ਚਿੱਠੀ ਨੰ: 24 (ਕਿਰਪਾਲ ਸਿੰਘ ਬਠਿੰਡਾ ਵੱਲੋਂ ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ ਨੂੰ ਦੋਵੇਂ ਪੱਤਰਾਂ ਦਾ ਜਵਾਬ)

0
364

ਗੁਰਮੁਖ ਪਿਆਰੇ ਲੈਫ: ਕਰਨਲ ਸੁਰਜੀਤ ਸਿੰਘ ਨਿਸ਼ਾਨ ਸਾਹਿਬ ਜੀ!

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ॥

ਵਿਸ਼ਾ: ਕੈਲੰਡਰ ਦੀਆਂ ਤਾਰੀਖ਼ਾਂ ਬਾਰੇ ਅਸਹਿਮਤੀ ।

1.  ਆਪ ਜੀ ਦੀ ਇੱਕ ਚਿੱਠੀ 25 ਤਰੀਖ ਦੇ ਈ-ਮੇਲ ਇਨਬੌਕਸ ਵਿੱਚ ਮਿਲੀ ਅਤੇ ਦੂਸਰੀ 26 ਤਰੀਖ ਨੂੰ। ਚੰਗਾ ਹੋਇਆ 26 ਅਪ੍ਰੈਲ ਵਾਲੀ ਚਿੱਠੀ ਵਿੱਚ ਤੁਸੀਂ ਆਪਣੀ ਪੁਸਤਕ ਵਿੱਚ ਦਰਜ ਤਰੀਖਾਂ ਗਲਤ ਸਾਬਤ ਕਰਨ ਵਾਲੇ ਨੂੰ ਇੱਕ ਲੱਖ ਰੁਪਏ ਦੇਣ ਦੇ ਵਾਅਦੇ ’ਤੇ ਕਾਇਮ ਰਹਿੰਦੇ ਹੋਏ ਲਿਖਿਆ ਹੈ : “ਮੈਂ ਕਾਫ਼ੀ ਸਾਲਾਂ ਤੋਂ 1 ਲੱਖ ਰੁਪਇਆ ਲਈ ਫਿਰਦਾ ਹਾਂ ਅਤੇ ਕਿਸੇ ਮਰਦ ਨੇ ਹਿੰਮਤ ਨਹੀਂ ਕੀਤੀ, ਤੁਸੀਂ ਕਰ ਕੇ ਵੇਖ ਲਵੋ।”

ਕਰਨਲ ਸਾਹਿਬ ਜੀ ! ਇਹ ਇੱਕ ਲੱਖ ਦਾ ਇਨਾਮ ਕਿਸੇ ਮਰਦ ਨੂੰ; ਤਾਂ ਦਿਓਗੇ ਜੇ ਤੁਸੀਂ ਆਪਣੀ ਤਰੀਖ ਨੂੰ ਗਲਤ ਹੁੰਦਿਆਂ ਹੋਇਆ ਵੀ ਗਲਤ ਮੰਨੋਗੇ !  ਜਿਸ ਨੇ ਆਪਣੀ ਗਲਤੀ ਮੰਨਣੀ ਹੀ ਨਹੀਂ ਉਹ ਭਾਵੇਂ ਇੱਕ ਦੀ ਥਾਂ ਦਸ ਲੱਖ ਚੁੱਕੀ ਫਿਰੇ ਇਸ ਨਾਲ ਕੀ ਫਰਕ ਪਵੇਗਾ। ‘ਤੁਸੀਂ ਆਪਣੀ ਗਲਤੀ ਨਹੀਂ ਮੰਨੋਗੇ’ ; ਇਹ, ਤੁਹਾਡੀ ਇਸੇ ਚਿੱਠੀ ਵਿੱਚ, ਤੁਹਾਡੀ ਆਪਣੀ ਲਿਖਤ ਹੀ ਸਿੱਧ ਕਰ ਰਹੀ ਹੈ; ਜਿਸ ਵਿੱਚ ਤੁਸੀਂ ਲਿਖਿਆ ਹੈ: “ਤੁਹਾਡਾ ਇਹ ਲਿਖਣਾ ਕਿ ਮੇਰੀਆਂ ਤਾਰੀਖ਼ਾਂ ਗਲਤ ਹਨ; ਇਹ ਤੁਹਾਡੇ ਲਫ਼ਜ਼ਾਂ ਦੀ ਹੇਰਾ ਫੇਰੀ ਤੋਂ ਵੱਧ ਕੁੱਝ ਨਹੀਂ। ਜੇ ਮੇਰੀ ਇੱਕ ਤਾਰੀਖ਼ ਸ਼੍ਰੋਮਣੀ ਕਮੇਟੀ ਨਾਲ ਨਹੀਂ ਮਿਲਦੀ ਤਾਂ ਉਸ ਦੇ ਕਈ ਕਾਰਨ ਹੋ ਸਕਦੇ ਹਨ (ਪਰ ਵਾਰ ਵਾਰ ਪੁੱਛੇ ਜਾਣ ਦੇ ਬਾਵਜੂਦ ਕਾਰਨ ਦੱਸ ਨਹੀਂ ਰਹੇ) ਪਰ ਇਸ ਦਾ ਇਹ ਮਤਲਬ ਨਹੀਂ ਮੇਰੀ ਤਾਰੀਖ਼ ਗਲਤ ਹੈ।” ਜੇ ਤੁਸੀਂ ਆਪਣੀ ਤਰੀਖਾਂ ਵਿੱਚ ਫਰਕ ਹੋਣਾ ਮੰਨ ਕੇ ਵੀ ਉਸ ਨੂੰ ਗਲਤ ਮੰਨਣ ਲਈ ਤਿਆਰ ਨਹੀਂ ਤਾਂ ਕਿਹੜਾ ਮਾਈ ਦਾ ਲਾਲ ਹੈ ਜੋ ਤੁਹਾਥੋਂ ਗਲਤੀ ਮੰਨਵਾ ਸਕੇ।

ਕਰਨਲ ਸਾਹਿਬ ਜੀ ! ਇੱਕ ਲੱਖ ਰੁਪਈਏ ਨੂੰ ਹੋ ਸਕਦਾ ਹੈ ਤੁਸੀਂ ਬਹੁਤ ਵੱਡੀ ਰਕਮ ਸਮਝਦੇ ਹੋਵੋਗੇ ਜਿਸ ਕਾਰਨ ਤੁਸੀਂ ਇੱਕ ਲੱਖ ਰੁਪਈਆ ਦੇਣ ਦੇ ਮਾਰੇ ਆਪਣੀ ਗਲਤੀ ’ਤੇ ਵੀ ਅੜੇ ਹੋਏ ਹੋ, ਪਰ ਮੈਂ ਤੁਹਾਥੋਂ ਇੱਕ ਲੱਖ ਰੁਪਈਏ ਦਾ ਇਨਾਮ ਜਿਤਣ ਲਈ ਤੁਹਾਡੇ ਨਾਲ ਮਗਜ਼ ਖਪਾਈ ਨਹੀਂ ਕਰ ਰਿਹਾ ਬਲਕਿ ਮੇਰਾ ਮਨੋਰਥ ਸਿਰਫ ਇਹੋ ਹੈ ਕਿ ਡਾ: ਅਨੁਰਾਗ ਸਿੰਘ ਸਮੇਤ ਤੁਹਾਡੇ ਵਰਗੇ ਵਿਦਵਾਨ ਆਪਣੀਆਂ ਕੈਲਕੂਲੇਸ਼ਨਾਂ ਦੇ ਅਧਾਰ ’ਤੇ ਆਪਣੀਆਂ ਹੀ ਤਰੀਖਾਂ ਨੂੰ ਸਹੀ ਸਿੱਧ ਕਰ ਦੇਣ ਜਾਂ ਆਪਣੀ ਗਲਤੀ ਨੂੰ ਸਵੀਕਾਰ ਕਰ ਲੈਣ ਤਾਂ ਤੁਹਾਡੀ ਵਜ੍ਹਾ ਕਰ ਕੇ ਕੌਮ ਦੇ ਗਲ਼ ਪਿਆ ਅਣਲੋੜੀਂਦਾ ਵਿਵਾਦ ਖਤਮ ਹੋ ਸਕਦਾ ਹੈ। ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਆਪਣੀਆਂ 100% ਤਰੀਖਾਂ ਨੂੰ ਸਹੀ ਸਿੱਧ ਨਹੀਂ ਕਰ ਸਕਦੇ। ਸੋ ਮਸਲੇ ਦੇ ਹੱਲ ਲਈ ਮੈਂ ਆਪ ਜੀ ਨਾਲ ਇਹ ਵਾਅਦਾ ਕਰਦਾ ਹਾਂ ਕਿ ਜੇ ਤੁਸੀਂ ਆਪਣੀ ਗਲਤੀ ਸਵੀਕਾਰ ਕਰ ਲਵੋ ਤਾਂ ਇਨਾਮ ਵਿੱਚ ਤੁਹਾਥੋਂ ਜਿੱਤੇ ਇੱਕ ਲੱਖ ਰੁਪਏ ਤੁਹਾਨੂੰ ਮੁਆਫ਼ ਕਰ ਦੇਵਾਂਗਾ। ਤੁਸੀਂ ਆਪਣੀ ਇੱਕ ਤਰੀਖ ਵਿੱਚ ਫਰਕ ਤਾਂ ਮੰਨ ਹੀ ਚੁੱਕੇ ਹੋ ਪਰ ਕਿਹੜੀ ਤਰੀਖ ਹੈ ਜਿਸ ਵਿੱਚ ਤੁਸੀਂ ਫਰਕ ਮੰਨ ਲਿਆ ਹੈ ਅਤੇ ਉਸ ਗਲਤੀ ਦਾ ਕੀ ਕਾਰਨ ਹੈ ਇਹ ਦੱਸਣ ਲਈ ਤੁਸੀਂ ਹਾਲੀ ਵੀ ਤਿਆਰ ਨਹੀਂ। ਤੁਹਾਡੀ ਪੁਸਤਕ ਛਪਣ ਪਿੱਛੋਂ ਪਹਿਲੇ ਹੀ ਸਾਲ ਸ਼੍ਰੋਮਣੀ ਕਮੇਟੀ ਦਾ ਸੰਮਤ 549 ਦਾ ਕੈਲੰਡਰ ਛਪਿਆ ਤਾਂ ਉਸ ਵਿੱਚ 4 ਤਰੀਖਾਂ ਦਾ ਫਰਕ ਤੁਹਾਨੂੰ ਦੱਸ ਦਿੱਤਾ ਬਾਕੀ ਦੇ 86 ਸਾਲਾਂ ਦਾ ਵੀ ਤਾਂ ਇਹੋ ਹਾਲ ਹੋਵੇਗਾ। ਕ੍ਰਿਪਾ ਕਰ ਕੇ ਜੇ ਤੁਸੀਂ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਨਾਲੋਂ ਤਰੀਖਾਂ ਦੇ ਫਰਕ ਦਾ ਕਾਰਨ ਅਤੇ ਆਪਣੀ ਪੁਸਤਕ ਵਿੱਚ 86 ਸਾਲਾਂ ਦੇ ਸਾਰੇ ਗੁਰਪੁਰਬਾਂ ਦੀਆਂ ਬਾਕੀ ਦੀਆਂ ਸਾਰੀਆਂ ਤਰੀਖਾਂ ਦੀ ਖ਼ੁਦ ਹੀ ਪੜਚੋਲ ਕਰ ਕੇ ਉਨ੍ਹਾਂ ਵਿੱਚੋਂ ਜਿੰਨੀਆਂ ਤੁਸੀਂ ਖ਼ੁਦ ਗਲਤ ਮੰਨ ਗਏ ਉਹ ਸਾਰੀਆਂ ਗਲਤੀਆਂ ਵੀ ਤੁਹਾਨੂੰ ਮੁਆਫ਼। ਅੱਗੇ ਤੋਂ ਪੜਚੋਲ ਤੇ ਵੀਚਾਰ ਸਿਰਫ ਉਨ੍ਹਾਂ ਤਰੀਖਾਂ ਸਬੰਧੀ ਹੀ ਕਰਾਂਗੇ ਜਿਨ੍ਹਾਂ ਨੂੰ ਤੁਸੀਂ ਇੱਟ ਵਰਗੀਆਂ ਪੱਕੀਆਂ ਹੋਣ ਦਾ ਦਾਅਵਾ ਕਰੋਗੇ। ਬਾਕੀ ਰਹੀ ਗੱਲ ਤੁਹਾਡੇ ਦਾਅਵੇ ਦੀ, ਕਿ ਤੁਹਾਡੇ ਵੱਲੋਂ ਰੱਖਿਆ ਇੱਕ ਲੱਖ ਰੁਪਏ ਦਾ ਇਨਾਮ ਜਿੱਤਣ ਦੀ ਕਿਸੇ ਮਰਦ ਨੇ ਹਿੰਮਤ ਨਹੀਂ ਕੀਤੀ। ਸ: ਸਰਬਜੀਤ ਸਿੰਘ ਸੈਕਰਾਮੈਂਟੋ ਨੇ 2/12/2017 ਨੂੰ ਤੁਹਾਨੂੰ ਇੱਕ ਚਿੱਠੀ ਇਸ ਤਰ੍ਹਾਂ ਲਿਖੀ ਸੀ :- “ਤੁਹਾਡੀ ਕਿਤਾਬ, ਗੁਰਪੁਰਬ ਦਰਪਣ” ਦੇ ਪੰਨਾ 95 ਉੱਪਰ ਇਹ ਚੁਣੌਤੀ ਦਰਜ ਹੈ:- “ਮੈਂ ਇਹ ਚੁਣੌਤੀ ਪ੍ਰਵਾਨ ਕਰਦਾ ਹਾਂ। ਆਪਣੀ ਸਾਰੀ ਗੱਲਬਾਤ ਲਿਖਤੀ ਰੂਪ ਵਿਚ ਹੋਵੇਗੀ ਤਾਂ ਜੋ ਦੁਨੀਆ ਦੇ ਕੋਨੇ-ਕੋਨੇ ਵਿੱਚ ਬੈਠੀਆਂ ਸਿੱਖ ਸੰਗਤਾਂ, ਇਸ ਨੂੰ ਨਾਲੋਂ ਨਾਲ ਹੀ ਪੜ੍ਹ ਸਕਣ। ਮੈਂ ਆਪਣੇ ਵੱਲੋਂ, www.Sikhmarg.com ਪੇਸ਼ ਕਰਦਾ ਹਾਂ ਜਿਸ ਦਾ ਈ-ਮੇਲ ਪਤਾ ਹੈ, info@sikhmarg.com. ਜਿਹੜਾ ਮੰਚ ਆਪ ਜੀ ਨੂੰ ਪਸੰਦ ਹੋਵੇ, ਉਸ ਦਾ ਪਤਾ ਤੁਸੀਂ ਦੱਸ ਦਿਓ ਮੈਨੂੰ ਪ੍ਰਵਾਨ ਹੋਵੇਗਾ।” ਉਨ੍ਹਾਂ ਨੇ ਅੱਗੇ ਇਹ ਵੀ ਲਿਖਿਆ ਸੀ : “ਨਿਸ਼ਾਨ ਜੀ ! ਜੇਕਰ ਆਪ ਜੀ ਇਸ ਚੁਣੌਤੀ ਨੂੰ ਵਾਪਸ ਲੈਣਾ ਚਾਹੋ ਤਾਂ 9 ਦਸੰਬਰ 2017 ਈ: ਦਿਨ ਸ਼ਨਿਚਰਵਾਰ ਤੋਂ ਪਹਿਲਾਂ-ਪਹਿਲਾਂ ਵਾਪਸ ਲੈਣ ਦਾ ਐਲਾਨ ਵੀ ਕਰ ਸਕਦੇ ਹੋ। ਨਹੀਂ ਤਾਂ 10 ਦਸੰਬਰ 2017 ਈ:, ਦਿਨ ਐਤਵਾਰ ਤੋਂ ਆਪਾਂ ਵਿਚਾਰ ਚਰਚਾ ਆਰੰਭ ਕਰਾਂਗੇ।”  ਇਸ ਉਪ੍ਰੰਤ 10 ਦਸੰਬਰ ਤੋਂ ਹੁਣ ਤੱਕ ਉਹ ਤੁਹਾਡੀ ਚੁਣੌਤੀ ਪ੍ਰਵਾਨ ਕਰਦੇ ਆ ਰਹੇ ਹਨ ਜਿਨ੍ਹਾਂ ਦਾ ਵੇਰਵਾ ਉਨ੍ਹਾਂ ਨੇ ਤੁਹਾਨੂੰ ਹੁਣੇ ਹੀ 17 ਅਪ੍ਰੈਲ 2018 ਵਾਲੀ ਚਿੱਠੀ ਰਾਹੀਂ ਮੁੜ ਚੇਤਾ ਵੀ ਕਰਵਾਇਆ ਸੀ ਜੋ “ਗੁਰਪ੍ਰਸਾਦ.ਕਾਮ http://gurparsad.com/ ”  ’ਤੇ ਚਿੱਠੀ ਨੰ: 18 ਦੇ ਸਿਰਲੇਖ ਹੇਠ ਪੜ੍ਹੀ ਜਾ ਸਕਦੀ ਹੈ। ਇਸ ਦੇ ਬਾਵਜੂਦ ਜੇ ਤੁਸੀਂ ਦਾਅਵਾ ਕਰਦੇ ਹੋ ਕਿ “ਕੋਈ ਮਰਦ ਅੱਗੇ ਨਹੀਂ ਆਇਆ” ਤਾਂ ਇੰਝ ਜਾਪਦਾ ਹੈ ਕਿ ਤੁਸੀਂ ਝੂਠ ਬੋਲਣ ’ਚ ਸਿਆਸੀ ਲੀਡਰਾਂ ਨੂੰ ਮਾਤ ਪਾਉਣ ਦੀ ਦੌੜ ਵਿੱਚ ਸ਼ਾਮਲ ਹੋਣਾ ਚਾਹ ਰਹੇ ਹੋ।

2.  ਕਰਨਲ ਨਿਸ਼ਾਨ ਸਾਹਿਬ ਜੀ ! ਆਪ ਜੀ ਤੋਂ ਪੁੱਛਿਆ ਇਹ ਗਿਆ ਸੀ ਕਿ ਜੇ ਤੁਸੀਂ ਮਲ ਮਾਸ ਨੂੰ ਨਹੀਂ, ਬਲਕਿ ਇਤਿਹਾਸ ਨੂੰ ਹੀ ਮੁੱਖ ਰੱਖਿਆ ਹੈ, ਤਾਂ ਕੀ ਕਾਰਨ ਹੈ ਕਿ ਤੁਸੀਂ ਆਪਣੀ ਪੁਸਤਕ ਵਿੱਚ ਬਹੁਤ ਸਾਰੀਆਂ ਤਰੀਖ਼ਾਂ ਮਲ ਮਾਸ ਵਿੱਚ ਨਿਰਧਾਰਿਤ ਕੀਤੀਆਂ ਹਨ ਅਤੇ ਬਹੁਤੇ ਕੇਸਾਂ ਵਿੱਚ ਮਲ ਮਾਸ ਦਾ ਖ਼ਿਆਲ ਰੱਖ ਕੇ ਇੱਕ ਮਹੀਨਾ ਲੇਟ ਨਿਰਧਾਰਿਤ ਕੀਤੀਆਂ ਹਨ ? ਕਿਉਂ ਨਹੀਂ ਇੱਕੋ ਨਿਯਮ ਅਪਣਾਇਆ ਕਿ ਜਾਂ ਤਾਂ ਸਾਰੀਆਂ ਹੀ ਤਰੀਖਾਂ ਪਹਿਲਾਂ ਆਉਣ ਵਾਲੇ ਮਹੀਨੇ ਵਿੱਚ ਨਿਰਧਾਰਤ ਕੀਤੀਆਂ ਜਾਣ ਜਾਂ ਦੂਸਰੇ ਮਹੀਨੇ ਵਿੱਚ। ਆਪਣੀ ਮਰਜੀ ਨਾਲ ਹੀ ਕਦੀ ਪਹਿਲੇ ਵਿੱਚ ਅਤੇ ਕਦੀ ਦੂਸਰੇ ਮਹੀਨੇ ਵਿੱਚ ਨਿਰਧਾਰਤ ਕਰਨ ਦਾ ਨਿਯਮ ਤੁਸੀਂ ਕਿਹੜੀ ਕਿਤਾਬ ਵਿੱਚੋਂ ਪੜ੍ਹਿਆ ਹੈ ? ਇਸ ਨਾਲ ਸਬੰਧਤ ਸਵਾਲ ਇਹ ਵੀ ਸੀ ਕਿ ਜਿਸ ਨੂੰ ਤੁਸੀਂ ਸਿੱਖ ਕੈਲੰਡਰ ਦੱਸ ਰਹੋ ਹੋ ਇਸ ਤਰ੍ਹਾਂ ਦਾ ਕੈਲੰਡਰ ਅੱਜ ਤੱਕ ਸ਼੍ਰੋਮਣੀ ਕਮੇਟੀ ਸਮੇਤ ਸਿੱਖਾਂ ਦੀ ਕਿਸੇ ਵੀ ਸੰਸਥਾ ਨੇ ਨਹੀਂ ਅਪਣਾਇਆ। ਇਹੋ ਕਾਰਨ ਹੈ ਕਿ ਤੁਹਾਡੇ ਵੱਲੋਂ ‘ਗੁਰਪੁਰਬ ਦਰਪਣ’ ਪੁਸਤਕ ਛਾਪਣ ਪਿੱਛੋਂ ਸ਼੍ਰੋਮਣੀ ਕਮੇਟੀ ਨੇ ਸੰਮਤ 549 ਅਤੇ 550 ਦੇ ਸਿਰਫ ਦੋ ਕੈਲੰਡਰ ਹੀ ਛਾਪੇ ਹਨ ਤੇ ਦੋਵਾਂ ’ਚ 8 ਤਰੀਖਾਂ ਫਰਕ ਨਾਲ ਹਨ। ਇਨ੍ਹਾਂ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਤੁਸੀਂ ਸਾਨੂੰ ਸਲਾਹ ਦੇ ਰਹੇ ਹੋ ਕਿ “ਸ਼੍ਰੋਮਣੀ ਕਮੇਟੀ ਸਿੱਖ ਪੰਥ ਦੀ ਸਿਰਮੌਰ ਸੰਸਥਾ ਹੈ ਇਸ ਲਈ ਉਸ ਵੱਲੋਂ ਉਲੀਕੇ ਪ੍ਰੋਗਰਾਮਾਂ ਅਨੁਸਾਰ ਇਸ ਸਾਲ ਲਈ ਜੋ ਕੈਲੰਡਰ ਸ਼੍ਰੋਮਣੀ ਕਮੇਟੀ ਨੇ ਛਾਪਿਆ ਹੈ ਪੰਥਕ ਏਕਤਾ ਲਈ ਇਹ ਜ਼ਰੂਰੀ ਹੈ ਕਿ ਉਸੇ ਕੈਲੰਡਰ ਮੁਤਾਬਿਕ ਹੀ ਸਾਰੇ ਗੁਰਪੁਰਬ ਮਨਾਏ ਜਾਣ। ਉਸ ਤੇ ਕਿੰਤੂ ਪਰੰਤੂ ਕਰਨ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ।”

ਇਸ ਲਈ ਤੁਹਾਡੇ ਲਈ ਨਵੇਂ ਸਵਾਲ ਇਹ ਹਨ

(ੳ) ਸ਼੍ਰੋਮਣੀ ਕਮੇਟੀ ਨਾਲੋਂ ਵੱਖਰਾ ਕੈਲੰਡਰ ਛਾਪ ਕੇ ਕੀ ਤੁਸੀਂ ਉਸ ’ਤੇ ਖ਼ੁਦ ਹੀ ਕਿੰਤੂ ਪ੍ਰੰਤੂ ਨਹੀਂ ਕਰ ਰਹੇ ਅਤੇ ਸਾਡੇ ਵਰਗਿਆਂ ਨੂੰ ਕਿੰਤੂ ਪ੍ਰੰਤੂ ਕਰਨ ਦਾ ਮੌਕਾ ਨਹੀਂ ਦੇ ਰਹੇ ?

(ਅ) ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਵੱਲੋਂ ਹੀ ਸਰਬ ਸੰਮਤੀ ਨਾਲ ਮਤਾ ਪਾਸ ਕਰ ਕੇ 2003 ਵਿੱਚ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਸੀ। ਅੱਜ ਤੁਹਾਡੇ ਸਮੇਤ ਮੱਸਿਆ ਪੂਰਨਮਾਸ਼ੀਆਂ ਸੰਗ੍ਰਾਂਦਾਂ ਨੂੰ ਸ਼ੁਭ ਦਿਹਾੜੇ ਦੱਸ ਕੇ ਮਨਾਉਣ ਵਾਲੇ ਸੰਤ ਸਮਾਜ ਅਤੇ ਸਿਰੇ ਦੀਆਂ ਮਨਮੱਤਾਂ ਕਰਨ ਵਾਲੇ ਦੋ ਤਖ਼ਤਾਂ ਦੇ ਪ੍ਰਬੰਧਕ ਜਿਹੜੇ ਕਿ ਸ਼੍ਰੋਮਣੀ ਕਮੇਟੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ਦੀ ਦੁਰਵਰਤੋਂ ਕਰਦੇ ਹੋਏ ਸਾਨੂੰ ਉਨ੍ਹਾਂ ਦੇ ਗਲਤ ਫੈਸਲਿਆਂ ’ਤੇ ਵੀ ਕਿੰਤੂ ਪ੍ਰੰਤੂ ਨਾ ਕਰਨ ਦੀਆਂ ਸਲਾਹਾਂ ਦੇ ਰਹੇ ਹਨ; ਉਹ ਦੱਸਣ, ਕਿ ਉਨ੍ਹਾਂ ਨੇ ਉਸ ਨਾਨਕਸ਼ਾਹੀ ਕੈਲੰਡਰ ਨੂੰ ਮੰਨਿਆ ਕਿਉਂ ਨਹੀਂ ? ਕੀ ਤੁਸੀਂ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੈਲੰਡਰ ’ਤੇ ਲਗਾਤਾਰ 7 ਸਾਲ ਕਿੰਤੂ ਪ੍ਰੰਤੂ ਨਹੀਂ ਕਰਦੇ ਰਹੇ ?

(ੲ) ਸਿੱਖ ਰਹਿਤ ਮਰਿਆਦਾ ਵੀ 1945 ਤੋਂ ਸ਼੍ਰੋਮਣੀ ਕਮੇਟੀ ਹੀ ਵੱਡੀ ਗਿਣਤੀ ਵਿੱਚ ਛਾਪ ਕੇ ਵੰਡ ਰਹੀ ਹੈ ਪਰ ਬਿਕ੍ਰਮੀ ਕੈਲੰਡਰ ਨੂੰ ਮਾਨਤਾ ਦੇਣ ਵਾਲੇ ਸੰਤ ਸਮਾਜ ਅਤੇ ਦੋਵੇਂ ਤਖ਼ਤਾਂ ਵਿੱਚੋਂ ਕੋਈ ਵੀ ਸਿੱਖ ਰਹਿਤ ਮਰਿਆਦਾ ਨੂੰ ਨਹੀਂ ਮੰਨ ਰਿਹਾ। ਹਾਂ ਜਿਸ ਦਿਨ ਸਿੱਖ ਰਹਿਤ ਮਰਿਆਦਾ ਦਾ ਵੀ ਨਾਨਕਸ਼ਾਹੀ ਕੈਲੰਡਰ ਵਾਙ ਭੋਗ ਪਾ ਦਿੱਤਾ ਉਸ ਦਿਨ ਜਰੂਰ ਗੁਰਮਤਿ ’ਤੇ ਪਹਿਰਾ ਦੇਣ ਵਾਲਿਆਂ ਦਾ ਮੂੰਹ ਬੰਦ ਕਰਵਾਉਣ ਲਈ ਸਾਰੇ ਹੀ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ਦੇ ਨਾਮ ਦੀ ਦੁਰਵਰਤੋਂ ਕਰਨਗੇ; ਜਿਵੇਂ ਹੁਣ ਕੈਲੰਡਰ ਦੇ ਸਬੰਧ ਵਿੱਚ ਕੀਤੀ ਜਾ ਰਹੀ ਹੈ।

(ਸ) ਹੁਣ ਤਹਾਡੇ ਲਈ ਨਵਾਂ ਸਵਾਲ ਇਹ ਹੈ ਕਿ ਕੀ ਪੰਥਕ ਏਕਤਾ ਦਾ ਵਿਧਾਨ ਕੇਵਲ ਗੁਰਮਤਿ ਨੂੰ ਮੰਨਣ ਵਾਲਿਆਂ ’ਤੇ ਹੀ ਲਾਗੂ ਹੁੰਦਾ ਹੈ ? ਮਨਮਤਿ ਕਰਨ ਵਾਲਿਆਂ ਲਈ ਪੰਥਕ ਏਕਤਾ ਦਾ ਕੋਈ ਮਾਅਨਾ ਹੀ ਨਹੀਂ ਹੈ ?

3. ਤੁਸੀਂ ਲਿਖਿਆ ਹੈ“ਗੁਰਮਤ ਕਿਸੇ ਖ਼ਾਸ ਮਹੀਨੇ/ਦਿਨ/ਵਾਰ/ਥਿੱਤ ਨੂੰ ਬੁਰਾ ਨਹੀਂ ਮੰਨਦੀ। ਸਾਡੇ ਲਈ ਸਾਰੇ ਮਹੀਨੇ/ਦਿਨ/ਵਾਰ ਥਿੱਤਾਂ ਭਲੀਆਂ ਹਨ। ਗੁਰ ਸਿੱਖ ਲਈ ”ਮਾਹ ਦਿਵਸ ਮੂਰਤ ਭਲੇ….” ਹਨ ਕੋਈ ਮਾੜਾ ਨਹੀਂ।”

ਨਿਸ਼ਾਨ ਸਾਹਿਬ ਜੀ ! ਤੁਸੀਂ ਆਪਣੇ ਸੁਆਲ ਨੰਬਰ 27 ਦੇ ਘੇਰੇ ਵਿਚੋਂ ਜਰਾ ਬਾਹਰ ਨਿਕਲ ਕੇ; ਪੁੱਛੇ ਗਏ ਸਵਾਲਾਂ ਦਾ ਜਵਾਬ ਦੇਣ ਦਾ ਆਪਣਾ ਫਰਜ ਪੂਰਾ ਕਰਨ ਦੀ ਆਦਤ ਬਣਾ ਲਵੋ ਤਾਂ ਹੋ ਸਕਦਾ ਹੈ ਪਾਣੀ ਰਿੜਕਣ ਤੋਂ ਛੁਟਕਾਰਾ ਮਿਲ ਸਕੇ। ਸਵਾਲ ਤੁਹਾਥੋਂ ਇਹ ਪੁੱਛਿਆ ਗਿਆ ਸੀ ਕਿ ਜੇ ਸਾਡੇ ਲਈ ਸਾਰੇ ਮਹੀਨੇ/ਦਿਨ/ਵਾਰ/ ਥਿੱਤਾਂ/ਤਰੀਖਾਂ ਭਲੀਆਂ ਹਨ ਤਾਂ ਤੁਸੀਂ ਕੇਵਲ ਜੇਠ ਸੁਦੀ 4 ਅਤੇ ਕਤਕ ਸੁਦੀ 7 ਆਦਿਕ ਤਿਥਾਂ ਦਾ ਖਹਿੜਾ ਛੱਡ ਕੇ ਕਰਮਵਾਰ 2 ਹਾੜ ਅਤੇ 23 ਪੋਹ ਨੂੰ ਕਿਉਂ ਨਹੀਂ ਅਪਣਾਅ ਲੈਂਦੇ। ਜਰਾ ਦੱਸੋ ਤਾਂ ਸਹੀ ਕਿ ਗੁਰਪੁਰਬਾਂ ਦੀਆਂ ਸੂਰਜੀ ਤਰੀਖਾਂ ਨਿਰਧਾਰਤ ਕਰਨ ਨਾਲ ਗੁਰਮਤਿ ਅਤੇ ਸਿੱਖ ਇਤਿਹਾਸ ਨੂੰ ਕਿਹੜਾ ਨੁਕਸਾਨ ਪਹੁੰਚ ਜਾਵੇਗਾ ? ਤੁਸੀਂ ਇਨ੍ਹਾਂ ਸਾਧਾਰਨ ਸਵਾਲਾਂ ਦੇ ਸਪਸ਼ਟ ਰੂਪ ਵਿੱਚ ਜਵਾਬ ਦੇਣ ਦੀ ਥਾਂ ਪਿਛਲੇ 20 ਸਾਲਾਂ ਤੋਂ ਪਾਣੀ ਵਿੱਚ ਮਧਾਣੀ ਪਾ ਕੇ ਕੌਮ ਦੀ ਕਿਹੜੀ ਸੇਵਾ ਕਰ ਰਹੇ ਹੋ ?

4. ਤੁਸੀਂ ਲਿਖਿਆ ਹੈ ਕਿ “ਮੈਂ ਮਲ ਮਾਸ ਦੀ ਹੋਂਦ ਨੂੰ ਨਹੀਂ ਨਕਾਰਿਆ ਬਲਕਿ ਇਸ ਦਾ ਗੰਦੇ ਹੋਣ ਦੇ ਪੱਖ ਨੂੰ ਸਵੀਕਾਰ ਨਹੀਂ ਕੀਤਾ।” ਭਾਵ ਦੋਗਲੀ ਨੀਤੀ ਅਪਣਾਈ ਹੈ। ਤੁਸੀਂ ਇਸ ਦੇ ਇੱਕ ਪੱਖ ਨੂੰ ਤਾਂ ਨਕਾਰ ਰਹੋ ਹੋ ਪਰ ਫਿਰ ਵੀ ਇਸ ਨੂੰ ਛੱਡਣਾਂ ਨਹੀਂ ਚਾਹੁੰਦੇ। ਇਨ੍ਹਾਂ ਹਾਲਾਤਾਂ ਵਿੱਚ ਜੇ ਅਸੀਂ ਮਲ ਮਾਸ ਵਾਲੇ ਸਿਸਟਮ ਨੂੰ ਹੀ ਨਕਾਰਨ ਦੀ ਮੰਗ ਕਰਦੇ ਹਾਂ ਤਾਂ ਇਸ ਵਿੱਚ ਗਲਤ ਕੀ ਹੈ ? ਜੇ ਸੂਰਜੀ ਸਿਸਟਮ ਨੂੰ ਅਪਣਾਅ ਲਿਆ ਜਾਵੇ ਤਾਂ ਚੰਗੇ ਮੰਦੇ ਤਿੱਥ ਵਾਰਾਂ ਦੀ ਵੀਚਾਰ ਦਾ ਝਗੜਾ ਵੀ ਖਤਮ, ਗੁਰਪੁਰਬਾਂ ਦੀਆਂ ਤਰੀਖਾਂ ਅੱਗੇ ਪਿੱਛੇ ਆਉਣ ਦਾ ਝੰਜਟ ਵੀ ਖਤਮ ਅਤੇ ਕਦੀ 354/55 ਦਿਨ ਅਤੇ ਕਦੀ 383/84 ਦਿਨਾਂ ਪਿੱਛੋਂ ਆਉਣ ਦਾ ਝੰਜਟ ਵੀ ਖਤਮ ਹੋ ਕੇ ਹਰ ਦਿਹਾੜਾ 365/66 ਦਿਨਾਂ ਪਿਛੋਂ ਹੀ ਆਵੇਗਾ ਤਾਂ ਇਸ ਨਾਲ ਗੁਰਮਤਿ ਅਤੇ ਇਤਿਹਾਸ ਵਿੱਚ ਕਿਹੜਾ ਖ਼ਰਾਬਾ ਆ ਜਾਵੇਗਾ ਜਰਾ ਸੋਚ ਕੇ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ।

5. ਕਰਨਲ ਸਾਹਿਬ ਜੀ ! ਤੁਸੀਂ ਲਿਖਿਆ ਹੈ:“ਥਿੱਤਾਂ ਨੂੰ ਦਿਨਾਂ ਦੀ ਗਿਣਤੀ ਨਾਲ ਜੋੜ ਕੇ ਵੇਖਣਾ ਤੁਹਾਡੀ ਥਿੱਤਾਂ ਬਾਰੇ ਅਧੂਰੀ ਜਾਣਕਾਰੀ ਦਾ ਹੀ ਸਬੂਤ ਹੈ। ਕਿਰਪਾ ਕਰ ਕੇ ਜਿਸ ਸੀਡੀ ਬਾਰੇ ਤੁਸੀਂ ਜਾਣਕਾਰੀ ਮੰਗੀ ਹੈ ਉਸ ਦੇ ਕਰਤਾ ਦੀ ਕਿਤਾਬ ‘ਕੈਲੰਡ੍ਰੀਕਲ ਕੈਲਕੂਲੇਸ਼ਨਜ਼’ ਖਰੀਦ ਕੇ ਪੜ੍ਹੋ ਉਸ ਵਿਚ ਤੁਹਾਨੂੰ ਸੀਡੀ ਦਾ ਸਾਫਟਵੇਅਰ ਵੀ ਮਿਲ ਜਾਏਗਾ ਖੋਜ ਕਰ ਲੈਣੀ।”  

ਕਰਨਲ ਸਾਹਿਬ ਜੀ ! ਆਹ ਤਾਂ ਮੱਕੜੀ ਵਾਙ ਆਪਣੇ ਜਾਲ ਵਿੱਚ ਤੁਸੀਂ ਆਪ ਹੀ ਫਸਦੇ ਜਾ ਰਹੇ ਹੋ ! ਜੇ ਤੁਹਾਡੇ ਕਥਨ ਨੂੰ ਸੱਚ ਮੰਨ ਲਈਏ ਤਾਂ ਤੁਹਾਡੇ ਸੁਆਲ ਨੰ: 13 ਦਾ ਕੀ ਬਣੇਗਾ ਜਿਸ ਦੇ ਜਵਾਬ ਵਿੱਚ ਤੁਸੀਂ ਲਿਖ ਰਹੇ ਹੋ : “ਪੋਹ ਸੁਦੀ 7 ਦਾ ਮਤਲਬ ਹੈ ਕਿ ਇਹ ਚੰਦ੍ਰਮੀ ਪੋਹ ਮਹੀਨੇ ਦੀ ਮੱਸਿਆ ਤੋਂ ਬਾਅਦ 7ਵੀਂ ਤਿਥ ਹੈ।” ਹੁਣ ਦੱਸੋ, ਤੁਸੀਂ ਮੇਰੀ ਜਾਣਕਾਰੀ ਨੂੰ; ਅਧੂਰੀ ਦੱਸਣ ਨੂੰ ਤਰਜੀਹ ਦੇਵੋਗੇ ਜਾਂ ਤੁਸੀਂ ਆਪਣੇ ਸਵਾਲ ਨੰ: 13 ਦੇ ਜਵਾਬ ਨੂੰ ਗਲਤ ਮੰਨਣ ਦਾ ਹੌਸਲਾ ਵਿਖਾਉਂਦੇ ਹੋ ?

ਦੂਸਰੇ ਨੁਕਤੇ ਬਾਰੇ ਗੱਲ ਕਰੀਏ ਤਾਂ ਤੁਸੀਂ ਮੇਰੀ ਇਸ ਗੱਲ ਨਾਲ ਤਾਂ ਸਹਿਮਤ ਹੀ ਹੋਵੋਗੇ ਕਿ ਭਾਰਤੀ ਖਿੱਤੇ ਵਿੱਚ ਸੂਰਯ ਸਿਧਾਂਤ ਅਤੇ ਬਾਅਦ ਵਿੱਚ ਇਸ ਨੂੰ ਸੋਧ ਕੇ ਪ੍ਰਵਾਨ ਕੀਤੇ ਦ੍ਰਿਕ ਗਣਿਤ ਸਿਧਾਂਤ ’ਤੇ ਅਧਾਰਤ ਵੱਖ ਵੱਖ ਪ੍ਰਾਂਤਾਂ ਵਿੱਚ ਲਗਭਗ 30 ਕਿਸਮ ਦੇ ਬਿਕ੍ਰਮੀ ਕੈਲੰਡਰ ਹਨ। ਤੁਹਾਡੀ ਪੁਸਤਕ ਵਿੱਚ ਦਰਜ ਤਰੀਖਾਂ ਅਤੇ  ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਜਾ ਰਹੇ ਕੈਲੰਡਰਾਂ ਵਿੱਚ ਦਰਜ ਤਰੀਖਾਂ ਵਿੱਚ ਅੰਤਰ ਹੋਣ ਦਾ ਭਾਵ ਹੈ ਕਿ ਤੁਸੀਂ ਦੋਵੇਂ ਇੱਕ ਦੂਸਰੇ ਤੋਂ ਵੱਖਰੇ ਨਿਯਮਾਂ ਵਾਲੇ ਕੈਲੰਡਰਾਂ ਦੇ ਧਾਰਨੀ ਹੋ। ਇਸੇ ਕਾਰਨ ਤੁਹਾਡੇ ਦੁਆਰਾ ਅਪਣਾਏ ਜਾ ਰਹੇ ਕੈਲੰਡਰ ਦੇ ਨਿਯਮਾਂ ਤੇ ਸੀਡੀ ਬਾਰੇ ਜਾਣਕਾਰੀ ਮੰਗੀ ਸੀ ਪਰ ਤੁਸੀਂ ਆਪਣੇ ਵੱਲੋਂ ਜਵਾਬ ਦੇਣ ਦੀ ਥਾਂ ਉਸ ਦੇ ਕਰਤਾ ਦੀ ਕਿਤਾਬ ਖਰੀਦ ਕੇ ਪੜ੍ਹਨ ਦੀ ਹਿਦਾਇਤ ਕਰ ਦਿੱਤੀ ! ਤੁਸੀਂ ਲਿਖਿਆ ਹੈ : “ਮੈਨੂੰ ਆਪਣੀਆਂ ਕੈਲਕੂਲੇਸ਼ਨਜ਼ ਤੇ ਭਰੋਸਾ ਹੈ।”  ਨਿਸ਼ਾਨ ਸਾਹਿਬ ਜੀ ! ਅਸੀਂ ਤੁਹਾਡੇ ਭਰੋਸੇ ’ਤੇ ਸ਼ੱਕ ਕੀਤਾ ਹੀ ਨਹੀਂ। ਬੇਨਤੀ ਇਹੋ ਕੀਤੀ ਗਈ ਸੀ ਕਿ ਤੁਸੀਂ ਆਪਣੇ ਭਰੋਸੇ ’ਤੇ ਕਾਇਮ ਰਹਿੰਦੇ ਹੋਏ ਦੱਸੋ ਕਿ ਤੁਸੀਂ ਕੈਲਕੂਲੇਸ਼ਨਾਂ ਸੂਰਯ ਸਿਧਾਂਤ ਅਨੁਸਾਰ ਕਰਦੇ ਹੋ ਜਾਂ ਦ੍ਰਿਕ ਗਣਿਤ ਸਿਧਾਂਤ ਮੁਤਾਬਿਕ। ਕੈਲਕੂਲੇਸ਼ਨਾਂ ਕਰ ਕੇ ਇਹ ਵੀ ਦੱਸੋ ਕਿ ਆਉਣ ਵਾਲੇ ਕਿਹੜੇ ਕਿਹੜੇ ਸਾਲਾਂ ਵਿੱਚ ਪੋਹ ਦਾ ਮਹੀਨਾ ਨਹੀਂ ਹੋਵੇਗਾ ? ਕੀ ਤੁਸੀਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ਤੋਂ ਟਾਲ਼ਾ ਵੱਟ ਕੇ ਆਪਣੇ ਭਰੋਸੇ ਨੂੰ ਕਮਜੋਰ ਨਹੀਂ ਕਰ ਰਹੇ ?

6. ਮੇਰੇ ਇਸ ਸਵਾਲ : “ਪਿਛਲੇ ਸਾਲ ਗੁਰੂ ਹਰਿ ਕ੍ਰਿਸ਼ਨ ਜੀ ਮਹਾਰਾਜ ਦੇ ਜੋਤੀ ਜੋਤਿ ਸਮਾਉਣ ਅਤੇ ਗੁਰੂ ਤੇਗ ਬਹਾਦਰ ਜੀ ਦੇ ਗੁਰਗੱਦੀ ਦਿਵਸ ਨੂੰ ਸ਼੍ਰੋਮਣੀ ਕਮੇਟੀ ਨੇ 10 ਅਪ੍ਰੈਲ ਨੂੰ ਸੋਮਵਾਰ ਦਿਖਾਇਆ ਹੈ ਅਤੇ ਤੁਹਾਡੇ ”ਗੁਰਪੁਰਬ ਦਰਪਣ” ਦਾ ਪੰਨਾ ਨੰਬਰ 84 ਪੜ੍ਹ ਕੇ ਵੇਖਿਆ ਤਾ ਉਸ ਵਿੱਚ ਐਤਵਾਰ ਲਿਖਿਆ ਹੈ ਇਹ ਇੱਕ ਦਿਨ ਦਾ ਫਰਕ ਕਿਉਂ ?” ਦੇ ਜਵਾਬ ਵਿੱਚ ਤੁਸੀਂ ਲਿਖਿਆ ਹੈ: “ਇਹ ਤੁਸੀਂ ਜਾਣ ਬੁੱਝ ਕੇ ਭੰਬਲਭੂਸਾ ਪੈਦਾ ਨਹੀਂ ਕਰ ਰਹੇ। ਗੁਰਪੁਰਬ ਦਰਪਣ ਵਿਚ ਤਾਂ ਸੋਮਵਾਰ ਹੀ ਲਿਖਿਆ ਹੈ ਤੁਸੀਂ ਐਤਵਾਰ ਕਿੱਥੋਂ ਪੜ੍ਹ ਲਿਆ ?”

ਤੁਹਾਡਾ ਇਹ ਜਵਾਬ ਪੜ੍ਹ ਕੇ ਮੈਨੂੰ ਜਾਪਿਆ ਕਿ ਸਾਡੇ ਦੋਵਾਂ ਵਿੱਚੋਂ ਕਿਸੇ ਇੱਕ ਦੀ ਐਨਕ ਦੇ ਸੀਸ਼ੇ ਬਹੁਤ ਧੁੰਦਲੇ ਹੋ ਚੁੱਕੇ ਹਨ। ਇਸ ਦਾ ਸਹੀ ਜਵਾਬ ਆਪਣੇ ਦੋਵਾਂ ਦੀ ਬਜਾਏ ਜੇ ਸੰਗਤ ’ਤੇ ਛੱਡ ਦਿੱਤਾ ਜਾਵੇ ਤਾਂ ਜਿਆਦਾ ਚੰਗਾ ਰਹੇਗਾ ਇਸ ਲਈ ਮੈਂ ਤੁਹਾਡੀ ਪੁਸਤਕ ਦੇ ਪੰਨਾਂ ਨੰ: 84 ਅਤੇ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਸੰਮਤ 549 ਦੇ ਚੇਤ ਅਤੇ ਹਾੜ ਮਹੀਨੇ ਦੀ ਫੋਟੋ ਕਾਪੀ ਸੰਗਤ ਦੀ ਕਚਹਿਰੀ ਵਿੱਚ ਪੇਸ਼ ਕਰ ਰਿਹਾ ਹਾਂ।

ਜਿਸ ਬਾਰੇ ਸੰਗਤ ਫੈਸਲਾ ਕਰੇਗੀ ਮੈਨੂੰ ਤਾਂ ਉਹ ਮਨਜੂਰ ਹੋਵੇਗਾ ਪਰ ਆਪ ਜੀ ਨੂੰ ਬੇਨਤੀ ਹੈ ਕਿ ਆਪਣੀਆਂ ਐਨਕਾਂ ਦੇ ਸੀਸ਼ੇ ਜਰਾ ਸਾਫ ਕਰ ਕੇ ਵੇਖ ਲੈਣਾ ਕਿ ਤੁਸੀਂ ਸੋਮਵਾਰ ਕਿੱਥੋਂ ਪੜ੍ਹ ਲਿਆ ? ਅਤੇ ਫਜੂਲ ਦੀਆਂ ਤੂਹਮਤਾਂ ਲਾ ਕੇ ਸੰਗਤਾਂ ਵਿੱਚ ਦੁਬਿਧਾ ਕੌਣ ਪੈਦਾ ਕਰ ਰਿਹਾ ਹੈ ? ਇਹ ਵੀ ਦੱਸਣ ਦੀ ਕ੍ਰਿਪਾਲਤਾ ਕਰਨੀ ਕਿ ਇਸ ਦੇ ਨਾਲ ਹੀ ਮੈ ਗੁਰੂ ਅਮਰਦਾਸ ਜੀ ਦੇ ਗੁਰਗੱਦੀ ਦਿਵਸ ਅਤੇ ਹਾੜ ਮਹੀਨੇ ਦੀ ਸੰਗਰਾਂਦ ਵਿੱਚ ਇੱਕ ਇੱਕ ਦਿਨ ਦੇ ਫਰਕ ਬਾਰੇ ਵੀ ਸਵਾਲ ਪੁੱਛਿਆ ਸੀ। ਇਸ ਲਈ ਬੇਨਤੀ ਹੈ ਕਿ ਜਰੂਰ ਦੱਸਿਆ ਜਾਵੇ ਕਿ ਇਨ੍ਹਾਂ ਸਵਾਲਾਂ ਨੂੰ ਨਜਰਅੰਦਾਜ ਕਰਨ ਦਾ ਕਾਰਨ ਤੁਹਾਡੀ ਐਨਕ ਵਿੱਚ ਵੱਧ ਧੁੰਦਲਾਪਣ ਆਉਣ ਕਰ ਕੇ ਤੁਹਾਨੂੰ ਇਹ ਦਿੱਸੇ ਨਹੀਂ ਜਾਂ ਤੁਹਾਡੀ ਆਦਤ ਹੀ ਪੁੱਛੇ ਗਏ ਸਵਾਲਾਂ ਦੇ ਸਹੀ ਜਵਾਬ ਦੇਣ ਤੋਂ ਜਾਣ ਬੁੱਝ ਕੇ ਟਾਲ਼ਾ ਵੱਟ ਕੇ ਇਨ੍ਹਾਂ ਨੂੰ ਮਿੱਟੀ ਘੱਟੇ ਰੋਲ ਦੇਣ ਦੀ ਹੈ।

7. ਤੁਸੀਂ ਲਿਖਿਆ ਹੈ:- “ਤੁਸੀਂ ਪੁਰੇਵਾਲ ਵੱਲੋਂ ਬਣਾਏ ਜਿਹੜੇ ਸੂਰਜੀ ਕੈਲੰਡਰ ਦੀ ਹਮਾਇਤ ਕਰ ਰਹੇ ਹੋ ਅਤੇ ਜਿਸ ਨੂੰ ਪੰਥ ਉੱਤੇ ਥੋਪਣ ਦਾ ਪ੍ਰਚਾਰ ਹੋ ਰਿਹਾ ਹੈ ਉਸ ਦੀਆਂ ਸਾਰੀਆਂ ਹੀ ਸੂਰਜੀ ਤਾਰੀਖ਼ਾਂ ਗਲਤ ਹਨ; ਕਦੀ ਉਨ੍ਹਾਂ ਤਾਰੀਖ਼ਾਂ ਵਲ ਝਾਤੀ ਮਾਰੀ ਹੈ। ਮਿਸਾਲ ਦੇ ਤੌਰ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਹੀ ਲੈ ਲਵੋ। ਸ਼ਹੀਦੀ ਵਾਲੇ ਦਿਨ ਜੇਠ ਸੁਦੀ 4, 2 ਹਾੜ ਬਿਕਰਮੀ ਸੰਮਤ 1663 ਮੁਤਾਬਿਕ 30-5-1606 (ਜੂਲੀਅਨ) ਅਤੇ 9-6-1606 (ਗਰੀਗੋਰੀਅਨ) ਸੀ। ਜਿਸ ਨੂੰ ਪੁਰੇਵਾਲ ਵਾਲੇ ਕੈਲੰਡਰ ਨੇ 2 ਹਾੜ ਮੁਤਾਬਿਕ 16 ਜੂਨ ਬਣਾ ਦਿੱਤਾ ਹੈ। ਸਿੱਧਾ ਹੀ ਇਤਿਹਾਸ ਨਾਲੋਂ 7 ਦਿਨਾਂ ਦਾ ਫ਼ਰਕ ਹੈ। ਕੀ ਸ਼ਹੀਦੀ ਵਾਲੇ ਦਿਨ ਤੁਹਾਡੇ ਸੂਰਜੀ ਕੈਲੰਡਰ ਦੀ 2 ਹਾੜ ਬਣਦੀ ਹੈ ? ਅਸਲ ਵਿਚ ਉਸ ਨੇ ਸ਼ਹੀਦੀ ਦਿਨ ਵਾਲੀ ਤਾਰੀਖ਼ ਕੱਢੀ ਹੀ ਨਹੀਂ ਅਤੇ ਮਨ ਮਰਜ਼ੀ ਦੀ 2 ਹਾੜ ਮੁਤਾਬਿਕ 16 ਜੂਨ ਨੂੰ ਸ਼ਹੀਦੀ ਦਿਨ ਮਿੱਥ ਲਿਆ। ਇਸੇ ਤਰ੍ਹਾਂ ਬਾਕੀ ਸਾਰੇ ਗੁਰਪੁਰਬਾਂ ਦੀਆਂ ਤਾਰੀਖ਼ਾਂ ਮਿੱਥ ਕੇ ਇਤਿਹਾਸ ਨਾਲ ਖਿਲਵਾੜ ਕੀਤਾ ਹੈ।”

ਵਾਹ ਜੀ ! ਵਾਹ ! ਨਿਸ਼ਾਨ ਸਾਹਿਬ! ਤੁਸੀਂ ਤਾਂ ਕੈਲੰਡਰ ਵਿਗਿਆਨ ਦੇ ਮਾਹਰ ਹੋਣ ਦਾ ਸਬੂਤ ਦੇਣ ਦੀ ਥਾਂ ਅੰਗਰੇਜਾਂ ਤੇ ਬਿਪਰਵਾਦ ਦੀ ਗੁਲਾਮੀ ਦਾ ਸਬੂਤ ਦੇ ਰਹੇ ਹੋ ? ਅੰਗਰੇਜਾਂ ਦੀ ਮਾਨਸਿਕ ਤੌਰ ’ਤੇ ਗੁਲਾਮੀ ਕਬੂਲਨ ਸਦਕਾ ਤੁਸੀਂ 2 ਹਾੜ  ਵਾਲੇ ਦਿਨ 30 ਮਈ 1606 ਨੂੰ 9 ਜੂਨ 1606 ਹੋਣਾ ਤਾਂ ਮੰਨ ਲਿਆ ਪਰ ਬਿਪਰਵਾਦ ਦੀ ਗੁਲਾਮੀ ਸਦਕਾ 2 ਹਾੜ ਨੂੰ 16 ਜੂਨ 1999 ਮੰਨਣ ਤੋਂ ਇਨਕਾਰੀ ਹੋ ਕੇ ਆਪਣੇ ਆਪ ਨੂੰ ਕੈਲੰਡਰ ਸੋਧ ਦੇ ਨਿਯਮਾਂ ਤੋਂ ਬਿਲਕੁਲ ਕੋਰੇ ਹੋਣ ਦਾ ਮੁਜ਼ਾਹਰਾ ਕਰ ਰਹੇ ਹੋ ? ਮੇਰੇ ਸਮੇਤ ਬਹੁਤ ਸਾਰਿਆਂ ਦਾ ਇਹ ਯਕੀਨ ਪੱਕਾ ਹੋ ਗਿਆ ਕਿ ਤੁਹਾਨੂੰ ਤਾਂ ਇਤਨਾ ਵੀ ਨਹੀਂ ਪਤਾ ਕਿ ਇੰਗਲੈਂਡ ਸਰਕਾਰ ਨੇ ਗ੍ਰੈਗੋਰੀਅਨ ਕੈਲੰਡਰ 2 ਸਤੰਬਰ 1752 ਨੂੰ ਲਾਗੂ ਕੀਤਾ ਸੀ ਜਿਸ ਕਾਰਨ 3 ਸਤੰਬਰ ਨੂੰ ਸਿੱਧਾ ਹੀ 14 ਸਤੰਬਰ ਐਲਾਨ ਦਿੱਤਾ ਸੀ। ਇਸੇ ਕਾਰਨ 2 ਸਤੰਬਰ 1752 ਤੋਂ ਬਾਅਦ ਦੀਆਂ ਤਰੀਖਾਂ ਗ੍ਰੈਗੋਰੀਅਨ ਕੈਲੰਡਰ ਦੇ ਨਿਯਮਾਂ ਅਨੁਸਾਰ ਕੈਲਕੂਲੇਟ ਕੀਤੀਆਂ ਜਾਂਦੀਆਂ ਹਨ ਅਤੇ ਇਸ ਤਰੀਖ ਤੋਂ ਪਹਿਲਾਂ ਦੀਆਂ ਤਰੀਖਾਂ ਜੂਲੀਅਨ ਕੈਲੰਡਰ ਦੇ ਨਿਯਮਾਂ ਮੁਤਾਬਿਕ। ਇਹੋ ਕਾਰਨ ਹੈ ਕਿ ਹੁਣ ਤੱਕ ਕਿਸੇ ਵੀ ਇਤਿਹਾਸਕਾਰ ਨੇ ਕਦੀ ਵੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ 9 ਜੂਨ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 1 ਜਨਵਰੀ ਨਹੀਂ ਲਿਖਿਆ। ਜੇ ਤੁਸੀਂ ਕੈਲੰਡਰ ਸੋਧ ਦੇ ਨਿਯਮਾਂ ਤੋਂ ਜਾਣੂ ਹੁੰਦੇ ਤਾਂ ਅਜਿਹੇ ਹਾਸੋਹੀਣੇ ਸਵਾਲ ਕਦੀ ਨਾ ਕਰਦੇ!

ਨਿਸ਼ਾਨ ਸਾਹਿਬ ਜੀ ਨਾਨਕਸ਼ਾਹੀ ਕੈਲੰਡਰ 1 ਵੈਸਾਖ 1999 ਨੂੰ ਲਾਗੂ ਹੋਣ ਕਾਰਨ ਉਸ ਸਾਲ 1 ਵੈਸਾਖ 14 ਅਪ੍ਰੈਲ ਨਿਸਚਿਤ ਕਰ ਦਿੱਤਾ। ਬਿਕ੍ਰਮੀ ਕੈਲੰਡਰ ਦੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਤਾਂ ਹਰ ਸਾਲ ਹੀ ਬਦਲਦੀ ਰਹਿੰਦੀ ਹੈ ਇਹੋ ਕਾਰਨ ਹੈ ਕਿ ਕਦੀ ਤਾਂ ਵੈਸਾਖੀ 13 ਅਪ੍ਰੈਲ ਨੂੰ ਆ ਜਾਂਦੀ ਹੈ ਅਤੇ ਕਦੀ 14 ਅਪ੍ਰੈਲ ਨੂੰ। 23 ਪੋਹ ਕਦੀ 6 ਜਨਵਰੀ ਨੂੰ ਆਉਂਦਾ ਹੈ ਅਤੇ ਕਦੀ 7 ਜਨਵਰੀ ਨੂੰ। ਇਸ  ਤਰ੍ਹਾਂ ਬਾਕੀ ਦੇ ਸਾਰੇ ਦਿਹਾੜੇ ਅੱਗੇ ਪਿੱਛੇ ਆਉਂਦੇ ਰਹਿੰਦੇ ਹਨ। ਇਸੇ ਅੱਗੇ ਪਿੱਛੜ ਤੋਂ ਛੁਟਕਾਰਾ ਪਾਉਣ ਲਈ ਬਿਪਰਵਾਦ ਦੀਆਂ ਰਾਸ਼ੀਆਂ ਤੋਂ ਛੁਟਕਾਰਾ ਪਾ ਕੇ ਸਾਲ ਦੇ ਪਹਿਲੇ ਪੰਜ ਮਹੀਨੇ ਚੇਤ, ਵੈਸਾਖ, ਜੇਠ ਹਾੜ, ਸਾਵਣ 31-31 ਦਿਨਾਂ ਦੇ ਅਤੇ ਅਖਰੀਲੇ 7 ਮਹੀਨੇ 30-30 ਦਿਨਾਂ ਦੇ ਨਿਸਚਿਤ ਕਰ ਦਿੱਤੇ ਤੇ ਲੀਪ ਵਾਲੇ ਸਾਲ ਵਿੱਚ ਅਖੀਰਲਾ ਮਹੀਨਾ ਫੱਗਣ 31 ਦਿਨ ਦਾ ਹੋ ਜਾਂਦਾ ਹੈ। ਇਹ ਫਾਰਮੂਲਾ ਤੈਅ ਕਰਨ ਉਪ੍ਰੰਤ ਵੈਸਾਖ ਤੋਂ ਬਾਅਦ ਆਉਣ ਵਾਲੇ ਹਰ ਇਕ ਮਹੀਨੇ ਦੇ ਦਿਨ ਗਿਣਨ ਪਿੱਛੋਂ ਅਗਲੇ ਹਰ ਮਹੀਨੇ ਦਾ ਅਰੰਭ ਹੋਣ ਦੀ ਤਰੀਖ ਨਿਸਚਿਤ ਹੋ ਗਈ ਜਿਸ ਮੁਤਾਬਿਕ ਨਵਾਂ ਸਾਲ 1 ਚੇਤ- 14 ਮਾਰਚ,  ਵੈਸਾਖੀ (1 ਵੈਸਾਖ)- 14 ਅਪ੍ਰੈਲ, ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ 2 ਹਾੜ- 16 ਜੂਨ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ- 5 ਜਨਵਰੀ ਨੂੰ ਆਏ ਤੇ ਸਾਲ ਦੀ ਲੰਬਾਈ ਬਿਲਕੁਲ ਸਾਂਝੇ ਸਾਲ ਦੇ ਬਰਾਬਰ ਰੱਖਣ ਕਾਰਨ ਅੱਗੇ ਤੋਂ ਸਾਰੇ ਦਿਹਾੜੇ ਬਿਲਕੁਲ ਉਨ੍ਹਾਂ ਤਰੀਖਾਂ ਨੂੰ ਹੀ ਆਉਣ ਲੱਗ ਪਏ ਜਿਨ੍ਹਾਂ ਤਰੀਖਾਂ ਨੂੰ 1999 ਵਿੱਚ ਆਏ ਸਨ। ਬਿਕ੍ਰਮੀ ਕੈਲੰਡਰ ਵਾਲਾ ਜਿਹੜਾ 2 ਹਾੜ  1606 ਵਿੱਚ 30 ਮਈ ਨੂੰ ਆਇਆ ਸੀ ਉਹ ਤੁਹਾਨੂੰ 1999 ਵਿੱਚ 16 ਜੂਨ ਆਇਆ ਪ੍ਰਵਾਨ ਹੈ ਪਰ ਜੇ 1999 ਵਿੱਚ ਸ: ਪਾਲ ਸਿੰਘ ਪੁਰੇਵਾਲ ਨੇ ਇਸ 2 ਹਾੜ ਨੂੰ ਐਸਾ ਸਿੰਕਰੋਨਾਈਜ਼ ਕੀਤਾ ਕਿ ਅੱਗੇ ਤੋਂ ਹਮੇਸ਼ਾਂ ਹਮੇਸ਼ਾਂ ਲਈ ਇਹ 16 ਜੂਨ ਨੂੰ ਹੀ ਆਉਂਦਾ ਰਹੇਗਾ ਉਸ ਦੇ ਪ੍ਰਵਾਨ ਕਰਨ ਵਿੱਚ ਤੁਹਾਨੂੰ ਕੀ ਤਕਲੀਫ ਹੈ ? ਇਹ ਸਮਝ ਤੋਂ ਬਾਹਰ ਹੈ। ਇਸ ਤਰ੍ਹਾਂ ਦੀ ਬਣਤਰ ਵਾਲਾ ਨਾਨਕਸ਼ਾਹੀ ਕੈਲੰਡਰ ਆਮ ਮਨੁੱਖ ਦੇ ਆਸਾਨੀ ਨਾਲ ਸਮਝ ਵਿੱਚ ਆ ਜਾਂਦਾ ਹੈ ਜਦੋਂ ਕਿ ਬਿਕ੍ਰਮੀ ਕੈਲੰਡਰ ਦਾ ਗੋਰਖ ਧੰਦਾ ਇਸ ਤਰ੍ਹਾਂ ਦਾ ਹੈ ਜਿਸ ਵਿੱਚ ਫਸੇ ਤੁਹਾਡੇ ਵਰਗੇ ਵਿਦਵਾਨ ਨੂੰ ਵੀ ਨਹੀਂ ਪਤਾ ਲਗਦਾ ਕਿ ਤੁਸੀਂ ਆਪਣੀ ਹੀ ਪੁਸਤਕ ਵਿੱਚ 10 ਅਪ੍ਰੈਲ 2017 ਨੂੰ ਦਿਨ ਐਤਵਾਰ ਲਿਖਿਆ ਹੈ ਜਾਂ ਸੋਮਵਾਰ। ਸੱਚ-ਮੁੱਚ ਤੁਹਾਡੀ ਹਾਲਤ ਇੱਦਾਂ ਜਾਪਦੀ ਹੈ ਜਿਸ ਦਾ ਬਿਆਨ ਕਬੀਰ ਸਾਹਿਬ ਜੀ ਨੇ ਆਪਣੇ ਇਨ੍ਹਾਂ ਪਾਵਨ ਬਚਨਾਂ ਰਾਹੀਂ ਕੀਤਾ ਹੈ: (ਜਨੇਊ ਆਦਿਕ ਦੇ ਕੇ ਤੇ ਚੰਗੇ ਮੰਦੇ ਤਿੱਥ ਵਾਰਾਂ ਵਾਲੇ ਕਰਮ-ਕਾਂਡ ਦਾ ਰਾਹ ਦੱਸ ਕੇ) ਬ੍ਰਾਹਮਣ ਸਿਰਫ਼ ਦੁਨੀਆਦਾਰਾਂ ਦਾ ਹੀ ਗੁਰੂ ਅਖਵਾ ਸਕਦਾ ਹੈ, ਭਗਤੀ ਕਰਨ ਵਾਲਿਆਂ ਦਾ ਉਪਦੇਸ਼-ਦਾਤਾ ਬ੍ਰਾਹਮਣ ਗੁਰੂ ਨਹੀਂ ਬਣ ਸਕਦਾ, ਕਿਉਂਕਿ ਇਹ ਤਾਂ ਆਪ ਹੀ ਚਹੁੰਆਂ ਵੇਦਾਂ ਦੀ ਵੀਚਾਰ ਵਾਲੀਆਂ ਕਰਮ-ਕਾਂਡ ਦੀਆਂ ਉਲਝਣਾਂ ਨੂੰ ਸੋਚ ਸੋਚ ਕੇ ਇਹਨਾਂ ਵਿਚ ਹੀ ਖਪ ਖਪ ਕੇ ਆਤਮਕ ਮੌਤ ਮਰ ਚੁੱਕਾ ਹੈ । ਜਥਾ : “ਕਬੀਰ ! ਬਾਮਨੁ, ਗੁਰੂ ਹੈ ਜਗਤ ਕਾ ; ਭਗਤਨ ਕਾ ਗੁਰੁ ਨਾਹਿ ਅਰਝਿ ਉਰਝਿ ਕੈ ਪਚਿ ਮੂਆ ; ਚਾਰਉ ਬੇਦਹੁ ਮਾਹਿ (੧੩੭੭) ਜਿਸ ਤਰ੍ਹਾਂ ਬ੍ਰਾਹਮਣ ਵੇਦਾਂ ਦੇ ਗਿਆਨ ਦੇ ਭਾਰ ਹੇਠ ਹੀ ਦਬਿਆ ਰਿਹਾ ਬਿਲਕੁਲ ਉਸੇ ਤਰ੍ਹਾਂ ਤੁਸੀਂ ਕੈਲੰਡਰ ਦੇ ਆਪਣੇ ਘੜੇ ਗਿਆਨ ਦੇ ਭਾਰ ਥੱਲੇ ਹੀ ਦੱਬੇ ਪਏ ਹੋ; ਸੋ ਪ੍ਰਭੂ ਅੱਗੇ ਅਰਦਾਸ ਕਰੋ ਕਿ ਤੁਹਾਡਾ ਇਸ ਗਿਆਨ ਰੂਪੀ ਭਾਰ ਤੋਂ ਛੁਟਕਾਰਾ ਹੋ ਜਾਵੇ।

8. ਤੁਸੀਂ ਲਿਖਿਆ ਹੈ: “ਕਿਰਪਾ ਕਰ ਕੇ ਕੈਲੰਡਰ ਸਬੰਧੀ ਅਧੂਰੀ ਜਾਣਕਾਰੀ ਨਾਲ ਸੰਗਤਾਂ ਵਿਚ ਭੰਬਲਭੂਸਾ ਪੈਦਾ ਨਾ ਕਰੋ।” ਨਿਸ਼ਾਨ ਸਾਹਿਬ ਜੀ ! ਮੈਂ ਤਾਂ ਕਦੀ ਕੈਲੰਡਰ ਦਾ ਮਾਹਰ ਹੋਣ ਦਾ ਦਾਅਵਾ ਹੀ ਨਹੀਂ ਕੀਤਾ। ਮੈਂ ਤਾਂ ਇਹੋ ਬੇਨਤੀ ਕੀਤੀ ਸੀ ਕਿ ਮੈਂ ਸਿਰਫ ਤੁਹਾਡੀ ਪੁਸਤਕ ਵਿੱਚ ਦਰਜ ਤਰੀਖਾਂ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਵੱਖ ਵੱਖ ਸਾਲਾਂ ਦੇ ਕੈਲੰਡਰਾਂ ਵਿੱਚ ਦਰਜ ਤਰੀਖਾਂ ਨੂੰ ਕੰਪੇਅਰ ਕਰਕੇ ਵੇਖਿਆ ਤਾਂ ਪਤਾ ਲੱਗਾ ਕਿ ਦੋਵਾਂ ਦੀਆਂ ਕੁਝ ਤਰੀਖਾਂ ਵਿੱਚ ਅੰਤਰ ਹੈ। ਦੋਵੇਂ ਤਾਂ ਠੀਕ ਹੋ ਨਹੀਂ ਸਕਦੀਆਂ ਇਸ ਲਈ ਦੋਵਾਂ ਵਿੱਚੋਂ ਇੱਕ ਦੀਆਂ ਤਰੀਖਾਂ ਤਾਂ ਗਲਤ ਹੋਣਗੀਆਂ ਹੀ। ਇਸ ਕਾਰਨ ਆਪਣੀਆਂ ਕੈਲੂਲੇਸ਼ਨਾਂ ’ਤੇ ਭਰੋਸਾ ਰੱਖ ਕੇ ਦੱਸਿਆ ਜਾਵੇ ਕਿ ਦੋਨਾਂ ਵਿੱਚੋਂ ਕਿਹੜੀਆਂ ਠੀਕ ਹਨ ਅਤੇ ਕਿਹੜੀਆਂ ਗਲਤ ? ਪਰ ਤੁਸੀਂ ਸਹੀ ਜਵਾਬ ਦੇਣ ਦੀ ਥਾਂ ਪਿਛਲੇ ਸਵਾ ਮਹੀਨੇ ਤੋਂ ਐਸੀ ਪਾਣੀ ਵਿੱਚ ਮਧਾਣੀ ਪਾਈ ਹੋਈ ਹੈ ਕਿ ਆਪਣਾ ਭਰੋਸਾ ਆਪ ਹੀ ਗਵਾਉਣ ਦੇ ਰਾਹ ਪਏ ਹੋਏ ਹੋ।

9. ਤੁਸੀਂ ਲਿਖਿਆ ਹੈ“ ਮੈਂ ਇਹ ਸਮਝਦਾ ਹਾਂ ਕਿ ਕੈਲੰਡਰ ਸਬੰਧੀ ਸੰਗਤਾਂ ਵਿਚ ਪਾਏ ਜਾ ਰਹੇ ਭਰਮ ਭੁਲੇਖਿਆਂ ਨੂੰ ਦੂਰ ਕਰਨ ਲਈ ਸ੍ਰੀ ਅਕਾਲ ਤਖ਼ਤ ਵੱਲੋਂ ਪਿਛਲੇ ਸਾਲ ਜੋ ਪਹਿਲ ਇੱਕ ਪੰਥਕ ਕਮੇਟੀ ਸਥਾਪਤ ਕਰਨ ਲਈ ਕੀਤੀ ਗਈ ਸੀ ਉਸ ਕਮੇਟੀ ਦੀ ਮੀਟਿੰਗ ਜਲਦੀ ਤੋਂ ਜਲਦੀ ਬੁਲਾਈ ਜਾਏ ਤਾਂ ਕਿ ਅਗਲੇ ਸਾਲ ਦਾ ਕੈਲੰਡਰ ਛਾਪਣ ਤੱਕ ਇੱਕ ਦੋ ਟੁੱਕ ਫ਼ੈਸਲਾ ਹੋ ਜਾਏ 

ਨਿਸ਼ਾਨ ਸਾਹਿਬ ਜੀ! ਪਹਿਲੇ ਨੰਬਰ ’ਤੇ ਅਸੀਂ ਤੁਹਾਨੂੰ ‘ਦੇਰ ਆਏ, ਦਰੁਸਸਤ ਆਏ’ ਦੀ ਮੁਬਾਰਕਵਾਦ ਦਿੰਦੇ ਹਾਂ ਕਿ ਅਗਲਾ ਕੈਲੰਡਰ ਛਾਪਣ ਤੋਂ ਪਹਿਲਾਂ ਤੁਸੀਂ ਅਕਾਲ ਤਖ਼ਤ ਵੱਲੋਂ ਪੰਥਕ ਕਮੇਟੀ ਦੀ ਮੀਟਿੰਗ ਸੱਦ ਕੇ ‘ਦੋ ਟੁੱਕ ਫ਼ੈਸਲਾ ਕਰਨ ਦੀ ਮੰਗ ਕਰ ਦਿੱਤੀ ਹੈ।

ਦੂਸਰੇ ਨੰਬਰ ’ਤੇ ਅਸੀਂ ਸਮਝਦੇ ਹਾਂ ਕਿ ਕਮੇਟੀ ਵਿੱਚ ਜੋ ਨਾਮ ਐਲਾਨੇ ਗਏ ਸਨ ਉਹ ਹੀ ਗਲਤ ਹਨ ਕਿਉਂਕਿ ਉਨ੍ਹਾਂ ਵਿੱਚ ਧੁੰਮਾ, ਟਕਸਾਲਾਂ, ਉਦਾਸੀ/ਨਿਰਮਲੇ ਡੇਰਿਆਂ, ਨਿਹੰਗ ਸਿੰਘ ਜਥੇਬੰਦੀਆਂ ਆਦਿਕ ਦੇ ਨੁੰਮਾਇੰਦਿਆਂ ਦੀ ਬਹੁਤਾਤ ਹੈ; ਜਿਨ੍ਹਾਂ ਨੂੰ ਕੈਲੰਡਰ ਵਿਗਿਆਨ ਸਬੰਧੀ ਇੱਲ ਤੋਂ ਕੁੱਕੜ ਨਹੀਂ ਆਉਂਦਾ ਪਰ ਉਹ ਸਾਰੇ ਦੇ ਸਾਰੇ ਬਿਕ੍ਰਮੀ ਕੈਲੰਡਰ ਦੇ ਕੱਟੜ ਹਿਮਾਇਤੀ ਹਨ। ਨਾਨਕਸ਼ਾਹੀ ਕੈਲੰਡਰ ਦੇ ਹਿਮਾਇਤੀਆਂ ਵਿੱਚੋਂ ਕੇਵਲ ਰਸਮੀ ਤੌਰ ’ਤੇ ਪਾਲ ਸਿੰਘ ਪੁਰੇਵਾਲ ਦਾ ਨਾਮ ਹੀ ਇਸ ਆਸ ਨਾਲ ਸ਼ਾਮਲ ਕੀਤਾ ਸੀ ਕਿ ਉਹ ਇਸ ਕਮੇਟੀ ਨੂੰ ਇੱਕ ਪਾਸੜ ਦੱਸ ਕੇ ਇਸ ਵਿੱਚ ਸ਼ਾਮਲ ਹੋਣ ਤੋਂ ਨਾਂਹ ਕਰ ਦੇਣਗੇ ਕਿਉਂਕਿ ਅਜੇਹੀ ਕਮੇਟੀ ਵਿੱਚ ਫੈਸਲਾ ਕੈਲੰਡਰ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖ ਕੇ ਨਹੀਂ ਬਲਕਿ ਵੋਟਾਂ ਦੇ ਅਧਾਰ ’ਤੇ ਹੋਵੇਗਾ ਜੋ ਗਲਤ ਹੋਣਾਂ ਤੈਅ ਹੈ। ਇਸ ਦੇ ਬਾਵਜੂਦ ਜਥੇਦਾਰ ਨੂੰ ਐਨਾ ਭਰੋਸਾ ਨਹੀਂ ਸੀ ਜਿਨ੍ਹਾਂ ਭਰੋਸਾ ਤੁਸੀਂ ਆਪਣੀਆਂ ਕੈਲਕੂਲੇਸ਼ਨਾਂ ’ਤੇ ਕਰੀ ਬੈਠੋ ਹੋ (ਭਾਵੇਂ ਕਿ ਆਪਣੇ ਭਰੋਸੇ ਨੂੰ ਸਿੱਧ ਕਰਨ ਲਈ ਤੁਸੀਂ ਵੀ ਸਿੱਧੇ ਤੇ ਸਪਸ਼ਟ ਉੱਤਰ ਦੇਣ ਤੋਂ ਜਥੇਦਾਰ ਵਾਙ ਹੀ ਕੰਨੀ ਕਤਰਾ ਰਹੇ ਹੋ)। ਇਹ ਜਥੇਦਾਰ ਵਿੱਚ ਪੈਦਾ ਹੋਈ ਬੇਭਰੋਸਗੀ ਦਾ ਹੀ ਕਾਰਨ ਹੈ ਕਿ ਪਿੱਛਲੇ ਚਾਰ ਸਾਲਾਂ ਤੋਂ ਕਮੇਟੀ ਬਣਾਉਣ ਦਾ ਐਲਾਨ ਕਰਨ ਦੇ ਬਾਵਜੂਦ ਉਹ ਮੈਂਬਰਾਂ ਦੀ ਮੀਟਿੰਗ ਕਰਵਾਉਣ ਤੋਂ ਟਾਲ਼ਾ ਵੱਟ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਇਹ ਭਰੋਸਾ ਜਰੂਰ ਹੈ ਕਿ ਜੇ ਸ: ਪਾਲ ਸਿੰਘ ਪੁਰੇਵਾਲ, ਜਥੇਦਾਰ ਦੇ ਕਿਆਸ ਦੇ ਉਲਟ ਮੀਟਿੰਗ ਵਿੱਚ ਸ਼ਾਮਲ ਹੋ ਗਏ ਤਾਂ ਉਨ੍ਹਾਂ ਦੀਆਂ ਦਲੀਲਾਂ ਦਾ ਉਸ ਇਕੱਠੀ ਕੀਤੀ ਅਖੌਤੀ ਵਿਦਵਾਨਾਂ ਦੀ ਭੀੜ ਵਿੱਚੋਂ ਕਿਸੇ ਨੇ ਵੀ ਉੱਤਰ ਨਹੀਂ ਦੇ ਸਕਣਾ ਤਾਂ ਉਹ ਕਿਹੜੇ ਮੂੰਹ, ਵੋਟਾਂ ਦੇ ਅਧਾਰ ’ਤੇ ਬਿਕ੍ਰਮੀ ਕੈਲੰਡਰ ਦੇ ਹੱਕ ਵਿੱਚ ਫੈਸਲਾ ਦੇਣਗੇ ? ਇਹੋ ਕਾਰਨ ਹੈ ਕਿ ਇੱਕ ਵਾਰ ਆਪਣੇ ਮਾਲਕਾਂ ਦੇ ਇਸ਼ਾਰੇ ’ਤੇ ਬਿਕ੍ਰਮੀ ਕੈਲੰਡਰ ਪੰਥ ’ਤੇ ਮੁੜ ਥੋਪ ਕੇ ਅੱਗੋਂ ਤੋਂ ਸੋਧ ਲਈ ਕਮੇਟੀ ਦਾ ਐਲਾਨ ਤਾਂ ਕਰ ਬੈਠੇ ਪਰ ਮੀਟਿੰਗ ਕਰਵਾਉਣ ਤੋਂ ਉਸੇ ਤਰ੍ਹਾਂ ਟਾਲ਼ਾ ਵੱਟ ਰਹੇ ਹਨ ਜਿਸ ਤਰ੍ਹਾਂ ਸਵਾਲਾਂ ਦੇ ਜਵਾਬ ਦੇਣ ਤੋਂ ਤੁਸੀਂ ਟਾਲ਼ਾ ਵੱਟ ਰਹੇ ਹੋ !

ਨਿਸ਼ਾਨ ਸਾਹਿਬ ਜੀ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਹੋਈ ਗੱਲਬਾਤ ਦੀ ਰੀਕਾਰਡਿੰਗ ਤੁਸੀਂ ਸੁਣ ਹੀ ਚੁੱਕੇ ਹੋ। ਉਹ ਸਾਫ ਤੌਰ ’ਤੇ ਮੰਨ ਰਹੇ ਹਨ ਕਿ ਕੈਲੰਡਰ ਸਬੰਧੀ ਉਨ੍ਹਾਂ ਨੂੰ ਕੋਈ ਗਿਆਨ ਨਹੀਂ ਹੈ; ਇਸ ਸਬੰਧੀ ਫੈਸਲਾ ਕਰਨਾ ਵਿਦਵਾਨਾਂ ਦਾ ਕੰਮ ਹੈ। ਸੰਤ ਸਮਾਜ ਦੇ ਆਗੂ ਅਤੇ ਤੁਹਾਡੀ ਪੁਸਤਕ ਛਪਵਾ ਕੇ ਮੁਫਤ ਵੰਡਣ ਵਾਲੇ ਸੰਤ ਸੇਵਾ ਸਿੰਘ ਰਾਮਪੁਰ ਖੇੜੇ ਵਾਲੇ ਵੀ ਮੇਰੇ ਨਾਲ ਹੋਈ ਗੱਲਬਾਤ ਵਿੱਚ ਮੰਨ ਚੁੱਕੇ ਹਨ ਕਿ ਉਨ੍ਹਾਂ ਨੂੰ ਕੈਲੰਡਰ ਸਬੰਧੀ ਗਿਆਨ ਨਹੀਂ ਹੈ ਇਹ ਵਿਦਾਵਾਨਾਂ ਦਾ ਕੰਮ ਹੈ। ਫਿਰ ਤੁਸੀਂ ਹੀ ਦੱਸੋ ਕਿ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਸੰਤ ਸਮਾਜ, ਟਕਸਾਲਾਂ, ਡੇਰਿਆਂ ਅਤੇ ਨਿਹੰਗ ਸਿੰਘ ਜਥਿਆਂ ਦੇ ਗਿਆਨ ਵਿਹੂਨੇ ਪ੍ਰਤੀਨਿਧਾਂ ਨੂੰ ਕੈਲੰਡਰ ਸਬੰਧੀ ਫੈਸਲਾ ਕਰਨ ਵਾਲੀ ਪੰਥਕ ਕਮੇਟੀ ਵਿੱਚ ਸ਼ਾਮਲ ਕਰਨਾ ਕਿਵੇਂ ਜਾਇਜ ਮੰਨਿਆ ਜਾ ਸਕਦਾ ਹੈ ?

ਚਾਹੁੰਦਾ ਸਾਰਾ ਪੰਥ ਇਹੋ ਹੈ ਕਿ ਕੈਲੰਡਰ ਦਾ ਮਸਲਾ ਜਲਦੀ ਹੱਲ ਹੋਵੇ ਪਰ ਫੈਸਲਾ ਕਰਨ ਵਾਲੀ ਕਮੇਟੀ ਵਿੱਚ ਇੱਕ ਪਾਸੜ ਸੰਸਥਾਵਾਂ ਨੂੰ ਨੁਮਾਇੰਦਗੀ ਦੇਣ ਦੀ ਥਾਂ ਉਸ ਵਿੱਚ ਕੇਵਲ ਕੈਲੰਡਰ ਤੇ ਸਿੱਖ ਇਤਿਹਾਸ ਨਾਲ ਸਬੰਧਤ ਵਿਦਵਾਨ ਹੀ ਸ਼ਾਮਲ ਕੀਤੇ ਜਾਣ। ਕੀ ਤੁਸੀਂ ਇਸ ਨਾਲ ਸਹਿਮਤ ਹੋ ?

10. ਅਖੀਰ ’ਤੇ ਤੁਸੀਂ ਲਿਖਿਆ ਹੈ : “ਤੁਹਾਡੀ ਵੈੱਬਸਾਈਟ ’ਤੇ ਸ: ਅਜੀਤ ਸਿੰਘ ਜਿਹੇ ਗੁਰਮੁਖ ਵੀ ਹਨ ਜਿਨ੍ਹਾਂ ਵੱਲੋਂ ਵਰਤੇ ਸ਼ਬਦ ਪੜ੍ਹ ਕੇ ਗੁਰਬਾਣੀ ਦੀ ਪੰਗਤੀ ਯਾਦ ਆਈ ਕਿ ‘ਰੋਗੀ ਕੈ ਭਾਣੇ ਸਭ ਰੋਗੀ’ ਆਪ ਇਨਸਾਨ ਜਿਹੋ ਜਿਹਾ ਹੁੰਦਾ ਹੈ ਉਸ ਨੂੰ ਸਾਰੇ ਉਹੋ ਜਿਹੇ ਹੀ ਨਜ਼ਰ ਆਉਂਦੇ ਹਨ।”  ਪੰਥਕ ਮਸਲੇ ਦਾ ਹੱਲ ਵੈੱਬਸਾਈਟਾਂ ਨਹੀਂ ਕਰ ਸਕਦੀਆਂ ਇਸ ਦਾ ਫ਼ੈਸਲਾ ਤਾਂ ਪੰਥਕ ਜਥੇਬੰਦੀਆਂ ਹੀ ਕਰ ਸਕਦੀਆਂ ਹਨ।

ਨਿਸ਼ਾਨ ਸਾਹਿਬ ਜੀ ! ਪਹਿਲੀ ਗੱਲ ਤਾਂ ਇਹ ਹੈ ਕਿ ਮੇਰੀ ਕੋਈ ਆਪਣੀ ਵੈੱਬਸਾਈਟ ਨਹੀਂ ਹੈ। ਤੁਹਾਨੂੰ ਜਿਹੜੀ ਵੈੱਬਸਾਈਟ ਪਸੰਦ ਹੈ ਤੁਸੀਂ ਉਸ ਸਾਈਟ ’ਤੇ ਵੀਚਾਰ ਰੱਖਣ ਦੀ ਅਜਾਦੀ ਮਾਣ ਸਕਦੇ ਹੋ ਮੈਂ ਆਪਣੇ ਵੀਚਾਰ ਉਸੇ ਸਾਈਟ ਨੂੰ ਭੇਜ ਦਿਆ ਕਰਾਂਗਾ।

ਦੂਸਰੀ ਗੱਲ ਹੈ ਕਿ ਜਿਸ ਨੂੰ ਤੁਸੀਂ ਮੇਰੀ ਵੈੱਬਸਾਈਟ ਦੱਸ ਰਹੇ ਹੋ ਜੇ ਕਰ ਉਸ ਵਿੱਚ ਕਿਸੇ ਵੀਚਾਰ ਨੂੰ ਤੋੜ ਮ੍ਰੋੜ ਕੇ ਜਾਂ ਵਧਾ ਘਟਾ ਕੇ ਲਿਖਿਆ ਹੋਵੇ ਤਾਂ ਉਹ ਜਰੂਰ ਕਸੂਰਵਾਰ ਹੈ। ਪਰ ਜਦੋਂ ਉਹ ਤੁਹਾਡੇ ਵੀਚਾਰਾਂ ਨੂੰ ਹੂ-ਬਹੁ ਪੇਸ਼ ਕਰ ਰਹੀ ਹੈ ਤਾਂ ਦੱਸੋ ਉਸ ਵੈੱਬਸਾਈਟ ਵਿੱਚ ਤੁਸੀਂ ਕੀ ਕਸੂਰ ਕੱਢ ਸਕਦੇ ਹੋ ?

ਤੀਸਰੀ ਗੱਲ ਜੋ ਤੁਸੀਂ ਲਿਖੀ ਹੈ ਕਿ “ਪੰਥਕ ਮਸਲੇ ਦਾ ਹੱਲ ਵੈੱਬਸਾਈਟਾਂ ਨਹੀਂ ਕਰ ਸਕਦੀਆਂ”। ਇਸ ਸਬੰਧੀ ਮੇਰਾ ਕਹਿਣਾ ਹੈ ਕਿ ਜਿੰਨਾਂ ਪਾਰਦ੍ਰਸ਼ੀ ਢੰਗ ਨਾਲ ‘ਗੁਰਪ੍ਰਸਾਦਿ.ਕਾਮ’ ਉੱਪਰ ਦੋਵੇਂ ਧਿਰਾਂ ਦੇ ਵੀਚਾਰ ਨਾਲੋ ਨਾਲ ਪੇਸ਼ ਕੀਤੇ ਜਾ ਰਹੇ ਹਨ ਉਸ ਹਿਸਾਬ ਨਾਲ ਤਾਂ ਜਿੱਥੋਂ ਤੁਸੀਂ ਦੋ ਟੁਕ ਫੈਸਲਾ ਕਰਵਾਉਣਾ ਚਾਹੁੰਦੇ ਹੋ, ਉਸ ਉਪਰ ਇਸ ਸਮੇਂ ਬੈਠੇ ਵਿਅਕਤੀ ਤਾਂ ਇਸ ਵੈੱਬਸਾਈਟ ਦੇ ਪਾਸਕੂ ਵੀ ਨਹੀਂ ਹਨ। ਹੁਣ ਉੱਥੇ ਪਾਰਦ੍ਰਸ਼ਤਾ ਦਾ ਤਾਂ ਨਾਮੋ ਨਿਸ਼ਾਨ ਨਹੀਂ ਹੈ ਪਰ ਦੀਰਘ ਵੀਚਾਰਾਂ ਕਰ ਕੇ ਜਿੰਨੇ ਝੂਠ ਉਥੋਂ ਬੋਲੇ ਜਾ ਰਹੇ ਹਨ ਇੰਨੇ ਝੂਠ ਤਾਂ ਆਮ ਵਿਅਕਤੀ ਵੀ ਬੋਲਣ ਪਿੱਛੋਂ ਸ਼ਰਮਾ ਜਾਂਦਾ ਹੈ ਪਰ ਉਨ੍ਹਾਂ ਨੂੰ ਤਾਂ ਰੱਤੀ ਭਰ ਵੀ ਪ੍ਰਵਾਹ ਨਹੀਂ ਹੈ।

ਚੌਥੀ ਗੱਲ ਹੈ ਕਿ ਸ: ਅਜੀਤ ਸਿੰਘ ਨੇ ਤੁਹਾਡੇ ਲਈ ਕਿਹੜੇ ਸ਼ਬਦ ਵਰਤੇ ਹਨ ਮੈਂ ਤਾਂ ਕਦੀ ਉਹ ਪੜ੍ਹੇ ਵੀ ਨਹੀਂ ਹਨ ਅਤੇ ਨਾ ਹੀ ਤੁਹਾਡੇ ਵੱਲੋਂ ਦੱਸੀ ਜਾ ਰਹੀ ਮੇਰੀ ਵੈੱਬ ਸਾਈਟ ਨੇ ਉਨ੍ਹਾਂ ਸ਼ਬਦਾਂ ਵਾਲੀ ਚਿੱਠੀ ਨੂੰ ਅਪਡੇਟ ਕੀਤਾ ਹੈ। ਸ: ਅਜੀਤ ਸਿੰਘ ਨੇ ਵੀ ਤੁਹਾਡੇ ਵੱਲੋਂ ਇਤਰਾਜ਼ ਕੀਤੇ ਜਾਣ ਪਿੱਛੋਂ ਆਪਣੇ ਆਪ ਨੂੰ, ਆਪਣੇ ਵਿਚਕਾਰ ਚਿੱਠੀ ਪੱਤਰ ਰਾਹੀਂ ਚੱਲ ਰਹੀ ਵੀਚਾਰ ਵਾਲੇ ਈ-ਮੇਲ ਗਰੁੱਪ ’ਚੋਂ ਅਲਾਇਦਾ ਹੋਣ ਦਾ ਐਲਾਨ ਕਰ ਦਿੱਤਾ ਸੀ ਤੇ ਮੁੜ ਉਸ ਨੇ ਇਸ ਵੀਚਾਰ ਚਰਚਾ ਵਿੱਚ ਨਾ ਕੋਈ ਭਾਗ ਲਿਆ ਹੈ ਅਤੇ ਨਾ ਕਦੀ ਕੋਈ ਕੁਮੈਂਟ ਕੀਤਾ ਹੈ। ਪਰ ਇਸ ਦੇ ਬਾਵਜੂਦ ਤੁਸੀਂ ਵਾਰ ਵਾਰ ਸ: ਅਜੀਤ ਸਿੰਘ ਦਾ ਨਾਮ ਵਰਤ ਕੇ ਵੀਚਾਰ ਚਰਚਾ ’ਚੋਂ ਨੱਠ ਜਾਣ ਦਾ ਰਾਹ ਲੱਭ ਰਹੇ ਜਾਪਦੇ ਹੋ; ਜੋ ਕਦਾਚਿਤ ਵੀ ਠੀਕ ਨਹੀਂ ਹੋਵੇਗਾ। ਆਸ ਹੈ ਤੁਸੀਂ ਪੰਥਕ ਵਿਵਾਦ ਦੇ ਹੱਲ ਨੂੰ ਨਜਿੱਠਣ ਲਈ ਪੁੱਛੇ ਗਏ ਸਵਾਲਾਂ ਦਾ ਸਹੀ ਤੇ ਸਪਸ਼ਟ ਉੱਤਰ ਦੇਣ ਦਾ ਆਪਣਾ ਫਰਜ ਪੂਰਾ ਕਰਨ ਦੀ ਖੇਚਲ ਕਰਦੇ ਰਹੋਗੇ।     

ਕਿਰਪਾਲ ਸਿੰਘ ਬਠਿੰਡਾ  ਮਿਤੀ 26 ਅਪ੍ਰੈਲ 2018