32 C
Jalandhar
Monday, April 6, 2026
spot_img
Home Blog Page 20

ਗੁਰੂ ਘਰ ਦਾ ਵਜ਼ੀਰ (ਗ੍ਰੰਥੀ)

0

ਗੁਰੂ ਘਰ ਦਾ ਵਜ਼ੀਰ (ਗ੍ਰੰਥੀ)

ਕਥਾਵਾਚਕ ਲਵਪ੍ਰੀਤ ਸਿੰਘ ਜੀ-96907-28413

ਇੱਕ ਪਿੰਡ ਦੇ ਗੁਰਦੁਆਰੇ ਦੀ ਕਮੇਟੀ ਨੇ ਨਵਾਂ ਗ੍ਰੰਥੀ ਰੱਖਣ ਲਈ ਇਕ ਮੀਟਿੰਗ ਬੁਲਾਈ, ਜਿਸ ਵਿੱਚ ਪ੍ਰਧਾਨ ਸਾਹਿਬ, ਸੈਕਟਰੀ, ਖ਼ਜ਼ਾਨਚੀ ਤੇ ਹੋਰ ਕਈ ਮੈਂਬਰਾਂ ਨੂੰ ਆਉਣ ਲਈ ਕਿਹਾ ਗਿਆ। ਸਾਰੇ ਸਮੇਂ ਤੋਂ ਪਹਿਲਾ ਹੀ ਆ ਕੇ ਬਹਿ ਗਏ। ਸਭ ਤੋਂ ਪਹਿਲਾ ਪ੍ਰਧਾਨ ਜੀ ਬੋਲੇ ‘ਹੰਜੀ ਦੱਸੋ ਫਿਰ ਗ੍ਰੰਥੀ ਕਿੱਦਾ ਦਾ ਹੋਵੇ’  ?

ਇੱਕ ਬੋਲਿਆ ਸਭ ਤੋਂ ਪਹਿਲਾ ਤਾਂ ਬਾਬਾ ਅਧਖੜ ਜਿਹੀ ਉਮਰ ਦਾ ਹੋਵੇ ਤੇ ਸਿਆਣਾ ਵੀ ਹੋਵੇ, ਜਿਹਨੂੰ ਪੰਜ ਬਾਣੀਆਂ ਕੰਠ ਹੋਣ ਕੀਰਤਨ ਤੇ ਕਥਾ ਕਰ ਲੈਂਦਾ ਹੋਵੇ।

ਫਿਰ ਦੂਜੇ ਨੂੰ ਪੁੱਛਿਆ ਗਿਆ ਓਹ ਕਹਿੰਦਾ,  ‘ਦੇਖੋ ਜੀ ਬਾਬੇ ਦਾ ਸਾਰਾ ਟੱਬਰ ਗੁਰਦੁਆਰੇ ਵਿਚ ਰਹੇ ਤਾਂ ਜੋ ਦਿਨ ਰਾਤ ਨਿਗਰਾਨੀ ਰਹਿ ਸਕੇ। ਬਾਬਾ ਵੀ ਸਿਰਫ ਗੁਰਦਵਾਰੇ ਵਿਚ ਰਹਿ ਕੇ ਹੀ ਪਾਠ ਕਰੂਗਾ, ਬਾਹਰ ਨਾ ਜਾਵੇ’।

ਫਿਰ ਤੀਜੇ ਨੂੰ ਪੁੱਛਿਆ ਤੇ ਓਹ ਕਹਿੰਦਾ ‘ਬਾਬਾ ਤੜਕੇ 4 ਵਜੇ ਪ੍ਰਕਾਸ਼ ਕਰੇ’।

ਏਦਾ ਕਰਦਿਆਂ ਕਰਦਿਆਂ ਸਭ ਨਾਲ਼ ਗੱਲ ਕੀਤੀ ਗਈ ਤੇ ਸਭ ਨੇ ਆਪਣੀ ਆਪਣੀ ਮੱਤ ਅਨੁਸਾਰ ਸਲਾਹਾਂ ਦਿੱਤੀਆਂ ਤੇ ਅੰਤ ਫ਼ੈਸਲਾ ਇਹ ਹੋਇਆ ਕਿ ਗ੍ਰੰਥੀ ਸਿੰਘ ਨੂੰ 7000 ਦੇਣਾ ਹੈ।

ਫਿਰ ਇੱਕ ਸਿਆਣਾ ਬਜ਼ੁਰਗ ਬੋਲਿਆ ‘7000 ਤਾਂ ਬਹੁਤ ਘੱਟ ਆ’।

ਦੂਜਾ ਬੋਲਿਆ, ‘ਲੇ ਬਾਬਿਆਂ ਨੇ ਕਰਨਾ ਈ ਕੀ ਹੁੰਦਾ  ? ਸਵੇਰੇ 2-3 ਘੰਟੇ ਪਾਠ ਤੇ ਸ਼ਾਮੀ 1 ਘੰਟਾ; ਏਨੀ ਬਹੁਤ ਆ ਫਿਰ ਬਾਬੇ ਨੂੰ ਰਹਿਣ ਨੂੰ ਵੀ ਕਮਰਾ ਦੇਣਾ, ਆਟਾ ਦੇਣਾ, ਹੋਰ ਪ੍ਰੋਗਰਾਮ ਵੀ ਆਉਣਗੇ, ਉਪਰੋਂ ਵਾਧੂ ਬਣਾ ਲਿਆ ਕਰੂ’।

ਅਗਲਾ ਦਿਨ..

ਅਗਲੇ ਦਿਨ ਇੱਕ ਗ੍ਰੰਥੀ ਸਿੰਘ ਨੂੰ ਬੁਲਾਇਆ ਗਿਆ, ਜੋ 55ਕੁ ਸਾਲ ਦਾ ਗ੍ਰੰਥੀ ਸੀ ਤੇ ਸਾਇਕਲ ’ਤੇ ਆ ਗਿਆ।

ਓਸ ਨੂੰ ਬੈਠਾਇਆ ਗਿਆ।  ਪ੍ਰਧਾਨ ਬੋਲਿਆ, ‘ਹਾਂ ਜੀ ਬਾਬਾ ਜੀ ਤੁਸੀਂ ਕਿੰਨੀ ਦੇਰ ਤੋਂ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਹੇ ਓ’

ਗ੍ਰੰਥੀ ਸਿੰਘ – ਜੀ ਮੈ ਪਿਛਲੇ ਤਕਰੀਬਨ 30 ਕੁ ਸਾਲ ਤੋਂ ਸੇਵਾ ਨਿਭਾ ਰਿਹਾਂ ਜੀ।

ਬਾਬਾ ਜੀ ਪੰਜ ਬਾਣੀਆ ਕੰਠ ਨੇ – ਸੈਕਟਰੀ ਬੋਲਿਆ।

ਗ੍ਰੰਥੀ ਸਿੰਘ – ਹਾਂ ਜੀ।

ਬਾਬਾ ਜੀ ਬਚੇ ਕਿੰਨੇ ਨੇ

ਗ੍ਰੰਥੀ ਸਿੰਘ – ਜੀ ਮੇਰੀਆਂ 2 ਧੀਆਂ ਇੱਕ ਪੁੱਤਰ ਹੈ।

ਪ੍ਰਧਾਨ ਸਾਹਿਬ ਬੋਲੇ – ਬਾਬਾ ਜੀ ਸਵੇਰੇ 4 ਵਜੇ ਪ੍ਰਕਾਸ਼ ਕਰ ਕੇ ਨਿੱਤਨੇਮ ਕਰਨਾ ਹੈ। ਫਿਰ 1 ਘੰਟਾ ਕੀਰਤਨ ਕਰਨਾ ਹੈ ਤੇ ਫਿਰ 2 ਘੰਟੇ ਪ੍ਰਸ਼ਾਦ ਵਰਤਾਉਣਾ ਹੈ। ਸ਼ਾਮ ਨੂੰ ਰਹਰਾਸਿ ਕਰ ਕੇ ਕੀਰਤਨ ਕਰਨਾ ਹੈ।

ਗ੍ਰੰਥੀ ਸਿੰਘ – ਠੀਕ ਹੈ ਜੀ।

ਬਾਬਾ ਜੀ ਤੁਹਾਨੂੰ ਅਸੀਂ 7000 ਰੁਪਈਆ ਦਿਆਂਗੇ।

ਗ੍ਰੰਥੀ ਸਿੰਘ ਬੋਲਿਆ – ਦੇਖੋ ਜੀ ਏਨੀ ਮਹਿੰਗਾਈ ਦਾ ਜ਼ਮਾਨਾ ਹੈ, 7000 ਤਾਂ ਕੁਛ ਵੀ ਨਹੀਂ। ਬੱਚਿਆਂ ਦੀ ਪੜ੍ਹਾਈ, ਦਵਾਈ, ਬਿਮਾਰੀ ਠਮਰੀ ਸੋ ਖਰਚਾ ਹੁੰਦਾ 7000 ’ਚ ਕਿੱਥੋਂ ਪੂਰਾ ਹੋਊ ?

ਦੂਜਾ ਬੋਲਿਆ- ਬਾਬਾ ਤੂੰ ਕਰਨਾ ਹੋਰ ਕੀ ਆ ?  ਸਵੇਰੇ 2-3 ਘੰਟੇ ਤੇ ਸ਼ਾਮ ਨੂੰ 1 ਘੰਟਾ ਡਿਊਟੀ; ਬਾਕੀ ਤਾਂ ਵੇਹਲੇ ਹੀ ਰਹਿਣਾ। ਫਿਰ ਆਟਾ, ਰਾਸ਼ਨ, ਰਹਿਣ ਲਈ ਕਮਰਾ ਹੋਰ ਪ੍ਰੋਗਰਾਮ ਵੀ ਆਉਣਗੇ। ਅਸੀਂ ਤਾਂ ਏਨਾ ਹੀ ਦਿਆਂਗੇ। ਨਹੀਂ ਤਾਂ ਅਸੀਂ ਕੋਈ ਹੋਰ ਲੱਭ ਲੇਨੈ ਆ।

ਗ੍ਰੰਥੀ ਸਿੰਘ ਵਿਚਾਰਾ ਕੁੱਛ ਨਾ ਬੋਲਿਆ ਚਲੋ ਜੀ ਠੀਕ ਆ ਫਿਰ ਕੱਲ੍ਹ ਤੋਂ ਆਵਾਂਗਾ।

ਪ੍ਰਧਾਨ – ਠੀਕ ਆ ਬਾਬਾ ਜੀ।

ਅਗਲੇ ਦਿਨ ਗਰੰਥੀ ਆਪਣਾ ਪਰਵਾਰ ਲੈ ਕੇ ਆ ਗਿਆ।

ਓਸ ਨੇ ਡਿਊਟੀ ਸ਼ੁਰੂ ਕਰ ਦਿੱਤੀ। ਸਵੇਰੇ 4 ਵਜੇ ਪ੍ਰਕਾਸ਼ ਕਰ ਕੇ ਪਾਠ ਕਰਿਆ ਕਰੇ। ਕੀਰਤਨ ਕਰੇ ਤੇ ਜਦੋਂ ਅਨੰਦ ਸਾਹਿਬ ਦਾ ਪਾਠ ਕਰਦਾ ਸੀ ਤਾਂ ਸਾਰੀ ਕਮੇਟੀ ਤੇ ਪਿੰਡ ਵਾਲੇ ਦੌੜੇ ਆਉਂਦੇ ਸੀ। ਫਿਰ ਆਉਂਦਿਆਂ ਓਹਦੇ ’ਤੇ ਰੋਹਬ ਮਾਰਨਾ। ਬਾਬਾ ! ਤੂੰ ਫਲਾਣਾ ਨੀ ਕੀਤਾ ਤੇ ਧਿਮਕਾ ਨੀ ਕੀਤਾ ਤੇ ਤੁਰ ਜਾਣਾ।

ਇੱਕ ਦਿਨ ਇੱਕ ਪਿੰਡ ਵਿਚ ਕਿਸੇ ਦੇ ਮੁੰਡੇ ਦਾ ਵਿਆਹ ਸੀ। ਉਹ ਆਇਆ, ਪਿੰਡ ਵਿਚ ਵੱਡੀ ਕੋਠੀ, ਕਾਰਾਂ ਦਾ ਮਾਲਕ ਸੀ। ਬਾਬਾ ਜੀ  ! ਅਸੀਂ ਅਖੰਡ ਪਾਠ ਕਰਵਾਉਣਾ ਹੈ। ਕੀ ਭੇਟਾ ਹੈ ?

ਬਾਬਾ ਜੀ – 6100 ਰੁਪਈਆ

ਅਗੋ ਬੋਲਿਆ ਬਾਬਾ ਹੱਦ ਈ ਕਰ ’ਤੀ। ਏਨੇ ਪੈਸੇ  ? ਥੋੜ੍ਹੇ ਘੱਟ ਕਰੋ।  ਤੁਸੀਂ ਤਾਂ ਬਾਣੀ ਦਾ ਮੁੱਲ ਪਾਉਣੇ ਓ।

ਗ੍ਰੰਥੀ ਸਿੰਘ ਕਹਿੰਦਾ ਚਲੋ ਕੋਈ ਨੀਂ ਤੁਸੀਂ 500 ਘੱਟ ਦੇ ਦਿਓ।

ਫਿਰ ਉਹ ਬੋਲਿਆ ਬਾਬਾ ਜੀ !  ਸਾਰੇ ਪਾਠੀ ਵਧੀਆ ਪਾਠ ਕਰਨ ਵਾਲੇ ਹੋਣ।  ਕੇਸੀ ਇਸ਼ਨਾਨ ਕਰ ਕੇ ਪਾਠ ਕਰਨ ਤੇ ਰਾਤ ਨੂੰ ਜਾਗਣ ਲਈ ਆਵਦਾ ਸੇਵਾਦਾਰ ਲੈ ਆਇਓ। ਅਸੀਂ ਪਾਠ ਤੋਂ ਅਗਲੇ ਦਿਨ ਸਵੇਰੇ ਬਰਾਤ ਜਾਣਾ । ਅਸੀਂ ਨੀ ਜਾਗ ਸਕਦੇ।

ਚਲੋ ਜੀ ਪਾਠ ਆਰੰਭ ਹੋ ਗਿਆ। ਬਾਬਾ ਜੀ ਨੇ ਅਜੇ 5 ਪਉੜੀਆ ਹੀ ਪੜ੍ਹਿਆ ਸੀ। ਸਾਰਾ ਟੱਬਰ ਦੇਗ ਲੈ ਕੇ ਬਾਹਰ ਚਲਾ ਗਿਆ। ਗੱਪਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਪਾਠੀ ਸਿੰਘ ਇਕੱਲੇ ਪਾਠ ਕਰਦੇ ਰਹੇ। ਰਾਤ ਹੋਈ ਸਾਰਾ ਟੱਬਰ ਸੌਂ ਗਿਆ।

ਜਦੋਂ ਭੋਗ ਦਾ ਦਿਨ ਆਇਆ ਫਿਰ ਰਿਸ਼ਤੇਦਾਰ ਸਾਰਾ ਟੱਬਰ ਭੋਗ ਦੇ ਸਲੋਕਾਂ ਵੇਲੇ ਆ ਕੇ ਬਹਿ ਗਿਆ ਤੇ ਕੀਰਤਨ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਗੁਰਦਵਾਰੇ ਚਲਾ ਗਿਆ। ਸ਼ਾਮ ਨੂੰ reception ਪਾਰਟੀ ਰੱਖੀ ਸੀ।

ਸਾਰੇ ਰਿਸ਼ਤੇਦਾਰ ਇਕੱਠੇ ਹੋ ਕੇ ਦਾਰੂ ਪੀ ਕੇ ਨੱਚਣ ਲੱਗੇ। ਜੀਹਨੇ ਇਕ ਅੱਖਰ ਪਾਠ ਦਾ ਨਹੀਂ ਸੁਣਿਆ। ਓਹ ਗਾਣੇ ਇੰਜ ਗਾ ਰਿਹਾ ਸੀ ਜਿਵੇਂ ਆਪ ਗਾਇਕ ਹੋਵੇ। ਜਵਾਨ ਤਾਂ ਜਵਾਨ 80-80 ਸਾਲ ਦੇ ਬਜ਼ੁਰਗ ਵੀ ਭੰਗੜੇ ਪਾਉਂਦੇ ਹੋਏ ਨਜ਼ਰ ਆਏ। ਡੀ ਜੇ ਵਾਲੇ ਉੱਪਰ ਘੱਟ ਤੋਂ ਘੱਟ 10-20 ਹਜ਼ਾਰ ਪੀ ਕੇ ਸੁੱਟ ਦਿੱਤੇ ਤੇ ਜਿਹੜੇ ਬਾਕੀ ਦਿੱਤੇ ਓਹ ਅਲੱਗ।

ਅਗਲੇ ਦਿਨ ਬਰਾਤ ਦੀ ਰਵਾਨਗੀ ਲਈ ਗੁਰਦਵਾਰੇ ਗਏ ਤੇ ਗ੍ਰੰਥੀ ਸਿੰਘ ਨੂੰ ਕਿਹਾ, ਬਾਬਾ ਜੀ ! ਅਰਦਾਸ ਏਦਾ ਦੀ ਕਰਿਓ, ਸਾਰਾ ਕੰਮ ਸੁਖ ਸ਼ਾਂਤੀ ਨਾਲ਼ ਹੋਵੇ। ਕੋਈ ਵਿਘਨ ਨਾ ਪਵੇ। ਆਹ ਲਓ 100 ਰੁਪਏ ਅਰਦਾਸ ਭੇਟਾ ! !

ਗ੍ਰੰਥੀ ਸਿੰਘ ਨੇ ਅਰਦਾਸ ਕੀਤੀ ਤੇ ਬਰਾਤ ਰਵਾਨਾ ਹੋ ਗਈ।

ਜਿੱਥੇ ਅਨੰਦ ਕਾਰਜ ਕਰਨੇ ਸੀ, ਓਸ ਗੁਰਦਵਾਰੇ ਦੇ ਗ੍ਰੰਥੀ ਨੂੰ 10 ਵਜੇ ਦਾ ਸਮਾਂ ਦਿੱਤਾ ਸੀ, ਪਰ ਪਹੁੰਚੇ ਸ਼ਾਮੀ 3: 00 ਵਜੇ। ਓਹ ਸਵੇਰ ਦਾ ਦੇਗ ਬਣਾ ਕੇ ਉਡੀਕ ਰਿਹਾ ਸੀ ਕਿ ਕਦੋਂ ਆਉਣਗੇ। ਅਨੰਦ ਕਾਰਜ ਵੇਲੇ ਫੇਰ ਪੰਗਾ ਪੈ ਗਿਆ।

ਗ੍ਰੰਥੀ ਸਿੰਘ ਨੇ ਕਿਹਾ 2100 ਰੁਪਏ ਭੇਟਾ ਹੈ। ਮੁੰਡੇ ਦਾ ਪਿਓ ਬੋਲਿਆ ਬਾਬਾ ਜੀ 2100 ਏਨੇ ਪੈਸੇ ! ! ਅਸੀਂ ਤਾਂ 1100 ਦੇਣਾ।

ਗ੍ਰੰਥੀ ਸਿੰਘ ਨੇ ਚੁੱਪ ਕਰ ਕੇ 1100 ਲਿਆ ਤੇ ਅਨੰਦ ਕਾਰਜ ਹੋ ਗਏ।

ਕੁਛ ਕੁ ਸਾਲ ਬਾਅਦ ਗ੍ਰੰਥੀ ਸਿੰਘ ਨੇ ਮੋਟਰਸਾਈਕਲ ਨਵਾਂ ਲਿਆ ਤੇ ਸਾਰੇ ਸੋਚਣ ਲੱਗੇ ਬਾਬਿਆਂ ਦੀਆਂ ਮੌਜਾਂ ਨੇ।

ਓਸ ਗੁਰੂ ਘਰ 15 ਸਾਲ ਡਿਊਟੀ ਕਰਨ ਤੋਂ ਬਾਅਦ ਓਸ ਨੇ ਆਪਣਾ ਘਰ ਬਣਾਇਆ। ਇਹ ਗੱਲ ਕੁਛ ਬੰਦਿਆ ਤੋਂ ਜਰੀ ਨਾ ਗਈ ਤੇ ਅਖੀਰ ਓਸ ਨੂੰ ਬਹਾਨਾ ਬਣਾ ਕੇ ਕੱਢ ਦਿੱਤਾ ਗਿਆ ਕਿ ਇਹ ਤਾਂ ਹੇਰਾ ਫੇਰੀਆਂ ਕਰਦਾ ਸੀ ਤਾਂ ਹੀ ਮਕਾਨ ਬਣਾ ਲਿਆ।

ਸੋ ਇਹ ਅੱਜ ਦਾ ਸੱਚ ਹੈ। ਕੌੜਾ ਜ਼ਰੂਰ ਲਗੇਗਾ। ਗਰੰਥੀ ਸਿੰਘ ਤੇ ਰਾਗੀ ਸਿੰਘਾਂ ਦਾ ਖ਼ਿਆਲ ਰੱਖੋ, ਨਹੀਂ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਸਿੱਖੀ ਨੀ ਲੱਭਣੀ। ਨਾ ਲੱਭਣੇ ਹਨ ਸਿੱਖ  ! ! ! ਧੰਨਵਾਦ।

ਕੋਈ ਦਿਸਦਾ ਨਾ ਚਾਰਾ, ਮਜ਼ਬੂਰ ਹੋ ਗਏ।

0

ਕੋਈ ਦਿਸਦਾ ਨਾ ਚਾਰਾ, ਮਜ਼ਬੂਰ ਹੋ ਗਏ।

ਦਿਲ ਵਿੱਚ ਰਹਿਣ ਵਾਲੇ, ਕਿੰਨਾ ਦੂਰ ਹੋ ਗਏ।

ਕੋਈ ਨਜ਼ਰ ਨਾ ਆਵੇ, ਖੜ੍ਹ ਗਈਆਂ ਨੇ ਦੀਵਾਰਾਂ।

ਕੋਈ ਭਰੇ ਨਾ ਹੁੰਗਾਰਾ, ਵੇ ਮੈਂ ਨਿੱਤ ਵਾਜ਼ਾ ਮਾਰਾਂ।

ਕਿਉਂ ਸਾਡੇ ਲਈ ਵਕਤ ਕਰੂਰ ਹੋ ਗਏ ?

ਦਿਲ ਵਿੱਚ ਰਹਿਣ ਵਾਲੇ, ਕਿੰਨਾ ਦੂਰ ਹੋ ਗਏ।

ਗੂੰਜ ਰਹੀ ਹੈ ਖ਼ਾਮੋਸ਼ੀ, ਖ਼ਾਲੀ ਦਿਸਦੀਆਂ ਰਾਹਵਾਂ।

ਦਿਲ ਫੁੱਟ ਫੁੱਟ ਰੋਵੇ ਹਉਂਕੇ ਭਰਦੀਆਂ ਬਾਹਵਾਂ

ਸਾਨੂੰ ਦੱਸਿਆ ਨਾ ਸਾਥੋਂ ਕੀ ਕਸੂਰ ਹੋ ਗਏ ?

ਦਿਲ ਵਿੱਚ ਰਹਿਣ ਵਾਲੇ, ਕਿੰਨਾ ਦੂਰ ਹੋ ਗਏ।

ਜੇ ਛੱਡ ਹੀ ਹੈ ਜਾਣਾ,  ਕਿਉਂ ਮਿਲਦੇ ਪਿਆਰੇ ?

ਪਿੱਠ ਕਰ ਤੁਰ ਜਾਂਦੇ, ਨੈਣ ਦੇਖਦੇ ਵਿਚਾਰੇ।

ਸਾਰੇ ਗੁਜ਼ਰੀਆਂ ਬੇੜੀਆਂ ਦੇ ਪੂਰ ਹੋ ਗਏ।

ਦਿਲ ਵਿੱਚ ਰਹਿਣ ਵਾਲੇ, ਕਿੰਨਾ ਦੂਰ ਹੋ ਗਏ।

ਹੀਰ ਕਬਰ ਸਮਾਈ, ਰੋਣ ਜੰਗਲ਼ ਤੇ ਬੇਲੇ।

ਆ ਕੇ ਆਖਦੀਆਂ ਪੌਣਾਂ, ਮੁੜ ਹੋਵਣੇ ਨਾ ਮੇਲੇ।

ਦੱਸੋ ਪਿਆਰ ਦੇ ਕੀ ਇਹੀ ਦਸਤੂਰ ਹੋ ਗਏ ?

ਦਿਲ ਵਿੱਚ ਰਹਿਣ ਵਾਲੇ, ਕਿੰਨਾ ਦੂਰ ਹੋ ਗਏ।

ਕਿਸੇ ਸੁਣੀ ਨਾ ਪੁਕਾਰ, ਨਾ ਹੀ ਕੋਈ ਫ਼ਰਿਆਦਾਂ।

ਮਿੱਟੀ ਖਾ ਗਈ ਪੈੜਾਂ, ਪਿੱਛੇ ਰਹਿ ਗਈਆਂ ਯਾਦਾਂ।

ਨੂਰ ਸੰਗ ਜਾ ਕੇ ‘ਸਹਿਜ’ ਉਹ ਤਾਂ ਨੂਰ ਹੋ ਗਏ।

ਦਿਲ ਵਿੱਚ ਰਹਿਣ ਵਾਲੇ, ਕਿੰਨਾ ਦੂਰ ਹੋ ਗਏ।

ਡਾਕਟਰ ਹਰਮਿੰਦਰ ਸਿੰਘ ‘ਸਹਿਜ’-97819-93037

ਜੇ ਭੈਅ ਗੁਰੂ ਦਾ ਖਾਇਆ ਹੁੰਦਾ ।

0

ਜੇ ਭੈਅ ਗੁਰੂ ਦਾ ਖਾਇਆ ਹੁੰਦਾ ।

ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ,

ਗੁਰੂ ਗ੍ਰੰਥ ਸਾਹਿਬ ਦਾ ਹੁਕਮ ਬਜਾਇਆ ਹੁੰਦਾ ।

ਹੱਕ ਸੱਚ ’ਤੇ ਡਟ ਕੇ ਦਿੱਤਾ ਹੁੰਦਾ ਪਹਿਰਾ,

ਜੇ ਗੁਰੂ ਦਾ ਸਿਧਾਂਤ ਅਪਣਾਇਆ ਹੁੰਦਾ।

ਜਨ ਜਨ ਤੱਕ ਜਾਂਦੀ ਗੁਰੂ ਦੀ ਬਾਣੀ,

ਜੇ ਪ੍ਰਚਾਰ ਦਾ ਹਰ ਸਾਧਨ ਅਪਣਾਇਆ ਹੁੰਦਾ।

ਸਿੱਖੀ ਹਰ ਥਾਂ  ਬੇਹੱਦ ਵਧ ਜਾਣੀ ਸੀ,

ਜੇ ਭੇਦ ਭਾਵ ਹਰ ਥਾਂ ਮਿਟਾਇਆ ਹੁੰਦਾ।

ਨਾ ਪਾਖੰਡੀ ਬਾਬਿਆਂ ਦੀ ਭਰਮਾਰ ਹੁੰਦੀ,

ਜੇ ਡੇਰਾਵਾਦ ਨੂੰ ਸਿਰ ਨਾ ਚੜਾਇਆ ਹੁੰਦਾ।

ਇਤਿਹਾਸ ਮਿਥਿਹਾਸ ਦਾ ਨਿਤਾਰਾ ਹੋਣਾ ਸੀ,

ਜੇ ਨਾ ਗੁਰੂ ਉਪਦੇਸ਼ ਰੁਲਾਇਆ ਹੁੰਦਾ।

ਚੱਲ ਪੈਣਾ ਸੀ ਹੁਣ ਤੱਕ ਅਖ਼ਬਾਰ, ਚੈਨਲ,

ਜੇ ਨਾ ਗੁਰੂ ਤੋਂ ਮੁੱਖ ਭੰਵਾਇਆ ਹੁੰਦਾ।

ਸਿਆਸੀ ਲੀਡਰਾਂ ਦੇ ਥੱਲੇ ਨਾ ਕਦੇ ਲੱਗਦੇ,

ਮੇਜਰ ਜੇ ਭੈਅ ਗੁਰੂ ਦਾ ਖਾਇਆ ਹੁੰਦਾ।

ਲੇਖਕ – ਮੇਜਰ ਸਿੰਘ ਬੁਢਲਾਡਾ-94176-42327

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 2)

0

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 2)

ਪੰਥ ਦੇ ਵਿਚਾਰਨਯੋਗ ਮਸਲੇ ਤੇ ਸਮਾਧਾਨ

ਗਿਆਨੀ ਜਗਤਾਰ ਸਿੰਘ ਜਾਚਕ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ -1)

ਅਕਾਦਮਿਕ ਖੇਤਰ ਦੇ ਭਾਸ਼ਾਈ ਵਿਗਿਆਨੀ ਤੇ ਗੁਰਬਾਣੀ ਵਿਆਕਰਨ ਦੇ ਗਿਆਤਾ ਪ੍ਰੋ. ਹਰਜਿੰਦਰ ਸਿੰਘ ਘਰਸਾਣਾ ਵੀ ਮੰਨਦੇ ਹਨ ਕਿ ਵਰਤਮਾਨ ਕਾਲ ਦੀ ਅਨਪੁਰਖੀ ਕਿਰਿਆ ਹੋਣ ਕਾਰਨ ‘ਉਤਰਸਿ’ ਲਫ਼ਜ਼ ਸਿਹਾਰੀ ਸਹਿਤ ਹੀ ਸ਼ੁੱਧ ਰੂਪ ਮੰਨਿਆ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਟੀਮ’ ਦੀ ਸਲਾਹ ਨਾਲ ਜਥੇਦਾਰ ਵੇਦਾਂਤੀ ਜੀ ਨੇ ਪਾਵਨ ਬੀੜ ਦਾ ਜੋ ਖਰੜਾ ਤਿਆਰ ਕੀਤਾ ਤੇ ‘ਸਿੱਖ ਬੁੱਕ ਕਲੱਬ ਅਮਰੀਕਾ’ ਦੁਆਰਾ ਵਿਚਾਰਨ ਹਿਤ ਪੰਥ ਦੇ ਸਨਮੁਖ ਰੱਖਿਆ, ਉਸ ਵਿੱਚ ਸ਼ੁਧ ਪਾਠ ਭਾਵੇਂ ‘ਉਤਰਸਿ’ ਹੀ ਸਹੀ ਮੰਨਿਆ, ਪ੍ਰੰਤੂ ਅਜਿਹਾ ਲਿਖ ਕੇ ਵੀ ਉਨ੍ਹਾਂ ਨੇ ਪਾਠ ਦੇ ਲਿਖਤੀ ਤੇ ਉਚਾਰਨਿਕ ਰੂਪ ਦੀ ਵਿਆਕਰਣਿਕ ਸੁਧਾਈ ਤੇ ਸ਼ੁਧਤਾ ਦੀ ਹੋਰ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ । ਜਥੇਦਾਰ ਜੀ ਦੇ ਅਕਾਲ ਚਲਾਣੇ ਉਪਰੰਤ ਉਨ੍ਹਾਂ ਦੀ ਪ੍ਰਕਾਸ਼ਤ ਹੋਈ ਪੁਸਤਕ ਗੁਰਬਾਣੀ ਲਗਮਾਤ੍ਰੀ ਨਿਯਮਾਵਲੀ ਖੋਜ ਤੇ ਸੰਭਾਵਨਾਇਸ ਤੱਥ ਦੀ ਅਕੱਟ ਗਵਾਹੀ ਹੈ। ਇਸ ਪੁਸਤਕ ਵਿੱਚ ਲਗਭਗ ਉਹ ਸਾਰੇ ਲੇਖ ਹਨ, ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅੰਦਰਲੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ’ ਦੇ ਸਹਿਯੋਗ ਨਾਲ ਤਿਆਰ ਹੋ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਮੁੱਖ ਤੇ ਪ੍ਰਸਿੱਧ ਮਾਸਕ ਪੱਤਰ ‘ਗੁਰਮਤਿ ਪ੍ਰਕਾਸ਼’ ਵਿੱਚ ਲੜੀਵਾਰ ਛਪਦੇ ਰਹੇ ਹਨ।

ਇਸ ਪੁਸਤਕ ਵਿੱਚ ਜਪੁ ਜੀ ਦੀਆਂ ‘‘ਭਰੀਐ ਹਥੁ ਪੈਰੁ ਤਨੁ ਦੇਹ ॥ ਪਾਣੀ ਧੋਤੈ ਉਤਰਸੁ ਖੇਹ ॥’’ ਤੁਕਾਂ ਸੰਬੰਧੀ ਵੱਖ ਵੱਖ ਟੀਕਾਕਾਰਾਂ ਦੇ ਅਰਥ ਤੇ ਵਿਚਾਰ ਲਿਖਣ ਉਪਰੰਤ ਪੰਨਾ 69 ’ਤੇ ‘ਗੁਰਬਾਣੀ ਦੀ ਭਾਸ਼ਾ ਤੇ ਵਿਆਕਰਨ’ (ਪੰ. 237) ਕਿਤਾਬ ਮੁਤਾਬਕ ‘ਉਤਰਸੁ’ ਪਾਠ ਬਾਰੇ ਡਾ. ਹਰਕੀਰਤ ਸਿੰਘ ਦੇ ਵਿਚਾਰ ਇੰਞ ਅੰਕਿਤ ਕੀਤੇ ਹਨ :

‘ਗੁਰਬਾਣੀ ਵਿੱਚ ਕਰਮਣੀ ਰੂਪ ਵਾਲੇ ਪੜਨਾਵੀਂ ਪਿਛੇਤਰ ਵੀ ਮਿਲਦੇ ਹਨ । ਉਦਾਹਰਨ : ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ ॥ (ਗੁਰੂ ਗ੍ਰੰਥ-ਪੰ. 967)

ਏਥੇ ‘ਸੁਧੋਸੁ’ ਦਾ ਪਿਛੇਤਰ ‘ਸੁ’ ਕਰਮਣੀ ਪਿਛੇਤਰ ਹੈ, ਅਰਥ ਹਨ : ਜਦੋਂ ਉਸ (ਲਹਿਣੇ) ਨੂੰ ਸੋਧ ਲਿਆ ਅਥਵਾ ਪਰਖ ਲਿਆ ਤਾਂ ਉਸ ਨੇ ਅਰਥਾਤ ਗੁਰੂ ਨਾਨਕ ਨੇ ਲਹਿਣੇ ਨੂੰ ਟਿਕ ਲਿਆ (ਚੁਣ ਲਿਆ) । ਇਕ ਹੋਰ ਉਦਾਹਰਨ ਸਹਿਤ ਵੇਖਿਆ ਜਾਵੇ :

‘ਪੁਤ੍ਰ ਮੀਤ ਧਨੁ ਕਿਛੂ ਨ ਰਹਿਓਸੁ ਛੋਡਿ ਗਇਆ ਸਭ ਭਾਈ ਸਾਕੁ ॥ ਮਹਲਾ 5, ਪੰਨਾ 825

‘ਨ ਰਹਿਓਸੁ’ ਦਾ ਅਰਥ ਹੈ – ਉਸ ਦਾ ਕੁਛ ਨਾ ਰਿਹਾ । ਇਹ ਵੀ ਕਰਮਣੀ ਰੂਪ ਵਾਲਾ ਪੜਨਾਵੀਂ ਪਿਛੇਤਰ ਹੈ।’

ਡਾ. ਸਾਹਿਬ ਜੀ ਦੇ ਅਜਿਹਾ ਲਿਖਣ ਦਾ ਭਾਵਾਰਥ ਹੈ ਕਿ ਜਪੁ ਜੀ ਦੇ ਛਾਪੇ ਵਾਲੇ ‘ਉਤਰਸੁ’ ਪਦ ਨੂੰ ਗੁਰਬਾਣੀ ਵਿਆਕਰਨ ਦੇ ਉਪਰੋਕਤ ਦ੍ਰਿਸ਼ਟੀਕੋਨ ਤੋਂ ਵਿਚਾਰ ਕੇ ‘ਉਤਰਸੁ’ ਪਾਠ ਵੀ ਕਾਇਮ ਰੱਖਿਆ ਜਾ ਸਕਦਾ ਹੈ । ਅਰਥ ਹੋਵਗਾ : ਉਸ (ਅੰਗ) ਦੀ ਖੇਹ ਉਤਰ ਜਾਂਦੀ ਹੈ। ਜਥੇਦਾਰ ਵੇਦਾਂਤੀ ਜੀ ਵਿਅਕਤੀਗਤ ਤੌਰ ’ਤੇ ਡਾ. ਸਾਹਿਬ ਦੀ ਸਲਾਹ ਨਾਲ ਸਹਿਮਤ ਸਨ ਅਤੇ ਟਕਸਾਲ ਭਿੰਡਰਾਂ ਦੇ ਪਦ ਛੇਦ ਰੂਪ ਨਾਲ ਅਸਹਿਮਤ। ਇਸ ਲਈ ਉਨ੍ਹਾਂ ਨੇ ‘ਗੁਰਬਾਣੀ ਲਗ-ਮਾਤ੍ਰੀ ਨਿਯਮਾਵਲੀ ਖੋਜ ਤੇ ਸੰਭਾਵਨਾ’ ਪੁਸਤਕ ਵਿੱਚ ਸੰਤ ਗਿਆਨੀ ਸੁੰਦਰ ਸਿੰਘ ਜੀ ਦੇ ਭ੍ਰਾਤਾ ਗਿ. ਇੰਦਰ ਸਿੰਘ ਦੇ ਹਵਾਲੇ ਨਾਲ ਭਰੋਸੇ ਸਹਿਤ ਲਿਖਿਆ ਕਿ ਸੰਨ 1947 ਤੱਕ ਟਕਸਾਲ ਭਿੰਡਰਾਂ ‘ਉਤਰਸੁ’ ਪਾਠ ਜੁੜਤ ਹੀ ਮੰਨਦੀ ਰਹੀ, ਪ੍ਰੰਤੂ ਉਸ ਤੋਂ ਬਾਅਦ ਪਤਾ ਨਹੀਂ ‘ਸੁ’ ਔਂਕੜ ਵੱਖ ਕਿਉਂ ਕਰਨ ਲੱਗ ਪਈ ? ਪਰ ਜਥੇਦਾਰ ਜੀ ਨੇ ਅਜਿਹਾ ਸਭ ਕੁਝ ਵਰਣਨ ਕਰਕੇ ਅੰਤ ਵਿੱਚ ਜੋ ਸ਼ਬਦਾਵਲੀ ਵਰਤੀ, ਉਹ ਪਾਠਕਾਂ ਦਾ ਵਿਸ਼ੇਸ਼ ਧਿਆਨ ਮੰਗਦੀ ਹੈ । ਆਪ ਲਿਖਦੇ ਹਨ, ‘ਫਿਰ ਵੀ ਗੁਰਮਤਿ ਜੁਗਤ ਵਿਚ ਬੈਠ, ਸਦ-ਭਾਵਨਾ ਤੇ ਸ਼ਰਧਾ ਸਹਿਤ ਪਾਠਾਂ ਦੇ ਉਚਾਰਨ ਸੰਬੰਧੀ ਵਿਚਾਰ ਕਰਨੀ ਬਣਦੀ ਹੈ ।’ (ਪੰ. 74)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਾਪੇ ਵਾਲੀ ਪ੍ਰਚਲਿਤ ਬੀੜ ਵਿੱਚ ਜਥੇਦਾਰ ਵੇਦਾਂਤੀ ਜੀ ਮੁਤਾਬਕ ਕੁੱਲ 2686 ਵਾਰ ‘ਰਹਾਉ’ ਪਦ ਦੀ ਵਰਤੋਂ ਕੀਤੀ ਮਿਲਦੀ ਹੈ। ਈਸ਼ਰ ਮਾਈਕਰੋ ਮੀਡੀਆ ਅਨੁਸਾਰ ਕੁੱਲ ਗਿਣਤੀ 2685 ਹੈ। ‘ਰਹਾਉ’ ਦੇ ਅਰਥ ਹਨ : ਰਹਿਣਾ, ਟਿਕਣਾ, ਟਿਕਾਉ । ਇਹੀ ਕਾਰਨ ਹੈ ਕਿ ਸੰਗੀਤਕ ਦ੍ਰਿਸ਼ਟੀ ਤੋਂ ‘ਰਹਾਉ’ ਦੇ ਪਦੇ ਨੂੰ ਸ਼ਬਦ ਦੀ ਟੇਕ ਤੇ ਅਸਥਾਈ ਮੰਨ ਕੇ ਵਾਰ ਵਾਰ ਦੁਹਰਾਏ ਜਾਣ ਦਾ ਵਿਧਾਨ ਹੈ। ਪਾਵਨ ਬੀੜ ਅੰਦਰ ‘ਰਹਾਉ’ ਪਦ ਇੱਕ ਵਾਰ ਸ਼ਬਦ ਦੀ ਤੁਕ ਵਜੋਂ ‘ਹੁਕਮੀ (ਭਵਿਖਤ ਕਾਲ) ਕਿਰਿਆ’ ਦੇ ਰੂਪ ਵਿੱਚ ਵੀ ਵਰਤਿਆ ਹੋਇਆ ਮਿਲਦਾ ਹੈ। ਜਿਵੇਂ ‘‘ਭਾਈ ਰੇ  ! ਗੁਰਮਤਿ ਸਾਚਿ ਰਹਾਉ ॥’’ (ਪੰਨਾ 30) ਇਸ ਰੂਪ ਵਿੱਚ ‘ਰਹਾਉ’ ਦਾ ਅਰਥ ਹੈ : ਟਿਕੇ ਰਹੁ। ਇਸੇ ਤਰ੍ਹਾਂ ਇੱਕ ਵਾਰ ਸ਼ਬਦੀ ਤੁਕ ਵਜੋਂ ਇਸ ਪਦ ਦੀ ਵਰਤੋਂ ਉਤਮ ਪੁਰਖ ਇੱਕ ਵਚਨ ਕਿਰਿਆ ਵਿੱਚ ਵੀ ਮਿਲਦੀ ਹੈ। ਜਿਵੇਂ ‘‘ਮੈ ਗੁਰਬਾਣੀ ਆਧਾਰੁ ਹੈ, ਗੁਰਬਾਣੀ ਲਾਗਿ ਰਹਾਉ ॥’’ (ਪੰਨਾ 759) ਐਸੇ ਰੂਪ ਵਿੱਚ ਉਚਾਰਨ ਬਿੰਦੀ ਸਹਿਤ ‘ਰਹਾਉਂ’ ਕੀਤਾ ਜਾਂਦਾ ਹੈ ਅਤੇ ਅਰਥ ਹੁੰਦਾ ਹੈ : ਰਹਿੰਦਾ ਹਾਂ।

ਇਸ ਪ੍ਰਕਾਰ ਸ਼ਬਦਾਂ ਦੀ ਸੰਗੀਤਕ ਸੂਚਨਾ ਵਜੋਂ ‘ਰਹਾਉ’ ਪਦ ਕੁਲ 2684 ਵਾਰ ਵਰਤਿਆ ਗਿਆ ਹੈ, ਜਿਨ੍ਹਾਂ ’ਚੋਂ 256 ਸ਼ਬਦ ਐਸੇ ਹਨ, ਜਿਨ੍ਹਾਂ ਵਿੱਚ ‘ਰਹਾਉ’ ਦੇ ਪਦੇ ਦਾ ਪ੍ਰਤੀਕ ਅੰਕ ॥੧॥ ਨਹੀਂ ਛਪ ਰਿਹਾ। ਜਿਵੇਂ ਛਾਪੇ ਦੀ ਪਾਵਨ ਬੀੜ ਵਿਖੇ ‘‘ਗਉੜੀ ਮਹਲਾ ੫ ॥ ਹਰਿ ਸੰਗਿ ਰਾਤੇ ਭਾਹਿ ਨ ਜਲੈ ॥ ਭੇਟਤ ਸੰਗਿ ਹਰਿ ਹਰਿ ਗੁਨ ਗਾਇ ॥ ਰਹਾਉ ॥’’ ਪੰ. 201 ਦੇ 109ਵੇਂ ਸ਼ਬਦ ਤੋਂ ਲੈ ਕੇ ‘‘ਗਉੜੀ ਮਹਲਾ ੫ ॥ ਅਪਨੇ ਸੇਵਕ ਕਉ ਆਪਿ ਸਹਾਈ ॥ ਕਰਨ ਕਰਾਵਨ ਪੂਰਨੁ ਸਚੁ ਸੋਇ ॥ ਰਹਾਉ ॥’’ ਪੰ. 202 ਦੇ 113ਵੇਂ ਸ਼ਬਦ ਤਕ ਪੰਜਾਂ ਸ਼ਬਦਾਂ ਵਿੱਚ ਉਪਰੋਕਤ ਅੰਕ ਦੀ ਘਾਟ ਹੈ। ‘ਪਾਠ-ਭੇਦ ਸੂਚੀ’ ਦੇ ਪੰਨਾ 59 ’ਤੇ 109ਵੇਂ ਸ਼ਬਦ ਦੇ ਰਹਾਉ ਵਾਲੀ ਤੁਕ ਦਾ ਪ੍ਰਤੀਕ ਤੁਕਾਂਸ਼ ‘‘ਹਰਿ ਗੁਨ ਗਾਇ ॥ ਰਹਾਉ ॥’’ ਦੇ ਕੇ, ਇੱਕ ਵਿਸ਼ੇਸ ਨੋਟ ਇੰਞ ਲਿਖਿਆ ਹੈ :

‘ਏਥੋਂ ਅਗਾੜੀ 113ਵੇਂ ਸ਼ਬਦ ਤੱਕ, ਰਹਾਉ ਨਾਲ ਏਕਾਂਗ (ਏਕਾ-ਅੰਕ) ਨਹੀਂ । ਪਰ ਹੋਰਨਾ ਸਭਨਾ ਪੁਰਾਤਨ ਬੀੜਾਂ ਵਿੱਚ ਹੈ।’ ਉਥੇ, ਇਸ ਸਚਾਈ ਦੇ ਪ੍ਰਮਾਣ ਵਜੋਂ ਬੀੜ ਨੰ. 1, 4/3, 7, 21/34, 31/99, 32/6281, 38/173 ਅਤੇ 44 ਦਾ ਹਵਾਲਾ ਵੀ ਪੇਸ਼ ਕੀਤਾ ਹੈ।

ਜਥੇਦਾਰ ਵੇਦਾਂਤੀ ਜੀ ਨੇ ਆਪਣੀ ‘ਖੋਜ ਤੇ ਸੰਭਾਵਨਾ’ ਪੁਸਤਕ ਦੇ ਪੰਨਾ 179 ’ਤੇ ਵਿਸ਼ੇਸ਼ ਨੋਟ ਦੇ ਸਿਰਲੇਖ ਹੇਠ ਲਿਖਿਆ ਹੈ : ‘‘ਗੁਰਬਾਣੀ ਦੀ ਅੰਕ ਨਿਯਮਾਵਲੀ ਅਨੁਸਾਰ ਅੰਕ ॥੧॥ ਕਿਸੇ ਸ਼ਬਦ ਦੇ ਪਹਿਲੇ ਪਦੇ ਦੀ ਸਮਾਪਤੀ ’ਤੇ ਵੀ ਅਤੇ ਉਸ ਸ਼ਬਦ ਵਿੱਚ ਆਏ ‘ਰਹਾਉ’ ਨਾਲ ਵੀ ਅੰਕਿਤ ਕੀਤਾ ਗਿਆ ਹੈ। ਗੁਰਬਾਣੀ ਵਿੱਚ ਕੁਝ ਸ਼ਬਦਾਂ ਦੇ ਆਰੰਭ ਵਿੱਚ ‘ਰਹਾਉ’ ਪਦ ਅੰਕਿਤ ਹੈ, ਪਰੰਤੂ ਬਹੁਤੇ ਸ਼ਬਦਾਂ ਵਿੱਚ ਪਹਿਲੇ ਪਦੇ ਤੋਂ ਬਾਅਦ ਅੰਕਿਤ ਹੈ। ਸਮੁੱਚੀ ਗੁਰਬਾਣੀ ਵਿੱਚ ਹਰੇਕ ਥਾਂ ਆਏ ‘ਰਹਾਉ’ ਪਦ ਨਾਲ ਅੰਕ ॥੧॥ ਅੰਕਿਤ ਹੈ। ਪਾਵਨ ਗੁਰਬਾਣੀ ਵਿੱਚ ਆਏ ਗੁਰਮਤਿ ਸਿਧਾਂਤਾਂ, ਲਗ-ਮਾਤਰੀ ਨਿਯਮਾਵਲੀ ਅਤੇ ਅੰਕ ਨਿਯਮਾਵਲੀ ਸੰਬੰਧੀ ਗੁਰੂ ਸਾਹਿਬਾਨ ਦੀ ਆਪਸੀ ਸਮਾਨਤਾ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੇ ਉਤਾਰੇ ਕਰਨ ਸਮੇਂ ਲਿਖਾਰੀ ਦੀ ਕਲਮ ਦੀ ਉਕਾਈ ਕਾਰਨ ਕਈ ਥਾਵਾਂ ’ਤੇ ‘ਰਹਾਉ’ ਪਦ ਨਾਲ ਅੰਕ ॥੧॥ ਅੰਕਿਤ ਹੋਣੋ ਰਹਿ ਗਿਆ ਹੈ, ਜਿਸ ਨੂੰ ਨੀਯਮ ਨਹੀਂ ਬਣਾਇਆ ਜਾ ਸਕਦਾ। ਪੁਰਾਤਨ ਹੱਥ ਲਿਖਤ ਬੀੜਾਂ ਵਿੱਚ ਗੁਰਬਾਣੀ ਅੰਦਰ ਹਰੇਕ ਥਾਂ ਆਏ ਰਹਾਉਪਦ ਨਾਲ ਅੰਕ ॥੧॥ ਅੰਕਿਤ ਹੋਇਆ ਮਿਲਦਾ ਹੈ। (ਇਹੀ ਕਾਰਨ ਹੈ ਕਿ ਉਨ੍ਹਾਂ ਦੁਆਰਾ ਸੋਧੇ ਤੇ ਸਿੱਖ ਬੁੱਕ ਕਲਬ ਅਮਰੀਕਾ ਦੁਆਰਾ ਔਨਲਾਈਨ ਪ੍ਰਕਾਸ਼ਤ ਹੋਏ ਪਾਵਨ ਬੀੜ ਦੇ ਖਰੜੇ ਵਿੱਚ ‘ਰਹਾਉ’ ਦੇ ਹਰੇਕ ਪਦੇ ਨਾਲ ਅੰਕ ॥੧॥ ਦੇ ਦਰਸ਼ਨ ਹੁੰਦੇ ਹਨ, ਪ੍ਰੰਤੂ ਫਿਰ ਵੀ ਉਨ੍ਹਾਂ ਲਿਖਿਆ) ਬਿਬੇਕ ਬੁੱਧੀ ਦੇ ਧਾਰਨੀ ਗੁਰੂ ਦੇ ਸਨਮੁਖ ਰਹਿਣ ਵਾਲੇ ਵਿਦਵਾਨ ਗੁਰਸਿੱਖਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਉਹ ਭਾਵਨਾ ਸਹਿਤ ਸਿਰ ਜੋੜ ਕੇ ਇਸ ਕਾਰਜ ਨੂੰ ਤਰਜੀਹ ਦੇ ਕੇ ਸੰਪੂਰਨ ਕਰਨ ਵਾਸਤੇ ਅੱਗੇ ਆਉਣ ਦਾ ਉੱਦਮ ਕਰਨ।’ ਭਾਵ ਗੁਰਮੁਖ ਗੁਰਸਿੱਖ ਵਿਦਵਾਨ ਨਿਰਪੱਖਤਾ ਸਹਿਤ ਸਿਰ ਜੋੜ ਕੇ ਬੈਠਣ ਤੇ ਅਜਿਹੇ ਪਾਠਾਂਤ੍ਰਾਂ ਸੰਬੰਧੀ ਪੰਥਕ ਪੱਧਰ ਦਾ ਕੋਈ ਨਿਰਣੈਜਨਕ ਫ਼ੈਸਲਾ ਕਰਨ। ਇਸੇ ਲਈ ਉਨ੍ਹਾਂ ਨੇ ਸਿੱਖ ਬੁੱਕ ਕਲੱਬ ਵਾਲੀ ਬੀੜ ਦੇ ਖੋਜ ਖਰੜੇ ਵਿੱਚ ਸ਼੍ਰੋਮਣੀ ਕਮੇਟੀ ਦੀ ਪਦ-ਛੇਦ ਬੀੜ ਅੰਦਰਲੇ ‘ਪਰਸ ਨਪਰਸ’ (ਪੰ. 981) ਅਤੇ ‘ਪਰਸ ਨਿਪਰਸ’ (ਪੰ. 1324) ਵਰਗੇ ਕਈ ਤੁਕਾਂਸ਼ਾਂ ਨੂੰ ਸੋਧਣ ਤੋਂ ਵੀ ਸੰਕੋਚ ਕੀਤਾ ਭਾਵੇਂ ਕਿ ਉਹ ਪਾਠ-ਬੋਧ ਸਮਾਗਮਾਂ ਮੌਕੇ ਉਪਰੋਕਤ ਤੁਕਾਂਸ਼ਾਂ ਨੂੰ ‘ਪਰਸਨ ਪਰਸ’ ਤੇ ‘ਪਰਸਨਿ ਪਰਸ’ ਹੀ ਪੜ੍ਹਿਆ ਕਰਦੇ ਸਨ।

ਸ਼ਾਇਦ ਇਹੀ ਕਾਰਨ ਹੈ ਕਿ ‘ਸਿੱਖ ਬੁੱਕ ਕਲੱਬ ਅਮਰੀਕਾ’ ਨੇ ਵਾਰ ਵਾਰ ਸਪਸ਼ਟ ਕੀਤਾ ਹੈ ਕਿ ਉਸ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ’ ਦੀ ਔਨਲਾਈਨ ਪ੍ਰਕਾਸ਼ਨਾ ਕੋਈ ਅੰਤਮ ਨਿਰਣਾ ਨਹੀਂ। ਉਸ ਦਾ ਮੁਖ ਮਨੋਰਥ ਤਾਂ ਕੇਵਲ ਪਿਛਲੇ 70 ਸਾਲਾਂ ਤੋਂ ਪਾਠ-ਭੇਦਾਂ ਦੀ ਖੋਜ ਵਿੱਚ ਲੱਗੇ ਉਪਰੋਕਤ ਵਿਦਵਾਨਾਂ ਦੀ ਖੋਜੀ ਘਾਲਣਾ ਨੂੰ ਸੰਭਾਲਣਾ ਅਤੇ ਉਸ ਪ੍ਰਤੀ ਧਾਰਮਿਕ ਤੇ ਅਕਾਦਮਿਕ ਖੇਤਰ ਦੇ ਚੋਣਵੇਂ ਵਿਦਵਾਨਾਂ ਦੀ ਨਿਰਣੈ ਜਨਕ ਸਲਾਹ ਹਾਸਲ ਕਰਨਾ ਹੈ। ਹਰੇਕ ਗੁਰਸਿੱਖ ਵਾਂਗ ਕਲੱਬ ਦੇ ਸਮੂਹ ਸੇਵਾਦਾਰਾਂ ਦੀ ਇੱਕੋ ਹੀ ਸ਼ਰਧਾ ਜਨਕ ਇੱਛਾ ਹੈ ਕਿ ਪਾਵਨ ਬੀੜ ਦੀ ਸ਼ੁਧ-ਛਪਾਈ ਲਈ ਪੰਥਕ ਪੱਧਰ ਦਾ ਕੋਈ ਸਾਂਝਾ ਉਪਰਾਲਾ ਹੋ ਸਕੇ। ਕਾਰਨ ਹੈ ਕਿ ਸਿੱਖ ਰਹਿਤ ਮਰਯਾਦਾ ਮੁਤਾਬਕ ਪੰਥ ਨੂੰ ਪਾਵਨ ਬੀੜ ਦੀ ਨਿਰੋਲਤਾ (ਸ਼ੁਧਤਾ) ਦੇ ਘੇਰੇ ਵਿੱਚ ਸੋਧ-ਸੁਧਾਈ ਤੇ ਛਪਾਈ ਆਦਿਕ ਪ੍ਰਤੀ ਗੁਰਮਤੇ ਦਾ ਅਧਿਕਾਰ ਹੈ। ਜੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਜਥੇਦਾਰ ਨਿਰਪੱਖਤਾ ਸਹਿਤ ਸਿੱਖ ਸੰਪਰਦਾਵਾਂ, ਸਿੱਖ ਮਿਸ਼ਨਰੀ ਸੰਸਥਾਵਾਂ ਅਤੇ ਅਕਾਦਮਿਕ ਖੇਤਰ ਦੇ ਵਿਦਵਾਨਾਂ ਦੀ ਕੋਈ ਭਰੋਸੇਯੋਗ ਸੋਧਕ ਕਮੇਟੀ ਬਣਾ ਕੇ ਨਿਰਣੈ ਜਨਕ ਫ਼ੈਸਲੇ ਦਾ ਉਪਰਾਲਾ ਕਰੇ ਤਾਂ ਕਲੱਬ ਵੀ ਭਵਿੱਖ ਵਿੱਚ ਆਪਣੇ ਪੱਧਰ ’ਤੇ ਸੰਗਤੀ ਸਹਿਯੋਗ ਸਦਕਾ ਗੁਰਬਾਣੀ ਦੀ ਸ਼ੁਧ ਛਪਾਈ ਪੱਖੋਂ ਕੀਤੀ ਜਾਣ ਵਾਲੀ ਹਰੇਕ ਕਾਰਵਾਈ ਬੰਦ ਕਰ ਦੇਵੇਗਾ। ਸਿੱਖ ਜਗਤ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਪ੍ਰਿੰਸੀਪਲ ਜੋਧ ਸਿੰਘ ਹੁਰਾਂ ਨੇ ਅੱਜ ਤੋਂ 90 ਸਾਲ ਪਹਿਲਾਂ ਸੰਨ 1932 ਵਿੱਚ ਹੀ ਚੇਤਾਵਨੀ ਵਜੋਂ ਲਿਖ ਦਿੱਤਾ ਸੀ ਕਿ ‘ਸਸਤਾ ਵੇਚਣ ਦੀ ਦੌੜ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵਿੱਚ ਲਗ, ਕੰਨੇ ਆਦਿ ਦੀਆਂ ਬਹੁਤ ਅਸ਼ੁੱਧੀਆਂ ਆ ਗਈਆਂ ਹਨ ਤੇ ਜੇ ਕਿਸੇ ਜਿੰਮੇਵਾਰ ਜਥੇ ਨੇ ਇਹ ਬੀੜਾਂ ਪ੍ਰਕਾਸ਼ਿਤ ਕਰਨ ਦਾ ਕੰਮ ਆਪਣੇ ਜ਼ਿੰਮੇ ਨਾ ਲਿਆ ਤਾਂ ਥੋੜ੍ਹੇ ਚਿਰ ਪਿਛੋਂ ਸ਼ੁਧ ਪਾਠ ਕਰਨਾ ਕਠਿਨ ਹੋ ਜਾਵੇਗਾ।’ (ਗੁਰਮਤਿ ਨਿਰਣਯ, ਪੰਨਾ 7)

ਦੂਜਾ ਵੱਡਾ ਮਸਲਾ ਹੈ ਮੂਲਮੰਤ੍ਰ ਅਥਵਾ ਮੰਗਲਾਚਰਣ ਦੇ ਸਥਾਨ ਅਤੇ ਉਸ ਦੇ ਸੰਪੂਰਨ ਤੇ ਸੰਖੇਪਕ ਰੂਪਾਂ ਦਾ : ਕਿਉਂਕਿ ਛਾਪੇ ਦੀ ਪ੍ਰਚਲਿਤ ਬੀੜ ਦੇ ਦਰਸ਼ਨ ਕਰਦਿਆਂ ਅਸੀਂ ਵੇਖਦੇ ਹਾਂ ਕਿ ਮੰਗਲਾਂ ਦੀ ਰੂਪਕ ਤੇ ਸਥਾਨਿਕ ਤਰਤੀਬ ਵਿੱਚ ਇਕਸਾਰਤਾ ਨਹੀਂ ਹੈ। ਜਿਵੇਂ ਛਾਪੇ ਦੀ ਬੀੜ ਵਿੱਚ 31 ਰਾਗਾਂ ਚੋਂ 27 ਰਾਗਾਂ ਦੇ ਆਰੰਭ ਵਿੱਚ ‘ੴ ਸਤਿ ਨਾਮੁ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥’ ਤੱਕ ਦਾ ਸੰਪੂਰਨ ਮੰਗਲ ਹੈ, ਪਰ ਸਿਰੀਰਾਗੁ, ਜੈਤਸਰੀ, ਤੁਖਾਰੀ ਤੇ ਕੇਦਾਰਾ ਦੇ ਆਰੰਭ ਵਿੱਚ ਸੰਖੇਪ ਮੰਗਲ ‘ੴ ਸਤਿਗੁਰ ਪ੍ਰਸਾਦਿ’ ਹੈ ਭਾਵ 31 ਰਾਗਾਂ ਚੋਂ 4 ਰਾਗਾਂ ਦੇ ਮੁੱਢ ਵਿੱਚ ਸੰਖੇਪ ਮੰਗਲ ਹੈ ਜਦਕਿ ਆਸਾ ਕੀ ਵਾਰ, ਭਗਤ ਬਾਣੀ, ਸਹਸਕ੍ਰਿਤੀ ਸਲੋਕ ਮਹਲਾ ੧ ਤੇ ਮਹਲਾ ੫, ਸਵਈਏ ਮਹਲਾ ੫ ਤੇ ‘ਸਲੋਕ ਵਾਰਾਂ ਤੇ ਵਧੀਕ’ ਦੇ ਮੁੱਢ ਵਿੱਚ ਛੇ ਥਾਈਂ ਆਦਿ-ਮੰਗਲ ਸੰਪੂਰਨ ਹਨ। ਇਨ੍ਹਾਂ ਤੋਂ ਇਲਾਵਾ ਬਾਕੀ ਬਾਣੀਆਂ ਦੇ ਮੰਗਲ ਸੰਖੇਪ ਹਨ ਤੇ ਉਹ ਵੀ ਤਿੰਨ ਪ੍ਰਕਾਰ ਦੇ; ਜਿਵੇਂ ਕਿ

(1). ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥ – 9 ਵਾਰ (ਪੰ. 137, 220, 235, 242, 243, 323, 340, 345, 855)

(2). ੴ ਸਤਿ ਨਾਮੁ ਗੁਰ ਪ੍ਰਸਾਦਿ ॥ – 2 ਵਾਰ (ਪੰ. 81, 544)

(3). ੴ ਸਤਿਗੁਰ ਪ੍ਰਸਾਦਿ ॥ – 524 ਵਾਰ

ਨੋਟ : ਸ਼੍ਰੋਮਣੀ ਕਮੇਟੀ ਦੀ ਸੰਨ 1952 ਵਾਲੀ ਛਾਪੇ ਦੀ ਬੀੜ ਅਤੇ ਸ਼ਬਦਾਰਥ ਦੀਆਂ ਪੋਥੀਆਂ ਵਿੱਚ ‘ਮਹਲਾ ੧’ ਅਤੇ ‘ਮਹਲਾ ੨’ ਦੇ ਸਲੋਕਾਂ ਨੂੰ ਨਿਖੇੜਣ ਲਈ ਸ੍ਰੀ ਕਰਤਾਰਪੁਰੀ ਬੀੜ ਮੁਤਾਬਕ ਅਤਿ ਸੰਖੇਪ ਮੰਗਲ ‘ੴ’ ਦਰਜ ਸੀ, ਜੋ ਹੁਣ ਸ਼੍ਰੋਮਣੀ ਕਮੇਟੀ ਤੇ ਟਕਸਾਲ ਭਿੰਡਰਾਂ ਦੀਆਂ ਪ੍ਰਕਾਸ਼ਿਤ ਬੀੜਾਂ ਤੇ ਪੋਥੀਆਂ ਵਿਚੋਂ ਅਲੋਪ ਹੈ, ਪਰ ਜਦੋਂ ਅਸੀਂ 17ਵੀਂ ਤੇ 18ਵੀਂ ਸਦੀ ਦੀਆਂ ਹੱਥ-ਲਿਖਤ ਬੀੜਾਂ ਦੇ ਬਰੀਕੀ ਨਾਲ ਦਰਸ਼ਨ ਕਰਦੇ ਹਾਂ ਤਾਂ ਭਾਈ ਬੰਨੋ ਸ਼ਾਖ ਦੀਆਂ ਬੀੜਾਂ ਨੂੰ ਛੱਡ ਕੇ ਭਾਈ ਗੁਰਦਾਸ ਤੇ ਦਮਦਮੀ ਸ਼ਾਖ ਦੀਆਂ ਵਧੇਰੇ ਬੀੜਾਂ ਵਿੱਚ ਮੰਗਲਾਂ ਦੀ ਸਥਾਨਿਕ ਤੇ ਰੂਪਕ ਇਕਸਾਰਤਾ ਦਿੱਸਦੀ ਹੈ।  31 ਮੁੱਖ ਰਾਗਾਂ ਦੇ ਅਰੰਭਕ ਮੰਗਲ ਸਾਰੇ ਸੰਪੂਰਨ ਹਨ ਅਤੇ ਉਪਰਾਗਾਂ, ਰਾਗਾਂ ਦੇ ਘਰਾਂ, ਵੱਖ ਵੱਖ ਬਾਣੀਕਾਰਾਂ ਦੀਆਂ ਬਾਣੀਆਂ ਦੇ, ਜੋ ਵਿਸ਼ੇਸ਼ ਸੰਗ੍ਰਹਿ ਹਨ, ਉਨ੍ਹਾਂ ਅੱਗੇ ਕੇਵਲ ‘ੴਸਤਿਗੁਰਪ੍ਰਸਾਦਿ’ ਦਾ ਸੰਖੇਪ ਮੰਗਲ ਹੈ, ਪਰ ਛਾਪੇ ਦੀ ਪ੍ਰਚਲਿਤ ਬੀੜ ਵਿੱਚ ਜੋ ਮੰਗਲ ਹਨ, ਉਨ੍ਹਾਂ ਵਿੱਚੋਂ ਵੀ ਕਈ ਥਾਈਂ ਮੰਗਲਾਚਰਣ ਰਾਗਾਂ ਦੀ ਅਰੰਭਤਾ ਤੇ ਸ਼ਬਦੀ ਸਿਰਲੇਖਾਂ ਤੋਂ ਪਹਿਲਾਂ ਹਨ ਅਤੇ ਕਈ ਥਾਈਂ ਪਿੱਛੋਂ। ਕਿਤੇ ਮੰਗਲ ਸਿਰਲੇਖਾਂ ਦੇ ਬਰਾਬਰ ਹਨ ਅਤੇ ਕਿਤੇ ਸੱਜੇ ਪਾਸੇ ਉੱਪਰ। ਭਾਵੇਂ ਕਿ ਇਸ ਢੰਗ ਨਾਲ ਪਾਵਨ ਬੀੜ ਦੀਆਂ ਇਲਾਹੀ ਰਚਨਾਵਾਂ ਦੇ ਬਾਣੀਕਾਰਾਂ, ਬਾਣੀਆਂ ਦੇ ਨਾਵਾਂ ਤੇ ਕਾਵਿਕ ਛੰਦਾਂ ਪ੍ਰਤੀ ਕਈ ਪ੍ਰਕਾਰ ਦੇ ਭੁਲੇਖੇ ਪੈਦਾ ਹੁੰਦੇ ਹਨ। ਖ਼ਾਸ ਕਰਕੇ ਭਗਤ ਬਾਣੀ ਦੇ ਸਿਰਲੇਖਾਂ ਅਤੇ ਸੁਖਮਨੀ ਸਾਹਿਬ ਵਾਂਗ ਕੁਝ ਹੋਰ ਵਿਸ਼ੇਸ਼ ਲੰਮੀਆਂ ਬਾਣੀਆਂ ਦੇ ਨਾਵਾਂ ਤੋਂ ਪਿੱਛੋਂ ਆਏ ਸੰਖੇਪ ਮੰਗਲਾਂ ਕਾਰਨ। ਉਦਾਹਰਨ ਵਜੋਂ ਕੁਝ ਹੇਠ ਲਿਖੇ ਸਿਰਲੇਖ ਵਾਚੇ ਜਾ ਸਕਦੇ ਹਨ :

(1). ੴ ਸਤਿਗੁਰ ਪ੍ਰਸਾਦਿ ॥

ਰਾਗੁ ਸਿਰੀਰਾਗ ਮਹਲਾ ਪਹਿਲਾ ੧ ਘਰੁ ੧ ॥

ਮੋਤੀ ਤ ਮੰਦਰ ਊਸਰਹਿ (ਪੰ. 14)

(2). ੴ ਸਤਿਗੁਰ ਪਸਾਦਿ ॥

ਸਿਰੀਰਾਗੁ ਮਹਲਾ ੧ ਘਰੁ ੧ ਅਸਟਪਦੀਆ ॥ ਆਖਿ ਆਖਿ ਮਨੁ ਵਾਵਣਾ॥ (ਪੰ. 53)

(3). ੴ ਸਤਿਗੁਰ ਪ੍ਰਸਾਦਿ ॥

ਸਿਰੀਰਾਗੁ ਕਬੀਰ ਜੀਉ ਕਾ ॥ ਏਕੁ ਸੁਆਨੁ ਕੈ ਘਰਿ ਗਾਵਣਾ 

ਜਨਨੀ ਜਾਨਤ ਸੁਤੁ ਬਡਾ ਹੋਤੁ ਹੈ ॥ (ਪੰ. 91)

(4). ਰਾਗ ਮਾਝ ਚਉਪਦੇ

ਘਰੁ ੧ ਮਹਲਾ ੪   ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ

ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਹਰਿ ਹਰਿ ਨਾਮੁ ਮੈ ਹਰਿ ਮਨਿ ਭਾਇਆ ॥ (ਪੰ. 94)

(5). ਗਉੜੀ ਸੁਖਮਨੀ ਮ: ੫ ॥ ਸਲੋਕੁ ॥ ੴ ਸਤਿਗੁਰ ਪ੍ਰਸਾਦਿ ॥

ਆਦਿ ਗੁਰਏ ਨਮਹ ॥ (ਪੰ. 262)

(6). ਰਾਗੁ ਗਉੜੀ ਪੂਰਬੀ ਬਾਵਨ ਅਖਰੀ ਕਬੀਰ ਜੀਉ ਕੀ ॥ ੴ ਸਤਿਨਾਮੁ ਕਰਤਾ ਪੁਰਖ ਗੁਰਪ੍ਰਸਾਦਿ ॥ ਬਾਵਨ ਅਛਰ ਲੋਕ ਤ੍ਰੈ॥ (ਪੰ. 340), ਪ੍ਰੰਤੂ ਪ੍ਰਾਚੀਨ ਹੱਥ-ਲਿਖਤੀ ਬੀੜਾਂ ਵਿੱਚ ਐਸਾ ਨਹੀਂ। ਰਾਗਾਂ ਅਤੇ ਵੱਖ ਵੱਖ ਸ਼ਬਦੀ ਸੰਗ੍ਰਹਿਆਂ ਦੇ ਮੰਗਲ ਸਭ ਥਾਈਂ ਪਤਰੇ ਅਥਵਾ ਪੰਨੇ ਦੇ ਅੱਧ ਤੋਂ ਸੱਜੇ ਪਾਸੇ ਤੇ ਸ਼ਬਦੀ ਸਿਰਲੇਖਾਂ ਤੋਂ ਉੱਚੇਰੇ ਹਨ ਭਾਵ ਸਿਰਲੇਖਾਂ ਤੋਂ ਪਹਿਲਾਂ ਲਿਖੇ ਗਏ ਹਨ। ਹਾਂ  ! ਭਾਈ ਬੰਨੋ ਤੇ ਸ੍ਰੀ ਕਰਤਾਰਪੁਰੀ ਬੀੜ ਦੇ ਮੰਗਲ ਵੀ ਹਨ ਤਾਂ ਭਾਵੇਂ ਕਈ ਥਾਈਂ ਸਿਰਲੇਖਾਂ ਦੇ ਬਰਾਬਰ, ਪਰ ਹੈਨ ਉਹ ਵੀ ਵਰਕੇ ਦੇ ਸੱਜੇ ਅੱਧ ਵਿੱਚ ਅਤੇ ਕਈ ਥਾਈਂ ਸੱਜੇ ਉੱਪਰ ਵੀ। ਇਸ ਪ੍ਰਕਾਰ ਉਪਰੋਕਤ ਦੋਹਾਂ ਤਰਤੀਬਾਂ ਵਿੱਚ ਮੰਗਲਾਂ ਨੂੰ ਕਿਸੇ ਵੀ ਹਾਲਤ ਵਿੱਚ ਵਰਕੇ ਦੇ ਖੱਬੇ ਅੱਧ ਵਾਲੇ ਪਾਸੇ ਵਧਣ ਨਹੀਂ ਦਿੱਤਾ ਗਿਆ। ਇਸ ਤੋਂ ਸਿੱਧ ਹੁੰਦਾ ਹੈ ਕਿ ਪ੍ਰਾਚੀਨ ਬੀੜਾਂ ਵਿੱਚ ਸਭ ਥਾਈਂ ਮੰਗਲਾਂ ਨੂੰ ਪਹਿਲ ਦਿੰਦਿਆਂ ਸਿਰਲੇਖਾਂ ਦੇ ਆਦਿ ਵਿੱਚ ਰੱਖਿਆ ਗਿਆ ਹੈ। ਕਿਸੇ ਨੂੰ ਸੱਜੇ ਪਾਸੇ ਬੈਠਾਉਣਾ ਜਾਂ ਰੱਖਣਾ, ਸੱਭਿਅਕ ਪੱਖੋਂ ਵੀ ਉਸ ਨੂੰ ਪਹਿਲ ’ਤੇ ਆਧਾਰਿਤ ਸਤਿਕਾਰ ਦੇਣਾ ਤੇ ਵਡੱਪਣ ਨੂੰ ਪ੍ਰਵਾਨ ਕਰਨ ਤੁੱਲ ਹੁੰਦਾ ਹੈ। ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅੰਮ੍ਰਿਤਸਰ ਦੇ ਤਤਕਾਲੀ ਪ੍ਰਿੰਸੀਪਲ ਸਾਹਿਬ ਸਿੰਘ ਜੀ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਦੀ ਦਸਵੀਂ ਪੋਥੀ ਦੇ ਅੰਤਲੇ ਭਾਗ ਵਿੱਚ ‘ਮੂਲਮੰਤ੍ਰ ਦੀ ਸਹੀ ਥਾਂ ਦਾ ਨਿਰਣਾ’ ਸਿਰਲੇਖ ਹੇਠ ਲਿਖਦੇ ਹਨ :

‘ਜਦੋਂ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ‘ਬੀੜ’ ਦੀ ਛਪਾਈ ਦਾ ਕੰਮ ਆਪਣੇ ਹੱਥਾਂ ਵਿੱਚ ਲਿਆ, ਤਾਂ ਪ੍ਰਬੰਧਕਾਂ ਨੇ ਛਪਾਈ ਸ਼ੁਰੂ ਕਰਨ ਤੋਂ ਪਹਿਲਾਂ ਸ੍ਰੀ ਕਰਤਾਰਪੁਰ ਸਾਹਿਬ ਵਾਲੀ ਬੀੜ ਨਾਲ ਸੁਧਾਈ ਕੀਤੀ। ਜਿਹੜੇ ਸੱਜਣ ਸੁਧਾਈ ਦੇ ਕੰਮ ਉੱਤੇ ਲਾਏ ਗਏ, ਉਨ੍ਹਾਂ ਨੂੰ ਉਸ ‘ਬੀੜ’ ਦਾ ਲਿਖਣ-ਢੰਗ ਵੇਖ ਕੇ ਇਹ ਨਵਾਂ ਖ਼ਿਆਲ ਸੁੱਝਿਆ ਕਿ ਉਸ ਬੀੜ ਵਿੱਚ ਮੂਲਮੰਤ੍ਰ ਹਰ ਥਾਂ ਬੀੜ ਦੇ ਪੱਤਰੇ ਉੱਤੇ ਸੱਜੇ ਪਾਸੇ ਦੇ ਅਖ਼ੀਰ ’ਤੇ ਹੀ ਲਿਖਿਆ ਹੋਇਆ ਹੈ। ਛੋਟਾ ਮੂਲਮੰਤ੍ਰ ‘ੴ ਸਤਿਗੁਰ ਪ੍ਰਸਾਦਿ’ ਤਾਂ ਸੱਜੇ ਪਾਸੇ ਇਕੋ ਹੀ ਪਾਲ ਵਿੱਚ ਮੁੱਕ ਜਾਂਦਾ ਹੈ, ਪਰ ਜਿਥੇ ਕਿਤੇ ਸਾਰਾ ਮੂਲਮੰਤ੍ਰ ਲਿਖਿਆ ਹੋਇਆ ਹੈ, ਉਹ ਉਸੇ ਸਤਰ ਵਿੱਚ ਖ਼ਤਮ ਨਹੀਂ ਹੋ ਸਕਿਆ ਕਿਉਂਕਿ ਇਹ ਹਰ ਥਾਂ ਲਿਖਣਾ ਸ਼ੁਰੂ ਹੀ ਹੁੰਦਾ ਹੈ ਪੱਤਰੇ ਦੇ ਅੱਧ ਤੋਂ ਪਿੱਛੋਂ ਸੱਜੇ ਪਾਸੇ ਵਲ। ਮੂਲਮੰਤ੍ਰ ਦੇ ਬਾਕੀ ਬਚੇ ਹਿੱਸੇ ਨੂੰ ਦੂਜੀ ਜਾਂ ਤੀਜੀ ਸਤਰ ਵਿੱਚ ਲਿਖਿਆ ਗਿਆ ਹੈ, ਪਰ ਉਹ ਵੀ ਸੱਜੇ ਪਾਸੇ ਹੀ ਉਪਰਲੀ ਸਤਰ ਦੇ ਹੇਠਵਾਰ। ਮੂਲਮੰਤ੍ਰ ਨੂੰ ਕਿਤੇ ਭੀ ਖੱਬੇ ਪਾਸੇ ਵਲ ਨਹੀਂ ਆਉਣ ਦਿੱਤਾ ਗਿਆ।

ਉਹਨਾਂ ਸੱਜਣਾਂ ਨੇ ਕਮੇਟੀ ਦੇ ਪ੍ਰਬੰਧਕਾਂ ਦਾ ਧਿਆਨ ਇਸ ਪਾਸੇ ਦਿਵਾਇਆ। ਪ੍ਰਬੰਧਕਾਂ ਨੇ ਪੰਥ ਦੇ ਕੁਝ ਮੁਖੀ ਵਿਦਵਾਨ ਸੱਜਣਾਂ ਦਾ ਇਕੱਠ ਕਰਕੇ ਨਿਰਣਾ ਕਰਾਇਆ । ਮੂਲਮੰਤ੍ਰ ਦੀ ਲਿਖਾਈ ਬਾਰੇ (ਹੇਠ ਲਿਖੀਆਂ) ਚਾਰ ਜ਼ਰੂਰੀ ਗੱਲਾਂ ਸਾਹਮਣੇ ਆ ਗਈਆਂ ।

(1).  ਹਰੇਕ ਥਾਂ ਮੂਲਮੰਤ੍ਰ ਪੱਤ੍ਰੇ ਦੇ ਸੱਜੇ ਪਾਸੇ ਹੀ ਹੈ। ਸਾਬਤ ਮੂਲਮੰਤ੍ਰ ਦਾ ਪਹਿਲੀ ਸਤਰ ਤੋਂ ਬਚਿਆ ਹਿੱਸਾ ਲਿਖਣ ਵੇਲੇ ਭੀ ਪੱਤਰੇ ਦਾ ਸੱਜਾ ਪਾਸਾ ਹੀ ਵਰਤਿਆ ਹੈ। ਕਿਤੇ ਭੀ ਮੂਲਮੰਤ੍ਰ ਨੂੰ ਖੱਬੇ ਪਾਸੇ ਨਹੀਂ ਆਉਣ ਦਿੱਤਾ ਗਿਆ ।

(2). ਕਈ ਥਾਈਂ ਇਹ ਮੂਲਮੰਤ੍ਰ ਸ਼ਬਦ-ਸੰਗ੍ਰਹਿ ਨਾਲੋਂ ਉਚੇਰਾ ਹੈ ।

(3). ‘ਰਾਗ’ ਅਤੇ ‘ਮਹਲੇ’ ਵਾਲਾ ਸਿਰਲੇਖ ਸਦਾ ਹੀ ਪੱਤਰੇ ਦੇ ਖੱਬੇ ਪਾਸੇ ਲਿਖਿਆ ਗਿਆ ਹੈ। ਜੇ ਕਿਤੇ ਸਿਰਲੇਖ ਲੰਮਾ ਹੋ ਗਿਆ ਤਾਂ ਇਸ ਨੂੰ ਪੱਤਰੇ ਦੇ ਅੱਧ ਤੋਂ ਸੱਜੇ ਪਾਸੇ ਵਲ ਨਹੀਂ ਜਾਣ ਦਿੱਤਾ ਗਿਆ । ਸਿਰਲੇਖ ਦਾ ਬਾਕੀ ਬਚਿਆ ਹਿੱਸਾ ਮੁੜ ਖੱਬੇ ਪਾਸੇ ਹੀ ਪਹਿਲੇ ਹਿੱਸੇ ਦੇ ਹੇਠ ਲਿਖ ਦਿੱਤਾ ਹੈ ।

(4). ਸਿਰਲੇਖ ਅਤੇ ਮੂਲਮੰਤ੍ਰ – ਇਨ੍ਹਾਂ ਦੋਹਾਂ ਦੇ ਵਿਚਕਾਰ ਪੱਤਰੇ ਉੱਤੇ ਕਾਫ਼ੀ ਥਾਂ ਖ਼ਾਲੀ (ਕੋਰਾ) ਰੱਖਿਆ ਗਿਆ ਹੈ ।

ਵਿਦਵਾਨਾਂ ਦਾ ਫ਼ੈਸਲਾ :

ਇਕੱਠੇ ਹੋਏ ਵਿਦਵਾਨ ਸੱਜਣ ਇਸ ਨਤੀਜੇ ਉੱਤੇ ਅੱਪੜੇ ਹਨ ਕਿ ‘ਪੱਤਰੇ ਉੱਤੇ ਹਰ ਥਾਂ ਮੂਲਮੰਤ੍ਰ ਨੂੰ ਸੱਜੇ ਪਾਸੇ ਰੱਖ ਕੇ ਆਦਰ-ਸਤਕਾਰ ਦਿੱਤਾ ਗਿਆ ਹੈ। ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾਂ ਕਰਨ ਵੇਲੇ ਸਿੱਖ ਸ੍ਰੀ ਹਰਿਮੰਦਰ ਸਾਹਿਬ ਨੂੰ ਸੱਜੇ ਹੱਥ ਹੀ ਰੱਖਦਾ ਹੈ। ਸੋ ਸ੍ਰੀ ਕਰਤਾਰਪੁਰ ਵਾਲੀ ‘ਬੀੜ’ ਵਿੱਚ ਮੂਲਮੰਤ੍ਰ ਨੂੰ ਸਦਾ ‘ਪਹਿਲ’ ਦਿੱਤੀ ਹੋਈ ਹੈ। ਪੜ੍ਹਨ ਵੇਲੇ ਪਹਿਲਾਂ ਮੂਲਮੰਤ੍ਰ ਹੀ ਪੜ੍ਹਨਾ ਹੈ । ਪੁਰਾਣੇ ਸਮੇਂ ਲਿਖਣ-ਢੰਗ ਹੀ ਇਹੀ ਸੀ ਕਿ ਆਰੰਭਕ ਮੰਗਲਾਚਰਨ ਨੂੰ ਸੱਜੇ ਪਾਸੇ ਪਹਿਲ ਦਿੱਤੀ ਜਾਏ ।

ਅਗਾਂਹ ਸਦਾ ਲਈ ਪਾਠਕਾਂ ਨੂੰ ਟਪਲੇ ਤੋਂ ਬਚਾਣ ਲਈ ਉਹਨਾ ਵਿਦਵਾਨਾਂ ਨੇ ਇਹ ਫੈਸਲਾ ਕੀਤਾ ਕਿ ‘ਬੀੜਾਂ’ ਛਾਪਣ ਵੇਲੇ ਮੂਲਮੰਤ੍ਰ ਨੂੰ ‘ਪਹਿਲਾਂ’ ਛਾਪਿਆ ਜਾਏ । ਪੰਜਾਬੀ ਦੀ ਲਿਖਾਈ ਖੱਬੇ ਪਾਸੇ ਤੋਂ ਸੱਜੇ ਵਲ ਜਾਂਦੀ ਹੈ। ਸੋ, ਇਸ ਫੈਸਲੇ ਅਨੁਸਾਰ ਮੂਲਮੰਤ੍ਰ ਪੱਤਰੇ ਦੇ ਸੱਜੇ ਪਾਸੇ ਛਾਪੇ ਜਾਣ ਦੇ ਥਾਂ ਖੱਬੇ ਪਾਸੇ ਤੋਂ ਸ਼ੁਰੂ ਕੀਤਾ ਗਿਆ । ਸਿਰਫ ਇਸੇ ਤਰੀਕੇ ਨਾਲ ਹੀ ਮੂਲਮੰਤ੍ਰ ਨੂੰ ਪਹਿਲ ਮਿਲ ਸਕਦੀ ਸੀ ।’

ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਸਿਸਟੈਂਟ ਪ੍ਰੋਫੈਸਰ ਡਾ. ਗੁਰਮੇਲ ਸਿੰਘ ਵਰਗੇ ਬਰੀਕਬੀਂ ਵਿਦਵਾਨ ਦੇ ਲਿਖੇ ‘ਗੁਰਬਾਣੀ ਉਚਾਰਨ’ ਨਾਂ ਦੇ ਪਰਚੇ ਮੁਤਾਬਕ ਵੀ ‘ਮੰਗਲਾਚਰਨ (ਮੂਲ ਮੰਤ੍ਰ) ਨੂੰ ਪੜ੍ਹਨ ਦਾ ਵਿਧਾਨ ਸਿਰਲੇਖਾਂ ਤੋਂ ਪਹਿਲਾਂ ਦਾ ਹੈ । ਮੰਗਲਾਚਰਨ, ਸਿਰਲੇਖ ਤੋਂ ਉਪਰ ਤੇ ਸਜੇ ਕਰਕੇ ਹੈ, ਸੋ ਇਸ ਦਾ ਉਚਾਰਨ ਵੀ ਪਹਿਲਾਂ ਹੀ ਹੈ ।’

ਮੰਗਲਾਂ ਦੀ ਹੋਰ ਵਿਸਥਾਰਤ ਤੇ ਸਥਾਨਿਕ ਸਪਸ਼ਟਤਾ ਲਈ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਦੀ ਦਸਵੀਂ ਪੋਥੀ ਦੇ ਪੰਨਾ 711 ਤੋਂ ‘ਮੂਲਮੰਤ੍ਰ ਦੀ ਸਹੀ ਥਾਂ ਦਾ ਨਿਰਣਾ’ ਅਤੇ ‘ਸੰਪਾਦਕ ਨਿਰਣੈ ਸ੍ਰੀ ਗੁਰੂ ਗ੍ਰੰਥ ਸਾਹਿਬ’, ‘ਸੰਪਾਦਨ-ਕਲਾ ਸ੍ਰੀ ਗੁਰੂ ਗ੍ਰੰਥ ਸਾਹਿਬ’ ਤੇ ‘ਸਰਬੋਤਮਤਾ ਸ੍ਰੀ ਗੁਰੂ ਗ੍ਰੰਥ ਸਾਹਿਬ’ ਆਦਿਕ ਪੁਸਤਕਾਂ ਨੂੰ ਧੀਰਜ ਸਹਿਤ ਵਾਚਣਾ ਹੋਰ ਵੀ ਲਾਹੇਵੰਦਾ ਹੋ ਸਕਦਾ ਹੈ ।

ਜਥੇਦਾਰ ਵੇਦਾਂਤੀ ਜੀ ਦੇ ਅਤਿ ਨਿਕਟਵਰਤ ਸਾਥੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਖੋਜੀ ਪ੍ਰੋਫੈਸਰ ਡਾ. ਅਮਰ ਸਿੰਘ ਦੀ ਰਚਿਤ ਪੁਸਤਕ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ-ਲਿਖਤ ਬੀੜਾਂ ਦੇ ਦਰਸ਼ਨ’ ਦੀ ਅੰਤਿਕਾ ਨੰ. 8 ਵਿਖੇ ਮੰਗਲਚਰਨ ਦੇ ਵੱਖ-ਵੱਖ ਸਥਾਨਾਂ ਵਾਲੀਆਂ ਬੀੜਾਂ ਦੀ ਵਿਵਰਨਾਤਮਿਕ ਸੂਚੀ ਇਸ ਪ੍ਰਕਾਰ ਹੈ :

ਮੰਗਲਾਚਰਨ ਦਾ ਸਥਾਨ ਬਾਣੀ ਸਿਰਲੇਖ ਤੋਂ ਪਹਿਲੀ ਪੰਕਤੀ ਵਿੱਚ ਸੱਜੇ ਪਾਸੇ : 9, 11, 13, 15, 18, 47, 51, 53, 80, 89, 98, 107, 108 (ਕੁੱਲ 13)

ਮੰਗਲਾਚਰਨ ਦਾ ਸਥਾਨ ਪਤਰੇ ਦੇ ਸੱਜੇ ਪਾਸੇ ਹੈ : 7, 12, 17, 20, 27, 30, 32, 45, 56, 57, 67, 79, 82, 87, 99, 100, 102, 104, 106, 115 (ਕੁੱਲ 20)

ਮੰਗਲਾਚਰਨ ਦਾ ਸਥਾਨ ਬਾਣੀ ਸਿਰਲੇਖ ਤੋਂ ਪਹਿਲਾਂ ਹੈ : 5, 8, 22, 26, 27, 31, 33, 34, 35, 36, 54, 62, 66, 68 (ਕੁੱਲ 14)

ਜਥੇਦਾਰ ਵੇਦਾਂਤੀ ਜੀ ਮੁਤਾਬਕ ਬੁੰਗਾ ਗਿਆਨੀਆਂ, ਸ੍ਰੀ ਅੰਮ੍ਰਿਤਸਰ ਤੋਂ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਵਿੱਚ ਪਹੁੰਚੀ ਬੀੜ, ਜਿਹੜੀ ਹੁਣ ਡਾ. ਅਨੁਰਾਗ ਸਿੰਘ ਲੁਧਿਆਣਾ ਦੇ ਘਰ ਦੱਸੀ ਜਾਂਦੀ ਹੈ, ਉਸ ਦੇ ਸਾਰੇ ਮੰਗਲ ਸਿਰਲੇਖਾਂ ਤੋਂ ਪਹਿਲਾਂ (ਆਦਿ ਵਿੱਚ) ਓਵੇਂ ਹੀ ਲਿਖੇ ਹਨ, ਜਿਵੇਂ ਸ਼੍ਰੋਮਣੀ ਕਮੇਟੀ ਨੇ ਸੰਨ 1952 ਵਿਚ ਛਾਪੇ ਸਨ। ਇਹ ਇੱਕ ਵਖਰਾ ਵਿਸ਼ਾ ਹੈ ਕਿ ਉਸ ਬੀੜ ਵਿੱਚ ‘ੴ’ ਦੇ ਪ੍ਰਚਲਿਤ ਰੂਪ ਦੀ ਥਾਂ ਇਉਂ ‘੧ਓ’ ਦਰਸ਼ਨ ਹੁੰਦੇ ਹਨ। ਇਸ ਬੀੜ ਦੀ ਡਿਜ਼ੀਟਲ ਕਾਪੀ ਮੇਰੀ ਲਾਇਬ੍ਰੇਰੀ ਵਿੱਚ ਮੌਜੂਦ ਹੈ, ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ’ਚੋਂ ਵੇਦਾਂਤੀ ਜੀ ਦੇ ਸੰਗ੍ਰਹਿ ਦਾ ਭਾਗ ਬਣੀ। ‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੁਰਾਤਨ ਹੱਥ ਲਿਖਤੀ ਬੀੜਾਂ ਦੇ ਦਰਸ਼ਨ’ ਦੀ ਵਿਵਰਾਨਤਮਕ ਸੂਚੀ ਵਿੱਚ ਵੀ ਉਹ ਬੀੜ 50 ਨੰ ’ਤੇ ਦਰਜ ਹੈ ਅਤੇ ਉਸ ਦੇ ਖਾਲੀ ਪਤਰਿਆਂ ਦਾ 41 ਨੰ. ਚਿੱਤਰ ਵੀ ਪੁਸਤਕ ਦੇ ਪੰਨਾ 272 ਮੁਤਾਬਕ ਉਸ ਦਾ ਭਾਗ ਹੈ, ਜਿਸ ਉੱਤੇ ‘ੴ’ ਤੇ ‘’  (ਸਵਾਸਤਿਕ) ਦੇ ਗੇਰੂ ਰੰਗੇ (ਭਗਵੇ) ਨਿਸ਼ਾਨ ਲਗਾਏ ਹੋਏ ਹਨ।

ਅਸਲ ਵਿੱਚ ਕੁਝ ਇਹੋ ਕਾਰਨ ਸਨ, ਜਿਨ੍ਹਾਂ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੇ ਸੰਨ 1952 ਤੋਂ 1962 ਤਕ ਪਾਵਨ ਬੀੜਾਂ ਤੇ ਸ਼ਬਦਾਰਥ ਪੋਥੀਆਂ ਦੇ ਮੰਗਲ ਸਿਰਲੇਖਾਂ ਤੋਂ ਪਹਿਲਾਂ (ਆਦਿ ਵਿੱਚ) ਛਾਪਣ ਦਾ ਉਪਕਾਰ ਕਰਦੀ ਰਹੀ। ਸ਼੍ਰੋਮਣੀ ਕਮੇਟੀ ਵੱਲੋਂ ਬੀੜ ਦੀ ਛਪਾਈ ਹੋਣ ਕਰਕੇ ਸਥਾਨਕ ਦੁਕਾਨਦਾਰ ਪ੍ਰਕਾਸ਼ਕਾਂ ਦੀ ਵਿਕਰੀ ਘਟ ਗਈ। ਉਨ੍ਹਾਂ ਦੀ ਚੁੱਕਣਾ ਅਤੇ ਮੁੱਠੀ ਗਰਮ ਕਰਨ ਵਾਲੀ ਸੁਆਰਥੀ ਸੋਚ ਅਧੀਨ ਕੁਝ ਸੰਪਰਦਾਈ ਡੇਰੇਦਾਰਾਂ ਅਤੇ ‘ਚੀਫ਼ ਖ਼ਾਲਸਾ ਦੀਵਾਨ’ ਦੇ ਆਗੂਆਂ ਵੱਲੋਂ ਅਜਿਹੀ ਜ਼ੋਰਦਾਰ ਵਿਰੋਧੀ ਸੁਰ ਅਲਾਪਣੀ ਸ਼ੁਰੂ ਕੀਤੀ ਕਿ ਸ਼੍ਰੋਮਣੀ ਕਮੇਟੀ ਨੇ ਪਾਵਨ ਬੀੜ ਦੇ ਮੰਗਲ ਬਦਲ ਦਿੱਤੇ ਹਨ। ਗੁਰਬਾਣੀ ਬਦਲ ਦਿੱਤੀ ਹੈ। ਇਹ ਘੋਰ ਅਪਰਾਧ ਹੈ ਜਦ ਕਿ ਅਜਿਹਾ ਕੁਝ ਵੀ ਨਹੀਂ ਸੀ। ਸ਼੍ਰੋਮਣੀ ਕਮੇਟੀ ਵੱਲੋਂ ਸੰਨ 1959 ਵਿੱਚ ਪ੍ਰਕਾਸ਼ਤ ‘ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ -ਬਾਰੇ- ਜ਼ਰੂਰੀ ਵਾਕਫ਼ੀਅਤ’ ਨਾਂ ਦੇ ਕਿਤਾਬਚੇ ਦੁਆਰਾ ਪੰਥਕ ਵਿਦਵਾਨਾਂ ਦੀਆਂ ਸਮੇਂ ਸਮੇਂ ਹੋਈਆਂ ਇਕੱਤ੍ਰਤਾਵਾਂ ਤੇ ਵਿਚਾਰਾਂ ਸਮੇਤ ਉਪਰੋਕਤ ਕਿਸਮ ਦੀ ਸਾਰੀ ਕਾਰਵਾਈ ਤੋਂ ਸਹਿਜੇ ਹੀ ਜਾਣੂੰ ਹੋਇਆ ਜਾ ਸਕਦਾ ਹੈ। ਇਸ ਵਿੱਚ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਸ੍ਰੀ ਅੰਮ੍ਰਿਤਸਰ ਦੀਆਂ ਚੋਣਵੀਆਂ ਹੱਥ ਲਿਖਤ ਬੀੜਾਂ ਤੋਂ ਇਲਾਵਾ ਸ੍ਰੀ ਕਰਤਾਰਪੁਰੀ ਅਤੇ ਭਾਈ ਬਿਧੀਚੰਦ ਜੀ ਵਾਲੀ ਸੁਰਸਿੰਘੀ ਬੀੜ ਸਮੇਤ 51 ਬੀੜਾਂ ਦੇ ਵੇਰਵੇ ਨਾਲ ਸਿੱਧ ਕਰਨ ਦਾ ਯਤਨ ਕੀਤਾ ਹੈ ਕਿ ਮੰਗਲਾਂ ਦਾ ਸਹੀ ਸਥਾਨ ਸ਼ਬਦ ਸਿਰਲੇਖਾਂ ਤੋਂ ਪਹਿਲਾਂ (ਆਦਿ ਵਿੱਚ) ਹੈ।

ਜਨਵਰੀ 14 ਸੰਨ 1957 ਨੂੰ ਪੰਜਾਬ ਦੀਆਂ ਸਮਕਾਲੀ ਅਖ਼ਬਾਰਾਂ ਤੇ ਮਾਸਿਕ ਪੱਤਰਾਂ ਦੇ ਸਾਰੇ ਸੰਪਾਦਕਾਂ ਨੇ ਇੱਕ ਸਾਂਝੇ ਬਿਆਨ ਰਾਹੀਂ ਸ਼੍ਰੋਮਣੀ ਕਮੇਟੀ ਦੁਆਰਾ ਪਾਵਨ ਬੀੜ ਦੀ ਛਪਾਈ ਕਰਵਾਉਣ ਦੀ ਜ਼ੋਰਦਾਰ ਸ਼ਲਾਘਾ ਕੀਤੀ ਅਤੇ ਸਿੱਖ ਸ਼ਰਧਾਲੂਆਂ ਨੂੰ ਗੁੰਮਰਾਹ ਕਰਨ ਵਾਲੇ ਸਵਾਰਥੀ ਪ੍ਰਾਪੇਗੰਡੇ ਦੀ ਨਿਖੇਧੀ ਕਰਦਿਆਂ ਸਿੱਖ ਜਗਤ ਨੂੰ ਸੁਚੇਤ ਵੀ ਕੀਤਾ। ਯਾਦ ਰੱਖਣਾ ਚਾਹੀਦਾ ਹੈ ਕਿ ਇਨ੍ਹਾਂ ਵਿੱਚ ਸ੍ਰ. ਸਾਧੂ ਸਿੰਘ ‘ਹਮਦਰਦ’, ਸ਼ਾਦੀ ਸਿੰਘ, ਈਸ਼ਰ ਸਿੰਘ ‘ਮਝੈਲ’ ਅਤੇ ਸ੍ਰ. ਅਵਤਾਰ ਸਿੰਘ ਅਜ਼ਾਦ ਵਰਗੇ ਦਰਜਨ ਤੋਂ ਵਧੇਰੇ ਸੁਘੜ ਸੰਪਾਦਕ, ਸਾਹਿਤਕਾਰ ਤੇ ਪੰਥ-ਦਰਦੀ ਵਿਦਵਾਨ ਸ਼ਾਮਲ ਸਨ, ਜਿਨ੍ਹਾਂ ਦੀ ਘਾਟ ਪੰਥ ਨੂੰ ਸਦਾ ਹੀ ਰੜਕਦੀ ਰਹਿੰਦੀ ਹੈ।

ਪੰਥਕ ਬਦਨਸੀਬੀ ਹੀ ਮੰਨੀ ਜਾ ਸਕਦੀ ਹੈ ਕਿ (ਸੰਤ ਬਾਬਾ) ਫਤਹਿ ਸਿੰਘ ਤੇ ਚੰਨਣ ਸਿੰਘ ਦੀ ਪ੍ਰਧਾਨਗੀ ਮੌਕੇ ਸੰਪਰਦਾਈ ਸੋਚ ਅਤੇ ਰਾਜਨੀਤਕ ਵੋਟ-ਦ੍ਰਿਸ਼ਟੀ ਅਧੀਨ ਸ਼੍ਰੋਮਣੀ ਕਮੇਟੀ ਨੇ ਪਾਵਨ ਬੀੜ ਦੀ ਸ਼ੁਧ ਛਪਾਈ ਸੰਬੰਧੀ ਆਪਣਾ ਉਪਰੋਕਤ ਕਿਸਮ ਦਾ ਸਹੀ ਫੈਸਲਾ ਬਦਲ ਲਿਆ। ਗਿ. ਗੁਰਬਚਨ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੀ ਸਲਾਹ ਨਾਲ ਉਨ੍ਹਾਂ ਦੇ ਪ੍ਰਮੁਖ ਵਿਦਿਆਰਥੀ ਗਿ. ਕਰਤਾਰ ਸਿੰਘ (ਜੋ ਉਨ੍ਹਾਂ ਤੋਂ ਪਿੱਛੋਂ ਡੇਰਾ ਚੌਕ ਮਹਿਤਾ ਦੇ ਮੁਖੀ ਬਣੇ) ਨੂੰ ਗੁਰੂ ਰਾਮਦਾਸ ਪ੍ਰਿਟਿੰਗ ਪ੍ਰੈਸ ਸ੍ਰੀ ਅੰਮ੍ਰਿਤਸਰ ਵਿਖੇ ਪਾਵਨ ਬੀੜ ਦੀ ਪਰੂਫ਼-ਰੀਡਿੰਗ ਕਰਨ ਲਈ ਨਿਯੁਕਤ ਕੀਤਾ, ਜਿਨ੍ਹਾਂ ਆਪਣੇ ਉਸਤਾਦ ਦੀਆਂ ਹਦਾਇਤਾਂ ਅਨੁਸਾਰ ਛਾਪੇ ਦੀ ਬੀੜ ਵਿੱਚ ਮੰਗਲਾਂ ਦੀ ਬੇਤਰਤੀਬੀ ਤੋਂ ਇਲਾਵਾ ਸ਼ਬਦ ਜੋੜਾਂ ਵਿੱਚ ਵੀ ਵਾਧੇ-ਘਾਟੇ ਕੀਤੇ। ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅੰਮ੍ਰਿਤਸਰ ਦੇ 1974-76 ਦੇ ਸ਼ੈਸ਼ਨ ਵਿੱਚ ਸਾਡੀ ਕਲਾਸ ਦੇ ਸਾਰੇ ਵਿਦਿਆਰਥੀਆਂ ਪਾਸ ਸੰਥਾ ਲਈ ਸ਼ਬਦਾਰਥ ਦੀਆਂ ਓਹੀ ਪੋਥੀਆਂ (4 ਭਾਗ) ਸਨ, ਜਿਨ੍ਹਾਂ ਦੇ ਸਾਰੇ ਮੰਗਲ ਸਿਰਲੇਖਾਂ ਤੋਂ ਪਹਿਲਾਂ (ਆਦਿ ਵਿੱਚ) ਸਨ। ਸਹਸਕ੍ਰਿਤੀ ਸਲੋਕ ਮਹਲਾ ੧ ਦੇ ਦੂਜੇ ਸਲੋਕ ਤੋਂ ਪਹਿਲਾਂ ‘ੴ’ ਦਾ ਮੰਗਲ ਸੀ ਕਿਉਂਕਿ ਅਗਲੇ ਤਿੰਨ ਸਲੋਕ ਮਹਲਾ 2 ਦੇ ਹਨ, ਜੋ ‘ਮਾਝ’ ਤੇ ਆਸਾ ਦੀ ਵਾਰ ਵਿੱਚ ਮ: ੨ ਦੇ ਸਿਰਲੇਖ ਹੇਠ ਦਰਜ ਹੋਏ ਮਿਲਦੇ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਟੀਮ ਦੇ ਪ੍ਰਮੁੱਖ ਖੋਜੀ ਮੈਂਬਰ ਤਲਵਾੜਾ ਜੀ ਅਤੇ ਜਥੇਦਾਰ ਵੇਦਾਂਤੀ ਜੀ ਸਾਰੇ ਮੰਗਲਾਂ ਨੂੰ ਪਤਰੇ ਦੇ ਸੱਜੇ ਪਾਸੇ ਸਿਰਲੇਖਾਂ ਤੋਂ ਉੱਪਰ ਲਿਖਣ ਦੀ ਹੀ ਵਕਾਲਤ ਕਰਦੇ ਸਨ ਕਿਉਂਕਿ ਗੁਰੂ-ਕਾਲ ਦੀਆਂ ਪ੍ਰਮਾਣਿਤ ਬੀੜਾਂ ਤੋਂ ਇਲਾਵਾ 17ਵੀਂ ਤੇ 18ਵੀਂ ਸਦੀ ਦੀਆਂ ਬਹੁ ਗਿਣਤੀ ਹੱਥ ਲਿਖਤ ਬੀੜਾਂ ਵਿੱਚ ਇਹੀ ਢੰਗ ਅਪਨਾਇਆ ਗਿਆ ਹੈ। ਉਹ ਸੋਚਦੇ ਸਨ ਕਿ ਇਹੀ ਇੱਕ ਅਜਿਹਾ ਮੂਲਿਕ ਢੰਗ ਹੈ, ਜਿਸ ਨਾਲ ਮੰਗਲ ਆਪਣੇ ਸਹੀ ਸਥਾਨ ’ਤੇ ਸ਼ੋਭਨੀਕ ਵੀ ਰਹਿੰਦੇ ਹਨ ਅਤੇ ਮੰਗਲ ਬਦਲਣ ਵਾਲੇ ਕਥਿਤ ਤੇ ਢੁਚਰੀ ਦੋਸ਼ ਤੋਂ ਵੀ ਬਚਿਆ ਜਾ ਸਕਦਾ ਹੈ। ਇਸ ਟੀਮ ਮੁਤਾਬਕ ਮੰਗਲ ਹੈਨ ਵੀ ਕੇਵਲ ਦੋ ਕਿਸਮ ਦੇ, ਬਾਕੀ ਸਭ ਲਿਖਾਰੀਆਂ ਦੀਆਂ ਉਕਾਈਆਂ ਤੇ ਮਨ ਮਰਜ਼ੀਆਂ ਹਨ।  31 ਰਾਗਾਂ ਦੇ ਆਰੰਭ ਵਿੱਚ ਸੰਪੂਰਨ ਅਤੇ ਉਪਰਾਗਾਂ, ਘਰਾਂ ਅਤੇ ਵੱਖ ਵੱਖ ਬਾਣੀਕਾਰਾਂ ਦੇ ਸ਼ਬਦ ਸੰਗ੍ਰਹਿਆਂ ਅੱਗੇ ਕੇਵਲ ‘ੴਸਤਿਗੁਰਪ੍ਰਸਾਦਿ’ ਦਾ ਸੰਖੇਪ ਮੰਗਲ। ਸਾਡੇ ਪਾਸ ਕਈ ਅਜਿਹੀਆਂ ਪ੍ਰਮਾਣੀਕ ਬੀੜਾਂ ਮੌਜੂਦ ਹਨ, ਜੋ ਉਪਰੋਕਤ ਹਕੀਕਤ ਦੀ ਗਵਾਹੀ ਭਰਦੀਆਂ ਹਨ।

‘ਪਾਠ-ਭੇਦਾਂ ਦੀ ਸੂਚੀ’ ਦੇ ਪੰਨਾ 17 ਉੱਤੇ ਜਿੱਥੇ ਬੀੜ ਨੰ. 4/3, 5, 8/8, 21/34, 29/79, 32/6281, 35/116, 39/182 ਅਤੇ ਬੀੜ ਨੰ. 48 ਦੇ ਹਵਾਲੇ ਨਾਲ ਸਿਰੀਰਾਗੁ ਦੀ ਆਰੰਭਤਾ ਵਜੋਂ ਛਾਪੇ ਦੀ ਬੀੜ ਵਾਲੇ ‘ੴ ਸਤਿਗੁਰ ਪ੍ਰਸਾਦਿ ॥’ ਸੰਖੇਪ ਮੰਗਲ ਦੀ ਥਾਂ ‘ੴ ਤੋਂ ਗੁਰਪ੍ਰਸਾਦਿ’ ਤਕ ਦਾ ਸੰਪੂਰਨ ਮੰਗਲਾਚਰਨ ਲਿਖ ਕੇ ਛਾਪੇ ਦੇ ਸ਼ਬਦ ਸੰਗ੍ਰਹਿ ਦੇ ਸਿਰਲੇਖ ‘ਰਾਗੁ ਸਿਰੀਰਾਗੁ ਮਹਲਾ ਪਹਿਲਾ ੧ ਘਰੁ ੧’ ਦੀ ਥਾਂ ਸਹੀ ਸਿਰਲੇਖ ‘ਰਾਗੁ ਸਿਰੀਰਾਗੁ ਮਹਲਾ ੧ ਚਉਪਦੇ ਘਰੁ ੧’ ਲਿਖਿਆ ਹੈ ਕਿਉਂਕਿ ਉਸ ਸੰਗ੍ਰਹਿ ਦੇ ਸਾਰੇ ਸ਼ਬਦ ਚਉਪਦੇ ਹਨ। ਉੱਥੇ, ਇੱਕ ਵਿਸ਼ੇਸ਼ ਨੋਟ ਵੀ ਇਉਂ ਅੰਕਿਤ ਕੀਤਾ ਹੈ :

ਨੋਟ : ਪੁਰਾਤਨ ਲਿਖਤੀ ‘ਗੁਰੂ ਗ੍ਰੰਥ ਸਾਹਿਬ ਦੇ ਅਨੇਕਾਂ ਸੰਚਿਆਂ ਵਿੱਚ ਸਾਰੇ ਇਕੱਤੀਹਾਂ ਰਾਗਾਂ ਦੇ ਆਰੰਭ ਵਿੱਚ ‘ਮੰਗਲ’ ਵਜੋਂ ‘ਪੂਰਨ ਮੂਲਮੰਤ੍ਰ’ ਲਿਖੇ ਹੋਏ ਹਨ ਅਤੇ ਅੰਦਰਲੇ ਛੋਟੇ ਸਿਰਲੇਖਾਂ ਨਾਲ ਸੰਖੇਪ (ੴ ਸਤਿਗੁਰ ਪ੍ਰਸਾਦਿ ।) ਮੂਲਮੰਤ੍ਰ ‘ਕਟਹ ਕੁੰਟਲ ਨ੍ਯਾਯ’ ਅਨੁਸਾਰ ਲਿਖਣ ਦਾ ਰਿਵਾਜ ਸੀ।

(ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥) ਦੇ 9 ਵਾਰ ਆਏ ਅਤੇ (ੴ ਸਤਿ ਨਾਮੁ ਗੁਰ ਪ੍ਰਸਾਦਿ ॥) ਦੇ ਦੋ ਵਾਰ ਆਏ ਮੰਗਲਾਂ ਦੀ ਥਾਂ ਵੀ ਦਰਜਨਾਂ ਬੀੜਾਂ ਦੇ ਹਵਾਲੇ ਨਾਲ ਜਾਣਕਾਰੀ ਲਿਖੀ ਹੈ ਕਿ ਰਾਗਾਂ ਦੇ ਸਿਰਲੇਖਾਂ ਨੂੰ ਛੱਡ ਕੇ ਇਤਿਆਦਿਕ ਸਭ ਥਾਈਂ ‘ੴ ਸਤਿਗੁਰਪ੍ਰਸਾਦਿ ॥’ ਦਾ ਸੰਖੇਪ ਮੰਗਲ ਹੀ ਸਹੀ ਸਿੱਧ ਹੁੰਦਾ ਹੈ। ਜਿਵੇਂ ਛਾਪੇ ਦੀ ਪਾਵਨ ਬੀੜ ਦੇ ਪੰਨਾ 220 ਤੇ 235 ’ਤੇ ਮਹਲਾ ੧ ਤੇ ਮਹਲਾ ੫ ਦੀਆਂ ਅਸਟਪਦੀਆਂ ਵਿੱਚ ਲਿਖੇ ‘ੴ ਸਤਿ ਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥’ ਮੰਗਲ ਬਾਰੇ ਬੀੜ ਨੰ. 1, 4/3, 5, 7, 21/34, 24/36, 31/99, 32/6281, 36/117, 38/ 173, 41/250 ਅਤੇ 55 ਨੰ. ਬੀੜਾਂ ਦੇ ਹਵਾਲੇ ਨਾਲ ‘ੴ ਸਤਿਗੁਰਪ੍ਰਸਾਦਿ ॥’ ਦੇ ਸੰਖੇਪ ਮੰਗਲ ਨੂੰ ਸਹੀ ਸਿੱਧ ਕੀਤਾ ਹੈ। ਇਸੇ ਤਰ੍ਹਾਂ ਪਾਵਨ ਬੀੜ ਦੇ ਪੰਨਾ 81 ਅਤੇ ਪੰ. 544 ’ਤੇ 2 ਵਾਰ ਅੰਕਿਤ ‘ੴ ਸਤਿ ਨਾਮੁ ਗੁਰਪ੍ਰਸਾਦਿ ॥’ ਦੇ ਮੰਗਲ ਬਾਰੇ ਬੀੜ ਨੰ. 5, 4/3, 7, 21/34, 32/6281, 36/117, 38/173, 40/236, 41/250, 46, 47, 48, 53/1 ਅਤੇ ਬੀੜ ਨੰ. 54 ਦੇ ਹਵਾਲੇ ਨਾਲ ਦੱਸਿਆ ਹੈ ਕਿ ਉਪਰੋਕਤ ਦੋਈਂ ਥਾਈਂ ਵੀ ਮੰਗਲ ਦਾ ਸੰਖੇਪ ਰੂਪ ‘ੴ ਸਤਿ ਗੁਰਪ੍ਰਸਾਦਿ ॥’ ਹੈ ।

‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ-ਲਿਖਤ ਬੀੜਾਂ ਦੇ ਦਰਸ਼ਨ’ (ਪੰ. 274) ਪੁਸਤਕ ਦੀ ਅੰਤਿਕਾ ਨੰ. 10 ਮੁਤਾਬਕ ਯੂਨੀਵਰਸਿਟੀ ਦੇ ਉਪਰੋਕਤ ਕੇਂਦਰ ਦੀ ਲਾਇਬ੍ਰੇਰੀ ਵਿਖੇ ਹੇਠ ਲਿਖੀਆਂ 65 ਪੁਰਾਤਨ ਬੀੜਾਂ ਮੌਜੂਦ ਹਨ, ਜਿਨ੍ਹਾਂ ਵਿੱਚ ਰਾਗ ‘ਸਿਰੀਰਾਗੁ’ ਦੇ ਅਰੰਭ ਵਿੱਚ ਸੰਖੇਪ ਮੰਗਲਾਚਰਨ ‘ੴ ਸਤਿਗੁਰਪ੍ਰਸਾਦਿ ॥’ (ਪੰ. 14) ਦੀ ਥਾਂ ‘ੴ ਤੋਂ ਗੁਰਪ੍ਰਸਾਦਿ ॥’ ਤਕ ਦਾ ਸੰਪੂਰਨ ਮੰਗਲ ਹੈ । ਦਰਸ਼ਨ ਕਰੋ  ! ਬੀੜ ਨੰ. 1, 2, 5, 7, 8, 13, 19, 22, 24, 25, 26, 31, 33, 34, 35, 36, 39, 42, 43, 44, 45, 48, 50, 51, 52, 53 ਆਦਿਕ ।

ਅੰਤਿਕਾ ਨੰ. 13 (ਪੰ. 275) – ਉਨ੍ਹਾਂ ਪੁਰਾਤਨ ਬੀੜਾਂ ਦੀ ਸੂਚੀ, ਜਿਨ੍ਹਾਂ ਵਿੱਚ ਛਾਪੇ ਦੀ ਪਾਵਨ ਬੀੜ ਵਿਖੇ ਰਾਗੁ ਸਿਰੀਰਾਗੁ ਮਹਲਾ ੪ ਵਣਜਾਰਾ (ਪੰ. 81) ਅਤੇ ਰਾਗੁ ਬਿਹਾਗੜਾ ਮਹਲਾ ੫ ॥ ਛੰਤ ਘਰੁ ੨ (ਪੰ. 544) ਦੇ ਸਿਰਲੇਖਾਂ ਪਿਛੋਂ ਛਪੇ ਮੰਗਲਾਚਰਨ ‘ੴ ਸਤਿ ਨਾਮੁ ਗੁਰਪ੍ਰਸਾਦਿ ॥’ ਦੀ ਥਾਂ ਅਰੰਭ ਵਿੱਚ ਮੰਗਲ ਕੇਵਲ ‘ੴ ਸਤਿਗੁਰਪ੍ਰਸਾਦਿ ॥’ ਹੈ। ਅਜਿਹੀਆਂ ਹੱਥ ਲਿਖਤਾਂ ਦੀ ਕੁਲ ਗਿਣਤੀ 87 ਹੈ; ਜਿਵੇਂ ਬੀੜ ਨੰ. 2, 3, 5, 6, 7, 8, 10, 11, 12, 13, 15, 16, 17, 19, 20, 21, 22, 24, 25, 26, 27, 31, 32, 33, 34, 35, 36, 39, 40, 41, 42, 43, 44, 45, 49, 50, 51, 52, 53, 54, 55, 56, 57, 58, 59, 60, 62, 64, 66, 67, 71, 73, 74, 75, 76, 77, 78, 80, 81, 82, 83, 84, 86, 87, 89, 90, 91, 98, 99, 100, 101, 102, 104, 108, 110, 115, 116, 117, 119, 120, 122, 125, 128, 130, 135, 140 ਤੇ 145  ।

ਅੰਤਿਕਾ ਨੰ. 14 (ਪੰ. 275) – ਉਨ੍ਹਾਂ ਬੀੜਾਂ ਦੀ ਸੂਚੀ, ਜਿਨ੍ਹਾਂ ਵਿੱਚ ਰਾਗੁ ਗਉੜੀ ਛੰਤ ਮਹਲਾ 1 (ਪੰ. 242), ਮਹਲਾ 3 (ਪੰ. 243), ਭਗਤਾਂ ਕੀ ਬਾਣੀ (ਪੰ.323), ਬਾਵਨ ਅਖਰੀ ਕਬੀਰ ਜੀ (ਪੰ. 340) ਅਤੇ ਭਗਤ ਰਵਿਦਾਸ ਜੀ ਦੀ ਬਾਣੀ (ਪੰ. 345) ਦੇ ਆਰੰਭ ਵਿੱਚ ਮੰਗਲਾਚਰਨ ‘ੴ ਸਤਿ ਨਾਮੁ ਕਰਤਾ ਪੁਰਖ ਗੁਰਪ੍ਰਸਾਦਿ ॥’ ਦੀ ਥਾਂ ਵੀ ਕੇਵਲ ‘ੴ ਸਤਿਗੁਰਪ੍ਰਸਾਦਿ ॥’ ਦਾ ਸੰਖੇਪ ਮੰਗਲ ਹੈ । ਅਜਿਹੀਆਂ ਪਾਵਨ ਬੀੜਾਂ ਦੀ ਕੁਲ ਗਿਣਤੀ 67 ਹੈ । ਜਿਵੇਂ ਬੀੜ ਨੰ. 5, 7, 8, 9, 11, 13, 14, 18, 20, 22, 23, 25, 26, 27, 30, 31, 32, 34, 35, 39, 42, 43, 44, 45, 46, 47, 51, 53, 54, 55, 56, 57, 58, 59, 60, 63, 64, 66, 67, 68, 70, 73, 74, 79, 80, 81, 82, 83, 86, 87, 91, 99, 100, 102, 104, 106, 108, 110, 115, 119, 125, 128, 135, 139, 140, 148 ਤੇ 150 (ਕੁੱਲ-67)

ਅੰਤਿਕਾ ਨੰ. 40 (ਉਹੀ ਪੁਸਤਕ, ਪੰ. 278)- ਸਲੋਕ ਸਹਸਕ੍ਰਿਤੀ ਮਹਲਾ ੧ ਦੇ ਦੂਜੇ ਸਲੋਕ ‘ਨਿਹਫਲੰ ਤਸੵ ਜਨਮਸੵ ਜਾਵਦ ਬ੍ਰਹਮ ਨ ਬਿੰਦਤੇ ॥’ ਤੋਂ ਪਹਿਲਾਂ ਮੰਗਲਾਚਰਨ ਕੇਵਲ ‘ੴ’ ਜਾਂ ‘ੴ ਸਤਿਗੁਰਪ੍ਰਸਾਦਿ ॥’ ਵਾਲੀਆਂ ਬੀੜਾਂ ਦੀ ਸੂਚੀ : 2, 4, 12, 15, 17, 18, 19, 22, 33, 40, 42, 43, 45, 53, 56, 101, 104, 107, 108, 120 (ਕੁੱਲ-20)

ਇਹੀ ਕਾਰਨ ਹੈ ਕਿ ਜਥੇਦਾਰ ਵੇਦਾਂਤੀ ਜੀ ਦੁਆਰਾ ਪਾਵਨ ਬੀੜ ਦੇ ਸੋਧੇ ਹੋਏ ਖਰੜੇ ਵਿਖੇ ਵੀ ਇਸੇ ਮੰਗਲ ਸ਼ੈਲੀ ਨੂੰ ਹੀ ਮਹੱਤਵ ਦਿੱਤਾ ਗਿਆ ਹੈ ਭਾਵ ‘ਸਿੱਖ ਬੁੱਕ ਕਲੱਬ ਅਮਰੀਕਾ’ ਵਾਲੀ ਪਾਵਨ ਬੀੜ ਦੇ ਖਰੜੇ ਵਿਖੇ 31 ਰਾਗਾਂ ਦੇ ਮੰਗਲ ਸੰਪੂਰਨ ਹਨ ਅਤੇ ਬਾਕੀ ਦੇ ਅੰਦਰਲੇ ਸਾਰੇ ਮੰਗਲ ‘ੴ ਸਤਿ ਗੁਰਪ੍ਰਸਾਦਿ ॥’ ਸੰਖੇਪ ਰੂਪ ’ਚ ਹਨ।

——ਚੱਲਦਾ—–

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ -3)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 4)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 5)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 6)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 7)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 8)

ਗੁਰਮਤਿ ਦਾ ਮੂਲ ਭਾਵ (ਸਚੁ ਬਨਾਮ ਕੂੜੁ)

2

ਗੁਰਮਤਿ ਦਾ ਮੂਲ ਭਾਵ (ਸਚੁ ਬਨਾਮ ਕੂੜੁ)

ਗਿਆਨੀ ਅਵਤਾਰ ਸਿੰਘ

ਹਰ ਮਨੁੱਖ; ਆਪਣੀ ਆਪਣੀ ਸੋਚ ਨਾਲ਼ ‘ਸੱਚ’ ਅਤੇ ‘ਕੂੜ’ (ਝੂਠ) ਦੇ ਅੰਤਰ ਨੂੰ ਜਾਣਦਾ ਹੈ; ਜਿਵੇਂ ਕਿ ਗੁਰਬਾਣੀ ਦੇ ਇੱਕੋ ਸ਼ਬਦ ਦਾ ਅਰਥ; ਇੱਕ ਸਿੱਖ ਅਲੱਗ ਸਮਝਦਾ ਹੈ ਅਤੇ ਦੂਜਾ; ਕੋਈ ਹੋਰ ਅਰਥ ਲੈਂਦਾ ਹੈ। ਇਹੀ ਮਨਮਤ; ਵਿਵਾਦਾਂ ਦਾ ਕਾਰਨ ਬਣਦੀ ਹੈ। ਸੰਸਾਰ ’ਚ ਅਕਸਰ ਵਿਵਾਦਾਂ ਦੀ ਜੜ੍ਹ; ਮਨਮਤ ਹੀ ਹੈ, ਜਿਸ ਨੂੰ ਬੜੀ ਚਤੁਰਾਈ ਨਾਲ਼ ਧਰਮ ਦਾ ਜਾਮਾ ਪਾ ਕੇ ਢਕ ਲਿਆ ਜਾਂਦਾ ਹੈ। ਸੋ ਮਨੁੱਖ ਦੀ ਨਾ ਸਮਝੀ ਹੀ ਅਸਲ ਸੱਚ ਤੇ ਅਸਲ ਝੂਠ ਦੀ ਪਰਖ ਨਾ ਕਰ ਸਕਣ ਲਈ ਜ਼ਿੰਮੇਵਾਰ ਹੈ ਵਰਨਾ ਸੱਚ; ਸੱਚ ਹੁੰਦਾ ਹੈ ਅਤੇ ਝੂਠ; ਝੂਠ ਹੀ ਰਹਿੰਦਾ ਹੈ।

ਗੁਰਬਾਣੀ ਨੇ ‘ਸਚੁ’ ਅਤੇ ‘ਕੂੜੁ’ ਦੇ ਜੋ ਅਰਥ ਕੀਤੇ ਹਨ, ਉਨ੍ਹਾਂ ਉੱਤੇ ਭਾਵੇਂ ਕਿ ਅਸ਼ਰਧਕ ਬੰਦੇ ਦਾ ਭਰੋਸਾ ਨਾ ਬਣ ਸਕੇ, ਪਰ ਅਰਥਾਂ ਨੂੰ ਕੋਈ ਮਨਮਤ ਦਾ ਰੰਗ ਨਹੀਂ ਚਾੜ੍ਹ ਸਕਦਾ। ਗੁਰਬਾਣੀ ਅੰਦਰ ‘ਸਚੁ’ ਸ਼ਬਦ 22 ਰੂਪਾਂ (ਸਚੁ, ਸਚਿ, ਸਚੜਾ ਆਦਿ) ’ਚ 3798 ਵਾਰ ਹੈ, ਜਿਨ੍ਹਾਂ ਵਿੱਚੋਂ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਾਣੀ ਅੰਦਰ 1290 ਵਾਰ ਵਰਤਿਆ ਹੈ ਯਾਨੀ ਕਿ 34% ਜਦਕਿ ਆਪ ਜੀ ਦੀ ਕੁੱਲ ਬਾਣੀ; ਗੁਰਬਾਣੀ ਸ਼ਬਦ ਸੰਖਿਆ ਮੁਤਾਬਕ ਮਾਤਰ 16.7% (ਕੁੱਲ 5870 ਵਿੱਚੋਂ 977 ਸ਼ਬਦ) ਹੈ। ਸਮੁੱਚੀ ਗੁਰਬਾਣੀ ਦੀ ਵਿਚਾਰ ਕਰਨ ਉਪਰੰਤ ਜਾਪਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਧਰਮ ਦੇ ਮੂਲ ਅਸੂਲਾਂ ਨੂੰ ਬੜੇ ਵਿਸਥਾਰ ਸਹਿਤ ਸਰਲ ਤੇ ਸਪਸ਼ਟ ਕੀਤਾ ਹੈ; ਜਿਵੇਂ ਕਿ ਅਕਾਲ ਪੁਰਖ ਦੀ ਸਰਬ ਵਿਆਪਕ ਹੋਂਦ ਦੇ ਪ੍ਰਤੀਕ ਵਜੋਂ ਵਰਤਿਆ ਗਿਆ ਸ਼ਬਦ ‘ਜੋਤਿ’; ਆਪ ਜੀ ਦੀ ਬਾਣੀ ’ਚ 50% (ਕੁੱਲ 200 ਵਿੱਚੋਂ 97 ਵਾਰ) ਹੈ, ਜੋ ਕਿ ਬੜਾ ਗੰਭੀਰ ਤੇ ਅਹਿਮ ਵਿਸ਼ਾ ਹੈ। ਹਥਲੇ ਲੇਖ ’ਚ ਕੇਵਲ ਪਹਿਲੇ ਪਾਤਿਸ਼ਾਹ ਜੀ ਦੁਆਰਾ ਵਰਤੇ ‘ਸਚੁ’ ਨੂੰ ਹੀ ਕਈ ਪੱਖੋਂ ਵਿਚਾਰਿਆ ਜਾਏਗਾ।

ਗੁਰਬਾਣੀ ਅੰਦਰ ‘ਸਚੁ’ ਦੇ ਅਰਥ ਹਨ, ‘ਸਦੀਵੀ ਸਥਿਰ (ਅਕਾਲ ਪੁਰਖ), ਸਦੀਵੀ ਸਥਿਰ (ਉਸ ਦਾ ਨਾਮ/ਵਡਿਆਈ), ਸਦੀਵੀ ਸਥਿਰ (ਗੁਰੂ ਅਤੇ ਉਸ ਦਾ ਸ਼ਬਦ), ਸਦੀਵੀ ਸਥਿਰ (ਉਹ ਜ਼ਿੰਦਗੀ, ਜੋ ਸਚੁ ਨੂੰ ਸਦਾ ਯਾਦ ਰੱਖਦੀ ਹੈ)’। ਧਿਆਨ ਰਹੇ ਕਿ ‘ਸਦੀਵੀ ਸਥਿਰ’ ਅਰਥ; ਗੁਰਬਾਣੀ ’ਚ ਦਰਜ ਦੋ ਹੋਰ ਸ਼ਬਦਾਂ ‘ਸਤਿ’ (153 ਵਾਰ) ਅਤੇ ‘ਥਿਰ’ (97 ਵਾਰ) ਵਿੱਚੋਂ ਵੀ ਮਿਲਦੇ ਹਨ।

ਗੁਰੂ ਗ੍ਰੰਥ ਸਾਹਿਬ ਦਾ ਅਰੰਭਕ ਸ਼ਬਦ ਹੈ ‘ੴ’, ਜੋ ਅੰਕ ਗਣਿਤ ਦੇ ਪਹਿਲੇ ਅੰਕ ‘੧’ ਅਤੇ ਵਰਣਮਾਲਾ ਦੇ ਪਹਿਲੇ ਅੱਖਰ ‘ੳ’ ਦੇ ਸੁਮੇਲ ਤੋਂ ਬਣਿਆ ਹੈ। ਇਸ ਦੇ ਨਾਲ਼ ਦੂਜਾ ਸ਼ਬਦ ਹੈ ‘ਸਤਿ’, ਜੋ ਸੰਸਕ੍ਰਿਤ ਭਾਸ਼ਾ ਦਾ ਹੈ। ਭਾਸ਼ਾਈ ਨਿਯਮਾਂ ਮੁਤਾਬਕ ਇਹ ‘ਤਤਸਮ’ ਸ਼ਬਦ ਹੈ ਯਾਨੀ ਕਿ ਦੂਸਰੀ ਭਾਸ਼ਾ ਦਾ ਹੂ-ਬਹੂ ਸ਼ਬਦ। ਇਸ ਦਾ ਤਦਭਵ ਰੂਪ ਹੈ ‘ਸਚੁ’ (ਨੋਟ : ਤਦਭਵ ਸ਼ਬਦ; ਤਤਸਮ ਸ਼ਬਦਾਂ ਦਾ ਬਲਦਿਆ ਰੂਪ ਹੁੰਦਾ ਹੈ)। ਦੋਵਾਂ ਦੇ ਅਰਥ ਇੱਕ ਸਮਾਨ ਹਨ। ‘ਸਤਿ’ (ਤਤਸਮ) ਉੱਤੇ ਗੁਰਬਾਣੀ ਦਾ ਕੋਈ ਲਿਖਤ ਨਿਯਮ ਨਹੀਂ ਢੁੱਕਦਾ ਜਦਕਿ ‘ਸਚੁ’ (ਤਦਭਵ) ਉੱਤੇ ਗੁਰਬਾਣੀ ਦੇ ਸਾਰੇ ਵਿਆਕਰਣਿਕ ਨਿਯਮ ਲਾਗੂ ਹੁੰਦੇ ਹਨ। ਮਿਸਾਲ ਵਜੋਂ ‘ਸਚਿ’ ਦਾ ਅਰਥ ਹੈ ‘ਸਦੀਵੀ ਸਥਿਰ ਵਿੱਚ’ ਜਾਂ ‘ਸਦੀਵੀ ਸਥਿਰ ਨਾਲ਼’, ਪਰ ‘ਸਤਿ’ ਦੇ ਅਰਥਾਂ ’ਚੋਂ ਸੰਬੰਧਕੀ ਚਿੰਨ੍ਹ (ਵਿੱਚ, ਨਾਲ਼) ਨਹੀਂ ਲੈ ਸਕਦੇ ਕਿਉਂਕਿ ‘ਸਤਿ’ ਦੀ ਸਿਹਾਰੀ ਅੰਤ; ਮੂਲਕ ਹੈ, ਜਿਸ ਦਾ ਉਚਾਰਨ ਹੁੰਦਾ ਹੈ ‘ਸਤ੍ਯ’ ਜਦਕਿ ‘ਸਚੁ/ਸਚਿ’ ਦਾ ਉਚਾਰਨ ਹੈ ‘ਸਚ’। ਚੇਤੇ ਰਹੇ ਕਿ ‘ਸਤਿ’ (ਤਤਸਮ) ਦਾ ਰੂਪ ‘ਸਤੁ’ ਬਿਲਕੁਲ ਨਹੀਂ ਬਣ ਸਕਦਾ, ਇਸ ਲਈ ਗੁਰਬਾਣੀ ’ਚ ਦਰਜ ‘ਸਤੁ’ (68 ਵਾਰ) ਦਾ ਅਰਥ ਉੱਚਾ ਆਚਰਨ ਅਤੇ ਦਾਨ ਹੈ, ਨਾ ਕਿ ‘ਸਦੀਵੀ ਸਥਿਰ’।

‘ਸਚੁ’ ਦੇ ਅਰਥ ਜਾਣਨ ਤੋਂ ਬਾਅਦ ਸਪਸ਼ਟ ਹੈ ਕਿ ‘ਕੂੜੁ’ ਦਾ ਅਰਥ ਹੈ ‘ਅਸਤ੍ਯ’, ਜੋ ਸਦੀਵੀ ਸਥਿਰ ਨਹੀਂ। ਗੁਰਬਾਣੀ ’ਚ ‘ਕੂੜੁ’ (ਕੂੜ, ਕੂੜਿ, ਕੂੜੇ, ਕੂੜੈ, ਕੂੜੋ, ਕੂੜੀ ਆਦਿ 8 ਰੂਪਾਂ ’ਚ 263 ਵਾਰ) ਨੂੰ ਹੀ ‘ਝੂਠੁ’ (8 ਰੂਪਾਂ ’ਚ 215 ਵਾਰ) ਮੰਨਿਆ ਹੈ। ਗੁਰੂ ਸਾਹਿਬਾਨ ਅਨੁਸਾਰ ਸਰੀਰ, ਧਨ-ਪਦਾਰਥ, ਸਾਕ-ਸੰਬੰਧੀ, ਕੁਦਰਤ/ਬ੍ਰਹਿਮੰਡ; ਸਦਾ ਰਹਿਣ ਵਾਲ਼ੇ ਨਹੀਂ, ਇੱਕ ਦਿਨ ਅਵੱਸ਼ ਨਾਸ ਹੋਣਗੇ ਭਾਵ ਇਸ ਸਭ ਕੂੜ ਹਨ, ਝੂਠ ਹਨ। ਸੋ ‘ਸਚੁ’ ਦਾ ਅਰਥ ਜਿੱਥੇ ‘ਸਦੀਵੀ ਸਥਿਰ’ ਹੈ, ਓਥੇ ‘ਕੂੜੁ/ਝੂਠੁ’ ਦਾ ਅਰਥ ਹੈ ‘ਸਦੀਵੀ ਸਥਿਰ ਨਾ ਰਹਿਣਾ’। ‘ਸਚੁ, ਕੂੜੁ ਤੇ ਝੂਠੁ’ ਤਿੰਨੇ ਇੱਕ ਵਚਨ ਪੁਲਿੰਗ ਨਾਂਵ ਹਨ। ‘ਸਚਿ’ ਦੀ ਅੰਤ ਸਿਹਾਰੀ ਵਾਙ ‘ਕੂੜਿ/ਝੂਠਿ’ ਦੀ ਅੰਤ ਸਿਹਾਰੀ ਵੀ ‘ਵਿੱਚ, ਨਾਲ਼’ ਲੁਪਤ ਸੰਬੰਧਕੀ ਅਰਥ ਦਿੰਦੀ ਹੈ।

ਹਥਲੇ ਵਿਸ਼ੇ ਦੀ ਗਹਿਰਾਈ ਨੂੰ ਜਾਣਨ ਲਈ ਖਗੋਲ ਵਿਗਿਆਨ ਨੂੰ ਥੋੜ੍ਹਾ ਸਮਝਣਾ ਲਾਹੇਵੰਦ ਹੈ। ਤਾਰਾ ਵਿਗਿਆਨੀਆਂ ਮੁਤਾਬਕ ਪੂਰਾ ਬ੍ਰਹਿਮੰਡ ਗਤੀਸ਼ੀਲ ਹੈ ਯਾਨੀ ਕਿ ਇੱਕ ਥਾਂ ਸਥਿਰ ਨਹੀਂ। ਬ੍ਰਹਿਮੰਡ ਦੇ ਜਿਉਂ ਜਿਉਂ ਕੇਂਦਰ ਵੱਲ ਜਾਈਏ, ਇਸ ਦੀ ਗਤੀ ਵਧਦੀ ਜਾਂਦੀ ਹੈ; ਜਿਵੇਂ ਕਿ ਧਰਤੀ ਦੇ ਗੁਰੂਤਾ-ਆਕਰਸ਼ਣ (Gravity) ਨਾਲ਼ ਚੰਦ; ਧਰਤੀ ਦੁਆਲੇ 3683 ਕਿਲੋਮੀਟਰ ਪ੍ਰਤੀ ਘੰਟਾ ਘੁੰਮਦਾ ਹੈ। ਸੂਰਜ ਦੇ ਗੁਰੂਤਾ-ਆਕਰਸ਼ਣ ਨਾਲ਼ ਧਰਤੀ; ਸੂਰਜ ਦੁਆਲੇ 1, 07, 208 ਕਿਲੋਮੀਟਰ ਪ੍ਰਤੀ ਘੰਟਾ ਗਤੀ ਕਰਦੀ ਹੈ ਯਾਨੀ ਕਿ ਚੰਦ ਦੇ ਘੁੰਮਣ ਦੀ ਗਤੀ ਨਾਲੋਂ 29 ਗੁਣਾ ਵੱਧ। ਮਿਲਕੀ ਵੇ ਗਲੈਕਸੀ ਦੇ ਪ੍ਰਭਾਵ ਨਾਲ਼ ਸੂਰਜ; ਉਸ ਦੁਆਲੇ 8,28,000 ਕਿਲੋਮੀਟਰ ਪ੍ਰਤੀ ਘੰਟਾ ਘੁੰਮਦਾ ਹੈ, ਜੋ ਧਰਤੀ ਦੀ ਗਤੀ ਤੋਂ ਵੀ 7.78 ਗੁਣਾ ਵੱਧ ਹੈ। ਮਿਲਕੀ ਵੇ; ਆਪਣੇ ਕੇਂਦਰ (ਬਲੈਕ ਹੋਲ) ਦੁਆਲੇ 21,60,000 ਕਿਲੋਮੀਟਰ ਪ੍ਰਤੀ ਘੰਟਾ ਘੁੰਮਦੀ ਹੈ, ਜੋ ਕਿ ਸੂਰਜ ਦੀ ਗਤੀ ਨਾਲੋਂ ਵੀ 2.61 ਗੁਣਾ ਵੱਧ ਹੈ ਅਤੇ 15 ਅਗਸਤ 1992 ਦੀ ਇੱਕ ਖੋਜ ਮੁਤਾਬਕ ਮਿਲਕੀ ਵੇ ਦਾ ਬਲੈਕ ਹੋਲ/GRS 1915+105; ਇੱਕ ਸਕਿੰਡ ’ਚ 950 ਤੋਂ 1150 ਵਾਰ ਘੁੰਮਦਾ ਹੈ ਯਾਨੀ ਕਿ ਇਸ ਦੇ ਇੱਕ ਸਕਿੰਡ ’ਚ ਹੀ 950 ਤੋਂ 1150 ਦਿਨ-ਰਾਤ ਹੁੰਦੇ ਹਨ ਜਦਕਿ ਇਸ ਦੇ ਮੁਕਾਬਲੇ ਚੰਦ ਦੀ ਗਤੀ ਐਨੀ ਧੀਮੀ ਹੈ ਕਿ ਉਸ ਦਾ ਇੱਕ ਦਿਨ ਤੇ ਰਾਤ; ਧਰਤੀ ਦੇ ਸਾਢੇ 14-14 ਦਿਨਾਂ ਬਰਾਬਰ ਹੁੰਦਾ ਹੈ। ਇਸੇ ਤਰ੍ਹਾਂ ਮਿਲਕੀ ਵੇ ਦਾ ਬਲੈਕ ਹੋਲ ਵੀ ਬ੍ਰਹਿਮੰਡ ਦੇ ਕਿਸੇ ਹੋਰ ਵੱਡੇ ਬਲੈਕ ਹੋਲ ਦੇ ਪ੍ਰਭਾਵ ਨਾਲ਼ ਘੁੰਮਦਾ ਹੈ, ਜਿਸ ਦੀ ਗਤੀ ਇਸ ਤੋਂ ਕਈ ਗੁਣਾਂ ਵੱਧ ਹੈ, ਆਦਿ।

ਸੋ ਕੁਦਰਤਿ ’ਚ ਜੋ ਪਦਾਰਥ (ਮਾਦਾ) ਗਤੀਸ਼ੀਲ ਹੈ, ਉਹ ਇੱਕ ਦਿਨ ਅਵੱਸ਼ ਖ਼ਤਮ ਹੋਵੇਗਾ। ਖਗੋਲ ਵਿਗਿਆਨ ਮੁਤਾਬਕ ਸਾਡੇ ਸੂਰਜ ਵਰਗੇ ਤਾਰਿਆਂ ਦੀ ਉਮਰ ਕੇਵਲ 9-10 ਅਰਬ ਸਾਲ ਹੈ, ਜਿਸ ਵਿੱਚੋਂ ਇਹ ਸੂਰਜ ਅੱਧੀ ਉਮਰ ਭੋਗ ਚੁੱਕਿਆ ਹੈ ਤੇ ਅਗਲੇ 4.5 ਜਾਂ 5 ਅਰਬ ਸਾਲਾਂ ਤੋਂ ਬਾਅਦ ਇਹ ਖ਼ਤਮ ਹੋ ਜਾਏਗਾ। ਕੋਈ ਦੂਸਰਾ ਤਾਰਾ ਇਸ ਨੂੰ ਆਪਣੇ ਵੱਲ ਖਿੱਚ ਕੇ ਇਸ ਦਾ ਵਜੂਦ ਮਿਟਾ ਦੇਵੇਗਾ। ਸੂਰਜ ਦੀ ਮੌਤ ਨਾਲ਼ ਇਸ ਦੇ ਬਾਕੀ ਗ੍ਰਹਿ (ਧਰਤੀ, ਬੁਧ, ਸ਼ੁਕਰ, ਮੰਗਲ ਆਦਿ) ਵੀ ਖ਼ਤਮ ਹੋ ਜਾਣਗੇ। ਗੁਰੂ ਅਰਜਨ ਸਾਹਿਬ ਜੀ ਨੇ ਇਹ ਸਚਾਈ; ਇਨ੍ਹਾਂ ਸ਼ਬਦਾਂ ਰਾਹੀਂ ਬਿਆਨ ਕੀਤੀ ‘‘ਨਿਸਿ ਬਾਸੁਰ ਨਖਿਅਤ੍ਰ ਬਿਨਾਸੀ; ਰਵਿ ਸਸੀਅਰ ਬੇਨਾਧਾ ਗਿਰਿ ਬਸੁਧਾ ਜਲ ਪਵਨ ਜਾਇਗੋ; ਇਕਿ ਸਾਧ ਬਚਨ ਅਟਲਾਧਾ ’’ (ਮਹਲਾ /੧੨੦੪) ਅਰਥ : ਦਿਨ, ਰਾਤ, ਤਾਰੇ, ਸੂਰਜ, ਚੰਦ, ਪਹਾੜ, ਧਰਤੀ, ਪਾਣੀ, ਹਵਾ ਆਦਿਕ ਇੱਕ ਦਿਨ ਖ਼ਤਮ ਹੋ ਜਾਣਗੇ। ਕੇਵਲ ਗੁਰੂ ਦੇ ਬਚਨ ਹੀ ਸਦੀਵੀ ਸਥਿਰ ਰਹਿਣੇ ਹਨ ਕਿਉਂਕਿ ਇਹ ਬੋਲ; ਉਸ ‘ਸਚੁ’ ਦੇ ਗੁਣਾਂ ਨਾਲ਼ ਸੰਬੰਧਿਤ ਹਨ, ਜੋ ਕਦੇ ਨਾਸ ਨਹੀਂ ਹੁੰਦਾ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਦ ਸਾਰੀ ਕੁਦਰਤ ਹੀ ਚਲਾਇਮਾਨ ਹੈ ਤਾਂ ਫਿਰ ਕੀ ਕੋਈ ਐਸੀ ਸ਼ਕਤੀ ਵੀ ਹੈ, ਜੋ ਇੱਕ ਜਗ੍ਹਾ ਸਥਿਰ ਹੈ। ਨਾ ਕਿਸੇ ਦੇ ਪ੍ਰਭਾਵ (ਗੁਰੂਤਾ-ਆਕਰਸ਼ਣ) ਨਾਲ਼ ਘੁੰਮਦੀ ਹੈ ਤੇ ਨਾ ਕਦੇ ਨਾਸ ਹੁੰਦੀ ਹੈ ? ਜਵਾਬ : ਗੁਰਬਾਣੀ ਅੰਦਰ ਐਸੀ ਸ਼ਕਤੀ ਨੂੰ ਨਾਂ ਦਿੱਤਾ ਹੈ ‘ੴ’, ਇਸ ਦੇ ਨਾਲ਼ ‘ਸਤਿ’ ਲਿਖ ਕੇ ਸਾਬਤ ਕਰ ਦਿੱਤਾ ਕਿ ਇਹ ਸਦੀਵੀ ਸਥਿਰ ਹੈ। ‘ਜਪੁ’ ਬਾਣੀ ਦਾ ਅਰੰਭਕ ਸਲੋਕ ਵੀ ਇਸ ਸਚਾਈ ਦੀ ਸੰਖੇਪ ਵਿਆਖਿਆ ਹੈ ‘‘ਆਦਿ ਸਚੁ; ਜੁਗਾਦਿ ਸਚੁ ਹੈ ਭੀ ਸਚੁ; ਨਾਨਕ  ! ਹੋਸੀ ਭੀ ਸਚੁ ’’ (ਜਪੁ/ ਮਹਲਾ /) ਅਰਥ : ੴ; ਜਗਤ ਰਚਨਾ ਤੋਂ ਪਹਿਲਾਂ ਵੀ ਮੌਜੂਦ ਸੀ ਭਾਵ ਸਥਿਰ ਸੀ। ਯੁੱਗ ਪਰੰਪਰਾ ਦੀ ਅਰੰਭਤਾ ਸਮੇਂ ਵੀ ਮੌਜੂਦ ਸੀ। ਹੁਣ ਵੀ ਮੌਜੂਦ ਹੈ ਅਤੇ ਕੁਦਰਤ ਦੇ ਵਿਨਾਸ਼ (ਕਿਆਮਤ) ਉਪਰੰਤ ਵੀ ਕਾਇਮ ਹੋਏਗਾ।

ਗੁਰਬਾਣੀ ’ਚ ਜ਼ਿੰਦਗੀ ਅਤੇ ਕੁਦਰਤ ਦੀ ਸਚਾਈ ਬਾਰੇ ਵੀ ਭਾਵੇਂ ਕਾਫ਼ੀ ਜਾਣਕਾਰੀ ਦਰਜ ਹੈ, ਪਰ ਗੁਰਬਾਣੀ ਦਾ ਮੂਲ ਭਾਵ (ਤੱਤ-ਸਾਰ); ‘ਸਚੁ’ ਨਾਲ਼ ਸੰਬੰਧਿਤ ਗਿਆਨ ਹੀ ਹੈ। ‘ਜਪੁ’ ਬਾਣੀ ਅੰਦਰ ਦਰਜ ਰੂਹਾਨੀਅਤ ਦੇ ਪੰਜ ਪੜਾਵਾਂ (ਧਰਮਖੰਡ, ਗਿਆਨਖੰਡ, ਸਰਮਖੰਡ, ਕਰਮਖੰਡ ਤੇ ਸਚਖੰਡਿ) ਵਿੱਚੋਂ ਅੰਤਮ ਪੜਾਅ, ਜੋ ਸਰਬੋਤਮ ਦਰਜਾ ਹੈ, ਮਨੁੱਖੀ ਜ਼ਿੰਦਗੀ ਦੀ ਮੰਜ਼ਲ ਹੈ, ਉਹ ਹੈ ‘ਸਚਖੰਡਿ’; ਜਿਵੇਂ ਕਿ ‘‘ਸਚਖੰਡਿ (’) ਵਸੈ ਨਿਰੰਕਾਰੁ ’’ (ਜਪੁ/ਮਹਲਾ /) ਭਾਵ ਸਦੀਵੀ ਸਥਿਰ ਅਵਸਥਾ ’ਚ ਨਿਰਾਕਾਰ ਵੱਸਦਾ ਹੈ। ਨਿਰਾਕਾਰ ਸ਼ਬਦ; ਨਾਸਵਾਨ ਆਕਾਰ, ਨਾਸਵਾਨ ਕੁਦਰਤ/ਬ੍ਰਹਿਮੰਡ ਤੋਂ ਵਿਪਰੀਤ ਅਬਿਨਾਸ਼ੀ ਅਰਥਾਂ ’ਚ ਹੈ ਤਾਹੀਓਂ ਇਸ ਅਵਸਥਾ (ਖੰਡ) ’ਚ ‘ਸਚ’ ਨੂੰ ਸ਼ਾਮਲ ਕੀਤਾ ਹੈ ‘ਸਚਖੰਡਿ’। ਗੁਰੂ ਨਾਨਕ ਸਾਹਿਬ ਜੀ; ‘ਸਚਖੰਡਿ’ ਦੇ ਅਰਥ ਹੋਰ ਸਰਲ ਸਮਝਾਉਣ ਲਈ ਇਸ ਨੂੰ ‘ਸਚੈ+ਥਾਨਿ’ (ਭਾਵ ਸਥਿਰ ਜਗ੍ਹਾ ਵਿੱਚ) ਵੀ ਲਿਖਦੇ ਹਨ; ਜਿਵੇਂ ਕਿ ‘‘ਸਚੈ+ਥਾਨਿ (’) ਵਸੈ ਨਿਰੰਕਾਰਾ ’’ (ਮਹਲਾ /੧੦੪੦), ਇਹ ਪੜਾਅ; ਗਤੀਸ਼ੀਲ ਕੁਦਰਤ/ਆਕਾਰ ਤੋਂ ਬਹੁਤ ਉੱਪਰ ਹੈ; ਜਿਵੇਂ ਕਿ ਪਹਿਲੇ ਪਾਤਿਸ਼ਾਹ ਜੀ ਦੇ ਹੇਠਲੇ ਬਚਨ ਫ਼ੁਰਮਾ ਰਹੇ ਹਨ :

ਸਚੈ ਊਪਰਿ ਅਵਰੁ ਦੀਸੈ; ਸਾਚੇ ਕੀਮਤਿ ਪਾਈ ਹੇ (ਮਹਲਾ /੧੦੨੩) ਭਾਵ ਸਦੀਵੀ ਸਥਿਰ ਤੋਂ ਵੱਡੀ ਕੋਈ ਹੋਰ ਸ਼ਕਤੀ ਨਹੀਂ, ਜਿਸ ਨੂੰ ਸਚੁ ਕਹਿ ਦੇਈਏ।

ਸਚਹੁ ਓਰੈ ਸਭੁ ਕੋ; ਉਪਰਿ ਸਚੁ ਆਚਾਰੁ (ਮਹਲਾ /੬੨) ਭਾਵ ‘ਸਚੁ’ ਤੋਂ ਹੇਠਾਂ ਯਾਨੀ ਕੂੜ ਵਿੱਚ ਹਰ ਕੋਈ ਗ੍ਰਸਤ ਹੈ। ਇਸ ਤੋਂ ਬਹੁਤ ਉਤਾਂਹ ਸਦੀਵੀ ਸਥਿਰ ਕਿਰਦਾਰ ਹੁੰਦਾ ਹੈ, ਰੁਤਬਾ ਹੈ, ਰੂਹਾਨੀਅਤ ਦੀ ਮੰਜ਼ਲ ਹੈ।

ਸਾਚੇ ਊਪਰਿ ਅਵਰੁ ਦੀਸੈ; ਸਾਚੇ ਸਾਚਿ (’) ਸਮਾਵੈ (ਮਹਲਾ /੧੧੧੨) ਭਾਵ ਜੋ ਸਚ ’ਚ ਲੀਨ ਹੋ ਗਿਆ; ਉਹ, ਸਦੀਵੀ ਸਥਿਰ (ੴ) ਤੋਂ ਉਤਾਂਹ ਕਿਸੇ ਹੋਰ ਹਸਤੀ ਨੂੰ ‘ਸਚੁ’ ਨਹੀਂ ਮੰਨਦਾ।

ਕੋਈ ਨਵੀਂ ਸ਼ਕਤੀ ਤਦ ਉਪਜਦੀ ਹੈ ਜਦ ਪੁਰਾਣੀ ਖ਼ਤਮ ਹੋਵੇ, ਪਰ ੴ ਤਾਂ ਸਦਾ ਸਥਿਰ ਹੈ, ਸਦਾ ਨਵਾਂ ਹੈ ‘‘ਸਾਹਿਬੁ ਮੇਰਾ ਨੀਤ ਨਵਾ; ਸਦਾ ਸਦਾ ਦਾਤਾਰੁ ਰਹਾਉ (ਮਹਲਾ /੬੬੦), ਹੈ ਭੀ, ਹੋਸੀ; ਜਾਇ ਜਾਸੀ; ਸਚਾ ਸਿਰਜਣਹਾਰੋ ’’ (ਮਹਲਾ /੨੪) ਉਸ ਸਥਿਰ ਤੋਂ ਹੀ ਕੁਦਰਤ ਉਪਜੀ ਹੈ ‘‘ਜੋ ਕਹੀਐ; ਸੋ ਪ੍ਰਭ ਤੇ ਹੋਈ ਜੁਗਹ ਜੁਗੰਤਰਿ; ਸਾਹਿਬੁ ਸਚੁ ਸੋਈ (ਓਹੀ)’’ (ਮਹਲਾ /੯੦੫)

ਗੁਰਬਾਣੀ ਵਿੱਚ ਇਕਲੌਤਾ ਸ਼ਬਦ (ਸੋ ਦਰੁ); ਤਿੰਨ ਵਾਰ ਦਰਜ ਹੈ ਅਤੇ ਸੁਬ੍ਹਾ ਸ਼ਾਮ ਨਿਤਨੇਮ ਵਜੋਂ ਪੜ੍ਹਿਆ ਵੀ ਜਾਂਦਾ ਹੈ। ਇਸ ਸ਼ਬਦ ਨੂੰ ਐਨੀ ਮਹੱਤਤਾ ਦੇਣ ਦਾ ਅਸਲ ਕਾਰਨ ਇਹ ਹੈ ਕਿ ਸ਼ਰਧਾਵਾਨ ਲੋਕਾਂ ਨੇ ਨਾਸਵਾਨ ਕੁਦਰਤ ’ਚੋਂ ਕਾਲਪਨਿਕ ਸ਼ਕਤੀਆਂ ਨੂੰ ‘ਸਚੁ’ (ਸਥਿਰ) ਜਾਣ ਕੇ ਸਦੀਆਂ ਤੋਂ ਉਨ੍ਹਾਂ ਦੀ ਪੂਜਾ ਕੀਤੀ, ਜਿਸ ਕਾਰਨ ਅਸਲ ‘ਸਚ’ ਬਾਰੇ ਚੇਤਾ ਹੀ ਨਾ ਰਿਹਾ। ਇਨ੍ਹਾਂ ਸਭ ਕਾਲਪਨਿਕ ਸ਼ਕਤੀਆਂ ਨੂੰ ‘ਸਚ’ ਦੇ ਹੁਕਮ (ਯਾਨੀ ਪ੍ਰਭਾਵ) ’ਚ ਵਿਚਰਦੇ ਸਿੱਧ ਕਰਨ ਲਈ ੴ ਦੇ ਗੁਣ ਗਾਉਣਾ; ਪ੍ਰਤੀਕ ਬਣਾਇਆ ਗਿਆ। ਧਿਆਨ ਰਹੇ ਕਿ ਇਨ੍ਹਾਂ ਸਾਰਿਆਂ ਦਾ ਗਾਉਣਾ; ਰੱਬੀ ਭਗਤ ਵਾਙ ਉਸ ਦੇ ਪਿਆਰ ’ਚ ਭਿੱਜ ਕੇ ‘ਸਚ’ ਦੇ ਗੁਣ ਗਾਉਣਾ ਬਿਲਕੁਲ ਨਹੀਂ ਹੈ। ਇਸ ਦੀ ਪੁਸ਼ਟੀ; ਸ਼ਬਦ ਦੀ ਇਹ ਪੰਕਤੀ ਕਰਦੀ ਹੈ ‘‘ਸੇਈ ਤੁਧੁਨੋ ਗਾਵਹਿ; ਜੋ ਤੁਧੁ ਭਾਵਨਿ; ਰਤੇ ਤੇਰੇ ਭਗਤ ਰਸਾਲੇ ’’ (ਜਪੁ) ਭਾਵ ਜੋ ਉਸ ਦੇ ਪ੍ਰੇਮ-ਰੰਗ ਵਿੱਚ ਭਿੱਜ ਕੇ ਉਸ ਨੂੰ ਗਾਉਂਦੇ ਹਨ, ਉਹੀ ਉਸ ਨੂੰ ਪਸੰਦ ਹਨ, ਉਨ੍ਹਾਂ ਦਾ ਗਾਉਣਾ ਹੀ ਸਫਲ ਹੈ, ਸਾਰਥਿਕ ਹੈ। ਇਸ ਪੰਕਤੀ ਤੋਂ ਸਾਫ਼ ਹੈ ਕਿ ਇਸ ਸ਼ਬਦ ’ਚ ਬਾਕੀ ਬਿਆਨ ਕੀਤੇ ਸਾਰੇ ਕਾਲਪਨਿਕ (ਦੇਵੀ-ਦੇਵਤੇ, ਖੰਡ ਮੰਡਲ ਆਦਿਕ); ਉਸ ਦੇ ਪ੍ਰੇਮ-ਰੰਗ ’ਚ ਭਿੱਜ ਕੇ ਨਹੀਂ ਗਾਉਂਦੇ ਯਾਨੀ ਉਨ੍ਹਾਂ ਨੂੰ ‘ਸਚੁ’ ਬਾਰੇ ਕੋਈ ਸੋਝੀ ਨਹੀਂ। ਉਨ੍ਹਾਂ ਦੇ ਗਾਉਣ ਤੋਂ ਭਾਵ ਕੇਵਲ ਹੁਕਮ ’ਚ ਚੱਲਣਾ ਹੈ। ਜੇਕਰ ਇਹ ਮੰਨੀਏ ਕਿ ਦੇਵੀ ਦੇਵਤੇ ਵੀ ਨਿਰਾਕਾਰ ਨੂੰ ਦਿਲੋਂ ਪਿਆਰ ਨਾਲ਼ ਗਾਉਂਦੇ ਹਨ ਤਾਂ ਇਹ ਹਿੰਦੂ ਧਰਮ ਵਿਰੁਧ ਹੈ ਕਿਉਂਕਿ ਉਨ੍ਹਾਂ ਦੇ ਫ਼ਲਸਫ਼ੇ ’ਚ ਇਹ ਸਾਰੇ; ਸੰਸਾਰ ਨੂੰ ਬਣਾਉਣ ਵਾਲ਼ੇ, ਰਿਜ਼ਕ ਦੇਣ ਵਾਲ਼ੇ, ਮਾਰਨ ਵਾਲ਼ੇ, ਵਰਖਾ ਕਰਨ ਵਾਲ਼ੇ ਆਦਿਕ ਸਰਬ ਸ਼ਕਤੀਮਾਨ ਹਨ, ਨਾ ਕਿ ਇਨ੍ਹਾਂ ਤੋਂ ਉਤਾਂਹ ਕੋਈ ਹੋਰ ਵੱਡੀ ਸ਼ਕਤੀ ਹੈ।

‘ਸੋ ਦਰੁ’ ਸ਼ਬਦ ਇਹ ਸਪਸ਼ਟ ਕਰਦਾ ਹੈ ਕਿ ਜਿਵੇਂ ਚੰਦ, ਸੂਰਜ ਆਦਿਕ ਗ੍ਰਹਿ; ਆਪਣੇ ਤੋਂ ਵੱਡੇ ਤਾਰਿਆਂ ਦਾ ਪ੍ਰਭਾਵ ਕਬੂਲਦੇ ਹਨ, ਉਸੇ ਤਰ੍ਹਾਂ ਸਭ ਕਾਲਪਨਿਕ ਸ਼ਕਤੀਆਂ ਵੀ ‘ਸਚੁ’ ਪਾਸੋਂ ਸ਼ਕਤੀਆਂ ਲੈਂਦੀਆਂ ਹਨ, ਉਸ ਦਾ ਪ੍ਰਭਾਵ ਕਬੂਲਦੀਆਂ ਹਨ। ਇਸੇ ਸ਼ਬਦ ਦੇ ਅਖੀਰ ’ਚ ‘ਸਚੁ’ ਨੂੰ ਸਦੀਵੀ ਸਥਿਰ ਅਤੇ ਸਰਬ ਸ਼ਕਤੀਮਾਨ ਵੀ ਕਿਹਾ ਹੈ ‘‘ਸੋਈ ਸੋਈ ਸਦਾ ਸਚੁ; ਸਾਹਿਬੁ ਸਾਚਾ; ਸਾਚੀ ਨਾਈ (ਵਡਿਆਈ) ਹੈ ਭੀ, ਹੋਸੀ; ਜਾਇ ਜਾਸੀ; ਰਚਨਾ ਜਿਨਿ ਰਚਾਈ ’’ (ਜਪੁ/ਮਹਲਾ /), ‘ਸਚੁ’ ਹੀ ਸਦੀਵੀ ਸਥਿਰ ਹੈ, ਇਹ ਸੰਦੇਸ਼; ਪਹਿਲੇ ਪਾਤਿਸ਼ਾਹ ਜੀ ਨੇ ਵਾਰ-ਵਾਰ ਦਿੱਤਾ; ਜਿਵੇਂ ਕਿ ‘‘ਸਾਚਾ ਸਚੁ ਸੋਈ; ਅਵਰੁ ਕੋਈ (ਮਹਲਾ /੧੦੨੦), ਸਰਬੰ ਸਾਚਾ ਏਕੁ ਹੈ; ਦੂਜਾ ਨਾਹੀ ਕੋਇ (ਮਹਲਾ /੬੬੦), ਜੁਗੁ ਜੁਗੁ ਸਾਚਾ; ਹੈ ਭੀ, ਹੋਸੀ ’’ (ਮਹਲਾ /੧੦੨੨), ਪਰ ‘ਸਚੁ’; ਅਦ੍ਰਿਸ਼ ਹੈ, ਨਿਰਾਕਾਰ ਹੈ, ਇਸ ਲਈ ਮਨੁੱਖੀ ਸ਼ਕਤੀ; ਜਿਵੇਂ ਕਿ ਗਿਆਨ ਇੰਦ੍ਰਿਆਂ (ਅੱਖ, ਨੱਕ, ਕੰਨ, ਜੀਭ ਤੇ ਚਮੜੀ) ਦੀ ਪਹੁੰਚ ਤੋਂ ਪਰੇ ਹੈ, ਉਤਾਂਹ ਹੈ; ਫਿਰ ਉਸ ਨਾਲ਼ ਜਾਣ-ਪਛਾਣ ਕਿਵੇਂ ਬਣੇ ? ਇਸ ਬਾਰੇ ਆਪ ਜੀ ਨੇ ਜੋਗੀਆਂ ਨੂੰ ਇਉਂ ਸਮਝਾਇਆ ‘‘ਸਾਚਾ ਸਾਹਿਬੁ ਸਾਚੀ ਨਾਈ; ਪਰਖੈ ਗੁਰ ਕੀ ਬਾਤ ਖਰੀ ੧੦ (ਗੋਸਟਿ/ਮਹਲਾ /੯੩੯) ਅਰਥ : ਇਹ ਪਰਖ, ਇਹ ਸੋਝੀ; ਸਤਿਗੁਰੂ ਦੀ ਖਰੀ ਗੱਲ (ਭਾਵ ਬਾਣੀ) ਰਾਹੀਂ ਹੁੰਦੀ ਹੈ ਕਿ ਸੱਚਾ ਮਾਲਕ ਅਤੇ ਉਸ ਅੰਦਰਲੇ ਗੁਣ; ਸਦੀਵੀ ਸਥਿਰ ਹਨ।

ਆਪ ਜੀ ਨੇ ਇਹ ਵੀ ਫ਼ੁਰਮਾਇਆ ਕਿ ਉਹ ਜਿੰਨਾ ਵੱਡਾ ਹੋਣਾ ਚਾਹੇ ਓਨਾ ਵੱਡਾ ਹੋ ਜਾਂਦਾ ਹੈ। ਆਪਣੀ ਇਸ ਵਿਸ਼ਾਲਤਾ ਬਾਰੇ ਉਹ ਆਪ ਹੀ ਜਾਣਦਾ ਹੈ ‘‘ਜੇਵਡੁ ਭਾਵੈ ਤੇਵਡੁ ਹੋਇ ਨਾਨਕ  ! ਜਾਣੈ ਸਾਚਾ ਸੋਇ ’’ (ਜਪੁ/ਮਹਲਾ /), ਕਿਸੇ ਦੂਸਰੇ ਤੋਂ ਆਪਣੀ ਵਡਿਆਈ ਸੁਣ ਕੇ ਨਾ ਉਹ ਹੋਰ ਵੱਡਾ ਹੁੰਦਾ ਹੈ ਤੇ ਵਡਿਆਈ ਨਾ ਸੁਣਨ ’ਤੇ ਨਾ ਉਹ ਛੋਟਾ ਹੁੰਦਾ ਹੈ ਭਾਵ ਉਸ ਦੀ ਮਹਿਮਾ ਕਰਨ ਦਾ ਲਾਭ; ਉਸ ਦੇ ਭਗਤ ਨੂੰ ਹੀ ਹੈ, ਨਾ ਕਿ ਉਸ ਖ਼ੁਦ ਨੂੰ ‘‘ਸਾਚੇ ਨਾਮ ਕੀ ਤਿਲੁ ਵਡਿਆਈ ਆਖਿ ਥਕੇ; ਕੀਮਤਿ ਨਹੀ ਪਾਈ ਜੇ ਸਭਿ ਮਿਲਿ ਕੈ; ਆਖਣ ਪਾਹਿ ਵਡਾ ਹੋਵੈ; ਘਾਟਿ ਜਾਇ ’’ (ਸੋ ਦਰੁ/ਮਹਲਾ /)

ਗੁਰੂ ਨਾਨਕ ਸਾਹਿਬ ਜੀ ਨੇ ਇਹ ਵੀ ਵਾਰ-ਵਾਰ ਕਿਹਾ ਕਿ ਸਾਰਾ ਸੰਸਾਰ ਕੂੜ ਹੈ, ਨਾਸਵਾਨ ਹੈ। ਸਦੀਵੀ ਸਥਿਰ ਅਤੇ ਅਬਿਨਾਸ਼ੀ; ਕੇਵਲ ‘ਸਚੁ’ ਹੈ, ‘ਕੂੜ ਨਿਖੁਟੇ ਨਾਨਕਾ ! ਓੜਕਿ ਸਚਿ ਰਹੀ (ਮਹਲਾ /੯੫੩), ਮੁਕਾਮੁ (ਥਿਰ) ਓਹੀ ਏਕੁ ਹੈ; ਨਾਨਕਾ ! ਸਚੁ ਬੁਗੋਇ (ਬੋਲਦਾ ਹੈ) (ਮਹਲਾ /੬੪), ਨਾ ਸਮਝੀ ਕਾਰਨ ਪਸ਼ੂ-ਪੰਛੀਆਂ ਵਾਙ ਮਨੁੱਖ ਵੀ; ਨਾਸਵਾਨ ਕੂੜ ਨੂੰ ‘ਸਚੁ’ ਸਮਝ ਕੇ ਉਸ ਨਾਲ਼ ਪ੍ਰੇਮ ਕਰਦੇ ਹਨ ਤਾਹੀਓਂ ਕੀਮਤੀ ਮਨੁੱਖਾ ਜਨਮ ਅਜਾਈਂ ਚਲਾ ਜਾਂਦਾ ਹੈ ਤੇ ‘ਸਚੁ’ ਦੇ ਦਰ ’ਤੇ ਪ੍ਰਵਾਨ ਨਹੀਂ ਹੁੰਦਾ, ‘ਵਿਣੁ ਸਚੇ ਸਭੁ ਕੂੜੁ; ਕੂੜੁ ਕਮਾਈਐ (ਮਹਲਾ /੧੪੭), ਵਿਣੁ ਸਚੇ; ਦਰਬਾਰੁ, ਕੂੜਿ (ਰਾਹੀਂ) ਪਾਈਐ (ਮਹਲਾ /੧੪੭), ਸਚੈ ਦੈ ਦੀਬਾਣਿ (’); ਕੂੜਿ (ਨਾਲ਼) ਜਾਈਐ (ਮਹਲਾ /੧੪੬), ਸਚਿ (’) ਮਿਲੈ ਸਚਿਆਰੁ; ਕੂੜਿ (ਨਾਲ਼) ਪਾਈਐ ’’ (ਮਹਲਾ /੪੧੯) ਭਾਵ ਸਚ ਵਿੱਚ ਉਸ ਵਰਗਾ ਸਚਿਆਰ ਹੋ ਕੇ ਹੀ ਲੀਨ ਹੋਈਦਾ ਹੈ, ਕੂੜ ਦੀ ਰਾਹੀਂ ਨਹੀਂ। ਕੁੱਝ ਵਿਰਲੇ ਪ੍ਰੇਮ-ਰੰਗ ਵੀ ਮਾਣਦੇ ਹਨ, ‘‘ਪਲੈ (’) ਸਾਚੁ; ਸਚੇ ਸਚਿਆਰਾ ’’ (ਮਹਲਾ /੧੦੩੫) ਭਾਵ ਜਿਨ੍ਹਾਂ ਦੇ ਪੱਲੇ ਯਾਨੀ ਹਿਰਦੇ ’ਚ ਸਦੀਵੀ ਸਥਿਰ ‘ਸਚੁ’ ਵੱਸਦਾ ਹੈ, ਉਹ ਸਚਿਆਰ ਹਨ, ‘ਸਤਿ ੴ’ ਵਿੱਚ ਲੀਨ ਹਨ।

ਗੁਰੂ ਨਾਨਕ ਸਾਹਿਬ ਜੀ ਅਨੁਸਾਰ ਸੰਸਾਰ; ਇਸ ਲਈ ਰੋਗੀ ਹੈ ਕਿਉਂਕਿ ‘ਸਚੁ’ ਨੂੰ ਪਿਆਰ ਨਹੀਂ ਕਰਦਾ, ‘‘ਸੰਸਾਰੁ ਰੋਗੀ, ਨਾਮੁ ਦਾਰੂ; ਮੈਲੁ ਲਾਗੈ ਸਚ ਬਿਨਾ ’’ (ਮਹਲਾ /੬੮੭), ਇਹ ਮੈਲ਼; ਸਚੁ ਨਾਮੁ ਜਪ ਕੇ ਲਹਿੰਦੀ ਹੈ, ‘‘ਲਾਗੀ ਮੈਲੁ; ਮਿਟੈ, ਸਚਿ+ਨਾਇ (ਰਾਹੀਂ) ’’ (ਮਹਲਾ /੩੫੨), ਇਸ ਲਈ ਅੰਮ੍ਰਿਤ ਵੇਲ਼ੇ ਤੋਂ ਹੀ ਸੱਚਾ ਨਾਮ ਜਪਣ ਲਈ ਤੇ ਉਸ ਦੀ ਵਡਿਆਈ ਕਰਨ ਲਈ ਕਿਹਾ ਹੈ ‘‘ਅੰਮ੍ਰਿਤ ਵੇਲਾ ਸਚੁ ਨਾਉ; ਵਡਿਆਈ ਵੀਚਾਰੁ ’’ (ਜਪੁ/ਮਹਲਾ /), ਇਸ ਤੋਂ ਬਿਨਾਂ ਸੰਸਾਰ-ਸਮੁੰਦਰ ਨਹੀਂ ਤਰਿਆ ਜਾ ਸਕਦਾ, ‘‘ਸਚ ਬਿਨੁ; ਭਵਜਲੁ ਜਾਇ ਤਰਿਆ ’’ (ਮਹਲਾ /੧੦੪੧), ਸਤਿਗੁਰੂ ਨੇ ਹੀ ਸੱਚੇ ਨਾਮ ਰਾਹੀਂ ‘ਸਚੁ’ ਦੀ ਹੋਂਦ ਪ੍ਰਗਟ ਕੀਤੀ, ‘‘ਸਤਿਗੁਰਿ (ਨੇ), ਸਾਚਾ ਦਰਸੁ ਦਿਖਾਇਆ ’’ (ਮਹਲਾ /੧੧੮੯), ਮਨਮੁਖ ਬੰਦੇ ਲਈ ਸਚੁ ਨਾਮੁ ਨੂੰ ਜਪਣਾ ਬੜਾ ਕਠਿਨ ਕੰਮ ਹੈ ‘‘ਆਖਣਿ ਅਉਖਾ; ਸਾਚਾ ਨਾਉ ’’ (ਸੋ ਦਰੁ/ਮਹਲਾ /), ਇਸ ਲਈ ਬਚਨ ਕੀਤਾ ਗਿਆ ਕਿ ਕੋਈ ਵਿਰਲਾ ਗੁਰਮੁਖ ਹੀ ਇਸ ਮਾਰਗ ’ਤੇ ਚੱਲਦਾ ਹੈ, ‘‘ਗੁਰਮੁਖਿ ਕੋਈ; ਸਚੁ ਕਮਾਵੈ ’’ (ਮਹਲਾ /੧੩੪੪), ਫਿਰ ਉਹ ਵਿਰਲਾ ‘‘ਗੁਰਮੁਖਿ; ਓਅੰਕਾਰਿ+ਸਚਿ (’) ਸਮਾਇਆ ’’ (ਮਹਲਾ /੧੨੮੫) ਅਰਥ : ਗੁਰੂ ਦੀ ਸ਼ਰਨ ਲੈਣ ਵਾਲ਼ਾ; ਓਅੰਕਾਰ ਅਤੇ ਸਦੀਵੀ ਸਥਿਰ ’ਚ ਲੀਨ ਹੋ ਜਾਂਦਾ ਹੈ। ਧਿਆਨ ਰਹੇ ਕਿ ਇੱਥੇ ਮੂਲ ਮੰਤਰ ਵਾਲ਼ੇ ‘ੴ’ ਨੂੰ ‘ਓਅੰਕਾਰਿ’ ਅਤੇ ‘ਸਤਿ’ ਨੂੰ ‘ਸਚਿ’ ਲਿਖਿਆ ਹੈ।

ਕੀਮਤੀ ਮਨੁੱਖਾ ਜਨਮ ਤਾਂ ਹੀ ਸਫਲ ਹੋਣਾ ਹੈ ਜੇਕਰ ਸਮੁੱਚੀ ਮਨੁੱਖ ਜਾਤੀ; ਰੂਹਾਨੀਅਤ ਦਾ ਐਸਾ ਗਿਆਨ ਲਵੇ, ਜਿਸ ਨਾਲ਼ ਸਚ ਦਾ ਸੇਵਕ ਬਣਿਆ ਜਾ ਸਕੇ ‘‘ਐਸਾ ਗਿਆਨੁ; ਜਪਹੁ ਮਨ ਮੇਰੇ  ! ਹੋਵਹੁ ਚਾਕਰ; ਸਾਚੇ ਕੇਰੇ (ਥਿਰ ਮਾਲਕ ਦੇ) ਰਹਾਉ (ਮਹਲਾ /੭੨੮), ਇਹ ਗਿਆਨ ਕੇਵਲ ਐਸੇ ਸਤਿਗੁਰੂ ਪਾਸੋਂ ਮਿਲੇਗਾ, ਜੋ ਆਪ ਸਚ ’ਚ ਲੀਨ ਹੋਵੇ ਅਤੇ ਸਚ ਨੂੰ ਪ੍ਰਤੱਖ ਵੇਖਦਾ ਹੈ ਤਾਂ ਹੀ ਉਸ ਦੇ ਚੇਲੇ (ਸੇਵਕ) ਦੇ ਹਿਰਦੇ ’ਚ ਠੰਢ ਪਏਗਾ, ਸ਼ਾਂਤੀ ਹੋਵੇਗਾ, ਸਥਿਰਤਾ/ਅਡੋਲਤਾ ਆਏਗੀ ‘‘ਸਾਚੇ ਗੁਰ ਕੀ ਸਾਚੀ ਸੀਖ ਤਨੁ ਮਨੁ ਸੀਤਲੁ; ਸਾਚੁ ਪਰੀਖ ’’ (ਮਹਲਾ /੧੫੨), ਸਤਿਗੁਰੂ ਨੇ ਜਿਨ੍ਹਾਂ ਦੀ ਬਾਂਹ ਫੜੀ; ਉਹ, ਸੰਸਾਰ-ਸਮੁੰਦਰ ਤੋਂ ਤਰ ਗਏ, ‘‘ਗੁਰਿ (ਨੇ) ਰਾਖੇ ਸੇ ਉਬਰੇ; ਸਚਾ ਸਬਦੁ ਵੀਚਾਰਿ (ਕੇ) (ਮਹਲਾ /੧੦੧੦), ਨਾਨਕ  ! ਬੇੜੀ ਸਚ ਕੀ; ਤਰੀਐ ਗੁਰ ਵੀਚਾਰਿ (ਕੇ) (ਮਹਲਾ /੨੦) ‘ਸਚੁ’ ਦੇ ਸੁਭਾਅ ਅਨੁਸਾਰ ਕਿਰਤ-ਕਾਰ ਕਰਨ ਵਾਲ਼ਾ ਭਾਵ ਬੰਦਗੀ ਕਰਨ ਵਾਲ਼ਾ ਭਗਤ; ਆਪਣੇ ਆਪ ਨੂੰ ਉਸ ਦੀ ਰਜ਼ਾ ’ਚ ਵਿਚਰਦਾ, ਮਹਿਸੂਸ ਕਰਦਾ ਹੈ। ਇਹੀ ਅਸਲ ਲਾਭ ਹੈ, ਜੋ ਉਸ ਨੇ ਪ੍ਰਾਪਤ ਕੀਤਾ, ‘‘ਕਾਰ ਕਮਾਵਹਿ ਸਚ ਕੀ; ਲਾਹਾ ਮਿਲੈ ਰਜਾਇ ’’ (ਮਹਲਾ /੫੯) ਸਤਿਗੁਰੂ ਨੇ ਜਿਨ੍ਹਾਂ ਦੀ ਰੱਖਿਆ ਕੀਤੀ; ਉਹ, ਸਚ ਨਾਲ਼ ਲਿਵ ਜੋੜ ਕੇ ਸੰਸਾਰ ਤੋਂ ਤਰ ਗਏ, ‘‘ਗੁਰਿ (ਨੇ) ਰਾਖੇ, ਸੇ ਉਬਰੇ; ਸਾਚੇ ਸਿਉ ਲਿਵ ਲਾਇ ’’ (ਮਹਲਾ /੫੪), ਧਿਆਨ ਰਹੇ ਕਿ ਇਨ੍ਹਾਂ ਸਾਰੇ ਸ਼ਬਦਾਂ ’ਚ ਸਦੀਵੀ ਸਥਿਰ (ਪ੍ਰਭੂ), ਸਦੀਵੀ ਸਥਿਰ (ਗੁਰੂ ਅਤੇ ਉਸ ਦਾ ਸ਼ਬਦ), ਸਦੀਵੀ ਸਥਿਰ (ੴ ਦੀ ਵਡਿਆਈ) ਲਈ ‘ਸਚੁ’ ਸ਼ਬਦ ਵਰਤਿਆ ਹੈ ਅਤੇ ਸਾਰੇ ਹੀ ਵਾਕ; ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤੇ ਹੋਏ ਹਨ।

ਕਿਸੇ ਦੇ ਮਰਨ ’ਤੇ ਅਲਾਹਣੀਆਂ ਬਾਣੀ ਪੜ੍ਹੀ ਜਾਂਦੀ ਹੈ। ਮਰ ਚੁੱਕੇ ਦੀ ਤਾਰੀਫ਼ ’ਚ ਨਗਰ ਨਿਵਾਸੀ; ਉਸ ਨੂੰ ਬੜਾ ਇਮਾਨਦਾਰ, ਸਮਾਜ ਦੇ ਕੰਮ ਆਉਣ ਵਾਲ਼ਾ ਸੂਰਮਾ ਆਦਿ ਕਹਿੰਦੇ ਹਨ। ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ ਕਿ ਅਸਲ ਸੂਰਮੇ ਉਹ ਹੁੰਦੇ ਹਨ, ਜਿਨ੍ਹਾਂ ਨੇ ਮਰਨ ਉਪਰੰਤ ਸੱਚੀ ਦਰਗਾਹ ’ਚ ਨਾਮਣਾ ਖੱਟਿਆ ਹੈ ‘‘ਸੂਰੇ ਸੇਈ ਆਗੈ ਆਖੀਅਹਿ; ਦਰਗਹ ਪਾਵਹਿ ਸਾਚੀ ਮਾਣੋ ’’ (ਅਲਾਹਣੀਆ/ਮਹਲਾ /੫੮੦) ਓਥੇ ਹੁੰਦੇ ਹਿਸਾਬ-ਕਿਤਾਬ ਸਮੇਂ ‘ਸਚੁ’ ਤੋਂ ਬਿਨਾਂ ਕੋਈ ਸਾਥੀ ਨਹੀਂ ਬਣਦਾ ‘‘ਬਿਨੁ ਸਾਚੇ ਕੋ ਬੇਲੀ ਨਾਹੀ; ਸਾਚਾ ਏਹੁ ਬੀਚਾਰੋ ’’ (ਅਲਾਹਣੀਆ/ਮਹਲਾ /੫੮੧), ਆਪ ਨੇ ਓਅੰਕਾਰ ਬਾਣੀ ’ਚ ਵੀ ਇਹ ਸੰਦੇਸ਼ ਦਿੱਤਾ ਹੈ ‘‘ਬਿਨੁ ਸਾਚੇ; ਨਹੀ ਦਰਗਹ ਮਾਨੁ ’’ (ਓਅੰਕਾਰ/ਮਹਲਾ /੯੩੭), ਤਾਂ ਤੇ ਜਦ ਤੱਕ ਸਰੀਰ ’ਚ ਜਾਨ ਹੈ, ‘ਸਚੁ’ ਨੂੰ ਸਿਮਰਨਾ ਚਾਹੀਦਾ ਹੈ ‘‘ਜਉ ਲਗੁ ਜੀਉ ਪਰਾਣ; ਸਚੁ ਧਿਆਈਐ ’’ (ਮਹਲਾ /੪੨੨)

ਗੁਰੂ ਨਾਨਕ ਸਾਹਿਬ ਜੀ ਦੁਆਰਾ ਕੀਤੀ ‘ਸਚ’ ਦੀ ਵਿਆਖਿਆ; ਸੰਸਾਰ ’ਚ ਦੂਰ ਦੂਰ ਤੱਕ ਪਹੁੰਚ ਗਈ ਕਿਉਂਕਿ ਆਸਾ ਕੀ ਵਾਰ ਦੇ ਕੀਰਤਨ ਰਾਹੀਂ ਵੀ ਆਪ ਜੀ ਨੇ ਇਹ ਸਮਝਾਇਆ ‘‘ਸਚੁ ਤਾ ਪਰੁ ਜਾਣੀਐ; ਜਾ ਸਿਖ ਸਚੀ ਲੇਇ ’’ (ਮਹਲਾ /੪੬੮) ਭਾਵ ਜੇਕਰ ਅਸਲ ਰੂਹਾਨੀਅਤ ਸਿੱਖਿਆ ਮਿਲੇ ਤਾਂ ਹੀ ‘ਸਚੁ’ ਨੂੰ ਜਾਣਿਆ ਜਾਂਦਾ ਹੈ। ਜੋਗੀਆਂ ਨਾਲ਼ ਹੋਈ ਗੋਸਟੀ/ਚਰਚਾ ਸਮੇਂ ਚਰਪਟ ਜੋਗੀ ਨੇ ਵੀ ਇਹ ਪੁੱਛਿਆ ਕਿ ‘ਸਚੁ’ ਬਾਰੇ ਕੋਈ ਵਿਚਾਰ ਦਿਓ, ‘‘ਚਰਪਟੁ ਬੋਲੈ ਅਉਧੂਨਾਨਕ ! ਦੇਹੁ ਸਚਾ ਬੀਚਾਰੋ ’’ (ਗੋਸਟਿ/ਮਹਲਾ /੯੩੮), ਇੱਥੇ ਚਰਪਟ ਜੋਗੀ ਨੇ ਗੁਰੂ ਸਾਹਿਬ ਜੀ ਨੂੰ ਵਿਰਕਤ ਨਾਨਕ ! (ਅਉਧੂ ਨਾਨਕ) ਕਹਿ ਕੇ ਸੰਬੋਧਨ ਕੀਤਾ ਹੈ। ਵਿਰਕਤ ਮਨੁੱਖ; ਮਾਇਆ ਤੋਂ ਨਿਰਮੋਹ ਹੁੰਦੇ ਹਨ। ਐਸੇ ਵਿਰਕਤ-ਗੁਰੂ ਜੀ ਪਾਸੋਂ ਜਿਨ੍ਹਾਂ ਨੇ ‘ਸਚੁ’ ਬਾਰੇ ਸੁਣਿਆ ਉਨ੍ਹਾਂ ਨੇ ਐਲਾਨੀਆ ਕਿਹਾ ਕਿ ਅਸੀਂ ਤੈਥੋਂ ਕੁਰਬਾਨ ਹਾਂ ‘‘ਹਉ ਬਲਿਹਾਰੀ ਗੁਰ ਆਪਣੇ; ਜਿਨਿ ਸਚੀ ਬੂਝ ਦਿਤੀ ਬੁਝਾਇ ’’ (ਮਹਲਾ /੧੨੮੨) ਕਿਉਂਕਿ ਸਮਝ ਲਿਆ ਕਿ ‘ਸਚੁ’ ਨੂੰ ਪਿਆਰ ਕਰਨ ਤੋਂ ਬਿਨਾਂ; ਮਨੁੱਖਾ ਦੇਹ ਅਸਫਲ ਹੈ, ਗੁਣਾਂ ਤੋਂ ਸੱਖਣੀ ਹੈ, ‘‘ਨਿਰਗੁਣ ਦੇਹ, ਸਾਚ ਬਿਨੁ ਕਾਚੀ; ਮੈ ਪੂਛਉ ਗੁਰੁ ਅਪਨਾ ’’ (ਮਹਲਾ /੧੨੭੪)

ਜੋਗੀਆਂ ਨੇ ਗੁਰੂ ਸਾਹਿਬ ਤੋਂ ਪੁੱਛਿਆ ਕਿ ਗ੍ਰਿਹਸਤ ਨੂੰ ਤਿਆਗ ਕੇ ਕਾਹਦੇ ਲਈ ਸਾਧੂ ਬਣੇ ਹੋ। ਕੀ ਖਰੀਦਣਾ ਭਾਵ ਲੱਭਣਾ ਚਾਹੁੰਦੇ ਹੋ। ਉਸ ਨਾਲ਼ ਕਿਵੇਂ ਆਪਣੇ ਸਤਸੰਗੀਆਂ ਨੂੰ ਸੰਸਾਰ ਤੋਂ ਪਾਰ ਲੰਘਾਵੋਗੇ ?, ‘‘ਕਿਸੁ ਕਾਰਣਿ; ਗ੍ਰਿਹੁ ਤਜਿਓ, ਉਦਾਸੀ  ? ਕਿਸੁ ਕਾਰਣਿ; ਇਹੁ ਭੇਖੁ ਨਿਵਾਸੀ  ? ਕਿਸੁ ਵਖਰ ਕੇ ਤੁਮ ਵਣਜਾਰੇ  ? ਕਿਉ ਕਰਿ ਸਾਥੁ ਲੰਘਾਵਹੁ ਪਾਰੇ ?੧੭’’ (ਗੋਸਟਿ/ਮਹਲਾ /੯੩੯) ਆਪ ਨੇ ਜਵਾਬ ਦਿੱਤਾ ਕਿ ਅਸੀਂ ਤੁਹਾਡੇ ਵਾਙ ਗੋਰਖ (ਸ਼ਿਵ) ਦੀ ਭਾਲ ਕਰਨ ਲਈ ਜੰਗਲ਼ਾਂ ’ਚ ਨਹੀਂ ਆਏ। ਸਾਡਾ ‘ਸਚੁ’ ਤਾਂ ਸਰਬ ਵਿਆਪਕ ਹੈ। ਅਸੀਂ ਤਾਂ ਉਸ ਨਾਲ਼ ਜੁੜਨ ਵਾਲ਼ੇ ਗੁਰਮੁਖਾਂ ਦੀ ਭਾਲ ਕਰਨ ਲਈ ਇਹ ਲਿਬਾਸ ਧਾਰਨ ਕੀਤਾ ਹੈ। ਉਹੀ ਸੰਸਾਰ ਸਮੁੰਦਰ ਤੋਂ ਪਾਰ ਲੰਘਣਗੇ, ‘‘ਗੁਰਮੁਖਿ ਖੋਜਤ ਭਏ ਉਦਾਸੀ ਦਰਸਨ ਕੈ ਤਾਈ ਭੇਖ ਨਿਵਾਸੀ ਸਾਚ ਵਖਰ ਕੇ ਹਮ ਵਣਜਾਰੇ ਨਾਨਕ  ! ਗੁਰਮੁਖਿ ਉਤਰਸਿ ਪਾਰੇ ੧੮’’ (ਗੋਸਟਿ/ਮਹਲਾ /੯੩੯), ਧਿਆਨ ਰਹੇ ਕਿ ਇੱਥੇ ਕਿਰਿਆ ਸ਼ਬਦ ‘ਉਤਰਸਿ’ ਭਵਿੱਖ ਸੂਚਕ ਹੈ, ਇਸ ਲਈ ‘(ਪਾਰ) ਲੰਘਣਗੇ’ ਅਰਥ ਕੀਤੇ ਹਨ। ਗੁਰਬਾਣੀ ਲਿਖਤ ਅਨੁਸਾਰ ਕਿਸੇ ਕਿਰਿਆਵਾਚੀ ਸ਼ਬਦ ਦੇ ਅੰਤ ’ਚ ‘ਸਿ, ਸੁ, ਸੀ’ ਅੱਖਰ ਹੋਣ ਤਾਂ ਭਵਿੱਖ ਵੱਲ ਅਰਥ ਦਿੰਦੇ ਹਨ; ਜਿਵੇਂ ਕਿ ‘ਹੋਸੀ-ਹੋਵੇਗਾ, ਜਾਸੀ-ਜਾਏਗਾ, ਮਰਸੀ-ਮਰੇਗਾ, ਆਦਿ।

ਐਸਾ ਸੌਦਾ ਕਰਨ ਵਾਲ਼ੇ ਵਪਾਰੀ ਵਿਰਲੇ ਹੀ ਹੁੰਦੇ ਹਨ, ‘‘ਸਾਚ ਵਖਰ ਕੇ ਵਾਪਾਰੀ ਵਿਰਲੇ; ਲੈ ਲਾਹਾ ਸਉਦਾ ਕੀਨਾ ਹੇ ’’ (ਮਹਲਾ /੧੦੨੮), ਜਿਸ ਅੰਦਰ ਇਹ ਵਪਾਰ ਕਰਨ ਦੀ ਤਾਂਘ ਹੋਵੇ, ਉਸ ਦੁਆਰਾ ਕੀਤਾ ਇਹ ਵਪਾਰ ਹੀ ਸਫਲ ਹੁੰਦਾ ਹੈ, ‘‘ਸਚੇ ਕਾ ਵਾਪਾਰੀ ਹੋਵੈ; ਸਚੋ ਸਉਦਾ ਪਾਇਦਾ ’’ (ਮਹਲਾ /੧੦੩੬), ਆਪ ਜੀ ਦੀ ਨਜ਼ਰ ਵਿੱਚ ਸਫਲ ਗੁਰਮੁਖ-ਵਪਾਰੀ ਐਸੇ ਹੁੰਦੇ ਹਨ ‘‘ਗੁਰਮੁਖਿ; ਸਾਚੇ ਕਾ ਭਉ ਪਾਵੈ ਗੁਰਮੁਖਿ; ਬਾਣੀ (ਨਾਲ਼) ਅਘੜੁ (ਮਨ) ਘੜਾਵੈ ਗੁਰਮੁਖਿ, ਨਿਰਮਲ ਹਰਿ ਗੁਣ ਗਾਵੈ ਗੁਰਮੁਖਿ ਪਵਿਤ੍ਰੁ ਪਰਮ ਪਦੁ ਪਾਵੈ ਗੁਰਮੁਖਿ, ਰੋਮਿ ਰੋਮਿ (ਨਾਲ਼) ਹਰਿ ਧਿਆਵੈ ਨਾਨਕ  ! ਗੁਰਮੁਖਿ ਸਾਚਿ (’) ਸਮਾਵੈ ੨੭’’ (ਗੋਸਟਿ/ਮਹਲਾ /੯੪੧), ਇੱਥੇ ‘‘ਗੁਰਮੁਖਿ; ਸਾਚੇ ਕਾ ਭਉ ਪਾਵੈ ’’ ਦਾ ਅਰਥ ਹੈ ਕਿ ਜਿਹੜਾ ਵੀ ਸਚ ਦੇ ਡਰ-ਅਦਬ ’ਚ ਰਹਿੰਦਾ ਹੈ, ਕੇਵਲ ਓਹੀ ‘‘ਗੁਰਮੁਖਿ ਸਾਚਿ (’) ਸਮਾਵੈ ’’ ਹੁਣ ਗੁਰਬਾਣੀ ਪ੍ਰਤੀ ਸ਼ਰਧਾ ਰੱਖਣ ਵਾਲ਼ੇ ਗੁਰੂ ਪਿਆਰਿਆਂ ਨੂੰ ਆਪਣੇ ਆਪ ਤੋਂ ਪੁੱਛਣਾ ਬਣਦਾ ਹੈ ਕਿ ਮੈਂ ਕਿੰਨਾ ਕੁ ਸਚੁ-ਨਿਰਾਕਾਰ ਦੇ ਡਰ-ਅਦਬ ’ਚ ਰਹਿੰਦਾ ਹਾਂ। ਜ਼ਿਆਦਾਤਰ ਸਿੱਖ ਪ੍ਰਚਾਰਕ; ਗੁਰਬਾਣੀ ਦੇ ਇਸ ਮੂਲ ਵਿਸ਼ੇ ’ਤੇ ਬੋਲਦੇ ਹੀ ਨਹੀਂ ਵੇਖੇ ਗਏ। ‘ਸਚੁ’ ਨਾਲ਼ ਜੁੜਨ ਦੇ ਚਾਹਵਾਨ ਗੁਰਸਿੱਖਾਂ ਨੂੰ ਆਪ ਗੁਰਬਾਣੀ ਵਿਚਾਰ ਕੇ ਸਤਿਗੁਰੂ ਅੱਗੇ ਅਰਦਾਸ ਕਰਨੀ ਸਿਖਣੀ ਹੈ ਕਿ ਆਪ ਜੀ ਦੇ ਇਨ੍ਹਾਂ ਅੰਮ੍ਰਿਤਮਈ ਬਚਨਾਂ ਨੂੰ ਅਮਲ ’ਚ ਲਿਆਉਣ ਲਈ ਭਰੋਸਾ ਤੇ ਹਿੰਮਤ ਬਖ਼ਸ਼ੋ ਜੀ। ਜਿਨ੍ਹਾਂ ਅੰਦਰ ਐਸੀ ਭਾਵਨਾ ਬਣੀ, ਉਨ੍ਹਾਂ ਨੇ ਆਪਣਾ ਵਪਾਰ ਸਫਲ ਕਰ ਲਿਆ, ‘‘ਚਲੈ ਜਨਮੁ ਸਵਾਰਿ (ਕੇ); ਵਖਰੁ ਸਚੁ ਲੈ (ਕੇ) ਪਤਿ ਪਾਏ ਦਰਬਾਰਿ (’) ਸਤਿਗੁਰ ਸਬਦਿ ਭੈ (ਰਾਹੀਂ) ਰਹਾਉ ’’ (ਮਹਲਾ /੭੫੧), ਅਸਲ ’ਚ ਭਗਤ ਭੀ ਓਹੀ ਹਨ ‘‘ਸੇਈ ਭਗਤ; ਜਿਨ ਸਚਿ (’) ਚਿਤੁ ਲਾਇਆ (ਮਹਲਾ /੧੩੪੨), ਸਾਚ ਬਿਨਾ; ਦਰਿ (’ਤੇ) ਸਿਝੈ (ਕਾਮਯਾਬੀ) ਕੋਈ (ਮਹਲਾ /੧੦੨੭), ਤਬ ਲਗੁ ਮਹਲੁ ਪਾਈਐ; ਜਬ ਲਗੁ ਸਾਚੁ ਚੀਤਿ (’) ’’ (ਮਹਲਾ /੫੮), ਇਸੇ ਲਈ ‘‘ਜਿਨੀ ਸਚੁ ਪਛਾਣਿਆ; ਸੇ ਸੁਖੀਏ ਜੁਗ ਚਾਰਿ ’’ (ਮਹਲਾ /੫੫), ਬਾਬਾ ਫ਼ਰੀਦ ਜੀ ਨੇ ਆਪ ਅੱਲ੍ਹਾ ਦੇ ਪਿਆਰ ’ਚ ਭਿੱਜ ਕੇ ਬਚਨ ਕੀਤੇ ਕਿ ਜਿਨ੍ਹਾਂ ਨੇ ਸਚੁ ਨੂੰ ਜਾਣਿਆ ਹੈ, ਮੈ ਉਨ੍ਹਾਂ ਦੇ ਪੈਰ ਚੁੰਮਦਾ ਹਾਂ ‘‘ਪਰਵਦਗਾਰ ਅਪਾਰ ਅਗਮ ਬੇਅੰਤ ਤੂ ਜਿਨਾ ਪਛਾਤਾ ਸਚੁ; ਚੁੰਮਾ ਪੈਰ ਮੂੰ ’’ (ਬਾਬਾ ਫ਼ਰੀਦ ਜੀ/੪੮੮) ਪਦ ਅਰਥ : ਸਚ ਦਾ ਉਰਲਾ-ਪਰਲਾ ਕੋਈ ਕਿਨਾਰਾ ਨਹੀਂ (ਅਪਾਰ), ਉਹ ਗਿਆਨ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ (ਅਗੰਮ), ਉਹ ਬੇਅੰਤ ਹੈ। ਸਾਰਿਆਂ ਨੂੰ ਪਾਲਣ ਵਾਲ਼ਾ ਹੈ (ਪਰਵਦਗਾਰ)

‘ਸਚੁ’ ਤੋਂ ਇਨਕਾਰੀ ਮਨਮੁਖ; ਸਚ ਦੀ ਹੋਂਦ ’ਤੇ ਕਦੇ ਭਰੋਸਾ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਨੂੰ ਆਪਣੇ ਪੰਜ ਗਿਆਨ ਇੰਦ੍ਰਿਆਂ ਵਾਲ਼ੇ ਗਿਆਨ ’ਤੇ ਹੀ ਮਾਣ ਹੈ, ਸੰਤੁਸ਼ਟੀ ਹੈ ਭਾਵੇਂ ਕਿ ਇਸ ਸਮਝ ਨੇ ਉਨ੍ਹਾਂ ਦਾ ਕੂੜ ਨਾਲ਼ ਹੀ ਗਹਿਰਾ ਸੰਬੰਧ ਬਣਾਇਆ ਹੈ, ‘‘ਸਾਕਤ, ਸਚੁ ਭਾਵਈ; ਕੂੜੈ ਕੂੜੀ ਪਾਂਇ ’’ (ਮਹਲਾ /੨੨) ਅਰਥ : ਰੱਬ ਤੋਂ ਟੁੱਟੇ ਬੰਦੇ ਨੂੰ ਸਚੁ ਕਦੇ ਪਸੰਦ ਨਹੀਂ ਕਿਉਂਕਿ ਉਸ ਕੂੜ ਦੇ ਪੂਜਾਰੀ ਦਾ ਸੰਸਾਰ ਵੱਲ ਹੀ ਝੁਕਾਅ ਰਹਿੰਦਾ ਹੈ। ਐਸਾ ਬੰਦਾ; ਸਦਾ ਦੁਚਿੱਤੀ ’ਚ ਹੁੰਦਾ ਹੈ ਤਾਹੀਓਂ ਅਦ੍ਰਿਸ਼/ਨਿਰਾਕਾਰ ’ਤੇ ਭਰੋਸਾ ਕਰਨਯੋਗ ਨਹੀਂ ਹੁੰਦਾ। ਦੁਬਿਧਾ ’ਚ ਹੀ ਮਰ ਕੇ ਆਵਾਗਮਣ ’ਚ ਜਾ ਪੈਂਦਾ ਹੈ, ‘‘ਸਾਕਤ ਕੂੜੇ; ਸਚੁ ਭਾਵੈ ਦੁਬਿਧਾ ਬਾਧਾ; ਆਵੈ ਜਾਵੈ ’’ (ਮਹਲਾ /੧੦੯), ਪਰ ਜੋ ਦੁਚਿੱਤੀ ਵਾਲ਼ਾ ਭਰਮ ਮਿਟਾ ਕੇ ਸਚ ਦੇ ਪ੍ਰੇਮ-ਰੰਗ ’ਚ ਰੰਗੇ ਗਏ, ਉਹ ਕੂੜ ਤੋਂ ਮੁਕਤ ਹੋ ਗਏ ‘‘ਸਚਿ (’) ਰਤੇ, ਸੇ ਉਬਰੇ; ਦੁਬਿਧਾ ਛੋਡਿ ਵਿਕਾਰ ’’ (ਮਹਲਾ /੫੫), ਸਦਾ ਮੈਂ ਮੇਰੀ ’ਚ ਰਹਿਣ ਵਾਲ਼ਾ ਸੰਸਾਰੀ ਬੰਦਾ; ਸਚੁ ਨੂੰ ਨਹੀਂ ਪਾ ਸਕਦਾ ‘‘ਹਉ ਹਉ ਕਰਤ; ਨਹੀ ਸਚੁ ਪਾਈਐ ’’ (ਮਹਲਾ /੨੨੬) ਜੋਗੀਆਂ ਨੇ ਸਵਾਲ ਪੁੱਛਿਆ ਕਿ ਅਹੰਕਾਰ ਨੂੰ ਮਾਰਨ ਦੀ ਕਿਹੜੀ ਦਵਾ ਹੈ ‘‘ਜਿਤੁ ਗਰਬੁ ਜਾਇ; ਸੁ ਕਵਣੁ ਆਹਾਰੁ  ?’’ (ਗੋਸਟਿ/ਮਹਲਾ /੯੪੩), ਗੁਰੂ ਜੀ ਨੇ ਜਵਾਬ ਦਿੱਤਾ ਕਿ ਜੋ ਸੱਚ ਦੇ ਡਰ-ਅਦਬ ’ਚ ਰੰਗਿਆ ਗਿਆ ਉਸ ਅੰਦਰੋਂ ਅਹੰਕਾਰ ਮਰ ਜਾਂਦਾ ਹੈ ‘‘ਸਚ ਭੈ ਰਾਤਾ; ਗਰਬੁ ਨਿਵਾਰੈ ਏਕੋ ਜਾਤਾ ਸਬਦੁ ਵੀਚਾਰੈ ’’ (ਗੋਸਟਿ/ਮਹਲਾ /੯੪੩), ਐਸਾ ਜਾਪਦਾ ਹੈ ਕਿ ਜੋਗੀ; ਆਪਣੇ ਅਜਾਈਂ ਜਾ ਰਹੇ ਮਨੁੱਖਾ ਜਨਮ ਬਾਰੇ ਬਹੁਤ ਚਿੰਤਤ ਸਨ। ਸਤਿਗੁਰੂ ਜੀ ਕਿਰਪਾ ਕਰਨ ਤਾਂ ਜੋ ਜੋਗੀਆਂ ਵਰਗੀ ਤਾਂਘ; ਹਰ ਮਨੁੱਖ ਅੰਦਰ ਪੈਦਾ ਹੋਵੇ।

ਆਸਾ ਕੀ ਵਾਰ ’ਚ ਵੀ ਆਪ ਜੀ ਨੇ ਇਹ ਫ਼ੁਰਮਾਇਆ ‘‘ਸਤਿਗੁਰਿ+ਮਿਲਿਐ (ਨਾਲ਼); ਸਚੁ ਪਾਇਆ; ਜਿਨ੍ਹੀ, ਵਿਚਹੁ ਆਪੁ (ਹੰਕਾਰ) ਗਵਾਇਆ ਜਿਨਿ, ਸਚੋ ਸਚੁ ਬੁਝਾਇਆ ’’ (ਮਹਲਾ /੪੬੫) ਭਾਵ ਸਤਿਗੁਰੂ ਦੇ ਮਿਲਣ ਨਾਲ਼ ਜਿਸ ਨੇ ਆਪਣੇ ਅੰਦਰੋਂ ਅਹੰਕਾਰ ਨੂੰ ਮਾਰ ਲਿਆ, ਉਸ ਨੇ ਹੀ ਨਿਰੋਲ ਸਚੁ ਨੂੰ ਆਪਣੇ ਅੰਦਰੋਂ ਪ੍ਰਗਟ ਕੀਤਾ ਹੈ। ‘ਸਚੁ’ ਦੀ ਹੋਂਦ ਦਾ ਅਹਿਸਾਸ ਮਾਣਿਆ ਹੈ।

ਗੁਰੂ ਜੀ ਨੇ ਬਚਨ ਕੀਤਾ ਕਿ ਸਾਰਾ ਸੰਸਾਰ; ਅਹੰਕਾਰ ’ਚ ਗ੍ਰਸਤ ਹੋ ਕੇ ਕੂੜ ਰੂਪ ਧੰਧਾ ਕਮਾਉਂਦਾ ਹੈ ਤਾਹੀਓਂ ਸਚੁ; ਕਿਸੇ ਨੂੰ ਪਸੰਦ ਨਹੀਂ ‘‘ਧੰਧੁ ਪਿਟੇ ਸੰਸਾਰੁ; ਸਚੁ ਭਾਇਆ ’’ (ਮਹਲਾ /੪੧੯) ਭਾਵੇਂ ਕਿ ਕੂੜ ਨੇ ਅਨੇਕਾਂ ਮਨਮੁਖ; ਸੰਸਾਰ-ਸਮੁੰਦਰ ’ਚ ਡੋਬ ਦਿੱਤੇ ‘‘ਨਾਨਕ  ! ਸਚੇ ਨਾਮ ਵਿਣੁ; ਕੇਤੇ ਡੁਬੇ ਸਾਥ ’’ (ਮਹਲਾ /੧੨੮੭), ਰਹਰਾਸਿ ਸਮੇਂ ਪੜ੍ਹੀ ਜਾਣ ਵਾਲ਼ੀ ਬਾਣੀ ’ਚ ਵੀ ਆਪ ਜੀ ਨੇ ਕਿਹਾ ਕਿ ਸੰਸਾਰ; ਮੋਹ ਰੂਪ ਚਿੱਕੜ ਹੈ। ਇਸ ਵਿੱਚ ਵਿਰਕਤ ਹੋਣ ਲਈ ਪੈਰ ਅਗਾਂਹ ਨਹੀਂ ਵਧਦਾ। ਅਨੇਕਾਂ ਮਨੁੱਖ; ਇਸ ਦਲਦਲ ’ਚ ਫਸ ਕੇ ਬਾਜ਼ੀ ਹਾਰ ਗਏ ‘‘ਪੰਕਜੁ ਮੋਹ, ਪਗੁ ਨਹੀ ਚਾਲੈ; ਹਮ ਦੇਖਾ ਤਹ ਡੂਬੀਅਲੇ ’’ (ਸੋ ਪੁਰਖੁ/ਮਹਲਾ /੧੨), ਗੁਰੂ ਦੀ ਕਿਰਪਾ ਨਾਲ਼ ਸਚੁ ਨਾਮੁ ਜਪ ਕੇ ਇਸ ਜਿੱਲ੍ਹਣ ’ਚੋਂ ਪਾਰ ਹੋਈਦਾ ਹੈ ‘‘ਬਾਬਾ  ! ਜਗੁ ਫਾਥਾ ਮਹਾ ਜਾਲਿ ਗੁਰ ਪਰਸਾਦੀ ਉਬਰੇ; ਸਚਾ ਨਾਮੁ ਸਮਾਲਿ (ਹਿਰਦੇ ਵਸਾ ਕੇ) ਰਹਾਉ ’’ (ਮਹਲਾ /੧੦੦੯), ਸੁਆਸ-ਪੂੰਜੀ ਖ਼ਤਮ ਹੋਣ ’ਤੇ ਅੰਤ ਮਨਮੁਖ ਬੰਦੇ ਧਾਹਾਂ ਮਾਰ ਕੇ ਰੋਂਦੇ ਹਨ, ‘‘ਹਰਿ ਨਾਮੁ ਭਗਤਿ ਰਿਦੈ ਸਾਚਾ; ਸੇ ਅੰਤਿ ਧਾਹੀ ਰੁੰਨਿਆ ’’ (ਮਹਲਾ /੪੩੯) ਸਚੁ ਦੇ ਦਰ ਉੱਤੇ ਜਦ ਲੇਖਾ-ਜੋਖਾ ਹੁੰਦਾ ਹੈ ਤਾਂ ਓਥੇ ਓਹੀ ਬਚੇ, ਜਿਹੜੇ ਨਾਮ ਜਪ ਕੇ ਸੁੰਦਰ ਬਣੇ ਭਾਵ ਜੋ ਜਨਮ ਜਨਮ ਦੀ ਮੈਲ਼ ਧੋ ਚੁੱਕੇ ਹਨ, ‘‘ਸਭਨਾ ਕਾ ਦਰਿ ਲੇਖਾ ਸਚੈ; ਛੂਟਸਿ ਨਾਮਿ (ਨਾਲ਼) ਸੁਹਾਵਣਿਆ ’’ (ਮਹਲਾ /੧੦੯), ਜੋ ਸੱਚ ’ਚ ਰੰਗੇ ਗਏ, ਉਨ੍ਹਾਂ ਦਾ ਮੁੜ-ਮੁੜ ਜਨਮ ਨਹੀਂ ਹੁੰਦਾ ‘‘ਸਚੇ ਸੇਤੀ ਰਤਿਆ; ਜਨਮੁ ਦੂਜੀ ਵਾਰ ਜੀਉ ’’ (ਮਹਲਾ /੭੫੧), ਸਚ ਨਾਮ ਤੋਂ ਬਿਨਾਂ ਮਾਇਆ ਦੀ ਭੁੱਖ ਨਹੀਂ ਲਹਿੰਦੀ ‘‘ਨਾਨਕ  ! ਸਚੇ ਨਾਮ ਬਿਨੁ; ਕਿਸੈ ਲਥੀ ਭੁਖ ’’ (ਮਹਲਾ /੧੦੯੧), ਇਸ ਭੁੱਖ ਦੇ ਹੁੰਦਿਆਂ ਸੰਤੋਖ/ਅਡੋਲਤਾ ਅਤੇ ਉੱਚਾ ਇਖ਼ਲਾਕ ਨਹੀਂ ਪਨਪਦਾ, ‘‘ਸਚ ਬਿਨੁ; ਸਤੁ ਸੰਤੋਖੁ ਪਾਵੈ ’’ (ਮਹਲਾ /੧੦੪੦)

ਮਾਇਆ ਵਾਲ਼ੀ ਭੁੱਖ ਦੀ ਬਜਾਇ ਜਿਨ੍ਹਾਂ ਅੰਦਰ ‘ਸਚੁ’ ਨੂੰ ਮਿਲਣ ਦੀ ਭੁੱਖ/ਤਾਂਘ ਹੈ, ਉਨ੍ਹਾਂ ਅੰਦਰਲੀ ਇਹ ਤਾਂਘ; ਜੀਵਨ ਨੂੰ ਸੰਤੋਖੀ ਬਣਾਉਂਦੀ ਹੈ, ਦੁੱਖਾਂ ਤੋਂ ਮੁਕਤ ਕਰਦੀ ਹੈ ਕਿਉਂਕਿ ਉਹ ਸੱਚ ’ਚ ਮਗਨ ਹੋ ਕੇ ਮਾਇਆ ਵੱਲੋਂ ਰੱਜੇ ਰਹਿੰਦੇ ਹਨ, ‘‘ਖਾਵੈ ਦੂਖ; ਭੂਖ ਸਾਚੇ ਕੀ; ਸਾਚੇ ਹੀ ਤ੍ਰਿਪਤਾਸਿ ਰਹੈ ’’ (ਮਹਲਾ /੯੪੫), ਐਸੇ ਸੰਤੋਖੀਆਂ ਨੇ ਹੀ ਸਥਿਰ/ਅਡੋਲ ਰਹਿ ਕੇ ਦਿਲੋਂ ਸਚੁ ਨੂੰ ਸਿਮਰਿਆ ਹੈ, ‘‘ਸੇਵ ਕੀਤੀ ਸੰਤੋਖੀੲਂੀ; ਜਿਨ੍ਹੀ, ਸਚੋ ਸਚੁ ਧਿਆਇਆ ’’ (ਮਹਲਾ /੪੬੭) ਜਦਕਿ ਸੰਤੋਖ ਵਿਹੂਣਾ ਮਨਮੁਖ; ਕੂੜ ’ਚ ਮਗਨ ਰਹਿੰਦਾ ਹੈ ‘‘ਮਨਮੁਖੁ ਸਚਿ (’) ਭੀਜਈ; ਕੂੜੁ ਕੂੜਿ (’) ਗਡਾਵੈ ’’ (ਮਹਲਾ /੪੧੯)

ਵਿਚਾਰੇ ਮਨਮੁਖ ਦਾ ਵੀ ਕੀ ਕਸੂਰ ਹੈ। ਸਾਰਾ ਸੰਸਾਰ ਆਪਣੇ ਆਪਣੇ ਲੇਖੇ ’ਚ ਵਿਚਰਦਾ ਹੈ। ਬੁਰੇ ਨਸੀਬਾਂ ਦਾ ਫਲ਼ ਭੋਗਦਾ ਹੈ, ਜਿਸ ਨੂੰ ‘ਜਨਮ ਜਨਮ ਕੀ ਮੈਲ਼’ ਕਿਹਾ ਹੈ। ਇਹ; ਇੱਕ ਤਰ੍ਹਾਂ ਦੀ ਅਗਿਆਨਤਾ ਹੈ, ਹਨ੍ਹੇਰਾ ਹੈ, ਭਰਮ ਹੈ; ਜਿਸ ਨਾਲ਼ ਮਨੁੱਖ ਅੰਦਰ ਡਰ ਉਪਜਦਾ ਹੈ। ਜਦ ਤੱਕ ਲੇਖ ਨਹੀਂ ਮਿਟਦਾ; ਹਿਰਦੇ ਅੰਦਰੋਂ ਡਰ-ਸਹਿਮ ਨਹੀਂ ਜਾਂਦਾ। ਨਿਰਾਕਾਰ-ਸਚੁ ਹੀ ਲੇਖਾ ਰਹਿਤ ਹੋਣ ਕਾਰਨ ਹਰ ਤਰ੍ਹਾਂ ਦੇ ਡਰ ਤੋਂ ਮੁਕਤ ਹੈ, ‘‘ਸਗਲਿਆ ਭਉ ਲਿਖਿਆ ਸਿਰਿ (’ਤੇ) ਲੇਖੁ ਨਾਨਕ  ! ਨਿਰਭਉ ਨਿਰੰਕਾਰੁ ਸਚੁ ਏਕੁ ’’ (ਮਹਲਾ /੪੬੪), ਨਿਰਭਉ ਸਚ ਨਾਲ਼ ਪ੍ਰੀਤ ਕੀਤਿਆਂ ਡਰ ਦੂਰ ਹੁੰਦਾ ਹੈ ‘‘ਮਨ ਰੇ  ! ਸਚੁ ਮਿਲੈ; ਭਉ ਜਾਇ (ਮਹਲਾ /੧੮) ਵਰਨਾ ਕੋਈ ਮੁਕਤ ਨਹੀਂ ਹੁੰਦਾ ‘‘ਨਾਨਕ  ! ਮੁਕਤਿ ਨਹੀ; ਬਿਨੁ ਨਾਵੈ ਸਾਚੇ ’’ (ਮਹਲਾ /੧੨੭੫), ਸੰਸਾਰ ’ਚ ਆਉਣਾ ਤਾਂ ਹੀ ਸਫਲ ਹੈ, ਜੇਕਰ ਸਚ ’ਚ ਧਿਆਨ ਜੁੜੇ, ‘‘ਤਾ ਜਗਿ (’) ਆਇਆ ਜਾਣੀਐ; (ਜੇ) ਸਾਚੈ (’) ਲਿਵ ਲਾਏ ’’ (ਮਹਲਾ /੪੨੧), ‘ਸਚੁ’ ਦੀ ਕਮਾਈ ਹੀ ਸ੍ਵਰਗ ਦਾ ਵਾਸਾ ਹੈ, ਜੋ ਜ਼ਬਾਨੀ ਗੱਲਾਂ ਕੀਤਿਆਂ ਨਹੀਂ ਮਿਲਦਾ, ‘‘ਗਲੀ ਭਿਸਤਿ ਜਾਈਐ; ਛੁਟੈ ਸਚੁ ਕਮਾਇ (ਕੇ) ’’ (ਮਹਲਾ /੧੪੧) ਭਾਵ ਪਾਣੀ ਦੀਆਂ ਕੁਰਲੀਆਂ ਕਰਨ ਨਾਲ਼ ਪਿਆਸ ਨਹੀਂ ਮਿਟਦੀ; ਪਾਣੀ ਪੀਣਾ ਪੈਣਾ ਹੈ।

ਸਚੁ ਨੂੰ ਮਿਲ ਕੇ ਸਰੀਰ ਵੀ ਪਵਿੱਤਰ ਹੋ ਜਾਂਦਾ ਹੈ ਭਾਵ ਬੋਲ-ਚਾਲ ’ਚ ਸੰਜੀਦਗੀ ਆ ਜਾਂਦੀ ਹੈ ‘‘ਸੁਚਿ ਹੋਵੈ ਤਾ; ਸਚੁ ਪਾਈਐ ’’ (ਮਹਲਾ /੪੭੨) ਕਿਉਂਕਿ ਸਚੁ-ਪ੍ਰਭੂ ਵੀ ਆਖ਼ਿਰ ਸਰੀਰ ਵਿੱਚੋਂ ਹੀ ਮਿਲਣਾ ਹੈ। ਸ਼ਹਰਾਂ ਦੀ ਸੁਰੱਖਿਆ ਲਈ ਬਣਾਏ ਕਿਲ੍ਹਿਆਂ ਵਾਙ ਸਰੀਰ ਵੀ ਇੱਕ ਕਿਲ੍ਹਾ ਹੈ, ਜਿਸ ਦੇ ਦਸਮ ਦੁਆਰ ਰੂਪੀ ਸ਼ਹਰ ’ਚ ‘ਸਚੁ’ ਵੱਸਦਾ ਹੈ ‘‘ਕਾਇਆ ਨਗਰੁ; ਨਗਰ ਗੜ ਅੰਦਰਿ ਸਾਚਾ ਵਾਸਾ ਪੁਰਿ+ਗਗਨੰਦਰਿ (’)’’ (ਮਹਲਾ /੧੦੩੩), ਅੰਦਰਲੇ ਤੀਰਥ ’ਤੇ ਇਸ਼ਨਾਨ ਕੀਤਿਆਂ ਭਾਵ ਵਿਕਾਰਾਂ ਨੂੰ ਦੂਰ ਕਰ ਕਰ ਨਿਰਮਲ ਹੋ ਕੇ ‘ਸਚੁ’ ਨੂੰ ਜਾਣੀਦਾ ਹੈ ‘‘ਸਚੁ ਤਾਂ ਪਰੁ ਜਾਣੀਐ; ਜਾ ਆਤਮ ਤੀਰਥਿ (’ਤੇ) ਕਰੇ ਨਿਵਾਸੁ ’’ (ਮਹਲਾ /੪੬੮) ਯਾਨੀ ਸਚ ਦਾ ਸਿਮਰਨ ਕਰ ਕਰ ਪਾਰਦਰਸ਼ੀ ਹੋਏ (ਭਾਵ ਜਨਮ ਜਨਮ ਦੀ ਮੈਲ਼ ਧੋਤਿਆਂ) ਅੰਤਹਿਕਰਣ ’ਚੋਂ ਰੱਬੀ ਨੂਰ ਦਾ ਪ੍ਰਕਾਸ਼ ਹੁੰਦਾ ਹੈ, ਦਿੱਬ-ਦ੍ਰਿਸ਼ਟੀ ਉਪਜਦੀ ਹੈ ‘‘ਸਚਿ+ਸਿਮਰਿਐ (ਨਾਲ਼); ਹੋਵੈ ਪਰਗਾਸੁ (ਮਹਲਾ /੬੬੧)

‘ਸਚੁ’ ਨੂੰ ਪਾਉਣ ਲਈ ਕਿਤੇ ਜੰਗਲ਼ਾਂ ’ਚ ਜਾਣ ਦੀ ਲੋੜ ਨਹੀਂ ਬਲਕਿ ਉਹ ਸਾਰਿਆਂ ਦੇ ਅੰਦਰ ਹੈ, ਅੰਗ-ਸੰਗ ਹੈ ‘‘ਜਹ ਜਹ ਦੇਖਉ; ਤਹ ਤਹ ਸਾਚਾ (ਮਹਲਾ /੨੨੪), ਸਾਚਾ ਠਾਕੁਰੁ ਤ੍ਰਿਭਵਣਿ (ਹਰ ਥਾਂ) ਮੇਰਾ (ਮਹਲਾ /੧੦੯), ਤੂੰ ਸਭਨੀ ਥਾਈ, ਜਿਥੈ ਹਉ ਜਾਈ; ਸਾਚਾ ਸਿਰਜਣਹਾਰੁ ਜੀਉ ’’ (ਮਹਲਾ /੪੩੮), ਜਿਹੜੇ ਸਚ ਦੇ ਪ੍ਰੇਮ-ਰੰਗ ’ਚ ਰੰਗ ਜਾਣ ਉਹੀ ‘ਸਚੁ’ ਨੂੰ ਨੇੜਿਓਂ ਮਹਿਸੂਸ ਕਰਦੇ ਹਨ। ਹਾਜ਼ਰ-ਨਾਜ਼ਰ ਜਾਣ ਕੇ ਅਰਦਾਸ ਕਰਦੇ ਹਨ। ਉਹੀ ਦੁੱਖ ਸੁੱਖ ਦੇਣ ਵਾਲ਼ਾ ਹੈ ‘‘ਸਾਚੈ (’) ਰਾਚੇ ਦੇਖਿ ਹਜੂਰੇ ਘਟਿ ਘਟਿ (’) ਸਾਚੁ ਰਹਿਆ ਭਰਪੂਰੇ (ਮਹਲਾ /੯੪੩), ਹੈ ਹਜੂਰਿ (ਅੰਗਸੰਗ); ਹਾਜਰੁ ਅਰਦਾਸਿ ਦੁਖੁ ਸੁਖੁ; ਸਾਚੁ ਕਰਤੇ ਪ੍ਰਭ ਪਾਸਿ ਰਹਾਉ ’’ (ਮਹਲਾ /੩੫੨)

ਜਿਹੜਾ ਗੁਰੂ ਪਿਆਰਾ; ‘ਸਚ’ ਵਿੱਚ ਲੀਨ ਹੋ ਗਿਆ ਉਹ, ਹਰ ਕਾਰਜ ਦਾ ਮਹੱਤਵ; ਉਸ ਦੀ ਬਖ਼ਸ਼ਸ਼ ਨੂੰ ਦਿੰਦਾ ਹੈ; ਜਿਵੇਂ ਕਿ ਬਚਨ ਹਨ ‘‘ਸਚਾ ਸਾਹਿਬੁ ਏਕੁ ਤੂੰ; ਜਿਨਿ (ਜਿਸ ਨੇ) ਸਚੋ ਸਚੁ ਵਰਤਾਇਆ ਜਿਸੁ ਤੂੰ ਦੇਹਿ; ਤਿਸੁ ਮਿਲੈ ਸਚੁ; ਤਾ ਤਿਨ੍ਹੀ ਸਚੁ ਕਮਾਇਆ ਸਤਿਗੁਰਿ+ਮਿਲਿਐ (ਨਾਲ਼) ਸਚੁ ਪਾਇਆ; ਜਿਨ੍ ਕੈ ਹਿਰਦੈ (’) ਸਚੁ ਵਸਾਇਆ ਮੂਰਖ ਸਚੁ ਜਾਣਨ੍ਹੀ; ਮਨਮੁਖੀ ਜਨਮੁ ਗਵਾਇਆ ਵਿਚਿ ਦੁਨੀਆ; ਕਾਹੇ ਆਇਆ  ?’’ (ਆਸਾ ਕੀ ਵਾਰ/ਮਹਲਾ /੪੬੭) ਭਾਵ ਮਨਮੁਖ; ਹਰ ਗੱਲ ਦਾ ਮਹੱਤਵ ਆਪਣੇ ’ਤੇ ਲੈਂਦੇ ਹਨ ਤਾਹੀਓਂ ਮੂਰਖ ਮੰਨੇ ਜਾਂਦੇ ਹਨ। ਉਹ, ਅਪਾਰ ਅਗੰਮ ਬੇਅੰਤ ਪਰਵਦਗਾਰ ਸਚੁ ਨੂੰ ਅਹਿਮੀਅਤ ਨਹੀਂ ਦਿੰਦੇ ਤੇ ਆਪਣਾ ਕੀਮਤੀ ਜਨਮ ਵਿਅਰਥ ਗਵਾ ਲੈਂਦੇ ਹਨ। ਦੱਸੋਂ ਉਹ ਕਾਹਦੇ ਲਈ ਸੰਸਾਰ ’ਚ ਆਏ ? ਸੋ ਸੰਸਾਰ ’ਚ ਆਉਣਾ ਤਾਂ ਹੀ ਸਫਲ ਹੈ ਜੇਕਰ ‘ਸਚੁ’ ਨੂੰ ਹਾਜ਼ਰ-ਨਾਜ਼ਰ ਜਾਣ ਕੇ ਉਸ ਨਾਲ਼ ਪ੍ਰੀਤ ਪਾਈ ਜਾਵੇ। ਉਸ ਨੂੰ ਅਸਲ ਮਾਲਕ ਮੰਨਿਆ ਜਾਏ, ‘‘ਤਾ ਜਗਿ (’) ਆਇਆ ਜਾਣੀਐ; (ਜੇ) ਸਾਚੈ (’) ਲਿਵ ਲਾਏ ’’ (ਮਹਲਾ /੪੨੧)

‘ਸਚੁ’ ਨਾਲ਼ ਪਿਆਰ ਪਾ ਚੁੱਕਿਆ ਰੱਬੀ ਆਸ਼ਕ; ਕਿਸੇ ਦੁਨਿਆਵੀ ਪਦਾਰਥ ਦੀ ਮੰਗ ਨਹੀਂ ਕਰਦਾ ਸਗੋਂ ਉਸ ਨਾਲ਼ ਨੇੜਤਾ ਬਣਾਉਣ ਲਈ ਆਪਣੀ ਦਿਲੀ ਬੇਦਨਾ ਪ੍ਰਗਟ ਕਰਦਾ ਹੈ, ‘‘ਤੇਰੇ ਗੁਣ ਗਾਵਾ; ਦੇਹਿ ਬੁਝਾਈ ਜੈਸੇ ਸਚ ਮਹਿ ਰਹਉ; ਰਜਾਈ  ! ਰਹਾਉ (ਮਹਲਾ /੭੯੫), ਵਾਹੁ ਵਾਹੁ ਸਾਚੇ ! ਮੈ ਤੇਰੀ ਟੇਕ ਹਉ ਪਾਪੀ; ਤੂੰ ਨਿਰਮਲੁ ਏਕ ਰਹਾਉ ’’ (ਮਹਲਾ /੧੫੩) ਇਸ ਤਰ੍ਹਾਂ ਅਰਦਾਸ ਕੀਤਿਆਂ ਬੁਰੇ ਲੇਖ ਨਾਸ ਹੋ ਕੇ ਅੰਦਰ ਆਤਮ ਪ੍ਰਕਾਸ਼ ਹੁੰਦਾ ਹੈ ਜਦਕਿ ਮਨਮੁਖ; ਆਪਣਾ ਮਾੜਾ ਨਸੀਬ ਭੋਗਦਾ ਦੁਖੀ ਰਹਿੰਦਾ ਹੈ। ਓਅੰਕਾਰ ਬਾਣੀ ਅੰਦਰ ਆਪ ਜੀ ਨੇ ਕਿਹਾ ਕਿ ਮਨਮੁਖ ਰਿਹਾਂ ਬੁਰਾ ਨਸੀਬ ਨਹੀਂ ਮਿਟਦਾ, ‘‘ਲੇਖੁ ਮਿਟਈ ਹੇ ਸਖੀ ! ਜੋ ਲਿਖਿਆ ਕਰਤਾਰਿ (ਨੇ) ’’ (ਓਅੰਕਾਰ/ਮਹਲਾ /੯੩੭), ਚੰਗਾ-ਮੰਦਾ ਨਸੀਬ; ਸਾਰਿਆਂ ਦੇ ਜ਼ਿੰਮੇ ਹੈ। ਬੁਰਾ ਨਸੀਬ; ‘ਸਚੁ’ ਨੂੰ ਸਮਝਣ ’ਚ ਰੁਕਾਵਟ ਬਣਦਾ ਹੈ ਤਾਹੀਓਂ ਚੇਤਾ ਕਰਾਇਆ, ‘‘ਬਾਬਾ  ! ਸਾਚਾ ਸਾਹਿਬੁ (ਨੂੰ); ਦੂਰਿ ਦੇਖੁ ਸਰਬ ਜੋਤਿ ਜਗਜੀਵਨਾ; ਸਿਰਿ ਸਿਰਿ (’ਤੇ) ਸਾਚਾ ਲੇਖੁ ਰਹਾਉ ’’ (ਮਹਲਾ /੯੯੨) ਅਰਥ : ਹੇ ਭਾਈ ! ਜਗਤ ਨੂੰ ਜੀਵਨ ਦੇਣ ਵਾਲ਼ੇ ਮਾਲਕ ਨੂੰ ਸੰਸਾਰ ਤੋਂ ਵੱਖਰਾ ਨਾ ਜਾਣ। ਉਹ ਸਾਰਿਆਂ ਅੰਦਰ ਜੋਤਿ ਰੂਪ ਵਜੋਂ ਬਿਰਾਜਮਾਨ ਹੈ। ਉਸ ਨੇ ਹੀ ਸਾਰਿਆਂ ਦੇ ਸਿਰ ਉੱਤੇ ਭਾਵ ਜ਼ਿੰਮੇ ਨਸੀਬ-ਲੇਖ ਲਿਖਿਆ ਹੈ।

ਦੂਜੇ ਪਾਸੇ ‘ਸਚੁ’ ਨੂੰ ਅੰਗ-ਸੰਗ ਜਾਣ ਕੇ ਉਸ ਨਾਲ਼ ਪ੍ਰੀਤ ਕਰਨ ਵਾਲ਼ਿਆਂ ਅੰਦਰ ਨਵੀਂ ਚੇਤਨਾ ਉਤਪੰਨ ਹੁੰਦੀ ਹੈ। ਇਹ ਦੈਵੀ-ਦ੍ਰਿਸ਼ਟੀ ਹੀ ਉਸ ਦਾ ਦਰਸ਼ਨ ਹੈ, ‘‘ਅੰਤਰਿ ਪ੍ਰੇਮੁ; ਪਰਾਪਤਿ ਦਰਸਨੁ ’’ (ਮਹਲਾ /੧੦੩੨), ਭਗਤ ਆਪਣੇ ਆਪ ਨੂੰ ਮਾਲਕ ਦੀਆਂ ਦਾਸੀਆਂ ਸਮਝਦੇ ਹਨ ਤੇ ਮਾਲਕ ਨੂੰ ਆਪਣਾ ਪਤੀ ‘‘ਹਮ ਸਹ ਕੇਰੀਆ ਦਾਸੀਆ; ਸਾਚਾ ਖਸਮੁ ਹਮਾਰਾ ’’ (ਮਹਲਾ /੭੨੯) ਮਾਤਾ ਦੇ ਗਰਭ ’ਚੋਂ ਪੈਦਾ ਹੋਇਆ ਹਰ ਜੀਵਨ; ‘ਸਚ’ ਦੀ ਦਾਸੀ ਹੈ ਤਾਹੀਓਂ ਗੁਰਬਾਣੀ ’ਚ ਭਗਤਾਂ ਲਈ ਇਸਤਰੀ ਲਿੰਗ ਨਾਂਵ (ਸਾਧਨ, ਸੁਲਖਣੀ, ਕੁਲਖਣੀ, ਆਦਿ) ਵਰਤੇ ਗਏ ਹਨ। ‘ਸਚੁ’ ਮਾਲਕ ਕੇਵਲ ਓਹੀ ਹੈ, ਜੋ ਗਰਭ ’ਚੋਂ ਪੈਦਾ ਨਹੀਂ ਹੁੰਦਾ ‘‘ਨਾਨਕ  ! ਭੰਡੈ ਬਾਹਰਾ; ਏਕੋ ਸਚਾ ਸੋਇ ’’ (ਮਹਲਾ /੪੭੩) ‘ਭੰਡੈ ਬਾਹਰਾ’ ਦਾ ਅਰਥ ਹੈ, ਜੋ ਔਰਤ ਤੋਂ ਪੈਦਾ ਨਹੀਂ ਹੁੰਦਾ।

ਸੋ ਪੂਰੀ ਵਿਚਾਰ ਦਾ ਭਾਵ ਇਹੀ ਹੈ ਕਿ ਵਿਖਾਈ ਦੇਣ ਵਾਲ਼ਾ ਪੂਰਾ ਸੰਸਾਰ; ਲੇਖ-ਨਸੀਬ ਅਧੀਨ ਹੈ, ਡਰ-ਦੁਬਿਧਾ ਅਧੀਨ ਹੈ; ਜਿਸ ਤੋਂ ਮੁਕਤ ਹੋਣ ਲਈ ਲੇਖ ਰਹਿਤ ਨਿਰਭਉ ਸਦੀਵੀ ਸਥਿਰ (ਸਚੁ) ਨਾਲ਼ ਧਿਆਨ ਜੋੜਨਾ ਹੈ। ਕੇਵਲ ਓਹੀ ਅਸਲ ਸਾਥੀ ਹੈ। ਉਸ ਤੋਂ ਹੀ ਸਾਰੀ ਜਗਤ ਉਤਪਤੀ ਹੋਈ ਹੈ। ਇਸ ਦੇ ਕਣ ਕਣ ’ਚ ਉਹ ਆਪ; ਜੋਤਿ ਸਰੂਪ ਵਜੋਂ ਬਿਰਾਜਮਾਨ ਹੈ; ਜਿਵੇਂ ਕਿ ਆਪ ਜੀ ਦੇ ਬਚਨ ਹਨ ‘‘ਸਾਚੇ ਤੇ ਪਵਨਾ ਭਇਆ; ਪਵਨੈ ਤੇ ਜਲੁ ਹੋਇ ਜਲ ਤੇ ਤ੍ਰਿਭਵਣੁ ਸਾਜਿਆ; ਘਟਿ ਘਟਿ ਜੋਤਿ ਸਮੋਇ ’’ (ਮਹਲਾ /੧੯) ਭਾਵ ਜਿਸ ਸਚੁ ਤੋਂ ਹਵਾ (ਗੈਸ) ਬਣੀ, ਫਿਰ ਹਵਾ ਤੋਂ ਪਾਣੀ ਅਤੇ ਪਾਣੀ ਤੋਂ ਜੀਵ-ਜੰਤ, ਜਿਨ੍ਹਾਂ ਸਾਰਿਆਂ ਅੰਦਰ ਓਹੀ ਸਚੁ; ਜੋਤਿ ਰੂਪ ਵਜੋਂ ਸੁਭਾਇਮਾਨ ਹੈ, ਜਿਸ ਤੋਂ ਪਹਿਲਾਂ ਪਹਿਲ ਹਵਾ ਬਣੀ ਸੀ।

ਨਿਤਨੇਮ ਕਰਦਿਆਂ ‘ਸਚੁ’ ਦੀ ਤਾਂਘ ਅਤੇ ਉਸ ਦੇ ਵਿਛੋੜੇ ਦਾ ਅਹਿਸਾਸ (ਬਿਰਹਾ) ਪੈਦਾ ਹੋਣਾ ਲਾਜ਼ਮੀ ਹੈ, ਤਾਂ ਜੋ ਦਿਲੋਂ ਇਹ ਪੁਕਾਰ ਉੱਠੇ, ‘‘ਸੋ ਕਿਉ ਵਿਸਰੈ  ? ਮੇਰੀ ਮਾਇ ਸਾਚਾ ਸਾਹਿਬੁ; ਸਾਚੈ+ਨਾਇ (ਰਾਹੀਂ) ਰਹਾਉ (ਸੋ ਦਰੁ/ਮਹਲਾ /) ਭਾਵ ਹੇ ਮੇਰੀ ਮਾਂ ! ਉਹ ਸਦੀਵੀ ਸਥਿਰ ਮਾਲਕ ਮੈਨੂੰ ਕਦੇ ਨਾ ਭੁੱਲੇ, ਜਿਹੜਾ ਸੱਚੇ ਨਾਮ ਰਾਹੀਂ ਮਿਲਦਾ ਹੈ ਯਾਨੀ ਮੈ ਸੱਚਾ ਨਾਮ ਨਿਰੰਤਰ ਜਪਦਾ ਰਹਾਂ ਤਾਂ ਜੋ ਸਚ ਨਾਲ਼ ਮਿਲਾਪ ਬਣਿਆ ਰਹੇ। ‘ਸਚੁ’ ਦੀ ਕਿਰਪਾ ਨਾਲ਼ ਤਨ ਮਨ ਸ਼ੀਤਲ ਹੁੰਦਾ ਹੈ। ਮਨ, ਅਡੋਲ/ਸਥਿਰ ਹੁੰਦਾ ਹੈ। ਸਚੀ-ਸਫਲ ਜ਼ਿੰਦਗੀ ਬਣਦੀ ਹੈ, ਜੋ ਕਿਸੇ ਵਿਰਲੇ ਨੂੰ ਨਸੀਬ ਹੁੰਦੀ ਹੈ, ‘‘ਜਿਸ ਨੋ ਸਾਚਾ; ਸਿਫਤੀ ਲਾਏ ਗੁਰਮੁਖਿ ਵਿਰਲੇ ਕਿਸੈ ਬੁਝਾਏ ਅੰਮ੍ਰਿਤ ਕੀ ਸਾਰ ਸੋਈ ਜਾਣੈ; ਜਿ ਅੰਮ੍ਰਿਤ ਕਾ ਵਾਪਾਰੀ ਜੀਉ ਰਹਾਉ ’’ (ਮਹਲਾ /੯੯੩), ਸਤਿਗੁਰੂ ਦੇ ਅੰਮ੍ਰਿਤਮਈ ਬੋਲਾਂ ਦੀ ਕਦਰ ਕਰਦਾ ਹੋਇਆ ਉਹ, ਜਣੇ-ਖਣੇ ਨੂੰ ਖਸਮ ਨਹੀਂ ਬਣਾਉਂਦਾ ਬਲਕਿ ਇੱਕੋ ਮਾਲਕ ਉੱਤੇ ਨਿਸ਼ਚਾ ਧਾਰਦਾ ਹੈ ‘‘ਸਾਹਿਬੁ ਮੇਰਾ ਏਕੁ ਹੈ; ਅਵਰੁ ਨਹੀ ਭਾਈ ! ਕਿਰਪਾ ਤੇ ਸੁਖੁ ਪਾਇਆ; ਸਾਚੇ ਪਰਥਾਈ ’’ (ਮਹਲਾ /੪੨੦) ਉਹ ਮਾਇਆਵੀ ਬੰਦਨਾਂ ਤੋਂ ਮੁਕਤ ਹੋ ਕੇ ਹੋਰਾਂ ਨੂੰ ਵੀ ਸਹੀ ਰਾਹ ਪਾਉਂਦਾ ਹੈ ਕਿ ‘‘ਸਾਚੀ ਬਾਣੀ; ਮੀਠੀ ਅੰਮ੍ਰਿਤ ਧਾਰ ਜਿਨਿ ਪੀਤੀ; ਤਿਸੁ ਮੋਖ ਦੁਆਰ ’’ (ਮਹਲਾ /੧੨੭੫)

ਸੋ ਸੂਰਜ, ਤਾਰੇ, ਸੰਸਾਰ, ਸਰੀਰ, ਪਦਾਰਥ ਆਦਿਕ ਕੋਈ ਵੀ ਸਥਿਰ ਨਹੀਂ। ਸਦਾ ਲਈ ਸਾਥ ਦੇਣ ਵਾਲ਼ੇ ਨਹੀਂ। ਕੇਵਲ ਸਦੀਵੀ ਸਾਥੀ ‘ਸਚੁ’ ਹੈ। ਸਦੀਵੀ ਸਾਥੀ; ਉਸ ਦਾ ਨਾਮ ਹੈ। ਸਦੀਵੀ ਸਾਥੀ; ਸਤਿਗੁਰੂ ਹੈ, ਉਸ ਦਾ ਸ਼ਬਦ ਹੈ, ਜਿਸ ਉੱਤੇ ਭਰੋਸਾ ਰੱਖ ਕੇ ਅਮਲ ਕਰਨਾ ਹੈ ਤਾਂ ਜੋ ਜ਼ਿੰਦਗੀ ਵੀ ਸਦੀਵੀ ਸਥਿਰ ਹੋਵੇ। ਵਾਰ ਵਾਰ ਦੇ ਜਨਮ ਤੋਂ ਮੁਕਤੀ ਮਿਲੇ। ਜਗਤ ਰਚਨਾ ਦਾ ਇਹੀ ਅਟੁੱਟ ਵਿਧਾਨ ਹੈ, ‘‘ਨਾਨਕ  ! ਸਚੇ ਕੀ ਸਾਚੀ ਕਾਰ ’’ (ਜਪੁ/ਮਹਲਾ /), ਜੀਵਨ; ਸੱਚੀ ਟਕਸਾਲ ’ਚ ਹੀ ਘੜਿਆ ਜਾਣਾ ਹੈ ‘‘ਘੜੀਐ ਸਬਦੁ; ਸਚੀ ਟਕਸਾਲ ’’ (ਜਪੁ/ਮਹਲਾ /), ਐਨਾ ਬ੍ਰਹਮ ਗਿਆਨ ਪ੍ਰਤੱਖ ਹੋਣ ਦੇ ਬਾਵਜੂਦ ਵੀ ਜਿਹੜੇ ਬੰਦੇ ਕੂੜ (ਵਿਖਾਈ ਦੇਣ ਵਾਲ਼ੇ ਜਗਤ) ਨੂੰ ਕਿਸੇ ਨਾ ਕਿਸੇ ਰੂਪ ’ਚ ਪੂਜਦੇ ਹਨ, ਗੁਰੂ ਅਰਜਨ ਸਾਹਿਬ ਜੀ ਉਨ੍ਹਾਂ ਨੂੰ ਮੂਰਖ ਕਹਿ ਕੇ ਸੰਬੋਧਨ ਕਰਦੇ ਹਨ ‘‘ਦ੍ਰਿਸਟਿਮਾਨ ਸਭੁ ਬਿਨਸੀਐ; ਕਿਆ ਲਗਹਿ ਗਵਾਰ  ?’’ (ਮਹਲਾ /੮੦੮) ਕਿਉਂਕਿ ਆਪ ਨੇ ਪੂਰੇ ਬ੍ਰਹਿਮੰਡ ਨੂੰ ਨਿਰੰਤਰ ਨਾਸਵਾਨ ਕਿਹਾ ਹੈ; ਜਿਵੇਂ ਕਿ ਬਚਨ ਹਨ ‘‘ਨਿਸਿ ਬਾਸੁਰ ਨਖਿਅਤ੍ਰ ਬਿਨਾਸੀ; ਰਵਿ ਸਸੀਅਰ ਬੇਨਾਧਾ ਗਿਰਿ ਬਸੁਧਾ ਜਲ ਪਵਨ ਜਾਇਗੋ; ਇਕਿ ਸਾਧ ਬਚਨ ਅਟਲਾਧਾ (ਥਿਰ) (ਮਹਲਾ /੧੨੦੪), ਘਟੰਤ ਰੂਪੰ, ਘਟੰਤ ਦੀਪੰ; ਘਟੰਤ ਰਵਿ ਸਸੀਅਰ ਨਖਤ੍ਰ ਗਗਨੰ (ਅਕਾਸ਼) ਘਟੰਤ ਬਸੁਧਾ (ਧਰਤੀ); ਗਿਰਿ ਤਰ ਸਿਖੰਡੰ (ਪਰਬਤ) ਘਟੰਤ ਲਲਨਾ (ਔਰਤ); ਸੁਤ ਭ੍ਰਾਤ ਹੀਤੰ (ਰਿਸ਼ਤੇਦਾਰ) ਘਟੰਤ ਕਨਿਕ (ਸੋਨਾ) ਮਾਨਿਕ (ਮੋਤੀ) ਮਾਇਆ ਸ੍ਵਰੂਪੰ ਨਹ ਘਟੰਤ; ਕੇਵਲ ਗੋਪਾਲ ਅਚੁਤ (ਅਬਿਨਾਸੀ) ਅਸਥਿਰੰ ਨਾਨਕ ! ਸਾਧ ਜਨ ’’ (ਮਹਲਾ /੧੩੫੪) ਅਰਥ : ਸਰੀਰ (ਸ਼ਕਲ), ਸੱਤੇ ਦੀਪ, ਸੂਰਜ, ਚੰਦ, ਤਾਰੇ, ਅਕਾਸ਼, ਧਰਤੀ, ਪਹਾੜ, ਦਰਖ਼ਤ ਭਾਵ ਬਨਸਪਤੀ, ਹਿਮਾਲਿਆ ਪਰਬਤ, ਔਰਤ, ਪੁੱਤਰ, ਭਰਾ, ਰਿਸ਼ਤੇਦਾਰ, ਸੋਨਾ, ਮੋਤੀ, ਮਾਇਆ ਦੇ ਰੂਪ ਭਾਵ ਧਨ-ਪਦਾਰਥ ਆਦਿਕ ਸਾਰੇ ਨਾਸ ਹੋਣ ਵਾਲ਼ੇ ਹਨ। ਕੇਵਲ ਸਦੀਵੀ ਸਥਿਰ ਹੈ ਭਾਵ ਨਾਸ ਰਹਿਤ ਹੈ ‘ਸਾਰਿਆਂ ਨੂੰ ਪੈਦਾ ਕਰਨ ਵਾਲ਼ਾ ੴ ਅਤੇ ਉਸ ਦੇ ਸੰਤ ਜਨ (ਭਾਵ ਸਤਿਗੁਰੂ)’।

ਸੋ ਗੁਰਬਾਣੀ ਦੇ ਉੱਚੇ-ਸੁੱਚੇ ਖ਼ਿਆਲਾਂ ਦਾ ਪ੍ਰਚਾਰ-ਪ੍ਰਸਾਰ ਕਰਨ ਲਈ ਉੱਚੇ ਜੀਵਨ ਵਾਲ਼ੇ ਗੁਰਸਿੱਖ ਪ੍ਰਚਾਰਕ ਹੋਣੇ ਸਿੱਖ ਕੌਮ ਅਤੇ ਮਨੁੱਖਤਾ ਲਈ ਲਾਭਕਾਰੀ ਹਨ ਕਿਉਂਕਿ ਗੁਰਬਾਣੀ; ਦਿਮਾਗ਼ੀ ਗਿਆਨ ’ਚੋਂ ਉਪਜੀ ਰਚਨਾ ਨਹੀਂ, ਜਿਸ ਨੂੰ ਕੇਵਲ ਪੜ੍ਹ ਕੇ ਜਾਂ ਡਿਗਰੀ ਲੈ ਕੇ ਪ੍ਰਚਾਰਿਆ ਜਾ ਸਕਦਾ ਹੈ। ਇਹ ਅਨੁਭਵ ’ਚੋਂ ਪ੍ਰਗਟ ਹੋਈ ਸਚਾਈ ਹੈ। ਜਿਸ ਦਾ ਝਲਕਾਰਾ ਲੈਣ ਲਈ ਅਨੁਭਵੀ ਅੱਖ ਖੁੱਲਣੀ, ਮੁੱਢਲੀ ਸ਼ਰਤ ਹੈ ਤਾਹੀਓਂ ਗੁਰੂ ਅਰਜਨ ਸਾਹਿਬ ਜੀ ਨੇ ਤਾੜਨਾ ਕੀਤੀ ਕਿ ਪਹਿਲਾਂ ਗੁਰਮਤਿ ਨੂੰ ਆਪਣੇ ਜੀਵਨ ’ਚ ਕਮਾ ਕੇ, ਫਿਰ ਹੋਰਾਂ ਨੂੰ ਦੱਸੀ ਇਹ ਸਚਾਈ ਹੀ ਲਾਭ ਪਹੁੰਚਾਉਂਦੀ ਹੈ, ‘‘ਪ੍ਰਥਮੇ ਮਨੁ ਪਰਬੋਧੈ ਅਪਨਾ; ਪਾਛੈ ਅਵਰ ਰੀਝਾਵੈ ਰਾਮ ਨਾਮ ਜਪੁ ਹਿਰਦੈ ਜਾਪੈ; ਮੁਖ ਤੇ ਸਗਲ ਸੁਨਾਵੈ ’’ (ਮਹਲਾ /੩੮੧) ਕਿਉਂਕਿ ਅਸ਼ਰਧਕ ਪ੍ਰਚਾਰਕ; ਕਦੇ ਵੀ ਆਪਣੇ ਖ਼ੁਸ਼ਕ ਦਿਮਾਗ਼ੀ ਗਿਆਨ ’ਚੋਂ ਬੋਲੇ ਬੋਲ ਨੂੰ ਸ਼ਰਧਾਵਾਨ ਦੇ ਹਿਰਦੇ ਅੰਦਰ ਪ੍ਰਪੱਕ ਨਹੀਂ ਕਰ ਸਕਦਾ। ਸ਼ਾਇਦ ਐਸੇ ਸਿੱਖ ਪ੍ਰਚਾਰਕਾਂ ਦੀ ਘਾਟ ਕਾਰਨ ਹੀ ਸਮੂਹ ਮਨੁੱਖ ਜਾਤੀ; ਸਤਿਗੁਰੂ ਜੀ ਦੇ ਇਨ੍ਹਾਂ ਅੰਮ੍ਰਿਤਮਈ ਅਨਮੋਲ ਰਤਨਾਂ ਤੋਂ ਬਹੁਤਾ ਲਾਭ ਨਹੀਂ ਉਠਾ ਸਕੀ।

ਗੁਰਮੁਖੀ ਅੱਖਰਾਂ ਦਾ ਸੰਦੇਸ਼

0

ਗੁਰਮੁਖੀ ਅੱਖਰਾਂ ਦਾ ਸੰਦੇਸ਼

ਡਾ. ਸਰਬਜੀਤ ਕੌਰ ਸੰਧਾਵਾਲੀਆ

ਗੁਰੂ ਜਾਈ ਤੇ ਗੁਰਾਂ ਤੋਂ ਵਰੋਸਾਈ, ਆਈ ਗੁਰਮੁਖੀ ਗੁਰੂ ਦੇ ਮੁੱਖ ਵਿੱਚੋਂ,

ਪਟੀ ਲਿਖੀ ਸੀ ਗੁਰਮੁਖੀ ਅੱਖਰਾਂ ਵਿਚ, ਪਰਗਟ ਹੋਈ ਇਹ ਗੁਰੂ ਦੀ ਕੁੱਖ ਵਿੱਚੋਂ।

ਅੱਖਰ ਸੱਚੀ ਸਰਕਾਰ ਦੀ ਸਿਫ਼ਤ ਕਰਦੇ, ਇਨ੍ਹਾਂ ਅੱਖਰਾਂ ਵਿਚ ਡੂੰਘੇ ਭੇਤ ਲੁਕੇ,

ਆਓ ਇਨ੍ਹਾਂ ਤੋਂ ਸੱਚ ਦੀ ਸੇਧ ਲਈਏ, ਇਨ੍ਹਾਂ ਵਿਚ ਰੂਹਾਨੀ ਸੰਕੇਤ ਛੁਪੇ।

ਪੂਜਣਯੋਗ ਅੱਖਰ ਲਿਪੀ ਗੁਰਮੁਖੀ ਦੇ, ਦਿਲੋਂ ਜਾਨ ਨਾਲ ਇਨ੍ਹਾਂ ਨੂੰ ਪਿਆਰ ਕਰੀਏ,

ਜਿਨ੍ਹਾਂ ਅੱਖਰਾਂ ਨੂੰ ਗੁਰੂਆਂ ਮਾਣ ਦਿੱਤਾ, ਆਓ ਉਨ੍ਹਾਂ ਦਾ ਆਪਾਂ ਸਤਿਕਾਰ ਕਰੀਏ।

 ੳ – ਓਅੰਕਾਰ ਦੀ ਉਸਤਤੀ ਸਦਾ ਕਰੀਏ, ਜਿਹੜਾ ਸਾਰਿਆਂ ਦਿਲਾਂ ਵਿਚ ਵੱਸਦਾ ਏ,

     ਕਿਧਰੇ ਪੰਖੀਆਂ ਅੰਦਰ ਪਰਵਾਜ਼ (ਉਡਾਰੀ) ਭਰਦਾ, ਕਿਧਰੇ ਫੁੱਲ ਕਲੀਆਂ ਅੰਦਰ ਹੱਸਦਾ ਏ।

ਅ- ਅਪਰੰਪਾਰ ਦੀ ਸਦਾ ਹੀ ਸਿਫ਼ਤ ਕਰੀਏ, ਜਿਹੜਾ ਸਾਰਿਆਂ ਨੂੰ ਏਨਾ ਪਿਆਰਦਾ ਏ,

    ਜਿਹੜਾ ਜਿਊਣ ਦੀ ਜਾਚ ਸਿਖਾਲਦਾ ਏ, ਜਿਹੜਾ ਡੁੱਬਿਆਂ ਹੋਇਆਂ ਨੂੰ ਤਾਰਦਾ ਏ।

ੲ- ਇਸ਼ਟ ਈਸ਼ਵਰ ਨੂੰ ਚੇਤੇ ਸਦਾ ਰੱਖੀਏ, ਜੋ ਹੈ ਪ੍ਰੇਮ ਸਰੂਪ ਕਮਾਲ ਸਾਹਿਬ,

    ਸਾਨੂੰ ਸਾਜ, ਸ਼ਿੰਗਾਰ ਸੰਭਾਲਦਾ ਏ, ਸਾਂਝਾ ਬਾਪ ਉਹ ਸਦਾ ਦਇਆਲ ਸਾਹਿਬ।

ਸ- ਸਿਰਜਣਹਾਰ ਨੂੰ ਸਦਾ ਸਲਾਮ ਕਰੀਏ, ਜੀਹਦਾ ਭੇਤ ਨਾ ਕੋਈ ਵੀ ਜਾਣਦਾ ਏ,

    ਜਿਹੜਾ ਸਿਰਜ ਕੇ ਆਪਣੀ ਸਲਤਨਤ ਨੂੰ, ਅੰਦਰ ਬੈਠ ਕੇ ਆਪ ਹੀ ਮਾਣਦਾ ਏ।

ਹ- ਹਰਦਮ ਹਰੀ ਪ੍ਰਮੇਸ਼ਰ ਨੂੰ ਯਾਦ ਕਰੀਏ, ਜੋ ਹੈ ਪਾਤਸ਼ਾਹ ਮਾਣ ਨਿਮਾਣਿਆਂ ਦਾ,

    ਲੱਜਪਾਲ ਬਖਸ਼ਿੰਦ ਕਿਰਪਾਲ ਸਾਹਿਬ, ਬਣਦਾ ਆਸਰਾ ਦੀਨਾਂ ਨਿਤਾਣਿਆਂ ਦਾ।

ਕ- ਕਰਤਾ ਪੁਰਖ ਕਰਤਾਰ ਦੇ ਗੁਣ ਗਾਈਏ, ਹਰ ਇਕ ਜ਼ੱਰੇ ਦੀ ਅੱਖ ਵਿਚ ਜ਼ਾਹਰ ਹੈ ਜੋ,

    ਉਹਦੇ ਕਰਮ ਦਾ ਅੰਤ ਨਾ ਪਾ ਸਕੀਏ, ਸਾਡੀ ਸੋਚ ਦੇ ਘੇਰੇ ਤੋਂ ਬਾਹਰ ਹੈ ਜੋ।

ਖ- ਖਿਮਾਸ਼ੀਲ ਸੁਭਾਉ ਪਰਮਾਤਮਾ ਦਾ, ਸਾਡੇ ਔਗੁਣਾਂ ਨੂੰ ਸਦਾ ਮਾਫ਼ ਕਰਦਾ,

    ਸਾਡੇ ਅੰਦਰੋਂ ਵਿਤਕਰੇ ਦੂਰ ਕਰ ਕੇ, ਸਾਡੇ ਦਿਲਾਂ ਨੂੰ ਪਾਕ ਸ਼ੱਫ਼ਾਫ਼ (ਪਾਰਦਰਸ਼ੀ) ਕਰਦਾ।

ਗ- ਗੈਬੁਲ ਗੈਬ ਹੈ ਜ਼ਾਹਿਰ ਜ਼ਹੂਰ ਵੀ ਹੈ, ਮਹਾਂ ਗਿਆਨ ਤੇ ਮਹਾਂਸੰਗੀਤ ਵੀ ਹੈ,

    ਮਹਾਂਰਾਗ ਤੇ ਮਹਾਂ ਅਨੁਰਾਗ ਵੀ ਹੈ, ਮਹਾਂ ਚਾਨਣਾ ਤੇ ਮਹਾਂ ਪ੍ਰੀਤ ਵੀ ਹੈ।

ਘ- ਘੜਨਹਾਰ ਸਾਡਾ, ਪਾਲਣਹਾਰ ਸਾਡਾ ਉਹਦੀਆਂ ਮਿਹਰਾਂ ਤੇ ਬਰਕਤਾਂ ਭਾਰੀਆਂ ਨੇ,

    ਜਿਹੋ ਜਿਹਾ ਉਹ ਸਾਨੂੰ ਪਿਆਰ ਕਰਦਾ, ਕਿੱਥੋਂ ਲੱਭਣੀਆਂ ਇਹ ਦਿਲਦਾਰੀਆਂ ਨੇ।

ਙ- ਙਿਆਨਵਾਨ ਸਮਰੱਥ ਅਗਾਧ ਹਸਤੀ, ਉਹਦੀ ਪਾ ਸਕਦਾ ਕੋਈ ਥਾਹ ਹੀ ਨਹੀਂ,

    ਜੁਗਾਂ ਜੁਗਾਂ ਤੋਂ ਦਾਤਾਂ ਵਰਤਾਈ ਜਾਂਦਾ, ਉਹਦੇ ਜਿਹਾ ਕੋਈ ਸ਼ਹਿਨਸ਼ਾਹ ਹੀ ਨਹੀਂ।

ਚ- ਚਿੱਤਰਕਾਰ ਚਿਤੇਰਾ ਉਹ ਬਹੁਤ ਸੁੰਦਰ, ਸਾਡੇ ਸਾਰਿਆਂ ਦਾ ਪੱਕਾ ਮੀਤ ਵੀ ਹੈ,

    ਬਣਿਆ ਤਾਲ ਉਹ ਸਾਡੀਆਂ ਧੜਕਣਾਂ ਦਾ, ਅਨਹਦ ਨਾਦ ਵੀ ਹੈ, ਮਹਾਂ ਗੀਤ ਵੀ ਹੈ।

ਛ- ਛਾਇਆਦਾਰ ਸੁਹਾਵਣਾ ਬਿਰਖ ਬਣ ਕੇ, ਸਾਡੇ ਸਾਰਿਆਂ ਦੇ ਸਿਰ ’ਤੇ ਛਾਂ ਕਰਦਾ,

    ਆਪਣੀ ਪ੍ਰੀਤ ਦੀ ਮਹਿਕ ਤੇ ਟਹਿਕ ਦੇ ਕੇ, ਆਪਣੇ ਪਿਆਰਿਆਂ ’ਚ ਸਾਡੀ ਥਾਂ ਕਰਦਾ।

ਜ- ਜਨਮ ਦੇਣ ਵਾਲਾ, ਸਿੱਖਿਆ ਦੇਣ ਵਾਲਾ, ਸਾਡੇ ਦਿਲਾਂ ’ਚ ਆਪ ਧੜਕਦਾ ਏ,

    ਜਦੋਂ ਉਸ ਸੁਖਦਾਤੇ ਨੂੰ ਯਾਦ ਕਰੀਏ, ਨੇੜੇ ਦੁਖ ਜਾਂ ਭੈਅ ਨਾ ਫੜਕਦਾ ਏ।

ਝ- ਝਾਲ ਝੱਲੀ ਨਾ ਜਾਵੇ ਮਹਾਂ ਨੂਰ ਵਾਲੀ, ਸਾਰੇ ਨੇਤਰਾਂ ਵਿਚ ਉਹੀ ਡਲ੍ਹਕਦਾ ਏ,

   ਉਹੀ ਫੈਲਿਆ ਮਹਾਂ ਅਨੁਰਾਗ ਬਣ ਕੇ, ਸਾਰੇ ਦਿਲਾਂ ਅੰਦਰ ਓਹੀ ਝਲਕਦਾ ਏ।

ਞ- ਞਾਣਨਹਾਰ ਉਹ ਦਿਲਾਂ ਦੀਆਂ ਜਾਣਦਾ ਏ, ਭਲੇ ਬੁਰੇ ਦੀ ਪੀੜ ਪਛਾਣਦਾ ਏ,

    ਹਰ ਵੇਲੇ ਉਹ ਸਾਡਾ ਖ਼ਿਆਲ ਰੱਖੇ, ਆਪਣੇ ਪਿਆਰ ਦਾ ਚਾਦਰਾ ਤਾਣਦਾ ਏ।

ਟ- ਟੁੱਟੀ ਗੰਢ ਲੈਂਦਾ, ਕੰਠ ਲਾ ਲੈਂਦਾ, ਉਹਦੇ ਕਰਮ ਦਾ ਆਦਿ ਨਾ ਅੰਤ ਕੋਈ,

    ਜੋ ਵੀ ਮੰਗਦੇ ਹਾਂ, ਓਹੀ ਦੇਈ ਜਾਂਦਾ, ਉਹਦੇ ਜਿਹਾ ਨਾ ਦਾਤਾ ਬੇਅੰਤ ਕੋਈ।

ਠ- ਠਾਰਨਹਾਰ ਮਿੱਠਬੋਲੜਾ ਸ਼ਾਂਤਸਾਗਰ, ਕੌੜਾ ਬੋਲ ਉਹ ਕਦੇ ਵੀ ਬੋਲਦਾ ਨਹੀਂ,

    ਉਹਦੀ ਮਿਹਰ ’ਤੇ ਜਿਹੜਾ ਵਿਸ਼ਵਾਸ ਰੱਖੇ, ਚਿੱਤ ਓਸਦਾ ਕਦੇ ਵੀ ਡੋਲਦਾ ਨਹੀਂ।

ਡ- ਡੇਰਾ ਢਾਹੁੰਦਾ ਉਦਾਸੀਆਂ ਪੱਤਝੜਾਂ ਦਾ, ਸਾਰੇ ਦੁੱਖਾਂ ਤੋਂ ਸਾਨੂੰ ਬਚਾਂਵਾਦਾ ਏ,

    ਸਾਰੀ ਦੁਨੀਆ ਵੀ ਸਾਨੂੰ ਜੇ ਤਿਆਗ ਦੇਵੇ, ਉਹ ਨਾ ਛੱਡ ਕੇ ਕਦੇ ਵੀ ਜਾਂਵਦਾ ਏ।

ਢ- ਢੋਲਾ ਛੈਲ ਛਬੀਲਾ ਉਹ ਕੰਤ ਸਾਡਾ, ਇੱਕੋ ਇਕ ਪੁਰਖੋਤਮ ਸੁਹਾਗ ਸਾਡਾ,

    ਅਸੀਂ ਸਾਰੀਆਂ ਉਹਦੀਆਂ ਦਾਸੀਆਂ ਹਾਂ, ਇੱਕੋ ਇਕ ਹੈ ਰਾਗ ਅਨੁਰਾਗ ਸਾਡਾ।

ਣ- ਣਾਮੀ ਨਾਮ ਦੇ ਨਾਲ ਇਕਸੁਰ ਹੋਇਆ, ਉਹਦਾ ਨਾਮ ਭਵ ਸਾਗਰੋਂ ਪਾਰ ਕਰਦਾ,

    ਬਣ ਕੇ ਮਹਾਂ ਆਸ਼ਕ ਸਾਨੂੰ ਇਸ਼ਕ ਕਰਦਾ, ਸਾਥੋਂ ਆਪਣਾ ਆਪ ਨਿਸਾਰ ਕਰਦਾ।

ਤ- ਤਾਰਨਹਾਰ ਨਿਰਭੈ ਨਿਰਵੈਰ ਹਸਤੀ, ਸਾਡੇ ਸਾਰਿਆਂ ਦਾ ਸਾਂਝਾ ਬਾਪ ਹੈ ਉਹ,

    ਉਹਦੇ ਬਿਨਾ ਤਾਂ ਹੋਰ ਕੋਈ ਹੈ ਹੀ ਨਹੀਂ, ਸਾਰਾ ਕੁਝ ਬਣਿਆ ਆਪੇ ਆਪ ਹੈ ਉਹ।

ਥ- ਥੰਮਣਹਾਰ ਉਹ ਥੰਮ ਹੈ ਨਿਰਬਲਾਂ ਦਾ, ਉਹ ਹੈ ਯਾਰ ਅਨਾਥਾਂ ਨਿਪੱਤਿਆਂ ਦਾ,

    ਉਹ ਕਰੀਮ ਹੈ ਬਹੁਤ ਹੀ ਤਰਸ ਵਾਲਾ, ਦਰਦ ਜਾਣਦਾ ਜਿਹੜਾ ਨਿਗੱਤਿਆਂ ਦਾ।

ਦ- ਦੇਵਣਹਾਰ ਭੰਡਾਰ ਨਿਆਮਤਾਂ ਦਾ, ਦਇਆਵੰਤ ਖ਼ਜ਼ਾਨੇ ਲੁਟਾਈ ਜਾਂਦਾ,

    ਭਰ ਭਰ ਕੇ ਮੁੱਠੀਆਂ ਨਦਰਿ ਦੀਆਂ, ਦਿਨੇ ਰਾਤ ਉਹ ਸਾਨੂੰ ਵਰਤਾਈ ਜਾਂਦਾ।

ਧ- ਧਿਆਵਣਯੋਗ ਬੱਸ ਇਕ ਪਰਮਾਤਮਾ ਹੈ, ਸਾਹਾਂ ਨਾਲ ਜੇ ਉਹਨੂੰ ਧਿਆ ਲਈਏ,

    ਉਹਦੇ ਚਰਨਾਂ ਦੀ ਮੌਜ ਨੂੰ ਮਾਣੀਏ ਫਿਰ, ਡੁਬਕੀ ਸਹਿਜ ਅਨੰਦ ’ਚ ਲਾ ਲਈਏ।

ਨ- ਨਿਰੰਕਾਰ ਨਾਰਾਇਣ ਨੂੰ ਸਿਮਰੀਏ ਜੇ, ਅੰਦਰ ਪਿਆਰ ਵਾਲੇ ਚਸ਼ਮੇ ਫੁੱਟਦੇ ਨੇ,

     ਉਹਦੀ ਗੋਦ ਦੇ ਨਿਘ ਨੂੰ ਮਾਣਦੇ ਹਾਂ, ਸਾਰੇ ਦੁੱਖ ਵਿਜੋਗ ਦੇ ਟੁੱਟਦੇ ਨੇ।

ਪ- ਪਰਵਦਿਗਾਰ ਅਪਾਰ ਗੁਣਤਾਸ ਕਾਦਰ, ਕਿਸੇ ਗੱਲੋਂ ਨਾ ਹੋਰ ਪਤੀਜਦਾ ਏ,

    ਸੁੱਚੀ ਪ੍ਰੀਤ, ਮਾਸੂਮੀਅਤ ਬੰਦਗੀ ’ਤੇ, ਸੱਚਾ ਪਾਤਸ਼ਾਹ ਬਹੁਤ ਹੀ ਰੀਝਦਾ ਏ।

ਫ- ਫਾਹੀਆਂ ਕੱਟ ਕੇ ਸਾਨੂੰ ਆਜ਼ਾਦ ਕਰਦਾ, ਐਸਾ ਮਿਹਰਦਾਤਾ ਬੰਦੀਛੋੜ ਸਾਹਿਬ,

    ਵਹਿਮਾਂ ਭਰਮਾਂ ਵਿਕਾਰਾਂ ਨੂੰ ਮੇਟ ਦਿੰਦਾ, ਸਾਡੇ ਸ਼ੰਕਿਆਂ ਨੂੰ ਦੇਂਦਾ ਰੋੜ੍ਹ ਸਾਹਿਬ।

ਬ- ਬਖ਼ਸ਼ਣਹਾਰ ਉਹ ਭੁੱਲਾਂ ਨੂੰ ਬਖ਼ਸ਼ ਦਿੰਦਾ, ਸਾਡੇ ਦੋਸ਼ ਉਹ ਕਦੇ ਚਿਤਾਰਦਾ ਨਾ,

    ਭਾਵੇਂ ਅਸੀਂ ਬਖ਼ਸ਼ਿੰਦ ਨੂੰ ਭੁੱਲ ਜਾਈਏ, ਪਰ ਉਹ ਕਦੇ ਵੀ ਸਾਨੂੰ ਵਿਸਾਰਦਾ ਨਾ।

ਭ- ਭੰਨਣਹਾਰ ਜਿਹੜਾ ਘੜਨਹਾਰ ਜਿਹੜਾ, ਉਹਦੀ ਬੰਦਗੀ ਹੀ ਸਾਡੀ ਜ਼ਿੰਦਗੀ ਏ,

    ਪੱਲਾ ਫੜ ਲਈਏ ਜੇਕਰ ਘੁੱਟ ਉਹਦਾ, ਫੇਰ ਕਿਸੇ ਦੀ ਕੀ ਮੁਹਛੰਦਗੀ ਏ।

ਮ- ਮਿਹਰਵਾਨ ਮਹਾਨ ਸੁਮੀਤ ਸਾਡਾ, ਸਾਡੇ ਨ੍ਹੇਰਿਆਂ ਨੂੰ ਵੀ ਰੁਸ਼ਨਾ ਦੇਵੇ,

    ਕਰੁਣਾਮਈ ਜਦ ਮਿਹਰ ਦਾ ਮੀਂਹ ਪਾਵੇ, ਤਪਦੇ ਹਿਰਦਿਆਂ ਨੂੰ ਠੰਢ ਪਾ ਦੇਵੇ।

ਯ- ਯਮ ਨਾਮ ਸੁਣ ਕੇ ਉਹਦਾ ਨੱਸ ਜਾਂਦੇ, ਸਾਡੀ ਜਿੰਦ ਦਾ ਸੱਚ ਰਖਵਾਰ ਹੈ ਉਹ,

    ਔਖੀ ਘੜੀ ਨਾ ਕਦੇ ਵੀ ਆਉਣ ਦੇਵੇ, ਸਦਾ ਆਜਿਜ਼ (ਨੀਵੇਂ) ਦਾ ਮਦਦਗਾਰ ਹੈ ਉਹ।

ਰ- ਰਾਵਣਹਾਰ ਰੰਗ ਰੱਤੜਾ ਰਾਮ ਸਾਡਾ, ਜੀਹਦੇ ਗੁਣਾਂ ਦਾ ਨਾ ਪਾਰਾਵਾਰ ਕੋਈ,

    ਹੋ ਕੇ ਅਰਸ਼ ਉਹ ਫ਼ਰਸ਼ ਨੂੰ ਗਲ ਲਾਉਂਦਾ, ਉਹਤੋਂ ਜਿੰਦ ਬਲਿਹਾਰ ਬਲਿਹਾਰ ਹੋਈ।

ਲ- ਲਾਲ ਲਾਲਾਂ ਦਾ ਤੇ ਹੀਰਾ ਹੀਰਿਆਂ ਦਾ, ਬੇਸ਼ਕੀਮਤੀ ਮੂਰਤ ਅਕਾਲ ਦੀ ਏ,

    ਉਹਦੀ ਆਰਤੀ ਗਗਨ ਦਾ ਥਾਲ ਕਰਦਾ, ਜੈ ਜੈਕਾਰ ਕਰੀਮੂਲ (ਮਿਹਰ) ਕਮਾਲ ਦੀ ਏ।

ਵ- ਵੇਪ੍ਰਵਾਹ ਨਿਰਲੰਭ ਅਗਾਧ ਸਾਹਿਬ, ਉਸ ਦਾ ਭੇਤ ਨਾ ਕੋਈ ਪਾ ਸਕਦਾ,

    ਗੁਰ ਪ੍ਰਸਾਦਿ ਨਿਰਮੋਲਕ ਅਕਸੀਰ ਇੱਕੋ, ਜਿਹੜਾ ਇਸ ਦੀ ਰਮਜ਼ ਸਮਝਾ ਸਕਦਾ।

ੜ- ੜਾੜ ਕਰਨ ਵਾਲੇ ਉਹਨੂੰ ਨਹੀਂ ਭਾਉਂਦੇ, ਸਭ ਨੂੰ ਪਿਆਰ ਕਰਨਾ ਉਹਨੂੰ ਭਾਂਵਦਾ ਹੈ,

    ਜਿਹੜਾ ਸਾਰਿਆਂ ਵਿਚ ਉਹਦੀ ਜੋਤ ਦੇਖੇ, ਹੋ ਕੇ ਸੁਰਖਰੂ ਜੱਗ ਤੋਂ ਜਾਂਵਦਾ ਹੈ।

ਆਓ, ਗੁਰਮੁਖੀ ਦੇ ਸਾਰੇ ਗੀਤ ਗਾਈਏ, ਸਦਕੇ ਏਸ ਤੋਂ ਹੋਈਏ, ਕੁਰਬਾਨ ਜਾਈਏ,

ਇਨ੍ਹਾਂ ਅੱਖਰਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ, ਆਓ ਇਨ੍ਹਾਂ ਨੂੰ ਪੜ੍ਹੀਏ ਤੇ ਮਾਣ ਪਾਈਏ।

ਪਦ ਅਰਥ : ਪਰਵਾਜ਼-ਉਡਾਰੀ।, ਸ਼ੱਫ਼ਾਫ਼-ਪਾਰਦਰਸ਼ੀ।, ਆਜਿਜ਼= ਨਿਮਰਤਾ।, ਕਰੀਮੂਲ- ਬਖ਼ਸ਼ਸ਼, ਮਿਹਰ।, ਅਕਸੀਰ- ਉਹ ਦਵਾ, ਜਿਸ ਦਾ ਅਸਰ ਵਿਅਰਥ ਨਾ ਜਾਵੇ।

ਭਾਰਤ ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ

0

ਭਾਰਤ ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ

ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ (ਪਟਿਆਲਾ)-98143-48697

ਇਤਿਹਾਸਕਾਰਾਂ ਵਿੱਚ ਬੜੇ ਚਿਰ ਤੋਂ ਇੱਕ ਬਹਿਸ ਚੱਲ ਰਹੀ ਹੈ ਕਿ ਕੀ ਆਰੀਆ ਲੋਕ ਭਾਰਤੀ ਉਪ ਮਹਾਂਦੀਪ ਵਿੱਚ ਬਾਹਰੋਂ ਆਏ ਸਨ ਜਾਂ ਕਿ ਮੁੱਢੋਂ ਸੁੱਢੋਂ ਇਥੋਂ ਦੇ ਹੀ ਮੂਲ ਵਾਸੀ ਹਨ ? ਕੁਝ ਇਤਿਹਾਸਕਾਰ, ਜੋ ਆਪਣੇ ਆਪ ਨੂੰ ‘ਮੂਲ-ਵਾਸੀ ਸਿਧਾਂਤ’ ਦੇ ਹਿਮਾਇਤੀ ਦੱਸਦੇ ਹਨ, ਉਹ ਕਈ ਦਹਾਕਿਆਂ ਤੋਂ ਇਹ ਪ੍ਰਚਾਰ ਕਰਨ ਲੱਗੇ ਹੋਏ ਹਨ ਕਿ ਕੋਈ ਬਾਹਰੋਂ ਨਹੀਂ ਅਇਆ, ਸਿੰਧੂ ਘਾਟੀ ਦੇ ਵਸਨੀਕ (ਹੜੱਪਨ) ਹੀ ਆਰੀਆ ਸਨ। ਦੂਜੇ ਪਾਸੇ ‘ਮੁੱਖ ਧਾਰਾ’ ਦੇ ਇਤਿਹਾਸਕਾਰ ਆਪਣੇ ਢੰਗ ਨਾਲ ਪ੍ਰਮਾਣ ਦੇ ਕੇ ਸਿੱਧ ਕਰਦੇ ਹਨ ਕਿ ਕਿਵੇਂ ਆਰੀਆਂ ਦੇ ਗ੍ਰੋਹ, ਈਸਾ ਪੂਰਵ 15-ਕੁ ਸੌ ਸਾਲ ਪਹਿਲਾਂ (ਤੇ ਕਈ ਗਰੁੱਪ ਉਸ ਤੋਂ ਵੀ ਪਹਿਲਾਂ) ਕੇਂਦਰੀ ਏਸ਼ੀਆ ’ਚੋਂ ਨਿਕਲ ਕੇ ਉੱਤਰ ਪੱਛਮੀ ਭਾਰਤ ਵਿੱਚ ਦਾਖਲ ਹੋਏ ਸਨ।

ਸਾਨੂੰ ਕੋਈ ਡੇਢ ਦਹਾਕੇ ਤੋਂ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਖੋਜ ਕਰਦਿਆਂ ਕੁਝ ਇਹ ਲੱਭਤਾਂ ਮਿਲੀਆਂ ਹਨ; ਪੱਥਰ-ਸੰਦ ਮਿਲੇ ਹਨ ਤੇ ਪੂਰਵ ਇਤਿਹਾਸਕ ਠੀਕਰਾਂ ਮਿਲੀਆਂ ਹਨ, ਜੋ ਇਸ ਬਹਿਸ ਵਿੱਚ ਫੈਸਲਾਕੁਨ ਰੋਲ ਅਦਾ ਕਰ ਸਕਦੀਆਂ ਹਨ, ਪਰ ਉਸ ਦਾ ਜ਼ਿਕਰ ਮੈਂ ਬਾਅਦ ਵਿੱਚ ਕਰਾਂਗਾ। ਪਹਿਲਾਂ ਇਹ ਵੇਖਾਂਗੇ ਕਿ ਦੋਵੇਂ ਪੱਖ ਆਪੋ ਆਪਣੀ ਚਰਚਾ ਵਿੱਚ ਕੀ ਸਬੂਤ ਪੇਸ਼ ਕਰ ਰਹੇ ਹਨ ਅਤੇ ਉਹ ਕਿਵੇਂ ਠੀਕ ਜਾਂ ਗ਼ਲਤ ਕਹੇ ਜਾ ਸਕਦੇ ਹਨ।

ਸੰਨ 1847 ਵਿੱਚ ਇੱਕ ਇਤਿਹਾਸਕਾਰ ਮੈਕਸ ਮੁੱਲਰ ਨੇ ਸੁਝਾ ਦਿੱਤਾ ਸੀ ਕਿ ਆਰੀਆ 1500 ਸਾਲ ਈਸਾ ਪੂਰਵ ਕੇਂਦਰੀ ਏਸ਼ੀਆ ’ਚੋਂ ਆਏ ਸਨ। ਉਨ੍ਹਾਂ ਨੇ ਹੜੱਪਨ ’ਤੇ ਹਮਲਾ ਕੀਤਾ ਤੇ ਹੜੱਪਨ ਤਬਾਹ ਹੋ ਗਏ। ਇਸ ਗੱਲ ਨੂੰ ਬੜਾ ਚਿਰ ਇਤਿਹਾਸ ਦੀਆਂ ਪੁਸਤਕਾਂ ਵਿੱਚ ਹੜੱਪਨਾਂ ਦੇ ਅੰਤ ਦਾ ਇੱਕ ਕਾਰਨ ਦੱਸਿਆ ਜਾਂਦਾ ਰਿਹਾ ਹੈ, ਪਰ ਵੀਹਵੀਂ ਸਦੀ ਵਿੱਚ ਮੁੱਖ-ਧਾਰਾ ਇਤਿਹਾਸਕਾਰਾਂ ਨੇ ਵਿਗਿਆਨਕ ਖੋਜ ਕਰਕੇ ਇਹ ਜਾਂਚਿਆ ਕਿ ਇਹ ਕੋਈ ਤੁਰੰਤ ਹਮਲਾ ਨਹੀਂ ਸੀ ਕਿਉਂਕਿ ਇਸ ਦੇ ਕੋਈ ਸਬੂਤ ਨਹੀਂ ਮਿਲਦੇ। ਆਰੀਆ ਲਗਾਤਾਰ ਗਰੁਪਾਂ ਵਿੱਚ ਹੀ ਏਧਰ ਆਏ ਤੇ ਹੜੱਪਨਾਂ ’ਤੇ ਕਾਬਜ਼ ਹੋ ਗਏ, ਪਰ ਆਏ ਬਾਹਰੋਂ ਹੀ ਸਨ। ਮੂਲ-ਵਾਸੀ ਪੱਖੀ ਕੇਵਲ ਇਸ ਗੱਲ ਨੂੰ ਵਿਰੋਧ ਕਰਨ ਦਾ ਆਧਾਰ ਬਣਾ ਰਹੇ ਹਨ ਕਿ ਹਮਲਾ ਵਗੈਰਾ ਤਾਂ ਹੋਇਆ ਨਹੀਂ, ਇਸ ਲਈ ਮੁੱਖ ਧਾਰਾ ਦੇ ਇਤਿਹਾਸਕਾਰ ਗਲਤ ਹਨ।

ਮੂਲਵਾਸੀ ਪੱਖੀ ਕਹਿੰਦੇ ਕੀ ਹਨ : ਸ਼ੁਰੂ ਸ਼ੁਰੂ ਵਿੱਚ ਲਿਖੇ ਰਿਗ ਵੇਦ ਵਿੱਚ ਸਰਸਵਤੀ ਨਦੀ ਦਾ ਜ਼ਿਕਰ ਹੈ। ਉਹ ਕਹਿੰਦੇ ਹਨ ਕਿ ਸਰਸਵਤੀ ਨਦੀ ਤਾਂ 1700-1300 ਸਾਲ ਈਸਾ ਪੂਰਵ ਹੌਲੀ ਹੌਲੀ ਸੁੱਕ ਗਈ ਸੀ (ਕਲਿਆਨਾਰਮਨ-ਜੋ ਕਿ ਮੂਲ-ਵਾਸੀ ਪੱਖੀ ‘ਸਰਸਵਤੀ ਸ਼ੋਧ ਪਰਾਕਲਪ’ ਦਾ ਡਾਇਰੈਕਟਰ ਹੈ, ਉਸ ਦੀ ‘ਪੁਸਤਕ ਰਿਗ ਵੇਦਾ ਐਂਡ ਸਰਸਵਤੀ-ਸਿੰਧੂ ਸਿਵਿਲਾਈਜ਼ੇਸ਼ਨ’, 1999 ਵਿੱਚ ਇਹੀ ਲਿਖਿਆ ਹੈ), ਤਾਂ ਫਿਰ ਇਹ ਵੇਦ ਉਸ ਸਮੇਂ ਤੋਂ ਬਹੁਤ ਪਹਿਲਾਂ ਰਚਿਆ ਗਿਆ ਹੋਊ। ਉਹ ਕਲੇਮ ਕਰਦੇ ਹਨ ਕਿ ਸਰਸਵਤੀ ਨਦੀ ਦੇ ਕਿਨਾਰੇ ਜੋ ਹੜੱਪਨ ਸੱਭਿਅਤਾ ਦਾ ਵਿਕਾਸ ਹੋਇਆ, ਉਹੀ ਆਰੀਆ ਸਨ ਤੇ ਵੈਦਿਕ ਸੱਭਿਅਤਾ 7-8 ਹਜਾਰ ਸਾਲ ਤੋਂ ਵੀ ਪੁਰਾਣੀ ਹੈ। ਇੰਟਰਨੈੱਟ ’ਤੇ ਉਨ੍ਹਾਂ ਦੀਆ ਦਲੀਲਾਂ ਦੀ ਭਰਮਾਰ ਹੈ। ਉਨ੍ਹਾਂ ਅਨੁਸਾਰ ਹੜੱਪਨ ਸੱਭਿਅਤਾ, ਜਿਸ ਨੂੰ ਉਹ ‘ਸਰਸਵਤੀ-ਸਿੰਧੂ ਸੱਭਿਅਤਾ’ ਕਹਿੰਦੇ ਹਨ (ਕਿਉਂਕਿ ਸੁੱਕ ਚੁੱਕੇ ਘੱਗਰ-ਹਕਰਾ ਦੇ ਕਿਨਾਰੇ ਬਹੁਤ ਸਾਰੀਆਂ ਹੜੱਪਨ ਸਾਈਟਾਂ ਮਿਲੀਆਂ ਹਨ) ਤੇ ਉਹ ਬੜੀ ਪ੍ਰਫੁਲਿਤ ਹੋ ਗਈ ਸੀ, ਉਹ ਵੈਦਿਕ ਸੱਭਿਅਤਾ ਹੀ ਸੀ ਤੇ ਜਦੋਂ ਕਰੀਬ 1900 ਤੋਂ 1700 ਸਾਲ ਈਸਾ ਪੂਰਵ ਉਨ੍ਹਾਂ ਤੇ ਔਕੁੜ ਆਈ (ਜਿਸ ਦੇ ਉਹ ਆਪਣੇ ਹੀ ਕਾਰਨ ਦੱਸਦੇ ਹਨ, ਪਰ ਕਹਿੰਦੇ ਹਨ ਕਿ ਅਜੇ ਵੀ ਉਹ ਨਦੀ ਧਰਤੀ ਹੇਠਾਂ ਕਾਇਮ ਹੈ) ਤਾਂ ਉਹ ਸਰਸਵਤੀ ਦਾ ਇਲਾਕਾ ਛੱਡ ਗਏ। ਉਹ ਹੜੱਪਨ ਸੱਭਿਅਤਾ ਦਾ ਖਤਮ ਹੋਣਾ ਨਹੀਂ ਮੰਨਦੇ, ਬਲਕਿ ਕਹਿੰਦੇ ਹਨ ਕਿ ਉਹ ਵਿਕਸਿਤ ਲੋਗ ਹੀ ਪੂਰਬ ਵੱਲ, ਜਮਨਾ-ਗੰਗਾ ਦੇ ਕਿਨਾਰਿਆਂ ’ਤੇ ਜਾ ਵਸੇ ਅਤੇ ਵੈਦਿਕ ਸੱਭਿਅਤਾ ਨੂੰ ਅੱਗੋਂ ਚਲਾਉਣ ਲੱਗੇ। ਉਨ੍ਹਾਂ ਵੱਲੋਂ ਕੁਝ ਮਿਥਿਹਾਸਕ ਰਚਨਾਵਾਂ ਨੂੰ ਉਸ ਸਮੇਂ ਵਿੱਚ ਵਾਪਰਦੀਆਂ ਘਟਨਾਵਾਂ ਦਰਸਾਇਆ ਜਾਂਦਾ ਹੈ (ਜਦੋਂ ਕਿ ਉਨ੍ਹਾਂ ਵਿੱਚ ਵਰਤੀਆਂ ਗਈਆਂ ਧਾਤਾਂ ਜਾਂ ਉਪਕਰਣ ਆਦਿ, ਧਰਤੀ ਤੇ ਓਦੋਂ ਅਜੇ ਉਪਲਭਦ ਹੀ ਨਹੀਂ ਹੋਏ ਸਨ)। ਮੂਲ-ਵਾਸੀ ਪੱਖੀਆਂ ਦਾ ਇੱਕ ਅਨੁਮਾਨ ਇਹ ਹੈ ਕਿ ਮਹਾਂਭਾਰਤ ਜੰਗ 3137 ਸਾਲ ਈਸਾ ਪੂਰਵ ਲੜੀ ਗਈ, ਪਰ ਪੁਰਾਤੱਤਵ ਦੀ ਖੋਜ ਅਨੁਸਾਰ ਉਹ ਤਾਂ ਅਜੇ ਮੁੱਢਲੇ ਹੜੱਪਾ ਕਾਲ ਦਾ ਸਮਾਂ ਸੀ।

 ਪੁਰਾਤੱਤਵ ਵਿਭਾਗ ਵੱਲੋਂ ਮਹਾਂਭਾਰਤ ਕਾਲ ਦਾ ਸਮਾਂ ਜਾਣਨ ਵਾਸਤੇ ਹਸਤਨਾਪੁਰ ਦੀ ਢੰਗ ਨਾਲ ਖੁਦਾਈ ਕੀਤੀ ਗਈ। ਉਸ ਖੁਦਾਈ ਵਿੱਚ ਸਭ ਤੋਂ ਪੁਰਣੇ ਯੁੱਗ (2000 ਤੋਂ 1500 ਬੀ ਸੀ) ਦੇ ਸਬੂਤ ਮਿਲੇ। ਉਸ ਵਿੱਚ ਗੇਰੂਏ ਰੰਗ ਦੀਆਂ ਠੀਕਰਾਂ, ਤਾਂਬੇ ਦੀਆਂ ਛੁਰੀਆਂ ਆਦਿਕ ਮਿਲੀਆਂ ਸਨ। ਇਹੀ ਵਸਤਾਂ ਜਾਂ ਨਿਸ਼ਾਨੀਆਂ ਉੱਤਰ-ਹੜੱਪਾ ਕਲਚਰ ਜਾਂ ਲੇਟ-ਹੜੱਪਾ ਕਾਲ ਦੇ ਬਾੜਾ ਕਲਚਰ (ਰੋਪੜ ਕੋਲ) ਵਿੱਚ ਵੀ ਮੌਜੂਦ ਹਨ। ਫਿਰ 4-ਕੁ ਸੌ ਸਾਲ ਦਾ ਹਨ੍ਹੇਰਾ ਕਾਲ ਆਉਂਦਾ ਹੈ (ਭਾਵ ਉਸ ਵਿੱਚ ਕੁਝ ਨਹੀਂ ਮਿਲਦਾ)। ਦੂਜੇ ਕਾਲ (1100-900 ਬੀ ਸੀ) ਦੀਆਂ ਪਰਤਾਂ ’ਚੋਂ ਇੱਕ ਖਾਸ ਕਿਸਮ ਦੀ ਪੌਟਰੀ ਮਿਲਦੀ ਹੈ, ਜਿਸ ਨੂੰ ਪੇਂਟਡ-ਗਰੇ-ਵੇਅਰ ਕਿਹਾ ਜਾਂਦਾ ਹੈ। ਇਹ ਹਲਕੇ ਜਾਂ ਗੂਹੜੇ ਸਲੇਟੀ ਰੰਗ ਦੀ ਹੁੰਦੀ ਹੈ ਅਤੇ ਇਸ ’ਤੇ ਕਾਲੇ ਰੰਗ ਦੀ ਮੀਨਾਕਾਰੀ ਕੀਤੀ ਹੁੰਦੀ ਹੈ। ਇਸ ਦੇ ਨਾਲ ਹੀ ਲੋਹੇ ਦਾ ਯੁੱਗ ਆਰੰਭ ਹੋ ਜਾਂਦਾ ਹੈ ਕਿਉਂਕਿ ਜੰਗਾਲੇ ਲੋਹੇ ਦੇ ਕੁਝ ਔਜਾਰ ਵੀ ਨਾਲ ਹੀ ਮਿਲੇ ਸਨ। ਘੋੜੇ ਤੇ ਹੋਰ ਪਸ਼ੂਆਂ ਦੀਆਂ ਹੱਡੀਆਂ ਦੇ ਅੰਸ਼ ਵੀ ਮਿਲੇ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਦੁਧਾਰੂ ਪਸ਼ੂਆਂ ਦੇ ਨਕਾਰਾ ਹੋਣ ਤੇ ਉਨ੍ਹਾਂ ਨੂੰ ਮਾਰ ਕੇ ਖਾ ਲੈਂਦੇ ਹੋਣਗੇ। ਗੰਗਾ ਵਿੱਚ ਆਏ ਹੜ੍ਹਾਂ ਕਾਰਨ ਇਹ ਵੱਸੋਂ ਤਬਾਹ ਹੋ ਗਈ।

ਫਿਰ ਤੀਜਾ ਕਾਲ ਛੇਵੀਂ ਸਦੀ ਈਸਾ ਪੂਰਵ ਦਾ ਕਾਲ ਹੈ। ਇਸ ਕਾਲ ਦੇ ਲੋਗ ਉੱਨਤ ਕਿਸਮ ਦੀ ਪੌਟਰੀ ਬਣਾਉਣ ਲੱਗ ਪਏ ਸਨ। ਇਹ ਕਾਲ ਬੁੱਧ ਧਰਮ, ਮਹਾਂਵੀਰ ਧਰਮ ਅਤੇ ਮਹਾਜਨਪਦਾਂ ਦਾ ਸਮਾਂ ਵੀ ਸੀ। ਖੁਦਾਈ ’ਚੋਂ ਸਭ ਕੁਝ ਮਿਲਦਾ ਹੈ। ਚੌਥੇ ਕਾਲ (ਦੂਜੀ ਸਦੀ ਪੂਰਵ ਈਸਾ ਤੋਂ ਤੀਜੀ ਸਦੀ ਈਸਾ ਬਾਅਦ) ਦੀਆਂ ਪਰਤਾਂ ’ਚੋਂ ਕਿਸਾਨਾਂ ਦੇ ਆਸਾਰ ਮਿਲਦੇ ਹਨ। ਸਭ ਖੁਦਾਈਆਂ ’ਚੋਂ ਸਮੇਂ ਅਨੁਸਾਰ ਲਗਭਗ ਇਹੋ ਜਿਹਾ ਕਲਚਰ ਹੀ ਮਿਲਦਾ ਹੈ। ਮਹਾਂਭਾਰਤ ਕਾਲ ਦੇ ਸਿੱਧੇ ਆਸਾਰ ਕਿਧਰੇ ਨਹੀਂ ਮਿਲੇ। ਪੁਰਾਤੱਤਵ ਸ਼ਾਸਤਰੀ ਬੀ ਬੀ ਲਾਲ ਨੇ ਸੰਨ 2012 ਵਿੱਚ ਦਰੁਪਦੀ ਟਰੱਸਟ ਦੇ ਇੱਕ ਅੰਤਰਰਾਸ਼ਟਰੀ ਸੈਮੀਨਾਰ ਵਿੱਚ ਕਿਹਾ ਸੀ ਕਿ ਮਹਾਂਭਾਰਤ ਦਾ ਕਾਲ 900 ਬੀ ਸੀ ਦੇ ਨੇੜੇ ਦਾ ਹੋ ਸਕਦਾ ਹੈ, ਜਦੋਂ ਕਿ ਪੇਂਟਡ ਗਰੇ ਵੇਅਰ ਦਾ ਸਮਾਂ ਵੀ ਸੀ। ਮੂਲ-ਵਾਸੀ ਪੱਖੀਆਂ ਦੇ ਕਈ ਕਥਨਾਂ ਵਿੱਚ ਵਿਰੋਧਾਭਾਸ ਹੈ, ਪਰ ਉਹ ਕੇਵਲ ਭਾਵਾਤਮਿਕ ਸੰਵੇਦਨਾ ਹੇਠ ਆਪਣੀ ਗੱਲ ਨੂੰ ਮਨਾਉਣਾ ਚਾਹੁੰਦੇ ਹਨ।

ਉਹ ਇਹ ਪੁੱਛਦੇ ਹਨ ਕਿ ਜੇ ਵੇਦ 1500 ਬੀ ਸੀ ਤੋਂ ਬਾਅਦ ਰਚਿਆ ਗਿਆ ਹੈ ਤਾਂ ਰਿਗ ਵੇਦ ਵਿੱਚ, ਜੋ ਵਾਰ ਵਾਰ ਸਰਸਵਤੀ ਦਾ ਜ਼ਿਕਰ ਆਉਂਦਾ ਹੈ, ਉਹ ਤਾਂ ਪਹਿਲਾਂ ਹੀ ਖਤਮ ਹੋ ਗਈ ਸੀ, ਉਸ ਦਾ ਕੀ ਜਵਾਬ ਹੈ ? ਵੈਸੇ ਜਿਵੇਂ ਕਿ ਕੈਂਬ੍ਰਿਜ ਯੂਨੀਵਰਸਿਟੀ ਦੇ ਭਾਰਤੀ ਪੂਰਵ ਇਤਿਹਾਸ ਦੇ ਮਾਹਰ ਇੱਕ ਪ੍ਰਸਿੱਧ ਪੁਰਾਤੱਤਵ ਵਿਗਿਆਨੀ ‘ਰੇਮਾਂਡ ਆਲਚਿਨ’ ਨੇ ਆਪਣੀ ਪੁਸਤਕ (ਦੀ ਰਾਈਜ਼ ਆਫ਼ ਸਿਵਿਲਾਈਜ਼ੇਸ਼ਨ ਇਨ ਇੰਡੀਆ ਐਂਡ ਪਾਕਿਸਤਾਨ) ਵਿੱਚ ਸਬੂਤਾਂ ਸਹਿਤ ਸਿੱਧ ਕੀਤਾ ਹੈ ਕਿ ਇੰਡੋ-ਏਰੀਅਨ ਭਾਸ਼ਾ ਬੋਲਣ ਵਾਲੇ ਆਰੀਆਂ ਦੇ ਪਹਿਲੇ ਗਰੁੱਪ 2000 ਬੀ ਸੀ ਤੋਂ ਪਹਿਲਾਂ ਹੀ ਉੱਤਰ-ਪੱਛਮੀ ਭਾਰਤ ਵਿੱਚ ਦਾਖਲ ਹੋਣੇ ਸ਼ੁਰੂ ਹੋ ਗਏ ਸਨ, ਵਿਸ਼ਾਲ ਰੂਪ ਵਿੱਚ ਵਗਦੀ ਸਰਸਵਤੀ (ਘੱਗਰ-ਹਕਰਾ) ਉਨ੍ਹਾਂ ਦੀ ਯਾਦ ਵਿੱਚ ਜ਼ਰੂਰ ਹੋਵੇਗੀ, ਇਸ ਲਈ ਰਿਗ ਵੇਦ ਵਿੱਚ ਉਸ ਦਾ ਜ਼ਿਕਰ ਹੋਣਾ ਮੁਮਕਿਨ ਹੀ ਹੈ !

ਹੜੱਪਨ ਸੱਭਿਅਤਾ ਦਾ ਭਾਰਤੀ ਉਪਮਹਾਂਦੀਪ ਵਿੱਚ ਪ੍ਰਫੁਲਿਤ ਹੋ ਕੇ ਖਤਮ ਹੋਣਾ : ਸਾਰੀ ਧਰਤੀ ਤੇ ਆਖਰੀ ਬਰਫਾਨੀ ਯੁੱਗ ਕੋਈ ਦਸ-ਕੁ ਹਜ਼ਾਰ ਸਾਲ ਪਹਿਲਾਂ ਖਤਮ ਹੋਇਆ ਸੀ। ਹਿਮਾਲਾ ਵਿੱਚ ਨੀਵੇਂ ਇਲਾਕਿਆਂ ਤੱਕ ਪੁੱਜ ਚੁੱਕੇ ਬਰਫਾਨੀ ਤੋਦੇ ਵੀ ਹੌਲੀ ਹੌਲੀ ਖਤਮ ਹੋ ਗਏ, ਜਿਨ੍ਹਾਂ ਨੇ ਵੱਡੇ ਵੱਡੇ ਹੜ੍ਹ ਵੀ ਲਿਆਂਦੇ ਅਤੇ ਧਰਤੀ ਤੇ ਲੰਬਾ ਸਮਾਂ ਪਾਣੀ ਵੀ ਵਗਦੇ ਰਹੇ, ਪਰ ਸਰਦੀ ਘੱਟਣ ਕਰਕੇ ਮਨੁੱਖ ਦਾ ਇਸ ਖੇਤਰ ਵਿੱਚ ਆਉਣ ਦਾ ਰਸਤਾ ਖੁੱਲ੍ਹ ਗਿਆ। ਓਦੋਂ ਨਿਓਲਿਥਿਕ ਕਾਲ ਸੀ, ਜਦੋਂ ਕਿ ਘਸੇ ਹੋਏ ਪੱਥਰ ਸੰਦ ਵਰਤਨੇ ਸ਼ੁਰੂ ਹੋ ਗਏ ਸਨ। ਉਹ ਨਿਓਲਿਥਿਕ ਲੋਗ ਸਾਰੇ ਭਾਰਤੀ ਉਪ-ਮਹਾਂਦੀਪ ਵਿੱਚ ਫੈਲ ਗਏ। ਬਲੋਚਿਸਥਾਨ, ਅਫਗਾਨਿਸਤਾਨ ਅਤੇ ਹੋਰ ਸਥਾਨਾਂ ਤੋਂ ਵੀ ਸ਼ੁਰੂ ਸ਼ੁਰੂ ਦੇ ਸਥਾਪਿਤ ਹੋਏ ਵਸਨੀਕਾਂ ਦੇ ਸਬੂਤ ਮਿਲੇ ਹਨ। ਇਹ ਸਾਰਾ ਕਾਲ ਅੱਜ ਤੋਂ 7-8 ਹਜ਼ਾਰ ਸਾਲ ਪਹਿਲਾਂ ਦਾ ਹੈ। ਸਿੰਧੂ ਘਾਟੀ ਦੀ ਪੱਛਮੀ ਸਰਹੱਦ ਦੇ ਨਾਲ ਨਾਲ ਪਹਾੜੀ ਇਲਾਕੇ ਵਿੱਚ ਵੱਸਦੇ ਇਨ੍ਹਾਂ ਖੇਤੀਕਾਰ ਕਬੀਲਿਆਂ ’ਚੋਂ ਮੁਢਲੀ ਹੜੱਪਨ ਸੱਭਿਅਤਾ ਉੱਭਰੀ ਤੇ ਲਗਭਗ 5200 ਸਾਲ ਤੋਂ 4500 ਸਾਲ ਪੂਰਵ ਤੱਕ ਕਈ ਪਾਸੇ ਫੈਲ ਗਈ। ਇਸ ਕਾਲ ਦੌਰਾਨ ਮਿੱਟੀ ਦੇ ਪਕਾਏ ਭਾਂਡਿਆਂ ਦੀ ਵਿਸ਼ੇਸ਼ਤਾ ਅਡਰੀ ਹੀ ਸੀ। ਉਹ ਤਾਂਬਾ ਵੀ ਵਰਤਣ ਲੱਗ ਪਏ ਸਨ। ਪੱਥਰ ਦੇ ਤਿੱਖੇ ਬਲੇਡ ਛੁਰੀਆਂ ਆਦਿ ਨਾਲੋ ਨਾਲ ਵਰਤੋਂ ਵਿੱਚ ਲਿਆਉਂਦੇ ਸਨ। ਓਦੋਂ ਕੱਚੇ ਘਰ ਬਣਨੇ ਸ਼ੁਰੂ ਹੋ ਗਏ ਸਨ। ਇਹ ਸੱਭਿਅਤਾ ਫਿਰ ਵਿਕਸਿਤ ਫੇਜ਼ ਵੱਲ ਵਧਣ ਲੱਗੀ, ਜੋ ਕਿ ਕਰੀਬ 4500 ਤੋਂ 3900 ਸਾਲ ਈਸਾ ਪੂਰਵ ਤੱਕ ਪੂਰੇ ਜੋਬਨ ਵਿੱਚ ਕਾਇਮ ਰਹੀ। ਬਹੁਤ ਸੋਹਣੀ ਬੁੱਤ ਕਲਾ, ਇਮਾਰਤੀ ਰਚਨਾ ਤੇ ਸਾਰਾ ਵਸਤੂ ਕਲਚਰ ਬਹੁਤ ਉੱਨਤ ਹੋ ਗਿਆ। ਇਹ ਸੱਭਿਅਤਾ ਸਿੰਧੂ ਘਾਟੀ ਅਤੇ ਘੱਗਰ-ਹਕਰਾ (ਹਕਰਾ ਘੱਗਰ ਦਾ ਹੀ ਪਾਕਿਸਤਾਨੀ ਨਾਮ ਹੈ) ਜਾਂ ਕਹਿ ਲਵੋ ਸਰਸਵਤੀ (ਜੋ ਕਿ ਘੱਗਰ-ਹਕਰਾ ਹੀ ਸਨ) ਤੇ ਦ੍ਰਿਸ਼ਟਾਵਦੀ (ਦੋਨੋ ਹੁਣ ਸੁੱਕ ਚੁੱਕੀਆਂ ਹਨ) ਦੇ ਕਿਨਾਰੇ ਹੀ ਵਿਕਸਿਤ ਹੋਈ, ਜਦੋਂ ਕਿ ਵੀਰਾਨੇ ਦਾ ਕਾਲ ਵੀ ਵਧ ਰਿਹਾ ਸੀ। ਫਿਰ ਕਰੀਬ 3900 ਸਾਲ ਪੂਰਵ ਘੋਰ ਕਾਲ ਪੈ ਗਏ ਤੇ ਨਦੀਆਂ ਸੁੱਕਣ ਲੱਗੀਆਂ। ਇਹ ਸਮਾਂ ਏਨੀ ਵਿਕਸਿਤ ਸੱਭਿਅਤਾ ਵਾਸਤੇ ਨਾਕਾਰਤਮਕ ਸਿੱਧ ਹੋਇਆ। ਇਹ ਲੋਗ ਉੱਜੜ ਗਏ ਤੇ ਆਪਣੇ ਇਲਾਕੇ ਛੱਡ ਕੇ ਪੂਰਬ/ਉੱਤਰ ਵੱਲ ਨਿਕਲ ਗਏ। ਉੱਨਤ ਕਲਚਰ ਖਤਮ ਹੋ ਗਿਆ। ਲੋਕਾਂ ਨੂੰ ਲਿਖਤ-ਲਿੱਪੀ ਵੀ ਭੁੱਲ ਗਈ, ਜੋ ਕਿ ਉੱਨਤ ਕਾਲ ਸਮੇਂ ਵਿਕਸਿਤ ਹੋਈ ਸੀ। ਵਿਸ਼ੇਸ਼ ਗੱਲ ਇਹ ਹੋਈ ਕਿ ਦੂਰ ਦਰਾਜ਼ ਦਾ ਵਪਾਰ ਬਿਲਕੁਲ ਖਤਮ ਹੋ ਗਿਆ ਤੇ ਲੇਟ ਹੜੱਪਨ ਆਪਣੇ ਪੁਰਾਣੇ ਸਥਾਨ ਛੱਡ ਕੇ ਓਧਰ ਚਲੇ ਗਏ, ਜਿੱਥੇ ਕਿ ਅਜੇ ਵੀ ਮੀਂਹ ਵਰ੍ਹਦੇ ਸਨ। ਇਸੇ ਕਾਰਨ ਸ਼ਿਵਾਲਿਕ ਪਹਾੜੀਆਂ ਜਾਂ ਉਨ੍ਹਾਂ ਦੇ ਦਾਮਨ ਵਿੱਚ ਪੁਰਾਤਨ ਨਦੀਆਂ (ਜੋ ਹੁਣ ਰਾਹ ਬਦਲ ਗਈਆਂ ਹਨ) ਕਿਨਾਰੇ ਲੇਟ-ਹੜੱਪਨ ਵਸੇਬਿਆਂ ਦੀਆਂ ਬਹੁਤ ਸਾਰੀਆਂ ਪੂਰਵ ਇਤਿਹਾਸਕ ਸਾਈਟਾਂ ਮਿਲਦੀਆਂ ਹਨ।

ਸਰਸਵਤੀ ਨਦੀ ਦਾ ਭੇਦ : ਕੀ ਸਰਸਵਤੀ ਹਿਮਾਲੀਆ ਦੇ ਗਲੇਸ਼ੀਅਰਾਂ ’ਚੋਂ ਨਿਕਲਦੀ ਸੀ ? ਮਿਥਹਾਸਕ ਰਚਨਾਵਾਂ ’ਚੋਂ ਇੱਕ ਵਿੱਚ ਇਸ ਨੂੰ ਬ੍ਰਹਮਾ ਦੇ ਸਰੀਰ ’ਚੋਂ ਨਿਕਲੀ ਉਸ ਦੀ ਧੀ ਦੱਸਿਆ ਜਾਂਦਾ ਹੈ। ਬ੍ਰਹਮਾ ਉਸ ਦੇ ਪਿੱਛੇ ਪੈ ਗਿਆ। ਉਹ ਬ੍ਰਹਮਾ ਤੋਂ ਡਰ ਕੇ ਜ਼ਮੀਨ ਦੋਜ਼ ਹੋ ਗਈ ਤੇ ਫਿਰ ਕਿਧਰੇ ਕਿਧਰੇ ਪਰਗਟ ਵੀ ਹੁੰਦੀ ਰਹੀ ਹੈ। ਇੱਕ ਦੰਦ ਕਥਾ ਅਨੁਸਾਰ ਬਦਰੀਨਾਥ ਤੋਂ ਕੁਝ ਕਿਲੋਮੀਟਰ ਦੂਰ ਮੰਨਾ ਪਿੰਡ ਕੋਲ ਸਰਸਵਤੀ ਉਪਜ ਕੇ ਜ਼ਮੀਨਦੋਜ਼ ਹੋ ਜਾਂਦੀ ਹੈ ਅਤੇ ਅਲਾਹਾਬਾਦ ਦੇ ਪਰਿਆਗ ਕੋਲ ਪਰਗਟ ਹੁੰਦੀ ਹੈ। ਕੁਝ ਲੋਕਾਂ ਦਾ ਕਲੇਮ ਹੈ ਕਿ ਸਰਸਵਤੀ ਰੁਪਿਨ-ਸੁਪਿਨ ਗਲੇਸ਼ੀਅਰ (ਸਤਲੁਜ ਤੇ ਜਮਨਾ ਦੇ ਸ੍ਰੋਤਾਂ ਵਿਚਾਲੇ) ’ਚੋਂ ਨਿਕਲਦੀ ਹੈ ਤੇ ਹੇਠਲੀਆਂ ਰੇਂਜਾਂ ’ਚੋਂ (ਸ਼ਾਇਦ ਜ਼ਮੀਨ ਹੇਠਾਂ ਹੀ) ਗੁਜ਼ਰ ਕੇ ਯਮੁਨਾਨਗਰ ਦੀ ਸ਼ਿਵਾਲਿਕ ਰੇਂਜ ਵਿੱਚ ਸਥਿਤ ਅਦੀ ਬਾਦਰੀ ਕੋਲ ਜਾ ਕੇ ਨਿਕਲਦੀ ਹੈ। ਜਮਨਾ ਪਹਿਲਾਂ ਸਰਸਵਤੀ ਦੀ ਸਹਾਇਕ ਨਦੀ ਸੀ ਤੇ ਫਿਰ ਟੈਕਟਾਨੀ ਕਿਰਿਆ ਕਰਕੇ ਗੰਗਾ ਵੱਲ ਮੂੰਹ ਮੋੜ ਗਈ ਤੇ ਸਤਲੁਜ ਨੇ ਵੀ ਇੰਜ ਹੀ ਕੀਤਾ। ਮੂਲ-ਵਾਸੀ ਪੱਖੀ ਕੁਝ ਜਿਆਲੋਜਿਸਟਾਂ ਦਾ ਇਹ ਵੀ ਕਲੇਮ ਹੈ ਤੇ ਉਨ੍ਹਾਂ ਨੇ ਸੈਟੇਲਾਈਟ ਇਮੇਜ ਪ੍ਰਾਪਤ ਕੀਤੇ ਹੋਏ ਹਨ, ਜੋ ਉਨ੍ਹਾਂ ਅਨੁਸਾਰ ਸਪਸ਼ਟ ਕਰਦੇ ਹਨ ਕਿ ਸਰਸਵਤੀ ਧਰਤੀ ਹੇਠਾਂ ਅਜੇ ਵੀ ਮੌਜੂਦ ਹੈ। ਸਰਸਵਤੀ ਬਾਰੇ ਇਹ ਵੀ ਤਾਂ ਮੰਨਿਆ ਜਾਂਦਾ ਹੈ ਕਿ ਘੱਗਰ-ਹਕਰਾ ਹੀ ਕਦੀ ਸਰਸਵਤੀ ਸਨ। ਸੈਟੇਲਾਈਟ ਇਮੇਜ ਤੋਂ ਉਨ੍ਹਾਂ ਨੇ ਜ਼ਮੀਨ ਦੋਜ਼ ਪਾਣੀ ਕਿਤੇ ਕਿਤੇ ਦੇਖਿਆ ਹੈ, ਘੱਗਰ-ਹਕਰਾ ਖਤਮ ਹੋ ਗਏ ਸਨ, ਫਿਰ ਇਮੇਜਜ਼ ਵਿੱਚ ਉਨ੍ਹਾਂ ਹੇਠ ਬਚਿਆ ਪਾਣੀ ਹੀ ਹੋਵੇਗਾ। ਵੈਸੇ ਅਜਿਹੇ ਜ਼ਮੀਨ ਦੋਜ਼ ਪਾਣੀ ਅਨੇਕਾਂ ਰਾਹ ਬਦਲ ਚੁੱਕੀਆਂ ਨਦੀਆਂ ਦੇ ਇਲਾਕਿਆਂ ਵਿੱਚ ਦੇਖੇ ਜਾ ਸਕਦੇ ਹਨ। ਜਿੱਥੋਂ ਵੀ ਧਰਤੀ ਪੁੱਟੋ, ਕਿਸੇ ਨਾ ਕਿਸੇ ਡੂੰਘਾਈ ਤੇ ਪਾਣੀ ਮਿਲ ਜਾਂਦਾ ਹੈ, ਪਰ ਸੈਟੇਲਾਈਟ ਤੋਂ ਉਸ ਦੀ ਉਮਰ ਨਹੀਂ ਕੱਢੀ ਜਾ ਸਕਦੀ।

ਮੂਲ-ਵਾਸੀ ਪੱਖੀ ਵਿਚਾਰਧਾਰਾ ਅਨੁਸਾਰ ਰਿਸ਼ੀ ਮਨੂੰ ਨੇ ਭਾਰਤ ਦੀ ਸਭ ਤੋਂ ਵਿਸ਼ਾਲ ਸਰਸਵਤੀ ਅਤੇ ਦ੍ਰਿਸ਼ਦਵਟੀ ਨਦੀ ਵਿਚਾਲੇ ਹੀ ਵੈਦਿਕ ਸੱਭਿਅਤਾ ਆਰੰਭ ਕੀਤੀ ਸੀ।

ਕੇਂਦਰ ਸਰਕਾਰ ਨੇ 2002 ਵਿੱਚ ਤੇ ਬਾਅਦ ਵਿੱਚ ਹਰਿਆਣਾ ਸਰਕਾਰ ਨੇ ਵੀ ਕਰੋੜਾਂ ਰੁਪਏ ਸਰਸਵਤੀ ਨੂੰ ਨਵੇਂ ਸਿਰਿਓਂ ਖੋਦਣ ਲਈ ਸੈਂਕਸ਼ਨ ਕੀਤੇ ਹਨ। ਅਦੀ ਬਾਦਰੀ ਨੇੜੇ ਸਥਿਤ ਮੁਗਲਾਂਵਾਲੀ ਕੋਲ (ਇੱਕ ਛੋਟੀ ਜਿਹੀ ਪਹਾੜੀ ਦੇ ਦਾਮਨ ਵਿੱਚ) ਇੱਕ ਸਥਾਨ ਤੋਂ 7 ਤੋਂ 10 ਫੁੱਟ ਤੱਕ ਡੂੰਘੇ ਟੋਏ ਪੁੱਟ ਕੇ ਜ਼ਮੀਨ ਦੋਜ਼ ਪਾਣੀ ਲੱਭਾ ਹੈ ਤੇ ਕਲੇਮ ਕੀਤਾ ਜਾ ਰਿਹਾ ਹੈ ਕਿ ਇਹ ਮਿੱਠਾ ਪਾਣੀ ਹਜ਼ਾਰਾਂ ਸਾਲ ਪੁਰਾਣਾ ਹੈ। ਅਖਬਾਰਾਂ ਵਿੱਚ ਛਾ ਗਿਆ ਸੀ ਕਿ ਸਰਸਵਤੀ ਲੱਭ ਗਈ (ਵੈਸੇ ਤਦ ਬੜੇ ਮੀਂਹ ਪਏ ਸਨ ਤੇ ਇਹ ਪਾਣੀ ਉੱਪਰੋਂ ਸਿੰਮ ਕੇ ਵੀ ਹੇਠਾਂ ਆਇਆ ਹੋ ਸਕਦਾ ਹੈ ਤੇ ਨਾਲ ਹੀ ਇਹ 3-ਕੁ ਕਿਲੋਮੀਟਰ ਦੂਰ ਵਗਦੀ ਬਰਸਾਤੀ ਨਦੀ ‘ਸੋਮ’ ਦੀ ਪੁਰਾਣੀ ਚੈਨਲ ਦਾ ਸਥਾਨ ਵੀ ਹੈ)। ਉੱਥੇ ਹੁਣ ਬਣਾਉਟੀ ਸਰਸਵਤੀ ਨਦੀ ਪੁੱਟੀ ਜਾ ਰਹੀ ਹੈ, ਜਿਸ ਵੱਲ ਬਰਸਾਤਾਂ ਦੌਰਾਨ ਨਾਲ ਵਗਦੀ ਸੋਮ ਨਦੀ ਦੇ ਪਾਣੀ ਮੋੜਿਆ ਜਾਵੇਗਾ ਅਤੇ ਸੈਂਕੜੇ ਕਿਲੋਮੀਟਰ ਲੰਬੇ ਰਾਹ ਵਿੱਚ ਲੱਖਾਂ ਟਿਊਬਵੈਲ ਲਾ ਕੇ ਸਰਸਵਤੀ ਨੂੰ ਮੁੜ-ਸੁਰਜੀਤ ਕੀਤਾ ਜਾਵੇਗਾ (ਹਰਿਆਣੇ ਵਿੱਚ ਧਰਤੀ ਹੇਠਲੇ ਪਾਣੀ ਦੀ ਪਹਿਲਾਂ ਹੀ ਘਾਟ ਹੈ)। ਮੂਲ-ਵਾਸੀ ਪੱਖੀਆਂ ਦੇ ਪ੍ਰਭਾਵ ਅਧੀਨ ਬਹੁਤ ਸਾਰੇ ਪ੍ਰਾਜੈਕਟ ਬਣਾਏ ਜਾ ਰਹੇ ਹਨ, ਜੋ (ਉਨ੍ਹਾਂ ਦੇ ਕਹਿਣ ਅਨੁਸਾਰ) 7-8 ਹਜ਼ਾਰ ਸਾਲ ਪੁਰਾਣੀ ਭਾਰਤ ਦੀ ਵੈਦਿਕ ਸੱਭਿਅਤਾ ਨੂੰ ਸਰਸਵਤੀ ਦੇ ਨਾਲ ਹੀ ਲੋਕਾਂ ਸਾਹਮਣੇ ਪੇਸ਼ ਕੀਤਾ ਜਾਏਗਾ ਤੇ ਮੁੱਖ ਧਾਰਾ ਦੇ ਇਤਿਹਾਸਕਾਰਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਗਲਤ ਸਿੱਧ ਕੀਤਾ ਜਾਏਗਾ।

ਦੁਨੀਆ ਦੇ ਪ੍ਰਸਿੱਧ 15 ਵਿਗਿਆਨੀਆਂ ਨੇ (ਜਿਨ੍ਹਾਂ ਵਿੱਚ ਭੂ-ਵਿਗਿਆਨੀ, ਪੁਰਾਤੱਤਵ ਵਿਗਿਆਨੀ ਵੀ ਸ਼ਾਮਲ ਸਨ) ਸਰਸਵਤੀ ਨਾਲ ਸੰਬੰਧਿਤ ਇੱਕ ਤਾਜ਼ਾ ਖੋਜ ਕੀਤੀ ਹੈ, ਜੋ ਕਿ ਸੁਪ੍ਰਸਿੱਧ ਅੰਤਰਰਾਸ਼ਟਰੀ ਖੋਜ ਪੱਤ੍ਰਿਕਾ ‘ਪ੍ਰੋਸੀਡਿੰਗਜ਼ ਆਫ ਨੈਸ਼ਨਲ ਅਕੈਡਮੀ ਆਫ ਸਾਂਇਸਿਜ਼‘ ਵਿੱਚ ਸੰਨ 2012 ਵਿੱਚ ਛਪੀ ਸੀ। ਉਨ੍ਹਾਂ ਵਿਗਿਆਨੀਆਂ ਨੇ ਉੱਚ ਕੋਟੀ ਦੀਆਂ ਵਿਗਿਆਨਕ ਤਕਨੀਕਾਂ ਵਰਤ ਕੇ ਇਹ ਸਿੱਧ ਕੀਤਾ ਕਿ ਸਰਸਵਤੀ ਜਾਂ ਘੱਗਰ-ਹਕਰਾ ਵਾਕਈ ਇੱਕ ਬਹੁਤ ਵਿਸ਼ਾਲ ਨਦੀ ਸੀ, ਪਰ ਇਹ ਉੱਚ ਹਿਮਾਲਾ ਦੇ ਗਲੇਸ਼ੀਅਰਾਂ ’ਚੋਂ ਨਹੀਂ ਸੀ ਨਿਕਲਦੀ, ਬਲਕਿ ਲੰਬੇ ਸਮੇਂ ਲਈ ਵਗੀ ਇੱਕ ਬਰਸਾਤੀ ਨਦੀ ਸੀ, ਜੋ ਕਿ ਸ਼ਿਵਾਲਿਕ ਪਹਾੜੀਆਂ ’ਚੋਂ ਹੀ ਨਿਕਲਦੀ ਸੀ। ਜੇਕਰ ਉਹ (ਮੂਲ-ਵਾਸੀ ਪੱਖੀਆਂ ਦੇ ਕਹਿਣ ਅਨੁਸਾਰ) ਹਜ਼ਾਰਾਂ ਸਾਲਾਂ ਤੋਂ ਸਤਲੁਜ ਅਤੇ ਯਮੁਨਾ ਦੇ ਵਿਚਕਾਰ ਪੈਂਦੇ ਥਲਾਂ ਵਿੱਚ ਵਗੀ ਹੁੰਦੀ ਤਾਂ ਕਿਧਰੇ ਡੂੰਘੀਆਂ ਖੁਣੀਆਂ ਘਾਟੀਆਂ ਦੇ ਆਸਾਰ ਵੀ ਹੁੰਦੇ ! ਪ੍ਰਸਿੱਧ ਜਿਓ-ਆਰਕਿਆਲੋਜਿਸਟਾਂ, ਸੂਰਜ ਭਾਨ ਅਤੇ ਆਰ ਸੀ ਠਾਕੁਰਨ ਅਨੁਸਾਰ ਜੇਕਰ ਕੋਈ ਵੱਡਾ ਦਰਿਆ ਹਜ਼ਾਰਾਂ ਸਾਲ ਲਗਾਤਾਰ ਵਗਦਾ ਰਿਹਾ ਹੋਵੇ ਤਾਂ ਉਸ ਦੇ ਹੜ੍ਹ-ਸਥਲ ਹੇਠ ਕਈ ਫੁਟਾਂ ਤੱਕ ਰੇਤਾ ਮਿਲੇਗੀ, ਜੋ ਉਸ ਦਰਿਆ ਦੀ ਪ੍ਰਾਚੀਨ ਸਮੇਂ ਤੋਂ ਵਿਸ਼ਾਲਤਾ ਨੂੰ ਦਰਸਾਏਗੀ। ਚੌੜੀ ਘੱਗਰ ਵਾਦੀ ਵਿੱਚ ਅਜਿਹਾ ਕੁਝ ਵੀ ਨਹੀਂ। ਜੋ ਕੁਝ ਹੈ, ਉਹ ਲੰਬਾ ਸਮਾ ਵਗੀ ਵਿਸ਼ਾਲ ਨਦੀ ਕਰਕੇ ਹੀ ਹੈ। ਫਿਰ ਦਿੱਲੀ ਦੇ ਭੂ-ਵਿਗਿਆਨੀ ਜੇ ਕੇ ਤ੍ਰਿਪਾਠੀ ਤੇ ਸਾਥੀਆਂ ਨੇ ਕਰੰਟ ਸਾਇੰਸ ਦੇ ਸੰਨ 2004 ਦੇ ਅਕਤੂਬਰ ਅੰਕ ਵਿੱਚ ਛਪੇ ਖੋਜ ਪੱਤਰ ਅਨੁਸਾਰ ਘੱਗਰ-ਹਕਰਾ (ਸਰਸਵਤੀ) ਦੇ ਸੁੱਕ ਚੁੱਕੇ ਚੈਨਲਾਂ ਦੀ ਰੇਤਾ/ਮਿੱਟੀ ਦਾ ਵਿਗਿਆਨਕ ਵਿਸ਼ਲੇਸ਼ਨ ਕਰਕੇ ਦੇਖਿਆ ਹੈ ਉਨ੍ਹਾਂ ਵਿਚਲੇ ਕਣ ਸ਼ਿਵਾਲਿਕ ਪਹਾੜੀਆਂ ’ਚੋਂ ਹੀ ਆਏ ਹਨ, ਉੱਚੇ ਹਿਮਾਲਾ ਤੋਂ ਨਹੀਂ। ਮੂਲ-ਵਾਸੀ ਪੱਖੀ ਕੁਝ ਅਰਧ-ਜਿਆਲੋਜਿਸਟ ਕਹਿੰਦੇ ਸੀ ਕਿ ਉਨ੍ਹਾਂ ਨੇ ਅਦੀ ਬਾਦਰੀ ਨੇੜੇ ਹਿਮਾਲਾ ਦੀਆਂ ਚੱਟਾਨਾਂ ਦੇ ਬਾਰੀਕ ਟੁਕੜੇ ਦੇਖੇ ਹਨ, ਪਰ ਇਹ ਟੁਕੜੇ/ਗੀਟੇ ਸਾਰੇ ਹੀ ਗੰਗਾ-ਸਿੰਧ ਮੈਦਾਨ ਵਿੱਚ ਬਚੀਆਂ ਸੁੱਕ ਚੁੱਕੀਆਂ ਨਦੀਆਂ ਵਿੱਚ ਮੌਜੂਦ ਹਨ। ਲੱਖਾਂ ਕਰੋੜਾਂ ਸਾਲ ਪਹਿਲਾਂ ਜਦੋਂ ਸ਼ਿਵਾਲਿਕ ਤੋਂ ਪਹਿਲਾਂ ਹਿਮਾਲਾ ਉੱਪਰ ਉੱਠ ਰਿਹਾ ਸੀ ਤਾਂ ਬਰਫਾਨੀ ਤੋਦਿਆਂ ਨਾਲ ਉੱਪਰਲੀਆਂ ਚੱਟਾਨਾਂ ਦਾ ਖੋਰ ਨਾਲ ਰੁੜ੍ਹਿਆ ਤੇ ਮੈਦਾਨਾਂ ਵਿੱਚ ਆ ਗਿਆ ਸੀ। ਨਾਲ ਹੀ ਕਿਸੇ ਨਦੀ ਦਾ ਪਾਣੀ ਲੰਬੀ ਦੂਰੀ ਤੱਕ ਜ਼ਮੀਨ ਦੋਜ਼ ਨਹੀਂ ਵਗ ਸਕਦਾ, ਜਦ ਤੱਕ ਕਿ ਸਾਰੀਆਂ ਚਟਾਨਾਂ ਵਿੱਚ ਜਲਦੀ ਖੁਰਨ ਵਾਲੇ ਪਦਾਰਥ ਨਾ ਹੋਣ ਜਾਂ ਪਾਣੀ ਵਗਣ ਦਾ ਰਸਤਾ ਨਾ ਹੋਵੇ, ਪਰ ਸ਼ਿਵਾਲਿਕ ਤੋਂ ਲੈ ਕੇ (ਕਹਿ ਲਵੋ ਅਦੀ ਬਾਦਰੀ ਤੋਂ) ਬਰਫਾਨੀ ਪਰਬਤਾਂ ਤੱਕ ਸਾਰੇ ਪਹਾੜ ਹੀ ਕੱਚੀਆਂ ਪੱਕੀਆਂ ਰੇਤਲੀਆ ਤਲਛੱਟੀ ਜਾਂ ਰੂਪਾਂਤਰਿਤ ਕ੍ਰਿਸਟਲੀ ਚਟਾਨਾਂ ਦੇ ਬਣੇ ਹੋਏ ਹਨ। ਉਨ੍ਹਾਂ ਨੂੰ ਖੋਰ ਕੇ ਕੋਈ ਨਦੀ ਹੇਠਾਂ ਨਹੀਂ ਆ ਸਕਦੀ। ਜੇ 4-5 ਹਜ਼ਾਰ ਸਾਲ ਪਹਿਲਾਂ ਸਰਸਵਤੀ ਪਹਾੜਾਂ ’ਚੋਂ ਰਾਹ ਬਣਾ ਕੇ ਵਗੀ ਹੁੰਦੀ, ਤਾਂ ਏਨੇ ਲੰਬੇ ਘੁੰਮ ਘੁੰਮਾ ਕੇ ਬਣਦੇ ਰਸਤੇ ਵਿੱਚ ਉਸ ਦੀ ਪੁਰਾਣੀ ਚੈਨਲ ਦੇ ਬਹੁਤ ਸਾਰੇ ਅੰਸ਼ ਮਿਲਣੇ ਚਾਹੀਦੇ ਸਨ, ਪਰ ਅਜਿਹਾ ਕੁਝ ਵੀ ਨਹੀਂ ਮਿਲਦਾ। ਰਾਹ ਵਿੱਚ ਤਾਂ ਲੱਖਾਂ ਕਰੋੜਾਂ ਸਾਲ ਪੁਰਾਣੀਆਂ ਉੱਚੀਆਂ ਚਟਾਨਾਂ ਦੀਆਂ ਪਾਲਾਂ ਹੀ ਹਨ।

ਭਾਸ਼ਾਵਾਂ ਦੇ ਸ੍ਰੋਤ ਤੋਂ ਵੀ ਆਰੀਆਂ ਦੇ ਬਾਹਰੋਂ ਆਏ ਹੋਣ ਦੇ ਕਾਰਨਾਂ ਨੂੰ ਬਲ ਮਿਲਦਾ ਹੈ। ਉੱਤਰੀ ਭਾਰਤ ਦੀਆਂ ਭਾਸ਼ਾਵਾਂ ਪੁਰਾਤਨ ਸੰਸਕ੍ਰਿਤ ’ਚੋਂ ਉਪਜੀਆਂ ਹਨ ਜਦ ਕਿ ਦੱਖਣ ਦੀਆਂ ਭਾਸ਼ਾਵਾਂ ਦਾ ਸ੍ਰੋਤ ਅਰਧ-ਦਰਾਵੜੀ ਭਾਸ਼ਾ ਹੈ। ਸੰਸਕ੍ਰਿਤ ਖੁਦ ਇੰਡੋ-ਯੂਰਪੀ ਭਾਸ਼ਾ ਦੀ ਸੰਤਾਨ ਹੈ। ਰਿਗ ਵੇਦ ਵਿੱਚ ਵੀ ਘੋੜਿਆਂ ਤੇ ਰੱਥਾਂ ਦਾ ਵਰਣਨ 1500 ਬੀ ਸੀ ਤੋਂ ਬਾਅਦ ਦਾ ਹੀ ਹੈ। ਹੜੱਪਨ ਸੀਲਾਂ ਤੇ ਛਾਪ ਭਾਵੇਂ ਅਜੇ ਪੜ੍ਹੀ ਨਹੀਂ ਗਈ, ਪਰ ਉਹ ਵੀ ਕਿਸੇ ਵੀ ਇੰਡੋ-ਯੂਰਪੀ ਲਿੱਪੀ ਨਾਲ ਨਹੀਂ ਮਿਲਦੀ। ਹੜੱਪਣ ਖੁਦਾਈਆਂ ’ਚੋਂ ਜੋ ਕੁਝ ਵੀ ਮਿਲਿਆ ਹੈ, ਸੀਲਾਂ ਵਗੈਰਾ, ਰਿਗ ਵੇਦ ਵਿੱਚ ਉਨ੍ਹਾਂ ’ਚੋਂ ਕਿਸੇ ਦਾ ਵੀ ਜ਼ਿਕਰ ਨਹੀਂ ਹੈ। ਜੇਕਰ ਰਿਗ ਵੇਦ ਹੜੱਪਨਾਂ ਦਾ ਸਮਕਾਲੀ ਹੁੰਦਾ ਤਾਂ ਉਨ੍ਹਾਂ ਬਾਰੇ ਉਸ ਵਿੱਚ ਕੋਈ ਵਰਣਨ ਤਾਂ ਹੁੰਦਾ।

ਮੈਂ ਉੱਪਰ ਵੀ ਦੱਸਿਆ ਹੈ ਕਿ ਕਈ ਆਰੀਆ ਲੋਕਾਂ ਦੇ ਕਈ ਗਰੁੱਪ ਸਰਸਵਤੀ (ਘੱਗਰ) ਦੇ ਸੁੱਕਣ ਤੋਂ ਪਹਿਲਾਂ ਹੀ ਏਧਰ ਆਉਣ ਲੱਗ ਪਏ ਸਨ, ਉਨ੍ਹਾਂ ਦੀ ਯਾਦਦਾਸ਼ਤ ’ਚੋਂ ਹੀ ਵਿਸ਼ਾਲ ਵਗਦੀ ਸਰਸਵਤੀ ਦੀ ਮਹਾਨਤਾ ਰਿਗ ਵੇਦ ਵਿੱਚ ਸ਼ਾਮਲ ਹੋ ਗਈ ਹੋਵੇਗੀ, ਪਰ ਨਵੀਂ ਖੋਜ ਅਨੁਸਾਰ ਆਰੀਆਂ ਦੇ ਬਾਹਰੋਂ ਆਏ ਹੋਣ ਦਾ ਵੱਡਾ ਸਬੂਤ ਮੈਂ ਅੱਗੇ ਦੱਸ ਰਿਹਾ ਹਾਂ।

ਉੱਜੜ ਚੁੱਕੇ ਲੇਟਹੜੱਪਣ ਪੱਥਰ ਯੁੱਗ ਗਏ ਸਨ : ਸਭ ਪੁਸਤਕਾਂ, ਖੋਜ ਲੇਖਾਂ ਤੇ ਖੁਦਾਈ ਕੀਤੇ ਸਥਾਨਾਂ ਤੋਂ ਇਹ ਪ੍ਰਮਾਣ ਮਿਲਦੇ ਹਨ ਕਿ ਲੰਬੇ ਕਾਲ ਪੈਣ ’ਤੇ ਮੈਚਿਉਰ (ਉੱਨਤ) ਹੜੱਪਨ ਉੱਜੜ ਗਏ ਤੇ ਉੱਤਰ-ਪੂਰਬ ਵੱਲ ਚਲੇ ਗਏ। ਉਨ੍ਹਾਂ ਦੀ ਸਾਰੀ ਵਸਤੂ/ਪਦਾਰਥਕ ਸੱਭਿਅਤਾ ਖਤਮ ਹੋ ਗਈ। ਦੁਨੀਆ ਨਾਲ ਵਪਾਰਕ ਸੰਬੰਧ ਵੀ ਬਿਲਕੁਲ ਟੁੱਟ ਗਏ। ਫਿਰ ਉਹ ਨਿੱਤਾ ਪ੍ਰਤੀ ਦੀ ਵਰਤੋਂ ਵਿੱਚ ਕਿਹੜੇ ਔਜ਼ਾਰ ਵਰਤਦੇ ਹੋਣਗੇ ? ਇਹ ਕਦੀ ਕਿਸੇ ਨੇ ਸੋਚਿਆ ਹੀ ਨਹੀਂ। ਉਹ ਨਿੱਘਰ ਚੁੱਕੀ ਵੱਸੋਂ ਕਈ ਥਾਂਵਾਂ ’ਤੇ ਖਿੱਲਰ ਗਈ ਸੀ ਤੇ ਨਵੇਂ ਥਾਂਵਾਂ ’ਤੇ 800-900 ਸਾਲ ਤੱਕ ਚੱਲਦੀ ਵੀ ਰਹੀ। ਹਜ਼ਾਰਾਂ ਖੋਜੀ ਕਿੰਨੇ ਹੀ ਲੇਟ ਹੜੱਪਨ ਥਾਂਵਾਂ ਦੀ ਖੁਦਾਈ ਅਤੇ ਸਤ੍ਹਾ ਤੋਂ ਖੋਜ ਕਰ ਚੁੱਕੇ ਹਨ, ਕਿਸੇ ਨੇ ਵੀ ਇਹ ਨਹੀਂ ਜਾਂਚਿਆ ਕਿ ਉਹ ਸੰਦਾਂ ਤੋਂ ਬਿਨਾਂ ਕਿਵੇਂ ਜਿਊਂਦੇ ਹੋਣਗੇ। ਅਸੀਂ ਪਿਛਲੇ ਦਹਾਕੇ ਦੌਰਾਨ ਲੇਟ ਹੜੱਪਨ ਥਾਂਵਾਂ ਦੀ ਭਰਪੂਰ ਖੋਜ ਕੀਤੀ ਤੇ ਦੇਖਿਆ ਕਿ ਕਈ ਥਾਂਵਾਂ ਤੋਂ ਹੜੱਪਨ ਠੀਕਰਾਂ ਦੇ ਨਾਲ-ਨਾਲ ਪੱਥਰ ਦੇ ਸੰਦ ਵੀ ਮਿਲ ਰਹੇ ਹਨ। ਅਸੀਂ ਸੰਨ 2003-2004 ਵਿੱਚ ਹਿਮਾਚਲ ਦੇ ਪਿੰਡ ਜੰਡੋਰੀ ਕੋਲ ਇੱਕ ਖੁਦਾਈ ਕੀਤੀ। ਖੁਦਾਈ ਵਿੱਚੋਂ ਹਜ਼ਾਰਾਂ ਪੱਥਰ-ਸੰਦ ਮਿਲੇ ਤੇ ਹੈਰਾਨੀ ਵਾਲੀ ਗੱਲ ਇਹ ਕਿ ਵਿੱਚੋਂ ਬਹੁਤ ਸਾਰੀਆਂ ਲੇਟ-ਹੜੱਪਨ ਠੀਕਰਾਂ ਵੀ ਮਿਲ ਗਈਆਂ (ਵੇਖੋ ਚਿੱਤਰ)। ਉਨ੍ਹਾਂ ਦੀ ਆਯੂ ਨਿਰਧਾਰਣ ਕੀਤੀ ਤਾਂ ਉਹ 4000 ਸਾਲ ਪੂਰਵ ਦੇ ਨੇੜੇ ਤੇੜੇ ਹੀ ਨਿਕਲੀ। ਫਿਰ ਬਾੜਾ (ਰੋਪੜ) ਦੇ ਥੇਹ ਉੱਪਰੋਂ ਸੰਨ 2006 ਵਿੱਚ ਪੱਥਰ ਦੇ ਕਈ ਸੰਦ ਚੁੱਕੇ ਅਤੇ ਉਸ ਦੀ ਖੁਦਾਈ (ਜੋ ਕਿ ਪੁਰਾਤੱਤਵ ਵਿਭਾਗ ਦੇ ਆਰਿਆਲੋਜਿਸਟ ਨੇ 2007 ਵਿੱਚ ਕੀਤੀ) ਵਿੱਚੋਂ ਵੀ ਬਹੁਤ ਸਾਰੇ ਉਹੋ ਜਿਹੇ ਪੱਥਰ ਸੰਦ ਮਿਲ ਗਏ। ਲੇਟ ਹੜੱਪਨ ਸਾਈਟ ਢੇਰ-ਮਾਜਰਾ (ਰੋਪੜ) ਦੇ ਢਹਿ ਚੁੱਕੇ ਥੇਹ ਵਿੱਚੋਂ ਵੀ ਬਾੜਾ-ਟਾਈਪ ਠੀਕਰਾਂ ਦੇ ਨਾਲ-ਨਾਲ ਬਹੁਤ ਸਾਰੇ ਪੱਥਰ ਸੰਦ ਵੀ ਮਿਲੇ, ਜਿਨ੍ਹਾਂ ਨੂੰ ਹੁਣ ਤੱਕ ਲੱਖ ਤੋਂ ਵੱਧ ਸਾਲ ਪੁਰਾਣੇ ਸੋਆਨੀਅਨ ਟੂਲ ਹੀ ਸਮਝਿਆ ਜਾ ਰਿਹਾ ਸੀ ਕਿਉਂਕਿ ਆਯੂ-ਨਿਰਧਾਰਣ ਦਾ ਨਵਾਂ/ਸਹੀ ਢੰਗ ਕਿਸੇ ਨੇ ਨਹੀਂ ਸੀ ਵਰਤਿਆ। ਨੰਗਲ ਕੋਲ ਦਰਿਆ ਸਤਲੁਜ ਦੀਆਂ ਟੈਰੇਸਾਂ ਤੋਂ ਹੜੱਪਨ ਠੀਕਰਾਂ ਨਾਲ ਸਮਕਾਲੀ ਪੱਥਰ ਦੇ ਸੰਦ ਲੱਭ ਲਏ ਤੇ ਜਦੋਂ ਉਸ ਟੈਰੇਸ ਦਾ ਆਯੂ ਨਿਰਧਾਰਣ ਕਰਵਾਇਆ ਗਿਆ ਤਾਂ ਉਹ ਵੀ 4000 ਸਾਲ ਪੂਰਵ ਦੇ ਕਰੀਬ ਹੀ ਨਿਕਲਿਆ। ਉਹ ਸਮਾਂ ਲੇਟ ਹੜੱਪਨਾਂ ਦਾ ਹੀ ਸੀ। ਪੱਥਰ-ਸੰਦ ਏਨੇ ਨੇੜੇ ਦੇ ਕਾਲ ਵਿੱਚੋਂ ਮਿਲ ਗਏ ? ਸਾਨੂੰ (ਮੈਨੂੰ ਤੇ ਡਾ: ਅਨੁਜੋਤ ਸਿੰਘ ਨੂੰ) ਕਈ ਹੋਰ (ਕਰੀਬ 32) ਥਾਂਵਾਂ ਤੋਂ ਵੀ ਹੜੱਪਨ ਠੀਕਰਾਂ ਦੇ ਨਾਲ ਪੱਥਰ-ਸੰਦ ਮਿਲ ਚੁੱਕੇ ਹਨ। ਇਹ ਸਭ ਕੀ ਸਿੱਧ ਕਰਦਾ ਹੈ ? ਇਹ ਕਿ ਗਰਕ ਹੋ ਚੁੱਕੇ ਹੜੱਪਨ ਫਿਰ ਉੱਨਤੀ ਕਰਕੇ ਛੇਤੀ ਹੀ ਰੱਥਾਂ-ਘੋੜਿਆਂ ਵਾਲੇ ਬਲਵਾਨ ਆਰੀਆ ਨਹੀਂ ਬਣ ਸਕਦੇ ਸਨ।

ਮੂਲ-ਵਾਸੀ ਪੱਖੀ ਇਤਿਹਾਸਕਾਰ ਜੋ ਕਹਿੰਦੇ ਹਨ ਕਿ ਉੱਨਤ ਹੜੱਪਨ ਕਾਲ ਪੈਣ ’ਤੇ ਉਂਜ ਦੇ ਉਂਜ ਗੰਗਾ ਘਾਟੀ ਵੱਲ ਧਾ ਗਏ ਸਨ, ਉਹ ਇਸ ਖੋਜ ਉਪਰੰਤ ਬਿਲਕੁਲ ਪੱਕਾ ਗਲਤ ਸਿੱਧ ਹੋ ਜਾਂਦਾ ਹੈ। ਉਨ੍ਹਾਂ ’ਚ ਤਾਂ ਰਿਹਾ ਹੀ ਕੁਝ ਨਹੀਂ ਸੀ। ਤਾਂਬਾ ਮਿਲਨਾ ਬੰਦ ਹੋ ਗਿਆ (ਵਪਾਰ ਖਤਮ ਹੋ ਗਿਆ ਸੀ)। ਸਿਰਫ ਖਾਣ ਪੀਣ ਜੋਗਾ ਪ੍ਰਬੰਧ ਸ਼ਿਵਾਲਿਕ ਦੀਆਂ ਅਜੇ ਜੀਵਤ ਨਦੀਆਂ ਕਿਨਾਰੇ ਮਿਲਦਾ ਰਿਹਾ। ਉਹ ਫਿਰ ਹੰਟਰ-ਗੈਦਰਰ ਬਣ ਗਏ ਤੇ ਬੱਸ ਪੱਥਰ ਦੇ ਸੰਦ ਵਰਤਣ ਜੋਗੇ ਰਹਿ ਗਏ। ਗੰਗਾ ਜਮਨਾ ਕੰਢੇ ਉਨ੍ਹਾਂ ਨੂੰ ਧਾਤਾਂ ਤੇ ਹੋਰ ਸਮੱਗਰੀ ਕਿੱਥੋਂ ਮਿਲ ਜਾਣੀ ਸੀ ? ਓਦੋਂ ਹੀ ਬਾਹਰੋਂ ਆਏ ਆਰੀਆ ਲੋਕਾਂ ਨੇ ਉਨ੍ਹਾਂ ਦੇ ਬਚੇ ਖੁਚੇ ਸਥਾਨਾਂ ’ਤੇ ਕਬਜ਼ਾ ਕਰਕੇ ਆਪਣੇ ਅਧੀਨ ਕਰ ਲਿਆ। ਹਮਲਾ ਕੋਈ ਨਹੀਂ ਹੋਇਆ। ਸ਼ਾਇਦ ਕੋਈ ਖਾਸ ਲੜਾਈਆਂ ਵੀ ਨਾਂ ਹੋਈਆਂ ਹੋਣ। ਕਮਜੋਰ ਹੋ ਚੁੱਕੇ ਹੜੱਪਨਾਂ ਉੱਤੇ ਕਿਸੇ ਨੇ ਕੀ ਹਮਲਾ ਕਰਨਾ ਸੀ ? ਦੋਵਾਂ ਸਵੈ-ਵਿਰੋਧੀ ਬਹਿਸ ਕਰਨ ਵਾਲਿਆਂ ਨੂੰ ਸਾਡੀ ਨਵੀਂ ਖੋਜ ਦਾ ਤਾਂ ਪਤਾ ਹੀ ਨਹੀਂ, ਕਿ ਖੋਜ ਦੇ ਇਤਿਹਾਸ ਵਿੱਚ ਪਹਿਲੀ ਵਾਰ ਖੁਦਾਈ ’ਚੋਂ ਲੇਟ-ਹੜੱਪਨ ਠੀਕਰਾਂ ਦੇ ਨਾਲ ਪੱਕੇ ਪੱਥਰ-ਸੰਦ ਵੀ ਮਿਲ ਗਏ ਹਨ ! ਇਹ ਤੱਥ ਪੂਰਣ ਰੂਪ ਵਿੱਚ ਸਿੱਧ ਕਰਦਾ ਹੈ ਕਿ ਆਰੀਆ ਹੜੱਪਨਾਂ ’ਚੋਂ ਨਹੀਂ ਉਪਜੇ, ਨਾ ਹੀ ਉੱਨਤ ਹੜੱਪਨ ਆਰੀਆ ਸਨ ਕਿਉਂਕਿ ਹੜੱਪਨਾਂ ਦੀ ਤਾਕਤ ਤਾਂ ਲਗਭਗ ਖਤਮ ਹੀ ਹੋ ਗਈ ਸੀ। ਆਰੀਆ ਬਾਹਰੋਂ ਹੀ ਆਏ ਸਨ। ਮੈਨੂੰ ਜਾਪਦਾ ਹੈ ਕਿ ਸਾਰੇ ਲੇਟ ਹੜੱਪਨਾਂ ਨੂੰ ਆਉਣ ਵਾਲੀ ਵੈਦਿਕ ਸੱਭਿਅਤਾ ਨੇ ਪਛੜੇ ਕਮਜ਼ੋਰ ਵਰਗ ਬਣਾ ਦਿੱਤਾ ਹੋਊ। ਮਨੂੰ ਦੀ ਵਰਗ-ਵੰਡ ਸ਼ਾਇਦ ਏਦਾਂ ਹੀ ਕੀਤੀ ਗਈ ਹੋਵੇ !

ਮੈਂ ਵੇਦਾਂ ਦੀ ਮਹੱਤਤਾ ਤੇ ਮਹਾਨਤਾ ਦੀ ਬਹੁਤ ਕਦਰ ਕਰਦਾ ਹਾਂ ਕਿਉਂਕਿ ਉਹ ਗਿਆਨ ਭਰਪੂਰ ਗ੍ਰੰਥ ਹਨ, ਪਰ ਸਮੇਂ ਵਿੱਚ ਆਪਣੀ ਸੱਭਿਅਤਾ ਨੂੰ ਜ਼ਰੂਰਤ ਨਾਲੋਂ ਜ਼ਿਆਦਾ ਪੁਰਾਣੀ ਦੱਸ ਕੇ ਅਸੀਂ ਕੋਈ ਬਹੁਤੇ ਵੱਡੇ ਨਹੀਂ ਹੋ ਜਾਵਾਂਗੇ ਤੇ ਜੇ ਅਸੀਂ ਆਪਣੇ ਆਪ ਨੂੰ ਹਜ਼ਾਰਾਂ ਸਾਲ ਪਹਿਲਾਂ ਬਾਹਰੋਂ ਆਉਣ ਵਾਲੀ ਵਾਸਤਵਿਕਤਾ ਨੂੰ ਵੀ ਮੰਨ ਲਈਏ ਤਾਂ ਕੋਈ ਛੋਟੇ ਨਹੀਂ ਹੋ ਜਾਵਾਂਗੇ। ਆਖ਼ਿਰ ਸਾਰੀ ਮਨੁੱਖਤਾ ਲੱਖਾਂ ਸਾਲ ਪਹਿਲਾਂ ਅਫਰੀਕਾ ’ਚੋਂ ਹੀ ਨਿਕਲੀ ਸੀ। ਅਸੀਂ ਓਦੋਂ ਵੀ ਤਾਂ ਬਾਹਰੋਂ ਹੀ ਆਏ ਸਾਂ ! ਅਫਰੀਕਾ ਦੇ ਹੋਮੋਇਰੈਕਟਸ ਦੀ ਇੱਕ ਸ਼ਾਖਾ ’ਚੋਂ ਆਧੁਨਿਕ ਮਨੁੱਖ ਉਤਪੰਨ ਹੋਇਆ ਸੀ। ਓਥੋਂ ਹੀ ਸਾਰੇ ਵਿਸ਼ਵ ਵਿੱਚ ਫੈਲ ਗਿਆ ਸੀ। ਜੇ ਅਸੀਂ ਦਾਅਵਾ ਕਰਨ ਲੱਗੀਏ ਕਿ ਸਾਰੀ ਮਾਨਵਤਾ ਦਾ ਉਦਗਮ ਸਥਾਨ ਹੀ ਭਾਰਤ ਹੈ, ਤਾਂ ਕਿੱਡੀ ਹਾਸੋਹੀਣੀ ਗੱਲ ਹੋਵੇਗੀ, ਪਰ ਕੁਝ ਲੋਗ ਇਹ ਵੀ ਕਹਿ ਦਿੰਦੇ ਹਨ।

ਭਾਈ ਤਾਰੂ ਸਿੰਘ ਜੀ

0

ਭਾਈ ਤਾਰੂ ਸਿੰਘ ਜੀ

ਬਲਰਾਜ ਸਿੰਘ

ਭਾਈ ਤਾਰੂ ਸਿੰਘ ਪਿੰਡ ਪੂਹਲੇ ਦਾ ਰਹਿਣ ਵਾਲਾ ਸੰਧੂ ਗੋਤਰ ਦਾ ਇੱਕ ਭਜਨੀਕ ਗੁਰਸਿੱਖ ਸੀ, ਜੋ ਖੇਤੀਬਾੜੀ ਕਰ ਕੇ ਆਪਣਾ ਗੁਜ਼ਾਰਾ ਕਰਦਾ ਸੀ। ਆਉਂਦੇ ਜਾਂਦੇ ਸਿੱਖਾਂ ਦੇ ਜਥੇ ਉਸ ਕੋਲ ਲੰਗਰ ਪਾਣੀ ਛੱਕ ਜਾਂਦੇ ਸਨ। ਇਹ ਪਿੰਡ ਹੁਣ ਜਿਲ੍ਹਾ ਤਰਨਤਾਰਨ ਦੇ ਥਾਣਾ ਭਿੱਖੀਵਿੰਡ ਅਧੀਨ ਆਉਂਦਾ ਹੈ ਤੇ ਭਿੱਖੀਵਿੰਡ ਤੋਂ ਕਰੀਬ 5-6 ਕਿਲੋਮੀਟਰ ਲਹਿੰਦੇ ਵੱਲ ਹੈ। ਭਾਈ ਤਾਰੂ ਸਿੰਘ ਦੇ ਪਿਤਾ ਦਾ ਨਾਮ ਸ. ਜੋਧ ਸਿੰਘ ਸੀ ਤੇ ਮਾਤਾ ਦਾ ਨਾਮ ਬੀਬੀ ਧਰਮ ਕੌਰ ਸੀ।  ਇੱਕ ਛੋਟੀ ਭੈਣ ਸੀ, ਜਿਸ ਦਾ ਨਾਮ ਤਾਰੋ ਸੀ।  ਭਾਈ ਤਾਰੂ ਸਿੰਘ ਦੇ ਪਿਤਾ ਦੀ ਮੌਤ ਉਸ ਦੇ ਬਚਪਨ ਵਿੱਚ ਹੀ ਹੋ ਗਈ ਸੀ। ਭਾਈ ਤਾਰੂ ਸਿੰਘ ਦਾ ਪਾਲਣ ਪੋਸ਼ਣ ਉਸ ਦੀ ਮਾਤਾ ਨੇ ਗੁਰਬਾਣੀ ਦੇ ਮੁਤਾਬਕ ਕੀਤਾ ਸੀ। ਇਸ ਲਈ ਉਹ ਬਚਪਨ ਤੋਂ ਹੀ ਹਰੇਕ ਦੀ ਮਦਦ ਕਰਨ ਵਾਲਾ ਬੜਾ ਧਾਰਮਿਕ ਤੇ ਸੱਚਾ ਸੁੱਚਾ ਇਨਸਾਨ ਸੀ।  ਇੱਕ ਦਿਨ ਪੱਟੀ ਇਲਾਕੇ ਦਾ ਮਛੇਰਾ ਰਹੀਮ ਬਖ਼ਸ਼, ਬੜੀ ਆਸ ਲੈ ਕੇ ਉਸ ਕੋਲ ਆਇਆ ਤੇ ਰੋਣ ਲੱਗਾ ਕਿ ਪੱਟੀ ਦੇ ਫ਼ੌਜਦਾਰ ਨੇ ਜ਼ਬਰਦਸਤੀ ਉਸ ਦੀ ਜਵਾਨ ਬੇਟੀ ਆਪਣੇ ਘਰ ਪਾ ਲਈ ਹੈ, ਕੋਈ ਵੀ ਉਸ ਦੀ ਫ਼ਰਿਆਦ ਨਹੀਂ ਸੁਣ ਰਿਹਾ। ਭਾਈ ਤਾਰੂ ਸਿੰਘ ਨੇ ਸ਼ਰਨ ਪਏ ਦੀ ਮਦਦ ਕਰਨ ਲਈ ਸਿੰਘਾਂ ਦੇ ਜਥੇ ਨੂੰ ਬੁਲਾ ਕੇ ਪੱਟੀ ’ਤੇ ਹਮਲਾ ਕਰਵਾ ਦਿੱਤਾ। ਲੜਾਈ ਵਿੱਚ ਫ਼ੌਜਦਾਰ ਮਾਰਿਆ ਗਿਆ ਤੇ ਲੜਕੀ ਮਛੇਰੇ ਨੂੰ ਵਾਪਸ ਮਿਲ ਗਈ।  ਸਿੰਘ ਤਾਂ ਕੰਮ ਕਰ ਕੇ ਜੰਗਲ਼ਾਂ ਨੂੰ ਤੁਰ ਗਏ, ਪਰ ਜੰਡਿਆਲਾ ਗੁਰੂ ਦੇ ਬਦਨਾਮ ਸਰਕਾਰੀ ਚੁਗ਼ਲ ਆਕਿਲ ਦਾਸ (ਹਰਿਭਗਤ ਨਿਰੰਜਨੀਆਂ) ਨੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਕੋਲ ਚੁਗ਼ਲੀ ਕੀਤੀ ਕਿ ਇਸ ਸਾਰੇ ਕਾਂਡ ਦਾ ਕਰਤਾ ਧਰਤਾ ਭਾਈ ਤਾਰੂ ਸਿੰਘ ਹੈ।  ਜ਼ਕਰੀਆ ਖ਼ਾਨ ਨੇ ਉਸੇ ਵੇਲੇ ਇੱਕ ਹਜ਼ਾਰ ਫ਼ੌਜੀ ਮੋਮਨ ਖ਼ਾਨ ਫ਼ੌਜਦਾਰ ਦੀ ਕਮਾਨ ਹੇਠ ਪੂਹਲੇ ਪਿੰਡ ਵੱਲ ਨੂੰ ਤੋਰ ਦਿੱਤੇ। ਉਹ ਭਾਈ ਤਾਰੂ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਲਾਹੌਰ ਵੱਲ ਨੂੰ ਚੱਲ ਪਏ।

ਰਾਤ ਨੂੰ ਫ਼ੌਜ ਨੇ ਪਿੰਡ ਭੜਾਨੇ ਪੜਾਅ ਕੀਤਾ। ਪਿੰਡ ਵਾਸੀਆਂ ਨੇ ਭਾਈ ਤਾਰੂ ਸਿੰਘ ਨੂੰ ਮਿਲਣ ਦਾ ਪ੍ਰਬੰਧ ਕਰ ਲਿਆ। ਉਹਨਾਂ ਨੇ ਤਾਕਤ ਨਾਲ ਭਾਈ ਤਾਰੂ ਸਿੰਘ ਨੂੰ ਛੁਡਾਉਣ ਦੀ ਮੰਸ਼ਾ ਜ਼ਾਹਰ ਕੀਤੀ, ਪਰ ਭੜਾਣੀਏਂ ਸਿੱਖਾਂ ’ਤੇ ਸਰਕਾਰੀ ਕਹਿਰ ਟੁੱਟਣ ਦੇ ਖ਼ਤਰੇ ਕਾਰਨ ਉਹ ਨਾ ਮੰਨਿਆਂ। ਲਾਹੌਰ ਉਸ ਨੂੰ ਜ਼ਕਰੀਆ ਖ਼ਾਨ ਦੇ ਸਾਹਮਣੇ ਪੇਸ਼ ਕੀਤਾ ਗਿਆ। ਜ਼ਕਰੀਆ ਖ਼ਾਨ ਨੇ ਉਸ ਨੂੰ ਮੌਤ ਜਾਂ ਇਸਲਾਮ ਚੁਣਨ ਲਈ ਕਿਹਾ। ਅੱਗੇ ਕਿਸੇ ਸਿੱਖ ਨੇ ਧਰਮ ਛੱਡਿਆ ਸੀ, ਜੋ ਭਾਈ ਤਾਰੂ ਸਿੰਘ ਛੱਡ ਦਿੰਦੇ ? ਜਦੋਂ ਸੂਬੇ ਨੇ ਕਿਹਾ ਕਿ ਜੇ ਧਰਮ ਨਾ ਛੱਡਿਆ ਤਾਂ ਮਾਰ ਦਿੱਤਾ ਜਾਵੇਂਗਾ ਤਾਂ ਭਾਈ ਤਾਰੂ ਸਿੰਘ ਨੇ ਕਿਹਾ, ‘ਜੇ ਮੈਂ ਇਸਲਾਮ ਕਬੂਲ ਕਰ ਲਵਾਂ ਤਾਂ ਕੀ ਫਿਰ ਮੈਨੂੰ ਮੌਤ ਨਹੀਂ ਆਵੇਗੀ ?’  ਇਸ ’ਤੇ ਗੁਸੇ ਵਿੱਚ ਆ ਕੇ ਸੂਬੇ ਨੇ ਉਸ ਨੂੰ ਜੇਲ੍ਹ ਵਿੱਚ ਸੁੱਟ ਕੇ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ।  ਉਸ ਦੇ ਸਾਹਮਣੇ ਹੀ ਭਾਈ ਮਹਿਤਾਬ ਸਿੰਘ ਮੀਰਾਂਕੋਟੀਆ ਅਤੇ ਸ. ਦਿਆਲ ਸਿੰਘ ਸਹਿੰਸਰੇ ਵਾਲਾ ਚਰਖੜੀ ਉੱਤੇ ਅਤੇ ਸ. ਗਰਜਾ ਸਿੰਘ ਨੂੰ ਸੂਲੀ ’ਤੇ ਚਾੜ੍ਹ ਕੇ ਸ਼ਹੀਦ ਕੀਤਾ ਗਿਆ। ਕਈ ਦਿਨਾਂ ਬਾਅਦ ਜਦੋਂ ਦੁਬਾਰਾ ਭਾਈ ਤਾਰੂ ਸਿੰਘ ਨੂੰ ਸੂਬੇ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਉਸ ਅਤੇ ਜ਼ਕਰੀਆ ਖ਼ਾਨ ਦਰਮਿਆਨ ਸਿੱਖ ਇਤਿਹਾਸ ਦਾ ਪ੍ਰਸਿੱਧ ਸੰਵਾਦ ਹੋਇਆ। ਜ਼ਕਰੀਆ ਖ਼ਾਨ ਦੇ ਬਾਰ ਬਾਰ ਕੇਸ ਕਤਲ ਕਰਾਉਣ ਲਈ ਕਹਿਣ ਤੋਂ ਬਾਅਦ ਵੀ ਭਾਈ ਤਾਰੂ ਸਿੰਘ ਨਾ ਮੰਨਿਆਂ ਤਾਂ ਸੂਬੇ ਨੇ ਖਿੱਝ ਕੇ ਕਿਹਾ, ਤੈਨੂੰ ਕੇਸਾਂ ਦਾ ਬੜਾ ਮਾਣ ਐ, ਮੈਂ ਤੇਰੇ ਕੇਸ ਜੁੱਤੀਆਂ ਨਾਲ ਉੱਡਾ ਦਿਆਂਗਾ। ਭਾਈ ਤਾਰੂ ਸਿੰਘ ਨੇ ਅੱਗੋਂ ਜਗਤ ਪ੍ਰਸਿੱਧ ਜਵਾਬ ਦਿੱਤਾ, ‘ਮੇਰੀ ਸਿੱਖੀ ਤਾਂ ਕੇਸਾਂ ਸਵਾਸਾਂ ਨਾਲ ਨਿਭ ਜਾਵੇਗੀ, ਪਰ ਤੈਨੂੰ ਖਾਲਸੇ ਦੀ ਜੁੱਤੀ ਅੱਗੇ ਲੱਗਣਾ ਪਵੇਗਾ।’  ਸੂਬੇ ਨੇ ਸੜ ਬਲ਼ ਕੇ ਹੁਕਮ ਦਿੱਤਾ ਕਿ ਇਸ ਦੇ ਕੇਸ ਸਣੇ ਖੋਪੜੀ ਲਾਹ ਦਿਓ ਤਾਂ ਜੋ ਦੁਬਾਰਾ ਕਦੇ ਵੀ ਇਸ ਦੇ ਸਿਰ ’ਤੇ ਕੇਸ ਨਾ ਆਉਣ। ਜ਼ਲਾਦ ਨੇ ਨਖਾਸ ਚੌਂਕ ਅੰਦਰ ਸਿਰ ਦੀ ਚਮੜੀ, ਸਣੇ ਕੇਸਾਂ ਦੇ ਤਿੱਖੀ ਛੁਰੀ ਨਾਲ ਖੁਰਚ ਕੇ ਉਤਾਰ ਦਿੱਤੀ। ਭਾਈ ਸਾਹਿਬ ਨੇ ਬੜੇ ਸਬਰ ਨਾਲ ਸਾਰਾ ਜ਼ੁਲਮ ਜਰ ਲਿਆ।

ਖੋਪੜੀ ਉਤਾਰਨ ਤੋਂ ਬਾਅਦ ਭਾਈ ਤਾਰੂ ਸਿੰਘ ਨੂੰ ਦੁਬਾਰਾ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ। ਭਾਣਾ ਰੱਬ ਦਾ, ਜ਼ਕਰੀਆ ਖ਼ਾਨ ਨੂੰ ਪਿਸ਼ਾਬ ਦਾ ਬੰਨ੍ਹ ਪੈ ਗਿਆ। ਉਸ ਨੇ ਬੜੇ ਇਲਾਜ਼ ਕਰਵਾਏ ਪਰ ਬੰਨ੍ਹ ਨਾ ਖੁੱਲ੍ਹਿਆ। ਉਸ ਨੂੰ ਯਕੀਨ ਹੋ ਗਿਆ ਕਿ ਭਾਈ ਤਾਰੂ ਸਿੰਘ ਦੇ ਸਰਾਪ ਕਾਰਨ ਮੈਨੂੰ ਬੰਨ੍ਹ ਪਿਆ ਹੈ। ਉਸ ਨੇ ਸੁਬੇਗ ਸਿੰਘ ਨੂੰ ਭਾਈ ਤਾਰੂ ਸਿੰਘ ਦੀ ਮਿੰਨਤ ਕਰਨ ਲਈ ਭੇਜਿਆ। ਭਾਈ ਤਾਰੂ ਸਿੰਘ ਨੇ ਕਿਹਾ ਕਿ ਮੈਂ ਹੁਣ ਕੁਝ ਨਹੀਂ ਕਰ ਸਕਦਾ, ਪੰਥ ਨੂੰ ਬੇਨਤੀ ਕਰ ਕੇ ਵੇਖ ਲਓ।  ਸੁਬੇਗ ਸਿੰਘ ਨਜ਼ਰਾਨੇ ਲੈ ਕੇ ਅੰਮ੍ਰਿਤਸਰ ਪਹੁੰਚਿਆ। ਅੱਗੇ ਬੁੱਢਾ ਦਲ ਦਾ ਉਤਾਰਾ ਹੋਇਆ ਸੀ। ਉਸ ਨੇ ਨਵਾਬ ਕਪੂਰ ਸਿੰਘ ਨੂੰ ਬੇਨਤੀ ਕੀਤੀ।  ਪੰਥ ਦੇ ਇਕੱਠ ਵਿੱਚ ਫ਼ੈਸਲਾ ਹੋਇਆ ਕਿ ਸੰਤ ਸਰੂਪ ਭਾਈ ਤਾਰੂ ਸਿੰਘ ਨੂੰ ਕਸ਼ਟ ਦੇਣ ਵਾਲੇ ਸੂਬੇਦਾਰ ਦਾ ਅੱਵਲ ਤਾਂ ਭਲਾ ਹੋ ਨਹੀਂ ਸਕਦਾ, ਪਰ ਫਿਰ ਵੀ ਭਾਈ ਤਾਰੂ ਸਿੰਘ ਦੀ ਜੁੱਤੀ ਸੂਬੇਦਾਰ ਦੇ ਸਿਰ ਵਿੱਚ ਮਾਰ ਕੇ ਵੇਖ ਲਓ ਸ਼ਾਇਦ ਬੰਨ੍ਹ ਖੁਲ੍ਹ ਜਾਵੇ।  ਸੂਬੇਦਾਰ ਨੇ ਇਹੀ ਗ਼ਨੀਮਤ ਸਮਝੀ।  ਜਦੋਂ ਭਾਈ ਤਾਰੂ ਸਿੰਘ ਦੀ ਜੁੱਤੀ ਜ਼ਕਰੀਆ ਖ਼ਾਨ ਦੇ ਸਿਰ ਵਿੱਚ ਵੱਜਦੀ ਤਾਂ ਉਸ ਨੂੰ ਖੁਲ੍ਹ ਕੇ ਪਿਸ਼ਾਬ ਆ ਜਾਂਦਾ। ਇਸ ਉਪਕਾਰ ਬਦਲੇ ਸੁਬੇਗ ਸਿੰਘ ਨੂੰ ਲਾਹੌਰ ਦਾ ਕੋਤਵਾਲ ਨਿਯੁਕਤ ਕੀਤਾ ਗਿਆ। ਉਸ ਨੇ ਜਗ੍ਹਾ-ਜਗ੍ਹਾ ’ਤੇ ਲਟਕਾਏ ਸਿੱਖਾਂ ਦੇ ਸਿਰ ਉਤਾਰ ਕੇ ਅੰਤਿਮ ਸੰਸਕਾਰ ਕਰਵਾਏ ਅਤੇ ਸ਼ਹੀਦ ਗੰਜ ਬਣਵਾਇਆ।  ਅਖੀਰ ਆਪਣੇ ਪਾਪਾਂ ਦਾ ਫਲ਼ ਭੋਗ ਕੇ 30 ਜੂਨ ਨੂੰ ਸੂਬੇਦਾਰ ਜ਼ਕਰੀਆ ਖ਼ਾਨ ਨਰਕਾਂ ਨੂੰ ਤੁਰ ਗਿਆ। ਜਦ ਇਹ ਖ਼ਬਰ ਭਾਈ ਤਾਰੂ ਸਿੰਘ ਤੱਕ ਪਹੁੰਚੀ ਤਾਂ ਉਹ ਵੀ ਖੋਪਰੀ ਲੱਥਣ ਤੋਂ 6 ਦਿਨ ਬਾਅਦ ਪਹਿਲੀ ਜੁਲਾਈ 1745 ਈ. ਨੂੰ 25 ਸਾਲ ਦੀ ਉਮਰ ਵਿੱਚ ਗੁਰੂ ਚਰਨਾਂ ਵਿੱਚ ਜਾ ਬਿਰਾਜੇ।

1762 ਈ. ਵਿੱਚ ਜਦੋਂ ਭੰਗੀ ਸਰਦਾਰਾਂ ਨੇ ਲਾਹੌਰ ਉੱਤੇ ਕਬਜ਼ਾ ਕੀਤਾ ਤਾਂ ਉਹਨਾ ਨੇ ਭਾਈ ਸਾਹਿਬ ਦੀ ਯਾਦ ਵਿੱਚ ਉਸ ਜਗ੍ਹਾ ’ਤੇ (ਨੌ ਲੱਖਾ ਬਜ਼ਾਰ ਦੇ ਨਜ਼ਦੀਕ) ਗੁਰਦਵਾਰਾ ਸ਼ਹੀਦ ਗੰਜ ਭਾਈ ਤਾਰੂ ਸਿੰਘ ਉਸਾਰਿਆ। ਅੰਗਰੇਜ਼ ਰਾਜ ਸਮੇਂ ਇਸ ਜਗ੍ਹਾ ਦੀ ਮਲਕੀਅਤ ਲਈ ਬੜੇ ਮੁਕੱਦਮੇ ਚੱਲੇ ਪਰ 1940 ਵਿੱਚ ਲਾਹੌਰ ਹਾਈ ਕੋਰਟ ਦੀ ਡਬਲ ਬੈਂਚ ਨੇ ਹਮੇਸ਼ਾਂ ਲਈ ਇਸ ਗੁਰਦਵਾਰੇ ’ਤੇ ਸਿੱਖਾਂ ਦਾ ਅਧਿਕਾਰ ਮੰਨ ਲਿਆ।  ਹੁਣ ਇਹ  ਗੁਰੂ ਘਰ ਪਾਕਿਸਤਾਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ।  ਭਾਰਤ ਅਤੇ ਵਿਦੇਸ਼ਾਂ ਤੋਂ ਜਥੇ ਇੱਥੇ ਯਾਤਰਾ ਲਈ ਆਉਂਦੇ ਰਹਿੰਦੇ ਹਨ।

ਆਖ਼ਿਰ ਸਿੱਖ ਰਹਿਤ ਮਰਯਾਦਾ ਨੂੰ ਕਿਉਂ ਰੱਦ ਕੀਤਾ ਜਾਂਦਾ ਹੈ ?

0

ਆਖ਼ਿਰ ਸਿੱਖ ਰਹਿਤ ਮਰਯਾਦਾ ਨੂੰ ਕਿਉਂ ਰੱਦ ਕੀਤਾ ਜਾਂਦਾ ਹੈ ?

ਬੀਬੀ ਹਰਜੀਤ ਕੌਰ (ਬਠਿੰਡਾ)-94645-01618

16 ਜੂਨ 2023 ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਪਤ ਏਜੰਡੇ ਨਾਲ ਸੱਦੀ ਹੰਗਾਮੀ ਮੀਟਿੰਗ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾ ਕੇ ਗਿਆਨੀ ਰਘਵੀਰ ਸਿੰਘ ਨੂੰ ਪੱਕੇ ਤੌਰ ’ਤੇ ਜਥੇਦਾਰ ਲਾਇਆ ਗਿਆ। ਇਸ ਵਿਸ਼ੇ ’ਤੇ ਇੱਕ ਟੀਵੀ ਚੈਨਲ ’ਤੇ ਹੋਈ ਡੀਬੇਟ ਦੌਰਾਨ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਸ੍ਰੋਮਣੀ ਕਮੇਟੀ ਦੇ ਨੁੰਮਾਇੰਦੇ ਨੂੰ ਪੁੱਛਿਆ ਕਿ ਜਿਸ ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ‘ਫ਼ਖ਼ਰ-ਏ-ਕੌਮ ਪੰਥ ਰਤਨ’ ਦਾ ਖ਼ਿਤਾਬ ਦਿੱਤਾ ਗਿਆ ਸੀ, ਤੁਸੀਂ ਉਸ ਦੇ ਸਿਵੇ ਨੂੰ ਫਰੋਲਿਆ ਅਤੇ ਉਸ ਦੇ ਫੁੱਲ ਕੀਰਤਪੁਰ ਪਾ ਕੇ ਆਏ; ਕੀ ਇਹ ਸਿੱਖ ਰਹਿਤ ਮਰਯਾਦਾ ਅਨੁਸਾਰ ਠੀਕ ਹੈ ? ਸ੍ਰੋਮਣੀ ਕਮੇਟੀ ਵੱਲੋਂ ਡਿਬੇਟ ’ਚ ਭਾਗ ਲੈ ਰਹੇ ਸ੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਨੇ ਆਪਣੀ ਕਮੇਟੀ ਵੱਲੋਂ ਤਿਆਰ ਕੀਤੀ ਅਤੇ ਛਾਪ ਕੇ ਵੰਡੀ ਤੇ ਪ੍ਰਚਾਰੀ ਜਾ ਰਹੀ ਸਿੱਖ ਰਹਿਤ ਮਰਯਾਦਾ ਤੋਂ ਪੂਰੀ ਅਗਿਆਨਤਾ ਜਾਂ ਮੂਰਖਤਾ ਪ੍ਰਗਟ ਕਰਦਿਆਂ ਬੜੀ ਬੇਬਾਕੀ ਨਾਲ ਕਿਹਾ ਕਿ ‘ਸਿੱਖਾਂ ਦੀ ਕੋਈ ਸਿੱਖ ਰਹਿਤ ਮਰਯਾਦਾ ਨਹੀਂ ਹੈ, ਉਹ ਸਿਰਫ ਖਰੜਾ ਹੈ, ਜਿਸ ਨੂੰ ਕਦੀ ਵੀ ਪ੍ਰਵਾਨਗੀ ਨਹੀਂ ਮਿਲੀ।’ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ 70 ਸਾਲਾਂ ਤੋਂ ਹਰ ਸਾਲ ਲੱਖਾਂ ਦੀ ਗਿਣਤੀ ’ਚ ਛਾਪ ਕੇ ਮੁਫ਼ਤ ਵੰਡੀ ਜਾ ਰਹੀ ‘ਸਿੱਖ ਰਹਿਤ ਮਰਯਾਦਾ’ ਦੇ ਪਹਿਲੇ 4 ਪੰਨੇ ਪੜ੍ਹਨ ਨਾਲ ਹੀ ਹੇਠ ਲਿਖੀ ਸਚਾਈ ਸਾਹਮਣੇ ਆ ਜਾਂਦੀ ਹੈ।

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਿਆਂ ਵਿਚ ਗੁਰ ਮਰਯਾਦਾ ਨੂੰ ਠੀਕ ਤਰ੍ਹਾਂ ਨਿਯਤ ਕਰਨ ਹਿਤ, ਰਹਿਤ ਮਰਯਾਦਾ ਦਾ ਇੱਕ ਖਰੜਾ ਤਿਆਰ ਕਰਨ ਲਈ 25 ਮੈਂਬਰੀ ਰਹੁ ਰੀਤ ਸਬ ਕਮੇਟੀ ਬਣਾਈ, ਜਿਸ ਦੇ ਕਨਵੀਨਰ ਪ੍ਰੋ: ਤੇਜਾ ਸਿੰਘ ਨੂੰ ਨਿਯੁਕਤ ਕੀਤਾ ਗਿਆ। (ਸਾਰੇ ਮੈਂਬਰਾਂ ਦੇ ਨਾਮ ਲਿਖੇ ਜਾਣ ਨਾਲ ਲੇਖ ਥੋੜ੍ਹਾ ਲੰਬਾ ਹੋ ਜਾਵੇਗਾ, ਪਾਠਕਾਂ ਨੂੰ ਬੇਨਤੀ ਹੈ ਕਿ ਉਹ ਮੈਂਬਰਾਂ ਦੇ ਨਾਮ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਜਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪ ਕੇ ਮੁਫਤ ਵੰਡੀਆਂ ਜਾ ਰਹੀਆਂ ਸਿੱਖ ਰਹਿਤ ਮਰਯਾਦਾ ਵਿੱਚੋਂ ਜ਼ਰੂਰ ਪੜ੍ਹ ਲੈਣ। ਕੇਵਲ ਨਾਮ ਹੀ ਨਹੀਂ ਬਲਕਿ ਹਰ ਸਿੱਖ ਨੂੰ ਸਮੇਂ ਸਮੇਂ ਸਿਰ ਸਾਰੀ ਸਿੱਖ ਰਹਿਤ ਮਰਯਾਦਾ, ਜਿਸ ਦੇ ਕੇਵਲ 32 ਪੰਨੇ ਹਨ; ਪੜ੍ਹਦੇ ਅਤੇ ਵਿਚਾਰਦੇ ਰਹਿਣਾ ਚਾਹੀਦਾ ਹੈ।) ਇਸ ਸਬ ਕਮੇਟੀ ਦੇ ਸਮਾਗਮ 4-5 ਅਕਤੂਬਰ 1931, 3 ਜਨਵਰੀ 1932 ਅਤੇ 31 ਜਨਵਰੀ 1932 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਏ। ਇਨ੍ਹਾਂ ਸਮਾਗਮਾਂ ਵਿੱਚ ਡੂੰਘੀ ਵਿਚਾਰ ਚਰਚਾ ਉਪਰੰਤ ਤਿਆਰ ਕੀਤਾ ਇੱਕ ਖਰੜਾ ਸ੍ਰੋਮਣੀ ਕਮੇਟੀ ਦੀ ਸੇਵਾ ਵਿੱਚ ਪੇਸ਼ ਕਰਦਿਆਂ ਲਿਖਿਆ: ਆਸ਼ਾ ਹੈ ਆਪ ਇਸ ਖਰੜੇ ਨੂੰ ਪੰਥ ਦੀ ਰਾਇ ਲੈਣ ਲਈ ਛਪਵਾ ਕੇ ਪ੍ਰਕਾਸ਼ਤ ਕਰੋਗੇ ਅਤੇ ਰਾਵਾਂ ਆਉਣ ’ਤੇ ਸ੍ਰੋਮਣੀ ਕਮੇਟੀ ਦੇ ਇਜਲਾਸ ਵਿੱਚ ਅੰਤਮ ਪ੍ਰਵਾਨਗੀ ਲਈ ਪੇਸ਼ ਕਰੋਗੇ।

ਇਸ ਉਪਰੰਤ ਸ੍ਰੋਮਣੀ ਕਮੇਟੀ ਦੀ ਆਗਿਆ ਅਨੁਸਾਰ 8 ਮਈ 1932 ਨੂੰ ਖਰੜੇ ਉੱਤੇ ਇਕ ਵਾਰੀ ਹੋਰ ਵਿਚਾਰ ਕੀਤੀ ਗਈ। ਇਸ ਸਮੇਂ ਕਈ ਸੱਜਣਾਂ ਦੇ ਜ਼ੋਰ ਦੇਣ ’ਤੇ ਖਰੜੇ ਉੱਤੇ ਮੁੜ ਵਿਚਾਰ ਕਰਨ ਲਈ ਰਹੁ ਰੀਤ ਕਮੇਟੀ ਦਾ ਇੱਕ ਹੋਰ ਸਮਾਗਮ 26 ਸਤੰਬਰ 1932 ਨੂੰ ਕੀਤਾ ਗਿਆ। ਹੁਣ ਤਿਆਰ ਕੀਤਾ ਖਰੜਾ 1 ਅਕਤੂਬਰ 1932 ਨੂੰ ਰਹੁ ਰੀਤ ਕਮੇਟੀ ਦੇ ਕਨਵੀਨਰ ਪ੍ਰੋ: ਤੇਜਾ ਸਿੰਘ ਦੇ ਦਸਤਖ਼ਤਾਂ ਹੇਠ ਸ੍ਰੋਮਣੀ ਕਮੇਟੀ ਦੀ ਸੇਵਾ ਵਿੱਚ ਭੇਜ ਕੇ ਬੇਨਤੀ ਕੀਤੀ ਕਿ ਇਸ ਖਰੜੇ ਨੂੰ ਛਪਵਾ ਕੇ ਸੰਗਤਾਂ ਦੀ ਸੇਵਾ ਵਿਚ ਅੰਤਮ ਵਾਰ ਰਾਏ ਦੇਣ ਲਈ ਭੇਜਿਆ ਜਾਵੇ ਅਤੇ ਨਾਲ ਹੀ ਇਸ ਖਰੜੇ ਨੂੰ ਵਿਚਾਰਨ ਅਤੇ ਅੰਤਮ ਪ੍ਰਵਾਨਗੀ ਦੇਣ ਲਈ ਸ੍ਰੋਮਣੀ ਕਮੇਟੀ ਦਾ ਖ਼ਾਸ ਇਜਲਾਸ ਬੁਲਾਇਆ ਜਾਵੇ।

ਸ਼੍ਰੋਮਣੀ ਕਮੇਟੀ ਦੀ ਰਹੁ-ਰੀਤ ਸਬ-ਕਮੇਟੀ ਦੇ ਇਸ ਰਹਿਤ ਮਰਯਾਦਾ ਦੇ ਖਰੜੇ ਨੂੰ ‘ਸਰਬ ਹਿੰਦ ਸਿੱਖ ਮਿਸ਼ਨ ਬੋਰਡ’ ਨੇ ਆਪਣੇ ਮਤਾ ਨੰਬਰ 1 ਮਿਤੀ 1.8.1936 ਰਾਹੀਂ ਪ੍ਰਵਾਨਗੀ ਦਿੱਤੀ। ਮਗਰੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਮਤਾ ਨੰਬਰ 149 ਮਿਤੀ 12.10.1936 ਰਾਹੀਂ ਇਸ ਨੂੰ ਪ੍ਰਵਾਨਗੀ ਦੇ ਦਿੱਤੀ ਸੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਸਲਾਹਕਾਰ ਕਮੇਟੀ ਨੇ ਮੁੜ ਆਪਣੀ ਇਕੱਤਰਤਾ ਮਿਤੀ 7.1.1945 ਵਿਖੇ ਇਸ ਨੂੰ ਵਿਚਾਰ ਕੇ ਇਸ ਵਿਚ ਕੁਝ ਵਾਧੇ ਘਾਟੇ ਕਰਨ ਦੀ ਸਿਫ਼ਾਰਸ਼ ਕੀਤੀ, ਜਿਸ ਦੀ ਪ੍ਰਵਾਨਗੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਇਕੱਤਰਤਾ ਮਿਤੀ 3.2.1945 ਨੂੰ ਮਤਾ ਨੰਬਰ 97 ਰਾਹੀਂ ਦੇ ਦਿੱਤੀ ਸੀ। ਇਹ ਸਾਰੇ ਤੱਥ ਸਿੱਖ ਰਹਿਤ ਮਰਯਾਦਾ ਦੇ ਪਹਿਲੇ 4 ਸਫ਼ਿਆਂ ਉੱਤੇ ਹੀ ਦਰਜ ਹਨ। ਇਸ ਲਈ ਕੋਈ ਇਹ ਨਹੀਂ ਕਹਿ ਸਕਦਾ ਕਿ ‘ਸਿੱਖ ਰਹਿਤ ਮਰਯਾਦਾ’ ਅਜੇ ਇਕ ਖਰੜਾ ਹੈ ਤੇ ਇਸ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਣ ਤੱਕ ਕੋਈ ਪ੍ਰਵਾਨਗੀ ਨਹੀਂ ਦਿਤੀ। ਖਰੜੇ ਅਤੇ ਮਗਰੋਂ ਦੇ ਵਾਧੇ ਘਾਟੇ ਦੋਨਾਂ ਦੀ ਪ੍ਰਵਾਨਗੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਪਰਲੇ ਹਵਾਲੇ ਮੁਤਾਬਕ ਸਾਲ 1936 ਅਤੇ 1945 ਵਿਚ ਦੇ ਦਿੱਤੀ ਹੋਈ ਹੈ। ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵੱਲੋਂ ਛਾਪੀ ਜਾ ਰਹੀ ਸਿੱਖ ਰਹਿਤ ਮਰਯਾਦਾ ਦਾ ਟਾਈਟਲ ਪੰਨਾ ਵੇਖੋ, ਜਿਸ ’ਤੇ ਸਾਫ਼ ਲਿਖਿਆ ਹੈ ‘ਸਿੱਖ ਰਹਿਤ ਮਰਯਾਦਾ (ਪੰਥ ਪ੍ਰਵਾਣਿਤ)’।

ਐਨੇ ਸਬੂਤ ਹੋਣ ਦੇ ਬਾਵਜੂਦ ਜਿਸ ਸਿੱਖ ਰਹਿਤ ਮਰਯਾਦਾ ਨੂੰ ਤਿਆਰ ਅਤੇ ਪ੍ਰਵਾਣ ਕਰਨ ਲਈ ਚੌਦਾਂ ਸਾਲ ਲੱਗੇ; ਜਿਸ ਵਿੱਚ ਰਹੁ ਰੀਤ ਕਮੇਟੀ ਦੇ 25 ਮੈਂਬਰਾਂ ਤੋਂ ਇਲਾਵਾ ਸਮੇਂ ਸਮੇਂ ਸਿਰ ਹੋਰ ਵਿਦਵਾਨ ਵੀ ਮੀਟਿੰਗਾਂ ’ਚ ਹਿੱਸਾ ਲੈਂਦੇ ਰਹੇ, ਦੇਸ਼ ਵਿਦੇਸ਼ ’ਚ ਬੈਠੇ ਕਿੰਨੇ ਹੀ ਗੁਰਸਿੱਖਾਂ ਨੇ ਆਪਣੇ ਸੁਝਾਉ ਭੇਜੇ, ਉਨ੍ਹਾਂ ਸਾਰਿਆਂ ਦੇ ਸੁਝਾਵਾਂ ’ਤੇ ਦੀਰਘ ਵੀਚਾਰ ਉਪਰੰਤ ਇਹ ਸਿੱਖ ਰਹਿਤ ਮਰਯਾਦਾ ਪ੍ਰਵਾਨ ਹੋਈ, ਉਸ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਵੱਲੋਂ ਬੜੀ ਗ਼ੈਰ ਜ਼ਿੰਮੇਦਾਰੀ ਨਾਲ ਪ੍ਰਵਾਣ ਨਾ ਹੋਣ ਅਤੇ ਕੇਵਲ ਖਰੜਾ ਕਹਿਣ ਦੇ ਹੇਠ ਲਿਖੇ ਕਾਰਨ ਹਨ। ਸਾਰੇ ਨੁਕਤੇ ਲਿਖਣ ਨਾਲ ਤਾਂ ਇਹ ਲੇਖ ਬੜਾ ਲੰਬਾ ਹੋ ਜਾਵੇਗਾ, ਇਸ ਲਈ ਕੇਵਲ ਕੁਝ ਚੋਣਵੇਂ ਨੁਕਤੇ ਹੀ ਪਾਠਕਾਂ ਦੇ ਸਾਹਮਣੇ ਰੱਖੇ ਜਾ ਰਹੇ ਹਨ।

  1. ਗੁਰਦੁਆਰੇ ਸਿਰਲੇਖ ਹੇਠ ਭਾਗ (ਹ) ਵਿੱਚ ਇਉਂ ਲਿਖਿਆ ਹੈ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ। ਗੁਰਦੁਆਰੇ ਵਿੱਚ ਕੋਈ ਮੂਰਤੀ-ਪੂਜਾ ਜਾਂ ਹੋਰ ਗੁਰਮਤਿ ਦੇ ਵਿਰੁੱਧ ਕੋਈ ਰੀਤੀ ਜਾਂ ਸੰਸਕਾਰ ਨਾ ਹੋਵੇ, ਨਾ ਹੀ ਕੋਈ ਅਨਮਤਿ ਦਾ ਤਿਉਹਾਰ ਮਨਾਇਆ ਜਾਵੇ।
  2. ਅਖੰਡ ਪਾਠ ਸਿਰਲੇਖ ਹੇਠ ਭਾਗ (ੲ) : ਅਖੰਡਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਵੇਲੇ ਕੁੰਭ, ਜੋਤ ਨਲੀਏਰ ਆਦਿ ਰੱਖਣਾ ਜਾਂ ਨਾਲ ਨਾਲ ਜਾਂ ਵਿੱਚ ਵਿੱਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰੱਖਣਾ ਮਨਮੱਤ ਹੈ।
  3. ਗੁਰਮਤਿ ਦੀ ਰਹਿਣੀ ਸਿਰਲੇਖ ਹੇਠ ਭਾਗ (ੳ) : ਇਕ ਅਕਾਲ ਪੁਰਖ਼ ਤੋਂ ਛੁੱਟ ਕਿਸੇ ਦੇਵੀ ਦੇਵਤੇ ਦੀ ਉਪਾਸ਼ਨਾ ਨਹੀਂ ਕਰਨੀ।
  4. ਮ੍ਰਿਤਕ ਸੰਸਕਾਰ ਸਿਰਲੇਖ ਹੇਠ ਭਾਗ (ਕ) : ਮ੍ਰਿਤਕ ਪ੍ਰਾਣੀ ਦਾ ‘ਅੰਗੀਠਾ’ ਠੰਡਾ ਹੋਣ ’ਤੇ ਸਾਰੀ ਦੇਹ ਦੀ ਭਸਮ ਅਸਥੀਆਂ ਸਮੇਤ ਉਠਾ ਕੇ ਨੇੜੇ ਵਗਦੇ ਜਲ ਵਿਚ ਪ੍ਰਵਾਹ ਕਰ ਦਿੱਤੀ ਜਾਵੇ ਜਾਂ ਉੱਥੇ ਹੀ ਦੱਬ ਕੇ ਜ਼ਿਮੀ ਬਰਾਬਰ ਕਰ ਦਿੱਤੀ ਜਾਵੇ। ਸਸਕਾਰ ਵਾਲੀ ਥਾਂ ’ਤੇ ਮ੍ਰਿਤਕ ਪ੍ਰਾਣੀ ਦੀ ਯਾਦਗਰ ਬਣਾਉਣੀ ਮਨ੍ਹਾ ਹੈ। (ਖ) : ਅੱਧ ਮਾਰਗ ਸਿਆਪਾ, ਫੂਹੜੀ, ਦੀਵਾ ਪਿੰਡ, ਕਿਰਿਆ, ਸ਼ਰਾਧ, ਬੁੱਢਾ ਮਰਨਾ ਆਦਿ ਕਰਨਾ ਮਨਮਤਿ ਹੈ। ਅੰਗੀਠੇ ਵਿੱਚੋਂ ਫੁੱਲ ਚੁਗ ਕੇ ਗੰਗਾ ਪਤਾਲਪੁਰੀ, ਕਰਤਾਰਪੁਰ ਸਾਹਿਬ ਆਦਿਕ ਥਾਂਵਾਂ ’ਤੇ ਜਾ ਕੇ ਪਾਉਣਾ ਮਨਮੱਤ ਹੈ।
  5. ਅੰਮ੍ਰਿਤ ਸੰਸਕਾਰ ਸਿਰਲੇਖ ਹੇਠ ਭਾਗ (ਅ) : ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ। ਘੱਟ ਤੋਂ ਘੱਟ ਛੇ ਤਿਆਰ-ਬਰ-ਤਿਆਰ ਸਿੰਘ ਹੋਣ, ਜਿਨ੍ਹਾਂ ਵਿੱਚੋਂ ਇਕ ਤਾਬਿਆ ਬੈਠੇ ਤੇ ਬਾਕੀ ਪੰਜ ਅੰਮ੍ਰਿਤ ਛਕਾਣ ਲਈ ਹੋਣ। ਇਨ੍ਹਾਂ ਵਿੱਚ ਸਿੰਘਣੀਆਂ ਵੀ ਹੋ ਸਕਦੀਆਂ ਹਨ, ਆਦਿ।

ਇਹ ਉਕਤ ਲਿਖੇ ਕੁਝ ਨੁਕਤੇ ਹਨ, ਜਿਨ੍ਹਾਂ ਦੀ ਪ੍ਰਕਾਸ਼ ਸਿੰਘ ਬਾਦਲ, ਅਮਰਜੀਤ ਸਿੰਘ ਚਾਵਲਾ ਸਮੇਤ ਬਾਦਲ ਦੇ ਬਹੁਤਾਤ ਮੌਜੂਦਾ ਸਿਰਕੱਢ ਆਗੂ ਅਤੇ ਇਨ੍ਹਾਂ ਦੇ ਸਹਿਯੋਗੀ (ਸੰਤ) ਸਮਾਜ ਵਾਲੇ ਸ਼ਰੇਆਮ ਅਵੱਗਿਆ ਕਰਕੇ ਸਿੱਖ ਰਹਿਤ ਮਰਯਾਦਾ ਦੀਆਂ ਧੱਜੀਆਂ ਉਡਾਉਂਦੇ ਹਨ। ਅਮਰਜੀਤ ਸਿੰਘ ਚਾਵਲਾ ਵਰਗੇ ਜਿਹੜੇ ਗੋਟੇ ਵਾਲੀ ਲਾਲ ਚੁੰਨੀ ਲੈ ਕੇ ਜਗਰਾਤਿਆਂ ’ਚ ਮਾਤਾ ਦੀਆਂ ਭੇਟਾ ਗਾਉਂਦੇ ਰਹੇ ਹੋਣ, (ਸੰਤ) ਸਮਾਜ ਜਿਨ੍ਹਾਂ ਦੇ ਕੋਟੇ ’ਚੋਂ ਉਸ ਨੂੰ ਸ੍ਰੋਮਣੀ ਕਮੇਟੀ ਦੀ ਟਿਕਟ ਮਿਲੀ ਹੋਵੇ, ਉਹ ਸਿੱਖ ਰਹਿਤ ਮਰਯਾਦਾ ਦੀਆਂ ਬਹੁਤਾਤ ਮੱਦਾਂ ਦੀਆਂ ਧੱਜੀਆਂ ਉਡਾਉਂਦੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਗ੍ਰੰਥਾਂ ਦਾ ਪ੍ਰਕਾਸ਼ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨੂੰ ਚੈਲੰਜ ਕਰਦੇ ਅਤੇ ਅਧੂਰਾ ਦੱਸਣ ਦਾ ਯਤਨ ਕਰਦੇ ਹਨ। ਬੀਬੀਆਂ ਦਾ ਅੰਮ੍ਰਿਤ ਛਕਾਉਣ ਸਮੇਂ ਪੰਜ ਪਿਆਰਿਆਂ ’ਚ ਸ਼ਾਮਲ ਕਰਨਾ ਤਾਂ ਇੱਕ ਪਾਸੇ ਰਿਹਾ ਦਰਬਾਰ ਸਾਹਿਬ ’ਚ ਧੁਲਾਈ, ਕੀਰਤਨ ਕਰਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਹੁਕਮਨਾਮਾ ਲੈਣ ਦੀ ਵੀ ਮਨਾਹੀ ਹੈ। ਪ੍ਰਕਾਸ਼ ਸਿੰਘ ਬਾਦਲ ਖ਼ੁਦ ਸਿਰ ’ਤੇ ਮੁਕਟ ਪਹਿਣ ਕੇ ਹਵਨ ਕਰਦਾ ਰਿਹਾ ਹੈ; ਸਿੱਖ ਵਿਰੋਧੀ ਕੋਈ ਐਸਾ ਡੇਰਾ ਨਹੀਂ, ਜਿੱਥੇ ਉਹ ਨਤਮਸਤਕ ਨਹੀਂ ਹੁੰਦਾ ਤੇ ਕਹਿੰਦਾ ਰਹਿੰਦਾ ਸੀ ਕਿ ਮੈਨੂੰ ਇੱਥੇ ਜੋ ਸਕੂਨ ਮਿਲਦਾ ਹੈ, ਉਹ ਹੋਰ ਕਿਧਰੇ ਨਹੀਂ ਮਿਲਦਾ ਭਾਵ ਗੁਰੂ ਗ੍ਰੰਥ ਸਾਹਿਬ ਜੀ ਅਤੇ ਅਕਾਲ ਪੁਰਖ ਨਾਲੋਂ ਇਨ੍ਹਾਂ ਪਾਖੰਡੀ ਸਾਧਾਂ ਵਿੱਚ ਉਸ ਦੀ ਵੱਧ ਸ਼ਰਧਾ ਰਹੀ ਹੈ। ਅਕਾਲੀ ਦਲ ਨੇ ਇਸ ਸਮੇਂ ਐਨਾ ਦਬਦਬਾ ਬਣਾਇਆ ਹੋਇਆ ਹੈ ਕਿ ਕਿਸੇ ਜਥੇਦਾਰ ਜਾਂ ਸਿੱਖ ਪ੍ਰਚਾਰਕ ਦੀ ਹਿੰਮਤ ਨਹੀਂ ਕਿ ਉਹ ਸਿੱਖ ਰਹਿਤ ਮਰਯਾਦਾ ਦੀ ਹੋ ਰਹੀ ਉਲੰਘਣਾ ਬਾਰੇ ਬੋਲ ਜਾਵੇ ਸਗੋਂ ਕਈ ਸਮੇਂ ਤਾਂ ਅਜਿਹੀ ਮਨਮਤ ਹੁੰਦੇ ਸਮੇਂ ਤਖ਼ਤਾਂ ਦੇ ਜਥੇਦਾਰ ਖ਼ੁਦ ਉੱਥੇ ਮੌਜੂਦ ਹੁੰਦੇ ਹਨ; ਜਿਵੇਂ ਕਿ 3 ਮਈ 2023 ਨੂੰ ਪ੍ਰਕਾਸ਼ ਸਿੰਘ ਬਾਦਲ ਦੀਆਂ ਅਸਥੀਆਂ ਕੀਰਤਪੁਰ ਵਿਖੇ ਜਲ ਪ੍ਰਵਾਹ ਕਰਦੇ ਸਮੇਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਰਘਬੀਰ ਸਿੰਘ, ਜਿਹੜੇ ਅੱਜ ਕੱਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਪੱਕੇ ਜਥੇਦਾਰ ਬਣਾ ਦਿੱਤੇ ਗਏ ਹਨ; ਖ਼ੁਦ ਆਪ ਉੱਥੇ ਮੌਜੂਦ ਸਨ। ਇਸ ਸਥਿਤੀ ’ਚ ਜਿਹੜੇ ਬਿਆਨ ਇਸ ਤੋਂ ਪਹਿਲਾਂ ਉਨ੍ਹਾਂ ਨੇ ਸਿੱਖ ਰਹਿਤ ਮਰਯਾਦਾ ਲਾਗੂ ਕਰਨ ਲਈ ਦਿੱਤੇ ਸਨ ਜਾਂ ਆਉਣ ਵਾਲੇ ਸਮੇਂ ’ਚ ਬਤੌਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿੱਖ ਰਹਿਤ ਮਰਯਾਦਾ ਲਾਗੂ ਕਰਨ ਦਾ ਸੰਦੇਸ਼ ਕੌਮ ਨੂੰ ਦੇਣਗੇ; ਉਨ੍ਹਾਂ ਦਾ ਕੌਮ ’ਤੇ ਕਿੰਨਾਂ ਕੁ ਅਸਰ ਹੋ ਸਕਦਾ ਹੈ, ਇਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਅਜਿਹੇ ਪ੍ਰਸ਼ਨਾਂ ਦਾ ਉੱਤਰ ਅਮਰਜੀਤ ਸਿੰਘ ਚਾਵਲਾ ਕੋਲ ਕੇਵਲ ਇੱਕੋ ਹੈ ਕਿ ਉਹ ਸਿੱਖ ਰਹਿਤ ਮਰਯਾਦਾ ਨੂੰ ਪੰਥ ਪ੍ਰਵਾਣਿਤ ਨਾ ਹੋਣ ਅਤੇ ਕੇਵਲ ਖਰੜਾ ਹੀ ਕਹਿ ਕੇ ਇੱਕ ਪਰਵਾਰ ਦੀਆਂ ਖ਼ੁਸ਼ੀਆਂ ਹਾਸਲ ਕਰਨ। ਸਿੱਖ ਰਹਿਤ ਮਰਯਾਦਾ ਇੱਕ ਐਸਾ ਦਸਤਾਵੇਜ਼ ਹੈ, ਜਿਸ ਨੂੰ ਤਿਆਰ ਕਰਨ ਲਈ ਕੌਮ ਨੇ ਜਿੰਨਾ ਮੰਥਨ ਕੀਤਾ ਅਤੇ ਦੁਨੀਆਂ ਦੇ ਕਿਸੇ ਵੀ ਕੋਨੇ ’ਚ ਬੈਠੇ ਕਿਸੇ ਵੀ ਸਿੱਖ ਤੋਂ ਆਈ ਹਰ ਰਾਇ ’ਤੇ ਡੂੰਘੀ ਵਿਚਾਰ ਚਰਚਾ ਹੋਣ ਪਿੱਛੋਂ ਲੋੜੀਂਦੀ ਸੋਧ ਸੁਧਾਈ ਕੀਤੀ। 14 ਸਾਲ ਦੀ ਬੜੀ ਲੰਬੀ ਘਾਲਣਾ ਮਗਰੋਂ ਤਿਆਰ ਕੀਤੀ ਗਈ ਸਿੱਖ ਰਹਿਤ ਮਰਿਆਦਾ ਨੂੰ ਇੱਕ ਪਰਵਾਰ ਤੋਂ ਵਾਰਿਆ ਜਾ ਰਿਹਾ ਹੈ। ਜੇ ਕੌਮ ਨੇ ਅਜਿਹੇ ਮੈਂਬਰਾਂ ਵੱਲ ਧਿਆਨ ਨਾ ਦਿੱਤਾ ਤਾਂ ਜਿਸ ਤਰ੍ਹਾਂ 15 ਸਾਲਾਂ ਦੀ ਮਿਹਨਤ ਨਾਲ ਤਿਆਰ ਕੀਤਾ ਨਾਨਕਸ਼ਾਹੀ ਕੈਲੰਡਰ ਇਨ੍ਹਾਂ ਧੁੰਮਾ+ ਮੱਕੜ ਦੋ ਮੈਂਬਰੀ ਕਮੇਟੀ ਦੇ ਆਧਾਰ ’ਤੇ ਕੁਝ ਕੁ ਮਿੰਟ ਚੱਲੀ ਇਕ ਮੀਟਿੰਗ ’ਚ ਖਤਮ ਕਰ ਦਿੱਤਾ, ਉਸੇ ਤਰ੍ਹਾਂ ਸਿੱਖ ਰਹਿਤ ਮਰਯਾਦਾ ਦਾ ਵੀ ਭੋਗ ਪਾ ਦੇਣਾ ਹੈ, ਇਸ ਲਈ ਕੌਮ ਨੂੰ ਸੁਚੇਤ ਰਹਿਣ ਦੀ ਲੋੜ ਹੈ।

ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ (ਸੰਤ) ਹਰਚੰਦ ਸਿੰਘ ਲੌਂਗੋਵਾਲ ਦਾ ਕਤਲ ਹੋਇਆ ਸੀ ਉਸ ਸਮੇਂ ਸ੍ਰੋਮਣੀ ਕਮੇਟੀ ਦਾ ਪ੍ਰਚਾਰਕ ਗਿਆਨੀ ਮੇਵਾ ਸਿੰਘ, ਜਿਸ ਨੇ ਦਮਦਮੀ ਟਕਸਾਲ ਤੋਂ ਧਾਰਮਿਕ ਵਿਦਿਆ ਪ੍ਰਾਪਤ ਕੀਤੀ ਸੀ; ਉਹ ਬਠਿੰਡਾ ਸ਼ਹਿਰ ’ਚ ਇੱਕ ਹਫ਼ਤੇ ਦੇ ਪ੍ਰਚਾਰਕ ਦੌਰੇ ’ਤੇ ਸਨ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ (ਸੰਤ) ਲੌਂਗਵਾਲ ਦੀਆਂ ਅਸਥੀਆਂ ਚੁਗ ਕੇ ਕੀਰਤਪੁਰ ਜਲ ਪ੍ਰਵਾਹ ਕਰਨ ਲਈ ਰੂਟ ਪਲੈਨ ਬਣ ਗਿਆ ਹੈ ਤਾਂ ਉਨ੍ਹਾਂ ਝੱਟ ਪਿੰਡ ਲੌਂਗੋਵਾਲ ਪਹੁੰਚ ਕੇ ਇਸ ਦਾ ਸਖ਼ਤ ਵਿਰੋਧ ਕੀਤਾ। ਬਠਿੰਡਾ ਵਿਖੇ ਆਪਣੇ ਦੀਵਾਨਾਂ ’ਚ ਉਹ ਦੱਸਦੇ ਹੁੰਦੇ ਸਨ ਕਿ ਕੁਝ ਵੱਡੇ ਅਕਾਲੀ ਆਗੂ ਅਤੇ ਉਨ੍ਹਾਂ ਦੇ ਨੇੜਲੇ ਸਾਥੀ ਜ਼ੋਰ ਪਾਉਣ ਲੱਗੇ ਕਿ ਸਾਡਾ (ਸੰਤ) ਜੀ ਨਾਲ ਪਿਆਰ ਸੀ ਤੇ ਉਨ੍ਹਾਂ ਦੀ ਇੱਛਾ ਹੈ ਕਿ ਆਪਣੀਆਂ ਭਾਵਨਾਵਾਂ ਅਨੁਸਾਰ ਸਾਰੀਆਂ ਰਸਮਾਂ ਨਿਭਾ ਕੇ ਉਨ੍ਹਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਅਰਪਣ ਕਰੀਏ। ਗਿਆਨੀ ਮੇਵਾ ਸਿੰਘ ਜੀ ਨੇ ਉਨ੍ਹਾਂ ਨੂੰ ਬੜੀ ਹਲੀਮੀ ਤੇ ਦ੍ਰਿੜ੍ਹਤਾ ਨਾਲ ਕਿਹਾ ਸ਼ਾਇਦ ਤੁਹਾਨੂੰ ਪਤਾ ਨਾ ਹੋਵੇ ਕਿ ਉਨ੍ਹਾਂ ਨਾਲ ਮੇਰਾ ਪਿਆਰ ਤੁਹਾਡੇ ਨਾਲੋਂ ਕਿਤੇ ਵੱਧ ਸੀ, ਪਰ ਤੁਸੀਂ ਜ਼ਰਾ ਸੋਚੋ ਕਿ (ਸੰਤ) ਲੌਂਗੋਵਾਲ ਜੀ ਇੱਕ ਅੰਮ੍ਰਿਤਧਾਰੀ ਸਿੱਖ ਸਨ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਰਹੇ ਅਤੇ ਮੌਜੂਦਾ ਸਮੇਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ; ਜੇ ਉਨ੍ਹਾਂ ਦੀਆਂ ਹੀ ਅੰਤਮ ਰਸਮਾਂ ਸਮੇਂ ਸਿੱਖ ਰਹਿਤ ਮਰਿਯਾਦਾ ਦੀਆਂ ਧੱਜੀਆਂ ਉਡਾਈਆਂ ਜਾਣ ਤਾਂ ਇਹ ਉਨ੍ਹਾਂ ਦਾ ਸਤਿਕਾਰ ਨਹੀਂ ਬਲਕਿ ਤ੍ਰਿਸਕਾਰ ਹੋਵੇਗਾ। ਗਿਆਨੀ ਮੇਵਾ ਸਿੰਘ ਜੀ ਦੀਆਂ ਦਲੀਲਾਂ ਸੁਣ ਕੇ ਸਭ ਨੂੰ ਝੁਕਣਾ ਪਿਆ, ਉਨ੍ਹਾਂ ਦਾ ਅੰਗੀਠਾ ਉੱਥੇ ਹੀ ਦੱਬ ਕੇ ਜ਼ਿਮੀ ਬਰਾਬਰ ਕਰ ਦਿੱਤੀ ਗਈ। ਬਠਿੰਡਾ ਵਿਖੇ ਚੱਲੇ ਬਾਕੀ ਦੇ ਦੀਵਾਨਾਂ ’ਚ ਗਿਆਨੀ ਜੀ ਇਹ ਸਾਰੀ ਕਹਾਣੀ ਆਪਣੀ ਕਥਾ ਦੌਰਾਨ ਦੁਹਰਾਉਂਦੇ ਰਹਿੰਦੇ ਸਨ ਅਤੇ ਸੰਗਤਾਂ ਤੋਂ ਪ੍ਰਣ ਕਰਵਾਉਂਦੇ ਕਿ (1) ਮੈਂ ਵਾਅਦਾ ਕਰਦਾ ਹਾਂ ਕਿ ਆਪਣੇ ਕਿਸੇ ਵੀ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਦਾ ਅੰਗੀਠਾ ਨਹੀਂ ਫਰੋਲਾਂਗਾ ਅਤੇ ਨਾ ਹੀ ਉਨ੍ਹਾਂ ਦੀਆਂ ਅਸਥੀਆਂ ਕੀਰਤਪੁਰ, ਹਰਿਦੁਆਰ ਆਦਿਕ ਕਿਸੇ ਖ਼ਾਸ ਸਥਾਨਾਂ ’ਤੇ ਵਿਸ਼ੇਸ਼ ਤੌਰ ’ਤੇ ਪਾਉਣ ਲਈ ਜਾਵਾਂਗਾ। (2) ਆਪਣੇ ਪਰਵਾਰ ਨੂੰ ਤਾਕੀਦ ਕਰਕੇ ਜਾਵਾਂਗਾ ਕਿ ਮੇਰਾ ਅੰਤਮ ਸੰਸਕਾਰ ਸਿੱਖ ਰਹਿਤ ਮਰਯਾਦਾ ਅਨੁਸਾਰ ਕੀਤਾ ਜਾਵੇ। ਮੇਰਾ ਅੰਗੀਠਾ ਨਾ ਫਰੋਲਿਆ ਜਾਵੇ ਅਤੇ ਨਾ ਹੀ ਵਿਸ਼ੇਸ਼ ਤੌਰ ’ਤੇ ਮੇਰੀਆਂ ਅਸਥੀਆਂ ਕੀਰਤਪੁਰ ਆਦਿਕ ਕਿਸੇ ਖ਼ਾਸ ਸਥਾਨ ’ਤੇ ਪਾਉਣ ਲਈ ਜਾਇਆ ਜਾਵੇ। ਉਨ੍ਹਾਂ ਇੱਕ ਰਜਿਸਟਰ ਵੀ ਲਾਇਆ ਜਿਸ ਵਿੱਚ ਉਕਤ ਪ੍ਰਣ ਲਿਖੇ ਸਨ ਤੇ ਹੇਠਾਂ ਉਨ੍ਹਾਂ ਸਾਰੇ ਸਿੰਘ ਸਿੰਘਣੀਆਂ ਨੂੰ ਦਸਤਖ਼ਤ ਕਰਨ ਲਈ ਕਹਿੰਦੇ, ਜਿਹੜੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਪਣੇ ਇਸ ਪ੍ਰਣ ’ਤੇ ਪਹਿਰਾ ਦੇਣਗੇ। ਮੈਂ ਖ਼ੁਦ ਉਨ੍ਹਾਂ ’ਚ ਸ਼ਾਮਲ ਸੀ, ਜਿਨ੍ਹਾਂ ਨੇ ਇਸ ਪ੍ਰਣ ’ਤੇ ਆਪਣੀ ਸਵੈਇੱਛਾ ਨਾਲ ਦਸਤਖ਼ਤ ਕੀਤੇ ਸਨ। ਜਦ ਮੈਂ ਆਪਣੀ ਇਹ ਪੁਰਾਣੀ ਯਾਦਦਾਸਤ ਭਾਈ ਸੁਖਦੇਵ ਸਿੰਘ ਵਾਸੀ ਪਿੰਡ ਭਲਵਾਨ ਜ਼ਿਲ੍ਹਾ ਸੰਗਰੂਰ ਨਾਲ ਸਾਂਝੀ ਕੀਤੀ ਤਾਂ ਉਨ੍ਹਾਂ ਮੇਰੇ ਉਕਤ ਕਥਨ ’ਤੇ ਸਹੀ ਪਾਉਂਦਿਆਂ ਦੱਸਿਆ ਕਿ ਉਨ੍ਹਾਂ (ਭਾਈ ਸੁਖਦੇਵ ਸਿੰਘ) ਦਾ ਪਿੰਡ ਭਲਵਾਨ, ਲੌਂਗੋਵਾਲ ਤੋਂ 27 ਕੁ ਕਿਲੋਮੀਟਰ ਦੀ ਦੂਰੀ ’ਤੇ ਹੈ ਅਤੇ ਜਿਸ ਸਮੇਂ ਗਿਆਨੀ ਮੇਵਾ ਸਿੰਘ ਲੌਂਗੋਵਾਲ ਪਹੁੰਚੇ ਤੇ (ਸੰਤ) ਲੌਂਗੋਵਾਲ ਦੀਆਂ ਅਸਥੀਆਂ ਚੁਗਣ ਦੀ ਹੋਣ ਵਾਲੀ ਮਨਮਤਿ ਨੂੰ ਰੋਕਿਆ ਤਾਂ ਉਹ ਉਸ ਸਮੇਂ ਉਨ੍ਹਾਂ ਦੇ ਨਾਲ ਸੀ ।

ਸਿੱਖ ਰਹਿਤ ਮਰਿਆਦਾ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਸਾਲ ਲੱਖਾਂ ਦੀ ਗਿਣਤੀ ’ਚ ਛਾਪ ਕੇ ਵੰਡਦੀ ਹੈ ਤੇ ਪ੍ਰਚਾਰ ਰਹੀ ਹੈ। ਤਖਤਾਂ ਦੇ ਜਥੇਦਾਰ ਸਿੱਖ ਰਹਿਤ ਮਰਿਆਦਾ ’ਤੇ ਪਹਿਰਾ ਦੇਣ ਦੀ ਗੱਲ ਕਰਦੇ ਆ ਰਹੇ ਹਨ। ਉਸੇ ਸਿੱਖ ਰਹਿਤ ਮਰਿਆਦਾ ਨੂੰ ਸ੍ਰੋਮਣੀ ਕਮੇਟੀ ਮੈਂਬਰ ਹੀ ਜੇ ਖਰੜਾ ਦੱਸ ਕੇ ਰੱਦ ਕਰਦਾ ਹੈ ਤਾਂ ਉਸ ’ਤੇ ਭਾਈ ਗੁਰਦਾਸ ਜੀ ਦੀ 35ਵੀਂ ਵਾਰ ਦੀ 22ਵੀਂ ਪਉੜੀ ਪੂਰੀ ਤਰ੍ਹਾਂ ਢੁੱਕਦੀ ਹੈ  ‘‘ਜੇ, ਮਾਉ ਪੁਤੈ ਵਿਸੁ ਦੇ; ਤਿਸਤੇ ਕਿਸੁ ਪਿਆਰਾ। ਜੇ, ਘਰੁ ਭੰਨੈ ਪਾਹਰੂ; ਕਉਣੁ ਰਖਣਹਾਰਾ। ਬੇੜੀ ਡੋਬੈ ਪਾਤਣੀ; ਕਿਉ ਪਾਰਿ ਉਤਾਰਾ। ਆਗੂ ਲੈ ਉਝੜਿ ਪਵੈ; ਕਿਸੁ ਕਰੈ ਪੁਕਾਰਾ। ਜੇ ਕਰਿ, ਖੇਤੈ ਖਾਇ ਵਾੜਿ; ਕੋ ਲਹੈ ਨ ਸਾਰਾ। ਜੇ, ਗੁਰ ਭਰਮਾਏ ਸਾਂਗੁ ਕਰਿ; ਕਿਆ ਸਿਖੁ ਵਿਚਾਰਾ ॥22॥’’ ਭਾਵ ਜਿਵੇਂ ਅਗਰ ਮਾਂ ਹੀ ਪੁੱਤਰ ਨੂੰ ਜ਼ਹਰ ਦੇਵੇ। ਪਹਿਰੇਦਾਰ ਹੀ ਘਰ ਨੂੰ ਸੰਨ੍ਹ ਲਾ ਲਵੇ। ਮਲਾਹ ਹੀ ਬੇੜੀ ਡੋਬਣ ਲੱਗ ਜਾਵੇ। ਵਾੜ ਹੀ ਖੇਤ ਨੂੰ ਖਾਣ ਲੱਗ ਪਵੇ। ਆਗੂ ਹੀ ਕੌਮ ਨੂੰ ਔਝੜੇ ਪਾਵੇ ਤਾਂ ਪੁਕਾਰ ਕਿਸ ਅੱਗੇ ਕਰੀਏ ? ਇਸ ਲਈ ਪੰਥ ਦਰਦੀਆਂ ਨੂੰ ਹੀ ਚਾਹੀਦਾ ਹੈ ਕਿ ਅਜਿਹੇ ਆਗੂਆਂ ਤੋਂ ਜਿੰਨਾ ਛੇਤੀ ਹੋਵੇ ਛੁਟਕਾਰਾ ਪਾਉਣ।

ਭਾਈ ਮਨੀ ਸਿੰਘ ਦੀ ਸ਼ਹੀਦੀ ਦੇ ਪਿਛੋਕੜ ਕਾਰਨ

0

ਭਾਈ ਮਨੀ ਸਿੰਘ ਦੀ ਸ਼ਹੀਦੀ ਦੇ ਪਿਛੋਕੜ ਕਾਰਨ

ਗਿਆਨੀ ਅਵਤਾਰ ਸਿੰਘ

ਜ਼ਮੀਨੀ ਸੰਘਰਸ਼ ਤੇ ਸ਼ਹਾਦਤਾਂ : ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ (9 ਜੂਨ 1716) ਤੋਂ ਬਾਅਦ ਵੀ ਦਿੱਲੀ ਦੇ ਬਾਦਸ਼ਾਹ ਫ਼ਾਰੁਖ਼ਸੀਅਰ ਨੇ ਸਿੱਖਾਂ ਨੂੰ ਖ਼ਤਮ ਕਰਨ ਲਈ ਲਹੌਰ ਦੇ ਸੂਬੇਦਾਰ ਅਬਦੁਸ ਸਮਦ ਖ਼ਾਨ ਨੂੰ ਵਧੇਰੇ ਅਧਿਕਾਰ ਦਿੱਤੇ ਸਨ; ਜਿਵੇਂ ਕਿ ਸਿੱਖਾਂ ਨੂੰ ਗ੍ਰਿਫ਼ਤਾਰ ਕਰਵਾਉਣ ਦੇ 10 ਰੁਪਏ, ਸਿਰ ਲਿਆਉਣ ਦੇ 25 ਰੁਪਏ ਤੇ ਜਿਊਂਦਾ ਫੜਨ ਦੇ 100 ਰੁਪਏ ਇਨਾਮ ਵਜੋਂ ਦੇ ਰਿਹਾ ਸੀ। ਚਾਪਲੂਸ ਮੁਸਲਮਾਨ ਤੇ ਹਿੰਦੂ ਇਹ ਇਨਾਮ ਪਾਉਣ ਲਈ ਰੋਜ਼ਾਨਾ ਸਿੱਖਾਂ ਦੀ ਭਾਲ ਵਿੱਚ ਰਹਿੰਦੇ ਸਨ। ਸਿੱਖਾਂ ਕੋਲ਼ ਪੰਜਾਬ ਨੂੰ ਛੱਡ ਕੇ ਲੱਖੀ ਜੰਗਲ਼ (ਜ਼ਿਲ੍ਹਾ ਕਰਾਚੀ) ’ਚ ਜਾਂ ਮਾਲਵੇ ਦੇ ਰੇਗਿਸਥਾਨ ’ਚ ਜਾਣ ਤੋਂ ਇਲਾਵਾ ਕੋਈ ਜਗ੍ਹਾ ਨਾ ਰਹੀ। ਮਾਤਾਵਾਂ ਨੂੰ ਪੁੱਛਣ ’ਤੇ ਕਿ ਤੁਹਾਡੇ ਕਿੰਨੇ ਬੱਚੇ ਹਨ, ਦਾ ਜਵਾਬ ਇਹੀ ਮਿਲਦਾ ਸੀ ਕਿ ਪਹਿਲਾਂ 4 ਸਨ ਪਰ ਹੁਣ 3 ਰਹਿ ਗਏ ਕਿਉਂਕਿ ਇੱਕ ਸਿੱਖ ਬਣ ਗਿਆ। ਅਜਿਹਾ ਜ਼ੁਲਮ ਦੁਨੀਆ ਦੇ ਇਤਿਹਾਸ ਵਿੱਚ ਸੰਨ 1939 ਤੋਂ 1945 ਤੱਕ ਯਹੂਦੀਆਂ ਵਿਰੁਧ ਹਿਟਲਰ ਦਾ ਵੀ ਨਹੀਂ ਸੀ। ਲਹੌਰ ਦੇ ਸੂਬੇਦਾਰ ਅਬਦੁਸ ਸਮਦ ਖ਼ਾਨ ਦੇ ਸਿੱਖਾਂ ਉੱਤੇ ਜ਼ੁਲਮ ਦਾ ਜ਼ਿਕਰ ਕਰਦਿਆਂ ਮੁੰਤਖ਼ਬੁ-ਉਲ-ਲੁਬਾਬ ਕਹਿੰਦਾ ਹੈ ਕਿ ‘ਉਸ ਨੇ ਪੰਜਾਬ ਦੀ ਧਰਤੀ ਨੂੰ (ਸਿੱਖਾਂ ਦੇ) ਖ਼ੂਨ ਨਾਲ਼ ਰੰਗ ਦਿੱਤਾ।’, ਹਕੀਕਤ ਦੇ ਲੇਖਕ ਅਨੁਸਾਰ ਸਿੱਖਾਂ ਦੇ ਕਤਲੇਆਮ ਬਦਲੇ ਅਬਦੁਸ ਸਮਦ ਖ਼ਾਨ ਨੂੰ 6000 ਦਾ ਮਨਸਬ (ਉਸ ਸਮੇਂ ਦਾ ਸਭ ਤੋਂ ਵੱਡਾ ਰੁਤਬਾ), ਜੜਾਊ ਪਾਲਕੀ, ਹਾਥੀ, ਘੋੜੇ, ਸੋਨੇ ਦੇ ਕਈ ਗਹਿਣੇ, ਸੋਨੇ ਦੀ ਪੱਟੀ ਵਾਲ਼ੀ ਜੜਾਊ ਦਸਤਾਰ, ਹੀਰਿਆਂ ਦਾ ਹਾਰ ਅਤੇ ਪੰਜਾਬ ਦੇ ਕਈ ਪਰਗਨੇ ਇਨਾਮ ਵਜੋਂ ਦਿੱਤੇ ਗਏ ਸਨ। ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ 2 ਸਾਲ 9 ਮਹੀਨੇ ਬਾਅਦ ਬਾਦਸ਼ਾਹ ਫ਼ਾਰੁਖ਼ਸੀਅਰ ਦਾ ਵੀ ਬਾਬਾ ਬੰਦਾ ਸਿੰਘ ਵਾਙ ਅੱਖਾਂ ਕੱਢ ਕੇ 28 ਫ਼ਰਵਰੀ 1719 ਨੂੰ ਕਤਲ ਕੀਤਾ ਸੀ। ਉਸ ਮਗਰੋਂ ਉਸ ਦਾ ਪੋਤਾ ਸ਼ਮਸ-ਉਦ-ਦੀਨ (ਰਫ਼ੀ-ਉਦ-ਅਰਜਾਤ) 8 ਮਈ 1719 ਨੂੰ ਇੱਕ ਧੜੇ ਵੱਲੋਂ ਦਿੱਲੀ ਦਾ ਬਾਦਸ਼ਾਹ ਬਣਾਇਆ ਗਿਆ, ਜਿਸ ਨੂੰ ਦੂਜੇ ਧੜੇ ਨੇ 13 ਦਿਨ ਬਾਅਦ 25 ਮਈ ਨੂੰ ਹਟਾ ਦਿੱਤਾ। 27 ਮਈ ਨੂੰ ਉਸ ਦੇ ਭਰਾ ਸ਼ਾਹ ਜਹਾਨ ਦੂਜਾ (ਰਫ਼ੀ-ਉਦ-ਦੌਲਾ) ਨੇ ਹਕੂਮਤ ਸੰਭਾਲੀ। ਇਸ ਨੂੰ ਵੀ ਤਿੰਨ ਮਹੀਨੇ ਬਾਅਦ 8 ਸਤੰਬਰ 1719 ਨੂੰ ਸਈਅਦ ਭਰਾਵਾਂ (ਜਰਨੈਲ ਹੁਸੈਨ ਅਲੀ ਖ਼ਾਨ ਤੇ ਜਰਨੈਲ ਅਬਦੁੱਲਾ ਖ਼ਾਨ) ਨੇ ਮਰਵਾ ਦਿੱਤਾ। ਔਰੰਗਜ਼ੇਬ ਦੇ ਪੋਤੇ ਨੇਕੁਸਿਆਰ (ਜੋ ਔਰੰਗਜ਼ੇਬ ਦੇ ਚੌਥੇ ਪੁੱਤਰ ਅਕਬਰ ਦਾ ਬੇਟਾ ਸੀ, ਜਿਸ ਦੀ ਮੌਤ 1704 ਨੂੰ ਹੋ ਚੁੱਕੀ ਸੀ) ਨੂੰ ਇੱਕ ਧੜੇ ਵੱਲੋਂ ਬਾਦਸ਼ਾਹ ਐਲਾਨਿਆ ਗਿਆ, ਪਰ ਉਹ ਤਖ਼ਤ ’ਤੇ ਨਾ ਬੈਠ ਸਕਿਆ। ਅੰਤ 28 ਸਤੰਬਰ 1719 ਨੂੰ ਔਰੰਗਜ਼ੇਬ ਦੇ ਦੂਜੇ ਪੁੱਤਰ ਬਹਾਦਰ ਸ਼ਾਹ ਦਾ ਪੋਤਾ ਰੌਸ਼ਨ ਅਖ਼ਤਰ (ਮੁਹੰਮਦ ਸ਼ਾਹ ਰੰਗੀਲਾ) ਬਾਦਸ਼ਾਹ ਬਣਾਇਆ ਗਿਆ। ਇਨ੍ਹਾਂ ਦਿਨਾਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫ਼ਤਾਰ ਕਰਨ ਵਾਲਾ ਮੁਹੰਮਦ ਅਮੀਨ ਖ਼ਾਨ ਦਿੱਲੀ ਦਾ ਦੂਜਾ ਬਖ਼ਸ਼ੀ (ਸੈਨਾਪਤੀ) ਸੀ, ਜਿਸ ਨੇ ਬਾਦਸ਼ਾਹ ਨੂੰ ਭਰੋਸੇ ਵਿੱਚ ਲੈ ਕੇ ਸਈਅਦ ਭਰਾਵਾਂ (ਹੁਸੈਨ ਅਲੀ ਖ਼ਾਨ ਨੂੰ ਧੋਖੇ ਨਾਲ਼ 8 ਅਕਤੂਬਰ 1720 ਨੂੰ ਅਤੇ ਅਬਦੁੱਲ ਖ਼ਾਨ ਨੂੰ ਇੱਕ ਯੁੱਧ ਵਿੱਚ 13 ਨਵੰਬਰ 1720 ਨੂੰ) ਕਤਲ ਕਰ ਦਿੱਤਾ।

ਮੁਹੰਮਦ ਸ਼ਾਹ ਰੰਗੀਲਾ ਅਤੇ ਸਿੱਖ : ਬਾਦਸ਼ਾਹ ਫ਼ਾਰੁਖ਼ਸੀਅਰ ਦੀ ਮੌਤ ਤੋਂ 7 ਮਹੀਨੇ ਬਾਅਦ ਬਣੇ ਦਿੱਲੀ ਦੇ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲੇ ਨੇ ਸਿੱਖਾਂ ਨਾਲ਼ ਲੜਨਾ ਜ਼ਰੂਰੀ ਨਾ ਸਮਝਿਆ। ਦਿੱਲੀ ’ਚ 7 ਮਹੀਨੇ ਤੱਕ ਰਿਹਾ। ਸਿਆਸੀ, ਪਰਵਾਰਕ ਸੰਘਰਸ਼ ਅਤੇ ਦਿੱਲੀ ਵੱਲੋਂ ਸੂਬੇਦਾਰ ਲਹੌਰ ਨੂੰ ਕੋਈ ਫ਼ੰਡ ਨਾ ਮਿਲਣ ਕਾਰਨ ਲਹੌਰ ਦੇ ਸੂਬੇਦਾਰ ਅਬਦੁਸ ਸਮਦ ਖ਼ਾਨ ਨੂੰ ਵੀ ਕੁਝ ਸਮਾਂ ਚੁੱਪ ਰਹਿਣਾ ਪਿਆ। ਦੂਜੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ 26 ਸਤੰਬਰ 1709 ਨੂੰ ਸਮਾਣਾ ਤੋਂ ਸ਼ੁਰੂ ਹੋਈ ਸਿੱਖਾਂ ਅਤੇ ਮੁਗ਼ਲਾਂ ਦੀ ਲੜਾਈ ’ਚ ਮਾਰਚ 1715 ਤੱਕ 25-30 ਹਜ਼ਾਰ ਸਿੱਖ ਸ਼ਹੀਦ ਹੋ ਚੁੱਕੇ ਸਨ। ਸੰਨ 1719 ਤੋਂ ਬਾਅਦ ਪਹਿਲੀ ਵਾਰ ਦਰਬਾਰ ਸਾਹਿਬ (ਅੰਮ੍ਰਿਤਸਰ) ਵਿਖੇ ਸਿੱਖ ਸੰਗਤ ਇਕੱਤਰ ਹੋਣੀ ਸ਼ੁਰੂ ਹੋਈ। ਭਾਈ ਮਨੀ ਸਿੰਘ ਜੀ ਨੂੰ ਅਪਰੈਲ 1698 ਤੋਂ ਇੱਥੇ ਬਤੌਰ ਗ੍ਰੰਥੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਨਿਯੁਕਤ ਕੀਤਾ ਹੋਇਆ ਸੀ ਕਿਉਂਕਿ ਪ੍ਰਿਥੀ ਚੰਦ ਦੇ ਵਾਰਸ ਦਰਬਾਰ ਸਾਹਿਬ ਦੀ ਸੇਵਾ ਛੱਡ ਗਏ ਸਨ। ਸੰਨ 1709 ’ਚ ਦਰਬਾਰ ਸਾਹਿਬ ’ਤੇ ਹੋਏ ਮੁਗ਼ਲ ਹਮਲੇ ਅਤੇ 1713 ਵਿੱਚ ਫ਼ਾਰੁਖ਼ਸੀਅਰ ਵੱਲੋਂ ਸਿੱਖਾਂ ਖ਼ਿਲਾਫ਼ ਲੰਬੀ ਮੁਹਿਮ ਛੇਡਣ ਸਮੇਂ ਕਈ ਵਾਰ ਭਾਈ ਮਨੀ ਸਿੰਘ ਜੀ ਨੂੰ ਦਰਬਾਰ ਸਾਹਿਬ ਛੱਡ ਕੇ ਮਾਝੇ ਦੇ ਪਿੰਡਾਂ ਵੱਲ ਵੀ ਜਾਣਾ ਪਿਆ ਸੀ।

ਤਾਰਾ ਸਿੰਘ ਡੱਲਵਾਂ ਦੀ ਸ਼ਹੀਦੀ : ਭਾਵੇਂ ਕਿ ਫ਼ਾਰੁਖ਼ਸੀਅਰ ਦੀ ਮੌਤ ਤੋਂ ਬਾਅਦ ਸਿੱਖਾਂ ਉੱਤੇ ਹਮਲੇ ਘਟ ਗਏ ਸਨ, ਪਰ ਫਿਰ ਵੀ ਕਦੇ ਕਦਾਈਂ ਮੁਗ਼ਲ ਸਰਕਾਰ; ਸਿੱਖਾਂ ਨੂੰ ਦਬਾਅ ਕੇ ਰੱਖਣ ਲਈ ਛੋਟੇ-ਮੋਟੇ ਹਮਲੇ ਕਰਵਾਉਂਦੀ ਰਹਿੰਦੀ ਸੀ। ਪੱਟੀ ਦੇ ਨਵਾਬ ਨੂੰ ਵੀ ਸਿੱਖਾਂ ਉੱਤੇ ਥੋੜ੍ਹੀ ਸਖ਼ਤੀ ਰੱਖਣ ਲਈ ਕਿਹਾ ਗਿਆ ਸੀ। ਭਾਈ ਤਾਰਾ ਸਿੰਘ ਦੇ ਪਿੰਡ ਡੱਲ ਅਤੇ ਵਾਂ; ਪੱਟੀ ਅਤੇ ਅੰਮ੍ਰਿਤਸਰ ਦੇ ਵਿਚਕਾਰ ਸਨ। ਇਨ੍ਹਾਂ ਪਿੰਡਾਂ ਦੇ ਨੇੜੇ ਹੀ ਪੰਨੂ ਜੱਟ ਮੁਸਲਮਾਨ ਦਾ ਪਿੰਡ ਨੌਸ਼ਹਿਰਾ ਸੀ, ਜਿਸ ਨੂੰ ਹੁਣ ਨੌਸ਼ਹਿਰਾ ਪੰਨੂਆਂ ਆਖਦੇ ਹਨ। ਇੱਥੋਂ ਦਾ ਚੌਧਰੀ ‘ਸਾਹਿਬ ਰਾਏ’ ਬੜਾ ਜਾਲਮ ਸੀ। ਉਸ ਦੇ ਘੋੜੇ ਚਰਦੇ-ਚਰਦੇ ਗ਼ਰੀਬ ਕਿਸਾਨਾਂ ਦੇ ਖੇਤਾਂ ’ਚ ਜਾ ਵੜਦੇ। ਭੜਾਣਾ ਪਿੰਡ ਦੇ ਦੋ ਸਿੱਖ (ਭਾਈ ਮਾਛੀ ਸਿੰਘ ਤੇ ਭਾਈ ਗੁਰਬਖ਼ਸ਼ ਸਿੰਘ) ਵੀ ਸਾਹਿਬ ਰਾਏ ਦੇ ਇਸ ਧੱਕੇ ਦਾ ਸ਼ਿਕਾਰ ਸਨ। ਆਪਣੀ ਫ਼ਸਲ ਦਾ ਨੁਕਸਾਨ ਵੇਖ ਉਨ੍ਹਾਂ ਨੇ ਸਾਹਿਬ ਰਾਏ ਅੱਗੇ ਘੋੜਿਆਂ ਨੂੰ ਬੰਨ੍ਹ ਕੇ ਰੱਖਣ ਲਈ ਬੇਨਤੀ ਕੀਤੀ, ਪਰ ਅਹੰਕਾਰੀ ਚੌਧਰੀ ਨੇ ਕਿਹਾ ਕਿ ਤੁਹਾਡੇ ਕੇਸ ਮੁੰਨ ਕੇ ਉਸ ਦੇ ਰੱਸੇ ਵੱਟ ਕੇ ਮੈਂ ਘੋੜਿਆਂ ਨੂੰ ਬੰਨ੍ਹਾਂਗਾ। ਦੋਵੇਂ ਸਿੱਖਾਂ ਨੇ ਇਹ ਗੱਲ ਪਿੰਡ ਭਸਿਓਂ (ਭੁੱਸਾ) ਦੇ ਸਰਦਾਰ ਬਘੇਲ ਸਿੰਘ ਤੇ ਅਮਰ ਸਿੰਘ ਢਿੱਲੋਂ ਸਮੇਤ ਭਾਈ ਤਾਰਾ ਸਿੰਘ ਡੱਲ-ਵਾਂ ਨਾਲ ਸਾਂਝੀ ਕੀਤੀ। ਤਾਰਾ ਸਿੰਘ ਜੀ ਮੁਸਾਫ਼ਰਾਂ ਲਈ ਲੰਗਰ ਤਿਆਰ ਕਰਿਆ ਕਰਦੇ ਸਨ। ਸਿੱਖਾਂ ਨੇ ਰਾਇ ਬਣਾਈ ਕਿ ਜਦ ਚੌਧਰੀ ਦੇ ਘੋੜੇ ਖੇਤਾਂ ’ਚ ਵੜਨ ਤਾਂ ਉਨ੍ਹਾਂ ਨੂੰ ਫੜ ਕੇ ਦੂਰ ਕਿਧਰੇ ਵੇਚ ਦਿੱਤਾ ਜਾਵੇ। ਅਗਲੇ ਦਿਨ ਜਦ ਸਾਹਿਬ ਰਾਏ ਦੀ ਇੱਕ ਘੋੜੀ; ਸਿੱਖਾਂ ਦੇ ਖੇਤ ਚਰ ਰਹੀ ਸੀ ਤਾਂ ਅਮਰ ਸਿੰਘ ਢਿੱਲੋਂ ਭਰਾਵਾਂ ਸਮੇਤ ਕੁਝ ਸਿੰਘਾਂ ਨੇ ਉਸ ਨੂੰ ਪਕੜ ਕੇ ਦੂਰ ਵੇਚ ਦਿੱਤਾ ਤੇ ਰਕਮ ਭਾਈ ਤਾਰਾ ਸਿੰਘ ਦੁਆਰਾ ਚਲਾਏ ਜਾਂਦੇ ਲੰਗਰ ’ਚ ਪਾ ਦਿੱਤੀ। ਸਾਹਿਬ ਰਾਏ ਨੂੰ ਪਤਾ ਲੱਗਣ ’ਤੇ ਉਹ ਕੁਝ ਬੰਦੇ ਲੈ ਕੇ ਤਾਰਾ ਸਿੰਘ ਕੋਲ਼ ਆ ਕੇ ਘੋੜੀ ਚੋਰਾਂ (ਸਿੱਖਾਂ) ਨੂੰ ਗ੍ਰਿਫ਼ਤਾਰ ਕਰਵਾਉਣ ਲਈ ਕਿਹਾ, ਪਰ ਤਾਰਾ ਸਿੰਘ ਨੇ ਚੌਧਰੀ ਦੀ ਗ਼ਲਤੀ ਚੇਤੇ ਕਰਵਾਈ ਤੇ ਉਹ ਆਪਣੀ ਤਾਕਤ ਘੱਟ ਵੇਖ ਵਾਪਸ ਚਲਾ ਗਿਆ। ਉਹ ਪੱਟੀ ਦੇ ਫ਼ੌਜਦਾਰ ਕੋਲ਼ ਗਿਆ ਤੇ ਤਾਰਾ ਸਿੰਘ ਕੋਲ ਬਾਗ਼ੀ ਸਿੱਖਾਂ ਦੇ ਆਉਣ ਦੀ ਰਿਪੋਰਟ ਕੀਤੀ। ਫ਼ੌਜਦਾਰ ਨੇ ਆਪਣੇ ਭਤੀਜੇ ਦੀ ਅਗਵਾਈ ’ਚ 80 ਪੈਦਲ ਸਿਪਾਹੀ ਤੇ 25 ਘੋੜ ਸਵਾਰ; ਸਾਹਿਬ ਰਾਏ ਨਾਲ਼ ਭੇਜੇ ਤਾਂ ਜੋ ਸਾਰੇ ਸਿੱਖ ਗ੍ਰਿਫ਼ਤਾਰ ਕੀਤੇ ਜਾ ਸਕਣ, ਪਰ ਰਸਤੇ ਵਿੱਚ ਹੀ ਬਘੇਲ ਸਿੰਘ ਸਮੇਤ ਕੁਝ ਸਿੰਘਾਂ ਨਾਲ ਹੋਈ ਲੜਾਈ ’ਚ ਫ਼ੌਜਦਾਰ ਦਾ ਭਤੀਜਾ ਮਾਰਿਆ ਗਿਆ ਤੇ ਸਾਹਿਬ ਰਾਏ ਜਾਨ ਬਚਾ ਕੇ ਭੱਜ ਗਿਆ। ਫ਼ੌਜਦਾਰ ਨੂੰ ਜਦ ਆਪਣੇ ਭਤੀਜੇ ਦੇ ਮਰਨ ਦੀ ਖ਼ਬਰ ਮਿਲੀ ਤਾਂ ਉਸ ਨੇ ਫ਼ੌਜੀ ਕਮਾਂਡਰ ਮੋਮਨ ਖ਼ਾਨ ਕਸੂਰੀ ਨੂੰ ਹਾਥੀ ਦੇ ਕੇ ਜਰਨੈਲ ਤਕੀ ਖ਼ਾਨ (ਜਿਸ ਨੇ ਜਿਸਮ ’ਤੇ ਸੰਜੋਅ ਪਹਿਨਿਆ ਹੋਇਆ ਸੀ) ਸਮੇਤ 900 ਸਿਪਾਹੀ ਦੇ ਕੇ 9 ਜੂਨ 1726 ਨੂੰ ਡੱਲ ਵਾਂ ਪਿੰਡ ਵੱਲ ਭੇਜ ਦਿੱਤਾ (ਕੇਸਰ ਸਿੰਘ ਛਿਬਰ 900 ਸਿਪਾਹੀ ਲਿਖਦਾ ਹੈ ਤੇ ਰਤਨ ਸਿੰਘ ਭੰਗੂ 2200)। ਅਗਾਂਹ ਤਾਰਾ ਸਿੰਘ ਸਮੇਤ ਕੁੱਲ 22 ਸਿੰਘ ਸਨ, ਜਿਨ੍ਹਾਂ ਨਾਲ਼ ਗਹਿ-ਗੱਚ ਲੜਾਈ ਹੋਈ। ਭੀਮ ਸਿੰਘ ਨੇ ਮੋਮਨ ਖ਼ਾਨ ਦੇ ਹਾਥੀ ਦੇ ਮਹਾਵਤ ਦਾ ਸਿਰ ਤਲਵਾਰ ਨਾਲ਼ ਵੱਡ ਦਿੱਤਾ ਤੇ ਤਾਰਾ ਸਿੰਘ ਨੇ ਸੰਜੋਅ ਪਹਿਨੇ ਜਰਨੈਲ ਤਕੀ ਖ਼ਾਨ ਦੇ ਮੂੰਹ ’ਚ ਨੇਜ਼ਾ ਮਾਰਿਆ (ਇੱਥੇ ਇੱਕ ਨਾਟਕੀ ਪ੍ਰਸੰਗ ਵੀ ਜੁੜਿਆ ਹੈ ਕਿ ਫ਼ੌਜ ਕਮਾਂਡਰ ਮੋਮਨ ਖ਼ਾਨ ਨੇ ਜਰਨੈਲ ਤਕੀ ਖ਼ਾਨ ਦੇ ਮੂੰਹੋਂ ਲਾਲ (ਖ਼ੂਨ) ਵੇਖ ਕਿਹਾ ਕਿ ਪਾਨ ਖਾ ਰਹੇ ਹੋ ਤਾਂ ਉਸ ਨੇ ਜਵਾਬ ਦਿੱਤਾ ਕਿ ਤਾਰਾ ਸਿੰਘ ਪਾਨ ਵੰਡ ਰਿਹਾ ਹੈ, ਆਪ ਵੀ ਲੈ ਲਓ। ‘ਵੰਡ ਰਿਹਾ ਹੈ’ ਸ਼ਬਦਾਂ ਤੋਂ ਸਪਸ਼ਟ ਹੈ ਕਿ ਤਾਰਾ ਸਿੰਘ ਮੁਸਾਫ਼ਰਾਂ ਲਈ ਲੰਗਰ ਵੰਡਦੇ ਸਨ)। ਦੋ ਦਿਨ ਤੱਕ ਚੱਲੀ ਇਸ ਲੜਾਈ ’ਚ ਸੈਂਕੜੇ ਮੁਗ਼ਲ ਸਿਪਾਹੀ ਮਾਰ ਕੇ ਸਾਰੇ ਸਿੰਘ ਸ਼ਹੀਦ ਹੋ ਗਏ। ਭਾਈ ਤਾਰਾ ਸਿੰਘ ਡੱਲ-ਵਾਂ ਦੀ ਇਸ ਸ਼ਹੀਦੀ ਨੇ ਸਿੱਖਾਂ ਨੂੰ ਮੁੜ ਸੰਘਰਸ਼ ਲਈ ਤਿਆਰ ਕਰ ਦਿੱਤਾ। ਸਿੱਖਾਂ ਨੇ ਗੁਰਮਤਾ ਕਰ 3 ਫ਼ੈਸਲੇ ਲਏ (1). ਸ਼ਾਹੀ ਖ਼ਜ਼ਾਨੇ ਲੁੱਟੇ ਜਾਣ (2). ਘੋੜੇ ਅਤੇ ਹਥਿਆਰ ਖੋਹੇ ਜਾਣ (3). ਮੁਗ਼ਲ ਹਕੂਮਤ ਦੇ ਮੁਖ਼ਬਰਾਂ ਅਤੇ ਮਦਦਗਾਰਾਂ ਨੂੰ ਸੋਧਿਆ ਜਾਵੇ।

ਜੁਲਾਈ-ਅਗਸਤ 1726 ਨੂੰ ਸਿੱਖਾਂ ਨੇ ਕਸੂਰ ਤੋਂ ਲਹੌਰ ਜਾਂਦਾ ਖ਼ਜ਼ਾਨਾ (5 ਲੱਖ ਰੁਪਏ) ਘੋੜੇ ਤੇ ਹਥਿਆਰ ਖੋਹ ਲਏ। ਸਤੰਬਰ 1726 ਨੂੰ ਸਿੱਖਾਂ ਨੇ ਮੁਰਤਜਾ ਖ਼ਾਨ ਦੇ ਘੋੜਿਆਂ ਦਾ ਕਾਫ਼ਲਾ ਲੁੱਟ ਲਿਆ। ਬੁੱਧ ਸਿੰਘ ਸੁਕਰਚੱਕੀਆ ਤੇ ਬਾਘ ਸਿੰਘ ਹੱਲੋਵਾਲੀਆ ਨੇ ਬਿਆਸ ਦਰਿਆ ਦੇ ਕੰਢੇ ’ਤੇ (ਗੋਇੰਦਵਾਲ ਕੋਲ਼) ਦਿੱਲੀ ਤੋਂ ਪਿਸ਼ਾਵਰ ਜਾਂਦਾ 700 ਘੋੜਿਆਂ ਦਾ ਕਾਫ਼ਲਾ ਲੁੱਟ ਲਿਆ, ਜਿਸ ਨਾਲ਼ ਸਿੱਖਾਂ ਦੇ ਹੱਥ ਸੋਨਾ, ਚਾਂਦੀ ਤੇ ਹੋਰ ਕੀਮਤੀ ਸਮਾਨ ਆ ਗਿਆ, ਆਦਿ।

ਸਿੱਖ, ਇਹ ਸਭ ਕੁਝ ਮੁਗ਼ਲ ਸਰਕਾਰ ਨੂੰ ਕਮਜ਼ੋਰ ਕਰਨ ਅਤੇ ਆਪਣਾ ਪ੍ਰਭਾਵ ਵਧਾਉਣ ਲਈ ਕਰ ਰਹੇ ਸਨ। ਸੰਨ 1727 ’ਚ ਸਿੱਖਾਂ ਨੇ ਹਰਿਗੋਬਿੰਦਪੁਰ ਕੋਲ ਇੱਕ ਸਰਕਾਰੀ ਕਾਫ਼ਲਾ ਸਮਝ ਕੇ ਲੁੱਟ ਲਿਆ ਜਦ ਕਿ ਉਹ ਸਮਾਨ ਮੁਗ਼ਲ ਸਰਕਾਰ ਨੂੰ ਅਜੇ ਵੇਚਣਾ ਸੀ। ਜਦ ਸਿੱਖਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਅਸਲ ਮਾਲਕ ਲਾਲਾ ਪਰਤਾਪ ਚੰਦ ਸਿਆਲਕੋਟ ਨੂੰ ਲੱਭ ਕੇ ਖੋਹਿਆ ਹੋਇਆ ਸਾਰਾ ਸਮਾਨ, ਉਸ ਦੇ ਘਰ ਪਹੁੰਚਾ ਦਿੱਤਾ। ਇਹ ਸਾਰੇ ਐਕਸ਼ਨ ਸੰਨ 1726-27 ਦਰਮਿਆਨ ਕੀਤੇ ਗਏ ਸਨ।

ਦਿੱਲੀ ਦੇ ਹਾਕਮਾਂ ਨੇ ਲਹੌਰ ਦੇ ਸੂਬੇਦਾਰ ਅਬਦੁਸ ਸਮਦ ਖ਼ਾਨ (ਜੋ 1713 ਤੋਂ ਇਸ ਪਦ ’ਤੇ ਸੀ) ਨੂੰ 1726 ’ਚ ਹਟਾ ਕੇ ਮੁਲਤਾਨ ਦਾ ਗਵਰਨਰ ਲਗਾ ਦਿੱਤਾ (ਜਿਸ ਕਾਰਨ ਉਹ; ਸਿੱਖਾਂ ਹੱਥੋਂ ਆਪਣੇ ਗੁਨਾਹਾਂ ਦੀ ਸਜ਼ਾ ਭੁਗਤਣੋ ਬਚ ਗਿਆ। ਸੰਨ 1737 ’ਚ ਮਰ ਗਿਆ)। ਉਸ ਦੀ ਥਾਂ ’ਤੇ ਉਸ ਦੇ ਪੁੱਤਰ ਜ਼ਕਰੀਆ ਖ਼ਾਨ (ਜੋ 1713 ਤੋਂ 1720 ਤੱਕ ਜੰਮੂ ਦਾ ਸੂਬੇਦਾਰ ਤੇ 1720 ਤੋਂ 1726 ਤੱਕ ਕਸ਼ਮੀਰ ਦਾ ਸੂਬੇਦਾਰ ਸੀ) ਨੂੰ ਲਹੌਰ ਦਾ ਸੂਬੇਦਾਰ ਬਣਾ ਦਿੱਤਾ। ਉਸ ਨੇ 20 ਹਜ਼ਾਰ ਫ਼ੌਜੀਆਂ ਦੀ ‘ਗਸ਼ਤੀ ਫ਼ੌਜ’ ਭਰਤੀ ਕੀਤੀ, ਜਿਨ੍ਹਾਂ ’ਚੋਂ 10 ਹਜ਼ਾਰ ਨੂੰ ਆਪਣੇ ਕੋਲ਼ ਰੱਖਿਆ ਅਤੇ 10 ਹਜ਼ਾਰ ਨੂੰ ਇੱਕ-ਇੱਕ ਹਜ਼ਾਰ ਦੀਆਂ ਟੁਕੜੀਆਂ ’ਚ ਵੰਡ ਕੇ ਉਨ੍ਹਾਂ ਲਈ 10 ਕਮਾਂਡਰ ਨਿਯੁਕਤ ਕਰ ਦਿੱਤੇ।

ਇਸ ਵੇਲ਼ੇ ਸਿੱਖ ਫ਼ੌਜਾਂ ਦੇ ਜਥੇਦਾਰ ਬਾਬਾ ਦਰਬਾਰਾ ਸਿੰਘ ਸਨ (ਜੋ ਭਾਈ ਨਾਨੂੰ ਸਿੰਘ ਦਿਲਵਾਲੀ ‘ਸ਼ਹੀਦ ਚਮਕੌਰ ਜੰਗ’ ਦੇ ਬੇਟੇ ਸਨ)। ਮੀਤ ਜਥੇਦਾਰ; ਸਰਦਾਰ ਕਪੂਰ ਸਿੰਘ ਫ਼ੈਜ਼ਲਾਪੁਰੀਆ ਨੂੰ ਬਣਾਇਆ ਗਿਆ। ਸਰਦਾਰ ਕਪੂਰ ਸਿੰਘ ਗੁਰੀਲਾ ਜੰਗ ’ਚ ਮਾਹਰ ਸਨ, ਜਿਸ ਕਾਰਨ ਉਨ੍ਹਾਂ ਨੇ ਪੰਜਾਬ ਦੀਆਂ ਸਾਰੀਆਂ ਮੁਗ਼ਲ ਕਾਰਵਾਈਆਂ ਨੂੰ ਬੇਅਸਰ ਕਰ ਕੇ ਰੱਖਿਆ। ਇਹ ਸੰਘਰਸ਼ 7 ਸਾਲ (1726-1732) ਤੱਕ ਚੱਲਦਾ ਰਿਹਾ। ਸਿੱਖਾਂ ਅਤੇ ਮੁਗ਼ਲਾਂ ਦੀ ਅਹਿਮ ਲੜਾਈ ਸੰਨ 1732 ’ਚ ਤਦ ਹੋਈ ਜਦ ਮੰਞ ਰਾਜਪੂਤ, ਮਲੇਰਕੋਟਲੇ ਦੇ ਪਠਾਨ ਜਮਾਲ ਖ਼ਾਨ ਅਤੇ ਜਲੰਧਰ ਦੁਆਬਾ ਦੇ ਫ਼ੌਜਦਾਰ ਸਈਅਦ ਅਸਦ ਅਲੀ ਖ਼ਾਨ ਨੇ ਮਿਲ ਕੇ ਬਰਨਾਲਾ ਵਿਖੇ ਆਲਾ ਸਿੰਘ ’ਤੇ ਹਮਲਾ ਕਰ ਦਿੱਤਾ। ਇਸ ਲੜਾਈ ਵਿੱਚ ਬਾਬਾ ਦੀਪ ਸਿੰਘ ਪਹੂਵਿੰਡੀਆ ਦੀ ਅਗਵਾਈ ’ਚ ਸਿੱਖ ਫ਼ੌਜਾਂ ਨੇ ਮੁਗ਼ਲਾਂ ਨੂੰ ਬੁਰੀ ਤਰ੍ਹਾਂ ਹਰਾਇਆ। ਇਸ ਯੁਧ ਤੋਂ ਬਾਅਦ ਦਿੱਲੀ ਹਕੂਮਤ ਸਿੱਖਾਂ ਤੋਂ ਮੁੜ ਡਰਨ ਲੱਗ ਪਈ; ਜਿਵੇਂ ਕਿ ਬਾਬਾ ਬੰਦਾ ਸਿੰਘ ਬਹਾਦਰ ਸਮੇਂ ਡਰਦੀ ਸੀ।

ਸਿੱਖਾਂ ਨੂੰ ਜਾਗੀਰ ਦੇਣ ਦੀ ਪੇਸ਼ਕਸ਼ : ਸਿੱਖਾਂ ਤੋਂ ਜ਼ਕਰੀਆ ਖ਼ਾਨ ਵੀ ਤੰਗ ਆ ਗਿਆ, ਉਸ ਨੇ ਸਿੱਖਾਂ ਨਾਲ਼ ਟੱਕਰ ਲੈਣ ਦੀ ਬਜਾਇ ਨਵਾਂ ਰਸਤਾ ਲੱਭਿਆ। ਉਸ ਦਾ ਮੰਨਣਾ ਸੀ ਕਿ ਜੇ ਕਿਸੇ ਨੂੰ ਸ਼ਰਬਤ ਪਿਆ ਕੇ ਮਾਰਿਆ ਜਾ ਸਕਦਾ ਹੈ ਤਾਂ ਜ਼ਹਰ ਪਿਲਾਉਣ ਲਈ ਸਾਰਾ ਜ਼ੋਰ ਕਿਉਂ ਲਾਇਆ ਜਾਵੇ ? ਲਹੌਰ ਦੇ ਫ਼ੌਜਦਾਰ ਅਸਲਮ ਖ਼ਾਨ ਨੇ ਵੀ ਸੂਬੇਦਾਰ ਜ਼ਕਰੀਆ ਖ਼ਾਨ ਨੂੰ ਸਿੱਖਾਂ ਨਾਲ਼ ਸੁਲ੍ਹਾ ਕਰਨ ਦੀ ਸਲਾਹ ਦਿੱਤੀ। ਸਿੱਖਾਂ ਨਾਲ਼ ਗੱਲਬਾਤ ਕਰਨ ਲਈ ਜ਼ਕਰੀਆ ਖ਼ਾਨ; ਹਿੰਦੂ ਵਜ਼ੀਰ ਲਖਪਤ ਰਾਏ ਨੂੰ ਭੇਜਣਾ ਚਾਹੁੰਦਾ ਸੀ, ਪਰ ਉਹ ਸਿੱਖਾਂ ਕੋਲ਼ ਜਾਣ ਤੋਂ ਡਰਦਾ ਸੀ। ਇਸ ਕੰਮ ਲਈ ਜੰਭਰ ਪਿੰਡ ਦੇ ਭਾਈ ਸੁਬੇਗ ਸਿੰਘ ਦੀ ਮਦਦ ਲਈ ਗਈ, ਜੋ ਮੁਗ਼ਲਾਂ ਬਾਰੇ ਨਰਮ ਦਿਲ ਸਨ।

ਭਾਈ ਸੁਬੇਗ ਸਿੰਘ ਨੂੰ ਸਿੱਖ ਸੰਗਤ ਨਾਲ਼ ਗੱਲਬਾਤ ਕਰਨ ਲਈ ਅੰਮ੍ਰਿਤਸਰ ਭੇਜਿਆ ਗਿਆ ਤਾਂ ਜੋ ਉਹ ਗੁਰੂ ਦਾ ਚੱਕ ਅਤੇ ਇਸ ਦੇ ਆਸ-ਪਾਸ ਦੇ ਸਾਰੇ ਪਰਗਨਿਆਂ ਦੀ ਜਾਗੀਰ ਲੈ ਲੈਣ, ਪਰ ਮੁਗ਼ਲ ਸਰਕਾਰ ਵਿਰੁਧ ਸੰਘਰਸ਼ ਨਾ ਕਰਨ। ਜਦ ਭਾਈ ਸੁਬੇਗ ਸਿੰਘ ਜੀ 29 ਮਈ 1733 ਨੂੰ ਦਰਬਾਰ ਸਾਹਿਬ ਪੁੱਜੇ ਤਾਂ ਦੀਵਾਨ ਲੱਗਿਆ ਹੋਇਆ ਸੀ। ਭਾਈ ਸੁਬੇਗ ਸਿੰਘ ਨੇ ਪਹਿਲਾਂ ਤਾਂ ਮੁਗ਼ਲਾਂ ਨਾਲ਼ ਨੇੜਤਾ ਰੱਖਣ ਦੀ ਤਨਖ਼ਾਹ ਲਵਾਈ, ਮਗਰੋਂ ਜ਼ਕਰੀਆ ਖ਼ਾਨ ਵੱਲੋਂ ਜਾਗੀਰ ਦੀ ਪੇਸ਼ਕਸ਼ ਬਾਰੇ ਦੱਸਿਆ ਤੇ ਇਸ ਨੂੰ ਕਬੂਲਣ ਲਈ ਕਿਹਾ। ਇਸ ਪੇਸ਼ਕਸ਼ ਬਾਰੇ ਬਾਬਾ ਦਰਬਾਰਾ ਸਿੰਘ ਦੇ ਬੋਲ, ਰਤਨ ਸਿੰਘ ਭੰਗੂ ਨੇ ਇਉਂ ਕਲਮਬੰਦ ਕੀਤੇ: ‘ਹਮ ਪਾਤਿਸ਼ਾਹੀ ਸਤਿਗੁਰ ਦਈ। ਹੰਨੈ ਹੰਨੈ ਲਾਇ। ਜਹਿਂ ਜਹਿਂ ਬਹੈਂ ਜ਼ਮੀਨ ਮਲ। ਤਹਿਂ ਤਹਿਂ ਤਖ਼ਤ ਬਨਾਇ।39॥ ਇਸੀ ਭਾਂਤ ਬਹੁ ਸਿੱਖਣ ਕਹੀ। ਹਮ ਕੋ ਲੋੜ ਨਿਬਾਬੀ ਨਹੀਂ। ਉਨ ਮਾਂਗੀ ਕਬ ਦਈ ਪਾਤਿਸ਼ਾਹੀ। ਪੰਥ ਛਡ ਬਹਿਯੋ, ਕਬ ਉਨ ਕੇ ਪਾਹੀ।40॥ ਪੰਥ ਤੁਰਕਨ ਕੋ ਐਸੋ ਮੇਲ। ਬਰੂਦ ਅਗਨ ਕੋ ਜੈਸੋ ਖੇਲ।’ (ਰਤਨ ਸਿੰਘ ਭੰਗੂ, ਸਫ਼ਾ 213)

ਸਿੰਘਾਂ ਦੀ ਐਸੀ ਸੋਚ ਹੋਣ ਦੇ ਬਾਵਜੂਦ ਭੀ ਵਿਚਾਰ-ਵਟਾਂਦਰੇ ਤੋਂ ਬਾਅਦ ਸਰਬੱਤ ਖ਼ਾਲਸਾ ਨੇ ਜਾਗੀਰ ਦੀ ਪੇਸ਼ਕਸ਼ ਕਬੂਲ ਕਰਨ ਦਾ ਗੁਰਮਤਾ ਪਾਸ ਕਰ ਲਿਆ। ਇਸ ਤੋਂ ਮਗਰੋਂ ਜਦ ਨਵਾਬੀ ਲਈ ਆਗੂ ਚੁਣਨ ਦਾ ਸਵਾਲ ਆਇਆ ਤਾਂ ਭਾਈ ਮਨੀ ਸਿੰਘ ਜੀ ਅਤੇ ਬਾਬਾ ਦਰਬਾਰਾ ਸਿੰਘ ਨੇ ਨਵਾਬੀ ਕਬੂਲ ਕਰਨ ਤੋਂ ਨਾ ਕਰ ਦਿੱਤੀ। ਅਖ਼ੀਰ ਜ਼ੋਰ ਦੇਣ ’ਤੇ ਖ਼ਾਲਸਾ ਫ਼ੌਜਾਂ ਦੇ ਡਿਪਟੀ ਚੀਫ਼ ਕਪੂਰ ਸਿੰਘ, ਜੋ ਇੱਕ ਤਕੜੇ ਜਰਨੈਲ ਅਤੇ ਜਥੇਬੰਦਕ ਆਗੂ ਸਨ, ਨੇ ਨਵਾਬੀ ਕਬੂਲ ਕਰਨਾ ਮੰਨ ਲਿਆ। ਮੁਗ਼ਲਾਂ ਵੱਲੋਂ ਆਈ ਦਸਤਾਰ, ਜਾਮਾ-ਜੋੜਾ ਤੇ ਕਮਰਕੱਸਾ ਉਨ੍ਹਾਂ ਨੂੰ ਭੇਂਟ ਕੀਤਾ ਗਿਆ, ਪਰ ਇਸ ਦੇ ਨਾਲ ਹੀ ਸਰਬੱਤ ਖ਼ਾਲਸਾ ਨੇ ਜਕਰੀਆ ਖ਼ਾਨ ਲਈ ਸੁਨੇਹਾ ਭੇਜਿਆ ਕਿ ਨਵਾਬ ਕਪੂਰ ਸਿੰਘ ਜਾਂ ਕੋਈ ਵੀ ਹੋਰ ਸਿੱਖ ਨੁਮਾਇੰਦਾ; ਮੁਗ਼ਲ ਦਰਬਾਰ ਵਿੱਚ ਪੇਸ਼ ਨਹੀਂ ਹੋਇਆ ਕਰੇਗਾ।

ਸਿੱਖਾਂ ਵੱਲੋਂ ਜਾਗੀਰ ਕਬੂਲਣ ਨਾਲ਼ ਮਾਲੀ ਹਾਲਤ ਕੁਝ ਬੇਹਤਰ ਹੋ ਗਈ, ਜੋ ਗੁਰੂ ਦਾ ਚੱਕ (ਅੰਮ੍ਰਿਤਸਰ) ਤੋਂ ਇਲਾਵਾ ਚੂਹਣੀਆਂ, ਝਬਾਲ, ਕੰਗਣਵਾਲ ਅਤੇ ਦੀਪਾਲਪੁਰ ਪਰਗਨਿਆਂ (18 ਪਿੰਡ) ’ਚੋਂ ਇੱਕ ਸਾਲ ਦਾ ਇੱਕ ਲੱਖ ਰੁਪਏ ਮਾਲੀਆ ਸਿੱਖਾਂ ਨੂੰ ਦਿੰਦੀ ਸੀ। ਉਸ ਸਮੇਂ ਇਹ ਰਕਮ ਬਹੁਤ ਵੱਡੀ ਸੀ।

ਖ਼ਾਲਸਾ ਫ਼ੌਜ ਨੂੰ ਤਰੁਣਾ ਦਲ ਅਤੇ ਬੁੱਢਾ ਦਲ ਵਿੱਚ ਵੰਡਣਾ: ਸਿੱਖ ਕੌਮ ਨੂੰ ਜਥੇਬੰਦ ਕਰਨ ਲਈ ਇੱਕ ਵੱਡਾ ਇਕੱਠ ਅਕਾਲ ਤਖ਼ਤ ਸਾਹਿਬ ’ਤੇ ਬੁਲਾਇਆ ਗਿਆ। ਸਾਰੀ ਸਿੱਖ ਕੌਮ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ। ਵਡੇਰੀ ਉਮਰ ਵਾਲ਼ੇ ਸਿੱਖਾਂ ਨੂੰ ਬੁੱਢਾ ਦਲ ਵਿੱਚ ਅਤੇ ਨੌਜਵਾਨ ਸਿੱਖਾਂ ਦਾ ਤਰੁਣਾ ਦਲ ਬਣਾਇਆ ਗਿਆ। ਜਿਨ੍ਹਾਂ ਦੇ ਅਗਾਂਹ 5-5 ਜਥੇ ਬਣਾ ਕੇ ਉਨ੍ਹਾਂ ਲਈ 5-5 ਮੁੱਖੀ ਥਾਪੇ। ਬੁੱਢਾ ਦਲ ਦੇ ਪੰਜ ਮੁੱਖੀ ਸਨ : (1). ਬਾਬਾ ਦੀਪ ਸਿੰਘ ਜੀ ਪਹੂਵਿੰਡੀਆ (2). ਜੀਵਨ ਸਿੰਘ ਤੇ ਬੀਰ ਸਿੰਘ (3). ਕਾਹਨ ਸਿੰਘ ਤੇ ਭਾਈ ਬਿਨੋਦ ਸਿੰਘ ਗੋਇੰਦਵਾਲ (4). ਧਰਮ ਸਿੰਘ ਤੇ ਕਰਮ ਸਿੰਘ ਗੁਰੂ ਦਾ ਚੱਕ ਅੰਮ੍ਰਿਤਸਰ ਵਾਲ਼ੇ (5). ਦਸੌਂਧਾ ਸਿੰਘ ਕੋਟ ਬੁੱਢਾ ਵਾਲ਼ਾ, ਇਨ੍ਹਾਂ ਪੰਜਾਂ ਦਾ ਡੇਰਾ ਦਰਬਾਰ ਸਾਹਿਬ ਅੰਮ੍ਰਿਤਸਰ ਕੰਪਲੈਕਸ ਵਿੱਚ ਰੱਖਿਆ ਗਿਆ।

ਤਰੁਣਾ ਦਲ ਦੇ ਪੰਜ ਜਥਿਆਂ ਦੇ ਮੁੱਖੀ ਸਨ : (1). ਸੁੱਖਾ ਸਿੰਘ ਮਾੜੀ ਕੰਬੋ (2). ਗੁਰਬਖ਼ਸ਼ ਸਿੰਘ ਰੋੜਾਂਵਾਲੀ (3). ਬਾਘ ਸਿੰਘ ਹਲੋਵਾਲੀਆ (4). ਗੁਰਦਿਆਲ ਸਿੰਘ ਡਲੇਵਾਲ (5). ਸ਼ਾਮ ਸਿੰਘ ਨਾਰੋਕੀ, ਇਨ੍ਹਾਂ ਪੰਜਾਂ ਦਾ ਡੇਰਾ ਪੰਜ ਸਰੋਵਰਾਂ (ਰਾਮਸਰ, ਬਿਬੇਕਸਰ, ਲਛਮਣਸਰ, ਸੰਤੋਖਸਰ, ਕੌਲਸਰ) ਵਾਲ਼ੀਆਂ ਥਾਂਵਾਂ ’ਤੇ ਰੱਖਿਆ ਗਿਆ। ਸਮੁੱਚੀ ਸਿੱਖ ਫ਼ੌਜ ਦੀ ਸਾਂਝੀ ਕਮਾਂਡ ਨਵਾਬ ਕਪੂਰ ਸਿੰਘ ਨੂੰ ਸੌਂਪੀ ਗਈ। ਸਿੱਖ ਫ਼ੌਜ ਦੇ ਮੁੱਖੀ ਬਾਬਾ ਦਰਬਾਰਾ ਸਿੰਘ ਜੀ ਦੀਆਂ ਸਰਗਰਮੀਆਂ ਕੁਝ ਘਟਾਈਆਂ ਗਈਆਂ ਕਿਉਂਕਿ ਉਹ ਕਾਫ਼ੀ ਬਜ਼ੁਰਗ ਹੋ ਚੁੱਕੇ ਸਨ, ਜੋ 16 ਕੁ ਮਹੀਨਿਆਂ ਬਾਅਦ ਜੁਲਾਈ-ਅਗਸਤ 1734 ਵਿੱਚ ਚੜ੍ਹਾਈ ਕਰ ਗਏ। ਗੁਰਮਤਿ ਪ੍ਰਚਾਰ ਅਤੇ ਗੁਰਦੁਆਰਿਆਂ ਦੀ ਸੇਵਾ ਸੰਭਾਲ਼ ਦਾ ਜ਼ਿੰਮਾ ਬੁੱਢਾ ਦਲ ਨੂੰ ਸੌਂਪਿਆ ਗਿਆ ਅਤੇ ਕੌਮੀ ਹਿਫ਼ਾਜ਼ਤ ਦਾ ਜ਼ਿੰਮਾ ਤਰੁਣਾ ਦਲ ਨੂੰ ਦਿੱਤਾ ਗਿਆ। ਇਸ ਸਮੇਂ ਸਿੱਖਾਂ ਵੱਲੋਂ ਨੀਲੇ ਰੰਗ ਦੇ ਪੰਜ ਨਿਸ਼ਾਨ ਸਾਹਿਬ ਅਕਾਲ ਤਖ਼ਤ ਸਾਹਿਬ ’ਤੇ ਲਹਿਰਾਏ ਗਏ ਸਨ।

ਭਾਵੇਂ ਕਿ ਜਾਗੀਰ ਦੀ ਰਕਮ ਨਾਲ਼ ਸਿੱਖ ਫ਼ੌਜਾਂ ਕੋਲ਼ ਕਾਫ਼ੀ ਘੋੜੇ ਅਤੇ ਅਸਲਾ ਆ ਚੁੱਕਾ ਸੀ, ਪਰ ਇਹ ਅਹਿਸਾਸ ਵੀ ਸਿੱਖਾਂ ਨੂੰ ਹੋਣ ਲਗਾ ਕਿ ਸ਼ਾਇਦ ਉਨ੍ਹਾਂ ਨੇ ਕੋਈ ਗ਼ਲਤੀ ਕਰ ਦਿੱਤੀ ਹੈ। ਉਨ੍ਹਾਂ ਮੁਤਾਬਕ ਜਾਗੀਰ; ਜ਼ਾਲਮ ਸਰਕਾਰ ਨਾਲ਼ ਭਾਈਵਾਲ ਪਾਉਣ ਵਾਲ਼ੀ ਹਰਕਤ ਹੈ। ਸੋ ਜਾਗੀਰ 4-5 ਮਹੀਨੇ (29 ਮਾਰਚ ਤੋਂ ਅਗਸਤ 1733 ਤੱਕ) ਹੀ ਰੱਖੀ ਗਈ।  ਗੁੱਸੇ ਤੇ ਪਛਤਾਵੇ ਦੀ ਹਾਲਤ ਵਿੱਚ ਤਰੁਣਾ ਦਲ ਫ਼ੌਜਾਂ ਨੇ ਫਿਰ ਸ਼ਾਹੀ ਇਲਾਕਿਆਂ ’ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਜਦ ਇਹ ਖ਼ਬਰਾਂ ਲਹੌਰ ਦੇ ਸੂਬੇਦਾਰ ਕੋਲ਼ ਪਹੁੰਚੀਆਂ ਤਾਂ ਉਸ ਨੇ ਸਿੱਖਾਂ ਦੀ ਜਾਗੀਰ ਜ਼ਬਤ ਕਰਨ ਦਾ ਐਲਾਨ ਕਰ ਦਿੱਤਾ। ਕੁਝ ਇਤਿਹਾਸਕ ਸੋਮਿਆਂ ਦਾ ਮੰਨਣਾ ਹੈ ਕਿ ਜ਼ਕਰੀਆਂ ਖ਼ਾਨ ਨੂੰ ਇਹ ਉਮੀਦ ਸੀ ਕਿ ਸਿੱਖ ਜਾਗੀਰ ਮਿਲਣ ਨਾਲ਼ ਲਾਲਚੀ ਹੋ ਜਾਣਗੇ, ਇਸ ਲਈ ਥੋੜ੍ਹਾ ਅਮਨ ਹੁੰਦਾ ਵੇਖ ਸਿੱਖਾਂ ਨੂੰ ਕਿਹਾ ਗਿਆ ਕਿ ਹੁਣ ਅਮਨ-ਅਮਾਨ ਹੋ ਚੁੱਕਾ ਹੈ। ਤੁਸੀਂ ਆਪੋ-ਆਪਣੇ ਘਰੋ-ਘਰੀਂ ਜਾ ਕੇ ਖੇਤੀ ਕਰੋ, ਪਰ ਇਹ ਸੁਣ ਕੇ ਸਿੱਖਾਂ ਨੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ।

ਜ਼ਕਰੀਆ ਖ਼ਾਨ ਨੇ ਲਖਪਤ ਰਾਏ ਨੂੰ ਫ਼ੌਜ ਦੇ ਕੇ ਅੰਮ੍ਰਿਤਸਰ ’ਤੇ ਹਮਲਾ ਕਰਨ ਲਈ ਕਿਹਾ। ਇਸ ਹਮਲੇ ਨੇ ਬੁੱਢਾ ਦਲ ਨੂੰ ਦਰਬਾਰ ਸਾਹਿਬ ਛੱਡਣ ਲਈ ਮਜਬੂਰ ਕਰ ਦਿੱਤਾ। ਭਾਈ ਮਨੀ ਸਿੰਘ ਜੀ ਫਿਰ ਇੱਕ ਵਾਰ ਦਰਬਾਰ ਸਾਹਿਬ ਛੱਡ ਕੇ ਚਲੇ ਗਏ, ਜੋ ਕੁਝ ਸਮਾਂ ਮਾਝੇ ਦੇ ਪਿੰਡਾਂ ਵਿੱਚ ਧਰਮ ਪ੍ਰਚਾਰ ਕਰਦੇ ਰਹੇ। 26 ਅਕਤੂਬਰ 1733 ਨੂੰ ਦੀਵਾਲੀ ਦਾ ਦਿਨ ਸੀ। ਭਾਈ ਮਨੀ ਸਿੰਘ ਜੀ ਨੇ ਇਸ ਦਿਨ ਸਰਬੱਤ ਖ਼ਾਲਸਾ ਅੰਮ੍ਰਿਤਸਰ ਬੁਲਾਉਣ ਦਾ ਫ਼ੈਸਲਾ ਲਿਆ। ਇਸ ਇਕੱਠ ਲਈ 20 ਤੋਂ 26 ਤਾਰੀਕ ਮੁਕਰੱਰ ਕੀਤੀ ਗਈ। ਸਿੱਖਾਂ ਅਤੇ ਮੁਗ਼ਲ ਹਾਕਮਾਂ ਦਰਮਿਆਨ ਦਰਬਾਰ ਸਾਹਿਬ ਦੀ ਜਾਗੀਰ ਵਾਲ਼ਾ ਇਕਰਾਰ ਅਜੇ ਤਾਜ਼ਾ-ਤਾਜ਼ਾ ਹੀ ਟੁੱਟਿਆ ਸੀ। ਜ਼ਕਰੀਆ ਖ਼ਾਨ ਨੇ ਲਖਪਤ ਰਾਏ ਨੂੰ ਫ਼ੌਜ ਦੇ ਕੇ ਰਾਮ ਤੀਰਥ ਵਾਲ਼ੀ ਥਾਂ ’ਤੇ ਬਿਠਾ ਦਿੱਤਾ ਤਾਂ ਜੋ ਸਰਬੱਤ ਖ਼ਾਲਸਾ ’ਚ ਆਉਣ ਵਾਲ਼ੇ ਸਿੱਖਾਂ ’ਤੇ ਹਮਲਾ ਕੀਤਾ ਜਾ ਸਕੇ। ਦੂਸਰੇ ਪਾਸੇ ਭਾਈ ਮਨੀ ਸਿੰਘ ਤੋਂ ਸਰਬੱਤ ਖ਼ਾਲਸਾ ਇਕੱਠ ਕਰਨ ਬਦਲੇ 10 ਹਜ਼ਾਰ ਰੁਪਏ (ਜਜ਼ੀਏ/ਜਜ਼ੀਆ ਟੈਕਸ, ਜੋ ਗ਼ੈਰ ਇਸਲਾਮਿਕ ਧਾਰਮਿਕ ਸਥਾਨਾਂ ’ਤੇ ਲਗਾਇਆ ਜਾਂਦਾ ਹੈ) ਦੀ ਮੰਗ ਕੀਤੀ ਗਈ। ਮੁਗ਼ਲਾਂ ਦੇ ਦਖ਼ਲ ਦੇਣ ਕਾਰਨ ਦਰਬਾਰ ਸਾਹਿਬ ਵਿਖੇ ਸਿੱਖ ਬਹੁਤ ਘੱਟ ਪਹੁੰਚੇ । ਭਾਈ ਮਨੀ ਸਿੰਘ ਨੇ ਵੀ ਸਿੱਖਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ ਕਿ ਉਹ ਦਰਬਾਰ ਸਾਹਿਬ ਨਾ ਆਉਣ।

ਦੀਵਾਲੀ ਤੋਂ ਬਾਅਦ ਭਾਈ ਮਨੀ ਸਿੰਘ ਤੋਂ 10 ਹਜ਼ਾਰ ਦੀ ਮੰਗ ਕੀਤੀ ਗਈ, ਪਰ ਚੜ੍ਹਾਵਾ ਨਾ ਚੜ੍ਹਨ ਕਾਰਨ ਉਨ੍ਹਾਂ ਨੇ ਵਿਸਾਖੀ 1734 ਤੱਕ ਦੀ ਮੁਹਲਤ ਹੋਰ ਮੰਗ ਲਈ ਤੇ ਜ਼ਕਰੀਆ ਖ਼ਾਨ ਨੇ ਦੇ ਦਿੱਤੀ। ਦਰਅਸਲ ਮੁਗ਼ਲਾਂ ਲਈ 10 ਹਜ਼ਾਰ ਇੱਕ ਬਹਾਨਾ ਮਾਤਰ ਸੀ। ਮਾਰਚ 1734 (ਵਿਸਾਖੀ) ਨੂੰ ਵੀ ਮੁਗ਼ਲਾਂ ਨੇ ਫਿਰ ਸਿੱਖਾਂ ’ਤੇ ਹਮਲੇ ਦੀ ਵਿਓਂਤ ਬਣਾਈ। ਸੂਹੀਆਂ ਰਾਹੀਂ ਭਾਈ ਮਨੀ ਸਿੰਘ ਜੀ ਮਿਲੀ ਜਾਣਕਾਰੀ ਤੋਂ ਬਾਅਦ ਉਨ੍ਹਾਂ ਨੇ ਸਿੱਖਾਂ ਨੂੰ ਦਰਬਾਰ ਸਾਹਿਬ ਆਉਣ ਤੋਂ ਫਿਰ ਰੋਕ ਦਿੱਤਾ, ਜਿਸ ਕਾਰਨ ਚੜ੍ਹਾਵਾ ਫਿਰ ਨਾ ਚੜ੍ਹ ਸਕਿਆ।

ਭਾਈ ਮਨੀ ਸਿੰਘ ਜੀ ਨੂੰ ਸੂਹੀਏ ਰਾਹੀਂ ਮਿਲੀ ਜਾਣਕਾਰੀ ਨੂੰ ਕਵੀ ਸੇਵਾ ਸਿੰਘ ਇਉਂ ਲਿਖਦੇ ਹਨ : ‘ਸੂਹੀਏ ਪਹਿਲੋਂ ਖ਼ਬਰ ਪੁਚਾਈ। ਸੂਬੇ ਕੀ ਸਬ ਦੇਖ ਖੁਟਾਈ। ਲੱਖੂ ਭੇਜਿਆ ਓਸ ਵਜੀਰ। ਤੀਰਥ ਰਾਮ ਸੁਧਾ ਸਰ ਤੀਰ। ਦੋਖੀ ਦੁਸ਼ਟ ਜਿਸੀ ਮਨ ਮੈਲ। ਤੁਰਕ ਫ਼ੌਜ ਲੈ ਆਯੋ ਗੈਲ। ਕਾਰਣ ਇਸੀ, ਸਿੰਘ ਨਹੀਂ ਆਏ। ਮਨੀ ਸਿੰਘ ਦੀਏ ਬੰਦ ਕਰਾਏ। ਭਾਈ ਸਾਹਿਬ ਇਮ ਕਹਯੋ ਅਲਾਈ। ਹਮਰਾ ਸਮਾਂ ਪਹੁੰਚਯੋ ਆਈ। ਧਰਮ ਹੇਤ ਹਮ ਦੇਹੈਂ ਪ੍ਰਾਨ। ਨਹੀਂ ਤੁਰਕ ਕੀ, ਮਾਨੈ ਕਾਨ। ਸੇਵਾ ਹਰੀ ਗਾਥ ਇਹ ਭਈ। ਲੱਖੂ ਦੁਸ਼ਟ ਇਤ ਆਯੋ ਨਹੀਂ।’ (ਸੇਵਾ ਸਿੰਘ, ਸ਼ਹੀਦ ਬਿਲਾਸ, ਬੰਦ 188)

ਅਪਰੈਲ 1734 ਤੱਕ ਜਜ਼ੀਆ ਰਕਮ ਨਾ ਦੇਣ ਕਾਰਨ 90 ਸਾਲਾਂ ਦੇ ਬਜ਼ੁਰਗ ਭਾਈ ਮਨੀ ਸਿੰਘ ਜੀ ਨੂੰ ਗ੍ਰਿਫ਼ਤਾਰ ਕਰਨ ਲਈ ਲਖਪਤ ਰਾਏ ਫ਼ੌਜ ਲੈ ਕੇ ਅੰਮ੍ਰਿਤਸਰ ਆ ਗਿਆ ਤੇ ਭਾਈ ਸਾਹਿਬ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਨਾਲ਼ ਉਨ੍ਹਾਂ ਦੇ ਭਰਾ ਭਾਈ ਜਗਤ ਸਿੰਘ, ਉਨ੍ਹਾਂ ਦੇ ਦੋਵੇਂ ਪੁੱਤਰ ਚਿੱਤਰ ਸਿੰਘ ਤੇ ਗੁਰਬਖ਼ਸ਼ ਸਿੰਘ; ਗੁਰਬਖ਼ਸ਼ ਸਿੰਘ ਦੀ ਸਿੰਘਣੀ ਬੀਬੀ ਬਸੰਤ ਕੌਰ, ਗੁਲਜ਼ਾਰ ਸਿੰਘ, ਰਣ ਸਿੰਘ, ਸੰਗਤ ਸਿੰਘ, ਭੂਪਤ ਸਿੰਘ ਆਦਿਕ ਸਾਰੇ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜੋ ਲਹੌਰ ਜ਼ਕਰੀਆ ਖ਼ਾਨ ਦੇ ਦਰਬਾਰ ਵਿੱਚ ਪੇਸ਼ ਕੀਤੇ ਗਏ। ਸੂਬੇਦਾਰ ਨੇ ਮਾਮਲਾ ਨਾ ਉਤਾਰਨ ਬਾਰੇ ਪੁੱਛਿਆ ਤਾਂ ਭਾਈ ਮਨੀ ਸਿੰਘ ਨੇ ਕਿਹਾ ਕਿ ਇਸ ਦਾ ਜ਼ਿੰਮੇਵਾਰ ਲਖਪਤ ਰਾਏ ਹੈ, ਜਿਸ ਨੇ ਸੰਗਤ ਇਕੱਠੀ ਨਾ ਹੋਣ ਦਿੱਤੀ। ਮੁਗ਼ਲਾਂ ਦਾ ਨਿਸ਼ਾਨਾ ਤਾਂ ਸਿੱਖਾਂ ਨੂੰ ਖ਼ਤਮ ਕਰਨਾ ਸੀ ਤੇ ਭਾਈ ਮਨੀ ਸਿੰਘ ਵਰਗਾ ਮੋਹਤਬਰ ਸਿੱਖ ਤਾਂ ਉਸ ਨੂੰ ਵਧੇਰੇ ਰੜਕਦਾ ਸੀ। ਭਾਵੇਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦਾ ਕਾਰਨ 10 ਹਜ਼ਾਰ ਰੁਪਏ ਨਾ ਦੇਣਾ ਕਿਹਾ ਗਿਆ, ਪਰ ਫਿਰ ਵੀ ਸਿੱਖਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਇਸਲਾਮ ਕਬੂਲ ਕਰਨ ਦੀ ਸੂਰਤ ਵਿੱਚ ਛੱਡ ਦਿੱਤਾ ਜਾਏਗਾ। ਇਹ ਸ਼ਰਤ ਕਿਸੇ ਸਿੱਖ ਨੇ ਸਵੀਕਾਰ ਨਾ ਕੀਤੀ। ਆਖ਼ਿਰ 24 ਜੂਨ 1734 ਨੂੰ ਭਾਈ ਮਨੀ ਸਿੰਘ ਜੀ ਦਾ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ਗੁਲਜ਼ਾਰ ਸਿੰਘ ਦੀ ਪੁੱਠੀ ਖੱਲ ਲਾਹੀ ਗਈ। ਭੂਪਤ ਸਿੰਘ ਦੀਆਂ ਪਹਿਲਾਂ ਅੱਖਾਂ ਕੱਢੀਆਂ ਗਈਆਂ, ਫਿਰ ਚਰਖੜੀ ’ਤੇ ਚਾੜ੍ਹ ਕੇ ਸ਼ਹੀਦ ਕੀਤਾ ਗਿਆ। ਬਾਕੀ ਸਾਰੇ ਪਰਵਾਰਿਕ ਮੈਂਬਰਾਂ ਨੂੰ ਵੀ ਅਸਹਿ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ।

Most Viewed Posts