ਕਾਹੇ ਰੇ ਮਨ ! ਚਿਤਵਹਿ ਉਦਮੁ ?
ਗਿਆਨੀ ਅਵਤਾਰ ਸਿੰਘ
ਰਾਗੁ ਗੂਜਰੀ ਮਹਲਾ ੫ ॥
ਕਾਹੇ ਰੇ ਮਨ ! ਚਿਤਵਹਿ ਉਦਮੁ; ਜਾ ਆਹਰਿ ਹਰਿ ਜੀਉ ਪਰਿਆ ॥
ਸੈਲ ਪਥਰ ਮਹਿ ਜੰਤ ਉਪਾਏ; ਤਾ ਕਾ ਰਿਜਕੁ ਆਗੈ ਕਰਿ ਧਰਿਆ ॥੧॥
ਮੇਰੇ ਮਾਧਉ ਜੀ ! ਸਤਸੰਗਤਿ ਮਿਲੇ, ਸੁ ਤਰਿਆ ॥
ਗੁਰ ਪਰਸਾਦਿ ਪਰਮ ਪਦੁ ਪਾਇਆ; ਸੂਕੇ ਕਾਸਟ ਹਰਿਆ ॥੧॥ ਰਹਾਉ ॥
ਜਨਨਿ, ਪਿਤਾ, ਲੋਕ, ਸੁਤ, ਬਨਿਤਾ; ਕੋਇ ਨ ਕਿਸ ਕੀ ਧਰਿਆ ॥
ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ; ਕਾਹੇ ਮਨ ! ਭਉ ਕਰਿਆ ॥੨॥
ਊਡੇ ਊਡਿ, ਆਵੈ ਸੈ ਕੋਸਾ; ਤਿਸੁ ਪਾਛੈ ਬਚਰੇ ਛਰਿਆ ॥
ਤਿਨ ਕਵਣੁ ਖਲਾਵੈ; ਕਵਣੁ ਚੁਗਾਵੈ; ਮਨ ਮਹਿ ਸਿਮਰਨੁ ਕਰਿਆ ॥੩॥
ਸਭਿ ਨਿਧਾਨ, ਦਸ ਅਸਟ ਸਿਧਾਨ; ਠਾਕੁਰ ਕਰ ਤਲ ਧਰਿਆ ॥
ਜਨ ਨਾਨਕ ! ਬਲਿ ਬਲਿ ਸਦ ਬਲਿ ਜਾਈਐ; ਤੇਰਾ ਅੰਤੁ ਨ ਪਾਰਾਵਰਿਆ ॥੪॥੫॥
(ਸੋ ਦਰੁ ਗੂਜਰੀ/ਮਹਲਾ ੫/੧੦)
ਵਿਚਾਰ ਅਧੀਨ ਸ਼ਬਦ ਪੰਜਵੇਂ ਪਾਤਸ਼ਾਹ ਜੀ ਦੁਆਰਾ ਉਚਾਰਿਆ ਗਿਆ ਹੈ, ਜਿਸ ਦੇ ਚਾਰ ਬੰਦ ਅਤੇ ਇੱਕ ‘ਰਹਾਉ’ ਤੁਕ ਹੈ। ਇਸ ਵਿੱਚ ਪੂਰੇ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ; ਜਿਵੇਂ ਕਿ ‘‘ਮੇਰੇ ਮਾਧਉ ਜੀ ! ਸਤਸੰਗਤਿ ਮਿਲੇ, ਸੁ ਤਰਿਆ ॥ ਗੁਰ ਪਰਸਾਦਿ ਪਰਮ ਪਦੁ ਪਾਇਆ; ਸੂਕੇ ਕਾਸਟ ਹਰਿਆ ॥੧॥ ਰਹਾਉ ॥ ਅਰਥ : ਹੇ ਮਾਇਆ ਦੇ ਪਤੀ (ਪ੍ਰਭੂ) ਜੀ ! ਜੋ ਮਨੁੱਖ, ਗੁਰੂ ਦੀ ਕਿਰਪਾ ਨਾਲ਼ ਸਤਸੰਗਤਿ ਵਿੱਚ ਮਿਲ ਬੈਠਦੇ ਹਨ, ਉਨ੍ਹਾਂ ਦਾ ਮੁਰਝਾਇਆ ਹੋਇਆ ਹਿਰਦਾ (ਸੰਗਤ ’ਚ ਮਿਲ ਕੇ) ਖਿੜ ਗਿਆ ਅਤੇ ਸਭ ਤੋਂ ਉੱਚਾ ਰੁਤਬਾ ਹਾਸਲ ਕਰ ਲਿਆ। ਉਹ (ਸਤਿਸੰਗੀ; ਮਾਇਆ ਤੋਂ) ਤਰ ਗਿਆ॥ਰਹਾਉ॥
‘ਰਹਾਉ’ ਤੁਕ ’ਚ ਰੱਬ ਲਈ ‘ਮਾਧਉ’ ਸ਼ਬਦ ਵਰਤਿਆ ਹੈ ਕਿਉਂਕਿ ਪੂਰੇ ਸ਼ਬਦ ’ਚ ‘ਮਨ’ ਨੂੰ ‘ਮਾਇਆ’ ਤੋਂ ਮੁਕਤ ਕਰਨਾ ਹੈ। ਸ਼ਬਦ ਦੇ ਪਹਿਲੇ ਬੰਦ ’ਚ ਅੱਧੀ ਤੁਕ ਹੈ ‘‘ਕਾਹੇ ਰੇ ਮਨ ! ਚਿਤਵਹਿ ਉਦਮੁ; ਜਾ ਆਹਰਿ ਹਰਿ ਜੀਉ ਪਰਿਆ ॥’’ ਅਰਥ : ਹੇ ਮਨ ! (ਮਾਇਆ ਲਈ) ਤੂੰ ਨਿੱਤ ਨਵਾਂ-ਨਵਾਂ ਯਤਨ/ਹੀਲਾ ਕਿਉਂ ਸੋਚਦਾ ਹੈਂ, ਨਵੀਂ ਸਕੀਮ ਕਿਉਂ ਘੜਦਾ ਰਹਿੰਦਾ ਹੈਂ ? (ਜਗਤ ਨੂੰ ਪਾਲਣ ਵਾਲ਼ੀ) ਜਿਸ ਸਕੀਮ (ਕਾਰ) ਵਿੱਚ ਹਰੀ-ਮਾਲਕ ਪਹਿਲਾਂ ਤੋਂ ਆਪ ਹੀ ਨਿਰੰਤਰ ਲੱਗਿਆ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ‘ਜਪੁ’ ਬਾਣੀ ਦੀ 29ਵੀਂ ਪਉੜੀ ’ਚ ਵੀ ਇਹੀ ਸਮਝਾ ਰਹੇ ਹਨ ‘‘ਸੰਜੋਗੁ ਵਿਜੋਗੁ ਦੁਇ, ਕਾਰ ਚਲਾਵਹਿ; ਲੇਖੇ ਆਵਹਿ ਭਾਗ …..॥੨੯॥ (ਜਪੁ) ਯਾਨੀ ਮਾਲਕ ਦੀ ਸੰਜੋਗ ਸੱਤਾ (ਜੀਵਾਂ ਦੇ ਪਰਵਾਰਿਕ ਸੰਬੰਧ ਬਣਾਨ ਵਾਲ਼ੀ ਕੜੀ) ਅਤੇ ਵਿਜੋਗ ਸੱਤਾ (ਪਰਵਾਰਿਕ ਸੰਬੰਧ ਤੋੜਨ/ਮਾਰਨ ਵਾਲ਼ੀ ਕੜੀ) ਦੋਵੇਂ ਮਿਲ ਕੇ ਜਗਤ-ਕਾਰ ਚਲਾ ਰਹੀਆਂ ਹਨ ਅਤੇ ਜੀਵਾਂ ਦੇ ਨਸੀਬ ਮੁਤਾਬਕ ਹਰੇਕ ਦੇ ਹਿੱਸੇ ਭਾਗ (ਦੁੱਖ-ਸੁੱਖ) ਆਉਂਦੇ ਹਨ।
ਨੋਟ : ਉਕਤ ਤੁਕ ਦੇ ਅਰਥ ਕਰਦਿਆਂ ਦੋ ਗੱਲਾਂ ਵੱਲ ਵਿਸ਼ੇਸ਼ ਧਿਆਨ ਦੇਣਾ ਹੈ (ੳ). ‘ਉਦਮੁ’ ਦਾ ਅਰਥ ‘ਉਦਮ ਲਈ’ (ਸੰਪਰਦਾਨ ਕਾਰਕ) ਨਹੀਂ ਕਰਨਾ, ਨਹੀਂ ਤਾਂ ‘ਉਦਮੁ’; ਗੁਰਬਾਣੀ ਲਿਖਤ ਮੁਤਾਬਕ ਅੰਤ ਮੁਕਤ (ਉਦਮ) ਹੋਣਾ ਸੀ। (ਅ). ‘ਉਦਮੁ’ ਦਾ ਅਰਥ ਓਹੀ ਕਰਨਾ ਹੈ, ਜੋ ‘ਆਹਰਿ’ ਦਾ ਹੈ ਕਿਉਂਕਿ ਜੋ ਸਕੀਮ ਮਨ ਬਣਾਉਂਦਾ ਹੈ ਓਹੀ ਸਕੀਮ ਕਰਨਾ; ਰੱਬ ਦਾ ਕਾਰਜ-ਖੇਤਰ ਸਾਬਤ ਕਰਨਾ ਹੈ। ਚੇਤੇ ਰਹੇ ਕਿ ‘ਆਹਰਿ’ ਦਾ ਅਰਥ ‘ਅਹਾਰ’ ਜਾਂ ‘ਆਹਾਰ’ ਨਹੀਂ ਕਿਉਂਕਿ ਇਨ੍ਹਾਂ ਦਾ ਅਰਥ ਹੈ ‘ਭੋਜਨ, ਖ਼ੁਰਾਕ’; ਜਿਵੇਂ ਕਿ ‘‘ਜੀਅ ਜੰਤ (ਨੂੰ) ਦੇਵੈ ਆਹਾਰ ॥ (ਮਹਲਾ ੫/੧੧੪੮), ਦੇਇ (ਕੇ) ਅਹਾਰੁ ਅਗਨਿ ਮਹਿ (ਗਰਭ ’ਚ) ਰਾਖੈ; ਐਸਾ ਖਸਮੁ ਹਮਾਰਾ ॥’’ (ਭਗਤ ਧੰਨਾ/੪੮੮)
‘ਰਹਾਉ’ ਤੁਕ ਅਤੇ ਪਹਿਲੇ ਬੰਦ ਦੀ ਉਕਤ ਅੱਧੀ ਤੁਕ ਤੋਂ ਇਲਾਵਾ ਇਸ ਸ਼ਬਦ ਦਾ ਅੰਤਮ ਚੌਥਾ ਬੰਦ ‘‘ਸਭਿ ਨਿਧਾਨ, ਦਸ ਅਸਟ ਸਿਧਾਨ; ਠਾਕੁਰ ਕਰ ਤਲ ਧਰਿਆ ॥ ਜਨ ਨਾਨਕ ! ਬਲਿ ਬਲਿ ਸਦ ਬਲਿ ਜਾਈਐ; ਤੇਰਾ ਅੰਤੁ ਨ ਪਾਰਾਵਰਿਆ ॥੪॥’’ ਸਮਝਾਉਣ ਲਈ ਹੀ ਗੁਰੂ ਸਾਹਿਬ ਨੇ ਇਹ ਸ਼ਬਦ ਉਚਾਰਿਆ ਹੈ, ਬਾਕੀ ਪੂਰਾ ਸ਼ਬਦ ਤਾਂ ਮਨੁੱਖ ਦੇ ਪੰਜ ਗਿਆਨ ਇੰਦ੍ਰਿਆਂ (ਅੱਖ, ਕੰਨ, ਨੱਕ, ਜੀਭ, ਤ੍ਵਚਾ) ਨੂੰ ਤਸੱਲੀ ਕਰਾਉਣ ਲਈ ਸਮਾਜਿਕ ਮਿਸਾਲਾਂ ਹੀ ਦਿੱਤੀਆਂ ਹਨ। ਇਨ੍ਹਾਂ ਉਦਾਹਰਨਾਂ ਰਾਹੀਂ ਅਸਲ ਗੁਰਮਤਿ ’ਤੇ ਭਰੋਸਾ ਕਰਨਾ ਹੈ, ਨਾ ਕਿ ਉਸ ਉੱਤੇ ਵੀ ਗਿਆਨ-ਇੰਦ੍ਰਿਆਂ ਰਾਹੀਂ ਕਿੰਤੂ-ਪਰੰਤੂ ਕਰਨਾ ਹੈ।
ਪਹਿਲੇ ਬੰਦ ਦੀ ਬਾਕੀ ਅੱਧੀ ਤੁਕ ’ਚ ਪਹਿਲੀ ਮਿਸਾਲ ਹੈ ‘‘ਸੈਲ ਪਥਰ ਮਹਿ ਜੰਤ ਉਪਾਏ; ਤਾ ਕਾ ਰਿਜਕੁ ਆਗੈ ਕਰਿ ਧਰਿਆ ॥੧॥’’ ਅਰਥ : (ਹੇ ਮਨ ! ਵੇਖ; ਜਿਵੇਂ) ਪੱਥਰ-ਚਟਾਨ ਵਿੱਚ ਜੀਵ-ਜੰਤ ਪੈਦਾ ਕੀਤੇ ਹੁੰਦੇ ਹਨ, ਉਨ੍ਹਾਂ ਦਾ ਰਿਜ਼ਕ (ਮਾਇਆ ਦੇ ਪਤੀ ਨੇ ਉਨ੍ਹਾਂ ਦੇ ਪੈਦਾ ਹੋਣ ਤੋਂ) ਪਹਿਲਾਂ ਹੀ (ਪੱਥਰ ਰੂਪ ’ਚ) ਬਣਾ ਰੱਖਿਆ ਹੁੰਦਾ ਹੈ।
ਨੋਟ : ਇਸ ਤੁਕ ’ਚ ‘ਆਗੈ’ ਦਾ ਅਰਥ ਹੈ ‘ਪਹਿਲਾਂ’; ਜਿਵੇਂ ਕਿ ‘ਨਗਰ-ਕੀਰਤਨ ਦੇ ਅੱਗੇ-ਅੱਗੇ ਸਫ਼ਾਈ ਕਰੋ।, ਬਰਾਤ ਦੇ ਅੱਗੇ-ਅੱਗੇ ਬਿਸਤਰੇ ਲਗਾਓ ਯਾਨੀ ਉਨ੍ਹਾਂ ਦੇ ਆਉਣ ਤੋਂ ਪਹਿਲਾਂ-ਪਹਿਲਾਂ, ਮੂਹਰੇ-ਮੂਹਰੇ ਇਹ ਕੰਮ ਕਰਨਾ ਹੈ। ਪੰਜਵੇਂ ਪਾਤਸ਼ਾਹ ਜੀ ਦਾ ਹੀ ਬਚਨ ਹੈ ਕਿ ‘‘ਪਹਿਲੋ ਦੇ ਤੈਂ ਰਿਜਕੁ ਸਮਾਹਾ ॥ ਪਿਛੋ ਦੇ ਤੈਂ ਜੰਤੁ ਉਪਾਹਾ ॥ ਤੁਧੁ ਜੇਵਡੁ ਦਾਤਾ ਅਵਰੁ ਨ ਸੁਆਮੀ ! ਲਵੈ ਨ ਕੋਈ ਲਾਵਣਿਆ ॥’’ (ਮਹਲਾ ੫/੧੩੦) ਅਰਥ : ਹੇ ਸੁਆਮੀ ! (ਇੱਥੇ ਵੀ ਰੱਬ ਨੂੰ ਮਾਲਕ ਸਿੱਧ ਕਰਨ ਲਈ ‘ਸੁਆਮੀ’ ਸ਼ਬਦ ਵਰਤਿਆ) ਤੈਂ, ਜੀਵ ਨੂੰ ਪੈਦਾ ਕਰਨ ਤੋਂ ਪਹਿਲਾਂ (ਉਸ ਦਾ) ਰਿਜ਼ਕ ਬਣਾਇਆ, ਫਿਰ (ਉਹ) ਪੈਦਾ ਕੀਤਾ ਹੈ। ਤੇਰੇ ਵਰਗਾ ਐਸਾ ਸਮਰੱਥ ਦਾਤਾ ਹੋਰ ਕੋਈ ਨਹੀਂ, ਜਿਸ ਨੂੰ ਤੇਰੇ ਬਰਾਬਰ ਰੱਖਿਆ ਜਾਵੇ।
ਸ਼ਬਦ ਦੇ ਦੂਜੇ ਬੰਦ ’ਚ ਅਗਲੀ ਮਿਸਾਲ ਹੈ ‘‘ਜਨਨਿ, ਪਿਤਾ, ਲੋਕ, ਸੁਤ, ਬਨਿਤਾ; ਕੋਇ ਨ ਕਿਸ ਕੀ ਧਰਿਆ ॥ ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ; ਕਾਹੇ ਮਨ ! ਭਉ ਕਰਿਆ ॥੨॥ ਅਰਥ : ਹੇ ਮਨ ! ਮਾਤਾ, ਪਿਤਾ, ਸਮਾਜ-ਰਿਸ਼ਤੇਦਾਰ, ਪੁੱਤਰ, ਪਤਨੀ ਆਦਿ ਕੋਈ ਕਿਸੇ ਦਾ ਆਸਰਾ-ਸਹਾਰਾ (ਰਿਜ਼ਕ ਦੇਣ ਵਾਲ਼ਾ) ਨਹੀਂ। ਕੇਵਲ ਠਾਕੁਰੁ (ਇੱਥੇ ਵੀ ‘ਠਾਕੁਰੁ’ ਭਾਵ ਮਾਲਕ) ਹੀ ਹਰ ਇੱਕ ਦੇ ਜ਼ਿੰਮੇ (ਸਿਰ ’ਤੇ) ਰਿਜ਼ਕ ਅਪੜਾਉਂਦਾ ਹੈ, ਇਸ ਲਈ ਤੂੰ ਕਿਉਂ ਘਬਰਾਉਂਦਾ ਹੈਂ ?
ਸ਼ਬਦ ਦੇ ਤੀਜੇ ਬੰਦ ’ਚ ਅਗਲੀ ਮਿਸਾਲ ਹੈ ‘‘ਊਡੇ ਊਡਿ, ਆਵੈ ਸੈ ਕੋਸਾ; ਤਿਸੁ ਪਾਛੈ ਬਚਰੇ ਛਰਿਆ ॥ ਤਿਨ ਕਵਣੁ ਖਲਾਵੈ; ਕਵਣੁ ਚੁਗਾਵੈ; ਮਨ ਮਹਿ ਸਿਮਰਨੁ ਕਰਿਆ ॥੩॥ ਅਰਥ : ਹੇ ਮਨ ! ਵੇਖ; ਜਿਵੇਂ ਕੂੰਜ ਉੱਡ-ਉੱਡ ਕੇ (ਆਪਣੇ ਬੱਚਿਆਂ ਤੋਂ) ਸੈਂਕੜੇ ਕੋਹ ਦੂਰ ਆ ਜਾਂਦੀ ਹੈ। ਉਸ ਨੇ ਆਪਣੇ ਬੱਚੇ ਪਿੱਛੇ ਛੱਡੇ ਹੁੰਦੇ ਹਨ। ਉਨ੍ਹਾਂ ਨੂੰ ਕੌਣ ਖਵਾਉਂਦਾ ਹੈ ? ਕੌਣ ਚੋਗਾ ਦਿੰਦਾ ਹੈ ? (ਕੂੰਜ; ਆਪਣੇ) ਮਨ ਵਿੱਚ (ਕੇਵਲ ਉਨ੍ਹਾਂ ਨੂੰ) ਯਾਦ ਕਰਦੀ ਹੈ (ਜੋ ਉਨ੍ਹਾਂ ਲਈ ਖ਼ੁਰਾਕ ਬਣਾ ਜਾਂਦੀ ਹੈ)।
ਅਧਿਆਪਕ ਬੱਚਿਆਂ ਨੂੰ ਕੋਈ ਸਿਲੇਬਸ ਸਰਲ ਕਰਨ ਲਈ ਇੱਕ ਦੋ ਮਿਸਾਲਾਂ ਦਿੰਦਾ ਹੈ ਜਾਂ ਵੱਧ ਤੋਂ ਵੱਧ ਤਿੰਨ। ਜ਼ਰੂਰਤ ਤੋਂ ਵੱਧ ਮਿਸਾਲ ਦੇਣ ਨਾਲ਼ ਅਸਲ ਵਿਸ਼ਾ ਦੱਬ ਜਾਂਦਾ ਹੈ, ਸਪਸ਼ਟ ਨਹੀਂ ਹੁੰਦਾ ਕਿਉਂਕਿ ਮਿਸਾਲ; ਵਿਸ਼ਾ ਬਣ ਚੁੱਕੀ ਹੁੰਦੀ ਹੈ। ਸੋ ਉਕਤ ਤਿੰਨ ਮਿਸਾਲਾਂ ਦੇਣ ਤੋਂ ਬਾਅਦ; ਅਸਲ ਸਚਾਈ ਕਿ ਸਾਰੇ ਜੀਵ-ਜੰਤਾਂ ਨੂੰ ਮਾਲਕ ਪਾਲ਼ਦਾ ਹੈ, ਜਿਨ੍ਹਾਂ ਨੂੰ ਦ੍ਰਿੜ੍ਹ ਹੋ ਗਿਆ, ਉਨ੍ਹਾਂ ਅੰਦਰੋਂ ਬਣੀ ਭਾਵਨਾ ਹੀ ਗੁਰੂ ਸਾਹਿਬ ਜੀ ਨੇ ਸ਼ਬਦ ਦੇ ਅੰਤਮ/ਚੌਥੇ ਬੰਦ ’ਚ ਦਰਜ ਕੀਤੀ ਹੈ; ਜਿਵੇਂ ਕਿ ‘‘ਸਭਿ ਨਿਧਾਨ, ਦਸ ਅਸਟ ਸਿਧਾਨ; ਠਾਕੁਰ ਕਰ ਤਲ ਧਰਿਆ ॥ ਜਨ ਨਾਨਕ ! ਬਲਿ ਬਲਿ ਸਦ ਬਲਿ ਜਾਈਐ; ਤੇਰਾ ਅੰਤੁ ਨ ਪਾਰਾਵਰਿਆ ॥੪॥’’ ਅਰਥ : ਹੇ ਠਾਕੁਰ ! ਹੇ ਮਾਇਆ ਦੇ ਪਤੀ ! ਹੇ ਅਸਲ ਦਾਤੇ ! ਸਾਰੇ ਖ਼ਜ਼ਾਨੇ, ਅਠ੍ਹਾਰਾਂ ਕਰਾਮਾਤੀ ਸਿੱਧੀਆਂ/ਸ਼ਕਤੀਆਂ ਤੇਰੇ ਹੱਥਾਂ ਦੀ ਤਲੀ ’ਤੇ ਟਿੱਕੀਆਂ ਹਨ ਯਾਨੀ ਤੇਰੇ ਪਾਸੋਂ ਹੀ ਮਿਲਦੀਆਂ ਹਨ। ਤੇਰੇ ਤੋਂ ਸਦਾ ਕੁਰਬਾਨ ਹੋਣਾ ਬਣਦਾ ਹੈ। ਤੇਰੇ ਅੰਤ ਅਤੇ ਉਰਲੇ-ਪਰਲੇ ਕਿਨਾਰੇ ਦਾ ਕੋਈ ਰਾਜ਼ ਨਹੀਂ ਜਾਣ ਸਕਦਾ।
ਵਿਚਾਰ : ਗੁਰੂ ਨਾਨਕ ਸਾਹਿਬ ਜੀ ਨੇ ‘ਜਪੁ’ ਬਾਣੀ ਦੀ 5ਵੀਂ ਤੇ 6ਵੀਂ ਪਉੜੀ ’ਚ ਦੋ ਵਾਰ ਸਮਝਾਇਆ ਕਿ ‘‘ਸਭਨਾ ਜੀਆ ਕਾ ਇਕੁ ਦਾਤਾ; ਸੋ ਮੈ ਵਿਸਰਿ ਨ ਜਾਈ ॥੫॥’’ (ਜਪੁ), ਇਸ ਅਸਲ ਦਾਤਾਰ ਨੂੰ ਹੀ ਗੁਰਬਾਣੀ ਦੇ ਅਰੰਭਕ ਸਲੋਕ ’ਚ ‘‘ਆਦਿ ਸਚੁ; ਜੁਗਾਦਿ ਸਚੁ ॥ ਹੈ ਭੀ ਸਚੁ; ਨਾਨਕ ! ਹੋਸੀ ਭੀ ਸਚੁ ॥੧॥’’ (ਜਪੁ) ਕਿਹਾ ਹੈ, ਜੋ ਕੁਦਰਤ ਦੇ ਆਦਿ ਤੋਂ ਅੰਤ ਤੱਕ ਕਾਇਮ ਰਹੇਗਾ। ‘ਜਪੁ’ ਬਾਣੀ ਦੀ 27ਵੀਂ (ਸੋ ਦਰੁ) ਪਉੜੀ, ਜੋ ਗੁਰੂ ਗ੍ਰੰਥ ਸਾਹਿਬ ’ਚ ਤਿੰਨ ਵਾਰ ਦਰਜ ਹੈ, ਦੇ ਅੰਤ ’ਚ ਵੀ ਇਹੀ ਕਿਹਾ ‘‘ਸੋਈ ਸੋਈ, ਸਦਾ ਸਚੁ; ਸਾਹਿਬੁ ਸਾਚਾ, ਸਾਚੀ ਨਾਈ ॥ ਹੈ ਭੀ ਹੋਸੀ; ਜਾਇ ਨ ਜਾਸੀ; ਰਚਨਾ ਜਿਨਿ ਰਚਾਈ ..॥੨੭॥’’ (ਜਪੁ), ਇਸ ਪਉੜੀ ’ਚ ਬਿਆਨ ਕੀਤੀ ਬਾਕੀ ਸਾਰੀ ਪਰਜਾ, ਉਸ ਦੇ ਹੁਕਮ ’ਚ ਬੱਝੀ ਹੈ, ਦਾਤਾਂ ਭੋਗਣ ਵਾਲ਼ੀ ਹੈ ਅਤੇ ਆਰਜ਼ੀ ਰਿਸ਼ਤੇਦਾਰ ਬਣ ਸਮਾਜਿਕ ਭੂਮਿਕਾ ਨਿਭਾ ਰਹੀ ਹੈ। ‘ਜਪੁ’ ਬਾਣੀ ਦੀ ਹੀ ਤੀਜੀ ਪਉੜੀ ’ਚ ਬਚਨ ਹਨ ਕਿ ਦਾਤਾਰ ਪਿਤਾ; ਅਨੇਕਾਂ ਜੁਗਾਂ ਤੋਂ ਜੀਵਾਂ ਨੂੰ ਰਿਜ਼ਕ ਦਿੰਦਾ ਆ ਰਿਹਾ ਹੈ ਅਤੇ ਦਾਤਾਂ ਲੈਣ ਵਾਲ਼ੇ ਜੀਵ ਤਦ ਤੋਂ ਹੀ ਉਨ੍ਹਾਂ ਨੂੰ ਭੋਗਦੇ-ਭੋਗਦੇ ਥੱਕ ਜਾਂਦੇ ਹਨ ‘‘ਦੇਦਾ ਦੇ ਲੈਦੇ ਥਕਿ ਪਾਹਿ ॥ ਜੁਗਾ ਜੁਗੰਤਰਿ ਖਾਹੀ ਖਾਹਿ…॥੩॥’’ (ਜਪੁ) ਤਾਹੀਓਂ ਸੁਖਮਨੀ ਸਾਹਿਬ ’ਚ ਬਚਨ ਕੀਤੇ ਹਨ ਕਿ ਕਿਸੇ ਮਨੁੱਖ ਦੀ ਮੁਥਾਜੀ ਨਾ ਕਰੋ ‘‘ਮਾਨੁਖ ਕੀ ਟੇਕ; ਬ੍ਰਿਥੀ ਸਭ ਜਾਨੁ ॥ ਦੇਵਨ ਕਉ ਏਕੈ ਭਗਵਾਨੁ ॥…. ਮਾਰੈ ਰਾਖੈ ਏਕੋ ਆਪਿ ॥ ਮਾਨੁਖ ਕੈ, ਕਿਛੁ ਨਾਹੀ ਹਾਥਿ (’ਚ)॥’’ (ਸੁਖਮਨੀ/ਮਹਲਾ ੫/੨੮੧), ਗੁਰੂ ਅੰਗਦ ਸਾਹਿਬ ਅਤੇ ਗੁਰੂ ਰਾਮਦਾਸ ਜੀ ਵੀ ਇਹੀ ਬਚਨ ਕਰਦੇ ਹਨ; ਜਿਵੇਂ ਕਿ ‘‘ਨਾਨਕ ! ਚਿੰਤਾ ਮਤਿ ਕਰਹੁ; ਚਿੰਤਾ ਤਿਸ (ਰੱਬ ਨੂੰ) ਹੀ ਹੇਇ ॥ ਜਲ ਮਹਿ ਜੰਤ ਉਪਾਇਅਨੁ; ਤਿਨਾ ਭਿ ਰੋਜੀ ਦੇਇ ॥ ਓਥੈ ਹਟੁ ਨ ਚਲਈ; ਨਾ ਕੋ ਕਿਰਸ (ਖੇਤੀ) ਕਰੇਇ ॥ ਸਉਦਾ ਮੂਲਿ ਨ ਹੋਵਈ; ਨਾ ਕੋ ਲਏ, ਨ ਦੇਇ ॥ ਜੀਆ ਕਾ ਆਹਾਰੁ, ਜੀਅ; ਖਾਣਾ ਏਹੁ ਕਰੇਇ ॥ ਵਿਚਿ ਉਪਾਏ ਸਾਇਰਾ (ਸਮੁੰਦਰ ਦੇ); ਤਿਨਾ ਭਿ ਸਾਰ (ਸੰਭਾਲ਼) ਕਰੇਇ ॥ ਨਾਨਕ ! ਚਿੰਤਾ ਮਤ ਕਰਹੁ; ਚਿੰਤਾ ਤਿਸ ਹੀ ਹੇਇ ॥ (ਮਹਲਾ ੨/੯੫੫), ਹਰਿ ਅਗਮ ਅਗੋਚਰੁ ਸਦਾ ਅਬਿਨਾਸੀ ॥ ਸਰਬੇ ਰਵਿ ਰਹਿਆ ਘਟ ਵਾਸੀ ॥ ਤਿਸੁ ਬਿਨੁ ਅਵਰੁ ਨ ਕੋਈ ਦਾਤਾ; ਹਰਿ ਤਿਸਹਿ (ਨੂੰ), ਸਰੇਵਹੁ ਪ੍ਰਾਣੀ ਹੇ ! ॥੧॥… ਨਾ ਕਰਿ ਚਿੰਤ; ਚਿੰਤਾ ਹੈ ਕਰਤੇ (ਕਰਤਾਰ ਨੂੰ) ॥ ਹਰਿ ਦੇਵੈ, ਜਲਿ ਥਲਿ (’ਚ) ਜੰਤਾ ਸਭਤੈ (ਸਭ ਨੂੰ) ॥ ਅਚਿੰਤ ਦਾਨੁ ਦੇਇ ਪ੍ਰਭੁ ਮੇਰਾ; ਵਿਚਿ ਪਾਥਰ ਕੀਟ ਪਖਾਣੀ (ਚਟਾਨ ’ਚ ਕੀੜੇ ਨੂੰ) ਹੇ ॥੬॥’’ (ਮਹਲਾ ੪/੧੦੭੧) ਆਦਿ ਤਾਂ ਤੇ ਉਸ ਦਾਤਾਰ ਨੂੰ ਧੰਨ ਧੰਨ ਕਹਿਣਾ ਚਾਹੀਦਾ ਹੈ, ਜੋ ਨਹੀਂ ਕਹਿੰਦਾ ਉਸ ਮਨ ਨੂੰ ਗੁਰੂ ਅਰਜਨ ਸਾਹਿਬ ਜੀ ਮੂਰਖ ਮੰਨਦੇ ਹਨ ‘‘ਦਦਾ; ਦਾਤਾ ਏਕੁ ਹੈ, ਸਭ ਕਉ ਦੇਵਨਹਾਰ ॥ ਦੇਂਦੇ ਤੋਟਿ ਨ ਆਵਈ; ਅਗਨਤ ਭਰੇ ਭੰਡਾਰ ॥ ਦੈਨਹਾਰੁ; ਸਦ ਜੀਵਨਹਾਰਾ ॥ ਮਨ ਮੂਰਖ ! ਕਿਉ ਤਾਹਿ ਬਿਸਾਰਾ ?॥’’ (ਮਹਲਾ ੫/੨੫੭), ਮਾਇਆ ਮੋਹ ਕਾਰਨ ਅੰਨ੍ਹੇ ਹੋਏ ਮਨੁੱਖ ਦਾ ਇਸ ਸਚਾਈ ’ਤੇ ਭਰੋਸਾ ਬਣਦਾ ਰਹੇ ਤਾਹੀਓਂ ਵਿਚਾਰ ਅਧੀਨ ਸ਼ਬਦ ਹਰ ਸ਼ਾਮ ਨੂੰ ਰਹਰਾਸਿ ਪਾਠ ’ਚ ਪੜ੍ਹਨ ਦੀ ਹਿਦਾਇਤ ਹੈ।
ਗੁਰਬਾਣੀ ਅੰਦਰ ਭਾਵੇਂ ਸਮਾਜਿਕ, ਪਰਵਾਰਿਕ, ਵਿਗਿਆਨਿਕ, ਰਾਜਨੀਤਿਕ ਆਦਿਕ ਵਿਸ਼ਿਆਂ ’ਤੇ ਵੀ ਵਿਚਾਰ ਖੁੱਲ੍ਹ ਕੇ ਰੱਖੇ ਗਏ ਹਨ, ਪਰ ਮਨ ਨੂੰ ਅਨੰਦਿਤ ਕਰਨ ਵਾਲ਼ਾ ਅਸਲ ਵਿਸ਼ਾ ਰੂਹਾਨੀਅਤ-ਗਿਆਨ ਹੈ ਯਾਨੀ ਮਨ ਨੂੰ ਗ਼ਲਤੀ ਸਮਝਾ ਕੇ ਸਹੀ ਰਾਹ ਪਾਉਣਾ ਹੈ। ਇਸ ਨੂੰ ਹੀ ਸਵੈ ਪੜਚੋਲ ਅਤੇ ਅੰਤਰਗਤਿ ਤੀਰਥ ’ਤੇ ਇਸ਼ਨਾਨ ਕਰਨਾ, ਕਿਹਾ ਹੈ। ਜੀਵਨ ਨੂੰ ਅਨੰਦਮਈ ਬਣਾਨ ਲਈ ਗਿਆਨ ਇੰਦ੍ਰਿਆਂ (ਅੱਖ, ਕੰਨ, ਨੱਕ, ਜੀਭ, ਤ੍ਵਚਾ) ਨੂੰ ਤਰਕ ਕਰਨ ਤੋਂ ਰੋਕਣਾ ਹੈ ਅਤੇ ਗੁਰੂ ਦੇ ਅਨੁਭਵ ਗਿਆਨ ’ਤੇ ਵਿਸ਼ਵਾਸ ਕਰਨਾ ਹੈ।
ਉਕਤ ਸਚਾਈ ’ਤੇ ਭਰੋਸਾ ਨਾ ਬਣਾ ਸਕਣ ਵਾਲ਼ੇ ਮਨ ਅੰਦਰ ਇਹ ਦੁਬਿਧਾ ਵੇਖੀ ਗਈ ਕਿ ਗੁਰੂ ਸਾਹਿਬ ਨੇ ਮਨੁੱਖ ਨੂੰ ਹੱਕ-ਸੱਚ ਦੀ ਕਮਾਈ ਕਰਨ ਲਈ ਕਿਹਾ ਹੈ, ਨਾ ਕਿ ਹੱਥ ’ਤੇ ਹੱਥ ਧਰ ਕੇ ਬੈਠਣ ਲਈ; ਜਿਵੇਂ ਕਿ ‘‘ਘਾਲਿ ਖਾਇ; ਕਿਛੁ ਹਥਹੁ ਦੇਇ ॥’’ (ਮਹਲਾ ੧/੧੨੪੫) ਜਦਕਿ ਗੁਰੂ ਨਾਨਕ ਸਾਹਿਬ ਜੀ ਨੇ ਇਹ ਬਚਨ ਉਨ੍ਹਾਂ ਪਾਖੰਡੀਆਂ ਦੇ ਸੰਬੰਧ ਵਿੱਚ ਕਹੇ ਹਨ, ਜੋ ਆਪਣੇ ਆਪ ਨੂੰ ਧਾਰਮਿਕ ਰਹਿਬਰ ਵੀ ਅਖਵਾਉਂਦੇ ਹਨ ਅਤੇ ਹੋਰਾਂ ਦੁਆਰਾ ਕੀਤੀ ਮਿਹਨਤ ’ਤੇ ਨਿਰਭਰ ਵੀ ਰਹਿੰਦੇ ਹਨ ਯਾਨੀ ਗਿਆਨ ਪੱਖੋਂ ਆਪ ਸਿਆਣੇ ਬਣੇ ਹਨ, ਪਰ ਸਰੀਰਕ ਲੋੜਾਂ ਲਈ ਉਨ੍ਹਾਂ ਦੇ ਮੁਥਾਜ ਹਨ, ਜਿਨ੍ਹਾਂ ਨੂੰ ਆਪ ਅਗਿਆਨੀ ਸਮਝਦੇ ਹਨ; ਜਿਵੇਂ ਕਿ ਵਾਕ ਹੈ ‘‘ਗੁਰੁ ਪੀਰੁ ਸਦਾਏ; ਮੰਗਣ ਜਾਇ ॥ ਤਾ ਕੈ; ਮੂਲਿ ਨ ਲਗੀਐ ਪਾਇ ॥ ਘਾਲਿ ਖਾਇ; ਕਿਛੁ ਹਥਹੁ ਦੇਇ ॥ ਨਾਨਕ ! ਰਾਹੁ ਪਛਾਣਹਿ ਸੇਇ ॥’’ ਭਾਵ ਗੁਰੂ ਪੀਰ ਅਖਵਾਉਂਦੇ ਹਨ, ਪਰ ਸਰੀਰਕ ਲੋੜਾਂ ਲਈ ਪੈਰੋਕਾਰਾਂ ਦੇ ਘਰਾਂ ’ਚ ਮੰਗਣ ਜਾਂਦੇ ਹਨ। ਐਸੇ ਪਾਖੰਡੀਆਂ ਦੇ ਚਰਨੀਂ ਬਿਲਕੁਲ ਨਹੀਂ ਲੱਗਣਾ ਚਾਹੀਦਾ ਭਾਵ ਐਸੀ ਜ਼ਿੰਦਗੀ ਸੁਆਰਥੀ ਹੈ, ਨਾ ਕਿ ਸੱਚ ਆਧਾਰਿਤ। ਗੁਰੂ ਜੀ ਦਾ ਕਥਨ ਹੈ ਕਿ ਹਰ ਮਨੁੱਖ ਹੱਕ-ਸੱਚ ਦੀ ਕਮਾਈ ਆਪ ਕਰੇ ਅਤੇ ਲੋੜਵੰਦਾਂ ਦਾ ਸਹਾਰਾ ਬਣੇ। ਐਸਾ ਜੀਵਨ ਹੀ ਗੁਰੂ ਸਿੱਖਿਆ ਕਮਾ ਕੇ ਸਹੀ ਰਾਹ (ਰੱਬ ਨੂੰ) ਪਾ ਸਕਦਾ ਹੈ।
ਉਕਤ ਨੈਤਿਕਤਾ; ਸਮਾਜਿਕ ਮਨੁੱਖ ਲਈ ਹੈ ਜਦਕਿ ਵਿਚਾਰ ਅਧੀਨ ਸ਼ਬਦ ’ਚ ਕੇਵਲ ਰੱਬੀ ਭਗਤ ਯਾਨੀ ਕਿ ਜਾਗਰੂਕ ਮਨ ਨੂੰ ਕਿਹਾ ਹੈ ਕਿ ਸਰੀਰਕ ਲੋੜਾਂ ਤੱਕ ਹੀ ਨਾ ਚਿੰਤਤ ਰਹਿ। ਜੇਕਰ ਰੱਬ ਦਾ ਪਿਆਰਾ ਵੀ ਦੁਨਿਆਵੀ ਮਾਇਆ ਤੱਕ ਸੋਚਦਾ ਰਿਹਾ ਤਾਂ ਉਸ ਦੀ ਸੁਰਤਿ ਨੂੰ ਉੱਚਾ ਨਹੀਂ ਚੁੱਕਿਆ ਜਾ ਸਕਦਾ, ਰੱਬ ਨਾਲ਼ ਨਹੀਂ ਜੋੜਿਆ ਜਾ ਸਕਦਾ।
ਨਿਰੋਲ ਗੁਰਮਤਿ, ਜੋ ਅਨੁਭਵੀ/ਅਲੌਕਿਕ ਗਿਆਨ ਹਨ, ਉਸ ਉੱਤੇ ਭਰੋਸਾ ਕਰਨਾ ਹੀ ਪੈਣਾ ਹੈ। ਗਿਆਨ ਇੰਦ੍ਰਿਆਂ ਦੀ ਸੰਤੁਸ਼ਟੀ ਲਈ ਦੁਨਿਆਵੀ ਗਿਆਨ ’ਚੋਂ ਮਿਸਾਲਾਂ ਵੀ ਦਿੱਤੀਆਂ ਹਨ। ਜੇਕਰ ਫਿਰ ਵੀ ਸਿੱਖਾਂ ਅੰਦਰ ਗੁਰਮਤਿ ਬਾਰੇ ਦੁਬਿਧਾ ਹੈ ਤਾਂ ਇਹ ਉਸ ਦੇ ਮਾੜੇ ਭਾਗ ਹੀ ਹਨ। ਝੂਠੇ ਬੰਦੇ ਦੇ ਮੂੰਹ ’ਚੋਂ ਕਿਰਦੇ ਨਿਰੰਤਰ ਝੂਠ ਨੂੰ ਸਮਝਾਉਣ ਲਈ ਗੁਰੂ ਨਾਨਕ ਸਾਹਿਬ ਜੀ ਨੇ ਔਰਤ ਦੇ ਮਾਸਿਕ ਧਰਮ ਦਾ ਹਵਾਲਾ ਦਿੱਤਾ ਹੈ ਕਿ ਜਿਵੇਂ ਔਰਤ ਆਪਣਾ ਮਾਸਿਕ ਧਰਮ ਰੋਕ ਨਹੀਂ ਸਕਦੀ ਓਸੇ ਤਰ੍ਹਾਂ ਝੂਠਾ ਬੰਦਾ ਆਪਣੀ ਝੂਠ ਬੋਲਣ ਦੀ ਆਦਤ ਨਹੀਂ ਛੱਡ ਸਕਦਾ। ਗੁਰੂ ਜੀ ਦੇ ਬਚਨ ਹਨ ‘‘ਜਿਉ ਜੋਰੂ ਸਿਰਨਾਵਣੀ; ਆਵੈ ਵਾਰੋ ਵਾਰ ॥ ਜੂਠੇ ਜੂਠਾ ਮੁਖਿ (’ਚ) ਵਸੈ; ਨਿਤ ਨਿਤ ਹੋਇ ਖੁਆਰੁ ॥’’ (ਆਸਾ ਕੀ ਵਾਰ/ਮਹਲਾ ੧/੪੭੨), ਹੁਣ ਜੇਕਰ ਕੋਈ ਔਰਤ ਦੀ ਦਿੱਤੀ ਇਸ ਮਿਸਾਲ ਨੂੰ ਗੁਰਮਤਿ ਸਿਧਾਂਤ ਸਮਝ ਕੇ ਔਰਤਾਂ ਨੂੰ ਪੰਜ ਪਿਆਰਿਆਂ ਵਿੱਚ ਸ਼ਾਮਲ ਨਾ ਕਰੇ ਜਾਂ ਦਰਬਾਰ ਸਾਹਿਬ ਵਿੱਚ ਕੀਰਤਨ ਨਾ ਕਰਨ ਦੇਵੇ ਤਾਂ ਇਹ ਗੁਰਮਤਿ ਦਾ ਵਿਰੋਧ ਹੀ ਹੈ। ਮਨ ਦਾ ਭਰਮ ਹੀ ਹੈ ਕਿ ਸਚਾਈ ਉਜਾਗਰ ਕਰਨ ਵਾਲ਼ੇ ਦਾ ਵਿਰੋਧ ਕਰਨ ਲਈ ਅੰਮ੍ਰਿਤਧਾਰੀ ਔਰਤਾਂ ਖ਼ੁਦ ਵੀ ਉਨ੍ਹਾਂ ਨਾਲ਼ ਜਾ ਖੜ੍ਹਦੀਆਂ ਹਨ।
ਉਕਤ ਮਿਸਾਲ ਨੂੰ ਗੁਰਮਤਿ ਸਮਝ ਕੇ ਕੁਰਾਹੇ ਪਏ ਲੋਕਾਂ ਵਾਙ ਵਿਚਾਰ ਅਧੀਨ ਸ਼ਬਦ ’ਚ ਵੀ ਅਸਲ ਦਾਤੇ (ਮਾਧਉ, ਸੁਆਮੀ, ਠਾਕੁਰ) ’ਤੇ ਭਰੋਸਾ ਪੈਦਾ ਕਰਾਉਣ ਲਈ ਸਮਾਜਿਕ ਰਿਸ਼ਤੇ ’ਚੋਂ ਦਿੱਤੀ ਮਿਸਾਲ; ਜਿਵੇਂ ਕਿ ‘‘ਜਨਨਿ, ਪਿਤਾ, ਲੋਕ, ਸੁਤ, ਬਨਿਤਾ; ਕੋਇ ਨ ਕਿਸ ਕੀ ਧਰਿਆ ॥’’ ਦੇ ਅਰਥਾਂ ’ਚ ਮਨ ਦੇ ਵਿਕਾਰਾਂ ਨੂੰ ਹੀ ‘ਮਾਤਾ, ਪਿਤਾ, ਪੁੱਤਰ’ ਆਦਿ ਨਾਂ ਦੇ ਕੇ, ਕੀਤੇ ਅਰਥ ਕਿ ‘ਹੇ ਮਨ ! ਇਹ (ਮਾਤਾ ਪਿਤਾ ਰੂਪ ਸੰਬੰਧੀ) ਤੇਰੇ ਸਦੀਵੀ ਸਾਥੀ ਨਹੀਂ, ਇਹ ਤੇਰਾ ਅਸਲ ਸਹਾਰਾ ਨਹੀਂ’ ਆਦਿ ਵਿਆਖਿਆ ਨਾਲ਼ ਦੁਬਿਧਾ ਘਟਣ ਦੀ ਬਜਾਇ ਹੋਰ ਵਧਦੀ ਹੈ ਕਿ ਸਰੀਰ ਅੰਦਰ ਐਸੀ ਕਿਹੜੀ ਸ਼ਕਤੀ ਹੈ, ਜੋ ‘ਮਨ’ ਦਾ ਅਸਲ ਸਹਾਰਾ ਹੈ ? ਜੇਕਰ ਇਨਸਾਨੀਅਤ ਗੁਣਾਂ ਨੂੰ ਮਨ ਦਾ ਅਸਲ ਸਹਾਰਾ ਮੰਨੀਏ ਤਾਂ ਇਹ ਸਮਾਜਿਕ ਬਿਰਤੀ ਹੀ ਹੈ, ਜਿਸ ਨੂੰ ਇਸ ਪੂਰੇ ਸ਼ਬਦ ’ਚ ਵਾਰ-ਵਾਰ ਝੂਠਾ ਸਾਬਤ ਕੀਤਾ ਹੈ, ਜੋ ਸਾਥ ਨਿਭਣ ਵਾਲ਼ਾ ਨਹੀਂ। ਵੈਸੇ ਇਹ ਅਰਥ; ਨਿਰਾਕਾਰ-ਅਦ੍ਰਿਸ਼ ਦਾਤਾਰ ਦੀ ਹੋਂਦ ਤੋਂ ਮੁਨਕਰ ਹੋਣਾ ਦਾ ਸੰਕੇਤ ਹੈ ਤਾਹੀਓਂ ਦਿੱਤੀ ਮਿਸਾਲ ਨੂੰ ਅਸਲ ਗੁਰਮਤਿ ਵਿਸ਼ਾ ਬਣਾਨ ਦਾ ਯਤਨ ਹੈ।
ਸਿੱਖਾਂ ਅੰਦਰ ਗੁਰਬਾਣੀ ਨੂੰ ਆਪ ਸਮਝ ਕੇ, ਅਨੁਭਵ ਰੂਪ ’ਚ ਅਪਣਾਅ ਕੇ ਹੋਰਾਂ ਨੂੰ ਦ੍ਰਿੜ੍ਹਤਾ ਨਾਲ਼ ਗੁਰਮਤਿ ਸਮਝਾਉਣ ਵਾਲ਼ੇ ਗੁਰਸਿੱਖ ਭਾਵੇਂ ਅੱਜ ਘੱਟ ਹਨ ਪਰ ਗੁਰਬਾਣੀ ਨੂੰ ਸਮਝਣ ’ਚ ਆਪ ਅਸਮਰੱਥ ਪ੍ਰਚਾਰਕ, ਕਈ ਮਿਲ ਜਾਣਗੇ, ਜਿਨ੍ਹਾਂ ਕਾਰਨ ਸੰਗਤਾਂ ’ਚ ਗੁਰਮਤਿ ਸਿਧਾਂਤ ਦੀ ਸਪਸ਼ਟਤਾ ਦੀ ਥਾਂ ਦੁਬਿਧਾ ਵਧਦੀ ਵੇਖੀ ਜਾ ਸਕਦੀ ਹੈ।