ਗੁਰੂ ਨਾਨਕ ਸਾਹਿਬ ਜੀ ਵੱਲੋਂ ਸ਼ਬਦ ਗੁਰੂ ਰਾਹੀਂ ਆਪਾ ਖੋਜਣ ਲਈ 13 ਰੂਹਾਨੀ ਸੇਧਾਂ

0
1188

ਗੁਰੂ ਨਾਨਕ ਸਾਹਿਬ ਜੀ ਵੱਲੋਂ ਸ਼ਬਦ ਗੁਰੂ ਰਾਹੀਂ ਆਪਾ ਖੋਜਣ ਲਈ 13 ਰੂਹਾਨੀ ਸੇਧਾਂ

ਗੁਰਪ੍ਰੀਤ ਸਿੰਘ (USA)

ਗੁਰੂ ਨਾਨਕ ਸਾਹਿਬ ਜੀ ਨੇ ਬਿਨਾਂ ਕਿਸੇ ਭੇਦ ਭਾਵ ਤੋਂ ਸਾਰੀ ਲੁਕਾਈ ਨੂੰ ਆਪਣਾ ਮੂਲ (ਅਸਲ) ਬੁੱਝਣ (ਪਛਾਣਨ) ਲਈ ਪ੍ਰੇਰਿਆ ਤਾਂ ਕਿ ਮਨੁੱਖ ਦੀ ਆਪਣੇ ਅਸਲੇ ਨਾਲ ਸਾਂਝ ਬਣੇ ਤੇ ਬੜੀ ਮੁਸ਼ਕਲ ਨਾਲ਼ ਮਿਲੇ ਮਨੁੱਖਾ ਜਨਮ ਦੇ ਮਨੋਰਥ ਨੂੰ ਸਕਾਰਥ ਕੀਤਾ ਜਾ ਸਕੇ। ਅਧਿਆਤਮਿਕ ਮਾਰਗ ਸਿਰਫ਼ ਇੱਕ ਬੁਝਾਰਤ ਹੀ ਨਾ ਰਹਿ ਜਾਵੇ, ਇਸ ਲਈ ਮਨੁੱਖਤਾ ਨੂੰ ਇੱਕ ਸੁਚੱਜੀ ਜੀਵਨ ਜੁਗਤ ਵੀ ਪ੍ਰਦਾਨ ਕੀਤੀ ਜਿਸ ਤਹਿਤ ਜਪ, ਤਪ, ਹਠ ਅਤੇ ਗ੍ਰਹਿਸਤ ਛੱਡ ਕੇ ਭੋਰਿਆਂ ਜਾਂ ਜੰਗਲ਼ਾਂ ’ਚ ਬੈਠ ਕੇ ਬਗਲ ਸਮਾਧੀਆਂ ਲਾਉਣ ਵਰਗੇ ਪਖੰਡਾਂ ਨੂੰ ਨਕਾਰਿਆ। ਬਾਹਰੀ ਤੇ ਫੋਕਟ ਕਰਮਕਾਂਡਾਂ ਦੀ ਬਜਾਇ ਗੁਰੂ ਸਾਹਿਬ ਜੀ ਨੇ ਮਨੁੱਖ ਨੂੰ ਆਪਣਾ ਆਪ ਸਵਾਰਨ ਦਾ ਉਪਦੇਸ਼ ਕੀਤਾ ਤੇ ਇੱਥੋਂ ਤੱਕ ਕਿ ਆਪਣੇ ਮੁੱਢ ਨੂੰ ਨਾ ਸਮਝਣ ਵਾਲੇ ਮਨੁੱਖਾਂ ਦੀ ਤੁਲਨਾ ਪਸ਼ੂਆਂ ਨਾਲ਼ ਕੀਤੀ :  ‘‘ਮੂਲੁ ਨ ਬੂਝਹਿ ਆਪਣਾ; ਸੇ ਪਸੂਆ, ਸੇ ਢੋਰ ਜੀਉ ॥’’ (ਮਹਲਾ ੧/੭੫੧), ਸਿੱਧਾਂ (ਜੋਗੀਆਂ) ਨੇ ਵੀ ਗੁਰੂ ਨਾਨਕ ਪਾਤਸ਼ਾਹ ਨੂੰ ਇਹੀ ਸਵਾਲ ਕੀਤਾ ਸੀ ਕਿ ਮਨੁੱਖ ਕਿਉਂ ਅਸਲੀਅਤ ਨਹੀਂ ਸਮਝਦਾ ਤੇ ਦੁੱਖੀ ਹੁੰਦਾ ਹੈ ? (ਕਿਉ ਤਤੁ ਨ ਬੂਝੈ ? ਚੋਟਾ ਖਾਇ॥ ਮਹਲਾ  ੧/੯੪੪) ਅਤੇ ਮਨੁੱਖ ਕਿਸ ਤਰ੍ਹਾਂ ਸਮਝ ਹਾਸਲ ਕਰ ਕੇ ਤਰ ਸਕਦਾ ਹੈ ? (ਕਿਉ ਕਰਿ ਬੂਝੈ ? ਪਾਵੈ ਪਾਰੁ॥ ਮਹਲਾ ੧/੯੪੪) ਗੁਰੂ ਸਾਹਿਬ ਜੀ ਦਾ ਉੱਤਰ ਬੜਾ ਸਰਲ ਸੀ ਕਿ ਆਪਣੇ ਭਾਣੇ ਭਾਵ ਮਨ ਦੇ ਮਗਰ ਲੱਗ ਕੇ ਤੁਰਨ ਵਾਲੇ ਨੂੰ ਤਾਂ ਸੋਝੀ (ਸਮਝ) ਪ੍ਰਾਪਤ ਨਹੀਂ ਹੁੰਦੀ (ਨਾਨਕ ! ਮਨਮੁਖਿ ਨ ਬੁਝੈ ਗਵਾਰੁ॥ ਮਹਲਾ ੧/੯੪੪) ਪਰ ਮਨ ਦੀ ਭੈੜੀ ਮੱਤ ਨੂੰ ਗੁਰ ਸ਼ਬਦ ਦੀ ਵਿਚਾਰ ਰਾਹੀਂ ਦੂਰ ਕੀਤਾ ਜਾ ਸਕਦਾ ਹੈ: ‘‘ਕੁਬੁਧਿ ਮਿਟੈ, ਗੁਰ ਸਬਦੁ ਬੀਚਾਰਿ॥ ਸਤਿਗੁਰੁ ਭੇਟੈ, ਮੋਖ ਦੁਆਰ॥’’ (ਮਹਲਾ ੧/੯੪੪) ਯਕੀਨਨ ! ਸਹੀ ਜੀਵਨ ਜਾਚ ਸਮਝਣ ਤੋਂ ਬਿਨਾਂ ਮਨੁੱਖ ਦਾ ਹਰ ਕਰਮ (ਹਉਮੈਂ ’ਚ ਰੱਤਿਆ ਹੋਇਆ) ਦੁੱਖ ਹੀ ਦੁੱਖ ਪੈਦਾ ਕਰਦਾ ਹੈ, ਜਿਵੇਂ ਕਿ ਗੁਰ-ਵਾਕ ਹਨ: ‘‘ਬਿਨੁ ਬੂਝੇ ਸਭੁ ਦੁਖੁ, ਦੁਖੁ ਕਮਾਵਣਾ॥ ਹਉਮੈ ਆਵੈ ਜਾਇ,  ਭਰਮਿ ਭੁਲਾਵਣਾ॥ (ਮਹਲਾ ੧/੭੫੨), ਮੂਲੁ ਨ ਬੁਝੈ ਆਪਣਾ; ਵਸਤੁ ਰਹੀ ਘਰ ਬਾਰਿ॥ ਵਿਣੁ ਵਖਰ, ਦੁਖੁ ਅਗਲਾ; ਕੂੜਿ ਮੁਠੀ ਕੂੜਿਆਰਿ॥’’ (ਮਹਲਾ ੧/੫੬-੫੭)

ਅਜੋਕੇ ਸਮਾਜ ’ਚ ਨੈਤਿਕਤਾ ਪੱਖੋਂ ਆਈ ਗਿਰਾਵਟ ਦਾ ਵੀ ਇਹੀ ਸਭ ਤੋਂ ਵੱਡਾ ਕਾਰਨ ਹੈ ਕਿ ਮਨੁੱਖ ਆਪ, ਸਮਝ ਤੋਂ ਖ਼ਾਲੀ ਹੋਣ ਦੇ ਬਾਵਜੂਦ ਵੀ ਹੋਰਨਾਂ ਨੂੰ ਸਮਝਾਉਂਦਾ ਫਿਰਦਾ ਹੈ। ਲੁਕਾਈ ਨੂੰ ਕੁਰਾਹੇ ਪਾਉਣ ਵਾਲੇ ਅਖੌਤੀ ਆਗੂਆਂ ਤੇ ਡੇਰੇਦਾਰ ਸਾਧਾਂ ਉੱਪਰ ਅੱਜ ਗੁਰੂ ਨਾਨਕ ਸਾਹਿਬ ਜੀ ਦੇ ਇਹ ਬਚਨ ਪੂਰੀ ਤਰ੍ਹਾਂ ਢੁੱਕਦੇ ਹਨ: ‘‘ਕੀਤਾ ਕਰਣਾ ਕਹਿਆ ਕਥਨਾ; ਭਰਿਆ ਭਰਿ ਭਰਿ ਧੋਵਾਂ ॥ ਆਪਿ ਨ ਬੁਝਾ, ਲੋਕ ਬੁਝਾਈ; ਐਸਾ ਆਗੂ ਹੋਵਾਂ॥ ਨਾਨਕ ! ਅੰਧਾ ਹੋਇ ਕੈ ਦਸੇ ਰਾਹੈ; ਸਭਸੁ ਮੁਹਾਏ ਸਾਥੈ॥ ਅਗੈ ਗਇਆ, ਮੁਹੇ ਮੁਹਿ ਪਾਹਿ; ਸੁ ਐਸਾ ਆਗੂ ਜਾਪੈ॥’’ (ਮਹਲਾ ੧/੧੪੦), ਸਮਾਜ ਵਿੱਚ ਜੇ ਅਸੀਂ ਉਸਾਰੂ ਭੂਮਿਕਾ ਨਿਭਾਉਣੀ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਆਪਣੇ ਆਪ ਨੂੰ ਬੁੱਝਣਾ (ਜਾਣਨਾ) ਹੀ ਪਵੇਗਾ। ਆਪਣੇ ਆਤਮਿਕ ਜੀਵਨ ਨੂੰ ਗੁਰੂ ਦੇ ਗਿਆਨ ਦੀ ਕਸਵੱਟੀ ਉੱਤੇ ਪਰਖਣ ਉਪਰੰਤ ਹੀ ਸਾਨੂੰ ਸਰਬ ਵਿਆਪਕ ਪ੍ਰਮਾਤਮਾ ਦੀ ਸੂਝ ਆ ਸਕਦੀ ਹੈ। ਗੁਰੂ ਨਾਨਕ ਸਾਹਿਬ ਜੀ ਅਨੁਸਾਰ ਗਿਆਨਵਾਨ ਦੀ ਇਹੀ ਪਹਿਚਾਣ ਹੈ: ‘‘ਪ੍ਰਣਵਤਿ ਨਾਨਕ, ਗਿਆਨੀ ਕੈਸਾ ਹੋਇ  ?॥ ਆਪੁ ਪਛਾਣੈ, ਬੂਝੈ ਸੋਇ ॥ ਗੁਰ ਪਰਸਾਦਿ, ਕਰੇ ਬੀਚਾਰੁ ॥ ਸੋ ਗਿਆਨੀ, ਦਰਗਹ ਪਰਵਾਣੁ॥’’ (ਮਹਲਾ ੧/੨੫), ਅਕਾਲ ਪੁਰਖ ਦੇ ਗੁਣਾਂ ਨੂੰ ਧਿਆਨ ’ਚ ਰੱਖ ਕੇ, ਆਪਣਾ ਆਪ ਪਛਾਣਨਾ ਭਾਵ ਆਪਣੀ ਨਿਰਪੱਖ ਪੜਤਾਲ ਕਰਨ ਨਾਲ਼ (ਮਨ ਦੀ ਚਤੁਰਾਈ ਛੱਡਿਆਂ) ਆਪਣੀ ਨੀਚਤਾ ਦਾ ਅਹਿਸਾਸ ਹੁੰਦਾ ਹੈ ਤੇ ਹਉਮੈਂ ਦੂਰ ਹੋ ਕੇ, ਮਨ ਪਵਿੱਤ੍ਰ (ਨਿਰਮਲ) ਹੋਣਾ ਸ਼ੁਰੂ ਹੋ ਜਾਂਦਾ ਹੈ। ਪੂਰਨ ਗੁਰੂ ਵੱਲੋਂ ਦਰਸਾਏ ਜੀਵਨ ਦੇ ਸਹੀ ਰਸਤੇ ’ਤੇ ਤੁਰਨ ਵਾਲੇ ਗਿਆਨਵਾਨ ਮਨੁੱਖ ਨੂੰ ਹੀ ਗੁਰਮੁਖ ਦੀ ਉਪਾਧੀ ਮਿਲਦੀ ਹੈ। ਅਜਿਹਾ ਬਿਬੇਕੀ ਗੁਰੂ ਦਾ ਪਿਆਰਾ, ਗੁਰੂ ਕ੍ਰਿਪਾ ਸਦਕਾ ਹੀ ਨਿਰੰਕਾਰ ਦੀ ਯਾਦ ’ਚ ਨਿਰੰਤਰ ਜੁੜਿਆ ਰਹਿੰਦਾ ਹੈ; ਜਿਵੇਂ ਕਿ ਗੁਰ-ਵਾਕ ਹੈ: ‘‘ਗੁਰਮੁਖਿ ਬੂਝੈ, ਆਪੁ ਪਛਾਣੈ; ਸਚੇ ਸਚਿ ਸਮਾਏ ॥’’ (ਮਹਲਾ ੧/੯੩੮)

ਹੁਣ ਇੱਕ ਸਿੱਖ ਦੇ ਮਨ ’ਚ ਇਹ ਸਵਾਲ ਪੈਦਾ ਹੋਣਾ ਸੁਭਾਵਿਕ ਹੈ ਕਿ ਆਪਣਾ ਆਤਮਿਕ ਜੀਵਨ ਸਵਾਰਨ ਨਾਲ਼ ਕੀ ਰੱਬੀ ਬਖ਼ਸ਼ਸ਼ ਦਾ ਮਿਲ਼ਨਾ ਯਕੀਨੀ ਹੋ ਜਾਂਦਾ ਹੈ ? ਇਸ ਸਵਾਲ ਦਾ ਜਵਾਬ ਦਿੰਦਿਆਂ ਗੁਰੂ ਨਾਨਕ ਪਾਤਸ਼ਾਹ ਜੀ ਫ਼ੁਰਮਾਉਂਦੇ ਹਨ ਕਿ ਅਸਲ ’ਚ ਰੱਬੀ ਮਿਹਰ ਸਦਕਾ ਹੀ ਆਪਣਾ ਆਪ ਸਵਾਰਿਆ ਜਾ ਸਕਦਾ ਹੈ: ‘‘ਆਪੇ ਮਾਰਗਿ ਪਾਵਣਹਾਰਾ; ਆਪੇ ਕਰਮ ਕਮਾਏ ॥ ਨਾਮਿ ਰਤੇ ਗੁਰਿ ਪੂਰੈ ਰਾਖੇ; ਨਾਨਕ  !  ਸਹਜਿ ਸੁਭਾਏ ॥ (ਮਹਲਾ  ੧/੫੮੧), ਆਪਿ ਜਾਣਾਵੈ, ਮਾਰਗਿ ਪਾਵੈ; ਆਪੇ ਮਨੂਆ ਲੇਵਏ ॥ ਕਰਮ ਸੁਕਰਮ ਕਰਾਏ ਆਪੇ; ਕੀਮਤਿ ਕਉਣ ਅਭੇਵਏ ?॥’’ (ਮਹਲਾ ੧/੭੬੭)

ਪਾਤਸ਼ਾਹ ਦੇ ਉਪਰੋਕਤ ਰੱਬੀ ਬਚਨਾਂ ਅਨੁਸਾਰ ਮਾਲਕ ਆਪ ਹੀ ਸਮਝ ਦਿੰਦਾ ਹੈ ਤੇ ਆਪੇ ਹੀ ਮਾਰਗ ’ਤੇ ਪਾਉਂਦਾ ਹੈ। ਉਹ ਆਪ ਹੀ ਸਾਡੇ ਮਨ ਨੂੰ ਆਪਣੇ ਵੱਲ ਖਿੱਚਦਾ ਹੈ ਪਰ ਉਸ ਅਭੇਵ (ਭੇਦ-ਰਹਿਤ) ਪ੍ਰਮਾਤਮਾ ਦੀ ਕੀਮਤ (ਭੇਤ) ਕੋਈ ਨਹੀਂ ਪਾ ਸਕਦਾ; ਜਿਵੇਂ ਕਿ ਕਰਤੇ ਦੇ ਗੁਣਾਂ ਦਾ ਅੰਤ ਪਾਉਣਾ ਕਿਸੇ ਸੂਝਵਾਨ ਮਨੁੱਖ ਦਾ ਮਕਸਦ ਨਹੀਂ ਹੋ ਸਕਦਾ; ਤਿਵੇਂ ਹੀ ਰੱਬੀ ਬਖ਼ਸ਼ਸ਼ ’ਤੇ ਕਿਸੇ ਤਰ੍ਹਾਂ ਦਾ ਵੀ ਹੱਕ ਜਤਾਉਣਾ ਇੱਕ ਭੁੱਲੇ ਹੋਏ ਮਨੁੱਖ (ਦੁਬਿਧਾ ਕਾਰਨ) ਦਾ ਕਰਮ ਹੀ ਹੋ ਸਕਦਾ ਹੈ। ਹਾਂ, ਨਿਮਰਤਾ ਤੇ ਸੱਚੀ ਪ੍ਰੀਤ ’ਚ ਰੰਗਿਆ ਹੋਇਆ ਇੱਕ ਗੁਰਸਿੱਖ ਅਰਦਾਸ ਭਾਵਨਾ ’ਚ ਜੁੜ ਕੇ ਮਾਲਕ ਦੇ ਦਰੋਂ ਹਮੇਸ਼ਾ ਰੱਬੀ ਰਹਿਮਤ ਦੀ ਯਾਚਨਾ ਕਰਦਾ ਰਹਿੰਦਾ ਹੈ: ‘‘ਨਾਨਕੁ ਮੰਗੈ ਸਚੁ, ਗੁਰਮੁਖਿ ਘਾਲੀਐ ॥ ਮੈ, ਤੁਝ ਬਿਨੁ ਅਵਰੁ ਨ ਕੋਇ; ਨਦਰਿ ਨਿਹਾਲੀਐ ॥ (ਮਹਲਾ ੧/੪੧੯-੨੦), ਹਉ, ਸਤਿਗੁਰ ਵਿਟਹੁ ਘੁਮਾਇਆ ॥ ਜਿਨਿ ਭ੍ਰਮਿ ਭੁਲਾ,  ਮਾਰਗਿ ਪਾਇਆ ॥ ਨਦਰਿ ਕਰੇ ਜੇ ਆਪਣੀ; ਆਪੇ ਲਏ ਰਲਾਇ ਜੀਉ ॥’’ (ਮਹਲਾ ੧/੭੨)

ਤਾਂ ਤੇ ਸੱਚੇ ਗੁਰੂ ਦੀ ਲੋੜ ਹੋਰ ਵੀ ਜ਼ਿਆਦਾ ਮਹਿਸੂਸ ਹੁੰਦੀ ਹੈ ਕਿਉਂਕਿ ਸ਼ਬਦ ਗੁਰੂ ਦੇ ਲੜ ਲੱਗਿਆਂ, ਹਰ ਇੱਕ ਦੁਬਿਧਾ ਨਿਰਸੰਦੇਹ ਬਿਨਸ ਜਾਂਦੀ ਹੈ। ਆਪਣਾ ਮੂਲ ਬੁੱਝਣ ਲਈ ‘‘ਸਬਦੁ ਗੁਰੂ, ਸੁਰਤਿ ਧੁਨਿ ਚੇਲਾ ॥’’ ਦਾ ਅਨਮੋਲਕ ਫ਼ਲਸਫ਼ਾ ਦੁਨੀਆ ਦੀ ਝੋਲੀ ’ਚ ਪਾਉਣ ਵਾਲੇ ਅਕਾਲ ਰੂਪ ਬਾਬਾ ਨਾਨਕ ਜੀ ਵੱਲੋਂ ਬਖ਼ਸ਼ੇ, ਸੱਚੇ ਸ਼ਬਦ ਦੇ ਅਖੁੱਟ ਭੰਡਾਰ ’ਚੋਂ ਸ਼ਬਦ ਗੁਰੂ ਬਾਬਤ ਹੀ ਹੇਠ ਲਿਖੀਆਂ ਤੇਰਾਂ ਅਹਿਮ ਰੂਹਾਨੀ ਸੇਧਾਂ ਵਿਚਾਰਿਆਂ; ਸ਼ਬਦ ਗੁਰੂ ਨਾਲ਼ ਸਾਂਝ ਪਾਉਣ ਵਾਲੀ ਸਾਡੀ ਬਿਰਤੀ ਹੋਰ ਵੀ ਪ੍ਰਬਲ (ਤੀਬਰ) ਹੋਵੇਗੀ, ਜਿਸ ਸਦਕਾ ਸਾਡਾ ਜਿਊਂਦੇ ਜੀ ਮਾਇਆ ਵੱਲੋਂ ਮੁਕਤ (ਨਿਰਲੇਪ) ਹੋਣਾ ਸੁਖਾਲ਼ਾ ਹੋ ਸਕਦਾ ਹੈ।

 1. ਗੁਰੂ ਤੋਂ ਬਗੈਰ ਘੁੱਪ ਹਨੇਰਾ ਹੈ: ਸੱਚੇ ਗੁਰੂ ਦੀ ਸਿੱਖਿਆ ਮੰਨਣ ਵਾਲੇ ਦੇ ਹਿਰਦੇ ’ਚ ਹੀ ਰੱਬੀ ਨੂਰ ਚਮਕ ਸਕਦਾ ਹੈ: ‘‘ਬਾਝੁ ਗੁਰੂ, ਗੁਬਾਰੁ ਹੈ; ਬਿਨੁ ਸਬਦੈ, ਬੂਝ ਨ ਪਾਇ ॥ ਗੁਰਮਤੀ ਪਰਗਾਸੁ ਹੋਇ; ਸਚਿ ਰਹੈ ਲਿਵ ਲਾਇ ॥ ਤਿਥੈ, ਕਾਲੁ ਨ ਸੰਚਰੈ; ਜੋਤੀ ਜੋਤਿ ਸਮਾਇ ॥’’ (ਮਹਲਾ ੧/੫੫) ਪਰ ਗੁਰੂ-ਵਿਹੂਣ ਨੂੰ ਰਜ਼ਾ ’ਚ ਤੁਰਨ ਦੀ ਕੋਈ ਸਮਝ ਨਹੀਂ ਹੁੰਦੀ: ‘‘ਗੁਰੁ ਦਾਤਾ ਮੇਲੇ, ਤਾ ਮਤਿ ਹੋਵੈ; ਨਿਗੁਰੇ ਮਤਿ ਨ ਕਾਈ ॥’’ (ਮਹਲਾ ੧/੬੩੪-੩੫)

ਨੋਟ: ਗੁਰੂ ਨਾਨਕ ਪਾਤਸ਼ਾਹ ਨੂੰ ਪਤਾ ਸੀ ਕਿ ਇਹ ਸਵਾਲ ਜ਼ਰੂਰ ਉੱਠੇਗਾ ‘ਤਾਂ ਫਿਰ ਗੁਰੂ ਨਾਨਕ ਦਾ ਗੁਰੂ ਕੌਣ ਸੀ  ?’ ਇਸ ਲਈ ਗੁਰੂ ਸਾਹਿਬ ਜੀ ਖ਼ੁਦ ਹੀ ਫ਼ੁਰਮਾ ਗਏ: ‘‘ਅਪਰੰਪਰ ਪਾਰਬ੍ਰਹਮੁ ਪਰਮੇਸਰੁ; ਨਾਨਕ ! ਗੁਰੁ ਮਿਲਿਆ ਸੋਈ ਜੀਉ ॥’’ (ਮਹਲਾ ੧/੫੯੯)

ਧਿਆਨ ਰਹੇ ਕਿ ਗੁਰੂ ਦੇ ਸ਼ਬਦ ਦੀ ਦਾਤ ਪ੍ਰਾਪਤ ਹੋਣ ਉਪਰੰਤ ਵੀ ਗੁਰੂ ਦੀ ਬਖ਼ਸ਼ਸ਼ ਤੋਂ ਬਿਨਾਂ ਸਾਡਾ ਪਾਰ ਉਤਾਰਾ ਸੰਭਵ ਨਹੀਂ ਹੋ ਸਕਦਾ ਪਰ ਸਤਿਗੁਰੂ ਦੀ ਦਇਆ (ਰੱਬੀ ਰਹਿਮਤ) ਸਦਕਾ ਜਿਹੜਾ ਮਨੁੱਖ ਆਪਣੇ ਅਸਲੇ ਨੂੰ ਪਛਾਣ ਲੈਂਦਾ ਹੈ; ਉਹ ਪ੍ਰਮਾਤਮਾ ਦਾ ਹੀ ਰੂਪ ਬਣ ਜਾਂਦਾ ਹੈ, ਜਿਸ ਤੋਂ ਗੁਰੂ ਵੀ ਬਲਿਹਾਰੇ ਜਾਂਦੇ ਹਨ: ‘‘ਗੁਰ ਪਰਸਾਦੀ ਬੂਝਿ ਲੇ; ਤਉ ਹੋਇ ਨਿਬੇਰਾ॥ ਘਰਿ ਘਰਿ ਨਾਮੁ ਨਿਰੰਜਨਾ; ਸੋ ਠਾਕੁਰੁ ਮੇਰਾ ॥……ਇਸੁ ਪਦ ਜੋ ਅਰਥਾਇ ਲੇਇ; ਸੋ ਗੁਰੂ ਹਮਾਰਾ ॥ ਨਾਨਕ ! ਚੀਨੈ ਆਪ ਕਉ; ਸੋ ਅਪਰ ਅਪਾਰਾ ॥’’ (ਮਹਲਾ ੧/੨੨੯) ਸਾਨੂੰ ਇਹ ਮੰਨਣਾ ਪਵੇਗਾ ਕਿ ਸੋਝੀ (ਅਕਲ) ਜਾਂ ਗਿਆਨ ਤਾਂ ਅਕਸਰ ਹੀ ਜ਼ਿੰਦਗੀ ਦੀਆਂ ਨਕਾਰਾਤਮਿਕ ਘਟਨਾਵਾਂ ਜਾਂ ਕਿਸੇ ਦੁਖਾਂਤ ’ਚੋਂ ਵੀ ਉਪਜ ਸਕਦਾ ਹੈ ਪਰ ਅਜਿਹਾ ਮਨੁੱਖੀ ਗਿਆਨ ਕਦੀ ਵੀ ਪੂਰਨ ਨਹੀਂ ਹੁੰਦਾ। ਬਰਕਤ ਤਾਂ ਸਮਰੱਥ ਗੁਰੂ ਵੱਲੋਂ ਬਖ਼ਸ਼ੇ ਰੱਬੀ ਗਿਆਨ ਸਦਕਾ ਹੀ ਉਤਪੰਨ ਹੋ ਸਕਦੀ ਹੈ, ਸ਼ਾਇਦ ਇਸ ਕਰਕੇ ਹੀ ਗੁਰੂ ਨਾਨਕ ਸਾਹਿਬ ਜੀ ਫ਼ੁਰਮਾਉਂਦੇ ਹਨ: ‘‘ਗਿਆਨੁ ਗਿਆਨੁ, ਕਥੈ ਸਭੁ ਕੋਈ ॥ ਕਥਿ ਕਥਿ, ਬਾਦੁ ਕਰੇ, ਦੁਖੁ ਹੋਈ ॥ ਕਥਿ ਕਹਣੈ ਤੇ, ਰਹੈ ਨ ਕੋਈ ॥ ਬਿਨੁ ਰਸ ਰਾਤੇ,  ਮੁਕਤਿ ਨ ਹੋਈ ॥ ਗਿਆਨੁ ਧਿਆਨੁ, ਸਭੁ ਗੁਰ ਤੇ ਹੋਈ ॥ (ਮਹਲਾ ੧/੮੩੧), ਗੁਰ ਬਿਨੁ, ਆਪੁ ਨ ਚੀਨੀਐ; ਕਹੇ ਸੁਣੇ ਕਿਆ ਹੋਇ ? ॥ ਨਾਨਕ ! ਸਬਦਿ ਪਛਾਣੀਐ; ਹਉਮੈ ਕਰੈ ਨ ਕੋਇ ॥’’ (ਮਹਲਾ ੧/੫੮)

ਇੱਥੋਂ ਤੱਕ ਕਿ ਗੁਰਬਾਣੀ ਵਿਚਲਾ ਗਿਆਨ ਵੀ ਹਰ ਇੱਕ ਮਨੁੱਖ ਲਈ (ਉਸ ਦੀ ਆਪਣੀ ਸਮਝਣ ਦੀ ਸਮਰੱਥਾ ਅਨੁਸਾਰ) ਹਮੇਸ਼ਾ ਵੱਖਰਾ ਹੀ ਹੋਵੇਗਾ; ਜਿਵੇਂ-ਜਿਵੇਂ ਗੁਰ ਸ਼ਬਦ ਰਾਹੀਂ ਆਤਮਾ ਸੰਪੂਰਨਤਾ ਵੱਲ ਵਧਦੀ ਹੈ (ਸਾਡਾ ਆਤਮਿਕ ਵਿਕਾਸ ਹੁੰਦਾ ਹੈ); ਤਿਵੇਂ-ਤਿਵੇਂ ਗੁਰ ਸ਼ਬਦ ਦਾ ਗਿਆਨ (ਸ਼ਬਦਾਰਥ ਤੇ ਭਾਵਾਰਥ) ਵੀ ਇੱਕ ਨਵੇਂ ਰੂਪ ’ਚ ਪ੍ਰਕਾਸ਼ ਹੁੰਦਾ ਰਹਿੰਦਾ ਹੈ। ਇਹੀ ਕਾਰਨ ਹੈ ਕਿ ਇੱਕ ਟੀਕਾਕਾਰ ਨੂੰ ਕੁਝ ਸਮੇਂ ਬਾਅਦ ਆਪਣੇ ਦੁਆਰਾ ਹੀ ਕੀਤੇ ਗਏ ਗੁਰਬਾਣੀ ਦੇ ਟੀਕੇ ਨੂੰ, ਫਿਰ ਤੋਂ ਸੋਧਣ ਦੀ ਲੋੜ ਮਹਿਸੂਸ ਹੋਣ ਲੱਗਦੀ ਹੈ। ਸੋ, ਨਿਰਮਲ ਹਿਰਦੇ ਨਾਲ਼ ਗੁਰੂ ਦੀ ਸ਼ਰਨ ਪੈ ਕੇ (ਗੁਰ-ਸ਼ਬਦ ਰਾਹੀਂ) ਆਪਣੇ ਆਪ ਅਤੇ ਆਪਣੇ ਅਸਲੇ (ਮੂਲ/ਅਸਲੀਅਤ) ਨੂੰ ਪਛਾਣਨਾ ਹੀ ਤੱਤ ਵਿਚਾਰਨਾ ਕਹਿਆ ਜਾ ਸਕਦਾ ਹੈ; ਜਿਵੇਂ ਕਿ ਗੁਰ-ਵਾਕ ਹਨ: ‘‘ਸੰਤ ਹੇਤਿ, ਪ੍ਰਭਿ ਤ੍ਰਿਭਵਣ ਧਾਰੇ ॥ ਆਤਮੁ ਚੀਨੈ, ਸੁ ਤਤੁ ਬੀਚਾਰੇ ॥ (ਮਹਲਾ ੧/੨੨੪), ਪ੍ਰੇਮ ਪਦਾਰਥੁ ਪਾਈਐ; ਗੁਰਮੁਖਿ ਤਤੁ ਵੀਚਾਰੁ ॥’’ (ਮਹਲਾ ੧/੬੦-੬੧) ਗੁਰੂ ਸਾਹਿਬ ਜੀ ਅਨੁਸਾਰ, ਔਗੁਣ ਤਿਆਗ ਕੇ ਸ਼ੁੱਭ ਅਮਲ ਕਰਨੇ ਤੇ ਸਦਾ ਪ੍ਰਮਾਤਮਾ ਦੇ ਪ੍ਰੇਮ ਅੰਦਰ ਲੀਨ ਰਹਿਣ ਵਾਲੀ ਰੂਹਾਨੀ ਬਿਰਤੀ ਪਾਲਣ ਨਾਲ਼ ਹੀ ਸਹੀ ਮਾਅਨਿਆਂ ’ਚ ਚਿੰਤਕ ਬਣਿਆ ਜਾ ਸਕਦਾ ਹੈ। ਤੱਤ ਗੁਰਮਤਿ ਨਾਲ਼ ਭਰਪੂਰ (ਮਨ ਦੇ ਪੱਧਰ ਤੋਂ ਉੱਪਰ ਉੱਠ ਕੇ, ਰੂਹਾਨੀ ਮੰਡਲ ’ਚ ਉਡਾਰੀ ਲਾਉਣ ਵਾਲੀ) ਅਜਿਹੀ ਆਤਮਿਕ ਅਵਸਥਾ ਹਮੇਸ਼ਾਂ ਅਟੱਲ (ਕਾਇਮ) ਰਹਿੰਦੀ ਹੈ: ‘‘ਅਵਗਣ ਪਰਹਰਿ ਕਰਣੀ ਸਾਰੀ; ਦਰਿ ਸਚੈ ਸਚਿਆਰੋ ॥ ਆਵਣੁ ਜਾਵਣੁ ਠਾਕਿ ਰਹਾਏ; ਗੁਰਮੁਖਿ ਤਤੁ ਵੀਚਾਰੋ ॥ ਸਾਜਨੁ ਮੀਤੁ ਸੁਜਾਣੁ ਸਖਾ ਤੂੰ; ਸਚਿ ਮਿਲੈ ਵਡਿਆਈ ॥ ਨਾਨਕ  ! ਨਾਮੁ ਰਤਨੁ ਪਰਗਾਸਿਆ; ਐਸੀ ਗੁਰਮਤਿ ਪਾਈ ॥’’ (ਮਹਲਾ ੧/੪੩੭), ਪਰ ਅੱਜ ‘ਤੱਤ ਗਿਆਨ’ ਦੀ ਆੜ ਹੇਠ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਗੁਰਮਤਿ ਸਿਧਾਂਤ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਨਾਲ਼ ‘ਗੁਰੂ’ ਪਦ ਲਾਉਣਾ ਉਚਿਤ ਨਹੀਂ ਜਾਪਦਾ ਕਿਉਂਕਿ ਗੁਰਮਤਿ ਕਿਸੇ ਦੇਹਧਾਰੀ ਨੂੰ ਗੁਰੂ ਮੰਨਣ ਦੀ ਵਕਾਲਤ ਨਹੀਂ ਕਰਦੀ। ਇਸ ਬਾਰੇ ਗੁਰੂ ਜੀ ਦੇ ਇਹ ਬਚਨ ਹੀ ਕਾਫ਼ੀ ਹਨ: ‘‘ਮਨਮੁਖ ਲੂਣ ਹਾਰਾਮ, ਕਿਆ ਨ ਜਾਣਿਆ ॥ ਬਧੇ ਕਰਨਿ ਸਲਾਮ, ਖਸਮ ਨ ਭਾਣਿਆ ॥’’ (ਮਹਲਾ ੧/੧੪੩) ਗੁਰੂ ਵੱਲੋਂ ਕੀਤੇ ਉਪਕਾਰ ਲਈ ਧੰਨਵਾਦੀ ਹੋਣ ਦੀ ਬਜਾਇ, ਤੱਤ ਗੁਰਮਤਿ ਦੇ ਨਾਂ ਹੇਠ ਖਾਲ਼ੀ ਦਿਮਾਗ਼ ਨਾਲ਼ ਵਾਲ਼ ਦੀ ਖੱਲ ਲਾਹ ਕੇ ਹੀ ਆਪਣੇ ਆਪ ਨੂੰ ਜਾਗਰੂਕ ਸਮਝਣ ਵਾਲ਼ਿਆਂ ਦੀ ਸਲਾਮ ਕਦੀ ਵੀ ਸਾਹਿਬ ਨੂੰ ਚੰਗੀ ਨਹੀਂ ਲੱਗ ਸਕਦੀ। ਸਿੱਖ ਸੰਗਤ ਤੇ ਬਾਕੀ ਲੁਕਾਈ ਨੂੰ ਗੁਰੂ ਨਾਨਕ ਸਾਹਿਬ ਜੀ ਤੇ ਉਹਨਾਂ ਦੇ ਫ਼ਲਸਫ਼ੇ ਬਾਰੇ ਦੱਸਣ ਵੇਲੇ, ਗੁਰੂ ਸਾਹਿਬ ਜੀ ਨੂੰ ਮਹਿਜ਼ ਇੱਕ ਧਾਰਮਿਕ ਆਗੂ (7) ਵਜੋਂ ਪੇਸ਼ ਕਰਨਾ, ਕੀ ਇੱਕ ਸੱਚੇ ਸਿੱਖ ਦਾ ਕਿਰਦਾਰ ਹੋ ਸਕਦਾ ਹੈ ?

ਕੁਦਰਤ ਜਾਂ ਕੁਦਰਤੀ ਨਿਯਮ ਨੂੰ ਹੀ ਰੱਬ ਕਹਿਣਾ, ਗੁਰੂ ਯੋਗਤਾ ’ਤੇ ਸ਼ੱਕ ਕਰਨਾ, ਗੁਰੂ ਨੂੰ ਭੁੱਲਣਹਾਰ ਦੱਸਣਾ ਤੇ ਅਖੌਤੀ ਤੱਤ ਗੁਰਮਤਿ ਤੇ ਜਾਗਰੂਕਤਾ ਦੀ ਆੜ ਲੈ ਕੇ, ਗੁਰੂ ਪਦ ਤੇ ਗੁਰੂ ਸਾਹਿਬਾਨ ਦੇ ਨਾਵਾਂ ਬਾਰੇ ਹੀ ਸ਼ੰਕੇ ਖੜੇ ਕਰਨਾ ਭਾਵ ਕਿ ਗੁਰੂ ਸ਼ਖ਼ਸੀਅਤ ਨੂੰ ਢਾਹ ਲਾ ਕੇ ਗੁਰੂ ਨਾਲ਼ੋਂ ਤੋੜਨ ਦੀ ਕੋਸ਼ਿਸ਼ ਕਰਨ ਵਾਲੇ ਨਿਰਸੰਦੇਹ ਇੱਕੋ ਹੀ ਸਾਜ਼ਿਸ਼ ਅਧੀਨ ਕੰਮ ਕਰਨ ਵਾਲੇ ਸਰਕਾਰੀ ਮੋਹਰੇ ਹੋ ਸਕਦੇ ਹਨ। ਨਿਰਮਲ ਪੰਥ ਦੇ ਮੋਢੀ, ‘‘ਜਾਹਰ ਪੀਰੁ ਜਗਤੁ ਗੁਰ ਬਾਬਾ’’ ਭਾਵ ਰੱਬੀ ਗਿਆਨ ਦੇ ਐਨੇ ਵੱਡੇ ਅਨਮੋਲਕ ਖ਼ਜ਼ਾਨੇ ਦੀ ਦਾਤ ਬਖ਼ਸ਼ਣ ਵਾਲੇ ਪਿਉ ਨੂੰ ‘ਗੁਰੂ’ ਨਾ ਕਹਿਣਾ ਪਰ ਉਸ ਦੀ ਬਾਣੀ ਦੇ ਗਿਆਨ ਨੂੰ ਗੁਰੂ ਮੰਨਣਾ ਜੇ ਅਕ੍ਰਿਤਘਣਤਾ ਨਹੀਂ ਤਾਂ ਅਧੂਰੇ ਗਿਆਨ ਕਾਰਨ ਦੁਬਿਧਾ ਦਾ ਪ੍ਰਤੀਕ ਜ਼ਰੂਰ ਹੈ ਜਿਸ ਬਾਬਤ ਸਿਰਫ਼ ਇਹੀ ਕਿਹਾ ਜਾ ਸਕਦਾ ਹੈ: ‘‘ਸਲਾਮੁ ਜਬਾਬੁ ਦੋਵੈ ਕਰੇ; ਮੁੰਢਹੁ ਘੁਥਾ ਜਾਇ ॥ ਨਾਨਕ ! ਦੋਵੈ ਕੂੜੀਆ; ਥਾਇ ਨ ਕਾਈ ਪਾਇ ॥’’ (ਮਹਲਾ ੨/੪੭੪) ਖ਼ੈਰ ਵਿਸ਼ੇ ਵੱਲ ਪਰਤਦੇ ਹੋਏ ਦੂਜੀ ਸੇਧ ਵਿਚਾਰਦੇ ਹਾਂ ਕਿਉਂਕਿ ‘‘ਨਾਨਕ ! ਲੇਖੈ ਇਕ ਗਲ; ਹੋਰੁ ਹਉਮੈ ਝਖਣਾ ਝਾਖ ॥’’ (ਮਹਲਾ ੧/੪੬੭) ਅਨੁਸਾਰ ਰੱਬੀ ਗਿਆਨ ਦੀ ਵਿਚਾਰ ਕਰਨ ਤੋਂ ਬਿਨਾਂ ਸਾਰਾ ਕੁਝ ਝੱਖ ਮਾਰਨਾ (ਹੰਕਾਰ ਦਾ ਜੰਜਾਲ) ਹੀ ਹੈ।

 1. ਸਿੱਖ ਦੇ ਗੁਰੂ ਕਿਆਮਤ ਤੱਕ (ਗੁਰੂ) ਗ੍ਰੰਥ ਸਾਹਿਬ ਹਨ: ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ੧੭੦੮ ’ਚ ਨੰਦੇੜ ਵਿਖੇ ਜੋਤੀ-ਜੋਤ ਸਮਾਉਣ ਤੋਂ ਇੱਕ ਦਿਨ ਪਹਿਲਾਂ ੬ ਕੱਤਕ (੨੦ ਅਕਤੂਬਰ) ਨੂੰ ਸ਼ਖ਼ਸੀ ਗੁਰਿਆਈ ਦਾ ਸਿਲਸਿਲਾ ਖ਼ਤਮ ਕਰ ਕੇ, ‘ਸ਼ਬਦ’ (ਗ੍ਰੰਥ) ਨੂੰ ਗੁਰਿਆਈ ਬਖ਼ਸ਼ ਦਿੱਤੀ ਸੀ। ਧਿਆਨ ਰਹੇ ਕਿ ‘ਸ਼ਬਦ ਗੁਰੂ’ ਇਸ ਜੱਗ ਤੋਂ ਬਾਹਰੀ ਕੋਈ ਅਦ੍ਰਿਸ਼ਟ ਜਾਂ ਗੁਪਤ ਸ਼ਬਦ ਨਹੀਂ ਹੈ ਬਲਕਿ ਗੁਰੂ ਗ੍ਰੰਥ ਸਾਹਿਬ ’ਚ ਦਰਜ, ਰੱਬੀ ਬਾਣੀ ਹੀ ਸਾਡਾ ‘ਸ਼ਬਦ ਗੁਰੂ’ ਹੈ। ਮਨੁੱਖਤਾ ਦੇ ਭਲੇ ਲਈ ਉਚਾਰੀ ਗਈ ਸੱਚ ਦੀ ਇਹ ਬਾਣੀ, ਨਿਰੰਕਾਰ ਨਾਲ਼ ਜੁੜੇ ਹੋਏ ਮਹਾਂ ਪੁਰਖਾਂ ਦੇ ਪਵਿੱਤਰ ਹਿਰਦੇ ’ਚੋਂ ਨਿਕਲ਼ੀ ਹੈ ਤੇ ਪਾਰਬ੍ਰਹਮ ਨੂੰ ਵੀ ਭਾਉਂਦੀ ਹੈ: ‘‘ਗੁਰ ਪੂਰੇ ਕੀ ਬਾਣੀ ॥ ਪਾਰਬ੍ਰਹਮ ਮਨਿ, ਭਾਣੀ ॥’’ (ਮਹਲਾ ੫/੬੨੯) ਅਸਲ ’ਚ ਪਾਰਬ੍ਰਹਮ ਨੇ ਆਪਣੇ ਆਪ ਨੂੰ ਗੁਰੂ ਵਿੱਚ ਲੀਨ ਕਰ ਕੇ ਹੀ ਆਪਣਾ ਸ਼ਬਦ ਜਗਤ ’ਚ ਵਰਤਾਇਆ ਹੈ, ਇਸ ਦੀ ਪ੍ਰੋੜ੍ਹਤਾ ਲਈ ਕੁਝ ਗੁਰ-ਵਾਕਾਂ ਨੂੰ ਵਿਚਾਰਨਾ ਜ਼ਰੂਰੀ ਹੈ: ‘‘ਗੁਰ ਮਹਿ ਆਪੁ ਸਮੋਇ; ਸਬਦੁ ਵਰਤਾਇਆ ॥ ਸਚੇ ਹੀ ਪਤੀਆਇ; ਸਚਿ ਸਮਾਇਆ ॥ (ਮਹਲਾ ੧/੧੨੭੯), ਜੈਸੀ ਮੈ ਆਵੈ, ਖਸਮ ਕੀ ਬਾਣੀ; ਤੈਸੜਾ ਕਰੀ ਗਿਆਨੁ ਵੇ ਲਾਲੋ !॥ (ਮਹਲਾ ੧/੭੨੨-੨੩), ਤਾ ਮੈ ਕਹਿਆ ਕਹਣੁ; ਜਾ ਤੁਝੈ ਕਹਾਇਆ ॥’’ (ਮਹਲਾ ੧/੫੬੬)

ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਜੀ ਕੁਝ ਅਜਿਹਾ ਹੀ ਵਿਚਾਰ ਪ੍ਰਗਟ ਕਰਦੇ ਹਨ ਕਿ ਸਤਿਗੁਰੂ ਦੀ ਬਾਣੀ ਜੋ ਕਿ ਇੱਕ ਮੁਕੰਮਲ ਸੱਚ ਹੈ, ਇਸ ਨੂੰ ਕਰਤਾ ਪੁਰਖ (ਸਿਰਜਣਹਾਰ) ਆਪ ਹੀ ਸਤਿਗੁਰੂ ਦੇ ਮੁਖਾਰਬਿੰਦ ਤੋਂ ਉਚਾਰਨ ਕਰਵਾਉਂਦਾ ਹੈ। ਗੁਰੂ ਵੱਲੋਂ ਬਖ਼ਸ਼ੇ ਇਸ ਰੱਬੀ ਸ਼ਬਦ ਦੇ ਨਾਲ਼ ਹੀ, ਗੁਰੂ ਦੀ ਮਿਹਰ ਵੀ ਇੱਕ ਕੁੰਜੀ (ਚਾਬੀ) ਦੀ ਨਿਆਈਂ ਹੈ ਜਿਸ ਬਗੈਰ ਪ੍ਰਮਾਤਮਾ ਦੀ ਭਗਤੀ ਦੇ ਖ਼ਜ਼ਾਨੇ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਹੈ: ‘‘ਸਤਿਗੁਰ ਕੀ ਬਾਣੀ, ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ! ਹਰਿ ਕਰਤਾ ਆਪਿ ਮੁਹਹੁ ਕਢਾਏ ॥ (ਮਹਲਾ ੪/੩੦੮), ਹਉ ਆਪਹੁ ਬੋਲਿ ਨ ਜਾਣਦਾ; ਮੈ ਕਹਿਆ ਸਭੁ ਹੁਕਮਾਉ ਜੀਉ ॥ ਹਰਿ ਭਗਤਿ ਖਜਾਨਾ ਬਖਸਿਆ; ਗੁਰਿ ਨਾਨਕਿ ਕੀਆ ਪਸਾਉ ਜੀਉ ॥ (ਮਹਲਾ ੫/੭੬੩), ਆਦਿ ਵਚਨ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰੇ ਗਏ ਸ਼ਬਦ ‘‘ਜੈਸੀ ਮੈ ਆਵੈ ਖਸਮ ਕੀ ਬਾਣੀ; ਤੈਸੜਾ ਕਰੀ ਗਿਆਨੁ ਵੇ ਲਾਲੋ  !॥’’ (ਮਹਲਾ  ੧/੭੨੨) ਦਾ ਹੀ ਵਿਸਥਾਰ ਜਾਂ ਮਿਲਵਾਂ ਭਾਗ/ਰੂਪ ਹਨ, ਇਹੀ ਕਾਰਨ ਹੈ ਕਿ ਗੁਰਮਤਿ ’ਚ ‘ਗੁਰੂ’ ਸ਼ਬਦ ਪਾਰਬ੍ਰਹਮ ਲਈ ਵੀ ਵਰਤਿਆ ਗਿਆ ਹੈ ਭਾਵ ਕਿ ਗੁਰੂ, ਪਾਰਬ੍ਰਹਮ ਦਾ ਹੀ ਰੂਪ ਹੈ; ਜਿਵੇਂ ਕਿ ਗੁਰ-ਵਾਕ ਹੈ: ‘‘ਗੁਰੁ ਦਾਤਾ, ਸਮਰਥੁ ਗੁਰੁ; ਗੁਰੁ ਸਭ ਮਹਿ ਰਹਿਆ ਸਮਾਇ ॥ ਗੁਰੁ ਪਰਮੇਸਰੁ ਪਾਰਬ੍ਰਹਮੁ; ਗੁਰੁ, ਡੁਬਦਾ ਲਏ ਤਰਾਇ ॥’’ (ਮਹਲਾ ੫/੪੯-੫੦) ਤਾਂ ਤੇ ਅਜਿਹੇ ਸਤਿਗੁਰੂ ਨੂੰ ‘ਸ਼ਾਬਾਸ਼ੇ’ ਕਹਿਣਾ ਬਣਦਾ ਹੈ, ਧੰਨ ਹੈ ਅਜਿਹਾ ਗੁਰੂ ਜਿਸ ਦੇ ਸ਼ਬਦ ਸਦਕਾ ਸਾਡੇ ਮਨ ਨੂੰ ਧੀਰਜ ਮਿਲਦਾ ਹੈ ਤੇ ਮਨ ਦੀ ਪੀੜਾ ਦੂਰ ਹੁੰਦੀ ਹੈ: ‘‘ਗੁਰ ਬਚਨੀ, ਮਨੁ ਵੇਚਿਆ; ਸਬਦਿ ਮਨੁ ਧੀਰਾ ॥ ਗੁਰ ਪੂਰੇ ਸਾਬਾਸਿ ਹੈ; ਕਾਟੈ ਮਨ ਪੀਰਾ ॥’’ (ਮਹਲਾ ੧/੧੦੧੦)

 1. ਸ਼ਬਦ ਗੁਰੂ ਤੋਂ ਬਿਨਾਂ ਸਿਰਫ਼ ਖੁਆਰੀ ਹੀ ਮਿਲਦੀ ਹੈ: ਗੁਰੂ ਨਾਨਕ ਸਾਹਿਬ ਜੀ ਦੇ ਬਚਨ ਅਨੁਸਾਰ ਗੁਰੂ ਦੇ ਸ਼ਬਦ ਨੂੰ ਹਿਰਦੇ ’ਚ ਵਸਾ ਕੇ ਮਨੁੱਖ ਗੰਭੀਰ, ਡੂੰਘਾ ਭਾਵ ਗਿਆਨਵਾਨ ਹੋ ਨਿਬੜਦਾ ਹੈ ਪਰ ਗੁਰ ਸ਼ਬਦ ਤੋਂ ਬਿਨਾਂ ਜਗਤ ਝੱਲਾ ਹੋਇਆ ਫਿਰਦਾ ਹੈ: ‘‘ਸਬਦੁ ਗੁਰ ਪੀਰਾ, ਗਹਿਰ ਗੰਭੀਰਾ; ਬਿਨੁ ਸਬਦੈ, ਜਗੁ ਬਉਰਾਨੰ ॥’’ (ਮਹਲਾ ੧/੬੩੫) ਲੋਕਾਂ ਦੇ ਕੰਨਾਂ ’ਚ ਫੂਕਾਂ ਮਾਰ ਕੇ ਕਿਸੇ ਇੱਕ ਖ਼ਾਸ ਸ਼ਬਦ ਦਾ ਅਖੌਤੀ ‘ਨਾਮ ਦਾਨ’ ਦੇਣ ਵਾਲੇ ਨਕਲੀ, ਕੱਚੇ (ਕਾਚੇ ਗੁਰ ਤੇ, ਮੁਕਤਿ ਨ ਹੂਆ ॥ ਮਹਲਾ ੧/੯੩੨) ਤੇ ਦੰਭੀ ਗੁਰੂਆਂ ਤੋਂ ਲੁਕਾਈ ਨੂੰ ਬਚਾਉਣ ਲਈ ਗੁਰੂ ਜੀ ਫ਼ੁਰਮਾਉਂਦੇ ਹਨ ਕਿ ਅਜਿਹੇ ਆਗੂ ਤਾਂ ਆਪ ਹੀ ਮਾਇਆ ਦੇ ਮੋਹ ਕਾਰਨ ਅੰਨ੍ਹੇ ਹੋਏ ਫਿਰਦੇ ਹਨ ਤਾਂ ਫਿਰ ਕਿਸੇ ਚੇਲੇ ਨੂੰ ਕਿਵੇਂ ਮਾਰਗ ਦਰਸਾ ਸਕਦੇ ਹਨ ? ਪ੍ਰਮਾਤਮਾ ਦੇ ਨਾਮ ਦੀ ਦਾਤ ਸਿਰਫ਼ ਪੂਰੇ ਸਤਿਗੁਰੂ ਦੀ ਮਿਹਰ ਨਾਲ਼ ਹੀ ਨਸੀਬ ਹੁੰਦੀ ਹੈ: ‘‘ਗੁਰੂ ਜਿਨਾ ਕਾ ਅੰਧੁਲਾ; ਚੇਲੇ ਨਾਹੀ ਠਾਉ ॥ ਬਿਨੁ ਸਤਿਗੁਰ, ਨਾਉ ਨ ਪਾਈਐ; ਬਿਨੁ ਨਾਵੈ, ਕਿਆ ਸੁਆਉ ?॥ ਆਇ ਗਇਆ ਪਛੁਤਾਵਣਾ; ਜਿਉ, ਸੁੰਞੈ ਘਰਿ ਕਾਉ ॥’’ (ਮਹਲਾ ੧/੫੮)

ਦੇਹਧਾਰੀ ਗੁਰੂ ਡੰਮ੍ਹ ਚਲਾਉਣ ਵਾਲ਼ਿਆਂ ’ਚੋਂ ਬਹੁਤੇ ਗੁਰਬਾਣੀ ਦੀ ਦੁਰਵਰਤੋਂ ਕਰ ਕੇ ਹੀ ਆਪਣੀਆਂ ਝੂਠ ਦੀਆਂ ਦੁਕਾਨਾਂ ਚਲਾ ਰਹੇ ਹੁੰਦੇ ਹਨ ਤਾਂ ਤੇ ਯਾਦ ਰੱਖੀਏ: ‘‘ਬਿਨੁ ਗੁਰ ਸਬਦ, ਨਹੀ ਘਰੁ ਬਾਰੁ ॥ ਨਾਨਕ ! ਗੁਰਮੁਖਿ ਤਤੁ ਬੀਚਾਰੁ ॥ (ਰਾਮਕਲੀ ਮਹਲਾ ੧/੯੦੬), ਸਤਿਗੁਰੁ ਖੋਟਿਅਹੁ ਖਰੇ ਕਰੇ; ਸਬਦਿ ਸਵਾਰਣਹਾਰੁ ॥ ਸਚੀ ਦਰਗਹ ਮੰਨੀਅਨਿ; ਗੁਰ ਕੈ ਪ੍ਰੇਮ ਪਿਆਰਿ ॥’’ (ਮਹਲਾ ੧/੧੪੩)

 1. ਸ਼ਬਦ ਗੁਰੂ ਸਾਨੂੰ ਸਿੱਧਾ ਆਪਣੇ ਮੂਲ ਨਾਲ਼ ਜੋੜਦਾ ਹੈ: ਸਤਿਗੁਰੂ ਦੀ ਰਹਿਮਤ ਨਾਲ਼ ਹੀ ਇਹ ਸੂਝ ਮਿਲਦੀ ਹੈ ਕਿ ਕਿਸੇ ਦੇਵੀ ਦੇਵਤੇ ਆਦਿ ਦੀ ਪੂਜਾ ਦੀ ਬਜਾਇ ਰਤਨਾਂ ਦੀ ਖਾਣ ਅਤੇ ਅਥਾਹ, ਡੂੰਘੇ ਮਾਲਕ ਦੀ ਭਗਤੀ ਕਰਨੀ ਚਾਹੀਦੀ ਹੈ ਜਿਸ ਨੇ ਸਾਡੀ ਚੇਤਨਾ ’ਚ ਵੀ ਕੀਮਤੀ ਰਤਨ ਭਰੇ ਹੋਏ ਹਨ। ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਹੀ, ਗੁਰੂ ਦੇ ਇਸ ਹੁਕਮ ਦੀ ਸਮਝ ਪੈਂਦੀ ਹੈ ਕਿ ਇੱਕ ਅਕਾਲ ਪੁਰਖ ਤੋਂ ਬਿਨਾਂ ਕਿਸੇ ਹੋਰ ਨੂੰ ਉਸ ਵਰਗਾ ਨਹੀਂ ਜਾਣਨਾ: ‘‘ਗਹਿਰ ਗੰਭੀਰ ਸਾਗਰ ਰਤਨਾਗਰ; ਅਵਰ ਨਹੀ ਅਨ ਪੂਜਾ ॥ ਸਬਦੁ ਬੀਚਾਰਿ ਭਰਮ ਭਉ ਭੰਜਨੁ; ਅਵਰੁ ਨ ਜਾਨਿਆ ਦੂਜਾ ॥ ਮਨੂਆ ਮਾਰਿ ਨਿਰਮਲ ਪਦੁ ਚੀਨਿਆ; ਹਰਿ ਰਸ ਰਤੇ ਅਧਿਕਾਈ ॥ ਏਕਸ ਬਿਨੁ ਮੈ ਅਵਰੁ ਨ ਜਾਨਾਂ; ਸਤਿਗੁਰਿ ਬੂਝ ਬੁਝਾਈ ॥’’ (ਮਹਲਾ ੧/੧੨੩੨-੩੩)
 2. ਸ਼ਬਦ ਗੁਰੂ, ਸਾਨੂੰ ਜਪਾਂ, ਤਪਾਂ ਆਦਿ ਜਿਹੇ ਕਰਮ ਕਾਂਡਾਂ ਤੋਂ ਬਚਾ ਕੇ, ਸਾਡੇ ਕੀਮਤੀ ਸਾਹਾਂ ਨੂੰ ਅਜਾੲੀਂ ਨਹੀਂ ਹੋਣ ਦਿੰਦਾ: ਸਹਿਜ ਭਾਵ ਨਾਲ਼ ਹਰ ਸਮੇਂ ਮਾਲਕ ਦਾ ਚਿੰਤਨ ਕਰਨਾ ਹੀ ਇੱਕ ਉੱਤਮ ਜੀਵਨ ਜਾਚ ਹੈ: ‘‘ਜਪੁ ਤਪੁ ਕਰਿ ਕਰਿ ਸੰਜਮ ਥਾਕੀ; ਹਠਿ ਨਿਗ੍ਰਹਿ ਨਹੀ ਪਾਈਐ ॥ ਨਾਨਕ ! ਸਹਜਿ ਮਿਲੇ ਜਗਜੀਵਨ; ਸਤਿਗੁਰ ਬੂਝ ਬੁਝਾਈਐ ॥’’ (ਮਹਲਾ ੧/੪੩੬) ਇਸ ਦੇ ਨਾਲ਼ ਹੀ ਧਾਰਮਿਕ ਰਸਮਾਂ, ਕਾਇਦਿਆਂ ਭਾਵ ਨਿਰੀ ਮਰਯਾਦਾ ਦੀ ਹੀ ਵਿਚਾਰ ਕਰਨ ਦੀ ਬਜਾਇ ਰੱਬ ’ਤੇ ਭਰੋਸਾ ਰੱਖ ਕੇ, ਹਰ ਪਲ ਉਸ ਦੀ ਬੰਦਗੀ ਕਰਨੀ ਹੀ ਮਨੁੱਖੀ ਜੀਵਨ ਦਾ ਅਸਲ ਮਨੋਰਥ ਹੈ: ‘‘ਸਰੈ ਸਰੀਅਤਿ, ਕਰਹਿ ਬੀਚਾਰੁ ॥ ਬਿਨੁ ਬੂਝੇ, ਕੈਸੇ ਪਾਵਹਿ ਪਾਰੁ ?॥ ਸਿਦਕੁ ਕਰਿ ਸਿਜਦਾ; ਮਨੁ ਕਰਿ ਮਖਸੂਦੁ ॥ ਜਿਹ ਧਿਰਿ ਦੇਖਾ; ਤਿਹ ਧਿਰਿ ਮਉਜੂਦੁ ॥’’ (ਮਹਲਾ ੧/੮੪)
 3. ਗੁਰੂ ਦੇ ਸ਼ਬਦ-ਜਲ ਤੋਂ ਬਿਨਾਂ ਮਨ ਨੂੰ ਮਾਂਜਿਆ ਨਹੀਂ ਜਾ ਸਕਦਾ: ਵਿਕਾਰਾਂ ਨਾਲ਼ ਜੂਠੇ ਤੇ ਕਾਲ਼ੇ ਹੋ ਚੁੱਕੇ ਮਨ ਨੂੰ ਕਿਸੇ ਬਾਹਰੀ ਸੁੱਚ ਆਦਿਕ ਕਰਮ ਨਾਲ਼ ਨਹੀਂ ਬਲਕਿ ਸਿਰਫ਼ ਗੁਰੂ ਦੇ ਸ਼ਬਦ ਦੁਆਰਾ ਹੀ ਫਿਰ ਤੋਂ ਨਿਰਮਲ ਕੀਤਾ ਜਾ ਸਕਦਾ ਹੈ: ‘‘ਮਨਿ ਜੂਠੈ ਤਨਿ ਜੂਠਿ ਹੈ; ਜਿਹਵਾ ਜੂਠੀ ਹੋਇ ॥ ਮੁਖਿ ਝੂਠੈ, ਝੂਠੁ ਬੋਲਣਾ; ਕਿਉ ਕਰਿ ਸੂਚਾ ਹੋਇ ? ॥ ਬਿਨੁ ਅਭ (ਪਾਣੀ) ਸਬਦ ਨ ਮਾਂਜੀਐ; ਸਾਚੇ ਤੇ, ਸਚੁ ਹੋਇ ॥’’ (ਮਹਲਾ ੧/੫੬) ਇੱਥੋਂ ਤੱਕ ਕਿ ਸਰੀਰਕ ਸੁੱਖ ਜਾਂ ਦੁੱਖ ਦਾ ਵਾਪਰਨਾ ਵੀ ਮਨੁੱਖ ਦੀ ਆਪਣੀ ਬਿਰਤੀ ’ਤੇ ਨਿਰਭਰ ਕਰਦਾ ਹੈ (ਖਸਮੁ ਵਿਸਾਰਿ, ਕੀਏ ਰਸ ਭੋਗ ॥ ਤਾਂ ਤਨਿ, ਉਠਿ ਖਲੋਏ ਰੋਗ ॥ ਮਹਲਾ ੧/੧੨੫੬) ਨਾਮ ਸਿਮਰਨ ’ਚ ਰੰਗੇ ਹੋਏ ਗੁਰਮੁਖ ਦੇ ਅੰਦਰ ਸਦਾ ਆਨੰਦ ਤੇ ਚੜ੍ਹਦੀ ਕਲਾ ਹੋਣ ਕਰਕੇ ਸਰੀਰਕ ਦੁੱਖ ਛੇਤੀ ਕਿੱਧਰੇ ਆਪਣਾ ਪ੍ਰਭਾਵ ਨਹੀਂ ਪਾ ਸਕਦੇ ਜਦ ਕਿ ਇੱਕ ਮਨਮੁਖ ਦੁੱਖਾਂ ਦਾ ਟਾਕਰਾ ਕਰਦਿਆਂ ਹੋਇਆਂ ਛੇਤੀ ਹੀ ਹਾਰ ਜਾਂਦਾ ਹੈ। ਨਾਮ ਸਿਮਰਨ ਤੋਂ ਬਿਨਾਂ ਕੋਈ ਵੀ ਰੁੱਤ ਭਾਵ ਹੋਰ ਕੋਈ ਵੀ ਹੀਲਾ ਸਾਰਥਿਕ ਨਹੀਂ, ਤਾਂ ਤੇ ਮਨੁੱਖ ਵਾਸਤੇ ਉਹੀ ਸਮਾਂ, ਘੜੀ ਤੇ ਰੁੱਤ ਭਲੀ ਹੈ ਜਦੋਂ ਉਹ ਨਾਮ ਸਿਮਰਦਾ ਹੈ; ਜਿਵੇਂ ਕਿ ਗੁਰ-ਵਾਕ ਹੈ: ‘‘ਜੇਹੀ ਰੁਤਿ, ਕਾਇਆ ਸੁਖੁ ਤੇਹਾ; ਤੇਹੋ ਜੇਹੀ ਦੇਹੀ ॥ ਨਾਨਕ ! ਰੁਤਿ ਸੁਹਾਵੀ ਸਾਈ; ਬਿਨੁ ਨਾਵੈ, ਰੁਤਿ ਕੇਹੀ ?॥’’ (ਮਹਲਾ ੧/੧੨੫੪)

ਗੁਰੂ ਦੀ ਸ਼ਰਨ ਪੈ ਕੇ ਆਪਣੇ ਮਨ ਦਾ ਮੁਲਾਂਕਣ ਕਰਨ ਵਾਲੇ ਨੂੰ ਸਹਿਜੇ ਹੀ ਇਹ ਸੋਝੀ ਆ ਜਾਂਦੀ ਹੈ ਕਿ ਸੱਚੇ ਸ਼ਬਦ ਤੋਂ ਬਿਨਾਂ ਨਿਰੰਕਾਰ ਦਾ ਟਿਕਾਣਾ (ਪ੍ਰਮਾਤਮਾ ਦਾ ਸਾਡੇ ਨੇੜੇ ਹੋਣ ਦਾ ਅਹਿਸਾਸ) ਕੋਈ ਮਨੁੱਖ ਨਹੀਂ ਪਛਾਣ ਸਕਦਾ: ‘‘ਅੰਤਰਿ ਨਾਵਣੁ, ਸਾਚੁ ਪਛਾਣੈ ॥ ਅੰਤਰ ਕੀ ਗਤਿ, ਗੁਰਮੁਖਿ ਜਾਣੈ ॥ ਸਾਚ ਸਬਦ ਬਿਨੁ, ਮਹਲੁ ਨ ਪਛਾਣੈ ॥’’ (ਮਹਲਾ ੧/੪੧੪-੧੫)

 1. ਰੱਬੀ ਜੋਤ ਹਰੇਕ ਸਰੀਰ ’ਚ ਵਿਆਪਕ ਹੈ: ਗੁਰੂ ਦੀ ਸਿੱਖਿਆ ’ਤੇ ਪੂਰੀ ਤਰ੍ਹਾਂ ਚੱਲਣ ਵਾਲੇ ਕਿਸੇ ਵਿਰਲੇ ਗੁਰਸਿੱਖ ਦੀ ਇੱਕ ਰਸ ਵਰਤ ਰਹੀ ਰੱਬੀ ਜੋਤ ਨਾਲ਼ ਸਾਂਝ ਬਣਦੀ ਹੈ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਅਗਿਆਨਤਾ ਦੇ ਹਨ੍ਹੇਰੇ ’ਚ ਹੀ ਭਟਕਦਾ ਰਹਿੰਦਾ ਹੈ: ‘‘ਜਹ ਜਹ ਦੇਖਉ, ਤਹ ਤਹ ਸਾਚਾ॥ ਬਿਨੁ ਬੂਝੇ, ਝਗਰਤ ਜਗੁ ਕਾਚਾ ॥ ਗੁਰੁ ਸਮਝਾਵੈ, ਸੋਝੀ ਹੋਈ ॥ ਗੁਰਮੁਖਿ ਵਿਰਲਾ ਬੂਝੈ ਕੋਈ ॥ (ਮਹਲਾ ੧/੨੨੪), ਜਿਨਿ ਏਹੁ ਜਗਤੁ ਉਪਾਇਆ; ਤ੍ਰਿਭਵਣੁ ਕਰਿ ਆਕਾਰੁ ॥ ਗੁਰਮੁਖਿ ਚਾਨਣੁ ਜਾਣੀਐ; ਮਨਮੁਖਿ ਮੁਗਧੁ ਗੁਬਾਰੁ ॥ ਘਟਿ ਘਟਿ ਜੋਤਿ ਨਿਰੰਤਰੀ; ਬੂਝੈ ਗੁਰਮਤਿ ਸਾਰੁ॥’’ (ਮਹਲਾ ੧/੨੦)
 2. ਮਾਇਆ ਦਾ ਲੋਭ ਤੇ ਅਹੰਕਾਰ ਤਿਆਗਣਾ ਬਹੁਤ ਜ਼ਰੂਰੀ ਹੈ: ਮਾਇਆ ਵਿੱਚ ਅੰਨ੍ਹੇ ਹੋਏ ਮਨੁੱਖ ਭਾਵ ਮਨਮੁਖ ਨੂੰ ਕੋਈ ਸੋਝੀ ਨਹੀਂ ਆ ਸਕਦੀ: ‘‘ਇਕਿ ਆਵਹਿ ਜਾਵਹਿ, ਘਰਿ ਵਾਸੁ ਨ ਪਾਵਹਿ ॥ ਕਿਰਤ ਕੇ ਬਾਧੇ, ਪਾਪ ਕਮਾਵਹਿ ॥ ਅੰਧੁਲੇ, ਸੋਝੀ ਬੂਝ ਨ ਕਾਈ; ਲੋਭੁ ਬੁਰਾ ਅਹੰਕਾਰਾ ਹੇ ॥ (ਮਹਲਾ ੧/੧੦੨੮-੨੯), ਮਨਮੁਖਿ, ਕਦੇ ਨ ਦਰਗਹ ਸੀਝੈ ॥ ਬਿਨੁ ਸਬਦੈ, ਕਿਉ ਅੰਤਰੁ ਰੀਝੈ ॥ ਬਾਧੇ ਆਵਹਿ, ਬਾਧੇ ਜਾਵਹਿ; ਸੋਝੀ ਬੂਝ ਨ ਕਾਈ ਹੇ ॥’’ (ਮਹਲਾ ੧/੧੦੨੩-੨੪)
 3. ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਮਨੁੱਖ ਕੰਗਾਲ ਹੀ ਹੈ: ਨਾਮ ਧਨ ਤੋਂ ਬਿਨਾਂ ਕੁਝ ਵੀ ਨਾਲ਼ ਨਹੀਂ ਜਾ ਸਕਦਾ: ‘‘ਹਿਰਦੈ ਨਾਮੁ ਸਦਾ ਧੁਨਿ ਨਿਹਚਲ; ਘਟੈ ਨ ਕੀਮਤਿ ਪਾਈ ॥ ਬਿਨੁ ਨਾਵੈ, ਸਭੁ ਕੋਈ ਨਿਰਧਨੁ; ਸਤਿਗੁਰਿ ਬੂਝ ਬੁਝਾਈ ॥ (ਮਹਲਾ ੧/੧੨੩੨), ਸੁਇਨਾ ਰੁਪਾ ਸਭ ਧਾਤੁ ਹੈ; ਮਾਟੀ ਰਲਿ ਜਾਈ ॥ ਬਿਨੁ ਨਾਵੈ, ਨਾਲਿ ਨ ਚਲਈ; ਸਤਿਗੁਰਿ ਬੂਝ ਬੁਝਾਈ ॥ ਨਾਨਕ ! ਨਾਮਿ ਰਤੇ, ਸੇ ਨਿਰਮਲੇ; ਸਾਚੈ ਰਹੇ ਸਮਾਈ॥’’ (ਮਹਲਾ ੧/੧੦੧੧-੧੨)

ਦਿਨ ਰਾਤ ਸਾਡੀ ਆਰਬਲਾ (ਉਮਰ) ਘਟਦੀ ਜਾ ਰਹੀ ਹੈ ਤੇ ਅਸੀਂ ਇੱਥੇ ਸਦਾ ਟਿਕੇ ਨਹੀਂ ਰਹਿ ਸਕਦੇ, ਇਸ ਲਈ ਸਾਹਾਂ ਦੀ ਪੂੰਜੀ ਦੇ ਰਹਿੰਦੇ ਹੀ ਸ਼ਬਦ ਦੀ ਵਿਚਾਰ ਅਤਿ ਜ਼ਰੂਰੀ ਹੈ: ‘‘ਕਿਉ ਰਹੀਐ ? ਉਠਿ ਚਲਣਾ; ਬੁਝੁ ਸਬਦ ਬੀਚਾਰਾ ॥ ਜਿਸੁ ਤੂ ਮੇਲਹਿ, ਸੋ ਮਿਲੈ; ਧੁਰਿ ਹੁਕਮੁ ਅਪਾਰਾ ॥’’ (ਮਹਲਾ ੧/੧੦੧੨)

 1. ਗੁਰੂ ਦਾ ਸ਼ਬਦ ਵਿਚਾਰਨ ਨਾਲ਼ ਡਰ, ਸਹਿਮ, ਭਰਮ, ਵਹਿਮ ਤੇ ਹਉਮੈਂ ਆਦਿ ਦੂਰ ਹੋ ਜਾਂਦੇ ਹਨ: ਗੁਰੂ ਦਾ ਸ਼ਬਦ ਸਾਨੂੰ ਆਤਮ ਨਿਰਭਰ ਬਣਾਉਂਦਾ ਹੈ (ਆਪਣ ਹਥੀ ਆਪਣਾ; ਆਪੇ ਹੀ ਕਾਜੁ ਸਵਾਰੀਐ॥ ਮਹਲਾ ੧/੪੭੪) ਆਪਣੀ ਸੁਰਤ ਨੂੰ ਸ਼ਬਦ ਅੰਦਰ ਜੋੜਨ ਨਾਲ਼ ਸਾਡਾ ਮਨ ਨਿਰਮਲ ਹੁੰਦਾ ਹੈ ਤੇ ਉੱਤਮ (ਆਤਮਿਕ) ਅਨੰਦ ਮਿਲਦਾ ਹੈ, ਜਿਸ ਸਦਕਾ ਸਾਰੇ ਡਰ ਉੱਡ-ਪੁੱਡ ਜਾਂਦੇ ਹਨ: ‘‘ਬਿਨਵੰਤਿ ਨਾਨਕੁ, ਜਾਇ ਸਹਸਾ; ਬੁਝੈ ਗੁਰ ਬੀਚਾਰਾ ॥ (ਮਹਲਾ ੧/੫੬੭), ਸੋ ਬੂਝੈ, ਜੋ ਸਤਿਗੁਰੁ ਪਾਏ ॥ ਹਉਮੈ ਮਾਰੇ, ਗੁਰ ਸਬਦੇ ਪਾਏ ॥’’ (ਮਹਲਾ ੧/੨੨੮) ਸੁਰਤ (ਬਿਰਤੀ) ਜੋੜਨ ਤੋਂ ਭਾਵ ਗੁਰ ਸ਼ਬਦ ਨੂੰ ਵਿਚਾਰਨਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਬਾਹਰੋਂ ਦਰਸ਼ਨ ਕੀਤਿਆਂ ਭਾਵ ਸਿਰਫ਼ ਮੱਥਾ ਟੇਕਿਆਂ ਹੀ ਸਾਡਾ ਪਾਰ ਉਤਾਰਾ ਸੰਭਵ ਨਹੀਂ; ਗੁਰੂ ਦਾ ਸ਼ਬਦ ਵਿਚਾਰਨਾ ਹੀ ਅਸਲ ’ਚ ਗੁਰੂ ਦਰਸ਼ਨ ਹੈ; ਜਿਵੇਂ ਕਿ ਗੁਰ-ਵਾਕ ਹੈ: ‘‘ਸਬਦ ਸੁਰਤਿ ਸੁਖੁ ਊਪਜੈ; ਪ੍ਰਭ ਰਾਤਉ ਸੁਖ ਸਾਰੁ॥ ਜਿਉ ਭਾਵੈ, ਤਿਉ ਰਾਖੁ ਤੂੰ; ਮੈ ਹਰਿ ਨਾਮੁ ਅਧਾਰੁ ॥’’ (ਮਹਲਾ ੧/੬੨) ਪਰ ਗੁਰੂ ਦੀ ਬਾਣੀ ਨੂੰ ਵਿਚਾਰਨ ਤੋਂ ਬਿਨਾਂ ਮਨੁੱਖ ਅਨਮੋਲਕ ਸੂਝ ਤੋਂ ਸੱਖਣਾ ਰਹਿ ਜਾਂਦਾ ਹੈ ਤੇ ਆਪਣਾ ਮੂਲ ਵੀ ਗੁਆ ਕੇ, ਜਨਮ ਮਰਨ ਦੇ ਗੇੜ ’ਚ ਪਿਆ ਰਹਿੰਦਾ ਹੈ: ‘‘ਸਬਦ ਸੁਰਤਿ ਬਿਨੁ ਆਵੈ ਜਾਵੈ; ਪਤਿ ਖੋਈ ਆਵਤ ਜਾਤਾ ਹੇ ॥’’ (ਮਹਲਾ ੧/੧੦੩੧-੩੨) ਸੰਸਾਰੀ ਕਾਰ ਵਿਹਾਰ ਕਰਦਿਆਂ ਹੀ ਸੰਸਾਰ ਤੋਂ ਨਿਰਲੇਪ ਰਹਿਣਾ ਤੇ ਗੁਰੂ ਦੇ ਸ਼ਬਦ ’ਚ ਸੁਰਤ ਜੋੜਨੀ, ਇੱਕ ਉੱਤਮ ਤੇ ਵਿਲੱਖਣ ਜੀਵਨ ਜੁਗਤ ਹੈ ਜਿਸ ਸਦਕਾ ਸੰਸਾਰ ਸਮੁੰਦਰ ਤੋਂ ਪਾਰ ਹੋਇਆ ਜਾ ਸਕਦਾ ਹੈ: ‘‘ਜੈਸੇ ਜਲ ਮਹਿ, ਕਮਲੁ ਨਿਰਾਲਮੁ; ਮੁਰਗਾਈ, ਨੈ ਸਾਣੇ ॥ ਸੁਰਤਿ ਸਬਦਿ, ਭਵ ਸਾਗਰੁ ਤਰੀਐ; ਨਾਨਕ ! ਨਾਮੁ ਵਖਾਣੇ॥’’ (ਮਹਲਾ ੧/੯੩੮)
 2. ਨਿਰੰਕਾਰ ਦੀ ਸਿਫ਼ਤ ਸਾਲਾਹ ਤੇ ਅਰਜ਼ੋਈ ਕਰਨ ਵਾਲ਼ਿਆਂ ਨੂੰ ਨਿਰੰਕਾਰ ਦੀ ਪ੍ਰਾਪਤੀ ਹੁੰਦੀ ਹੈ: ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖ ਨੂੰ ਸੱਚੇ ਸਾਹਿਬ ਦੇ ਬੇਅੰਤ ਗੁਣਾਂ ਦਾ ਅਨੁਭਵ ਹੁੰਦਾ ਹੈ: ‘‘ਗੁਰਮੁਖਿ ਬੂਝੈ, ਅਕਥੁ ਕਹਾਵੈ ॥ ਸਚੇ ਠਾਕੁਰ, ਸਾਚੋ ਭਾਵੈ ॥ ਨਾਨਕ ! ਸਚੁ ਕਹੈ ਬੇਨੰਤੀ; ਸਚੁ ਮਿਲੈ, ਗੁਣ ਗਾਵਣਿਆ ॥’’ (ਮਹਲਾ ੧/੧੦੯) ਯਕੀਨਨ ! ਨਿਰੰਕਾਰ ਦੀ ਵਡਿਆਈ ਕਰਨ ਨਾਲ਼ ਸਾਰੇ ਹੀ ਦੁੱਖ ਮਿਟ ਜਾਂਦੇ ਹਨ। ਮਨੁੱਖ ਦੀ ਅੰਦਰਲੀ ਅਵਸਥਾ ਅਜਿਹੀ ਅਨੰਦਿਤ ਬਣ ਜਾਂਦੀ ਹੈ, ਮਾਨੋ ਕਿ ਹੱਥਾਂ ਬਿਨਾਂ ਸੰਗੀਤ ਵੱਜਦਾ ਹੋਵੇ ਤੇ ਪੈਰਾਂ ਦੇ ਬਗੈਰ ਨਾਚ ਭਾਵ ਆਪਣੇ ਅੰਤਰ ਆਤਮੇ ਸੁੱਖ ਹੀ ਸੁੱਖ ਮਹਿਸੂਸ ਹੁੰਦੇ ਹਨ: ‘‘ਕਰ ਬਿਨੁ ਵਾਜਾ, ਪਗ ਬਿਨੁ ਤਾਲਾ ॥ ਜੇ ਸਬਦੁ ਬੁਝੈ, ਤਾ ਸਚੁ ਨਿਹਾਲਾ ॥ ਅੰਤਰਿ ਸਾਚੁ, ਸਭੇ ਸੁਖ ਨਾਲਾ॥ ਨਦਰਿ ਕਰੇ, ਰਾਖੈ ਰਖਵਾਲਾ ॥’’ (ਆਸਾ ਮਹਲਾ ੧/੪੧੨)
 3. ਗੁਰ ਸ਼ਬਦ ਦੇ ਪਿਆਰ ’ਚ ਰੱਤੇ ਹੋਏ ਮਨੁੱਖ ਨੂੰ ਮਾਲਕ ਆਪ ਹੀ ਪਛਾਣ ਲੈਂਦਾ ਹੈ: ਭਾਗਾਂ ਵਾਲੇ ਅਜਿਹੇ ਮਨੁੱਖ ਨੂੰ ਰੱਬੀ ਬਖ਼ਸ਼ਸ਼ ਦੀ ਦਾਤ ਨਸੀਬ ਹੁੰਦੀ ਹੈ ਤੇ ਇੰਞ ਜਨਮ ਮਰਨ ਦਾ ਗੇੜ ਵੀ ਗੁਰੂ ਦੇ ਸ਼ਬਦ ਦੀ ਰਾਹੀਂ ਮਿਟ ਜਾਂਦਾ ਹੈ, ਪਰ ਰੱਬ ਦੇ ਨਾਮ ਸਿਮਰਨ ਦੀ ਸੋਝੀ ਸਿਰਫ਼ ਉਸੇ ਨੂੰ ਆਉਂਦੀ ਹੈ, ਜਿਸ ਨੂੰ ਮਾਲਕ ਆਪ ਸਮਝਾਉਂਦਾ ਹੈ: ‘‘ਆਵਾ ਗਉਣੁ ਮਿਟੈ ਗੁਰ ਸਬਦੀ; ਆਪੇ ਪਰਖੈ ਬਖਸਿ ਲਇਆ ॥ ਏਕਾ ਬੇਦਨ ਦੂਜੈ ਬਿਆਪੀ; ਨਾਮੁ ਰਸਾਇਣੁ ਵੀਸਰਿਆ ॥ ਸੋ ਬੂਝੈ, ਜਿਸੁ ਆਪਿ ਬੁਝਾਏ; ਗੁਰ ਕੈ ਸਬਦਿ, ਸੁ ਮੁਕਤੁ ਭਇਆ ॥ ਨਾਨਕ ! ਤਾਰੇ ਤਾਰਣਹਾਰਾ; ਹਉਮੈ ਦੂਜਾ, ਪਰਹਰਿਆ॥’’ (ਮਹਲਾ ੧/੯੪੦-੪੧) ਵੈਸੇ ਮੂੰਹ ਨਾਲ਼ ਤਾਂ ਹਰ ਕੋਈ ਹੀ ਪ੍ਰਮਾਤਮਾ ਨੂੰ ਆਪਣਾ ਕਹਿੰਦਾ ਹੈ ਪਰ ਤਰਦੇ ਉਹੀ ਹਨ ਜਿਨ੍ਹਾਂ ਦੇ ਹਿਰਦੇ ਸੱਚੀ ਪ੍ਰੀਤ ਨਾਲ਼ ਵਿੰਨ੍ਹੇ ਜਾਂਦੇ ਹਨ: ‘‘ਸਭੁ ਕੋ ਆਖੈ ਆਪਣਾ ਭਾਈ ! ਗੁਰ ਤੇ ਬੁਝੈ ਸੁਜਾਨੁ ॥ ਜੋ ਬੀਧੇ, ਸੇ ਊਬਰੇ ਭਾਈ ! ਸਬਦੁ ਸਚਾ ਨੀਸਾਨੁ ॥’’ (ਮਹਲਾ ੧/੬੩੬-੩੭)
 4. ਗੁਰੂ ਦੇ ਸ਼ਬਦ ਦੁਆਰਾ ਖ਼ਾਲਕ ਦੇ ਗੁਣਾਂ ਦੀ ਵਿਚਾਰ ਕਰਨ ਨਾਲ਼ ਖ਼ਲਕਤ ਦੀ ਸੇਵਾ ਕਰਨ ਦਾ ਚਾਉ ਪੈਦਾ ਹੁੰਦਾ ਹੈ: ‘ਸਵੈ’ ਤੋਂ ਸ਼ੁਰੂ ਕੀਤੀ ਸੇਵਾ; ਨਿਰਸੰਦੇਹ ਮਨੁੱਖ ਨੂੰ ਨਿਸ਼ਕਾਮੀ ਬਣਾਉਂਦੀ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਜੇਕਰ ਪਹਿਲਾਂ ਆਪਣਾ ਦਿਲ ਖੋਜ ਲਿਆ ਜਾਵੇ ਤਾਂ ਸਹਿਜੇ ਹੀ ਦੂਸਰੇ ’ਚ ਵੀ ਰੱਬ ਵੱਸਦਾ ਨਜ਼ਰ ਆ ਜਾਂਦਾ ਹੈ; ਜਿਵੇਂ ਕਿ ਗੁਰ-ਵਾਕ ਹੈ: ‘‘ਸੇਵਾ ਸੁਰਤਿ, ਸਬਦਿ ਵੀਚਾਰਿ ॥ ਜਪੁ, ਤਪੁ, ਸੰਜਮੁ, ਹਉਮੈ ਮਾਰਿ ॥ ਜੀਵਨ ਮੁਕਤੁ, ਜਾ ਸਬਦੁ ਸੁਣਾਏ॥ ਸਚੀ ਰਹਤ, ਸਚਾ ਸੁਖੁ ਪਾਏ ॥’’ (ਮਹਲਾ ੧/੧੩੪੨-੪੩) ਇੰਞ ਕਰਨੀ ਕਮਾ ਕੇ, ਜਦ ਕੋਈ ਮਨੁੱਖ ਗੁਰੂ ਦੇ ਸ਼ਬਦ ’ਚ ਜੁੜਦਾ ਹੈ ਤਾਂ ਉਸ ਦੀ ਸੇਵਾ ਕਬੂਲ ਹੋ ਜਾਂਦੀ ਹੈ ਤੇ ਉਸ ਨੂੰ ਪ੍ਰਭੂ ਪਿਤਾ ਦਾ ਮਿਲਾਪ ਹੋ ਜਾਂਦਾ ਹੈ। ਗੁਰ ਸ਼ਬਦ ਰਾਹੀਂ ਆਪਣਾ ਆਪ ਗਵਾ ਕੇ, ਸੱਚੀ ਸੇਵਾ (ਹਰ ਵੇਲੇ ਚਿੰਤਨ) ਕਰਨ ਵਾਲਾ ਗੁਰਮੁਖ ਹੋਰਨਾਂ ਦਾ ਜੀਵਨ ਵੀ ਸੁਆਰ ਦਿੰਦਾ ਹੈ: ‘‘ਤ੍ਰਿਭਵਣ ਸੂਝੈ, ਆਪੁ ਗਵਾਵੈ ॥ ਬਾਣੀ ਬੂਝੈ, ਸਚਿ ਸਮਾਵੈ ॥ ਸਬਦੁ ਵੀਚਾਰੇ, ਏਕ ਲਿਵ ਤਾਰਾ ॥ ਨਾਨਕ ! ਧੰਨੁ ਸਵਾਰਣਹਾਰਾ ॥’’ (ਮਹਲਾ ੧/੪੧੨)

ਅੰਤ ’ਚ ਸਾਰ ਵਜੋਂ; ਇਹ ਚੇਤੇ ਰੱਖਣਾ ਲਾਭਕਾਰੀ ਰਹੇਗਾ ਕਿ ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ ਹੀ, ਗੁਰੂ ਦੀ ਸੇਵਾ ਕਮਾਉਣਾ ਹੈ: ‘‘ਗੁਰ ਕੀ ਸੇਵਾ, ਸਬਦੁ ਵੀਚਾਰੁ ॥ ਹਉਮੈ ਮਾਰੇ, ਕਰਣੀ ਸਾਰੁ ॥’’ (ਮਹਲਾ ੧/੨੨੩) ਅਤੇ ਆਪਣੇ ਆਤਮਿਕ ਜੀਵਨ ਨੂੰ ਪਛਾਣਨ ਵਾਲੇ ਨੂੰ ਹੀ ਪ੍ਰਮਾਤਮਾ ਦਾ ਗਿਆਨ ਤੇ ਮਿਲਾਪ ਹੋ ਸਕਦਾ ਹੈ: ‘‘ਜਿਨੀ ਆਤਮੁ ਚੀਨਿਆ, ਪਰਮਾਤਮੁ ਸੋਈ ॥ ਏਕੋ ਅੰਮ੍ਰਿਤ ਬਿਰਖੁ ਹੈ, ਫਲੁ ਅੰਮ੍ਰਿਤੁ ਹੋਈ ॥ ਅੰਮ੍ਰਿਤ ਫਲੁ ਜਿਨੀ ਚਾਖਿਆ, ਸਚਿ ਰਹੇ ਅਘਾਈ॥ ਤਿੰਨਾ ਭਰਮੁ ਨ ਭੇਦੁ ਹੈ; ਹਰਿ ਰਸਨ ਰਸਾਈ ॥’’ (ਮਹਲਾ ੧/੪੨੧)

ਪ੍ਰੇਮ ਨਾਲ਼ ਭਰਪੂਰ, ਗੁਰੂ ਨਾਨਕ ਜੀ ਦੇ ਰੂਹਾਨੀ ਘਰ ਦੀ ਨੀਂਹ ਐਨੀ ਪੱਕੀ ਹੈ ਕਿ ਰਹਿੰਦੀ ਦੁਨੀਆ ਤੱਕ ਇਸ ਨੂੰ ਹਿਲਾਉਣਾ ਸੰਭਵ ਨਹੀਂ। (ਅਬਿਚਲ ਨੀਵ ਧਰੀ ਗੁਰ; ਨਾਨਕ  ! ਨਿਤ ਨਿਤ ਚੜੈ ਸਵਾਈ ॥’’ ਮਹਲਾ  ੫/੫੦੦) ਇਹ ਵੀ ਠੀਕ ਹੈ ਕਿ  ਵਰਗੀਆਂ ਮਾਨਵਤਾ ਵਿਰੋਧੀ ਸੰਸਥਾਵਾਂ ਸਿੱਖਾਂ ਸਮੇਤ ਹੋਰ ਘੱਟ ਗਿਣਤੀਆਂ ਨੂੰ ਹਰ ਹੀਲਾ ਵਰਤ ਕੇ ਨਿਗਲ਼ਨ ਲਈ ਦਿਨ ਰਾਤ ਤਤਪਰ ਰਹਿੰਦੀਆਂ ਹਨ ਪਰ ਕੀ ਸਾਨੂੰ ਕੋਈ ਆਪਣੇ ਹੀ ਘਰ ’ਚ ਬਾਣੀ ਪੜ੍ਹਨ ਭਾਵ ਗੁਰੂ ਦੇ ਸ਼ਬਦ ਨਾਲ਼ ਸਾਂਝ ਪਾਉਣ (ਗੁਰੂ ਦੀ ਸੰਗਤ ਕਰਨ) ਤੋਂ ਰੋਕ ਸਕਦਾ ਹੈ ? ਗੁਰੂ ਦਾ ਸ਼ਬਦ ਤਾਂ ਹਮੇਸ਼ਾ ਸਾਡੀ ਜਿੰਦ ਦੇ ਨਾਲ਼ ਵੱਸਦਾ ਹੈ, ਨਾ ਤਾਂ ਇਹ ਪਾਣੀ ’ਚ ਡੁੱਬ ਸਕਦਾ ਹੈ, ਨਾ ਅੱਗ ਸਾੜ ਸਕਦੀ ਹੈ ਤੇ ਨਾ ਹੀ ਮਾਨਵਤਾ ਦਾ ਖ਼ੂਨ ਕਰਨ ਵਾਲੇ ਦਰਿੰਦੇ ਇਸ ਨੂੰ ਖੋਹ ਕੇ ਕਿਤੇ ਹੋਰ ਲਿਜਾ ਸਕਦੇ ਹਨ, ‘‘ਜਲਿ ਨਹੀ ਡੂਬੈ, ਤਸਕਰੁ ਨਹੀ ਲੇਵੈ; ਭਾਹਿ ਨ ਸਾਕੈ ਜਾਲੇ ॥੧॥ ਰਹਾਉ ॥’’ (ਮਹਲਾ  ੫/੬੭੯), ਗੁਰੂ ਦਾ ਸ਼ਬਦ ਤਾਂ ਅਟੱਲ ਹੈ ਤੇ ਲੋਕ, ਪਰਲੋਕ ’ਚ ਸਹਾਈ ਹੋਣ ਵਾਲਾ ਹੈ; ਆਉ ! ਗੁਰੂ ਨਾਨਕ ਸਾਹਿਬ ਜੀ ਦਾ ੫੫੦ਵਾਂ ਪ੍ਰਕਾਸ਼ ਦਿਹਾੜਾ, ਆਪਣੇ ਹਿਰਦਿਆਂ ਨੂੰ ਸ਼ਬਦ ਗੁਰੂ ਦੇ ਗਿਆਨ ਰੂਪੀ ਚਾਨਣ ਨਾਲ਼ ਪ੍ਰਕਾਸ਼ ਕਰ ਕੇ ਮਨਾਈਏ ਤੇ ਯਥਾ ਸ਼ਕਤ ਮਨੁੱਖਤਾ ਦੀ ਸੇਵਾ ਵੀ ਕਰੀਏ ਤਾਂ ਹੀ ‘ਘਰਿ ਘਰਿ ਬਾਬਾ ਪੂਜੀਐ’ ਤੇ ‘ਘਰਿ ਘਰਿ ਬਾਬਾ ਗਾਵੀਐ’ ਜਿਹੇ ਬਚਨਾਂ ਦੀਆਂ ਗੂੰਜਾਂ ਇੱਕ ਵਾਰ ਫਿਰ ਤੋਂ ਸਾਰੇ ਸੰਸਾਰ ’ਚ ਪੈ ਸਕਣਗੀਆਂ।

ਧੰਨਵਾਦ !