ਸਿੱਖ ਲੜਕੀਆਂ ਦੇ ਵਿਆਹ ਗ਼ੈਰ ਸਿੱਖਾਂ ਨਾਲ਼ ਹੋਣੇ, ਕੌਮ ਲਈ ਚੁਣੌਤੀ

0
42

ਸਿੱਖ ਲੜਕੀਆਂ ਦੇ ਵਿਆਹ ਗ਼ੈਰ ਸਿੱਖਾਂ ਨਾਲ਼ ਹੋਣੇ, ਕੌਮ ਲਈ ਚੁਣੌਤੀ

ਕੁਲਦੀਪ ਸਿੰਘ (ਆਟੋ ਚਾਲਕ), 55/3, ਦੀਪ ਨਗਰ (ਪਟਿਆਲਾ)- 90412-63401

ਮੇਜ ’ਤੇ ਪਿਆ ਵਿਆਹ ਦਾ ਸੱਦਾ ਪੱਤਰ ਮੇਰਾ ਮੂੰਹ ਚਿੜ੍ਹਾ ਰਿਹਾ ਹੈ। ਬੜੀ ਸੋਹਣੀ ਸ਼ਬਦਾਵਲੀ ਹੈ। ਸਵਰਗਾਂ ਵਿੱਚ ਬੈਠੇ ਦਾਦਾ-ਦਾਦੀ ਦੇ ਆਸ਼ੀਰਵਾਦ ਨਾਲ ਸਰਦਾਰ ਸਿੰਘ ਜੀ ਦੀ ਪਿਆਰੀ ਧੀ ਦਾ ਅਨੰਦ ਕਾਰਜ ਬੜੇ ਚਾਵਾਂ-ਮਲ੍ਹਾਰਾਂ ਦੇ ਨਾਲ ਹੋਣ ਲੱਗਾ ਹੈ। ਉਹ ਇਸ ਸ਼ੁਭ ਮੌਕੇ ਨੂੰ ਮੇਰੇ ਵਰਗੇ ਸੱਜਣਾਂ ਮਿੱਤਰਾਂ ਦੀ ਹਾਜ਼ਰੀ ਨਾਲ ਸ਼ੋਭਨੀਕ ਬਣਾਉਣਾ ਲੋਚਦੇ ਹਨ।

ਪਰ ਕਾਰਡ ਵਿੱਚ ਛਪੀ ਦੂਜੀ ਧਿਰ (ਲੜਕੇ ਵਾਲਿਆਂ) ਦੀ ਸਰਸਰੀ ਜਾਣਕਾਰੀ ਪੜ੍ਹ ਕੇ ਮੈਂ ਸਦਮੇ ਵਿੱਚ ਆ ਗਿਆ ਹਾਂ। ਜਾਂ ਤਾਂ ਧੀ ਰਾਣੀ ਨੂੰ ਸਿੱਖੀ ਸਰੂਪ ਵਾਲਾ ਕੋਈ ਲੜਕਾ ਪਸੰਦ ਹੀ ਨਹੀਂ ਆਇਆ ਜਾਂ ਉਹ ਕਿਸੇ ਗੈਰ ਸਿੱਖ ਨਾਲ ਝੂਟੀਆਂ ਪਿਆਰ-ਪੀਂਘਾਂ ਨੂੰ ‘ਅਰੇਂਜਡ ਮੈਰਿਜ’ ਦੇ ਰੂਪ ਵਿੱਚ ਪ੍ਰਵਾਨ ਚੜ੍ਹਾਉਣ ਲੱਗੀ ਹੈ।

ਬਹੁਤੇ ਲੋਕਾਂ ਨੂੰ ਇਹ ਅਜੋਕੇ ਸਮੇਂ ਦਾ ਇਕ ਆਮ ਵਰਤਾਰਾ ਹੀ ਲੱਗਦਾ ਹੈ, ਜਿਸ ਵਿਚ ਉਨ੍ਹਾਂ ਨੂੰ ਕੁਝ ਵੀ ਇਤਰਾਜ਼ ਯੋਗ ਨਹੀਂ ਜਾਪਦਾ, ਪਰ ਮੇਰੇ ਮਨ ਵਿਚ ਇਕ ਦਵੰਦ ਸ਼ੁਰੂ ਹੋ ਗਿਆ ਹੈ।

ਦਰਅਸਲ ਸਾਡੇ ਵੱਡ ਵਡੇਰੇ, ਜਿਨ੍ਹਾਂ ਵਿੱਚ ਇਹ ਸਵਰਗਵਾਸੀ ਦਾਦਾ-ਦਾਦੀ ਵੀ ਸ਼ਾਮਲ ਸਨ, ਜਿਊਂਦਿਆਂ ਹੋਇਆਂ ਜਦੋਂ ਕਦੇ ਆਪਣੇ ਪਿਛੋਕੜ (ਪਾਕਿਸਤਾਨ ਵਿੱਚ ਰਹਿ ਗਈ ਜ਼ਮੀਨ-ਜਾਇਦਾਦ, ਕਾਰੋਬਾਰ ਜਾਂ ਆਪਣੀ ਅਮੀਰੀ) ਦੀਆਂ ਗੱਲਾਂ ਕਰਦੇ ਹੁੰਦੇ ਸਨ ਤਾਂ ਉਦੋਂ ਸਾਡੇ ਮਨਾਂ ਵਿੱਚ ਇਹ ਸਵਾਲ ਉੱਠਦਾ ਸੀ ਕਿ ਇਨ੍ਹਾਂ ਨੂੰ ਇਹ ਸਭ ਕੁਝ ਕਿਉਂ ਛੱਡਣਾ ਪਿਆ ?

ਸਾਨੂੰ ਜਵਾਬ ਵਿੱਚ ਦੱਸਿਆ ਜਾਂਦਾ ਸੀ ਕਿ ਉਨ੍ਹਾਂ ਨੇ ਸਭ ਕੁਝ ਛੱਡਣਾ ਖ਼ੁਦ ਪ੍ਰਵਾਨ ਕੀਤਾ ਸੀ ਕਿਉਂਕਿ ਉਹ ਗੁਰੂ ਦੀ ਸਿੱਖੀ ਨਹੀਂ ਸਨ ਛੱਡਣਾ ਚਾਹੁੰਦੇ। ਉਨ੍ਹਾਂ ਨੂੰ ਦੁਨਿਆਵੀ ਦੌਲਤਾਂ ਨਾਲੋਂ ਸਿੱਖੀ ਸਰੂਪ ਵਧੇਰੇ ਪਿਆਰਾ ਸੀ। ਇਹ ਕੇਸ-ਦਾੜ੍ਹੀਆਂ, ਇਹ ਸਿੱਖੀ ਦੇ ਚਿੰਨ੍ਹ ਉਨ੍ਹਾਂ ਨੂੰ ਆਪਣੀ ਹੋਂਦ ਦੇ ਪ੍ਰਤੀਕ ਜਾਪਦੇ ਸਨ। ਉਨ੍ਹਾਂ ਨੂੰ ਆਪਣੇ ਇਸ ਸਰੂਪ ’ਤੇ ਮਾਣ ਸੀ। ਇਹ ਸਰੂਪ ਉਨ੍ਹਾਂ ਦੀ ਮਾਨਸਿਕਤਾ ਦਾ ਐਸਾ ਹਿੱਸਾ ਸੀ ਜਿਸ ਤੋਂ ਬਿਨਾਂ ਜੀਵਤ ਰਹਿਣ ਦੀ ਉਹ ਕਲਪਨਾ ਵੀ ਨਹੀਂ ਸਨ ਕਰ ਸਕਦੇ।

ਓਦੋਂ ਸਾਨੂੰ ਬੜਾ ਫ਼ਖ਼ਰ ਮਹਿਸੂਸ ਹੁੰਦਾ ਸੀ ਪਰ ਸਾਡੇ ਬਾਲ ਮਨਾਂ ਵਿੱਚ ਫੇਰ ਵੀ ਕਦ ਕਦਾਈਂ ਅਜਿਹੇ ਸਵਾਲ ਉੱਠ ਖਲੋਂਦੇ ਸਨ ਕਿ ਕੀ ਫ਼ਰਕ ਪੈ ਜਾਂਦਾ ਜੇ ਇਹ ਆਪਣੇ ਸਰੂਪ ਨੂੰ ਤਿਆਗਣ ਲਈ ਤਿਆਰ ਹੋ ਜਾਂਦੇ ? ਘੱਟੋ ਘੱਟ ਸੁਖ ਸਹੂਲਤਾਂ ਭਰਿਆ ਜੀਵਨ ਤਾਂ ਗੁਜਾਰ ਲੈਂਦੇ। ਕੌਣ ਕੱਢ ਸਕਦਾ ਸੀ ਫੇਰ ਇਨ੍ਹਾਂ ਨੂੰ ਆਪਣੇ ਨਗਰਾਂ-ਗਰਾਵਾਂ ਵਿੱਚੋਂ ? ਕਿਸ ਨੇ ਕਿਹਾ ਸੀ ਏਧਰ ਆ ਕੇ ਇੰਨੇ ਜ਼ਫ਼ਰ ਜਾਲਣ ਨੂੰ ? ਵਾਹਿਗੁਰੂ ਨਾ ਕਹਿੰਦੇ-ਅੱਲ੍ਹਾ ਕਹਿ ਲੈਂਦੇ, ਆਪਣੇ ਘਰਾਂ ਵਿੱਚ ਰਾਜੇ ਤਾਂ ਹੁੰਦੇ।

ਸਮੇਂ ਦੇ ਵਹਾਅ ਨਾਲ ਇਹ ਸਮਝ ਆਉਂਦੀ ਗਈ ਕਿ ਸਾਡੇ ਉਹ ਵਡੇਰੇ ਬੜੇ ਸਿਆਣੇ ਤੇ ਦੂਰਦਰਸ਼ੀ ਸਨ। ਉਨ੍ਹਾਂ ਨੇ ਆਪਣੇ ਵਰਤਮਾਨ ਨਾਲ ਪਿਆਰ ਨਹੀਂ ਸੀ ਕੀਤਾ ਬਲਕਿ ਉਨ੍ਹਾਂ ਫ਼ਿਕਰ ਕੀਤਾ ਸੀ ਆਪਣੀਆਂ ਆਉਣ ਵਾਲੀਆਂ ਨਸਲਾਂ ਦੇ ਭਵਿੱਖ ਦਾ। ਉਹ ਚਿੰਤਤ ਸਨ ਕਿ ਮਤਾਂ ਉਨ੍ਹਾਂ ਦੇ ਕਿਸੇ ਗ਼ਲਤ ਕਦਮ ਨਾਲ਼ ਇਹ ਸੋਹਣੇ ਕੇਸ-ਦਾੜ੍ਹੀਆਂ, ਇਹ ਸੁੰਦਰ ਦਸਤਾਰਾਂ ਕਿਤੇ ਅਲੋਪ ਹੀ ਨਾ ਹੋ ਜਾਣ। ਕਿਸੇ ਅਖੌਤੀ ਲਿਖਾਰੀ ਦੇ ਲਿਖੇ ਮੁਤਾਬਕ ਇਹ ਸੋਹਣੀਆਂ ਸਿੱਖ ਸੂਰਤਾਂ ਅਜਾਇਬ ਘਰਾਂ ਦਾ ਸ਼ਿੰਗਾਰ ਹੀ ਨਾ ਬਣ ਕੇ ਰਹਿ ਜਾਣ। ਇਸੇ ਲਈ ਉਨ੍ਹਾਂ ਨੇ ਆਪਣੇ ਅੱਲੜ੍ਹ ਉਮਰ ਦੇ ਸੁਪਨੇ, ਸੁਖ-ਚੈਨ, ਨੀਂਦਰਾਂ ਸਭ ਕੁਝ ਸਿੱਖੀ ਸਰੂਪ ਨੂੰ ਬਚਾਉਣ ਦੇ ਲੇਖੇ ਲਾ ਦਿੱਤੇ। ਆਪਣੀ ਜੰਮਣ ਭੋਂ ਨੂੰ ਛੱਡ ਕੇ ਏਧਰ ਆ ਕੇ ਟੋਕਰੀਆਂ ਢੋ ਲਈਆਂ, ਟਾਂਗੇ ਚਲਾ ਲਏ, ਮਜ਼ਦੂਰੀਆਂ ਕਰ ਲਈਆਂ, ਹਰ ਤਕਲੀਫ਼ ਖਿੜੇ ਮੱਥੇ ਸਹਿ ਲਈ ਪਰ ਇਸ ਸਰੂਪ ਨੂੰ ਲਾਜ ਨਾ ਲੱਗਣ ਦਿੱਤੀ। ਆਪਣੀ ਚੇਤਨਾ ’ਚੋਂ ਵੱਖਰੀ ਕੌਮੀ ਹੋਂਦ ਦਾ ਅਹਿਸਾਸ ਨਾ ਮਰਨ ਦਿੱਤਾ।

ਹੁਣ ਜ਼ਿਕਰ ਕਰਦੇ ਹਾਂ ਉਨ੍ਹਾਂ ਦੀ ਅਗਲੀ ਪੀੜ੍ਹੀ ਯਾਨੀ ਆਪਣੇ ਪਿਓ-ਚਾਚੇ ਦੇ ਹਾਣੀ ਗੁਰਸਿੱਖਾਂ ਦਾ। ਇਨ੍ਹਾਂ ’ਚੋਂ ਵੀ ਬਹੁਤਿਆਂ ਨੇ 1984 ਵਾਲੇ ਦੋ ਘੱਲੂਘਾਰੇ ਆਪਣੀਆਂ ਅੱਖਾਂ ਨਾਲ ਤੱਕੇ ਸਨ ਜਾਂ ਕਿਸੇ ਨਾ ਕਿਸੇ ਤਰੀਕੇ ਇਨ੍ਹਾਂ ਦਾ ਸੇਕ ਆਪਣੇ ਪਿੰਡੇ ’ਤੇ ਝੱਲਿਆ ਸੀ। ਇਤਿਹਾਸ ਗਵਾਹ ਹੈ ਕਿ ਜੂਨ 84 ਵਿੱਚ ਸਾਡੇ ਸੂਰਮਿਆਂ ਨੇ ਟੈਂਕਾਂ ਅੱਗੇ ਵੀ ਛਾਤੀਆਂ ਡਾਹ ਦਿੱਤੀਆਂ ਸਨ। ਨਵੰਬਰ 84 ਵਿਚ ਸੜਦੇ ਬਲਦੇ ਟਾਇਰ ਗਲਾਂ ਵਿਚ ਪੁਆ ਲਏ ਸਨ। ਬਲਦੀਆਂ ਹੋਈਆਂ ਇਸਪਾਤ ਵਾਲੀਆਂ ਭੱਠੀਆਂ ਵਿਚ ਸੁੱਟ ਕੇ ਲੋਹੇ ਵਾਂਗੂੰ ਗਾਲ ਦਿੱਤੇ ਗਏ ਸਨ। ਹਜ਼ਾਰਾਂ ਸਿੱਖ ਪਰਵਾਰ ਦਿੱਲੀ, ਕਾਨਪੁਰ ਵਰਗੇ ਮਹਾਂ ਨਗਰਾਂ ’ਚੋਂ ਆਪਣੇ ਘਰਾਂ, ਦੁਕਾਨਾਂ, ਕਾਰੋਬਾਰਾਂ ਨੂੰ ਛੱਡ ਪੰਜਾਬ ਆ ਗਏ ਸਨ। ਕਿਉਂ ?

ਕਿਉਂਕਿ ਉਨ੍ਹਾਂ ਦੀ ਮਾਨਸਿਕਤਾ ਵਿਚ ਵੀ ਇਹ ਵਿਚਾਰ ਡੂੰਘਾ ਵਸਿਆ ਹੋਇਆ ਸੀ ਕਿ ਸਿੱਖੀ ਸਰੂਪ ਨਾਲ ਹੀ ਸਾਡੀ ਵੱਖਰੀ ਕੌਮੀ ਹੋਂਦ ਕਾਇਮ ਰਹਿਣੀ ਹੈ। ਉਨ੍ਹਾਂ ਨੇ ਵੀ ਆਪਣੇ ਸਿਰ ਦੇ ਕੇਸਾਂ, ਦਾੜ੍ਹੀਆਂ, ਦਸਤਾਰਾਂ ਨੂੰ ਆਪਣੇ ਵਜ਼ੂਦ ਦੀ ਨਿਸ਼ਾਨੀ ਸਵੀਕਾਰਿਆ ਤੇ ਉਨ੍ਹਾਂ ਨੂੰ ਪਿਆਰ ਕੀਤਾ।

ਜਿਨ੍ਹਾਂ ਬੇਕਸੂਰ ਸਿੱਖਾਂ ਨੂੰ ਭੂਤਰੀਆਂ ਭੀੜਾਂ ਨੇ ਕੇਸ ਕਤਲ ਕਰ ਕੇ ਛੱਡ ਦਿੱਤਾ ਸੀ ਉਨ੍ਹਾਂ ਨੂੰ ਵੀ ਆਪਣੇ ਰੁੰਡ ਮਰੁੰਡ ਚੇਹਰੇ ਪਸੰਦ ਨਹੀਂ ਸਨ ਆਏ। ਉਨ੍ਹਾਂ ’ਚੋਂ ਵੀ ਬਹੁਤਿਆਂ ਨੇ ਮੁੜ ਕੇ ਕੇਸ-ਦਾੜ੍ਹੀ ਵਾਲਾ ਸਰੂਪ ਹੀ ਅਪਣਾਅ ਲਿਆ ਸੀ ਕਿਉਂਕਿ ਇਸੇ ਸਰੂਪ ਵਿੱਚੋਂ ਉਨ੍ਹਾਂ ਨੂੰ ਆਪਣੇ ਵਡੇਰਿਆਂ ਦੀ ਝਲਕ ਪੈਂਦੀ ਸੀ। ਇਸ ਸਰੂਪ ਵਿਚ ਹੀ ਆਪਣੀ ਵਿਲੱਖਣ ਹੋਂਦ ਦਿੱਸਦੀ ਸੀ।

ਪਰ ਅਫ਼ਸੋਸ ! ਮੌਜੂਦਾ ਸਮੇਂ ਵਿੱਚ (ਸਾਡੀ ਪੀੜ੍ਹੀ ਦੇ ਸਮੇਂ) ਸਿੱਖ ਘਰਾਣਿਆਂ ਵਿਚ ਅਖੌਤੀ ਖੁੱਲ੍ਹਦਿਲੀ ਦਾ ਇਕ ਅਜਿਹਾ ਝੱਖੜ ਝੁੱਲ ਪਿਆ ਹੈ ਜਿਸ ਵਿੱਚ ਸਾਡਾ ਵਿਰਸਾ ਰੇਤ ਦੇ ਕਿਣਕਿਆਂ ਵਾਂਗੂੰ ਸਾਡੇ ਹੱਥੋਂ ਕਿਰਨ ਲੱਗ ਪਿਆ ਹੈ। ਇਸ ਦਾ ਸਭ ਤੋਂ ਵੱਡਾ ਲੱਛਣ ਇਹ ਦਿੱਸ ਰਿਹਾ ਹੈ ਕਿ ਅਸੀਂ ਆਪਣੇ ਸਿੱਖੀ ਸਰੂਪ ਦੀ ਸੰਭਾਲ ਵੱਲੋਂ ਅਵੇਸਲੇ ਹੋਣ ਲੱਗ ਪਏ ਹਾਂ। ਸਿੱਟੇ ਵਜੋਂ ਕੌਮੀ ਹੋਂਦ ਦੀ ਪਛਾਣ ਵਾਲੀ ਸੋਚ ਤਾਂ ਕਿਤੇ ਰਹੀ ਸਗੋਂ ਸਾਡੀ ਆਪਣੀ ਜਾਤੀ ਹੋਂਦ ਵੀ ਖ਼ਤਰੇ ਵਿੱਚ ਪੈਂਦੀ ਦਿੱਸਣ ਲੱਗ ਪਈ ਹੈ।

ਪਹਿਲਾਂ ਪਹਿਲ ਖਾਂਦੇ ਪੀਂਦੇ ਸਿੱਖ ਪਰਵਾਰਾਂ ਦੇ ਮੁੰਡੇ ਅਨਮਤੀਆਂ ਦੀ ਸੰਗਤ ਸਦਕਾ ਨਾਈਆਂ ਦੀਆਂ ਦੁਕਾਨਾਂ ’ਤੇ ਜਾ ਚੜ੍ਹੇ। ਦਾੜ੍ਹੀ ਮੁੱਛਾਂ ਕਤਰ ਕੇ ਟੋਪੀਆਂ ਪਾਉਣ ਵਿੱਚ ਸ਼ਾਨ ਸਮਝਣ ਲੱਗ ਪਏ। ਉਨ੍ਹਾਂ ਤੋਂ ਪਿੱਛੋਂ ਹੁਣ ਸਿੱਖਾਂ ਦੀਆਂ ਧੀਆਂ ਨੂੰ ਵੀ ਅਜਿਹਾ ਰੋਗ ਆ ਚੰਬੜਿਆ ਹੈ ਕਿ ਉਹ ਸਿੱਖੀ ਸਰੂਪ ਵਾਲੇ ਮੁੰਡਿਆਂ ਨੂੰ ਵੇਖ ਕੇ ਨੱਕ ਮੂੰਹ ਚਾੜ੍ਹਨ ਲੱਗ ਪਈਆਂ ਹਨ।

ਪਹਿਲੇ ਸਮਿਆਂ ਵਿੱਚ ਸਾਡੇ ਸਮਾਜ ਵਿਚ ਇਹ ਮਿੱਥ ਪ੍ਰਚਲਿਤ ਸੀ ਕਿ ਧੀਆਂ ਆਪਣੇ ਹੋਣ ਵਾਲੇ ਜੀਵਨ ਸਾਥੀ ਵਿੱਚ ਆਪਣੇ ਬਾਬਲ ਦੇ ਨਕਸ਼ ਲੱਭਦੀਆਂ ਹਨ, ਪਰ ਹੁਣ ਸਾਡੀਆਂ ਧੀਆਂ ਇਸ ਮਿੱਥ ਨੂੰ ਵੀ ਤੋੜਨ ’ਤੇ ਉਤਾਰੂ ਹੋਈਆਂ ਪਈਆਂ ਹਨ। ਕੇਸਾਂ-ਦਾੜ੍ਹੀਆਂ ਵਾਲੇ ਬਾਬਲਾਂ ਦੀਆਂ ਕੁੱਛੜਾਂ ’ਚ ਖੇਡ ਕੇ ਜਵਾਨ ਹੋਈਆਂ ਧੀਆਂ ਹੁਣ ਕੇਸਾਂ ਦਾੜ੍ਹੀਆਂ ਵਾਲੇ ਗੁਰਸਿੱਖ ਮੁੰਡਿਆਂ ਨੂੰ ਨਾਪਸੰਦ (ਰਿਜੈਕਟ) ਕਰਕੇ ਘੋਨ ਮੋਨ ਮੁੰਡਿਆਂ ਨਾਲ ਸਾਕ ਜੋੜਨਾ ਚਾਹੁੰਦੀਆਂ ਹਨ। ਇਹ ਵਰਤਾਰਾ ਹੁਣ ਨਾ ਤਾਂ ਵਿਕੋਲਿੱਤਰਾ (ਕਦੇ ਕਦਾਈਂ ਹੋਣ ਵਾਲ਼ਾ) ਰਹਿ ਗਿਆ ਹੈ, ਨਾ ਹੀ ਲੁਕਵਾਂ ਸਗੋਂ ਬਹੁਤੇ ਸਿੱਖ ਘਰਾਣਿਆਂ ਵਿੱਚ ਇਸ ਨੂੰ ਨਵੇਂ ਜ਼ਮਾਨੇ ਦਾ ਟਰੈਂਡ ਦੱਸ ਕੇ ਮੂਕ ਸਹਿਮਤੀ ਵੀ ਦਿੱਤੀ ਜਾਣ ਲੱਗ ਪਈ ਹੈ। ਇਸ ਦਾ ਵਿਰੋਧ ਕਰਨ ਵਾਲਿਆਂ ਨੂੰ ਸੰਕੀਰਨ ਮਾਨਸਿਕਤਾ ਵਾਲੇ ਕਰਾਰ ਦਿੱਤਾ ਜਾਣ ਲੱਗ ਪਿਆ ਹੈ। ਸਿੱਖੀ ਸਰੂਪ ਦੀ ਸ਼ਰਮ ਮੰਨਣ ਵਾਲੀ ਸੋਚ ਹੁਣ ਭੂਤ ਕਾਲ ਦਾ ਵਰਤਾਰਾ ਜਾਪਣ ਲੱਗ ਪਈ ਹੈ।

ਦਾਦੇ ਪੜਦਾਦੇ ਦੇ ਵੇਲਿਆਂ ਤੋਂ ਸਿੱਖੀ ਵਿੱਚ ਪਰਨਾਏ ਸਾਡੇ ਪਰਵਾਰਾਂ ਵਿੱਚ ਵੀ ਕੁਝ ਸਾਲ ਪਹਿਲਾਂ ਅਜਿਹਾ ਹੀ ਝੱਖੜ ਝੁੱਲਿਆ। ਜਵਾਨੀ ਦੀਆਂ ਦਲ੍ਹੀਜ਼ਾਂ ’ਤੇ ਅਪੜੀ ਇਕ ਧੀ ਅਨਮਤੀਆਂ ਦੇ ਮੁੰਡੇ ਦੇ ਢਹੇ ਚੜ੍ਹ ਗਈ। ਉਸ ਦੇ ਮਾਪਿਆਂ ਨੇ ਸਮਝਾਉਣ ਬੁਝਾਉਣ ਦੇ ਬਥੇਰੇ ਯਤਨ ਕੀਤੇ ਪਰ ਸਭ ਵਿਅਰਥ ਹੋ ਗਏ। ਜਦੋਂ ਗੱਲ ਪਰਵਾਰ ਦੇ ਬਜ਼ੁਰਗਾਂ-ਭਾਈਚਾਰੇ ਵਿੱਚ ਪਹੁੰਚੀ ਤਾਂ ਓੜਕ ਉਨ੍ਹਾਂ ਨੇ ਫ਼ੈਸਲਾ ਦਿੱਤਾ ਕਿ ਕੁੜੀ ਤਾਂ ਆਪਣੀ ਹਿੰਡ ਪੁਗਾਉਣ ਤੋਂ ਨਹੀਂ ਹਟ ਰਹੀ, ਹੁਣ ਮਾਪੇ ਇਸ ਦੇ ਨਾਲੋਂ ਆਪਣੇ ਸੰਬੰਧ ਹੀ ਤੋੜ ਲੈਣ। ਇਸ ਫ਼ੈਸਲੇ ਨੂੰ ਸਿਰ ਮੱਥੇ ਮੰਨਦਿਆਂ ਮਾਪਿਆਂ ਨੇ ਧੀ ਨੂੰ ਤਨ ਦੇ ਕੱਪੜਿਆਂ ਵਿੱਚ ਤੋਰ ਦਿੱਤਾ। ਕਾਲਜੇ ’ਤੇ ਪੱਥਰ ਰੱਖ ਕੇ ਆਖ ਛੱਡਿਆ ‘ਜਾ ਨੀ ਧੀਏ ਰਾਵੀ। ਨਾ ਕੋਈ ਆਵੀ, ਨਾ ਕੋਈ ਜਾਵੀ।’

ਮੰਦੇ ਭਾਗੀਂ ਕੁਝ ਵਰ੍ਹਿਆਂ ਪਿੱਛੋਂ ਅਜਿਹਾ ਇਕ ਵਾ-ਵਰੋਲਾ ਫੇਰ ਉਠਿਆ। ਤੀਲੀ ਤੀਲੀ ਉੱਥੇ ਵੰਞੋਂ ਜਿੱਥੇ ਗਏ ਅਗਲੇ, ਇਸ ਕੁੜੀ ਦੀ ਇਕ ਮਸੇਰ (ਕਜ਼ਨ) ਵੀ ਇਸ ਦੀਆਂ ਪੈੜਾਂ ’ਤੇ ਤੁਰਦਿਆਂ ਹਿੰਦੂ ਮੁੰਡੇ ਨਾਲ ਪਿਆਰ ਪੀਂਘਾਂ ਝੂਟਣ ਲੱਗ ਪਈ। ਇਸ ਕੇਸ ਦਾ ਵੱਡਾ ਅਫ਼ਸੋਸਨਾਕ ਪਹਿਲੂ ਇਹ ਸੀ ਕਿ ਇਹ ਕੁੜੀ ਅੰਮ੍ਰਿਤਧਾਰੀ ਹੋਣ ਦੇ ਨਾਲ ਨਾਲ ਕੀਰਤਨ ਵੀ ਬਹੁਤ ਸੋਹਣਾ ਕਰਦੀ ਸੀ। ਇਸ ਦੇ ਇਨ੍ਹਾਂ ਗੁਣਾਂ ਕਰਕੇ ਕੁਝ ਸਿੱਖ ਸੰਸਥਾਵਾਂ ਇਸ ਦੇ ਪਰਵਾਰ ਨੂੰ ਮਾਇਕੀ ਮਦਦ ਵੀ ਦਿੰਦੀਆਂ ਰਹੀਆਂ, ਪਰ ਇਸ ਨੇ ਜਵਾਨੀ ਦੇ ਨਸ਼ੇ ਵਿੱਚ ਉਨ੍ਹਾਂ ਨਾਲ ਵੀ ਧ੍ਰੋਹ ਕਮਾਇਆ। ਇਸ ਨੂੰ ਵੀ ਭਾਈਚਾਰੇ-ਬਰਾਦਰੀ ਨੇ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਥਿੰਦੇ ਘੜੇ ਵਾਂਗੂੰ ਇਸ ’ਤੇ ਕੋਈ ਅਸਰ ਨਾ ਹੋਇਆ।

ਪਾਣੀ ਸਿਰੋਂ ਲੰਘ ਗਿਆ ਜਾਣ ਕੇ ਬਰਾਦਰੀ ਭਾਈਚਾਰੇ ਨੇ ਉਹੀ ਫ਼ੈਸਲਾ ਸੁਣਾਇਆ, ਜੋ ਪਹਿਲੇ ਕੇਸ ਵਿਚ ਨਜ਼ੀਰ ਬਣ ਚੁੱਕਾ ਸੀ, ਪਰ ਇਸ ਵਾਰ ਕਹਾਣੀ ਦੇ ਪਾਤਰ ਬਦਲ ਚੁੱਕੇ ਸਨ। ਫ਼ੈਸਲੇ ਨੂੰ ਦਰਕਿਨਾਰ ਕਰਕੇ ਇਸ ਦੇ ਮਾਪਿਆਂ ਨੇ ਚੋਣਵੇਂ ਰਿਸ਼ਤੇਦਾਰ ਸੱਦ ਕੇ, ਹੋਟਲ ਵਿੱਚ ਛੋਟਾ ਜਿਹਾ ਫੰਕਸ਼ਨ ਕਰ ਕੇ ਵਿਆਹ ਰਚਾ ਦਿੱਤਾ। ਹਵਾ ਦੇ ਬਦਲੇ ਹੋਏ ਰੁਖ ਨੂੰ ਵੇਖ ਕੇ ਭਾਈਚਾਰੇ ਦੇ ਕੁਝ ਉਹ ਸੱਜਣ ਵੀ ਚੁੱਪ ਚੁਪੀਤੇ ਸ਼ਗਨ ਦੇਣ ਲਈ ਪਹੁੰਚ ਗਏ, ਜੋ ਪਹਿਲਾਂ ਇਸ ਫ਼ੈਸਲੇ ਦੇ ਵਿਰੋਧ ਵਿੱਚ ਖੜ੍ਹੇ ਦਿੱਸ ਰਹੇ ਸਨ। ਜਿਹੜੇ ਕੋਈ ਵਿਰਲੇ ਇਸ ਨੂੰ ਸਿੱਖੀ ਸਿਧਾਂਤਾਂ ਦੀ ਉਲੰਘਣਾ ਸਮਝਦਿਆਂ ਸ਼ਾਮਲ ਨਾ ਹੋਏ ਉਨ੍ਹਾਂ ਨੂੰ ਕੱਟੜਵਾਦੀ ਗਰਦਾਨ ਕੇ ਬਾਕੀ ਸਾਰੇ ਮੁੜ ਕੇ ਘਿਓ ਖਿਚੜੀ ਹੋ ਚੁੱਕੇ ਹਨ।

ਹੁਣ 2022 ਦੇ ਤਾਜ਼ਾ ਬਿਰਤਾਂਤ ਵੱਲ ਆ ਜਾਂਦੇ ਹਾਂ। ਇਸ ਪਰਵਾਰ ਦੀਆਂ ਹੀ ਅੰਗਲੀਆਂ ਸੰਗਲੀਆਂ ਵਿੱਚੋਂ ਹੀ ਤੀਜੇ ਕੇਸ ਵਿੱਚ ਇਕ ਹੋਰ ਧੀ ਸਿੱਖੀ ਨੂੰ ਬੇਦਾਵਾ ਦੇ ਗਈ ਹੈ, ਪਰ ਹੁਣ ਰਾਹ ਪਹਿਲਾਂ ਨਾਲੋਂ ਮੋਕਲਾ ਹੋ ਗਿਆ ਸੀ ਇਸ ਕਰਕੇ ਨਾ ਬਰਾਦਰੀ ਭਾਈਚਾਰੇ ਦੀ ਰਾਇ ਪੁੱਛਣ ਦੀ ਲੋੜ ਪਈ, ਨਾ ਕੋਈ ਹੋ ਹੱਲਾ ਹੋਇਆ ਤੇ ਨਾ ਕਿਸੇ ਨੇ ਕਿਸੇ ਨੂੰ ਸਮਝਾਉਣੀਆਂ ਦਿੱਤੀਆਂ। ਪਰਵਾਰ ਵੱਲੋਂ ਬਕਾਇਦਾ ਕਾਰਡ ਛਪਵਾ ਕੇ ਸਭ ਨੂੰ ਨਿੱਘਾ ਸੱਦਾ ਦਿੱਤਾ ਗਿਆ। ਅਖੰਡ ਪਾਠ ਦੇ ਭੋਗ ਪਏ, ਕੀਰਤਨ ਹੋਇਆ। ਭਾਈ ਜੀ ਨੇ ਗੁਰੂ ਦੀਆਂ ਖ਼ੁਸ਼ੀਆਂ ਦੀ ਗਰੰਟੀ ਵਾਲੀ ਅਰਦਾਸ ਕਰ ਕੇ ‘ਗੁਰਮੁਖ ਪਰਵਾਰ’ ਦੇ ਰਹਿੰਦੇ ਕਾਰਜਾਂ ਵਿਚ ਸਹਾਈ ਹੋਣ ਲਈ ਗੁਰੂ ਸਾਹਿਬ ਅੱਗੇ ਬੇਨਤੀ ਕਰ ਦਿੱਤੀ। ਚਾਵਾਂ, ਮਲ੍ਹਾਰਾਂ ਤੇ ਸ਼ਗਨਾਂ ਦੇ ਨਾਲ ਧੀ ਨੂੰ ਵਿਦਾ ਕਰ ਦਿੱਤਾ ਗਿਆ। ਵਿਦਾ ਕਰਨ ਵਾਲਿਆਂ ਵਿੱਚ ਵੀ ਬਹੁਤੇ ਸਾਬਤ ਸੂਰਤ ਸਿੱਖੀ ਸਰੂਪ ਵਾਲੇ ਹੀ ਸਨ। ਕੋਈ ਵੀ ਇਸ ਤਰ੍ਹਾਂ ਕੌਮੀ ਹੋਂਦ ਨੂੰ ਲੱਗ ਰਹੇ ਖੋਰੇ ਬਾਰੇ ਚਿੰਤਤ ਨਹੀਂ ਦਿਖਿਆ।

ਇਸ ਬਿਰਤਾਂਤ ਨੂੰ ਕੇਵਲ ਪੜ੍ਹ, ਸੁਣ ਕੇ ਵਕਤੀ ਤੌਰ ’ਤੇ ਅਫ਼ਸੋਸ ਜ਼ਾਹਰ ਕਰ ਦੇਣ ਨਾਲ ਗੱਲ ਨਹੀਂ ਮੁੱਕ ਜਾਣੀ। ਜਿਹੜੀਆਂ ਬੇੜੀਆਂ ਡੁੱਬ ਗਈਆਂ ਉਹ ਤਾਂ ਹੁਣ ਵਾਪਸ ਆਉਣ ਤੋਂ ਰਹੀਆਂ, ਪਰ ਇਹ ‘ਅਖੌਤੀ ਖੁਲ੍ਹਦਿਲ੍ਹੀ’ ਵਾਲੀ ਖੇਡ ਜੇਕਰ ਇਸੇ ਤਰ੍ਹਾਂ ਵਧਦੀ ਗਈ ਤਾਂ ਆਉਣ ਵਾਲੇ ਸਮੇਂ ਵਿਚ ਸਾਬਤ ਸੂਰਤ ਸਿੱਖ ਨੌਜੁਆਨਾਂ ਲਈ ਸਾਕ ਲੱਭਣੇ ਔਖੇ ਹੁੰਦੇ ਜਾਣਗੇ।

ਭਾਈ ਗੁਰਦਾਸ ਜੀ ਦੇ ਬਚਨਾਂ ਨੂੰ ਸਮਝ ਕੇ ਉਨ੍ਹਾਂ ਕੋਲੋਂ ਅਗਵਾਈ ਲੈ ਲਈਏ ‘‘ਜੈਸੇ ਨਾਉ ਬੂਡਤ ਸੈ, ਜੋਈ ਨਿਕਸੈ ਸੋਈ ਭਲੋ; ਬੂਡਿ ਗਏ ਪਾਛੇ ਪਛਤਾਇਓ ਰਹਿ ਜਾਤ ਹੈ ਜੈਸੇ ਘਰ ਲਾਗੇ ਆਗਿ, ਜੋਈ ਬਚੈ ਸੋਈ ਭਲੋ; ਜਰਿ ਬੁਝੇ ਪਾਛੇ ਕਛੁ ਬਸੁ ਬਸਾਤ ਹੈ’’ (ਭਾਈ ਗੁਰਦਾਸ ਜੀ/ਕਬਿੱਤ ੬੯)

ਜਿਹੜੇ ਗੁਰਸਿੱਖ ਮਨ ਵਿਚ ਕੌਮ ਦਾ ਦਰਦ ਰੱਖਦੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਕਿ ਇਸ ਵਰਤਾਰੇ ਨੂੰ ਆਪਣੀ ਕੌਮੀ ਹੋਂਦ ਨੂੰ ਖ਼ਤਰੇ ਵਾਲੇ ਨਜ਼ਰੀਏ ਨਾਲ ਵਿਚਾਰ ਕੇ ਆਪੋ ਆਪਣੇ ਦਾਇਰੇ ਵਿੱਚ ਇਸ ਦਾ ਵਿਰੋਧ ਕਰਨ, ਨਹੀਂ ਤਾਂ ਭਵਿੱਖ ਵਿੱਚ ਇਹ ਸਾਡੇ ਨਸਲਘਾਤ ਦਾ ਇਕ ਹੋਰ ਸੰਦ ਬਣ ਜਾਵੇਗਾ।

ਇਸ ਅਧੋਗਤੀ ਦਾ ਵੱਡਾ ਕਾਰਨ ਇਹ ਹੈ ਕਿ ਵਰਤਮਾਨ ਵਿੱਚ ਅਸੀਂ, (ਅੱਜ ਦੀ ਪੀੜ੍ਹੀ ਵਾਲੇ ਬਹੁਗਿਣਤੀ ਸਿੱਖ ਮਾਪੇ) ਔਲਾਦ ਦੇ ਮੋਹ ਵਿੱਚ ਫਸ ਕੇ ਇੰਨੇ ਮਜ਼ਬੂਰ, ਕਮਜ਼ੋਰ ਅਤੇ ਲਾਚਾਰ ਜਿਹੇ ਹੋ ਗਏ ਹਾਂ ਕਿ ਆਪਣੀ ਵੱਖਰੀ ਕੌਮੀਅਤ ਵਾਲੀ ਭਾਵਨਾ ਭੁੱਲ ਹੀ ਚੁੱਕੇ ਹਾਂ। ਔਲਾਦ ਦੇ ਹਰ ਫ਼ੈਸਲੇ ਮਗਰ ਧੌਣ ਸੁੱਟ ਕੇ ਤੁਰਦੇ ਹੋਏ, ਆਪਣਾ ਇਹ ਅਧਿਕਾਰ ਵੀ ਭੁੱਲ ਗਏ ਹਾਂ ਕਿ ਜੇ ਹੋਰ ਕੁਝ ਕਰਨ ਜੋਗੇ ਨਹੀਂ ਤਾਂ ਅਸੀਂ ਘੱਟੋ ਘੱਟ ਉਨ੍ਹਾਂ ਦੇ ਗ਼ਲਤ ਫੈਸਲਿਆਂ ਵਿੱਚ ਅਸਹਿਮਤੀ ਤਾਂ ਦਰਜ ਕਰਵਾ ਹੀ ਸਕਦੇ ਹਾਂ। ਔਲਾਦ ਦੀਆਂ ਆਪ-ਹੁਦਰੀਆਂ ਦਾ ਵਿਰੋਧ ਕਰਨ ਦੀ ਬਜਾਏ ਇਹ ਕਹਿ ਕੇ ਸਾਰ ਦਿੰਦੇ ਹਾਂ ਕਿ ਹੁਣ ਤਾਂ ਦੜ ਵੱਟ ਕੇ ਜ਼ਮਾਨਾ ਕੱਟਣ ਵਾਲਾ ਸਮਾਂ ਹੈ।

ਅਸੀਂ ਭੁੱਲ ਗਏ ਹਾਂ ਆਪਣਾ ਉਹ ਇਤਿਹਾਸ ਕਿ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਨੇ ਜਦੋਂ ਸਰਕਾਰੀ ਪਿੱਠੂਆਂ ਦੇ ਮੂੰਹੋਂ ਸੁਣਿਆ ਕਿ ਸਿੱਖ ਤਾਂ ਸਾਰੇ ਮੁੱਕ ਗਏ ਨੇ, ਜਿਹੜੇ ਬਚੇ ਨੇ ਉਹ ਦੜ ਵੱਟ ਜ਼ਮਾਨਾ ਕੱਟ ਰਹੇ ਨੇ, ਤਾਂ ਉਨ੍ਹਾਂ ਨੇ ਜਾਣ ਲਿਆ ਕਿ ਹੁਣ ਆਪਣੀ ਹੋਂਦ ਜ਼ਾਹਰ ਕਰਨ ਦਾ ਵੇਲਾ ਹੈ। ਉਨ੍ਹਾਂ ਨੇ ਸ਼ਾਹੀ ਸੜਕ ’ਤੇ ਜਾ ਕੇ ਨਾਕਾ ਲਾ ਲਿਆ। ਭਾਵੇਂ ਉਨ੍ਹਾਂ ਨੂੰ ਪਤਾ ਸੀ ਕਿ ਸ਼ਾਹੀ ਫ਼ੌਜ ਦੇ ਮੁਕਾਬਲੇ ’ਤੇ ਸਾਡੀ ਹੈਸੀਅਤ ਕੁਝ ਵੀ ਨਹੀਂ ਹੈ ਪਰ ਫੇਰ ਵੀ ਉਨ੍ਹਾਂ ਨੇ ਆਪਣੀ ਵੱਖਰੀ ਕੌਮੀ ਹੋਂਦ ਦਾ ਪ੍ਰਗਟਾਵਾ ਦਰਜ ਕਰਵਾਉਣ ਲਈ ਜੂਝਣਾ ਪਰਵਾਣ ਕਰ ਲਿਆ।

ਸੂਬਾ ਸਰਹੰਦ ਦੀ ਕਚਹਿਰੀ ਵਿੱਚ ਨਵਾਬ ਮਾਲੇਰਕੋਟਲਾ ਸਾਹਿਬਜ਼ਾਦਿਆਂ ’ਤੇ ਕੀਤੇ ਜਾ ਰਹੇ ਜ਼ੁਲਮ ਨੂੰ ਰੋਕ ਤਾਂ ਨਹੀਂ ਸਕਿਆ ਪਰ ਅਸਹਿਮਤੀ ਦੀ ਅਵਾਜ਼ ਦਰਜ ਕਰਵਾ ਕੇ ਇਤਿਹਾਸ ਵਿੱਚ ਹਮੇਸ਼ਾ ਲਈ ਸੁਰਖ਼ਰੂ ਹੋ ਗਿਆ।

ਸਿੱਖ ਘਰਾਣਿਆਂ ਵਿੱਚ ਵਾਪਰ ਰਹੇ ਅਜੋਕੇ ਵਰਤਾਰੇ ਦਾ ਜ਼ਿਕਰ ਕਰਦਿਆਂ ਮੈਂ ਸਿੱਖ ਮੁੰਡਿਆਂ ਨੂੰ ਸਾਫ ਬਰੀ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ, ਪਰ ਸਾਡੇ ਸਮਾਜ ਅੰਦਰ ਇਹ ਵਿਚਾਰ ਪ੍ਰਚਲਿਤ ਹੈ ਕਿ ਔਰਤ  ਪਰਵਾਰ ਦਾ ਧੁਰਾ ਹੁੰਦੀ ਹੈ। ਜਿਸ ਪਰਵਾਰ ਦੀ ਧੀ ਪੜ੍ਹ ਗਈ, ਉਸ ਦੀਆਂ ਦੋ ਪੁਸ਼ਤਾਂ ਪੜ੍ਹ ਗਈਆਂ। ਸਿੱਖਾਂ ਨੂੰ ਇਸ ਸੱਚ ਨੂੰ, ਇਸ ਨੁਕਤੇ ਨਾਲ ਵੀ ਵੀਚਾਰਨਾ ਪਵੇਗਾ ਕਿ ਜਿਸ ਪਰਵਾਰ ਦੀ ਧੀ ਸਿੱਖੀ ਜੀਵਨ ਜਾਚ ਤੋਂ ਮੁਨਕਰ ਹੋ ਗਈ ਉਸ ਦੀਆਂ ਆਉਣ ਵਾਲੀਆਂ ਕਈ ਨਸਲਾਂ ਸਿੱਖੀ ਤੋਂ ਮੁਨਕਰ ਹੋ ਗਈਆਂ।

ਅਜੋਕੇ ਸਮੇਂ ਦੇ ਬਹੁਤੇ ਸਿੱਖ ਵਿਦਵਾਨ, ਚਿੰਤਕ, ਪ੍ਰਚਾਰਕ, ਸੰਤ ਬਾਬੇ; ਧੀਆਂ ਦੀ ਇਸ ਕਦਰ ਬਦਲ ਰਹੀ ਮਾਨਸਿਕਤਾ ਰਾਹੀਂ ਕੌਮ ਦੀ ਹੋਂਦ ’ਤੇ ਮੰਡਰਾ ਰਹੇ ਵੱਡੇ ਖ਼ਤਰੇ ਤੋਂ ਅਵੇਸਲੇ ਹੋ ਕੇ ਚੁੱਪ ਧਾਰੀ ਬੈਠੇ ਹਨ। ਸ਼ਾਇਦ ਔਰਤ ਵਿਰੋਧੀ ਹੋਣ ਦਾ ਠੱਪਾ ਲੱਗਣ ਤੋਂ ਡਰਦੇ ਹਨ।

ਸਤਹੀ ਪੱਧਰ ਦੀ ਚਰਚਾ ਨਾਲ ਵੀ ਇਸ ਝੱਖੜ ਦਾ ਟਾਕਰਾ ਕਰਨਾ ਸੰਭਵ ਨਹੀਂ ਹੈ। ਇਸ ਨੂੰ ਠਲ੍ਹ ਪਾਉਣ ਲਈ ਜੱਥੇਬੰਦਕ ਪੱਧਰ ’ਤੇ ਯਤਨ ਹੋਣੇ ਚਾਹੀਦੇ ਹਨ ਜੋ ਕਿ ਮੌਜੂਦਾ ਪਾਟੋਧਾੜ ਵਾਲੇ ਹਾਲਾਤ ਵਿੱਚ ਕਿਧਰੇ ਹੁੰਦੇ ਨਹੀਂ ਦਿੱਸ ਰਹੇ।

ਮੈਂ ਆਪਣੇ ਮਾਨਸਿਕ ਪੱਧਰ ਦੇ ਮੁਤਾਬਕ ਵਿਚਾਰਵਾਨ ਗੁਰਸਿੱਖਾਂ ਨੂੰ ਇਹ ਜਤਲਾਉਣ ਦਾ ਜਤਨ ਕੀਤਾ ਹੈ ਕਿ ਹੁਣ ਇਹ ਮਸਲਾ ਸਾਡੇ ਲਈ ਨਜ਼ਰ-ਅੰਦਾਜ਼ ਕਰਨ ਵਾਲਾ ਨਾ ਰਹਿ ਕੇ ਕੌਮੀ ਹੋਂਦ ਦੇ ਪ੍ਰਗਟਾਵੇ ਦਾ ਬਣ ਗਿਆ ਹੈ।  ਗ਼ਫ਼ਲਤ ਦੀ ਨੀਂਦ ਵਿੱਚੋਂ ਉੱਠ ਕੇ ਸੁਚੇਤ ਹੋਵੋ ਤੇ ਇਸ ਵਬਾਅ (ਮਹਾਂਮਾਰੀ) ਦੇ ਟਾਕਰੇ ਲਈ ਫ਼ਿਕਰਮੰਦ ਹੋ ਕੇ ਆਪਣੇ ਕੌਮੀ ਫ਼ਰਜ਼ ਨੂੰ ਪਛਾਣੋ। ਆਪਣੀ ਔਲਾਦ ਦੇ ਸਿਰ ’ਤੇ ਸਿੱਖੀ ਰਹੁ ਰੀਤਾਂ ਰੂਪ ਕੁੰਡਾ ਧਰੋ। ਜੇਕਰ ਪਾਣੀ ਸਿਰੋਂ ਲੰਘ ਗਿਆ ਤਾਂ ਪਛੁਤਾਵੇ ਤੋਂ ਬਿਨਾਂ ਕੁਝ ਨਹੀਂ ਰਹਿਣਾ।