ਛੋਟਾ ਘੱਲੂਘਾਰਾ

0
522

ਛੋਟਾ ਘੱਲੂਘਾਰਾ

. ਬਲਰਾਜ ਸਿੰਘ (ਐਸ.ਪੀ.)-98151-24449

ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖ ਕੌਮ ਇਕ ਵਾਰ ਤਾਂ ਖਿੱਲਰ-ਪੁੱਲਰ ਗਈ ਸੀ ਪਰ ਸਿੱਖਾਂ ਨੂੰ ਬਾਬਾ ਬੰਦਾ ਸਿੰਘ ਵੇਲੇ ਸੁਪਨੇ ਵਾਂਗ ਵੇਖੀ ਆਜ਼ਾਦੀ ਭੁੱਲੀ ਨਹੀਂ ਸੀ। ਸਿੱਖ ਹੌਲੀ-ਹੌਲੀ ਦੁਬਾਰਾ ਸੰਗਠਿਤ ਹੋਣ ਲੱਗੇ ਤੇ ਮੱਲਾਂ ਮਾਰਨ ਲੱਗੇ । ਸਿੱਖ ਇਤਿਹਾਸ ਵਿੱਚ ਕੌਮ ਨੂੰ ਖ਼ਤਮ ਕਰਨ ਲਈ ਹਮਲਾਵਰਾਂ ਵੱਲੋਂ ਦੋ ਵੱਡੇ ਕਾਂਡ, ਛੋਟਾ ਘੱਲੂਘਾਰਾ ਤੇ ਵੱਡਾ ਘੱਲੂਘਾਰਾ ਨੂੰ ਅੰਜ਼ਾਮ ਦਿੱਤਾ ਗਿਆ । ਛੋਟੇ ਘੱਲੂਘਾਰੇ ਦਾ ਸੂਤਰਧਾਰ ਲਾਹੌਰ ਦਰਬਾਰ ਦਾ ਦੀਵਾਨ ਲਖਪਤ ਰਾਏ ਸੀ ।  ਲਖਪਤ ਰਾਏ ਤੇ ਉਸ ਦਾ ਛੋਟਾ ਭਰਾ ਜਸਪਤ ਰਾਏ ਦੋਵੇਂ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਦੇ ਖੱਤਰੀ ਸਨ।  ਮੁਗਲ ਰਾਜ ਵਿੱਚ ਉਨ੍ਹਾਂ ਦੀ ਬੜੀ ਚੜ੍ਹਾਈ ਸੀ ।  ਲਖਪਤ ਰਾਏ ਜ਼ਕਰੀਆ ਖ਼ਾਨ ਦੇ ਅਧੀਨ 1726 ਤੋਂ 1745 ਈ: ਤੱਕ ਤੇ ਉਸ ਦੇ ਲੜਕੇ ਯਾਹੀਆ ਖ਼ਾਨ ਦੇ ਅਧੀਨ 1745 ਤੋਂ 1747 ਈ: ਤੱਕ ਲਾਹੌਰ ਦਾ ਦੀਵਾਨ (ਵਿੱਤ ਮੰਤਰੀ) ਰਿਹਾ ਸੀ । ਇਹ ਪਦਵੀ ਸੂਬੇਦਾਰ ਤੋਂ ਬਾਅਦ ਦੂਸਰੇ ਨੰਬਰ ’ਤੇ ਆਉਂਦੀ ਸੀ । ਜਸਪਤ ਰਾਏ ਪਹਿਲਾਂ ਜਲੰਧਰ ਦੁਆਬ ਦਾ ਫ਼ੌਜਦਾਰ ਸੀ ਤੇ ਬਾਅਦ ਵਿੱਚ ਜ਼ਕਰੀਆ ਖ਼ਾਨ ਦੁਆਰਾ ਏਮਨਾਬਾਦ ਦਾ ਫ਼ੌਜਦਾਰ ਲਾਇਆ ਗਿਆ ਸੀ ।  ਫਰਵਰੀ ਦੇ ਅਖੀਰ ਜਾਂ ਮਾਰਚ ਦੇ ਸ਼ੁਰੂ ਵਿਚ 1746 ਈ: ਨੂੰ ਸਿੱਖਾਂ ਦਾ ਇੱਕ ਜਥਾ ਸ਼ਾਹੀ ਫ਼ੌਜਾਂ ਦਾ ਧੱਕਿਆ ਏਮਨਾਬਾਦ ਦੇ ਇਲਾਕੇ ਵਿੱਚ ਆ ਨਿਕਲਿਆ । ਏਮਨਾਬਾਦ ਦੇ ਫ਼ੌਜਦਾਰ ਜਸਪਤ ਰਾਏ ਨੂੰ ਸਿੱਖਾਂ ਦੀ ਆਮਦ ਬਾਰੇ ਪਤਾ ਲੱਗਾ ਤਾਂ ਸੜ ਬਲ ਗਿਆ ।  ਅਜੇ ਸਿੰਘ ਲੰਗਰ ਪਾਣੀ ਦਾ ਆਹਰ ਕਰ ਹੀ ਰਹੇ ਸਨ ਕਿ ਜਸਪਤ ਰਾਏ ਦਾ ਹਰਕਾਰਾ ਸੁਨੇਹਾ ਲੈ ਕੇ ਆਣ ਪਹੁੰਚਿਆ ਕਿ ਫੌਰਨ ਇਲਾਕਾ ਖਾਲੀ ਕਰ ਦਿਉ । ਸਿੱਖਾਂ ਨੇ ਵਾਪਸ ਸੁਨੇਹਾ ਭੇਜਿਆ ਕਿ ਫ਼ੌਜਾਂ ਬੁਰੀ ਤਰ੍ਹਾਂ ਥੱਕੀਆਂ ਹੋਈਆਂ ਹਨ ਤੇ ਦੋ ਦਿਨ ਤੋਂ ਭੁੱਖੀਆਂ ਹਨ, ਲੰਗਰ ਛੱਕ ਕੇ ਤੇ ਥੋੜ੍ਹਾ ਆਰਾਮ ਕਰ ਕੇ ਕੱਲ੍ਹ ਨੂੰ ਕੂਚ ਕਰ ਜਾਵਾਂਗੇ । ਜਸਪਤ ਰਾਏ ਨਾ ਮੰਨਿਆ । ਉਸ ਨੇ ਆਪਣੀ ਫ਼ੌਜ ਨੂੰ ਤਿਆਰ ਕੀਤਾ ਤੇ ਨਾਲ ਹੀ ਇਲਾਕੇ ਦੀ ਧਾੜ ਇਕੱਠੀ ਕਰਕੇ ਸਿੱਖਾਂ ’ਤੇ ਹਮਲਾ ਕਰ ਦਿੱਤਾ ।  ਬੜੀ ਘਮਸਾਨ ਦੀ ਲੜਾਈ ਹੋਈ । ਸਿੱਖ ਲੜਨਾ ਨਹੀਂ ਸਨ ਚਾਹੁੰਦੇ, ਪਰ ਲੜਾਈ ਬਦੋਬਦੀ ਗਲ਼ ਪੈ ਗਈ । ਸਿੱਖ ਲੜਦੇ ਲੜਦੇ ਪਿੱਛੇ ਹਟਦੇ ਗਏ ਤੇ ਪਿੰਡ ਬੱਦੋਕੀ ਗੁਸਾਈਆਂ ਦੀ ਜੂਹ ਵਿੱਚ ਪਹੁੰਚ ਗਏ ।  ਜਸਪਤ ਰਾਏ ਹਾਥੀ ’ਤੇ ਬੈਠਾ ਆਪਣੀ ਫ਼ੌਜ ਦੀ ਅਗਵਾਈ ਕਰ ਰਿਹਾ ਸੀ । ਉਹ ਇਕ ਸਿੱਖ ਨਿਬਾਹੂ ਸਿੰਘ ਦੀ ਨਿਗਾਹ ਚੜ੍ਹ ਗਿਆ । ਨਿਬਾਹੂ ਸਿੰਘ ਪੂਛ ਪਕੜ ਕੇ ਹਾਥੀ ’ਤੇ ਜਾ ਚੜ੍ਹਿਆ ਤੇ ਸ੍ਰੀ ਸਾਹਿਬ ਦੇ ਇੱਕੋ ਵਾਰ ਨਾਲ ਜਸਪਤ ਰਾਏ ਦਾ ਸਿਰ ਲਾਹ ਕੇ ਨਿਕਲ ਭੱਜਿਆ ।  ਜਰਨੈਲ ਦੇ ਡਿੱਗਦੇ ਹੀ ਨਿਖਸਮੀਆਂ ਫ਼ੌਜਾਂ ਹਰਨ ਹੋ ਗਈਆਂ, ਮੈਦਾਨ ਸਿੱਖਾਂ ਦੇ ਹੱਥ ਰਿਹਾ ।

ਆਪਣੇ ਭਰਾ ਦੇ ਕਤਲ ਦੀ ਖਬਰ ਸੁਣ ਕੇ ਲਖਪਤ ਰਾਏ ਨੂੰ ਅੱਗ ਲੱਗ ਗਈ । ਉਸ ਨੇ ਸਹੁੰ ਖਾਧੀ ਕਿ ਜਦ ਤੱਕ ਪੰਥ ਖ਼ਤਮ ਨਹੀਂ ਹੋ ਜਾਂਦਾ ਉਹ ਪੱਗ ਨਹੀਂ ਬੰਨ੍ਹੇਗਾ । ਉਸ ਨੇ ਯਾਹੀਆ ਖ਼ਾਨ ਕੋਲੋਂ ਸਿੱਖਾਂ ਦੇ ਕਤਲੇਆਮ ਦਾ ਹੁਕਮ ਲੈ ਲਿਆ । ਇਸ ਤੋਂ ਪਹਿਲਾਂ ਸਿਰਫ ਜੰਗੀ ਸਿੱਖ ਹੀ ਸਰਕਾਰ ਦੇ ਬਾਗੀ ਸਮਝੇ ਜਾਂਦੇ ਸਨ, ਪਰ ਲਖਪਤ ਨੇ ਇਕ ਪਾਸਿਉਂ ਈ ਵਾਢਾ ਰੱਖ ਲਿਆ । ਲਾਹੌਰ ਅਤੇ ਆਸ ਪਾਸ ਅਮਨ ਅਮਾਨ ਨਾਲ ਵੱਸਦੇ ਤੇ ਸਰਕਾਰੀ ਨੌਕਰੀ ਕਰਦੇ ਸਾਰੇ ਸਿੱਖ ਗ੍ਰਿਫਤਾਰ ਕਰਕੇ ਕਤਲ ਕਰ ਦਿੱਤੇ ਗਏ । ਇਨ੍ਹਾਂ ਵਿਚ ਮਸ਼ਹੂਰ ਸੀ ਲਾਹੌਰ ਦਾ ਕੋਤਵਾਲ ਸੁਬੇਗ ਸਿੰਘ ਤੇ ਉਸ ਦਾ ਬੇਟਾ ਸ਼ਹਿਬਾਜ਼ ਸਿੰਘ, ਇਹ ਦੋਵੇਂ ਚਰਖੜੀ ’ਤੇ ਚਾੜ੍ਹ ਕੇ ਸ਼ਹੀਦ ਕਰ ਦਿੱਤੇ ਗਏ । ਸਾਰੇ ਸ਼ਹਿਰ ਵਿੱਚ ਹਾਹਾਕਾਰ ਮੱਚ ਗਈ, ਸ਼ਹਿਰ ਦੇ ਪਤਵੰਤੇ ਹਿੰਦੂ ਦੀਵਾਨ ਕੌੜਾ ਮੱਲ ਦੀ ਅਗਵਾਈ ਹੇਠ ਪੰਚਾਇਤੀ ਰੂਪ ਵਿੱਚ ਲਖਪਤ ਨੂੰ ਮਿਲੇ, ਪਰ ਲਖਪਤ ਨੇ ਕਿਸੇ ਦੀ ਨਾ ਮੰਨੀ । ਅਖੀਰ ਉਨ੍ਹਾਂ ਕਿਹਾ ਕਿ ਇਹ ਹੀ ਮੰਨ ਲੈ ਕਿ ਸੋਮਵਾਰ ਮੱਸਿਆ ਵਾਲੇ ਦਿਨ ਇਹ ਹੱਤਿਆਵਾਂ ਨਾ ਕੀਤੀਆਂ ਜਾਣ, ਉਹ ਇਹ ਵੀ ਨਾ ਮੰਨਿਆ । ਬਹੁਤ ਸਾਰੇ ਸਿੱਖ ਸੋਮਵਾਰੀ ਮੱਸਿਆ ਵਾਲੇ ਦਿਨ 10 ਮਾਰਚ 1746 ਨੂੰ ਕਤਲ ਕੀਤੇ ਗਏ । ਲਖਪਤ ਨੇ ਗੁੜ ਬੋਲਣ ’ਤੇ ਵੀ ਪਾਬੰਦੀ ਲਾ ਦਿੱਤੀ ਕਿਉਂਕਿ ਇਸ ਨਾਲ ਗੁਰੂ ਦਾ ਭੁਲੇਖਾ ਪੈਂਦਾ ਸੀ । ਉਸ ਨੇ ਕਿਹਾ ਕਿ ਗੁੜ ਨੂੰ ਭੇਲੀ ਕਿਹਾ ਜਾਵੇ । ਉਸ ਨੇ ਸਿੱਖਾਂ ਦਾ ਜਿਹੜਾ ਵੀ ਧਾਰਮਿਕ ਗ੍ਰੰਥ, ਪੋਥੀ, ਕਿਤਾਬ ਹੱਥ ਲੱਗੀ, ਸਾੜ ਦਿੱਤੀ । ਸਿੱਖਾਂ ਦੇ ਸਿਰ ਦਾ ਇਨਾਮ ਪੰਜ ਰੁਪਈਏ ਪ੍ਰਤੀ ਸਿਰ ਰੱਖਿਆ ਗਿਆ।

ਸ਼ਹਿਰੀ ਸਿੱਖਾਂ ਦੇ ਕਤਲਾਂ ਤੋਂ ਵਿਹਲਾ ਹੋ ਕੇ ਲਖਪਤ ਰਾਏ ਨੇ ਦਲ ਖਾਲਸਾ ਦਾ ਖਾਤਮਾ ਕਰਨ ਲਈ ਕੂਚ ਕੀਤਾ । ਮੁਖਬਰਾਂ ਨੇ ਖਬਰ ਦਿੱਤੀ ਕਿ ਸਿੱਖ ਕਾਹਨੂੰਵਾਨ ਛੰਬ ਦੇ ਝੱਲਾਂ ਵਿੱਚ ਡੇਰਾ ਲਾਈ ਬੈਠੇ ਹਨ। ਉਸ ਵੇਲੇ ਝੱਲ ਵਿੱਚ ਪ੍ਰਸਿੱਧ ਸਰਦਾਰਾਂ ਸ: ਜੱਸਾ ਸਿੰਘ ਆਹਲੂਵਾਲੀਆ, ਭਾਈ ਸੁੱਖਾ ਸਿੰਘ ਮਾੜੀ ਕੰਬੋਕੀ, ਸ: ਗੁਰਦਿਆਲ ਸਿੰਘ ਡੱਲੇਵਾਲੀਆ, ਸ: ਹਰੀ ਸਿੰਘ ਭੰਗੀ ਤੇ ਸ: ਨੌਧ ਸਿੰਘ ਸ਼ੁਕਰਚੱਕੀਆ ਆਦਿ ਦੇ ਜਥੇ ਹਾਜ਼ਰ ਸਨ ।  ਲਖਪਤ ਰਾਏ ਨਾਲ ਲਾਹੌਰ ਦੀ ਸਾਰੀ ਫ਼ੌਜ ਸਮੇਤ ਤੋਪਖ਼ਾਨਾ, ਇਲਾਕੇ ਦੇ ਸਾਰੇ ਚੌਧਰੀ, ਫ਼ੌਜਦਾਰ ਤੇ ਜੇਹਾਦ ਦੇ ਨਾਂਅ ’ਤੇ ਇਕੱਠੇ ਕੀਤੇ ਹੂਰਾਂ ਦੇ ਆਸ਼ਕ ਗਾਜ਼ੀ ਸਨ । ਤਕਰੀਬਨ 50000 ਦੀ ਫ਼ੌਜ ਲੈ ਕੇ ਲਖਪਤ ਰਾਏ ਨੇ ਕਾਹਨੂੰਵਾਨ (ਗੁਰਦਾਸਪੁਰ) ਦੇ ਝੱਲ ਨੂੰ ਘੇਰਾ ਪਾ ਲਿਆ । ਟਿਕਾਣਿਆਂ ’ਤੇ ਤੋਪਾਂ ਬੀੜ ਕੇ ਤੋਪਚੀਆਂ ਨੇ ਅੱਗ ਵਰ੍ਹਾਉਣੀ ਸ਼ੁਰੂ ਕਰ ਦਿੱਤੀ । ਗੋਲਾਬਾਰੀ ਦਾ ਸਿੱਖਾਂ ਤੇ ਬਹੁਤਾ ਅਸਰ ਨਾ ਹੋਇਆ, ਉਹ ਤੋਪਾਂ ਦੀ ਮਾਰ ਵੇਖ ਕੇ ਜਗ੍ਹਾ ਬਦਲ ਲੈਂਦੇ ਸਨ । ਸ਼ਾਹੀ ਫ਼ੌਜਾਂ ਦੇ ਜਰਨੈਲ ਝੱਲਾਂ ਦੇ ਭੇਤੀ ਨਹੀਂ ਸਨ, ਇਸ ਲਈ ਉਹ ਝੱਲ ਵਿੱਚ ਵੜਨ ਤੋਂ ਕਤਰਾਉਂਦੇ ਸਨ । ਇਹ ਵੇਖ ਕੇ ਲਖਪਤ ਰਾਏ ਨੇ ਝੱਲ ਵੱਢਣ ਲਈ ਤਰਖਾਣ ਲਾ ਦਿੱਤੇ । ਸਿੱਖਾਂ ਨੇ ਬੇਲਦਾਰ ਮਾਰਨੇ ਸ਼ੁਰੂ ਕਰ ਦਿੱਤੇ ਤਾਂ ਲਖਪਤ ਨੇ ਝੱਲਾਂ ਨੂੰ ਅੱਗ ਲਗਵਾ ਦਿੱਤੀ । ਸਿੱਖਾਂ ਨੇ ਛਾਪਾਮਾਰ ਯੁੱਧ ਨਾਲ ਵੈਰੀ ਦੀ ਜਾਨ ਤੰਗ ਕਰ ਦਿੱਤੀ।

ਇੱਕ ਦਿਨ ਸੁੱਖਾ ਸਿੰਘ ਮਾੜੀ ਕੰਬੋਕੀ ਨੇ ਸਿੱਖਾਂ ਨੂੰ ਵੰਗਾਰ ਕੇ ਵੈਰੀ ’ਤੇ ਹਮਲਾ ਕਰ ਦਿੱਤਾ । ਉਸ ਨੇ ਲਖਪਤ ਦੀ ਸੂਹ ਕੱਢ ਕੇ ਉਸ ਹਾਥੀ ਨੂੰ ਜਾ ਘੇਰਿਆ ਪਰ ਉਸੇ ਵੇਲੇ ਇਕ ਜੰਬੂਰਚੇ ਦਾ ਗੋਲਾ ਉਸ ਦੇ ਪੱਟ ’ਤੇ ਆ ਵੱਜਾ, ਉਸ ਦੀ ਲੱਤ ਟੁੱਟ ਗਈ । ਜੰਗ ਦੇ ਰੰਗ ਵਿੱਚ ਰੰਗੇ ਨੇ ਪੀੜ ਨੂੰ ਨਾ ਗੌਲਿਆ ਤੇ ਪੱਗ ਪਾੜ ਕੇ ਲੱਤ ਬੰਨ੍ਹ ਲਈ । ਲਖਪਤ ਰਾਏ ਦੀ ਮਦਦ ਲਈ ਉਸ ਦਾ ਪੁੱਤਰ ਹਰਭਜ ਰਾਏ, ਯਾਹੀਆ ਖ਼ਾਨ ਦਾ ਪੁੱਤਰ ਨਾਹਰ ਖ਼ਾਨ ਆਦਿ ਕਈ ਸੂਰਮੇ ਪਹੁੰਚ ਗਏ । ਸੁੱਖਾ ਸਿੰਘ ਦੀ ਮਦਦ ਵਾਸਤੇ ਸ: ਜੱਸਾ ਸਿੰਘ ਆਹਲੂਵਾਲੀਆ ਤੇ ਹੋਰ ਸਰਦਾਰ ਪੁੱਜ ਗਏ, ਬੜੀ ਲਹੂ ਡੋਲ੍ਹਵੀਂ ਲੜਾਈ ਹੋਈ । ਲਖਪਤ ਰਾਏ ਦਾ ਨੁਕਸਾਨ ਸਿੱਖਾਂ ਨਾਲੋਂ ਕਿਤੇ ਵੱਧ ਹੋਇਆ । ਉਸ ਦਾ ਪੁੱਤਰ ਹਰਭਜ ਰਾਏ, ਯਾਹੀਆ ਖ਼ਾਨ ਦਾ ਪੁੱਤਰ ਨਾਹਰ ਖ਼ਾਨ, ਕਰਮ ਬਖਸ਼ ਫ਼ੌਜਦਾਰ ਰਸੂਲ ਨਗਰ ਤੇ ਹੋਰ ਕਈ ਯੋਧੇ ਸਿੱਖਾਂ ਹੱਥੋਂ ਮਾਰੇ ਗਏ । ਭਰਾ ਤੋਂ ਬਾਅਦ ਪੁੱਤਰ ਦੀ ਮੌਤ ਦੇ ਦੁੱਖ ਕਾਰਨ ਲਖਪਤ ਰਾਏ ਗੁੱਸੇ ਵਿੱਚ ਪਾਗਲ ਹੋ ਗਿਆ । ਉਸ ਨੇ ਘੇਰਾਬੰਦੀ ਹੋਰ ਸਖ਼ਤ ਕਰ ਦਿੱਤੀ ਤੇ ਹੋਰ ਕਰੜਾਈ ਨਾਲ ਗੋਲਾਬਾਰੀ ਕਰਨ ਲੱਗਾ । ਸਿੱਖਾਂ ਦੀ ਰਸਦ ਪਾਣੀ, ਗੋਲੀ ਸਿੱਕਾ ਖ਼ਤਮ ਹੋਣ ਲੱਗ ਪਿਆ । ਉਹ ਲਖਪਤ ਦੀ ਸਪਲਾਈ ਲੁੱਟ ਲੈਂਦੇ ਸਨ ਪਰ ਇਸ ਨਾਲ ਪੂਰੀ ਨਹੀਂ ਸੀ ਪੈਂਦੀ । ਸਿੱਖਾਂ ਨੇ ਸੋਚਿਆ ਸੀ ਕਿ ਲਖਪਤ ਆਪੇ ਦੋ ਚਾਰ ਦਿਨ ਖਿਝ ਖਪ ਕੇ ਚਲਾ ਜਾਵੇਗਾ, ਪਰ ਉਹ ਤਾਂ ਵਾੜ ਦਾ ਛਾਪਾ ਬਣ ਕੇ ਪਿੱਛੇ ਹੀ ਪੈ ਗਿਆ ਸੀ । ਲਗਾਤਾਰ ਸਰਕਾਰੀ ਮਦਦ ਤੇ ਗੋਲੀ ਸਿੱਕਾ ਮਿਲਣ ਕਾਰਨ ਹੌਲੀ ਹੌਲੀ ਲਖਪਤ ਦਾ ਪੱਲੜਾ ਭਾਰੀ ਹੋਣ ਲੱਗ ਪਿਆ।

ਆਖਰ ਸਰਦਾਰਾਂ ਨੇ ਬੈਠ ਕੇ ਗੁਰਮਤਾ ਕੀਤਾ ਕਿ ਰਾਵੀ ਪਾਰ ਕਰਕੇ ਪਹਾੜਾਂ ਨੂੰ ਨਿਕਲ ਚੱਲਦੇ ਹਾਂ । ਕਿਸੇ ਤਰ੍ਹਾਂ ਰਾਵੀ ਪਾਰ ਕਰਕੇ ਸਿੱਖ ਬਸ਼ੋਹਲੀ ਦੀਆਂ ਪਹਾੜੀਆਂ ਵੱਲ ਚਲ ਪਏ । ਲਖਪਤ ਰਾਏ ਪੈੜ ਦਬਾਈ ਆਉਂਦਾ ਸੀ । ਸਿੱਖਾਂ ਨੂੰ ਬੜੀ ਉਮੀਦ ਸੀ ਕਿ ਪਹਾੜੀਏ ਇਸ ਧਰਮ ਯੁੱਧ ਵਿੱਚ ਉਨ੍ਹਾਂ ਦੀ ਮਦਦ ਕਰਨਗੇ, ਪਰ ਉਨ੍ਹਾਂ ਨੂੰ ਉਦੋਂ ਪਤਾ ਚਲਿਆ ਜਦੋਂ ਪਹਾੜੀਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ । ਸਿੱਖ ਕੁਥਾਵੇਂ ਫਸ ਗਏ, ਅਖੀਰ ’ਤੇ ਫੈਸਲਾ ਕੀਤਾ ਕਿ ਪੈਦਲਾਂ ’ਤੇ ਹਮਲਾ ਕਰਨ ਤੇ ਘੋੜ ਸਵਾਰ ਲਖਪਤ ਦੇ ਟਿੱਡੀ ਦਲ ਨੂੰ ਚੀਰ ਕੇ ਵਾਪਸ ਜਾਣ ਤੇ ਰਾਵੀ ਟੱਪ ਕੇ ਮਾਝੇ ਵਿੱਚ ਦੀ ਦੁਆਬੇ ਮਾਲਵੇ ਨੂੰ ਨਿਕਲ ਜਾਣ । ਇਸੇ ਤਰ੍ਹਾਂ ਕੀਤਾ ਗਿਆ, ਪੈਦਲ ਫ਼ੌਜ ਨੇ ਪਹਾੜੀਆਂ ਉੱਤੇ ਹਮਲਾ ਕਰ ਦਿੱਤਾ ਤੇ ਉਨ੍ਹਾਂ ਨੂੰ ਚੀਰ ਕੇ ਪਹਾੜਾਂ ’ਤੇ ਜਾ ਚੜ੍ਹੇ । ਉਹ ਬੜੀ ਮੁਸ਼ਕਿਲ ਨਾਲ ਪਹਾੜੋ ਪਹਾੜੀ ਕਈ ਮਹੀਨਿਆਂ ਦਾ ਸਫਰ ਕਰਕੇ ਕੀਰਤਪੁਰ ਪਹੁੰਚੇ । ਘੋੜਸਵਾਰ ਲਖਪਤ ਦੀ ਧਾੜ ਤੇ ਟੁੱਟ ਪਏ ਤੇ ਫ਼ੌਜ ਨੂੰ ਚੀਰ ਕੇ ਰਸਤਾ ਬਣਾਇਆ । ਇਸ ਥਾਂ ਹੋਈ ਲੜਾਈ ਵਿਚ 7000 ਤੋਂ 10000 ਤੱਕ ਸਿੱਖ ਸ਼ਹੀਦ ਹੋਏ ਅਤੇ ਬਹੁਤ ਸਾਰੇ ਸਿੱਖ ਜ਼ਖ਼ਮੀ ਹੋ ਗਏ । ਬਾਕੀ ਦੇ ਸਿੱਖ ਰਾਵੀ ਦੇ ਕੰਢੇ-ਕੰਢੇ, ਲਹਿੰਦੇ ਵੱਲ ਦੀ ਲਾਹੌਰ ਨੂੰ ਚੱਲ ਪਏ । ਰਾਵੀ ਦਾ ਪਾਣੀ ਚੜ੍ਹਿਆ ਹੋਇਆ ਸੀ, ਪਾਣੀ ਦੀ ਥਾਹ ਲੈਣ ਲਈ ਸ: ਗੁਰਦਿਆਲ ਸਿੰਘ ਡੱਲੇਵਾਲੀਏ ਦੇ ਹੁਕਮ ’ਤੇ ਉਸ ਦੇ ਦੋ ਭਰਾਵਾਂ ਨੇ ਘੋੜੇ ਪਾਣੀ ਵਿੱਚ ਸੁੱਟੇ । ਤੇਜ਼ ਵਹਾ ਕਰਕੇ ਨਾ ਸਵਾਰ ਲੱਭੇ ਤੇ ਨਾ ਘੋੜੇ, ਦੋਵੇਂ ਸੂਰਮਿਆਂ ਨੇ ਆਪਣੀ ਜਾਨ ਦੇ ਕੇ ਹਜ਼ਾਰਾਂ ਭਰਾਵਾਂ ਦੀ ਜਾਨ ਬਚਾ ਲਈ।

ਅਖੀਰ ਇੱਕ ਜਗ੍ਹਾ ਪਾਣੀ ਦਾ ਘੱਟ ਵਹਾਅ ਵੇਖ ਕੇ ਦੱਭ ਤੇ ਕਾਨਿਆਂ ਦੇ ਤੁਲ੍ਹੇ ਬਣਾ ਕੇ ਰਾਵੀ ਪਾਰ ਕੀਤੀ ਗਈ, ਅੱਗੇ ਤਿੰਨ ਮੀਲ ਦੀ ਬਰੇਤੀ ਸੀ, ਘੋੜਸਵਾਰ ਤਾਂ ਸੌਖੇ ਲੰਘ ਗਏ ਪਰ ਪੈਦਲਾਂ ਦੇ ਪੈਰ ਸੜ ਗਏ । ਤਨ ਦੇ ਕੱਪੜੇ ਪਾੜ ਕੇ ਪੈਰਾਂ ’ਤੇ ਬੰਨ੍ਹ ਕੇ ਤੇ ਘੋੜਿਆਂ ਉੱਤੇ ਤਿੰਨ-ਤਿੰਨ, ਚਾਰ-ਚਾਰ ਚੜ੍ਹ ਕੇ ਬਰੇਤੀ ਪਾਰ ਕੀਤੀ । ਅੱਗੇ ਚੌਧਰੀ ਰਾਮੇ ਰੰਧਾਵੇ ਦਾ ਇਲਾਕਾ ਸੀ, ਉਹ ਆਪਣੀਆਂ ਧਾੜਾਂ ਲੈ ਕੇ ਰਸਤਾ ਰੋਕੀ ਖੜ੍ਹਾ ਸੀ । ਜਿਹੜੇ ਲਖਪਤ ਦੇ ਰੋਕੇ ਨਾ ਰੁਕੇ, ਉਨ੍ਹਾਂ ਨੂੰ ਰਾਮੇ ਰੰਧਾਵੇ ਨੇ ਕੀ ਰੋਕਣਾ ਸੀ, ਉਸ ਨੂੰ ਸਿੱਖਾਂ ਨੇ ਪਹਿਲੇ ਹੱਲੇ ਈ ਅੱਗੇ ਲਾ ਲਿਆ । ਵਾਹੋ ਦਾਹੀ ਸ੍ਰੀ ਹਰਗੋਬਿੰਦਪੁਰ ਦੇ ਪੱਤਣ ਤੋਂ ਬਿਆਸ ਦਰਿਆ ਪਾਰ ਕਰਕੇ ਦੁਆਬੇ ਵਿੱਚ ਜਾ ਵੜੇ, ਅੱਗੋਂ ਜਲੰਧਰ ਦੁਆਬ ਦੇ ਫ਼ੌਜਦਾਰ ਅਦੀਨਾ ਬੇਗ ਨੇ ਰਸਤਾ ਰੋਕ ਲਿਆ । ਉਸ ਨਾਲ ਅਜੇ ਟੱਕਰ ਸ਼ੁਰੂ ਹੀ ਹੋਈ ਸੀ ਕਿ ਖਬਰ ਮਿਲੀ ਕਿ ਲਖਪਤ ਰਾਏ ਪਿੱਛੇ ਚੜ੍ਹਿਆ ਆਉਂਦਾ ਹੈ । ਅਦੀਨਾ ਬੇਗ ਨਾਲ ਝੜਪਾਂ ਲੈਂਦੇ-ਲੈਂਦੇ ਸਿੱਖ ਆਲੀਵਾਲ ਦੇ ਪੱਤਣ ਤੋਂ ਸਤਲੁਜ ਟੱਪ ਕੇ ਮਾਲਵੇ ਵਿੱਚ ਜਾ ਵੜੇ । ਸ: ਜੱਸਾ ਸਿੰਘ ਕੋਟਕਪੂਰੇ, ਸ: ਹਰੀ ਸਿੰਘ ਭੰਗੀ ਦਿਆਲਪੁਰੇ, ਸ: ਨੌਧ ਸਿੰਘ ਪਥਰਾਲੇ ਤੇ ਸ: ਸੁੱਖਾ ਸਿੰਘ ਦਾ ਜਥਾ ਜੈਤੋ ਜਾ ਉਤਰਿਆ । ਉੱਥੇ ਉਸ ਨੇ ਆਪਣੀ ਲੱਤ ਦਾ ਇਲਾਜ ਕਰਾਇਆ ਤੇ ਪੰਜ ਛੇ ਮਹੀਨੇ ਮੰਜੀ ’ਤੇ ਪਿਆ ਰਿਹਾ।

ਸੈਂਕੜੇ ਸਿੱਖ ਪਹਾੜੀਆਂ ਨੇ ਗ੍ਰਿਫਤਾਰ ਕਰਕੇ ਲਖਪਤ ਦੇ ਹਵਾਲੇ ਕੀਤੇ ਸਨ ਤੇ ਸੈਂਕੜੇ ਹੀ ਲਖਪਤ ਦੀ ਫ਼ੌਜ ਨੇ ਪਕੜੇ ਸਨ । ਉਹ ਸਾਰੇ ਲਾਹੌਰ ਲਿਆ ਕੇ ਬੜੀ ਬੁਰੀ ਤਰ੍ਹਾਂ ਤਸੀਹੇ ਦੇ ਕੇ ਕਤਲ ਕੀਤੇ ਗਏ । ਉਨ੍ਹਾਂ ਦੇ ਸਿਰ ਵੱਢ ਕੇ ਲਾਹੌਰ ਦੇ ਦਰਵਾਜ਼ਿਆਂ ਅੱਗੇ ਮੀਨਾਰ ਉਸਾਰੇ ਗਏ । ਮਾਰਚ ਦੇ ਅਖੀਰ ਵਿੱਚ ਲਖਪਤ ਰਾਏ ਨੇ ਸਿੱਖਾਂ ਦੇ ਖਿਲਾਫ ਚੜ੍ਹਾਈ ਸ਼ੁਰੂ ਕੀਤੀ ਤੇ ਜੂਨ 1746 ਦੇ ਅਖੀਰ ਵਿੱਚ ਉਹ ਵਾਪਸ ਮੁੜਿਆ।