ਨਾਨਕਸ਼ਾਹੀ ਕੈਲੰਡਰ ਦੇ ਰਚੇਤਾ ਸ: ਪਾਲ ਸਿੰਘ ਪੁਰੇਵਾਲ ਨੂੰ ਸ਼ਰਧਾਜਲੀ ਅਰਪਣ
ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰ ਪੁਰਬ ਨਾਨਕਸ਼ਾਹੀ ਕੈਲੰਡਰ ਮੁਤਾਬਕ ੨੩ ਪੋਹ/5 ਜਨਵਰੀ ਨੂੰ ਮਨਾਇਆ ਜਾਵੇ : ਭਾਈ ਪੰਥਪ੍ਰੀਤ ਸਿੰਘ
ਸੰਗਤ ਮੰਡੀ/ਬਠਿੰਡਾ: 4 ਦਸੰਬਰ (ਕਿਰਪਾਲ ਸਿੰਘ ਬਠਿੰਡਾ): ਬਠਿੰਡਾ-ਡੱਬਵਾਲੀ ਰੋਡ ਸੰਗਤ ਕੈਂਚੀਆਂ ਵਿਖੇ, ਗੁਰਮਤਿ ਸੇਵਾ ਲਹਿਰ ਦੇ ਸਾਲਾਨਾ ਗੁਰਮਤਿ ਸਮਾਗਮ ਨੂੰ ਸੰਬੋਧਨ ਕਰਦੇ ਭਾਈ ਪੰਥਪ੍ਰੀਤ ਸਿੰਘ ਜੀ ਨੇ ਇਸੇ ਸਾਲ ਸਤੰਬਰ ਮਹੀਨੇ ’ਚ ਚੜ੍ਹਾਈ ਕਰ ਚੁੱਕੇ ਸ: ਪਾਲ ਸਿੰਘ ਪੁਰੇਵਾਲ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਇਸ ਪਦਾਰਥਵਾਦੀ ਯੁੱਗ ’ਚ ਸ: ਪੁਰੇਵਾਲ ਨੇ ਨਿਸ਼ਕਾਮ ਤੌਰ ’ਤੇ ਆਪਣੀ ਜਿੰਦਗੀ ਦੇ 5 ਦਹਾਕੇ ਭਾਰਤੀ ਕੈਲੰਡਰਾਂ ਨੂੰ ਸਮਝ ਕੇ ਸਿੱਖ ਕੌਮ ਲਈ ਵਿਲੱਖਣ ਨਾਨਕਸ਼ਾਹੀ ਕੈਲੰਡਰ ਤਿਆਰ ਕਰਨ ਲਈ ਲਗਾਏ। ਨਾਨਕਸ਼ਾਹੀ ਕੈਲੰਡਰ ਇੱਕ ਐਸਾ ਕੈਲੰਡਰ ਹੈ, ਜੋ ਸਮਝਣ ਅਤੇ ਯਾਦ ਰੱਖਣ ’ਚ ਅਤਿ ਸੁਖਾਲਾ ਹੋਣ ਤੋਂ ਇਲਾਵਾ ਸਾਰੇ ਗੁਰ ਪੁਰਬਾਂ ਅਤੇ ਸਿੱਖ ਇਤਿਹਾਸਕ ਦਿਹਾੜਿਆਂ ਦੀਆਂ ਤਾਰੀਖ਼ਾਂ ਹਰ ਸਾਲ ਪੱਕੀਆਂ ਤਾਰੀਖ਼ਾਂ ‘ਤੇ ਆਉਂਦੀਆਂ ਹਨ। ਭਾਈ ਪੰਥਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਤੋਂ ਮੰਗ ਕੀਤੀ ਕਿ 2003 ’ਚ ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ਅਤੇ 2010 ’ਚ ਰੱਦ ਕਰਕੇ ਮੁੜ ਬਿਕ੍ਰਮੀ ਕੈਲੰਡਰ ਲਾਗੂ ਕਰਨ ਦੇ ਤਜਰਬੇ ਤੋਂ ਸਮਝਣ ਦੀ ਲੋੜ ਹੈ ਕਿ ਨਾਨਕਸ਼ਾਹੀ ਕੈਲੰਡਰ ਹੀ ਸਿੱਖਾਂ ਲਈ ਢੁਕਵਾਂ ਕੈਲੰਡਰ ਹੈ ਇਸ ਲਈ ਨਾਨਕਸ਼ਾਹੀ ਕੈਲੰਡਰ ਤੁਰੰਤ ਬਹਾਲ ਕਰਨਾ ਚਾਹੀਦਾ ਹੈ, ਜੋ ਸ: ਪਾਲ ਸਿੰਘ ਪੁਰੇਵਾਲ ਨੂੰ ਸੱਚੀ ਸ਼ਰਧਾਂਜਲੀ ਹੋਵੇਗਾ। ਉਨ੍ਹਾਂ ਸਮੂਹ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਸ਼ ਪੁਰਬ ਹਰ ਸਾਲ ੨੩ ਪੋਹ/5 ਜਨਵਰੀ ਨੂੰ ਹੀ ਮਨਾਇਆ ਜਾਵੇ ਤਾਂ ਕਿ ਸ਼ਹੀਦੀ ਦਿਹਾੜੇ ਅਤੇ ਗੁਰ ਪੁਰਬ ਕਦੀ ਇਕੱਠੇ ਅਤੇ ਕਦੀ ਅੱਗੇ ਪਿੱਛੇ ਆਉਣ ਦਾ ਝੰਜਟ ਹਮੇਸ਼ਾਂ ਲਈ ਮੁੱਕ ਜਾਵੇ।
ਸਮਾਗਮ ਦੌਰਾਨ ਗੁਰਬਾਣੀ, ਗੁਰਮਤਿ ਅਤੇ ਸਿੱਖ ਇਤਿਹਾਸ ਸੰਬੰਧੀ ਖੁੱਲ੍ਹੀਆਂ ਵੀਚਾਰਾਂ ਕਰਨ ਤੋਂ ਇਲਾਵਾ ਮੌਜੂਦਾ ਹਾਲਾਤਾਂ ’ਤੇ ਟਿੱਪਣੀ ਕਰਦੇ ਹੋਏ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਤੋਂ ਤੰਗ ਆਏ ਪੰਜਾਬੀਆਂ ਨੇ ‘ਆਪ’ ਦੇ ਵਾਅਦਿਆਂ ’ਤੇ ਯਕੀਨ ਕਰਦਿਆਂ ਉਨ੍ਹਾਂ ਨੂੰ ਇੱਕ ਮੌਕਾ ਦਿੱਤਾ ਸੀ ਪਰ ਹੁਣ ਤੱਕ ਦੀ ਕਾਰਗੁਜ਼ਾਰੀ ਨੂੰ ਵੇਖਦਿਆਂ ਆਪ ਸਰਕਾਰ ਵੀ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਉਤਰਦੀ ਨਜ਼ਰ ਨਹੀਂ ਆ ਰਹੀ ਕਿਉਂਕਿ ਬਰਗਾੜੀ ਬੇਅਦਬੀ ਕਾਂਡ ਦਾ ਇਨਸਾਫ਼ ਦੇਣ ਦਾ ਵਾਅਦਾ ਕਰਨ ਵਾਲੀ ਸਰਕਾਰ ਹਾਲੀ ਤੱਕ ਬੇਅਦਬੀ ਕਾਂਡ ਦੇ ਭਗੌੜੇ ਕਥਿਤ ਦੋਸ਼ੀ ਪ੍ਰਦੀਪ ਕਲੇਰ, ਸੰਦੀਪ ਬਰੇਟਾ ਅਤੇ ਹਰਸ਼ ਧੂਰੀ ਤੋਂ ਇਲਾਵਾ ਮੌੜ ਬੰਬ ਕਾਂਡ ਦੇ ਦੋਸ਼ੀਆਂ ਨੂੰ ਹਾਲੀ ਤੱਕ ਗ੍ਰਿਫ਼ਤਾਰ ਨਹੀਂ ਕਰ ਸਕੀ। ਇਸ ਦਾ ਮੁੱਖ ਕਾਰਨ ਇਹ ਹੈ ਕਿ ਇਨ੍ਹਾਂ ਕਥਿਤ ਦੋਸ਼ੀਆਂ ਦਾ ਸੰਬੰਧ ਡੇਰਾ ਸਿਰਸਾ ਨਾਲ ਹੋਣ ਕਾਰਨ ਸਰਕਾਰ ਉਨ੍ਹਾਂ ਨੂੰ ਹੱਥ ਪਾਉਣ ਲਈ ਤਿਆਰ ਨਹੀਂ। ਬਲਾਤਕਾਰਾਂ ਅਤੇ ਕਤਲ ਕੇਸਾਂ ’ਚ ਸਜਾ ਭੁਗਤ ਰਹੇ ਡੇਰਾ ਮੁਖੀ ਨੂੰ ਵਾਰ ਵਾਰ ਪੈਰੋਲ ਅਤੇ ਫਰਲੋ ’ਤੇ ਰਿਹਾਈ ਮਿਲਣ ਵਿਰੁੱਧ ਕਿਸੇ ਵੀ ਪਾਰਟੀ ਵੱਲੋਂ ਆਵਾਜ਼ ਨਾ ਉਠਾਉਣਾ ਅਤੇ ਪਾਰਟੀਆਂ ਦੇ ਪ੍ਰਮੁਖ ਆਗੂਆਂ ਵੱਲੋਂ ਉਸ ਦੀਆਂ ਸੰਗਤਾਂ ’ਚ ਹਾਜਰੀ ਭਰਨਾ, ਸਿੱਧ ਕਰਦਾ ਹੈ ਕਿ ਸਾਰੀਆਂ ਪਾਰਟੀਆਂ ਆਪਣੇ ਵੋਟ ਬੈਂਕ ਨੂੰ ਧਿਆਨ ’ਚ ਰੱਖਦਿਆਂ ਦੋਸ਼ੀਆਂ ਨਾਲ ਅਜਿਹਾ ਵਰਤਾਉ ਕਰਦੀਆਂ ਹਨ ਅਤੇ ਅਜਿਹੇ ਮਾਹੌਲ ’ਚ ਆਮ ਲੋਕਾਂ ਅਤੇ ਪੀੜਤਾਂ ਨੂੰ ਕਦੀ ਵੀ ਇਨਸਾਫ਼ ਨਹੀਂ ਮਿਲ ਸਕਦਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੱਦੇ ਨਸ਼ਾ ਤਸਕਰ ਅਤੇ ਰੇਤ ਮਾਫੀਆ ਨੂੰ ਨੱਥ ਨਾ ਪਾਏ ਜਾ ਸਕਣ, ਪੰਜਾਬ ’ਚ ਨਸ਼ਿਆਂ ਦੀ ਭਰਮਾਰ ਅਤੇ ਰੇਤ ਦੇ ਵਧਦੇ ਭਾਅ ਕਾਰਨ ਲੋਕਾਂ ਦੇ ਨੱਕ ’ਚ ਦਮ ਆਇਆ ਪਿਆ ਹੈ । ਆਮ ਤੌਰ ’ਤੇ ਅਪਰਾਧ ਗੈਰਕਾਨੂੰਨੀ ਹਥਿਆਰਾਂ ਨਾਲ ਹੁੰਦੇ ਹਨ ਪਰ ਸਰਕਾਰ ਲਾਇਸੰਸੀ ਹਥਿਆਰਾਂ ਦੀ ਚੈੱਕਿੰਗ ਕਰਕੇ ਮੁੱਦੇ ਤੋਂ ਧਿਆਨ ਭੜਕਾ ਰਹੀ ਹੈ।
ਐੱਨਡੀਟੀਵੀ ਦੇ ਸਾਬਕਾ ਪੱਤਰਕਾਰ ਰਵੀਸ਼ ਕੁਮਾਰ ਦੀ ਚੰਗੀ ਪੱਤਰਕਾਰੀ ਨੂੰ ਸਲੂਟ ਕਰਦਿਆਂ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਬਾਕੀ ਪੱਤਰਕਾਰਾਂ ਨੂੰ ਵੀ ਰਵੀਸ਼ ਕੁਮਾਰ ਤੋਂ ਸਿੱਖਿਆ ਲੈਣੀ ਚਾਹੀਦੀ ਹੈ । ਦੇਸ਼ ਦੇ ਅਜੋਕੇ ਹਾਲਤ ਇਹ ਹਨ ਜਿਸ ਸੰਬੰਧੀ ਸੰਵਿਧਾਨ ਦਿਵਸ ’ਤੇ ਬੋਲਦਿਆਂ ਦੇਸ਼ ਦੀ ਰਾਸ਼ਟਰਪਤੀ ਸ੍ਰੀਮਤੀ ਮੁਰਮੂ ਨੇ ਦੇਸ਼ ਦੀ ਕਾਨੂੰਨ ਵਿਵਸਥਾ ਵੱਲ ਗਹਿਰਾ ਇਸ਼ਾਰਾ ਕੀਤਾ ਹੈ ਕਿ ਇਸ ਦੇਸ਼ ’ਚ ਮਾਮੂਲੀ ਅਪਰਾਧ ਕਰਨ ਵਾਲੇ ਸਾਲਾਂ ਬੱਧੀ ਜੇਲ੍ਹਾਂ ’ਚ ਬੰਦ ਰਹਿੰਦੇ ਹਨ ਜਿਨ੍ਹਾਂ ਨੂੰ ਪੈਰੋਲ ਤੱਕ ਨਹੀਂ ਮਿਲਦੀ ਪਰ ਸੰਗੀਨ ਅਪਰਾਧ ਕਰਨ ਵਾਲੇ ਖੁੱਲ੍ਹੇਆਮ ਘੁੰਮਦੇ ਕਾਨੂੰਨ ਵਿਵਸਥਾ ਨੂੰ ਖਤਰੇ ’ਚ ਪਾ ਰਹੇ ਹਨ। ਸਮਾਗਮ ਦੌਰਾਨ ਲੱਗੇ ਖੂਨ ਦਾਨ ਕੈਂਪ ’ਚ 122 ਪ੍ਰਾਣੀਆਂ ਨੇ ਖੂਨ ਦਾਨ ਕੀਤਾ।
ਭਾਈ ਪੰਥਪ੍ਰੀਤ ਸਿੰਘ ਤੋਂ ਇਲਾਵਾ ਗੁਰਮਤਿ ਸੇਵਾ ਲਹਿਰ ਨਾਲ ਜੁੜੇ ਸਿੱਖ ਪ੍ਰਚਾਰਕ ਬੀਬੀ ਗਗਨਦੀਪ ਕੌਰ, ਭਾਈ ਹਰਪ੍ਰੀਤ ਸਿੰਘ ਜਗਰਾਉਂ, ਭਾਈ ਸਤਿਨਾਮ ਸਿੰਘ ਚੰਦੜ, ਭਾਈ ਰਘਬੀਰ ਸਿੰਘ ਖਿਆਲੀਵਾਲਾ, ਭਾਈ ਕੁਲਵਿੰਦਰ ਸਿੰਘ ਬੀਬੀਵਾਲਾ, ਢਾਡੀ ਜਥਾ ਭਾਈ ਗੁਰਭਾਗ ਸਿੰਘ ਮਰੂੜ, ਭਾਈ ਜਗਤਾਰ ਸਿੰਘ ਗੰਗਾ, ਭਾਈ ਪਰਗਟ ਸਿੰਘ ਮੁੱਦਕੀ, ਬੀਬੀ ਗੁਰਸ਼ਰਨਪ੍ਰੀਤ ਕੌਰ ਬੱਲ੍ਹੋ ਆਦਿਕ ਹੋਰ ਪ੍ਰਚਾਰਕਾਂ ਨੇ ਵੀ ਸੰਬੋਧਨ ਕੀਤਾ। ਭਾਈ ਪਰਗਟ ਸਿੰਘ ਮੁੱਦਕੀ ਵਾਲਿਆਂ ਨੇ ਸਮਾਗਮ ਦੀ ਸਮੁੱਚੀ ਕਾਰਵਾਈ ਨੂੰ ਆਪਣੀਆਂ ਵੈੱਬਸਾਈਟਾਂ ਰਾਹੀਂ ਲਾਈਵ ਟੈਲੀਕਾਸਟ ਕੀਤਾ।