22.4 C
Jalandhar
Tuesday, April 7, 2026
spot_img
Home Blog Page 111

ਗੁਰਬਾਣੀ ਵਿੱਚ ਸਾਹਿਤਕਾਰੀ ਅਨੁਸਾਰ ਬਿੰਦੀ ਦੁਆਰਾ ਸ਼ੁੱਧ ਉਚਾਰਨ (ਭਾਗ 8)

0

ਗੁਰਬਾਣੀ ਵਿੱਚ ਸਾਹਿਤਕਾਰੀ ਅਨੁਸਾਰ ਬਿੰਦੀ ਦੁਆਰਾ ਸ਼ੁੱਧ ਉਚਾਰਨ (ਭਾਗ 8)

ਕਿਰਪਾਲ ਸਿੰਘ (ਬਠਿੰਡਾ) ਸੰਪਰਕ 98554-80797

ਹੁਣ ਤੱਕ ਅਸੀਂ ਗੁਰਬਾਣੀ ਵਿੱਚ ਵਰਤੇ ਗਏ ਨਾਂਵ ਸ਼ਬਦਾਂ ਦਾ ਲੋੜ ਅਨੁਸਾਰ ਨਾਸਕੀ ਉਚਾਰਨ ਭਾਵ ਬਿੰਦੀ, ਟਿੱਪੀ ਸਹਿਤ ਉਚਾਰਨ ਕੀਤੇ ਜਾਣ ਬਾਰੇ ਵਿਚਾਰ ਕੀਤੀ ਹੈ। ਕਿੱਥੇ ਨਾਸਕੀ ਉਚਾਰਨ ਕਰਨਾ ਹੈ; ਇਸ ਦੀ ਸੇਧ ਸਾਨੂੰ ਗੁਰਬਾਣੀ ਵਿੱਚੋਂ ਹੀ ਮਿਲ ਜਾਂਦੀ ਹੈ ਕਿਉਂਕਿ ਅਸੀਂ ਵੇਖ ਚੁੱਕੇ ਹਾਂ ਕਿ ਕਈ ਥਾਂਵਾਂ ’ਤੇ ਕੁਝ ਸ਼ਬਦ ਬਿੰਦੀ, ਟਿੱਪੀ ਸਹਿਤ ਗੁਰਬਾਣੀ ਵਿੱਚ ਵਰਤੇ ਗਏ ਹਨ ਪਰ ਉਹੀ ਸ਼ਬਦ ਉਨ੍ਹਾਂ ਹੀ ਅਰਥਾਂ ਵਿੱਚ ਜਦ ਦੁਬਾਰਾ ਵਰਤੇ ਗਏ ਹਨ ਤਾਂ ਉਨ੍ਹਾਂ ਉੱਪਰ ਬਿੰਦੀ, ਟਿੱਪੀ ਦੀ ਵਰਤੋਂ ਨਹੀਂ ਕੀਤੀ ਗਈ। ਉਚਾਰਨ ਕਰਦੇ ਸਮੇਂ ਜੇ ਅਸੀਂ ਇਨ੍ਹਾਂ ਸ਼ਬਦਾਂ ਦਾ ਉਚਾਰਨ ਉਨ੍ਹਾਂ ਸ਼ਬਦਾਂ ਤੋਂ ਸੇਧ ਲੈ ਕੇ ਨਾਸਕੀ ਕਰ ਲਈਏ ਜਿਹੜੇ ਬਿੰਦੀ, ਟਿੱਪੀ ਸਹਿਤ ਦਰਜ ਹਨ ਤਾਂ ਇਸ ਵਿੱਚ ਕੁਝ ਵੀ ਗ਼ਲਤ ਨਹੀਂ ਹੋਵੇਗਾ ਸਗੋਂ ਉਚਾਰਨ ਪੱਖੋਂ ਇਸ ਨੂੰ ਸ਼ੁੱਧ ਉਚਾਰਨ ਮੰਨਿਆ ਜਾਵੇਗਾ ਕਿਉਂਕਿ ਇਸ ਤਰ੍ਹਾਂ ਪਾਠ ਕਰਨ ਨਾਲ, ਪਾਠ ਕਰਨ ਵਾਲੇ ਅਤੇ ਸੁਣਨ ਵਾਲੇ ਨੂੰ ਆਸਾਨੀ ਨਾਲ ਗੁਰਬਾਣੀ ਦੇ ਅਰਥ ਸਮਝ ਆ ਜਾਂਦੇ ਹਨ।  ਨਾਸਕੀ ਉਚਾਰਨ ਤੋਂ ਇਲਾਵਾ ਕੁਝ ਸ਼ਬਦਾਂ ਨੂੰ ਅੱਧਕ ਸਹਿਤ ਵੀ ਉਚਾਰਨ ਕਰਨਾਂ ਸ਼ੁੱਧ ਉਚਾਰਨ ਹੈ; ਉਦਾਹਰਨ ਦੇ ਤੌਰ ’ਤੇ ਹੇਠਾਂ ਕੁਝ ਸ਼ਬਦ ਦਿੱਤੇ ਜਾ ਰਹੇ ਹਨ :-

ਮਤਾ, ਰਤਾ, ਬਧਾ, ਵਧਾ

(ੳ). 1. ‘ਮਤਾ’ ਕਰਉ ; ਸੋ, ‘ਪਕਨਿ’ ਨ ਦੇਈ ॥ ਸੀਲ ਸੰਜਮ ਕੈ ਨਿਕਟਿ ਖਲੋਈ ॥ ਵੇਸ ਕਰੇ, ਬਹੁ ਰੂਪ ਦਿਖਾਵੈ ॥ ਗ੍ਰਿਹਿ ਬਸਨਿ ਨ ਦੇਈ, ‘ਵਖਿ ਵਖਿ’ ਭਰਮਾਵੈ ॥ (ਮ: 5/371)

ਅਰਥ: ਆਤਮਕ ਅਡੋਲਤਾ ਵਾਸਤੇ ਮੈਂ ਜੇਹੜੀ ਭੀ ‘ਸਲਾਹ’ ਕਰਦਾ ਹਾਂ ਉਸ ਨੂੰ (ਇਹ ਮਾਇਆ) ਸਿਰੇ ਨਹੀਂ ਚੜ੍ਹਨ ਦੇਂਦੀ, ਮਿੱਠੇ ਸੁਭਾਉ ਅਤੇ ਸੰਜਮ ਦੇ ਇਹ ਹਰ ਵੇਲੇ ਨੇੜੇ (ਰਾਖੀ ਬਣ ਕੇ) ਖਲੋਤੀ ਰਹਿੰਦੀ ਹੈ (ਇਸ ਵਾਸਤੇ ਮੈਂ ਨਾਹ ਮਿੱਠਾ ਸੁਭਾਅ ਹਾਸਲ ਕਰ ਸਕਿਆ ਤੇ ਨਾ ਸੰਜਮ)। (ਇਹ ਮਾਇਆ) ਅਨੇਕਾਂ ਵੇਸ ਕਰਦੀ ਹੈ, ਅਨੇਕਾਂ ਰੂਪ ਵਿਖਾਉਂਦੀ ਹੈ, ਹਿਰਦੇ-ਘਰ ਵਿੱਚ ਇਹ ਮੈਨੂੰ ਟਿਕਣ ਨਹੀਂ ਦੇਂਦੀ, ਕਈ ਤਰੀਕਿਆਂ ਨਾਲ ਭਟਕਾਉਂਦੀ ਫਿਰਦੀ ਹੈ।

(ਨੋਟ : ਇਸ ਤੁਕ ਵਿੱਚ ਆਇਆ ਸ਼ਬਦ ‘ਮਤਾ’ ਦਾ ਅਰਥ ਹੈ- ਸਲਾਹ, ਮਸ਼ਵਰਾ, ਸੰਕਲਪ, ਇਸ ਲਈ ਉਚਾਰਨ ਬਿਨਾਂ ਅੱਧਕ ਦੇ ‘ਮਤਾ’ ਕਰਨਾ ਦਰੁਸਤ ਹੈ, ਪਰ)

2. ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ! ਧਨ ਜੋਬਨ ਸਿਉ ‘ਚਿਤੁ’ ॥ ਹਰਿ ਕਾ ਨਾਮੁ ਨ ਚੇਤਹੀ ਵਣਜਾਰਿਆ ਮਿਤ੍ਰਾ ‘ਬਧਾ’ ਛੁਟਹਿ ਜਿਤੁ ॥ ਹਰਿ ਕਾ ਨਾਮੁ ਨ ਚੇਤੈ ਪ੍ਰਾਣੀ ! ਬਿਕਲੁ ਭਇਆ ਸੰਗਿ ਮਾਇਆ ॥ ਧਨ ਸਿਉ ‘ਰਤਾ’ ਜੋਬਨਿ ‘ਮਤਾ’; ਅਹਿਲਾ ਜਨਮੁ ਗਵਾਇਆ ॥ ਧਰਮ ਸੇਤੀ ਵਾਪਾਰੁ ਨ ਕੀਤੋ; ਕਰਮੁ ਨ ਕੀਤੋ ‘ਮਿਤੁ’ ॥ ਕਹੁ ਨਾਨਕ !  ਤੀਜੈ ਪਹਰੈ ਪ੍ਰਾਣੀ, ਧਨ ਜੋਬਨ ਸਿਉ ‘ਚਿਤੁ’ ॥ (ਮ: 1/75)

ਅਰਥ ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਤੀਜੇ ਪਹਰ ਵਿੱਚ ਤੇਰਾ ਮਨ; ਮਾਇਆ ਰੂਪੀ ਧਨ ਜੋੜਨ ਤੇ ਜਵਾਨੀ ਦੇ ਨਸ਼ੇ ’ਚ ਹੀ ਪਰਚਿਆ ਹੋਇਆ ਹੈ। ਹੇ ਵਣਜਾਰੇ ਮਿਤ੍ਰ! ਤੂੰ ਪਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ, ਜਿਸ ਦੀ ਬਰਕਤ ਨਾਲ ਤੂੰ (ਧਨ, ਜੋਬਨ ਦੇ ਨਸ਼ੇ ਦੇ) ਬੰਧਨਾਂ ਵਿੱਚੋਂ ਖਲਾਸੀ ਪਾ ਸਕੇਂ।

ਜੀਵ ਮਾਇਆ (ਦੇ ਮੋਹ) ਵਿੱਚ ਇਤਨਾ ਮਗਨ ਹੋ ਜਾਂਦਾ ਹੈ ਕਿ ਇਹ ਪਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ, ਮਨ ਦੇ ਸੁਭਾਅ ਰੂਪੀ ਰੰਗ ਵਿੱਚ ਰੰਗਿਆ ਰਹਿੰਦਾ ਹੈ, ਜਵਾਨੀ (ਦੇ ਨਸ਼ੇ) ਵਿਚ ਮਸਤਿਆ ਜਾਂਦਾ ਹੈ (ਤੇ ਇਸ ਤਰ੍ਹਾਂ) ਸ੍ਰੇਸ਼ਟ ਮਨੁੱਖਾ ਜਨਮ ਗਵਾ ਲੈਂਦਾ ਹੈ, ਨਾ ਇਸ ਨੇ ਧਰਮ (ਭਾਵ ਹਰਿ ਨਾਮ ਸਿਮਰਨ) ਦਾ ਵਾਪਾਰ ਕੀਤਾ ਤੇ ਨਾ ਹੀ ਉੱਚੇ ਆਤਮਕ ਰੁਤਬੇ ਨੂੰ ਆਪਣਾ ਮਿੱਤਰ ਬਣਾਇਆ।  ਨਾਨਕ ਆਖਦਾ ਹੈ- (ਜ਼ਿੰਦਗੀ ਦੀ ਰਾਤ ਦੇ ਇਸ) ਤੀਜੇ ਪਹਰ ਵਿੱਚ ਜੀਵ ਨੇ ਧਨ ਨਾਲ ਤੇ ਜਵਾਨੀ ਨਾਲ ਹੀ ਚਿੱਤ ਜੋੜੀ ਰੱਖਿਆ ।

(ਨੋਟ : ਇਸ ਤੁਕ ਵਿੱਚ ਦਰਜ ਸ਼ਬਦ ‘ਬਧਾ’ ਦਾ ਅਰਥ ਹੈ ਬੱਝਾ ਹੋਇਆ, ਇਸ ਲਈ ਉਚਾਰਨ ਅੱਧਕ ਸਹਿਤ ‘ਬੱਧਾ’ ਕਰਨਾ ਯੋਗ ਹੈ। ਗੁਰਬਾਣੀ ਵਿੱਚ ਜਿੱਥੇ ਵੀ ਸ਼ਬਦ ‘ਬਧਾ’ ਆਇਆ ਹੈ ਉਹ ਤਕਰੀਬਨ ‘ਬੱਝਾ ਹੋਇਆ’ ਦੇ ਅਰਥਾਂ ਵਿੱਚ ਹੀ ਆਇਆ ਹੈ, ਇਸ ਲਈ ਹਰ ਜਗ੍ਹਾ ਉਚਾਰਨ ਵੀ ‘ਬੱਧਾ’ ਠੀਕ ਰਹੇਗਾ । ਇਸੇ ਤਰ੍ਹਾਂ ਇਸੇ ਸ਼ਬਦ ’ਚ ਆਏ ਸ਼ਬਦ ‘ਚਿਤੁ, ਰਤਾ, ਮਿਤੁ’ ਨੂੰ ਵੀ ਚਿੱਤ, ਰੱਤਾ (ਰੰਗਿਆ ਹੋਇਆ), ਮੱਤਾ (ਮਸਤਿਆ ਹੋਇਆ)’ ਉਚਾਰਨ ਕਰਨੇ ਕਾਵਿ ਤੋਲ ਅਨੁਸਾਰ ਤੇ ਅਰਥਾਂ ਮੁਤਾਬਕ ਸਹੀ ਹੋਣਗੇ, ਪਰ)

3. ਧਰਿ ਤਾਰਾਜੀ, ਅੰਬਰੁ ਤੋਲੀ ; ਪਿਛੈ ਟੰਕੁ ਚੜਾਈ ॥ ਏਵਡੁ ‘ਵਧਾ’ ਮਾਵਾ ਨਾਹੀ; ਸਭਸੈ ਨਥਿ ਚਲਾਈ ॥ (ਮ: 1/147)

ਅਰਥ: ਜੇ ਮੈਂ ਸਾਰੇ ਅਸਮਾਨ ਨੂੰ ਤੱਕੜੀ ਵਿੱਚ ਰੱਖ ਕੇ ਅਤੇ ਤੱਕੜੀ ਦੇ ਪਿਛਲੇ ਛਾਬੇ ਵਿੱਚ ਚਾਰ ਮਾਸੇ ਦਾ ਵੱਟਾ ਪਾ ਕੇ ਤੋਲ ਸਕਾਂ, ਜੇ ਮੈਂ ਆਪਣੇ ਸਰੀਰ ਨੂੰ ਇਤਨਾ ‘ਵਧਾ ਸਕਾਂ’ ਕਿ ਕਿਤੇ ਸਮਾ ਹੀ ਨ ਸਕਾਂ, ਸਾਰੇ ਜੀਵਾਂ ਨੂੰ ਨੱਥ ਕੇ ਤੋਰ ਸਕਾਂ (ਭਾਵ ਆਪਣੇ ਹੁਕਮ ਵਿਚ ਚਲਾਵਾਂ)।

ਨੋਟ : ਉਕਤ ਤੁਕ ਵਿੱਚ ‘ਵਧਾ’ ਦਾ ਅਰਥ ਹੈ ‘ਵੱਡਾ ਹੋ ਜਾਵਾਂ’, ਇੱਥੇ ਅੱਧਕ ਦਾ ਪ੍ਰਯੋਗ ਕਰਨਾ ਗ਼ਲਤ ਹੋਵੇਗਾ, ਪਰ ਗੁਰਬਾਣੀ ਵਿੱਚ ਜਿੱਥੇ ‘ਵ’ ਦੀ ਬਜਾਇ ‘ਬ’ ਅੱਖਰ ਨਾਲ ‘ਬਧਾ’ ਸ਼ਬਦ ਆਵੇ ਉੱਥੇ ਅੱਧਕ ਸਹਿਤ ‘ਬੱਧਾ’ ਉਚਾਰਨ ਕਰਨਾ ਹੀ ਠੀਕ ਹੋਵੇਗਾ, ਜਿਵੇਂ ਕਿ ਉਪਰੋਕਤ ਨੰਬਰ 1 ’ਚ ਵਿਚਾਰ ਕੀਤੀ ਗਈ ਹੈ। ਧਿਆਨ ਰਹੇ ਕਿ ‘ਵਧਾ’ ਦਾ ਅਰਥ ਹੈ ‘ਵਧ ਜਾਵਾਂ’ਭਾਵ ਉਤਮ ਪੁਰਖ ਹੈ, ਇਸ ਲਈ ਉਚਾਰਨ ਹੋਵੇਗਾ, ਅੱਧਕ ਤੋਂ ਬਿਨਾਂ ਪਰ ਕੰਨਾ ਬਿੰਦੀ ਸਮੇਤ ‘ਵਧਾਂ’।

ਧਿਆਨ ਰਹੇ ਕਿ (ੳ). ਗੁਰਬਾਣੀ ’ਚ ‘ਵਧਿ’ ਦਾ ਅਰਥ ਸੰਖਿਅਕ ‘ਵੱਧ-ਘੱਟ’ ਅਰਥਾਂ ਵਿੱਚ ਵੀ ਹੈ, ਜਿੱਥੇ ਉਚਾਰਨ ‘ਵੱਧ’ ਹੋਏਗਾ, ਇਸ ਲਈ ਅਰਥ ‘ਵਧ ਕੇ ਜਾਂ ਵੱਧ (ਘੱਟ) ’ਚ ਵੀ ਅੰਤਰ ਸਮਝਣਾ ਅਤਿ ਜ਼ਰੂਰੀ ਹੁੰਦਾ ਹੈ, ਜਿਵੇਂ

(1). ਪੂਰੇ ਕਾ ਕੀਆ ਸਭ ਕਿਛੁ ਪੂਰਾ ; ਘਟਿ ‘ਵਧਿ’ (ਘੱਟ-ਵੱਧ) ਕਿਛੁ ਨਾਹੀ ॥ (ਮ: 1/1412) ਉਚਾਰਨ ਹੈ: ਵੱਧ।

(2). ਸਬਰੁ, ਏਹੁ ਸੁਆਉ, ਜੇ ਤੂੰ, ਬੰਦਾ ! ਦਿੜੁ ਕਰਹਿ ॥ ‘ਵਧਿ’ (ਵਧ ਕੇ) ਥੀਵਹਿ ਦਰੀਆਉ ; ਟੁਟਿ ਨ ਥੀਵਹਿ ਵਾਹੜਾ ॥ (ਸਲੋਕ ਫਰੀਦ ਜੀ/1384) ਉਚਾਰਨ ਹੈ: ਵਧ।

ਅਰਥ: ਹੇ ਬੰਦੇ! ਇਹ ਸਬਰ ਹੀ ਜ਼ਿੰਦਗੀ ਦਾ ਅਸਲ ਨਿਸ਼ਾਨਾ ਹੈ। ਜੇ ਤੂੰ (ਸਬਰ ਨੂੰ ਹਿਰਦੇ ਵਿਚ) ਪੱਕਾ ਕਰ ਲਏਂ, ਤਾ ਤੂੰ ਵਧ ਕੇ ਦਰੀਆ ਹੋ ਜਾਏਂਗਾ, ਘਟ ਕੇ ਨਿੱਕਾ ਜਿਹਾ ਵਹਣ ਨਹੀਂ ਬਣੇਂਗਾ (ਭਾਵ, ਸਬਰ ਵਾਲਾ ਜੀਵਨ ਬਣਾਇਆ ਤੇਰਾ ਦਿਲ ਵਧ ਕੇ ਦਰਿਆ ਹੋ ਜਾਇਗਾ, ਤੇਰੇ ਦਿਲ ਵਿਚ ਸਾਰੇ ਜਗਤ ਵਾਸਤੇ ਪਿਆਰ ਪੈਦਾ ਹੋ ਜਾਇਗਾ, ਤੇਰੇ ਅੰਦਰ ਤੰਗ-ਦਿਲੀ ਨਹੀਂ ਰਹਿ ਜਾਇਗੀ)।

ਇਸੇ ਤਰ੍ਹਾਂ ਗੁਰਬਾਣੀ ’ਚ ਸ਼ਬਦ ‘ਬਧਿ’ (ਕਿਰਿਆ ਵਿਸ਼ੇਸ਼ਣ) ਸਰੂਪ ਵੀ ਦਰਜ ਹੈ, ਜਿਸ ਦਾ ਅਰਥ ਹੈ ‘ਬੰਨ੍ਹ ਕੇ’ ਅਤੇ ਉਚਾਰਨ ਹੋਏਗਾ ‘ਬੰਧ’, ਨਾ ਕਿ ਬੱਧ’; ਜਿਵੇਂ ਕਿ

(3). ਮੂਡ ਪਲੋਸਿ, ਕਮਰ ‘ਬਧਿ’ (ਬੰਧ) ਪੋਥੀ ॥ ਹਮ ਕਉ ਚਾਬਨੁ, ਉਨ ਕਉ ਰੋਟੀ ॥ (ਕਬੀਰ ਜੀ/871) ਉਚਾਰਨ ਹੈ: ਬੰਧ।

ਅਰਥ : (ਜੇ ਇੱਕ ਦੋ ਸਾਧੂ ਸਾਡੇ ਘਰ ਬੈਠੇ ਹਨ ਤਾਂ ਇਕ ਦੋ ਤੁਰੇ ਭੀ ਆ ਰਹੇ ਹਨ, ਉਹ) ਸਾਧੂ ਲੱਕਾਂ ਨਾਲ ਪੋਥੀਆਂ ਬੰਨ੍ਹ ਕੇ ਸਿਰਾਂ ’ਤੇ ਹੱਥ ਫੇਰਦੇ ਤੁਰੇ ਆਉਂਦੇ ਹਨ। (ਕਈ ਵਾਰ ਉਹਨਾਂ ਦੇ ਕੁਵੇਲੇ ਆ ਜਾਣ ’ਤੇ) ਸਾਨੂੰ ਤਾਂ ਭੁੱਜੇ ਦਾਣੇ ਚੱਬਣੇ ਪੈਂਦੇ ਹਨ, ਪਰ ਉਹਨਾਂ ਲਈ ਰੋਟੀਆਂ (ਪ੍ਰਸ਼ਾਦੇ) ਹੀ ਮਿਲਦੀਆਂ ਹਨ।)

(ਅ). ਰਹਸੀ

1. ਸੁਣਿ ! ਸੁਣਿ ! ਸਿਖ ਹਮਾਰੀ ॥ ਸੁਕ੍ਰਿਤੁ ਕੀਤਾ ‘ਰਹਸੀ’, ਮੇਰੇ ਜੀਅੜੇ ! ਬਹੁੜਿ, ਨ ਆਵੈ ਵਾਰੀ ॥ (ਮ: 1/154)

ਅਰਥ : ਹੇ ਮੇਰੀ ਜਿੰਦੇ! ਮੇਰੀ ਸਿੱਖਿਆ ਧਿਆਨ ਨਾਲ ਸੁਣ। ਤੇਰੀ ਕੀਤੀ ਹੋਈ ਨੇਕ ਕਮਾਈ ਹੀ ਤੇਰੇ ਨਾਲ (ਰਹੇਗੀ) ਨਿਭੇਗੀ। (ਇਸ ਲਈ ਅਗਰ ਮਨੁੱਖਾ ਜਨਮ ਗਵਾ ਲਿਆ) ਤਾਂ ਮੁੜ (ਛੇਤੀ, ਮਨੁੱਖ ਜੂਨ ਦੀ) ਵਾਰੀ ਨਹੀਂ ਮਿਲੇਗੀ।

2. ਮੇਰੀ ਇਛ ਪੁਨੀ, ਜੀਉ ; ਹਮ ਘਰਿ, ਸਾਜਨੁ ਆਇਆ ॥ ਮਿਲਿ ਵਰੁ ; ਨਾਰੀ, ਮੰਗਲੁ ਗਾਇਆ ॥ ਗੁਣ ਗਾਇ ਮੰਗਲੁ, ਪ੍ਰੇਮਿ ਰਹਸੀ, ਮੁੰਧ ਮਨਿ ਓਮਾਹਓ ॥ ਸਾਜਨ ਰਹੰਸੇ, ਦੁਸਟ ਵਿਆਪੇ ; ਸਾਚੁ ਜਪਿ, ਸਚੁ ਲਾਹਓ ॥ (ਮ: 1/242)

ਅਰਥ : ਹੇ ਸਹੇਲੀਓ! ਮੇਰੀ ਮਨੋ-ਕਾਮਨਾ ਪੂਰੀ ਹੋ ਗਈ ਹੈ, ਮੇਰੇ ਹਿਰਦੇ-ਘਰ ਵਿੱਚ ਸੱਜਣ ਪਰਮਾਤਮਾ ਆ ਵਸਿਆ ਹੈ। ਜਿਸ ਜੀਵ-ਇਸਤ੍ਰੀ ਨੂੰ ਖਸਮ-ਪ੍ਰਭੂ ਮਿਲ ਪੈਂਦਾ ਹੈ, ਉਸ ਦੇ ਗਿਆਨ-ਇੰਦਰੇ (ਵਿਕਾਰਾਂ ਵੱਲ ਦੌੜਨ ਦੇ ਥਾਂ ਰਲ਼ ਕੇ ਮਾਨੋ) ਖ਼ੁਸ਼ੀ ਦਾ ਗੀਤ ਗਾਂਦੇ ਹਨ। ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਗਾ ਕੇ ਜੀਵ-ਇਸਤ੍ਰੀ ਪ੍ਰਭੂ-ਪਿਆਰ ਦੇ (ਹੁਲਾਰੇ) ਵਿੱਚ ਖਿੜ ਪੈਂਦੀ ਹੈ, ਉਸ ਦੇ ਮਨ ਵਿੱਚ ਚਾਉ ਦਾ ਹੁਲਾਰਾ ਪੈਦਾ ਹੁੰਦਾ ਹੈ। ਉਸ ਦੇ ਅੰਦਰ ਭਲੇ ਗੁਣ ਪ੍ਰਫੁਲਿਤ ਹੁੰਦੇ ਹਨ, ਦੁਸ਼ਟ-ਵਿਕਾਰ ਦਬਾਅ ਹੇਠ ਆ ਜਾਂਦੇ ਹਨ। ਸਦਾ-ਥਿਰ ਨਾਮ ਜਪ ਜਪ ਕੇ ਉਸ ਨੂੰ ਅਟੱਲ ਆਤਮਕ ਜੀਵਨ ਦਾ ਲਾਭ ਮਿਲ ਜਾਂਦਾ ਹੈ।

ਉਚਾਰਨ ਸੇਧ: 1. ਤੁਕ ਨੰ: 1 ਵਿੱਚ ‘ਰਹਸੀ’ ਦਾ ਅਰਥ ਹੈ ‘ਰਹੇਗੀ, ਨਿਭੇਗੀ’। ਇਸ ਦਾ ਉਚਾਰਨ ਬਿਨਾਂ ਅੱਧਕ ਦੇ ਹੋਵੇਗਾ।

2. ਤੁਕ ਨੰ: 2 ਵਿੱਚ ‘ਰਹਸੀ’ ਦਾ ਅਰਥ ਹੈ ‘ਅਨੰਦ ਖੇੜਾ, ਖੁਸ਼ੀ ਦੇ ਹੁਲਾਰੇ’। ਇਸ ਦਾ ਉਚਾਰਨ ਅੱਧਕ ਸਮੇਤ ‘ਰਹੱਸੀ’ ਹੋਵੇਗਾ।

(ਨੋਟ : ਗੁਰਬਾਣੀ ਵਿੱਚ ਇਸ ਸ਼ਬਦ ਦੇ ਵੱਖ ਵੱਖ ਰੂਪ ਵਰਤੇ ਗਏ ਹਨ, ਜਿਵੇਂ ਕਿ ‘ਰਹਸ, ਰਹਸੁ, ਰਹਸਿ, ਰਹਸਾਉ, ਰਹਸਾਇ, ਰਹਸਿਆ, ਰਹਸਿਅੜੀ, ਰਹਸੀਓ, ਰਹਸੀਐ, ਰਹਸੇ, ਰਹਸੈ’ ਆਦਿਕ, ਇਨ੍ਹਾਂ ਵਿੱਚੋਂ ਜ਼ਿਆਦਾਤਰ ‘ਅਨੰਦ ਖੇੜੇ, ਖੁਸ਼ੀ ਦੇ ਹੁਲਾਰੇ’ ਦੇ ਅਰਥਾਂ ਵਿੱਚ ਵਰਤੇ ਗਏ ਹਨ, ਜਿਨ੍ਹਾਂ ਦਾ ਉਚਾਰਨ ‘ਹ’ ਉੱਪਰ ‘ਅੱਧਕ’ ਸਮੇਤ ਕਰਨਾ ਯੋਗ ਹੈ ਪਰ ਜੇ ਕੁਝ ਤੁਕਾਂ ਵਿੱਚ ‘ਰਹਿਣ ਜਾਂ ਨਿਭਣ’ ਦੇ ਅਰਥਾਂ ਵਿੱਚ ਵਰਤੇ ਗਏ ਹੋਣ ਉੱਥੇ ਉਚਾਰਨ ਬਿਨਾਂ ਬਿੰਦੀ ਤੋਂ ‘ਰਹਸੀ, ਰਹਸ’ ਕਰਨਾ ਹੀ ਠੀਕ ਹੈ।)

(ੲ). ਗਲਾ, ਮੁਲਾ

1. ਹੈ ਹੈ ਕਰਿ ਕੈ, ਓਹਿ ਕਰੇਨਿ ॥ ‘ਗਲ੍ਹਾ’ ਪਿਟਨਿ, ਸਿਰੁ ਖੋਹੇਨਿ ॥ ਨਾਉ ਲੈਨਿ ਅਰੁ ਕਰਨਿ ਸਮਾਇ ॥  ਨਾਨਕ ! ਤਿਨ, ਬਲਿਹਾਰੈ ਜਾਇ ॥ (ਮ: 1/1410)

ਅਰਥ : (ਕਿਸੇ ਪਿਆਰੇ ਸੰਬੰਧੀ ਦੇ ਮਰਨ ’ਤੇ ਜ਼ਨਾਨੀਆਂ) ‘ਹਾਇ ਹਾਇ’ ਆਖ ਕੇ ‘ਓਇ ਓਇ’ ਵੀ ਕਰਦੀਆਂ ਹਨ । (ਆਪਣੀਆਂ)  ਗੱਲ੍ਹਾਂ ਪਿੱਟਦੀਆਂ ਹਨ (ਆਪਣੇ) ਸਿਰ (ਦੇ ਵਾਲ) ਖੁੰਹਦੀਆਂ ਹਨ ਪਰ ਜਿਹੜੇ ਪ੍ਰਾਣੀ (ਅਜਿਹੇ ਸਦਮੇ ਦੇ ਸਮੇਂ ਭੀ ਪਰਮਾਤਮਾ ਦਾ) ਨਾਮ ਜਪਦੇ ਹਨ ਤੇ (ਪਰਮਾਤਮਾ ਦੀ) ਰਜ਼ਾ ਨੂੰ ਸਵੀਕਾਰਦੇ ਲੈਂਦੇ ਹਨ,  ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ।

2. ਸੁਣਿ ‘ਗਲਾ’, ਗੁਰ ਪਹਿ ਆਇਆ ॥ ਨਾਮੁ ਦਾਨੁ ਇਸਨਾਨੁ ਦਿੜਾਇਆ ॥ ਸਭੁ ਮੁਕਤੁ ਹੋਆ ਸੈਸਾਰੜਾ ; ਨਾਨਕ ! ਸਚੀ ਬੇੜੀ ਚਾੜਿ ਜੀਉ ॥ (ਮ: 5/74)

ਅਰਥ : ਹੇ ਨਾਨਕ ! ਗੁਰੂ (ਜਿਸ ਜਿਸ ਨੂੰ) ਸਦਾ-ਥਿਰ ਪ੍ਰਭੂ ਦੇ ਸਿਮਰਨ ਦੀ ਬੇੜੀ ਵਿੱਚ ਬਿਠਾਂਦਾ ਹੈ ਉਹ ਸਾਰਾ ਜਗਤ ਹੀ ਵਿਕਾਰਾਂ ਤੋਂ ਬਚਦਾ ਜਾਂਦਾ ਹੈ-ਇਹ ਗੱਲਾਂ ਸੁਣ ਕੇ ਹੀ ਮੈਂ ਗੁਰੂ ਦੇ ਕੋਲ਼ ਆਇਆ ਹਾਂ ਤੇ ਉਸ ਨੇ ਮੇਰੇ ਹਿਰਦੇ ਵਿੱਚ ਇਹ ਬਿਠਾ (ਦ੍ਰਿੜ੍ਹ ਕਰਾ) ਦਿੱਤਾ ਕਿ ਨਾਮ ਸਿਮਰਨਾ, ਹੋਰਨਾਂ ਨੂੰ ਸਿਮਰਨ ਵੱਲ ਪ੍ਰੇਰਨਾ, ਪਵਿਤ੍ਰ ਜੀਵਨ ਬਣਾਣਾ-ਇਹੀ ਹੈ ਸਹੀ ਜੀਵਨ-ਰਾਹ।

3. ਨਾ ਓਇ ਜੋਗੀ, ਨਾ ਓਇ ਜੰਗਮ, ਨਾ ਓਇ ਕਾਜੀ ਮੁੰਲਾ ॥ ਦਯਿ (ਦਈ ਨੇ) ਵਿਗੋਏ, ਫਿਰਹਿ ਵਿਗੁਤੇ ; ਫਿਟਾ ਵਤੈ ‘ਗਲਾ’ ॥ (ਮ: 1/150)

ਅਰਥ : ਨਾ ਇਹਨਾਂ (ਜੈਨੀਆਂ) ਪਾਸ ਜੋਗੀਆਂ ਵਾਲੀ ਰਹੁ-ਰੀਤ, ਨਾ ਜੰਗਮਾਂ ਵਾਲੀ ਤੇ ਨਾ ਕਾਜ਼ੀ ਮੌਲਵੀਆਂ ਵਾਲੀ।  ਰੱਬ ਵੱਲੋਂ (ਭੀ) ਖੁੰਝੇ ਹੋਏ ਭਟਕਦੇ ਫਿਰਦੇ ਹਨ (ਭਾਵ ਪਰਮਾਤਮਾ ਦੀ ਬੰਦਗੀ ਵਿੱਚ ਭੀ ਇਹਨਾਂ ਦੀ ਕੋਈ ਸ਼ਰਧਾ ਨਹੀਂ, ਇਸ ਲਈ) ਇਹ ਸਾਰਾ ਆਵਾ (ਵੱਗ, ਝੁੰਡ) ਹੀ ਊਤਿਆ ਹੋਇਆ ਹੈ।

ਉਚਾਰਨ ਸੇਧ: 1. ਤੁਕ ਨੰ: 1 ਵਿੱਚ ‘ਗਲ੍ਹਾ’ ਦਾ ਅਰਥ ਹੈ ‘ਗੱਲ੍ਹਾਂ’, ਇਸ ਲਈ ‘ਗ’ ਅੱਧਕ ਸਹਿਤ ਹੋਏਗਾ ਅਤੇ ‘ਲ’ ਪੈਰ ’ਚ ਅੱਧਾ ਹਾਹਾ ਅਤੇ ਅੰਤ ’ਚ ਕੰਨਾਂ ਬਿੰਦੀ ਸਮੇਤ ‘ਗੱਲਾਂ’ ਉਚਾਰਨ ਯੋਗ ਹੈ।

2. ਤੁਕ ਨੰ: 2 ਵਿੱਚ ‘ਗਲਾ’ ਦਾ ਅਰਥ ਹੈ ‘ਗੱਲਾਂ’ ਇਸ ਲਈ ਉਚਾਰਨ ‘ਗ’ ਅੱਧਕ ਸਹਿਤ ‘ਗੱਲਾਂ’ ਉਚਾਰਨ ਕਰਨਾ ਯੋਗ ਹੈ।

3. ਤੁਕ ਨੰ: 3 ਵਿੱਚ ‘ਗਲਾ’ ਦਾ ਅਰਥ ਹੈ ‘ਸਾਰਾ ਹੀ ਕੋੜਮਾ (ਵੱਗ, ਝੁੰਡ), ਸਾਰਾ ਹੀ ਆਵਾ’ ਇਸ ਲਈ ਉਚਾਰਨ ‘ਗ’ ਅੱਧਕ ਸਮੇਤ ‘ਗੱਲਾ’ ਕੀਤੇ ਜਾਣਾ ਯੋਗ ਹੈ। ਸ਼ਾਇਦ ਗੁਰਬਾਣੀ ਵਿੱਚ ਤਾਂ ਹੋਰ ਤਾਂ ਇਸ ਦੀ ਵਰਤੋਂ ਨਹੀਂ ਹੋਈ ਪਰ ਅਜੋਕੀ ਪੰਜਾਬੀ ਵਿੱਚ ‘ਗੱਲਾ’ ਦਾ ਅਰਥ ਸ਼ਾਹੂਕਾਰ ਦੇ ਪੈਸੇ ਪਾਉਣ ਵਾਲਾ ਮਜ਼ਬੂਤ ਡੱਬਾ ਹੈ, ਜਿੱਥੇ ਇਸ ਦਾ ਉਚਾਰਨ ਅੱਧਕ ਸਹਿਤ ‘ਗੱਲਾ’ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ‘ਫਿੱਟਾ’ ਨੂੰ ਅੱਧਕ ਸਹਿਤ ‘ਫਿੱਟਾ’ ਉਚਾਰਨ ਠੀਕ ਹੈ।

ਨੋਟ : ਗੁਰਬਾਣੀ ਵਿੱਚ ਬਿੰਦੀ ਦੀ ਥਾਂ ਟਿੱਪੀ ਦੀ ਵਰਤੋਂ ਕੀਤੀ ਵੀ ਮਿਲਦੀ ਹੈ; ਇਸੇ ਦੀ ਇੱਕ ਵੰਨਗੀ ਹੈ ‘ਮੁੰਲਾ’, ਨਾ ਓਇ ਕਾਜੀ ‘ਮੁੰਲਾ’॥  ਟਿੱਪੀ ‘ਮ’ ਉੱਪਰ ਨਹੀਂ ਬਲਕਿ ‘ਲ ਕੰਨਾਂ ਬਿੰਦੀ’ ਦੀ ਥਾਂ ‘ਮੁਲਾੰ, ਮੁਲਾਂ’ ਲਗਾਈ ਹੋ ਸਕਦੀ ਹੈ ਕਿਉਂਕਿ ਅੱਜ ਕੱਲ੍ਹ ਦੀ ਪੰਜਾਬੀ ਲਿਖਤ ਵਿੱਚ ਕੰਨੇ ਉੱਪਰ ਟਿੱਪੀ ਨਹੀਂ ਬਲਕਿ ਬਿੰਦੀ ਲਗਦੀ ਹੈ, ਇਸ ਲਈ ਇਸ ਸ਼ਬਦ ਵਿੱਚ ਟਿੱਪੀ ਕੰਨੇ ਉੱਪਰ ਲਾਉਣ ਦੀ ਥਾਂ ਛਾਪੇਖਾਨੇ ਵਿੱਚ ਛਪਾਈ ਦੌਰਾਨ ਅੱਖਰ ‘ਲ’ ਉੱਪਰ ਲੱਗ ਗਈ ਜਾਪਦੀ ਹੈ ਕਿਉਂਕਿ ‘ਮ’ ਉੱਪਰ ਟਿੱਪੀ ਦੀ ਕੋਈ ਲੋੜ ਨਹੀਂ ਪਰ ਕੰਨੇ ਉੱਪਰ ਬਿੰਦੀ ਚਾਹੀਦੀ ਹੈ, ਜਿਵੇਂ ਕਿ

ਪੰਡਿਤ ਮੁਲਾਂ, ਜੋ ਲਿਖਿ ਦੀਆ ॥ ਛਾਡਿ ਚਲੇ, ਹਮ ਕਛੂ ਨ ਲੀਆ ॥ (ਕਬੀਰ ਜੀ/1159), ਕਾਜੀ ਮੁਲਾਂ ਕਰਹਿ ਸਲਾਮੁ ॥ ਇਨਿ ਹਿੰਦੂ, ਮੇਰਾ ਮਲਿਆ ਮਾਨੁ ॥ (ਨਾਮਦੇਵ ਜੀ/1165) ਆਦਿਕ। ਸੋ ‘ਮੁੰਲਾ’ ਦਾ ਸਹੀ ਉਚਾਰਨ ‘ਮੁੱਲਾਂ’ ਕਰਨਾ ਹੀ ਯੋਗ ਹੈ।

(ਸ). ਡਡਾ

1. ‘ਡਡਾ’, ਡੇਰਾ ਇਹੁ ਨਹੀ ; ਜਹ ਡੇਰਾ, ਤਹ ਜਾਨੁ ॥ ਉਆ ਡੇਰਾ ਕਾ ਸੰਜਮੋ ; ਗੁਰ ਕੈ ਸਬਦਿ, ਪਛਾਨੁ ॥ (ਮ: 5/256)

2. ਹੰਸਾ, ਹੀਰਾ ਮੋਤੀ ਚੁਗਣਾ ; ਬਗੁ, ‘ਡਡਾ’ ਭਾਲਣ ਜਾਵੈ ॥ (ਮ: 5/960)

ਉਚਾਰਨ ਸੇਧ: ਤੁਕ ਨੰ: 1 ਵਿੱਚ ‘ਡਡਾ’ ਦਾ ਅਰਥ ਗੁਰਮੁਖੀ ਲਿਪੀ ਦਾ ਅੱਖਰ ‘ਡ’ ਹੈ ਅਤੇ ਉਚਾਰਨ ਵੀ ‘ਡੱਡਾ’ ਹੈ ਪਰ ਤੁਕ ਨੰ: 2 ਵਿੱਚ ‘ਡਡਾ’ ਦਾ ਅਰਥ ਹੈ ‘ਡੱਡਾਂ, ਡੱਡੂ’ ਉਚਾਰਨ ਹੈ ‘ਡੱਡਾਂ’

(ਹ). ਸੁਕ

1. ਨਾਰਦ ਮੁਨਿ ਜਨ ‘ਸੁਕ’ ਬਿਆਸ, ਜਸੁ ਗਾਵਤ ਗੋਬਿੰਦ॥ (ਮ: 5/298)

ਅਰਥ : ਨਾਰਦ ਰਿਸ਼ੀ, ਅਨੇਕਾਂ ਮੁਨੀ ਲੋਕ, ‘ਸੁਖਦੇਵ’ ਅਤੇ ਬਿਆਸ (ਆਦਿਕ ਰਿਸ਼ੀ) ਗੋਬਿੰਦ ਦੀ ਸਿਫ਼ਤ-ਸਾਲਾਹ ਗਾਉਂਦੇ ਹਨ।

2. ਸਾਕਤ ਕੂੜੇ, ਊਭ ਸੁਕ ਹੂਏ ; ਮਨਿ ਅਭਿਮਾਨੁ; ਵਿਛੁੜਿ, ਦੂਰਿ ਗਈਆ ॥ (ਮ: 4/834)

ਅਰਥ : ਪਰਮਾਤਮਾ ਨਾਲੋਂ ਟੁੱਟੇ ਹੋਏ ਮਾਇਆ-ਵੇੜ੍ਹੇ ਪ੍ਰਾਣੀ (ਉਹਨਾਂ ਰੁੱਖਾਂ ਵਰਗੇ ਹੁੰਦੇ ਹਨ, ਜੋ ਧਰਤੀ ਵਿੱਚੋਂ ਖ਼ੁਰਾਕ ਮਿਲਣ ਦੇ ਬਾਵਜੂਦ ਭੀ) ਖਲੋਤੇ ਹੀ ਸੁੱਕ ਜਾਂਦੇ ਹਨ, (ਉਹਨਾਂ ਦੇ) ਮਨ ਵਿੱਚ ਅਹੰਕਾਰ ਵਸਦਾ ਹੈ, (ਇਸ ਵਾਸਤੇ ਰੱਬ ਤੋਂ) ਵਿਛੁੜ ਕੇ ਉਹ ਕਿਤੇ ਦੂਰ ਪਏ ਰਹਿੰਦੇ ਹਨ ।

ਉਚਾਰਨ ਸੇਧ: ਤੁਕ ਨੰ: 1 ਵਿੱਚ ‘ਸੁਕ’ ਦਾ ਅਰਥ ਹੈ ‘ਸੁਖਦੇਵ ਰਿਸ਼ੀ’ ਉਚਾਰਨ ਬਿਨਾਂ ਬਿੰਦੀ ਤੋਂ ‘ਸੁਕ’ ਦਰੁਸਤ ਹੈ ਪਰ ਤੁਕ ਨੰ: 2 ਵਿੱਚ ‘ਸੁਕ’ ਦਾ ਅਰਥ ਹੈ ‘ਸੁੱਕ’ ਜਾਣਾ, ਇਸ ਲਈ ਉਚਾਰਨ ਅੱਧਕ ਸਹਿਤ ‘ਸੁੱਕ’ ਕਰਨਾ ਯੋਗ ਹੋਵੇਗਾ।

(ਕ). ਮਲ, ਮਲਿ

1. ਵਾਤ ਵਜਨਿ ਟੰਮਕ ਭੇਰੀਆ ॥ ‘ਮਲ’ ਲਥੇ, ਲੈਦੇ ਫੇਰੀਆ ॥ ਨਿਹਤੇ ਪੰਜਿ ਜੁਆਨ ਮੈ ; ਗੁਰ, ਥਾਪੀ ਦਿਤੀ ਕੰਡਿ ਜੀਉ ॥ (ਮ: 5/74) ਅਰਥ : ਵਾਜੇ, ਢੋਲ, ਨਗਾਰੇ, ਆਦਿ ਵੱਜ ਰਹੇ ਹਨ (ਭਾਵ ਸਾਰੇ ਜੀਵ ਮਾਇਆ ਵਾਲੀ ਦੌੜ੍ਹ-ਭੱਜ ਕਰ ਰਹੇ ਹਨ, ਮਾਨੋ) ਮੱਲ (ਪਹਿਲਵਾਨ) ਆ ਇਕੱਠੇ ਹੋਏ ਹਨ, (ਪਿੜ ਦੇ ਦੁਆਲੇ, ਜਗਤ-ਅਖਾੜੇ ਵਿੱਚ) ਫੇਰੀਆਂ ਲੈ ਰਹੇ ਹਨ, ਪਰ ਮੇਰੀ ਪਿੱਠ ਉੱਤੇ (ਮੇਰੇ) ਗੁਰੂ ਨੇ ਥਾਪੀ ਦਿੱਤੀ, ਤਾਂ ਮੈਂ (ਵਿਰੋਧੀ) ਪੰਜੇ (ਕਾਮਾਦਿਕ ਵੈਰੀ ਨੌਜਵਾਨ) ਤਾਕਤਵਰ ਕਾਬੂ ਕਰ ਲਏ ।

2 . ਦਸਮੀ, ਦਹ ਦਿਸ ਹੋਇ ਅਨੰਦ ॥ ਛੂਟੈ ਭਰਮੁ, ਮਿਲੈ ਗੋਬਿੰਦ ॥ ਜੋਤਿ ਸਰੂਪੀ, ਤਤ ਅਨੂਪ ॥ ਅਮਲ, ਨ ‘ਮਲ’ ਨ ਛਾਹ, ਨਹੀ ਧੂਪ ॥ (ਕਬੀਰ ਜੀ/344)

ਅਰਥ : (ਗੁਰੂ ਬਖ਼ਸ਼ੇ ਉੱਦਮ ਨਾਲ) ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ, ਪਰਮਾਤਮਾ ਮਿਲ ਪੈਂਦਾ ਹੈ, ਜੋ ਨਿਰਾ ਨੂਰ ਹੀ ਨੂਰ ਹੈ, ਜੋ ਸਾਰੇ ਜਗਤ ਦਾ ਅਸਲ ਮੂਲ ਹੈ ਕਿਉਂਕਿ ਉਸ ਵਰਗਾ ਹੋਰ ਕੋਈ ਨਹੀਂ, ਵਿਕਾਰਾਂ ਦੀ ਕੋਈ ਭੀ ਮੈਲ ਨਹੀਂ, ਨਾ ਉਸ ਵਿੱਚ ਅਗਿਆਨਤਾ ਦਾ ਹਨੇਰਾ ਹੈ ਤੇ ਨਾ ਹੀ ਤ੍ਰਿਸ਼ਨਾ ਆਦਿਕ ਵਿਕਾਰਾਂ ਦੀ ਅੱਗ ਹੈ। (ਐਸੇ ਪਰਮਾਤਮਾ ਨਾਲ ਮੇਲ਼ ਹੋਇਆਂ) ਸਾਰੇ ਸੰਸਾਰ ਵਿੱਚ ਮਨੁੱਖ ਵਾਸਤੇ ਵੀ ਅਨੰਦ ਹੀ ਅਨੰਦ ਹੁੰਦਾ ਹੈ ।

3. ਅੰਤਰਿ ਮੈਲੁ ਲਗੀ, ਨਹੀ ਜਾਣੈ ; ਬਾਹਰਹੁ ‘ਮਲਿ ਮਲਿ’ ਧੋਵੈ ॥ (ਮ: 1/139)

ਅਰਥ : ਮਨ ਵਿੱਚ ਲੱਗੀ ਹੋਈ ਮੈਲ਼ ਦੀ ਮਨੁੱਖ ਨੂੰ ਖ਼ਬਰ ਨਹੀਂ (ਸਦਾ ਸਰੀਰ ਨੂੰ) ਬਾਹਰੋਂ ਹੀ ਮਲ ਮਲ ਕੇ ਧੋਂਦਾ ਰਹਿੰਦਾ ਹੈ।

ਉਚਾਰਨ ਸੇਧ : ਤੁਕ ਨੰ: 1. ਵਿੱਚ ‘ਮਲ’ ਦਾ ਅਰਥ ਹੈ ‘ਮੱਲ, ਪਹਿਲਵਾਨ’ ਉਚਾਰਨ ਅੱਧਕ ਸਹਿਤ ਹੈ : ‘ਮੱਲ’।

2, ਤੁਕ ਨੰ: 2 ਵਿੱਚ ‘ਮਲ’ ਦਾ ਅਰਥ ਹੈ, ‘ਮੈਲ਼’ ਉਚਾਰਨ ਹੈ ਬਿਨਾਂ ਬਿੰਦੀ ਤੋਂ ‘ਮਲ਼’

3. ਤੁਕ ਨੰ: 3 ਵਿੱਚ ‘ਮਲਿ ਮਲਿ’ (ਕਿਰਿਆ ਵਿਸ਼ੇਸ਼ਣ) ਦਾ ਅਰਥ ਹੈ ‘ਮਲ ਮਲ ਕੇ’ ਉਚਾਰਨ ਹੈ, ‘ਮਲ-ਮਲ’ ਬਿਨਾਂ ਬਿੰਦੀ ਤੋਂ।

(ਖ). ਲਗ, ਲਗਾ

1. ਆਪਸ ਕਉ ਦੀਰਘੁ ਕਰਿ ਜਾਨੈ ; ਅਉਰਨ ਕਉ ‘ਲਗ’ ਮਾਤ ॥ ਮਨਸਾ ਬਾਚਾ ਕਰਮਨਾ ; ਮੈ ਦੇਖੇ, ਦੋਜਕ ਜਾਤ ॥ (ਕਬੀਰ ਜੀ/1105)

ਅਰਥ : ਜੋ ਮਨੁੱਖ ਮਨ, ਬਚਨ ਜਾਂ ਕਰਮ ਦੁਆਰਾ ਹੋਰਨਾਂ ਨੂੰ ਤੁੱਛ ਜਾਣਦੇ ਹਨ ਤੇ ਆਪਣੇ ਆਪ ਨੂੰ ਵੱਡੇ ਸਮਝਦੇ ਹਨ, ਐਸੇ ਬੰਦੇ ਮੈਂ ਦੋਜ਼ਕ ਜਾਂਦੇ ਵੇਖੇ ਹਨ (ਭਾਵ ਨਿੱਤ ਇਹ ਵੇਖਣ ਵਿੱਚ ਆਉਂਦਾ ਹੈ ਕਿ ਅਜਿਹੇ ਹੰਕਾਰੀ ਮਨੁੱਖ ਹਉਮੈ ਵਿੱਚ ਇਉਂ ਦੁਖੀ ਹੁੰਦੇ ਹਨ, ਜਿਵੇਂ ਦੋਜ਼ਕ ਦੀ ਅੱਗ ਵਿੱਚ ਸੜ ਰਹੇ ਹੋਣ)।

2. ਬਿਨੁ ਗੁਰ, ਬੂਡੋ, ਠਉਰ ਨ ਪਾਵੈ ; ਜਬ ‘ਲਗ’ ਦੂਜੀ ਰਾਈ ॥ (ਮ: 1/1330)

ਅਰਥ : (ਜ਼ਿੰਦਗੀ ਦਾ ਇਕ-ਇਕ ਦਿਨ ਆਉਂਦਾ ਜਾਂਦਾ ਹੈ ਤੇ ਉਮਰ ਘਟ ਰਹੀ ਹੈ; ਪਰ ਮਾਇਆ ਤੋਂ ਉਪਰਾਮਤਾ ਨਾ ਮਿਲੀ) ਗੁਰੂ ਦੀ ਸ਼ਰਨ ਆਉਣ ਤੋਂ ਬਿਨਾਂ ਜੀਵ (ਇਸ ਮਾਇਆ ਮੋਹ ’ਚ) ਡੁੱਬਾ ਰਹਿੰਦਾ ਹੈ। ਜਦੋਂ ਤੱਕ ਇਸ ਦੇ ਅੰਦਰ ਰੱਤਾ ਭਰ ਭੀ ਮਾਇਆ ਦੀ ਪ੍ਰੀਤ ਕਾਇਮ ਰਹੇਗੀ, ਭਟਕਦੇ ਫਿਰਦੇ ਮਨੁੱਖ ਨੂੰ (ਆਤਮਕ ਸੁਖ ਦੀ) ਥਾਂ ਨਹੀਂ ਲੱਭਦੀ

ਉਚਾਰਨ ਸੇਧ : ‘ਲਗ’ ਸ਼ਬਦ ਬਣਤਰ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੇਵਲ ਉਕਤ ਦੋਵੇਂ ਤੁਕਾਂ ਵਿੱਚ ਹੀ ਦਰਜ ਹੈ। ਤੁਕ ਨੰ: 1 ਵਿੱਚ ‘ਲਗ ਮਾਤ’ ਦਾ ਅਰਥ ਹੈ ਅੱਖਰਾਂ ਨੂੰ ਲੱਗਣ ਵਾਲੀ ‘ਲਗ ਮਾਤਰਾ’। ਇਸ ਤੁਕ ਵਿੱਚ ‘ਲਗ ਮਾਤ’ ਦਾ ਭਾਵ ਹੈ ‘ਤੁੱਛ ਮਾਤਰ’ ਅਤੇ ਤੁਕ ਨੰ: 2 ਵਿੱਚ ‘ਜਬ ਲਗ’ ਦਾ ਅਰਥ ਹੈ ‘ਜਦੋਂ ਤੱਕ’।  ਵੈਸੇ ਦੋਵਾਂ ਹੀ ਤੁਕਾਂ ਵਿੱਚ ਉਚਾਰਨ ਬਿਨਾਂ ‘ਅੱਧਕ’ ਕਰਨਾ ਯੋਗ ਹੈ, ਪਰ।

3. ਚਰਨ ਕਮਲ ਸਿਉ ਰੰਗੁ ‘ਲਗਾ’, ਅਚਰਜ ਗੁਰਦੇਵ ॥ (ਮ: 5/814)

ਅਰਥ : ਹੇ ਭਾਈ! ਗੁਰੂ ਦੀ ਇਹ ਅਚਰਜ ਵਡਿਆਈ ਹੈ ਕਿ ਉਸ ਦੀ ਕਿਰਪਾ ਨਾਲ ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਪ੍ਰੀਤ ਲੱਗ ਜਾਂਦੀ ਹੈ।

4. ਚੇਤਿ ਮਿਲਾਏ ਸੋ ਪ੍ਰਭੂ, ਤਿਸ ਕੈ ਪਾਇ ‘ਲਗਾ’ (ਲੱਗਾਂ)॥ (ਮ: 5/133)

ਅਰਥ : ਜੇਹੜਾ ਮਨੁੱਖ ਮੈਨੂੰ ਹਰੀ ਦਾ ਮਿਲਾਪ ਕਰਾ ਦੇਵੇ ਮੈਂ ਉਸ ਦੀ ਚਰਨੀਂ ਲੱਗਦਾਂ ਹਾਂ।

ਉਚਾਰਨ ਸੇਧ: ‘ਲਗਾ’ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ 68 ਵਾਰ ਆਇਆ ਹੈ, ਇਨ੍ਹਾਂ ਦਾ ਉਚਾਰਨ ਹਰ ਵਾਰ ਪ੍ਰਕਰਨ ਅਨੁਸਾਰ ‘ਲੱਗਾ’ (ਅਨ੍ਯ ਪੁਰਖ ਇੱਕ ਵਚਨ ਕਿਰਿਆ) ਜਾਂ ‘ਲੱਗਾਂ’ (ਉਤਮ ਪੁਰਖ ਇੱਕ ਵਚਨ ਕਿਰਿਆ) ਕਰਨਾ ਠੀਕ ਰਹੇਗਾ।

ਕਾਰਕੀ ਅਰਥਾਂ ’ਚ ਸ਼ਬਦ-ਜੋੜ ‘ਲਗਿ, ਲਗੁ’ ਕਈ ਵਾਰ ਆਏ ਹਨ, ਜਿਨ੍ਹਾਂ ਦਾ ਉਚਾਰਨ ‘ਲੱਗ’ ਕਰਨਾ ਹੀ ਯੋਗ ਹੋਵੇਗਾ। ਇਸੇ ਤਰ੍ਹਾਂ ਕਿਰਿਆ ਦੇ ਵੀ ਵੱਖ ਵੱਖ ਰੂਪ ਹਨ, ‘ਲਗੀ, ਲਗੇ, ਲਗੈ, ਲਗਹ, ਲਗਹਿ, ਲਗਹੁ, ਲਗੋ, ਲਗਉ’, ਆਦਿ, ਇਨ੍ਹਾਂ ਸਭਨਾਂ ਦਾ ਉਚਾਰਨ ‘ਅੱਧਕ’ ਸਹਿਤ ਕਰਮਵਾਰ ‘ਲੱਗੀ, ਲੱਗੇ, ਲੱਗੈ, ਲੱਗੈਂ, ਲੱਗੋ, ਲਗਉਂ’ ਕਰਨਾਂ ਹੀ ਠੀਕ ਰਹੇਗਾ। ਇਸੇ ਤਰ੍ਹਾਂ ਗੁਰਬਾਣੀ ਵਿੱਚ ਵਰਤੇ ਗਏ ਹੋਰ ਸ਼ਬਦ ‘ਚੁਪ, ਰੁਖ, ਸਪੁ, ਮੁਠਾ, ਠਗ, ਇਕ, ਹਿਕ, ਵਿਖ, ਬਿਖ, ਚਕੁ, ਸਚ, ਚਲ, ਹਲੇ, ਬੁਕਿ, ਬੁਕ, ਹਟ, ਹੁਟੈ, ਸਟ, ਸੁਟ, ਸੁਟੇ, ਪਟ, ਜਗ, ਚਖ, ਲਥਾ, ਮਿਠਾ, ਫਿਕਾ, ਚਿਟੇ ਆਦਿਕ ਸ਼ਬਦਾਂ ਦੇ ਸਾਰੇ ਰੂਪ ਹੀ ਅੱਧਕ ਸਹਿਤ ਉਚਾਰਨ ਕਰਨੇ ਯੋਗ ਹਨ।

—ਚਲਦਾ —

ਘਾਲਿ ਖਾਇ ਕਿਛੁ ਹਥਹੁ ਦੇਇ

0

ਘਾਲਿ ਖਾਇ ਕਿਛੁ ਹਥਹੁ ਦੇਇ

ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਆਫ ਐਜੂਕੇਸ਼ਨ ਤੇ ਐਡਮਨਿਸਟੇਸ਼ਨ)

ਜਨਮ ਸਾਖੀਆਂ ਵਿੱਚ ਸੰਕੇਤ ਮਿਲਦਾ ਹੈ ਕਿ ਜੇ ਕਿਸੇ ਤੇ ਗੁਰੂ ਨਾਨਕ ਸਾਹਿਬ ਜੀ ਤ੍ਰੁਠ ਪੈਂਦੇ ਤਾਂ ਉਸ ਨੂੰ ਅਸੀਸ ਦਿੰਦੇ, ‘ਤੈਨੂੰ ਕਰਤਾਰ ਚਿਤ ਆਵੈ॥’ ਪਰਮਾਤਮਾ ਦੇ ਸਾਰੇ ਗੁਣਾਂ ਵਿੱਚੋਂ ਉਨ੍ਹਾਂ ਨੂੰ ਅਕਾਲ ਪੁਰਖ ਦਾ ‘ਕਰਤਾਰ’ ਹੋਣ ਦਾ ਗੁਣ ਸਭ ਤੋਂ ਵਧੇਰੇ ਪਿਆਰਾ ਤੇ ਮਹਾਨ ਜਾਪਦਾ ਸੀ। ਕਰਤਾ ਪੁਰਖ ਹੋਣ ਕਰਕੇ ਪ੍ਰਭੂ ਆਪ ਕਿਰਤੀ ਹੈ, ‘‘ਕੁਦਰਤਿ ਕਰ ਕੈ ਵਸਿਆ ਸੋਇ॥’’ ਸਰਬ ਵਿਆਪੀ ਹੈ, ‘‘ਰੰਗੀ ਰੰਗੀ ਭਾਤੀ ਕਰਿ ਕਰਿ, ਜਿਨਸੀ ਮਾਇਆ॥’’ (ਪੰਨਾ ੯) ਦੀ ਉਤਪਤੀ ਕਰਦਾ ਹੈ ਇਸ ਲਈ ਸਿਰਜਣਹਾਰ ਹੈ।

ਪਰਮਾਤਮਾ ਜੋ ਕਰਦਾ ਹੈ ਉਹ ਹੀ ਵਾਪਰਦਾ ਹੈ। ਕਰਤਾਰ ਦੀ ਮੁੱਖ ਬਿਰਤੀ ਹੀ ਕਿਰਤੀ ਹੈ ਰਚਨਾ ਕਰਨ ਵਾਲੀ ਹੈ, ਕੁਝ ਘੜਨ ਉਸਾਰਨ ਦੀ ਬਿਰਤੀ ਜਾਂ ਸੋਚ ਹੈ, ਇਹ ਹਰ ਰੋਜ਼ ਉੱਨਤੀ ਕਰਨ ਦੀ ਸੋਚ ਹੈ, ਨਵ ਵਿਕਾਸ ਦਾ ਖਿਆਲ ਹੈ, ਅੱਗੇ ਵਧਣ ਦੀ ਲਗਨ ਹੈ ਕਰਤਾਰੀ ਬਿਰਤੀ, ਕਿਰਤੀ ਜਾਂ ਉਸਾਰੂ ਬਿਰਤੀ ਹੈ, ਵਿਹਲੜ ਦੀ ਨਹੀਂ। ਸਿੱਖ ਧਰਮ ਵਿੱਚ ਉਪਾਸਨਾ, ਭਗਤੀ ਦਾ ਨਿਯਮ ਜਾਂ ਰੂਪ ਹੀ ਮੁਸ਼ਕਤ ਜਾਂ ਕਿਰਤ ਕਰਨੀ ਹੈ, ਜੋ ਸਦਾ ਉਸਾਰੂ ਹੋਵੇ। ਕਿਰਤ ਗੁਰਮਤਿ ਸੰਦੇਸ਼ ਦੀ ਬੁਨਿਆਦ ਹੈ, ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ ਸਿੱਖੀ ਦਾ ਮੁਢਲਾ ਸਿਧਾਂਤ ਜਾਂ ਉਪਦੇਸ਼ ਹੈ।

ਨਾਮ ਦਾਨ ਇਸ਼ਨਾਨ ਦ੍ਰਿੜ੍ਹਾਉਣ ਦੇ ਸੰਦੇਸ਼ ਵਿੱਚ ਆਏ ‘ਦਾਨ’ ਭਾਵ ਵੰਡ ਛਕਣ, ਲੋੜਵੰਦ ਦੀ ਸੇਵਾ ਅਤੇ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਦੇ ਵੱਡਮੁੱਲੇ ਪਹਿਲੂ ਦੀ ਪੂਰਤੀ ਤਦੋਂ ਹੋ ਸਕਦੀ ਹੈ ਜੇ ਮਨੁੱਖ ਪੁਰਸ਼ਾਰਥੀ ਹੋ ਕੇ ਕਿਰਤ ਕਰੇ। ਗੁਰਮਤਿ ਵਿੱਚ ‘‘ਕਰਿ ਸੁਕ੍ਰਿਤੁ ਧਰਮੁ ਕਮਾਇਆ॥’’ ਦੀ ਬੜੀ ਮਹਾਨਤਾ ਹੈ। ‘‘ਸਾਹਿਬ ਜਿਸ ਕਾ ਨੰਗਾ ਭੁਖਾ ਹੋਵੈ ਤਿਸ ਦਾ ਨਫਰੁ ਕਿਥਹੁ ਰਜਿ ਖਾਏ॥ ਜਿ ਸਾਹਿਬ ਕੈ ਘਰਿ ਵਥੁ ਹੋਵੈ ਸੁ ਨਫਰੈ ਹਥਿ ਆਵੈ ਅਣਹੋਦੀ ਕਿਥਹੁ ਪਾਇ॥’’ ਇਸ ਲਈ ਕਿਰਤੀ ਮਨੁੱਖ ਜਾਂ ਕਿਰਤੀ ਸਮਾਜ ਹੀ ਮੰਗ ਖਾਣ ਦੇ ਬੱਜਰ ਪਾਪ ਤੋਂ ਮੁਕਤ ਹੋ ਸਕਦਾ ਹੈ ਇਸ ਪਰਥਾਏ ਗੁਰੂ ਸਾਹਿਬ ਨੇ ਵੱਡਮੁੱਲੇ ਅਮੋਲਕ ਸਿਧਾਂਤ ਗੁਰਬਾਣੀ ਵਿੱਚ ਦਰਜ ਕੀਤੇ ਹਨ_‘‘ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚ॥’’ (ਪੰਨਾ ੫੨੨)  ਜਾਂ ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ (ਪੰਨਾ ੧੨੪੫)

ਮਨੁੱਖਤਾ ਦੀ ਮਹਾਨ ਲਗਨ ਕਿਰਤੀ ਜਾਂ ਉਦਮੀ ਹੋਣਾ ਹੈ ਜਿਸ ਕਰਕੇ ਉੱਨਤੀ ਹੋਵੇ। ਮਨੁੱਖ ਕੰਮ ਕਰਨਾ ਲੋਚਦਾ ਹੈ ਤਾਂ ਕਿ ਉਹ ਉੱਨਤ ਹੋਵੇ, ਮਨੁੱਖਤਾ ਦਾ ਸੁਪਨਾ ਵੀ ਉੱਨਤੀ ਹੈ, ਵਿਕਾਸ ਹੈ। ਪਰਮਾਤਮਾ ਦੇ ਸੁਭਾਅ ਵਿੱਚੋਂ ਹੀ ਮਨੁੱਖ ਵਿੱਚ ਇਹ ਗੁਣ ਜਾਂ ਸੋਚ ਆਈ ਹੈ, ਮਨੁੱਖ ਆਪਣੀ ਵਰਤਮਾਨੀ ਹੋਣੀ ਨਾਲ ਸੰਤੁਸ਼ਟ ਨਹੀਂ ਸਗੋਂ ਉੱਨਤ ਤੇ ਹੋਰ ਉੱਨਤ ਹੋਣਾ ਲੋਚਦਾ ਹੈ, ਗੁਰਬਾਣੀ ‘‘ਅਗਾਹਾਂ ਕੁ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ’’ (ਪੰਨਾ ੧੦੯੬) ਦਾ ਹੁਲਾਰਾ ਦੇ ਕੇ ਮਨੁੱਖੀ ਸੋਚ ਦਾ ਵਿਕਾਸ ਕਰਦੀ ਹੈ ਤਾਂ ਕਿ ਕਿਰਤ ਕਰਦਿਆਂ ਉਸ ਦੀ ਆਤਮਿਕ ਮੰਜ਼ਿਲ ਐਨੀ ਉਚੇਰੀ ਹੋ ਸਕੇ ਕਿ ਮਨੁੱਖ ਆਪਣੇ ਕਰਤੇ ਤੇ ਮਾਣ ਕਰਦਿਆਂ ‘‘ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸਮਾਲਿ॥ ਹਾਥ ਪਾਉ ਕਰਿ ਕਾਮ ਸਭ ਚੀਤ ਨਿਰੰਜਨ ਨਾਲਿ॥’’ ਕਹਿ ਉੱਠੇ, ਪਰਿਵਾਰ ਤੇ ਸਮਾਜ ਵਿੱਚ ਰਹਿੰਦਾ ਅਨੰਦਤ ਹੋ ਸਕੇ। ਜੀਵਨ ਜੀਊਂਦਿਆਂ ‘‘ਹਥੀ ਕਾਰ ਕਮਾਵਣੀ, ਪੈਰੀ ਚਲ ਸਤਿਸੰਗਿ ਮਿਲੇਹੀ॥ ਕਿਰਤ ਵਿਰਤਿ ਕਰਿ ਧਰਮ ਦੀ, ਖਟ ਖਵਾਲਣ ਕਾਰਿ ਕਰੇਹੀ॥’’ ਦੀ ਆਤਮਿਕ ਸੋਝੀ ਹੋਵੇ। ਗੁਰਮਤਿ ਨੇ ਪਦਾਰਥਕ ਉੱਨਤੀ ਨੂੰ ਵੀ ਬੇਲੋੜਾ ਨਹੀਂ ਮੰਨਿਆ ਬਲਕਿ ਖੱਟਣ ਘਾਲਣ ਦੀ ਹਦਾਇਤ ਕੀਤੀ ਹੈ। ‘‘ਮਾਊ ਪੀਉ ਕਿਰਤੁ ਗਵਾਇਣਿ॥’’ ਨੂੰ ਝੁੰਮ ਮਾਰ ਕੇ ਵਿਹਲੜ ਬੈਠਣ ਨੂੰ, ਨਿਕੰਮਾਪਣ ਹੀ ਗਿਣਿਆ ਹੈ, ਇਸ ਨੂੰ ਨਿੰਦਿਆ ਹੀ ਹੈ। ‘‘ਮਖਟੂ ਹੋਇ ਕੈ ਕੰਨ ਪੜਾਏ’’ ਦੀ ਨਿਖੇਧੀ ਕੀਤੀ ਹੈ, ‘ਭੁਖੇ ਮੁਲਾਂ ਘਰੇ ਮਸੀਤਿ’ ਨੂੰ ਅਪ੍ਰਵਾਨ ਕੀਤਾ ਹੈ।

ਪੁਜਾਰੀ ਸ਼੍ਰੇਣੀ ਵਾਂਗ ‘ਵਿਦਿਆ ਬਿਕ੍ਰਣ’’ ਦੀ ਨੀਚ ਸੋਚ ਨੂੰ ਆਦਰ ਨਹੀਂ ਦਿੱਤਾ।  ‘ਸਰਮ ਪਤੁ ਝੋਲੀ’ ਸਿੱਖ ਦੇ ਹਿਰਦੇ ਰੂਪੀ ਗਲ ਵਿੱਚ ਪਾਈ ਕਿਉਂਕਿ ਉਨ੍ਹਾਂ ਨੇ ਕਿਰਤ ਕਰਨ ਨੂੰ ਸ੍ਰੇਸ਼ਟ ਮੰਨਿਆ ਹੈ। ਕਿਰਤ ਕਰਨਾ ਗੁਰੂ ਜੀ ਦੇ ਉਪਦੇਸ਼ ਦੀ ਪ੍ਰਥਮ ਪੌੜੀ ਹੈ, ਜੋ ਗੁਰਮਤਿ ਸਿਧਾਂਤ ਦੀ ਪਹਿਲੀ ਕਮਾਈ ਹੈ, ਉੱਨਤੀ ਹੈ। ਪਦਾਰਥਕ ਰੁਚੀ ਦੇ ਨਾਲ-ਨਾਲ ਆਚਰਣਕ ਜਾਂ ਆਤਮਿਕ ਤੌਰ ਤੇ ਵੀ ਉਚੇਰੇ ਤੇ ਚੰਗੇਰੇ ਹੁੰਦੇ ਜਾਣਾ ਹੈ ਤਾਂ ਕਿ ‘‘ਤਿਥੈ ਊਂਘ ਨ ਭੁਖ ਹੈ॥’’ ਵਾਲੀ ਸਦੀਵੀ ਤ੍ਰਿਪਤੀ ਦਾ ਅਨੰਦ ਮਾਣਿਆ ਜਾ ਸਕੇ। ਸਤਿਗੁਰੂ ਜੀ ਨੇ ਗੁਰਮੁਖ ਪਦ ਦੀ ਪ੍ਰਾਪਤੀ ਨੂੰ ਜ਼ਿੰਦਗੀ ਦਾ ਆਦਰਸ਼ ਮੰਨਿਆ ਹੈ। ਮਨੁੱਖ ਨੇ ਮਿਹਨਤ ਕਰਕੇ ਜਿੱਥੇ ਘਰ ਉਸਾਰਨਾ ਹੈ ਜੀਵਨ ਨਿਰਬਾਹ ਲਈ ਪਦਾਰਥ ਭੋਗਣੇ ਹਨ, ਉੱਥੇ ਆਪਣੇ ਆਪ ਨੂੰ ਵੀ ਉਸਾਰਨਾ ਹੈ ‘‘ਹਾਟੀ ਬਾਟੀ ਨੀਦ ਨ ਆਵੈ, ਪਰ ਘਰਿ ਚਿਤੁ ਨ ਡੁੋਲਾਈ॥’’ ਦੀ ਜੀਵਨ ਨਿਰਲੇਪਤਾ ਬਣਾਉਣੀ ਹੈ। ਗੁਰਸਿੱਖ ਘਰ-ਬਾਰ ਦਾ ਤਿਆਗੀ ਨਹੀਂ, ਮੰਗ ਖਾਣ ਵਾਲਾ ਅਤੀਤ ਜੋਗੀ ਨਹੀਂ ਸਗੋਂ ਗੁਰਮੁਖ ਜੋਗੀ ਹੈ। ਇਸ ਲਈ ਕਿਰਤੀ ਗੁਰਮੁਖ ਨਿਸਚੇ ਹੀ ਗ੍ਰਿਹਸਤੀ ਹੋਵੇਗਾ, ਕਿਰਤ ਕਰਨ ਵਾਲਾ, ਉੱਦਮੀ ਸੰਸਾਰ ਵਿੱਚ ਵਿਚਰਨ ਵਾਲਾ ਲੋਕਾਈ ਦਾ ਭਲਾ ਲੋਚਣ ਵਾਲਾ ਹੋਣਾ ਹੈ। ਉਹ ਜੰਗਲਾਂ ਬੇਲਿਆਂ ਦਾ ਵਾਸੀ ਨਹੀਂ, ‘‘ਠਗਣ ਕਉ ਸੰਸਾਰੁ’’ ਆਦਿ ਫੋਕੀਆਂ ਸਮਾਧੀਆਂ ਲਾਉਣ ਵਾਲਾ ਨਹੀਂ, ਉਹ ਕਾਰ-ਵਿਹਾਰ ਕਰਨ ਵਾਲਾ ਮਿਹਨਤਕਸ਼ ਗੁਰਮੁਖ ਹੈ। ਇਸ ਲਈ ‘‘ਗਏ ਮਸਕਤਿ ਘਾਲਿ’’ ਦੇ ਕਿਰਤੀ ਸਮਾਜ ਵਿੱਚ ਗ੍ਰਿਹਸਤੀ ਧਰਮ ਪ੍ਰਧਾਨ ਹੋ ਨਿਬੜਿਆ ਹੈ। ਜਿੱਥੇ ਗੁਰਮੁਖ ‘‘ਮਸਕਤਿ ਲਹਹੁ ਮਜੂਰੀਆ ਮੰਗਿ ਮੰਗਿ ਖਸਮ ਦਰਾਹੁ॥’’ ਦੇ ਪਿਆਰ ਵਿੱਚ ਆਪਣੇ ਪ੍ਰਭੂ ਨਾਲ ਲਾਡ ਲਡਾਉਂਦਾ ਹੈ ਉੱਥੇ ਕਿਰਤ ਕਰਦਿਆਂ ‘‘ਕਿਛੁ ਹਥਹੁ ਦੇਇ’’ ਰਾਹੀਂ ਸਿੱਖ ਜਾਂ ਸਿੱਖ ਸਮਾਜ ਸਰਬੱਤ ਦਾ ਭਲਾ ਲੋਚਣ ਵਾਲਾ ਹੈ।

ਇਹ ਹੀ ਸਿੱਖ ਸਮਾਜ ਦੀ ‘‘ਜਾਣਹੁ ਜੋਤਿ ਨ ਪੂਛਹੁ ਜਾਤੀ’’ (ਪੰਨਾ ੩੪੯) ਅਨੁਸਾਰ ਕੁਦਰਤ ਵਿੱਚ ਵਸਦੇ ਕਾਦਰ ਦੀ ਜੋਤ ਦਾ ਪ੍ਰਮਾਣ ਹੈ।

ਗੁਰਮੁਖ ਜਾਂ ਰੱਬੀ ਪਿਆਰ ਵਾਲਾ ਸੱਜਣ ਉਸੇ ਤਰ੍ਹਾਂ ਮਨੁੱਖਤਾ ਦੇ ਭਲੇ ਹਿਤ ਕਾਰਜਸ਼ੀਲ ਹੁੰਦਾ ਹੈ ਜਿਵੇਂ ਪਰਮਾਤਮਾ ਆਪਣੀ ਕੀਤੀ ਰਚਨਾ ਦੀ ਸੰਭਾਲ ਹਰ ਪਲ ਕਰ ਰਿਹਾ ਹੈ।

ਅਜੋਕਾ ਸਮਾਜ ਦੋ ਗੱਲਾਂ ਵਿੱਚ ਵਿਸ਼ਵਾਸ ਕਰਦਾ ਹੈ ਕਿ ਕਿਰਤੀ ਨਾਲ ਇਨਸਾਫ ਨਿਆਂ ਹੋਵੇ ਤੇ ਕਿਰਤ ਦੀ ਸਮਾਨ, ਬਰਾਬਰ ਵੰਡ ਹੋਵੇ। ਗੁਰਮਤਿ ਜਾਂ ਸਿੱਖ ਧਰਮ ਨੇ ਕਿਰਤੀ ਨਾਲ ਇਨਸਾਫ਼ ਕਰਨ ਨੂੰ ਅਮਲੀ ਰੂਪ ਦੇਣ ਲਈ ਪਹਿਲੀ ਪਾਤਸ਼ਾਹੀ ਨੇ ਭਾਈ ਮਰਦਾਨਾ ਜੀ ਸਾਥੀ ਬਣਾਇਆ। ਕੀਰਤਨ ਕਰਨ ਦਾ ਧਰਮ ਪ੍ਰਚਾਰ ਕਰਨ ਦਾ ਪੂਰਾ ਅਧਿਕਾਰ ਦਿੱਤਾ, ਜਿਸ ਨੂੰ ਭਾਈ ਗੁਰਦਾਸ ਜੀ ਨੇ ‘‘ਭਲਾ ਰਬਾਬ ਵਜਾਇੰਦਾ, ਮਜਲਸ ਮਰਦਾਨਾ ਮੀਰਾਸੀ॥’’ ਕਹਿ ਕੇ ਸਨਮਾਨਿਆ।  ਭਾਈ ਲਾਲੋ ਜੀ ਨੂੰ ਸਦਾ ਲਈ ਅਮਰ ਕੀਤਾ।  ਝੰਡੇ ਵਾਢੀ (ਇਹ ਤਰਖਾਣ ਕਿੱਤੇ ਨਾਲ ਸਬੰਧਿਤ ਸਿੱਖ ਵੀ ਗੁਰੂ ਨਾਨਕ ਸਾਹਿਬ ਜੀ ਦੇ ਦੂਜੀ ਉਦਾਸੀ ਸਮੇਂ ਨਾਲ ਰਿਹਾ ਸੀ) ਨੂੰ ਸ਼ਬਦ ਦੀ ਦਾਤ ਬਖਸ਼ੀ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿੱਥੇ ਗੁਰੂ ਸਾਹਿਬਾਨ ਜੀ ਦੀ ਅਲਾਹੀ ਬਾਣੀ ਦਰਜ ਹੈ, ਉੱਥੇ ਵੱਖ-ਵੱਖ ਇਲਾਕੇ ਦੇ ਨਿਵਾਸੀ ਵੱਖ-ਵੱਖ ਬੋਲੀ ਬੋਲਣ ਵਾਲੇ ਪੰਦਰਾਂ ਕਿਰਤੀ ਭਗਤਾਂ, ਤਿੰਨ ਸਿੱਖਾਂ ਗਿਆਰਾਂ ਭੱਟਾਂ ਦਾ ਮਹਾਨ ਕਲਾਮ ਸੁਭਾਇਮਾਨ ਕੀਤਾ ਜਿਸ ਨੂੰ ਹਰ ਸੱਚਾ ਇਨਸਾਨ ਸਿਰ ਝੁਕਾਂਦਾ ਹੈ। ਇਸ ਤੋਂ ਵੱਡਾ ਕਿਰਤੀ ਨਾਲ ਇਨਸਾਫ਼ ਹੋਰ ਕਿੱਥੇ ਹੋ ਸਕਦਾ ਹੈ। ਫਿਰ ਕਿਰਤ ਦੀ ਸਮਾਨ ਵੰਡ ਕਰਦਿਆਂ ‘‘ਹਕੁ ਪਰਾਇਆ ਨਾਨਕਾ ਉਸੁ ਸੁਅਰ ਉਸੁ ਗਾਇ॥ ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥’’ (ਪੰਨਾ ੧੪੧) ਦਾ ਹੁਕਮ ਬਖਸ਼ਿਆ ਹੈ।

ਕਿਰਤ ਜੋ ਕਰੇ ਧਰਮ ਦੀ ਕਰੈ, ਸਭ ਤੇ ਉੱਤਮ ਸੌਦਾਗਰੀ ਹੈ, ਉਸ ਤੇ ਖੇਤੀ ਦੀ ਹੈ ਅਰ ਜੋ ਚਾਕਰੀ ਕਰੈ ਤਾਂ ਸਿਪਾਹਗੀਰੀ ਕਰੈ, ਕੈਸੀ ਚਾਕਰੀ ਕਰੈ ? ਜੋ ਬੇ-ਪ੍ਰਵਾਹ ਰਹੈ ਔਰ ਜੋ ਕਿਛੁ ਮਹੀਨਾ ਹੋਵੇ ਉਸ ਉੱਪਰ ਸੰਤੋਖ ਕਰੈ। ਅਰ ਕਹੀ ਜੋ ਲੁੱਟ ਹੋਇ ਤਾਂ ਲੁੱਟੇ ਨਾਹੀ ਕਿਸੇ ਦੇ ਮਾਲ ਦੀ ਵਲ ਨਦਰ ਨਾ ਕਰੈ, ਅਰ ਜੋ ਕਿਛੁ ਖਾਵੰਦ ਫੁਰਮਾਏ ਸੋ ਸਿਰ ਮੱਥੇ ਉੱਪਰ ਮੰਨੈ॥ (ਪ੍ਰੇਮ ਸੁਮਾਰਗ) ‘‘ਜਿਸੁ ਗ੍ਰਿਹਿ ਬਹੁਤੁ ਤਿਸੈ ਗ੍ਰਿਹਿ ਚਿੰਤਾ॥ ਜਿਤੁ ਗ੍ਰਿਹਿ ਥੋਰੀ ਸੁ ਫਿਰੈ ਭ੍ਰਮੰਤਾ॥ ਦੁਹੂੰ ਬਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀਐ॥’’  ਦੀ ਸਮਾਨ ਵੰਡ ਬਖਸ਼ੀ ਹੈ। ਮਨੁੱਖੀ ਬਰਾਬਰਤਾ ਲਈ ਸੰਗਤ, ਪੰਗਤ ਦੀ ਪ੍ਰਥਾ, ਅੰਮ੍ਰਿਤ ਦੇ ਸਾਂਝੇ ਬਾਟੇ ਸਾਂਝੇ ਕਕਾਰਾਂ ਰਾਹੀਂ ਕਿਰਤੀਆਂ ਨੂੰ ਬਰਾਬਰ ਦਾ ਰੁਤਬਾ ਦਿੱਤਾ, ‘‘ਇਨਹੀ ਕੀ ਕਿਰਪਾ ਕੇ ਸਜੇ ਹਮ ਹੈਂ ਨਹੀਂ ਮੋ ਸੋ ਗਰੀਬ ਕਰੋਰ ਪਰੇ॥’’ ਦਾ ਮਾਣ ਦੇ ਕੇ ਕਿਰਤੀ ਵਰਗ ਨੂੰ ਉੱਚਾ ਚੁੱਕਣ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥’’ (ਪੰਨਾ ੧੫) ਨੂੰ ਸੱਚ ਕਰ ਵਿਖਾਇਆ।

ਅਜੋਕੇ ਸਮੇਂ  ਸਿੱਖ ਸਮਾਜ ਵਿੱਚ ਪਤਿਤਪੁਣੇ ਦੀ ਲਹਿਰ, ਨਸ਼ਿਆਂ ਦਾ ਦਰਿਆ ਪੂਰੇ ਜ਼ੋਰ ਨਾਲ ਵਗ ਰਿਹਾ ਹੈ। ਇਸ ਦਾ ਮੁੱਖ ਕਾਰਨ ਬੇਰੁਜ਼ਗਾਰੀ ਹੈ। ਪੜ੍ਹੇ-ਲਿਖੇ ਬੱਚੇ ਪਿਤਾ ਪੁਰਖੀ ਕਿੱਤੇ ਖੇਤੀਬਾੜੀ ਆਦਿ ਨੂੰ ਛੋਟਾ ਜਾਂ ਨਖਿੱਧ ਜਾਣ ਕੇ ਕਰਨ ਲਈ ਤਿਆਰ ਨਹੀਂ ਹਨ। ਇਸ ਲਈ ਕਿਰਤ ਜਾਂ ਰੋਜ਼ੀ ਕਮਾਉਣ ਲਈ ਦੇਸ਼ ਵਿਦੇਸ਼ ਹੱਥ ਪੈਰ ਮਾਰਦੇ ਹਨ ਜਿਸ ਕਾਰਨ ਪਤਿਤ ਪੁਣੇ ਵਿੱਚ ਧੜਾਧੜ ਧਸਦੇ ਜਾ ਰਹੇ ਹਨ। ਰੁਜ਼ਗਾਰ ਨਾ ਮਿਲਣ ਦੀ ਨਮੋਸ਼ੀ ਵਿੱਚ ਨਸ਼ਿਆਂ ਦੇ ਆਦੀ ਹੋ ਜਾਂਦੇ ਹਨ। ਸੋ ਸਿੱਖ ਸਮਾਜ ਗੁਰੂ ਸੰਗਤ, ਸਾਡੇ ਗੁਰੂ ਘਰ ਜਿੱਥੇ ‘ਸਭੇ ਜੀਅ ਸਮਾਲਿ ਆਪਣੀ ਮਿਹਰ ਕਰਿ॥’’ ਦੇ ਰੂਪ ਵਿੱਚ ਅਰਦਾਸ ਕਰਦੇ ਹਨ, ਉੱਥੇ ਆਪਣੇ ਸਿੱਖ ਬੱਚੇ-ਬੱਚੀਆਂ ਲਈ ਵਿਸ਼ੇਸ਼ ਤੌਰ ਤੇ ਰੁਜਗਾਰ ਦੇ ਮੌਕੇ ਪੈਦਾ ਕਰਨ ਦੀ ਲੋੜ ਹੈ। ਇਸ ਨਾਲ ਪਤਿਤਪੁਣੇ ਤੇ ਨਸ਼ਿਆਂ ਤੋਂ ਮੁਕਤੀ ਪ੍ਰਾਪਤ ਹੋਵੇਗੀ। ਅੱਜ ਗੁਰਦੁਆਰਿਆਂ ਵਿੱਚ ਸੋਨੇ ਦੇ ਕਲਸ ਲਾਉਣ ਦੀ ਲੋੜ ਨਹੀਂ ਬਲਕਿ ਲੋੜਵੰਦਾਂ ਨੂੰ ਸੰਭਾਲਣ ਦੀ ਲੋੜ ਹੈ। ‘‘ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ॥ ਫਰੀਦਾ ਦੇਖਿ ਪਰਾਈ ਚੋਪੜੀ ਨ ਤਰਸਾਏ ਜੀਉ॥’’ ਦੀ ਸੋਚ ਨੂੰ ਈਮਾਨਦਾਰੀ ਨਾਲ ਅਪਨਾਉਣ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਸਦੀਵ ਇਸ ਸਿਧਾਂਤ ਤੇ ਪਰਪੱਕ ਹੋ ਸਕੀਏ।

ਗੁਰਸਿਖ ਮਿਠਾ ਬੋਲਣਾ, ਨਿਵਿ ਚਲਣਾ ਗੁਰਸਿਖੁ ਪਰਵਾਣਾ॥

ਘਾਲਿ ਖਾਇ ਗੁਰਸਿਖ ਮਿਲਿ ਖਾਣਾ॥ (ਵਾਰ ੩੨, ਪਉੜੀ ੧)

ਚਿੱਠੀ ਨੰ: 29 ਮਿਤੀ 2 ਮਈ 2018 (ਕਿਰਪਾਲ ਸਿੰਘ ਬਠਿੰਡਾ ਵੱਲੋਂ ਕਰਨਲ ਨਿਸ਼ਾਨ ਜੀ ਵੱਲ ਪੱਤਰ)

0

ਚਿੱਠੀ ਨੰ: 29 ਮਿਤੀ 2 ਮਈ 2018 (ਕਿਰਪਾਲ ਸਿੰਘ ਬਠਿੰਡਾ ਵੱਲੋਂ ਕਰਨਲ ਨਿਸ਼ਾਨ ਵੱਲ ਪੱਤਰ)

ਸਤਿਕਾਰਯੋਗ ਲੈਫ: ਕਰਨਲ ਸੁਰਜੀਤ ਸਿੰਘ ਨਿਸ਼ਾਨ ਸਾਹਿਬ ਜੀ !

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥

ਵਿਸ਼ਾ : ਕੈਲੰਡਰ ਦੀਆਂ ਤਾਰੀਖ਼ਾਂ ਬਾਰੇ ਅਸਹਿਮਤੀ ।

ਕਰਨਲ ਸਾਹਿਬ ਜੀ ! 20 ਮਾਰਚ ਤੋਂ ਅੱਜ ਮਿਤੀ 2 ਮਈ ਤੱਕ ਭਾਵ 43 ਦਿਨਾਂ ਵਿੱਚ ਸ: ਸਰਬਜੀਤ ਸਿੰਘ ਸੈਕਰਾਮੈਂਟੋ, ਤੁਹਾਡੇ ਅਤੇ ਮੇਰੇ ਵਿੱਚਕਾਰ ਹੁਣ ਤੱਕ ਹੋਏ ਪੱਤਰ ਵਿਹਾਰ ਦੀਆਂ ਕੁੱਲ 28 ਚਿੱਠੀਆਂ ਗੁਰਪ੍ਰਸਾਦ.ਕਾਮ (http://gurparsad.com/category/nanakshahi-calendar-debate/ ) ’ਤੇ ਤਰਤੀਬਵਾਰ ਅਪਡੇਟ ਹੋ ਚੁੱਕੀਆਂ ਹਨ, ਪਰ ਬੜੇ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਤੁਹਾਥੋਂ ਪੁੱਛੇ ਗਏ ਕਿਸੇ ਇੱਕ ਵੀ ਸਵਾਲ ਦਾ ਹਾਂ ਜਾਂ ਨਾਂਹ ਵਿੱਚ ਕੋਈ ਵੀ ਜਵਾਬ ਨਹੀਂ ਦਿੱਤਾ ਅਤੇ ਨਾ ਹੀ ਤੁਸੀਂ ਆਪਣੇ ਕੱਦ ਕਾਠ ਅਤੇ ਵਿਦਵਤਾ ਭਰਪੂਰ ਸ਼ਬਦਾਵਲੀ ਜਿਵੇਂ ਕਿ ਇੱਥੇ ਮੈਨੂੰ ਆਪਣਾ ਪੱਖ ਹੋਰ ਵਿਚਾਰਨਾ ਚਾਹੀਦਾ ਹੈ ਤੇ ਇੱਥੇ ਤੁਹਾਨੂੰ ਵਿਚਾਰ ਕਰਨ ਦੀ ਜ਼ਰੂਰਤ ਹੈ, ਵਾਙ ਕੋਈ ਵੀ ਜਵਾਬ ਨਹੀਂ ਦਿੱਤਾ।

ਸ: ਸਰਬਜੀਤ ਸਿੰਘ ਦੇ ਪਹਿਲੇ ਪੱਤਰ ਰਾਹੀਂ ਸਵਾਲ ਇੱਥੋਂ ਸ਼ੂਰੂ ਹੋਇਆ ਸੀ ਕਿ ਤੁਹਾਡੀ ਪੁਸਤਕ ਦੇ ਪੰਨਾ ਨੰ: 85 ਉੱਪਰ ਦਿੱਤੇ ਗਏ ਸੰਮਤ 550 ਦੇ ਗੁਰ ਪੁਰਬਾਂ ਦੀ ਸੂਚੀ ਵਿੱਚ ਕੁਝ ਤਰੀਖਾਂ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਕੈਲੰਡਰ ਸੰਮਤ 550 ਵਿੱਚ ਦਰਜ ਕੀਤੀਆਂ ਤਰੀਖਾਂ ਵਿੱਚ ਬੜਾ ਫਰਕ ਹੈ। ਇਸ ਲਈ ਦੋਵਾਂ ਵਿੱਚੋਂ ਕਿਸੇ ਇੱਕ ਦੀਆਂ ਤਰੀਖਾਂ ਤਾਂ ਜਰੂਰ ਗਲਤ ਹੋਣਗੀਆਂ। ਸੋ ਦੱਸਿਆ ਜਾਵੇ ਕਿ ਦੋਵਾਂ ਵਿੱਚੋਂ ਕਿਸ ਦੀਆਂ ਤਰੀਖਾਂ ਕਿੱਥੇ ਅਤੇ ਕਿਉਂ ਗਲਤ ਹਨ ? ਪਰ ਹੁਣ ਤੱਕ ਤੁਸੀਂ ਸਵਾਲੀਆ ਬਣ ਜਾਂ ਉਸਤਾਦ ਬਣ ਕੋਈ ਤਸੱਲੀ ਬਖ਼ਸ਼ ਭੂਮਿਕਾ ਨਾ ਨਿਭਾਈ। ਕਿਸੇ ਇੱਕ ਵਿਅਕਤੀ ਦੁਆਰਾ ਵਰਤੀ ਗਈ ਕੁਝ ਸ਼ਬਦਾਵਲੀ ਵਿਚ ਹੀ ਚਿੰਤਤ ਰਹੇ ਤੇ ਅਸਲ ਵਿਸ਼ੇ ਦੀ ਬਜਾਏ ਤੁਹਾਡੇ ਅਣਉਚਿਤ ਜਵਾਬਾਂ ਕਾਰਨ ਸ਼ੰਕਿਆਂ ਦੀ ਨਵਿਰਤੀ ਦੀ ਬਜਾਏ ਸਵਾਲਾਂ ਦੀ ਗਿਣਤੀ ਲਗਾਤਾਰ ਵਧਦੀ ਗਈ ।

ਇੱਕ ਪਾਸੇ ਤੁਸੀਂ ਆਪਣੀਆਂ ਤਰੀਖਾਂ ਨੂੰ 100% ਸਹੀ ਦੱਸ ਰਹੇ ਹੋ ਤੇ ਦੂਸਰੇ ਪਾਸੇ ਭਾਵੇਂ ਪਹਿਲੇ ਹੀ ਜਵਾਬ ਵਿੱਚ ਤੁਸੀਂ ਅਸਿੱਧੇ ਤੌਰ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਦੀ ਤਰੀਖ ਨੂੰ ਗ਼ਲਤ ਵੀ ਦੱਸ ਦਿੱਤਾ; ਜਿਸ ਦਾ ਕਾਰਨ ਤੁਸੀਂ ਇਹ ਦੱਸਿਆ ਕਿ ਸ਼ਹੀਦੀ ਦਿਹਾੜਾ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਪੁਰਬ ਤੋਂ 40 ਦਿਨ ਬਾਅਦ ਵਿਖਾਇਆ ਗਿਆ ਹੈ ਜਦੋਂ ਕਿ ਇਤਿਹਾਸ ਮੁਤਾਬਿਕ 11 ਦਿਨਾਂ ਦਾ ਫਰਕ ਹੈ, ਪਰ ਅਗਲੀ ਹੀ ਚਿੱਠੀ ਵਿੱਚ ਲਿਖ ਦਿੱਤਾ ਕਿ ਸ਼੍ਰੋਮਣੀ ਕਮੇਟੀ ਦੇ ਫੈਸਲੇ ’ਤੇ ਕਿੰਤੂ ਪ੍ਰੰਤੂ ਕਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਇਕੋ ਸਮੇਂ ’ਤੇ ਦੋ ਆਪਾ ਵਿਰੋਧੀ ਗੱਲਾਂ ਕਰਨ ਵਾਲੇ ਲਈ ਕਿਹੜੇ ਸ਼ਬਦ ਬੋਲੀਏ ?  ਮੈਂ ਤੁਹਾਡੇ ਲਈ ਕੋਈ ਵਿਵਾਦਤ ਸ਼ਬਦ ਬੋਲਣ ਤੋਂ ਗੁਰੇਜ਼ ਕਰ ਰਿਹਾ ਹਾਂ ਕਿਉਂਕਿ ਤੁਸੀਂ ਤਾਂ ਵੀਚਾਰ ਚਰਚਾ ’ਚੋਂ ਭੱਜਣ ਲਈ ਸ: ਅਜੀਤ ਸਿੰਘ ਦੀ ਮਿਸਾਲ ਦੇ ਕੇ ਪਹਿਲਾਂ ਹੀ ਬਹਾਨਾ ਬਣਾ ਮਨ ਘੜੀ ਬੈਠੇ ਹੋ ਜਦ ਕਿ ਤੁਹਾਡੇ ਪਹਿਲੇ ਹੀ ਇਤਰਾਜ ਪਿੱਛੋਂ ਸ: ਅਜੀਤ ਸਿੰਘ ਨੇ ਆਪਣੇ ਆਪ ਨੂੰ ਇਸ ਗਰੁੱਪ ਤੋਂ ਵੱਖ ਕਰ ਲਿਆ ਸੀ ਅਤੇ ਹੁਣ ਤੱਕ ਉਸ ਨੇ ਕੋਈ ਵੀ ਚੰਗਾ ਜਾਂ ਮਾੜਾ ਕੁਮੈਂਟ ਨਹੀਂ ਕੀਤਾ, ਜਦੋਂ ਕਿ ਸਰਬਜੀਤ ਸਿੰਘ ਜੀ ਨੇ ਲਿਖ ਵੀ ਦਿੱਤਾ ਸੀ ਕਿ ਕਿਸੇ ਵੀ ਸਨਮਾਨਤ ਸ਼ਖ਼ਸੀਅਤ ਲਈ ਅਪਸ਼ਬਦ ਵਰਤੇ ਜਾਣੇ ਗ਼ਲਤ ਹਨ। ਇੱਥੇ ਗੱਲ ਖਤਮ ਹੋ ਜਾਣੀ ਚਾਹੀਦੀ ਸੀ ਪਰ ਤੁਹਾਨੂੰ ਜਦ ਕੋਈ ਹੋਰ ਜਵਾਬ ਨਾ ਸੁਝਦਾ ਤਾਂ ਤੁਸੀਂ ਪੁੱਛੇ ਗਏ ਸਵਾਲਾਂ ਤੋਂ ਧਿਆਨ ਹਟਾ ਕੇ ਉਨ੍ਹਾਂ ਨੂੰ ਖੂਹ ਖਾਤੇ ਪਾਉਣ ਲਈ ਕਦੀ ਤਾਂ 27 ਅਪ੍ਰੈਲ ਨੂੰ ਲਿਖੀ ਆਪਣੀ ਚਿੱਠੀ ਨੰ: 23 ਵਿੱਚ ਖੁਲ੍ਹੇ ਤੌਰ ’ਤੇ ਚੁਣੌਤੀ ਦੇ ਕੇ ਲਿਖਿਆ ਹੈ ਕਿ ਤੁਸੀਂ ਚਿਰਾਂ ਤੋਂ ਇੱਕ ਲੱਖ ਰੁਪਈਆ ਇਨਾਮ ਦੇਣ ਵਜੋਂ ਚੁੱਕੀ ਫਿਰਦੇ ਹੋ ਪਰ ਕਿਸੇ ਮਰਦ ਵਿੱਚ ਹਿੰਮਤ ਨਹੀਂ ਪਈ ਕਿ ਪੁਰੇਵਾਲ ਦੇ ਨਾਨਕਸ਼ਾਹੀ ਕੈਲੰਡਰ ਦੀਆਂ ਤਰੀਖਾਂ ਨੂੰ ਸਹੀ ਸਿੱਧ ਕਰ ਕੇ ਇਹ ਇਨਾਮ ਜਿੱਤ ਸਕੇ, ਪਰ ਜਦ ਸਰਬਜੀਤ ਸਿੰਘ ਨੇ ਆਪ ਜੀ ਨੂੰ ਯਾਦ ਕਰਵਾਇਆ ਕਿ ਉਨ੍ਹਾਂ ਨੇ ਪਹਿਲਾਂ ਹੀ ਦਸੰਬਰ 2017 ਵਿੱਚ ਤੁਹਾਡੀ ਚੁਣੌਤੀ ਕਬੂਲ ਕਰ ਲਈ ਸੀ ਤੇ ਮਿਤੀ 17 ਅਪ੍ਰੈਲ ਨੂੰ ਚਿੱਠੀ ਨੰ: 18 ਰਾਹੀਂ ਤੁਹਾਨੂੰ ਮੁੜ ਚੇਤਾ ਵੀ ਕਰਵਾਇਆ ਗਿਆ।ਉਸ ਤੋਂ ਪਿੱਛੋਂ ਵੀ ਤੁਸੀਂ ਵੀਚਾਰ ਚਰਚਾ ਵਿੱਚ ਸ਼ਾਮਲ ਰਹੇ ਤਾਂ ਅਚਾਨਕ 29 ਅਪ੍ਰੈਲ ਨੂੰ ਐਸਾ ਕੀ ਵਾਪਰਿਆ ਜਿਸ ਨੇ ਤੁਹਾਨੂੰ ਮੁੜ ਆਖਰੀ ਫ਼ਤਿਹ ਬੁਲਾਉਣ ਲਈ ਮਜਬੂਰ ਕਰ ਦਿੱਤਾ।

ਕਿਰਪਾ ਕਰ ਕੇ ਕੀ ਇਹ ਵੀ ਦੱਸ ਸਕਦੇ ਹੋ ਕਿ ਸ: ਅਜੀਤ ਸਿੰਘ ਜੀ ਨੇ ਤੁਹਾਡੇ ਲਈ ਕਿਹੜੇ ਅਪਸ਼ਬਦ ਤੇ ਕਿਹੜੀ ਤਰੀਖ ਨੂੰ ਵਰਤੇ ਸਨ ? ਕੀ ਤੁਹਾਡੇ ਵੱਲੋਂ ਇਤਰਾਜ਼ ਉਠਾਏ ਜਾਣ ਬਾਅਦ ਉਸ ਨੇ ਦੁਬਾਰਾ ਕਦੀ ਅਜਿਹੇ ਸਬਦ ਵਰਤੇ ਜਾਂ ਕੀ ਉਸ ਤੋਂ ਬਾਅਦ ਉਹ ਆਪਣੇ ਈ-ਮੇਲ ਗਰੁੱਪ ਵਿੱਚ ਸ਼ਾਮਲ ਵੀ ਹੈ ਜਾਂ ਉਹ ਇਸ ਗਰੁੱਪ ਨੂੰ ਛੱਡ ਚੁੱਕਾ ਹੈ। ਜੇ ਉਸ ਸਮੇਂ ਤੋਂ ਬਾਅਦ ਉਸ ਨੇ ਕੋਈ ਕੁਮੈਂਟ ਕੀਤਾ ਨਹੀਂ ਅਤੇ ਹੁਣ ਉਹ ਇਸ ਗਰੁੱਪ ਵਿੱਚ ਸ਼ਾਮਲ ਵੀ ਨਹੀਂ ਤਾਂ ਤੁਸੀਂ ਸਾਡੇ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ਦੀ ਬਜਾਇ ਉਸ ਦਾ ਨਾਮ ਵਰਤ ਕੇ ਵਿਚਾਰ-ਚਰਚਾ ਵਿੱਚੋਂ ਭੱਜਣ ਦੇ ਬਹਾਨੇ ਨੂੰ ਕਿਵੇਂ ਜਾਇਜ਼ ਠਹਿਰਾ ਸਕਦੇ ਹੋ ?

ਸ: ਸਰਬਜੀਤ ਸਿੰਘ ਨੂੰ ਸੰਬੋਧਨ ਹੁੰਦਿਆਂ, ਚਿੱਠੀ ਦੇ ਅਖੀਰ ’ਤੇ ਤੁਸੀਂ ਇਹ ਵੀ ਲਿਖਿਆ ਹੈ; “ਬਾਕੀ ਰਹੀ ਗੱਲ 1 ਲੱਖ ਦੇ ਇਨਾਮ ਦੀ ਮੈਂ ਅੱਗੇ ਵੀ ਕਈ ਵਾਰ ਲਿਖ ਚੁੱਕਾ ਹਾਂ ਕਿ ਤੁਹਾਡਾ ਜਦੋਂ ਜੀਅ ਕਰੇ ਰੇਡੀਓ ਸ਼ੇਰੇ ਪੰਜਾਬ ਵਾਲੇ ਸ: ਕੁਲਦੀਪ ਸਿੰਘ ਨਾਲ ਆ ਕੇ ਇਹ ਸਿੱਧ ਕਰ ਦਿਓ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼, ਜੋ ਪੋਹ ਸੁਦੀ 7, 23 ਪੋਹ ਬਿਕ੍ਰਮੀ/198 ਨਾਨਕਸ਼ਾਹੀ, 22-12-1666 ਨੂੰ ਹੈ ਉਸ ਦਿਨ ਨਾਨਕਸ਼ਾਹੀ (ਸੂਰਜੀ ਪੁਰੇਵਾਲ) ਮੁਤਾਬਕ 23 ਪੋਹ ਸੰਮਤ 198 ਮੁਤਾਬਕ 5 ਜਨਵਰੀ ਸੀ, ਇਸ ਬਦਲੇ 1 ਲੱਖ ਦਾ ਇਨਾਮ ਹਾਸਲ ਕਰ ਲਿਓ, ਪਰ ਤੁਸੀਂ ਹੀ ਹਾਲੀ ਤੱਕ ਇਹ ਹੌਸਲਾ ਨਹੀਂ ਕੀਤਾ। ਬਾਕੀ ਇਹ ਲਿਖੀ ਜਾਣਾ ਕਿ ਮੈਂ ਮੁੱਕਰ ਗਿਆ ਹਾਂ, ਇਹ ਸੱਚ ਨਹੀਂ।”

ਤੁਹਾਡੀ ਇਸ ਚੁਣੌਤੀ ਦੇ ਜਵਾਬ ’ਚ ਸ: ਸਰਬਜੀਤ ਸਿੰਘ ਨੇ ਤੁਰੰਤ ਲਿਖ ਦਿੱਤਾ ਕਿ “ਕਰਨਲ ਨਿਸ਼ਾਨ ਜੀ !  ਸ: ਕੁਲਦੀਪ ਸਿੰਘ ਨਾਲ, ਉਸ ਦੇ ਪ੍ਰੋਗਰਾਮ ਵਿੱਚ ਵਿਚਾਰ ਕਰਨ ਲਈ ਦਿਨ ਅਤੇ ਸਮਾਂ ਨਿਸ਼ਚਿਤ ਕਰ ਕੇ, ਮੈਨੂੰ ਸੂਚਿਤ ਕਰ ਦੇਣਾ ਜੀ। ਮੈਂ ਹਾਜ਼ਰ ਹੋ ਜਾਵਾਂਗਾ।” ਪਰ ਤੁਸੀਂ ਇਸ ਦਾ ਵੀ ਹੁਣ ਤੱਕ ਕੋਈ ਜਵਾਬ ਨਾ ਦਿੱਤਾ ਤਾਂ ਤੁਹਾਡੇ ਇਸ ਵਿਵਹਾਰ ਤੋਂ ਜਾਪਦਾ ਹੈ ਕਿ ਤੁਸੀਂ ਵਾਰ-ਵਾਰ ਸ: ਅਜੀਤ ਸਿੰਘ ਜੀ ਦਾ ਨਾਮ ਲੈ ਕੇ ਵੀਚਾਰ ਚਰਚਾ ’ਚੋਂ ਭੱਜਣ ਦਾ ਰਾਹ ਲੱਭ ਰਹੇ ਸੀ, ਜੋ ਤੁਸਾਂ ਸਹੀ ਵਕਤ ਸਮਝ ਲਿਆ।

ਮੈਂ ਚਾਹੁੰਦਾ ਹਾਂ ਕਿ ਤੁਹਾਡੇ ’ਤੇ ਇਹ ਕਲੰਕ ਨਾ ਲੱਗੇ ਕਿ ਤੁਸੀਂ ਆਪਣੇ ਵਾਅਦੇ ਤੋਂ ਵਾਰ-ਵਾਰ ਮੁੱਕਰ ਰਹੇ ਹੋ ਤੇ ਆਪਣੀ ਪੁਸਤਕ ਵਿੱਚ ਦਰਜ ਤਰੀਖਾਂ ਸਬੰਧੀ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ਲਈ ਸਮਰੱਥ ਨਹੀਂ, ਇਸ ਲਈ ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਜੇ ਤੁਸੀਂ ਪਹਿਲ ਦੇ ਆਧਾਰ ’ਤੇ ਸ: ਕੁਲਦੀਪ ਸਿੰਘ ਸ਼ੇਰੇ ਪੰਜਾਬ ਵਾਲੇ ਨਾਲ ਵੀ ਗੱਲ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਮੈਨੂੰ ਦੱਸੋ ਮੈਂ ਸ: ਕੁਲਦੀਪ ਸਿੰਘ ਜੀ ਨੂੰ ਬੇਨਤੀ ਕਰ ਦਿੰਦਾ ਹਾਂ ਕਿ ਉਹ ਤੁਹਾਡੇ ਦੋਵਾਂ ਨਾਲ ਗੱਲ ਕਰ ਕੇ ਵੀਚਾਰ ਚਰਚਾ ਦਾ ਸਮਾਂ ਤੈਅ ਕਰ ਲੈਣਗੇ।

ਬਾਕੀ ਰਹੀ ਮੇਰੇ ਸਵਾਲਾਂ ਦੇ ਜਵਾਬ ਦੀ ਗੱਲ; ਮੈ ਆਪਣੀ ਚਿੱਠੀ ਨੰ: 20 ਵਿੱਚ ਸਵਾਲ ਨੰ: 3 ਵਿੱਚ ਵਿਸ਼ੇਸ਼ ਤੌਰ ’ਤੇ ਲਿਖਿਆ ਸੀ ਕਿ ਤੁਹਾਡੀ ਪੁਸਤਕ ਦੇ ਪੰਨਾ ਨੰ: 84 ਉੱਪਰ ਸੰਮਤ ਨਾਨਕਸ਼ਾਹੀ 549 ਵਿੱਚ ਆਉਣ ਵਾਲੇ ਪੁਰਬਾਂ ਦੀ ਸੂਚੀ ਦਾ ਸ਼੍ਰੋਮਣੀ ਕਮੇਟੀ ਵੱਲੋਂ ਪਿਛਲੇ ਸਾਲ ਸੰਮਤ 549 ਲਈ ਜਾਰੀ ਕੀਤੇ ਗਏ ਕੈਲੰਡਰ ਨਾਲ ਮਿਲਾਣ ਕਰ ਕੇ ਵੇਖਿਆ ਤਾਂ ਪਤਾ ਲੱਗਾ ਕਿ ਪਿਛਲੇ ਸਾਲ ਵੀ ਗੁਰਗੱਦੀ ਪੁਰਬ ਗੁਰੂ ਅਮਰਦਾਸ ਜੀ ਅਤੇ ਹਾੜ ਮਹੀਨੇ ਦੀ ਸੰਗ੍ਰਾਂਦ ਦਾ ਇੱਕ ਇੱਕ ਦਿਨ ਦਾ ਫ਼ਰਕ ਸੀ; ਗੁਰਗੱਦੀ ਪੁਰਬ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਜੋਤੀ ਜੋਤ ਪੁਰਬ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਤਰੀਖ਼ 10 ਅਪਰੈਲ ਭਾਵੇਂ ਦੋਵਾਂ ਦੀ ਸਮਾਨ ਸੀ ਪਰ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ 10 ਅਪਰੈਲ ਦਿਨ ਸੋਮਵਾਰ ਸੀ ਜਦ ਕਿ ਤੁਹਾਡੀ ਪੁਸਤਕ ਵਿੱਚ 10 ਅਪਰੈਲ ਨੂੰ ਐਤਵਾਰ। ਇੱਕ ਦਿਨ ਦਾ ਇਹ ਫ਼ਰਕ ਕਿਉਂ ?

ਇਸ ਪੱਤਰ ਦੇ ਜਵਾਬ ਵਿੱਚ ਤੁਸੀਂ ਆਪਣੇ ਪੱਤਰ ਨੰ: 21 ਵਿੱਚ ਉਲਟਾ ਲਿਖ ਦਿੱਤਾ:  “ਕੀ ਇਹ ਤੁਸੀਂ ਜਾਣ ਬੁੱਝ ਕੇ ਭੰਬਲਭੂਸਾ ਪੈਦਾ ਨਹੀਂ ਕਰ ਰਹੇ। ਗੁਰਪੁਰਬ ਦਰਪਣ ਵਿਚ ਤਾਂ ਸੋਮਵਾਰ ਹੀ ਲਿਖਿਆ ਹੈ ਤੁਸੀਂ ਐਤਵਾਰ ਕਿੱਥੋਂ ਪੜ੍ਹ ਲਿਆ ? ਅਗਲੇ ਹੀ ਦਿਨ ਪੱਤਰ ਨੰ: 23 ਵਿੱਚ ਲਿਖ ਦਿੱਤਾ : “ਤੁਹਾਡਾ ਇਹ ਲਿਖਣਾ ਕਿ ਮੇਰੀਆਂ ਤਾਰੀਖ਼ਾਂ ਗ਼ਲਤ ਹਨ ਇਹ ਤੁਹਾਡੇ ਲਫ਼ਜ਼ਾਂ ਦੀ ਹੇਰਾ ਫੇਰੀ ਤੋਂ ਵੱਧ ਕੁੱਝ ਨਹੀਂ। ਜੇ ਮੇਰੀ ਇੱਕ ਤਾਰੀਖ਼ ਸ਼੍ਰੋਮਣੀ ਕਮੇਟੀ ਨਾਲ ਨਹੀਂ ਮਿਲਦੀ ਤਾਂ ਉਸ ਦੇ ਕਈ ਕਾਰਨ ਹੋ ਸਕਦੇ ਹਨ ਪਰ ਇਸ ਦਾ ਇਹ ਮਤਲਬ ਨਹੀਂ ਕਿ ਮੇਰੀ ਤਾਰੀਖ਼ ਗ਼ਲਤ ਹੈ। ……… ਮੈਂ ਤੁਹਾਨੂੰ ਫਿਰ ਬੇਨਤੀ ਕਰਦਾ ਹਾਂ ਕਿ ਠੰਢੇ ਦਿਮਾਗ਼ ਨਾਲ ਰੰਗੀਨ ਐਨਕਾਂ ਦੀ ਥਾਂ ਸਾਫ਼ ਐਨਕਾਂ ਨਾਲ ਸਾਰੇ ਸੁਆਲ ਪੜ੍ਹੋ ਅਤੇ ਸਮਝੋ।” ਪਰ ਦੋਵਾਂ ਹੀ ਪੱਤਰਾਂ ਵਿੱਚ ਤੁਸੀ ਮੇਰੇ ਪੱਤਰ ਨੰ: 2, 5, 8, 20 ਵਿੱਚ ਦਰਜ ਕਿਸੇ ਵੀ ਸਵਾਲ ਦਾ ਜਵਾਬ ਨਾ ਦਿੱਤਾ ।

ਤੁਹਾਡੇ ਇਸ ਬੇਤੁਕੇ ਜਵਾਬ ਦੇ ਪ੍ਰਤੀਕਰਮ ਵਜੋ ਜਦੋਂ ਮੈਂ ਪੱਤਰ ਨੰ: 23 ਵਿੱਚ ਤੁਹਾਡੀ ਪੁਸਤਕ ਦੇ ਪੰਨਾਂ ਨੰ: 84 ਦੀ ਫੋਟੋ ਕਾਪੀ ਵਿਖਾ ਦਿੱਤੀ ਤਾਂ ਤੁਸੀਂ ਆਪਣੇ ਪੱਤਰ ਨੰ: 26 ਵਿੱਚ ਲਿਖ ਦਿੱਤਾ: “ਪਿਛਲੇ ਇੱਕ ਪੱਤਰ ਵਿਚ ਕਿਰਪਾਲ ਸਿੰਘ ਨੇ ਇੱਕ ਟਾਈਪ ਦੀ ਗਲਤੀ (ਗੁਰਪੁਰਬ ਦਰਪਣ ਪੰਨਾ 84 ਤੇ 10-4-2017 ਨੂੰ ਸੋਮਵਾਰ ਦੀ ਥਾਂ ਐਤਵਾਰ ਛਾਪਿਆ) ਨੂੰ ਜਿਸ ਤਰ੍ਹਾਂ ਰਾਈ ਦਾ ਪਹਾੜ ਬਣਾਇਆ ਉਸ ਦੇ ਜੁਆਬ ਵਿਚ ਹੀ ਮੈਂ ਲਿਖਿਆ ਸੀ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੇ ਜੋਤੀ ਜੋਤਿ ਸਮਾਉਣ ਅਤੇ ਗੁਰੂ ਤੇਗ ਬਹਾਦਰ ਜੀ ਦੇ ਗੁਰਗੱਦੀ ਦਿਵਸ 10-4-2017 ਦਿਨ ਸੋਮਵਾਰ ਹੀ ਲਿਖੇ ਹੋਏ ਹਨ (ਦੇਖੋ ਪੰਨਾ 66 ਅਤੇ 69 ਗੁਰਪੁਰਬ ਦਰਪਣ।)  ਕੋਈ ਵੀ ਈਮਾਨਦਾਰ ਸੱਜਣ ਇਹ ਸਹਿਜੇ ਹੀ ਸਮਝ ਸਕਦਾ ਹੈ ਕਿ ਇਹ ਇਕ ਜਗ੍ਹਾਂ ਤੋਂ ਦੂਸਰੀ ਜਗ੍ਹਾ ਟਾਈਪ ਕਰਨ ਦੀ ਗਲਤੀ ਹੈ।” (ਲੈਫ: ਕਰਨਲ ਸੁਰਜੀਤ ਸਿੰਘ ਨਿਸ਼ਾਨ)

ਵਿਚਾਰ: ਕਰਨਲ ਸੁਰਜੀਤ ਸਿੰਘ ਨਿਸ਼ਾਨ ਸਾਹਿਬ ਜੀ ! ਤੁਸੀਂ ਆਪਣੀ ਚਿੱਠੀ ਨੰ: 21, 22 ਵਿੱਚ ਇਹ ਸ਼ਬਦ (ਦੇਖੋ ਪੰਨਾ 66 ਅਤੇ 69 ਗੁਰਪੁਰਬ ਦਰਪਣ।) ਬਿਲਕੁਲ ਹੀ ਨਹੀਂ ਲਿਖੇ ਸਨ। ਆਪਣੀ ਚਿੱਠੀ ਨੰ: 21, 22 ਨੂੰ ਮੁੜ ਧਿਆਨ ਨਾਲ ਪੜ੍ਹੋ ਅਤੇ ਦੱਸੋ ਕਿ ਤੁਹਾਨੂੰ ਵਾਰ-ਵਾਰ ਝੂਠ ਲਿਖਣ ਦੀ ਲੋੜ ਕਿਉਂ ਪੈ ਰਹੀ ਹੈ। ਚੰਗਾ ਹੁੰਦਾ ਜੇ ਤੁਸੀਂ ਆਪਣੇ ਪੱਤਰ ਨੰ: 21 ਵਿੱਚ ਹੀ ਮੰਨ ਲੈਂਦੇ ਕਿ ਪੰਨਾ ਨੰ: 84 ’ਤੇ ਟਾਈਪ ਦੀ ਗ਼ਲਤੀ ਨਾਲ ਐਤਵਾਰ ਲਿਖਿਆ ਗਿਆ ਹੈ ਜਦੋਂ ਕਿ ਸਹੀ ਦਿਨ ਸੋਮਵਾਰ ਹੀ ਸੀ, ਜਿਸ ਦੀ ਤਸਦੀਕ ਤੁਸੀਂ ਪੰਨਾ ਨੰ: 66 ਅਤੇ 69 ਤੋਂ ਕਰ ਸਕਦੇ ਹੋ, ਪਰ ਲਗਦਾ ਹੈ ਕਿ ਆਪਣੀ ਗਲਤੀ ਮੰਨ ਲੈਣਾ ਤਾਂ ਤੁਹਾਡੇ ਸੁਭਾਅ ਵਿੱਚ ਸ਼ਾਮਲ ਹੀ ਨਹੀਂ ਰਿਹਾ ਹੈ, ਇਸੇ ਕਾਰਨ ਤਾਂ ਮੇਰੇ ਪੱਤਰ ਨੰ: 20 ਵਿੱਚ ਇਸੇ ਸਵਾਲ ਦੇ ਦੂਜੇ ਹਿੱਸੇ ਕਿ “ਗੁਰਗੱਦੀ ਪੁਰਬ ਗੁਰੂ ਅਮਰਦਾਸ ਜੀ ਅਤੇ ਹਾੜ ਮਹੀਨੇ ਦੀ ਸੰਗ੍ਰਾਂਦ ਦਾ ਇੱਕ ਇੱਕ ਦਿਨ ਦਾ ਫ਼ਰਕ ਸੀ” ਬਾਰੇ ਤੁਸੀਂ ਹਾਲੀ ਵੀ ਮੌਨਧਾਰੀ ਬੈਠੇ ਹੋ। ਤੁਹਾਡੇ ਇਸ ਮੌਨ ਨੂੰ ਤੋੜਨ ਲਈ ਮੈਨੂੰ ਫਿਰ ਤੁਹਾਡੀ ਪੁਸਸਕ ਦਾ ਪੰਨਾ 45, 84 ਅਤੇ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਕੈਲੰਡਰ ਸੰਮਤ 549 ਦੇ ਚੇਤ ਅਤੇ ਹਾੜ ਮਹੀਨੇ ਦੀ ਫੋਟੋ ਕਾਪੀ ਤੁਹਾਡੇ ਸਮੇਤ ਸਮੁੱਚੀ ਸੰਗਤ ਨੂੰ ਵਿਖਾਉਣੀ ਪੈ ਰਹੀ ਹੈ। ਕ੍ਰਿਪਾ ਕਰ ਕੇ ਦੱਸੋ ਕਿ ਇਸ ਮੌਨ ਦਾ ਕੀ ਕਾਰਨ ਹੈ ?

ਕਰਨਲ ਸਾਹਿਬ ਜੀ ! ਆਪ ਜੀ ਨੂੰ ਫਿਰ ਬੇਨਤੀ ਹੈ ਕਿ “ਠੰਢੇ ਦਿਮਾਗ਼ ਨਾਲ ਰੰਗੀਨ ਐਨਕਾਂ ਦੀ ਥਾਂ ਸਾਫ਼ ਐਨਕਾਂ ਨਾਲ ਸਾਰੇ ਸੁਆਲ ਪੜ੍ਹਣ ਅਤੇ ਸਮਝਣ” ਦੀ ਜਿਹੜੀ ਸ਼ੁਭ ਸਾਲਾਹ ਤੁਸੀਂ ਮੈਨੂੰ ਦੇ ਰਹੇ ਹੋ, ਇਸ ਨੂੰ ਆਪਣੇ ਆਪ ’ਤੇ ਵੀ ਥੋੜਾ ਲਾਗੂ ਕਰ ਲਵੋ ਤਾਂ ਤੁਹਾਡਾ ਮਨਹੱਠੀ ਸੁਭਾਅ ਜ਼ਰੂਰ ਨਰਮ ਹੋਏਗਾ, ਨਹੀਂ ਤਾਂ ਉਤਨੀ ਦੇਰ ਸੰਗਤ ਤੁਹਾਡਾ ਖਹਿੜਾ ਛੱਡਣ ਨੂੰ ਤਿਆਰ ਨਹੀਂ ਜਦ ਤੱਕ ਤੁਹਾਥੋਂ ਪੁੱਛੇ ਗਏ ਸਾਰੇ ਸਵਾਲਾਂ ਦੇ ਤਰਤੀਬਵਾਰ ਜਵਾਬ ਨਾ ਮਿਲਣਗੇ ਭਾਵੇਂ ਕਿ ਉਨਾਂ ਰਾਹੀਂ ਸਾਡੀ ਸੰਤੁਸ਼ਟੀ ਹੋਵੇ ਜਾਂ ਨਾ ਹੋਵੇ, ਪਰ ਜਵਾਬ ਤਾਂ ਦੇਵੋ।  ਨਹੀਂ ਤਾਂ ਤੁਹਾਡੀ ਪੁਤਸਕ ਦੇ 90% ਤੋਂ ਵੱਧ ਸਵਾਲਾਂ ਦੇ ਜਵਾਬ ਅਤੇ ਗੁਰਪੁਰਬਾਂ ਦੀਆਂ 30 % ਤੋਂ ਵੱਧ ਤਰੀਖਾਂ ਸੰਗਤ ਦੇ ਸਾਹਮਣੇ ਗਲਤ ਸਾਬਤ ਹੋ ਜਾਣ ’ਤੇ ਤੁਹਾਨੂੰ ਵੱਧ ਨਮੋਸ਼ੀ ਝੱਲਣੀ ਪੈ ਸਕਦੀ ਹੈ ਕਿਉਂਕਿ ਤੁਸੀਂ ਤਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਕੋਲ ਵੀ ਇਹ ਸ਼ੇਖੀ ਮਾਰ ਆਏ ਹੋ ਕਿ ਸ: ਪਾਲ ਸਿੰਘ ਪੁਰੇਵਾਲ ਦੀ ਤੁਹਾਡੇ ਨਾਲ ਸਿੱਧੀ ਵੀਚਾਰ ਕਰਵਾਈ ਜਾਵੇ ਤਾਂ ਤੁਸੀਂ ਉਸ ਦੇ ਕੈਲੰਡਰ ਵਿੱਚ ਦਰਜ ਸਾਰੀਆਂ ਤਰੀਖਾਂ ਨੂੰ ਗਲਤ ਅਤੇ ਤੁਹਾਡੇ ‘ਗੁਰਪੁਰਬ ਦਰਪਣ’ ਵਿੱਚ ਦਰਜ ਸਾਰੀਆਂ ਤਰੀਖਾਂ ਨੂੰ ਸਹੀ ਸਿੱਧ ਕਰ ਕੇ ਵਿਖਾ ਸਕਦੇ ਹੋ। ਕਰਨਲ ਸਾਹਿਬ ਜੀ ! ਜਦ ਤੁਸੀਂ ਮੇਰੇ ਅਤੇ ਸ: ਸਰਬਜੀਤ ਸਿੰਘ ਜੀ ਨਾਲ ਹੀ ਵੀਚਾਰ-ਚਰਚਾ ਕਰਨ ਵਿੱਚ ਅਸਫਲ ਜਾਪਦੇ ਹੋ ਤਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਕੋਲ ਤੁਹਾਡੇ ਵੱਲੋਂ ਮਾਰੀਆਂ ਗਈਆਂ ਸ਼ੇਖੀਆਂ ਹੀ ਤੁਹਾਨੂੰ ਨਮੋਸ਼ੀ ਦਾ ਸਾਹਮਣਾ ਕਰਨ ਲਈ ਮਜਬੂਰ ਕਰਗੀਆਂ ?

ਮਿਤੀ 2 ਮਈ 2018     

ਕਿਰਪਾਲ ਸਿੰਘ ਬਠਿੰਡਾ ਸੰਪਰਕ ਨੰ: 98554-80797

ਪੱਤਰ ਨੰਬਰ 28 (ਸ. ਸਰਬਜੀਤ ਸਿੰਘ ਜੀ ਵਲੋਂ ਸ. ਗੋਬਿੰਦ ਸਿੰਘ ਲੌਂਗੋਵਾਲ ਜੀ ਨੂੰ ਪੱਤਰ)

0

ਸ. ਗੋਬਿੰਦ ਸਿੰਘ ਲੌਂਗੋਵਾਲ ਜੀ !

ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ (ਅੰਮ੍ਰਿਤਸਰ ਸਾਹਿਬ)

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ

ਮਿਤੀ- 16 ਵੈਸਾਖ ਸੰਮਤ 550 ਨਾਨਕਸ਼ਾਹੀ (28 ਅਪ੍ਰੈਲ 2018)

ਵਿਸ਼ਾ:- ਕੈਲੰਡਰ

ਸ. ਗੋਬਿੰਦ ਸਿੰਘ ਜੀ ! ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਨਾਨਕਸ਼ਾਹੀ ਸੰਮਤ 550 ਦੇ ਕੈਲੰਡਰ ਸਬੰਧੀ ਬੇਨਤੀ ਹੈ ਕਿ ਇਹ ਕੈਲੰਡਰ ਚੇਤ ਤੋਂ ਆਰੰਭ ਹੁੰਦਾ ਹੈ ਅਤੇ ਫੱਗਣ ਨੂੰ ਖਤਮ ਹੁੰਦਾ ਹੈ। ਪਿਛਲੇ ਸਾਲ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤਾ ਗਿਆ ਕੈਲੰਡਰ (ਸੰਮਤ 549) ਵੀ 1 ਚੇਤ ਤੋਂ ਆਰੰਭ ਹੋ ਕੇ 30 ਫੱਗਣ ਨੂੰ ਖਤਮ ਹੋਇਆ ਹੈ।  ਇਸ ਤੋਂ ਸਪੱਸ਼ਟ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਜਾਰੀ ਕੈਲੰਡਰ ਸੂਰਜੀ ਬਿਕ੍ਰਮੀ ਕੈਲੰਡਰ ਹੀ ਹੁੰਦਾ ਹੈ, ਜਿਸ ਦੇ 12 ਮਹੀਨੇ ਅਤੇ ਸਾਲ ਦੀ ਲੰਬਾਈ 365 ਦਿਨ ਹੁੰਦੀ ਹੈ।  ਜਦੋਂ ਸਾਲ ਦੇ ਦਿਨ 365 ਹੋਣ ਤਾਂ ਹਰ ਦਿਹਾੜਾ, ਹਰ ਸਾਲ ਉਸੇ ਤਾਰੀਖ ਨੂੰ ਹੀ ਆਉਣਾ ਚਾਹੀਦਾ ਹੈ। ਬਹੁਤ ਹੀ ਹੈਰਾਨੀ ਹੋਈ ਜਦੋਂ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਸੰਮਤ 550 ਦੇ ਕੈਲੰਡਰ ਨੂੰ ਵੇਖਿਆ ਗਿਆ; ਜਿਵੇਂ ਕਿ ਪਿਛਲੇ ਸਾਲ ਗੁਰੂ ਹਰਗੋਬਿੰਦ ਜੀ ਦੇ ਗੁਰਗੱਦੀ ਦਿਵਸ ਦੀ ਤਾਰੀਖ 6 ਜੇਠ ਅਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤਾਰੀਖ 16 ਜੇਠ ਦਰਜ ਸੀ, ਪਰ ਇਸ ਸਾਲ ਦੇ ਕੈਲੰਡਰ ਵਿੱਚ ਗੁਰਗੱਦੀ ਦਿਵਸ ਦੀ ਤਾਰੀਖ 25 ਵੈਸਾਖ ਅਤੇ ਸ਼ਹੀਦੀ ਦੀ ਤਾਰੀਖ 3 ਹਾੜ ਦਰਜ ਹੈ। ਅਜੇਹਾ ਕਿਉ ?

ਜਦੋਂ ਸ਼੍ਰੋਮਣੀ ਕਮੇਟੀ ਦਾ ਕੈਲੰਡਰ ਪਿਛਲੇ ਸਾਲ ਵਾਲਾ ਹੀ ਹੈ ਭਾਵ 1 ਚੇਤ ਤੋਂ ਹੀ ਆਰੰਭ ਹੁੰਦਾ ਹੈ ਤਾਂ ਇਨ੍ਹਾਂ ਦਿਹਾੜਿਆਂ ਦੀਆਂ ਤਾਰੀਖ਼ਾਂ ਕਿਵੇਂ ਬਦਲ ਗਈਆਂ ? ਗ਼ਲਤੀ ਇੱਥੇ ਹੀ ਵੱਸ ਨਹੀਂ ਰਹੀ, ਇਸ ਤੋਂ ਵੱਡੀ ਕੁਤਾਹੀ ਇਹ ਵੀ ਹੈ ਕਿ ਪਿਛਲੇ ਸਾਲ ਇਨ੍ਹਾਂ ਦੋਵਾਂ ਦਿਹਾੜਿਆਂ ਵਿੱਚ 10 ਦਿਨਾਂ (6 ਜੇਠ ਤੋਂ 16 ਜੇਠ) ਅੰਤਰ ਸੀ, ਪਰ ਇਸ ਸਾਲ ਇਹ ਫਰਕ 40 ਦਿਨਾਂ ਦਾ ਹੋ ਗਿਆ। (25 ਵੈਸਾਖ ਤੋਂ 3 ਹਾੜ ਤੱਕ) ਕੀ ਇਹ ਜਾਣ ਬੁੱਝ ਕੇ ਸਿੱਖ ਇਤਿਹਾਸ ਨੂੰ ਵਿਗਾੜਨ ਦੀ ਸਾਜ਼ਸ਼ ਤਾਂ ਨਹੀਂ ?  ਇਸ ਕੁਤਾਹੀ ਲਈ ਕੌਣ ਜਿੰਮੇਵਾਰ ਹੈ ?  ਜਦੋਂ ਕਿ ਕੁਝ ਦਿਹਾੜੇ, ਜਿਵੇਂ ਕਿ ਛੋਟਾ ਘੱਲੂਘਾਰਾ 3 ਜੇਠ,  ਅਕਾਲ ਤਖਤ ਸਾਹਿਬ ਉੱਤੇ ਹਮਲਾ 22 ਜੇਠ ਅਤੇ ਸ਼ਹੀਦੀ ਬਾਬਾ ਜਰਨੈਲ ਸਿੰਘ 24 ਜੇਠ ਭਾਵ ਪਿਛਲੇ ਸਾਲ ਵਾਲੀਆਂ ਤਾਰੀਖ਼ਾਂ ਵਾਂਗ ਹੀ ਦਰਜ ਹਨ।

ਸ. ਗੋਬਿੰਦ ਸਿੰਘ ਜੀ ! ਮੈਂ ਕੈਲੰਡਰ ਸਬੰਧੀ ਪਹਿਲਾਂ ਵੀ ਦੋ ਪੱਤਰ (20 ਮਾਰਚ ਤੇ 6 ਅਪ੍ਰੈਲ) ਸਕੱਤਰ ਧਰਮ ਪ੍ਰਚਾਰ ਕਮੇਟੀ ਜੀ ਨੂੰ ਭੇਜ ਚੁੱਕਾ ਹਾਂ, ਪਰ ਜਵਾਬ ਕੋਈ ਨਹੀਂ ਆਇਆ।  ਕੀ 11 ਅਰਬ ਦੇ ਬਜਟ ਵਾਲੀ ਸ਼੍ਰੋਮਣੀ ਕਮੇਟੀ ਵਿੱਚ ਏਨੀ ਵੀ ਸਮਰੱਥਾ ਨਹੀਂ ਹੈ ਕਿ ਸੰਗਤਾਂ ਦੇ ਸਵਾਲਾਂ ਦੇ ਜਵਾਬ ਜਾਂ ਮੰਗੀ ਗਈ ਜਾਣਕਾਰੀ ਈ ਮੇਲ ਰਾਹੀਂ ਭੇਜ ਸਕੇ ? ਕਦੇ ਸਮਾਂ ਸੀ ਜਦੋਂ ਧਰਮ ਪ੍ਰਚਾਰ ਕਮੇਟੀ ਦੇ ਵਿਦਵਾਨ ਬੈਠ ਕੇ ਪੁੱਛੇ ਗਏ ਸਵਾਲਾਂ ਦੇ ਜਵਾਬ ਤਿਆਰ ਕਰਦੇ ਅਤੇ ਡਾਕ ਰਾਹੀਂ ਭੇਜਦੇ ਰਹੇ ਸਨ। ਅੱਜ ਨਾ ਤਾਂ ਪੇਪਰ ਦੀ ਲੋੜ ਹੈ ਅਤੇ ਨਾ ਹੀ ਡਾਕ ਖਰਚ ਦੀ। ਕੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੀ ਸੰਤੁਸ਼ਟੀ ਖਾਤਰ, ਇਕ ਮੁਲਾਜ਼ਮ ਨੂੰ ਇਹ ਜਿੰਮੇਵਾਰੀ ਨਹੀਂ ਸੌਂਪੀਂ ਜਾ ਸਕਦੀ ਕਿ ਉਹ ਪ੍ਰਾਪਤ ਹੋਏ ਸਵਾਲਾਂ ਦੇ ਜਵਾਬ, ਈ ਮੇਲ ਰਾਹੀਂ (ਨਿਸ਼ਚਿਤ ਸਮੇਂ ਵਿਚ) ਭੇਜ ਸਕੇ। ਆਸ ਕਰਦਾ ਹਾਂ ਕਿ ਆਪ ਜੀ ਇਸ ਪਾਸੇ ਜ਼ਰੂਰ ਧਿਆਨ ਦਿਓਂਗੇ।

ਪ੍ਰਧਾਨ ਜੀ !  ਮੈਨੂੰ ਪੂਰੀ ਆਸ ਹੈ ਕਿ ਆਪ ਜੀ ਇਹ ਪੱਤਰ ਪੜ੍ਹ ਕੇ, ਮੇਰੇ ਤੋਂ ਵੀ ਵੱਧ ਚਿੰਤਤ ਹੋਵੋਗੇ। ਨਿਮਰਤਾ ਸਹਿਤ ਬੇਨਤੀ ਹੈ, ਕਿ ਇਸ ਬਹੁਤ ਹੀ ਮਹੱਤਵ ਪੂਰਨ ਵਿਸ਼ੇ, “ਕੌਮੀ ਕੈਲੰਡਰ” ਵਿੱਚ ਹੋਈਆਂ ਗ਼ਲਤੀਆਂ ਦੀ ਪੜਤਾਲ” ਕਰ ਕੇ ਜਿੰਮੇਵਾਰ ਵਿਅਕਤੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸੰਮਤ 550 ਦੇ ਕੈਲੰਡਰ ਨੂੰ ਵਾਪਸ ਲਿਆ ਜਾਵੇ।

ਉਸਾਰੂ ਸੇਧਾਂ ਦੀ ਉਡੀਕ ਵਿੱਚ

ਸਰਵਜੀਤ ਸਿੰਘ ਸੈਕਰਾਮੈਂਟੋ sarbjits@gmail.com

ਪੱਤਰ ਨੰਬਰ 27 (ਸ. ਸਰਬਜੀਤ ਸਿੰਘ ਜੀ ਵਲੋਂ ਕਰਨਲ ਸੁਰਜੀਤ ਸਿੰਘ ਨਿਸ਼ਾਨ ਨੂੰ ਪੱਤਰ)

0

ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ !

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।

ਕਰਨਲ ਨਿਸ਼ਾਨ ਜੀ !  ਸ ਕੁਲਦੀਪ ਸਿੰਘ ਨਾਲ, ੳੇਸ ਦੇ ਪ੍ਰੋਗਰਾਮ ਵਿੱਚ ਵਿਚਾਰ ਕਰਨ ਲਈ ਦਿਨ ਅਤੇ ਸਮਾਂ ਨਿਸਚਤ ਕਰਕੇ, ਮੈਂਨੂੰ ਸੂਚਿਤ ਕਰ ਦੇਣਾ ਜੀ। ਮੈਂ ਹਾਜਿਰ ਹੋ ਜਾਵਾਗਾ।

ਧੰਨਵਾਦ

ਸਰਵਜੀਤ ਸਿੰਘ ਸੈਕਰਾਮੈਂਟੋ

ਚਿੱਠੀ ਨੰ: 26 (ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ ਵੱਲੋਂ ਸ. ਸਰਬਜੀਤ ਸਿੰਘ ਜੀ ਨੂੰ ਪੱਤਰ 29-4-2018)

0

ਸ: ਸਰਵਜੀਤ ਸਿੰਘ ਜੀਓ,

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ॥

ਪਿਛਲੇ ਇੱਕ ਪੱਤਰ ਵਿਚ ਕਿਰਪਾਲ ਸਿੰਘ ਨੇ ਇੱਕ ਟਾਈਪ ਦੀ ਗਲਤੀ (ਗੁਰਪੁਰਬ ਦਰਪਣ ਪੰਨਾ 84 ਤੇ 10-4-2017 ਨੂੰ ਸੋਮਵਾਰ ਦੀ ਥਾਂ ਐਤਵਾਰ ਛਪਿਆ) ਨੂੰ ਜਿਸ ਤਰ੍ਹਾਂ ਰਾਈ ਦਾ ਪਹਾੜ ਬਣਾਇਆ ਉਸ ਦੇ ਜੁਆਬ ਵਿਚ ਹੀ ਮੈਂ ਲਿਖਿਆ ਸੀ ਕਿ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਮਹਾਰਾਜ ਦੇ ਜੋਤੀ ਜੋਤਿ ਸਮਾਉਣ ਅਤੇ ਗੁਰੂ ਤੇਗ ਬਹਾਦਰ ਜੀ ਦੇ ਗੁਰ ਗੱਦੀ ਦਿਵਸ 10-4-2017 ਦਿਨ ਸੋਮਵਾਰ ਹੀ ਲਿਖੇ ਹੋਏ ਹਨ (ਦੇਖੋ ਪੰਨਾ 66 ਅਤੇ 69 ਗੁਰਪੁਰਬ ਦਰਪਣ)। ਕੋਈ ਵੀ ਈਮਾਨਦਾਰ ਸੱਜਣ ਇਹ ਸਹਿਜੇ ਹੀ ਸਮਝ ਸਕਦਾ ਹੈ ਕਿ ਇਹ ਇਕ ਜਗ੍ਹਾਂ ਤੋਂ ਦੂਸਰੀ ਜਗ੍ਹਾ ਟਾਈਪ ਕਰਨ ਦੀ ਗਲਤੀ ਹੈ।

ਵਿਚਾਰਾਂ ਦਾ ਮਤਭੇਦ ਹੋਣਾ ਕੋਈ ਮਾੜੀ ਗਲ ਨਹੀਂ ਪਰ ਤੁਹਾਡੇ ਹੀ ਮੰਚ ਤੋਂ ਤੁਹਾਡੇ ਸਾਥੀ ਗਾਲੀਆਂ ਦਈ ਜਾਣ ਅਤੇ ਤੁਸੀਂ ਚੁੱਪ ਕਰ ਕੇ ਅਣਸੁਣੀਆਂ ਕਰ ਸਕੋ ਇਹ ਕਿੱਥੋਂ ਦੀ ਇਨਸਾਨੀਅਤ ਹੈ। ਕੀ ਐਸੇ ਵਾਤਾਵਰਣ ਵਿਚ ਕੋਈ ਵਿਚਾਰ ਵਟਾਂਦਰਾ ਹੋ ਸਕਦਾ ਹੈ ? ਇਸ ਲਈ ਮੈਂ ਆਪਣੇ ਆਪ ਨੂੰ ਇਸ ਵਿਚਾਰ ਵਟਾਂਦਰੇ ਤੋਂ ਅਲੱਗ ਕਰ ਲਿਆ ਹੈ।

ਬਾਕੀ ਰਹੀ ਗਲ 1 ਲੱਖ ਦੇ ਇਨਾਮ ਦੀ ਮੈਂ ਅੱਗੇ ਵੀ ਕਈ ਵਾਰ ਲਿਖ ਚੁਕਾ ਹਾਂ ਕਿ ਤੁਹਾਡਾ ਜਦੋਂ ਜੀਅ ਕਰੇ ਰੇਡੀਓ ਸ਼ੇਰੇ ਪੰਜਾਬ ਵਾਲੇ ਸ: ਕੁਲਦੀਪ ਸਿੰਘ ਨਾਲ ਆ ਕੇ ਇਹ ਸਿੱਧ ਕਰ ਦਿਓ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਜੋ ਪੋਹ ਸੁਦੀ 7, 23 ਪੋਹ ਬਿਕ੍ਰਮੀ/198 ਨਾਨਕਸ਼ਾਹੀ, 22-12-1666 ਨੂੰ ਹੈ ਉਸ ਦਿਨ ਨਾਨਕਸ਼ਾਹੀ (ਸੂਰਜੀ ਪੁਰੇਵਾਲ) ਮੁਤਾਬਿਕ 23 ਪੋਹ ਸੰਮਤ 198 ਮੁਤਾਬਿਕ 5 ਜਨਵਰੀ ਸੀ ਅਤੇ 1 ਲੱਖ ਦਾ ਇਨਾਮ ਹਾਸਲ ਕਰੋ। ਪਰ ਤੁਸੀਂ ਹੀ ਹਾਲੀ ਤੱਕ ਇਹ ਹੌਸਲਾ ਨਹੀਂ ਕੀਤਾ। ਬਾਕੀ ਇਹ ਲਿਖੀ ਜਾਣਾ ਕਿ ਮੈਂ ਮੁਕਰ ਗਿਆ ਹਾਂ, ਇਹ ਸੱਚ ਨਹੀਂ।

ਆਖਰੀ ਫਤਿਹ ਬੁਲਾਉਂਦਾ ਹਾਂ ਅਤੇ ਇਸ ਸਾਰੇ ਪਤਰ ਵਿਹਾਰ ਵਿਚ ਮੇਰੇ ਵਲੋਂ ਕੋਈ ਅਪਸ਼ਬਦ ਲਿਖਿਆ ਗਿਆ ਹੋਵੇ ਤਾਂ ਉਸ ਦੀ ਮੈਂ ਖਿਮਾ ਮੰਗਦਾ ਹਾਂ।

SURJIT SINGH NISHAN M.sc., MIS, MCA.

ਪੱਤਰ ਨੰਬਰ 25 (ਸ. ਸਰਬਜੀਤ ਸਿੰਘ ਜੀ ਵਲੋਂ ਕਰਨਲ ਸੁਰਜੀਤ ਸਿੰਘ ਨਿਸ਼ਾਨ ਨੂੰ ਪੱਤਰ)

0

ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ !

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।

ਸ ਕਿਰਪਾਲ ਸਿੰਘ ਜੀ ਦਾ ਪੱਤਰ (26 ਅਪ੍ਰੈਲ) ਪੜ੍ਹ ਕੇ, ਤੁਹਾਡੇ ਪੱਤਰ ਬਾਰੇ ਜਾਣਕਾਰੀ ਮਿਲੀ, ਜੋ ਮੈਂ ਕਿਸੇ ਕਾਰਨ ਪਹਿਲਾ ਨਹੀਂ ਸੀ ਪੜ੍ਹ ਸਕਿਆ। ਤੁਹਾਡਾ ਪੱਤਰ ਪੜ੍ਹ ਕੇ ਬਹੁਤ ਹੀ ਹੈਰਾਨੀ ਹੋਈ ਹੈ ਕਿ ਕਰਨਲ ਸੁਰਜੀਤ ਸਿੰਘ ਨਿਸ਼ਾਨ ਵੀ, ਅਨੁਰਾਗ ਸਿੰਘ ਵਾਂਗੂੰ 100% ਸ਼ੁੱਧ ਝੂਠ ਲਿਖ ਰਿਹਾ ਹੈ।

ਨਿਸ਼ਾਨ ਜੀ !  ਤੁਸੀਂ ਝੂਠ ਲਿਖ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ ?

ਹੁਣ ਜਦੋਂ ਤੁਹਾਡਾ ਝੂਠ ਫੜਿਆ ਗਿਆ ਹੈ ਤਾਂ ਇਸ ਗਰੁਪ ਵਿੱਚ ਸ਼ਾਮਲ ਸੱਜਣ (ਲਗਭਗ 70 ਸੱਜਣ) ਤੁਹਾਡੇ ਬਾਰੇ ਕੀ ਸੋਚਦੇ ਹੋਣਗੇ ?

ਵਿਚਾਰਾਂ ਵਿੱਚ ਮੱਤ ਭੇਦ ਹੋਣ ਦੇ ਬਾਵਜੂਦ ਵੀ ਮੈਂ ਅੱਜ ਤੱਕ ਤੁਹਾਡਾ ਸਤਿਕਾਰ ਕਰਦਾ ਆ ਰਿਹਾ ਹਾਂ ਕਿਉਂਕਿ ਮੈਨੂੰ ਇਸ ਵਿਸ਼ੇ ਵਿੱਚ ਦਿਲਚਸਪੀ ਤੁਹਾਡੀਆਂ ਵੀ ਡੀ ਓ ਵੇਖ ਕੇ ਵਧੇਰੇ ਹੋਈ ਸੀ, ਪਰ ਜੇ ਆਪ ਜੀ ਇਸੇ ਤਰ੍ਹਾਂ ਚਿੱਟਾ ਝੂਠ ਹੀ ਲਿਖਣਾ ਹੈ ਤਾਂ…।

ਕਰਨਲ ਨਿਸ਼ਾਨ ਜੀ !

  1. ਕੀ ਇਹ ਸੱਚ ਨਹੀਂ ਕਿ ਮੈਂ ਪਿਛਲੇ ਸਾਲ (2 ਦਸੰਬਰ) ਤੁਹਾਡੇ ਨਾਲ ਵਿਚਾਰ ਕਰਨ ਲਈ ਤੁਹਾਨੂੰ ਬੇਨਤੀ ਕੀਤੀ ਸੀ ?
  2. ਕੀ ਇਹ ਸੱਚ ਨਹੀਂ ਕਿ ਤੁਸੀਂ ਕੋਈ ਹੁੰਗਾਰਾ ਨਹੀਂ ਸੀ ਭਰਿਆ ?
  3. ਕੀ ਇਹ ਸੱਚ ਨਹੀਂ ਹੈ ਕਿ ਮੇਰੇ ਪੱਤਰ ਸਿੱਖ ਮਾਰਗ ਉੱਤੇ ਅੱਜ ਵੀ ਉਪਲਬਧ ਹਨ ?
  4. ਕੀ ਇਹ ਸੱਚ ਨਹੀਂ ਹੈ ਕਿ ਅਜੇ ਪਿਛਲੇ ਹਫ਼ਤੇ ਹੀ ਤੁਹਾਡੇ ਵੱਲੋਂ ਲਿਖੇ ਗਏ ਝੂਠ ਨੂੰ ਨੰਗਾ ਕੀਤਾ ਸੀ।
  5. ਕੀ ਇਹ ਸੱਚ ਨਹੀਂ ਕਿ 17 ਅਪ੍ਰੈਲ ਨੂੰ ਮੈਂ ਇਸੇ ਸਬੰਧ ਵਿੱਚ ਇਕ ਪੱਤਰ ਲਿਖਿਆ ਸੀ ?

(ਉਹ ਪੱਤਰ http://gurparsad.com/nanakshahi-calendar-debate-18 ਪੜ੍ਹ ਸਕਦੇ ਹੋ)

  1. ਕੀ ਇਹ ਸੱਚ ਨਹੀਂ ਹੈ ਕਿ 25 ਅਪ੍ਰੈਲ ਨੂੰ ਮੈਂ ਆਪਣੇ ਪੱਤਰ ਵਿੱਚ ਤੁਹਾਡੀ ਚੁਣੌਤੀ ਪ੍ਰਵਾਨ ਕਰਦੇ ਹੋਏ ਵਿਚਾਰ ਲਈ ਸੱਦਾ ਦਿੱਤਾ ਸੀ ?

ਤੁਸੀਂ ਕਿਸ ਅਧਾਰ ’ਤੇ ਲਿਖਿਆ ਹੈ ਕਿ “ਮੈਂ ਕਾਫ਼ੀ ਸਾਲਾਂ ਤੋਂ 1 ਲੱਖ ਰੁਪਇਆ ਲਈ ਫਿਰਦਾ ਹਾਂ ਅਤੇ ਕਿਸੇ ਮਰਦ ਨੇ ਹਿੰਮਤ ਨਹੀਂ ਕੀਤੀ ਤੁਸੀਂ ਕਰ ਕੇ ਵੇਖ ਲਵੋ”।

ਕਰਨਲ ਨਿਸ਼ਾਨ ਜੀ !  ਖ਼ੁਦ ਮਰਦ ਬਣੋ ਅਤੇ ਕਰੋ ਮੇਰਾ ਸੱਦਾ (ਤੀਜਾ ਸੱਦਾ) ਪ੍ਰਵਾਨ । ਦੱਸੋ ਕਿਸ ਮੰਚ ’ਤੇ ਵਿਚਾਰ ਕਰਨੀ ਹੈ ?

ਕਰਨਲ ਨਿਸ਼ਾਨ ਜੀ !  ਸਿਆਣਿਆਂ ਦਾ ਕਥਨ ਹੈ ਕਿ “ਗਲਤੀ ਉਹ ਨਹੀਂ ਹੁੰਦੀ ਜੋ ਹੋ ਜਾਵੇ, ਗਲਤੀ ਉਹ ਹੁੰਦੀ ਹੈ ਜੋ ਧਿਆਨ ਵਿੱਚ ਲਿਆਉਣ ਤੋਂ ਪਿਛੋਂ ਵੀ ਮੰਨੀ ਨਾ ਜਾਵੇ”।

ਤੁਸੀਂ ਵਾਰ-ਵਾਰ ਬੇਨਤੀਆਂ ਕਰਨ ’ਤੇ ਵੀ, ਤਾਰੀਖ਼ਾਂ ਦੀ ਪੜਤਾਲ ਕਰਨ ਦੀ ਬਜਾਏ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਜਿੱਦ ਕਰ ਰਹੇ ਹੋ। ਹੁਣ ਤਾਂ ਤੁਸੀਂ ਝੂਠ ਲਿਖਣਾ ਵੀ ਆਰੰਭ ਕਰ ਦਿੱਤਾ ਹੈ।

ਇਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ, ਪਾਣੀ ਰਿੜਕ ਹੋ ਰਿਹਾ ਹੈ। ਇਕ ਸਵਾਲ (27) ਦਾ ਫੈਸਲਾ ਨਹੀਂ ਹੋਇਆ। ਕਈ ਹੋਰ ਸਵਾਲ ਵੀ ਹਨ, ਜਿਨ੍ਹਾਂ ਦੀ ਪੜਤਾਲ ਕਰਨ ਦੀ ਜ਼ਰੂਰਤ ਹੈ।

ਕਰਨਲ ਨਿਸ਼ਾਨ ਜੀ !  ਆਓ, ਇਮਾਨਦਾਰੀ ਨਾਲ ਵਿਚਾਰ ਕਰੀਏ ਤਾਂ ਜੋ ਕਿਸੇ ਨਤੀਜੇ ’ਤੇ ਪੁੱਜਿਆ ਜਾ ਸਕੇ ।

ਧੰਨਵਾਦ

ਸਰਵਜੀਤ ਸਿੰਘ ਸੈਕਰਾਮੈਂਟੋ 4/27/2017

ਚਿੱਠੀ ਨੰ: 24 (ਕਿਰਪਾਲ ਸਿੰਘ ਬਠਿੰਡਾ ਵੱਲੋਂ ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ ਨੂੰ ਦੋਵੇਂ ਪੱਤਰਾਂ ਦਾ ਜਵਾਬ)

0

ਗੁਰਮੁਖ ਪਿਆਰੇ ਲੈਫ: ਕਰਨਲ ਸੁਰਜੀਤ ਸਿੰਘ ਨਿਸ਼ਾਨ ਸਾਹਿਬ ਜੀ!

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ॥

ਵਿਸ਼ਾ: ਕੈਲੰਡਰ ਦੀਆਂ ਤਾਰੀਖ਼ਾਂ ਬਾਰੇ ਅਸਹਿਮਤੀ ।

1.  ਆਪ ਜੀ ਦੀ ਇੱਕ ਚਿੱਠੀ 25 ਤਰੀਖ ਦੇ ਈ-ਮੇਲ ਇਨਬੌਕਸ ਵਿੱਚ ਮਿਲੀ ਅਤੇ ਦੂਸਰੀ 26 ਤਰੀਖ ਨੂੰ। ਚੰਗਾ ਹੋਇਆ 26 ਅਪ੍ਰੈਲ ਵਾਲੀ ਚਿੱਠੀ ਵਿੱਚ ਤੁਸੀਂ ਆਪਣੀ ਪੁਸਤਕ ਵਿੱਚ ਦਰਜ ਤਰੀਖਾਂ ਗਲਤ ਸਾਬਤ ਕਰਨ ਵਾਲੇ ਨੂੰ ਇੱਕ ਲੱਖ ਰੁਪਏ ਦੇਣ ਦੇ ਵਾਅਦੇ ’ਤੇ ਕਾਇਮ ਰਹਿੰਦੇ ਹੋਏ ਲਿਖਿਆ ਹੈ : “ਮੈਂ ਕਾਫ਼ੀ ਸਾਲਾਂ ਤੋਂ 1 ਲੱਖ ਰੁਪਇਆ ਲਈ ਫਿਰਦਾ ਹਾਂ ਅਤੇ ਕਿਸੇ ਮਰਦ ਨੇ ਹਿੰਮਤ ਨਹੀਂ ਕੀਤੀ, ਤੁਸੀਂ ਕਰ ਕੇ ਵੇਖ ਲਵੋ।”

ਕਰਨਲ ਸਾਹਿਬ ਜੀ ! ਇਹ ਇੱਕ ਲੱਖ ਦਾ ਇਨਾਮ ਕਿਸੇ ਮਰਦ ਨੂੰ; ਤਾਂ ਦਿਓਗੇ ਜੇ ਤੁਸੀਂ ਆਪਣੀ ਤਰੀਖ ਨੂੰ ਗਲਤ ਹੁੰਦਿਆਂ ਹੋਇਆ ਵੀ ਗਲਤ ਮੰਨੋਗੇ !  ਜਿਸ ਨੇ ਆਪਣੀ ਗਲਤੀ ਮੰਨਣੀ ਹੀ ਨਹੀਂ ਉਹ ਭਾਵੇਂ ਇੱਕ ਦੀ ਥਾਂ ਦਸ ਲੱਖ ਚੁੱਕੀ ਫਿਰੇ ਇਸ ਨਾਲ ਕੀ ਫਰਕ ਪਵੇਗਾ। ‘ਤੁਸੀਂ ਆਪਣੀ ਗਲਤੀ ਨਹੀਂ ਮੰਨੋਗੇ’ ; ਇਹ, ਤੁਹਾਡੀ ਇਸੇ ਚਿੱਠੀ ਵਿੱਚ, ਤੁਹਾਡੀ ਆਪਣੀ ਲਿਖਤ ਹੀ ਸਿੱਧ ਕਰ ਰਹੀ ਹੈ; ਜਿਸ ਵਿੱਚ ਤੁਸੀਂ ਲਿਖਿਆ ਹੈ: “ਤੁਹਾਡਾ ਇਹ ਲਿਖਣਾ ਕਿ ਮੇਰੀਆਂ ਤਾਰੀਖ਼ਾਂ ਗਲਤ ਹਨ; ਇਹ ਤੁਹਾਡੇ ਲਫ਼ਜ਼ਾਂ ਦੀ ਹੇਰਾ ਫੇਰੀ ਤੋਂ ਵੱਧ ਕੁੱਝ ਨਹੀਂ। ਜੇ ਮੇਰੀ ਇੱਕ ਤਾਰੀਖ਼ ਸ਼੍ਰੋਮਣੀ ਕਮੇਟੀ ਨਾਲ ਨਹੀਂ ਮਿਲਦੀ ਤਾਂ ਉਸ ਦੇ ਕਈ ਕਾਰਨ ਹੋ ਸਕਦੇ ਹਨ (ਪਰ ਵਾਰ ਵਾਰ ਪੁੱਛੇ ਜਾਣ ਦੇ ਬਾਵਜੂਦ ਕਾਰਨ ਦੱਸ ਨਹੀਂ ਰਹੇ) ਪਰ ਇਸ ਦਾ ਇਹ ਮਤਲਬ ਨਹੀਂ ਮੇਰੀ ਤਾਰੀਖ਼ ਗਲਤ ਹੈ।” ਜੇ ਤੁਸੀਂ ਆਪਣੀ ਤਰੀਖਾਂ ਵਿੱਚ ਫਰਕ ਹੋਣਾ ਮੰਨ ਕੇ ਵੀ ਉਸ ਨੂੰ ਗਲਤ ਮੰਨਣ ਲਈ ਤਿਆਰ ਨਹੀਂ ਤਾਂ ਕਿਹੜਾ ਮਾਈ ਦਾ ਲਾਲ ਹੈ ਜੋ ਤੁਹਾਥੋਂ ਗਲਤੀ ਮੰਨਵਾ ਸਕੇ।

ਕਰਨਲ ਸਾਹਿਬ ਜੀ ! ਇੱਕ ਲੱਖ ਰੁਪਈਏ ਨੂੰ ਹੋ ਸਕਦਾ ਹੈ ਤੁਸੀਂ ਬਹੁਤ ਵੱਡੀ ਰਕਮ ਸਮਝਦੇ ਹੋਵੋਗੇ ਜਿਸ ਕਾਰਨ ਤੁਸੀਂ ਇੱਕ ਲੱਖ ਰੁਪਈਆ ਦੇਣ ਦੇ ਮਾਰੇ ਆਪਣੀ ਗਲਤੀ ’ਤੇ ਵੀ ਅੜੇ ਹੋਏ ਹੋ, ਪਰ ਮੈਂ ਤੁਹਾਥੋਂ ਇੱਕ ਲੱਖ ਰੁਪਈਏ ਦਾ ਇਨਾਮ ਜਿਤਣ ਲਈ ਤੁਹਾਡੇ ਨਾਲ ਮਗਜ਼ ਖਪਾਈ ਨਹੀਂ ਕਰ ਰਿਹਾ ਬਲਕਿ ਮੇਰਾ ਮਨੋਰਥ ਸਿਰਫ ਇਹੋ ਹੈ ਕਿ ਡਾ: ਅਨੁਰਾਗ ਸਿੰਘ ਸਮੇਤ ਤੁਹਾਡੇ ਵਰਗੇ ਵਿਦਵਾਨ ਆਪਣੀਆਂ ਕੈਲਕੂਲੇਸ਼ਨਾਂ ਦੇ ਅਧਾਰ ’ਤੇ ਆਪਣੀਆਂ ਹੀ ਤਰੀਖਾਂ ਨੂੰ ਸਹੀ ਸਿੱਧ ਕਰ ਦੇਣ ਜਾਂ ਆਪਣੀ ਗਲਤੀ ਨੂੰ ਸਵੀਕਾਰ ਕਰ ਲੈਣ ਤਾਂ ਤੁਹਾਡੀ ਵਜ੍ਹਾ ਕਰ ਕੇ ਕੌਮ ਦੇ ਗਲ਼ ਪਿਆ ਅਣਲੋੜੀਂਦਾ ਵਿਵਾਦ ਖਤਮ ਹੋ ਸਕਦਾ ਹੈ। ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਆਪਣੀਆਂ 100% ਤਰੀਖਾਂ ਨੂੰ ਸਹੀ ਸਿੱਧ ਨਹੀਂ ਕਰ ਸਕਦੇ। ਸੋ ਮਸਲੇ ਦੇ ਹੱਲ ਲਈ ਮੈਂ ਆਪ ਜੀ ਨਾਲ ਇਹ ਵਾਅਦਾ ਕਰਦਾ ਹਾਂ ਕਿ ਜੇ ਤੁਸੀਂ ਆਪਣੀ ਗਲਤੀ ਸਵੀਕਾਰ ਕਰ ਲਵੋ ਤਾਂ ਇਨਾਮ ਵਿੱਚ ਤੁਹਾਥੋਂ ਜਿੱਤੇ ਇੱਕ ਲੱਖ ਰੁਪਏ ਤੁਹਾਨੂੰ ਮੁਆਫ਼ ਕਰ ਦੇਵਾਂਗਾ। ਤੁਸੀਂ ਆਪਣੀ ਇੱਕ ਤਰੀਖ ਵਿੱਚ ਫਰਕ ਤਾਂ ਮੰਨ ਹੀ ਚੁੱਕੇ ਹੋ ਪਰ ਕਿਹੜੀ ਤਰੀਖ ਹੈ ਜਿਸ ਵਿੱਚ ਤੁਸੀਂ ਫਰਕ ਮੰਨ ਲਿਆ ਹੈ ਅਤੇ ਉਸ ਗਲਤੀ ਦਾ ਕੀ ਕਾਰਨ ਹੈ ਇਹ ਦੱਸਣ ਲਈ ਤੁਸੀਂ ਹਾਲੀ ਵੀ ਤਿਆਰ ਨਹੀਂ। ਤੁਹਾਡੀ ਪੁਸਤਕ ਛਪਣ ਪਿੱਛੋਂ ਪਹਿਲੇ ਹੀ ਸਾਲ ਸ਼੍ਰੋਮਣੀ ਕਮੇਟੀ ਦਾ ਸੰਮਤ 549 ਦਾ ਕੈਲੰਡਰ ਛਪਿਆ ਤਾਂ ਉਸ ਵਿੱਚ 4 ਤਰੀਖਾਂ ਦਾ ਫਰਕ ਤੁਹਾਨੂੰ ਦੱਸ ਦਿੱਤਾ ਬਾਕੀ ਦੇ 86 ਸਾਲਾਂ ਦਾ ਵੀ ਤਾਂ ਇਹੋ ਹਾਲ ਹੋਵੇਗਾ। ਕ੍ਰਿਪਾ ਕਰ ਕੇ ਜੇ ਤੁਸੀਂ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਨਾਲੋਂ ਤਰੀਖਾਂ ਦੇ ਫਰਕ ਦਾ ਕਾਰਨ ਅਤੇ ਆਪਣੀ ਪੁਸਤਕ ਵਿੱਚ 86 ਸਾਲਾਂ ਦੇ ਸਾਰੇ ਗੁਰਪੁਰਬਾਂ ਦੀਆਂ ਬਾਕੀ ਦੀਆਂ ਸਾਰੀਆਂ ਤਰੀਖਾਂ ਦੀ ਖ਼ੁਦ ਹੀ ਪੜਚੋਲ ਕਰ ਕੇ ਉਨ੍ਹਾਂ ਵਿੱਚੋਂ ਜਿੰਨੀਆਂ ਤੁਸੀਂ ਖ਼ੁਦ ਗਲਤ ਮੰਨ ਗਏ ਉਹ ਸਾਰੀਆਂ ਗਲਤੀਆਂ ਵੀ ਤੁਹਾਨੂੰ ਮੁਆਫ਼। ਅੱਗੇ ਤੋਂ ਪੜਚੋਲ ਤੇ ਵੀਚਾਰ ਸਿਰਫ ਉਨ੍ਹਾਂ ਤਰੀਖਾਂ ਸਬੰਧੀ ਹੀ ਕਰਾਂਗੇ ਜਿਨ੍ਹਾਂ ਨੂੰ ਤੁਸੀਂ ਇੱਟ ਵਰਗੀਆਂ ਪੱਕੀਆਂ ਹੋਣ ਦਾ ਦਾਅਵਾ ਕਰੋਗੇ। ਬਾਕੀ ਰਹੀ ਗੱਲ ਤੁਹਾਡੇ ਦਾਅਵੇ ਦੀ, ਕਿ ਤੁਹਾਡੇ ਵੱਲੋਂ ਰੱਖਿਆ ਇੱਕ ਲੱਖ ਰੁਪਏ ਦਾ ਇਨਾਮ ਜਿੱਤਣ ਦੀ ਕਿਸੇ ਮਰਦ ਨੇ ਹਿੰਮਤ ਨਹੀਂ ਕੀਤੀ। ਸ: ਸਰਬਜੀਤ ਸਿੰਘ ਸੈਕਰਾਮੈਂਟੋ ਨੇ 2/12/2017 ਨੂੰ ਤੁਹਾਨੂੰ ਇੱਕ ਚਿੱਠੀ ਇਸ ਤਰ੍ਹਾਂ ਲਿਖੀ ਸੀ :- “ਤੁਹਾਡੀ ਕਿਤਾਬ, ਗੁਰਪੁਰਬ ਦਰਪਣ” ਦੇ ਪੰਨਾ 95 ਉੱਪਰ ਇਹ ਚੁਣੌਤੀ ਦਰਜ ਹੈ:- “ਮੈਂ ਇਹ ਚੁਣੌਤੀ ਪ੍ਰਵਾਨ ਕਰਦਾ ਹਾਂ। ਆਪਣੀ ਸਾਰੀ ਗੱਲਬਾਤ ਲਿਖਤੀ ਰੂਪ ਵਿਚ ਹੋਵੇਗੀ ਤਾਂ ਜੋ ਦੁਨੀਆ ਦੇ ਕੋਨੇ-ਕੋਨੇ ਵਿੱਚ ਬੈਠੀਆਂ ਸਿੱਖ ਸੰਗਤਾਂ, ਇਸ ਨੂੰ ਨਾਲੋਂ ਨਾਲ ਹੀ ਪੜ੍ਹ ਸਕਣ। ਮੈਂ ਆਪਣੇ ਵੱਲੋਂ, www.Sikhmarg.com ਪੇਸ਼ ਕਰਦਾ ਹਾਂ ਜਿਸ ਦਾ ਈ-ਮੇਲ ਪਤਾ ਹੈ, info@sikhmarg.com. ਜਿਹੜਾ ਮੰਚ ਆਪ ਜੀ ਨੂੰ ਪਸੰਦ ਹੋਵੇ, ਉਸ ਦਾ ਪਤਾ ਤੁਸੀਂ ਦੱਸ ਦਿਓ ਮੈਨੂੰ ਪ੍ਰਵਾਨ ਹੋਵੇਗਾ।” ਉਨ੍ਹਾਂ ਨੇ ਅੱਗੇ ਇਹ ਵੀ ਲਿਖਿਆ ਸੀ : “ਨਿਸ਼ਾਨ ਜੀ ! ਜੇਕਰ ਆਪ ਜੀ ਇਸ ਚੁਣੌਤੀ ਨੂੰ ਵਾਪਸ ਲੈਣਾ ਚਾਹੋ ਤਾਂ 9 ਦਸੰਬਰ 2017 ਈ: ਦਿਨ ਸ਼ਨਿਚਰਵਾਰ ਤੋਂ ਪਹਿਲਾਂ-ਪਹਿਲਾਂ ਵਾਪਸ ਲੈਣ ਦਾ ਐਲਾਨ ਵੀ ਕਰ ਸਕਦੇ ਹੋ। ਨਹੀਂ ਤਾਂ 10 ਦਸੰਬਰ 2017 ਈ:, ਦਿਨ ਐਤਵਾਰ ਤੋਂ ਆਪਾਂ ਵਿਚਾਰ ਚਰਚਾ ਆਰੰਭ ਕਰਾਂਗੇ।”  ਇਸ ਉਪ੍ਰੰਤ 10 ਦਸੰਬਰ ਤੋਂ ਹੁਣ ਤੱਕ ਉਹ ਤੁਹਾਡੀ ਚੁਣੌਤੀ ਪ੍ਰਵਾਨ ਕਰਦੇ ਆ ਰਹੇ ਹਨ ਜਿਨ੍ਹਾਂ ਦਾ ਵੇਰਵਾ ਉਨ੍ਹਾਂ ਨੇ ਤੁਹਾਨੂੰ ਹੁਣੇ ਹੀ 17 ਅਪ੍ਰੈਲ 2018 ਵਾਲੀ ਚਿੱਠੀ ਰਾਹੀਂ ਮੁੜ ਚੇਤਾ ਵੀ ਕਰਵਾਇਆ ਸੀ ਜੋ “ਗੁਰਪ੍ਰਸਾਦ.ਕਾਮ http://gurparsad.com/ ”  ’ਤੇ ਚਿੱਠੀ ਨੰ: 18 ਦੇ ਸਿਰਲੇਖ ਹੇਠ ਪੜ੍ਹੀ ਜਾ ਸਕਦੀ ਹੈ। ਇਸ ਦੇ ਬਾਵਜੂਦ ਜੇ ਤੁਸੀਂ ਦਾਅਵਾ ਕਰਦੇ ਹੋ ਕਿ “ਕੋਈ ਮਰਦ ਅੱਗੇ ਨਹੀਂ ਆਇਆ” ਤਾਂ ਇੰਝ ਜਾਪਦਾ ਹੈ ਕਿ ਤੁਸੀਂ ਝੂਠ ਬੋਲਣ ’ਚ ਸਿਆਸੀ ਲੀਡਰਾਂ ਨੂੰ ਮਾਤ ਪਾਉਣ ਦੀ ਦੌੜ ਵਿੱਚ ਸ਼ਾਮਲ ਹੋਣਾ ਚਾਹ ਰਹੇ ਹੋ।

2.  ਕਰਨਲ ਨਿਸ਼ਾਨ ਸਾਹਿਬ ਜੀ ! ਆਪ ਜੀ ਤੋਂ ਪੁੱਛਿਆ ਇਹ ਗਿਆ ਸੀ ਕਿ ਜੇ ਤੁਸੀਂ ਮਲ ਮਾਸ ਨੂੰ ਨਹੀਂ, ਬਲਕਿ ਇਤਿਹਾਸ ਨੂੰ ਹੀ ਮੁੱਖ ਰੱਖਿਆ ਹੈ, ਤਾਂ ਕੀ ਕਾਰਨ ਹੈ ਕਿ ਤੁਸੀਂ ਆਪਣੀ ਪੁਸਤਕ ਵਿੱਚ ਬਹੁਤ ਸਾਰੀਆਂ ਤਰੀਖ਼ਾਂ ਮਲ ਮਾਸ ਵਿੱਚ ਨਿਰਧਾਰਿਤ ਕੀਤੀਆਂ ਹਨ ਅਤੇ ਬਹੁਤੇ ਕੇਸਾਂ ਵਿੱਚ ਮਲ ਮਾਸ ਦਾ ਖ਼ਿਆਲ ਰੱਖ ਕੇ ਇੱਕ ਮਹੀਨਾ ਲੇਟ ਨਿਰਧਾਰਿਤ ਕੀਤੀਆਂ ਹਨ ? ਕਿਉਂ ਨਹੀਂ ਇੱਕੋ ਨਿਯਮ ਅਪਣਾਇਆ ਕਿ ਜਾਂ ਤਾਂ ਸਾਰੀਆਂ ਹੀ ਤਰੀਖਾਂ ਪਹਿਲਾਂ ਆਉਣ ਵਾਲੇ ਮਹੀਨੇ ਵਿੱਚ ਨਿਰਧਾਰਤ ਕੀਤੀਆਂ ਜਾਣ ਜਾਂ ਦੂਸਰੇ ਮਹੀਨੇ ਵਿੱਚ। ਆਪਣੀ ਮਰਜੀ ਨਾਲ ਹੀ ਕਦੀ ਪਹਿਲੇ ਵਿੱਚ ਅਤੇ ਕਦੀ ਦੂਸਰੇ ਮਹੀਨੇ ਵਿੱਚ ਨਿਰਧਾਰਤ ਕਰਨ ਦਾ ਨਿਯਮ ਤੁਸੀਂ ਕਿਹੜੀ ਕਿਤਾਬ ਵਿੱਚੋਂ ਪੜ੍ਹਿਆ ਹੈ ? ਇਸ ਨਾਲ ਸਬੰਧਤ ਸਵਾਲ ਇਹ ਵੀ ਸੀ ਕਿ ਜਿਸ ਨੂੰ ਤੁਸੀਂ ਸਿੱਖ ਕੈਲੰਡਰ ਦੱਸ ਰਹੋ ਹੋ ਇਸ ਤਰ੍ਹਾਂ ਦਾ ਕੈਲੰਡਰ ਅੱਜ ਤੱਕ ਸ਼੍ਰੋਮਣੀ ਕਮੇਟੀ ਸਮੇਤ ਸਿੱਖਾਂ ਦੀ ਕਿਸੇ ਵੀ ਸੰਸਥਾ ਨੇ ਨਹੀਂ ਅਪਣਾਇਆ। ਇਹੋ ਕਾਰਨ ਹੈ ਕਿ ਤੁਹਾਡੇ ਵੱਲੋਂ ‘ਗੁਰਪੁਰਬ ਦਰਪਣ’ ਪੁਸਤਕ ਛਾਪਣ ਪਿੱਛੋਂ ਸ਼੍ਰੋਮਣੀ ਕਮੇਟੀ ਨੇ ਸੰਮਤ 549 ਅਤੇ 550 ਦੇ ਸਿਰਫ ਦੋ ਕੈਲੰਡਰ ਹੀ ਛਾਪੇ ਹਨ ਤੇ ਦੋਵਾਂ ’ਚ 8 ਤਰੀਖਾਂ ਫਰਕ ਨਾਲ ਹਨ। ਇਨ੍ਹਾਂ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਤੁਸੀਂ ਸਾਨੂੰ ਸਲਾਹ ਦੇ ਰਹੇ ਹੋ ਕਿ “ਸ਼੍ਰੋਮਣੀ ਕਮੇਟੀ ਸਿੱਖ ਪੰਥ ਦੀ ਸਿਰਮੌਰ ਸੰਸਥਾ ਹੈ ਇਸ ਲਈ ਉਸ ਵੱਲੋਂ ਉਲੀਕੇ ਪ੍ਰੋਗਰਾਮਾਂ ਅਨੁਸਾਰ ਇਸ ਸਾਲ ਲਈ ਜੋ ਕੈਲੰਡਰ ਸ਼੍ਰੋਮਣੀ ਕਮੇਟੀ ਨੇ ਛਾਪਿਆ ਹੈ ਪੰਥਕ ਏਕਤਾ ਲਈ ਇਹ ਜ਼ਰੂਰੀ ਹੈ ਕਿ ਉਸੇ ਕੈਲੰਡਰ ਮੁਤਾਬਿਕ ਹੀ ਸਾਰੇ ਗੁਰਪੁਰਬ ਮਨਾਏ ਜਾਣ। ਉਸ ਤੇ ਕਿੰਤੂ ਪਰੰਤੂ ਕਰਨ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ।”

ਇਸ ਲਈ ਤੁਹਾਡੇ ਲਈ ਨਵੇਂ ਸਵਾਲ ਇਹ ਹਨ

(ੳ) ਸ਼੍ਰੋਮਣੀ ਕਮੇਟੀ ਨਾਲੋਂ ਵੱਖਰਾ ਕੈਲੰਡਰ ਛਾਪ ਕੇ ਕੀ ਤੁਸੀਂ ਉਸ ’ਤੇ ਖ਼ੁਦ ਹੀ ਕਿੰਤੂ ਪ੍ਰੰਤੂ ਨਹੀਂ ਕਰ ਰਹੇ ਅਤੇ ਸਾਡੇ ਵਰਗਿਆਂ ਨੂੰ ਕਿੰਤੂ ਪ੍ਰੰਤੂ ਕਰਨ ਦਾ ਮੌਕਾ ਨਹੀਂ ਦੇ ਰਹੇ ?

(ਅ) ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਵੱਲੋਂ ਹੀ ਸਰਬ ਸੰਮਤੀ ਨਾਲ ਮਤਾ ਪਾਸ ਕਰ ਕੇ 2003 ਵਿੱਚ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਸੀ। ਅੱਜ ਤੁਹਾਡੇ ਸਮੇਤ ਮੱਸਿਆ ਪੂਰਨਮਾਸ਼ੀਆਂ ਸੰਗ੍ਰਾਂਦਾਂ ਨੂੰ ਸ਼ੁਭ ਦਿਹਾੜੇ ਦੱਸ ਕੇ ਮਨਾਉਣ ਵਾਲੇ ਸੰਤ ਸਮਾਜ ਅਤੇ ਸਿਰੇ ਦੀਆਂ ਮਨਮੱਤਾਂ ਕਰਨ ਵਾਲੇ ਦੋ ਤਖ਼ਤਾਂ ਦੇ ਪ੍ਰਬੰਧਕ ਜਿਹੜੇ ਕਿ ਸ਼੍ਰੋਮਣੀ ਕਮੇਟੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ਦੀ ਦੁਰਵਰਤੋਂ ਕਰਦੇ ਹੋਏ ਸਾਨੂੰ ਉਨ੍ਹਾਂ ਦੇ ਗਲਤ ਫੈਸਲਿਆਂ ’ਤੇ ਵੀ ਕਿੰਤੂ ਪ੍ਰੰਤੂ ਨਾ ਕਰਨ ਦੀਆਂ ਸਲਾਹਾਂ ਦੇ ਰਹੇ ਹਨ; ਉਹ ਦੱਸਣ, ਕਿ ਉਨ੍ਹਾਂ ਨੇ ਉਸ ਨਾਨਕਸ਼ਾਹੀ ਕੈਲੰਡਰ ਨੂੰ ਮੰਨਿਆ ਕਿਉਂ ਨਹੀਂ ? ਕੀ ਤੁਸੀਂ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੈਲੰਡਰ ’ਤੇ ਲਗਾਤਾਰ 7 ਸਾਲ ਕਿੰਤੂ ਪ੍ਰੰਤੂ ਨਹੀਂ ਕਰਦੇ ਰਹੇ ?

(ੲ) ਸਿੱਖ ਰਹਿਤ ਮਰਿਆਦਾ ਵੀ 1945 ਤੋਂ ਸ਼੍ਰੋਮਣੀ ਕਮੇਟੀ ਹੀ ਵੱਡੀ ਗਿਣਤੀ ਵਿੱਚ ਛਾਪ ਕੇ ਵੰਡ ਰਹੀ ਹੈ ਪਰ ਬਿਕ੍ਰਮੀ ਕੈਲੰਡਰ ਨੂੰ ਮਾਨਤਾ ਦੇਣ ਵਾਲੇ ਸੰਤ ਸਮਾਜ ਅਤੇ ਦੋਵੇਂ ਤਖ਼ਤਾਂ ਵਿੱਚੋਂ ਕੋਈ ਵੀ ਸਿੱਖ ਰਹਿਤ ਮਰਿਆਦਾ ਨੂੰ ਨਹੀਂ ਮੰਨ ਰਿਹਾ। ਹਾਂ ਜਿਸ ਦਿਨ ਸਿੱਖ ਰਹਿਤ ਮਰਿਆਦਾ ਦਾ ਵੀ ਨਾਨਕਸ਼ਾਹੀ ਕੈਲੰਡਰ ਵਾਙ ਭੋਗ ਪਾ ਦਿੱਤਾ ਉਸ ਦਿਨ ਜਰੂਰ ਗੁਰਮਤਿ ’ਤੇ ਪਹਿਰਾ ਦੇਣ ਵਾਲਿਆਂ ਦਾ ਮੂੰਹ ਬੰਦ ਕਰਵਾਉਣ ਲਈ ਸਾਰੇ ਹੀ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ਦੇ ਨਾਮ ਦੀ ਦੁਰਵਰਤੋਂ ਕਰਨਗੇ; ਜਿਵੇਂ ਹੁਣ ਕੈਲੰਡਰ ਦੇ ਸਬੰਧ ਵਿੱਚ ਕੀਤੀ ਜਾ ਰਹੀ ਹੈ।

(ਸ) ਹੁਣ ਤਹਾਡੇ ਲਈ ਨਵਾਂ ਸਵਾਲ ਇਹ ਹੈ ਕਿ ਕੀ ਪੰਥਕ ਏਕਤਾ ਦਾ ਵਿਧਾਨ ਕੇਵਲ ਗੁਰਮਤਿ ਨੂੰ ਮੰਨਣ ਵਾਲਿਆਂ ’ਤੇ ਹੀ ਲਾਗੂ ਹੁੰਦਾ ਹੈ ? ਮਨਮਤਿ ਕਰਨ ਵਾਲਿਆਂ ਲਈ ਪੰਥਕ ਏਕਤਾ ਦਾ ਕੋਈ ਮਾਅਨਾ ਹੀ ਨਹੀਂ ਹੈ ?

3. ਤੁਸੀਂ ਲਿਖਿਆ ਹੈ“ਗੁਰਮਤ ਕਿਸੇ ਖ਼ਾਸ ਮਹੀਨੇ/ਦਿਨ/ਵਾਰ/ਥਿੱਤ ਨੂੰ ਬੁਰਾ ਨਹੀਂ ਮੰਨਦੀ। ਸਾਡੇ ਲਈ ਸਾਰੇ ਮਹੀਨੇ/ਦਿਨ/ਵਾਰ ਥਿੱਤਾਂ ਭਲੀਆਂ ਹਨ। ਗੁਰ ਸਿੱਖ ਲਈ ”ਮਾਹ ਦਿਵਸ ਮੂਰਤ ਭਲੇ….” ਹਨ ਕੋਈ ਮਾੜਾ ਨਹੀਂ।”

ਨਿਸ਼ਾਨ ਸਾਹਿਬ ਜੀ ! ਤੁਸੀਂ ਆਪਣੇ ਸੁਆਲ ਨੰਬਰ 27 ਦੇ ਘੇਰੇ ਵਿਚੋਂ ਜਰਾ ਬਾਹਰ ਨਿਕਲ ਕੇ; ਪੁੱਛੇ ਗਏ ਸਵਾਲਾਂ ਦਾ ਜਵਾਬ ਦੇਣ ਦਾ ਆਪਣਾ ਫਰਜ ਪੂਰਾ ਕਰਨ ਦੀ ਆਦਤ ਬਣਾ ਲਵੋ ਤਾਂ ਹੋ ਸਕਦਾ ਹੈ ਪਾਣੀ ਰਿੜਕਣ ਤੋਂ ਛੁਟਕਾਰਾ ਮਿਲ ਸਕੇ। ਸਵਾਲ ਤੁਹਾਥੋਂ ਇਹ ਪੁੱਛਿਆ ਗਿਆ ਸੀ ਕਿ ਜੇ ਸਾਡੇ ਲਈ ਸਾਰੇ ਮਹੀਨੇ/ਦਿਨ/ਵਾਰ/ ਥਿੱਤਾਂ/ਤਰੀਖਾਂ ਭਲੀਆਂ ਹਨ ਤਾਂ ਤੁਸੀਂ ਕੇਵਲ ਜੇਠ ਸੁਦੀ 4 ਅਤੇ ਕਤਕ ਸੁਦੀ 7 ਆਦਿਕ ਤਿਥਾਂ ਦਾ ਖਹਿੜਾ ਛੱਡ ਕੇ ਕਰਮਵਾਰ 2 ਹਾੜ ਅਤੇ 23 ਪੋਹ ਨੂੰ ਕਿਉਂ ਨਹੀਂ ਅਪਣਾਅ ਲੈਂਦੇ। ਜਰਾ ਦੱਸੋ ਤਾਂ ਸਹੀ ਕਿ ਗੁਰਪੁਰਬਾਂ ਦੀਆਂ ਸੂਰਜੀ ਤਰੀਖਾਂ ਨਿਰਧਾਰਤ ਕਰਨ ਨਾਲ ਗੁਰਮਤਿ ਅਤੇ ਸਿੱਖ ਇਤਿਹਾਸ ਨੂੰ ਕਿਹੜਾ ਨੁਕਸਾਨ ਪਹੁੰਚ ਜਾਵੇਗਾ ? ਤੁਸੀਂ ਇਨ੍ਹਾਂ ਸਾਧਾਰਨ ਸਵਾਲਾਂ ਦੇ ਸਪਸ਼ਟ ਰੂਪ ਵਿੱਚ ਜਵਾਬ ਦੇਣ ਦੀ ਥਾਂ ਪਿਛਲੇ 20 ਸਾਲਾਂ ਤੋਂ ਪਾਣੀ ਵਿੱਚ ਮਧਾਣੀ ਪਾ ਕੇ ਕੌਮ ਦੀ ਕਿਹੜੀ ਸੇਵਾ ਕਰ ਰਹੇ ਹੋ ?

4. ਤੁਸੀਂ ਲਿਖਿਆ ਹੈ ਕਿ “ਮੈਂ ਮਲ ਮਾਸ ਦੀ ਹੋਂਦ ਨੂੰ ਨਹੀਂ ਨਕਾਰਿਆ ਬਲਕਿ ਇਸ ਦਾ ਗੰਦੇ ਹੋਣ ਦੇ ਪੱਖ ਨੂੰ ਸਵੀਕਾਰ ਨਹੀਂ ਕੀਤਾ।” ਭਾਵ ਦੋਗਲੀ ਨੀਤੀ ਅਪਣਾਈ ਹੈ। ਤੁਸੀਂ ਇਸ ਦੇ ਇੱਕ ਪੱਖ ਨੂੰ ਤਾਂ ਨਕਾਰ ਰਹੋ ਹੋ ਪਰ ਫਿਰ ਵੀ ਇਸ ਨੂੰ ਛੱਡਣਾਂ ਨਹੀਂ ਚਾਹੁੰਦੇ। ਇਨ੍ਹਾਂ ਹਾਲਾਤਾਂ ਵਿੱਚ ਜੇ ਅਸੀਂ ਮਲ ਮਾਸ ਵਾਲੇ ਸਿਸਟਮ ਨੂੰ ਹੀ ਨਕਾਰਨ ਦੀ ਮੰਗ ਕਰਦੇ ਹਾਂ ਤਾਂ ਇਸ ਵਿੱਚ ਗਲਤ ਕੀ ਹੈ ? ਜੇ ਸੂਰਜੀ ਸਿਸਟਮ ਨੂੰ ਅਪਣਾਅ ਲਿਆ ਜਾਵੇ ਤਾਂ ਚੰਗੇ ਮੰਦੇ ਤਿੱਥ ਵਾਰਾਂ ਦੀ ਵੀਚਾਰ ਦਾ ਝਗੜਾ ਵੀ ਖਤਮ, ਗੁਰਪੁਰਬਾਂ ਦੀਆਂ ਤਰੀਖਾਂ ਅੱਗੇ ਪਿੱਛੇ ਆਉਣ ਦਾ ਝੰਜਟ ਵੀ ਖਤਮ ਅਤੇ ਕਦੀ 354/55 ਦਿਨ ਅਤੇ ਕਦੀ 383/84 ਦਿਨਾਂ ਪਿੱਛੋਂ ਆਉਣ ਦਾ ਝੰਜਟ ਵੀ ਖਤਮ ਹੋ ਕੇ ਹਰ ਦਿਹਾੜਾ 365/66 ਦਿਨਾਂ ਪਿਛੋਂ ਹੀ ਆਵੇਗਾ ਤਾਂ ਇਸ ਨਾਲ ਗੁਰਮਤਿ ਅਤੇ ਇਤਿਹਾਸ ਵਿੱਚ ਕਿਹੜਾ ਖ਼ਰਾਬਾ ਆ ਜਾਵੇਗਾ ਜਰਾ ਸੋਚ ਕੇ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ।

5. ਕਰਨਲ ਸਾਹਿਬ ਜੀ ! ਤੁਸੀਂ ਲਿਖਿਆ ਹੈ:“ਥਿੱਤਾਂ ਨੂੰ ਦਿਨਾਂ ਦੀ ਗਿਣਤੀ ਨਾਲ ਜੋੜ ਕੇ ਵੇਖਣਾ ਤੁਹਾਡੀ ਥਿੱਤਾਂ ਬਾਰੇ ਅਧੂਰੀ ਜਾਣਕਾਰੀ ਦਾ ਹੀ ਸਬੂਤ ਹੈ। ਕਿਰਪਾ ਕਰ ਕੇ ਜਿਸ ਸੀਡੀ ਬਾਰੇ ਤੁਸੀਂ ਜਾਣਕਾਰੀ ਮੰਗੀ ਹੈ ਉਸ ਦੇ ਕਰਤਾ ਦੀ ਕਿਤਾਬ ‘ਕੈਲੰਡ੍ਰੀਕਲ ਕੈਲਕੂਲੇਸ਼ਨਜ਼’ ਖਰੀਦ ਕੇ ਪੜ੍ਹੋ ਉਸ ਵਿਚ ਤੁਹਾਨੂੰ ਸੀਡੀ ਦਾ ਸਾਫਟਵੇਅਰ ਵੀ ਮਿਲ ਜਾਏਗਾ ਖੋਜ ਕਰ ਲੈਣੀ।”  

ਕਰਨਲ ਸਾਹਿਬ ਜੀ ! ਆਹ ਤਾਂ ਮੱਕੜੀ ਵਾਙ ਆਪਣੇ ਜਾਲ ਵਿੱਚ ਤੁਸੀਂ ਆਪ ਹੀ ਫਸਦੇ ਜਾ ਰਹੇ ਹੋ ! ਜੇ ਤੁਹਾਡੇ ਕਥਨ ਨੂੰ ਸੱਚ ਮੰਨ ਲਈਏ ਤਾਂ ਤੁਹਾਡੇ ਸੁਆਲ ਨੰ: 13 ਦਾ ਕੀ ਬਣੇਗਾ ਜਿਸ ਦੇ ਜਵਾਬ ਵਿੱਚ ਤੁਸੀਂ ਲਿਖ ਰਹੇ ਹੋ : “ਪੋਹ ਸੁਦੀ 7 ਦਾ ਮਤਲਬ ਹੈ ਕਿ ਇਹ ਚੰਦ੍ਰਮੀ ਪੋਹ ਮਹੀਨੇ ਦੀ ਮੱਸਿਆ ਤੋਂ ਬਾਅਦ 7ਵੀਂ ਤਿਥ ਹੈ।” ਹੁਣ ਦੱਸੋ, ਤੁਸੀਂ ਮੇਰੀ ਜਾਣਕਾਰੀ ਨੂੰ; ਅਧੂਰੀ ਦੱਸਣ ਨੂੰ ਤਰਜੀਹ ਦੇਵੋਗੇ ਜਾਂ ਤੁਸੀਂ ਆਪਣੇ ਸਵਾਲ ਨੰ: 13 ਦੇ ਜਵਾਬ ਨੂੰ ਗਲਤ ਮੰਨਣ ਦਾ ਹੌਸਲਾ ਵਿਖਾਉਂਦੇ ਹੋ ?

ਦੂਸਰੇ ਨੁਕਤੇ ਬਾਰੇ ਗੱਲ ਕਰੀਏ ਤਾਂ ਤੁਸੀਂ ਮੇਰੀ ਇਸ ਗੱਲ ਨਾਲ ਤਾਂ ਸਹਿਮਤ ਹੀ ਹੋਵੋਗੇ ਕਿ ਭਾਰਤੀ ਖਿੱਤੇ ਵਿੱਚ ਸੂਰਯ ਸਿਧਾਂਤ ਅਤੇ ਬਾਅਦ ਵਿੱਚ ਇਸ ਨੂੰ ਸੋਧ ਕੇ ਪ੍ਰਵਾਨ ਕੀਤੇ ਦ੍ਰਿਕ ਗਣਿਤ ਸਿਧਾਂਤ ’ਤੇ ਅਧਾਰਤ ਵੱਖ ਵੱਖ ਪ੍ਰਾਂਤਾਂ ਵਿੱਚ ਲਗਭਗ 30 ਕਿਸਮ ਦੇ ਬਿਕ੍ਰਮੀ ਕੈਲੰਡਰ ਹਨ। ਤੁਹਾਡੀ ਪੁਸਤਕ ਵਿੱਚ ਦਰਜ ਤਰੀਖਾਂ ਅਤੇ  ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਜਾ ਰਹੇ ਕੈਲੰਡਰਾਂ ਵਿੱਚ ਦਰਜ ਤਰੀਖਾਂ ਵਿੱਚ ਅੰਤਰ ਹੋਣ ਦਾ ਭਾਵ ਹੈ ਕਿ ਤੁਸੀਂ ਦੋਵੇਂ ਇੱਕ ਦੂਸਰੇ ਤੋਂ ਵੱਖਰੇ ਨਿਯਮਾਂ ਵਾਲੇ ਕੈਲੰਡਰਾਂ ਦੇ ਧਾਰਨੀ ਹੋ। ਇਸੇ ਕਾਰਨ ਤੁਹਾਡੇ ਦੁਆਰਾ ਅਪਣਾਏ ਜਾ ਰਹੇ ਕੈਲੰਡਰ ਦੇ ਨਿਯਮਾਂ ਤੇ ਸੀਡੀ ਬਾਰੇ ਜਾਣਕਾਰੀ ਮੰਗੀ ਸੀ ਪਰ ਤੁਸੀਂ ਆਪਣੇ ਵੱਲੋਂ ਜਵਾਬ ਦੇਣ ਦੀ ਥਾਂ ਉਸ ਦੇ ਕਰਤਾ ਦੀ ਕਿਤਾਬ ਖਰੀਦ ਕੇ ਪੜ੍ਹਨ ਦੀ ਹਿਦਾਇਤ ਕਰ ਦਿੱਤੀ ! ਤੁਸੀਂ ਲਿਖਿਆ ਹੈ : “ਮੈਨੂੰ ਆਪਣੀਆਂ ਕੈਲਕੂਲੇਸ਼ਨਜ਼ ਤੇ ਭਰੋਸਾ ਹੈ।”  ਨਿਸ਼ਾਨ ਸਾਹਿਬ ਜੀ ! ਅਸੀਂ ਤੁਹਾਡੇ ਭਰੋਸੇ ’ਤੇ ਸ਼ੱਕ ਕੀਤਾ ਹੀ ਨਹੀਂ। ਬੇਨਤੀ ਇਹੋ ਕੀਤੀ ਗਈ ਸੀ ਕਿ ਤੁਸੀਂ ਆਪਣੇ ਭਰੋਸੇ ’ਤੇ ਕਾਇਮ ਰਹਿੰਦੇ ਹੋਏ ਦੱਸੋ ਕਿ ਤੁਸੀਂ ਕੈਲਕੂਲੇਸ਼ਨਾਂ ਸੂਰਯ ਸਿਧਾਂਤ ਅਨੁਸਾਰ ਕਰਦੇ ਹੋ ਜਾਂ ਦ੍ਰਿਕ ਗਣਿਤ ਸਿਧਾਂਤ ਮੁਤਾਬਿਕ। ਕੈਲਕੂਲੇਸ਼ਨਾਂ ਕਰ ਕੇ ਇਹ ਵੀ ਦੱਸੋ ਕਿ ਆਉਣ ਵਾਲੇ ਕਿਹੜੇ ਕਿਹੜੇ ਸਾਲਾਂ ਵਿੱਚ ਪੋਹ ਦਾ ਮਹੀਨਾ ਨਹੀਂ ਹੋਵੇਗਾ ? ਕੀ ਤੁਸੀਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ਤੋਂ ਟਾਲ਼ਾ ਵੱਟ ਕੇ ਆਪਣੇ ਭਰੋਸੇ ਨੂੰ ਕਮਜੋਰ ਨਹੀਂ ਕਰ ਰਹੇ ?

6. ਮੇਰੇ ਇਸ ਸਵਾਲ : “ਪਿਛਲੇ ਸਾਲ ਗੁਰੂ ਹਰਿ ਕ੍ਰਿਸ਼ਨ ਜੀ ਮਹਾਰਾਜ ਦੇ ਜੋਤੀ ਜੋਤਿ ਸਮਾਉਣ ਅਤੇ ਗੁਰੂ ਤੇਗ ਬਹਾਦਰ ਜੀ ਦੇ ਗੁਰਗੱਦੀ ਦਿਵਸ ਨੂੰ ਸ਼੍ਰੋਮਣੀ ਕਮੇਟੀ ਨੇ 10 ਅਪ੍ਰੈਲ ਨੂੰ ਸੋਮਵਾਰ ਦਿਖਾਇਆ ਹੈ ਅਤੇ ਤੁਹਾਡੇ ”ਗੁਰਪੁਰਬ ਦਰਪਣ” ਦਾ ਪੰਨਾ ਨੰਬਰ 84 ਪੜ੍ਹ ਕੇ ਵੇਖਿਆ ਤਾ ਉਸ ਵਿੱਚ ਐਤਵਾਰ ਲਿਖਿਆ ਹੈ ਇਹ ਇੱਕ ਦਿਨ ਦਾ ਫਰਕ ਕਿਉਂ ?” ਦੇ ਜਵਾਬ ਵਿੱਚ ਤੁਸੀਂ ਲਿਖਿਆ ਹੈ: “ਇਹ ਤੁਸੀਂ ਜਾਣ ਬੁੱਝ ਕੇ ਭੰਬਲਭੂਸਾ ਪੈਦਾ ਨਹੀਂ ਕਰ ਰਹੇ। ਗੁਰਪੁਰਬ ਦਰਪਣ ਵਿਚ ਤਾਂ ਸੋਮਵਾਰ ਹੀ ਲਿਖਿਆ ਹੈ ਤੁਸੀਂ ਐਤਵਾਰ ਕਿੱਥੋਂ ਪੜ੍ਹ ਲਿਆ ?”

ਤੁਹਾਡਾ ਇਹ ਜਵਾਬ ਪੜ੍ਹ ਕੇ ਮੈਨੂੰ ਜਾਪਿਆ ਕਿ ਸਾਡੇ ਦੋਵਾਂ ਵਿੱਚੋਂ ਕਿਸੇ ਇੱਕ ਦੀ ਐਨਕ ਦੇ ਸੀਸ਼ੇ ਬਹੁਤ ਧੁੰਦਲੇ ਹੋ ਚੁੱਕੇ ਹਨ। ਇਸ ਦਾ ਸਹੀ ਜਵਾਬ ਆਪਣੇ ਦੋਵਾਂ ਦੀ ਬਜਾਏ ਜੇ ਸੰਗਤ ’ਤੇ ਛੱਡ ਦਿੱਤਾ ਜਾਵੇ ਤਾਂ ਜਿਆਦਾ ਚੰਗਾ ਰਹੇਗਾ ਇਸ ਲਈ ਮੈਂ ਤੁਹਾਡੀ ਪੁਸਤਕ ਦੇ ਪੰਨਾਂ ਨੰ: 84 ਅਤੇ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਸੰਮਤ 549 ਦੇ ਚੇਤ ਅਤੇ ਹਾੜ ਮਹੀਨੇ ਦੀ ਫੋਟੋ ਕਾਪੀ ਸੰਗਤ ਦੀ ਕਚਹਿਰੀ ਵਿੱਚ ਪੇਸ਼ ਕਰ ਰਿਹਾ ਹਾਂ।

ਜਿਸ ਬਾਰੇ ਸੰਗਤ ਫੈਸਲਾ ਕਰੇਗੀ ਮੈਨੂੰ ਤਾਂ ਉਹ ਮਨਜੂਰ ਹੋਵੇਗਾ ਪਰ ਆਪ ਜੀ ਨੂੰ ਬੇਨਤੀ ਹੈ ਕਿ ਆਪਣੀਆਂ ਐਨਕਾਂ ਦੇ ਸੀਸ਼ੇ ਜਰਾ ਸਾਫ ਕਰ ਕੇ ਵੇਖ ਲੈਣਾ ਕਿ ਤੁਸੀਂ ਸੋਮਵਾਰ ਕਿੱਥੋਂ ਪੜ੍ਹ ਲਿਆ ? ਅਤੇ ਫਜੂਲ ਦੀਆਂ ਤੂਹਮਤਾਂ ਲਾ ਕੇ ਸੰਗਤਾਂ ਵਿੱਚ ਦੁਬਿਧਾ ਕੌਣ ਪੈਦਾ ਕਰ ਰਿਹਾ ਹੈ ? ਇਹ ਵੀ ਦੱਸਣ ਦੀ ਕ੍ਰਿਪਾਲਤਾ ਕਰਨੀ ਕਿ ਇਸ ਦੇ ਨਾਲ ਹੀ ਮੈ ਗੁਰੂ ਅਮਰਦਾਸ ਜੀ ਦੇ ਗੁਰਗੱਦੀ ਦਿਵਸ ਅਤੇ ਹਾੜ ਮਹੀਨੇ ਦੀ ਸੰਗਰਾਂਦ ਵਿੱਚ ਇੱਕ ਇੱਕ ਦਿਨ ਦੇ ਫਰਕ ਬਾਰੇ ਵੀ ਸਵਾਲ ਪੁੱਛਿਆ ਸੀ। ਇਸ ਲਈ ਬੇਨਤੀ ਹੈ ਕਿ ਜਰੂਰ ਦੱਸਿਆ ਜਾਵੇ ਕਿ ਇਨ੍ਹਾਂ ਸਵਾਲਾਂ ਨੂੰ ਨਜਰਅੰਦਾਜ ਕਰਨ ਦਾ ਕਾਰਨ ਤੁਹਾਡੀ ਐਨਕ ਵਿੱਚ ਵੱਧ ਧੁੰਦਲਾਪਣ ਆਉਣ ਕਰ ਕੇ ਤੁਹਾਨੂੰ ਇਹ ਦਿੱਸੇ ਨਹੀਂ ਜਾਂ ਤੁਹਾਡੀ ਆਦਤ ਹੀ ਪੁੱਛੇ ਗਏ ਸਵਾਲਾਂ ਦੇ ਸਹੀ ਜਵਾਬ ਦੇਣ ਤੋਂ ਜਾਣ ਬੁੱਝ ਕੇ ਟਾਲ਼ਾ ਵੱਟ ਕੇ ਇਨ੍ਹਾਂ ਨੂੰ ਮਿੱਟੀ ਘੱਟੇ ਰੋਲ ਦੇਣ ਦੀ ਹੈ।

7. ਤੁਸੀਂ ਲਿਖਿਆ ਹੈ:- “ਤੁਸੀਂ ਪੁਰੇਵਾਲ ਵੱਲੋਂ ਬਣਾਏ ਜਿਹੜੇ ਸੂਰਜੀ ਕੈਲੰਡਰ ਦੀ ਹਮਾਇਤ ਕਰ ਰਹੇ ਹੋ ਅਤੇ ਜਿਸ ਨੂੰ ਪੰਥ ਉੱਤੇ ਥੋਪਣ ਦਾ ਪ੍ਰਚਾਰ ਹੋ ਰਿਹਾ ਹੈ ਉਸ ਦੀਆਂ ਸਾਰੀਆਂ ਹੀ ਸੂਰਜੀ ਤਾਰੀਖ਼ਾਂ ਗਲਤ ਹਨ; ਕਦੀ ਉਨ੍ਹਾਂ ਤਾਰੀਖ਼ਾਂ ਵਲ ਝਾਤੀ ਮਾਰੀ ਹੈ। ਮਿਸਾਲ ਦੇ ਤੌਰ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਹੀ ਲੈ ਲਵੋ। ਸ਼ਹੀਦੀ ਵਾਲੇ ਦਿਨ ਜੇਠ ਸੁਦੀ 4, 2 ਹਾੜ ਬਿਕਰਮੀ ਸੰਮਤ 1663 ਮੁਤਾਬਿਕ 30-5-1606 (ਜੂਲੀਅਨ) ਅਤੇ 9-6-1606 (ਗਰੀਗੋਰੀਅਨ) ਸੀ। ਜਿਸ ਨੂੰ ਪੁਰੇਵਾਲ ਵਾਲੇ ਕੈਲੰਡਰ ਨੇ 2 ਹਾੜ ਮੁਤਾਬਿਕ 16 ਜੂਨ ਬਣਾ ਦਿੱਤਾ ਹੈ। ਸਿੱਧਾ ਹੀ ਇਤਿਹਾਸ ਨਾਲੋਂ 7 ਦਿਨਾਂ ਦਾ ਫ਼ਰਕ ਹੈ। ਕੀ ਸ਼ਹੀਦੀ ਵਾਲੇ ਦਿਨ ਤੁਹਾਡੇ ਸੂਰਜੀ ਕੈਲੰਡਰ ਦੀ 2 ਹਾੜ ਬਣਦੀ ਹੈ ? ਅਸਲ ਵਿਚ ਉਸ ਨੇ ਸ਼ਹੀਦੀ ਦਿਨ ਵਾਲੀ ਤਾਰੀਖ਼ ਕੱਢੀ ਹੀ ਨਹੀਂ ਅਤੇ ਮਨ ਮਰਜ਼ੀ ਦੀ 2 ਹਾੜ ਮੁਤਾਬਿਕ 16 ਜੂਨ ਨੂੰ ਸ਼ਹੀਦੀ ਦਿਨ ਮਿੱਥ ਲਿਆ। ਇਸੇ ਤਰ੍ਹਾਂ ਬਾਕੀ ਸਾਰੇ ਗੁਰਪੁਰਬਾਂ ਦੀਆਂ ਤਾਰੀਖ਼ਾਂ ਮਿੱਥ ਕੇ ਇਤਿਹਾਸ ਨਾਲ ਖਿਲਵਾੜ ਕੀਤਾ ਹੈ।”

ਵਾਹ ਜੀ ! ਵਾਹ ! ਨਿਸ਼ਾਨ ਸਾਹਿਬ! ਤੁਸੀਂ ਤਾਂ ਕੈਲੰਡਰ ਵਿਗਿਆਨ ਦੇ ਮਾਹਰ ਹੋਣ ਦਾ ਸਬੂਤ ਦੇਣ ਦੀ ਥਾਂ ਅੰਗਰੇਜਾਂ ਤੇ ਬਿਪਰਵਾਦ ਦੀ ਗੁਲਾਮੀ ਦਾ ਸਬੂਤ ਦੇ ਰਹੇ ਹੋ ? ਅੰਗਰੇਜਾਂ ਦੀ ਮਾਨਸਿਕ ਤੌਰ ’ਤੇ ਗੁਲਾਮੀ ਕਬੂਲਨ ਸਦਕਾ ਤੁਸੀਂ 2 ਹਾੜ  ਵਾਲੇ ਦਿਨ 30 ਮਈ 1606 ਨੂੰ 9 ਜੂਨ 1606 ਹੋਣਾ ਤਾਂ ਮੰਨ ਲਿਆ ਪਰ ਬਿਪਰਵਾਦ ਦੀ ਗੁਲਾਮੀ ਸਦਕਾ 2 ਹਾੜ ਨੂੰ 16 ਜੂਨ 1999 ਮੰਨਣ ਤੋਂ ਇਨਕਾਰੀ ਹੋ ਕੇ ਆਪਣੇ ਆਪ ਨੂੰ ਕੈਲੰਡਰ ਸੋਧ ਦੇ ਨਿਯਮਾਂ ਤੋਂ ਬਿਲਕੁਲ ਕੋਰੇ ਹੋਣ ਦਾ ਮੁਜ਼ਾਹਰਾ ਕਰ ਰਹੇ ਹੋ ? ਮੇਰੇ ਸਮੇਤ ਬਹੁਤ ਸਾਰਿਆਂ ਦਾ ਇਹ ਯਕੀਨ ਪੱਕਾ ਹੋ ਗਿਆ ਕਿ ਤੁਹਾਨੂੰ ਤਾਂ ਇਤਨਾ ਵੀ ਨਹੀਂ ਪਤਾ ਕਿ ਇੰਗਲੈਂਡ ਸਰਕਾਰ ਨੇ ਗ੍ਰੈਗੋਰੀਅਨ ਕੈਲੰਡਰ 2 ਸਤੰਬਰ 1752 ਨੂੰ ਲਾਗੂ ਕੀਤਾ ਸੀ ਜਿਸ ਕਾਰਨ 3 ਸਤੰਬਰ ਨੂੰ ਸਿੱਧਾ ਹੀ 14 ਸਤੰਬਰ ਐਲਾਨ ਦਿੱਤਾ ਸੀ। ਇਸੇ ਕਾਰਨ 2 ਸਤੰਬਰ 1752 ਤੋਂ ਬਾਅਦ ਦੀਆਂ ਤਰੀਖਾਂ ਗ੍ਰੈਗੋਰੀਅਨ ਕੈਲੰਡਰ ਦੇ ਨਿਯਮਾਂ ਅਨੁਸਾਰ ਕੈਲਕੂਲੇਟ ਕੀਤੀਆਂ ਜਾਂਦੀਆਂ ਹਨ ਅਤੇ ਇਸ ਤਰੀਖ ਤੋਂ ਪਹਿਲਾਂ ਦੀਆਂ ਤਰੀਖਾਂ ਜੂਲੀਅਨ ਕੈਲੰਡਰ ਦੇ ਨਿਯਮਾਂ ਮੁਤਾਬਿਕ। ਇਹੋ ਕਾਰਨ ਹੈ ਕਿ ਹੁਣ ਤੱਕ ਕਿਸੇ ਵੀ ਇਤਿਹਾਸਕਾਰ ਨੇ ਕਦੀ ਵੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ 9 ਜੂਨ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 1 ਜਨਵਰੀ ਨਹੀਂ ਲਿਖਿਆ। ਜੇ ਤੁਸੀਂ ਕੈਲੰਡਰ ਸੋਧ ਦੇ ਨਿਯਮਾਂ ਤੋਂ ਜਾਣੂ ਹੁੰਦੇ ਤਾਂ ਅਜਿਹੇ ਹਾਸੋਹੀਣੇ ਸਵਾਲ ਕਦੀ ਨਾ ਕਰਦੇ!

ਨਿਸ਼ਾਨ ਸਾਹਿਬ ਜੀ ਨਾਨਕਸ਼ਾਹੀ ਕੈਲੰਡਰ 1 ਵੈਸਾਖ 1999 ਨੂੰ ਲਾਗੂ ਹੋਣ ਕਾਰਨ ਉਸ ਸਾਲ 1 ਵੈਸਾਖ 14 ਅਪ੍ਰੈਲ ਨਿਸਚਿਤ ਕਰ ਦਿੱਤਾ। ਬਿਕ੍ਰਮੀ ਕੈਲੰਡਰ ਦੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਤਾਂ ਹਰ ਸਾਲ ਹੀ ਬਦਲਦੀ ਰਹਿੰਦੀ ਹੈ ਇਹੋ ਕਾਰਨ ਹੈ ਕਿ ਕਦੀ ਤਾਂ ਵੈਸਾਖੀ 13 ਅਪ੍ਰੈਲ ਨੂੰ ਆ ਜਾਂਦੀ ਹੈ ਅਤੇ ਕਦੀ 14 ਅਪ੍ਰੈਲ ਨੂੰ। 23 ਪੋਹ ਕਦੀ 6 ਜਨਵਰੀ ਨੂੰ ਆਉਂਦਾ ਹੈ ਅਤੇ ਕਦੀ 7 ਜਨਵਰੀ ਨੂੰ। ਇਸ  ਤਰ੍ਹਾਂ ਬਾਕੀ ਦੇ ਸਾਰੇ ਦਿਹਾੜੇ ਅੱਗੇ ਪਿੱਛੇ ਆਉਂਦੇ ਰਹਿੰਦੇ ਹਨ। ਇਸੇ ਅੱਗੇ ਪਿੱਛੜ ਤੋਂ ਛੁਟਕਾਰਾ ਪਾਉਣ ਲਈ ਬਿਪਰਵਾਦ ਦੀਆਂ ਰਾਸ਼ੀਆਂ ਤੋਂ ਛੁਟਕਾਰਾ ਪਾ ਕੇ ਸਾਲ ਦੇ ਪਹਿਲੇ ਪੰਜ ਮਹੀਨੇ ਚੇਤ, ਵੈਸਾਖ, ਜੇਠ ਹਾੜ, ਸਾਵਣ 31-31 ਦਿਨਾਂ ਦੇ ਅਤੇ ਅਖਰੀਲੇ 7 ਮਹੀਨੇ 30-30 ਦਿਨਾਂ ਦੇ ਨਿਸਚਿਤ ਕਰ ਦਿੱਤੇ ਤੇ ਲੀਪ ਵਾਲੇ ਸਾਲ ਵਿੱਚ ਅਖੀਰਲਾ ਮਹੀਨਾ ਫੱਗਣ 31 ਦਿਨ ਦਾ ਹੋ ਜਾਂਦਾ ਹੈ। ਇਹ ਫਾਰਮੂਲਾ ਤੈਅ ਕਰਨ ਉਪ੍ਰੰਤ ਵੈਸਾਖ ਤੋਂ ਬਾਅਦ ਆਉਣ ਵਾਲੇ ਹਰ ਇਕ ਮਹੀਨੇ ਦੇ ਦਿਨ ਗਿਣਨ ਪਿੱਛੋਂ ਅਗਲੇ ਹਰ ਮਹੀਨੇ ਦਾ ਅਰੰਭ ਹੋਣ ਦੀ ਤਰੀਖ ਨਿਸਚਿਤ ਹੋ ਗਈ ਜਿਸ ਮੁਤਾਬਿਕ ਨਵਾਂ ਸਾਲ 1 ਚੇਤ- 14 ਮਾਰਚ,  ਵੈਸਾਖੀ (1 ਵੈਸਾਖ)- 14 ਅਪ੍ਰੈਲ, ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ 2 ਹਾੜ- 16 ਜੂਨ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ- 5 ਜਨਵਰੀ ਨੂੰ ਆਏ ਤੇ ਸਾਲ ਦੀ ਲੰਬਾਈ ਬਿਲਕੁਲ ਸਾਂਝੇ ਸਾਲ ਦੇ ਬਰਾਬਰ ਰੱਖਣ ਕਾਰਨ ਅੱਗੇ ਤੋਂ ਸਾਰੇ ਦਿਹਾੜੇ ਬਿਲਕੁਲ ਉਨ੍ਹਾਂ ਤਰੀਖਾਂ ਨੂੰ ਹੀ ਆਉਣ ਲੱਗ ਪਏ ਜਿਨ੍ਹਾਂ ਤਰੀਖਾਂ ਨੂੰ 1999 ਵਿੱਚ ਆਏ ਸਨ। ਬਿਕ੍ਰਮੀ ਕੈਲੰਡਰ ਵਾਲਾ ਜਿਹੜਾ 2 ਹਾੜ  1606 ਵਿੱਚ 30 ਮਈ ਨੂੰ ਆਇਆ ਸੀ ਉਹ ਤੁਹਾਨੂੰ 1999 ਵਿੱਚ 16 ਜੂਨ ਆਇਆ ਪ੍ਰਵਾਨ ਹੈ ਪਰ ਜੇ 1999 ਵਿੱਚ ਸ: ਪਾਲ ਸਿੰਘ ਪੁਰੇਵਾਲ ਨੇ ਇਸ 2 ਹਾੜ ਨੂੰ ਐਸਾ ਸਿੰਕਰੋਨਾਈਜ਼ ਕੀਤਾ ਕਿ ਅੱਗੇ ਤੋਂ ਹਮੇਸ਼ਾਂ ਹਮੇਸ਼ਾਂ ਲਈ ਇਹ 16 ਜੂਨ ਨੂੰ ਹੀ ਆਉਂਦਾ ਰਹੇਗਾ ਉਸ ਦੇ ਪ੍ਰਵਾਨ ਕਰਨ ਵਿੱਚ ਤੁਹਾਨੂੰ ਕੀ ਤਕਲੀਫ ਹੈ ? ਇਹ ਸਮਝ ਤੋਂ ਬਾਹਰ ਹੈ। ਇਸ ਤਰ੍ਹਾਂ ਦੀ ਬਣਤਰ ਵਾਲਾ ਨਾਨਕਸ਼ਾਹੀ ਕੈਲੰਡਰ ਆਮ ਮਨੁੱਖ ਦੇ ਆਸਾਨੀ ਨਾਲ ਸਮਝ ਵਿੱਚ ਆ ਜਾਂਦਾ ਹੈ ਜਦੋਂ ਕਿ ਬਿਕ੍ਰਮੀ ਕੈਲੰਡਰ ਦਾ ਗੋਰਖ ਧੰਦਾ ਇਸ ਤਰ੍ਹਾਂ ਦਾ ਹੈ ਜਿਸ ਵਿੱਚ ਫਸੇ ਤੁਹਾਡੇ ਵਰਗੇ ਵਿਦਵਾਨ ਨੂੰ ਵੀ ਨਹੀਂ ਪਤਾ ਲਗਦਾ ਕਿ ਤੁਸੀਂ ਆਪਣੀ ਹੀ ਪੁਸਤਕ ਵਿੱਚ 10 ਅਪ੍ਰੈਲ 2017 ਨੂੰ ਦਿਨ ਐਤਵਾਰ ਲਿਖਿਆ ਹੈ ਜਾਂ ਸੋਮਵਾਰ। ਸੱਚ-ਮੁੱਚ ਤੁਹਾਡੀ ਹਾਲਤ ਇੱਦਾਂ ਜਾਪਦੀ ਹੈ ਜਿਸ ਦਾ ਬਿਆਨ ਕਬੀਰ ਸਾਹਿਬ ਜੀ ਨੇ ਆਪਣੇ ਇਨ੍ਹਾਂ ਪਾਵਨ ਬਚਨਾਂ ਰਾਹੀਂ ਕੀਤਾ ਹੈ: (ਜਨੇਊ ਆਦਿਕ ਦੇ ਕੇ ਤੇ ਚੰਗੇ ਮੰਦੇ ਤਿੱਥ ਵਾਰਾਂ ਵਾਲੇ ਕਰਮ-ਕਾਂਡ ਦਾ ਰਾਹ ਦੱਸ ਕੇ) ਬ੍ਰਾਹਮਣ ਸਿਰਫ਼ ਦੁਨੀਆਦਾਰਾਂ ਦਾ ਹੀ ਗੁਰੂ ਅਖਵਾ ਸਕਦਾ ਹੈ, ਭਗਤੀ ਕਰਨ ਵਾਲਿਆਂ ਦਾ ਉਪਦੇਸ਼-ਦਾਤਾ ਬ੍ਰਾਹਮਣ ਗੁਰੂ ਨਹੀਂ ਬਣ ਸਕਦਾ, ਕਿਉਂਕਿ ਇਹ ਤਾਂ ਆਪ ਹੀ ਚਹੁੰਆਂ ਵੇਦਾਂ ਦੀ ਵੀਚਾਰ ਵਾਲੀਆਂ ਕਰਮ-ਕਾਂਡ ਦੀਆਂ ਉਲਝਣਾਂ ਨੂੰ ਸੋਚ ਸੋਚ ਕੇ ਇਹਨਾਂ ਵਿਚ ਹੀ ਖਪ ਖਪ ਕੇ ਆਤਮਕ ਮੌਤ ਮਰ ਚੁੱਕਾ ਹੈ । ਜਥਾ : “ਕਬੀਰ ! ਬਾਮਨੁ, ਗੁਰੂ ਹੈ ਜਗਤ ਕਾ ; ਭਗਤਨ ਕਾ ਗੁਰੁ ਨਾਹਿ ਅਰਝਿ ਉਰਝਿ ਕੈ ਪਚਿ ਮੂਆ ; ਚਾਰਉ ਬੇਦਹੁ ਮਾਹਿ (੧੩੭੭) ਜਿਸ ਤਰ੍ਹਾਂ ਬ੍ਰਾਹਮਣ ਵੇਦਾਂ ਦੇ ਗਿਆਨ ਦੇ ਭਾਰ ਹੇਠ ਹੀ ਦਬਿਆ ਰਿਹਾ ਬਿਲਕੁਲ ਉਸੇ ਤਰ੍ਹਾਂ ਤੁਸੀਂ ਕੈਲੰਡਰ ਦੇ ਆਪਣੇ ਘੜੇ ਗਿਆਨ ਦੇ ਭਾਰ ਥੱਲੇ ਹੀ ਦੱਬੇ ਪਏ ਹੋ; ਸੋ ਪ੍ਰਭੂ ਅੱਗੇ ਅਰਦਾਸ ਕਰੋ ਕਿ ਤੁਹਾਡਾ ਇਸ ਗਿਆਨ ਰੂਪੀ ਭਾਰ ਤੋਂ ਛੁਟਕਾਰਾ ਹੋ ਜਾਵੇ।

8. ਤੁਸੀਂ ਲਿਖਿਆ ਹੈ: “ਕਿਰਪਾ ਕਰ ਕੇ ਕੈਲੰਡਰ ਸਬੰਧੀ ਅਧੂਰੀ ਜਾਣਕਾਰੀ ਨਾਲ ਸੰਗਤਾਂ ਵਿਚ ਭੰਬਲਭੂਸਾ ਪੈਦਾ ਨਾ ਕਰੋ।” ਨਿਸ਼ਾਨ ਸਾਹਿਬ ਜੀ ! ਮੈਂ ਤਾਂ ਕਦੀ ਕੈਲੰਡਰ ਦਾ ਮਾਹਰ ਹੋਣ ਦਾ ਦਾਅਵਾ ਹੀ ਨਹੀਂ ਕੀਤਾ। ਮੈਂ ਤਾਂ ਇਹੋ ਬੇਨਤੀ ਕੀਤੀ ਸੀ ਕਿ ਮੈਂ ਸਿਰਫ ਤੁਹਾਡੀ ਪੁਸਤਕ ਵਿੱਚ ਦਰਜ ਤਰੀਖਾਂ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਵੱਖ ਵੱਖ ਸਾਲਾਂ ਦੇ ਕੈਲੰਡਰਾਂ ਵਿੱਚ ਦਰਜ ਤਰੀਖਾਂ ਨੂੰ ਕੰਪੇਅਰ ਕਰਕੇ ਵੇਖਿਆ ਤਾਂ ਪਤਾ ਲੱਗਾ ਕਿ ਦੋਵਾਂ ਦੀਆਂ ਕੁਝ ਤਰੀਖਾਂ ਵਿੱਚ ਅੰਤਰ ਹੈ। ਦੋਵੇਂ ਤਾਂ ਠੀਕ ਹੋ ਨਹੀਂ ਸਕਦੀਆਂ ਇਸ ਲਈ ਦੋਵਾਂ ਵਿੱਚੋਂ ਇੱਕ ਦੀਆਂ ਤਰੀਖਾਂ ਤਾਂ ਗਲਤ ਹੋਣਗੀਆਂ ਹੀ। ਇਸ ਕਾਰਨ ਆਪਣੀਆਂ ਕੈਲੂਲੇਸ਼ਨਾਂ ’ਤੇ ਭਰੋਸਾ ਰੱਖ ਕੇ ਦੱਸਿਆ ਜਾਵੇ ਕਿ ਦੋਨਾਂ ਵਿੱਚੋਂ ਕਿਹੜੀਆਂ ਠੀਕ ਹਨ ਅਤੇ ਕਿਹੜੀਆਂ ਗਲਤ ? ਪਰ ਤੁਸੀਂ ਸਹੀ ਜਵਾਬ ਦੇਣ ਦੀ ਥਾਂ ਪਿਛਲੇ ਸਵਾ ਮਹੀਨੇ ਤੋਂ ਐਸੀ ਪਾਣੀ ਵਿੱਚ ਮਧਾਣੀ ਪਾਈ ਹੋਈ ਹੈ ਕਿ ਆਪਣਾ ਭਰੋਸਾ ਆਪ ਹੀ ਗਵਾਉਣ ਦੇ ਰਾਹ ਪਏ ਹੋਏ ਹੋ।

9. ਤੁਸੀਂ ਲਿਖਿਆ ਹੈ“ ਮੈਂ ਇਹ ਸਮਝਦਾ ਹਾਂ ਕਿ ਕੈਲੰਡਰ ਸਬੰਧੀ ਸੰਗਤਾਂ ਵਿਚ ਪਾਏ ਜਾ ਰਹੇ ਭਰਮ ਭੁਲੇਖਿਆਂ ਨੂੰ ਦੂਰ ਕਰਨ ਲਈ ਸ੍ਰੀ ਅਕਾਲ ਤਖ਼ਤ ਵੱਲੋਂ ਪਿਛਲੇ ਸਾਲ ਜੋ ਪਹਿਲ ਇੱਕ ਪੰਥਕ ਕਮੇਟੀ ਸਥਾਪਤ ਕਰਨ ਲਈ ਕੀਤੀ ਗਈ ਸੀ ਉਸ ਕਮੇਟੀ ਦੀ ਮੀਟਿੰਗ ਜਲਦੀ ਤੋਂ ਜਲਦੀ ਬੁਲਾਈ ਜਾਏ ਤਾਂ ਕਿ ਅਗਲੇ ਸਾਲ ਦਾ ਕੈਲੰਡਰ ਛਾਪਣ ਤੱਕ ਇੱਕ ਦੋ ਟੁੱਕ ਫ਼ੈਸਲਾ ਹੋ ਜਾਏ 

ਨਿਸ਼ਾਨ ਸਾਹਿਬ ਜੀ! ਪਹਿਲੇ ਨੰਬਰ ’ਤੇ ਅਸੀਂ ਤੁਹਾਨੂੰ ‘ਦੇਰ ਆਏ, ਦਰੁਸਸਤ ਆਏ’ ਦੀ ਮੁਬਾਰਕਵਾਦ ਦਿੰਦੇ ਹਾਂ ਕਿ ਅਗਲਾ ਕੈਲੰਡਰ ਛਾਪਣ ਤੋਂ ਪਹਿਲਾਂ ਤੁਸੀਂ ਅਕਾਲ ਤਖ਼ਤ ਵੱਲੋਂ ਪੰਥਕ ਕਮੇਟੀ ਦੀ ਮੀਟਿੰਗ ਸੱਦ ਕੇ ‘ਦੋ ਟੁੱਕ ਫ਼ੈਸਲਾ ਕਰਨ ਦੀ ਮੰਗ ਕਰ ਦਿੱਤੀ ਹੈ।

ਦੂਸਰੇ ਨੰਬਰ ’ਤੇ ਅਸੀਂ ਸਮਝਦੇ ਹਾਂ ਕਿ ਕਮੇਟੀ ਵਿੱਚ ਜੋ ਨਾਮ ਐਲਾਨੇ ਗਏ ਸਨ ਉਹ ਹੀ ਗਲਤ ਹਨ ਕਿਉਂਕਿ ਉਨ੍ਹਾਂ ਵਿੱਚ ਧੁੰਮਾ, ਟਕਸਾਲਾਂ, ਉਦਾਸੀ/ਨਿਰਮਲੇ ਡੇਰਿਆਂ, ਨਿਹੰਗ ਸਿੰਘ ਜਥੇਬੰਦੀਆਂ ਆਦਿਕ ਦੇ ਨੁੰਮਾਇੰਦਿਆਂ ਦੀ ਬਹੁਤਾਤ ਹੈ; ਜਿਨ੍ਹਾਂ ਨੂੰ ਕੈਲੰਡਰ ਵਿਗਿਆਨ ਸਬੰਧੀ ਇੱਲ ਤੋਂ ਕੁੱਕੜ ਨਹੀਂ ਆਉਂਦਾ ਪਰ ਉਹ ਸਾਰੇ ਦੇ ਸਾਰੇ ਬਿਕ੍ਰਮੀ ਕੈਲੰਡਰ ਦੇ ਕੱਟੜ ਹਿਮਾਇਤੀ ਹਨ। ਨਾਨਕਸ਼ਾਹੀ ਕੈਲੰਡਰ ਦੇ ਹਿਮਾਇਤੀਆਂ ਵਿੱਚੋਂ ਕੇਵਲ ਰਸਮੀ ਤੌਰ ’ਤੇ ਪਾਲ ਸਿੰਘ ਪੁਰੇਵਾਲ ਦਾ ਨਾਮ ਹੀ ਇਸ ਆਸ ਨਾਲ ਸ਼ਾਮਲ ਕੀਤਾ ਸੀ ਕਿ ਉਹ ਇਸ ਕਮੇਟੀ ਨੂੰ ਇੱਕ ਪਾਸੜ ਦੱਸ ਕੇ ਇਸ ਵਿੱਚ ਸ਼ਾਮਲ ਹੋਣ ਤੋਂ ਨਾਂਹ ਕਰ ਦੇਣਗੇ ਕਿਉਂਕਿ ਅਜੇਹੀ ਕਮੇਟੀ ਵਿੱਚ ਫੈਸਲਾ ਕੈਲੰਡਰ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖ ਕੇ ਨਹੀਂ ਬਲਕਿ ਵੋਟਾਂ ਦੇ ਅਧਾਰ ’ਤੇ ਹੋਵੇਗਾ ਜੋ ਗਲਤ ਹੋਣਾਂ ਤੈਅ ਹੈ। ਇਸ ਦੇ ਬਾਵਜੂਦ ਜਥੇਦਾਰ ਨੂੰ ਐਨਾ ਭਰੋਸਾ ਨਹੀਂ ਸੀ ਜਿਨ੍ਹਾਂ ਭਰੋਸਾ ਤੁਸੀਂ ਆਪਣੀਆਂ ਕੈਲਕੂਲੇਸ਼ਨਾਂ ’ਤੇ ਕਰੀ ਬੈਠੋ ਹੋ (ਭਾਵੇਂ ਕਿ ਆਪਣੇ ਭਰੋਸੇ ਨੂੰ ਸਿੱਧ ਕਰਨ ਲਈ ਤੁਸੀਂ ਵੀ ਸਿੱਧੇ ਤੇ ਸਪਸ਼ਟ ਉੱਤਰ ਦੇਣ ਤੋਂ ਜਥੇਦਾਰ ਵਾਙ ਹੀ ਕੰਨੀ ਕਤਰਾ ਰਹੇ ਹੋ)। ਇਹ ਜਥੇਦਾਰ ਵਿੱਚ ਪੈਦਾ ਹੋਈ ਬੇਭਰੋਸਗੀ ਦਾ ਹੀ ਕਾਰਨ ਹੈ ਕਿ ਪਿੱਛਲੇ ਚਾਰ ਸਾਲਾਂ ਤੋਂ ਕਮੇਟੀ ਬਣਾਉਣ ਦਾ ਐਲਾਨ ਕਰਨ ਦੇ ਬਾਵਜੂਦ ਉਹ ਮੈਂਬਰਾਂ ਦੀ ਮੀਟਿੰਗ ਕਰਵਾਉਣ ਤੋਂ ਟਾਲ਼ਾ ਵੱਟ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਇਹ ਭਰੋਸਾ ਜਰੂਰ ਹੈ ਕਿ ਜੇ ਸ: ਪਾਲ ਸਿੰਘ ਪੁਰੇਵਾਲ, ਜਥੇਦਾਰ ਦੇ ਕਿਆਸ ਦੇ ਉਲਟ ਮੀਟਿੰਗ ਵਿੱਚ ਸ਼ਾਮਲ ਹੋ ਗਏ ਤਾਂ ਉਨ੍ਹਾਂ ਦੀਆਂ ਦਲੀਲਾਂ ਦਾ ਉਸ ਇਕੱਠੀ ਕੀਤੀ ਅਖੌਤੀ ਵਿਦਵਾਨਾਂ ਦੀ ਭੀੜ ਵਿੱਚੋਂ ਕਿਸੇ ਨੇ ਵੀ ਉੱਤਰ ਨਹੀਂ ਦੇ ਸਕਣਾ ਤਾਂ ਉਹ ਕਿਹੜੇ ਮੂੰਹ, ਵੋਟਾਂ ਦੇ ਅਧਾਰ ’ਤੇ ਬਿਕ੍ਰਮੀ ਕੈਲੰਡਰ ਦੇ ਹੱਕ ਵਿੱਚ ਫੈਸਲਾ ਦੇਣਗੇ ? ਇਹੋ ਕਾਰਨ ਹੈ ਕਿ ਇੱਕ ਵਾਰ ਆਪਣੇ ਮਾਲਕਾਂ ਦੇ ਇਸ਼ਾਰੇ ’ਤੇ ਬਿਕ੍ਰਮੀ ਕੈਲੰਡਰ ਪੰਥ ’ਤੇ ਮੁੜ ਥੋਪ ਕੇ ਅੱਗੋਂ ਤੋਂ ਸੋਧ ਲਈ ਕਮੇਟੀ ਦਾ ਐਲਾਨ ਤਾਂ ਕਰ ਬੈਠੇ ਪਰ ਮੀਟਿੰਗ ਕਰਵਾਉਣ ਤੋਂ ਉਸੇ ਤਰ੍ਹਾਂ ਟਾਲ਼ਾ ਵੱਟ ਰਹੇ ਹਨ ਜਿਸ ਤਰ੍ਹਾਂ ਸਵਾਲਾਂ ਦੇ ਜਵਾਬ ਦੇਣ ਤੋਂ ਤੁਸੀਂ ਟਾਲ਼ਾ ਵੱਟ ਰਹੇ ਹੋ !

ਨਿਸ਼ਾਨ ਸਾਹਿਬ ਜੀ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਹੋਈ ਗੱਲਬਾਤ ਦੀ ਰੀਕਾਰਡਿੰਗ ਤੁਸੀਂ ਸੁਣ ਹੀ ਚੁੱਕੇ ਹੋ। ਉਹ ਸਾਫ ਤੌਰ ’ਤੇ ਮੰਨ ਰਹੇ ਹਨ ਕਿ ਕੈਲੰਡਰ ਸਬੰਧੀ ਉਨ੍ਹਾਂ ਨੂੰ ਕੋਈ ਗਿਆਨ ਨਹੀਂ ਹੈ; ਇਸ ਸਬੰਧੀ ਫੈਸਲਾ ਕਰਨਾ ਵਿਦਵਾਨਾਂ ਦਾ ਕੰਮ ਹੈ। ਸੰਤ ਸਮਾਜ ਦੇ ਆਗੂ ਅਤੇ ਤੁਹਾਡੀ ਪੁਸਤਕ ਛਪਵਾ ਕੇ ਮੁਫਤ ਵੰਡਣ ਵਾਲੇ ਸੰਤ ਸੇਵਾ ਸਿੰਘ ਰਾਮਪੁਰ ਖੇੜੇ ਵਾਲੇ ਵੀ ਮੇਰੇ ਨਾਲ ਹੋਈ ਗੱਲਬਾਤ ਵਿੱਚ ਮੰਨ ਚੁੱਕੇ ਹਨ ਕਿ ਉਨ੍ਹਾਂ ਨੂੰ ਕੈਲੰਡਰ ਸਬੰਧੀ ਗਿਆਨ ਨਹੀਂ ਹੈ ਇਹ ਵਿਦਾਵਾਨਾਂ ਦਾ ਕੰਮ ਹੈ। ਫਿਰ ਤੁਸੀਂ ਹੀ ਦੱਸੋ ਕਿ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਸੰਤ ਸਮਾਜ, ਟਕਸਾਲਾਂ, ਡੇਰਿਆਂ ਅਤੇ ਨਿਹੰਗ ਸਿੰਘ ਜਥਿਆਂ ਦੇ ਗਿਆਨ ਵਿਹੂਨੇ ਪ੍ਰਤੀਨਿਧਾਂ ਨੂੰ ਕੈਲੰਡਰ ਸਬੰਧੀ ਫੈਸਲਾ ਕਰਨ ਵਾਲੀ ਪੰਥਕ ਕਮੇਟੀ ਵਿੱਚ ਸ਼ਾਮਲ ਕਰਨਾ ਕਿਵੇਂ ਜਾਇਜ ਮੰਨਿਆ ਜਾ ਸਕਦਾ ਹੈ ?

ਚਾਹੁੰਦਾ ਸਾਰਾ ਪੰਥ ਇਹੋ ਹੈ ਕਿ ਕੈਲੰਡਰ ਦਾ ਮਸਲਾ ਜਲਦੀ ਹੱਲ ਹੋਵੇ ਪਰ ਫੈਸਲਾ ਕਰਨ ਵਾਲੀ ਕਮੇਟੀ ਵਿੱਚ ਇੱਕ ਪਾਸੜ ਸੰਸਥਾਵਾਂ ਨੂੰ ਨੁਮਾਇੰਦਗੀ ਦੇਣ ਦੀ ਥਾਂ ਉਸ ਵਿੱਚ ਕੇਵਲ ਕੈਲੰਡਰ ਤੇ ਸਿੱਖ ਇਤਿਹਾਸ ਨਾਲ ਸਬੰਧਤ ਵਿਦਵਾਨ ਹੀ ਸ਼ਾਮਲ ਕੀਤੇ ਜਾਣ। ਕੀ ਤੁਸੀਂ ਇਸ ਨਾਲ ਸਹਿਮਤ ਹੋ ?

10. ਅਖੀਰ ’ਤੇ ਤੁਸੀਂ ਲਿਖਿਆ ਹੈ : “ਤੁਹਾਡੀ ਵੈੱਬਸਾਈਟ ’ਤੇ ਸ: ਅਜੀਤ ਸਿੰਘ ਜਿਹੇ ਗੁਰਮੁਖ ਵੀ ਹਨ ਜਿਨ੍ਹਾਂ ਵੱਲੋਂ ਵਰਤੇ ਸ਼ਬਦ ਪੜ੍ਹ ਕੇ ਗੁਰਬਾਣੀ ਦੀ ਪੰਗਤੀ ਯਾਦ ਆਈ ਕਿ ‘ਰੋਗੀ ਕੈ ਭਾਣੇ ਸਭ ਰੋਗੀ’ ਆਪ ਇਨਸਾਨ ਜਿਹੋ ਜਿਹਾ ਹੁੰਦਾ ਹੈ ਉਸ ਨੂੰ ਸਾਰੇ ਉਹੋ ਜਿਹੇ ਹੀ ਨਜ਼ਰ ਆਉਂਦੇ ਹਨ।”  ਪੰਥਕ ਮਸਲੇ ਦਾ ਹੱਲ ਵੈੱਬਸਾਈਟਾਂ ਨਹੀਂ ਕਰ ਸਕਦੀਆਂ ਇਸ ਦਾ ਫ਼ੈਸਲਾ ਤਾਂ ਪੰਥਕ ਜਥੇਬੰਦੀਆਂ ਹੀ ਕਰ ਸਕਦੀਆਂ ਹਨ।

ਨਿਸ਼ਾਨ ਸਾਹਿਬ ਜੀ ! ਪਹਿਲੀ ਗੱਲ ਤਾਂ ਇਹ ਹੈ ਕਿ ਮੇਰੀ ਕੋਈ ਆਪਣੀ ਵੈੱਬਸਾਈਟ ਨਹੀਂ ਹੈ। ਤੁਹਾਨੂੰ ਜਿਹੜੀ ਵੈੱਬਸਾਈਟ ਪਸੰਦ ਹੈ ਤੁਸੀਂ ਉਸ ਸਾਈਟ ’ਤੇ ਵੀਚਾਰ ਰੱਖਣ ਦੀ ਅਜਾਦੀ ਮਾਣ ਸਕਦੇ ਹੋ ਮੈਂ ਆਪਣੇ ਵੀਚਾਰ ਉਸੇ ਸਾਈਟ ਨੂੰ ਭੇਜ ਦਿਆ ਕਰਾਂਗਾ।

ਦੂਸਰੀ ਗੱਲ ਹੈ ਕਿ ਜਿਸ ਨੂੰ ਤੁਸੀਂ ਮੇਰੀ ਵੈੱਬਸਾਈਟ ਦੱਸ ਰਹੇ ਹੋ ਜੇ ਕਰ ਉਸ ਵਿੱਚ ਕਿਸੇ ਵੀਚਾਰ ਨੂੰ ਤੋੜ ਮ੍ਰੋੜ ਕੇ ਜਾਂ ਵਧਾ ਘਟਾ ਕੇ ਲਿਖਿਆ ਹੋਵੇ ਤਾਂ ਉਹ ਜਰੂਰ ਕਸੂਰਵਾਰ ਹੈ। ਪਰ ਜਦੋਂ ਉਹ ਤੁਹਾਡੇ ਵੀਚਾਰਾਂ ਨੂੰ ਹੂ-ਬਹੁ ਪੇਸ਼ ਕਰ ਰਹੀ ਹੈ ਤਾਂ ਦੱਸੋ ਉਸ ਵੈੱਬਸਾਈਟ ਵਿੱਚ ਤੁਸੀਂ ਕੀ ਕਸੂਰ ਕੱਢ ਸਕਦੇ ਹੋ ?

ਤੀਸਰੀ ਗੱਲ ਜੋ ਤੁਸੀਂ ਲਿਖੀ ਹੈ ਕਿ “ਪੰਥਕ ਮਸਲੇ ਦਾ ਹੱਲ ਵੈੱਬਸਾਈਟਾਂ ਨਹੀਂ ਕਰ ਸਕਦੀਆਂ”। ਇਸ ਸਬੰਧੀ ਮੇਰਾ ਕਹਿਣਾ ਹੈ ਕਿ ਜਿੰਨਾਂ ਪਾਰਦ੍ਰਸ਼ੀ ਢੰਗ ਨਾਲ ‘ਗੁਰਪ੍ਰਸਾਦਿ.ਕਾਮ’ ਉੱਪਰ ਦੋਵੇਂ ਧਿਰਾਂ ਦੇ ਵੀਚਾਰ ਨਾਲੋ ਨਾਲ ਪੇਸ਼ ਕੀਤੇ ਜਾ ਰਹੇ ਹਨ ਉਸ ਹਿਸਾਬ ਨਾਲ ਤਾਂ ਜਿੱਥੋਂ ਤੁਸੀਂ ਦੋ ਟੁਕ ਫੈਸਲਾ ਕਰਵਾਉਣਾ ਚਾਹੁੰਦੇ ਹੋ, ਉਸ ਉਪਰ ਇਸ ਸਮੇਂ ਬੈਠੇ ਵਿਅਕਤੀ ਤਾਂ ਇਸ ਵੈੱਬਸਾਈਟ ਦੇ ਪਾਸਕੂ ਵੀ ਨਹੀਂ ਹਨ। ਹੁਣ ਉੱਥੇ ਪਾਰਦ੍ਰਸ਼ਤਾ ਦਾ ਤਾਂ ਨਾਮੋ ਨਿਸ਼ਾਨ ਨਹੀਂ ਹੈ ਪਰ ਦੀਰਘ ਵੀਚਾਰਾਂ ਕਰ ਕੇ ਜਿੰਨੇ ਝੂਠ ਉਥੋਂ ਬੋਲੇ ਜਾ ਰਹੇ ਹਨ ਇੰਨੇ ਝੂਠ ਤਾਂ ਆਮ ਵਿਅਕਤੀ ਵੀ ਬੋਲਣ ਪਿੱਛੋਂ ਸ਼ਰਮਾ ਜਾਂਦਾ ਹੈ ਪਰ ਉਨ੍ਹਾਂ ਨੂੰ ਤਾਂ ਰੱਤੀ ਭਰ ਵੀ ਪ੍ਰਵਾਹ ਨਹੀਂ ਹੈ।

ਚੌਥੀ ਗੱਲ ਹੈ ਕਿ ਸ: ਅਜੀਤ ਸਿੰਘ ਨੇ ਤੁਹਾਡੇ ਲਈ ਕਿਹੜੇ ਸ਼ਬਦ ਵਰਤੇ ਹਨ ਮੈਂ ਤਾਂ ਕਦੀ ਉਹ ਪੜ੍ਹੇ ਵੀ ਨਹੀਂ ਹਨ ਅਤੇ ਨਾ ਹੀ ਤੁਹਾਡੇ ਵੱਲੋਂ ਦੱਸੀ ਜਾ ਰਹੀ ਮੇਰੀ ਵੈੱਬ ਸਾਈਟ ਨੇ ਉਨ੍ਹਾਂ ਸ਼ਬਦਾਂ ਵਾਲੀ ਚਿੱਠੀ ਨੂੰ ਅਪਡੇਟ ਕੀਤਾ ਹੈ। ਸ: ਅਜੀਤ ਸਿੰਘ ਨੇ ਵੀ ਤੁਹਾਡੇ ਵੱਲੋਂ ਇਤਰਾਜ਼ ਕੀਤੇ ਜਾਣ ਪਿੱਛੋਂ ਆਪਣੇ ਆਪ ਨੂੰ, ਆਪਣੇ ਵਿਚਕਾਰ ਚਿੱਠੀ ਪੱਤਰ ਰਾਹੀਂ ਚੱਲ ਰਹੀ ਵੀਚਾਰ ਵਾਲੇ ਈ-ਮੇਲ ਗਰੁੱਪ ’ਚੋਂ ਅਲਾਇਦਾ ਹੋਣ ਦਾ ਐਲਾਨ ਕਰ ਦਿੱਤਾ ਸੀ ਤੇ ਮੁੜ ਉਸ ਨੇ ਇਸ ਵੀਚਾਰ ਚਰਚਾ ਵਿੱਚ ਨਾ ਕੋਈ ਭਾਗ ਲਿਆ ਹੈ ਅਤੇ ਨਾ ਕਦੀ ਕੋਈ ਕੁਮੈਂਟ ਕੀਤਾ ਹੈ। ਪਰ ਇਸ ਦੇ ਬਾਵਜੂਦ ਤੁਸੀਂ ਵਾਰ ਵਾਰ ਸ: ਅਜੀਤ ਸਿੰਘ ਦਾ ਨਾਮ ਵਰਤ ਕੇ ਵੀਚਾਰ ਚਰਚਾ ’ਚੋਂ ਨੱਠ ਜਾਣ ਦਾ ਰਾਹ ਲੱਭ ਰਹੇ ਜਾਪਦੇ ਹੋ; ਜੋ ਕਦਾਚਿਤ ਵੀ ਠੀਕ ਨਹੀਂ ਹੋਵੇਗਾ। ਆਸ ਹੈ ਤੁਸੀਂ ਪੰਥਕ ਵਿਵਾਦ ਦੇ ਹੱਲ ਨੂੰ ਨਜਿੱਠਣ ਲਈ ਪੁੱਛੇ ਗਏ ਸਵਾਲਾਂ ਦਾ ਸਹੀ ਤੇ ਸਪਸ਼ਟ ਉੱਤਰ ਦੇਣ ਦਾ ਆਪਣਾ ਫਰਜ ਪੂਰਾ ਕਰਨ ਦੀ ਖੇਚਲ ਕਰਦੇ ਰਹੋਗੇ।     

ਕਿਰਪਾਲ ਸਿੰਘ ਬਠਿੰਡਾ  ਮਿਤੀ 26 ਅਪ੍ਰੈਲ 2018

ਚਿੱਠੀ ਨੰ: 23 (ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ ਵੱਲੋਂ ਕਿਰਪਾਲ ਸਿੰਘ ਬਠਿੰਡਾ ਨੂੰ ਦੂਸਰਾ ਪੱਤਰ)

0

ਸ: ਕਿਰਪਾਲ ਸਿੰਘ ਜੀਓ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।

ਤੁਹਾਡਾ ਇਹ ਲਿਖਣਾ ਕਿ ਮੇਰੀਆਂ ਤਾਰੀਖ਼ਾਂ ਗ਼ਲਤ ਹਨ ਇਹ ਤੁਹਾਡੇ ਲਫ਼ਜ਼ਾਂ ਦੀ ਹੇਰਾ ਫੇਰੀ ਤੋਂ ਵੱਧ ਕੁੱਝ ਨਹੀਂ। ਜੇ ਮੇਰੀ ਇੱਕ ਤਾਰੀਖ਼ ਸ਼੍ਰੋਮਣੀ ਕਮੇਟੀ ਨਾਲ ਨਹੀਂ ਮਿਲਦੀ ਤਾਂ ਉਸ ਦੇ ਕਈ ਕਾਰਨ ਹੋ ਸਕਦੇ ਹਨ ਪਰ ਇਸ ਦਾ ਇਹ ਮਤਲਬ ਨਹੀਂ ਮੇਰੀ ਤਾਰੀਖ਼ ਗ਼ਲਤ ਹੈ।

ਮੈਂ ਸੁਆਲ ਨੰਬਰ 27 ਸਮੇਤ ਸਾਰੇ ਸੁਆਲ ਆਮ ਸੰਗਤਾਂ ਵਿਚ ਪਏ ਭੰਬਲਭੂਸੇ ਨੂੰ ਦੂਰ ਕਰਨ ਲਈ ਹੀ ਲਿਖੇ ਹਨ ਮੈਂ ਤੁਹਾਨੂੰ ਫਿਰ ਬੇਨਤੀ ਕਰਦਾ ਹਾਂ ਕਿ ਠੰਢੇ ਦਿਮਾਗ਼ ਨਾਲ ਰੰਗੀਨ ਐਨਕਾਂ ਦੀ ਥਾਂ ਸਾਫ਼ ਐਨਕਾਂ ਨਾਲ ਸਾਰੇ ਸੁਆਲ ਪੜ੍ਹੋ ਅਤੇ ਸਮਝੋ।

ਮੈਂ ਕਾਫ਼ੀ ਸਾਲਾਂ ਤੋਂ 1 ਲੱਖ ਰੁਪਇਆ ਲਈ ਫਿਰਦਾ ਹਾਂ ਅਤੇ ਕਿਸੇ ਮਰਦ ਨੇ ਹਿੰਮਤ ਨਹੀਂ ਕੀਤੀ ਤੁਸੀਂ ਕਰ ਕੇ ਵੇਖ ਲਵੋ। 2003 ਵਾਲੇ ਕੈਲੰਡਰ ਦੀ ਕਿਸੇ ਇੱਕ ਸੂਰਜੀ ਤਾਰੀਖ਼ ਨੂੰ ਇਤਿਹਾਸ ਮੁਤਾਬਿਕ ਸਿੱਧ ਕਰੋ ਅਤੇ ਇਨਾਮ ਲਵੋ। ਮੈਂ ਪਿਛਲੇ ਪੱਤਰ ਵਿਚ ਵੀ ਲਿਖਿਆ ਸੀ ਕਿ 23 ਪੋਹ ਬਿਕਰਮੀ ਅਤੇ 23 ਪੋਹ ਸੂਰਜੀ (2003 ਵਾਲੇ ਕੈਲੰਡਰ) ਵਾਲੇ ਵਿਚ ਫ਼ਰਕ ਸਮਝਣ ਦੀ ਕੋਸ਼ਿਸ਼ ਕਰੋ। ਜੇ ਕਰ ਸਮਝ ਚੁੱਕੇ ਹੋ ਤਾਂ ਦੱਸੋ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੋਹ ਸੁਦੀ 7, 23 ਪੋਹ ਨਾਨਕਸ਼ਾਹੀ/ਬਿਕਰਮੀ, ਮੁਤਾਬਿਕ 22 ਦਸੰਬਰ 1666 (ਜੁਲੀਅਨ)/1 ਜਨਵਰੀ 1667 (ਗਰੀਗੋਰੀਅਨ) ਨੂੰ ਹੋਇਆ ਇਹ ਇੱਕ ਇਤਿਹਾਸਕ ਘਟਣਾ ਹੈ। ਕੀ ਉਸ ਦਿਨ ਤੁਹਾਡੇ ਸੂਰਜੀ ਕੈਲੰਡਰ ਦੀ 23 ਪੋਹ ਸੀ ?

ਮੈਂ ਸਾਰੇ ਵਿਗਿਆਨਕ ਕੈਲੰਡਰਾਂ ਨੂੰ ਠੀਕ ਮੰਨਦਾ ਹਾਂ ਕਿਸੇ ਕੈਲੰਡਰ ਤੋਂ ਘਿਰਨਾ ਨਹੀਂ। 2003 ਵਾਲੇ ਕੈਲੰਡਰ ਦਾ ਵਿਰੋਧ ਜ਼ਰੂਰ ਕਰਦਾ ਹਾਂ ਕਿਉਂਕਿ ਇਸ ਕੈਲੰਡਰ ਵਿਚ ਸਿੱਖ ਇਤਿਹਾਸ ਦੀਆਂ ਤਾਰੀਖ਼ਾਂ ਨੂੰ ਗ਼ਲਤ ਦਰਸਾਇਆ ਗਿਆ ਹੈ।

ਇਸ ਸਮੇਂ ਵੈੱਬਸਾਈਟਾਂ ਦੀ ਭਰਮਾਰ ਹੈ ਅਤੇ ਤੁਹਾਡੀ ਵੈੱਬਸਾਈਟ ਤੇ ਸ: ਅਜੀਤ ਸਿੰਘ ਜਿਹੇ ਗੁਰਮੁਖ ਵੀ ਹਨ ਜਿਨ੍ਹਾਂ ਵੱਲੋਂ ਵਰਤੇ ਸ਼ਬਦ ਪੜ੍ਹ ਕੇ ਗੁਰਬਾਣੀ ਦੀ ਪੰਗਤੀ ਯਾਦ ਆਈ ਕਿ ” ਰੋਗੀ ਕੈ ਭਾਣੇ ਸਭ ਰੋਗੀ” ਆਪ ਇਨਸਾਨ ਜਿਹੋ ਜਿਹਾ ਹੁੰਦਾ ਹੈ ਉਸ ਨੂੰ ਸਾਰੇ ਉਹੋ ਜਿਹੇ ਹੀ ਨਜ਼ਰ ਆਉਂਦੇ ਹਨ।

ਪੰਥਕ ਮਸਲੇ ਦਾ ਹੱਲ ਵੈੱਬਸਾਈਟਾਂ ਨਹੀਂ ਕਰ ਸਕਦੀਆਂ ਇਸ ਦਾ ਫ਼ੈਸਲਾ ਤਾਂ ਪੰਥਕ ਜਥੇਬੰਦੀਆਂ ਹੀ ਕਰ ਸਕਦੀਆਂ ਹਨ।

ਹੁਣ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਰਕਾਸ਼ ਪੁਰਬ ਦੀ ਤਾਰੀਖ਼ ਪੋਹ ਸੁਦੀ 7, 23 ਪੋਹ 1723 ਬਿਕਰਮੀ/198 ਨਾਨਕਸ਼ਾਹੀ ਮੁਤਾਬਿਕ 22-12-1666 ਜੁਲੀਅਨ/1-1-1667 (ਗਰੀਗੋਰੀਅਨ) ਨੂੰ 23 ਪੋਹ (ਪੁਰੇਵਾਲ ਵਾਲੇ ਕੈਲੰਡਰ) ਨਾਨਕਸ਼ਾਹੀ 198 ਦੇ ਬਰਾਬਰ ਸਿੱਧ ਕਰ ਕੇ 1 ਲੱਖ ਜਿੱਤਣ ਦਾ ਆਹਰ ਕਰੋ। ਅਗਲੀ ਵਿਚਾਰ ਚਰਚਾ ਉਸ ਤੋਂ ਬਾਅਦ। 

SURJIT SINGH NISHAN M.sc., MIS, MCA.

ਪੱਤਰ ਨੰਬਰ 22 (ਸ. ਸਰਬਜੀਤ ਸਿੰਘ ਜੀ ਵਲੋਂ ਕਰਨਲ ਸੁਰਜੀਤ ਸਿੰਘ ਨਿਸ਼ਾਨ ਨੂੰ ਪੱਤਰ)

0

ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ !

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।

ਨਿਸ਼ਾਨ ਜੀ ! ਮੈਂ ਆਪਣੇ ਪਹਿਲੇ ਪੱਤਰ (ਮਾਰਚ ੨੦) ਤੁਹਾਡੇ ਵੱਲੋਂ ਬਣਾਏ ਕੈਲੰਡਰ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਕੈਲੰਡਰ ਵਿਚ ਦਰਜ ਤਾਰੀਖ਼ਾਂ ਦੇ ਅੰਤਰ ਬਾਰੇ ਸਵਾਲ ਕੀਤਾ ਸੀ। ਇਕ ਮਹੀਨੇ ਪਿਛੋਂ, ਤੁਸੀਂ ਅਸਿੱਧੇ ਤਰੀਕੇ ਮੰਨਿਆ ਹੈ ਕਿ ਮੇਰੇ ਵੱਲੋਂ ਦਰਜ ਤਾਰੀਖ਼ਾਂ ਗਲਤ ਹਨ। ਤੁਹਾਡੇ ਬਚਨ, “ਪੰਥਕ ਏਕਤਾ ਲਈ ਇਹ ਜ਼ਰੂਰੀ ਹੈ ਕਿ ਉਸੇ ਕੈਲੰਡਰ ਮੁਤਾਬਿਕ ਹੀ ਸਾਰੇ ਗੁਰਪੁਰਬ ਮਨਾਏ ਜਾਣ। ਸ਼ਰੋਮਣੀ ਕਮੇਟੀ ਚਾਹੇ ਤਾਂ ਇਨ੍ਹਾਂ ਵਿਚ ਤਬਦੀਲੀ ਕਰ ਸਕਦੀ ਹੈ। ਉਸ ਤੇ ਕਿੰਤੂ ਪਰੰਤੂ ਕਰਨ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ”।

ਚੰਗਾ ਹੁੰਦਾ ਜੇ ਪਹਿਲੇ ਪੱਤਰ ਵਿੱਚ ਹੀ ਮੰਨ ਲੈਂਦੇ। ਹੁਣ ਆਪਣੇ ਜਵਾਬ 27 ਨੂੰ ਗਲਤ ਮੰਨਣ ਲਈ ਹੋਰ ਕਿੰਨਾ ਸਮਾਂ ਲਵੋਂਗੇ ?

ਤੁਸੀਂ ਲਿਖਿਆ ਹੈ ਕਿ, “ਮੈਨੂੰ ਆਪਣੀਆਂ ਕੈਲਕੁਲੇਸ਼ਨਜ਼ ਤੇ ਭਰੋਸਾ ਹੈ”। ਨਿਸ਼ਾਨ ਜੀ !  ਤੁਸੀਂ ਆਪਣੀ ਗਣਿਤ ਸੂਰਜੀ ਸਿਧਾਂਤ ਅਨੁਸਾਰ ਕੀਤੀ ਹੈ ਜਾਂ ਦ੍ਰਿਕ ਗਣਿਤ ਸਿਧਾਂਤ ਅਨੁਸਾਰ ?

ਅੱਗੇ ਆਪ ਜੀ ਲਿਖਦੇ ਹੋ, “ਤੁਸੀਂ ਪੁਰੇਵਾਲ ਵੱਲੋਂ ਬਣਾਏ ਜਿਹੜੇ ਸੂਰਜੀ ਕੈਲੰਡਰ ਦੀ ਹਮਾਇਤ ਕਰ ਰਹੇ ਹੋ, ਉਸ ਦੀਆਂ ਸਾਰੀਆਂ ਹੀ ਸੂਰਜੀ ਤਾਰੀਖ਼ਾਂ ਗ਼ਲਤ ਹਨ ”।

ਹਾਂ, ਅਸੀਂ “ਸੂਰਜੀ ਕੈਲੰਡਰ” ਦੀ ਹਮਾਇਤ ਕਰਦੇ ਹਾਂ।

ਨਿਸ਼ਾਨ ਜੀ !  ਕੀ ਤੁਹਾਡੇ ਵਿੱਚ ਸਮਰੱਥਾ ਹੈ ਕਿ ਤੁਸੀਂ ਸਪੱਸ਼ਟ ਲਿਖ ਸਕੋ ਕਿ “ਮੈਂ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਦੀ ਹਮਾਇਤ ਕਰਦਾ ਹਾਂ”।  ਤੁਸੀਂ ਇਕ ਲੱਖ ਦਾ ਇਨਾਮ ਰੱਖਿਆ ਹੈ, ਮੈਂ ਵਿਚਾਰ ਕਰਨ ਲਈ ਸੱਦਾ ਦਿੱਤਾ ਸੀ। ਤੁਸੀਂ ਕੋਈ ਲੜ-ਸਿਰਾ ਨਹੀਂ ਸੀ ਫੜਾਇਆ। ਅੱਜ ਫੇਰ ਲਿਖ ਰਿਹਾ ਹਾਂ, ਕਰਨਲ ਨਿਸ਼ਾਨ ਜੀ !  ਮੈਂ ਤੁਹਾਡੇ ਵੱਲੋਂ ਰੱਖੇ ਗਏ ਇਕ ਲੱਖ ਦੇ ਇਨਾਮ ਨੂੰ ਜਿੱਤਣਾ ਚਾਹੁੰਦਾ ਹਾਂ।

ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਕਮੇਟੀ ਦੀ ਮੀਟਿੰਗ ਸਬੰਧੀ ਬੇਨਤੀ ਹੈ ਕਿ “ਨਾ ਨੌ ਮਣ ਤੇਲ ਹੋਵੇ , ਨਾ ਰਾਧਾ ਨੱਚੇ”।  ਨਿਸ਼ਾਨ ਜੀ !  ਅੱਜ 18ਵੀਂ ਸਦੀ ਨਹੀਂ ਹੈ ਕਿ ਦਿਵਾਲੀ-ਵਿਸਾਖੀ ਨੂੰ ਇਕੱਠੇ ਹੋਣਾ ਹੈ। ਅੱਜ 21ਵੀ ਸਦੀ ਹੈ। ਹਰ ਵਿਅਕਤੀ ਸੰਚਾਰ ਦੇ ਸਾਧਨਾ ਨਾਲ ਲੈਸ ਹੈ। ਆਓ, ਸਮੇਂ ਦੇ ਹਾਣੀ ਬਣੀਏ। ਦੱਸੋ, ਕਿਹੜੇ ਮੰਚ (ਵੈਬ ਸਾਈਟ) ਤੇ ਵਿਚਾਰ ਚਰਚਾ ਕਰਨ ਨੂੰ ਤਿਆਰ ਹੋ ?

ਧੰਨਵਾਦ

ਸਰਵਜੀਤ ਸਿੰਘ ਸੈਕਰਾਮੈਂਟੋ         ਅਪ੍ਰੈਲ ੨੫, ੨੦੧੮

Sarbjit Singh

Most Viewed Posts