ਸਾਜਨਾ ਸੰਤ ਆਉ ਮੇਰੈ ॥

0
68

ਸਾਜਨਾ ਸੰਤ ਆਉ ਮੇਰੈ ॥

ਪ੍ਰਿੰਸੀਪਲ ਹਰਭਜਨ ਸਿੰਘ

ਕਾਨੜਾ ਮਹਲਾ ੫ ॥ ਸਾਜਨਾ ਸੰਤ ਆਉ ਮੇਰੈ ॥੧॥ ਰਹਾਉ ॥ ਆਨਦਾ ਗੁਨ ਗਾਇ ਮੰਗਲ; ਕਸਮਲਾ ਮਿਟਿ ਜਾਹਿ ਪਰੇਰੈ ॥੧॥ ਸੰਤ ਚਰਨ ਧਰਉ ਮਾਥੈ; ਚਾਂਦਨਾ ਗ੍ਰਿਹਿ ਹੋਇ ਅੰਧੇਰੈ ॥੨॥ ਸੰਤ ਪ੍ਰਸਾਦਿ ਕਮਲੁ ਬਿਗਸੈ; ਗੋਬਿੰਦ ਭਜਉ ਪੇਖਿ ਨੇਰੈ ॥੩॥ ਪ੍ਰਭ ਕ੍ਰਿਪਾ ਤੇ ਸੰਤ ਪਾਏ; ਵਾਰਿ ਵਾਰਿ ਨਾਨਕ ਉਹ ਬੇਰੈ ॥੪॥ (ਮਹਲਾ ੫/੧੩੦੧)

ਵਿਚਾਰ ਅਧੀਨ ਪਾਵਨ ਸ਼ਬਦ ਪੰਚਮ ਪਾਤਸ਼ਾਹ ਗੁਰੁ ਅਰਜਨ ਦੇਵ ਜੀ ਦੁਆਰਾ ਉਚਾਰਨ ਕੀਤਾ ਹੋਇਆ ਕਾਨੜਾ ਰਾਗ ਵਿਚਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 1301 ’ਤੇ ਸੁਭਾਇਮਾਨ ਹੈ। ਸਤਿਗੁਰੂ ਜੀ ਇਸ ਸ਼ਬਦ ਦੀ ਪਹਿਲੀ ਅਤੇ ਰਹਾਉ ਵਾਲੀ ਪੰਕਤੀ ਰਾਹੀਂ ਫ਼ੁਰਮਾਉਂਦੇ ਹਨ ‘‘ਸਾਜਨਾ ਸੰਤ ਆਉ ਮੇਰੈ ॥੧॥ ਰਹਾਉ ॥’’ ਭਾਵ ਹੇ ਸੰਤ ਜਨੋ ! ਤੁਸੀਂ ਮੇਰੇ ਹਿਰਦੇ-ਘਰ ’ਚ ਆਓ। ਗੁਰਬਾਣੀ ਵਿੱਚ ਸੰਤ ਦੇ ਲੱਛਣ ਅਤੇ ਵਡਿਆਈ ਇਸ ਤਰ੍ਹਾਂ ਹੈ ‘‘ਜਿਨਾ ਸਾਸਿ ਗਿਰਾਸਿ ਨ ਵਿਸਰੈ; ਹਰਿ ਨਾਮਾਂ ਮਨਿ ਮੰਤੁ ॥ ਧੰਨੁ ਸਿ ਸੇਈ ਨਾਨਕਾ ! ਪੂਰਨੁ ਸੋਈ ਸੰਤੁ ॥’’ (ਮਹਲਾ ੫/੩੧੯) ਜਾਂ ‘‘ਸੰਤ ਰਹਤ ਸੁਨਹੁ, ਮੇਰੇ ਭਾਈ  !॥ ਉਆ ਕੀ ਮਹਿਮਾ; ਕਥਨੁ ਨ ਜਾਈ ॥੧॥ ਰਹਾਉ ॥’’ (ਮਹਲਾ ੫/੩੯੨)

ਗੁਰਮਤਿ ਅਨੁਸਾਰ ਸੰਤ ਕੋਈ ਖ਼ਾਸ ਜਮਾਤ ਅਥਵਾ ਪੰਥ ਨਹੀਂ ਅਤੇ ਨਾ ਹੀ ਉਸ ਲਈ ਕੋਈ ਖ਼ਾਸ ਲਿਬਾਸ ਨਿਯਤ ਕੀਤਾ ਹੁੰਦਾ ਹੈ ਸਗੋਂ ਸੰਤ ਤਾਂ ਉਹ ਹੈ ਜਿਸ ਨੇ ਸਭ ਇੰਦ੍ਰੀਆਂ ਨੂੰ ਭਟਕਣ ਤੋਂ ਰੋਕ ਕੇ ਰੱਖਿਆ ਹੈ । ਐਸੇ ਉੱਚੇ ਸੁੱਚੇ ਜੀਵਨ ਵਾਲੇ ਪ੍ਰਭੂ ਪਿਆਰਿਆ ਦੀ ਸੰਗਤ ਦੀ ਲੋਚਾ ਸਾਨੂੰ ਹਰ ਵਕਤ ਕਰਦੇ ਰਹਿਣੀ ਚਾਹੀਦੀ ਹੈ। ਸਤਿਗੁਰੂ ਜੀ ਤਾਂ ਗੁਰਬਾਣੀ ਰਾਹੀਂ ਸਾਨੂੰ ਪ੍ਰਭੂ ਪਿਤਾ ਪਾਸੋਂ ਮੰਗਣ ਦੀ ਜਾਚ ਸਿਖਾਉਂਦੇ ਹੋਏ ਫੁਰਮਾਨ ਕਰਦੇ ਹਨ ‘‘ਐਸੀ ਮਾਂਗੁ ਗੋਬਿਦ ਤੇ ॥ ਟਹਲ ਸੰਤਨ ਕੀ; ਸੰਗੁ ਸਾਧੂ ਕਾ; ਹਰਿ ਨਾਮਾਂ ਜਪਿ ਪਰਮ ਗਤੇ ॥੧॥ ਰਹਾਉ ॥’’ (ਮਹਲਾ ੫/੧੨੯੮)  ਭਾਵ ਹੇ ਭਾਈ ! ਪਰਮਾਤਮਾ ਪਾਸੋਂ ਇਹੋ ਜਿਹੀ ਦਾਤ ਮੰਗ ਕਿ ਮੈਨੂੰ ਸੰਤ ਜਨਾਂ ਦੀ ਟਹਲ ਕਰਨ ਦਾ ਮੌਕਾ ਮਿਲਿਆ ਰਹੇ। ਮੈਨੂੰ ਗੁਰੂ ਦਾ ਸਾਥ ਮਿਲਿਆ ਰਹੇ ਅਤੇ ਹਰਿ ਨਾਮ ਜਪ ਕੇ ਮੈਂ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਸਕਾਂ। ਗੁਰਮੁਖ ਪਿਆਰਿਆਂ ਨੂੰ ਆਪਣੇ ਘਰ ਇਸ ਲਈ ਬੁਲਾਉਣਾ ਹੈ ਤਾਂ ਕਿ ਉਹਨਾਂ ਦੀ ਸੰਗਤ ਕਰਕੇ ਉਹਨਾਂ ਪਾਸੋਂ ਗੁਰਮਤਿ ਵਿਚਾਰਾਂ ਸੁਣ ਕੇ ਜੀਵਨ ਵਿੱਚ ਬਦਲਾਅ ਆ ਜਾਏ। ਗੁਰੁ ਰਾਮਦਾਸ ਸਾਹਿਬ ਜੀ ਦੇ ਵੀ ਬਚਨ ਹਨ ‘‘ਆਇ ਮਿਲੁ ਗੁਰਸਿਖ ਆਇ ਮਿਲੁ; ਤੂ ਮੇਰੇ ਗੁਰੂ ਕੇ ਪਿਆਰੇ ॥ ਰਹਾਉ ॥’’ (ਮਹਲਾ ੪/੭੨੫) ਭਾਵ ਹੇ ਮੇਰੇ ਗੁਰੂ ਦੇ ਪਿਆਰੇ ਗੁਰਸਿੱਖ ! ਤੂੰ ਮੈਨੂੰ ਆ ਕੇ ਮਿਲ। ਗੁਰਸਿੱਖ ਇੱਕ ਹੋਵੇ ਜਾਂ ਇੱਕ ਤੋਂ ਜ਼ਿਆਦਾ, ਇਹਨਾਂ ਦਾ ਮਿਲਾਪ ਲਾਹੇਵੰਦ ਹੀ ਹੋਵੇਗਾ। ਭਾਈ ਸਾਹਿਬ ਭਾਈ ਗੁਰਦਾਸ ਜੀ ਤਾਂ ਕਥਨ ਕਰਦੇ ਹਨ ਕਿ ਜਦੋਂ ਦੋ ਸਿੱਖ ਮਿਲ ਬੈਠਦੇ ਹਨ ਤਾਂ ਉਹ ਸਾਧ ਸੰਗ ਦਾ ਹੀ ਰੂਪ ਹੁੰਦੇ ਹਨ ‘‘ਇਕੁ ਸਿਖੁ, ਦੁਇ ਸਾਧ ਸੰਗੁ; ਪੰਜੀਂ ਪਰਮੇਸਰੁ।’’ (ਭਾਈ ਗੁਰਦਾਸ ਜੀ/ਵਾਰ ੧੩ ਪਉੜੀ ੧੯) ਤੇ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਵੀ ਐਸੇ ਗੁਰਮੁਖ ਜਨਾਂ ਦੇ ਜੀਵਨ ਦੀ ਵਿਆਖਿਆ ਇਸ ਤਰ੍ਹਾਂ ਕਰਦੇ ਹਨ ਕਿ ‘ਵਾਹਿਗੁਰੂ ਦੇ ਪਿਆਰੇ ਦੇਖਣ ਵਿੱਚ ਤਾਂ ਇਸਤਰੀ ਪੁੱਤਰ ਨੂੰ ਪਾਲ ਰਹੇ ਹਨ ਪਰ ਵਾਸਤਵ ਵਿੱਚ ਆਪਣੇ ਮਾਲਕ ਵੱਲ ਲੱਗੇ ਹੋਏ ਹੁੰਦੇ ਹਨ ‘‘ਜ਼ਾਹਿਰ ਅੰਦਰ ਮਾਇਲੇ ਫੁਰਜ਼ੰਦੋ ਜ਼ਨ॥  ਦਰ ਹਕੀਕਤ ਬਾ-ਖੁਦਾਏ ਖ਼ੇਸ਼ਤਨ॥’’

ਸਤਿਗੁਰੂ ਜੀ ਵਿਚਾਰ ਅਧੀਨ ਸ਼ਬਦ ਦੇ ਪਹਿਲੇ ਪਦੇ ਰਾਹੀਂ ਫ਼ੁਰਮਾ ਰਹੇ ਹਨ ‘‘ਸਾਜਨਾ ਸੰਤ ਆਉ ਮੇਰੈ ॥੧॥ ਰਹਾਉ ॥ ਆਨਦਾ ਗੁਨ ਗਾਇ ਮੰਗਲ ਕਸਮਲਾ ਮਿਟਿ ਜਾਹਿ ਪਰੇਰੈ ॥੧॥’’ ਭਾਵ ਹੇ ਗੁਰਮੁਖ ਸੱਜਣੋ ! ਤੁਹਾਡੀ ਸੰਗਤ ਵਿੱਚ ਪਰਮਾਤਮਾ ਦੇ ਗੁਣ ਗਾ ਕੇ ਮੇਰੇ ਹਿਰਦੇ ਵਿੱਚ ਆਨੰਦ ਪੈਦਾ ਹੋ ਜਾਂਦਾ ਹੈ, ਖ਼ੁਸੀਆਂ ਬਣ ਜਾਂਦੀਆਂ ਹਨ। ਮੇਰੇ ਅੰਦਰੋਂ ਸਾਰੇ ਪਾਪ ਮਿਟ ਜਾਂਦੇ ਹਨ, ਦੂਰ ਹੋ ਜਾਂਦੇ ਹਨ। ਜੀਵਨ ਦਾ ਅਸਲ ਮਨੋਰਥ ਆਤਮਕ ਅਨੰਦ ਅਤੇ ਆਤਮਕ ਖ਼ੁਸੀਆਂ ਪ੍ਰਾਪਤ ਕਰਨਾ ਹੀ ਹੈ, ਪਰ ਇਸ ਸਦੀਵੀ ਅਨੰਦ ਨੂੰ ਬਣਾਈ ਰੱਖਣ ਲਈ ਪਾਪਾਂ ਤੋਂ ਮੁਕਤ ਹੋਣ ਦੀ ਲੋੜ ਹੈ। ਪਾਪਾਂ ਤੋਂ ਛੁਟਕਾਰਾ ਪਾਉਣ ਦਾ ਸਾਧਨ ਪ੍ਰਭੂ ਦਾ ਨਾਮ ਹੀ ਹੈ ਅਤੇ ਇਹ ਨਾਮ ਗੁਰੂ ਪਿਆਰਿਆਂ ਦੀ ਸੰਗਤ ਕਰਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਗੁਰੂ ਤੇਗ਼ ਬਹਾਦਰ ਸਾਹਿਬ ਜੀ ਵੀ ਪਾਪਾਂ ਤੋਂ ਬਚੇ ਰਹਿਣ ਲਈ ਗਉੜੀ ਰਾਗ ਵਿਚਲੇ ਸ਼ਬਦ ਦੁਆਰਾ ਇਸ ਤਰ੍ਹਾਂ ਪ੍ਰੇਰਨਾ ਦਿੰਦੇ ਹੋਏ ਸਮਝਾ ਰਹੇ ਹਨ ‘‘ਨਰ ਅਚੇਤ ! ਪਾਪ ਤੇ ਡਰੁ ਰੇ ॥ ਦੀਨ ਦਇਆਲ ਸਗਲ ਭੈ ਭੰਜਨ; ਸਰਨਿ ਤਾਹਿ ਤੁਮ ਪਰੁ ਰੇ ॥੧॥ ਰਹਾਉ ॥ ਬੇਦ ਪੁਰਾਨ ਜਾਸ ਗੁਨ ਗਾਵਤ; ਤਾ ਕੋ ਨਾਮੁ ਹੀਐ ਮੋ ਧਰੁ ਰੇ ॥ ਪਾਵਨ ਨਾਮੁ ਜਗਤਿ ਮੈ ਹਰਿ ਕੋ; ਸਿਮਰਿ ਸਿਮਰਿ ਕਸਮਲ ਸਭ ਹਰੁ ਰੇ ॥੧॥ ਮਾਨਸ ਦੇਹ ਬਹੁਰਿ ਨਹ ਪਾਵੈ; ਕਛੂ ਉਪਾਉ ਮੁਕਤਿ ਕਾ ਕਰੁ ਰੇ ॥ ਨਾਨਕ ਕਹਤ ਗਾਇ ਕਰੁਨਾ ਮੈ; ਭਵ ਸਾਗਰ ਕੈ ਪਾਰਿ ਉਤਰੁ ਰੇ ॥੨॥’’ (ਮਹਲਾ ੯/੨੨੦) ਭਾਵ ਹੇ ਗ਼ਾਫ਼ਿਲ ਮਨੁੱਖ ! ਪਾਪਾਂ ਤੋਂ ਬਚਿਆ ਰਹਿ ਤੇ ਇਹਨਾਂ ਪਾਪਾਂ ਤੋਂ ਬਚਣ ਵਾਸਤੇ ਉਸ ਪਰਮਾਤਮਾ ਦੀ ਸ਼ਰਨ ਪਿਆ ਰਹਿ ਜੋ ਗਰੀਬਾਂ ’ਤੇ ਦਇਆ ਕਰਨ ਵਾਲਾ ਹੈ। ਸਾਰੇ ਡਰ ਦੂਰ ਕਰਨ ਵਾਲਾ ਹੈ। ਹੇ ਗ਼ਾਫ਼ਿਲ ਮਨੁੱਖ ! ਉਸ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਪ੍ਰੋ ਕੇ ਰੱਖ, ਜਿਸ ਦੇ ਗੁਣ ਵੇਦ ਪੁਰਾਣ ਆਦਿਕ ਧਰਮ ਪੁਸਤਕ ਵੀ ਗਾ ਰਹੇ ਹਨ। ਪਾਪਾਂ ਤੋਂ ਬਚਾ ਕੇ ਪਵਿੱਤ੍ਰ ਕਰਨ ਵਾਲਾ ਸੰਸਾਰ ਵਿੱਚ ਪਰਮਾਤਮਾ ਦਾ ਨਾਮ ਹੀ ਹੈ। ਤੂੰ ਉਸ ਨੂੰ ਸਿਮਰ ਕੇ ਸਾਰੇ ਪਾਪ ਦੂਰ ਕਰ ਲੈ। ਭੈੜੀ ਮੱਤ ਵੱਸ ਹੋ ਕੇ ਹੀ ਮਨੁੱਖ ਪਾਪੀ ਬਣਦਾ ਹੈ, ਜਿਸ ਸਦਕਾ ਇਸ ਦੇ ਅੰਦਰ ਅਗਿਆਨਤਾ ਦਾ ਹਨ੍ਹੇਰਾ ਛਾਇਆ ਰਹਿੰਦਾ ਹੈ। ਇਸ ਹਨ੍ਹੇਰੇ ਨੂੰ ਦੂਰ ਕਰਨ ਲਈ ਗੁਰਮੁਖਾਂ ਦੀ ਸੰਗਤ ਅਤਿਅੰਤ ਜ਼ਰੂਰੀ ਹੈ। ਤਾਂ ਹੀ ਗੁਰੂ ਅਰਜਨ ਦੇਵ ਜੀ ਸ਼ਬਦ ਦੀ ਦੂਸਰੀ ਅਤੇ ਤੀਸਰੀ ਪੰਗਤੀ ਰਾਹੀਂ ਸਮਝਾਉਦੇ ਹੋਏ ਫ਼ੁਰਮਾਨ ਕਰਦੇ ਹਨ ‘‘ਸੰਤ ਚਰਨ ਧਰਉ ਮਾਥੈ; ਚਾਂਦਨਾ ਗ੍ਰਿਹਿ ਹੋਇ ਅੰਧੇਰੈ ॥੨॥ ਸੰਤ ਪ੍ਰਸਾਦਿ ਕਮਲੁ ਬਿਗਸੈ; ਗੋਬਿੰਦ ਭਜਉ ਪੇਖਿ ਨੇਰੈ ॥੩॥’’ ਭਾਵ ਹੇ ਭਾਈ ! ਜਦੋਂ ਮੈਂ ਸੰਤ ਜਨਾਂ ਦੇ ਚਰਨ ਆਪਣੇ ਮੱਥੇ ਉੱਤੇ ਰੱਖਦਾ ਹਾਂ ਤਦੋਂ ਮੇਰੇ ਹਨ੍ਹੇਰੇ ਹਿਰਦੇ-ਘਰ ਵਿੱਚ ਆਤਮਕ ਚਾਨਣ ਹੋ ਜਾਂਦਾ ਹੈ। ਹੇ ਭਾਈ  ! ਸੰਤ ਜਨਾਂ ਦੀ ਕਿਰਪਾ ਨਾਲ ਮੇਰਾ ਹਿਰਦਾ ਰੂਪੀ ਕਮਲ ਖਿੜ ਪੈਂਦਾ ਹੈ। ਗੋਬਿੰਦ ਨੂੰ ਆਪਣੇ ਨੇੜੇ ਵੇਖ ਕੇ ਮੈਂ ਉਸ ਦਾ ਭਜਨ ਕਰਦਾ ਹਾਂ। ਜਿਵੇਂ ਹਨ੍ਹੇਰੇ ਵਿੱਚ ਨੇੜੇ ਪਈ ਹੋਈ ਵਸਤੂ ਵਿਖਾਈ ਨਹੀਂ ਦੇਂਦੀ ਠੀਕ ਇਸੇ ਤਰ੍ਹਾਂ ਅਗਿਅਨਤਾ ਦੇ ਹਨ੍ਹੇਰੇ ਵਿੱਚ ਭਟਕ ਰਹੇ ਮਨੁੱਖ ਨੂੰ ਨੇੜੇ ਰਹਿਣ ਵਾਲਾ ਪ੍ਰਭੂ ਵੀਂ ਨਹੀਂ ਦਿੱਸਦਾ। ਬਾਹਰਲੇ ਹਨ੍ਹੇਰੇ ਨੂੰ ਦੂਰ ਕਰਨ ਦੇ ਬਹੁਤ ਸਾਧਨ ਹਨ; ਜਿਵੇਂ-ਸੂਰਜ ਦਾ ਪ੍ਰਕਾਸ਼, ਬਿਜਲੀ ਦੇ ਬੱਲਬ, ਲੈਂਪ, ਲਾਲਟਨ ਆਦਿ, ਪਰ ਆਤਮਕ ਹਨ੍ਹੇਰੇ ਨੂੰ ਗੁਰੂ, ਪ੍ਰਭੂ ਦਾ ਨਾਮ ਅਤੇ ਸਤਿਸੰਗਤ ਹੀ ਦੂਰ ਕਰ ਸਕਦੀ ਹੈ; ਜਿਵੇਂ-ਸੂਰਜ ਚੜਨ ਨਾਲ ਪ੍ਰਕਾਸ਼ ਫੈਲਦਾ ਹੈ ਅਤੇ ਸੂਰਜ ਦੀਆਂ ਕਿਰਨਾਂ; ਬੰਦ ਹੋਏ ਕਮਲ ਫੁੱਲ ਨੂੰ ਖਿੜਾ ਦਿੰਦੀਆਂ ਹਨ; ਤਿਵੇਂ ਹੀ ਸਤਿਪੁਰਖਾਂ ਦੀ ਸੰਗਤ ਵਿੱਚ ਆ ਕੇ ਗੁਰਮਤਿ ਦਾ ਪ੍ਰਕਾਸ਼ ਹਾਸਲ ਹੁੰਦਾ ਹੈ ਅਤੇ ਹਿਰਦਾ ਰੂਪੀ ਮੁਰਝਾਇਆ ਹੋਇਆ ਕਮਲ ਖਿੜ ਪੈਂਦਾ ਹੈ। ਜਦੋਂ ਐਸਾ ਆਤਮਕ ਜੀਵਨ ਜਗਿਆਸੂ ਨੂੰ ਪ੍ਰਾਪਤ ਹੁੰਦਾ ਹੈ ਤਾਂ ਉਹ ਆਪਣੇ ਮੁਖ ਤੋਂ ਇਹੋ ਕਹਿੰਦਾ ਹੈ ਕਿ ਇਹ ਸਾਰੀ ਬਖ਼ਸ਼ਿਸ਼ ਗੁਰਮੁਖਾਂ ਦੀ ਸੰਗਤ ਕਰਕੇ ਹੀ ਹੈ। ਸ਼ਬਦ ਦੀ ਅਖੀਰਲੀ ਪੰਕਤੀ ਵਿੱਚ ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ ‘‘ਪ੍ਰਭ ਕ੍ਰਿਪਾ ਤੇ ਸੰਤ ਪਾਏ; ਵਾਰਿ ਵਾਰਿ ਨਾਨਕ ਉਹ ਬੇਰੈ ॥੪॥’’ ਭਾਵ ਹੇ ਨਾਨਕ ! ਆਖ ਕਿ ਹੇ ਭਾਈ ! ਪਰਮਾਤਮਾ ਦੀ ਮਿਹਰ ਨਾਲ ਮੈਂ ਸੰਤ ਜਨਾਂ ਨੂੰ ਮਿਲਿਆ। ਮੈਂ ਉਸ ਵੇਲੇ ਤੋਂ ਸਦਾ ਕੁਰਬਾਨ ਜਾਂਦਾ ਹਾਂ ਜਦੋਂ ਸੰਤਾਂ ਦੀ ਸੰਗਤ ਪ੍ਰਾਪਤ ਹੋਈ। ਉਹ ਘੜੀ ਸਚੁਮੱਚ ਹੀ ਭਾਗਾਂ ਵਾਲੀ ਹੈ ਜਦੋਂ ਪ੍ਰਭੂ ਪਿਆਰਿਆਂ ਦੀ ਸੰਗਤ ਨਸੀਬ ਹੁੰਦੀ ਹੈ ਕਿਉਂਕਿ ਸਾਧ ਸੰਗਤ ਕਰਨ ਸਦਕਾ ਹੀ ਪ੍ਰਭੂ ਦਾ ਨਾਮ ਚੇਤੇ ਰਹਿੰਦਾ ਹੈ।