ਮੇਰੇ ਮਾਧਉ ਜੀ  ! ਸਤਸੰਗਤਿ ਮਿਲੇ, ਸੁ ਤਰਿਆ ॥

0
142

ਮੇਰੇ ਮਾਧਉ ਜੀ  ! ਸਤਸੰਗਤਿ ਮਿਲੇ, ਸੁ ਤਰਿਆ ॥

ਪ੍ਰੋਫ਼ੈਸਰ ਮਨਮੋਹਨ ਸਿੰਘ (ਕੈਨੇਡਾ)

ਰਾਗੁ ਗੂਜਰੀ ਮਹਲਾ ੫ ॥ ਕਾਹੇ ਰੇ ਮਨ !  ਚਿਤਵਹਿ ਉਦਮੁ; ਜਾ ਆਹਰਿ ਹਰਿ ਜੀਉ ਪਰਿਆ ॥  ਸੈਲ ਪਥਰ ਮਹਿ ਜੰਤ ਉਪਾਏ; ਤਾ ਕਾ ਰਿਜਕੁ ਆਗੈ ਕਰਿ ਧਰਿਆ ॥੧॥  ਮੇਰੇ ਮਾਧਉ ਜੀ  ! ਸਤਸੰਗਤਿ ਮਿਲੇ, ਸੁ ਤਰਿਆ ॥  ਗੁਰ ਪਰਸਾਦਿ, ਪਰਮ ਪਦੁ ਪਾਇਆ; ਸੂਕੇ ਕਾਸਟ ਹਰਿਆ ॥੧॥ ਰਹਾਉ ॥  ਜਨਨਿ ਪਿਤਾ ਲੋਕ ਸੁਤ ਬਨਿਤਾ; ਕੋਇ ਨ ਕਿਸ ਕੀ ਧਰਿਆ ॥  ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ; ਕਾਹੇ ਮਨ  ! ਭਉ ਕਰਿਆ ॥੨॥  ਊਡੇ ਊਡਿ ਆਵੈ ਸੈ ਕੋਸਾ; ਤਿਸੁ ਪਾਛੈ ਬਚਰੇ ਛਰਿਆ ॥  ਤਿਨ ਕਵਣੁ ਖਲਾਵੈ, ਕਵਣੁ ਚੁਗਾਵੈ, ਮਨ ਮਹਿ ਸਿਮਰਨੁ ਕਰਿਆ ॥੩॥  ਸਭਿ ਨਿਧਾਨ, ਦਸ ਅਸਟ ਸਿਧਾਨ; ਠਾਕੁਰ ਕਰ ਤਲ ਧਰਿਆ ॥  ਜਨ ਨਾਨਕ  ! ਬਲਿ ਬਲਿ ਸਦ ਬਲਿ ਜਾਈਐ; ਤੇਰਾ ਅੰਤੁ ਨ ਪਾਰਾਵਰਿਆ ॥੪॥੫॥ (ਸੋ ਦਰੁ ਗੂਜਰੀ/ਮਹਲਾ ੫/੧੦)

ਹਥਲਾ ਵਿਸ਼ਾ ਗੁਰੂ ਅਰਜਨ ਸਾਹਿਬ ਜੀ ਦੁਆਰਾ ਉਚਾਰਨ ਕੀਤਾ ਹੋਇਆ ‘ਸੋ ਦਰੁ’ (ਰਹਰਾਸਿ) ਸਿਰਲੇਖ ਅਧੀਨ ਨਿਤਨੇਮ ਵਜੋਂ ਸ਼ਾਮ ਨੂੰ ਪੜ੍ਹੇ ਜਾਣ ਵਾਲ਼ਾ ਪੰਜਵਾਂ ਸ਼ਬਦ ਹੈ, ਜੋ ਰਾਗ ਗੂਜਰੀ ਵਿੱਚ ਦਰਜ ਹੈ।  ਇਸ ਸ਼ਬਦ ਦੇ ਚਾਰ ਬੰਦ ਹਨ ਤੇ ਇੱਕ ‘ਰਹਾਉ’ ਬੰਦ ਹੈ, ਜਿਸ ਵਿੱਚ ਪੂਰੇ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ।

ਪਹਿਲੇ ਬੰਦ ਵਿੱਚ ਗੁਰੂ ਪਾਤਿਸ਼ਾਹ ਜੀ ਫ਼ੁਰਮਾ ਰਹੇ ਹਨ ਕਿ ਹੇ ਮਨ !  ਨਿਰਾ ਰੋਜ਼ੀ ਅਤੇ ਰੁਜ਼ਗਾਰ ਵਾਸਤੇ ਹੀ ਤੂੰ ਕਿਉਂ ਚਿੰਤਾ ਕਰਦਾ ਹੈਂ ?

ਨੋਟ : ਇਸ ਦਾ ਇਹ ਮਤਲਬ ਨਹੀਂ ਹੈ ਕਿ ਗੁਰਬਾਣੀ ਹੱਥੀਂ ਕਿਰਤ ਕਰਨ ਅਤੇ ਉੱਦਮ ਕਰਨ ਲਈ ਪ੍ਰੇਰਦੀ ਹੈ, ਪਰ ਵਿਅਰਥ ਦੀ ਚਿੰਤਾ ਕਰਨ ਤੋਂ ਰੋਕਦੀ ਹੈ। ਇਹ ਨਹੀਂ ਹੈ ਕਿ ਜੇਕਰ ਚਿੰਤਾ ਛੱਡ ਕੇ ਨਿਸ਼ਚਿੰਤ ਹੋ ਕੇ ਬੈਠ ਗਏ ਤਾਂ ਉੱਦਮ ਹੀ ਕਰਨਾ ਛੱਡ ਦੇਈਏ। ਜੇਕਰ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਵੱਲ ਨਜ਼ਰ ਮਾਰੀਏ ਤਾਂ ਗੁਰੂ ਨਾਨਕ ਸਾਹਿਬ ਨੇ ਆਖਰੀ ਸਮੇਂ ਤੱਕ ਹੱਥੀਂ ਕਿਰਤ ਕੀਤੀ, ਉੱਦਮ ਕੀਤਾ ਹੈ। ਸੋ ਹਥਲੇ ਸ਼ਬਦ ਵਿੱਚ ਇਹ ਦੱਸਿਆ ਗਿਆ ਹੈ ਕਿ ਉੱਦਮ ਕਰਨਾ ਹੈ, ਪਰ ਚਿੰਤਾ ਨਹੀਂ ਕਰਨੀ। ਚਿੰਤਾ ਕਿਉਂ ਨਹੀਂ ਕਰਨੀ ਕਿਉਂਕਿ ਜਿਸ ਆਹਰ ਵਿੱਚ ਪ੍ਰਮਾਤਮਾ ਆਪ ਲੱਗਾ ਹੋਇਆ ਹੈ, ਆਪ ਜਿਸ ਉੱਦਮ ਦਾ ਪ੍ਰਬੰਧ ਕਰ ਰਿਹਾ ਹੈ, ਹੇ ਮਨ ! ਤੂੰ ਉਸ ਦੀ ਚਿੰਤਾ ਨਾ ਕਰ। ਇਸ ਲਈ ਇਸ ਬੰਦ ’ਚ ਉੱਦਮ ਅਤੇ ਚਿੰਤਾ ਦਾ ਫ਼ਰਕ ਜਾਣਨਾ ਹੈ ‘‘ਕਾਹੇ ਰੇ ਮਨਚਿਤਵਹਿ ਉਦਮੁ ? ਜਾ ਆਹਰਿ (’) ਹਰਿ ਜੀਉ ਪਰਿਆ ’’

ਜੇਕਰ ਉਕਤ ਤੁਕ ’ਚ ‘ਜਾ’ ਨੂੰ ਬਿੰਦੀ ਸਹਿਤ ‘ਜਾਂ’ ਪੜ੍ਹੀਏ ਤਾਂ ਇਸ ਦਾ ਅਰਥ ਬਣਦਾ ਹੈ ‘ਜਦੋਂ’ ਅਤੇ ਜੇਕਰ ਬਿੰਦੀ ਤੋਂ ਬਿਨਾਂ ਪੜ੍ਹੀਏ ਤਾਂ ਅਰਥ ਬਣਦਾ ਹੈ ‘ਜਿਸ ਆਹਰ ’ਚ ਪ੍ਰਮਾਤਮਾ ਆਪ ਲੱਗਾ ਹੈ, ਜੋ ਕਿ ਸਹੀ ਉਚਾਰਨ ਹੈ। ਵੈਸੇ ਸਾਰਾ ਸਮਾਜ ਹੀ ਆਹਰ ਲਈ ਸਦਾ ਚਿੰਤਤ ਰਹਿੰਦਾ ਹੈ। ਗੁਰੂ ਵਾਕ ਹੈ ‘‘ਚਿੰਤਤ ਹੀ ਦੀਸੈ ਸਭੁ ਕੋਇ ਚੇਤਹਿ ਏਕੁ, ਤਹੀ ਸੁਖੁ ਹੋਇ ’’ (ਮਹਲਾ /੯੩੨) ਭਾਵ ਸਾਰਾ ਸਮਾਜ ਆਹਰ ਲਈ ਚਿੰਤਤ ਹੈ, ਪਰ ਓਹੀ ਚਿੰਤਾ ਮੁਕਤ ਹੈ ਯਾਨੀ ਸੁੱਖੀ ਹੈ, ਅਨੰਦ ਵਿੱਚ ਹੈ, ਜੋ ਇੱਕ ਅਕਾਲ ਪੁਰਖ ਨੂੰ ਚੇਤੇ ਕਰਦਾ ਹੈ। ਚਿੰਤਾ ਇਸ ਲਈ ਨਹੀਂ ਕਰਨੀ ਚਾਹੀਦੀ ਕਿਉਂਕਿ ਸਾਰੇ ਜੀਵ-ਜੰਤਾਂ ਦੀ ਸੰਭਾਲ ਵਾਹਿਗੁਰੂ ਆਪ ਕਰ ਰਿਹਾ ਹੈ, ਸਭਨਾ ਦੀਆਂ ਲੋੜਾਂ ਦੀ ਪੂਰਤੀ ਵਾਹਿਗੁਰੂ ਆਪ ਕਰ ਰਿਹਾ ਹੈ ‘‘ਨਾਨਕ  ! ਜੰਤ ਉਪਾਇ ਕੈ, ਸੰਮਾਲੇ ਸਭਨਾਹ ’’  ਤਾਂ ਤੇ ਰੁਜ਼ਗਾਰ ਲਈ ਚਿੰਤਾ ਕਰਨੀ ਨਿਰਾਰਥ ਹੈ। ਆਹਰ ਪਹੁੰਚਾਉਣ ਲਈ ਚਿੰਤਾ ਉਸ ਕਰਤਾਰ ਨੂੰ ਹੈ ‘‘ਜਿਨਿ ਕਰਤੈ ਕਰਣਾ ਕੀਆ; ਚਿੰਤਾ ਭਿ ਕਰਣੀ ਤਾਹ ’’, ਉਹ ਕਰਤਾ ਆਪ ਚਿੰਤਾ ਕਰਦਾ ਹੈ, ਜਿਸ ਨੇ ਇਸ ਜਗ ਨੂੰ ਉਪਾਇਆ ਹੈ ‘‘ਸੋ ਕਰਤਾ ਚਿੰਤਾ ਕਰੇ; ਜਿਨਿ ਉਪਾਇਆ ਜਗੁ ’’ (ਮਹਲਾ /੪੬੭)

ਜੀਵ-ਜੰਤਾਂ ਨੂੰ ਪੈਦਾ ਕਰਨ ਤੋਂ ਪਹਿਲਾਂ ਹੀ ਉਸ ਨੇ ਰਿਜ਼ਕ ਪੈਦਾ ਕੀਤਾ ਹੈ ‘‘ਪਹਿਲੋ ਦੇ ਤੈਂ ਰਿਜਕੁ ਸਮਾਹਾ ਪਿਛੋ ਦੇ ਤੈਂ ਜੰਤੁ ਉਪਾਹਾ ’’ (ਮਹਲਾ /੧੩੦) ਭਾਵ ਪਹਿਲਾਂ ਪਰਮਾਤਮਾ ਨੇ ਰਿਜ਼ਕ ਦਾ ਪ੍ਰਬੰਧ ਕੀਤਾ ਤੇ ਬਾਅਦ ਵਿੱਚ ਜੀਵ ਨੂੰ ਪੈਦਾ ਕਰਦਾ ਹੈ; ਜਿਵੇਂ ਬੱਚੇ ਦੇ ਪੈਦਾ ਹੋਣ ਤੋਂ ਪਹਿਲਾਂ ਉਸ ਲਈ ਦੁੱਧ ਦਾ ਪ੍ਰਬੰਧ ਹੋ ਜਾਂਦਾ ਹੈ। ਉਸ ਵਰਗਾ ਕੋਈ ਹੋਰ ਦਾਤਾ ਹੈ ਹੀ ਨਹੀਂ, ਜੋ ਜੀਵ ਪੈਦਾ ਹੋਣ ਤੋਂ ਪਹਿਲਾਂ ਉਸ ਲਈ ਰਿਜ਼ਕ ਦਾ ਪ੍ਰਬੰਧ ਕਰੇ ‘‘ਜੀਅ ਜੰਤ ਸਭਿ ਪਾਛੈ ਕਰਿਆ; ਪ੍ਰਥਮੇ ਰਿਜਕੁ ਸਮਾਹਾ ’’ (ਮਹਲਾ /੧੨੩੫), ਫਿਰ ਭੀ ਜੇ ‘‘ਚਿੰਤਤ ਹੀ ਦੀਸੈ ਸਭੁ ਕੋਇ ’’ ਤਾਂ ਜਵਾਬ ਇਹੀ ਹੈ ਕਿ ਮਨੁੱਖ ‘‘ਚੇਤਹਿ ਏਕੁ ਤਹੀ ਸੁਖੁ ਹੋਇ ’’ (ਮਹਲਾ /੯੩੨) ਬਚਨਾਂ ’ਤੇ ਪਹਿਰਾ ਨਹੀਂ ਦੇ ਰਿਹਾ। ਗੁਰੂ ਜੀ ਦਾ ਉਪਦੇਸ਼ ਹੈ ਕਿ ‘‘ਹਾਥ ਪਾਉ ਕਰਿ ਕਾਮੁ ਸਭੁ; ਚੀਤੁ ਨਿਰੰਜਨ ਨਾਲਿ ’’ (ਭਗਤ ਕਬੀਰ/੧੩੭੬ਭਾਵ ਤੂੰ ਆਪਣੀ ਕਿਰਤ ਕਰਦਾ ਰਹਿ ਅਤੇ ਪ੍ਰਭੂ ਜੀ ਦੀ ਯਾਦ ਆਪਣੇ ਹਿਰਦੇ ਵਿੱਚ ਵਸਾਈ ਰੱਖ, ਉਸ ਉੱਤੇ ਭਰੋਸਾ ਰੱਖ। ਇਸ ਲਈ ਹਥਲੇ ਸ਼ਬਦ ਦੇ ਪਹਿਲੇ ਬੰਦ ’ਚ ਹੁਕਮ ਕੀਤਾ ਗਿਆ ਹੈ ਕਿ ‘‘ਕਾਹੇ ਰੇ ਮਨ ! ਚਿਤਵਹਿ ਉਦਮੁ; ਜਾ ਆਹਰਿ ਹਰਿ ਜੀਉ ਪਰਿਆ ਸੈਲ ਪਥਰ ਮਹਿ ਜੰਤ ਉਪਾਏ; ਤਾ ਕਾ ਰਿਜਕੁ ਆਗੈ ਕਰਿ ਧਰਿਆ ’’ ਸੈਲ ਦਾ ਅਰਥ ਹੈ ‘ਪਹਾੜ’। ਹੇ ਮਨ ! ਵੇਖ ਕਿ ਪ੍ਰਮਾਤਮਾ ਨੇ ਪਹਾੜਾਂ ਅਤੇ ਪੱਥਰਾਂ ਵਿੱਚ ਵੀ ਜੀਵ ਪੈਦਾ ਕੀਤੇ ਹੋਏ ਹਨ; ਉਹਨਾਂ ਦਾ ਰਿਜ਼ਕ ਪਹਿਲਾਂ ਹੀ ਉੱਥੇ ਪੱਥਰ ਰੂਪ ’ਚ ਰੱਖ ਦਿੱਤਾ ਹੈ।

ਅਕਸਰ ਕਿਹਾ ਜਾਂਦਾ ਹੈ ਕਿ 84 ਲੱਖ ਜੀਵ-ਜੰਤਾਂ ’ਚੋਂ 42 ਲੱਖ ਜੀਵ ਪਾਣੀ ਵਿੱਚ ਰਹਿੰਦੇ ਹਨ ‘‘ਬਇਆਲੀਸ ਲਖ ਜੀ ਜਲ ਮਹਿ ਹੋਤੇ; ਬੀਠਲੁ ਭੈਲਾ ਕਾਇ ਕਰਉ  ?’’ (ਭਗਤ ਨਾਮਦੇਵ/੪੮੫) ਪਾਣੀ ਵਿੱਚ ਵੀ ਜੀਵਾਂ ਨੂੰ ਪੈਦਾ ਕਰ ਕੇ ਰੋਜ਼ੀ ਦਿੱਤੀ ਹੈ। ਨਾ ਹੀ ਉੱਥੇ ਕੋਈ ਦੁਕਾਨ ਹੈ ਤੇ ਨਾ ਹੀ ਕੋਈ ਖੇਤੀਬਾੜੀ ਕਰਦਾ ਹੈ। ਉੱਥੇ ਸੌਦਾ ਤਾਂ ਬਿਲਕੁਲ ਵੀ ਨਹੀਂ ਹੁੰਦਾ, ਨਾ ਹੀ ਕੋਈ ਸੌਦਾ ਦਿੰਦਾ ਹੈ ਤੇ ਨਾ ਕੋਈ ਲੈਂਦਾ ਹੈ ਭਾਵ ਲੈਣ ਦੇਣ ਹੈ ਹੀ ਨਹੀਂ। ਜੀਵਾਂ ਦਾ ਆਹਰ ਉਸ ਪ੍ਰਮਾਤਮਾ ਨੇ ਜੀਵ ਹੀ ਬਣਾਏ ਹੋਏ ਹਨ। ਹਰ ਵੱਡਾ ਜੀਵ ਆਪਣੇ ਤੋਂ ਛੋਟੇ ਜੀਵ ਨੂੰ ਖਾ ਰਿਹਾ ਹੈ। ਇਹੀ ਕੁਦਰਤ ਦਾ ਨਿਯਮ ਹੈ। ਗੁਰੂ ਅੰਗਦ ਸਾਹਿਬ ਜੀ ਦੇ ਬਚਨ ਹਨ ‘‘ਨਾਨਕ  ! ਚਿੰਤਾ ਮਤਿ ਕਰਹੁ; ਚਿੰਤਾ ਤਿਸ ਹੀ ਹੇਇ ਜਲ ਮਹਿ ਜੰਤ ਉਪਾਇਅਨੁ; ਤਿਨਾ ਭਿ ਰੋਜੀ ਦੇਇ ਓਥੈ ਹਟੁ ਚਲਈ; ਨਾ ਕੋ ਕਿਰਸ ਕਰੇਇ ਸਉਦਾ ਮੂਲਿ ਹੋਵਈ; ਨਾ ਕੋ ਲਏ, ਦੇਇ ਜੀਆ ਕਾ ਆਹਾਰੁ ਜੀਅ; ਖਾਣਾ ਏਹੁ ਕਰੇਇ ਵਿਚਿ ਉਪਾਏ ਸਾਇਰਾ; ਤਿਨਾ ਭਿ ਸਾਰ ਕਰੇਇ ਨਾਨਕ  ! ਚਿੰਤਾ ਮਤ ਕਰਹੁ; ਚਿੰਤਾ ਤਿਸ ਹੀ ਹੇਇ ’’ (ਮਹਲਾ /੯੫੫) ਸੋ ਜਿਸ ਪ੍ਰਮਾਤਮਾ ਦੁਆਰਾ ਇਹ ਖੇਡ ਰਚੀ ਗਈ ਹੈ, ਉਸ ਨੇ ਆਹਾਰ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ, ਇਸ ਲਈ ਬਹੁਤੀ ਚਿੰਤਾ ਜਿੱਥੇ ਜੀਵਨ ਦਾ ਨਾਸ ਕਰਦੀ ਹੈ ਓਥੇ ਅਸਲ ਸਚਾਈ ਕਿ ਅਕਾਲ ਪੁਰਖ ਸਭ ਦੀ ਸੰਭਾਲ ਕਰਦਾ ਹੈ, ਦੀ ਹੋਂਦ ਤੋਂ ਇਨਕਾਰੀ ਬਣਾ ਦਿੰਦੀ ਹੈ।

ਬਾਣੀ ਵਿੱਚ ਚੰਗੇ ‘ਆਹਰ’ ਦਾ ਵੀ ਜ਼ਿਕਰ ਹੈ, ਜਿਸ ਦਾ ਅਰਥ ਹੈ ‘ਰੱਬ ਦੀ ਸਿਫ਼ਤ ਸਲਾਹ ਕਰਨ ਲਈ ਕੀਤੀ ਗਈ ਮਸ਼ੱਕਤ; ਜਿਵੇਂ ਕਿ ਗੁਰੂ ਵਾਕ ਹੈ ‘‘ਆਹਰ ਸਭਿ ਕਰਦਾ ਫਿਰੈ; ਆਹਰੁ ਇਕੁ ਹੋਇ ’’ ਹੇ ਜੀਵ ਤੂੰ ਖਾਣ, ਪੀਣ, ਰਹਿਣ, ਘੁੰਮਣ ਫਿਰਨ ਵਾਸਤੇ ਉੱਦਮ ਬਹੁਤ ਕਰਦਾ ਹੈਂ, ਪਰ ਰੱਬ ਦੀ ਪ੍ਰਾਪਤੀ ਲਈ ਉੱਦਮ ਨਹੀਂ ਕਰਦਾ, ਜਿਸ ਨਾਲ ਤੇਰਾ ਪਾਰ ਉਤਾਰਾ ਹੋਣਾ ਹੈ। ਇਸ ਆਹਰ ਨੂੰ ਕੋਈ ਵਿਰਲਾ ਹੀ ਬੁੱਝ ਸਕਦਾ ਹੈ; ਜਿਵੇਂ ਕਿ ਬਚਨ ਹਨ ‘‘ਨਾਨਕ  ! ਜਿਤੁ ਆਹਰਿ (ਨਾਲ਼), ਜਗੁ ਉਧਰੈ; ਵਿਰਲਾ ਬੂਝੈ ਕੋਇ ’ (ਮਹਲਾ /੯੬੫), ਸਾਰੇ ਉੱਦਮਾਂ ਵਿੱਚੋਂ ਭਲਾ ਉੱਦਮ ਉਹੀ ਹੈ, ਜਿਸ ਨਾਲ਼ ਪ੍ਰਭੂ ਦਾ ਨਾਮ ਸਦਾ ਯਾਦ ਆਵੇ ‘‘ਸਗਲ ਉਦਮ ਮਹਿ ਉਦਮੁ ਭਲਾ ਹਰਿ ਕਾ ਨਾਮੁ ਜਪਹੁ ਜੀਅ ਸਦਾ ’’ (ਸੁਖਮਨੀ/ਮਹਲਾ /੨੬੬), ਇਸ ਕਰਕੇ ਮਹਾਰਾਜ ਜੀ ਕਹਿੰਦੇ ਹਨ ਕਿ ਰੁਜ਼ਗਾਰ ਵਾਲ਼ੇ ਆਹਰ ਦੀ ਚਿੰਤਾ ਦੀ ਥਾਂ ਪਰਮਾਤਮਾ ਦੀ ਪ੍ਰਾਪਤੀ ਵਾਲ਼ੇ ਆਹਰ ਵਿੱਚ ਲੱਗਣਾ ਹੈ।

ਜਪੁ ਜੀ ਸਾਹਿਬ ਦੀ 31ਵੀਂ ਪਉੜੀ ਪੜ੍ਹੀਏ ਤਾਂ ਪਤਾ ਚੱਲਦਾ ਹੈ ਕਿ ‘‘ਜੋ ਕਿਛੁ ਪਾਇਆ; ਸੁ ਏਕਾ ਵਾਰ ’’ (ਜਪੁ) ਭਾਵ ਪ੍ਰਮਾਤਮਾ ਨੇ ਸਭ ਕੁਝ ਇਕੋ ਵਾਰ ਬੰਦੇ ਦੇ ਨਸੀਬ ਵਿੱਚ (ਧਨ, ਵਸਤੂ ਆਦਿ) ਪਾ ਦਿੱਤਾ ਹੈ। ਸਿਰਜਣਹਾਰ ਮਾਲਕ ਖ਼ੁਦ ਇਹ ਸੁਨਿਸ਼ਚਿਤ ਕਰਦਾ ਹੈ ਕਿ ਜੋ ਮੈ ਨਸੀਬ ਵਿੱਚ ਪਾਇਆ ਹੈ, ਕੀ ਉਹ ਸਭ ਉਸ ਨੂੰ ਮਿਲ ਵੀ ਰਿਹਾ ਹੈ ਜਾਂ ਨਹੀਂ। ਕੀ ਉਸ ਕੋਲੋਂ ਕੋਈ ਹੋਰ ਖੋਹ ਤਾਂ ਨਹੀਂ ਰਿਹਾ। ਸੋ ਹਰ ਕੰਮ ਲਈ ਉੱਦਮ ਕਰਨਾ ਹੈ, ਚਿੰਤਾ ਨਹੀਂ।

ਹੁਣ ਸਤਿਸੰਗਤ ਦੀ ਪਰਖ ਕਰਨ ਲਈ ਵੀ ਸਤਿਗੁਰੂ ਜੀ ਪਾਸੋਂ ਪੁੱਛ ਲੈਣਾ ਚਾਹੀਦਾ ਹੈ ਕਿਉਂਕਿ ਗੁਰੂ ਜੀ ਦੇ ਬਚਨ ਹਨ ‘‘ਸਤਸੰਗਤਿ ਕੈਸੀ ਜਾਣੀਐ  ?’’ ਫਿਰ ਆਪ ਹੀ ਉਨ੍ਹਾਂ ਨੇ ਜਵਾਬ ਦਿੱਤਾ ਹੈ ‘‘ਜਿਥੈ ਏਕੋ ਨਾਮੁ ਵਖਾਣੀਐ ਏਕੋ ਨਾਮੁ ਹੁਕਮੁ ਹੈ; ਨਾਨਕ  ! ਸਤਿਗੁਰਿ (ਨੇ) ਦੀਆ ਬੁਝਾਇ ਜੀਉ ’’ (ਮਹਲਾ /੭੨) ਭਾਵ ਜਿੱਥੇ ਪ੍ਰਭੂ ਦੇ ਨਾਮ ਦੇ ਗੁਣਾਂ ਦਾ ਗਾਇਨ ਕੀਤਾ ਜਾਂਦਾ ਹੈ, ਉਸ ਨੂੰ ਹੀ ਸਤਿਸੰਗਤ ਕਹਿੰਦੇ ਹਨ ਕਿਉਂਕਿ ਪ੍ਰਭੂ ਦੇ ਗੁਣਾਂ ਦੀ ਵਿਚਾਰ, ਉਸ ਦੇ ਨਾਮ ਦਾ ਵਣਜ ਵੀ ਉਹੀ ਕਰ ਸਕਦਾ ਹੈ, ਜਿਸ ਨੂੰ ਸਤਿਸੰਗਤ ਮਿਲ ਜਾਏ, ਉਹੀ ਸੰਸਾਰ-ਸਮੁੰਦਰ ਤੋਂ ਤਰਦਾ ਹੈ। ਇਸ ਪਦ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ਼ ਹੁੰਦੀ ਹੈ ਤਾਹੀਓਂ ‘ਰਹਾਉ’ ਬੰਦ ਦੀ ਪੰਕਤੀ ’ਚ ਕਿਹਾ ਗਿਆ ਹੈ ‘‘ਮੇਰੇ ਮਾਧਉ ਜੀ  ! ਸਤਸੰਗਤਿ ਮਿਲੇ; ਸੁ ਤਰਿਆ ਗੁਰ ਪਰਸਾਦਿ ਪਰਮ ਪਦੁ ਪਾਇਆ; ਸੂਕੇ ਕਾਸਟ ਹਰਿਆ ਰਹਾਉ ’’ ਭਾਵ ਉਸੇ ਮਨੁੱਖ ਨੇ ਪਰਮਪਦ, ਸ੍ਰੇਸ਼ਟ ਪਦ ਨੂੰ ਪਾਇਆ ਹੈ, ਜਿਸ ਨੂੰ ਸੁਚੱਜੀ ਸਤਿਸੰਗਤ ਮਿਲ ਗਈ। ਜਿਸ ਨੇ ਰਾਹ ਦੀ ਪੂੰਜੀ (ਰਾਹਦਾਰੀ) ਇਕੱਠੀ ਕਰ ਲਈ ਹੈ, ਉਸ ਦਾ ਸੁੱਕੀ ਲੱਕੜੀ ਵਰਗਾ ਪਿਆ ਹਿਰਦਾ; ਮੁੜ ਹਰਾ ਭਰਾ ਹੋ ਗਿਆ ਭਾਵ ਕਠੋਰ ਮਨ, ਜੋ ਅੰਤਹਿਕਰਣ ਦੀ ਮਲ਼ੀਨਤਾ ਹੈ; ਪ੍ਰਭੂ ਦੇ ਨਾਮ ਨੂੰ ਜਪ ਜਪ ਕੇ ਪਾਰਦਰਸ਼ੀ ਹੋ ਗਿਆ। ਪਰਮਾਤਮਾ ਦੀ ਕਿਰਪਾ ਨਾਲ, ਮਨ ਵਿੱਚ ਜੋ ਕਠੋਰਤਾ ਸੀ, ਕੋਰਾਪਨ ਸੀ; ਉਹ ਮੁੱਕ ਗਿਆ ਹੈ। ਜਦ ਅੰਦਰ ਨਾਮ-ਰਸ ਵੱਸ ਗਿਆ ਹੈ ਤਾਂ ਆਤਮਿਕ ਜੀਵਨ ਪ੍ਰਫੁਲਿਤ ਹੋ ਗਿਆ। ਜਦੋਂ ਨਾਮ ਦੀ ਭੁੱਖ ਲੱਗਦੀ ਹੈ ਤਾਂ ਸਾਰੇ ਦੁੱਖ ਹੀ ਚਲੇ ਜਾਂਦੇ ਹਨ। ਜਿਸ ਦੀ ਵਿਚਾਰ ਆਪਾਂ ਸ਼ਬਦ ਨੰਬਰ ੩ ਆਸਾ ਪਹਲਾ ੧ (ਅੰਕ ੧੦) ਵਿੱਚ ਕਰ ਆਏ ਹਾਂ; ਜਿਵੇਂ ਕਿ ਬਚਨ ਹਨ ‘‘ਸਾਚੇ ਨਾਮ ਕੀ ਲਾਗੈ ਭੂਖ ਉਤੁ ਭੂਖੈ; ਖਾਇ ਚਲੀਅਹਿ ਦੂਖ (ਸੋ ਦਰੁ/ਮਹਲਾ ) ਭਾਵ ਜਿਸ ਨੂੰ ਹਰੀ ਦੇ ਨਾਮ ਦੀ ਪਿਆਸ ਲੱਗ ਗਈ, ਉਸ ਦਾ ਕਠੋਰ ਅੰਤਹਿਕਰਣ ਪਿਘਲ ਗਿਆ। ਸੋ ‘ਰਹਾਉ’ ਪਦੇ ਵਿੱਚ ਗੁਰੂ ਜੀ ਉਸ ਆਹਰ ਦੀ ਗੱਲ ਕਰ ਰਹੇ ਹਨ, ਜੋ ਹਰ ਮਨੁੱਖ ਨੂੰ ਕਰਨਾ ਚਾਹੀਦਾ ਹੈ, ਜਿਸ ਲਈ ਉਹ ਸੰਸਾਰ ਵਿੱਚ ਆਇਆ ਹੈ। ਉਹ ਆਹਰ ਹੈ ‘ਸਤਿਸੰਗਤ ਵਿੱਚ ਜੁੜ ਕੇ ਪਰਮਾਤਮਾ ਦਾ ਨਾਮ ਜਪਣਾ।

ਵਿਚਾਰ ਅਧੀਨ ਸ਼ਬਦ ਦਾ ਦੂਜਾ ਬੰਦ ਹੈ ‘‘ਜਨਨਿ ਪਿਤਾ ਲੋਕ ਸੁਤ ਬਨਿਤਾ; ਕੋਇ ਕਿਸ ਕੀ ਧਰਿਆ   ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ; ਕਾਹੇ ਮਨ  ! ਭਉ ਕਰਿਆ  ?’’ ਭਾਵ  ਜਨਮ ਦੇਣ ਵਾਲੀ ਮਾਤਾ, ਪਿਤਾ, ਸਾਰੇ ਲੋਕ-ਰਿਸ਼ਤੇਦਾਰ, ਪੁੱਤਰ, ਬੀਵੀ ਆਦਿ ਵਿੱਚੋਂ ਕੋਈ ਵੀ ਕਿਸੇ ਦਾ ਸਦੀਵੀਂ ਸਾਥੀ/ਮਦਦਗਾਰ ਨਹੀਂ ਹੋ ਸਕਦਾ; ਜਿਵੇਂ ਕਿ ਅੱਜ ਕਲ੍ਹ ਅੰਤਰਰਾਸ਼ਟਰੀ ਮਾਤਾ-ਦਿਵਸ (Mother’s day) ਮਨਾਉਣਾ ਬਹੁਤ ਪ੍ਰਚਲਿਤ ਹੋ ਗਿਆ ਹੈ ਪਰ ਸਾਡਾ ਸੱਭਿਆਚਾਰ ਸਾਨੂੰ ਇਹ ਨਹੀਂ ਸਿਖਾਉਂਦਾ ਕਿ ਕੇਵਲ ਇੱਕ ਦਿਨ ਹੀ ਆਪਣੇ ਮਾਤਾ ਨੂੰ ਪਿਆਰ ਕਰੀਏ ਅਤੇ ਫਿਰ ਉਹਨਾਂ ਦੀ ਸਾਰ ਵੀ ਨਾ ਲਈਏ। ਸਾਡਾ ਧਰਮ ਉਹਨਾਂ ਦੀ ਹਰ ਵੇਲੇ ਇੱਜ਼ਤ ਕਰਨੀ ਸਿਖਾਉਂਦਾ ਹੈ। ਗੁਰਬਾਣੀ ਪ੍ਰਮਾਤਮਾ ਨੂੰ ਵੀ ਮਾਤਾ ਪਿਤਾ ਦੇ ਨਾਂ ਨਾਲ਼ ਯਾਦ ਕਰਨ ਨੂੰ ਤਰਜੀਹ ਦਿੰਦੀ ਹੈ ਤਾਂ ਜੋ ਬੰਦਾ ਮਾਤਾ ਪਿਤਾ ਦੇ ਸੰਬੰਧਾਂ ਵਾਙ ਅਕਾਲ ਪੁਰਖ ਨਾਲ਼ ਵੀ ਸੰਬੰਧ ਸਥਾਪਿਤ ਕਰ ਸਕੇ; ਜਿਵੇਂ ਕਿ ਬਚਨ ਹਨ ‘‘ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪੁ, ਤੂੰ ਮੇਰਾ ਭ੍ਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ; ਤਾ ਭਉ ਕੇਹਾ ਕਾੜਾ ਜੀਉ  ?’’ (ਮਹਲਾ /੧੦੩) ਭਾਵ ਪ੍ਰਮਾਤਮਾ ਵੀ ਮੇਰੇ ਲਈ ਮਾਂ, ਪਿਉ, ਭਰਾ, ਮਿੱਤਰ ਆਦਿ ਵਾਙ ਪਿਆਰਾ ਹੈ, ਸਨੇਹੀ ਹੈ। ਰੱਬ ਨੂੰ ਇਉਂ ਯਾਦ ਕੀਤਿਆਂ ਕਿਸੇ ਵੀ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਰਹਿੰਦੀ। ਉਹ ਮਨੁੱਖ ਅਕਾਲ ਪੁਰਖ ਦੇ ਨਾਮ ਨੂੰ ਇਉਂ ਯਾਦ ਕਰਨ ਲੱਗਦਾ ਹੈ ਜਿਵੇਂ ਕਿ ਮਾਤਾ ਪਿਤਾ ਨੂੰ ‘‘ਮੇਰਾ ਪਿਤਾ ਮਾਤਾ ਹਰਿ ਨਾਮੁ ਹੈ; ਹਰਿ ਬੰਧਪੁ ਬੀਰਾ ’’ (ਮਹਲਾ /੧੬੩) ਗੁਰੂ ਗ੍ਰੰਥ ਸਾਹਿਬ ਦਾ ਇੱਕ-ਇੱਕ ਸ਼ਬਦ ਹਰੀ ਨਾਮ ਹੈ ਅਤੇ ਹਰੀ ਦਾ ਨਾਮ ਹੀ ਮੇਰਾ ਪਿਤਾ ਅਤੇ ਮਾਤਾ ਹੈ। ਮੇਰਾ ਭਰਾ ਅਤੇ ਮਿੱਤਰ ਹੈ। ਸਿੱਖ ਨੇ ਐਸੇ ਹੀ ਬੋਲ ਆਪਣੇ ਸਤਿਗੁਰੂ ਲਈ ਬੋਲਣੇ ਹਨ, ਉਨ੍ਹਾਂ ਨੂੰ ਐਸਾ ਹੀ ਕਹਿ ਕਹਿ ਕੇ ਯਾਦ ਕਰਨਾ ਹੈ; ਜਿਵੇਂ ਕਿ ਬਚਨ ਹਨ ‘‘ਤੂੰ ਗੁਰੁ ਪਿਤਾ, ਤੂੰ ਹੈ ਗੁਰੁ ਮਾਤਾ; ਤੂੰ ਗੁਰੁ ਬੰਧਪੁ; ਮੇਰਾ ਸਖਾ ਸਖਾਇ ’’ (ਮਹਲਾ /੧੬੭)

ਆਗਿਆਕਾਰੀ ਮਨੁੱਖ ਆਪਣੀ ਮਾਂ ਕੋਲੋਂ ਹਰ ਰੋਜ਼ ਅਸੀਸ ਲੈਣ ਲਈ ਲੋਚਦਾ ਹੈ; ਜਿਵੇਂ ਕਿ ਗੁਰੂ ਅਰਜਨ ਸਾਹਿਬ; ਗੁਰੂ ਰੂਪ ਮਾਤਾ ਦੀ ਅਸੀਸ ਦਾ ਜ਼ਿਕਰ ਕਰਦੇ ਹਨ ‘‘ਪੂਤਾ  ! ਮਾਤਾ ਕੀ ਆਸੀਸ ਨਿਮਖ ਬਿਸਰਉ ਤੁਮ੍ਹ ਕਉ ਹਰਿ ਹਰਿ; ਸਦਾ ਭਜਹੁ ਜਗਦੀਸ ਰਹਾਉ ’’  (ਮਹਲਾ /੪੯੬) ਅਸੀਂ ਬਹੁਤ ਨਸੀਬ ਵਾਲੇ ਹਾਂ ਕਿ ਸਾਡੇ ਕੋਲ ਤਿੰਨ ਮਾਤਾਵਾਂ ਹਨ :

  1. ਜਨਨੀ (ਜਨਮ ਦੇਣ ਵਾਲੀ) 3. ਪੰਥਕ (ਮਾਤਾ ਸਾਹਿਬ ਕੌਰ) 3. ਅਧਿਆਤਮਕ ਮਾਤਾ (ਗੁਰੂ ਗ੍ਰੰਥ ਸਾਹਿਬ) ਭਾਵ ਹਰੀ ਦੀ ਬੰਦਗੀ ਵੀ ਹਰ ਵੇਲੇ ਮਾਤਾ ਵਾਙ ਅਸੀਸ ਦਿੰਦੀ ਰਹਿੰਦੀ ਹੈ।

ਇਸ ਦੂਜੇ ਬੰਦ ਦਾ ਹੀ ਵਾਕ ਹੈ ‘‘ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ; ਕਾਹੇ ਮਨ  ! ਭਉ ਕਰਿਆ ’’ ਭਾਵ ਹੇ ਮਨ ! ਜਦ ਹਰੇਕ ਨੂੰ ਰਿਜ਼ਕ ਪ੍ਰਮਾਤਮਾ ਪਹੁੰਚਾਉਂਦਾ ਹੈ, ਫਿਰ ਮਨ ਦੇ ਵਿੱਚ ਚਿੰਤਾ ਕਿਉਂ ਕਰਦਾ ਹੈਂ ?

ਤੀਜੇ ਬੰਦ ’ਚ ਉਪਦੇਸ਼ ਹੈ, ਜੋ ਕਿ ਇੱਕ ਮਿਸਾਲ ਵਜੋਂ ਹੈ ‘‘ਊਡੇ ਊਡਿ ਆਵੈ ਸੈ ਕੋਸਾ; ਤਿਸੁ ਪਾਛੈ ਬਚਰੇ ਛਰਿਆ   ਤਿਨ ਕਵਣੁ ਖਲਾਵੈ, ਕਵਣੁ ਚੁਗਾਵੈ, ਮਨ ਮਹਿ ਸਿਮਰਨੁ ਕਰਿਆ ’’ ਭਾਵ ਸੈਂਕੜੇ ਕੋਹਾਂ ਤੋਂ ਕੂੰਜ ਉੱਡ ਕੇ ਆ ਜਾਂਦੀ ਹੈ, ਜਿੱਥੇ ਪਿਛਾਂਹ ਉਸ ਦੇ ਛੋਟੇ ਬੱਚੇ ਰਹਿ ਜਾਂਦੇ ਹਨ। ਕੂੰਜਾਂ ਅਕਸਰ ਆਪਣੇ ਬੱਚਿਆਂ ਨੂੰ ਪਿੱਛੇ ਛੱਡ ਕੇ ਤਰਾਈ ਵਾਲ਼ੇ ਇਲਾਕਿਆਂ ਵੱਲ ਚਲੀਆਂ ਜਾਂਦੀਆਂ ਹਨ। ਸੋਚਣ ਵਾਲੀ ਗੱਲ ਹੈ ਕਿ ਮਗਰੋਂ ਉਹਨਾਂ ਦੇ ਬੱਚਿਆ ਨੂੰ ਰਿਜ਼ਕ ਕੌਣ ਦਿੰਦਾ ਹੈ ? ਉਹਨਾਂ ਨੂੰ ਕੌਣ ਚੋਗਾ ਖਿਲਾਉਂਦਾ ਹੈ ? ਜਵਾਬ :  ਕੂੰਜਾਂ ਦੁਆਰਾ ਆਪਣੇ ਬੱਚਿਆਂ ਦੀ ਯਾਦ ਨੂੰ ਹੀ ਉਨ੍ਹਾਂ ਦੇ ਆਹਰ ਦਾ ਵਸੀਲਾ ਬਣਾ ਦਿੱਤਾ ਗਿਆ ਹੈ। ਇਸ ਤੋਂ ਅਸੀਂ ਇਹ ਸੇਧ ਲੈਣੀ ਹੈ ਕਿ ਅਕਾਲ ਪੁਰਖ; ਸਭ ਜੀਵਾਂ ਨੂੰ ਰਿਜ਼ਕ ਦਿੰਦਾ ਹੈ ਤੇ ਸੰਭਾਲਦਾ ਹੈ।

ਗੁਰਬਾਣੀ ਵਿੱਚ ਇਸੇ ਵਿਸ਼ੇ-ਪ੍ਰਸੰਗ ਨਾਲ਼ ਸੰਬੰਧਿਤ ਬਚਨ ਹਨ ‘‘ਜੈਸੀ ਗਗਨਿ (’) ਫਿਰੰਤੀ ਊਡਤੀ; ਕਪਰੇ ਬਾਗੇ ਵਾਲੀ ਓਹ ਰਾਖੈ ਚੀਤੁ ਪੀਛੈ ਬਿਚਿ ਬਚਰੇ; ਨਿਤ ਹਿਰਦੈ ਸਾਰਿ ਸਮਾਲੀ ਤਿਉ ਸਤਿਗੁਰ ਸਿਖ ਪ੍ਰੀਤਿ ਹਰਿ ਹਰਿ ਕੀ; ਗੁਰੁ ਸਿਖ ਰਖੈ ਜੀਅ ਨਾਲੀ ’’ (ਮਹਲਾ /੧੬੮) ਅਕਾਸ਼ ਵਿੱਚ ਚਿੱਟੇ ਰੰਗ ਦੀ ਕੂੰਜ ਉੱਡਦੀ ਫਿਰਦੀ ਹੈ। ਆਪਣੇ ਬੱਚਿਆਂ ਨੂੰ ਪਿੱਛੇ ਛੱਡ ਆਉਂਦੀ ਹੈ ਅਤੇ ਆਪਣਾ ਮਨ ਆਪਣੇ ਬੱਚਿਆਂ ਵਿੱਚ ਲਗਾਈ ਰੱਖਦੀ ਹੈ; ਇਉਂ ਹੀ ਸਤਿਗੁਰੂ ਆਪਣੇ ਸਿੱਖਾਂ ਨਾਲ਼ ਪ੍ਰੀਤ ਰੱਖਦਾ ਹੈ, ਉਨ੍ਹਾਂ ਦੇ ਰੂਹਾਨੀਅਤ ਜੀਵਨ ਨੂੰ ਬਚਾਉਂਦਾ ਹੈ।

ਵਿਚਾਰ ਅਧੀਨ ਸ਼ਬਦ ਦੇ ਅੰਤਮ ਅਤੇ ਚੌਥਾ ਬੰਦ ਦੀ ਅੱਧੀ ਤੁਕ ਹੈ ‘‘ਸਭਿ ਨਿਧਾਨ ਦਸ ਅਸਟ ਸਿਧਾਨ; ਠਾਕੁਰ ਕਰ ਤਲ ਧਰਿਆ’’  ਇਸ ਤੁਕ ਵਿੱਚ ਆਏ ਸ਼ਬਦ ‘ਕਰ’ ਦੇ ਵੱਖ-ਵੱਖ ਰੂਪ ਅਤੇ ਅਰਥ ਹਨ; ਜਿਵੇਂ ਕਿ

ਕਰਿ- ਕਿਰਿਆ ਵਿਸ਼ੇਸ਼ਣ, ਜਿਸ ਦਾ ਅਰਥ ਹੈ ‘ਕਰ ਕੇ’।

ਕਰੁ – ਨਾਂਵ, ਇੱਕ ਵਚਨ, ਜਿਸ ਦਾ ਅਰਥ ਹੈ ‘ਇੱਕ ਹੱਥ’।

ਕਰ – ਨਾਂਵ, ਬਹੁ ਵਚਨ, ਜਿਸ ਦਾ ਅਰਥ ਹੈ ‘ਦੋ ਹੱਥ’। ਇਹੀ ਅਰਥ ਵਿਚਾਰ ਅਧੀਨ ਪੰਕਤੀ ਵਿੱਚ ਆਉਂਦੇ ਹਨ।

ਹਿੰਦੂ ਮਨੌਤ ਵਿੱਚ ਨੌਂ ਖਜ਼ਾਨਿਆਂ ਅਤੇ 18 ਸਿੱਧੀਆਂ ਦਾ ਜ਼ਿਕਰ ਆਉਂਦਾ ਹੈ। ਜਿਨ੍ਹਾਂ ਨੂੰ ਪ੍ਰਾਪਤ ਕਰਨ ਲਈ ਕਠਿਨ ਤਪ ਸਾਧਨਾ ਕੀਤੀ ਜਾਂਦੀ ਹੈ ਪਰ ਇਨ੍ਹਾਂ ਤੁਕਾਂ ਰਾਹੀਂ ਗੁਰੂ ਜੀ ਸਮਝਾ ਰਹੇ ਹਨ ਕਿ ਰਿਧੀਆਂ ਸਿਧੀਆਂ ਪਰਮਾਤਮਾ ਦੀਆਂ ਦੋਹਾਂ ਹੱਥਾਂ ਦੀਆਂ ਤਲੀਆ ’ਤੇ ਧਰੀਆ ਪਈਆਂ ਹਨ ਭਾਵ ਉਹ, ਦਿੰਦਿਆਂ ਦੇਰ ਨਹੀਂ ਲਾਉਂਦਾ। ਜੁਗਾਂ ਜੁਗੰਤਰਾਂ ਤੋਂ ਇਹ ਪਦਾਰਥ ਹਰ ਕੋਈ ਭੋਗਦਾ ਪਿਆ ਹੈ। ਇਨ੍ਹਾਂ ਨੂੰ ਦੇਣ ਵਾਸਤੇ ਪਰਮਾਤਮਾ ਨੂੰ ਕੋਈ ਖ਼ਾਸ ਇੰਤਜ਼ਾਮ ਨਹੀਂ ਕਰਨਾ ਪੈਂਦਾ।

ਹਿੰਦੂ ਮਿੱਥ ਅਨੁਸਾਰ 9 ਨਿਧੀਆਂ ਇਹ ਹਨ ‘ਪਦਮ, ਮਹਾਂ ਪਦਮ, ਸੰਖ, ਹੀਰੇ, ਜਵਾਹਰਾਤ, ਭਾਂਤ-ਭਾਤ ਦੇ ਖਾਣੇ, ਵਿਦਿਆ, ਸ਼ਸਤਰ ਵਿੱਦਿਆ’,  ਪਰ ਗੁਰਬਾਣੀ ਅਨੁਸਾਰ ਬਾਣੀ ’ਤੇ ਭਰੋਸਾ, ਰੱਬ ਦੇ ਨਾਮ ਵਿੱਚ ਲੀਨ ਹੋਣਾ, ਸੰਤੋਖ, ਨਿਰਮੋਹ ਹੋਣਾ (detachment from worldly affairs), ਭਾਣਾ ਮੰਨਣਾ, ਸਹਿਜ, ਅਨੰਦ, ਵਿਸਮਾਦ, ਨਾਦਰ (ਭਾਵ ਇਹ ਸਭ ਕੁੱਝ ਵਾਹਿਗੁਰੂ ਦੀ ਮਿਹਰ ਨਾਲ ਮਿਲਦਾ ਹੈ)।

18 ਸਿੱਧੀਆਂ ਇਹ ਹਨ।

  1. ਅਣਿਮਾ – ਬਹੁਤ ਛੋਟਾ ਹੋ ਜਾਣਾ
  2. ਮਹਿਮਾ – ਬਹੁਤ ਵੱਡਾ ਹੋ ਜਾਣਾ
  3. ਗਰਿਮਾ – ਬਹੁਤ ਭਾਰੀ ਹੋ ਜਾਣਾ
  4. ਲਘਿਮਾ – ਬਹੁਤ ਹਲਕਾ ਹੋ ਜਾਣਾ
  5. ਪ੍ਰਾਪਤ – ਮਨਚਾਹਤ ਵਸਤੂ ਪ੍ਰਾਪਤ ਕਰ ਲੈਣੀ
  6. ਪ੍ਰਾਕਾਮ੍ਯ – ਸਭ ਦੇ ਮਨ ਦੀ ਜਾਣ ਲੈਣਾ
  7. ਇਛਿਤ – ਆਪਣੀ ਇੱਛਾ ਅਨੁਸਾਰ ਸਭ ਨੂੰ ਪ੍ਰੇਰਨਾ
  8. ਵਸ਼ਿਤਾ – ਸਭ ਨੂੰ ਵੱਸ ਵਿੱਚ ਕਰ ਲੈਣਾ
  9. ਅਨੈਰਮਿ – ਭੁੱਖ ਤ੍ਰੇਹ ਨਾ ਲੱਗਣਾ
  10. ਦੂਰ ਸਰਵਣ – ਦੂਰ ਦੀ ਗੱਲ ਨੂੰ ਸੁਣ ਲੈਣਾ
  11. ਦੂਰ ਦਰਸ਼ਨ – ਦੂਰ ਦੀ ਗੱਲ ਨੂੰ ਦੇਖ ਲੈਣਾ
  12. ਮਨੋਵੇਗ – ਮਨ ਦੀ ਰਫ਼ਤਾਰ ਵਾਙ ਚੱਲਣਾ
  13. ਕਾਮਰੂਪ – ਮਨਮਰਜ਼ੀ ਅਨੁਸਾਰ ਸਰੀਰਕ ਰੂਪ ਧਾਰ ਲੈਣਾ
  14. ਪਰ ਕਾਯ ਪ੍ਰਵੇਸ਼ – ਦੂਸਰਿਆਂ ਦੇ ਸਰੀਰ ਵਿੱਚ ਪ੍ਰਵੇਸ਼ ਕਰ ਜਾਣਾ
  15. ਸ੍ਵਛੰਦ ਮ੍ਰਿਤਯੁ – ਆਪਣੀ ਇੱਛਾ ਅਨੁਸਾਰ ਮਰਨਾ
  16. ਸੁਰ ਕ੍ਰੀੜਾ -ਦੇਵਤਿਆਂ ਨਾਲ ਰਲ ਕੇ ਰੰਗ ਰਲੀਆਂ ਮਨਾਉਣਾ
  17. ਸੰਕਲਪ ਸਿੱਧੀ – ਜੋ ਸੋਚਿਆ ਉਹ ਪ੍ਰਾਪਤ ਕਰ ਲੈਣਾ
  18. ਅਪ੍ਰਤਿਹਤ – ਕਿਸੇ ਜਗ੍ਹਾ ’ਤੇ ਪਹੁੰਚਣ ਵਿੱਚ ਵਿਘਨ ਨਾ ਹੋਣਾ

ਜਪੁ ਬਾਣੀ ਵਿੱਚ ਦੱਸਿਆ ਗਿਆ ਹੈ ਕਿ ਇਹ ਰਿਧੀਆਂ-ਸਿੱਧੀਆਂ ਪਰਮਾਤਮਾ ਨਾਲ਼ੋਂ ਦੂਰ ਕਰਦੀਆਂ ਹਨ ‘‘ਆਪਿ ਨਾਥੁ, ਨਾਥੀ ਸਭ ਜਾ ਕੀ, ਰਿਧਿ ਸਿਧਿ ਅਵਰਾ ਸਾਦ ’’ (ਜਪੁ) ਇਹ ਰਿਧੀਆਂ ਤੇ ਸਿੱਧੀਆਂ ਕੇਵਲ ਦੁਨਿਆਵੀ ਚਸਕੇ ਹਨ। ਗੁਰਸਿੱਖਾਂ ਵਾਸਤੇ ਇਹ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨ ਲਈ ਤਪ ਸਾਧਨੇ ਵਰਜਿਤ ਹੈ। ਭਾਈ ਗੁਰਦਾਸ ਜੀ ਦੁਆਰਾ ਰਚਿਤ 5ਵੀਂ ਵਾਰ ਦੀ 7ਵੀਂ ਪਉੜੀ ਵਿੱਚ ਉਪਦੇਸ਼ ਹੈ ‘‘ਜਤ ਸਤ ਸੰਜਮ ਹੋਮ ਜਗ, ਜਪੁ ਤਪੁ ਦਾਨ ਪੁੰਨ ਬਹੁਤੇਰੇ ਰਿਧਿ ਸਿਧਿ ਨਿਧਿ ਪਾਖੰਡ ਬਹੁ; ਤੰਤ੍ਰ ਮੰਤ੍ਰ ਨਾਟਕ ਅਗਲੇਰੇ’’ (ਵਾਰ , ਪਉੜੀ )

ਰਿੱਧੀਆਂ, ਸਿੱਧੀਆਂ, ਨਿੱਧੀਆਂ (9 ਖ਼ਜ਼ਾਨੇ) ਇਹ ਕੁਰਾਹੇ ਪਾਉਣ ਦੇ ਢੰਗ ਹਨ ਅਤੇ ਤੰਤ੍ਰ-ਮੰਤ੍ਰ ਬਹੁਤੇ ਜਾਦੂਗਰੀ ਤਮਾਸ਼ੇ ਹਨ। ਇਹ ਸਭ ਵਿਅਰਥ ਹਨ, ਝੂਠ ਹੈ, ਇਨ੍ਹਾਂ ਵਿੱਚੋਂ ਕੁੱਝ ਵੀ ਸੱਚ ਨਹੀਂ। ਦੁਖਾਂਤ ਦੀ ਗੱਲ ਹੈ ਕਿ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਵੀ ਨਗਾਂ ਵਾਲੀਆਂ ਮੁੰਦਰੀਆਂ ਅਤੇ ਗਲੇ ਵਿੱਚ ਧਾਗੇ ਤਵੀਤ ਪਾਈ ਕਈ ਫਿਰਦੇ ਵੇਖੀਦੇ ਹਨ।

ਗੁਰੂ ਜੀ ਤਾਂ ਫ਼ੁਰਮਾਉਂਦੇ ਹਨ ਕਿ ਹੇ ਪ੍ਰਭੂ ਜੀ ! ‘‘ਸਰਬ ਨਿਧਾਨ ਗੁਣ, ਤੁਮ ਹੀ ਪਾਸਿ ਤੂੰ ਸਾਹਿਬੁ, ਸੇਵਕ ਅਰਦਾਸਿ ’’ (ਮਹਲਾ /੧੮੦) ਭਾਵ ਸਾਰੇ ਗੁਣ ਹੇ ਪਰਮਾਤਮਾ ! ਤੇਰੇ ਵੱਸ ਵਿੱਚ ਹੀ ਹਨ, ਇਸ ਲਈ ‘‘ਨੰਨਾਕਾਰੁ ਹੋਤਾ ਤਾ ਕਹੁ ਨਾਮੁ ਮੰਤ੍ਰੁ ਗੁਰਿ (ਨੇ) ਦੀਨੋ ਜਾ ਕਹੁ ਨਿਧਿ ਨਿਧਾਨ ਹਰਿ ਅੰਮ੍ਰਿਤ ਪੂਰੇ ਤਹ ਬਾਜੇ, ਨਾਨਕ  ! ਅਨਹਦ ਤੂਰੇ ’’ (ਮਹਲਾ /੨੫੮) ਭਾਵ ਗੂਰੂ ਨੇ ਜਿਨ੍ਹਾਂ ਨੂੰ ਇਹ ਨਾਮ ਮੰਤ੍ਰ ਦੇ ਦਿੱਤਾ। ਉਨ੍ਹਾਂ ਵਾਸਤੇ ਇਹ ਨਾਮ ਮੰਤ੍ਰ ਦੀ ਸਰਬੋਤਮ ਸ਼ਕਤੀ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਕ 1 ਤੋਂ 1430 ਤੱਕ ਸਾਰੇ ਦਾ ਸਾਰਾ ਇਸ ਨਾਮ ਮੰਤ੍ਰ ਦਾ ਹੀ ਜ਼ਿਕਰ ਹੈ। ਚਹੁ ਵਰਨਾਂ ਨੂੰ ਇਹੀ ਉਪਦੇਸ਼ ਹੈ ਕਿ ਇਸ ਨਾਮ ਮੰਤ੍ਰ ਨੂੰ ਅਪਣਾਓ ‘‘ਸਰਬ ਨਿਧਾਨ ਮਹਿ; ਹਰਿ ਨਾਮੁ ਨਿਧਾਨੁ ਜਪਿ, ਨਾਨਕ  ! ਦਰਗਹਿ ਪਰਵਾਨੁ ’’ (ਸੁਖਮਨੀ/ਮਹਲਾ /੨੮੮) ਭਾਵ ਸਾਰੇ ਖਜ਼ਾਨਿਆਂ ਵਿੱਚੋਂ ਪ੍ਰਭੂ-ਨਾਮ ਸਭ ਤੋਂ ਉੱਤਮ ਖਜ਼ਾਨਾ ਹੈ। ਇਸ ਨੂੰ ਜਪ ਕੇ ਦਰਗਾਹ ਵਿੱਚ ਪ੍ਰਵਾਨ ਹੋ ਜਾਈਦਾ ਹੈ।

ਪ੍ਰਮਾਤਮਾ ਦਾ ਨਾਮ-ਪ੍ਰੇਮ ਹੀ ਸਾਰੇ ਖ਼ਜ਼ਾਨੇ ਹਨ, ਜਿਨ੍ਹਾਂ ਦੀ ਪ੍ਰਾਪਤੀ ਨਾਲ਼ ਸਾਰੀ ਚਿੰਤਾ ਦੂਰ ਹੋ ਜਾਂਦੀ ਹੈ ‘‘ਪ੍ਰਭ ਕੀ ਪ੍ਰੀਤਿ, ਭਏ ਸਗਲ ਨਿਧਾਨ ਪ੍ਰਭ ਕੀ ਪ੍ਰੀਤਿ, ਰਿਦੈ ਨਿਰਮਲ ਨਾਮ ਪ੍ਰਭ ਕੀ ਪ੍ਰੀਤਿ, ਸਦ ਸੋਭਾਵੰਤ ਪ੍ਰਭ ਕੀ ਪ੍ਰੀਤਿ, ਸਭ ਮਿਟੀ ਹੈ ਚਿੰਤ ’’ (ਮਹਲਾ /੩੯੧) ਭਾਵ ਜਦ ਪ੍ਰਭੂ ਨਾਲ ਪ੍ਰੀਤ ਪੈ ਗਈ ਤਾਂ ਸਾਰੇ ਖਜ਼ਾਨੇ ਮਿਲ ਗਏ ਸਮਝੋ। ਉਸ ਦੇ ਗੁਣਾਂ ਦੀ ਵਿਚਾਰ ਕਰਨਾ ਹੀ ਸਾਰੇ ਖ਼ਜ਼ਾਨਿਆਂ ਦੀ ਪ੍ਰਾਪਤੀ ਹੈ ‘‘ਨਾਨਕ  ! ਸਬਦੁ ਵੀਚਾਰੀਐ; ਪਾਈਐ ਗੁਣੀ ਨਿਧਾਨੁ ’’ (ਮਹਲਾ /੫੯)

। ਪ੍ਰਭੂ ਨਾਲ ਪ੍ਰੀਤ ਕਰਨ ਨਾਲ ਹਿਰਦੇ ’ਚ ਨਿਰਮਲ ਨਾਮ ਆ ਵੱਸਦਾ ਹੈ, ਹਮੇਸ਼ਾਂ ਸ਼ੋਭਾ ਮਿਲਦੀ ਹੈ ਅਤੇ ਸਾਰੀ ਚਿੰਤਾ ਮਿਟ ਜਾਂਦੀ ਹੈ। ਇਸ ਦੀ ਪ੍ਰਾਪਤੀ ਲਈ ਦਿਲੋਂ ਐਸੀ ਅਰਦਾਸ ਨਿਕਲਣੀ ਚਾਹੀਦੀ ਹੈ ‘‘ਮੋਹਿ ਨਿਰਗੁਣ; ਗੁਣੁ ਕਿਛਹੂ ਨਾਹਿ ਸਰਬ ਨਿਧਾਨ ਤੇਰੀ ਦ੍ਰਿਸਟੀ ਮਾਹਿ ਨਾਨਕੁ ਦੀਨੁ, ਜਾਚੈ ਤੇਰੀ ਸੇਵ ਕਰਿ ਕਿਰਪਾ ਦੀਜੈ ਗੁਰਦੇਵ  !’’ (ਮਹਲਾ /੮੬੭)  ਯਾਨੀ ਤੇਰੀ ਮਿਹਰ ਦੀ ਨਿਗ੍ਹਾ ਵਿੱਚ ਹੀ ਸਾਰੇ ਖ਼ਜ਼ਾਨੇ ਹਨ ਤਾਂ ਤੇ ਸਤਿਗੁਰੂ ਜੀ ਦੇ  ਸ਼ਬਦ ਦੀ ਵਿਚਾਰ ਕਰਨੀ ਬਣਦੀ ਹੈ। ਵਿਚਾਰ ਕਰਨ ਨਾਲ ਗੁਣਾਂ ਦੇ ਖ਼ਜ਼ਾਨੇ (ਪ੍ਰਭੂ) ਨੂੰ ਪਾ ਲਈਦਾ ਹੈ।

ਮੇਰੇ ਮਨ ਵਿੱਚ ਨਾਮ ਰੂਪ ਖ਼ਜ਼ਾਨਾ ਤਾਂ ਆਏਗਾ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪ ਖੋਲ੍ਹ ਕੇ ਦਰਸ਼ਨ ਕਰਾਂਗਾ।  ਮਨ, ਬਚ, ਕਰਮਾਂ ਕਰਕੇ ਗੁਰਬਾਣੀ ਦਾ ਨਿਰੰਤਰ ਸਹਿਜਪਾਠ ਕਰਾਂਗਾ। ਸ਼ਾਬਦਿਕ ਅਰਥਾਂ ਨੂੰ ਵਿਚਾਰਾਂਗਾ।  ਸਿੱਖਾਂ ਵਿੱਚ ਕੇਵਲ 5% ਸਿੱਖ ਹੀ ਆਪ ਗੁਰਬਾਣੀ ਦਾ ਪਾਠ ਕਰਦੇ ਹਨ ਜਦਕਿ 4 ਅੰਕ ਰੋਜ਼ ਪਾਠ ਕਰਨ ਅਤੇ ਅਰਥ ਵਿਚਾਰਨ ਨਾਲ਼ ਅਸੀਂ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਸਾਲ ਵਿੱਚ ਮੁਕੰਮਲ ਪੜ੍ਹ ਸਕਦੇ ਹਾਂ। ਇਹ ਕਾਰਜ ਹਰ ਇੱਕ ਗੁਰਸਿੱਖ ਲਈ ਬੜਾ ਜ਼ਰੂਰੀ ਹੈ। ਗੁਰਬਾਣੀ ਦੇ ਬਚਨ ਹਨ ਕਿ ‘‘ਹਰਿ ਪੜੁ ਹਰਿ ਲਿਖੁ, ਹਰਿ ਜਪਿ ਹਰਿ ਗਾਉ; ਹਰਿ ਭਉਜਲੁ ਪਾਰਿ ਉਤਾਰੀ   ਮਨਿ (ਨਾਲ਼) ਬਚਨਿ (ਕਰਕੇ) ਰਿਦੈ (’) ਧਿਆਇ ਹਰਿ; ਹੋਇ ਸੰਤੁਸਟੁ ਇਵ, ਭਣੁ ਹਰਿ ਨਾਮੁ ਮੁਰਾਰੀ ’’ (ਮਹਲਾ /੬੬੯)

ਗੁਰਬਾਣੀ ਨੂੰ ਪੜ੍ਹਨ, ਵਿਚਾਰਨ ਅਤੇ ਅਮਲ ’ਚ ਲਿਆਉਣ ਨਾਲ਼ ਹੀ ਸਾਰੀਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀ ਹਨ; ਜਿਵੇਂ ਕਿ ਵਾਕ ਹੈ ‘‘ਨਿਧਿ ਸਿਧਿ ਰਿਧਿ, ਹਰਿ ਹਰਿ, ਹਰਿ ਮੇਰੈ (ਲਈ) ਜਨਮੁ ਪਦਾਰਥੁ ਗਹਿਰ ਗੰਭੀਰੈ ਲਾਖ ਕੋਟ ਖੁਸੀਆ ਰੰਗ ਰਾਵੈ; ਜੋ ਗੁਰ ਲਾਗਾ ਪਾਈ ਜੀਉ ’’ (ਮਹਲਾ /੧੦੧) ਭਾਵ ਹਰੀ ਦਾ ਨਾਮ ਮੇਰੇ ਵਾਸਤੇ ਨਿੱਧੀਆਂ ਹਨ, ਹਰੀ ਹੀ ਮੇਰੇ ਵਾਸਤੇ ਸਿੱਧੀਆਂ ਹਨ। ਸਾਰੀਆਂ ਰਿੱਧੀਆਂ ਮੇਰੇ ਵਾਸਤੇ ਹਰੀ ਦਾ ਨਾਮ ਹੀ ਹਨ। ਮੇਰੇ ਵਾਸਤੇ ਪ੍ਰਮਾਤਮਾ ਦਾ ਨਾਮ ਹੀ, ਪ੍ਰਮਾਤਮਾ ਦੀ ਬਖ਼ਸ਼ਸ਼ ਹੈ। ਪ੍ਰਮਾਤਮਾ ਦੀ ਮਿਹਰ ਭਰੀ ਨਜ਼ਰ ਹੀ ਨਿਧਿ ਸਿਧਿ ਰਿਧਿ ਹਨ ਫਿਰ ‘‘ਭਗਤਾ ਨੋ ਜਮੁ ਜੋਹਿ ਸਾਕੈ; ਕਾਲੁ ਨੇੜੈ ਜਾਈ ਕੇਵਲ ਰਾਮ ਨਾਮੁ ਮਨਿ (’) ਵਸਿਆ; ਨਾਮੇ ਹੀ ਮੁਕਤਿ ਪਾਈ ਰਿਧਿ ਸਿਧਿ ਸਭ ਭਗਤਾ ਚਰਣੀ ਲਾਗੀ; ਗੁਰ ਕੈ ਸਹਜਿ ਸੁਭਾਈ ’’ (ਮਹਲਾ /੬੩੭) ਅਸਲ ਭਗਤਾਂ ਦੇ ਚਰਨਾਂ ਵਿੱਚ ਸਾਰੀਆਂ ਰਿਧੀਆਂ ਸਿੱਧੀਆਂ ਹਨ ਭਾਵ ਐਸੇ ਭਗਤਾਂ ਨੂੰ ਇਨ੍ਹਾਂ ਦੀ ਲੋੜ ਨਹੀਂ ਰਹਿੰਦੀ, ਜਿਨ੍ਹਾਂ ਦੇ ਅੰਦਰ ਗੁਰੂ ਦੀ ਬਾਣੀ, ਗੁਰੂ ਦਾ ਸੰਦੇਸ਼ ਵੱਸ ਜਾਏ। ਆਤਮਿਕ ਅਡੋਲਤਾ ਵਿੱਚ ਟਿਕ ਕੇ ਜਿਨ੍ਹਾਂ ਦਾ ਪ੍ਰਮਾਤਮਾ ਨਾਲ ਪਿਆਰ ਪੈ ਗਿਆ, ਉਨ੍ਹਾਂ ਦੇ ਜਮਕਾਲ ਨੇੜੇ ਨਹੀਂ ਢੁਕ ਸਕਦਾ। ਰੱਬੀ ਨਾਮ ਰਾਹੀਂ ਉਹ ਇਨ੍ਹਾਂ ਦੀ ਮਾਰ ਤੋਂ ਮੁਕਤ ਹੋ ਜਾਂਦੇ ਹਨ ‘‘ਨਵ ਨਿਧੀ, ਅਠਾਰਹ ਸਿਧੀ, ਪਿਛੈ ਲਗੀਆ ਫਿਰਹਿ; ਜੋ, ਹਰਿ ਹਿਰਦੈ ਸਦਾ ਵਸਾਇ ’’ (ਮਹਲਾ /੬੪੯) ਭਾਵ ਜਿਨ੍ਹਾਂ ਦੇ ਹਿਰਦੇ ’ਚ ਪ੍ਰਮਾਤਮਾ ਵੱਸ ਗਇਆ, ਉਨ੍ਹਾਂ ਦੇ ਪਿੱਛੇ ਨਵ ਨਿੱਧੀਆਂ ਅਠਾਰਹ ਸਿੱਧੀਆਂ ਲੱਗੀਆਂ ਫਿਰਦੀਆਂ ਹਨ।

ਪ੍ਰਭੂ ਦੀ ਬਾਣੀ ਕਹਿਣ ਨਾਲ, ਸੁਣਨ ਨਾਲ ਸਾਰੇ ਸੁੱਖ-ਅਨੰਦ ਮਿਲਦੇ ਹਨ। ਗੁਰੂ ਜੀ ਸਮਝਾਉਂਦੇ ਹਨ ਕਿ ਸਦਾ ਥਿਰ ਪ੍ਰਮਾਤਮਾ ਨਾਲ ਪ੍ਰੀਤ ਲਾਇਆਂ ਮਨ ’ਚੋਂ ਹੰਕਾਰ ਮੁੱਕ ਜਾਂਦਾ ਹੈ। ਹੇ ਮਨੁੱਖ ! ਜੇਕਰ ਤੂੰ ਗੁਰੂ ਦੀ ਗੱਲ ਮੰਨ ਲਵੇਂ ਤਾਂ ਸਾਰੇ ਖਜ਼ਾਨੇ ਤੇਰੇ ਹਿਰਦੇ ਅੰਦਰ ਆ ਜਾਣਗੇ ‘‘ਕਹਤ ਨਾਨਕੁ, ਸਚੇ ਸਿਉ ਪ੍ਰੀਤਿ ਲਾਏ  ! ਚੂਕੈ ਮਨਿ (ਤੋਂ) ਅਭਿਮਾਨਾ ਕਹਤ ਸੁਣਤ ਸਭੇ ਸੁਖ ਪਾਵਹਿ  ! ਮਾਨਤ ਪਾਹਿ ਨਿਧਾਨਾ ’’ (ਮਹਲਾ /੭੯੮), ਇਹੀ ਵਿਚਾਰ ਹਥਲੇ ਸ਼ਬਦ ਦੇ ਅੰਤਮ ਪਦੇ ਵਿੱਚ ਬਾਕੀ ਅੱਧੀ ਤੁਕ ਹਨ; ਜਿਵੇਂ ਕਿ ‘‘ਸਭਿ ਨਿਧਾਨ ਦਸ ਅਸਟ ਸਿਧਾਨ; ਠਾਕੁਰ ਕਰ ਤਲ ਧਰਿਆ ’’ (ਮਹਲਾ /੧੦) ਯਾਨੀ ਕਿ ਪ੍ਰਮਾਤਮਾ ਤੋਂ ਹਮੇਸ਼ਾਂ ਹੀ ਬਲਿਹਾਰ ਜਾਣਾ ਹੈ, ਉਸ ਦਾ ਭਾਣਾ ਮੰਨਣਾ ਹੈ। ਬਲਿਹਾਰ ਵੀ ਤਾਂ ਹੀ ਜਾ ਸਕਦੇ ਹਾਂ, ਜੇਕਰ ਅਸੀਂ ਉਸ ਦਾ ਭਾਣਾ ਮੰਨੀਏ। ਪ੍ਰਮਾਤਮਾ ਵਿਸ਼ਾਲ ਸਮੁੰਦਰ ਦੀ ਨਿਆਈਂ ਹੈ। ਉਸ ਪਾਸੋਂ ਅਨੰਤ ਦਾਤਾਂ ਜੀਵ-ਜੰਤਾਂ ਨੂੰ ਪ੍ਰਾਪਤ ਹੁੰਦੀਆਂ ਹਨ। ਉਹ ਸਾਰੇ ਜੀਵਾਂ ਨੂੰ ਖ਼ੁਦ ਸੰਭਾਲ ਰਿਹਾ ਹੈ। ਉਸ ਦੇ ਬੇਅੰਤ ਗੁਣਾਂ ਦਾ ਵਰਣਨ ਕਰਨਾ ਵੀ ਮਨੁੱਖ ਦੀ ਪਹੁੰਚ ਤੋਂ ਬਹੁਤ ਪਰੇ ਹੈ। ਐਸਾ ਹੀ ਜਪੁ ਬਾਣੀ ਅੰਦਰ ਵਾਰ ਵਾਰ ਕਿਹਾ ਹੈ ‘‘ਅੰਤੁ ਸਿਫਤੀ, ਕਹਣਿ ਅੰਤੁ ਅੰਤੁ ਕਰਣੈ, ਦੇਣਿ ਅੰਤੁ ਅੰਤੁ ਵੇਖਣਿ, ਸੁਣਣਿ ਅੰਤੁ ਅੰਤੁ ਜਾਪੈ ਕਿਆ ਮਨਿ (’) ਮੰਤੁ ’’ ਜੋ ਉਹ ਜੀਵਾਂ ਨੂੰ ਦੇ ਰਿਹਾ ਹੈ ਉਸ ਦਾ ਕੋਈ ਅੰਤ ਨਹੀਂ ਪਾ ਸਕਦਾ। ਪ੍ਰਮਾਤਮਾ ਦੀ ਬਣਾਈ ਹੋਈ ਕੁਦਰਤ ਨੂੰ ਨਾ ਦੇਖਣ ਵਿੱਚ ਅੰਤ ਹੈ ਤੇ ਨਾ ਹੀ ਸੁਣਨ ਵਿੱਚ ਅੰਤ ਹੈ। ਉਸ ਦੇ ਮਨ ਦੇ ਵਿੱਚ ਕਿਹੜਾ ਖ਼ਿਆਲ ਚੱਲ ਰਿਹਾ ਹੈ ?  ਵਾਹਿਗੁਰੂ ਦੇ ਇਸ ਭੇਦ ਬਾਰੇ ਵੀ ਕਿਸੇ ਨੂੰ ਨਹੀਂ ਪਤਾ ‘‘ਅੰਤੁ ਜਾਪੈ; ਕੀਤਾ ਆਕਾਰੁ ਅੰਤੁ ਜਾਪੈ; ਪਾਰਾਵਾਰੁ ਅੰਤ ਕਾਰਣਿ; ਕੇਤੇ ਬਿਲਲਾਹਿ ਤਾ ਕੇ ਅੰਤ; ਪਾਏ ਜਾਹਿ ’’  ਪ੍ਰਮਾਤਮਾ ਦੀ ਬਣਾਈ ਹੋਈ ਕਾਇਨਾਤ ਦਾ ਕੋਈ ਅੰਤ ਨਹੀਂ ਪਾ ਸਕਦਾ। ਕੋਈ ਉਸ ਦਾ ਪਾਰਾਵਾਰ ਨਹੀਂ ਪਾ ਸਕਦਾ। ਕਿੰਨੇ ਹੀ ਗਿਆਨੀ, ਧਿਆਨੀ ਪ੍ਰਮਾਤਮਾ ਦਾ ਅੰਤ ਪਾਉਣ ਲਈ ਵਿਲਕਦੇ ਰਹੇ, ਤਰਲੋ-ਮੱਛੀ ਹੋ ਹੁੰਦੇ ਰਹੇ। ਫਿਰ ਵੀ ਉਸ ਦਾ ਕੋਈ ਅੰਤ ਨਾ ਪਾ ਸਕਿਆ। ਉਸ ਦੇ ਅੰਤ ਨੂੰ ਕੋਈ ਜਾਣ ਹੀ ਨਹੀਂ ਸਕਦਾ ‘‘ਏਹੁ ਅੰਤੁ ਜਾਣੈ ਕੋਇ   ਬਹੁਤਾ ਕਹੀਐ ਬਹੁਤਾ ਹੋਇ ਵਡਾ ਸਾਹਿਬੁ ਊਚਾ ਥਾਉ ਊਚੇ ਉਪਰਿ ਊਚਾ ਨਾਉ ਏਵਡੁ ਊਚਾ ਹੋਵੈ ਕੋਇ ਤਿਸੁ ਊਚੇ ਕਉ ਜਾਣੈ ਸੋਇ ਜੇਵਡੁ ਆਪਿ; ਜਾਣੈ ਆਪਿ ਆਪਿ ਨਾਨਕ  ! ਨਦਰੀ ਕਰਮੀ ਦਾਤਿ ੨੪’’  (ਜਪੁ) ਉਸ ਨੂੰ ਜਿੰਨਾ ਜਿੰਨਾ ਸੁਣ ਕੇ ਜਾਣੀ ਜਾਵਾਂਗੇ, ਓਨਾ ਵੱਡਾ ਦਿੱਸਣਾ ਸ਼ੁਰੂ ਹੋ ਜਾਵੇਗਾ। ਉਹ ਕਿੰਨਾ ਵੱਡਾ ਹੈ ? ਉਸ ਦਾ ਅੰਤ ਕੀ ਹੈ ? ਉਸ ਦਾ ਪਾਰਾਵਾਰ ਕੀ ਹੈ ? ਇਹ ਸਭ ਕੁੱਝ ਉਹ ਆਪ ਹੀ ਜਾਣਦਾ ਹੈ। ਹੇ ਨਾਨਕ ! ਬਖਸ਼ਸਾਂ ਕਰਨ ਵਾਲੇ ਪ੍ਰਭੂ ਦੀ ਮਿਹਰ ਦੀ ਨਿਗ੍ਹਾ ਦੁਆਰਾ ਇਹ ਸਮਝ ਆ ਜਾਂਦੀ ਹੈ ਕਿ ਉਹ ਉੱਚਿਓਂ ਉੱਚਾ ਹੈ, ਉਹ ਵੱਡਿਓਂ ਵੱਡਾ ਹੈ। ਉਸ ਦਾ ਅੰਤ ਨਹੀਂ ਪਾ ਸਕਦੇ, ਬੱਸ ਸਮਝ ਸਕਦੇ ਹਾਂ ਕਿ ਉਹ ਬਹੁਤ ਉੱਚਾ ਹੈ, ਉਹ ਬਹੁਤ ਵੱਡਾ ਹੈ, ਉਸ ਦਾ ਕੋਈ ਆਰ-ਪਾਰ ਨਹੀਂ ਹੈ।

ਵਿਚਾਰ : ਇਸ ਪੰਜਵੇਂ ਸ਼ਬਦ ਦੀ ਸਮਾਪਤੀ ’ਤੇ ਅੰਕ ਲਿਖਿਆ ਹੋਇਆ ਹੈ ‘॥੪॥੫॥’

ਅੰਕ ੪ ਦਾ ਅਰਥ ਹੈ – ਇਹ ਸ਼ਬਦ ਚਾਰ ਪਦਿਆਂ ਵਾਲ਼ਾ ਹੈ।

ਅੰਕ ੫ ਦਾ ਅਰਥ ਹੈ – ‘ਸੋ ਦਰੁ’ ਬਾਣੀ ਦੇ ਸਿਰਲੇਖ ਹੇਠ ਇਹ ਪੰਜਵਾਂ ਸ਼ਬਦ ਹੈ।

‘ਸੋ ਦਰੁ’ ਸਿਰਲੇਖ ਅਧੀਨ ਆਏ ਦੂਜੇ ਸ਼ਬਦ ਤੋਂ ਲੈ ਕੇ ਇਸ ਪੰਜਵੇਂ ਸ਼ਬਦ ਤੱਕ ਸਾਰੇ ਸ਼ਬਦਾਂ ’ਚ 4-4 ਬੰਦ ਹਨ। ਇਸ ਲਈ ਸਾਰਿਆਂ ਦੇ ਅੰਤ ’ਚ ਗਿਣਤੀ ਇਉਂ ਦਿੱਤੀ ਗਈ ॥੪॥੨॥,॥੪॥੩॥,॥੪॥੪॥,॥੪॥੫॥, ਪਰ ਪਹਿਲੇ ‘ਸੋ ਦਰੁ’ ਸ਼ਬਦ ਦੀ ਸਮਾਪਤੀ ’ਚ ਇਉਂ ਸੀ ‘‘ਸੋ ਪਾਤਿਸਾਹੁ ਸਾਹਾ ਪਤਿਸਾਹਿਬੁ; ਨਾਨਕ  ! ਰਹਣੁ ਰਜਾਈ ’’ ਇੱਥੇ ਅੰਕ , ‘ਸੋ ਦਰੁ’ ਸਿਰਲੇਖ ਅਧੀਨ ਪਹਿਲੇ ਸ਼ਬਦ ਦਾ ਸੂਚਕ ਹੈ, ਨਾ ਕਿ ਸ਼ਬਦ ਵਿੱਚ ਇੱਕ ਬੰਦ ਹੈ, ਦੀ ਨਿਸ਼ਾਨੀ ਹੈ।

ਸੋ ਹਥਲਾ ਸ਼ਬਦ ‘ਸੋ ਦਰੁ’ ਸਿਰਲੇਖ ਦਾ ਪੰਜਵਾਂ ਅਤੇ ਅੰਤਮ ਸ਼ਬਦ ਹੈ ਕਿਉਂਕਿ ਇਸ ਤੋਂ ਅਗਾਂਹ ‘ਸੋ ਪੁਰਖੁ’ ਸਿਰਲੇਖ ਅਧੀਨ ਚਾਰ ਸ਼ਬਦ ਆਉਣੇ ਹਨ ਭਾਵੇਂ ਕਿ ‘ਸੋ ਦਰੁ’ ਦੇ ਪੰਜ ਸ਼ਬਦ ਅਤੇ ‘ਸੋ ਪੁਰਖੁ’ ਦੇ ਚਾਰ ਸ਼ਬਦਾਂ ਭਾਵ ਕੁੱਲ 9 ਸ਼ਬਦਾਂ ਨੂੰ ਹੀ ‘ਸੋ ਦਰੁ’ ਰਹਰਾਸਿ ਕਿਹਾ ਜਾਂਦਾ ਹੈ।

‘ਸੋ ਦਰੁ, ਸੋ ਘਰੁ’ ਸਿਰਲੇਖ ਅਧੀਨ 9 ਸ਼ਬਦਾਂ ਦਾ ਅਰਥ ਜਿੱਥੇ ਅਕਾਲ ਪੁਰਖ ਦੇ ਦਰ (ਬੂਹੇ) ਅਤੇ ਉਸ ਦੇ ਨਿਵਾਸ ਸਥਾਨ (ਘਰ) ਨਾਲ਼ ਸੰਬੰਧਿਤ ਹੈ ਓਥੇ ‘ਸੋ ਪੁਰਖੁ’ ਦਾ ਅਰਥ ‘ਸੋ ਦਰੁ, ਸੋ ਘਰੁ’ ਦਾ ਮਾਲਕ; ਸਰਬ ਵਿਆਪਕ ਹੈ, ਕਣ ਕਣ ਵਿੱਚ ਮੌਜੂਦ ਹੈ, ਬਾਰੇ ਜ਼ਿਕਰ ਕੀਤਾ ਗਿਆ ਹੈ। ਉਸੇ ਦਾ ਰੂਪ ਸਤਿਗੁਰੂ ਹੈ, ਇਸ ਲਈ ਰਹਰਾਸਿ ਵਾਲ਼ੇ ਇਨ੍ਹਾਂ 9 ਸ਼ਬਦਾਂ ’ਚ ‘ਸਤਿਗੁਰੂ’ ਜੀ ਨੂੰ ਵੀ ਸੰਬੋਧਨ ਕੀਤਾ ਗਿਆ ਹੈ।

‘ਸੋ ਦਰੁ’ ਸਿਰਲੇਖ ਅਧੀਨ ਦਰਜ ਪੰਜੇ ਸ਼ਬਦਾਂ ਦਾ ਤਤਸਾਰ ਇਸ ਪ੍ਰਕਾਰ ਹੈ :

ਪਹਿਲਾ ਸ਼ਬਦ : ‘‘ਸੇਈ ਤੁਧ ਨੋ ਗਾਵਨਿ; ਜੋ ਤੁਧੁ ਭਾਵਨਿ; ਰਤੇ ਤੇਰੇ ਭਗਤ ਰਸਾਲੇ ’’ (ਸੋ ਦਰੁ, ਆਸਾ, ਮਹਲਾ ) ਭਾਵ ਅਸਲ ਵਿੱਚ ਤੇਰੇ ਪਿਆਰ ’ਚ ਰੰਗੇ ਉਹੀ ਤੈਨੂੰ ਗਾਉਂਦੇ ਹਨ, ਜੋ ਤੈਨੂੰ ਪਸੰਦ ਆ ਜਾਂਦੇ ਹਨ।

‘‘ਸੋਈ ਸੋਈ ਸਦਾ ਸਚੁ; ਸਾਹਿਬੁ ਸਾਚਾ, ਸਾਚੀ ਨਾਈ   ਹੈ ਭੀ ਹੋਸੀ; ਜਾਇ ਜਾਸੀ; ਰਚਨਾ ਜਿਨਿ ਰਚਾਈ ’’ ਭਾਵ ਕੇਵਲ ਮਾਲਕ ਸਦੀਵੀ ਸਥਿਰ ਹੈ। ਉਸ ਦਾ ਰੂਪ ਸਤਿਗੁਰੂ ਵੀ ਸਦੀਵੀ ਸਥਿਰ ਹੈ ਅਤੇ ਜੋ ਮਾਲਕ ਨੂੰ ਪਸੰਦ ਆ ਜਾਂਦਾ ਹੈ ਓਹ ਵੀ ਸਦੀਵੀ ਸਥਿਰ ਹੋ ਜਾਂਦਾ ਹੈ ਬਾਕੀ ਸਾਰੀ ਸ੍ਰਿਸ਼ਟੀ ਨਾਸ਼ਵਾਨ ਹੈ।

ਦੂਜਾ ਸ਼ਬਦ : ‘‘ਵਡੇ ਮੇਰੇ ਸਾਹਿਬਾ ! ਗਹਿਰ ਗੰਭੀਰਾ ਗੁਣੀ ਗਹੀਰਾ   ਕੋਇ ਜਾਣੈ; ਤੇਰਾ ਕੇਤਾ ਕੇਵਡੁ ਚੀਰਾ ਰਹਾਉ ’’ (ਸੋ ਦਰੁ, ਆਸਾ, ਮਹਲਾ ) ਭਾਵ ਹੇ ਵਿਸ਼ਾਲ ਮਾਲਕ ! ਤੂੰ ਗੁਣਾਂ ਦਾ ਸਮੁੰਦਰ ਹੈਂ, ਬਹੁਤ ਗਹਿਰ-ਗੰਭੀਰ ਸੁਭਾਅ ਵਾਲ਼ਾ ਹੈਂ। ਤੇਰੇ ਵਿਆਪਕ-ਵਿਸ਼ਾਲ ਰੂਪ ਨੂੰ ਕੋਈ ਨਹੀਂ ਜਾਣ ਸਕਦਾ।

ਤੀਜਾ ਸ਼ਬਦ : ‘‘ਸੋ ਕਿਉ ਵਿਸਰੈ ? ਮੇਰੀ ਮਾਇ  !  ਸਾਚਾ ਸਾਹਿਬੁ; ਸਾਚੈ ਨਾਇ ਰਹਾਉ ’’ (ਸੋ ਦਰੁ, ਆਸਾ, ਮਹਲਾ ) ਭਾਵ ਹੇ ਮੇਰੀ ਮਾਤਾ ! ਉਸ ਵਿਸ਼ਾਲ ਮਾਲਕ ਦੀ ਯਾਦ ਮੇਰੇ ਹਿਰਦੇ ਵਿੱਚੋਂ ਕਿਉਂ ਵਿਸਰੇ, ਜੋ ਸਦੀਵੀ ਸਥਿਰ ਹੈ ਅਤੇ ਆਪਣੀ ਸਦੀਵੀ ਸਥਿਰ ਮਹਿਮਾ ਰਾਹੀਂ ਪ੍ਰਾਪਤ ਹੁੰਦਾ ਹੈ।

ਚੌਥਾ ਸ਼ਬਦ : ‘‘ਮੇਰੇ ਮੀਤ ਗੁਰਦੇਵ ! ਮੋ ਕਉ ਰਾਮ ਨਾਮੁ ਪਰਗਾਸਿ   ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ; ਹਰਿ ਕੀਰਤਿ ਹਮਰੀ ਰਹਰਾਸਿ ਰਹਾਉ ’’ (ਸੋ ਦਰੁ, ਗੂਜਰੀ, ਮਹਲਾ ) ਭਾਵ ਹੇ ਮੇਰੇ ਗੁਰਦੇਵ ਸਤਿਗੁਰੂ ਜੀ ! ਮੇਰੇ ਹਿਰਦੇ ਵਿੱਚ ਅਕਾਲ ਪੁਰਖ ਦਾ ਨਾਮ ਰੂਪ ਪ੍ਰਕਾਸ਼ ਕਰ। ਗੁਰੂ ਦੀ ਮਤਿ ਗ੍ਰਹਿਣ ਕਰਕੇ ਮਿਲਦਾ ਇਹ ਨਾਮ ਹੀ ਮੇਰੇ ਪ੍ਰਾਣਾਂ ਦਾ ਆਸਰਾ ਹੈ। ਆਪ ਜੀ ਰਾਹੀਂ ਕੀਤੀ ਜਾਂਦੀ ਵਾਹਿਗੁਰੂ ਜੀ ਦੀ ਸਿਫ਼ਤ-ਸਾਲਾਹ ਹੀ ਮੇਰੇ ਜੀਵਨ ਦੀ ਅਸਲ ਪੂੰਜੀ ਹੈ। ਦੁਨੀਆਂ ਦੀਆਂ ਬਾਕੀ ਸਾਰੀਆਂ ਪੂੰਜੀਆਂ ਤਾਂ ਇੱਥੇ ਹੀ ਰਹਿ ਜਾਣਗੀਆਂ।

ਪੰਜਵਾਂ ਸ਼ਬਦ : ‘‘ਮੇਰੇ ਮਾਧਉ ਜੀ  ! ਸਤਸੰਗਤਿ ਮਿਲੇ, ਸੁ ਤਰਿਆ   ਗੁਰ ਪਰਸਾਦਿ, ਪਰਮ ਪਦੁ ਪਾਇਆ; ਸੂਕੇ ਕਾਸਟ ਹਰਿਆ ਰਹਾਉ ’’ (ਸੋ ਦਰੁ ਗੂਜਰੀ/ਮਹਲਾ /੧੦) ਭਾਵ ਹੇ ਮਾਇਆ ਦੇ ਪਤੀ ਪਰਮੇਸ਼ਰ ਜੀ ! ਸਤਿਗੁਰੂ ਦੀ ਕਿਰਪਾ ਨਾਲ਼ ਪ੍ਰਾਪਤ ਹੋਈ ਸਤਿ ਸੰਗਤ ਨਾਲ਼ ਸੁੱਕਾ ਹਿਰਦਾ ਵੀ ਮੁੜ ਹਰਾ ਭਰਾ ਹੋ ਜਾਂਦਾ ਹੈ। ਜੋ ਭੀ ਸੱਚੀ ਸਤਿਸੰਗਤ ਵਿੱਚ ਮਿਲ ਬੈਠਦਾ ਹੈ ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ।

ਇਨ੍ਹਾਂ ਪੰਜਾਂ ਸ਼ਬਦਾਂ ਵਿੱਚੋਂ ਪਹਿਲੇ ਤਿੰਨ ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਹਨ, ਜਿਨ੍ਹਾਂ ਰਾਹੀਂ ਅਕਾਲ ਪੁਰਖ ਦੀ ਵਡਿਆਈ ਕੀਤੀ ਗਈ ਹੈ। ਚੌਥਾ ਸ਼ਬਦ ਗੁਰੂ ਰਾਮਦਾਸ ਜੀ ਦਾ ਹੈ, ਜਿਸ ਰਾਹੀਂ ਅਕਾਲ ਪੁਰਖ ਦੇ ਰੂਪ ਸਤਿਗੁਰੂ ਜੀ ਦੀ ਮਹਿਮਾ ਹੈ ਅਤੇ ਅੰਤਮ ਪੰਜਵਾਂ ਸ਼ਬਦ ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਦੇਵ ਜੀ ਦੁਆਰਾ ਉਚਾਰਨ ਕੀਤਾ ਗਿਆ ਹੈ, ਜਿਸ ਵਿੱਚ ਸਤਿਗੁਰੂ ਦੁਆਰਾ ਸਥਾਪਿਤ ਕੀਤੀ ਸਤਿ ਸੰਗਤਿ ਦੀ ਵਡਿਆਈ ਹੈ। ਇਨ੍ਹਾਂ ਪੰਜੇ ਸ਼ਬਦਾਂ ਦਾ ਵਿਸ਼ਾ-ਪ੍ਰਸੰਗ ਨਿਰਾਕਾਰ, ਸਤਿਗੁਰੂ ਅਤੇ ਸਤਿਸੰਗਤਿ ਦੀ ਵਿਸ਼ੇਸ਼ਤਾ ਨਾਲ਼ ਸੰਬੰਧਿਤ ਹੋਣ ਕਾਰਨ ਸਿੱਖਾਂ ਲਈ ਸ਼ਾਮ ਨੂੰ ਨਿੱਤ ਪੜ੍ਹੇ ਜਾਣ ਵਾਲ਼ਾ ਨਿਤਨੇਮ (ਰਹਰਾਸਿ) ਬਣਾਇਆ ਗਿਆ ਹੈ।