ਗੁਰਮਤਿ ਵਿੱਚ ਗ੍ਰਿਹਸਤ ਧਰਮ ਦਾ ਸਥਾਨ
ਮਨੁੱਖ ਭਾਵੇਂ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ, ਵਿਆਹ ਉਸ ਦੀ ਅਤਿ ਮਹੱਤਵ ਪੂਰਨ ਸਮਾਜਿਕ ਅਤੇ ਪਰਿਵਾਰਿਕ ਲੋੜ ਹੈ। ਇਸ ਲਈ ਜਿਸ ਸਮੇਂ ਤੋਂ ਮਨੁੱਖ ਨੇ ਸਮਾਜ ’ਚ ਸੱਭਿਅਕ ਪੱਖੋਂ ਰਹਿਣਾ ਸ਼ੁਰੂ ਕੀਤਾ ਉਸੇ ਸਮੇਂ ਤੋਂ ਹੀ ਇਸਤਰੀ ਤੇ ਮਰਦ; ਵਿਆਹ ਬੰਧਨਾਂ ਵਿੱਚ ਬੱਝਦੇ ਆ ਰਹੇ ਹਨ। ਵਿਆਹ ਨਾਲ ਮਨੁੱਖ ਦੇ ਮੋਢਿਆਂ ’ਤੇ ਕੁਝ ਨਵੀਆਂ ਜ਼ਿੰਮੇਵਾਰੀਆਂ ਪੈਂਦੀਆਂ ਹਨ, ਜੋ ਕਿ ਸਫਲ ਗ੍ਰਿਹਸਤੀ ਜੀਵਨ ਜਿਊਣ ਲਈ ਨਿਭਾਉਣੀਆਂ ਲਾਜ਼ਮੀ ਹੁੰਦੀਆਂ ਹਨ। ਜੋ ਇਹ ਜ਼ਿੰਮੇਵਾਰੀ ਨਿਭਾਉਣ ਤੋਂ ਅਸਮਰਥ ਜਾਂ ਭਗੌੜੇ ਹੁੰਦੇ ਹਨ ਉਨ੍ਹਾਂ ਨੇ ਵਿਆਹ ਨੂੰ ਮਾਇਆਵੀ ਬੰਧਨ ਅਤੇ ਮਨੁੱਖ ਦੀ ਤਰੱਕੀ, ਖ਼ਾਸ ਕਰਕੇ ਅਧਿਆਤਮਿਕ ਸਫ਼ਰ ਵਿੱਚ ਰੋੜਾ ਦੱਸਿਐ। ਸਰੀਰਕ ਭੁੱਖ ਜਾਂ ਖ਼ੁਦਗਰਜ਼ੀਆਂ ਪੂਰੀਆਂ ਕਰਨ ਲਈ ਕੇਵਲ ਸਮਾਜਿਕ ਰਸਮਾਂ ਰਾਹੀਂ ਵਿਆਹੇ ਜੋੜਿਆਂ ਨੂੰ ਜਦੋਂ ਆਪਣੀਆਂ ਮਿਥੀਆਂ ਹੋਈਆਂ ਖ਼ੁਦਗਰਜ਼ੀਆਂ ਪੂਰੀਆਂ ਹੁੰਦੀਆਂ ਨਜ਼ਰ ਨਹੀਂ ਆਉਂਦੀਆਂ ਤਾਂ ਅਕਸਰ ਉਹ ਵੀ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਵਿਆਹ ਬੂਰ ਦੇ ਲੱਡੂ ਹਨ; ਜਿਨ੍ਹਾਂ ਨੇ ਖਾਧੇ ਉਹ ਵੀ ਪਛੁਤਾਏ ਅਤੇ ਜਿਨ੍ਹਾਂ ਨੇ ਨਾ ਖਾਧੇ ਉਹ ਵੀ ਪਛੁਤਾਏ, ਪਰ ਗੁਰਮਤਿ ਨੇ ਇਨ੍ਹਾਂ ਨਾ ਪੱਖੀ ਧਾਰਨਾਵਾਂ ਦਾ ਖੰਡਨ ਕਰਦਿਆਂ ਗ੍ਰਿਸਤ ਧਰਮ ਨੂੰ ਸਭ ਤੋਂ ਉਤਮ ਮੰਨਿਆ ਹੈ। ਭਾਈ ਗੁਰਦਾਸ ਜੀ ਕਬਿਤ ਨੰਬਰ ੩੭੬ ਵਿੱਚ ਬਹੁਤ ਹੀ ਸੋਹਣੀਆਂ ਉਦਾਹਰਣਾਂ ਦਿੰਦੇ ਹੋਏ ਬਿਆਨ ਕਰਦੇ ਹਨ ਕਿ ਜਿਸ ਤਰ੍ਹਾਂ ਸਾਰੇ ਸਰੋਵਰਾਂ ਅਤੇ ਨਦੀਆਂ ਵਿੱਚੋਂ ਸਮੁੰਦਰ ਵੱਡਾ ਹੁੰਦਾ ਹੈ, ਜਿਵੇਂ ਇਹ ਗੱਲ ਜਗਤ ਪ੍ਰਸਿੱਧ ਹੈ ਕਿ ਸਾਰੇ ਪਰਬਤਾਂ ਵਿੱਚੋਂ ਸੁਮੇਰ ਪਰਬਤ ਵੱਡਾ ਹੈ, ਜਿਸ ਤਰ੍ਹਾਂ ਬਨਸਪਤੀ ਬਿਰਖਾਂ ਵਿੱਚੋਂ ਚੰਦਨ ਦਾ ਬਿਰਖ ਅਤੇ ਧਾਤਾਂ ’ਚੋਂ ਸੋਨਾ ਅਤਿ ਉੱਤਮ ਮੰਨਿਆ ਗਿਆ ਹੈ, ਜਿਸ ਤਰ੍ਹਾਂ ਪੰਛੀਆਂ ਵਿੱਚੋਂ ਹੰਸ, ਜੰਗਲ਼ੀ ਜਾਨਵਰਾਂ ’ਚੋਂ ਸ਼ੇਰ, ਰਾਗਾਂ ਵਿੱਚੋਂ ਸ੍ਰੀ ਰਾਗੁ ਅਤੇ ਪੱਥਰਾਂ ਵਿੱਚੋਂ ਪਾਰਸ ਉੱਤਮ ਮੰਨੇ ਗਏ ਹਨ। ਹਰ ਤਰ੍ਹਾਂ ਦੇ ਗਿਆਨ ਵਿੱਚੋਂ ਗੁਰੂ ਦਾ ਗਿਆਨ ਅਤੇ ਹਰ ਤਰ੍ਹਾਂ ਦੇ ਧਿਆਨ ਲਾਉਣ ਨਾਲੋਂ ਗੁਰੂ ਨੂੰ ਆਪਣੇ ਧਿਆਨ ਵਿੱਚ ਵਸਾਉਣਾ ਹੀ ਉੱਤਮ ਹੈ; ਵੈਸੇ ਹੀ ਸੰਸਾਰ ਦੇ ਸਾਰੇ ਧਰਮਾਂ ਵਿੱਚੋਂ ਗ੍ਰਿਹਸਤ ਧਰਮ ਪ੍ਰਧਾਨ ਹੈ ‘‘ਜੈਸੇ ਸਰ ਸਰਤਾ ਮੇਂ ਸਮੁੰਦ ਬਡੋ; ਮੇਰਨ ਮੇਂ ਸੁਮੇਰ ਬਡੋ ਜਗਤ ਬਖਾਨ ਹੈ। ਤਰਵਰਨ ਬਿਖੈ, ਜੈਸੇ ਚੰਦਨ ਬਿਰਖ ਬਡੋ; ਧਾਤਨ ਮੇਂ ਕਨਿਕ ਅਤਿ ਉਤਮ ਕੈ ਮਾਨ ਹੈ। ਪੰਛਿਨ ਮੇਂ ਹੰਸ, ਮ੍ਰਿਗ ਰਾਜਨ ਮੇਂ ਸਾਰਦੂਲ; ਰਾਗਨ ਮੇਂ ਸ੍ਰੀ ਰਾਗੁ, ਪਾਰਸ ਪਖਾਨ ਹੈ। ਗਯਾਨਨ ਮੇਂ ਗਯਾਨ ਅਰ ਧਯਾਨਨ ਮੇਂ ਧਯਾਨ ਗੁਰ; ਸਗਲ ਧਰਮ ਮੇਂ ਗ੍ਰਿਹਸਤ ਪਰਧਾਨ ਹੈ।੩੭੬।’
ਗੁਰਮਤਿ ਵਿੱਚ ਗ੍ਰਿਹਸਤ ਜੀਵਨ ਨੂੰ ਇੱਕ ਐਸੀ ਪ੍ਰਯੋਗਸ਼ਾਲਾ ਦੱਸਿਆ ਗਿਆ ਹੈ, ਜਿਸ ਵਿੱਚ ਸਾਡੇ ਸਾਂਝੇ ਭਰਤਾ ਅਕਾਲ ਪੁਰਖ ਨਾਲ ਅਨੰਦਮਈ ਮਿਲਾਪ ਦੇ ਗੁਰ ਸਿੱਖੇ ਜਾ ਸਕਦੇ ਹਨ। ਇਸੇ ਕਾਰਨ ਗੁਰਬਾਣੀ ਵਿੱਚ ਅਕਾਲ ਪੁਰਖ ਨੂੰ ਪਤੀ, ਪਿਤਾ ਤੇ ਮਾਤਾ ਦੇ ਰੂਪ ਵਿੱਚ ਅਤੇ ਸਾਰੇ ਜੀਵਾਂ ਭਾਵੇਂ ਉਹ ਮਰਦ ਹੋਣ ਜਾਂ ਔਰਤਾਂ; ਸਰਿਆਂ ਨੂੰ ਹੀ ਪ੍ਰਭੂ ਦੀਆਂ ਜੀਵ ਇਸਤਰੀਆਂ ਅਤੇ ਉਸ ਦੇ ਬੱਚਿਆਂ ਦੇ ਤੌਰ ’ਤੇ ਪੇਸ਼ ਕੀਤਾ ਹੈ ‘‘ਇਸੁ ਜਗ ਮਹਿ ਪੁਰਖੁ ਏਕੁ ਹੈ; ਹੋਰ ਸਗਲੀ ਨਾਰਿ ਸਬਾਈ ॥ (ਮਹਲਾ ੨/੫੯੧), ਮੈ ਕਾਮਣਿ, ਮੇਰਾ ਕੰਤੁ ਕਰਤਾਰੁ ॥ ਜੇਹਾ ਕਰਾਏ, ਤੇਹਾ ਕਰੀ ਸੀਗਾਰੁ ॥੧॥ ਜਾਂ ਤਿਸੁ ਭਾਵੈ; ਤਾਂ ਕਰੇ ਭੋਗੁ ॥ ਤਨੁ ਮਨੁ ਸਾਚੇ ਸਾਹਿਬ ਜੋਗੁ ॥੧॥ ਰਹਾਉ ॥ (ਮਹਲਾ ੩/੧੧੨੮), ਤੂੰ ਸਾਝਾ ਸਾਹਿਬੁ ਬਾਪੁ ਹਮਾਰਾ ॥ ਨਉ ਨਿਧਿ ਤੇਰੈ; ਅਖੁਟ ਭੰਡਾਰਾ ॥ ਜਿਸੁ ਤੂੰ ਦੇਹਿ; ਸੁ ਤ੍ਰਿਪਤਿ ਅਘਾਵੈ; ਸੋਈ ਭਗਤੁ ਤੁਮਾਰਾ ਜੀਉ ॥’’ (ਮਹਲਾ ੫/੯੭)
ਜਿਸ ਤਰ੍ਹਾਂ ਪਤਨੀ ਆਪਣੇ ਪਤੀ ਦੇ ਮਨ ਨੂੰ ਤਾਂ ਹੀ ਭਾ ਸਕਦੀ ਹੈ ਜੇ ਉਹ ਆਪਣੇ ਪਤੀ ਦੀ ਆਗਿਆ ਵਿੱਚ ਰਹੇ, ਉਸ ਦੇ ਸੁਭਾਅ ਵਰਗਾ ਆਪਣਾ ਸੁਭਾਅ ਬਣਾ ਕੇ ਸੇਵਾ ਵਿੱਚ ਤਤਪਰ ਰਹੇ। ਲੋਟੂ ਕਿਸਮ ਦੇ ਸਾਧਾਂ ਸੰਤਾਂ ਤੋਂ ਪਤੀ ਨੂੰ ਵੱਸ ਕਰਨ ਲਈ ਤਾਗੇ ਤਵੀਤ ਕਰਵਾਉਣ ਦੀ ਥਾਂ ਗੁਰਬਾਣੀ ’ਚ ਦਰਜ ਗੁਣਾਂ ਨੂੰ ਧਾਰਨ ਕਰਨਾ ਹੀ ਤਵੀਤ ਬਣਾਏ ‘‘ਹੁਕਮੁ ਪਛਾਣੈ ਨਾਨਕਾ; ਭਉ ਚੰਦਨੁ ਲਾਵੈ ॥ ਗੁਣ ਕਾਮਣ, ਕਾਮਣਿ ਕਰੈ; ਤਉ ਪਿਆਰੇ ਕਉ ਪਾਵੈ ॥ (ਮਹਲਾ ੪/੭੨੫), ਗੁਣ ਕਾਮਣ ਕਰਿ, ਕੰਤੁ ਰੀਝਾਇਆ ॥ (ਮਹਲਾ ੫, ਅੰਕ ੭੩੭), ਢੂਢੇਦੀਏ ਸੁਹਾਗ ਕੂ, ਤਉ ਤਨਿ ਕਾਈ ਕੋਰ ॥ ਜਿਨ੍ਹਾ ਨਾਉ ਸੁਹਾਗਣੀ; ਤਿਨ੍ਹਾ ਝਾਕ ਨ ਹੋਰ ॥੧੧੪॥ … ਨਿਵਣੁ ਸੁ ਅਖਰੁ, ਖਵਣੁ ਗੁਣੁ, ਜਿਹਬਾ ਮਣੀਆ ਮੰਤੁ ॥ ਏ ਤ੍ਰੈ ਭੈਣੇ ਵੇਸ ਕਰਿ; ਤਾ ਵਸਿ ਆਵੀ ਕੰਤੁ ॥੧੨੭॥’’ (ਸਲੋਕ ਫਰੀਦ ਜੀ/੧੩੮੪)
ਬਿਨਾਂ ਸ਼ੱਕ ਇਹ ਗੁਰ ਫ਼ੁਰਮਾਨ ਸਾਡੇ ਸਭਨਾਂ ਦੇ ਸਾਂਝੇ ਭਰਤੇ ਅਕਾਲ ਪੁਰਖ (ਕੰਤ) ਲਈ ਹਨ, ਪਰ ਗ੍ਰਿਹਸਤੀ ਜੀਵਨ ਵਿੱਚ ਦੁਨਿਆਵੀ ਰਿਸ਼ਤਿਆਂ ਵਿੱਚ ਅਪਣਾਉਣ ਨਾਲ ਵੀ ਆਪਸੀ ਪਿਆਰ, ਸਤਿਕਾਰ ’ਚ ਵਾਧਾ ਹੁੰਦਾ ਹੈ ਅਤੇ ਇੱਕ ਦੂਜੇ ਪ੍ਰਤੀ ਜ਼ਿੰਮੇਵਾਰੀਆਂ ਤੇ ਫ਼ਰਜ਼ਾਂ ਦੀ ਪੂਰਤੀ ਕਰਕੇ ਰਿਸ਼ਤੇ ਮਿਠਾਸ ਭਰਪੂਰ ਤੇ ਅਨੰਦਮਈ ਬਣ ਜਾਂਦੇ ਹਨ। ਸੋ ਗ੍ਰਿਹਸਤੀ ਜੀਵਨ ਦੀਆਂ ਉਦਾਹਰਣਾਂ ਦੇ ਕੇ ਜੀਵ ਇਸਤਰੀਆਂ ਨੂੰ ਸਮਝਾਇਆ ਗਿਆ ਹੈ ਕਿ ਜਿਸ ਤਰ੍ਹਾਂ ਸਮਾਜ ਵਿੱਚ ਰਹਿੰਦਿਆਂ ਪਤੀ ਦੀ ਆਗਿਆ ਅਤੇ ਸੇਵਾ ’ਚ ਰਹਿ ਕੇ ਪਤੀ ਨੂੰ ਪ੍ਰਸੰਨ ਕਰੀਦਾ ਹੈ ਉਸੇ ਤਰ੍ਹਾਂ ਸਾਡੇ ਸਾਂਝੇ ਭਰਤਾ ਅਕਾਲ ਪੁਰਖ ਦਾ ਹੁਕਮ ਪਛਾਣ ਕੇ ਉਸ ਦੀ ਆਗਿਆ ਵਿੱਚ ਰਹਿਣ ਨਾਲ ਪ੍ਰਭੂ ਦਾ ਮਿਲਾਪ ਹਾਸਲ ਕੀਤਾ ਜਾ ਸਕਦਾ ਹੈ।
ਹਿੰਦੂ ਧਰਮ ਵਿੱਚ ਪਤੀ ਦੀ ਮੌਤ ਉਪਰੰਤ ਪਤਨੀ ਵੱਲੋਂ ਜਿਊਂਦੇ ਜੀਅ ਪਤੀ ਦੀ ਚਿਤਾ ਵਿੱਚ ਸੜ ਕੇ ਸਤੀ ਹੋਣ ਦੀ ਪ੍ਰਥਾ ਰਹੀ ਹੈ, ਜਿਸ ਦਾ ਖੰਡਨ ਕਰਦੇ ਹੋਏ ਗੁਰੂ ਸਾਹਿਬ ਜੀ ਸਤੀ ਹੋਣ ਵਾਲੀ ਇਸਤਰੀ ਨੂੰ ਉਪਦੇਸ਼ ਕਰਦੇ ਹਨ ਕਿ ਮਨਹਠ ਨਾਲ ਦੇਖਾ ਦੇਖੀ ਪਤੀ ਦੀ ਚਿਤਾ ਵਿੱਚ ਸੜਨ ਮਰਨ ਨਾਲ ਪਤੀ ਦਾ ਸੰਗ ਨਹੀਂ ਮਿਲਦਾ ਬਲਕਿ ਜੂਨਾਂ ਦੀਆਂ ਭੜਕਣਾ ਵਿੱਚ ਹੀ ਪੈ ਜਾਈਦਾ ਹੈ; ਉਹੀ ਜੀਵ ਇਸਤਰੀ ਦਰਗਾਹ ਵਿੱਚ ਪ੍ਰਵਾਨ ਚੜ੍ਹਦੀ ਹੈ ਜਿਸ ਨੇ ਪਤੀ ਨੂੰ ਪਰਮੇਸ਼ਰ ਕਰਕੇ ਮੰਨਿਆ ਤੇ ਉਸ ਦੀ ਆਗਿਆ ਵਿੱਚ ਰਹੀ ‘‘ਕਲਿਜੁਗ ਮਹਿ, ਮਿਲਿ ਆਏ ਸੰਜੋਗ ॥ ਜਿਚਰੁ ਆਗਿਆ, ਤਿਚਰੁ ਭੋਗਹਿ ਭੋਗ ॥੧॥ ਜਲੈ (ਅੱਗ ’ਚ ਸੜਨ ਨਾਲ) ਨ ਪਾਈਐ, ਰਾਮ ਸਨੇਹੀ ॥ ਕਿਰਤਿ ਸੰਜੋਗਿ (ਕਰਕੇ), ਸਤੀ ਉਠਿ ਹੋਈ ॥੧॥ ਰਹਾਉ ॥ ਦੇਖਾ ਦੇਖੀ ਮਨਹਠਿ (ਨਾਲ) ਜਲਿ ਜਾਈਐ ॥ ਪ੍ਰਿਅ ਸੰਗੁ ਨ ਪਾਵੈ; ਬਹੁ ਜੋਨਿ ਭਵਾਈਐ ॥੨॥ ਸੀਲ ਸੰਜਮਿ, ਪ੍ਰਿਅ ਆਗਿਆ ਮਾਨੈ ॥ ਤਿਸੁ ਨਾਰੀ ਕਉ, ਦੁਖੁ ਨ ਜਮਾਨੈ ॥੩॥ ਕਹੁ ਨਾਨਕ ! ਜਿਨਿ, ਪ੍ਰਿਉ ਪਰਮੇਸਰੁ ਕਰਿ ਜਾਨਿਆ॥ ਧੰਨੁ ਸਤੀ, ਦਰਗਹ ਪਰਵਾਨਿਆ ॥੪॥’’ (ਮਹਲਾ ੫/੧੮੫)
ਜਿਸ ਮਨੁੱਖ ਨੂੰ ਪਤੀ ਪਰਮੇਸ਼ਰ ਦੀ ਸੰਗਿਆ ਦਿੱਤੀ ਗਈ ਹੈ, ਉਸ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਪਰਮੇਸ਼ਰ ਰੂਪ ਹੋ ਕੇ ਆਪਣੇ ਫ਼ਰਜ਼ ਨਿਭਾਏ। ਪਤੀ ਹੋਣ ਦੇ ਹੰਕਾਰ ਵਿੱਚ ਨਾ ਰਹੇ, ਕੌੜਾ ਬੋਲ ਬੋਲਣ ਦੀ ਥਾਂ ਪ੍ਰਮਾਤਮਾ ਦੇ ਗੁਣਾਂ ਅਨੁਸਾਰ ਮਿੱਠ ਬੋਲੜਾ ਬਣੇ । ਉੱਚੇ ਆਚਰਣ ਦਾ ਧਾਰਨੀ ਬਣੇ। ਪਤੀ-ਪਰਮੇਸ਼ਰ ਦਾ ਸੁਭਾਅ ਹੈ ‘‘ਮਿਠ ਬੋਲੜਾ ਜੀ; ਹਰਿ ਸਜਣੁ ਸੁਆਮੀ ਮੋਰਾ ॥ ਹਉ ਸੰਮਲਿ ਥਕੀ ਜੀ; ਓਹੁ ਕਦੇ ਨ ਬੋਲੈ ਕਉਰਾ ॥ ਕਉੜਾ ਬੋਲਿ ਨ ਜਾਨੈ, ਪੂਰਨ ਭਗਵਾਨੈ; ਅਉਗਣੁ ਕੋ ਨ ਚਿਤਾਰੇ ॥ ਪਤਿਤ ਪਾਵਨੁ ਹਰਿ ਬਿਰਦੁ ਸਦਾਏ; ਇਕੁ ਤਿਲੁ ਨਹੀ ਭੰਨੈ ਘਾਲੇ ॥’’ (ਮਹਲਾ ੫/੭੮੪) ਤਾਂ ਤੇ ਸਾਡੇ ਵਿੱਚ ਵੀ ਇਹ ਗੁਣ ਹੋਣੇ ਚਾਹੀਦੇ ਹਨ ‘‘ਪਰ ਤ੍ਰਿਅ ਰੂਪੁ, ਨ ਪੇਖੈ ਨੇਤ੍ਰ ॥ ਸਾਧ ਕੀ ਟਹਲ, ਸੰਤਸੰਗਿ ਹੇਤ ॥ ਕਰਨ ਨ ਸੁਨੈ, ਕਾਹੂ ਕੀ ਨਿੰਦਾ ॥ ਸਭ ਤੇ ਜਾਨੈ, ਆਪਸ ਕਉ ਮੰਦਾ ॥ ਗੁਰ ਪ੍ਰਸਾਦਿ, ਬਿਖਿਆ ਪਰਹਰੈ ॥ ਮਨ ਕੀ ਬਾਸਨਾ, ਮਨ ਤੇ ਟਰੈ ॥ ਇੰਦ੍ਰੀਜਿਤ, ਪੰਚ ਦੋਖ ਤੇ ਰਹਤ ॥ ਨਾਨਕ ! ਕੋਟਿ ਮਧੇ, ਕੋ ਐਸਾ ਅਪਰਸ ॥੧॥’’ (ਮਹਲਾ ੫/੨੭੪)
ਜਿਸ ਤਰ੍ਹਾਂ ਅਕਾਲ ਪੁਰਖ ਮਾਤਾ ਪਿਤਾ ਵਾਂਗ ਆਪਣੇ ਸੇਵਕਾਂ ਸਮੇਤ ਸ੍ਰਿਸ਼ਟੀ ਦੇ ਸਾਰੇ ਜੀਵਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੋਇਆ ਉਨ੍ਹਾਂ ਦੀ ਸੰਭਾਲ ਕਰਦਾ ਹੈ ਉਸੇ ਤਰ੍ਹਾਂ ਪਤਨੀ ਦਾ ਪਤੀ; ਬੱਚਿਆਂ ਦਾ ਪਿਤਾ ਅਤੇ ਪਰਿਵਾਰ ਦਾ ਮੁਖੀ ਹੋਣ ਦੇ ਨਾਂ ’ਤੇ ਪਰਿਵਾਰਿਕ ਜੀਵਨ ਨਿਰਵਾਹ ਕਰਨ ਦੀਆਂ ਲੋੜਾਂ ਪੂਰੀਆਂ ਕਰਨ ਲਈ ਮਿਹਨਤ ਤੇ ਉੱਦਮ ਕਰਦਾ ਹੈ। ਜਦ ਪਤੀ ਪਤਨੀ ਇਸ ਤਰ੍ਹਾਂ ਆਪਣੇ ਫ਼ਰਜ਼ਾਂ ਦੀ ਪੂਰਤੀ ਕਰਦੇ ਹੋਏ ਇੱਕ ਦੂਜੇ ਨੂੰ ਸਮਰਪਤ ਹੋਣਗੇ ਤਾਂ ਸਰੀਰ ਭਾਵੇਂ ਦੋ (ਤੀ-ਪਤਨੀ) ਹੋਣ, ਉਨ੍ਹਾਂ ਦੀ ਜੋਤ ਇੱਕ ਹੀ ਹੋਵੇਗੀ; ਇਸ ਤਰ੍ਹਾਂ ਦੇ ਜੀਵਨ ਵਾਲੇ ਸੰਪਤੀ ਜੋੜੇ ਨੂੰ ਗੁਰਮਤਿ ਵਿੱਚ ਅਸਲ ਪਤੀ ਪਤਨੀ ਪ੍ਰਵਾਨ ਕੀਤਾ ਗਿਆ ਹੈ ‘‘ਧਨ ਪਿਰੁ ਏਹਿ ਨ ਆਖੀਅਨਿ; ਬਹਨਿ ਇਕਠੇ ਹੋਇ ॥ ਏਕ ਜੋਤਿ, ਦੁਇ ਮੂਰਤੀ; ਧਨ ਪਿਰੁ ਕਹੀਐ ਸੋਇ ॥’’ (ਮਹਲਾ ੩/੭੮੮)
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਪਤੀ ਪਤਨੀ ਦੇ ਅਤੁੱਟ ਰਿਸ਼ਤੇ ਸਦਾ ਲਈ ਕਾਇਮ ਰੱਖਣ ਲਈ ਆਪੋ ਆਪਣੇ ਫ਼ਰਜ਼ਾਂ ਦੀ ਪੂਰਤੀ ਲਈ ਗੁਰਬਾਣੀ ਵਿੱਚ ਦਿੱਤੇ ਇਨ੍ਹਾਂ ਸੁਨਹਿਰੀ ਉਪਦੇਸ਼ਾਂ ਦੇ ਬਾਵਜੂਦ; ਹੋਰਨਾਂ ਧਰਮਾਂ ਵਾਂਗ ਸਿੱਖ ਘਰਾਂ ਵਿੱਚ ਵੀ ਗ੍ਰਿਹਸਤੀ ਧਰਮ ਦੇ ਰਿਸ਼ਤੇ ਤਿੜਕਣ ਅਤੇ ਨੌਬਤ ਤਲਾਕ ਤੱਕ ਪਹੁੰਚਣ ਦੀਆਂ ਚਿੰਤਾਜਨਕ ਘਟਨਾਵਾਂ ਦਿਨੋ ਦਿਨ ਕਿਉਂ ਵਧ ਰਹੀਆਂ ਹਨ ? ਇਸ ਦਾ ਕਾਰਨ ਹੈ ਕਿ ਸਿੱਖ ਬੱਚੇ ਬੱਚੀਆਂ ਨੂੰ ਗੁਰਮਤਿ ਦੀ ਸਿੱਖਿਆ ਹੀ ਨਹੀਂ ਦਿੱਤੀ ਜਾਂਦੀ। ਅਨੰਦ ਕਾਰਜ ਦੀ ਮਰਿਆਦਾ ਹੀ ਜੇ ਠੀਕ ਢੰਗ ਨਾਲ ਨਿਭਾਈ ਜਾਵੇ ਤਾਂ ਵੀ ਉੱਥੋਂ ਕਾਫ਼ੀ ਕੁਝ ਸਿੱਖਣ ਨੂੰ ਮਿਲ ਜਾਂਦਾ ਹੈ ਪਰ ਅਫ਼ਸੋਸ ਕਿ ਇਹ ਮਰਿਆਦਾ ਵੀ ਮਹਿਜ ਇੱਕ ਰਸਮ ਪੂਰਤੀ ਹੀ ਹੁੰਦੀ ਹੈ। ਬਾਕੀ ਸਾਰੇ ਦਾ ਸਾਰਾ ਸਮਾਂ ਫਜੂਲ ਦੀਆਂ ਰਸਮਾਂ; ਜਿਹੜੀਆਂ ਕੇਵਲ ਹਊਮੈ ਦਾ ਵਿਖਾਵਾ ਅਤੇ ਵੇਕਾਰਾਂ ਦਾ ਪਾਸਾਰਾ ਹੋਣ ਕਰਕੇ ਗੁਰਮਤਿ ਵਿਰੋਧੀ ਹੀ ਹੁੰਦਾ ਹੈ; ਵਿੱਚ ਗਵਾਚ ਜਾਂਦਾ ਹੈ। ਰਿਸ਼ਤੇ ਤਹਿ ਕਰਨ ਸਮੇਂ ਬੱਚੇ ਬੱਚੀ ਦਾ ਮਾਨਸਿਕ ਪੱਧਰ, ਵਿਦਿਅਕ ਯੋਗਤਾ, ਗੁਰਮਤਿ ਵਿਚਾਰਧਾਰਾ ਤੇ ਉਨ੍ਹਾਂ ਦੇ ਨਿੱਜੀ ਸੁਭਾਅ ਨੂੰ ਪਹਿਲ ਦੇਣ ਦੀ ਥਾਂ, ਚਮਕ ਦਮਕ, ਜਾਇਦਾਦ, ਸਮਾਜਿਕ ਰੁਤਬਾ, ਦਾਜ ਆਦਿ ਪ੍ਰਥਾ ਨੂੰ ਪਹਿਲ ਦਿੱਤੀ ਜਾਂਦੀ ਹੈ।
ਦਾਜ ਪ੍ਰਥਾ ਪਤੀ ਪਤਨੀ ਦੇ ਰਿਸ਼ਤਿਆਂ ਵਿੱਚ ਬਹੁਤ ਵੱਡੀ ਤ੍ਰੇੜ ਪੈਦਾ ਕਰਦੀ ਹੈ ਕਿਉਂਕਿ ਜੇ ਕਰ ਲੜਕੇ ਵਾਲੇ ਪਰਿਵਾਰ ਦੀ ਮਿਥੀ ਹੋਈ ਹੈਸੀਅਤ ਨਾਲੋਂ ਲੜਕੀ ਕੁਝ ਘੱਟ ਦਾਜ ਲੈ ਕੇ ਆਉਂਦੀ ਹੈ ਤਾਂ ਉਸ ਨੂੰ ਸਹੁਰਾ ਪਰਿਵਾਰ ਵੱਲੋਂ ਤਾਹਨੇ ਮਿਹਣੇ ਸੁਣ ਕੇ ਮਾਨਸਿਕ ਅਤੇ ਕਈ ਵਾਰ ਸਰੀਰਕ ਤਸੀਹੇ ਵੀ ਸਹਿਣੇ ਪੈਂਦੇ ਹਨ। ਜੇ ਕਰ ਲੜਕੇ ਦੇ ਪਰਿਵਾਰ ਦੀ ਹੈਸੀਅਤ ਨਾਲੋਂ ਵੱਧ ਦਾਜ ਲੈ ਕੇ ਆਉਂਦੀ ਹੈ ਤਾਂ ਉਹ ਲੜਕੀ ਵੱਧ ਦਾਜ ਲਿਆਉਣ ਦੀ ਹਊਮੈ ਤੋਂ ਪੀੜਤ ਹੋ ਕੇ ਸਹੁਰਾ ਪਰਿਵਾਰ ਨਾਲ ਵਰਤੋਂ ਵਿਹਾਰ ਵਿੱਚ ਲੜਕੀ ਦਾ ਹੰਕਾਰ ਝਲਕਦਾ ਰਹਿੰਦਾ ਹੈ, ਜਿਸ ਨਾਲ ਹਮੇਸ਼ਾਂ ਤਣਾਅ ਵਾਲ਼ੀ ਸਥਿਤੀ ਬਣੀ ਰਹਿੰਦੀ ਹੈ। ਇਸੇ ਲਈ ਹਊਮੈ ਦੇ ਵਿਖਾਵੇ ਵਾਲੇ ਦਾਜ ਨਾਲੋਂ ਆਤਮਿਕ ਗੁਣਾਂ ਦੇ ਦਾਜ ਦੇਣ ਨੂੰ ਤਰਜੀਹ ਗੁਰੂ ਸਾਹਿਬ ਜੀ ਨੇ ਦਿੱਤੀ ਹੈ ‘‘ਹਰਿ ਪ੍ਰਭੁ ਮੇਰੇ ਬਾਬੁਲਾ; ਹਰਿ ਦੇਵਹੁ ਦਾਨੁ, ਮੈ ਦਾਜੋ ॥ ਹਰਿ ਕਪੜੋ, ਹਰਿ ਸੋਭਾ ਦੇਵਹੁ; ਜਿਤੁ ਸਵਰੈ ਮੇਰਾ ਕਾਜੋ ॥ ਹਰਿ ਹਰਿ ਭਗਤੀ ਕਾਜੁ ਸੁਹੇਲਾ; ਗੁਰਿ ਸਤਿਗੁਰਿ (ਨੇ) ਦਾਨੁ ਦਿਵਾਇਆ ॥ ਖੰਡਿ ਵਰਭੰਡਿ (’ਚ) ਹਰਿ ਸੋਭਾ ਹੋਈ; ਇਹੁ ਦਾਨੁ, ਨ ਰਲੈ ਰਲਾਇਆ ॥ ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ; ਸੁ ਕੂੜੁ ਅਹੰਕਾਰੁ ਕਚੁ ਪਾਜੋ ॥ ਹਰਿ ਪ੍ਰਭ ਮੇਰੇ ਬਾਬੁਲਾ; ਹਰਿ ਦੇਵਹੁ ਦਾਨੁ, ਮੈ ਦਾਜੋ ॥੪॥’’ (ਮਹਲਾ ੪/੭੮-੭੯)
ਪਰ ਅਸੀਂ ਹਰੀ ਦੇ ਨਾਮ ਅਤੇ ਗੁਰੂ ਦੀ ਸਿੱਖਿਆ ਦਾ ਦਾਜ ਮੰਗਣ ਦੀ ਥਾਂ ਮਨਮੁਖਾਂ ਵਾਂਗ ਕੂੜੇ ਦਾਜ ਦਾ ਵਿਖਾਵਾ ਕਰਕੇ ਹੰਕਾਰ ਨੂੰ ਪੱਠੇ ਪਾਉਂਦੇ ਹਾਂ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੀ ਸਪੁੱਤਰੀ ਬੀਬੀ ਵੀਰੋ ਜੀ ਦੇ ਵਿਆਹ ਮੌਕੇ ਜੋ ਸਿਖਿਆ ਉਸ ਨੂੰ ਦਿੱਤੀ; ਗੁਰਬਿਲਾਸ ਪਾਤਸ਼ਾਹੀ ੬ ਅਧਿਆਇ ੧੧ ਅਨੁਸਾਰ ਇਸ ਤਰ੍ਹਾਂ ਹੈ ‘ਸੁਨ ਬੀਬੀ ਮੈਂ ਤੁਝੇ ਸੁਨਾਊਂ, ਪਤਿ ਕੀ ਮਹਿਮਾ ਕਹਿ ਤੱਕ ਗਾਊਂ। ਪਤਿ ਸੇਵਕ ਕੀ ਸੇਵਾ ਸਫਲੀ, ਪਤਿ ਬਿਨ ਔਰ ਕਰੈ ਸਭ ਨਿਫਲੀ। ਗੁਰ ਜਨ ਕੀ ਇੱਜਤ ਬਹੁ ਕਰਨੀ, ਸਾਸ ਸੇਵ ਰਿਦ ਮਹਿ ਸੁ ਧਰਨੀ। ਸੁਨ ਪੁਤਰੀ ਪ੍ਰਾਨਨ ਤੇ ਪਿਆਰੀ, ਜਿਸ ਤੇ ਬੇਸ ਬਿਤੇ ਸੁੱਖ ਕਾਰੀ। ਕੁਲ ਕੀ ਬਾਤ ਚਿੱਤ ਮੇਂ ਧਰਨੀ, ਖੋਟੀ ਸੰਗਤ ਨਹੀਂ ਸੁ ਕਰਨੀ। ਪ੍ਰਾਤਹ ਉਠ ਕਰ ਮਜਨ ਕਰੀਯੋ, ਗੁਰਬਾਣੀ ਕੋ ਮੁੱਖ ਤੇ ਰਰੀਯੋ। ਫੁਨਹ ਔਰ ਵਿਵਹਾਰ ਜੋ ਹੋਈ, ਭਲੇ ਸੰਭਾਲੋ ਨੀਕੇ ਸੋਈ।’
ਅੱਜ ਅਸੀਂ ਵੇਖਦੇ ਹਾਂ ਕਿ ਅਨੰਦ ਕਾਰਜ ਮੌਕੇ ਉਕਤ ਸਿੱਖਿਆ ਦੇਣ ਦੀ ਥਾਂ ਉੱਥੇ ਲੱਚਰ ਗਾਇਕ ਇਸ ਤਰ੍ਹਾਂ ਦਾ ਗਾਉਂਦੇ ਹਨ ਕਿ ਉਸ ਨੂੰ ਬਾਪ-ਧੀ ਅਤੇ ਭੈਣ-ਭਰਾ ਇਕੱਠੇ ਬੈਠ ਕੇ ਸੁਣ ਵੀ ਨਹੀਂ ਸਕਦੇ। ਇਹ ਸਭ ਖ਼ੁਸ਼ੀ ਮਨਾਉਣ ਦੇ ਨਾਂ ਹੇਠ ਸੁਣਿਆ ਜਾ ਰਿਹਾ ਹੈ ਜਾਂ ਮਜਬੂਰੀ ਵੱਸ ਕਿਸੇ ਨੂੰ ਸੁਣਨਾ ਪੈ ਰਿਹਾ ਹੈ। ਹਰ ਰੋਜ ਸੁਣੇ ਜਾ ਰਹੇ ਬਹੁਤੇ ਗੀਤ ਰਿਸ਼ਤਿਆਂ ਵਿੱਚ ਮਿਠਾਸ ਤੇ ਸਤਿਕਾਰ ਪੈਦਾ ਕਰਨ ਦੀ ਥਾਂ ਕੁੜੱਤਣ ਅਤੇ ਨਫ਼ਰਤ ਪੈਦਾ ਕਰਦੇ ਹਨ ਜਿਵੇਂ ਕਿ ‘ਅੱਜ ਮੈਂ ਸੱਸ ਕੁੱਟਣੀ, ਕੁੱਟਣੀ ਸੰਦੂਕਾਂ ਉਹਲੇ’ ਅਤੇ ‘ਛੜੇ ਜੇਠ ਨੂੰ ਲੱਸੀ ਨਹੀਂ ਦੇਣੀ, ਦਿਉਰ ਭਾਵੇਂ ਮੱਝ ਚੁੰਘ ਜਾਏ’।
ਗੁਰੂ ਨੇ ਸ਼ਰਾਬ ਪੀਣ ਤੋਂ ਸਿੱਖਾਂ ਨੂੰ ਇਉਂ ਵਰਜਿਆ ਹੈ ‘‘ਮਾਣਸੁ ਭਰਿਆ ਆਣਿਆ; ਮਾਣਸੁ ਭਰਿਆ ਆਇ ॥ ਜਿਤੁ ਪੀਤੈ, ਮਤਿ ਦੂਰਿ ਹੋਇ; ਬਰਲੁ ਪਵੈ ਵਿਚਿ ਆਇ ॥ ਆਪਣਾ ਪਰਾਇਆ ਨ ਪਛਾਣਈ; ਖਸਮਹੁ ਧਕੇ ਖਾਇ ॥ ਜਿਤੁ ਪੀਤੈ ਖਸਮੁ ਵਿਸਰੈ; ਦਰਗਹ ਮਿਲੈ ਸਜਾਇ ॥ ਝੂਠਾ ਮਦੁ ਮੂਲਿ ਨ ਪੀਚਈ; ਜੇ ਕਾ ਪਾਰਿ ਵਸਾਇ ॥ ਨਾਨਕ ! ਨਦਰੀ ਸਚੁ ਮਦੁ ਪਾਈਐ; ਸਤਿਗੁਰੁ ਮਿਲੈ ਜਿਸੁ ਆਇ ॥ ਸਦਾ ਸਾਹਿਬ ਕੈ ਰੰਗਿ ਰਹੈ; ਮਹਲੀ ਪਾਵੈ ਥਾਉ ॥’’ (ਮਹਲਾ ੩/੫੫੪) ਪਰ ਸਾਡੇ ਵਿਆਹਾਂ ਵਿੱਚ ਜਿਸ ਤਰ੍ਹਾਂ ਸ਼ਰਾਬ ਦੀ ਖੁਲ੍ਹੀ ਵਰਤੋਂ ਹੋ ਰਹੀ ਹੁੰਦੀ ਹੈ ਇਹ ਸਿੱਖ ਸੱਭਿਆਚਾਰ ਦੇ ਬਿਲਕੁਲ ਉਲ਼ਟ ਹੈ। ਸੋ ਜੇ ਸਾਡੇ ਬੱਚਿਆਂ ਨੂੰ ਸਿੱਖਿਆ ਅਤੇ ਵਿਆਹ ਸਮੇਂ ਦਾ ਸਾਰਾ ਮਹੌਲ ਗੁਰੂ ਦੀ ਸਿੱਖਿਆ ਦੇ ਉਲ਼ਟ ਹੋਵੇਗਾ ਤਾਂ ਇਸ ਦਾ ਅਸਰ ਵੀ ਬੱਚਿਆਂ ਅਤੇ ਉਨ੍ਹਾਂ ਦੇ ਗ੍ਰਿਹਸਤੀ ਜੀਵਨ ’ਤੇ ਪੈਣਾ ਲਾਜ਼ਮੀ ਹੈ, ਜਿਸ ਨਾਲ ਉਨ੍ਹਾਂ ਲਈ ਵਿਆਹ ਵਾਕਿਆ ਹੀ ਬੂਰ ਦੇ ਲੱਡੂ ਹੋਣਗੇ ਜਿਨ੍ਹਾਂ ਨੂੰ ਖਾਣ ਵਾਲੇ ਵੀ ਪਛੁਤਾਉਣਗੇ ਅਤੇ ਜਿਨ੍ਹਾਂ ਦੇ ਨਸੀਬਾਂ ਵਿੱਚ ਖਾਣ ਦਾ ਮੌਕਾ ਨਾ ਮਿਲਿਆ ਉਨ੍ਹਾਂ ਦੇ ਮਨ ਵਿੱਚ ਵੀ ਪਛੁਤਾਵਾ ਹੀ ਰਹੇਗਾ, ਪਰ ਜੇਕਰ ਬੱਚੇ ਸ਼ੁਰੂ ਤੋਂ ਹੀ ਗੁਰਬਾਣੀ ਨਾਲ ਜੁੜ ਕੇ ਗੁਰਮਤਿ ਦੇ ਧਾਰਨੀ ਬਣਨਗੇ; ਵਿਆਹ ਸਮੇਂ ਵਿਸ਼ੇ ਵਿਕਾਰ ਤੇ ਹਊਮੈ ਪੈਦਾ ਕਰਨ ਵਾਲੀਆਂ ਫੋਕਟ ਰਸਮਾਂ ਤੋਂ ਦੂਰ ਰੱਖ ਗੁਰਮਤਿ ਦੇ ਉਕਤ ਉਪਦੇਸ਼ ਦ੍ਰਿੜ੍ਹ ਕਰਨ ਅਤੇ ਅਨੰਦ ਕਾਰਜ ਸਮੇਂ ਪੜ੍ਹੀਆਂ ਜਾਂਦੀਆਂ ਸੂਹੀ ਰਾਗੁ ਵਿੱਚ ਦਰਜ ੪ ਲਾਵਾਂ ਦੇ ਪਉੜੀ ਦਰ ਪਉੜੀ ਅਰਥ ਸਮਝਾਏ ਜਾਣ ਤਾਂ ਨਿਸ਼ਚੈ ਹੀ ਗ੍ਰਿਹਸਤ ਧਰਮ ਅਨੰਦ ਭਰਪੂਰ ਅਤੇ ਸਮਾਜ ’ਚ ਪ੍ਰਧਾਨ ਭਾਵ ਉੱਤਮ ਬਣ ਸਕਦਾ ਹੈ।
ਪਹਿਲੀ ਸੋਹਣੀ ਲਾਂਵ ’ਚ; ਘਰ-ਸੰਸਾਰ ਦੇ ਕੰਮ ਕਾਜ ਕਰਦਿਆਂ ਹਰਿ-ਨਾਮ ਜਪਣ ਦੇ ਆਹਰ ਵਿਚ ਰੁੱਝਣ ਦਾ ਕੰਮ ਨਿਸ਼ਚੇ ਕਰਾਇਆ ਹੈ। ਸਿੱਖਿਆ ਦਿੱਤੀ ਗਈ ਹੈ ਕਿ ਗੁਰੂ ਦੀ ਬਾਣੀ ਹੀ ਸਿੱਖ ਵਾਸਤੇ ਬ੍ਰਹਮਾ ਦਾ ਵੇਦ ਹੈ। ਇਸ ਬਾਣੀ ਦੀ ਬਰਕਤਿ ਨਾਲ ਪਰਮਾਤਮਾ ਦਾ ਨਾਮ ਸਿਮਰਨ ਦਾ ਧਰਮ ਆਪਣੇ ਹਿਰਦੇ ਵਿਚ ਪੱਕਾ ਕਰੋ; ਨਾਮ ਸਿਮਰਿਆਂ ਸਾਰੇ ਪਾਪ ਦੂਰ ਹੋ ਜਾਂਦੇ ਹਨ। ਪਰਮਾਤਮਾ ਦਾ ਨਾਮ ਸਿਮਰਦੇ ਰਹੋ, ਮਨੁੱਖਾ ਜੀਵਨ ਦਾ ਇਹ ਧਰਮ ਆਪਣੇ ਅੰਦਰ ਪੱਕਾ ਕਰ ਲਵੋ। ਗੁਰੂ ਜੀ ਨੇ ਜੋ ਨਾਮ ਸਿਮਰਨ ਦੀ ਤਾਕੀਦ ਕੀਤੀ ਹੈ, ਸਿੱਖ ਵਾਸਤੇ ਇਹੀ ਸਿਮ੍ਰਿਤਿ (ਦਾ ਉਪਦੇਸ਼) ਹੈ। ਪੂਰੇ ਗੁਰੂ ਦੇ ਇਸ ਉਪਦੇਸ਼ ਨੂੰ ਹਰ ਵੇਲੇ ਚੇਤੇ ਰੱਖੋ, ਸਾਰੇ ਪਾਪ ਵਿਕਾਰ ਇਸ ਦੀ ਬਰਕਤਿ ਨਾਲ ਦੂਰ ਹੋ ਜਾਂਦੇ ਹਨ। ਜਿਸ ਮਨੁੱਖ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਮਿੱਠਾ ਲੱਗਣ ਲੱਗ ਪੈਂਦਾ ਹੈ, ਉਸ ਵੱਡੇ ਭਾਗਾਂ ਵਾਲੇ ਨੂੰ ਆਤਮਕ ਅਡੋਲਤਾ ਦਾ ਸੁੱਖ ਮਿਲਿਆ ਰਹਿੰਦਾ ਹੈ। ਪਰਮਾਤਮਾ ਦਾ ਨਾਮ ਜਪਣਾ ਹੀ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ ਪਹਿਲੀ ਸੋਹਣੀ ਲਾਂਵ ਹੈ। ਹਰਿ-ਨਾਮ ਸਿਮਰਨ ਤੋਂ ਹੀ (ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ) ਵਿਆਹ ਦਾ ਮੁੱਢ ਬੱਝਦਾ ਹੈ ‘‘ਹਰਿ ਪਹਿਲੜੀ ਲਾਵ; ਪਰਵਿਰਤੀ ਕਰਮ ਦ੍ਰਿੜਾਇਆ, ਬਲਿ ਰਾਮ ਜੀਉ ॥ ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ; ਪਾਪ ਤਜਾਇਆ, ਬਲਿ ਰਾਮ ਜੀਉ ॥ ਧਰਮੁ ਦ੍ਰਿੜਹੁ, ਹਰਿ ਨਾਮੁ ਧਿਆਵਹੁ; ਸਿਮ੍ਰਿਤਿ ਨਾਮੁ ਦ੍ਰਿੜਾਇਆ ॥ ਸਤਿਗੁਰੁ ਗੁਰੁ ਪੂਰਾ ਆਰਾਧਹੁ; ਸਭਿ ਕਿਲਵਿਖ ਪਾਪ ਗਵਾਇਆ ॥ ਸਹਜ ਅਨੰਦੁ ਹੋਆ ਵਡਭਾਗੀ; ਮਨਿ, ਹਰਿ ਹਰਿ ਮੀਠਾ ਲਾਇਆ ॥ ਜਨੁ ਕਹੈ ਨਾਨਕੁ ਲਾਵ ਪਹਿਲੀ; ਆਰੰਭੁ ਕਾਜੁ ਰਚਾਇਆ ॥੧॥’’
ਰੋਮ ਰੋਮ ’ਚ ਵੱਸਦੇ ਰਾਮ (ਅਕਾਲ ਪੁਰਖ) ਨੇ ਜਿਸ ਜੀਵ ਇਸਤਰੀ ਨੂੰ ਗੁਰੂ ਮਹਾ ਪੁਰਖ ਮਿਲਾ ਦਿੱਤਾ, ਉਸ ਦਾ ਮਨ ਦੁਨਿਆਵੀ ਡਰਾਂ ਵੱਲੋਂ ਨਿਡਰ ਹੋ ਜਾਂਦਾ ਹੈ। ਗੁਰੂ ਉਸ ਦੇ ਅੰਦਰੋਂ ਹਉਮੈ ਦੀ ਮੈਲ ਦੂਰ ਕਰ ਦੇਂਦਾ ਹੈ-ਇਹੀ ਹੈ ਪ੍ਰਭੂ-ਪਤੀ ਨਾਲ (ਜੀਵ-ਇਸਤ੍ਰੀ ਦੇ ਵਿਆਹ ਦੀ) ਦੂਜੀ ਸੋਹਣੀ ਲਾਂਵ। ਜਿਸ ਅਕਾਲ ਪੁਰਖ ਨੇ ਗੁਰੂ ਮਿਲਾਇਆ; ਜੀਵ-ਇਸਤ੍ਰੀ ਉਸ ਅਕਾਲ ਪੁਰਖ ਤੋਂ ਬਲਿਹਾਰ ਜਾਂਦੀ ਹੋਈ ਪਰਮਾਤਮਾ ਦੇ ਗੁਣ ਗਾਂਦੀ ਹੈ। ਉਸ ਦੇ ਅੰਦਰ (ਪ੍ਰਭੂ-ਪਤੀ ਵਾਸਤੇ) ਆਦਰ-ਸਤਕਾਰ ਪੈਦਾ ਹੋ ਜਾਂਦਾ ਹੈ, ਉਹ ਪਰਮਾਤਮਾ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖਦੀ ਹੈ। ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਇਹ ਜਗਤ-ਖਿਲਾਰਾ ਪ੍ਰਭੂ ਆਪਣੇ ਆਪੇ ਦਾ ਪਸਾਰਾ ਪਸਾਰ ਰਿਹਾ ਹੈ ਅਤੇ ਉਹ ਮਾਲਕ-ਪ੍ਰਭੂ ਸਭ ਜੀਵਾਂ ਵਿੱਚ ਵਿਆਪਕ ਹੋ ਰਿਹਾ ਹੈ। ਉਸ ਜੀਵ-ਇਸਤ੍ਰੀ ਨੂੰ ਆਪਣੇ) ਅੰਦਰ ਅਤੇ ਬਾਹਰ (ਸਾਰੇ ਜਗਤ ਵਿੱਚ) ਸਿਰਫ਼ ਪਰਮਾਤਮਾ ਹੀ (ਵੱਸਦਾ ਦਿੱਸਦਾ ਹੈ), ਸਾਧ ਸੰਗਤ ਵਿਚ ਮਿਲ ਕੇ ਉਹ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੀ ਰਹਿੰਦੀ ਹੈ। ਗੁਰੂ ਦੀ ਸ਼ਰਨ ਪੈ ਕੇ, ਹਉਮੈ ਦੂਰ ਕਰਕੇ ਪ੍ਰਭੂ ਸਿਫ਼ਤ-ਸਾਲਾਹ ਦੇ ਗੀਤ ਗਾਣੇ ਅਤੇ ਉਸ ਨੂੰ ਸਰਬ-ਵਿਆਪਕ ਵੇਖਣਾ-ਪ੍ਰਭੂ ਨੇ ਜੀਵ-ਇਸਤ੍ਰੀ ਦੇ ਵਿਆਹ ਦੀ ਇਹ ਦੂਸਰੀ ਲਾਂਵ ਆਰੰਭੀ ਹੈ। (ਇਸ ਆਤਮਕ ਅਵਸਥਾ ’ਤੇ ਪਹੁੰਚੀ ਜੀਵ-ਇਸਤ੍ਰੀ ਦੇ ਅੰਦਰ ਪ੍ਰਭੂ ਦੀ) ਸਿਫ਼ਤ-ਸਾਲਾਹ ਰੂਪ ਬਾਣੀ ਦੇ, ਮਾਨੋ ਇਕ-ਰਸ ਵਾਜੇ ਵਜਾ ਦੇਂਦਾ ਹੈ ‘‘ਹਰਿ ਦੂਜੜੀ ਲਾਵ; ਸਤਿਗੁਰੁ ਪੁਰਖੁ ਮਿਲਾਇਆ, ਬਲਿ ਰਾਮ ਜੀਉ ॥ ਨਿਰਭਉ ਭੈ ਮਨੁ ਹੋਇ, ਹਉਮੈ ਮੈਲੁ ਗਵਾਇਆ; ਬਲਿ ਰਾਮ ਜੀਉ ॥ ਨਿਰਮਲੁ ਭਉ ਪਾਇਆ, ਹਰਿ ਗੁਣ ਗਾਇਆ; ਹਰਿ ਵੇਖੈ ਰਾਮੁ ਹਦੂਰੇ ॥ ਹਰਿ ਆਤਮ ਰਾਮੁ ਪਸਾਰਿਆ ਸੁਆਮੀ; ਸਰਬ ਰਹਿਆ ਭਰਪੂਰੇ ॥ ਅੰਤਰਿ ਬਾਹਰਿ, ਹਰਿ ਪ੍ਰਭੁ ਏਕੋ; ਮਿਲਿ ਹਰਿ ਜਨ, ਮੰਗਲ ਗਾਏ ॥ ਜਨ ਨਾਨਕ ! ਦੂਜੀ ਲਾਵ ਚਲਾਈ; ਅਨਹਦ ਸਬਦ ਵਜਾਏ ॥੨॥’’
ਜਿਸ ਅਕਾਲ ਪੁਰਖ ਦੀ ਮਿਹਰ ਨਾਲ ਵੈਰਾਗਵਾਨਾਂ ਦੇ ਮਨ ਵਿੱਚ ਰੱਬੀ ਮਿਲਾਪ ਲਈ ਤਾਂਘ ਪੈਦਾ ਹੁੰਦੀ ਹੈ, (ਇਹ ਆਤਮਕ ਅਵਸਥਾ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ) ਤੀਜੀ ਸੋਹਣੀ ਲਾਂਵ ਹੈ। ਜਿਨ੍ਹਾਂ ਵੱਡੇ ਭਾਗਾਂ ਵਾਲੇ ਮਨੁੱਖਾਂ ਨੂੰ ਸੰਤ ਜਨਾਂ (ਗੁਰੂ ਦੀ ਸੰਗਤ) ਦਾ ਮਿਲਾਪ ਹਾਸਲ ਹੁੰਦਾ ਹੈ, ਉਹਨਾਂ ਨੂੰ ਪਰਮਾਤਮਾ ਦਾ ਮੇਲ ਵੀ ਪ੍ਰਾਪਤ ਹੁੰਦਾ ਹੈ, (ਉਹ ਮਨੁੱਖ ਜੀਵਨ ਨੂੰ) ਪਵਿੱਤਰ ਕਰਨ ਵਾਲੇ ਪ੍ਰਭੂ ਦਾ ਮਿਲਾਪ ਪ੍ਰਾਪਤ ਕਰਦੇ ਹਨ। ਸਦਾ ਪ੍ਰਭੂ ਦੇ ਗੁਣ ਗਾਂਦੇ ਹਨ ਅਤੇ ਮੂੰਹ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦੇ ਹਨ। ਉਹ ਵਡਭਾਗੀ ਮਨੁੱਖ ਸੰਤ ਜਨਾਂ ਦੀ ਸੰਗਤ ਵਿੱਚ ਪ੍ਰਭੂ-ਮਿਲਾਪ ਪ੍ਰਾਪਤ ਕਰਦੇ ਹਨ। ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ ਸਦਾ ਕਰਦੇ ਰਹਿਣਾ ਚਾਹੀਦਾ ਹੈ, (ਜਿਹੜਾ ਮਨੁੱਖ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ, ਉਸ ਦੇ) ਹਿਰਦੇ ਵਿੱਚ ਸਦਾ ਟਿਕੀ ਰਹਿਣ ਵਾਲੀ ਪ੍ਰਭੂ-ਪ੍ਰੇਮ ਦੀ ਰੌ ਚੱਲ ਪੈਂਦੀ ਹੈ, ਪਰ ਪਰਮਾਤਮਾ ਦਾ ਨਾਮ (ਤਦੋਂ ਹੀ) ਜਪਿਆ ਜਾ ਸਕਦਾ ਹੈ, ਜੇ ਮੱਥੇ ਉੱਤੇ ਚੰਗਾ ਭਾਗ ਜਾਗ ਪਏ। ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ ਤੀਜੀ ਲਾਂਵ ਸਮੇਂ (ਜੀਵ-ਇਸਤ੍ਰੀ ਦੇ) ਮਨ ਵਿੱਚ ਪ੍ਰਭੂ (ਮਿਲਾਪ ਦੀ) ਤੀਬਰ ਤਾਂਘ ਪੈਦਾ ਹੋ ਜਾਂਦੀ ਹੈ ਅਤੇ ਉਸ ਤੋਂ ਬਲਿਹਾਰ ਜਾਂਦੀ ਹੈ ‘‘ਹਰਿ ਤੀਜੜੀ ਲਾਵ; ਮਨਿ ਚਾਉ ਭਇਆ ਬੈਰਾਗੀਆ, ਬਲਿ ਰਾਮ ਜੀਉ ॥ ਸੰਤ ਜਨਾ ਹਰਿ ਮੇਲੁ; ਹਰਿ ਪਾਇਆ ਵਡਭਾਗੀਆ, ਬਲਿ ਰਾਮ ਜੀਉ ॥ ਨਿਰਮਲੁ ਹਰਿ ਪਾਇਆ, ਹਰਿ ਗੁਣ ਗਾਇਆ; ਮੁਖਿ ਬੋਲੀ ਹਰਿ ਬਾਣੀ ॥ ਸੰਤ ਜਨਾ ਵਡਭਾਗੀ ਪਾਇਆ; ਹਰਿ ਕਥੀਐ ਅਕਥ ਕਹਾਣੀ ॥ ਹਿਰਦੈ ਹਰਿ ਹਰਿ, ਹਰਿ ਧੁਨਿ ਉਪਜੀ; ਹਰਿ ਜਪੀਐ, ਮਸਤਕਿ ਭਾਗੁ ਜੀਉ ॥ ਜਨੁ ਨਾਨਕੁ ਬੋਲੇ, ਤੀਜੀ ਲਾਵੈ; ਹਰਿ ਉਪਜੈ ਮਨਿ ਬੈਰਾਗੁ ਜੀਉ ॥੩॥’’
ਪ੍ਰਭੂ ਦੀ ਮਿਹਰ ਨਾਲ ਜਿਸ ਜੀਵ-ਇਸਤ੍ਰੀ ਦੇ ਮਨ ਵਿੱਚ ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ, ਉਸ ਨੂੰ ਪ੍ਰਭੂ ਦਾ ਮਿਲਾਪ ਹੋ ਜਾਂਦਾ ਹੈ। ਇਹ ਆਤਮਕ ਅਵਸਥਾ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਮਿਲਾਪ ਦੀ ਚੌਥੀ ਸੋਹਣੀ ਲਾਂਵ ਹੈ। ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਪ੍ਰੇਮ ਵਿੱਚ ਟਿਕ ਕੇ, ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ) ਮਿਲ ਪੈਂਦਾ ਹੈ, ਉਸ ਦੇ ਮਨ ਵਿੱਚ ਉਸ ਦੇ ਤਨ ਵਿੱਚ ਪ੍ਰਭੂ ਪਿਆਰਾ ਲੱਗਣ ਲੱਗ ਪੈਂਦਾ ਹੈ। ਜਿਸ ਜੀਵ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ। ਪ੍ਰਭੂ ਨੂੰ ਵੀ ਉਹ ਜੀਵ ਪਿਆਰਾ ਲੱਗਣ ਲੱਗ ਪੈਂਦਾ ਹੈ। ਉਹ ਮਨੁੱਖ ਸਦਾ ਪ੍ਰਭੂ ਦੀ ਯਾਦ ਵਿੱਚ ਆਪਣੀ ਸੁਰਤ ਜੋੜੀ ਰੱਖਦਾ ਹੈ। ਉਹ ਮਨੁੱਖ ਮਨ-ਇੱਛਤ ਫਲ ਯਾਨੀ ਪ੍ਰਭੂ-ਮਿਲਾਪ ਪ੍ਰਾਪਤ ਕਰ ਲੈਂਦਾ ਹੈ। ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਉਸ ਦੇ ਅੰਦਰ ਸਦਾ ਚੜ੍ਹਦੀ ਕਲਾ ਬਣੀ ਰਹਿੰਦੀ ਹੈ। ਪ੍ਰਭੂ ਨੇ ਮਾਲਕ-ਹਰੀ ਨੇ ਜਿਸ ਜੀਵ-ਇਸਤ੍ਰੀ ਦੇ ਵਿਆਹ ਦਾ ਉੱਦਮ ਸ਼ੁਰੂ ਕੀਤਾ, ਉਹ ਜੀਵ-ਇਸਤ੍ਰੀ ਨਾਮ ਸਿਮਰਨ ਦੀ ਬਰਕਤਿ ਨਾਲ ਆਪਣੇ ਹਿਰਦੇ ਵਿੱਚ ਸਦਾ ਆਨੰਦ-ਭਰਪੂਰ ਰਹਿੰਦੀ ਹੈ। ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ ਚੌਥੀ ਲਾਂਵ ਸਮੇਂ ਜੀਵ-ਇਸਤ੍ਰੀ ਕਦੇ ਨਾਸ ਨਾ ਹੋਣ ਵਾਲੇ ਪ੍ਰਭੂ ਦਾ ਮਿਲਾਪ ਪ੍ਰਾਪਤ ਕਰ ਲੈਂਦੀ ਹੈ ਅਤੇ ਪ੍ਰਭੂ ਤੋਂ ਸਦਕੇ ਜਾਂਦੀ ਹੈ ‘‘ਹਰਿ ਚਉਥੜੀ ਲਾਵ; ਮਨਿ ਸਹਜੁ ਭਇਆ, ਹਰਿ ਪਾਇਆ, ਬਲਿ ਰਾਮ ਜੀਉ ॥ ਗੁਰਮੁਖਿ ਮਿਲਿਆ ਸੁਭਾਇ; ਹਰਿ ਮਨਿ ਤਨਿ ਮੀਠਾ ਲਾਇਆ, ਬਲਿ ਰਾਮ ਜੀਉ ॥ ਹਰਿ ਮੀਠਾ ਲਾਇਆ, ਮੇਰੇ ਪ੍ਰਭੁ ਭਾਇਆ; ਅਨਦਿਨੁ ਹਰਿ ਲਿਵ ਲਾਈ ॥ ਮਨ ਚਿੰਦਿਆ ਫਲੁ ਪਾਇਆ ਸੁਆਮੀ; ਹਰਿ ਨਾਮਿ ਵਜੀ ਵਾਧਾਈ ॥ ਹਰਿ ਪ੍ਰਭਿ ਠਾਕੁਰਿ (ਨੇ) ਕਾਜੁ ਰਚਾਇਆ; ਧਨ ਹਿਰਦੈ ਨਾਮਿ ਵਿਗਾਸੀ ॥ ਜਨੁ ਨਾਨਕੁ ਬੋਲੇ ਚਉਥੀ ਲਾਵੈ; ਹਰਿ ਪਾਇਆ ਪ੍ਰਭੁ ਅਵਿਨਾਸੀ ॥੪॥’’ (ਮਹਲਾ ੪/੭੭੪)
ਜਪੁ ਜੀ ਸਾਹਿਬ ਦੀਆਂ ਪਉੜੀ ਨੰਬਰ ੩੫, ੩੬ ਅਤੇ ੩੭ ’ਚ, ਜਿਨ੍ਹਾਂ ਚਾਰ ਖੰਡਾਂ ਕ੍ਰਮਵਾਰ ਧਰਮਖੰਡ, ਗਿਆਨਖੰਡ, ਕਰਮ (ਬਖ਼ਸ਼ਿਸ਼) ਖੰਡ ਅਤੇ ਸਚਖੰਡ ਦਾ ਵਰਣਨ ਹੈ ਉਨ੍ਹਾਂ ਖੰਡਾਂ ਵਿੱਚ ਪਹੁੰਚਣ ਦੇ ਯੋਗ ਬਣਨ ਲਈ ਉਕਤ ਚਾਰ ਲਾਵਾਂ ਵਿੱਚ ਉਪਦੇਸ਼ ਦਾ ਵਰਣਨ ਹੈ। ਧਰਮ ਖੰਡ ’ਚ ਪ੍ਰਵੇਸ਼ ਕਰਨ ਲਈ ਪਹਿਲੀ ਲਾਂਵ ’ਚ ਉਪਦੇਸ਼ ਹੈ ‘‘ਧਰਮੁ ਦ੍ਰਿੜਹੁ, ਹਰਿ ਨਾਮੁ ਧਿਆਵਹੁ’’। ਗਿਆਨਖੰਡ ’ਚ ਪਹੁੰਚਣ ਲਈ ਦੂਸਰੀ ਲਾਂਵ ’ਚ ਉਪਦੇਸ਼ ਹੈ ‘‘ਨਿਰਭਉ ਭੈ ਮਨੁ ਹੋਇ, ਹਉਮੈ ਮੈਲੁ ਗਵਾਇਆ’’ ਅਤੇ ‘‘ਨਿਰਮਲੁ ਭਉ ਪਾਇਆ, ਹਰਿ ਗੁਣ ਗਾਇਆ; ਹਰਿ ਵੇਖੈ ਰਾਮੁ ਹਦੂਰੇ ॥’’, ਕਰਮਖੰਡ ’ਚ ਪਹੁੰਚਣ ਭਾਵ ਬਖ਼ਸ਼ਿਸ਼ ਦੇ ਪਾਤਰ ਬਣਨ ਲਈ ਪ੍ਰਭੂ ਮਿਲਾਪ ਲਈ ਬੈਰਾਗ ਉਪਜਣ ਦਾ ਵਰਣਨ ਹੈ ‘‘ਹਿਰਦੈ ਹਰਿ ਹਰਿ, ਹਰਿ ਧੁਨਿ ਉਪਜੀ; ਹਰਿ ਜਪੀਐ, ਮਸਤਕਿ ਭਾਗੁ ਜੀਉ ॥ ਜਨੁ ਨਾਨਕੁ ਬੋਲੇ, ਤੀਜੀ ਲਾਵੈ; ਹਰਿ ਉਪਜੈ ਮਨਿ ਬੈਰਾਗੁ ਜੀਉ ॥੩॥’’ ਭਾਵ ਹਰੀ ਦਾ ਨਾਮ ਜਪਣ ਲਈ ਮਨ ਵਿੱਚ ਵੈਰਾਗ ਉਪਜਦਾ ਹੈ। ਚੌਥੀ ਲਾਂਵ ਉਹ ਅਵਸਥਾ ਹੈ ਜਿੱਥੇ ਅਵਿਨਾਸ਼ੀ ਪ੍ਰਭੂ; ਜੀਵ ਇਸਤਰੀ ਨੂੰ ਪ੍ਰਾਪਤ ਹੋ ਜਾਂਦੇ ਹਨ ‘‘ਜਨੁ ਨਾਨਕੁ ਬੋਲੇ ਚਉਥੀ ਲਾਵੈ; ਹਰਿ ਪਾਇਆ ਪ੍ਰਭੁ ਅਵਿਨਾਸੀ ॥੪॥’’ ਇਹੀ ਧਰਮਖੰਡ ਹੈ ਜਿੱਥੇ ਨਿਰੰਕਾਰ ਦਾ ਵਾਸਾ ਹੈ। ਇਸ ਲਈ ਚਾਰ ਲਾਂਵਾ ਬਹੁਤ ਹੀ ਮਹਤਵ ਪੂਰਨ ਬਾਣੀ ਹੈ, ਜਿਸ ਦੇ ਅਰਥ ਸਮਝਣੇ ਅਤੇ ਆਪਣੀ ਜ਼ਿੰਦਗੀ ’ਚ ਅਪਣਾਉਣੇ ਹਰ ਮਰਦ ਔਰਤ ਦਾ ਟੀਚਾ ਹੋਣਾ ਚਾਹੀਦਾ ਹੈ।
ਜਿਹੜੇ ਬੱਚੇ ਬੱਚੀਆਂ ਇਸ ਸਿੱਖਿਆ ਨੂੰ ਆਪਣੀ ਵਿਵਹਾਰਿਕ ਜੀਵਨ ਵਿੱਚ ਅਪਣਾਉਣਗੇ ਉਨ੍ਹਾਂ ਲਈ ਵਿਆਹ ਬੂਰ ਦੇ ਨਹੀਂ ਬਲਕਿ ਮੋਤੀਚੂਰ ਦੇ ਲੱਡੂ ਸਿੱਧ ਹੋਣਗੇ ਜਿਸ ਨਾਲ ਜ਼ਿੰਦਗੀ ਵਿੱਚ ਹਮੇਸ਼ਾਂ ਅਨੰਦ ਬਣਿਆ ਰਹੇਗਾ ਅਤੇ ਹਲਤ ਪਲਤ ਸੰਵਰੇਗਾ।
ਇਹ ਠੀਕ ਹੈ ਕਿ ਲਾਂਵਾ ਜੀਵਾਤਮਾ ਦਾ ਪ੍ਰਮਾਤਮਾ ਨਾਲ ਸੁਮੇਲ (ਵਿਆਹ) ਕਰਨ ਲਈ ਸੱਚਾ ਉਪਦੇਸ਼ ਹੈ। ਗੁਰਬਾਣੀ ਸਾਡੇ ਪ੍ਰਮਾਰਥ ਲਈ ਸਹਾਈ ਤਾਂ ਹੈ ਹੀ ਇਸ ਮਨੁੱਖਾ ਜੀਵਨ ਵਿੱਚ ਵੀ ਲਾਹੇਵੰਦ ਹੈ ਇਸੇ ਲਈ ਗੁਰਬਾਣੀ ਵਿੱਚ ਦਰਜ ਹੈ ‘‘ਗੁਰੁ ਸੁਖਦਾਤਾ ਅਵਰੁ ਨ ਭਾਲਿ ॥ ਹਲਤਿ ਪਲਤਿ ਨਿਬਹੀ ਤੁਧੁ ਨਾਲਿ ॥ (ਮਹਲਾ ੧/੪੧੨), ਦੋਵੈ ਥਾਵ ਰਖੇ ਗੁਰ ਸੂਰੇ ॥ ਹਲਤ ਪਲਤ ਪਾਰਬ੍ਰਹਮਿ (ਨੇ) ਸਵਾਰੇ; ਕਾਰਜ ਹੋਏ ਸਗਲੇ ਪੂਰੇ ॥੧॥ ਰਹਾਉ ॥’’ (ਮਹਲਾ ੫/੮੨੫) ਸੋ ਹੁਣ ਸਾਡੀ ਤੇ ਸਾਡੇ ਬੱਚਿਆਂ ਦੀ ਮਰਜ਼ੀ ਹੈ ਕਿ ਮਨਮੁਖਾਂ ਵਾਲ਼ੀ ਵੇਖਾ ਵੇਖੀ ਹਊਮੈ ਹੰਕਾਰ ਅਤੇ ਵਿਕਾਰ ਪੈਦਾ ਕਰਨ ਵਾਲੀਆਂ ਰਸਮਾਂ ਨਿਭਾ ਕੇ ਉਨ੍ਹਾਂ ਨੂੰ ਉਸੇ ਤਰ੍ਹਾਂ ਦੀ ਸਿੱਖਿਆ ਦੇਣੀ ਹੈ ਜਿਸ ਨਾਲ ਆਪਣੇ ਵਿਆਹ ਨੂੰ ਬੂਰ ਦੇ ਲੱਡੂ ਬਣਾਉਣਾ ਹੈ ਜਾਂ ਗੁਰਮਤਿ ਦੀ ਸਿੱਖਿਆ ਮੁਤਾਬਕ ਅਨੰਦ ਕਾਰਜ ਦੀ ਮਰਯਾਦਾ ਰਾਹੀਂ ਨਿਭਾ ਕੇ ਤੇ ਉਸ ਸਮੇਂ ਦ੍ਰਿੜ੍ਹ ਕਰਾਈ ਸਿੱਖਿਆ ਧਾਰਨ ਕਰਕੇ ਵਿਆਹ ਨੂੰ ਮੋਤੀਚੂਰ ਦੇ ਲੱਡੂ ਭਾਵ ‘‘ਸਗਲ ਧਰਮ ਮੇਂ ਗ੍ਰਿਹਸਤ ਪਰਧਾਨ’’ ਬਣਾਉਣਾ ਹੈ।