ਸ਼੍ਰੋਮਣੀ ਕਮੇਟੀ ਨੂੰ ਪੱਤਰ

0
434

ਸੇਵਾ ਵਿਖੇ,

  1. ਗਿਆਨੀ ਹਰਪ੍ਰੀਤ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ।
  2. ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਪ੍ਰਧਾਨ ਸ੍ਰੋ. ਗੁ. ਪ੍ਰ. ਕਮੇਟੀ, ਸ੍ਰੀ ਅੰਮ੍ਰਿਤਸਰ।
  3. ਸ: ਕਰਨੈਲ ਸਿੰਘ ਪੰਜੌਲੀ, ਜਨਰਲ ਸਕੱਤਰ ਸ੍ਰੋ. ਗੁ. ਪ੍ਰ. ਕਮੇਟੀ, ਸ੍ਰੀ ਅੰਮ੍ਰਿਤਸਰ।
  4. ਸ: ਹਰਮੀਤ ਸਿੰਘ ਕਾਲਕਾ ਪ੍ਰਧਾਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ।

ਵਿਸ਼ਾ :  ਇਤਿਹਾਸਕ ਗੁਰਦੁਆਰਿਆਂ ਵਿਖੇ ਇਤਿਹਾਸ ਦੀ ਜਾਣਕਾਰੀ ਦਰਸਾਉਂਦੇ ਬੋਰਡਾਂ ’ਤੇ ਲਿਖੀਆਂ ਤਾਰੀਖ਼ਾਂ ਅਤੇ ਸ੍ਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਜਾਰੀ ਕੀਤੇ ਜਾ ਰਹੇ (ਵਿਗੜੇ) ਨਾਨਕਸ਼ਾਹੀ ਕੈਲੰਡਰਾਂ ਵਿੱਚ ਦਿੱਤੀਆਂ ਤਾਰੀਖ਼ਾਂ ਰਾਹੀਂ ਇਤਿਹਾਸ ਨਾਲ ਕੀਤਾ ਜਾ ਰਿਹਾ ਖਿਲਵਾੜ ਰੋਕਿਆ ਜਾਵੇ, ਜੀ

21-22 ਜੂਨ 2022 ਨੂੰ ਦਾਸ ਨੇ ਆਪਣੇ ਸਾਥੀਆਂ ਸਮੇਤ ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਚਮਕੌਰ ਸਾਹਿਬ, ਫ਼ਤਹਿਗੜ੍ਹ ਸਾਹਿਬ ਅਤੇ 3-4 ਸਤੰਬਰ ਨੂੰ ਦਿੱਲੀ ’ਚ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨਾਂ ਦੌਰਾਨ ਗੁਰਦੁਆਰਿਆਂ ਦੇ ਇਤਿਹਾਸ ਦੀ ਸੰਖੇਪ ਜਾਣਕਾਰੀ ਦਰਸਾਉਂਦੇ ਬੋਰਡਾਂ ’ਤੇ ਲਿਖੀਆਂ ਤਾਰੀਖ਼ਾਂ ਦਾ; ਸ੍ਰੋਮਣੀ ਕਮੇਟੀ ਵੱਲੋਂ ਹਰ ਸਾਲ ਜਾਰੀ ਕੀਤੇ ਜਾ ਰਹੇ (ਵਿਗੜੇ) ਨਾਨਕਸ਼ਾਹੀ ਕੈਲੰਡਰਾਂ ਦੀਆਂ ਤਾਰੀਖ਼ਾਂ ਨਾਲ ਮਿਲਾਨ ਕੀਤਾ ਤਾਂ ਬਹੁਤ ਹੀ ਦੁੱਖ ਹੋਇਆ ਕਿ ਸਿੱਖ ਇਤਿਹਾਸ ਨੂੰ ਸਾਂਭਣ ਦੀਆਂ ਜਿੰਮੇਵਾਰ ਮੁੱਖ ਸੰਸਥਾਵਾਂ ਆਪਣੀ ਅਣਗਹਿਲੀ ਕਾਰਨ ਖ਼ੁਦ ਹੀ ਆਪਣੇ ਹੀ ਗੌਰਵਮਈ ਇਤਿਹਾਸ ਨਾਲ ਖਿਲਵਾੜ ਕਰ ਰਹੀਆਂ ਹਨ। ਵਿਸਥਾਰ ਵਧਣ ਤੋਂ ਸੰਕੋਚਦੇ ਹੋਏ; ਵੇਖੇ ਗਏ ਬੋਰਡਾਂ ’ਚੋਂ ਨਿਮਨ ਲਿਖਤ ਕੇਵਲ ਦੋ ਬੋਰਡਾਂ ਦੀਆਂ ਉਦਾਹਰਣਾ ਦੇਣਾ ਚਾਹਾਂਗਾ।

  1. ਗੁਰਦੁਆਰਾ ਸ਼ਹੀਦ ਗੰਜ ਫ਼ਤਹਿਗੜ੍ਹ ਸਾਹਿਬ ਅੱਗੇ ਲੱਗੇ ਬੋਰਡ ’ਤੇ ਲਿਖਿਆ ਹੈ : “ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਗਵਾਈ ਵਿੱਚ ਸਿਤਮਾਂ ਦੀ ਨਗਰੀ ਸਰਹਿੰਦ ਨੂੰ ਫ਼ਤਹਿ ਕਰਕੇ ਅਤੇ ਜ਼ਾਲਮ ਸੂਬੇ ਵਜ਼ੀਦ ਖਾਂ ਨੂੰ ਚੱਪੜ ਚਿੜੀ ਦੇ ਮੈਦਾਨ ਵਿੱਚ ਸੋਧਣ ਉਪਰੰਤ ਖ਼ਾਲਸਾ ਪੰਥ ਪਾਤਿਸ਼ਾਹੀ ਸ਼ਾਨ ਨਾਲ ੧ ਜੇਠ ਸੰਮਤ ੧੭੬੭/ 14 ਮਈ 1710 ਨੂੰ ਸਰਹਿੰਦ ’ਤੇ ਕਾਬਜ਼ ਹੋਇਆ ਅਤੇ ਖ਼ਾਲਸਾ ਰਾਜ ਸਥਾਪਤ ਕੀਤਾ। ਸਰਹਿੰਦ ਫ਼ਤਹਿ ਦੌਰਾਨ ਹੋਈ ਜੰਗ ਵਿੱਚ ਸ਼ਹੀਦ ਹੋਏ 6000 ਸਿੰਘਾਂ ਦਾ ਸਸਕਾਰ ਸਮੂਹਿਕ ਰੂਪ ਵਿੱਚ ਇਸ ਸਥਾਨ ’ਤੇ ਕੀਤਾ ਗਿਆ।”

ਜਦੋਂ ਸ੍ਰੋਮਣੀ ਕਮੇਟੀ ਵੱਲੋਂ ਹਰ ਸਾਲ ਜਾਰੀ ਕੀਤੇ ਜਾ ਰਹੇ (ਵਿਗੜੇ) ਨਾਨਕਸ਼ਾਹੀ ਕੈਲੰਡਰ ਵੇਖੇ ਗਏ ਤਾਂ ਉਨ੍ਹਾਂ ’ਚ ਹਰ ਸਾਲ ਬਦਲਵੀਂ ਤਾਰੀਖ਼ ਕਦੀ ੨੯ ਵੈਸਾਖ ਅਤੇ ਕਦੀ ੩੦ ਵੈਸਾਖ, ਲਿਖੀ ਹੋਈ ਮਿਲਦੀ ਹੈ ਜਿਨ੍ਹਾਂ ਨਾਲ ਸੰਬੰਧਿਤ ਅੰਗਰੇਜੀ ਤਾਰੀਖ਼ ਹਰ ਸਾਲ ਹੀ 12 ਮਈ ਹੁੰਦੀ ਹੈ। ਇਸ ਦਾ ਭਾਵ ਹੈ ਕਿ ਸ੍ਰੋਮਣੀ ਕਮੇਟੀ ਨੇ ਸਰਹਿੰਦ ਫ਼ਤਹਿ ਦਿਵਸ ਦੀ ਤਾਰੀਖ਼ 12 ਮਈ ਮੁੱਖ ਰੱਖੀ ਹੈ, ਜੋ ਜੂਲੀਅਨ ਕੈਲੰਡਰ ਦੀ ਤਾਰੀਖ਼ ਹੈ।

ਇਹ ਵੇਖਣ ਲਈ ਕਿ ਉਕਤ ਬੋਰਡ ਅਤੇ ਕੈਲੰਡਰਾਂ ’ਚੋਂ ਕਿਹੜੀ ਤਾਰੀਖ਼ ਸਹੀ ਹੈ; ਇਤਿਹਾਸ ਦੀਆਂ ਪਰਤਾਂ ਫਰੋਲੀਆਂ। ਅਸਲ ’ਚ ਚੱਪੜਚਿੜੀ ਮੈਦਾਨ ’ਚ 24 ਰੱਬੀ-ਉਲ-ਅੱਵਲ ਹਿਜ਼ਰੀ ਸੰਮਤ 1122 ਨੂੰ ਬਾਬਾ ਬੰਦਾ ਸਿੰਘ ਜੀ ਦੀ ਅਗਵਾਈ ਹੇਠ ਖ਼ਾਲਸਾ ਪੰਥ ਨੇ ਸਰਹਿੰਦ ਦੇ ਸੂਬੇਦਾਰ ਵਜ਼ੀਦ ਖਾਂ ਨੂੰ ਸੋਧਣ ਉਪਰੰਤ ਫ਼ਤਹਿ ਹਾਸਲ ਕਰ ਲਈ ਸੀ ਅਤੇ ਇਸ ਤੋਂ ਦੋ ਦਿਨ ਬਾਅਦ ਸਰਹਿੰਦ ’ਤੇ ਕਾਬਜ਼ ਹੋਏ। ਸ੍ਰੋਮਣੀ ਕਮੇਟੀ ਸਪਸ਼ਟ ਨਹੀਂ ਕਿ ਸਰਹਿੰਦ ਫ਼ਤਹਿ ਦੀ ਤਾਰੀਖ਼ ਚੱਪੜਚਿੜੀ ਦੇ ਮੈਦਾਨ ’ਚ ਜਿੱਤ ਹਾਸਲ ਕਰਨ ਤੋਂ ਮਿਥੀ ਜਾਵੇ ਜਾਂ ਸਰਹਿੰਦ ’ਚ ਦਾਖਲ ਹੋਣ ਵਾਲੀ ਤਾਰੀਖ਼ ਤੋਂ, ਇਹੋ ਕਾਰਨ ਹੈ ਕਿ ਇੱਕੋ ਘਟਨਾਂ ਦੀਆਂ ਦੋ ਵੱਖ ਵੱਖ ਤਾਰੀਖ਼ਾਂ ਦਿੱਤੀਆਂ ਜਾ ਰਹੀਆਂ ਹਨ। 24 ਰੱਬੀ-ਉਲ-ਅੱਵਲ ਹਿਜ਼ਰੀ ਸੰਮਤ 1122 ਨੂੰ ਦੂਸਰੀਆਂ ਪੱਧਤੀਆਂ ਵਿੱਚ ਤਬਦੀਲ ਕਰਨ ’ਤੇ ੧੫ ਜੇਠ ਬਿਕ੍ਰਮੀ ਸੰਮਤ ੧੭੬੭ (ਸੂਰਜੀ ਸਿਧਾਂਤ) ਮੁਤਾਬਕ 13 ਮਈ 1710 ਜੂਲੀਅਨ ਬਣਦੀ ਹੈ। ਡਾ: ਗੰਡਾ ਸਿੰਘ ਜੀ ਨੇ ਇਤਿਹਾਸਕਾਰੀ ’ਚ ਬਹੁਤ ਹੀ ਮਾਰਕੇ ਦਾ ਕੰਮ ਕੀਤਾ ਹੈ ਪਰ ਕੈਲੰਡਰ ਵਿਗਿਆਨ ਦੀ ਪੂਰੀ ਜਾਣਕਾਰੀ ਨਾ ਹੋਣ ਕਰਕੇ ਤਾਰੀਖ਼ਾਂ ਦੀ ਤਬਦੀਲੀ ਲਈ ਉਨ੍ਹਾਂ ਨੇ ਸਵਾਮੀਕਨੂੰ ਪਿੱਲੇ ਦੀ ਜੰਤਰੀ ਤੋਂ ਸਹਾਇਤਾ ਲਈ, ਜਿਸ ਦੀਆਂ ਕੁਝ ਤਾਰੀਖ਼ਾਂ ’ਚ ਇੱਕ ਦਿਨ ਦੀ ਗਲਤੀ ਹੋ ਸਕਦੀ ਹੈ। ਡਾ: ਗੰਡਾ ਸਿੰਘ ਜੀ ਨੇ ਸਵਾਮੀਕਨੂੰ ਪਿੱਲੇ ਦੀ ਜੰਤਰੀ ਵੇਖ ਕੇ 12 ਮਈ 1710 ਜੂਲੀਅਨ ਲਿਖ ਦਿੱਤਾ ਅਤੇ ਇਹੋ ਤਾਰੀਖ਼ ਸ੍ਰੋਮਣੀ ਕਮੇਟੀ ਨੇ ਆਪਣੇ ਕੈਲੰਡਰਾਂ ਲਈ ਚੁਣ ਲਈ ਜਦੋਂ ਕਿ ਚਾਹੀਦਾ ਸੀ ੧੫ ਜੇਠ ਦੀ ਚੋਣ ਕਰਨਾ। ਜੂਲੀਅਨ ਕੈਲੰਡਰ ’ਚ 1752 ਅਤੇ ਬਿਕ੍ਰਮੀ ਕੈਲੰਡਰ ’ਚ 1964 ’ਚ ਹੋਈਆਂ ਸੋਧਾਂ ਉਪਰੰਤ ਅੱਜ ਕੱਲ੍ਹ ੧੫ ਜੇਠ 12 ਮਈ ਨਹੀਂ ਬਲਕਿ 28 ਜਾਂ 29 ਮਈ ਨੂੰ ਆਉਂਦੀ ਹੈ। ਸਿੱਟਾ ਇਹ ਨਿਕਲਿਆ ਕਿ ਬੋਰਡ ’ਤੇ ਲਿਖੀਆਂ ਅਤੇ ਕੈਲੰਡਰ ’ਚ ਨਿਸ਼ਚਿਤ ਕੀਤੀਆਂ ਸਾਰੀਆਂ ਹੀ ਤਾਰੀਖ਼ਾਂ ਗਲਤ ਸਾਬਤ ਹੁੰਦੀਆਂ ਹਨ।

  1. ਸ਼ਹੀਦੀ ਅਸਥਾਨ ਬਾਬਾ ਬੰਦਾ ਸਿੰਘ ਬਹਾਦਰ ਜੀ (ਮਹਿਰੌਲੀ) ਨਵੀਂ ਦਿੱਲੀ ਵਿਖੇ ਜੋ ਬੋਰਡ ਲੱਗਾ ਹੈ ਉਸ ’ਤੇ ਅਖੀਰਲੀਆਂ ਦੋ ਲਾਈਨਾਂ ਇਸ ਤਰ੍ਹਾਂ ਲਿਖੀਆਂ ਹਨ : “9 ਜੂਨ 1716 ਆਪ ਜੀ ਦੇ 40 ਸਾਥੀ ਜਰਨੈਲਾਂ 4 ਸਾਲ ਦੇ ਪੁੱਤਰ ਅਜੈ ਸਿੰਘ ਨੂੰ ਬਾਬਾ ਜੀ ਦੇ ਸਾਹਮਣੇ ਸ਼ਹੀਦ ਕਰ ਦਿੱਤਾ ਗਿਆ ਬਾਅਦ ’ਚ ਬਾਬਾ ਜੀ ਦਾ ਤਿੰਨ ਦਿਨਾਂ ਤੱਕ ਤੱਤੇ ਜਮੂਰਾਂ ਨਾਲ ਮਾਸ ਨੋਚਿਆ ਗਿਆ ਅਤੇ ਇਸੇ ਸ਼ਾਹੀ ਗੇਟ ਵਿੱਚ ਹੀ ਬਾਬਾ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ।”

ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀਆਂ ਨੂੰ ਮਾਰਨ ਲਈ ਬਾਦਸ਼ਾਹ ਫ਼ਰਖ਼ੁੱਸ਼ੀਅਰ ਦਾ ਹੁਕਮ ਸਮਕਾਲੀ “ਅਖ਼ਬਾਰਾਂ-ਏ-ਦਰਬਾਰ-ਏ-ਮੁਅਲਾ” ਨੇ ਇੰਝ ਛਾਪਿਆ “29 ਜ਼ਮਾਦੀ-ਉਲ-ਸਾਨੀ ਹਿਜ਼ਰੀ ਸੰਮਤ 1128 [ਇਸ ਤਾਰੀਖ਼ ਨੂੰ ਕੈਲੰਡਰ ਦੀਆਂ ਦੂਸਰੀਆਂ ਪੱਧਤੀਆਂ ’ਚ ਤਬਦੀਲ ਕੀਤਿਆਂ ਬਣਦਾ ਹੈ – ੧੧ ਹਾੜ ਬਿਕ੍ਰਮੀ ਸੰਮਤ ੧੭੭੩ (ਸੂਰਜੀ ਸਿਧਾਂਤ)/9 ਜੂਨ 1716 ਜੂਲੀਅਨ] ਹਜ਼ੂਰ ਬਾਦਸ਼ਾਹ ਨੇ ਹੁਕਮ ਜਾਰੀ ਕੀਤਾ ਹੈ ਕਿ ਇਬਰਾਹੀਮ-ਉਦ-ਦੀਨ ਖਾਂਨ ਮੀਰ-ਇ-ਆਤਸ਼ ਅਤੇ ਕੋਤਵਾਲ ਸਰਬਰਾਹ ਖਾਂਨ ਬਦਬਖ਼ਤ ਬਾਗ਼ੀ ਗੁਰੂ (ਬੰਦਾ ਸਿੰਘ) ਨੂੰ ਜੋ ਕਿਲਾ ਮੁਬਾਰਕ (ਬਾਦਸ਼ਾਹੀ ਕਿਲੇ) ਤ੍ਰਿਪੋਲੀ ਵਿੱਚ ਕੈਦ ਹੈ; ਤੋਂ ਲੈ ਕੇ, ਖ਼ੁਆਜ਼ਾ ਕੁਤਬੁਦੀਨ ਬਖ਼ਤਿਆਰ ਕਾਕੀ ਦੀ ਦਰਗਾਹ ਦੇ ਸਾਹਮਣੇ ਹਜ਼ਰਾ ਖ਼ੁਲਦ ਮਜ਼ਲ ਦੇ ਮਕਬਰੇ (ਬਹਾਦਰ ਸ਼ਾਹ ਦੇ ਮਕਬਰੇ) ਦੇ ਨੇੜੇ ਲਿਜਾ ਕੇ ਉਸ ਦੀ ਜ਼ਬਾਨ ਅਤੇ ਅੱਖਾਂ ਖਿੱਚ ਕੇ ਕੱਢ ਦਿੱਤੀਆਂ ਜਾਣ, ਉਸ ਦੀ ਚਮੜੀ ਨਾਲੋਂ ਉਸ ਦਾ ਮਾਸ ਤੋੜ ਦੇਣ, ਹੱਡੀਆਂ ਨੂੰ ਵੀ ਮਾਸ ਨਾਲੋਂ ਤੋੜ ਕੇ ਜ਼ੁਦਾ ਕਰ ਦੇਣ, ਉਸ ਦੇ ਪੁੱਤਰ ਨੂੰ ਵੀ ਮਾਰ ਦਿੱਤਾ ਜਾਵੇ”।

ਧਰਮ ਪ੍ਰਚਾਰ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ “ਬਾਬਾ ਬੰਦਾ ਸਿੰਘ ਬਹਾਦਰ- ਜੀਵਨ ਤੇ ਸ਼ਹਾਦਤ ਨਾਮ ਦਾ ਮੁਫ਼ਤ ਵੰਡਣ ਲਈ ਛਾਪੇ ਗਏ ਟ੍ਰੈਕਟ ’ਚ ਬਾਬਾ ਜੀ ਦੀ ਸ਼ਹਾਦਤ 10 ਜੂਨ 1716 ਈਸਵੀ ਲਿਖੀ ਹੋਈ ਹੈ ਪਰ ਸ੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਜਾਂਦੇ ਕੈਲੰਡਰ (ਜਿਸ ਨੂੰ ਦਿੱਲੀ ਕਮੇਟੀ ਵੀ ਹੂ-ਬਹੂ ਮਾਣਤਾ ਦਿੰਦੀ ਹੈ) ਵੇਖੇ ਤਾਂ ਸ਼ਹੀਦੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਹਰ ਸਾਲ ੧੧ ਹਾੜ ਨਿਸ਼ਚਿਤ ਹੁੰਦੀ ਹੈ ਜਿਸ ਨਾਲ ਸੰਬੰਧਿਤ ਅੰਗਰੇਜੀ ਤਾਰੀਖ਼ ਕਦੀ 25 ਜੂਨ ਅਤੇ ਕਦੀ 24 ਜੂਨ ਆਉਂਦੀ ਹੈ। ਇਸ ਦਾ ਭਾਵ ਹੈ ਕਿ ਸ੍ਰੋਮਣੀ ਕਮੇਟੀ ਬਾਬਾ ਜੀ ਦੇ ਸ਼ਹੀਦੀ ਦਿਹਾੜੇ ਲਈ ੧੧ ਹਾੜ ਨੂੰ ਮੁੱਖ ਰੱਖਦੀ ਹੈ, ਪਰ ਬੋਰਡ ਦੀ ਇਸ ਇਬਾਰਤ ਤੋਂ ਤਾਂ ਇਹੀ ਸਾਬਤ ਹੁੰਦਾ ਹੈ ਕਿ 9 ਜੂਨ 1716/੧੧ ਹਾੜ ਸੰਮਤ ੧੭੭੩ ਨੂੰ ਬਾਬਾ ਜੀ ਦੇ ਪੁੱਤਰ ਅਜੈ ਸਿੰਘ ਤੇ ਸਾਥੀ 40 ਸਿੱਖ ਜਰਨੈਲਾਂ ਨੂੰ ਸ਼ਹੀਦ ਕੀਤਾ ਗਿਆ ਅਤੇ ਉਸ ਤੋਂ ਬਾਅਦ ਤਿੰਨ ਦਿਨ ਤਸੀਹੇ ਦੇਣ ਤੋਂ ਬਾਅਦ ਬਾਬਾ ਜੀ ਨੂੰ 12 ਜੂਨ/੧੪ ਹਾੜ ਨੂੰ ਸ਼ਹੀਦ ਕੀਤਾ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੁਝਾਅ ਹੈ :

(i) ਬੋਰਡ ’ਤੇ ਸਪਸ਼ਟ ਤੌਰ ’ਤੇ ਲਿਖਿਆ ਜਾਵੇ ਕਿ 9 ਜੂਨ 1716 ਨੂੰ ਬਾਬਾ ਜੀ ਦੇ ਸਾਥੀ ਸਿੱਖ ਜਰਨੈਲਾਂ ਅਤੇ ਪੁੱਤਰ ਅਜੈ ਸਿੰਘ ਨੂੰ ਸ਼ਹੀਦ ਕੀਤਾ ਗਿਆ ਜਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ?

(ii) ਕੌਮੀ ਸਿੱਖ ਕੈਲੰਡਰ ’ਚ ਮਾਨਤਾ ਦੇਸੀ ਮਹੀਨੇ (ਚੇਤ, ਵੈਸਾਖ, ਜੇਠ, ਹਾੜ, ………) ਮਹੀਨਿਆਂ ਦੀਆਂ ਤਾਰੀਖ਼ਾਂ ਨੂੰ ਹੈ, ਨਾ ਕਿ ਜੂਲੀਅਨ ਤਾਰੀਖ਼ਾਂ ਨੂੰ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਦੋਵੇਂ ਬਾਰਹ ਮਾਹਾ ਵਿੱਚ ਇਹੀ ਮਹੀਨੇ ਦਰਜ ਹਨ, ਨਾ ਕਿ ਜਨਵਰੀ, ਫ਼ਰਵਰੀ, ਮਾਰਚ ਆਦਿਕ। ਦੂਸਰਾ ਨੁਕਤਾ ਇਹ ਹੈ ਕਿ ਉਸ ਸਮੇਂ ਨਾ ਹੀ ਜੂਲੀਅਨ ਕੈਲੰਡਰ ਅਤੇ ਨਾ ਹੀ ਮੌਜੂਦਾ ਗ੍ਰੈਗੋਰੀਅਨ ਕੈਲੰਡਰ ਲਾਗੂ ਸਨ ਅਤੇ ਸਿੱਖ ਇਤਿਹਾਸ ਦੇ ਮੁੱਢਲੇ ਸੋਮਿਆਂ ’ਚ ਹਿਜ਼ਰੀ ਕੈਲੰਡਰ ਜਾਂ ਬਿਕ੍ਰਮੀ ਕੈਲੰਡਰ (ਸੂਰਜੀ ਸਿਧਾਂਤ) ਦੀਆਂ ਤਾਰੀਖ਼ਾਂ ਹੀ ਦਰਜ ਹਨ, ਇਸ ਲਈ 9 ਜੂਨ 1716 ਦੇ ਨਾਲ ੧੧ ਹਾੜ ਸੰਮਤ ੧੭੭੩ ਵੀ ਲਿਖ ਦਿੱਤਾ ਜਾਵੇ ਤਾਂ ਕਿ ਪੜ੍ਹਨ ਵਾਲਾ ਤੁਰੰਤ ਸਮਝ ਜਾਵੇ ਕਿ ਉਸ ਸਮੇਂ ੧੧ ਹਾੜ 9 ਜੂਨ ਨੂੰ ਆਈ ਸੀ, ਜੋ ਅੱਜ ਕੱਲ੍ਹ 25 ਜੂਨ ਨੂੰ ਆ ਰਹੀ ਹੈ। ਇਹ ਸਮਝ ਆਉਣ ਪਿੱਛੋਂ ਨਾਨਕਸ਼ਾਹੀ ਕੈਲੰਡਰ ਤੁਰੰਤ ਲਾਗੂ ਕਰਨ ਦੀ ਲੋੜ ਵੀ ਮਹਿਸੂਸ ਹੋਣ ਲੱਗ ਪਵੇਗੀ ਕਿ 1716 ਈਸਵੀ ’ਚ ਜਿਹੜੀ ੧੧ ਹਾੜ  9 ਜੂਨ ਤੋਂ ਖਿਸਕ ਕੇ ਅੱਜ 25 ਜੂਨ ਤੱਕ ਪਹੁੰਚ ਗਈ ਹੈ ਉਹ ਜੇ ਹੁਣ ਵੀ ਨਾਨਕਸ਼ਾਹੀ ਕੈਲੰਡਰ ਲਾਗੂ ਨਾ ਕੀਤਾ ਗਿਆ ਤਾਂ ਇਸੇ ਤਰ੍ਹਾਂ ਅੱਗੇ ਦੀ ਅੱਗੇ ਖਿਸਕਦੀ ਜਾਵੇਗੀ ਤਾਂ ਉਸ ਵੇਲੇ ਇਤਿਹਾਸਕਾਰ ਤੇ ਸਿੱਖ ਸੰਗਤ ਕਿਹੜੀਆਂ ਤਾਰੀਖ਼ਾਂ ਨੂੰ ਸਹੀ ਸਮਝੇਗੀ ?

ਨਾਨਕਸ਼ਾਹੀ ਕੈਲੰਡਰ ’ਤੇ ਉਂਗਲਾਂ ਉਠਾਉਣ ਵਾਲੇ ਕਰਨਲ ਸੁਰਜੀਤ ਸਿੰਘ ਨਿਸ਼ਾਨ, ਐਡਵੋਕੇਟ ਗੁਰਸ਼ਰਨਜੀਤ ਸਿੰਘ ਲਾਂਬਾ, ਸੰਤ ਸਮਾਜ ਸਮੇਤ ਹੋਰ ਅਨੇਕਾਂ ਸਵਾਲ ਕਰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਨਾਨਕਸ਼ਾਹੀ ੨੩ ਪੋਹ ਨੂੰ ਜੇ ਪਿਛਲਖੁਰੀ ਗਿਣੀਏ ਤਾਂ 1 ਜਨਵਰੀ 1667/ ੧੯ ਪੋਹ ਸੰਮਤ ੧੭੨੩ ਬਣਦਾ ਹੈ, ਇਸ ਲਈ ਨਾਨਕਸ਼ਾਹੀ ੨੩ ਪੋਹ ਵਿੱਚ 4 ਦਿਨਾਂ ਦੀ ਗਲਤੀ ਹੈ। ਇਹ ਸਵਾਲ ਉਠਾਉਣ ਵਾਲਿਆਂ ਸਮੇਤ ਸਾਡੇ ਤਖ਼ਤ ਸਾਹਿਬਾਨਾਂ ’ਤੇ ਬਿਰਾਜਮਾਨ ਸਤਿਕਾਰਯੋਗ ਜਥੇਦਾਰ ਸਾਹਿਬਾਨ ਅਤੇ ਸ੍ਰੋਮਣੀ ਕਮੇਟੀ ਦੇ ਸਨਮਾਨਯੋਗ ਅਹੁਦੇਦਾਰਾਂ ਨੂੰ ਹੇਠ ਲਿਖੇ ਸਵਾਲ ਹਨ :

(1)  ਸਰਹਿੰਦ ਫ਼ਤਹਿ ਦਿਵਸ ਦੀ ਜਿਹੜੀ 12 ਮਈ ਤਾਰੀਖ਼ ਡਾ: ਗੰਡਾ ਸਿੰਘ ਜੀ ਤੋਂ ਲਈ ਹੈ, ਉਹ ਜੂਲੀਅਨ ਕੈਲੰਡਰ ਦੀ ਤਾਰੀਖ਼ ਹੈ ਪਰ ਉਸ ਨੂੰ ਤੁਸੀਂ 12 ਮਈ ਗ੍ਰੈਗੋਰੀਅਨ ਮਨਾ ਰਹੇ ਹੋ। ਜੇ ਜੂਲੀਅਨ ਕੈਲੰਡਰ ਦੀ 12 ਮਈ ਵੇਖੀ ਜਾਵੇ ਤਾਂ ਉਹ ਅੱਜ ਕੱਲ 25 ਮਈ ਨੂੰ ਆਉਂਦੀ ਹੈ। ਇਸ ਵਿੱਚ 13 ਦਿਨਾਂ ਦੀ ਗਲਤੀ ਤੁਹਾਨੂੰ ਕਿਉਂ ਨਜ਼ਰ ਨਹੀਂ ਆ ਰਹੀ ?

(2)  ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਸੰਬੰਧਿਤ ਇੱਕ ਤਾਰੀਖ਼ ਸਰਹਿੰਦ ਫ਼ਤਹਿ ਦਿਵਸ ਲਈ ਜੂਲੀਅਨ ਕੈਲੰਡਰ ਦੀ 12 ਮਈ ਤਾਰੀਖ਼ ਅਤੇ ਸ਼ਹੀਦੀ ਦਿਹਾੜੇ ਦੀ ਦੂਸਰੀ ਤਾਰੀਖ਼ ਲਈ ਬਿਕ੍ਰਮੀ ਕੈਲੰਡਰ ਦੀ ੧੧ ਹਾੜ ਦੀ ਚੋਣ ਕਰਨ ਸਮੇਂ ਕਿਹੜੇ ਨਿਯਮ ਨੂੰ ਮੁਖ ਰੱਖਿਆ ਹੈ ? ਕਿਉਂ ਨਹੀਂ ਦੋਵੇਂ ਦਿਹਾੜਿਆਂ ਲਈ ਬਿਕ੍ਰਮੀ ਕੈਲੰਡਰ ਦੀਆਂ ਸੂਰਜੀ ਤਾਰੀਖ਼ਾਂ ਨੂੰ ਮੁੱਖ ਰੱਖਿਆ ਜਾਂਦਾ ?

(3)  ਕੇਵਲ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਸੰਬੰਧਿਤ ਦੋ ਦਿਹਾੜਿਆਂ ਲਈ ਹੀ ਦੋ ਵੱਖ ਵੱਖ ਕੈਲੰਡਰਾਂ ਨੂੰ ਮੁੱਖ ਨਹੀਂ ਰੱਖਿਆ ਬਲਕਿ ਅਨੇਕਾਂ ਹੋਰ ਉਦਾਹਰਣਾਂ ਹਨ ਜਿਨ੍ਹਾਂ ਨਾਲ ਸੰਬੰਧਿਤ ਦੋ ਦਿਹਾੜਿਆਂ ਲਈ ਇੱਕ ਨਹੀਂ ਬਲਕਿ ਦੋ ਵੱਖ ਵੱਖ ਕੈਲੰਡਰਾਂ ਦੀ ਚੋਣ ਕੀਤੀ ਗਈ ਹੈ; ਮਿਸਾਲ ਦੇ ਤੌਰ ’ਤੇ :

(੧) ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਪੁਰਬ ਪ੍ਰਵਿਸ਼ਟੇ (ਸੰਗਰਾਂਦ ਦੇ ਹਿਸਾਬ ਸੂਰਜੀ ਤਾਰੀਖ਼) ਅਤੇ ਪਹਿਲੇ ਪਰਕਾਸ਼ ਪੁਰਬ ਅਤੇ ਗੁਰਗੱਦੀ ਪੁਰਬ ਚੰਦਰਮਾਂ ਦੀਆਂ ਤਿੱਥਾਂ ਮੁਤਾਬਕ ਨਿਸ਼ਚਿਤ ਕੀਤੇ ਜਾਂਦੇ ਹਨ।

(੨) ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਅਤੇ ਮੀਰੀ ਪੀਰੀ ਦਿਵਸ, ਦੋਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਇੱਕ ਹੀ ਸਥਾਨ ਨਾਲ ਸੰਬੰਧਿਤ ਹਨ। ਇਨ੍ਹਾਂ ਵਿੱਚੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਪ੍ਰਵਿਸ਼ਟੇ (ਸੰਗਰਾਂਦ ਦੇ ਹਿਸਾਬ ਸੂਰਜੀ ਤਾਰੀਖ਼) ਅਤੇ ਮੀਰੀ ਪੀਰੀ ਦਿਵਸ ਚੰਦਰਮਾਂ ਦੀਆਂ ਤਿੱਥਾਂ ਮੁਤਾਬਕ ਮਨਾਏ ਜਾਣ ਸਦਕਾ ਇਤਿਹਾਸਕ ਤੌਰ ’ਤੇ ਖਾਸ ਨਿਸ਼ਚਿਤ ਵਕਫ਼ੇ ਪਿੱਛੋਂ ਆਉਣ ਵਾਲੇ ਦਿਹਾੜੇ ਅੱਗੇ ਪਿੱਛੇ ਹੋ ਜਾਂਦੇ ਹਨ ਤੇ ਸਿੱਖ ਸੰਗਤ ਨੂੰ ਸਮਝ ਨਹੀਂ ਲੱਗਦੀ ਕਿ :

(i) ਸੰਪੂਰਨਤਾ ਦਿਵਸ ਪਹਿਲਾਂ ਆਵੇਗਾ ਜਾਂ ਪ੍ਰਕਾਸ਼ ਦਿਹਾੜਾ ਪਹਿਲਾਂ ?

(ii) ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅਕਾਲ ਤਖ਼ਤ ਸਾਹਿਬ ਜੀ ਦੀ ਸਥਾਪਨ ਪਹਿਲਾਂ ਕੀਤੀ ਜਾਂ ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਪਹਿਲਾਂ ਧਾਰਨ ਕੀਤੀਆਂ ?

(੩) ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਖੇਡ੍ਹਣ ਦੀ ਰੀਤ ਸ਼ੁਰੂ ਕੀਤੀ ਅਤੇ ਇਸੇ ਸਥਾਨ ’ਤੇ ਪੰਜ ਪਿਆਰਿਆਂ ਦੀ ਚੋਣ ਕਰਕੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ। ਇਨ੍ਹਾਂ ਵਿੱਚੋਂ ਹੋਲਾ ਮਹੱਲਾ ਤਾਂ ਚੰਦਰਮਾਂ ਦੀ ਤਿੱਥ ਚੇਤ ਵਦੀ ੧ ਨੂੰ ਮਨਾਇਆ ਜਾਂਦਾ ਹੈ ਜਦੋਂ ਕਿ ਦੂਸਰਾ ਦਿਹਾੜਾ ਖ਼ਾਲਸਾ ਪੰਥ ਦੀ ਸਾਜਨਾ ਲਈ ਪ੍ਰਵਿਸ਼ਟਾ ੧ ਵੈਸਾਖ ਨੂੰ ਮੁੱਖ ਰੱਖਿਆ ਜਾਂਦਾ ਹੈ।

(੪) ਪਹਿਲੇ ਅਤੇ ਦੂਜੇ ਘੱਲੂਘਾਰੇ ਲਈ ਤਾਂ ਪ੍ਰਵਿਸ਼ਟਿਆਂ ਨੂੰ ਮੁੱਖ ਰੱਖਿਆ ਜਾਂਦਾ ਹੈ ਪਰ ਤੀਜੇ ਘੱਲੂਘਾਰਾ (1984) ਗ੍ਰੈਗੋਰੀਅਨ ਦੀ ਤਾਰੀਖ਼ 4 ਜੂਨ ਨੂੰ ਨਿਸ਼ਚਿਤ ਹੁੰਦਾ ਹੈ।

(੫) ਸਾਕਾ ਨਨਕਾਣਾ ਸਾਹਿਬ ਲਈ ਗ੍ਰੈਗੋਰੀਅਨ ਕੈਲੰਡਰ ਦੀ 21 ਫ਼ਰਵਰੀ ਹੈ, ਪਰ ਸਾਕਾ ਪੰਜਾ ਸਾਹਿਬ ਲਈ ਪ੍ਰਵਿਸ਼ਟਾ ੧੪ ਕੱਤਕ।

(੬) ਗੁਰ ਪੁਰਬਾਂ ਲਈ ਚੰਦਰਮਾਂ ਦੀਆਂ ਤਿੱਥਾਂ ਅਤੇ ਬਹੁਤਾਤ ’ਚ ਸਾਰੇ ਇਤਿਹਾਸਕ ਦਿਹਾੜਿਆਂ ਲਈ ਪ੍ਰਵਿਸ਼ਟਿਆਂ ਨੂੰ ਮੁੱਖ ਰੱਖਿਆ ਜਾਂਦਾ ਹੈ।

ਵੱਖ ਵੱਖ ਦਿਹਾੜਿਆਂ ਲਈ ਵੱਖਰੀਆਂ ਵੱਖਰੀਆਂ ਪੱਧਤੀਆਂ ਵਾਲੇ ਕੈਲੰਡਰ ਵਰਤੇ ਜਾਣ ਦਾ ਨਤੀਜਾ ਇਹ ਨਿਕਲਦਾ ਹੈ ਕਿ ਸ੍ਰੋਮਣੀ ਕਮੇਟੀ ਨੂੰ ਖ਼ੁਦ ਪਤਾ ਨਹੀਂ ਰਹਿੰਦਾ ਕਿ ਕਿਹੜਾ ਦਿਹਾੜਾ ਕਿਸ ਕੈਲੰਡਰ ਮੁਤਾਬਕ ਨਿਸ਼ਚਿਤ ਕਰਨਾ ਹੈ ? ਇਹੋ ਕਾਰਨ ਬਣਿਆ ਹੈ ਗੁਰਦੁਆਰਾ ਸੀਸ ਗੰਜ ਫ਼ਤਹਿਗੜ੍ਹ ਸਾਹਿਬ ਵਿਖੇ ਲੱਗੇ ਬੋਰਡ ’ਤੇ ਸਰਹਿੰਦ ਫ਼ਤਹਿ ਦਿਵਸ ਦੀ ਤਰੀਖ਼ ੧ ਜੇਠ ਸੰਮਤ ੧੭੬੭/ 14 ਮਈ 1710 ਲਿਖ ਦੇਣਾ। ਜੇ ਸ੍ਰੋਮਣੀ ਕਮੇਟੀ ਨੂੰ ਕੈਲੰਡਰਾਂ ਸੰਬੰਧੀ ਥੋੜੀ ਬਹੁਤ ਵੀ ਸੂਝ ਹੁੰਦੀ ਤਾਂ ਜ਼ਰੂਰ ਸਮਝ ਜਾਣਾ ਸੀ ਕਿ ੧ ਜੇਠ ਬੇਸ਼ੱਕ ਅੱਜ ਕੱਲ੍ਹ 14 ਜਾਂ 15 ਮਈ ਨੂੰ ਆ ਰਹੀ ਹੈ ਪਰ 1710 ਈਸਵੀ ’ਚ ਕਦਾਚਿਤ ਨਹੀਂ ਸੀ; ਉਸ ਸਾਲ ੧ ਜੇਠ 29 ਅਪ੍ਰੈਲ ਨੂੰ ਸੀ।

ਸ੍ਰੋਮਣੀ ਕਮੇਟੀ ਅਤੇ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਵਾਲੀਆਂ ਸਾਰੀਆਂ ਧਿਰਾਂ ਨੂੰ ਕੁੱਝ ਹੋਰ ਸਵਾਲ ਹਨ :

  1. ਵੱਖ ਵੱਖ ਦਿਹਾੜਿਆਂ ਲਈ ਵੱਖਰੀਆਂ ਵੱਖਰੀਆਂ ਕੈਲੰਡਰ ਪੱਧਤੀਆਂ ਅਪਣਾਏ ਜਾਣ ਪਿੱਛੇ ਕਿਹੜਾ ਸਿੱਖੀ ਸਿਧਾਂਤ ਅਪਣਾਇਆ ਗਿਆ ਹੈ ? ਜੇ ਤੁਸੀਂ ਇਸ ਨੂੰ ਪੁਰਾਤਨ ਰਵਾਇਤ ਜਾਂ ਮਰਿਆਦਾ ਦੱਸਦੇ ਹੋ ਤਾਂ ਇਹ ਰਵਾਇਤ ਕਿਸ ਨੇ ਅਤੇ ਕਦੋਂ ਸ਼ੁਰੂ ਕੀਤੀ ?
  2. ਜੇ ਸਾਰੇ ਹੀ ਦਿਹਾੜਿਆਂ ਲਈ ਪ੍ਰਵਿਸ਼ਟੇ ਅਪਣਾਅ ਕੇ ਨਾਨਕਸ਼ਾਹੀ ਕੈਲੰਡਰ ਲਾਗੂ ਕਰ ਲਿਆ ਜਾਵੇ, ਜਿਸ ਨਾਲ ਸਾਰੇ ਹੀ ਦਿਹਾੜੇ ਹਮੇਸ਼ਾਂ ਲਈ ਹਰ ਸਾਲ ਉਨ੍ਹਾਂ ਹੀ ਨਿਸ਼ਚਿਤ ਤਾਰੀਖ਼ਾਂ ਨੂੰ ਆਇਆ ਕਰਨਗੇ ਜਿਨ੍ਹਾਂ ਨੂੰ 1999 ਅਤੇ 2003 ’ਚ ਕੀਤੇ ਗਏ ਸਨ; ਤਾਂ ਗੁਰਮਤਿ ਸਿਧਾਂਤ ਅਤੇ ਸਿੱਖ ਇਤਿਹਾਸ ਦਾ ਕੀ ਨੁਕਸਾਨ ਹੋਵੇਗਾ ?
  3. ਜਿਹੜਾ ਕੈਲੰਡਰ ਗੁਰੂ ਕਾਲ ਸਮੇਂ ਲਾਗੂ ਸੀ ਅਸੀਂ ਉਸ ਨੂੰ ਕਿਉਂ ਛੱਡੀਏ, ਦੀ ਰੱਟ ਲਾਉਣ ਵਾਲੇ ਇਹ ਨਹੀਂ ਦੱਸਦੇ ਕਿ ਜੇ ਗੁਰੂ ਕਾਲ ਸਮੇਂ ਲਾਗੂ ਬਿਕ੍ਰਮੀ ਕੈਲੰਡਰ (ਸੂਰਜੀ ਸਿਧਾਂਤ) ਨੂੰ 1964 ’ਚ ਛੱਡ ਕੇ ਦ੍ਰਿਕ ਗਣਿਤ ਕੈਲੰਡਰ ਅਪਨਾਉਣ ਨਾਲ ਗੁਰਮਤਿ ਸਿਧਾਂਤ ਅਤੇ ਸਿੱਖ ਇਤਿਹਾਸ ਦਾ ਕੋਈ ਨੁਕਸਾਨ ਨਹੀਂ ਹੋਇਆ; 1752 ’ਚ ਜੂਲੀਅਨ ਕੈਲੰਡਰ ਦਾ ਤਿਆਗ ਕਰਕੇ ਗ੍ਰੈਗੋਰੀਅਨ ਕੈਲੰਡਰ ਅਪਨਾਉਣ ਨਾਲ ਕੋਈ ਨੁਕਸਾਨ ਨਹੀਂ ਹੋਇਆ ਤਾਂ 2003 ’ਚ ਬਿਕ੍ਰਮੀ ਕੈਲੰਡਰ ਦਾ ਤਿਆਗ ਕਰਕੇ ਨਾਨਕਸ਼ਾਹੀ ਕੈਲੰਡਰ ਅਪਨਾਉਣ ਨਾਲ ਕੀ ਨੁਕਸਾਨ ਹੋ ਜਾਵੇਗਾ ?

ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਸਮਰਪਿਤ

ਕਿਰਪਾਲ ਸਿੰਘ

ਸਾਹਿਬਜ਼ਾਦਾ ਅਜੀਤ ਸਿੰਘ ਰੋਡ ਗਲੀ ਨੰ: 20

ਬਠਿੰਡਾ, ਪੰਜਾਬ ਪਿੰਨ ਕੋਡ 151001

ਮਿਤੀ ੨੫ ਭਾਦੋਂ ਨਾਨਕਸ਼ਾਹੀ ਸੰਮਤ ੫੫੪/9 ਸਤੰਬਰ 2022                        ਸੰਪਰਕ ਨੰ: 88378-13661