ਚਿੱਠੀ ਨੰ: 29 ਮਿਤੀ 2 ਮਈ 2018 (ਕਿਰਪਾਲ ਸਿੰਘ ਬਠਿੰਡਾ ਵੱਲੋਂ ਕਰਨਲ ਨਿਸ਼ਾਨ ਜੀ ਵੱਲ ਪੱਤਰ)

0
446

ਚਿੱਠੀ ਨੰ: 29 ਮਿਤੀ 2 ਮਈ 2018 (ਕਿਰਪਾਲ ਸਿੰਘ ਬਠਿੰਡਾ ਵੱਲੋਂ ਕਰਨਲ ਨਿਸ਼ਾਨ ਵੱਲ ਪੱਤਰ)

ਸਤਿਕਾਰਯੋਗ ਲੈਫ: ਕਰਨਲ ਸੁਰਜੀਤ ਸਿੰਘ ਨਿਸ਼ਾਨ ਸਾਹਿਬ ਜੀ !

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥

ਵਿਸ਼ਾ : ਕੈਲੰਡਰ ਦੀਆਂ ਤਾਰੀਖ਼ਾਂ ਬਾਰੇ ਅਸਹਿਮਤੀ ।

ਕਰਨਲ ਸਾਹਿਬ ਜੀ ! 20 ਮਾਰਚ ਤੋਂ ਅੱਜ ਮਿਤੀ 2 ਮਈ ਤੱਕ ਭਾਵ 43 ਦਿਨਾਂ ਵਿੱਚ ਸ: ਸਰਬਜੀਤ ਸਿੰਘ ਸੈਕਰਾਮੈਂਟੋ, ਤੁਹਾਡੇ ਅਤੇ ਮੇਰੇ ਵਿੱਚਕਾਰ ਹੁਣ ਤੱਕ ਹੋਏ ਪੱਤਰ ਵਿਹਾਰ ਦੀਆਂ ਕੁੱਲ 28 ਚਿੱਠੀਆਂ ਗੁਰਪ੍ਰਸਾਦ.ਕਾਮ (http://gurparsad.com/category/nanakshahi-calendar-debate/ ) ’ਤੇ ਤਰਤੀਬਵਾਰ ਅਪਡੇਟ ਹੋ ਚੁੱਕੀਆਂ ਹਨ, ਪਰ ਬੜੇ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਤੁਹਾਥੋਂ ਪੁੱਛੇ ਗਏ ਕਿਸੇ ਇੱਕ ਵੀ ਸਵਾਲ ਦਾ ਹਾਂ ਜਾਂ ਨਾਂਹ ਵਿੱਚ ਕੋਈ ਵੀ ਜਵਾਬ ਨਹੀਂ ਦਿੱਤਾ ਅਤੇ ਨਾ ਹੀ ਤੁਸੀਂ ਆਪਣੇ ਕੱਦ ਕਾਠ ਅਤੇ ਵਿਦਵਤਾ ਭਰਪੂਰ ਸ਼ਬਦਾਵਲੀ ਜਿਵੇਂ ਕਿ ਇੱਥੇ ਮੈਨੂੰ ਆਪਣਾ ਪੱਖ ਹੋਰ ਵਿਚਾਰਨਾ ਚਾਹੀਦਾ ਹੈ ਤੇ ਇੱਥੇ ਤੁਹਾਨੂੰ ਵਿਚਾਰ ਕਰਨ ਦੀ ਜ਼ਰੂਰਤ ਹੈ, ਵਾਙ ਕੋਈ ਵੀ ਜਵਾਬ ਨਹੀਂ ਦਿੱਤਾ।

ਸ: ਸਰਬਜੀਤ ਸਿੰਘ ਦੇ ਪਹਿਲੇ ਪੱਤਰ ਰਾਹੀਂ ਸਵਾਲ ਇੱਥੋਂ ਸ਼ੂਰੂ ਹੋਇਆ ਸੀ ਕਿ ਤੁਹਾਡੀ ਪੁਸਤਕ ਦੇ ਪੰਨਾ ਨੰ: 85 ਉੱਪਰ ਦਿੱਤੇ ਗਏ ਸੰਮਤ 550 ਦੇ ਗੁਰ ਪੁਰਬਾਂ ਦੀ ਸੂਚੀ ਵਿੱਚ ਕੁਝ ਤਰੀਖਾਂ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਕੈਲੰਡਰ ਸੰਮਤ 550 ਵਿੱਚ ਦਰਜ ਕੀਤੀਆਂ ਤਰੀਖਾਂ ਵਿੱਚ ਬੜਾ ਫਰਕ ਹੈ। ਇਸ ਲਈ ਦੋਵਾਂ ਵਿੱਚੋਂ ਕਿਸੇ ਇੱਕ ਦੀਆਂ ਤਰੀਖਾਂ ਤਾਂ ਜਰੂਰ ਗਲਤ ਹੋਣਗੀਆਂ। ਸੋ ਦੱਸਿਆ ਜਾਵੇ ਕਿ ਦੋਵਾਂ ਵਿੱਚੋਂ ਕਿਸ ਦੀਆਂ ਤਰੀਖਾਂ ਕਿੱਥੇ ਅਤੇ ਕਿਉਂ ਗਲਤ ਹਨ ? ਪਰ ਹੁਣ ਤੱਕ ਤੁਸੀਂ ਸਵਾਲੀਆ ਬਣ ਜਾਂ ਉਸਤਾਦ ਬਣ ਕੋਈ ਤਸੱਲੀ ਬਖ਼ਸ਼ ਭੂਮਿਕਾ ਨਾ ਨਿਭਾਈ। ਕਿਸੇ ਇੱਕ ਵਿਅਕਤੀ ਦੁਆਰਾ ਵਰਤੀ ਗਈ ਕੁਝ ਸ਼ਬਦਾਵਲੀ ਵਿਚ ਹੀ ਚਿੰਤਤ ਰਹੇ ਤੇ ਅਸਲ ਵਿਸ਼ੇ ਦੀ ਬਜਾਏ ਤੁਹਾਡੇ ਅਣਉਚਿਤ ਜਵਾਬਾਂ ਕਾਰਨ ਸ਼ੰਕਿਆਂ ਦੀ ਨਵਿਰਤੀ ਦੀ ਬਜਾਏ ਸਵਾਲਾਂ ਦੀ ਗਿਣਤੀ ਲਗਾਤਾਰ ਵਧਦੀ ਗਈ ।

ਇੱਕ ਪਾਸੇ ਤੁਸੀਂ ਆਪਣੀਆਂ ਤਰੀਖਾਂ ਨੂੰ 100% ਸਹੀ ਦੱਸ ਰਹੇ ਹੋ ਤੇ ਦੂਸਰੇ ਪਾਸੇ ਭਾਵੇਂ ਪਹਿਲੇ ਹੀ ਜਵਾਬ ਵਿੱਚ ਤੁਸੀਂ ਅਸਿੱਧੇ ਤੌਰ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਦੀ ਤਰੀਖ ਨੂੰ ਗ਼ਲਤ ਵੀ ਦੱਸ ਦਿੱਤਾ; ਜਿਸ ਦਾ ਕਾਰਨ ਤੁਸੀਂ ਇਹ ਦੱਸਿਆ ਕਿ ਸ਼ਹੀਦੀ ਦਿਹਾੜਾ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਪੁਰਬ ਤੋਂ 40 ਦਿਨ ਬਾਅਦ ਵਿਖਾਇਆ ਗਿਆ ਹੈ ਜਦੋਂ ਕਿ ਇਤਿਹਾਸ ਮੁਤਾਬਿਕ 11 ਦਿਨਾਂ ਦਾ ਫਰਕ ਹੈ, ਪਰ ਅਗਲੀ ਹੀ ਚਿੱਠੀ ਵਿੱਚ ਲਿਖ ਦਿੱਤਾ ਕਿ ਸ਼੍ਰੋਮਣੀ ਕਮੇਟੀ ਦੇ ਫੈਸਲੇ ’ਤੇ ਕਿੰਤੂ ਪ੍ਰੰਤੂ ਕਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਇਕੋ ਸਮੇਂ ’ਤੇ ਦੋ ਆਪਾ ਵਿਰੋਧੀ ਗੱਲਾਂ ਕਰਨ ਵਾਲੇ ਲਈ ਕਿਹੜੇ ਸ਼ਬਦ ਬੋਲੀਏ ?  ਮੈਂ ਤੁਹਾਡੇ ਲਈ ਕੋਈ ਵਿਵਾਦਤ ਸ਼ਬਦ ਬੋਲਣ ਤੋਂ ਗੁਰੇਜ਼ ਕਰ ਰਿਹਾ ਹਾਂ ਕਿਉਂਕਿ ਤੁਸੀਂ ਤਾਂ ਵੀਚਾਰ ਚਰਚਾ ’ਚੋਂ ਭੱਜਣ ਲਈ ਸ: ਅਜੀਤ ਸਿੰਘ ਦੀ ਮਿਸਾਲ ਦੇ ਕੇ ਪਹਿਲਾਂ ਹੀ ਬਹਾਨਾ ਬਣਾ ਮਨ ਘੜੀ ਬੈਠੇ ਹੋ ਜਦ ਕਿ ਤੁਹਾਡੇ ਪਹਿਲੇ ਹੀ ਇਤਰਾਜ ਪਿੱਛੋਂ ਸ: ਅਜੀਤ ਸਿੰਘ ਨੇ ਆਪਣੇ ਆਪ ਨੂੰ ਇਸ ਗਰੁੱਪ ਤੋਂ ਵੱਖ ਕਰ ਲਿਆ ਸੀ ਅਤੇ ਹੁਣ ਤੱਕ ਉਸ ਨੇ ਕੋਈ ਵੀ ਚੰਗਾ ਜਾਂ ਮਾੜਾ ਕੁਮੈਂਟ ਨਹੀਂ ਕੀਤਾ, ਜਦੋਂ ਕਿ ਸਰਬਜੀਤ ਸਿੰਘ ਜੀ ਨੇ ਲਿਖ ਵੀ ਦਿੱਤਾ ਸੀ ਕਿ ਕਿਸੇ ਵੀ ਸਨਮਾਨਤ ਸ਼ਖ਼ਸੀਅਤ ਲਈ ਅਪਸ਼ਬਦ ਵਰਤੇ ਜਾਣੇ ਗ਼ਲਤ ਹਨ। ਇੱਥੇ ਗੱਲ ਖਤਮ ਹੋ ਜਾਣੀ ਚਾਹੀਦੀ ਸੀ ਪਰ ਤੁਹਾਨੂੰ ਜਦ ਕੋਈ ਹੋਰ ਜਵਾਬ ਨਾ ਸੁਝਦਾ ਤਾਂ ਤੁਸੀਂ ਪੁੱਛੇ ਗਏ ਸਵਾਲਾਂ ਤੋਂ ਧਿਆਨ ਹਟਾ ਕੇ ਉਨ੍ਹਾਂ ਨੂੰ ਖੂਹ ਖਾਤੇ ਪਾਉਣ ਲਈ ਕਦੀ ਤਾਂ 27 ਅਪ੍ਰੈਲ ਨੂੰ ਲਿਖੀ ਆਪਣੀ ਚਿੱਠੀ ਨੰ: 23 ਵਿੱਚ ਖੁਲ੍ਹੇ ਤੌਰ ’ਤੇ ਚੁਣੌਤੀ ਦੇ ਕੇ ਲਿਖਿਆ ਹੈ ਕਿ ਤੁਸੀਂ ਚਿਰਾਂ ਤੋਂ ਇੱਕ ਲੱਖ ਰੁਪਈਆ ਇਨਾਮ ਦੇਣ ਵਜੋਂ ਚੁੱਕੀ ਫਿਰਦੇ ਹੋ ਪਰ ਕਿਸੇ ਮਰਦ ਵਿੱਚ ਹਿੰਮਤ ਨਹੀਂ ਪਈ ਕਿ ਪੁਰੇਵਾਲ ਦੇ ਨਾਨਕਸ਼ਾਹੀ ਕੈਲੰਡਰ ਦੀਆਂ ਤਰੀਖਾਂ ਨੂੰ ਸਹੀ ਸਿੱਧ ਕਰ ਕੇ ਇਹ ਇਨਾਮ ਜਿੱਤ ਸਕੇ, ਪਰ ਜਦ ਸਰਬਜੀਤ ਸਿੰਘ ਨੇ ਆਪ ਜੀ ਨੂੰ ਯਾਦ ਕਰਵਾਇਆ ਕਿ ਉਨ੍ਹਾਂ ਨੇ ਪਹਿਲਾਂ ਹੀ ਦਸੰਬਰ 2017 ਵਿੱਚ ਤੁਹਾਡੀ ਚੁਣੌਤੀ ਕਬੂਲ ਕਰ ਲਈ ਸੀ ਤੇ ਮਿਤੀ 17 ਅਪ੍ਰੈਲ ਨੂੰ ਚਿੱਠੀ ਨੰ: 18 ਰਾਹੀਂ ਤੁਹਾਨੂੰ ਮੁੜ ਚੇਤਾ ਵੀ ਕਰਵਾਇਆ ਗਿਆ।ਉਸ ਤੋਂ ਪਿੱਛੋਂ ਵੀ ਤੁਸੀਂ ਵੀਚਾਰ ਚਰਚਾ ਵਿੱਚ ਸ਼ਾਮਲ ਰਹੇ ਤਾਂ ਅਚਾਨਕ 29 ਅਪ੍ਰੈਲ ਨੂੰ ਐਸਾ ਕੀ ਵਾਪਰਿਆ ਜਿਸ ਨੇ ਤੁਹਾਨੂੰ ਮੁੜ ਆਖਰੀ ਫ਼ਤਿਹ ਬੁਲਾਉਣ ਲਈ ਮਜਬੂਰ ਕਰ ਦਿੱਤਾ।

ਕਿਰਪਾ ਕਰ ਕੇ ਕੀ ਇਹ ਵੀ ਦੱਸ ਸਕਦੇ ਹੋ ਕਿ ਸ: ਅਜੀਤ ਸਿੰਘ ਜੀ ਨੇ ਤੁਹਾਡੇ ਲਈ ਕਿਹੜੇ ਅਪਸ਼ਬਦ ਤੇ ਕਿਹੜੀ ਤਰੀਖ ਨੂੰ ਵਰਤੇ ਸਨ ? ਕੀ ਤੁਹਾਡੇ ਵੱਲੋਂ ਇਤਰਾਜ਼ ਉਠਾਏ ਜਾਣ ਬਾਅਦ ਉਸ ਨੇ ਦੁਬਾਰਾ ਕਦੀ ਅਜਿਹੇ ਸਬਦ ਵਰਤੇ ਜਾਂ ਕੀ ਉਸ ਤੋਂ ਬਾਅਦ ਉਹ ਆਪਣੇ ਈ-ਮੇਲ ਗਰੁੱਪ ਵਿੱਚ ਸ਼ਾਮਲ ਵੀ ਹੈ ਜਾਂ ਉਹ ਇਸ ਗਰੁੱਪ ਨੂੰ ਛੱਡ ਚੁੱਕਾ ਹੈ। ਜੇ ਉਸ ਸਮੇਂ ਤੋਂ ਬਾਅਦ ਉਸ ਨੇ ਕੋਈ ਕੁਮੈਂਟ ਕੀਤਾ ਨਹੀਂ ਅਤੇ ਹੁਣ ਉਹ ਇਸ ਗਰੁੱਪ ਵਿੱਚ ਸ਼ਾਮਲ ਵੀ ਨਹੀਂ ਤਾਂ ਤੁਸੀਂ ਸਾਡੇ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ਦੀ ਬਜਾਇ ਉਸ ਦਾ ਨਾਮ ਵਰਤ ਕੇ ਵਿਚਾਰ-ਚਰਚਾ ਵਿੱਚੋਂ ਭੱਜਣ ਦੇ ਬਹਾਨੇ ਨੂੰ ਕਿਵੇਂ ਜਾਇਜ਼ ਠਹਿਰਾ ਸਕਦੇ ਹੋ ?

ਸ: ਸਰਬਜੀਤ ਸਿੰਘ ਨੂੰ ਸੰਬੋਧਨ ਹੁੰਦਿਆਂ, ਚਿੱਠੀ ਦੇ ਅਖੀਰ ’ਤੇ ਤੁਸੀਂ ਇਹ ਵੀ ਲਿਖਿਆ ਹੈ; “ਬਾਕੀ ਰਹੀ ਗੱਲ 1 ਲੱਖ ਦੇ ਇਨਾਮ ਦੀ ਮੈਂ ਅੱਗੇ ਵੀ ਕਈ ਵਾਰ ਲਿਖ ਚੁੱਕਾ ਹਾਂ ਕਿ ਤੁਹਾਡਾ ਜਦੋਂ ਜੀਅ ਕਰੇ ਰੇਡੀਓ ਸ਼ੇਰੇ ਪੰਜਾਬ ਵਾਲੇ ਸ: ਕੁਲਦੀਪ ਸਿੰਘ ਨਾਲ ਆ ਕੇ ਇਹ ਸਿੱਧ ਕਰ ਦਿਓ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼, ਜੋ ਪੋਹ ਸੁਦੀ 7, 23 ਪੋਹ ਬਿਕ੍ਰਮੀ/198 ਨਾਨਕਸ਼ਾਹੀ, 22-12-1666 ਨੂੰ ਹੈ ਉਸ ਦਿਨ ਨਾਨਕਸ਼ਾਹੀ (ਸੂਰਜੀ ਪੁਰੇਵਾਲ) ਮੁਤਾਬਕ 23 ਪੋਹ ਸੰਮਤ 198 ਮੁਤਾਬਕ 5 ਜਨਵਰੀ ਸੀ, ਇਸ ਬਦਲੇ 1 ਲੱਖ ਦਾ ਇਨਾਮ ਹਾਸਲ ਕਰ ਲਿਓ, ਪਰ ਤੁਸੀਂ ਹੀ ਹਾਲੀ ਤੱਕ ਇਹ ਹੌਸਲਾ ਨਹੀਂ ਕੀਤਾ। ਬਾਕੀ ਇਹ ਲਿਖੀ ਜਾਣਾ ਕਿ ਮੈਂ ਮੁੱਕਰ ਗਿਆ ਹਾਂ, ਇਹ ਸੱਚ ਨਹੀਂ।”

ਤੁਹਾਡੀ ਇਸ ਚੁਣੌਤੀ ਦੇ ਜਵਾਬ ’ਚ ਸ: ਸਰਬਜੀਤ ਸਿੰਘ ਨੇ ਤੁਰੰਤ ਲਿਖ ਦਿੱਤਾ ਕਿ “ਕਰਨਲ ਨਿਸ਼ਾਨ ਜੀ !  ਸ: ਕੁਲਦੀਪ ਸਿੰਘ ਨਾਲ, ਉਸ ਦੇ ਪ੍ਰੋਗਰਾਮ ਵਿੱਚ ਵਿਚਾਰ ਕਰਨ ਲਈ ਦਿਨ ਅਤੇ ਸਮਾਂ ਨਿਸ਼ਚਿਤ ਕਰ ਕੇ, ਮੈਨੂੰ ਸੂਚਿਤ ਕਰ ਦੇਣਾ ਜੀ। ਮੈਂ ਹਾਜ਼ਰ ਹੋ ਜਾਵਾਂਗਾ।” ਪਰ ਤੁਸੀਂ ਇਸ ਦਾ ਵੀ ਹੁਣ ਤੱਕ ਕੋਈ ਜਵਾਬ ਨਾ ਦਿੱਤਾ ਤਾਂ ਤੁਹਾਡੇ ਇਸ ਵਿਵਹਾਰ ਤੋਂ ਜਾਪਦਾ ਹੈ ਕਿ ਤੁਸੀਂ ਵਾਰ-ਵਾਰ ਸ: ਅਜੀਤ ਸਿੰਘ ਜੀ ਦਾ ਨਾਮ ਲੈ ਕੇ ਵੀਚਾਰ ਚਰਚਾ ’ਚੋਂ ਭੱਜਣ ਦਾ ਰਾਹ ਲੱਭ ਰਹੇ ਸੀ, ਜੋ ਤੁਸਾਂ ਸਹੀ ਵਕਤ ਸਮਝ ਲਿਆ।

ਮੈਂ ਚਾਹੁੰਦਾ ਹਾਂ ਕਿ ਤੁਹਾਡੇ ’ਤੇ ਇਹ ਕਲੰਕ ਨਾ ਲੱਗੇ ਕਿ ਤੁਸੀਂ ਆਪਣੇ ਵਾਅਦੇ ਤੋਂ ਵਾਰ-ਵਾਰ ਮੁੱਕਰ ਰਹੇ ਹੋ ਤੇ ਆਪਣੀ ਪੁਸਤਕ ਵਿੱਚ ਦਰਜ ਤਰੀਖਾਂ ਸਬੰਧੀ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ਲਈ ਸਮਰੱਥ ਨਹੀਂ, ਇਸ ਲਈ ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਜੇ ਤੁਸੀਂ ਪਹਿਲ ਦੇ ਆਧਾਰ ’ਤੇ ਸ: ਕੁਲਦੀਪ ਸਿੰਘ ਸ਼ੇਰੇ ਪੰਜਾਬ ਵਾਲੇ ਨਾਲ ਵੀ ਗੱਲ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਮੈਨੂੰ ਦੱਸੋ ਮੈਂ ਸ: ਕੁਲਦੀਪ ਸਿੰਘ ਜੀ ਨੂੰ ਬੇਨਤੀ ਕਰ ਦਿੰਦਾ ਹਾਂ ਕਿ ਉਹ ਤੁਹਾਡੇ ਦੋਵਾਂ ਨਾਲ ਗੱਲ ਕਰ ਕੇ ਵੀਚਾਰ ਚਰਚਾ ਦਾ ਸਮਾਂ ਤੈਅ ਕਰ ਲੈਣਗੇ।

ਬਾਕੀ ਰਹੀ ਮੇਰੇ ਸਵਾਲਾਂ ਦੇ ਜਵਾਬ ਦੀ ਗੱਲ; ਮੈ ਆਪਣੀ ਚਿੱਠੀ ਨੰ: 20 ਵਿੱਚ ਸਵਾਲ ਨੰ: 3 ਵਿੱਚ ਵਿਸ਼ੇਸ਼ ਤੌਰ ’ਤੇ ਲਿਖਿਆ ਸੀ ਕਿ ਤੁਹਾਡੀ ਪੁਸਤਕ ਦੇ ਪੰਨਾ ਨੰ: 84 ਉੱਪਰ ਸੰਮਤ ਨਾਨਕਸ਼ਾਹੀ 549 ਵਿੱਚ ਆਉਣ ਵਾਲੇ ਪੁਰਬਾਂ ਦੀ ਸੂਚੀ ਦਾ ਸ਼੍ਰੋਮਣੀ ਕਮੇਟੀ ਵੱਲੋਂ ਪਿਛਲੇ ਸਾਲ ਸੰਮਤ 549 ਲਈ ਜਾਰੀ ਕੀਤੇ ਗਏ ਕੈਲੰਡਰ ਨਾਲ ਮਿਲਾਣ ਕਰ ਕੇ ਵੇਖਿਆ ਤਾਂ ਪਤਾ ਲੱਗਾ ਕਿ ਪਿਛਲੇ ਸਾਲ ਵੀ ਗੁਰਗੱਦੀ ਪੁਰਬ ਗੁਰੂ ਅਮਰਦਾਸ ਜੀ ਅਤੇ ਹਾੜ ਮਹੀਨੇ ਦੀ ਸੰਗ੍ਰਾਂਦ ਦਾ ਇੱਕ ਇੱਕ ਦਿਨ ਦਾ ਫ਼ਰਕ ਸੀ; ਗੁਰਗੱਦੀ ਪੁਰਬ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਜੋਤੀ ਜੋਤ ਪੁਰਬ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਤਰੀਖ਼ 10 ਅਪਰੈਲ ਭਾਵੇਂ ਦੋਵਾਂ ਦੀ ਸਮਾਨ ਸੀ ਪਰ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ 10 ਅਪਰੈਲ ਦਿਨ ਸੋਮਵਾਰ ਸੀ ਜਦ ਕਿ ਤੁਹਾਡੀ ਪੁਸਤਕ ਵਿੱਚ 10 ਅਪਰੈਲ ਨੂੰ ਐਤਵਾਰ। ਇੱਕ ਦਿਨ ਦਾ ਇਹ ਫ਼ਰਕ ਕਿਉਂ ?

ਇਸ ਪੱਤਰ ਦੇ ਜਵਾਬ ਵਿੱਚ ਤੁਸੀਂ ਆਪਣੇ ਪੱਤਰ ਨੰ: 21 ਵਿੱਚ ਉਲਟਾ ਲਿਖ ਦਿੱਤਾ:  “ਕੀ ਇਹ ਤੁਸੀਂ ਜਾਣ ਬੁੱਝ ਕੇ ਭੰਬਲਭੂਸਾ ਪੈਦਾ ਨਹੀਂ ਕਰ ਰਹੇ। ਗੁਰਪੁਰਬ ਦਰਪਣ ਵਿਚ ਤਾਂ ਸੋਮਵਾਰ ਹੀ ਲਿਖਿਆ ਹੈ ਤੁਸੀਂ ਐਤਵਾਰ ਕਿੱਥੋਂ ਪੜ੍ਹ ਲਿਆ ? ਅਗਲੇ ਹੀ ਦਿਨ ਪੱਤਰ ਨੰ: 23 ਵਿੱਚ ਲਿਖ ਦਿੱਤਾ : “ਤੁਹਾਡਾ ਇਹ ਲਿਖਣਾ ਕਿ ਮੇਰੀਆਂ ਤਾਰੀਖ਼ਾਂ ਗ਼ਲਤ ਹਨ ਇਹ ਤੁਹਾਡੇ ਲਫ਼ਜ਼ਾਂ ਦੀ ਹੇਰਾ ਫੇਰੀ ਤੋਂ ਵੱਧ ਕੁੱਝ ਨਹੀਂ। ਜੇ ਮੇਰੀ ਇੱਕ ਤਾਰੀਖ਼ ਸ਼੍ਰੋਮਣੀ ਕਮੇਟੀ ਨਾਲ ਨਹੀਂ ਮਿਲਦੀ ਤਾਂ ਉਸ ਦੇ ਕਈ ਕਾਰਨ ਹੋ ਸਕਦੇ ਹਨ ਪਰ ਇਸ ਦਾ ਇਹ ਮਤਲਬ ਨਹੀਂ ਕਿ ਮੇਰੀ ਤਾਰੀਖ਼ ਗ਼ਲਤ ਹੈ। ……… ਮੈਂ ਤੁਹਾਨੂੰ ਫਿਰ ਬੇਨਤੀ ਕਰਦਾ ਹਾਂ ਕਿ ਠੰਢੇ ਦਿਮਾਗ਼ ਨਾਲ ਰੰਗੀਨ ਐਨਕਾਂ ਦੀ ਥਾਂ ਸਾਫ਼ ਐਨਕਾਂ ਨਾਲ ਸਾਰੇ ਸੁਆਲ ਪੜ੍ਹੋ ਅਤੇ ਸਮਝੋ।” ਪਰ ਦੋਵਾਂ ਹੀ ਪੱਤਰਾਂ ਵਿੱਚ ਤੁਸੀ ਮੇਰੇ ਪੱਤਰ ਨੰ: 2, 5, 8, 20 ਵਿੱਚ ਦਰਜ ਕਿਸੇ ਵੀ ਸਵਾਲ ਦਾ ਜਵਾਬ ਨਾ ਦਿੱਤਾ ।

ਤੁਹਾਡੇ ਇਸ ਬੇਤੁਕੇ ਜਵਾਬ ਦੇ ਪ੍ਰਤੀਕਰਮ ਵਜੋ ਜਦੋਂ ਮੈਂ ਪੱਤਰ ਨੰ: 23 ਵਿੱਚ ਤੁਹਾਡੀ ਪੁਸਤਕ ਦੇ ਪੰਨਾਂ ਨੰ: 84 ਦੀ ਫੋਟੋ ਕਾਪੀ ਵਿਖਾ ਦਿੱਤੀ ਤਾਂ ਤੁਸੀਂ ਆਪਣੇ ਪੱਤਰ ਨੰ: 26 ਵਿੱਚ ਲਿਖ ਦਿੱਤਾ: “ਪਿਛਲੇ ਇੱਕ ਪੱਤਰ ਵਿਚ ਕਿਰਪਾਲ ਸਿੰਘ ਨੇ ਇੱਕ ਟਾਈਪ ਦੀ ਗਲਤੀ (ਗੁਰਪੁਰਬ ਦਰਪਣ ਪੰਨਾ 84 ਤੇ 10-4-2017 ਨੂੰ ਸੋਮਵਾਰ ਦੀ ਥਾਂ ਐਤਵਾਰ ਛਾਪਿਆ) ਨੂੰ ਜਿਸ ਤਰ੍ਹਾਂ ਰਾਈ ਦਾ ਪਹਾੜ ਬਣਾਇਆ ਉਸ ਦੇ ਜੁਆਬ ਵਿਚ ਹੀ ਮੈਂ ਲਿਖਿਆ ਸੀ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੇ ਜੋਤੀ ਜੋਤਿ ਸਮਾਉਣ ਅਤੇ ਗੁਰੂ ਤੇਗ ਬਹਾਦਰ ਜੀ ਦੇ ਗੁਰਗੱਦੀ ਦਿਵਸ 10-4-2017 ਦਿਨ ਸੋਮਵਾਰ ਹੀ ਲਿਖੇ ਹੋਏ ਹਨ (ਦੇਖੋ ਪੰਨਾ 66 ਅਤੇ 69 ਗੁਰਪੁਰਬ ਦਰਪਣ।)  ਕੋਈ ਵੀ ਈਮਾਨਦਾਰ ਸੱਜਣ ਇਹ ਸਹਿਜੇ ਹੀ ਸਮਝ ਸਕਦਾ ਹੈ ਕਿ ਇਹ ਇਕ ਜਗ੍ਹਾਂ ਤੋਂ ਦੂਸਰੀ ਜਗ੍ਹਾ ਟਾਈਪ ਕਰਨ ਦੀ ਗਲਤੀ ਹੈ।” (ਲੈਫ: ਕਰਨਲ ਸੁਰਜੀਤ ਸਿੰਘ ਨਿਸ਼ਾਨ)

ਵਿਚਾਰ: ਕਰਨਲ ਸੁਰਜੀਤ ਸਿੰਘ ਨਿਸ਼ਾਨ ਸਾਹਿਬ ਜੀ ! ਤੁਸੀਂ ਆਪਣੀ ਚਿੱਠੀ ਨੰ: 21, 22 ਵਿੱਚ ਇਹ ਸ਼ਬਦ (ਦੇਖੋ ਪੰਨਾ 66 ਅਤੇ 69 ਗੁਰਪੁਰਬ ਦਰਪਣ।) ਬਿਲਕੁਲ ਹੀ ਨਹੀਂ ਲਿਖੇ ਸਨ। ਆਪਣੀ ਚਿੱਠੀ ਨੰ: 21, 22 ਨੂੰ ਮੁੜ ਧਿਆਨ ਨਾਲ ਪੜ੍ਹੋ ਅਤੇ ਦੱਸੋ ਕਿ ਤੁਹਾਨੂੰ ਵਾਰ-ਵਾਰ ਝੂਠ ਲਿਖਣ ਦੀ ਲੋੜ ਕਿਉਂ ਪੈ ਰਹੀ ਹੈ। ਚੰਗਾ ਹੁੰਦਾ ਜੇ ਤੁਸੀਂ ਆਪਣੇ ਪੱਤਰ ਨੰ: 21 ਵਿੱਚ ਹੀ ਮੰਨ ਲੈਂਦੇ ਕਿ ਪੰਨਾ ਨੰ: 84 ’ਤੇ ਟਾਈਪ ਦੀ ਗ਼ਲਤੀ ਨਾਲ ਐਤਵਾਰ ਲਿਖਿਆ ਗਿਆ ਹੈ ਜਦੋਂ ਕਿ ਸਹੀ ਦਿਨ ਸੋਮਵਾਰ ਹੀ ਸੀ, ਜਿਸ ਦੀ ਤਸਦੀਕ ਤੁਸੀਂ ਪੰਨਾ ਨੰ: 66 ਅਤੇ 69 ਤੋਂ ਕਰ ਸਕਦੇ ਹੋ, ਪਰ ਲਗਦਾ ਹੈ ਕਿ ਆਪਣੀ ਗਲਤੀ ਮੰਨ ਲੈਣਾ ਤਾਂ ਤੁਹਾਡੇ ਸੁਭਾਅ ਵਿੱਚ ਸ਼ਾਮਲ ਹੀ ਨਹੀਂ ਰਿਹਾ ਹੈ, ਇਸੇ ਕਾਰਨ ਤਾਂ ਮੇਰੇ ਪੱਤਰ ਨੰ: 20 ਵਿੱਚ ਇਸੇ ਸਵਾਲ ਦੇ ਦੂਜੇ ਹਿੱਸੇ ਕਿ “ਗੁਰਗੱਦੀ ਪੁਰਬ ਗੁਰੂ ਅਮਰਦਾਸ ਜੀ ਅਤੇ ਹਾੜ ਮਹੀਨੇ ਦੀ ਸੰਗ੍ਰਾਂਦ ਦਾ ਇੱਕ ਇੱਕ ਦਿਨ ਦਾ ਫ਼ਰਕ ਸੀ” ਬਾਰੇ ਤੁਸੀਂ ਹਾਲੀ ਵੀ ਮੌਨਧਾਰੀ ਬੈਠੇ ਹੋ। ਤੁਹਾਡੇ ਇਸ ਮੌਨ ਨੂੰ ਤੋੜਨ ਲਈ ਮੈਨੂੰ ਫਿਰ ਤੁਹਾਡੀ ਪੁਸਸਕ ਦਾ ਪੰਨਾ 45, 84 ਅਤੇ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਕੈਲੰਡਰ ਸੰਮਤ 549 ਦੇ ਚੇਤ ਅਤੇ ਹਾੜ ਮਹੀਨੇ ਦੀ ਫੋਟੋ ਕਾਪੀ ਤੁਹਾਡੇ ਸਮੇਤ ਸਮੁੱਚੀ ਸੰਗਤ ਨੂੰ ਵਿਖਾਉਣੀ ਪੈ ਰਹੀ ਹੈ। ਕ੍ਰਿਪਾ ਕਰ ਕੇ ਦੱਸੋ ਕਿ ਇਸ ਮੌਨ ਦਾ ਕੀ ਕਾਰਨ ਹੈ ?

ਕਰਨਲ ਸਾਹਿਬ ਜੀ ! ਆਪ ਜੀ ਨੂੰ ਫਿਰ ਬੇਨਤੀ ਹੈ ਕਿ “ਠੰਢੇ ਦਿਮਾਗ਼ ਨਾਲ ਰੰਗੀਨ ਐਨਕਾਂ ਦੀ ਥਾਂ ਸਾਫ਼ ਐਨਕਾਂ ਨਾਲ ਸਾਰੇ ਸੁਆਲ ਪੜ੍ਹਣ ਅਤੇ ਸਮਝਣ” ਦੀ ਜਿਹੜੀ ਸ਼ੁਭ ਸਾਲਾਹ ਤੁਸੀਂ ਮੈਨੂੰ ਦੇ ਰਹੇ ਹੋ, ਇਸ ਨੂੰ ਆਪਣੇ ਆਪ ’ਤੇ ਵੀ ਥੋੜਾ ਲਾਗੂ ਕਰ ਲਵੋ ਤਾਂ ਤੁਹਾਡਾ ਮਨਹੱਠੀ ਸੁਭਾਅ ਜ਼ਰੂਰ ਨਰਮ ਹੋਏਗਾ, ਨਹੀਂ ਤਾਂ ਉਤਨੀ ਦੇਰ ਸੰਗਤ ਤੁਹਾਡਾ ਖਹਿੜਾ ਛੱਡਣ ਨੂੰ ਤਿਆਰ ਨਹੀਂ ਜਦ ਤੱਕ ਤੁਹਾਥੋਂ ਪੁੱਛੇ ਗਏ ਸਾਰੇ ਸਵਾਲਾਂ ਦੇ ਤਰਤੀਬਵਾਰ ਜਵਾਬ ਨਾ ਮਿਲਣਗੇ ਭਾਵੇਂ ਕਿ ਉਨਾਂ ਰਾਹੀਂ ਸਾਡੀ ਸੰਤੁਸ਼ਟੀ ਹੋਵੇ ਜਾਂ ਨਾ ਹੋਵੇ, ਪਰ ਜਵਾਬ ਤਾਂ ਦੇਵੋ।  ਨਹੀਂ ਤਾਂ ਤੁਹਾਡੀ ਪੁਤਸਕ ਦੇ 90% ਤੋਂ ਵੱਧ ਸਵਾਲਾਂ ਦੇ ਜਵਾਬ ਅਤੇ ਗੁਰਪੁਰਬਾਂ ਦੀਆਂ 30 % ਤੋਂ ਵੱਧ ਤਰੀਖਾਂ ਸੰਗਤ ਦੇ ਸਾਹਮਣੇ ਗਲਤ ਸਾਬਤ ਹੋ ਜਾਣ ’ਤੇ ਤੁਹਾਨੂੰ ਵੱਧ ਨਮੋਸ਼ੀ ਝੱਲਣੀ ਪੈ ਸਕਦੀ ਹੈ ਕਿਉਂਕਿ ਤੁਸੀਂ ਤਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਕੋਲ ਵੀ ਇਹ ਸ਼ੇਖੀ ਮਾਰ ਆਏ ਹੋ ਕਿ ਸ: ਪਾਲ ਸਿੰਘ ਪੁਰੇਵਾਲ ਦੀ ਤੁਹਾਡੇ ਨਾਲ ਸਿੱਧੀ ਵੀਚਾਰ ਕਰਵਾਈ ਜਾਵੇ ਤਾਂ ਤੁਸੀਂ ਉਸ ਦੇ ਕੈਲੰਡਰ ਵਿੱਚ ਦਰਜ ਸਾਰੀਆਂ ਤਰੀਖਾਂ ਨੂੰ ਗਲਤ ਅਤੇ ਤੁਹਾਡੇ ‘ਗੁਰਪੁਰਬ ਦਰਪਣ’ ਵਿੱਚ ਦਰਜ ਸਾਰੀਆਂ ਤਰੀਖਾਂ ਨੂੰ ਸਹੀ ਸਿੱਧ ਕਰ ਕੇ ਵਿਖਾ ਸਕਦੇ ਹੋ। ਕਰਨਲ ਸਾਹਿਬ ਜੀ ! ਜਦ ਤੁਸੀਂ ਮੇਰੇ ਅਤੇ ਸ: ਸਰਬਜੀਤ ਸਿੰਘ ਜੀ ਨਾਲ ਹੀ ਵੀਚਾਰ-ਚਰਚਾ ਕਰਨ ਵਿੱਚ ਅਸਫਲ ਜਾਪਦੇ ਹੋ ਤਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਕੋਲ ਤੁਹਾਡੇ ਵੱਲੋਂ ਮਾਰੀਆਂ ਗਈਆਂ ਸ਼ੇਖੀਆਂ ਹੀ ਤੁਹਾਨੂੰ ਨਮੋਸ਼ੀ ਦਾ ਸਾਹਮਣਾ ਕਰਨ ਲਈ ਮਜਬੂਰ ਕਰਗੀਆਂ ?

ਮਿਤੀ 2 ਮਈ 2018     

ਕਿਰਪਾਲ ਸਿੰਘ ਬਠਿੰਡਾ ਸੰਪਰਕ ਨੰ: 98554-80797