ਗੁਰੂ ਨਾਨਕ ਦੀ ਸਿੱਖੀ

0
69

ਗੁਰੂ ਨਾਨਕ ਦੀ ਸਿੱਖੀ

-ਰਮੇਸ਼ ਬੱਗਾ ਚੋਹਲਾ

ਖੰਨਿਉਂ ਤਿੱਖੀ ਵਾਲੋਂ ਨਿੱਕੀ, ਸੌਖੀ ਨਹੀਂ ਕਮਾਉਣੀ ਸਿੱਖੀ,

ਜਿਸ ਨੇ ਤਨ ਮਨ ਨਾਲ ਕਮਾਈ ਪੂਜਣ ਯੋਗ ਬਣਾਉਂਦੀ ਹੈ।

ਗੁਰੂ ਨਾਨਕ ਦੇਵ ਦੀ ਸਿੱਖੀ ਜਿਉਂਣ ਦਾ ਵੱਲ ਸਿਖਾਂਉਦੀ ਹੈ।

ਦੁਨੀਆਂ ਨਾਲੋਂ ਇਸ ਸਿੱਖੀ ਦੀ ਦਿੱਖ ਨਿਆਰੀ ਹੈ,

ਸੱਚੇ ਸਿੱਖ ਨੂੰ ਸਿੱਖੀ ਜਾਨੋਂ ਤੋਂ ਵੱਧ ਪਿਆਰੀ ਹੈ,

ਭਲਾ ਮੰਗੇ ਸਰਬਤ ਦਾ, ਕਦੇ ਨਾ ਬੁਰਾ ਤਕਾਉਂਦੀ ਹੈ।

ਗੁਰੂ ਨਾਨਕ ਦੇਵ ਦੀ…………………………..।

ਸੰਗਤ ਤੇ ਪੰਗਤ, ਸਿੱਖੀ ਦੇ ਵੱਖਰੇ ਵਰਤਾਰੇ ਨੇ,

ਜਾਤ-ਪਾਤ ਦੇ ਦਿੱਤੇ ਜਿਨ੍ਹਾਂ ਸਮੇਟ ਖਿਲਾਰੇ ਨੇ,

ਊੂਚ ਨੀਚ ਦੇ ਸਾਰੇ ਭਰਮ ਤੇ ਭੇਦ ਮਿਟਾਉਂਦੀ ਹੈ।

ਗੁਰੂ ਨਾਨਕ ਦੇਵ ਦੀ………………………….।

ਏਕਸ ਕੇ ਹਮ ਬਾਰਿਕ ਇਹ ਵਿਚਾਰ ਹੈ ਸਿੱਖੀ ਦਾ,

ਨਾ ਕੋ ਬੈਰੀ ਨਹੀ ਬਿਗਾਨਾ ਇਹ ਪ੍ਰਚਾਰ ਹੈ ਸਿੱਖੀ ਦਾ,

ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ ਇੱਕੋ ਪਾਲ ਬਿਠਾਉਂਦੀ ਹੇ।

ਗਰੂ ਨਾਨਕ ਦੇਵ ਦੀ………………………………….।

ਕਰਕੇ ਕਿਰਤ ਤੇ ਵੰਡ ਛੱਕਣ ਦੀ, ਭਰਦੀ ਹਾਮੀ ਇਹ,

ਸਗਲ ਸ੍ਰਿਸ਼ਟੀ ਦਾ ਮੰਨਦੀ ਹੈ, ਇੱਕ ਸਵਾਮੀ ਇਹ,

ਉਸ ਦੇ ਅੱਗੇ ਹੀ ਬੱਸ ਆਪਣਾ ਸੀਸ ਝੁਕਾਉਂਦੀ ਹੈ।

ਗੁਰੂ ਨਾਨਕ ਦੇਵ ਦੀ……………………………….।

ਠੱਗ ਬਿਰਤੀਆਂ ਵਾਲੇ, ਸੱਜਣ ਬਣਾਏ ਸਿੱਖੀ ਨੇ,

ਭੂਮੀਏ ਵਰਗੇ ਚੋਰ, ਚੋਰੀ ਤੋਂ ਹਟਾਏ ਸਿੱਖੀ ਨੇ,

ਪਾ ਕੇ ਸਿੱਧੇ ਰਾਹੇ ਧਰਮ ਦੀ ਕਾਰ ਕਰਾਉਂਦੀ ਹੈ।

ਗੁਰੂ ਨਾਨਕ ਦੇਵ ਦੀ……………………….।

ਅਸਲੀ ਜੋਗ ਕਮਾਓ, ਕਹਿੰਦੀ ਨਾਥ ਜੋਗੀਆਂ ਨੂੰ,

ਦੁਨੀਆਂ ਨਾ ਭਰਮਾਉ, ਕਹਿੰਦੀ ਨਾਥ ਜੋਗੀਆਂ ਨੂੰ,

ਸੱਚਾ ਜੋਗ ਕਮਾਵਣ ਦੀ, ਇਹ ਜੁਗਤ ਬਤਾਉਂਦੀ ਹੈ।

ਗੁਰੂ ਨਾਨਕ ਦੇਵ ਦੀ………………………….।

ਸਦਾ ਬਖ਼ਸ਼ਦੀ ਆਈ ਹੈ ਇਹ ਮਾਣ ਨਿਮਾਣਿਆਂ ਨੂੰ,

ਤੱਤੀ ਤਵੀ ਬਹਿ ਕੇ ਵੀ ਇਹ ਮੰਨਦੀ ਭਾਣਿਆਂ ਨੂੰ,

ਖੇਡ, ਖੇਡ ਕੇ ਅੱਗ ਨਾਲ ਵੀ, ਇਹ ਠੰਢ ਵਰਤਾਉਂਦੀ ਹੈ।

ਗੁਰੂ ਨਾਨਕ ਦੇਵ ਦੀ………………………………।

ਦਸ ਗੁਰੂ ਸਾਹਿਬਾਨ ਨੇ ਬਣਤ ਬਣਾਈ ਸਿੱਖੀ ਦੀ,

ਸਿਦਕੀ ਸਿੱਖਾਂ ਕੀਤੀ ਸਫਲ ਕਮਾਈ ਸਿੱਖੀ ਦੀ,

ਇਹ ਕਮਾਈ ਦਰਗਾਹ ਦੇ ਵਿਚ ਮੁੱਲ ਪਵਾਉਂਦੀ ਹੈ।

ਗੁਰੂ ਨਾਨਕ ਦੇਵ ਦੀ……………………………..।

ਰਹਿਣੀ, ਬਹਿਣੀ, ਕਹਿਣੀ ਦੇ ਵਿਚ ਵਿੱਥ ਨਾ ਰਹਿਣ ਦਿੰਦੀ,

ਕਰੇ ਬਿਆਨ ਹਕੀਕਤ ਕੋਈ ਵੀ ਮਿੱਥ ਨਾ ਰਹਿਣ ਦਿੰਦੀ,

ਰੱਖਦੀ ਨਾ ਕੋਈ ਉਹਲਾ ਸੱਚੋ ਸੱਚ ਸੁਣਾਉਂਦੀ ਹੈ।

ਗੁਰੂ ਨਾਨਕ ਦੇਵ ਦੀ…………………………।

ਭਾਗੋ ਦੀ ਪ੍ਰਵਾਹ ਨਹੀਂ ਹੈ, ਬਾਬੇ ਦੀ ਸਿੱਖੀ ਨੂੰ,

ਕਰਦੀ ਹੈ ਪ੍ਰਵਾਨ ਲਾਲੋ ਦੀ ਰੁੱਖੀ ਮਿੱਸੀ ਨੂੰ,

ਹੱਕ ਪਰਾਏ ਉਪਰ, ਨਾ ਇਹ ਨਜ਼ਰ ਟਿਕਾਉਂਦੀ ਹੈ।

ਗੁਰੂ ਨਾਨਕ ਦੇਵ ਦੀ………………………….।

ਧਰ ਕੇ ਸੀਸ ਤਲੀ ’ਤੇ, ਲੜਦੀ ਆਈ ਇਹ ਸਿੱਖੀ,

ਮਜ਼ਲੂਮਾਂ ਲਈ ‘ਚੋਹਲਾ’ ਸਦਾ ਸਹਾਈ ਇਹ ਸਿੱਖੀ,

‘ਰਮੇਸ਼ ਬੱਗੇ’ ਦੀ ਕਲਮ ਤੋਂ ਇਹ ਕਵਿਤਾ ਲਿਖਵਾਉਂਦੀ ਹੈ।

ਗੁਰੂ ਨਾਨਕ ਦੇਵ ਦੀ ਸਿੱਖੀ ਜਿਉਣ ਦਾ ਵੱਲ ਸਿਖਾਉਂਦੀ ਹੈ।

 –ਗਲੀ ਨੰ: 8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ)-94631-32719