ਗੁਰਬਾਣੀ ਵਿੱਚ ਸਾਹਿਤਕਾਰੀ ਅਨੁਸਾਰ ਬਿੰਦੀ ਦੁਆਰਾ ਸ਼ੁੱਧ ਉਚਾਰਨ (ਭਾਗ 8)

0
550

ਗੁਰਬਾਣੀ ਵਿੱਚ ਸਾਹਿਤਕਾਰੀ ਅਨੁਸਾਰ ਬਿੰਦੀ ਦੁਆਰਾ ਸ਼ੁੱਧ ਉਚਾਰਨ (ਭਾਗ 8)

ਕਿਰਪਾਲ ਸਿੰਘ (ਬਠਿੰਡਾ) ਸੰਪਰਕ 98554-80797

ਹੁਣ ਤੱਕ ਅਸੀਂ ਗੁਰਬਾਣੀ ਵਿੱਚ ਵਰਤੇ ਗਏ ਨਾਂਵ ਸ਼ਬਦਾਂ ਦਾ ਲੋੜ ਅਨੁਸਾਰ ਨਾਸਕੀ ਉਚਾਰਨ ਭਾਵ ਬਿੰਦੀ, ਟਿੱਪੀ ਸਹਿਤ ਉਚਾਰਨ ਕੀਤੇ ਜਾਣ ਬਾਰੇ ਵਿਚਾਰ ਕੀਤੀ ਹੈ। ਕਿੱਥੇ ਨਾਸਕੀ ਉਚਾਰਨ ਕਰਨਾ ਹੈ; ਇਸ ਦੀ ਸੇਧ ਸਾਨੂੰ ਗੁਰਬਾਣੀ ਵਿੱਚੋਂ ਹੀ ਮਿਲ ਜਾਂਦੀ ਹੈ ਕਿਉਂਕਿ ਅਸੀਂ ਵੇਖ ਚੁੱਕੇ ਹਾਂ ਕਿ ਕਈ ਥਾਂਵਾਂ ’ਤੇ ਕੁਝ ਸ਼ਬਦ ਬਿੰਦੀ, ਟਿੱਪੀ ਸਹਿਤ ਗੁਰਬਾਣੀ ਵਿੱਚ ਵਰਤੇ ਗਏ ਹਨ ਪਰ ਉਹੀ ਸ਼ਬਦ ਉਨ੍ਹਾਂ ਹੀ ਅਰਥਾਂ ਵਿੱਚ ਜਦ ਦੁਬਾਰਾ ਵਰਤੇ ਗਏ ਹਨ ਤਾਂ ਉਨ੍ਹਾਂ ਉੱਪਰ ਬਿੰਦੀ, ਟਿੱਪੀ ਦੀ ਵਰਤੋਂ ਨਹੀਂ ਕੀਤੀ ਗਈ। ਉਚਾਰਨ ਕਰਦੇ ਸਮੇਂ ਜੇ ਅਸੀਂ ਇਨ੍ਹਾਂ ਸ਼ਬਦਾਂ ਦਾ ਉਚਾਰਨ ਉਨ੍ਹਾਂ ਸ਼ਬਦਾਂ ਤੋਂ ਸੇਧ ਲੈ ਕੇ ਨਾਸਕੀ ਕਰ ਲਈਏ ਜਿਹੜੇ ਬਿੰਦੀ, ਟਿੱਪੀ ਸਹਿਤ ਦਰਜ ਹਨ ਤਾਂ ਇਸ ਵਿੱਚ ਕੁਝ ਵੀ ਗ਼ਲਤ ਨਹੀਂ ਹੋਵੇਗਾ ਸਗੋਂ ਉਚਾਰਨ ਪੱਖੋਂ ਇਸ ਨੂੰ ਸ਼ੁੱਧ ਉਚਾਰਨ ਮੰਨਿਆ ਜਾਵੇਗਾ ਕਿਉਂਕਿ ਇਸ ਤਰ੍ਹਾਂ ਪਾਠ ਕਰਨ ਨਾਲ, ਪਾਠ ਕਰਨ ਵਾਲੇ ਅਤੇ ਸੁਣਨ ਵਾਲੇ ਨੂੰ ਆਸਾਨੀ ਨਾਲ ਗੁਰਬਾਣੀ ਦੇ ਅਰਥ ਸਮਝ ਆ ਜਾਂਦੇ ਹਨ।  ਨਾਸਕੀ ਉਚਾਰਨ ਤੋਂ ਇਲਾਵਾ ਕੁਝ ਸ਼ਬਦਾਂ ਨੂੰ ਅੱਧਕ ਸਹਿਤ ਵੀ ਉਚਾਰਨ ਕਰਨਾਂ ਸ਼ੁੱਧ ਉਚਾਰਨ ਹੈ; ਉਦਾਹਰਨ ਦੇ ਤੌਰ ’ਤੇ ਹੇਠਾਂ ਕੁਝ ਸ਼ਬਦ ਦਿੱਤੇ ਜਾ ਰਹੇ ਹਨ :-

ਮਤਾ, ਰਤਾ, ਬਧਾ, ਵਧਾ

(ੳ). 1. ‘ਮਤਾ’ ਕਰਉ ; ਸੋ, ‘ਪਕਨਿ’ ਨ ਦੇਈ ॥ ਸੀਲ ਸੰਜਮ ਕੈ ਨਿਕਟਿ ਖਲੋਈ ॥ ਵੇਸ ਕਰੇ, ਬਹੁ ਰੂਪ ਦਿਖਾਵੈ ॥ ਗ੍ਰਿਹਿ ਬਸਨਿ ਨ ਦੇਈ, ‘ਵਖਿ ਵਖਿ’ ਭਰਮਾਵੈ ॥ (ਮ: 5/371)

ਅਰਥ: ਆਤਮਕ ਅਡੋਲਤਾ ਵਾਸਤੇ ਮੈਂ ਜੇਹੜੀ ਭੀ ‘ਸਲਾਹ’ ਕਰਦਾ ਹਾਂ ਉਸ ਨੂੰ (ਇਹ ਮਾਇਆ) ਸਿਰੇ ਨਹੀਂ ਚੜ੍ਹਨ ਦੇਂਦੀ, ਮਿੱਠੇ ਸੁਭਾਉ ਅਤੇ ਸੰਜਮ ਦੇ ਇਹ ਹਰ ਵੇਲੇ ਨੇੜੇ (ਰਾਖੀ ਬਣ ਕੇ) ਖਲੋਤੀ ਰਹਿੰਦੀ ਹੈ (ਇਸ ਵਾਸਤੇ ਮੈਂ ਨਾਹ ਮਿੱਠਾ ਸੁਭਾਅ ਹਾਸਲ ਕਰ ਸਕਿਆ ਤੇ ਨਾ ਸੰਜਮ)। (ਇਹ ਮਾਇਆ) ਅਨੇਕਾਂ ਵੇਸ ਕਰਦੀ ਹੈ, ਅਨੇਕਾਂ ਰੂਪ ਵਿਖਾਉਂਦੀ ਹੈ, ਹਿਰਦੇ-ਘਰ ਵਿੱਚ ਇਹ ਮੈਨੂੰ ਟਿਕਣ ਨਹੀਂ ਦੇਂਦੀ, ਕਈ ਤਰੀਕਿਆਂ ਨਾਲ ਭਟਕਾਉਂਦੀ ਫਿਰਦੀ ਹੈ।

(ਨੋਟ : ਇਸ ਤੁਕ ਵਿੱਚ ਆਇਆ ਸ਼ਬਦ ‘ਮਤਾ’ ਦਾ ਅਰਥ ਹੈ- ਸਲਾਹ, ਮਸ਼ਵਰਾ, ਸੰਕਲਪ, ਇਸ ਲਈ ਉਚਾਰਨ ਬਿਨਾਂ ਅੱਧਕ ਦੇ ‘ਮਤਾ’ ਕਰਨਾ ਦਰੁਸਤ ਹੈ, ਪਰ)

2. ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ! ਧਨ ਜੋਬਨ ਸਿਉ ‘ਚਿਤੁ’ ॥ ਹਰਿ ਕਾ ਨਾਮੁ ਨ ਚੇਤਹੀ ਵਣਜਾਰਿਆ ਮਿਤ੍ਰਾ ‘ਬਧਾ’ ਛੁਟਹਿ ਜਿਤੁ ॥ ਹਰਿ ਕਾ ਨਾਮੁ ਨ ਚੇਤੈ ਪ੍ਰਾਣੀ ! ਬਿਕਲੁ ਭਇਆ ਸੰਗਿ ਮਾਇਆ ॥ ਧਨ ਸਿਉ ‘ਰਤਾ’ ਜੋਬਨਿ ‘ਮਤਾ’; ਅਹਿਲਾ ਜਨਮੁ ਗਵਾਇਆ ॥ ਧਰਮ ਸੇਤੀ ਵਾਪਾਰੁ ਨ ਕੀਤੋ; ਕਰਮੁ ਨ ਕੀਤੋ ‘ਮਿਤੁ’ ॥ ਕਹੁ ਨਾਨਕ !  ਤੀਜੈ ਪਹਰੈ ਪ੍ਰਾਣੀ, ਧਨ ਜੋਬਨ ਸਿਉ ‘ਚਿਤੁ’ ॥ (ਮ: 1/75)

ਅਰਥ ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਤੀਜੇ ਪਹਰ ਵਿੱਚ ਤੇਰਾ ਮਨ; ਮਾਇਆ ਰੂਪੀ ਧਨ ਜੋੜਨ ਤੇ ਜਵਾਨੀ ਦੇ ਨਸ਼ੇ ’ਚ ਹੀ ਪਰਚਿਆ ਹੋਇਆ ਹੈ। ਹੇ ਵਣਜਾਰੇ ਮਿਤ੍ਰ! ਤੂੰ ਪਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ, ਜਿਸ ਦੀ ਬਰਕਤ ਨਾਲ ਤੂੰ (ਧਨ, ਜੋਬਨ ਦੇ ਨਸ਼ੇ ਦੇ) ਬੰਧਨਾਂ ਵਿੱਚੋਂ ਖਲਾਸੀ ਪਾ ਸਕੇਂ।

ਜੀਵ ਮਾਇਆ (ਦੇ ਮੋਹ) ਵਿੱਚ ਇਤਨਾ ਮਗਨ ਹੋ ਜਾਂਦਾ ਹੈ ਕਿ ਇਹ ਪਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ, ਮਨ ਦੇ ਸੁਭਾਅ ਰੂਪੀ ਰੰਗ ਵਿੱਚ ਰੰਗਿਆ ਰਹਿੰਦਾ ਹੈ, ਜਵਾਨੀ (ਦੇ ਨਸ਼ੇ) ਵਿਚ ਮਸਤਿਆ ਜਾਂਦਾ ਹੈ (ਤੇ ਇਸ ਤਰ੍ਹਾਂ) ਸ੍ਰੇਸ਼ਟ ਮਨੁੱਖਾ ਜਨਮ ਗਵਾ ਲੈਂਦਾ ਹੈ, ਨਾ ਇਸ ਨੇ ਧਰਮ (ਭਾਵ ਹਰਿ ਨਾਮ ਸਿਮਰਨ) ਦਾ ਵਾਪਾਰ ਕੀਤਾ ਤੇ ਨਾ ਹੀ ਉੱਚੇ ਆਤਮਕ ਰੁਤਬੇ ਨੂੰ ਆਪਣਾ ਮਿੱਤਰ ਬਣਾਇਆ।  ਨਾਨਕ ਆਖਦਾ ਹੈ- (ਜ਼ਿੰਦਗੀ ਦੀ ਰਾਤ ਦੇ ਇਸ) ਤੀਜੇ ਪਹਰ ਵਿੱਚ ਜੀਵ ਨੇ ਧਨ ਨਾਲ ਤੇ ਜਵਾਨੀ ਨਾਲ ਹੀ ਚਿੱਤ ਜੋੜੀ ਰੱਖਿਆ ।

(ਨੋਟ : ਇਸ ਤੁਕ ਵਿੱਚ ਦਰਜ ਸ਼ਬਦ ‘ਬਧਾ’ ਦਾ ਅਰਥ ਹੈ ਬੱਝਾ ਹੋਇਆ, ਇਸ ਲਈ ਉਚਾਰਨ ਅੱਧਕ ਸਹਿਤ ‘ਬੱਧਾ’ ਕਰਨਾ ਯੋਗ ਹੈ। ਗੁਰਬਾਣੀ ਵਿੱਚ ਜਿੱਥੇ ਵੀ ਸ਼ਬਦ ‘ਬਧਾ’ ਆਇਆ ਹੈ ਉਹ ਤਕਰੀਬਨ ‘ਬੱਝਾ ਹੋਇਆ’ ਦੇ ਅਰਥਾਂ ਵਿੱਚ ਹੀ ਆਇਆ ਹੈ, ਇਸ ਲਈ ਹਰ ਜਗ੍ਹਾ ਉਚਾਰਨ ਵੀ ‘ਬੱਧਾ’ ਠੀਕ ਰਹੇਗਾ । ਇਸੇ ਤਰ੍ਹਾਂ ਇਸੇ ਸ਼ਬਦ ’ਚ ਆਏ ਸ਼ਬਦ ‘ਚਿਤੁ, ਰਤਾ, ਮਿਤੁ’ ਨੂੰ ਵੀ ਚਿੱਤ, ਰੱਤਾ (ਰੰਗਿਆ ਹੋਇਆ), ਮੱਤਾ (ਮਸਤਿਆ ਹੋਇਆ)’ ਉਚਾਰਨ ਕਰਨੇ ਕਾਵਿ ਤੋਲ ਅਨੁਸਾਰ ਤੇ ਅਰਥਾਂ ਮੁਤਾਬਕ ਸਹੀ ਹੋਣਗੇ, ਪਰ)

3. ਧਰਿ ਤਾਰਾਜੀ, ਅੰਬਰੁ ਤੋਲੀ ; ਪਿਛੈ ਟੰਕੁ ਚੜਾਈ ॥ ਏਵਡੁ ‘ਵਧਾ’ ਮਾਵਾ ਨਾਹੀ; ਸਭਸੈ ਨਥਿ ਚਲਾਈ ॥ (ਮ: 1/147)

ਅਰਥ: ਜੇ ਮੈਂ ਸਾਰੇ ਅਸਮਾਨ ਨੂੰ ਤੱਕੜੀ ਵਿੱਚ ਰੱਖ ਕੇ ਅਤੇ ਤੱਕੜੀ ਦੇ ਪਿਛਲੇ ਛਾਬੇ ਵਿੱਚ ਚਾਰ ਮਾਸੇ ਦਾ ਵੱਟਾ ਪਾ ਕੇ ਤੋਲ ਸਕਾਂ, ਜੇ ਮੈਂ ਆਪਣੇ ਸਰੀਰ ਨੂੰ ਇਤਨਾ ‘ਵਧਾ ਸਕਾਂ’ ਕਿ ਕਿਤੇ ਸਮਾ ਹੀ ਨ ਸਕਾਂ, ਸਾਰੇ ਜੀਵਾਂ ਨੂੰ ਨੱਥ ਕੇ ਤੋਰ ਸਕਾਂ (ਭਾਵ ਆਪਣੇ ਹੁਕਮ ਵਿਚ ਚਲਾਵਾਂ)।

ਨੋਟ : ਉਕਤ ਤੁਕ ਵਿੱਚ ‘ਵਧਾ’ ਦਾ ਅਰਥ ਹੈ ‘ਵੱਡਾ ਹੋ ਜਾਵਾਂ’, ਇੱਥੇ ਅੱਧਕ ਦਾ ਪ੍ਰਯੋਗ ਕਰਨਾ ਗ਼ਲਤ ਹੋਵੇਗਾ, ਪਰ ਗੁਰਬਾਣੀ ਵਿੱਚ ਜਿੱਥੇ ‘ਵ’ ਦੀ ਬਜਾਇ ‘ਬ’ ਅੱਖਰ ਨਾਲ ‘ਬਧਾ’ ਸ਼ਬਦ ਆਵੇ ਉੱਥੇ ਅੱਧਕ ਸਹਿਤ ‘ਬੱਧਾ’ ਉਚਾਰਨ ਕਰਨਾ ਹੀ ਠੀਕ ਹੋਵੇਗਾ, ਜਿਵੇਂ ਕਿ ਉਪਰੋਕਤ ਨੰਬਰ 1 ’ਚ ਵਿਚਾਰ ਕੀਤੀ ਗਈ ਹੈ। ਧਿਆਨ ਰਹੇ ਕਿ ‘ਵਧਾ’ ਦਾ ਅਰਥ ਹੈ ‘ਵਧ ਜਾਵਾਂ’ਭਾਵ ਉਤਮ ਪੁਰਖ ਹੈ, ਇਸ ਲਈ ਉਚਾਰਨ ਹੋਵੇਗਾ, ਅੱਧਕ ਤੋਂ ਬਿਨਾਂ ਪਰ ਕੰਨਾ ਬਿੰਦੀ ਸਮੇਤ ‘ਵਧਾਂ’।

ਧਿਆਨ ਰਹੇ ਕਿ (ੳ). ਗੁਰਬਾਣੀ ’ਚ ‘ਵਧਿ’ ਦਾ ਅਰਥ ਸੰਖਿਅਕ ‘ਵੱਧ-ਘੱਟ’ ਅਰਥਾਂ ਵਿੱਚ ਵੀ ਹੈ, ਜਿੱਥੇ ਉਚਾਰਨ ‘ਵੱਧ’ ਹੋਏਗਾ, ਇਸ ਲਈ ਅਰਥ ‘ਵਧ ਕੇ ਜਾਂ ਵੱਧ (ਘੱਟ) ’ਚ ਵੀ ਅੰਤਰ ਸਮਝਣਾ ਅਤਿ ਜ਼ਰੂਰੀ ਹੁੰਦਾ ਹੈ, ਜਿਵੇਂ

(1). ਪੂਰੇ ਕਾ ਕੀਆ ਸਭ ਕਿਛੁ ਪੂਰਾ ; ਘਟਿ ‘ਵਧਿ’ (ਘੱਟ-ਵੱਧ) ਕਿਛੁ ਨਾਹੀ ॥ (ਮ: 1/1412) ਉਚਾਰਨ ਹੈ: ਵੱਧ।

(2). ਸਬਰੁ, ਏਹੁ ਸੁਆਉ, ਜੇ ਤੂੰ, ਬੰਦਾ ! ਦਿੜੁ ਕਰਹਿ ॥ ‘ਵਧਿ’ (ਵਧ ਕੇ) ਥੀਵਹਿ ਦਰੀਆਉ ; ਟੁਟਿ ਨ ਥੀਵਹਿ ਵਾਹੜਾ ॥ (ਸਲੋਕ ਫਰੀਦ ਜੀ/1384) ਉਚਾਰਨ ਹੈ: ਵਧ।

ਅਰਥ: ਹੇ ਬੰਦੇ! ਇਹ ਸਬਰ ਹੀ ਜ਼ਿੰਦਗੀ ਦਾ ਅਸਲ ਨਿਸ਼ਾਨਾ ਹੈ। ਜੇ ਤੂੰ (ਸਬਰ ਨੂੰ ਹਿਰਦੇ ਵਿਚ) ਪੱਕਾ ਕਰ ਲਏਂ, ਤਾ ਤੂੰ ਵਧ ਕੇ ਦਰੀਆ ਹੋ ਜਾਏਂਗਾ, ਘਟ ਕੇ ਨਿੱਕਾ ਜਿਹਾ ਵਹਣ ਨਹੀਂ ਬਣੇਂਗਾ (ਭਾਵ, ਸਬਰ ਵਾਲਾ ਜੀਵਨ ਬਣਾਇਆ ਤੇਰਾ ਦਿਲ ਵਧ ਕੇ ਦਰਿਆ ਹੋ ਜਾਇਗਾ, ਤੇਰੇ ਦਿਲ ਵਿਚ ਸਾਰੇ ਜਗਤ ਵਾਸਤੇ ਪਿਆਰ ਪੈਦਾ ਹੋ ਜਾਇਗਾ, ਤੇਰੇ ਅੰਦਰ ਤੰਗ-ਦਿਲੀ ਨਹੀਂ ਰਹਿ ਜਾਇਗੀ)।

ਇਸੇ ਤਰ੍ਹਾਂ ਗੁਰਬਾਣੀ ’ਚ ਸ਼ਬਦ ‘ਬਧਿ’ (ਕਿਰਿਆ ਵਿਸ਼ੇਸ਼ਣ) ਸਰੂਪ ਵੀ ਦਰਜ ਹੈ, ਜਿਸ ਦਾ ਅਰਥ ਹੈ ‘ਬੰਨ੍ਹ ਕੇ’ ਅਤੇ ਉਚਾਰਨ ਹੋਏਗਾ ‘ਬੰਧ’, ਨਾ ਕਿ ਬੱਧ’; ਜਿਵੇਂ ਕਿ

(3). ਮੂਡ ਪਲੋਸਿ, ਕਮਰ ‘ਬਧਿ’ (ਬੰਧ) ਪੋਥੀ ॥ ਹਮ ਕਉ ਚਾਬਨੁ, ਉਨ ਕਉ ਰੋਟੀ ॥ (ਕਬੀਰ ਜੀ/871) ਉਚਾਰਨ ਹੈ: ਬੰਧ।

ਅਰਥ : (ਜੇ ਇੱਕ ਦੋ ਸਾਧੂ ਸਾਡੇ ਘਰ ਬੈਠੇ ਹਨ ਤਾਂ ਇਕ ਦੋ ਤੁਰੇ ਭੀ ਆ ਰਹੇ ਹਨ, ਉਹ) ਸਾਧੂ ਲੱਕਾਂ ਨਾਲ ਪੋਥੀਆਂ ਬੰਨ੍ਹ ਕੇ ਸਿਰਾਂ ’ਤੇ ਹੱਥ ਫੇਰਦੇ ਤੁਰੇ ਆਉਂਦੇ ਹਨ। (ਕਈ ਵਾਰ ਉਹਨਾਂ ਦੇ ਕੁਵੇਲੇ ਆ ਜਾਣ ’ਤੇ) ਸਾਨੂੰ ਤਾਂ ਭੁੱਜੇ ਦਾਣੇ ਚੱਬਣੇ ਪੈਂਦੇ ਹਨ, ਪਰ ਉਹਨਾਂ ਲਈ ਰੋਟੀਆਂ (ਪ੍ਰਸ਼ਾਦੇ) ਹੀ ਮਿਲਦੀਆਂ ਹਨ।)

(ਅ). ਰਹਸੀ

1. ਸੁਣਿ ! ਸੁਣਿ ! ਸਿਖ ਹਮਾਰੀ ॥ ਸੁਕ੍ਰਿਤੁ ਕੀਤਾ ‘ਰਹਸੀ’, ਮੇਰੇ ਜੀਅੜੇ ! ਬਹੁੜਿ, ਨ ਆਵੈ ਵਾਰੀ ॥ (ਮ: 1/154)

ਅਰਥ : ਹੇ ਮੇਰੀ ਜਿੰਦੇ! ਮੇਰੀ ਸਿੱਖਿਆ ਧਿਆਨ ਨਾਲ ਸੁਣ। ਤੇਰੀ ਕੀਤੀ ਹੋਈ ਨੇਕ ਕਮਾਈ ਹੀ ਤੇਰੇ ਨਾਲ (ਰਹੇਗੀ) ਨਿਭੇਗੀ। (ਇਸ ਲਈ ਅਗਰ ਮਨੁੱਖਾ ਜਨਮ ਗਵਾ ਲਿਆ) ਤਾਂ ਮੁੜ (ਛੇਤੀ, ਮਨੁੱਖ ਜੂਨ ਦੀ) ਵਾਰੀ ਨਹੀਂ ਮਿਲੇਗੀ।

2. ਮੇਰੀ ਇਛ ਪੁਨੀ, ਜੀਉ ; ਹਮ ਘਰਿ, ਸਾਜਨੁ ਆਇਆ ॥ ਮਿਲਿ ਵਰੁ ; ਨਾਰੀ, ਮੰਗਲੁ ਗਾਇਆ ॥ ਗੁਣ ਗਾਇ ਮੰਗਲੁ, ਪ੍ਰੇਮਿ ਰਹਸੀ, ਮੁੰਧ ਮਨਿ ਓਮਾਹਓ ॥ ਸਾਜਨ ਰਹੰਸੇ, ਦੁਸਟ ਵਿਆਪੇ ; ਸਾਚੁ ਜਪਿ, ਸਚੁ ਲਾਹਓ ॥ (ਮ: 1/242)

ਅਰਥ : ਹੇ ਸਹੇਲੀਓ! ਮੇਰੀ ਮਨੋ-ਕਾਮਨਾ ਪੂਰੀ ਹੋ ਗਈ ਹੈ, ਮੇਰੇ ਹਿਰਦੇ-ਘਰ ਵਿੱਚ ਸੱਜਣ ਪਰਮਾਤਮਾ ਆ ਵਸਿਆ ਹੈ। ਜਿਸ ਜੀਵ-ਇਸਤ੍ਰੀ ਨੂੰ ਖਸਮ-ਪ੍ਰਭੂ ਮਿਲ ਪੈਂਦਾ ਹੈ, ਉਸ ਦੇ ਗਿਆਨ-ਇੰਦਰੇ (ਵਿਕਾਰਾਂ ਵੱਲ ਦੌੜਨ ਦੇ ਥਾਂ ਰਲ਼ ਕੇ ਮਾਨੋ) ਖ਼ੁਸ਼ੀ ਦਾ ਗੀਤ ਗਾਂਦੇ ਹਨ। ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਗਾ ਕੇ ਜੀਵ-ਇਸਤ੍ਰੀ ਪ੍ਰਭੂ-ਪਿਆਰ ਦੇ (ਹੁਲਾਰੇ) ਵਿੱਚ ਖਿੜ ਪੈਂਦੀ ਹੈ, ਉਸ ਦੇ ਮਨ ਵਿੱਚ ਚਾਉ ਦਾ ਹੁਲਾਰਾ ਪੈਦਾ ਹੁੰਦਾ ਹੈ। ਉਸ ਦੇ ਅੰਦਰ ਭਲੇ ਗੁਣ ਪ੍ਰਫੁਲਿਤ ਹੁੰਦੇ ਹਨ, ਦੁਸ਼ਟ-ਵਿਕਾਰ ਦਬਾਅ ਹੇਠ ਆ ਜਾਂਦੇ ਹਨ। ਸਦਾ-ਥਿਰ ਨਾਮ ਜਪ ਜਪ ਕੇ ਉਸ ਨੂੰ ਅਟੱਲ ਆਤਮਕ ਜੀਵਨ ਦਾ ਲਾਭ ਮਿਲ ਜਾਂਦਾ ਹੈ।

ਉਚਾਰਨ ਸੇਧ: 1. ਤੁਕ ਨੰ: 1 ਵਿੱਚ ‘ਰਹਸੀ’ ਦਾ ਅਰਥ ਹੈ ‘ਰਹੇਗੀ, ਨਿਭੇਗੀ’। ਇਸ ਦਾ ਉਚਾਰਨ ਬਿਨਾਂ ਅੱਧਕ ਦੇ ਹੋਵੇਗਾ।

2. ਤੁਕ ਨੰ: 2 ਵਿੱਚ ‘ਰਹਸੀ’ ਦਾ ਅਰਥ ਹੈ ‘ਅਨੰਦ ਖੇੜਾ, ਖੁਸ਼ੀ ਦੇ ਹੁਲਾਰੇ’। ਇਸ ਦਾ ਉਚਾਰਨ ਅੱਧਕ ਸਮੇਤ ‘ਰਹੱਸੀ’ ਹੋਵੇਗਾ।

(ਨੋਟ : ਗੁਰਬਾਣੀ ਵਿੱਚ ਇਸ ਸ਼ਬਦ ਦੇ ਵੱਖ ਵੱਖ ਰੂਪ ਵਰਤੇ ਗਏ ਹਨ, ਜਿਵੇਂ ਕਿ ‘ਰਹਸ, ਰਹਸੁ, ਰਹਸਿ, ਰਹਸਾਉ, ਰਹਸਾਇ, ਰਹਸਿਆ, ਰਹਸਿਅੜੀ, ਰਹਸੀਓ, ਰਹਸੀਐ, ਰਹਸੇ, ਰਹਸੈ’ ਆਦਿਕ, ਇਨ੍ਹਾਂ ਵਿੱਚੋਂ ਜ਼ਿਆਦਾਤਰ ‘ਅਨੰਦ ਖੇੜੇ, ਖੁਸ਼ੀ ਦੇ ਹੁਲਾਰੇ’ ਦੇ ਅਰਥਾਂ ਵਿੱਚ ਵਰਤੇ ਗਏ ਹਨ, ਜਿਨ੍ਹਾਂ ਦਾ ਉਚਾਰਨ ‘ਹ’ ਉੱਪਰ ‘ਅੱਧਕ’ ਸਮੇਤ ਕਰਨਾ ਯੋਗ ਹੈ ਪਰ ਜੇ ਕੁਝ ਤੁਕਾਂ ਵਿੱਚ ‘ਰਹਿਣ ਜਾਂ ਨਿਭਣ’ ਦੇ ਅਰਥਾਂ ਵਿੱਚ ਵਰਤੇ ਗਏ ਹੋਣ ਉੱਥੇ ਉਚਾਰਨ ਬਿਨਾਂ ਬਿੰਦੀ ਤੋਂ ‘ਰਹਸੀ, ਰਹਸ’ ਕਰਨਾ ਹੀ ਠੀਕ ਹੈ।)

(ੲ). ਗਲਾ, ਮੁਲਾ

1. ਹੈ ਹੈ ਕਰਿ ਕੈ, ਓਹਿ ਕਰੇਨਿ ॥ ‘ਗਲ੍ਹਾ’ ਪਿਟਨਿ, ਸਿਰੁ ਖੋਹੇਨਿ ॥ ਨਾਉ ਲੈਨਿ ਅਰੁ ਕਰਨਿ ਸਮਾਇ ॥  ਨਾਨਕ ! ਤਿਨ, ਬਲਿਹਾਰੈ ਜਾਇ ॥ (ਮ: 1/1410)

ਅਰਥ : (ਕਿਸੇ ਪਿਆਰੇ ਸੰਬੰਧੀ ਦੇ ਮਰਨ ’ਤੇ ਜ਼ਨਾਨੀਆਂ) ‘ਹਾਇ ਹਾਇ’ ਆਖ ਕੇ ‘ਓਇ ਓਇ’ ਵੀ ਕਰਦੀਆਂ ਹਨ । (ਆਪਣੀਆਂ)  ਗੱਲ੍ਹਾਂ ਪਿੱਟਦੀਆਂ ਹਨ (ਆਪਣੇ) ਸਿਰ (ਦੇ ਵਾਲ) ਖੁੰਹਦੀਆਂ ਹਨ ਪਰ ਜਿਹੜੇ ਪ੍ਰਾਣੀ (ਅਜਿਹੇ ਸਦਮੇ ਦੇ ਸਮੇਂ ਭੀ ਪਰਮਾਤਮਾ ਦਾ) ਨਾਮ ਜਪਦੇ ਹਨ ਤੇ (ਪਰਮਾਤਮਾ ਦੀ) ਰਜ਼ਾ ਨੂੰ ਸਵੀਕਾਰਦੇ ਲੈਂਦੇ ਹਨ,  ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ।

2. ਸੁਣਿ ‘ਗਲਾ’, ਗੁਰ ਪਹਿ ਆਇਆ ॥ ਨਾਮੁ ਦਾਨੁ ਇਸਨਾਨੁ ਦਿੜਾਇਆ ॥ ਸਭੁ ਮੁਕਤੁ ਹੋਆ ਸੈਸਾਰੜਾ ; ਨਾਨਕ ! ਸਚੀ ਬੇੜੀ ਚਾੜਿ ਜੀਉ ॥ (ਮ: 5/74)

ਅਰਥ : ਹੇ ਨਾਨਕ ! ਗੁਰੂ (ਜਿਸ ਜਿਸ ਨੂੰ) ਸਦਾ-ਥਿਰ ਪ੍ਰਭੂ ਦੇ ਸਿਮਰਨ ਦੀ ਬੇੜੀ ਵਿੱਚ ਬਿਠਾਂਦਾ ਹੈ ਉਹ ਸਾਰਾ ਜਗਤ ਹੀ ਵਿਕਾਰਾਂ ਤੋਂ ਬਚਦਾ ਜਾਂਦਾ ਹੈ-ਇਹ ਗੱਲਾਂ ਸੁਣ ਕੇ ਹੀ ਮੈਂ ਗੁਰੂ ਦੇ ਕੋਲ਼ ਆਇਆ ਹਾਂ ਤੇ ਉਸ ਨੇ ਮੇਰੇ ਹਿਰਦੇ ਵਿੱਚ ਇਹ ਬਿਠਾ (ਦ੍ਰਿੜ੍ਹ ਕਰਾ) ਦਿੱਤਾ ਕਿ ਨਾਮ ਸਿਮਰਨਾ, ਹੋਰਨਾਂ ਨੂੰ ਸਿਮਰਨ ਵੱਲ ਪ੍ਰੇਰਨਾ, ਪਵਿਤ੍ਰ ਜੀਵਨ ਬਣਾਣਾ-ਇਹੀ ਹੈ ਸਹੀ ਜੀਵਨ-ਰਾਹ।

3. ਨਾ ਓਇ ਜੋਗੀ, ਨਾ ਓਇ ਜੰਗਮ, ਨਾ ਓਇ ਕਾਜੀ ਮੁੰਲਾ ॥ ਦਯਿ (ਦਈ ਨੇ) ਵਿਗੋਏ, ਫਿਰਹਿ ਵਿਗੁਤੇ ; ਫਿਟਾ ਵਤੈ ‘ਗਲਾ’ ॥ (ਮ: 1/150)

ਅਰਥ : ਨਾ ਇਹਨਾਂ (ਜੈਨੀਆਂ) ਪਾਸ ਜੋਗੀਆਂ ਵਾਲੀ ਰਹੁ-ਰੀਤ, ਨਾ ਜੰਗਮਾਂ ਵਾਲੀ ਤੇ ਨਾ ਕਾਜ਼ੀ ਮੌਲਵੀਆਂ ਵਾਲੀ।  ਰੱਬ ਵੱਲੋਂ (ਭੀ) ਖੁੰਝੇ ਹੋਏ ਭਟਕਦੇ ਫਿਰਦੇ ਹਨ (ਭਾਵ ਪਰਮਾਤਮਾ ਦੀ ਬੰਦਗੀ ਵਿੱਚ ਭੀ ਇਹਨਾਂ ਦੀ ਕੋਈ ਸ਼ਰਧਾ ਨਹੀਂ, ਇਸ ਲਈ) ਇਹ ਸਾਰਾ ਆਵਾ (ਵੱਗ, ਝੁੰਡ) ਹੀ ਊਤਿਆ ਹੋਇਆ ਹੈ।

ਉਚਾਰਨ ਸੇਧ: 1. ਤੁਕ ਨੰ: 1 ਵਿੱਚ ‘ਗਲ੍ਹਾ’ ਦਾ ਅਰਥ ਹੈ ‘ਗੱਲ੍ਹਾਂ’, ਇਸ ਲਈ ‘ਗ’ ਅੱਧਕ ਸਹਿਤ ਹੋਏਗਾ ਅਤੇ ‘ਲ’ ਪੈਰ ’ਚ ਅੱਧਾ ਹਾਹਾ ਅਤੇ ਅੰਤ ’ਚ ਕੰਨਾਂ ਬਿੰਦੀ ਸਮੇਤ ‘ਗੱਲਾਂ’ ਉਚਾਰਨ ਯੋਗ ਹੈ।

2. ਤੁਕ ਨੰ: 2 ਵਿੱਚ ‘ਗਲਾ’ ਦਾ ਅਰਥ ਹੈ ‘ਗੱਲਾਂ’ ਇਸ ਲਈ ਉਚਾਰਨ ‘ਗ’ ਅੱਧਕ ਸਹਿਤ ‘ਗੱਲਾਂ’ ਉਚਾਰਨ ਕਰਨਾ ਯੋਗ ਹੈ।

3. ਤੁਕ ਨੰ: 3 ਵਿੱਚ ‘ਗਲਾ’ ਦਾ ਅਰਥ ਹੈ ‘ਸਾਰਾ ਹੀ ਕੋੜਮਾ (ਵੱਗ, ਝੁੰਡ), ਸਾਰਾ ਹੀ ਆਵਾ’ ਇਸ ਲਈ ਉਚਾਰਨ ‘ਗ’ ਅੱਧਕ ਸਮੇਤ ‘ਗੱਲਾ’ ਕੀਤੇ ਜਾਣਾ ਯੋਗ ਹੈ। ਸ਼ਾਇਦ ਗੁਰਬਾਣੀ ਵਿੱਚ ਤਾਂ ਹੋਰ ਤਾਂ ਇਸ ਦੀ ਵਰਤੋਂ ਨਹੀਂ ਹੋਈ ਪਰ ਅਜੋਕੀ ਪੰਜਾਬੀ ਵਿੱਚ ‘ਗੱਲਾ’ ਦਾ ਅਰਥ ਸ਼ਾਹੂਕਾਰ ਦੇ ਪੈਸੇ ਪਾਉਣ ਵਾਲਾ ਮਜ਼ਬੂਤ ਡੱਬਾ ਹੈ, ਜਿੱਥੇ ਇਸ ਦਾ ਉਚਾਰਨ ਅੱਧਕ ਸਹਿਤ ‘ਗੱਲਾ’ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ‘ਫਿੱਟਾ’ ਨੂੰ ਅੱਧਕ ਸਹਿਤ ‘ਫਿੱਟਾ’ ਉਚਾਰਨ ਠੀਕ ਹੈ।

ਨੋਟ : ਗੁਰਬਾਣੀ ਵਿੱਚ ਬਿੰਦੀ ਦੀ ਥਾਂ ਟਿੱਪੀ ਦੀ ਵਰਤੋਂ ਕੀਤੀ ਵੀ ਮਿਲਦੀ ਹੈ; ਇਸੇ ਦੀ ਇੱਕ ਵੰਨਗੀ ਹੈ ‘ਮੁੰਲਾ’, ਨਾ ਓਇ ਕਾਜੀ ‘ਮੁੰਲਾ’॥  ਟਿੱਪੀ ‘ਮ’ ਉੱਪਰ ਨਹੀਂ ਬਲਕਿ ‘ਲ ਕੰਨਾਂ ਬਿੰਦੀ’ ਦੀ ਥਾਂ ‘ਮੁਲਾੰ, ਮੁਲਾਂ’ ਲਗਾਈ ਹੋ ਸਕਦੀ ਹੈ ਕਿਉਂਕਿ ਅੱਜ ਕੱਲ੍ਹ ਦੀ ਪੰਜਾਬੀ ਲਿਖਤ ਵਿੱਚ ਕੰਨੇ ਉੱਪਰ ਟਿੱਪੀ ਨਹੀਂ ਬਲਕਿ ਬਿੰਦੀ ਲਗਦੀ ਹੈ, ਇਸ ਲਈ ਇਸ ਸ਼ਬਦ ਵਿੱਚ ਟਿੱਪੀ ਕੰਨੇ ਉੱਪਰ ਲਾਉਣ ਦੀ ਥਾਂ ਛਾਪੇਖਾਨੇ ਵਿੱਚ ਛਪਾਈ ਦੌਰਾਨ ਅੱਖਰ ‘ਲ’ ਉੱਪਰ ਲੱਗ ਗਈ ਜਾਪਦੀ ਹੈ ਕਿਉਂਕਿ ‘ਮ’ ਉੱਪਰ ਟਿੱਪੀ ਦੀ ਕੋਈ ਲੋੜ ਨਹੀਂ ਪਰ ਕੰਨੇ ਉੱਪਰ ਬਿੰਦੀ ਚਾਹੀਦੀ ਹੈ, ਜਿਵੇਂ ਕਿ

ਪੰਡਿਤ ਮੁਲਾਂ, ਜੋ ਲਿਖਿ ਦੀਆ ॥ ਛਾਡਿ ਚਲੇ, ਹਮ ਕਛੂ ਨ ਲੀਆ ॥ (ਕਬੀਰ ਜੀ/1159), ਕਾਜੀ ਮੁਲਾਂ ਕਰਹਿ ਸਲਾਮੁ ॥ ਇਨਿ ਹਿੰਦੂ, ਮੇਰਾ ਮਲਿਆ ਮਾਨੁ ॥ (ਨਾਮਦੇਵ ਜੀ/1165) ਆਦਿਕ। ਸੋ ‘ਮੁੰਲਾ’ ਦਾ ਸਹੀ ਉਚਾਰਨ ‘ਮੁੱਲਾਂ’ ਕਰਨਾ ਹੀ ਯੋਗ ਹੈ।

(ਸ). ਡਡਾ

1. ‘ਡਡਾ’, ਡੇਰਾ ਇਹੁ ਨਹੀ ; ਜਹ ਡੇਰਾ, ਤਹ ਜਾਨੁ ॥ ਉਆ ਡੇਰਾ ਕਾ ਸੰਜਮੋ ; ਗੁਰ ਕੈ ਸਬਦਿ, ਪਛਾਨੁ ॥ (ਮ: 5/256)

2. ਹੰਸਾ, ਹੀਰਾ ਮੋਤੀ ਚੁਗਣਾ ; ਬਗੁ, ‘ਡਡਾ’ ਭਾਲਣ ਜਾਵੈ ॥ (ਮ: 5/960)

ਉਚਾਰਨ ਸੇਧ: ਤੁਕ ਨੰ: 1 ਵਿੱਚ ‘ਡਡਾ’ ਦਾ ਅਰਥ ਗੁਰਮੁਖੀ ਲਿਪੀ ਦਾ ਅੱਖਰ ‘ਡ’ ਹੈ ਅਤੇ ਉਚਾਰਨ ਵੀ ‘ਡੱਡਾ’ ਹੈ ਪਰ ਤੁਕ ਨੰ: 2 ਵਿੱਚ ‘ਡਡਾ’ ਦਾ ਅਰਥ ਹੈ ‘ਡੱਡਾਂ, ਡੱਡੂ’ ਉਚਾਰਨ ਹੈ ‘ਡੱਡਾਂ’

(ਹ). ਸੁਕ

1. ਨਾਰਦ ਮੁਨਿ ਜਨ ‘ਸੁਕ’ ਬਿਆਸ, ਜਸੁ ਗਾਵਤ ਗੋਬਿੰਦ॥ (ਮ: 5/298)

ਅਰਥ : ਨਾਰਦ ਰਿਸ਼ੀ, ਅਨੇਕਾਂ ਮੁਨੀ ਲੋਕ, ‘ਸੁਖਦੇਵ’ ਅਤੇ ਬਿਆਸ (ਆਦਿਕ ਰਿਸ਼ੀ) ਗੋਬਿੰਦ ਦੀ ਸਿਫ਼ਤ-ਸਾਲਾਹ ਗਾਉਂਦੇ ਹਨ।

2. ਸਾਕਤ ਕੂੜੇ, ਊਭ ਸੁਕ ਹੂਏ ; ਮਨਿ ਅਭਿਮਾਨੁ; ਵਿਛੁੜਿ, ਦੂਰਿ ਗਈਆ ॥ (ਮ: 4/834)

ਅਰਥ : ਪਰਮਾਤਮਾ ਨਾਲੋਂ ਟੁੱਟੇ ਹੋਏ ਮਾਇਆ-ਵੇੜ੍ਹੇ ਪ੍ਰਾਣੀ (ਉਹਨਾਂ ਰੁੱਖਾਂ ਵਰਗੇ ਹੁੰਦੇ ਹਨ, ਜੋ ਧਰਤੀ ਵਿੱਚੋਂ ਖ਼ੁਰਾਕ ਮਿਲਣ ਦੇ ਬਾਵਜੂਦ ਭੀ) ਖਲੋਤੇ ਹੀ ਸੁੱਕ ਜਾਂਦੇ ਹਨ, (ਉਹਨਾਂ ਦੇ) ਮਨ ਵਿੱਚ ਅਹੰਕਾਰ ਵਸਦਾ ਹੈ, (ਇਸ ਵਾਸਤੇ ਰੱਬ ਤੋਂ) ਵਿਛੁੜ ਕੇ ਉਹ ਕਿਤੇ ਦੂਰ ਪਏ ਰਹਿੰਦੇ ਹਨ ।

ਉਚਾਰਨ ਸੇਧ: ਤੁਕ ਨੰ: 1 ਵਿੱਚ ‘ਸੁਕ’ ਦਾ ਅਰਥ ਹੈ ‘ਸੁਖਦੇਵ ਰਿਸ਼ੀ’ ਉਚਾਰਨ ਬਿਨਾਂ ਬਿੰਦੀ ਤੋਂ ‘ਸੁਕ’ ਦਰੁਸਤ ਹੈ ਪਰ ਤੁਕ ਨੰ: 2 ਵਿੱਚ ‘ਸੁਕ’ ਦਾ ਅਰਥ ਹੈ ‘ਸੁੱਕ’ ਜਾਣਾ, ਇਸ ਲਈ ਉਚਾਰਨ ਅੱਧਕ ਸਹਿਤ ‘ਸੁੱਕ’ ਕਰਨਾ ਯੋਗ ਹੋਵੇਗਾ।

(ਕ). ਮਲ, ਮਲਿ

1. ਵਾਤ ਵਜਨਿ ਟੰਮਕ ਭੇਰੀਆ ॥ ‘ਮਲ’ ਲਥੇ, ਲੈਦੇ ਫੇਰੀਆ ॥ ਨਿਹਤੇ ਪੰਜਿ ਜੁਆਨ ਮੈ ; ਗੁਰ, ਥਾਪੀ ਦਿਤੀ ਕੰਡਿ ਜੀਉ ॥ (ਮ: 5/74) ਅਰਥ : ਵਾਜੇ, ਢੋਲ, ਨਗਾਰੇ, ਆਦਿ ਵੱਜ ਰਹੇ ਹਨ (ਭਾਵ ਸਾਰੇ ਜੀਵ ਮਾਇਆ ਵਾਲੀ ਦੌੜ੍ਹ-ਭੱਜ ਕਰ ਰਹੇ ਹਨ, ਮਾਨੋ) ਮੱਲ (ਪਹਿਲਵਾਨ) ਆ ਇਕੱਠੇ ਹੋਏ ਹਨ, (ਪਿੜ ਦੇ ਦੁਆਲੇ, ਜਗਤ-ਅਖਾੜੇ ਵਿੱਚ) ਫੇਰੀਆਂ ਲੈ ਰਹੇ ਹਨ, ਪਰ ਮੇਰੀ ਪਿੱਠ ਉੱਤੇ (ਮੇਰੇ) ਗੁਰੂ ਨੇ ਥਾਪੀ ਦਿੱਤੀ, ਤਾਂ ਮੈਂ (ਵਿਰੋਧੀ) ਪੰਜੇ (ਕਾਮਾਦਿਕ ਵੈਰੀ ਨੌਜਵਾਨ) ਤਾਕਤਵਰ ਕਾਬੂ ਕਰ ਲਏ ।

2 . ਦਸਮੀ, ਦਹ ਦਿਸ ਹੋਇ ਅਨੰਦ ॥ ਛੂਟੈ ਭਰਮੁ, ਮਿਲੈ ਗੋਬਿੰਦ ॥ ਜੋਤਿ ਸਰੂਪੀ, ਤਤ ਅਨੂਪ ॥ ਅਮਲ, ਨ ‘ਮਲ’ ਨ ਛਾਹ, ਨਹੀ ਧੂਪ ॥ (ਕਬੀਰ ਜੀ/344)

ਅਰਥ : (ਗੁਰੂ ਬਖ਼ਸ਼ੇ ਉੱਦਮ ਨਾਲ) ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ, ਪਰਮਾਤਮਾ ਮਿਲ ਪੈਂਦਾ ਹੈ, ਜੋ ਨਿਰਾ ਨੂਰ ਹੀ ਨੂਰ ਹੈ, ਜੋ ਸਾਰੇ ਜਗਤ ਦਾ ਅਸਲ ਮੂਲ ਹੈ ਕਿਉਂਕਿ ਉਸ ਵਰਗਾ ਹੋਰ ਕੋਈ ਨਹੀਂ, ਵਿਕਾਰਾਂ ਦੀ ਕੋਈ ਭੀ ਮੈਲ ਨਹੀਂ, ਨਾ ਉਸ ਵਿੱਚ ਅਗਿਆਨਤਾ ਦਾ ਹਨੇਰਾ ਹੈ ਤੇ ਨਾ ਹੀ ਤ੍ਰਿਸ਼ਨਾ ਆਦਿਕ ਵਿਕਾਰਾਂ ਦੀ ਅੱਗ ਹੈ। (ਐਸੇ ਪਰਮਾਤਮਾ ਨਾਲ ਮੇਲ਼ ਹੋਇਆਂ) ਸਾਰੇ ਸੰਸਾਰ ਵਿੱਚ ਮਨੁੱਖ ਵਾਸਤੇ ਵੀ ਅਨੰਦ ਹੀ ਅਨੰਦ ਹੁੰਦਾ ਹੈ ।

3. ਅੰਤਰਿ ਮੈਲੁ ਲਗੀ, ਨਹੀ ਜਾਣੈ ; ਬਾਹਰਹੁ ‘ਮਲਿ ਮਲਿ’ ਧੋਵੈ ॥ (ਮ: 1/139)

ਅਰਥ : ਮਨ ਵਿੱਚ ਲੱਗੀ ਹੋਈ ਮੈਲ਼ ਦੀ ਮਨੁੱਖ ਨੂੰ ਖ਼ਬਰ ਨਹੀਂ (ਸਦਾ ਸਰੀਰ ਨੂੰ) ਬਾਹਰੋਂ ਹੀ ਮਲ ਮਲ ਕੇ ਧੋਂਦਾ ਰਹਿੰਦਾ ਹੈ।

ਉਚਾਰਨ ਸੇਧ : ਤੁਕ ਨੰ: 1. ਵਿੱਚ ‘ਮਲ’ ਦਾ ਅਰਥ ਹੈ ‘ਮੱਲ, ਪਹਿਲਵਾਨ’ ਉਚਾਰਨ ਅੱਧਕ ਸਹਿਤ ਹੈ : ‘ਮੱਲ’।

2, ਤੁਕ ਨੰ: 2 ਵਿੱਚ ‘ਮਲ’ ਦਾ ਅਰਥ ਹੈ, ‘ਮੈਲ਼’ ਉਚਾਰਨ ਹੈ ਬਿਨਾਂ ਬਿੰਦੀ ਤੋਂ ‘ਮਲ਼’

3. ਤੁਕ ਨੰ: 3 ਵਿੱਚ ‘ਮਲਿ ਮਲਿ’ (ਕਿਰਿਆ ਵਿਸ਼ੇਸ਼ਣ) ਦਾ ਅਰਥ ਹੈ ‘ਮਲ ਮਲ ਕੇ’ ਉਚਾਰਨ ਹੈ, ‘ਮਲ-ਮਲ’ ਬਿਨਾਂ ਬਿੰਦੀ ਤੋਂ।

(ਖ). ਲਗ, ਲਗਾ

1. ਆਪਸ ਕਉ ਦੀਰਘੁ ਕਰਿ ਜਾਨੈ ; ਅਉਰਨ ਕਉ ‘ਲਗ’ ਮਾਤ ॥ ਮਨਸਾ ਬਾਚਾ ਕਰਮਨਾ ; ਮੈ ਦੇਖੇ, ਦੋਜਕ ਜਾਤ ॥ (ਕਬੀਰ ਜੀ/1105)

ਅਰਥ : ਜੋ ਮਨੁੱਖ ਮਨ, ਬਚਨ ਜਾਂ ਕਰਮ ਦੁਆਰਾ ਹੋਰਨਾਂ ਨੂੰ ਤੁੱਛ ਜਾਣਦੇ ਹਨ ਤੇ ਆਪਣੇ ਆਪ ਨੂੰ ਵੱਡੇ ਸਮਝਦੇ ਹਨ, ਐਸੇ ਬੰਦੇ ਮੈਂ ਦੋਜ਼ਕ ਜਾਂਦੇ ਵੇਖੇ ਹਨ (ਭਾਵ ਨਿੱਤ ਇਹ ਵੇਖਣ ਵਿੱਚ ਆਉਂਦਾ ਹੈ ਕਿ ਅਜਿਹੇ ਹੰਕਾਰੀ ਮਨੁੱਖ ਹਉਮੈ ਵਿੱਚ ਇਉਂ ਦੁਖੀ ਹੁੰਦੇ ਹਨ, ਜਿਵੇਂ ਦੋਜ਼ਕ ਦੀ ਅੱਗ ਵਿੱਚ ਸੜ ਰਹੇ ਹੋਣ)।

2. ਬਿਨੁ ਗੁਰ, ਬੂਡੋ, ਠਉਰ ਨ ਪਾਵੈ ; ਜਬ ‘ਲਗ’ ਦੂਜੀ ਰਾਈ ॥ (ਮ: 1/1330)

ਅਰਥ : (ਜ਼ਿੰਦਗੀ ਦਾ ਇਕ-ਇਕ ਦਿਨ ਆਉਂਦਾ ਜਾਂਦਾ ਹੈ ਤੇ ਉਮਰ ਘਟ ਰਹੀ ਹੈ; ਪਰ ਮਾਇਆ ਤੋਂ ਉਪਰਾਮਤਾ ਨਾ ਮਿਲੀ) ਗੁਰੂ ਦੀ ਸ਼ਰਨ ਆਉਣ ਤੋਂ ਬਿਨਾਂ ਜੀਵ (ਇਸ ਮਾਇਆ ਮੋਹ ’ਚ) ਡੁੱਬਾ ਰਹਿੰਦਾ ਹੈ। ਜਦੋਂ ਤੱਕ ਇਸ ਦੇ ਅੰਦਰ ਰੱਤਾ ਭਰ ਭੀ ਮਾਇਆ ਦੀ ਪ੍ਰੀਤ ਕਾਇਮ ਰਹੇਗੀ, ਭਟਕਦੇ ਫਿਰਦੇ ਮਨੁੱਖ ਨੂੰ (ਆਤਮਕ ਸੁਖ ਦੀ) ਥਾਂ ਨਹੀਂ ਲੱਭਦੀ

ਉਚਾਰਨ ਸੇਧ : ‘ਲਗ’ ਸ਼ਬਦ ਬਣਤਰ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੇਵਲ ਉਕਤ ਦੋਵੇਂ ਤੁਕਾਂ ਵਿੱਚ ਹੀ ਦਰਜ ਹੈ। ਤੁਕ ਨੰ: 1 ਵਿੱਚ ‘ਲਗ ਮਾਤ’ ਦਾ ਅਰਥ ਹੈ ਅੱਖਰਾਂ ਨੂੰ ਲੱਗਣ ਵਾਲੀ ‘ਲਗ ਮਾਤਰਾ’। ਇਸ ਤੁਕ ਵਿੱਚ ‘ਲਗ ਮਾਤ’ ਦਾ ਭਾਵ ਹੈ ‘ਤੁੱਛ ਮਾਤਰ’ ਅਤੇ ਤੁਕ ਨੰ: 2 ਵਿੱਚ ‘ਜਬ ਲਗ’ ਦਾ ਅਰਥ ਹੈ ‘ਜਦੋਂ ਤੱਕ’।  ਵੈਸੇ ਦੋਵਾਂ ਹੀ ਤੁਕਾਂ ਵਿੱਚ ਉਚਾਰਨ ਬਿਨਾਂ ‘ਅੱਧਕ’ ਕਰਨਾ ਯੋਗ ਹੈ, ਪਰ।

3. ਚਰਨ ਕਮਲ ਸਿਉ ਰੰਗੁ ‘ਲਗਾ’, ਅਚਰਜ ਗੁਰਦੇਵ ॥ (ਮ: 5/814)

ਅਰਥ : ਹੇ ਭਾਈ! ਗੁਰੂ ਦੀ ਇਹ ਅਚਰਜ ਵਡਿਆਈ ਹੈ ਕਿ ਉਸ ਦੀ ਕਿਰਪਾ ਨਾਲ ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਪ੍ਰੀਤ ਲੱਗ ਜਾਂਦੀ ਹੈ।

4. ਚੇਤਿ ਮਿਲਾਏ ਸੋ ਪ੍ਰਭੂ, ਤਿਸ ਕੈ ਪਾਇ ‘ਲਗਾ’ (ਲੱਗਾਂ)॥ (ਮ: 5/133)

ਅਰਥ : ਜੇਹੜਾ ਮਨੁੱਖ ਮੈਨੂੰ ਹਰੀ ਦਾ ਮਿਲਾਪ ਕਰਾ ਦੇਵੇ ਮੈਂ ਉਸ ਦੀ ਚਰਨੀਂ ਲੱਗਦਾਂ ਹਾਂ।

ਉਚਾਰਨ ਸੇਧ: ‘ਲਗਾ’ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ 68 ਵਾਰ ਆਇਆ ਹੈ, ਇਨ੍ਹਾਂ ਦਾ ਉਚਾਰਨ ਹਰ ਵਾਰ ਪ੍ਰਕਰਨ ਅਨੁਸਾਰ ‘ਲੱਗਾ’ (ਅਨ੍ਯ ਪੁਰਖ ਇੱਕ ਵਚਨ ਕਿਰਿਆ) ਜਾਂ ‘ਲੱਗਾਂ’ (ਉਤਮ ਪੁਰਖ ਇੱਕ ਵਚਨ ਕਿਰਿਆ) ਕਰਨਾ ਠੀਕ ਰਹੇਗਾ।

ਕਾਰਕੀ ਅਰਥਾਂ ’ਚ ਸ਼ਬਦ-ਜੋੜ ‘ਲਗਿ, ਲਗੁ’ ਕਈ ਵਾਰ ਆਏ ਹਨ, ਜਿਨ੍ਹਾਂ ਦਾ ਉਚਾਰਨ ‘ਲੱਗ’ ਕਰਨਾ ਹੀ ਯੋਗ ਹੋਵੇਗਾ। ਇਸੇ ਤਰ੍ਹਾਂ ਕਿਰਿਆ ਦੇ ਵੀ ਵੱਖ ਵੱਖ ਰੂਪ ਹਨ, ‘ਲਗੀ, ਲਗੇ, ਲਗੈ, ਲਗਹ, ਲਗਹਿ, ਲਗਹੁ, ਲਗੋ, ਲਗਉ’, ਆਦਿ, ਇਨ੍ਹਾਂ ਸਭਨਾਂ ਦਾ ਉਚਾਰਨ ‘ਅੱਧਕ’ ਸਹਿਤ ਕਰਮਵਾਰ ‘ਲੱਗੀ, ਲੱਗੇ, ਲੱਗੈ, ਲੱਗੈਂ, ਲੱਗੋ, ਲਗਉਂ’ ਕਰਨਾਂ ਹੀ ਠੀਕ ਰਹੇਗਾ। ਇਸੇ ਤਰ੍ਹਾਂ ਗੁਰਬਾਣੀ ਵਿੱਚ ਵਰਤੇ ਗਏ ਹੋਰ ਸ਼ਬਦ ‘ਚੁਪ, ਰੁਖ, ਸਪੁ, ਮੁਠਾ, ਠਗ, ਇਕ, ਹਿਕ, ਵਿਖ, ਬਿਖ, ਚਕੁ, ਸਚ, ਚਲ, ਹਲੇ, ਬੁਕਿ, ਬੁਕ, ਹਟ, ਹੁਟੈ, ਸਟ, ਸੁਟ, ਸੁਟੇ, ਪਟ, ਜਗ, ਚਖ, ਲਥਾ, ਮਿਠਾ, ਫਿਕਾ, ਚਿਟੇ ਆਦਿਕ ਸ਼ਬਦਾਂ ਦੇ ਸਾਰੇ ਰੂਪ ਹੀ ਅੱਧਕ ਸਹਿਤ ਉਚਾਰਨ ਕਰਨੇ ਯੋਗ ਹਨ।

—ਚਲਦਾ —