ਇੱਕ ਵੀ, ਲੱਖ ਪਿਆਰਿਆ।

0
349

ਇੱਕ ਵੀ, ਲੱਖ ਪਿਆਰਿਆ।

– ਗੁਰਪ੍ਰੀਤ ਸਿੰਘ (USA)

ਮਿੱਤਰਾ, ਇਹ ਕੀ ਰਾਸ ਰਚਾਈ ਏ,

ਹਰ ਵੇਲੇ ਤੱਕਦਾ ਚੀਜ਼ ਪਰਾਈ ਏ,

ਕਿਉਂ ਨਾ ਵੇਖੇ ਹਰ ਪਾਸੇ ਉਸ ਨੂੰ ?

ਜਿਸ ਨੇ ਨੇਤਰਾਂ ’ਚ ਜੋਤ ਟਕਾਈ ਹੈ।

……………

ਰਾਤੀਂ ਲੈਂਦੇ ਸੇਜ ਹੁਲਾਰੇ ਹੋ,

ਦਿਨ ਨੂੰ ਲਗਦੇ ਕਾਰੇ ਹੋ,

ਲਗਦੇ ਹੋ ਤੁਸੀਂ ਥੱਕੇ-ਥੱਕੇ,

ਐਵੇਂ ਕਿਉਂ ਮਰਦੇ ਪਿਆਰੇ ਹੋ ?

……………

ਕਿਉਂ ਬੁਣਦਾ ਤਾਣਾ-ਬਾਣਾ ਏ ?

ਕੀ ਲੈ ਆਇਆ ਸੀ ਤੇ ਕੀ ਲੈ ਜਾਣਾ ਏ ?

ਮਰਨਾ ਸੱਚ, ਜਿਊਣਾ ਝੂਠ ਹੈ,

ਇਹ ਹੀ ਉਸ ਦਾ ਭਾਣਾ ਹੈ।

…………..

ਇੱਕੋ ਥਾਂ ਦੇ ਅਸੀਂ ਹਾਂ ਜਾਏ,

ਭਿੰਨ-ਭਿੰਨ ਸ਼ਕਲਾਂ ਵਿੱਚ ਹਾਂ ਆਏ,

ਵੱਖ ਨੇ ਸਾਡੀਆਂ ਕਰਮ-ਅਦਾਵਾਂ,

ਉਸ ਦੀ ਹੀ ਮਰਜ਼ੀ, ਜਿਵੇਂ ਨਚਾਏ।

……………

ਸੁੱਖ ਵਿੱਚ ਮਾਣੇ ਮੌਜਾਂ,

ਆਪਣਾ ਆਪ ਨਾ ਸਿੰਞਾਣੇ।

ਦੁੱਖ ਵਿੱਚ ਦਿੰਦਾ ਉਲਾਭੇ,

ਇਹ ਕੀ ਪਾਏ ਨੇ ਫਾਹੇ ?

ਸਿੱਕੇ ਦੇ ਹੁੰਦੇ ਨੇ ਦੋ ਪਾਸੇ,

ਕੋਣ ਸਮਝਾਵੇ ‘ਪ੍ਰੀਤ’ ਅੰਞਾਣੇ।

………………

ਪਰਾਇਆ ਕੁਝ ਨਾ ਤੱਕ ਪਿਆਰਿਆ,

ਕਿਉਂ ਖਾਂਦਾ ਕਿਸੇ ਦਾ ਹੱਕ ਪਿਆਰਿਆ ?

ਕੁਝ ਤਾਂ ਸਬਰ ਸੰਤੋਖ ਰੱਖ ‘ਪ੍ਰੀਤ’,

ਲੱਗੇਗਾ ਫਿਰ ਇੱਕ ਵੀ, ਲੱਖ ਪਿਆਰਿਆ।