ਨਿੰਦਾ ਹੋਇ ਤ ਬੈਕੁੰਠਿ ਜਾਈਐ

0
305

ਬਰਸੀ ’ਤੇ ਵਿਸ਼ੇਸ਼

ਨਿੰਦਾ ਹੋਇ ਤ ਬੈਕੁੰਠਿ ਜਾਈਐ

(ਪ੍ਰੋ. ਪ੍ਰੀਤਮ ਸਿੰਘ ਦੀ ਨਸੀਹਤ)

ਡਾ. ਹਰਸ਼ਿੰਦਰ ਕੌਰ (ਪਟਿਆਲਾ)-0175-2216783

ਸਮਾਂ ਤਾਂ ਚੇਤੇ ਨਹੀਂ ਪਰ ਇੱਕ ਦਿਨ ਮੈਨੂੰ ਉਦਾਸ ਵੇਖ ਕੇ ਭਾਪਾ ਜੀ ਨੇ ਕਾਰਨ ਪੁੱਛਿਆ ਤਾਂ ਮੈਂ ਦੱਸਿਆ ਕਿ ਫਲਾਣੇ ਨੇ ਮੇਰੇ ਬਾਰੇ ਮਾੜਾ ਕਿਹਾ। ਮੈਨੂੰ ਬਹੁਤ ਭੈੜਾ ਮਹਿਸੂਸ ਹੋ ਰਿਹਾ ਹੈ। ਦਿਲ ਕਰਦਾ ਹੈ ਕਿ ਉਸ ਦਾ ਮੂੰਹ ਤੋੜ ਆਵਾਂ। ਉਹ ਮੇਰੇ ਬਾਰੇ ਉੱਕਾ ਹੀ ਝੂਠ ਬੋਲ ਰਿਹਾ ਹੈ।

ਭਾਪਾ ਜੀ ਨੇ ਗੱਲ ਇੱਧਰ-ਉੱਧਰ ਕਰਨ ਦੀ ਕੋਸ਼ਿਸ਼ ਕੀਤੀ ਤੇ ਹੋਰ ਗੱਲਾਂ ਵਿੱਚ ਮੈਨੂੰ ਉਲਝਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਮੈਂ ਘੁੰਮ ਫਿਰ ਕੇ ਉਸੇ ਨੁਕਤੇ ਉੱਤੇ ਆ ਰੁੱਕਦੀ ਸੀ।

ਅਖ਼ੀਰ ਭਾਪਾ ਜੀ ਕਮਰੇ ਅੰਦਰ ਗਏ ਤੇ ਮੇਰੇ ਅੱਗੇ ਮੇਰੇ ਨਾਨਾ ਜੀ ਪ੍ਰੋ. ਸਾਹਿਬ ਸਿੰਘ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਦੀ ਪੋਥੀ ਲਿਆ ਧਰੀ। ਵਰਕੇ ਪਲਟ ਕੇ ਮੇਰੇ ਅੱਗੇ ਧਰ ਦਿੱਤੇ ਕਿ ਇਹ ਪੜ੍ਹ ਕੇ ਦੱਸ ਕਿ ਇਸ ਦਾ ਕੀ ਅਰਥ ਲਿਖਿਆ ਹੈ !

ਮੈਂ ਪੜ੍ਹਿਆ, ‘‘ਨਿੰਦਉ ਨਿੰਦਉ ਮੋਕਉ ਲੋਗੁ ਨਿੰਦਉ।’’ ਭਾਪਾ ਜੀ ਕਹਿਣ ਲੱਗੇ, ‘‘ਤੈਨੂੰ ਅਜੀਬ ਨਹੀਂ ਲੱਗਦਾ ਕਿ ਗੁਰਬਾਣੀ ਵਿੱਚ ਭਗਤ ਕਬੀਰ ਜੀ ਕਹਿ ਰਹੇ ਹਨ ਕਿ ਲੋਕ ਉਨ੍ਹਾਂ ਦੀ ਨਿੰਦਿਆ ਕਰਨ ? ਇੱਕ ਗੱਲ ਤਾਂ ਸਪਸ਼ਟ ਹੋ ਗਈ ਕਿ ਤੇਰੇ ਜੰਮਣ ਤੋਂ ਪਹਿਲਾਂ ਵੀ ਲੋਕ ਨਿੰਦਿਆ ਕਰਦੇ ਹੁੰਦੇ ਸਨ ! ਪਰ ਭਗਤ ਕਬੀਰ ਜੀ ਵਰਗੇ ਵੀ ਆਪਣੀ ਨਿੰਦਿਆ ਮੰਗਦੇ ਹੋਣ ਤਾਂ ਉਸ ਦਾ ਮਤਲਬ ਕਿੰਨਾ ਡੂੰਘਾ ਹੋਵੇਗਾ। ਕੋਈ ਖ਼ਾਸ ਗੱਲ ਤਾਂ ਜ਼ਰੂਰ ਹੋਵੇਗੀ। ਲੋਕ ਆਪਣੀ ਤਾਰੀਫ਼ ਸੁਣਨਾ ਚਾਹੁੰਦੇ ਹਨ, ਨਿੰਦਾ ਨਹੀਂ। ਅੱਗੇ ਪੜ੍ਹ।’’

ਮੈਂ ਪੜ੍ਹਿਆ,‘‘ਜਗਤ ਬੇਸ਼ੱਕ ਮੇਰੀ ਨਿੰਦਾ ਕਰੇ। ਬੇਸ਼ੱਕ ਮੇਰੇ ਔਗੁਣ ਭੰਡੇ। ਪ੍ਰਭੂ ਦੇ ਸੇਵਕ ਨੂੰ ਆਪਣੀ ਨਿੰਦਿਆ ਹੁੰਦੀ ਚੰਗੀ ਲੱਗਦੀ ਹੈ ਕਿਉਂਕਿ ਨਿੰਦਿਆ ਸੇਵਕ ਦਾ ਮਾਂ ਪਿਓ ਹੁੰਦੀ ਹੈ; ਜਿਵੇਂ ਮਾਪੇ ਆਪਣੇ ਬਾਲਕ ਵਿੱਚ ਸ਼ੁਭ ਗੁਣ ਵਧਦੇ ਵੇਖਣਾ ਲੋੜਦੇ ਹਨ, ਤਿਵੇਂ ਨਿੰਦਿਆ ਭੀ ਔਗੁਣਾਂ ਨੂੰ ਨਸ਼ਰ ਕਰ ਕੇ ਭਲੇ ਗੁਣਾਂ ਲਈ ਸਹਾਇਤਾ ਕਰਦੀ ਹੈ।

‘‘ਜੇ ਲੋਕ ਔਗੁਣ ਨਸ਼ਰ ਕਰਨ, ਤਾਂ ਹੀ ਔਗੁਣ ਛੱਡੇ ਜਾ ਸਕਦੇ ਹਨ ਤੇ ਬੈਕੁੰਠ ਵਿੱਚ ਜਾ ਸਕੀਦਾ ਹੈ। ਜੇ ਹਿਰਦਾ ਸ਼ੁੱਧ ਹੁੰਦਿਆਂ ਸਾਡੀ ਨਿੰਦਿਆ ਹੋਵੇ ਤਾਂ ਨਿੰਦਕ ਸਾਡੇ ਮਨ ਨੂੰ ਪਵਿੱਤਰ ਕਰਨ ਵਿੱਚ ਸਹਾਇਤਾ ਕਰਦਾ ਹੈ। ਜੋ ਮਨੁੱਖ ਸਾਨੂੰ ਭੰਡਦਾ ਹੈ, ਉਹ ਸਾਡਾ ਮਿੱਤਰ ਹੈ ਕਿਉਂਕਿ ਸਾਡੀ ਸੁਰਤ ਆਪਣੇ ਨਿੰਦਕ ਵਿੱਚ ਰਹਿੰਦੀ ਹੈ ਤੇ ਅਸੀਂ ਆਪਣੇ ਨਿੰਦਕ ਦੀ ਗੱਲ ਬੜੇ ਧਿਆਨ ਨਾਲ ਸੁਣਦੇ ਹਾਂ। ਅਸਲ ਵਿੱਚ ਸਾਡਾ ਮੰਦਾ ਚਿਤਵਣ ਵਾਲਾ ਮਨੁੱਖ ਉਹ ਹੈ ਜੋ ਸਾਡੇ ਐਬ ਨਸ਼ਰ ਹੋਣੋ ਰੋਕਦਾ ਹੈ। ਨਿੰਦਕ ਤਾਂ ਸਗੋਂ ਇਹ ਚਾਹੁੰਦਾ ਹੈ ਕਿ ਸਾਡਾ ਜੀਵਨ ਚੰਗਾ ਬਣੇ।

ਸਾਡੀ ਨਿੰਦਿਆ ਸਾਨੂੰ ਔਗੁਣਾਂ ਵੱਲੋਂ ਬਚਾਉਂਦੀ ਹੈ। ਇਸੇ ਲਈ ਭਗਤ ਕਬੀਰ ਜੀ ਅਨੁਸਾਰ ਔਗੁਣਾਂ ਦਾ ਨਸ਼ਰ ਹੋਣਾ ਸਭ ਤੋਂ ਵਧੀਆ ਗੱਲ ਹੈ ਕਿਉਂਕਿ ਨਿੰਦਕ ਆਪ ਦੂਜਿਆਂ ਦੇ ਔਗੁਣਾਂ ਦੀਆਂ ਗੱਲਾਂ ਕਰ-ਕਰ ਕੇ ਆਪ ਹੀ ਉਨ੍ਹਾਂ ਵਿੱਚ ਡੁੱਬ ਜਾਂਦਾ ਹੈ ਤੇ ਅਸੀਂ ਆਪਣੇ ਔਗੁਣਾਂ ਦੀ ਚੇਤਾਵਨੀ ਨਾਲ ਉਨ੍ਹਾਂ ਤੋਂ ਬਚ ਨਿਕਲਦੇ ਹਾਂ।’’

ਭਾਪਾ ਜੀ ਨੇ ਮੇਰੇ ਹੱਥੋਂ ਦਰਪਣ ਦੀ ਪੋਥੀ ਫੜਦਿਆਂ ਕਿਹਾ, ‘‘ਇਸ ਤੋਂ ਵਧੀਆ ਤਰੀਕੇ ਹੋਰ ਕੋਈ ਦੁਨਿਆਵੀ ਇਨਸਾਨ ਜਾਂ ਉੱਚ ਕੋਟੀ ਦਾ ਮਨੋਵਿਗਿਆਨਿਕ ਡਾਕਟਰ ਵੀ ਨਹੀਂ ਸਮਝਾ ਸਕਣ ਲੱਗਿਆ। ਬਸ ਮੇਰਾ ਏਨਾ ਕੁ ਕਿਹਾ ਮੰਨ ਲਵੀਂ ਕਿ ਜੇ ਕੋਈ ਮਨੁੱਖ ਠੰਡੇ ਜਿਗਰੇ ਨਾਲ ਆਪਣੇ ਐਬ ਨਸ਼ਰ ਹੁੰਦਾ ਸੁਣ ਲਵੇ ਅਤੇ ਆਪਣੇ ਗੁੱਸੇ ਨੂੰ ਮਨ ਉੱਤੇ ਹਾਵੀ ਨਾ ਹੋਣ ਦੇਵੇ ਤਾਂ ਉਹ ਆਪਣੇ ਮਨ ਅੰਦਰੋਂ ਐਬ ਦੂਰ ਕਰ ਸਕਦਾ ਹੈ ਤੇ ਆਪਣਾ ਜੀਵਨ ਤੇ ਚਰਿੱਤਰ ਵਧੀਆ ਬਣਾ ਸਕਦਾ ਹੈ, ਪਰ ਅਸਲ ਨੁਕਤਾ ਇਹ ਹੈ ਕਿ ਦੂਜਿਆਂ ਦੇ ਐਬ ਫਰੋਲਣ ਵਾਲਾ ਬੰਦਾ ਆਪਣੇ ਮਨ ਅੰਦਰ ਝਾਤੀ ਮਾਰਨ ਤੋਂ ਅਸਮਰਥ ਹੁੰਦਾ ਹੈ। ਇਸੇ ਲਈ ਉਹ ਦੂਜਿਆਂ ਦੇ ਐਬਾਂ ਦਾ ਵਖਿਆਨ ਕਰਦਿਆਂ ਉਨ੍ਹਾਂ ਹੀ ਐਬਾਂ ਵਿੱਚ ਡੁੱਬ ਕੇ ਮਰ ਖੱਪ ਜਾਂਦਾ ਹੈ ਕਿਉਂਕਿ ਅਜਿਹੇ ਇਨਸਾਨਾਂ ਤੋਂ ਸਿਰਫ਼ ਸੜਿਆਂਦ ਹੀ ਆਉਂਦੀ ਰਹਿੰਦੀ ਹੈ। ਇਸੇ ਲਈ ਅੱਜ ਤੋਂ ਬਾਅਦ ਨਿੰਦਿਆ ਤੋਂ ਘਾਬਰਨਾ ਨਹੀਂ, ਬਲਕਿ ਖ਼ੁਸ਼ ਹੋਣਾ ਹੈ ਕਿਉਂਕਿ ਨਿੰਦਕ ਤਾਂ ਸਾਡੇ ਮੈਲੇ ਕੱਪੜੇ ਧੋ ਰਿਹਾ ਹੁੰਦਾ ਹੈ। ਸ਼ੁਕਰ ਕਰ ! ਇਹ ਸੋਚ ਕਿ ਪ੍ਰਮਾਤਮਾ ਦੀ ਤੇਰੇ ਉੱਤੇ ਮਿਹਰ ਹੋਈ ਹੈ ਜਿਨ੍ਹਾਂ ਸਦਕਾ ਕੋਈ ਨਿੰਦਕ ਤੇਰੇ ਮੈਲੇ ਕੱਪੜੇ ਧੋਣ ਲਈ ਅਗਾਂਹ ਆਇਆ ਹੈ।’’

ਮੇਰੇ ਕੋਲ ਬੋਲਣ ਨੂੰ ਕੋਈ ਸ਼ਬਦ ਬਚਿਆ ਹੀ ਨਹੀਂ ਸੀ। ਅੱਜ ਸਿਰਫ਼ ਇਸ ਉਮੀਦ ਨਾਲ ਇਹ ਯਾਦ ਲਿਖੀ ਹੈ ਕਿ ਸ਼ਾਇਦ ਮੇਰੇ ਵਾਂਗ ਹੀ ਕੋਈ ਹੋਰ ਵੀ ਆਪਣੀ ਨਿੰਦਿਆ ਸੁਣ ਕੇ ਜੇ ਦੁੱਖ ਮਹਿਸੂਸ ਕਰ ਰਿਹਾ ਹੈ ਤਾਂ ਝਟਪਟ ਆਪਣੀ ਸੋਚ ਬਦਲ ਕੇ, ਖ਼ੁਸ਼ੀ ਮਹਿਸੂਸ ਕਰ ਸਕਦਾ ਹੈ।