ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੇ ਉਸ ਦਾ ਪ੍ਰਤੀਕਰਮ

0
77

ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੇ ਉਸ ਦਾ ਪ੍ਰਤੀਕਰਮ

ਅਵਤਾਰ ਸਿੰਘ ਮਿਸ਼ਨਰੀ USA (5104325827)

ਗੁਰੂ ਨਾਨਕ ਸਾਹਿਬਾਨ ਅਤੇ ਭਗਤ ਸਾਹਿਬਾਨ ਤੋਂ ਲੈ ਕੇ ਹੁਣ ਗੁਰੂ ਅਰਜਨ ਸਾਹਿਬ ਜੀ ਤੱਕ ਸਭ ਮਹਾਂ ਪੁਰਖਾਂ ਨੇ ਸੱਚ ਦਾ ਪ੍ਰਚਾਰ ਰੱਬੀ ਗਿਆਨ ਦੁਆਰਾ ਸ਼ਾਂਤਮਈ ਢੰਗ ਨਾਲ ਕੀਤਾ, ਪਰ ਫਿਰ ਵੀ ਵਕਤੀ ਹਕੂਮਤਾਂ ਅਤੇ ਉਨ੍ਹਾਂ ਦੇ ਝੋਲੀ ਚੁੱਕਾਂ (ਕੱਟੜਵਾਦੀ ਬ੍ਰਾਹਮਣਾਂ ਤੇ ਮੁਲਾਂ ਮੌਲਾਣਿਆਂ) ਨੇ ਹਮੇਸ਼ਾਂ ਇਸ ਦਾ ਵਿਰੋਧ ਕੀਤਾ। ਕੱਟੜਵਾਦੀ ਬ੍ਰਾਹਮਣਾਂ ਅਤੇ ਮੁਲਾਂ ਮੌਲਾਣਿਆਂ ਨੇ ਤਾਂ ਇਸ ਕਰਕੇ ਵਿਰੋਧ ਕੀਤਾ ਕਿ ਉਨ੍ਹਾਂ ਦੁਆਰਾ ਫੈਲਾਏ ਭਰਮਜਾਲ-ਕਰਮਕਾਂਡਾਂ ਦਾ ਗੁਰਬਾਣੀ ਨੇ ਸਖ਼ਤ ਵਿਰੋਧ ਕਰਕੇ ਭੋਲੀ-ਭਾਲੀ ਜਨਤਾ ਨੂੰ ਜਾਗਰੂਕ ਕੀਤਾ। ਇਸ ਨਾਲ ਇਨ੍ਹਾਂ ਲੋਕਾਂ ਦੀ ਧਰਮ ਦੇ ਨਾਂ ’ਤੇ ਚਲਦੀ ਰੋਜ਼ੀ-ਰੋਟੀ ਵਾਲੀ ਦੁਕਾਨਦਾਰੀ ’ਤੇ ਅਸਰ ਪਿਆ ਅਤੇ ਅਜਿਹੇ ਲੋਕਾਂ ਵੱਲੋਂ ਹਕੂਮਤ ਦੇ ਕੰਨ ਭਰੇ ਗਏ ਕਿ ਜੇ ਵੇਲੇ ਸਿਰ ਗੁਰੂਆਂ-ਭਗਤਾਂ ਦੀਆਂ ਸਰਗਰਮੀਆਂ ’ਤੇ ਨਿਗ੍ਹਾ ਨਾ ਰੱਖੀ ਗਈ ਤਾਂ ਇਹ ਲੋਕ ਹਕੂਮਤ ਦਾ ਤਖ਼ਤਾ ਪਲਟਾ ਸਕਦੇ ਹਨ। ਇਸ ਮਾਮਲੇ ਵਿੱਚ ਸਿੱਧ, ਜੋਗੀ, ਉਦਾਸੀ, ਬ੍ਰਾਹਮਣ, ਮੌਲਾਣੇ, ਸ਼੍ਰੀ ਚੰਦੀਏ, ਪ੍ਰਿਥੀ ਚੰਦੀਏ, ਚੰਦੂਸ਼ਾਹੀਏ, ਬੀਰਬਲ ਬ੍ਰਾਹਮਣ ਆਦਿ ਜਿੱਥੇ ਵਕਤੀਆ ਹਕੂਮਤ ਦੇ ਕੰਨ ਭਰਦੇ ਰਹੇ, ਓਥੇ ਤੁਰਾਨ ਦੇ ਰਹਿਣਵਾਲੇ ਮੁਹੰਮਦ ਬਾਕੀ ਬਿਲਾ ਦੇ ਚੇਲੇ ਸ਼ੇਖ ਅਹਿਮਦ ਸਰਹੱਦੀ ਅਤੇ ਉਸ ਦੇ ਚੇਲੇ ਮੁਰਤਜ਼ਾ ਖਾਂ, ਜੋ ਅਤਿ ਕੱਟੜਵਾਦੀ ਚਿਸ਼ਤੀ ਮੁਸਲਮਾਨ, ਜੋ ਸਿਰਫ ਤੇ ਸਿਰਫ ਹਰ ਪਾਸੇ ਇਸਲਾਮ ਹੀ ਇਸਲਾਮ ਦੇਖਣਾ ਚਾਹੁੰਦੇ ਸਨ, ਏਨਾਂ ਦਾ ਵੀ ਸਿੱਧਾ ਹੱਥ ਸੀ। ਇਵੇਂ ਸੌੜੀ ਸੋਚ ਵਾਲੇ ਧਾਰਮਿਕ ਆਗੂ ਅੱਗ-ਬਲੂਲੇ ਹੋ ਉੱਠੇ ਭਾਵੇਂ ਕਿ ਇਹ ਸਾਰੇ ਆਪਸ ਵਿੱਚ ਪਹਿਲਾਂ ਲੜਦੇ ਰਹਿੰਦੇ ਸਨ ‘‘ਖਹਿ ਮਰਦੇ ਬਾਹਮਣ ਮਉਲਾਣੇ’’ (ਭਾਈ ਗੁਰਦਾਸ ਜੀ/ਵਾਰ ਪਉੜੀ ੨੧)

 ਅਕਸਰ ਅਸੀਂ ਇਕੱਲੇ ਚੰਦੂ ’ਤੇ ਦੋਸ਼ ਲਾਉਂਦੇ ਹਾਂ ਜਦਕਿ ਚੰਦੂ ਤਾਂ ਇਸ ਨਫ਼ਰਤ ਦੀ ਇੱਕ ਕੜੀ ਸੀ। ਚੰਦੂ ਨੇ ਰਿਸ਼ਤਾ ਕਰਨ ਵੇਲੇ ਗੁਰੂ-ਕਿਆਂ ਵਿਰੁੱਧ ਕਬੋਲ ਬੋਲੇ ਸਨ ਕਿ ਚਉਬਾਰੇ ਦੀ ਇੱਟ ਮੋਰੀ ਨੂੰ ਲਾ ਆਏ ਹੋ, ਸਿੱਖ ਸੰਗਤ ਨੇ ਇਸ ਦਾ ਕਰੜਾ ਵਿਰੋਧ ਕੀਤਾ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਦਾ ਰਿਸ਼ਤਾ, ਜੋ ਚੰਦੂ ਦੀ ਲੜਕੀ ਨਾਲ਼ ਹੋਇਆ ਸੀ, ਟੁੱਟ ਗਿਆ ਸੀ।

ਗੁਰੂਆਂ-ਭਗਤਾਂ ਦੇ ਸੱਚੇ-ਸੁੱਚੇ ਤੇ ਸਿੱਧੇ-ਸਾਦੇ ਸੁਨਹਿਰੀ ਉਪਦੇਸ਼ਾਂ ਕਰਕੇ ਧੜਾ-ਧੜ ਹਿੰਦੂ ਅਤੇ ਮੁਸਲਮਾਨ ਸਿੱਖ ਬਣ ਰਹੇ ਸਨ। ਇਹ ਗੱਲ ਉਸ ਵੇਲੇ ਦਾ ਇਤਿਹਾਸਕਾਰ ਮੋਹਸਨਫਾਨੀ ਵੀ ਲਿਖਦਾ ਹੈ। ਭਾਵੇਂ ਜਾਤ ਅਭਿਮਾਨੀਆਂ ਅਤੇ ਕੱਟੜਵਾਦੀਆਂ ਨੇ ਅਕਬਰ ਬਾਦਸ਼ਾਹ ਦੇ ਵੀ ਕੰਨ ਭਰੇ, ਪਰ ਅਕਬਰ ਉਦਾਰਵਾਦੀ ਹੋਣ ਕਰਕੇ ਇਨ੍ਹਾਂ ਨੂੰ ਮੂੰਹ ਦੀ ਖਾਣੀ ਪਈ। ਅਕਬਰ ਬਾਦਸ਼ਾਹ ਦੋ ਵਾਰ ਗੁਰੂ ਦਰਬਾਰ ਆਇਆ ਅਤੇ ਗੁਰੂਆਂ ਦੀ ਸਿੱਖਿਆ ਤੋਂ ਪ੍ਰਭਾਵਤ ਹੋਇਆ ਅਤੇ ਕਿਰਸਾਨਾਂ ਦਾ ਮਾਲੀਆ ਅਤੇ ਹਿੰਦੂਆਂ ਦੇ ਤੀਰਥਾਂ ਦਾ ਟੈਕਸ ਵੀ ਮਾਫ ਕਰ ਗਿਆ। ਹੁਣ ਅਕਬਰ ਦੀ ਮੌਤ ਤੋਂ ਬਾਅਦ ਉਸ ਦੇ ਸ਼ਰਾਬੀ-ਕਬਾਬੀ ਪੁੱਤਰ ਜਹਾਂਗੀਰ ਨੂੰ ਇਨ੍ਹਾਂ ਕੱਟੜਵਾਦੀਆਂ ਨੇ ਇਸ ਕਰਕੇ ਰਾਜ ਗੱਦੀ ਤੇ ਬੈਠਾਇਆ ਕਿ ਜਹਾਂਗੀਰ ਇਸਲਾਮ ਦਾ ਪ੍ਰਚਾਰ ਕਰੇਗਾ ਅਤੇ ਸਿੱਖ ਲਹਿਰ ਨੂੰ ਖ਼ਤਮ ਕਰ ਦੇਵੇਗਾ ਪਰ ਉਸ ਨੂੰ ਕੀ ਪਤਾ ਸੀ ਕਿ ਇਹ ਲਹਿਰ ਸਗੋਂ ਹੋਰ ਵਧੇਗੀ।

ਇਸ ਸੰਬੰਧ ਵਿੱਚ ਜਹਾਂਗੀਰ ਖ਼ੁਦ ਵੀ ਆਪਣੀ ਸਵੈ ਜੀਵਨੀ ‘ਤੁਜ਼ਕਿ ਜਹਾਂਗੀਰੀ’ ਵਿੱਚ ਲਿੱਖਦਾ ਹੈ ਕਿ ਬਿਆਸ ਦਰਿਆ ਕੰਡੇ ਗੋਇੰਦਵਾਲ ਨਗਰ ਵਿੱਚ ਇੱਕ ਪੀਰਾਂ ਬਜੁਰਗਾਂ ਦੇ ਭੇਸ ਵਿੱਚ ਅਰਜਨ ਨਾਮ ਦੇ ਹਿੰਦੂ ਨੇ ਬਹੁਤ ਸਾਰੇ ਭੋਲੇ ਭਾਲੇ ਹਿੰਦੂਆਂ ਸਗੋਂ ਬੇਸਮਝ ਮੁਸਲਮਾਨਾਂ ਨੂੰ ਵੀ ਆਪਣੇ ਮਗਰ ਲਾ ਕੇ ਆਪਣੀ ਪੀਰੀ ਦਾ ਢੋਲ ਉੱਚਾ ਵਜਾਇਆ ਹੋਇਆ ਸੀ, ਲੋਕ ਉਸ ਨੂੰ ਗੁਰੂ ਆਖਦੇ ਸਨ। ਤਿੰਨ ਚਾਰ ਪੀੜ੍ਹੀਆਂ ਤੋਂ ਇਹ ਦੁਕਾਨ ਚਲ ਰਹੀ ਸੀ, ਚਿਰ ਤੋਂ ਮੈਂ ਸੋਚ ਰਿਹਾ ਸੀ ਇਸ ਝੂਠ ਦੀ ਦੁਕਾਨ ਨੂੰ ਬੰਦ ਕਰਾਂ ਜਾਂ ਇਸ (ਗੁਰੂ ਅਰਜਨ ਸਾਹਿਬ) ਨੂੰ ਇਸਲਾਮ ਵਿੱਚ ਲੈ ਆਵਾਂ। ਇਨ੍ਹਾਂ ਦਿਨਾਂ ’ਚ ਹੀ ਹਕੂਮਤ ਦਾ ਬਾਗੀ ਖੁਸਰੋ ਇਧਰ ਆਇਆ ਤੇ ਇਸ (ਗੁਰੂ) ਨੇ ਉਸ ਦੇ ਮੱਥੇ ’ਤੇ ਕੇਸਰ ਦਾ ਟਿੱਕਾ ਲਾ ਕੇ ਜਿੱਥੇ ਉਸ ਦੀ ਕਾਮਯਾਬੀ ਦੀ ਅਰਦਾਸ ਕੀਤੀ, ਓਥੇ ਮਾਲੀ ਸਹਾਇਤਾ ਵੀ ਕੀਤੀ। ਜਦੋਂ ਮੈਨੂੰ ਇਸ ਦਾ ਪਤਾ ਲੱਗਾ ਤਾਂ ਮੈ ਹੁਕਮ ਕੀਤਾ ਕਿ ਇਸ (ਗੁਰੂ) ਨੂੰ ਪਕੜ ਕੇ ਮੇਰੇ ਹਵਾਲੇ ਕੀਤਾ ਜਾਵੇ। ਉਸ ਦਾ ਘਰ ਘਾਟ ਬੱਚੇ ਤੇ ਮਾਲ ਅਸਬਾਬ ਮੁਰਤਜਾ ਖਾਂ ਦੇ ਹਵਾਲੇ ਕਰਕੇ ਇਸ ਨੂੰ ‘ਯਾਸਾ ਦੰਡ’ ਦੇ ਕੇ ਮਾਰ ਦਿੱਤਾ ਜਾਵੇ (ਯਾਸਾ ਦੰਡ ਪੁਰਾਣੇ ਮੰਗੋਲੀਆ ਲੋਕ, ਜਿਨ੍ਹਾਂ ਦਾ ਵਹਿਸ਼ੀਪੁਣਾ ਮਸ਼ਹੂਰ ਹੈ, ਦਿਆ ਕਰਦੇ ਸਨ। ਜਿਸ ਵਿੱਚ ਕਿਸੇ ਮਹਾਂਪੁਰਖ ਨੂੰ ਬਿਨਾ ਖੂਨ ਡੋਲੇ ਮਾਰਿਆ ਜਾਂਦਾ, ਡਰ ਹੁੰਦਾ ਕਿ ਉਸ ਦੇ ਖੂਨ ਤੋਂ ਹੋਰ ਸ਼ਹੀਦ ਨਾ ਪੈਦਾ ਹੋ ਜਾਣ)। ਇਸ ਤਰੀਕੇ ਨਾਲ 30 ਮਈ ਸੰਨ 1606 ਨੂੰ ਗੁਰੂ ਅਰਜਨ ਸਾਹਿਬ ਨੂੰ ਭਿਆਨਕ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ।

ਸ਼ਹੀਦੀ ਦਾ ਪ੍ਰਤੀਕਰਮ-ਜਿਸ ਦਾ ਅਸਰ ਇਹ ਹੋਇਆ ਕਿ ਛੇਵੇਂ ਗੁਰੂ ਹਰਗੋਬਿੰਦ ਜੀ ਨੇ ਗੁਰੂ ਪਿਤਾ ਦੇ ਆਦੇਸ਼ ਅਨੁਸਾਰ ਅਕਾਲ ਤਖ਼ਤ ਦੀ ਰਚਨਾ ਕੀਤੀ, ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਣ ਲਈਆਂ ਤੇ ਦੂਰ ਦੂਰ ਹੁਕਮਨਾਮੇ ਭੇਜ ਦਿੱਤੇ ਕਿ ਹੁਣ ਸਿੱਖ ਰਸਤਾਂ-ਬਸਤਾਂ ਦੇ ਨਾਲ ਜਵਾਨੀਆਂ, ਸ਼ਸਤਰ ਅਤੇ ਘੋੜੇ ਭੇਟ ਕਰਨ, ਸ਼ਸਤਰ ਵਿੱਦਿਆ ਦਾ ਅਭਿਆਸ ਕਰਨ ਅਤੇ ਸ਼ਿਕਾਰ ਖੇਡਣ। ਇਸ ਤਰ੍ਹਾਂ ਥੋੜ੍ਹੇ ਚਿਰ ਵਿੱਚ ਹੀ ਗੁਰੂ ਦੀ ਫ਼ੌਜ ਤਿਆਰ ਹੋ ਗਈ। ਗੁਰੂ ਜੀ ਨੇ ਜ਼ਾਲਮ ਹਕੂਮਤ ਨਾਲ ਚਾਰ ਜੰਗਾਂ ਲੜੀਆਂ, ਜਿਨ੍ਹਾਂ ਵਿੱਚ ਦੁਸ਼ਮਣਾਂ ਦੀ ਹਾਰ ਹੋਈ। ਲੋਕ ਇਨਸਾਫ਼ ਲਈ ਦੁਨਿਆਵੀ ਤਖ਼ਤ ਛੱਡ ਕੇ ਅਕਾਲ-ਤਖ਼ਤ ’ਤੇ ਗੁਰੂ ਦੀ ਸ਼ਰਨ ਆਉਣ ਲੱਗ ਪਏ। ਮੁਗਲੀਆਂ ਹਕੂਮਤ ਦੀਆਂ ਜੜ੍ਹਾਂ ਖੋਖਲੀਆਂ ਹੋਣ ਲੱਗੀਆਂ। ਜਹਾਂਗੀਰ ਨੂੰ ਸੁਲਾਹ ਲਈ ਗੁਰੂ ਦੀ ਸ਼ਰਨ ਆਉਣਾ ਪਿਆ। ਸਤਵੇਂ ਅਤੇ ਅਠਵੇਂ ਗੁਰੂ ਤੱਕ ਸ਼ਾਂਤੀ ਰਹੀ, ਫਿਰ ਵੀ ਗੁਰੂ ਦਰਬਾਰ ਵਿੱਚ ਸਿੱਖ ਫ਼ੌਜ ਤਤਪਰ ਰਹੀ। ਨੌਵੇਂ ਗੁਰੂ ਨੇ ਵੀ ਧਰਮ ਦੀ ਖਾਤਰ ਮਜ਼ਲੂਮ ਦੀ ਰੱਖਿਆ ਲਈ ਆਪਾ ਕੁਰਬਾਨ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਖੰਡੇ ਦੀ ਪਾਹੁਲ ਦੇ ਕੇ ਖ਼ਾਲਸਾ ਫ਼ੌਜ ਦਾ ਲਕਬ ਦਿੱਤਾ ਅਤੇ ਸਦਾ ਤਿਆਰ ਬਰ ਤਿਆਰ ਰਹਿਣ ਦਾ ਆਦੇਸ਼ ਦਿੱਤਾ। ਔਰੰਗਜ਼ੇਬ ਦੀ ਜ਼ਾਲਮ ਹਕੂਮਤ ਅਤੇ ਅਕਿਰਤਘਣ ਪਹਾੜੀ ਰਾਜਿਆਂ ਨਾਲ 14 ਜੰਗਾਂ ਬੇਇਨਸਾਫ਼ੀ ਅਤੇ ਜ਼ੁਲਮ ਦੇ ਵਿਰੁੱਧ ਹੋਈਆਂ। ਜਿਨ੍ਹਾਂ ਦੇ ਫਲਸਰੂਪ ਬਾਬਾ ਬੰਦਾ ਸਿੰਘ ਬਹਾਦਰ ਨੇ 8 ਸਾਲ ਆਪਣਾ ਰਾਜ ਸਥਾਪਿਤ ਕਰੀ ਰੱਖਿਆ। ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੇ ਨਾਮ ਦਾ ਸਿੱਕਾ ਚਲਾਇਆ, ਜ਼ਾਲਮ ਹਕੂਮਤ ਤੋਂ ਗਿਣ-ਗਿਣ ਕੇ ਬਦਲੇ ਲਏ, ਖ਼ਾਸਕਰ ਮਸੂਮ ਬੱਚਿਆਂ (ਸਾਹਿਬਜ਼ਾਦਿਆਂ) ਨੂੰ ਬੇਇਨਸਾਫ਼ੀ ਤੇ ਬੇਕਿਰਕੀ ਨਾਲ ਸ਼ਹੀਦ ਕਰਨ ਵਾਲੇ ਵਜ਼ੀਰ ਖ਼ਾਂ (ਸੂਬਾ ਸਰਹੰਦ) ਨੂੰ ਕੀਤੀ ਦਾ ਫਲ਼ ਭੁਗਤਾਉਂਦੇ ਹੋਏ, ਸਰਹੰਦ ਦੀ ਇੱਟ ਨਾਲ ਇੱਟ ਖੜਕਾਈ। ਅੱਠ ਸਾਲ ਬਹੁਤ ਹੀ ਵਧੀਆ ਰਾਜ ਪ੍ਰਬੰਧ ਚਲਾਇਆ। ਜਿਸ ਵਿੱਚ ਸਭ ਦੇ ਹੱਕਾਂ ਦੀ ਰਾਖੀ ਕਰਦੇ ਹੋਏ ਵਾਹੀਯੋਗ ਜ਼ਮੀਨਾਂ, ਕਿਰਤੀ ਕਿਸਾਨਾਂ ਵਿੱਚ ਵੰਡੀਆਂ, ਜਿਨ੍ਹਾਂ ਦੇ ਕਿਸਾਨ ਅੱਜ ਤੱਕ ਮਾਲਕ ਬਣੇ ਹੋਏ ਹਨ। ਸਿੱਖ ਫ਼ੌਜ ਵਿੱਚ ਅਕੀਦਤਮੰਦ ਹਿੰਦੂ ਅਤੇ ਮੁਸਲਮਾਨ ਵੀ ਭਰਤੀ ਕੀਤੇ ਅਤੇ ਧਰਮ ਅਸਥਾਨਾਂ ਦੀ ਸੇਵਾ ਕਰਦੇ ਹੋਏ ਗੁਰਦੁਆਰੇ, ਮਸਜਿਦਾਂ ਅਤੇ ਮੰਦਿਰ ਵੀ ਬਣਾਏ। ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਤੋਂ ਬਾਅਦ ਸਿੱਖਾਂ ਦੇ 65 ਜਥੇ ਬਣ ਗਏ, ਜਿਨ੍ਹਾਂ ਨੇ ਸ੍ਰ. ਕਪੂਰ ਸਿੰਘ ਨੂੰ ਨਵਾਬੀ ਅਤੇ ਸ੍ਰ. ਜੱਸਾ ਸਿੰਘ ਆਹਲੂਵਾਲੀਏ ਨੂੰ ‘ਸੁਲਤਾਨਲ-ਕੌਮਿ’ ਭਾਵ ਕੌਮ ਦਾ ਬਾਦਸ਼ਾਹ ਥਾਪਿਆ। ਇਨ੍ਹਾਂ ਬਹਾਦਰ ਤੇ ਸੇਵਾ ਦੇ ਪੁੰਜ ਮਹਾਂਨ ਆਗੂਆਂ ਦੀ ਸੁਜੋਗ ਅਗਵਾਈ ਵਿੱਚ ਜੰਗਲ਼ਾਂ ਬੇਲਿਆਂ ਵਿੱਚ ਰਹਿੰਦੇ ਹੋਏ ਵੀ ਜ਼ਾਲਮ ਸਰਕਾਰ ਨੂੰ ਸਬਕ ਸਿਖਾਉਣ ਦੀ ਕਸਰ ਨਹੀਂ ਛੱਡੀ। ਫਿਰ 65 ਜਥਿਆਂ ਤੋਂ 12 ਮਿਸਲਾਂ ਬਣ ਗਈਆਂ। ਸਿੱਖ ਮਿਸਲਾਂ ਨੇ ਵੀ ਜ਼ਾਲਮ ਹਕੂਮਤ ਨੂੰ ਸੁੱਖ ਦੀ ਨੀਂਦ ਨਾ ਸੌਣ ਦਿੱਤਾ ਅਤੇ ਮਹਾਂਰਾਜਾ ਰਣਜੀਤ ਸਿੰਘ ਦੀ ਅਗਵਾਈ ਵਿੱਚ 50 ਸਾਲ ਰਾਜ ਕੀਤਾ, ਜੋ ਡੋਗਰਿਆਂ ਦੀ ਗਦਾਰੀ ਨਾਲ਼ ਜਾਂਦਾ ਰਿਹਾ ਤੇ ਮੁੜ ਨਾ ਮਿਲਿਆ ਕਿਉਂਕਿ ਗੁਰਦੁਆਰਿਆਂ ਉੱਤੇ ਮਹੰਤ ਕਾਬਜ਼ ਹੋ ਗਏ, ਜੋ ਭਾਰੀ ਕੁਰਬਾਨੀਆਂ ਦੇਣ ਉਪਰੰਤ ਕੱਢਣੇ ਪਏ। ਫਿਰ ਸਿੰਘ ਸਭਾ ਲਹਿਰ ਪੈਦਾ ਹੋਈ, ਸਿੱਖੀ ਦਾ ਕੁੱਝ ਪ੍ਰਚਾਰ ਹੋਇਆ ਭਾਵੇਂ ਕਿ ਕਰਮਕਾਂਡੀ ਮਹੰਤਾਂ ਦਾ ਅਸਰ ਪੂਰਨ ਸਮਾਪਤ ਨਾ ਹੋ ਸਕਿਆ।

ਜੂਨ 1984 ਵਿੱਚ ਫਿਰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ’ਤੇ ਇਕੱਤਰ ਹੋਈਆਂ ਹਜ਼ਾਰਾਂ ਸੰਗਤਾਂ ਸਮੇਤ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਭਾਰਤੀ ਹਕੂਮਤ ਨੇ ਹਮਲਾ ਕਰ ਦਿੱਤਾ; ਜਿਵੇਂ ਮਹੰਤ ਨਰੈਣੂ ਨੇ ਨਨਕਾਣਾ ਸਾਹਿਬ ਤੇ ਨਿਹੱਥੇ ਸਿੰਘਾਂ ’ਤੇ ਕੀਤਾ ਸੀ, ਪਰ ਬਾਬਾ ਜਰਨੈਲ ਸਿੰਘ ਦੀ ਅਗਵਾਈ ਅਤੇ ਜਨਰਲ ਸ਼ੁਬੇਗ ਸਿੰਘ ਦੀ ਕਮਾਣ ਹੇਠ ਮੁਠੀ ਭਰ ਸਿੱਖਾਂ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਮੁਕਾਬਲਾ ਕਰਕੇ ਦੱਸ ਦਿੱਤਾ ਕਿ ਅਜੇ ਸਾਡੇ ਵਿੱਚ ਸਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ, ਗੁਰੂ ਤੇਗ ਬਹਾਦਰ ਦੀ ਕੁਰਬਾਨੀ, ਸਾਹਿਬਜ਼ਾਦੇ, ਅਨੇਕਾਂ ਅਕੀਦਤਮੰਦ ਤੇ ਬਹਾਦਰ ਸਿੰਘ ਸਿੰਘਣੀਆਂ ਦੀ ਸ਼ਹੀਦੀ ਦਾ ਖ਼ੂਨ ਗਰਮ ਹੈ।

ਦੇਖੋ ! ਗੁਰੂਆਂ-ਭਗਤਾਂ ਨੇ ਤਾਂ ਜ਼ੁਲਮ ਅੱਗੇ ਹਾਰ ਨਾ ਮੰਨੀ, ਪਰ ਅੱਜ ਅਸੀਂ ਗੁਰਬਾਣੀ ਪਰੰਪਰਾ ਵੱਲੋਂ ਮੂੰਹ ਮੋੜ ਕੇ ਮਹੰਤਾਂ ਵਾਲ਼ੀ ਸੋਚ ਨੂੰ ਪ੍ਰਣਾਏ ਡੇਰੇਦਾਰ ਸਾਧਾਂ-ਸੰਤਾਂ ਅੱਗੇ ਹੱਥ ਜੋੜੀ ਖੜ੍ਹੇ ਹੁੰਦੇ ਹਾਂ। ਖ਼ਾਲਸਾ ਪੰਥ ਨੂੰ ਕਈ ਸੰਪ੍ਰਦਾਵਾਂ ਵਿੱਚ ਵੰਡ ਬੈਠੇ ਹਾਂ, ਜਿਸ ਨਾਲ਼ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਦੀ ਸਰਬ ਸਾਂਝੀ ਸੋਚ ਨੂੰ ਧੁੰਦਲੀ ਕਰ ਰਹੇ ਹਾਂ। ਜਿਸ ਨੂੰ ਇੱਕ ‘ਆਦਿ ਗ੍ਰੰਥ’ ਵਿੱਚ ਇਕੱਤਰ ਕਰਕੇ ਸਦੀਵੀ ਸ਼ਬਦ ਗੁਰੂ (ਪੋਥੀ ਪਰਮੇਸਰ ਕਾ ਥਾਨੁ) ਹੋਣ ਦਾ ਮਾਣ; ਗੁਰੂ ਅਰਜਨ ਸਾਹਿਬ ਜੀ ਨੇ ਸਾਨੂੰ ਬਖ਼ਸ਼ਿਆ ਸੀ। ਇਸ ‘ਆਦਿ ਗ੍ਰੰਥ’ ਸਾਹਿਬ ਵਿੱਚ ਹੀ ਨੌਵੇਂ ਗੁਰੂ ਤੇਗ ਬਹਾਦਰ ਦੀ ਬਾਣੀ ਦਰਜ ਕਰਕੇ ਦਸਵੇਂ ਪਾਤਿਸ਼ਾਹ ਜੀ ਨੇ ਖਾਲਸਾ ਸਾਜਣਾ ਦਿਵਸ ਸਥਾਪਿਤ ਕਰਦਿਆਂ ਸਮੁੱਚੀ ਸਿੱਖ ਕੌਮ ਨੂੰ ‘ਸ਼ਬਦ ਗੁਰੂ’ (ਗੁਰੂ ਗ੍ਰੰਥ ਸਾਹਿਬ) ਜੀ ਦੇ ਚਰਨੀਂ ਲਗਾ ਆਪ ਨੇ ਭੀ ਸੀਸ ਨਿਵਾਇਆ।

ਭਾਵੇਂ ਕਿ ਭਗਤ ਸਾਹਿਬਾਨ, ਗੁਰੂ ਸਾਹਿਬਾਨ ਅਤੇ ਸਿੰਘ-ਸਿੰਘਣੀਆਂ ਨੇ ਅਨਿਆਇ ਵਿਰੁੱਧ ਅਨੇਕਾਂ ਸੰਘਰਸ਼ ਕੀਤੇ, ਤਸੀਹੇ ਸਹਾਰੇ, ਫਿਰ ਵੀ ਗੁਰਬਾਣੀ ਦੇ ਇਨ੍ਹਾਂ ਉਪਦੇਸ਼ਾਂ ਨੂੰ ਕਦੇ ਦਿਲੋਂ ਨਹੀਂ ਭੁਲਾਇਆ ‘‘ਨਾ ਕੋ ਬੈਰੀ ਨਹੀ ਬਿਗਾਨਾ; ਸਗਲ ਸੰਗਿ ਹਮ ਕਉ ਬਨਿ ਆਈ (ਮਹਲਾ , ਪੰਨਾ ੧੨੯੯),  ਸਭੇ ਸਾਝੀਵਾਲ ਸਦਾਇਨਿ; ਤੂੰ ਕਿਸੈ ਦਿਸਹਿ ਬਾਹਰਾ ਜੀਉ (ਮਹਲਾ , ਪੰਨਾ ੯੭),  ਅਵਲਿ ਅਲਹ ਨੂਰੁ ਉਪਾਇਆ; ਕੁਦਰਤਿ ਕੇ ਸਭ ਬੰਦੇ   ਏਕ ਨੂਰ ਤੇ ਸਭੁ ਜਗੁ ਉਪਜਿਆ; ਕਉਨ ਭਲੇ ਕੋ ਮੰਦੇ (ਭਗਤ ਕਬੀਰ, ਪੰਨਾ ੧੩੪੯),  ਫਰੀਦਾ ਖਾਲਕੁ ਖਲਕ ਮਹਿ; ਖਲਕ ਵਸੈ ਰਬ ਮਾਹਿ   ਮੰਦਾ ਕਿਸ ਨੋ ਆਖੀਐ; ਜਾਂ ਤਿਸੁ ਬਿਨੁ ਕੋਈ ਨਾਹਿ (ਮਹਲਾ , ਪੰਨਾ ੧੩੮੧) ਆਦਿ।

ਸੋ ਸੱਚ ਨਾਲ ਝੂਠ ਹਮੇਸ਼ਾਂ ਟਕਰਾਇਆ ਹੈ ਤੇ ਟਕਰਾਉਂਦਾ ਰਹੇਗਾ। ਜੋ ਕੌਮਾਂ ਇੱਠੀਆਂ ਹੋ ਕੇ ਮੁਕਾਬਲਾ ਕਰਨ, ਉਹ ਸਦਾ ਜੇਤੂ ਹੁੰਦੀਆਂ ਹਨ। ਸਾਨੂੰ ਵੀ ਅੱਜ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਨੂੰ ਦਿਲੋਂ ਯਾਦ ਕਰਦੇ ਹੋਏ ਵਿਤਕਰੇ ਦੀ ਅਸਲ ਜੜ੍ਹ (ਡੇਰਾਵਾਦੀ ਸੋਚ) ਵੱਲੋਂ ਸਾਵਧਾਨ ਰਹਿ ਕੇ ਗੁਰਬਾਣੀ ਸਿਧਾਂਤ ’ਤੇ ਪਹਿਰਾ ਦੇਣ ਲਈ ਤੱਤਪਰ ਰਹਿਣਾ ਹੈ ਅਤੇ ਮਾਨਵ ਹਿਤਕਾਰੀ ਇਨ੍ਹਾਂ ਉਪਦੇਸ਼ਾਂ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਆਪਸੀ ਸਾਂਝ ਸਥਾਪਿਤ ਕਰਨ ਲਈ ਗੋਸਟੀਆਂ ਕਰਨ ਦੀ ਲੋੜ ਹੈ; ਜਿਵੇਂ ਕਿ ਗੁਰਬਾਣੀ ਦੇ ਬਚਨ ਹਨ ‘‘ਹੋਇ ਇਕਤ੍ਰ ਮਿਲਹੁ ਮੇਰੇ ਭਾਈਦੁਬਿਧਾ ਦੂਰਿ ਕਰਹੁ, ਲਿਵ ਲਾਇ   ਹਰਿ ਨਾਮੈ ਕੇ ਹੋਵਹੁ ਜੋੜੀ; ਗੁਰਮੁਖਿ ਬੈਸਹੁ ਸਫਾ ਵਿਛਾਇ ’’ (ਮਹਲਾ /੧੧੮੫) ਤਾਂ ਹੀ ਕੋਈ ਪੰਥ ਦੋਖੀ ਅਤੇ ਮਨਵਤਾ ’ਚ ਵੰਡੀਆਂ ਪਾਉਣ ਵਾਲ਼ਾ ਕਦੇ ਸਫਲ ਨਹੀਂ ਹੋ ਸਕੇਗਾ।