਦਾ ਕਥਨ ਹੈ ‘‘ਧਨ ਪਿਰ ਕਾ ਇਕ ਹੀ ਸੰਗਿ ਵਾਸਾ; ਵਿਚਿ ਹਉਮੈ ਭੀਤਿ ਕਰਾਰੀ ਗੁਰਿ ਪੂਰੈ (ਨੇ) ਹਉਮੈ ਭੀਤਿ ਤੋਰੀ; ਜਨ ਨਾਨਕ ਮਿਲੇ ਬਨਵਾਰੀ ’’ (ਮਹਲਾ /੧੨੬੩)

ਸੋ ਮਨੁੱਖ ਦਾ ਆਪਣੀ ਹਸਤੀ ਨੂੰ ਪ੍ਰਮਾਤਮਾ ਤੋਂ ਵੱਖਰਾ ਮੰਨਣਾ ਕਿ ਮੇਰੇ ਅਤੇ ਪ੍ਰਮਾਤਮਾ ਵਿੱਚ ਵਿੱਥ ਹੈ। ਇਸ ਵੱਖਰੇਵੇਂ ਨੂੰ ਹੀ ‘ਹਉਮੈ’ ਕਿਹਾ ਜਾਂਦਾ ਹੈ।

ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਉਹ ਪ੍ਰਭੂ ਨਾਲ ਆਪਣੇ ਆਪ ਨੂੰ ਇਕ ਮਿਕ ਸਮਝਦਾ ਹੈ। ਜਿਉਂ ਜਿਉਂ ਉਹ ਵੱਡਾ ਹੁੰਦਾ ਹੈ ਤੇ ਉਸ ਦੀ ਚੇਤਨਾ ਵਧਦੀ ਹੈ ਤਾਂ ਉਹ ਆਪਣੇ ਆਪ ਨੂੰ ਵੱਖਰਾ ਸਮਝਦਾ ਹੈ ਤੇ ਉਸ ਵਿੱਚ ਮੈਂ ਤੇ ਮੇਰੀ ਦੀ ਭਾਵਨਾ ਪ੍ਰਬਲ ਹੁੰਦੀ ਜਾਂਦੀ ਹੈ। ਜਦੋਂ ਇਹ ਮੇਰ ਤੇਰ ਦਾ ਸਿਲਸਿਲਾ ਸ਼ੁਰੂ ਹੋ ਜਾਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਹਉਮੈ ਦਾ ਬੀਜ ਅੰਦਰ ਬੀਜਿਆ ਜਾ ਚੁੱਕਿਆ ਹੈ। ਇਸ ਹਉਮੈ ਦੀ ਪਕੜ ਕਾਰਨ ਜੀਵ ਦੁੱਖੀ ਹੁੰਦਾ ਹੈ। ਜੇ ਕਿਸੇ ਮਨੁੱਖ ਦੇ ਪੈਰ ਵਿੱਚ ਕੰਡਾ ਚੁਭ ਜਾਵੇ ਤਾਂ ਪੀੜ ਨਾਲ ਤੁਰ ਨਹੀਂ ਸਕਦਾ ਇਸੇ ਤਰ੍ਹਾਂ ਜਿਸ ਮਨੁੱਖ ਦੇ ਅੰਦਰ ‘ਹਊਮੈ ਦਾ ਕੰਡਾ’ ਚੁਭ ਜਾਏ ਤਾਂ ਉਹ, ਮਨੁੱਖੀ ਮਨ ਨੂੰ ਪੀੜਾ ਦਿੰਦਾ ਹੈ। ‘ਸੋਹਿਲਾ’ ਬਾਣੀ ਵਿੱਚ ਅਸੀਂ ਰੁਜ਼ਾਨਾ ਪੜ੍ਹਦੇ ਹਾਂ ‘‘ਸਾਕਤ ਹਰਿ ਰਸ ਸਾਦੁ ਜਾਣਿਆ; ਤਿਨ ਅੰਤਰਿ ਹਉਮੈ ਕੰਡਾ ਹੇ ਜਿਉ ਜਿਉ ਚਲਹਿ, ਚੁਭੈ, ਦੁਖੁ ਪਾਵਹਿ; ਜਮਕਾਲੁ ਸਹਹਿ ਸਿਰਿ ਡੰਡਾ ਹੇ ’’ (ਸੋਹਿਲਾ/ਮਹਲਾ /੧੩)

ਜਦ ਤਕ ਜੀਵ ਹਉਮੈ ਦਾ ਸ਼ਿਕਾਰ ਹੈ, ਉਸ ਦੇ ਅੰਦਰ ਨਾਮ ਦਾ ਵਾਸਾ ਨਹੀਂ ਹੋ ਸਕਦਾ ਕਿਉਂਕਿ ‘ਹਉਮੈ’ ਅਤੇ ‘ਨਾਮ’ ਦੋਵੇਂ ਇਕੱਠੇ (ਇੱਕੋ ਹਿਰਦੇ ’ਚ) ਨਹੀਂ ਰਹਿ ਸਕਦੇ। ਗੁਰੂ ਅਮਰਦਾਸ ਜੀ ਦਾ ਫ਼ੁਰਮਾਨ ਹੈ ‘‘ਹਉਮੈ ਨਾਵੈ ਨਾਲਿ ਵਿਰੋਧੁ ਹੈ; ਦੁਇ ਵਸਹਿ ਇਕ ਠਾਇ ’’ (ਮਹਲਾ /੫੬੦)

‘ਹਉਮੈ’ ਇਕ ਤਰ੍ਹਾਂ ਦੀ ਗੂੜੀ ਨੀਂਦ ਹੈ, ਜਿਸ ਤੋਂ ਜਾਗਣ ਦੀ ਉਮੀਦ ਬਹੁਤ ਘੱਟ ਹੁੰਦੀ ਹੈ। ਗੁਰਬਾਣੀ ਦਾ ਫ਼ੁਰਮਾਨ ਹੈ ‘‘ਹਉਮੈ ਵਿਚਿ ਜਾਗ੍ਰਣੁ ਹੋਵਈ; ਹਰਿ ਭਗਤਿ ਪਵਈ ਥਾਇ ’’ (ਮਹਲਾ /੧੩੪੭)

ਜਦੋਂ ਹਉਮੈ ਦੀ ਦੀਵਾਰ ਟੁੱਟ ਜਾਵੇਗੀ ਤਾਂ ਹੀ ਸਾਨੂੰ ਪ੍ਰਮਾਤਮਾ ਦੀ ਨੇੜਤਾ ਹਾਸਲ ਹੋਵੇਗੀ। ਗੁਰੂ ਨਾਨਕ ਸਾਹਿਬ ਜੀ ਫ਼ੁਰਮਾਉਂਦੇ ਹਨ ‘‘ਹਉਮੈ ਜਾਈ; ਤਾ ਕੰਤ ਸਮਾਈ ’’ (ਮਹਲਾ /੭੫੦)

ਹੁਣ ਪ੍ਰਸ਼ਨ ਇਹ ਵੀ ਹੈ ਕਿ ਹਉਮੈ ਕਿੱਥੋਂ ਤੇ ਕਿਵੇਂ ਪੈਦਾ ਹੁੰਦੀ ਹੈ ? ਮਨੁੱਖ ਜੋ ਵੀ ਕਰਮ ਕਰਦਾ ਹੈ, ਉਸ ਦੇ ਕੀਤੇ ਹੋਏ ਕਰਮਾਂ ਅਨੁਸਾਰ ਉਸ ਦਾ ਸੁਭਾਅ ਬਣਦਾ ਹੈ ਅਤੇ ਉਸ ਰੱਬੀ ਹੁਕਮ ਅਨੁਸਾਰ ਮਨੁੱਖ ਦੇ ਕੀਤੇ ਹੋਏ ਕਰਮਾਂ ਦੇ ਆਧਾਰ ’ਤੇ ਉਸ ਦੇ ਮੱਥੇ ’ਤੇ ਹਉਮੈ ਦਾ ਲੇਖ ਲਿਖਿਆ ਜਾਂਦਾ ਹੈ। ਗੁਰੂ ਅੰਗਦ ਦੇਵ ਜੀ ਦਾ ਫ਼ੁਰਮਾਨ ਹੈ ‘‘ਹਉਮੈ ਕਿਥਹੁ ਊਪਜੈ ? ਕਿਤੁ ਸੰਜਮਿ ਇਹ ਜਾਇ ? ਹਉਮੈ ਏਹੋ ਹੁਕਮੁ ਹੈ; ਪਇਐ ਕਿਰਤਿ ਫਿਰਾਹਿ ’’ (ਮਹਲਾ /੪੬੬)

ਜਿਵੇਂ ਜਗਤ ਦਾ ਪਸਾਰਾ ਤੇ ਮਾਇਆ ਦਾ ਪਸਾਰਾ ਅਕਾਲ ਪੁਰਖ ਦੇ ਹੁਕਮ ਨਾਲ ਹੋਇਆ ਹੈ, ਉਸੇ ਤਰ੍ਹਾਂ ਹਉਮੈ ਦਾ ਪਸਾਰਾ ਵੀ ਰੱਬੀ ਹੁਕਮ ਨਾਲ ਹੀ ਹੋਇਆ ਹੈ। ਗੁਰੂ ਅਮਰਦਾਸ ਜੀ ਦਾ ਫ਼ੁਰਮਾਨ ਹੈ ‘‘ਇਹੁ ਸਰੀਰੁ ਮਾਇਆ ਕਾ ਪੁਤਲਾ; ਵਿਚਿ ਹਉਮੈ ਦੁਸਟੀ ਪਾਈ ’’ (ਮਹਲਾ /੩੧)

ਜਿਹੜਾ ਮਨੁੱਖ ਇਸ ਹਉਮੈ ਨੂੰ ਮਾਰਨ ਵਿੱਚ ਕਾਮਯਾਬ ਹੋ ਗਿਆ, ਉਸ ਦੀ ਤੁਲਨਾ ਗੁਰੂ ਸਾਹਿਬ; ਯੋਧੇ ਦੇ ਨਾਲ ਕਰਦੇ ਹਨ। ਤੀਜੇ ਪਾਤਸ਼ਾਹ ਫ਼ੁਰਮਾਉਂਦੇ ਹਨ ‘‘ਨਾਨਕ  ! ਸੋ ਸੂਰਾ ਵਰੀਆਮੁ; ਜਿਨਿ, ਵਿਚਹੁ ਦੁਸਟੁ ਅਹੰਕਰਣੁ ਮਾਰਿਆ ’’ (ਮਹਲਾ /੮੬) ਪਰੰਤੂ ਇਹ ਕੰਮ ਕੋਈ ਸੌਖਾ ਨਹੀਂ। ਥੋੜ੍ਹੀ ਜਿਹੀ ਸ਼ੋਹਰਤ ਮਿਲ ਜਾਵੇ, ਧਨ ਦੀ ਪ੍ਰਾਪਤੀ ਹੋ ਜਾਵੇ, ਉੱਚੀ ਪਦਵੀ ਮਿਲ ਜਾਵੇ ਤਾਂ ਮਨੁੱਖ ਇਸ ਨੂੰ ਜਰ ਨਹੀਂ ਸਕਦਾ। ਆਪਣੇ ਆਪ ਨੂੰ ਹੋਰਨਾਂ ਤੋਂ ਵੱਖਰਾ ਤੇ ਉੱਚਾ ਹੀ ਸਮਝਣ ਲੱਗ ਜਾਂਦਾ ਹੈ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਅੰਗਦ ਦੇਵ ਜੀ ਮਾਲਵੇ ਦੇ ਇਲਾਕੇ ਵਿੱਚ ਪ੍ਰਚਾਰ ਕਰਨ ਹਿੱਤ ਪਿੰਡ ਹਰੀਕੇ ਪਹੁੰਚੇ। ਇੱਥੋਂ ਦਾ ਮੁੱਖ ਚੌਧਰੀ ਬਖਤਾਵਰ 72 ਪਿੰਡਾਂ ਦਾ ਮਾਲਕ ਸੀ, ਜਿਸ ਕਾਰਨ ਇਹ ਮਾਇਆਧਾਰੀ ਤੇ ਅਹੰਕਾਰੀ ਬਿਰਤੀ ਦਾ ਮਾਲਕ ਸੀ। ਇਸ ਰੋਗ ਕਾਰਨ ਇਹ, ਗ਼ਰੀਬ ਤੇ ਨੀਵੀਆਂ ਜਾਤਾਂ ਦੇ ਲੋਕਾਂ ਦੀ ਸੰਗਤ ਵਿੱਚ ਬਰਾਬਰ ਬੈਠਣ ਨੂੰ ਤਿਆਰ ਨਹੀਂ ਸੀ। ਗੁਰੂ ਸਾਹਿਬ ਨੇ ਇਸ ਨੂੰ ਬੜੇ ਪ੍ਰੇਮ ਨਾਲ ਸਮਝਾਇਆ ਕਿ ਇਹ ਦੁਨੀਆਵੀ ਮਾਨ ਸਭ ਕੂੜ ਹੈ। ਜਦ ਤੱਕ ਅਸੀਂ ਇਹਨਾਂ ਦਾ ਤਿਆਗ ਨਹੀਂ ਕਰਦੇ ਤਾਂ ਉੱਚ ਆਤਮਿਕ ਅਵਸਥਾ ਨਹੀਂ ਮਾਣ ਸਕਦੇ। ਗੁਰੂ ਉਪਦੇਸ਼ ਦਾ ਅਸਰ ਇਹ ਹੋਇਆ ਕਿ ਚੌਧਰੀ ਬਖਤਾਵਰ ਮਾਣ ਛੱਡ ਕੇ ਸੰਗਤ ਦੀ ਸੇਵਾ ਵਿੱਚ ਜੁੱਟ ਗਿਆ।

ਮਨੁੱਖ ਦੇ ਜੀਵਨ ਦਾ ਇਕ ਲਕਸ਼ ਗਿਆਨ ਦੀ ਪ੍ਰਾਪਤੀ ਹੈ। ਭਾਂਵੇ ਇਹ ਗਿਆਨ ਦੁਨਿਆਵੀ ਹੋਵੇ ਜਾਂ ਨਿਰੰਕਾਰੀ। ਇਸ ਗਿਆਨ ਦੀ ਪ੍ਰਾਪਤੀ ਰਾਹੀਂ ਹੀ ਮਨੁੱਖ ਆਪਣਾ ਅਤੇ ਹੋਰਨਾਂ ਦਾ ਜੀਵਨ ਸੰਵਾਰਨ ਵਿੱਚ ਕਾਮਯਾਬ ਹੁੰਦਾ ਹੈ। ਗਿਆਨ ਤੋਂ ਵਿਹੂਣਾ ਮਨੁੱਖ ਜ਼ਬਾਨੀ ਗਿਆਨ ਦੀਆਂ ਗੱਲਾਂ ਕਰਕੇ ਆਪਣਾ ਅੰਦਰ ਲੂੰਹਦਾ ਰਹਿੰਦਾ ਹੈ। ਗੁਰੂ ਨਾਨਕ ਸਾਹਿਬ ਜੀ ਫ਼ੁਰਮਾਉਂਦੇ ਹਨ ‘‘ਗਿਆਨ ਵਿਹੂਣਾ ਕਥਿ ਕਥਿ ਲੂਝੈ ’’ (ਮਹਲਾ /੪੬੬) ਪਰ ਗਿਆਨ ਦੀ ਪ੍ਰਾਪਤੀ ਵੀ ਮਨੁੱਖ ਲਈ ਕਈ ਵਾਰ ਹਉਮੈ ਦਾ ਕਾਰਨ ਬਣਦੀ ਹੈ। ਉਹ ਆਪਣੇ ਆਪ ਨੂੰ ਦੂਜਿਆਂ ਤੋਂ ਵੱਖਰਾ ਸਮਝਣ ਲੱਗ ਜਾਂਦਾ ਹੈ। ਪ੍ਰਭੂ ਪ੍ਰਾਪਤੀ ਲਈ ਕੇਵਲ ਅੱਖਰੀਂ ਗਿਆਨ ਜ਼ਰੂਰੀ ਨਹੀਂ। ਪੰਜਵੇਂ ਪਾਤਸ਼ਾਹ ਦਾ ਫ਼ੁਰਮਾਨ ਹੈ ‘‘ਜੋ ਪ੍ਰਾਣੀ ਗੋਵਿੰਦੁ ਧਿਆਵੈ ਪੜਿਆ ਅਣਪੜਿਆ ਪਰਮ ਗਤਿ ਪਾਵੈ ’’ (ਮਹਲਾ /੧੯੭)

ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਪ੍ਰਚਾਰਕ ਦੌਰੇ ਦੌਰਾਨ ਕਸ਼ਮੀਰ ਦੇ ਲਾਗੇ ਮਟਨ ਸ਼ਹਿਰ ਵਿੱਚ ਪਹੁੰਚੇ ਤਾਂ ਉੱਥੋਂ ਦਾ ਬ੍ਰਹਮਦਾਸ ਪੰਡਿਤ ਜੋ ਬਹੁਤ ਵਿਦਵਾਨ ਸੀ ਤੇ ਉਸ ਨੂੰ ਆਪਣੀ ਵਿੱਦਿਆ ਦਾ ਹੰਕਾਰ ਵੀ ਸੀ। ਉਹ ਦੂਜਿਆ ਨੂੰ ਆਪਣੇ ਗਿਆਨ ਦੁਆਰਾ ਹਰਾਉਣ ਨੂੰ ਹੀ ਆਪਣੀ ਸਫਲਤਾ ਸਮਝਦਾ ਸੀ। ਗੁਰੂ ਸਾਹਿਬ ਨੇ ਉਸ ਨੂੰ ਸਮਝਾਇਆ ਕਿ ਪੁਸਤਕਾਂ ਪੜ੍ਹ ਪੜ੍ਹ ਕੇ ਜੇਕਰ ਹੰਕਾਰ ਹੀ ਵਧਾਉਣਾ ਹੈ ਤਾਂ ਫਿਰ ਭਾਵੇਂ ਸਾਰੀ ਉਮਰ ਹੀ ਪੜ੍ਹਦੇ ਰਹੋ ਫਿਰ ਵੀ ਰੱਬ ਦੀ ਦਰਗਾਹ ਵਿੱਚੋਂ ਕੁੱਝ ਪ੍ਰਵਾਨ ਨਹੀਂ ਹੋਵੇਗਾ। ਇਸ ਤਰ੍ਹਾਂ ਸਾਰੀ ਉਮਰ ਹਉਮੈ ਦੇ ਵਿੱਚ ਹੀ ਭਟਕਦੇ ਰਹੋਗੇ। ਇਸ ਤਰ੍ਹਾਂ ਗੁਰੂ ਸਾਹਿਬ ਨੇ ‘‘ਪੜਿ ਪੜਿ ਗਡੀ ਲਦੀਅਹਿ; ਪੜਿ ਪੜਿ ਭਰੀਅਹਿ ਸਾਥ ’’ (ਮਹਲਾ /੪੬੭) ਵਾਲਾ ਸ਼ਬਦ ਉਚਾਰ ਕੇ ਪੰਡਿਤ ਬ੍ਰਹਮਦਾਸ ਦਾ ਹੰਕਾਰ ਤੋੜਿਆ ਅਤੇ ਸਮਝਾਇਆ ਕਿ ਪ੍ਰਮਾਤਮਾ ਦੀ ਸਿਫਤ ਸਲਾਹ ਹੀ ਉਸ ਦੇ ਦਰ ’ਤੇ ਕਬੂਲ ਪੈਂਦੀ ਹੈ ਤੇ ਬਾਕੀ ਸਭ ਹਉਮੈ ਵਿੱਚ ਝੱਖ ਮਾਰਨ ਵਾਲੀ ਗੱਲਾਂ ਹਨ। ਆਪ ਨੇ ਫ਼ੁਰਮਾਇਆ ‘‘ਨਾਨਕ ! ਲੇਖੈ ਇਕ ਗਲ; ਹੋਰੁ ਹਉਮੈ ਝਖਣਾ ਝਾਖ ’’ (ਮਹਲਾ /੪੬੭)

ਸੇਵਾ ਸਾਧਨਾ ਤੇ ਧਾਰਮਿਕ ਗਿਆਨ ਵੀ ਕਈ ਵਾਰ ਮਨੁੱਖ ਲਈ ਹਉਮੈ ਦਾ ਕਾਰਨ ਬਣਦਾ ਹੈ। ਜਦੋਂ ਉਸ ਦੀ ਪ੍ਰਤਿਭਾ ਵਧ ਜਾਂਦੀ ਹੈ ਤੇ ਸਮਾਜ ਵਿੱਚ ਸਤਿਕਾਰ ਹੋਣ ਲੱਗ ਜਾਂਦਾ ਹੈ ਤਾਂ ਉਹ ਕਿਸੇ ਹੋਰ ਦੀ ਪ੍ਰਤਿਭਾ ਸਹਾਰ ਨਹੀਂ ਸਕਦਾ। ਅਜਿਹੀ ਹਉਮੈ ਨੂੰ ਮਾਰਨਾ ਅਤਿ ਮੁਸ਼ਕਲ ਹੁੰਦਾ ਹੈ। ਜਿਵੇਂ ਖੇਤੀ ਜੇ ਸੁੱਕ ਜਾਏ ਤਾਂ ਮੀਂਹ ਪੈਣ ਨਾਲ ਹਰੀ ਭਰੀ ਹੋ ਜਾਂਦੀ ਹੈ ਪਰ ਜੇ ਪਾਣੀ ਦੇ ਹੜ੍ਹਾਂ ਆਦਿ ਦੇ ਕਾਰਨ ਖੇਤੀ ਮਾਰ ਜਾਏ ਤਾਂ ਉਸ ਦੇ ਹਰੇ ਭਰੇ ਹੋਣ ਦੀ ਉਮੀਦ ਹੀ ਨਹੀਂ ਰਹਿੰਦੀ। ਇਸ ਲਈ ਮਨੁੱਖ ਸੇਵਾ, ਸਿਮਰਨ ਤੇ ਦਾਨ ਪੁੰਨ ਕਰਦਿਆਂ ਹੋਇਆਂ ਵੀ ਪ੍ਰਮਾਤਮਾ ਦੀ ਭੈ ਭਾਵਨੀ ਵਿੱਚ ਰਹੇ।

ਹਉਮੈ ਮਨੁੱਖ ਨੂੰ ਕਿੰਨਾ ਕੁ ਦੁੱਖੀ ਕਰਦੀ ਹੈ, ਇਸ ਬਾਰੇ ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਸਪਸ਼ਟ ਕਰਦੇ ਹਨ ਕਿ ਜਿਸ ਮਨੁੱਖ ਦੇ ਮਨ ਵਿੱਚ ਰਾਜ ਭਾਗ ਦਾ ਅਭਿਮਾਨ ਹੈ ਤਾਂ ਸਮਝੋ ਕਿ ਉਹ ਨਰਕ ਭਰੀ ਜ਼ਿੰਦਗੀ ਜਿਉਂ ਰਿਹਾ ਹੈ। ਉਹ ਹੀਰੇ ਵਰਗਾ ਜਨਮ ਕੌਡੀਆਂ ਦੇ ਭਾਅ ਗਵਾ ਰਿਹਾ ਹੈ। ਉਸ ਨੇ ਹੀਰੇ ਵਰਗੇ ਜਨਮ ਦੀ ਪਛਾਣ ਨਹੀਂ ਕੀਤੀ। ਗੁਰੂ ਸਾਹਿਬ ਹੋਰ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਜਿਸ ਮਨੁੱਖ ਨੂੰ ਆਪਣੀ ਜਵਾਨੀ ਤੇ ਬਾਹੂ ਬਲ ਦਾ ਹੰਕਾਰ ਹੈ ਉਹ ਮਾਨੋ ਗੰਦਗੀ ਦੇ ਕੀੜੇ ਦੀ ਨਿਆਈਂ ਜੀਵਨ ਬਤੀਤ ਕਰ ਰਿਹਾ ਹੈ। ਜਿਸ ਮਨੁੱਖ ਨੂੰ ਇਹ ਹੰਕਾਰ ਹੈ ਕਿ ਉਹ ਸਭ ਤੋਂ ਸ੍ਰੇਸ਼ਟ ਕਰਮ ਕਰ ਰਿਹਾ ਹੈ ਤਾਂ ਉਹ ਜਨਮ ਮਰਣ ਦੇ ਗੇੜ ਵਿੱਚ ਪੈਂਦਾ ਰਹੇਗਾ। ਜਿਸ ਮਨੁੱਖ ਨੂੰ ਆਪਣੀ ਜ਼ਮੀਨ, ਜਾਇਦਾਦ ਅਤੇ ਧਨ ਦਾ ਹੰਕਾਰ ਹੈ, ਗੁਰੂ ਸਾਹਿਬ ਉਸ ਦੀ ਤੁਲਨਾ ਅਗਿਆਨੀ ਮਨੁੱਖ ਦੇ ਨਾਲ ਕਰਦੇ ਹਨ। ਅਸਲ ਵਿੱਚ ਜਿਸ ਮਨੁੱਖ ਨੂੰ ਪ੍ਰਮਾਤਮਾ ਆਪਨੀ ਮਿਹਰ ਕਰਕੇ ਨਿਮਰਤਾ ਦੀ ਦਾਤ ਬਖ਼ਸ਼ਦਾ ਹੈ ਉਹ ਮਨੁੱਖ ਇਸੇ ਜੀਵਨ ਵਿੱਚ ਹੀ ਮੁਕਤੀ ਪ੍ਰਾਪਤ ਕਰ ਲੈਂਦਾ ਹੈ। ਗੁਰੂ ਸਾਹਿਬ ਦਾ ਫ਼ੁਰਮਾਨ ਹੈ ‘‘ਜਿਸ ਕੈ ਅੰਤਰਿ; ਰਾਜ ਅਭਿਮਾਨੁ ਸੋ ਨਰਕਪਾਤੀ ਹੋਵਤ ਸੁਆਨੁ ਜੋ ਜਾਨੈ; ਮੈ ਜੋਬਨਵੰਤੁ ਸੋ ਹੋਵਤ; ਬਿਸਟਾ ਕਾ ਜੰਤੁ ਆਪਸ ਕਉ ਕਰਮਵੰਤੁ ਕਹਾਵੈ ਜਨਮਿ ਮਰੈ; ਬਹੁ ਜੋਨਿ ਭ੍ਰਮਾਵੈ ਧਨ ਭੂਮਿ ਕਾ; ਜੋ ਕਰੈ ਗੁਮਾਨੁ ਸੋ ਮੂਰਖੁ ਅੰਧਾ ਅਗਿਆਨੁ ਕਰਿ ਕਿਰਪਾ; ਜਿਸ ਕੈ ਹਿਰਦੈ ਗਰੀਬੀ ਬਸਾਵੈ ਨਾਨਕ  ! ਈਹਾ ਮੁਕਤੁ; ਆਗੈ ਸੁਖੁ ਪਾਵੈ ’’ (ਸੁਖਮਨੀ (ਮਹਲਾ /੨੭੮)

ਮਨੁੱਖ ਦੀਆਂ ਸਰੀਰਕ ਕਿਰਿਆਵਾਂ (ਬਾਹਰਲੀਆਂ ਹਰਕਤਾਂ) ਵੀ ਮਨ ਦੇ ਗੁਪਤ ਖ਼ਜ਼ਾਨੇ ਨੂੰ ਪ੍ਰਗਟ ਕਰਦੀਆਂ। ਮਨੁੱਖੀ ਮਨ ਸ਼ਾਤ ਤੇ ਖ਼ੁਸ਼ ਹੋਵੇ ਤਾਂ ਉਸ ਦਾ ਪ੍ਰਗਟਾਅ ਉਸ ਦੇ ਚਿਹਰੇ ਤੋਂ ਜਾਂ ਉਸ ਦੀ ਪਹਿਨੀ ਹੋਈ ਪੁਸ਼ਾਕ ਤੋਂ ਵੀ ਲੱਗ ਜਾਂਦਾ ਹੈ। ਇਸੇ ਤਰ੍ਹਾਂ ਜੇ ਮਨੁੱਖ ਕਿਸੇ ਰੋਗ ਦਾ ਸ਼ਿਕਾਰ ਹੋਵੇ ਤਾਂ ਉਸ ਦਾ ਪ੍ਰਗਟਾਅ ਵੀ ਉਸ ਦਾ ਲਿਬਾਸ ਜਾਂ ਚਿਹਰਾ ਪ੍ਰਗਟ ਕਰ ਦਿੰਦਾ ਹੈ। ਹਉਮੈ ਜਾਂ ਹੰਕਾਰ ਵੀ ਇਕ ਦੀਰਘ ਰੋਗ ਹੈ, ਜਿਸ ਦਾ ਪ੍ਰਗਟਾਅ ਉਸ ਦੀ ਚਾਲ, ਉਸ ਦੀ ਬੋਲੀ ਤੇ ਉਸ ਦੀ ਪੁਸ਼ਾਕ ਤੋਂ ਹੋ ਜਾਂਦਾ ਹੈ। ਇੱਥੋਂ ਤੱਕ ਕਿ ਉਸ ਦੇ ਸਿਰ ’ਤੇ ਸਜਾਈ ਹੋਈ ਦਸਤਾਰ ਵੀ ਉਸ ਦੇ ਹਉਮੈ ਦਾ ਪ੍ਰਗਟਾਅ ਕਰ ਦੇਂਦੀ ਹੈ। ਉਸ ਦੇ ਪੱਗ ਬੰਨ੍ਹਣ ਦਾ ਤਰੀਕਾ ਵੱਖਰਾ ਹੋਏਗਾ। ਭਗਤ ਕਬੀਰ ਜੀ ਫ਼ੁਰਮਾਉਂਦੇ ਹਨ ਕਿ ਅਜਿਹੇ ਹੰਕਾਰੀ ਮਨੁੱਖ ਦੀ ਪੱਗ ਵੱਖਰੀ ਕਿਸਮ ਦੀ ਭਾਵ ਟੇਡੀ ਜਿਹੀ ਹੁੰਦੀ ਹੈ, ਜੋ ਹਉਮੈ ਦਾ ਪ੍ਰਗਟਾਅ ਕਰਦੀ ਹੈ। ਆਪ ਜੀ ਦਾ ਫ਼ੁਰਮਾਨ ਹੈ ‘‘ਟੇਢੀ ਪਾਗ ਟੇਢੇ ਚਲੇ; ਲਾਗੇ ਬੀਰੇ ਖਾਨ ਭਾਉ ਭਗਤਿ ਸਿਉ ਕਾਜੁ ਕਛੂਐ; ਮੇਰੋ ਕਾਮੁ ਦੀਵਾਨ ਰਾਮੁ ਬਿਸਾਰਿਓ ਹੈ; ਅਭਿਮਾਨਿ (ਕਾਰਨ) ਕਨਿਕ ਕਾਮਨੀ ਮਹਾ ਸੁੰਦਰੀ; ਪੇਖਿ ਪੇਖਿ ਸਚੁ ਮਾਨਿ ਰਹਾਉ ’’ (ਭਗਤ ਕਬੀਰ/੧੧੨੪)

ਪ੍ਰੋ: ਸਾਹਿਬ ਸਿੰਘ ਜੀ ਇਸ ਦੇ ਅਰਥ ਕਰਦੇ ਹੋਏ ਲਿਖਦੇ ਹਨ ਕਿ ਮਨੁੱਖ ਹੰਕਾਰ ਵਿੱਚ ਵਿੰਗੀ ਪੱਗ ਬੰਨ੍ਹਦਾ ਹੈ, ਆਕੜ ਕੇ ਤੁਰਦਾ ਹੈ, ਪਾਨ ਦੇ ਬੀੜੇ ਖਾਂਦਾ ਹੈ। ਉਹ ਆਖਦਾ ਹੈ ਕਿ ਮੇਰਾ ਕੰਮ ਹੁਕਮ ਚਲਾਉਣਾ ਹੈ। ਮਨੁੱਖ ਹੰਕਾਰ ਵਿੱਚ ਆ ਕੇ ਪ੍ਰਮਾਤਮਾ ਨੂੰ ਭੁਲਾ ਦਿੰਦਾ ਹੈ। ਇਹ ਹੰਕਾਰ ਦਾ ਪੜਦਾ ਮਨੁੱਖ ਨੂੰ ਸਾਰੀ ਉਮਰ ਪ੍ਰਮਾਤਮਾ ਨਾਲ ਮਿਲਾਪ ਨਹੀਂ ਹੋਣ ਦਿੰਦਾ।

ਮਨੁੱਖ ਜਿਹਨਾਂ ਚੀਜ਼ਾਂ ਦਾ ਹੰਕਾਰ ਕਰਦਾ ਹੈ ਉਹ ਖ਼ੁਦ ਹੀ ਥੋੜ੍ਹ ਚਿਰੀਆਂ ਹਨ। ਫਿਰ ਮਨੁੱਖ ਦਾ ਹੰਕਾਰ ਇਹਨਾਂ ਉੱਤੇ ਸਦੀਵੀ ਕਿਵੇਂ ਟਿਕ ਸਕਦਾ ਹੈ ? ਇਸ ਲਈ ਗੁਰਬਾਣੀ ਸਾਡੀ ਅਗਵਾਈ ਕਰਦੀ ਹੋਈ ਸਾਨੂੰ ਸਮਝਾਉਂਦੀ ਹੈ ਕਿ ਗੁਰੂ ਦੇ ਦੱਸੇ ਰਾਹ ’ਤੇ ਚੱਲ ਕੇ ਆਪਣਾ ਜੀਵਨ ਸਫਲ ਕਰੋ। ਗੁਰੂ ਅਮਰਦਾਸ ਜੀ ਦਾ ਫ਼ੁਰਮਾਨ ਹੈ ‘‘ਗੁਰਸਿਖ ਮੀਤ ! ਚਲਹੁ ਗੁਰ ਚਾਲੀ ਜੋ ਗੁਰੁ ਕਹੈ, ਸੋਈ ਭਲ ਮਾਨਹੁ; ਹਰਿ ਹਰਿ ਕਥਾ ਨਿਰਾਲੀ ਰਹਾਉ ’’ (ਮਹਲਾ /੬੬੭)

ਹੰਕਾਰ ਦਾ ਤਿਆਗ ਕਰਕੇ ਗੁਰੂ ਪਿਆਰ ਨੂੰ ਹਾਸਲ ਕਰਨ ਵਾਲੇ ਮਨੁੱਖ ਵਿਰਲੇ ਹੀ ਹੁੰਦੇ ਹਨ, ਨਹੀਂ ਤਾਂ ਬਹੁਤੇ ਮਨੁੱਖ ਹੰਕਾਰੀ ਹੀ ਮਿਲਦੇ ਹਨ। ਮਨੁੱਖ, ਹਉਮੈ ਅੰਦਰ ਵੀ ਕੰਮ ਤਾਂ ਸਾਰੇ ਹੀ ਚੰਗੇ ਕਰਦਾ ਹੈ ਪਰ ਇਹਨਾਂ ਕੰਮਾਂ ਵਿੱਚ ਰਲਿਆ ਹੋਇਆ ਹਉਮੈ ਦਾ ਅੰਸ਼ ਚੰਗੇ ਕੰਮਾਂ ਨੂੰ ਵੀ ਮਾੜਾ ਬਣਾ ਦਿੰਦਾ ਹੈ। ਜਿਵੇਂ ਕੋਈ ਬਹੁਤ ਮਿਹਨਤ ਕਰਕੇ ਦੁੱਧ ਪ੍ਰਾਪਤ ਕਰਦਾ ਹੈ ਪਰ ਉਸ ਦੁੱਧ ਵਿੱਚ ਕੁੱਝ ਬੂੰਦਾਂ ਹਉਮੈ ਰੂਪੀ ਕਾਂਜੀ ਦੀਆਂ ਪੈ ਜਾਣ ਤਾਂ ਉਹ ਸਾਰੇ ਦੁੱਧ ਨੂੰ ਬਰਬਾਦ ਕਰ ਦਿੰਦੀਆਂ ਹਨ। ਇਸ ਤਰ੍ਹਾਂ ਹਊਮੈ ਕੁੱਝ ਚੰਗੇ ਕੰਮ ਕੀਤਿਆਂ ਨੂੰ ਵੀ ਬਰਬਾਦ ਕਰ ਦਿੰਦੀ ਹੈ। ਧਰਮ ਦੇ ਕਰਮ ਕਰਕੇ ਵੀ ਮਨੁੱਖ ਅਧਰਮੀ ਬਣ ਜਾਂਦਾ ਹੈ। ਗੁਰੂ ਤੇਗ ਬਹਾਦਰ ਜੀ ਦਾ ਫ਼ੁਰਮਾਨ ਹੈ ‘‘ਤੀਰਥ ਬਰਤ ਅਰੁ ਦਾਨ ਕਰਿ; ਮਨ ਮੈ ਧਰੈ ਗੁਮਾਨੁ ਨਾਨਕ ! ਨਿਹਫਲ ਜਾਤ ਤਿਹ; ਜਿਉ ਕੁੰਚਰ ਇਸਨਾਨੁ ੪੬’’ (ਮਹਲਾ /੧੪੨੮)

ਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਹਉਮੈ ਨੂੰ ਪਹਿਚਾਣ ਕੇ ਮਨ ਵਿੱਚੋਂ ਕੱਢ ਦਿੱਤਾ, ਉਹ ਮਨੁੱਖ ਹੀ ਅਸਲ ਵਿੱਚ ਮੁਕਤ ਹੈ। ਗੁਰੂ ਤੇਗ ਬਹਾਦਰ ਜੀ ਫ਼ੁਰਮਾਉਂਦੇ ਹਨ ‘‘ਜਿਹਿ ਪ੍ਰਾਨੀ ਹਉਮੈ ਤਜੀ; ਕਰਤਾ ਰਾਮੁ ਪਛਾਨਿ ਕਹੁ ਨਾਨਕ ! ਵਹੁ ਮੁਕਤਿ ਨਰੁ; ਇਹ ਮਨ  ! ਸਾਚੀ ਮਾਨੁ ੧੯’’ (ਮਹਲਾ /੧੪੨੭)

ਹਉਮੈ ਪ੍ਰਭੁ ਮਿਲਾਪ ਲਈ ਇਕ ਵੱਡੀ ਰੁਕਾਵਟ ਹੈ। ਪ੍ਰਭੂ ਮਿਲਾਪ ਲਈ ਲਗਭਗ ਹਰ ਧਰਮ ਨੇ ਦੋ ਸਿਧਾਂਤ ਲਾਜ਼ਮੀ ਦੱਸੇ ਹਨ। ਉਹ ਹਨ ਸੇਵਾ ਤੇ ਸਿਮਰਨ। ਹਉਮੈ ਇਹਨਾਂ ਦੋਹਾਂ ਨੂੰ ਪੂਰਾ ਨਹੀਂ ਹੋਣ ਦਿੰਦੀ। ਹਉਮੈ; ਸੇਵਾ ਤੇ ਸਿਮਰਨ ਨੂੰ ਰੋਕਦੀ ਨਹੀਂ ਪਰ ਸਾਕਾਰ ਵੀ ਨਹੀਂ ਹੋਣ ਦਿੰਦੀ। ਗੁਰੂ ਅੰਗਦ ਦੇਵ ਜੀ ਦੇ ਸਮੇਂ ਭਾਈ ਮਾਹਣੇ ਨੂੰ ਗੁਰੂ ਘਰ ਦੀ ਸੇਵਾ ਕਰਦਿਆਂ ਕਰਦਿਆਂ ਅਹੰਕਾਰ ਹੋ ਗਿਆ। ਗੁਰੂ ਸਾਹਿਬ ਨੇ ਉਸ ਨੂੰ ਸਮ-ਦ੍ਰਿਸ਼ਟੀ ਅਪਣਾਉਣ ਤੇ ਨਿਮਰਤਾ ਵਿੱਚ ਰਹਿ ਕੇ ਸੇਵਾ ਕਰਨ ਦਾ ਉਪਦੇਸ਼ ਦਿੱਤਾ। ਇਸ ਸਿੱਖਿਆ ਨੂੰ ਗੁਰਦੁਆਰਿਆਂ ਦੇ ਸੇਵਾਦਾਰਾਂ ਤੇ ਪ੍ਰਬੰਧਕਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਣ ਦੀ ਲੋੜ ਹੈ।

ਜਦੋਂ ਗੁਰੂ ਅਰਜਨ ਦੇਵ ਜੀ ਨੇ ‘ਆਦਿ ਬੀੜ’ ਦੀ ਸੰਪਾਦਨਾ ਕੀਤੀ ਤਾਂ ਕੁੱਝ ਅਖੌਤੀ ਭਗਤ ਤੇ ਕਵੀ ਕਾਹਨਾ, ਪੀਲੂ ਤੇ ਛੱਜੂ ਵੀ ਆਪਣੀ ਰਚਨਾ ਲੈ ਕੇ ਗੁਰੂ ਦਰਬਾਰ ਵਿੱਚ ਹਾਜ਼ਰ ਹੋਏ। ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਕਾਹਨੇ ਨੂੰ ਆਪਣੀ ਰਚਨਾ ਸਣਾਉਣ ਲਈ ਕਿਹਾ। ਉਸ ਨੇ ਪਹਿਲੀ ਪੰਕਤੀ ਇਹ ਪੜ੍ਹੀ ‘ਓਹੀ ਰੇ ਮੈ ਓਹੀ ਰੇ, ਜਾ ਕਉ ਵੇਦ ਪੁਰਾਨ ਜਸ ਗਾਵੈ, ਖੋਜ ਦੇਖਉ ਮਤ ਕੋਈ ਰੇ।’

ਗੁਰੂ ਸਾਹਿਬ ਨੇ ਇਹ ਸੁਣ ਕੇ ਅੱਗੋਂ ਹੋਰ ਕੁੱਝ ਸੁਣਾਉਣ ਤੋਂ ਨਾ ਕਰ ਦਿੱਤੀ ਤੇ ਕਿਹਾ ਕਿ ਇਹ ਰਚਨਾ ਗੁਰਬਾਣੀ ਦੇ ਸਿਧਾਂਤਾਂ ਨਾਲ ਮੇਲ ਨਹੀਂ ਖਾਂਦੀ ਕਿਉਂਕਿ ਇਸ ਵਿੱਚ ਤੇਰੀ ਅੰਦਰਲੀ ਹਉਮੈ ਝਲਕਦੀ ਹੈ।

ਸੋ ਅਸੀਂ ਇਸ ਸਿੱਟੇ ’ਤੇ ਪਹੁੰਚਦੇ ਹਾਂ ਕਿ ਹਉਮੈ ਅੰਦਰ ਕੀਤੀ ਹੋਈ ਸੇਵਾ ਕਦੀ ਵੀ ਸਫਲ ਨਹੀਂ ਹੋ ਸਕਦੀ। ਗੁਰਬਾਣੀ ਦਾ ਬਚਨ ਹੈ ‘‘ਹਉਮੈ ਵਿਚਿ ਸੇਵਾ ਹੋਵਈ; ਤਾ ਮਨੁ ਬਿਰਥਾ ਜਾਇ ’’ (ਮਹਲਾ /੫੬੦)

ਅਨੇਕਾਂ ਤਰ੍ਹਾਂ ਦੀਆਂ ਤਪੱਸਿਆ ਭਾਵ ਧਾਰਮਿਕ ਕਰਮ ਮਨੁੱਖ ਕਰਦਾ ਹੈ ਪਰ ਹਉਮੈ ਦੀ ਬੁੱਧੀ ਦਾ ਹੀ ਕੈਦੀ ਬਣਿਆ ਰਹਿੰਦਾ ਹੈ। ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ ‘‘ਪਾਠੁ ਪੜਿਓ ਅਰੁ ਬੇਦੁ ਬੀਚਾਰਿਓ; ਨਿਵਲਿ ਭੁਅੰਗਮ ਸਾਧੇ ਪੰਚ ਜਨਾ ਸਿਉ ਸੰਗੁ ਛੁਟਕਿਓ; ਅਧਿਕ ਅਹੰਬੁਧਿ ਬਾਧੇ ’’ (ਮਹਲਾ /੬੪੧), ਇਸ ਲਈ ਹਉਮੈ ਨੂੰ ਗੁਰਮਤਿ ਨੇ ਦੀਰਘ ਰੋਗ ਮੰਨਿਆ ਹੈ ਪਰ ਲਾ-ਇਲਾਜ ਨਹੀਂ। ਗੁਰੂ ਦੀ ਕਿਰਪਾ ਦੇ ਨਾਲ ਇਹ ਰੋਗ ਦੂਰ ਹੋ ਜਾਂਦਾ ਹੈ। ਧੰਨ ਹਨ ਉਹ ਸਤਸੰਗੀ, ਜਿਹੜੇ ਅਕਾਲ ਪੁਰਖ ਦੀ ਕਿਰਪਾ ਦੇ ਪਾਤਰ ਬਣ ਗਏ ਹਨ ਤੇ ਹਉਮੈ ਨੂੰ ਮਾਰ ਕੇ ਸ਼ਬਦ ਦੀ ਕਮਾਈ ਕੀਤੀ ਹੈ। ਗੁਰੂ ਨਾਨਕ ਸਾਹਿਬ ਜੀ ਦਾ ਫ਼ੁਰਮਾਨ ਹੈ ‘‘ਜਾ ਹਰਿ ਪ੍ਰਭਿ (ਨੇ) ਕਿਰਪਾ ਧਾਰੀ ਤਾ ਹਉਮੈ; ਵਿਚਹੁ ਮਾਰੀ ਸੋ ਸੇਵਕਿ (ਸੇਵਕੀ); ਰਾਮ ਪਿਆਰੀ ਜੋ ਗੁਰ ਸਬਦੀ ਬੀਚਾਰੀ ’’ (ਮਹਲਾ /੮੭੯)

ਹਉਮੈ ਤੋਂ ਛੁਟਕਾਰਾ ਪਾਉਣ ਲਈ ਹੀ ਅਸੀਂ ਹਰ ਰੋਜ਼ ਅਰਦਾਸ ਵਿੱਚ ਇਹ ਮੰਗ ਕਰਦੇ ਹਾਂ ‘ਸਿੱਖਾਂ ਦਾ ਮਨ ਨੀਵਾਂ ਮੱਤ ਉਚੀ।’, ਇਸ ਤਰ੍ਹਾਂ ਹੀ ਪ੍ਰਮਾਤਮਾ ਸਾਡੀ ਮੱਤ ਦਾ ਸਹਾਈ ਹੋਵੇਗਾ ਅਤੇ ਅਸੀਂ ਹਉਮੈ ਤੋਂ ਛੁਟਕਾਰਾ ਪਾ ਸਕਾਂਗੇ।