ਜਗ੍ਹਾ ਤਾਂ ਦਿਲ ਵਿਚ ਹੋਣੀ ਚਾਹੀਦੀ ਹੈ।

0
58

ਜਗ੍ਹਾ ਤਾਂ ਦਿਲ ਵਿਚ ਹੋਣੀ ਚਾਹੀਦੀ ਹੈ।

ਰਮੇਸ਼ ਬੱਗਾ ਚੋਹਲਾ, 1348/17/1 ਗਲੀ ਨੰ 8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ) ਮੋਬ: 9463132719

ਇੱਕ ਦਿਨ ਕਿਸੇ ਜ਼ਰੂਰੀ ਕੰਮ ਦੇ ਸਿਲਸਲੇ ਵਿਚ ਮੈਂ ਆਪਣੇ ਇੱਕ ਕਰੀਬੀ ਦੋਸਤ ਨਾਲ ਕਿਸੇ ਪਿੰਡ ਵਿਚ ਗਿਆ ਜਿਹੜਾ ਕਿ ਮੇਰੇ ਰਿਹਾਇਸ਼ੀ ਸ਼ਹਿਰ ਤੋਂ ਦੂਰ ਹੋਣ ਦੇ ਨਾਲ ਕੁੱਝ ਪੱਛੜਿਆ ਹੋਇਆ ਵੀ ਸੀ। ਦੋਸਤ ਕੋਲ ਕਾਰ ਹੋਣ ਕਾਰਨ ਪਿੰਡ ਵਿਚ ਪਹੁੰਚ ਤਾਂ ਅਸਾਨੀ ਨਾਲ ਹੋ ਗਈ ਪਰ ਵਾਪਸੀ ਸਮੇਂ ਹਾਲਾਤ ਅਣਸੁਖਾਂਵੇ ਹੋ ਗਏ ਕਿਉਂਕਿ ਕਿਸੇ ਮਜ਼ਬੂਰੀ ਵੱਸ ਮੇਰੇ ਦੋਸਤ ਨੂੰ ਕਿਸੇ ਹੋਰ ਰੂਟ ਵੱਲ ਜਾਣਾ ਪੈ ਗਿਆ। ਘਰੇਲੂ ਕਾਰਨ ਕਰਕੇ ਮੈਂ ਆਪਣੇ ਦੋਸਤ ਨਾਲ ਅਗਲੇਰਾ ਪੈਂਡਾ ਤਹਿ ਨਾ ਕਰ ਸਕਿਆ ਤੇ ਘਰ ਵਾਪਸੀ ਦੀ ਵਿਚਾਰ ਕਰਨ ਲੱਗਾ। ਵਾਪਸੀ ਹਿੱਤ ਜਦੋਂ ਮੈਂ ਮੁੱਖ ਮਾਰਗ ’ਤੇ ਆਇਆ ਤਾਂ ਦੇਖਿਆ ਇਸ ਮਾਰਗ ਉੱਪਰ ਪਬਲਿਕ ਟਰਾਂਸਪੋਰਟ ਦੀ ਵੱਡੀ ਘਾਟ ਸੀ। ਸਿਰਫ਼ ਨਿੱਜੀ ਵਾਹਨਾਂ ਦਾ ਹੀ ਬੋਲਬਾਲਾ ਸੀ। ਜਦੋਂ ਲੰਮਾ ਸਮਾਂ ਇੰਤਜ਼ਾਰ ਕਰਕੇ ਵੀ ਕੋਈ ਗੱਲ ਨਾ ਬਣੀ ਤਾਂ ਕਿਸੇ ਕੋਲੋ ਲਿਫਟ ਲੈਣ ਦੀ ਠਾਣ ਲਈ। ਇਸ ਉਦੇਸ਼ ਦੀ ਪੂਰਤੀ ਹਿੱਤ ਮੈਂ ਕਈ ਵਾਹਨਾਂ ਨੂੰ ਹੱਥ ਦਿੱਤਾ, ਪਰ ਸਾਰੇ ਅਣਡਿੱਠ ਕਰਕੇ ਲੰਘੀ ਜਾ ਰਹੇ ਸਨ। ਲੰਘ ਚੁੱਕੇ ਬਹੁਤ ਸਾਰੇ ਵਾਹਨਾਂ ਵਿਚ ਇਕੱਲਾ ਚਾਲਕ ਹੋਣ ਕਰਕੇ ਭਾਵੇਂ ਕਿ ਬਿਠਾਉਣ ਦੀ ਵੀ ਦਿੱਕਤ ਨਹੀਂ ਸੀ, ਪਰ ਫਿਰ ਵੀ ਕੋਈ ਬ੍ਰੇਕ ਲਗਾਉਣ ਲਈ ਤਿਆਰ ਨਹੀਂ ਸੀ। ਕੋਈ ਹੁੰਗਾਰਾ ਨਾ ਮਿਲਦਾ ਦੇਖ ਕੇ ਪੈਦਲ ਹੀ ਚਾਲੇ ਪਾ ਦਿੱਤੇ।

ਅਜੇ ਚਾਰ ਕੁ ਕਦਮ ਹੀ ਉਠਾਏ ਸਨ ਕਿ ਇੱਕ ਗੁਰਮੁੱਖ ਪਿਆਰਾ ਤੇਜ਼ ਗਤੀ ਦੇ ਮੋਟਰ ਸਾਇਕਲ ’ਤੇ ਆਪਣੇ ਦੋ 10-12 ਸਾਲ ਦੇ ਬੱਚਿਆਂ (ਮੁੰਡਾ+ਕੁੜੀ) ਸਮੇਤ ਆ ਰਿਹਾ ਸੀ। ਉਸ ਭਲੇ ਪੁਰਸ਼ ਨੇ ਮੇਰੇ ਬਰਾਬਰ ਆ ਕਿ ਮੋਟਰ ਸਾਇਕਲ ਨੂੰ ਬ੍ਰੇਕ ਲਗਾਈ ਅਤੇ ਬੜੀ ਨਿਮਰਤਾ ਨਾਲ ਕਿਹਾ- ‘ਚੱਲਣਾ ਬਾਊ ਜੀ ?’

‘ਚੱਲਣਾ ਤਾਂ ਹੈ, ਪਰ ਤੁਸੀਂ ਤਾਂ ਪਹਿਲਾਂ ਹੀ ਤਿੰਨ ਹੋ, ਜਗ੍ਹਾ ਤਾਂ ਹੈ ਨਹੀਂ’

‘ਜਗ੍ਹਾ ਤਾਂ ਦਿਲ ਵਿਚ ਹੋਣੀ ਚਾਹੀਦੀ ਹੈ ਬਾਊ ਜੀ।’

ਇਹ ਕਹਿ ਕੇ ਉਸ ਨੇ ਆਪਣੀ ਲੜਕੀ ਨੂੰ ਅੱਗੇ (ਟੈਂਕੀ+ਸੀਟ ’ਤੇ) ਬੁਲਾ ਕੇ ਗੁਜ਼ਾਰੇ ਜੋਗੀ ਜਗ੍ਹਾ ਬਣਾ ਦਿੱਤੀ ਅਤੇ ਮੋਟਰ ਸਾਇਕਲ ਨੂੰ ਕਿੱਕ ਮਾਰ ਦਿੱਤੀ। ਹੁਣ ਮੋਟਰ ਸਾਇਕਲ ਹਵਾ ਨਾਲ ਗੱਲਾਂ ਕਰ ਰਿਹਾ ਸੀ ਅਤੇ ਆਪਣੀ ਮੰਜ਼ਲ ਵੱਲ ਵੱਧਦਾ ਜਾ ਰਿਹਾ ਸੀ। ਕੁੱਝ ਕੁ ਮਿੰਟਾਂ ਦੇ ਸਫ਼ਰ ਨਾਲ ਹੀ ਮੈਂ ਆਪਣੇ ਟਿਕਾਣੇ ਦੇ ਨਜ਼ਦੀਕ ਪਹੁੰਚ ਗਿਆ। ਇਹ ਔਖਿਆਈ-ਸੁਖਿਆਈ ਵਾਲਾ ਰਾਹ ਅਤੇ ਉਸ ਗੁਰਮੁੱਖ ਪਿਆਰੇ ਦਾ ਸੁਬਾਅ (ਕਿ ‘‘ਵਿਚਿ ਦੁਨੀਆ ਸੇਵ ਕਮਾਈਐ ਤਾ ਦਰਗਹ ਬੈਸਣੁ ਪਾਈਐ ’’ ਮਹਲਾ /੨੬) ਮੇਰੀਆਂ ਅਭੁੱਲ ਯਾਦਾਂ ਦਾ ਇੱਕ ਅਹਿਮ ਹਿੱਸਾ ਬਣ ਗਿਆ, ਜਿਸ ਨੂੰ ਕਦੇ ਭਲਾਇਆ ਨਹੀਂ ਜਾ ਸਕਦਾ।