ਆਓ ਪਾਣੀ ਪੀਣ ਦੇ ਸਹੀ ਢੰਗ ਬਾਰੇ ਜਾਣੀਏ

0
64

ਆਓ ਪਾਣੀ ਪੀਣ ਦੇ ਸਹੀ ਢੰਗ ਬਾਰੇ ਜਾਣੀਏ

ਡਾ. ਹਰਸ਼ਿੰਦਰ ਕੌਰ, ਐੱਮ.ਡੀ., 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਪਾਣੀ ਬਿਨਾਂ ਜੀਵਨ ਸੰਭਵ ਨਹੀਂ ਹੈ। ਪਾਣੀ ਪੀਣ ਵੇਲੇ ਕੁੱਝ ਨਿੱਕੀਆਂ-ਨਿੱਕੀਆਂ ਗੱਲਾਂ ਦਾ ਧਿਆਨ ਰੱਖੀਏ ਤਾਂ ਤੰਦਰੁਸਤ ਰਹਿ ਸਕਦੇ ਹਾਂ।

ਇਹ ਮੰਨੀ ਪਰਮੰਨੀ ਗੱਲ ਹੈ ਕਿ ਪਲਾਸਟਿਕ ਦੀਆਂ ਬੋਤਲਾਂ ਵਿਚਲਾ ਬੀ. ਪੀ. ਏ. (ਬਿਸਫਿਨੋਲ ਏ) ਪਾਣੀ ਵਿਚ ਰਲ ਜਾਂਦਾ ਹੈ ਤੇ ਖ਼ਤਰਨਾਕ ਸਾਬਤ ਹੋ ਸਕਦਾ ਹੈ। ਕੈਂਸਰ ਤੋਂ ਲੈ ਕੇ ਜਮਾਂਦਰੂ ਨੁਕਸ, ਬਲੱਡ ਪ੍ਰੈੱਸ਼ਰ, ਹਾਰਮੋਨਾਂ ਵਿਚ ਗੜਬੜੀ, ਦਿਲ ਦੇ ਰੋਗ ਅਤੇ ਸ਼ੱਕਰ ਰੋਗ ਆਦਿ ਦੇ ਖ਼ਤਰੇ ਵਧਣ ਬਾਰੇ ਖੋਜਾਂ ਜਾਰੀ ਹਨ। ਇਸੇ ਲਈ ਸਭ ਨੂੰ ਫਰਿੱਜ ਅਤੇ ਕਾਰਾਂ ਵਿਚ ਸ਼ੀਸ਼ੇ ਜਾਂ ਸਟੀਲ ਦੀਆਂ ਬੋਤਲਾਂ ਰੱਖਣ ਲਈ ਕਿਹਾ ਜਾਂਦਾ ਹੈ।

ਕੁੱਝ ਸੱਚ ਝੂਠ ਜੋ ਫੈਲਾਏ ਜਾ ਰਹੇ ਹਨ, ਉਨ੍ਹਾਂ ਬਾਰੇ ਜਾਣਨਾ ਜ਼ਰੂਰੀ ਹੈ :-

  1. ਵੱਡੇ ਹੋਟਲਾਂ ਵਿਚ ਪਾਣੀ ਦੀ ਬੋਤਲ ਵਿਚ ਕੱਟੀ ਹੋਈ ਗਾਜਰ ਦਾ ਲੰਮਾ ਟੁਕੜਾ, ਖੀਰੇ ਦਾ ਟੁਕੜਾ ਜਾਂ ਮੁਸੰਮੀ ਦਾ ਟੁਕੜਾ ਪਾ ਕੇ ਇਸ ਨੂੰ ‘‘ਵਿਟਾਮਿਨ ਵਾਟਰ’’ ਕਹਿ ਕੇ ਪਿਆਇਆ ਜਾਂਦਾ ਹੈ। ਲੋਕ ਵੀ ਟੌਹਰ ਨਾਲ ਇਸ ਨੂੰ ਪੀ ਕੇ ਵਧੀਆ ਮਹਿਸੂਸ ਕਰਦੇ ਹਨ। ਇਨ੍ਹਾਂ ਕੱਟੇ ਹੋਏ ਟੁਕੜਿਆਂ ਵਿਚ ਕੱਟਣ ਸਮੇਂ ਕਈ ਵਾਰ ਕੁੱਝ ਕੀਟਾਣੂ ਚਿਪਕ ਜਾਂਦੇ ਹਨ; ਜਿਵੇਂ ਸਾਲਮੋਨੈਲਾ ਅਤੇ ਈ. ਕੌਲਾਈ। ਕੱਟਣ ਵਾਲੇ ਬੋਰਡ ਉੱਤੇ ਹੋਰ ਵੀ ਬਥੇਰਾ ਕੁੱਝ ਕੱਟਦੇ ਰਹਿਣ ਨਾਲ, ਜਿਸ ਵਿਚ ਮੀਟ ਵੀ ਸ਼ਾਮਲ ਹੈ, ਬਥੇਰੇ ਹੋਰ ਕੀਟਾਣੂ ਵੀ ਰਲ ਜਾਂਦੇ ਹਨ। ਜੇ ਸਹੀ ਤਾਪਮਾਨ ਨਾ ਹੋਵੇ, ਫਿਰ ਵੀ ਕਈ ਕਿਸਮਾਂ ਦੇ ਮਾੜੇ ਕੀਟਾਣੂ ਵਧਣ ਲੱਗ ਪੈਂਦੇ ਹਨ। ਇਸੇ ਲਈ ਪਾਣੀ ਤਾਜ਼ਾ ਤੇ ਬਿਨਾਂ ਮਿਲਾਵਟ ਦੇ ਪੀਣਾ ਹੀ ਠੀਕ ਰਹਿੰਦਾ ਹੈ।
  2. ਇਹ ਵੀ ਸੋਚ ਪਨਪ ਚੁੱਕੀ ਹੈ ਕਿ ਠੰਡਾ ਪਾਣੀ ਪੀਣ ਨਾਲ ਖਾਣਾ ਹਜ਼ਮ ਨਹੀਂ ਹੁੰਦਾ ਜਾਂ ਨਸਾਂ ਭੀੜੀਆਂ ਹੋ ਜਾਂਦੀਆਂ ਹਨ। ਅਜਿਹਾ ਕੁੱਝ ਨਹੀਂ ਹੁੰਦਾ। ਫਰਿੱਜ ਨੂੰ ਜੇ ਰੈਗੂਲਰ ਤੌਰ ਉੱਤੇ ਸਾਫ਼ ਕੀਤਾ ਜਾਂਦਾ ਰਹੇ ਤਾਂ ਗਰਮੀ ਵਿਚ ਠੰਡਾ ਪਾਣੀ ਪੀ ਕੇ ਅੰਦਰੂਨੀ ਅੰਗਾਂ ਵਿਚ ਵੀ ਠੰਡ ਪਾਈ ਜਾ ਸਕਦੀ ਹੈ। ਇੰਜ ਹੀ ਠੰਡ ਵਿਚ ਗਰਮ ਪਾਣੀ ਪੀ ਕੇ ਨਿੱਘ ਮਹਿਸੂਸ ਕੀਤਾ ਜਾ ਸਕਦਾ ਹੈ।
  3. ਕੌਫ਼ੀ ਜਾਂ ਸ਼ਰਾਬ ਨਾਲ ਪਾਣੀ ਪੀਣਾ ?

ਆਮ ਧਾਰਨਾ ਬਣ ਚੁੱਕੀ ਹੈ ਕਿ ਸ਼ਰਾਬ ਜਾਂ ਕੌਫ਼ੀ ਨਾਲ ਪਾਣੀ ਨਹੀਂ ਪੀਣਾ ਚਾਹੀਦਾ ਕਿਉਂਕਿ ਸ਼ਰਾਬ ਜਾਂ ਕੌਫ਼ੀ ਪੀਣ ਤੋਂ ਬਾਅਦ ਪਿਸ਼ਾਬ ਵੱਧ ਆਉਂਦਾ ਹੈ। ਜੇ ਪਾਣੀ ਪੀ ਲਿਆ ਜਾਵੇ ਤਾਂ ਸ਼ਰਾਬ ਜਾਂ ਕੌਫ਼ੀ ਦਾ ਅਸਰ ਘੱਟ ਹੋ ਜਾਂਦਾ ਹੈ।

ਅਜਿਹੀ ਧਾਰਨਾ ਗ਼ਲਤ ਹੈ ਕਿਉਂਕਿ ਸ਼ਰਾਬ ਜਾਂ ਕੌਫ਼ੀ ਪੀਣ ਬਾਅਦ ਵੱਧ ਪਿਸ਼ਾਬ ਆਉਣ ਨਾਲ ਰਤਾ ਕੁ ਪਾਣੀ ਦੀ ਕਮੀ ਮਹਿਸੂਸ ਹੁੰਦੀ ਹੈ, ਉਸ ਲਈ ਕੁੱਝ ਵਕਫ਼ੇ ਬਾਅਦ ਜੇ ਪਾਣੀ ਪੀ ਲਿਆ ਜਾਵੇ ਤਾਂ ਸਰੀਰ ਅੰਦਰਲਾ ਸੰਤੁਲਨ ਠੀਕ ਰਹਿੰਦਾ ਹੈ।

  1. ਦਵਾਈ ਲੈਣ ਲੱਗਿਆਂ ਸਿਰਫ਼ ਇੱਕ ਘੁੱਟ ਪਾਣੀ ਪੀਣ ਦੀ ਥਾਂ ਅੱਧਾ ਜਾਂ ਪੌਣਾ ਗਿਲਾਸ ਪਾਣੀ ਪੀ ਲੈਣਾ ਚਾਹੀਦਾ ਹੈ ਜਿਸ ਨਾਲ ਦਵਾਈ ਛੇਤੀ ਘੁਲ਼ ਕੇ ਹਜ਼ਮ ਹੋ ਜਾਂਦੀ ਹੈ।
  2. ਪਾਣੀ ਦੀ ਥਾਂ ਠੰਡੇ ਜਾਂ ਸੋਡੇ ਪੀਣੇ :-ਇਹ ਰੁਝਾਨ ਉੱਕਾ ਹੀ ਗ਼ਲਤ ਹੈ ਤੇ ਸਿਹਤ ਲਈ ਹਾਨੀਕਾਰਕ ਹੈ ਕਿਉਂਕਿ ਉਨ੍ਹਾਂ ’ਚ ਰਲੇ ਸਵੀਟਨਰ ਤੇ ਖੰਡ; ਸਿਹਤ ਦਾ ਨਾਸ ਮਾਰ ਦਿੰਦੇ ਹਨ। ਉਨ੍ਹਾਂ ਨਾਲ ਪਿਆਸ ਹੋਰ ਵੱਧ ਜਾਂਦੀ ਹੈ ਤੇ ਭੁੱਖ ਵੀ ਵਧਾ ਦਿੰਦੇ ਹਨ। ਨਿੰਬੂ ਪਾਣੀ ਵਿਚ ਪੁਦੀਨਾ ਪਾ ਕੇ ਜ਼ਰੂਰ ਪੀਤਾ ਜਾ ਸਕਦਾ ਹੈ।
  3. ਜ਼ਰੂਰਤ ਤੋਂ ਵੱਧ ਥਕਾਨ ਮਹਿਸੂਸ ਕਰਨੀ :- ਪਸੀਨੇ ਰਾਹੀਂ ਬਹੁਤ ਸਾਰੇ ਤੱਤ ਜਿਵੇਂ ਸੋਡੀਅਮ, ਪੋਟਾਸ਼ੀਅਮ, ਯੂਰੀਆ, ਅਮੋਨੀਆ, ਮਿੱਠਾ ਆਦਿ ਸਰੀਰ ’ਚੋਂ ਬਾਹਰ ਨਿਕਲ ਜਾਂਦੇ ਹਨ। ਇਨ੍ਹਾਂ ਦੀ ਪੂਰਤੀ ਨਾ ਹੋਵੇ ਤਾਂ ਬਹੁਤ ਕਮਜ਼ੋਰੀ ਮਹਿਸੂਸ ਹੋਣ ਲੱਗ ਪੈਂਦੀ ਹੈ। ਇਸੇ ਲਈ ਕਸਰਤ ਤੋਂ ਬਾਅਦ ਜਾਂ ਬਹੁਤ ਧੁੱਪੇ ਫਿਰਨ ਤੋਂ ਬਾਅਦ ਸਾਦੇ ਪਾਣੀ ਨਾਲੋਂ ਨਿੰਬੂ ਪਾਣੀ ਪੀਣਾ ਬਿਹਤਰ ਰਹਿੰਦਾ ਹੈ।
  4. ਇਹ ਗੱਲ ਫੈਲਾ ਦਿੱਤੀ ਹੋਈ ਹੈ ਕਿ ਕਿਸੇ ਖ਼ਾਸ ਕਿਸਮ ਦੇ ਭਾਂਡੇ ਜਿਵੇਂ ਤਾਂਬੇ ਵਿਚ ਪਿਆ ਰਾਤ ਭਰ ਦਾ ਪਾਣੀ ਸਵੇਰੇ ਡੀਕ ਲਾ ਕੇ ਪੀਣ ਨਾਲ ਸਾਰੇ ਅੰਦਰੂਨੀ ਅੰਗਾਂ ਦਾ ਕੰਮ ਕਾਰ ਠੀਕ ਹੋ ਜਾਂਦਾ ਹੈ। ਇਹ ਸੋਚ ਠੀਕ ਨਹੀਂ ਹੈ। ਇੱਕ ਜਾਂ ਦੋ ਗਿਲਾਸ ਪਿਆਸ ਅਨੁਸਾਰ ਪੀਤੇ ਜਾ ਸਕਦੇ ਹਨ ਪਰ ਇਸ ਤੋਂ ਵੱਧ ਅਫਾਰਾ ਕਰ ਬਹਿਣਾ ਠੀਕ ਨਹੀਂ ਹੈ। ਰਾਤ ਵੇਲੇ ਦਾ ਪੀਤਾ ਵਾਧੂ ਪਾਣੀ ਵੀ ਪੂਰੀ ਰਾਤ ਉੱਠ ਕੇ ਗੁਸਲਖ਼ਾਨੇ ਵਿਚ ਜਾਣ ਨੂੰ ਮਜਬੂਰ ਕਰ ਦਿੰਦਾ ਹੈ। ਇਸੇ ਲਈ ਵਾਧੂ ਪਾਣੀ ਪੀਣ ਨਾਲ ਕੋਈ ਫ਼ਾਇਦਾ ਨਹੀਂ ਮਿਲਦਾ। ਵੰਡ ਵੰਡ ਕੇ ਪੂਰੇ ਦਿਨ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ ਪਰ ਪ੍ਰਤੀ ਘੰਟਾ ਇੱਕ ਲਿਟਰ ਤੋਂ ਵੱਧ ਕਦੇ ਨਹੀਂ।
  5. ਐਲਕਲਾਈਨ ਪਾਣੀ ਪੀਣਾ ਠੀਕ ਹੈ ?

ਸੰਨ 2012 ਵਿਚ ਹੋਈ ਖੋਜ ਅਨੁਸਾਰ ਇਹ ਪਾਣੀ, ਜਿਸ ਦੀ ਪੀ. ਐਚ. 8.8 ਹੈ, ਤੇਜ਼ਾਬ ਬਣਨ ਤੋਂ ਰੋਕਦਾ ਹੈ, ਪਰ ਇਹ ਖੋਜ ਸਿਰਫ਼ ਲੈਬਾਰਟਰੀ ਵਿਚ ਕੀਤੀ ਗਈ ਸੀ।

ਜਦੋਂ ਕੁਦਰਤੀ ਸੋਮਿਆਂ ਦੇ ਪਾਣੀ ਦਾ ਟੈਸਟ ਕੀਤਾ ਗਿਆ ਤਾਂ ਉਹ ਐਲਕਲਾਈਨ ਹੀ ਲੱਭਿਆ, ਜਿਸ ਵਿਚ ਅਨੇਕ ਤਰ੍ਹਾਂ ਦੇ ਲੋੜੀਂਦੇ ਤੱਤ ਭਰੇ ਪਏ ਸਨ ਜਦਕਿ ਲੈਬਾਰਟਰੀਆਂ ਵਿਚ ਬਣਾਏ ਐਲਕਲਾਈਨ ਪਾਣੀ ਵਿਚ ਬਹੁਤ ਘੱਟ ਤੱਤ ਲੱਭੇ। ਕਈ ਲੈਬਾਰਟਰੀਆਂ ’ਚ ਬਣੇ ਪਾਣੀਆਂ ਵਿਚ ਕੀਟਾਣੂ ਲੱਭੇ ਤੇ ਕਈਆਂ ਵਿਚ ਬਹੁਤ ਸਾਰੇ ਅਹਿਮ ਤੱਤ ਨਦਾਰਦ (ਗ਼ਾਇਬ) ਸਨ। ਇਸੇ ਲਈ ਹੁਣ ਤੱਕ ਇਹੋ ਕਿਹਾ ਜਾ ਰਿਹਾ ਹੈ ਕਿ ਲੈਬਾਰਟਰੀਆਂ ਦੇ ਵਿਚ ਬਣੇ ਐਲਕਲਾਈਨ ਪਾਣੀ ਨਾਲੋਂ ਕੁਦਰਤੀ ਪਾਣੀ ਬਿਹਤਰ ਹੈ।

  1. ਪਹਾੜੀ ਝਰਨਿਆਂ ਦਾ ਪਾਣੀ :-ਕੁਦਰਤ ਸੋਮੇ ਆਮ ਤੌਰ ਉੱਤੇ ਬਿਲਕੁਲ ਸਾਫ਼ ਦਿਸਦੇ ਹਨ। ਬਥੇਰੀਆਂ ਪਹਾੜੀ ਥਾਵਾਂ ਉੱਤੇ ਕੁਦਰਤੀ ਪਾਣੀ ਲਈ ਪਾਈਪਾਂ ਲਾਈਆਂ ਵੀ ਮਿਲ ਜਾਂਦੀਆਂ ਹਨ। ਇਸ ਨੂੰ ਬੋਤਲਾਂ ਵਿਚ ਭਰ ਕੇ ਪੀਣ ਲਈ ਲੋਕ ਲਾਈਨਾਂ ਲਾ ਕੇ ਖੜ੍ਹੇ ਮਿਲਦੇ ਹਨ। ਟੈਸਟਾਂ ਦੌਰਾਨ ਪਤਾ ਲੱਗਿਆ ਹੈ ਕਿ ਇਸ ਪਾਣੀ ਵਿਚ ਕਈ ਕਿਸਮਾਂ ਦੀਆਂ ਖ਼ਤਰਨਾਕ ਜੜੀਆਂ ਬੂਟੀਆਂ ਦੇ ਰਸ, ਕਈ ਕਿਸਮਾਂ ਦੇ ਕੀਟ-ਪਤੰਗਿਆਂ, ਚਿੜੀਆਂ, ਜਾਨਵਰਾਂ ਦੇ ਮਲ ਮੂਤਰ ਸਮੇਤ ਅਨੇਕ ਤਰ੍ਹਾਂ ਦੇ ਕੈਮੀਕਲ ਰਲੇ ਮਿਲ ਰਹੇ ਹਨ। ਇਸੇ ਲਈ ਇਸ ਪਾਣੀ ਨੂੰ ਵੀ ਹੁਣ ਫਿਲਟਰ ਕਰਨ ਦੀ ਲੋੜ ਹੈ।
  2. ਕਿੰਨਾ ਪਾਣੀ ਪੀਤਾ ਜਾਵੇ : ਚਮੜੀ, ਗੁਰਦੇ, ਪੱਠੇ, ਜੋੜ, ਦਿਮਾਗ਼ ਆਦਿ ਹਰ ਅੰਗ ਨੂੰ ਪਾਣੀ ਦੀ ਲੋੜ ਹੁੰਦੀ ਹੈ। ਇਸੇ ਲਈ ਜਵਾਨ ਬੰਦੇ ਨੂੰ ਲਗਭਗ ਢਾਈ ਤੋਂ ਚਾਰ ਲਿਟਰ ਪਾਣੀ ਰੋਜ਼ ਸਰੀਰਕ ਭਾਰ ਅਨੁਸਾਰ ਪੀਣਾ ਚਾਹੀਦਾ ਹੈ।

ਰੋਜ਼ ਦੀ ਖ਼ੁਰਾਕ ਵਿੱਚੋਂ 20 ਫੀਸਦੀ ਪਾਣੀ ਲੈਣਾ ਚਾਹੀਦਾ ਹੈ ਜੋ ਹਦਵਾਣਾ (ਤਰਬੂਜ਼), ਖੀਰਾ, ਟਮਾਟਰ ਆਦਿ ਵਰਗੇ ਫਲ ਜਾਂ ਸਬਜ਼ੀਆਂ ਰਾਹੀਂ ਪੂਰਾ ਕੀਤਾ ਜਾ ਸਕਦਾ ਹੈ। ਸਬਜ਼ੀਆਂ ਦੇ ਸੂਪ, ਜਿਨ੍ਹਾਂ ਵਿਚ ਹਰੀਆਂ ਫਲੀਆਂ, ਪਾਲਕ, ਗੋਭੀ, ਮਟਰ ਆਦਿ ਹੋਣ, ਵੀ ਵਰਤੇ ਜਾ ਸਕਦੇ ਹਨ। ਮੀਟ ਮੱਛੀ ਖਾਣ ਵਾਲਿਆਂ ਨੂੰ ਵੱਧ ਪਾਣੀ ਪੀਣ ਦੀ ਲੋੜ ਮਹਿਸੂਸ ਹੋ ਸਕਦੀ ਹੈ। ਪਾਣੀ ਵਿਚ ਖੰਡ ਦੀ ਮਾਤਰਾ ਨਾ ਬਰਾਬਰ ਹੀ ਹੋਣੀ ਚਾਹੀਦੀ ਹੈ। ਇੰਜ ਹੀ ਸੂਪ ਵਿਚ ਥਿੰਦਾ ਯਾਨੀ ਤੇਲ ਜਾਂ ਘਿਓ ਵੀ ਨਹੀਂ ਪਾਉਣਾ ਚਾਹੀਦਾ।

ਸਾਰ :- ਗੁਰੂ ਨਾਨਕ ਸਾਹਿਬ ਨੇ ਪਾਣੀ ਬਾਰੇ ਸਮਝਾਇਆ ਹੈ ਕਿ ਪਾਣੀ ਆਪ ਵੀ ਜੀਵ ਹੀ ਹੈ ਕਿਉਂਕਿ ਇਸ ਨਾਲ ਹੀ ਹਰ ਜਿੰਦ ਵਾਲਾ, ਭਾਵੇਂ ਕੀਟ ਪਤੰਗਾ ਹੋਵੇ ਜਾਂ ਇਨਸਾਨ, ਜ਼ਿੰਦਾ ਰਹਿ ਸਕਦਾ ਹੈ ‘‘ਪਹਿਲਾ ਪਾਣੀ ਜੀਉ ਹੈ; ਜਿਤੁ ਹਰਿਆ ਸਭੁ ਕੋਇ ’’ (ਆਸਾ ਕੀ ਵਾਰ/ਮਹਲਾ /੪੭੨)

ਖੋਜਾਂ ਸਾਬਤ ਕਰ ਚੁੱਕੀਆਂ ਹਨ ਕਿ ਪਾਣੀ ਨਾ ਸਿਰਫ਼ ਹਾਜ਼ਮਾ ਅਤੇ ਕਬਜ਼ ਠੀਕ ਕਰਦਾ ਹੈ ਬਲਕਿ ਲਹੂ ਰਾਹੀਂ ਅਨੇਕ ਖਣਿਜ ਤੇ ਲੋੜੀਂਦੀ ਆਕਸੀਜਨ ਪਹੁੰਚਾ ਕੇ ਬਲੱਡ ਪ੍ਰੈੱਸ਼ਰ ਵੀ ਠੀਕ ਰੱਖਦਾ ਹੈ; ਜੋੜਾਂ ਦੀ ਸਿਹਤ ਅਤੇ ਹੋਰ ਅੰਗਾਂ ਦੇ ਤਾਪਮਾਨ ਨੂੰ ਸਹੀ ਰੱਖਣ ਵਿਚ ਸਹਾਈ ਹੁੰਦਾ ਹੈ; ਗੁਰਦੇ ਦੀ ਪੱਥਰੀ ਨੂੰ ਰੋਕਣ ਅਤੇ ਪਿਸ਼ਾਬ ਦੇ ਰਾਹੀਂ ਕੀਟਾਣੂਆਂ ਨੂੰ ਬਾਹਰ ਕੱਢਣ ਵਿਚ ਵੀ ਮਦਦ ਕਰਦਾ ਹੈ। ਵਿਕਾਸਸ਼ੀਲ ਦੇਸਾਂ ਵਿਚ ਹਰ ਸਾਲ ਪਾਣੀ ਦੀ ਘਾਟ ਨਾਲ ਜੂਝਦੇ 4 ਤੋਂ 5 ਮਿਲੀਅਨ ਬੱਚੇ; ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਭਾਰਤ ਵਿਚ ਹਰ ਸਾਲ ਪੰਜ ਲੱਖ ਤੋਂ ਵੱਧ ਮੌਤਾਂ ਪ੍ਰਦੂਸ਼ਿਤ ਪਾਣੀ ਪੀਣ ਨਾਲ ਹੋ ਰਹੀਆਂ ਹਨ (2019 ਦੀ ਲੈਨਸਟ ਰਸਾਲੇ ਵਿਚ ਛਪੀ ਖੋਜ)।

ਨੀਤੀ ਆਯੋਗ ਦੀ ਸੰਨ 2018 ਦੀ ਰਿਪੋਰਟ ਅਨੁਸਾਰ ਦੋ ਲੱਖ ਤੋਂ ਵੱਧ ਮੌਤਾਂ ਪ੍ਰਦੂਸ਼ਿਤ ਪਾਣੀ ਪੀਣ ਨਾਲ ਭਾਰਤ ਵਿਚ ਹੋਈਆਂ, ਜਿਨ੍ਹਾਂ ਵਿਚ ਗ਼ਰੀਬ ਅਤੇ ਮੱਧ ਵਰਗ ਦੇ ਲੋਕਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਸੀ।

ਜਦੋਂ ਪਤਾ ਹੋਵੇ ਕਿ ਪਾਣੀ ਤੋਂ ਬਗ਼ੈਰ ਜੀਵਨ ਅਸੰਭਵ ਹੈ, ਤਾਂ ਪਾਣੀ ਦੇ ਸਰੋਤ ਬਚਾ ਕੇ ਰੱਖਣ ਦੀ ਅਹਿਮੀਅਤ ਸੌਖਿਆਂ ਹੀ ਸਮਝ ਆ ਸਕਦੀ ਹੈ। ਅਫ਼ਸੋਸ ਸਿਰਫ਼ ਇਹ ਹੈ ਕਿ ਦੋ ਹਜ਼ਾਰ ਰੁਪੈ ਪ੍ਰਤੀ ਲੀਟਰ ਦੀਆਂ ਬਾਹਰਲੇ ਮੁਲਕ ਤੋਂ ਲਿਆਦੀਆਂ ਪਾਣੀ ਦੀਆਂ ਬੋਤਲਾਂ ਪੀਣ ਵਾਲੇ ਸਾਡੇ ਸਿਆਸਤਦਾਨ, ਅਮੀਰ ਵਪਾਰੀ ਤੇ ਫਿਲਮੀ ਹਸਤੀਆਂ, ਇਸ ਦੀ ਅਹਿਮੀਅਤ ਨਹੀਂ ਸਮਝ ਰਹੀਆਂ।