ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਦਾ ਅਤੀਤ ਤੇ ਅਜੋਕੀ ਸਥਿਤੀ

0
681

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਦਾ ਅਤੀਤ ਤੇ ਅਜੋਕੀ ਸਥਿਤੀ

ਕਿਰਪਾਲ ਸਿੰਘ (ਬਠਿੰਡਾ) 98554-80797

ਅਕਤੂਬਰ 1708 ਈ: ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਅਤੇ ਖਾਸ ਕਰ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ 9 ਜੂਨ 1716 ਵਿੱਚ ਸ਼ਹੀਦੀ ਤੋਂ ਉਪਰੰਤ ਅਪਰੈਲ 1801 ’ਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਸਥਾਪਤੀ ਤੱਕ ਦਾ ਸਮਾਂ ਸਿੱਖਾਂ ਲਈ ਅੱਤ ਬਿਖੜਾ ਸਮਾਂ ਰਿਹਾ ਹੈ ਕਿਉਂਕਿ ਮੌਕੇ ਦੀ ਮੁਗਲ ਸਰਕਾਰ ਸਿੱਖਾਂ ਦਾ ਖੁਰਾ ਖੋਜ ਮਿਟਾਉਣ ’ਤੇ ਤੁਲੀ ਹੋਈ ਸੀ। ਇਸ ਸਮੇਂ ਦੌਰਾਨ ਸਿੱਖਾਂ ਨੂੰ ਬਹੁਤਾ ਸਮਾਂ ਜਾਂ ਤਾਂ ਜੰਗਾਂ ਯੁੱਧਾਂ ਵਿੱਚ ਅਤੇ ਜਾਂ ਫਿਰ ਜੰਗਲਾਂ ਵਿੱਚ ਲੁਕ-ਛਿਪ ਕੇ ਹੀ ਗੁਜਾਰਨਾ ਪੈਂਦਾ ਸੀ। ਇਸ ਸਮੇਂ ਦੌਰਾਨ ਹਾਲਾਤ ਅਜੇਹੇ ਬਣ ਗਏ ਕਿ ਗੁਰਦੁਆਰਿਆਂ ਦੀ ਸੇਵਾ ਸੰਭਾਲ ਵਿਸ਼ੇਸ਼ ਤੌਰ ’ਤੇ ਉਦਾਸੀ ਅਤੇ ਨਿਰਮਲੇ ਸੰਤਾਂ/ਮਹੰਤਾਂ ਦੇ ਹੱਥ ਹੀ ਰਹੀ। ਇਸ ਬਿਖੜੇ ਸਮੇਂ ਦੌਰਾਨ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨ ਦਾ ਜ਼ਿੰਮਾ ਇਨ੍ਹਾਂ ਸੰਤਾਂ/ਮਹੰਤਾਂ ਪਾਸ ਰਿਹਾ, ਜੋ ਖੁਦ ਹਿੰਦੂ ਧਰਮ ਦੀ ਵਿਚਾਰਧਾਰਾ ਤੋਂ ਪੂਰੀ ਤਰ੍ਹਾਂ ਮੁਕਤ ਨਾ ਹੋਏ ਹੋਣ ਕਾਰਨ ਸ਼ਬਦ ਗੁਰੂ ਰਾਹੀਂ ਇੱਕ ਅਕਾਲ ਪੁਰਖ ਦੇ ਉਪਾਸ਼ਕ ਬਣਨ ਦੀ ਥਾਂ ’ਤੇ ਇਨ੍ਹਾਂ ਨੇ ਹਿੰਦੂ ਧਰਮ ਦੇ ਕਰਮਕਾਂਡ (ਮੂਰਤੀ ਪੂਜਾ, ਦੇਵ ਪੂਜਾ ਭਾਵ ਦੇਹ ਪੂਜਾ, ਜਾਤ-ਪਾਤ ਦਾ ਭੇਦ, ਆਦਿ) ਪ੍ਰਤੀ ਵਿਸ਼ਵਾਸ ਨੂੰ ਵੀ ਜਿਉਂ ਦਾ ਤਿਉਂ ਹੀ ਰੱਖਿਆ ਤੇ ਇਹ, ਇਨ੍ਹਾਂ ਗੁਰਮਤਿ ਵਿਰੋਧੀ ਕਾਰਜ ਕਾਰਨ ਗੁਰਬਾਣੀ ਦੀ ਵਿਲਖਣਤਾ ਨੂੰ ਸਮਾਜ ਵਿੱਚ ਪ੍ਰਗਟ ਕਰਨ ’ਚ ਅਸਫਲ ਰਹਿਣ ਦੇ ਜ਼ਿੰਮੇਵਾਰ ਅਤੇ ਦੋਸ਼ੀ ਵੀ ਮੰਨੇ ਗਏ।

ਮਹਾਰਾਜਾ ਰਣਜੀਤ ਸਿੰਘ ਦੇ ਰਾਜ 1801 ਤੋਂ 27 ਜੂਨ 1839 ਤੱਕ ਦੇ ਸਮੇ ਦੌਰਾਨ ਸਿੱਖਾਂ ਦਾ ਆਪਣਾ ਰਾਜ ਸਥਾਪਤ ਹੋ ਜਾਣ ਕਾਰਨ ਭਾਵੇਂ ਸਿੱਖਾਂ ਨੂੰ ਜੰਗਲਾਂ ’ਚੋਂ ਬਾਹਰ ਆ ਕੇ ਆਪਣੇ ਘਰਾਂ ਵਿੱਚ ਰਹਿਣਾ ਤਾਂ ਨਸੀਬ ਹੋ ਗਿਆ, ਪਰ ਬ੍ਰਹਮਣਵਾਦੀ ਸੋਚ ਤੋਂ ਮੁਕਤੀ ਨਾ ਮਿਲ ਸਕੀ। ਇਸ ਸਮੇਂ ਦੌਰਾਨ ਮਹਾਰਾਜਾ ਰਣਜੀਤ ਸਿੰਘ ਅਤੇ ਹੋਰ ਸਿੱਖ ਸਰਦਾਰਾਂ ਨੇ ਇਤਿਹਾਸਕ ਗੁਰਦੁਆਰਿਆਂ ਦੇ ਨਾਮ ਜਗੀਰਾਂ (ਜਾਇਦਾਦਾਂ) ਵੀ ਲਗਵਾ ਦਿੱਤੀਆਂ ਤਾਂ ਜੋ ਇਸ ਆਮਦਨ ਨਾਲ ਗੁਰਦੁਆਰਿਆਂ ਦਾ ਪ੍ਰਬੰਧ ਸੁਚੱਜੇ ਢੰਗ ਨਾਲ ਚਲਾਇਆ ਜਾ ਸਕੇ ਪਰ ਸਿੱਖ ਧਰਮ ਵਿੱਚ ਘੁਸਪੈਠ ਹੋਈਆਂ ਕੁਰੀਤੀਆਂ ਵੱਲ ਫਿਰ ਵੀ ਧਿਆਨ ਨਾ ਦਿੱਤਾ ਜਾ ਸਕਿਆ। ਮਹਾਰਾਜੇ ਦਾ ਬਹੁਤਾ ਸਮਾਂ ਰਾਜ ਪ੍ਰਬੰਧ ਨੂੰ ਪੱਕਾ ਕਰਨ ਅਤੇ ਇਸ ਦੀਆਂ ਹੱਦਾਂ ਵਧਾਉਣ ਵੱਲ ਹੀ ਕੇਂਦਰਿਤ ਰਿਹਾ। 27 ਜੂਨ 1839 ਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਜਾਣ ਉਪਰੰਤ ਡੋਗਰਿਆਂ ਦੀ ਗਦਾਰੀ ਅਤੇ ਅੰਗਰੇਜ਼ਾਂ ਦੀ ਕੂਟਨੀਤੀ ਕਾਰਨ ਕੇਵਲ 10 ਸਾਲ ਦੇ ਸਮੇਂ ਵਿੱਚ ਹੀ ਸੰਨ 1849 ਤੱਕ ਸਿੱਖ ਰਾਜ ਦਾ ਖਾਤਮਾ ਹੋ ਗਿਆ ਤੇ ਪੰਜਾਬ ’ਤੇ ਅੰਗਰੇਜ਼ਾਂ ਨੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ। ਅੰਗਰੇਜ਼ਾਂ ਨੇ ਗੁਰਮਤਿ ਵਿਚਾਰਧਾਰਾ ਨੂੰ ਖ਼ਤਮ ਕਰਨ ਲਈ ਅਤੇ ਈਸਾਈ ਧਰਮ ਦੇ ਪ੍ਰਚਾਰ ਲਈ ਕਈ ਤਰ੍ਹਾਂ ਦੇ ਯਤਨ ਆਰੰਭ ਕਰ ਦਿੱਤੇ। ਇਨ੍ਹਾਂ ਯਤਨਾਂ ’ਚੋਂ ਪਹਿਲਾ ਕਾਰਜ ਸਿੱਖਾਂ ਦੇ ਗੁਰਮਤਿ ਸਿਧਾਂਤ ਉੱਤੇ ਬਣੇ ਵਿਸ਼ਵਾਸ ਨੂੰ ਤੋੜਨਾ ਸੀ, ਜਿਸ ਲਈ ਇਸ ਸਿਧਾਂਤ ਦੇ ਮੂਲ ਸੋਮੇ ਗੁਰਦੁਆਰਿਆਂ ’ਤੇ ਕਾਬਜ ਹੋਣਾ ਸੀ। ਇਸ ਨੀਤੀ ਤਹਿਤ ਅੰਗਰੇਜ਼ੀ ਸਰਕਾਰ ਨੇ ਗੁਰਦੁਆਰਿਆਂ ਵਿੱਚ ਮਹੰਤ ਪ੍ਰਥਾ ਨੂੰ ਉਤਸ਼ਾਹਿਤ ਕੀਤਾ। ਪਿਤਾ ਮਹੰਤ ਦੀ ਮੌਤ ਉਪਰੰਤ ਉਸ ਦਾ ਪੁੱਤਰ ਜਾਂ ਚੇਲਾ ਹੀ ਗੁਰਦੁਆਰਿਆਂ ਦੀ ਸੇਵਾ ਸੰਭਾਲ ਅਤੇ ਜਾਇਦਾਦ ਦਾ ਮਾਲਕ ਬਣਨ ਲੱਗ ਪਿਆ ਭਾਵੇਂ ਉਸ ਵਿੱਚ ਗੁਰਮਤਿ ਦੀ ਸੂਝ ਅਤੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨ ਦੀ ਯੋਗਤਾ ਨਾ ਹੀ ਹੋਵੇ। ਆਰੰਭਕ ਦੌਰ ਵਿੱਚ ਤਾਂ ਇਹ ਮਹੰਤ ਕੁਝ ਠੀਕ ਰਹੇ ਪਰ ਪੈਸੇ ਦੀ ਆਮਦ ਤੇ ਖੁੱਲ੍ਹੀ ਤਾਕਤ ਕਾਰਨ ਇਹ ਅੱਯਾਸ਼ੀਆਂ ਕਰਨ ਲੱਗ ਪਏ। ਪੁਜਾਰੀ ਸ਼੍ਰੇਣੀ ਜੋ ਕਿ ਲੰਮੇ ਸਮੇਂ ਤੋਂ ਪੀੜ੍ਹੀ ਦਰ ਪੀੜ੍ਹੀ ਸੰਤਾਨ ਦੇ ਰੂਪ ਵਿੱਚ ਜਾਂ ਚੇਲਿਆਂ ਦੇ ਰੂਪ ਵਿੱਚ ਉਤਰਾਧਿਕਾਰੀ ਬਣ ਕੇ ਗੁਰਧਾਮਾਂ ਦੀ ਸੇਵਾ-ਸੰਭਾਲ ਕਰਦੀ ਆ ਰਹੀ ਸੀ, ਦੇ ਆਚਰਣ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈ ਤੇ ਪੁਜਾਰੀ ਸ਼੍ਰੇਣੀ ਸ਼ਰਾਬੀ ਅਤੇ ਅਯਾਸੀ ਬਣ ਬੈਠੀ। ਗੁਰਦੁਆਰੇ ਸਿੱਖੀ ਜੀਵਨ ਜਾਚ ਦੇ ਕੇਂਦਰ ਨਾ ਰਹਿ ਕੇ ਅਯਾਸੀ ਦੇ ਅੱਡੇ ਬਣਾ ਦਿੱਤੇ ਗਏ। ਮਹੰਤ ਗੁਰਦੁਆਰਿਆਂ ਦੀ ਜਾਇਦਾਦ ਨੂੰ ਨਿੱਜੀ ਸੁੱਖ ਤੇ ਆਰਾਮ ਲਈ ਵਰਤਣ ਲੱਗ ਪਏ, ਜਿਨ੍ਹਾਂ ’ਚੋਂ ਬਹੁਤੇ ਬਦਚਲਣ, ਅੱਯਾਸ਼ ਤੇ ਵਿਭਚਾਰੀ ਸਨ। ਗੁਰਦੁਆਰਿਆਂ ਵਿੱਚ ਕੁਰੀਤੀਆਂ ਤੇ ਗੁਰਮਤਿ ਵਿਰੁੱਧ ਹਰਕਤਾਂ ਹੋਣ ਲੱਗੀਆਂ, ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਅਲੋਪ ਹੋ ਗਈ। ਗੁਰੂ ਸਾਹਿਬਾਨ ਨੇ ਗੁਰੂ ਦੀ ਗੋਲਕ ਨੂੰ ਗ਼ਰੀਬ ਦਾ ਮੂੰਹ ਕਿਹਾ ਸੀ, ਜਿਸ ਦਾ ਦੁਰ-ਉਪਯੋਗ ਹੋਣ ਲੱਗਾ। ਅਕਾਲ ਤਖ਼ਤ ਸਾਹਿਬ ਨੂੰ ਨਿਜੀ ਹਿੱਤਾਂ ਲਈ ਵਰਤਿਆ ਜਾਣ ਲੱਗਾ। ਗੁਰਦੁਆਰਿਆਂ ਵਿੱਚ ਮਨਮਤ ਵਧ ਗਈ। ਦਰਬਾਰ ਸਾਹਿਬ ਦੀ ਪਰਕਰਮਾ ਵਿੱਚ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਬਣਾ ਕੇ ਉਨ੍ਹਾਂ ਦੀ ਪੂਜਾ ਹੋਣ ਲੱਗੀ। ਅੰਗਰੇਜ਼ ਗੁਰਦੁਆਰਿਆਂ ਦੇ ਸੁਧਾਰ ਦੀ ਥਾਂ ਮਹੰਤਾਂ ਤੇ ਪੁਜਾਰੀਆਂ ਦਾ ਕਬਜ਼ਾ ਰਖਵਾ ਕੇ ਖੁਸ਼ ਸਨ। ਇੱਥੋਂ ਤੱਕ ਵੀ ਚਰਚਾ ਸੀ ਕਿ ਗੁਰਦੁਆਰਿਆਂ ਨੂੰ ਪੁਜਾਰੀ ਸ਼੍ਰੇਣੀ ਈਸਾਈਆਂ ਕੋਲ ਵੇਚਣ ਲਈ ਤਿਆਰ ਹੋ ਗਈ, ਜਿਨ੍ਹਾਂ ਨੂੰ ਚਰਚ ਦੇ ਰੂਪ ਵਿੱਚ ਬਦਲਿਆ ਜਾਣਾ ਸੀ। ਇਹ ਵੀ ਐਲਾਨ ਹੋਣ ਲੱਗ ਪਏ ਕਿ ਸਿੱਖੀ ਛੇਤੀ ਹੀ ਦੁਨੀਆਂ ਤੋਂ ਖ਼ਤਮ ਹੋ ਕੇ ਅਜਾਇਬ ਘਰਾਂ ਦੀਆਂ ਤਸਵੀਰਾਂ ਅਤੇ ਲਾਇਬ੍ਰੇਰੀ ਦੀਆਂ ਪੁਸਤਕਾਂ ਤੱਕ ਸੀਮਤ ਹੋ ਜਾਵੇਗੀ।

19ਵੀਂ ਸਦੀ ਦੇ ਅਖੀਰ ਵਿੱਚ ਸਿੱਖ ਪੰਥ ਨੂੰ ਪ੍ਰਫੁਲਿਤ ਕਰਨ ਲਈ ਨਾਮਧਾਰੀ, ਨਿਰੰਕਾਰੀ ਅਤੇ ਸਿੰਘ ਸਭਾ, ਆਦਿ ਲਹਿਰਾਂ ਚੱਲੀਆਂ ਅਤੇ ਇਨ੍ਹਾਂ ਦੇ ਯਤਨਾਂ ਸਦਕਾ ਸਿੱਖੀ ਦੀ ਹੋਂਦ ਖ਼ਤਮ ਹੋਣ ਤੋਂ ਕੁਝ ਬਚ ਗਈ ਅਤੇ ਹੋਰ ਪ੍ਰਫੁਲਿਤ ਹੋਈ (ਇਹ ਵੱਖਰੀ ਗੱਲ ਹੈ ਕਿ ਸਿੱਖੀ ਵਿੱਚ ਸੁਧਾਰਵਾਦੀ ਦੇ ਰੂਪ ਵਿੱਚ ਉਪਜੀਆਂ ਨਾਮਧਾਰੀ ਅਤੇ ਨਿਰੰਕਾਰੀ ਸੰਸਥਾਵਾਂ ਸ਼ਬਦ-ਗੁਰੂ ਦੇ ਸਿਧਾਂਤ ਨੂੰ ਦੇਹਧਾਰੀ ਗੁਰੂ ਪ੍ਰਥਾ ਵੱਲ ਪਲਟ ਕੇ ਸਿੱਖ ਵਿਰੋਧੀ ਸੰਸਥਾਵਾਂ ਵਿੱਚ ਆਪਣੀ ਗਿਣਤੀ ਕਰਵਾਉਣ ਲੱਗ ਪਈਆਂ ਹਨ) ਪਰ ਇਨ੍ਹਾਂ ਲਹਿਰਾਂ ਦੇ ਮੁਖੀਆਂ ਨੇ ਵੀ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸੁਧਾਰ ਲਿਆਉਣ ਲਈ ਬਹੁਤੀ ਦਖਲ-ਅੰਦਾਜ਼ੀ ਨਾ ਕੀਤੀ, ਜਿਸ ਸਦਕਾ ਗੁਰਦੁਆਰਿਆਂ ਵਿੱਚ ਮਨਮਤ ਦਾ ਦੌਰ ਜਾਰੀ ਰਿਹਾ। ਜੇਕਰ ਕਿਧਰੇ ਕੋਈ ਪੰਥ ਦਰਦੀ ਇਸ ਮਨਮਤ ਖਿਲਾਫ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹ ਕੋਸ਼ਿਸ਼ ਵੀ ਨਿਸਫਲ ਹੋ ਜਾਂਦੀ। 20ਵੀਂ ਸਦੀ ਦੇ ਆਰੰਭ ਵਿੱਚ ਕੁਝ ਐਸੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ਨੇ ਸਿੱਖ ਪੰਥ ਦਰਦੀਆਂ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ। ਸਿੱਖਾਂ ਵਿੱਚ ਚੇਤਨਤਾ ਆਈ ਕਿ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਸੁਧਾਰਿਆ ਜਾਏ। ਇਨ੍ਹਾਂ ਵਿੱਚੋਂ ਮੁੱਖ ਤੌਰ ’ਤੇ ਦੋ ਘਟਨਾਵਾਂ ਇਹ ਸਨ- ਪਹਿਲੀ 1914 ਈ: ਨੂੰ ਕਲਕੱਤੇ ਵਿਖੇ ਬਜਬਜ ਘਾਟ ’ਤੇ ਸ਼ਹੀਦ ਹੋਣ ਵਾਲੇ 22 ਸਿੱਖ ਮੁਸਾਫਰਾਂ ਦੇ ਬਾਰੇ ਅੰਗਰੇਜ਼ ਸਰਕਾਰ ਦੀ ਸ਼ਹਿ ਉੱਪਰ ਅਕਾਲ ਤਖਤ ਸਾਹਿਬ ਤੋਂ ਸਰਬਰਾਹ ਅਰੂੜ ਸਿੰਘ ਰਾਹੀਂ ਹੁਕਮਨਾਮਾ ਜਾਰੀ ਕਰਵਾਇਆ ਗਿਆ ਕਿ ਉਹ ਸਿੱਖ ਨਹੀਂ ਸਨ। ਦੂਜਾ ਜਲ੍ਹਿਆਂ ਵਾਲੇ ਬਾਗ ਵਿੱਚ 1919 ਈ. ਦੀ ਵਿਸਾਖੀ ਨੂੰ ਤਕਰੀਬਨ 1300 ਭਾਰਤੀਆਂ ਨੂੰ, ਜਿਨ੍ਹਾਂ ਵਿੱਚੋਂ 800 ਦੇ ਕਰੀਬ ਸਿੱਖ ਸਨ, ਸ਼ਹੀਦ ਕਰਨ ਵਾਲੇ ਜਨਰਲ ਡਾਇਰ ਨੂੰ ਸ੍ਰੀ ਦਰਬਾਰ ਸਾਹਿਬ ਦੇ ਸਰਬਰਾਹ ਅਰੂੜ ਸਿੰਘ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ।

ਇਨ੍ਹਾਂ ਘਟਨਾਵਾਂ ਉਪਰੰਤ ਪੰਥ ਦਰਦੀ ਸਿੱਖਾਂ ਨੇ 5 ਅਕਤੂਬਰ ਸੰਨ 1920 ਈ. ਨੂੰ ਗੁਰਦੁਆਰਾ ਬਾਬੇ ਦੀ ਬੇਰ ਸਿਆਲਕੋਟ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਲਿਆ ਤਾਂ ਸਿੱਖ ਪੰਥ ਵਿੱਚ ਇੱਕ ਨਵੀਂ ਜਾਗ੍ਰਿਤੀ ਲਹਿਰ ਪੈਦਾ ਹੋਈ। ਛੇਤੀ ਹੀ ਇੱਕ ਤੋਂ ਬਾਅਦ ਇੱਕ ਗੁਰਦੁਆਰਾ ਸਾਹਿਬਾਨ ਸਿੱਖ ਪੰਥ ਦੇ ਪ੍ਰਬੰਧ ਹੇਠ ਆਉਣੇ ਸ਼ੁਰੂ ਹੋ ਗਏ; ਜਿਵੇਂ ਕਿ ਗੁਰਦੁਆਰਾ ਚੁਮਾਲਾ ਸਾਹਿਬ (ਲਾਹੌਰ), ਗੁਰਦੁਆਰਾ ਭਾਈ ਜੋਗਾ ਸਿੰਘ (ਪਿਸ਼ਾਵਰ), ਗੁਰਦੁਆਰਾ ਖ਼ਰਾ ਸੌਦਾ (ਚੂਹੜਕਾਣਾ), ਗੁਰਦੁਆਰਾ ਪੰਜਾ ਸਾਹਿਬ, ਆਦਿ।

ਸਿੱਖ ਜਗਤ ਵਿੱਚ ਆਈ ਇਸ ਨਵੀਂ ਜਾਗ੍ਰਤੀ ਨੂੰ ਵੇਖਦਿਆਂ 13 ਅਕਤੂਬਰ 1920 ਨੂੰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਨਵੇਂ ਬਣਾਏ ਸਰਬਰਾਹ ਸੁੰਦਰ ਸਿੰਘ ਰਾਮਗੜ੍ਹੀਆ ਦੀ ਅਗਵਾਈ ’ਚ 9 ਮੈਂਬਰਾਂ ਦੀ ਆਰਜੀ ਕਮੇਟੀ ਬਣਾ ਦਿੱਤੀ। ਉੱਧਰ ਸਿੱਖ ਸੰਗਤਾਂ ਵੱਲੋਂ ਜੱਦੋ-ਜਹਿਦ ਨਾਲ ਮਹੰਤਾਂ ਕੋਲੋਂ ਛੁਡਾਏ ਜਾਣ ਵਾਲੇ ਗੁਰਦੁਆਰਿਆਂ ਦੇ ਸੁਚੱਜੇ ਅਤੇ ਇਕ ਰੂਪ ਪ੍ਰਬੰਧ ਲਈ, ਇਕ ਕੇਂਦਰੀ ਸੰਸਥਾ ਦੀ ਲੋੜ ’ਤੇ ਦੀਰਘ ਪੰਥਕ ਵਿਚਾਰ-ਵਟਾਂਦਰੇ ਕਰਨ ਲਈ; ਅੰਮ੍ਰਿਤਸਰ ਦੇ ਵਾਸੀ ਡਾ: ਗੁਰਬਖ਼ਸ਼ ਸਿੰਘ ਸੇਵਕ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਂਅ ਹੇਠ ਸਮੂਹ ਖ਼ਾਲਸਾ ਪੰਥ ਨੂੰ 1 ਮੱਘਰ/ 15 ਨਵੰਬਰ 1920 (ਇਸ ਸਾਲ 2017 ਵਿੱਚ 1 ਮੱਘਰ ਬਿਕ੍ਰਮੀ ਕੈਲੰਡਰ ਮੁਤਾਬਕ 16 ਨਵੰਬਰ ਨੂੰ ਹੈ ਤੇ ਨਾਨਕਸ਼ਾਹੀ ਕੈਲੰਡਰ ਮੁਤਾਬਕ 14 ਨਵੰਬਰ ਨੂੰ ਹੈ; ਇਸੇ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸਾਲ ਆਪਣਾ ਸਥਾਪਨਾ ਦਿਵਸ 16 ਨਵੰਬਰ ਨੂੰ ਮਨਾਏਗੀ ਬੇਸ਼ੱਕ ਇਹ ਤਾਰੀਖ ਤਕਰੀਬਨ ਹਰ ਸਾਲ ਜਾਂ ਦੋ ਸਾਲ ਬਾਅਦ ਬਦਲਦੀ ਰਹਿੰਦੀ ਹੈ ਜਦਕਿ ਨਾਨਕਸ਼ਾਹੀ ਕੈਲੰਡਰ ਮੁਤਾਬਕ ਇਹ ਦਿਨ ਹਰ ਸਾਲ 1 ਮੱਘਰ 14 ਨਵੰਬਰ ਨੂੰ ਸਥਿਰ ਹੈ।) ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਇਕੱਤਰਤਾ ਕਰਨ ਦਾ ਸੱਦਾ ਦੇ ਦਿੱਤਾ, ਜਿਸ ਵਿੱਚ ਸਿੱਖਾਂ ਦੀ ਇਸ ਜਾਗਰੂਕ ਲਾਮਬੰਦੀ ਨੂੰ ਲੈ ਕੇ ਅੰਗਰੇਜ਼ ਸਰਕਾਰ ਭੈਅ-ਭੀਤ ਹੋ ਗਈ ਅਤੇ ਉਸ ਨੇ ਸਿੱਖਾਂ ਨੂੰ ਜਥੇਬੰਦ ਹੋਣ ਤੋਂ ਰੋਕਣ ਲਈ ਸਿੱਖਾਂ ਵਿੱਚ ਫੁੱਟ ਪਾਉਣ ਅਤੇ ਆਪਣੇ ਵਫਾਦਾਰਾਂ ਰਾਹੀਂ ਗੁਰਦੁਆਰਿਆਂ ਦੇ ਪ੍ਰਬੰਧਾਂ ਨੂੰ ਕਾਬੂ ਹੇਠ ਰੱਖਣ ਦੇ ਮਕਸਦ ਨਾਲ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਦੀ ਸਲਾਹ ਨਾਲ ਆਪਣੀ ਇੱਕ 36 ਮੈਂਬਰੀ ਅਸਥਾਈ ਸਲਾਹਕਾਰ ਕਮੇਟੀ ਦੀ ਸਥਾਪਨਾ ਕਰਨ ਦਾ ਐਲਾਨ ਕਰ ਦਿੱਤਾ, ਜਿਸ ਦਾ ਪ੍ਰਧਾਨ ਹਰਬੰਸ ਸਿੰਘ ਅਟਾਰੀ ਨੂੰ ਬਣਾਇਆ ਗਿਆ। ਪਹਿਲਾਂ ਤੋਂ ਐਲਾਨੇ ਪ੍ਰੋਗਰਾਮ ਅਨੁਸਾਰ 15-16 ਨਵੰਬਰ ਨੂੰ ਅਕਾਲ ਤਖ਼ਤ ’ਤੇ ਸਿੱਖ ਸੰਗਤ ਦੀ ਵਿਸ਼ਾਲ ਇਕੱਤਰਤਾ ਹੋਈ, ਜਿਸ ਵਿੱਚ ਲੰਮੇ ਵਿਚਾਰ ਵਟਾਂਦਰੇ ਤੋਂ ਬਾਅਦ ਇੱਕ ਕਮੇਟੀ ਬਣਾਈ ਗਈ, ਜਿਸ ਦਾ ਨਾਮ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਰੱਖਿਆ ਗਿਆ। ਇਸ ਕਮੇਟੀ ਵਿੱਚ ਕੁੱਲ 175 ਮੈਂਬਰ ਨਿਯੁਕਤ ਕੀਤੇ ਗਏ, ਜਿਨ੍ਹਾਂ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ, ਦੇਸ਼ ਦੇ ਦੂਸਰੇ ਪ੍ਰਾਂਤਾਂ ਅਤੇ ਵਿਦੇਸ਼ਾਂ ਵਿੱਚ ਵਸੇ ਸਿੱਖਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਅੰਗਰੇਜ਼ ਸਰਕਾਰ ਦੀ ਫੁੱਟਪਾਊ ਨੀਤੀ ਫੇਲ੍ਹ ਕਰਨ ਲਈ ਅੰਗਰੇਜ਼ ਸਰਕਾਰ ਵੱਲੋਂ ਨਿਯੁਕਤ ਕੀਤੇ 36 ਮੈਂਬਰਾਂ ਨੂੰ ਵੀ ਸ਼ਾਮਲ ਕਰ ਲਿਆ ਗਿਆ ਤਾਂ ਕਿ ਸਿੱਖਾਂ ਵਿੱਚ ਏਕਤਾ ਬਣੀ ਰਹੇ ਅਤੇ ਸਰਕਾਰ ਨੂੰ ਕੋਈ ਟਕਰਾਅ ਕਰਨ ਦਾ ਬਹਾਨਾ ਨਾ ਮਿਲ ਸਕੇ। ਇਸ ਕਮੇਟੀ ਦੀ ਪਹਿਲੀ ਮੀਟਿੰਗ 12 ਦਸੰਬਰ 1920 ਨੂੰ ਅਕਾਲ ਤਖ਼ਤ ’ਤੇ ਰੱਖੀ ਗਈ ਜਿਸ ਵਿੱਚ ਸੁੰਦਰ ਸਿੰਘ ਮਜੀਠੀਆ ਨੂੰ ਪ੍ਰਧਾਨ, ਹਰਬੰਸ ਸਿੰਘ ਅਟਾਰੀ ਨੂੰ ਮੀਤ ਪ੍ਰਧਾਨ, ਸੁੰਦਰ ਸਿੰਘ ਰਾਮਗੜ੍ਹੀਆ ਨੂੰ ਸਕੱਤਰ ਬਣਾਇਆ ਗਿਆ। ਪਹਿਲੀ ਇਕੱਤਰਤਾ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਧਾਨ ਬਣਾਉਣ ਲਈ ਸਬ ਕਮੇਟੀ ਬਣਾਈ ਗਈ। 30 ਅਪਰੈਲ 1921 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਜਿਸਟਰੇਸ਼ਨ ਕਰਵਾਈ ਗਈ।

ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਉਣ ਤੋਂ ਅਗਲੇ ਹੀ ਦਿਨ 13 ਦਸੰਬਰ 1920 ਨੂੰ ਅਕਾਲੀ ਦਲ ਹੋਂਦ ਵਿੱਚ ਆਇਆ। ਸਿੱਖ ਪੰਥ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਰੂਪ ਵਿੱਚ ਦੋ ਮਜਬੂਤ ਜਥੇਬੰਦੀਆਂ ਪ੍ਰਾਪਤ ਹੋਈਆਂ ਕਿਉਂਕਿ ਮਹੰਤ ਸ਼੍ਰੇਣੀ ਗੁਰਦੁਆਰਿਆਂ ਨੂੰ ਆਪਣੀ ਨਿੱਜੀ ਜਾਇਦਾਦ ਅਤੇ ਨਿੱਜੀ ਆਮਦਨ ਦੇ ਸਾਧਨ ਸਮਝਦੀ ਸੀ, ਇਸ ਲਈ ਉਨ੍ਹਾਂ ਅੰਦਰ ਇਹ ਡਰ ਪੈਦਾ ਹੋ ਗਿਆ ਕਿ ਛੇਤੀ ਹੀ ਗੁਰਦੁਆਰਿਆਂ ਦਾ ਪ੍ਰਬੰਧ ਉਨ੍ਹਾਂ ਤੋਂ ਖੁੱਸ ਜਾਵੇਗਾ।

ਗੁਰਦੁਆਰਾ ਸੁਧਾਰ ਲਹਿਰ ਦੇ ਨਾਮ ਹੇਠ ਪੰਜਾਬ ਵਿੱਚ 1920 ਤੋਂ ਲੈ ਕੇ ਸੰਨ 1925 ਈ: ਵਿੱਚ ਗੁਰਦੁਆਰਾ ਐਕਟ ਬਣ ਜਾਣ ਤੱਕ ਲਹਿਰ ਚੱਲੀ, ਜਿਸ ਸਦਕਾ ਗੁਰਦੁਆਰਿਆਂ ਤੋਂ ਮਹੰਤਾਂ ਦਾ ਕਬਜ਼ਾ ਖਤਮ ਕੀਤਾ ਗਿਆ ਅਤੇ ਇਨ੍ਹਾਂ ਦਾ ਪ੍ਰਬੰਧ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਲਿਆਂਦਾ ਗਿਆ। ਸਿੱਖ ਪੰਥ ਨੂੰ ਗੁਰਦੁਆਰਿਆਂ ਦੀ ਸੇਵਾ-ਸੰਭਾਲ ਆਪਣੇ ਹੱਥਾਂ ਵਿੱਚ ਲੈਣ ਲਈ ਕਾਫ਼ੀ ਘਾਲਣਾ ਘਾਲਣੀ ਪਈ, ਪੁਲਿਸ ਦੀਆਂ ਡਾਂਗਾਂ ਦੀ ਬੇਰਹਿਮੀ ਨਾਲ ਮਾਰ ਝੱਲਣ ਅਤੇ ਜੇਲ੍ਹਾਂ ਵਿੱਚ ਕਸ਼ਟ ਸਹਿਣ ਤੋਂ ਇਲਾਵਾ ਜਾਨੀ ਤੇ ਮਾਲੀ ਰੂਪ ਵਿੱਚ ਕਈ ਕੁਰਬਾਨੀਆਂ ਦੇਣੀਆਂ ਪਈਆਂ, ਜਿਨ੍ਹਾਂ ਵਿੱਚੋਂ ਦਰਬਾਰ ਸਾਹਿਬ ਤਰਨ ਤਾਰਨ ਦੇ ਮਹੰਤ ਦੇ ਗੁੰਡਿਆਂ ਵੱਲੋਂ ਸਰੋਵਰ ਦੇ ਜਲ ਵਿੱਚ ਸ਼ਰਾਬ ਦੀਆਂ ਬੋਤਲਾਂ ਠੰਡੀਆਂ ਕੀਤੇ ਜਾਣ ਅਤੇ ਦਰਬਾਰ ਸਾਹਿਬ ਵਿੱਚ ਸ਼ਰੇਆਮ ਬੀਬੀਆਂ ਦੀ ਪੱਤ ਲੁੱਟੇ ਜਾਣ ਵਿਰੁੱਧ ਆਵਾਜ਼ ਉਠਾਉਣ ਵਾਲੇ ਭਾਈ ਹਜਾਰਾ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਮੱਥਾ ਟੇਕਦੇ ਸਮੇਂ 31 ਜਨਵਰੀ 1921 ਨੂੰ ਟਕੂਏ ਨਾਲ ਸ਼ਹੀਦ ਕਰ ਦੇਣਾ; ਨਨਕਾਣਾ ਸਾਹਿਬ ਵਿਖੇ 21 ਫਰਵਰੀ ਸੰਨ 1921 ਨੂੰ ਵਾਪਰੇ ਸ਼ਹੀਦੀ ਸਾਕੇ ਦੌਰਾਨ ਅਨੇਕਾਂ ਹੋਰ ਸਿੰਘਾਂ ਸਮੇਤ ਭਾਈ ਲਛਮਣ ਸਿੰਘ ਧਾਰੋਵਾਲੀ ਨੂੰ ਜੰਡ ਨਾਲ ਬੰਨ੍ਹ ਕੇ ਸਾੜਿਆ ਗਿਆ ਅਤੇ ਭਾਈ ਦਲੀਪ ਸਿੰਘ ਨੂੰ ਭਖਦੇ ਭੱਠ ਵਿੱਚ ਸੁੱਟ ਕੇ ਸ਼ਹੀਦ ਕੀਤੇ ਜਾਣਾ, 8 ਅਗਸਤ 1922 ਤੋਂ 14 ਮਾਰਚ 1923 ਈ: ਤੱਕ ਚੱਲਿਆ ਗੁਰੂ ਕਾ ਬਾਗ ਮੋਰਚਾ ਅਤੇ ਇਸੇ ਮੋਰਚੇ ਦੌਰਾਨ ਗ੍ਰਿਫ਼ਤਾਰ ਕੀਤੇ ਸਿੰਘਾਂ ਨੂੰ ਅਟਕ ਦੀ ਜੇਲ੍ਹ ਵਿੱਚ ਤਬਦੀਲ ਕਰਨ ਲਈ ਲਿਜਾ ਰਹੀ ਰੇਲ ਗੱਡੀ ਵਿੱਚ ਸਵਾਰ ਕੈਦੀ ਸਿੰਘਾਂ ਨੂੰ ਰੋਕ ਕੇ ਗੁਰੂ ਕਾ ਲੰਗਰ ਛਕਾਉਣ ਅਤੇ ਟਹਿਲ ਸੇਵਾ ਕਰਨ ਦੇ ਮਕਸਦ ਨਾਲ ਗੁਰਦੁਆਰਾ ਪੰਜਾ ਸਾਹਿਬ ਦੇ ਨੇੜਲੇ ਰੇਲਵੇ ਸਟੇਸ਼ਨ ਹਸਨ ਅਬਦਾਲ (ਹੁਣ ਪਾਕਿਸਤਾਨ) ਵਿਖੇ ਰੇਲ ਗੱਡੀ ਰੋਕਦੇ ਸਮੇਂ ਰੇਲਵੇ ਲਾਈਨ ’ਤੇ ਪਏ ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ 29 ਅਕਤੂਬਰ 1922 ਈ: ਨੂੰ ਰੇਲ ਗੱਡੀ ਹੇਠ ਆ ਕੇ ਗੰਭੀਰ ਰੂਪ ਵਿਚ ਜ਼ਖਮੀ ਹੋਣ ਉਪਰੰਤ ਦੋ ਦਿਨਾਂ ਬਾਅਦ ਦੋਵਾਂ ਦਾ ਹੀ 31 ਅਕਤੂਬਰ ਨੂੰ ਸ਼ਹਾਦਤ ਪ੍ਰਾਪਤ ਕਰ ਜਾਣਾ ਅਤੇ 8 ਜੂਨ 1923 ਨੂੰ ਅਰੰਭ ਹੋ ਕੇ ਪੌਣੇ ਦੋ ਸਾਲ ਤੋਂ ਵੀ ਵੱਧ ਸਮੇਂ ਤੱਕ ਸਾਰੇ ਸਿੱਖ ਮੋਰਚਿਆਂ ਤੋਂ ਲੰਮਾ ਸਮਾਂ ਜਾਰੀ ਰਹਿਣ ਵਾਲੇ ਗੰਗਸਰ ਜੈਤੋ ਦੇ ਮੋਰਚੇ ਵਿੱਚ 21 ਫਰਵਰੀ 1924 ਨੂੰ ਪੁਲਿਸ ਵੱਲੋਂ ਚਲਾਈ ਗੋਲ਼ੀ ਦੌਰਾਨ 300 ਸਿੰਘ ਗੋਲ਼ੀ ਦਾ ਸ਼ਿਕਾਰ ਹੋਏ, ਜਿਨ੍ਹਾਂ ਵਿੱਚੋਂ 100 ਸਿੰਘ ਸ਼ਹਾਦਤ ਹਾਸਲ ਕਰ ਗਏ। ਗੁਰਦੁਆਰਾ ਸੁਧਾਰ ਲਹਿਰ ਦੌਰਾਨ ਵਾਪਰੇ ਸਾਰੇ ਖ਼ੂਨੀ ਸਾਕਿਆਂ ਦਾ ਇੱਕੋ ਲੇਖ ਵਿੱਚ ਵਿਸਥਾਰ ਸਹਿਤ ਵਰਣਨ ਕਰਨਾ ਅਸੰਭਵ ਹੈ ਪਰ ਮੋਟੇ ਤੌਰ ’ਤੇ ਤਕਰੀਬਨ 6 ਸਾਲ ਚੱਲੇ ਇਸ ਜਥੇਬੰਦਕ ਸੰਘਰਸ਼ ਦੌਰਾਨ 30 ਹਜ਼ਾਰ ਸਿੰਘਾਂ ਨੇ ਜੇਲ੍ਹਾਂ ਕੱਟੀਆਂ, 400 ਦੀਆਂ ਜਾਨਾਂ ਗਈਆਂ, 2 ਹਜ਼ਾਰ ਜ਼ਖਮੀ ਹੋਏ ਤੇ 700 ਮੁਲਾਜ਼ਮ ਬਰਖਾਸਤ ਕੀਤੇ ਗਏ, 15 ਲੱਖ ਤੋਂ ਵੱਧ ਜੁਰਮਾਨਾ ਭਰਿਆ। ਅਖੀਰ ਅੰਗਰੇਜ਼ ਸਾਮਰਾਜ ਨੂੰ ਸੰਗਠਿਤ ਸਿੱਖ ਸ਼ਕਤੀ ਅੱਗੇ ਗੋਡੇ ਟੇਕਣੇ ਪਏ। ਸਿੱਖ ਗੁਰਦੁਆਰਾ ਐਕਟ ਬਣਾਉਣ ਲਈ 9 ਜੁਲਾਈ 1925 ਨੂੰ ਪੇਸ਼ ਕੀਤਾ ਗਿਆ ਬਿਲ ਸਿਮਲਾ ਇਜਲਾਸ ਵਿੱਚ ਪਾਸ ਕਰ ਦਿੱਤਾ ਗਿਆ। 28 ਜੁਲਾਈ 1925 ਦੇ ਦਿਨ ਗਵਰਨਰ ਵੱਲੋਂ ਦਸਤਖਤ ਕਰਨ ’ਤੇ ਇਹ ਬਿੱਲ ਐਕਟ ਬਣ ਗਿਆ। ਜੁਲਾਈ 1925 ਵਿੱਚ ਸਿੱਖ ਗੁਰਦੁਆਰਾ ਐਕਟ ਬਣ ਜਾਣ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਾਰ ਦੀ ਪਹਿਲੀ ਲੋਕਤੰਤਰੀ ਢੰਗ ਨਾਲ ਧਾਰਮਿਕ ਅਸਥਾਨਾਂ ਦਾ ਪ੍ਰਬੰਧ ਕਰਨ ਵਾਲੀ ਸ਼੍ਰੋਮਣੀ ਸੰਸਥਾ ਬਣੀ। ਅਕਾਲੀ ਲਹਿਰ ਨੇ ਗੁਰਦੁਆਰਾ ਚੋਣਾਂ ਵਿੱਚ ਪਹਿਲੀ ਵਾਰ ਸਿੱਖ ਬੀਬੀਆਂ ਨੂੰ ਵੋਟ ਦਾ ਅਧਿਕਾਰ ਦਿਵਾਇਆ। 18 ਜੂਨ 1926 ਨੂੰ ਗੁਰਦੁਆਰਾ ਐਕਟ ਅਧੀਨ ਪਹਿਲੀ ਵਾਰ ਚੋਣ ਹੋਈ ਜਿਸ ਵਿੱਚ ਜੇਲ੍ਹਾਂ ਵਿੱਚ ਬੰਦ ਹੋਣ ਦੇ ਬਾਵਜੂਦ ਜੁਝਾਰੂ ਸਿੱਖ ਉਮੀਦਵਾਰਾਂ ਨੇ ਨਿਰਮਲੇ (ਮਹੰਤ) ਧੜੇ ਦੇ ਸਿੱਖਾਂ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ। ਇਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖਾਂ ਦੀ ਚੁਣੀ ਹੋਈ ਸ਼੍ਰੋਮਣੀ ਸੰਸਥਾ ਹੋਣ ਦਾ ਮਾਣ ਹਾਸਲ ਹੋਇਆ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਦੇ ਪਿਛੋਕੜ ’ਚ ਇਹ ਤੱਥ ਵਧੇਰੇ ਪ੍ਰਮਾਣਿਕ ਹੈ ਕਿ ਸਿੱਖਾਂ ਨੇ ਕਦੇ ਵੀ ਆਪਣੇ ਪਵਿੱਤਰ ਗੁਰਧਾਮਾਂ ’ਤੇ ਸਰਕਾਰੀ ਪ੍ਰਬੰਧ ਅਤੇ ਦਖ਼ਲ ਨੂੰ ਬਰਦਾਸ਼ਤ ਨਹੀਂ ਕੀਤਾ। ਗੁਰਦੁਆਰਾ ਸੰਸਥਾ, ਸਿੱਖ ਧਰਮ ਅਤੇ ਇਸ ਨਾਲ ਜੁੜੇ ਸੰਕਲਪਾਂ ਅਤੇ ਸਰੋਕਾਰਾਂ ਦੀ ਕੇਂਦਰੀ ਸੰਸਥਾ ਹੋਣ ਕਰ ਕੇ ਸ਼ੁਰੂ ਤੋਂ ਹੀ ਸਿੱਖਾਂ ਨੂੰ ਕਮਜ਼ੋਰ ਕਰਨ ਲਈ ਹਕੂਮਤਾਂ ਗੁਰਦੁਆਰਾ ਸੰਸਥਾ ਵਿੱਚ ਦਖ਼ਲ ਦੇਣ ਦੀਆਂ ਕੋਸ਼ਿਸ਼ਾਂ ਕਰਦੀਆਂ ਆਈਆਂ ਹਨ। ਅੰਗਰੇਜ਼ਾਂ ਨੇ ਮੁਕੰਮਲ ਪੰਜਾਬ ਨੂੰ ਆਪਣੇ ਰਾਜ-ਭਾਗ ਵਿੱਚ ਮਿਲਾਉਣ ਤੋਂ ਬਾਅਦ ਆਪਣੇ ਪਿੱਠੂ ਭ੍ਰਿਸ਼ਟ ਮਹੰਤਾਂ ਨੂੰ ਗੁਰਦੁਆਰਿਆਂ ’ਤੇ ਕਾਬਜ਼ ਕਰਾ ਦਿੱਤਾ ਸੀ। ਇਨ੍ਹਾਂ ਮਹੰਤਾਂ ਨੇ ਜਿੱਥੇ ਗੁਰੂ-ਘਰ ਦੇ ਚੜ੍ਹਾਵੇ ਦੀ ਮਾਇਆ ਨੂੰ ਆਪਣੀ ਐਸ਼ੋ-ਇਸ਼ਰਤ ਲਈ ਵਰਤਣਾ ਸ਼ੁਰੂ ਕੀਤਾ, ਉੱਥੇ ਗੁਰਦੁਆਰਿਆਂ ਅੰਦਰੋਂ ਸਿੱਖਾਂ ਨੂੰ ਮਿਲਦੀ ਚੇਤਨਾ ਨੂੰ ਰੋਕਣ ਲਈ ਗੁਰਧਾਮਾਂ ਅੰਦਰ ਗੁਰਮਤਿ-ਵਿਰੋਧੀ, ਮਨਮਤੀ ਅਤੇ ਕਰਮਕਾਂਡੀ ਅਡੰਬਰ ਪ੍ਰਚਲਿਤ ਕਰ ਦਿੱਤੇ। ਸਿੱਖ ਧਰਮ ਦੀ ਮੂਲ ਭਾਵਨਾ ਦੇ ਵਿਰੁੱਧ ਗੁਰਦੁਆਰਿਆਂ ’ਚ ਛੂਤ-ਛਾਤ ਕੀਤਾ ਜਾਣ ਲੱਗਾ ਅਤੇ ਅਖੌਤੀ ਨੀਵੀਆਂ ਜਾਤਾਂ ਦੇ ਲੋਕਾਂ ਨਾਲ ਨੀਵਾਂ ਵਿਹਾਰ ਕੀਤਾ ਜਾਣ ਲੱਗਾ। ਗੁਰਦੁਆਰਿਆਂ ਅੰਦਰ ਮੂਰਤੀ ਪੂਜਾ ਦੀ ਪ੍ਰਥਾ ਚਲਾ ਦਿੱਤੀ। ਦੇਖਣ ਦੀ ਲੋੜ ਹੈ ਕਿ ਇਤਨੀਆਂ ਕੁਰਬਾਨੀਆਂ ਉਪਰੰਤ ਬਣੀ ਅੱਜ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਉਪਰਲੀਆਂ ਤਰੁੱਟੀਆਂ ਦੂਰ ਕਰਨ ਵਿੱਚ ਸਫਲ ਹੈ ? ਕੀ ਧਰਮ ਪ੍ਰਚਾਰ ਰਾਹੀਂ ਸਿੱਖੀ ਦੇ ਬੂਟੇ ਨੂੰ ਪ੍ਰਫੁਲਿਤ ਕਰ ਰਹੀ ਹੈ ? ਕੀ ਜਿਨ੍ਹਾਂ ਦੇਵੀ ਦੇਵਤਿਆਂ ਦੀ ਮੂਰਤੀਆਂ ਚੁਕਾਉਣ ਲਈ ਸਿੱਖ ਕੌਮ ਨੇ ਇਤਨੀਆਂ ਕੁਰਬਾਨੀਆਂ ਦਿੱਤੀਆਂ ਅੱਜ ਉਨ੍ਹਾਂ ਹੀ ਗੁਰਦੁਆਰਿਆਂ ਦੀ ਸਟੇਜਾਂ ਤੋਂ ਪੁਰਾਤਨ ਮਹੰਤਾਂ ਦੀ ਰਹਿੰਦ ਖੂੰਹਦ ਵੱਲੋਂ ਤਿਆਰ ਕੀਤੇ ਮਨਮਤੀ ਪ੍ਰਚਾਰਕ ਉਨ੍ਹਾਂ ਹੀ ਦੇਵੀ ਦੇਵਤਿਆਂ ਦੀਆਂ ਪੁਰਾਣਿਕ ਕਹਾਣੀਆਂ ਸੁਣਾ ਕੇ ਇਹ ਪ੍ਰਚਾਰ ਨਹੀਂ ਕਰ ਰਹੇ ਕਿ ਗੁਰੂ ਸਾਹਿਬਾਨ ਜੀ ਰਾਮ ਚੰਦਰ ਦਾ ਹੀ ਅਵਤਾਰ ਹਨ ਅਤੇ ਸਿੱਖ ਕੌਮ (ਰਾਮ ਦੇ ਪੁੱਤਰ) ਲਵ, ਕੁਸ਼ ਦੀ ਔਲਾਦ ਹੈ ? ਕੀ ਮਨੋਕਲਪਿਤ ਵਿਸ਼ਵਕਰਮਾ ਦਿਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਨਹੀਂ ਮਨਾਏ ਜਾ ਰਹੇ ? ਜਿਸ ਤਰ੍ਹਾਂ ਮਹੰਤਾਂ ਦੇ ਸਮੇਂ ਸ਼ਬਦ-ਗੁਰੂ ਦੇ ਸਿਧਾਂਤ ਨਾਲੋਂ ਤੋੜਨ ਲਈ ਅਨਮਤੀ ਤਿਉਹਾਰ ਮਨਾਉਣ, ਫੋਕਟ ਕਰਮਕਾਂਡ ਕਰਨ ਅਤੇ ਦੇਹਧਾਰੀ ਪੂਜਾ ਨੂੰ ਬੜਾਵਾ ਦਿੱਤਾ ਜਾਂਦਾ ਰਿਹਾ ਹੈ, ਕੀ ਉਸੇ ਤਰ੍ਹਾਂ ਅੱਜ ਦੀ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਉਨ੍ਹਾਂ ਵੱਲੋਂ ਥਾਪੇ ਜਥੇਦਾਰ, ਅਜੇਹੇ ਕਰਮਕਾਂਡ ਅਤੇ ਸਿੱਖ ਰਹਿਤ ਮਰਿਆਦਾ ਦੇ ਦੁਸ਼ਮਣ ਡੇਰੇਦਾਰ ਮਹੰਤ ਕਮਜੋਰ ਹੋਏ ਹਨ ਜਾਂ ਸਾਡੀ ਸਿਰਮੋਰ ਜਥੇਬੰਦੀ ’ਤੇ ਕਾਬਜ਼ ਹਨ ? ਜਿਸ ਤਰ੍ਹਾਂ ਅੰਗਰੇਜ਼ ਸਰਕਾਰ ਨੂੰ ਖ਼ੁਸ਼ ਕਰਨ ਲਈ ਅਕਾਲ ਤਖ਼ਤ ਦੇ ਜਥੇਦਾਰ ਅਰੂੜ ਸਿੰਘ ਨੇ ਦੇਸ਼ ਅਤੇ ਕੌਮ ਲਈ ਆਪਾ ਵਾਰਨ ਵਾਲੇ ਬਜਬਜ ਘਾਟ ਦੇ ਸ਼ਹੀਦ ਸਿਦਕੀ ਸਿੰਘਾਂ ਨੂੰ ਸਿੱਖ ਨਾ ਹੋਣ ਦਾ ਐਲਾਨ ਕੀਤਾ ਅਤੇ ਜਲ੍ਹਿਆਂ ਵਾਲੇ ਬਾਗ ਕਾਂਡ ਦੇ ਦੋਸ਼ੀ/ਮਨੁੱਖਤਾ ਦੇ ਕਾਤਲ ਜਨਰਲ ਡਾਇਰ ਨੂੰ ਸਿਰੋਪਾ ਦਿੱਤਾ ਤੇ ਟੋਪੀ ਵਾਲਾ ਸਿੱਖ ਕਹਿ ਕੇ ਸਨਮਾਨਤ ਕੀਤਾ; ਕੀ ਅਜੋਕਾ ਗੁਰਦੁਆਰਾ ਪ੍ਰਬੰਧ ਅਜਿਹੀ ਸੋਚ ਤੋਂ ਮੁਕਤ ਹੋ ਸਕਿਆ ਹੈ ?

ਜਿਹੜੀ ਆਚਰਨਹੀਣਤਾ ਉਸ ਸਮੇਂ ਦੇ ਮਹੰਤਾਂ ਵਿੱਚ ਆ ਚੁੱਕੀ ਸੀ, ਕੀ ਵੈਸੀ ਗਿਰਾਵਟ ਅੱਜ ਦੇ ਚੁਣੇ ਹੋਏ ਸ਼੍ਰੋਮਣੀ ਕਮੇਟੀ ਮੈਂਬਰਾਂ ਵਿੱਚ ਨਹੀਂ ? ਫਰਕ ਸਿਰਫ਼ ਇਤਨਾ ਹੀ ਹੈ ਕਿ ਮਹੰਤਾਂ ਨੂੰ ਅੰਗਰੇਜ਼ ਸਰਕਾਰ ਨਿਯੁਕਤ ਕਰਦੀ ਸੀ ਤੇ ਇਨ੍ਹਾਂ ਪ੍ਰਬੰਧਕਾਂ ਨੂੰ ਅਸੀਂ ਆਪਣੀ ਵੋਟ ਸ਼ਕਤੀ ਨਾਲ ਨਿਯੁਕਤ ਕਰਦੇ ਹਾਂ ਜਾਂ ਇਉਂ ਕਹਿ ਲਈਏ ਕਿ ਸਾਡੇ ਲੀਡਰ ਗੁਰੂ ਦੀ ਗੋਲਕ ਦਾ ਦੁਰਪ੍ਰਯੋਗ ਕਰ ਕੇ ਸਾਡੇ ਵਿੱਚ ਨਸ਼ੇ ਵੰਡ ਕੇ ਅਜਿਹੇ ਕਿਰਦਾਰਾਂ ਨੂੰ ਜਿਤਵਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ। ਮਹਾਨ ਕੁਰਬਾਨੀਆਂ ਨਾਲ ਹੋਂਦ ਵਿੱਚ ਆਈਆਂ ਇਨ੍ਹਾਂ ਪੰਥਕ ਜਥੇਬੰਦੀਆਂ ਨੂੰ ਕੁਝ ਸਰਕਾਰੀ ਸੋਚ ਨੇ ਆਪਣੇ ਅਧੀਨ ਕਰ ਲਿਆ ਹੈ ਤੇ ਕੁਝ ਸਾਡੇ ਵਿੱਚ ਵੀ ਇਸ ਗਿਰਾਵਟ ਨੂੰ ਵੇਖਣ ਸਮਝਣ ਦੀ ਸਮਰੱਥਾ ਨਹੀਂ ਰਹੀ, ਜਿਸ ਕਾਰਨ ਦੁਨੀਆਂ ਭਰ ਵਿੱਚ ਗੁਰਮਤਿ ਸਿਧਾਂਤਾਂ ਦੀ ਵਿਲੱਖਣਤਾ ਨੂੰ ਅਲੋਪ ਕੀਤਾ ਜਾ ਰਿਹਾ ਹੈ, ਜਿਸ ਨਾਲ ਪੰਥ ਦੋਖੀ ਸ਼ਕਤੀਆਂ ’ਚ ਖ਼ੁਸ਼ੀ ਹੈ। ਇਹ ਵੀ ਹੋ ਸਕਦਾ ਹੈ ਕਿ ਅਜੋਕੇ ਸਿੱਖ ਲੀਡਰਾਂ ਨੂੰ ਚੁਣਾਵ ਲੜਨ ਜਾਂ ਲੜਾਉਣ ਲਈ ਪੈਸਾ ਵੀ ਅੰਗਰੇਜ਼ਾਂ ਵਾਙ ਪੰਥ ਦੋਖੀ ਸ਼ਕਤੀਆਂ ਪਾਸੋਂ ਹੀ ਮਿਲਦਾ ਹੋਵੇ ਅਤੇ ਸੁਆਰਥੀ ਤੇ ਪੰਥ ਵਿਰੋਧੀ ਕਿਸਮ ਦੇ ਆਗੂਆਂ ਨੂੰ ਚੋਣਾਂ ਜਿਤਾਉਣ ਲਈ ਸਰਕਾਰੀ ਮਸ਼ੀਨਰੀ ਦਾ ਦੁਰ-ਉਪਜੋਗ ਕੀਤਾ ਜਾਂਦਾ ਹੋਵੇ ਤਾਂ ਕਿ ਅੰਗਰੇਜ਼ਾਂ ਦੀ ਨੀਤੀ ਵਾਙ ਗੁਰਦੁਆਰਾ ਪ੍ਰਬੰਧ ਨੂੰ ਸਰਕਾਰੀ ਕਬਜ਼ੇ ਅਧੀਨ ਰੱਖਿਆ ਜਾ ਸਕੇ।

ਅਜਿਹੇ ਹਾਲਾਤ ਸਿਰਜਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਆਈ ਇਸ ਗਿਰਾਵਟ ਦਾ ਮੁੱਖ ਕਾਰਨ ਇਹ ਹੈ ਕਿ ਮੈਂਬਰਾਂ ਦੀ ਗੁਣਾਂ ਦੇ ਅਧਾਰ ’ਤੇ ਸਿੱਖਾਂ ਵੱਲੋਂ ਚੋਣ (Selection) ਹੋਣ ਦੀ ਬਜਾਏ ਭਾਰਤੀ ਕਾਨੂੰਨ ਅਧੀਨ ਵੋਟ ਪਰਚੀ ਰਾਹੀਂ ਚੋਣ (Electon) ਹੋਣ ਦਾ ਢੰਗ ਅਪਣਾਏ ਜਾਣ ਸਦਕਾ ਚੰਗੇ ਕਿਰਦਾਰ ਵਾਲੇ ਗੁਰਮਤਿ ਨੂੰ ਪ੍ਰਣਾਏ ਸਿੱਦਕੀ ਸਿੰਘਾਂ ਦਾ ਅੱਗੇ ਆਉਣਾ ਭਾਵ ਚੋਣ ਜਿੱਤਣਾ ਅਸੰਭਵ ਹੈ। ਸਾਮ, ਦਾਮ (ਦਾਨ), ਦੰਡ, ਭੇਦ ਨਾਲ ਪ੍ਰਾਪਤ ਕੀਤੀ ਭਾਵ ਜਿੱਤੀ ਚੋਣ ਉਪਰੰਤ ਗੁਰੂ ਦੀ ਗੋਲਕ ਦਾ ਇਸਤੇਮਾਲ ਵਿਰੋਧੀ ਪੰਥਕ ਧਿਰਾਂ ਨੂੰ ਖ਼ਤਮ ਕਰਨ ਲਈ ਹੁੰਦਾ ਹੈ ਜਿਸ ਨਾਲ ਆਪਸੀ ਪਿਆਰ ਘਟ ਗਿਆ ਹੈ ਤੇ ਰਾਜਨੀਤਿਕ ਵਿਰੋਧ ਕਾਰਨ ਗੁਰਦੁਆਰਿਆਂ ’ਚ ਲੜਾਈਆਂ-ਝਗੜੇ ਹੋਣ ਸ਼ੁਰੂ ਹੋ ਗਏ ਹਨ। ਅੰਗਰੇਜ਼ਾਂ ਸਮੇਂ ਤਾਂ ਦੁਸ਼ਮਣ ਦੀ ਪਹਿਚਾਣ ਕਰਨੀ ਆਸਾਨ ਸੀ ਪਰ ਹੁਣ ਤਾਂ ਕੇਸਾਧਾਰੀ ਕਾਲ਼ੇ ਅੰਗਰੇਜ਼ਾਂ ਨੇ ਆਪਸੀ ਏਕਤਾ ਦੀ ਬਜਾਇ ਦੁਸ਼ਮਣੀ ਦਾ ਬੀ ਵੱਧ ਬੋ ਦਿੱਤਾ ਹੈ। ਰਾਜਸੀ ਸ਼ਕਤੀ ਦੀ ਦੁਰਵਰਤੋਂ ਅਤੇ ਦਖ਼ਲ-ਅੰਦਾਜ਼ੀ ਕਾਰਨ ਅਕਾਲ ਤਖ਼ਤ ਸਾਹਿਬ ਉੱਤੇ ਵਿਸ਼ਵਾਸ ਦਿਨ ਪ੍ਰਤੀ ਦਿਨ ਘਟਦਾ ਜਾ ਰਿਹਾ ਹੈ, ਜਿਸ ਕਾਰਨ ਸਿੱਖ ਰਹਿਤ ਮਰਿਆਦਾ ਨੂੰ ਲਾਗੂ ਕਰਵਾਉਣਾ ਤੇ ਇਤਿਹਾਸਕ ਸਮੱਗਰੀ ’ਚ ਕੀਤੀ ਗਈ ਮਿਲਾਵਟ, ਆਦਿ ਵਿਸ਼ਿਆਂ ਦੇ ਸਹਿਮਤੀ ਬਣਾਉਣਾ, ਪਿੱਛੇ ਰਹਿ ਗਿਆ ਹੈ। ਜ਼ਰੂਰਤ ਤਾਂ ਇਸ ਗੱਲ ਦੀ ਹੈ ਕਿ ਅਸੀਂ ਆਪਣੇ ਆਪਸੀ ਮਤਭੇਦ ਭੁਲਾ ਕੇ ਅਜੋਕੇ ਆਧੁਨਿਕ ਸਾਧਨਾਂ ਰਾਹੀਂ ਗੁਰਮਤਿ ਦਾ ਵੱਧ ਤੋਂ ਵੱਧ ਲਾਭ ਮਾਨਵਤਾ ਨੂੰ ਪਹੁੰਚਾਉਣ ਦਾ ਯਤਨ ਕਰੀਏ ਕਿਉਂਕਿ ਗੁਰਬਾਣੀ ਹੈ ਹੀ ਇੱਕ ਸਰਬ ਪ੍ਰਮਾਣਿਤ, ਸਮਾਜਿਕ ਤੇ ਆਧੁਨਿਕ ਵਿਗਿਆਨਿਕ ਧਰਮ।

ਅੱਜ ਜਦੋਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਰ ਸਾਲ ਸਥਾਪਨਾ ਦਿਵਸ ਮਨਾਉਂਦੇ ਆ ਰਹੇ ਹਾਂ ਤਾਂ ਸਿੱਖ ਵਿਰਸੇ ਦੇ ਵਾਰਸ ਅਖਵਾਉਣ ਵਾਲੇ ਸਾਨੂੰ ਸਾਰੇ ਹੀ ਸਿੱਖਾਂ ਤੇ ਖਾਸ ਕਰ ਕੇ ਮੁਖੀ ਆਗੂਆਂ (ਪ੍ਰਚਾਰਕਾਂ) ਨੂੰ ਇਕੱਠਿਆਂ ਬੈਠ ਕੇ ਸੋਚਣ ਦੀ ਭਾਰੀ ਲੋੜ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਆਈਆਂ ਕੁਰੀਤੀਆਂ ਦੇ ਸੁਧਾਰ ਲਈ ਮੌਜੂਦਾ ਸਿਸਟਮ ਵਿੱਚ ਹੀ ਸੰਗਠਿਤ ਹੋ ਕੇ ਚੋਣ ਵਿਧੀ ਰਾਹੀਂ ਕਾਬਜ਼ ਹੋਇਆ ਜਾਏ ਤਾਂ ਜੋ ਆਚਰਣਹੀਣ, ਭ੍ਰਿਸ਼ਟ ਅਤੇ ਗੁਰਮਤਿ ਤੋਂ ਸੱਖਣੇ ਸਿਆਸੀ ਆਗੂਆਂ ਨੂੰ ਗੁਰਦੁਆਰਾ ਪ੍ਰਬੰਧਾਂ ਤੋਂ ਦੂਰ ਕਰ ਸਕੀਏ ਜਾਂ ਭਾਈ ਹਜਾਰਾ ਸਿੰਘ, ਭਾਈ ਲਛਮਣ ਸਿੰਘ ਧੀਰੋਵਾਲ, ਭਾਈ ਕਰਮ ਸਿੰਘ ਅਤੇ ਭਾਈ ਪ੍ਰਤਾਪ ਸਿੰਘ, ਆਦਿਕ ਸ਼ਹੀਦਾਂ ਪਾਸੋਂ ਸੇਧ ਲੈ ਕੇ ਭਾਰਤੀ ਕਾਨੂੰਨ ਅਧੀਨ ਵੋਟ ਪਰਚੀ ਰਾਹੀਂ (Electon) ਕਰਨ ਦੀ ਬਿਧੀ ਨੂੰ ਜਿਉਂ ਦਾ ਤਿਉਂ ਕਾਇਮ ਰੱਖਣ ਦੀ ਬਜਾਏ ਸਾਰੇ ਹੀ ਸਿੱਖ, ਦੇਸ਼-ਵਿਦੇਸ਼ ਵਿੱਚ ਵੱਸਦੇ ਸਾਰੇ ਗੁਰਦੁਆਰਾ ਪ੍ਰਬੰਧਕਾਂ/ਪ੍ਰਚਾਰਕਾਂ ਦੀ ਮਦਦ ਸਮੇਤ ਗੁਣਾਂ ਦੇ ਆਧਾਰ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ (Selection) ਕਰਨ ਦਾ ਤਰੀਕਾ ਲਾਗੂ ਕਰਵਾਉਣ ਲਈ ਉਸੇ ਤਰ੍ਹਾਂ ਦੂਸਰੀ ਗੁਰਦੁਆਰਾ ਸੁਧਾਰ ਲਹਿਰ ਆਰੰਭੀ ਜਾਏ; ਜਿਵੇਂ ਕਿ ਕਿਰਦਾਰਹੀਣ, ਸੁਆਰਥੀ ਤੇ ਭ੍ਰਸ਼ਟ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਉਣ ਲਈ ਪੁਰਤਾਨ ਸਿੰਘਾਂ ਨੇ ਬੇਅੰਤ ਕੁਰਬਾਨੀਆਂ ਦੀ ਪ੍ਰਵਾਹ ਨਾ ਕਰਦਿਆਂ ਆਰੰਭੀ ਸੀ।