ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ ? ॥ (ਭਾਗ ਪਹਿਲਾ)
ਗਿਆਨੀ ਅਵਤਾਰ ਸਿੰਘ
ਗੁਰਬਾਣੀ ਅੰਦਰ ਸੈਂਕੜੇ ਹੀ ਪ੍ਰਸ਼ਨਵਾਚਕ ਸ਼ਬਦ ਹਨ; ਜਿਵੇਂ ‘ਕਿਵ/ਕੇਵ/ਕੇਉ-12+3+1=16 ਵਾਰ, ਕੈਸਾ/ਕੈਸੀ/ਕੈਸੇ 20+18+77=115 ਵਾਰ, ਕਿਤ/ਕਿਤੁ 13+59=72 ਵਾਰ ਅਤੇ ਕਿਉ-405 ਵਾਰ’ ਹੈ, ਜਿਨ੍ਹਾਂ ਦਾ ਅਰਥ ਹੈ ‘ਕਿਵੇਂ, ਕਿਸ ਤਰ੍ਹਾਂ ?’ ਅਤੇ ‘ਕੇਵਡ/ਕੇਵਡੁ 2+14=16 ਵਾਰ ਤੇ ਕੇਹਾ 17 ਵਾਰ ਹੈ, ਜਿਨ੍ਹਾਂ ਦਾ ਅਰਥ ਹੈ ‘ਕਿਹੋ ਜਿਹਾ, ਕਿੰਨਾ ਵੱਡਾ ?’। ਇਨ੍ਹਾਂ ਸਾਰਿਆਂ ਰਾਹੀਂ ਕੋਈ ਨਾ ਕੋਈ ਸਵਾਲ ਪੈਦਾ ਕਰ ਉਸ ਦੇ ਜਵਾਬ ਵਜੋਂ ਪ੍ਰਗਟਾਏ ਰੂਹਾਨੀਅਤ ਮੰਤਵ (ਪੈਗ਼ਾਮ, ਗੁਰਮਤਿ ਸੁਨੇਹੇ) ਨੂੰ ਅਸਾਨੀ ਨਾਲ਼ ਸਿੱਖਾਂ ਨੂੰ ਦ੍ਰਿੜ੍ਹ ਕਰਾਇਆ ਗਿਆ ਹੈ। ਗੁਰੂ ਸਾਹਿਬਾਨ ਦੁਆਰਾ ਵਰਤੀ ਗਈ ਇਸ ਯੁਕਤੀ ਤੋਂ ਸਪਸ਼ਟ ਹੈ ਕਿ ਗੁਰਬਾਣੀ ਸਧਾਰਨ ਰਚਨਾ ਨਹੀਂ ਕਿਉਂਕਿ ਸਧਾਰਨ ਰਚਨਾ ਦਾ ਵਿਸ਼ਾ; ਹਰ ਕੋਈ ਸਮਝ ਲੈਂਦਾ ਹੈ। ਪਹਿਲਾਂ ਪ੍ਰਸ਼ਨ ਫਿਰ ਜਵਾਬ ਦੇਣ ਵਾਲ਼ਾ ਢੰਗ ਲੇਖਕ ਨੂੰ ਵਰਤਣ ਦੀ ਲੋੜ ਨਹੀਂ ਹੁੰਦੀ।
ਕੋਈ ਭੀ ਸਵਾਲ; ਸਵਾਲ ਕਰਤਾ ਦੇ ਦਿਮਾਗ਼ ਦੀ ਯੋਗਤਾ ਨੂੰ ਉਜਾਗਰ ਕਰਦਾ ਹੁੰਦਾ ਹੈ। ਦੁਨਿਆਵੀ ਮਿਆਰ ਵਾਲ਼ਾ ਦਿਮਾਗ਼ ਬਹੁਤੇ ਗੰਭੀਰ ਪ੍ਰਸ਼ਨ ਨਹੀਂ ਉਠਾ ਸਕਦਾ ਤਾਹੀਓਂ ਸਤਿਗੁਰੂ ਸਾਹਿਬਾਨ ਨੇ ਆਪ ਹੀ ਪਹਿਲਾਂ ਸਵਾਲ ਉਠਾਏ, ਫਿਰ ਉਨ੍ਹਾਂ ਦੇ ਜਵਾਬ ਦੇਣਾ, ਉਚਿਤ ਸਮਝਿਆ। ਵੈਸੇ ਸਮਾਜਿਕ ਪੱਧਰ ਤੋਂ ਵੇਖੀਏ ਤਾਂ ਪ੍ਰਸ਼ਨ ਕਰਤਾ ਕੋਲ਼ ਪ੍ਰਸ਼ਨ ਦਾ ਜਵਾਬ ਨਹੀਂ ਹੁੰਦਾ ਅਤੇ ਜਿਸ ਕੋਲ਼ ਜਵਾਬ ਹੋਵੇ ਉਸ ਦੇ ਅੰਦਰੋਂ ਕੋਈ ਪ੍ਰਸ਼ਨ ਨਹੀਂ ਉੱਠ ਸਕਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਅਰੰਭਕ ਰਚਨਾ; ‘ਜਪੁ’ ਬਾਣੀ ਹੈ, ਜਿਸ ਦੀ ਪਹਿਲੀ ਪਉੜੀ ’ਚ ਹੀ ਦੋ ਸਵਾਲ ਹਨ, ਜੋ ਗੁਰਮਤਿ ਦੇ ਗਹਿਰੇ ਅਤੇ ਅਹਿਮ ਰਾਜ਼ ਉਜਾਗਰ ਕਰਦੇ ਹਨ।
ਪਹਿਲਾ ਸਵਾਲ ਹੈ ‘‘ਕਿਵ ਸਚਿਆਰਾ ਹੋਈਐ ?’’ ਭਾਵ ਸੱਚ ਆਧਾਰਿਤ ਜ਼ਿੰਦਗੀ ਕਿਸ ਤਰ੍ਹਾਂ ਘੜੀ ਜਾਵੇ ਜਾਂ ਨਿਰੋਲ ਸੱਚਾ ਜੀਵਨ ਕਿਵੇਂ ਬਣੇ ? ਅਤੇ ਦੂਜਾ ਸਵਾਲ ਹੈ ‘‘ਕਿਵ ਕੂੜੈ ਤੁਟੈ ਪਾਲਿ ? ॥’’ ਯਾਨੀ ਕਿ ਸਰੀਰ ਅੰਦਰੋਂ ਝੂਠ ਦੀ ਕੰਧ (ਪਰਦਾ) ਕਿਵੇਂ ਢਹਿ-ਢੇਰੀ ਹੋਵੇ ? (ਤਾਂ ਜੋ ਚਾਨਣ ਦਾ ਪ੍ਰਕਾਸ਼ ਹੋਵੇ/ਸਚਿਆਰ ਜੀਵਨ ਬਣੇ)। ਝੂਠ ਦੀ ਕੰਧ ਢਹਿਣੀ ਹੀ ਨਿਰੋਲ ਸੱਚਾ ਜੀਵਨ ਹੈ। ਨਿਰੋਲ ਸੱਚਾ ਜੀਵਨ ਅਤੇ ਕੂੜ ਦੀ ਕੰਧ; ਦੋਵੇਂ ਇੱਕੋ ਸਰੀਰ ਅੰਦਰ ਨਹੀਂ ਹੋ ਸਕਦੇ ਤਾਹੀਓਂ ਦੋਵੇਂ ਸਵਾਲ ਪੈਦਾ ਕਰਨ ਦਾ ਮਕਸਦ ਇੱਕੋ ਹੀ ਹੈ ਕਿ ਕੂੜ ਦੀ ਕੰਧ ਤੋਂ ਨਿਰੋਲ ਸੱਚ ਤੱਕ ਦਾ ਜੀਵਨ ਕਿਵੇਂ ਬਣੇ ?
ਕੂੜ ਭਰੀ ਜ਼ਿੰਦਗੀ; ਦੁਨਿਆਵੀ ਜ਼ਿੰਦਗੀ ਹੈ, ਜਿਸ ਨੂੰ ਹਰ ਪਾਸੇ ਮਾਇਆਵੀ/ਸੁਆਰਥੀ ਸੋਚ ਨਜ਼ਰ ਆਉਂਦੀ ਹੈ। ਹਰ ਕੋਈ ਆਪਣੇ-ਆਪਣੇ ਹੁਕਮ ’ਚ ਵਿਚਰਦਾ, ਪ੍ਰਤੀਤ ਹੁੰਦਾ ਹੈ ਕਿਉਂਕਿ ਐਸੀ ਜ਼ਿੰਦਗੀ ਖ਼ੁਦ ਭੀ ਆਪਣੇ ਆਪ ਨੂੰ ਆਪਣੇ ਹੁਕਮ (ਮੈ ਮੈ) ’ਚ ਚੱਲਦਾ ਮੰਨ ਰਹੀ ਹੁੰਦੀ ਹੈ ਯਾਨੀ ਆਪਣੇ ਹੀ ਸੁਭਾਅ ਨੂੰ ਮਹੱਤਵ ਦਿੰਦੀ ਪਈ ਹੁੰਦੀ ਹੈ, ਪਰ ਸੱਚ ਆਧਾਰਿਤ ਜ਼ਿੰਦਗੀ; ਰੱਬ ਦਾ ਰੂਪ ਹੈ, ਜਿਸ ਨੂੰ ਹਰ ਪਾਸੇ ਸੱਚ ਨਜ਼ਰ ਆਉਂਦਾ ਹੈ। ਸੱਚ ਦੀ ਹੋਂਦ; ਪ੍ਰਤੀਤ ਹੁੰਦੀ ਹੈ। ਇਉਂ ਜਾਪਦਾ ਹੈ ਕਿ ਪੂਰਾ ਸੰਸਾਰ ਰੱਬ ਦੇ ਹੁਕਮ ’ਚ ਹੈ ਯਾਨੀ ਹਰ ਸੁਭਾਅ ਦੇ ਪਿੱਛੇ ਕਰਤਾਰ ਦਾ ਹੁਕਮ ਹੈ, ਜੋ ਹਰ ਬੰਦੇ ਦਾ ਸੁਭਾਅ ਘੜਦਾ ਹੈ, ਘੜਦਾ ਜਾਂਦਾ ਹੈ।
ਆਮ ਇਨਸਾਨ ਦੀ ਧਰਮ ਪ੍ਰਤੀ ਸ਼ਰਧਾ, ਇੱਕ ਚੌਰਾਹੇ ’ਚ ਖੜ੍ਹੇ ਬੰਦੇ ਵਰਗੀ ਹੁੰਦੀ ਹੈ, ਜੋ ਮਾਰਗ ਦੇ ਭੇਤੀ ਮਹਾਂ ਪੁਰਸ਼ਾਂ ਪਾਸੋਂ ਸਹੀ ਰਾਹ ਬਾਰੇ ਪੁੱਛਦੀ ਹੈ, ਜਦ ਉਸ ਅੰਦਰ ਤਾਂਘ ਹੋਵੇ ‘‘ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ ? ॥’’, ਸਵਾਲ ਭਾਵੇਂ ਯੋਗ ਰਾਹ ਚੁਣਨ ਬਾਰੇ ਸੀ, ਪਰ ਮਾਰਗ ਦਾ ਭੇਤੀ ਮੰਜ਼ਲ ਦੀ ਜਾਣਕਾਰੀ ਦਿੰਦਾ ਹੈ ਕਿਉਂਕਿ ਸਹੀ ਮੰਜ਼ਲ ਨੂੰ ਪਾਉਣ ਲਈ ਸਹੀ ਮਾਰਗ ਦੀ ਭੀ ਅਹਿਮੀਅਤ ਹੈ। ਮੰਜ਼ਲ ਹੈ ‘ਸਚਿਆਰ ਜੀਵਨ’। ‘ਜਪੁ’ ਬਾਣੀ ਦੀ ਪਹਿਲੀ ਪਉੜੀ ’ਚ ਜਿੱਥੇ ਜਗਿਆਸੂ; ਪਹਿਲੇ ਰੂਹਾਨੀਅਤ ਪੜਾਅ (ਧਰਮਖੰਡ) ਬਾਰੇ ਪੁੱਛਦਾ ਹੈ ‘‘ਕਿਵ ਸਚਿਆਰਾ ਹੋਈਐ ?’’ ਓਥੇ ਗੁਰੂ ਸਾਹਿਬ ਨੇ ਰੂਹਾਨੀਅਤ ਦੇ ਅੰਤਮ ਪੜਾਅ (ਮੰਜ਼ਲ/ਸਚਖੰਡਿ/ਸਚਿਆਰ ਜੀਵਨ) ਬਾਰੇ ਸੰਖੇਪ ਜਾਣਕਾਰੀ ਦਿੱਤੀ ‘‘ਹੁਕਮਿ ਰਜਾਈ ਚਲਣਾ; ਨਾਨਕ ! ਲਿਖਿਆ ਨਾਲਿ ॥੧॥’’ ਗੁਰੂ ਗ੍ਰੰਥ ਸਾਹਿਬ ਜੀ ਦੀ ਅਰੰਭਕ ਬਾਣੀ ‘ਜਪੁ’ ਹੈ; ਜਿਸ ਦੀ ਸ਼ੁਰੂਆਤ ਹੀ ਸਵਾਲ ਜਵਾਬ ਨਾਲ਼ ਹੋਣ ਕਰਕੇ ਰੂਹਾਨੀਅਤ ਦੇ ਪੰਜੇ ਪੜਾਅ (ਧਰਮਖੰਡ ਤੋਂ ਸਚਖੰਡ) ਤੱਕ, ਜੋ ਗੁਰਮਤਿ ਸਿਧਾਂਤ ਦਾ ਮੂਲ ਹੈ, ਬਾਰੇ ਨੀਂਵ ਰੱਖੀ ਗਈ ਜਾਪਦੀ ਹੈ।
ਆਪਣੀ ਅੰਦਰਲੀ ਕੂੜ ਦੀ ਕੰਧ ਬਾਰੇ ਸੋਝੀ ਹੋ ਜਾਣਾ; ਇੱਕ ਸਿੱਖ ਲਈ ਧਰਮ ਦਾ ਪਹਿਲਾ ਕਦਮ ਹੈ, ਜਿਸ ਨੇ ਮੰਜ਼ਲ (ਸਚਿਆਰ) ਤੱਕ ਜਾਣਾ ਹੈ। ਭਾਈ ਗੁਰਦਾਸ ਜੀ ਭੀ ਇਹੀ ਸਮਝਾਉਂਦੇ ਹਨ ‘‘ਚਰਨ ਸਰਨਿ ਗੁਰ ਏਕ ਪੈਡਾ ਜਾਇ ਚਲ; ਸਤਿਗੁਰ ਕੋਟਿ (ਕ੍ਰੋੜ) ਪੈਡਾ ਆਗੇ ਹੋਇ ਲੇਤ ਹੈ।’’ (ਭਾਈ ਗੁਰਦਾਸ ਜੀ/ਕਬਿੱਤ ੧੧੧) ਯਾਨੀ ਕਿ ਗੁਰੂ ਜੀ ਦੀ ਸ਼ਰਨ ਲੈਣ ਲਈ ਸਿੱਖ ਇੱਕ ਕਦਮ ਪੁੱਟੇ ਤਾਂ ਅਗਾਂਹ ਸਤਿਗੁਰੂ ਜੀ ਅਗਵਾਈ ਕਰਦੇ ਸਿੱਖ ਨੂੰ ਰੂਹਾਨੀਅਤ ਪੜਾਅ ਦੇ ਕ੍ਰੋੜਾਂ ਕਦਮ ਲੈ ਜਾਂਦੇ ਹਨ।
ਜਿਵੇਂ ‘‘ਹੁਕਮਿ ਰਜਾਈ ਚਲਣਾ’’ ਵਾਕ ’ਚ ਰੱਬ ਦੇ ਹੁਕਮ ਨੂੰ ਮਹਾਨਤਾ ਦਿੱਤੀ ਹੈ; ਓਵੇਂ ਹੀ ਸਚਖੰਡਿ ਪਉੜੀ ’ਚ ਰੱਬ ਦੀ ਰਜ਼ਾ ਨੂੰ ਮਹਾਨਤਾ ਹੈ ਕਿ ਸਾਰਾ ਸੰਸਾਰ ਹੁਕਮ ’ਚ ਹੈ ਕਿਉਂਕਿ ਤਦ ਚਾਰੋਂ ਤਰਫ਼ ਸੱਚ ਹੀ ਸੱਚ ਪ੍ਰਤੀਤ ਹੁੰਦਾ ਹੈ ‘‘ਸਚਖੰਡਿ ਵਸੈ ਨਿਰੰਕਾਰੁ ॥ ਕਰਿ ਕਰਿ ਵੇਖੈ; ਨਦਰਿ ਨਿਹਾਲ ॥ ਤਿਥੈ; ਖੰਡ ਮੰਡਲ ਵਰਭੰਡ ॥ ਜੇ ਕੋ ਕਥੈ; ਤ ਅੰਤ ਨ ਅੰਤ ॥ ਤਿਥੈ; ਲੋਅ ਲੋਅ ਆਕਾਰ ॥ ਜਿਵ ਜਿਵ ਹੁਕਮੁ; ਤਿਵੈ ਤਿਵ ਕਾਰ ॥ ਵੇਖੈ ਵਿਗਸੈ; ਕਰਿ ਵੀਚਾਰੁ ॥ ਨਾਨਕ ! ਕਥਨਾ ਕਰੜਾ ਸਾਰੁ ॥੩੭॥’’ (ਜਪੁ) ਯਾਨੀ ਧਰਮਖੰਡ ਤੋਂ ਸਚਖੰਡਿ ਤੱਕ ਦੀ ਯਾਤਰਾ; ‘ਜਪੁ’ ਜੀ ਦੀ ਪਹਿਲੀ ਪਉੜੀ ’ਚ ਸਵਾਲ-ਜਵਾਬ ਵਜੋਂ ਦਰਜ ਹੈ ਤੇ ਅਗਲੀ ਦੂਜੀ ਪਉੜੀ ’ਚ ‘‘ਹੁਕਮੀ ਹੋਵਨਿ ਆਕਾਰ; ਹੁਕਮੁ ਨ ਕਹਿਆ ਜਾਈ ॥’’ ਤੋਂ ਲੈ ਕੇ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ…॥੨॥’’ ਤੱਕ ਇਹ ਵਿਸ਼ਾ ਮੁਕੰਮਲ ਹੁੰਦਾ ਹੈ।
ਜਿਸ ਤਰ੍ਹਾਂ ਦੂਹਰੇ ਸਵਾਲ ਕੀਤੇ ‘‘ਕਿਵ ਸਚਿਆਰਾ ਹੋਈਐ ?’’ ਅਤੇ ‘‘ਕਿਵ ਕੂੜੈ ਤੁਟੈ ਪਾਲਿ ? ॥’’; ਓਵੇਂ ਹੀ ਦੂਸਰੀ ਪਉੜੀ ’ਚ ਦੋ ਵਾਰ ਦੁਹਰਾਇਆ ਹੈ ਕਿ ਹਰ ਕੋਈ ਰੱਬ ਦੀ ਰਜ਼ਾ ਅੰਦਰ ਹੈ। ਰਜ਼ਾ ਤੋਂ ਆਕੀ ਕੋਈ ਨਹੀਂ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ..॥੨॥’’, ਇਸ ਤੋਂ ਜਾਪਦਾ ਹੈ ਕਿ ਇਹੀ ਪੱਖ ਗੁਰਬਾਣੀ ਦਾ ਮੂਲ ਹੈ, ਗੁਰਮਤਿ ਹੈ, ਜਿਸ ਨੂੰ ਜਾਣਨਾ ਹੈ ਤਾਂ ਜੋ ਮੈਂ ਆਪਣੇ ਹੁਕਮ ’ਚ ਚੱਲਦਾ ਹਾਂ, ਵਾਲ਼ਾ ਅਹੰਕਾਰ ਮਨ ’ਚ ਨਾ ਪਨਪੇ/ਪੁੰਗਰੇ। ਰੱਬ ਦੇ ਹੁਕਮ ਦੀ ਮੁਕੰਮਲ ਵਿਆਖਿਆ ਕਰਨ ਉਪਰੰਤ ਦੂਜੀ ਪਉੜੀ ਦੇ ਅੰਤ ’ਚ ਕਿਹਾ ਹੈ ‘‘ਨਾਨਕ ! ਹੁਕਮੈ ਜੇ ਬੁਝੈ; ਤ ਹਉਮੈ ਕਹੈ ਨ ਕੋਇ ॥੨॥’’ ਯਾਨੀ ਮੈ ਰੱਬ ਦੇ ਹੁਕਮ ’ਚ ਹਾਂ, ਇਹ ਜਾਣਨ ਤੋਂ ਬਾਅਦ ਬੰਦਾ ਇਹ ਨਹੀਂ ਕਹਿੰਦਾ ਕਿ ਇਹ ਮੈ ਕੀਤਾ, ਔਹ ਮੈ ਕਰਾਂਗਾ। ਇਹ ਸਚਾਈ ਹਜ਼ਮ ਨਾ ਹੋਣ ਦਾ ਕਾਰਨ ਹੀ ਅਹੰਕਾਰ ਪਨਪਦਾ ਹੈ। ਗੁਰੂ ਨਾਨਕ ਸਾਹਿਬ ਐਸੇ ਬੰਦੇ ਨੂੰ ਖਾਇਕ (ਮੂਰਖ) ਕਹਿੰਦੇ ਹਨ। ‘ਮੂਰਖ’ ਯਾਨੀ ਮੂੰਹ ਰੱਖ, ਮੇਰਾ ਮੂੰਹ ਰਹਿ ਜਾਵੇ, ਮੇਰੀ ਕਹੀ ਗੱਲ ਹੀ ਅੰਤਮ ਸੱਚ ਮੰਨੀ ਜਾਵੇ। ਮੈ ਹੀ, ਮੈ ਹੀ ਸਹੀ ਹਾਂ, ‘‘ਬੰਦਿ ਖਲਾਸੀ ਭਾਣੈ ਹੋਇ ॥ ਹੋਰੁ, ਆਖਿ ਨ ਸਕੈ ਕੋਇ ॥ ਜੇ ਕੋ ਖਾਇਕੁ; ਆਖਣਿ ਪਾਇ ॥ ਓਹੁ ਜਾਣੈ; ਜੇਤੀਆ ਮੁਹਿ ਖਾਇ ..॥੨੫॥’’ (ਜਪੁ) ਅਰਥ : ‘ਕੂੜ ਦੀ ਕੰਧ’ ਵਾਲ਼ੇ ਦੁੱਖ-ਸੁੱਖ ਬੰਧਨ (ਗ਼ੁਲਾਮੀ) ਤੋਂ ਮੁਕਤੀ; ਰੱਬ ਦੀ ਰਜ਼ਾ ’ਚ ਚੱਲਦਾ ਹਾਂ, ਨੂੰ ਮੰਨਣ ਨਾਲ਼ ਟੁੱਟਦੇ ਹਨ। ਹੋਰ ਕੋਈ ਤਰੀਕਾ ਨਹੀਂ ਦੱਸਿਆ ਜਾ ਸਕਦਾ। ਜੇ ਕੋਈ ਮੂਰਖ ਦੱਸਣਾ ਚਾਹੇ (ਤਾਂ ਉਹ ਅਹੰਕਾਰ ਮੁਕਤ ਤਾਂ ਨਹੀਂ ਹੋ ਸਕਦਾ ਸਗੋਂ ਅਹੰਕਾਰ ਕਾਰਨ ਵਿਕਾਰਾਂ ਦੀ ਮਾਰ) ਵਿਕਾਰਾਂ ਦੀਆਂ ਜੁੱਤੀਆਂ ਜਿੰਨੀਆਂ ਖਾਂਦਾ ਹੈ, ਉਸ ਦਾ ਜ਼ਮੀਰ ਹੀ ਜਾਣਦਾ ਹੈ।
ਸੋ ਅਹੰਕਾਰ ਹੀ ਕੂੜ ਦੀ ਕੰਧ ਹੈ, ਜਿਸ ਨੂੰ ‘‘ਹੁਕਮਿ ਰਜਾਈ ਚਲਣਾ; ਨਾਨਕ ! ਲਿਖਿਆ ਨਾਲਿ ॥੧॥’’ ਤੁਕ ’ਚ ‘ਲਿਖਿਆ ਨਾਲਿ’ ਭੀ ਕਿਹਾ ਹੈ ਯਾਨੀ ‘ਕੂੜ ਦੀ ਕੰਧ’; ਮਨੁੱਖ ਦੇ ਪਿਛਲੇ ਕੀਤੇ ਕਰਮਾਂ ਦੇ ਫਲ਼ ਵਜੋਂ ਨਸੀਬ ’ਚ ਲਿਖੀ ਹੋਈ ਹੈ। ਇਹੀ ਜਨਮ ਮਰਨ ਦਾ ਮੂਲ ਹੈ। ਜੋਗੀਆਂ ਦੇ ਇੱਕ ਸਵਾਲ ਕਿ ਜਗਤ ਰਚਨਾ ਕਿਸ ਕਾਰਨ ਹੁੰਦੀ ਹੈ ‘‘ਕਿਤੁ ਕਿਤੁ ਬਿਧਿ ਜਗੁ ਉਪਜੈ ? ਪੁਰਖਾ !.. ॥’’ (ਗੋਸਟਿ/ਮਹਲਾ ੧/੯੪੬) ਦੇ ਜਵਾਬ ਵਜੋਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਅਹੰਕਾਰ ਕਾਰਨ ਜਗਤ ਵਾਰ ਵਾਰ ਜਨਮ ਲੈਂਦਾ ਹੈ ‘‘ਹਉਮੈ ਵਿਚਿ ਜਗੁ ਉਪਜੈ ਪੁਰਖਾ !… ॥’’ (ਗੋਸਟਿ/ਮਹਲਾ ੧/੯੪੬) ਇਹ ਕੂੜ ਦੀ ਕੰਧ ਭੀ ਕਰਤਾਰ ਦੇ ਹੁਕਮ ’ਚ ਬਣੀ ਹੈ ‘‘ਹੁਕਮੁ ਨ ਜਾਈ ਮੇਟਿਆ; ਜੋ ਲਿਖਿਆ, ਸੋ ਨਾਲਿ ॥’’ (ਮਹਲਾ ੧/੧੦੯੧), ਇਸ ਨੂੰ ਸਿਰ ਦੇ ਲੇਖ/ਭਾਗ/ ਨਸੀਬ ਭੀ ਕਿਹਾ ਹੈ, ‘‘ਸਰਬ ਜੀਆ ਸਿਰਿ (’ਤੇ) ਲੇਖੁ ਧੁਰਾਹੂ (ਧੁਰ ਤੋਂ); ਬਿਨੁ ਲੇਖੈ ਨਹੀ ਕੋਈ ਜੀਉ ॥ ਆਪਿ ਅਲੇਖੁ; ਕੁਦਰਤਿ ਕਰਿ ਦੇਖੈ; ਹੁਕਮਿ (’ਚ) ਚਲਾਏ ਸੋਈ ਜੀਉ ॥’’ (ਮਹਲਾ ੧/੫੯੮) ਸੋ ਅਹੰਕਾਰ; ਜੋ ਜਨਮ ਮਰਨ ਦਾ ਮੂਲ ਹੈ; ਰੱਬ ਦੇ ਹੁਕਮ ਅਨੁਸਾਰ ਹੀ ਬੰਦੇ ਦਾ ਨਸੀਬ ਬਣ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਸਮੇਂ ‘ਲਿਖਿਆ ਨਾਲਿ’ ਹੈ। ‘‘ਹੁਕਮਿ ਰਜਾਈ ਚਲਣਾ’’ ਦਾ ਕੀ ਭਾਵ ਹੈ। ਇਸ ਬਾਰੇ ਹੇਠਾਂ ਵਿਚਾਰ ਕੀਤੀ ਜਾਣੀ ਹੈ।
ਚੱਲਦੇ ਪ੍ਰਸੰਗ ’ਚ ਇਹ ਜਾਣਨਾ ਭੀ ਜ਼ਰੂਰੀ ਹੈ ਕਿ ਇਹ ਦੋਵੇਂ ਸਵਾਲ ਕਿਸ ਸੰਦਰਭ ’ਚ ਉੱਠਾਏ ਗਏ ਹਨ ? ਜਵਾਬ ਹੈ ਕਿ ਜਦ ਸਦੀਆਂ ਤੋਂ ਧਰਮ ਪ੍ਰਤੀ ਸ਼ਰਧਾ ਰੱਖਣ ਵਾਲ਼ੇ (ਹਿੰਦੂ, ਪੰਡਿਤ) ਪੰਜ ਤੱਤਾਂ ਤੋਂ ਬਣੇ ਸਥੂਲ ਸਰੀਰ ਨਾਲ਼ ਜੁੜੇ ਕਰਮ ਕਰਨ ਨਾਲ਼ ਸੂਖਮ ਮਨ; ਪਵਿੱਤਰ/ਸਚਿਆਰ ਹੁੰਦਾ ਮੰਨੀ ਬੈਠੇ ਹੋਣ; ਜਿਵੇਂ ਕਿ ਖ਼ਾਸ ਤੀਰਥ ਉੱਤੇ ਸਰੀਰ ਨੂੰ ਇਸ਼ਨਾਨ ਕਰਾ ਕੇ ਮਨ; ਪਵਿੱਤਰ ਹੋਣਾ। ਸਰੀਰਕ ਮੌਨ ਧਾਰਿਆਂ ਜਾਂ ਸਰੀਰ ਨੂੰ ਭੋਜਨ ਤੋਂ ਬਾਂਝੇ ਰੱਖਣ ਨਾਲ਼ ਮਨ ਸਚਿਆਰ (ਨੇਕ) ਹੋਣਾ, ਧਾਰਨਾ ਵਾਲ਼ੇ ਭਰਮੀ ਬੰਦੇ ਕੋਲ਼ ਰੱਬੀ ਰੂਹ ਗੁਰੂ ਨਾਨਕ ਸਾਹਿਬ ਆ ਕੇ ਕਹਿ ਦੇਣ ਕਿ ‘‘ਸੋਚੈ ਸੋਚਿ ਨ ਹੋਵਈ; ਜੇ ਸੋਚੀ ਲਖ ਵਾਰ ॥ ਚੁਪੈ ਚੁਪ ਨ ਹੋਵਈ; ਜੇ ਲਾਇ ਰਹਾ ਲਿਵ ਤਾਰ ॥ ਭੁਖਿਆ ਭੁਖ ਨ ਉਤਰੀ; ਜੇ ਬੰਨਾ ਪੁਰੀਆ ਭਾਰ ॥’’ ਯਾਨੀ ਇਨ੍ਹਾਂ ਫੋਕਟ ਸਰੀਰਕ ਕਰਮਾਂ ਦਾ ਰੂਹਾਨੀਅਤ ਜੀਵਨ-ਘਾੜਤ ਨਾਲ਼ ਕੋਈ ਸਬੰਧ ਨਹੀਂ ਤਾਂ ਉਨ੍ਹਾਂ ਅੰਧ ਭਗਤਾਂ ਅੰਦਰੋਂ ਸਵਾਲ ਉੱਠਣੇ ਸੁਭਾਵਕ ਹਨ ਕਿ ਤਾਂ ਫਿਰ ‘‘ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ ? ॥’’ ਯਾਨੀ ਕਿਵੇਂ ਸਚਿਆਰੇ ਹੋਈਏ, ਕਿਵੇਂ ਪਵਿੱਤਰ ਹੋਈਏ, ਕਿਵੇਂ ਕੂੜ ਦੀ ਕੰਧ ਢਹੇ ? (ਧਿਆਨ ਰਹੇ ਕਿ ਕੂੜਿਆਰ ਜੀਵਨ; ਮਾਲਕ-ਪ੍ਰਭੂ ਤੋਂ ਦੂਰੀ ਅਤੇ ਸਚਿਆਰ ਜੀਵਨ; ਮਾਲਕ ਨਾਲ਼ ਨੇੜਤਾ ਹੈ। ਇਨ੍ਹਾਂ ਸਵਾਲ-ਜਵਾਬ ਤੋਂ ਜਾਪਦਾ ਹੈ ਕਿ ਰੂੜ੍ਹੀਵਾਦੀ ਲੋਕ ਭੀ ਕਰਮਕਾਂਡ; ‘ਸਚਿਆਰ ਹੋਣ’ ਲਈ ਕਰਦੇ ਪਏ ਸਨ ਭਾਵੇਂ ਕਿ ਉਨ੍ਹਾਂ ਦਾ ਲਾਭ ਮਨ ਦੀ ਮੈਲ਼ ਉਤਾਰਨ ਨਾਲ਼ ਨਹੀਂ ਜੁੜਦਾ ਪਿਆ।
ਅਕਸਰ ਅਸੀਂ ਕਹਿੰਦੇ ਹਾਂ ਕਿ ‘‘ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ ? ॥’’ ਸਵਾਲਾਂ ਦੇ ਜਵਾਬ ਵਜੋਂ ਗੁਰੂ ਸਾਹਿਬ ਨੇ ‘‘ਹੁਕਮਿ ਰਜਾਈ ਚਲਣਾ’’ ਕਿਹਾ ਹੈ ਯਾਨੀ ਕਰਤਾਰ ਦੇ ਹੁਕਮ ’ਚ ਚੱਲਣਾ ਚਾਹੀਦਾ ਹੈ ਜਦ ਕਿ ਐਨਾ ਕੁ ਪੂਰਾ ਜਵਾਬ ਨਹੀਂ ਕਿਉਂਕਿ ਅਗਲੇ ਵਾਕ ‘‘ਲਿਖਿਆ ਨਾਲਿ ॥੧॥’’ ਨੂੰ ਅਣਡਿੱਠ ਕਰ ਦਿੱਤਾ ਜਾਂਦਾ ਹੈ, ਜੋ ਅਹਿਮ ਸੀ। ਗੁਰਬਾਣੀ ਦੇ ਟੀਕਾਕਾਰਾਂ ਨੇ ਭੀ ‘ਲਿਖਿਆ ਨਾਲਿ’ ਸ਼ਬਦਾਂ ਨੂੰ ਸਪਸ਼ਟ ਨਹੀਂ ਕੀਤਾ। ਇਸ ਅਧੂਰੇ ਜਵਾਬ ਕਾਰਨ ਹੀ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ..॥੨॥’’ ਦੇ ਮਨਮਤੀ ਅਰਥ ਅਗਾਂਹ ਹੋਰ ਬਣਾ ਲਏ ਕਿ ‘ਕਰਤਾਰ ਦੀ ਰਜ਼ਾ ’ਚ ਚੱਲਣ ਵਾਲ਼ਾ ਹਰ ਕੋਈ ਅਨੰਦ ਮਾਣਦਾ ਹੈ ਅਤੇ ਰਜ਼ਾ ਨਾ ਮੰਨਣ ਵਾਲ਼ਾ ਦੁਖੀ ਹੈ ਜਦਕਿ ਸੰਪੂਰਨ ‘ਜਪੁ’ ਬਾਣੀ, ‘ਸੋ ਦਰੁ’ ਸਿਰਲੇਖ ਅਧੀਨ 9 ਸ਼ਬਦ ਅਤੇ ਸੋਹਿਲਾ ਬਾਣੀ ਦੇ 5 ਸ਼ਬਦ ਯਾਨੀ ਪੂਰੇ ਨਿਤਨੇਮ ਵਾਲ਼ੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ 13 ਅੰਗਾਂ ਤੱਕ ਨਾਪੱਖੀ ਸੋਚ; ਜਿਵੇਂ ਕਿ ਰੱਬ ਦਾ ਹੁਕਮ ਨਾ ਮੰਨਣ ਵਾਲ਼ਾ ਕਿਵੇਂ ਜ਼ਿੰਦਗੀ ਭੋਗਦਾ ਹੈ, ਬਾਰੇ ਇੱਕ ਵੀ ਸ਼ਬਦ ਦਰਜ ਨਹੀਂ ਹੈ।
ਉਕਤ ਮਨਮਤੀ ਕੀਤੇ ਅਰਥਾਂ ਤੋਂ ਭੁਲੇਖਾ ਪੈਂਦਾ ਹੈ ਕਿ ਮਨੁੱਖ ਕੋਲ਼ ਰੱਬ ਦੀ ਰਜ਼ਾ ਤੋਂ ਆਕੀ (ਬਾਹਰ) ਹੋਣ ਦੀ ਸ਼ਕਤੀ ਹੈ ਭਾਵੇਂ ਕਿ ਗੁਰਬਾਣੀ ਇਸ ਦੀ ਪੁਸ਼ਟੀ ਨਹੀਂ ਕਰਦੀ। ਗੁਰਬਾਣੀ ਅੰਦਰ ਜਿੱਥੇ ‘ਮਨ, ਭਾਈ ਜਾਂ ਪੰਡਿਤ’ ਨੂੰ ਸੰਬੋਧਨ ਕਰ ਤਾੜਨਾ ਕੀਤੀ ਹੈ ਕਿ ‘ਤੂੰ ਇਉਂ ਨਹੀਂ, ਇਉਂ ਕਰ’ ਇਸ ਦਾ ਇਹ ਮਤਲਬ ਨਹੀਂ ਹੁੰਦਾ ਕਿ ਇਹ ਸਾਰੇ ਰੱਬ ਦੇ ਹੁਕਮ ਤੋਂ ਆਕੀ ਹਨ ਬਲਕਿ ਇਨ੍ਹਾਂ ਨੂੰ ਆਪਣੇ ‘ਹਉਮੈ/ਕੂੜ ਦੀ ਕੰਧ’ ਕਾਰਨ ਕੁਰਾਹੇ ਪਏ ਜੀਵਨ ਦਾ ਅਹਿਸਾਸ ਕਰਾਇਆ ਜਾਂਦਾ ਹੈ ਤਾਂ ਜੋ ਜਿਸ ਹੁਕਮ ਅੰਦਰ ਵਿਚਰਦੇ ਪਏ ਹਨ, ਉਸ ਦੇ ਮਾਲਕ ਅੱਗੇ ‘ਕੂੜ ਦੀ ਕੰਧ’ ਤੋਂ ਮੁਕਤ ਹੋਣ ਲਈ ਅਰਦਾਸ ਕਰਨ ਦੀ ਜਾਚ ਸਿੱਖ ਲੈਣ, ਪਰ ਇਹ ਤਾਂ ਹੀ ਸੰਭਵ ਹੈ, ਜੇਕਰ ‘ਮੈ ਆਪਣੇ ਹੁਕਮ ’ਚ ਚੱਲਦਾ ਹਾਂ, ਹਰ ਕੋਈ ਆਪਣੀ ਮਨ ਮਰਜ਼ੀ ਨਾਲ਼ ਚੱਲਦਾ ਹੈ’ ਦੀ ਜਗ੍ਹਾ ‘ਮੈ ਕਰਤਾਰ ਦੇ ਹੁਕਮ ’ਚ ਚੱਲਦਾ ਹਾਂ ਅਤੇ ‘ਕੂੜ ਦੀ ਕੰਧ’ ਮੁਤਾਬਕ ਦੁੱਖ-ਸੁੱਖ ਭੋਗਦਾ ਹਾਂ, ਹਰ ਕੋਈ ਰੱਬ ਦੀ ਰਜ਼ਾ ’ਚ ਚੱਲਦਾ ਆਪਣਾ ਦਾਣਾ ਚੁਗਦਾ ਪਿਆ ਹੈ’ ਉੱਤੇ ਭਰੋਸਾ ਹੋਵੇ। ਇਹ ਭਰੋਸਾ ਕਿਵੇਂ ਬਣੇ ? ਇਸ ਨੂੰ ਜਾਣਨ ਲਈ ‘‘ਹੁਕਮਿ ਰਜਾਈ ਚਲਣਾ’’ ਦੇ ਪ੍ਰਚਲਿਤ ਅਰਥਾਂ ਤੋਂ ਪੈਦਾ ਹੋਏ ਸੰਦੇਹ ਦੂਰ ਹੋਣੇ ਚਾਹੀਦੇ ਹਨ; ਜਿਵੇਂ ਕਿ
(1). ਕੀ ਕਰਤਾਰ ਦਾ ਹੁਕਮ ਕੋਈ ਪੈਮਾਨਾ ਜਾਂ ਪੜਾਅ ਹੈ, ਜਿਸ ’ਤੇ ਸਭ ਨੇ ਇਕ ਸਮਾਨ ਚੱਲਣਾ ਹੁੰਦਾ ਹੈ ? ਜਦ ਰੱਬ ਦੀ ਰਜ਼ਾ ’ਚ ਦੁਰਾਚਾਰੀ ਤੇ ਸਦਾਚਾਰੀ ਜੀਵਨ ਦੋਵੇਂ ਹੀ ਬਣਦੇ ਹਨ ਤਾਂ ਕਿਹੜਾ ਹੁਕਮ ਮੰਨਿਆ ਜਾਵੇ ਤੇ ਕਿਹੜਾ ਛੱਡਿਆ ਜਾਵੇ, ਜੋ ਰੱਬ ਦਾ ਨਹੀਂ ?
(2). ਕੀ ‘ਕੂੜ ਦੀ ਕੰਧ’; ਕਰਤਾਰ ਦੇ ਹੁਕਮ ’ਚ ਚੱਲਣ ਤੋਂ ਬਿਨਾਂ ਬਣੀ ਹੈ ? ਕਿਉਂਕਿ ਰੱਬ ਦੇ ਹੁਕਮ ਦੀ ਅਗਲੀ ਪਉੜੀ ’ਚ ਮੁਕੰਮਲ ਵਿਆਖਿਆ ਹੋਣ ਉਪਰੰਤ ਤਾਂ ਕਿਹਾ ਹੈ, ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ..॥੨॥’’
(3). ਜੇਕਰ ‘ਕੂੜ ਦੀ ਕੰਧ’ ਕਰਤਾਰ ਦੇ ਹੁਕਮ ’ਚ ਚੱਲ ਕੇ ਬਣੀ ਹੈ ਤਾਂ ਮੁੜ ਉਸ ਦੇ ਹੁਕਮ ’ਚ ਚੱਲ ਕੇ ਕਿਵੇਂ ਢਹਿ-ਢੇਰੀ ਹੋਵੇਗੀ ?
ਉਕਤ ਸਾਰੇ ਭਰਮ ਉਪਜਣ ਦਾ ਅਸਲ ਕਾਰਨ ‘‘ਹੁਕਮਿ ਰਜਾਈ ਚਲਣਾ; ਨਾਨਕ ! ਲਿਖਿਆ ਨਾਲਿ ॥੧॥’’ ਵਾਕ ’ਚੋਂ ‘ਲਿਖਿਆ ਨਾਲਿ’ ਸ਼ਬਦਾਂ ਦੇ ਅਰਥਾਂ ਨੂੰ ਨਾ ਸਮਝਣਾ ਹੈ ਜਦਕਿ ਇਨ੍ਹਾਂ ਅਰਥ ਨੇ ਹੀ ‘‘ਹੁਕਮਿ ਰਜਾਈ ਚਲਣਾ’’ ਦੇ ਅਰਥ ਸਪਸ਼ਟ ਕਰੇ ਹਨ।
ਗੁਰਬਾਣੀ ਅੰਦਰ ‘ਕਰਮੁ’ ਇੱਕ ਐਸਾ ਸ਼ਬਦ ਹੈ, ਜੋ ਦੋ ਭਾਸ਼ਾਵਾਂ (ਸੰਸਿਤ ਅਤੇ ਫ਼ਾਰਸੀ) ਵਿੱਚੋਂ ਲਿਆ ਹੈ। ਸੰਸਿਤ ਭਾਸ਼ਾ ਵਿੱਚ ਇਸ ਦਾ ਅਰਥ ਹੈ ‘ਕੀਤੇ ਜਾਣ ਵਾਲ਼ੇ ਕੰਮ’ (ਕਰਮ) ਅਤੇ ‘ਭਾਗ/ਨਸੀਬ’ (ਕਰਮੁ) ਜਦਕਿ ਫ਼ਾਰਸੀ ਵਿੱਚ ਇਸ ਦਾ ਅਰਥ ਹੈ ‘ਮਿਹਰ, ਬਖ਼ਸ਼ਸ਼’ (ਕਰਮਿ/ਕਰਮੁ)। ਕਰਮ ਸ਼ਬਦ ਦਾ ਰੂਪ ਗੁਰਬਾਣੀ ’ਚ ‘ਕਰਮਿ’ 100 ਵਾਰ, ਕਰਮੁ 99 ਵਾਰ ਅਤੇ ਕਰਮ 385 ਵਾਰ ਹੈ। ਇਨ੍ਹਾਂ ਵਿੱਚੋਂ ‘ਕਰਮੁ’ ਅਤੇ ‘ਕਰਮਿ’ ਇੱਕ ਵਚਨ ਪੁਲਿੰਗ ਹਨ, ਜਿਨ੍ਹਾਂ ਦੇ ਅਰਥ ਹਨ ‘ਭਾਗ’ ਤੇ ‘ਬਖ਼ਸ਼ਸ਼’ ਅਤੇ ‘ਕਰਮ’ ਬਹੁ ਵਚਨ ਹੈ ਜਾਂ ਇਸ ਨਾਲ਼ ਕੋਈ ਸਬੰਧਕੀ ਚਿੰਨ੍ਹ (ਕਾ, ਕੇ, ਕੀ ਆਦਿ) ਹੈ, ਜਿਸ ਕਾਰਨ ‘ਕਰਮੁ’ (ਅੰਤ ਔਂਕੜ) ਤੋਂ ‘ਕਰਮ’ (ਅੰਤ ਮੁਕਤ) ਬਣ ਗਿਆ। ਵੇਖਿਆ ਜਾਵੇ ਤਾਂ ਦੋਵੇਂ ਭਾਸ਼ਾਵਾਂ ’ਚੋਂ ਲਏ ਇਸ ਸ਼ਬਦ ਦਾ ਸਬੰਧ; ਧਰਮ ਦੇ ਇੱਕ ਗਹਿਰੇ ਭਾਵ ਸਪਸ਼ਟ ਕਰਨ ਨਾਲ਼ ਹੈ; ਜਿਵੇਂ ਕਿ ਕੰਮ (ਕਰਮ/ਅੰਤ ਮੁਕਤ) ਕਰਕੇ ਬੰਦਾ ਭਾਗ (ਕਰਮੁ) ਬਣਾਉਂਦਾ ਹੈ ਤੇ ਰੱਬ ਦੀ ਮਿਹਰ (ਕਰਮਿ/ਹੁਕਮਿ) ਨਾਲ਼ ਆਵਾਗਮਣ ਤੋਂ ਮੁਕਤ ਹੁੰਦਾ ਹੈ ਜਾਂ ਅਗਲੇ ਜਨਮ ’ਚ ਮੁੜ ਕੰਮ (ਕਰਮ/ਬਹੁ ਵਚਨ) ਕਰਦਾ ਹੈ। ‘ਕਰਮਿ’ ਤੇ ‘ਹੁਕਮਿ’ ਸ਼ਬਦਾਂ ਦਾ ਵਿਆਕਰਨਿਕ ਅਰਥ ਇੱਕ ਜੈਸਾ ਹੈ ‘ਰੱਬ ਦੀ ਮਿਹਰ ਨਾਲ਼, ਰੱਬ ਦੇ ਹੁਕਮ ਨਾਲ਼’। ਹੁਕਮ ਅਤੇ ਮਿਹਰ ਵਿੱਚ ਅੰਤਰ ਨਹੀਂ; ਜਿਵੇਂ ਕਿ ਰੱਬੀ ਹੁਕਮ ਨਾਲ਼ ਦਾਤ ਮਿਲੀ ਜਾਂ ਰੱਬੀ ਮਿਹਰ ਨਾਲ਼ ਦਾਤ ਮਿਲੀ; ਦੋਵਾਂ ਵਾਕਾਂ ’ਚ ਕੋਈ ਅੰਤਰ ਨਹੀਂ। ਮਾਲਕ ਦਾ ਹੁਕਮ; ਭਗਤ ਲਈ ਮਿਹਰ ਹੀ ਹੁੰਦਾ ਹੈ।
ਅਕਸਰ ਸਵਾਲ ਉੱਠਦਾ ਹੈ ਕਿ ਜੇਕਰ ਬੰਦਾ ਇਸ ਜਨਮ ’ਚ ਪਿਛਲੇ ਜਨਮ ਦਾ ਫਲ਼ ਭੋਗਦਾ ਹੈ ਤਾਂ ਪਿਛਲੇ ਜਨਮ ’ਚ ਭੀ ਉਸ ਤੋਂ ਪਿਛਲੇ ਜਨਮ ਦਾ ਫਲ਼ ਭੋਗਦਾ ਰਿਹਾ ਹੋਵੇਗਾ; ਇਉਂ ਜਦ ਸ੍ਰਿਸ਼ਟੀ ਪਹਿਲੀ ਵਾਰ ਬਣੀ ਜਾਂ ਜੀਵ-ਜੰਤ ਹੋਂਦ ’ਚ ਆਏ ਤਾਂ ਕਿਹੜਾ ਭਾਗ (ਫਲ਼); ਉਹ ਭੋਗ ਰਹੇ ਹੋਣਗੇ ਕਿਉਂਕਿ ਉਸ ਤੋਂ ਪਹਿਲਾਂ ਕੰਮ/ਕਰਮ ਕਰਨ ਲਈ ਜਨਮ ਹੀ ਨਹੀਂ ਸੀ ? ਇਸ ਦਾ ਜਵਾਬ ਗੁਰੂ ਨਾਨਕ ਸਾਹਿਬ ਜੀ ਇਉਂ ਦਿੰਦੇ ਹਨ ‘‘ਸਭੇ ਮਾਣਸ, ਦੇਵ ਸਭਿ; ਸਭੇ ਜੋਗ ਧਿਆਨ ॥ ਸਭੇ ਪੁਰੀਆ, ਖੰਡ ਸਭਿ; ਸਭੇ ਜੀਅ ਜਹਾਨ ॥ ਹੁਕਮਿ ਚਲਾਏ ਆਪਣੈ; ਕਰਮੀ ਵਹੈ ਕਲਾਮ ॥’’ (ਮਹਲਾ ੧/੧੨੪੧) ਅਰਥ : ਕਰਤਾਰ ਆਪਣੇ ਹੁਕਮ ਵਿੱਚ ਸਾਰੇ ਮਨੁੱਖਾਂ ਨੂੰ, ਸਾਰੇ ਦੇਵਤਿਆਂ ਨੂੰ, ਧਿਆਨ ਸਾਧਨਾ ਕਰਨ ਵਾਲ਼ੇ ਸਾਰੇ ਜੋਗੀਆਂ ਨੂੰ, ਸਾਰੀਆਂ ਧਰਤੀਆਂ ਨੂੰ, ਬ੍ਰਹਿਮੰਡ ਦੇ ਸਾਰੇ ਭਾਗਾਂ/ਟੁਕੜਿਆਂ/ਤਾਰਿਆਂ ਨੂੰ, ਜਗਤ ਦੇ ਸਾਰੇ ਜੀਵ-ਜੰਤ ਆਦਿ ਨੂੰ ਤੋਰਦਾ ਹੈ ਤੇ ਉਨ੍ਹਾਂ ਦੁਆਰਾ ਕੀਤੇ ਜਾਂਦੇ ਕੰਮਾਂ ਮੁਤਾਬਕ ਮੁੜ ਹੁਕਮ ਰੂਪ ਕਲਮ ਚੱਲਦੀ ਹੈ ਯਾਨੀ ਨਸੀਬ ਲਿਖਿਆ ਜਾਂਦਾ ਹੈ।
ਸੋ ਜਦ ਜੀਵ ਰਚਨਾ ਪਹਿਲੀ ਵਾਰ ਹੋਈ ਤਾਂ ਰੱਬ ਦੀ ਹੁਕਮ ਰੂਪੀ ਕਲਮ ਹੀ ਨਸੀਬ ਸੀ, ਜਿਸ ਨੇ ਚੰਗੇ-ਮੰਦੇ ਕਰਮ ਕਰਾਏ, ਫਿਰ ਹਰ ਕੋਈ ਆਪਣੇ ਨਸੀਬਾਂ ’ਚ ਬੱਝ ਗਿਆ; ਇਉਂ ਅਣਗਿਣਤ ਜਨਮਾਂ ਬਾਅਦ ਮਾਣਸ ਜਨਮ ਮਿਲਿਆ ਹੈ ‘‘ਅਪਵਿਤ੍ਰ ਪਵਿਤ੍ਰੁ; ਜਿਨਿ ਤੂ ਕਰਿਆ ॥ ਸਗਲ ਜੋਨਿ ਮਹਿ; ਤੂ ਸਿਰਿ ਧਰਿਆ ॥ ਅਬ ਤੂ ਸੀਝੁ ਭਾਵੈ ਨਹੀ ਸੀਝੈ ॥ ਕਾਰਜੁ ਸਵਰੈ ਮਨ ! ਪ੍ਰਭੁ ਧਿਆਈਜੈ ॥’’ (ਮਹਲਾ ੫/੯੧੩) ਅਰਥ : ਹੇ ਮਨ ! ਜਿਸ ਮਾਲਕ ਨੇ ਤੈਨੂੰ ਸਦਾਚਾਰੀ (ਪਵਿੱਤਰ) ਜਾਂ ਦੁਰਾਚਾਰੀ (ਅਪਵਿੱਤਰ) ਬਣਾਇਆ ਹੈ। ਸਾਰੀਆਂ ਜੂਨਾਂ ਵਿੱਚੋਂ ਉੱਤਮ ਬਣਾ ਥਾਪਿਆ ਹੈ। ਉਸ ਪ੍ਰਭੂ ਨੂੰ ਯਾਦ ਕੀਤਿਆਂ ਹੀ ਤੇਰਾ ਅਸਲ ਕਾਰਜ (ਕੂੜ ਦੀ ਕੰਧ ਮਿਟਾਉਣਾ) ਸਫਲ ਹੋਣਾ ਹੈ। ਇਸ ਜਨਮ ’ਚ ਤੂੰ (ਸਚਿਆਰ ਬਣਨ ’ਚ) ਕਾਮਯਾਬ ਹੋ ਜਾਂ ਨਾ ਹੋ (ਇਹ ਤੈਂ ਚੁਣਨਾ ਹੈ)।
ਗੁਰੂ ਸਾਹਿਬ; ਮਨੁੱਖਾ ਜਨਮ ਨੂੰ ਬੜੇ ਚਿਰਾਂ ਬਾਅਦ ਮਿਲਿਆ ਕਹਿ ਰਹੇ ਹਨ। ਜ਼ਰੂਰੀ ਹੈ ਕਿ ਬੜਾ ਚਿਰ, ਹੋਰ ਜੂਨਾਂ ’ਚ ਹੀ ਗੁਜ਼ਰਿਆ ਹੈ ‘‘ਮਿਲੁ ਜਗਦੀਸ ਮਿਲਨ ਕੀ ਬਰੀਆ ॥ ਚਿਰੰਕਾਲ ਇਹ ਦੇਹ ਸੰਜਰੀਆ ॥੧॥ ਰਹਾਉ ॥’’ (ਮਹਲਾ ੫/੧੭੬), ਭਗਤ ਰਵਿਦਾਸ ਜੀ ਦੇ ਬਚਨ ਹਨ, ‘‘ਬਹੁਤ ਜਨਮ ਬਿਛੁਰੇ ਥੇ ਮਾਧਉ ! ਇਹੁ ਜਨਮੁ ਤੁਮ੍ਾਰੇ ਲੇਖੇ ॥ ਕਹਿ ਰਵਿਦਾਸ ਆਸ ਲਗਿ ਜੀਵਉ; ਚਿਰ ਭਇਓ ਦਰਸਨੁ ਦੇਖੇ ॥’’ (ਭਗਤ ਰਵਿਦਾਸ/੬੯੪), ਭਗਤ ਕਬੀਰ ਜੀ ਬਚਨ ਕਰਦੇ ਹਨ ਕਿ ਇਹ ਮਨੁੱਖ ਜੂਨੀ ਪਾਉਣ ਲਈ ਦੇਵਤੇ ਵੀ ਤਰਸਦੇ ਹਨ ‘‘ਗੁਰ ਸੇਵਾ ਤੇ ਭਗਤਿ ਕਮਾਈ ॥ ਤਬ ਇਹ ਮਾਨਸ ਦੇਹੀ ਪਾਈ ॥ ਇਸ ਦੇਹੀ ਕਉ ਸਿਮਰਹਿ ਦੇਵ ॥ ਸੋ ਦੇਹੀ ਭਜੁ ਹਰਿ ਕੀ ਸੇਵ ॥’’ (ਭਗਤ ਕਬੀਰ/੧੧੫੯) ਅਰਥ : ਜਦੋਂ ਗੁਰੂ ਦੁਆਰਾ ਦੱਸੀ ਸੇਵਾ ਭਗਤੀ ਕੀਤੀ ਤਾਂ ਹੀ ਸਮਝੋ ਕਿ (ਸਚਿਆਰ ਬਣ ਕੇ) ਮਨੁੱਖੀ ਦੇਹ ਪਾਉਣਾ ਸਫਲ ਹੋਇਆ ਹੈ (ਨਹੀਂ ਤਾਂ ‘ਕੂੜ ਦੀ ਕੰਧ’ ਕਾਰਨ ਲੋਕ; ਜੂਨ ਹੀ ਭੋਗਦੇ ਪਏ ਹਨ)। ਇਸ ਮਨੁੱਖਾ ਸਰੀਰ ਨੂੰ ਦੇਵੀ-ਦੇਵਤੇ ਭੀ ਪਾਉਣਾ ਚਾਹੁੰਦੇ ਹਨ ਯਾਨੀ ਦੇਵੀ-ਦੇਵਤਿਆਂ ਦੀ ਜੂਨ; ਮਨੁੱਖ ਜੂਨ ਤੋਂ ਹੇਠਾਂ ਹੈ ਤਾਂ ਤੇ ਇਸ ਸਰੀਰ ਦੇ ਹੁੰਦਿਆਂ (ਗੁਰੂ ਦੁਆਰਾ ਦੱਸੀ) ਹਰੀ ਦੀ ਸੇਵਾ ਭਗਤੀ ਕਰਨੀ ਬਣਦੀ ਹੈ (ਤਾਂ ਜੋ ਕੂੜ ਦੀ ਕੰਧ ਨੂੰ ਢਹਿ ਢੇਰੀ ਕਰ ਸਚਿਆਰ ਹੋ ਸਕੀਏ)।
ਉਕਤ ਸਾਰੀ ਵਿਚਾਰ ਦਾ ਨਿਚੋੜ ਇਹ ਹੈ ਕਿ ‘ਮੈ ਆਪਣੇ ਹੁਕਮ ’ਚ ਚੱਲਦਾ ਹਾਂ, ਸਾਰਾ ਸੰਸਾਰ ਹੀ ਆਪਣੇ-ਆਪਣੇ ਸੁਭਾਅ ਅਨੁਸਾਰ ਚੱਲਦਾ ਹੈ’ ਇਹ ਮਾਇਆਵੀ ਸੋਚ ਹੈ ਕਿਉਂਕਿ ਸਰੀਰ ਅੰਦਰ ‘ਅਹੰਕਾਰ/ਕੂੜ ਦੀ ਕੰਧ’ ਹੈ, ਜੋ ਆਵਾਗਮਣ ’ਚ ਲੈ ਜਾਏਗੀ, ਪਰ ‘ਮੈ ਕਰਤਾਰ ਦੇ ਹੁਕਮ ’ਚ ਚੱਲਦਾ ਹਾਂ, ਸਾਰਾ ਸੰਸਾਰ ਹੀ ਉਸ ਦੀ ਰਜ਼ਾ ’ਚ ਵਿਚਰਦਾ ਹੈ; ਇਸ ਸਚਿਆਰ ਜੀਵਨ ਦੀ ਨਿਸ਼ਾਨੀ ਹੈ, ਜੋ ਆਵਾਗਮਣ ਤੋਂ ਮੁਕਤ ਕਰਦੀ ਹੈ, ਇਸ ਲਈ ਮਾਲਕ ਦਾ ਸਿਮਰਨ ਕਰਨਾ ਹੈ, ਉਸ ਅੱਗੇ ਅਰਦਾਸ ਕਰਨੀ ਹੈ ਤਾਂ ਜੋ ਉਸ ਦੀ ਬਖ਼ਸ਼ਸ਼ ਨਾਲ਼, ਉਸ ਦੇ ਹੁਕਮ/ਮਿਹਰ ਨਾਲ਼ ‘ਕੂੜ ਦੀ ਕੰਧ’ ਮਿਟੇ ਕਿਉਂਕਿ ਉਹੀ ਇਹ ਪਰਦਾ ਬਣਾਉਣ ਤੇ ਢਾਹੁਣ ਵਾਲ਼ਾ ਹੈ। ਜੀਵ ਰਚਨਾ ਦੇ ਅਰੰਭ ’ਚ; ਜਿਵੇਂ ਉਸ ਨੇ ਆਪਣੇ ਹੁਕਮ ਵਿੱਚ ਸਭ ਨੂੰ ਚਲਾ ਕੇ ਨਸੀਬ ’ਚ ਲਿਆਂਦੇ; ਓਵੇਂ ਹੀ ਹੁਣ ਉਸ ਮਾਲਕ ਨੇ ਆਪ ਨਸੀਬ ਢਹਿ ਢੇਰੀ ਕਰਨੇ ਹਨ। ਨਿਰਾ ਇਹ ਸਮਝਣਾ ਕਿ ‘ਕੂੜ ਦੀ ਕੰਧ’ ਰਜ਼ਾ ਦੇ ਮਾਲਕ ਦੇ ਹੁਕਮ ’ਚ ਚੱਲ ਕੇ ਮਿਟਣੀ ਹੈ ਤੇ ਆਪਣੇ ਆਪ ਨੂੰ ਉਸ ਦੇ ਹੁਕਮ ’ਚ ਚੱਲਦਾ ਸਮਝਣਾ, ਆਪਣੇ ਆਪ ਨਾਲ਼ ਧੋਖਾ ਹੈ।
ਦੋਵੇਂ ਸਵਾਲ ‘‘ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ ? ॥’’ ਦੇ ਜਵਾਬ ’ਚ ਜੋ ‘‘ਹੁਕਮਿ ਰਜਾਈ ਚਲਣਾ; ਨਾਨਕ ! ਲਿਖਿਆ ਨਾਲਿ ॥੧॥’’ ਸ਼ਬਦ ਹਨ, ਉਨ੍ਹਾਂ ਦਾ ਸਹੀ ਅਰਥ ਹੈ ਕਿ ਹੇ ਮਨੁੱਖ ! ਜੋ ਤੇਰੇ ਨਾਲ਼ ਯਾਨੀ ਤੇਰੇ ਨਸੀਬ ’ਚ ‘ਕੂੜ ਦੀ ਕੰਧ’ ਰੂਪ ਲੇਖ ਲਿਖਿਆ ਹੈ, ਉਹ ਤੇਰੇ ਦੁਆਰਾ ਕੀਤੇ ਕੰਮਾਂ ਦੀ ਹੀ ਫਲ਼ ਹੈ। ਉਨ੍ਹਾਂ ਬੁਰੇ ਕਰਮਾਂ ਦੇ ਇਸ ਫਲ਼ ਨੂੰ ਸਵੀਕਾਰ ਤੇ ਹੁਕਮ ਦੇ ਮਾਲਕ (ਕਰਤਾਰ) ਨੂੰ ਯਾਦ ਕਰ, ਉਸ ਅੱਗੇ ਅਰਦਾਸ ਕਰ ਤਾਂ ਜੋ ਤੇਰਾ ‘ਅਹੰਕਾਰ, ਕੂੜ ਦੀ ਕੰਧ’ ਢਹਿ-ਢੇਰੀ ਹੋਵੇ। ‘ਮੈਂ ਕਰਤਾਰ ਦੇ ਹੁਕਮ ’ਚ ਚੱਲਦਾ ਹਾਂ, ਨੂੰ ਸਵੀਕਾਰਨ ਤੋਂ ਬਾਅਦ ਹੀ ਸਚਿਆਰ ਜੀਵਨ ਬਣਨਾ ਹੈ। ਉਸ ਅਵਸਥਾ ’ਚ ਚਾਰੋਂ ਤਰਫ਼ ਮਾਲਕ ਦਾ ਹੁਕਮ ਵਾਪਰਦਾ ਪ੍ਰਤੀਤ ਹੁੰਦਾ ਹੈ। ਸਾਰਾ ਸੰਸਾਰ ਉਸ ਦੇ ਹੁਕਮ ’ਚ ਚੱਲਦਾ ਜਾਪਦਾ ਹੈ, ‘‘ਨਾ ਕੋ ਬੈਰੀ, ਨਹੀ ਬਿਗਾਨਾ; ਸਗਲ ਸੰਗਿ ਹਮ ਕਉ ਬਨਿ ਆਈ ॥’’ (ਮਹਲਾ ੫/੧੨੯੯)
ਹੁਣ ਸੰਦੇਹ ਨਾ ਰਹੇ ਕਿ ਕਰਤਾਰ ਦਾ ਹੁਕਮ ਕੋਈ ਪੈਮਾਨਾ ਹੈ, ਜਿਸ ਤੱਕ ਸਭ ਨੇ ਇਕ ਸਮਾਨ ਚੜ੍ਹਨਾ ਹੈ। ਅਜਿਹਾ ਮੰਨਣ ਨਾਲ਼ ‘ਕੂੜ ਦੀ ਕੰਧ’ ਕਦੇ ਨਹੀਂ ਮਿਟੇਗੀ ਅਤੇ ਮਨੁੱਖ ਆਪਣੇ ਦੁੱਖ-ਸੁੱਖ ਦਾ ਕਾਰਨ ਹੋਰਾਂ ਨੂੰ ਮੰਨਦਾ ਰਹੇਗਾ ‘‘ਬਾਧਿਓ ਆਪਨ ਹਉ ਹਉ ਬੰਧਾ ॥ ਦੋਸੁ ਦੇਤ ਆਗਹ ਕਉ ਅੰਧਾ ॥’’ (ਮਹਲਾ ੫/੨੫੮) ਆਪਣੇ ਆਪ ਨੂੰ ਸਿਆਣਾ ਅਤੇ ਹੋਰਾਂ ਨੂੰ ਮੂਰਖ ਸਮਝਣਾ; ਮੂਰਖਤਾ ਹੈ। ਗੁਰਬਾਣੀ ਆਪਣੇ ਆਪ ਨੂੰ ਮੂਰਖ ਅਤੇ ਹੋਰਾਂ ਨੂੰ ਸਿਆਣਾ ਕਹਿਣ ਲਈ ਪ੍ਰੇਰਦੀ ਹੈ ‘‘ਨਾਨਕ ! ਮੂਰਖੁ ਏਕੁ ਤੂ; ਅਵਰੁ ਭਲਾ ਸੈਸਾਰੁ ॥’’ (ਮਹਲਾ ੧/੧੩੨੮) ਵੈਸੇ ਜਦ ਹੁਕਮ ’ਚ ਸਾਰੇ ਹਨ, ਦੀ ਸਮਝ ਆ ਜਾਵੇ ਤਾਂ ਮੂਰਖ ਅਤੇ ਸਿਆਣਾ; ਦੁਨਿਆਦਾਰਾਂ ਵੱਲੋਂ ਰੱਖੇ ਦੋ ਨਾਂ ਹੀ ਹਨ, ਉਞ ਰੱਬ ਦੀ ਜੋਤਿ ਦੋਵਾਂ ’ਚ ਇੱਕ ਸਮਾਨ ਹੁੰਦੀ ਹੈਂ ਯਾਨੀ ਰੱਬ ਦੀਆਂ ਨਜ਼ਰਾਂ ’ਚ ਦੋਵੇਂ ਬਰਾਬਰ ਹਨ ‘‘ਮੂਰਖੁ ਸਿਆਣਾ ਏਕੁ ਹੈ; ਏਕ ਜੋਤਿ ਦੁਇ ਨਾਉ ॥’’ (ਮਹਲਾ ੧/੧੦੧੫)
‘ਕੂੜ ਦੀ ਕੰਧ’ ਮਿਟਣੀ ਹੈ ਸਵੈ ਪੜਚੋਲ ਨਾਲ਼, ਜਿਸ ਨੂੰ ਗੁਰੂ ਨਾਨਕ ਸਾਹਿਬ ਜੀ ਰੱਬੀ ਨਾਮ ਸੁਣਨ, ਮੰਨਣ ਅਤੇ ਦਿਲੀ ਪ੍ਰੇਮ ਕਰਦਿਆਂ ਅੰਦਰਲੇ ਤੀਰਥ ਉੱਤੇ ਮਲ ਮਲ ਕੇ ਇਸ਼ਨਾਨ ਕਰਨਾ ਸਿਖਾਉਂਦੇ ਹਨ ‘‘ਸੁਣਿਆ ਮੰਨਿਆ ਮਨਿ ਕੀਤਾ ਭਾਉ ॥ ਅੰਤਰਗਤਿ ਤੀਰਥਿ (’ਤੇ) ਮਲਿ ਨਾਉ … ॥੨੧॥’’ (ਜਪੁ)
‘ਹੁਕਮਿ ਰਜਾਈ ਚਲਣਾ’ ਦਾ ਇਹ ਭਾਵ ਲੈਣਾ ਕਿ ਰੱਬ ਦੇ ਸਦਾਚਾਰੀ ਗੁਣ ਧਾਰਨਾ ਹੈ; ਭੀ ਸਹੀ ਨਹੀਂ ਬਲਕਿ ਉਨ੍ਹਾਂ ਕਰਮਕਾਂਡੀ ਲੋਕਾਂ ਵਾਙ ਹੈ, ਜੋ ਚੌਰਾਹੇ ’ਚ ਖੜ੍ਹੇ ਸਦੀਆਂ ਤੋਂ ਤੀਰਥ ਇਸ਼ਨਾਨ ਕਰਦੇ ਰਹੇ, ਮੌਨ ਬਰਤ ਰੱਖਦੇ ਰਹੇ, ਦਿਮਾਗ਼ੀ ਸਿਆਣਪ ਨਾਲ਼ ਮਨ ਸ਼ਾਂਤ ਕਰਨਾ ਲੋਚਦੇ ਰਹੇ, ਪਰ ਮਨ ਨਿਰਮਲ ਨਾ ਹੋ ਸਕਿਆ। ਸੱਚੇ ਭਗਤ ਲਈ ਸਦਾਚਾਰ ਗੁਣਾਂ ਦੀ ਪਰਿਭਾਸ਼ਾ ਨਿੱਤ ਬਦਲਣੀ ਹੈ; ਜਿਵੇਂ ਥੋੜ੍ਹੀ ਰੌਸ਼ਨੀ ’ਚ ਘੱਟ ਅਤੇ ਵੱਧ ਰੌਸ਼ਨੀ ’ਚ ਵੱਧ ਵਿਖਾਈ ਦਿੰਦਾ ਹੈ; ਵੈਸੇ ਹੀ ਸਦਾਚਾਰ ਦੀ ਪਰਿਭਾਸ਼ਾ ਮਰਨ ਤੱਕ ਸਥਿਰ ਨਹੀਂ ਸਮਝੀ ਜਾ ਸਕਦੀ।
————-ਚੱਲਦਾ—————–
CLICK HERE ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ ॥ (ਭਾਗ ਦੂਜਾ)









