ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਆਰਐਸਐਸ ਦੇ 25 ਅਕਤੂਬਰ ਵਾਲੇ ਸਮਾਗਮ ਦੇ ਬਾਈਕਾਟ ਦਾ ਸੱਦਾ

0
240

ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਆਰਐਸਐਸ ਦੇ 25 ਅਕਤੂਬਰ ਵਾਲੇ ਸਮਾਗਮ ਦੇ ਬਾਈਕਾਟ ਦਾ ਸੱਦਾ

ਸੰਘ ਵਲੋਂ ਦਸਮ ਪਿਤਾ ਦੇ ਮਨਾਏ ਜਾ ਰਹੇ 350ਵੇਂ ਪ੍ਰਕਾਸ਼ ਦਿਹਾੜੇ ’ਚ ਪੁੱਜਣ ਵਾਲੇ ਸਿੱਖ ਕੌਮ ਦੇ ਗ਼ੱਦਾਰ ਹੋਣਗੇ : ਹਿੰਮਤ ਸਿੰਘ

ਨਿਊਯਾਰਕ 22 ਅਕਤੂਬਰ ‘‘ਸਿੱਖ ਹਿੰਦੂ ਧਰਮ ਦਾ ਅਭਿੰਨ ਅੰਗ ਹਨ, ਜੋ ਇਸ ਨੂੰ ਪ੍ਰਵਾਨ ਨਹੀਂ ਕਰਦੇ ਉਹ ਦੇਸ਼ ਧਰੋਹੀ ਤੇ ਅੱਤਵਾਦੀ ਹਨ’’ ਵਰਗੇ ਕਹਿਰ ਭਰੇ ਸ਼ਬਦ ਸਿੱਖ ਧਰਮ ਪ੍ਰਤੀ ਕਹਿਣ ਵਾਲੀ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਵੱਲੋਂ ਸ੍ਰੀ ਗੁਰੂ ਗੋਬਿੰਦ ਜੀ ਦੇ 350ਵੇਂ ਪ੍ਰਕਾਸ਼ ਪੁਰਬ ਵਜੋਂ ਮਨਾਉਣਾ, ਸੰਕੇਤ ਦੇ ਰਿਹਾ ਹੈ ਕਿ ਇਹ ਸੰਸਥਾ ਮੁੜ ਪੰਜਾਬ ਨੂੰ ਲਾਂਬੂ ਲਾਉਣਾ ਚਾਹੁੰਦੀ ਹੈ। ਇਸ ਲਈ ਸਾਰੀ ਸਿੱਖ ਸੰਗਤ ਦਿਲੀ ਵਿਚ 25 ਅਕਤੂਬਰ ਨੂੰ ਆਰਐਸਐਸ ਦੀ ਇਕਾਈ ਰਾਸ਼ਟਰੀ ਸਿੱਖ ਸੰਗਤ ਵੱਲੋਂ ਕਰਾਏ ਜਾ ਰਹੇ ਸਮਾਗਮ ਦਾ ਬਾਈਕਾਟ ਕਰੇ ਤੇ ਜੋ ਵੀ ਸਿੱਖ ਇਸ ਸਮਾਗਮ ਵਿਚ ਜਾਂਦਾ ਹੈ ਉਸ ਦੀ ਸ਼ਨਾਖ਼ਤ ਕਰ ਕੇ ਉਸ ਨੂੰ ਸਿੱਖ ਧਰਮ ਦਾ ਗ਼ੱਦਾਰ ਕਰਾਰ ਦਿੱਤਾ ਜਾਵੇ। ਇਹ ਬਿਆਨ ਅੱਜ ਨਿਊਯਾਰਕ ਤੋਂ ਅਮਰੀਕਾ ਦੇ 85 ਦੇ ਕਰੀਬ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਦੁਆਰਾ ਬਣਾਈ ਗਈ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਅੱਜ ਟੈਲੀਕਾਨਫਰੰਸ ਰਾਹੀਂ ਹੰਗਾਮੀ ਮੀਟਿੰਗ ਕਰ ਕੇ ਗਹਿਰ ਗੰਭੀਰ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਜਾਰੀ ਕੀਤਾ।

 ਬਿਆਨ ਜਾਰੀ ਕਰਦਿਆਂ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਹਿੰਮਤ ਸਿੰਘ ਤੇ ਹੋਰ ਆਗੂ ਕੇਵਲ ਸਿੰਘ ਸਿੱਧੂ, ਹਰਜਿੰਦਰ ਸਿੰਘ ਪਾਈਨਹਿੱਲ, ਵੀਰ ਸਿੰਘ ਮਾਂਗਟ ਅਤੇ ਦਵਿੰਦਰ ਸਿੰਘ ਦਿਓ ਨੇ ਆਰਐਸਐਸ ਦੀਆਂ ਸ਼ਾਤਰ ਚਾਲਾਂ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ 23 ਨਵੰਬਰ 1986 ਨੂੰ ਅੰਮ੍ਰਿਤਸਰ ਵਿਖੇ ਜਦੋਂ ਦੀ ਰਾਸ਼ਟਰੀ ਸਿੱਖ ਸੰਗਤ ਦੀ ਸਥਾਪਨਾ ਕੀਤੀ ਗਈ ਸੀ ਤੇ ਇਸ ਦੇ ਮੁਖੀ ਚਿਰੰਜੀਵ ਸਿੰਘ ਨੇ ਕਿਹਾ ਸੀ ਕਿ ‘ਸਿੱਖ ਹਿੰਦੂ ਹੀ ਹਨ’ ਤਾਂ ਇਹ ਸਪਸ਼ਟ ਹੋ ਗਿਆ ਸੀ ਕਿ ਸਿੱਖਾਂ ਦੇ ਭੇਸ ਵਿਚ ਇਹ ਲੋਕ ਸਾਰੇ ਧਰਮਾਂ ਤੋਂ ਨਿਆਰੇ ਤੇ ਸਾਨਾਮੱਤੇ ਇਤਿਹਾਸ ਵਾਲੇ ਸਿੱਖ ਧਰਮ ਵਿਚ ਦਖ਼ਲ ਅੰਦਾਜ਼ੀ ਕਰਨ ਦੀ ਕੋਝੀ ਸੋਚ ਸੋਚੀਂ ਬੈਠੇ ਹਨ, ਜਦੋਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ’ਤੇ ਹਮਲਾ ਕਰ ਕੇ ਹਿੰਦੂਤਵ ਦੀ ਸਰਕਾਰ ਨੇ ਸਿੱਖਾਂ ਦੇ ਹਿਰਦਿਆਂ ’ਤੇ ਗਹਿਰੀ ਸੱਟ ਮਾਰੀ ਤਾਂ ਆਰਐਸਐਸ ਦੇ ਪੱਖ ਕਰਨ ਵਾਲੇ ਇਨ੍ਹਾਂ ਲੋਕਾਂ ਨੇ ਇੰਦਰਾ ਗਾਂਧੀ ਨੂੰ ਦੁਰਗਾ ਦਾ ਰੂਪ ਕਿਹਾ ਸੀ। ਗੁਰੂ ਸਾਹਿਬਾਨ ਬਾਰੇ ਰਾਸ਼ਟਰ ਨਾਇਕ ਸ਼ਬਦ ਵਰਤਿਆ ਜਾਂਦਾ ਹੈ, ਇਹਨਾਂ ਦੀਆਂ ਕਿਤਾਬਾਂ ਵਿਚ ਗੁਰਬਾਣੀ ਨੂੰ ਵੇਦਾਂ ਦਾ ਅਤੇ ਜਪੁ ਜੀ ਸਾਹਿਬ ਨੂੰ ਗੀਤਾ ਦਾ ਸਾਰ ਲਿਖਿਆ ਜਾਂਦਾ ਹੈ, ਗੁਰੂ ਸਾਹਿਬਾਨ ਨੂੰ ਲਵ-ਕੁਛ ਦੀ ਔਲਾਦ ਦਰਸਾਉਂਦੀਆਂ ਇਤਰਾਜ਼ਯੋਗ ਤਸਵੀਰਾਂ ਛਾਪੀਆਂ ਜਾਂਦੀਆਂ ਹਨ, ਇਹਨਾਂ ਅਧੀਨ ਚਲਦੇ ਸਕੂਲਾਂ ਦੇ ਵਿਸ਼ਿਆਂ ਵਿਚ ਗੁਰੂ ਸਾਹਿਬਾਨ ਬਾਰੇ ਗ਼ਲਤ ਜਾਣਕਾਰੀ ਦਿੱਤੀ ਜਾਂਦੀ ਹੈ, ਸਾਡੀ ਗੁਰਮੁਖੀ ਪੰਜਾਬੀ ਭਾਸ਼ਾ ਦਾ ਵਿਰੋਧ ਕੀਤਾ ਜਾਂਦਾ। ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੇ ਪੁਲਿਸ ਅਫ਼ਸਰਾਂ ਦੀ ਪਿੱਠ ਥਾਪੀ ਜਾਂਦੀ ਹੈ, ਹਰ ਸਾਲ ਜਦੋਂ ਸਿੱਖ ਘੱਲੂਘਾਰਾ ਦਿਵਸ ਮਨਾਉਂਦੇ ਹਨ ਤਾਂ ਇਹ ਵਿਜੈ ਦਿਵਸ ਮਨਾਉਂਦੇ ਹਨ। ਬਹਰਹਾਲ 25 ਅਕਤੂਬਰ ਨੂੰ ਦਿਲੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨਾਏ ਜਾ ਰਹੇ 350ਵੇਂ ਪ੍ਰਕਾਸ਼ ਦਿਹਾੜੇ ਵਿਚ ਪੁੱਜਣ ਵਾਲੇ ਲੋਕਾਂ ਨੂੰ ਸਿੱਖ ਨਹੀਂ ਕਿਹਾ ਜਾ ਸਕਦਾ, ਸਿੱਖਾਂ ਦੇ ਭੇਸ ਵਿਚ ਸਿੱਖ ਧਰਮ ਦੇ ਗ਼ੱਦਾਰ ਲੋਕਾਂ ਦੀ ਸ਼ਨਾਖ਼ਤ ਕਰ ਕੇ ਇਨ੍ਹਾਂ ਦਾ ਸਾਰੇ ਸਿੱਖ ਸਮਾਜ ਨੂੰ ਬਾਈਕਾਟ ਕਰਨ ਦਾ ਸੱਦਾ ਦਿੱਤਾ ਜਾਵੇਗਾ। ਸ. ਹਰਜਿੰਦਰ ਸਿੰਘ ਪਾਇਨਹਿੱਲ ਤੇ ਕੇਵਲ ਸਿੰਘ ਸੰਧੂ ਨੇ ਕਿਹਾ ਕਿ 25 ਅਕਤੂਬਰ ਨੂੰ ਰਾਸ਼ਟਰੀ ਸਿੱਖ ਸੰਗਤ ਵੱਲੋਂ ਦਿਲੀ ਵਿਚ ਕਰਾਏ ਜਾ ਰਹੇ ਇਸ ਸਮਾਗਮ ਦਾ ਸਾਰੀ ਸਿੱਖ ਸੰਗਤ ਬਾਈਕਾਟ ਕਰੇ। ਆਗੂਆਂ ਨੇ ਇਹ ਵੀ ਕਿਹਾ ਕਿ 23 ਜੁਲਾਈ 2004 ਨੂੰ ਆਰਐਸਐਸ ਦੇ ਸਮਾਗਮਾਂ ਦਾ ਬਾਈਕਾਟ ਕਰਨ ਦੇ ਸ੍ਰੀ ਅਕਾਲ ਤਖ਼ਤ ਤੋਂ ਜਾਰੀ ਹੋਏ ਹੁਕਮਨਾਮੇ  ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ। ਉਨ੍ਹਾਂ ਦਿਲੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਹ ਸਮਾਗਮ ਕੀਤਾ ਜਾਂਦਾ ਹੈ ਤਾਂ ਉਹ ਰਾਸ਼ਟਰੀ ਸਿੱਖ ਸੰਗਤ ਤੇ ਇਸ ਦੇ ਆਗੂਆਂ ਵਿਰੁੱਧ ਵਿਸ਼ਵ ਭਰ ਵਿਚ ਇਕ ਮੁਹਿੰਮ ਚਲਾ ਕੇ ਸਖ਼ਤ ਫ਼ੈਸਲਾ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰ ਭਾਰਤ ਦੀ ਕੇਂਦਰ ਸਰਕਾਰ ਦੀ ਹੋਵੇਗੀ। ਆਗੂਆਂ ਨੇ ਕਿਹਾ ਕਿ ਸਿੱਖ ਧਰਮ ਵਿਚ ਕਿਸੇ ਵੀ ਦਖ਼ਲ ਅੰਦਾਜ਼ੀ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਅਖਿਰ ਵਿਚ ਬਾਦਲ ਦਲ ਤੇ ਵੀ ਦੋਸ਼ ਲਗਾਇਆ ਕਿ ਉਨ੍ਹਾਂ ਨੇ ਆਪਣੀ ਸਰਕਾਰ ਮੌਕੇ ਰਾਸ਼ਟਰੀ ਸਿੱਖ ਸੰਗਤ ਨੂੰ ਵਧਣ ਫੁੱਲਣ ਦਾ ਮੌਕਾ ਦਿੱਤਾ ਹੈ, ਜਿਸ ਕਰ ਕੇ ਅਕਾਲੀ ਦਲ ਵੀ ਇਸ ਦਾ ਬਰਾਬਰ ਦਾ ਦੋਸ਼ੀ ਹੈ।

ਫ਼ੋਟੋ : ਹੁਕਮਨਾਮਾ ਕਾਪੀ 23 ਜੁਲਾਈ 2004