ਚਿੱਠੀ ਨੰ: 23 (ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ ਵੱਲੋਂ ਕਿਰਪਾਲ ਸਿੰਘ ਬਠਿੰਡਾ ਨੂੰ ਦੂਸਰਾ ਪੱਤਰ)

0
236

ਸ: ਕਿਰਪਾਲ ਸਿੰਘ ਜੀਓ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।

ਤੁਹਾਡਾ ਇਹ ਲਿਖਣਾ ਕਿ ਮੇਰੀਆਂ ਤਾਰੀਖ਼ਾਂ ਗ਼ਲਤ ਹਨ ਇਹ ਤੁਹਾਡੇ ਲਫ਼ਜ਼ਾਂ ਦੀ ਹੇਰਾ ਫੇਰੀ ਤੋਂ ਵੱਧ ਕੁੱਝ ਨਹੀਂ। ਜੇ ਮੇਰੀ ਇੱਕ ਤਾਰੀਖ਼ ਸ਼੍ਰੋਮਣੀ ਕਮੇਟੀ ਨਾਲ ਨਹੀਂ ਮਿਲਦੀ ਤਾਂ ਉਸ ਦੇ ਕਈ ਕਾਰਨ ਹੋ ਸਕਦੇ ਹਨ ਪਰ ਇਸ ਦਾ ਇਹ ਮਤਲਬ ਨਹੀਂ ਮੇਰੀ ਤਾਰੀਖ਼ ਗ਼ਲਤ ਹੈ।

ਮੈਂ ਸੁਆਲ ਨੰਬਰ 27 ਸਮੇਤ ਸਾਰੇ ਸੁਆਲ ਆਮ ਸੰਗਤਾਂ ਵਿਚ ਪਏ ਭੰਬਲਭੂਸੇ ਨੂੰ ਦੂਰ ਕਰਨ ਲਈ ਹੀ ਲਿਖੇ ਹਨ ਮੈਂ ਤੁਹਾਨੂੰ ਫਿਰ ਬੇਨਤੀ ਕਰਦਾ ਹਾਂ ਕਿ ਠੰਢੇ ਦਿਮਾਗ਼ ਨਾਲ ਰੰਗੀਨ ਐਨਕਾਂ ਦੀ ਥਾਂ ਸਾਫ਼ ਐਨਕਾਂ ਨਾਲ ਸਾਰੇ ਸੁਆਲ ਪੜ੍ਹੋ ਅਤੇ ਸਮਝੋ।

ਮੈਂ ਕਾਫ਼ੀ ਸਾਲਾਂ ਤੋਂ 1 ਲੱਖ ਰੁਪਇਆ ਲਈ ਫਿਰਦਾ ਹਾਂ ਅਤੇ ਕਿਸੇ ਮਰਦ ਨੇ ਹਿੰਮਤ ਨਹੀਂ ਕੀਤੀ ਤੁਸੀਂ ਕਰ ਕੇ ਵੇਖ ਲਵੋ। 2003 ਵਾਲੇ ਕੈਲੰਡਰ ਦੀ ਕਿਸੇ ਇੱਕ ਸੂਰਜੀ ਤਾਰੀਖ਼ ਨੂੰ ਇਤਿਹਾਸ ਮੁਤਾਬਿਕ ਸਿੱਧ ਕਰੋ ਅਤੇ ਇਨਾਮ ਲਵੋ। ਮੈਂ ਪਿਛਲੇ ਪੱਤਰ ਵਿਚ ਵੀ ਲਿਖਿਆ ਸੀ ਕਿ 23 ਪੋਹ ਬਿਕਰਮੀ ਅਤੇ 23 ਪੋਹ ਸੂਰਜੀ (2003 ਵਾਲੇ ਕੈਲੰਡਰ) ਵਾਲੇ ਵਿਚ ਫ਼ਰਕ ਸਮਝਣ ਦੀ ਕੋਸ਼ਿਸ਼ ਕਰੋ। ਜੇ ਕਰ ਸਮਝ ਚੁੱਕੇ ਹੋ ਤਾਂ ਦੱਸੋ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੋਹ ਸੁਦੀ 7, 23 ਪੋਹ ਨਾਨਕਸ਼ਾਹੀ/ਬਿਕਰਮੀ, ਮੁਤਾਬਿਕ 22 ਦਸੰਬਰ 1666 (ਜੁਲੀਅਨ)/1 ਜਨਵਰੀ 1667 (ਗਰੀਗੋਰੀਅਨ) ਨੂੰ ਹੋਇਆ ਇਹ ਇੱਕ ਇਤਿਹਾਸਕ ਘਟਣਾ ਹੈ। ਕੀ ਉਸ ਦਿਨ ਤੁਹਾਡੇ ਸੂਰਜੀ ਕੈਲੰਡਰ ਦੀ 23 ਪੋਹ ਸੀ ?

ਮੈਂ ਸਾਰੇ ਵਿਗਿਆਨਕ ਕੈਲੰਡਰਾਂ ਨੂੰ ਠੀਕ ਮੰਨਦਾ ਹਾਂ ਕਿਸੇ ਕੈਲੰਡਰ ਤੋਂ ਘਿਰਨਾ ਨਹੀਂ। 2003 ਵਾਲੇ ਕੈਲੰਡਰ ਦਾ ਵਿਰੋਧ ਜ਼ਰੂਰ ਕਰਦਾ ਹਾਂ ਕਿਉਂਕਿ ਇਸ ਕੈਲੰਡਰ ਵਿਚ ਸਿੱਖ ਇਤਿਹਾਸ ਦੀਆਂ ਤਾਰੀਖ਼ਾਂ ਨੂੰ ਗ਼ਲਤ ਦਰਸਾਇਆ ਗਿਆ ਹੈ।

ਇਸ ਸਮੇਂ ਵੈੱਬਸਾਈਟਾਂ ਦੀ ਭਰਮਾਰ ਹੈ ਅਤੇ ਤੁਹਾਡੀ ਵੈੱਬਸਾਈਟ ਤੇ ਸ: ਅਜੀਤ ਸਿੰਘ ਜਿਹੇ ਗੁਰਮੁਖ ਵੀ ਹਨ ਜਿਨ੍ਹਾਂ ਵੱਲੋਂ ਵਰਤੇ ਸ਼ਬਦ ਪੜ੍ਹ ਕੇ ਗੁਰਬਾਣੀ ਦੀ ਪੰਗਤੀ ਯਾਦ ਆਈ ਕਿ ” ਰੋਗੀ ਕੈ ਭਾਣੇ ਸਭ ਰੋਗੀ” ਆਪ ਇਨਸਾਨ ਜਿਹੋ ਜਿਹਾ ਹੁੰਦਾ ਹੈ ਉਸ ਨੂੰ ਸਾਰੇ ਉਹੋ ਜਿਹੇ ਹੀ ਨਜ਼ਰ ਆਉਂਦੇ ਹਨ।

ਪੰਥਕ ਮਸਲੇ ਦਾ ਹੱਲ ਵੈੱਬਸਾਈਟਾਂ ਨਹੀਂ ਕਰ ਸਕਦੀਆਂ ਇਸ ਦਾ ਫ਼ੈਸਲਾ ਤਾਂ ਪੰਥਕ ਜਥੇਬੰਦੀਆਂ ਹੀ ਕਰ ਸਕਦੀਆਂ ਹਨ।

ਹੁਣ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਰਕਾਸ਼ ਪੁਰਬ ਦੀ ਤਾਰੀਖ਼ ਪੋਹ ਸੁਦੀ 7, 23 ਪੋਹ 1723 ਬਿਕਰਮੀ/198 ਨਾਨਕਸ਼ਾਹੀ ਮੁਤਾਬਿਕ 22-12-1666 ਜੁਲੀਅਨ/1-1-1667 (ਗਰੀਗੋਰੀਅਨ) ਨੂੰ 23 ਪੋਹ (ਪੁਰੇਵਾਲ ਵਾਲੇ ਕੈਲੰਡਰ) ਨਾਨਕਸ਼ਾਹੀ 198 ਦੇ ਬਰਾਬਰ ਸਿੱਧ ਕਰ ਕੇ 1 ਲੱਖ ਜਿੱਤਣ ਦਾ ਆਹਰ ਕਰੋ। ਅਗਲੀ ਵਿਚਾਰ ਚਰਚਾ ਉਸ ਤੋਂ ਬਾਅਦ। 

SURJIT SINGH NISHAN M.sc., MIS, MCA.