ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ !
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।
ਨਿਸ਼ਾਨ ਜੀ ! ਮੈਂ ਆਪਣੇ ਪਹਿਲੇ ਪੱਤਰ (ਮਾਰਚ ੨੦) ਤੁਹਾਡੇ ਵੱਲੋਂ ਬਣਾਏ ਕੈਲੰਡਰ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਕੈਲੰਡਰ ਵਿਚ ਦਰਜ ਤਾਰੀਖ਼ਾਂ ਦੇ ਅੰਤਰ ਬਾਰੇ ਸਵਾਲ ਕੀਤਾ ਸੀ। ਇਕ ਮਹੀਨੇ ਪਿਛੋਂ, ਤੁਸੀਂ ਅਸਿੱਧੇ ਤਰੀਕੇ ਮੰਨਿਆ ਹੈ ਕਿ ਮੇਰੇ ਵੱਲੋਂ ਦਰਜ ਤਾਰੀਖ਼ਾਂ ਗਲਤ ਹਨ। ਤੁਹਾਡੇ ਬਚਨ, “ਪੰਥਕ ਏਕਤਾ ਲਈ ਇਹ ਜ਼ਰੂਰੀ ਹੈ ਕਿ ਉਸੇ ਕੈਲੰਡਰ ਮੁਤਾਬਿਕ ਹੀ ਸਾਰੇ ਗੁਰਪੁਰਬ ਮਨਾਏ ਜਾਣ। ਸ਼ਰੋਮਣੀ ਕਮੇਟੀ ਚਾਹੇ ਤਾਂ ਇਨ੍ਹਾਂ ਵਿਚ ਤਬਦੀਲੀ ਕਰ ਸਕਦੀ ਹੈ। ਉਸ ਤੇ ਕਿੰਤੂ ਪਰੰਤੂ ਕਰਨ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ”।
ਚੰਗਾ ਹੁੰਦਾ ਜੇ ਪਹਿਲੇ ਪੱਤਰ ਵਿੱਚ ਹੀ ਮੰਨ ਲੈਂਦੇ। ਹੁਣ ਆਪਣੇ ਜਵਾਬ 27 ਨੂੰ ਗਲਤ ਮੰਨਣ ਲਈ ਹੋਰ ਕਿੰਨਾ ਸਮਾਂ ਲਵੋਂਗੇ ?
ਤੁਸੀਂ ਲਿਖਿਆ ਹੈ ਕਿ, “ਮੈਨੂੰ ਆਪਣੀਆਂ ਕੈਲਕੁਲੇਸ਼ਨਜ਼ ਤੇ ਭਰੋਸਾ ਹੈ”। ਨਿਸ਼ਾਨ ਜੀ ! ਤੁਸੀਂ ਆਪਣੀ ਗਣਿਤ ਸੂਰਜੀ ਸਿਧਾਂਤ ਅਨੁਸਾਰ ਕੀਤੀ ਹੈ ਜਾਂ ਦ੍ਰਿਕ ਗਣਿਤ ਸਿਧਾਂਤ ਅਨੁਸਾਰ ?
ਅੱਗੇ ਆਪ ਜੀ ਲਿਖਦੇ ਹੋ, “ਤੁਸੀਂ ਪੁਰੇਵਾਲ ਵੱਲੋਂ ਬਣਾਏ ਜਿਹੜੇ ਸੂਰਜੀ ਕੈਲੰਡਰ ਦੀ ਹਮਾਇਤ ਕਰ ਰਹੇ ਹੋ, ਉਸ ਦੀਆਂ ਸਾਰੀਆਂ ਹੀ ਸੂਰਜੀ ਤਾਰੀਖ਼ਾਂ ਗ਼ਲਤ ਹਨ ”।
ਹਾਂ, ਅਸੀਂ “ਸੂਰਜੀ ਕੈਲੰਡਰ” ਦੀ ਹਮਾਇਤ ਕਰਦੇ ਹਾਂ।
ਨਿਸ਼ਾਨ ਜੀ ! ਕੀ ਤੁਹਾਡੇ ਵਿੱਚ ਸਮਰੱਥਾ ਹੈ ਕਿ ਤੁਸੀਂ ਸਪੱਸ਼ਟ ਲਿਖ ਸਕੋ ਕਿ “ਮੈਂ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਦੀ ਹਮਾਇਤ ਕਰਦਾ ਹਾਂ”। ਤੁਸੀਂ ਇਕ ਲੱਖ ਦਾ ਇਨਾਮ ਰੱਖਿਆ ਹੈ, ਮੈਂ ਵਿਚਾਰ ਕਰਨ ਲਈ ਸੱਦਾ ਦਿੱਤਾ ਸੀ। ਤੁਸੀਂ ਕੋਈ ਲੜ-ਸਿਰਾ ਨਹੀਂ ਸੀ ਫੜਾਇਆ। ਅੱਜ ਫੇਰ ਲਿਖ ਰਿਹਾ ਹਾਂ, ਕਰਨਲ ਨਿਸ਼ਾਨ ਜੀ ! ਮੈਂ ਤੁਹਾਡੇ ਵੱਲੋਂ ਰੱਖੇ ਗਏ ਇਕ ਲੱਖ ਦੇ ਇਨਾਮ ਨੂੰ ਜਿੱਤਣਾ ਚਾਹੁੰਦਾ ਹਾਂ।
ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਕਮੇਟੀ ਦੀ ਮੀਟਿੰਗ ਸਬੰਧੀ ਬੇਨਤੀ ਹੈ ਕਿ “ਨਾ ਨੌ ਮਣ ਤੇਲ ਹੋਵੇ , ਨਾ ਰਾਧਾ ਨੱਚੇ”। ਨਿਸ਼ਾਨ ਜੀ ! ਅੱਜ 18ਵੀਂ ਸਦੀ ਨਹੀਂ ਹੈ ਕਿ ਦਿਵਾਲੀ-ਵਿਸਾਖੀ ਨੂੰ ਇਕੱਠੇ ਹੋਣਾ ਹੈ। ਅੱਜ 21ਵੀ ਸਦੀ ਹੈ। ਹਰ ਵਿਅਕਤੀ ਸੰਚਾਰ ਦੇ ਸਾਧਨਾ ਨਾਲ ਲੈਸ ਹੈ। ਆਓ, ਸਮੇਂ ਦੇ ਹਾਣੀ ਬਣੀਏ। ਦੱਸੋ, ਕਿਹੜੇ ਮੰਚ (ਵੈਬ ਸਾਈਟ) ਤੇ ਵਿਚਾਰ ਚਰਚਾ ਕਰਨ ਨੂੰ ਤਿਆਰ ਹੋ ?
ਧੰਨਵਾਦ
ਸਰਵਜੀਤ ਸਿੰਘ ਸੈਕਰਾਮੈਂਟੋ ਅਪ੍ਰੈਲ ੨੫, ੨੦੧੮
Sarbjit Singh