ਘੱਲੂਘਾਰਾ ਜੂਨ 1984

0
1120

ਘੱਲੂਘਾਰਾ ਜੂਨ 1984

ਗਿਆਨੀ ਅਵਤਾਰ ਸਿੰਘ

ਸਾਕਾ ਨੀਲਾ ਤਾਰਾ : 3-5 ਜੂਨ 1984 ਨੂੰ ਭਾਰਤੀ ਫ਼ੌਜ ਦੁਆਰਾ ਕੀਤੀ ਗਈ ਸਿੱਖਾਂ ਦੇ ਧਾਰਮਕ ਅਸਥਾਨ ਦਰਬਾਰ ਸਾਹਿਬ (ਅੰਮ੍ਰਿਤਸਰ) ’ਤੇ ਫ਼ੌਜੀ ਕਾਰਵਾਈ ਹੈ। ਉਸ ਸਮੇਂ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ ਅਤੇ ਸੰਤ ਜਰਨੈਲ ਸਿੰਘ (ਭਿੰਡਰਾਂਵਾਲਾ), ਭਾਈ ਅਮਰੀਕ ਸਿੰਘ (ਮੁਕਤਸਰ) ਤੇ ਜਰਨਲ ਸ਼ੁਬੇਗ ਸਿੰਘ; ਉਸ ਸਮੇਂ ਦਰਬਾਰ ਸਾਹਿਬ ਵਿੱਚ ਸ਼ਾਮਲ ਸਨ। ਇਨ੍ਹਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਸਿੰਘ ਗੁਰਦੁਆਰਾ ਸਾਹਿਬ ਅੰਦਰ ਸਨ, ਜਿਨ੍ਹਾਂ ਨੂੰ ਆਤੰਕਵਾਦੀ ਕਹਿ ਕੇ ਫ਼ੌਜ; ਗੁਰਦੁਆਰੇ ’ਚੋਂ ਕੱਢਣਾ ਚਾਹੁੰਦੀ ਸੀ। ਇਸ ਫ਼ੌਜੀ ਕਾਰਵਾਈ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਗਈ।

ਘੱਲੂਘਾਰਾ : ਸੰਨ 1984 ਵਿੱਚ ਸ਼੍ਰੀ ਦਰਬਾਰ ਸਾਹਿਬ ਅੰਦਰ ਭਾਰਤੀ ਫ਼ੌਜ ਵੱਲੋਂ, ਜਿਸ ਨੂੰ ਫ਼ੌਜੀ ਰਵਾਇਤ ਅਨੁਸਾਰ ਸਾਕਾ ਨੀਲਾ ਤਾਰਾ ਆਖਿਆ ਗਿਆ ਹੈ, ਆਜ਼ਾਦ ਭਾਰਤ ਵਿੱਚ ਕਿਸੇ ਧਰਮ ਅਸਥਾਨ ਅੰਦਰੋਂ ਤਥਾ ਕਥਿਤ ਅਪਰਾਧੀਆਂ ਨੂੰ ਕੱਢਣ ਲਈ ਕੀਤੀ ਗਈ ਸਭ ਤੋਂ ਵੱਡੀ ਕਾਰਵਾਈ ਹੈ। ਮਹਾਨ ਕੋਸ਼ ਮੁਤਾਬਕ ਘੱਲੂਘਾਰਾ ਦਾ ਅਰਥ ਤਬਾਹੀ, ਗ਼ਾਰਤੀ ਜਾਂ ਸਰਵਨਾਸ਼ ਹੈ। ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ; ਗੁਰੂ ਸਾਹਿਬਾਨ ਵੱਲੋਂ ਉਸਾਰੇ ਗਏ ਪਵਿੱਤਰ ਅਸਥਾਨ ਹਨ।

ਇਤਿਹਾਸ ਕਾਰਨ : ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅਪਰੈਲ 1978 ਦੇ ਨਿਰੰਕਾਰੀ ਅਤੇ ਸਿੱਖ ਝਗੜੇ ਦੇ ਮੁਕੱਦਮੇ ਦੀ ਤਫ਼ਤੀਸ਼ ਤੋਂ ਲੈ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ 20 ਸਤੰਬਰ 1981 ਨੂੰ ਮਹਿਤਾ ਚੌਂਕ ਵਿੱਚ ਗ੍ਰਿਫ਼ਤਾਰੀ, ਧਰਮ ਯੁੱਧ ਮੋਰਚਾ 18 ਜੁਲਾਈ 1982 ਦੀ ਆਰੰਭਤਾ, ਸਾਕਾ ਨੀਲਾ ਤਾਰਾ, ਬਲੈਕ-ਥੰਡਰ ਤੋਂ ਬਾਅਦ ਸੰਨ 1997 ਤੱਕ ਪੰਜਾਬ ਦੀ ਜਨਤਾ ਨੇ ਬਹੁਤ ਕੁਝ ਦੇਖਿਆ ਅਤੇ ਸਰੀਰ ’ਤੇ ਹੰਢਾਇਆ। ਰਾਜਸੀ, ਪੁਲੀਸ ਤੇ ਪ੍ਰਬੰਧਕੀ ਅਫ਼ਸਰਾਂ ਵੱਲੋਂ ਸਮੇਂ ਸਿਰ ਉਚਿਤ ਕਾਰਵਾਈ ਕਰਨ ਵਿੱਚ ਵਰਤੀ ਗਈ ਢਿੱਲ-ਮੱਠ ਤੇ ਰਾਜਸੀ ਲਾਹੇ ਦੇ ਲਾਲਚ ਕਾਰਨ ਹਾਲਾਤ ਬਹੁਤ ਵਿਗੜ ਗਏ ਸਨ। ਅਪਰੈਲ 1978 ਨੂੰ ਵਿਸਾਖੀ ਵਾਲੇ ਦਿਨ ਨਿਰੰਕਾਰੀਆਂ ਵੱਲੋਂ ਸ਼ਹਿਰ ਵਿੱਚ ਕੱਢਿਆ ਜਾ ਰਿਹਾ ਰੋਸ ਮਾਰਚ ਰੋਕਣ ਲਈ ਅਖੰਡ ਕੀਰਤਨੀ ਜਥੇ ਦੇ ਕਈ ਮੈਂਬਰ ਸਮਾਗਮ ਵਿੱਚ ਅਜੀਤ ਨਗਰ ਸੁਲਤਾਨਵਿੰਡ ਗਏ ਤੇ ਭਾਈ ਫ਼ੌਜਾ ਸਿੰਘ ਆਦਿ ਨੂੰ ਨਾਲ ਲੈ ਕੇ ਦਰਬਾਰ ਸਾਹਿਬ ਤੋਂ ਇਕੱਠੇ ਹੋ ਕੇ ਰਵਾਇਤੀ ਸ਼ਸਤਰਾਂ ਨਾਲ ਲੈਸ ਹੋ ਕੇ ਨਿਰੰਕਾਰੀ ਸਮਾਗਮ ਵੱਲ ਤੁਰ ਪਏ। ਟਕਰਾਓ ਵਿੱਚ 13 ਸਿੱਖ ਤੇ 4 ਹੋਰਾਂ ਦੀ ਮੌਤ ਹੋ ਗਈ। ਉਸ ਦਿਨ ਮੁਕੱਦਮਾ ਤਾਂ ਦਰਜ ਹੋਇਆ ਪਰ ਗ੍ਰਿਫ਼ਤਾਰੀ ਕੋਈ ਨਹੀਂ ਹੋਈ। ਮੁਕੱਦਮੇ ਦੀ ਸੁਣਵਾਈ ਪੰਜਾਬ ਤੋਂ ਬਾਹਰ ਕਰਨਾਲ (ਹਰਿਆਣਾ) ਤਬਦੀਲ ਕੀਤੀ ਗਈ। ਸਾਰੇ ਦੋਸ਼ੀ ਬਰੀ ਕਰ ਦਿੱਤੇ ਗਏ। ਉਸ ਮੁਕੱਦਮੇ ਵਿੱਚ ਵੇਲ਼ੇ ਦੀ ਅਕਾਲੀ ਦਲ ਬਾਦਲ ਸਰਕਾਰ (20 ਜੂਨ 1977 ਤੋਂ 17 ਫ਼ਰਬਰੀ 1980 ਤੱਕ) ਨੇ ਇਸ ਫ਼ੈਸਲੇ ਵਿਰੁੱਧ ਹਾਈ ਕੋਰਟ ’ਚ ਅਪੀਲ ਤੱਕ ਨਹੀਂ ਕੀਤੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਉਨ੍ਹਾਂ ਦੇ ਕੁਝ ਸਾਥੀਆਂ ਨੇ ਸੰਨ 1978 ਵਿੱਚ ਆਤਮ ਰੱਖਿਆ ਲਈ ਹਥਿਆਰ ਖ਼ਰੀਦਣ ਵਾਸਤੇ ਲਾਇਸੈਂਸ ਵੀ ਪ੍ਰਾਪਤ ਕੀਤੇ। ਇਸੇ ਸਾਲ ਕਾਨ੍ਹਪੁਰ ਅਤੇ ਹੋਰ ਥਾਵਾਂ ਉੱਤੇ ਵੀ ਸਿੱਖ ਅਤੇ ਨਿਰੰਕਾਰੀਆਂ ਦੇ ਝਗੜੇ ਹੋਏ। ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਐਲਾਨ ਕਰਨ ਦੀ ਮੰਗ ਨੂੰ ਲੈ ਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਭਾਈ ਅਮਰੀਕ ਸਿੰਘ ਅਤੇ ਸੰਤ ਭਿੰਡਰਾਂਵਾਲਿਆਂ ਦੀ ਅਗਵਾਈ ਹੇਠ 31 ਮਈ 1981 ਨੂੰ ਸ਼ਹਿਰ ਵਿੱਚ ਮਾਰਚ ਕਰਨ ਦਾ ਐਲਾਨ ਕੀਤਾ। ਇਸ ਦੇ ਪ੍ਰਤੀਕਰਮ ਵਜੋਂ ਸਿਗਰਟ ਬੀੜੀ ਦੇ ਹੱਕ ਵਿੱਚ 29 ਮਈ 1981 ਨੂੰ ਆਰ. ਐੱਸ. ਐੱਸ. ਦੇ ਮੈਂਬਰ ਹਰਬੰਸ ਲਾਲ ਖੰਨਾ (ਭਾਜਪਾ ਲੀਡਰ) ਦੀ ਅਗਵਾਈ ਹੇਠ ਇੱਕ ਜਲੂਸ ਕੱਢਿਆ ਗਿਆ। ਇਸ ਨਾਲ ਪਵਿੱਤਰ ਸ਼ਹਿਰ ਦਾ ਮਸਲਾ ਦੋ ਧਰਮਾਂ ’ਚ ਵੰਡ ਗਿਆ। ਸ਼ਹਿਰ ਵਿੱਚ ਸਿਗਰਟ ਬੀੜੀ ਦੇ ਖੋਖੇ ਵੀ ਸਾੜੇ ਗਏ। ਮੰਦਰਾਂ ਵਿੱਚ ਗਊਆਂ ਦੇ ਸਿਰ ਅਤੇ ਗੁਰਦੁਆਰਿਆਂ ਵਿੱਚ ਸਿਗਰਟ ਬੀੜੀਆਂ ਸੁੱਟੀਆਂ ਜਾਣ ਲੱਗ ਪਈਆਂ। ਤਣਾਅ ਨੂੰ ਵੇਖ ਕੇ ਪੰਜਾਬ ਦਰਬਾਰਾ ਸਿੰਘ ਸਰਕਾਰ ਨੇ 2 ਜੂਨ 1981 ਨੂੰ ਸਾਰੇ ਲਾਇਸੈਂਸੀ ਹਥਿਆਰ ਜਮ੍ਹਾ ਕਰਵਾਉਣ ਦੇ ਹੁਕਮ ਦੇ ਦਿੱਤੇ। ਦਮਦਮੀ ਟਕਸਾਲ ਵਾਲਿਆਂ ਨੇ ਆਪਣੇ ਹਥਿਆਰ ਜਮ੍ਹਾ ਨਾ ਕਰਵਾ ਕੇ ਇਸ ਹੁਕਮ ਦੀ ਉਲੰਘਣਾ ਕੀਤੀ। ਸੰਤ ਜਰਨੈਲ ਸਿੰਘ ਵਿਰੁੱਧ ਇਸ ਬਾਰੇ ਥਾਣਾ ਬਿਆਸ ਵਿੱਚ ਮੁਕੱਦਮਾ ਦਰਜ ਹੋਇਆ। ਤਫ਼ਤੀਸ਼ ਸਮੇਂ ਪਤਾ ਚੱਲਿਆ ਕਿ ਸੰਤ ਜਰਨੈਲ ਸਿੰਘ ਨੇ ਕੋਈ ਲਾਈਸੈਂਸੀ ਹਥਿਆਰ ਹੀ ਨਹੀਂ ਖ਼ਰੀਦਿਆ ਸੀ।

ਪੰਜਾਬ ਤੇ ਕਤਲ : 9 ਸਤੰਬਰ 1981 ਨੂੰ ਹਿੰਦ ਸਮਾਚਾਰ ਗਰੁੱਪ ਦੇ ਮਾਲਕ ਲਾਲਾ ਜਗਤ ਨਰਾਇਣ ਦੇ ਕਤਲ ਕੇਸ ਵਿੱਚ ਦੋਸ਼ੀ ਮੌਕੇ ’ਤੇ ਹੀ ਗ੍ਰਿਫ਼ਤਾਰ ਹੋ ਗਿਆ ਸੀ। ਮੁਕੱਦਮੇ ਵਿੱਚ ਸੰਤ ਜਰਨੈਲ ਸਿੰਘ ਦਾ ਨਾਂ ਵੀ ਦੋਸ਼ੀ ਵਜੋਂ ਲਿਖਿਆ ਗਿਆ। ਮਹਿਤਾ ਚੌਂਕ ਵਿੱਚ ਨਾਕਾਬੰਦੀ ਕਰ ਦਿੱਤੀ ਗਈ। ਅੰਮ੍ਰਿਤਸਰ ਪੁਲੀਸ ਨੂੰ ਪਤਾ ਚੱਲਿਆ ਕਿ ਸੰਤ ਜਰਨੈਲ ਸਿੰਘ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਏ ਹਨ। ਗ੍ਰਿਫ਼ਤਾਰੀ ਲਈ 20 ਸਤੰਬਰ 1981 ਦੀ ਤਾਰੀਕ ਮਿੱਥੀ ਗਈ। ਪਹਿਲਾਂ ਸੰਤ ਜਰਨੈਲ ਸਿੰਘ ਤੇ ਉਸ ਦੇ ਸਾਥੀਆਂ ਨੂੰ ਚੰਦੋ ਕਲਾਂ ਵਿੱਚ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜਥੇ ਦੀਆਂ ਬੱਸਾਂ ਗੱਡੀਆਂ ਨੂੰ ਅੱਗ ਲਾ ਦਿੱਤੀ ਗਈ। ਸੰਤ ਜਰਨੈਲ ਸਿੰਘ ਨੂੰ ਲੈ ਕੇ ਲੁਧਿਆਣਾ ਲਈ ਚੱਲ ਪਏ। ਗ੍ਰਿਫ਼ਤਾਰੀ ਲਈ ਸਰਕਾਰ ਨੇ ਵੱਡਾ ਉੱਦਮ ਕੀਤਾ, ਪਰ ਰਾਜਸੀ ਆਗੂਆਂ ਦੀ ਵਿਚੋਲਗੀ ’ਤੇ ਸੰਤ ਜਰਨੈਲ ਸਿੰਘ ਨੂੰ ਅਕਤੂਬਰ 1981 ਵਿੱਚ ਮੁਕੱਦਮਾ ਚਲਾਏ ਬਿਨਾਂ ਹੀ ਰਿਹਾਅ ਕਰ ਦਿੱਤਾ ਗਿਆ। ਭਾਈ ਅਮਰੀਕ ਸਿੰਘ, ਆਪਣੇ ਕੁਝ ਸਾਥੀਆਂ ਸਮੇਤ ਝੂਠੇ ਮੁਕੱਦਮੇ ਬਾਰੇ ਰੋਸ ਪ੍ਰਗਟ ਕਰਨ ਲਈ ਉੱਥੇ ਆ ਗਏ। ਅਮਰੀਕ ਸਿੰਘ ਤੇ ਉਸ ਦੇ ਸਾਥੀਆਂ ਨੂੰ ਥਾਣੇ ਅੰਦਰ ਧਾਰਾ 144 ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਠਾਹਰਾ ਸਿੰਘ ਤੇ ਅਮਰੀਕ ਸਿੰਘ ਦੀ ਰਿਹਾਈ ਲਈ ਮੋਰਚਾ ਸ਼ੁਰੂ ਹੋ ਗਿਆ।

ਸ਼ੋਮਣੀ ਅਕਾਲੀ ਦਲ ਅਤੇ ਸਾਕਾ : ਸ਼੍ਰੋਮਣੀ ਅਕਾਲੀ ਦਲ ਸਤਲੁਜ ਯਮਨਾ ਨਹਿਰ ਦੀ ਉਸਾਰੀ ਵਿਰੁੱਧ ਕਪੂਰੀ ਤੋਂ ਮੋਰਚਾ ਚਲਾ ਰਿਹਾ ਸੀ, ਜਿਸ ਨੂੰ ਬੰਦ ਕਰ ਕੇ ਸੰਤ ਜਰਨੈਲ ਸਿੰਘ ਨਾਲ ਮਿਲ ਕੇ 4 ਅਗਸਤ 1982 ਤੋਂ ਸਾਂਝਾ ਧਰਮ ਯੁੱਧ ਮੋਰਚਾ ਦਰਬਾਰ ਸਾਹਿਬ ਅੰਮ੍ਰਿਤਸਰ ਕੰਪਲੈਕਸ ਤੋਂ ਆਰੰਭ ਹੋ ਗਿਆ। ਇਸ ਦੀਆਂ ਮੰਗਾਂ ਆਨੰਦਪੁਰ ਸਾਹਿਬ ਮਤੇ ’ਤੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਕਰਾਰ ਦੇਣਾ, ਗੁਰਬਾਣੀ ਪ੍ਰਸਾਰਨ ਲਈ ਰੇਡੀਓ ਸਟੇਸ਼ਨ ਦੀ ਆਗਿਆ, ਰੇਲਗੱਡੀ ਦਾ ਨਾ ਅੰਮ੍ਰਿਤਸਰ ਦੇ ਨਾਂ ’ਤੇ ਰੱਖਣਾ, ਚੰਡੀਗੜ੍ਹ, ਪੰਜਾਬੀ ਬੋਲੀ ਵਾਲੇ ਇਲਾਕੇ, ਭਾਖੜਾ ਡੈਮ ਅਤੇ ਪਾਣੀਆਂ ਦੇ ਮਸਲੇ ਵਿਸ਼ੇਸ਼ ਸਨ। ਇਸ ਕਾਰਨ ਪੁਲੀਸ ਅਤੇ ਫੈਡਰੇਸ਼ਨ ਦੀ ਆਪਸ ਵਿੱਚ ਸਿੱਧੀ ਲੜਾਈ ਆਰੰਭ ਹੋ ਗਈ। ਪੁਲੀਸ ਅਫ਼ਸਰਾਂ ਦੇ ਕਤਲ ਹੋਣੇ ਵੀ ਸ਼ੁਰੂ ਹੋ ਗਏ। ਕੇਂਦਰ ਸਰਕਾਰ ਨੇ ਇਸ ਮੋਰਚੇ ਦੇ ਹੱਲ ਲਈ 16-17 ਨਵੰਬਰ 1982 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨਾਲ ਗੁਪਤ ਮੀਟਿੰਗਾਂ ਕੀਤੀਆਂ। ਸਰਕਾਰ ’ਤੇ ਦਬਾਅ ਪਾਉਣ ਲਈ ਅਕਾਲੀ ਦਲ ਨੇ 4 ਅਪਰੈਲ 1983 ਨੂੰ ਰਸਤਾ ਰੋਕੋ ਅਤੇ 17 ਜੂਨ 1983 ਨੂੰ ਰੇਲ ਰੋਕੋ ਅੰਦੋਲਨ ਕੀਤੇ, ਜਿਨ੍ਹਾਂ ਵਿੱਚ ਪੁਲੀਸ ਹੱਥੋਂ ਕਈ ਲੋਕ ਮਾਰੇ ਗਏ। ਪੰਜਾਬ ਦੀ ਦਰਬਾਰਾ ਸਿੰਘ ਸਰਕਾਰ (6 ਜੂਨ 1980 ਤੋਂ 10 ਅਕਤੂਬਰ 1983 ਤੱਕ) ਨੂੰ ਬਰਖਾਸਤ ਕਰ ਕੇ (ਅਤੇ ਗਵਰਨਰ ਅਨੰਤ ਪ੍ਰਸਾਦ ਸ਼ਰਮਾ, ਜੋ 21 ਫ਼ਰਵਰੀ 1983 ਤੋਂ 10 ਅਕਤੂਬਰ 1983 ਤੱਕ ਰਿਹਾ, ਨੂੰ ਬਦਲ ਕੇ) 10 ਅਕਤੂਬਰ 1983 ਨੂੰ ਸ਼੍ਰੀ ਭੈਰੋਂ ਦੱਤ ਪਾਂਡੇ ਨੂੰ ਪੰਜਾਬ ਦਾ ਗਵਰਨਰ ਲਾਇਆ ਗਿਆ। ਭਾਰੀ ਗਿਣਤੀ ਵਿੱਚ ਸੀਮਾ ਸੁਰੱਖਿਆ ਬਲ ਅਤੇ ਸੀ. ਆਰ. ਪੀ. ਐੱਫ਼. ਵੀ ਪੰਜਾਬ ਵਿੱਚ ਤਾਇਨਾਤ ਕਰ ਦਿੱਤੀ ਗਈ। ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਗ਼ੈਰ-ਕਾਨੂੰਨੀ ਸੰਗਠਨ ਐਲਾਨ ਦਿੱਤਾ ਗਿਆ। ਦਸੰਬਰ 1983 ਤੱਕ ਸੰਤ ਹਰਚੰਦ ਸਿੰਘ ਲੌਗੋਂਵਾਲ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਿੱਚ ਮਤਭੇਦ ਇੰਨੇ ਵਧ ਚੁੱਕੇ ਸਨ ਕਿ ਸੰਤ ਜਰਨੈਲ ਸਿੰਘ 15 ਦਸੰਬਰ ਨੂੰ ਗੁਰੂ ਨਾਨਕ ਨਿਵਾਸ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਥੱਲੇ ਰਿਹਾਇਸ਼ ਲੈ ਗਏ। ਕੇਂਦਰ ਸਰਕਾਰ ਨੇ ਖ਼ਾਨਾਪੂਰਤੀ ਲਈ ਹੀ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨਾਲ ਗੁਪਤ ਬੇਸਿੱਟਾ ਮੀਟਿੰਗਾਂ ਕੀਤੀਆਂ।

ਪਹਿਲੀ ਜੂਨ 1984 ਨੂੰ ਸੀ. ਆਰ. ਪੀ. ਐੱਫ਼. ਤੇ ਬੀ. ਐੱਸ. ਐੱਫ਼. ਨੇ ਦਰਬਾਰ ਸਾਹਿਬ ਸਮੂਹ ਵੱਲ ਗੱਲ ਚਲਾਉਣੀ ਆਰੰਭ ਕਰ ਦਿੱਤੀ। ਦੋ ਜੂਨ ਨੂੰ ਜਨਰਲ ਗੌਰੀ ਸ਼ੰਕਰ ਨੂੰ ਸੁਰੱਖਿਆ ਸਲਾਹਕਾਰ ਲਾ ਕੇ ਪੂਰੇ ਪੰਜਾਬ ਵਿੱਚ ਕਰਫ਼ਿਊ ਲਾ ਦਿੱਤਾ ਗਿਆ ਅਤੇ ਫ਼ੌਜ ਨੇ ਨੀਲਾ ਤਾਰਾ ਆਪਰੇਸ਼ਨ ਆਰੰਭ ਕਰ ਦਿੱਤਾ। ਦਰਬਾਰ ਸਾਹਿਬ ਅੰਦਰ ਐਂਟੀ ਟੈਂਕ ਗੋਲੇ ਤੇ ਹੋਰ ਭਾਰੀ ਅਸਲਾ ਪਹੁੰਚ ਗਿਆ। ਅੰਮ੍ਰਿਤਸਰ ਦੇ ਖ਼ੂਫ਼ੀਆ ਵਿਭਾਗ ਦਾ ਅਫ਼ਸਰ ਸਿੱਧੇ ਤੌਰ ’ਤੇ ਹੀ ਕੇਂਦਰ ਸਰਕਾਰ ਦੇ ਸੰਪਰਕ ਵਿੱਚ ਸੀ। ਦਰਬਾਰ ਸਾਹਿਬ ਸਮੂਹ ਵਿੱਚ ਜਨਰਲ ਸ਼ਬੇਗ ਸਿੰਘ ਨੇ ਮਜ਼ਬੂਤ ਮੋਰਚਾਬੰਦੀ ਕਰ ਰੱਖੀ ਸੀ।  6 ਜੂਨ 1984 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ’ਤੇ ਸੰਤ ਜਰਨੈਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਮੌਤ ਨਾਲ ਫ਼ੌਜੀ ਕਾਰਵਾਈ ਬੰਦ ਕਰ ਦਿੱਤੀ ਗਈ। ਸਰਕਾਰੀ ਅੰਕੜਿਆਂ ਅਨੁਸਾਰ 136 ਫ਼ੌਜੀ ਮਰੇ ਅਤੇ 220 ਜ਼ਖ਼ਮੀ ਹੋਏ ਅਤੇ 492 ਨਾਗਰਕ ਤੇ ਖਾੜਕੂ ਮਾਰੇ ਗਏ। ਮੇਜਰ ਜਰਨਲ ਕੁਲਦੀਪ ਸਿੰਘ ਬਰਾੜ (ਜੋ ਉਸ ਸਮੇਂ ਦਰਬਾਰ ਸਾਹਿਬ ਅੰਦਰ ਫ਼ੌਜ ਦੀ ਅਗਵਾਈ ਕਰ ਰਿਹਾ ਸੀ) ਦੀ ਨਵੀਂ ਕਿਤਾਬ ਮੁਤਾਬਕ ਕੁੱਲ 15307 ਲੋਕ ਮਰੇ ਅਤੇ 17000 ਤੋਂ ਵੱਧ ਜ਼ਖ਼ਮੀ ਹੋਏ। ਮਰਨ ਵਾਲਿਆਂ ਵਿੱਚ ਬਹੁਤੇ ਉਹ ਲੋਕ ਸਨ, ਜੋ ਸ਼੍ਰੀ ਦਰਬਾਰ ਸਾਹਿਬ ਵਿਖੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਉਣ ਲਈ ਆਏ ਸਨ। ਜੋਧਪੁਰ ਜੇਲ੍ਹ ਵਿੱਚ ਲਿਜਾਏ ਗਏ 379 ਵਿਅਕਤੀਆਂ ਵਿੱਚੋਂ ਵੀ ਕਈ ਬੇਗੁਨਾਹ ਸ਼ਰਧਾਲੂ ਹੀ ਸਨ।