34.1 C
Jalandhar
Friday, July 11, 2025
spot_img
Home Blog Page 26

ਅਲਾਹਣੀਆ ਬਾਣੀ ਦਾ ਪਹਿਲਾ ਸ਼ਬਦ

0

ਗੁਰੂ ਨਾਨਕ ਦੀ ਸਿੱਖੀ

0

ਗੁਰੂ ਨਾਨਕ ਦੀ ਸਿੱਖੀ

-ਰਮੇਸ਼ ਬੱਗਾ ਚੋਹਲਾ

ਖੰਨਿਉਂ ਤਿੱਖੀ ਵਾਲੋਂ ਨਿੱਕੀ, ਸੌਖੀ ਨਹੀਂ ਕਮਾਉਣੀ ਸਿੱਖੀ,

ਜਿਸ ਨੇ ਤਨ ਮਨ ਨਾਲ ਕਮਾਈ ਪੂਜਣ ਯੋਗ ਬਣਾਉਂਦੀ ਹੈ।

ਗੁਰੂ ਨਾਨਕ ਦੇਵ ਦੀ ਸਿੱਖੀ ਜਿਉਂਣ ਦਾ ਵੱਲ ਸਿਖਾਂਉਦੀ ਹੈ।

ਦੁਨੀਆਂ ਨਾਲੋਂ ਇਸ ਸਿੱਖੀ ਦੀ ਦਿੱਖ ਨਿਆਰੀ ਹੈ,

ਸੱਚੇ ਸਿੱਖ ਨੂੰ ਸਿੱਖੀ ਜਾਨੋਂ ਤੋਂ ਵੱਧ ਪਿਆਰੀ ਹੈ,

ਭਲਾ ਮੰਗੇ ਸਰਬਤ ਦਾ, ਕਦੇ ਨਾ ਬੁਰਾ ਤਕਾਉਂਦੀ ਹੈ।

ਗੁਰੂ ਨਾਨਕ ਦੇਵ ਦੀ…………………………..।

ਸੰਗਤ ਤੇ ਪੰਗਤ, ਸਿੱਖੀ ਦੇ ਵੱਖਰੇ ਵਰਤਾਰੇ ਨੇ,

ਜਾਤ-ਪਾਤ ਦੇ ਦਿੱਤੇ ਜਿਨ੍ਹਾਂ ਸਮੇਟ ਖਿਲਾਰੇ ਨੇ,

ਊੂਚ ਨੀਚ ਦੇ ਸਾਰੇ ਭਰਮ ਤੇ ਭੇਦ ਮਿਟਾਉਂਦੀ ਹੈ।

ਗੁਰੂ ਨਾਨਕ ਦੇਵ ਦੀ………………………….।

ਏਕਸ ਕੇ ਹਮ ਬਾਰਿਕ ਇਹ ਵਿਚਾਰ ਹੈ ਸਿੱਖੀ ਦਾ,

ਨਾ ਕੋ ਬੈਰੀ ਨਹੀ ਬਿਗਾਨਾ ਇਹ ਪ੍ਰਚਾਰ ਹੈ ਸਿੱਖੀ ਦਾ,

ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ ਇੱਕੋ ਪਾਲ ਬਿਠਾਉਂਦੀ ਹੇ।

ਗਰੂ ਨਾਨਕ ਦੇਵ ਦੀ………………………………….।

ਕਰਕੇ ਕਿਰਤ ਤੇ ਵੰਡ ਛੱਕਣ ਦੀ, ਭਰਦੀ ਹਾਮੀ ਇਹ,

ਸਗਲ ਸ੍ਰਿਸ਼ਟੀ ਦਾ ਮੰਨਦੀ ਹੈ, ਇੱਕ ਸਵਾਮੀ ਇਹ,

ਉਸ ਦੇ ਅੱਗੇ ਹੀ ਬੱਸ ਆਪਣਾ ਸੀਸ ਝੁਕਾਉਂਦੀ ਹੈ।

ਗੁਰੂ ਨਾਨਕ ਦੇਵ ਦੀ……………………………….।

ਠੱਗ ਬਿਰਤੀਆਂ ਵਾਲੇ, ਸੱਜਣ ਬਣਾਏ ਸਿੱਖੀ ਨੇ,

ਭੂਮੀਏ ਵਰਗੇ ਚੋਰ, ਚੋਰੀ ਤੋਂ ਹਟਾਏ ਸਿੱਖੀ ਨੇ,

ਪਾ ਕੇ ਸਿੱਧੇ ਰਾਹੇ ਧਰਮ ਦੀ ਕਾਰ ਕਰਾਉਂਦੀ ਹੈ।

ਗੁਰੂ ਨਾਨਕ ਦੇਵ ਦੀ……………………….।

ਅਸਲੀ ਜੋਗ ਕਮਾਓ, ਕਹਿੰਦੀ ਨਾਥ ਜੋਗੀਆਂ ਨੂੰ,

ਦੁਨੀਆਂ ਨਾ ਭਰਮਾਉ, ਕਹਿੰਦੀ ਨਾਥ ਜੋਗੀਆਂ ਨੂੰ,

ਸੱਚਾ ਜੋਗ ਕਮਾਵਣ ਦੀ, ਇਹ ਜੁਗਤ ਬਤਾਉਂਦੀ ਹੈ।

ਗੁਰੂ ਨਾਨਕ ਦੇਵ ਦੀ………………………….।

ਸਦਾ ਬਖ਼ਸ਼ਦੀ ਆਈ ਹੈ ਇਹ ਮਾਣ ਨਿਮਾਣਿਆਂ ਨੂੰ,

ਤੱਤੀ ਤਵੀ ਬਹਿ ਕੇ ਵੀ ਇਹ ਮੰਨਦੀ ਭਾਣਿਆਂ ਨੂੰ,

ਖੇਡ, ਖੇਡ ਕੇ ਅੱਗ ਨਾਲ ਵੀ, ਇਹ ਠੰਢ ਵਰਤਾਉਂਦੀ ਹੈ।

ਗੁਰੂ ਨਾਨਕ ਦੇਵ ਦੀ………………………………।

ਦਸ ਗੁਰੂ ਸਾਹਿਬਾਨ ਨੇ ਬਣਤ ਬਣਾਈ ਸਿੱਖੀ ਦੀ,

ਸਿਦਕੀ ਸਿੱਖਾਂ ਕੀਤੀ ਸਫਲ ਕਮਾਈ ਸਿੱਖੀ ਦੀ,

ਇਹ ਕਮਾਈ ਦਰਗਾਹ ਦੇ ਵਿਚ ਮੁੱਲ ਪਵਾਉਂਦੀ ਹੈ।

ਗੁਰੂ ਨਾਨਕ ਦੇਵ ਦੀ……………………………..।

ਰਹਿਣੀ, ਬਹਿਣੀ, ਕਹਿਣੀ ਦੇ ਵਿਚ ਵਿੱਥ ਨਾ ਰਹਿਣ ਦਿੰਦੀ,

ਕਰੇ ਬਿਆਨ ਹਕੀਕਤ ਕੋਈ ਵੀ ਮਿੱਥ ਨਾ ਰਹਿਣ ਦਿੰਦੀ,

ਰੱਖਦੀ ਨਾ ਕੋਈ ਉਹਲਾ ਸੱਚੋ ਸੱਚ ਸੁਣਾਉਂਦੀ ਹੈ।

ਗੁਰੂ ਨਾਨਕ ਦੇਵ ਦੀ…………………………।

ਭਾਗੋ ਦੀ ਪ੍ਰਵਾਹ ਨਹੀਂ ਹੈ, ਬਾਬੇ ਦੀ ਸਿੱਖੀ ਨੂੰ,

ਕਰਦੀ ਹੈ ਪ੍ਰਵਾਨ ਲਾਲੋ ਦੀ ਰੁੱਖੀ ਮਿੱਸੀ ਨੂੰ,

ਹੱਕ ਪਰਾਏ ਉਪਰ, ਨਾ ਇਹ ਨਜ਼ਰ ਟਿਕਾਉਂਦੀ ਹੈ।

ਗੁਰੂ ਨਾਨਕ ਦੇਵ ਦੀ………………………….।

ਧਰ ਕੇ ਸੀਸ ਤਲੀ ’ਤੇ, ਲੜਦੀ ਆਈ ਇਹ ਸਿੱਖੀ,

ਮਜ਼ਲੂਮਾਂ ਲਈ ‘ਚੋਹਲਾ’ ਸਦਾ ਸਹਾਈ ਇਹ ਸਿੱਖੀ,

‘ਰਮੇਸ਼ ਬੱਗੇ’ ਦੀ ਕਲਮ ਤੋਂ ਇਹ ਕਵਿਤਾ ਲਿਖਵਾਉਂਦੀ ਹੈ।

ਗੁਰੂ ਨਾਨਕ ਦੇਵ ਦੀ ਸਿੱਖੀ ਜਿਉਣ ਦਾ ਵੱਲ ਸਿਖਾਉਂਦੀ ਹੈ।

 –ਗਲੀ ਨੰ: 8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ)-94631-32719

ਸਰਲ ਗੁਰਬਾਣੀ ਵਿਆਕਰਣ (ਭਾਗ 1)

0

ਸਰਲ ਗੁਰਬਾਣੀ ਵਿਆਕਰਣ (ਭਾਗ 1)

(ਸ਼ੁਰੂਆਤ ਪੰਜਾਬੀ ਵਿਆਕਰਣ ਤੋਂ)

– ਗਿਆਨੀ ਅੰਮ੍ਰਿਤਪਾਲ ਸਿੰਘ (ਲੁਧਿਆਣਾ)

ਮੈਂ ਅੱਜ ਗੁਰਬਾਣੀ ਵਿਆਕਰਣ ਬਾਰੇ ਕੁਝ ਨਹੀਂ ਕਹਾਂਗਾ। ਪੰਜਾਬੀ ਵਿਆਕਰਣ ਬਾਰੇ ਆਪ ਜੀ ਨੂੰ ਪਤਾ ਹੀ ਹੈ, ਉਸ ਬਾਰੇ ਵੀ ਮੈਨੂੰ ਕੁਝ ਕਹਿਣ ਦੀ ਲੋੜ ਨਹੀਂ ਹੈ। ਉਹ ਬਹੁਤ ਪਿਆਰੀ ਘਟਨਾ ਸੁਨਾਉਣ ਦੀ ਵੀ ਲੋੜ ਨਹੀਂ ਹੈ, ਜਿਸ ਵਿਚ ਕਿਸੇ ਨੇ ਮਜ਼ਾਕ ਉਡਾ ਕੇ ਕਿਹਾ ਸੀ ਕਿ ਗਿਆਨੀ ਅੰਮ੍ਰਿਤਪਾਲ ਸਿੰਘ ਛੋਟੇ ਬੱਚਿਆਂ ਨੂੰ ਵਿਆਕਰਣ ਸਿਖਾਉਣਗੇ ਤੇ ਉਹ ਵੀ ਗੁਰਬਾਣੀ ਦੀ। ਗੁਰਬਾਣੀ ਵਿਆਕਰਣ ਤਾਂ ਉਹ ਔਖਾ ਵਿਸ਼ਾ ਹੈ, ਜਿਸ ਨੂੰ ਸਮਝਣ ਲਈ ਵੱਡੇ-ਵੱਡੇ ਵਿਦਵਾਨ ਵੀ ਮੱਥਾ-ਪੱਚੀ ਕਰਦੇ ਰਹਿੰਦੇ ਹਨ, ਬੱਚੇ ਕਿਵੇਂ ਸਿੱਖ ਸਕਦੇ ਹਨ ?

ਕਸ਼ਮੀਰ ਦੇ ਸ਼ਹਿਰ ਬਾਰਾਮੂਲਾ ਦੇ ਗੁਰਦੁਆਰਾ ਸਾਹਿਬ ਵਿਖੇ ਅਸੀਂ ਬੱਚਿਆਂ ਲਈ ਸਿੱਖੀ ਕੈਂਪ ਲਗਾਉਣ ਗਏ। ਉਸ ਕੈਂਪ ਵਿਚ 3 ਸਤੰਬਰ 2022, ਦਿਨ ਸ਼ਨੀਵਾਰ ਨੂੰ ਮੇਰਾ ਇਕ ਵਿਸ਼ਾ ਗੁਰਬਾਣੀ ਵਿਆਕਰਣ ਬਾਰੇ ਵੀ ਸੀ। ਮੇਰੇ ਸਾਹਮਣੇ ਸਾਰੇ ਬੱਚੇ ਅਤੇ ਆਲੇ-ਦੁਆਲੇ ਸਿੱਖੀ ਦੇ ਧੁਰੰਧਰ ਵਿਦਵਾਨ ਤੇ ਸੰਗਤਾਂ ਸਜੀਆਂ ਹੋਈਆਂ ਸਨ। ਮੈਂ ਸਟੇਜ ’ਤੇ ਇਕ 5-6 ਸਾਲ ਦੇ ਬੱਚੇ ਨੂੰ ਬੁਲਾਇਆ ਤੇ ਉਸ ਨੂੰ ਕੁੱਝ ਸਵਾਲ ਕੀਤੇ।

ਮੈਂ :  ਪੁੱਤਰ ਜੀ ! ਤੁਹਾਡਾ ਨਾਮ ਕੀ ਹੈ ?

ਬੱਚਾ : ਜੈਦੀਪ ਸਿੰਘ।

ਮੈਂ : ਤੁਹਾਡਾ ਤਾਂ ਨਾਮ ਬਹੁਤ ਪਿਆਰਾ ਹੈ, ‘ਜੈਦੀਪ ਸਿੰਘ’। ਬੇਟੇ ਤੂੰ ਕਿਹੜੀ ਕਲਾਸ ਵਿਚ ਪੜਦੀ ਹੈਂ ?

(ਸਾਰੇ ਬੱਚੇ ਹੱਸ ਪਏ)

ਜੈਦੀਪ ਸਿੰਘ : (ਪਿਆਰੀ ਜਿਹੀ ਮੁਸਕਰਾਹਟ ਨਾਲ) ਪੜਦੀ ਨਹੀਂ, ਮੈਂ ਪੜਦਾ ਹਾਂ।

ਮੈਂ : ਉਹ, ਅੱਛਾ ਪੜਦੀ ਹੈਂ।

ਜੈਦੀਪ ਸਿੰਘ : ਨਹੀਂ ਜੀ ਪੜਦੀ ਹਾਂ, (ਮੱਥੇ ’ਤੇ ਹੱਥ ਮਾਰ ਕੇ) ਉਹੋ ਮੈਨੂੰ ਵੀ ਭੁਲਾ ਦਿੱਤਾ, ਮੈਂ ਪੜਦਾ ਹਾਂ।

(ਸਾਰੇ ਬੱਚੇ ਫਿਰ ਹੱਸ ਪਏ)

ਮੈਂ : ਤੈਨੂੰ ਪਤਾ ਹੈ ਕਿ ‘ਪੜਦਾ ਹਾਂ’ ਕਹਿਣਾ ਹੈ ਕਿ ‘ਪੜਦੀ ਹਾਂ’ ਕਹਿਣਾ ਹੈਂ ?

ਜੈਦੀਪ ਸਿੰਘ : ਹਾਂ ਜੀ। ਮੁੰਡੇ ਨੂੰ ‘ਪੜਦਾ ਹਾਂ’ ਲੱਗਦਾ ਹੈ ਤੇ ਕੁੜੀ ਨੂੰ ‘ਪੜਦੀ ਹਾਂ’ ਲੱਗਦਾ ਹੈ।

ਮੈਂ : ਥੈਂਕ ਯੂ ਤੁਸੀਂ ਮੈਨੂੰ ਇਕ ਨਵੀਂ ਗੱਲ ਸਿਖਾ ਦਿੱਤੀ। (ਸਾਰੇ ਫਿਰ ਹੱਸ ਪਏ) ਵਾਹ ਜੀ ! ਤੁਸੀਂ ਤਾਂ ਘੜੀਆਂ ਬਹੁਤ ਸੋਹਣੀਆਂ ਬੰਨੀਆਂ ਨੇ।

ਜੈਦੀਪ ਸਿੰਘ : ਇਕੋ ਈ ਘੜੀ ਬੰਨੀ ਐ ਮੈਂ।

ਮੈਂ : ਉਹ ਹਾਂ, ਤੁਸੀਂ ਤਾਂ ਇਕੋ ਈ ਘੜੀ ਬਹੁਤ ਸੋਹਣੀਆਂ ਬੰਨੀਆਂ ਨੇ। (ਫਿਰ ਹਾਸਾ)

ਜੈਦੀਪ ਸਿੰਘ : ਨਹੀਂ ਨਹੀਂ, ਇੱਦਾਂ ਨਈਂ ਕਹਿੰਦੇ। ਇੱਦਾਂ ਕਹਿੰਦੇ ਨੇ ਕਿ ਇਹ ਘੜੀ ਬਹੁਤ ਸੋਹਣੀ ਬੰਨੀ ਹੈ।

ਮੈਂ : ਉਹ ਸੌਰੀ, ਮੈਨੂੰ ਪੰਜਾਬੀ ਬੋਲਣੀ ਭੁੱਲ ਜਾਂਦੀ ਹੈ। ਵਾਹ ਜੀ ਵਾਹ ! ਤੁਸੀਂ ਕੜੇ ਬੜੇ ਸੋਹਣੇ ਪਾਏ ਹੋਏ ਨੇ।

ਜੈਦੀਪ ਸਿੰਘ : (ਪਿਆਰੀ ਜਿਹੀ ਸਮਾਈਲ ਨਾਲ ਮੱਥੇ ’ਤੇ ਫਿਰ ਹੱਥ ਮਾਰ ਕੇ) ਉਹੋ  ! ਮੈਂ ਤਾਂ ਇਕ ਕੜਾ ਪਾਇਆ ਹੈ।

ਮੈਂ : ਉਹ ਹਾਂ ਇਹ ਤਾਂ ਇਕ ਕੜਾ ਹੈ। ਮੈਨੂੰ ਤੇਰਾ ਕੜਾ ਬੜੀ ਚੰਗੀ ਲਗਦੀ ਐ।

ਜੈਦੀਪ ਸਿੰਘ : (ਹੱਸ ਕੇ) ਕੜਾ ਚੰਗੀ ਨੀਂ, ਕੜਾ ਚੰਗਾ ਲਗਦਾ ਆ।

ਮੈਂ : ਉਹ ਵਾਹ ਜੀ, ਤੁਹਾਨੂੰ ਤਾਂ ਬਹੁਤ ਵਧੀਆ ਪੰਜਾਬੀ ਬੋਲਣਾ ਆਉਂਦਾ ਆ। (ਫਿਰ ਹਾਸਾ)

ਜੈਦੀਪ ਸਿੰਘ : (ਹੱਸ ਕੇ) ਬੋਲਣਾ ਨੀਂ, ਬੋਲਣੀ ਆਂਦੀ ਐ। ਤੁਹਾਨੂੰ ਤਾਂ ਪੰਜਾਬੀ ਵੀ ਬੋਲਣੀ ਨੀਂ ਆਂਦੀ। ਕੋਈ ਨਾ ਮੈਂ ਤੁਹਾਨੂੰ ਸਿਖਾ ਦਿਆਂਗਾ। (ਇਸ ਗੱਲਬਾਤ ਦੌਰਾਨ ਸਾਰੇ ਹੱਸਦੇ ਰਹੇ।)

ਮੈਂ : ਠੀਕ ਹੈ ਬੇਟਾ ਜੀ, ਮੈਨੂੰ ਜ਼ਰੂਰ ਪੰਜਾਬੀ ਸਿਖਾ ਦੇਣਾ। ਹੁਣ ਤੁਸੀਂ ਬੈਠ ਜਾਉ।

(ਬੱਚਾ ਜੈਦੀਪ ਸਿੰਘ ਬਾਕੀ ਬੱਚਿਆਂ ਵਿਚ ਜਾ ਕੇ ਬੈਠ ਜਾਂਦਾ ਹੈ।)

ਮੈਂ : ਭਾਈ ਗੁਰਜੀਤ ਸਿੰਘ ਜੀ ਅਜ਼ਾਦ ਸਟੇਜ ਤੋਂ ਕਹਿ ਕੇ ਗਏ ਸਨ ਕਿ ਕੋਈ ਐਸਾ ਸੰਗੀਤ ਨਹੀਂ, ਜਿਸ ਵਿਚ ਰਾਗ ਨਾ ਹੋਵੇ। ਮੈਂ ਕਹਿੰਦਾ ਹਾਂ ਕਿ ਕੋਈ ਐਸੀ ਗੱਲਬਾਤ ਨਹੀਂ, ਜਿਸ ਵਿਚ ਵਿਆਕਰਣ ਨਾ ਹੋਵੇ। ਵਿਆਕਰਣ ਸਾਰਿਆਂ ਨੂੰ ਆਉਂਦੀ ਹੈ, ਇਸ ਕਰਕੇ ਜੈਦੀਪ ਸਿੰਘ ਨੂੰ ਪਤਾ ਹੈ ਕਿ ‘ਮੈਂ ਪੜਦਾ ਹਾਂ’ ਨਹੀਂ ਕਹਿਣਾ, ‘ਮੈਂ ਪੜਦੀ ਹਾਂ’ ਕਹਿਣਾ ਹੈ।

(ਸਾਰੇ ਬੱਚੇ ਹੱਸਦੇ ਹਨ ਤੇ ਬੱਚਿਆਂ ਵਿਚੋਂ ਹੀ ਜੈਦੀਪ ਸਿੰਘ ਦੀ ਉਚੀ ਅਵਾਜ਼ ਆਉਂਦੀ ਹੈ)

ਜੈਦੀਪ ਸਿੰਘ : ਮੈਂ ਪੜਦਾ ਹਾਂ। ਮੈਂ ਮੁੰਡਾ ਹਾਂ। (ਸਾਰੇ ਬੱਚੇ ਫਿਰ ਹੱਸਦੇ ਹਨ)

ਮੈਂ : ਜੈਦੀਪ ਸਕੂਲ ਵਿਚ ਪੜਦੀ ਹੈ ਤੇ ਜੈਦੀਪ ਸਿੰਘ ਦਾ ਤਾਂ ਕੜਾ ਵੀ ਬਹੁਤ ਸੋਹਣੀ ਹੈ।

ਸਾਰੇ ਬੋਲਦੇ ਹਨ : ਨਹੀਂ ਜੀ, ਜੈਦੀਪ ਸਿੰਘ ਸਕੂਲ ਪੜਦਾ ਹੈ ਤੇ ਉਸ ਦਾ ਕੜਾ ਵੀ ਬਹੁਤ ਸੋਹਣਾ ਹੈ।

ਮੈਂ : ਬਿਲਕੁਲ ਠੀਕ। ਪੁਲਿੰਗ ਵਾਸਤੇ ‘ਪੜਦਾ’ ਲੱਗੇਗਾ ਤੇ ਇਸਤਰੀ ਲਿੰਗ ਵਾਸਤੇ ‘ਪੜਦੀ’ ਲੱਗੇਗਾ। ਇਸੇ ਤਰ੍ਹਾਂ ਜੇ ਵਿਸ਼ੇਸ਼ਣ ਪੁਲਿੰਗ ਲਈ ਹੈ ਤਾਂ ‘ਸੋਹਣਾ’, ਜੇ ਵਿਸ਼ੇਸ਼ਣ ਇਸਤਰੀ ਲਿੰਗ ਲਈ ਹੈ ਤਾਂ ‘ਸੋਹਣੀ’ ਲੱਗੇਗਾ। ਤੁਹਾਨੂੰ ਤਾਂ ਸਾਰਿਆਂ ਨੂੰ ਪੰਜਾਬੀ ਦੀ ਵਿਆਕਰਣ ਆਉਂਦੀ ਹੈ। ਤੁਹਾਨੂੰ ਤਾਂ ਇਕ ਵਚਨ ਤੇ ਬਹੁ ਵਚਨ ਵੀ ਆਉਂਦੇ ਹੋਣਗੇ। ਚੱਲੋ ਮੈਂ ਤੁਹਾਡਾ ਟੈਸਟ ਲੈਂਦਾ ਹਾਂ। ਤੁਸੀਂ ਬਹੁ ਵਚਨ ਬਣਾਉ।  ਕੁਰਸੀ

ਬੱਚੇ : ਕੁਰਸੀਆਂ

ਮੈਂ : ਬਰਫੀ।

ਬੱਚੇ : ਬਰਫੀਆਂ।

ਮੈਂ : ਪਰਦਾ।

ਬੱਚੇ : ਪਰਦੇ।

ਮੈਂ : ਨਹੀਂ ਜੀ, ਪਰਦੀਆਂ। (ਸਾਰੇ ਹਸਦੇ ਹਨ)

ਬੱਚੇ : ਪਰਦਾ ਦਾ ਬਹੁ ਵਚਨ ਪਰਦੇ ਹੁੰਦਾ ਆ।

ਮੈਂ : ਤੀਲਾ।

ਬੱਚੇ : ਤੀਲੇ।

ਮੈਂ : ਨਹੀਂ ਜੀ, ਤੀਲੇ ਦਾ ਬਹੁ ਵਚਨ ਝਾੜੂ ਹੁੰਦਾ ਆ। (ਸਾਰੇ ਫਿਰ ਹਸਦੇ ਹਨ)

ਬੱਚੇ : ਨਹੀਂ ਜੀ ਤੀਲੇ ਹੁੰਦਾ ਆ।

ਮੈਂ : ਚਲੋ ਦੱਸੋ ਪਜਾਮਾ ਇਕ ਵਚਨ ਹੈ ਕਿ ਬਹੁ ਵਚਨ ?

ਬੱਚੇ : ਇਕ ਵਚਨ।

ਮੈਂ : ਨਹੀਂ ਜੀ, ਪਜਾਮਾ ਉਪਰੋਂ ਇਕ ਇਕ ਵਚਨ ਹੁੰਦਾ ਆ ਤੇ ਹੇਠਾਂ ਆ ਕੇ ਬਹੁ ਵਚਨ ਬਣ ਜਾਂਦਾ ਆ। (ਸਾਰੇ ਉੱਚੀ-ਉੱਚੀ ਹਸਦੇ ਹਨ।)

ਇਸ ਤਰ੍ਹਾਂ ਹਲਕੀ-ਫੁਲਕੀ ਗੱਲਬਾਤ ਦੌਰਾਨ ਮੈਂ ਦੱਸਿਆ ਕਿ ਗੁਰਬਾਣੀ ਵਿਆਕਰਣ ਦੇ ਨੇਮ ਸਮਝਾਉਣੇ ਸ਼ੁਰੂ ਕਰ ਦਿੱਤੇ ਤੇ ਥੋੜੇ ਜਿਹੇ ਸਮੇਂ ਵਿਚ ਹੀ ਉਹਨਾਂ ਬੱਚਿਆਂ ਤੇ ਹਾਜ਼ਰ ਸੰਗਤਾਂ ਨੇ ਹੱਸਦੇ-ਹੱਸਦੇ ਹੀ ਗੁਰਬਾਣੀ ਵਿਆਕਰਣ ਦੇ 3 ਕੀਮਤੀ ਨੇਮ ਸਿੱਖ ਲਏ। ਬਾਅਦ ਵਿਚ ਕਈਆਂ ਨੇ ਮੈਨੂੰ ਆ ਕੇ ਕਿਹਾ ਕਿ ਗੁਰਬਾਣੀ ਵਿਆਕਰਣ ਤਾਂ ਬਹੁਤ ਸੌਖੀ ਹੈ। ਸਾਨੂੰ ਇਹ 3 ਨੇਮ ਤਾਂ ਹੁਣ ਕਦੀ ਵੀ ਨਹੀਂ ਭੁੱਲ ਸਕਦੇ। ਇਹ ਇਕ ਨਾਰਮਲ ਜਿਹੀ ਘਟਨਾ ਸੀ, ਜਿਸ ਬਾਰੇ ਮੈਨੂੰ ਕੁੱਝ ਦੱਸਣ ਦੀ ਲੋੜ ਨਹੀਂ ਹੈ। ਇਸ ਲਈ ਮੈਂ ਇਹ ਘਟਨਾ ਦੱਸ ਕੇ ਆਪ ਜੀ ਦਾ ਕੀਮਤੀ ਟਾਈਮ ਵੇਸਟ ਨਹੀਂ ਕਰਾਂਗਾ।

ਸਾਨੂੰ ਇਹ ਕਹਿ ਕੇ ਗੁੰਮਰਾਹ ਕੀਤਾ ਜਾਂਦਾ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਗਾਧ ਬੋਧ ਹੈ। ਇਸ ਨੂੰ ਨਾ ਕੋਈ ਸਮਝ ਸਕਦਾ ਹੈ ਅਤੇ ਨਾ ਹੀ ਇਸ ਉੱਤੇ ਕਿਸੇ ਵਿਆਕਰਣ ਦਾ ਅਸਰ ਹੈ। ਗੁਰਬਾਣੀ ’ਤੇ ਕੋਈ ਵੀ ਵਿਆਕਰਣ ਲਾਗੂ ਨਹੀਂ ਹੁੰਦੀ।

ਅਸਲੀਅਤ ਤਾਂ ਇਹ ਹੈ ਕਿ ਬੱਚੇ ਵੀ ਵਿਆਕਰਣ ਸਿੱਖੇ ਸਿਖਾਏ ਹੀ ਆਉਂਦੇ ਨੇ। ਵਿਆਕਰਣ ਤੋਂ ਬਿਨਾਂ ਤਾਂ ਅਸੀਂ ਸਾਰਥਕ ਵਾਕ ਬੋਲ ਵੀ ਨਹੀਂ ਸਕਦੇ। ਵਿਆਕਰਣ ਤੋਂ ਬਿਨਾਂ ਬੋਲਣਾ ਹੋਵੇ ਤਾਂ ਮੈਨੂੰ ਨਿਰਾਰਥਕ ਕਹਿਣਾ ਪਵੇਗਾ, ‘ਮੈਂ ਵਿਆਕਰਣ ਨੂੰ ਬਿਨਾਂ ਬੋਲ ਰਹੀਆਂ ਸਨ।’ ਗਲਤ ਹੋ ਗਿਆ ਨਾ ? ਮੈਨੂੰ ਵਿਆਕਰਣ ਅਨੁਸਾਰ ਇਹ ਕਹਿਣਾ ਪਵੇਗਾ,‘ਮੈਂ ਵਿਆਕਰਣ ਤੋਂ ਬਿਨਾਂ ਬੋਲ ਰਿਹਾ ਹਾਂ।’

ਇਸੇ ਤਰ੍ਹਾਂ ਵਿਆਕਰਣ ਤੋਂ ਬਿਨਾਂ ਤਾਂ ਅਸੀਂ ਲਿਖ ਵੀ ਨਹੀਂ ਸਕਦੇ। ਕੀ ਲਿਖਾਂਗਾ ਕਿ ‘ਮੈਂ ਵਿਆਕਰਣ ਤੋਂ ਬਿਨਾਂ ਲਿਖਦੀ ਹਾਂ ?’ ਨਹੀਂ ਨਾ ? ਇਹ ਹੀ ਲਿਖਣਾ ਪਵੇਗਾ ਨਾ, ਕਿ ‘ਮੈਂ ਵਿਆਕਰਣ ਤੋਂ ਬਿਨਾਂ ਲਿਖਦਾ ਹਾਂ।’ ਸਪਸ਼ਟ ਹੈ ਕਿ ਕੁਝ ਵੀ ਸਾਰਥਕ ਵਾਕ ਲਿਖਣਾ ਜਾਂ ਬੋਲਣਾ ਹੋਵੇ ਤਾਂ ਵਿਆਕਰਣ ਦੇ ਨੇਮ ਜ਼ਰੂਰ ਲਾਗੂ ਹੁੰਦੇ ਹਨ। ਪੰਜਾਬੀ ਵਿਆਕਰਣ ਤਾਂ ਸਭ ਨੂੰ ਆਉਂਦੀ ਹੀ ਹੈ, ਇਸ ਲਈ ਮੈਂ ਪੰਜਾਬੀ ਦੀ ਵਿਆਕਰਣ ਬਾਰੇ ਵੀ ਅੱਜ ਕੁੱਝ ਨਹੀਂ ਲਿਖਾਂਗਾ।

ਅੱਜ ਤੋਂ ਕੁੱਝ ਦਿਨਾਂ ਬਾਅਦ ਅਸੀਂ ਇਕੀਵੀਂ ਸਦੀ ਦੇ ਤੀਜੇ ਦਹਾਕੇ ਦੇ ਤੀਜੇ ਸਾਲ ਵਿਚ ਕਦਮ ਰੱਖਣ ਵਾਲੇ ਹਾਂ। ਇਸ ਜੁੱਗ ਵਿਚ ਅਸੀਂ ਇੰਨੇ ਸਿਆਣੇ ਹਾਂ ਕਿ ਜੇ ਕੁੱਝ ਖਰੀਦ ਕੇ ਖਾਣਾ ਹੋਵੇ ਤਾਂ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਅਸੀਂ ਕੀ ਖਾ ਰਹੇ ਹਾਂ। ਇਸ ਵਿਚ ਕਿੰਨੀ ਸ਼ੂਗਰ ਹੈ, ਕਿੰਨਾ ਸਾਲਟ ਹੈ, ਕਿੰਨੀ ਫੈਟ ਹੈ, ਕਿੰਨੀ ਕੈਲੋਰੀਜ਼ ਹਨ। ਕੋਈ ਕੱਪੜਾ ਪਹਿਨਣਾ ਹੈ ਤਾਂ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਇਸ ਵਿਚ ਕਿੰਨੀ ਕੌਟਨ ਹੈ ਤੇ ਕਿੰਨੀ ਪੌਲਿਸਟਰ ਹੈ। ਕੋਈ ਫ਼ੋਨ ਜਾਂ ਕੰਪਿਊਟਰ ਵੀ ਲੈਣਾ ਹੋਵੇ ਤਾਂ ਅਸੀਂ ਉਸ ਦੇ ਸਾਰੇ ਫੀਚਰਜ਼ ਜਾਣਨਾ ਚਾਹੁੰਦੇ ਹਾਂ। ਹੋਰ ਛੱਡੋ, ਇਕ ਆਟੇ ਦਾ ਬੈਗ ਹੀ ਲੈਣਾ ਹੋਵੇ ਤਾਂ ਅਸੀਂ ਜਾਣਨਾ ਚਾਹੁੰਦੇ ਹਾਂ ਕਿ 10 ਰੁਪਏ ਸਸਤਾ ਕਿੱਥੋਂ ਮਿਲਦਾ ਹੈ, ਅਸੀਂ ਉੱਥੋਂ ਲੈਣ ਚਲੇ ਜਾਂਦੇ ਹਾਂ।

ਦੁਨੀਆਵੀ ਤੌਰ ’ਤੇ ਅਸੀਂ ਬਹੁਤ ਸਿਆਣੇ ਹੋ ਗਏ ਹਾਂ ਪਰ ਧਰਮ ਦੀ ਦੁਨੀਆਂ ਵਿਚ ਬਹੁਤ ਪਿੱਛੇ ਰਹਿ ਗਏ ਹਾਂ। ਸਿੱਖ ਜਪੁ ਜੀ ਸਾਹਿਬ ਦਾ ਪਾਠ ਤਾਂ ਕਈ ਸਾਲਾਂ ਤੋਂ ਕਰ ਰਿਹਾ ਹੈ ਪਰ ਜਾਣਨਾ ਨਹੀਂ ਚਾਹੁੰਦਾ ਕਿ ਇਸ ਵਿਚ ਹੈ ਕੀ ? ਇਹ ਨਹੀਂ ਜਾਣਨਾ ਚਾਹੁੰਦਾ ਕਿ ਜਪੁ ਜੀ ਸਾਹਿਬ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਮੈਨੂੰ ਕੀ ਸਮਝਾ ਰਹੇ ਹਨ। ਅਸੀਂ ਰੋਜ਼ ਪੜ੍ਹ ਰਹੇ ਹਾਂ : ਸੁਅਸਤਿ ਆਥਿ ਬਾਣੀ ਬਰਮਾਉ॥ ਸਤਿ ਸੁਹਾਣੁ ਸਦਾ ਮਨਿ ਚਾਉ॥ ਪਰ ਅਜੇ ਤੱਕ ਸਾਨੂੰ ਇਹ ਨਹੀਂ ਪਤਾ ਕਿ ‘ਸੁਅਸਤਿ’ ਦਾ ਕੀ ਅਰਥ ਹੈ। ‘ਆਥਿ’ ਕਿਸ ਨੂੰ ਕਹਿੰਦੇ ਨੇ। ‘ਬਾਣੀ ਬਰਮਾਉ’ ਇਕੱਠਾ ਪੜ੍ਹਨਾ ਹੈ ਜਾਂ ਅਲੱਗ ਅਲੱਗ। ‘‘ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ॥’’ ਇਸ ਤੁੱਕ ਵਿਚ ‘ਭੁਗਤਿ’ ਕਿਸ ਨੂੰ ਆਖਦੇ ਹਨ। ‘‘ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ॥’’ ਇਹ ‘ਆਈ ਪੰਥ’ ਕਿਹੜਾ ਹੈ। ‘‘ਕੇਤੀ ਦਾਤਿ ਜਾਣੈ ਕੌਣੁ ਕੂਤੁ॥’’ ਇੱਥੇ ‘ਕੂਤ’ ਕਿਸ ਨੂੰ ਕਿਹਾ ਗਿਆ ਹੈ ?

ਜਪੁ ਜੀ ਸਾਹਿਬ ਦਾ ਪਾਠ ਕਰਨਾ ਮੁਬਾਰਕ ਹੈ ਪਰ ਇਕ ਸਾਲ ਬਾਅਦ ਤਾਂ ਬੱਚਾ ਵੀ ਆਪਣੀ ਕਲਾਸ ਬਦਲ ਲੈਂਦਾ ਹੈ। ਉਸ ਦਾ ਸਿਲੇਬਸ ਵੀ ਇਕ ਸਾਲ ਬਾਅਦ ਬਦਲ ਜਾਂਦਾ ਹੈ। ਲੱਗਦਾ ਹੈ ਕਿ ਅਸੀਂ ਤਾਂ ਪਿਛਲੇ ਕਈ ਸਾਲਾਂ ਤੋਂ ਇੱਕੋ ਕਲਾਸ ਵਿਚ ਹੀ ਬੈਠੇ ਹਾਂ। ਗੁਰਬਾਣੀ ਦੇ ਪਾਠ ਤੋਂ ਅਗਲੀ ਕਲਾਸ ਗੁਰਬਾਣੀ ਦੇ ਅਰਥ ਸਮਝਣ ਦੀ ਵੀ ਹੈ। ਉਸ ਤੋਂ ਅਗਲੀ ਕਲਾਸ ਗੁਰਬਾਣੀ ਦੀ ਵੀਚਾਰ ਦੀ ਵੀ ਹੈ। ਫਿਰ ਉਸ ਤੋਂ ਅਗਲੀ ਕਲਾਸ ਗੁਰਬਾਣੀ ਦੇ ਉਪਦੇਸ਼ ਅਨੁਸਾਰ ਜ਼ਿੰਦਗੀ ਜਿਊਣ ਦੀ ਵੀ ਹੈ।

ਗੁਰਬਾਣੀ ਵਿਆਕਰਣ ਇਕ ਉਹ ਸਾਧਨ ਹੈ, ਜਿਸ ਰਾਹੀਂ ਅਸੀਂ ਲਗਭਗ 500 ਸਾਲ ਪਹਿਲਾਂ ਦੀ ਭਾਖਾ, ਬੋਲੀ ਅਤੇ ਗੁਰੂ ਸਾਹਿਬ ਜੀ ਦੇ ਜ਼ਮਾਨੇ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੋਈ ਗੁਰਬਾਣੀ ਨੂੰ ਸਮਝ ਸਕਦੇ ਹਾਂ। ਗੁਰਬਾਣੀ ਵਿਆਕਰਣ ਦੇ ਨੇਮਾਂ ਨੂੰ ਸਿੱਖ ਕੇ ਗੁਰਬਾਣੀ ਦਾ ਪਾਠ ਕਰਦਿਆਂ ਸਹਿਜੇ ਹੀ ਅਰਥਾਂ ਦੀ ਸਮਝ ਪੈ ਜਾਂਦੀ ਹੈ। ਗੁਰਬਾਣੀ ਨੂੰ ਸਮਝਣ ਦੇ ਸਾਨੂੰ 2 ਫਾਇਦੇ ਹੋਣਗੇ। ਇਕ ਤਾਂ ਸਾਡਾ ਡੋਲਦਾ-ਭਟਕਦਾ ਮਨ ਗੁਰਬਾਣੀ ਨਾਲ ਜੁੜ ਕੇ ਇਕਾਗਰ ਹੋ ਜਾਵੇਗਾ। ਦੂਜਾ ਸਾਨੂੰ ਸਤਿਗੁਰੂ ਜੀ ਦੇ ਉਪਦੇਸ਼ ਦੀ ਸਮਝ ਪੈ ਜਾਵੇਗੀ। ਅਸੀਂ ਗਿਆਨਵਾਨ ਬਣ ਜਾਵਾਂਗੇ। ਗੁਰਬਾਣੀ ਦਾ ਫ਼ੁਰਮਾਣ ਹੈ ਕਿ ਕੋਈ ਵਿਰਲਾ ਗੁਰਸਿੱਖ ਗੁਰ ਸ਼ਬਦ ਦੀ ਵੀਚਾਰ ਕਰਦਾ ਹੈ। ਜੋ ਸ਼ਬਦ ਦੀ ਵੀਚਾਰ ਕਰਦਾ ਹੈ, ਉਹ ਆਪ ਵੀ ਤਰ ਜਾਂਦਾ ਹੈ ਅਤੇ ਆਪਣੀਆਂ ਸਾਰੀਆਂ ਕੁੱਲਾਂ ਦਾ ਉਧਾਰ ਵੀ ਕਰ ਦਿੰਦਾ ਹੈ ‘‘ਵਿਰਲਾ ਕੋ ਪਾਏ ਗੁਰ ਸਬਦਿ ਵੀਚਾਰਾ॥ ਆਪਿ ਤਰੈ ਸਗਲੇ ਕੁਲ ਉਧਾਰਾ॥’’

ਅਖੀਰ ਵਿਚ ਇਹ ਕਹਿਣ ਦੀ ਲੋੜ ਹੀ ਨਹੀਂ ਹੈ, ਸਾਰੇ ਜਾਣਦੇ ਹੀ ਹਨ ਕਿ ਪ੍ਰਿੰ: ਤੇਜਾ ਸਿੰਘ ਜੀ, ਪ੍ਰੋ: ਸਾਹਿਬ ਸਿੰਘ ਜੀ, ਪੰਡਿਤ ਕਰਤਾਰ ਸਿੰਘ ਦਾਖਾ, ਭਾਈ ਰਣਧੀਰ ਸਿੰਘ ਜੀ ਹੋਰਾਂ ਦੀ ਗੁਰਬਾਣੀ ਵਿਆਕਰਣ ਦੇ ਖੇਤਰ ਵਿਚ ਕੌਮ ਨੂੰ ਬਹੁਤ ਵੱਡੀ ਦੇਣ ਹੈ। ਬਾਬਾ ਗੁਰਬਚਨ ਸਿੰਘ (ਜਥਾ ਭਿੰਡਰ ਕਲਾਂ), ਭਾਈ ਹਰਬੰਸ ਸਿੰਘ ਜੀ ਵੱਲੋਂ ਗੁਰਬਾਣੀ ਉਚਾਰਣ ਸੇਧਾਂ ਵਿਚ ਮਹਾਨ ਯੋਗਦਾਨ ਪਾਇਆ ਗਿਆ ਹੈ। ਮਿਸ਼ਨਰੀ ਕਾਲਜਾਂ ਦੀਆਂ ਵਿਆਕਰਣਿਕ ਨੇਮਾਂ ਦੀਆਂ ਬਹੁਤ ਸਾਰੀਆਂ ਕੀਮਤੀ ਪੁਸਤਕਾਂ ਨੇ ਤਾਂ ਗੁਰਬਾਣੀ ਵਿਆਕਰਣ ਖੇਤਰ ਵਿਚ ਕ੍ਰਾਂਤੀ ਲਿਆ ਦਿੱਤੀ ਹੈ। ਅਜੋਕੇ ਸਮੇਂ ਵਿਚ ਗੁਰਬਾਣੀ ਵਿਆਕਰਣ ਦੇ ਕੌਮੀ ਵਿਦਵਾਨ ਪ੍ਰੋ: ਮਨਿੰਦਰਪਾਲ ਸਿੰਘ ਜੀ ’ਤੇ ਸਾਰੀ ਕੌਮ ਨੂੰ ਅਥਾਹ ਮਾਣ ਹੈ। ਲਗਾਤਾਰ ਪਿੱਛਲੇ 28 ਸਾਲਾਂ ਤੋਂ ਇਹਨਾਂ ਸਭਨਾਂ ਪਾਸੋਂ ਕਿਣਕਾ-ਕਿਣਕਾ ਲੈ ਕੇ ਮੈਂ ਜੋ ਕੁਝ ਗੁਰਬਾਣੀ ਵਿਆਕਰਣ ਬਾਰੇ ਸਮਝ ਸਕਿਆ ਹਾਂ, ਉਸ ਦੀ ਲੜੀਵਾਰ ਵੀਚਾਰ ਹਰ ਮਹੀਨੇ ਆਪ ਜੀ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗਾ। ‘ਸਰਲ ਗੁਰਬਾਣੀ ਵਿਆਕਰਣ’ ਦੀ ਲੜੀਵਾਰ ਵੀਚਾਰ ਵਿਚ ਅਸੀਂ ਘਰ ਬੈਠਿਆਂ ਹੀ ਬਹੁਤ ਸੌਖੇ ਤਰੀਕੇ ਨਾਲ ਗੁਰਬਾਣੀ ਦੇ ਨੇਮ ਸਮਝਣ ਦਾ ਜਤਨ ਕਰਾਂਗੇ। ਆਪ ਜੀ ਆਪਣੀਆਂ ਡਾਇਰੀਆਂ ’ਤੇ ਨੋਟਸ ਲਿਖਣ ਲਈ ਹੁਣੇ ਤੋਂ ਕਮਰ ਕੱਸ ਲਵੋ ਜੀ।

—–ਚਲਦਾ—-

ਕਾਹੇ ਰੇ ਮਨ ! ਚਿਤਵਹਿ ਉਦਮੁ  ?

0

ਕਾਹੇ ਰੇ ਮਨ ! ਚਿਤਵਹਿ ਉਦਮੁ  ?

ਗਿਆਨੀ ਅਵਤਾਰ ਸਿੰਘ

ਰਾਗੁ ਗੂਜਰੀ ਮਹਲਾ ੫ ॥

ਕਾਹੇ ਰੇ ਮਨ ! ਚਿਤਵਹਿ ਉਦਮੁ; ਜਾ ਆਹਰਿ ਹਰਿ ਜੀਉ ਪਰਿਆ ॥

ਸੈਲ ਪਥਰ ਮਹਿ ਜੰਤ ਉਪਾਏ; ਤਾ ਕਾ ਰਿਜਕੁ ਆਗੈ ਕਰਿ ਧਰਿਆ ॥੧॥

ਮੇਰੇ ਮਾਧਉ ਜੀ !  ਸਤਸੰਗਤਿ ਮਿਲੇ, ਸੁ ਤਰਿਆ ॥ 

ਗੁਰ ਪਰਸਾਦਿ ਪਰਮ ਪਦੁ ਪਾਇਆ; ਸੂਕੇ ਕਾਸਟ ਹਰਿਆ ॥੧॥ ਰਹਾਉ ॥

ਜਨਨਿ, ਪਿਤਾ, ਲੋਕ, ਸੁਤ, ਬਨਿਤਾ; ਕੋਇ ਨ ਕਿਸ ਕੀ ਧਰਿਆ ॥ 

ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ; ਕਾਹੇ ਮਨ ! ਭਉ ਕਰਿਆ ॥੨॥

ਊਡੇ ਊਡਿ, ਆਵੈ ਸੈ ਕੋਸਾ; ਤਿਸੁ ਪਾਛੈ ਬਚਰੇ ਛਰਿਆ ॥ 

ਤਿਨ ਕਵਣੁ ਖਲਾਵੈ; ਕਵਣੁ ਚੁਗਾਵੈ; ਮਨ ਮਹਿ ਸਿਮਰਨੁ ਕਰਿਆ ॥੩॥

ਸਭਿ ਨਿਧਾਨ, ਦਸ ਅਸਟ ਸਿਧਾਨ; ਠਾਕੁਰ ਕਰ ਤਲ ਧਰਿਆ ॥

ਜਨ ਨਾਨਕ  ! ਬਲਿ ਬਲਿ ਸਦ ਬਲਿ ਜਾਈਐ; ਤੇਰਾ ਅੰਤੁ ਨ ਪਾਰਾਵਰਿਆ ॥੪॥੫॥

(ਸੋ ਦਰੁ ਗੂਜਰੀ/ਮਹਲਾ ੫/੧੦)

ਵਿਚਾਰ ਅਧੀਨ ਸ਼ਬਦ ਪੰਜਵੇਂ ਪਾਤਸ਼ਾਹ ਜੀ ਦੁਆਰਾ ਉਚਾਰਿਆ ਗਿਆ ਹੈ, ਜਿਸ ਦੇ ਚਾਰ ਬੰਦ ਅਤੇ ਇੱਕ ‘ਰਹਾਉ’ ਤੁਕ ਹੈ। ਇਸ ਵਿੱਚ ਪੂਰੇ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ; ਜਿਵੇਂ ਕਿ ‘‘ਮੇਰੇ ਮਾਧਉ ਜੀਸਤਸੰਗਤਿ ਮਿਲੇ, ਸੁ ਤਰਿਆ   ਗੁਰ ਪਰਸਾਦਿ ਪਰਮ ਪਦੁ ਪਾਇਆ; ਸੂਕੇ ਕਾਸਟ ਹਰਿਆ ਰਹਾਉ ਅਰਥ : ਹੇ ਮਾਇਆ ਦੇ ਪਤੀ (ਪ੍ਰਭੂ) ਜੀ ! ਜੋ ਮਨੁੱਖ, ਗੁਰੂ ਦੀ ਕਿਰਪਾ ਨਾਲ਼ ਸਤਸੰਗਤਿ ਵਿੱਚ ਮਿਲ ਬੈਠਦੇ ਹਨ, ਉਨ੍ਹਾਂ ਦਾ ਮੁਰਝਾਇਆ ਹੋਇਆ ਹਿਰਦਾ (ਸੰਗਤ ’ਚ ਮਿਲ ਕੇ) ਖਿੜ ਗਿਆ ਅਤੇ ਸਭ ਤੋਂ ਉੱਚਾ ਰੁਤਬਾ ਹਾਸਲ ਕਰ ਲਿਆ।  ਉਹ (ਸਤਿਸੰਗੀ; ਮਾਇਆ ਤੋਂ) ਤਰ ਗਿਆ॥ਰਹਾਉ॥

‘ਰਹਾਉ’ ਤੁਕ ’ਚ ਰੱਬ ਲਈ ‘ਮਾਧਉ’ ਸ਼ਬਦ ਵਰਤਿਆ ਹੈ ਕਿਉਂਕਿ ਪੂਰੇ ਸ਼ਬਦ ’ਚ ‘ਮਨ’ ਨੂੰ ‘ਮਾਇਆ’ ਤੋਂ ਮੁਕਤ ਕਰਨਾ ਹੈ। ਸ਼ਬਦ ਦੇ ਪਹਿਲੇ ਬੰਦ ’ਚ ਅੱਧੀ ਤੁਕ ਹੈ ‘‘ਕਾਹੇ ਰੇ ਮਨ ! ਚਿਤਵਹਿ ਉਦਮੁ; ਜਾ ਆਹਰਿ ਹਰਿ ਜੀਉ ਪਰਿਆ ’’ ਅਰਥ : ਹੇ ਮਨ ! (ਮਾਇਆ ਲਈ) ਤੂੰ ਨਿੱਤ ਨਵਾਂ-ਨਵਾਂ ਯਤਨ/ਹੀਲਾ ਕਿਉਂ ਸੋਚਦਾ ਹੈਂ, ਨਵੀਂ ਸਕੀਮ ਕਿਉਂ ਘੜਦਾ ਰਹਿੰਦਾ ਹੈਂ ? (ਜਗਤ ਨੂੰ ਪਾਲਣ ਵਾਲ਼ੀ) ਜਿਸ ਸਕੀਮ (ਕਾਰ) ਵਿੱਚ ਹਰੀ-ਮਾਲਕ ਪਹਿਲਾਂ ਤੋਂ ਆਪ ਹੀ ਨਿਰੰਤਰ ਲੱਗਿਆ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ‘ਜਪੁ’ ਬਾਣੀ ਦੀ 29ਵੀਂ ਪਉੜੀ ’ਚ ਵੀ ਇਹੀ ਸਮਝਾ ਰਹੇ ਹਨ ‘‘ਸੰਜੋਗੁ ਵਿਜੋਗੁ ਦੁਇ, ਕਾਰ ਚਲਾਵਹਿ; ਲੇਖੇ ਆਵਹਿ ਭਾਗ …..੨੯ (ਜਪੁ) ਯਾਨੀ ਮਾਲਕ ਦੀ ਸੰਜੋਗ ਸੱਤਾ (ਜੀਵਾਂ ਦੇ ਪਰਵਾਰਿਕ ਸੰਬੰਧ ਬਣਾਨ ਵਾਲ਼ੀ ਕੜੀ) ਅਤੇ ਵਿਜੋਗ ਸੱਤਾ (ਪਰਵਾਰਿਕ ਸੰਬੰਧ ਤੋੜਨ/ਮਾਰਨ ਵਾਲ਼ੀ ਕੜੀ) ਦੋਵੇਂ ਮਿਲ ਕੇ ਜਗਤ-ਕਾਰ ਚਲਾ ਰਹੀਆਂ ਹਨ ਅਤੇ ਜੀਵਾਂ ਦੇ ਨਸੀਬ ਮੁਤਾਬਕ ਹਰੇਕ ਦੇ ਹਿੱਸੇ ਭਾਗ (ਦੁੱਖ-ਸੁੱਖ) ਆਉਂਦੇ ਹਨ।

ਨੋਟ : ਉਕਤ ਤੁਕ ਦੇ ਅਰਥ ਕਰਦਿਆਂ ਦੋ ਗੱਲਾਂ ਵੱਲ ਵਿਸ਼ੇਸ਼ ਧਿਆਨ ਦੇਣਾ ਹੈ (ੳ). ‘ਉਦਮੁ’ ਦਾ ਅਰਥ ‘ਉਦਮ ਲਈ’ (ਸੰਪਰਦਾਨ ਕਾਰਕ) ਨਹੀਂ ਕਰਨਾ, ਨਹੀਂ ਤਾਂ ‘ਉਦਮੁ’; ਗੁਰਬਾਣੀ ਲਿਖਤ ਮੁਤਾਬਕ ਅੰਤ ਮੁਕਤ (ਉਦਮ) ਹੋਣਾ ਸੀ। (ਅ). ‘ਉਦਮੁ’ ਦਾ ਅਰਥ ਓਹੀ ਕਰਨਾ ਹੈ, ਜੋ ‘ਆਹਰਿ’ ਦਾ ਹੈ ਕਿਉਂਕਿ ਜੋ ਸਕੀਮ ਮਨ ਬਣਾਉਂਦਾ ਹੈ ਓਹੀ ਸਕੀਮ ਕਰਨਾ; ਰੱਬ ਦਾ ਕਾਰਜ-ਖੇਤਰ ਸਾਬਤ ਕਰਨਾ ਹੈ। ਚੇਤੇ ਰਹੇ ਕਿ ਆਹਰਿ ਦਾ ਅਰਥ ‘ਅਹਾਰ’ ਜਾਂ ‘ਆਹਾਰ’ ਨਹੀਂ ਕਿਉਂਕਿ ਇਨ੍ਹਾਂ ਦਾ ਅਰਥ ਹੈ ‘ਭੋਜਨ, ਖ਼ੁਰਾਕ’; ਜਿਵੇਂ ਕਿ ‘‘ਜੀਅ ਜੰਤ (ਨੂੰ) ਦੇਵੈ ਆਹਾਰ (ਮਹਲਾ /੧੧੪੮), ਦੇਇ (ਕੇ) ਅਹਾਰੁ ਅਗਨਿ ਮਹਿ (ਗਰਭ)  ਰਾਖੈ; ਐਸਾ ਖਸਮੁ ਹਮਾਰਾ ’’ (ਭਗਤ ਧੰਨਾ/੪੮੮) 

‘ਰਹਾਉ’ ਤੁਕ ਅਤੇ ਪਹਿਲੇ ਬੰਦ ਦੀ ਉਕਤ ਅੱਧੀ ਤੁਕ ਤੋਂ ਇਲਾਵਾ ਇਸ ਸ਼ਬਦ ਦਾ ਅੰਤਮ ਚੌਥਾ ਬੰਦ ‘‘ਸਭਿ ਨਿਧਾਨ, ਦਸ ਅਸਟ ਸਿਧਾਨ; ਠਾਕੁਰ ਕਰ ਤਲ ਧਰਿਆ ਜਨ ਨਾਨਕ  ! ਬਲਿ ਬਲਿ ਸਦ ਬਲਿ ਜਾਈਐ; ਤੇਰਾ ਅੰਤੁ ਪਾਰਾਵਰਿਆ ’’ ਸਮਝਾਉਣ ਲਈ ਹੀ ਗੁਰੂ ਸਾਹਿਬ ਨੇ ਇਹ ਸ਼ਬਦ ਉਚਾਰਿਆ ਹੈ, ਬਾਕੀ ਪੂਰਾ ਸ਼ਬਦ ਤਾਂ ਮਨੁੱਖ ਦੇ ਪੰਜ ਗਿਆਨ ਇੰਦ੍ਰਿਆਂ (ਅੱਖ, ਕੰਨ, ਨੱਕ, ਜੀਭ, ਤ੍ਵਚਾ) ਨੂੰ ਤਸੱਲੀ ਕਰਾਉਣ ਲਈ ਸਮਾਜਿਕ ਮਿਸਾਲਾਂ ਹੀ ਦਿੱਤੀਆਂ ਹਨ। ਇਨ੍ਹਾਂ ਉਦਾਹਰਨਾਂ ਰਾਹੀਂ ਅਸਲ ਗੁਰਮਤਿ ’ਤੇ ਭਰੋਸਾ ਕਰਨਾ ਹੈ, ਨਾ ਕਿ ਉਸ ਉੱਤੇ ਵੀ ਗਿਆਨ-ਇੰਦ੍ਰਿਆਂ ਰਾਹੀਂ ਕਿੰਤੂ-ਪਰੰਤੂ ਕਰਨਾ ਹੈ।

ਪਹਿਲੇ ਬੰਦ ਦੀ ਬਾਕੀ ਅੱਧੀ ਤੁਕ ’ਚ ਪਹਿਲੀ ਮਿਸਾਲ ਹੈ ‘‘ਸੈਲ ਪਥਰ ਮਹਿ ਜੰਤ ਉਪਾਏ; ਤਾ ਕਾ ਰਿਜਕੁ ਆਗੈ ਕਰਿ ਧਰਿਆ ’’ ਅਰਥ : (ਹੇ ਮਨ ! ਵੇਖ; ਜਿਵੇਂ) ਪੱਥਰ-ਚਟਾਨ ਵਿੱਚ ਜੀਵ-ਜੰਤ ਪੈਦਾ ਕੀਤੇ ਹੁੰਦੇ ਹਨ, ਉਨ੍ਹਾਂ ਦਾ ਰਿਜ਼ਕ (ਮਾਇਆ ਦੇ ਪਤੀ ਨੇ ਉਨ੍ਹਾਂ ਦੇ ਪੈਦਾ ਹੋਣ ਤੋਂ) ਪਹਿਲਾਂ ਹੀ (ਪੱਥਰ ਰੂਪ ’ਚ) ਬਣਾ ਰੱਖਿਆ ਹੁੰਦਾ ਹੈ।

ਨੋਟ : ਇਸ ਤੁਕ ’ਚ ‘ਆਗੈ’ ਦਾ ਅਰਥ ਹੈ ‘ਪਹਿਲਾਂ’; ਜਿਵੇਂ ਕਿ ‘ਨਗਰ-ਕੀਰਤਨ ਦੇ ਅੱਗੇ-ਅੱਗੇ ਸਫ਼ਾਈ ਕਰੋ।, ਬਰਾਤ ਦੇ ਅੱਗੇ-ਅੱਗੇ ਬਿਸਤਰੇ ਲਗਾਓ ਯਾਨੀ ਉਨ੍ਹਾਂ ਦੇ ਆਉਣ ਤੋਂ ਪਹਿਲਾਂ-ਪਹਿਲਾਂ, ਮੂਹਰੇ-ਮੂਹਰੇ ਇਹ ਕੰਮ ਕਰਨਾ ਹੈ। ਪੰਜਵੇਂ ਪਾਤਸ਼ਾਹ ਜੀ ਦਾ ਹੀ ਬਚਨ ਹੈ ਕਿ ‘‘ਪਹਿਲੋ ਦੇ ਤੈਂ ਰਿਜਕੁ ਸਮਾਹਾ   ਪਿਛੋ ਦੇ ਤੈਂ ਜੰਤੁ ਉਪਾਹਾ   ਤੁਧੁ ਜੇਵਡੁ ਦਾਤਾ ਅਵਰੁ ਸੁਆਮੀ ! ਲਵੈ ਕੋਈ ਲਾਵਣਿਆ ’’ (ਮਹਲਾ /੧੩੦) ਅਰਥ : ਹੇ ਸੁਆਮੀ ! (ਇੱਥੇ ਵੀ ਰੱਬ ਨੂੰ ਮਾਲਕ ਸਿੱਧ ਕਰਨ ਲਈ ‘ਸੁਆਮੀ’ ਸ਼ਬਦ ਵਰਤਿਆ) ਤੈਂ, ਜੀਵ ਨੂੰ ਪੈਦਾ ਕਰਨ ਤੋਂ ਪਹਿਲਾਂ (ਉਸ ਦਾ) ਰਿਜ਼ਕ ਬਣਾਇਆ, ਫਿਰ (ਉਹ) ਪੈਦਾ ਕੀਤਾ ਹੈ। ਤੇਰੇ ਵਰਗਾ ਐਸਾ ਸਮਰੱਥ ਦਾਤਾ ਹੋਰ ਕੋਈ ਨਹੀਂ, ਜਿਸ ਨੂੰ ਤੇਰੇ ਬਰਾਬਰ ਰੱਖਿਆ ਜਾਵੇ।

ਸ਼ਬਦ ਦੇ ਦੂਜੇ ਬੰਦ ’ਚ ਅਗਲੀ ਮਿਸਾਲ ਹੈ ‘‘ਜਨਨਿ, ਪਿਤਾ, ਲੋਕ, ਸੁਤ, ਬਨਿਤਾ; ਕੋਇ ਕਿਸ ਕੀ ਧਰਿਆ   ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ; ਕਾਹੇ ਮਨ ! ਭਉ ਕਰਿਆ   ਅਰਥ : ਹੇ ਮਨ !  ਮਾਤਾ, ਪਿਤਾ, ਸਮਾਜ-ਰਿਸ਼ਤੇਦਾਰ, ਪੁੱਤਰ, ਪਤਨੀ ਆਦਿ ਕੋਈ ਕਿਸੇ ਦਾ ਆਸਰਾ-ਸਹਾਰਾ (ਰਿਜ਼ਕ ਦੇਣ ਵਾਲ਼ਾ) ਨਹੀਂ। ਕੇਵਲ ਠਾਕੁਰੁ (ਇੱਥੇ ਵੀ ‘ਠਾਕੁਰੁ’ ਭਾਵ ਮਾਲਕ) ਹੀ ਹਰ ਇੱਕ ਦੇ ਜ਼ਿੰਮੇ (ਸਿਰ ’ਤੇ) ਰਿਜ਼ਕ ਅਪੜਾਉਂਦਾ ਹੈ, ਇਸ ਲਈ ਤੂੰ ਕਿਉਂ ਘਬਰਾਉਂਦਾ ਹੈਂ ?

ਸ਼ਬਦ ਦੇ ਤੀਜੇ ਬੰਦ ’ਚ ਅਗਲੀ ਮਿਸਾਲ ਹੈ ‘‘ਊਡੇ ਊਡਿ, ਆਵੈ ਸੈ ਕੋਸਾ; ਤਿਸੁ ਪਾਛੈ ਬਚਰੇ ਛਰਿਆ   ਤਿਨ ਕਵਣੁ ਖਲਾਵੈ; ਕਵਣੁ ਚੁਗਾਵੈ; ਮਨ ਮਹਿ ਸਿਮਰਨੁ ਕਰਿਆ ਅਰਥ : ਹੇ ਮਨ ! ਵੇਖ; ਜਿਵੇਂ ਕੂੰਜ ਉੱਡ-ਉੱਡ ਕੇ (ਆਪਣੇ ਬੱਚਿਆਂ ਤੋਂ) ਸੈਂਕੜੇ ਕੋਹ ਦੂਰ ਆ ਜਾਂਦੀ ਹੈ। ਉਸ ਨੇ ਆਪਣੇ ਬੱਚੇ ਪਿੱਛੇ ਛੱਡੇ ਹੁੰਦੇ ਹਨ। ਉਨ੍ਹਾਂ ਨੂੰ ਕੌਣ ਖਵਾਉਂਦਾ ਹੈ ? ਕੌਣ ਚੋਗਾ ਦਿੰਦਾ ਹੈ ? (ਕੂੰਜ; ਆਪਣੇ) ਮਨ ਵਿੱਚ (ਕੇਵਲ ਉਨ੍ਹਾਂ ਨੂੰ) ਯਾਦ ਕਰਦੀ ਹੈ (ਜੋ ਉਨ੍ਹਾਂ ਲਈ ਖ਼ੁਰਾਕ ਬਣਾ ਜਾਂਦੀ ਹੈ)। 

ਅਧਿਆਪਕ ਬੱਚਿਆਂ ਨੂੰ ਕੋਈ ਸਿਲੇਬਸ ਸਰਲ ਕਰਨ ਲਈ ਇੱਕ ਦੋ ਮਿਸਾਲਾਂ ਦਿੰਦਾ ਹੈ ਜਾਂ ਵੱਧ ਤੋਂ ਵੱਧ ਤਿੰਨ। ਜ਼ਰੂਰਤ ਤੋਂ ਵੱਧ ਮਿਸਾਲ ਦੇਣ ਨਾਲ਼ ਅਸਲ ਵਿਸ਼ਾ ਦੱਬ ਜਾਂਦਾ ਹੈ, ਸਪਸ਼ਟ ਨਹੀਂ ਹੁੰਦਾ ਕਿਉਂਕਿ ਮਿਸਾਲ; ਵਿਸ਼ਾ ਬਣ ਚੁੱਕੀ ਹੁੰਦੀ ਹੈ। ਸੋ ਉਕਤ ਤਿੰਨ ਮਿਸਾਲਾਂ ਦੇਣ ਤੋਂ ਬਾਅਦ; ਅਸਲ ਸਚਾਈ ਕਿ ਸਾਰੇ ਜੀਵ-ਜੰਤਾਂ ਨੂੰ ਮਾਲਕ ਪਾਲ਼ਦਾ ਹੈ, ਜਿਨ੍ਹਾਂ ਨੂੰ ਦ੍ਰਿੜ੍ਹ ਹੋ ਗਿਆ, ਉਨ੍ਹਾਂ ਅੰਦਰੋਂ ਬਣੀ ਭਾਵਨਾ ਹੀ ਗੁਰੂ ਸਾਹਿਬ ਜੀ ਨੇ ਸ਼ਬਦ ਦੇ ਅੰਤਮ/ਚੌਥੇ ਬੰਦ ’ਚ ਦਰਜ ਕੀਤੀ ਹੈ; ਜਿਵੇਂ ਕਿ ‘‘ਸਭਿ ਨਿਧਾਨ, ਦਸ ਅਸਟ ਸਿਧਾਨ; ਠਾਕੁਰ ਕਰ ਤਲ ਧਰਿਆ ਜਨ ਨਾਨਕ  ! ਬਲਿ ਬਲਿ ਸਦ ਬਲਿ ਜਾਈਐ; ਤੇਰਾ ਅੰਤੁ ਪਾਰਾਵਰਿਆ ’’ ਅਰਥ : ਹੇ ਠਾਕੁਰ ! ਹੇ ਮਾਇਆ ਦੇ ਪਤੀ ! ਹੇ ਅਸਲ ਦਾਤੇ ! ਸਾਰੇ ਖ਼ਜ਼ਾਨੇ, ਅਠ੍ਹਾਰਾਂ ਕਰਾਮਾਤੀ ਸਿੱਧੀਆਂ/ਸ਼ਕਤੀਆਂ ਤੇਰੇ ਹੱਥਾਂ ਦੀ ਤਲੀ ’ਤੇ ਟਿੱਕੀਆਂ ਹਨ ਯਾਨੀ ਤੇਰੇ ਪਾਸੋਂ ਹੀ ਮਿਲਦੀਆਂ ਹਨ। ਤੇਰੇ ਤੋਂ ਸਦਾ ਕੁਰਬਾਨ ਹੋਣਾ ਬਣਦਾ ਹੈ। ਤੇਰੇ ਅੰਤ ਅਤੇ ਉਰਲੇ-ਪਰਲੇ ਕਿਨਾਰੇ ਦਾ ਕੋਈ ਰਾਜ਼ ਨਹੀਂ ਜਾਣ ਸਕਦਾ।

ਵਿਚਾਰ : ਗੁਰੂ ਨਾਨਕ ਸਾਹਿਬ ਜੀ ਨੇ ‘ਜਪੁ’ ਬਾਣੀ ਦੀ 5ਵੀਂ ਤੇ 6ਵੀਂ ਪਉੜੀ ’ਚ ਦੋ ਵਾਰ ਸਮਝਾਇਆ ਕਿ ‘‘ਸਭਨਾ ਜੀਆ ਕਾ ਇਕੁ ਦਾਤਾ; ਸੋ ਮੈ ਵਿਸਰਿ ਜਾਈ ’’ (ਜਪੁ), ਇਸ ਅਸਲ ਦਾਤਾਰ ਨੂੰ ਹੀ ਗੁਰਬਾਣੀ ਦੇ ਅਰੰਭਕ ਸਲੋਕ ’ਚ ‘‘ਆਦਿ ਸਚੁ; ਜੁਗਾਦਿ ਸਚੁ   ਹੈ ਭੀ ਸਚੁ; ਨਾਨਕ  ! ਹੋਸੀ ਭੀ ਸਚੁ ’’ (ਜਪੁ) ਕਿਹਾ ਹੈ, ਜੋ ਕੁਦਰਤ ਦੇ ਆਦਿ ਤੋਂ ਅੰਤ ਤੱਕ ਕਾਇਮ ਰਹੇਗਾ। ‘ਜਪੁ’ ਬਾਣੀ ਦੀ 27ਵੀਂ (ਸੋ ਦਰੁ) ਪਉੜੀ, ਜੋ ਗੁਰੂ ਗ੍ਰੰਥ ਸਾਹਿਬ ’ਚ ਤਿੰਨ ਵਾਰ ਦਰਜ ਹੈ, ਦੇ ਅੰਤ ’ਚ ਵੀ ਇਹੀ ਕਿਹਾ ‘‘ਸੋਈ ਸੋਈ, ਸਦਾ ਸਚੁ; ਸਾਹਿਬੁ ਸਾਚਾ, ਸਾਚੀ ਨਾਈ   ਹੈ ਭੀ ਹੋਸੀ; ਜਾਇ ਜਾਸੀ; ਰਚਨਾ ਜਿਨਿ ਰਚਾਈ ..੨੭’’ (ਜਪੁ), ਇਸ ਪਉੜੀ ’ਚ ਬਿਆਨ ਕੀਤੀ ਬਾਕੀ ਸਾਰੀ ਪਰਜਾ, ਉਸ ਦੇ ਹੁਕਮ ’ਚ ਬੱਝੀ ਹੈ, ਦਾਤਾਂ ਭੋਗਣ ਵਾਲ਼ੀ ਹੈ ਅਤੇ ਆਰਜ਼ੀ ਰਿਸ਼ਤੇਦਾਰ ਬਣ ਸਮਾਜਿਕ ਭੂਮਿਕਾ ਨਿਭਾ ਰਹੀ ਹੈ। ‘ਜਪੁ’ ਬਾਣੀ ਦੀ ਹੀ ਤੀਜੀ ਪਉੜੀ ’ਚ ਬਚਨ ਹਨ ਕਿ ਦਾਤਾਰ ਪਿਤਾ; ਅਨੇਕਾਂ ਜੁਗਾਂ ਤੋਂ ਜੀਵਾਂ ਨੂੰ ਰਿਜ਼ਕ ਦਿੰਦਾ ਆ ਰਿਹਾ ਹੈ ਅਤੇ ਦਾਤਾਂ ਲੈਣ ਵਾਲ਼ੇ ਜੀਵ ਤਦ ਤੋਂ ਹੀ ਉਨ੍ਹਾਂ ਨੂੰ ਭੋਗਦੇ-ਭੋਗਦੇ ਥੱਕ ਜਾਂਦੇ ਹਨ ‘‘ਦੇਦਾ ਦੇ ਲੈਦੇ ਥਕਿ ਪਾਹਿ   ਜੁਗਾ ਜੁਗੰਤਰਿ ਖਾਹੀ ਖਾਹਿ’’ (ਜਪੁ) ਤਾਹੀਓਂ ਸੁਖਮਨੀ ਸਾਹਿਬ ’ਚ ਬਚਨ ਕੀਤੇ ਹਨ ਕਿ ਕਿਸੇ ਮਨੁੱਖ ਦੀ ਮੁਥਾਜੀ ਨਾ ਕਰੋ ‘‘ਮਾਨੁਖ ਕੀ ਟੇਕ; ਬ੍ਰਿਥੀ ਸਭ ਜਾਨੁ ਦੇਵਨ ਕਉ ਏਕੈ ਭਗਵਾਨੁ …. ਮਾਰੈ ਰਾਖੈ ਏਕੋ ਆਪਿ   ਮਾਨੁਖ ਕੈ, ਕਿਛੁ ਨਾਹੀ ਹਾਥਿ (’)’’ (ਸੁਖਮਨੀ/ਮਹਲਾ /੨੮੧), ਗੁਰੂ ਅੰਗਦ ਸਾਹਿਬ ਅਤੇ ਗੁਰੂ ਰਾਮਦਾਸ ਜੀ ਵੀ ਇਹੀ ਬਚਨ ਕਰਦੇ ਹਨ; ਜਿਵੇਂ ਕਿ ‘‘ਨਾਨਕ  ! ਚਿੰਤਾ ਮਤਿ ਕਰਹੁ; ਚਿੰਤਾ ਤਿਸ (ਰੱਬ ਨੂੰ) ਹੀ ਹੇਇ   ਜਲ ਮਹਿ ਜੰਤ ਉਪਾਇਅਨੁ; ਤਿਨਾ ਭਿ ਰੋਜੀ ਦੇਇ   ਓਥੈ ਹਟੁ ਚਲਈ; ਨਾ ਕੋ ਕਿਰਸ (ਖੇਤੀ) ਕਰੇਇ   ਸਉਦਾ ਮੂਲਿ ਹੋਵਈ; ਨਾ ਕੋ ਲਏ, ਦੇਇ   ਜੀਆ ਕਾ ਆਹਾਰੁ, ਜੀਅ; ਖਾਣਾ ਏਹੁ ਕਰੇਇ   ਵਿਚਿ ਉਪਾਏ ਸਾਇਰਾ (ਸਮੁੰਦਰ ਦੇ); ਤਿਨਾ ਭਿ ਸਾਰ (ਸੰਭਾਲ਼) ਕਰੇਇ   ਨਾਨਕ  ! ਚਿੰਤਾ ਮਤ ਕਰਹੁ; ਚਿੰਤਾ ਤਿਸ ਹੀ ਹੇਇ (ਮਹਲਾ /੯੫੫), ਹਰਿ ਅਗਮ ਅਗੋਚਰੁ ਸਦਾ ਅਬਿਨਾਸੀ   ਸਰਬੇ ਰਵਿ ਰਹਿਆ ਘਟ ਵਾਸੀ   ਤਿਸੁ ਬਿਨੁ ਅਵਰੁ ਕੋਈ ਦਾਤਾ; ਹਰਿ ਤਿਸਹਿ (ਨੂੰ), ਸਰੇਵਹੁ ਪ੍ਰਾਣੀ ਹੇ  ! ਨਾ ਕਰਿ ਚਿੰਤ; ਚਿੰਤਾ ਹੈ ਕਰਤੇ (ਕਰਤਾਰ ਨੂੰ)   ਹਰਿ ਦੇਵੈ, ਜਲਿ ਥਲਿ (’) ਜੰਤਾ ਸਭਤੈ (ਸਭ ਨੂੰ)   ਅਚਿੰਤ ਦਾਨੁ ਦੇਇ ਪ੍ਰਭੁ ਮੇਰਾ; ਵਿਚਿ ਪਾਥਰ ਕੀਟ ਪਖਾਣੀ (ਚਟਾਨ ਕੀੜੇ ਨੂੰ) ਹੇ ’’ (ਮਹਲਾ /੧੦੭੧) ਆਦਿ ਤਾਂ ਤੇ ਉਸ ਦਾਤਾਰ ਨੂੰ ਧੰਨ ਧੰਨ ਕਹਿਣਾ ਚਾਹੀਦਾ ਹੈ, ਜੋ ਨਹੀਂ ਕਹਿੰਦਾ ਉਸ ਮਨ ਨੂੰ ਗੁਰੂ ਅਰਜਨ ਸਾਹਿਬ ਜੀ ਮੂਰਖ ਮੰਨਦੇ ਹਨ ‘‘ਦਦਾ; ਦਾਤਾ ਏਕੁ ਹੈ, ਸਭ ਕਉ ਦੇਵਨਹਾਰ   ਦੇਂਦੇ ਤੋਟਿ ਆਵਈ; ਅਗਨਤ ਭਰੇ ਭੰਡਾਰ   ਦੈਨਹਾਰੁ; ਸਦ ਜੀਵਨਹਾਰਾ   ਮਨ ਮੂਰਖ ! ਕਿਉ ਤਾਹਿ ਬਿਸਾਰਾ  ?’’ (ਮਹਲਾ /੨੫੭), ਮਾਇਆ ਮੋਹ ਕਾਰਨ ਅੰਨ੍ਹੇ ਹੋਏ ਮਨੁੱਖ ਦਾ ਇਸ ਸਚਾਈ ’ਤੇ ਭਰੋਸਾ ਬਣਦਾ ਰਹੇ ਤਾਹੀਓਂ ਵਿਚਾਰ ਅਧੀਨ ਸ਼ਬਦ ਹਰ ਸ਼ਾਮ ਨੂੰ ਰਹਰਾਸਿ ਪਾਠ ’ਚ ਪੜ੍ਹਨ ਦੀ ਹਿਦਾਇਤ ਹੈ।

ਗੁਰਬਾਣੀ ਅੰਦਰ ਭਾਵੇਂ ਸਮਾਜਿਕ, ਪਰਵਾਰਿਕ, ਵਿਗਿਆਨਿਕ, ਰਾਜਨੀਤਿਕ ਆਦਿਕ ਵਿਸ਼ਿਆਂ ’ਤੇ ਵੀ ਵਿਚਾਰ ਖੁੱਲ੍ਹ ਕੇ ਰੱਖੇ ਗਏ ਹਨ, ਪਰ ਮਨ ਨੂੰ ਅਨੰਦਿਤ ਕਰਨ ਵਾਲ਼ਾ ਅਸਲ ਵਿਸ਼ਾ ਰੂਹਾਨੀਅਤ-ਗਿਆਨ ਹੈ ਯਾਨੀ ਮਨ ਨੂੰ ਗ਼ਲਤੀ ਸਮਝਾ ਕੇ ਸਹੀ ਰਾਹ ਪਾਉਣਾ ਹੈ। ਇਸ ਨੂੰ ਹੀ ਸਵੈ ਪੜਚੋਲ ਅਤੇ ਅੰਤਰਗਤਿ ਤੀਰਥ ’ਤੇ ਇਸ਼ਨਾਨ ਕਰਨਾ, ਕਿਹਾ ਹੈ। ਜੀਵਨ ਨੂੰ ਅਨੰਦਮਈ ਬਣਾਨ ਲਈ ਗਿਆਨ ਇੰਦ੍ਰਿਆਂ (ਅੱਖ, ਕੰਨ, ਨੱਕ, ਜੀਭ, ਤ੍ਵਚਾ) ਨੂੰ ਤਰਕ ਕਰਨ ਤੋਂ ਰੋਕਣਾ ਹੈ ਅਤੇ ਗੁਰੂ ਦੇ ਅਨੁਭਵ ਗਿਆਨ ’ਤੇ ਵਿਸ਼ਵਾਸ ਕਰਨਾ ਹੈ।

ਉਕਤ ਸਚਾਈ ’ਤੇ ਭਰੋਸਾ ਨਾ ਬਣਾ ਸਕਣ ਵਾਲ਼ੇ ਮਨ ਅੰਦਰ ਇਹ ਦੁਬਿਧਾ ਵੇਖੀ ਗਈ ਕਿ ਗੁਰੂ ਸਾਹਿਬ ਨੇ ਮਨੁੱਖ ਨੂੰ ਹੱਕ-ਸੱਚ ਦੀ ਕਮਾਈ ਕਰਨ ਲਈ ਕਿਹਾ ਹੈ, ਨਾ ਕਿ ਹੱਥ ’ਤੇ ਹੱਥ ਧਰ ਕੇ ਬੈਠਣ ਲਈ; ਜਿਵੇਂ ਕਿ ‘‘ਘਾਲਿ ਖਾਇ; ਕਿਛੁ ਹਥਹੁ ਦੇਇ ’’ (ਮਹਲਾ /੧੨੪੫) ਜਦਕਿ ਗੁਰੂ ਨਾਨਕ ਸਾਹਿਬ ਜੀ ਨੇ ਇਹ ਬਚਨ ਉਨ੍ਹਾਂ ਪਾਖੰਡੀਆਂ ਦੇ ਸੰਬੰਧ ਵਿੱਚ ਕਹੇ ਹਨ, ਜੋ ਆਪਣੇ ਆਪ ਨੂੰ ਧਾਰਮਿਕ ਰਹਿਬਰ ਵੀ ਅਖਵਾਉਂਦੇ ਹਨ ਅਤੇ ਹੋਰਾਂ ਦੁਆਰਾ ਕੀਤੀ ਮਿਹਨਤ ’ਤੇ ਨਿਰਭਰ ਵੀ ਰਹਿੰਦੇ ਹਨ ਯਾਨੀ ਗਿਆਨ ਪੱਖੋਂ ਆਪ ਸਿਆਣੇ ਬਣੇ ਹਨ, ਪਰ ਸਰੀਰਕ ਲੋੜਾਂ ਲਈ ਉਨ੍ਹਾਂ ਦੇ ਮੁਥਾਜ ਹਨ, ਜਿਨ੍ਹਾਂ ਨੂੰ ਆਪ ਅਗਿਆਨੀ ਸਮਝਦੇ ਹਨ; ਜਿਵੇਂ ਕਿ ਵਾਕ ਹੈ ‘‘ਗੁਰੁ ਪੀਰੁ ਸਦਾਏ; ਮੰਗਣ ਜਾਇ   ਤਾ ਕੈ; ਮੂਲਿ ਲਗੀਐ ਪਾਇ ਘਾਲਿ ਖਾਇ; ਕਿਛੁ ਹਥਹੁ ਦੇਇ   ਨਾਨਕ ! ਰਾਹੁ ਪਛਾਣਹਿ ਸੇਇ ’’ ਭਾਵ ਗੁਰੂ ਪੀਰ ਅਖਵਾਉਂਦੇ ਹਨ, ਪਰ ਸਰੀਰਕ ਲੋੜਾਂ ਲਈ ਪੈਰੋਕਾਰਾਂ ਦੇ ਘਰਾਂ ’ਚ ਮੰਗਣ ਜਾਂਦੇ ਹਨ। ਐਸੇ ਪਾਖੰਡੀਆਂ ਦੇ ਚਰਨੀਂ ਬਿਲਕੁਲ ਨਹੀਂ ਲੱਗਣਾ ਚਾਹੀਦਾ ਭਾਵ ਐਸੀ ਜ਼ਿੰਦਗੀ ਸੁਆਰਥੀ ਹੈ, ਨਾ ਕਿ ਸੱਚ ਆਧਾਰਿਤ। ਗੁਰੂ ਜੀ ਦਾ ਕਥਨ ਹੈ ਕਿ ਹਰ ਮਨੁੱਖ ਹੱਕ-ਸੱਚ ਦੀ ਕਮਾਈ ਆਪ ਕਰੇ ਅਤੇ ਲੋੜਵੰਦਾਂ ਦਾ ਸਹਾਰਾ ਬਣੇ। ਐਸਾ ਜੀਵਨ ਹੀ ਗੁਰੂ ਸਿੱਖਿਆ ਕਮਾ ਕੇ ਸਹੀ ਰਾਹ (ਰੱਬ ਨੂੰ) ਪਾ ਸਕਦਾ ਹੈ।

ਉਕਤ ਨੈਤਿਕਤਾ; ਸਮਾਜਿਕ ਮਨੁੱਖ ਲਈ ਹੈ ਜਦਕਿ ਵਿਚਾਰ ਅਧੀਨ ਸ਼ਬਦ ’ਚ ਕੇਵਲ ਰੱਬੀ ਭਗਤ ਯਾਨੀ ਕਿ ਜਾਗਰੂਕ ਮਨ ਨੂੰ ਕਿਹਾ ਹੈ ਕਿ ਸਰੀਰਕ ਲੋੜਾਂ ਤੱਕ ਹੀ ਨਾ ਚਿੰਤਤ ਰਹਿ। ਜੇਕਰ ਰੱਬ ਦਾ ਪਿਆਰਾ ਵੀ ਦੁਨਿਆਵੀ ਮਾਇਆ ਤੱਕ ਸੋਚਦਾ ਰਿਹਾ ਤਾਂ ਉਸ ਦੀ ਸੁਰਤਿ ਨੂੰ ਉੱਚਾ ਨਹੀਂ ਚੁੱਕਿਆ ਜਾ ਸਕਦਾ, ਰੱਬ ਨਾਲ਼ ਨਹੀਂ ਜੋੜਿਆ ਜਾ ਸਕਦਾ।

ਨਿਰੋਲ ਗੁਰਮਤਿ, ਜੋ ਅਨੁਭਵੀ/ਅਲੌਕਿਕ ਗਿਆਨ ਹਨ, ਉਸ ਉੱਤੇ ਭਰੋਸਾ ਕਰਨਾ ਹੀ ਪੈਣਾ ਹੈ। ਗਿਆਨ ਇੰਦ੍ਰਿਆਂ ਦੀ ਸੰਤੁਸ਼ਟੀ ਲਈ ਦੁਨਿਆਵੀ ਗਿਆਨ ’ਚੋਂ ਮਿਸਾਲਾਂ ਵੀ ਦਿੱਤੀਆਂ ਹਨ। ਜੇਕਰ ਫਿਰ ਵੀ ਸਿੱਖਾਂ ਅੰਦਰ ਗੁਰਮਤਿ ਬਾਰੇ ਦੁਬਿਧਾ ਹੈ ਤਾਂ ਇਹ ਉਸ ਦੇ ਮਾੜੇ ਭਾਗ ਹੀ ਹਨ। ਝੂਠੇ ਬੰਦੇ ਦੇ ਮੂੰਹ ’ਚੋਂ ਕਿਰਦੇ ਨਿਰੰਤਰ ਝੂਠ ਨੂੰ ਸਮਝਾਉਣ ਲਈ ਗੁਰੂ ਨਾਨਕ ਸਾਹਿਬ ਜੀ ਨੇ ਔਰਤ ਦੇ ਮਾਸਿਕ ਧਰਮ ਦਾ ਹਵਾਲਾ ਦਿੱਤਾ ਹੈ ਕਿ ਜਿਵੇਂ ਔਰਤ ਆਪਣਾ ਮਾਸਿਕ ਧਰਮ ਰੋਕ ਨਹੀਂ ਸਕਦੀ ਓਸੇ ਤਰ੍ਹਾਂ ਝੂਠਾ ਬੰਦਾ ਆਪਣੀ ਝੂਠ ਬੋਲਣ ਦੀ ਆਦਤ ਨਹੀਂ ਛੱਡ ਸਕਦਾ। ਗੁਰੂ ਜੀ ਦੇ ਬਚਨ ਹਨ ‘‘ਜਿਉ ਜੋਰੂ ਸਿਰਨਾਵਣੀ; ਆਵੈ ਵਾਰੋ ਵਾਰ   ਜੂਠੇ ਜੂਠਾ ਮੁਖਿ (’) ਵਸੈ; ਨਿਤ ਨਿਤ ਹੋਇ ਖੁਆਰੁ ’’ (ਆਸਾ ਕੀ ਵਾਰ/ਮਹਲਾ /੪੭੨), ਹੁਣ ਜੇਕਰ ਕੋਈ ਔਰਤ ਦੀ ਦਿੱਤੀ ਇਸ ਮਿਸਾਲ ਨੂੰ ਗੁਰਮਤਿ ਸਿਧਾਂਤ ਸਮਝ ਕੇ ਔਰਤਾਂ ਨੂੰ ਪੰਜ ਪਿਆਰਿਆਂ ਵਿੱਚ ਸ਼ਾਮਲ ਨਾ ਕਰੇ ਜਾਂ ਦਰਬਾਰ ਸਾਹਿਬ ਵਿੱਚ ਕੀਰਤਨ ਨਾ ਕਰਨ ਦੇਵੇ ਤਾਂ ਇਹ ਗੁਰਮਤਿ ਦਾ ਵਿਰੋਧ ਹੀ ਹੈ। ਮਨ ਦਾ ਭਰਮ ਹੀ ਹੈ ਕਿ ਸਚਾਈ ਉਜਾਗਰ ਕਰਨ ਵਾਲ਼ੇ ਦਾ ਵਿਰੋਧ ਕਰਨ ਲਈ ਅੰਮ੍ਰਿਤਧਾਰੀ ਔਰਤਾਂ ਖ਼ੁਦ ਵੀ ਉਨ੍ਹਾਂ ਨਾਲ਼ ਜਾ ਖੜ੍ਹਦੀਆਂ ਹਨ।

ਉਕਤ ਮਿਸਾਲ ਨੂੰ ਗੁਰਮਤਿ ਸਮਝ ਕੇ ਕੁਰਾਹੇ ਪਏ ਲੋਕਾਂ ਵਾਙ ਵਿਚਾਰ ਅਧੀਨ ਸ਼ਬਦ ’ਚ ਵੀ ਅਸਲ ਦਾਤੇ (ਮਾਧਉ, ਸੁਆਮੀ, ਠਾਕੁਰ) ’ਤੇ ਭਰੋਸਾ ਪੈਦਾ ਕਰਾਉਣ ਲਈ ਸਮਾਜਿਕ ਰਿਸ਼ਤੇ ’ਚੋਂ ਦਿੱਤੀ ਮਿਸਾਲ; ਜਿਵੇਂ ਕਿ ‘‘ਜਨਨਿ, ਪਿਤਾ, ਲੋਕ, ਸੁਤ, ਬਨਿਤਾ; ਕੋਇ ਕਿਸ ਕੀ ਧਰਿਆ ’’ ਦੇ ਅਰਥਾਂ ’ਚ ਮਨ ਦੇ ਵਿਕਾਰਾਂ ਨੂੰ ਹੀ ‘ਮਾਤਾ, ਪਿਤਾ, ਪੁੱਤਰ’ ਆਦਿ ਨਾਂ ਦੇ ਕੇ, ਕੀਤੇ ਅਰਥ ਕਿ ‘ਹੇ ਮਨ ! ਇਹ (ਮਾਤਾ ਪਿਤਾ ਰੂਪ ਸੰਬੰਧੀ) ਤੇਰੇ ਸਦੀਵੀ ਸਾਥੀ ਨਹੀਂ, ਇਹ ਤੇਰਾ ਅਸਲ ਸਹਾਰਾ ਨਹੀਂ’ ਆਦਿ ਵਿਆਖਿਆ ਨਾਲ਼ ਦੁਬਿਧਾ ਘਟਣ ਦੀ ਬਜਾਇ ਹੋਰ ਵਧਦੀ ਹੈ ਕਿ ਸਰੀਰ ਅੰਦਰ ਐਸੀ ਕਿਹੜੀ ਸ਼ਕਤੀ ਹੈ, ਜੋ ‘ਮਨ’ ਦਾ ਅਸਲ ਸਹਾਰਾ ਹੈ ? ਜੇਕਰ ਇਨਸਾਨੀਅਤ ਗੁਣਾਂ ਨੂੰ ਮਨ ਦਾ ਅਸਲ ਸਹਾਰਾ ਮੰਨੀਏ ਤਾਂ ਇਹ ਸਮਾਜਿਕ ਬਿਰਤੀ ਹੀ ਹੈ, ਜਿਸ ਨੂੰ ਇਸ ਪੂਰੇ ਸ਼ਬਦ ’ਚ ਵਾਰ-ਵਾਰ ਝੂਠਾ ਸਾਬਤ ਕੀਤਾ ਹੈ, ਜੋ ਸਾਥ ਨਿਭਣ ਵਾਲ਼ਾ ਨਹੀਂ। ਵੈਸੇ ਇਹ ਅਰਥ; ਨਿਰਾਕਾਰ-ਅਦ੍ਰਿਸ਼ ਦਾਤਾਰ ਦੀ ਹੋਂਦ ਤੋਂ ਮੁਨਕਰ ਹੋਣਾ ਦਾ ਸੰਕੇਤ ਹੈ ਤਾਹੀਓਂ ਦਿੱਤੀ ਮਿਸਾਲ ਨੂੰ ਅਸਲ ਗੁਰਮਤਿ ਵਿਸ਼ਾ ਬਣਾਨ ਦਾ ਯਤਨ ਹੈ।

ਸਿੱਖਾਂ ਅੰਦਰ ਗੁਰਬਾਣੀ ਨੂੰ ਆਪ ਸਮਝ ਕੇ, ਅਨੁਭਵ ਰੂਪ ’ਚ ਅਪਣਾਅ ਕੇ ਹੋਰਾਂ ਨੂੰ ਦ੍ਰਿੜ੍ਹਤਾ ਨਾਲ਼ ਗੁਰਮਤਿ ਸਮਝਾਉਣ ਵਾਲ਼ੇ ਗੁਰਸਿੱਖ ਭਾਵੇਂ ਅੱਜ ਘੱਟ ਹਨ ਪਰ ਗੁਰਬਾਣੀ ਨੂੰ ਸਮਝਣ ’ਚ ਆਪ ਅਸਮਰੱਥ ਪ੍ਰਚਾਰਕ, ਕਈ ਮਿਲ ਜਾਣਗੇ, ਜਿਨ੍ਹਾਂ ਕਾਰਨ ਸੰਗਤਾਂ ’ਚ ਗੁਰਮਤਿ ਸਿਧਾਂਤ ਦੀ ਸਪਸ਼ਟਤਾ ਦੀ ਥਾਂ ਦੁਬਿਧਾ ਵਧਦੀ ਵੇਖੀ ਜਾ ਸਕਦੀ ਹੈ।

​ਨਾਨਕਸ਼ਾਹੀ ਕੈਲੰਡਰ ਦੇ ਰਚੇਤਾ ਸ: ਪਾਲ ਸਿੰਘ ਪੁਰੇਵਾਲ ਨੂੰ ਸ਼ਰਧਾਜਲੀ ਅਰਪਣ

0

​ਨਾਨਕਸ਼ਾਹੀ ਕੈਲੰਡਰ ਦੇ ਰਚੇਤਾ ਸ: ਪਾਲ ਸਿੰਘ ਪੁਰੇਵਾਲ ਨੂੰ ਸ਼ਰਧਾਜਲੀ ਅਰਪਣ

ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰ ਪੁਰਬ ਨਾਨਕਸ਼ਾਹੀ ਕੈਲੰਡਰ ਮੁਤਾਬਕ ੨੩ ਪੋਹ/5 ਜਨਵਰੀ ਨੂੰ ਮਨਾਇਆ ਜਾਵੇ : ਭਾਈ ਪੰਥਪ੍ਰੀਤ ਸਿੰਘ

ਸੰਗਤ ਮੰਡੀ/ਬਠਿੰਡਾ: 4 ਦਸੰਬਰ (ਕਿਰਪਾਲ ਸਿੰਘ ਬਠਿੰਡਾ): ਬਠਿੰਡਾ-ਡੱਬਵਾਲੀ ਰੋਡ ਸੰਗਤ ਕੈਂਚੀਆਂ ਵਿਖੇ, ਗੁਰਮਤਿ ਸੇਵਾ ਲਹਿਰ ਦੇ ਸਾਲਾਨਾ ਗੁਰਮਤਿ ਸਮਾਗਮ ਨੂੰ ਸੰਬੋਧਨ ਕਰਦੇ ਭਾਈ ਪੰਥਪ੍ਰੀਤ ਸਿੰਘ ਜੀ ਨੇ ਇਸੇ ਸਾਲ ਸਤੰਬਰ ਮਹੀਨੇ ’ਚ ਚੜ੍ਹਾਈ ਕਰ ਚੁੱਕੇ ਸ: ਪਾਲ ਸਿੰਘ ਪੁਰੇਵਾਲ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਇਸ ਪਦਾਰਥਵਾਦੀ ਯੁੱਗ ’ਚ ਸ: ਪੁਰੇਵਾਲ ਨੇ ਨਿਸ਼ਕਾਮ ਤੌਰ ’ਤੇ ਆਪਣੀ ਜਿੰਦਗੀ ਦੇ 5 ਦਹਾਕੇ ਭਾਰਤੀ ਕੈਲੰਡਰਾਂ ਨੂੰ ਸਮਝ ਕੇ ਸਿੱਖ ਕੌਮ ਲਈ ਵਿਲੱਖਣ ਨਾਨਕਸ਼ਾਹੀ ਕੈਲੰਡਰ ਤਿਆਰ ਕਰਨ ਲਈ ਲਗਾਏ। ਨਾਨਕਸ਼ਾਹੀ ਕੈਲੰਡਰ ਇੱਕ ਐਸਾ ਕੈਲੰਡਰ ਹੈ, ਜੋ ਸਮਝਣ ਅਤੇ ਯਾਦ ਰੱਖਣ ’ਚ ਅਤਿ ਸੁਖਾਲਾ ਹੋਣ ਤੋਂ ਇਲਾਵਾ ਸਾਰੇ ਗੁਰ ਪੁਰਬਾਂ ਅਤੇ ਸਿੱਖ ਇਤਿਹਾਸਕ ਦਿਹਾੜਿਆਂ ਦੀਆਂ ਤਾਰੀਖ਼ਾਂ ਹਰ ਸਾਲ ਪੱਕੀਆਂ ਤਾਰੀਖ਼ਾਂ ‘ਤੇ ਆਉਂਦੀਆਂ ਹਨ। ਭਾਈ ਪੰਥਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਤੋਂ ਮੰਗ ਕੀਤੀ ਕਿ 2003 ’ਚ ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ਅਤੇ 2010 ’ਚ ਰੱਦ ਕਰਕੇ ਮੁੜ ਬਿਕ੍ਰਮੀ ਕੈਲੰਡਰ ਲਾਗੂ ਕਰਨ ਦੇ ਤਜਰਬੇ ਤੋਂ ਸਮਝਣ ਦੀ ਲੋੜ ਹੈ ਕਿ ਨਾਨਕਸ਼ਾਹੀ ਕੈਲੰਡਰ ਹੀ ਸਿੱਖਾਂ ਲਈ ਢੁਕਵਾਂ ਕੈਲੰਡਰ ਹੈ ਇਸ ਲਈ ਨਾਨਕਸ਼ਾਹੀ ਕੈਲੰਡਰ ਤੁਰੰਤ ਬਹਾਲ ਕਰਨਾ ਚਾਹੀਦਾ ਹੈ, ਜੋ ਸ: ਪਾਲ ਸਿੰਘ ਪੁਰੇਵਾਲ ਨੂੰ ਸੱਚੀ ਸ਼ਰਧਾਂਜਲੀ ਹੋਵੇਗਾ। ਉਨ੍ਹਾਂ ਸਮੂਹ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਸ਼ ਪੁਰਬ ਹਰ ਸਾਲ ੨੩ ਪੋਹ/5 ਜਨਵਰੀ ਨੂੰ ਹੀ ਮਨਾਇਆ ਜਾਵੇ ਤਾਂ ਕਿ ਸ਼ਹੀਦੀ ਦਿਹਾੜੇ ਅਤੇ ਗੁਰ ਪੁਰਬ ਕਦੀ ਇਕੱਠੇ ਅਤੇ ਕਦੀ ਅੱਗੇ ਪਿੱਛੇ ਆਉਣ ਦਾ ਝੰਜਟ ਹਮੇਸ਼ਾਂ ਲਈ ਮੁੱਕ ਜਾਵੇ।

ਸਮਾਗਮ ਦੌਰਾਨ ਗੁਰਬਾਣੀ, ਗੁਰਮਤਿ ਅਤੇ ਸਿੱਖ ਇਤਿਹਾਸ ਸੰਬੰਧੀ ਖੁੱਲ੍ਹੀਆਂ ਵੀਚਾਰਾਂ ਕਰਨ ਤੋਂ ਇਲਾਵਾ ਮੌਜੂਦਾ ਹਾਲਾਤਾਂ ’ਤੇ ਟਿੱਪਣੀ ਕਰਦੇ ਹੋਏ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਤੋਂ ਤੰਗ ਆਏ ਪੰਜਾਬੀਆਂ ਨੇ ‘ਆਪ’ ਦੇ ਵਾਅਦਿਆਂ ’ਤੇ ਯਕੀਨ ਕਰਦਿਆਂ ਉਨ੍ਹਾਂ ਨੂੰ ਇੱਕ ਮੌਕਾ ਦਿੱਤਾ ਸੀ ਪਰ ਹੁਣ ਤੱਕ ਦੀ ਕਾਰਗੁਜ਼ਾਰੀ ਨੂੰ ਵੇਖਦਿਆਂ ਆਪ ਸਰਕਾਰ ਵੀ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਉਤਰਦੀ ਨਜ਼ਰ ਨਹੀਂ ਆ ਰਹੀ ਕਿਉਂਕਿ ਬਰਗਾੜੀ ਬੇਅਦਬੀ ਕਾਂਡ ਦਾ ਇਨਸਾਫ਼ ਦੇਣ ਦਾ ਵਾਅਦਾ ਕਰਨ ਵਾਲੀ ਸਰਕਾਰ ਹਾਲੀ ਤੱਕ ਬੇਅਦਬੀ ਕਾਂਡ ਦੇ ਭਗੌੜੇ ਕਥਿਤ ਦੋਸ਼ੀ ਪ੍ਰਦੀਪ ਕਲੇਰ, ਸੰਦੀਪ ਬਰੇਟਾ ਅਤੇ ਹਰਸ਼ ਧੂਰੀ ਤੋਂ ਇਲਾਵਾ ਮੌੜ ਬੰਬ ਕਾਂਡ ਦੇ ਦੋਸ਼ੀਆਂ ਨੂੰ ਹਾਲੀ ਤੱਕ ਗ੍ਰਿਫ਼ਤਾਰ ਨਹੀਂ ਕਰ ਸਕੀ।  ਇਸ ਦਾ ਮੁੱਖ ਕਾਰਨ ਇਹ ਹੈ ਕਿ ਇਨ੍ਹਾਂ ਕਥਿਤ ਦੋਸ਼ੀਆਂ ਦਾ ਸੰਬੰਧ ਡੇਰਾ ਸਿਰਸਾ ਨਾਲ ਹੋਣ ਕਾਰਨ ਸਰਕਾਰ ਉਨ੍ਹਾਂ ਨੂੰ ਹੱਥ ਪਾਉਣ ਲਈ ਤਿਆਰ ਨਹੀਂ। ਬਲਾਤਕਾਰਾਂ ਅਤੇ ਕਤਲ ਕੇਸਾਂ ’ਚ ਸਜਾ ਭੁਗਤ ਰਹੇ ਡੇਰਾ ਮੁਖੀ ਨੂੰ ਵਾਰ ਵਾਰ ਪੈਰੋਲ ਅਤੇ ਫਰਲੋ ’ਤੇ ਰਿਹਾਈ ਮਿਲਣ ਵਿਰੁੱਧ ਕਿਸੇ ਵੀ ਪਾਰਟੀ ਵੱਲੋਂ ਆਵਾਜ਼ ਨਾ ਉਠਾਉਣਾ ਅਤੇ ਪਾਰਟੀਆਂ ਦੇ ਪ੍ਰਮੁਖ ਆਗੂਆਂ ਵੱਲੋਂ ਉਸ ਦੀਆਂ ਸੰਗਤਾਂ ’ਚ ਹਾਜਰੀ ਭਰਨਾ, ਸਿੱਧ ਕਰਦਾ ਹੈ ਕਿ ਸਾਰੀਆਂ ਪਾਰਟੀਆਂ ਆਪਣੇ ਵੋਟ ਬੈਂਕ ਨੂੰ ਧਿਆਨ ’ਚ ਰੱਖਦਿਆਂ ਦੋਸ਼ੀਆਂ ਨਾਲ ਅਜਿਹਾ ਵਰਤਾਉ ਕਰਦੀਆਂ ਹਨ ਅਤੇ ਅਜਿਹੇ ਮਾਹੌਲ ’ਚ ਆਮ ਲੋਕਾਂ ਅਤੇ ਪੀੜਤਾਂ ਨੂੰ ਕਦੀ ਵੀ ਇਨਸਾਫ਼ ਨਹੀਂ ਮਿਲ ਸਕਦਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੱਦੇ ਨਸ਼ਾ ਤਸਕਰ ਅਤੇ ਰੇਤ ਮਾਫੀਆ ਨੂੰ ਨੱਥ ਨਾ ਪਾਏ ਜਾ ਸਕਣ, ਪੰਜਾਬ ’ਚ ਨਸ਼ਿਆਂ ਦੀ ਭਰਮਾਰ ਅਤੇ ਰੇਤ ਦੇ ਵਧਦੇ ਭਾਅ ਕਾਰਨ ਲੋਕਾਂ ਦੇ ਨੱਕ ’ਚ ਦਮ ਆਇਆ ਪਿਆ ਹੈ । ਆਮ ਤੌਰ ’ਤੇ ਅਪਰਾਧ ਗੈਰਕਾਨੂੰਨੀ ਹਥਿਆਰਾਂ ਨਾਲ ਹੁੰਦੇ ਹਨ ਪਰ ਸਰਕਾਰ ਲਾਇਸੰਸੀ ਹਥਿਆਰਾਂ ਦੀ ਚੈੱਕਿੰਗ ਕਰਕੇ ਮੁੱਦੇ ਤੋਂ ਧਿਆਨ ਭੜਕਾ ਰਹੀ ਹੈ।

ਐੱਨਡੀਟੀਵੀ ਦੇ ਸਾਬਕਾ ਪੱਤਰਕਾਰ ਰਵੀਸ਼ ਕੁਮਾਰ ਦੀ ਚੰਗੀ ਪੱਤਰਕਾਰੀ ਨੂੰ ਸਲੂਟ ਕਰਦਿਆਂ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਬਾਕੀ ਪੱਤਰਕਾਰਾਂ ਨੂੰ ਵੀ ਰਵੀਸ਼ ਕੁਮਾਰ ਤੋਂ ਸਿੱਖਿਆ ਲੈਣੀ ਚਾਹੀਦੀ ਹੈ । ਦੇਸ਼ ਦੇ ਅਜੋਕੇ ਹਾਲਤ ਇਹ ਹਨ ਜਿਸ ਸੰਬੰਧੀ ਸੰਵਿਧਾਨ ਦਿਵਸ ’ਤੇ ਬੋਲਦਿਆਂ ਦੇਸ਼ ਦੀ ਰਾਸ਼ਟਰਪਤੀ ਸ੍ਰੀਮਤੀ ਮੁਰਮੂ ਨੇ ਦੇਸ਼ ਦੀ ਕਾਨੂੰਨ ਵਿਵਸਥਾ ਵੱਲ ਗਹਿਰਾ ਇਸ਼ਾਰਾ ਕੀਤਾ ਹੈ ਕਿ ਇਸ ਦੇਸ਼ ’ਚ ਮਾਮੂਲੀ ਅਪਰਾਧ ਕਰਨ ਵਾਲੇ ਸਾਲਾਂ ਬੱਧੀ ਜੇਲ੍ਹਾਂ ’ਚ ਬੰਦ ਰਹਿੰਦੇ ਹਨ ਜਿਨ੍ਹਾਂ ਨੂੰ ਪੈਰੋਲ ਤੱਕ ਨਹੀਂ ਮਿਲਦੀ ਪਰ ਸੰਗੀਨ ਅਪਰਾਧ ਕਰਨ ਵਾਲੇ ਖੁੱਲ੍ਹੇਆਮ ਘੁੰਮਦੇ ਕਾਨੂੰਨ ਵਿਵਸਥਾ ਨੂੰ ਖਤਰੇ ’ਚ ਪਾ ਰਹੇ ਹਨ। ਸਮਾਗਮ ਦੌਰਾਨ ਲੱਗੇ ਖੂਨ ਦਾਨ ਕੈਂਪ ’ਚ 122 ਪ੍ਰਾਣੀਆਂ ਨੇ ਖੂਨ ਦਾਨ ਕੀਤਾ।

ਭਾਈ ਪੰਥਪ੍ਰੀਤ ਸਿੰਘ ਤੋਂ ਇਲਾਵਾ ਗੁਰਮਤਿ ਸੇਵਾ ਲਹਿਰ ਨਾਲ ਜੁੜੇ ਸਿੱਖ ਪ੍ਰਚਾਰਕ ਬੀਬੀ ਗਗਨਦੀਪ ਕੌਰ, ਭਾਈ ਹਰਪ੍ਰੀਤ ਸਿੰਘ ਜਗਰਾਉਂ, ਭਾਈ ਸਤਿਨਾਮ ਸਿੰਘ ਚੰਦੜ, ਭਾਈ ਰਘਬੀਰ ਸਿੰਘ ਖਿਆਲੀਵਾਲਾ, ਭਾਈ ਕੁਲਵਿੰਦਰ ਸਿੰਘ ਬੀਬੀਵਾਲਾ, ਢਾਡੀ ਜਥਾ ਭਾਈ ਗੁਰਭਾਗ ਸਿੰਘ ਮਰੂੜ, ਭਾਈ ਜਗਤਾਰ ਸਿੰਘ ਗੰਗਾ, ਭਾਈ ਪਰਗਟ ਸਿੰਘ ਮੁੱਦਕੀ, ਬੀਬੀ ਗੁਰਸ਼ਰਨਪ੍ਰੀਤ ਕੌਰ ਬੱਲ੍ਹੋ ਆਦਿਕ ਹੋਰ ਪ੍ਰਚਾਰਕਾਂ ਨੇ ਵੀ ਸੰਬੋਧਨ ਕੀਤਾ। ਭਾਈ ਪਰਗਟ ਸਿੰਘ ਮੁੱਦਕੀ ਵਾਲਿਆਂ ਨੇ ਸਮਾਗਮ ਦੀ ਸਮੁੱਚੀ ਕਾਰਵਾਈ ਨੂੰ ਆਪਣੀਆਂ ਵੈੱਬਸਾਈਟਾਂ ਰਾਹੀਂ ਲਾਈਵ ਟੈਲੀਕਾਸਟ ਕੀਤਾ।

ਨਾਨਕਸ਼ਾਹੀ ਕੈਲੰਡਰ ਸੰਬੰਧੀ ਵਿਦੇਸ਼ੀ ਸਿੱਖਾਂ ਦੇ ਵਫ਼ਦ ਦੀ SGPC ਪ੍ਰਧਾਨ ਨਾਲ ਮੁਲਾਕਾਤ

0

ਨਾਨਕਸ਼ਾਹੀ ਕੈਲੰਡਰ ਸੰਬੰਧੀ ਵਿਦੇਸ਼ੀ ਸਿੱਖਾਂ ਦੇ ਵਫ਼ਦ ਦੀ SGPC ਪ੍ਰਧਾਨ ਨਾਲ ਮੁਲਾਕਾਤ

(30 ਨਵੰਬਰ 2022 ਦਿਨ ਬੁੱਧਵਾਰ)

ਬੀਤੇ ਦਿਨੀਂ 30 ਨਵੰਬਰ 2022 ਦਿਨ ਬੁੱਧਵਾਰ ਨੂੰ ਇੰਗਲੈਂਡ ਦੇ ਸਿੱਖਾਂ ਦਾ ਇਕ ਵਫ਼ਦ ਸ: ਰਜਿੰਦਰ ਸਿੰਘ ਰਾਏ ਦੀ ਅਗਵਾਈ ਵਿਚ

ਭਾਰਤ ਦੀ ਧਰਤੀ ’ਤੇ ਆਇਆ। ਉਹਨਾਂ ਨੇ ਗੁਰ ਪੁਰਬਾਂ ਦੀਆਂ ਤਰੀਕਾਂ ਪੱਕੀਆਂ ਕਰਨ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਸ: ਹਰਜਿੰਦਰ ਸਿੰਘ ਧਾਮੀ ਨਾਲ ਚੰਡੀਗੜ ਵਿਖੇ ਵਿਸ਼ੇਸ਼ ਮੁਲਾਕਾਤ ਕੀਤੀ।

ਇਸ ਮੁਲਾਕਾਤ ਵਿਚ ਸ: ਰਜਿੰਦਰ ਸਿੰਘ ਰਾਏ ਦੀ ਅਗਵਾਈ ਵਿਚ ਸ: ਮਨਜੀਤ ਸਿੰਘ ਸੀਨੀਅਰ ਐਡਵੋਕੇਟ ਹਾਈਕੋਰਟ ਪੰਜਾਬ, ਸ: ਅਮਰਜੀਤ ਸਿੰਘ ਬੰਗਾ, ਸ: ਅਮਰੀਕ ਸਿੰਘ ਜੀ, ਸ: ਜਸਵੀਰ ਸਿੰਘ ਭੁੱਲਾਰਾਈ, ਸ: ਭੁਪਿੰਦਰ ਸਿੰਘ ਭੁੱਲਾਰਾਈ ਅਤੇ ਹੋਰ ਵੀ ਪ੍ਰਮੁੱਖ ਸ਼ਖ਼ਸੀਅਤਾਂ ਦੇ ਵਿਦੇਸ਼ੀ ਸਿੱਖਾਂ ਦੇ ਜਥੇ ਨੇ ਪ੍ਰਧਾਨ ਸਾਹਿਬ ਨੂੰ ਗੁਰ ਪੁਰਬਾਂ ਦੀਆਂ ਤਰੀਕਾਂ ਸੰਬੰਧੀ ਆਈਆਂ ਮੁਸ਼ਕਲਾਂ ਬਾਰੇ ਦੱਸਿਆ। ਉਹਨਾਂ ਕਿਹਾ ਕਿ ਕੁੱਝ ਗੁਰ ਪੁਰਬਾਂ ਦੀਆਂ ਤਰੀਕਾਂ ਨਿਸ਼ਚਿਤ ਨਾ ਹੋਣ ਕਾਰਨ ਵਿਦੇਸ਼ਾਂ ਵਿਚ ਅਸੀਂ ਹਾਸੇ ਦੇ ਪਾਤਰ ਬਣ ਰਹੇ ਹਾਂ, ਜਿਹਨਾਂ ਨੂੰ ਆਪਣੇ ਗੁਰੂ ਸਾਹਿਬਾਨਾਂ ਦੇ ਪੁਰਬਾਂ ਦੀਆਂ ਪੱਕੀਆਂ ਤਰੀਕਾਂ ਵੀ ਪਤਾ ਨਹੀਂ ਹਨ। ਇਸ ਸੰਬੰਧੀ ਸਾਡੇ ਬੱਚੇ ਵੀ ਹੈਰਾਨੀ ਪ੍ਰਗਟ ਕਰਦੇ ਹਨ ਕਿ ਉਹਨਾਂ ਦਾ ਜਨਮ ਦਿਨ ਤਾਂ ਸਾਲ ਵਿਚ ਇਕ ਵਾਰ ਆਉਂਦਾ ਹੈ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਾਵਨ ਪ੍ਰਕਾਸ਼ ਪੁਰਬ ਕਦੀਂ ਸਾਲ ਵਿਚ ਦੋ ਵਾਰ ਆ ਜਾਂਦਾ ਹੈ ਅਤੇ ਕਦੀਂ ਇਕ ਸਾਲ ਵਿਚ ਇਕ ਵਾਰ ਵੀ ਨਹੀਂ ਆਉਂਦਾ। ਕਈ ਵਾਰ ਪ੍ਰਕਾਸ਼ ਪੁਰਬ ਅਤੇ ਸ਼ਹੀਦੀ ਪੁਰਬ ਇਕੱਠੇ ਵੀ ਆ ਜਾਂਦੇ ਹਨ। ਗੁਰ ਪੁਰਬਾਂ ਨੂੰ ਮਨਾਉਣ ਸਮੇਂ ਵੱਖ-ਵੱਖ ਕੈਲੰਡਰਾਂ ਦੀਆਂ ਤਰੀਕਾਂ ਹੋਣ ਕਾਰਨ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਵਿਚ ਵੀ ਧੜੇਬੰਦੀਆਂ ਵੱਧ ਰਹੀਆਂ ਹਨ, ਜੋ ਕਿ ਸਿੱਖ ਕੌਮ ਲਈ ਘਾਤਕ ਸਾਬਤ ਹੋ ਰਹੀਆਂ ਹਨ।

ਇਸ ਜਥੇ ਨੇ ਕਿਹਾ ਕਿ ਅਸੀਂ ਉਚੇਚੇ ਤੌਰ ’ਤੇ ਇਕ ਕੌਮੀ ਦਰਦ ਲੈ ਕੇ ਇੰਗਲੈਂਡ ਦੀ ਧਰਤੀ ਤੋਂ ਚੱਲ ਕੇ ਪ੍ਰਧਾਨ ਜੀ ਪਾਸ ਪੁੱਜੇ ਹਾਂ। ਅਸੀਂ ਇੰਗਲੈਂਡ ਦੀ ਸੰਗਤ ਅਤੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧ ਚਲਾਉਣ ਵਾਲੇ ਆਮ ਗੁਰਸਿੱਖ ਹਾਂ। ਸਾਡਾ ਕਿਸੇ ਵੀ ਵਿਸ਼ੇਸ਼ ਸੰਸਥਾ ਜਾਂ ਜਥੇਬੰਦੀ ਨਾਲ ਕੋਈ ਸੰਬੰਧ ਨਹੀਂ। ਸਾਰੀ ਸਿੱਖ ਕੌਮ ਹੀ ਸਾਡੀ ਧਾਰਮਿਕ ਸੰਸਥਾ ਹੈ। ਸਾਡਾ ਕੌਮੀ ਦਰਦ ਇਹ ਹੈ ਕਿ ਅਸੀਂ ਇਥੇ ਕਿਸੇ ਵੀ ਕੈਲੰਡਰ ਦੀ ਪ੍ਰੋੜਤਾ ਜਾਂ ਵਿਰੋਧਤਾ ਕਰਨ ਨਹੀਂ ਆਏ। ਅਸੀਂ ਸਿਰਫ ਗੁਰ ਪੁਰਬਾਂ ਦੀਆਂ ਪੱਕੀਆਂ ਤਰੀਕਾਂ ਨਿਸ਼ਚਿਤ ਕਰਨ ਲਈ ਪ੍ਰਧਾਨ ਜੀ ਨੂੰ ਬੇਨਤੀ ਕਰਨ ਆਏ ਹਾਂ। ਪੱਕੀਆਂ ਤਰੀਕਾਂ ਸਦਕਾ ਵਿਦੇਸ਼ਾਂ ਦੀਆਂ ਸਰਕਾਰਾਂ ਵੱਲੋਂ, ਬਾਕੀ ਕੌਮਾਂ ਵਾਂਙ, ਅਸੀਂ ਵੀ ਸਰਕਾਰੀ ਛੁੱਟੀਆਂ ਲੈ ਸਕਦੇ ਹਾਂ ਅਤੇ ਉਸ ਦਿਨ ਦੀ ਮਹਾਨਤਾ ਦੱਸ ਕੇ ਆਪਣੇ ਬੱਚਿਆਂ ਤੇ ਵਿਦੇਸ਼ੀ ਲੋਕਾਂ ਨੂੰ ਵੀ ਸਿੱਖ ਕੌਮ ਦੇ ਲਾਸਾਨੀ ਇਤਿਹਾਸ ਬਾਰੇ ਵੱਡੇ ਪੱਧਰ ’ਤੇ ਜਾਣਕਾਰੀ ਮੁਹੱਈਆ ਕਰਾ ਸਕਦੇ ਹਾਂ।

ਇਸ ਬਾਰੇ ਸ: ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਵਿਸ਼ਵਾਸ ਦਵਾਇਆ

ਕਿ ਜਲਦੀ ਹੀ ਇਸ ਦਾ ਕੋਈ ਹੱਲ ਕੱਢਿਆ ਜਾਵੇਗਾ। ਨਾਨਕਸ਼ਾਹੀ ਕਲੈਡੰਰ ਦੇ ਇਸ ਗੰਭੀਰ ਮੁੱਦੇ ’ਤੇ ਵਿਸ਼ੇਸ਼ ਵੀਚਾਰਾਂ ਚੱਲ ਰਹੀਆਂ ਹਨ।

ਇਸ ਮੁੱਦੇ ’ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਹੀ ਸਾਰਥਕ ਉਪਰਾਲਾ ਕਰ ਸਕਦੇ ਹਨ। ਜਲਦੀ ਹੀ ਨਾਨਕਸ਼ਾਹੀ ਕੈਲੰਡਰ ਦੇ ਗੁਰ ਪੁਰਬਾਂ ਦੀਆਂ ਤਰੀਕਾਂ ਪੱਕੀਆਂ ਕਰਨ ਲਈ ਕੋਈ ਠੋਸ ਹੱਲ ਕੀਤਾ ਜਾਵੇਗਾ।

ਇਸ ਮੌਕੇ ਸ: ਰਜਿੰਦਰ ਸਿੰਘ ਰਾਏ ਨੇ ਪ੍ਰਧਾਨ SGPC ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਪੂਰਨ ਆਸ ਹੈ ਕਿ ਪ੍ਰਧਾਨ ਜੀ ਜਲਦੀ ਹੀ ਗੁਰ ਪੁਰਬਾਂ ਦੀਆਂ ਪੱਕੀਆਂ ਤਰੀਕਾਂ ਨਿਸ਼ਚਿਤ ਕਰਕੇ ਸਮੁੱਚੀ ਕੌਮ ਨੂੰ ਹਮੇਸ਼ਾਂ ਲਈ ਹਰ ਸਾਲ ਬਦਲ ਜਾਣ ਵਾਲੀਆਂ ਤਰੀਕਾਂ ਦੀ

ਦੁਬਿਧਾ ਵਿਚੋਂ ਕੱਢ ਦੇਣਗੇ। ਇਸ ਮਹਾਨ ਕੌਮੀ ਸੇਵਾ ਨਾਲ ਉਹਨਾਂ ਦਾ ਕੱਦ ਸਿੱਖ ਕੌਮ ਵਿਚ ਹੋਰ ਉਚਾ ਹੋ ਜਾਵੇਗਾ । ਇਸ ਵਫ਼ਦ ਵਿਚ ਸ: ਰਜਿੰਦਰ ਸਿੰਘ ਜੀ ਰਾਏ ਤੋਂ ਇਲਾਵਾ ਸ: ਮਨਜੀਤ ਸਿੰਘ ਸੀਨੀਅਰ ਐਡਵੋਕੇਟ ਹਾਈ ਕੋਰਟ ਪੰਜਾਬ, ਸ: ਅਮਰਜੀਤ ਸਿੰਘ, ਸ: ਅਮਰੀਕ ਸਿੰਘ ਜੀ, ਸ: ਜਸਵੀਰ ਸਿੰਘ ਭੁੱਲਾਰਾਈ, ਸ: ਭੁਪਿੰਦਰ ਸਿੰਘ ਭੁੱਲਾਰਾਈ, ਗਿਆਨੀ ਅੰਮ੍ਰਿਤਪਾਲ ਸਿੰਘ ਯੂ.ਕੇ. ਵਾਲੇ ਅਤੇ ਹੋਰ ਵੀ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਲ ਸਨ।

ਪ੍ਰੈਸ ਰਿਲੀਜ਼ ਵੱਲੋਂ : ਸ: ਰਜਿੰਦਰ ਸਿੰਘ ਰਾਏ ਅਤੇ ਇੰਗਲੈਂਡ ਦੀ ਸਾਧਸੰਗਤ ਫੋਨ ਨੰ: +44 7903 154099 (ਇੰਗਲੈਂਡ), +91 98036 73666

ਸਾਕਾ ਚਮਕੌਰ ਸਾਹਿਬ 

0

ਸਾਕਾ ਚਮਕੌਰ ਸਾਹਿਬ 

ਹਰਪ੍ਰੀਤ ਸਿੰਘ

ਸਿੱਖ ਧਰਮ ਵਿੱਚ ਕੁਰਬਾਨੀਆਂ ਦਾ ਇਤਿਹਾਸ ਬੜਾ ਲੰਮੇਰਾ ਹੈ। ਛੋਟੀ ਉਮਰੇ ਵੱਡੇ ਇਤਿਹਾਸ ਦੀ ਸਿਰਜਣਾ ਸਿੱਖ ਧਰਮ ਦੇ ਜਨਮ ਦਾਤਿਆਂ ਅਤੇ ਪੈਰੋਕਾਰਾਂ ਨੇ ਕੀਤੀ ਹੈ। ਕੁਰਬਾਨੀਆਂ ਦੇ ਇਤਿਹਾਸ ਦੀ ਗਾਥਾ ਵਿੱਚ ਗੁਰੂ ਸਾਹਿਬਾਨ ਦੀ ਸ਼ਹੀਦੀ, ਸਾਹਿਬਜ਼ਾਦਿਆਂ ਦੀ ਕੁਰਬਾਨੀ ਅਤੇ ਮਹਾਨ ਸੂਰਮਿਆਂ ਦੀਆਂ ਸ਼ਹਾਦਤਾਂ ਦੇ ਸੁਨਹਿਰੀ ਪੰਨੇ ਉਕਰੇ ਹੋਏ ਹਨ। ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਿਰਮਲ ਪੰਥ ਦੀ ਸਥਾਪਨਾ ਕਰਦਿਆਂ ਹੱਕ, ਸੱਚ, ਨਿਆਂ ਤੇ ਨੇਕੀ ਦਾ ਰਸਤਾ ਬਣਾਇਆ। ਉਨ੍ਹਾਂ ਨੇ ਜ਼ੁਲਮ, ਜਬਰ, ਅਨਿਆਂ, ਝੂਠ ਤੇ ਬਦੀ ਦੀਆਂ ਤਾਕਤਾਂ ਵਿਰੁੱਧ ਅਵਾਜ਼ ਉਠਾਈ। ਸਿੱਖ ਇਤਿਹਾਸ ਵਿੱਚ ਹੋਰ ਵੀ ਗੁਰੂ ਪਿਆਰਿਆਂ ਨੇ ਅਸਹਿ ਤੇ ਅਕਹਿ ਕਸ਼ਟ ਸਹਾਰਦਿਆਂ ਹੋਇਆਂ ਅਨੇਕਾਂ ਬਲੀਦਾਨ ਦਿੱਤੇ। ਅਜਿਹਾ ਹੀ ਬਲਿਦਾਨ ਚਮਕੌਰ ਦੀ ਧਰਤੀ ’ਤੇ ਹੋਇਆ, ਜਿੱਥੇ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਦੇ 2 ਵੱਡੇ ਫਰਜ਼ੰਦ ਅਤੇ 40 ਸਿੰਘਾਂ ਨੇ ਲੱਖਾਂ ਮੁਗ਼ਲ ਫ਼ੌਜ ਦਾ ਮੁਕਾਬਲਾ ਕੀਤਾ।

ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਗੁਜਰੀ ਜੀ ਅਤੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆਂ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦਰਦਨਾਕ ਤੇ ਦਿਲ ਨੂੰ ਕੰਬਾ ਦੇਣ ਵਾਲਾ ਸਾਕਾ ਹੈ। 22 ਦਸੰਬਰ 1705 ਨੂੰ ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ; ਚਮਕੌਰ ਦੀ ਜੰਗ ਵਿੱਚ ਲੜਦੇ ਹੋਏ ਸ਼ਹੀਦ ਹੋ ਗਏ ਅਤੇ 27 ਦਸੰਬਰ 1705 ਨੂੰ ਦੋ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ; ਸੂਬਾ ਸਰਹਿੰਦ ਦੀ ਕੈਦ ਵਿੱਚ ਸ਼ਹੀਦ ਕਰ ਦਿੱਤੇ ਗਏ। ਇਸ ਸ਼ਹਾਦਤ ਦੀ ਮਹਾਨਤਾ ਬਾਰੇ ਅੱਲਾ ਯਾਰ ਖਾਂ ਆਪਣੀ ਪੁਸਤਕ ‘ਗੰਜਿ ਸ਼ਹੀਦਾਂ’ ਵਿੱਚ ਲਿਖਦਾ ਹੈ :

ਬੱਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ

ਕਟਾਏ ਬਾਪ ਨੇ ਬੱਚੇ ਜਹਾਂ, ਖੁਦਾ ਕੇ ਲੀਏ।

ਅਤੇ ਕਿਸੇ ਕਵੀ ਨੇ ਲਿਖਿਆ ਹੈ :

ਜਿਸ ਕੁਲ ਜਾਤੀ ਦੇਸ ਕੇ ਬੱਚੇ, ਦੇ ਸਕਤੇ ਹੈਂ ਯੋਂ ਬਲੀਦਾਨ।

ਉਸ ਕਾ ਵਰਤਮਾਨ ਕੁਛ ਭੀ ਹੋ, ਭਵਿਸ਼ਯ ਹੈ ਮਹਾਂ ਮਹਾਨ।

ਜਿਸ ਸੰਘਰਸ਼ਮਈ ਸਮਾਜ ਦੀ ਸਿਰਜਣਾ ਦਾ ਬੂਟਾ ਗੁਰੂ ਨਾਨਕ ਸਾਹਿਬ ਜੀ ਨੇ ਲਾਇਆ ਸੀ, ਉਸੇ ਬੂਟੇ ਨੂੰ ਬਾਕੀ ਨੋਂ ਗੁਰੂ ਸਾਹਿਬਾਂ ਨੇ ਸਮੇਂ-ਸਮੇਂ ਤੇ ਆਪਣੇ ਖ਼ੂਨ ਨਾਲ ਸਿਰਜਿਆ ਅਤੇ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਦੇ ਸਪੁੱਤਰਾਂ ਨੇ ਵੀ ਇਸ ਬੂਟੇ ਨੂੰ ਸੂਰਜੀਤ ਰੱਖਣ ਲਈ ਆਪਣੇ ਜੀਵਨ ਦਾ ਬਲਿਦਾਨ ਦੇ ਦਿੱਤਾ। ਸਮੇਂ ਦਾ ਮੁਗ਼ਲ ਸ਼ਾਸਕ ਅਤੇ ਪਹਾੜੀ ਰਾਜੇ; ਖਾਲਸੇ ਦੇ ਸਿਧਾਂਤ ਅਤੇ ਸਰੂਪ ਤੋਂ ਖੁਸ਼ ਨਹੀਂ ਸਨ। ਇਸ ਲਈ ਪਹਾੜੀ ਰਾਜਿਆਂ ਵੱਲੋਂ ਖ਼ਾਲਸੇ ਦੀ ਸਾਜਣਾ ਦਾ ਵਿਰੋਧ ਕੀਤਾ ਗਿਆ ਸੀ। ਪਹਾੜੀ ਰਾਜੇ ਤੇ ਸੂਬਾ ਸਰਹਿੰਦ; ਗੁਰੂ ਜੀ ਦੇ ਵਿਰੁੱਧ ਇਕਜੁਟ ਹੋ ਗਏ ਸਨ। ਸੰਨ 1700 ਤੋਂ ਲੈ ਕੇ 1705 ਤੱਕ ਪਹਾੜੀ ਰਾਜਿਆਂ ਤੇ ਮੁਗ਼ਲਈ ਫ਼ੌਜਾਂ ਵੱਲੋਂ ਲਗਾਤਾਰ ਕਈ ਹਮਲੇ ਕੀਤੇ ਜਾਂਦੇ ਰਹੇ ਸਨ, ਪਰ ਸੰਨ 1705 ਵਿੱਚ ਦੋਵੇਂ ਫ਼ੌਜਾਂ ਨੇ ਰਲ਼ ਕੇ ਅਨੰਦਪੁਰ ਨੂੰ ਘੇਰਾ ਪਾ ਲਿਆ। 7 ਮਹੀਨੇ ਤੋਂ ਅਨੰਦਪੁਰ ਸਾਹਿਬ ’ਤੇ ਦੁਸ਼ਮਣ ਵੱਲੋਂ ਕੀਤੀ ਗਈ ਨਾਕਾਬੰਦੀ ਅਤੇ ਘੇਰੇ ਦੇ ਦੋਰਾਨ ਵੀ ਮੁਗ਼ਲ ਤੇ ਪਹਾੜੀ ਰਾਜੇ; ਗੁਰੂ ਜੀ ਅਤੇ ਸਿੰਘਾਂ ਦਾ ਕੋਈ ਬਹੁਤਾ ਨੁਕਸਾਨ ਨਾ ਕਰ ਸਕੇ। ਬਾਦਸ਼ਾਹ ਔਰੰਗਜ਼ੇਬ ਨੇ ਇੱਕ ਪੱਤਰ ਰਾਹੀਂ ਗੁਰੂ ਜੀ ਨੂੰ ਸੁਨੇਹਾ ਭੇਜਿਆ ਕਿ ਅਸੀਂ ਆਪਣੇ ਧਰਮ ਅਕੀਦੇ ਮੁਤਾਬਕ ਕਸਮਾਂ ਖਾਂਦੇ ਹਾਂ ਕਿ ਜੇਕਰ ਤੁਸੀਂ ਅਨੰਦਪੁਰ ਛੱਡ ਦਿਓ ਤਾਂ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਤੁਹਾਨੂੰ ਕੁੱਝ ਨਹੀਂ ਕਿਹਾ ਜਾਵੇਗਾ। 6 ਪੋਹ ਸੰਮਤ 1762 (ਸੰਨ 1705) ਦੀ ਅੱਧੀ ਰਾਤ ਨੂੰ ਗੁਰੂ ਜੀ ਸਿੰਘਾਂ ਨਾਲ ਸਲਾਹ-ਮਸ਼ਵਰਾ ਕਰ ਕਿਲ੍ਹੇ ਵਿੱਚੋਂ ਬਾਹਰ ਨਿਕਲੇ। ਗੁਰੂ ਜੀ ਅੱਜੇ ਕੀਰਤਪੁਰ ਸਾਹਿਬ ਪਹੁੰਚੇ ਹੀ ਸਨ ਕਿ ਪਿੱਛੋਂ ਦੁਸ਼ਮਣ ਨੇ ਸਾਰੀਆਂ ਕਸਮਾਂ ਤੋੜ ਕੇ ਗੁਰੂ ਜੀ ਅਤੇ ਸਿੰਘਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।

ਗੁਰੂ ਗੋਬਿੰਦ ਸਿੰਘ ਜੀ ਨੇ ਦੁਸ਼ਮਣਾਂ ਵੱਲੋਂ ਅਚਾਨਕ ਕੀਤੇ ਇਸ ਹਮਲੇ ਤੋਂ ਸਿੰਘਾਂ ਦਾ ਬਚਾਅ ਕਰਨ ਦੀ ਵਿਓਂਤਬੰਦੀ ਕਰਦੇ ਹੋਏ ਦੁਸ਼ਮਣਾਂ ਦੇ ਘੇਰੇ ਵਿੱਚੋਂ ਨਿਕਲਣ ਲਈ 4 ਜੱਥੇ ਬਣਾਏ। ਭਾਈ ਸਵਰੂਪ ਸਿੰਘ ਕਿਸਕ ਵੱਲੋਂ ਰਚਿਤ ‘ਗੁਰੂ ਕੀਆਂ ਸਾਖੀਆਂ’ ਪੁਸਤਕ ਵਿੱਚ ਸਾਖੀ ਨੰਬਰ 78 (ਸਾਖੀ ਅਨੰਦਪੁਰ ਛੋੜ ਦੇਨੇ ਕੀ ਚਾਲੀ) ਵਿੱਚ ਲਿਖਦੇ ਹਨ ਕਿ ‘ਦੋ ਘਰੀਆਂ ਰਾਤ ਗਈ ਪ੍ਰਿਥਮੇਂ ਗੁਰੂ ਜੀ ਭਾਈ ਉਦੈ ਸਿੰਘ ਆਦਿ ਮੁਖੀਏ ਸਿਖਾਂ ਕੇ ਗੈਲ ਲੈ ਗੁਰਦੁਆਰਾ ਸੀਸਗੰਜ ਆਏ। ਯਹਾਂ ਪਹੁੰਚ ਕਰ ਅਰਦਾਸ ਕੀ। ਪ੍ਰਿਥਮੇਂ ਮਾਤਾ ਗੁਜਰੀ, ਦੋਇ ਲਘੂ ਸਾਹਿਬਜ਼ਾਦੇ ਤੇ ਇਨ ਕੇ ਸਾਥ ਦਾਸ ਤੇ ਦਾਸੀ ਦੇ ਕੇ ਇਨ੍ਹੈ ਕੀਰਤਪੁਰ ਕੀ ਤਰਫ ਤੋਰਾ। ਬਾਦ ਮੇਂ ਸਤਿਗੁਰਾਂ ਡੇਢ ਪਹਿਰ ਰੈਣ ਗਈ ਭਾਈ ਉਦੈ ਸਿੰਘ ਆਦਿ ਸਿਖਾਂ ਕੈ ਗੈਲ ਲੈ ਕਿਲ੍ਹਾ ਅਨੰਦਗਢ ਸੇ ਜਾ ਰਹੇ ਵਹੀਰ ਕੇ ਪੀਛੇ ਪਿਆਨਾ ਕੀਤਾ। ਗੁਰੂ ਕੀਰਤਪੁਰ ਲੰਘ ਨਿਰਮੋਹਗੜ੍ਹ ਸੇ ਆਗੇ ਸ਼ਾਹੀ ਟਿੱਬੀ ਤੇ ਜਾਇ ਖਲੇ ਹੂਏ। ਪਰਬਤੀ ਰਾਜਾਯੋਂ ਨੇ ਸਮਾਂ ਗਨੀਮਤ ਜਾਨ ਪੀਛੇ ਸੇ ਤੀਰ ਗੋਲੀ ਸੇ ਹਮਲਾ ਕਰ ਦੀਆ। ਸਤਿਗੁਰਾਂ ਭਾਈ ਉਦੈ ਸਿੰਘ ਕੀ ਤਰਫ ਦੇਖਾ-ਇਸੇ ਜੋੜਾ ਜਾਮਾ ਬਖਸ਼ ਲੜਨੇ ਕੇ ਲੀਏ ਪਚਾਸ ਸਿੱਖ ਦੇ ਕੇ ਸ਼ਾਹੀ ਟਿੱਬੀ ਪਰ ਤਾਈਨਾਤ ਕੀਯਾ।

ਉਦੈ ਸਿੰਘ ਨੇ ਪਚਾਸ ਸਿੱਖਾਂ ਕੋ ਗੈਲ ਲੈ ਏਕ ਪਹਿਰ ਪੀਛੇ ਆ ਰਹੀ ਪਰਬਤੀ ਫ਼ੌਜ ਕੇ ਸਾਥ ਘਮਸਾਨ ਕੀ ਜੰਗ ਲੜੀ। ਦਿਵਸ ਚੜ੍ਹੇ ਤੀਕ ਸਿੰਘ ਸ਼ਹੀਦੀਆਂ ਪਾਇ ਗਏ। ਰਾਜਾ ਅਜਮੇਰ ਚੰਦ ਕਹਿਲੂਰੀ ਨੇ ਆਗੇ ਬਡਕਰ ਭਾਈ ਉਦੈ ਸਿੰਘ ਕਾ ਸੀਸ ਕਟਵਾਇ ਰੋਪੜ ਭੇਜਾ, ਕਹਾ-ਅਸਾਂ ਗੁਰੂ ਮਾਰ ਲੀਆ ਹੈ।’ ਇਸੇ ਗੱਲ ਦੀ ਗਵਾਹੀ ਭੱਟ ਵਹੀ ਕਰਸਿੰਧ, ਪਰਗਨਾਂ ਸਫੀਦੋਂ ਵਿੱਚ ਇਉਂ ਦਰਜ ਹੈ-‘ਉਦੈ ਸਿੰਘ ਬੇਟਾ ਮਨੀ ਸਿੰਘ, ਪੋਤਾ ਮਾਈਦਾਸ ਕਾ, ਪੜਪੋਤਾ ਬੱਲੀਰਾਇ ਕਾ ਚੰਦਰਬੰਸੀ ਭਾਰਦੁਆਜੀ ਗੋਤਰਾ ਪੁਆਰਬੰਸ, ਬੀਝੇ ਕਾ ਬੰਝਰਉਤ ਜਲਹਾਨਾਂ- ਸੰਮਤ ਸਤਰਾਂ ਸੈ ਬਾਸਠ ਪੋਖ ਮਾਸੇ ਦਿਹੁੰ ਸਾਤ ਗਏ ਵੀਰਵਾਰ ਕੇ ਦਿਵਸ ਪਚਾਸ ਸਿਖਾਂ ਕੋ ਗੈਲ ਲੈ ਸ਼ਾਹੀ ਟਿੱਬੀ ਕੋ ਮਲਹਾਨ ਪਰਗਨਾਂ ਭਰਥਗਢ ਰਾਜ ਕਹਿਲੂਰ ਆਧ ਘਰੀ ਦਿਹੁੰ ਨਿਕਲੇ, ਰਾਜਾ ਅਜਮੇਰ ਚੰਦ ਬੇਟਾ ਭੀਮਚੰਦ ਕਾ, ਪੋਤਾ ਦੀਪਚੰਦ ਕਾ, ਪੜਪੋਤਾ ਤਾਰਾ ਚੰਦ ਕਾ ਬੰਸ ਕਲਿਆਨ ਚੰਦ ਕੀ, ਚੰਦੇਲ ਗੋਤਰਾ ਰਾਣੇ ਕੀ ਫ਼ੌਜ ਗੈਲ ਬਾਰਾਂ ਘਰੀ ਜੂਝ ਕੇ ਮਰਾ।

ਅੱਗੇ ‘ਗੁਰੂ ਕੀਆਂ ਸਾਖੀਆਂ’ ਪੁਸਤਕ ਵਿੱਚ ਲਿਖਾਰੀ ਲਿਖਦਾ ਹੈ ਕਿ ਉਧਰ ਗੁਰੂ ਜੀ ਨੇ ਪ੍ਰਿਥਮੇਂ ਮਾਤਾ ਗੁਜਰੀ ਤੇ ਦੋਇ ਨਿਕੇ ਸਾਹਿਬਜ਼ਾਦੇ, ਏਕ ਦਾਸ ਤੇ ਦਾਸੀ ਸਮੇਤ ਸਰਸਾ ਨਦੀ ਪਾਰ ਕੀਆ ਔਰ ਭਾਈ ਜੀਵਨ ਸਿੰਘ ਰੰਘਰੇਟੇ ਸਿੱਖ ਕੋ ਏਕ ਸੋ ਸਿੰਘ ਦੇ ਕੇ ਸਰਸਾ ਨਦੀ ਕੇ ਤੀਰ (ਕੰਢੇ) ਛੋਡਾ। ਇਸ ਕੇ ਬਾਦ ਭਾਈ ਬਚਿੱਤਰ ਸਿੰਘ ਕੋ ਬਚਨ ਹੋਆ, ਤੁਸੀਂ ਰੋਪੜ ਕੀ ਤਰਫ ਪਿਆਨਾ ਕਰੀਏ। ਈਸੇ 100 ਸਿੰਘ ਦੇ ਕੇ ਥਾਪਨਾ ਦਈ ਔਰ ਗੁਰੂ ਜੀ ਆਪ ਚੋਧਰੀ ਨਿਹੰਗ ਖਾਂ ਕੀ ਹਵੇਲੀ ਕੋਟਲਾ ਗ੍ਰਾਮ ਮੇਂ ਪਹੁੰਚੇ।’

ਇਧਰ ਗੁਰੂ ਜੀ ਦੇ ਜਾਣ ਤੋਂ ਬਾਅਦ ਸਰਸਾ ਨਦੀ ਤੇ ਘਮਸਾਨ ਜੰਗ ਹੋਇਆ ਅਤੇ ਇਸ ਜੰਗ ਵਿੱਚ ਭਾਈ ਜੀਵਨ ਸਿੰਘ ਦੇ ਮਸਤਕ ਤੇ ਗੋਲੀ ਲਗੀ ਤੇ ਜੰਗ ਵਿੱਚ ਲੜਦੇ ਸ਼ਹੀਦ ਹੋ ਗਏ। ਇਸ ਗਲ ਦੀ ਗਵਾਹੀ ਭੱਟ ਵਹੀ ਮੁਲਤਾਨੀ ਸਿੰਧੀ ਵਿੱਚ ਇਉਂ ਦਰਜ ਹੈ ‘ਜੀਵਨ ਸਿੰਘ ਬੇਟਾ ਆਗਿਆ ਕਾ ਪੋਤਾ ਦੁਲੇ ਕਾ ਬਾਸੀ ਦਿੱਲੀ, ਮਹੱਲਾ ਦਿਲਵਾਲੀ ਸਿਖਾਂ, ਜੋ ਸਿਖਾਂ ਕੋ ਗੈਲ ਲੈ ਸੰਮਤ ਸਤਰਾਂ ਸੈ ਬਾਸਠ ਪੋਖ ਮਾਸੇ ਸੁਦੀ ਦੂਜ ਵੀਰਵਾਰ ਕੇ ਦਿਹੁੰ ਸਰਸਾ ਨਦੀ ਕੇ ਤੀਰ ਅਜਮੇਰ ਚੰਦ ਬੇਟਾ ਭੀਮ ਚੰਦ ਕਾ- ਰਾਣੇ ਕੀ ਫੌਜ ਗੈਲ ਦਸ ਘਰੀ ਜੂਝ ਕੇ ਮਰਾ ।’

ਇਸ ਤੋਂ ਬਾਅਦ ਸਰਸਾ ਪਾਰ ਕਰ ਭਾਈ ਬਚਿਤਰ ਸਿੰਘ ਦੀ ਮੁਠਭੇੜ ਮਲਕਪੁਰ ਰੰਘੜਾਂ ਕੇ ਮੈਦਾਨ ਮੇਂ ਸਰਹੰਦੀ ਫੌਜ ਗੈਲ ਹੋਈ, ਇਸ ਕੇ ਸਾਥੀ ਸ਼ਹਾਦਤਾਂ ਪਾਇ ਗਏ, ਇਹ ਸਖਤ ਘਾਇਲ ਹੋਇ ਜ਼ਮੀਨ ਪਰ ਗਿਰ ਪੜਾ ਪੀਛੇ ਸੇ ਸਾਹਿਬਜ਼ਾਦਾ ਅਜੀਤ ਸਿੰਘ, ਮਦਨ ਸਿੰਘ ਆਦਿ ਸਿਖਾਂ ਕੇ ਗੈਲ ਆਇ ਪਹੁੰਚਾ। ਇਸ ਬਚਿਤਰ ਸਿੰਘ ਕੋ ਉਠਾਇ ਕੋਟਲਾ ਨਿਹੰਗ ਮੇਂ ਲੈ ਆਂਦਾ, ਇਸੇ ਗੁਰੂ ਜੀ ਕੋ ਆਇ ਮਸਤਕ ਟੇਕਾ। ਕੋਟਲਾ ਨਿਹੰਗ ਵਿਖੇ ਬਾਅਦ ਵਿੱਚ ਭਾਈ ਬਚਿਤਰ ਸਿੰਘ ਅਕਾਲ ਪਿਆਣਾ ਕਰ ਗਏ ਸੀ। (ਲੇਖ ਲੰਮਾਂ ਨਾ ਹੋਵੇ ਇਸ ਕਾਰਨ ਟੁਕ ਮਾਤਰ ਹਵਾਲਾ ਦਿਤਾ ਗਿਆ ਹੈ, ਪੁਰੀ ਜਾਣਕਾਰੀ ਲਈ ਗੁਰੂ ਕੀਆਂ ਸਾਖੀਆਂ ਪੁਸਤਕ ਦੀ ਸਾਖੀ ਨੰਬਰ 81 ਅਤੇ ਪੁਸਤਕ ਗਿਆਨੀ ਗਰਜਾ ਸਿੰਘ ਦੀ ਇਤਿਹਾਸਿਕ ਖੋਜ ਪੜ੍ਹੀ ਜਾ ਸਕਦੀ ਹੈ)

ਸਰਸਾ ਨਦੀ ਪਾਰ ਕਰਦੇ ਬਹੁਤ ਸਾਰਾ ਜਾਨੀ-ਮਾਲੀ ਨੁਕਸਾਨ, ਅਮੋਲਕ ਹਸਤ-ਲਿਖਤ ਗ੍ਰੰਥ ਸਰਸਾ ਦੇ ਤੇਜ਼ ਪਾਣੀ ਦੇ ਵਹਾਅ ਦੀ ਭੇਟ ਚੜ੍ਹ ਗਏ ਤੇ ਗੁਰੂ ਜੀ ਦਾ ਪਰਵਾਰ 3 ਹਿੱਸਿਆਂ ਵਿੱਚ ਵੰਡਿਆ ਗਿਆ। (ਇਸ ਸਥਾਨ ’ਤੇ ਹੁਣ ਗੁਰਦੁਆਰਾ ਪਰਵਾਰ ਵਿਛੋੜਾ ਸਾਹਿਬ ਮੌਜੂਦ ਹੈ) ਇਕ ਪਾਸੇ ਗੁਰੂ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਵੱਖ ਹੋ ਗਏ, ਜੋ ਕਿ ਕੁਮੈ ਮਾਸ਼ਕੀ ਪਾਸ ਰਾਤ ਠਹਿਰੇ ਅਤੇ ਉੱਥੋਂ ਗੰਗੂ ਬ੍ਰਾਹਮਣ ਆਪਣੇ ਨਾਲ ਪਿੰਡ ਖੇੜੀ (ਸਹੇੜੀ) ਲੈ ਗਿਆ, ਦੂਜੇ ਪਾਸੇ ਗੁਰੂ ਕੇ ਮਹਿਲ ਅਤੇ ਭਾਈ ਮਨੀ ਸਿੰਘ ਜੀ, ਭਾਈ ਜਵਾਹਰ ਸਿੰਘ, ਗੁਰੂ ਹੁਕਮਾਂ ਅਨੁਸਾਰ ਦਿੱਲੀ ਵੱਲ ਚਲੇ ਗਏ (ਇਤਿਹਾਸਕਾਰ ਹਰਜਿੰਦਰ ਸਿੰਘ ਦਲਗੀਰ ਮੁਤਾਬਕ ਭਾਈ ਮਨੀ ਸਿੰਘ ਜੀ 1698 ਤੋਂ ਦਰਬਾਰ ਸਾਹਿਬ ਅੰਮ੍ਰਿਸਤ ਵਿਖੇ ਸੇਵਾ ਨਿਭਾ ਰਹੇ ਸਨ, ਜੋ ਦਿੱਲੀ ਨਹੀਂ ਗਏ) ਜੋ ਕਿ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਪਾਸ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਪਹੁੰਚੇ ਸਨ ਅਤੇ ਤੀਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਖ਼ੁਦ, ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ, ਪੰਜ ਪਿਆਰੇ ਅਤੇ 36 ਕੁ ਸਿੰਘ ਰੋਪੜ ਵੱਲ ਚਲੇ ਗਏ, ਜੋ ਕਿ ਗੁਰੂ ਜੀ ਦੇ ਨਾਲ ਬੁੱਧੀ ਚੰਦ ਦੀ ਹਵੇਲੀ (ਜਿਸ ਨੂੰ ਇਤਿਹਾਸਕਾਰਾਂ ਨੇ ਕੱਚੀ ਗੜ੍ਹੀ ਕਰਕੇ ਲਿਖਿਆ ਹੈ) ਚਮਕੌਰ ਸਾਹਿਬ ਪਹੁੰਚੇ। (ਗੁਰੂ ਕੀਆਂ ਸਾਖੀਆਂ ਪੁਸਤਕ ਦੇ ਕਰਤਾ ਅਨੁਸਾਰ ਨਿਹੰਗ ਖਾਂ ਦਾ ਪੁੱਤਰ ਆਲਮ ਖਾਂ ਗੁਰੂ ਜੀ ਨੂੰ ਰਾਹ ਦਿਖਾਉਣ ਲਈ ਨਾਲ ਆਇਆ ਸੀ) ਸਰਸਾ ਨਦੀ ਦੇ ਕੰਢੇ ਹੋਈ ਖ਼ੂਨੀ ਜੰਗ ਵਿੱਚ ਭਾਈ ਉਦੈ ਸਿੰਘ ਸਮੇਤ ਕਈ ਸਿੰਘ ਜਾਨਾਂ ਹੂਲ ਕੇ ਲੜਦੇ ਹੋਏ ਸ਼ਹਾਦਤ ਪਾ ਗਏ। ਇਕ ਪਾਸੇ ਮੁਗ਼ਲ ਸੈਨਾ ਲੱਖਾਂ ਦੀ ਗਿਣਤੀ ਵਿੱਚ ਸੀ ਅਤੇ ਦੂਜੇ ਪਾਸੇ ਗੁਰੂ ਜੀ ਦੇ ਨਾਲ 40 ਕੁ ਭੁੱਖੇ-ਭਾਣੇ ਸਿੰਘ। ਜ਼ਫਰਨਾਮਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਪ ਖ਼ੁਦ ਗਿਣਤੀ ਵੱਲ ਇਸ਼ਾਰਾ ਕਰਦੇ ਲਿਖਦੇ ਹਨ :

ਗੁਰਸਨਹ ਚਿ ਕਾਰੇ ਕੁਨਦ ਚਿਹਲ ਨਰ ॥

ਕਿ ਦਹ ਲਖ ਬਰਆਯਦ ਬਰੋ ਬੇਖ਼ਬਰ ॥੧੯॥

ਅਰਥ : (ਮੇਰੇ) 40 ਭੁੱਖੇ ਭਾਣੇ ਵਿਅਕਤੀ ਕੀ ਕਰ ਸਕਦੇ ਹਨ ਜੇ (ਉਨ੍ਹਾਂ ਉੱਤੇ) 10 ਲੱਖ ਸੈਨਿਕ ਟੁੱਟ ਕੇ ਆ ਪਏ ਹੋਣ।

ਮੁਗ਼ਲ ਸੈਨਾ ਨੇ ਬੁੱਧੀ ਚੰਦ ਦੀ ਹਵੇਲੀ ਦੇ ਚੁਫੇਰੇ ਘੇਰਾ ਪਾ ਲਿਆ। ਇਸ ਜੰਗ ਵਿੱਚ ਲੱਖਾਂ ਦੀ ਗਿਣਤੀ ਦੀ ਮੁਗ਼ਲ ਸੈਨਾ ਨਾਹਰ ਖਾਂ, ਹੈਬਤ ਖਾਂ, ਇਸਮਾਈਲ ਖਾਂ, ਉਸਮਾਨ ਖਾਂ, ਸੁਲਤਾਨ ਖਾਂ, ਖਵਾਜ਼ਾ ਖਿਜ਼ਰ ਖਾਂ, ਦਿਲਾਵਰ ਖਾਂ, ਸੈਦ ਖਾਂ, ਜ਼ਬਰਦਸਤ ਖਾਂ, ਵਜੀਦ ਖਾਂ, ਗੁਲਬੇਗ ਖਾਂ ਇਤਿਆਦਿਕ ਦੀ ਨਿਗਰਾਨੀ ਵਿੱਚ ਇਹ ਫ਼ੌਜਾਂ ਚਮਕੌਰ ਸਾਹਿਬ ’ਤੇ ਚੜ੍ਹ ਕੇ ਆਈਆਂ ਸਨ। ਨਾਹਰ ਖਾਂ ਜੋ ਕਿ ਮਲੇਰਕੋਟਲੇ ਦਾ ਰਹਿਣ ਵਾਲਾ ਸੀ, ਹਮਲਾਵਰ ਹੋ ਕੇ ਸਾਥੀਆਂ ਨਾਲ ਅੱਗੇ ਵਧਿਆ ਤਾਂ ਸਤਿਗੁਰੂ ਜੀ ਨੇ ਉਸ ਨੂੰ ਤੀਰ ਨਾਲ਼ ਪਾਰ ਬੁਲਾ ਦਿੱਤਾ। ਨਾਹਰ ਖਾਂ ਨੂੰ ਜ਼ਖਮੀ ਦੇਖ ਗੁਲਸ਼ੇਰ ਖਾਂ, ਖਿਜ਼ਰ ਖਾਂ ਅੱਗੇ ਨੂੰ ਵਧਿਆ, ਪਰ ਗੁਰੂ ਜੀ ਦੇ ਤੀਰਾਂ ਦੀ ਮਾਰ ਨਾ ਝਲ ਸਕਿਆ, ਇਧਰ ਸਿੰਘ ਗੁਰੂ ਸਾਹਿਬਾਂ ਦੇ ਹੁਕਮਾਂ ਅਨੁਸਾਰ 5-5 ਸਿੰਘਾਂ ਦੇ ਜੱਥੇ ਬਣਾ ਕੇ ਜੰਗ ਦੇ ਮੈਦਾਨ ਵਿੱਚ ਜੂਝਦੇ ਹੋਏ ਅਖੀਰਲੇ ਸਾਹਾਂ ਤੱਕ ਮੁਗ਼ਲਾਂ ਨਾਲ ਲੋਹਾ ਲੈਂਦੇ ਰਹੇ। ਯੁੱਧ ਦਾ ਮੈਦਾਨ ਮੁਗ਼ਲ ਸਿਪਾਹੀਆਂ ਦੀਆਂ ਲੋਥਾਂ ਨਾਲ ਭਰ ਗਿਆ ਅਤੇ ਧਰਤੀ ਖ਼ੂਨ ਨਾਲ ਰੱਤੀ ਗਈ। ਗੜ੍ਹੀ ਵਿੱਚ ਗੁਰੂ ਜੀ ਨਾਲ ਖੜ੍ਹੇ ਸਿੰਘਾਂ ਨੇ ਸਲਾਹ ਕੀਤੀ ਕਿ ਗੁਰੂ ਜੀ ਆਪਣੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਇਸ ਥਾਂ ਤੋਂ ਨਿਕਲ ਜਾਣ ਤਾਂ ਕਿ ਹੋਰ ਸਿੰਘਾਂ ਨੂੰ ਹਥਿਆਰਬੰਦ ਕਰਕੇ ਮੁਗ਼ਲ ਫ਼ੌਜਾਂ ਨਾਲ ਟਾਕਰਾ ਲੈਣ, ਉਨ੍ਹਾਂ ਨੇ ਇਸ ਦਾ ਪ੍ਰਗਟਾਵਾ ਪਾਤਸ਼ਾਹ ਕੋਲ ਕੀਤਾ ਪਰ ਸਾਹਿਬਾਂ ਨੇ ਕਿਹਾ ਤੁਸੀਂ ਸਾਰੇ ਮੇਰੇ ਲਖਤੇ ਜਿਗਰ ਹੋ। ਸਾਰੇ ਮੇਰੇ ਪੁੱਤਰ ਹੋ। ਪਾਤਸ਼ਾਹ ਨੇ ਖ਼ਾਲਸੇ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ। ਗੁਰੂ ਨਾਨਕ ਦੇ ਘਰ ਦੀ ਰੱਖਿਆ ਲਈ ਸਾਰਾ ਪਰਵਾਰ ਵਾਰਿਆ ਜਾ ਰਿਹਾ ਹੈ। ਜਿੱਥੇ ਤੁਸੀਂ ਸ਼ਹੀਦੀਆਂ ਪਾ ਰਹੇ ਹੋ ਉੱਥੇ ਹੀ ਇਹ ਬੱਚੇ ਵੀ ਸ਼ਹੀਦ ਹੋਣਗੇ। ਗੜ੍ਹੀ ਵਿੱਚੋਂ ਨਿਕਲਣ ਵਾਲੇ ਤੀਰ, ਗੋਲੀਆਂ ਦੁਸ਼ਮਣਾਂ ਨੂੰ ਵਿੰਨ੍ਹੀ ਜਾ ਰਹੀਆਂ ਸਨ। ਗੁਰੂ ਗੋਬਿੰਦ ਸਿੰਘ ਜੀ ਗੜ੍ਹੀ ਵਿੱਚੋਂ ਸਿੰਘਾਂ ਨੂੰ ਸੂਰਮਿਆਂ ਵਾਂਗ ਲੜਦੇ ਹੋਏ ਵੇਖ ਰਹੇ ਸਨ ਅਤੇ ਨਾਲ ਹੀ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਖੜ੍ਹੇ ਸਨ। ਆਪਣੇ ਵੀਰਾਂ ਨੂੰ ਧਰਮ ਤੇ ਅਣਖ ਦੀ ਖਾਤਰ ਜਾਨਾਂ ਹੂਲ ਕੇ ਜੰਗ ਲੜਦੇ ਹੋਏ ਸ਼ਹੀਦੀਆਂ ਪਾਉਂਦੇ ਵੇਖ ਸਾਹਿਬਜ਼ਾਦਾ ਅਜੀਤ ਸਿੰਘ ਨੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਜੰਗ ਦੇ ਮੈਦਾਨ ਵਿੱਚ ਜਾਣ ਦੀ ਆਗਿਆ ਮੰਗੀ। ਮੈਦਾਨੇ ਜੰਗ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਫਰਜ਼ੰਦ ਸਾਹਿਬਜ਼ਾਦਾ ਅਜੀਤ ਸਿੰਘ ਜੀ ਪਹੁੰਚੇ ਤਾਂ ਉਸ ਸਮੇਂ ਦਾ ਖ਼ਿਆਲ ਅੱਲਾ ਯਾਰ ਖਾਂ ਆਪਣੀ ਰਚਨਾ ‘ਗੰਜਿ ਸ਼ਹੀਦਾ’ ਵਿੱਚ ਇਉਂ ਜ਼ਿਕਰ ਕਰਦਾ ਹੈ :

ਉਸ ਹਾਥ ਮੇਂ ਬੇ ਬਾਜ਼ੂ ਇ ਗੋਬਿੰਦ ਕੇ ਕਸਬਲ।

ਫਰਜ਼ੰਦ ਕੀ ਤਲਵਾਰ ਸੇ ਥੱਰਰਾ ਗਏ ਜਲ ਥਲ।

ਜਿੰਦੋਂ ਕਾ ਤੋ ਕਿਆ ਜ਼ਿਕਰ, ਹੈ ਮੁਰਦੇ ਹੂਏ ਬੇਕਲ॥

ਸ਼ਮਸ਼ਾਨ ਮੇਂ ਥਾ ਸ਼ੋਰ; ਮਜ਼ਾਰੋ ਮੇਂ ਥੀ ਹਲਚਲ।….

ਤਲਵਾਰ ਵੁਹ ਖੂੰ-ਖਾਰ ਥੀ, ਤੋਬਾ ਹੀ ਭਲੀ ਥੀ।

ਲਾਖੋਂ ਕੀ ਹੀ ਜਾਂ ਲੇ ਕੇ, ਬਲਾ ਸਰ ਸੇ ਟਲੀ ਥੀ।

ਸਾਹਿਬਜ਼ਾਦਾ ਅਜੀਤ ਸਿੰਘ ਦੀ ਤਲਵਾਰਬਾਜ਼ੀ ਅਤੇ ਜੰਗ ਦੇ ਮੈਦਾਨ ਵਿੱਚ ਵਖਾਏ ਗਏ ਜੌਹਰ ਬਾਰੇ ਅੱਲਾ ਯਾਰ ਖਾਂ ਅੱਗੇ ਲਿਖਦੇ ਹਨ :

ਯਿਹ ਆਈ, ਵੁਹ ਪਹੁੰਚੀ, ਵੁਹ ਗਈ ਸਨ ਸੇ ਨਿਕਲ ਕਰ।

ਜਬ ਬੈਠ ਗਈ ਸਰ ਪਿ, ਉਠੀ ਤਨ ਸੇ ਨਿਕਲ ਕਰ। …         

ਦੁਸ਼ਮਨ ਕੋ ਲੀਆ ਮਰਕਬਿ ਦੁਸ਼ਮਨ ਭੀ ਨ ਛੋਡਾ।

ਅਸਵਾਰ ਕੋ ਦੋ ਕਰ ਗਈ, ਤੋ ਸਨ ਭੀ ਨ ਛੋਡਾ।੮੭॥

ਜੈਕਾਰਿਆਂ ਦੀ ਗੂੰਜ ਵਿੱਚ ਲਲਕਾਰਦੇ ਸਿੱਖ ਸੂਰਬੀਰਾਂ ਨੇ ਅਨੇਕਾਂ ਵੈਰੀਆਂ ਨੂੰ ਮੌਤ ਦੇ ਘਾਟ ਉਤਾਰਿਆ ਤੇ ਅਖੀਰ ਜਦੋਂ ਜੰਗ ਦੇ ਮੈਦਾਨ ਵਿੱਚ ਆਖ਼ਰੀ ਦਮ ਤੱਕ ਜੂਝਦੇ ਹੋਏ ਬਾਕੀ ਸਿੰਘਾਂ ਸਮੇਤ ਸਾਹਿਬਜ਼ਾਦਾ ਅਜੀਤ ਸਿੰਘ ਵੀ ਸ਼ਹਾਦਤ ਦਾ ਜਾਮ ਪੀ ਗਏ ਤਾਂ ਅੱਲਾ ਯਾਰ ਖਾਂ ਆਪਣੀ ਲਿਖਤ ਵਿੱਚ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਇਉਂ ਲਿਖਦਾ ਹੈ :

ਸ਼ਾਬਾਸ਼ ਪਿਸਰ ਖੂਬ ਦਲੇਰੀ ਸੇ ਲੜੇ ਹੋ !

ਹਾਂ ਕਿਉਂ ਨਾ ਹੋ, ਗੋਬਿੰਦ ਕੇ ਫਰਜ਼ੰਦ ਬੜੇ ਹੋ ! !

ਆਪਣੇ ਵੱਡੇ ਭਰਾਤਾ ਅਜੀਤ ਸਿੰਘ ਨੂੰ ਮੈਦਾਨੇ ਜੰਗ ਵਿੱਚ ਲੜਦੇ ਹੋਏ ਦੇਖ ਸਾਹਿਬਜ਼ਾਦਾ ਜੁਝਾਰ ਸਿੰਘ ਇੱਕ ਦਮ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਆ ਗਏ ਅਤੇ ਬੇਨਤੀ ਕੀਤੀ ਕਿ ਉਸ ਨੂੰ ਮੈਦਾਨੇ ਜੰਗ ਵਿੱਚ ਦੁਸ਼ਮਣਾਂ ਦੇ ਆਹੂ ਲਾਹੁਣ ਲਈ ਭੇਜਿਆ ਜਾਵੇ। ਅੱਲਾ ਯਾਰ ਖਾਂ ਇਸ ਸਮੇਂ ਨੂੰ ਇਉਂ ਕਲਮਬੱਧ ਕਰਦਾ ਹੈ :

ਪਾਲਾ ਹੈ ਤੁਮੇਂ ਨਾਜ਼ ਸੇ ! ਬੋਲੇ ਗੁਰੂ ਗੋਬਿੰਦ।

ਰੋਕਾ ਨਹੀਂ ਆਗਾਜ਼ ਸੇ ! ਬੋਲੇ ਗੁਰੂ ਗੋਬਿੰਦ।

ਉਸ ਨੰਨ੍ਹੇ ਸੇ ਜਾਂ-ਬਾਜ਼ ਸੇ ਬੋਲੇ ਗੁਰੂ ਗੋਬਿੰਦ।

ਲੋ ਆਉ ਤਨਿ-ਪਾਕ ਪਿ ਹਥਿਆਰ ਸਜਾ ਦੇਂ !

ਛੋਟੀ ਸੀ ਕਮਾਂ ਨੰਨ੍ਹੀ ਸੀ ਤਲਵਾਰ ਸਜਾ ਦੇਂ !….

ਲੋ ਜਾਓ, ਸਿਧਾਰੋ ! ਤੁਮੇਂ ਕਰਤਾਰ ਕੋ ਸੋਂਪਾ !

ਮਰ ਜਾਓ ਯਾ ਮਾਰੋ, ਤੁਮੇਂ ਕਰਤਾਰ ਕੋ ਸੋਂਪਾ !….       

ਖਾਹਸ਼ ਹੈ, ਤੁਮੇਂ ਤੇਗ਼ ਚਲਾਤੇ ਹੂਏ ਦੇਖੇਂ !

ਹਮ ਆਂਖ ਸੇ ਬ੍ਰਛੀ ਤੁਮੇਂ ਖਾਤੇ ਹੂਏ ਦੇਖੇਂ ! !

ਇਤਿਹਾਸਕਾਰਾਂ ਮੁਤਾਬਕ ਗੁਰੂ ਜੀ ਨੇ ਆਪਣੇ ਲਖ਼ਤੇ ਜ਼ਿਗਰ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਵੀ ਅਜੀਤ ਸਿੰਘ ਵਾਂਗ ਤਿਆਰ ਬਰ ਤਿਆਰ ਕਰ ਮੈਦਾਨੇ ਜੰਗ ਵਿੱਚ ਜਾਣ ਦੀ ਆਗਿਆ ਦਿੱਤੀ। ਗੜ੍ਹੀ ਦਾ ਦਰਵਾਜ਼ਾ ਖੁਲ੍ਹਿਆ ਸਾਹਿਬਜ਼ਾਦਾ ਜੁਝਾਰ ਸਿੰਘ ਲਾ ਕੇ ਘੋੜੇ ਨੂੰ ਅੱਡੀ, ਹਵਾ ਵਿੱਚ ਗੱਲਾਂ ਕਰਦਾ ਰਣ-ਤੱਤੇ ਮੈਦਾਨ ਵਿੱਚ ਦੁਸ਼ਮਣਾਂ ਦੇ ਆਹੂ ਲਾਹੁੰਦਾ ਹੋਇਆ ਅੱਗੇ ਵੱਧ ਰਿਹਾ ਸੀ। ਇਤਨੇ ਨੂੰ ਮੁਗ਼ਲ ਸਿਪਾਹਸਲਾਰ ਨੇ ਆਵਾਜ਼ ਲਗਾਈ ਕਿ ‘ਇਹ ਗੋਬਿੰਦ ਦਾ ਦੂਜਾ ਪੁਤਰ ਹੈ ਇਸ ਨੂੰ ਅਜਾਈਂ ਨਾ ਜਾਣ ਦੇਣਾ, ਮਿਲ ਕੇ ਹਮਲਾ ਕਰੋ ਤੇ ਚਾਰੇ ਪਾਸਿਆਂ ਤੋਂ ਘੇਰ ਲਵੋ, ਇਹ ਵਾਪਸ ਜਿੰਦਾ ਹਵੇਲੀ ਵਿੱਚ ਨਹੀਂ ਜਾਣਾ ਚਾਹੀਦਾ’। ਸਾਹਿਬਜ਼ਾਦਾ ਜੁਝਾਰ ਸਿੰਘ ਜੁਝਾਰੀ ਬੀਰਤਾ ਨਾਲ ਦੁਸ਼ਮਣਾਂ ਦੇ ਆਹੂ ਲਾਹੁੰਦੇ ਹੋਏ ਸ਼ਹਾਦਤ ਨੂੰ ਪ੍ਰਵਾਨ ਚੜ੍ਹ ਗਏ।

ਸ਼ਾਮ ਦਾ ਹਨ੍ਹੇਰਾ ਪੈ ਗਿਆ, ਲੜਾਈ ਬੰਦ ਹੋ ਗਈ। ਗੁਰੂ ਜੀ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਇਤਿਹਾਸਿਕ ਪੁਸਤਕਾਂ ਵਿੱਚ ਲਿਖਾਰੀ ਉਸ ਸਮੇਂ ਦੇ ਮਨੋਭਾਵਾਂ ਨੂੰ ਬਿਆਨ ਕਰਦੇ ਲਿਖਦਾ ਹੈ ਕਿ ਗੁਰੂ ਜੀ ਨੇ ਕਿਹਾ ਕਿ ਪਹਿਲਾਂ ਮੈਨੂੰ ਸ਼ਹੀਦ ਪਿਤਾ ਦਾ ਪੁੱਤਰ ਕਰਕੇ ਜਾਣਿਆ ਜਾਂਦਾ ਸੀ, ਪਰ ਹੁਣ ਅਕਾਲ ਪੁਰਖ ਦੀ ਕਿਰਪਾ ਨਾਲ ਮੈਨੂੰ ਸ਼ਹੀਦ ਪੁੱਤਰਾਂ ਦਾ ਪਿਤਾ ਬਣਨ ਦਾ ਮਾਣ ਹਾਸਲ ਹੋਇਆ ਹੈ। ਗੁਰੂ ਜੀ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਸਵੇਰੇ ਜੰਗ ਦੇ ਮੈਦਾਨ ਵਿੱਚ ਆਪ ਲੜਣ ਲਈ ਤਿਆਰੀ ਕਰਦੇ ਹਨ, ਪਰ ਨਾਲ ਖੜ੍ਹੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਤੇ ਬਾਕੀ ਸਿੰਘ; ਗੁਰੂ ਸਾਹਿਬ ਜੀ ਨਾਲ ਇਸ ਚਮਕੌਰ ਦੀ ਹਵੇਲੀ ਵਿਚੋਂ ਨਿਕਲਣ ਦੀ ਸਲਾਹ ਕਰਦੇ ਹਨ ਕਿ ਬੇਵਕਤ ਸਮੇਂ ਦੀ ਕੁਰਬਾਣੀ ਪੰਥ ਨੂੰ ਨੁਕਸਾਨ ਪਹੁੰਚਾਏਗੀ। ਗੁਰੂ ਸਾਹਿਬ ਜੀ ! ਜੇਕਰ ਰਣਨੀਤੀ ਦੇ ਤਹਿਤ ਇੱਥੋਂ ਨਿਕਲ ਜਾਂਦੇ ਹਾਂ ਤਾਂ ਬਿਖੜੇ ਸਮੇਂ ਵਿੱਚ ਪੰਥ ਨੂੰ ਮੁੜ ਆਪਣੇ ਪੈਰਾਂ ’ਤੇ ਖੜ੍ਹਾ ਕੀਤਾ ਜਾ ਸਕਦਾ ਹੈ ਅਤੇ ਫਿਰ ਦੁਸ਼ਮਣਾਂ ਨਾਲ ਸੂਰਮਗਤੀ ਨਾਲ ਲੜਦੇ ਸ਼ਹਾਦਤਾਂ ਪਾਵਾਂਗੇ। ਗੁਰੂ ਸਾਹਿਬ ਇਸ ਚਮਕੌਰ ਦੀ ਗੜ੍ਹੀ ਵਿੱਚੋਂ ਨਿਕਲਣ ਦੀ ਵਿਓਂਤਬੰਦੀ ਕਰਦੇ ਹਨ। ਗੁਰੂ ਜੀ ਨੇ ਭਾਈ ਸੰਗਤ ਸਿੰਘ ਨੂੰ ਕਲਗੀ ਸਜਾ ਰਾਤ ਦੇ ਹਨ੍ਹੇਰੇ ਵਿੱਚ ਗੜ੍ਹੀ ਵਿੱਚੋਂ ਬਾਹਰ ਨਿਕਲ ਸ਼ਾਹੀ ਲਸਕਰ ਵਿੱਚ ਜਾ ਵੜੇ ਤੇ ਗੁਰੂ ਘਰ ਦੇ ਸੇਵਕ ‘ਨਬੀ ਖਾਂ ਤੇ ਗਨੀ ਖਾਂ’ ਦੀ ਰਾਹੀਂ ਮਾਛੀਵਾੜੇ ਜਾ ਪਹੁੰਚੇ, ਜਿੱਥੇ ਗੁਰੂ ਜੀ ਨੂੰ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੀ ਖ਼ਬਰ ਮਿਲੀ।

ਇਧਰ ਗੜ੍ਹੀ ਵਿੱਚ ਬਚੇ ਬਾਕੀ ਸਿੰਘਾਂ ਨੇ ਮੁਗ਼ਲ ਫ਼ੌਜਾਂ ਨਾਲ ਜ਼ਬਰਦਸਤ ਟੱਕਰ ਲਈ, ਇੱਕ-ਇੱਕ ਸਿੰਘ ਗੜ੍ਹੀ ਵਿੱਚੋਂ ਨਿਕਲਦੇ ਅਤੇ ਆਪਣੇ ਅੰਤਲੇ ਸਮੇਂ ਤੱਕ ਕਈ ਦੁਸ਼ਮਣਾਂ ਦਾ ਘਾਣ ਕਰਦੇ ਹੋਏ ਸ਼ਹੀਦੀ ਪ੍ਰਾਪਤ ਕਰਦੇ। ਜਦੋਂ ਗੜ੍ਹੀ ਵਿੱਚ ਕੋਈ ਸਿੰਘ ਨਾ ਰਿਹਾ ਤਾਂ ਮੁਗ਼ਲ ਫ਼ੌਜੀਆਂ ਨੂੰ ਖੁਸ਼ੀ ਹੋਈ ਕਿ ਗੋਬਿੰਦ ਸਿੰਘ ਉਹਨਾਂ ਦੇ ਹੱਥੋਂ ਮਾਰਿਆ ਜਾ ਚੁੱਕਾ ਹੈ, ਅਜਿਹਾ ਭਰਮ ਉਹਨਾਂ ਨੂੰ ਪਹਿਲਾਂ ਵੀ ਸਰਸਾ ਦੇ ਕੰਡੇ ਹੋਇਆ ਸੀ ਜਦੋਂ ਭਾਈ ਉਦੈ ਸਿੰਘ ਦੀ ਸ਼ਹਾਦਤ ਨੂੰ ਮੁਗ਼ਲ ਸੈਨਿਕਾਂ ਨੇ ਗੁਰੂ ਗੋਬਿੰਦ ਸਿੰਘ ਸਮਝ ਲਿਆ ਸੀ ਤੇ ਹੁਣ ਵੀ ਭਾਈ ਸੰਗਤ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਸਮਝਣ ਦਾ ਟਪਲਾ ਖਾ ਚੁੱਕੇ ਸਨ। ਵਜੀਰ ਖਾਂ ਤੇ ਬਾਕੀ ਮੁਗ਼ਲ ਜਰਨੈਲ ਮੂੰਹ ਦੀ ਖਾਹ ਕੇ, ਨਿੰਮੋਝੂਣੇ ਹੁੰਦੇ ਹੋਏ ਖ਼ਾਲੀ ਹੱਥ ਵਾਪਸ ਪਰਤ ਗਏ। ਚਮਕੌਰ ਦੀ ਜੰਗ ਵਿੱਚ ਲੜਣ ਵਾਲੇ ਸ਼ੁਰਬੀਰ ਯੋਧੇ 5 ਪਿਆਰਿਆਂ ਵਿੱਚੋ 3 ਪਿਆਰਿਆਂ (ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ) ਤੋਂ ਇਲਾਵਾ ਅਜ਼ਬ ਸਿੰਘ, ਅਜਾਇਬ ਸਿੰਘ ਤੇ ਅਨਿਕ ਸਿੰਘ (ਸਪੁੱਤਰ ਭਾਈ ਮਨੀ ਸਿੰਘ ਜੀ), ਭਾਈ ਆਲਮ ਸਿੰਘ ਨੱਚਣਾ, ਭਾਈ ਸੰਗਤ ਸਿੰਘ, ਭਾਈ ਸੰਤ ਸਿੰਘ ਬੰਗੇਸ਼ਰੀ, ਭਾਈ ਕਿਰਪਾ ਰਾਮ (ਜੋ ਕਸ਼ਮੀਰੀ ਪੰਡਿਤਾਂ ਲਈ ਗੁਰੂ ਤੇਗ਼ ਬਹਾਦਰ ਜੀ ਕੋਲ਼ ਫ਼ਰਿਆਦੀ ਬਣ ਕੇ ਆਇਆ ਸੀ), ਭਾਈ ਨਾਨੂ ਰਾਏ ਤੇ ਬਾਕੀ ਸਿੰਘ ਮੁਗ਼ਲਾਂ ਦੇ ਆਹੂ ਲਾਹੁੰਦੇ ਹੋਏ ਸ਼ਹਾਦਤ ਦਾ ਜ਼ਾਮ ਪੀ ਗਏ।

ਸਾਕਾ ਚਮਕੌਰ, ਜਿੱਥੇ ਸਾਡੇ ਕੁਰਬਾਨੀਆਂ ਭਰੇ ਇਤਿਹਾਸ ਦਾ ਪ੍ਰਤੀਕ ਹੈ, ਉੱਥੇ ਸਿੱਖ ਨੌਜਵਾਨ ਜੋ ਆਪਣੇ ਮਾਣਮੱਤੇ ਇਤਿਹਾਸ ਨੂੰ ਭੁੱਲ ਰਹੇ ਹਨ ਉਨ੍ਹਾਂ ਲਈ ਪ੍ਰੇਰਨਾ ਸ੍ਰੋਤ ਵੀ ਹੈ ਕਿ ਕਿਵੇਂ ਸਿੱਖ ਧਰਮ ਦੀ ਆਨ ਅਤੇ ਸ਼ਾਨ ਲਈ ਉਹ ਆਪਾ ਵਾਰ ਗਏ। ਇਹ ਸਾਕਾ ਨੌਜਵਾਨਾਂ ਨੂੰ ਆਪਣੇ ਮਨਾਂ ਅੰਦਰ ਝਾਤੀ ਮਾਰਨ ਦੀ ਯਾਦ ਦਿਵਾਉਂਦਾ ਹੈ ਕਿ ਆਪਣੇ ਹਮ ਉਮਰ ਵੱਡੇ ਵੀਰਾਂ (ਸਾਹਿਬਜ਼ਾਦਿਆਂ) ਦੀ ਕੁਰਬਾਨੀ ਨੂੰ ਤੱਕੋ। ਆਪਣੇ ਵਿਰਸੇ ਦੀ ਪਛਾਣ ਕਰਨਾ ਹੀ ਸਾਡਾ ਚਮਕੌਰ ਦੇ ਸ਼ਹੀਦਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੈ। ਅੱਲਾ ਯਾਰ ਖਾਂ ਅਖੀਰ ਵਿੱਚ ਲਿਖਦੇ ਹਨ :

ਬਸ ਏਕ ਹਿੰਦ ਮੇਂ ਤੀਰਥ ਹੈ ਯਾਤ੍ਰਾ ਕੇ ਲਿਯੇ।

ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਿਯੇ।…       

ਭਟਕਤੇ ਫਿਰਤੇ ਹੈਂ ਕਿਉਂ ? ਹੱਜ ਕਰੇਂ ਯਹਾਂ ਆ ਕਰ।

ਯਿ ਕਾਬਾ ਪਾਸ ਹੈ ਹਰ ਏਕ ਖਾਲਸਾ ਕੇ ਲਿਯੇ।….       

ਮਿਜ਼ਾਰ ‘ਗੰਜਿ ਸ਼ਹੀਦਾਂ’ ਹੈ ਉਨ ਸ਼ਹੀਦੋਂ ਕਾ।

ਫਰਿਸ਼ਤੇ ਜਿਨ ਕੀ ਤਰਸਤੇ ਥੇ ਖ਼ਾਕਿ ਪਾ ਕੇ ਲਿਯੇ।

ਦਿਲਾਈ ਪੰਥ ਕੋ ਸਰ-ਬਾਜ਼ੀਓ ਸੇ ਸਰਦਾਰੀ,

ਬਰਾਇ ਕੌਮ ਯਿ ਰੁਤਬੇ ਲਹੂ ਬਹਾ ਕੇ ਲੀਏ।

ਸਾਕਾ ਸਰਹੰਦ (ਛੋਟੇ ਸਾਹਿਬਜ਼ਾਦੇ)

0

ਸਾਕਾ ਸਰਹੰਦ (ਛੋਟੇ ਸਾਹਿਬਜ਼ਾਦੇ)

ਹਰਪ੍ਰੀਤ ਸਿੰਘ

ਸਰਸਾ ਨਦੀ ਤੋਂ ਵਿਛੜ ਕੇ ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦੇ ਜੰਗਲ ਬੀਆਬਾਨ ਵਿੱਚ ਚੱਲਦੇ ਹੋਏ ਰਾਤ ਦੇ ਹਨ੍ਹੇਰੇ ਵਿੱਚ ਸਤਲੁਜ ਦਰਿਆ ਦੇ ਕੰਢੇ ਕੁੱਮੇ ਮਾਸ਼ਕੀ (ਜਿਸ ਨੂੰ ਕਈ ਇਤਿਹਾਸਕਾਰਾਂ ਨੇ ਕਰੀਮ ਬਖਸ਼ ਵੀ ਲਿਖਿਆ ਹੈ) ਦੀ ਛੰਨ ’ਤੇ ਪਹੁੰਚੇ। ਜੋ ਕਿ ਪਿੰਡ ਚੱਕ ਢੇਰਾ ਕਹਾਉਂਦਾ ਹੈ। ‘ਕਥਾ ਗੁਰੂ ਘਰ ਕੇ ਸੂਤਨ ਕੀ’ (ਕਿਰਤ ਕਵਿ ਦੁਨਾ ਸਿੰਘ ਹੰਡੂਰੀ), ਇਸ ਗੱਲ ਦੀ ਗਵਾਹੀ ਭਰਦਾ ਹੈ। ਇੱਥੇ ਕੁੱਮੇ ਮਾਸ਼ਕੀ ਨੇ ਮਾਤਾ ਜੀ ਨੂੰ ਆਪਣੇ ਪਾਸ ਆਰਾਮ ਕਰਨ ਲਈ ਕਹਿ, ਪਿੰਡ ਤੋਂ ਪ੍ਰਸ਼ਾਦਾ ਲੈਣ ਲਈ ਚਲਾ ਗਿਆ। ਲੱਛਮੀ ਨਾਂ ਦੀ ਇਹ ਮਾਈ ਪਰਮਾਤਮਾ ਦੀ ਨੇਕ ਭਗਤ ਸੀ ਅਤੇ ਲੋੜਵੰਦ-ਰਾਹਗੀਰ ਨੂੰ ਲੰਗਰ ਪ੍ਰਸ਼ਾਦਾ ਛਕਾਉਂਦੀ ਸੀ। ਕੁੱਮੇ ਨੇ ਸਾਰੀ ਗੱਲ ਮਾਤਾ ਲਛਮੀ ਨੂੰ ਦਸੀ ਜਿਸ ਨੇ ਜਲਦੀ ਨਾਲ ਪ੍ਰਸ਼ਾਦਾ ਤਿਆਰ ਕਰ ਕੇ ਦਿੱਤਾ ਅਤੇ ਉਸ ਨੂੰ ਕਿਹਾ ਕਿ ਸਵੇਰੇ ਮੈਂ ਦਰਸ਼ਨ ਵੀ ਕਰ ਲਵਾਂਗੀ ਅਤੇ ਪ੍ਰਸ਼ਾਦਾ ਵੀ ਨਾਲ ਹੀ ਲੈ ਆਵਾਂਗੀ। ਇੱਧਰ ਦਾਦੀ ਮਾਂ ਅਤੇ ਛੋਟੇ ਸਾਹਿਬਜ਼ਾਦੇ ਦੀ ਆਪਸੀ ਵਾਰਤਾ ਦਾ ਖ਼ਿਆਲ ਅੱਲਾ ਯਾਰ ਖਾਂ ਨੇ ਇਉਂ ਕਲਮਬੱਧ ਕੀਤਾ ਹੈ :

ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿਧਰ ਗਏ।

ਦਰਿਯਾ ਪੇ ਹਮ ਕੋ ਛੋਡ ਕੇ ਰਾਹੀ ਕਿਧਰ ਗਏ।       

ਅਤੇ ਵੱਡੇ ਸਾਹਿਬਜ਼ਾਦਿਆਂ ਨਾਲ ਨਾਰਾਜ਼ਗੀ ਦੀ ਗੱਲ ਕਰਦੇ ਅੱਲਾ ਯਾਰ ਖਾਂ ਲਿਖਦੇ ਹਨ :

ਜਬ ਰਨ ਅਜੀਤ ਜੀਤ ਕੇ ਤਸ਼ਰੀਫ ਲਾਏਂਗੇ।

ਅੱਬਾ ਕੇ ਸਾਥ ਜਿਸ ਘੜੀ ਜੁਝਾਰ ਆਏਂਗੇ।

ਕਰਕੇ ਗਿਲਾ ਹਰ ਏਕ ਸੇ ਹਮ ਰੂਠ ਜਾਏਂਗੇ।

ਮਾਤ ਕਭੀ, ਪਿਤਾ ਕਭੀ ਭਾਈ ਮਨਾਏਂਗੇ।

ਹਮ ਕੋ ਗਲੇ ਲਗਾ ਕਰ ਕਹੇਂਗੇ ਵਹੁ ਬਾਰ ਬਾਰ।

ਮਾਨ ਜਾਓ ਲੇਕਿਨ ਹਮ ਨਹੀ ਮਾਨੇਂਗੇ ਜ਼ੀਨਹਾਰ।੪੯।

ਇਕਰਾਰ ਲੇਂਗੇ ਸਭ ਸੇ ਭੁਲਾਨਾ ਨ : ਫਿਰ ਕਭੀ।….       

ਹਮ ਕੋ ਅਕੇਲੇ ਛੋਡ ਕੇ ਜਾਨਾ ਨ : ਫਿਰ ਕਭੀ।

ਕਰ ਦੇਤੇ ਹੈ ਯੌਂ ਹਮ ਕੋ ਰੁਲਾਨਾ ਨ : ਫਿਰ ਕਭੀ।

ਪਰ ਦਾਦੀ ਮਾਂ ਤਾਂ ਆਉਣ ਵਾਲੇ ਭਿਆਨਕ ਸਮੇਂ ਬਾਰੇ ਸੋਚ ਰਹੀ ਸੀ ਕਿ ਇਹਨਾਂ ਕੋਮਲ ਬੱਚਿਆਂ ਨਾਲ ਕੀ ਬੀਤੇਗੀ ਅਤੇ ਇਹਨਾਂ ਨੂੰ ਹੁਣ ਮੈ ਕਿਸ ਪਾਸੇ ਲੈ ਕੇ ਜਾਵਾਂ ਕਿ ਇਹ ਆਪਣੀ ਮਾਤਾ ਤੇ ਭਰਾਵਾਂ ਨੂੰ ਮਿਲ ਪੈਣ, ਇਸ ਖ਼ਿਆਲ ਨੂੰ ਅੱਲਾ ਯਾਰ ਖਾਂ ਲਿਖਦੇ ਹਨ :

ਕਹਤੀ ਥੀ ਜੀ ਮੇਂ ਲੇ ਕੇ ਇਨ੍ਹੇਂ ਕਿਸ ਤਰਫ਼ ਕੋ ਜਾਊਂ।

ਬੇਟੇ ਕੋ ਬਹੁਓਂ ਕੋ ਯਾ-ਰੱਬ ਮੈਂ ਕੈਸੇ ਪਾਊਂ।

ਲਖ਼ਤਿ-ਜਿਗਰ ਕੇ ਲਾਲ ਯਿਹ ਦੋਨੋ ਕਹਾਂ ਛਪਾਊਂ।

ਤੁਰਕੋਂ ਸੇ, ਰਾਜਪੂਤੋਂ ਸੇ ਕਿਉਂ ਕਰ ਇਨਹੇ ਬਚਾਊਂ।

ਇੱਧਰ ਕੁੰਮਾਂ ਮਾਸ਼ਕੀ; ਮਾਤਾ ਜੀ ਅਤੇ ਸਾਹਿਬਜ਼ਾਦਿਆਂ ਲਈ ਪ੍ਰਸ਼ਾਦਾ ਲੈ ਕੇ ਆਇਆ। ਮਾਤਾ ਜੀ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਲਾਲਾਂ ਨੂੰ ਪ੍ਰਸ਼ਾਦਾ ਛਕਾਇਆ। ਦਾਦੀ ਮਾਂ ਤੋਂ ਆਪਣੇ ਪਿਤਾ, ਭਰਾਵਾ ਬਾਰੇ ਪੁੱਛਦੇ ਤੇ ਦਿਨ-ਰਾਤ ਦੀ ਥਕਾਨ ਦੇ ਟੁੱਟੇ ਮਾਤਾ ਜੀ ਨਾਲ ਗਲਵੱਕੜੀ ਪਾ ਸੋਂ ਗਏ। ਅਗਲੇ ਦਿਨ ਸਵੇਰੇ ਮਾਈ ਲੱਛਮੀ; ਗੁਰੂ ਮਾਤਾ ਜੀ ਦੇ ਦਰਸ਼ਨਾਂ ਨੂੰ ਆਈ ਤੇ ਪ੍ਰਸ਼ਾਦਾ ਲਿਆ ਹਾਜ਼ਰ ਕੀਤਾ। ਇੱਥੋਂ ਗੰਗੂ; ਮਾਤਾ ਜੀ ਤੇ ਦੋਵੇਂ ਸਾਹਿਜ਼ਾਦਿਆ ਨੂੰ ਆਪਣੇ ਨਾਲ ਪਿੰਡ ਸਹੇੜੀ ਲੈ ਗਿਆ। ਪੁਸਤਕ ‘ਕਥਾ ਗੁਰੂ ਜੀ ਕੇ ਸੂਤਨ ਦੀ’ ਵਿੱਚ ਭਾਈ ਦੂਨਾ ਸਿੰਘ ਹੰਡੂਰੀਆਂ ਲਿਖਦਾ ਹੈ ਕਿ ਉਹ ਕੁੰਮੇ ਮਾਸ਼ਕੀ ਨੂੰ ਦੱਸਦਾ ਹੈ ਕਿ ਉਹਨਾਂ ਨੂੰ ਸਰਸਾ ਨਦੀ ਦੇ ਪਰਵਾਰ ਵਿਛੋੜੇ ਦੀ ਘਟਨਾ ਦਾ ਪਤਾ ਚੱਲਿਆ ਹੈ ਤੇ ਉਹ, ਗੁਰੂ ਸਾਹਿਬ ਅਤੇ ਗੁਰੂ ਪੁੱਤਰਾਂ ਨੂੰ ਭਾਲ ਰਿਹਾ ਹੈ। ਮੈਨੂੰ ਪਤਾ ਚੱਲਿਆ ਕਿ ਦਾਦੀ ਮਾਂ ਤੇ ਛੋਟੇ ਸਾਹਿਬਜ਼ਾਦੇ ਤੇਰੇ ਕੋਲ ਹਨ। ਮੈ ਉਹਨਾਂ ਨੂੰ ਲੈਣ ਆਇਆ ਹਾਂ (ਜਦਕਿ ਇਹ ਬਹੁਤ ਮਕਾਰੀ ਤੇ ਚਾਲਬਾਜ ਬੰਦਾ ਸੀ ਅਤੇ ਲਾਲਚ ਵੱਸ ਆ ਹੁਣ ਵੀ ਇਸ ਦੇ ਮਨ ਵਿੱਚ ਮਾਤਾ ਗੁਜਰੀ ਜੀ ਪਾਸੋਂ ਮੋਹਰਾਂ ਤੇ ਗਠਰੀ ਹਥਿਆਉਣ ਦੀ ਮਨਸ਼ਾ ਸੀ)। ਉਹ ਮਾਤਾ ਗੁਜਰੀ ਜੀ ਅਤੇ ਦੋਹਾਂ ਸਾਹਿਬਜ਼ਾਦਿਆਂ ਨੂੰ ਮੋਰਿੰਡੇ ਕੋਲ ਪਿੰਡ ਸਹੇੜੀ ਆਪਣੇ ਘਰ ਲੈ ਗਿਆ। ਬੇਈਮਾਨ ਗੰਗੂ ਨੇ ਜਾਣ ਬੁੱਝ ਕੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਬਹੁਤ ਹੀ ਮਾੜਾ ਭੋਜਨ ਦਿੱਤਾ। ਮਾਤਾ ਜੀ ਨੇ ਉਸ ਨੂੰ ਚੰਗੇ ਭੋਜਨ ਲਈ ਰਸਦ ਲਿਆਉਣ ਵਾਸਤੇ ਮੋਹਰਾਂ ਦਿੱਤੀਆਂ। ਮੋਹਰਾਂ ਦੀ ਥੈਲੀ ਵੇਖ ਇਸ ਦਾ ਦਿਲ ਹੋਰ ਬੇਈਮਾਨ ਹੋ ਗਿਆ ਅਤੇ ਰਾਤ ਨੂੰ ਇਹ ਥੈਲੀ ਚੋਰੀ ਕਰਨ ਦੀ ਵਿਓਂਤਾ ਬਣਾਉਣ ਲੱਗਾ ਅਤੇ ਉਸ ਨੇ ਰਾਤ ਨੂੰ ਥੈਲੀ ਚੁੱਕ ਲਈ ਤੇ ਲੁਕਾ ਦਿੱਤੀ।

ਕਹਤੇ ਹੈ ਜਬ ਕਿ ਵਕਤ ਹੁਆ ਆਧੀ ਰਾਤ ਕਾ।

ਜੀ ਮੇਂ ਕਿਯਾ ਨ: ਖੌਫ ਕੁਛ ਆਕਾ ਕੀ ਮਾਤ ਕਾ।

ਮੁਹਰੋਂ ਕਾ ਬਦਰਾ ਔਰ ਵੁਹ ਡੱਬਾ ਉਡਾ ਗਯਾ।

ਧੋਖੇ ਸੇ ਬ੍ਰਾਹਮਨ ਵੁਹ ਖ਼ਜਾਨਾ ਚੁਰਾ ਗਯਾ।੫੯॥…      

ਦੁਨਿਯਾ ਮੇਂ ਅਪਨੇ ਨਾਮ ਕੋ ਬਦਨਾਮ ਕਰ ਗਯਾ।

ਦੁਸ਼ਮਨ ਭੀ ਜੋ ਨਾ ਕਰਤਾ ਵੁਹ ਯਿਹ ਕਾਮ ਕਰ ਗਯਾ।੬੦॥ (ਅੱਲਾ ਯਾਰ ਖਾਂ)

ਜਦੋਂ ਸਵੇਰੇ ਮਾਤਾ ਗੁਜਰੀ ਜੀ ਨੂੰ ਮੋਹਰਾਂ ਦੀ ਥੈਲੀ ਨਾ ਮਿਲੀ ਤਾਂ ਉਹਨਾਂ ਨੇ ਸਹਿਜ ਸੁਭਾ ਗੰਗੂ ਤੋਂ ਉਸ ਥੈਲੀ ਬਾਰੇ ਪੁੱਛਿਆ। ਅੱਗੋਂ ਗੰਗੂ ਨੇ ਜਾਣ ਬੁੱਝ ਕੇ ਰੋਲਾ ਪਾ ਦਿੱਤਾ ਕਿ ਉਸ ਨੂੰ ਚੋਰ ਬਣਾਇਆ ਜਾ ਰਿਹਾ ਹੈ ਅਤੇ ਇਸ ਤਰਾਂ ਬੜਬੜਾਉਂਦਾ ਹੋਇਆ, ਉਸ ਨੇ ਮਾੜੀ ਨੀਯਤ ਕਰਕੇ ਮੋਰਿੰਡੇ ਦੇ ਥਾਣੇਦਾਰ ਨੂੰ ਖ਼ਬਰ ਦੇ ਕੇ ਬੱਚਿਆਂ ਨੂੰ ਫੜਵਾ ਦਿੱਤਾ।

ਚੁਪਚਾਪ ਘਰ ਸੇ ਚਲ ਦਿਯਾ ਫਿਰ ਵੁਹ ਨਮਕ ਹਰਾਮ।

ਪਹੁੰਚਾ ਵੁਹ ਇਸ ਜਗਹ ਪ: ਮੋਰਿੰਡਾ ਥਾ ਜਿਸ ਕਾ ਨਾਮ।..

ਖੁਫੀਯ: ਕੁਛ ਉਨ ਸੇ ਕਰਨੇ ਲਗਾ ਬਦਸਯਰ ਕਲਾਮ।

ਮਤਲਬ ਥਾ ਜਿਸ ਕਾ, ਘਰ ਮਿਰੇ ਸਤਗੁਰ ਕੇ ਲਾਲ ਹੈਂ।..

ਰਾਜੋਂ ਸੇ ਔਰ ਨਵਾਬ ਸੇ ਦਿਲਵਾਓ ਅਗਰ ਇਨਾਮ..

ਅਲਕਿੱਸਾ ਲੇ ਕੇ ਸਾਥ ਵੁਹ ਜਾਸੂਸ ਆ ਗਯਾ।

ਪਕੜਾਨੇ ਸ਼ਾਹਜ਼ਾਦੋਂ ਕੋ ਮਨਹੂਸ ਆ ਗਯਾ।

ਮੋਰਿੰਡੇ ਦੇ ਹਾਕਮ ਜਾਨੀ ਖਾਂ-ਮਾਨੀ ਖਾਂ ਕੋਲ ਮੁਖ਼ਬਰੀ ਕਰਕੇ ਮਾਤਾ ਜੀ ਤੇ ਬੱਚਿਆਂ ਨੂੰ ਗ੍ਰਿਫ਼ਤਾਰ ਕਰਾ 23 ਦਸੰਬਰ 1705 ਨੂੰ ਸੂਬ੍ਹਾ ਸਰਹਿੰਦ ਦੇ ਹਵਾਲੇ ਕਰ ਦਿੱਤਾ। ਉਸ ਰਾਤ ਉਹਨਾਂ ਨੂੰ ਕਿਲ੍ਹੇ ਦੇ ਠੰਢੇ ਬੁਰਜ ਵਿੱਚ ਰੱਖਿਆ ਗਿਆ। ਇੱਥੇ ਲੰਗਰ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ, ਪਰ ਸੂਬਾ ਸਰਹੰਦ ਪਾਸ ਇੱਕ ਗ਼ਰੀਬ ਪਰਵਾਰ ਨਾਲ ਸੰਬੰਧਿਤ ਮੋਤੀ ਰਾਮ ਮਹਿਰਾ, ਰਸੋਈਖ਼ਾਨੇ ਵਿੱਚ ਨੌਕਰੀ ਕਰਦਾ ਸੀ, ਉਸ ਨੇ ਘਰ ਆ ਕੇ ਆਪਣੀ ਘਰਵਾਲੀ ਨੂੰ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੇ ਫੜੇ ਜਾਣ ਦੀ ਸਾਰੀ ਵਾਰਤਾ ਦੱਸੀ ਅਤੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਲਈ ਦੁੱਧ ਤੇ ਪ੍ਰਸ਼ਾਦਾ ਲਿਜਾਉਣ ਦਾ ਪ੍ਰਬੰਧ ਕੀਤਾ ਸੀ। ਤਿੰਨੇ ਦਿਨ, ਇਹ ਪਰਵਾਰ ਚੋਰੀ ਛਿਪੇ ਦੁੱਧ ਦੀ ਸੇਵਾ ਕਰਦਾ ਰਿਹਾ। ਹਕੂਮਤ ਨੂੰ ਇਸ ਗੱਲ ਦੀ ਖ਼ਬਰ ਦਾ ਪਤਾ ਚਲਿਆ ਤਾਂ ਵਜ਼ੀਰ ਖ਼ਾਂ ਨੇ ਤੁਰੰਤ ਹੀ ਸਾਰੇ ਪਰਵਾਰ ਨੂੰ ਕੋਹਲੂ ਵਿੱਚ ਪੀੜਵਾ ਦਿੱਤਾ।

ਚਮਕੌਰ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਨਿਕਲ ਜਾਣ ਦੀ ਨਮੋਸ਼ੀ ਕਰਕੇ ਜਦੋਂ ਵਜੀਰ ਖ਼ਾਂ ਵਾਪਸ ਸਰਹੰਦ ਪਹੁੰਚਿਆ ਤਾਂ ਉਸ ਨੂੰ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੇ ਫੜੇ ਜਾਣ ਦੀ ਖ਼ਬਰ ਮਿਲੀ ਤਾਂ ਉਹ ਬਹੁਤ ਖੁਸ਼ ਹੋਇਆ। ਉਹ, ਮਨ ਅੰਦਰ ਬਹੁਤ ਖੁਸ਼ ਹੋ ਰਿਹਾ ਸੀ ਕਿ ਬੱਚਿਆ ਨੂੰ ਡਰਾ ਧਮਕਾ ਕੇ ਜਾਂ ਲਾਲਚ ਦੇ ਕੇ ਇਸਲਾਮ ਧਰਮ ਵਿੱਚ ਮਿਲਾ ਲਵਾਂਗਾ ਤੇ ਇਹ ਖ਼ਬਰ ਸੁਣ ਕੇ ਔਰੰਗਜ਼ੇਬ ਬਹੁਤ ਖੁਸ਼ ਹੋਵੇਗਾ ਤੇ ਮੈਨੂੰ ਮੂੰਹ ਮੰਗਿਆ ਇਨਾਮ ਮਿਲੇਗਾ। ਨਾਲ ਹੀ ਬਾਕੀ ਸਿੱਖਾਂ ਨੂੰ ਵੀ ਬੱਚਿਆਂ ਦੇ ਰਾਹੀਂ ਮੁਸਲਮਾਨ ਬਣਾ ਲਵਾਂਗਾ। ਦੂਜੇ ਦਿਨ ਸਾਹਿਬਜ਼ਾਦਿਆਂ ਨੂੰ ਸੂਬਾ ਸਰਹਿੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਕਚਹਿਰੀ ਵਿੱਚ ਸਾਹਿਬਜ਼ਾਦਿਆਂ ਨੂੰ ਦੀਨ ਕਬੂਲ ਕਰਨ ਲਈ ਲਾਲਚ ਦੇਣ ਤੇ ਡਰਾਉਣ-ਧਮਕਾਉਣ ਦੇ ਯਤਨ ਕੀਤੇ ਗਏ। ਸਾਹਿਬਜ਼ਾਦਿਆਂ ਨੇ ਸੂਬਾ ਸਰਹਿੰਦ ਨੂੰ ਆਪਣਾ ਧਰਮ ਛੱਡਣ ਤੋਂ ਦਲੇਰੀ ਨਾਲ ਇਨਕਾਰ ਕਰ ਦਿੱਤਾ। ਇਸ ਵਾਰਤਾ ਦਾ ਜ਼ਿਕਰ ਅੱਲਾ ਯਾਰ ਖ਼ਾਂ ਇੰਝ ਕਰਦਾ ਹੈ :

ਸਤਗੁਰ ਕੇ ਲਾਡਲੋਂ ਨੇ ਦਿਯਾ ਰੁਅਬ ਸੇ ਜਵਾਬ।

ਆਤੀ ਨਹੀਂ ਸ਼ਰਮ ਹੈ ਜ਼ਰਾ ਤੁਝ ਕੋ ਐ ਨਵਾਬ !

ਦੁਨਿਯਾ ਕੇ ਪੀਛੇ ਕਰਤਾ ਹੈ ਕਯੋਂ ਦੀਨ ਕੋ ਖਰਾਬ।

ਕਿਸ ਜਾ ਲਿਖਾ ਹੈ ਜੁਲਮ ਦਿਖਾ ਤੋਂ ਹਮੇਂ ਕਿਤਾਬ।

ਤਅਲੀਮ ਜੋਰ ਕੀ ਕਹੀਂ ਕੁਰਾਨ ਮੇਂ ਨਹੀਂ।

ਖ਼ੂਬੀ ਤੁਮ੍ਹਾਰੇ ਸ਼ਾਹ ਕੇ ਈਮਾਨ ਮੇਂ ਨਹੀਂ।੮੦॥

ਵਜ਼ੀਰ ਖਾਂ ਨੇ ਕਾਜ਼ੀ ਦੀ ਰਾਇ ਲਈ ਕਿ ਸਾਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਕੀ ਸਜ਼ਾ ਦਿੱਤੀ ਜਾ ਸਕਦੀ ਹੈ। ਕਾਜ਼ੀ ਨੇ ਕਿਹਾ ਕਿ ਇਸਲਾਮ ਵਿੱਚ ਬੱਚਿਆਂ ਨੂੰ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਹੈ। ਵਜ਼ੀਰ ਖ਼ਾਨ ਵੀ ਕਿਸੇ ਹੱਦ ਤੱਕ ਬੱਚਿਆਂ ਦਾ ਕਤਲ ਆਪਣੇ ਮੱਥੇ ’ਤੇ ਲਾਉਣ ਤੋਂ ਬਚਣਾ ਚਾਹੁੰਦਾ ਸੀ। ਦੀਵਾਨ ਸੁੱਚਾ ਨੰਦ ਨਹੀਂ ਸੀ ਚਾਹੁੰਦਾ ਕਿ ਸਾਹਿਬਜ਼ਾਦਿਆਂ ਨੂੰ ਛੱਡਿਆ ਜਾਵੇ।

ਇਤਿਹਾਸਿਕ ਹਵਾਲਿਆਂ ਅਨੁਸਾਰ ਸੁੱਚਾ ਨੰਦ ਨੇ ਬੱਚਿਆ ਨੂੰ ਪੁੱਛਿਆ ਕਿ ‘ਜੇਕਰ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ ? ਤਾਂ ਸਾਹਿਬਜ਼ਾਦਿਆਂ ਨੇ ਜਵਾਬ ਦਿੱਤਾ ਕਿ ‘ਪਹਿਲੀ ਗੱਲ ਤਾਂ ਤੁਸੀਂ ਸਾਨੂੰ ਛੱਡਣਾ ਹੀ ਨਹੀਂ, ਪਰ ਫਿਰ ਵੀ ਜੇਕਰ ਤੁਸੀਂ ਸਾਨੂੰ ਛੱਡ ਦਿੰਦੇ ਹੋ ਤਾਂ ਅਸੀਂ ਫਿਰ ਸਿੰਘਾਂ ਨੂੰ ਇਕੱਠੇ ਕਰਾਂਗੇ ਅਤੇ ਅਖੀਰਲੇ ਦਮ ਤੱਕ ਜ਼ੁਲਮ ਤੇ ਜ਼ਾਲਮ ਦੇ ਖਿਲਾਫ ਲੜਦੇ ਰਹਾਂਗੇ।

ਉਸ ਨੇ ਵਜ਼ੀਰ ਖਾਨ ਨੂੰ ਉਕਸਾਇਆ ਕਿ ਇਹਨਾਂ ਬੱਚਿਆਂ ਨੂੰ ਛੱਡਣਾ ਸਿਆਣਪ ਨਹੀਂ ਹੋਵੇਗੀ। ਹੁਣ ਉਸ ਨੇ ਨਵਾਬ ਮਾਲੇਰਕੋਟਲਾ ਨੂੰ ਕਿਹਾ ਕਿ ਉਹ ਚਾਹੇ ਤਾਂ ਆਪਣੀ ਮਰਜ਼ੀ ਅਨੁਸਾਰ ਇਨ੍ਹਾਂ ਬੱਚਿਆਂ ਨੂੰ ਸਜ਼ਾ ਦੇ ਕੇ ਆਪਣੇ ਭਰਾ ਨਾਹਰ ਖਾਂ ਤੇ ਭਾਣਜੇ (ਖ਼ਿਜ਼ਰ ਖਾਂ) ਦਾ ਬਦਲਾ ਲੈ ਸਕਦਾ ਹੈ ਜਿਹੜੇ ਕਿ ਚਮਕੌਰ ਦੀ ਜੰਗ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਮਾਰੇ ਗਏ ਸਨ। ਸ਼ੇਰ ਖਾਨ ਨੇ ਅੱਗੋਂ ਕਿਹਾ ਕਿ ਮੇਰਾ ਭਰਾ ਚਮਕੌਰ ਦੀ ਜੰਗ ਵਿੱਚ ਮਾਰਿਆ ਗਿਆ ਸੀ। ਮੈਂ ਇਹਨਾਂ ਸ਼ੀਰ-ਖੋਰਾਂ ਤੋਂ ਕੋਈ ਬਦਲਾ ਨਹੀਂ ਲੈਣਾ ਚਾਹੁੰਦਾ। ਅੱਲ੍ਹਾ ਯਾਰ ਖ਼ਾਂ ਲਿਖਦਾ ਹੈ :

ਬਦਲਾ ਹੀ ਲੇਨਾ ਹੋਗਾ ਤੋ ਲੇਂਗੇ ਬਾਪ ਸੇ।

ਮਹਿਫ਼ੂਜ਼ ਰਖੇ ਹਮ ਕੋ ਖ਼ੁਦਾ ਐਸੇ ਪਾਪ ਸੇ।

ਸਾਹਿਬਜ਼ਾਦਿਆਂ ਨੂੰ ਝੁਕਦਾ ਨਾ ਵੇਖ ਉਹਨਾਂ ਨੂੰ ਝੂਠ ਵੀ ਬੋਲਿਆ ਗਿਆ ਕਿ ਤੁਹਾਡਾ ਪਿਤਾ ਤੇ ਦੋਵੇਂ ਭਰਾ ਮਾਰੇ ਗਏ ਹਨ ਪਰ ਉਹ ਸਾਹਿਬਜ਼ਾਦਿਆਂ ਨੂੰ ਆਪਣੇ ਧਰਮ ਤੋਂ ਡੇਗ ਨਾ ਸਕੇ। ਅਖੀਰ ਕੋਈ ਚਾਰਾ ਨਾ ਵੇਖ ਕਾਜ਼ੀ ਪਾਸੋਂ ਬੱਚਿਆਂ ਨੂੰ ਕੰਧਾਂ ਵਿੱਚ ਚਿਣੇ ਜਾਣ ਦਾ ਫ਼ਤਵਾ ਦੇ ਦਿੱਤਾ। ਬੱਚਿਆਂ ਨੂੰ ਕੰਧਾਂ ਵਿੱਚ ਚਿਣਿਆ ਗਿਆ। ਕੰਧ ਜਦੋਂ ਮੋਢਿਆਂ ਤੱਕ ਆਈ ਤਾਂ ਡਿਗ ਪਈ ਸੀ। ਬੱਚਿਆਂ ਦੇ ਫੁੱਲਾਂ ਵਰਗੇ ਸਰੀਰ ਇਸ ਚੋਟ ਨੂੰ ਨਾ ਸਹਾਰਦੇ ਹੋਏ ਬੇਹੋਸ਼ ਹੋ ਗਏ। ਇਤਿਹਾਸ ਵਿੱਚ ਜ਼ਿਕਰ ਹੈ ਕਿ ਜਦੋਂ ਸਾਹਿਬਜ਼ਾਦੇ ਬੇਹੋਸ਼ ਹੋ ਕੇ ਡਿੱਗ ਪਏ ਤਾਂ ਉਹਨਾਂ ਨੂੰ ਚੁੱਕ ਕੇ ਦੁਬਾਰਾ ਸਿਪਾਹੀ; ਮਾਤਾ ਗੁਜਰੀ ਜੀ ਪਾਸ ਠੰਡੇ ਬੁਰਜ ਛੱਡ ਗਏ ਤਾਂ ਕਿ ਮਾਤਾ ਜੀ ਸਾਹਿਬਜ਼ਾਦਿਆਂ ਦੀ ਇਹ ਹਾਲਤ ਵੇਖ ਪਤੀਜ ਜਾਏ ਤੇ ਸ਼ਾਇਦ ਬੱਚੇ ਇਸਲਾਮ ਕਬੂਲ ਕਰ ਲੈਣ। ਹੋਸ਼ ਆਉਣ ’ਤੇ ਸਾਹਿਬਜ਼ਾਦਿਆਂ ਨੇ ਸਾਰੀ ਵਾਰਤਾ ਦਾਦੀ ਮਾਤਾ ਨੂੰ ਦੱਸੀ। ਮਾਤਾ ਗੁਜਰੀ ਜੀ ਨੇ ਬੱਚਿਆਂ ਨੂੰ ਗਲਵਕੜੀ ਵਿੱਚ ਲੈ ਲਿਆ ਅਤੇ ਆਪਣੇ ਵੱਡੇ-ਵੱਡੇਰਿਆਂ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਨਾ ਦਿੱਤੀ।

ਅਗਲੇ ਦਿਨ ਦੁਬਾਰਾ ਸਾਹਿਬਜ਼ਾਦਿਆਂ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਅਨੇਕਾਂ ਪੇਸ਼ਕਸ਼ਾਂ ਕੀਤੀਆਂ, ਪਰ ਸਾਹਿਬਜ਼ਾਦਿਆਂ ਨੇ ਈਨ ਨਹੀਂ ਮੰਨੀ। ਬੱਚਿਆਂ ਦੁਆਰਾ ਇਨਕਾਰ ਕਰਨ ’ਤੇ ਹੁਣ ਬੱਚਿਆਂ ਨੂੰ ਜ਼ਿਬਹ ਕਰਨ ਦਾ ਹੁਕਮ ਸੁਣਾਇਆ ਗਿਆ, ਪਰ ਕੋਈ ਵੀ ਜ਼ਲਾਦ ਸਾਹਿਬਜ਼ਾਦਿਆਂ ਨੂੰ ਕਤਲ ਕਰਨ ਲਈ ਤਿਆਰ ਨਹੀਂ ਸੀ। ਦੋ ਜਲਾਦ ‘ਸ਼ਾਸ਼ਲ ਬੇਗ ਤੇ ਬਾਸ਼ਲ ਬੇਗ’ ਜੋ ਕਿ ਕਿਸੇ ਮੁਕਦਮੇ ਵਿੱਚ ਫਸੇ ਹੋਏ ਸਨ, ਉਨ੍ਹਾਂ ਨੇ ਇਸ ਸ਼ਰਤ ਤੇ ਸਾਹਿਬਜ਼ਾਦਿਆਂ ਨੂੰ ਕਤਲ ਕਰਨਾ ਪ੍ਰਵਾਣ ਕੀਤਾ ਕਿ ਜੇਕਰ ਉਹਨਾਂ ਨੂੰ ਕੇਸ ਵਿੱਚੋ ਬਰੀ ਕਰ ਦਿੱਤਾ ਜਾਵੇਗਾ। ਜ਼ਲਾਦਾਂ ਦੀ ਇਹ ਸ਼ਰਤ ਮੰਨ ਲਈ ਤੇ ਉਹਨਾਂ ਨੇ ਦੋਵੇਂ ਬੱਚਿਆਂ ਨੂੰ ਗੋਡੇ ਹੇਠ ਦੇ ਕੇ ਪਹਿਲਾਂ ਉਹਨਾਂ ਦੇ ਗਲਾਂ ’ਤੇ ਛੁਰੀਆਂ ਫੇਰੀਆਂ, ਫਿਰ ਤੜਫਾ ਤੜਫਾ ਕੇ ਸ਼ਹੀਦ ਕੀਤਾ। ਇਹ ਸਾਰਾ ਤਸ਼ੱਦਦ ਉਹਨਾਂ ਨੇ ਕਿਵੇਂ ਬਰਦਾਸ਼ਤ ਕੀਤਾ, ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਜਦੋਂ ਇਹ ਖ਼ਬਰ ਮਾਤਾ ਗੁਜਰੀ ਜੀ ਨੂੰ ਮਿਲੀ ਤਾਂ ਮਾਤਾ ਜੀ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਅਰਦਾਸ ਕੀਤੀ। ਵਜੀਰ ਖਾਂ ਨੇ ਮਾਤਾ ਜੀ ਨੂੰ ਬੁਰਜ ਤੋਂ ਹੇਠਾ ਸੁੱਟ ਕੇ ਸ਼ਹੀਦ ਕਰ ਦਿੱਤਾ। ਇਸ ਸਾਰੇ ਘਟਨਾਕ੍ਰਮ ਨੂੰ ਅੱਲਾ ਯਾਰ ਖਾਂ ਨੇ ਇਉਂ ਕਲਮਬੱਧ ਕੀਤਾ ਹੈ :

ਹਾਥੌਂ ਮੇਂ ਹਾਥ ਡਾਲ ਕੇ ਦੋਨੋਂ ਵਹ ਨੌਨਿਹਾਲ।

ਜਪਤੇ ਹੁਏ ਜਬਾਂ ਸੇ ਬੋਲ੍ਹੇ ਸਤਿ ਸ਼੍ਰੀ ਅਕਾਲ।

ਚਿਹਰੋਂ ਪੈ ਗਮ ਕਾ ਨਾਮ ਨ ਥਾ ਔਰ ਨ ਥਾ ਮਲਾਲ।

ਜਾ ਠਹਰੇ ਸਰ ਪੈ ਮੌਤ ਕੇ ਫਿਰ ਭੀ ਨ ਥਾ ਖ਼ਯਾਲ।…

ਦੀਵਾਰ ਕੇ ਦਬਾਓ ਸੇ ਜਬ ਹਬਸਿ-ਦਮ ਹੁਆ।…

ਸਦ ਸਾਲ ਔਰ ਜੀ ਕੇ ਭੀ ਮਰਨਾ ਜਰੂਰ ਥਾ।

ਸਰ ਕੋਮ ਸੇ ਬਚਾਨਾ ਯਿਹ ਗ਼ੈਰਤ ਸੇ ਦੂਰ ਥਾ।੧੦੮॥

ਹਮ ਜਾਨ ਦੇ ਕੇ ਔਰੋਂ ਕੀ ਜਾਨੇਂ ਬਚਾ ਚਲੇ।

ਸਿੱਖੀ ਕੀ ਨੀਵ ਹਮ ਹੈ ਸਰੋਂ ਪਰ ਉਠਾ ਚਲੇ।

ਗੁਰਿਆਈ ਕਾ ਹੈ ਕਿੱਸਾ ਜਹਾਂ ਮੇਂ ਬਨਾ ਚਲੇ।

ਸਿੰਘੋਂ ਕੀ ਸਲਤਨਤ ਕਾ ਹੈ ਪੌਦ ਲਗਾ ਚਲੇ।

ਗੱਦੀ ਸੇ ਤਾਜੋ-ਤਖ਼ਤ ਬਸ ਅਬ ਕੋਮ ਪਾਏਗੀ।

ਦੁਨੀਆ ਸੇ ਜ਼ਾਲਿਮੋਂ ਕਾ ਨਿਸ਼ਾਂ ਤਕ ਮਿਟਾਏਗੀ।…

ਜੋਗੀ ਜੀ ਇਸ ਕੇ ਬਾਅਦ ਹੁਈ ਥੌੜੀ ਦੇਰ ਥੀ।

ਬਸਤੀ ਸਰਹਿੰਦ ਸ਼ਹਿਰ ਕੀ ਈਂਟੋਂ ਕਾ ਢੇਰ ਥੀ।੧੧੦॥

ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੀ ਖ਼ਬਰ ਜਦੋਂ ਦੀਵਾਨ ਟੋਡਰ ਮਲ ਦੇ ਪਰਵਾਰ ਨੂੰ ਮਿਲੀ ਤਾਂ ਉਹਨਾਂ ਨੇ ਵਜੀਰ ਖਾਂ ਪਾਸੋਂ ਮੂੰਹ ਮੰਗੀ ਕੀਮਤ ਅਦਾ ਕਰਕੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਾ ਜੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਹਿ ਸਿੰਘ ਦੇ ਸਰੀਰਾਂ ਦੀ ਸੰਭਾਲ ਕਰ ਦਾਹ ਸਸਕਾਰ ਕੀਤਾ। ਜਿੱਥੇ ਹੁਣ ਗੁਰਦੁਆਰਾ ਜੋਤੀ ਸਰੂਪ ਸੁਭਾਇਮਾਨ ਹੈ। (ਜਿਸ ਥਾਂ ’ਤੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆ ਗਿਆ ਸੀ, ਉੱਥੇ ਹੁਣ ਗੁਰਦੁਆਰਾ ਫਤਹਿਗੜ ਸਾਹਿਬ ਸੁਸ਼ੋਭਿਤ ਹੈ।)

ਜਦੋਂ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਤੋਂ ਨਿਕਲ ਕੇ ਲੰਮੇ ਜੱਟਪੁਰੇ ਪਹੁੰਚੇ ਤਾਂ ਉੱਥੇ ਉਹਨਾਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖ਼ਬਰ ਮਿਲੀ ਤਾਂ ਦੀਨੇ ਕਾਂਗੜ ਵਿੱਖੇ ਗੁਰੂ ਜੀ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਇਕ ਚਿੱਠੀ ਲਿਖੀ, ਜਿਸ ਨੂੰ ਜ਼ਫਰਨਾਮਾ ਕਰਕੇ ਯਾਦ ਕੀਤਾ ਜਾਂਦਾ ਹੈ। ਉਸ ਵਿੱਚ ਗੁਰੂ ਜੀ ਨੇ ਚਾਰ ਸਾਹਿਬਜ਼ਾਦਿਆਂ ਦਾ ਜ਼ਿਕਰ ਕੀਤਾ ਹੈ :

ਚਿਹਾ ਸ਼ੁਦ ਕਿ ਚੂੰ ਬੱਚਗਾਂ ਕੁਸ਼ਤਹ ਚਾਰ ॥

ਕਿ ਬਾਕੀ ਬਿਮਾਂਦਅਸਤੁ ਪੇਚੀਦਹ ਮਾਰ ॥੭੮॥

ਭਾਵ ਕੀ ਹੋਇਆ ਜੇ ਮੇਰੇ ਚਾਰ ਬੱਚੇ ਮਾਰੇ ਗਏ, ਅਜੇ ਤਾਂ ਕੁੰਡਲੀਆ ਨਾਗ (ਭੁਜੰਗੀ ਖ਼ਾਲਸਾ) ਬਾਕੀ ਹੈ।

ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਸੰਬੰਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਸਾਹਿਬ ਕੌਰ ਜੀ ਦੇ ਪੁੱਛਣ ’ਤੇ ਸੰਗਤ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਇਨ ਪੁਤਰਨ ਕੇ ਸੀਸ ਪਰ, ਵਾਰ ਦੀਏ ਸੁਤ ਚਾਰ, ਚਾਰ ਮੁਏ ਤੋ ਕਿਆ ਹੁਆ, ਜੀਵਤ ਕਈ ਹਜਾਰ

ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੀ ਯਾਤਰਾ

0

ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੀ ਯਾਤਰਾ

ਕਿਰਪਾਲ ਸਿੰਘ ਬਠਿੰਡਾ

6 ਨਵੰਬਰ 2022 ਤੋਂ 15 ਨਵੰਬਰ 2022 ਤੱਕ ਪਾਕਿਸਤਾਨੀ ਅੰਬੈਸੀ ਵੱਲੋਂ ਧਾਰਮਿਕ ਯਾਤਰਾ ਲਈ ਵੀਜ਼ਾ ਮਿਲਣ ਨਾਲ ਮੇਰੀ ਚਿਰਾਂ ਤੋਂ ਕੀਤੀ ਜਾ ਰਹੀ ਅਰਦਾਸ ‘ਹੇ ਅਕਾਲ ਪੁਰਖ ! ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁਲ੍ਹੇ ਦਰਸ਼ਨ ਦੀਦਾਰ ਖ਼ਾਲਸਾ ਜੀ ਨੂੰ ਬਖ਼ਸ਼ੋ।’ ਅੰਸ਼ਕ ਰੂਪ ’ਚ ਪੂਰੀ ਹੋਈ। ਸਾਡਾ 10 ਸਾਥੀਆਂ ਦਾ ਜਥਾ ਬਠਿੰਡਾ ਤੋਂ ਸਵੇਰੇ 5:30 ਵਜੇ ਰਵਾਨਾ ਹੋਇਆ ਅਤੇ ਸਵੇਰੇ 8:00 ਵਜੇ ਵਾਹਗਾ ਬਾਰਡਰ (ਅਟਾਰੀ) ਪਹੁੰਚਿਆ। ਇੰਮੀਗ੍ਰੇਸ਼ਨ ਦੀ ਲੰਬੀ ਪ੍ਰੀਕ੍ਰਿਆ ਵਿੱਚੋਂ ਲੰਘਣ ਉਪਰੰਤ ਸਾਡੇ ’ਚੋਂ ਬਹੁ ਗਿਣਤੀ ਨੇ 1:15 ਵਜੇ ਪਾਕਿਸਤਾਨ ਦੀ ਧਰਤੀ ’ਤੇ ਪਹਿਲੀ ਵਾਰ ਪੈਰ ਧਰਿਆ। ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ETPB ਪਾਕਿਸਤਾਨ ਵਕਫ਼ ਬੋਰਡ) ਪਾਕਿਸਤਾਨ ਸਰਕਾਰ ਅਤੇ ਪਾਕਿਸਤਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨੇ ਸਾਡੇ ਹਰ ਇੱਕ ਦੇ ਗਲ਼ ’ਚ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸੁਆਗਤ ਕੀਤਾ। ਤਕਰੀਬਨ ਹਰ ਰੇਲਵੇ ਸਟੇਸ਼ਨ ’ਤੇ ਸਾਡਾ ਇਸੇ ਤਰ੍ਹਾਂ ਸੁਆਗਤ ਹੁੰਦਾ ਰਿਹਾ, ਜਿਸ ਨਾਲ ਅਸੀਂ ਅਪਣੱਤ ਦਾ ਅਹਿਸਾਸ ਮਹਿਸੂਸ ਕੀਤਾ। ਜਲੰਧਰ ਤੋਂ ਪਹੁੰਚੇ ਗਿਆਨੀ ਅਵਤਾਰ ਸਿੰਘ (ਸੰਪਾਦਕ ਮਿਸ਼ਨਰੀ ਸੇਧਾਂ) ਨਾਲ ਵਾਹਗਾ ਬਾਰਡਰ ’ਤੇ ਮਿਲਾਪ ਹੋਇਆ, ਜੋ ਪੱਕੇ ਤੌਰ ’ਤੇ ਸਾਡੇ ਜਥੇ ਨਾਲ ਜੁੜ ਕੇ ਸਾਡਾ 11 ਯਾਤਰੀਆਂ ਦਾ ਜਥਾ ਬਣਿਆ। ਇਸ ਤੋਂ ਅੱਗੇ ਪਾਕਿਸਤਾਨੀ ਇੰਮੀਗ੍ਰੇਸ਼ਨ ਪ੍ਰਕ੍ਰਿਆ ਵਿੱਚੋਂ ਲੰਘਣਾ ਪਿਆ। ਪਾਕਿਸਤਾਨ ’ਚ ਦਾਖ਼ਲੇ ਦੀ ਮੋਹਰ ਸਾਡੇ ਪਾਸਪੋਰਟਾਂ ’ਤੇ ਲੱਗਣ ਤੋਂ ਬਾਅਦ ਸ਼ਿਨਾਖ਼ਤੀ ਪੱਤਰ ਮਿਲੇ, ਜੋ ਸਾਡੇ ਲਈ ਹਮੇਸ਼ਾਂ ਆਪਣੇ ਗਲ਼ਾਂ ’ਚ ਲਟਕਾਅ ਕੇ ਰੱਖਣੇ ਜ਼ਰੂਰੀ ਸਨ। ਇੱਥੇ ਹੀ ਸਾਨੂੰ ਰਿਹਾਇਸ਼ ਲਈ ਕਮਰਿਆਂ ਦੀ ਅਲਾਟਮੈਂਟ ਹੋਈ, ਸਾਡੇ ਪਾਸਪੋਰਟ ਜਮ੍ਹਾਂ ਕਰਵਾ ਲਏ ਗਏ, ਜੋ ਸਾਨੂੰ ਯਾਤਰਾ ਦੀ ਸਮਾਪਤੀ ਪਿੱਛੋਂ ਬਹੁਤਿਆਂ ਨੂੰ ਗੁਰਦੁਆਰਾ ਡੇਰਾ ਸਾਹਿਬ (ਲਾਹੌਰ) ਵਿਖੇ ਅਤੇ ਬਾਕੀ ਰਹਿੰਦਿਆਂ ਨੂੰ ਵਾਹਗਾ ਬਾਰਡਰ ’ਤੇ ਆਪਣੇ ਸ਼ਨਾਖ਼ਤੀ ਕਾਰਡ ਜਮ੍ਹਾ ਕਰਵਾਉਣ ਪਿੱਛੋਂ ਮਿਲ ਗਏ।

ਪਾਕਿਸਤਾਨ ’ਚ ਦਾਖ਼ਲੇ ਪਿੱਛੋਂ ਆਪਣੇ ਸ਼ਿਨਾਖ਼ਤੀ ਕਾਰਡ ਵਿਖਾ ਕੇ ਅਸੀਂ 4500 ਪਾਕਿਸਤਾਨੀ ਰੁਪਇਆਂ (2000 ਭਾਰਤੀ ਰੁਪਏ) ’ਚ ਪ੍ਰਤੀ ਸਵਾਰੀ ਬੱਸਾਂ ਦੀ ਪੈਕੇਜ ਟਿਕਟ ਖ਼ਰੀਦੀ, ਜਿਸ ਨੇ 10 ਦਿਨਾਂ ਤੱਕ ਬੱਸਾਂ ਰਾਹੀਂ ਯਾਤਰਾ ਕਰਵਾਈ। ਇਸ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਵਾਹਗਾ ਬਾਰਡਰ ਤੋਂ ਵਾਹਗਾ ਰੇਲਵੇ ਸਟੇਸ਼ਨ ਤੱਕ ਬੱਸਾਂ ਰਾਹੀਂ ਹੋਈ। ਪਹਿਲੇ ਦਿਨ ਦੀ ਯਾਤਰਾ ਦੌਰਾਨ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਭਾਰਤੀ ਅਤੇ ਪਾਕਿਸਤਾਨੀ ਸਾਈਡ ’ਤੇ ਇੰਮੀਗ੍ਰੇਸ਼ਨ ਦੀ ਲੰਬੀ ਪ੍ਰਕ੍ਰਿਆ ’ਚੋਂ ਲੰਘਣਾ, ਸ਼ਿਨਾਖ਼ਤੀ ਕਾਰਡ ਅਤੇ ਕਮਰਿਆਂ ਦੀ ਅਲਾਟਮੈਂਟ ਪ੍ਰਾਪਤ ਕਰਨੀ; ਲਗਭਗ 3000 ਭਾਰਤੀ ਯਾਤਰੀਆਂ ਨੂੰ ਵਾਹਗਾ ਬਾਰਡਰ ਤੋਂ ਵਾਹਗਾ ਰੇਲਵੇ ਸਟੇਸ਼ਨ ਤੱਕ ਢੋਆ ਢੁਆਈ ਲਈ ਕੇਵਲ 27 ਸੀਟਾਂ ਵਾਲੀਆਂ 6 ਬੱਸਾਂ ਦਾ ਹੀ ਪ੍ਰਬੰਧ ਸੀ। ਇਸੇ ਦੌਰਾਨ 3.45 ਤੋਂ 6.30 ਵਜੇ ਤੱਕ ਬਾਰਡਰ ’ਤੇ ਰੋਜ਼ਾਨਾ ਹੋਣ ਵਾਲੀ ਪਰੇਡ (ਰੀਟ੍ਰੀਟ) ਦਾ ਸਮਾਂ ਹੋਣ ਕਰਕੇ ਸੁਰੱਖਿਆ ਕਾਰਨਾਂ ਕਰਕੇ ਸਾਡੀ ਯਾਤਰੀਆਂ ਦੀ ਢੋਆ ਢੁਆਈ ਬੰਦ ਰਹੀ। ਰੇਲਵੇ ਸਟੇਸ਼ਨ ’ਤੇ ਦੇਰ ਰਾਤ ਲੰਗਰ ਛਕਾਇਆ ਗਿਆ। ਇੱਥੋਂ ਹੀ ਸਾਰੀ ਯਾਤਰਾ ਲਈ 4300 ਪਾਕਿਸਤਾਨੀ ਰੁਪਏ ’ਚ ਪ੍ਰਤੀ ਸਵਾਰੀ 10 ਦਿਨਾਂ ਦੀ ਯਾਤਰਾ ਲਈ ਪੈਕੇਜ ਰੇਲਵੇ ਟਿੱਕਟਾਂ ਖ਼ਰੀਦੀਆਂ ਅਤੇ ਯਾਤਰਾ ਲਈ ਟ੍ਰੇਨ ਨੰ:, ਡੱਬਾ ਨੰ: ਅਤੇ ਸੀਟ ਨੰ: ਅਲਾਟ ਕੀਤੇ ਗਏ, ਜੋ 10 ਦਿਨਾਂ ਤੱਕ ਓਹੀ ਰਹੇ। ਵਾਹਘਾ ਰੇਲਵੇ ਸਟੇਸ਼ਨ ਤੋਂ ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਤੱਕ ਤਿੰਨ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਪਹੁੰਚੇ। ਲੇਟ ਹੋਣ ਕਰਕੇ ਸਾਡਾ ਜਥਾ ਸਭ ਤੋਂ ਆਖਰੀ ਟ੍ਰੇਨ ਰਾਹੀਂ 7 ਨਵੰਬਰ ਸਵੇਰੇ ਅੰਮ੍ਰਿਤ ਵੇਲੇ ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਅਤੇ ਰੇਲਵੇ ਸਟੇਸ਼ਨ ਤੋਂ ਗੁਰਦੁਆਰਾ ਨਨਕਾਣਾ ਸਾਹਿਬ ਦੇ ਕੰਮਲੈਕਸ ਬੱਸਾਂ ਰਾਹੀਂ ਪਹੁੰਚਿਆ। ਇਹ ਉਹ ਸਥਾਨ ਹੈ ਜਿੱਥੇ ਗੁਰੂ ਨਾਨਕ ਸਾਹਿਬ ਜੀ ਦਾ ੧ ਵੈਸਾਖ ਸੰਮਤ ੧੫੨੬ (ਸੰਨ 1469) ਨੂੰ ਮਾਤਾ ਤ੍ਰਿਪਤਾ ਜੀ ਅਤੇ ਪਿਤਾ ਮਹਿਤਾ ਕਾਲੂ ਜੀ ਦੇ ਘਰ ਪ੍ਰਕਾਸ਼ ਹੋਇਆ। ਵਾਹਘਾ ਬਾਰਡਰ ਤੋਂ ਨਨਕਾਣਾ ਸਾਹਿਬ ਰਸਤਾ ਭਾਵੇਂ ਤਕਰੀਬਨ 122 ਕਿਲੋਮੀਟਰ ਹੀ ਹੈ, ਪਰ ਲਗਭਗ 20 ਘੰਟੇ ਲਾਈਨਾਂ ’ਚ ਖੜ੍ਹ, ਬੱਸਾਂ ਅਤੇ ਰੇਲ ਗੱਡੀਆਂ ’ਚ ਬੈਠ ਜਾਂ ਸਫ਼ਰ ਕਰਦਿਆਂ ਗੁਜਾਰਨੇ ਪਏ। ਰਿਹਾਇਸ਼ ਲਈ ਅਲਾਟ ਹੋਏ ਕਮਰੇ ਅਤੇ ਬੈੱਡ ਨੰਬਰ ਤੋਂ ਅਸੀਂ ਸਮਝ ਰਹੇ ਸੀ ਕਿ ਸਾਨੂੰ ਕਮਰੇ ਮਿਲਣਗੇ ਪਰ ਅਸਲ ’ਚ ਖੁੱਲ੍ਹੇ ਮੈਦਾਨ ਲੱਗੇ ਟੈਂਟਾਂ ਨੂੰ ਹੀ ਕਮਰੇ ਕਿਹਾ ਗਿਆ ਸੀ, ਪਰ ਫਿਰ ਵੀ ਸ਼ਰਧਾਲੂਆਂ ਦੀ ਵੱਡੀ ਗਿਣਤੀ ਲਈ ਕੀਤੇ ਗਏ ਆਰਜ਼ੀ ਪ੍ਰਬੰਧਾਂ ਤੋਂ ਅਸੀਂ ਸੰਤੁਸ਼ਟ ਸੀ; ਬਿਲਕੁਲ ਨਵੇਂ ਮੋਟੇ ਗੱਦੇ ਅਤੇ ਰਜ਼ਾਈਆਂ ਦਾ ਹਰ ਯਾਤਰੀ ਲਈ ਸੋਹਣਾ ਪ੍ਰਬੰਧ ਸੀ। ਥੋੜ੍ਹਾ ਚਿਰ ਅਰਾਮ ਕਰਨ ਪਿੱਛੋਂ ਇਸ਼ਨਾਨ ਕੀਤਾ ਅਤੇ ਨਿੱਜੀ ਤਿਆਰੀ ਉਪਰੰਤ ਗੁਰਦੁਆਰਾ ਜਨਮ ਅਸਥਾਨ ਅਤੇ ਉਸ ਜੰਡ ਦੇ ਦਰਸ਼ਨ ਕੀਤੇ, ਜਿਸ ਨਾਲ ੧੦ ਫੱਗਣ ਬਿਕ੍ਰਮੀ ਸੰਮਤ ੧੯੭੭ (20 ਫ਼ਰਵਰੀ 1921) ਨੂੰ ਭਾਈ ਲਛਮਣ ਸਿੰਘ ਧਾਰੋਵਾਲੀਏ ਨੂੰ ਨਰੈਣੂ ਮਹੰਤ ਦੇ ਗੁੰਡਿਆਂ ਨੇ ਪੁੱਠਾ ਲਟਕਾਅ ਕੇ ਮਿੱਟੀ ਦਾ ਤੇਲ ਪਾ ਅੱਗ ਲਾ ਕੇ ਸ਼ਹੀਦ ਕੀਤਾ ਸੀ। ਇਸ ਸਥਾਨ ’ਤੇ ਵਾਪਰੇ ਖ਼ੂਨੀ ਸਾਕੇ ਨੂੰ ਸਿੱਖ ਇਤਿਹਾਸ ’ਚ ‘ਸਾਕਾ ਨਨਕਾਣਾ ਸਾਹਿਬ’ ਵਜੋਂ ਯਾਦ ਕੀਤਾ ਜਾਂਦਾ ਹੈ।

ਨਨਕਾਣਾ ਸਾਹਿਬ ਤੋਂ ਲਗਭਗ 50 ਕਿਲੋਮੀਟਰ ਦੀ ਦੂਰੀ ’ਤੇ ਜ਼ਿਲ੍ਹਾ ਸ਼ੇਖੂਪੁਰਾ ਦੇ ਪਿੰਡ ਚੂਹੜਕਾਣਾ, ਜਿਸ ਨੂੰ ਅੱਜ ਕੱਲ੍ਹ ਫ਼ਾਰੂਕ ਆਬਾਦ ਕਿਹਾ ਜਾਂਦਾ ਹੈ; ਉਹ ਸਥਾਨ ਹੈ ਜਿਸ ਥਾਂ ਗੁਰੂ ਨਾਨਕ ਸਾਹਿਬ ਜੀ ਨੇ ਪਿਤਾ ਮਹਿਤਾ ਕਾਲੂ ਜੀ ਵੱਲੋਂ ਵਾਪਾਰ ਲਈ ਦਿੱਤੇ 20 ਰੁਪਈਆਂ ਦਾ ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ ਅਤੇ ਉਨ੍ਹਾਂ ਨੂੰ ਕਿਰਤ ਕਰਕੇ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਸੱਚ ਦੇ ਮਾਰਗ ’ਤੇ ਚੱਲਣ ਦਾ ਉਪਦੇਸ਼ ਦਿੱਤਾ। ਕਾਰੋਬਾਰ ਚਲਾਉਣ ਲਈ 20 ਰੁਪਈਆਂ ’ਚੋਂ ਕੁਝ ਮਾਲੀ ਮਦਦ ਵੀ ਕੀਤੀ। ਇਸ ਦੀ ਯਾਦ ਵਿੱਚ ਉਸ ਸਥਾਨ ’ਤੇ ‘ਗੁਰਦੁਆਰਾ ਸੱਚਾ ਸੌਦਾ’ ਸੁਸ਼ੋਭਿਤ ਹੈ।  7 ਨਵੰਬਰ ਨੂੰ ਗੁਰਦੁਆਰਾ ਸੱਚਾ ਸੌਦਾ ਦੇ ਦਰਸ਼ਨਾਂ ਲਈ ਗੁਰਦੁਆਰਾ ਨਨਕਾਣਾ ਸਾਹਿਬ ਤੋਂ ਵਿਸ਼ੇਸ਼ ਬੱਸਾਂ ਰਾਹੀਂ ਸਫ਼ਰ ਕੀਤਾ ਅਤੇ ਸ਼ਾਮ ਨੂੰ ਉਨ੍ਹਾਂ ਹੀ ਬੱਸਾਂ ਰਾਹੀਂ ਵਾਪਸ ਨਨਕਾਣਾ ਸਾਹਿਬ ਆ ਪਹੁੰਚੇ।

8 ਨਵੰਬਰ ਨੂੰ ਸਵੇਰੇ 9:00 ਵਜੇ ਸਜੇ ਪੰਡਾਲ ’ਚ ਵੱਖ ਵੱਖ ਜਥੇਬੰਦੀਆਂ ਅਤੇ ਸੰਸਥਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਸ: ਅਮੀਰ ਸਿੰਘ ਜੀ ਪ੍ਰਧਾਨ ਪਾਕਿਸਤਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਧਾਰਮਿਕ ਮਾਮਲਿਆਂ ਦੇ ਮਾਣਯੋਗ ਕੇਂਦਰੀ ਮੰਤਰੀ ਅਬਦੁਲ ਸ਼ਕੂਰ ਜੀ (ਪਾਕਿਸਤਾਨ ਸਰਕਾਰ ਵੱਲੋਂ) ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਕੁਝ ਬੁਲਾਰਿਆਂ ਨੇ 6 ਨਵੰਬਰ ਨੂੰ ਵਾਹਘਾ ਬਾਰਡਰ ’ਤੇ ਇੰਮੀਗ੍ਰੇਸ਼ਨ ਅਤੇ ਬਾਰਡਰ ਤੋਂ ਵਾਹਘਾ ਰੇਲਵੇ ਸਟੇਸ਼ਨ ਤੱਕ ਸੰਗਤਾਂ ਦੀ ਢੋਆ ਢੁਆਈ ਸਮੇਂ ਆਈਆਂ ਮੁਸ਼ਕਲਾਂ ਦਾ ਜ਼ਿਕਰ ਕਰਕੇ ਇਸ ਦੇ ਹੱਲ ਦੀ ਮੰਗ ਕੀਤੀ। ਕੇਂਦਰੀ ਮੰਤਰੀ ਨੇ ਜਵਾਬ ’ਚ ਕਿਹਾ ਕਿ 2016 ਤੋਂ ਪਹਿਲਾਂ ਸਾਡੀ ਰੇਲ ਗੱਡੀ ਸਿੱਧੀ ਅਟਾਰੀ ਤੱਕ ਜਾਂਦੀ ਸੀ ਅਤੇ ਇੰਮੀਗ੍ਰੇਸ਼ਨ ਤੋਂ ਬਾਅਦ ਸੰਗਤਾਂ ਰੇਲ ਰਾਹੀਂ ਸਿੱਧੀਆਂ ਲਾਹੌਰ ਜਾਂ ਨਨਕਾਣਾ ਸਾਹਿਬ ਪਹੁੰਚਦੀਆਂ ਸਨ। ਇਸ ਨਾਲ ਸੰਗਤਾਂ ਦਾ ਤਕਰੀਬਨ ਢਾਈ ਤੋਂ ਤਿੰਨ ਘੰਟੇ ਦਾ ਸਮਾਂ ਅਤੇ ਵਾਰ ਵਾਰ ਸਮਾਨ ਦੀ ਲੋਡਿੰਗ ਅਣਲੋਡਿੰਗ ਦੀ ਮੁਸ਼ੱਕਤ ਤੋਂ ਬਚਾਅ ਹੋ ਜਾਂਦਾ ਸੀ। ਸ੍ਰੀ ਸ਼ਕੂਰ ਨੇ ਭਾਰਤੀ ਯਾਤਰੀਆਂ ਨੂੰ ਸੰਬੋਧਨ ਹੁੰਦੇ ਕਿਹਾ ਕਿ ਤੁਸੀਂ ਆਪਣੀ ਸਰਕਾਰ ਨੂੰ ਮਨਾ ਲਵੋ ਤਾਂ ਸਾਡੀ ਸਰਕਾਰ ਅੱਜ ਵੀ ਆਪਣੀ ਰੇਲ ਗੱਡੀ ਸਿੱਧੀ ਅਟਾਰੀ ਤੱਕ ਭੇਜਣ ਲਈ ਤਿਆਰ ਹੋ ਜਾਵੇਗੀ। ਕੇਂਦਰੀ ਮੰਤਰੀ ਦੇ ਬਿਆਨ ਅਤੇ ਪਾਕਿਸਤਾਨੀ ਸਿੱਖ ਆਗੂਆਂ ਦੇ ਬਿਆਨਾਂ ਤੋਂ ਜਾਪਦਾ ਹੈ ਕਿ ਪਾਕਿਸਤਾਨੀ ਸਿੱਖਾਂ ਦੇ ਪਾਕਿਸਤਾਨ ਦੀ ਕੇਂਦਰੀ ਸਰਕਾਰ ਨਾਲ ਚੰਗੇ ਸੰਬੰਧ ਹੋਣ ਕਾਰਨ ਪਾਕਿਸਤਾਨ ਸਰਕਾਰ ਰੇਲ ਗੱਡੀ ਅਟਾਰੀ ਰੇਲਵੇ ਸਟੇਸ਼ਨ ਤੱਕ ਭੇਜਣ ਲਈ ਬਹੁਤ ਅਸਾਨੀ ਨਾਲ ਸਹਿਮਤ ਹੋ ਸਕਦੀ ਹੈ। ਇੱਧਰ ਭਾਜਪਾ ’ਚ ਬੈਠੇ ਸਿੱਖ ਆਗੂ ਦਾਅਵਾ ਕਰਦੇ ਹਨ ਕਿ ਮੋਦੀ ਸਰਕਾਰ ਸਿੱਖਾਂ ’ਤੇ ਮਿਹਰਵਾਨ ਹੈ ਅਤੇ ਉਹ ਸਿੱਖਾਂ ਦੇ ਮਸਲੇ ਹੱਲ ਕਰਨਾ ਚਾਹੁੰਦੀ ਹੈ। ਜੇ ਇਹ ਸੱਚ ਹੈ ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਪਹਿਲ ਦੇ ਆਧਾਰ ’ਤੇ ਧਾਰਮਿਕ ਯਾਤਰਾਵਾਂ ਸਮੇਂ ਪਾਕਸਤਾਨੀ ਰੇਲ ਗੱਡੀਆਂ ਨੂੰ ਅਟਾਰੀ ਰੇਲਵੇ ਸਟੇਸ਼ਨ ਤੱਕ ਆਉਣ ਦੀ ਇਜਾਜ਼ਤ ਦੇਣ ਲਈ ਭਾਰਤ ਸਰਕਾਰ ਨੂੰ ਉਸੇ ਤਰ੍ਹਾਂ ਸਹਿਮਤੀ ਦੇਣ ਲਈ ਮਨਾਉਣ ਜਿਵੇਂ ਪਾਕਿਸਤਾਨ ਅਤੇ ਭਾਰਤ ਸਰਕਾਰ ਦੋਵਾਂ ਦੀ ਸਹਿਮਤੀ ਨਾਲ ਕਰਤਾਰਪੁਰ ਲਾਂਘਾ ਖੁੱਲ੍ਹਿਆ ਸੀ। ਜੇ ਸਹਿਮਤੀ ਬਣ ਜਾਵੇ ਤਾਂ ਘੱਟ ਤੋਂ ਘੱਟ 3 ਘੰਟਿਆਂ ਦਾ ਸਮਾਂ ਜਾਣ ਸਮੇਂ ਅਤੇ 3 ਘੰਟੇ ਦਾ ਸਮਾਂ ਵਾਪਸੀ ਮੌਕੇ ਸੰਗਤਾਂ ਦਾ ਬਚ ਸਕਦਾ ਹੈ।

8 ਨਵੰਬਰ ਨੂੰ ਹੀ ਦੁਪਹਿਰ 12:00 ਵਜੇ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਤੋਂ ‘ਗੁਰਦੁਆਰਾ ਕਿਆਰਾ ਸਾਹਿਬ’ ਤੱਕ ਮਹਾਨ ਨਗਰ ਕੀਰਤਨ ਸਜਾਇਆ ਗਿਆ। ਗੁਰਦੁਆਰਾ ਕਿਆਰਾ ਸਾਹਿਬ ਉਹ ਸਥਾਨ ਹੈ, ਜਿੱਥੇ ਗੁਰੂ ਨਾਨਕ ਸਾਹਿਬ ਜੀ ਖੇਤੀ ਕਰਿਆ ਕਰਦੇ ਸਨ। ਇਸ ਤੋਂ ਇਲਾਵਾ 8 ਅਤੇ 9 ਨਵੰਬਰ ਦੇ ਬਾਕੀ ਬਚੇ ਸਮੇਂ ਦੌਰਾਨ ਗੁਰਦੁਆਰਾ ਬਾਲ ਲੀਲਾ (ਜਿੱਥੇ ਗੁਰੂ ਜੀ ਬਚਪਨ ’ਚ ਆਪਣੇ ਸਾਥੀਆਂ ਨਾਲ ਖੇਡਿਆ ਕਰਦੇ ਸਨ), ਗੁਰਦੁਆਰਾ ਪੱਟੀ ਸਾਹਿਬ (ਜਿੱਥੇ ਗੁਰੂ ਜੀ ਪਾਂਧੇ ਅਤੇ ਮੌਲਵੀ ਕੋਲ਼ ਪੜ੍ਹਨ ਲਈ ਗਏ ਅਤੇ ਆਸਾ ਰਾਗੁ ’ਚ ਪਟੀ ਬਾਣੀ ਉਚਾਰਨ ਕੀਤੀ) ਗੁਰਦੁਆਰਾ ਮਾਲ ਜੀ (ਜਿੱਥੇ ਗਾਵਾਂ ਮੱਝਾਂ ਚਾਰਦੇ ਹੋਏ ਗੁਰੂ ਜੀ ਇੱਕ ਵਣ ਦੇ ਦਰਖ਼ਤ ਦੀ ਛਾਂ ਹੇਠ ਸੌਂ ਗਏ ਸਨ ਅਤੇ ਮੰਨਿਆ ਜਾਂਦਾ ਹੈ ਕਿ ਪਰਛਾਵਾਂ ਢਲਣ ਨਾਲ਼ ਆਈ ਧੁੱਪ ’ਤੇ ਸੱਪ ਨੇ ਉਨ੍ਹਾਂ ਨੂੰ ਛਾਂ ਕੀਤੀ ਸੀ), ਗੁਰਦੁਆਰਾ ਤੰਬੂ ਸਾਹਿਬ (ਇਹ ਉਹ ਸਥਾਨ ਹੈ, ਜਿੱਥੇ ਚੂਹੜਕਾਣੇ ਦੇ ਜੰਗਲ਼ਾਂ ਵਿੱਚ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਕੇ ਸੱਚਾ ਸੌਦਾ ਕਰਨ ਉਪਰੰਤ ਵਾਪਸ ਨਨਕਾਣਾ ਸਾਹਿਬ ਸਿੱਧੇ ਘਰ ਜਾਣ ਦੀ ਬਜਾਏ ਵਣਾਂ ਦੇ ਦਰਖ਼ਤਾਂ ਦੇ ਝੁੰਡ ਹੇਠ ਬੈਠ ਕੇ ਸਿਮਰਨ ਕਰਨ ਲੱਗ ਪਏ ਸਨ। ਤੰਬੂ ਦੀ ਬਣਤਰ ਵਾਲੇ ਇਹ ਵਣ ਅੱਜ ਵੀ ਜਿਉਂ ਦੇ ਤਿਉਂ ਮੌਜੂਦ ਹਨ। ਤੰਬੂ ਵਰਗੇ ਵਣ ਹੋਣ ਕਾਰਨ ਹੀ ਇਸ ਸਥਾਨ ਨੂੰ ਤੰਬੂ ਸਾਹਿਬ ਕਿਹਾ ਜਾਂਦਾ ਹੈ। ਪਿਤਾ ਮਹਿਤਾ ਕਾਲੂ ਜੀ ਨੂੰ ਪਤਾ ਲੱਗਣ ’ਤੇ ਇਸੇ ਸਥਾਨ ’ਤੇ ਆ ਕੇ ਹੀ ਗੁੱਸੇ ’ਚ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਉੱਤੇ ਹੱਥ ਚੁੱਕਿਆ ਦੱਸਿਆ ਜਾਂਦਾ ਹੈ) ਅਤੇ ਗੁਰਦੁਆਰਾ ਪਾ: ੫ਵੀਂ ਅਤੇ ੬ਵੀਂ ਉਹ ਸਥਾਨ ਹੈ, ਜਿੱਥੇ ਉਹ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਸਥਾਨ ਦੇ ਦਰਸ਼ਨ ਕਰਨ ਆਏ ਠਹਿਰੇ ਸਨ। ਉਨ੍ਹਾਂ ਦੀ ਯਾਦ ’ਚ ਨੇੜੇ ਨੇੜ ਬਣੇ ਦੋ ਗੁਰਦੁਆਰਿਆਂ ਦੇ ਦਰਸ਼ਨ ਕੀਤੇ। ਉਕਤ ਸਾਰੇ ਗੁਰਦੁਆਰੇ ਤਕਰੀਬਨ ਦੋ ਢਾਈ ਕਿਲੋਮੀਟਰ ਦੇ ਘੇਰੇ ਅੰਦਰ ਹੀ ਹਨ।

9 ਨਵੰਬਰ ਨੂੰ ਜਥਾ ਨਨਕਾਣਾ ਸਾਹਿਬ ਤੋਂ ਗੁਰਦੁਆਰਾ ਪੰਜਾ ਸਾਹਿਬ (ਹਸਨ ਅਬਦਾਲ) ਲਈ ਰੇਲ ਗੱਡੀ ਰਾਹੀਂ ਰਵਾਨਾ ਹੋਇਆ। ਇਹ ਮਾਰਗ ਤਕਰੀਬਨ 475 ਕਿਲੋਮੀਟਰ ਲੰਬਾ ਹੋਣ ਕਾਰਨ 9 ਨਵੰਬਰ ਦਾ ਦਿਨ ਅਤੇ ਰਾਤ ਇਸ ਸਫ਼ਰ ’ਚ ਲੱਗ ਗਿਆ। ਜਿੱਥੇ ਅੱਧੀ ਰਾਤ ਤੋਂ ਬਾਅਦ ਗੁਰਦੁਆਰਾ ਸਾਹਿਬ ਪਹੁੰਚੇ। ਸਾਡੇ 11 ਸਾਥੀਆਂ ਦੇ ਜਥੇ ਨੂੰ ਇਸ ਸਥਾਨ ’ਤੇ ਦੋ ਕਮਰੇ ਮਿਲ ਗਏ। ਸਾਰੀ ਯਾਤਰਾ ਦੌਰਾਨ ਪੰਜਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਹੀ ਕੇਵਲ ਦੋ ਗੁਰ ਅਸਥਾਨ ਹਨ, ਜਿੱਥੇ ਕਾਫ਼ੀ ਸੰਗਤਾਂ ਨੂੰ ਆਸਾਨੀ ਨਾਲ ਰਿਹਾਇਸ਼ੀ ਕਮਰੇ ਮਿਲ ਸਕਦੇ ਹਨ। ਥੋੜ੍ਹਾ ਚਿਰ ਅਰਾਮ ਕਰਨ ਉਪਰੰਤ ਅਗਲੇ ਦਿਨ 10 ਨਵੰਬਰ ਨੂੰ ਸਵੇਰੇ ਨਿਜੀ ਤਿਆਰੀ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ। ਸਰੋਵਰ ਦੇ ਕਿਨਾਰੇ ’ਤੇ ਪੰਜੇ ਦੇ ਨਿਸ਼ਾਨ ਵਾਲਾ ਪੱਥਰ ਮੌਜੂਦ ਹੈ, ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਇਹ ਪੱਥਰ ਵਲੀ ਕੰਧਾਰੀ ਵੱਲੋਂ ਗੁੱਸੇ ’ਚ ਆ ਕੇ ਗੁਰੂ ਜੀ ’ਤੇ ਸੁੱਟਿਆ ਸੀ, ਜੋ ਉਨ੍ਹਾਂ ਨੇ ਆਪਣੇ ਸੱਜੇ ਹੱਥ ਦੇ ਪੰਜੇ ਨਾਲ ਰੋਕ ਲਿਆ। ਪੰਜੇ ਦਾ ਗਹਿਰਾ ਨਿਸ਼ਾਨ ਅੱਜ ਵੀ ਪੱਥਰ ’ਤੇ ਉਕਰਿਆ ਵੇਖਿਆ ਜਾ ਸਕਦਾ ਹੈ। ਇਸ ਪੱਥਰ ਦੇ ਹੇਠਾਂ ਕਾਫ਼ੀ ਮਾਤਰਾ ’ਚ ਸਾਫ਼ ਸੁਥਰਾ ਪਾਣੀ ਵਹਿ ਰਿਹਾ ਹੈ, ਜੋ ਗੁਰਦੁਆਰਾ ਸਾਹਿਬ ਦੇ ਹੇਠਾਂ ਬਣੇ ਸਰੋਵਰ ਵਿੱਚੋਂ ਦੀ ਹੋ ਕੇ ਮੁੜ ਇਕ ਨਾਲੇ ’ਚ ਮਿਲਦਾ ਹੈ। ਪੱਥਰ ’ਤੇ ਲੱਗਾ ਪੰਜੇ ਦਾ ਨਿਸ਼ਾਨ ਵੇਖਣ ਲਈ ਗੋਡਿਆਂ ਤੋਂ ਉੱਪਰ ਪਜਾਮੇ ਟੰਗ ਕੇ ਪੌੜੀਆਂ ਰਾਹੀਂ ਪਾਣੀ ’ਚ ਉੱਤਰ ਕੇ ਵੇਖਣਾ ਪੈਂਦਾ ਹੈ। ਇਨ੍ਹਾਂ ਪੌੜੀਆਂ ਦੇ ਪਿਛਲੇ ਪਾਸੇ ਔਰਤਾਂ ਲਈ ਬਣੇ ਇਸ਼ਨਾਨ ਘਰ ’ਚ ਕੁੱਝ ਹੋਰ ਪੌੜੀਆਂ ਹਨ ਜਿੱਥੋਂ ਦੀ ਉਤਰ ਕੇ ਵੇਖਿਆ ਗਿਆ ਕਿ ਜੋ ਪਾਣੀ ਪੰਜੇ ਦੇ ਨਿਸ਼ਾਨ ਵਾਲੇ ਪੱਥਰ ਹੇਠ ਵਗ ਰਿਹਾ ਹੈ, ਉਹ ਪਹਾੜੀ ਤੋਂ ਵਹਿਦੇ ਝਰਨੇ ’ਚ ਹੇਠਾਂ ਤਿੰਨ ਪਾਈਪਾਂ ਫਿਟ ਕੀਤੀਆਂ ਹਨ।

ਇਸੇ ਸਥਾਨ ’ਤੇ ੧੪ ਕੱਤਕ ਬਿਕ੍ਰਮੀ ਸੰਮਤ ੧੯੭੯ (ਸੰਨ 1922) ਨੂੰ ਸਿੱਖ ਇਤਿਹਾਸ ਦੀ ਬਹੁਤ ਵੱਡੀ ਘਟਨਾ ਵਾਪਰੀ। ਗੁਰੂ ਕੇ ਬਾਗ ਮੋਰਚੇ ਦੇ ਭੁੱਖਣ ਭਾਣੇ ਕੈਦੀ ਸਿੰਘਾਂ ਨੂੰ ਰੇਲ ਗੱਡੀ ਰਾਹੀਂ ਦੂਰ ਦੁਰਾਡਿਆਂ ਅਟਕ ਜ਼ੇਲ੍ਹ ’ਚ ਲਿਜਾਇਆ ਜਾ ਰਿਹਾ ਸੀ। ਇਸ ਰੇਲ ਗੱਡੀ ਨੇ ਹਸਨ ਅਬਦਾਲ ਰੇਲਵੇ ਸਟੇਸ਼ਨ ਤੋਂ ਲੰਘਣਾ ਸੀ; ਜੋ ਆਮ ਤੌਰ ’ਤੇ ਇੱਥੇ ਰੁਕਦੀ ਸੀ। ਗੁਰਦੁਆਰਾ ਪੰਜਾ ਸਾਹਿਬ ਦੀ ਸੰਗਤ ਨੇ ਫ਼ੈਸਲਾ ਕੀਤਾ ਕਿ ਭੁੱਖੇ ਕੈਦੀ ਸਿੰਘਾਂ ਨੂੰ ਲੰਗਰ ਛਕਾਇਆ ਜਾਵੇ। ਅਰਦਾਸ ਕਰਕੇ ਲੰਗਰ ਤਿਆਰ ਕੀਤਾ ਅਤੇ ਸਿੰਘਾਂ ਨੂੰ ਛਕਾਉਣ ਲਈ ਰੇਲਵੇ ਸਟੇਸ਼ਨ ’ਤੇ ਪਹੁੰਚੇ। ਅਚਾਨਕ ਅੰਗਰੇਜ਼ ਸਰਕਾਰ ਨੇ ਗੱਡੀ ਨਾ ਰੋਕਣ ਦਾ ਫ਼ੈਸਲਾ ਕੀਤਾ। ਸਟੇਸ਼ਨ ਮਾਸਟਰ ਨੇ ਸੰਗਤ ਨੂੰ ਸੂਚਿਤ ਕੀਤਾ ਕਿ ਸਰਕਾਰ ਦੇ ਹੁਕਮ ਮੁਤਾਬਕ ਅੱਜ ਇੱਥੇ ਗੱਡੀ ਨਹੀਂ ਰੁਕੇਗੀ।  ਭਾਈ ਪ੍ਰਤਾਪ ਸਿੰਘ ਨੇ ਕਿਹਾ ਤੁਹਾਡੀ ਸਰਕਾਰ ਦਾ ਹੁਕਮ ਹੈ ਕਿ ਗੱਡੀ ਨਹੀਂ ਰੁਕੇਗੀ ਪਰ ਸਾਡੀ ਸੰਗਤ ਦਾ ਹੁਕਮ ਹੈ ਕਿ ਅਰਦਾਸ ਕਰਕੇ ਤਿਆਰ ਕੀਤਾ ਲੰਗਰ ਹਰ ਹਾਲਤ ’ਚ ਸਿੰਘਾਂ ਨੂੰ ਛਕਾਇਆ ਜਾਵੇਗਾ। ਰੇਲ ਅਧਿਕਾਰੀਆਂ ਵੱਲੋਂ ਨਾ ਮੰਨੇ ਜਾਣ ’ਤੇ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਦੋਵੇਂ ਰੇਲਵੇ ਲਾਈਨ ’ਤੇ ਲੇਟ ਗਏ ਅਤੇ ਉਨ੍ਹਾਂ ਦੇ ਪਿੱਛੇ ਬਾਕੀ ਦੀ ਸੰਗਤ ਵੀ ਲਾਈਨ ਉੱਤੇ ਬੈਠ ਗਈ। ਗੱਡੀ ਚੀਕਾਂ ਮਾਰਦੀ ਆਈ ਪਰ ਕੋਈ ਵੀ ਉੱਠਿਆ ਨਹੀਂ। ਭਾਈ ਕਰਮ ਸਿੰਘ ਅਤੇ ਭਾਈ ਪ੍ਰਤਾਪ ਸਿੰਘ ਗੱਡੀ ਹੇਠ ਆ ਕੇ ਬੁਰੀ ਤਰ੍ਹਾਂ ਕੁਚਲੇ ਗਏ।  6 ਹੋਰ ਸਿੰਘਾਂ ਦੀਆਂ ਲੱਤਾਂ ਕੱਟਣ ਅਤੇ ਕਾਫ਼ੀ ਜਖ਼ਮੀ ਕਰਨ ਪਿੱਛੋਂ ਗੱਡੀ ਰੁਕ ਗਈ। ਸਿੰਘਾਂ ਨੇ ਭਾਈ ਕਰਮ ਸਿੰਘ ਅਤੇ ਪ੍ਰਤਾਪ ਸਿੰਘ ਨੂੰ ਗੱਡੀ ਹੇਠੋਂ ਕੱਢਣ ਦੀ ਕੋਸ਼ਿਸ ਕੀਤੀ ਤਾਂ ਭਾਈ ਪ੍ਰਤਾਪ ਸਿੰਘ ਨੇ ਕਿਹਾ ਕਿ ਜੇ ਤੁਸੀਂ ਸਾਨੂੰ ਗੱਡੀ ਹੇਠੋਂ ਕੱਢ ਲਿਆ ਤਾਂ ਗੱਡੀ ਚੱਲ ਪਏਗੀ ਅਤੇ ਅਸੀਂ ਕੈਦੀ ਸਿੰਘਾਂ ਨੂੰ ਲੰਗਰ ਨਹੀਂ ਛਕਾ ਸਕਾਂਗੇ। ਇਸ ਲਈ ਪਹਿਲਾਂ ਸਿੰਘਾਂ ਨੂੰ ਲੰਗਰ ਛਕਾਓ। ਲੰਗਰ ਛਕਾਉਣ ਤੋਂ ਬਾਅਦ ਕੱਢਿਆ ਗਿਆ ਤਾਂ ਭਾਈ ਕਰਮ ਸਿੰਘ ਕੁਝ ਘੰਟਿਆਂ ਪਿੱਛੋਂ ਸ਼ਹੀਦ ਹੋ ਗਏ ਅਤੇ ਭਾਈ ਪ੍ਰਤਾਪ ਸਿੰਘ ਅਗਲੇ ਦਿਨ ਸਵੇਰੇ ਅੰਮ੍ਰਿਤ ਵੇਲੇ ਸ਼ਹੀਦੀ ਪ੍ਰਾਪਤ ਕਰ ਗਏ। ਇਸ ਸਾਲ ੧੪ ਕੱਤਕ ਨਾ: ਸ਼ਾ: (28 ਅਕਤੂਬਰ) ਨੂੰ ਪੰਜਾ ਸਾਹਿਬ ਸਾਕੇ ਦੇ ਸੌ ਸਾਲਾ ਯਾਦਗਾਰੀ ਸਮਾਗਮ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਸਰਕਾਰ, ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਵੱਲੋਂ ਅੰਤਰ ਰਾਸ਼ਟਰੀ ਪੱਧਰ ’ਤੇ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਕਰਵਾਏ ਗਏ ਸਨ।

ਭਾਵੇਂ ਵੇਖਣ ਵਾਲੀ ਕੋਈ ਖ਼ਾਸ ਚੀਜ਼ ਨਹੀਂ ਪਰ ਇਹ ਸੋਚ ਕੇ ਕਿ ਬੜੇ ਚਿਰਾਂ ਪਿੱਛੋਂ ਗੁਰੂ ਸਾਹਿਬ ਜੀ ਦੀ ਬਖ਼ਸ਼ਸ਼ ਨਾਲ ਇਸ ਸਥਾਨ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ ਫਿਰ ਪਤਾ ਨਹੀਂ ਕਦੋਂ ਮਿਲੇਗਾ ਜਾਂ ਨਹੀਂ, ਇਸ ਲਈ ਪੰਜਾ ਸਾਹਿਬ ਦੇ ਉੱਪਰ ਇੱਕ ਖੜ੍ਹੀ ਪਹਾੜੀ ’ਤੇ ਚੜ੍ਹ ਕੇ ਵਲੀ ਕੰਧਾਰੀ ਦੀ ਮਜ਼ਾਰ ਨੂੰ ਵੀ ਵੇਖਿਆ। ਅੱਜੇ ਓਥੇ ਪਾਣੀ ਹੇਠਾਂ ਪੰਜਾ ਸਾਹਿਬ ਤੋਂ ਲੈ ਕੇ ਜਾਂਦੇ ਹਨ ਕਿਉਂਕਿ ਓਥੇ ਕੋਈ ਸੋਮਾ ਨਜ਼ਰ ਨਹੀਂ ਆਇਆ। ਉਸ ਪਹਾੜੀ ’ਤੇ ਚੜ੍ਹ ਕੇ ਵੇਖਿਆ ਕਿ ਚਾਰੇ ਪਾਸੇ ਹਸਨ ਅਬਦਾਲ ਦਾ ਵਿਸ਼ਾਲ ਸ਼ਹਰ ਵਸਿਆ ਹੈ ਅਤੇ ਸ਼ਹਰ ਤੋਂ ਅੱਗੇ ਫਿਰ ਪਹਾੜੀਆਂ ਹੀ ਪਹਾੜੀਆਂ ਨਜ਼ਰ ਆਉਂਦੀਆਂ ਸਨ। ਇਸ ਪਹਾੜੀ ’ਤੇ ਜਿੰਨਾ ਚੜ੍ਹਨਾ ਔਖਾ ਲੱਗਿਆ ਉਤਨਾ ਹੀ ਮੁਸ਼ਕਲ ਉਤਰਨਾ ਸੀ।

11 ਨਵੰਬਰ ਨੂੰ ਸਵੇਰੇ ਉੱਠ ਕੇ ਨਿਜੀ ਤਿਆਰੀ ਕਰਨ ਪਿੱਛੋਂ ਗੁਰੂ ਦਰਬਾਰ ਮੱਥਾ ਟੇਕਿਆ, ਦੀਵਾਨ ਹਾਲ ’ਚ ਹੋ ਰਹੇ ਆਸਾ ਜੀ ਕੀ ਵਾਰ ਦੇ ਕੀਰਤਨ ਦਾ ਅਨੰਦ ਮਾਣਿਆ, ਲੰਗਰ ਛਕਿਆ ਅਤੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਲਈ ਰੇਲ ਗੱਡੀ ਦੀ ਉਡੀਕ ਕਰਨ ਲੱਗੇ। ਇਸ ਸਥਾਨ ’ਤੇ ਸੁਰੱਖਿਆ ਕਾਰਨਾਂ ਕਰਕੇ ਕਿਸੇ ਵੀ ਯਾਤਰੀ ਨੂੰ ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਜਾਣ ਦੀ ਆਗਿਆ ਨਹੀਂ ਦਿੱਤੀ। ਹਰ ਵਾਰ ਦੀ ਤਰ੍ਹਾਂ ਅੱਧੀ ਰਾਤ ਨੂੰ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਪਹੁੰਚੇ। ਇੱਥੇ ਟੈਂਟ ’ਚ ਮੰਜਿਆਂ ਅਤੇ ਵਧੀਆ ਗੱਦੇ ਰਜਾਈਆਂ ਦਾ ਪ੍ਰਬੰਧ ਸੀ। ਕੁਝ ਕੁ ਬੇਸਬਰੇ ਲੋਕ ਜਿਨ੍ਹਾਂ ਨੂੰ ਇਹ ਵਿਸ਼ਵਾਸ ਨਹੀਂ ਹੁੰਦਾ ਕਿ ਲੇਟ ਹੋ ਗਏ ਤਾਂ ਸ਼ਾਇਦ ਕੁਝ ਮਿਲੇ ਜਾਂ ਨਾ ਮਿਲੇ, ਉਹ ਸੜਕਾਂ ਦੇ ਕਿਨਾਰਿਆਂ ’ਤੇ ਵੀ ਗੱਦੇ ਰਜਾਈਆਂ ਲੈ ਕੇ ਸੌਂ ਗਏ ਸਨ।

ਲਾਹੌਰ ’ਚ ਗੁਰਦੁਆਰਾ ਡੇਰਾ ਸਾਹਿਬ; ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਸਥਾਨ ਹੈ, ਜਿੱਥੇ ਹਾੜ ਸੰਮਤ ੧੬੬੩ (ਸੰਨ 1606) ਨੂੰ ਉਨ੍ਹਾਂ ਨੂੰ ਤੱਤੀ ਤਵੀ ’ਤੇ ਬਿਠਾ ਕੇ ਸ਼ਹੀਦ ਕੀਤਾ ਗਿਆ ਸੀ। ਇਸ ਸਥਾਨ ਦੀ ਕਾਰਸੇਵਾ ਚੱਲ ਰਹੀ ਸੀ ਅਤੇ ਨਿੱਤ ਦੀ ਮਰਿਆਦਾ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਕੋਲ ਉਨ੍ਹਾਂ ਦੇ ਨਾਂ ’ਤੇ ਬਣੇ ਗੁਰਦੁਆਰਾ ਸਾਹਿਬ ਜੀ ਅੰਦਰ ਚੱਲਦੀ ਸੀ। ਨਿਜੀ ਤਿਆਰੀ ਪਿੱਛੋਂ ਆਸਾ ਜੀ ਕੀ ਵਾਰ ਦੇ ਕੀਰਤਨ ਅਤੇ ਕਥਾ ਦਾ ਅਨੰਦ ਮਾਣਿਆ ਅਤੇ ਸਵੇਰ ਦਾ ਨਾਸ਼ਤਾ ਕਰਨ ਉਪਰੰਤ ਥੋੜ੍ਹਾ ਚਿਰ ਆਪਣੇ ਟੈਂਟ ’ਚ ਆ ਕੇ ਅਰਾਮ ਕੀਤਾ। ਇਸ ਪਿੱਛੋਂ ਦੋ ਵਿੱਚੋਂ ਕੇਵਲ ਇੱਕ ਦੀ ਚੋਣ ਸਾਡੇ ਸਾਹਮਣੇ ਸੀ ਜਾਂ ਤਾਂ ਸ਼ਾਹੀ ਕਿੱਲੇ (ਜਿੱਥੇ 40 ਸਾਲ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਸੀ) ਦੀ ਸੈਰ ਕੀਤੀ ਜਾਵੇ ਜਾਂ ਲਾਹੌਰ ਦੇ ਹੋਰ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕੀਤੇ ਜਾਣ। ਅਸੀਂ ਗੁਰਦੁਅਰਿਆਂ ਦੇ ਦਰਸ਼ਨਾਂ ਨੂੰ ਤਰਜੀਹ ਦਿੱਤੀ ਅਤੇ ਸ਼ਾਹੀ ਕਿੱਲੇ ਦੀ ਸੈਰ ਅਗਲੇ ਦਿਨ ਕਰਨ ਦਾ ਫ਼ੈਸਲਾ ਕੀਤਾ। ਚੂਨਾ ਮੰਡੀ ’ਚ ਸਥਿਤ ਗੁਰਦੁਆਰਾ ਜਨਮ ਸਥਾਨ ਗੁਰੂ ਰਾਮਦਾਸ ਜੀ ਹੈ, ਜਿੱਥੇ ਉਨ੍ਹਾਂ ਦਾ ਪ੍ਰਕਾਸ਼ ੨੫ ਅੱਸੂ ਸੰਮਤ ੧੫੯੧ (ਸੰਨ 1534) ਨੂੰ ਹੋਇਆ। ਚੂਨਾ ਮੰਡੀ ਏਸ਼ੀਆ ਦੀ ਸਭ ਤੋਂ ਵੱਡੀ ਕੱਪੜੇ ਦੀ ਥੋਕ ਮੰਡੀ ਵਜੋਂ ਜਾਣੀ ਜਾਂਦੀ ਹੈ। ਇੱਥੋਂ 1500 ਰੁਪਏ ਵਾਲ਼ਾ ਸ਼ਾਲ ਤੇ 1500 ਰੁਪਏ ਵਾਲ਼ਾ ਕੁੜਤੇ ਪੰਜਾਮੇ ਦਾ ਕੱਪੜਾ ਕੇਵਲ 500-500 ਰੁਪਏ ’ਚ ਮਿਲਿਆ, ਜੋ ਬਹੁਤ ਸੰਗਤ ਨੇ ਖ਼ਰੀਦੇ।

ਰੇਲਵੇ ਸਟੇਸ਼ਨ ਲਾਹੌਰ ਦੇ ਨਜ਼ਦੀਕ ਲੰਡਾ ਬਜ਼ਾਰ ’ਚ ਸਥਿਤ ਸ਼ਹੀਦੀ ਸਥਾਨ ਸਿੰਘ ਸਿੰਘਣੀਆਂ (ਜਿੱਥੇ ਮੀਰ ਮੰਨੂੰ ਦੀ ਜੇਲ੍ਹ ’ਚ ਸਿੰਘਣੀਆਂ ਨੂੰ ਦਿਲ ਕੰਬਾਊ ਤਸੀਹੇ ਦਿੱਤੇ ਗਏ, ਸਵਾ ਸਵਾ ਮਣ ਪੀਸਣ ਪੀਸੇ, ਆਪਣੇ ਬੱਚਿਆਂ ਦੇ ਟੋਟੇ ਕਰ ਉਨ੍ਹਾਂ ਦੇ ਗਲ਼ਾਂ ’ਚ ਹਾਰ ਪਾਏ ਗਏ ਅਤੇ ਸੈਂਕੜੇ ਸਿੰਘ ਸਿੰਘਣੀਆਂ ਨੂੰ ਇਸ ਸਥਾਨ ’ਤੇ ਸ਼ਹੀਦ ਕੀਤਾ ਗਿਆ। ਬੇਸਮੈਂਟ ’ਚ ਉਸ ਵੇਲੇ ਦੀ ਇੱਕ ਚੱਕੀ ਵੀ ਪਈ ਹੈ। ਇਨ੍ਹਾਂ ਦੋਵਾਂ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕੀਤੇ। ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ ਤੋਂ ਥੋੜ੍ਹੀ ਦੂਰ ਅੱਗੇ ਨਾਖਾਸ ਚੌਕ ’ਚ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਸਥਾਨ ਹੈ, ਜਿੱਥੇ ਉਨ੍ਹਾਂ ਨੂੰ ੨੫ ਹਾੜ ਬਿਕ੍ਰਮੀ ਸੰਮਤ ੧੭੯੧ (24 ਜੂਨ 1734) ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਸੀ। ਇਸ ਸਥਾਨ ਬਾਰੇ ਤਦ ਸਾਨੂੰ ਜਾਣਕਾਰੀ ਨਾ ਹੋਣ ਕਾਰਨ ਇਸ ਸਥਾਨ ਦੇ ਦਰਸ਼ਨ ਨਾ ਕਰ ਸਕੇ। ਵਾਪਸੀ ’ਤੇ ਨੌ ਲੱਖਾ ਬਾਜ਼ਾਰ ’ਚ ਗੁਰਦੁਆਰਾ ਸ਼ਹੀਦ ਗੰਜ ਸ਼ਹੀਦ ਭਾਈ ਤਾਰੂ ਸਿੰਘ ਜੀ ਹੈ, ਜਿੱਥੇ ਉਨ੍ਹਾਂ ਨੂੰ ੧ ਸਾਵਣ ਸੰਮਤ ੧੮੦੨ (ਸੰਨ 1745) ਨੂੰ ਖੋਪਰੀ ਉਤਾਰ ਕੇ ਸ਼ਹੀਦ ਕੀਤਾ ਗਿਆ। ਗੁਰਦੁਆਰਾ-ਮਸਜ਼ਿਦ ਵਿਵਾਦ ਕੇਸ ਅਦਾਲਤ ’ਚ ਹੋਣ ਕਾਰਨ ਇਸ ਨੂੰ ਬੰਦ ਕੀਤਾ ਹੋਇਆ ਹੈ, ਇਸ ਕਰਕੇ ਗੁਰਦੁਆਰੇ ਦੇ ਗੇਟ ਤੋਂ ਹੀ ਵਾਪਸ ਆ ਗਏ। ਇਹ ਸਥਾਨ ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ ਤੋਂ ਮਾਤਰ 20-30 ਗਜ਼ ਦੂਰ ਹੀ ਹੈ। ਸ਼ਾਹੀ ਕਿਲੇ ਦੇ ਨਜ਼ਦੀਕ ਜਿੱਥੇ ਭਾਈ ਮਨੀ ਸਿੰਘ ਜੀ ਦਾ ਸਸਕਾਰ ਕੀਤਾ ਗਿਆ, ਉਸ ਸਥਾਨ ’ਤੇ ਵੀ ਸ਼ਹੀਦ ਗੰਜ ਗੁਰਦੁਆਰਾ ਦੱਸਿਆ ਜਾਂਦਾ ਹੈ ਪਰ ਸਮੇਂ ਅਤੇ ਜਾਣਕਾਰੀ ਦੀ ਘਾਟ ਕਾਰਨ ਇਸ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਨਾ ਹੋ ਸਕੇ।

13 ਨਵੰਬਰ 2022 ਨੂੰ ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਲਈ ਬੱਸਾਂ ਰਾਹੀਂ ਰਵਾਨਾ ਹੋਏ, ਇਸ ਲਈ ਸ਼ਾਹੀ ਕਿਲੇ ਦੀ ਸੈਰ ਨਾ ਕਰ ਸਕੇ। ਦਿਨ ਛਿਪੇ ਕਰਤਾਰਪੁਰ ਸਾਹਿਬ ਪਹੁੰਚੇ। ਇਸ ਸਥਾਨ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਸੰਮਤ ੧੫੭੯ (ਸੰਨ 1522) ’ਚ ਵਸਾਇਆ ਅਤੇ ਆਪਣੀ ਉਮਰ ਦੇ ਆਖਰੀ 17 ਸਾਲ ਖੇਤੀ ਕਰਦਿਆਂ ‘ਕਿਰਤ ਕਰੋ, ਵੰਡ ਛਕੋ, ਨਾਮ ਜਪੋ’ ਦਾ ਸੰਦੇਸ਼ ਅਮਲੀ ਰੂਪ ’ਚ ਦਿੱਤਾ। ਇਸੇ ਸਥਾਨ ’ਤੇ ਬਾਬਾ ਲਹਿਣਾ ਜੀ ਪਹਿਲੀ ਵਾਰ ਸੰਮਤ ੧੫੮੯ (ਸੰਨ 1532) ’ਚ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਣ ਲਈ ਆਏ ਜਿਨ੍ਹਾਂ ਦੀ ਪਰਖ ਪੜਚੋਲ ਕਰਨ ਪਿੱਛੋਂ ੪ ਅੱਸੂ ਸੰਮਤ ੧੫੯੬ (ਸੰਨ 1539) ਨੂੰ ਗੁਰਗੱਦੀ ’ਤੇ ਬਿਰਾਜਮਾਨ ਕਰ ਆਪ ੮ ਅੱਸੂ ਸੰਮਤ ੧੫੯੬ ਨੂੰ ਜੋਤੀ ਜੋਤ ਸਮਾ ਗਏ। ਇਹ ਸਥਾਨ ਬਾਰਡਰ ਦੇ ਨਜ਼ਦੀਕ ਹੋਣ ਕਾਰਨ ਪਾਕਿਸਤਾਨੀ ਰੇਂਜਰਾਂ ਦੀ ਦੇਖ ਰੇਖ ਹੇਠ ਹੈ, ਜਿਸ ਕਾਰਨ ਸੁਰੱਖਿਆ ਨਿਯਮ ਕਾਫ਼ੀ ਸਖ਼ਤ ਹਨ। ਵਾਹਘਾ ਬਾਰਡਰ ’ਤੇ ਜਾਰੀ ਕੀਤੇ ਸ਼ਿਨਾਖ਼ਤੀ ਕਾਰਡ ਤੋਂ ਇਲਾਵਾ ਇੱਥੇ ਦਾਖ਼ਲੇ ਤੋਂ ਪਹਿਲਾਂ ਇੱਕ ਹੋਰ ਵਿਸ਼ੇਸ਼ ਸ਼ਿਨਾਖ਼ਤੀ ਕਾਰਡ ਜਾਰੀ ਕੀਤਾ ਗਿਆ। ਇਹ ਕਾਰਡ ਮਿਲਣ ਪਿੱਛੋਂ ਦਰਸ਼ਨੀ ਡਿਊਡੀ ਰਾਹੀਂ ਗੁਰਦੁਆਰਾ ਸਾਹਿਬ ਕੰਮਲੈਕਸ ਵਿੱਚ ਦਾਖ਼ਲ ਹੋਏ। ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਸ਼ਾਨਦਾਰ ਖੁਲ੍ਹੇ ਮੈਦਾਨ ਦੇ ਚੁਫੇਰੇ ਰਿਹਾਇਸ਼ੀ ਸਰਾਵਾਂ, ਬਰਾਂਡਿਆਂ, ਲੰਗਰ ਹਾਲ ਅਤੇ ਵਾਸ਼ਰੂਮਾਂ ਦਾ ਆਰਚੀਟੈਕਚਰਲ ਡਿਜ਼ਾਇਨ ਅਤੇ ਸਫ਼ਾਈ ਅੰਤਰਰਾਸ਼ਟਰੀ ਪੱਧਰ ਦੀ ਸੀ, ਜਿਸ ਨੂੰ ਵੇਖ ਕੇ ਮਨ ਅਨੰਦਿਤ ਹੋ ਗਿਆ। ਰਾਤ ਨੂੰ ਭਾਰਤੀ ਯਾਤਰੀਆਂ ਲਈ ਬਾਹਰ ਖੁੱਲ੍ਹੇ ਮੈਦਾਨ ’ਚ ਸ਼ਾਨਦਾਰ ਕਬਾਲੀ ਨਾਈਟ ਦਾ ਅਨੰਦ ਮਾਨਣ ਲਈ ਵਿਸ਼ੇਸ਼ ਬੱਸਾਂ ਦਾ ਪ੍ਰਬੰਧ ਕੀਤਾ ਸੀ, ਜਿਨ੍ਹਾਂ ’ਚ ਬੈਠ ਕੇ ਪਹਿਲਾਂ ਦੀ ਤਰ੍ਹਾਂ ਲੰਬਾ ਇੰਤਜ਼ਾਰ ਨਹੀਂ ਕਰਨਾ ਪੈਂਦਾ ਸੀ; ਭਾਵੇਂ ਇੱਕ ਸਵਾਰੀ ਹੀ ਹੋਵੇ ਉਸ ਨੂੰ ਲੈ ਕੇ ਬੱਸ ਤੁਰੰਤ ਰਵਾਨਾ ਹੋ ਜਾਂਦੀ ਸੀ। ਕਬਾਲ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੀ ਸਭਿਆਚਾਰਕ ਸਾਂਝ ਬਹੁਤ ਹੀ ਭਾਵਪੂਰਕ ਤਰੀਕੇ ਨਾਲ ਪੇਸ਼ ਕਰ ਰਹੇ ਸਨ ਅਤੇ ਦੋਵੇਂ ਪਾਸਿਆਂ ਦੇ ਪੰਜਾਬੀ ਮੁੜ ਇੱਕ ਪੰਜਾਬ ਹੋ ਜਾਣ ਦੀਆਂ ਅਰਦਾਸਾਂ ਕਰਦੇ ਦਿਲਕਸ਼ ਨਜ਼ਾਰਾ ਪੇਸ਼ ਕਰ ਰਹੇ ਸਨ, ਪਰ ਚੜ੍ਹਦੇ ਪੰਜਾਬ ਦੇ ਪੰਜਾਬੀ, ਲੰਬੇ ਸਫ਼ਰ ਦੇ ਥਕਾਏ ਹੋਣ ਕਾਰਨ ਲੰਬਾ ਸਮਾਂ ਅਨੰਦ ਮਾਨਣ ਦੇ ਰੌਂ ’ਚ ਨਹੀਂ ਜਾਪ ਰਹੇ ਸਨ।

14 ਨਵੰਬਰ ਨੂੰ ਬੱਸਾਂ ਰਾਹੀਂ ਗੁਰਦੁਆਰਾ ਰੋੜੀ ਸਾਹਿਬ (ਏਮਨਾਬਾਦ) ਦੇ ਦਰਸ਼ਨਾਂ ਲਈ ਰਵਾਨਾ ਹੋਏ। ਰੋੜੀ ਸਾਹਿਬ ਏਮਨਾਬਾਦ ਦੇ ਬਾਹਰਵਾਰ ਰੋੜਾਂ ਵਾਲੀ ਉਹ ਜਗ੍ਹਾ ਹੈ, ਜਿੱਥੇ ਪ੍ਰਚਾਰ ਫੇਰੀਆਂ ਦੌਰਾਨ ਗੁਰੂ ਜੀ ਅਕਸਰ ਵਿਸਰਾਮ ਕਰਿਆ ਕਰਦੇ ਸਨ। ਇਸ ਦੇ ਨਜ਼ਦੀਕ ਭਾਈ ਲਾਲੋ ਜੀ ਦਾ ਘਰ ਹੈ; ਸਮੇਂ ਦੀ ਘਾਟ ਹੋਣ ਕਾਰਨ ਜਿਸ ਦੇ ਦਰਸ਼ਨ ਨਾ ਕਰ ਸਕਣ ਦਾ ਮਨ ’ਚ ਸਦਾ ਅਫ਼ਸੋਸ ਰਹੇਗਾ। ਦੱਸਿਆ ਜਾਂਦਾ ਹੈ ਕਿ ਇਸੇ ਸਥਾਨ ’ਤੇ ਗੁਰੂ ਸਾਹਿਬ ਨੇ ਮਲਿਕ ਭਾਗੋ ਦੇ ਪੂੜਿਆਂ ’ਚ ਗਰੀਬਾਂ ਦਾ ਲਹੂ ਹੋਣ ਦਾ ਅਹਿਸਾਸ ਕਰਵਾਇਆ ਸੀ। ਬਾਬਰ ਦੇ ਹਮਲੇ ਸਮੇਂ ਬਾਬਰ ਨੂੰ ਵੰਗਾਰ ਪਾਉਂਦਾ ਸ਼ਬਦ ‘‘ਪਾਪ ਕੀ ਜੰਞ ਲੈ ਕਾਬਲਹੁ ਧਾਇਆ ; ਜੋਰੀ ਮੰਗੈ ਦਾਨੁ ਵੇ ਲਾਲੋ ’’ (ਤਿਲੰਗ ਮਹਲਾ /੭੨੨ਵੀ ਇਸੇ ਸਥਾਨ ’ਤੇ ਉਚਾਰਿਆ ਗਿਆ ਸੀ। ਗੁਰਦੁਆਰਾ ਸਾਹਿਬ ਦੀ ਡਿਊਡੀ ’ਤੇ ਇੱਟਾਂ ਤਰਾਸ਼ ਕੇ ਬਹੁਤ ਸੁੰਦਰ ਅੱਖਰਾਂ ’ਚ ਭਾਈ ਗੁਰਦਾਸ ਜੀ ਦੀ ਵਾਰ ਦੀ ਇਹ ਤੁਕ ਉਕਰੀ ਹੋਈ ਹੈ ‘‘ਰੇਤੁ ਅਕੁ ਆਹਾਰੁ ਕਰਿ ; ਰੋੜਾ ਕੀ ਗੁਰ ਕਰੀ ਵਿਛਾਈ’’ (ਵਾਰ ਪਉੜੀ ੨੪)  ਭਾਵ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਚਾਰਕ ਦੌਰਿਆਂ ਦੌਰਾਨ ਰੇਤ ਤੇ ਅੱਕ ਦਾ ਭੋਜਨ ਕਰਕੇ, ਰੋੜਾਂ ’ਤੇ ਬਿਸਤਰਾ ਲਗਾਇਆ। ਇਹ ਇਲਾਕਾ ਰੋੜਾਂ ਵਾਲ਼ਾ ਹੀ ਹੈ। (ਭਾਵ ਦੁਖ ਕਲੇਸ਼ਾਂ ਨੂੰ ਸਹਾਰਿਆ)। ਰਸਾਂ ਕਸਾਂ ਤੋਂ ਉੱਪਰ ਉੱਠ ਕੇ ਸਾਦਾ ਭੋਜਨ ਅਤੇ ਬੇ-ਆਰਾਮੀ ਰਿਹਾਇਸ਼ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ; ਜਿਨ੍ਹਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਉਕਤ ਪਉੜੀ ’ਚ ਕੀਤਾ ਹੈ; ਦੇ ਸਿੱਖ ਅਖਵਾਉਣ ਅਤੇ ਉਨ੍ਹਾਂ ਦੇ ਚਰਨਛੋਹ ਸਥਾਨਾਂ ਦੇ ਦਰਸ਼ਨ ਕਰਨ ਆਏ ਸਾਨੂੰ ਸਭਨਾਂ ਨੂੰ ਕੋਈ ਵੀ ਗੱਲ ਐਸੀ ਨਹੀਂ ਕਰਨੀ ਚਾਹੀਦੀ ਕਿ ਸਾਡੇ ਕਿਰਦਾਰ ਅਤੇ ਵਰਤਾਅ ਨੂੰ ਵੇਖ ਕੇ ਸ਼ੱਕ ਕਰਨ ਦੀ ਗੁੰਜਾਇਸ਼ ਬਾਕੀ ਰਹੇ ਕਿ ਇਹ ਉਸ ਗੁਰੂ ਨਾਨਕ ਸਾਹਿਬ ਜੀ ਦੇ ਹੀ ਸਿੱਖ ਹਨ, ਜਿਨ੍ਹਾਂ ਦੀਆਂ ਸਾਖੀਆਂ ਅਸੀਂ ਕਿਤਾਬਾਂ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ’ਚੋਂ ਪੜ੍ਹਦੇ ਹਾਂ। ਇੰਮੀਗ੍ਰੇਸ਼ਨ ਕਰਵਾਉਂਦੇ, ਰਿਹਾਇਸ਼ ਲਈ ਕਮਰਿਆਂ ਦੀ ਬੁਕਿੰਗ ਕਰਵਾਉਂਦੇ ਖ਼ਾਸ ਕਰ ਲੰਗਰ ਵਿੱਚ ਪੂਰੀਆਂ, ਜਲੇਬੀਆਂ ਜਾਂ ਹੋਰ ਸੁਆਦਲੀਆਂ ਡਿਸ਼ਾਂ ਪ੍ਰਾਪਤ ਕਰਨ ਸਮੇਂ ਜਿਸ ਤਰ੍ਹਾਂ ਧੱਕਾ ਮੁੱਕੀ ਅਤੇ ਖੋਹ ਖੁਹਾਈ ਹੁੰਦੀ ਹੈ, ਉਸ ਨੂੰ ਵੇਖ ਕੇ ਇਹ ਸੋਚਣ ਲਈ ਮਜ਼ਬੂਰ ਹੋ ਜਾਈਦਾ ਹੈ ਕਿ ਕੀ ਅਸੀਂ ਉਸ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਅਖਵਾਉਣ ਦੇ ਕਾਬਲ ਹਾਂ, ਜਿਨ੍ਹਾਂ ਪ੍ਰਤੀ ਭਾਈ ਗੁਰਦਾਸ ਜੀ ਨੇ ਉਕਤ ਪਉੜੀ ਉਚਾਰਨ ਕੀਤੀ ਹੈ।

ਅਨੁਸਾਸ਼ਨ ਅਤੇ ਸਬਰ ਸੰਤੋਖ ’ਚ ਰਹਿਣ ਦਾ ਉਪਦੇਸ਼ ਦਿੰਦੀ ਇਹ ਸਾਖੀ ਕਥਾਵਾਚਕਾਂ ਤੋਂ ਅਕਸਰ ਸੁਣੀਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਮਿੱਠੇ ਚੌਲ਼ਾਂ ਦਾ ਕੜਾਹ ਤਿਆਰ ਕਰਵਾ ਵਰਤਾਉਣ ਤੋਂ ਪਹਿਲਾਂ ਕੁੱਤਿਆਂ ਨੂੰ ਚੌਲ਼ਾਂ ਦੇ ਕੜਾਹੇ ਦੁਆਲੇ ਛੱਡ ਦਿੱਤਾ। ਕੁੱਤਿਆਂ ਨੇ ਵੱਧ ਤੋਂ ਵੱਧ ਹਿੱਸਾ ਆਪਣੇ ਲਈ ਪ੍ਰਾਪਤ ਕਰਨ ਵਾਸਤੇ ਜਿਸ ਤਰ੍ਹਾਂ ਆਪਸੀ ਯੁੱਧ ਕੀਤਾ ਉਸ ਕਾਰਨ ਸਾਰੇ ਹੀ ਚੌਲ਼ ਮਿੱਟੀ ’ਚ ਰਲ਼ ਗਏ ਅਤੇ ਇੱਕ ਵੀ ਦਾਣਾ ਕਿਸੇ ਦੇ ਹੱਥ ਨਾ ਲੱਗਾ। ਜੇ ਨਨਕਾਣਾ ਸਾਹਿਬ ਵਿਖੇ ਸਿੰਧੀ ਲੰਗਰ ’ਚ ਪੂਰੀਆਂ ਵਰਤਣ ਸਮੇਂ ਵਰਤਾਵੇ ਦੇ ਹੱਥ ਪੂਰੀਆਂ ਵਾਲੀ ਟੋਕਰੀ ’ਚੋਂ ਪੂਰੀਆਂ ਚੁੱਕਣ ਸਮੇਂ ਹੋਈ ਆਪਾ ਧਾਪੀ ਦੌਰਾਨ ਹਵਾ ’ਚ ਉੱਛਲ ਕੇ ਪੈਰਾਂ ’ਚ ਡਿੱਗ ਰਹੀਆਂ ਪੂਰੀਆਂ ਦਾ ਵੀਡੀਓ ਕਲਿਪ ਵਾਇਰਲ ਹੋ ਜਾਵੇ ਤਾਂ ਮੈਂ ਸਮਝਦਾ ਹਾਂ ਕਿ ਚੌਲ਼ਾਂ ਦੇ ਕੜਾਹੇ ਦੁਆਲੇ ਕੁੱਤੇ ਛੱਡਣ ਦੀ ਮਿਸਾਲ ਦੇਣ ਦੀ ਜ਼ਰੂਰਤ ਨਹੀਂ ਪਵੇਗੀ। ਸਾਡੇ ਅਖੌਤੀ ਸਿੱਖਾਂ ਦੇ ਕਿਰਦਾਰ ਦੀ ਉਦਾਹਰਨ ਹੀ ਕਾਫ਼ੀ ਹੈ। ਇਸ ਸ਼ਰਮਸ਼ਾਰ ਦ੍ਰਿਸ਼ ਤੋਂ ਬਚਣ ਲਈ ਮੇਰੇ ਦੋ ਸੁਝਾਅ ਹਨ :

ਪਹਿਲਾ ਤਾਂ ਉਹ ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਜਿਨ੍ਹਾਂ ਨੂੰ ਜਥੇ ਭੇਜਣ ਦਾ ਅਧਿਕਾਰ ਮਿਲਿਆ ਹੋਇਆ ਹੈ, ਉਨ੍ਹਾਂ ਲਈ ਲਾਜ਼ਮੀ ਹੋਵੇ ਕਿ ਉਹ ਕੇਵਲ ਉਨ੍ਹਾਂ ਨਾਵਾਂ ਦੀ ਹੀ ਸਿਫਾਰਸ਼ ਕਰਨ, ਜਿੰਨ੍ਹਾਂ ਨੇ ਘੱਟ ਤੋਂ ਘੱਟ ਇੱਕ ਹਫਤੇ ਲਈ ਟਰੇਨਿੰਗ ਕੈਂਪ ’ਚ ਸ਼ਮੂਲੀਅਤ ਕੀਤੀ ਹੋਵੇ, ਜਿਸ ਵਿੱਚ ਯਾਤਰੀਆਂ ਨੂੰ ਸਿਖਾਇਆ ਜਾਵੇ ਕਿ ਲੰਗਰ ਛਕਣ ਜਾਂ ਹੋਰ ਕਿਸੇ ਵੀ ਮੌਕੇ ਆਪਣੀ ਵਾਰੀ ਪਹਿਲਾਂ ਲੈਣ ਲਈ ਲਾਈਨ ਨਹੀਂ ਤੋੜਨੀ।  ਸਭ ਨੇ ਆਪਣੀ ਵਾਰੀ ਦੀ ਉਡੀਕ ਸਬਰ, ਸੰਤੋਖ ’ਚ ਰਹਿ ਕੇ ਕਰਨੀ ਹੈ। ਪ੍ਰਬੰਧਕਾਂ ਵੱਲੋਂ ਐਲਾਨ ਕੀਤੇ ਜਾਂਦੇ ਟੂਰ ਪ੍ਰੋਗਰਾਮ ਦੇ ਪਾਬੰਦ ਰਹਿਣ ਦੀ ਵੀ ਤਾਕੀਦ ਕੀਤੀ ਜਾਵੇ। ਉਨ੍ਹਾਂ ਨੂੰ ਦੱਸਿਆ ਜਾਵੇ ਕਿ ਤੁਸੀਂ ਹਰ ਸਮੇਂ ਸੀ.ਸੀ.ਟੀ.ਵੀ. ਦੀ ਅੱਖ ਹੇਠ ਹੋਵੋਗੇ।  ਜੇ ਕਦੀ ਤੁਸੀਂ ਲਾਈਨ ਤੋੜਦੇ ਜਾਂ ਅਨੁਸਾਸ਼ਨ ਭੰਗ ਕਰਦੇ ਪਾਏ ਗਏ ਤਾਂ ਤੁਸੀਂ ਹਮੇਸ਼ਾਂ ਲਈ ਬਲੈਕ ਲਿਸਟ ਕਰ ਦਿੱਤੇ ਜਾਵੋਗੇ ਅਤੇ ਭਵਿੱਖ ’ਚ ਕਦੀ ਵੀ ਤੁਹਾਡੇ ਨਾਂ ਦੀ ਧਾਰਮਿਕ ਯਾਤਰਾ ਲਈ ਸਿਫਾਰਸ਼ ਨਹੀਂ ਕੀਤੀ ਜਾਵੇਗੀ।

ਦੂਸਰਾ ਸੁਝਾਅ ਪਾਕਿਸਤਾਨ ਦੇ ਪ੍ਰਬੰਧਕਾਂ ਲਈ ਹੈ ਕਿ ਹਰ ਥਾਂ ਤੋਂ ਰਵਾਨਗੀ ਦਾ ਸਮਾਂ ਵੰਡੇ ਗਏ ਪਰਚਿਆਂ ਵਿੱਚ ਲਿਖਣ ਤੋਂ ਇਲਾਵਾ ਇੱਕ ਦਿਨ ਪਹਿਲਾਂ ਹੀ ਸ਼ਾਮ ਅਤੇ ਅਗਲੇ ਦਿਨ ਸਵੇਰ ਦੇ ਦੀਵਾਨਾਂ ’ਚ ਅਨਾਊਂਸ ਕੀਤਾ ਜਾਵੇ ਅਤੇ ਆਪੋ ਆਪਣੀਆਂ ਬੱਸਾਂ ’ਚ ਬੈਠਣ ਲਈ ਕੇਵਲ ਅੱਧੇ ਘੰਟੇ ਦਾ ਸਮਾਂ ਦਿੱਤਾ ਜਾਵੇ।  ਲੇਟ ਹੋਣ ਵਾਲੇ ਯਾਤਰੀਆਂ ਲਈ ਉਨ੍ਹਾਂ ਨੂੰ ਆਪਣੇ ਖ਼ਰਚੇ ’ਤੇ ਵੱਖਰਾ ਪ੍ਰਬੰਧ ਕਰਨ ਲਈ ਕਿਹਾ ਜਾਵੇ ਤਾਂ ਕਿ ਅਨੁਸਾਸ਼ਨ ’ਚ ਰਹਿਣ ਵਾਲੇ ਯਾਤਰੀਆਂ ਨੂੰ ਅਣਲੋੜੀਂਦੀ ਪ੍ਰੇਸ਼ਾਨੀ ਅਤੇ ਸਮਾਂ ਖਰਾਬ ਹੋਣ ਤੋਂ ਬਚਾਇਆ ਜਾ ਸਕੇ। ਚੰਗੀ ਗੱਲ ਹੈ ਕਿ ਲੰਗਰ ’ਚ ਕੇਵਲ ਸਾਫ਼ ਸੁਥਰੇ ਪ੍ਰਸ਼ਾਦੇ, ਦਾਲ ਜਾਂ ਵੱਧ ਤੋਂ ਵੱਧ ਇੱਕ ਸਬਜ਼ੀ ਦਾ ਹੀ ਪ੍ਰਬੰਧ ਹੋਵੇ। ਜਲੇਬੀਆਂ, ਪੂਰੀਆਂ, ਦਹੀਂ ਭੱਲੇ ਆਦਿ ਡਿਸ਼ਾਂ ਵਰਤਾਉਣ ਤੋਂ ਸੰਕੋਚ ਕੀਤਾ ਜਾਵੇ ਕਿਉਂਕਿ ਬਹੁਤਾ ਹੱਲਾ ਗੁੱਲਾ ਇਹ ਡਿਸ਼ਾਂ ਲੈਣ ਲਈ ਹੁੰਦਾ ਹੈ।

ਹਰ ਯਾਤਰੀ ਦਾ ਮਨੋਰਥ ਹੋਵੇ ਕਿ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਉਪਦੇਸ਼ ਬਾਬਾ ਫ਼ਰੀਦ ਜੀ ਦੇ ਬਚਨ ਕਿ ਹੇ ਬੰਦੇ  ! ਜੇ ਤੂੰ (ਸਬਰ ਨੂੰ ਹਿਰਦੇ ’ਚ) ਪੱਕਾ ਕਰ ਲਏਂ, ਤਾਂ ਘਟ ਕੇ ਨਿੱਕਾ ਜਿਹਾ ਵਹਣ ਨਹੀਂ ਬਣੇਂਗਾ ਬਲਕਿ ਵਧ ਕੇ ਦਰਿਆ ਹੋ ਜਾਏਂਗਾ (ਭਾਵ ਸਬਰ ਵਾਲਾ ਜੀਵਨ ਬਣਾਇਆਂ ਤੇਰਾ ਦਿਲ ਵਧ ਕੇ ਦਰਿਆ ਹੋ ਜਾਇਗਾ, ਤੇਰੇ ਦਿਲ ’ਚ ਸਾਰੇ ਜਗਤ ਵਾਸਤੇ ਪਿਆਰ ਪੈਦਾ ਹੋਏਗਾ, ਤੇਰੇ ਅੰਦਰ ਤੰਗ-ਦਿਲੀ ਨਹੀਂ ਰਹੇਗੀ) ‘‘ਸਬਰੁ ਏਹੁ ਸੁਆਉ; ਜੇ ਤੂੰ ਬੰਦਾ  ! ਦਿੜੁ ਕਰਹਿ ਵਧਿ ਥੀਵਹਿ ਦਰੀਆਉ; ਟੁਟਿ ਥੀਵਹਿ ਵਾਹੜਾ ’’ (ਬਾਬਾ ਫਰੀਦ ਜੀ/੧੩੮੪) ਯਾਨੀ ਸਬਰ ਸੰਤੋਖ ਨੂੰ ਅਮਲੀ ਰੂਪ ’ਚ ਅਪਨਾਉਣਾ ਹੈ।

ਗੁਰਦੁਆਰਾ ਰੋੜੀ ਸਾਹਿਬ ਤੋਂ ਵਿਸ਼ੇਸ਼ ਬੱਸਾਂ ਰਾਹੀਂ ਵਾਪਸ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦਿਨ ਛਿਪੇ ਤੋਂ ਬਾਅਦ ਪਹੁੰਚੇ ਅਤੇ 15 ਨਵੰਬਰ 2022 ਨੂੰ ਸਵੇਰੇ ਹੀ ਲਾਹੌਰ ਤੋਂ ਵਿਸ਼ੇਸ਼ ਬੱਸਾਂ ਰਾਹੀਂ ਵਾਪਸ ਭਾਰਤ ਨੂੰ ਚਾਲੇ ਪਾ ਦਿੱਤੇ ਅਤੇ ਥੋੜ੍ਹੇ ਫ਼ਰਕ ਨਾਲ 6 ਨਵੰਬਰ ਵਾਲੀਆਂ ਮੁਸ਼ਕਲਾਂ ਦਾ ਮੁੜ ਸਾਹਮਣਾ ਕਰਨਾ ਪਿਆ ਕਿਉਂਕਿ ਬਾਰਡਰ ’ਤੇ ਓਨੇ ਪ੍ਰਬੰਧ ਨਹੀਂ ਹੋ ਸਕਦੇ, ਜਿੰਨੀ ਇਕੱਠੀ ਸੰਗਤ ਪਹੁੰਚ ਜਾਂਦੀ ਹੈ।

ਆਓ ਪਾਣੀ ਪੀਣ ਦੇ ਸਹੀ ਢੰਗ ਬਾਰੇ ਜਾਣੀਏ

0

ਆਓ ਪਾਣੀ ਪੀਣ ਦੇ ਸਹੀ ਢੰਗ ਬਾਰੇ ਜਾਣੀਏ

ਡਾ. ਹਰਸ਼ਿੰਦਰ ਕੌਰ, ਐੱਮ.ਡੀ., 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਪਾਣੀ ਬਿਨਾਂ ਜੀਵਨ ਸੰਭਵ ਨਹੀਂ ਹੈ। ਪਾਣੀ ਪੀਣ ਵੇਲੇ ਕੁੱਝ ਨਿੱਕੀਆਂ-ਨਿੱਕੀਆਂ ਗੱਲਾਂ ਦਾ ਧਿਆਨ ਰੱਖੀਏ ਤਾਂ ਤੰਦਰੁਸਤ ਰਹਿ ਸਕਦੇ ਹਾਂ।

ਇਹ ਮੰਨੀ ਪਰਮੰਨੀ ਗੱਲ ਹੈ ਕਿ ਪਲਾਸਟਿਕ ਦੀਆਂ ਬੋਤਲਾਂ ਵਿਚਲਾ ਬੀ. ਪੀ. ਏ. (ਬਿਸਫਿਨੋਲ ਏ) ਪਾਣੀ ਵਿਚ ਰਲ ਜਾਂਦਾ ਹੈ ਤੇ ਖ਼ਤਰਨਾਕ ਸਾਬਤ ਹੋ ਸਕਦਾ ਹੈ। ਕੈਂਸਰ ਤੋਂ ਲੈ ਕੇ ਜਮਾਂਦਰੂ ਨੁਕਸ, ਬਲੱਡ ਪ੍ਰੈੱਸ਼ਰ, ਹਾਰਮੋਨਾਂ ਵਿਚ ਗੜਬੜੀ, ਦਿਲ ਦੇ ਰੋਗ ਅਤੇ ਸ਼ੱਕਰ ਰੋਗ ਆਦਿ ਦੇ ਖ਼ਤਰੇ ਵਧਣ ਬਾਰੇ ਖੋਜਾਂ ਜਾਰੀ ਹਨ। ਇਸੇ ਲਈ ਸਭ ਨੂੰ ਫਰਿੱਜ ਅਤੇ ਕਾਰਾਂ ਵਿਚ ਸ਼ੀਸ਼ੇ ਜਾਂ ਸਟੀਲ ਦੀਆਂ ਬੋਤਲਾਂ ਰੱਖਣ ਲਈ ਕਿਹਾ ਜਾਂਦਾ ਹੈ।

ਕੁੱਝ ਸੱਚ ਝੂਠ ਜੋ ਫੈਲਾਏ ਜਾ ਰਹੇ ਹਨ, ਉਨ੍ਹਾਂ ਬਾਰੇ ਜਾਣਨਾ ਜ਼ਰੂਰੀ ਹੈ :-

  1. ਵੱਡੇ ਹੋਟਲਾਂ ਵਿਚ ਪਾਣੀ ਦੀ ਬੋਤਲ ਵਿਚ ਕੱਟੀ ਹੋਈ ਗਾਜਰ ਦਾ ਲੰਮਾ ਟੁਕੜਾ, ਖੀਰੇ ਦਾ ਟੁਕੜਾ ਜਾਂ ਮੁਸੰਮੀ ਦਾ ਟੁਕੜਾ ਪਾ ਕੇ ਇਸ ਨੂੰ ‘‘ਵਿਟਾਮਿਨ ਵਾਟਰ’’ ਕਹਿ ਕੇ ਪਿਆਇਆ ਜਾਂਦਾ ਹੈ। ਲੋਕ ਵੀ ਟੌਹਰ ਨਾਲ ਇਸ ਨੂੰ ਪੀ ਕੇ ਵਧੀਆ ਮਹਿਸੂਸ ਕਰਦੇ ਹਨ। ਇਨ੍ਹਾਂ ਕੱਟੇ ਹੋਏ ਟੁਕੜਿਆਂ ਵਿਚ ਕੱਟਣ ਸਮੇਂ ਕਈ ਵਾਰ ਕੁੱਝ ਕੀਟਾਣੂ ਚਿਪਕ ਜਾਂਦੇ ਹਨ; ਜਿਵੇਂ ਸਾਲਮੋਨੈਲਾ ਅਤੇ ਈ. ਕੌਲਾਈ। ਕੱਟਣ ਵਾਲੇ ਬੋਰਡ ਉੱਤੇ ਹੋਰ ਵੀ ਬਥੇਰਾ ਕੁੱਝ ਕੱਟਦੇ ਰਹਿਣ ਨਾਲ, ਜਿਸ ਵਿਚ ਮੀਟ ਵੀ ਸ਼ਾਮਲ ਹੈ, ਬਥੇਰੇ ਹੋਰ ਕੀਟਾਣੂ ਵੀ ਰਲ ਜਾਂਦੇ ਹਨ। ਜੇ ਸਹੀ ਤਾਪਮਾਨ ਨਾ ਹੋਵੇ, ਫਿਰ ਵੀ ਕਈ ਕਿਸਮਾਂ ਦੇ ਮਾੜੇ ਕੀਟਾਣੂ ਵਧਣ ਲੱਗ ਪੈਂਦੇ ਹਨ। ਇਸੇ ਲਈ ਪਾਣੀ ਤਾਜ਼ਾ ਤੇ ਬਿਨਾਂ ਮਿਲਾਵਟ ਦੇ ਪੀਣਾ ਹੀ ਠੀਕ ਰਹਿੰਦਾ ਹੈ।
  2. ਇਹ ਵੀ ਸੋਚ ਪਨਪ ਚੁੱਕੀ ਹੈ ਕਿ ਠੰਡਾ ਪਾਣੀ ਪੀਣ ਨਾਲ ਖਾਣਾ ਹਜ਼ਮ ਨਹੀਂ ਹੁੰਦਾ ਜਾਂ ਨਸਾਂ ਭੀੜੀਆਂ ਹੋ ਜਾਂਦੀਆਂ ਹਨ। ਅਜਿਹਾ ਕੁੱਝ ਨਹੀਂ ਹੁੰਦਾ। ਫਰਿੱਜ ਨੂੰ ਜੇ ਰੈਗੂਲਰ ਤੌਰ ਉੱਤੇ ਸਾਫ਼ ਕੀਤਾ ਜਾਂਦਾ ਰਹੇ ਤਾਂ ਗਰਮੀ ਵਿਚ ਠੰਡਾ ਪਾਣੀ ਪੀ ਕੇ ਅੰਦਰੂਨੀ ਅੰਗਾਂ ਵਿਚ ਵੀ ਠੰਡ ਪਾਈ ਜਾ ਸਕਦੀ ਹੈ। ਇੰਜ ਹੀ ਠੰਡ ਵਿਚ ਗਰਮ ਪਾਣੀ ਪੀ ਕੇ ਨਿੱਘ ਮਹਿਸੂਸ ਕੀਤਾ ਜਾ ਸਕਦਾ ਹੈ।
  3. ਕੌਫ਼ੀ ਜਾਂ ਸ਼ਰਾਬ ਨਾਲ ਪਾਣੀ ਪੀਣਾ ?

ਆਮ ਧਾਰਨਾ ਬਣ ਚੁੱਕੀ ਹੈ ਕਿ ਸ਼ਰਾਬ ਜਾਂ ਕੌਫ਼ੀ ਨਾਲ ਪਾਣੀ ਨਹੀਂ ਪੀਣਾ ਚਾਹੀਦਾ ਕਿਉਂਕਿ ਸ਼ਰਾਬ ਜਾਂ ਕੌਫ਼ੀ ਪੀਣ ਤੋਂ ਬਾਅਦ ਪਿਸ਼ਾਬ ਵੱਧ ਆਉਂਦਾ ਹੈ। ਜੇ ਪਾਣੀ ਪੀ ਲਿਆ ਜਾਵੇ ਤਾਂ ਸ਼ਰਾਬ ਜਾਂ ਕੌਫ਼ੀ ਦਾ ਅਸਰ ਘੱਟ ਹੋ ਜਾਂਦਾ ਹੈ।

ਅਜਿਹੀ ਧਾਰਨਾ ਗ਼ਲਤ ਹੈ ਕਿਉਂਕਿ ਸ਼ਰਾਬ ਜਾਂ ਕੌਫ਼ੀ ਪੀਣ ਬਾਅਦ ਵੱਧ ਪਿਸ਼ਾਬ ਆਉਣ ਨਾਲ ਰਤਾ ਕੁ ਪਾਣੀ ਦੀ ਕਮੀ ਮਹਿਸੂਸ ਹੁੰਦੀ ਹੈ, ਉਸ ਲਈ ਕੁੱਝ ਵਕਫ਼ੇ ਬਾਅਦ ਜੇ ਪਾਣੀ ਪੀ ਲਿਆ ਜਾਵੇ ਤਾਂ ਸਰੀਰ ਅੰਦਰਲਾ ਸੰਤੁਲਨ ਠੀਕ ਰਹਿੰਦਾ ਹੈ।

  1. ਦਵਾਈ ਲੈਣ ਲੱਗਿਆਂ ਸਿਰਫ਼ ਇੱਕ ਘੁੱਟ ਪਾਣੀ ਪੀਣ ਦੀ ਥਾਂ ਅੱਧਾ ਜਾਂ ਪੌਣਾ ਗਿਲਾਸ ਪਾਣੀ ਪੀ ਲੈਣਾ ਚਾਹੀਦਾ ਹੈ ਜਿਸ ਨਾਲ ਦਵਾਈ ਛੇਤੀ ਘੁਲ਼ ਕੇ ਹਜ਼ਮ ਹੋ ਜਾਂਦੀ ਹੈ।
  2. ਪਾਣੀ ਦੀ ਥਾਂ ਠੰਡੇ ਜਾਂ ਸੋਡੇ ਪੀਣੇ :-ਇਹ ਰੁਝਾਨ ਉੱਕਾ ਹੀ ਗ਼ਲਤ ਹੈ ਤੇ ਸਿਹਤ ਲਈ ਹਾਨੀਕਾਰਕ ਹੈ ਕਿਉਂਕਿ ਉਨ੍ਹਾਂ ’ਚ ਰਲੇ ਸਵੀਟਨਰ ਤੇ ਖੰਡ; ਸਿਹਤ ਦਾ ਨਾਸ ਮਾਰ ਦਿੰਦੇ ਹਨ। ਉਨ੍ਹਾਂ ਨਾਲ ਪਿਆਸ ਹੋਰ ਵੱਧ ਜਾਂਦੀ ਹੈ ਤੇ ਭੁੱਖ ਵੀ ਵਧਾ ਦਿੰਦੇ ਹਨ। ਨਿੰਬੂ ਪਾਣੀ ਵਿਚ ਪੁਦੀਨਾ ਪਾ ਕੇ ਜ਼ਰੂਰ ਪੀਤਾ ਜਾ ਸਕਦਾ ਹੈ।
  3. ਜ਼ਰੂਰਤ ਤੋਂ ਵੱਧ ਥਕਾਨ ਮਹਿਸੂਸ ਕਰਨੀ :- ਪਸੀਨੇ ਰਾਹੀਂ ਬਹੁਤ ਸਾਰੇ ਤੱਤ ਜਿਵੇਂ ਸੋਡੀਅਮ, ਪੋਟਾਸ਼ੀਅਮ, ਯੂਰੀਆ, ਅਮੋਨੀਆ, ਮਿੱਠਾ ਆਦਿ ਸਰੀਰ ’ਚੋਂ ਬਾਹਰ ਨਿਕਲ ਜਾਂਦੇ ਹਨ। ਇਨ੍ਹਾਂ ਦੀ ਪੂਰਤੀ ਨਾ ਹੋਵੇ ਤਾਂ ਬਹੁਤ ਕਮਜ਼ੋਰੀ ਮਹਿਸੂਸ ਹੋਣ ਲੱਗ ਪੈਂਦੀ ਹੈ। ਇਸੇ ਲਈ ਕਸਰਤ ਤੋਂ ਬਾਅਦ ਜਾਂ ਬਹੁਤ ਧੁੱਪੇ ਫਿਰਨ ਤੋਂ ਬਾਅਦ ਸਾਦੇ ਪਾਣੀ ਨਾਲੋਂ ਨਿੰਬੂ ਪਾਣੀ ਪੀਣਾ ਬਿਹਤਰ ਰਹਿੰਦਾ ਹੈ।
  4. ਇਹ ਗੱਲ ਫੈਲਾ ਦਿੱਤੀ ਹੋਈ ਹੈ ਕਿ ਕਿਸੇ ਖ਼ਾਸ ਕਿਸਮ ਦੇ ਭਾਂਡੇ ਜਿਵੇਂ ਤਾਂਬੇ ਵਿਚ ਪਿਆ ਰਾਤ ਭਰ ਦਾ ਪਾਣੀ ਸਵੇਰੇ ਡੀਕ ਲਾ ਕੇ ਪੀਣ ਨਾਲ ਸਾਰੇ ਅੰਦਰੂਨੀ ਅੰਗਾਂ ਦਾ ਕੰਮ ਕਾਰ ਠੀਕ ਹੋ ਜਾਂਦਾ ਹੈ। ਇਹ ਸੋਚ ਠੀਕ ਨਹੀਂ ਹੈ। ਇੱਕ ਜਾਂ ਦੋ ਗਿਲਾਸ ਪਿਆਸ ਅਨੁਸਾਰ ਪੀਤੇ ਜਾ ਸਕਦੇ ਹਨ ਪਰ ਇਸ ਤੋਂ ਵੱਧ ਅਫਾਰਾ ਕਰ ਬਹਿਣਾ ਠੀਕ ਨਹੀਂ ਹੈ। ਰਾਤ ਵੇਲੇ ਦਾ ਪੀਤਾ ਵਾਧੂ ਪਾਣੀ ਵੀ ਪੂਰੀ ਰਾਤ ਉੱਠ ਕੇ ਗੁਸਲਖ਼ਾਨੇ ਵਿਚ ਜਾਣ ਨੂੰ ਮਜਬੂਰ ਕਰ ਦਿੰਦਾ ਹੈ। ਇਸੇ ਲਈ ਵਾਧੂ ਪਾਣੀ ਪੀਣ ਨਾਲ ਕੋਈ ਫ਼ਾਇਦਾ ਨਹੀਂ ਮਿਲਦਾ। ਵੰਡ ਵੰਡ ਕੇ ਪੂਰੇ ਦਿਨ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ ਪਰ ਪ੍ਰਤੀ ਘੰਟਾ ਇੱਕ ਲਿਟਰ ਤੋਂ ਵੱਧ ਕਦੇ ਨਹੀਂ।
  5. ਐਲਕਲਾਈਨ ਪਾਣੀ ਪੀਣਾ ਠੀਕ ਹੈ ?

ਸੰਨ 2012 ਵਿਚ ਹੋਈ ਖੋਜ ਅਨੁਸਾਰ ਇਹ ਪਾਣੀ, ਜਿਸ ਦੀ ਪੀ. ਐਚ. 8.8 ਹੈ, ਤੇਜ਼ਾਬ ਬਣਨ ਤੋਂ ਰੋਕਦਾ ਹੈ, ਪਰ ਇਹ ਖੋਜ ਸਿਰਫ਼ ਲੈਬਾਰਟਰੀ ਵਿਚ ਕੀਤੀ ਗਈ ਸੀ।

ਜਦੋਂ ਕੁਦਰਤੀ ਸੋਮਿਆਂ ਦੇ ਪਾਣੀ ਦਾ ਟੈਸਟ ਕੀਤਾ ਗਿਆ ਤਾਂ ਉਹ ਐਲਕਲਾਈਨ ਹੀ ਲੱਭਿਆ, ਜਿਸ ਵਿਚ ਅਨੇਕ ਤਰ੍ਹਾਂ ਦੇ ਲੋੜੀਂਦੇ ਤੱਤ ਭਰੇ ਪਏ ਸਨ ਜਦਕਿ ਲੈਬਾਰਟਰੀਆਂ ਵਿਚ ਬਣਾਏ ਐਲਕਲਾਈਨ ਪਾਣੀ ਵਿਚ ਬਹੁਤ ਘੱਟ ਤੱਤ ਲੱਭੇ। ਕਈ ਲੈਬਾਰਟਰੀਆਂ ’ਚ ਬਣੇ ਪਾਣੀਆਂ ਵਿਚ ਕੀਟਾਣੂ ਲੱਭੇ ਤੇ ਕਈਆਂ ਵਿਚ ਬਹੁਤ ਸਾਰੇ ਅਹਿਮ ਤੱਤ ਨਦਾਰਦ (ਗ਼ਾਇਬ) ਸਨ। ਇਸੇ ਲਈ ਹੁਣ ਤੱਕ ਇਹੋ ਕਿਹਾ ਜਾ ਰਿਹਾ ਹੈ ਕਿ ਲੈਬਾਰਟਰੀਆਂ ਦੇ ਵਿਚ ਬਣੇ ਐਲਕਲਾਈਨ ਪਾਣੀ ਨਾਲੋਂ ਕੁਦਰਤੀ ਪਾਣੀ ਬਿਹਤਰ ਹੈ।

  1. ਪਹਾੜੀ ਝਰਨਿਆਂ ਦਾ ਪਾਣੀ :-ਕੁਦਰਤ ਸੋਮੇ ਆਮ ਤੌਰ ਉੱਤੇ ਬਿਲਕੁਲ ਸਾਫ਼ ਦਿਸਦੇ ਹਨ। ਬਥੇਰੀਆਂ ਪਹਾੜੀ ਥਾਵਾਂ ਉੱਤੇ ਕੁਦਰਤੀ ਪਾਣੀ ਲਈ ਪਾਈਪਾਂ ਲਾਈਆਂ ਵੀ ਮਿਲ ਜਾਂਦੀਆਂ ਹਨ। ਇਸ ਨੂੰ ਬੋਤਲਾਂ ਵਿਚ ਭਰ ਕੇ ਪੀਣ ਲਈ ਲੋਕ ਲਾਈਨਾਂ ਲਾ ਕੇ ਖੜ੍ਹੇ ਮਿਲਦੇ ਹਨ। ਟੈਸਟਾਂ ਦੌਰਾਨ ਪਤਾ ਲੱਗਿਆ ਹੈ ਕਿ ਇਸ ਪਾਣੀ ਵਿਚ ਕਈ ਕਿਸਮਾਂ ਦੀਆਂ ਖ਼ਤਰਨਾਕ ਜੜੀਆਂ ਬੂਟੀਆਂ ਦੇ ਰਸ, ਕਈ ਕਿਸਮਾਂ ਦੇ ਕੀਟ-ਪਤੰਗਿਆਂ, ਚਿੜੀਆਂ, ਜਾਨਵਰਾਂ ਦੇ ਮਲ ਮੂਤਰ ਸਮੇਤ ਅਨੇਕ ਤਰ੍ਹਾਂ ਦੇ ਕੈਮੀਕਲ ਰਲੇ ਮਿਲ ਰਹੇ ਹਨ। ਇਸੇ ਲਈ ਇਸ ਪਾਣੀ ਨੂੰ ਵੀ ਹੁਣ ਫਿਲਟਰ ਕਰਨ ਦੀ ਲੋੜ ਹੈ।
  2. ਕਿੰਨਾ ਪਾਣੀ ਪੀਤਾ ਜਾਵੇ : ਚਮੜੀ, ਗੁਰਦੇ, ਪੱਠੇ, ਜੋੜ, ਦਿਮਾਗ਼ ਆਦਿ ਹਰ ਅੰਗ ਨੂੰ ਪਾਣੀ ਦੀ ਲੋੜ ਹੁੰਦੀ ਹੈ। ਇਸੇ ਲਈ ਜਵਾਨ ਬੰਦੇ ਨੂੰ ਲਗਭਗ ਢਾਈ ਤੋਂ ਚਾਰ ਲਿਟਰ ਪਾਣੀ ਰੋਜ਼ ਸਰੀਰਕ ਭਾਰ ਅਨੁਸਾਰ ਪੀਣਾ ਚਾਹੀਦਾ ਹੈ।

ਰੋਜ਼ ਦੀ ਖ਼ੁਰਾਕ ਵਿੱਚੋਂ 20 ਫੀਸਦੀ ਪਾਣੀ ਲੈਣਾ ਚਾਹੀਦਾ ਹੈ ਜੋ ਹਦਵਾਣਾ (ਤਰਬੂਜ਼), ਖੀਰਾ, ਟਮਾਟਰ ਆਦਿ ਵਰਗੇ ਫਲ ਜਾਂ ਸਬਜ਼ੀਆਂ ਰਾਹੀਂ ਪੂਰਾ ਕੀਤਾ ਜਾ ਸਕਦਾ ਹੈ। ਸਬਜ਼ੀਆਂ ਦੇ ਸੂਪ, ਜਿਨ੍ਹਾਂ ਵਿਚ ਹਰੀਆਂ ਫਲੀਆਂ, ਪਾਲਕ, ਗੋਭੀ, ਮਟਰ ਆਦਿ ਹੋਣ, ਵੀ ਵਰਤੇ ਜਾ ਸਕਦੇ ਹਨ। ਮੀਟ ਮੱਛੀ ਖਾਣ ਵਾਲਿਆਂ ਨੂੰ ਵੱਧ ਪਾਣੀ ਪੀਣ ਦੀ ਲੋੜ ਮਹਿਸੂਸ ਹੋ ਸਕਦੀ ਹੈ। ਪਾਣੀ ਵਿਚ ਖੰਡ ਦੀ ਮਾਤਰਾ ਨਾ ਬਰਾਬਰ ਹੀ ਹੋਣੀ ਚਾਹੀਦੀ ਹੈ। ਇੰਜ ਹੀ ਸੂਪ ਵਿਚ ਥਿੰਦਾ ਯਾਨੀ ਤੇਲ ਜਾਂ ਘਿਓ ਵੀ ਨਹੀਂ ਪਾਉਣਾ ਚਾਹੀਦਾ।

ਸਾਰ :- ਗੁਰੂ ਨਾਨਕ ਸਾਹਿਬ ਨੇ ਪਾਣੀ ਬਾਰੇ ਸਮਝਾਇਆ ਹੈ ਕਿ ਪਾਣੀ ਆਪ ਵੀ ਜੀਵ ਹੀ ਹੈ ਕਿਉਂਕਿ ਇਸ ਨਾਲ ਹੀ ਹਰ ਜਿੰਦ ਵਾਲਾ, ਭਾਵੇਂ ਕੀਟ ਪਤੰਗਾ ਹੋਵੇ ਜਾਂ ਇਨਸਾਨ, ਜ਼ਿੰਦਾ ਰਹਿ ਸਕਦਾ ਹੈ ‘‘ਪਹਿਲਾ ਪਾਣੀ ਜੀਉ ਹੈ; ਜਿਤੁ ਹਰਿਆ ਸਭੁ ਕੋਇ ’’ (ਆਸਾ ਕੀ ਵਾਰ/ਮਹਲਾ /੪੭੨)

ਖੋਜਾਂ ਸਾਬਤ ਕਰ ਚੁੱਕੀਆਂ ਹਨ ਕਿ ਪਾਣੀ ਨਾ ਸਿਰਫ਼ ਹਾਜ਼ਮਾ ਅਤੇ ਕਬਜ਼ ਠੀਕ ਕਰਦਾ ਹੈ ਬਲਕਿ ਲਹੂ ਰਾਹੀਂ ਅਨੇਕ ਖਣਿਜ ਤੇ ਲੋੜੀਂਦੀ ਆਕਸੀਜਨ ਪਹੁੰਚਾ ਕੇ ਬਲੱਡ ਪ੍ਰੈੱਸ਼ਰ ਵੀ ਠੀਕ ਰੱਖਦਾ ਹੈ; ਜੋੜਾਂ ਦੀ ਸਿਹਤ ਅਤੇ ਹੋਰ ਅੰਗਾਂ ਦੇ ਤਾਪਮਾਨ ਨੂੰ ਸਹੀ ਰੱਖਣ ਵਿਚ ਸਹਾਈ ਹੁੰਦਾ ਹੈ; ਗੁਰਦੇ ਦੀ ਪੱਥਰੀ ਨੂੰ ਰੋਕਣ ਅਤੇ ਪਿਸ਼ਾਬ ਦੇ ਰਾਹੀਂ ਕੀਟਾਣੂਆਂ ਨੂੰ ਬਾਹਰ ਕੱਢਣ ਵਿਚ ਵੀ ਮਦਦ ਕਰਦਾ ਹੈ। ਵਿਕਾਸਸ਼ੀਲ ਦੇਸਾਂ ਵਿਚ ਹਰ ਸਾਲ ਪਾਣੀ ਦੀ ਘਾਟ ਨਾਲ ਜੂਝਦੇ 4 ਤੋਂ 5 ਮਿਲੀਅਨ ਬੱਚੇ; ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਭਾਰਤ ਵਿਚ ਹਰ ਸਾਲ ਪੰਜ ਲੱਖ ਤੋਂ ਵੱਧ ਮੌਤਾਂ ਪ੍ਰਦੂਸ਼ਿਤ ਪਾਣੀ ਪੀਣ ਨਾਲ ਹੋ ਰਹੀਆਂ ਹਨ (2019 ਦੀ ਲੈਨਸਟ ਰਸਾਲੇ ਵਿਚ ਛਪੀ ਖੋਜ)।

ਨੀਤੀ ਆਯੋਗ ਦੀ ਸੰਨ 2018 ਦੀ ਰਿਪੋਰਟ ਅਨੁਸਾਰ ਦੋ ਲੱਖ ਤੋਂ ਵੱਧ ਮੌਤਾਂ ਪ੍ਰਦੂਸ਼ਿਤ ਪਾਣੀ ਪੀਣ ਨਾਲ ਭਾਰਤ ਵਿਚ ਹੋਈਆਂ, ਜਿਨ੍ਹਾਂ ਵਿਚ ਗ਼ਰੀਬ ਅਤੇ ਮੱਧ ਵਰਗ ਦੇ ਲੋਕਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਸੀ।

ਜਦੋਂ ਪਤਾ ਹੋਵੇ ਕਿ ਪਾਣੀ ਤੋਂ ਬਗ਼ੈਰ ਜੀਵਨ ਅਸੰਭਵ ਹੈ, ਤਾਂ ਪਾਣੀ ਦੇ ਸਰੋਤ ਬਚਾ ਕੇ ਰੱਖਣ ਦੀ ਅਹਿਮੀਅਤ ਸੌਖਿਆਂ ਹੀ ਸਮਝ ਆ ਸਕਦੀ ਹੈ। ਅਫ਼ਸੋਸ ਸਿਰਫ਼ ਇਹ ਹੈ ਕਿ ਦੋ ਹਜ਼ਾਰ ਰੁਪੈ ਪ੍ਰਤੀ ਲੀਟਰ ਦੀਆਂ ਬਾਹਰਲੇ ਮੁਲਕ ਤੋਂ ਲਿਆਦੀਆਂ ਪਾਣੀ ਦੀਆਂ ਬੋਤਲਾਂ ਪੀਣ ਵਾਲੇ ਸਾਡੇ ਸਿਆਸਤਦਾਨ, ਅਮੀਰ ਵਪਾਰੀ ਤੇ ਫਿਲਮੀ ਹਸਤੀਆਂ, ਇਸ ਦੀ ਅਹਿਮੀਅਤ ਨਹੀਂ ਸਮਝ ਰਹੀਆਂ।

Most Viewed Posts