ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੀ ਯਾਤਰਾ

0
160

ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੀ ਯਾਤਰਾ

ਕਿਰਪਾਲ ਸਿੰਘ ਬਠਿੰਡਾ

6 ਨਵੰਬਰ 2022 ਤੋਂ 15 ਨਵੰਬਰ 2022 ਤੱਕ ਪਾਕਿਸਤਾਨੀ ਅੰਬੈਸੀ ਵੱਲੋਂ ਧਾਰਮਿਕ ਯਾਤਰਾ ਲਈ ਵੀਜ਼ਾ ਮਿਲਣ ਨਾਲ ਮੇਰੀ ਚਿਰਾਂ ਤੋਂ ਕੀਤੀ ਜਾ ਰਹੀ ਅਰਦਾਸ ‘ਹੇ ਅਕਾਲ ਪੁਰਖ ! ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁਲ੍ਹੇ ਦਰਸ਼ਨ ਦੀਦਾਰ ਖ਼ਾਲਸਾ ਜੀ ਨੂੰ ਬਖ਼ਸ਼ੋ।’ ਅੰਸ਼ਕ ਰੂਪ ’ਚ ਪੂਰੀ ਹੋਈ। ਸਾਡਾ 10 ਸਾਥੀਆਂ ਦਾ ਜਥਾ ਬਠਿੰਡਾ ਤੋਂ ਸਵੇਰੇ 5:30 ਵਜੇ ਰਵਾਨਾ ਹੋਇਆ ਅਤੇ ਸਵੇਰੇ 8:00 ਵਜੇ ਵਾਹਗਾ ਬਾਰਡਰ (ਅਟਾਰੀ) ਪਹੁੰਚਿਆ। ਇੰਮੀਗ੍ਰੇਸ਼ਨ ਦੀ ਲੰਬੀ ਪ੍ਰੀਕ੍ਰਿਆ ਵਿੱਚੋਂ ਲੰਘਣ ਉਪਰੰਤ ਸਾਡੇ ’ਚੋਂ ਬਹੁ ਗਿਣਤੀ ਨੇ 1:15 ਵਜੇ ਪਾਕਿਸਤਾਨ ਦੀ ਧਰਤੀ ’ਤੇ ਪਹਿਲੀ ਵਾਰ ਪੈਰ ਧਰਿਆ। ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ETPB ਪਾਕਿਸਤਾਨ ਵਕਫ਼ ਬੋਰਡ) ਪਾਕਿਸਤਾਨ ਸਰਕਾਰ ਅਤੇ ਪਾਕਿਸਤਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨੇ ਸਾਡੇ ਹਰ ਇੱਕ ਦੇ ਗਲ਼ ’ਚ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸੁਆਗਤ ਕੀਤਾ। ਤਕਰੀਬਨ ਹਰ ਰੇਲਵੇ ਸਟੇਸ਼ਨ ’ਤੇ ਸਾਡਾ ਇਸੇ ਤਰ੍ਹਾਂ ਸੁਆਗਤ ਹੁੰਦਾ ਰਿਹਾ, ਜਿਸ ਨਾਲ ਅਸੀਂ ਅਪਣੱਤ ਦਾ ਅਹਿਸਾਸ ਮਹਿਸੂਸ ਕੀਤਾ। ਜਲੰਧਰ ਤੋਂ ਪਹੁੰਚੇ ਗਿਆਨੀ ਅਵਤਾਰ ਸਿੰਘ (ਸੰਪਾਦਕ ਮਿਸ਼ਨਰੀ ਸੇਧਾਂ) ਨਾਲ ਵਾਹਗਾ ਬਾਰਡਰ ’ਤੇ ਮਿਲਾਪ ਹੋਇਆ, ਜੋ ਪੱਕੇ ਤੌਰ ’ਤੇ ਸਾਡੇ ਜਥੇ ਨਾਲ ਜੁੜ ਕੇ ਸਾਡਾ 11 ਯਾਤਰੀਆਂ ਦਾ ਜਥਾ ਬਣਿਆ। ਇਸ ਤੋਂ ਅੱਗੇ ਪਾਕਿਸਤਾਨੀ ਇੰਮੀਗ੍ਰੇਸ਼ਨ ਪ੍ਰਕ੍ਰਿਆ ਵਿੱਚੋਂ ਲੰਘਣਾ ਪਿਆ। ਪਾਕਿਸਤਾਨ ’ਚ ਦਾਖ਼ਲੇ ਦੀ ਮੋਹਰ ਸਾਡੇ ਪਾਸਪੋਰਟਾਂ ’ਤੇ ਲੱਗਣ ਤੋਂ ਬਾਅਦ ਸ਼ਿਨਾਖ਼ਤੀ ਪੱਤਰ ਮਿਲੇ, ਜੋ ਸਾਡੇ ਲਈ ਹਮੇਸ਼ਾਂ ਆਪਣੇ ਗਲ਼ਾਂ ’ਚ ਲਟਕਾਅ ਕੇ ਰੱਖਣੇ ਜ਼ਰੂਰੀ ਸਨ। ਇੱਥੇ ਹੀ ਸਾਨੂੰ ਰਿਹਾਇਸ਼ ਲਈ ਕਮਰਿਆਂ ਦੀ ਅਲਾਟਮੈਂਟ ਹੋਈ, ਸਾਡੇ ਪਾਸਪੋਰਟ ਜਮ੍ਹਾਂ ਕਰਵਾ ਲਏ ਗਏ, ਜੋ ਸਾਨੂੰ ਯਾਤਰਾ ਦੀ ਸਮਾਪਤੀ ਪਿੱਛੋਂ ਬਹੁਤਿਆਂ ਨੂੰ ਗੁਰਦੁਆਰਾ ਡੇਰਾ ਸਾਹਿਬ (ਲਾਹੌਰ) ਵਿਖੇ ਅਤੇ ਬਾਕੀ ਰਹਿੰਦਿਆਂ ਨੂੰ ਵਾਹਗਾ ਬਾਰਡਰ ’ਤੇ ਆਪਣੇ ਸ਼ਨਾਖ਼ਤੀ ਕਾਰਡ ਜਮ੍ਹਾ ਕਰਵਾਉਣ ਪਿੱਛੋਂ ਮਿਲ ਗਏ।

ਪਾਕਿਸਤਾਨ ’ਚ ਦਾਖ਼ਲੇ ਪਿੱਛੋਂ ਆਪਣੇ ਸ਼ਿਨਾਖ਼ਤੀ ਕਾਰਡ ਵਿਖਾ ਕੇ ਅਸੀਂ 4500 ਪਾਕਿਸਤਾਨੀ ਰੁਪਇਆਂ (2000 ਭਾਰਤੀ ਰੁਪਏ) ’ਚ ਪ੍ਰਤੀ ਸਵਾਰੀ ਬੱਸਾਂ ਦੀ ਪੈਕੇਜ ਟਿਕਟ ਖ਼ਰੀਦੀ, ਜਿਸ ਨੇ 10 ਦਿਨਾਂ ਤੱਕ ਬੱਸਾਂ ਰਾਹੀਂ ਯਾਤਰਾ ਕਰਵਾਈ। ਇਸ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਵਾਹਗਾ ਬਾਰਡਰ ਤੋਂ ਵਾਹਗਾ ਰੇਲਵੇ ਸਟੇਸ਼ਨ ਤੱਕ ਬੱਸਾਂ ਰਾਹੀਂ ਹੋਈ। ਪਹਿਲੇ ਦਿਨ ਦੀ ਯਾਤਰਾ ਦੌਰਾਨ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਭਾਰਤੀ ਅਤੇ ਪਾਕਿਸਤਾਨੀ ਸਾਈਡ ’ਤੇ ਇੰਮੀਗ੍ਰੇਸ਼ਨ ਦੀ ਲੰਬੀ ਪ੍ਰਕ੍ਰਿਆ ’ਚੋਂ ਲੰਘਣਾ, ਸ਼ਿਨਾਖ਼ਤੀ ਕਾਰਡ ਅਤੇ ਕਮਰਿਆਂ ਦੀ ਅਲਾਟਮੈਂਟ ਪ੍ਰਾਪਤ ਕਰਨੀ; ਲਗਭਗ 3000 ਭਾਰਤੀ ਯਾਤਰੀਆਂ ਨੂੰ ਵਾਹਗਾ ਬਾਰਡਰ ਤੋਂ ਵਾਹਗਾ ਰੇਲਵੇ ਸਟੇਸ਼ਨ ਤੱਕ ਢੋਆ ਢੁਆਈ ਲਈ ਕੇਵਲ 27 ਸੀਟਾਂ ਵਾਲੀਆਂ 6 ਬੱਸਾਂ ਦਾ ਹੀ ਪ੍ਰਬੰਧ ਸੀ। ਇਸੇ ਦੌਰਾਨ 3.45 ਤੋਂ 6.30 ਵਜੇ ਤੱਕ ਬਾਰਡਰ ’ਤੇ ਰੋਜ਼ਾਨਾ ਹੋਣ ਵਾਲੀ ਪਰੇਡ (ਰੀਟ੍ਰੀਟ) ਦਾ ਸਮਾਂ ਹੋਣ ਕਰਕੇ ਸੁਰੱਖਿਆ ਕਾਰਨਾਂ ਕਰਕੇ ਸਾਡੀ ਯਾਤਰੀਆਂ ਦੀ ਢੋਆ ਢੁਆਈ ਬੰਦ ਰਹੀ। ਰੇਲਵੇ ਸਟੇਸ਼ਨ ’ਤੇ ਦੇਰ ਰਾਤ ਲੰਗਰ ਛਕਾਇਆ ਗਿਆ। ਇੱਥੋਂ ਹੀ ਸਾਰੀ ਯਾਤਰਾ ਲਈ 4300 ਪਾਕਿਸਤਾਨੀ ਰੁਪਏ ’ਚ ਪ੍ਰਤੀ ਸਵਾਰੀ 10 ਦਿਨਾਂ ਦੀ ਯਾਤਰਾ ਲਈ ਪੈਕੇਜ ਰੇਲਵੇ ਟਿੱਕਟਾਂ ਖ਼ਰੀਦੀਆਂ ਅਤੇ ਯਾਤਰਾ ਲਈ ਟ੍ਰੇਨ ਨੰ:, ਡੱਬਾ ਨੰ: ਅਤੇ ਸੀਟ ਨੰ: ਅਲਾਟ ਕੀਤੇ ਗਏ, ਜੋ 10 ਦਿਨਾਂ ਤੱਕ ਓਹੀ ਰਹੇ। ਵਾਹਘਾ ਰੇਲਵੇ ਸਟੇਸ਼ਨ ਤੋਂ ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਤੱਕ ਤਿੰਨ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਪਹੁੰਚੇ। ਲੇਟ ਹੋਣ ਕਰਕੇ ਸਾਡਾ ਜਥਾ ਸਭ ਤੋਂ ਆਖਰੀ ਟ੍ਰੇਨ ਰਾਹੀਂ 7 ਨਵੰਬਰ ਸਵੇਰੇ ਅੰਮ੍ਰਿਤ ਵੇਲੇ ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਅਤੇ ਰੇਲਵੇ ਸਟੇਸ਼ਨ ਤੋਂ ਗੁਰਦੁਆਰਾ ਨਨਕਾਣਾ ਸਾਹਿਬ ਦੇ ਕੰਮਲੈਕਸ ਬੱਸਾਂ ਰਾਹੀਂ ਪਹੁੰਚਿਆ। ਇਹ ਉਹ ਸਥਾਨ ਹੈ ਜਿੱਥੇ ਗੁਰੂ ਨਾਨਕ ਸਾਹਿਬ ਜੀ ਦਾ ੧ ਵੈਸਾਖ ਸੰਮਤ ੧੫੨੬ (ਸੰਨ 1469) ਨੂੰ ਮਾਤਾ ਤ੍ਰਿਪਤਾ ਜੀ ਅਤੇ ਪਿਤਾ ਮਹਿਤਾ ਕਾਲੂ ਜੀ ਦੇ ਘਰ ਪ੍ਰਕਾਸ਼ ਹੋਇਆ। ਵਾਹਘਾ ਬਾਰਡਰ ਤੋਂ ਨਨਕਾਣਾ ਸਾਹਿਬ ਰਸਤਾ ਭਾਵੇਂ ਤਕਰੀਬਨ 122 ਕਿਲੋਮੀਟਰ ਹੀ ਹੈ, ਪਰ ਲਗਭਗ 20 ਘੰਟੇ ਲਾਈਨਾਂ ’ਚ ਖੜ੍ਹ, ਬੱਸਾਂ ਅਤੇ ਰੇਲ ਗੱਡੀਆਂ ’ਚ ਬੈਠ ਜਾਂ ਸਫ਼ਰ ਕਰਦਿਆਂ ਗੁਜਾਰਨੇ ਪਏ। ਰਿਹਾਇਸ਼ ਲਈ ਅਲਾਟ ਹੋਏ ਕਮਰੇ ਅਤੇ ਬੈੱਡ ਨੰਬਰ ਤੋਂ ਅਸੀਂ ਸਮਝ ਰਹੇ ਸੀ ਕਿ ਸਾਨੂੰ ਕਮਰੇ ਮਿਲਣਗੇ ਪਰ ਅਸਲ ’ਚ ਖੁੱਲ੍ਹੇ ਮੈਦਾਨ ਲੱਗੇ ਟੈਂਟਾਂ ਨੂੰ ਹੀ ਕਮਰੇ ਕਿਹਾ ਗਿਆ ਸੀ, ਪਰ ਫਿਰ ਵੀ ਸ਼ਰਧਾਲੂਆਂ ਦੀ ਵੱਡੀ ਗਿਣਤੀ ਲਈ ਕੀਤੇ ਗਏ ਆਰਜ਼ੀ ਪ੍ਰਬੰਧਾਂ ਤੋਂ ਅਸੀਂ ਸੰਤੁਸ਼ਟ ਸੀ; ਬਿਲਕੁਲ ਨਵੇਂ ਮੋਟੇ ਗੱਦੇ ਅਤੇ ਰਜ਼ਾਈਆਂ ਦਾ ਹਰ ਯਾਤਰੀ ਲਈ ਸੋਹਣਾ ਪ੍ਰਬੰਧ ਸੀ। ਥੋੜ੍ਹਾ ਚਿਰ ਅਰਾਮ ਕਰਨ ਪਿੱਛੋਂ ਇਸ਼ਨਾਨ ਕੀਤਾ ਅਤੇ ਨਿੱਜੀ ਤਿਆਰੀ ਉਪਰੰਤ ਗੁਰਦੁਆਰਾ ਜਨਮ ਅਸਥਾਨ ਅਤੇ ਉਸ ਜੰਡ ਦੇ ਦਰਸ਼ਨ ਕੀਤੇ, ਜਿਸ ਨਾਲ ੧੦ ਫੱਗਣ ਬਿਕ੍ਰਮੀ ਸੰਮਤ ੧੯੭੭ (20 ਫ਼ਰਵਰੀ 1921) ਨੂੰ ਭਾਈ ਲਛਮਣ ਸਿੰਘ ਧਾਰੋਵਾਲੀਏ ਨੂੰ ਨਰੈਣੂ ਮਹੰਤ ਦੇ ਗੁੰਡਿਆਂ ਨੇ ਪੁੱਠਾ ਲਟਕਾਅ ਕੇ ਮਿੱਟੀ ਦਾ ਤੇਲ ਪਾ ਅੱਗ ਲਾ ਕੇ ਸ਼ਹੀਦ ਕੀਤਾ ਸੀ। ਇਸ ਸਥਾਨ ’ਤੇ ਵਾਪਰੇ ਖ਼ੂਨੀ ਸਾਕੇ ਨੂੰ ਸਿੱਖ ਇਤਿਹਾਸ ’ਚ ‘ਸਾਕਾ ਨਨਕਾਣਾ ਸਾਹਿਬ’ ਵਜੋਂ ਯਾਦ ਕੀਤਾ ਜਾਂਦਾ ਹੈ।

ਨਨਕਾਣਾ ਸਾਹਿਬ ਤੋਂ ਲਗਭਗ 50 ਕਿਲੋਮੀਟਰ ਦੀ ਦੂਰੀ ’ਤੇ ਜ਼ਿਲ੍ਹਾ ਸ਼ੇਖੂਪੁਰਾ ਦੇ ਪਿੰਡ ਚੂਹੜਕਾਣਾ, ਜਿਸ ਨੂੰ ਅੱਜ ਕੱਲ੍ਹ ਫ਼ਾਰੂਕ ਆਬਾਦ ਕਿਹਾ ਜਾਂਦਾ ਹੈ; ਉਹ ਸਥਾਨ ਹੈ ਜਿਸ ਥਾਂ ਗੁਰੂ ਨਾਨਕ ਸਾਹਿਬ ਜੀ ਨੇ ਪਿਤਾ ਮਹਿਤਾ ਕਾਲੂ ਜੀ ਵੱਲੋਂ ਵਾਪਾਰ ਲਈ ਦਿੱਤੇ 20 ਰੁਪਈਆਂ ਦਾ ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ ਅਤੇ ਉਨ੍ਹਾਂ ਨੂੰ ਕਿਰਤ ਕਰਕੇ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਸੱਚ ਦੇ ਮਾਰਗ ’ਤੇ ਚੱਲਣ ਦਾ ਉਪਦੇਸ਼ ਦਿੱਤਾ। ਕਾਰੋਬਾਰ ਚਲਾਉਣ ਲਈ 20 ਰੁਪਈਆਂ ’ਚੋਂ ਕੁਝ ਮਾਲੀ ਮਦਦ ਵੀ ਕੀਤੀ। ਇਸ ਦੀ ਯਾਦ ਵਿੱਚ ਉਸ ਸਥਾਨ ’ਤੇ ‘ਗੁਰਦੁਆਰਾ ਸੱਚਾ ਸੌਦਾ’ ਸੁਸ਼ੋਭਿਤ ਹੈ।  7 ਨਵੰਬਰ ਨੂੰ ਗੁਰਦੁਆਰਾ ਸੱਚਾ ਸੌਦਾ ਦੇ ਦਰਸ਼ਨਾਂ ਲਈ ਗੁਰਦੁਆਰਾ ਨਨਕਾਣਾ ਸਾਹਿਬ ਤੋਂ ਵਿਸ਼ੇਸ਼ ਬੱਸਾਂ ਰਾਹੀਂ ਸਫ਼ਰ ਕੀਤਾ ਅਤੇ ਸ਼ਾਮ ਨੂੰ ਉਨ੍ਹਾਂ ਹੀ ਬੱਸਾਂ ਰਾਹੀਂ ਵਾਪਸ ਨਨਕਾਣਾ ਸਾਹਿਬ ਆ ਪਹੁੰਚੇ।

8 ਨਵੰਬਰ ਨੂੰ ਸਵੇਰੇ 9:00 ਵਜੇ ਸਜੇ ਪੰਡਾਲ ’ਚ ਵੱਖ ਵੱਖ ਜਥੇਬੰਦੀਆਂ ਅਤੇ ਸੰਸਥਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਸ: ਅਮੀਰ ਸਿੰਘ ਜੀ ਪ੍ਰਧਾਨ ਪਾਕਿਸਤਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਧਾਰਮਿਕ ਮਾਮਲਿਆਂ ਦੇ ਮਾਣਯੋਗ ਕੇਂਦਰੀ ਮੰਤਰੀ ਅਬਦੁਲ ਸ਼ਕੂਰ ਜੀ (ਪਾਕਿਸਤਾਨ ਸਰਕਾਰ ਵੱਲੋਂ) ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਕੁਝ ਬੁਲਾਰਿਆਂ ਨੇ 6 ਨਵੰਬਰ ਨੂੰ ਵਾਹਘਾ ਬਾਰਡਰ ’ਤੇ ਇੰਮੀਗ੍ਰੇਸ਼ਨ ਅਤੇ ਬਾਰਡਰ ਤੋਂ ਵਾਹਘਾ ਰੇਲਵੇ ਸਟੇਸ਼ਨ ਤੱਕ ਸੰਗਤਾਂ ਦੀ ਢੋਆ ਢੁਆਈ ਸਮੇਂ ਆਈਆਂ ਮੁਸ਼ਕਲਾਂ ਦਾ ਜ਼ਿਕਰ ਕਰਕੇ ਇਸ ਦੇ ਹੱਲ ਦੀ ਮੰਗ ਕੀਤੀ। ਕੇਂਦਰੀ ਮੰਤਰੀ ਨੇ ਜਵਾਬ ’ਚ ਕਿਹਾ ਕਿ 2016 ਤੋਂ ਪਹਿਲਾਂ ਸਾਡੀ ਰੇਲ ਗੱਡੀ ਸਿੱਧੀ ਅਟਾਰੀ ਤੱਕ ਜਾਂਦੀ ਸੀ ਅਤੇ ਇੰਮੀਗ੍ਰੇਸ਼ਨ ਤੋਂ ਬਾਅਦ ਸੰਗਤਾਂ ਰੇਲ ਰਾਹੀਂ ਸਿੱਧੀਆਂ ਲਾਹੌਰ ਜਾਂ ਨਨਕਾਣਾ ਸਾਹਿਬ ਪਹੁੰਚਦੀਆਂ ਸਨ। ਇਸ ਨਾਲ ਸੰਗਤਾਂ ਦਾ ਤਕਰੀਬਨ ਢਾਈ ਤੋਂ ਤਿੰਨ ਘੰਟੇ ਦਾ ਸਮਾਂ ਅਤੇ ਵਾਰ ਵਾਰ ਸਮਾਨ ਦੀ ਲੋਡਿੰਗ ਅਣਲੋਡਿੰਗ ਦੀ ਮੁਸ਼ੱਕਤ ਤੋਂ ਬਚਾਅ ਹੋ ਜਾਂਦਾ ਸੀ। ਸ੍ਰੀ ਸ਼ਕੂਰ ਨੇ ਭਾਰਤੀ ਯਾਤਰੀਆਂ ਨੂੰ ਸੰਬੋਧਨ ਹੁੰਦੇ ਕਿਹਾ ਕਿ ਤੁਸੀਂ ਆਪਣੀ ਸਰਕਾਰ ਨੂੰ ਮਨਾ ਲਵੋ ਤਾਂ ਸਾਡੀ ਸਰਕਾਰ ਅੱਜ ਵੀ ਆਪਣੀ ਰੇਲ ਗੱਡੀ ਸਿੱਧੀ ਅਟਾਰੀ ਤੱਕ ਭੇਜਣ ਲਈ ਤਿਆਰ ਹੋ ਜਾਵੇਗੀ। ਕੇਂਦਰੀ ਮੰਤਰੀ ਦੇ ਬਿਆਨ ਅਤੇ ਪਾਕਿਸਤਾਨੀ ਸਿੱਖ ਆਗੂਆਂ ਦੇ ਬਿਆਨਾਂ ਤੋਂ ਜਾਪਦਾ ਹੈ ਕਿ ਪਾਕਿਸਤਾਨੀ ਸਿੱਖਾਂ ਦੇ ਪਾਕਿਸਤਾਨ ਦੀ ਕੇਂਦਰੀ ਸਰਕਾਰ ਨਾਲ ਚੰਗੇ ਸੰਬੰਧ ਹੋਣ ਕਾਰਨ ਪਾਕਿਸਤਾਨ ਸਰਕਾਰ ਰੇਲ ਗੱਡੀ ਅਟਾਰੀ ਰੇਲਵੇ ਸਟੇਸ਼ਨ ਤੱਕ ਭੇਜਣ ਲਈ ਬਹੁਤ ਅਸਾਨੀ ਨਾਲ ਸਹਿਮਤ ਹੋ ਸਕਦੀ ਹੈ। ਇੱਧਰ ਭਾਜਪਾ ’ਚ ਬੈਠੇ ਸਿੱਖ ਆਗੂ ਦਾਅਵਾ ਕਰਦੇ ਹਨ ਕਿ ਮੋਦੀ ਸਰਕਾਰ ਸਿੱਖਾਂ ’ਤੇ ਮਿਹਰਵਾਨ ਹੈ ਅਤੇ ਉਹ ਸਿੱਖਾਂ ਦੇ ਮਸਲੇ ਹੱਲ ਕਰਨਾ ਚਾਹੁੰਦੀ ਹੈ। ਜੇ ਇਹ ਸੱਚ ਹੈ ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਪਹਿਲ ਦੇ ਆਧਾਰ ’ਤੇ ਧਾਰਮਿਕ ਯਾਤਰਾਵਾਂ ਸਮੇਂ ਪਾਕਸਤਾਨੀ ਰੇਲ ਗੱਡੀਆਂ ਨੂੰ ਅਟਾਰੀ ਰੇਲਵੇ ਸਟੇਸ਼ਨ ਤੱਕ ਆਉਣ ਦੀ ਇਜਾਜ਼ਤ ਦੇਣ ਲਈ ਭਾਰਤ ਸਰਕਾਰ ਨੂੰ ਉਸੇ ਤਰ੍ਹਾਂ ਸਹਿਮਤੀ ਦੇਣ ਲਈ ਮਨਾਉਣ ਜਿਵੇਂ ਪਾਕਿਸਤਾਨ ਅਤੇ ਭਾਰਤ ਸਰਕਾਰ ਦੋਵਾਂ ਦੀ ਸਹਿਮਤੀ ਨਾਲ ਕਰਤਾਰਪੁਰ ਲਾਂਘਾ ਖੁੱਲ੍ਹਿਆ ਸੀ। ਜੇ ਸਹਿਮਤੀ ਬਣ ਜਾਵੇ ਤਾਂ ਘੱਟ ਤੋਂ ਘੱਟ 3 ਘੰਟਿਆਂ ਦਾ ਸਮਾਂ ਜਾਣ ਸਮੇਂ ਅਤੇ 3 ਘੰਟੇ ਦਾ ਸਮਾਂ ਵਾਪਸੀ ਮੌਕੇ ਸੰਗਤਾਂ ਦਾ ਬਚ ਸਕਦਾ ਹੈ।

8 ਨਵੰਬਰ ਨੂੰ ਹੀ ਦੁਪਹਿਰ 12:00 ਵਜੇ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਤੋਂ ‘ਗੁਰਦੁਆਰਾ ਕਿਆਰਾ ਸਾਹਿਬ’ ਤੱਕ ਮਹਾਨ ਨਗਰ ਕੀਰਤਨ ਸਜਾਇਆ ਗਿਆ। ਗੁਰਦੁਆਰਾ ਕਿਆਰਾ ਸਾਹਿਬ ਉਹ ਸਥਾਨ ਹੈ, ਜਿੱਥੇ ਗੁਰੂ ਨਾਨਕ ਸਾਹਿਬ ਜੀ ਖੇਤੀ ਕਰਿਆ ਕਰਦੇ ਸਨ। ਇਸ ਤੋਂ ਇਲਾਵਾ 8 ਅਤੇ 9 ਨਵੰਬਰ ਦੇ ਬਾਕੀ ਬਚੇ ਸਮੇਂ ਦੌਰਾਨ ਗੁਰਦੁਆਰਾ ਬਾਲ ਲੀਲਾ (ਜਿੱਥੇ ਗੁਰੂ ਜੀ ਬਚਪਨ ’ਚ ਆਪਣੇ ਸਾਥੀਆਂ ਨਾਲ ਖੇਡਿਆ ਕਰਦੇ ਸਨ), ਗੁਰਦੁਆਰਾ ਪੱਟੀ ਸਾਹਿਬ (ਜਿੱਥੇ ਗੁਰੂ ਜੀ ਪਾਂਧੇ ਅਤੇ ਮੌਲਵੀ ਕੋਲ਼ ਪੜ੍ਹਨ ਲਈ ਗਏ ਅਤੇ ਆਸਾ ਰਾਗੁ ’ਚ ਪਟੀ ਬਾਣੀ ਉਚਾਰਨ ਕੀਤੀ) ਗੁਰਦੁਆਰਾ ਮਾਲ ਜੀ (ਜਿੱਥੇ ਗਾਵਾਂ ਮੱਝਾਂ ਚਾਰਦੇ ਹੋਏ ਗੁਰੂ ਜੀ ਇੱਕ ਵਣ ਦੇ ਦਰਖ਼ਤ ਦੀ ਛਾਂ ਹੇਠ ਸੌਂ ਗਏ ਸਨ ਅਤੇ ਮੰਨਿਆ ਜਾਂਦਾ ਹੈ ਕਿ ਪਰਛਾਵਾਂ ਢਲਣ ਨਾਲ਼ ਆਈ ਧੁੱਪ ’ਤੇ ਸੱਪ ਨੇ ਉਨ੍ਹਾਂ ਨੂੰ ਛਾਂ ਕੀਤੀ ਸੀ), ਗੁਰਦੁਆਰਾ ਤੰਬੂ ਸਾਹਿਬ (ਇਹ ਉਹ ਸਥਾਨ ਹੈ, ਜਿੱਥੇ ਚੂਹੜਕਾਣੇ ਦੇ ਜੰਗਲ਼ਾਂ ਵਿੱਚ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਕੇ ਸੱਚਾ ਸੌਦਾ ਕਰਨ ਉਪਰੰਤ ਵਾਪਸ ਨਨਕਾਣਾ ਸਾਹਿਬ ਸਿੱਧੇ ਘਰ ਜਾਣ ਦੀ ਬਜਾਏ ਵਣਾਂ ਦੇ ਦਰਖ਼ਤਾਂ ਦੇ ਝੁੰਡ ਹੇਠ ਬੈਠ ਕੇ ਸਿਮਰਨ ਕਰਨ ਲੱਗ ਪਏ ਸਨ। ਤੰਬੂ ਦੀ ਬਣਤਰ ਵਾਲੇ ਇਹ ਵਣ ਅੱਜ ਵੀ ਜਿਉਂ ਦੇ ਤਿਉਂ ਮੌਜੂਦ ਹਨ। ਤੰਬੂ ਵਰਗੇ ਵਣ ਹੋਣ ਕਾਰਨ ਹੀ ਇਸ ਸਥਾਨ ਨੂੰ ਤੰਬੂ ਸਾਹਿਬ ਕਿਹਾ ਜਾਂਦਾ ਹੈ। ਪਿਤਾ ਮਹਿਤਾ ਕਾਲੂ ਜੀ ਨੂੰ ਪਤਾ ਲੱਗਣ ’ਤੇ ਇਸੇ ਸਥਾਨ ’ਤੇ ਆ ਕੇ ਹੀ ਗੁੱਸੇ ’ਚ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਉੱਤੇ ਹੱਥ ਚੁੱਕਿਆ ਦੱਸਿਆ ਜਾਂਦਾ ਹੈ) ਅਤੇ ਗੁਰਦੁਆਰਾ ਪਾ: ੫ਵੀਂ ਅਤੇ ੬ਵੀਂ ਉਹ ਸਥਾਨ ਹੈ, ਜਿੱਥੇ ਉਹ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਸਥਾਨ ਦੇ ਦਰਸ਼ਨ ਕਰਨ ਆਏ ਠਹਿਰੇ ਸਨ। ਉਨ੍ਹਾਂ ਦੀ ਯਾਦ ’ਚ ਨੇੜੇ ਨੇੜ ਬਣੇ ਦੋ ਗੁਰਦੁਆਰਿਆਂ ਦੇ ਦਰਸ਼ਨ ਕੀਤੇ। ਉਕਤ ਸਾਰੇ ਗੁਰਦੁਆਰੇ ਤਕਰੀਬਨ ਦੋ ਢਾਈ ਕਿਲੋਮੀਟਰ ਦੇ ਘੇਰੇ ਅੰਦਰ ਹੀ ਹਨ।

9 ਨਵੰਬਰ ਨੂੰ ਜਥਾ ਨਨਕਾਣਾ ਸਾਹਿਬ ਤੋਂ ਗੁਰਦੁਆਰਾ ਪੰਜਾ ਸਾਹਿਬ (ਹਸਨ ਅਬਦਾਲ) ਲਈ ਰੇਲ ਗੱਡੀ ਰਾਹੀਂ ਰਵਾਨਾ ਹੋਇਆ। ਇਹ ਮਾਰਗ ਤਕਰੀਬਨ 475 ਕਿਲੋਮੀਟਰ ਲੰਬਾ ਹੋਣ ਕਾਰਨ 9 ਨਵੰਬਰ ਦਾ ਦਿਨ ਅਤੇ ਰਾਤ ਇਸ ਸਫ਼ਰ ’ਚ ਲੱਗ ਗਿਆ। ਜਿੱਥੇ ਅੱਧੀ ਰਾਤ ਤੋਂ ਬਾਅਦ ਗੁਰਦੁਆਰਾ ਸਾਹਿਬ ਪਹੁੰਚੇ। ਸਾਡੇ 11 ਸਾਥੀਆਂ ਦੇ ਜਥੇ ਨੂੰ ਇਸ ਸਥਾਨ ’ਤੇ ਦੋ ਕਮਰੇ ਮਿਲ ਗਏ। ਸਾਰੀ ਯਾਤਰਾ ਦੌਰਾਨ ਪੰਜਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਹੀ ਕੇਵਲ ਦੋ ਗੁਰ ਅਸਥਾਨ ਹਨ, ਜਿੱਥੇ ਕਾਫ਼ੀ ਸੰਗਤਾਂ ਨੂੰ ਆਸਾਨੀ ਨਾਲ ਰਿਹਾਇਸ਼ੀ ਕਮਰੇ ਮਿਲ ਸਕਦੇ ਹਨ। ਥੋੜ੍ਹਾ ਚਿਰ ਅਰਾਮ ਕਰਨ ਉਪਰੰਤ ਅਗਲੇ ਦਿਨ 10 ਨਵੰਬਰ ਨੂੰ ਸਵੇਰੇ ਨਿਜੀ ਤਿਆਰੀ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ। ਸਰੋਵਰ ਦੇ ਕਿਨਾਰੇ ’ਤੇ ਪੰਜੇ ਦੇ ਨਿਸ਼ਾਨ ਵਾਲਾ ਪੱਥਰ ਮੌਜੂਦ ਹੈ, ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਇਹ ਪੱਥਰ ਵਲੀ ਕੰਧਾਰੀ ਵੱਲੋਂ ਗੁੱਸੇ ’ਚ ਆ ਕੇ ਗੁਰੂ ਜੀ ’ਤੇ ਸੁੱਟਿਆ ਸੀ, ਜੋ ਉਨ੍ਹਾਂ ਨੇ ਆਪਣੇ ਸੱਜੇ ਹੱਥ ਦੇ ਪੰਜੇ ਨਾਲ ਰੋਕ ਲਿਆ। ਪੰਜੇ ਦਾ ਗਹਿਰਾ ਨਿਸ਼ਾਨ ਅੱਜ ਵੀ ਪੱਥਰ ’ਤੇ ਉਕਰਿਆ ਵੇਖਿਆ ਜਾ ਸਕਦਾ ਹੈ। ਇਸ ਪੱਥਰ ਦੇ ਹੇਠਾਂ ਕਾਫ਼ੀ ਮਾਤਰਾ ’ਚ ਸਾਫ਼ ਸੁਥਰਾ ਪਾਣੀ ਵਹਿ ਰਿਹਾ ਹੈ, ਜੋ ਗੁਰਦੁਆਰਾ ਸਾਹਿਬ ਦੇ ਹੇਠਾਂ ਬਣੇ ਸਰੋਵਰ ਵਿੱਚੋਂ ਦੀ ਹੋ ਕੇ ਮੁੜ ਇਕ ਨਾਲੇ ’ਚ ਮਿਲਦਾ ਹੈ। ਪੱਥਰ ’ਤੇ ਲੱਗਾ ਪੰਜੇ ਦਾ ਨਿਸ਼ਾਨ ਵੇਖਣ ਲਈ ਗੋਡਿਆਂ ਤੋਂ ਉੱਪਰ ਪਜਾਮੇ ਟੰਗ ਕੇ ਪੌੜੀਆਂ ਰਾਹੀਂ ਪਾਣੀ ’ਚ ਉੱਤਰ ਕੇ ਵੇਖਣਾ ਪੈਂਦਾ ਹੈ। ਇਨ੍ਹਾਂ ਪੌੜੀਆਂ ਦੇ ਪਿਛਲੇ ਪਾਸੇ ਔਰਤਾਂ ਲਈ ਬਣੇ ਇਸ਼ਨਾਨ ਘਰ ’ਚ ਕੁੱਝ ਹੋਰ ਪੌੜੀਆਂ ਹਨ ਜਿੱਥੋਂ ਦੀ ਉਤਰ ਕੇ ਵੇਖਿਆ ਗਿਆ ਕਿ ਜੋ ਪਾਣੀ ਪੰਜੇ ਦੇ ਨਿਸ਼ਾਨ ਵਾਲੇ ਪੱਥਰ ਹੇਠ ਵਗ ਰਿਹਾ ਹੈ, ਉਹ ਪਹਾੜੀ ਤੋਂ ਵਹਿਦੇ ਝਰਨੇ ’ਚ ਹੇਠਾਂ ਤਿੰਨ ਪਾਈਪਾਂ ਫਿਟ ਕੀਤੀਆਂ ਹਨ।

ਇਸੇ ਸਥਾਨ ’ਤੇ ੧੪ ਕੱਤਕ ਬਿਕ੍ਰਮੀ ਸੰਮਤ ੧੯੭੯ (ਸੰਨ 1922) ਨੂੰ ਸਿੱਖ ਇਤਿਹਾਸ ਦੀ ਬਹੁਤ ਵੱਡੀ ਘਟਨਾ ਵਾਪਰੀ। ਗੁਰੂ ਕੇ ਬਾਗ ਮੋਰਚੇ ਦੇ ਭੁੱਖਣ ਭਾਣੇ ਕੈਦੀ ਸਿੰਘਾਂ ਨੂੰ ਰੇਲ ਗੱਡੀ ਰਾਹੀਂ ਦੂਰ ਦੁਰਾਡਿਆਂ ਅਟਕ ਜ਼ੇਲ੍ਹ ’ਚ ਲਿਜਾਇਆ ਜਾ ਰਿਹਾ ਸੀ। ਇਸ ਰੇਲ ਗੱਡੀ ਨੇ ਹਸਨ ਅਬਦਾਲ ਰੇਲਵੇ ਸਟੇਸ਼ਨ ਤੋਂ ਲੰਘਣਾ ਸੀ; ਜੋ ਆਮ ਤੌਰ ’ਤੇ ਇੱਥੇ ਰੁਕਦੀ ਸੀ। ਗੁਰਦੁਆਰਾ ਪੰਜਾ ਸਾਹਿਬ ਦੀ ਸੰਗਤ ਨੇ ਫ਼ੈਸਲਾ ਕੀਤਾ ਕਿ ਭੁੱਖੇ ਕੈਦੀ ਸਿੰਘਾਂ ਨੂੰ ਲੰਗਰ ਛਕਾਇਆ ਜਾਵੇ। ਅਰਦਾਸ ਕਰਕੇ ਲੰਗਰ ਤਿਆਰ ਕੀਤਾ ਅਤੇ ਸਿੰਘਾਂ ਨੂੰ ਛਕਾਉਣ ਲਈ ਰੇਲਵੇ ਸਟੇਸ਼ਨ ’ਤੇ ਪਹੁੰਚੇ। ਅਚਾਨਕ ਅੰਗਰੇਜ਼ ਸਰਕਾਰ ਨੇ ਗੱਡੀ ਨਾ ਰੋਕਣ ਦਾ ਫ਼ੈਸਲਾ ਕੀਤਾ। ਸਟੇਸ਼ਨ ਮਾਸਟਰ ਨੇ ਸੰਗਤ ਨੂੰ ਸੂਚਿਤ ਕੀਤਾ ਕਿ ਸਰਕਾਰ ਦੇ ਹੁਕਮ ਮੁਤਾਬਕ ਅੱਜ ਇੱਥੇ ਗੱਡੀ ਨਹੀਂ ਰੁਕੇਗੀ।  ਭਾਈ ਪ੍ਰਤਾਪ ਸਿੰਘ ਨੇ ਕਿਹਾ ਤੁਹਾਡੀ ਸਰਕਾਰ ਦਾ ਹੁਕਮ ਹੈ ਕਿ ਗੱਡੀ ਨਹੀਂ ਰੁਕੇਗੀ ਪਰ ਸਾਡੀ ਸੰਗਤ ਦਾ ਹੁਕਮ ਹੈ ਕਿ ਅਰਦਾਸ ਕਰਕੇ ਤਿਆਰ ਕੀਤਾ ਲੰਗਰ ਹਰ ਹਾਲਤ ’ਚ ਸਿੰਘਾਂ ਨੂੰ ਛਕਾਇਆ ਜਾਵੇਗਾ। ਰੇਲ ਅਧਿਕਾਰੀਆਂ ਵੱਲੋਂ ਨਾ ਮੰਨੇ ਜਾਣ ’ਤੇ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਦੋਵੇਂ ਰੇਲਵੇ ਲਾਈਨ ’ਤੇ ਲੇਟ ਗਏ ਅਤੇ ਉਨ੍ਹਾਂ ਦੇ ਪਿੱਛੇ ਬਾਕੀ ਦੀ ਸੰਗਤ ਵੀ ਲਾਈਨ ਉੱਤੇ ਬੈਠ ਗਈ। ਗੱਡੀ ਚੀਕਾਂ ਮਾਰਦੀ ਆਈ ਪਰ ਕੋਈ ਵੀ ਉੱਠਿਆ ਨਹੀਂ। ਭਾਈ ਕਰਮ ਸਿੰਘ ਅਤੇ ਭਾਈ ਪ੍ਰਤਾਪ ਸਿੰਘ ਗੱਡੀ ਹੇਠ ਆ ਕੇ ਬੁਰੀ ਤਰ੍ਹਾਂ ਕੁਚਲੇ ਗਏ।  6 ਹੋਰ ਸਿੰਘਾਂ ਦੀਆਂ ਲੱਤਾਂ ਕੱਟਣ ਅਤੇ ਕਾਫ਼ੀ ਜਖ਼ਮੀ ਕਰਨ ਪਿੱਛੋਂ ਗੱਡੀ ਰੁਕ ਗਈ। ਸਿੰਘਾਂ ਨੇ ਭਾਈ ਕਰਮ ਸਿੰਘ ਅਤੇ ਪ੍ਰਤਾਪ ਸਿੰਘ ਨੂੰ ਗੱਡੀ ਹੇਠੋਂ ਕੱਢਣ ਦੀ ਕੋਸ਼ਿਸ ਕੀਤੀ ਤਾਂ ਭਾਈ ਪ੍ਰਤਾਪ ਸਿੰਘ ਨੇ ਕਿਹਾ ਕਿ ਜੇ ਤੁਸੀਂ ਸਾਨੂੰ ਗੱਡੀ ਹੇਠੋਂ ਕੱਢ ਲਿਆ ਤਾਂ ਗੱਡੀ ਚੱਲ ਪਏਗੀ ਅਤੇ ਅਸੀਂ ਕੈਦੀ ਸਿੰਘਾਂ ਨੂੰ ਲੰਗਰ ਨਹੀਂ ਛਕਾ ਸਕਾਂਗੇ। ਇਸ ਲਈ ਪਹਿਲਾਂ ਸਿੰਘਾਂ ਨੂੰ ਲੰਗਰ ਛਕਾਓ। ਲੰਗਰ ਛਕਾਉਣ ਤੋਂ ਬਾਅਦ ਕੱਢਿਆ ਗਿਆ ਤਾਂ ਭਾਈ ਕਰਮ ਸਿੰਘ ਕੁਝ ਘੰਟਿਆਂ ਪਿੱਛੋਂ ਸ਼ਹੀਦ ਹੋ ਗਏ ਅਤੇ ਭਾਈ ਪ੍ਰਤਾਪ ਸਿੰਘ ਅਗਲੇ ਦਿਨ ਸਵੇਰੇ ਅੰਮ੍ਰਿਤ ਵੇਲੇ ਸ਼ਹੀਦੀ ਪ੍ਰਾਪਤ ਕਰ ਗਏ। ਇਸ ਸਾਲ ੧੪ ਕੱਤਕ ਨਾ: ਸ਼ਾ: (28 ਅਕਤੂਬਰ) ਨੂੰ ਪੰਜਾ ਸਾਹਿਬ ਸਾਕੇ ਦੇ ਸੌ ਸਾਲਾ ਯਾਦਗਾਰੀ ਸਮਾਗਮ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਸਰਕਾਰ, ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਵੱਲੋਂ ਅੰਤਰ ਰਾਸ਼ਟਰੀ ਪੱਧਰ ’ਤੇ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਕਰਵਾਏ ਗਏ ਸਨ।

ਭਾਵੇਂ ਵੇਖਣ ਵਾਲੀ ਕੋਈ ਖ਼ਾਸ ਚੀਜ਼ ਨਹੀਂ ਪਰ ਇਹ ਸੋਚ ਕੇ ਕਿ ਬੜੇ ਚਿਰਾਂ ਪਿੱਛੋਂ ਗੁਰੂ ਸਾਹਿਬ ਜੀ ਦੀ ਬਖ਼ਸ਼ਸ਼ ਨਾਲ ਇਸ ਸਥਾਨ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ ਫਿਰ ਪਤਾ ਨਹੀਂ ਕਦੋਂ ਮਿਲੇਗਾ ਜਾਂ ਨਹੀਂ, ਇਸ ਲਈ ਪੰਜਾ ਸਾਹਿਬ ਦੇ ਉੱਪਰ ਇੱਕ ਖੜ੍ਹੀ ਪਹਾੜੀ ’ਤੇ ਚੜ੍ਹ ਕੇ ਵਲੀ ਕੰਧਾਰੀ ਦੀ ਮਜ਼ਾਰ ਨੂੰ ਵੀ ਵੇਖਿਆ। ਅੱਜੇ ਓਥੇ ਪਾਣੀ ਹੇਠਾਂ ਪੰਜਾ ਸਾਹਿਬ ਤੋਂ ਲੈ ਕੇ ਜਾਂਦੇ ਹਨ ਕਿਉਂਕਿ ਓਥੇ ਕੋਈ ਸੋਮਾ ਨਜ਼ਰ ਨਹੀਂ ਆਇਆ। ਉਸ ਪਹਾੜੀ ’ਤੇ ਚੜ੍ਹ ਕੇ ਵੇਖਿਆ ਕਿ ਚਾਰੇ ਪਾਸੇ ਹਸਨ ਅਬਦਾਲ ਦਾ ਵਿਸ਼ਾਲ ਸ਼ਹਰ ਵਸਿਆ ਹੈ ਅਤੇ ਸ਼ਹਰ ਤੋਂ ਅੱਗੇ ਫਿਰ ਪਹਾੜੀਆਂ ਹੀ ਪਹਾੜੀਆਂ ਨਜ਼ਰ ਆਉਂਦੀਆਂ ਸਨ। ਇਸ ਪਹਾੜੀ ’ਤੇ ਜਿੰਨਾ ਚੜ੍ਹਨਾ ਔਖਾ ਲੱਗਿਆ ਉਤਨਾ ਹੀ ਮੁਸ਼ਕਲ ਉਤਰਨਾ ਸੀ।

11 ਨਵੰਬਰ ਨੂੰ ਸਵੇਰੇ ਉੱਠ ਕੇ ਨਿਜੀ ਤਿਆਰੀ ਕਰਨ ਪਿੱਛੋਂ ਗੁਰੂ ਦਰਬਾਰ ਮੱਥਾ ਟੇਕਿਆ, ਦੀਵਾਨ ਹਾਲ ’ਚ ਹੋ ਰਹੇ ਆਸਾ ਜੀ ਕੀ ਵਾਰ ਦੇ ਕੀਰਤਨ ਦਾ ਅਨੰਦ ਮਾਣਿਆ, ਲੰਗਰ ਛਕਿਆ ਅਤੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਲਈ ਰੇਲ ਗੱਡੀ ਦੀ ਉਡੀਕ ਕਰਨ ਲੱਗੇ। ਇਸ ਸਥਾਨ ’ਤੇ ਸੁਰੱਖਿਆ ਕਾਰਨਾਂ ਕਰਕੇ ਕਿਸੇ ਵੀ ਯਾਤਰੀ ਨੂੰ ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਜਾਣ ਦੀ ਆਗਿਆ ਨਹੀਂ ਦਿੱਤੀ। ਹਰ ਵਾਰ ਦੀ ਤਰ੍ਹਾਂ ਅੱਧੀ ਰਾਤ ਨੂੰ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਪਹੁੰਚੇ। ਇੱਥੇ ਟੈਂਟ ’ਚ ਮੰਜਿਆਂ ਅਤੇ ਵਧੀਆ ਗੱਦੇ ਰਜਾਈਆਂ ਦਾ ਪ੍ਰਬੰਧ ਸੀ। ਕੁਝ ਕੁ ਬੇਸਬਰੇ ਲੋਕ ਜਿਨ੍ਹਾਂ ਨੂੰ ਇਹ ਵਿਸ਼ਵਾਸ ਨਹੀਂ ਹੁੰਦਾ ਕਿ ਲੇਟ ਹੋ ਗਏ ਤਾਂ ਸ਼ਾਇਦ ਕੁਝ ਮਿਲੇ ਜਾਂ ਨਾ ਮਿਲੇ, ਉਹ ਸੜਕਾਂ ਦੇ ਕਿਨਾਰਿਆਂ ’ਤੇ ਵੀ ਗੱਦੇ ਰਜਾਈਆਂ ਲੈ ਕੇ ਸੌਂ ਗਏ ਸਨ।

ਲਾਹੌਰ ’ਚ ਗੁਰਦੁਆਰਾ ਡੇਰਾ ਸਾਹਿਬ; ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਸਥਾਨ ਹੈ, ਜਿੱਥੇ ਹਾੜ ਸੰਮਤ ੧੬੬੩ (ਸੰਨ 1606) ਨੂੰ ਉਨ੍ਹਾਂ ਨੂੰ ਤੱਤੀ ਤਵੀ ’ਤੇ ਬਿਠਾ ਕੇ ਸ਼ਹੀਦ ਕੀਤਾ ਗਿਆ ਸੀ। ਇਸ ਸਥਾਨ ਦੀ ਕਾਰਸੇਵਾ ਚੱਲ ਰਹੀ ਸੀ ਅਤੇ ਨਿੱਤ ਦੀ ਮਰਿਆਦਾ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਕੋਲ ਉਨ੍ਹਾਂ ਦੇ ਨਾਂ ’ਤੇ ਬਣੇ ਗੁਰਦੁਆਰਾ ਸਾਹਿਬ ਜੀ ਅੰਦਰ ਚੱਲਦੀ ਸੀ। ਨਿਜੀ ਤਿਆਰੀ ਪਿੱਛੋਂ ਆਸਾ ਜੀ ਕੀ ਵਾਰ ਦੇ ਕੀਰਤਨ ਅਤੇ ਕਥਾ ਦਾ ਅਨੰਦ ਮਾਣਿਆ ਅਤੇ ਸਵੇਰ ਦਾ ਨਾਸ਼ਤਾ ਕਰਨ ਉਪਰੰਤ ਥੋੜ੍ਹਾ ਚਿਰ ਆਪਣੇ ਟੈਂਟ ’ਚ ਆ ਕੇ ਅਰਾਮ ਕੀਤਾ। ਇਸ ਪਿੱਛੋਂ ਦੋ ਵਿੱਚੋਂ ਕੇਵਲ ਇੱਕ ਦੀ ਚੋਣ ਸਾਡੇ ਸਾਹਮਣੇ ਸੀ ਜਾਂ ਤਾਂ ਸ਼ਾਹੀ ਕਿੱਲੇ (ਜਿੱਥੇ 40 ਸਾਲ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਸੀ) ਦੀ ਸੈਰ ਕੀਤੀ ਜਾਵੇ ਜਾਂ ਲਾਹੌਰ ਦੇ ਹੋਰ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕੀਤੇ ਜਾਣ। ਅਸੀਂ ਗੁਰਦੁਅਰਿਆਂ ਦੇ ਦਰਸ਼ਨਾਂ ਨੂੰ ਤਰਜੀਹ ਦਿੱਤੀ ਅਤੇ ਸ਼ਾਹੀ ਕਿੱਲੇ ਦੀ ਸੈਰ ਅਗਲੇ ਦਿਨ ਕਰਨ ਦਾ ਫ਼ੈਸਲਾ ਕੀਤਾ। ਚੂਨਾ ਮੰਡੀ ’ਚ ਸਥਿਤ ਗੁਰਦੁਆਰਾ ਜਨਮ ਸਥਾਨ ਗੁਰੂ ਰਾਮਦਾਸ ਜੀ ਹੈ, ਜਿੱਥੇ ਉਨ੍ਹਾਂ ਦਾ ਪ੍ਰਕਾਸ਼ ੨੫ ਅੱਸੂ ਸੰਮਤ ੧੫੯੧ (ਸੰਨ 1534) ਨੂੰ ਹੋਇਆ। ਚੂਨਾ ਮੰਡੀ ਏਸ਼ੀਆ ਦੀ ਸਭ ਤੋਂ ਵੱਡੀ ਕੱਪੜੇ ਦੀ ਥੋਕ ਮੰਡੀ ਵਜੋਂ ਜਾਣੀ ਜਾਂਦੀ ਹੈ। ਇੱਥੋਂ 1500 ਰੁਪਏ ਵਾਲ਼ਾ ਸ਼ਾਲ ਤੇ 1500 ਰੁਪਏ ਵਾਲ਼ਾ ਕੁੜਤੇ ਪੰਜਾਮੇ ਦਾ ਕੱਪੜਾ ਕੇਵਲ 500-500 ਰੁਪਏ ’ਚ ਮਿਲਿਆ, ਜੋ ਬਹੁਤ ਸੰਗਤ ਨੇ ਖ਼ਰੀਦੇ।

ਰੇਲਵੇ ਸਟੇਸ਼ਨ ਲਾਹੌਰ ਦੇ ਨਜ਼ਦੀਕ ਲੰਡਾ ਬਜ਼ਾਰ ’ਚ ਸਥਿਤ ਸ਼ਹੀਦੀ ਸਥਾਨ ਸਿੰਘ ਸਿੰਘਣੀਆਂ (ਜਿੱਥੇ ਮੀਰ ਮੰਨੂੰ ਦੀ ਜੇਲ੍ਹ ’ਚ ਸਿੰਘਣੀਆਂ ਨੂੰ ਦਿਲ ਕੰਬਾਊ ਤਸੀਹੇ ਦਿੱਤੇ ਗਏ, ਸਵਾ ਸਵਾ ਮਣ ਪੀਸਣ ਪੀਸੇ, ਆਪਣੇ ਬੱਚਿਆਂ ਦੇ ਟੋਟੇ ਕਰ ਉਨ੍ਹਾਂ ਦੇ ਗਲ਼ਾਂ ’ਚ ਹਾਰ ਪਾਏ ਗਏ ਅਤੇ ਸੈਂਕੜੇ ਸਿੰਘ ਸਿੰਘਣੀਆਂ ਨੂੰ ਇਸ ਸਥਾਨ ’ਤੇ ਸ਼ਹੀਦ ਕੀਤਾ ਗਿਆ। ਬੇਸਮੈਂਟ ’ਚ ਉਸ ਵੇਲੇ ਦੀ ਇੱਕ ਚੱਕੀ ਵੀ ਪਈ ਹੈ। ਇਨ੍ਹਾਂ ਦੋਵਾਂ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕੀਤੇ। ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ ਤੋਂ ਥੋੜ੍ਹੀ ਦੂਰ ਅੱਗੇ ਨਾਖਾਸ ਚੌਕ ’ਚ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਸਥਾਨ ਹੈ, ਜਿੱਥੇ ਉਨ੍ਹਾਂ ਨੂੰ ੨੫ ਹਾੜ ਬਿਕ੍ਰਮੀ ਸੰਮਤ ੧੭੯੧ (24 ਜੂਨ 1734) ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਸੀ। ਇਸ ਸਥਾਨ ਬਾਰੇ ਤਦ ਸਾਨੂੰ ਜਾਣਕਾਰੀ ਨਾ ਹੋਣ ਕਾਰਨ ਇਸ ਸਥਾਨ ਦੇ ਦਰਸ਼ਨ ਨਾ ਕਰ ਸਕੇ। ਵਾਪਸੀ ’ਤੇ ਨੌ ਲੱਖਾ ਬਾਜ਼ਾਰ ’ਚ ਗੁਰਦੁਆਰਾ ਸ਼ਹੀਦ ਗੰਜ ਸ਼ਹੀਦ ਭਾਈ ਤਾਰੂ ਸਿੰਘ ਜੀ ਹੈ, ਜਿੱਥੇ ਉਨ੍ਹਾਂ ਨੂੰ ੧ ਸਾਵਣ ਸੰਮਤ ੧੮੦੨ (ਸੰਨ 1745) ਨੂੰ ਖੋਪਰੀ ਉਤਾਰ ਕੇ ਸ਼ਹੀਦ ਕੀਤਾ ਗਿਆ। ਗੁਰਦੁਆਰਾ-ਮਸਜ਼ਿਦ ਵਿਵਾਦ ਕੇਸ ਅਦਾਲਤ ’ਚ ਹੋਣ ਕਾਰਨ ਇਸ ਨੂੰ ਬੰਦ ਕੀਤਾ ਹੋਇਆ ਹੈ, ਇਸ ਕਰਕੇ ਗੁਰਦੁਆਰੇ ਦੇ ਗੇਟ ਤੋਂ ਹੀ ਵਾਪਸ ਆ ਗਏ। ਇਹ ਸਥਾਨ ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ ਤੋਂ ਮਾਤਰ 20-30 ਗਜ਼ ਦੂਰ ਹੀ ਹੈ। ਸ਼ਾਹੀ ਕਿਲੇ ਦੇ ਨਜ਼ਦੀਕ ਜਿੱਥੇ ਭਾਈ ਮਨੀ ਸਿੰਘ ਜੀ ਦਾ ਸਸਕਾਰ ਕੀਤਾ ਗਿਆ, ਉਸ ਸਥਾਨ ’ਤੇ ਵੀ ਸ਼ਹੀਦ ਗੰਜ ਗੁਰਦੁਆਰਾ ਦੱਸਿਆ ਜਾਂਦਾ ਹੈ ਪਰ ਸਮੇਂ ਅਤੇ ਜਾਣਕਾਰੀ ਦੀ ਘਾਟ ਕਾਰਨ ਇਸ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਨਾ ਹੋ ਸਕੇ।

13 ਨਵੰਬਰ 2022 ਨੂੰ ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਲਈ ਬੱਸਾਂ ਰਾਹੀਂ ਰਵਾਨਾ ਹੋਏ, ਇਸ ਲਈ ਸ਼ਾਹੀ ਕਿਲੇ ਦੀ ਸੈਰ ਨਾ ਕਰ ਸਕੇ। ਦਿਨ ਛਿਪੇ ਕਰਤਾਰਪੁਰ ਸਾਹਿਬ ਪਹੁੰਚੇ। ਇਸ ਸਥਾਨ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਸੰਮਤ ੧੫੭੯ (ਸੰਨ 1522) ’ਚ ਵਸਾਇਆ ਅਤੇ ਆਪਣੀ ਉਮਰ ਦੇ ਆਖਰੀ 17 ਸਾਲ ਖੇਤੀ ਕਰਦਿਆਂ ‘ਕਿਰਤ ਕਰੋ, ਵੰਡ ਛਕੋ, ਨਾਮ ਜਪੋ’ ਦਾ ਸੰਦੇਸ਼ ਅਮਲੀ ਰੂਪ ’ਚ ਦਿੱਤਾ। ਇਸੇ ਸਥਾਨ ’ਤੇ ਬਾਬਾ ਲਹਿਣਾ ਜੀ ਪਹਿਲੀ ਵਾਰ ਸੰਮਤ ੧੫੮੯ (ਸੰਨ 1532) ’ਚ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਣ ਲਈ ਆਏ ਜਿਨ੍ਹਾਂ ਦੀ ਪਰਖ ਪੜਚੋਲ ਕਰਨ ਪਿੱਛੋਂ ੪ ਅੱਸੂ ਸੰਮਤ ੧੫੯੬ (ਸੰਨ 1539) ਨੂੰ ਗੁਰਗੱਦੀ ’ਤੇ ਬਿਰਾਜਮਾਨ ਕਰ ਆਪ ੮ ਅੱਸੂ ਸੰਮਤ ੧੫੯੬ ਨੂੰ ਜੋਤੀ ਜੋਤ ਸਮਾ ਗਏ। ਇਹ ਸਥਾਨ ਬਾਰਡਰ ਦੇ ਨਜ਼ਦੀਕ ਹੋਣ ਕਾਰਨ ਪਾਕਿਸਤਾਨੀ ਰੇਂਜਰਾਂ ਦੀ ਦੇਖ ਰੇਖ ਹੇਠ ਹੈ, ਜਿਸ ਕਾਰਨ ਸੁਰੱਖਿਆ ਨਿਯਮ ਕਾਫ਼ੀ ਸਖ਼ਤ ਹਨ। ਵਾਹਘਾ ਬਾਰਡਰ ’ਤੇ ਜਾਰੀ ਕੀਤੇ ਸ਼ਿਨਾਖ਼ਤੀ ਕਾਰਡ ਤੋਂ ਇਲਾਵਾ ਇੱਥੇ ਦਾਖ਼ਲੇ ਤੋਂ ਪਹਿਲਾਂ ਇੱਕ ਹੋਰ ਵਿਸ਼ੇਸ਼ ਸ਼ਿਨਾਖ਼ਤੀ ਕਾਰਡ ਜਾਰੀ ਕੀਤਾ ਗਿਆ। ਇਹ ਕਾਰਡ ਮਿਲਣ ਪਿੱਛੋਂ ਦਰਸ਼ਨੀ ਡਿਊਡੀ ਰਾਹੀਂ ਗੁਰਦੁਆਰਾ ਸਾਹਿਬ ਕੰਮਲੈਕਸ ਵਿੱਚ ਦਾਖ਼ਲ ਹੋਏ। ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਸ਼ਾਨਦਾਰ ਖੁਲ੍ਹੇ ਮੈਦਾਨ ਦੇ ਚੁਫੇਰੇ ਰਿਹਾਇਸ਼ੀ ਸਰਾਵਾਂ, ਬਰਾਂਡਿਆਂ, ਲੰਗਰ ਹਾਲ ਅਤੇ ਵਾਸ਼ਰੂਮਾਂ ਦਾ ਆਰਚੀਟੈਕਚਰਲ ਡਿਜ਼ਾਇਨ ਅਤੇ ਸਫ਼ਾਈ ਅੰਤਰਰਾਸ਼ਟਰੀ ਪੱਧਰ ਦੀ ਸੀ, ਜਿਸ ਨੂੰ ਵੇਖ ਕੇ ਮਨ ਅਨੰਦਿਤ ਹੋ ਗਿਆ। ਰਾਤ ਨੂੰ ਭਾਰਤੀ ਯਾਤਰੀਆਂ ਲਈ ਬਾਹਰ ਖੁੱਲ੍ਹੇ ਮੈਦਾਨ ’ਚ ਸ਼ਾਨਦਾਰ ਕਬਾਲੀ ਨਾਈਟ ਦਾ ਅਨੰਦ ਮਾਨਣ ਲਈ ਵਿਸ਼ੇਸ਼ ਬੱਸਾਂ ਦਾ ਪ੍ਰਬੰਧ ਕੀਤਾ ਸੀ, ਜਿਨ੍ਹਾਂ ’ਚ ਬੈਠ ਕੇ ਪਹਿਲਾਂ ਦੀ ਤਰ੍ਹਾਂ ਲੰਬਾ ਇੰਤਜ਼ਾਰ ਨਹੀਂ ਕਰਨਾ ਪੈਂਦਾ ਸੀ; ਭਾਵੇਂ ਇੱਕ ਸਵਾਰੀ ਹੀ ਹੋਵੇ ਉਸ ਨੂੰ ਲੈ ਕੇ ਬੱਸ ਤੁਰੰਤ ਰਵਾਨਾ ਹੋ ਜਾਂਦੀ ਸੀ। ਕਬਾਲ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੀ ਸਭਿਆਚਾਰਕ ਸਾਂਝ ਬਹੁਤ ਹੀ ਭਾਵਪੂਰਕ ਤਰੀਕੇ ਨਾਲ ਪੇਸ਼ ਕਰ ਰਹੇ ਸਨ ਅਤੇ ਦੋਵੇਂ ਪਾਸਿਆਂ ਦੇ ਪੰਜਾਬੀ ਮੁੜ ਇੱਕ ਪੰਜਾਬ ਹੋ ਜਾਣ ਦੀਆਂ ਅਰਦਾਸਾਂ ਕਰਦੇ ਦਿਲਕਸ਼ ਨਜ਼ਾਰਾ ਪੇਸ਼ ਕਰ ਰਹੇ ਸਨ, ਪਰ ਚੜ੍ਹਦੇ ਪੰਜਾਬ ਦੇ ਪੰਜਾਬੀ, ਲੰਬੇ ਸਫ਼ਰ ਦੇ ਥਕਾਏ ਹੋਣ ਕਾਰਨ ਲੰਬਾ ਸਮਾਂ ਅਨੰਦ ਮਾਨਣ ਦੇ ਰੌਂ ’ਚ ਨਹੀਂ ਜਾਪ ਰਹੇ ਸਨ।

14 ਨਵੰਬਰ ਨੂੰ ਬੱਸਾਂ ਰਾਹੀਂ ਗੁਰਦੁਆਰਾ ਰੋੜੀ ਸਾਹਿਬ (ਏਮਨਾਬਾਦ) ਦੇ ਦਰਸ਼ਨਾਂ ਲਈ ਰਵਾਨਾ ਹੋਏ। ਰੋੜੀ ਸਾਹਿਬ ਏਮਨਾਬਾਦ ਦੇ ਬਾਹਰਵਾਰ ਰੋੜਾਂ ਵਾਲੀ ਉਹ ਜਗ੍ਹਾ ਹੈ, ਜਿੱਥੇ ਪ੍ਰਚਾਰ ਫੇਰੀਆਂ ਦੌਰਾਨ ਗੁਰੂ ਜੀ ਅਕਸਰ ਵਿਸਰਾਮ ਕਰਿਆ ਕਰਦੇ ਸਨ। ਇਸ ਦੇ ਨਜ਼ਦੀਕ ਭਾਈ ਲਾਲੋ ਜੀ ਦਾ ਘਰ ਹੈ; ਸਮੇਂ ਦੀ ਘਾਟ ਹੋਣ ਕਾਰਨ ਜਿਸ ਦੇ ਦਰਸ਼ਨ ਨਾ ਕਰ ਸਕਣ ਦਾ ਮਨ ’ਚ ਸਦਾ ਅਫ਼ਸੋਸ ਰਹੇਗਾ। ਦੱਸਿਆ ਜਾਂਦਾ ਹੈ ਕਿ ਇਸੇ ਸਥਾਨ ’ਤੇ ਗੁਰੂ ਸਾਹਿਬ ਨੇ ਮਲਿਕ ਭਾਗੋ ਦੇ ਪੂੜਿਆਂ ’ਚ ਗਰੀਬਾਂ ਦਾ ਲਹੂ ਹੋਣ ਦਾ ਅਹਿਸਾਸ ਕਰਵਾਇਆ ਸੀ। ਬਾਬਰ ਦੇ ਹਮਲੇ ਸਮੇਂ ਬਾਬਰ ਨੂੰ ਵੰਗਾਰ ਪਾਉਂਦਾ ਸ਼ਬਦ ‘‘ਪਾਪ ਕੀ ਜੰਞ ਲੈ ਕਾਬਲਹੁ ਧਾਇਆ ; ਜੋਰੀ ਮੰਗੈ ਦਾਨੁ ਵੇ ਲਾਲੋ ’’ (ਤਿਲੰਗ ਮਹਲਾ /੭੨੨ਵੀ ਇਸੇ ਸਥਾਨ ’ਤੇ ਉਚਾਰਿਆ ਗਿਆ ਸੀ। ਗੁਰਦੁਆਰਾ ਸਾਹਿਬ ਦੀ ਡਿਊਡੀ ’ਤੇ ਇੱਟਾਂ ਤਰਾਸ਼ ਕੇ ਬਹੁਤ ਸੁੰਦਰ ਅੱਖਰਾਂ ’ਚ ਭਾਈ ਗੁਰਦਾਸ ਜੀ ਦੀ ਵਾਰ ਦੀ ਇਹ ਤੁਕ ਉਕਰੀ ਹੋਈ ਹੈ ‘‘ਰੇਤੁ ਅਕੁ ਆਹਾਰੁ ਕਰਿ ; ਰੋੜਾ ਕੀ ਗੁਰ ਕਰੀ ਵਿਛਾਈ’’ (ਵਾਰ ਪਉੜੀ ੨੪)  ਭਾਵ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਚਾਰਕ ਦੌਰਿਆਂ ਦੌਰਾਨ ਰੇਤ ਤੇ ਅੱਕ ਦਾ ਭੋਜਨ ਕਰਕੇ, ਰੋੜਾਂ ’ਤੇ ਬਿਸਤਰਾ ਲਗਾਇਆ। ਇਹ ਇਲਾਕਾ ਰੋੜਾਂ ਵਾਲ਼ਾ ਹੀ ਹੈ। (ਭਾਵ ਦੁਖ ਕਲੇਸ਼ਾਂ ਨੂੰ ਸਹਾਰਿਆ)। ਰਸਾਂ ਕਸਾਂ ਤੋਂ ਉੱਪਰ ਉੱਠ ਕੇ ਸਾਦਾ ਭੋਜਨ ਅਤੇ ਬੇ-ਆਰਾਮੀ ਰਿਹਾਇਸ਼ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ; ਜਿਨ੍ਹਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਉਕਤ ਪਉੜੀ ’ਚ ਕੀਤਾ ਹੈ; ਦੇ ਸਿੱਖ ਅਖਵਾਉਣ ਅਤੇ ਉਨ੍ਹਾਂ ਦੇ ਚਰਨਛੋਹ ਸਥਾਨਾਂ ਦੇ ਦਰਸ਼ਨ ਕਰਨ ਆਏ ਸਾਨੂੰ ਸਭਨਾਂ ਨੂੰ ਕੋਈ ਵੀ ਗੱਲ ਐਸੀ ਨਹੀਂ ਕਰਨੀ ਚਾਹੀਦੀ ਕਿ ਸਾਡੇ ਕਿਰਦਾਰ ਅਤੇ ਵਰਤਾਅ ਨੂੰ ਵੇਖ ਕੇ ਸ਼ੱਕ ਕਰਨ ਦੀ ਗੁੰਜਾਇਸ਼ ਬਾਕੀ ਰਹੇ ਕਿ ਇਹ ਉਸ ਗੁਰੂ ਨਾਨਕ ਸਾਹਿਬ ਜੀ ਦੇ ਹੀ ਸਿੱਖ ਹਨ, ਜਿਨ੍ਹਾਂ ਦੀਆਂ ਸਾਖੀਆਂ ਅਸੀਂ ਕਿਤਾਬਾਂ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ’ਚੋਂ ਪੜ੍ਹਦੇ ਹਾਂ। ਇੰਮੀਗ੍ਰੇਸ਼ਨ ਕਰਵਾਉਂਦੇ, ਰਿਹਾਇਸ਼ ਲਈ ਕਮਰਿਆਂ ਦੀ ਬੁਕਿੰਗ ਕਰਵਾਉਂਦੇ ਖ਼ਾਸ ਕਰ ਲੰਗਰ ਵਿੱਚ ਪੂਰੀਆਂ, ਜਲੇਬੀਆਂ ਜਾਂ ਹੋਰ ਸੁਆਦਲੀਆਂ ਡਿਸ਼ਾਂ ਪ੍ਰਾਪਤ ਕਰਨ ਸਮੇਂ ਜਿਸ ਤਰ੍ਹਾਂ ਧੱਕਾ ਮੁੱਕੀ ਅਤੇ ਖੋਹ ਖੁਹਾਈ ਹੁੰਦੀ ਹੈ, ਉਸ ਨੂੰ ਵੇਖ ਕੇ ਇਹ ਸੋਚਣ ਲਈ ਮਜ਼ਬੂਰ ਹੋ ਜਾਈਦਾ ਹੈ ਕਿ ਕੀ ਅਸੀਂ ਉਸ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਅਖਵਾਉਣ ਦੇ ਕਾਬਲ ਹਾਂ, ਜਿਨ੍ਹਾਂ ਪ੍ਰਤੀ ਭਾਈ ਗੁਰਦਾਸ ਜੀ ਨੇ ਉਕਤ ਪਉੜੀ ਉਚਾਰਨ ਕੀਤੀ ਹੈ।

ਅਨੁਸਾਸ਼ਨ ਅਤੇ ਸਬਰ ਸੰਤੋਖ ’ਚ ਰਹਿਣ ਦਾ ਉਪਦੇਸ਼ ਦਿੰਦੀ ਇਹ ਸਾਖੀ ਕਥਾਵਾਚਕਾਂ ਤੋਂ ਅਕਸਰ ਸੁਣੀਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਮਿੱਠੇ ਚੌਲ਼ਾਂ ਦਾ ਕੜਾਹ ਤਿਆਰ ਕਰਵਾ ਵਰਤਾਉਣ ਤੋਂ ਪਹਿਲਾਂ ਕੁੱਤਿਆਂ ਨੂੰ ਚੌਲ਼ਾਂ ਦੇ ਕੜਾਹੇ ਦੁਆਲੇ ਛੱਡ ਦਿੱਤਾ। ਕੁੱਤਿਆਂ ਨੇ ਵੱਧ ਤੋਂ ਵੱਧ ਹਿੱਸਾ ਆਪਣੇ ਲਈ ਪ੍ਰਾਪਤ ਕਰਨ ਵਾਸਤੇ ਜਿਸ ਤਰ੍ਹਾਂ ਆਪਸੀ ਯੁੱਧ ਕੀਤਾ ਉਸ ਕਾਰਨ ਸਾਰੇ ਹੀ ਚੌਲ਼ ਮਿੱਟੀ ’ਚ ਰਲ਼ ਗਏ ਅਤੇ ਇੱਕ ਵੀ ਦਾਣਾ ਕਿਸੇ ਦੇ ਹੱਥ ਨਾ ਲੱਗਾ। ਜੇ ਨਨਕਾਣਾ ਸਾਹਿਬ ਵਿਖੇ ਸਿੰਧੀ ਲੰਗਰ ’ਚ ਪੂਰੀਆਂ ਵਰਤਣ ਸਮੇਂ ਵਰਤਾਵੇ ਦੇ ਹੱਥ ਪੂਰੀਆਂ ਵਾਲੀ ਟੋਕਰੀ ’ਚੋਂ ਪੂਰੀਆਂ ਚੁੱਕਣ ਸਮੇਂ ਹੋਈ ਆਪਾ ਧਾਪੀ ਦੌਰਾਨ ਹਵਾ ’ਚ ਉੱਛਲ ਕੇ ਪੈਰਾਂ ’ਚ ਡਿੱਗ ਰਹੀਆਂ ਪੂਰੀਆਂ ਦਾ ਵੀਡੀਓ ਕਲਿਪ ਵਾਇਰਲ ਹੋ ਜਾਵੇ ਤਾਂ ਮੈਂ ਸਮਝਦਾ ਹਾਂ ਕਿ ਚੌਲ਼ਾਂ ਦੇ ਕੜਾਹੇ ਦੁਆਲੇ ਕੁੱਤੇ ਛੱਡਣ ਦੀ ਮਿਸਾਲ ਦੇਣ ਦੀ ਜ਼ਰੂਰਤ ਨਹੀਂ ਪਵੇਗੀ। ਸਾਡੇ ਅਖੌਤੀ ਸਿੱਖਾਂ ਦੇ ਕਿਰਦਾਰ ਦੀ ਉਦਾਹਰਨ ਹੀ ਕਾਫ਼ੀ ਹੈ। ਇਸ ਸ਼ਰਮਸ਼ਾਰ ਦ੍ਰਿਸ਼ ਤੋਂ ਬਚਣ ਲਈ ਮੇਰੇ ਦੋ ਸੁਝਾਅ ਹਨ :

ਪਹਿਲਾ ਤਾਂ ਉਹ ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਜਿਨ੍ਹਾਂ ਨੂੰ ਜਥੇ ਭੇਜਣ ਦਾ ਅਧਿਕਾਰ ਮਿਲਿਆ ਹੋਇਆ ਹੈ, ਉਨ੍ਹਾਂ ਲਈ ਲਾਜ਼ਮੀ ਹੋਵੇ ਕਿ ਉਹ ਕੇਵਲ ਉਨ੍ਹਾਂ ਨਾਵਾਂ ਦੀ ਹੀ ਸਿਫਾਰਸ਼ ਕਰਨ, ਜਿੰਨ੍ਹਾਂ ਨੇ ਘੱਟ ਤੋਂ ਘੱਟ ਇੱਕ ਹਫਤੇ ਲਈ ਟਰੇਨਿੰਗ ਕੈਂਪ ’ਚ ਸ਼ਮੂਲੀਅਤ ਕੀਤੀ ਹੋਵੇ, ਜਿਸ ਵਿੱਚ ਯਾਤਰੀਆਂ ਨੂੰ ਸਿਖਾਇਆ ਜਾਵੇ ਕਿ ਲੰਗਰ ਛਕਣ ਜਾਂ ਹੋਰ ਕਿਸੇ ਵੀ ਮੌਕੇ ਆਪਣੀ ਵਾਰੀ ਪਹਿਲਾਂ ਲੈਣ ਲਈ ਲਾਈਨ ਨਹੀਂ ਤੋੜਨੀ।  ਸਭ ਨੇ ਆਪਣੀ ਵਾਰੀ ਦੀ ਉਡੀਕ ਸਬਰ, ਸੰਤੋਖ ’ਚ ਰਹਿ ਕੇ ਕਰਨੀ ਹੈ। ਪ੍ਰਬੰਧਕਾਂ ਵੱਲੋਂ ਐਲਾਨ ਕੀਤੇ ਜਾਂਦੇ ਟੂਰ ਪ੍ਰੋਗਰਾਮ ਦੇ ਪਾਬੰਦ ਰਹਿਣ ਦੀ ਵੀ ਤਾਕੀਦ ਕੀਤੀ ਜਾਵੇ। ਉਨ੍ਹਾਂ ਨੂੰ ਦੱਸਿਆ ਜਾਵੇ ਕਿ ਤੁਸੀਂ ਹਰ ਸਮੇਂ ਸੀ.ਸੀ.ਟੀ.ਵੀ. ਦੀ ਅੱਖ ਹੇਠ ਹੋਵੋਗੇ।  ਜੇ ਕਦੀ ਤੁਸੀਂ ਲਾਈਨ ਤੋੜਦੇ ਜਾਂ ਅਨੁਸਾਸ਼ਨ ਭੰਗ ਕਰਦੇ ਪਾਏ ਗਏ ਤਾਂ ਤੁਸੀਂ ਹਮੇਸ਼ਾਂ ਲਈ ਬਲੈਕ ਲਿਸਟ ਕਰ ਦਿੱਤੇ ਜਾਵੋਗੇ ਅਤੇ ਭਵਿੱਖ ’ਚ ਕਦੀ ਵੀ ਤੁਹਾਡੇ ਨਾਂ ਦੀ ਧਾਰਮਿਕ ਯਾਤਰਾ ਲਈ ਸਿਫਾਰਸ਼ ਨਹੀਂ ਕੀਤੀ ਜਾਵੇਗੀ।

ਦੂਸਰਾ ਸੁਝਾਅ ਪਾਕਿਸਤਾਨ ਦੇ ਪ੍ਰਬੰਧਕਾਂ ਲਈ ਹੈ ਕਿ ਹਰ ਥਾਂ ਤੋਂ ਰਵਾਨਗੀ ਦਾ ਸਮਾਂ ਵੰਡੇ ਗਏ ਪਰਚਿਆਂ ਵਿੱਚ ਲਿਖਣ ਤੋਂ ਇਲਾਵਾ ਇੱਕ ਦਿਨ ਪਹਿਲਾਂ ਹੀ ਸ਼ਾਮ ਅਤੇ ਅਗਲੇ ਦਿਨ ਸਵੇਰ ਦੇ ਦੀਵਾਨਾਂ ’ਚ ਅਨਾਊਂਸ ਕੀਤਾ ਜਾਵੇ ਅਤੇ ਆਪੋ ਆਪਣੀਆਂ ਬੱਸਾਂ ’ਚ ਬੈਠਣ ਲਈ ਕੇਵਲ ਅੱਧੇ ਘੰਟੇ ਦਾ ਸਮਾਂ ਦਿੱਤਾ ਜਾਵੇ।  ਲੇਟ ਹੋਣ ਵਾਲੇ ਯਾਤਰੀਆਂ ਲਈ ਉਨ੍ਹਾਂ ਨੂੰ ਆਪਣੇ ਖ਼ਰਚੇ ’ਤੇ ਵੱਖਰਾ ਪ੍ਰਬੰਧ ਕਰਨ ਲਈ ਕਿਹਾ ਜਾਵੇ ਤਾਂ ਕਿ ਅਨੁਸਾਸ਼ਨ ’ਚ ਰਹਿਣ ਵਾਲੇ ਯਾਤਰੀਆਂ ਨੂੰ ਅਣਲੋੜੀਂਦੀ ਪ੍ਰੇਸ਼ਾਨੀ ਅਤੇ ਸਮਾਂ ਖਰਾਬ ਹੋਣ ਤੋਂ ਬਚਾਇਆ ਜਾ ਸਕੇ। ਚੰਗੀ ਗੱਲ ਹੈ ਕਿ ਲੰਗਰ ’ਚ ਕੇਵਲ ਸਾਫ਼ ਸੁਥਰੇ ਪ੍ਰਸ਼ਾਦੇ, ਦਾਲ ਜਾਂ ਵੱਧ ਤੋਂ ਵੱਧ ਇੱਕ ਸਬਜ਼ੀ ਦਾ ਹੀ ਪ੍ਰਬੰਧ ਹੋਵੇ। ਜਲੇਬੀਆਂ, ਪੂਰੀਆਂ, ਦਹੀਂ ਭੱਲੇ ਆਦਿ ਡਿਸ਼ਾਂ ਵਰਤਾਉਣ ਤੋਂ ਸੰਕੋਚ ਕੀਤਾ ਜਾਵੇ ਕਿਉਂਕਿ ਬਹੁਤਾ ਹੱਲਾ ਗੁੱਲਾ ਇਹ ਡਿਸ਼ਾਂ ਲੈਣ ਲਈ ਹੁੰਦਾ ਹੈ।

ਹਰ ਯਾਤਰੀ ਦਾ ਮਨੋਰਥ ਹੋਵੇ ਕਿ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਉਪਦੇਸ਼ ਬਾਬਾ ਫ਼ਰੀਦ ਜੀ ਦੇ ਬਚਨ ਕਿ ਹੇ ਬੰਦੇ  ! ਜੇ ਤੂੰ (ਸਬਰ ਨੂੰ ਹਿਰਦੇ ’ਚ) ਪੱਕਾ ਕਰ ਲਏਂ, ਤਾਂ ਘਟ ਕੇ ਨਿੱਕਾ ਜਿਹਾ ਵਹਣ ਨਹੀਂ ਬਣੇਂਗਾ ਬਲਕਿ ਵਧ ਕੇ ਦਰਿਆ ਹੋ ਜਾਏਂਗਾ (ਭਾਵ ਸਬਰ ਵਾਲਾ ਜੀਵਨ ਬਣਾਇਆਂ ਤੇਰਾ ਦਿਲ ਵਧ ਕੇ ਦਰਿਆ ਹੋ ਜਾਇਗਾ, ਤੇਰੇ ਦਿਲ ’ਚ ਸਾਰੇ ਜਗਤ ਵਾਸਤੇ ਪਿਆਰ ਪੈਦਾ ਹੋਏਗਾ, ਤੇਰੇ ਅੰਦਰ ਤੰਗ-ਦਿਲੀ ਨਹੀਂ ਰਹੇਗੀ) ‘‘ਸਬਰੁ ਏਹੁ ਸੁਆਉ; ਜੇ ਤੂੰ ਬੰਦਾ  ! ਦਿੜੁ ਕਰਹਿ ਵਧਿ ਥੀਵਹਿ ਦਰੀਆਉ; ਟੁਟਿ ਥੀਵਹਿ ਵਾਹੜਾ ’’ (ਬਾਬਾ ਫਰੀਦ ਜੀ/੧੩੮੪) ਯਾਨੀ ਸਬਰ ਸੰਤੋਖ ਨੂੰ ਅਮਲੀ ਰੂਪ ’ਚ ਅਪਨਾਉਣਾ ਹੈ।

ਗੁਰਦੁਆਰਾ ਰੋੜੀ ਸਾਹਿਬ ਤੋਂ ਵਿਸ਼ੇਸ਼ ਬੱਸਾਂ ਰਾਹੀਂ ਵਾਪਸ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦਿਨ ਛਿਪੇ ਤੋਂ ਬਾਅਦ ਪਹੁੰਚੇ ਅਤੇ 15 ਨਵੰਬਰ 2022 ਨੂੰ ਸਵੇਰੇ ਹੀ ਲਾਹੌਰ ਤੋਂ ਵਿਸ਼ੇਸ਼ ਬੱਸਾਂ ਰਾਹੀਂ ਵਾਪਸ ਭਾਰਤ ਨੂੰ ਚਾਲੇ ਪਾ ਦਿੱਤੇ ਅਤੇ ਥੋੜ੍ਹੇ ਫ਼ਰਕ ਨਾਲ 6 ਨਵੰਬਰ ਵਾਲੀਆਂ ਮੁਸ਼ਕਲਾਂ ਦਾ ਮੁੜ ਸਾਹਮਣਾ ਕਰਨਾ ਪਿਆ ਕਿਉਂਕਿ ਬਾਰਡਰ ’ਤੇ ਓਨੇ ਪ੍ਰਬੰਧ ਨਹੀਂ ਹੋ ਸਕਦੇ, ਜਿੰਨੀ ਇਕੱਠੀ ਸੰਗਤ ਪਹੁੰਚ ਜਾਂਦੀ ਹੈ।