ਸਾਕਾ ਸਰਹੰਦ (ਛੋਟੇ ਸਾਹਿਬਜ਼ਾਦੇ)

0
497

ਸਾਕਾ ਸਰਹੰਦ (ਛੋਟੇ ਸਾਹਿਬਜ਼ਾਦੇ)

ਹਰਪ੍ਰੀਤ ਸਿੰਘ

ਸਰਸਾ ਨਦੀ ਤੋਂ ਵਿਛੜ ਕੇ ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦੇ ਜੰਗਲ ਬੀਆਬਾਨ ਵਿੱਚ ਚੱਲਦੇ ਹੋਏ ਰਾਤ ਦੇ ਹਨ੍ਹੇਰੇ ਵਿੱਚ ਸਤਲੁਜ ਦਰਿਆ ਦੇ ਕੰਢੇ ਕੁੱਮੇ ਮਾਸ਼ਕੀ (ਜਿਸ ਨੂੰ ਕਈ ਇਤਿਹਾਸਕਾਰਾਂ ਨੇ ਕਰੀਮ ਬਖਸ਼ ਵੀ ਲਿਖਿਆ ਹੈ) ਦੀ ਛੰਨ ’ਤੇ ਪਹੁੰਚੇ। ਜੋ ਕਿ ਪਿੰਡ ਚੱਕ ਢੇਰਾ ਕਹਾਉਂਦਾ ਹੈ। ‘ਕਥਾ ਗੁਰੂ ਘਰ ਕੇ ਸੂਤਨ ਕੀ’ (ਕਿਰਤ ਕਵਿ ਦੁਨਾ ਸਿੰਘ ਹੰਡੂਰੀ), ਇਸ ਗੱਲ ਦੀ ਗਵਾਹੀ ਭਰਦਾ ਹੈ। ਇੱਥੇ ਕੁੱਮੇ ਮਾਸ਼ਕੀ ਨੇ ਮਾਤਾ ਜੀ ਨੂੰ ਆਪਣੇ ਪਾਸ ਆਰਾਮ ਕਰਨ ਲਈ ਕਹਿ, ਪਿੰਡ ਤੋਂ ਪ੍ਰਸ਼ਾਦਾ ਲੈਣ ਲਈ ਚਲਾ ਗਿਆ। ਲੱਛਮੀ ਨਾਂ ਦੀ ਇਹ ਮਾਈ ਪਰਮਾਤਮਾ ਦੀ ਨੇਕ ਭਗਤ ਸੀ ਅਤੇ ਲੋੜਵੰਦ-ਰਾਹਗੀਰ ਨੂੰ ਲੰਗਰ ਪ੍ਰਸ਼ਾਦਾ ਛਕਾਉਂਦੀ ਸੀ। ਕੁੱਮੇ ਨੇ ਸਾਰੀ ਗੱਲ ਮਾਤਾ ਲਛਮੀ ਨੂੰ ਦਸੀ ਜਿਸ ਨੇ ਜਲਦੀ ਨਾਲ ਪ੍ਰਸ਼ਾਦਾ ਤਿਆਰ ਕਰ ਕੇ ਦਿੱਤਾ ਅਤੇ ਉਸ ਨੂੰ ਕਿਹਾ ਕਿ ਸਵੇਰੇ ਮੈਂ ਦਰਸ਼ਨ ਵੀ ਕਰ ਲਵਾਂਗੀ ਅਤੇ ਪ੍ਰਸ਼ਾਦਾ ਵੀ ਨਾਲ ਹੀ ਲੈ ਆਵਾਂਗੀ। ਇੱਧਰ ਦਾਦੀ ਮਾਂ ਅਤੇ ਛੋਟੇ ਸਾਹਿਬਜ਼ਾਦੇ ਦੀ ਆਪਸੀ ਵਾਰਤਾ ਦਾ ਖ਼ਿਆਲ ਅੱਲਾ ਯਾਰ ਖਾਂ ਨੇ ਇਉਂ ਕਲਮਬੱਧ ਕੀਤਾ ਹੈ :

ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿਧਰ ਗਏ।

ਦਰਿਯਾ ਪੇ ਹਮ ਕੋ ਛੋਡ ਕੇ ਰਾਹੀ ਕਿਧਰ ਗਏ।       

ਅਤੇ ਵੱਡੇ ਸਾਹਿਬਜ਼ਾਦਿਆਂ ਨਾਲ ਨਾਰਾਜ਼ਗੀ ਦੀ ਗੱਲ ਕਰਦੇ ਅੱਲਾ ਯਾਰ ਖਾਂ ਲਿਖਦੇ ਹਨ :

ਜਬ ਰਨ ਅਜੀਤ ਜੀਤ ਕੇ ਤਸ਼ਰੀਫ ਲਾਏਂਗੇ।

ਅੱਬਾ ਕੇ ਸਾਥ ਜਿਸ ਘੜੀ ਜੁਝਾਰ ਆਏਂਗੇ।

ਕਰਕੇ ਗਿਲਾ ਹਰ ਏਕ ਸੇ ਹਮ ਰੂਠ ਜਾਏਂਗੇ।

ਮਾਤ ਕਭੀ, ਪਿਤਾ ਕਭੀ ਭਾਈ ਮਨਾਏਂਗੇ।

ਹਮ ਕੋ ਗਲੇ ਲਗਾ ਕਰ ਕਹੇਂਗੇ ਵਹੁ ਬਾਰ ਬਾਰ।

ਮਾਨ ਜਾਓ ਲੇਕਿਨ ਹਮ ਨਹੀ ਮਾਨੇਂਗੇ ਜ਼ੀਨਹਾਰ।੪੯।

ਇਕਰਾਰ ਲੇਂਗੇ ਸਭ ਸੇ ਭੁਲਾਨਾ ਨ : ਫਿਰ ਕਭੀ।….       

ਹਮ ਕੋ ਅਕੇਲੇ ਛੋਡ ਕੇ ਜਾਨਾ ਨ : ਫਿਰ ਕਭੀ।

ਕਰ ਦੇਤੇ ਹੈ ਯੌਂ ਹਮ ਕੋ ਰੁਲਾਨਾ ਨ : ਫਿਰ ਕਭੀ।

ਪਰ ਦਾਦੀ ਮਾਂ ਤਾਂ ਆਉਣ ਵਾਲੇ ਭਿਆਨਕ ਸਮੇਂ ਬਾਰੇ ਸੋਚ ਰਹੀ ਸੀ ਕਿ ਇਹਨਾਂ ਕੋਮਲ ਬੱਚਿਆਂ ਨਾਲ ਕੀ ਬੀਤੇਗੀ ਅਤੇ ਇਹਨਾਂ ਨੂੰ ਹੁਣ ਮੈ ਕਿਸ ਪਾਸੇ ਲੈ ਕੇ ਜਾਵਾਂ ਕਿ ਇਹ ਆਪਣੀ ਮਾਤਾ ਤੇ ਭਰਾਵਾਂ ਨੂੰ ਮਿਲ ਪੈਣ, ਇਸ ਖ਼ਿਆਲ ਨੂੰ ਅੱਲਾ ਯਾਰ ਖਾਂ ਲਿਖਦੇ ਹਨ :

ਕਹਤੀ ਥੀ ਜੀ ਮੇਂ ਲੇ ਕੇ ਇਨ੍ਹੇਂ ਕਿਸ ਤਰਫ਼ ਕੋ ਜਾਊਂ।

ਬੇਟੇ ਕੋ ਬਹੁਓਂ ਕੋ ਯਾ-ਰੱਬ ਮੈਂ ਕੈਸੇ ਪਾਊਂ।

ਲਖ਼ਤਿ-ਜਿਗਰ ਕੇ ਲਾਲ ਯਿਹ ਦੋਨੋ ਕਹਾਂ ਛਪਾਊਂ।

ਤੁਰਕੋਂ ਸੇ, ਰਾਜਪੂਤੋਂ ਸੇ ਕਿਉਂ ਕਰ ਇਨਹੇ ਬਚਾਊਂ।

ਇੱਧਰ ਕੁੰਮਾਂ ਮਾਸ਼ਕੀ; ਮਾਤਾ ਜੀ ਅਤੇ ਸਾਹਿਬਜ਼ਾਦਿਆਂ ਲਈ ਪ੍ਰਸ਼ਾਦਾ ਲੈ ਕੇ ਆਇਆ। ਮਾਤਾ ਜੀ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਲਾਲਾਂ ਨੂੰ ਪ੍ਰਸ਼ਾਦਾ ਛਕਾਇਆ। ਦਾਦੀ ਮਾਂ ਤੋਂ ਆਪਣੇ ਪਿਤਾ, ਭਰਾਵਾ ਬਾਰੇ ਪੁੱਛਦੇ ਤੇ ਦਿਨ-ਰਾਤ ਦੀ ਥਕਾਨ ਦੇ ਟੁੱਟੇ ਮਾਤਾ ਜੀ ਨਾਲ ਗਲਵੱਕੜੀ ਪਾ ਸੋਂ ਗਏ। ਅਗਲੇ ਦਿਨ ਸਵੇਰੇ ਮਾਈ ਲੱਛਮੀ; ਗੁਰੂ ਮਾਤਾ ਜੀ ਦੇ ਦਰਸ਼ਨਾਂ ਨੂੰ ਆਈ ਤੇ ਪ੍ਰਸ਼ਾਦਾ ਲਿਆ ਹਾਜ਼ਰ ਕੀਤਾ। ਇੱਥੋਂ ਗੰਗੂ; ਮਾਤਾ ਜੀ ਤੇ ਦੋਵੇਂ ਸਾਹਿਜ਼ਾਦਿਆ ਨੂੰ ਆਪਣੇ ਨਾਲ ਪਿੰਡ ਸਹੇੜੀ ਲੈ ਗਿਆ। ਪੁਸਤਕ ‘ਕਥਾ ਗੁਰੂ ਜੀ ਕੇ ਸੂਤਨ ਦੀ’ ਵਿੱਚ ਭਾਈ ਦੂਨਾ ਸਿੰਘ ਹੰਡੂਰੀਆਂ ਲਿਖਦਾ ਹੈ ਕਿ ਉਹ ਕੁੰਮੇ ਮਾਸ਼ਕੀ ਨੂੰ ਦੱਸਦਾ ਹੈ ਕਿ ਉਹਨਾਂ ਨੂੰ ਸਰਸਾ ਨਦੀ ਦੇ ਪਰਵਾਰ ਵਿਛੋੜੇ ਦੀ ਘਟਨਾ ਦਾ ਪਤਾ ਚੱਲਿਆ ਹੈ ਤੇ ਉਹ, ਗੁਰੂ ਸਾਹਿਬ ਅਤੇ ਗੁਰੂ ਪੁੱਤਰਾਂ ਨੂੰ ਭਾਲ ਰਿਹਾ ਹੈ। ਮੈਨੂੰ ਪਤਾ ਚੱਲਿਆ ਕਿ ਦਾਦੀ ਮਾਂ ਤੇ ਛੋਟੇ ਸਾਹਿਬਜ਼ਾਦੇ ਤੇਰੇ ਕੋਲ ਹਨ। ਮੈ ਉਹਨਾਂ ਨੂੰ ਲੈਣ ਆਇਆ ਹਾਂ (ਜਦਕਿ ਇਹ ਬਹੁਤ ਮਕਾਰੀ ਤੇ ਚਾਲਬਾਜ ਬੰਦਾ ਸੀ ਅਤੇ ਲਾਲਚ ਵੱਸ ਆ ਹੁਣ ਵੀ ਇਸ ਦੇ ਮਨ ਵਿੱਚ ਮਾਤਾ ਗੁਜਰੀ ਜੀ ਪਾਸੋਂ ਮੋਹਰਾਂ ਤੇ ਗਠਰੀ ਹਥਿਆਉਣ ਦੀ ਮਨਸ਼ਾ ਸੀ)। ਉਹ ਮਾਤਾ ਗੁਜਰੀ ਜੀ ਅਤੇ ਦੋਹਾਂ ਸਾਹਿਬਜ਼ਾਦਿਆਂ ਨੂੰ ਮੋਰਿੰਡੇ ਕੋਲ ਪਿੰਡ ਸਹੇੜੀ ਆਪਣੇ ਘਰ ਲੈ ਗਿਆ। ਬੇਈਮਾਨ ਗੰਗੂ ਨੇ ਜਾਣ ਬੁੱਝ ਕੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਬਹੁਤ ਹੀ ਮਾੜਾ ਭੋਜਨ ਦਿੱਤਾ। ਮਾਤਾ ਜੀ ਨੇ ਉਸ ਨੂੰ ਚੰਗੇ ਭੋਜਨ ਲਈ ਰਸਦ ਲਿਆਉਣ ਵਾਸਤੇ ਮੋਹਰਾਂ ਦਿੱਤੀਆਂ। ਮੋਹਰਾਂ ਦੀ ਥੈਲੀ ਵੇਖ ਇਸ ਦਾ ਦਿਲ ਹੋਰ ਬੇਈਮਾਨ ਹੋ ਗਿਆ ਅਤੇ ਰਾਤ ਨੂੰ ਇਹ ਥੈਲੀ ਚੋਰੀ ਕਰਨ ਦੀ ਵਿਓਂਤਾ ਬਣਾਉਣ ਲੱਗਾ ਅਤੇ ਉਸ ਨੇ ਰਾਤ ਨੂੰ ਥੈਲੀ ਚੁੱਕ ਲਈ ਤੇ ਲੁਕਾ ਦਿੱਤੀ।

ਕਹਤੇ ਹੈ ਜਬ ਕਿ ਵਕਤ ਹੁਆ ਆਧੀ ਰਾਤ ਕਾ।

ਜੀ ਮੇਂ ਕਿਯਾ ਨ: ਖੌਫ ਕੁਛ ਆਕਾ ਕੀ ਮਾਤ ਕਾ।

ਮੁਹਰੋਂ ਕਾ ਬਦਰਾ ਔਰ ਵੁਹ ਡੱਬਾ ਉਡਾ ਗਯਾ।

ਧੋਖੇ ਸੇ ਬ੍ਰਾਹਮਨ ਵੁਹ ਖ਼ਜਾਨਾ ਚੁਰਾ ਗਯਾ।੫੯॥…      

ਦੁਨਿਯਾ ਮੇਂ ਅਪਨੇ ਨਾਮ ਕੋ ਬਦਨਾਮ ਕਰ ਗਯਾ।

ਦੁਸ਼ਮਨ ਭੀ ਜੋ ਨਾ ਕਰਤਾ ਵੁਹ ਯਿਹ ਕਾਮ ਕਰ ਗਯਾ।੬੦॥ (ਅੱਲਾ ਯਾਰ ਖਾਂ)

ਜਦੋਂ ਸਵੇਰੇ ਮਾਤਾ ਗੁਜਰੀ ਜੀ ਨੂੰ ਮੋਹਰਾਂ ਦੀ ਥੈਲੀ ਨਾ ਮਿਲੀ ਤਾਂ ਉਹਨਾਂ ਨੇ ਸਹਿਜ ਸੁਭਾ ਗੰਗੂ ਤੋਂ ਉਸ ਥੈਲੀ ਬਾਰੇ ਪੁੱਛਿਆ। ਅੱਗੋਂ ਗੰਗੂ ਨੇ ਜਾਣ ਬੁੱਝ ਕੇ ਰੋਲਾ ਪਾ ਦਿੱਤਾ ਕਿ ਉਸ ਨੂੰ ਚੋਰ ਬਣਾਇਆ ਜਾ ਰਿਹਾ ਹੈ ਅਤੇ ਇਸ ਤਰਾਂ ਬੜਬੜਾਉਂਦਾ ਹੋਇਆ, ਉਸ ਨੇ ਮਾੜੀ ਨੀਯਤ ਕਰਕੇ ਮੋਰਿੰਡੇ ਦੇ ਥਾਣੇਦਾਰ ਨੂੰ ਖ਼ਬਰ ਦੇ ਕੇ ਬੱਚਿਆਂ ਨੂੰ ਫੜਵਾ ਦਿੱਤਾ।

ਚੁਪਚਾਪ ਘਰ ਸੇ ਚਲ ਦਿਯਾ ਫਿਰ ਵੁਹ ਨਮਕ ਹਰਾਮ।

ਪਹੁੰਚਾ ਵੁਹ ਇਸ ਜਗਹ ਪ: ਮੋਰਿੰਡਾ ਥਾ ਜਿਸ ਕਾ ਨਾਮ।..

ਖੁਫੀਯ: ਕੁਛ ਉਨ ਸੇ ਕਰਨੇ ਲਗਾ ਬਦਸਯਰ ਕਲਾਮ।

ਮਤਲਬ ਥਾ ਜਿਸ ਕਾ, ਘਰ ਮਿਰੇ ਸਤਗੁਰ ਕੇ ਲਾਲ ਹੈਂ।..

ਰਾਜੋਂ ਸੇ ਔਰ ਨਵਾਬ ਸੇ ਦਿਲਵਾਓ ਅਗਰ ਇਨਾਮ..

ਅਲਕਿੱਸਾ ਲੇ ਕੇ ਸਾਥ ਵੁਹ ਜਾਸੂਸ ਆ ਗਯਾ।

ਪਕੜਾਨੇ ਸ਼ਾਹਜ਼ਾਦੋਂ ਕੋ ਮਨਹੂਸ ਆ ਗਯਾ।

ਮੋਰਿੰਡੇ ਦੇ ਹਾਕਮ ਜਾਨੀ ਖਾਂ-ਮਾਨੀ ਖਾਂ ਕੋਲ ਮੁਖ਼ਬਰੀ ਕਰਕੇ ਮਾਤਾ ਜੀ ਤੇ ਬੱਚਿਆਂ ਨੂੰ ਗ੍ਰਿਫ਼ਤਾਰ ਕਰਾ 23 ਦਸੰਬਰ 1705 ਨੂੰ ਸੂਬ੍ਹਾ ਸਰਹਿੰਦ ਦੇ ਹਵਾਲੇ ਕਰ ਦਿੱਤਾ। ਉਸ ਰਾਤ ਉਹਨਾਂ ਨੂੰ ਕਿਲ੍ਹੇ ਦੇ ਠੰਢੇ ਬੁਰਜ ਵਿੱਚ ਰੱਖਿਆ ਗਿਆ। ਇੱਥੇ ਲੰਗਰ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ, ਪਰ ਸੂਬਾ ਸਰਹੰਦ ਪਾਸ ਇੱਕ ਗ਼ਰੀਬ ਪਰਵਾਰ ਨਾਲ ਸੰਬੰਧਿਤ ਮੋਤੀ ਰਾਮ ਮਹਿਰਾ, ਰਸੋਈਖ਼ਾਨੇ ਵਿੱਚ ਨੌਕਰੀ ਕਰਦਾ ਸੀ, ਉਸ ਨੇ ਘਰ ਆ ਕੇ ਆਪਣੀ ਘਰਵਾਲੀ ਨੂੰ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੇ ਫੜੇ ਜਾਣ ਦੀ ਸਾਰੀ ਵਾਰਤਾ ਦੱਸੀ ਅਤੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਲਈ ਦੁੱਧ ਤੇ ਪ੍ਰਸ਼ਾਦਾ ਲਿਜਾਉਣ ਦਾ ਪ੍ਰਬੰਧ ਕੀਤਾ ਸੀ। ਤਿੰਨੇ ਦਿਨ, ਇਹ ਪਰਵਾਰ ਚੋਰੀ ਛਿਪੇ ਦੁੱਧ ਦੀ ਸੇਵਾ ਕਰਦਾ ਰਿਹਾ। ਹਕੂਮਤ ਨੂੰ ਇਸ ਗੱਲ ਦੀ ਖ਼ਬਰ ਦਾ ਪਤਾ ਚਲਿਆ ਤਾਂ ਵਜ਼ੀਰ ਖ਼ਾਂ ਨੇ ਤੁਰੰਤ ਹੀ ਸਾਰੇ ਪਰਵਾਰ ਨੂੰ ਕੋਹਲੂ ਵਿੱਚ ਪੀੜਵਾ ਦਿੱਤਾ।

ਚਮਕੌਰ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਨਿਕਲ ਜਾਣ ਦੀ ਨਮੋਸ਼ੀ ਕਰਕੇ ਜਦੋਂ ਵਜੀਰ ਖ਼ਾਂ ਵਾਪਸ ਸਰਹੰਦ ਪਹੁੰਚਿਆ ਤਾਂ ਉਸ ਨੂੰ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੇ ਫੜੇ ਜਾਣ ਦੀ ਖ਼ਬਰ ਮਿਲੀ ਤਾਂ ਉਹ ਬਹੁਤ ਖੁਸ਼ ਹੋਇਆ। ਉਹ, ਮਨ ਅੰਦਰ ਬਹੁਤ ਖੁਸ਼ ਹੋ ਰਿਹਾ ਸੀ ਕਿ ਬੱਚਿਆ ਨੂੰ ਡਰਾ ਧਮਕਾ ਕੇ ਜਾਂ ਲਾਲਚ ਦੇ ਕੇ ਇਸਲਾਮ ਧਰਮ ਵਿੱਚ ਮਿਲਾ ਲਵਾਂਗਾ ਤੇ ਇਹ ਖ਼ਬਰ ਸੁਣ ਕੇ ਔਰੰਗਜ਼ੇਬ ਬਹੁਤ ਖੁਸ਼ ਹੋਵੇਗਾ ਤੇ ਮੈਨੂੰ ਮੂੰਹ ਮੰਗਿਆ ਇਨਾਮ ਮਿਲੇਗਾ। ਨਾਲ ਹੀ ਬਾਕੀ ਸਿੱਖਾਂ ਨੂੰ ਵੀ ਬੱਚਿਆਂ ਦੇ ਰਾਹੀਂ ਮੁਸਲਮਾਨ ਬਣਾ ਲਵਾਂਗਾ। ਦੂਜੇ ਦਿਨ ਸਾਹਿਬਜ਼ਾਦਿਆਂ ਨੂੰ ਸੂਬਾ ਸਰਹਿੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਕਚਹਿਰੀ ਵਿੱਚ ਸਾਹਿਬਜ਼ਾਦਿਆਂ ਨੂੰ ਦੀਨ ਕਬੂਲ ਕਰਨ ਲਈ ਲਾਲਚ ਦੇਣ ਤੇ ਡਰਾਉਣ-ਧਮਕਾਉਣ ਦੇ ਯਤਨ ਕੀਤੇ ਗਏ। ਸਾਹਿਬਜ਼ਾਦਿਆਂ ਨੇ ਸੂਬਾ ਸਰਹਿੰਦ ਨੂੰ ਆਪਣਾ ਧਰਮ ਛੱਡਣ ਤੋਂ ਦਲੇਰੀ ਨਾਲ ਇਨਕਾਰ ਕਰ ਦਿੱਤਾ। ਇਸ ਵਾਰਤਾ ਦਾ ਜ਼ਿਕਰ ਅੱਲਾ ਯਾਰ ਖ਼ਾਂ ਇੰਝ ਕਰਦਾ ਹੈ :

ਸਤਗੁਰ ਕੇ ਲਾਡਲੋਂ ਨੇ ਦਿਯਾ ਰੁਅਬ ਸੇ ਜਵਾਬ।

ਆਤੀ ਨਹੀਂ ਸ਼ਰਮ ਹੈ ਜ਼ਰਾ ਤੁਝ ਕੋ ਐ ਨਵਾਬ !

ਦੁਨਿਯਾ ਕੇ ਪੀਛੇ ਕਰਤਾ ਹੈ ਕਯੋਂ ਦੀਨ ਕੋ ਖਰਾਬ।

ਕਿਸ ਜਾ ਲਿਖਾ ਹੈ ਜੁਲਮ ਦਿਖਾ ਤੋਂ ਹਮੇਂ ਕਿਤਾਬ।

ਤਅਲੀਮ ਜੋਰ ਕੀ ਕਹੀਂ ਕੁਰਾਨ ਮੇਂ ਨਹੀਂ।

ਖ਼ੂਬੀ ਤੁਮ੍ਹਾਰੇ ਸ਼ਾਹ ਕੇ ਈਮਾਨ ਮੇਂ ਨਹੀਂ।੮੦॥

ਵਜ਼ੀਰ ਖਾਂ ਨੇ ਕਾਜ਼ੀ ਦੀ ਰਾਇ ਲਈ ਕਿ ਸਾਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਕੀ ਸਜ਼ਾ ਦਿੱਤੀ ਜਾ ਸਕਦੀ ਹੈ। ਕਾਜ਼ੀ ਨੇ ਕਿਹਾ ਕਿ ਇਸਲਾਮ ਵਿੱਚ ਬੱਚਿਆਂ ਨੂੰ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਹੈ। ਵਜ਼ੀਰ ਖ਼ਾਨ ਵੀ ਕਿਸੇ ਹੱਦ ਤੱਕ ਬੱਚਿਆਂ ਦਾ ਕਤਲ ਆਪਣੇ ਮੱਥੇ ’ਤੇ ਲਾਉਣ ਤੋਂ ਬਚਣਾ ਚਾਹੁੰਦਾ ਸੀ। ਦੀਵਾਨ ਸੁੱਚਾ ਨੰਦ ਨਹੀਂ ਸੀ ਚਾਹੁੰਦਾ ਕਿ ਸਾਹਿਬਜ਼ਾਦਿਆਂ ਨੂੰ ਛੱਡਿਆ ਜਾਵੇ।

ਇਤਿਹਾਸਿਕ ਹਵਾਲਿਆਂ ਅਨੁਸਾਰ ਸੁੱਚਾ ਨੰਦ ਨੇ ਬੱਚਿਆ ਨੂੰ ਪੁੱਛਿਆ ਕਿ ‘ਜੇਕਰ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ ? ਤਾਂ ਸਾਹਿਬਜ਼ਾਦਿਆਂ ਨੇ ਜਵਾਬ ਦਿੱਤਾ ਕਿ ‘ਪਹਿਲੀ ਗੱਲ ਤਾਂ ਤੁਸੀਂ ਸਾਨੂੰ ਛੱਡਣਾ ਹੀ ਨਹੀਂ, ਪਰ ਫਿਰ ਵੀ ਜੇਕਰ ਤੁਸੀਂ ਸਾਨੂੰ ਛੱਡ ਦਿੰਦੇ ਹੋ ਤਾਂ ਅਸੀਂ ਫਿਰ ਸਿੰਘਾਂ ਨੂੰ ਇਕੱਠੇ ਕਰਾਂਗੇ ਅਤੇ ਅਖੀਰਲੇ ਦਮ ਤੱਕ ਜ਼ੁਲਮ ਤੇ ਜ਼ਾਲਮ ਦੇ ਖਿਲਾਫ ਲੜਦੇ ਰਹਾਂਗੇ।

ਉਸ ਨੇ ਵਜ਼ੀਰ ਖਾਨ ਨੂੰ ਉਕਸਾਇਆ ਕਿ ਇਹਨਾਂ ਬੱਚਿਆਂ ਨੂੰ ਛੱਡਣਾ ਸਿਆਣਪ ਨਹੀਂ ਹੋਵੇਗੀ। ਹੁਣ ਉਸ ਨੇ ਨਵਾਬ ਮਾਲੇਰਕੋਟਲਾ ਨੂੰ ਕਿਹਾ ਕਿ ਉਹ ਚਾਹੇ ਤਾਂ ਆਪਣੀ ਮਰਜ਼ੀ ਅਨੁਸਾਰ ਇਨ੍ਹਾਂ ਬੱਚਿਆਂ ਨੂੰ ਸਜ਼ਾ ਦੇ ਕੇ ਆਪਣੇ ਭਰਾ ਨਾਹਰ ਖਾਂ ਤੇ ਭਾਣਜੇ (ਖ਼ਿਜ਼ਰ ਖਾਂ) ਦਾ ਬਦਲਾ ਲੈ ਸਕਦਾ ਹੈ ਜਿਹੜੇ ਕਿ ਚਮਕੌਰ ਦੀ ਜੰਗ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਮਾਰੇ ਗਏ ਸਨ। ਸ਼ੇਰ ਖਾਨ ਨੇ ਅੱਗੋਂ ਕਿਹਾ ਕਿ ਮੇਰਾ ਭਰਾ ਚਮਕੌਰ ਦੀ ਜੰਗ ਵਿੱਚ ਮਾਰਿਆ ਗਿਆ ਸੀ। ਮੈਂ ਇਹਨਾਂ ਸ਼ੀਰ-ਖੋਰਾਂ ਤੋਂ ਕੋਈ ਬਦਲਾ ਨਹੀਂ ਲੈਣਾ ਚਾਹੁੰਦਾ। ਅੱਲ੍ਹਾ ਯਾਰ ਖ਼ਾਂ ਲਿਖਦਾ ਹੈ :

ਬਦਲਾ ਹੀ ਲੇਨਾ ਹੋਗਾ ਤੋ ਲੇਂਗੇ ਬਾਪ ਸੇ।

ਮਹਿਫ਼ੂਜ਼ ਰਖੇ ਹਮ ਕੋ ਖ਼ੁਦਾ ਐਸੇ ਪਾਪ ਸੇ।

ਸਾਹਿਬਜ਼ਾਦਿਆਂ ਨੂੰ ਝੁਕਦਾ ਨਾ ਵੇਖ ਉਹਨਾਂ ਨੂੰ ਝੂਠ ਵੀ ਬੋਲਿਆ ਗਿਆ ਕਿ ਤੁਹਾਡਾ ਪਿਤਾ ਤੇ ਦੋਵੇਂ ਭਰਾ ਮਾਰੇ ਗਏ ਹਨ ਪਰ ਉਹ ਸਾਹਿਬਜ਼ਾਦਿਆਂ ਨੂੰ ਆਪਣੇ ਧਰਮ ਤੋਂ ਡੇਗ ਨਾ ਸਕੇ। ਅਖੀਰ ਕੋਈ ਚਾਰਾ ਨਾ ਵੇਖ ਕਾਜ਼ੀ ਪਾਸੋਂ ਬੱਚਿਆਂ ਨੂੰ ਕੰਧਾਂ ਵਿੱਚ ਚਿਣੇ ਜਾਣ ਦਾ ਫ਼ਤਵਾ ਦੇ ਦਿੱਤਾ। ਬੱਚਿਆਂ ਨੂੰ ਕੰਧਾਂ ਵਿੱਚ ਚਿਣਿਆ ਗਿਆ। ਕੰਧ ਜਦੋਂ ਮੋਢਿਆਂ ਤੱਕ ਆਈ ਤਾਂ ਡਿਗ ਪਈ ਸੀ। ਬੱਚਿਆਂ ਦੇ ਫੁੱਲਾਂ ਵਰਗੇ ਸਰੀਰ ਇਸ ਚੋਟ ਨੂੰ ਨਾ ਸਹਾਰਦੇ ਹੋਏ ਬੇਹੋਸ਼ ਹੋ ਗਏ। ਇਤਿਹਾਸ ਵਿੱਚ ਜ਼ਿਕਰ ਹੈ ਕਿ ਜਦੋਂ ਸਾਹਿਬਜ਼ਾਦੇ ਬੇਹੋਸ਼ ਹੋ ਕੇ ਡਿੱਗ ਪਏ ਤਾਂ ਉਹਨਾਂ ਨੂੰ ਚੁੱਕ ਕੇ ਦੁਬਾਰਾ ਸਿਪਾਹੀ; ਮਾਤਾ ਗੁਜਰੀ ਜੀ ਪਾਸ ਠੰਡੇ ਬੁਰਜ ਛੱਡ ਗਏ ਤਾਂ ਕਿ ਮਾਤਾ ਜੀ ਸਾਹਿਬਜ਼ਾਦਿਆਂ ਦੀ ਇਹ ਹਾਲਤ ਵੇਖ ਪਤੀਜ ਜਾਏ ਤੇ ਸ਼ਾਇਦ ਬੱਚੇ ਇਸਲਾਮ ਕਬੂਲ ਕਰ ਲੈਣ। ਹੋਸ਼ ਆਉਣ ’ਤੇ ਸਾਹਿਬਜ਼ਾਦਿਆਂ ਨੇ ਸਾਰੀ ਵਾਰਤਾ ਦਾਦੀ ਮਾਤਾ ਨੂੰ ਦੱਸੀ। ਮਾਤਾ ਗੁਜਰੀ ਜੀ ਨੇ ਬੱਚਿਆਂ ਨੂੰ ਗਲਵਕੜੀ ਵਿੱਚ ਲੈ ਲਿਆ ਅਤੇ ਆਪਣੇ ਵੱਡੇ-ਵੱਡੇਰਿਆਂ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਨਾ ਦਿੱਤੀ।

ਅਗਲੇ ਦਿਨ ਦੁਬਾਰਾ ਸਾਹਿਬਜ਼ਾਦਿਆਂ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਅਨੇਕਾਂ ਪੇਸ਼ਕਸ਼ਾਂ ਕੀਤੀਆਂ, ਪਰ ਸਾਹਿਬਜ਼ਾਦਿਆਂ ਨੇ ਈਨ ਨਹੀਂ ਮੰਨੀ। ਬੱਚਿਆਂ ਦੁਆਰਾ ਇਨਕਾਰ ਕਰਨ ’ਤੇ ਹੁਣ ਬੱਚਿਆਂ ਨੂੰ ਜ਼ਿਬਹ ਕਰਨ ਦਾ ਹੁਕਮ ਸੁਣਾਇਆ ਗਿਆ, ਪਰ ਕੋਈ ਵੀ ਜ਼ਲਾਦ ਸਾਹਿਬਜ਼ਾਦਿਆਂ ਨੂੰ ਕਤਲ ਕਰਨ ਲਈ ਤਿਆਰ ਨਹੀਂ ਸੀ। ਦੋ ਜਲਾਦ ‘ਸ਼ਾਸ਼ਲ ਬੇਗ ਤੇ ਬਾਸ਼ਲ ਬੇਗ’ ਜੋ ਕਿ ਕਿਸੇ ਮੁਕਦਮੇ ਵਿੱਚ ਫਸੇ ਹੋਏ ਸਨ, ਉਨ੍ਹਾਂ ਨੇ ਇਸ ਸ਼ਰਤ ਤੇ ਸਾਹਿਬਜ਼ਾਦਿਆਂ ਨੂੰ ਕਤਲ ਕਰਨਾ ਪ੍ਰਵਾਣ ਕੀਤਾ ਕਿ ਜੇਕਰ ਉਹਨਾਂ ਨੂੰ ਕੇਸ ਵਿੱਚੋ ਬਰੀ ਕਰ ਦਿੱਤਾ ਜਾਵੇਗਾ। ਜ਼ਲਾਦਾਂ ਦੀ ਇਹ ਸ਼ਰਤ ਮੰਨ ਲਈ ਤੇ ਉਹਨਾਂ ਨੇ ਦੋਵੇਂ ਬੱਚਿਆਂ ਨੂੰ ਗੋਡੇ ਹੇਠ ਦੇ ਕੇ ਪਹਿਲਾਂ ਉਹਨਾਂ ਦੇ ਗਲਾਂ ’ਤੇ ਛੁਰੀਆਂ ਫੇਰੀਆਂ, ਫਿਰ ਤੜਫਾ ਤੜਫਾ ਕੇ ਸ਼ਹੀਦ ਕੀਤਾ। ਇਹ ਸਾਰਾ ਤਸ਼ੱਦਦ ਉਹਨਾਂ ਨੇ ਕਿਵੇਂ ਬਰਦਾਸ਼ਤ ਕੀਤਾ, ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਜਦੋਂ ਇਹ ਖ਼ਬਰ ਮਾਤਾ ਗੁਜਰੀ ਜੀ ਨੂੰ ਮਿਲੀ ਤਾਂ ਮਾਤਾ ਜੀ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਅਰਦਾਸ ਕੀਤੀ। ਵਜੀਰ ਖਾਂ ਨੇ ਮਾਤਾ ਜੀ ਨੂੰ ਬੁਰਜ ਤੋਂ ਹੇਠਾ ਸੁੱਟ ਕੇ ਸ਼ਹੀਦ ਕਰ ਦਿੱਤਾ। ਇਸ ਸਾਰੇ ਘਟਨਾਕ੍ਰਮ ਨੂੰ ਅੱਲਾ ਯਾਰ ਖਾਂ ਨੇ ਇਉਂ ਕਲਮਬੱਧ ਕੀਤਾ ਹੈ :

ਹਾਥੌਂ ਮੇਂ ਹਾਥ ਡਾਲ ਕੇ ਦੋਨੋਂ ਵਹ ਨੌਨਿਹਾਲ।

ਜਪਤੇ ਹੁਏ ਜਬਾਂ ਸੇ ਬੋਲ੍ਹੇ ਸਤਿ ਸ਼੍ਰੀ ਅਕਾਲ।

ਚਿਹਰੋਂ ਪੈ ਗਮ ਕਾ ਨਾਮ ਨ ਥਾ ਔਰ ਨ ਥਾ ਮਲਾਲ।

ਜਾ ਠਹਰੇ ਸਰ ਪੈ ਮੌਤ ਕੇ ਫਿਰ ਭੀ ਨ ਥਾ ਖ਼ਯਾਲ।…

ਦੀਵਾਰ ਕੇ ਦਬਾਓ ਸੇ ਜਬ ਹਬਸਿ-ਦਮ ਹੁਆ।…

ਸਦ ਸਾਲ ਔਰ ਜੀ ਕੇ ਭੀ ਮਰਨਾ ਜਰੂਰ ਥਾ।

ਸਰ ਕੋਮ ਸੇ ਬਚਾਨਾ ਯਿਹ ਗ਼ੈਰਤ ਸੇ ਦੂਰ ਥਾ।੧੦੮॥

ਹਮ ਜਾਨ ਦੇ ਕੇ ਔਰੋਂ ਕੀ ਜਾਨੇਂ ਬਚਾ ਚਲੇ।

ਸਿੱਖੀ ਕੀ ਨੀਵ ਹਮ ਹੈ ਸਰੋਂ ਪਰ ਉਠਾ ਚਲੇ।

ਗੁਰਿਆਈ ਕਾ ਹੈ ਕਿੱਸਾ ਜਹਾਂ ਮੇਂ ਬਨਾ ਚਲੇ।

ਸਿੰਘੋਂ ਕੀ ਸਲਤਨਤ ਕਾ ਹੈ ਪੌਦ ਲਗਾ ਚਲੇ।

ਗੱਦੀ ਸੇ ਤਾਜੋ-ਤਖ਼ਤ ਬਸ ਅਬ ਕੋਮ ਪਾਏਗੀ।

ਦੁਨੀਆ ਸੇ ਜ਼ਾਲਿਮੋਂ ਕਾ ਨਿਸ਼ਾਂ ਤਕ ਮਿਟਾਏਗੀ।…

ਜੋਗੀ ਜੀ ਇਸ ਕੇ ਬਾਅਦ ਹੁਈ ਥੌੜੀ ਦੇਰ ਥੀ।

ਬਸਤੀ ਸਰਹਿੰਦ ਸ਼ਹਿਰ ਕੀ ਈਂਟੋਂ ਕਾ ਢੇਰ ਥੀ।੧੧੦॥

ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੀ ਖ਼ਬਰ ਜਦੋਂ ਦੀਵਾਨ ਟੋਡਰ ਮਲ ਦੇ ਪਰਵਾਰ ਨੂੰ ਮਿਲੀ ਤਾਂ ਉਹਨਾਂ ਨੇ ਵਜੀਰ ਖਾਂ ਪਾਸੋਂ ਮੂੰਹ ਮੰਗੀ ਕੀਮਤ ਅਦਾ ਕਰਕੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਾ ਜੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਹਿ ਸਿੰਘ ਦੇ ਸਰੀਰਾਂ ਦੀ ਸੰਭਾਲ ਕਰ ਦਾਹ ਸਸਕਾਰ ਕੀਤਾ। ਜਿੱਥੇ ਹੁਣ ਗੁਰਦੁਆਰਾ ਜੋਤੀ ਸਰੂਪ ਸੁਭਾਇਮਾਨ ਹੈ। (ਜਿਸ ਥਾਂ ’ਤੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆ ਗਿਆ ਸੀ, ਉੱਥੇ ਹੁਣ ਗੁਰਦੁਆਰਾ ਫਤਹਿਗੜ ਸਾਹਿਬ ਸੁਸ਼ੋਭਿਤ ਹੈ।)

ਜਦੋਂ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਤੋਂ ਨਿਕਲ ਕੇ ਲੰਮੇ ਜੱਟਪੁਰੇ ਪਹੁੰਚੇ ਤਾਂ ਉੱਥੇ ਉਹਨਾਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖ਼ਬਰ ਮਿਲੀ ਤਾਂ ਦੀਨੇ ਕਾਂਗੜ ਵਿੱਖੇ ਗੁਰੂ ਜੀ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਇਕ ਚਿੱਠੀ ਲਿਖੀ, ਜਿਸ ਨੂੰ ਜ਼ਫਰਨਾਮਾ ਕਰਕੇ ਯਾਦ ਕੀਤਾ ਜਾਂਦਾ ਹੈ। ਉਸ ਵਿੱਚ ਗੁਰੂ ਜੀ ਨੇ ਚਾਰ ਸਾਹਿਬਜ਼ਾਦਿਆਂ ਦਾ ਜ਼ਿਕਰ ਕੀਤਾ ਹੈ :

ਚਿਹਾ ਸ਼ੁਦ ਕਿ ਚੂੰ ਬੱਚਗਾਂ ਕੁਸ਼ਤਹ ਚਾਰ ॥

ਕਿ ਬਾਕੀ ਬਿਮਾਂਦਅਸਤੁ ਪੇਚੀਦਹ ਮਾਰ ॥੭੮॥

ਭਾਵ ਕੀ ਹੋਇਆ ਜੇ ਮੇਰੇ ਚਾਰ ਬੱਚੇ ਮਾਰੇ ਗਏ, ਅਜੇ ਤਾਂ ਕੁੰਡਲੀਆ ਨਾਗ (ਭੁਜੰਗੀ ਖ਼ਾਲਸਾ) ਬਾਕੀ ਹੈ।

ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਸੰਬੰਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਸਾਹਿਬ ਕੌਰ ਜੀ ਦੇ ਪੁੱਛਣ ’ਤੇ ਸੰਗਤ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਇਨ ਪੁਤਰਨ ਕੇ ਸੀਸ ਪਰ, ਵਾਰ ਦੀਏ ਸੁਤ ਚਾਰ, ਚਾਰ ਮੁਏ ਤੋ ਕਿਆ ਹੁਆ, ਜੀਵਤ ਕਈ ਹਜਾਰ