ਸਾਕਾ ਚਮਕੌਰ ਸਾਹਿਬ 

0
342

ਸਾਕਾ ਚਮਕੌਰ ਸਾਹਿਬ 

ਹਰਪ੍ਰੀਤ ਸਿੰਘ

ਸਿੱਖ ਧਰਮ ਵਿੱਚ ਕੁਰਬਾਨੀਆਂ ਦਾ ਇਤਿਹਾਸ ਬੜਾ ਲੰਮੇਰਾ ਹੈ। ਛੋਟੀ ਉਮਰੇ ਵੱਡੇ ਇਤਿਹਾਸ ਦੀ ਸਿਰਜਣਾ ਸਿੱਖ ਧਰਮ ਦੇ ਜਨਮ ਦਾਤਿਆਂ ਅਤੇ ਪੈਰੋਕਾਰਾਂ ਨੇ ਕੀਤੀ ਹੈ। ਕੁਰਬਾਨੀਆਂ ਦੇ ਇਤਿਹਾਸ ਦੀ ਗਾਥਾ ਵਿੱਚ ਗੁਰੂ ਸਾਹਿਬਾਨ ਦੀ ਸ਼ਹੀਦੀ, ਸਾਹਿਬਜ਼ਾਦਿਆਂ ਦੀ ਕੁਰਬਾਨੀ ਅਤੇ ਮਹਾਨ ਸੂਰਮਿਆਂ ਦੀਆਂ ਸ਼ਹਾਦਤਾਂ ਦੇ ਸੁਨਹਿਰੀ ਪੰਨੇ ਉਕਰੇ ਹੋਏ ਹਨ। ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਿਰਮਲ ਪੰਥ ਦੀ ਸਥਾਪਨਾ ਕਰਦਿਆਂ ਹੱਕ, ਸੱਚ, ਨਿਆਂ ਤੇ ਨੇਕੀ ਦਾ ਰਸਤਾ ਬਣਾਇਆ। ਉਨ੍ਹਾਂ ਨੇ ਜ਼ੁਲਮ, ਜਬਰ, ਅਨਿਆਂ, ਝੂਠ ਤੇ ਬਦੀ ਦੀਆਂ ਤਾਕਤਾਂ ਵਿਰੁੱਧ ਅਵਾਜ਼ ਉਠਾਈ। ਸਿੱਖ ਇਤਿਹਾਸ ਵਿੱਚ ਹੋਰ ਵੀ ਗੁਰੂ ਪਿਆਰਿਆਂ ਨੇ ਅਸਹਿ ਤੇ ਅਕਹਿ ਕਸ਼ਟ ਸਹਾਰਦਿਆਂ ਹੋਇਆਂ ਅਨੇਕਾਂ ਬਲੀਦਾਨ ਦਿੱਤੇ। ਅਜਿਹਾ ਹੀ ਬਲਿਦਾਨ ਚਮਕੌਰ ਦੀ ਧਰਤੀ ’ਤੇ ਹੋਇਆ, ਜਿੱਥੇ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਦੇ 2 ਵੱਡੇ ਫਰਜ਼ੰਦ ਅਤੇ 40 ਸਿੰਘਾਂ ਨੇ ਲੱਖਾਂ ਮੁਗ਼ਲ ਫ਼ੌਜ ਦਾ ਮੁਕਾਬਲਾ ਕੀਤਾ।

ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਗੁਜਰੀ ਜੀ ਅਤੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆਂ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦਰਦਨਾਕ ਤੇ ਦਿਲ ਨੂੰ ਕੰਬਾ ਦੇਣ ਵਾਲਾ ਸਾਕਾ ਹੈ। 22 ਦਸੰਬਰ 1705 ਨੂੰ ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ; ਚਮਕੌਰ ਦੀ ਜੰਗ ਵਿੱਚ ਲੜਦੇ ਹੋਏ ਸ਼ਹੀਦ ਹੋ ਗਏ ਅਤੇ 27 ਦਸੰਬਰ 1705 ਨੂੰ ਦੋ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ; ਸੂਬਾ ਸਰਹਿੰਦ ਦੀ ਕੈਦ ਵਿੱਚ ਸ਼ਹੀਦ ਕਰ ਦਿੱਤੇ ਗਏ। ਇਸ ਸ਼ਹਾਦਤ ਦੀ ਮਹਾਨਤਾ ਬਾਰੇ ਅੱਲਾ ਯਾਰ ਖਾਂ ਆਪਣੀ ਪੁਸਤਕ ‘ਗੰਜਿ ਸ਼ਹੀਦਾਂ’ ਵਿੱਚ ਲਿਖਦਾ ਹੈ :

ਬੱਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ

ਕਟਾਏ ਬਾਪ ਨੇ ਬੱਚੇ ਜਹਾਂ, ਖੁਦਾ ਕੇ ਲੀਏ।

ਅਤੇ ਕਿਸੇ ਕਵੀ ਨੇ ਲਿਖਿਆ ਹੈ :

ਜਿਸ ਕੁਲ ਜਾਤੀ ਦੇਸ ਕੇ ਬੱਚੇ, ਦੇ ਸਕਤੇ ਹੈਂ ਯੋਂ ਬਲੀਦਾਨ।

ਉਸ ਕਾ ਵਰਤਮਾਨ ਕੁਛ ਭੀ ਹੋ, ਭਵਿਸ਼ਯ ਹੈ ਮਹਾਂ ਮਹਾਨ।

ਜਿਸ ਸੰਘਰਸ਼ਮਈ ਸਮਾਜ ਦੀ ਸਿਰਜਣਾ ਦਾ ਬੂਟਾ ਗੁਰੂ ਨਾਨਕ ਸਾਹਿਬ ਜੀ ਨੇ ਲਾਇਆ ਸੀ, ਉਸੇ ਬੂਟੇ ਨੂੰ ਬਾਕੀ ਨੋਂ ਗੁਰੂ ਸਾਹਿਬਾਂ ਨੇ ਸਮੇਂ-ਸਮੇਂ ਤੇ ਆਪਣੇ ਖ਼ੂਨ ਨਾਲ ਸਿਰਜਿਆ ਅਤੇ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਦੇ ਸਪੁੱਤਰਾਂ ਨੇ ਵੀ ਇਸ ਬੂਟੇ ਨੂੰ ਸੂਰਜੀਤ ਰੱਖਣ ਲਈ ਆਪਣੇ ਜੀਵਨ ਦਾ ਬਲਿਦਾਨ ਦੇ ਦਿੱਤਾ। ਸਮੇਂ ਦਾ ਮੁਗ਼ਲ ਸ਼ਾਸਕ ਅਤੇ ਪਹਾੜੀ ਰਾਜੇ; ਖਾਲਸੇ ਦੇ ਸਿਧਾਂਤ ਅਤੇ ਸਰੂਪ ਤੋਂ ਖੁਸ਼ ਨਹੀਂ ਸਨ। ਇਸ ਲਈ ਪਹਾੜੀ ਰਾਜਿਆਂ ਵੱਲੋਂ ਖ਼ਾਲਸੇ ਦੀ ਸਾਜਣਾ ਦਾ ਵਿਰੋਧ ਕੀਤਾ ਗਿਆ ਸੀ। ਪਹਾੜੀ ਰਾਜੇ ਤੇ ਸੂਬਾ ਸਰਹਿੰਦ; ਗੁਰੂ ਜੀ ਦੇ ਵਿਰੁੱਧ ਇਕਜੁਟ ਹੋ ਗਏ ਸਨ। ਸੰਨ 1700 ਤੋਂ ਲੈ ਕੇ 1705 ਤੱਕ ਪਹਾੜੀ ਰਾਜਿਆਂ ਤੇ ਮੁਗ਼ਲਈ ਫ਼ੌਜਾਂ ਵੱਲੋਂ ਲਗਾਤਾਰ ਕਈ ਹਮਲੇ ਕੀਤੇ ਜਾਂਦੇ ਰਹੇ ਸਨ, ਪਰ ਸੰਨ 1705 ਵਿੱਚ ਦੋਵੇਂ ਫ਼ੌਜਾਂ ਨੇ ਰਲ਼ ਕੇ ਅਨੰਦਪੁਰ ਨੂੰ ਘੇਰਾ ਪਾ ਲਿਆ। 7 ਮਹੀਨੇ ਤੋਂ ਅਨੰਦਪੁਰ ਸਾਹਿਬ ’ਤੇ ਦੁਸ਼ਮਣ ਵੱਲੋਂ ਕੀਤੀ ਗਈ ਨਾਕਾਬੰਦੀ ਅਤੇ ਘੇਰੇ ਦੇ ਦੋਰਾਨ ਵੀ ਮੁਗ਼ਲ ਤੇ ਪਹਾੜੀ ਰਾਜੇ; ਗੁਰੂ ਜੀ ਅਤੇ ਸਿੰਘਾਂ ਦਾ ਕੋਈ ਬਹੁਤਾ ਨੁਕਸਾਨ ਨਾ ਕਰ ਸਕੇ। ਬਾਦਸ਼ਾਹ ਔਰੰਗਜ਼ੇਬ ਨੇ ਇੱਕ ਪੱਤਰ ਰਾਹੀਂ ਗੁਰੂ ਜੀ ਨੂੰ ਸੁਨੇਹਾ ਭੇਜਿਆ ਕਿ ਅਸੀਂ ਆਪਣੇ ਧਰਮ ਅਕੀਦੇ ਮੁਤਾਬਕ ਕਸਮਾਂ ਖਾਂਦੇ ਹਾਂ ਕਿ ਜੇਕਰ ਤੁਸੀਂ ਅਨੰਦਪੁਰ ਛੱਡ ਦਿਓ ਤਾਂ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਤੁਹਾਨੂੰ ਕੁੱਝ ਨਹੀਂ ਕਿਹਾ ਜਾਵੇਗਾ। 6 ਪੋਹ ਸੰਮਤ 1762 (ਸੰਨ 1705) ਦੀ ਅੱਧੀ ਰਾਤ ਨੂੰ ਗੁਰੂ ਜੀ ਸਿੰਘਾਂ ਨਾਲ ਸਲਾਹ-ਮਸ਼ਵਰਾ ਕਰ ਕਿਲ੍ਹੇ ਵਿੱਚੋਂ ਬਾਹਰ ਨਿਕਲੇ। ਗੁਰੂ ਜੀ ਅੱਜੇ ਕੀਰਤਪੁਰ ਸਾਹਿਬ ਪਹੁੰਚੇ ਹੀ ਸਨ ਕਿ ਪਿੱਛੋਂ ਦੁਸ਼ਮਣ ਨੇ ਸਾਰੀਆਂ ਕਸਮਾਂ ਤੋੜ ਕੇ ਗੁਰੂ ਜੀ ਅਤੇ ਸਿੰਘਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।

ਗੁਰੂ ਗੋਬਿੰਦ ਸਿੰਘ ਜੀ ਨੇ ਦੁਸ਼ਮਣਾਂ ਵੱਲੋਂ ਅਚਾਨਕ ਕੀਤੇ ਇਸ ਹਮਲੇ ਤੋਂ ਸਿੰਘਾਂ ਦਾ ਬਚਾਅ ਕਰਨ ਦੀ ਵਿਓਂਤਬੰਦੀ ਕਰਦੇ ਹੋਏ ਦੁਸ਼ਮਣਾਂ ਦੇ ਘੇਰੇ ਵਿੱਚੋਂ ਨਿਕਲਣ ਲਈ 4 ਜੱਥੇ ਬਣਾਏ। ਭਾਈ ਸਵਰੂਪ ਸਿੰਘ ਕਿਸਕ ਵੱਲੋਂ ਰਚਿਤ ‘ਗੁਰੂ ਕੀਆਂ ਸਾਖੀਆਂ’ ਪੁਸਤਕ ਵਿੱਚ ਸਾਖੀ ਨੰਬਰ 78 (ਸਾਖੀ ਅਨੰਦਪੁਰ ਛੋੜ ਦੇਨੇ ਕੀ ਚਾਲੀ) ਵਿੱਚ ਲਿਖਦੇ ਹਨ ਕਿ ‘ਦੋ ਘਰੀਆਂ ਰਾਤ ਗਈ ਪ੍ਰਿਥਮੇਂ ਗੁਰੂ ਜੀ ਭਾਈ ਉਦੈ ਸਿੰਘ ਆਦਿ ਮੁਖੀਏ ਸਿਖਾਂ ਕੇ ਗੈਲ ਲੈ ਗੁਰਦੁਆਰਾ ਸੀਸਗੰਜ ਆਏ। ਯਹਾਂ ਪਹੁੰਚ ਕਰ ਅਰਦਾਸ ਕੀ। ਪ੍ਰਿਥਮੇਂ ਮਾਤਾ ਗੁਜਰੀ, ਦੋਇ ਲਘੂ ਸਾਹਿਬਜ਼ਾਦੇ ਤੇ ਇਨ ਕੇ ਸਾਥ ਦਾਸ ਤੇ ਦਾਸੀ ਦੇ ਕੇ ਇਨ੍ਹੈ ਕੀਰਤਪੁਰ ਕੀ ਤਰਫ ਤੋਰਾ। ਬਾਦ ਮੇਂ ਸਤਿਗੁਰਾਂ ਡੇਢ ਪਹਿਰ ਰੈਣ ਗਈ ਭਾਈ ਉਦੈ ਸਿੰਘ ਆਦਿ ਸਿਖਾਂ ਕੈ ਗੈਲ ਲੈ ਕਿਲ੍ਹਾ ਅਨੰਦਗਢ ਸੇ ਜਾ ਰਹੇ ਵਹੀਰ ਕੇ ਪੀਛੇ ਪਿਆਨਾ ਕੀਤਾ। ਗੁਰੂ ਕੀਰਤਪੁਰ ਲੰਘ ਨਿਰਮੋਹਗੜ੍ਹ ਸੇ ਆਗੇ ਸ਼ਾਹੀ ਟਿੱਬੀ ਤੇ ਜਾਇ ਖਲੇ ਹੂਏ। ਪਰਬਤੀ ਰਾਜਾਯੋਂ ਨੇ ਸਮਾਂ ਗਨੀਮਤ ਜਾਨ ਪੀਛੇ ਸੇ ਤੀਰ ਗੋਲੀ ਸੇ ਹਮਲਾ ਕਰ ਦੀਆ। ਸਤਿਗੁਰਾਂ ਭਾਈ ਉਦੈ ਸਿੰਘ ਕੀ ਤਰਫ ਦੇਖਾ-ਇਸੇ ਜੋੜਾ ਜਾਮਾ ਬਖਸ਼ ਲੜਨੇ ਕੇ ਲੀਏ ਪਚਾਸ ਸਿੱਖ ਦੇ ਕੇ ਸ਼ਾਹੀ ਟਿੱਬੀ ਪਰ ਤਾਈਨਾਤ ਕੀਯਾ।

ਉਦੈ ਸਿੰਘ ਨੇ ਪਚਾਸ ਸਿੱਖਾਂ ਕੋ ਗੈਲ ਲੈ ਏਕ ਪਹਿਰ ਪੀਛੇ ਆ ਰਹੀ ਪਰਬਤੀ ਫ਼ੌਜ ਕੇ ਸਾਥ ਘਮਸਾਨ ਕੀ ਜੰਗ ਲੜੀ। ਦਿਵਸ ਚੜ੍ਹੇ ਤੀਕ ਸਿੰਘ ਸ਼ਹੀਦੀਆਂ ਪਾਇ ਗਏ। ਰਾਜਾ ਅਜਮੇਰ ਚੰਦ ਕਹਿਲੂਰੀ ਨੇ ਆਗੇ ਬਡਕਰ ਭਾਈ ਉਦੈ ਸਿੰਘ ਕਾ ਸੀਸ ਕਟਵਾਇ ਰੋਪੜ ਭੇਜਾ, ਕਹਾ-ਅਸਾਂ ਗੁਰੂ ਮਾਰ ਲੀਆ ਹੈ।’ ਇਸੇ ਗੱਲ ਦੀ ਗਵਾਹੀ ਭੱਟ ਵਹੀ ਕਰਸਿੰਧ, ਪਰਗਨਾਂ ਸਫੀਦੋਂ ਵਿੱਚ ਇਉਂ ਦਰਜ ਹੈ-‘ਉਦੈ ਸਿੰਘ ਬੇਟਾ ਮਨੀ ਸਿੰਘ, ਪੋਤਾ ਮਾਈਦਾਸ ਕਾ, ਪੜਪੋਤਾ ਬੱਲੀਰਾਇ ਕਾ ਚੰਦਰਬੰਸੀ ਭਾਰਦੁਆਜੀ ਗੋਤਰਾ ਪੁਆਰਬੰਸ, ਬੀਝੇ ਕਾ ਬੰਝਰਉਤ ਜਲਹਾਨਾਂ- ਸੰਮਤ ਸਤਰਾਂ ਸੈ ਬਾਸਠ ਪੋਖ ਮਾਸੇ ਦਿਹੁੰ ਸਾਤ ਗਏ ਵੀਰਵਾਰ ਕੇ ਦਿਵਸ ਪਚਾਸ ਸਿਖਾਂ ਕੋ ਗੈਲ ਲੈ ਸ਼ਾਹੀ ਟਿੱਬੀ ਕੋ ਮਲਹਾਨ ਪਰਗਨਾਂ ਭਰਥਗਢ ਰਾਜ ਕਹਿਲੂਰ ਆਧ ਘਰੀ ਦਿਹੁੰ ਨਿਕਲੇ, ਰਾਜਾ ਅਜਮੇਰ ਚੰਦ ਬੇਟਾ ਭੀਮਚੰਦ ਕਾ, ਪੋਤਾ ਦੀਪਚੰਦ ਕਾ, ਪੜਪੋਤਾ ਤਾਰਾ ਚੰਦ ਕਾ ਬੰਸ ਕਲਿਆਨ ਚੰਦ ਕੀ, ਚੰਦੇਲ ਗੋਤਰਾ ਰਾਣੇ ਕੀ ਫ਼ੌਜ ਗੈਲ ਬਾਰਾਂ ਘਰੀ ਜੂਝ ਕੇ ਮਰਾ।

ਅੱਗੇ ‘ਗੁਰੂ ਕੀਆਂ ਸਾਖੀਆਂ’ ਪੁਸਤਕ ਵਿੱਚ ਲਿਖਾਰੀ ਲਿਖਦਾ ਹੈ ਕਿ ਉਧਰ ਗੁਰੂ ਜੀ ਨੇ ਪ੍ਰਿਥਮੇਂ ਮਾਤਾ ਗੁਜਰੀ ਤੇ ਦੋਇ ਨਿਕੇ ਸਾਹਿਬਜ਼ਾਦੇ, ਏਕ ਦਾਸ ਤੇ ਦਾਸੀ ਸਮੇਤ ਸਰਸਾ ਨਦੀ ਪਾਰ ਕੀਆ ਔਰ ਭਾਈ ਜੀਵਨ ਸਿੰਘ ਰੰਘਰੇਟੇ ਸਿੱਖ ਕੋ ਏਕ ਸੋ ਸਿੰਘ ਦੇ ਕੇ ਸਰਸਾ ਨਦੀ ਕੇ ਤੀਰ (ਕੰਢੇ) ਛੋਡਾ। ਇਸ ਕੇ ਬਾਦ ਭਾਈ ਬਚਿੱਤਰ ਸਿੰਘ ਕੋ ਬਚਨ ਹੋਆ, ਤੁਸੀਂ ਰੋਪੜ ਕੀ ਤਰਫ ਪਿਆਨਾ ਕਰੀਏ। ਈਸੇ 100 ਸਿੰਘ ਦੇ ਕੇ ਥਾਪਨਾ ਦਈ ਔਰ ਗੁਰੂ ਜੀ ਆਪ ਚੋਧਰੀ ਨਿਹੰਗ ਖਾਂ ਕੀ ਹਵੇਲੀ ਕੋਟਲਾ ਗ੍ਰਾਮ ਮੇਂ ਪਹੁੰਚੇ।’

ਇਧਰ ਗੁਰੂ ਜੀ ਦੇ ਜਾਣ ਤੋਂ ਬਾਅਦ ਸਰਸਾ ਨਦੀ ਤੇ ਘਮਸਾਨ ਜੰਗ ਹੋਇਆ ਅਤੇ ਇਸ ਜੰਗ ਵਿੱਚ ਭਾਈ ਜੀਵਨ ਸਿੰਘ ਦੇ ਮਸਤਕ ਤੇ ਗੋਲੀ ਲਗੀ ਤੇ ਜੰਗ ਵਿੱਚ ਲੜਦੇ ਸ਼ਹੀਦ ਹੋ ਗਏ। ਇਸ ਗਲ ਦੀ ਗਵਾਹੀ ਭੱਟ ਵਹੀ ਮੁਲਤਾਨੀ ਸਿੰਧੀ ਵਿੱਚ ਇਉਂ ਦਰਜ ਹੈ ‘ਜੀਵਨ ਸਿੰਘ ਬੇਟਾ ਆਗਿਆ ਕਾ ਪੋਤਾ ਦੁਲੇ ਕਾ ਬਾਸੀ ਦਿੱਲੀ, ਮਹੱਲਾ ਦਿਲਵਾਲੀ ਸਿਖਾਂ, ਜੋ ਸਿਖਾਂ ਕੋ ਗੈਲ ਲੈ ਸੰਮਤ ਸਤਰਾਂ ਸੈ ਬਾਸਠ ਪੋਖ ਮਾਸੇ ਸੁਦੀ ਦੂਜ ਵੀਰਵਾਰ ਕੇ ਦਿਹੁੰ ਸਰਸਾ ਨਦੀ ਕੇ ਤੀਰ ਅਜਮੇਰ ਚੰਦ ਬੇਟਾ ਭੀਮ ਚੰਦ ਕਾ- ਰਾਣੇ ਕੀ ਫੌਜ ਗੈਲ ਦਸ ਘਰੀ ਜੂਝ ਕੇ ਮਰਾ ।’

ਇਸ ਤੋਂ ਬਾਅਦ ਸਰਸਾ ਪਾਰ ਕਰ ਭਾਈ ਬਚਿਤਰ ਸਿੰਘ ਦੀ ਮੁਠਭੇੜ ਮਲਕਪੁਰ ਰੰਘੜਾਂ ਕੇ ਮੈਦਾਨ ਮੇਂ ਸਰਹੰਦੀ ਫੌਜ ਗੈਲ ਹੋਈ, ਇਸ ਕੇ ਸਾਥੀ ਸ਼ਹਾਦਤਾਂ ਪਾਇ ਗਏ, ਇਹ ਸਖਤ ਘਾਇਲ ਹੋਇ ਜ਼ਮੀਨ ਪਰ ਗਿਰ ਪੜਾ ਪੀਛੇ ਸੇ ਸਾਹਿਬਜ਼ਾਦਾ ਅਜੀਤ ਸਿੰਘ, ਮਦਨ ਸਿੰਘ ਆਦਿ ਸਿਖਾਂ ਕੇ ਗੈਲ ਆਇ ਪਹੁੰਚਾ। ਇਸ ਬਚਿਤਰ ਸਿੰਘ ਕੋ ਉਠਾਇ ਕੋਟਲਾ ਨਿਹੰਗ ਮੇਂ ਲੈ ਆਂਦਾ, ਇਸੇ ਗੁਰੂ ਜੀ ਕੋ ਆਇ ਮਸਤਕ ਟੇਕਾ। ਕੋਟਲਾ ਨਿਹੰਗ ਵਿਖੇ ਬਾਅਦ ਵਿੱਚ ਭਾਈ ਬਚਿਤਰ ਸਿੰਘ ਅਕਾਲ ਪਿਆਣਾ ਕਰ ਗਏ ਸੀ। (ਲੇਖ ਲੰਮਾਂ ਨਾ ਹੋਵੇ ਇਸ ਕਾਰਨ ਟੁਕ ਮਾਤਰ ਹਵਾਲਾ ਦਿਤਾ ਗਿਆ ਹੈ, ਪੁਰੀ ਜਾਣਕਾਰੀ ਲਈ ਗੁਰੂ ਕੀਆਂ ਸਾਖੀਆਂ ਪੁਸਤਕ ਦੀ ਸਾਖੀ ਨੰਬਰ 81 ਅਤੇ ਪੁਸਤਕ ਗਿਆਨੀ ਗਰਜਾ ਸਿੰਘ ਦੀ ਇਤਿਹਾਸਿਕ ਖੋਜ ਪੜ੍ਹੀ ਜਾ ਸਕਦੀ ਹੈ)

ਸਰਸਾ ਨਦੀ ਪਾਰ ਕਰਦੇ ਬਹੁਤ ਸਾਰਾ ਜਾਨੀ-ਮਾਲੀ ਨੁਕਸਾਨ, ਅਮੋਲਕ ਹਸਤ-ਲਿਖਤ ਗ੍ਰੰਥ ਸਰਸਾ ਦੇ ਤੇਜ਼ ਪਾਣੀ ਦੇ ਵਹਾਅ ਦੀ ਭੇਟ ਚੜ੍ਹ ਗਏ ਤੇ ਗੁਰੂ ਜੀ ਦਾ ਪਰਵਾਰ 3 ਹਿੱਸਿਆਂ ਵਿੱਚ ਵੰਡਿਆ ਗਿਆ। (ਇਸ ਸਥਾਨ ’ਤੇ ਹੁਣ ਗੁਰਦੁਆਰਾ ਪਰਵਾਰ ਵਿਛੋੜਾ ਸਾਹਿਬ ਮੌਜੂਦ ਹੈ) ਇਕ ਪਾਸੇ ਗੁਰੂ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਵੱਖ ਹੋ ਗਏ, ਜੋ ਕਿ ਕੁਮੈ ਮਾਸ਼ਕੀ ਪਾਸ ਰਾਤ ਠਹਿਰੇ ਅਤੇ ਉੱਥੋਂ ਗੰਗੂ ਬ੍ਰਾਹਮਣ ਆਪਣੇ ਨਾਲ ਪਿੰਡ ਖੇੜੀ (ਸਹੇੜੀ) ਲੈ ਗਿਆ, ਦੂਜੇ ਪਾਸੇ ਗੁਰੂ ਕੇ ਮਹਿਲ ਅਤੇ ਭਾਈ ਮਨੀ ਸਿੰਘ ਜੀ, ਭਾਈ ਜਵਾਹਰ ਸਿੰਘ, ਗੁਰੂ ਹੁਕਮਾਂ ਅਨੁਸਾਰ ਦਿੱਲੀ ਵੱਲ ਚਲੇ ਗਏ (ਇਤਿਹਾਸਕਾਰ ਹਰਜਿੰਦਰ ਸਿੰਘ ਦਲਗੀਰ ਮੁਤਾਬਕ ਭਾਈ ਮਨੀ ਸਿੰਘ ਜੀ 1698 ਤੋਂ ਦਰਬਾਰ ਸਾਹਿਬ ਅੰਮ੍ਰਿਸਤ ਵਿਖੇ ਸੇਵਾ ਨਿਭਾ ਰਹੇ ਸਨ, ਜੋ ਦਿੱਲੀ ਨਹੀਂ ਗਏ) ਜੋ ਕਿ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਪਾਸ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਪਹੁੰਚੇ ਸਨ ਅਤੇ ਤੀਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਖ਼ੁਦ, ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ, ਪੰਜ ਪਿਆਰੇ ਅਤੇ 36 ਕੁ ਸਿੰਘ ਰੋਪੜ ਵੱਲ ਚਲੇ ਗਏ, ਜੋ ਕਿ ਗੁਰੂ ਜੀ ਦੇ ਨਾਲ ਬੁੱਧੀ ਚੰਦ ਦੀ ਹਵੇਲੀ (ਜਿਸ ਨੂੰ ਇਤਿਹਾਸਕਾਰਾਂ ਨੇ ਕੱਚੀ ਗੜ੍ਹੀ ਕਰਕੇ ਲਿਖਿਆ ਹੈ) ਚਮਕੌਰ ਸਾਹਿਬ ਪਹੁੰਚੇ। (ਗੁਰੂ ਕੀਆਂ ਸਾਖੀਆਂ ਪੁਸਤਕ ਦੇ ਕਰਤਾ ਅਨੁਸਾਰ ਨਿਹੰਗ ਖਾਂ ਦਾ ਪੁੱਤਰ ਆਲਮ ਖਾਂ ਗੁਰੂ ਜੀ ਨੂੰ ਰਾਹ ਦਿਖਾਉਣ ਲਈ ਨਾਲ ਆਇਆ ਸੀ) ਸਰਸਾ ਨਦੀ ਦੇ ਕੰਢੇ ਹੋਈ ਖ਼ੂਨੀ ਜੰਗ ਵਿੱਚ ਭਾਈ ਉਦੈ ਸਿੰਘ ਸਮੇਤ ਕਈ ਸਿੰਘ ਜਾਨਾਂ ਹੂਲ ਕੇ ਲੜਦੇ ਹੋਏ ਸ਼ਹਾਦਤ ਪਾ ਗਏ। ਇਕ ਪਾਸੇ ਮੁਗ਼ਲ ਸੈਨਾ ਲੱਖਾਂ ਦੀ ਗਿਣਤੀ ਵਿੱਚ ਸੀ ਅਤੇ ਦੂਜੇ ਪਾਸੇ ਗੁਰੂ ਜੀ ਦੇ ਨਾਲ 40 ਕੁ ਭੁੱਖੇ-ਭਾਣੇ ਸਿੰਘ। ਜ਼ਫਰਨਾਮਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਪ ਖ਼ੁਦ ਗਿਣਤੀ ਵੱਲ ਇਸ਼ਾਰਾ ਕਰਦੇ ਲਿਖਦੇ ਹਨ :

ਗੁਰਸਨਹ ਚਿ ਕਾਰੇ ਕੁਨਦ ਚਿਹਲ ਨਰ ॥

ਕਿ ਦਹ ਲਖ ਬਰਆਯਦ ਬਰੋ ਬੇਖ਼ਬਰ ॥੧੯॥

ਅਰਥ : (ਮੇਰੇ) 40 ਭੁੱਖੇ ਭਾਣੇ ਵਿਅਕਤੀ ਕੀ ਕਰ ਸਕਦੇ ਹਨ ਜੇ (ਉਨ੍ਹਾਂ ਉੱਤੇ) 10 ਲੱਖ ਸੈਨਿਕ ਟੁੱਟ ਕੇ ਆ ਪਏ ਹੋਣ।

ਮੁਗ਼ਲ ਸੈਨਾ ਨੇ ਬੁੱਧੀ ਚੰਦ ਦੀ ਹਵੇਲੀ ਦੇ ਚੁਫੇਰੇ ਘੇਰਾ ਪਾ ਲਿਆ। ਇਸ ਜੰਗ ਵਿੱਚ ਲੱਖਾਂ ਦੀ ਗਿਣਤੀ ਦੀ ਮੁਗ਼ਲ ਸੈਨਾ ਨਾਹਰ ਖਾਂ, ਹੈਬਤ ਖਾਂ, ਇਸਮਾਈਲ ਖਾਂ, ਉਸਮਾਨ ਖਾਂ, ਸੁਲਤਾਨ ਖਾਂ, ਖਵਾਜ਼ਾ ਖਿਜ਼ਰ ਖਾਂ, ਦਿਲਾਵਰ ਖਾਂ, ਸੈਦ ਖਾਂ, ਜ਼ਬਰਦਸਤ ਖਾਂ, ਵਜੀਦ ਖਾਂ, ਗੁਲਬੇਗ ਖਾਂ ਇਤਿਆਦਿਕ ਦੀ ਨਿਗਰਾਨੀ ਵਿੱਚ ਇਹ ਫ਼ੌਜਾਂ ਚਮਕੌਰ ਸਾਹਿਬ ’ਤੇ ਚੜ੍ਹ ਕੇ ਆਈਆਂ ਸਨ। ਨਾਹਰ ਖਾਂ ਜੋ ਕਿ ਮਲੇਰਕੋਟਲੇ ਦਾ ਰਹਿਣ ਵਾਲਾ ਸੀ, ਹਮਲਾਵਰ ਹੋ ਕੇ ਸਾਥੀਆਂ ਨਾਲ ਅੱਗੇ ਵਧਿਆ ਤਾਂ ਸਤਿਗੁਰੂ ਜੀ ਨੇ ਉਸ ਨੂੰ ਤੀਰ ਨਾਲ਼ ਪਾਰ ਬੁਲਾ ਦਿੱਤਾ। ਨਾਹਰ ਖਾਂ ਨੂੰ ਜ਼ਖਮੀ ਦੇਖ ਗੁਲਸ਼ੇਰ ਖਾਂ, ਖਿਜ਼ਰ ਖਾਂ ਅੱਗੇ ਨੂੰ ਵਧਿਆ, ਪਰ ਗੁਰੂ ਜੀ ਦੇ ਤੀਰਾਂ ਦੀ ਮਾਰ ਨਾ ਝਲ ਸਕਿਆ, ਇਧਰ ਸਿੰਘ ਗੁਰੂ ਸਾਹਿਬਾਂ ਦੇ ਹੁਕਮਾਂ ਅਨੁਸਾਰ 5-5 ਸਿੰਘਾਂ ਦੇ ਜੱਥੇ ਬਣਾ ਕੇ ਜੰਗ ਦੇ ਮੈਦਾਨ ਵਿੱਚ ਜੂਝਦੇ ਹੋਏ ਅਖੀਰਲੇ ਸਾਹਾਂ ਤੱਕ ਮੁਗ਼ਲਾਂ ਨਾਲ ਲੋਹਾ ਲੈਂਦੇ ਰਹੇ। ਯੁੱਧ ਦਾ ਮੈਦਾਨ ਮੁਗ਼ਲ ਸਿਪਾਹੀਆਂ ਦੀਆਂ ਲੋਥਾਂ ਨਾਲ ਭਰ ਗਿਆ ਅਤੇ ਧਰਤੀ ਖ਼ੂਨ ਨਾਲ ਰੱਤੀ ਗਈ। ਗੜ੍ਹੀ ਵਿੱਚ ਗੁਰੂ ਜੀ ਨਾਲ ਖੜ੍ਹੇ ਸਿੰਘਾਂ ਨੇ ਸਲਾਹ ਕੀਤੀ ਕਿ ਗੁਰੂ ਜੀ ਆਪਣੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਇਸ ਥਾਂ ਤੋਂ ਨਿਕਲ ਜਾਣ ਤਾਂ ਕਿ ਹੋਰ ਸਿੰਘਾਂ ਨੂੰ ਹਥਿਆਰਬੰਦ ਕਰਕੇ ਮੁਗ਼ਲ ਫ਼ੌਜਾਂ ਨਾਲ ਟਾਕਰਾ ਲੈਣ, ਉਨ੍ਹਾਂ ਨੇ ਇਸ ਦਾ ਪ੍ਰਗਟਾਵਾ ਪਾਤਸ਼ਾਹ ਕੋਲ ਕੀਤਾ ਪਰ ਸਾਹਿਬਾਂ ਨੇ ਕਿਹਾ ਤੁਸੀਂ ਸਾਰੇ ਮੇਰੇ ਲਖਤੇ ਜਿਗਰ ਹੋ। ਸਾਰੇ ਮੇਰੇ ਪੁੱਤਰ ਹੋ। ਪਾਤਸ਼ਾਹ ਨੇ ਖ਼ਾਲਸੇ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ। ਗੁਰੂ ਨਾਨਕ ਦੇ ਘਰ ਦੀ ਰੱਖਿਆ ਲਈ ਸਾਰਾ ਪਰਵਾਰ ਵਾਰਿਆ ਜਾ ਰਿਹਾ ਹੈ। ਜਿੱਥੇ ਤੁਸੀਂ ਸ਼ਹੀਦੀਆਂ ਪਾ ਰਹੇ ਹੋ ਉੱਥੇ ਹੀ ਇਹ ਬੱਚੇ ਵੀ ਸ਼ਹੀਦ ਹੋਣਗੇ। ਗੜ੍ਹੀ ਵਿੱਚੋਂ ਨਿਕਲਣ ਵਾਲੇ ਤੀਰ, ਗੋਲੀਆਂ ਦੁਸ਼ਮਣਾਂ ਨੂੰ ਵਿੰਨ੍ਹੀ ਜਾ ਰਹੀਆਂ ਸਨ। ਗੁਰੂ ਗੋਬਿੰਦ ਸਿੰਘ ਜੀ ਗੜ੍ਹੀ ਵਿੱਚੋਂ ਸਿੰਘਾਂ ਨੂੰ ਸੂਰਮਿਆਂ ਵਾਂਗ ਲੜਦੇ ਹੋਏ ਵੇਖ ਰਹੇ ਸਨ ਅਤੇ ਨਾਲ ਹੀ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਖੜ੍ਹੇ ਸਨ। ਆਪਣੇ ਵੀਰਾਂ ਨੂੰ ਧਰਮ ਤੇ ਅਣਖ ਦੀ ਖਾਤਰ ਜਾਨਾਂ ਹੂਲ ਕੇ ਜੰਗ ਲੜਦੇ ਹੋਏ ਸ਼ਹੀਦੀਆਂ ਪਾਉਂਦੇ ਵੇਖ ਸਾਹਿਬਜ਼ਾਦਾ ਅਜੀਤ ਸਿੰਘ ਨੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਜੰਗ ਦੇ ਮੈਦਾਨ ਵਿੱਚ ਜਾਣ ਦੀ ਆਗਿਆ ਮੰਗੀ। ਮੈਦਾਨੇ ਜੰਗ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਫਰਜ਼ੰਦ ਸਾਹਿਬਜ਼ਾਦਾ ਅਜੀਤ ਸਿੰਘ ਜੀ ਪਹੁੰਚੇ ਤਾਂ ਉਸ ਸਮੇਂ ਦਾ ਖ਼ਿਆਲ ਅੱਲਾ ਯਾਰ ਖਾਂ ਆਪਣੀ ਰਚਨਾ ‘ਗੰਜਿ ਸ਼ਹੀਦਾ’ ਵਿੱਚ ਇਉਂ ਜ਼ਿਕਰ ਕਰਦਾ ਹੈ :

ਉਸ ਹਾਥ ਮੇਂ ਬੇ ਬਾਜ਼ੂ ਇ ਗੋਬਿੰਦ ਕੇ ਕਸਬਲ।

ਫਰਜ਼ੰਦ ਕੀ ਤਲਵਾਰ ਸੇ ਥੱਰਰਾ ਗਏ ਜਲ ਥਲ।

ਜਿੰਦੋਂ ਕਾ ਤੋ ਕਿਆ ਜ਼ਿਕਰ, ਹੈ ਮੁਰਦੇ ਹੂਏ ਬੇਕਲ॥

ਸ਼ਮਸ਼ਾਨ ਮੇਂ ਥਾ ਸ਼ੋਰ; ਮਜ਼ਾਰੋ ਮੇਂ ਥੀ ਹਲਚਲ।….

ਤਲਵਾਰ ਵੁਹ ਖੂੰ-ਖਾਰ ਥੀ, ਤੋਬਾ ਹੀ ਭਲੀ ਥੀ।

ਲਾਖੋਂ ਕੀ ਹੀ ਜਾਂ ਲੇ ਕੇ, ਬਲਾ ਸਰ ਸੇ ਟਲੀ ਥੀ।

ਸਾਹਿਬਜ਼ਾਦਾ ਅਜੀਤ ਸਿੰਘ ਦੀ ਤਲਵਾਰਬਾਜ਼ੀ ਅਤੇ ਜੰਗ ਦੇ ਮੈਦਾਨ ਵਿੱਚ ਵਖਾਏ ਗਏ ਜੌਹਰ ਬਾਰੇ ਅੱਲਾ ਯਾਰ ਖਾਂ ਅੱਗੇ ਲਿਖਦੇ ਹਨ :

ਯਿਹ ਆਈ, ਵੁਹ ਪਹੁੰਚੀ, ਵੁਹ ਗਈ ਸਨ ਸੇ ਨਿਕਲ ਕਰ।

ਜਬ ਬੈਠ ਗਈ ਸਰ ਪਿ, ਉਠੀ ਤਨ ਸੇ ਨਿਕਲ ਕਰ। …         

ਦੁਸ਼ਮਨ ਕੋ ਲੀਆ ਮਰਕਬਿ ਦੁਸ਼ਮਨ ਭੀ ਨ ਛੋਡਾ।

ਅਸਵਾਰ ਕੋ ਦੋ ਕਰ ਗਈ, ਤੋ ਸਨ ਭੀ ਨ ਛੋਡਾ।੮੭॥

ਜੈਕਾਰਿਆਂ ਦੀ ਗੂੰਜ ਵਿੱਚ ਲਲਕਾਰਦੇ ਸਿੱਖ ਸੂਰਬੀਰਾਂ ਨੇ ਅਨੇਕਾਂ ਵੈਰੀਆਂ ਨੂੰ ਮੌਤ ਦੇ ਘਾਟ ਉਤਾਰਿਆ ਤੇ ਅਖੀਰ ਜਦੋਂ ਜੰਗ ਦੇ ਮੈਦਾਨ ਵਿੱਚ ਆਖ਼ਰੀ ਦਮ ਤੱਕ ਜੂਝਦੇ ਹੋਏ ਬਾਕੀ ਸਿੰਘਾਂ ਸਮੇਤ ਸਾਹਿਬਜ਼ਾਦਾ ਅਜੀਤ ਸਿੰਘ ਵੀ ਸ਼ਹਾਦਤ ਦਾ ਜਾਮ ਪੀ ਗਏ ਤਾਂ ਅੱਲਾ ਯਾਰ ਖਾਂ ਆਪਣੀ ਲਿਖਤ ਵਿੱਚ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਇਉਂ ਲਿਖਦਾ ਹੈ :

ਸ਼ਾਬਾਸ਼ ਪਿਸਰ ਖੂਬ ਦਲੇਰੀ ਸੇ ਲੜੇ ਹੋ !

ਹਾਂ ਕਿਉਂ ਨਾ ਹੋ, ਗੋਬਿੰਦ ਕੇ ਫਰਜ਼ੰਦ ਬੜੇ ਹੋ ! !

ਆਪਣੇ ਵੱਡੇ ਭਰਾਤਾ ਅਜੀਤ ਸਿੰਘ ਨੂੰ ਮੈਦਾਨੇ ਜੰਗ ਵਿੱਚ ਲੜਦੇ ਹੋਏ ਦੇਖ ਸਾਹਿਬਜ਼ਾਦਾ ਜੁਝਾਰ ਸਿੰਘ ਇੱਕ ਦਮ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਆ ਗਏ ਅਤੇ ਬੇਨਤੀ ਕੀਤੀ ਕਿ ਉਸ ਨੂੰ ਮੈਦਾਨੇ ਜੰਗ ਵਿੱਚ ਦੁਸ਼ਮਣਾਂ ਦੇ ਆਹੂ ਲਾਹੁਣ ਲਈ ਭੇਜਿਆ ਜਾਵੇ। ਅੱਲਾ ਯਾਰ ਖਾਂ ਇਸ ਸਮੇਂ ਨੂੰ ਇਉਂ ਕਲਮਬੱਧ ਕਰਦਾ ਹੈ :

ਪਾਲਾ ਹੈ ਤੁਮੇਂ ਨਾਜ਼ ਸੇ ! ਬੋਲੇ ਗੁਰੂ ਗੋਬਿੰਦ।

ਰੋਕਾ ਨਹੀਂ ਆਗਾਜ਼ ਸੇ ! ਬੋਲੇ ਗੁਰੂ ਗੋਬਿੰਦ।

ਉਸ ਨੰਨ੍ਹੇ ਸੇ ਜਾਂ-ਬਾਜ਼ ਸੇ ਬੋਲੇ ਗੁਰੂ ਗੋਬਿੰਦ।

ਲੋ ਆਉ ਤਨਿ-ਪਾਕ ਪਿ ਹਥਿਆਰ ਸਜਾ ਦੇਂ !

ਛੋਟੀ ਸੀ ਕਮਾਂ ਨੰਨ੍ਹੀ ਸੀ ਤਲਵਾਰ ਸਜਾ ਦੇਂ !….

ਲੋ ਜਾਓ, ਸਿਧਾਰੋ ! ਤੁਮੇਂ ਕਰਤਾਰ ਕੋ ਸੋਂਪਾ !

ਮਰ ਜਾਓ ਯਾ ਮਾਰੋ, ਤੁਮੇਂ ਕਰਤਾਰ ਕੋ ਸੋਂਪਾ !….       

ਖਾਹਸ਼ ਹੈ, ਤੁਮੇਂ ਤੇਗ਼ ਚਲਾਤੇ ਹੂਏ ਦੇਖੇਂ !

ਹਮ ਆਂਖ ਸੇ ਬ੍ਰਛੀ ਤੁਮੇਂ ਖਾਤੇ ਹੂਏ ਦੇਖੇਂ ! !

ਇਤਿਹਾਸਕਾਰਾਂ ਮੁਤਾਬਕ ਗੁਰੂ ਜੀ ਨੇ ਆਪਣੇ ਲਖ਼ਤੇ ਜ਼ਿਗਰ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਵੀ ਅਜੀਤ ਸਿੰਘ ਵਾਂਗ ਤਿਆਰ ਬਰ ਤਿਆਰ ਕਰ ਮੈਦਾਨੇ ਜੰਗ ਵਿੱਚ ਜਾਣ ਦੀ ਆਗਿਆ ਦਿੱਤੀ। ਗੜ੍ਹੀ ਦਾ ਦਰਵਾਜ਼ਾ ਖੁਲ੍ਹਿਆ ਸਾਹਿਬਜ਼ਾਦਾ ਜੁਝਾਰ ਸਿੰਘ ਲਾ ਕੇ ਘੋੜੇ ਨੂੰ ਅੱਡੀ, ਹਵਾ ਵਿੱਚ ਗੱਲਾਂ ਕਰਦਾ ਰਣ-ਤੱਤੇ ਮੈਦਾਨ ਵਿੱਚ ਦੁਸ਼ਮਣਾਂ ਦੇ ਆਹੂ ਲਾਹੁੰਦਾ ਹੋਇਆ ਅੱਗੇ ਵੱਧ ਰਿਹਾ ਸੀ। ਇਤਨੇ ਨੂੰ ਮੁਗ਼ਲ ਸਿਪਾਹਸਲਾਰ ਨੇ ਆਵਾਜ਼ ਲਗਾਈ ਕਿ ‘ਇਹ ਗੋਬਿੰਦ ਦਾ ਦੂਜਾ ਪੁਤਰ ਹੈ ਇਸ ਨੂੰ ਅਜਾਈਂ ਨਾ ਜਾਣ ਦੇਣਾ, ਮਿਲ ਕੇ ਹਮਲਾ ਕਰੋ ਤੇ ਚਾਰੇ ਪਾਸਿਆਂ ਤੋਂ ਘੇਰ ਲਵੋ, ਇਹ ਵਾਪਸ ਜਿੰਦਾ ਹਵੇਲੀ ਵਿੱਚ ਨਹੀਂ ਜਾਣਾ ਚਾਹੀਦਾ’। ਸਾਹਿਬਜ਼ਾਦਾ ਜੁਝਾਰ ਸਿੰਘ ਜੁਝਾਰੀ ਬੀਰਤਾ ਨਾਲ ਦੁਸ਼ਮਣਾਂ ਦੇ ਆਹੂ ਲਾਹੁੰਦੇ ਹੋਏ ਸ਼ਹਾਦਤ ਨੂੰ ਪ੍ਰਵਾਨ ਚੜ੍ਹ ਗਏ।

ਸ਼ਾਮ ਦਾ ਹਨ੍ਹੇਰਾ ਪੈ ਗਿਆ, ਲੜਾਈ ਬੰਦ ਹੋ ਗਈ। ਗੁਰੂ ਜੀ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਇਤਿਹਾਸਿਕ ਪੁਸਤਕਾਂ ਵਿੱਚ ਲਿਖਾਰੀ ਉਸ ਸਮੇਂ ਦੇ ਮਨੋਭਾਵਾਂ ਨੂੰ ਬਿਆਨ ਕਰਦੇ ਲਿਖਦਾ ਹੈ ਕਿ ਗੁਰੂ ਜੀ ਨੇ ਕਿਹਾ ਕਿ ਪਹਿਲਾਂ ਮੈਨੂੰ ਸ਼ਹੀਦ ਪਿਤਾ ਦਾ ਪੁੱਤਰ ਕਰਕੇ ਜਾਣਿਆ ਜਾਂਦਾ ਸੀ, ਪਰ ਹੁਣ ਅਕਾਲ ਪੁਰਖ ਦੀ ਕਿਰਪਾ ਨਾਲ ਮੈਨੂੰ ਸ਼ਹੀਦ ਪੁੱਤਰਾਂ ਦਾ ਪਿਤਾ ਬਣਨ ਦਾ ਮਾਣ ਹਾਸਲ ਹੋਇਆ ਹੈ। ਗੁਰੂ ਜੀ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਸਵੇਰੇ ਜੰਗ ਦੇ ਮੈਦਾਨ ਵਿੱਚ ਆਪ ਲੜਣ ਲਈ ਤਿਆਰੀ ਕਰਦੇ ਹਨ, ਪਰ ਨਾਲ ਖੜ੍ਹੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਤੇ ਬਾਕੀ ਸਿੰਘ; ਗੁਰੂ ਸਾਹਿਬ ਜੀ ਨਾਲ ਇਸ ਚਮਕੌਰ ਦੀ ਹਵੇਲੀ ਵਿਚੋਂ ਨਿਕਲਣ ਦੀ ਸਲਾਹ ਕਰਦੇ ਹਨ ਕਿ ਬੇਵਕਤ ਸਮੇਂ ਦੀ ਕੁਰਬਾਣੀ ਪੰਥ ਨੂੰ ਨੁਕਸਾਨ ਪਹੁੰਚਾਏਗੀ। ਗੁਰੂ ਸਾਹਿਬ ਜੀ ! ਜੇਕਰ ਰਣਨੀਤੀ ਦੇ ਤਹਿਤ ਇੱਥੋਂ ਨਿਕਲ ਜਾਂਦੇ ਹਾਂ ਤਾਂ ਬਿਖੜੇ ਸਮੇਂ ਵਿੱਚ ਪੰਥ ਨੂੰ ਮੁੜ ਆਪਣੇ ਪੈਰਾਂ ’ਤੇ ਖੜ੍ਹਾ ਕੀਤਾ ਜਾ ਸਕਦਾ ਹੈ ਅਤੇ ਫਿਰ ਦੁਸ਼ਮਣਾਂ ਨਾਲ ਸੂਰਮਗਤੀ ਨਾਲ ਲੜਦੇ ਸ਼ਹਾਦਤਾਂ ਪਾਵਾਂਗੇ। ਗੁਰੂ ਸਾਹਿਬ ਇਸ ਚਮਕੌਰ ਦੀ ਗੜ੍ਹੀ ਵਿੱਚੋਂ ਨਿਕਲਣ ਦੀ ਵਿਓਂਤਬੰਦੀ ਕਰਦੇ ਹਨ। ਗੁਰੂ ਜੀ ਨੇ ਭਾਈ ਸੰਗਤ ਸਿੰਘ ਨੂੰ ਕਲਗੀ ਸਜਾ ਰਾਤ ਦੇ ਹਨ੍ਹੇਰੇ ਵਿੱਚ ਗੜ੍ਹੀ ਵਿੱਚੋਂ ਬਾਹਰ ਨਿਕਲ ਸ਼ਾਹੀ ਲਸਕਰ ਵਿੱਚ ਜਾ ਵੜੇ ਤੇ ਗੁਰੂ ਘਰ ਦੇ ਸੇਵਕ ‘ਨਬੀ ਖਾਂ ਤੇ ਗਨੀ ਖਾਂ’ ਦੀ ਰਾਹੀਂ ਮਾਛੀਵਾੜੇ ਜਾ ਪਹੁੰਚੇ, ਜਿੱਥੇ ਗੁਰੂ ਜੀ ਨੂੰ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੀ ਖ਼ਬਰ ਮਿਲੀ।

ਇਧਰ ਗੜ੍ਹੀ ਵਿੱਚ ਬਚੇ ਬਾਕੀ ਸਿੰਘਾਂ ਨੇ ਮੁਗ਼ਲ ਫ਼ੌਜਾਂ ਨਾਲ ਜ਼ਬਰਦਸਤ ਟੱਕਰ ਲਈ, ਇੱਕ-ਇੱਕ ਸਿੰਘ ਗੜ੍ਹੀ ਵਿੱਚੋਂ ਨਿਕਲਦੇ ਅਤੇ ਆਪਣੇ ਅੰਤਲੇ ਸਮੇਂ ਤੱਕ ਕਈ ਦੁਸ਼ਮਣਾਂ ਦਾ ਘਾਣ ਕਰਦੇ ਹੋਏ ਸ਼ਹੀਦੀ ਪ੍ਰਾਪਤ ਕਰਦੇ। ਜਦੋਂ ਗੜ੍ਹੀ ਵਿੱਚ ਕੋਈ ਸਿੰਘ ਨਾ ਰਿਹਾ ਤਾਂ ਮੁਗ਼ਲ ਫ਼ੌਜੀਆਂ ਨੂੰ ਖੁਸ਼ੀ ਹੋਈ ਕਿ ਗੋਬਿੰਦ ਸਿੰਘ ਉਹਨਾਂ ਦੇ ਹੱਥੋਂ ਮਾਰਿਆ ਜਾ ਚੁੱਕਾ ਹੈ, ਅਜਿਹਾ ਭਰਮ ਉਹਨਾਂ ਨੂੰ ਪਹਿਲਾਂ ਵੀ ਸਰਸਾ ਦੇ ਕੰਡੇ ਹੋਇਆ ਸੀ ਜਦੋਂ ਭਾਈ ਉਦੈ ਸਿੰਘ ਦੀ ਸ਼ਹਾਦਤ ਨੂੰ ਮੁਗ਼ਲ ਸੈਨਿਕਾਂ ਨੇ ਗੁਰੂ ਗੋਬਿੰਦ ਸਿੰਘ ਸਮਝ ਲਿਆ ਸੀ ਤੇ ਹੁਣ ਵੀ ਭਾਈ ਸੰਗਤ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਸਮਝਣ ਦਾ ਟਪਲਾ ਖਾ ਚੁੱਕੇ ਸਨ। ਵਜੀਰ ਖਾਂ ਤੇ ਬਾਕੀ ਮੁਗ਼ਲ ਜਰਨੈਲ ਮੂੰਹ ਦੀ ਖਾਹ ਕੇ, ਨਿੰਮੋਝੂਣੇ ਹੁੰਦੇ ਹੋਏ ਖ਼ਾਲੀ ਹੱਥ ਵਾਪਸ ਪਰਤ ਗਏ। ਚਮਕੌਰ ਦੀ ਜੰਗ ਵਿੱਚ ਲੜਣ ਵਾਲੇ ਸ਼ੁਰਬੀਰ ਯੋਧੇ 5 ਪਿਆਰਿਆਂ ਵਿੱਚੋ 3 ਪਿਆਰਿਆਂ (ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ) ਤੋਂ ਇਲਾਵਾ ਅਜ਼ਬ ਸਿੰਘ, ਅਜਾਇਬ ਸਿੰਘ ਤੇ ਅਨਿਕ ਸਿੰਘ (ਸਪੁੱਤਰ ਭਾਈ ਮਨੀ ਸਿੰਘ ਜੀ), ਭਾਈ ਆਲਮ ਸਿੰਘ ਨੱਚਣਾ, ਭਾਈ ਸੰਗਤ ਸਿੰਘ, ਭਾਈ ਸੰਤ ਸਿੰਘ ਬੰਗੇਸ਼ਰੀ, ਭਾਈ ਕਿਰਪਾ ਰਾਮ (ਜੋ ਕਸ਼ਮੀਰੀ ਪੰਡਿਤਾਂ ਲਈ ਗੁਰੂ ਤੇਗ਼ ਬਹਾਦਰ ਜੀ ਕੋਲ਼ ਫ਼ਰਿਆਦੀ ਬਣ ਕੇ ਆਇਆ ਸੀ), ਭਾਈ ਨਾਨੂ ਰਾਏ ਤੇ ਬਾਕੀ ਸਿੰਘ ਮੁਗ਼ਲਾਂ ਦੇ ਆਹੂ ਲਾਹੁੰਦੇ ਹੋਏ ਸ਼ਹਾਦਤ ਦਾ ਜ਼ਾਮ ਪੀ ਗਏ।

ਸਾਕਾ ਚਮਕੌਰ, ਜਿੱਥੇ ਸਾਡੇ ਕੁਰਬਾਨੀਆਂ ਭਰੇ ਇਤਿਹਾਸ ਦਾ ਪ੍ਰਤੀਕ ਹੈ, ਉੱਥੇ ਸਿੱਖ ਨੌਜਵਾਨ ਜੋ ਆਪਣੇ ਮਾਣਮੱਤੇ ਇਤਿਹਾਸ ਨੂੰ ਭੁੱਲ ਰਹੇ ਹਨ ਉਨ੍ਹਾਂ ਲਈ ਪ੍ਰੇਰਨਾ ਸ੍ਰੋਤ ਵੀ ਹੈ ਕਿ ਕਿਵੇਂ ਸਿੱਖ ਧਰਮ ਦੀ ਆਨ ਅਤੇ ਸ਼ਾਨ ਲਈ ਉਹ ਆਪਾ ਵਾਰ ਗਏ। ਇਹ ਸਾਕਾ ਨੌਜਵਾਨਾਂ ਨੂੰ ਆਪਣੇ ਮਨਾਂ ਅੰਦਰ ਝਾਤੀ ਮਾਰਨ ਦੀ ਯਾਦ ਦਿਵਾਉਂਦਾ ਹੈ ਕਿ ਆਪਣੇ ਹਮ ਉਮਰ ਵੱਡੇ ਵੀਰਾਂ (ਸਾਹਿਬਜ਼ਾਦਿਆਂ) ਦੀ ਕੁਰਬਾਨੀ ਨੂੰ ਤੱਕੋ। ਆਪਣੇ ਵਿਰਸੇ ਦੀ ਪਛਾਣ ਕਰਨਾ ਹੀ ਸਾਡਾ ਚਮਕੌਰ ਦੇ ਸ਼ਹੀਦਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੈ। ਅੱਲਾ ਯਾਰ ਖਾਂ ਅਖੀਰ ਵਿੱਚ ਲਿਖਦੇ ਹਨ :

ਬਸ ਏਕ ਹਿੰਦ ਮੇਂ ਤੀਰਥ ਹੈ ਯਾਤ੍ਰਾ ਕੇ ਲਿਯੇ।

ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਿਯੇ।…       

ਭਟਕਤੇ ਫਿਰਤੇ ਹੈਂ ਕਿਉਂ ? ਹੱਜ ਕਰੇਂ ਯਹਾਂ ਆ ਕਰ।

ਯਿ ਕਾਬਾ ਪਾਸ ਹੈ ਹਰ ਏਕ ਖਾਲਸਾ ਕੇ ਲਿਯੇ।….       

ਮਿਜ਼ਾਰ ‘ਗੰਜਿ ਸ਼ਹੀਦਾਂ’ ਹੈ ਉਨ ਸ਼ਹੀਦੋਂ ਕਾ।

ਫਰਿਸ਼ਤੇ ਜਿਨ ਕੀ ਤਰਸਤੇ ਥੇ ਖ਼ਾਕਿ ਪਾ ਕੇ ਲਿਯੇ।

ਦਿਲਾਈ ਪੰਥ ਕੋ ਸਰ-ਬਾਜ਼ੀਓ ਸੇ ਸਰਦਾਰੀ,

ਬਰਾਇ ਕੌਮ ਯਿ ਰੁਤਬੇ ਲਹੂ ਬਹਾ ਕੇ ਲੀਏ।