ਪੱਤਰ ਨੰਬਰ 28 (ਸ. ਸਰਬਜੀਤ ਸਿੰਘ ਜੀ ਵਲੋਂ ਸ. ਗੋਬਿੰਦ ਸਿੰਘ ਲੌਂਗੋਵਾਲ ਜੀ ਨੂੰ ਪੱਤਰ)

0
438

ਸ. ਗੋਬਿੰਦ ਸਿੰਘ ਲੌਂਗੋਵਾਲ ਜੀ !

ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ (ਅੰਮ੍ਰਿਤਸਰ ਸਾਹਿਬ)

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ

ਮਿਤੀ- 16 ਵੈਸਾਖ ਸੰਮਤ 550 ਨਾਨਕਸ਼ਾਹੀ (28 ਅਪ੍ਰੈਲ 2018)

ਵਿਸ਼ਾ:- ਕੈਲੰਡਰ

ਸ. ਗੋਬਿੰਦ ਸਿੰਘ ਜੀ ! ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਨਾਨਕਸ਼ਾਹੀ ਸੰਮਤ 550 ਦੇ ਕੈਲੰਡਰ ਸਬੰਧੀ ਬੇਨਤੀ ਹੈ ਕਿ ਇਹ ਕੈਲੰਡਰ ਚੇਤ ਤੋਂ ਆਰੰਭ ਹੁੰਦਾ ਹੈ ਅਤੇ ਫੱਗਣ ਨੂੰ ਖਤਮ ਹੁੰਦਾ ਹੈ। ਪਿਛਲੇ ਸਾਲ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤਾ ਗਿਆ ਕੈਲੰਡਰ (ਸੰਮਤ 549) ਵੀ 1 ਚੇਤ ਤੋਂ ਆਰੰਭ ਹੋ ਕੇ 30 ਫੱਗਣ ਨੂੰ ਖਤਮ ਹੋਇਆ ਹੈ।  ਇਸ ਤੋਂ ਸਪੱਸ਼ਟ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਜਾਰੀ ਕੈਲੰਡਰ ਸੂਰਜੀ ਬਿਕ੍ਰਮੀ ਕੈਲੰਡਰ ਹੀ ਹੁੰਦਾ ਹੈ, ਜਿਸ ਦੇ 12 ਮਹੀਨੇ ਅਤੇ ਸਾਲ ਦੀ ਲੰਬਾਈ 365 ਦਿਨ ਹੁੰਦੀ ਹੈ।  ਜਦੋਂ ਸਾਲ ਦੇ ਦਿਨ 365 ਹੋਣ ਤਾਂ ਹਰ ਦਿਹਾੜਾ, ਹਰ ਸਾਲ ਉਸੇ ਤਾਰੀਖ ਨੂੰ ਹੀ ਆਉਣਾ ਚਾਹੀਦਾ ਹੈ। ਬਹੁਤ ਹੀ ਹੈਰਾਨੀ ਹੋਈ ਜਦੋਂ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਸੰਮਤ 550 ਦੇ ਕੈਲੰਡਰ ਨੂੰ ਵੇਖਿਆ ਗਿਆ; ਜਿਵੇਂ ਕਿ ਪਿਛਲੇ ਸਾਲ ਗੁਰੂ ਹਰਗੋਬਿੰਦ ਜੀ ਦੇ ਗੁਰਗੱਦੀ ਦਿਵਸ ਦੀ ਤਾਰੀਖ 6 ਜੇਠ ਅਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤਾਰੀਖ 16 ਜੇਠ ਦਰਜ ਸੀ, ਪਰ ਇਸ ਸਾਲ ਦੇ ਕੈਲੰਡਰ ਵਿੱਚ ਗੁਰਗੱਦੀ ਦਿਵਸ ਦੀ ਤਾਰੀਖ 25 ਵੈਸਾਖ ਅਤੇ ਸ਼ਹੀਦੀ ਦੀ ਤਾਰੀਖ 3 ਹਾੜ ਦਰਜ ਹੈ। ਅਜੇਹਾ ਕਿਉ ?

ਜਦੋਂ ਸ਼੍ਰੋਮਣੀ ਕਮੇਟੀ ਦਾ ਕੈਲੰਡਰ ਪਿਛਲੇ ਸਾਲ ਵਾਲਾ ਹੀ ਹੈ ਭਾਵ 1 ਚੇਤ ਤੋਂ ਹੀ ਆਰੰਭ ਹੁੰਦਾ ਹੈ ਤਾਂ ਇਨ੍ਹਾਂ ਦਿਹਾੜਿਆਂ ਦੀਆਂ ਤਾਰੀਖ਼ਾਂ ਕਿਵੇਂ ਬਦਲ ਗਈਆਂ ? ਗ਼ਲਤੀ ਇੱਥੇ ਹੀ ਵੱਸ ਨਹੀਂ ਰਹੀ, ਇਸ ਤੋਂ ਵੱਡੀ ਕੁਤਾਹੀ ਇਹ ਵੀ ਹੈ ਕਿ ਪਿਛਲੇ ਸਾਲ ਇਨ੍ਹਾਂ ਦੋਵਾਂ ਦਿਹਾੜਿਆਂ ਵਿੱਚ 10 ਦਿਨਾਂ (6 ਜੇਠ ਤੋਂ 16 ਜੇਠ) ਅੰਤਰ ਸੀ, ਪਰ ਇਸ ਸਾਲ ਇਹ ਫਰਕ 40 ਦਿਨਾਂ ਦਾ ਹੋ ਗਿਆ। (25 ਵੈਸਾਖ ਤੋਂ 3 ਹਾੜ ਤੱਕ) ਕੀ ਇਹ ਜਾਣ ਬੁੱਝ ਕੇ ਸਿੱਖ ਇਤਿਹਾਸ ਨੂੰ ਵਿਗਾੜਨ ਦੀ ਸਾਜ਼ਸ਼ ਤਾਂ ਨਹੀਂ ?  ਇਸ ਕੁਤਾਹੀ ਲਈ ਕੌਣ ਜਿੰਮੇਵਾਰ ਹੈ ?  ਜਦੋਂ ਕਿ ਕੁਝ ਦਿਹਾੜੇ, ਜਿਵੇਂ ਕਿ ਛੋਟਾ ਘੱਲੂਘਾਰਾ 3 ਜੇਠ,  ਅਕਾਲ ਤਖਤ ਸਾਹਿਬ ਉੱਤੇ ਹਮਲਾ 22 ਜੇਠ ਅਤੇ ਸ਼ਹੀਦੀ ਬਾਬਾ ਜਰਨੈਲ ਸਿੰਘ 24 ਜੇਠ ਭਾਵ ਪਿਛਲੇ ਸਾਲ ਵਾਲੀਆਂ ਤਾਰੀਖ਼ਾਂ ਵਾਂਗ ਹੀ ਦਰਜ ਹਨ।

ਸ. ਗੋਬਿੰਦ ਸਿੰਘ ਜੀ ! ਮੈਂ ਕੈਲੰਡਰ ਸਬੰਧੀ ਪਹਿਲਾਂ ਵੀ ਦੋ ਪੱਤਰ (20 ਮਾਰਚ ਤੇ 6 ਅਪ੍ਰੈਲ) ਸਕੱਤਰ ਧਰਮ ਪ੍ਰਚਾਰ ਕਮੇਟੀ ਜੀ ਨੂੰ ਭੇਜ ਚੁੱਕਾ ਹਾਂ, ਪਰ ਜਵਾਬ ਕੋਈ ਨਹੀਂ ਆਇਆ।  ਕੀ 11 ਅਰਬ ਦੇ ਬਜਟ ਵਾਲੀ ਸ਼੍ਰੋਮਣੀ ਕਮੇਟੀ ਵਿੱਚ ਏਨੀ ਵੀ ਸਮਰੱਥਾ ਨਹੀਂ ਹੈ ਕਿ ਸੰਗਤਾਂ ਦੇ ਸਵਾਲਾਂ ਦੇ ਜਵਾਬ ਜਾਂ ਮੰਗੀ ਗਈ ਜਾਣਕਾਰੀ ਈ ਮੇਲ ਰਾਹੀਂ ਭੇਜ ਸਕੇ ? ਕਦੇ ਸਮਾਂ ਸੀ ਜਦੋਂ ਧਰਮ ਪ੍ਰਚਾਰ ਕਮੇਟੀ ਦੇ ਵਿਦਵਾਨ ਬੈਠ ਕੇ ਪੁੱਛੇ ਗਏ ਸਵਾਲਾਂ ਦੇ ਜਵਾਬ ਤਿਆਰ ਕਰਦੇ ਅਤੇ ਡਾਕ ਰਾਹੀਂ ਭੇਜਦੇ ਰਹੇ ਸਨ। ਅੱਜ ਨਾ ਤਾਂ ਪੇਪਰ ਦੀ ਲੋੜ ਹੈ ਅਤੇ ਨਾ ਹੀ ਡਾਕ ਖਰਚ ਦੀ। ਕੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੀ ਸੰਤੁਸ਼ਟੀ ਖਾਤਰ, ਇਕ ਮੁਲਾਜ਼ਮ ਨੂੰ ਇਹ ਜਿੰਮੇਵਾਰੀ ਨਹੀਂ ਸੌਂਪੀਂ ਜਾ ਸਕਦੀ ਕਿ ਉਹ ਪ੍ਰਾਪਤ ਹੋਏ ਸਵਾਲਾਂ ਦੇ ਜਵਾਬ, ਈ ਮੇਲ ਰਾਹੀਂ (ਨਿਸ਼ਚਿਤ ਸਮੇਂ ਵਿਚ) ਭੇਜ ਸਕੇ। ਆਸ ਕਰਦਾ ਹਾਂ ਕਿ ਆਪ ਜੀ ਇਸ ਪਾਸੇ ਜ਼ਰੂਰ ਧਿਆਨ ਦਿਓਂਗੇ।

ਪ੍ਰਧਾਨ ਜੀ !  ਮੈਨੂੰ ਪੂਰੀ ਆਸ ਹੈ ਕਿ ਆਪ ਜੀ ਇਹ ਪੱਤਰ ਪੜ੍ਹ ਕੇ, ਮੇਰੇ ਤੋਂ ਵੀ ਵੱਧ ਚਿੰਤਤ ਹੋਵੋਗੇ। ਨਿਮਰਤਾ ਸਹਿਤ ਬੇਨਤੀ ਹੈ, ਕਿ ਇਸ ਬਹੁਤ ਹੀ ਮਹੱਤਵ ਪੂਰਨ ਵਿਸ਼ੇ, “ਕੌਮੀ ਕੈਲੰਡਰ” ਵਿੱਚ ਹੋਈਆਂ ਗ਼ਲਤੀਆਂ ਦੀ ਪੜਤਾਲ” ਕਰ ਕੇ ਜਿੰਮੇਵਾਰ ਵਿਅਕਤੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸੰਮਤ 550 ਦੇ ਕੈਲੰਡਰ ਨੂੰ ਵਾਪਸ ਲਿਆ ਜਾਵੇ।

ਉਸਾਰੂ ਸੇਧਾਂ ਦੀ ਉਡੀਕ ਵਿੱਚ

ਸਰਵਜੀਤ ਸਿੰਘ ਸੈਕਰਾਮੈਂਟੋ sarbjits@gmail.com