21.2 C
Jalandhar
Monday, April 13, 2026
spot_img
Home Blog Page 129

ਨਿੰਦਾ ਹੋਇ ਤ ਬੈਕੁੰਠਿ ਜਾਈਐ

0

ਬਰਸੀ ’ਤੇ ਵਿਸ਼ੇਸ਼

ਨਿੰਦਾ ਹੋਇ ਤ ਬੈਕੁੰਠਿ ਜਾਈਐ

(ਪ੍ਰੋ. ਪ੍ਰੀਤਮ ਸਿੰਘ ਦੀ ਨਸੀਹਤ)

ਡਾ. ਹਰਸ਼ਿੰਦਰ ਕੌਰ (ਪਟਿਆਲਾ)-0175-2216783

ਸਮਾਂ ਤਾਂ ਚੇਤੇ ਨਹੀਂ ਪਰ ਇੱਕ ਦਿਨ ਮੈਨੂੰ ਉਦਾਸ ਵੇਖ ਕੇ ਭਾਪਾ ਜੀ ਨੇ ਕਾਰਨ ਪੁੱਛਿਆ ਤਾਂ ਮੈਂ ਦੱਸਿਆ ਕਿ ਫਲਾਣੇ ਨੇ ਮੇਰੇ ਬਾਰੇ ਮਾੜਾ ਕਿਹਾ। ਮੈਨੂੰ ਬਹੁਤ ਭੈੜਾ ਮਹਿਸੂਸ ਹੋ ਰਿਹਾ ਹੈ। ਦਿਲ ਕਰਦਾ ਹੈ ਕਿ ਉਸ ਦਾ ਮੂੰਹ ਤੋੜ ਆਵਾਂ। ਉਹ ਮੇਰੇ ਬਾਰੇ ਉੱਕਾ ਹੀ ਝੂਠ ਬੋਲ ਰਿਹਾ ਹੈ।

ਭਾਪਾ ਜੀ ਨੇ ਗੱਲ ਇੱਧਰ-ਉੱਧਰ ਕਰਨ ਦੀ ਕੋਸ਼ਿਸ਼ ਕੀਤੀ ਤੇ ਹੋਰ ਗੱਲਾਂ ਵਿੱਚ ਮੈਨੂੰ ਉਲਝਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਮੈਂ ਘੁੰਮ ਫਿਰ ਕੇ ਉਸੇ ਨੁਕਤੇ ਉੱਤੇ ਆ ਰੁੱਕਦੀ ਸੀ।

ਅਖ਼ੀਰ ਭਾਪਾ ਜੀ ਕਮਰੇ ਅੰਦਰ ਗਏ ਤੇ ਮੇਰੇ ਅੱਗੇ ਮੇਰੇ ਨਾਨਾ ਜੀ ਪ੍ਰੋ. ਸਾਹਿਬ ਸਿੰਘ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਦੀ ਪੋਥੀ ਲਿਆ ਧਰੀ। ਵਰਕੇ ਪਲਟ ਕੇ ਮੇਰੇ ਅੱਗੇ ਧਰ ਦਿੱਤੇ ਕਿ ਇਹ ਪੜ੍ਹ ਕੇ ਦੱਸ ਕਿ ਇਸ ਦਾ ਕੀ ਅਰਥ ਲਿਖਿਆ ਹੈ !

ਮੈਂ ਪੜ੍ਹਿਆ, ‘‘ਨਿੰਦਉ ਨਿੰਦਉ ਮੋਕਉ ਲੋਗੁ ਨਿੰਦਉ।’’ ਭਾਪਾ ਜੀ ਕਹਿਣ ਲੱਗੇ, ‘‘ਤੈਨੂੰ ਅਜੀਬ ਨਹੀਂ ਲੱਗਦਾ ਕਿ ਗੁਰਬਾਣੀ ਵਿੱਚ ਭਗਤ ਕਬੀਰ ਜੀ ਕਹਿ ਰਹੇ ਹਨ ਕਿ ਲੋਕ ਉਨ੍ਹਾਂ ਦੀ ਨਿੰਦਿਆ ਕਰਨ ? ਇੱਕ ਗੱਲ ਤਾਂ ਸਪਸ਼ਟ ਹੋ ਗਈ ਕਿ ਤੇਰੇ ਜੰਮਣ ਤੋਂ ਪਹਿਲਾਂ ਵੀ ਲੋਕ ਨਿੰਦਿਆ ਕਰਦੇ ਹੁੰਦੇ ਸਨ ! ਪਰ ਭਗਤ ਕਬੀਰ ਜੀ ਵਰਗੇ ਵੀ ਆਪਣੀ ਨਿੰਦਿਆ ਮੰਗਦੇ ਹੋਣ ਤਾਂ ਉਸ ਦਾ ਮਤਲਬ ਕਿੰਨਾ ਡੂੰਘਾ ਹੋਵੇਗਾ। ਕੋਈ ਖ਼ਾਸ ਗੱਲ ਤਾਂ ਜ਼ਰੂਰ ਹੋਵੇਗੀ। ਲੋਕ ਆਪਣੀ ਤਾਰੀਫ਼ ਸੁਣਨਾ ਚਾਹੁੰਦੇ ਹਨ, ਨਿੰਦਾ ਨਹੀਂ। ਅੱਗੇ ਪੜ੍ਹ।’’

ਮੈਂ ਪੜ੍ਹਿਆ,‘‘ਜਗਤ ਬੇਸ਼ੱਕ ਮੇਰੀ ਨਿੰਦਾ ਕਰੇ। ਬੇਸ਼ੱਕ ਮੇਰੇ ਔਗੁਣ ਭੰਡੇ। ਪ੍ਰਭੂ ਦੇ ਸੇਵਕ ਨੂੰ ਆਪਣੀ ਨਿੰਦਿਆ ਹੁੰਦੀ ਚੰਗੀ ਲੱਗਦੀ ਹੈ ਕਿਉਂਕਿ ਨਿੰਦਿਆ ਸੇਵਕ ਦਾ ਮਾਂ ਪਿਓ ਹੁੰਦੀ ਹੈ; ਜਿਵੇਂ ਮਾਪੇ ਆਪਣੇ ਬਾਲਕ ਵਿੱਚ ਸ਼ੁਭ ਗੁਣ ਵਧਦੇ ਵੇਖਣਾ ਲੋੜਦੇ ਹਨ, ਤਿਵੇਂ ਨਿੰਦਿਆ ਭੀ ਔਗੁਣਾਂ ਨੂੰ ਨਸ਼ਰ ਕਰ ਕੇ ਭਲੇ ਗੁਣਾਂ ਲਈ ਸਹਾਇਤਾ ਕਰਦੀ ਹੈ।

‘‘ਜੇ ਲੋਕ ਔਗੁਣ ਨਸ਼ਰ ਕਰਨ, ਤਾਂ ਹੀ ਔਗੁਣ ਛੱਡੇ ਜਾ ਸਕਦੇ ਹਨ ਤੇ ਬੈਕੁੰਠ ਵਿੱਚ ਜਾ ਸਕੀਦਾ ਹੈ। ਜੇ ਹਿਰਦਾ ਸ਼ੁੱਧ ਹੁੰਦਿਆਂ ਸਾਡੀ ਨਿੰਦਿਆ ਹੋਵੇ ਤਾਂ ਨਿੰਦਕ ਸਾਡੇ ਮਨ ਨੂੰ ਪਵਿੱਤਰ ਕਰਨ ਵਿੱਚ ਸਹਾਇਤਾ ਕਰਦਾ ਹੈ। ਜੋ ਮਨੁੱਖ ਸਾਨੂੰ ਭੰਡਦਾ ਹੈ, ਉਹ ਸਾਡਾ ਮਿੱਤਰ ਹੈ ਕਿਉਂਕਿ ਸਾਡੀ ਸੁਰਤ ਆਪਣੇ ਨਿੰਦਕ ਵਿੱਚ ਰਹਿੰਦੀ ਹੈ ਤੇ ਅਸੀਂ ਆਪਣੇ ਨਿੰਦਕ ਦੀ ਗੱਲ ਬੜੇ ਧਿਆਨ ਨਾਲ ਸੁਣਦੇ ਹਾਂ। ਅਸਲ ਵਿੱਚ ਸਾਡਾ ਮੰਦਾ ਚਿਤਵਣ ਵਾਲਾ ਮਨੁੱਖ ਉਹ ਹੈ ਜੋ ਸਾਡੇ ਐਬ ਨਸ਼ਰ ਹੋਣੋ ਰੋਕਦਾ ਹੈ। ਨਿੰਦਕ ਤਾਂ ਸਗੋਂ ਇਹ ਚਾਹੁੰਦਾ ਹੈ ਕਿ ਸਾਡਾ ਜੀਵਨ ਚੰਗਾ ਬਣੇ।

ਸਾਡੀ ਨਿੰਦਿਆ ਸਾਨੂੰ ਔਗੁਣਾਂ ਵੱਲੋਂ ਬਚਾਉਂਦੀ ਹੈ। ਇਸੇ ਲਈ ਭਗਤ ਕਬੀਰ ਜੀ ਅਨੁਸਾਰ ਔਗੁਣਾਂ ਦਾ ਨਸ਼ਰ ਹੋਣਾ ਸਭ ਤੋਂ ਵਧੀਆ ਗੱਲ ਹੈ ਕਿਉਂਕਿ ਨਿੰਦਕ ਆਪ ਦੂਜਿਆਂ ਦੇ ਔਗੁਣਾਂ ਦੀਆਂ ਗੱਲਾਂ ਕਰ-ਕਰ ਕੇ ਆਪ ਹੀ ਉਨ੍ਹਾਂ ਵਿੱਚ ਡੁੱਬ ਜਾਂਦਾ ਹੈ ਤੇ ਅਸੀਂ ਆਪਣੇ ਔਗੁਣਾਂ ਦੀ ਚੇਤਾਵਨੀ ਨਾਲ ਉਨ੍ਹਾਂ ਤੋਂ ਬਚ ਨਿਕਲਦੇ ਹਾਂ।’’

ਭਾਪਾ ਜੀ ਨੇ ਮੇਰੇ ਹੱਥੋਂ ਦਰਪਣ ਦੀ ਪੋਥੀ ਫੜਦਿਆਂ ਕਿਹਾ, ‘‘ਇਸ ਤੋਂ ਵਧੀਆ ਤਰੀਕੇ ਹੋਰ ਕੋਈ ਦੁਨਿਆਵੀ ਇਨਸਾਨ ਜਾਂ ਉੱਚ ਕੋਟੀ ਦਾ ਮਨੋਵਿਗਿਆਨਿਕ ਡਾਕਟਰ ਵੀ ਨਹੀਂ ਸਮਝਾ ਸਕਣ ਲੱਗਿਆ। ਬਸ ਮੇਰਾ ਏਨਾ ਕੁ ਕਿਹਾ ਮੰਨ ਲਵੀਂ ਕਿ ਜੇ ਕੋਈ ਮਨੁੱਖ ਠੰਡੇ ਜਿਗਰੇ ਨਾਲ ਆਪਣੇ ਐਬ ਨਸ਼ਰ ਹੁੰਦਾ ਸੁਣ ਲਵੇ ਅਤੇ ਆਪਣੇ ਗੁੱਸੇ ਨੂੰ ਮਨ ਉੱਤੇ ਹਾਵੀ ਨਾ ਹੋਣ ਦੇਵੇ ਤਾਂ ਉਹ ਆਪਣੇ ਮਨ ਅੰਦਰੋਂ ਐਬ ਦੂਰ ਕਰ ਸਕਦਾ ਹੈ ਤੇ ਆਪਣਾ ਜੀਵਨ ਤੇ ਚਰਿੱਤਰ ਵਧੀਆ ਬਣਾ ਸਕਦਾ ਹੈ, ਪਰ ਅਸਲ ਨੁਕਤਾ ਇਹ ਹੈ ਕਿ ਦੂਜਿਆਂ ਦੇ ਐਬ ਫਰੋਲਣ ਵਾਲਾ ਬੰਦਾ ਆਪਣੇ ਮਨ ਅੰਦਰ ਝਾਤੀ ਮਾਰਨ ਤੋਂ ਅਸਮਰਥ ਹੁੰਦਾ ਹੈ। ਇਸੇ ਲਈ ਉਹ ਦੂਜਿਆਂ ਦੇ ਐਬਾਂ ਦਾ ਵਖਿਆਨ ਕਰਦਿਆਂ ਉਨ੍ਹਾਂ ਹੀ ਐਬਾਂ ਵਿੱਚ ਡੁੱਬ ਕੇ ਮਰ ਖੱਪ ਜਾਂਦਾ ਹੈ ਕਿਉਂਕਿ ਅਜਿਹੇ ਇਨਸਾਨਾਂ ਤੋਂ ਸਿਰਫ਼ ਸੜਿਆਂਦ ਹੀ ਆਉਂਦੀ ਰਹਿੰਦੀ ਹੈ। ਇਸੇ ਲਈ ਅੱਜ ਤੋਂ ਬਾਅਦ ਨਿੰਦਿਆ ਤੋਂ ਘਾਬਰਨਾ ਨਹੀਂ, ਬਲਕਿ ਖ਼ੁਸ਼ ਹੋਣਾ ਹੈ ਕਿਉਂਕਿ ਨਿੰਦਕ ਤਾਂ ਸਾਡੇ ਮੈਲੇ ਕੱਪੜੇ ਧੋ ਰਿਹਾ ਹੁੰਦਾ ਹੈ। ਸ਼ੁਕਰ ਕਰ ! ਇਹ ਸੋਚ ਕਿ ਪ੍ਰਮਾਤਮਾ ਦੀ ਤੇਰੇ ਉੱਤੇ ਮਿਹਰ ਹੋਈ ਹੈ ਜਿਨ੍ਹਾਂ ਸਦਕਾ ਕੋਈ ਨਿੰਦਕ ਤੇਰੇ ਮੈਲੇ ਕੱਪੜੇ ਧੋਣ ਲਈ ਅਗਾਂਹ ਆਇਆ ਹੈ।’’

ਮੇਰੇ ਕੋਲ ਬੋਲਣ ਨੂੰ ਕੋਈ ਸ਼ਬਦ ਬਚਿਆ ਹੀ ਨਹੀਂ ਸੀ। ਅੱਜ ਸਿਰਫ਼ ਇਸ ਉਮੀਦ ਨਾਲ ਇਹ ਯਾਦ ਲਿਖੀ ਹੈ ਕਿ ਸ਼ਾਇਦ ਮੇਰੇ ਵਾਂਗ ਹੀ ਕੋਈ ਹੋਰ ਵੀ ਆਪਣੀ ਨਿੰਦਿਆ ਸੁਣ ਕੇ ਜੇ ਦੁੱਖ ਮਹਿਸੂਸ ਕਰ ਰਿਹਾ ਹੈ ਤਾਂ ਝਟਪਟ ਆਪਣੀ ਸੋਚ ਬਦਲ ਕੇ, ਖ਼ੁਸ਼ੀ ਮਹਿਸੂਸ ਕਰ ਸਕਦਾ ਹੈ।

ਪੰਜਾਬੀ ਸੂਬੇ ਵਿੱਚੋਂ ਖੱਟਿਆ ਕੀ ਤੇ ਗੁਆਇਆ ਕੀ ?

0

ਪੰਜਾਬੀ ਸੂਬੇ ਵਿੱਚੋਂ ਖੱਟਿਆ ਕੀ ਤੇ ਗੁਆਇਆ ਕੀ ?

ਸ਼ੰਗਾਰਾ ਸਿੰਘ ਭੁੱਲਰ

ਪੰਜਾਬੀ ਸੂਬੇ ਦਾ ਵਾਜਬ ਜ਼ਿਕਰ ਤਾਂ ਨਵੰਬਰ ਦੇ ਪਹਿਲੇ ਹਫਤੇ ਕਰਨਾ ਬਣਦਾ ਹੈ, ਜਦੋਂ ਇਹ ਲੰਮੇ ਸੰਘਰਸ਼ ਤੇ ਕੁਰਬਾਨੀਆਂ ਬਾਅਦ ਬਣਿਆ ਸੀ, ਪਰ ਪਿਛਲੀ ਪੰਜਾਬ ਸਰਕਾਰ ਨੇ ਪੰਜਾਬ ਵਿਧਾਨ ਸਭਾ ਚੋਣਾਂ (2017) ਤੋਂ ਠੀਕ ਛੇ-ਸੱਤ ਮਹੀਨੇ ਪਹਿਲਾਂ ਹੀ ਪੰਜਾਬੀ ਸੂਬੇ ਦੀ ਜੱਦੋ ਜਹਿਦ ਮੌਕੇ ਜੇਲ੍ਹਾਂ ਕੱਟਣ ਵਾਲੇ ਸੰਗਰਾਮੀਆਂ ਨੂੰ ਪੈਨਸ਼ਨਾਂ ਦੇ ਰੂਪ ਵਿੱਚ ਸਨਮਾਨਤ ਕਰਨ ਦਾ ਫੈਸਲਾ ਲਿਆ ਸੀ ਤਾਂ ਇਸ ਦਾ ਜ਼ਿਕਰ ਕਰਨਾ ਜ਼ਰੂਰੀ ਬਣ ਗਿਆ ਹੈ। ਅਦਾਲਤ ਨੇ ਬਾਦਲ ਸਰਕਾਰ ਦੇ ਇਸ ਫੈਸਲੇ ਉੱਤੇ ਕਿੰਤੂ-ਪ੍ਰੰਤੂ ਕੀਤਾ ਸੀ। ਇਸ ਲਈ ਅਸਲ ਵਿੱਚ ਵੇਖਣ ਵਾਲੀ ਗੱਲ ਇਹ ਹੈ ਕਿ ਪੰਜਾਬੀ ਸੂਬੇ ਦੀ ਅੱਧੀ ਸਦੀ ਲੰਘ ਜਾਣ ਪਿੱਛੋਂ ਹੁਣ ਪਿਛਲੀ ਸਰਕਾਰ ਨੂੰ ਇਹ ਚੇਤਾ ਅਚਾਨਕ ਕਿਉਂ ਆਇਆ ਸੀ ?

ਪਹਿਲਾਂ ਪੰਜਾਬ ਸਰਕਾਰ ਨੇ ਕਦੀ ਚੱਜ ਨਾਲ ਪੰਜਾਬੀ ਸੂਬਾ ਦਿਵਸ ਵੀ ਨਹੀਂ ਮਨਾਇਆ। ਇਹ ਗੱਲ ਜ਼ਰੂਰ ਹੈ ਕਿ ਜਦੋਂ ਇਹ ਸੂਬਾ ਬਣਿਆ ਸੀ ਤਾਂ ਕੁਝ ਸਾਲ ਇਹ ਦਿਵਸ ਮਨਾਇਆ ਜਾਂਦਾ ਰਿਹਾ ਅਤੇ 1966 ਵਿੱਚ ਇਸ ਦੇ ਹੋਂਦ ਵਿੱਚ ਆਉਣ ਉੱਤੇ ਇੱਕ-ਦੋ ਸਾਲ ਸਰਕਾਰੀ ਇਮਾਰਤਾਂ ਉੱਤੇ ਦੀਪਮਾਲਾ ਵੀ ਕੀਤੀ ਗਈ, ਪਰ ਜਦੋਂ ਚਾਰ-ਚੁਫੇਰਿਓਂ ਇਸ ਦੀ ਆਲੋਚਨਾ ਹੋਣ ਲੱਗੀ ਅਤੇ ਸਰਕਾਰ ਨੂੰ ਵੀ ਸੋਝੀ ਆਈ ਕਿ ਉਸ ਨੂੰ ਇਸ ਨਾਲ ਫਾਇਦੇ ਦੀ ਥਾਂ ਨੁਕਸਾਨ ਹੋ ਗਿਆ ਹੈ ਤਾਂ ਇਸ ਨੇ ਇਹ ਦਿਨ ਮਨਾਉਣਾ ਛੱਡ ਦਿੱਤਾ ਤੇ ਕੇਵਲ ਪੰਜਾਬ ਵਿਧਾਨ ਸਭਾ ਚੋਣਾਂ (2017) ਨੂੰ ਸਾਹਮਣੇ ਵੇਖ ਕੇ ਬਾਦਲ ਸਰਕਾਰ ਨੇ ਸਿਆਸੀ ਲਾਭ ਲੈਣ ਲਈ ਖੇਡੇ ਗਏ ਹੋਰ ਪੱਤਿਆਂ ਵਾਂਗ ਇਹ ਵੀ ਇੱਕ ਪੱਤਾ ਹੀ ਖੇਡਿਆ ਸੀ ?

ਜਿਸ ਪੰਜਾਬੀ ਸੂਬੇ ਦੇ ਘੁਲਾਟੀਆਂ ਨੂੰ ਭੂਤ ਪੂਰਵ ਪੰਜਾਬ ਸਰਕਾਰ ਹੁਣ ਸਨਮਾਨਣਾ ਚਾਹੁੰਦੀ ਹੈ, ਉਸ ਦੀ ਸਥਾਪਨਾ ਦਾ ਸੰਖੇਪ ਜ਼ਿਕਰ ਕਰਨਾ ਲਾਜ਼ਮੀ ਬਣ ਜਾਂਦਾ ਹੈ। ਅਸਲ ਵਿੱਚ ਜਦੋਂ ਦੇਸ਼ ਦੀ ਆਜ਼ਾਦੀ ਪਿੱਛੋਂ ਪੌਣੇ ਪੰਜ ਸੌ ਦੇ ਕਰੀਬ ਰਿਆਸਤਾਂ ਨੂੰ ਇਕੱਠਾ ਕੀਤਾ ਗਿਆ ਤਾਂ ਅੱਗੋਂ ਇਨ੍ਹਾਂ ਦੀ ਨਵੇਂ ਰਾਜਾਂ ਵਿੱਚ ਵੰਡ ਕਰਨੀ ਜ਼ਰੂਰੀ ਸੀ। ਪੰਡਿਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਨਵੇਂ ਸੂਬੇ ਭਾਸ਼ਾ ਦੇ ਆਧਾਰ ਉੱਤੇ ਬਣਾਏ ਜਾਣੇ ਠੀਕ ਰਹਿਣਗੇ। ਇਹ ਗੱਲ ਇੱਕ ਹੱਦ ਤਕ ਮਨ ਨੂੰ ਪੋਂਹਦੀ ਸੀ, ਕਿਉਂਕਿ ਇਸ ਤਰ੍ਹਾਂ ਦੇਸ਼ ਦੇ ਉਚਿਤ ਖਿੱਤੇ ਬਣ ਜਾਣੇ ਸਨ, ਜਿਵੇਂ ਹੁਣ ਉੱਤਰੀ ਭਾਰਤ, ਦੱਖਣੀ ਭਾਰਤ ਅਤੇ ਉੱਤਰੀ ਪੂਰਬੀ ਭਾਰਤ ਹਨ। ਇਹ ਨਵੇਂ ਸੂਬੇ ਬਣਾਉਣ ਲਈ ਪੰਡਿਤ ਨਹਿਰੂ ਸਰਕਾਰ ਨੂੰ ਬਹੁਤੀ ਮੁਸ਼ਕਲ ਵੀ ਨਹੀਂ ਆਈ। ਹੈਰਾਨੀ ਤਾਂ ਉਦੋਂ ਹੋਈ, ਜਦੋਂ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਤੇ ਮੋਹਰੀ ਰੋਲ ਨਿਭਾਉਣ ਵਾਲੇ ਪੰਜਾਬੀਆਂ ਵੱਲੋਂ ਪੰਜਾਬੀ ਸੂਬੇ ਦੀ ਮੰਗ ਭਾਸ਼ਾ ਦੇ ਆਧਾਰ ਉੱਤੇ ਕੀਤੀ ਗਈ ਤਾਂ ਕੇਂਦਰ ਦੀ ਸਰਕਾਰ ਇੱਕ-ਵੱਢਿਓਂ ਹੀ ਨਾਂਹ ਵਿੱਚ ਸਿਰ ਫੇਰ ਗਈ। ਜਿਹੜਾ ਪੰਡਿਤ ਨਹਿਰੂ ਪੰਜਾਬੀਆਂ ਦੀਆਂ ਕੁਰਬਾਨੀਆਂ ਦੀ ਸ਼ਲਾਘਾ ਕਰਦਾ ਨਹੀਂ ਸੀ ਥੱਕਦਾ, ਓਦੋਂ ਦੜ ਵੱਟ ਗਿਆ। ਕੇਂਦਰ ਸਰਕਾਰ ਨੇ ਇੱਕੋ ਹੀ ਨੰਨਾ ਫੜ ਲਿਆ ਕਿ ਪੰਜਾਬ ਨੂੰ ਪੰਜਾਬੀ ਸੂਬਾ ਦੇਣਾ ਹੀ ਨਹੀਂ। ਇਹ ਇਸ ਲਈ ਵੀ ਸੀ ਕਿ ਇੱਕ ਤਾਂ ਉਨ੍ਹਾਂ ਦਿਨਾਂ ਵਿੱਚ ਪੰਜਾਬ ਦਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਸੀ, ਜਿਸ ਦੇ ਪੰਡਿਤ ਨਹਿਰੂ ਨਾਲ ਬਹੁਤ ਸੁਖਾਵੇਂ ਸਬੰਧ ਸਨ ਅਤੇ ਉਹ ਭਾਸ਼ਾ ਦੇ ਆਧਾਰ ਉੱਤੇ ਪੰਜਾਬ ਨੂੰ ਵੰਡ ਕੇ ਛੋਟਾ ਨਹੀਂ ਸੀ ਕਰਨਾ ਚਾਹੁੰਦਾ। ਪ੍ਰਤਾਪ ਸਿੰਘ ਕੈਰੋਂ ਮਹਾਂ-ਪੰਜਾਬ ਦੇ ਹੱਕ ਵਿੱਚ ਸੀ, ਜਿਸ ਵਿੱਚ ਪੂਰਾ ਹਰਿਆਣਾ ਤਾਂ ਹੈ ਹੀ ਸੀ, ਸਗੋਂ ਉਹ ਹਿਮਾਚਲ ਪ੍ਰਦੇਸ਼ ਦੇ ਬਹੁਤ ਸਾਰੇ ਹੋਰ ਹਿੱਸਿਆਂ ਨੂੰ ਵੀ ਮਹਾਂ-ਪੰਜਾਬ ਵਿੱਚ ਸ਼ਾਮਲ ਕਰਨਾ ਚਾਹੁੰਦਾ ਸੀ। ਦੂਜਾ ਪੰਜਾਬ ਦੀ ਉਸ ਵੇਲੇ ਦੀ ਜਨ ਸੰਘ (ਅੱਜ ਦੀ ਭਾਰਤੀ ਜਨਤਾ ਪਾਰਟੀ) ਵੀ ਪੰਜਾਬੀ ਭਾਸ਼ਾ ਦੀ ਵਿਰੋਧਤਾ ਕਰਦੀ ਸੀ।

ਇੱਥੇ ਇਹ ਜ਼ਿਕਰ ਕੁਥਾਂ ਨਹੀਂ ਹੋਵੇਗਾ ਕਿ ਜਿਸ ਵੇਲੇ ਪੰਜਾਬੀਆਂ ਵੱਲੋਂ ਪੰਜਾਬੀ ਸੂਬੇ ਦੀ ਮੰਗ ਚੁੱਕੀ ਗਈ, ਉਸ ਵੇਲੇ ਪੰਜਾਬ ਦਾ ਜੋ ਵਿਸ਼ਾਲ ਭੂਗੋਲਿਕ ਦ੍ਰਿਸ਼ ਸੀ, ਪੰਜਾਬੀ ਸੂਬਾ ਬਣਨ ਪਿੱਛੋਂ ਉਹ ਮੁਸ਼ਕਿਲ ਨਾਲ ਅੱਧਾ ਰਹਿ ਗਿਆ ਹੈ। ਮਿਸਾਲ ਵਜੋਂ ਉਸ ਵੇਲੇ ਪੰਜਾਬ ਵਾਹਗਾ ਸਰਹੱਦ ਤੋਂ ਚੱਲ ਕੇ ਦਿੱਲੀਓਂ ਅੱਗੇ ਲੰਘਦਾ ਮਥੁਰਾ ਤੋਂ ਥੋੜ੍ਹਾ ਜਿਹਾ ਪਹਿਲਾਂ ਕੋਸੀ ਤੱਕ ਸੀ। ਇੱਕ ਪਾਸੇ ਓਦੋਂ ਦਾ ਪੰਜਾਬ ਅੱਜ ਦਾ ਗੁੜਗਾਉਂ ਸ਼ਹਿਰ ਲੰਘ ਕੇ ਅੱਗੇ ਤੱਕ ਜਾਂਦਾ ਸੀ। ਹਿਮਾਚਲ ਵਾਲੇ ਪਾਸਿਓਂ ਇਹ ਊਨਾ, ਕਾਂਗੜਾ, ਧਰਮਸ਼ਾਲਾ, ਸ਼ਿਮਲਾ ਤੋਂ ਕਿਤੇ ਦੂਰ ਅੱਗੇ ਲਾਹੌਲ ਸਪਿਤੀ ਤੱਕ ਫੈਲਿਆ ਹੋਇਆ ਸੀ। ਅੱਜ ਬਦਕਿਸਮਤੀ ਇਹ ਹੈ ਕਿ ਇਹ ਸਾਰੇ ਇਲਾਕੇ ਇਸ ਕੋਲੋਂ ਖੁੱਸ ਗਏ ਹਨ ਤੇ ਇਸ ਕੋਲ ਇੱਕ ਵੀ ਪਹਾੜੀ ਸੈਰ-ਸਪਾਟੇ ਵਾਲੀ ਥਾਂ ਨਹੀਂ ਰਹੀ।

ਪੰਜਾਬੀਆਂ ਦਾ ਸਮੁੱਚਾ ਇਤਿਹਾਸ ਕੁਰਬਾਨੀਆਂ ਭਰਿਆ ਹੈ। ਪੰਜਾਬੀ ਸੂਬੇ ਦੇ ਮੋਰਚੇ ਸਮੇਂ ਅੱਜ ਵਾਂਗ ਖੇਤੀ ਬਹੁਤੀ ਆਧੁਨਿਕ ਨਹੀਂ ਸੀ, ਇਸ ਲਈ ਕਿਸਾਨ ਕਣਕ, ਕਪਾਹ ਬੀਜ ਜਾਂ ਵੱਢ ਕੇ ਲਗਭਗ ਵਿਹਲੇ ਹੋ ਜਾਂਦੇ ਸਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਜਦੋਂ ਵੀ ਕਿਸੇ ਮੋਰਚੇ ਲਈ ਇਨ੍ਹਾਂ ਨੂੰ ਆਵਾਜ਼ ਮਾਰੀ ਜਾਂਦੀ ਤਾਂ ਤੁਰੰਤ ਝੋਲਿਆਂ ਵਿੱਚ ਕੱਪੜੇ-ਲੱਤੇ ਪਾ ਕੇ ਮੋਰਚੇ ਉੱਤੇ ਆ ਹਾਜ਼ਰ ਹੁੰਦੇ ਸਨ। ਉਸ ਵੇਲੇ ਮਾਸਟਰ ਤਾਰਾ ਸਿੰਘ ਸਿੱਖਾਂ ਦਾ ਵੱਡਾ ਲੀਡਰ ਸੀ। ਪੰਜਾਬੀ ਸੂਬੇ ਦਾ ਮੋਰਚਾ ਬਹੁਤਾ ਉਹਦੀ ਅਗਵਾਈ ਹੇਠਾਂ ਹੀ ਲੜਿਆ ਗਿਆ। ਇਹ ਵੱਖਰੀ ਗੱਲ ਹੈ ਕਿ ਇਸੇ ਦੌਰਾਨ ਇਸ ਵਿੱਚ ਰਾਜਸਥਾਨ ਦੇ ਬੁੱਢਾ ਜੌਹੜ ਗੁਰਦੁਆਰੇ ਵਿੱਚ ਬੈਠੇ ਸੰਤ ਫਤਹਿ ਸਿੰਘ ਦੀ ਵੀ ਸ਼ਮੂਲੀਅਤ ਹੋ ਗਈ ਸੀ। ਪੰਜਾਬੀ ਸੂਬੇ ਨੂੰ ਕਈ ਉੱਚੇ-ਨੀਵੇਂ ਪੜਾਵਾਂ ਵਿੱਚੋਂ ਵੀ ਲੰਘਣਾ ਪਿਆ, ਜਿਸ ਵਿੱਚ ਸੰਤ ਫਤਹਿ ਸਿੰਘ ਵੱਲੋਂ ਅਕਾਲ ਤਖ਼ਤ ਵਿਖੇ ਅੰਗੀਠਾ ਬਣਾ ਕੇ ਜੀਉਂਦੇ ਜੀਅ ਸੜ ਕੇ ਮਰਨ ਦੀ ਦਿੱਤੀ ਧਮਕੀ ਵੀ ਸ਼ਾਮਲ ਸੀ। ਇਸ ਮੌਕੇ ਦਿੱਲੀ ਦੀ ਤਿਹਾੜ ਜੇਲ੍ਹ ਪੰਜਾਬੀ ਸੂਬੇ ਦੇ ਅੰਦੋਲਨਕਾਰੀਆਂ ਨਾਲ ਭਰ ਗਈ। ਦਿੱਲੀ ਜਾਂਦੇ ਜਥੇ ਦੀ ਅਗਵਾਈ ਕਰਦੇ ਮਾਸਟਰ ਤਾਰਾ ਸਿੰਘ ਨੂੰ ਦਿੱਲੀ ਤੋਂ ਪਹਿਲਾਂ ਨਰੇਲਾ ਵਿਖੇ ਗ੍ਰਿਫ਼ਤਾਰ ਕਰ ਲਿਆ ਗਿਆ। ਹੈਰਾਨੀ ਇਹ ਹੈ ਕਿ ਏਨਾ ਕੁਝ ਹੋਣ ਦੇ ਬਾਵਜੂਦ ਜਿੰਨਾ ਚਿਰ ਪੰਡਿਤ ਨਹਿਰੂ ਗੱਦੀ ਉੱਤੇ ਰਹੇ ਅਤੇ ਏਧਰੋਂ ਪ੍ਰਤਾਪ ਸਿੰਘ ਕੈਰੋਂ ਦਾ ਵੱਸ ਚੱਲਦਾ ਰਿਹਾ, ਪੰਜਾਬੀ ਸੂਬਾ ਨਹੀਂ ਬਣ ਸਕਿਆ। ਸੰਨ 1964 ਵਿੱਚ ਪੰਡਿਤ ਨਹਿਰੂ ਦਾ ਦੇਹਾਂਤ ਅਤੇ ਥੋੜ੍ਹਾ ਚਿਰ ਪ੍ਰਧਾਨ ਮੰਤਰੀ ਰਹਿ ਕੇ ਲਾਲ ਬਹਾਦੁਰ ਸ਼ਾਸਤਰੀ ਦੀ ਵੀ ਤਾਸ਼ਕੰਦ ਵਿੱਚ ਭੇਤਭਰੀ ਹਾਲਤ ਵਿੱਚ ਮੌਤ ਹੋਣ ਤੱਕ ਪੰਜਾਬੀ ਸੂਬਾ ਅੱਧ ਵਿਚਾਲੇ ਲਟਕਦਾ ਰਿਹਾ। ਇਸ ਸਮੇਂ ਦੌਰਾਨ ਕੇਂਦਰ ਸਰਕਾਰ ਪੰਜਾਬੀ ਸੂਬੇ ਬਾਰੇ ਕਈ ਮੀਟਿੰਗਾਂ ਰਾਹੀਂ ਲੁਕਣਮੀਚੀ ਜ਼ਰੂਰ ਖੇਡਦੀ ਰਹੀ। ਜਦੋਂ 1966 ਵਿੱਚ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਬਣੀ ਤਾਂ ਉਸ ਨੇ ਇਕਦੰਮ ਪੰਜਾਬ ਤੇ ਪੰਜਾਬੀਆਂ ਦੇ ਹਾਲਾਤ ਅਤੇ ਹੱਠ ਦਾ ਅੰਦਾਜ਼ਾ ਲਾਉਂਦਿਆਂ ਫੌਰੀ ਗੱਲਬਾਤ ਦਾ ਰਾਹ ਕੱਢ ਕੇ ਪੰਜਾਬੀ ਸੂਬਾ ਬਣਾ ਦਿੱਤਾ।

ਬਿਨਾਂ ਸ਼ੱਕ ਪੰਜਾਬ ਨੂੰ ਪੰਜਾਬੀ ਸੂਬਾ ਮਿਲ ਗਿਆ, ਪਰ ਕੌੜਾ ਸੱਚ ਇਹ ਹੈ ਕਿ ਇਹ ਦੁੱਧ ਵਿੱਚ ਮੀਂਗਣਾਂ ਪਾ ਕੇ ਦੇਣ ਵਾਂਗ ਮਿਲਿਆ। ਪਹਿਲਾਂ ਵਿਸ਼ਾਲ ਪੰਜਾਬ ਸੀ, ਹੁਣ ਛੋਟੀ ਜਿਹੀ ਪੰਜਾਬੀ ਸੂਬੀ ਰਹਿ ਗਈ, ਕਿਉਂਕਿ ਇਸ ਨੂੰ ਛਾਂਗ ਦਿੱਤਾ ਗਿਆ ਸੀ। ਇਸ ਵਿੱਚੋਂ ਪੂਰੇ ਦਾ ਪੂਰਾ ਹਰਿਆਣਾ ਸੂਬਾ ਨਿਕਲ ਆਇਆ। ਇਸ ਵਿੱਚ ਦੋ ਰਾਏ ਨਹੀਂ ਕਿ ਹਰਿਆਣਾ ਸੂਬੇ ਬਾਰੇ ਵੀ ਅੰਦੋਲਨ ਚੱਲਿਆ ਸੀ, ਪਰ ਉਹ ਏਨਾ ਜ਼ੋਰਦਾਰ ਨਹੀਂ ਸੀ। ਹਿਮਾਚਲ ਦੇ ਜਿੰਨੇ ਵੀ ਖੇਤਰ ਪਹਿਲਾਂ ਪੰਜਾਬ ਕੋਲ ਸਨ, ਉਹ ਸਾਰੇ ਇਸ ਦੇ ਹੱਥੋਂ ਨਿਕਲ ਗਏ। ਫਰੀਦਾਬਾਦ ਵਰਗਾ ਸਨਅਤੀ ਸ਼ਹਿਰ ਵੀ ਪੰਜਾਬ ਕੋਲੋਂ ਚਲਾ ਗਿਆ। ਪੰਜਾਬੀ ਬੋਲਦੇ ਕਾਫੀ ਇਲਾਕੇ ਹਰਿਆਣੇ ਵਿੱਚ ਰਹਿਣ ਦਿੱਤੇ ਗਏ ਅਤੇ ਅਤਿਅੰਤ ਅਹਿਮ ਗੱਲ ਇਹ ਸੀ ਕਿ ਦਰਿਆਈ ਪਾਣੀਆਂ ਦੀ ਵੰਡ ਵੀ ਗਲਤ ਹੋ ਗਈ ਅਤੇ ਨਾਲ ਹੀ ਏਸ਼ੀਆ ਦਾ ਜਿਹੜਾ ਖੂਬਸੂਰਤ ਸ਼ਹਿਰ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਸੀ, ਪੰਜਾਬ ਦੀ ਧਰਤੀ ਉੱਤੇ ਅਤੇ ਪੰਜਾਬੀਆਂ ਦੇ ਪੈਸੇ ਨਾਲ ਉੱਸਰਿਆ ਸੀ, ਇਸ ਨੂੰ ਵੀ ਪੰਜਾਬ ਤੋਂ ਖੋਹ ਲਿਆ ਗਿਆ ਤੇ ਚੰਡੀਗੜ੍ਹ ਨੂੰ ਪੰਜਾਬ ਤੇ ਹਰਿਆਣਾ ਦੋਵਾਂ ਦੀ ਰਾਜਧਾਨੀ ਬਣਾ ਦਿੱਤਾ ਗਿਆ। ਪਿਛਲੀ ਅੱਧੀ ਸਦੀ ਤੋਂ ਚੰਡੀਗੜ੍ਹ ਉੱਤੇ ਪੰਜਾਬ ਤੇ ਹਰਿਆਣਾ ਦੋਵੇਂ ਆਪਣਾ ਹੱਕ ਜਮਾਉਣ ਲਈ ਇਸ ਨੂੰ ਸਿਆਸੀ ਫੁੱਟਬਾਲ ਵਾਂਗ ਵਰਤ ਰਹੇ ਹਨ। ਇਸ ਉੱਤੇ ਪੂਰਾ ਹੱਕ ਪੰਜਾਬ ਦਾ ਹੀ ਬਣਦਾ ਹੈ, ਪਰ ਇਸ ਹੱਕ ਨੂੰ ਨਜ਼ਰ ਅੰਦਾਜ਼ ਕੀਤਾ ਗਿਆ। ਉਂਜ ਵੀ ਜਦੋਂ ਕੋਈ ਨਵਾਂ ਸੂਬਾ ਬਣਦਾ ਹੈ ਤਾਂ ਕੇਂਦਰ ਉਸ ਦੀ ਨਵੀਂ ਰਾਜਧਾਨੀ ਬਣਾਉਣ ਲਈ ਮਦਦ ਕਰਦਾ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਕੇਂਦਰ ਵਿੱਚ ਜਿੰਨੀਆਂ ਵੀ ਸਰਕਾਰਾਂ ਆਈਆਂ, ਕਿਸੇ ਨੇ ਵੀ ਪੰਜਾਬ ਅਤੇ ਪੰਜਾਬੀਆਂ ਦੀਆਂ ਕੁਰਬਾਨੀਆਂ ਦਾ ਮੁੱਲ ਨਹੀਂ ਪਾਇਆ। ਇਹ ਪੰਜਾਬ ਹੀ ਹੈ, ਜਿਹੜਾ ਹਮੇਸ਼ਾਂ ਦੇਸ਼ ਦੀ ਖੜਗ ਭੁਜਾ ਬਣ ਕੇ ਰਿਹਾ ਹੈ। ਇਹ ਵੀ ਪੰਜਾਬ ਹੀ ਹੈ, ਜਿਹੜਾ ਆਪ ਤਾਂ ਬਰਬਾਦ ਹੋ ਗਿਆ ਹੈ, ਪਰ ਇਸ ਨੇ ਦੇਸ਼ ਨੂੰ ਅਨਾਜ ਵਿੱਚ ਸਵੈ-ਨਿਰਭਰ ਕਰਨ ਵਿੱਚ ਮੋਹਰੀ ਰੋਲ ਨਿਭਾਇਆ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਦਾ ਅਤੀਤ ਤੇ ਅਜੋਕੀ ਸਥਿਤੀ

0

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਦਾ ਅਤੀਤ ਤੇ ਅਜੋਕੀ ਸਥਿਤੀ

ਕਿਰਪਾਲ ਸਿੰਘ (ਬਠਿੰਡਾ) 98554-80797

ਅਕਤੂਬਰ 1708 ਈ: ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਅਤੇ ਖਾਸ ਕਰ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ 9 ਜੂਨ 1716 ਵਿੱਚ ਸ਼ਹੀਦੀ ਤੋਂ ਉਪਰੰਤ ਅਪਰੈਲ 1801 ’ਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਸਥਾਪਤੀ ਤੱਕ ਦਾ ਸਮਾਂ ਸਿੱਖਾਂ ਲਈ ਅੱਤ ਬਿਖੜਾ ਸਮਾਂ ਰਿਹਾ ਹੈ ਕਿਉਂਕਿ ਮੌਕੇ ਦੀ ਮੁਗਲ ਸਰਕਾਰ ਸਿੱਖਾਂ ਦਾ ਖੁਰਾ ਖੋਜ ਮਿਟਾਉਣ ’ਤੇ ਤੁਲੀ ਹੋਈ ਸੀ। ਇਸ ਸਮੇਂ ਦੌਰਾਨ ਸਿੱਖਾਂ ਨੂੰ ਬਹੁਤਾ ਸਮਾਂ ਜਾਂ ਤਾਂ ਜੰਗਾਂ ਯੁੱਧਾਂ ਵਿੱਚ ਅਤੇ ਜਾਂ ਫਿਰ ਜੰਗਲਾਂ ਵਿੱਚ ਲੁਕ-ਛਿਪ ਕੇ ਹੀ ਗੁਜਾਰਨਾ ਪੈਂਦਾ ਸੀ। ਇਸ ਸਮੇਂ ਦੌਰਾਨ ਹਾਲਾਤ ਅਜੇਹੇ ਬਣ ਗਏ ਕਿ ਗੁਰਦੁਆਰਿਆਂ ਦੀ ਸੇਵਾ ਸੰਭਾਲ ਵਿਸ਼ੇਸ਼ ਤੌਰ ’ਤੇ ਉਦਾਸੀ ਅਤੇ ਨਿਰਮਲੇ ਸੰਤਾਂ/ਮਹੰਤਾਂ ਦੇ ਹੱਥ ਹੀ ਰਹੀ। ਇਸ ਬਿਖੜੇ ਸਮੇਂ ਦੌਰਾਨ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨ ਦਾ ਜ਼ਿੰਮਾ ਇਨ੍ਹਾਂ ਸੰਤਾਂ/ਮਹੰਤਾਂ ਪਾਸ ਰਿਹਾ, ਜੋ ਖੁਦ ਹਿੰਦੂ ਧਰਮ ਦੀ ਵਿਚਾਰਧਾਰਾ ਤੋਂ ਪੂਰੀ ਤਰ੍ਹਾਂ ਮੁਕਤ ਨਾ ਹੋਏ ਹੋਣ ਕਾਰਨ ਸ਼ਬਦ ਗੁਰੂ ਰਾਹੀਂ ਇੱਕ ਅਕਾਲ ਪੁਰਖ ਦੇ ਉਪਾਸ਼ਕ ਬਣਨ ਦੀ ਥਾਂ ’ਤੇ ਇਨ੍ਹਾਂ ਨੇ ਹਿੰਦੂ ਧਰਮ ਦੇ ਕਰਮਕਾਂਡ (ਮੂਰਤੀ ਪੂਜਾ, ਦੇਵ ਪੂਜਾ ਭਾਵ ਦੇਹ ਪੂਜਾ, ਜਾਤ-ਪਾਤ ਦਾ ਭੇਦ, ਆਦਿ) ਪ੍ਰਤੀ ਵਿਸ਼ਵਾਸ ਨੂੰ ਵੀ ਜਿਉਂ ਦਾ ਤਿਉਂ ਹੀ ਰੱਖਿਆ ਤੇ ਇਹ, ਇਨ੍ਹਾਂ ਗੁਰਮਤਿ ਵਿਰੋਧੀ ਕਾਰਜ ਕਾਰਨ ਗੁਰਬਾਣੀ ਦੀ ਵਿਲਖਣਤਾ ਨੂੰ ਸਮਾਜ ਵਿੱਚ ਪ੍ਰਗਟ ਕਰਨ ’ਚ ਅਸਫਲ ਰਹਿਣ ਦੇ ਜ਼ਿੰਮੇਵਾਰ ਅਤੇ ਦੋਸ਼ੀ ਵੀ ਮੰਨੇ ਗਏ।

ਮਹਾਰਾਜਾ ਰਣਜੀਤ ਸਿੰਘ ਦੇ ਰਾਜ 1801 ਤੋਂ 27 ਜੂਨ 1839 ਤੱਕ ਦੇ ਸਮੇ ਦੌਰਾਨ ਸਿੱਖਾਂ ਦਾ ਆਪਣਾ ਰਾਜ ਸਥਾਪਤ ਹੋ ਜਾਣ ਕਾਰਨ ਭਾਵੇਂ ਸਿੱਖਾਂ ਨੂੰ ਜੰਗਲਾਂ ’ਚੋਂ ਬਾਹਰ ਆ ਕੇ ਆਪਣੇ ਘਰਾਂ ਵਿੱਚ ਰਹਿਣਾ ਤਾਂ ਨਸੀਬ ਹੋ ਗਿਆ, ਪਰ ਬ੍ਰਹਮਣਵਾਦੀ ਸੋਚ ਤੋਂ ਮੁਕਤੀ ਨਾ ਮਿਲ ਸਕੀ। ਇਸ ਸਮੇਂ ਦੌਰਾਨ ਮਹਾਰਾਜਾ ਰਣਜੀਤ ਸਿੰਘ ਅਤੇ ਹੋਰ ਸਿੱਖ ਸਰਦਾਰਾਂ ਨੇ ਇਤਿਹਾਸਕ ਗੁਰਦੁਆਰਿਆਂ ਦੇ ਨਾਮ ਜਗੀਰਾਂ (ਜਾਇਦਾਦਾਂ) ਵੀ ਲਗਵਾ ਦਿੱਤੀਆਂ ਤਾਂ ਜੋ ਇਸ ਆਮਦਨ ਨਾਲ ਗੁਰਦੁਆਰਿਆਂ ਦਾ ਪ੍ਰਬੰਧ ਸੁਚੱਜੇ ਢੰਗ ਨਾਲ ਚਲਾਇਆ ਜਾ ਸਕੇ ਪਰ ਸਿੱਖ ਧਰਮ ਵਿੱਚ ਘੁਸਪੈਠ ਹੋਈਆਂ ਕੁਰੀਤੀਆਂ ਵੱਲ ਫਿਰ ਵੀ ਧਿਆਨ ਨਾ ਦਿੱਤਾ ਜਾ ਸਕਿਆ। ਮਹਾਰਾਜੇ ਦਾ ਬਹੁਤਾ ਸਮਾਂ ਰਾਜ ਪ੍ਰਬੰਧ ਨੂੰ ਪੱਕਾ ਕਰਨ ਅਤੇ ਇਸ ਦੀਆਂ ਹੱਦਾਂ ਵਧਾਉਣ ਵੱਲ ਹੀ ਕੇਂਦਰਿਤ ਰਿਹਾ। 27 ਜੂਨ 1839 ਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਜਾਣ ਉਪਰੰਤ ਡੋਗਰਿਆਂ ਦੀ ਗਦਾਰੀ ਅਤੇ ਅੰਗਰੇਜ਼ਾਂ ਦੀ ਕੂਟਨੀਤੀ ਕਾਰਨ ਕੇਵਲ 10 ਸਾਲ ਦੇ ਸਮੇਂ ਵਿੱਚ ਹੀ ਸੰਨ 1849 ਤੱਕ ਸਿੱਖ ਰਾਜ ਦਾ ਖਾਤਮਾ ਹੋ ਗਿਆ ਤੇ ਪੰਜਾਬ ’ਤੇ ਅੰਗਰੇਜ਼ਾਂ ਨੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ। ਅੰਗਰੇਜ਼ਾਂ ਨੇ ਗੁਰਮਤਿ ਵਿਚਾਰਧਾਰਾ ਨੂੰ ਖ਼ਤਮ ਕਰਨ ਲਈ ਅਤੇ ਈਸਾਈ ਧਰਮ ਦੇ ਪ੍ਰਚਾਰ ਲਈ ਕਈ ਤਰ੍ਹਾਂ ਦੇ ਯਤਨ ਆਰੰਭ ਕਰ ਦਿੱਤੇ। ਇਨ੍ਹਾਂ ਯਤਨਾਂ ’ਚੋਂ ਪਹਿਲਾ ਕਾਰਜ ਸਿੱਖਾਂ ਦੇ ਗੁਰਮਤਿ ਸਿਧਾਂਤ ਉੱਤੇ ਬਣੇ ਵਿਸ਼ਵਾਸ ਨੂੰ ਤੋੜਨਾ ਸੀ, ਜਿਸ ਲਈ ਇਸ ਸਿਧਾਂਤ ਦੇ ਮੂਲ ਸੋਮੇ ਗੁਰਦੁਆਰਿਆਂ ’ਤੇ ਕਾਬਜ ਹੋਣਾ ਸੀ। ਇਸ ਨੀਤੀ ਤਹਿਤ ਅੰਗਰੇਜ਼ੀ ਸਰਕਾਰ ਨੇ ਗੁਰਦੁਆਰਿਆਂ ਵਿੱਚ ਮਹੰਤ ਪ੍ਰਥਾ ਨੂੰ ਉਤਸ਼ਾਹਿਤ ਕੀਤਾ। ਪਿਤਾ ਮਹੰਤ ਦੀ ਮੌਤ ਉਪਰੰਤ ਉਸ ਦਾ ਪੁੱਤਰ ਜਾਂ ਚੇਲਾ ਹੀ ਗੁਰਦੁਆਰਿਆਂ ਦੀ ਸੇਵਾ ਸੰਭਾਲ ਅਤੇ ਜਾਇਦਾਦ ਦਾ ਮਾਲਕ ਬਣਨ ਲੱਗ ਪਿਆ ਭਾਵੇਂ ਉਸ ਵਿੱਚ ਗੁਰਮਤਿ ਦੀ ਸੂਝ ਅਤੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨ ਦੀ ਯੋਗਤਾ ਨਾ ਹੀ ਹੋਵੇ। ਆਰੰਭਕ ਦੌਰ ਵਿੱਚ ਤਾਂ ਇਹ ਮਹੰਤ ਕੁਝ ਠੀਕ ਰਹੇ ਪਰ ਪੈਸੇ ਦੀ ਆਮਦ ਤੇ ਖੁੱਲ੍ਹੀ ਤਾਕਤ ਕਾਰਨ ਇਹ ਅੱਯਾਸ਼ੀਆਂ ਕਰਨ ਲੱਗ ਪਏ। ਪੁਜਾਰੀ ਸ਼੍ਰੇਣੀ ਜੋ ਕਿ ਲੰਮੇ ਸਮੇਂ ਤੋਂ ਪੀੜ੍ਹੀ ਦਰ ਪੀੜ੍ਹੀ ਸੰਤਾਨ ਦੇ ਰੂਪ ਵਿੱਚ ਜਾਂ ਚੇਲਿਆਂ ਦੇ ਰੂਪ ਵਿੱਚ ਉਤਰਾਧਿਕਾਰੀ ਬਣ ਕੇ ਗੁਰਧਾਮਾਂ ਦੀ ਸੇਵਾ-ਸੰਭਾਲ ਕਰਦੀ ਆ ਰਹੀ ਸੀ, ਦੇ ਆਚਰਣ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈ ਤੇ ਪੁਜਾਰੀ ਸ਼੍ਰੇਣੀ ਸ਼ਰਾਬੀ ਅਤੇ ਅਯਾਸੀ ਬਣ ਬੈਠੀ। ਗੁਰਦੁਆਰੇ ਸਿੱਖੀ ਜੀਵਨ ਜਾਚ ਦੇ ਕੇਂਦਰ ਨਾ ਰਹਿ ਕੇ ਅਯਾਸੀ ਦੇ ਅੱਡੇ ਬਣਾ ਦਿੱਤੇ ਗਏ। ਮਹੰਤ ਗੁਰਦੁਆਰਿਆਂ ਦੀ ਜਾਇਦਾਦ ਨੂੰ ਨਿੱਜੀ ਸੁੱਖ ਤੇ ਆਰਾਮ ਲਈ ਵਰਤਣ ਲੱਗ ਪਏ, ਜਿਨ੍ਹਾਂ ’ਚੋਂ ਬਹੁਤੇ ਬਦਚਲਣ, ਅੱਯਾਸ਼ ਤੇ ਵਿਭਚਾਰੀ ਸਨ। ਗੁਰਦੁਆਰਿਆਂ ਵਿੱਚ ਕੁਰੀਤੀਆਂ ਤੇ ਗੁਰਮਤਿ ਵਿਰੁੱਧ ਹਰਕਤਾਂ ਹੋਣ ਲੱਗੀਆਂ, ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਅਲੋਪ ਹੋ ਗਈ। ਗੁਰੂ ਸਾਹਿਬਾਨ ਨੇ ਗੁਰੂ ਦੀ ਗੋਲਕ ਨੂੰ ਗ਼ਰੀਬ ਦਾ ਮੂੰਹ ਕਿਹਾ ਸੀ, ਜਿਸ ਦਾ ਦੁਰ-ਉਪਯੋਗ ਹੋਣ ਲੱਗਾ। ਅਕਾਲ ਤਖ਼ਤ ਸਾਹਿਬ ਨੂੰ ਨਿਜੀ ਹਿੱਤਾਂ ਲਈ ਵਰਤਿਆ ਜਾਣ ਲੱਗਾ। ਗੁਰਦੁਆਰਿਆਂ ਵਿੱਚ ਮਨਮਤ ਵਧ ਗਈ। ਦਰਬਾਰ ਸਾਹਿਬ ਦੀ ਪਰਕਰਮਾ ਵਿੱਚ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਬਣਾ ਕੇ ਉਨ੍ਹਾਂ ਦੀ ਪੂਜਾ ਹੋਣ ਲੱਗੀ। ਅੰਗਰੇਜ਼ ਗੁਰਦੁਆਰਿਆਂ ਦੇ ਸੁਧਾਰ ਦੀ ਥਾਂ ਮਹੰਤਾਂ ਤੇ ਪੁਜਾਰੀਆਂ ਦਾ ਕਬਜ਼ਾ ਰਖਵਾ ਕੇ ਖੁਸ਼ ਸਨ। ਇੱਥੋਂ ਤੱਕ ਵੀ ਚਰਚਾ ਸੀ ਕਿ ਗੁਰਦੁਆਰਿਆਂ ਨੂੰ ਪੁਜਾਰੀ ਸ਼੍ਰੇਣੀ ਈਸਾਈਆਂ ਕੋਲ ਵੇਚਣ ਲਈ ਤਿਆਰ ਹੋ ਗਈ, ਜਿਨ੍ਹਾਂ ਨੂੰ ਚਰਚ ਦੇ ਰੂਪ ਵਿੱਚ ਬਦਲਿਆ ਜਾਣਾ ਸੀ। ਇਹ ਵੀ ਐਲਾਨ ਹੋਣ ਲੱਗ ਪਏ ਕਿ ਸਿੱਖੀ ਛੇਤੀ ਹੀ ਦੁਨੀਆਂ ਤੋਂ ਖ਼ਤਮ ਹੋ ਕੇ ਅਜਾਇਬ ਘਰਾਂ ਦੀਆਂ ਤਸਵੀਰਾਂ ਅਤੇ ਲਾਇਬ੍ਰੇਰੀ ਦੀਆਂ ਪੁਸਤਕਾਂ ਤੱਕ ਸੀਮਤ ਹੋ ਜਾਵੇਗੀ।

19ਵੀਂ ਸਦੀ ਦੇ ਅਖੀਰ ਵਿੱਚ ਸਿੱਖ ਪੰਥ ਨੂੰ ਪ੍ਰਫੁਲਿਤ ਕਰਨ ਲਈ ਨਾਮਧਾਰੀ, ਨਿਰੰਕਾਰੀ ਅਤੇ ਸਿੰਘ ਸਭਾ, ਆਦਿ ਲਹਿਰਾਂ ਚੱਲੀਆਂ ਅਤੇ ਇਨ੍ਹਾਂ ਦੇ ਯਤਨਾਂ ਸਦਕਾ ਸਿੱਖੀ ਦੀ ਹੋਂਦ ਖ਼ਤਮ ਹੋਣ ਤੋਂ ਕੁਝ ਬਚ ਗਈ ਅਤੇ ਹੋਰ ਪ੍ਰਫੁਲਿਤ ਹੋਈ (ਇਹ ਵੱਖਰੀ ਗੱਲ ਹੈ ਕਿ ਸਿੱਖੀ ਵਿੱਚ ਸੁਧਾਰਵਾਦੀ ਦੇ ਰੂਪ ਵਿੱਚ ਉਪਜੀਆਂ ਨਾਮਧਾਰੀ ਅਤੇ ਨਿਰੰਕਾਰੀ ਸੰਸਥਾਵਾਂ ਸ਼ਬਦ-ਗੁਰੂ ਦੇ ਸਿਧਾਂਤ ਨੂੰ ਦੇਹਧਾਰੀ ਗੁਰੂ ਪ੍ਰਥਾ ਵੱਲ ਪਲਟ ਕੇ ਸਿੱਖ ਵਿਰੋਧੀ ਸੰਸਥਾਵਾਂ ਵਿੱਚ ਆਪਣੀ ਗਿਣਤੀ ਕਰਵਾਉਣ ਲੱਗ ਪਈਆਂ ਹਨ) ਪਰ ਇਨ੍ਹਾਂ ਲਹਿਰਾਂ ਦੇ ਮੁਖੀਆਂ ਨੇ ਵੀ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸੁਧਾਰ ਲਿਆਉਣ ਲਈ ਬਹੁਤੀ ਦਖਲ-ਅੰਦਾਜ਼ੀ ਨਾ ਕੀਤੀ, ਜਿਸ ਸਦਕਾ ਗੁਰਦੁਆਰਿਆਂ ਵਿੱਚ ਮਨਮਤ ਦਾ ਦੌਰ ਜਾਰੀ ਰਿਹਾ। ਜੇਕਰ ਕਿਧਰੇ ਕੋਈ ਪੰਥ ਦਰਦੀ ਇਸ ਮਨਮਤ ਖਿਲਾਫ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹ ਕੋਸ਼ਿਸ਼ ਵੀ ਨਿਸਫਲ ਹੋ ਜਾਂਦੀ। 20ਵੀਂ ਸਦੀ ਦੇ ਆਰੰਭ ਵਿੱਚ ਕੁਝ ਐਸੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ਨੇ ਸਿੱਖ ਪੰਥ ਦਰਦੀਆਂ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ। ਸਿੱਖਾਂ ਵਿੱਚ ਚੇਤਨਤਾ ਆਈ ਕਿ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਸੁਧਾਰਿਆ ਜਾਏ। ਇਨ੍ਹਾਂ ਵਿੱਚੋਂ ਮੁੱਖ ਤੌਰ ’ਤੇ ਦੋ ਘਟਨਾਵਾਂ ਇਹ ਸਨ- ਪਹਿਲੀ 1914 ਈ: ਨੂੰ ਕਲਕੱਤੇ ਵਿਖੇ ਬਜਬਜ ਘਾਟ ’ਤੇ ਸ਼ਹੀਦ ਹੋਣ ਵਾਲੇ 22 ਸਿੱਖ ਮੁਸਾਫਰਾਂ ਦੇ ਬਾਰੇ ਅੰਗਰੇਜ਼ ਸਰਕਾਰ ਦੀ ਸ਼ਹਿ ਉੱਪਰ ਅਕਾਲ ਤਖਤ ਸਾਹਿਬ ਤੋਂ ਸਰਬਰਾਹ ਅਰੂੜ ਸਿੰਘ ਰਾਹੀਂ ਹੁਕਮਨਾਮਾ ਜਾਰੀ ਕਰਵਾਇਆ ਗਿਆ ਕਿ ਉਹ ਸਿੱਖ ਨਹੀਂ ਸਨ। ਦੂਜਾ ਜਲ੍ਹਿਆਂ ਵਾਲੇ ਬਾਗ ਵਿੱਚ 1919 ਈ. ਦੀ ਵਿਸਾਖੀ ਨੂੰ ਤਕਰੀਬਨ 1300 ਭਾਰਤੀਆਂ ਨੂੰ, ਜਿਨ੍ਹਾਂ ਵਿੱਚੋਂ 800 ਦੇ ਕਰੀਬ ਸਿੱਖ ਸਨ, ਸ਼ਹੀਦ ਕਰਨ ਵਾਲੇ ਜਨਰਲ ਡਾਇਰ ਨੂੰ ਸ੍ਰੀ ਦਰਬਾਰ ਸਾਹਿਬ ਦੇ ਸਰਬਰਾਹ ਅਰੂੜ ਸਿੰਘ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ।

ਇਨ੍ਹਾਂ ਘਟਨਾਵਾਂ ਉਪਰੰਤ ਪੰਥ ਦਰਦੀ ਸਿੱਖਾਂ ਨੇ 5 ਅਕਤੂਬਰ ਸੰਨ 1920 ਈ. ਨੂੰ ਗੁਰਦੁਆਰਾ ਬਾਬੇ ਦੀ ਬੇਰ ਸਿਆਲਕੋਟ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਲਿਆ ਤਾਂ ਸਿੱਖ ਪੰਥ ਵਿੱਚ ਇੱਕ ਨਵੀਂ ਜਾਗ੍ਰਿਤੀ ਲਹਿਰ ਪੈਦਾ ਹੋਈ। ਛੇਤੀ ਹੀ ਇੱਕ ਤੋਂ ਬਾਅਦ ਇੱਕ ਗੁਰਦੁਆਰਾ ਸਾਹਿਬਾਨ ਸਿੱਖ ਪੰਥ ਦੇ ਪ੍ਰਬੰਧ ਹੇਠ ਆਉਣੇ ਸ਼ੁਰੂ ਹੋ ਗਏ; ਜਿਵੇਂ ਕਿ ਗੁਰਦੁਆਰਾ ਚੁਮਾਲਾ ਸਾਹਿਬ (ਲਾਹੌਰ), ਗੁਰਦੁਆਰਾ ਭਾਈ ਜੋਗਾ ਸਿੰਘ (ਪਿਸ਼ਾਵਰ), ਗੁਰਦੁਆਰਾ ਖ਼ਰਾ ਸੌਦਾ (ਚੂਹੜਕਾਣਾ), ਗੁਰਦੁਆਰਾ ਪੰਜਾ ਸਾਹਿਬ, ਆਦਿ।

ਸਿੱਖ ਜਗਤ ਵਿੱਚ ਆਈ ਇਸ ਨਵੀਂ ਜਾਗ੍ਰਤੀ ਨੂੰ ਵੇਖਦਿਆਂ 13 ਅਕਤੂਬਰ 1920 ਨੂੰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਨਵੇਂ ਬਣਾਏ ਸਰਬਰਾਹ ਸੁੰਦਰ ਸਿੰਘ ਰਾਮਗੜ੍ਹੀਆ ਦੀ ਅਗਵਾਈ ’ਚ 9 ਮੈਂਬਰਾਂ ਦੀ ਆਰਜੀ ਕਮੇਟੀ ਬਣਾ ਦਿੱਤੀ। ਉੱਧਰ ਸਿੱਖ ਸੰਗਤਾਂ ਵੱਲੋਂ ਜੱਦੋ-ਜਹਿਦ ਨਾਲ ਮਹੰਤਾਂ ਕੋਲੋਂ ਛੁਡਾਏ ਜਾਣ ਵਾਲੇ ਗੁਰਦੁਆਰਿਆਂ ਦੇ ਸੁਚੱਜੇ ਅਤੇ ਇਕ ਰੂਪ ਪ੍ਰਬੰਧ ਲਈ, ਇਕ ਕੇਂਦਰੀ ਸੰਸਥਾ ਦੀ ਲੋੜ ’ਤੇ ਦੀਰਘ ਪੰਥਕ ਵਿਚਾਰ-ਵਟਾਂਦਰੇ ਕਰਨ ਲਈ; ਅੰਮ੍ਰਿਤਸਰ ਦੇ ਵਾਸੀ ਡਾ: ਗੁਰਬਖ਼ਸ਼ ਸਿੰਘ ਸੇਵਕ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਂਅ ਹੇਠ ਸਮੂਹ ਖ਼ਾਲਸਾ ਪੰਥ ਨੂੰ 1 ਮੱਘਰ/ 15 ਨਵੰਬਰ 1920 (ਇਸ ਸਾਲ 2017 ਵਿੱਚ 1 ਮੱਘਰ ਬਿਕ੍ਰਮੀ ਕੈਲੰਡਰ ਮੁਤਾਬਕ 16 ਨਵੰਬਰ ਨੂੰ ਹੈ ਤੇ ਨਾਨਕਸ਼ਾਹੀ ਕੈਲੰਡਰ ਮੁਤਾਬਕ 14 ਨਵੰਬਰ ਨੂੰ ਹੈ; ਇਸੇ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸਾਲ ਆਪਣਾ ਸਥਾਪਨਾ ਦਿਵਸ 16 ਨਵੰਬਰ ਨੂੰ ਮਨਾਏਗੀ ਬੇਸ਼ੱਕ ਇਹ ਤਾਰੀਖ ਤਕਰੀਬਨ ਹਰ ਸਾਲ ਜਾਂ ਦੋ ਸਾਲ ਬਾਅਦ ਬਦਲਦੀ ਰਹਿੰਦੀ ਹੈ ਜਦਕਿ ਨਾਨਕਸ਼ਾਹੀ ਕੈਲੰਡਰ ਮੁਤਾਬਕ ਇਹ ਦਿਨ ਹਰ ਸਾਲ 1 ਮੱਘਰ 14 ਨਵੰਬਰ ਨੂੰ ਸਥਿਰ ਹੈ।) ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਇਕੱਤਰਤਾ ਕਰਨ ਦਾ ਸੱਦਾ ਦੇ ਦਿੱਤਾ, ਜਿਸ ਵਿੱਚ ਸਿੱਖਾਂ ਦੀ ਇਸ ਜਾਗਰੂਕ ਲਾਮਬੰਦੀ ਨੂੰ ਲੈ ਕੇ ਅੰਗਰੇਜ਼ ਸਰਕਾਰ ਭੈਅ-ਭੀਤ ਹੋ ਗਈ ਅਤੇ ਉਸ ਨੇ ਸਿੱਖਾਂ ਨੂੰ ਜਥੇਬੰਦ ਹੋਣ ਤੋਂ ਰੋਕਣ ਲਈ ਸਿੱਖਾਂ ਵਿੱਚ ਫੁੱਟ ਪਾਉਣ ਅਤੇ ਆਪਣੇ ਵਫਾਦਾਰਾਂ ਰਾਹੀਂ ਗੁਰਦੁਆਰਿਆਂ ਦੇ ਪ੍ਰਬੰਧਾਂ ਨੂੰ ਕਾਬੂ ਹੇਠ ਰੱਖਣ ਦੇ ਮਕਸਦ ਨਾਲ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਦੀ ਸਲਾਹ ਨਾਲ ਆਪਣੀ ਇੱਕ 36 ਮੈਂਬਰੀ ਅਸਥਾਈ ਸਲਾਹਕਾਰ ਕਮੇਟੀ ਦੀ ਸਥਾਪਨਾ ਕਰਨ ਦਾ ਐਲਾਨ ਕਰ ਦਿੱਤਾ, ਜਿਸ ਦਾ ਪ੍ਰਧਾਨ ਹਰਬੰਸ ਸਿੰਘ ਅਟਾਰੀ ਨੂੰ ਬਣਾਇਆ ਗਿਆ। ਪਹਿਲਾਂ ਤੋਂ ਐਲਾਨੇ ਪ੍ਰੋਗਰਾਮ ਅਨੁਸਾਰ 15-16 ਨਵੰਬਰ ਨੂੰ ਅਕਾਲ ਤਖ਼ਤ ’ਤੇ ਸਿੱਖ ਸੰਗਤ ਦੀ ਵਿਸ਼ਾਲ ਇਕੱਤਰਤਾ ਹੋਈ, ਜਿਸ ਵਿੱਚ ਲੰਮੇ ਵਿਚਾਰ ਵਟਾਂਦਰੇ ਤੋਂ ਬਾਅਦ ਇੱਕ ਕਮੇਟੀ ਬਣਾਈ ਗਈ, ਜਿਸ ਦਾ ਨਾਮ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਰੱਖਿਆ ਗਿਆ। ਇਸ ਕਮੇਟੀ ਵਿੱਚ ਕੁੱਲ 175 ਮੈਂਬਰ ਨਿਯੁਕਤ ਕੀਤੇ ਗਏ, ਜਿਨ੍ਹਾਂ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ, ਦੇਸ਼ ਦੇ ਦੂਸਰੇ ਪ੍ਰਾਂਤਾਂ ਅਤੇ ਵਿਦੇਸ਼ਾਂ ਵਿੱਚ ਵਸੇ ਸਿੱਖਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਅੰਗਰੇਜ਼ ਸਰਕਾਰ ਦੀ ਫੁੱਟਪਾਊ ਨੀਤੀ ਫੇਲ੍ਹ ਕਰਨ ਲਈ ਅੰਗਰੇਜ਼ ਸਰਕਾਰ ਵੱਲੋਂ ਨਿਯੁਕਤ ਕੀਤੇ 36 ਮੈਂਬਰਾਂ ਨੂੰ ਵੀ ਸ਼ਾਮਲ ਕਰ ਲਿਆ ਗਿਆ ਤਾਂ ਕਿ ਸਿੱਖਾਂ ਵਿੱਚ ਏਕਤਾ ਬਣੀ ਰਹੇ ਅਤੇ ਸਰਕਾਰ ਨੂੰ ਕੋਈ ਟਕਰਾਅ ਕਰਨ ਦਾ ਬਹਾਨਾ ਨਾ ਮਿਲ ਸਕੇ। ਇਸ ਕਮੇਟੀ ਦੀ ਪਹਿਲੀ ਮੀਟਿੰਗ 12 ਦਸੰਬਰ 1920 ਨੂੰ ਅਕਾਲ ਤਖ਼ਤ ’ਤੇ ਰੱਖੀ ਗਈ ਜਿਸ ਵਿੱਚ ਸੁੰਦਰ ਸਿੰਘ ਮਜੀਠੀਆ ਨੂੰ ਪ੍ਰਧਾਨ, ਹਰਬੰਸ ਸਿੰਘ ਅਟਾਰੀ ਨੂੰ ਮੀਤ ਪ੍ਰਧਾਨ, ਸੁੰਦਰ ਸਿੰਘ ਰਾਮਗੜ੍ਹੀਆ ਨੂੰ ਸਕੱਤਰ ਬਣਾਇਆ ਗਿਆ। ਪਹਿਲੀ ਇਕੱਤਰਤਾ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਧਾਨ ਬਣਾਉਣ ਲਈ ਸਬ ਕਮੇਟੀ ਬਣਾਈ ਗਈ। 30 ਅਪਰੈਲ 1921 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਜਿਸਟਰੇਸ਼ਨ ਕਰਵਾਈ ਗਈ।

ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਉਣ ਤੋਂ ਅਗਲੇ ਹੀ ਦਿਨ 13 ਦਸੰਬਰ 1920 ਨੂੰ ਅਕਾਲੀ ਦਲ ਹੋਂਦ ਵਿੱਚ ਆਇਆ। ਸਿੱਖ ਪੰਥ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਰੂਪ ਵਿੱਚ ਦੋ ਮਜਬੂਤ ਜਥੇਬੰਦੀਆਂ ਪ੍ਰਾਪਤ ਹੋਈਆਂ ਕਿਉਂਕਿ ਮਹੰਤ ਸ਼੍ਰੇਣੀ ਗੁਰਦੁਆਰਿਆਂ ਨੂੰ ਆਪਣੀ ਨਿੱਜੀ ਜਾਇਦਾਦ ਅਤੇ ਨਿੱਜੀ ਆਮਦਨ ਦੇ ਸਾਧਨ ਸਮਝਦੀ ਸੀ, ਇਸ ਲਈ ਉਨ੍ਹਾਂ ਅੰਦਰ ਇਹ ਡਰ ਪੈਦਾ ਹੋ ਗਿਆ ਕਿ ਛੇਤੀ ਹੀ ਗੁਰਦੁਆਰਿਆਂ ਦਾ ਪ੍ਰਬੰਧ ਉਨ੍ਹਾਂ ਤੋਂ ਖੁੱਸ ਜਾਵੇਗਾ।

ਗੁਰਦੁਆਰਾ ਸੁਧਾਰ ਲਹਿਰ ਦੇ ਨਾਮ ਹੇਠ ਪੰਜਾਬ ਵਿੱਚ 1920 ਤੋਂ ਲੈ ਕੇ ਸੰਨ 1925 ਈ: ਵਿੱਚ ਗੁਰਦੁਆਰਾ ਐਕਟ ਬਣ ਜਾਣ ਤੱਕ ਲਹਿਰ ਚੱਲੀ, ਜਿਸ ਸਦਕਾ ਗੁਰਦੁਆਰਿਆਂ ਤੋਂ ਮਹੰਤਾਂ ਦਾ ਕਬਜ਼ਾ ਖਤਮ ਕੀਤਾ ਗਿਆ ਅਤੇ ਇਨ੍ਹਾਂ ਦਾ ਪ੍ਰਬੰਧ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਲਿਆਂਦਾ ਗਿਆ। ਸਿੱਖ ਪੰਥ ਨੂੰ ਗੁਰਦੁਆਰਿਆਂ ਦੀ ਸੇਵਾ-ਸੰਭਾਲ ਆਪਣੇ ਹੱਥਾਂ ਵਿੱਚ ਲੈਣ ਲਈ ਕਾਫ਼ੀ ਘਾਲਣਾ ਘਾਲਣੀ ਪਈ, ਪੁਲਿਸ ਦੀਆਂ ਡਾਂਗਾਂ ਦੀ ਬੇਰਹਿਮੀ ਨਾਲ ਮਾਰ ਝੱਲਣ ਅਤੇ ਜੇਲ੍ਹਾਂ ਵਿੱਚ ਕਸ਼ਟ ਸਹਿਣ ਤੋਂ ਇਲਾਵਾ ਜਾਨੀ ਤੇ ਮਾਲੀ ਰੂਪ ਵਿੱਚ ਕਈ ਕੁਰਬਾਨੀਆਂ ਦੇਣੀਆਂ ਪਈਆਂ, ਜਿਨ੍ਹਾਂ ਵਿੱਚੋਂ ਦਰਬਾਰ ਸਾਹਿਬ ਤਰਨ ਤਾਰਨ ਦੇ ਮਹੰਤ ਦੇ ਗੁੰਡਿਆਂ ਵੱਲੋਂ ਸਰੋਵਰ ਦੇ ਜਲ ਵਿੱਚ ਸ਼ਰਾਬ ਦੀਆਂ ਬੋਤਲਾਂ ਠੰਡੀਆਂ ਕੀਤੇ ਜਾਣ ਅਤੇ ਦਰਬਾਰ ਸਾਹਿਬ ਵਿੱਚ ਸ਼ਰੇਆਮ ਬੀਬੀਆਂ ਦੀ ਪੱਤ ਲੁੱਟੇ ਜਾਣ ਵਿਰੁੱਧ ਆਵਾਜ਼ ਉਠਾਉਣ ਵਾਲੇ ਭਾਈ ਹਜਾਰਾ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਮੱਥਾ ਟੇਕਦੇ ਸਮੇਂ 31 ਜਨਵਰੀ 1921 ਨੂੰ ਟਕੂਏ ਨਾਲ ਸ਼ਹੀਦ ਕਰ ਦੇਣਾ; ਨਨਕਾਣਾ ਸਾਹਿਬ ਵਿਖੇ 21 ਫਰਵਰੀ ਸੰਨ 1921 ਨੂੰ ਵਾਪਰੇ ਸ਼ਹੀਦੀ ਸਾਕੇ ਦੌਰਾਨ ਅਨੇਕਾਂ ਹੋਰ ਸਿੰਘਾਂ ਸਮੇਤ ਭਾਈ ਲਛਮਣ ਸਿੰਘ ਧਾਰੋਵਾਲੀ ਨੂੰ ਜੰਡ ਨਾਲ ਬੰਨ੍ਹ ਕੇ ਸਾੜਿਆ ਗਿਆ ਅਤੇ ਭਾਈ ਦਲੀਪ ਸਿੰਘ ਨੂੰ ਭਖਦੇ ਭੱਠ ਵਿੱਚ ਸੁੱਟ ਕੇ ਸ਼ਹੀਦ ਕੀਤੇ ਜਾਣਾ, 8 ਅਗਸਤ 1922 ਤੋਂ 14 ਮਾਰਚ 1923 ਈ: ਤੱਕ ਚੱਲਿਆ ਗੁਰੂ ਕਾ ਬਾਗ ਮੋਰਚਾ ਅਤੇ ਇਸੇ ਮੋਰਚੇ ਦੌਰਾਨ ਗ੍ਰਿਫ਼ਤਾਰ ਕੀਤੇ ਸਿੰਘਾਂ ਨੂੰ ਅਟਕ ਦੀ ਜੇਲ੍ਹ ਵਿੱਚ ਤਬਦੀਲ ਕਰਨ ਲਈ ਲਿਜਾ ਰਹੀ ਰੇਲ ਗੱਡੀ ਵਿੱਚ ਸਵਾਰ ਕੈਦੀ ਸਿੰਘਾਂ ਨੂੰ ਰੋਕ ਕੇ ਗੁਰੂ ਕਾ ਲੰਗਰ ਛਕਾਉਣ ਅਤੇ ਟਹਿਲ ਸੇਵਾ ਕਰਨ ਦੇ ਮਕਸਦ ਨਾਲ ਗੁਰਦੁਆਰਾ ਪੰਜਾ ਸਾਹਿਬ ਦੇ ਨੇੜਲੇ ਰੇਲਵੇ ਸਟੇਸ਼ਨ ਹਸਨ ਅਬਦਾਲ (ਹੁਣ ਪਾਕਿਸਤਾਨ) ਵਿਖੇ ਰੇਲ ਗੱਡੀ ਰੋਕਦੇ ਸਮੇਂ ਰੇਲਵੇ ਲਾਈਨ ’ਤੇ ਪਏ ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ 29 ਅਕਤੂਬਰ 1922 ਈ: ਨੂੰ ਰੇਲ ਗੱਡੀ ਹੇਠ ਆ ਕੇ ਗੰਭੀਰ ਰੂਪ ਵਿਚ ਜ਼ਖਮੀ ਹੋਣ ਉਪਰੰਤ ਦੋ ਦਿਨਾਂ ਬਾਅਦ ਦੋਵਾਂ ਦਾ ਹੀ 31 ਅਕਤੂਬਰ ਨੂੰ ਸ਼ਹਾਦਤ ਪ੍ਰਾਪਤ ਕਰ ਜਾਣਾ ਅਤੇ 8 ਜੂਨ 1923 ਨੂੰ ਅਰੰਭ ਹੋ ਕੇ ਪੌਣੇ ਦੋ ਸਾਲ ਤੋਂ ਵੀ ਵੱਧ ਸਮੇਂ ਤੱਕ ਸਾਰੇ ਸਿੱਖ ਮੋਰਚਿਆਂ ਤੋਂ ਲੰਮਾ ਸਮਾਂ ਜਾਰੀ ਰਹਿਣ ਵਾਲੇ ਗੰਗਸਰ ਜੈਤੋ ਦੇ ਮੋਰਚੇ ਵਿੱਚ 21 ਫਰਵਰੀ 1924 ਨੂੰ ਪੁਲਿਸ ਵੱਲੋਂ ਚਲਾਈ ਗੋਲ਼ੀ ਦੌਰਾਨ 300 ਸਿੰਘ ਗੋਲ਼ੀ ਦਾ ਸ਼ਿਕਾਰ ਹੋਏ, ਜਿਨ੍ਹਾਂ ਵਿੱਚੋਂ 100 ਸਿੰਘ ਸ਼ਹਾਦਤ ਹਾਸਲ ਕਰ ਗਏ। ਗੁਰਦੁਆਰਾ ਸੁਧਾਰ ਲਹਿਰ ਦੌਰਾਨ ਵਾਪਰੇ ਸਾਰੇ ਖ਼ੂਨੀ ਸਾਕਿਆਂ ਦਾ ਇੱਕੋ ਲੇਖ ਵਿੱਚ ਵਿਸਥਾਰ ਸਹਿਤ ਵਰਣਨ ਕਰਨਾ ਅਸੰਭਵ ਹੈ ਪਰ ਮੋਟੇ ਤੌਰ ’ਤੇ ਤਕਰੀਬਨ 6 ਸਾਲ ਚੱਲੇ ਇਸ ਜਥੇਬੰਦਕ ਸੰਘਰਸ਼ ਦੌਰਾਨ 30 ਹਜ਼ਾਰ ਸਿੰਘਾਂ ਨੇ ਜੇਲ੍ਹਾਂ ਕੱਟੀਆਂ, 400 ਦੀਆਂ ਜਾਨਾਂ ਗਈਆਂ, 2 ਹਜ਼ਾਰ ਜ਼ਖਮੀ ਹੋਏ ਤੇ 700 ਮੁਲਾਜ਼ਮ ਬਰਖਾਸਤ ਕੀਤੇ ਗਏ, 15 ਲੱਖ ਤੋਂ ਵੱਧ ਜੁਰਮਾਨਾ ਭਰਿਆ। ਅਖੀਰ ਅੰਗਰੇਜ਼ ਸਾਮਰਾਜ ਨੂੰ ਸੰਗਠਿਤ ਸਿੱਖ ਸ਼ਕਤੀ ਅੱਗੇ ਗੋਡੇ ਟੇਕਣੇ ਪਏ। ਸਿੱਖ ਗੁਰਦੁਆਰਾ ਐਕਟ ਬਣਾਉਣ ਲਈ 9 ਜੁਲਾਈ 1925 ਨੂੰ ਪੇਸ਼ ਕੀਤਾ ਗਿਆ ਬਿਲ ਸਿਮਲਾ ਇਜਲਾਸ ਵਿੱਚ ਪਾਸ ਕਰ ਦਿੱਤਾ ਗਿਆ। 28 ਜੁਲਾਈ 1925 ਦੇ ਦਿਨ ਗਵਰਨਰ ਵੱਲੋਂ ਦਸਤਖਤ ਕਰਨ ’ਤੇ ਇਹ ਬਿੱਲ ਐਕਟ ਬਣ ਗਿਆ। ਜੁਲਾਈ 1925 ਵਿੱਚ ਸਿੱਖ ਗੁਰਦੁਆਰਾ ਐਕਟ ਬਣ ਜਾਣ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਾਰ ਦੀ ਪਹਿਲੀ ਲੋਕਤੰਤਰੀ ਢੰਗ ਨਾਲ ਧਾਰਮਿਕ ਅਸਥਾਨਾਂ ਦਾ ਪ੍ਰਬੰਧ ਕਰਨ ਵਾਲੀ ਸ਼੍ਰੋਮਣੀ ਸੰਸਥਾ ਬਣੀ। ਅਕਾਲੀ ਲਹਿਰ ਨੇ ਗੁਰਦੁਆਰਾ ਚੋਣਾਂ ਵਿੱਚ ਪਹਿਲੀ ਵਾਰ ਸਿੱਖ ਬੀਬੀਆਂ ਨੂੰ ਵੋਟ ਦਾ ਅਧਿਕਾਰ ਦਿਵਾਇਆ। 18 ਜੂਨ 1926 ਨੂੰ ਗੁਰਦੁਆਰਾ ਐਕਟ ਅਧੀਨ ਪਹਿਲੀ ਵਾਰ ਚੋਣ ਹੋਈ ਜਿਸ ਵਿੱਚ ਜੇਲ੍ਹਾਂ ਵਿੱਚ ਬੰਦ ਹੋਣ ਦੇ ਬਾਵਜੂਦ ਜੁਝਾਰੂ ਸਿੱਖ ਉਮੀਦਵਾਰਾਂ ਨੇ ਨਿਰਮਲੇ (ਮਹੰਤ) ਧੜੇ ਦੇ ਸਿੱਖਾਂ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ। ਇਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖਾਂ ਦੀ ਚੁਣੀ ਹੋਈ ਸ਼੍ਰੋਮਣੀ ਸੰਸਥਾ ਹੋਣ ਦਾ ਮਾਣ ਹਾਸਲ ਹੋਇਆ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਦੇ ਪਿਛੋਕੜ ’ਚ ਇਹ ਤੱਥ ਵਧੇਰੇ ਪ੍ਰਮਾਣਿਕ ਹੈ ਕਿ ਸਿੱਖਾਂ ਨੇ ਕਦੇ ਵੀ ਆਪਣੇ ਪਵਿੱਤਰ ਗੁਰਧਾਮਾਂ ’ਤੇ ਸਰਕਾਰੀ ਪ੍ਰਬੰਧ ਅਤੇ ਦਖ਼ਲ ਨੂੰ ਬਰਦਾਸ਼ਤ ਨਹੀਂ ਕੀਤਾ। ਗੁਰਦੁਆਰਾ ਸੰਸਥਾ, ਸਿੱਖ ਧਰਮ ਅਤੇ ਇਸ ਨਾਲ ਜੁੜੇ ਸੰਕਲਪਾਂ ਅਤੇ ਸਰੋਕਾਰਾਂ ਦੀ ਕੇਂਦਰੀ ਸੰਸਥਾ ਹੋਣ ਕਰ ਕੇ ਸ਼ੁਰੂ ਤੋਂ ਹੀ ਸਿੱਖਾਂ ਨੂੰ ਕਮਜ਼ੋਰ ਕਰਨ ਲਈ ਹਕੂਮਤਾਂ ਗੁਰਦੁਆਰਾ ਸੰਸਥਾ ਵਿੱਚ ਦਖ਼ਲ ਦੇਣ ਦੀਆਂ ਕੋਸ਼ਿਸ਼ਾਂ ਕਰਦੀਆਂ ਆਈਆਂ ਹਨ। ਅੰਗਰੇਜ਼ਾਂ ਨੇ ਮੁਕੰਮਲ ਪੰਜਾਬ ਨੂੰ ਆਪਣੇ ਰਾਜ-ਭਾਗ ਵਿੱਚ ਮਿਲਾਉਣ ਤੋਂ ਬਾਅਦ ਆਪਣੇ ਪਿੱਠੂ ਭ੍ਰਿਸ਼ਟ ਮਹੰਤਾਂ ਨੂੰ ਗੁਰਦੁਆਰਿਆਂ ’ਤੇ ਕਾਬਜ਼ ਕਰਾ ਦਿੱਤਾ ਸੀ। ਇਨ੍ਹਾਂ ਮਹੰਤਾਂ ਨੇ ਜਿੱਥੇ ਗੁਰੂ-ਘਰ ਦੇ ਚੜ੍ਹਾਵੇ ਦੀ ਮਾਇਆ ਨੂੰ ਆਪਣੀ ਐਸ਼ੋ-ਇਸ਼ਰਤ ਲਈ ਵਰਤਣਾ ਸ਼ੁਰੂ ਕੀਤਾ, ਉੱਥੇ ਗੁਰਦੁਆਰਿਆਂ ਅੰਦਰੋਂ ਸਿੱਖਾਂ ਨੂੰ ਮਿਲਦੀ ਚੇਤਨਾ ਨੂੰ ਰੋਕਣ ਲਈ ਗੁਰਧਾਮਾਂ ਅੰਦਰ ਗੁਰਮਤਿ-ਵਿਰੋਧੀ, ਮਨਮਤੀ ਅਤੇ ਕਰਮਕਾਂਡੀ ਅਡੰਬਰ ਪ੍ਰਚਲਿਤ ਕਰ ਦਿੱਤੇ। ਸਿੱਖ ਧਰਮ ਦੀ ਮੂਲ ਭਾਵਨਾ ਦੇ ਵਿਰੁੱਧ ਗੁਰਦੁਆਰਿਆਂ ’ਚ ਛੂਤ-ਛਾਤ ਕੀਤਾ ਜਾਣ ਲੱਗਾ ਅਤੇ ਅਖੌਤੀ ਨੀਵੀਆਂ ਜਾਤਾਂ ਦੇ ਲੋਕਾਂ ਨਾਲ ਨੀਵਾਂ ਵਿਹਾਰ ਕੀਤਾ ਜਾਣ ਲੱਗਾ। ਗੁਰਦੁਆਰਿਆਂ ਅੰਦਰ ਮੂਰਤੀ ਪੂਜਾ ਦੀ ਪ੍ਰਥਾ ਚਲਾ ਦਿੱਤੀ। ਦੇਖਣ ਦੀ ਲੋੜ ਹੈ ਕਿ ਇਤਨੀਆਂ ਕੁਰਬਾਨੀਆਂ ਉਪਰੰਤ ਬਣੀ ਅੱਜ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਉਪਰਲੀਆਂ ਤਰੁੱਟੀਆਂ ਦੂਰ ਕਰਨ ਵਿੱਚ ਸਫਲ ਹੈ ? ਕੀ ਧਰਮ ਪ੍ਰਚਾਰ ਰਾਹੀਂ ਸਿੱਖੀ ਦੇ ਬੂਟੇ ਨੂੰ ਪ੍ਰਫੁਲਿਤ ਕਰ ਰਹੀ ਹੈ ? ਕੀ ਜਿਨ੍ਹਾਂ ਦੇਵੀ ਦੇਵਤਿਆਂ ਦੀ ਮੂਰਤੀਆਂ ਚੁਕਾਉਣ ਲਈ ਸਿੱਖ ਕੌਮ ਨੇ ਇਤਨੀਆਂ ਕੁਰਬਾਨੀਆਂ ਦਿੱਤੀਆਂ ਅੱਜ ਉਨ੍ਹਾਂ ਹੀ ਗੁਰਦੁਆਰਿਆਂ ਦੀ ਸਟੇਜਾਂ ਤੋਂ ਪੁਰਾਤਨ ਮਹੰਤਾਂ ਦੀ ਰਹਿੰਦ ਖੂੰਹਦ ਵੱਲੋਂ ਤਿਆਰ ਕੀਤੇ ਮਨਮਤੀ ਪ੍ਰਚਾਰਕ ਉਨ੍ਹਾਂ ਹੀ ਦੇਵੀ ਦੇਵਤਿਆਂ ਦੀਆਂ ਪੁਰਾਣਿਕ ਕਹਾਣੀਆਂ ਸੁਣਾ ਕੇ ਇਹ ਪ੍ਰਚਾਰ ਨਹੀਂ ਕਰ ਰਹੇ ਕਿ ਗੁਰੂ ਸਾਹਿਬਾਨ ਜੀ ਰਾਮ ਚੰਦਰ ਦਾ ਹੀ ਅਵਤਾਰ ਹਨ ਅਤੇ ਸਿੱਖ ਕੌਮ (ਰਾਮ ਦੇ ਪੁੱਤਰ) ਲਵ, ਕੁਸ਼ ਦੀ ਔਲਾਦ ਹੈ ? ਕੀ ਮਨੋਕਲਪਿਤ ਵਿਸ਼ਵਕਰਮਾ ਦਿਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਨਹੀਂ ਮਨਾਏ ਜਾ ਰਹੇ ? ਜਿਸ ਤਰ੍ਹਾਂ ਮਹੰਤਾਂ ਦੇ ਸਮੇਂ ਸ਼ਬਦ-ਗੁਰੂ ਦੇ ਸਿਧਾਂਤ ਨਾਲੋਂ ਤੋੜਨ ਲਈ ਅਨਮਤੀ ਤਿਉਹਾਰ ਮਨਾਉਣ, ਫੋਕਟ ਕਰਮਕਾਂਡ ਕਰਨ ਅਤੇ ਦੇਹਧਾਰੀ ਪੂਜਾ ਨੂੰ ਬੜਾਵਾ ਦਿੱਤਾ ਜਾਂਦਾ ਰਿਹਾ ਹੈ, ਕੀ ਉਸੇ ਤਰ੍ਹਾਂ ਅੱਜ ਦੀ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਉਨ੍ਹਾਂ ਵੱਲੋਂ ਥਾਪੇ ਜਥੇਦਾਰ, ਅਜੇਹੇ ਕਰਮਕਾਂਡ ਅਤੇ ਸਿੱਖ ਰਹਿਤ ਮਰਿਆਦਾ ਦੇ ਦੁਸ਼ਮਣ ਡੇਰੇਦਾਰ ਮਹੰਤ ਕਮਜੋਰ ਹੋਏ ਹਨ ਜਾਂ ਸਾਡੀ ਸਿਰਮੋਰ ਜਥੇਬੰਦੀ ’ਤੇ ਕਾਬਜ਼ ਹਨ ? ਜਿਸ ਤਰ੍ਹਾਂ ਅੰਗਰੇਜ਼ ਸਰਕਾਰ ਨੂੰ ਖ਼ੁਸ਼ ਕਰਨ ਲਈ ਅਕਾਲ ਤਖ਼ਤ ਦੇ ਜਥੇਦਾਰ ਅਰੂੜ ਸਿੰਘ ਨੇ ਦੇਸ਼ ਅਤੇ ਕੌਮ ਲਈ ਆਪਾ ਵਾਰਨ ਵਾਲੇ ਬਜਬਜ ਘਾਟ ਦੇ ਸ਼ਹੀਦ ਸਿਦਕੀ ਸਿੰਘਾਂ ਨੂੰ ਸਿੱਖ ਨਾ ਹੋਣ ਦਾ ਐਲਾਨ ਕੀਤਾ ਅਤੇ ਜਲ੍ਹਿਆਂ ਵਾਲੇ ਬਾਗ ਕਾਂਡ ਦੇ ਦੋਸ਼ੀ/ਮਨੁੱਖਤਾ ਦੇ ਕਾਤਲ ਜਨਰਲ ਡਾਇਰ ਨੂੰ ਸਿਰੋਪਾ ਦਿੱਤਾ ਤੇ ਟੋਪੀ ਵਾਲਾ ਸਿੱਖ ਕਹਿ ਕੇ ਸਨਮਾਨਤ ਕੀਤਾ; ਕੀ ਅਜੋਕਾ ਗੁਰਦੁਆਰਾ ਪ੍ਰਬੰਧ ਅਜਿਹੀ ਸੋਚ ਤੋਂ ਮੁਕਤ ਹੋ ਸਕਿਆ ਹੈ ?

ਜਿਹੜੀ ਆਚਰਨਹੀਣਤਾ ਉਸ ਸਮੇਂ ਦੇ ਮਹੰਤਾਂ ਵਿੱਚ ਆ ਚੁੱਕੀ ਸੀ, ਕੀ ਵੈਸੀ ਗਿਰਾਵਟ ਅੱਜ ਦੇ ਚੁਣੇ ਹੋਏ ਸ਼੍ਰੋਮਣੀ ਕਮੇਟੀ ਮੈਂਬਰਾਂ ਵਿੱਚ ਨਹੀਂ ? ਫਰਕ ਸਿਰਫ਼ ਇਤਨਾ ਹੀ ਹੈ ਕਿ ਮਹੰਤਾਂ ਨੂੰ ਅੰਗਰੇਜ਼ ਸਰਕਾਰ ਨਿਯੁਕਤ ਕਰਦੀ ਸੀ ਤੇ ਇਨ੍ਹਾਂ ਪ੍ਰਬੰਧਕਾਂ ਨੂੰ ਅਸੀਂ ਆਪਣੀ ਵੋਟ ਸ਼ਕਤੀ ਨਾਲ ਨਿਯੁਕਤ ਕਰਦੇ ਹਾਂ ਜਾਂ ਇਉਂ ਕਹਿ ਲਈਏ ਕਿ ਸਾਡੇ ਲੀਡਰ ਗੁਰੂ ਦੀ ਗੋਲਕ ਦਾ ਦੁਰਪ੍ਰਯੋਗ ਕਰ ਕੇ ਸਾਡੇ ਵਿੱਚ ਨਸ਼ੇ ਵੰਡ ਕੇ ਅਜਿਹੇ ਕਿਰਦਾਰਾਂ ਨੂੰ ਜਿਤਵਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ। ਮਹਾਨ ਕੁਰਬਾਨੀਆਂ ਨਾਲ ਹੋਂਦ ਵਿੱਚ ਆਈਆਂ ਇਨ੍ਹਾਂ ਪੰਥਕ ਜਥੇਬੰਦੀਆਂ ਨੂੰ ਕੁਝ ਸਰਕਾਰੀ ਸੋਚ ਨੇ ਆਪਣੇ ਅਧੀਨ ਕਰ ਲਿਆ ਹੈ ਤੇ ਕੁਝ ਸਾਡੇ ਵਿੱਚ ਵੀ ਇਸ ਗਿਰਾਵਟ ਨੂੰ ਵੇਖਣ ਸਮਝਣ ਦੀ ਸਮਰੱਥਾ ਨਹੀਂ ਰਹੀ, ਜਿਸ ਕਾਰਨ ਦੁਨੀਆਂ ਭਰ ਵਿੱਚ ਗੁਰਮਤਿ ਸਿਧਾਂਤਾਂ ਦੀ ਵਿਲੱਖਣਤਾ ਨੂੰ ਅਲੋਪ ਕੀਤਾ ਜਾ ਰਿਹਾ ਹੈ, ਜਿਸ ਨਾਲ ਪੰਥ ਦੋਖੀ ਸ਼ਕਤੀਆਂ ’ਚ ਖ਼ੁਸ਼ੀ ਹੈ। ਇਹ ਵੀ ਹੋ ਸਕਦਾ ਹੈ ਕਿ ਅਜੋਕੇ ਸਿੱਖ ਲੀਡਰਾਂ ਨੂੰ ਚੁਣਾਵ ਲੜਨ ਜਾਂ ਲੜਾਉਣ ਲਈ ਪੈਸਾ ਵੀ ਅੰਗਰੇਜ਼ਾਂ ਵਾਙ ਪੰਥ ਦੋਖੀ ਸ਼ਕਤੀਆਂ ਪਾਸੋਂ ਹੀ ਮਿਲਦਾ ਹੋਵੇ ਅਤੇ ਸੁਆਰਥੀ ਤੇ ਪੰਥ ਵਿਰੋਧੀ ਕਿਸਮ ਦੇ ਆਗੂਆਂ ਨੂੰ ਚੋਣਾਂ ਜਿਤਾਉਣ ਲਈ ਸਰਕਾਰੀ ਮਸ਼ੀਨਰੀ ਦਾ ਦੁਰ-ਉਪਜੋਗ ਕੀਤਾ ਜਾਂਦਾ ਹੋਵੇ ਤਾਂ ਕਿ ਅੰਗਰੇਜ਼ਾਂ ਦੀ ਨੀਤੀ ਵਾਙ ਗੁਰਦੁਆਰਾ ਪ੍ਰਬੰਧ ਨੂੰ ਸਰਕਾਰੀ ਕਬਜ਼ੇ ਅਧੀਨ ਰੱਖਿਆ ਜਾ ਸਕੇ।

ਅਜਿਹੇ ਹਾਲਾਤ ਸਿਰਜਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਆਈ ਇਸ ਗਿਰਾਵਟ ਦਾ ਮੁੱਖ ਕਾਰਨ ਇਹ ਹੈ ਕਿ ਮੈਂਬਰਾਂ ਦੀ ਗੁਣਾਂ ਦੇ ਅਧਾਰ ’ਤੇ ਸਿੱਖਾਂ ਵੱਲੋਂ ਚੋਣ (Selection) ਹੋਣ ਦੀ ਬਜਾਏ ਭਾਰਤੀ ਕਾਨੂੰਨ ਅਧੀਨ ਵੋਟ ਪਰਚੀ ਰਾਹੀਂ ਚੋਣ (Electon) ਹੋਣ ਦਾ ਢੰਗ ਅਪਣਾਏ ਜਾਣ ਸਦਕਾ ਚੰਗੇ ਕਿਰਦਾਰ ਵਾਲੇ ਗੁਰਮਤਿ ਨੂੰ ਪ੍ਰਣਾਏ ਸਿੱਦਕੀ ਸਿੰਘਾਂ ਦਾ ਅੱਗੇ ਆਉਣਾ ਭਾਵ ਚੋਣ ਜਿੱਤਣਾ ਅਸੰਭਵ ਹੈ। ਸਾਮ, ਦਾਮ (ਦਾਨ), ਦੰਡ, ਭੇਦ ਨਾਲ ਪ੍ਰਾਪਤ ਕੀਤੀ ਭਾਵ ਜਿੱਤੀ ਚੋਣ ਉਪਰੰਤ ਗੁਰੂ ਦੀ ਗੋਲਕ ਦਾ ਇਸਤੇਮਾਲ ਵਿਰੋਧੀ ਪੰਥਕ ਧਿਰਾਂ ਨੂੰ ਖ਼ਤਮ ਕਰਨ ਲਈ ਹੁੰਦਾ ਹੈ ਜਿਸ ਨਾਲ ਆਪਸੀ ਪਿਆਰ ਘਟ ਗਿਆ ਹੈ ਤੇ ਰਾਜਨੀਤਿਕ ਵਿਰੋਧ ਕਾਰਨ ਗੁਰਦੁਆਰਿਆਂ ’ਚ ਲੜਾਈਆਂ-ਝਗੜੇ ਹੋਣ ਸ਼ੁਰੂ ਹੋ ਗਏ ਹਨ। ਅੰਗਰੇਜ਼ਾਂ ਸਮੇਂ ਤਾਂ ਦੁਸ਼ਮਣ ਦੀ ਪਹਿਚਾਣ ਕਰਨੀ ਆਸਾਨ ਸੀ ਪਰ ਹੁਣ ਤਾਂ ਕੇਸਾਧਾਰੀ ਕਾਲ਼ੇ ਅੰਗਰੇਜ਼ਾਂ ਨੇ ਆਪਸੀ ਏਕਤਾ ਦੀ ਬਜਾਇ ਦੁਸ਼ਮਣੀ ਦਾ ਬੀ ਵੱਧ ਬੋ ਦਿੱਤਾ ਹੈ। ਰਾਜਸੀ ਸ਼ਕਤੀ ਦੀ ਦੁਰਵਰਤੋਂ ਅਤੇ ਦਖ਼ਲ-ਅੰਦਾਜ਼ੀ ਕਾਰਨ ਅਕਾਲ ਤਖ਼ਤ ਸਾਹਿਬ ਉੱਤੇ ਵਿਸ਼ਵਾਸ ਦਿਨ ਪ੍ਰਤੀ ਦਿਨ ਘਟਦਾ ਜਾ ਰਿਹਾ ਹੈ, ਜਿਸ ਕਾਰਨ ਸਿੱਖ ਰਹਿਤ ਮਰਿਆਦਾ ਨੂੰ ਲਾਗੂ ਕਰਵਾਉਣਾ ਤੇ ਇਤਿਹਾਸਕ ਸਮੱਗਰੀ ’ਚ ਕੀਤੀ ਗਈ ਮਿਲਾਵਟ, ਆਦਿ ਵਿਸ਼ਿਆਂ ਦੇ ਸਹਿਮਤੀ ਬਣਾਉਣਾ, ਪਿੱਛੇ ਰਹਿ ਗਿਆ ਹੈ। ਜ਼ਰੂਰਤ ਤਾਂ ਇਸ ਗੱਲ ਦੀ ਹੈ ਕਿ ਅਸੀਂ ਆਪਣੇ ਆਪਸੀ ਮਤਭੇਦ ਭੁਲਾ ਕੇ ਅਜੋਕੇ ਆਧੁਨਿਕ ਸਾਧਨਾਂ ਰਾਹੀਂ ਗੁਰਮਤਿ ਦਾ ਵੱਧ ਤੋਂ ਵੱਧ ਲਾਭ ਮਾਨਵਤਾ ਨੂੰ ਪਹੁੰਚਾਉਣ ਦਾ ਯਤਨ ਕਰੀਏ ਕਿਉਂਕਿ ਗੁਰਬਾਣੀ ਹੈ ਹੀ ਇੱਕ ਸਰਬ ਪ੍ਰਮਾਣਿਤ, ਸਮਾਜਿਕ ਤੇ ਆਧੁਨਿਕ ਵਿਗਿਆਨਿਕ ਧਰਮ।

ਅੱਜ ਜਦੋਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਰ ਸਾਲ ਸਥਾਪਨਾ ਦਿਵਸ ਮਨਾਉਂਦੇ ਆ ਰਹੇ ਹਾਂ ਤਾਂ ਸਿੱਖ ਵਿਰਸੇ ਦੇ ਵਾਰਸ ਅਖਵਾਉਣ ਵਾਲੇ ਸਾਨੂੰ ਸਾਰੇ ਹੀ ਸਿੱਖਾਂ ਤੇ ਖਾਸ ਕਰ ਕੇ ਮੁਖੀ ਆਗੂਆਂ (ਪ੍ਰਚਾਰਕਾਂ) ਨੂੰ ਇਕੱਠਿਆਂ ਬੈਠ ਕੇ ਸੋਚਣ ਦੀ ਭਾਰੀ ਲੋੜ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਆਈਆਂ ਕੁਰੀਤੀਆਂ ਦੇ ਸੁਧਾਰ ਲਈ ਮੌਜੂਦਾ ਸਿਸਟਮ ਵਿੱਚ ਹੀ ਸੰਗਠਿਤ ਹੋ ਕੇ ਚੋਣ ਵਿਧੀ ਰਾਹੀਂ ਕਾਬਜ਼ ਹੋਇਆ ਜਾਏ ਤਾਂ ਜੋ ਆਚਰਣਹੀਣ, ਭ੍ਰਿਸ਼ਟ ਅਤੇ ਗੁਰਮਤਿ ਤੋਂ ਸੱਖਣੇ ਸਿਆਸੀ ਆਗੂਆਂ ਨੂੰ ਗੁਰਦੁਆਰਾ ਪ੍ਰਬੰਧਾਂ ਤੋਂ ਦੂਰ ਕਰ ਸਕੀਏ ਜਾਂ ਭਾਈ ਹਜਾਰਾ ਸਿੰਘ, ਭਾਈ ਲਛਮਣ ਸਿੰਘ ਧੀਰੋਵਾਲ, ਭਾਈ ਕਰਮ ਸਿੰਘ ਅਤੇ ਭਾਈ ਪ੍ਰਤਾਪ ਸਿੰਘ, ਆਦਿਕ ਸ਼ਹੀਦਾਂ ਪਾਸੋਂ ਸੇਧ ਲੈ ਕੇ ਭਾਰਤੀ ਕਾਨੂੰਨ ਅਧੀਨ ਵੋਟ ਪਰਚੀ ਰਾਹੀਂ (Electon) ਕਰਨ ਦੀ ਬਿਧੀ ਨੂੰ ਜਿਉਂ ਦਾ ਤਿਉਂ ਕਾਇਮ ਰੱਖਣ ਦੀ ਬਜਾਏ ਸਾਰੇ ਹੀ ਸਿੱਖ, ਦੇਸ਼-ਵਿਦੇਸ਼ ਵਿੱਚ ਵੱਸਦੇ ਸਾਰੇ ਗੁਰਦੁਆਰਾ ਪ੍ਰਬੰਧਕਾਂ/ਪ੍ਰਚਾਰਕਾਂ ਦੀ ਮਦਦ ਸਮੇਤ ਗੁਣਾਂ ਦੇ ਆਧਾਰ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ (Selection) ਕਰਨ ਦਾ ਤਰੀਕਾ ਲਾਗੂ ਕਰਵਾਉਣ ਲਈ ਉਸੇ ਤਰ੍ਹਾਂ ਦੂਸਰੀ ਗੁਰਦੁਆਰਾ ਸੁਧਾਰ ਲਹਿਰ ਆਰੰਭੀ ਜਾਏ; ਜਿਵੇਂ ਕਿ ਕਿਰਦਾਰਹੀਣ, ਸੁਆਰਥੀ ਤੇ ਭ੍ਰਸ਼ਟ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਉਣ ਲਈ ਪੁਰਤਾਨ ਸਿੰਘਾਂ ਨੇ ਬੇਅੰਤ ਕੁਰਬਾਨੀਆਂ ਦੀ ਪ੍ਰਵਾਹ ਨਾ ਕਰਦਿਆਂ ਆਰੰਭੀ ਸੀ।

ਗੁਰੁ ਨਾਨਕੁ ਜਿਨ ਸੁਣਿਆ ਪੇਖਿਆ

0

ਗੁਰੁ ਨਾਨਕੁ ਜਿਨ ਸੁਣਿਆ ਪੇਖਿਆ

ਰਮੇਸ਼ ਬੱਗਾ ਚੋਹਲਾ (ਲੁਧਿਆਣਾ)-94631-32719

ਸਿੱਖ ਧਰਮ ਬਾਕੀ ਧਰਮਾਂ ਨਾਲੋਂ ਛੋਟੀ ਉਮਰ ਦਾ ਹੋਣ ਕਰ ਕੇ ਆਧੁਨਿਕਤਾ ਦੇ ਵਧੀਕ ਨੇੜੇ ਹੈ। ਇਸ ਧਰਮ ਨੂੰ ਵਿਗਿਆਨਕ ਧਰਮ ਵੀ ਕਿਹਾ ਜਾਂਦਾ ਹੈ। ਇਸ ਦੇ ਬਾਨੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਨਾਨਕ ਨਾਮ ਲੇਵਾ ਸੰਗਤਾਂ ਨੂੰ ਵਿਸ਼ੇਸ਼ ਤੌਰ ’ਤੇ ਵਿਗਿਆਨਕ ਵਿਚਾਰਧਾਰਾ ਪ੍ਰਦਾਨ ਕੀਤੀ ਹੈ। ਮਨੁੱਖਤਾ ਦੀ ਕਦਰਦਾਨ ਅਤੇ ਸਰਬੱਤ ਦੇ ਭਲੇ ਦੀ ਹਾਮੀ ਹੋਣ ਕਰ ਕੇ ਇਸ ਵਿਚਾਰਧਾਰਾ ਦਾ ਬੋਲਬਾਲਾ ਸਿਰਫ ਹਿੰਦੁਸਤਾਨ ਵਿੱਚ ਹੀ ਨਹੀਂ ਸਗੋਂ ਪੂਰੇ ਵਿਸ਼ਵ ਵਿੱਚ ਹੀ ਹੈ।

ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ 15 ਅਪ੍ਰੈਲ 1469 ਈ: ਨੂੰ ਅਜੋਕੇ ਪਾਕਿਸਤਾਨ ਦੇ ਜ਼ਿਲ੍ਹਾ ਸੇਖੂਪੁਰੇ ਦੇ ਪਿੰਡ ਤਲਵੰਡੀ ਵਿਖੇ ਬਾਬਾ ਕਲਿਆਣ ਦਾਸ ਉਰਫ ਮਹਿਤਾ ਕਾਲੂ (ਪਟਵਾਰੀ) ਅਤੇ ਮਾਤਾ ਤ੍ਰਿਪਤਾ ਦੇ ਗ੍ਰਹਿ ਵਿਖੇ ਅਵਤਾਰ ਧਾਰਿਆ। ਇਹ ਮਾਣਮੱਤਾ ਪਿੰਡ ਜਿਸ ਨੂੰ ਨਨਕਾਣਾ ਸਾਹਿਬ ਵੀ ਕਿਹਾ ਜਾਂਦਾ ਹੈ। ਲਾਹੌਰ ਦੀ ਦੱਖਣ ਪੱਛਮੀ ਬਾਹੀ ਵਿੱਚ ਲਗਪਗ 42 ਮੀਲ ਦੀ ਦੂਰੀ ’ਤੇ ਸਥਿਤ ਹੈ।

ਜਿਸ ਕਾਲ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਧਾਰਿਆ ਉਹ ਕਾਲ ਦੁਨੀਆਂ ਦੇ ਧਾਰਮਿਕ ਇਤਿਹਾਸ ਵਿੱਚ ਬਹੁਤ ਅਹਿਮਤਰੀਨ ਕਾਲ ਹੈ। ਇਹ ਸਮਾਂ ਜਿੱਥੇ ਕਲਾ, ਸਾਹਿਤ ਅਤੇ ਗਿਆਨ ਦੀ ਮੁੜ ਉਸਾਰੀ ਦਾ ਸਮਾਂ ਸੀ, ਉੱਥੇ ਖੋਜ ਅਤੇ ਲੱਭਤ ਦਾ ਸਮਾਂ ਵੀ ਸੀ।

ਦੁਨਿਆਵੀ ਸਿੱਖਿਆ ਹਾਸਲ ਕਰਨ ਲਈ ਗੁਰੂ ਨਾਨਕ ਸਾਹਿਬ ਜੀ ਨੂੰ 7 ਸਾਲ ਦੀ ਉਮਰ ਵਿੱਚ ਗੋਪਾਲ ਪੰਡਿਤ ਪਾਸੋਂ ਹਿੰਦੀ ਅਤੇ ਬਿਰਜ ਲਾਲ ਪਾਸੋਂ ਸੰਸਕ੍ਰਿਤ ਪੜ੍ਹਨ ਹਿੱਤ ਭੇਜਿਆ ਗਿਆ। ਇੱਥੇ ਹੀ ਬੱਸ ਨਹੀਂ 11 ਸਾਲ ਦੀ ਉਮਰ ਵਿੱਚ ਗੁਰੂ ਜੀ ਨੂੰ ਫ਼ਾਰਸੀ ਤਾਲੀਮ ਸਿੱਖਣ ਦੇ ਮਨੋਰਥ ਹਿੱਤ ਮੌਲਵੀ ਕੁਤਬਦੀਨ ਪਾਸ ਵੀ ਭੇਜਿਆ ਗਿਆ। ਆਪ ਜੀ ਨੇ ਜਿੱਥੇ ਉਪਰੋਕਤ ਉਸਤਾਦਾਂ ਪਾਸੋਂ ਸੰਸਾਰੀ ਸਿੱਖਿਆ ਗ੍ਰਹਿਣ ਕੀਤੀ, ਉੱਥੇ ਉਹਨਾਂ (ਉਸਤਾਦਾਂ) ਨੂੰ ਸੱਚੀ ਸਿੱਖਿਆ (ਰੱਬੀ ਗਿਆਨ) ਦਾ ਪਾਠ ਵੀ ਪੜ੍ਹਾਇਆ। ਆਪਣੇ ਹਾਣੀਆਂ ਨੂੰ ਵੀ ਗੁਰੂ ਜੀ ਨੇ ਸੱਚ/ਪ੍ਰਮਾਤਮਾ ਦੀ ਸਿੱਖਿਆ ਨਾਲ ਜੋੜਿਆ। ਰਾਇ ਬੁਲਾਰ ਭੱਟੀ ਗੁਰੂ ਸਾਹਿਬ ਦੇ ਜੀਵਨ ਤੋਂ ਏਨਾ ਪ੍ਰਭਾਵਤ ਹੋਇਆ ਹੈ ਕਿ ਉਸ ਨੂੰ ਸਭ ਤੋਂ ਪਹਿਲਾ ਸਿੱਖ ਹੋਣ ਦਾ ਸ਼ਰਫ਼ (ਬਜ਼ੁਰਗੀ) ਹਾਸਿਲ ਹੈ।

ਜਦੋਂ ਗੁਰੂ ਨਾਨਕ ਸਾਹਿਬ ਜੀ 9 ਸਾਲ ਦੇ ਹੋਏ ਤਾਂ ਉਹਨਾਂ ਦਾ ਨਿਖੇੜਾ ਨੀਚ ਜਾਤ ਮੰਨੇ ਜਾਂਦੇ ਸ਼ੂਦਰਾਂ ਤੋਂ ਕਰਨ ਲਈ ਪੁਰੋਹਿਤ ਨੇ ਜਨੇਊ ਪਹਿਨਾਉਣ ਦੇ ਬਹੁਤ ਯਤਨ ਕੀਤੇ। ਇਹ ਰਸਮੀ ਯਤਨ ਬ੍ਰਾਹਮਣ ਨੂੰ ਗੁਰੂ ਧਾਰਨ ਵੱਲ ਸੇਧਤ ਸਨ, ਪਰ ਆਪ ਤਾਂ ਜਗਤ ਜਲੰਦੇ ਨੂੰ ਤਾਰਨ ਹਿੱਤ ਧੁਰੋਂ ਪਠਾਏ ਹੋਏ ਗੁਰੂ ਸਨ। ਇਸ ਲਈ ਉਹਨਾਂ ਨੇ ਬ੍ਰਾਹਮਣ ਨੂੰ ਗੁਰੂ (ਜਨੇਊ) ਧਾਰਨ ਤੋਂ ਇਨਕਾਰ ਕਰ ਦਿੱਤਾ। ਇਸ ਮੌਕੇ ’ਤੇ ਗੁਰੂ ਜੀ ਵੱਲੋਂ ਇਹ ਸ਼ਬਦ ਉਚਾਰਿਆ ਗਿਆ : ਦਇਆ ਕਪਾਹ, ਸੰਤੋਖੁ ਸੂਤੁ; ਜਤੁ ਗੰਢੀ, ਸਤੁ ਵਟੁ॥ ਏਹੁ ਜਨੇਊ ਜੀਅ ਕਾ; ਹਈ, ਤ ਪਾਡੇ  ! ਘਤੁ॥ (ਪੰਨਾ-471)

ਪਿੰਡ ਤਲਵੰਡੀ ਦੇ ਵਸਨੀਕ ਭਾਈ ਮਰਦਾਨਾ ਜੀ, ਜੋ ਮੁਸਲਮਾਨ ਮਿਰਾਸੀ ਸਨ, ਗੁਰੂ ਸਾਹਿਬ ਦੇ ਬਹੁਤ ਪਿਆਰੇ ਮਿੱਤਰ ਸਨ। ਬਤੌਰ ਰਬਾਬੀ ਉਹ ਗੁਰੂ ਨਾਨਕ ਸਾਹਿਬ ਜੀ ਦੁਆਰਾ ਕੀਤੇ ਗਏ ਚਾਰੋਂ ਸੰਸਾਰਕ ਦੌਰਿਆਂ ਦੌਰਾਨ ਨਾਲ਼ ਰਹੇ ਹਨ।

18 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਆਨੰਦ ਕਾਰਜ ਬਟਾਲੇ ਸ਼ਹਿਰ ਦੇ ਵਾਸੀੇ ਸ੍ਰੀ ਮੂਲ ਚੰਦ ਜੀ ਦੀ ਧੀ ਸੁਲੱਖਣੀ ਨਾਲ ਹੋਇਆ। ਇਸ ਪਵਿੱਤਰ ਬੰਧਨ ਦੇ ਮੌਕੇ ਕੁਝ ਸ਼ਰਾਰਤੀ ਪੁਰੋਹਿਤਾਂ ਨੇ ਗੁਰੂ ਜੀ ਉੱਪਰ ਕੱਚੀ ਕੰਧ ਡੇਗਣ ਦੀ ਵਿਉਂਤਬੰਦੀ ਕੀਤੀ ਪਰ ਦਿਲਾਂ ਦੀਆਂ ਬੁੱਝਣ ਵਾਲੇ ਨਾਨਕ ਨੇ ਉਹਨਾਂ ਦੀ ਵਿਉਂਤ ਹਮੇਸ਼ਾਂ ਲਈ ਫੇਲ੍ਹ ਕਰ ਦਿੱਤੀ। ਇਹ ਕੰਧ ਅਜੇ ਵੀ ਬਟਾਲੇ ਵਿੱਚ ਯਾਦਗਾਰ ਦੇ ਤੌਰ ’ਤੇ ਕਾਇਮ ਹੈ। ਆਪ ਜੀ ਦੇ ਘਰ ਦੋ ਪੁੱਤਰ ਬਾਬਾ ਸ੍ਰੀ ਚੰਦ ਅਤੇ ਲਖਮੀ ਦਾਸ ਜੀ ਪੈਦਾ ਹੋਏ।

35 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਆਪਣੀ ਭੈਣ ਨਾਨਕੀ ਦੇ ਗ੍ਰਹਿ ਸੁਲਤਾਨਪੁਰ ਵਿਖੇ ਪਹੁੰਚ ਗਏ। ਇੱਥੇ ਆਪ ਨਵਾਬ ਦੌਲਤ ਖਾਂ ਲੋਧੀ ਦੇ ਮੋਦੀ ਬਣ ਗਏ। ਜਿੱਥੇ ਆਪ ਨੇ ਰਿਸ਼ਵਤ ਖੋਰੀ ਬੰਦ ਕਰਵਾਈ ਅਤੇ ਗਰੀਬਾਂ ਅਮੀਰਾਂ ਨੂੰ ਇਕੋ ਜਿਹਾ ਇਨਸਾਫ਼ ਦਿੱਤਾ। ਕਾਰੋਬਾਰ ਤੋਂ ਵਿਹਲੇ ਹੋ ਕੇ ਗੁਰੂ ਜੀ ਇਸ ਨਗਰ ਵਿੱਚ ਸਤਿਸੰਗ ਵੀ ਕਰਿਆ ਕਰਦੇ ਸਨ। ਇਸ ਸਤਿਸੰਗ ਦੀ ਬਦੌਲਤ ਸਿੱਖੀ ਧਾਰਕਾਂ ਦੀ ਗਿਣਤੀ ਵਿੱਚ ਚੋਖਾ ਵਾਧਾ ਹੋਇਆ। ਇੱਥੇ ਹੀ ਮਲਸੀਹਾਂ ਦੇ ਵਸਨੀਕ ਭਗੀਰਥ ਅਤੇ ਮਨਸੁੱਖ ਆਪ ਜੀ ਦੇ ਸਿੱਖ ਬਣੇ। 1507 ਈ: ਵਿੱਚ ਗੁਰੂ ਨਾਨਕ ਸਾਹਿਬ ਜੀ ਵੱਲੋਂ ਜਗਤ ਜਲੰਦੇ ਦੇ ਸੁਧਾਰ ਹਿੱਤ ਚੰਗੀ ਵਿਉਂਤਬੰਦੀ ਬਣਾਉਣ ਲਈ ਇਕਾਂਤਵਾਸ ਕੀਤਾ ਗਿਆ। ਇਸ ਇਕਾਂਤਵਾਸ ਤੋਂ ਬਾਦ ਉਹਨਾਂ ਨੇ ਭਟਕੀ ਹੋਈ ਲੁਕਾਈ ਨੂੰ ਇੱਕ ਨਿਵੇਕਲੀ ਮਰਿਆਦਾ ‘ਸਾਬਤ ਸੂਰਤ, ਕਰਮਕਾਂਡ ਰਹਿਤ ਨਿਰਾਕਾਰ ਦਾ ਨਾਮ ਜਪਣਾ, ਵੰਡ ਛਕਣਾ ਤੇ ਹੱਕ ਹਲਾਲ ਦੀ ਕਮਾਈ ਕਰ ਲੋੜਵੰਦਾਂ ਦੀ ਮਦਦ ਕਰਨੀ ਤੇ ਬੇਇਨਸਾਫ਼ੀ ਵਿਰੁਧ ਆਵਾਜ਼ ਉੱਠਾਉਣ ਨੂੰ ਜ਼ਰੂਰੀ ਦੱਸਿਆ। ਮਨੁੱਖਤਾ ਨੂੰ ਪਰਨਾਏ ਇਸ ਨਾਅਰੇ ਦੀ ਖ਼ੂਬ ਚਰਚਾ ਹੋਈ ਪਰ ਇਹ ਚਰਚਾ ਉਸ ਵਕਤ ਦੇ ਨਵਾਬ ਅਤੇ ਕਾਜ਼ੀ ਨੂੰ ਹਜ਼ਮ ਨਾ ਹੋ ਸਕੀ। ਉਹਨਾਂ ਨੇ ਗੁਰੂ ਸਾਹਿਬ ਦੀ ਇਨਕਲਾਬੀ ਸੋਚ ਦਾ ਵਿਰੋਧ ਕੀਤਾ ਪਰ ਜਿੱਤ ਆਖਰ ਸੱਚ ਦੀ ਹੀ ਹੋਈ। ਆਪਣੀ ਇਸ ਸੋਚ ਨੂੰ ਦੁਨੀਆਂ ਦੇ ਵੱਖ-ਵੱਖ ਖੇਤਰਾਂ ਤੱਕ ਪਹੁੰਚਾਉਣ ਹਿੱਤ ਗੁਰੂ ਜੀ ਵੱਲੋਂ ਕਈ ਪ੍ਰਚਾਰਕ ਦੌਰੇ ਵੀ ਕੀਤੇ, ਜਿਹਨਾਂ ਨੂੰ ਸਿੱਖ ਇਤਿਹਾਸ ਵਿੱਚ ਉਦਾਸੀਆਂ ਦੇ ਨਾਂ ਨਾਲ ਸਤਿਕਾਰਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਦੀਆਂ ਇਹਨਾਂ ਉਦਾਸੀਆਂ ਦਾ ਵਰਣਨ ਇਸ ਪ੍ਰਕਾਰ ਹੈ :

ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਧਾਰਨ ਤੋਂ ਪਹਿਲਾਂ ਭਾਰਤ ਵਿੱਚ ਵੈਦਿਕ ਧਰਮ ਦੀ ਚੜ੍ਹਤ ਸੀ, ਜਿਸ ਦੀ ਬੁਨਿਆਦ ਵਰਣ ਆਸ਼ਰਮ ਨਿਯਮ ’ਤੇ ਆਧਾਰਿਤ ਸੀ। ਜਦੋਂ ਗੁਰੂ ਜੀ ਨੇ ਅਵਤਾਰ ਧਾਰਿਆ ਤਾਂ ਉਸ ਸਮੇਂ ਭਾਰਤੀ ਸਮਾਜ ਬਹੁਤ ਹੀ ਗੁੰਝਲਦਾਰ ਜਾਤੀਆਂ ਅਤੇ ਧਾਰਮਿਕ ਫਿਰਕਿਆਂ ਵਿੱਚ ਵੰਡਿਆ ਹੋਇਆ ਸੀ। ਮਨੁੱਖ ਦੀ ਪਛਾਣ ਕਰਮ ਆਧਾਰਿਤ ਨਾ ਹੋ ਕੇ ਸਗੋਂ ਜਨਮ ਆਧਾਰਿਤ ਸੀ। ਲੋਕਾਂ ਵਿੱਚੋਂ ਆਪਸੀ ਭਾਈਚਾਰੇ ਅਤੇ ਇਕਸੁਰਤਾ ਦੀ ਭਾਵਨਾ ਪੂਰੀ ਤਰ੍ਹਾਂ ਅਲੋਪ ਹੋ ਚੁੱਕੀ ਸੀ।

ਅਜਿਹੀ ਤਰਸਯੋਗ ਸੁਰਤ-ਏ-ਹਾਲ ਵਿੱਚ ਸਿਫ਼ਤੀ ਅਤੇ ਇਨਕਲਾਬੀ ਤਬਦੀਲੀ ਲਿਆਉਣ ਲਈ ਗੁਰੂ ਨਾਨਕ ਸਾਹਿਬ ਜੀ ਨੇ ਸਤੰਬਰ 1507 ਈ: ਨੂੰ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਦੁਨੀਆਂ ਦੀਆਂ ਵੱਖ-ਵੱਖ ਦਿਸ਼ਾਵਾਂ ਵਿੱਚ ਪ੍ਰਚਾਰਕ ਦੌਰੇ ਆਰੰਭ ਕੀਤੇ ਜਿਨ੍ਹਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ। ਉਹ ਭਾਰਤ ਦੀਆਂ ਸਾਰੀਆਂ ਕੁੰਟਾਂ ਵਿੱਚ ਜਾਣ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਗਏ। ਇਨ੍ਹਾਂ ਦੇਸ਼ ਰਟਨਾਂ ਵਿੱਚ ਗੁਰੂ ਸਾਹਿਬ ਦਾ ਲਗਪਗ 25 ਕੁ ਸਾਲ ਦਾ ਸਮਾਂ ਲੇਖੇ ਲੱਗਾ। ਇਨ੍ਹਾਂ ਉਦਾਸੀਆਂ ਸਮੇਂ ਉਹ ਬਹੁਤ ਸਾਰੇ ਵਿਅਕਤੀਆਂ ਨੂੰ ਮਿਲੇ। ਉਹਨਾਂ ਦਾ ਪੜਾਅ ਕਦੇ ਗਰੀਬ ਘਰਾਂ ਵਿੱਚ ਅਤੇ ਕਦੇ ਨੀਲੀ ਛੱਤ ਹੇਠ ਹੀ ਹੁੰਦਾ ਰਿਹਾ। ਇਹਨਾਂ ਉਦਾਸੀਆਂ ਵਿੱਚ ਉਹਨਾਂ ਦਾ ਮਿਲਾਪ ਛੋਟੇ ਅਤੇ ਅਣਗੌਲੇ ਲੋਕਾਂ ਦੇ ਨਾਲ-ਨਾਲ ਕਈ ਬਾਦਸ਼ਾਹਾਂ ਨਾਲ ਵੀ ਹੋਇਆ।

ਪਹਿਲੀ ਉਦਾਸੀ :- ਗੁਰੂ ਸਾਹਿਬ ਜੀ ਦੀ ਪਹਿਲੀ ਉਦਾਸੀ ਦਾ ਸਮਾਂ ਲਗਪਗ 8 ਸਾਲ ਰਿਹਾ ਹੈ। ਇਸ ਉਦਾਸੀ ਦੌਰਾਨ ਆਪ ਸਭ ਤੋਂ ਪਹਿਲਾਂ ਐਮਨਾਬਾਦ ਗਏ, ਜੋ ਤਲਵੰਡੀ ਤੋਂ ਲਗਪਗ 60 ਕਿ. ਮੀ. ’ਤੇ ਸਥਿਤ ਹੈ। ਇੱਥੇ ਆਪ ਧਰਮ ਦੀ ਕਿਰਤ ਕਰਨ ਵਾਲੇ ਇੱਕ ਅਤਿ ਗਰੀਬੜੇ ਮਨੁੱਖ ਭਾਈ ਲਾਲੋ ਦੇ ਘਰ ਠਹਿਰੇ। ਭਾਈ ਸਾਹਿਬ ਲੱਕੜੀ ਦਾ ਕੰਮ ਕਰਦੇ ਸਨ। ਬ੍ਰਾਹਮਣਾਂ ਨੇ ਇਸ ਗੱਲ ਦਾ ਬੁਰਾ ਮਨਾਇਆ ਕਿ ਗੁਰੂ ਜੀ ਨੀਵੀਂ ਜਾਤੀ ਦੇ ਵਿਅਕਤੀ ਦੇ ਘਰ ਕਿਉਂ ਠਹਿਰੇ ਹਨ, ਪਰ ਆਪ ਨੇ ਇਸ ਵਿਰੋਧ ਦਾ ਕੋਈ ਅਸਰ ਨਾ ਕਬੂਲਿਆ ਕਿਉਂਕਿ ਉਹਨਾਂ ਦਾ ਮਿਸ਼ਨ ਹੀ ਵਰਣਵਾਦੀ ਸਿਸਟਮ ਨੂੰ ਤੋੜਨਾ ਸੀ। ਇਸ ਮਿਸ਼ਨ ਦੀ ਹੀ ਪੁਸ਼ਟੀ ਕਰਦਾ ਹੈ, ਉਹਨਾਂ ਦਾ ਇਹ ਫੁਰਮਾਨ :

ਨੀਚਾ ਅੰਦਰਿ ਨੀਚ ਜਾਤਿ, ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ, ਵਡਿਆ ਸਿਉ ਕਿਆ ਰੀਸ ॥ (ਪੰਨਾ-15)

ਹਰਿਦੁਆਰ ਵਿਖੇ ਵਿਸਾਖੀ ਦਾ ਪੁਰਬ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਸੀ। ਮੇਲਾ ਵੇਖਣ ਵਾਲੇ ਮੇਲ਼ੀ ਅਤੇ ਸ਼ਰਧਾਲੂ ਗੰਗਾ ਨਦੀ ਵਿੱਚ ਇਸ਼ਨਾਨ ਕਰਦੇ ਸਨ। ਸਿਰਫ਼ ਇਸ਼ਨਾਨ ਹੀ ਨਹੀਂ ਸਗੋਂ ਆਪਣੇ ਪਿੱਤਰਾਂ ਨੂੰ ਸੂਰਜ ਰਾਹੀਂ ਪਾਣੀ ਵੀ ਪਹੁੰਚਾਉਂਦੇ ਸਨ। ਗੁਰੂ ਜੀ ਨੇ ਜਿੱਥੇ ਬੜੇ ਨਾਟਕੀ ਢੰਗ ਨਾਲ ਅਜਿਹੇ ਵਿਚਾਰਾਂ ਨੂੰ ਤਿਲਾਂਜਲੀ ਦੇਣ ਦਾ ਉਪਦੇਸ਼ ਦਿੱਤਾ, ਉੱਥੇ ਵੈਸ਼ਨਵ ਸਾਧੂਆਂ ਨੂੰ ਮਨੁੱਖੀ ਬਰਾਬਰਤਾ ਦਾ ਸਬਕ ਵੀ ਦਿੱਤਾ। ਗੁਰੂ ਜੀ ਨੇ ਉਹਨਾਂ ਨੂੰ ਬੜਾ ਸਮਝਾਇਆ ਕਿ ਰੱਬ ਦਾ ਕੋਈ ਵੀ ਬੰਦਾ ਮਾੜਾ ਜਾਂ ਨੀਚ ਨਹੀਂ ਹੁੰਦਾ ਹੈ।

ਗੋਰਖ ਮਤੇ, ਗੋਰਖ ਨਾਥ ਅਤੇ ਉਸ ਦੇ ਚੇਲਿਆਂ ਦਾ ਗੜ੍ਹ ਸੀ। ਇਹ ਸਥਾਨ ਪੀਲੀਭੀਤ ਤੋਂ ਲਗਪਗ 20 ਕੁ ਕਿਲੋਮੀਟਰ ਦੀ ਵਿੱਥ ’ਤੇ ਸਥਿਤ ਹੈ। ਇੱਥੇ ਗੁਰੂ ਜੀ ਨੇ ਜੋਗੀਆਂ ਨੂੰ ਸਮਝਾਇਆ ਕਿ ਪ੍ਰਮਾਤਮਾ ਬਾਹਰੀ ਭੇਖ ’ਤੇ ਨਹੀਂ ਰੀਝਦਾ ਸਗੋਂ ਉਸ ਦੀ ਪ੍ਰਾਪਤੀ ਦੀ ਜੁਗਤ ਵਿਕਾਰ ਰਹਿਤ ਜੀਵਨ ਬਸਰ ਕਰਦਿਆਂ ਉਸ ਦੀ ਸਿਫਤ ਸਲਾਹ ਕਰਨਾ ਹੈ। ਗੁਰੂ ਜੀ ਦੀ ਆਮਦ ਸਦਕਾ ਇਸ ਸਥਾਨ ਦਾ ਨਾਂ ਗੋਰਖ ਮਤੇ ਤੋਂ ਤਬਦੀਲ ਹੋ ਕੇ ਨਾਨਕ ਮਤਾ ਪੈ ਗਿਆ।

ਨਾਨਕ ਮਤੇ ਤੋਂ ਪ੍ਰਚਾਰ ਕਰਦੇ ਹੋਏ ਗੁਰੂ ਨਾਨਕ ਸਾਹਿਬ ਜੀ ਦੀਵਾਲੀ ਵਾਲੇ ਦਿਨ ਅਯੁੱਧਿਆ ਪਹੁੰਚੇ। ਇੱਥੇ ਆਪ ਜੀ ਦੀ ਭੇਟ ਭਾਈ ਰਾਮਾਨੰਦ ਜੀ ਦੇ ਚੇਲਿਆਂ ਨਾਲ ਹੋਈ। ਇਹਨਾਂ ਬੈਰਾਗੀਆਂ ਨੂੰ ਮੁਕਤੀ ਮਾਰਗ ਬਾਰੇ ਦੱਸਦਿਆ ਗੁਰੂ ਜੀ ਨੇ ਫੁਰਮਾਇਆ ਕਿ ਮੂਰਤੀ ਪੂਜਾ ਨੂੰ ਤਿਆਗ ਕੇ ਇੱਕ ਅਕਾਲ ਪੁਰਖ ਦੀ ਪੂਜਾ ਵਿੱਚ ਲੱਗ ਜਾਓ।

ਇਲਾਹਬਾਦ ਦਾ ਪੁਰਾਣਾ ਨਾਂ ਪ੍ਰਯਾਗ ਸੀ। ਗੰਗਾ ਜਮਨਾ ਦੇ ਸੰਗਮ ਵਾਲਾ ਇਹ ਹਿੰਦੂਆਂ ਦਾ ਤੀਰਥ ਸਥਾਨ ਹੈ। ਇਹਨਾਂ ਨਦੀਆਂ ਵਿੱਚ ਇਸ਼ਨਾਨ ਕਰਨ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ। ਇਸ ਮਹੱਤਵ ਨੂੰ ਘਟਾਉਂਦਿਆਂ ਗੁਰੂ ਜੀ ਨੇ ਕਿਹਾ ਕਿ ਤੀਰਥ ਇਸ਼ਨਾਨ ਦਾ ਪ੍ਰਭੂ ਦੀ ਭਗਤੀ ਨਾਲ ਕੋਈ ਬਹੁਤਾ ਸਰੋਕਾਰ ਨਹੀਂ ਹੈ ਕਿਉਂਕਿ ਇਸ਼ਨਾਨ ਸਿਰਫ਼ ਤਨ ਦੀ ਮੈਲ਼ ਉਤਾਰਦਾ ਹੈ, ਮਨ ਦੀ ਨਹੀਂ। ਸੱਚਾ ਤੀਰਥ ਤਾਂ ਗੁਰੂ ਆਪ ਹੈ ਜਿਸ ਦੀ ਸਿੱਖਿਆ ਰੂਪੀ ਨਦੀ ਵਿੱਚ ਨਹਾ ਕੇ ਜੀਵ ਮੁਕਤੀ ਪ੍ਰਾਪਤ ਕਰ ਸਕਦਾ ਹੈ।

ਬਨਾਰਸ ਸੰਸਕ੍ਰਿਤ ਵਿਦਿਆ ਅਤੇ ਹਿੰਦੂ ਧਰਮ ਦਾ ਕੇਂਦਰ ਹੈ। ਇੱਥੋਂ ਦੇ ਪੰਡਿਤਾਂ ਨੇ ਇਹ ਗੱਲ ਪ੍ਰਚਾਰੀ ਹੋਈ ਸੀ ਕਿ ਜੇਕਰ ਕੋਈ ਮਨੁੱਖ ਪੰਡਿਤਾਂ ਨੂੰ ਦਾਨ-ਪੁੰਨ ਕਰਨ ਮਗਰੋਂ ਆਰੇ ਨਾਲ ਸਰੀਰ ਚਿਰਾਵੇਗਾ ਤਾਂ ਉਹ ਸਿੱਧਾ ਸ਼ਿਵਪੁਰੀ ਨੂੰ ਜਾਏਗਾ ਪਰ ਗੁਰੂ ਜੀ ਨੇ ਬਨਾਰਸ ਵਾਸੀਆਂ ਨੂੰ ਪੰਡਿਤਾਂ ਦੀਆਂ ਚਾਲਾਂ ਤੋਂ ਸੁਚੇਤ ਕਰਦਿਆਂ ਕਿਹਾ ਕਿ ਮੁਕਤੀ ਕਿਸੇ ਵਿਸ਼ੇਸ਼ ਥਾ ’ਤੇ ਮਰਨ ਨਾਲ ਨਹੀਂ ਸਗੋਂ ਚੰਗੇ ਕਰਮਾਂ ਨਾਲ ਮਿਲਦੀ ਹੈ।

ਇੱਥੇ ਆਪ ਨੇ ਪੰਡਿਤ ਚਤੁਰਦਾਸ ਨੂੰ ਸਮਝਾਇਆ ਕਿ ਤਿਲਕ, ਤੁਲਸੀ, ਮਾਲਾ ਸਾਲਗ੍ਰਾਮ ਅਤੇ ਧਾਰਮਿਕ ਪਹਿਰਾਵਾ ਬ੍ਰਾਹਮਣ ਹੋਣ ਦੀ ਬਾਹਰਮੁਖੀ ਨਿਸ਼ਾਨੀਆਂ ਹਨ ਪਰ ਅਸਲੀ ਬ੍ਰਾਹਮਣ ਫੋਕਟ ਕਰਮਕਾਂਡਾਂ ਵਿੱਚ ਸਮਾਂ ਨਸਟ ਕਰਨ ਦੀ ਬਜਾਏ ਉਸ ਪ੍ਰਭੂ ਦੀ ਸਿਫਤ ਸਲਾਹ ਵਿੱਚ ਸਮਾਂ ਬਤੀਤ ਕਰਦਾ ਹੈ। ਬਨਾਰਸ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਨੇ ਭਗਤ ਕਬੀਰ, ਭਗਤ ਰਵੀਦਾਸ ਅਤੇ ਰਾਮਾਨੰਦ ਜੀ ਦੀ ਬਾਣੀ ਪ੍ਰਾਪਤ ਕੀਤੀ।

ਗਯਾ ਬਿਹਾਰ ਪ੍ਰਾਂਤ ਵਿੱਚ ਫਲਗੂ ਨਦੀ ਦੇ ਕੰਢੇ ’ਤੇ ਸਥਿਤ ਹੈ। ਬ੍ਰਾਹਮਣਾਂ ਦੇ ਸਿਖਾਏ ਲੋਕ ਇੱਥੇ ਆਪਣੇ ਪਿਤਰਾਂ ਦੀ ਗਤੀ ਲਈ ਦਾਨ-ਪੁੰਨ ਕਰਨ ਵਾਸਤੇ ਆਉਂਦੇ ਸਨ। ਅਜਿਹੇ ਲੋਕਾਂ ਨੂੰ ਸਿਖਿਆ ਦਿੰਦਿਆਂ ਗੁਰੂ ਜੀ ਨੇ ਕਿਹਾ ਕਿ ਮੌਤ ਪਿੱਛੋਂ ਕੀਤੀਆਂ ਜਾਣ ਵਾਲੀਆਂ ਰਸਮਾਂ ਦਾ ਵਿਛੜੀ ਹੋਈ ਆਤਮਾ ਨੂੰ ਕੋਈ ਲਾਭ ਨਹੀਂ ਪਹੁੰਚਦਾ।

ਬਿਹਾਰ ਪ੍ਰਾਂਤ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਆਸਾਮ ਵਿੱਚ ਦਾਖਲ ਹੋਏ। ਉਸ ਵਕਤ ਇਸ ਪ੍ਰਾਂਤ ਨੂੰ ਕਾਮਰੂਪ ਕਿਹਾ ਜਾਂਦਾ ਸੀ, ਇਸ ਪ੍ਰਾਂਤ ਦੇ ਪ੍ਰਸਿੱਧ ਸ਼ਹਿਰ ਗੋਹਾਟੀ ਵਿੱਚ ਕਾਮਖਯਾ ਸਾਹਿਬੀ ਦਾ ਮੰਦਰ ਹੈ। ਇਹ ਮੰਦਰ ਵਾਮ ਮਾਰਗੀਆਂ ਦਾ ਹੈ। ਇਹ ਲੋਕ ਧਰਮ ਤੇ ਆਚਰਣ ਤੋਂ ਗਿਰੇ ਕੰਮਾਂ ਨੂੰ ਧਰਮ ਦਾ ਜ਼ਰੂਰੀ ਅੰਗ ਸਮਝਦੇ ਸਨ। ਗੁਰੂ ਜੀ ਨੇ ਇਹਨਾਂ ਲੋਕਾਂ ਨੂੰ ਨਸ਼ਿਆਂ ਤੇ ਆਚਰਣਹੀਣ ਕੰਮਾਂ ਤੋਂ ਪ੍ਰਹੇਜ਼ ਕਰਨ ਲਈ ਕਿਹਾ ਅਤੇ ਸਮਝਾਇਆ ਕਿ ਕੁਕਰਮਾਂ ਨੂੰ ਧਰਮ ਦੀ ਆੜ ਵਿੱਚ ਸੁਕਰਮ ਨਹੀਂ ਬਣਾਇਆ ਜਾ ਸਕਦਾ। ਢਾਕੇ ਵਿੱਚੋਂ ਹੀ ਗੁਰੂ ਜੀ ਨੇ ਭਗਤ ਜੈਦੇਵ ਜੀ ਦੇ ਦੋ ਸ਼ਬਦ ਪ੍ਰਾਪਤ ਕੀਤੇ।

ਜਗਨ ਨਾਥ ਪੁਰੀ ਦੇ ਮੰਦਰ, ਜੋ ਕਿ ਉੜੀਸਾ ਵਿਖੇ ਸਥਿਤ ਹੈ, ਵਿੱਚ ਪਹੁੰਚ ਕੇ ਗੁਰੂ ਜੀ ਨੇ ਲੋਕਾਂ ਨੂੰ ਦੱਸਿਆ ਕਿ ਕੋਈ ਵੀ ਸਾਹਿਬੀ ਸਾਹਿਬਤਾ ਜਗਨਨਾਥ ਨਹੀਂ ਹੋ ਸਕਦਾ ਸਗੋਂ ਜਗਤ ਦਾ ਨਾਥ ਤਾਂ ਵਾਹਿਗੁਰੂ ਆਪ ਹੈ। ਜਦੋਂ ਗੁਰੂ ਜੀ ਨੂੰ ਜਗਨਨਾਥ ਦੀ ਮੂਰਤੀ ਦੀ ਆਰਤੀ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਤਾਂ ਉਹਨਾਂ ਨੂੰ ਇਹ ਕਹਿ ਕੇ ਆਰਤੀ ਵਿੱਚ ਸ਼ਮੂਲੀਅਤ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਉਸ ਦੇ ਜਗਨਨਾਥ ਦੀ ਆਰਤੀ ਤਾਂ ਉਸ ਦੀ ਬਣਾਈ ਕੁਦਰਤ ਆਪ ਹੀ ਉਤਾਰ ਰਹੀ ਹੈ। ਉਹਨਾਂ ਨੇ ਕਿਹਾ ਕਿ ਪ੍ਰਮਾਤਮਾ ਦਿਖਾਵੇ ਦੀ ਆਰਤੀ ਨਾਲ ਖੁਸ਼ ਨਹੀਂ ਹੁੰਦਾ, ਸਗੋਂ ਉਸ ਦੀ ਸੱਚੀ ਆਰਤੀ ਤਾਂ ਉਸ ਦੇ ਭਾਣੇ ਵਿੱਚ ਰਹਿ ਕੇ ਸਰਬੱਤ ਦਾ ਭਲਾ ਲੋਚਣਾ ਹੈ। ਇੱਥੇ ਹੀ ਆਪ ਨੇ ਕਲਯੁਗ ਨਾਂ ਦੇ ਪਾਂਧੇ ਦਾ ਪਰਦਾਫਾਸ਼ ਕੀਤਾ ਜੋ ਮਾਇਆ ਦੇ ਲਾਲਚ ਵਿੱਚ ਭੋਲੀ-ਭਾਲੀ ਜਨਤਾ ਨੂੰ ਗੁੰਮਰਾਹ ਕਰ ਰਿਹਾ ਸੀ। ਪੁਰੀ ਤੋਂ ਬਾਦ ਗੁਰੂ ਜੀ ਭੀਲਾਂ ਦੇ ਇਲਾਕੇ ਵਿੱਚ ਆ ਗਏ ਜਿਸ ਨੂੰ ਦ੍ਰਾਵਿੜ ਵੀ ਕਿਹਾ ਜਾਂਦਾ ਹੈ। ਇੱਥੇ ਆਉਣ ਦਾ ਸਬੱਬ ਭਾਈ ਮਰਦਾਨਾ ਸੀ। ਕੌਡਾ ਰਾਖਸ਼ ਭਾਈ ਜੀ ਨੂੰ ਮਾਰਨ ਦੀਆਂ ਤਿਆਰੀਆਂ ਕਰ ਰਿਹਾ, ਦੱਸਿਆ ਜਾਂਦਾ ਹੈ ਤਾਂ ਗੁਰੂ ਜੀ ਵੀ ਉੱਥੇ ਪਹੁੰਚ ਗਏ। ਗੁਰੂ ਜੀ ਦਾ ਉਪਦੇਸ਼ ਸੁਣ ਕੇ ਅਤੇ ਦਰਸ਼ਨ-ਦੀਦਾਰੇ ਕਰ ਕੇ ਕੌਡਾ ਨਿਹਾਲ ਹੋ ਗਿਆ ਤਾਂ ਉਸ ਨੇ ਭਾਈ ਮਰਦਾਨੇ ਨੂੰ ਛੱਡ ਦਿੱਤਾ। ਇਸ ਦੇ ਨਾਲ ਹੀ ਉਸ ਨੇ ਗੁਰੂ ਜੀ ਨੂੰ ਅੱਗੇ ਤੋਂ ਹਮੇਸ਼ਾਂ ਲਈ ਸੱਚੇ ਮਾਰਗ ਉੱਤੇ ਚੱਲਣ ਦਾ ਵਿਸ਼ਵਾਸ ਵੀ ਦਿਵਾਇਆ।

ਇਸ ਉਦਾਸੀ ਦੇ ਸਫ਼ਰ ਦੌਰਾਨ ਗੁਰੂ ਜੀ ਸਿੰਗਲਾਦੀਪ (ਸ੍ਰੀ ਲੰਕਾ) ਪਹੁੰਚੇ। ਇੱਥੋਂ ਦਾ ਰਾਜਾ ਸ਼ਿਵਨਾਭ, ਜੋ ਕਿ ਗੁਰੂ ਨਾਨਕ ਸਾਹਿਬ ਜੀ ਦਾ ਅਨਿਨ ਸ਼ਰਧਾਲੂ ਸੀ, ਨੂੰ ਗੁਰੂ ਜੀ ਦੇ ਦਰਸ਼ਨਾਂ ਦੀ ਤੀਬਰ ਤਾਂਘ ਸੀ। ਗੁਰੂ ਜੀ ਨੇ ਉਸ ਨੂੰ ਦਰਸ਼ਨ ਦੇ ਕੇ ਉਸ ਦੀ ਤਮੰਨਾ ਪੂਰੀ ਕੀਤੀ। ਇਸ ਉਦਾਸੀ ਦੌਰਾਨ ਹੀ ਗੁਰੂ ਨਾਨਕ ਸਾਹਿਬ ਜੀ ਦਿੱਲੀ ਵਿਖੇ ਜਮਨਾ ਨਦੀ ਦੇ ਕਿਨਾਰੇ ਮਜਨੂੰ ਭਗਤ ਨੂੰ ਮਿਲੇ, ਉਹਨਾਂ ਦੇ ਮਿਲਾਪ ਦੀ ਸ਼ਾਹਦੀ ਭਰਦਾ ਹੈ, ਗੁਰਦੁਆਰਾ ਮਜਨੂੰ ਟਿੱਲਾ।

ਗੁਰੂ ਜੀ ਦੀ ਇਸ (ਪਹਿਲੀ) ਉਦਾਸੀ ਦਾ ਅੰਤਿਮ ਪੜਾਅ ਕੁਰੂਕਸ਼ੇਤਰ ਸੀ। ਇੱਥੇ ਆਪ ਜੀ ਨੇ ਸੂਰਜ ਗ੍ਰਹਿਣ ਸਮੇਂ ਅੱਗ ਜਲ਼ਾ ਕੇ ਭੋਜਨ ਤਿਆਰ ਕਰਨ ਦੇ ਵਹਿਮ ਦਾ ਖੰਡਣ ਕਰ ਆਪ ਅੱਗ ਮਚਾ ਕੇ ਖਾਣਾ ਤਿਆਰ ਕਰਵਾਇਆ, ਜੋ ਕਿ ਬ੍ਰਾਹਮਣਾਂ ਲਈ ਅਤਿ ਅਸ਼ੋਭਨੀਕ ਸੀ।

ਦੂਜੀ ਉਦਾਸੀ:- ਪਹਿਲੀ ਉਦਾਸੀ ਦੀ ਤਰਜ਼ ’ਤੇ ਇਸ ਉਦਾਸੀ ਦਾ ਮੁਹਾਣ ਵੀ ਹਿੰਦੂ ਤੀਰਥ ਅਸਥਾਨਾਂ ਅਤੇ ਸਿੱਧ ਜੋਗੀਆਂ ਦੇ ਟਿਕਾਣਿਆਂ ਵੱਲ ਸੀ। ਇਸ ਉਦਾਸੀ ਦੇ ਕੁਝ ਚੌਣਵੇਂ ਪੜਾਅ ਹਨ :-

ਸੁਮੇਰ ਪਰਬਤ ਦੀਆਂ ਗੁਫਾਵਾਂ ਵਿੱਚ ਸਿੱਧ, ਜੋਗੀ ਤੇ ਨਾਥ ਨਿਵਾਸ ਕਰਦੇ ਸਨ। ਇੱਥੇ ਗੁਰੂ ਸਾਹਿਬ ਦੀਆਂ ਸਿੱਧਾਂ ਨਾਲ ਧਾਰਮਿਕ ਗੋਸ਼ਟੀਆਂ ਹੋਈਆਂ। ਜਦੋਂ ਸਿੱਧ-ਜੋਗੀ ਗੁਰੂ ਜੀ ਦੇ ਤਰਕ ਦਾ ਸਾਹਮਣਾ ਨਾ ਕਰ ਸਕੇ ਤਾਂ ਉਹਨਾਂ ਨੇ ਕਰਾਮਾਤੀ ਚੱਕਰ ਚਲਾਉਣੇ ਸ਼ੁਰੂ ਕਰ ਦਿੱਤੇ ਪਰ ਇਹ ਚੱਕਰ ਵੀ ਗੁਰੂ ਸਾਹਿਬ ’ਤੇ ਕੋਈ ਪ੍ਰਭਾਵ ਨਾ ਪਾ ਸਕੇ। ਅਖੀਰ ਸਿੱਧਾਂ ਨੇ ਗੁਰੂ ਜੀ ਦੇ ਦਲੀਲਮਈ ਵਿਚਾਰਾਂ ਅੱਗੇ ਹਥਿਆਰ ਸੁੱਟ ਦਿੱਤੇ। ਸੁਮੇਰ ਪਰਬਤ ਤੋਂ ਬਾਅਦ ਗੁਰੂ ਜੀ ਨੇਪਾਲ ਪਹੁੰਚੇ ਅਤੇ ਉੱਥੋਂ ਦੇ ਰਾਜੇ ਰਘਬੀਰ ਨੂੰ ਆਪਣੇ ਦੁਆਰਾ ਬਿਆਨ ਕੀਤੀ ਜਾਂਦੀ ਸਚਾਈ ਰਾਹੀਂ ਪ੍ਰਭਾਵਤ ਕਰ ਸਿੱਖ ਬਣਾਇਆ।

ਕਸ਼ਮੀਰ ਦੇ ਇਲਾਕੇ ਵਿੱਚ ਗੁਰੂ ਜੀ ਨੇ ਸ੍ਰੀ ਨਗਰ, ਮਟਨ ਸਾਹਿਬ, ਅਮਰਨਾਥ ਅਤੇ ਵੈਸ਼ਨੋ ਸਾਹਿਬੀ ਦਾ ਰਟਨ ਕੀਤਾ ਅਤੇ ਲੋਕਾਂ ਨੂੰ ਸੱਚ ਦਾ ਰਾਹ ਵਿਖਾਇਆ।

ਜੰਮੂ ਵਿੱਚ ਆਪ ਨੇ ਰਘੂਨਾਥ ਮੰਦਿਰ ਵਿੱਚ ਟਿਕਾਣਾ ਕੀਤਾ ਅਤੇ ਇੱਥੇ ਜੁੜੀ ਲੁਕਾਈ ਨੂੰ ਪੱਥਰ ਪੂਜਣ ਤੋਂ ਵਰਜਿਆ। ਸਿਆਲਕੋਟ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਪੀਰ ਹਮਜ਼ਾ ਗੋਂਸ ਨੂੰ ਸਿੱਧੇ ਰਾਹੇ ਪਾਇਆ ਅਤੇ ਮੌਤ ਦੀ ਸੱਚਾਈ ਨੂੰ ਬਿਆਨ ਕੀਤਾ। ਇਸ ਉਦਾਸੀ ਦਾ ਛੇਕੜਲਾ ਪੜਾਅ ਪਸਰੂਰ ਸੀ। ਇੱਥੇ ਗੁਰੂ ਜੀ ਦੀ ਮੀਆਂ ਮਿੱਠਾ ਰਾਮ ਦੇ ਫਕੀਰ ਨਾਲ ਚਰਚਾ ਹੋਈ ਅਤੇ ਆਪ ਨੇ ਉਸ ਨੂੰ ਗੁਰਮਤਿ ਗਿਆਨ ਦੀ ਬਖ਼ਸ਼ਸ਼ ਕੀਤੀ।

ਤੀਜੀ ਉਦਾਸੀ:- ਗੁਰੂ ਨਾਨਕ ਸਾਹਿਬ ਜੀ ਦੀ ਤੀਜੀ ਉਦਾਸੀ ਮੁਸਲਮਾਨੀ ਮੱਤ ਦੇ ਧਾਰਮਿਕ ਸਥਾਨਾਂ ਵੱਲ ਸੀ। ਤਿੰਨ ਵਰ੍ਹਿਆਂ ਦੀ ਇਸ ਉਦਾਸੀ ਦੌਰਾਨ ਗੁਰੂ ਨਾਨਕ ਸਾਹਿਬ ਜੀ ਨੇ ਇਸਲਾਮ ਧਰਮ ਦੇ ਪੀਰਾਂ, ਫਕੀਰਾਂ, ਮੌਲਵੀਆਂ ਅਤੇ ਹੋਰ ਪੈਰੋਕਾਰਾਂ ਨੂੰ ਅੱਲ੍ਹਾ ਤੋਂ ਦੂਰ ਲਿਜਾਣ ਵਾਲੇ ਵਿਚਾਰ ਅਤੇ ਵਿਵਹਾਰ ਤੋਂ ਪ੍ਰਹੇਜ ਕਰਨ ਦਾ ਉਪਦੇਸ਼ ਦਿੱਤਾ। ਪਾਕਪਟਨ ਦਾ ਪਹਿਲਾ ਨਾਂ ਅਯੋਧਨ ਸੀ। ਗੁਰੂ ਸਾਹਿਬ ਉੱਥੇ ਬਾਬਾ ਸ਼ੇਖ ਫਰੀਦ ਦੇ 11ਵੇਂ ਗੱਦੀ-ਨਸ਼ੀਨ ਬਾਬਾ ਸ਼ੇਖ ਬ੍ਰਹਮ ਨੂੰ ਮਿਲੇ ਅਤੇ ਬਾਬਾ ਫਰੀਦ ਜੀ ਦੀ ਬਾਣੀ ਪ੍ਰਾਪਤ ਕੀਤੀ ਜੋ ਗੁਰਮਤਿ ਅਨੁਸਾਰੀ ਸੀ।

ਇਸ ਤੋਂ ਅਗਲੇਰਾ ਪੈਂਡਾ ਤਹਿ ਕਰਦੇ ਗੁਰੂ ਜੀ ਤੁਲੰਬੇ ਪਹੁੰਚੇ, ਜੋ ਲਾਹੌਰ ਤੋਂ ਮੁਲਤਾਨ ਵਾਲੀ ਸੜਕ ਉਤੇ ਸਥਿਤ ਹੈ। ਇੱਥੋਂ ਦਾ ਵਸਨੀਕ ਸੱਜਣ ਮੱਲ ਪਹਿਲਾਂ ਆਏ-ਗਏ ਨੂੰ ਆਪਣੇ ਮੁਸਾਫ਼ਰਖ਼ਾਨੇ ਵਿੱਚ ਠਹਿਰਾ ਦਿੰਦਾ ਸੀ, ਪਰ ਬਾਅਦ ਵਿੱਚ ਲਾਲਚ ਵੱਸ ਆ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਸੀ। ਜਦੋਂ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨੇ ਸਮੇਤ ਉਸ ਕੋਲ ਪਹੁੰਚੇ ਤਾਂ ਉਸ ਨੇ ਅਜਿਹੇ ਪਾਪਾਂ ਤੋਂ ਤੋਬਾ ਕੀਤੀ ਅਤੇ ਧਰਮੀ ਬੰਦਾ ਬਣਨ ਦਾ ਵਚਨ ਦਿੱਤਾ। ਮੱਕਾ ਅਰਬ ਦੇਸ਼ ਦਾ ਅੰਤਰਰਾਸ਼ਟਰੀ ਪ੍ਰਸਿੱਧੀ ਦਾ ਸ਼ਹਿਰ ਹੈ। ਇੱਥੇ ਇਸਲਾਮ ਦੇ ਪੈਰੋਕਾਰਾਂ ਦਾ ਤੀਰਥ ਸਥਾਨ ਕਾਅਬਾ ਮੌਜੂਦ ਹੈ। ਇੱਥੇ ਆਪ ਨੇ ਮੁਸਲਮਾਨ ਕਾਜ਼ੀਆਂ, ਪੀਰਾਂ ਅਤੇ ਫਕੀਰਾਂ ਨੂੰ ਖੁਦਾ ਦੀ ਸਰਵਵਿਆਪਕਤਾ ਦਾ ਉਪਦੇਸ਼ ਦੇ ਕੇ ਉਹਨਾਂ ਦੇ ਤੰਗਦਿਲੀ ਵਾਲੇ ਭਰਮ ਨੂੰ ਤੋੜਿਆ।

ਇਰਾਕ ਦੇ ਸ਼ਹਿਰ ਬਗਦਾਦ ਦੇ ਵਸਨੀਕ, ਸੰਗੀਤ ਵਿਦਿਆ ਨੂੰ ਨਫ਼ਰਤ ਕਰਦੇ ਸਨ ਪਰ ਗੁਰੂ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਜੇਕਰ ਸੰਗੀਤ ਦਾ ਉਦੇਸ਼ ਮਾੜਾ ਨਾ ਹੋਵੇ ਤਾਂ ਇਹ ਇੱਕ ਸਰਵੋਤਮ ਸਾਧਨ ਹੋ ਨਿਬੜਦਾ ਹੈ।

ਹਸਨ ਅਬਦਾਲ ਵਿਖੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਕਰਾਮਾਤੀ ਫ਼ਕੀਰ ਵਲੀ ਕੰਧਾਰੀ ਦਾ ਹੰਕਾਰ ਤੋੜਿਆ, ਜਿਸ ਨੇ ਆਪਣੇ ਆਪ ਨੂੰ ਕਰਾਮਾਤੀ ਸਮਝਦਿਆਂ ਗੁਰੂ ਸਾਹਿਬ ਅਤੇ ਭਾਈ ਮਰਦਾਨਾ ਜੀ ਨਾਲ ਬੁਰਾ ਵਿਵਹਾਰ ਕੀਤਾ ਸੀ। ਜਦੋਂ ਉਸ ਨੂੰ ਆਪਣੀ ਭੁੱਲ ਦਾ ਅਹਿਸਾਸ ਹੋਇਆ ਤਾਂ ਉਸ ਨੇ ਗੁਰੂ ਜੀ ਦੇ ਚਰਨੀ ਢਹਿ ਕੇ ਭੁੱਲ ਬਖਸ਼ਾਈ। ਇੱਥੇ ਇਸ ਘਟਨਾ ਨੂੰ ਤਾਜ਼ਾ ਕਰਦਿਆਂ ਹੋਇਆ ਗੁਰਦੁਆਰਾ ‘ਪੰਜਾ ਸਾਹਿਬ’ ਮੌਜੂਦ ਹੈ।

ਸਿੱਖ ਇਤਿਹਾਸ ਵਿੱਚ ਸੈਦਪੁਰ ਦੀ ਘਟਨਾ ਵੀ ਸੁਨਹਿਰੀ ਅੱਖਰਾਂ ਵਿੱਚ ਲਿਖੀ ਹੋਈ ਮਿਲਦੀ ਹੈ। ਇੱਥੇ ਆਪ ਸਿੱਖ ਸ਼ਰਧਾਲੂ ਭਾਈ ਲਾਲੋ ਜੀ ਦੇ ਘਰ ਠਹਿਰੇ ਹਨ। ਇਸੇ ਠਹਿਰਨ ਸਮੇਂ ਬਾਬਰ ਦਾ ਹਮਲਾ ਹੋ ਗਿਆ। ਇਸ ਹਮਲੇ ਤਹਿਤ ਮਾਰਧਾੜ ਅਤੇ ਲੁੱਟ-ਮਾਰ ਕਾਰਨ ਚਾਰੇ ਪਾਸੇ ਹਾਹਾਕਾਰ ਮੱਚ ਗਈ। ਸ਼ਹਿਰ ਤਬਾਹ ਹੋ ਗਏ, ਜੋ ਪ੍ਰਾਣੀ ਬਚ ਗਏ ਸਨ, ਉਹਨਾਂ ਨੂੰ ਕੈਦ ਕਰ ਲਿਆ ਗਿਆ। ਗੁਰੂ ਜੀ ਵੀ ਭਾਈ ਮਰਦਾਨੇ ਜੀ ਸਮੇਤ ਕੈਦ ਹੋ ਗਏ। ਇਸ ਕੈਦ ਦੌਰਾਨ ਗੁਰੂ ਜੀ ਨੇ ਬਾਬਰ ਨੂੰ ਖਰੀਆਂ-ਖਰੀਆਂ ਸੁਣਾਈਆਂ। ਗੁਰੂ ਸਾਹਿਬ ਮੂੰਹੋਂ ਸੱਚ ਸੁਣ ਕੇ ਬਾਬਰ ਨੇ ਸਾਰੇ ਕੈਦੀਆਂ ਨੂੰ ਰਿਹਾਅ ਕਰਨ ਦੇ ਹੁਕਮ ਦੇ ਦਿੱਤੇ।

ਉਪਰੋਕਤ ਤੱਥਾਂ ਦੀ ਰੋਸ਼ਨੀ ਵਿੱਚ ਕਿਹਾ ਜਾ ਸਕਦਾ ਹੈ ਕਿ ਰੱਬੀ ਰੂਪ ਗੁਰੂ ਨਾਨਕ ਸਾਹਿਬ ਜੀ ਨੂੰ ਉਸ ਵਕਤ ਦੁਨੀਆਂ ਭਰ ਦੀ ਲੁਕਾਈ ਦੇ ਨਾਲ ਹੁੰਦੇ ਧੱਕੇ ਅਤੇ ਬੇਇਨਸਾਫ਼ੀ ਦਾ ਇਲਮ ਸੀ। ਸਿਰਫ਼ ਇਲਮ ਹੀ ਨਹੀਂ ਸਗੋਂ ਗੁਰੂ ਜੀ ਦੇ ਮਨ ਮੰਦਿਰ ਵਿੱਚ ਲੋਕਾਂ ਦਾ ਦਰਦ ਵੀ ਸੀ। ਇਸ ਦਰਦ ਨੂੰ ਵੰਡਾਉਣ ਲਈ ਉਹਨਾਂ ਦੇਸ਼-ਵਿਦੇਸ਼ ਦਾ ਕੋਹਾਂ ਮੀਲ ਪੈਂਡਾ ਪੈਦਲ ਤਹਿ ਕੀਤਾ। ਇਹ ਇੱਕ ਅਜਿਹਾ ਬਿਖੜਿਆ ਪੈਂਡਾ ਸੀ ਜਿਸ ਉੱਪਰ ਚੱਲਣਾ ਗੁਰੂ ਨਾਨਕ ਮਹਾਰਾਜ ਜੀ ਵਰਗੇ ਦਲੇਰ, ਫ਼ਿਲਾਸਫ਼ਰ ਅਤੇ ਸੱਚ ਦੇ ਵਪਾਰੀ ਮਹਾਂਪੁਰਖ ਦੇ ਹੀ ਹਿੱਸੇ ਆ ਸਕਦਾ ਹੈ।

ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ

0

ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ

ਰਣਜੀਤ ਸਿੰਘ, B.Sc., M.A., M.Ed., ਸਟੇਟ ਤੇ ਨੈਸ਼ਨਲ,

ਅਵਾਰਡੀ, ਹੈਡਮਾਸਟਰ (ਸੇਵਾ ਮੁਕਤ)- 99155-15436

ੴ ਸਤਿ ਗੁਰ ਪ੍ਰਸਾਦਿ

‘ਸ਼ਹੀਦ’ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦੇ ਅਰਥ ਹਨ ‘ਗਵਾਹੀ ਦੇਣਾ ਜਾਂ ਗਵਾਹ’। ਇਸ ਸ਼ਬਦ ਦੀ ਵਰਤੋਂ ਕੁਰਾਨ ਸਰੀਫ ਵਿੱਚ ਵੀ ਆਈ ਹੈ। ਕੁਰਾਨ ਸਰੀਫ ਵਿੱਚ ਸ਼ਬਦ ‘ਸ਼ੁਹਦਾ’ ਅਤੇ ‘ਸ਼ਾਹਿਦ’ ਵਰਤੇ ਗਏ ਹਨ, ਜਿਨ੍ਹਾਂ ਦਾ ਭਾਵ ਅੱਖੀਂ ਦੇਖ ਕੇ ਗਵਾਹੀ ਦੇਣਾ ਹੈ। ਯਹੂਦੀ ਧਰਮ ਵਿੱਚ ਸ਼ਹੀਦ ਉਸ ਨੂੰ ਕਿਹਾ ਜਾਂਦਾ ਹੈ, ਜੋ ਲੋਕ ਦੁੱਖ ਤਾਂ ਸਹਿ ਲੈਂਦੇ ਹਨ ਪਰ ਸਿਧਾਂਤਾਂ ਤੋਂ ਮੂੰਹ ਨਹੀਂ ਮੋੜਦੇ। ਚੀਨ ਦੇ ਇਤਿਹਾਸ ਵਿੱਚ ਨੇਕੀ ਦੀ ਖਾਤਰ ਦਿੱਤੀ ਗਈ ਕੁਰਬਾਨੀ ਨੂੰ ਸ਼ਹੀਦੀ ਦਾ ਨਾਂ ਦਿੱਤਾ ਗਿਆ ਹੈ। ਈਸਾਈ ਮੱਤ ਅਨੁਸਾਰ ਈਸਾਈ ਧਰਮ ਵਿੱਚ ਵਿਸ਼ਵਾਸ ਰੱਖਦਿਆਂ ਕੁਰਬਾਨ ਹੋਣ ਵਾਲਾ ਸ਼ਹੀਦ ਹੈ। ਇਰਾਨੀ ਪਰੰਪਰਾ ਅਨੁਸਾਰ ਧਰਮ ਲਈ ਆਪਾ ਕੁਰਬਾਨ ਕਰਨ ਵਾਲੇ ਨੂੰ ਸ਼ਹੀਦ ਕਿਹਾ ਜਾਂਦਾ ਹੈ। ਜਪਾਨ ਦੇ ਇਤਿਹਾਸ ਵਿੱਚ ਸ਼ਹੀਦ ਉਸ ਨੂੰ ਕਿਹਾ ਗਿਆ ਹੈ, ਜੋ ਆਪਣੀ ਕੌਮ ਅਤੇ ਦੇਸ਼ ਲਈ ਕੁਰਬਾਨੀ ਦੇਵੇ।

ਗੁਰਮਤਿ ਵਿੱਚ ਸ਼ਹੀਦ ਉਹ ਹਨ ਜੋ ਧਰਮ, ਦੇਸ਼ ਅਤੇ ਕੌਮ ਦੇ ਸੱਚੇ ਸੁੱਚੇ ਆਦਰਸ਼ਾਂ ਲਈ ਸ਼ਾਤਮਈ ਰਹਿ ਕੇ ਕੁਰਬਾਨੀ ਦਿੰਦੇ ਹਨ। ਹਰ ਪ੍ਰਕਾਰ ਦੇ ਦੁੱਖ ਤੇ ਤਕਲੀਫਾਂ ਸਿਦਕ ਨਾਂਲ ਝੱਲਦੇ ਹਨ। ਸ਼ਹੀਦ ਉਹ ਵੀ ਹਨ ਜੋ ਮੈਦਾਨੇ-ਜੰਗ ਵਿੱਚ ਜ਼ੁਲਮ ਤੇ ਜ਼ਾਲਮ ਨਾਲ ਟੱਕਰ ਲੈਂਦੇ ਹੋਏ ਆਪਣੇ ਜੀਵਨ ਦੀ ਅਹੂਤੀ ਦੇ ਦਿੰਦੇ ਹਨ।

ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਮੇਂ ਹਿੰਦੋਸਤਾਨ ਵਿੱਚ ਔਰੰਗਜ਼ੇਬ ਦਾ ਰਾਜ ਸੀ। ਇਸ ਦਾ ਪੂਰਾ ਨਾਂ ਅਬੂਜਫਰ ਮੁਹੀਉਦੀਨ ਮੁਹੰਮਦ ਔਰੰਗਜ਼ੇਬ ਸੀ, ਜਿਸ ਦਾ ਜਨਮ ਬੇਗਮ ਅਰਜ਼ਮੰਦ ਬਾਨੋ ਦੀ ਕੁੱਖ ਤੋਂ ਮਹਾਂਰਾਸ਼ਟਰ ਦੇ ਨਗਰ ਦੋਹਦ ਵਿਖੇ 3 ਨਵੰਬਰ 1618 ਨੂੰ ਹੋਇਆ। 90 ਸਾਲ ਤੋਂ ਵੱਧ ਉਮਰ ਭੋਗ ਕੇ 21 ਫਰਵਰੀ 1707 ਨੂੰ ਇਸ ਦੀ ਮੌਤ ਅਹਿਮਦ ਨਗਰ ਦੱਖਣ ਵਿੱਚ ਹੋਈ। ਇਸ ਨੇ ਲਗਭਗ 50 ਸਾਲ ਰਾਜ ਕੀਤਾ। ਰਾਜ ਪ੍ਰਾਪਤ ਕਰਨ ਲਈ ਇਸ ਨੇ ਆਪਣੇ ਪਿਤਾ ਸ਼ਾਹਜਹਾਨ ਅਤੇ ਤਿੰਨ ਭਰਾਵਾਂ (ਦਾਰਾ, ਮੁਰਾਦ ਅਤੇ ਸ਼ਾਹ ਸੁਜਾਹ) ਨੂੰ ਹੀ ਕਤਲ ਨਹੀਂ ਕਰਵਾਇਆ ਸਗੋਂ ਆਪਣੇ ਪੁੱਤਰ ਸੁਲਤਾਨ ਮੁਹੰਮਦ ਨੂੰ ਵੀ ਜੇਲ੍ਹ ਵਿੱਚ ਪਾ ਕੇ ਮਾਰਿਆ।

ਤਖ਼ਤ ਪ੍ਰਾਪਤ ਕਰਨ ਉਪਰੰਤ ਇਸ ਨੇ ਹਿੰਦੂ ਮੰਦਰਾਂ ਅਤੇ ਪਾਠਸ਼ਾਲਾਵਾਂ ਦੀ ਉਸਾਰੀ ’ਤੇ ਰੋਕ ਲਾ ਦਿੱਤੀ। ਸੰਗੀਤ, ਰਾਗ, ਨਾਚ ਉੱਤੇ ਪੂਰਨ ਤੌਰ ’ਤੇ ਪਾਬੰਦੀ ਲਾ ਦਿੱਤੀ। ਇਸ ਉਪਰੰਤ ਹਿੰਦੂਆਂ ਉੱਤੇ ਟੈਕਸ ਦੀ ਰਾਸ਼ੀ ਦੁੱਗਣੀ ਕਰ ਦਿੱਤੀ। ਸਰਕਾਰੀ ਨੌਕਰੀਆਂ ਵਿੱਚ ਹਿੰਦੂਆਂ ਦੀ ਗਿਣਤੀ ਘਟਾ ਦਿੱਤੀ।

ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਮੁੱਖ ਕਾਰਨ ਔਰੰਗਜ਼ੇਬ ਦੀ ਤਅੱਸੁਬੀ (ਤੋੜ-ਮਰੋੜ ਕੇ ਹਰ ਗੱਲ ਆਪਣੇ ਮਜ਼ਹਬ ਨੂੰ ਸਹੀ ਠਹਿਰਾਉਣਾ) ਨੀਤੀ ਸੀ। ਇਸ ਨੀਤੀ ਦਾ ਸ਼ਿਕਾਰ ਸਾਰਾ ਹਿੰਦੋਸਤਾਨ ਹੋਇਆ ਤੇ ਖ਼ਾਸ ਕਰ ਕੇ ਕਸ਼ਮੀਰ ਨੂੰ ਉਸ ਨੇ ਨਿਸ਼ਾਨਾ ਬਣਾਇਆ। ਕਸ਼ਮੀਰ ਨੂੰ ਨਿਸ਼ਾਨਾ ਬਣਾਉਣ ਦਾ ਕਾਰਨ ਮੈਕਾਲਫ਼ ਲਿਖਦਾ ਹੈ ਕਿ ਕਸ਼ਮੀਰੀ ਪੰਡਿਤ ਵਿਦਵਾਨ ਅਤੇ ਪ੍ਰਸਿੱਧ ਸਨ। ਔਰੰਗਜ਼ੇਬ ਦੀ ਸੋਚ ਸੀ ਕਿ ਜੇਕਰ ਕਸ਼ਮੀਰੀ ਪੰਡਿਤ ਮੁਸਲਮਾਨ ਬਣ ਜਾਣ ਤਾਂ ਬਾਕੀ ਅਨਪੜ ਤੇ ਮੂੜ ਜੰਤਾ ਨੂੰ ਇਸਲਾਮ ਵਿੱਚ ਲਿਆਉਣਾ ਸੌਖਾ ਹੋ ਜਾਵੇਗਾ। ਇਸ ਮਕਸਦ ਨੂੰ ਪੂਰਾ ਕਰਨ ਲਈ ਔਰੰਗਜ਼ੇਬ ਨੇ ਇਫਤਾਰ ਖ਼ਾਨ ਨੂੰ ਸ਼ੇਰ ਅਫਗਾਨ ਦਾ ਖਿਤਾਬ ਦੇ ਕੇ ਸਤੰਬਰ 1671 ਵਿੱਚ ਕਸ਼ਮੀਰ ਦਾ ਗਵਰਨਰ ਥਾਪ ਦਿੱਤਾ ਅਤੇ ਖ਼ਾਸ ਹਦਾਇਤਾਂ ਦਿੱਤੀਆਂ ਕਿ ਕਸ਼ਮੀਰੀ ਪੰਡਿਤਾਂ ’ਤੇ ਜ਼ੁਲਮ ਢਾਹ ਕੇ, ਪ੍ਰੇਰ ਕੇ ਜਾਂ ਲਾਲਚ ਦੇ ਕੇ ਉਹਨਾਂ ਨੂੰ ਇਸਲਾਮ ਦੇ ਦਾਇਰੇ ਵਿੱਚ ਲਿਆਂਦਾ ਜਾਵੇ।

ਸ਼ੇਰ ਅਫਗਾਨ ਨੇ ਜਦ ਦੇਖਿਆ ਕਿ ਪ੍ਰੇਰਣਾ ਜਾਂ ਲਾਲਚ ਰਾਹੀਂ ਉਹ ਸਫਲ ਨਹੀਂ ਹੋ ਸਕਿਆ ਤਾਂ ਉਸ ਨੇ ਸਖਤੀ ਦਾ ਦੌਰ ਸ਼ੁਰੂ ਕਰ ਦਿੱਤਾ। ਉਸ ਦੇ ਜ਼ੁਲਮਾਂ ਅਤੇ ਅੱਤਿਆਚਾਰਾਂ ਤੋਂ ਹਿੰਦੂ ਸਮਾਜ ਦੇ ਬਚਣ ਦਾ ਕੋਈ ਹੱਲ ਨਾ ਮਿਲਣ ਦੀ ਸੂਰਤ ਵਿੱਚ ਪੰਡਿਤ ਕਿਰਪਾ ਰਾਮ ਨੇ ਕੁਰਕਸ਼ੇਤਰ, ਮਥੁਰਾ ਅਤੇ ਹਰਿਦੁਆਰ ਆਦਿਕ ਪ੍ਰਸਿੱਧ ਨਗਰਾਂ ਦੇ 16 ਪ੍ਰਮੁੱਖ ਪੰਡਿਤਾਂ ਦਾ ਇੱਕ ਵਫਦ ਬਣਾਇਆ ਅਤੇ 25 ਮਈ 1675 ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਵਿੱਚ ਅਨੰਦਪੁਰ ਸਾਹਿਬ ਹਾਜ਼ਰ ਹੋਇਆ।

ਪੰਡਿਤ ਕਿਰਪਾ ਰਾਮ ਆਪਣੇ ਸਮੇਂ ਦਾ ਸਿਰਕੱਢ ਵਿਦਵਾਨ ਸੀ ਅਤੇ ਇਹ ਪੰਡਿਤ ਬ੍ਰਹਮਦਾਸ ਜਿਸ ਦਾ ਗੁਰੂ ਨਾਨਕ ਦੇਵ ਜੀ ਨੇ ਕਸ਼ਮੀਰ ਦੇ ਇਲਾਕੇ ਮਟਨ ਵਿੱਚ ਵਿੱਦਿਆ ਦਾ ਹੰਕਾਰ ਤੋੜ ਕੇ ਪ੍ਰਭੂ ਨਾਲ ਜੋੜਿਆ ਸੀ, ਦੇ ਖਾਨਦਾਨ ਵਿੱਚੋਂ ਸੀ। ਪੰਡਿਤ ਬ੍ਰਹਮਦਾਸ ਦਾ ਪੁੱਤਰ ਨਰਾਇਣ ਦਾਸ ਤੇ ਪੋਤਾ ਅੜੂ ਰਾਮ ਸੀ। ਇਤਿਹਾਸ ਦੱਸਦਾ ਹੈ ਕਿ ਅੜੂ ਰਾਮ ਦੇ ਘਰ ਪੰਡਿਤ ਕਿਰਪਾ ਰਾਮ ਨੇ ਜਨਮ ਲਿਆ। ਮਟਨ ਨਗਰ ਦੇ ਇਸ ਪੰਡਿਤ ਨੇ ਭਾਰਤ ਦੇ ਕਈ ਇਲਾਕਿਆਂ ਦਾ ਦੌਰਾ ਕੀਤਾ ਅਤੇ ਕਈ ਵਾਰ ਇਸ ਨੇ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਵੀ ਹਾਜ਼ਰੀ ਭਰੀ। ਭਾਈ ਚੌਪਾ ਸਿੰਘ ਜੀ ਦੇ ਮੁਤਾਬਕ ਪੰਡਿਤ ਕਿਰਪਾ ਰਾਮ ਬਾਲ ਗੋਬਿੰਦ ਰਾਏ ਜੀ ਨੂੰ ਸੰਸਕ੍ਰਿਤ ਦੀ ਵਿੱਦਿਆ ਵੀ ਦਿੰਦਾ ਰਿਹਾ ਸੀ। ਭੱਟ ਵਹੀਆਂ ਅਤੇ ਕੇਸਰ ਸਿੰਘ ਛਿੱਬਰ ਦੀਆਂ ਲਿਖਤਾਂ ਤੋਂ ਪਤਾ ਲੱਗਦਾ ਹੈ ਕਿ ਦਸਮੇਸ਼ ਪਿਤਾ ਜੀ ਦੇ ਸਮੇਂ ਪੰਡਿਤ ਕਿਰਪਾ ਰਾਮ ਅੰਮ੍ਰਿਤ ਛੱਕ ਕੇ ਸਿੱਖੀ ਦੇ ਦਾਇਰੇ ਵਿੱਚ ਆ ਗਿਆ ਸੀ ਅਤੇ ਚਮਕੌਰ ਦੀ ਜੰਗ ਵਿੱਚ ਇਸ ਨੇ ਮੁਗਲ ਫੌਜ ਤੇ ਪਹਾੜੀ ਰਾਜਿਆਂ ਨਾਲ ਲੜਦਿਆਂ ਸ਼ਹੀਦੀ ਵੀ ਪ੍ਰਾਪਤ ਕੀਤੀ ਸੀ।

ਪੰਡਿਤ ਕਿਰਪਾ ਰਾਮ ਅਤੇ ਉਸ ਦੇ ਵਫਦ ਦੇ ਪੰਡਿਤ ਉੱਚ ਕੋਟੀ ਦੇ ਵਿਦਵਾਨ ਸਨ। ਉਹ ਮੁਲਕ ਦੇ ਰਾਜਸੀ ਹਾਲਾਤ ਅਤੇ ਹਿੰਦੂ ਸਮਾਜ ਦੀਆਂ ਕਮਜ਼ੋਰੀਆਂ ਤੋਂ ਭਲੀਭਾਂਤ ਜਾਣੂ ਸਨ। ਉਹਨਾਂ ਨੂੰ ਇਸ ਗੱਲ ਦਾ ਨਿਸ਼ਚਾ ਸੀ ਕਿ ਮੁਗਲ ਹਾਕਮਾਂ ਵੱਲੋਂ ਢਾਹੇ ਜਾਣ ਵਾਲੇ ਜ਼ੁਲਮਾਂ ਤੋਂ ਹਿੰਦੂ ਸਮਾਜ ਨੂੰ (ਰਾਜਪੂਤਾਂ, ਮਰਹੱਟਿਆਂ ਸਮੇਤ) ਕੋਈ ਵੀ ਨਹੀਂ ਬਚਾਅ ਸਕਦਾ। ਪੰਡਿਤ ਕਿਰਪਾ ਰਾਮ ਜਾਤੀ ਤੌਰ ’ਤੇ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਖ਼ਸੀਅਤ ਅਤੇ ਉਹਨਾਂ ਦੀ ਧਾਰਮਿਕ ਮਜ਼ਬੂਤੀ, ਦ੍ਰਿੜ੍ਹਤਾ ਅਤੇ ਦਲੇਰੀ ਤੋਂ ਭਲੀਭਾਂਤ ਵਾਕਫ਼ ਸਨ। ਇਸ ਲਈ ਉਹ ਵਫ਼ਦ ਸਮੇਤ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ। ਦਰਬਾਰ ਵਿੱਚ ਹੀ ਉਸ ਨੇ ਹਾਕਮਾਂ ਵੱਲੋਂ ਢਾਹੇ ਜਾ ਰਹੇ ਇੰਤਹਾ ਦਰਜੇ ਦੇ ਜ਼ੁਲਮਾਂ ਦੀ ਦਰਦਨਾਕ ਵਿੱਥਿਆ ਸੁਣਾਈ। ਸਰਕਾਰ ਵੱਲੋਂ ਜ਼ਬਰਦਸਤੀ ਮੁਸਲਮਾਨ ਬਣਾਉਣ ਅਤੇ ਇਸਲਾਮ ਨਾ ਕਬੂਲਣ ਦੀ ਸੂਰਤ ਵਿੱਚ ਕੀਤੇ ਜਾ ਰਹੇ ਜ਼ੁਲਮ ਅਤੇ ਕਤਲੇਆਮ ਦਾ ਵੇਰਵਾ ਵਿਸਥਾਰ ਸਹਿਤ ਦੱਸਿਆ। ਇਹ ਸਭ ਕੁਝ ਸੁਣ ਕੇ ਦਰਬਾਰ ਵਿੱਚ ਬੈਠੀਆਂ ਸੰਗਤਾਂ ਬਹੁਤ ਵਿਆਕੁਲ ਹੋ ਉੱਠੀਆਂ। ਇਤਿਹਾਸ ਗਵਾਹ ਹੈ ਕਿ ਸਾਹਿਬਜ਼ਾਦਾ ਗੋਬਿੰਦ ਰਾਏ, ਜੋ ਉਸ ਸਮੇਂ ਕੇਵਲ 9 ਸਾਲ ਦੇ ਹੀ ਸਨ, ਬਾਹਰੋਂ ਆ ਕੇ ਦਰਬਾਰ ਵਿੱਚ ਦਾਖ਼ਲ ਹੋਏ ਉਹਨਾਂ ਨੂੰ ਸਾਰੀ ਦਰਦ ਭਰੀ ਵਿੱਥਿਆ ਦਾ ਪਤਾ ਲੱਗਾ ਤਾਂ ਆਪ ਨੇ ਆਪਣੇ ਪਿਤਾ ਜੀ ਨੂੰ ਪੁੱਛਿਆ ਕਿ ਇਹਨਾਂ ਦੁਖਿਆਰਿਆਂ ਦੀ ਮਦਦ ਲਈ ਕੀ ਕੀਤਾ ਜਾ ਸਕਦਾ ਹੈ ? ਪਿਤਾ ਗੁਰੂ ਤੇਗ ਬਹਾਦਰ ਜੀ ਨੇ ਸਾਹਿਬਜ਼ਾਦੇ ਅਤੇ ਸਾਰੀ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹਨਾਂ ਦੀ ਮਦਦ ਲਈ ਕਿਸੇ ਉੱਚ ਆਤਮਾ ਵਾਲੇ ਮਹਾਂਪੁਰਸ਼ ਦੀ ਕੁਰਬਾਨੀ ਦੀ ਲੋੜ ਹੈ। ਇਹ ਸੁਣ ਕੇ ਸਾਹਿਬਜ਼ਾਦਾ ਗੋਬਿੰਦ ਰਾਏ ਨੇ ਇੱਕ ਦਮ ਜੁਆਬ ਦਿੱਤਾ – ਪਿਤਾ ਜੀ  ! ਆਪ ਤੋਂ ਵੱਡਾ ਹੋਰ ਮਹਾਂਪੁਰਸ਼ ਕੌਣ ਹੋ ਸਕਦਾ ਹੈ ? ਇਹ ਸ਼ਬਦ ਸੁਣ ਕੇ ਕੁੱਝ ਵੱਡੀ ਉਮਰ ਦੇ ਸ਼ਰਧਾਵਾਨ ਸਿੱਖ ਠਠੰਬਰ ਗਏ ਅਤੇ ਸਾਹਿਬਜ਼ਾਦੇ ਨੂੰ ਪੁੱਛਣ ਲੱਗੇ ਕਿ ਤੁਹਾਨੂੰ ਆਪਣੀ ਕਹੀ ਹੋਈ ਗੱਲ ਦਾ ਅਰਥ ਪਤਾ ਹੈ। ਪਿਤਾ ਜੀ ਦੀ ਕੁਰਬਾਨੀ ਨਾਲ ਤੁਸੀਂ ਯਤੀਮ ਹੋ ਜਾਉਗੇ। ਅਜੇ ਤੁਸੀਂ ਬਚਪਨ ਵਿੱਚ ਹੋ। ਤੁਹਾਡੀ ਪਾਲਣਾ ਪੋਸ਼ਣਾ ਕਿਵੇਂ ਹੋਵੇਗੀ। ਇਹ ਸੁਣ ਕੇ ਜੋ ਸਾਹਸ ਭਰਿਆ ਜੁਆਬ ਸਾਹਿਬਜ਼ਾਦਾ ਜੀ ਨੇ ਦਿੱਤਾ ਉਸ ਨੂੰ ਸਮਕਾਲੀ ਕਵੀ ਨੇ ਇਸ ਤਰ੍ਹਾਂ ਬਿਆਨ ਕੀਤਾ ਹੈ –

ਜਬ ਹੋਤੇ ਉਦਰ ਮੇ ਮਾਤ ਕੇ, ਕਰੇ ਰਖਵਾਰੀ ਜੋਇ॥

ਅਬ ਤੋ ਭਏ ਕਈ ਸਾਲ ਕੇ, ਕਿਉਂ ਨਾ ਸਹਾਈ ਹੋਏ॥

ਇਹ ਸੁਣ ਕੇ ਗੁਰੂ ਸਾਹਿਬ ਨੇ ਸਾਹਿਬਜ਼ਾਦਾ ਗੋਬਿੰਦ ਰਾਏ ਨੂੰ ਸ਼ਾਬਾਸ਼ ਦਿੱਤੀ ਅਤੇ ਸੰਗਤਾਂ ਨੂੰ ਗੁਰਗੱਦੀ ਦੇ ਅਗਲੇ ਹੋਣ ਵਾਲੇ ਵਾਰਸ਼ ਦੇ ਧੀਰਜ ਅਤੇ ਕੁਰਬਾਨੀ ਦੇ ਜਜ਼ਬੇ ਦੇ ਵੀ ਦੀਦਾਰ ਕਰਵਾ ਦਿੱਤੇ। ਗੁਰੂ ਸਾਹਿਬ ਨੇ ਉਸੇ ਵੇਲੇ ਪੰਡਿਤਾਂ ਨੂੰ ਕਹਿ ਦਿੱਤਾ ਕਿ ਬਾਦਸ਼ਾਹ ਤੱਕ ਇਹ ਸੁਨੇਹਾ ਪਹੁੰਚਾ ਦਿਓ ਕਿ ਜੇ ਗੁਰੂ ਤੇਗ ਬਹਾਦਰ ਜੀ ਨੂੰ ਮੁਸਲਮਾਨ ਬਣਾ ਲਵੋ ਤਾਂ ਸਾਰਾ ਹਿੰਦੂ ਸਮਾਜ ਇਸਲਾਮ ਧਾਰਨ ਕਰ ਲਵੇਗਾ। ਇਹ ਉੱਤਰ ਸੁਣ ਕੇ ਪੰਡਿਤਾਂ ਨੇ ਸੁੱਖ ਦਾ ਸਾਹ ਲਿਆ ਅਤੇ ਧੰਨਵਾਦ ਕਰਦੇ ਹੋਏ ਦਿੱਲੀ ਵੱਲ ਕੂਚ ਕਰਨ ਲੱਗੇ।

ਪੰਡਿਤਾਂ ਦੇ ਵਫ਼ਦ ਨੂੰ ਦਿੱਲੀ ਤੋਰਨ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਲੀ ਜਾਣ ਦੀ ਤਿਆਰੀ ਅਰੰਭ ਕਰ ਦਿੱਤੀ। ਸਾਹਿਬਜ਼ਾਦਾ ਗੋਬਿੰਦ ਰਾਏ ਜੀ ਨੂੰ ਗੁਰਗੱਦੀ ਦੀ ਜੁੰਮੇਵਾਰੀ ਬਾਰੇ ਦੱਸਿਆ ਅਤੇ ਆਉਣ ਵਾਲੇ ਸਮੇਂ ਦੀਆਂ ਧਾਰਮਿਕ, ਸਮਾਜਿਕ ਅਤੇ ਰਾਜਸੀ ਸਰਗਰਮੀਆਂ ਦੀ ਰੂਪ ਰੇਖਾ ਵੀ ਸਮਝਾਈ। ਦੀਰਘ ਦਰਸ਼ੀ ਸਤਿਗੁਰੂ ਜੀ ਨੇ ਲੰਬੇ ਸਮੇਂ ਤੱਕ ਚੱਲਣ ਵਾਲੀ ਤੇ ਤਿੱਖੀ ਕਿਸਮ ਦੀ ਜੱਦੋ ਜਹਿਦ ਦੇ ਸਾਰੇ ਪੱਖਾਂ ਬਾਰੇ ਵਿਸਥਾਰ ਨਾਲ ਸਾਹਿਬਜ਼ਾਦੇ ਨੂੰ ਸਮਝਾਉਂਦੇ ਹੋਏ ਅਕਾਲ ਪੁਰਖ ਦੀ ਬੰਦਗੀ ਵਿੱਚ ਰਹਿਣ ਦੀ ਸਿੱਖਿਆ ਦ੍ਰਿੜ੍ਹ ਕਰਵਾਈ।

ਅਜਿਹੀਆਂ ਸਿਖਿਆਵਾਂ ਦਾ ਸਾਰੀ ਸੰਗਤ ਦੇ ਸਨਮੁਖ ਵਿਸਥਾਰ ਕਰਦਿਆਂ ਹੋਇਆਂ ਗੁਰੂ ਤੇਗ ਬਹਾਦਰ ਜੀ ਨੇ 8 ਜੁਲਾਈ 1675 ਨੂੰ ਗੋਬਿੰਦ ਰਾਏ ਨੂੰ ਗੁਰਗੱਦੀ ਦੀ ਜਿੰਮੇਵਾਰੀ ਸੋਂਪ ਦਿੱਤੀ। ਇਹਨਾਂ ਸਾਰੀਆਂ ਸਿਖਿਆਵਾਂ ਨੂੰ ਕੇਸ਼ਵ ਭੱਟ ਨੇ ਆਪਣੀ ਕਾਵਿ ਰਚਨਾ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਹੈ-

ਚਿਤਿ ਚਰਣ ਕਵਲ ਦਾ ਆਸਰਾ, ਚਿੱਤ ਚਰਣ ਕਵਲ ਸੰਗ ਜੋੜੀਏ॥

ਮਨ ਲੋਚੈ ਬੁਰਿਆਈਆਂ, ਗੁਰ ਸਬਦੀਂ ਇਹ ਮਨ ਹੋੜੀਏ॥

ਬਾਂਹਿ ਜਿੰਨ੍ਹਾਂ ਦੀ ਪਕੜੀਏ, ਸਿਰ ਦੀਜੈ ਬਾਂਹਿ ਨ ਛੋੜੀਏ॥

ਤੇਗ ਬਹਾਦਰ ਬੋਲਿਆ, ਧਰ ਪਈਐ, ਧਰਮ ਨ ਛੋਡੀਏ॥

ਪੰਡਿਤਾਂ ਦਾ ਵਫ਼ਦ 25 ਮਈ 1675 ਨੂੰ ਅਨੰਦਪੁਰ ਸਾਹਿਬ ਗਿਆ ਸੀ ਪਰ ਔਰੰਗਜ਼ੇਬ ਉਸ ਤੋਂ ਕਾਫ਼ੀ ਸਮਾਂ ਪਹਿਲਾਂ 7 ਅਪ੍ਰੈਲ 1674 ਨੂੰ ਦਿੱਲੀ ਤੋਂ ਕੂਚ ਕਰ ਕੇ ਫਰੰਟੀਅਰ ਵੱਲ ਚਲਾ ਗਿਆ ਸੀ, ਜਿੱਥੋਂ ਉਹ 29 ਮਾਰਚ 1676 ਨੂੰ ਦਿੱਲੀ ਵਾਪਸ ਆਇਆ। ਅਜਿਹੇ ਹਾਲਾਤ ਵਿੱਚ ਪੰਡਿਤਾਂ ਦੇ ਵਫ਼ਦ ਨੇ ਗੁਰੂ ਸਾਹਿਬ ਦਾ ਫ਼ੈਸਲਾ ਦਿੱਲੀ ਦੇ ਸੂਬੇਦਾਰ ਸਾਫੀ ਖਾਂ ਨੂੰ ਸੁਣਾਇਆ।

ਸੂਬੇਦਾਰ ਸਰਹੰਦ ਦਿਲਾਵਰ ਖਾਂ ਨੇ 25 ਮਈ 1675 ਨੂੰ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਲਏ ਗਏ ਫ਼ੈਸਲੇ ਬਾਰੇ ਸੂਚਨਾ ਮਿਲਦੇ ਸਾਰ ਹੀ ਰੋਪੜ ਥਾਣੇ ਦੇ ਥਾਣੇਦਾਰ ਮਿਰਜਾ ਨੂੰਰ ਮੁਹੰਮਦ ਖਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੂੰ ਗ੍ਰਿਫ਼ਤਾਰ ਕਰ ਕੇ ਸਰਹੰਦ ਲਿਆਉਣ ਦੇ ਹੁਕਮ ਜਾਰੀ ਕਰ ਦਿੱਤੇ।

8 ਜੁਲਾਈ 1675 ਨੂੰ ਸਾਹਿਬਜ਼ਾਦਾ ਗੋਬਿੰਦ ਰਾਏ ਜੀ ਦੀ ਗੁਰਗੱਦੀ ਨਸ਼ੀਨੀ ਦੀ ਰਸਮ ਪੂਰੀ ਕਰਨ ਉਪਰੰਤ ਗੁਰੂ ਸਾਹਿਬ 10 ਜੁਲਾਈ 1675 ਨੂੰ ਚੱਕ ਨਾਨਕੀ (ਅਨੰਦਪੁਰ ਸਾਹਿਬ) ਤੋਂ ਰਵਾਨਾ ਹੋ ਗਏ। ਆਪ ਦੇ ਨਾਲ ਤਿੰਨ ਸਿੱਖ (ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ) ਸਨ। ਚੱਕ ਨਾਨਕੀ ਤੋਂ ਚੱਲ ਕੇ ਆਪ ਕੀਰਤਪੁਰ ਸਾਹਿਬ ਪੁੱਜੇ। ਸਿੱਖ ਸੰਗਤਾਂ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਦਾ ਉਪਦੇਸ਼ ਦਿੱਤਾ। 11 ਜੁਲਾਈ ਨੂੰ ਆਪ ਸਰਸਾ ਨਦੀ ਪਾਰ ਕਰ ਕੇ ਜਿਉਂ ਹੀ ਪਿੰਡ ਮਲਕਪੁਰ ਰੰਘੜਾਂ ਪਹੁੰਚੇ ਤਾਂ ਥਾਣੇਦਾਰ ਮਿਰਜ਼ਾ ਨੂਰ ਮੁਹੰਮਦ ਖਾਨ ਰੋਪੜ ਨੇ ਆਪਣੇ ਫੌਜੀ ਦਸਤੇ ਦੀ ਸਹਾਇਤਾ ਨਾਲ ਗੁਰੂ ਤੇਗ ਬਹਾਦਰ ਜੀ ਨੂੰ ਤਿੰਨਾਂ ਗੁਰਸਿੱਖਾਂ ਸਮੇਤ ਗ੍ਰਿਫ਼ਤਾਰ ਕਰ ਕੇ ਸਰਹੰਦ ਦੇ ਸੂਬੇਦਾਰ ਪਾਸ ਭੇਜ ਦਿੱਤਾ। ਇਹ ਗੁਰੂ ਸਾਹਿਬ ਦੀ ਤੀਜੀ ਗ੍ਰਿਫ਼ਤਾਰੀ ਸੀ। ਇਸ ਤੋਂ ਪਹਿਲਾਂ ਵੀ ਆਪ ਨੂੰ ਦੋ ਵਾਰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਸੀ।

ਭੱਟ ਵਹੀਆਂ ਅਨੁਸਾਰ ਆਪ ਜੀ ਦੀ ਪਹਿਲੀ ਗ੍ਰਿਫ਼ਤਾਰੀ 8 ਨਵੰਬਰ 1665 ਨੂੰ ਮੁਖੀ ਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ, ਗਵਾਲ ਦਾਸ, ਗੁਰਦਾਸ, ਸੰਗਤ ਅਤੇ ਦਿਆਲਾ ਦਾਸ ਸਮੇਤ ਉਸ ਵਕਤ ਹੋਈ ਜਦੋਂ ਗੁਰੂ ਸਾਹਿਬ ਸਿੱਖਾਂ ਨੂੰ ਧਮਧਾਣ ਵਿਖੇ ਸ਼ਸਤਰ ਵਿੱਦਿਆ ਦਾ ਅਭਿਆਸ ਕਰਵਾ ਰਹੇ ਸਨ। ਭੱਟ ਵਹੀਆਂ ਮੁਤਾਬਕ ਔਰੰਗਜ਼ੇਬ ਦੇ ਹੁਕਮ ’ਤੇ ਆਲਮ ਖਾਂ ਫੌਜ ਸਮੇਤ ਧਮਧਾਣ ਆ ਚੜਿਆ ਤੇ ਗੁਰੂ ਸਾਹਿਬ ਅਤੇ ਇਹਨਾਂ ਸਿੱਖਾਂ ਨੂੰ ਗ੍ਰਿਫ਼ਤਾਰ ਕਰ ਕੇ ਦਿੱਲੀ ਲੈ ਗਿਆ। ਉਸ ਸਮੇਂ ਗੁਰੂ ਸਾਹਿਬ ਦੇ ਸਿੱਖ ਚਉਪਤ ਰਾਏ ਤੇ ਦੀਵਾਨ ਦਰਘਾ ਮਲ, ਰਾਜਾ ਮਿਰਜਾ ਜੈ ਸਿੰਘ ਦੀ ਪਤਨੀ ਰਾਣੀ ਪੁਸ਼ਪਾ, ਜੋ ਗੁਰੂ ਜੀ ਦੀ ਅੱਤ ਦੀ ਸ਼ਰਧਾਲੂ ਸੀ, ਨੂੰ ਮਿਲੇ। ਰਾਣੀ ਨੇ ਆਪਣੇ ਪੁੱਤਰ ਰਾਜਾ ਰਾਮ ਸਿੰਘ ਨਾਲ ਗੱਲ ਕੀਤੀ ਤੇ ਉਹਨਾਂ ਦੇ ਯਤਨਾਂ ਦਾ ਸਦਕਾ ਇੱਕ ਮਹੀਨੇ ਬਾਅਦ ਗੁਰੂ ਸਾਹਿਬ ਅਤੇ ਸਿੱਖਾਂ ਦੀ ਰਿਹਾਈ ਹੋਈ।

ਦੂਜੀ ਗ੍ਰਿਫ਼ਤਾਰੀ ਆਪ ਜੀ ਦੀ ਅਪਰੈਲ 1670 ਨੂੰ ਆਗਰੇ ਵਿਖੇ ਹੋਈ। ਜਦੋਂ ਗੁਰੂ ਜੀ ਦੇ ਪੂਰਬ ਦੇਸ਼ ਵਿੱਚ ਪ੍ਰਚਾਰ ਦੀਆਂ ਖਬਰਾਂ ਦਿੱਲੀ ਦਰਬਾਰ ਵਿੱਚ ਪਹੁੰਚੀਆਂ ਤਾਂ ਔਰੰਗਜ਼ੇਬ ਨੇ ਗ੍ਰਿਫ਼ਤਾਰੀ ਦੇ ਹੁਕਮ ਦੇ ਦਿੱਤੇ। ਆਪ ਦੇ ਨਾਲ ਭਾਈ ਸਤੀ ਦਾਸ ਜੀ, ਭਾਈ ਜੇਠਾ ਜੀ ਤੇ ਭਾਈ ਦੁਰਗਾ ਜੀ, ਆਦਿ ਸਿੱਖਾਂ ਨੂੰ ਸਖ਼ਤ ਪਹਿਰੇ ਹੇਠ ਦਿੱਲੀ ਲਿਆਂਦਾ ਗਿਆ। ਸੈਫ ਖਾਨ, ਜੋ ਗੁਰੂ ਜੀ ਦਾ ਅੱਤ ਦਾ ਸ਼ਰਧਾਲੂ ਸੀ, ਨੇ ਆਪਣਾ ਅਸਰ ਰਸੂਖ ਵਰਤ ਕੇ ਦੋ ਮਹੀਨੇ 12 ਦਿਨਾਂ ਬਾਦ ਰਿਹਾਈ ਕਰਵਾ ਦਿੱਤੀ। ਰਿਹਾਈ ਤੋਂ ਬਾਦ ਆਪ, ਆਪਣੇ ਸਿੱਖਾਂ ਸਮੇਤ ਭਾਈ ਕਲਿਆਣੇ ਦੀ ਧਰਮਸ਼ਾਲਾ ਵਿੱਚ ਪਹੁੰਚੇ। ਇੱਥੇ ਹੀ ਰਾਜਾ ਰਾਮ ਸਿੰਘ ਦੀ ਮਾਤਾ ਪੁਸ਼ਪਾ ਰਾਣੀ ਤੇ ਉਸ ਦੀ ਨੂੰਹ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ। ਇਸ ਤੋਂ ਬਾਦ ਗੁਰੂ ਸਾਹਿਬ ਬਕਾਲੇ ਲਈ ਵਾਪਸ ਚੱਲ ਪਏ।

(ਉਪਰੋਕਤ ਚਲ ਰਹੀ ਤੀਜੀ ਗ੍ਰਿਫ਼ਤਾਰੀ ਵਿੱਚ) ਕੁੱਝ ਦਿਨ ਸਰਹੰਦ ਰੱਖਣ ਤੋਂ ਬਾਅਦ ਸਤਿਗੁਰੂ ਜੀ ਨੂੰ ਤਿੰਨਾਂ ਸਿੱਖਾਂ ਸਮੇਤ ਬਸੀ ਪਠਾਣਾ ਦੇ ਮੁੱਖ ਕੈਦ ਖਾਨੇ ਵਿੱਚ ਪੌਣੇ ਚਾਰ ਮਹੀਨੇ ਰੱਖ ਕੇ ਖ਼ੌਫ਼ਨਾਕ ਤੇ ਦਿਲ ਕੰਬਾਊ ਤਸੀਹੇ ਦਿੱਤੇ ਗਏ। ਸਰਹੰਦ ਦੇ ਸੂਬੇਦਾਰ ਨੇ ਗ੍ਰਿਫ਼ਤਾਰੀ ਦੀ ਰੀਪੋਰਟ ਔਰੰਗਜ਼ੇਬ ਨੂੰ ਹਸਨ ਅਬਦਾਲ ਵਿਖੇ ਭੇਜੀ। ਔਰੰਗਜ਼ੇਬ ਵੱਲੋਂ ਹੁਕਮ ਮਿਲਣ ’ਤੇ ਗੁਰੂ ਸਾਹਿਬ ਅਤੇ ਉਹਨਾਂ ਦੇ ਸਿੱਖਾਂ ਨੂੰ ਲੋਹੇ ਦੇ ਪਿੰਜਰੇ ਵਿੱਚ ਬੰਦ ਕਰ ਕੇ 3 ਨਵੰਬਰ 1675 ਨੂੰ ਦਿੱਲੀ ਦੀ ਚਾਂਦਨੀ ਚੌਂਕ ਵਾਲੀ ਕੋਤਵਾਲੀ ਵਿੱਚ ਪਹੁੰਚਾਇਆ ਗਿਆ। ਇਸ ਸਮੇਂ ਦਿੱਲੀ ਦਾ ਸੂਬੇਦਾਰ ਸਾਫੀ ਖਾਨ ਸੀ, ਜੋ ਔਰੰਗਜ਼ੇਬ ਦਾ ਬਹੁਤ ਭਰੋਸੇਯੋਗ ਸੀ ਅਤੇ ਦਿੱਲੀ ਕਿਲ੍ਹੇ ਦਾ ਕਿਲ੍ਹੇਦਾਰ ਮੁਤਲਾਫ਼ਤ ਖਾਂ ਸੀ, ਜੋ 1671 ਤੋਂ ਇਸ ਪਦਵੀ ’ਤੇ ਸੀ। ਜਾਦੂ ਨਾਥ ਸਰਕਾਰ ਅਨੁਸਾਰ ਇਸ ਸਮੇਂ ਦਿੱਲੀ ਦਾ ਸ਼ਾਹੀ ਕਾਜ਼ੀ ਅਬਦੁਲ ਵਹਾਬ ਵੋਹਰਾ ਸੀ। ਹਕੂਮਤ ਦੀ ਸਾਰੀ ਨਿਆਂ ਪ੍ਰਣਾਲੀ ਇਸ ਦੇ ਅਧੀਨ ਸੀ। ਇਹ ਅੱਤ ਦਾ ਜ਼ਾਲਮ ਤੇ ਰਿਸ਼ਵਤਖ਼ੋਰ ਸੀ।

ਸੂਬੇਦਾਰ ਸਾਫੀ ਖਾਂ ਅਤੇ ਕਾਜ਼ੀ ਨੇ ਪਹਿਲਾਂ ਗੁਰੂ ਸਾਹਿਬ ਨੂੰ ਧਰਮ ਪਰਿਵਰਤਨ ਕਰਨ ਲਈ ਪ੍ਰੇਰਿਆ, ਲਾਲਚ ਵੀ ਦਿੱਤੇ। ਜਦੋਂ ਗੁਰੂ ਸਾਹਿਬ ਆਪਣੇ ਇਰਾਦੇ ਵਿੱਚ ਦ੍ਰਿੜ੍ਹ ਰਹੇ ਤਾਂ ਉਹਨਾਂ ਨੂੰ ਤਸੀਹੇ ਦੇਣੇ ਸ਼ੁਰੂ ਕੀਤੇ। ਕਾਜ਼ੀ ਦੇ ਹੁਕਮ ਨਾਲ ਦਰੋਗੇ ਨੇ ਗੁਰੂ ਜੀ ਨੂੰ ਕਸ਼ਟ ਦੇਣ ਲਈ, (ਗੁਰੂ ਕੀਆਂ ਸਾਖੀਆਂ ਮੁਤਾਬਕ) ਉਹਨਾਂ ਦੇ ਸਰੀਰ ’ਤੇ ਗਰਮ-ਗਰਮ ਰੇਤ ਪਾਈ ਗਈ। ਸਰੀਰ ਛਾਲੇ ਛਾਲੇ ਹੋ ਗਿਆ। ਕਾਜ਼ੀ ਐਸਾ ਦੁਸ਼ਟ ਸੀ, ਕਿ ਤਸੀਹਿਆਂ ਬਾਰੇ ਤਸੱਲੀ ਕਰਨ ਲਈ ਲਗਾਤਾਰ 7, 8, 9 ਨਵੰਬਰ ਨੂੰ ਰੋਜ਼ ਕੋਤਵਾਲੀ ਆਉਂਦਾ ਰਿਹਾ। ਜਦੋਂ ਗੁਰੂ ਸਾਹਿਬ ਆਪਣੇ ਇਰਾਦੇ ਵਿੱਚ ਦ੍ਰਿੜ੍ਹ ਰਹੇ ਤਾਂ ਅਗਲੇ ਦਿਨ 10 ਨਵੰਬਰ ਨੂੰ ਬਲਦੇ ਥੰਮ ਨਾਲ ਆਪ ਦੇ ਸਰੀਰ ਨੂੰ ਲਗਾ ਕੇ ਤਸੀਹੇ ਦਿੱਤੇ।

ਗੁਰੂ ਸਾਹਿਬ ਨੂੰ ਆਪਣੇ ਇਰਾਦੇ ਤੋਂ ਡੇਗਣ ਲਈ ਕਾਜ਼ੀ ਨੇ ਹੋਰ ਨੀਚਤਾ ਭਰਿਆ ਕਰਮ ਇਹ ਕੀਤਾ ਕਿ ਗੁਰੂ ਸਾਹਿਬ ਦੇ ਨਾਲ ਗ੍ਰਿਫ਼ਤਾਰ ਕੀਤੇ ਸਿੱਖਾਂ ਨੂੰ ਉਨ੍ਹਾਂ ਦੇ ਸਾਹਮਣੇ ਭਿਆਨਕ ਤਸੀਹੇ ਦੇਣ ਉਪਰੰਤ ਮੌਤ ਦਾ ਫ਼ਤਵਾ ਦਿੱਤਾ। ਗੁਰੂ ਸਾਹਿਬ ਦੇ ਸਾਹਮਣੇ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਕੇ ਸ਼ਹੀਦ ਕੀਤਾ ਗਿਆ। ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਅੱਗ ਲਾ ਕੇ ਸ਼ਹੀਦ ਕੀਤਾ ਅਤੇ ਭਾਈ ਦਿਆਲਾ ਜੀ ਨੂੰ ਉਬਲਦੇ ਪਾਣੀ ਦੀ ਦੇਗ ਵਿੱਚ ਬਿਠਾ ਕੇ ਸ਼ਹੀਦ ਕੀਤਾ ਗਿਆ।

ਕਾਜ਼ੀ ਅਬਦੁਲ ਵਹਾਬ ਵੋਹਰਾ ਜਿੱਥੇ ਤੰਗ ਦਿਲ ਜਨੂੰਨੀ ਮੁਸਲਮਾਨ ਸੀ, ਉੱਥੇ ਰਿਸ਼ਖਤਖ਼ੋਰ ਵੀ ਅੱਤ ਦਰਜੇ ਦਾ ਸੀ। ਭਾਈ ਕਲਿਆਣੇ ਦੀ ਧਰਮਸ਼ਾਲਾ ਵਾਲੇ ਕੁਝ ਸ਼ਰਧਾਲੂ ਸਿੱਖਾਂ ਨੇ ਹਾਲਾਤ ਨਾਲ ਨਿਬੜਨ ਲਈ ਗੁਰੂ ਸ਼ਰਧਾ ਅਤੇ ਡੂੰਘੇ ਪਿਆਰ ਦੇ ਜਜ਼ਬਿਆਂ ਅਧੀਨ ਭੱਜ ਦੌੜ ਕਰ ਕੇ ਕਾਫ਼ੀ ਵੱਡੀ ਰਕਮ ਇਕੱਠੀ ਕਰ ਲਈ ਤਾਂ ਜੋ ਕਾਜ਼ੀ ਨੂੰ ਰਿਸ਼ਵਤ ਦੇ ਕੇ ਜ਼ਾਲਮਾਨਾ ਹੁਕਮ ਬਦਲਣ ਲਈ ਮਨਾਇਆ ਜਾ ਸਕੇ, ਪ੍ਰੰਤੂ ਜਿਉਂ ਹੀ ਸਤਿਗੁਰਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਗੁਰੂ ਸਾਹਿਬ ਨੇ ਸਖ਼ਤੀ ਨਾਲ ਇਹ ਕਰਮ ਕਰਨ ਤੋਂ ਰੋਕ ਦਿੱਤਾ।

11 ਨਵੰਬਰ 1675 ਨੂੰ ਵੀਰਵਾਰ ਵਾਲੇ ਦਿਨ ਗੁਰੂ ਸਾਹਿਬ ਨੂੰ ਡੁਲਾ ਜਾਂ ਝੁਕਾ ਸਕਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹਿਣ ’ਤੇ ਕਾਜ਼ੀ ਨੇ ਆਪਣਾ ਅੰਤਮ ਫ਼ਤਵਾ ਜਾਰੀ ਕਰ ਦਿੱਤਾ ਕਿ ਗੁਰੂ ਸਾਹਿਬ ਦਾ ਸੀਸ ਧੜ ਤੋਂ ਤਲਵਾਰ ਨਾਲ ਅਲੱਗ ਕਰ ਦਿੱਤਾ ਜਾਵੇ ਤੇ ਅਗਲੇ ਦਿਨ ਸਰੀਰ ਦੇ ਚਾਰ ਟੁਕੜੇ ਕਰ ਕੇ ਦਿੱਲੀ ਦੇ ਚਾਰ ਮੁੱਖ ਦਰਵਾਜ਼ਿਆਂ ’ਤੇ ਟੰਗ ਦਿੱਤੇ ਜਾਣ। ਇਹ ਫ਼ਤਵਾ ਜਾਰੀ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਅੱਗੇ ਤਿੰਨ ਸ਼ਰਤਾਂ ਰੱਖੀਆਂ ਗਈਆਂ। ਪਹਿਲੀ ਇਹ ਕਿ ਮੁਸਲਮਾਨ ਮੱਤ ਧਾਰਨ ਕਰੋ, ਦੂਜੀ ਸ਼ਰਤ ਇਹ ਰੱਖੀ ਕਿ ਕਰਾਮਾਤ ਦਿਖਾਓ, ਤੀਜੇ ਨੰਬਰ ’ਤੇ ਕਿਹਾ ਗਿਆ ਕਿ ਮੌਤ ਲਈ ਤਿਆਰ ਹੋ ਜਾਓ। ਗੁਰੂ ਸਾਹਿਬ ਨੇ ਕੇਵਲ ਏਨਾ ਹੀ ਉੱਤਰ ਦਿੱਤਾ ਕਿ ਧਰਮ ਤਿਆਗਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਅਤੇ ਕਰਾਮਾਤ ਕਹਿਰ ਕਰਨ ਨੂੰ ਕਹਿੰਦੇ ਹਨ ਅਤੇ ਰੱਬ ਦੇ ਪਿਆਰੇ ਬੰਦੇ ਕਹਿਰ ਨਹੀਂ ਕਰਦੇ। ਸਾਨੂੰ ਦੋਵੇ ਗੱਲਾਂ ਪ੍ਰਵਾਨ ਨਹੀਂ। ਤੀਜੀ ਗੱਲ ਸ਼ਹੀਦੀ ਹੀ ਸਾਨੂੰ ਪ੍ਰਵਾਨ ਹੈ।

ਕਾਜ਼ੀ ਨੇ ਫ਼ਤਵਾ ਸੁਣਾ ਕੇ ਸ਼ਹਿਰ ਵਿੱਚ ਢੰਡੋਰਾ ਪਿਟਵਾ ਦਿੱਤਾ। ਜਲਾਦ ਜਲਾਲ-ਉਲ-ਦੀਨ ਨੇ ਤਲਵਾਰ ਤਿੱਖੀ ਕਰ ਲਈ। ਇੱਕ ਨਵਾਂ ਚਬੂਤਰਾ ਵੀ ਤਿਆਰ ਕਰਵਾ ਦਿੱਤਾ ਗਿਆ। ਪਹਿਰੇ ਲੱਗ ਗਏ। ਦੁਪਹਿਰ ਢਲੇ ਗੁਰੂ ਸਾਹਿਬ ਨੂੰ ਪਿੰਜਰੇ ਵਿੱਚੋਂ ਬਾਹਰ ਕੱਢਿਆ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਕੀਤੇ ਗਏ ਸਨ। ਕਾਜ਼ੀ ਨੇ ਫਿਰ ਉਹੀ ਸ਼ਰਤਾਂ ਰੱਖੀਆਂ ਤੇ ਗੁਰੂ ਸਾਹਿਬ ਨੇ ਪਹਿਲੇ ਵਾਲਾ ਜੁਆਬ ਮੁੜ ਦੇ ਦਿੱਤਾ। ਜਲਾਦ ਨੇ ਤਲਵਾਰ ਚਲਾਈ ਅਤੇ ਆਪ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਸਭ ਪਾਸੇ ਹਾਹਾਕਾਰ ਮੱਚ ਗਈ। ਸਭ ਦੇ ਦਿਲ ਧੜਕ ਰਹੇ ਸਨ। ਬੇਅੰਤ ਅਨਮਤੀ ਲਿਖਾਰੀਆਂ ਨੇ ਵੀ ਆਪਣੀਆਂ ਲਿਖਤਾਂ ਵਿੱਚ ਲਿਖਿਆ ਹੈ ਕਿ ਦਿੱਲੀ ਦੇ ਆਮ ਨਿਵਾਸੀ ਤੇ ਖ਼ਾਸ ਕਰ ਧਰਮ-ਪ੍ਰਸਤ ਲੋਕ ਇਸ ਖ਼ੌਫ਼ਨਾਕ ਸਾਕੇ ਕਾਰਨ ਬਹੁਤ ਪ੍ਰੇਸ਼ਾਨ ਹੋਏ। ਸਭ ਧਰਮੀ ਤੇ ਨੇਕ ਬੰਦਿਆਂ ਨੇ ਇਸ ਅੱਤ ਘਿ੍ਰਣਤ ਕਾਰੇ ’ਤੇ ਲਾਹਨਤਾਂ ਪਾਈਆਂ ਅਤੇ ਮੁਗਲ ਰਾਜ ਦੇ ਸਰਬਨਾਸ਼ ਲਈ ਦੁਆਵਾਂ ਕੀਤੀਆਂ।

ਸ਼ਹਾਦਤ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਸ਼ਰਧਾਲੂ ਤੇ ਸਿਰਲੱਥ ਨੌਜਵਾਨ ਭਾਈ ਕਲਿਆਣਾ ਜੀ ਦੀ ਧਰਮਸ਼ਾਲਾ ਵਿੱਚ ਇਕੱਠੇ ਹੋਏ ਅਤੇ ਫ਼ੈਸਲਾ ਕੀਤਾ ਕਿ ਕਿਸੇ ਵੀ ਹਾਲਤ ਵਿੱਚ ਗੁਰੂ ਸਾਹਿਬ ਦੇ ਸਰੀਰ ਦੀ ਬੇਅਦਬੀ ਨਹੀਂ ਹੋਣ ਦਿੱਤੀ ਜਾਵੇਗੀ। ਇਹ ਸੂਰਬੀਰ ਜਵਾਨ ਸਨ ‘ਭਾਈ ਨਾਨੂ, ਭਾਈ ਜੈਤਾ, ਭਾਈ ਉਦਾ ਤੇ ਭਾਈ ਤੁਲਸੀ ਜੀ’। ਭਾਈ ਨਾਨੂੰ ਨੇ ਇਹ ਵੀ ਤਜਵੀਜ਼ ਰੱਖੀ ਕਿ ਇਸ ਕੰਮ ਲਈ ਲੱਖੀ ਸ਼ਾਹ ਵਣਜਾਰੇ ਦੇ ਸ਼ਰਧਾਲੂ ਤੇ ਸੂਰਬੀਰ ਪੁੱਤਰਾਂ, ਨਗਾਹੀਆ, ਹੇਮਾ ਤੇ ਗੜੀ ਨੂੰ ਵੀ ਨਾਲ ਰਲ਼ਾ ਲਿਆ ਜਾਵੇ। ਉਸੇ ਦਿਨ ਹੀ ਉਹਨਾਂ ਦਾ ਟਾਂਡਾ (ਗੱਡਿਆਂ ਦਾ ਕਾਫ਼ਲਾ) ਸ਼ਾਮ ਨੂੰ ਨਰਨੌਲ ਤੋਂ ਵਾਪਸ ਆ ਗਿਆ ਸੀ ਅਤੇ ਦਰਿਆ ਜਮਨਾ ਦੇ ਕੰਢੇ ਵਿਸਰਾਮ ਕਰ ਰਿਹਾ ਸੀ। ਇਸ ਕੰਮ ਲਈ ਲੱਖੀ ਸ਼ਾਹ ਵਣਜਾਰੇ ਨੇ ਵੀ ਸਹਿਮਤੀ ਪ੍ਰਗਟ ਕੀਤੀ। ਅੱਧੀ ਰਾਤ ਤੱਕ ਚੱਲਦੀ ਰਹੀ ਵਿਚਾਰ ਮਗਰੋਂ ਫ਼ੈਸਲਾ ਕੀਤਾ ਗਿਆ ਕਿ ਲੱਖੀ ਸ਼ਾਹ ਦਾ ਸਾਰਾ ਟਾਂਡਾ ਜਮਨਾ ਕੰਢਿਓ, ਚਾਂਦਨੀ ਚੌਂਕ ਵੱਲ ਰਵਾਨਾ ਕੀਤਾ ਜਾਵੇ, ਜਿਸ ਬਾਰੇ ਹਕੂਮਤ ਨੂੰ ਸ਼ੱਕ ਵੀ ਨਹੀਂ ਸੀ ਪੈ ਸਕਦਾ ਕਿਉਂਕਿ ਉਹ ਸਰਕਾਰੀ ਠੇਕੇਦਾਰ ਸੀ। ਇਸ ਤੋਂ ਬਾਦ ਟਾਂਡਾ ਰਕਾਬਗੰਜ ਪੁੱਜ ਜਾਵੇ।

ਤੈਅ ਕੀਤੀ ਯੋਜਨਾ ਅਨੁਸਾਰ ਭਾਈ ਨਾਨੂੰ, ਜੈਤਾ, ਊਦਾ ਅਤੇ ਆਗਿਆ ਰਾਮ ਟਾਂਡੇ ਦੇ ਨਾਲ ਹੀ ਚਾਂਦਨੀ ਚੌਂਕ ਪਹੁੰਚੇ। ਗੱਡਿਆਂ ਵਿੱਚੋਂ ਫੁਰਤੀ ਨਾਲ ਉੱਤਰ ਕੇ ਭਾਈ ਨਾਨੂੰ ਤੇ ਭਾਈ ਜੈਤਾ ਜੀ ਨੇ ਹਨ੍ਹੇਰੇ ਦਾ ਲਾਭ ਉੱਠਾਂਦਿਆਂ ਹੋਇਆਂ ਗੁਰੂ ਜੀ ਦਾ ਸੀਸ ਚੁੱਕ ਲਿਆ। ਇਹ ਪਾਵਨ ਸੀਸ ਭਾਈ ਜੈਤਾ ਜੀ ਆਪਣੇ ਗ੍ਰਹਿ ਵਿਖੇ ਲੈ ਗਏ। ਇਹਨਾਂ ਨੇ ਪਾਵਨ ਸੀਸ ਨੂੰ ਸਤਿਕਾਰ ਨਾਲ ਖਾਰੇ ਵਿੱਚ ਪਤੀਆਂ ਆਦਿਕ ਪਾ ਕੇ ਅਦਬ ਨਾਲ ਚੁੱਕ ਕੇ ਅਨੰਦਪੁਰ ਸਾਹਿਬ ਵਿਖੇ ਜਾਣ ਦੀ ਤਿਆਰ ਕੀਤੀ। 13 ਨਵੰਬਰ 1675 ਨੂੰ ਦਿੱਲੀ ਤੋਂ ਚੱਲ ਕੇ ਰਾਹ ਵਿੰਚ ਪੰਜ ਪੜਾਅ ਕੀਤੇ ਪਹਿਲਾ ਬਾਗਪੱਤ, ਦੂਜਾ ਤਰਾਉੜੀ (ਕਰਨਾਲ) ਤੀਜਾ ਅਨਾਜ ਮੰਡੀ (ਸੀਸ ਗੰਜ, ਅੰਬਾਲਾ) ਚੌਥਾ ਨਾਭਾ ਸਾਹਿਬ (ਚੰਡੀਗੜ੍ਹ) ਅਤੇ ਪੰਜਵਾਂ ਕੀਰਤਪੁਰ । ਕੀਰਤਪੁਰ ਤੋਂ ਭਾਈ ਰਮੱਤਾ ਜੀ ਖ਼ਬਰ ਦੇਣ ਅਨੰਦਪੁਰ ਸਾਹਿਬ ਪਹੁੰਚੇ। ਮਾਤਾ ਨਾਨਕੀ, ਮਾਤਾ ਗੁਜਰੀ ਜੀ ਅਤੇ ਦਸਮੇਸ਼ ਪਿਤਾ ਸਮੇਤ ਸੰਗਤਾਂ ਕੀਰਤਪੁਰ ਪਹੁੰਚੀਆਂ। ਮਾਤਾ ਗੁਜਰੀ ਜੀ ਨੇ ਜਦੋਂ ਪਤੀ ਦਾ ਸੀਸ ਦੇਖਿਆ ਤਾਂ ਅਡੋਲ ਰਹੇ ਤੇ ਇਤਨਾ ਹੀ ਕਿਹਾ ‘‘ਪਾਤਸ਼ਾਹ  ! ਤੁਹਾਡੀ ਨਿਭ ਆਈ ਹੁਣ ਕ੍ਰਿਪਾ ਕਰੋ ਮੇਰੀ ਵੀ ਨਿਭ ਜਾਵੇ॥’’ ਭਾਈ ਜੈਤੇ ਦੀ ਕੁਰਬਾਨੀ ਦੀ ਗਾਥਾ ਸੁਣ ਕੇ ਗੁਰੂ ਸਾਹਿਬ ਨੇ ‘ਰੰਘਰੇਟੇ ਗੁਰੂ ਕੇ ਬੇਟੇ’ ਕਹਿ ਕੇ ਗਲ ਨਾਲ ਲਗਾਇਆ। ਇੱਥੋਂ ਕੀਰਤਨ ਕਰਦੀਆਂ ਸੰਗਤਾਂ ਅਨੰਦਪੁਰ ਸਾਹਿਬ ਪਹੁੰਚੀਆਂ ਅਤੇ ਸੀਸ ਦਾ ਸਸਕਾਰ ਕੀਤਾ, ਜਿੱਥੇ ਗੁਰਦੁਆਰਾ ਸੀਸ ਗੰਜ ਸੁਸ਼ੋਭਿਤ ਹੈ।

ਸਿਰਲੱਥ ਨੌਜਵਾਨਾਂ ਦੀ ਦੂਜੀ ਟੋਲੀ ਵਿੱਚ ਲੱਖੀ ਸ਼ਾਹ ਵਣਜਾਰੇ ਦੇ ਤਿੰਨ ਪੁੱਤਰ ਤੇ ਭਾਈ ਕਾਹਨਾ ਜੀ ਦੇ ਪੁੱਤਰ ਧੂਮਾ ਜੀ ਵੀ ਸ਼ਾਮਲ ਸਨ। ਇਹਨਾਂ ਚੌਹਾਂ ਨੇ ਬੜੇ ਹੌਸਲੇ ਨਾਲ ਗੁਰੂ ਜੀ ਦੇ ਪਵਿੱਤਰ ਸਰੀਰ ਨੂੰ ਧਰਤੀ ਤੋਂ ਚੁੱਕ ਗੱਡੇ ਵਿੱਚ ਰੱਖ ਲਿਆ ਤੇ ਸਾਰਾ ਟਾਂਡਾ ਰਕਾਬਗੰਜ ਵੱਲ ਮੋੜ ਲਿਆ। ਸਵੇਰ ਤੜਕ ਹੁੰਦੇ ਸਾਰੇ ਆਪਣੇ ਘਰ ਨੂੰ ਅੱਗ ਲਾ ਕੇ ਸਰੀਰ ਦਾ ਸਸਕਾਰ ਕਰ ਦਿੱਤਾ ਤੇ ਹਕੂਮਤ ਨੂੰ ਸ਼ੱਕ ਵੀ ਨਾ ਪਿਆ। ਇਸ ਅਸਥਾਨ ’ਤੇ ਸੰਨ 1783-85 ਈ: ਵਿੱਚ ਸ੍ਰ: ਬਘੇਲ ਸਿੰਘ ਨੇ ਗੁਰਦੁਆਰੇ (ਰਕਾਬਗੰਜ) ਦੀ ਉਸਾਰੀ ਕੀਤੀ।

ਕਾਜ਼ੀ ਅਬਦੁਲ ਵਹਾਬ ਵੋਹਰਾ ਸ਼ਹੀਦੀ ਵਾਲੇ ਦਿਨ ਹੀ ਘਰ ਜਾ ਕੇ ਸਦਾ ਲਈ ਮੰਜੇ ’ਤੇ ਪੈ ਗਿਆ। ਉਸ ਨੂੰ ਮਾਨਸਿਕ ਅਧੋਗਤੀ (ਡਿਪਰੈਸ਼ਨ) ਦਾ ਭਿਆਨਕ ਰੋਗ ਲੱਗ ਗਿਆ। ਬੁਰੀ ਤਰ੍ਹਾਂ ਬਿਮਾਰ ਹੋ ਗਿਆ। ਪੰਦਰਾਂ ਦਿਨ ਲੁੱਛ ਲੁੱਛ ਕੇ ਮੰਜੇ ’ਤੇ ਤੜਫਦਾ ਤੇ ਕੁਰਲਾਉਂਦਾ ਰਿਹਾ ਕਿਸੇ ਵੈਦ ਹਕੀਮ ਦਾ ਕੋਈ ਇਲਾਜ ਕਾਰਗਾਰ ਨਾ ਸਾਬਤ ਹੋ ਸਕਿਆ। ਅਨੇਕਾਂ ਪਰਪੰਚ ਕਰ ਕੇ ਅਤੇ ਰਿਸ਼ਵਤਾਂ ਲੈ ਕੇ ਇਕੱਠੇ ਕੀਤੇ 33 ਲੱਖ ਰੁਪਏ ਅਨੇਕਾਂ ਸੇਰ ਵਜ਼ਨ ਦਾ ਸੋਨਾ ਚਾਂਦੀ ਅਤੇ ਮਹਿਲ ਮਾੜੀਆਂ ਦੇ ਰੂਪ ਵਿੱਚ ਇਕੱਠੀ ਕੀਤੀ ਚੱਲ ਅਤੇ ਅਚੱਲ ਜਾਇਦਾਦ, ਮੁਗਲ ਰਾਜ ਦੀ ਰਾਜਧਾਨੀ ਦਿੱਲੀ ਵਿੱਚ ਹੀ ਛੱਡ ਕੇ ਅਤੇ ਅੰਤਾਂ ਦੀ ਬਦਨਾਮੀ ਖੱਟ ਕੇ ਤੇ ਪਾਪਾਂ ਦੀ ਭਾਰੀ ਪੰਡ ਸਿਰ ’ਤੇ ਚੁੱਕ ਕੇ 26 ਨਵੰਬਰ 1675 ਨੂੰ ਇਸ ਸੰਸਾਰ ਤੋਂ ਕੂਚ ਕਰ ਗਿਆ।

ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਉਪਰੰਤ ਕਿਸੇ ਅਣਗਹਿਲੀ ਕਾਰਨ ਇਹੀ ਪ੍ਰਚਾਰ ਹੁੰਦਾ ਰਿਹਾ ਕਿ ਸ਼ਹਾਦਤ ਤੋਂ ਬਾਦ ਸਾਰੇ ਪਾਸੇ ਚੁੱਪ ਵਰਤ ਗਈ, ਸਿੱਖ ਭੈ ਭੀਤ ਹੋ ਗਏ। ਇਹ ਕਥਨੀ 100% (ਸੌ ਪ੍ਰਤੀਸ਼ਤ) ਬੇਬੁਨਿਆਦ ਅਤੇ ਕੋਰਾ ਝੂਠ ਹੈ। ਜੁਲਾਈ 1676 ਤੋਂ ਫਰਵਰੀ 1677 ਤੱਕ ਵਾਪਰਨ ਵਾਲੀਆਂ ਘਟਨਾਵਾਂ ਹੀ ਦੱਸਦੀਆਂ ਹਨ ਕਿ ਸਿੱਖਾਂ ਵਿੱਚ ਇਸ ਸ਼ਹਾਦਤ ਦਾ ਬਦਲਾ ਲੈਣ ਲਈ ਕਿੰਨਾ ਉਤਸ਼ਾਹ ਤੇ ਅਥਾਹ ਬਲ ਪੈਦਾ ਹੋ ਗਿਆ ਸੀ।

10 ਜੁਲਾਈ 1676 ਨੂੰ ਔਰੰਗਜ਼ੇਬ ਦੀ ਸਵਾਰੀ ਚਾਂਦਨੀ ਚੌਂਕ ਵਿੱਚੋਂ ਲੰਘਣ ਸਮੇਂ ਇੱਕ ਸਿੱਖ ਨੇ ਔਰੰਗਜ਼ੇਬ ਵੱਲ ਉਲਾਰ ਕੇ ਡੰਡਾ ਮਾਰਿਆ, ਜੋ ਉਸ ਦੇ ਸ਼ਾਹੀ ਛੱਤਰ ਦੇ ਅਗਲੇ ਹਿਸੇ ਵਿੱਚ ਜਾ ਵੱਜਾ ਭਾਵੇਂ ਸਿੱਖ ਨੂੰ ਫੜ ਕੇ ਕੋਤਵਾਲ ਦੇ ਹਵਾਲੇ ਕਰ ਕੇ ਸਜਾ ਦਿੱਤੀ ਗਈ ਪਰ ਜੱਦੋ ਜਹਿਦ ਨੂੰ ਤਿੱਖਾ ਕਰਨ ਲਈ ਸਿੱਖਾਂ ਦੀ ਜੁਰਅਤ ਅਤੇ ਉਤਸ਼ਾਹ ਦੀ ਦਾਦ ਦੇਣੀ ਬਣਦੀ ਹੈ। ਫਿਰ 2 ਨਵੰਬਰ 1676 ਨੂੰ ਔਰੰਗਜ਼ੇਬ ਜਾਮਾ ਮਸਜਿਦ ਦੀਆਂ ਪੌੜੀਆਂ ਉੱਤਰ ਕੇ ਆਪਣੇ ਘੋੜੇ ’ਤੇ ਸਵਾਰ ਹੋਣ ਲੱਗਾ ਹੀ ਸੀ ਕਿ ਇੱਕ ਸਿੱਖ, ਨੰਗੀ ਤਲਵਾਰ ਨਾਲ ਉਸ ’ਤੇ ਹਮਲਾ ਕਰਨ ਲਈ ਅੱਗੇ ਵਧਿਆ। ਉਹ ਔਰੰਗਜ਼ੇਬ ਨੂੰ ਮਾਰ ਤਾਂ ਨਾ ਸਕਿਆ ਪਰ ਉਸ ਨੂੰ ਰਣਥੰਭੋਰ ਦੇ ਕਿਲ੍ਹੇ ਵਿੱਚ ਸਖ਼ਤ ਕੈਦ ਵਿੱਚ ਤਸੀਹੇ ਦਿੱਤੇ ਜਾਣ ਉਪਰੰਤ ਮੌਤ ਦੇ ਘਾਟ ਉਤਾਰ ਦਿੱਤਾ, ਪਰ ਆਪਣੇ ਗੁਰੂ ਪ੍ਰਤੀ ਪਿਆਰ, ਸ਼ਰਧਾ ਤੇ ਬਦਲਾ ਲੈਣ ਦੀ ਭਾਵਨਾ ਤੇ ਜੁਰਅਤ ਦੇ ਦੀਦਾਰ ਹਰ ਦਿੱਲੀ ਵਾਸੀ ਨੂੰ ਕਰਵਾ ਗਿਆ। ਇਸ ਪਿੱਛੋਂ 19 ਫਰਵਰੀ 1677 ਨੂੰ ਦਰਿਆ ਜਮਨਾ ਵਿਖੇ ਕਿਸ਼ਤੀ ਦੀ ਸੈਰ ਕਰਨ ਪਿੱਛੋਂ ਕਿਸ਼ਤੀ ਵਿੱਚੋਂ ਉਤਰਨ ਸਮੇਂ ਔਰੰਗਜ਼ੇਬ ਨੂੰ ਇੱਕ ਸੂਰਬੀਰ ਸਿੱਖ ਨੇ ਵਾਰੋ ਵਾਰੀ ਦੋ ਇੱਟਾਂ ਸਿਰ ਵਿੱਚ ਟਿਕਾ ਕੇ ਮਾਰੀਆਂ ਜਿਹਨਾਂ ਵਿੱਚੋਂ ਇੱਕ ਉਸ ਦੇ ਸਿੰਘਾਸਨ ’ਤੇ ਵੱਜੀ। ਉਸ ਸਿੱਖ ਨੂੰ ਸਜ਼ਾ ਦਾ ਭਾਗੀ ਬਣਾਉਣਾ ਵੱਖਰੀ ਗੱਲ ਹੈ ਪਰ ਹਕੂਮਤ ਪ੍ਰਤੀ ਸਿੱਖਾਂ ਦਾ ਗੁੱਸਾ ਪ੍ਰਗਟ ਹੋਣ ਦਾ ਔਰੰਗਜ਼ੇਬ ਨੂੰ ਪਤਾ ਲੱਗ ਗਿਆ। ਜਿਸ ਜਵਾਲਾ ਨੂੰ ਉਸ ਨੇ ਸਖ਼ਤੀ ਨਾਲ ਦਬਾਅ ਰੱਖਿਆ ਸੀ ਉਹ ਭੜਕਣ ਲੱਗ ਪਈ। ਸੱਚੀ ਗੱਲ ਤਾਂ ਇਹ ਹੈ ਕਿ ਔਗਰਜ਼ੇਬ ਏਨਾ ਡਰ ਗਿਆ ਕਿ ਦਸੰਬਰ 1676 ਨੂੰ ਉਹ ਦੱਖਣ ਵੱਲ ਚਲਾ ਗਿਆ ਤੇ ਮੁੜ ਕੇ ਦਿੱਲੀ ਵਾਪਸ ਨਾ ਆਇਆ ਤੇ ਉਥੇ ਹੀ ਸੰਨ 1707 ਵਿੱਚ ਉਸ ਦੀ ਮੌਤ ਹੋ ਗਈ।

ਸੋ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਇੱਕ ਲਾਸਾਨੀ ਸ਼ਹਾਦਤ ਹੈ। ਇਹ ਸ਼ਹਾਦਤ ਆਪਣੇ ਧਰਮ ਦੀ ਰੱਖਿਆ ਲਈ ਨਹੀਂ ਸੀ ਸਗੋਂ ਹਿੰਦੂ ਧਰਮ ਦੇ ਜਨੇਊ ਦੀ ਰੱਖਿਆ ਲਈ ਸੀ, ਜਿਸ ਵਿੱਚ ਉਹਨਾਂ ਦਾ ਵਿਸ਼ਵਾਸ ਵੀ ਨਹੀਂ ਸੀ। ਧਾਰਮਿਕ ਅਜ਼ਾਦੀ ਲਈ ਗੁਰੂ ਸਾਹਿਬ ਨੇ ਇਹ ਸ਼ਹਾਦਤ ਆਪ ਹੀ ਸਹੇੜੀ ਸੀ। ਲਾਲਾ ਦੌਲਤ ਰਾਏ ਆਰੀਆ ਨੇ ਠੀਕ ਹੀ ਲਿਖਿਆ ਹੈ ਕਿ ਅਸੀਂ ਉਲਟੀ ਗੰਗਾ ਵਹਾਉਣ ਦਾ ਮੁਹਾਵਰਾ ਤਾਂ ਸੁਣਿਆ ਸੀ ਪਰ ਇਸ ਦੇ ਅਰਥ ਗੁਰੂ ਤੇਗ ਬਹਾਦਰ ਜੀ ਨੇ ਸਿਖਾਏ ਹਨ। ਇਹ ਤਾਂ ਹੁੰਦਾ ਹੈ ਕਿ ਕਾਤਲ, ਆਪ ਚੱਲ ਕੇ ਮਕਤੂਲ ਦੇ ਕੋਲ ਜਾਂਦਾ ਹੈ ਪਰ ਇਹ ਗੁਰੂ ਤੇਗ ਬਹਾਦਰ ਜੀ ਨੇ ਕਰ ਵਿਖਾਇਆ ਕਿ ਆਪ ਖੁਦ ਚੱਲ ਕੇ ਕਾਤਲ ਦੇ ਪਾਸ ਪਹੁੰਚਦੇ ਹਨ।

ਇੱਕ ਇਤਿਹਾਸਕਾਰ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ ਤੁਲਨਾ ਮਿਥਿਹਾਸਕ ਪੰਛੀ ‘ਫੀਨਿਕਸ’ ਨਾਲ ਕੀਤੀ ਹੈ। ‘ਫੀਨਿਕਸ’ ਪੰਛੀ ਸਾਰੀ ਉਮਰ ਆਕਾਸ਼ ਵਿੱਚ ਉੱਡਦਾ ਹੈ ਅਤੇ ਮਧੁਰ ਗੀਤ ਗਾ ਕੇ ਵਾਤਾਵਰਣ ਨੂੰ ਗਮਗੀਨ ਕਰਦਾ ਹੈ। ਜਦੋਂ ਇਸ ਦਾ ਅੰਤ ਸਮਾਂ ਨੇੜੇ ਆਉਂਦਾ ਹੈ ਤਾਂ ਜ਼ਮੀਨ ’ਤੇ ਉੱਤਰ ਆਉਂਦਾ ਹੈ। ਤੀਲੇ ਤਿਨਕੇ ਇਕੱਠੇ ਕਰ ਕੇ ਫਿਰ ਅੰਤਮ ਗੀਤ ਗਾਉਂਦਾ ਹੈ, ਜਿਸ ਤੋਂ ਜਵਾਲਾ ਉੱਠਦੀ ਹੈ ਤੇ ਉਸ ਬਲਦੀ ਹੋਈ ਅੱਗ ਵਿੱਚ ਉਹ ਸੜ ਮਰਦਾ ਹੈ। ਜਦ ਅੱਗ ਬੁਝ ਜਾਂਦੀ ਹੈ ਤਾਂ ਉਸ ਵਿੱਚ ਇੱਕ ਅੰਡਾ ਵਿਖਾਈ ਦਿੰਦਾ ਹੈ ਅਤੇ ਥੋੜ੍ਹੇ ਸਮੇਂ ਵਿੱਚ ਹੀ ਉਸੇ ਪ੍ਰਕਾਰ ਦਾ ਇੱਕ ਹੋਰ ਪੰਛੀ ਉਸ ਵਿੱਚੋਂ ਨਿੱਕਲ ਕੇ ਆਕਾਸ਼ ਵਿੱਚ ਉਡਾਰੀਆਂ ਮਾਰਦਾ ਹੈ ਅਤੇ ਫਿਰ ਗੀਤ ਚੱਲ ਪੈਂਦੇ ਹਨ।

ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਵੀ ਕੁੱਝ ਐਸੀ ਹੀ ਸੀ। ਆਪ ਵੈਰਾਗ ਤੇ ਚੜ੍ਹਦੀ ਕਲਾ ਵਿੱਚ ਬਾਣੀ ਗਾਇਨ ਕਰਦੇ ਰਹੇ- ‘‘ਚੇਤਨਾ ਹੈ ਤਉ ਚੇਤ ਲੈ; ਨਿਸਿ ਦਿਨਿ ਮੈ ਪ੍ਰਾਨੀ ॥ ਛਿਨੁ ਛਿਨੁ ਅਉਧ ਬਿਹਾਤੁ ਹੈ; ਫੂਟੈ ਘਟ ਜਿਉ ਪਾਨੀ ॥੧॥ ਰਹਾਉ ॥’’ (ਮ: ੯/੭੨੬) ਆਪ ਹੀ ਔਰੰਗਜ਼ੇਬ ਨੂੰ ਸੁਨੇਹਾ ਭੇਜਿਆ ਤੇ ਸ਼ਹੀਦ ਹੋ ਗਏ। ਇਸ ਸ਼ਹਾਦਤ ਦੇ ਵਿੱਚੋਂ ਹੀ ਖਾਲਸਾ ਪੰਥ ਤੇ ਗੁਰੂ ਖਾਲਸੇ ਦਾ ਜਨਮ ਹੋਇਆ ਜੋ ਹੁਣ ਵੀ ਆਕਾਸ਼ ਵਿੱਚ ਤਾਰੀਆਂ ਲਾ ਰਿਹਾ ਹੈ ਅਤੇ ਚੜ੍ਹਦੀ ਕਲਾ ਵਿੱਚ ਵਿਚਰਦਾ ਹੈ।

ਕੀਤੋਸੁ ਅਪਣਾ ਪੰਥੁ ਨਿਰਾਲਾ

0

ਕੀਤੋਸੁ ਅਪਣਾ ਪੰਥੁ ਨਿਰਾਲਾ

ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਆਫ ਐਜੂਕੇਸ਼ਨ ਐਂਡ ਐਡਮਨਿਸਟ੍ਰੇਸ਼ਨ)

ਧਰਮ ਦੀ ਮਹਾਨਤਾ ਵਿਸ਼ਵ ਵਿਆਪੀ ਹੈ। ਧਰਮ ਦਾ ਪਾਲਣ ਕਰਨਾ, ਹਰ ਪ੍ਰਾਣੀ ਮਾਤ੍ਰ ਲਈ ਜ਼ਰੂਰੀ ਮੰਨਿਆ ਗਿਆ ਹੈ। ਭਾਰਤ ਵਰਸ਼ ਵਿੱਚ ਤਾਂ ਇਹ ਖਿਆਲ ਬੜਾ ਅਰਥ ਭਰਪੂਰ ਹੈ ਕਿ ਜੇ ਧਰਮ ਖਤਰੇ ਵਿੱਚ ਪੈ ਜਾਏ ਤਾਂ ਪਰਮਾਤਮਾ ਨੂੰ ਇਸ ਦੇ ਬਚਾਅ ਲਈ ਕੋਈ ਉਪਾਅ ਕਰਨਾ ਪੈਂਦਾ ਹੈ। ਕਿਸੇ ਰਹਿਬਰ ਨੂੰ ਵਿਸ਼ੇਸ਼ ਤੌਰ ’ਤੇ ਭੇਜਣਾ ਪੈਂਦਾ ਹੈ। ਧਰਮ ਕੋਈ ਰਸਮ ਨਹੀਂ ਸਗੋਂ ਧਰਮ ਦਾ ਅਰਥ ਅਸੂਲ ਨਿਯਮ ਹੈ। ਗੁਰਮਤਿ ਨੇ ‘‘ਨਾਨਕ  ! ਜੀਅ ਉਪਾਇ ਕੈ, ਲਿਖਿ ਨਾਵੈ ਧਰਮੁ ਬਹਾਲਿਆ ॥’’ (ਮ: 2/463) ਨੂੰ ਪ੍ਰਵਾਨਿਆ ਹੈ; ਜਿਵੇਂ ਸਾਨੂੰ ਜੀਵਤ ਰਹਿਣ ਲਈ ਆਕਸੀਜਨ (ਹਵਾ) ਪਾਣੀ, ਪਰਸ਼ਾਦੇ ਦੀ ਜ਼ਰੂਰਤ ਹੁੰਦੀ ਹੈ; ਤਿਵੇਂ ਹੀ ਹਰ ਖੇਤਰ ਵਿੱਚ ਭਾਵੇਂ ਉਹ ਰਾਜਨੀਤਿਕ, ਸਮਾਜਿਕ, ਆਰਥਿਕ ਜਾਂ ਧਾਰਮਿਕ ਹੋਵੇ ਅਸੂਲ ਬੱਧ ਹੋਣਾ ਵੀ ਲੋੜੀਂਦਾ ਹੈ। ਨਹੀਂ ਤਾਂ ਧਰਮ (ਅਸੂਲ) ਵਿਹੂਣਾ ਹੋਣ ਨਾਲ ਸਾਡੀ ਜ਼ਿੰਦਗੀ ਦਾ ਹਰ ਪੱਖ ਮੁਰਦਾ ਹੋ ਜਾਵੇਗਾ।

ਭਾਰਤ ਦਰਸ਼ਨ (ਵਿਚਾਰਧਾਰਾ) ਵਿਚ ਅਜਿਹੇ ਆਦਰਸ਼ਾਂ ਦੀ ਵਧੇਰੇ ਪਰਧਾਨਤਾ ਤੇ ਮਹਾਨਤਾ ਰਹੀ ਹੈ, ਜਿਸ ਰਾਹੀਂ ਨਿਰੋਲ ਆਤਮਿਕ ਜੀਵਨ ਵੱਲ ਵਧੇਰੇ ਜ਼ੋਰ ਦਿੱਤਾ ਗਿਆ ਹੋਵੇ, ਪਰ ਸਮਾਜਿਕ, ਵਿਕਾਸ ਤੇ ਰਾਜਨੀਤਕ ਸੰਗਠਨ ਜਾਂ ਰਾਜ ਪ੍ਰਬੰਧ ਨੂੰ ਪਵਿਤ੍ਰਤਾ ਨਾਲ ਚਲਾਉਣ ਵੱਲ ਬਿਲਕੁਲ ਲਾਪਰਵਾਹੀ ਵਰਤੀ ਗਈ ਹੈ। ਇਸ ਉਪਰਾਮਤਾ ਦੇ ਨਿਯਮ ਜਾਂ ਚਾਲੇ ਨੇ ਸਾਡੀ ਜੀਵਨ ਤਾਣੀ ਨੂੰ ਸਦੀਆਂ ਤੱਕ ਅਜਿਹਾ ਉਲਝਾਇਆ ਹੈ ਕਿ ਅਸੀਂ ਜੀਵਨ ਸੰਗ੍ਰਾਮ ਵਿੱਚ ਜੂਝਣ ਯੋਗ ਹੀ ਨਾ ਰਹੇ । ਇਸ ਤਰ੍ਹਾਂ ਹਿੰਦੁਸਤਾਨੀ ਸਭਿਅਤਾ ਸਮਾਜਿਕ ਦੈਵੀ ਗੁਣਾਂ ਤੋਂ ਸਖਣੀ ਹੋ ਗਈ ਫਿਰ ਨਿਰੀ ਪੁਰੀ ਵਿਅਕਤੀਵਾਦੀ ਬਣ ਕੇ ਨਿਰਜਿੰਦ ਹੋ ਗਈ । ਪੰਦਰ੍ਹਵੀਂ, ਸੋਲਵੀਂ ਸਦੀ; ਜੁਗ ਗਰਦੀ ਦਾ ਸਮਾਂ ਸੀ ਜਦੋਂ ਸਮਾਜਿਕ ਤੇ ਰਾਜਨੀਤਿਕ ਪਰਿਵਰਤਨ ਆਏ ਇਸ ਸਮੇਂ ਭਗਤੀ ਲਹਿਰ ਆਪਣੇ ਪੂਰੇ ਜੋਬਨ ’ਤੇ ਸੀ, ਜਿਸ ਨੇ ਕਰਮਕਾਂਡ, ਪਾਖੰਡ, ਜਾਤਪਾਤ, ਆਦਿ ਅਨੇਕਾਂ ਸਮਾਜਿਕ ਸੁਧਾਰ ਲਿਆਉਣ ਦਾ ਯਤਨ ਕੀਤਾ। ਸਮੇਂ ਦੀ ਹਕੂਮਤ ਦੇ ਤਸੀਹੇ ਵੀ ਉਨ੍ਹਾਂ ਨੂੰ ਸਹਿਣ ਕਰਨੇ ਪਏ, ਉਨ੍ਹਾਂ ਭਗਤਾਂ ਦੇ ਦਰਸਾਏ ਆਦਰਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਭਾਇਮਾਨ ਹੋ ਸਦੀਵਕਾਲ ਲਈ ਸਾਡੀ ਅਗਵਾਈ ਕਰ ਰਹੇ ਹਨ ਪਰ ਫਿਰ ਵੀ ਬਹੁਤਾਤ ਲੋਕ ਜੀਵਨ ਮੁਕਤੀ, ਆਤਮਿਕ ਅਨੰਦ ਤੋਂ ਕੋਹਾਂ ਦੂਰ ਸਨ । ਘਰ-ਬਾਰ ਦੇ ਤਿਆਗੀਆਂ ਨੇ ਜਿੰਮੇਵਾਰੀਆਂ ਤੋਂ ਭਗੌੜੇ ਹੋ ਕੇ, ਹੋ ਸਕਦਾ ਹੈ ਕਿ ਨਿਜੀ ਤੌਰ ’ਤੇ ਕੁਝ ਆਨੰਦ ਮਾਣ ਲਿਆ ਹੋਵੇ ਪਰ ਸਮਾਜਿਕ ਭਲਾਈ ‘ਸਰਬੱਤ ਦੇ ਭਲੇ’ ਦਾ ਕਿਸੇ ਨੇ ਖਿਆਲ ਨਾ ਕੀਤਾ । ਇਸ ਸਾਰੀ ਬਰਬਾਦੀ ਦਾ ਮੁੱਖ ਕਾਰਨ ਚਿਰਾਂ ਤੋਂ ਚਲੀ ਆ ਰਹੀ ਵਿਖਾਵੇ ਦੇ ਤਿਆਗ ਦੀ ਥੋਥੀ ਵਿਚਾਰਧਾਰਾ ਹੀ ਸੀ ਜਿਸ ਅਨੁਸਾਰ ਜਗਤ ਜੰਜਾਲ ਨੂੰ ਛੱਡਣ ਤੋਂ ਬਿਨਾਂ ਆਤਮਿਕ ਸਾਂਤੀ ਨਹੀਂ ਮਿਲ ਸਕਦੀ ਸੀ ਭਾਵੇਂ ਸਮੇਂ-ਸਮੇਂ ਇੱਥੇ ਕਈ ਧਰਮ ਹੋਂਦ ਵਿਚ ਆਏ ਪਰ ਸਭ ਦੀ ਤਾਨ ਆਖਿਰ ਤਿਆਗ ’ਤੇ ਹੀ ਟੁੱਟਦੀ ਸੀ ਬੁੱਧ ਜੈਨ ਕੋਈ ਵੀ ਤਿਆਗ ਦਾ ਨਾਅਰਾ ਨਹੀਂ ਛੱਡ ਸਕੇ ਇਸ ਤੋਂ ਬਾਅਦ ਸਿੱਧਾਂ ਨਾਥਾਂ ਜੋਗੀਆਂ ਦੇ ਪੰਥ ਚਲੇ ਉਨ੍ਹਾਂ ਦੀ ਬੁਨਿਆਦ ਹੀ ਵਿਰਕਤੀ ਸੀ।

ਤਿਆਗੀ ਭਗੌੜੇ ਮਾੜੇ ਆਦਰਸ਼ ਦੇ ਸਿੱਟੇ ਵੀ ਮਾੜੇ ਨਿਕਲੇ ਜਿਸ ਸਦਕਾ ਵਿਦੇਸ਼ਾਂ ਤੋ ਮੁੱਠੀਭਰ ਜੱਥੇਬੰਦ ਲੋਕਾਂ ਨੇ ਧਾਵੇ ਬੋਲ ਕੇ ਕ੍ਰੋੜਾਂ ਲੋਕਾਂ ਨੂੰ ਨਿਡਰ, ਨਿਝੱਕ ਹੋ ਕੇ ਲੁੱਟਿਆ ਮਾਰਿਆ, ਇਹ ਸਾਰੀਆਂ ਮੁਸੀਬਤਾਂ ਤਿਆਗੀਆਂ ਜਾਂ ਕੰਦਰਾਂ ਵਿੱਚ ਬੈਠੇ ਤਿਆਗੀਆਂ ਨੇ ਨਹੀਂ ਝੱਲੀਆਂ ਸਗੋਂ ਘਰਬਾਰੀ ਗ੍ਰਿਹਸਤੀਆਂ ਨੂੰ ਹੀ ਸਾਹਮਣਾ ਕਰਨਾ ਪਿਆ, ਦੇਸ਼ ਦੀ ਦੌਲਤ ਇੱਜ਼ਤ ਸਭ ਕੁਝ ਲੁੱਟਿਆ ਗਿਆ, ਗਲਤ ਅਕੀਦਿਆਂ ਦੇ ਪੁਰਾਣੇ ਵਹਿਮਾਂ ਭਰਮਾਂ ਵਿੱਚ ਜਕੜਿਆ ਹਿੰਦ ਗੁਲਾਮ ਹੋ ਗਿਆ। ਇਹ ਸੱਚ ਹੈ ਕਿ ਕੋਈ ਕੌਮ ਕਿਸੇ ਦੂਜੇ ਨੂੰ ਗੁਲਾਮ ਨਹੀਂ ਬਣਾ ਸਕਦੀ ਜਦ ਤਕ ਗੁਲਾਮੀ ਦਾ ਸਮਾਨ ਮੁਕੰਮਲ ਨਾ ਹੋਵੇ। ਸੋਰਠਿ ਰਾਗ ਅੰਦਰ ਸਤਿਗੁਰੂ ਜੀ ਨੇ ਠੀਕ ਹੀ ਫ਼ੁਰਮਾਇਆ ਹੈ :

ਨਾਨਕ  ! ਅਉਗੁਣ ਜੇਤੜੇ, ਤੇਤੇ ਗਲੀ ਜੰਜੀਰ ॥ ਜੇ ਗੁਣ ਹੋਨਿ, ਤ ਕਟੀਅਨਿ; ਸੇ ਭਾਈ, ਸੇ ਵੀਰ॥ (ਮ: ੧/੫੯੫)

ਅਜਿਹੇ ਸੰਕਟ ਕਾਲ ਸਮੇਂ ‘‘ਸਤਿਗੁਰ ਨਾਨਕ ਪ੍ਰਗਟਿਆ’’ ਜਾਂ ‘‘ਕਲਿ ਤਾਰਣ ਗੁਰੁ ਨਾਨਕੁ ਆਇਆ’’ ਜੀ ਨੇ ਸੰਸਾਰ ਵਿੱਚ ਆ ਕੇ ਇਕ ਨਵੀਂ ਰੌਸ਼ਨੀ ਤੇ ਨਵੀਂ ਨਰੋਈ ਅਗਵਾਈ ਕਰਦਿਆਂ ਸਿੱਖ ਧਰਮ ਦੀ ਬੁਨਿਆਦ ‘‘ਸਚੁ ਕੋਟੁ ਸਤਾਣੀ ਨੀਵ ਦੈ॥’’ ਅਨੁਸਾਰ ਬੜੀ ਮਜ਼ਬੂਤੀ ਨਾਲ ਰੱਖੀ।

ਮਾਨਵੀ ਜੀਵਨ ਦੇ ਔਗੁਣਾਂ ਦੀਆਂ ਜੰਜੀਰਾਂ ਕੱਟ ਕੇ ਸੰਸਾਰ ਨੂੰ ਸੁੰਦਰ ਦੈਵੀ ਗੁਣਾਂ ਨਾਲ ਸ਼ਿੰਗਾਰਿਆ। ਮਿ. ਕਨਿੰਘਮ ਦੇ ਸ਼ਬਦਾਂ ਵਿੱਚ ਇਹ ਸਿਹਰਾ ਗੁਰੂ ਨਾਨਕ ਸਾਹਿਬ ਜੀ ਦੇ ਸਿਰ ’ਤੇ ਸੱਜਿਆ ਕਿ ਉਹ ਸੱਚੇ ਤੇ ਸਹੀ ਸਿਧਾਂਤਾਂ ਦਾ ਅਨੁਭਵ ਕਰਨ, ਅਜਿਹੀਆਂ ਨੀਹਾਂ ਰੱਖਣ ਜਿਸ ’ਤੇ ਉਨ੍ਹਾਂ ਦੇ ਜਾਨਸ਼ੀਨ ਗੁਰੂ ਸਾਹਿਬਾਨ ਅਤੇ ਅਨੁਯਾਈ ਭਵਿੱਖ ਵਿੱਚ ਕੌਮੀਅਤ ਦੀ ਉਸਾਰੀ ਕਰ ਸਕਣ। ਅੱਗੇ ਚੱਲ ਕੇ ਇਹੀ ਲੇਖਕ ਲਿਖਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਸਿੱਖਾਂ ਨੂੰ ਉਨ੍ਹਾਂ ਗਲਤੀਆਂ ਤੋਂ ਬਚਾ ਲਿਆ ਜਿਨ੍ਹਾਂ ਦਾ ਭਾਰਤ ਵਾਸੀ ਸਦੀਆਂ ਤੋਂ ਸ਼ਿਕਾਰ ਹੁੰਦੇ ਆ ਰਹੇ ਸਨ। ਗੁਰੂ ਸਾਹਿਬ ਨੇ ਸਿੱਖਾਂ ਨੂੰ ਪ੍ਰਭੂ ਭਗਤੀ ਤੇ ਪਵਿਤ੍ਰ ਆਚਰਣ ‘‘ਸਚਹੁ ਓਰੈ ਸਭੁ ਕੋ, ਉਪਰਿ ਸਚੁ ਆਚਾਰੁ ॥’’ (ਮ: ੧/੬੨) ਦੀ ਤਹਿਜ਼ੀਬ (ਸਭਿਅਤਾ) ਜੀਵਨ ਜਾਚ ਬਖ਼ਸ਼ੀ । ਇਸ ਤਰ੍ਹਾਂ ਉਹ ਆਪਣੇ ਸਿੱਧੇ-ਸਾਧੇ ਸੁਤੰਤਰ ਬੇਤਅੱਸਬ ਅਤੇ ਫੋਕੀਆਂ ਰੀਤਾਂ ਰਸਮਾਂ ਤੋਂ ਆਜ਼ਾਦ ‘‘ਸਬਦਿ ਜਿਤੀ ਸਿਧਿ ਮੰਡਲੀ; ਕੀਤੋਸੁ ਅਪਣਾ ਪੰਥੁ ਨਿਰਾਲਾ।’’ ਬਣਾ ਗਏ।

ਮਨੁੱਖਤਾ ਨੂੰ ਰਾਜ ਜੋਗੀ ਬਣਾਉਣਾ ਸਾਹਿਬ ਜੀ ਦੀ ਇਕ ਅਦਭੁੱਤ ਕਰਾਮਾਤ ਹੀ ਸੀ, ਅਨੋਖੀ ਕਾਢ ਹੀ ਸੀ। ਨਾਮ ਸਿਮਰਨ ਦੇ ਸਿਧਾਂਤ ਨਾਲ ਕਿਰਤ ਕਮਾਈ ਕਰਨ ਤੇ ਫਿਰ ਵੰਡ ਛੱਕਣ ਦੀ ਮਰਯਾਦਾ ਨੂੰ ਬਰਾਬਰੀ ’ਤੇ ਲਿਆ ਕੇ ‘‘ਜਿਉਂ ਜਲ ਕਵਲ ਅਲਿਪਤ ਹੈ, ਘਰਿਬਾਰੀ ਗੁਰਸਿਖ ਤਿਵਾਹੀ।’’ (ਭਾਈ ਗੁਰਦਾਸ ਜੀ/ਵਾਰ ੬ ਪਉੜੀ ੧੫) ਅਨੁਸਾਰ ਗ੍ਰਿਹਸਤੀ ਜੀਵਨ ਨੂੰ ਉਚਿਆਣਾ, ਉਨ੍ਹਾਂ ਦੀ ਹੀ ਵਡਿਆਈ ਹੈ। ਇਸੇ ਕਰਾਮਾਤੀ ਅਨੋਖੇ ਪਵਿਤ੍ਰ ਸਿਧਾਂਤ ਨੇ ਸਰੱਬਤ ਦੇ ਭਲੇ ਜੇਹੇ ਉੱਚੇ ਆਦਰਸ਼ ਨੂੰ ਅਮਲੀ ਰੂਪ ਦਿੱਤਾ, ਇਹ ਆਦਰਸ਼ ਦਿਮਾਗੀ ਵਿਚਾਰ ਦਾ ਅੰਗ ਤਾਂ ਪਹਿਲਾਂ ਵੀ ਕਈ ਵਾਰ ਬਣ ਚੁੱਕਾ ਸੀ, ਪਰੰਤੂ ਲਗਾਤਾਰ ਦਸ ਜਾਮਿਆਂ ਰਾਹੀਂ ਤਕਰੀਬਨ 239 ਸਾਲ ਕਰਮਯੋਗੀ ਖੇਤਰ ਵਿੱਚ ਲਿਆ ਕੇ ਬਾਬੇ ਨਾਨਕ ਜੀ ਨੇ ਹੀ ਪਰਤੱਖ ਤੌਰ ’ਤੇ ਮੂਰਤੀਮਾਨ ਕੀਤਾ।

ਇਹ ਸਿੱਖ ਲਹਿਰ ਦੀ ਮਹਾਨ ਖੂਬਸੂਰਤੀ ਹੈ ਕਿ ਇਹ ਦਸ ਗੁਰੂ ਸਾਹਿਬਾਨ ਮਹਾਪੁਰਸ਼ਾਂ ਦੀ ਅਗਵਾਈ ਵਿਚ ਨਿਰੰਤਰ ਵਧੀ ਫੁਲੀ। ਇਸ ਨੇ ਜਿੰਦਗੀ ਦੇ ਸਿਧਾਂਤਕ ਸਰਬ ਸਾਂਝੇ ਤੇ ਅਮਲੀ ਨਿਮਰ ਰਾਹ ਕਾਇਮ ਕੀਤੇ। ਆਮ ਤੌਰ ’ਤੇ ਲਹਿਰਾਂ ਉਠਦੀਆਂ ਹਨ, ਛੇਤੀ ਹੀ ਦਬ ਜਾਦੀਆਂ ਹਨ ਪਰ ਗੁਰੂ ਨਾਨਕ ਜੀ ਦੀ ਵੀਚਾਰਧਾਰਾ ਨੂੰ ਹੀ ਇਹ ਵਡਿਆਈ ਪ੍ਰਾਪਤ ਹੋਈ ਹੈ ਕਿ ‘‘ਥਿਰੁ ਨਾਰਾਇਣੁ ਥਿਰੁ ਗੁਰੂ, ਥਿਰੁ ਸਾਚਾ ਬੀਚਾਰੁ ॥’’ (ਮ: ੧/੯੩੪) ਦੀ ਅੱਟਲ ਸੱਚਾਈ ਨੂੰ ਪ੍ਰਗਟ ਕਰਦਿਆਂ ਸੈਂਕੜੇ ਵਰ੍ਹਿਆਂ ਤੋਂ ਨਿਰੰਤਰ ਵਹਿ ਕੇ ਭਾਰਤ, ਏਸ਼ੀਆ ਤੇ ਵਿਸ਼ਵ ਪੱਧਰ ’ਤੇ ਸਥਾਨੀ ਪ੍ਰਭਾਵ ਪਾ ਰਹੀ ਹੈ। ਸਤਿਗੁਰੂ ਜੀ ਨੇ ਕਿਰਤਮ ਪੂਜਾ ਭਾਵੇਂ ਕਿਸੇ ਕਿਸਮ ਦੀ ਵੀ ਹੋਵੇ, ਤੋਂ ਆਪਣੇ ਸਿੱਖਾਂ ਨੂੰ ਵਰਜਿਆ, ਜਿਸ ਬਾਬਤ ਬਾਅਦ ’ਚ ਪ੍ਰਚਲਿਤ ਹੋਇਆ ਕਿ ‘‘ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ..’’ ਦੀ ਮਹਾਨ ਪ੍ਰੇਰਨਾ ਕੀਤੀ ‘‘ੴ ਤੋਂ ਗੁਰ ਪ੍ਰਸਾਦਿ’’ ਤੱਕ ਇੱਕ ਅਕਾਲ ਪੁਰਖ ਦੇ ਸਦੀਵੀ ਗੁਣਾਂ ਨੂੰ ਬਿਆਨਿਆ। ਅਜਿਹੇ ਪ੍ਰਭੂ ਦੀ ਪ੍ਰਾਪਤੀ ਜਾਂ ਮੇਲ ਲਈ ਕੇਵਲ ਸੱਚੇ ਗੁਰੂ ਦਾ ਪੱਲਾ ਫੜਨ ਦੀ ਪ੍ਰੇਰਨਾ ਕੀਤੀ। ਮੂਲਮੰਤ੍ਰ ਵਿੱਚ ਦਰਸਾਏ ਰੱਬੀ ਗੁਣਾਂ ਦੀ ਗੁਰਬਾਣੀ ਵਿੱਚ ਥਾਂ-ਥਾਂ ਵਿਆਖਿਆ ਦਿਤੀ ‘‘ਞੰਞੈ, ਨਦਰਿ ਕਰੇ ਜਾ ਦੇਖਾ, ਦੂਜਾ ਕੋਈ ਨਾਹੀ ॥’’ (ਮ: ੧/੪੩੩) ਭਾਵ ਪ੍ਰਮਾਤਮਾ ਇੱਕੋ ਹੀ ਹੈ। ਜੋ ਕਿਰਪਾ ਦ੍ਰਿਸ਼ਟੀ ਕਰਦਾ ਹੈ, ਉਹ ਸਰਬ ਵਿਆਪੀ ਵੀ ਹੈ ‘‘ਏਕੋ ਰਵਿ ਰਹਿਆ ਸਭ ਥਾਈ, ਏਕੁ ਵਸਿਆ ਮਨ ਮਾਹੀ ॥’’ (ਮ: ੧/੪੩੩) ਜਾਂ ‘‘ਹੈ ਭੀ ਹੋਸੀ, ਜਾਇ ਨ ਜਾਸੀ, ਰਚਨਾ ਜਿਨਿ ਰਚਾਈ ॥’’ (ਮ: ੧/੬) ਸਾਰੀ ਸ੍ਰਿਸ਼ਟੀ ਦਾ ਕਰਤਾ ਪੁਰਖ ਆਪ ਹੀ ਹੈ, ਹੋਰ ਬ੍ਰਹਮਾ, ਬਿਸ਼ਨ, ਮਹੇਸ਼ ਆਦਿ ਦੇਵਤੇ ਉਸੇ ਦੀ ਕਿਰਤ ਹੈ। ਇਹ ਦੇਵਤੇ ਸ੍ਰਿਸ਼ਟੀ ਦੇ ਕਰਤਾ, ਭਰਤਾ, ਹਰਤਾ ਨਹੀਂ। ਫੁਰਮਾਨ ਹੈ ‘‘ਬ੍ਰਹਮਾ ਬਿਸਨੁ ਮਹੇਸੁ ਦੁਆਰੈ ॥ ਊਭੇ ਸੇਵਹਿ ਅਲਖ ਅਪਾਰੈ ॥ ਹੋਰ ਕੇਤੀ ਦਰਿ ਦੀਸੈ ਬਿਲਲਾਦੀ, ਮੈ ਗਣਤ ਨ ਆਵੈ ਕਾਈ ਹੇ ॥’’ (ਮ: ੧/੧੦੨੨) ਮੁਕਦੀ ਗੱਲ ਕਿ ‘‘ਕਰਣ ਕਾਰਣ ਸਮਰਥੁ ਹੈ, ਕਹੁ ਨਾਨਕ ਬੀਚਾਰਿ ॥’’ (ਮ: ੨/੧੪੮) ਅਨੁਸਾਰ ਇਸ ਰਚਨਾ ਦਾ ਸਾਰਾ ਕਾਰਜ ਉਸ ਨੇ ਆਪ ਹੀ ਕੀਤਾ ਹੈ ‘‘ਸਗਲ ਸਮਗ੍ਰੀ ਡਰਹਿ ਬਿਆਪੀ, ਬਿਨੁ ਡਰ ਕਰਣੈਹਾਰਾ ॥’’ (ਮ: ੫/੯੯੯) ਉਹ ਨਿਰਭਉ ਹੈ ਉਸ ਦਾ ਸਿਮਰਨ ਕਰਨ ਵਾਲੇ ਵੀ ਨਿਰਭਉ ਹੋ ਜਾਂਦੇ ਹਨ। ‘‘ਜੁਗਿ ਜੁਗਿ ਥਾਪਿ ਸਦਾ ਨਿਰਵੈਰੁ ॥ ਜਨਮਿ ਮਰਣਿ ਨਹੀ ਧੰਧਾ ਧੈਰੁ ॥’’ (ਮ: ੧/ ੯੩੧) ਉਹ ਵੈਰ ਵਿਰੋਧ ਤੋਂ ਮੁਕਤ ਸਾਰੀ ਸ੍ਰਿਸ਼ਟੀ ਦਾ ‘‘ਤੂੰ ਸਾਝਾ ਸਾਹਿਬੁ, ਬਾਪੁ ਹਮਾਰਾ ॥’’ (੯੭) ਹੈ।

ਅਲਖ ਅਪਾਰ ਅਗੰਮ ਅਗੋਚਰ, ਨਾ ਤਿਸੁ ਕਾਲੁ ਨ ਕਰਮਾ ॥ ਜਾਤਿ ਅਜਾਤਿ ਅਜੋਨੀ ਸੰਭਉ, ਨਾ ਤਿਸੁ ਭਾਉ ਨ ਭਰਮਾ ॥ (ਮ: ੧/੫੯੭) ਭਾਵ ਉਸ ਦੀ ਹਸਤੀ ਕਾਲ ਰਹਿਤ ਸਵੈ ਰੂਪ ਵਿੱਚ ਪ੍ਰਗਟ ਹੋਈ ਹੈ ਉਸ ਨੇ ‘‘ਰੰਗੀ ਰੰਗੀ ਭਾਤੀ, ਕਰਿ ਕਰਿ ਜਿਨਸੀ, ਮਾਇਆ ਜਿਨਿ ਉਪਾਈ ॥’’ (ਮ: ੧/੬) ਅਨੁਸਾਰ ਬੇਅੰਤ ਰਚਨਾ ਕੀਤੀ ਹੈ ਪਰ ਆਪ ਕਿਸੇ ਜੋਨੀ ਵਿੱਚ ਜੰਮਦਾ ਤੇ ਮਰਦਾ ਨਹੀ ‘‘ਥਾਪਿਆ ਨ ਜਾਇ, ਕੀਤਾ ਨ ਹੋਇ ॥’’ (ਮ: ੧/੨) ਉਹ ਸੈਭੰ ਹੈ, ਆਪ ਹੀ ਪੈਦਾ ਕਰ ਕੇ ਨਾਸ਼ ਕਰਤਾ ਵੀ ਆਪ ਹੀ ਹੈ। ਅਜਿਹੇ ਪ੍ਰਭੂ ਦੀ ਪ੍ਰਾਪਤੀ ਦਾ ਰਸਤਾ ਕੇਵਲ ਸਤਿਗੁਰੂ ਹੀ ਸਮਝਾ ਸਕਦਾ ਹੈ ‘‘ਗੁਰ ਪ੍ਰਸਾਦਿ’’ ਹੀ ਅਮਲੀ ਸਾਧਨ ਹੈ।

‘‘ਇਕਿ ਰਤਨ ਪਦਾਰਥ ਵਣਜਦੇ, ਇਕਿ ਕਚੈ ਦੇ ਵਾਪਾਰਾ ॥ ਸਤਿਗੁਰਿ ਤੁਠੈ ਪਾਈਅਨਿ, ਅੰਦਰਿ ਰਤਨ ਭੰਡਾਰਾ ॥ ਵਿਣੁ ਗੁਰ ਕਿਨੈ ਨ ਲਧਿਆ, ਅੰਧੇ ਭਉਕਿ ਮੁਏ ਕੂੜਿਆਰਾ ॥ (ਮ: ੧/੧੪੧), ਸਤਿਗੁਰ ਸਬਦੀ ਪਾਧਰੁ ਜਾਣਿ ॥’’ (ਮ: ੧/ ੧੨੭੫) ਦੇ ਮਹਾਂਵਾਕ ਅਨੁਸਾਰ ਸਤਿਗੁਰੂ ਸ਼ਬਦ ਸਰੂਪ ਹੋ ਕੇ ਰੱਬ ਤੱਕ ਜਾਂ ਪਰਮਪਦ ਤਕ ਪੁੱਜਣ ਦਾ ਠੀਕ ਰਸਤਾ ਦੱਸਦਾ ਹੈ। ਅਮੋੜ ਮਨ ਨੂੰ ਗੁਰ ਸ਼ਬਦ ਦਾ ਅੰਕਸ ਹੀ ਗੁਰਮਤਿ ਗਾਡੀ ਰਾਹ ’ਤੇ ਤੋਰਦਾ ਹੈ ‘‘ਮਨੁ ਕੁੰਚਰੁ ਕਾਇਆ ਉਦਿਆਨੈ ॥ ਗੁਰੁ ਅੰਕਸੁ, ਸਚੁ ਸਬਦੁ ਨੀਸਾਨੈ ॥ ਰਾਜ ਦੁਆਰੈ, ਸੋਭ ਸੁ ਮਾਨੈ ॥’’ (ਮ: ੧/੨੨੧) ਗੁਰੂ ਹੀ ਹਰਿ ਮੰਦਰ ਤੀਕ ਪੁੱਜਣ ਲਈ ਪੌੜੀ ਹੈ, ਗੁਰੂ ਹੀ ਸੰਸਾਰ ਸਾਗਰ ਨੂੰ ਪਾਰ ਕਰਨ ਲਈ ਬੇੜੀ ਹੈ, ਗੁਰੂ ਪੱਥ ਦਰਸ਼ਕ ਹੈ। ਕੁਦਰਤੀ ਤੌਰ ’ਤੇ ਇੱਕ ਪੁਛ ਉੱਠਦੀ ਹੈ ਕਿ ਗੁਰੂ ਦੀ ਇਤਨੀ ਮਹਿਮਾ ਤੇ ਲੋੜ ਹੈ ਤਾਂ ਫਿਰ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਕੌਣ ਸੀ ਉਨ੍ਹਾਂ ਦਾ ਵੀ ਜਰੂਰ ਕੋਈ ਗੁਰੂ ਹੋਣਾ ਹੈ ਕਿਉਂਕਿ ਉਹ ਤਾਂ ਸਿਰੀ ਰਾਗ ਦੇ ਪਹਿਲੇ ਸ਼ਬਦ ਵਿੱਚ ਹੀ ਐਲਾਨ ਕਰਦੇ ਹਨ ‘‘ਮੈ ਆਪਣਾ ਗੁਰੁ ਪੂਛਿ ਦੇਖਿਆ; ਅਵਰੁ ਨਾਹੀ ਥਾਉ ॥’’ (ਮ: ੧/੧੪) ਇਸ ਦਾ ਉੱਤਰ ਵੀ ਉਨ੍ਹਾਂ ਦੀ ਅਲਾਹੀ ਬਾਣੀ, ਖਸਮ ਕੀ ਬਾਣੀ ਤੋਂ ਇੰਝ ਮਿਲਦਾ ਹੈ ‘‘ਤਤੁ ਨਿਰੰਜਨੁ ਜੋਤਿ ਸਬਾਈ, ਸੋਹੰ ਭੇਦੁ ਨ ਕੋਈ ਜੀਉ ॥ ਅਪਰੰਪਰ ਪਾਰਬ੍ਰਹਮੁ ਪਰਮੇਸਰੁ, ਨਾਨਕ  ! ਗੁਰੁ ਮਿਲਿਆ ਸੋਈ ਜੀਉ ॥ (ਮ: ੧/੫੯੯), ਸਬਦੁ ਗੁਰੂ, ਸੁਰਤਿ ਧੁਨਿ ਚੇਲਾ ॥’’ (ਮ: ੧/੯੪੩) ਭਾਵ ਗੁਰੂ ਨਾਨਕ ਸਾਹਿਬ ਜੀ ਪਾਰਬ੍ਰਹਮ ਪਰਮੇਸ਼ਰ ਗੁਰੂ ਤੋਂ ‘‘ਪਹਿਲਾਂ ਬਾਬੇ ਪਾਇਆ, ਬਖਸ ਦਰਿ; ਪਿਛੋ ਦੀ ਫਿਰਿ ਘਾਲਿ ਘੁਮਾਈ ॥, ਕਲਿ ਤਾਰਨ, ਗੁਰ ਨਾਨਕ ਆਇਆ।’’ ਦੀ ਸੇਵਾ ਨੂੰ ਨਿਭਾਇਆ। ਸ੍ਰਿਸ਼ਟੀ ਰਚਨਾ ਦਾ ਰਚੇਤਾ ਉਹ ਅਕਾਲ ਪੁਰਖ ਆਪ ਹੀ ਹੈ, ਇਹ ਰਚਨਾ ਵੀ ਰਚਨਹਾਰ ਦੀ ਤਰ੍ਹਾਂ ਬੇਅੰਤ ਹੈ, ਇਸ ਦੀ ਖੋਜ ਕਰਨ ਵਾਲਾ ਵਿਸਮਾਦ ਅਨੁਭਵ ਕਰ ਕੇ ਵਾਹ ਵਾਹ ਹੀ ਆਖਦਾ ਹੈ, ਪੂਰੀ ਤਰ੍ਹਾਂ ਬਿਆਨ ਕਰਨ ਜੋਗ ਨਹੀਂ ਰਹਿ ਜਾਂਦਾ। ਬਚਨ ਹਨ, ‘‘ਜਾ ਤਿਸੁ ਭਾਣਾ ਤਾ ਜਗਤੁ ਉਪਾਇਆ ॥ ਬਾਝੁ ਕਲਾ ਆਡਾਣੁ ਰਹਾਇਆ ॥ ਬ੍ਰਹਮਾ ਬਿਸਨੁ ਮਹੇਸੁ ਉਪਾਏ, ਮਾਇਆ ਮੋਹੁ ਵਧਾਇਦਾ ॥’’ (ਮ: ੧/੧੦੩੬) ਇਸ ਰਚਨਾ ਨੂੰ ਸਮਝਣ ਲਈ ਸਿਧਾਂ ਨੇ ਗੁਰੂ ਸਾਹਿਬ ਜੀ ਸਾਹਮਣੇ ਪ੍ਰਸ਼ਨ ਕੀਤਾ ‘‘ਆਦਿ ਕਉ ਕਵਨੁ ਬੀਚਾਰੁ ਕਥੀਅਲੇ, ਸੁੰਨ ਕਹਾ ਘਰ ਵਾਸੋ  ?’’ (ਮ: ੧/੯੪੦) ਸਤਿਗੁਰੂ ਜੀ ਨੇ ਬੜੇ ਸਹਿਜ ਵਿੱਚ ਉੱਤਰ ਦਿੱਤਾ ‘‘ਆਦਿ ਕਉ ਬਿਸਮਾਦੁ ਬੀਚਾਰੁ ਕਥੀਅਲੇ, ਸੁੰਨ ਨਿਰੰਤਰਿ ਵਾਸੁ ਲੀਆ ॥’’ (ਮ: ੧/੯੪੦) ਇੱਕੋ ਮੁਕੰਮਲ ਜਵਾਬ ਹੈ ‘‘ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਈ ॥’’ (ਮ: ੧/੪) ਇਹ ਸ੍ਰਿਸ਼ਟੀ ਕਿਉਂ ਪੈਦਾ ਕੀਤੀ  ? ਪੁਰਾਣੇ ਵੀਚਾਰਵਾਨਾਂ ਦਾ ਖਿਆਲ ਹੈ ਕਿ ਸਾਜਣ ਦਾ ਮੰਤਵ ਹੈ ਕਿ ਮਨੁੱਖ ਪ੍ਰਕ੍ਰਿਤੀ ਦੀ ਖੇਡ ਨੂੰ ਸਮਝ ਕੇ ਆਪਣੇ ਅਸਲੇ (ਮੂਲ ਪਰਮਾਤਮਾ) ਦਾ ਗਿਆਨ ਪ੍ਰਾਪਤ ਕਰੇ ਅਤੇ ਜਨਮ ਮਰਨ ਤੋਂ ਮੁਕਤ ਹੋਵੇ। ਸਾਹਿਬਾਂ ਦੇ ਅਨੁਸਾਰ ਪ੍ਰਕਿਤੀ ਸਾਜਣ ਦਾ ਮਨੋਰਥ, ਮਨੁੱਖੀ ਆਤਮਾ ਦਾ ਵਿਕਾਸ ਹੈ। ਫ਼ੁਰਮਾਨ ਹੈ ‘‘ਸੰਤ ਹੇਤਿ, ਪ੍ਰਭਿ ਤ੍ਰਿਭਵਣ ਧਾਰੇ ॥ ਆਤਮੁ ਚੀਨੈ, ਸੁ ਤਤੁ ਬੀਚਾਰੇ ॥੮॥ ਸਾਚੁ ਰਿਦੈ, ਸਚੁ ਪ੍ਰੇਮ ਨਿਵਾਸ ॥ ਪ੍ਰਣਵਤਿ ਨਾਨਕ  ! ਹਮ ਤਾ ਕੇ ਦਾਸ ॥੯॥੮॥’’ (ਮ: ੧/੨੨੪) ਜਿਸ ਦਾ ਭਾਵ ਹੈ ਕਿ ਪ੍ਰਭੂ ਨੇ ਸੰਸਾਰਕ ਰਚਨਾ ਇਸ ਲਈ ਕੀਤੀ ਹੈ ਕਿ ਮਨੁੱਖੀ ਆਤਮਾ ਉੱਨਤੀ ਕਰ ਕੇ ਪਰਮ ਮਨੁੱਖ ਅਰਥਾਤ ਸੰਤ, ਬ੍ਰਹਮ ਗਿਆਨੀ, ਗੁਰਮੁਖ ਦੀ ਪਦਵੀ ਪਾ ਸਕੇ। ‘‘ਗੁਰਮੁਖਿ ਧਰਤੀ, ਸਾਚੈ ਸਾਜੀ ॥ ਤਿਸ ਮਹਿ, ਓਪਤਿ ਖਪਤਿ, ਸੁ ਬਾਜੀ ॥’’ (ਮ: ੧/੯੪੧) ਇਹ ਧਰਤੀ ਸਚੇ ਗੁਰਮੁਖਿ ਪੈਦਾ ਕਰਨ ਲਈ ਸਾਜੀ ਹੈ। ਇਸ ਵਿਚ ਜਨਮ ਮਰਨ ਇਕ ਖੇਡ ਹੈ। ਇੱਥੇ ਰਹਿੰਦਿਆਂ ਘਰਬਾਰ ਛੱਡਣ ਜਾਂ ਕਾਰ ਵਿਹਾਰ ਤਿਆਗਣ ਦਾ ਕੋਈ ਲਾਭ ਨਹੀਂ । ਬਸ, ਆਪਣੀ ਕ੍ਰਿਆ ਦੇ ਆਸਰੇ ਫਿਰ ਦੁੱਖ ਨਹੀਂ ਹੋਵੇਗਾ। ਗੁਰੂ ਜੀ ਨੇ ਨਿਸ਼ਕਾਮ ਕਰਮ ’ਤੇ ਜੋਰ ਦਿੱਤਾ ਹੈ ਅਤੇ ਕਿਹਾ ਕਿ ‘‘ਘਾਲਿ ਖਾਇ, ਕਿਛੁ ਹਥਹੁ ਦੇਇ ॥’’ (ਮ: ੧/੧੨੪੫) ਦੂਜਿਆਂ ਦੀ ਕਮਾਈ ’ਤੇ ਪਲਣ ਦੀ ਥਾਂ ’ਤੇ ਸੁਕ੍ਰਿਤ ਕਰ ਕੇ ਆਪਣਾ ਝਟ ਹੀ ਨਾ ਲੰਘਾਈਏ ਬਲਕਿ ਲੋੜਵੰਦਾਂ ਦੀ ਸਹਾਇਤਾ ਵੀ ਕੀਤੀ ਜਾਏ । ਇਸ ਦ੍ਰਿਸ਼ਟੀਕੋਣ ਨੇ ਸੰਸਾਰ ਨੂੰ ਇਕ ਫੰਦੇ ਦੀ ਸ਼ਕਲ ਦੇਣ ਦੀ ਥਾਂ ਧਰਮਸਾਲ ਬਣਾ ਦਿੱਤਾ। ਜਿੱਥੇ ਅਸੀਂ ਹੁਕਮ ਮੰਨ ਕੇ ਵਿਚਰਨਾ ਹੈ, ਹਉਮੈ-ਮਮਤਾ ਦਾ ਨਾਸ ਕਰਨਾ ਹੈ, ਦੂਜਿਆਂ ਦੀ ਸੇਵਾ ਕਰਨੀ ਹੈ। ਅਜਿਹੀ ਰਹਿਣੀ ਉਦਾਸੀਨਤਾ ਦੀ ਥਾਂ ਦੁਨਿਆਵੀ ਜੀਵਨ ਵਿੱਚ ਉਤਸ਼ਾਹ ਤੇ ਚੜਦੀ ਕਲਾ ਭਰਪੂਰ ਜੀਵਨ ਨੂੰ ਸੁਖੀ ਬਣਾਉਣ ਦਾ ਵਸੀਲਾ ਬਣ ਗਈ। ਸੰਸਾਰ ਸੱਚੇ ਕਰਤਾਰ ਦੀ ਕਾਰ ਹੈ ਤੇ ਇਸ ਤਰ੍ਹਾਂ ਇਹ ਕਾਰ ਵੀ ਸੱਚ ਹੈ। ਚਾਰ ਦਿਨਾਂ ਦੀ ਖੇਡ ਨੂੰ ਉਨ੍ਹਾਂ ਦੇ ਦੱਸੇ ਨਿਯਮਾਂ ਅਨੁਸਾਰ ਖੇਡੀਏ ਤਾਂ ਜੀਵਨ ਸੁਖੀ ਹੋ ਜਾਏਗਾ। ਜੀਵਨ ਮੁਕਤੀ ਦੀ ਪ੍ਰਾਪਤੀ ਹੋ ਜਾਏਗੀ ‘‘ਢਢੈ, ਢਾਹਿ ਉਸਾਰੈ ਆਪੇ, ਜਿਉ ਤਿਸੁ ਭਾਵੈ ਤਿਵੈ ਕਰੇ ॥ ਕਰਿ ਕਰਿ ਵੇਖੈ ਹੁਕਮੁ ਚਲਾਏ, ਤਿਸੁ ਨਿਸਤਾਰੇ, ਜਾ ਕਉ ਨਦਰਿ ਕਰੇ ॥’’ (ਮ: ੧/੪੩੩)

ਵਰਣਾਂ ਦੀ ਵੰਡ ਵੈਦਿਕ ਕਾਲ ਤੋਂ ਆਰੰਭ ਹੋਈ ਸੀ ਪਰੰਤੂ ਉਸ ਸਮੇਂ ਵਰਣ ਬਦਲਣ ਦੀ ਖੁੱਲ੍ਹ ਸੀ ਹਰ ਇੱਕ ਮਨੁੱਖ ਕਿਸੇ ਇੱਕ ਵਰਣ ਦਾ ਧਰਮ ਆਪਣੀ ਮਰਜ਼ੀ ਨਾਲ ਅਪਣਾਅ ਸਕਦਾ ਸੀ। ਕੁਝ ਸਮੇਂ ਬਾਅਦ ਵਰਣ ਜਨਮ ਤੋਂ ਹੋਣ ਲੱਗ ਪਿਆ ਤੇ ਮੰਨੂ ਜੀ ਨੇ ਇਸ ਵਿਚਾਰ ਨੂੰ ਹੋਰ ਪੱਕਾ ਕਰ ਦਿੱਤਾ ਭਾਵੇਂ ਇਹ ਵੰਡ ਵਿਚਾਰਵਾਨਾਂ ਅਨੁਸਾਰ ਸਮਾਜਿਕ ਪ੍ਰਬੰਧ ਨੂੰ ਠੀਕ ਢੰਗ ਨਾਲ ਚਲਾਉਣ ਲਈ ਕੀਤੀ ਗਈ ਸੀ ਪਰ ਹੌਲੀ-ਹੌਲੀ ਇਸ ਨੇ ਧਰਮ ਦਾ ਰੂਪ ਧਾਰਨ ਕਰ ਲਿਆ ਫਿਰ ‘‘ਜੋਗ ਸਬਦੰ ਗਿਆਨ ਸਬਦੰ, ਬੇਦ ਸਬਦੰ ਬ੍ਰਾਹਮਣਹ ॥ ਖਤ੍ਰੀ ਸਬਦੰ ਸੂਰ ਸਬਦੰ, ਸੂਦ੍ਰ ਸਬਦੰ ਪਰਾ ਕ੍ਰਿਤਹ ॥’’ (ਮ: ੨/੪੬੯) ਪਰ ਗੁਰੂ ਸਾਹਿਬ ਨੇ ਇਸ ਵਿਚਾਰ ਤੋਂ ਉਲਟ ਮਾਨਵੀ ਧਰਮ ਬਖਸ਼ਿਆ। ਫ਼ੁਰਮਾਨ ਕੀਤਾ ‘‘ਸਰਬ ਸਬਦੰ ਏਕ ਸਬਦੰ, ਜੇ ਕੋ ਜਾਣੈ ਭੇਉ ॥ ਨਾਨਕੁ ਤਾ ਕਾ ਦਾਸੁ ਹੈ, ਸੋਈ ਨਿਰੰਜਨ ਦੇਉ ॥’’ (ਮ: ੨/੪੬੯) ਸ਼ੂਦਰ ਤੇ ਇਸਤ੍ਰੀ ਦੀ ਬਰਾਬਰ ਦੁਰਗਤਿ ਕੀਤੀ ਜਾਂਦੀ ਰਹੀ। ਜਦੋਂ ਕਿਸੇ ਵਿਅਕਤੀ ਨੂੰ ਭਾਈਚਾਰੇ ਵਾਲੇ ਹੋਰ ਲੋਕਾਂ ’ਤੇ ਅਧਿਕਾਰ ਪ੍ਰਾਪਤ ਹੋ ਜਾਣ ਤਾਂ ਕੁਦਰਤੀ ਤੌਰ ’ਤੇ ਉਨ੍ਹਾਂ ਨੂੰ ਪੱਕੇ ਕਰਨ ਦਾ ਯਤਨ ਕਰਦਾ ਹੈ। ਆਪਣੀ ਪਦਵੀ ਨੂੰ ਕਾਇਮ ਰੱਖਣ ਲਈ ਕਈ ਕਿਸਮ ਦੇ ਭਰਮ ਮਨੁੱਖਤਾ ਵਿੱਚ ਫੈਲਾਉਂਦਾ ਹੈ, ਇਸੇ ਲਈ ਸਮਾਜ ਵਿੱਚ ਹਰ ਸੰਸਕਾਰ ਲਈ ਬ੍ਰਾਹਮਣ ਦੀ ਪ੍ਰੋਹਤਾਈ ਲਾਜ਼ਮੀ ਸੀ, ਜਿਸ ਕਾਰਨ ਵਰਣ ਦਾ ਇਹ ਨਿਜ਼ਾਮ ਸਮਾਜ ਲਈ ਘਾਤਕ ਸਿੱਧ ਹੋਇਆ। ਨਤੀਜੇ ਵਜੋਂ ‘‘ਅੰਧੀ ਰਯਤਿ ਗਿਆਨ ਵਿਹੂਣੀ, ਭਾਹਿ ਭਰੇ ਮੁਰਦਾਰੁ ॥’’ (ਮ: ੧/੪੬੯) ਹੋਣ ਕਰ ਕੇ ਭਾਰਤ ਵਰਸ਼ ਗੁਲਾਮ ਹੋ ਗਿਆ ‘‘ਕਲਿ ਪਰਵਾਣੁ ਕਤੇਬ ਕੁਰਾਣੁ ॥ ਪੋਥੀ ਪੰਡਿਤ ਰਹੇ ਪੁਰਾਣ ॥ ਨਾਨਕ  ! ਨਾਉ ਭਇਆ ਰਹਮਾਣੁ ॥ ਕਰਿ ਕਰਤਾ ਤੂ ਏਕੋ ਜਾਣੁ ॥ (ਮ: ੧/੯੦੩), ਆਦਿ ਪੁਰਖ ਕਉ ਅਲਹੁ ਕਹੀਐ, ਸੇਖਾਂ ਆਈ ਵਾਰੀ ॥ ਦੇਵਲ ਦੇਵਤਿਆ ਕਰੁ ਲਾਗਾ, ਐਸੀ ਕੀਰਤਿ ਚਾਲੀ ॥ (ਮ: ੧/੧੧੯੧), ਘਰਿ ਘਰਿ ਮੀਆ ਸਭਨਾਂ ਜੀਆਂ, ਬੋਲੀ ਅਵਰ ਤੁਮਾਰੀ ॥ (ਮ: ੧/੧੧੯੧), ਖਤ੍ਰੀਆ ਤ ਧਰਮੁ ਛੋਡਿਆ, ਮਲੇਛ ਭਾਖਿਆ ਗਹੀ ॥ (ਮ: ੧/੬੬੩), ਨੀਲ ਬਸਤ੍ਰ ਲੇ ਕਪੜੇ ਪਹਿਰੇ, ਤੁਰਕ ਪਠਾਣੀ ਅਮਲੁ ਕੀਆ ॥ (ਮ: ੧/੪੭੦), ਅਭਾਖਿਆ ਕਾ ਕੁਠਾ ਬਕਰਾ ਖਾਣਾ ॥’’ (ਮ: ੧/੪੭੨), ਆਦਿ ਸਮਾਜਿਕ ਸਥਿਤੀ ਰਾਹੀਂ ਦੇਸ਼ ਦਾ ਇਹ ਦਰਦਨਾਕ ਹਸ਼ਰ ਦੇਖ ਕੇ ਬਾਬੇ ਨਾਨਕ ਜੀ ਨੇ ‘‘ਫਕੜ ਜਾਤੀ ਫਕੜੁ ਨਾਉ ॥ ਸਭਨਾ ਜੀਆ ਇਕਾ ਛਾਉ ॥ ਆਪਹੁ ਜੇ ਕੋ ਭਲਾ ਕਹਾਏ ॥ ਨਾਨਕ  ! ਤਾ ਪਰੁ ਜਾਪੈ, ਜਾ ਪਤਿ ਲੇਖੈ ਪਾਏ ॥ (ਮ: ੧/੮੩), ਜਾਤਿ ਜਨਮੁ ਨਹ ਪੂਛੀਐ, ਸਚ ਘਰੁ ਲੇਹੁ ਬਤਾਇ ॥ ਸਾ ਜਾਤਿ, ਸਾ ਪਤਿ ਹੈ, ਜੇਹੇ ਕਰਮ ਕਮਾਇ ॥ (ਮ: ੧/੧੩੩੦), ਤੂੰ ਸਾਹਿਬੁ ਹਉ ਸਾਂਗੀ ਤੇਰਾ, ਪ੍ਰਣਵੈ ਨਾਨਕੁ ਜਾਤਿ ਕੈਸੀ ॥’’ (ਮ: ੧/੩੫੮) ਦਾ ਹੋਕਾ ਦਿੱਤਾ। ਬਾਬੇ ਨੇ ਧਰਮ ਦੇ ਝਗੜੇ ਨਿਬੇੜਦਿਆਂ ‘‘ਏਕੋ ਧਰਮੁ ਦ੍ਰਿੜੈ ਸਚੁ ਕੋਈ ॥ ਗੁਰਮਤਿ ਪੂਰਾ, ਜੁਗਿ ਜੁਗਿ ਸੋਈ ॥’’ (ਮ: ੧/੧੧੮੮) ਦਾ ਫੈਸਲਾ ਸੁਣਾਇਆ। ਕਿਸੇ ਧਰਮ ਦੇ ਬਾਹਰਲੇ ਅੰਗ ਧਾਰਣ ਕਰਨ ਨਾਲ ਹੀ ਜੀਵਨ ਦਾ ਮਹੱਤਵ ਨਹੀਂ ਸਮਝਿਆ ਜਾ ਸਕਦਾ ਕਿਉਕਿ ਰੱਬੀ ਨਿਆਂ ਸਾਡੇ ਕਰਮਾਂ ’ਤੇ ਹੋਣਾ ਹੈ। ‘‘ਸਭਨਾ ਕਾ ਦਰਿ ਲੇਖਾ ਹੋਇ ॥ ਕਰਣੀ ਬਾਝਹੁ ਤਰੈ ਨ ਕੋਇ ॥ ਸਚੋ ਸਚੁ ਵਖਾਣੈ ਕੋਇ ॥ ਨਾਨਕ  ! ਅਗੈ ਪੁਛ ਨ ਹੋਇ ॥’’ (ਮ: ੧/੯੫੨)

ਆਪ ਜੀ ਨੇ ਉਪਦੇਸ਼ ਦਿੱਤਾ ਕਿ ਜਿਨ੍ਹਾਂ ਮਾਵਾਂ ਦੇ ਉਦਰ ਤੋਂ ਅਸੀਂ ਪੈਦਾ ਹੁੰਦੇ ਹਾਂ ਜਿਸ ਨਾਲ ਬੰਧਾਨ-ਰਿਸਤੇਦਾਰੀਆਂ ਬਣਦੀਆਂ ਹਨ, ਸਮਾਜ ਦੀ ਸਿਰਜਣਾ ਹੁੰਦੀ ਹੈ, ਨਸਲ ਅੱਗੇ ਵਧਦੀ ਹੈ, ਉਨ੍ਹਾਂ ਨੂੰ ਸ਼ੂਦਰ ਦੱਸਣਾ, ਪੈਰ ਦੀ ਜੁੱਤੀ ਮੰਨਣਾ, ਵੱਡੀ ਭੁੱਲ ਹੈ। ‘‘ਭੰਡਿ ਜੰਮੀਐ ਭੰਡਿ ਨਿੰਮੀਐ, ਭੰਡਿ ਮੰਗਣੁ ਵੀਆਹੁਭੰਡਹੁ ਹੋਵੈ ਦੋਸਤੀ, ਭੰਡਹੁ ਚਲੈ ਰਾਹੁ ॥ ਭੰਡੁ ਮੁਆ, ਭੰਡੁ ਭਾਲੀਐ, ਭੰਡਿ ਹੋਵੈ ਬੰਧਾਨੁ ॥ ਸੋ ਕਿਉ ਮੰਦਾ ਆਖੀਐ  ? ਜਿਤੁ ਜੰਮਹਿ ਰਾਜਾਨ ॥ (ਮ: ੧/ ੪੭੩) ਆਪ ਜੀ ਨੇ ਫੁਰਮਾਇਆ ਕਿ ਭਾਵੇਂ ਇਸਤ੍ਰੀ ਹੋਵੇ ਭਾਵੇਂ ਪੁਰਸ਼, ਜਿਸ ਮੂੰਹ ਤੋਂ ਪ੍ਰਭੂ ਦੀ ਸਿਫਤ-ਸਲਾਹ ਹੁੰਦੀ ਹੈ ਉਹ ਭਾਗਾਂ ਵਾਲਾ ਹੈ, ਸੱਚੇ ਦੇ ਦਰਬਾਰ ਵਿੱਚ ਉਹ ਮੁੱਖ ਉੱਜਲ ਹੋਣਗੇ। ਮੱਨੁਖੀ ਜੀਵਨ ਦੇ ਲਕਸ਼ ਦੀ ਗੱਲ ਕਰਦਿਆਂ ਆਪਾ ਪਛਾਣ ਕੇ ਨਿਰੰਕਾਰ ਨਾਲ ਲਿਵ ਜੋੜਨੀ ਹੈ ‘‘ਪ੍ਰਣਵਤਿ ਨਾਨਕ ਗਿਆਨੀ ਕੈਸਾ ਹੋਇ  ?ਆਪੁ ਪਛਾਣੈ ਬੂਝੈ ਸੋਇ ॥ ਗੁਰ ਪਰਸਾਦਿ ਕਰੇ ਬੀਚਾਰੁ ॥ ਸੋ ਗਿਆਨੀ ਦਰਗਹ ਪਰਵਾਣੁ  ?’’ (ਮ: ੧/੨੫) ਇਸ ਤਰ੍ਹਾਂ ਪਰਮ ਪਦ ਨੂੰ ਪ੍ਰਾਪਤ ਕਰਨ ਦੇ ਸਾਧਨ ਵੀ ਲੋਕਾਂ ਨੇ ਅਨੇਕਾਂ ਕਮਾਏ ਲੇਕਿਨ ਸਤਿਗੁਰੂ ਜੀ ਨੇ ਸਰਲ ਤੇ ਸੋਖਾ ਮਾਰਗ ਬਖਸ਼ਿਆ ‘‘ਗੁਰਮਤੀ ਕਾਲੁ ਨ ਆਵੈ ਨੇੜੈ, ਜਾ ਹੋਵੈ ਦਾਸਨਿ ਦਾਸਾ ॥ ਸਚਾ ਸਬਦੁ ਸਚੁ ਮਨਿ, ਘਰ ਹੀ ਮਾਹਿ ਉਦਾਸਾ ॥ ਨਾਨਕ  ! ਸਤਿਗੁਰੁ ਸੇਵਨਿ ਆਪਣਾ, ਸੇ ਆਸਾ ਤੇ ਨਿਰਾਸਾ ॥’’ (ਮ: ੧/੧੪੦)

ਗੁਰੂ ਨਾਨਕ ਸਾਹਿਬ ਜੀ ਮਨੁੱਖਾ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਦੇ ਹਨ ‘ਗੁਰਮੁਖ ਤੇ ਮਨਮੁਖ’; ਗੁਰਮੁਖ ਤੋਂ ਭਾਵ ਹੈ ਜੋ ਅਵਗੁਣਾਂ ਨੂੰ ਤਿਆਗ ਕੇ ਸੱਚ ਦਾ ਅਹਿਸਾਸ ਕਰਦੇ-ਕਰਦੇ ਸੱਚ ਦੇ ਨੇੜੇ ਹੋ ਜਾਂਦੇ ਹਨ ‘‘ਪਰ ਦਾਰਾ ਪਰ ਧਨੁ ਪਰ ਲੋਭਾ, ਹਉਮੈ ਬਿਖੈ ਬਿਕਾਰ॥ ਦੁਸਟ ਭਾਉ ਤਜਿ ਨਿੰਦ ਪਰਾਈ, ਕਾਮੁ ਕ੍ਰੋਧੁ ਚੰਡਾਰ ॥੧॥ ਮਹਲ ਮਹਿ ਬੈਠੇ, ਅਗਮ ਅਪਾਰ ॥ ਭੀਤਰਿ ਅੰਮ੍ਰਿਤੁ ਸੋਈ ਜਨੁ ਪਾਵੈ, ਜਿਸੁ ਗੁਰ ਕਾ ਸਬਦੁ ਰਤਨੁ ਆਚਾਰ ॥੧॥ ਰਹਾਉ ॥ ਦੁਖ ਸੁਖ ਦੋਊ ਸਮ ਕਰਿ ਜਾਨੈ, ਬੁਰਾ ਭਲਾ ਸੰਸਾਰ ॥’’ (ਮ: ੧/੧੨੫੬) ਇਸ ਦੇ ਮੁਕਾਬਲੇ ਮਨਮੁਖ ਦਾ ਜੀਵਨ ਇੰਝ ਅੰਕਿਤ ਕੀਤਾ ਹੈ ‘‘ਜਿਵ ਆਇਆ ਤਿਵ ਜਾਇਸੀ, ਕੀਆ ਲਿਖਿ ਲੈ ਜਾਇ ॥ ਮਨਮੁਖਿ ਮੂਲੁ ਗਵਾਇਆ, ਦਰਗਹ ਮਿਲੈ ਸਜਾਇ ॥’’ (ਮ: ੧/੧੩੩੧) ਇਸ ਲਈ ਗਿਆਨੀ ਪੁਰਸ ਕੌਣ ਹੋ ਸਕਦਾ ਹੈ, ਇਸ ਦਾ ਨਿਰਣਾ ਇਸ ਤਰ੍ਹਾਂ ਕੀਤਾ ਹੈ ‘‘ਜਹ ਕਰਣੀ ਤਹ ਪੂਰੀ ਮਤਿ ॥ ਕਰਣੀ ਬਾਝਹੁ ਘਟੇ ਘਟਿ ॥੩॥ ਪ੍ਰਣਵਤਿ ਨਾਨਕ, ਗਿਆਨੀ ਕੈਸਾ ਹੋਇ ॥ ਆਪੁ ਪਛਾਣੈ ਬੂਝੈ ਸੋਇ ॥ ਗੁਰ ਪਰਸਾਦਿ ਕਰੇ ਬੀਚਾਰੁ ॥ ਸੋ ਗਿਆਨੀ ਦਰਗਹ ਪਰਵਾਣੁ ॥੪॥’’ (ਮ: ੧/੨੫)

ਇਸ ਰਾਹ ’ਤੇ ਪਹਿਲਾ ਕਦਮ ਹੈ ‘ਸੰਤੋਖੀ’ । ‘ਜਪੁ’ ਸਾਹਿਬ ਵਿੱਚ ਇਸ ਨੂੰ ‘ਮੁੰਦਾ ਸੰਤੋਖੁ’ ਕਿਹਾ ਗਿਆ ਹੈ। ਦੂਸਰਾ ਕਦਮ ਹੈ ‘ਸੇਵਾ’, ਜੋ ਆਪਣਾ ਹਿਤ ਤਿਆਗ ਕੇ ਦੂਜਿਆਂ ਦੇ ਕੰਮ ਸੰਵਾਰਦੀ ਹੈ। ‘ਸੇਵਾ’ ਦੇ ਨਿਭਾਉਣ ਲਈ ‘ਸੰਤੋਖ’ ਨਾਲ ਉੱਚਾ ਆਚਰਣ ਵੀ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਲਈ ਹਮੇਸ਼ਾਂ ਤੱਤਪਰ ਰੱਖਦਾ ਹੈ ‘‘ਸੇਵ ਕੀਤੀ ਸੰਤੋਖੀੲਂੀ, ਜਿਨ੍ਹੀ ਸਚੋ ਸਚੁ ਧਿਆਇਆ॥ ਓਨ੍ਹੀ ਮੰਦੈ ਪੈਰੁ ਨ ਰਖਿਓ, ਕਰਿ ਸੁਕ੍ਰਿਤੁ ਧਰਮੁ ਕਮਾਇਆ ॥’’ (ਮ: ੧/੪੬੭)

ਗੁਰਬਾਣੀ ਦੇ ਅਸਰ ਦਾ ਨਤੀਜਾ ਹੈ ‘ਪਰਉਪਕਾਰ’। ਉੱਚਾ-ਸੁੱਚਾ ਆਚਰਣ ਤੇ ਸੇਵਾ, ਨਿੰਰਕਾਰ ਵਿੱਚ ਮਨ ਨੂੰ ਜੋੜਦੇ ਹਨ। ‘‘ਇਤੁ ਤਨਿ ਲਾਗੈ ਬਾਣੀਆ ॥ ਸੁਖੁ ਹੋਵੈ ਸੇਵ ਕਮਾਣੀਆ ॥ ਸਭ ਦੁਨੀਆ ਆਵਣ ਜਾਣੀਆ ॥੩॥ ਵਿਚਿ ਦੁਨੀਆ ਸੇਵ ਕਮਾਈਐ॥ ਤਾ ਦਰਗਹ ਬੈਸਣੁ ਪਾਈਐ ॥ ਕਹੁ ਨਾਨਕ  ! ਬਾਹ ਲੁਡਾਈਐ॥੪॥’’ (ਮ: ੧/੨੬)

ਉੱਚਾ ਆਚਰਣ, ਸੰਤੋਖ, ਸੇਵਾ, ਗੁਰਬਾਣੀ ਦਾ ਅਭਿਆਸ ਤੇ ਕੀਰਤਨ ਜਾਂ ਕਥਾ, ਮਨੁੱਖੀ ਅਹੰਕਰਣ ਨੂੰ ‘‘ਤਿਥੈ ਘੜੀਐ, ਸੁਰਤਿ ਮਤਿ ਮਨਿ ਬੁਧਿਤਿਥੈ ਘੜੀਐ, ਸੁਰਾ ਸਿਧਾ ਕੀ ਸੁਧਿ ॥੩੬॥’’ (ਮ: ੧/੮) ਦਾ ਨਵਾਂ ਰੂਪ ਦਿੰਦੇ ਹਨ। ਇਹ ਉੱਦਮ ਲਗਾਤਾਰ ਕੀਤਿਆਂ ਉਸ ਪ੍ਰਭੂ ਦੀ ਬਖਸ਼ਿਸ਼ ਦਾ ਦਰ ਖੁੱਲ੍ਹਦਾ ਹੈ ਅਤੇ ਨਾਮ (ਰੱਬੀ ਯਾਦ) ਦਾ ਹਿਰਦੇ ਵਿਚ ਵਾਸ ਹੋ ਜਾਂਦਾ ਹੈ। ਇਹ ਵਾਸ, ਪ੍ਰਭੂ ਸਿਮਰਨ (ਰੱਬੀ ਉਸਤਤ) ਕਰਨ ਦਾ ਰੂਪ ਧਾਰਦਾ ਹੈ, ਫਿਰ ‘‘ਬਿਨੁ ਜਿਹਵਾ, ਜੋ ਜਪੈ ਹਿਆਇ ॥ ਕੋਈ ਜਾਣੈ, ਕੈਸਾ ਨਾਉ  !(: ੧/੧੨੫੬) ਫਿਰ ਅਜਿਹੇ ਮਨੁੱਖ ਦੀ ਵਿਆਖਿਆ ਹੈ ‘‘ਨਾ ਓਹਿ ਮਰਹਿ, ਨ ਠਾਗੇ ਜਾਹਿ ॥ ਜਿਨ ਕੈ, ਰਾਮੁ ਵਸੈ ਮਨ ਮਾਹਿ ॥’’ (ਮ: ੧/੮)

ਸਤਿਗੁਰ ਨਾਨਕ ਸਾਹਿਬ ਜੀ, ਇਕ ਪੂਰਨ ਮਨੁੱਖ (ਗੁਰਸਿੱਖ), ਜੋ ਪ੍ਰਭੂ ਦੀ ਦਰਗਾਹ ਵਿੱਚ ਕਬੂਲ ਹੁੰਦਾ ਹੈ, ਦਾ ਵਰਣਨ ਬੜੇ ਅਨੋਖੇ ਅੰਦਾਜ਼ ਵਿੱਚ ਇਸ ਤਰ੍ਹਾਂ ਕਰਦੇ ਹਨ। ‘‘ਐਸੇ ਜਨ ਵਿਰਲੇ ਜਗ ਅੰਦਰਿ, ਪਰਖਿ ਖਜਾਨੈ ਪਾਇਆ ॥ ਜਾਤਿ ਵਰਨ ਤੇ ਭਏ ਅਤੀਤਾ, ਮਮਤਾ ਲੋਭੁ ਚੁਕਾਇਆ ॥੭॥ ਨਾਮਿ ਰਤੇ ਤੀਰਥ ਸੇ ਨਿਰਮਲ, ਦੁਖੁ ਹਉਮੈ ਮੈਲੁ ਚੁਕਾਇਆ ॥ ਨਾਨਕੁ ਤਿਨ ਕੇ ਚਰਨ ਪਖਾਲੈ, ਜਿਨਾ ਗੁਰਮੁਖਿ ਸਾਚਾ ਭਾਇਆ ॥੮॥ (ਮ: ੧/੧੩੪੫)

ਆਓ, ਸਤਿਗੁਰੂ ਨਾਨਕ ਸਾਹਿਬ ਵੱਲੋਂ ਦਿੱਤੇ ਗਏ ਸਿਧਾਂਤਿਕ ਸੰਕੇਤਾਂ ਨੂੰ ਸਮਝੀਏ, ਪਰਚਾਰੀਏ ਤਾਂ ਕਿ ਪੂਰੀ ਮਨੁੱਖਤਾ ਅੰਦਰ ਸਦ ਭਾਵਨਾ, ਵਿਸ਼ਵ ਭਾਈਚਾਰਾ ਪੈਦਾ ਹੋ ਸਕੇ ਤੇ ਇਹ ਰੱਬੀ ਸੁਭਾਅ ‘‘ਸਭ ਕੈ ਮਧਿ, ਸਭ ਹੂ ਤੇ ਬਾਹਰਿ, ਰਾਗ ਦੋਖ ਤੇ ਨਿਆਰੋ ॥’’ (ਮ: ੫/੭੮੫) ਦੇ ਆਪ ਧਾਰਨੀ ਬਣ ਕੇ ਵਧਾਈ ਦੇ ਪਾਤਰ ਬਣ ਸਕੀਏ। ਗੁਰਮਤਿ ਦੇ ਇਸੇ ਪੱਖ ਨੂੰ ਹੀ ਉਜਾਗਰ ਕਰਨ ਲਈ ਭਾਈ ਗੁਰਦਾਸ ਜੀ ਦੇ ਬਚਨ ‘‘ਸਬਦਿ ਜਿਤੀ ਸਿਧਿ ਮੰਡਲੀ, ਕੀਤੋਸੁ ਅਪਣਾ ਪੰਥੁ ਨਿਰਾਲਾ। ਕਲਿਜੁਗ ਨਾਨਕ, ਨਾਮ ਸੁਖਾਲਾ ॥੩੧॥’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੩੧) ਰਾਹੀਂ ਸਾਡੀ ਰਹਿਨੁਮਾਈ ਕਰਦੇ ਹਨ।

ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਆਰਐਸਐਸ ਦੇ 25 ਅਕਤੂਬਰ ਵਾਲੇ ਸਮਾਗਮ ਦੇ ਬਾਈਕਾਟ ਦਾ ਸੱਦਾ

0

ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਆਰਐਸਐਸ ਦੇ 25 ਅਕਤੂਬਰ ਵਾਲੇ ਸਮਾਗਮ ਦੇ ਬਾਈਕਾਟ ਦਾ ਸੱਦਾ

ਸੰਘ ਵਲੋਂ ਦਸਮ ਪਿਤਾ ਦੇ ਮਨਾਏ ਜਾ ਰਹੇ 350ਵੇਂ ਪ੍ਰਕਾਸ਼ ਦਿਹਾੜੇ ’ਚ ਪੁੱਜਣ ਵਾਲੇ ਸਿੱਖ ਕੌਮ ਦੇ ਗ਼ੱਦਾਰ ਹੋਣਗੇ : ਹਿੰਮਤ ਸਿੰਘ

ਨਿਊਯਾਰਕ 22 ਅਕਤੂਬਰ ‘‘ਸਿੱਖ ਹਿੰਦੂ ਧਰਮ ਦਾ ਅਭਿੰਨ ਅੰਗ ਹਨ, ਜੋ ਇਸ ਨੂੰ ਪ੍ਰਵਾਨ ਨਹੀਂ ਕਰਦੇ ਉਹ ਦੇਸ਼ ਧਰੋਹੀ ਤੇ ਅੱਤਵਾਦੀ ਹਨ’’ ਵਰਗੇ ਕਹਿਰ ਭਰੇ ਸ਼ਬਦ ਸਿੱਖ ਧਰਮ ਪ੍ਰਤੀ ਕਹਿਣ ਵਾਲੀ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਵੱਲੋਂ ਸ੍ਰੀ ਗੁਰੂ ਗੋਬਿੰਦ ਜੀ ਦੇ 350ਵੇਂ ਪ੍ਰਕਾਸ਼ ਪੁਰਬ ਵਜੋਂ ਮਨਾਉਣਾ, ਸੰਕੇਤ ਦੇ ਰਿਹਾ ਹੈ ਕਿ ਇਹ ਸੰਸਥਾ ਮੁੜ ਪੰਜਾਬ ਨੂੰ ਲਾਂਬੂ ਲਾਉਣਾ ਚਾਹੁੰਦੀ ਹੈ। ਇਸ ਲਈ ਸਾਰੀ ਸਿੱਖ ਸੰਗਤ ਦਿਲੀ ਵਿਚ 25 ਅਕਤੂਬਰ ਨੂੰ ਆਰਐਸਐਸ ਦੀ ਇਕਾਈ ਰਾਸ਼ਟਰੀ ਸਿੱਖ ਸੰਗਤ ਵੱਲੋਂ ਕਰਾਏ ਜਾ ਰਹੇ ਸਮਾਗਮ ਦਾ ਬਾਈਕਾਟ ਕਰੇ ਤੇ ਜੋ ਵੀ ਸਿੱਖ ਇਸ ਸਮਾਗਮ ਵਿਚ ਜਾਂਦਾ ਹੈ ਉਸ ਦੀ ਸ਼ਨਾਖ਼ਤ ਕਰ ਕੇ ਉਸ ਨੂੰ ਸਿੱਖ ਧਰਮ ਦਾ ਗ਼ੱਦਾਰ ਕਰਾਰ ਦਿੱਤਾ ਜਾਵੇ। ਇਹ ਬਿਆਨ ਅੱਜ ਨਿਊਯਾਰਕ ਤੋਂ ਅਮਰੀਕਾ ਦੇ 85 ਦੇ ਕਰੀਬ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਦੁਆਰਾ ਬਣਾਈ ਗਈ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਅੱਜ ਟੈਲੀਕਾਨਫਰੰਸ ਰਾਹੀਂ ਹੰਗਾਮੀ ਮੀਟਿੰਗ ਕਰ ਕੇ ਗਹਿਰ ਗੰਭੀਰ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਜਾਰੀ ਕੀਤਾ।

 ਬਿਆਨ ਜਾਰੀ ਕਰਦਿਆਂ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਹਿੰਮਤ ਸਿੰਘ ਤੇ ਹੋਰ ਆਗੂ ਕੇਵਲ ਸਿੰਘ ਸਿੱਧੂ, ਹਰਜਿੰਦਰ ਸਿੰਘ ਪਾਈਨਹਿੱਲ, ਵੀਰ ਸਿੰਘ ਮਾਂਗਟ ਅਤੇ ਦਵਿੰਦਰ ਸਿੰਘ ਦਿਓ ਨੇ ਆਰਐਸਐਸ ਦੀਆਂ ਸ਼ਾਤਰ ਚਾਲਾਂ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ 23 ਨਵੰਬਰ 1986 ਨੂੰ ਅੰਮ੍ਰਿਤਸਰ ਵਿਖੇ ਜਦੋਂ ਦੀ ਰਾਸ਼ਟਰੀ ਸਿੱਖ ਸੰਗਤ ਦੀ ਸਥਾਪਨਾ ਕੀਤੀ ਗਈ ਸੀ ਤੇ ਇਸ ਦੇ ਮੁਖੀ ਚਿਰੰਜੀਵ ਸਿੰਘ ਨੇ ਕਿਹਾ ਸੀ ਕਿ ‘ਸਿੱਖ ਹਿੰਦੂ ਹੀ ਹਨ’ ਤਾਂ ਇਹ ਸਪਸ਼ਟ ਹੋ ਗਿਆ ਸੀ ਕਿ ਸਿੱਖਾਂ ਦੇ ਭੇਸ ਵਿਚ ਇਹ ਲੋਕ ਸਾਰੇ ਧਰਮਾਂ ਤੋਂ ਨਿਆਰੇ ਤੇ ਸਾਨਾਮੱਤੇ ਇਤਿਹਾਸ ਵਾਲੇ ਸਿੱਖ ਧਰਮ ਵਿਚ ਦਖ਼ਲ ਅੰਦਾਜ਼ੀ ਕਰਨ ਦੀ ਕੋਝੀ ਸੋਚ ਸੋਚੀਂ ਬੈਠੇ ਹਨ, ਜਦੋਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ’ਤੇ ਹਮਲਾ ਕਰ ਕੇ ਹਿੰਦੂਤਵ ਦੀ ਸਰਕਾਰ ਨੇ ਸਿੱਖਾਂ ਦੇ ਹਿਰਦਿਆਂ ’ਤੇ ਗਹਿਰੀ ਸੱਟ ਮਾਰੀ ਤਾਂ ਆਰਐਸਐਸ ਦੇ ਪੱਖ ਕਰਨ ਵਾਲੇ ਇਨ੍ਹਾਂ ਲੋਕਾਂ ਨੇ ਇੰਦਰਾ ਗਾਂਧੀ ਨੂੰ ਦੁਰਗਾ ਦਾ ਰੂਪ ਕਿਹਾ ਸੀ। ਗੁਰੂ ਸਾਹਿਬਾਨ ਬਾਰੇ ਰਾਸ਼ਟਰ ਨਾਇਕ ਸ਼ਬਦ ਵਰਤਿਆ ਜਾਂਦਾ ਹੈ, ਇਹਨਾਂ ਦੀਆਂ ਕਿਤਾਬਾਂ ਵਿਚ ਗੁਰਬਾਣੀ ਨੂੰ ਵੇਦਾਂ ਦਾ ਅਤੇ ਜਪੁ ਜੀ ਸਾਹਿਬ ਨੂੰ ਗੀਤਾ ਦਾ ਸਾਰ ਲਿਖਿਆ ਜਾਂਦਾ ਹੈ, ਗੁਰੂ ਸਾਹਿਬਾਨ ਨੂੰ ਲਵ-ਕੁਛ ਦੀ ਔਲਾਦ ਦਰਸਾਉਂਦੀਆਂ ਇਤਰਾਜ਼ਯੋਗ ਤਸਵੀਰਾਂ ਛਾਪੀਆਂ ਜਾਂਦੀਆਂ ਹਨ, ਇਹਨਾਂ ਅਧੀਨ ਚਲਦੇ ਸਕੂਲਾਂ ਦੇ ਵਿਸ਼ਿਆਂ ਵਿਚ ਗੁਰੂ ਸਾਹਿਬਾਨ ਬਾਰੇ ਗ਼ਲਤ ਜਾਣਕਾਰੀ ਦਿੱਤੀ ਜਾਂਦੀ ਹੈ, ਸਾਡੀ ਗੁਰਮੁਖੀ ਪੰਜਾਬੀ ਭਾਸ਼ਾ ਦਾ ਵਿਰੋਧ ਕੀਤਾ ਜਾਂਦਾ। ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੇ ਪੁਲਿਸ ਅਫ਼ਸਰਾਂ ਦੀ ਪਿੱਠ ਥਾਪੀ ਜਾਂਦੀ ਹੈ, ਹਰ ਸਾਲ ਜਦੋਂ ਸਿੱਖ ਘੱਲੂਘਾਰਾ ਦਿਵਸ ਮਨਾਉਂਦੇ ਹਨ ਤਾਂ ਇਹ ਵਿਜੈ ਦਿਵਸ ਮਨਾਉਂਦੇ ਹਨ। ਬਹਰਹਾਲ 25 ਅਕਤੂਬਰ ਨੂੰ ਦਿਲੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨਾਏ ਜਾ ਰਹੇ 350ਵੇਂ ਪ੍ਰਕਾਸ਼ ਦਿਹਾੜੇ ਵਿਚ ਪੁੱਜਣ ਵਾਲੇ ਲੋਕਾਂ ਨੂੰ ਸਿੱਖ ਨਹੀਂ ਕਿਹਾ ਜਾ ਸਕਦਾ, ਸਿੱਖਾਂ ਦੇ ਭੇਸ ਵਿਚ ਸਿੱਖ ਧਰਮ ਦੇ ਗ਼ੱਦਾਰ ਲੋਕਾਂ ਦੀ ਸ਼ਨਾਖ਼ਤ ਕਰ ਕੇ ਇਨ੍ਹਾਂ ਦਾ ਸਾਰੇ ਸਿੱਖ ਸਮਾਜ ਨੂੰ ਬਾਈਕਾਟ ਕਰਨ ਦਾ ਸੱਦਾ ਦਿੱਤਾ ਜਾਵੇਗਾ। ਸ. ਹਰਜਿੰਦਰ ਸਿੰਘ ਪਾਇਨਹਿੱਲ ਤੇ ਕੇਵਲ ਸਿੰਘ ਸੰਧੂ ਨੇ ਕਿਹਾ ਕਿ 25 ਅਕਤੂਬਰ ਨੂੰ ਰਾਸ਼ਟਰੀ ਸਿੱਖ ਸੰਗਤ ਵੱਲੋਂ ਦਿਲੀ ਵਿਚ ਕਰਾਏ ਜਾ ਰਹੇ ਇਸ ਸਮਾਗਮ ਦਾ ਸਾਰੀ ਸਿੱਖ ਸੰਗਤ ਬਾਈਕਾਟ ਕਰੇ। ਆਗੂਆਂ ਨੇ ਇਹ ਵੀ ਕਿਹਾ ਕਿ 23 ਜੁਲਾਈ 2004 ਨੂੰ ਆਰਐਸਐਸ ਦੇ ਸਮਾਗਮਾਂ ਦਾ ਬਾਈਕਾਟ ਕਰਨ ਦੇ ਸ੍ਰੀ ਅਕਾਲ ਤਖ਼ਤ ਤੋਂ ਜਾਰੀ ਹੋਏ ਹੁਕਮਨਾਮੇ  ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ। ਉਨ੍ਹਾਂ ਦਿਲੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਹ ਸਮਾਗਮ ਕੀਤਾ ਜਾਂਦਾ ਹੈ ਤਾਂ ਉਹ ਰਾਸ਼ਟਰੀ ਸਿੱਖ ਸੰਗਤ ਤੇ ਇਸ ਦੇ ਆਗੂਆਂ ਵਿਰੁੱਧ ਵਿਸ਼ਵ ਭਰ ਵਿਚ ਇਕ ਮੁਹਿੰਮ ਚਲਾ ਕੇ ਸਖ਼ਤ ਫ਼ੈਸਲਾ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰ ਭਾਰਤ ਦੀ ਕੇਂਦਰ ਸਰਕਾਰ ਦੀ ਹੋਵੇਗੀ। ਆਗੂਆਂ ਨੇ ਕਿਹਾ ਕਿ ਸਿੱਖ ਧਰਮ ਵਿਚ ਕਿਸੇ ਵੀ ਦਖ਼ਲ ਅੰਦਾਜ਼ੀ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਅਖਿਰ ਵਿਚ ਬਾਦਲ ਦਲ ਤੇ ਵੀ ਦੋਸ਼ ਲਗਾਇਆ ਕਿ ਉਨ੍ਹਾਂ ਨੇ ਆਪਣੀ ਸਰਕਾਰ ਮੌਕੇ ਰਾਸ਼ਟਰੀ ਸਿੱਖ ਸੰਗਤ ਨੂੰ ਵਧਣ ਫੁੱਲਣ ਦਾ ਮੌਕਾ ਦਿੱਤਾ ਹੈ, ਜਿਸ ਕਰ ਕੇ ਅਕਾਲੀ ਦਲ ਵੀ ਇਸ ਦਾ ਬਰਾਬਰ ਦਾ ਦੋਸ਼ੀ ਹੈ।

ਫ਼ੋਟੋ : ਹੁਕਮਨਾਮਾ ਕਾਪੀ 23 ਜੁਲਾਈ 2004 

ਗੁਰਬਾਣੀ ਦਾ ਮੂਲ ਪਾਠ (ਅੰਕ ਨੰਬਰ 128-131)

0

ਗੁਰਬਾਣੀ ਦਾ ਮੂਲ ਪਾਠ (ਅੰਕ ਨੰਬਰ 128-131) 

ਮਾਝ, ਮਹਲਾ ੩ ॥

ਨਿਰਗੁਣੁ ਸਰਗੁਣੁ, ਆਪੇ ਸੋਈ ॥ ਤਤੁ ਪਛਾਣੈ, ਸੋ ਪੰਡਿਤੁ ਹੋਈ ॥ ਆਪਿ ਤਰੈ, ਸਗਲੇ ਕੁਲ ਤਾਰੈ ; ਹਰਿ ਨਾਮੁ ਮੰਨਿ (’ਚ) ਵਸਾਵਣਿਆ ॥੧॥ ਹਉ (ਹੌਂ) ਵਾਰੀ, ਜੀਉ ਵਾਰੀ ; ਹਰਿ ਰਸੁ ਚਖਿ (ਕੇ), ਸਾਦੁ ਪਾਵਣਿਆ ॥ ਹਰਿ ਰਸੁ ਚਾਖਹਿ (ਚਾਖਹਿਂ), ਸੇ ਜਨ ਨਿਰਮਲ ; ਨਿਰਮਲ ਨਾਮੁ ਧਿਆਵਣਿਆ ॥੧॥ ਰਹਾਉ ॥ ਸੋ ਨਿਹਕਰਮੀ (ਲੇਖਾ ਰਹਿਤ, ਨਿਰਮਲ); ਜੋ ਸਬਦੁ ਬੀਚਾਰੇ ॥ ਅੰਤਰਿ ਤਤੁ; ਗਿਆਨਿ (ਨਾਲ਼), ਹਉਮੈ ਮਾਰੇ ॥ ਨਾਮੁ ਪਦਾਰਥੁ, ਨਉ (ਨੌ) ਨਿਧਿ ਪਾਏ ; ਤ੍ਰੈ ਗੁਣ ਮੇਟਿ (ਕੇ, ਸੁਰਤ ਰੱਬ ’ਚ), ਸਮਾਵਣਿਆ ॥੨॥ (ਪਰ) ਹਉਮੈ ਕਰੈ; ਨਿਹਕਰਮੀ ਨ ਹੋਵੈ ॥ ਗੁਰ ਪਰਸਾਦੀ, ਹਉਮੈ ਖੋਵੈ ॥ ਅੰਤਰਿ ਬਿਬੇਕੁ (ਤਰਕ+ ਆਸਥਾ ਭਾਵ ਆਕਾਰ ’ਤੇ ਤਰਕ, ਨਿਰਾਕਾਰ ’ਤੇ ਸ਼ਰਧਾ), ਸਦਾ ਆਪੁ (ਆਪਣੇ ਆਪ ਨੂੰ) ਵੀਚਾਰੇ ; ਗੁਰ ਸਬਦੀ ਗੁਣ ਗਾਵਣਿਆ ॥੩॥ ਹਰਿ ਸਰੁ (ਮਾਨਸਰੋਵਰ, ਨਿਰਮਲ ਨੀਰ) ਸਾਗਰੁ, ਨਿਰਮਲੁ ਸੋਈ ॥ ਸੰਤ ਚੁਗਹਿ (ਚੁਗਹਿਂ) ਨਿਤ, ਗੁਰਮੁਖਿ ਹੋਈ ॥ ਇਸਨਾਨੁ ਕਰਹਿ (ਇਸ਼ਨਾਨ ਕਰਹਿਂ) ਸਦਾ ਦਿਨੁ ਰਾਤੀ ; ਹਉਮੈ ਮੈਲੁ ਚੁਕਾਵਣਿਆ ॥੪॥ ਨਿਰਮਲ ਹੰਸਾ, ਪ੍ਰੇਮ-ਪਿਆਰਿ (ਰਾਹੀਂ)॥ ਹਰਿ ਸਰਿ (’ਚ) ਵਸੈ, ਹਉਮੈ ਮਾਰਿ (ਕੇ)॥ ਅਹਿਨਿਸਿ ਪ੍ਰੀਤਿ, ਸਬਦਿ+ਸਾਚੈ (’ਚ); ਹਰਿ ਸਰਿ (ਹਰੀ ਗੁਣ ਵਾਲ਼ੇ ਨਿਰਮਲ ਸਰੋਵਰ ’ਚ) ਵਾਸਾ ਪਾਵਣਿਆ ॥੫॥ ਮਨਮੁਖੁ ਸਦਾ ਬਗੁ ਮੈਲਾ (ਮੈਲ਼ਾ), ਹਉਮੈ ਮਲੁ (ਮਲ਼) ਲਾਈ ॥ ਇਸਨਾਨੁ (ਇਸ਼ਨਾਨ) ਕਰੈ ਪਰੁ ਮੈਲੁ (ਮੈਲ਼) ਨ ਜਾਈ ॥ ਜੀਵਤੁ ਮਰੈ, ਗੁਰ ਸਬਦੁ ਬੀਚਾਰੈ ; ਹਉਮੈ ਮੈਲੁ (ਮੈਲ਼) ਚੁਕਾਵਣਿਆ ॥੬॥ ਰਤਨੁ ਪਦਾਰਥੁ, ਘਰ ਤੇ ਪਾਇਆ ॥ ਪੂਰੈ+ਸਤਿਗੁਰਿ (ਨੇ), ਸਬਦੁ ਸੁਣਾਇਆ ॥ ਗੁਰ ਪਰਸਾਦਿ ਮਿਟਿਆ ਅੰਧਿਆਰਾ ; ਘਟਿ (’ਚ) ਚਾਨਣੁ, ਆਪੁ (ਆਪਣੇ ਆਪ ਨੂੰ) ਪਛਾਨਣਿਆ ॥੭॥ (ਪਰ ਜੀਵ ਦੇ ਵੀ ਕੀ ਵੱਸ ’ਚ ?) ਆਪਿ ਉਪਾਏ ਤੈ (ਭਾਵ ਅਤੇ) ਆਪੇ ਵੇਖੈ ॥ ਸਤਿਗੁਰੁ ਸੇਵੈ, ਸੋ ਜਨੁ ਲੇਖੈ (’ਚ)॥ ਨਾਨਕ ! ਨਾਮੁ ਵਸੈ ਘਟ ਅੰਤਰਿ ; ਗੁਰ ਕਿਰਪਾ ਤੇ ਪਾਵਣਿਆ ॥੮॥੩੧॥੩੨॥

(ਨੋਟ : ਗੁਰਬਾਣੀ ਲਿਖਤ ’ਚ ਕੁਝ ਸ਼ਬਦਾਂ ਦੇ ਅਖੀਰਲੇ ਅੱਖਰਾਂ ਨੂੰ ਅੰਤ ਔਂਕੜ ਆਉਂਦੀ ਹੈ, ਜਿਸ ਦੇ ਕਈ ਕਾਰਨ ਹੁੰਦੇ ਹਨ; ਜਿਵੇਂ ਕਿ

(1). ਉਹ ਸ਼ਬਦ ਇੱਕ ਵਚਨ ਪੁਲਿੰਗ ਨਾਉਂ ਹੋ ਸਕਦੇ ਹਨ; ਜੈਸਾ ਕਿ ‘ਨਾਨਕੁ, ਗੁਰੁ, ਪ੍ਰਭੁ’, ਰਾਹੁ, ਵੀਆਹੁ, ਪਾਤਿਸਾਹੁ, ਵੇਸਾਹੁ (ਭਾਵ ਭਰੋਸਾ)’, ਆਦਿ।

(2). ਉਸ ਸ਼ਬਦ ਦੇ ਅਖੀਰਲੇ ਅੱਖਰ ਦਾ ਔਂਕੜ ‘ਵ’ ਦਾ ਪ੍ਰਤੀਕ ਹੋ ਸਕਦਾ ਹੈ; ਜੈਸਾ ਕਿ ‘ਵਿਸੁ (ਵਿਸੁਅ ਜਾਂ ਵਿਸਵ), ਮਹਤੁ (ਮਹੱਤੁਅ ਜਾਂ ਮਹੱਤਵ), ਤਤੁ (ਤੱਤੁਅ ਜਾਂ ਤੱਤਵ)’, ਪਉੜੀ ਜਾਂ ਪਵੜੀ, ਆਦਿ।

(ਧਿਆਨ ਰਹੇ ਕਿ ‘ਵ’ ਧੁਨੀ ‘ਉ+ਅ’ ਵਿੱਚੋਂ ਮਿਲਣ ਕਾਰਨ ਹੀ ‘ਵ’ ਦਾ ‘ ੁ+ਅ’ ਧੁਨੀ ਵੀ ਬਣ ਜਾਂਦੀ ਹੈ। ਅਜਿਹੇ ਸੰਯੁਕਤ ਅੱਖਰਾਂ ਦੀ ਧੁਨੀ ਕੇਵਲ ਗੁਰਬਾਣੀ ’ਚ ਹੀ ਮੌਜੂਦ ਨਹੀਂ ਬਲਕਿ ਹਰ ਭਾਸ਼ਾ ਵਿੱਚ ਮਿਲਦੀ ਹੈ, ਜਿਵੇਂ ਕਿ ਅੰਗਰੇਜ਼ੀ ਭਾਸ਼ਾ ਵਿੱਚ ‘’ ਦਾ ਉਚਾਰਨ ‘ਜਨੁਅਰੀ ਜਾਂ ਜਨਵਰੀ ਭਾਵ ‘ਯੂ+ਏ’ ਅੱਖਰ ਨੇ ‘ਉ+ਅ’ ਜਾਂ ‘ਵ’ ਧੁਨੀ ਮੁਹੱਈਆ ਕਰਵਾਈ ਹੈ।)

(3). ਅਜਿਹੇ ਸ਼ਬਦਾਂ ਦਾ ਅੰਤ ਔਂਕੜ; ਦੁਲੈਂਕੜ ਵਿੱਚੋਂ ਕਾਵਿ ਤੋਲ ਦੀ ਪੂਰਤੀ ਲਈ ਆਇਆ ਹੋ ਸਕਦਾ ਹੈ; ਜੈਸਾ ਕਿ ‘ਜਾਣੁ (ਜਾਣੂ), ਪਛਾਣੁ (ਪਛਾਣੂ), ਬਸਤੁ (ਬਸਤੂ), ਰਾਹੁ (ਰਾਹੂ-ਕੇਤੂ, ਜੇ ਦੇਹੈ ਦੁਖੁ ਲਾਈਐ, ਪਾਪ ਗਰਹ ਦੁਇ ‘ਰਾਹੁ’ ॥ (ਮ: ੧/੧੪੨), ਇਸ ਤੁਕ ’ਚ ‘ਦੁਇ’ (ਦੋ ਭਾਵ ਬਹੁ ਵਚਨ) ਨਾਲ਼ ‘ਰਾਹੁ’ (ਇੱਕ ਵਚਨ ਪੁਲਿੰਗ ਨਾਉਂ ਨਹੀਂ ਆ ਸਕਦਾ, ਇਸ ਲਈ ਇੱਥੇ ‘ਰਾਹੁ’ ਤੋਂ ਭਾਵ ਰਾਹੂ-ਕੇਤੂ’ ਹੈ, ਆਦਿ।

(4). ਹੁਕਮੀ ਭਵਿੱਖ ਕਾਲ ਕਿਰਿਆ; ਜਿਵੇਂ ਕਿ ‘ਰਖੁ, ਮਿਲੁ, ਸਹੁ, ਰਹੁ, ਕਹੁ, ਜਿਨ੍ਹਾਂ ਦਾ ਅਰਥ ਹੁੰਦਾ ਹੈ, ‘ਤੂੰ ਰੱਖ, ਤੂੰ ਮਿਲ, ਤੂੰ ਸਹਾਰ’, ਤੂੰ ਰਹਿ, ਤੂੰ ਆਖ, ਆਦਿ ਸ਼ਬਦ ਵੀ ਅੰਤ ਔਂਕੜ ਹੁੰਦੇ ਹਨ।

(5). ਕੁਝ ਉਹ ਸ਼ਬਦ ਵੀ ਅੰਤ ਔਂਕੜ ਹੀ ਹੁੰਦੇ ਹਨ ਜਿਨ੍ਹਾਂ ਦੇ ਮੂਲ ਰੂਪ ਨੂੰ ਕਾਵਿ ਤੋਲ ਕਾਰਨ ਸੰਖੇਪਿਆ ਹੁੰਦਾ ਹੈ; ਜੈਸਾ ਕਿ ‘ਬਹੁਤੁ ਜਾਂ ਬਹੁਤ’ ਤੋਂ ‘ਬਹੁ’ (ਭਾਵ ‘ਹੁ’, ‘ਬਹੁਤੁ’ ਸ਼ਬਦ ਦਾ ਮੱਧ ਵਾਲ਼ਾ ਅੱਖਰ ਹੈ, ਨਾ ਕਿ ਅੰਤ ਵਾਲ਼ਾ)। ਗੁਰਬਾਣੀ ਵਿੱਚ ‘ਬਹੁਤੁ’ (ਇੱਕ ਵਚਨ 169 ਵਾਰ, ‘ਬਹੁਤ’ (ਭਾਵ ਕਈ, 8 ਵਾਰ), ‘ਬਹੁ’ (443 ਵਾਰ) ਦਰਜ ਹੈ, ਜੋ ਕਿ ਇੱਕ ਵਚਨ ਅਤੇ ਬਹੁ ਵਚਨ (ਦੋਵਾਂ) ਲਈ ਹੀ ਵਰਤਿਆ ਜਾਂਦਾ ਹੈ; ਜਿਵੇਂ ਕਿ

ਤੇਰੇ ਅਨੇਕ, ਤੇਰੇ ਅਨੇਕ ਪੜਹਿ ‘ਬਹੁ’ ਸਿਮ੍ਰਿਤਿ ਸਾਸਤ ਜੀ ! ਕਰਿ ਕਿਰਿਆ ਖਟੁ ਕਰਮ ਕਰੰਤਾ ॥ (ਸੋ ਪੁਰਖੁ, ਆਸਾ/ਮ: ੪/੧੧)

ਕਾਮਿ ਕਰੋਧਿ ਨਗਰੁ ‘ਬਹੁ’ ਭਰਿਆ; ਮਿਲਿ ਸਾਧੂ ਖੰਡਲ ਖੰਡਾ ਹੇ ॥ (ਸੋਹਿਲਾ, ਗਉੜੀ/ਮ: ੪/੧੩) ਇਨ੍ਹਾਂ ਦੋਵੇਂ ਤੁਕਾਂ ’ਚੋਂ ਪਹਿਲੀ ਤੁਕ ’ਚ ‘ਬਹੁ ਸਿਮ੍ਰਿਤਿ ਸਾਸਤ’ ਬਹੁ ਵਚਨ ਹੈ ਜਦ ਕਿ ਦੂਸਰੀ ਤੁਕ ’ਚ ‘ ਨਗਰੁ ਬਹੁ’ ਇੱਕ ਵਚਨ ਹੈ। ਇਸ ਲਈ ‘ਬਹੁ’ ਦਾ ਅੰਤ ਔਂਕੜ ਮੂਲਕ ਹੈ, ਜਿਸ ਨੂੰ ਬਹੁ ਵਚਨ ਸਮੇਂ ‘ਬਹ’ (ਅੰਤ ਮੁਕਤ) ਤੇ ਇੱਕ ਵਚਨ ਸਮੇਂ ‘ਬਹੁ’ (ਅੰਤ ਔਂਕੜ) ਨਹੀਂ ਲਿਖਿਆ ਜਾ ਸਕਦਾ।

ਇਹ ਵੀ ਧਿਆਨ ਰਹੇ ਕਿ ਉਪਰੋਕਤ ਸ਼ਬਦ ਦੇ 6ਵੇਂ ਬੰਦ ਦੀ ਤੁਕ ‘‘ਮਨਮੁਖੁ ਸਦਾ ‘ਬਗੁ’ ਮੈਲਾ, ਹਉਮੈ ਮਲੁ ਲਾਈ ॥’’ ’ਚ ਦਰਜ ‘ਬਗੁ’ ਸ਼ਬਦ (ਜੋ ਕਿ ‘ਬਗੁਲਾ’ ਦਾ ਸੰਖੇਪ ਰੂਪ ਹੋਣ ਦਾ ਭੁਲੇਖਾ ਪਾਉਂਦਾ ਹੈ) ਦੇ ਅੰਤ ’ਚ ਲੱਗਾ ਔਂਕੜ (‘ਬਹੁ’ ਸ਼ਬਦ ਵਾਙ) ਮੂਲਕ ਨਹੀਂ, ਜੋ ਵਿਆਕਰਨ ਨਿਯਮ ਪ੍ਰਗਟਾਉਂਦਾ ਹੋਇਆ ਕਦੇ ਮੁਕਤ ਤੇ ਕਦੇ ਅੰਤ ਔਂਕੜ ਹੋ ਜਾਂਦਾ ਹੈ; ਜਿਵੇਂ ਕਿ ‘ਬਗੁ ਬਪੜਾ’ ਤੇ ‘ਬਗ ਬਪੜੇ’ ਰਾਹੀਂ ਹੇਠਾਂ ਸਪਸ਼ਟ ਹੋ ਜਾਂਦਾ ਹੈ ਕਿ ‘ਬਪੜੇ’ ਬਹੁ ਵਚਨ ਨਾਲ਼ ‘ਬਗ’ ਅੰਤ ਮੁਕਤ ਹੈ ਤੇ ‘ਬਗੁ ਬਪੁੜਾ’ (ਇੱਕ ਵਚਨ) ਨਾਲ਼ ਅੰਤ ਔਂਕੜ; ਜੈਸਾ ਕਿ

ਡੁਬਿ ਮੁਏ ‘ਬਗ ਬਪੁੜੇ’; ਸਿਰੁ ਤਲਿ (ਹੇਠਾਂ ਵੱਲ) ਉਪਰਿ ਪਾਉ (ਪਾਉਂ)॥ (ਮ: ੩/੫੮੫)

ਕਿਆ ‘ਬਗੁ ਬਪੁੜਾ’ ਛਪੜੀ ਨਾਇ  ? ॥ (ਮ: ੧/੬੮੫)

ਗੁਰਬਾਣੀ ’ਚ ‘ਬਗ’ (ਬਹੁ ਵਚਨ, 9 ਵਾਰ), ‘ਬਗੁ’ (ਇੱਕ ਵਚਨ, 7 ਵਾਰ), ‘ਬਗੁਲਾ’ (ਇੱਕ ਵਚਨ, 7 ਵਾਰ) ਤੇ ‘ਬਗੁਲ’ (4 ਵਾਰ) ਦਰਜ ਹੈ।)

ਮਾਝ, ਮਹਲਾ ੩ ॥

ਮਾਇਆ ਮੋਹੁ (ਮੋਹ), ਜਗਤੁ ਸਬਾਇਆ (ਭਾਵ ਸਾਰੇ ਨੂੰ)॥ ਤ੍ਰੈ ਗੁਣ ਦੀਸਹਿ (ਦੀਸਹਿਂ ਭਾਵ ਰਜੋ, ਤਮੋ ਤੇ ਸਤੋ ਗੁਣੀ ਜੀਵ ਵਿਖਾਈ ਦਿੰਦੇ ਹਨ), ਮੋਹੇ ਮਾਇਆ ॥ ਗੁਰ ਪਰਸਾਦੀ, ਕੋ ਵਿਰਲਾ ਬੂਝੈ ; ਚਉਥੈ+ਪਦਿ (’ਚ) ਲਿਵ ਲਾਵਣਿਆ ॥੧॥ ਹਉ (ਹੌਂ) ਵਾਰੀ, ਜੀਉ ਵਾਰੀ ; ਮਾਇਆ ਮੋਹੁ (ਮੋਹ) ਸਬਦਿ (ਰਾਹੀਂ) ਜਲਾਵਣਿਆ ॥ (ਜੋ) ਮਾਇਆ ਮੋਹੁ ਜਲਾਏ (ਮੋਹ ਜਲ਼ਾਏ), ਸੋ ਹਰਿ ਸਿਉ (ਸਿਉਂ) ਚਿਤੁ ਲਾਏ ; ਹਰਿ ਦਰਿ (’ਤੇ) ਮਹਲੀ (ਮਹਲਿ ’ਚ) ਸੋਭਾ (ਸ਼ੋਭਾ) ਪਾਵਣਿਆ ॥੧॥ ਰਹਾਉ ॥ ਦੇਵੀ ਦੇਵਾ, ਮੂਲੁ ਹੈ ਮਾਇਆ ॥ ਸਿੰਮ੍ਰਿਤਿ ਸਾਸਤ ਜਿੰਨਿ (ਸ਼ਾਸਤ ਜਿਨ੍, ਮਾਯਾ ਨੇ) ਉਪਾਇਆ ॥ ਕਾਮੁ ਕ੍ਰੋਧੁ ਪਸਰਿਆ ਸੰਸਾਰੇ ; ਆਇ ਜਾਇ (ਜੰਮ ਕੇ, ਮਰ ਕੇ) ਦੁਖੁ ਪਾਵਣਿਆ ॥੨॥ ਤਿਸੁ (ਭਾਵ ਇਸ ਸੰਸਾਰ) ਵਿਚਿ ਗਿਆਨ (ਦਾ) ਰਤਨੁ, ਇਕੁ ਪਾਇਆ ॥ ਗੁਰ ਪਰਸਾਦੀ, ਮੰਨਿ (’ਚ) ਵਸਾਇਆ ॥ ਜਤੁ ਸਤੁ ਸੰਜਮੁ ਸਚੁ ਕਮਾਵੈ ; ਗੁਰਿ+ਪੂਰੈ (ਰਾਹੀਂ) ਨਾਮੁ ਧਿਆਵਣਿਆ ॥੩॥ ਪੇਈਅੜੈ (’ਚ), ਧਨ (ਭਾਵ ਇਸਤਰੀ) ਭਰਮਿ (ਰਾਹੀਂ) ਭੁਲਾਣੀ ॥ ਦੂਜੈ (ਮੋਹ ’ਚ) ਲਾਗੀ, ਫਿਰਿ ਪਛੋਤਾਣੀ ॥ ਹਲਤੁ ਪਲਤੁ ਦੋਵੈ (ਦੋਵੈਂ), ਗਵਾਏ ; ਸੁਪਨੈ (’ਚ) ਸੁਖੁ ਨ ਪਾਵਣਿਆ ॥੪॥ ਪੇਈਅੜੈ (ਪੇਕੇ, ਸੰਸਾਰ ਘਰ ’ਚ), ਧਨ ਕੰਤੁ ਸਮਾਲੇ (ਸੰਮ੍ਹਾਲੇ)॥ ਗੁਰ ਪਰਸਾਦੀ, ਵੇਖੈ ਨਾਲੇ (ਨਾਲ਼ੇ)॥ ਪਿਰ ਕੈ ਸਹਜਿ (’ਚ) ਰਹੈ ਰੰਗਿ ਰਾਤੀ (ਰਾੱਤੀ) ; ਸਬਦਿ (ਨਾਲ਼) ਸਿੰਗਾਰੁ (ਸ਼ਿੰਗਾਰ) ਬਣਾਵਣਿਆ ॥੫॥ ਸਫਲੁ ਜਨਮੁ, ਜਿਨਾ (ਜਿਨ੍ਾਂ) ਸਤਿਗੁਰੁ ਪਾਇਆ ॥ ਦੂਜਾ ਭਾਉ (ਭਾਵ ਹੋਰ ਪਿਆਰ/ਆਸਰਾ), ਗੁਰ ਸਬਦਿ (ਨਾਲ਼) ਜਲਾਇਆ (ਜਲ਼ਾਇਆ)॥ ਏਕੋ ਰਵਿ ਰਹਿਆ ਘਟ ਅੰਤਰਿ ; ਮਿਲਿ ਸਤਸੰਗਤਿ, ਹਰਿ ਗੁਣ ਗਾਵਣਿਆ ॥੬॥ ਸਤਿਗੁਰੁ ਨ ਸੇਵੇ; ਸੋ ਕਾਹੇ (ਮਨੁੱਖਾ ਜੂਨੀ ’ਚ) ਆਇਆ  ? ॥ ਧਿ੍ਰਗੁ ਜੀਵਣੁ; ਬਿਰਥਾ ਜਨਮੁ ਗਵਾਇਆ ॥ ਮਨਮੁਖਿ (ਮਨ ਵੱਲ ਮੁੱਖ ਹੋਣ ਕਰ ਕੇ), ਨਾਮੁ ਚਿਤਿ (’ਚ) ਨ ਆਵੈ ; ਬਿਨੁ ਨਾਵੈ (ਨਾਵੈਂ) ਬਹੁ ਦੁਖੁ ਪਾਵਣਿਆ ॥੭॥ ਜਿਨਿ ਸਿਸਟਿ (ਜਿਨ੍ ਸਿਸ਼ਟਿ) ਸਾਜੀ, ਸੋਈ ਜਾਣੈ ॥ ਆਪੇ ਮੇਲੈ, ਸਬਦਿ (ਦੁਆਰਾ) ਪਛਾਣੈ ॥ ਨਾਨਕ ! ਨਾਮੁ ਮਿਲਿਆ ਤਿਨ (ਤਿਨ੍) ਜਨ ਕਉ ; ਜਿਨ (ਜਿਨ੍), ਧੁਰਿ (ਤੋਂ) ਮਸਤਕਿ (’ਤੇ) ਲੇਖੁ ਲਿਖਾਵਣਿਆ ॥੮॥੧॥੩੨॥੩੩॥

ਮਾਝ, ਮਹਲਾ ੪ ॥

ਆਦਿ ਪੁਰਖੁ, ਅਪਰੰਪਰੁ ਆਪੇ ॥ ਆਪੇ ਥਾਪੇ, ਥਾਪਿ (ਕੇ) ਉਥਾਪੇ (ਭਾਵ ਮਾਰਦਾ)॥ ਸਭ ਮਹਿ ਵਰਤੈ, ਏਕੋ ਸੋਈ (ਪਰ); ਗੁਰਮੁਖਿ ਸੋਭਾ (ਸ਼ੋਭਾ) ਪਾਵਣਿਆ ॥੧॥ ਹਉ (ਹੌਂ) ਵਾਰੀ, ਜੀਉ ਵਾਰੀ ; ਨਿਰੰਕਾਰੀ (ਦਾ) ਨਾਮੁ ਧਿਆਵਣਿਆ ॥ ਤਿਸੁ (ਦਾ) ਰੂਪੁ ਨ ਰੇਖਿਆ (ਵੈਸੇ); ਘਟਿ ਘਟਿ (’ਚ) ਦੇਖਿਆ; ਗੁਰਮੁਖਿ, ਅਲਖੁ (ਅਲੱਖ, ਨੂੰ) ਲਖਾਵਣਿਆ ॥੧॥ ਰਹਾਉ ॥ ਤੂ (ਤੂੰ) ਦਇਆਲੁ, ਕਿਰਪਾਲੁ ਪ੍ਰਭੁ ਸੋਈ ॥ ਤੁਧੁ ਬਿਨੁ, ਦੂਜਾ ਅਵਰੁ ਨ ਕੋਈ ॥ ਗੁਰੁ ਪਰਸਾਦੁ ਕਰੇ, ਨਾਮੁ ਦੇਵੈ ; ਨਾਮੇ ਨਾਮਿ (’ਚ) ਸਮਾਵਣਿਆ ॥੨॥ ਤੂੰ ਆਪੇ ਸਚਾ, ਸਿਰਜਣਹਾਰਾ ॥ ਭਗਤੀ ਭਰੇ, ਤੇਰੇ ਭੰਡਾਰਾ ॥ ਗੁਰਮੁਖਿ ਨਾਮੁ ਮਿਲੈ, ਮਨੁ ਭੀਜੈ ; ਸਹਜਿ (’ਚ) ਸਮਾਧਿ ਲਗਾਵਣਿਆ ॥੩॥ ਅਨਦਿਨੁ ਗੁਣ ਗਾਵਾ (ਗਾਵਾਂ); ਪ੍ਰਭ ! ਤੇਰੇ ॥ ਤੁਧੁ ਸਾਲਾਹੀ (ਸਾਲਾਹੀਂ), ਪ੍ਰੀਤਮ ਮੇਰੇ ! ॥ ਤੁਧੁ ਬਿਨੁ, ਅਵਰੁ ਨ ਕੋਈ ਜਾਚਾ (ਨਾ ਜਾਚਾਂ, ਨਾ ਮੰਗਦਾ ਹਾਂ) ; ਗੁਰ ਪਰਸਾਦੀ, ਤੂੰ ਪਾਵਣਿਆ ॥੪॥ ਅਗਮੁ (ਅਗੰਮ) ਅਗੋਚਰੁ, ਮਿਤਿ ਨਹੀ (ਨਹੀਂ) ਪਾਈ ॥ ਅਪਣੀ ਕ੍ਰਿਪਾ ਕਰਹਿ (ਕਰਹਿਂ), ਤੂੰ ਲੈਹਿ (ਲੈਹਿਂ) ਮਿਲਾਈ ॥ ਪੂਰੇ ਗੁਰ ਕੈ ਸਬਦਿ (ਨਾਲ਼), ਧਿਆਈਐ ; ਸਬਦੁ ਸੇਵਿ (ਸਿਮਰ ਕੇ) ਸੁਖੁ ਪਾਵਣਿਆ ॥੫॥ ਰਸਨਾ ਗੁਣਵੰਤੀ, ਗੁਣ ਗਾਵੈ ॥ ਨਾਮੁ ਸਲਾਹੇ, ਸਚੇ ਭਾਵੈ ॥ ਗੁਰਮੁਖਿ ਸਦਾ ਰਹੈ ਰੰਗਿ ਰਾਤੀ (ਰਾੱਤੀ) ; ਮਿਲਿ ਸਚੇ, ਸੋਭਾ (ਸ਼ੋਭਾ) ਪਾਵਣਿਆ ॥੬॥ ਮਨਮੁਖੁ ਕਰਮ ਕਰੇ, ਅਹੰਕਾਰੀ ॥ ਜੂਐ () ਜਨਮੁ, ਸਭ ਬਾਜੀ (ਬਾਜ਼ੀ) ਹਾਰੀ ॥ ਅੰਤਰਿ ਲੋਭੁ ਮਹਾ ਗੁਬਾਰਾ (ਮਹਾਂ ਗ਼ੁਬਾਰਾ) ; ਫਿਰਿ ਫਿਰਿ ਆਵਣ ਜਾਵਣਿਆ ॥੭॥ ਆਪੇ ਕਰਤਾ ਦੇ (ਭਾਵ ਦੇਂਦਾ ਹੈ) ਵਡਿਆਈ ॥ ਜਿਨ (ਜਿਨ੍) ਕਉ, ਆਪਿ ਲਿਖਤੁ ਧੁਰਿ (ਤੋਂ) ਪਾਈ ॥ ਨਾਨਕ ! ਨਾਮੁ ਮਿਲੈ ਭਉ ਭੰਜਨੁ ; ਗੁਰ ਸਬਦੀ ਸੁਖੁ ਪਾਵਣਿਆ ॥੮॥੧॥੩੪॥

(ਨੋਟ : ਗੁਰਬਾਣੀ ਵਿੱਚ ‘ਭੈ ਭੰਜਨੁ’ (6 ਵਾਰ) ਅਤੇ ‘ਭਉ ਭੰਜਨੁ’ (11 ਵਾਰ) ਦਰਜ ਹੈ। ‘ਭੈ ਭੰਜਨੁ’ ਦਾ ਅਰਥ ਹੈ, ‘ਸਾਰੇ ਦੁਨਿਆਵੀ ਡਰ ਖ਼ਤਮ ਹੋ ਗਏ’ ਅਤੇ ‘ਭਉ ਭੰਜਨੁ’ (ਇੱਕ ਵਚਨ ਨਾਉਂ) ਦਾ ਅਰਥ ਹੈ, ‘ਹਰ ਪ੍ਰਕਾਰ ਦਾ ਡਰ ਦੂਰ ਕਰਨ ਵਾਲ਼ਾ ਪ੍ਰਭੂ’; ਜਿਵੇਂ ਕਿ

ਗੁਰੁ ਪਰਮੇਸਰੁ ਸੇਵਿਆ; ‘ਭੈ ਭੰਜਨੁ’ ਦੁਖ ਲਥੁ (ਸਾਰੇ ਦੁਨਿਆਵੀ ਡਰ ਤੇ ਦੁੱਖ ਲਹਿ ਗਏ)॥ (ਮ: ੫/੪੯)

ਨਾਨਕ ! ਸਬਦਿ ਮਿਲੈ ‘ਭਉ ਭੰਜਨੁ’ (ਹਰ ਪ੍ਰਕਾਰ ਦਾ ਡਰ ਨਾਸ ਕਰਨ ਵਾਲ਼ਾ ਪ੍ਰਭੂ); ਹਰਿ ਰਾਵੈ ਮਸਤਕਿ (’ਤੇ) ਭਾਗੋ ॥ (ਮ: ੩/੫੬੯), ਆਦਿ।

ਸੋ, ਉਕਤ ਸ਼ਬਦ ਦੇ ਅਖੀਰਲੇ ਬੰਦ ਜੀ ਤੁੱਕ ‘‘ਨਾਨਕ ! ਨਾਮੁ ਮਿਲੈ ‘ਭਉ ਭੰਜਨੁ’; ਗੁਰ ਸਬਦੀ ਸੁਖੁ ਪਾਵਣਿਆ ॥’’ (ਮ: ੪/੧੩੦) ’ਚ ਦਰਜ ‘ਭਉ ਭੰਜਨੁ’ ਦਾ ਅਰਥ ਹੋਏਗਾ, ‘ਹਰ ਪ੍ਰਕਾਰ ਦਾ ਡਰ ਮਾਰਨ ਵਾਲ਼ਾ ਪ੍ਰਭੂ’।)

ਮਾਝ, ਮਹਲਾ ੫, ਘਰੁ ੧ ॥

ਅੰਤਰਿ ਅਲਖੁ (ਅਲੱਖ), ਨ ਜਾਈ ਲਖਿਆ (ਨ ਲੱਖਿਆ ਜਾਈ ਭਾਵ ਨਾ ਪੂਰਾ ਸਮਝਿਆ ਜਾਂਦਾ)॥ ਨਾਮੁ ਰਤਨੁ, ਲੈ (ਕੇ) ਗੁਝਾ ਰਖਿਆ (ਗੁੱਝਾ ਰੱਖਿਆ)॥ ਅਗਮੁ (ਅਗੰਮ) ਅਗੋਚਰੁ, ਸਭ ਤੇ ਊਚਾ (ਪਰ); ਗੁਰ ਕੈ ਸਬਦਿ (ਨਾਲ਼), ਲਖਾਵਣਿਆ (ਕੁਝ ਸਮਝੀਦਾ)॥੧॥ ਹਉ (ਹੌਂ) ਵਾਰੀ, ਜੀਉ ਵਾਰੀ ; ‘ਕਲਿ ਮਹਿ’ ਨਾਮੁ ਸੁਣਾਵਣਿਆ ॥ ਸੰਤ ਪਿਆਰੇ, ‘ਸਚੈ’ (ਦੇ) ਧਾਰੇ ; ਵਡਭਾਗੀ ਦਰਸਨੁ (ਵਡਭਾਗੀਂ ਭਾਵ ਵੱਡੇ ਭਾਗਾਂ ਨਾਲ਼ ਉਨ੍ਹਾਂ ਦਾ ਦਰਸ਼ਨ) ਪਾਵਣਿਆ ॥੧॥ ਰਹਾਉ ॥ ਸਾਧਿਕ ਸਿਧ, ‘ਜਿਸੈ ਕਉ’ ਫਿਰਦੇ ॥ ਬ੍ਰਹਮੇ, ਇੰਦ੍ਰ, ਧਿਆਇਨਿ (ਧਿਆਇਨ੍) ਹਿਰਦੇ ॥ ਕੋਟਿ ਤੇਤੀਸਾ, ਖੋਜਹਿ (ਖੋਜਹਿਂ) ਤਾ ਕਉ ; ਗੁਰ ਮਿਲਿ, ਹਿਰਦੈ (’ਚ) ਗਾਵਣਿਆ ॥੨॥ ਆਠ ਪਹਰ, ਤੁਧੁ ਜਾਪੇ ਪਵਨਾ ॥ ਧਰਤੀ ਸੇਵਕ, ਪਾਇਕ ਚਰਨਾ ॥ ਖਾਣੀ ਬਾਣੀ, ਸਰਬ ਨਿਵਾਸੀ ; ਸਭਨਾ ਕੈ ਮਨਿ (’ਚ), ਭਾਵਣਿਆ ॥੩॥ ਸਾਚਾ ਸਾਹਿਬੁ, ਗੁਰਮੁਖਿ ਜਾਪੈ ॥ ਪੂਰੇ ਗੁਰ ਕੈ ਸਬਦਿ (ਰਾਹੀਂ), ਸਿਞਾਪੈ (ਪਛਾਣਿਆ ਜਾਂਦਾ)॥ ਜਿਨ (ਜਿਨ੍) ਪੀਆ, ਸੇਈ ਤ੍ਰਿਪਤਾਸੇ ; ਸਚੇ ਸਚਿ (ਨਾਲ਼) ਅਘਾਵਣਿਆ ॥੪॥ ਤਿਸੁ ਘਰਿ (’ਚ) ਸਹਜਾ, ਸੋਈ ਸੁਹੇਲਾ ॥ ਅਨਦ ਬਿਨੋਦ ਕਰੇ ਸਦ ਕੇਲਾ (ਭਾਵ ਮੌਜ-ਮੇਲਾ)॥ ਸੋ ਧਨਵੰਤਾ, ਸੋ ਵਡ ਸਾਹਾ (ਸ਼ਾਹਾ) ; ਜੋ, ਗੁਰ ਚਰਣੀ ਮਨੁ ਲਾਵਣਿਆ ॥ ੫॥ ਪਹਿਲੋ ਦੇ (ਪਹਿਲੋਂ; ਦੇ ਕੇ), ਤੈਂ ਰਿਜਕੁ (ਰਿਜ਼ਕ) ਸਮਾਹਾ (ਭਾਵ ਉਪਲੱਬਧ ਕੀਤਾ, ਇਕੱਠਾ ਕੀਤਾ)॥ ਪਿਛੋ ਦੇ (ਪਿੱਛੋਂ; ਦੇ ਕੇ), ਤੈਂ ਜੰਤੁ ਉਪਾਹਾ (ਭਾਵ ਜੀਵ ਪੈਦਾ ਕੀਤਾ, ਇਸ ਲਈ)॥ ਤੁਧੁ ਜੇਵਡੁ ਦਾਤਾ, ਅਵਰੁ ਨ ਸੁਆਮੀ ; ਲਵੈ ਨ ਕੋਈ ਲਾਵਣਿਆ (ਭਾਵ ਜਦ ਜੀਵ ਦੇ ਵਜੂਦ ਤੋਂ ਪਹਿਲਾਂ ਦਾਤ ਵਜੂਦ ’ਚ ਆਈ ਤਾਂ ਫਿਰ ਦਾਤ ਤੋਂ ਪਿੱਛੋਂ ਪੈਦਾ ਹੋਣ ਵਾਲਾ ‘ਜੀਵ’ ਦਾਤਾ ਕਿਵੇਂ ਬਣ ਗਿਆ ?)॥੬॥ ਜਿਸੁ ਤੂੰ ਤੁਠਾ (ਤੁੱਠਾ), ਸੋ ਤੁਧੁ ਧਿਆਏ ॥ ਸਾਧ ਜਨਾ ਕਾ ਮੰਤੁ੍ਰ (ਹੁਕਮ) ਕਮਾਏ ॥ ਆਪਿ ਤਰੈ, ਸਗਲੇ ਕੁਲ ਤਾਰੇ; ਤਿਸੁ, ਦਰਗਹ (ਦਰਗ੍ਹਾ) ਠਾਕ ਨ ਪਾਵਣਿਆ (ਭਾਵ ਉਸ ਨੂੰ ਰੱਬੀ ਦਰਗਾਹ ’ਚ ਜਾਣ ਤੋਂ ਕੋਈ ਨਹੀਂ ਰੋਕ ਸਕਦਾ) ॥੭॥ ਤੂੰ ਵਡਾ, ਤੂੰ ਊਚੋ ਊਚਾ ॥ ਤੂੰ ਬੇਅੰਤੁ, ਅਤਿ ਮੂਚੋ ਮੂਚਾ (ਭਾਵ ਬਹੁਤ ਭਾਰਾ) ॥ ਹਉ (ਹੌਂ) ਕੁਰਬਾਣੀ ‘ਤੇਰੈ’ (ਤੋਂ) ਵੰਞਾ (ਵੰਞਾਂ); ਨਾਨਕ ! ਦਾਸ ਦਸਾਵਣਿਆ ॥੮॥੧॥੩੫॥

(ਨੋਟ: ਉਕਤ ਅਸਟਪਦੀ ’ਚ ਤਿੰਨ ਸ਼ਬਦ ‘ਸਚੈ’ (ਰਹਾਉ ਤੁਕ), ‘ਜਿਸੈ ਕਉ’ (ਦੂਜਾ ਬੰਦ) ਤੇ ‘ਤੇਰੈ’ (ਆਖਰੀ 8ਵੇਂ ਬੰਦ) ’ਚ ਅੰਤ ਦੁਲਾਵਾਂ ਵਾਲ਼ੇ ਹਨ, ਜਿਨ੍ਹਾਂ ਵਿੱਚੋਂ ਕੋਈ ਨਾ ਕੋਈ ਲੁਪਤ ਜਾਂ ਪ੍ਰਗਟ ਸਬੰਧਕੀ ਚਿਨ੍ਹ ਮਿਲਦਾ ਹੈ; ਜਿਵੇਂ ਕਿ ‘ਸਚੈ ਧਾਰੇ’ ਭਾਵ ਸੱਚੇ ਦੇ ਧਾਰੇ, ‘ਜਿਸੈ ਕਉ ਫਿਰਦੇ’ ਭਾਵ ਜਿਸ ਲਈ ਫਿਰਦੇ ਤੇ ‘ਤੇਰੈ ਵੰਝਾ’ ਭਾਵ ਤੇਰੇ ਤੋਂ ਜਾਂਦਾ ਹਾਂ। ਪਹਿਲੇ ਸ਼ਬਦ ’ਚ ‘ਦੇ’ ਲੁਪਤ ਹੈ, ਦੂਸਰੇ ’ਚ ‘ਕਉ’ ਪ੍ਰਗਟ ਸਬੰਧਕੀ ਹੈ ਤੇ ਤੀਸਰੇ ’ਚ ‘ਤੇਰੈ ਤੋਂ’ ਭਾਵ ‘ਤੋਂ’ ਲੁਪਤ ਸਬੰਧਕੀ ਹੈ। ਇਸ ਨਿਯਮ ਮੁਤਾਬਕ ਲਘੂ ਮਾਤਰਾ (ਭਾਵ ਲਾਂ ‘ਸਚੇ, ਜਿਸੇ, ਤੇਰੇ’) ਨੂੰ ਸਬੰਧਕੀ ਚਿੰਨ੍ਹਾਂ ਨੇ ਦੀਰਘ (ਦੁਲਾਵਾਂ ‘ਸਚੈ, ਜਿਸੈ, ਤੇਰੈ’) ’ਚ ਤਬਦੀਲ ਕਰ ਲਿਆ ਹੈ।

ਪਿਛਲੇ ਸ਼ਬਦ ’ਚ ਕੀਤੀ ਗਈ ‘ਬਹੁ’ ਸ਼ਬਦ ਦੀ ਵਿਚਾਰ, ਜਿੱਥੇ ‘ਹੁ’ ਔਂਕੜ ਸ਼ਬਦ ਦਾ ਮੂਲਕ ਸੀ ਇਸੇ ਤਰ੍ਹਾਂ ‘ਕਲਿਯੁਗ’ ਸ਼ਬਦ ਦੇ ਸੰਖੇਪ ਰੂਪ ‘ਕਲਿ’ ਦੀ ਅੰਤ ਸਿਹਾਰੀ ਵੀ ਮੂਲਕ ਹੈ, ਜੋ ਕਿਸੇ ਸਬੰਧਕੀ (ਲੁਪਤ ਜਾਂ ਪ੍ਰਗਟ) ਚਿਨ੍ਹ ਨਾਲ਼ ਵੀ ਨਹੀਂ ਹਟਦੀ ; ਜਿਵੇਂ ਕਿ ਉਕਤ ਸ਼ਬਦ ਦੇ ਰਹਾਉ ਬੰਦ ’ਚ ਦਰਜ ਹੈ, ‘‘ਹਉ (ਹੌਂ) ਵਾਰੀ, ਜੀਉ ਵਾਰੀ ; ‘ਕਲਿ ਮਹਿ’ ਨਾਮੁ ਸੁਣਾਵਣਿਆ ॥’’ ਭਾਵ ‘ਮਹਿ’ ਸਬੰਧਕੀ ਨੇ ‘ਕਲਿ’ ਨੂੰ ‘ਕਲ’ ਨਹੀਂ ਕੀਤਾ।)

ਮਾਝ, ਮਹਲਾ ੫ ॥

ਕਉਣੁ ਸੁ ਮੁਕਤਾ (ਮਾਯਾ ਤੋਂ ਨਿਰਲੇਪ) ? ਕਉਣੁ ਸੁ ਜੁਗਤਾ (ਰੱਬ ਨਾਲ਼ ਜੁੜਿਆ) ?॥ ਕਉਣੁ ਸੁ ਗਿਆਨੀ  ? ਕਉਣੁ ਸੁ ਬਕਤਾ  ?॥ ਕਉਣੁ ਸੁ ਗਿਰਹੀ (ਭਾਵ ਗ੍ਰਹਿਸਤੀ) ? ਕਉਣੁ ਉਦਾਸੀ (ਸੰਨਿਆਸੀ)  ? ਕਉਣੁ ਸੁ ਕੀਮਤਿ ਪਾਏ ਜੀਉ  ?॥੧॥ ਕਿਨਿ (ਕਿਨ੍) ਬਿਧਿ ਬਾਧਾ (ਬਾੱਧਾ) ? ਕਿਨਿ (ਕਿਨ੍) ਬਿਧਿ ਛੂਟਾ  ?॥ ਕਿਨਿ (ਕਿਨ੍) ਬਿਧਿ, ਆਵਣੁ ਜਾਵਣੁ ਤੂਟਾ  ? ॥ ਕਉਣ ਕਰਮ (ਸਦਾਚਾਰੀ ਕੰਮ) ? ਕਉਣ ਨਿਹਕਰਮਾ (ਵਾਸ਼ਨਾ ਰਹਿਤ) ? ਕਉਣੁ ਸੁ ਕਹੈ, ਕਹਾਏ ਜੀਉ  ? ॥੨॥ ਕਉਣੁ ਸੁ ਸੁਖੀਆ  ? ਕਉਣੁ ਸੁ ਦੁਖੀਆ  ? ॥ ਕਉਣੁ ਸੁ ਸਨਮੁਖੁ  ? ਕਉਣੁ ਵੇਮੁਖੀਆ  ? ॥ ਕਿਨਿ (ਕਿਨ੍) ਬਿਧਿ ਮਿਲੀਐ  ? ਕਿਨਿ (ਕਿਨ੍) ਬਿਧਿ ਬਿਛੁਰੈ  ? ਇਹ ਬਿਧਿ, ਕਉਣੁ ਪ੍ਰਗਟਾਏ ਜੀਉ  ? ॥੩॥ ਕਉਣੁ ਸੁ ਅਖਰੁ (ਅੱਖਰ); ਜਿਤੁ (ਜਿਸ ਰਾਹੀਂ, ਮਨ), ਧਾਵਤੁ ਰਹਤਾ (ਭਟਕਦਾ ਅਡੋਲ ਹੁੰਦਾ) ? ॥ ਕਉਣੁ ਉਪਦੇਸੁ (ਉਪਦੇਸ਼); ਜਿਤੁ (ਜਿਸ ਨਾਲ਼), ਦੁਖੁ ਸੁਖੁ ਸਮ ਸਹਤਾ  ? ॥ ਕਉਣੁ ਸੁ ਚਾਲ; ਜਿਤੁ, ਪਾਰਬ੍ਰਹਮੁ ਧਿਆਏ  ? ਕਿਨਿ (ਕਿਨ੍) ਬਿਧਿ ਕੀਰਤਨੁ ਗਾਏ ਜੀਉ  ? ॥੪॥ ਗੁਰਮੁਖਿ ਮੁਕਤਾ, ਗੁਰਮੁਖਿ ਜੁਗਤਾ (ਰੱਬ ਨਾਲ਼ ਜੁੜਿਆ) ॥ ਗੁਰਮੁਖਿ ਗਿਆਨੀ, ਗੁਰਮੁਖਿ ਬਕਤਾ ॥ ਧੰਨੁ, ਗਿਰਹੀ ਉਦਾਸੀ ਗੁਰਮੁਖਿ ; ਗੁਰਮੁਖਿ, ਕੀਮਤਿ ਪਾਏ ਜੀਉ ॥੫॥ ਹਉਮੈ ਬਾਧਾ (ਬਾੱਧਾ), ਗੁਰਮੁਖਿ ਛੂਟਾ ॥ ਗੁਰਮੁਖਿ, ਆਵਣੁ ਜਾਵਣੁ ਤੂਟਾ ॥ ਗੁਰਮੁਖਿ ਕਰਮ (ਸਦਾਚਾਰੀ ਕੰਮ), ਗੁਰਮੁਖਿ ਨਿਹਕਰਮਾ (ਭਾਵ ਨਿਰਲੇਪ); ਗੁਰਮੁਖਿ ਕਰੇ, ਸੁ ਸੁਭਾਏ ਜੀਉ ॥੬॥ ਗੁਰਮੁਖਿ ਸੁਖੀਆ, ਮਨਮੁਖਿ ਦੁਖੀਆ ॥ ਗੁਰਮੁਖਿ ਸਨਮੁਖੁ, ਮਨਮੁਖਿ ਵੇਮੁਖੀਆ ॥ ਗੁਰਮੁਖਿ ਮਿਲੀਐ, ਮਨਮੁਖਿ ਵਿਛੁਰੈ ; ਗੁਰਮੁਖਿ, ਬਿਧਿ ਪ੍ਰਗਟਾਏ ਜੀਉ (ਭਾਵ ਆਪਣੀ ਸਹੀ ਜੀਵਨ ਜਾਚ ਨੂੰ ਹੋਰਾਂ ਲਈ ਆਦਰਸ਼ ਬਣਾਉਂਦਾ)॥੭॥ ਗੁਰਮੁਖਿ ਅਖਰੁ (ਅੱਖਰ); ਜਿਤੁ, ਧਾਵਤੁ ਰਹਤਾ ॥ ਗੁਰਮੁਖਿ ਉਪਦੇਸੁ (ਗੁਰੂ ਦਾ ਉਪਦੇਸ਼, ਕਮਾ ਕੇ), ਦੁਖੁ ਸੁਖੁ ਸਮ ਸਹਤਾ ॥ ਗੁਰਮੁਖਿ ਚਾਲ; ਜਿਤੁ, ਪਾਰਬ੍ਰਹਮੁ ਧਿਆਏ ; ਗੁਰਮੁਖਿ ਕੀਰਤਨੁ ਗਾਏ ਜੀਉ ॥੮॥ (ਪਰ ਮਨੁੱਖ ਦੇ ਵੱਸ ’ਚ ਵੀ ਕੀ ?) ਸਗਲੀ ਬਣਤ ਬਣਾਈ, ਆਪੇ (ਆਪ ਹੀ)॥ ਆਪੇ ਕਰੇ, ਕਰਾਏ ਥਾਪੇ ॥ ਇਕਸੁ ਤੇ ਹੋਇਓ ਅਨੰਤਾ ; ਨਾਨਕ ! ਏਕਸੁ ਮਾਹਿ ਸਮਾਏ ਜੀਉ ॥ ੯॥੨॥੩੬॥

ਇੱਕ ਵੀ, ਲੱਖ ਪਿਆਰਿਆ।

0

ਇੱਕ ਵੀ, ਲੱਖ ਪਿਆਰਿਆ।

– ਗੁਰਪ੍ਰੀਤ ਸਿੰਘ (USA)

ਮਿੱਤਰਾ, ਇਹ ਕੀ ਰਾਸ ਰਚਾਈ ਏ,

ਹਰ ਵੇਲੇ ਤੱਕਦਾ ਚੀਜ਼ ਪਰਾਈ ਏ,

ਕਿਉਂ ਨਾ ਵੇਖੇ ਹਰ ਪਾਸੇ ਉਸ ਨੂੰ ?

ਜਿਸ ਨੇ ਨੇਤਰਾਂ ’ਚ ਜੋਤ ਟਕਾਈ ਹੈ।

……………

ਰਾਤੀਂ ਲੈਂਦੇ ਸੇਜ ਹੁਲਾਰੇ ਹੋ,

ਦਿਨ ਨੂੰ ਲਗਦੇ ਕਾਰੇ ਹੋ,

ਲਗਦੇ ਹੋ ਤੁਸੀਂ ਥੱਕੇ-ਥੱਕੇ,

ਐਵੇਂ ਕਿਉਂ ਮਰਦੇ ਪਿਆਰੇ ਹੋ ?

……………

ਕਿਉਂ ਬੁਣਦਾ ਤਾਣਾ-ਬਾਣਾ ਏ ?

ਕੀ ਲੈ ਆਇਆ ਸੀ ਤੇ ਕੀ ਲੈ ਜਾਣਾ ਏ ?

ਮਰਨਾ ਸੱਚ, ਜਿਊਣਾ ਝੂਠ ਹੈ,

ਇਹ ਹੀ ਉਸ ਦਾ ਭਾਣਾ ਹੈ।

…………..

ਇੱਕੋ ਥਾਂ ਦੇ ਅਸੀਂ ਹਾਂ ਜਾਏ,

ਭਿੰਨ-ਭਿੰਨ ਸ਼ਕਲਾਂ ਵਿੱਚ ਹਾਂ ਆਏ,

ਵੱਖ ਨੇ ਸਾਡੀਆਂ ਕਰਮ-ਅਦਾਵਾਂ,

ਉਸ ਦੀ ਹੀ ਮਰਜ਼ੀ, ਜਿਵੇਂ ਨਚਾਏ।

……………

ਸੁੱਖ ਵਿੱਚ ਮਾਣੇ ਮੌਜਾਂ,

ਆਪਣਾ ਆਪ ਨਾ ਸਿੰਞਾਣੇ।

ਦੁੱਖ ਵਿੱਚ ਦਿੰਦਾ ਉਲਾਭੇ,

ਇਹ ਕੀ ਪਾਏ ਨੇ ਫਾਹੇ ?

ਸਿੱਕੇ ਦੇ ਹੁੰਦੇ ਨੇ ਦੋ ਪਾਸੇ,

ਕੋਣ ਸਮਝਾਵੇ ‘ਪ੍ਰੀਤ’ ਅੰਞਾਣੇ।

………………

ਪਰਾਇਆ ਕੁਝ ਨਾ ਤੱਕ ਪਿਆਰਿਆ,

ਕਿਉਂ ਖਾਂਦਾ ਕਿਸੇ ਦਾ ਹੱਕ ਪਿਆਰਿਆ ?

ਕੁਝ ਤਾਂ ਸਬਰ ਸੰਤੋਖ ਰੱਖ ‘ਪ੍ਰੀਤ’,

ਲੱਗੇਗਾ ਫਿਰ ਇੱਕ ਵੀ, ਲੱਖ ਪਿਆਰਿਆ।

Most Viewed Posts