ਜੀਤ ਫਿਰੇ ਸਭ ਦੇਸ ਦਿਸਾਨ ਕੋ

0
88

ਜੀਤ ਫਿਰੇ ਸਭ ਦੇਸ ਦਿਸਾਨ ਕੋ

ਪ੍ਰੋਫ਼ੈਸਰ ਦਰਸ਼ਨ ਸਿੰਘ

ਜੀਤ ਫਿਰੇ ਸਭ ਦੇਸ ਦਿਸਾਨ ਕੋ; ਬਾਜਤ ਢੋਲ ਮ੍ਰਿਦੰਗ ਨਗਾਰੇ ॥

ਗੁੰਜਤ ਗੂੜ ਗਜਾਨ ਕੇ ਸੁੰਦਰ; ਹਿੰਸਤ ਹੀ ਹਯਰਾਜ ਹਜਾਰੇ ॥

ਭੂਤ ਭਵਿਖ ਭਵਾਨ ਕੇ ਭੂਪਤਿ; ਕਉਨ ਗਨੈ ਨਹੀ ਜਾਤ ਬਿਚਾਰੇ ॥

ਸ੍ਰੀਪਤਿ ਸ੍ਰੀ ਭਗਵਾਨ ਭਜੇ ਬਿਨੁ; ਅੰਤ ਕੋ ਅੰਤ ਕੇ ਧਾਮ ਸਿਧਾਰੇ ॥੩॥੨੩॥ (ਅਕਾਲ ਉਸਤਤਿ)

ਇਨ੍ਹਾਂ ਸਵੱਯੇ ਵਿੱਚ ਸਤਿਗੁਰੂ ਨੇ ਵੱਖ-ਵੱਖ ਪਹਿਲੂਆਂ, ਰੰਗਾਂ ਅਤੇ ਕਈ ਸ਼ਕਤੀਆਂ ਦਾ ਜ਼ਿਕਰ ਕੀਤਾ ਹੈ। ਆਰੰਭ ਵਿੱਚ ਇਸ ਦੇ ਦੋ ਪਹਿਲੂ ਲਏ ਹਨ। ਇੱਕ ਹੈ ‘ਭਗਤੀ ਮਾਰਗ ਦੇ ਰੰਗ ਦਾ’। ਇਸ ਪਹਿਲੇ ਸਵੱਯੇ ਵਿੱਚ ਭਗਤੀ ਰੰਗ ਨੂੰ ਅਪਣਾਉਣ ਵਾਲੇ ਲੋਕਾਂ ਦਾ ਜ਼ਿਕਰ ਕੀਤਾ ਹੈ ਤੇ ਨਾਲ ਹੀ ਉਲਾਂਭਾ ਦਿੱਤਾ ਕਿ ਉਹ ਮਿਲਣਾ ਤਾਂ ਪ੍ਰਭੂ ਨੂੰ ਚਾਹੁੰਦੇ ਹਨ, ਪਰ ਉਨ੍ਹਾਂ ਨੇ ਗੁਰੂ ਕੋਲੋਂ ਮਾਰਗ ਨਹੀਂ ਪੁੱਛਿਆ; ਜਿਵੇਂ ਕਿ ਵਾਕ ਹੈ ‘‘ਸਤਿਗੁਰ ਪੂਛਿ ਮਾਰਗਿ ਚਾਲੀ; ਸੂਤੀ ਰੈਣਿ ਵਿਹਾਣੀ ’’ (ਮਹਲਾ , ਪੰਨਾ ੭੬੩)

ਇਸ ਦਾ ਨਤੀਜਾ ਇਹ ਹੋਇਆ ਕਿ ਆਪੋ-ਆਪਣੀ ਮਰਜ਼ੀ ਦੇ ਕਈ ਮਾਰਗ ਬਣ ਗਏ। ਜਦੋਂ ਹਰ ਕਿਸੇ ਨੇ ਆਪਣਾ ਰਾਹ ਬਣਾ ਲਿਆ, ਬਹੁਤੇ ਰਾਹ ਹੋ ਗਏ ਤਾਂ ਫਿਰ ਭੁਲੇਖਾ ਪੈਦਾ ਹੋ ਗਿਆ ‘‘ਮਨਮੁਖਿ ਭੂਲੀ ਬਹੁਤੀ ਰਾਹੀ; ਫਾਥੀ ਮਾਇਆ ਫੰਦੇ ’’ (ਮਹਲਾ , ਪੰਨਾ ੭੭੯)

ਬਹੁਤੇ ਰਾਹ ਹੋਣ ਕਰਕੇ ਸੰਸਾਰ ਭਰਮ-ਭੁਲੇਖਿਆਂ ਵਿੱਚ ਪੈ ਗਿਆ ਹੈ। ਹਰ ਕੋਈ ਆਪਣੇ ਦੱਸੇ ਹੋਏ ਰਾਹ ਨੂੰ ਅਸਲ ਦੱਸ ਰਿਹਾ ਹੈ ਤੇ ਆਪਣੇ ਪਿੱਛੇ ਤੋਰ ਰਿਹਾ ਹੈ। ਹਰ ਕੋਈ ਸ਼ਕਤੀ ਦਾ ਪ੍ਰਤੀਕ ਬਣ ਜਾਣਾ ਚਾਹੁੰਦਾ ਹੈ ਕਿਉਂਕਿ ਸਭ ਨੂੰ ਇਹ ਪਤਾ ਹੈ ਕਿ ਲੋਕ; ਸ਼ਕਤੀ ਅੱਗੇ ਝੁੱਕਦੇ ਹਨ। ਇਸ ਨਾਲ ਆਮ ਮਨੁੱਖ ਭੁਲੇਖੇ ਵਿੱਚ ਪੈ ਗਿਆ ਹੈ ਕਿ ਰੱਬ ਕਿਹੜੇ ਰਾਹ ’ਤੇ ਹੈ। ਹਰ ਕੋਈ ਇਹੀ ਕਹਿੰਦਾ ਹੈ ਕਿ ਅਸਲ ਰਾਹ ਉਸਦੇ ਵਾਲਾ ਹੀ ਹੈ। ਲੇਕਿਨ ਆਪੋ ਆਪਣੀ ਮਰਜ਼ੀ ਨਾਲ ਬਣਾਇਆ ਹੋਇਆ ਮੱਤ ਕਦੇ ਵੀ ਉਸ ਮਾਲਕ ਜਾਂ ਪ੍ਰਾਣਪਤੀ ਦਾ ਮੱਤ ਨਹੀਂ ਹੋ ਸਕਦਾ।

ਭਗਤੀ ਮਾਰਗ ’ਤੇ ਚੱਲਣ ਵਾਲਾ ਵੀ ਸੰਸਾਰ ਅੰਦਰ ਮਾਣ-ਸਨਮਾਨ ਪਾਉਂਦਾ ਹੈ ਭਾਵੇਂ ਉਹ ਆਪਣੇ ਬਣਾਏ ਹੋਏ ਮਾਰਗ ’ਤੇ ਹੀ ਚੱਲੇ, ਪਰ ਉਹ ਚੱਲੇ ਸ਼ਕਤੀ ਹਾਸਲ ਕਰਨ ਲਈ ਹੀ। ਅੱਜ ਵੀ ਅਕਸਰ ਵੇਖਦੇ ਹਾਂ ਕਿ ਛੇਤੀ ਨਾਲ ਹਰ ਕੋਈ ਡੇਰੇਦਾਰ ਬਣ ਬੈਠਦਾ ਹੈ ਕਿਉਂਕਿ ਇਹ ਸ਼ਕਤੀ ਦਾ ਪ੍ਰਤੀਕ ਹੈ। ਭਗਤੀ ਮਾਰਗ ਵੀ ਸ਼ਕਤੀ ਦਾ ਪ੍ਰਤੀਕ ਹੈ।

ਦੂਜੇ ਸਵੱਯੇ ਵਿੱਚ ਰਾਜ ਸ਼ਕਤੀ ਦੇ ਪ੍ਰਤੀਕ ਲੋਕਾਂ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਦੇ ਦਰਵਾਜ਼ਿਆਂ ਉੱਤੇ ਮਸਤ ਹਾਥੀ ਪਏ ਝੂਲਦੇ ਹਨ, ਜੋ ਰਾਜ-ਭਾਗ ਦੀ ਸ਼ਕਤੀ ਦੇ ਪ੍ਰਤੀਕ ਹਨ ਤੇ ਲੋਕ ਉਨ੍ਹਾਂ ਸਾਹਮਣੇ ਆ ਕੇ ਝੁੱਕਦੇ ਹਨ। ਇਸ ਲਈ ਕੁਝ ਲੋਕਾਂ ਨੇ ਇਹ ਮੱਤ ਅਖ਼ਤਿਆਰ ਕਰ ਲਿਆ ਤੇ ਉਨ੍ਹਾਂ ਨੇ ਆਪਣਾ ਰਾਜ-ਭਾਗ ਦਾ ਅਡੰਬਰ ਵਧਾਉਣਾ ਸ਼ੁਰੂ ਕਰ ਦਿੱਤਾ ‘‘ਤਲੈ ਕੁੰਚਰੀਆ (ਹਾਥੀ); ਸਿਰਿ ਕਨਿਕ ਛਤਰੀਆ   ਹਰਿ ਭਗਤਿ ਬਿਨਾ; ਲੇ ਧਰਨਿ ਗਡਲੀਆ ’’ (ਮਹਲਾ , ਪੰਨਾ ੩੮੫) ਭਾਵ ਜਿਨ੍ਹਾਂ ਦੇ ਥੱਲੇ ਸਵਾਰੀ ਲਈ ਹਾਥੀ ਸਨ ਤੇ ਸਿਰ ਉੱਤੇ ਸੋਨੇ ਦੇ ਛੱਤਰ ਝੂਲਦੇ ਸਨ, ਉਹ ਆਏ ਤੇ ਚਲੇ ਗਏ। ਜੇ ਕੋਈ ਇਹ ਪੁੱਛੇ ਕਿ ਉਹ ਕਿੱਥੇ ਚਲੇ ਗਏ ਹਨ, ਤਾਂ ਇਸ ਗੱਲ ਦਾ ਕੋਈ ਜੁਆਬ ਨਹੀਂ ਹੈ।

ਹੁਣ ਤੀਜੇ ਸਵੱਯੇ ਵਿੱਚ ਗੁਰੂ ਸਾਹਿਬ ਨੇ ਉਸੇ ਚੀਜ਼ ਨੂੰ ਹੀ ਥੋੜ੍ਹਾ ਹੋਰ ਅੱਗੇ ਤੋਰਿਆ ਹੈ। ਉਸ ਗੱਲ ਦਾ ਥੋੜ੍ਹਾ ਹੋਰ ਖੁਲਾਸਾ ਕੀਤਾ ਹੈ ਤਾਂ ਕਿ ਗੱਲ ਵਿਚਾਲੇ ਹੀ ਨਾ ਰਹਿ ਜਾਏ। ਇੱਥੇ ਵੀ ਰਾਜਨੀਤੀ ਦੀ ਉਸੇ ਗੱਲ ਦਾ ਜ਼ਿਕਰ ਹੈ।

ਜਿਸ ਨੇ ਆਪਣੇ ਰਾਜ ਦਾ ਅਡੰਬਰ ਵਧਾਉਣਾ ਹੋਵੇ, ਉਸ ਨੂੰ ਜ਼ਰੂਰੀ ਹੈ ਕਿ ਉਹ ਦੂਜੇ ਕੋਲੋਂ ਰਾਜ ਖੋਹੇ ਤੇ ਆਪਣੇ ਰਾਜ ਦਾ ਫੈਲਾਅ ਕਰੇ। ਜਦੋਂ ਤੋਂ ਇਹ ਰਾਜ-ਬਣਤਰ ਹੋਂਦ ਵਿੱਚ ਆਈ ਹੈ, ਤਦ ਤੋਂ ਹੀ ਸੀਮਾਵਾਂ ਜਾਂ ਬਾਰਡਰ ਬਣੇ ਹਨ। ਰੱਬ ਨੇ ਤਾਂ ਧਰਤੀ ਦੀ ਕੋਈ ਸੀਮਾ ਬਣਾਈ ਹੀ ਨਹੀਂ ਹੈ। ਉਸ ਨੇ ਤਾਂ ਕੋਈ ਕੰਡਿਆਲੀ ਤਾਰ ਧਰਤੀ ’ਤੇ ਲਾਈ ਹੀ ਨਹੀਂ ਸੀ, ਪਰ ਅੱਜ ਸਾਨੂੰ ਲਾਉਣੀਆਂ ਪੈ ਰਹੀਆਂ ਹਨ। ਉਸ ਪ੍ਰਭੂ ਨੇ ਕੋਈ ਇਮੀਗ੍ਰੇਸ਼ਨ ਦਾ ਮਹਿਕਮਾ ਨਹੀਂ ਤਿਆਰ ਕੀਤਾ ਸੀ ਅਤੇ ਨਾ ਹੀ ਪਾਸਪੋਰਟ ਤੇ ਵੀਜ਼ੇ ਬਣਾਏ ਸਨ।

ਰੱਬ ਦੀ ਉਸ ਸ੍ਰਿਸ਼ਟੀ ਵਿੱਚ ਕੋਈ ਜਿੱਥੇ ਮਰਜ਼ੀ ਜਾ ਸਕਦਾ ਹੈ। ਰੱਬ ਨੇ ਕਿਸੇ ਲਈ ਵੀ ਧਰਤੀ ਜਾਂ ਸਾਗਰ ਉੱਤੇ ਕੋਈ ਸੀਮਾ ਨਹੀਂ ਬਣਾਈ ਹੈ। ਪ੍ਰਭੂ ਨੇ ਪਾਣੀ ਇਕੱਤਰ ਕੀਤਾ ਹੈ, ਸਾਗਰ ਸਾਜੇ ਹਨ ਪਰ ਉਨ੍ਹਾਂ ਦੇ ਨਾਂ ਉਸ ਨੇ ਨਹੀਂ ਰੱਖੇ ਬਲਕਿ ਅਸੀਂ ਰੱਖੇ ਹਨ ਕਿ ਇਹ ਹਿੰਦ ਮਹਾਸਾਗਰ ਹੈ ਆਦਿ। ਦੁਨੀਆ ਦੇ ਇਹ ਨਕਸ਼ੇ ਸਾਡੇ ਬਣਾਏ ਹੋਏ ਹਨ ਅਤੇ ਸੀਮਾਵਾਂ ਸਾਡੇ ਵੱਲੋਂ ਉਲੀਕੀਆਂ ਗਈਆਂ ਹਨ।

ਇਹ ਸੀਮਾਵਾਂ ਉਲੀਕਣ ਦੀ ਲੋੜ ਆਖਿਰ ਕਿਉਂ ਪੈਂਦੀ ਹੈ ? ਮਨੁੱਖ ਸੀਮਾਵਾਂ ਤਾਂ ਹੀ ਉਲੀਕਦਾ ਹੈ ਜਦੋਂ ਉਸ ਨੂੰ ਆਪਣੀ ਰਿਆਸਤ ਦੀ ਭੂਗੌਲਿਕ ਕਿਰਿਆ ਦਾ ਫ਼ਿਕਰ ਹੋਵੇ। ਉਹ ਚਾਹੁੰਦਾ ਹੈ ਕਿ ਕਿਸੇ ਦੂਜੇ ਰਾਜ ਵਿੱਚ ਰਹਿਣ ਵਾਲੇ ਨੂੰ ਪਤਾ ਹੋਵੇ ਕਿ ਉਹ ਕਿਸੇ ਹੋਰ ਰਾਜ ਦੀ ਸੀਮਾ ਵਿੱਚ ਆ ਗਿਆ ਹੈ। ਇਸੇ ਲਈ ਹੀ ਸੀਮਾਵਾਂ ਉੱਤੇ ਚੌਕੀਂਆਂ ਵੀ ਕਾਇਮ ਕੀਤੀਆਂ ਗਈਆਂ ਤਾਂ ਕਿ ਆਪਣੇ ਰਾਜ ਉੱਤੇ ਕਬਜ਼ਾ ਕਾਇਮ ਰੱਖਿਆ ਜਾ ਸਕੇ। ਇਸੇ ਤੋਂ ਹੀ ਆਪੋ-ਆਪਣਾ ਰਾਜ ਕਰਨ ਦੀ ਲਾਲਸਾ ਸ਼ੁਰੂ ਹੋ ਗਈ ਤੇ ਇੱਥੋਂ ਹੀ ਆਰੰਭ ਹੋਇਆ ਰਾਜਿਆਂ ਦਾ ਯੁੱਧ। ਉਨ੍ਹਾਂ ਨੂੰ ਪਤਾ ਸੀ ਕਿ ਹੁਣ ਉਹ ਆਸਾਨੀ ਨਾਲ ਕਿਸੇ ਦੂਜੇ ਦੇ ਰਾਜ ਨੂੰ ਆਪਣੇ ਵਿੱਚ ਸ਼ਾਮਲ ਨਹੀਂ ਕਰ ਸਕਦੇ ਬਲਕਿ ਬਕਾਇਦਾ ਲੜ ਕੇ ਜਿੱਤਣਾ ਪਵੇਗਾ ਅਤੇ ਜਿੱਤ ਕੇ ਹੀ ਦੂਜੇ ਦੇ ਰਾਜ ਨੂੰ ਆਪਣੇ ਰਾਜ ਦੇ ਨਾਲ ਮਿਲਾਇਆ ਜਾ ਸਕਦਾ ਹੈ। ਇਸੇ ਕਰਕੇ ਹੀ ਉਨ੍ਹਾਂ ਨੇ ਅਨੇਕਾਂ ਤਰ੍ਹਾਂ ਦੇ ਸਾਧਨ ਅਪਣਾਉਣੇ ਸ਼ੁਰੂ ਕੀਤੇ, ਜੋ ਕਿ ਅੱਜ ਵੀ ਅਪਣਾਏ ਜਾ ਰਹੇ ਹਨ। ਗੁਰੂ ਸਾਹਿਬ ਉਸ ਰਾਜਨੀਤੀ ਦੀ ਸ਼ਕਤੀ ਦੇ ਪਹਿਲੂ ਦਾ ਜ਼ਿਕਰ ਤੀਜੇ ਸਵੱਯੇ ਵਿੱਚ ਕਰਦੇ ਹਨ ‘‘ਜੀਤ ਫਿਰੇ ਸਭ ਦੇਸ ਦਿਸਾਨ ਕੋ; ਬਾਜਤ ਢੋਲ ਮ੍ਰਿਦੰਗ ਨਗਾਰੇ ’’ (ਅਕਾਲ ਉਸਤਤਿ)

ਰਾਜ ਕਰਨ ਵਾਲੇ ਦੀ ਅੰਦਰ ਦੀ ਤ੍ਰਿਸ਼ਨਾ ਖ਼ਤਮ ਨਹੀਂ ਹੋਈ ਹੁੰਦੀ ਭਾਵੇਂ ਜਿੰਨੇ ਮਰਜ਼ੀ ਲੋਕ ਉਸ ਨੂੰ ਸਲਾਮ ਕਰਨ ਵਾਲੇ ਹੋਣ। ਉਸ ਨੇ ਬਾਹਰ ਤਾਂ ਸੀਮਾ ਕਾਇਮ ਕਰ ਲਈ ਪਰ ਉਸ ਦੇ ਅੰਦਰ ਦੀ ਤ੍ਰਿਸ਼ਨਾ ਨਹੀਂ ਮੁੱਕੀ, ਉਸਦੇ ਅੰਦਰ ਸੀਮਾ ਨਹੀਂ ਕਾਇਮ ਹੋਈ। ਉਹ ਅਜੇ ਹੋਰ ਅੱਗੇ ਜਾਣਾ ਚਾਹੁੰਦਾ ਹੈ ਤੇ ਇਸ ਲਈ ਉਹ ਹਰ ਹੀਲੇ ਕੋਸ਼ਸ਼ ਕਰਦਾ ਹੈ। ਉਸ ਨੇ ਫ਼ੌਜ ਨਾਲ ਲੈ ਲਈ। ਆਪਣੀ ਫ਼ੌਜ ਮਜ਼ਬੂਤ ਕੀਤੀ। ਹਥਿਆਰਬੰਦ ਫ਼ੌਜ ਪੈਦਾ ਕੀਤੀ ਅਤੇ ਦੂਜੇ ਦੇ ਰਾਜ ’ਤੇ ਕਬਜ਼ਾ ਕਰਨ ਲਈ ਤੁਰ ਪਿਆ।

ਮਨੁੱਖ ਜਦੋਂ ਸੀਮਾ ਤੋਂ ਬਾਹਰ ਜਾਂਦਾ ਹੈ ਤਾਂ ਉਥੋਂ ਜ਼ੁਲਮ ਸ਼ੁਰੂ ਹੋ ਜਾਂਦਾ ਹੈ। ਕੋਈ ਕਿਸੇ ਨੂੰ ਜਿੱਤਣ ਜਾਂਦਾ ਹੈ ਤਾਂ ਉਸ ਨੇ ਕਿਸੇ ਉੱਤੇ ਹਥਿਆਰ ਵੀ ਚੁੱਕਣੇ ਹਨ। ਕਿਸੇ ਨੂੰ ਮਾਰਨਾ ਵੀ ਹੈ ਤੇ ਇਹ ਸਭ ਕੁਝ ਉਸ ਨੇ ਕਿਸੇ ਮਨੁੱਖ ਉੱਤੇ ਹੀ ਕਰਨਾ ਹੈ। ਲੇਕਿਨ ਫ਼ਰਕ ਸਿਰਫ਼ ਐਨਾ ਹੈ ਕਿ ਉਹ ਹਥਿਆਰ ਉਸ ਜੀਵ ’ਤੇ ਚਲਾਏਗਾ, ਉਸ ਜੀਵ ਨੂੰ ਖ਼ਤਮ ਕਰੇਗਾ ਜੋ ਉਸ ਦੇ ਅੱਗੇ ਸਲਾਮ ਨਾ ਕਰਕੇ ਕਿਸੇ ਦੂਜੇ ਰਾਜੇ ਅੱਗੇ ਸਲਾਮ ਕਰਦਾ ਹੋਵੇ। ਨਾਲ ਹੀ ਜਿਸ ਵੇਲੇ ਉਹੀ ਫ਼ੌਜ ਹਥਿਆਰ ਸੁੱਟ ਦੇਵੇ, ਉਸ ਦੇ ਅੱਗੇ ਸਲਾਮ ਕਰ ਦੇਵੇ ਤਾਂ ਫਿਰ ਹਥਿਆਰਾਂ ਦੀ ਕੋਈ ਵਰਤੋਂ ਨਹੀਂ ਹੁੰਦੀ। ਇਸ ਦਾ ਮਤਲਬ ਜਿੰਨੀ ਵੀ ਹਥਿਆਰਾਂ ਦੀ ਵਰਤੋਂ ਹੋ ਰਹੀ ਹੈ, ਉਹ ਦੂਜਿਆਂ ਨੂੰ ਝੁਕਾ ਕੇ ਰੱਖਣ ਲਈ ਹੀ ਹੁੰਦੀ ਹੈ।

ਉਹ ਦੇਸ਼-ਵਿਦੇਸ਼ਾਂ ’ਤੇ ਚੜ੍ਹਾਈ ਕਰਕੇ, ਚੱਕਰਵਰਤੀ ਰਾਜਾ ਬਣ ਕੇ ਤੁਰਦਾ ਹੈ। ਉਹ ਸੋਚਦਾ ਹੈ ਕਿ ਉਸ ਦੇ ਸਾਹਮਣੇ ਕੋਈ ਨਾ ਆਵੇ, ਜਿਸ ਰਾਜ ਵਿੱਚੋਂ ਉਹ ਲੰਘੇ, ਉਸ ਨੂੰ ਕੋਈ ਨਾ ਰੋਕੇ ਤੇ ਉਹ ਸਮਝ ਲਵੇ ਕਿ ਉਸ ਰਾਜ ਦੇ ਲੋਕਾਂ ਨੇ ਉਸ ਅੱਗੇ ਹਾਰ ਮੰਨ ਲਈ ਹੈ, ਉਸ ਅੱਗੇ ਝੁੱਕ ਗਏ ਹਨ ਅਤੇ ਇਸ ਲਈ ਉਸ ਦੇ ਅੱਗੇ-ਅੱਗੇ ਨਗਾਰੇ ਵੱਜਦੇ ਜਾਂਦੇ ਹਨ।

ਢੋਲ, ਮ੍ਰਿਦੰਗ ਤੇ ਨਗਾਰੇ – ਇਹ ਤਿੰਨੇ ਚੀਜ਼ਾਂ ਇੱਕ ਤਾਲ ਤੇ ਇੱਕ ਆਵਾਜ਼ ਨਾਲ ਸੰਬੰਧਿਤ ਹਨ। ਇਹ ਤਿੰਨੇ ਅੱਗੇ-ਅੱਗੇ ਵੱਜਦੀਆਂ ਜਾਂਦੀਆਂ ਹਨ ਅਤੇ ਇਸ ਗੱਲ ਦੀਆਂ ਪ੍ਰਤੀਕ ਹਨ ਕਿ ਬਾਦਸ਼ਾਹ ਆ ਰਿਹਾ ਹੈ। ਬਾਦਸ਼ਾਹ ਸ਼ਕਤੀ ਦਾ ਪ੍ਰਤੀਕ ਬਣਨਾ ਚਾਹੁੰਦਾ ਹੈ ਅਤੇ ਚੁੱਪ ਕਰਕੇ ਲੰਘ ਜਾਣਾ ਸ਼ਕਤੀ ਦਾ ਪ੍ਰਤੀਕ ਨਹੀਂ ਹੁੰਦਾ। ਪ੍ਰਤੀਕ ਉਹ ਹੁੰਦਾ ਹੈ ਜਿਹੜਾ ਵੰਗਾਰ ਕੇ ਲੰਘੇ, ਨਾ ਕਿ ਚੁੱਪ ਕਰਕੇ। ਜਿਹੜੇ ਢੋਲ, ਮ੍ਰਿਦੰਗ ਤੇ ਨਗਾਰੇ ਅੱਗੇ-ਅੱਗੇ ਵੱਜ ਰਹੇ ਹਨ, ਇਹ ਸਾਹਮਣੇ ਆਉਣ ਵਾਲੇ ਰਾਜੇ ਅਤੇ ਉਸ ਰਾਜ ਦੀ ਸੀਮਾ ਲਈ ਇੱਕ ਵੰਗਾਰ ਹਨ ਕਿ ਬਾਦਸ਼ਾਹ ਆ ਰਿਹਾ ਹੈ। ਜੇ ਤੁਹਾਡੇ ਕੋਲ ਸ਼ਕਤੀ ਹੈ ਤਾਂ ਮੁਕਾਬਲਾ ਕਰੋ। ਜੇ ਤਾਕਤ ਨਹੀਂ ਤਾਂ ਸਿਰ ਝੁਕਾ ਦਿਉ। ਫਿਰ ਦਰਮਿਆਨ ਦੀ ਸੀਮਾ ਖ਼ਤਮ ਹੋ ਜਾਂਦੀ ਹੈ ਤੇ ਇਹ ਰਾਜ ਵੀ ਉਸ ਬਾਦਸ਼ਾਹ ਦੇ ਰਾਜ ਵਿੱਚ ਸ਼ਾਮਲ ਹੋ ਜਾਂਦਾ ਹੈ।

ਇਨ੍ਹਾਂ ਤਿੰਨਾਂ ਵਾਦਾਂ ਦੀ ਬਣਤਰ ਕਿਹੋ ਜਿਹੀ ਹੁੰਦੀ ਹੈ ? ਢੋਲ ਦੋਹਾਂ ਪਾਸਿਓਂ ਮਣਿਆ ਹੁੰਦਾ ਹੈ ਤੇ ਥੋੜ੍ਹਾ ਭਾਰੀ ਹੁੰਦਾ ਹੈ। ਮ੍ਰਿਦੰਗ ਵੀ ਢੋਲ ਵਾਂਗ ਦੋਹਾਂ ਪਾਸਿਓਂ ਮਣਿਆ ਹੁੰਦਾ ਹੈ ਪਰ ਉਸ ਦਾ ਇੱਕ ਹਿੱਸਾ ਤਬਲੇ ਵਾਂਗ ਛੋਟਾ ਹੁੰਦਾ ਹੈ। ਉਸ ਦਾ ਇੱਕ ਪਾਸਾ ਛੋਟਾ ਤੇ ਇੱਕ ਪਾਸਾ ਵੱਡਾ ਹੁੰਦਾ ਹੈ। ਨਗਾਰਾ ਇਕੋ ਪਾਸੇ ਤੋਂ ਮਣਿਆ ਹੁੰਦਾ ਹੈ ਪਰ ਉਸ ਦੀ ਆਵਾਜ਼ ਐਨੀ ਭਾਰੀ ਤੇ ਜ਼ੋਰਦਾਰ ਹੁੰਦੀ ਹੈ ਕਿ ਜਿੱਥੇ ਮ੍ਰਿਦੰਗ ਤੇ ਢੋਲ ਦੀ ਆਵਾਜ਼ ਨਾ ਪਹੁੰਚੇ, ਉੱਥੇ ਨਗਾਰੇ ਦੀ ਆਵਾਜ਼ ਪਹੁੰਚ ਜਾਂਦੀ ਹੈ। ਰਾਜਾ ਇਸ ਕਿਸਮ ਦੀਆਂ ਤਿੰਨੇ ਆਵਾਜ਼ਾਂ ਦੀ ਵਰਤੋਂ ਦੁਨੀਆ ਨੂੰ ਦੱਸਣ ਲਈ ਤੇ ਸਾਹਮਣੇ ਬੈਠੇ ਰਾਜੇ ਦੀ ਤਾਕਤ ਨੂੰ ਨੀਵਾਂ ਦਿਖਾਉਣ ਲਈ ਕਰਦਾ ਹੈ। ਉਹ ਵੰਗਾਰ ਦੇਣ ਲਈ ਤਿੰਨੇ ਚੀਜ਼ਾਂ ਦੀ ਵਰਤੋਂ ਕਰਦਾ ਹੈ ‘‘ਗੁੰਜਤ ਗੂੜ ਗਜਾਨ ਕੇ ਸੁੰਦਰ; ਹਿੰਸਤ ਹੀ ਹਯਰਾਜ ਹਜਾਰੇ ’’ (ਅਕਾਲ ਉਸਤਤਿ) ‘ਗਜਾਨ’, ਹਾਥੀ ਨੂੰ ਕਹਿੰਦੇ ਹਨ। ਜਦੋਂ ਹਾਥੀ ਮਸਤ ਹੁੰਦਾ ਹੈ ਤਾਂ ਦਗੜਦਾ ਹੈ, ਗੂੰਜਦਾ ਹੈ। ਰਾਜੇ ਕੋਲ ਐਨੇ ਵੱਡੇ-ਵੱਡੇ ਸ਼ਕਤੀਸ਼ਾਲੀ ਮਸਤ ਹਾਥੀ ਹਨ, ਉਨ੍ਹਾਂ ਦਾ ਜ਼ਿਕਰ ਦੂਜੇ ਸਵੱਯੇ ਵਿੱਚ ਹੋ ਚੁੱਕਾ ਹੈ। ਉਸ ਨੇ ਹਾਥੀਆਂ ਦੇ ਟੋਲੇ ਅੱਗੇ ਲਾਏ ਹੋਏ ਹਨ। ਪੁਰਾਤਨ ਸਮੇਂ ਵਿੱਚ ਅੱਜ ਕਲ੍ਹ ਵਾਲੇ ਸਾਧਨ ਨਹੀਂ ਹੁੰਦੇ ਸਨ ਅਤੇ ਲੜਾਈ ਵਿੱਚ ਬਹੁਤ ਸਾਰੇ ਕੰਮ ਹਾਥੀ-ਘੋੜਿਆਂ ਤੋਂ ਲਏ ਜਾਂਦੇ ਸਨ। ਸਾਡੇ ਇਤਿਹਾਸ ਵਿੱਚ ਵੀ ਆਉਂਦਾ ਹੈ ਕਿ ਜਦੋਂ ਕਿਲ੍ਹੇ ’ਤੇ ਹਮਲਾ ਕਰਨਾ ਸੀ ਤਾਂ ਹਾਥੀ ਨੂੰ ਮਸਤ ਕੀਤਾ, ਉਸ ਦੇ ਸਿਰ ਉੱਤੇ ਤਵਾ ਬੰਨ੍ਹਿਆ ਤੇ ਦਰਵਾਜ਼ਾ ਤੋੜਨ ਦਾ ਕੰਮ ਹਾਥੀ ਤੋਂ ਲਿਆ।

ਇੱਥੇ ਗੁਰੂ ਸਾਹਿਬ ਕਹਿੰਦੇ ਹਨ ਕਿ ਐਸੇ ਰਾਜੇ ਵੀ ਮੈਂ ਦੇਖਦਾ ਹਾਂ ਜਿਨ੍ਹਾਂ ਕੋਲ ਮਸਤ ਹਾਥੀ ਹਨ ਤੇ ਉਹ ਆਪਣੀ ਮਸਤੀ ਵਿੱਚ ਗੂੰਜਦੇ ਹਨ। ਨਾਲ ਹੀ ਨਿਰੇ ਹਾਥੀ ਹੀ ਨਹੀਂ ਦਹਾੜਦੇ ਬਲਕਿ ਉਨ੍ਹਾਂ ਕੋਲ ਅਨੇਕਾਂ ਐਸੇ ਘੋੜੇ ਵੀ ਹਨ ਜਿਨ੍ਹਾਂ ਦੇ ਮੁਕਾਬਲੇ ਦਾ ਸ਼ਕਤੀਸ਼ਾਲੀ ਘੋੜਾ ਕੋਈ ਨਹੀਂ। ‘ਹਯ’ ਕਹਿੰਦੇ ਹਨ ‘ਘੋੜੇ’ ਨੂੰ, ਜੋ ਹਜ਼ਾਰਾਂ ਦੀ ਤਦਾਦ ਵਿੱਚ ਹਨ। ਨਾਲ ਹੀ ਇੱਥੇ ਸ਼ਬਦ ਵਰਤਿਆ ਸ਼ਬਦ ਹੈ ‘ਹਿੰਸਤ’ ਭਾਵ ਹਿਣਕਣਾ ਤੇ ਹਿਣਕਣਾ ਕਹਿੰਦੇ ਹਨ ‘ਖ਼ੁਸ਼ੀ’ ਨੂੰ। ਸੰਸਾਰ ਅੰਦਰ ਘੋੜਾ ਸ਼ਕਤੀ ਦਾ ਐਸਾ ਪ੍ਰਤੀਕ ਹੈ, ਜੋ ਹਮੇਸ਼ਾ ਹਿਣਕਦਾ ਹੈ। ਉਨ੍ਹਾਂ ਘੋੜਿਆਂ ਨੂੰ ਮੈਦਾਨੇ ਜੰਗ ਵਿੱਚ ਚੱਲਦੇ ਹੋਏ ਤੀਰਾਂ ਤੋਪਾਂ ਤੋਂ ਡਰ ਨਹੀਂ ਲੱਗਦਾ। ਜਿਉਂ-ਜਿਉਂ ਘੋੜੇ ਨੂੰ ਕੋਈ ਪਰੇਸ਼ਾਨੀ ਜਾਂ ਘਾਲਨਾ ਘਾਲਨੀ ਪੈਂਦੀ ਹੈ, ਉਹ ਹਿਣਕਦਾ ਹੈ।

ਭੂਪਤਿ (ਧਰਤੀ ਦੇ ਰਾਜੇ) ਆਪਣੇ ਰਾਜ ਨੂੰ ਵੱਡਾ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਪਤਾ ਹੈ ਕਿ ਇਨ੍ਹਾਂ ਸ਼ਕਤੀ ਦੇ ਪ੍ਰਤੀਕਾਂ ਨਾਲ ਕੇਵਲ ਪਰਜਾ ਹੀ ਨਹੀਂ ਬਲਕਿ ਰਾਜੇ ਵੀ ਉਸ ਦੇ ਗ਼ੁਲਾਮ ਹੋ ਜਾਣਗੇ ਤੇ ਉਹ ਹੋਰ ਵੱਧ ਸ਼ਕਤੀਸ਼ਾਲੀ ਹੋ ਜਾਵੇਗਾ। ਇਸ ਦਾ ਨਤੀਜਾ ਇਹ ਹੋਇਆ ਕਿ ਉਹ ਮਨੁੱਖ ਰਾਜ ਸਿੰਘਾਸਣ ’ਤੇ ਤਾਂ ਬੈਠਾ ਹੈ, ਪਰ ਅੰਦਰ ਤ੍ਰਿਪਤੀ ਨਹੀਂ ਹੋਈ, ਉਸ ਦੀ ਭੁੱਖ ਵੱਧਦੀ ਹੀ ਰਹੀ। ਉਸ ਨੇ ਬਹੁਤ ਵੱਡੀ ਫ਼ੌਜ ਤਿਆਰ ਕੀਤੀ ਤੇ ਦੂਜੇ ਰਾਜਿਆਂ ’ਤੇ ਹਮਲਾ ਸ਼ੁਰੂ ਕਰ ਦਿੱਤਾ। ਦੇਸਾਂ-ਦੇਸਾਂਤਰਾਂ ਨੂੰ ਜਿੱਤਣ ਵਾਲੀ ਹਾਲਤ ਪੈਦਾ ਹੋ ਗਈ ਅਤੇ ਆਪਣੇ ਨਾਲ ਉਸ ਨੇ ਮਸਤ ਹਾਥੀ, ਸ਼ਕਤੀਸ਼ਾਲੀ ਘੋੜੇ ਤੇ ਘੁੜਸਵਾਰ ਲੈ ਲਏ।

ਪਰ ਜੇਕਰ ਉਹ ਇਹ ਸਭ ਹਾਸਲ ਵੀ ਕਰ ਲਏ ਤਾਂ ਕੀ ਉਹ ਵੱਡਾ ਭੂਪਤ ਹੋ ਜਾਵੇਗਾ  ? ਕੀ ਇਸ ਤੋਂ ਪਹਿਲਾਂ ਹੋਰ ਕੋਈ ਵੱਡਾ ਭੂਪਤ ਨਹੀਂ ਹੋਇਆ, ਇਹ ਕੋਈ ਉਨ੍ਹਾਂ ਤੋਂ ਵੱਖਰਾ ਹੋ ਗਿਆ ਹੈ। ਇੱਕ ਸ਼ਾਇਰ ਨੇ ਖ਼ੂਬ ਕਿਹਾ ਹੈ ਸਿਕੰਦਰੇ ਆਜ਼ਮ ਜਬ ਜਹਾਂ ਸੇ ਚਲਾ, ਤੋ ਹਾਥ ਖਾਲੀ ਕਫ਼ਨ ਸੇ ਬਾਹਰ ਥਾ

ਦੁਨੀਆ ਦੇ ਅੰਦਰ ਜਿੱਤ ਪ੍ਰਾਪਤ ਕਰਨ ਵਾਲਾ ਤੇ ਪੂਰੀ ਦੁਨੀਆ ਵਿੱਚ ਆਪਣੀ ਧਾਕ ਜਮਾਉਣ ਵਾਲੇ ਬਾਦਸ਼ਾਹ ਸਿਕੰਦਰ ਨੇ ਕਿਹਾ ਕਿ ਜਦੋਂ ਮੇਰੀ ਲਾਸ਼ ਨੂੰ ਕਫ਼ਨ ਵਿੱਚ ਲਪੇਟੋ ਤਾਂ ਮੇਰੇ ਦੋਵੇਂ ਹੱਥ ਕਫ਼ਨ ਤੋਂ ਬਾਹਰ ਕੱਢ ਦੇਣਾ। ਕਿਸੇ ਨੇ ਪੁੱਛਿਆ, ਬਾਦਸ਼ਾਹ ਸਲਾਮਤ  ! ਇਹ ਹੱਥ ਬਾਹਰ ਕੱਢਣ ਦੀ ਹਦਾਇਤ ਕਿਸ ਲਈ ਕਰ ਰਹੇ ਹੋ  ? ਬਾਦਸ਼ਾਹ ਨੇ ਜੁਆਬ ਦਿੱਤਾ, ਅੱਜ ਮੈਨੂੰ ਪਤਾ ਚੇਲ ਗਿਆ ਹੈ ਕਿ ਮੈਂ ਕੁਝ ਵੀ ਨਾਲ ਲੈ ਕੇ ਨਹੀਂ ਜਾਣਾ। ਸਾਰੀ ਜ਼ਿੰਦਗੀ ਮੈਂ ਮਾਇਆ ਦੇ ਐਨੇ ਅਡੰਬਰ ਇਕੱਤਰ ਕੀਤੇ ਪਰ ਅੱਜ ਮੈਨੂੰ ਮਹਿਸੂਸ ਹੋ ਗਿਆ ਹੈ ਕਿ ਉਹ ਸਭ ਵਿਅਰਥ ਹਨ। ਕਿਤੇ ਦੁਨੀਆ ਦੇ ਲੋਕ ਵੀ ਮੇਰੇ ਵਾਂਗ ਭੁਲੇਖੇ ਵਿੱਚ ਹੀ ਨਾ ਰਹਿ ਜਾਣ, ਇਸ ਲਈ ਮੈਂ ਚਾਹੁੰਦਾ ਹਾਂ ਕਿ ਮੇਰੇ ਦੋਵੇਂ ਹੱਥ ਕਫ਼ਨ ਤੋਂ ਬਾਹਰ ਕੱਢ ਦਿੱਤੇ ਜਾਣ ਤਾਂ ਕਿ ਦੁਨੀਆ ਦੇ ਲੋਕ ਇਹ ਵੇਖ ਲੈਣ ਕਿ ਮੈਂ ਖਾਲੀ ਹੱਥ ਹੀ ਇਸ ਦੁਨੀਆ ਤੋਂ ਚੱਲਿਆ ਹਾਂ ‘‘ਭੂਤ ਭਵਿਖ ਭਵਾਨ ਕੇ ਭੂਪਤਿ; ਕਉਨ ਗਨੈ ਨਹੀ ਜਾਤ ਬਿਚਾਰੇ ’’ (ਅਕਾਲ ਉਸਤਤਿ) ਭਾਵ ਬੀਤੇ ਸਮੇਂ ਵਿੱਚ ਵੀ ਸੰਸਾਰ ’ਤੇ ਬਹੁਤ ਰਾਜੇ ਆਏ, ਹੁਣ ਵੀ ਮੌਜੂਦ ਹਨ ਤੇ ਆਉਣ ਵਾਲੇ ਸਮੇਂ ਵਿੱਚ ਵੀ ਬਹੁਤ ਆਉਣਗੇ। ਇਨ੍ਹਾਂ ਸਭ ਦਾ ਚਾਰ ਦਿਨਾਂ ਬਾਅਦ ਇਹੋ ਹੀ ਹਸ਼ਰ ਹੋਣਾ ਹੈ, ਕਿਸੇ ਨੇ ਵੀ ਕੁਝ ਨਾਲ ਨਹੀਂ ਲੈ ਕੇ ਜਾਣਾ। ਇਨ੍ਹਾਂ ਸਭ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ‘‘ਜਿਸੁ ਆਸਣਿ (’ਤੇ) ਹਮ ਬੈਠੇ; ਕੇਤੇ ਬੈਸਿ ਗਇਆ ’’ (ਬਾਬਾ ਫਰੀਦ, ਪੰਨਾ ੪੮੮) ਇਹ ਗਿਣਤੀ ਨਹੀਂ ਹੋ ਸਕਦੀ ਕਿ ਇਸ ਧਰਤੀ ਉੱਤੇ ਕਿੰਨੇ ਰਾਜੇ, ਸਿਕਦਾਰ ਆਏ ਅਤੇ ਆ ਕੇ ਆਪਣੀ ਹਕੂਮਤ ਦੀ ਧਾਕ ਜਮਾ ਕੇ, ਆਪੋ-ਆਪਣੀ ਹਕੂਮਤ ਦਾ ਦਾਅਵਾ ਕਰਕੇ ਚਲੇ ਗਏ ‘‘ਸ੍ਰੀਪਤਿ ਸ੍ਰੀ ਭਗਵਾਨ ਭਜੇ ਬਿਨੁ; ਅੰਤ ਕੋ ਅੰਤ ਕੇ ਧਾਮ ਸਿਧਾਰੇ ’’ (ਅਕਾਲ ਉਸਤਤਿ)

‘ਸ੍ਰੀ ਪਤਿ’ ਤੋਂ ਭਾਵ ਹੈ ਮਾਇਆ ਦਾ ਪਤੀ। ਇਹ ਸਾਰਾ ਸੰਸਾਰ ਮਾਇਆ ਦਾ ਹੈ ‘‘ਅਪਨੀ ਮਾਇਆ ਆਪਿ ਪਸਾਰੀ; ਆਪਹਿ ਦੇਖਨਹਾਰਾ ਨਾਨਾ ਰੂਪੁ ਧਰੇ ਬਹੁ ਰੰਗੀ; ਸਭ ਤੇ ਰਹੈ ਨਿਆਰਾ ’’ (ਮਹਲਾ , ਪੰਨਾ ੫੩੭)

ਇਹ ਸਾਰਾ ਸੰਸਾਰ ਉਸ ਦੀ ਆਪਣੀ ਮਾਇਆ ਹੈ, ਉਸ ਦਾ ਆਪਣਾ ਇੱਕ ਕ੍ਰਿਸ਼ਮਾ ਹੈ, ਉਸ ਦੀ ਆਪਣੀ ਇੱਕ ਕੁਦਰਤ ਹੈ ਅਤੇ ਕਾਦਰ ਉਸ ਦਾ ਮਾਲਕ ਹੈ ਭਾਵ ਪਤੀ ਹੈ। ਇਸ ਸਾਰੀ ਕਾਇਨਾਤ ਤੇ ਸ੍ਰਿਸ਼ਟੀ ਦਾ ਮਾਲਕ ਉਹ ‘ਸ੍ਰੀ ਪਤਿ’ ਹੈ। ਇਸ ਮਾਇਆ ਕਾਰਨ ਮਾਲਕ ਪਰਮਾਤਮਾ ਨੂੰ ਸਿਮਰੇ ਬਿਨਾ ਆਖਿਰ ਨੂੰ ਇਹ ਸਭ ਰਾਜੇ ਵੀ ਮੌਤ ਦੇ ਘਰ ਵਿੱਚ ਤੁਰ ਜਾਂਦੇ ਹਨ। ਸੰਸਾਰ ਅੰਦਰ ਭਾਵੇਂ ਕੋਈ ਜਿੰਨੇ ਮਰਜ਼ੀ ਵੱਡੇ ਕਿਲ੍ਹੇ ਉਸਾਰ ਲਵੇ, ਆਪਣੇ ਆਪ ਨੂੰ ਸੁਰੱਖਿਅਤ ਕਰਨ ਲਈ ਚਾਰ-ਚੁਫੇਰੇ ਖਾਈਆਂ ਬਣਾ ਲਵੇ, ਦਰਵਾਜ਼ਿਆਂ ’ਤੇ ਵੱਡੇ-ਵੱਡੇ ਸਿਪਹਸਲਾਰ (ਪਹਿਰੇਦਾਰ) ਖੜ੍ਹੇ ਕਰ ਲਵੇ ਪਰ ਜਿਸ ਵੇਲੇ ਮੌਤ ਆਉਂਦੀ ਹੈ, ਉਸ ਸਮੇਂ ਨਾ ਕਿਸੇ ਸਿਪਹਸਲਾਰ ਨੇ ਉਸ ਨੂੰ ਜਿੱਤ ਸਕਣਾ ਹੈ, ਨਾ ਕਿਸੇ ਕਿਲ੍ਹੇ ਦੀ ਦੀਵਾਰ ਨੇ ਉਸ ਲਈ ਰੁਕਾਵਟ ਬਣਨਾ ਹੈ ਤੇ ਨਾ ਹੀ ਕਿਸੇ ਖਾਈ ਨੇ ਉਸ ਨੂੰ ਰੋਕ ਸਕਣਾ ਹੈ। ਉਸ ਨੇ ਹਰ ਥਾਂ, ਹਰ ਟਿਕਾਣੇ ਉੱਤੇ ਪਹੁੰਚ ਹੀ ਜਾਣਾ ਹੈ। ਇਹੋ ਕਾਰਨ ਹੈ ਕਿ ਸੰਸਾਰ ਅੰਦਰ ਜਿੰਨੇ ਵੀ ਵੱਡੇ-ਵੱਡੇ ਸ਼ਾਹ-ਬਾਦਸ਼ਾਹ ਪੈਦਾ ਹੋਏ, ਉਨ੍ਹਾਂ ਨੂੰ ਐਨੇ ਅਡੰਬਰਾਂ ਦੇ ਬਾਅਦ ਵੀ ਆਖਿਰ ਇਸ ਸੰਸਾਰ ਤੋਂ ਜਾਣਾ ਹੀ ਪਿਆ।

ਇਨ੍ਹਾਂ ਰਾਜਨੀਤਕ ਸ਼ਕਤੀਆਂ ਵਾਲੇ ਲੋਕਾਂ ਕੋਲ ਐਨੇ ਅਡੰਬਰ ਹੋਣ ਦੇ ਬਾਵਜੂਦ ਵੀ ਉਨ੍ਹਾਂ ਅੰਦਰ ਕੋਈ ਸੀਮਾ ਨਹੀਂ ਹੈ। ਉਹ ਦੂਜਿਆਂ ਦੇ ਅਡੰਬਰਾਂ ਉੱਤੇ ਵੀ ਕਬਜ਼ਾ ਕਰਨਾ ਚਾਹੁੰਦੇ ਹਨ। ਇਹ ਇੱਕ ਤਰ੍ਹਾਂ ਦੀ ਰਾਜਨੀਤਕ ਭੁੱਖ ਹੈ ‘‘ਮਾਰੂ ਮੀਹਿ (ਨਾਲ) ਤ੍ਰਿਪਤਿਆ; ਅਗੀ ਲਹੈ ਭੁਖ ’’ (ਮਹਲਾ , ਪੰਨਾ ੧੪੮)

ਕਿਸੇ ਰੇਗਿਸਤਾਨ ਜਾਂ ਮਾਰੂਥਲ ਉੱਤੇ ਭਾਵੇਂ ਜਿੰਨੀ ਮਰਜ਼ੀ ਬਾਰਿਸ਼ ਪੈ ਜਾਵੇ, ਕੀ ਉਹ ਰੇਤ ਦੇ ਟਿੱਬੇ ਕਦੇ ਤ੍ਰਿਪਤ ਹੋਏ ਹਨ ਕਿ ਚੱਲੋ ਹੁਣ ਬਾਰਿਸ਼ ਬੰਦ ਹੋ ਜਾਵੇ, ਹੁਣ ਪਾਣੀ ਸਾਂਭਿਆ ਨਹੀਂ ਜਾਂਦਾ। ਇਉਂ ਅੱਗ ਵਿੱਚ ਵੀ ਭਾਵੇਂ ਜਿੰਨਾ ਮਰਜ਼ੀ ਬਾਲਣ ਜਾਂ ਲੱਕੜ ਪਾ ਲਵੋ, ਕੀ ਅੱਗ ਕਦੇ ਰੱਜੀ ਹੈ ਕਿ ਹੁਣ ਭੁੱਖ ਮਿੱਟ ਗਈ ਹੈ, ਹੋਰ ਬਾਲਣ ਨਾ ਪਾਓ ਕਿਉਂਕਿ ਉਹ ਹੁਣ ਹੋਰ ਲੱਕੜਾਂ ਨਹੀਂ ਜਲ ਸਕਦੀ। ਇਹੋ ਹਾਲਤ ਰਾਜਿਆਂ ਦੀ ਹੈ ‘‘ਰਾਜਾ ਰਾਜਿ (ਨਾਲ) ਤ੍ਰਿਪਤਿਆ; ਸਾਇਰ ਭਰੇ ਕਿਸੁਕ ’’ (ਮਹਲਾ , ਪੰਨਾ ੧੪੮)

ਭੁਖ ਦੀ ਕੋਈ ਸੀਮਾ ਨਹੀਂ ਭਾਵੇਂ ਜਿੰਨੇ ਮਰਜ਼ੀ ਹਾਥੀ ਘੋੜੇ ਆ ਜਾਣ ਬਲਕਿ ਉਸ ਦੀ ਸੀਮਾ ਇਸ ਤੋਂ ਹੋਰ ਅੱਗੇ ਹੋ ਜਾਂਦੀ ਹੈ ਕਿ ਕਿਸੇ ਦੂਜੇ ਦਾ ਰਾਜ ਵੀ ਖੋਹ ਲਿਆ ਜਾਵੇ, ਪਰ ਇਹ ਸਭ ਅੰਤ ਨੂੰ ਖਾਲੀ ਹੱਥ ਹੀ ਇਸ ਦੁਨੀਆ ਤੋਂ ਤੁਰ ਜਾਂਦੇ ਹਨ।