ਸਰਲ ਗੁਰਬਾਣੀ ਵਿਆਕਰਣ (ਭਾਗ 1)

0
361

ਸਰਲ ਗੁਰਬਾਣੀ ਵਿਆਕਰਣ (ਭਾਗ 1)

(ਸ਼ੁਰੂਆਤ ਪੰਜਾਬੀ ਵਿਆਕਰਣ ਤੋਂ)

– ਗਿਆਨੀ ਅੰਮ੍ਰਿਤਪਾਲ ਸਿੰਘ (ਲੁਧਿਆਣਾ)

ਮੈਂ ਅੱਜ ਗੁਰਬਾਣੀ ਵਿਆਕਰਣ ਬਾਰੇ ਕੁਝ ਨਹੀਂ ਕਹਾਂਗਾ। ਪੰਜਾਬੀ ਵਿਆਕਰਣ ਬਾਰੇ ਆਪ ਜੀ ਨੂੰ ਪਤਾ ਹੀ ਹੈ, ਉਸ ਬਾਰੇ ਵੀ ਮੈਨੂੰ ਕੁਝ ਕਹਿਣ ਦੀ ਲੋੜ ਨਹੀਂ ਹੈ। ਉਹ ਬਹੁਤ ਪਿਆਰੀ ਘਟਨਾ ਸੁਨਾਉਣ ਦੀ ਵੀ ਲੋੜ ਨਹੀਂ ਹੈ, ਜਿਸ ਵਿਚ ਕਿਸੇ ਨੇ ਮਜ਼ਾਕ ਉਡਾ ਕੇ ਕਿਹਾ ਸੀ ਕਿ ਗਿਆਨੀ ਅੰਮ੍ਰਿਤਪਾਲ ਸਿੰਘ ਛੋਟੇ ਬੱਚਿਆਂ ਨੂੰ ਵਿਆਕਰਣ ਸਿਖਾਉਣਗੇ ਤੇ ਉਹ ਵੀ ਗੁਰਬਾਣੀ ਦੀ। ਗੁਰਬਾਣੀ ਵਿਆਕਰਣ ਤਾਂ ਉਹ ਔਖਾ ਵਿਸ਼ਾ ਹੈ, ਜਿਸ ਨੂੰ ਸਮਝਣ ਲਈ ਵੱਡੇ-ਵੱਡੇ ਵਿਦਵਾਨ ਵੀ ਮੱਥਾ-ਪੱਚੀ ਕਰਦੇ ਰਹਿੰਦੇ ਹਨ, ਬੱਚੇ ਕਿਵੇਂ ਸਿੱਖ ਸਕਦੇ ਹਨ ?

ਕਸ਼ਮੀਰ ਦੇ ਸ਼ਹਿਰ ਬਾਰਾਮੂਲਾ ਦੇ ਗੁਰਦੁਆਰਾ ਸਾਹਿਬ ਵਿਖੇ ਅਸੀਂ ਬੱਚਿਆਂ ਲਈ ਸਿੱਖੀ ਕੈਂਪ ਲਗਾਉਣ ਗਏ। ਉਸ ਕੈਂਪ ਵਿਚ 3 ਸਤੰਬਰ 2022, ਦਿਨ ਸ਼ਨੀਵਾਰ ਨੂੰ ਮੇਰਾ ਇਕ ਵਿਸ਼ਾ ਗੁਰਬਾਣੀ ਵਿਆਕਰਣ ਬਾਰੇ ਵੀ ਸੀ। ਮੇਰੇ ਸਾਹਮਣੇ ਸਾਰੇ ਬੱਚੇ ਅਤੇ ਆਲੇ-ਦੁਆਲੇ ਸਿੱਖੀ ਦੇ ਧੁਰੰਧਰ ਵਿਦਵਾਨ ਤੇ ਸੰਗਤਾਂ ਸਜੀਆਂ ਹੋਈਆਂ ਸਨ। ਮੈਂ ਸਟੇਜ ’ਤੇ ਇਕ 5-6 ਸਾਲ ਦੇ ਬੱਚੇ ਨੂੰ ਬੁਲਾਇਆ ਤੇ ਉਸ ਨੂੰ ਕੁੱਝ ਸਵਾਲ ਕੀਤੇ।

ਮੈਂ :  ਪੁੱਤਰ ਜੀ ! ਤੁਹਾਡਾ ਨਾਮ ਕੀ ਹੈ ?

ਬੱਚਾ : ਜੈਦੀਪ ਸਿੰਘ।

ਮੈਂ : ਤੁਹਾਡਾ ਤਾਂ ਨਾਮ ਬਹੁਤ ਪਿਆਰਾ ਹੈ, ‘ਜੈਦੀਪ ਸਿੰਘ’। ਬੇਟੇ ਤੂੰ ਕਿਹੜੀ ਕਲਾਸ ਵਿਚ ਪੜਦੀ ਹੈਂ ?

(ਸਾਰੇ ਬੱਚੇ ਹੱਸ ਪਏ)

ਜੈਦੀਪ ਸਿੰਘ : (ਪਿਆਰੀ ਜਿਹੀ ਮੁਸਕਰਾਹਟ ਨਾਲ) ਪੜਦੀ ਨਹੀਂ, ਮੈਂ ਪੜਦਾ ਹਾਂ।

ਮੈਂ : ਉਹ, ਅੱਛਾ ਪੜਦੀ ਹੈਂ।

ਜੈਦੀਪ ਸਿੰਘ : ਨਹੀਂ ਜੀ ਪੜਦੀ ਹਾਂ, (ਮੱਥੇ ’ਤੇ ਹੱਥ ਮਾਰ ਕੇ) ਉਹੋ ਮੈਨੂੰ ਵੀ ਭੁਲਾ ਦਿੱਤਾ, ਮੈਂ ਪੜਦਾ ਹਾਂ।

(ਸਾਰੇ ਬੱਚੇ ਫਿਰ ਹੱਸ ਪਏ)

ਮੈਂ : ਤੈਨੂੰ ਪਤਾ ਹੈ ਕਿ ‘ਪੜਦਾ ਹਾਂ’ ਕਹਿਣਾ ਹੈ ਕਿ ‘ਪੜਦੀ ਹਾਂ’ ਕਹਿਣਾ ਹੈਂ ?

ਜੈਦੀਪ ਸਿੰਘ : ਹਾਂ ਜੀ। ਮੁੰਡੇ ਨੂੰ ‘ਪੜਦਾ ਹਾਂ’ ਲੱਗਦਾ ਹੈ ਤੇ ਕੁੜੀ ਨੂੰ ‘ਪੜਦੀ ਹਾਂ’ ਲੱਗਦਾ ਹੈ।

ਮੈਂ : ਥੈਂਕ ਯੂ ਤੁਸੀਂ ਮੈਨੂੰ ਇਕ ਨਵੀਂ ਗੱਲ ਸਿਖਾ ਦਿੱਤੀ। (ਸਾਰੇ ਫਿਰ ਹੱਸ ਪਏ) ਵਾਹ ਜੀ ! ਤੁਸੀਂ ਤਾਂ ਘੜੀਆਂ ਬਹੁਤ ਸੋਹਣੀਆਂ ਬੰਨੀਆਂ ਨੇ।

ਜੈਦੀਪ ਸਿੰਘ : ਇਕੋ ਈ ਘੜੀ ਬੰਨੀ ਐ ਮੈਂ।

ਮੈਂ : ਉਹ ਹਾਂ, ਤੁਸੀਂ ਤਾਂ ਇਕੋ ਈ ਘੜੀ ਬਹੁਤ ਸੋਹਣੀਆਂ ਬੰਨੀਆਂ ਨੇ। (ਫਿਰ ਹਾਸਾ)

ਜੈਦੀਪ ਸਿੰਘ : ਨਹੀਂ ਨਹੀਂ, ਇੱਦਾਂ ਨਈਂ ਕਹਿੰਦੇ। ਇੱਦਾਂ ਕਹਿੰਦੇ ਨੇ ਕਿ ਇਹ ਘੜੀ ਬਹੁਤ ਸੋਹਣੀ ਬੰਨੀ ਹੈ।

ਮੈਂ : ਉਹ ਸੌਰੀ, ਮੈਨੂੰ ਪੰਜਾਬੀ ਬੋਲਣੀ ਭੁੱਲ ਜਾਂਦੀ ਹੈ। ਵਾਹ ਜੀ ਵਾਹ ! ਤੁਸੀਂ ਕੜੇ ਬੜੇ ਸੋਹਣੇ ਪਾਏ ਹੋਏ ਨੇ।

ਜੈਦੀਪ ਸਿੰਘ : (ਪਿਆਰੀ ਜਿਹੀ ਸਮਾਈਲ ਨਾਲ ਮੱਥੇ ’ਤੇ ਫਿਰ ਹੱਥ ਮਾਰ ਕੇ) ਉਹੋ  ! ਮੈਂ ਤਾਂ ਇਕ ਕੜਾ ਪਾਇਆ ਹੈ।

ਮੈਂ : ਉਹ ਹਾਂ ਇਹ ਤਾਂ ਇਕ ਕੜਾ ਹੈ। ਮੈਨੂੰ ਤੇਰਾ ਕੜਾ ਬੜੀ ਚੰਗੀ ਲਗਦੀ ਐ।

ਜੈਦੀਪ ਸਿੰਘ : (ਹੱਸ ਕੇ) ਕੜਾ ਚੰਗੀ ਨੀਂ, ਕੜਾ ਚੰਗਾ ਲਗਦਾ ਆ।

ਮੈਂ : ਉਹ ਵਾਹ ਜੀ, ਤੁਹਾਨੂੰ ਤਾਂ ਬਹੁਤ ਵਧੀਆ ਪੰਜਾਬੀ ਬੋਲਣਾ ਆਉਂਦਾ ਆ। (ਫਿਰ ਹਾਸਾ)

ਜੈਦੀਪ ਸਿੰਘ : (ਹੱਸ ਕੇ) ਬੋਲਣਾ ਨੀਂ, ਬੋਲਣੀ ਆਂਦੀ ਐ। ਤੁਹਾਨੂੰ ਤਾਂ ਪੰਜਾਬੀ ਵੀ ਬੋਲਣੀ ਨੀਂ ਆਂਦੀ। ਕੋਈ ਨਾ ਮੈਂ ਤੁਹਾਨੂੰ ਸਿਖਾ ਦਿਆਂਗਾ। (ਇਸ ਗੱਲਬਾਤ ਦੌਰਾਨ ਸਾਰੇ ਹੱਸਦੇ ਰਹੇ।)

ਮੈਂ : ਠੀਕ ਹੈ ਬੇਟਾ ਜੀ, ਮੈਨੂੰ ਜ਼ਰੂਰ ਪੰਜਾਬੀ ਸਿਖਾ ਦੇਣਾ। ਹੁਣ ਤੁਸੀਂ ਬੈਠ ਜਾਉ।

(ਬੱਚਾ ਜੈਦੀਪ ਸਿੰਘ ਬਾਕੀ ਬੱਚਿਆਂ ਵਿਚ ਜਾ ਕੇ ਬੈਠ ਜਾਂਦਾ ਹੈ।)

ਮੈਂ : ਭਾਈ ਗੁਰਜੀਤ ਸਿੰਘ ਜੀ ਅਜ਼ਾਦ ਸਟੇਜ ਤੋਂ ਕਹਿ ਕੇ ਗਏ ਸਨ ਕਿ ਕੋਈ ਐਸਾ ਸੰਗੀਤ ਨਹੀਂ, ਜਿਸ ਵਿਚ ਰਾਗ ਨਾ ਹੋਵੇ। ਮੈਂ ਕਹਿੰਦਾ ਹਾਂ ਕਿ ਕੋਈ ਐਸੀ ਗੱਲਬਾਤ ਨਹੀਂ, ਜਿਸ ਵਿਚ ਵਿਆਕਰਣ ਨਾ ਹੋਵੇ। ਵਿਆਕਰਣ ਸਾਰਿਆਂ ਨੂੰ ਆਉਂਦੀ ਹੈ, ਇਸ ਕਰਕੇ ਜੈਦੀਪ ਸਿੰਘ ਨੂੰ ਪਤਾ ਹੈ ਕਿ ‘ਮੈਂ ਪੜਦਾ ਹਾਂ’ ਨਹੀਂ ਕਹਿਣਾ, ‘ਮੈਂ ਪੜਦੀ ਹਾਂ’ ਕਹਿਣਾ ਹੈ।

(ਸਾਰੇ ਬੱਚੇ ਹੱਸਦੇ ਹਨ ਤੇ ਬੱਚਿਆਂ ਵਿਚੋਂ ਹੀ ਜੈਦੀਪ ਸਿੰਘ ਦੀ ਉਚੀ ਅਵਾਜ਼ ਆਉਂਦੀ ਹੈ)

ਜੈਦੀਪ ਸਿੰਘ : ਮੈਂ ਪੜਦਾ ਹਾਂ। ਮੈਂ ਮੁੰਡਾ ਹਾਂ। (ਸਾਰੇ ਬੱਚੇ ਫਿਰ ਹੱਸਦੇ ਹਨ)

ਮੈਂ : ਜੈਦੀਪ ਸਕੂਲ ਵਿਚ ਪੜਦੀ ਹੈ ਤੇ ਜੈਦੀਪ ਸਿੰਘ ਦਾ ਤਾਂ ਕੜਾ ਵੀ ਬਹੁਤ ਸੋਹਣੀ ਹੈ।

ਸਾਰੇ ਬੋਲਦੇ ਹਨ : ਨਹੀਂ ਜੀ, ਜੈਦੀਪ ਸਿੰਘ ਸਕੂਲ ਪੜਦਾ ਹੈ ਤੇ ਉਸ ਦਾ ਕੜਾ ਵੀ ਬਹੁਤ ਸੋਹਣਾ ਹੈ।

ਮੈਂ : ਬਿਲਕੁਲ ਠੀਕ। ਪੁਲਿੰਗ ਵਾਸਤੇ ‘ਪੜਦਾ’ ਲੱਗੇਗਾ ਤੇ ਇਸਤਰੀ ਲਿੰਗ ਵਾਸਤੇ ‘ਪੜਦੀ’ ਲੱਗੇਗਾ। ਇਸੇ ਤਰ੍ਹਾਂ ਜੇ ਵਿਸ਼ੇਸ਼ਣ ਪੁਲਿੰਗ ਲਈ ਹੈ ਤਾਂ ‘ਸੋਹਣਾ’, ਜੇ ਵਿਸ਼ੇਸ਼ਣ ਇਸਤਰੀ ਲਿੰਗ ਲਈ ਹੈ ਤਾਂ ‘ਸੋਹਣੀ’ ਲੱਗੇਗਾ। ਤੁਹਾਨੂੰ ਤਾਂ ਸਾਰਿਆਂ ਨੂੰ ਪੰਜਾਬੀ ਦੀ ਵਿਆਕਰਣ ਆਉਂਦੀ ਹੈ। ਤੁਹਾਨੂੰ ਤਾਂ ਇਕ ਵਚਨ ਤੇ ਬਹੁ ਵਚਨ ਵੀ ਆਉਂਦੇ ਹੋਣਗੇ। ਚੱਲੋ ਮੈਂ ਤੁਹਾਡਾ ਟੈਸਟ ਲੈਂਦਾ ਹਾਂ। ਤੁਸੀਂ ਬਹੁ ਵਚਨ ਬਣਾਉ।  ਕੁਰਸੀ

ਬੱਚੇ : ਕੁਰਸੀਆਂ

ਮੈਂ : ਬਰਫੀ।

ਬੱਚੇ : ਬਰਫੀਆਂ।

ਮੈਂ : ਪਰਦਾ।

ਬੱਚੇ : ਪਰਦੇ।

ਮੈਂ : ਨਹੀਂ ਜੀ, ਪਰਦੀਆਂ। (ਸਾਰੇ ਹਸਦੇ ਹਨ)

ਬੱਚੇ : ਪਰਦਾ ਦਾ ਬਹੁ ਵਚਨ ਪਰਦੇ ਹੁੰਦਾ ਆ।

ਮੈਂ : ਤੀਲਾ।

ਬੱਚੇ : ਤੀਲੇ।

ਮੈਂ : ਨਹੀਂ ਜੀ, ਤੀਲੇ ਦਾ ਬਹੁ ਵਚਨ ਝਾੜੂ ਹੁੰਦਾ ਆ। (ਸਾਰੇ ਫਿਰ ਹਸਦੇ ਹਨ)

ਬੱਚੇ : ਨਹੀਂ ਜੀ ਤੀਲੇ ਹੁੰਦਾ ਆ।

ਮੈਂ : ਚਲੋ ਦੱਸੋ ਪਜਾਮਾ ਇਕ ਵਚਨ ਹੈ ਕਿ ਬਹੁ ਵਚਨ ?

ਬੱਚੇ : ਇਕ ਵਚਨ।

ਮੈਂ : ਨਹੀਂ ਜੀ, ਪਜਾਮਾ ਉਪਰੋਂ ਇਕ ਇਕ ਵਚਨ ਹੁੰਦਾ ਆ ਤੇ ਹੇਠਾਂ ਆ ਕੇ ਬਹੁ ਵਚਨ ਬਣ ਜਾਂਦਾ ਆ। (ਸਾਰੇ ਉੱਚੀ-ਉੱਚੀ ਹਸਦੇ ਹਨ।)

ਇਸ ਤਰ੍ਹਾਂ ਹਲਕੀ-ਫੁਲਕੀ ਗੱਲਬਾਤ ਦੌਰਾਨ ਮੈਂ ਦੱਸਿਆ ਕਿ ਗੁਰਬਾਣੀ ਵਿਆਕਰਣ ਦੇ ਨੇਮ ਸਮਝਾਉਣੇ ਸ਼ੁਰੂ ਕਰ ਦਿੱਤੇ ਤੇ ਥੋੜੇ ਜਿਹੇ ਸਮੇਂ ਵਿਚ ਹੀ ਉਹਨਾਂ ਬੱਚਿਆਂ ਤੇ ਹਾਜ਼ਰ ਸੰਗਤਾਂ ਨੇ ਹੱਸਦੇ-ਹੱਸਦੇ ਹੀ ਗੁਰਬਾਣੀ ਵਿਆਕਰਣ ਦੇ 3 ਕੀਮਤੀ ਨੇਮ ਸਿੱਖ ਲਏ। ਬਾਅਦ ਵਿਚ ਕਈਆਂ ਨੇ ਮੈਨੂੰ ਆ ਕੇ ਕਿਹਾ ਕਿ ਗੁਰਬਾਣੀ ਵਿਆਕਰਣ ਤਾਂ ਬਹੁਤ ਸੌਖੀ ਹੈ। ਸਾਨੂੰ ਇਹ 3 ਨੇਮ ਤਾਂ ਹੁਣ ਕਦੀ ਵੀ ਨਹੀਂ ਭੁੱਲ ਸਕਦੇ। ਇਹ ਇਕ ਨਾਰਮਲ ਜਿਹੀ ਘਟਨਾ ਸੀ, ਜਿਸ ਬਾਰੇ ਮੈਨੂੰ ਕੁੱਝ ਦੱਸਣ ਦੀ ਲੋੜ ਨਹੀਂ ਹੈ। ਇਸ ਲਈ ਮੈਂ ਇਹ ਘਟਨਾ ਦੱਸ ਕੇ ਆਪ ਜੀ ਦਾ ਕੀਮਤੀ ਟਾਈਮ ਵੇਸਟ ਨਹੀਂ ਕਰਾਂਗਾ।

ਸਾਨੂੰ ਇਹ ਕਹਿ ਕੇ ਗੁੰਮਰਾਹ ਕੀਤਾ ਜਾਂਦਾ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਗਾਧ ਬੋਧ ਹੈ। ਇਸ ਨੂੰ ਨਾ ਕੋਈ ਸਮਝ ਸਕਦਾ ਹੈ ਅਤੇ ਨਾ ਹੀ ਇਸ ਉੱਤੇ ਕਿਸੇ ਵਿਆਕਰਣ ਦਾ ਅਸਰ ਹੈ। ਗੁਰਬਾਣੀ ’ਤੇ ਕੋਈ ਵੀ ਵਿਆਕਰਣ ਲਾਗੂ ਨਹੀਂ ਹੁੰਦੀ।

ਅਸਲੀਅਤ ਤਾਂ ਇਹ ਹੈ ਕਿ ਬੱਚੇ ਵੀ ਵਿਆਕਰਣ ਸਿੱਖੇ ਸਿਖਾਏ ਹੀ ਆਉਂਦੇ ਨੇ। ਵਿਆਕਰਣ ਤੋਂ ਬਿਨਾਂ ਤਾਂ ਅਸੀਂ ਸਾਰਥਕ ਵਾਕ ਬੋਲ ਵੀ ਨਹੀਂ ਸਕਦੇ। ਵਿਆਕਰਣ ਤੋਂ ਬਿਨਾਂ ਬੋਲਣਾ ਹੋਵੇ ਤਾਂ ਮੈਨੂੰ ਨਿਰਾਰਥਕ ਕਹਿਣਾ ਪਵੇਗਾ, ‘ਮੈਂ ਵਿਆਕਰਣ ਨੂੰ ਬਿਨਾਂ ਬੋਲ ਰਹੀਆਂ ਸਨ।’ ਗਲਤ ਹੋ ਗਿਆ ਨਾ ? ਮੈਨੂੰ ਵਿਆਕਰਣ ਅਨੁਸਾਰ ਇਹ ਕਹਿਣਾ ਪਵੇਗਾ,‘ਮੈਂ ਵਿਆਕਰਣ ਤੋਂ ਬਿਨਾਂ ਬੋਲ ਰਿਹਾ ਹਾਂ।’

ਇਸੇ ਤਰ੍ਹਾਂ ਵਿਆਕਰਣ ਤੋਂ ਬਿਨਾਂ ਤਾਂ ਅਸੀਂ ਲਿਖ ਵੀ ਨਹੀਂ ਸਕਦੇ। ਕੀ ਲਿਖਾਂਗਾ ਕਿ ‘ਮੈਂ ਵਿਆਕਰਣ ਤੋਂ ਬਿਨਾਂ ਲਿਖਦੀ ਹਾਂ ?’ ਨਹੀਂ ਨਾ ? ਇਹ ਹੀ ਲਿਖਣਾ ਪਵੇਗਾ ਨਾ, ਕਿ ‘ਮੈਂ ਵਿਆਕਰਣ ਤੋਂ ਬਿਨਾਂ ਲਿਖਦਾ ਹਾਂ।’ ਸਪਸ਼ਟ ਹੈ ਕਿ ਕੁਝ ਵੀ ਸਾਰਥਕ ਵਾਕ ਲਿਖਣਾ ਜਾਂ ਬੋਲਣਾ ਹੋਵੇ ਤਾਂ ਵਿਆਕਰਣ ਦੇ ਨੇਮ ਜ਼ਰੂਰ ਲਾਗੂ ਹੁੰਦੇ ਹਨ। ਪੰਜਾਬੀ ਵਿਆਕਰਣ ਤਾਂ ਸਭ ਨੂੰ ਆਉਂਦੀ ਹੀ ਹੈ, ਇਸ ਲਈ ਮੈਂ ਪੰਜਾਬੀ ਦੀ ਵਿਆਕਰਣ ਬਾਰੇ ਵੀ ਅੱਜ ਕੁੱਝ ਨਹੀਂ ਲਿਖਾਂਗਾ।

ਅੱਜ ਤੋਂ ਕੁੱਝ ਦਿਨਾਂ ਬਾਅਦ ਅਸੀਂ ਇਕੀਵੀਂ ਸਦੀ ਦੇ ਤੀਜੇ ਦਹਾਕੇ ਦੇ ਤੀਜੇ ਸਾਲ ਵਿਚ ਕਦਮ ਰੱਖਣ ਵਾਲੇ ਹਾਂ। ਇਸ ਜੁੱਗ ਵਿਚ ਅਸੀਂ ਇੰਨੇ ਸਿਆਣੇ ਹਾਂ ਕਿ ਜੇ ਕੁੱਝ ਖਰੀਦ ਕੇ ਖਾਣਾ ਹੋਵੇ ਤਾਂ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਅਸੀਂ ਕੀ ਖਾ ਰਹੇ ਹਾਂ। ਇਸ ਵਿਚ ਕਿੰਨੀ ਸ਼ੂਗਰ ਹੈ, ਕਿੰਨਾ ਸਾਲਟ ਹੈ, ਕਿੰਨੀ ਫੈਟ ਹੈ, ਕਿੰਨੀ ਕੈਲੋਰੀਜ਼ ਹਨ। ਕੋਈ ਕੱਪੜਾ ਪਹਿਨਣਾ ਹੈ ਤਾਂ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਇਸ ਵਿਚ ਕਿੰਨੀ ਕੌਟਨ ਹੈ ਤੇ ਕਿੰਨੀ ਪੌਲਿਸਟਰ ਹੈ। ਕੋਈ ਫ਼ੋਨ ਜਾਂ ਕੰਪਿਊਟਰ ਵੀ ਲੈਣਾ ਹੋਵੇ ਤਾਂ ਅਸੀਂ ਉਸ ਦੇ ਸਾਰੇ ਫੀਚਰਜ਼ ਜਾਣਨਾ ਚਾਹੁੰਦੇ ਹਾਂ। ਹੋਰ ਛੱਡੋ, ਇਕ ਆਟੇ ਦਾ ਬੈਗ ਹੀ ਲੈਣਾ ਹੋਵੇ ਤਾਂ ਅਸੀਂ ਜਾਣਨਾ ਚਾਹੁੰਦੇ ਹਾਂ ਕਿ 10 ਰੁਪਏ ਸਸਤਾ ਕਿੱਥੋਂ ਮਿਲਦਾ ਹੈ, ਅਸੀਂ ਉੱਥੋਂ ਲੈਣ ਚਲੇ ਜਾਂਦੇ ਹਾਂ।

ਦੁਨੀਆਵੀ ਤੌਰ ’ਤੇ ਅਸੀਂ ਬਹੁਤ ਸਿਆਣੇ ਹੋ ਗਏ ਹਾਂ ਪਰ ਧਰਮ ਦੀ ਦੁਨੀਆਂ ਵਿਚ ਬਹੁਤ ਪਿੱਛੇ ਰਹਿ ਗਏ ਹਾਂ। ਸਿੱਖ ਜਪੁ ਜੀ ਸਾਹਿਬ ਦਾ ਪਾਠ ਤਾਂ ਕਈ ਸਾਲਾਂ ਤੋਂ ਕਰ ਰਿਹਾ ਹੈ ਪਰ ਜਾਣਨਾ ਨਹੀਂ ਚਾਹੁੰਦਾ ਕਿ ਇਸ ਵਿਚ ਹੈ ਕੀ ? ਇਹ ਨਹੀਂ ਜਾਣਨਾ ਚਾਹੁੰਦਾ ਕਿ ਜਪੁ ਜੀ ਸਾਹਿਬ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਮੈਨੂੰ ਕੀ ਸਮਝਾ ਰਹੇ ਹਨ। ਅਸੀਂ ਰੋਜ਼ ਪੜ੍ਹ ਰਹੇ ਹਾਂ : ਸੁਅਸਤਿ ਆਥਿ ਬਾਣੀ ਬਰਮਾਉ॥ ਸਤਿ ਸੁਹਾਣੁ ਸਦਾ ਮਨਿ ਚਾਉ॥ ਪਰ ਅਜੇ ਤੱਕ ਸਾਨੂੰ ਇਹ ਨਹੀਂ ਪਤਾ ਕਿ ‘ਸੁਅਸਤਿ’ ਦਾ ਕੀ ਅਰਥ ਹੈ। ‘ਆਥਿ’ ਕਿਸ ਨੂੰ ਕਹਿੰਦੇ ਨੇ। ‘ਬਾਣੀ ਬਰਮਾਉ’ ਇਕੱਠਾ ਪੜ੍ਹਨਾ ਹੈ ਜਾਂ ਅਲੱਗ ਅਲੱਗ। ‘‘ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ॥’’ ਇਸ ਤੁੱਕ ਵਿਚ ‘ਭੁਗਤਿ’ ਕਿਸ ਨੂੰ ਆਖਦੇ ਹਨ। ‘‘ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ॥’’ ਇਹ ‘ਆਈ ਪੰਥ’ ਕਿਹੜਾ ਹੈ। ‘‘ਕੇਤੀ ਦਾਤਿ ਜਾਣੈ ਕੌਣੁ ਕੂਤੁ॥’’ ਇੱਥੇ ‘ਕੂਤ’ ਕਿਸ ਨੂੰ ਕਿਹਾ ਗਿਆ ਹੈ ?

ਜਪੁ ਜੀ ਸਾਹਿਬ ਦਾ ਪਾਠ ਕਰਨਾ ਮੁਬਾਰਕ ਹੈ ਪਰ ਇਕ ਸਾਲ ਬਾਅਦ ਤਾਂ ਬੱਚਾ ਵੀ ਆਪਣੀ ਕਲਾਸ ਬਦਲ ਲੈਂਦਾ ਹੈ। ਉਸ ਦਾ ਸਿਲੇਬਸ ਵੀ ਇਕ ਸਾਲ ਬਾਅਦ ਬਦਲ ਜਾਂਦਾ ਹੈ। ਲੱਗਦਾ ਹੈ ਕਿ ਅਸੀਂ ਤਾਂ ਪਿਛਲੇ ਕਈ ਸਾਲਾਂ ਤੋਂ ਇੱਕੋ ਕਲਾਸ ਵਿਚ ਹੀ ਬੈਠੇ ਹਾਂ। ਗੁਰਬਾਣੀ ਦੇ ਪਾਠ ਤੋਂ ਅਗਲੀ ਕਲਾਸ ਗੁਰਬਾਣੀ ਦੇ ਅਰਥ ਸਮਝਣ ਦੀ ਵੀ ਹੈ। ਉਸ ਤੋਂ ਅਗਲੀ ਕਲਾਸ ਗੁਰਬਾਣੀ ਦੀ ਵੀਚਾਰ ਦੀ ਵੀ ਹੈ। ਫਿਰ ਉਸ ਤੋਂ ਅਗਲੀ ਕਲਾਸ ਗੁਰਬਾਣੀ ਦੇ ਉਪਦੇਸ਼ ਅਨੁਸਾਰ ਜ਼ਿੰਦਗੀ ਜਿਊਣ ਦੀ ਵੀ ਹੈ।

ਗੁਰਬਾਣੀ ਵਿਆਕਰਣ ਇਕ ਉਹ ਸਾਧਨ ਹੈ, ਜਿਸ ਰਾਹੀਂ ਅਸੀਂ ਲਗਭਗ 500 ਸਾਲ ਪਹਿਲਾਂ ਦੀ ਭਾਖਾ, ਬੋਲੀ ਅਤੇ ਗੁਰੂ ਸਾਹਿਬ ਜੀ ਦੇ ਜ਼ਮਾਨੇ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੋਈ ਗੁਰਬਾਣੀ ਨੂੰ ਸਮਝ ਸਕਦੇ ਹਾਂ। ਗੁਰਬਾਣੀ ਵਿਆਕਰਣ ਦੇ ਨੇਮਾਂ ਨੂੰ ਸਿੱਖ ਕੇ ਗੁਰਬਾਣੀ ਦਾ ਪਾਠ ਕਰਦਿਆਂ ਸਹਿਜੇ ਹੀ ਅਰਥਾਂ ਦੀ ਸਮਝ ਪੈ ਜਾਂਦੀ ਹੈ। ਗੁਰਬਾਣੀ ਨੂੰ ਸਮਝਣ ਦੇ ਸਾਨੂੰ 2 ਫਾਇਦੇ ਹੋਣਗੇ। ਇਕ ਤਾਂ ਸਾਡਾ ਡੋਲਦਾ-ਭਟਕਦਾ ਮਨ ਗੁਰਬਾਣੀ ਨਾਲ ਜੁੜ ਕੇ ਇਕਾਗਰ ਹੋ ਜਾਵੇਗਾ। ਦੂਜਾ ਸਾਨੂੰ ਸਤਿਗੁਰੂ ਜੀ ਦੇ ਉਪਦੇਸ਼ ਦੀ ਸਮਝ ਪੈ ਜਾਵੇਗੀ। ਅਸੀਂ ਗਿਆਨਵਾਨ ਬਣ ਜਾਵਾਂਗੇ। ਗੁਰਬਾਣੀ ਦਾ ਫ਼ੁਰਮਾਣ ਹੈ ਕਿ ਕੋਈ ਵਿਰਲਾ ਗੁਰਸਿੱਖ ਗੁਰ ਸ਼ਬਦ ਦੀ ਵੀਚਾਰ ਕਰਦਾ ਹੈ। ਜੋ ਸ਼ਬਦ ਦੀ ਵੀਚਾਰ ਕਰਦਾ ਹੈ, ਉਹ ਆਪ ਵੀ ਤਰ ਜਾਂਦਾ ਹੈ ਅਤੇ ਆਪਣੀਆਂ ਸਾਰੀਆਂ ਕੁੱਲਾਂ ਦਾ ਉਧਾਰ ਵੀ ਕਰ ਦਿੰਦਾ ਹੈ ‘‘ਵਿਰਲਾ ਕੋ ਪਾਏ ਗੁਰ ਸਬਦਿ ਵੀਚਾਰਾ॥ ਆਪਿ ਤਰੈ ਸਗਲੇ ਕੁਲ ਉਧਾਰਾ॥’’

ਅਖੀਰ ਵਿਚ ਇਹ ਕਹਿਣ ਦੀ ਲੋੜ ਹੀ ਨਹੀਂ ਹੈ, ਸਾਰੇ ਜਾਣਦੇ ਹੀ ਹਨ ਕਿ ਪ੍ਰਿੰ: ਤੇਜਾ ਸਿੰਘ ਜੀ, ਪ੍ਰੋ: ਸਾਹਿਬ ਸਿੰਘ ਜੀ, ਪੰਡਿਤ ਕਰਤਾਰ ਸਿੰਘ ਦਾਖਾ, ਭਾਈ ਰਣਧੀਰ ਸਿੰਘ ਜੀ ਹੋਰਾਂ ਦੀ ਗੁਰਬਾਣੀ ਵਿਆਕਰਣ ਦੇ ਖੇਤਰ ਵਿਚ ਕੌਮ ਨੂੰ ਬਹੁਤ ਵੱਡੀ ਦੇਣ ਹੈ। ਬਾਬਾ ਗੁਰਬਚਨ ਸਿੰਘ (ਜਥਾ ਭਿੰਡਰ ਕਲਾਂ), ਭਾਈ ਹਰਬੰਸ ਸਿੰਘ ਜੀ ਵੱਲੋਂ ਗੁਰਬਾਣੀ ਉਚਾਰਣ ਸੇਧਾਂ ਵਿਚ ਮਹਾਨ ਯੋਗਦਾਨ ਪਾਇਆ ਗਿਆ ਹੈ। ਮਿਸ਼ਨਰੀ ਕਾਲਜਾਂ ਦੀਆਂ ਵਿਆਕਰਣਿਕ ਨੇਮਾਂ ਦੀਆਂ ਬਹੁਤ ਸਾਰੀਆਂ ਕੀਮਤੀ ਪੁਸਤਕਾਂ ਨੇ ਤਾਂ ਗੁਰਬਾਣੀ ਵਿਆਕਰਣ ਖੇਤਰ ਵਿਚ ਕ੍ਰਾਂਤੀ ਲਿਆ ਦਿੱਤੀ ਹੈ। ਅਜੋਕੇ ਸਮੇਂ ਵਿਚ ਗੁਰਬਾਣੀ ਵਿਆਕਰਣ ਦੇ ਕੌਮੀ ਵਿਦਵਾਨ ਪ੍ਰੋ: ਮਨਿੰਦਰਪਾਲ ਸਿੰਘ ਜੀ ’ਤੇ ਸਾਰੀ ਕੌਮ ਨੂੰ ਅਥਾਹ ਮਾਣ ਹੈ। ਲਗਾਤਾਰ ਪਿੱਛਲੇ 28 ਸਾਲਾਂ ਤੋਂ ਇਹਨਾਂ ਸਭਨਾਂ ਪਾਸੋਂ ਕਿਣਕਾ-ਕਿਣਕਾ ਲੈ ਕੇ ਮੈਂ ਜੋ ਕੁਝ ਗੁਰਬਾਣੀ ਵਿਆਕਰਣ ਬਾਰੇ ਸਮਝ ਸਕਿਆ ਹਾਂ, ਉਸ ਦੀ ਲੜੀਵਾਰ ਵੀਚਾਰ ਹਰ ਮਹੀਨੇ ਆਪ ਜੀ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗਾ। ‘ਸਰਲ ਗੁਰਬਾਣੀ ਵਿਆਕਰਣ’ ਦੀ ਲੜੀਵਾਰ ਵੀਚਾਰ ਵਿਚ ਅਸੀਂ ਘਰ ਬੈਠਿਆਂ ਹੀ ਬਹੁਤ ਸੌਖੇ ਤਰੀਕੇ ਨਾਲ ਗੁਰਬਾਣੀ ਦੇ ਨੇਮ ਸਮਝਣ ਦਾ ਜਤਨ ਕਰਾਂਗੇ। ਆਪ ਜੀ ਆਪਣੀਆਂ ਡਾਇਰੀਆਂ ’ਤੇ ਨੋਟਸ ਲਿਖਣ ਲਈ ਹੁਣੇ ਤੋਂ ਕਮਰ ਕੱਸ ਲਵੋ ਜੀ।

—–ਚਲਦਾ—-