ਸੰਤ

0
68

ਸੰਤ

ਗਿਆਨੀ ਸੰਤ ਸਿੰਘ ਮਸਕੀਨ

ਜਿਵੇਂ ਰਾਜਨੀਤਿਕ ਦੁਨੀਆਂ ਵਿਚ ਵੱਖ ਵੱਖ ਅਹੁਦੇ ਹਨ ਤੇ ਵਿਦਿਅਕ ਸੰਸਾਰ ਵਿਚ ਭਿੰਨ ਭਿੰਨ ਉਪਾਧੀਆਂ ਹਨ; ਤਿਵੇਂ ਅਧਿਆਤਮ ਮੰਡਲ ਵਿਚ ਵੀ ਵੱਖ ਵੱਖ ਦਰਜੇ ਹਨ ‘ਗੁਰਮੁਖ, ਗਿਆਨੀ, ਸਾਧੂ, ਭਗਤ, ਰਿਸ਼ੀ ਮੁਨੀ। ਇਉਂ ਹੀ ਸੰਤ ਇਕ ਐਸੀ ਅਵਸਥਾ ਹੈ, ਜੋ ਅਧਿਆਤਮ ਜਗਤ ਦੀ ਸਿਖ਼ਰਤਾ ਹੈ । ਜੀਵਨ ਦਾ ਸਾਰ, ਪ੍ਰਮਾਤਮ ਰਸ, ਦੇਵੀ ਗੁਣਾਂ ਦੀ ਸਾਰੀ ਸੰਪਦਾ ‘ਸੰਤ’ ਦੇ ਅੰਦਰ ਹੁੰਦੀ ਹੈ।

ਸਾਡੇ ਦੇਸ਼ ਦਾ ਰਾਜਨੀਤੀ ਵਿਚ ਸਭ ਤੋਂ ਵੱਡਾ ਰੁਤਬਾ ‘ਰਾਸ਼ਟਰਪਤੀ’ ਦਾ ਹੈ; ਇਉਂ ਧਾਰਮਿਕ ਦੁਨੀਆਂ ਵਿਚ ‘ਸੰਤ’ ਸਰੇਸ਼ਟ ਪਦ ਹੈ, ਪੂਰਨ ਪਦ ਹੈ। ਪੂਰਨ ਅਨੰਦ ਤੇ ਪੂਰਨ ਪ੍ਰਕਾਸ਼ ਹੈ। ਬੂੰਦ ਸਾਗਰ ਵਿਚ ਲੀਨ ਹੋ ਕੇ ਸਾਗਰ ਹੋ ਗਈ। ਪੂਰਨ ਪ੍ਰਮਾਤਮਾ ਵਿਚ ਲੀਨ ਹੋ ਕੇ ਪੁਰਖ; ਪੂਰਨ ਹੋ ਜਾਂਦਾ ਹੈ ਤੇ ਪੂਰਨ ਪੁਰਖ ਨੂੰ ਹੀ ‘ਸੰਤ’ ਕਹਿੰਦੇ ਹਨ।

‘ਸੰਤ’ ਪਦ ਕਿਵੇਂ ਪ੍ਰਾਪਤ ਹੋਵੇ  ? ਸੰਤ ਕੌਣ ਹੈ  ? ਇਸ ਲੇਖ ਵਿਚ ਇਸ ਹੀ ਵਿਸ਼ੇ ਨੂੰ ਗੁਰਬਾਣੀ ਦੀ ਵਿਚਾਰ ਨਾਲ ਖੋਲ੍ਹਣ ਦੀ ਤੁੱਛ ਜਿਹੀ ਕੋਸ਼ਿਸ਼ ਕੀਤੀ ਹੈ।

‘ਸੰਤ’ ਕਿਸੇ ਭੇਖ ਦਾ ਨਾਮ ਨਹੀਂ ਹੈ ਬਲਕਿ ਜੀਵਨ ਦੀ ਇਕ ਕਲਾ ਹੈ। ਥੋੜ੍ਹੀ ਬਹੁਤ ਜੋ ਪ੍ਰਿਥਵੀ ਤੇ ਮਨੁੱਖੀ ਦੁਨੀਆਂ ਅੰਦਰ ਜੋ ਰਸ ਤੇ ਰੌਣਕ ਹੈ ਉਹ ਸੰਤਾਂ ਕਰ ਕੇ ਹੈ। ਸੰਤਾਂ ਤੋਂ ਬਿਨਾਂ ਪ੍ਰਿਥਵੀ ਇਕ ਡਰਾਉਣਾ ਜੰਗਲ ਹੈ। ਇਕ ਸ਼ਹਰ ਅੰਦਰ ਅਗਰ ਕੋਈ ਇਕ ਵੀ ਸੰਤ ਹੈ ਤਾਂ ਸਾਰੇ ਸ਼ਹਰ ਨੂੰ ਪ੍ਰਫੁਲਤਾ ਮਿਲਦੀ ਹੈ। ਸਕੂਨ, ਮਾਨਸਿਕ ਸ਼ਾਂਤੀ ਉਪਲਬਧ ਹੁੰਦੀ ਹੈ। ਸੰਤ ਦੀ ਰਸਨਾ ਰੱਬੀ ਗਿਆਨ ਦੇ ਰਤਨਾਂ ਨਾਲ ਜੜਤ ਹੁੰਦੀ ਹੈ। ਉਸ ਦੀ ਕਾਇਆਂ ਪਵਿੱਤ੍ਰਤਾ ਦਾ ਸੋਮਾਂ ਹੁੰਦੀ ਹੈ। ਉਸ ਦੀ ਕਾਇਆਂ ਵਿੱਚੋਂ ਨਿਕਲਦੇ ਸੁਆਸ ਬੈਰੂਨੀ (ਬਾਹਰਲੀ) ਹਵਾ ਨੂੰ ਪਵਿੱਤ੍ਰ ਕਰਦੇ ਹਨ ‘‘ਕੁੰਗੂ ਕੀ ਕਾਂਇਆ ਰਤਨਾ ਕੀ ਲਲਿਤਾ; ਅਗਰਿ ਵਾਸੁ ਤਨਿ ਸਾਸੁ   ਅਠਸਠਿ ਤੀਰਥ ਕਾ ਮੁਖਿ ਟਿਕਾ; ਤਿਤੁ ਘਟਿ ਮਤਿ ਵਿਗਾਸੁ ’’ (ਮਹਲਾ , ਪੰਨਾ ੧੭)

ਸੰਤ ਕੋਈ ਸਾਧਨਾ ਨਹੀਂ ਕਰਦਾ। ਉਸ ਦੀ ਸਾਧਨਾ ਸਫ਼ਲ ਹੋ ਗਈ ਹੈ । ਹੁਣ ਤਾਂ ਉਹ ਸਤ ਵਿਚ ਜੀਂਵਦਾ ਹੈ। ਉਸ ਦੇ ਬਚਨਾਂ ਵਿਚ ਸੱਤਿਆ, ਦ੍ਰਿਸ਼ਟੀ ਵਿਚ ਅੰਮ੍ਰਿਤ, ਕਦਮਾਂ ਵਿਚ ਕ੍ਰਾਂਤੀ ਤੇ ਹੱਥਾਂ ਵਿਚ ਬਰਕਤ ਹੁੰਦੀ ਹੈ। ਉਹ ਦਾਤੇ ਹੁੰਦੇ ਹਨ ‘‘ਓਇ ਦਾਤੇ ਦੁਖ ਕਾਟਨਹਾਰ ’’ (ਸੁਖਮਨੀ/ਮਹਲਾ , ਪੰਨਾ ੨੮੫)

ਜੀਵਣਾ ਤਾਂ ਹੁੰਦਾ ਹੀ ਸੰਤਾਂ ਕੋਲ ਹੈ। ਬਾਕੀ ਤਾਂ ਅਧਿਆਤਮ ਜੀਵਨ ਵੱਲੋਂ ਮਰੇ ਹੋਏ ਹਨ ‘‘ਸਾਕਤ ਮਰਹਿ; ਸੰਤ ਸਭਿ ਜੀਵਹਿ ’’ (ਭਗਤ ਕਬੀਰ, ਪੰਨਾ ੩੨੬)

ਜੋ ਬਾਹਰੋਂ ਜਿਤਨੀ ਭੱਜ-ਦੌੜ ਕਰਦਾ ਹੈ ਤੇ ਦੂਜਿਆਂ ਨੂੰ ਜਿੱਤਣ ਦੀ ਕੋਸ਼ਿਸ਼ ਕਰਦਾ ਹੈ, ਉਹ ਰਾਜਾ ਬਣ ਜਾਂਦਾ ਹੈ। ਉਸ ਦਾ ਹੁਕਮ ਧਰਤੀ ’ਤੇ ਚੱਲਦਾ ਹੈ ਪਰ ਆਪਣੇ ਮਨ ਦੇ ਪੱਖੋਂ ਹਾਰਿਆ ਹੋਇਆ ਹੁੰਦਾ ਹੈ । ਸਾਰੀ ਦੁਨੀਆਂ ਨੂੰ ਜਿੱਤਣ ਵਾਲਾ ਆਖ਼ਿਰ ਆਪਣੇ ਮਨ ਦੇ ਪੱਖੋਂ ਹਾਰ ਜਾਂਦਾ ਹੈ। ਜੋ ਆਪਣੇ ਆਪ ਤੋਂ ਹਾਰਿਆ ਹੋਇਆ ਹੈ, ਜਿਸ ਦਾ ਹੁਕਮ ਆਪਣੇ ਮਨ ’ਤੇ ਨਹੀਂ ਚਲਦਾ, ਉਸ ਦੀ ਸੰਸਾਰਕ ਜਿੱਤ ਇੱਕ ਛਲਾਵਾ ਹੈ। ਜਗਤ-ਜੇਤੂ ਤਾਂ ਉਹ ਹੈ, ਜੋ ਆਪਣੇ ਮਨ ਉੱਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ ‘‘ਮਨਿ ਜੀਤੈ ਜਗੁ ਜੀਤੁ ’’ (ਜਪੁ, ਮਹਲਾ , ਪੰਨਾ )

ਧਾਰਮਿਕ ਮੰਦਰ, ਧਰਮ ਗ੍ਰੰਥ; ਮਨ ਨੂੰ ਜਿੱਤਣ ਦੇ ਸਾਧਨ ਦੱਸਦੇ ਹਨ। ਜੋ ਆਪਣੇ ਮਨ ’ਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ, ਉਹ ਜਗਤ ਜਿੱਤਣ ਦੀ ਮੂੜ੍ਹ ਕਿਰਿਆ ਤੋਂ ਬਚ ਜਾਂਦਾ ਹੈ ਤੇ ਜੋ ਆਪਣੇ ਮਨ ਦੇ ਪੱਖੋਂ ਹਾਰੇ ਹੋਏ ਹਨ, ਉਹ ਜਗਤ ਨੂੰ ਜਿੱਤਣ ਦੀ ਕੋਸ਼ਿਸ਼ ਕਰਦੇ ਹਨ।

ਸੰਸਾਰ ਦੀ ਸਾਰੀ ਕਰੂਪਤਾ ਜਬਰ-ਜ਼ੁਲਮ, ਦੁਰਾਚਾਰ ਇਨ੍ਹਾਂ ਹੀ ਮਨੁੱਖਾਂ ਕਰਕੇ ਹੈ, ਜੋ ਆਪਣੇ ਮਨ ਦੇ ਪੱਖੋਂ ਹਾਰੇ ਹੋਏ ਹਨ। ਜਬਰ ਨਾਲ ਜਗਤ ਨੂੰ ਜਿੱਤਣ ਦੀ ਕੋਸ਼ਿਸ਼ ਕਰਦੇ ਹਨ ਤੇ ਇਨ੍ਹਾਂ ਦੇ ਜਬਰ ਨਾਲ ਕਈ ਘਰ ਉਜੜਦੇ ਹਨ। ਕਈਆਂ ਦੀ ਅਸਮਤ ਲੁੱਟੀ ਜਾਂਦੀ ਹੈ। ਕਈ ਯਤੀਮ ਹੋ ਜਾਂਦੇ ਹਨ। ਜਗਤ ਨੂੰ ਜਿੱਤਣ ਵਾਲਿਆਂ ਨੇ ਅੱਜ ਤੱਕ ਜਗਤ ਨੂੰ ਉਜਾੜਿਆ ਹੈ, ਬਰਬਾਦ ਕੀਤਾ ਹੈ। ਜੋ ਜਿਤਨਾ ਵੱਡਾ ਜੇਤੂ ਹੋਇਆ ਹੈ, ਉਸ ਨੇ ਉਤਨੀ ਧਰਤੀ ਵੀਰਾਨ ਕੀਤੀ ਹੈ। ਜਗਤ ਜਿੱਤਣ ਵਾਲੇ ਜਗਤ ਨੂੰ ਨਰਕ ਬਣਾ ਕੇ ਰੱਖ ਦਿੰਦੇ ਹਨ, ਪਰ ਜੋ ਆਪਣਾ ਮਨ ਜਿੱਤ ਲੈਂਦੇ ਹਨ, ਉਹ ਜਗਤ ਦਾ ਸਹਾਰਾ ਬਣਦੇ ਹਨ। ਉਹ ਜਗਤ ਦਾ ਜੀਵਨ ਹੁੰਦੇ ਹਨ। ਉਨ੍ਹਾਂ ਦਾ ਜੀਵਨ ਧਰਤੀ ਦਾ ਸਵਰਗ ਹੁੰਦਾ ਹੈ। ਜਗਤ ਵਿਚ ਥੋੜ੍ਹਾ ਬਹੁਤ ਸਕੂਨ ਹੈ ਤਾਂ ਇਨ੍ਹਾਂ ਸੰਤਾਂ ਕਰ ਕੇ ਹੈ।

ਜਬਰ ਨਾਲ ਜਗਤ ਜਿੱਤੀਦਾ ਹੈ ਤੇ ਸਬਰ ਨਾਲ ਮਨ ਕਾਬੂ ਆਂਵਦਾ ਹੈ। ਅੱਠੇ ਪਹਿਰ ਸਬਰ, ਸ਼ੁਕਰਾਨੇ ਵਿਚ ਜੀਵਣਾ, ਕੋਈ ਗਿਲਾ ਨਹੀਂ, ਕੋਈ ਸ਼ਿਕਾਇਤ ਨਹੀਂ, ਹਰ ਸਮੇਂ ਪ੍ਰਸੰਨ-ਚਿੱਤ ਰਹਿਣਾ ਹੀ ‘ਸੰਤ’ ਦਾ ਸੁਭਾਵ ਹੈ ‘‘ਸਬਰ ਅੰਦਰਿ ਸਾਬਰੀ; ਤਨੁ ਏਵੈ ਜਾਲੇਨਿ੍   ਹੋਨਿ ਨਜੀਕਿ ਖੁਦਾਇ ਦੈ; ਭੇਤੁ ਕਿਸੈ ਦੇਨਿ ’’ (ਸਲੋਕ, ਭਗਤ ਫਰੀਦ, ਪੰਨਾ ੧੩੮੪)

ਸਬਰ ਅੰਦਰ ਰਹਿਣਾ ਤੇ ਆਪਣੀ ਹੋਂਦ ਦਾ ਭੇਦ (ਢੰਡੋਰਾ) ਨਾ ਦੇਣਾ, ਹਰ ਜੀਵ ਲਈ ਖ਼ੈਰ ਮੰਗਣਾ; ਇਹ ਸੰਤ ਦਾ ਜੀਵਨ ਹੈ ਜਦਕਿ ਹੰਕਾਰੀ ਬੰਦਾ ਸੰਸਾਰੀ ਹੁੰਦਾ ਹੈ। ਭੇਖ-ਧਾਰੀ ਸੰਤ ਜਿਵੇਂ ਆਪਣੀ ਹੋਂਦ ਦਾ ਪ੍ਰਗਟਾਵਾ ਕਰਦੇ ਹਨ ਤੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ, ਇਹ ਅਸਲ ਵਿਚ ਸੰਸਾਰੀ ਹਨ, ਸੰਤ ਨਹੀਂ ਹਨ।

ਸਤ ਦਾ ਚਿੰਤਨ, ਸਤ ਦਾ ਹੀ ਅਧਿਐਨ, ਸਤ ਦੀ ਹੀ ਲੋਚਾ ਕਰਕੇ ਸਤ ਸਰੂਪ ਹੋ ਜਾਣਾ ਹੀ ਸੰਤ ਦਾ ਜੀਵਨ ਹੈ ‘‘ਜਿਨਾ ਸਾਸਿ ਗਿਰਾਸਿ ਵਿਸਰੈ; ਹਰਿ ਨਾਮਾਂ ਮਨਿ ਮੰਤੁ   ਧੰਨੁ ਸਿ ਸੇਈ ਨਾਨਕਾ ! ਪੂਰਨੁ ਸੋਈ ਸੰਤੁ ’’ (ਮਹਲਾ , ਪੰਨਾ ੩੧੯), ਇਸ ਤਰ੍ਹਾਂ ਦੇ ਪੂਰਨ ਸੰਤ ਜੋ ਸੁਭਾਵਕ ਆਪਣੀ ਲੋੜ ਅਨੁਸਾਰ, ਜੋ ਬਾਣਾ ਪਹਿਨ ਲੈਂਦੇ ਹਨ, ਉਸ ਨੂੰ ਹੀ ਭੇਖਧਾਰੀ ਸੰਤ ਆਪਣਾ ਬਾਣਾ ਬਣਾ ਲੈਂਦੇ ਹਨ। ਇਸ ਦੇਸ਼ ਵਿਚ ਕੋਈ ਪੰਜਾਹ ਲੱਖ ਤੋਂ ਵੀ ਵੱਧ ਸੰਤ ਹਨ ਤੇ ਉਨ੍ਹਾਂ ਦੀ ਪਹਿਚਾਨ ਉਨ੍ਹਾਂ ਦੇ ਧਾਰਨ ਕੀਤੇ ਭੇਖ ਕਰਕੇ ਹੈ। ਕੋਈ ਭਗਵਾ, ਕੋਈ ਨੀਲਧਾਰੀ, ਕੋਈ ਚਿੱਟੇ ਕੱਪੜੇ ਵਾਲ਼ਾ ਤੇ ਕੋਈ ਸਿਰਫ ਲੰਗੋਟੀ ਯਾ ਨਗਨ ਦਿਗੰਬਰੀ ਹੈ।

ਸੰਤ; ਭੇਖ ਨਹੀਂ ਹੈ । ਨਹੀਂ ਤਾਂ ਕੋਈ ਗੋਲ ਪੱਗ ਕਰਕੇ ਯਾ ਕਲਗੀ ਲਾ ਕੇ ਸੰਤ ਬਣ ਜਾਵੇ। ਮਾਂ ਬਾਪ ਦੇ ਸਰੀਰ ਦਾ ਜੋ ਤੱਤ ਹੈ ਓਹ ਸੂਤ (ਪੂਤ) ਹੈ ਔਰ ਸਤ ਦਾ ਜੋ ਤਤ ਹੈ, ਉਹ ਸੰਤ ਹੈ। ਜੋ ਸਤ ਦਾ ਨਿਚੋੜ ਹੈ, ਉਹ ਤਤ ਹੈ। ਉਸ ਦੇ ਦਰਸ਼ਨ ਕੀਤੇ ‘ਸਤ’ ਦੇ ਮਾਰਗ ’ਤੇ ਚੱਲਣ ਦਾ ਹਿਲੋਰਾ ਮਿਲ ਜਾਂਦਾ ਹੈ । ਸੰਤ ਦੀ ਹੋਂਦ ‘ਸਤ’ ਦਾ ਪ੍ਰਤੱਖ ਰੂਪ ਹੈ। ਇਸ ਵਾਸਤੇ ‘‘ਅਬ ਤਉ ਜਾਇ ਚਢੇ ਸਿੰਘਾਸਨਿ; ਮਿਲੇ ਹੈ ਸਾਰਿੰਗਪਾਨੀ   ਰਾਮ ਕਬੀਰਾ ਏਕ ਭਏ ਹੈ; ਕੋਇ ਸਕੈ ਪਛਾਨੀ (ਭਗਤ ਕਬੀਰ, ਪੰਨਾ ੯੬੯), ਨਾਮੇ ਨਾਰਾਇਨ ਨਾਹੀ ਭੇਦੁ ’’ (ਭਗਤ ਨਾਮਦੇਵ, ਪੰਨਾ ੧੧੬੬)

ਜੋ ਰਾਮ ਤੋਂ ਅਲੱਗ ਹੈ, ਭੇਦ ਵਿਚ ਹੈ। ਉਹ ਤਾਂ ਸੰਸਾਰੀ ਹੈ। ਸੰਸਾਰੀ ਕਹਿਣਾ ਵੀ ਠੀਕ ਨਹੀਂ। ਪ੍ਰਭੂ ਨਾਲ ਅੰਤਰ ਵਿਚ ਜੀਵਨ ਵਾਲਾ ਤਾਂ ਪਸ਼ੂ ਹੈ ‘‘ਜਿਨ ਕੈ ਭੀਤਰਿ ਹੈ ਅੰਤਰਾ   ਜੈਸੇ ਪਸੁ; ਤੈਸੇ ਓਇ ਨਰਾ ’’ (ਭਗਤ ਨਾਮਦੇਵ, ਪੰਨਾ ੧੧੬੩)

ਧਰਤੀ ’ਤੇ ਹਰ ਸਮੇਂ ਕੋਈ ਨ ਕੋਈ ‘ਸੰਤ’ ਹੁੰਦਾ ਹੈ ਪਰ ਸਚਾਈ ਇਹ ਹੈ ਕਿ ‘ਸੰਤ’ ਦੀ ਪਹਿਚਾਨ ਵੀ ‘ਸੰਤ’ ਹੀ ਕਰ ਸਕਦਾ ਹੈ। ਅਸੰਤ; ਸੰਤ ਦੀ ਪਹਿਚਾਨ ਨਹੀਂ ਕਰ ਸਕੇਗਾ। ਅੰਧੇਰਾ ਕਿਸ ਤਰ੍ਹਾਂ ਚਾਨਣੇ ਦੀ ਪਰਖ ਕਰੇਗਾ ।

ਅੱਧੇ ਨਾ-ਸਮਝ ਹੀ ‘ਸੰਤ’ ਦੀ ਪਹਿਚਾਨ ਕਰਦੇ ਹਨ। ਇਸ ਵਾਸਤੇ ਬਹੁਤ ‘ਅਸੰਤ’; ਜਗਤ ਵਿਚ ‘ਸੰਤ’ ਮੰਨ ਕੇ ਪੂਜੇ ਜਾਂਦੇ ਹਨ। ਅੰਧ-ਵਿਸ਼ਵਾਸ਼ ਦੇ ਆਸਰੇ ’ਤੇ ਜੋ ‘ਸੰਤ’ ਪੂਜੇ ਜਾਂਦੇ ਹਨ, ਉਨ੍ਹਾਂ ਦੀ ਜ਼ਿੰਦਗੀ ਤਾਂ ਆਮ ਸੰਸਾਰੀਆਂ ਤੋਂ ਵੀ ਥੱਲੇ ਹੈ। ਸੋ ‘ਸੰਤ’ ਹੋਏ ਬਿਨਾਂ ‘ਸੰਤ’ ਪਦ ਨੂੰ ਅਨੁਭਵ ਕਰਨਾ ਬੜਾ ਕਠਿਨ ਹੈ।

ਅੰਧ-ਵਿਸ਼ਵਾਸੀ ਤਾਂ ਕਿਸੇ ਭੇਖ ਨੂੰ ਸੰਤ ਆਖੇਗਾ। ਉੱਥੇ ਕੋਈ ਦੈਵੀ ਗੁਣ ਸੰਤ ਨਹੀਂ ਹੈ, ਭੇਖ ਸੰਤ ਹੈ। ਕਿਸੇ ਨੇ ਘਰ ਬਾਰ ਛੱਡ ਦਿੱਤਾ ਹੈ ਯਾ ਘਰ ਬਾਰੀ ਬਣਿਆ ਹੀ ਨਹੀਂ, ਆਮ ਮਨੁੱਖ ਉਸ ਨੂੰ ‘ਸੰਤ’ ਆਖੇਗਾ । ਕੋਈ ਇਕ ਵਕਤ ਪ੍ਰਸ਼ਾਦ ਛੱਕਦਾ ਹੈ । ਕੋਈ ਲੱਕੜ ਦੀਆਂ ਖੜਾਵਾਂ ਪਹਿਣਦਾ ਹੈ। ਕੋਈ ਮੌਨ ਧਾਰਨ ਕਰੀ ਬੈਠਾ ਹੈ। ਇਹ ਸਭ ਕੁਝ ਸੰਤ ਹੋਣ ਦੇ ਲੱਛਣ ਨਹੀਂ ਹਨ।

ਸੰਤ ਦੇ ਲੱਛਣ, ਰਹੁ-ਰੀਤੀ ਗੁਰੂ ਅਰਜਨ ਦੇਵ ਜੀ ਨੇ ਇਸ ਤਰ੍ਹਾਂ ਵਰਣਨ ਕੀਤੀ ਹੈ ‘‘ਸਸਤ੍ਰਿ ਤੀਖਣਿ (ਨੇ ਪੇਡ) ਕਾਟਿ ਡਾਰਿਓ; ਮਨਿ (’) ਕੀਨੋ ਰੋਸੁ   ਕਾਜੁ ਉਆ ਕੋ ਲੇ ਸਵਾਰਿਓ; ਤਿਲੁ ਦੀਨੋ ਦੋਸੁ   ਮਨ ਮੇਰੇ ! ਰਾਮ ਰਉ ਨਿਤ ਨੀਤਿ   ਦਇਆਲ ਦੇਵ ਕ੍ਰਿਪਾਲ ਗੋਬਿੰਦ; ਸੁਨਿ ਸੰਤਨਾ ਕੀ ਰੀਤਿ ਰਹਾਉ   ਚਰਣ ਤਲੈ ਉਗਾਹਿ ਬੈਸਿਓ; ਸ੍ਰਮੁ ਰਹਿਓ ਸਰੀਰਿ (’)   ਮਹਾ ਸਾਗਰੁ ਨਹ ਵਿਆਪੈ; ਖਿਨਹਿ ਉਤਰਿਓ ਤੀਰਿ (ਕੰਢੇਤੇ) (ਮਹਲਾ , ਪੰਨਾ ੧੦੧੮) ਭਾਵ ਤਿੱਖੇ ਜਿਹੇ ਸ਼ਸਤਰ ਨਾਲ ਦਰਖ਼ਤ ਨੂੰ ਕੱਟ ਕੇ ਉਸ ਦੀ ਬੇੜੀ ਬਣਾਈ ਗਈ । ਜਿਸ (ਸ਼ਸਤਰ-ਹਥਿਆਰ) ਨੇ ਕੱਟਿਆ ਉਸ ਨੂੰ ਪਾਰ ਕਰ ਰਹੀ ਹੈ। ਦਰਖ਼ਤ ਜਦ ਸਹੀ ਸਲਾਮਤ ਖੜ੍ਹਾ ਸੀ, ਛਾਂ ਦੇ ਰਿਹਾ ਸੀ, ਫਲ ਫੁਲ ਦੇ ਰਿਹਾ ਸੀ, ਪਰ ਹੁਣ ਜਦ ਕੱਟਿਆ ਗਿਆ ਤਾਂ ਦਰਿਆ ਤੋਂ ਲੋਕਾਂ ਨੂੰ ਪਾਰ ਕਰ ਰਿਹਾ ਹੈ।

ਸੰਤ ਦੀ ਹੋਂਦ ਜਗਤ ਨੂੰ ਸੁੱਖ ਸ਼ਾਂਤੀ ਦੇਂਦੀ ਹੈ। ਸੰਤ; ਜਗਤ ਤੋਂ ਵਿਦਾ ਹੁੰਦਾ ਹੈ ਤਾਂ ਵੀ ਉਸ ਦੀ ਯਾਦ ਜੀਵਾਂ ਨੂੰ ਪ੍ਰਭੂ-ਮਾਰਗ ਦੀ ਪ੍ਰੇਰਨਾ ਦੇਂਦੀ ਰਹਿੰਦੀ ਹੈ। ਸੰਤ ਉਨ੍ਹਾਂ ਦਾ ਵੀ ਭਲਾ ਮੰਗਦਾ ਹੈ, ਜਿਹੜੇ ਉਸ ਦੇ ਦੋਖੀ ਹੁੰਦੇ ਹਨ। ਸੰਤ ਦਾ ਜਿਗਰਾ ਦਰਖ਼ਤਾਂ ਵਰਗਾ ਹੁੰਦਾ ਹੈ ‘‘ਦਰਵੇਸਾਂ ਨੋ ਲੋੜੀਐ; ਰੁਖਾਂ ਦੀ ਜੀਰਾਂਦਿ ’’ (ਸਲੋਕ, ਭਗਤ ਫਰੀਦ, ਪੰਨਾ ੧੩੮੧)

ਸ਼ੇਖ਼ ਸ਼ਰਫ ਦੇ ਪੁੱਤਰ ਨੇ ਜਦ ਗੁਰੂ ਨਾਨਕ ਦੇਵ ਜੀ ਸਾਮ੍ਹਣੇ ਜਦ ਇਹ ਪ੍ਰਸ਼ਨ ਕੀਤਾ ਸੀ ਕਿ ਫ਼ਕੀਰੀ (ਫ਼ਕੀਰੀ ਚੀਸਤ) ਕਿਸ ਨੂੰ ਕਹਿੰਦੇ ਹਨ ਤਾਂ ਸਤਿਗੁਰੂ ਜੀ ਨੇ ਇਹ ਉੱਤਰ ਦਿੱਤਾ ਸੀ ਇਬਤਿਦਾਇ ਫ਼ਕੀਰੀ ਫ਼ਨਾਹ ਅਸਤ ਇੰਤਿਹਾਇ ਫ਼ਕੀਰੀ ਬਕਾਸਤ ਭਾਵ ਕਿਸੇ ਉੱਚੇ ਆਦਰਸ਼ ਲਈ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ ਤੇ ਹਮੇਸ਼ਾ ਲਈ ਅਮਰ ਤਤ ਵਿਚ ਲੀਨ ਹੋ ਜਾਣਾ; ਫ਼ਕੀਰੀ ਹੈ। ਸੰਸਾਰ ਵਿਚ ਥੋੜ੍ਹੀ ਬਹੁਤ ਜੋ ਸ਼ਾਂਤੀ ਤੇ ਅਮਨ ਹੈ, ਉਹ ਇਹੋ ਜਿਹੇ ਸੰਤਾਂ ਕਰਕੇ ਹੈ । ਅਗਰ ਐਸੇ ਸੰਤ ਨ ਹੋਵਨ ਤਾਂ ਜਗਤ ਬੜਾ ਬੇ-ਰੌਣਕ ਹੋ ਜਾਵੇ।