ਸਿਮਰਨ, ਮਨੁੱਖ ਦੇ ਅੰਦਰ ਬੇ-ਮੁਥਾਜੀ ਤੇ ਦਿਲ ਦੀ ਸੁਤੰਤ੍ਰਤਾ ਪੈਦਾ ਕਰਦਾ ਹੈ ….
ਪ੍ਰੋਫ਼ੈਸਰ ਸਾਹਿਬ ਸਿੰਘ
ਜਗਤ ਵਿਚ ਹਰੇਕ ਜੀਵ ਵਾਸਤੇ ਸਭ ਤੋਂ ਵੱਡਾ ਤੇ ਔਖਾ ਸਵਾਲ ਰੋਟੀ ਦਾ ਹੈ। ਪੇਟ; ਖਾਣ ਨੂੰ ਮੰਗਦਾ ਹੈ। ਸਰੀਰ; ਕੱਜਣ ਨੂੰ ਮੰਗਦਾ ਹੈ ਤੇ ਰਹਿਣ ਜੋਗੀ ਥਾਂ ਮੰਗਦਾ ਹੈ। ਗੁੱਲੀ, ਜੁੱਲੀ ਤੇ ਕੁੱਲੀ ਹਰੇਕ ਇਨਸਾਨ ਦੀਆਂ ਇਹ ਤਿੰਨ ਐਸੀਆਂ ਲੋੜਾਂ ਹਨ, ਜਿਨ੍ਹਾਂ ਤੋਂ ਬਿਨਾ ਜੀਵਿਆ ਜਾ ਹੀ ਨਹੀਂ ਸਕਦਾ, ਪਰ ਵੇਖੋ ਇਹ ਕੁਦਰਤ ਕਰਤਾਰ ਦੀ। ਬੇਅੰਤ ਪਸ਼ੂ, ਪੰਛੀ, ਕੀੜੇ ਆਦਿਕ ਹਨ ਤੇ ਇਹਨਾਂ ਸਭਨਾਂ ਦਾ ਰਿਜ਼ਕ ਸੁੱਤੇ ਹੀ ਸ੍ਰਿਸ਼ਟੀ ਵਿਚ ਮੌਜੂਦ ਹੈ। ਸਾਰੀ ਰਚਨਾ ਵਿਚ ਸਿਰਫ਼ ਮਨੁੱਖ ਹੀ ਹੈ, ਜਿਸ ਨੇ ਮਿਹਨਤ ਨਾਲ ਰੋਜ਼ੀ ਕਮਾ ਕੇ ਪੇਟ ਪਾਲਣਾ ਹੈ। ਕੁਦਰਤ ਦਾ ਇਹ ਬੰਧਾਨ ਇਨਸਾਨ ਦੇ ਭਲੇ ਵਾਸਤੇ ਹੀ ਹੈ, ਪਰ ਰੋਜ਼ੀ ਕਮਾਂਦਾ ਕਮਾਂਦਾ ਮਨੁੱਖ ਇਹ ਭੁੱਲ ਜਾਂਦਾ ਹੈ ਕਿ ਇਹ ਸਿਰਫ਼ ਜੀਵਨ-ਨਿਰਬਾਹ ਲਈ ਹੀ ਹੈ। ਧਨ ਕਮਾਂਦਿਆਂ ਕਮਾਂਦਿਆਂ ਧਨ ਮਨੁੱਖ ਦੀ ਜ਼ਿੰਦਗੀ ਦੀ ਥੰਮ੍ਹੀ ਬਣ ਜਾਂਦਾ ਹੈ, ਧਨ-ਪਦਾਰਥ ਹੀ ਇਸ ਦੇ ਵਾਸਤੇ ਸਭ ਕੁਝ ਹੋ ਜਾਂਦਾ ਹੈ।
ਤੋਤਿਆਂ ਨੂੰ ਫੜਨ ਲਈ ਮਨੁੱਖ ਢੋਲ ਵਰਗਾ ਇਕ ਨਿੱਕਾ ਜਿਹਾ ਯੰਤਰ ਬਣਾਂਦਾ ਹੈ। ਇਸ ਨੂੰ ਦੋਹੀਂ ਪਾਸੀਂ ਸਹਾਰੇ ਨਾਲ ਖੜ੍ਹਾ ਕਰ ਕੇ ਇਸ ਦੇ ਹੇਠਲੇ ਪਾਸੇ ਪਾਣੀ ਨਾਲ ਭਰਿਆ ਇਕ ਖੁੱਲ੍ਹਾ ਭਾਂਡਾ ਰੱਖ ਦੇਂਦਾ ਹੈ ਤੇ ਯੰਤਰ ਦੇ ਹੇਠ-ਵਾਰ ਤੋਤੇ ਲਈ ਚੋਗਾ ਪਾ ਦੇਂਦਾ ਹੈ। ਤੋਤਾ ਚੋਗਾ ਚੁਗਣ ਲਈ ਯੰਤਰ ਉੱਤੇ ਆ ਬੈਠਦਾ ਹੈ, ਪਰ ਯੰਤਰ ਤੋਤੇ ਦੇ ਭਾਰ ਨਾਲ ਉਲ਼ਟ (ਘੁੰਮ) ਜਾਂਦਾ ਹੈ ਤੇ ਤੋਤਾ ਹੇਠਲੇ ਪਾਸੇ ਵੱਲ ਲਟਕ ਪੈਂਦਾ ਹੈ। ਆਪਣੇ ਹੇਠਲੇ ਪਾਸੇ ਪਾਣੀ ਵੇਖ ਕੇ ਜਾਨ ਬਚਾਣ ਲਈ ਉਹ ਤੋਤਾ ਯੰਤਰ ਨੂੰ ਆਪਣੇ ਪੌਚਿਆਂ ਨਾਲ ਘੁੱਟ ਕੇ ਫੜ ਲੈਂਦਾ ਹੈ ਤੇ ਇਸ ਤਰ੍ਹਾਂ ਫਾਂਧਕ ਦਾ ਸਦਾ ਲਈ ਕੈਦੀ ਬਣ ਜਾਂਦਾ ਹੈ। ਇਸ ਯੰਤਰ ਨੂੰ ਨਲਿਨੀ ਆਖਦੇ ਹਨ।
ਜੀਵਨ-ਨਿਰਬਾਹ ਲਈ ਰੋਜ਼ੀ ਕਮਾਂਦੇ ਕਮਾਂਦੇ ਮਨੁੱਖ ਦਾ ਭੀ ਇਹੀ ਹਾਲ ਹੁੰਦਾ ਹੈ ਕਿ ਕਮਾਏ ਧਨ ਦੇ ਮੋਹ ਦੇ ਕਾਰਨ ਉਸ ਧਨ ਨੂੰ ਜ਼ਿੰਦਗੀ ਦਾ ਸਹਾਰਾ ਸਮਝਣ ਲੱਗ ਪੈਂਦਾ ਹੈ। ਸੂਅਟੇ (ਤੋਤੇ) ਦਾ ਦ੍ਰਿਸ਼ਟਾਂਤ ਦੇ ਕੇ ਕਬੀਰ ਜੀ ਇਨਸਾਨ ਦੀ ਇਸ ਨਵੀਂ ਹਾਲਤ ਦਾ ਬਿਆਨ ਇਉਂ ਕਰਦੇ ਹਨ ‘‘ਜਿਉ ਨਲਨੀ ਸੂਅਟਾ (ਤੋਤੇ ਨੇ) ਗਹਿਓ; ਮਨ ਬਉਰਾ ਰੇ ! ਮਾਯਾ ਇਹੁ ਬਿਉਹਾਰੁ ॥ ਜੈਸਾ ਰੰਗੁ ਕਸੁੰਭ ਕਾ; ਮਨ ਬਉਰਾ ਰੇ ! ਤਿਉ ਪਸਰਿਓ ਪਾਸਾਰੁ ॥’’ (ਭਗਤ ਕਬੀਰ, ਪੰਨਾ ੩੩੬)
ਇਸੇ ਤਰ੍ਹਾਂ ਲੋਕ ਬਾਂਦਰਾਂ ਨੂੰ ਫੜਦੇ ਹਨ। ਭੀੜੇ ਮੂੰਹ ਵਾਲੇ ਕੁੱਜੇ ਵਿਚ ਭੁੱਜੇ ਹੋਏ ਛੋਲੇ ਪਾ ਕੇ ਕੁੱਜਾ ਜ਼ਮੀਨ ਵਿਚ ਨੱਪ (ਦੱਬ) ਦੇਂਦੇ ਹਨ। ਕੁੱਜੇ ਦਾ ਉੱਤੋਂ ਸਿਰਫ਼ ਮੂੰਹ ਖੁੱਲ੍ਹਾ ਰਹਿੰਦਾ ਹੈ। ਬਾਂਦਰ (ਮਰਕਟ) ਆ ਕੇ ਕੁੱਜੇ ਵਿਚ ਆਪਣਾ ਹੱਥ ਪਾ ਦੇਂਦਾ ਹੈ ਤੇ ਛੋਲਿਆਂ ਦੀ ਮੁੱਠ ਭਰ ਲੈਂਦਾ ਹੈ, ਪਰ ਭਰੀ ਹੋਈ ਮੁੱਠ ਕੁੱਜੇ ਦੇ ਭੀੜੇ ਮੂੰਹ ਵਿਚੋਂ ਬਾਹਰ ਨਿਕਲ ਨਹੀਂ ਸਕਦੀ ਤੇ ਬਾਂਦਰ ਛੋਲਿਆਂ ਨੂੰ ਛੱਡਣਾ ਨਹੀਂ ਚਾਹੁੰਦਾ। ਇਸ ਮਮਤਾ ਵਿਚ ਹੀ ਕਲੰਦਰ ਦੇ ਕਾਬੂ ਆ ਕੇ ਉਸ ਨੂੰ ਹਰ ਰੋਜ਼ ਦਰ ਦਰ ’ਤੇ ਨੱਚਣਾ ਪੈਂਦਾ ਹੈ। ਕਬੀਰ ਜੀ ਲਿਖਦੇ ਹਨ ‘‘ਮਰਕਟ ਮੁਸਟੀ ਅਨਾਜ ਕੀ; ਮਨ ਬਉਰਾ ਰੇ ! ਲੀਨੀ ਹਾਥੁ ਪਸਾਰਿ (ਕੇ)॥ ਛੂਟਨ ਕੋ ਸਹਸਾ ਪਰਿਆ; ਮਨ ਬਉਰਾ ਰੇ ! ਨਾਚਿਓ ਘਰ ਘਰ ਬਾਰਿ ॥’’ (ਭਗਤ ਕਬੀਰ, ਪੰਨਾ ੩੩੬)
ਗੁਰੂ ਤੇਗ ਬਹਾਦਰ ਸਾਹਿਬ ਆਖਦੇ ਹਨ ਕਿ ਲੋਭ-ਲਹਿਰ ਦੇ ਕਾਰਨ ਸ੍ਵੈ-ਮਾਨ ਗੁਆ ਕੇ ਸੁੱਖ ਦੀ ਆਸ ਵਿਚ ਮਨੁੱਖ ਕੁੱਤੇ ਵਾਂਗ ਦਰ ਦਰ ਤੋਂ ਦੁਰੇ ਦੁਰੇ ਕਰਾਂਦਾ ਹੈ। ਫ਼ੁਰਮਾਂਦੇ ਹਨ ‘‘ਬਿਰਥਾ ਕਹਉ; ਕਉਨ ਸਿਉ ਮਨ ਕੀ ?॥ ਲੋਭਿ (’ਚ) ਗ੍ਰਸਿਓ ਦਸ ਹੂ ਦਿਸ ਧਾਵਤ; ਆਸਾ ਲਾਗਿਓ ਧਨ ਕੀ ॥੧॥ ਰਹਾਉ ॥ ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ, ਸੇਵ ਕਰਤ ਜਨ ਜਨ ਕੀ॥ ਦੁਆਰਹਿ ਦੁਆਰਿ ਸੁਆਨ ਜਿਉ ਡੋਲਤ; ਨਹ ਸੁਧ ਰਾਮ ਭਜਨ ਕੀ ॥੧॥ ਮਾਨਸ ਜਨਮ ਅਕਾਰਥ ਖੋਵਤ; ਲਾਜ ਨ ਲੋਕ ਹਸਨ ਕੀ ॥ ਨਾਨਕ ! ਹਰਿ ਜਸੁ ਕਿਉ ਨਹੀ ਗਾਵਤ ? ਕੁਮਤਿ ਬਿਨਾਸੈ ਤਨ ਕੀ ॥੨॥’’ (ਮਹਲਾ ੯, ਪੰਨਾ ੪੧੧) ਪਦ ਅਰਥ : ਬਿਰਥਾ-ਦੁਖ, ਪੀੜ। ਕਹਉ-ਕਹਉਂ, ਮੈਂ ਦੱਸਾਂ। ਸੁਆਨ-ਕੁੱਤਾ। ਡੋਲਤ-ਭਟਕਦਾ ਫਿਰਦਾ ਹੈ। ਸੁਧਿ-ਸੂਝ। ਅਕਾਰਥ-ਵਿਅਰਥ। ਲਾਜ- ਸ਼ਰਮ। ਕੁਮਤਿ-ਭੈੜੀ ਅਕਲ।
ਜੀਵ; ਜੀਵਨ ਦੇ ਅਸਗਾਹ ਸਮੁੰਦਰ-ਪਰਮਾਤਮਾ ਦੀ ਹੀ ਅੰਸ ਹੈ, ਪਰ ਉਸ ਤੋਂ ਵਿਛੜ ਕੇ ਵੇਖੋ ਕਿਵੇਂ ਰੁਲਦਾ ਹੈ ਤੇ ਦਰ ਦਰ ਧੱਕੇ ਖਾਂਦਾ ਹੈ। ਮੰਦਿਰਾਂ ਵਿਚ ਹਰ ਰੋਜ਼ ਸਵੇਰੇ ਸੰਖ ਵੱਜਦੇ ਕਈ ਵਾਰੀ ਸੁਣੇ ਹੋਣਗੇ। ਭਾਵੇਂ ਇਹ ਧਰਮ-ਅਸਥਾਨਾਂ ਵਿਚ ਹੀ ਵਜਾਈਦੇ ਹਨ, ਪਰ ਇਹਨਾਂ ਦੀ ਅਵਾਜ਼ ਕੁਰੱਖ਼ਤ (ਕਠੋਰ, ਰੁੱਖੀ) ਜਿਹੀ ਹੀ ਹੁੰਦੀ ਹੈ; ਜਿਵੇਂ ਕੋਈ ਢਾਹ ਮਾਰ ਰਿਹਾ ਹੋਵੇ। ਸੰਖ; ਸਮੁੰਦਰ (ਰੈਣਾਇਰ) ਦੇ ਡੂੰਘੇ ਪਾਣੀਆਂ ਵਿਚੋਂ ਲੱਭੀਦੇ ਹਨ। ਵੇਖੋ ਸੰਖ ਦਾ ਹਾਲ ! ਜਿਸ ਸਮੁੰਦਰ ਵਿਚ ਇਹ ਜੰਮਿਆ, ਪਲਿਆ, ਜਦੋਂ ਉਸ ਤੋਂ ਵਿਛੜਿਆ ਤਾਂ ਇਸ ਦੇ ਭਾਗਾਂ ਵਿਚ ਨਿੱਤ ਸਵੇਰੇ ਮੰਦਿਰਾਂ ਵਿਚ ਢਾਹਾਂ ਮਾਰਨੀਆਂ ਹੀ ਲਿਖੀਆਂ ਗਈਆਂ।
ਕਬੀਰ ਜੀ ਸੰਖ ਨੂੰ ਸੰਬੋਧਨ ਕਰ ਕੇ ਮਨੁੱਖ ਨੂੰ ਸਮਝਾ ਰਹੇ ਹਨ ‘ਹੇ ਸੰਖ ! ਸਮੁੰਦਰ ਵਿਚ ਹੀ, ਰੈਣਾਇਰ ਮਝੂਰ ਹੀ, ਟਿਕਿਆ ਰਹੁ, ਨਹੀਂ ਤਾਂ ਸੂਰਜ ਚੜ੍ਹਦੇ ਸਾਰ ਠਾਕੁਰ-ਦੁਆਰਿਆਂ ਵਿਚ ਢਾਹਾਂ ਮਾਰਨੀਆਂ ਪਿਆ ਕਰਨਗੀਆਂ। ਆਪ ਫ਼ੁਰਮਾਂਦੇ ਹਨ ‘‘ਕਬੀਰ ! ਰੈਨਾਇਰ ਬਿਛੋਰਿਆ; ਰਹੁ ਰੇ ਸੰਖ ਮਝੂਰਿ ॥ ਦੇਵਲ ਦੇਵਲ ਧਾਹੜੀ; ਦੇਸਹਿ ਉਗਵਤ ਸੂਰ ॥’’ (ਭਗਤ ਕਬੀਰ, ਪੰਨਾ ੧੩੭੧) ਪਦ ਅਰਥ : ਰੈਣਾਇਰਿ-ਸਮੁੰਦਰ ਤੋਂ। ਮਝੂਰਿ-ਵਿਚੇ ਹੀ, (ਸਮੁੰਦਰ ਦੇ) ਵਿਚ ਹੀ। ਦੇਵਲ-ਦੇਵਾਲਯ, ਮੰਦਿਰ। ਧਾਹੜੀ-ਢਾਹ (ਮਾਰਨੀ)। ਦੇਸਹਿ-ਤੂੰ ਦੇਵੇਂਗਾ। ਸੂਰ- ਸੂਰਜ (ਚੜ੍ਹੇ)।
ਧਿਰ ਧਿਰ ਅੱਗੇ ਤਰਲੇ ਮੁਕਾਣ ਲਈ ਤੇ ਲੋਭ-ਗ੍ਰਸੀ ਕੋਝੀ ਮੱਤ ਦੇ ਨਾਸ ਕਰਨ ਲਈ ਸਿਮਰਨ, ਸਿਫ਼ਤ-ਸਲਾਹ ਹੀ ਇੱਕੋ ਇਕ ਦਾਰੂ ਹੈ। ਜਿਸ ਨੂੰ ਇਹ ਦਾਤਿ ਮਿਲਦੀ ਹੈ, ਉਹ ਪਾਤਿਸ਼ਾਹਾਂ ਦਾ ਪਾਤਿਸ਼ਾਹ ਬਣ ਜਾਂਦਾ ਹੈ। ਹਜ਼ੂਰ ਫ਼ੁਰਮਾਉਂਦੇ ਹਨ ‘‘ਜਿਸ ਨੋ ਬਖਸੇ; ਸਿਫਤਿ ਸਾਲਾਹ ॥ ਨਾਨਕ ! ਪਾਤਿਸਾਹੀ ਪਾਤਿਸਾਹੁ ॥੨੫॥’’ (ਜਪੁ, ਮਹਲਾ ੧, ਪੰਨਾ ੫)
ਕਲਗੀਧਰ ਪਾਤਿਸ਼ਾਹ ਦੇ ਚਰਨਾਂ ਦੇ ਭੌਰੇ ਭਾਈ ਨੰਦ ਲਾਲ (ਸਿੰਘ) ਗੁਰੂ ਕਲਗੀਧਰ ਜੀ ਨੂੰ ਸੰਬੋਧਨ ਕਰ ਕੇ ਆਖਦੇ ਹਨ- ਦਾਤਾ ! ‘‘ਖ਼ਾਕੇ ਦਰਗਾਹੇ ਤੋ, ਸਦ ਤਾਜ–ਸਤ, ਬਹਰੇ ਫ਼ਰਕੇ ਮਨ। ਆਸੀਅਮ, ਗੁਰ ਦਿਲ ਹਵਾਏ ਤਾਜੋ ਅਫ਼ਸਰ ਮੀ ਕੁਨੱਦ।’’ ਪਦ ਅਰਥ : ਸਦ-ਸੌ। ਸਤ (ਅਸਤ)-ਹੈ। ਬਹਰ-ਵਾਸਤੇ। ਫ਼ਰਕੇ-ਦਿਲ। ਆਸੀ- ਗੁਨਹਗਾਰ। ਆਸੀਅਮ-ਮੈਂ ਗੁਨਹਗਾਰ ਹਾਂ। ਗਰ-ਜੇ। ਹਵਾਏ-ਲਾਲਸਾ ਅਫ਼ਸਰ-ਹਕੂਮਤ। ਮੀ ਕੁਨੱਦ-ਕਰਦਾ ਹੈ।
ਭਾਵ-ਹੇ ਪਾਤਿਸ਼ਾਹ ! ਮੇਰੇ ਦਿਲ ਵਾਸਤੇ ਤੇਰੇ ਦਰ ਦੀ ਧੂੜ ਹੀ 100 ਸ਼ਾਹੀ ਤਖ਼ਤਾਂ-ਤਾਜਾਂ ਦੇ ਬਰਾਬਰ ਹੈ। ਹੇ ਦਾਤਾ ! ਤੇਰੇ ਦਰ ’ਤੇ ਆ ਕੇ ਭੀ ਜੇ ਮੇਰਾ ਦਿਲ ਦੁਨੀਆ ਦੇ ਤਾਜ ਤੇ ਹੁਕਮ ਦੀ ਹਿਰਸ (ਨਿਗਾਹ) ਰੱਖੇ ਤਾਂ ਮੈਂ ਬੜਾ ਗੁਨਹਗਾਰ ਹਾਂ।
ਸਿਮਰਨ ਦੀ ਬਰਕਤ ਨਾਲ ਜਿਸ ਮਨੁੱਖ ਦੀ ਸੁਰਤ ਉੱਚੇ ਆਤਮਕ ਹੁਲਾਰੇ ਵਿਚ ਆਉਂਦੀ ਹੈ, ਉਸ ਦੀ ਰੂਹ ਕਿਸੇ ਮਨੁੱਖ ਦੀ ਮੁਥਾਜੀ ਦਾ ਭਾਰ ਸਹਾਰ ਨਹੀਂ ਸਕਦੀ। ਉਸ ਦੇ ਅੰਦਰ ਮਾਇਆ ਦੀ ਭੁੱਖ ਨਹੀਂ ਰਹਿੰਦੀ। ਉਹ ਆਪਣੇ ਦਾਤਾਰ-ਪ੍ਰਭੂ ਨੂੰ ਹੀ ਆਖਦਾ ਹੈ-ਹੇ ਪ੍ਰਭੂ ! ਮੇਰਾ ਮਨ ਤੇਰੀਆਂ ਬਖ਼ਸ਼ੀਆਂ ਦਾਤਾਂ ਨਾਲ ਰੱਜ ਗਿਆ ਹੈ। ਮੈਂ ਕਿਸੇ ਮਨੁੱਖ ਦੀ ਖ਼ੁਸ਼ਾਮਦ ਕਿਉਂ ਕਰਾਂ ? ਦੁਨੀਆ ਦੇ ਸਾਰੇ ਖ਼ਜ਼ਾਨੇ ਦੇਣ ਵਾਲਾ ਤੂੰ ਹੀ ਹੈਂ, ਮੈਂ ਕਿਸੇ ਬੰਦੇ ਦੀ ਮੁਥਾਜੀ ਨਹੀਂ ਰੱਖਦਾ। ਮੈਂ ਕਿਸੇ ਮਨੁੱਖ ਦਾ ਜਾਚਕ ਮੰਗਤਾ ਬਣਾਂ ਭੀ ਕਿਉਂ ? ਇਹ ਸਭ ਤੇਰੇ ਹੀ ਪੈਦਾ ਕੀਤੇ ਹੋਏ ਹਨ। ਇਸ ਬੇ-ਪਰਵਾਹੀ ਦੀ ਮੌਜ ਵਿਚ ਆ ਕੇ ਉਹ ਮਨੁੱਖ ਸਤਿਗੁਰੂ ਅਰਜਨ ਸਾਹਿਬ ਜੀ ਨਾਲ ਮਿਲ ਕੇ ਇਉਂ ਗਾਂਦਾ ਹੈ ‘‘ਕਿਸੁ ਹਉ ਜਾਚੀ ? ਕਿਸ ਆਰਾਧੀ ? ਜਾ ਸਭੁ ਕੋ ਕੀਤਾ ਹੋਸੀ (ਜਦੋਂ ਤੇਰਾ ਕੀਤਾ ਹੀ ਹੁੰਦਾ ਹੈ)॥ ਜੋ ਜੋ ਦੀਸੈ ਵਡਾ ਵਡੇਰਾ; ਸੋ ਸੋ ਖਾਕੂ ਰਲਸੀ ॥ ਨਿਰਭਉ ਨਿਰੰਕਾਰੁ ਭਵ ਖੰਡਨੁ; ਸਭਿ ਸੁਖ ਨਵ ਨਿਧਿ ਦੇਸੀ ॥੧॥
ਪਦ ਅਰਥ : ਹਉ ਜਾਚੀ-ਹਉਂ ਜਾਚੀਂ, ਮੈਂ ਮੰਗਾਂ। ਆਰਾਧੀ- ਆਰਾਧੀਂ, ਮੈਂ ਅਰਾਧਨਾ ਕਰਾਂ। ਸਭੁ ਕੋ-ਹਰੇਕ ਜੀਵ। ਕੀਤਾ-(ਪਰਮਾਤਮਾ ਦਾ) ਬਣਾਇਆ ਹੋਇਆ। ਹੋਸੀ-ਹੋਵੇਗਾ, ਹੈ। ਖਾਕੂ-ਖਾਕ ਵਿਚ। ਭਵਖੰਡਨੁ-ਜਨਮ (ਮਰਨ) ਨਾਸ ਕਰਨ ਵਾਲਾ। ਸਭਿ-ਸਾਰੇ । ਨਵ ਨਿਧਿ-(ਜਗਤ ਦੇ) ਨੌਂ ਹੀ ਖ਼ਜ਼ਾਨੇ। ਦੇਸੀ-ਦੇਵੇਗਾ, ਦੇਂਦਾ ਹੈ।੧।
ਅਰਥ : ਹੇ ਭਾਈ ! ਜਦੋਂ ਹਰੇਕ ਜੀਵ ਪਰਮਾਤਮਾ ਦਾ ਹੀ ਪੈਦਾ ਕੀਤਾ ਹੋਇਆ ਹੈ ਤਾਂ (ਉਸ ਕਰਤਾਰ ਨੂੰ ਛੱਡ ਕੇ) ਮੈਂ ਹੋਰ ਕਿਸ ਪਾਸੋਂ ਕੁੱਝ ਮੰਗਾਂ ? ਮੈਂ ਹੋਰ ਕਿਸ ਦੀ ਆਸ ਰੱਖਦਾ ਫਿਰਾਂ ? ਜਿਹੜਾ ਭੀ ਕੋਈ ਵੱਡਾ ਜਾਂ ਧਨਾਢ ਮਨੁੱਖ ਦਿੱਸਦਾ ਹੈ, ਹਰੇਕ ਨੇ (ਮਰ ਕੇ) ਮਿੱਟੀ ਵਿਚ ਰਲ਼ ਜਾਣਾ ਹੈ (ਇਕ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਦਾਤਾ ਹੈ)। ਹੇ ਭਾਈ ! ਸਾਰੇ ਸੁੱਖ ਤੇ ਜਗਤ ਦੇ ਸਾਰੇ ਨੌ ਖ਼ਜ਼ਾਨੇ ਉਹ ਨਿਰੰਕਾਰ ਹੀ ਦੇਣ ਵਾਲਾ ਹੈ, ਜਿਸ ਨੂੰ ਕਿਸੇ ਦਾ ਡਰ ਨਹੀਂ ਤੇ ਜੋ ਸਭ ਜੀਵਾਂ ਦਾ ਜਨਮ ਮਰਨ ਨਾਸ ਕਰਨ ਵਾਲਾ ਹੈ।੧।
ਹਰਿ ਜੀਉ ! ਤੇਰੀ ਦਾਤੀ ਰਾਜਾ ॥ ਮਾਣਸੁ ਬਪੁੜਾ ਕਿਆ ਸਾਲਾਹੀ ? ਕਿਆ ਤਿਸ ਕਾ ਮੁਹਤਾਜਾ ?॥ ਰਹਾਉ ॥
ਹਰਿ-ਹੇ ਹਰੀ ! ਦਾਤੀ-ਦਾਤੀਂ, ਦਾਤਾਂ ਨਾਲ। ਰਾਜਾ-ਰਾਜਾਂ, ਮੈਂ ਰੱਜਦਾ ਹਾਂ। ਬਪੁੜਾ-ਵਿਚਾਰਾ। ਸਾਲਾਹੀ-ਸਾਲਾਹੀਂ, ਮੈਂ ਸਾਲਾਹਾਂ। ਤਿਸ ਕਾ-(ਲਫ਼ਜ਼ ‘ਤਿਸੁ’ ਦਾ ਔਂਕੜ ( ੁ) ਸੰਬੰਧਕ ‘ਕਾ’ ਦੇ ਕਾਰਨ ਉੱਡ ਗਿਆ ਹੈ) ॥੧॥ ਰਹਾਉ ॥
ਅਰਥ : ਹੇ ਪ੍ਰਭੂ ਜੀ ! ਮੈਂ ਤੇਰੀਆਂ (ਦਿੱਤੀਆਂ) ਦਾਤਾਂ ਨਾਲ (ਹੀ) ਰੱਜ ਸਕਦਾ ਹਾਂ। ਮੈਂ ਕਿਸੇ ਵਿਚਾਰੇ ਮਨੁੱਖ ਦੀ ਵਡਿਆਈ ਕਿਉਂ ਕਰਦਾ ਫਿਰਾਂ ? ਮੈਨੂੰ ਕਿਸੇ ਮਨੁੱਖ ਦੀ ਮੁਥਾਜੀ ਕਿਉਂ ਹੋਵੇ ?।੧। ਰਹਾਉ।
ਜਿਨਿ ਹਰਿ ਧਿਆਇਆ; ਸਭੁ ਕਿਛੁ ਤਿਸ ਕਾ; ਤਿਸ ਕੀ ਭੂਖ ਗਵਾਈ ॥ ਐਸਾ ਧਨੁ ਦੀਆ ਸੁਖਦਾਤੈ ! ਨਿਖੁਟਿ ਨ ਕਬ ਹੀ ਜਾਈ ॥ ਅਨਦੁ ਭਇਆ ਸੁਖ ਸਹਜਿ ਸਮਾਣੇ; ਸਤਿਗੁਰਿ (ਨੇ) ਮੇਲਿ ਮਿਲਾਈ ॥੨॥
ਜਿਨਿ-ਜਿਸ (ਮਨੁੱਖ) ਨੇ। ਸਭੁ ਕਿਛੁ-ਹਰੇਕ ਚੀਜ਼। ਸੁਖ ਦਾਤੈ- ਸੁਖ ਦੇਣ ਵਾਲੇ (ਪ੍ਰਭੂ) ਨੇ। ਸਹਜਿ=ਆਤਮਕ ਅਡੋਲਤਾ ਦੇ ਕਾਰਨ। ਸਤਿਗੁਰਿ-ਗੁਰੂ ਨੇ। ਮੇਲਿ-ਮਿਲਾਪ ਵਿਚ।੨।
ਅਰਥ : ਹੇ ਭਾਈ ! ਜਿਸ ਮਨੁੱਖ ਨੇ ਪਰਮਾਤਮਾ ਦੀ ਭਗਤੀ ਸ਼ੁਰੂ ਕਰ ਦਿੱਤੀ, ਜਗਤ ਦੀ ਹਰੇਕ ਚੀਜ਼ ਹੀ ਉਸ ਦੀ ਬਣ ਜਾਂਦੀ ਹੈ, ਪਰਮਾਤਮਾ ਉਸ ਦੇ ਅੰਦਰੋਂ (ਮਾਇਆ ਦੀ) ਭੁੱਖ ਦੂਰ ਕਰ ਦੇਂਦਾ ਹੈ। ਸੁਖਦਾਤੇ ਪ੍ਰਭੂ ਨੇ ਉਸ ਨੂੰ ਅਜਿਹਾ (ਨਾਮ) ਧਨ ਦੇ ਦਿੱਤਾ ਹੈ ਜੋ (ਉਸ ਪਾਸੋਂ) ਕਦੇ ਭੀ ਨਹੀਂ ਮੁੱਕਦਾ। ਗੁਰੂ ਨੇ ਉਸ ਨੂੰ ਪਰਮਾਤਮਾ ਦੇ ਚਰਨਾਂ ਵਿਚ (ਜਦੋਂ) ਮਿਲਾ ਦਿਤਾ, ਤਾਂ ਆਤਮਕ ਅਡੋਲਤਾ ਦੇ ਕਾਰਨ ਉਸ ਦੇ ਅੰਦਰ ਅਨੰਦ ਤੇ ਸਾਰੇ ਸੁੱਖ ਆ ਵੱਸਦੇ ਹਨ।੨।
ਮਨ ! ਨਾਮੁ ਜਪਿ ਨਾਮੁ ਆਰਾਧਿ; ਅਨਦਿਨੁ ਨਾਮੁ ਵਖਾਣੀ ॥ ਉਪਦੇਸੁ ਸੁਣਿ ਸਾਧ ਸੰਤਨ ਕਾ; ਸਭ ਚੂਕੀ ਕਾਣਿ ਜਮਾਣੀ ॥ ਜਿਨ ਕਉ ਕ੍ਰਿਪਾਲੁ ਹੋਆ ਪ੍ਰਭੁ ਮੇਰਾ; ਸੇ ਲਾਗੇ ਗੁਰ ਕੀ ਬਾਣੀ ॥੩॥
ਮਨ-ਹੇ ਮਨ ! ਅਨਦਿਨੁ-ਹਰ ਰੋਜ਼। ਵਖਾਣੀ-ਵਖਾਣਿ, ਉਚਾਰਦਾ ਰਹੁ। ਕਾਣਿ-ਮੁਥਾਜੀ। ਜਮਾਣੀ-ਜਮਾਂ ਦੀ (ਜਮ+ਆਣੀ; ‘ਆਣੀ’ ਭਾਵ ‘ਦੀ’)। ਕਉ-ਨੂੰ।੩।
ਅਰਥ : ਹੇ (ਮੇਰੇ) ਮਨ ! ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆ ਕਰ, ਸਿਮਰਿਆ ਕਰ, ਉਚਾਰਿਆ ਕਰ। ਸੰਤ ਜਨਾਂ ਦਾ ਉਪਦੇਸ਼ ਸੁਣ ਕੇ ਜਮਾਂ ਦੀ ਭੀ ਸਾਰੀ ਮੁਥਾਜੀ ਮੁੱਕ ਜਾਂਦੀ ਹੈ (ਪਰ ਹੇ ਮਨ !) ਸਤਿਗੁਰੂ ਦੀ ਬਾਣੀ ਵਿਚ ਉਹੀ ਮਨੁੱਖ ਸੁਰਤ ਜੋੜਦੇ ਹਨ, ਜਿਨ੍ਹਾਂ ਉੱਤੇ ਪਿਆਰਾ ਪ੍ਰਭੂ ਆਪ ਦਇਆਵਾਨ ਹੁੰਦਾ ਹੈ।੩।
ਕੀਮਤਿ ਕਉਣੁ ਕਰੈ ਪ੍ਰਭ ! ਤੇਰੀ; ਤੂ ਸਰਬ ਜੀਆ ਦਇਆਲਾ ॥ ਸਭੁ ਕਿਛੁ ਕੀਤਾ ਤੇਰਾ ਵਰਤੈ; ਕਿਆ ਹਮ ਬਾਲ ਗੁਪਾਲਾ ॥ ਰਾਖਿ ਲੇਹੁ ਨਾਨਕੁ ਜਨੁ ਤੁਮਰਾ; ਜਿਉ ਪਿਤਾ ਪੂਤ ਕਿਰਪਾਲਾ ॥੪॥’’ (ਮਹਲਾ ੫, ਪੰਨਾ ੬੦੮)
ਗੁਪਾਲ-ਹੇ ਗੋਪਾਲ ! ਕਿਆ ਹਮ-ਸਾਡੀ ਕੀ ਪਾਇਆਂ ਹੈ ? ਜਨੁ ਦਾਸ ॥੪॥
ਅਰਥ : ਹੇ ਪ੍ਰਭੂ ! ਤੇਰੀ (ਮਿਹਰ ਦੀ) ਕੀਮਤ ਕੌਣ ਪਾ ਸਕਦਾ ਹੈ ? ਤੂੰ ਸਾਰੇ ਹੀ ਜੀਵਾਂ ਉੱਤੇ ਮਿਹਰ ਕਰਨ ਵਾਲਾ ਹੈਂ। ਹੇ ਗੋਪਾਲ ਪ੍ਰਭੂ ! ਸਾਡੀ ਜੀਵਾਂ ਦੀ ਕੀ ਪਾਇਆਂ ਹੈ ? ਜਗਤ ਵਿਚ ਹਰੇਕ ਕੰਮ ਤੇਰਾ ਹੀ ਕੀਤਾ ਹੋਇਆ ਹੁੰਦਾ ਹੈ। ਹੇ ਪ੍ਰਭੂ ! ਨਾਨਕ ਤੇਰਾ ਦਾਸ ਹੈ, (ਇਸ ਦਾਸ ਦੀ) ਰੱਖਿਆ ਉਸੇ ਤਰ੍ਹਾਂ ਕਰਦਾ ਰਹੁ; ਜਿਵੇਂ ਪਿਉ ਆਪਣੇ ਪੁੱਤਰਾਂ ਉੱਤੇ ਸਦਾ ਕਿਰਪਾਲ ਹੋ ਕੇ ਕਰਦਾ ਹੈ।੪।