ਨੰਗਾ ਦੋਜਕਿ ਚਾਲਿਆ

0
48

ਨੰਗਾ ਦੋਜਕਿ ਚਾਲਿਆ

ਡਾ. ਹਰਸ਼ਿੰਦਰ ਕੌਰ, ਐੱਮ.ਡੀ., 28, ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ 0175-2216783

ਗੁਰੂ ਨਾਨਕ ਸਾਹਿਬ ਨੇ ਸਪਸ਼ਟ ਕੀਤਾ ਹੋਇਆ ਹੈ, ‘‘ਪੜਿਆ ਹੋਵੈ ਗੁਨਹਗਾਰੁ; ਤਾ ਓਮੀ ਸਾਧੁ ਮਾਰੀਐ ’’ (ਮਹਲਾ /੪੬੯) ਭਾਵ ਜੇ ਪੜ੍ਹਿਆ ਲਿਖਿਆ ਮਨੁੱਖ ਮੰਦੇ ਕਰਮ ਕਰੇ ਤਾਂ ਉਸ ਨੂੰ ਵੇਖ ਕੇ ਅਨਪੜ੍ਹ ਮਨੁੱਖ ਨੂੰ ਘਬਰਾਉਣਾ ਨਹੀਂ ਚਾਹੀਦਾ। ਜੇ ਅਨਪੜ੍ਹ ਮਨੁੱਖ ਨੇਕ ਹੈ ਤਾਂ ਉਸ ਨੂੰ ਮਾਰ ਨਹੀਂ ਪੈਂਦੀ। ਜਿਹੋ ਜਿਹੀ ਕਰਤੂਤ ਹੋਵੇ, ਉਹੋ ਜਿਹਾ ਹੀ ਨਾਮ ਬਣਦਾ ਹੈ। ਉਸ ਵਿਚ ਪੜ੍ਹਨ ਜਾਂ ਨਾ ਪੜ੍ਹਨ ਦਾ ਮੁੱਲ ਨਹੀਂ ਪੈਂਦਾ। ਗੁਰੂ ਨਾਨਕ ਸਾਹਿਬ ਨੇ ਇਹ ਵੀ ਫ਼ੁਰਮਾਇਆ, ‘‘ਨੰਗਾ ਦੋਜਕਿ ਚਾਲਿਆ; ਤਾ ਦਿਸੈ ਖਰਾ ਡਰਾਵਣਾ ’’ (ਮਹਲਾ /੪੭੧)

ਭੈੜੇ ਕੰਮਾਂ ਦਾ ਨਤੀਜਾ ਵੀ ਭੈੜਾ ਹੀ ਨਿਕਲਦਾ ਹੈ। ਜਿਹੜਾ ਵਧੀਕੀਆਂ ਕਰਦਾ ਹੈ, ਉਹ ਨੰਗਾ ਹੀ ਕੀਤਾ ਜਾਂਦਾ ਹੈ ਤੇ ਦੋਜਕ ਵਿਚ ਉਸ ਨੂੰ ਆਪਣਾ ਹੀ ਰੂਪ ਬੜਾ ਭਿਆਨਕ ਜਾਪਦਾ ਹੈ। ਭੈੜੇ ਕੰਮ ਕਰ ਕੇ ਅੰਤ ਵਿਚ ਪਛੁਤਾਉਣਾ ਹੀ ਪੈਂਦਾ ਹੈ।

ਇਹ ਜਿੰਦ ਰੂਪੀ ਸੋਹਣਾ ਸਰੀਰ ਤੇ ਪਹਿਨੇ ਕੱਪੜੇ ਇੱਥੇ ਹੀ ਛੱਡ ਕੇ ਜਾਣੇ ਹਨ। ਆਪਣੇ ਕੀਤੇ ਕਰਮਾਂ ਨੇ ਨਾਲ ਵੀ ਤੇ ਪਿੱਛੋਂ ਵੀ ਤੁਰਦੇ ਰਹਿਣਾ ਹੈ, ‘‘ਕਪੜੁ ਰੂਪੁ ਸੁਹਾਵਣਾ; ਛਡਿ ਦੁਨੀਆ ਅੰਦਰਿ ਜਾਵਣਾ ’’ (ਮਹਲਾ /੪੭੦)

ਗੁਰੂ ਨਾਨਕ ਸਾਹਿਬ ਦਾ ਮੰਨਣਾ ਹੈ ਕਿ ਪੰਡਤ ਵੇਦ ਪੜ੍ਹ ਕੇ, ਸੰਧਿਆ ਕਰ ਕੇ, ਮੂਰਤੀ ਪੂਜਾ ਕਰ ਕੇ, ਬਗਲੇ ਵਾਂਗ ਸਮਾਧੀ ਲਾ ਕੇ ਜੇ ਮੁੱਖੋਂ ਝੂਠ ਬੋਲ ਕੇ ਗਲ ਵਿਚ ਮਾਲਾ ਤੇ ਮੱਥੇ ਉੱਤੇ ਤਿਲਕ ਲਾਉਣ ਬਾਅਦ ਹਰ ਰੋਜ਼ ਭਾਵੇਂ ਤਿੰਨ ਵਾਰ ਗਾਯਤ੍ਰੀ ਮੰਤਰ ਵਿਚਾਰ ਲਵੇ, ਪਰ ਉਸ ਦੇ ਇਹ ਕੰਮ ਫੋਕੇ ਹੀ ਗਿਣੇ ਜਾਣਗੇ ਕਿਉਂਕਿ ਸਿਰਫ਼ ਸ਼ਰਧਾ ਧਾਰ ਕੇ ਰਬ ਨੂੰ ਸਿਮਰਨਾ ਹੀ ਗੁਣਕਾਰੀ ਸਾਬਤ ਹੁੰਦਾ ਹੈ, ‘‘ਪੜਿ ਪੁਸਤਕ ਸੰਧਿਆ ਬਾਦੰ   ਸਿਲ ਪੂਜਸਿ ਬਗੁਲ ਸਮਾਧੰ   ਮੁਖਿ ਝੂਠ ਬਿਭੂਖਣ ਸਾਰੰ   ਤ੍ਰੈਪਾਲ ਤਿਹਾਲ ਬਿਚਾਰੰ   ਗਲਿ ਮਾਲਾ ਤਿਲਕੁ ਲਿਲਾਟੰ   ਦੁਇ ਧੋਤੀ ਬਸਤ੍ਰ ਕਪਾਟੰ   ਜੇ ਜਾਣਸਿ ਬ੍ਰਹਮੰ ਕਰਮੰ   ਸਭਿ ਫੋਕਟ ਨਿਸਚਉ ਕਰਮੰ ’’ (ਮਹਲਾ /੪੭੦)

ਇਹੋ ਗੱਲ ਗੁਰੂ ਨਾਨਕ ਸਾਹਿਬ ਵੱਲੋਂ ਹੋਰ ਵਧੀਆ ਤਰੀਕੇ ਨਾਲ਼ ਅੰਗ 1286 ਉੱਤੇ ਵੀ ਸਮਝਾਈ ਮਿਲਦੀ ਹੈ, ‘‘ਨਾਨਕ  ! ਦੁਨੀਆ ਚਾਰਿ ਦਿਹਾੜੇ; ਸੁਖਿ ਕੀਤੈ, ਦੁਖੁ ਹੋਈ ’’ (ਮਹਲਾ /੧੨੮੬) ਭਾਵ ਚਾਰ ਦਿਨਾਂ ਦੀ ਇਸ ਜ਼ਿੰਦਗੀ ਵਿਚ ਜੇ ਸਿਰਫ਼ ਮੌਜ ਹੀ ਮਾਣਦੇ ਰਹੀਏ ਤਾਂ ਅਖ਼ੀਰ ਦੁਖ ਹੀ ਮਿਲਦਾ ਹੈ। ਅੰਨ੍ਹੀ ਤੇ ਕਮਲੀ ਹੋਈ ਦੁਨੀਆ ਹਾਥੀ ਵਾਂਗ ਸ਼ੂਕਦੀ, ਫ਼ੂਕਰਾਂ ਮਾਰਦੀ ਫਿਰਦੀ ਹੈ, ਪਰ ਇਹ ਸ਼ੂਕਣਾ ਜਦੋਂ ਮੁੱਕਦਾ ਹੈ, ਸਭ ਕੁੱਝ ਏਥੇ ਹੀ ਭਸਮ ਹੋ ਜਾਂਦਾ ਹੈ। ਜਿਸ ਦੇ ਹਿਰਦੇ ਵਿਚ ਪ੍ਰੇਮ ਅਤੇ ਨਿਮਰਤਾ ਨਹੀਂ, ਉਹ ਦੁੱਖਾਂ ਦੇ ਸਮੁੱਦਰ ਵਿਚ ਜ਼ਰੂਰ ਡੁੱਬਦਾ ਹੈ, ‘‘ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ’’ (ਮਹਲਾ /੪੭੦)

ਇਸ ਭੂਮਿਕਾ ਤੋਂ ਬਾਅਦ ਪੰਚ ਤੰਤਰ ਵਾਲੇ ਗਿੱਦੜ ਦੀ ਗੱਲ ਕਰਦੇ ਹਾਂ, ਜੋ ਗ਼ਲਤੀ ਨਾਲ ਭੱਜਦਾ ਹੋਇਆ ਜੰਗਲ ਵਿੱਚੋਂ ਸ਼ਹਰ ਵੱਲ ਨਿਕਲ ਆਇਆ ਸੀ। ਉਸ ਦੇ ਮਗਰ ਕੁੱਤੇ ਪੈ ਗਏ ਤਾਂ ਉਹ ਜਾਨ ਬਚਾਉਣ ਲਈ ਭੱਜ ਕੇ ਲਲਾਰੀ ਦੇ ਘਰ ਦੇ ਪਿਛਵਾੜੇ ਪਏ ਨੀਲ ਦੇ ਟੱਬ ਵਿਚ ਲੁੱਕ ਗਿਆ। ਜਦੋਂ ਕੁੱਤੇ ਚਲੇ ਗਏ ਤਾਂ ਉਹ ਬਚਦਾ ਬਚਾਉਂਦਾ ਬਾਹਰ ਨਿਕਲਿਆ। ਜਦੋਂ ਗਲੀ ਦੇ ਅਖ਼ੀਰ ਤੱਕ ਪਹੁੰਚਿਆ ਤਾਂ ਉੱਥੇ ਦੋ ਕੁੱਤੇ ਖੜ੍ਹੇ ਸਨ, ਜੋ ਇਸ ਅਜੀਬ ਜਿਹੇ ਨੀਲੇ ਰੰਗ ਦੇ ਜਾਨਵਰ ਨੂੰ ਵੇਖ ਕੇ ਘਬਰਾ ਕੇ ਪਰ੍ਹਾਂ ਦੌੜ ਗਏ। ਗਿੱਦੜ ਨੂੰ ਇਹ ਪਤਾ ਨਹੀਂ ਸੀ ਕਿ ਉਸ ਦਾ ਰੰਗ ਨੀਲਾ ਹੋ ਚੁੱਕਿਆ ਸੀ। ਉਹ ਆਪ ਹੈਰਾਨ ਹੋ ਗਿਆ ਕਿ ਕੁੱਤੇ ਡਰੇ ਕਿਉਂ  ?

ਰਤਾ ਕੁ ਹੋਰ ਅੱਗੇ ਗਿਆ ਤਾਂ ਕੁੱਝ ਹੋਰ ਕੁੱਤੇ ਖੜ੍ਹੇ ਵੇਖ ਕੇ ਬਿਦਕ ਗਿਆ, ਪਰ ਉਸ ਨੇ ਵੇਖਿਆ ਕਿ ਉਹ ਵੀ ਡਰ ਕੇ ਪਰ੍ਹਾਂ ਭੱਜ ਗਏ। ਉਹ ਉਸੇ ਹਾਲ ਵਿਚ ਜੰਗਲ ਪਹੁੰਚਿਆ ਤਾਂ ਉਸ ਨੇ ਵੇਖਿਆ ਕਿ ਸਾਰੇ ਹੀ ਉਸ ਨੂੰ ਵੇਖ ਕੇ ਡਰਨ ਲੱਗ ਪਏ ਸਨ। ਉਸ ਨੂੰ ਸਮਝ ਨਾ ਆਈ ਕਿ ਕੀ ਹੋ ਰਿਹਾ ਹੈ। ਜਦੋਂ ਉਹ ਪਾਣੀ ਪੀਣ ਛੱਪੜ ਵੱਲ ਗਿਆ ਤਾਂ ਉੱਥੇ ਆਪਣੀ ਸ਼ਕਲ ਵੇਖ ਕੇ ਉਹ ਸਮਝਿਆ ਕਿ ਉਸ ਦੇ ਉੱਪਰ ਚੜ੍ਹੇ ਰੰਗ ਕਰ ਕੇ ਲੋਕ ਉਸ ਨੂੰ ਪਹਿਚਾਣ ਨਹੀਂ ਰਹੇ।

ਬਸ ਫਿਰ ਕੀ ਸੀ ! ਉਸ ਨੇ ਚੁਫ਼ੇਰੇ ਐਲਾਨ ਕਰ ਦਿੱਤਾ ਕਿ ਉਸ ਨੂੰ ਰੱਬ ਨੇ ਭੇਜਿਆ ਹੈ ਕਿ ਜੰਗਲ ਉੱਤੇ ਰਾਜ ਕਰੇ। ਸਭ ਨੂੰ ਉਸ ਨੇ ਵੱਖੋ-ਵੱਖ ਹੁਕਮ ਲਾ ਦਿੱਤੇ ਕਿ ਉਸ ਦੀ ਸੇਵਾ ਵਿਚ ਖਾਣ-ਪੀਣ ਦਾ ਸਮਾਨ ਲਿਆਉਣ। ਸ਼ੇਰ ਤੇ ਹਾਥੀ ਵੀ ਉਸ ਦਾ ਹੁਕਮ ਵਜਾਉਣ ਲੱਗੇ। ਚਲਾਕੀ ਨਾਲ ਉਸ ਨੇ ਜੰਗਲ ਵਿੱਚੋਂ ਸਾਰੇ ਗਿੱਦੜਾਂ ਨੂੰ ਬਾਹਰ ਕਢਵਾ ਦਿੱਤਾ ਕਿ ਖੌਰੇ ਉਹ ਹੁਆਂਕਣ ਲੱਗ ਪਏ ਤਾਂ ਬਦੋਬਦੀ ਆਦਤਨ ਉਹ ਆਪ ਵੀ ਉਨ੍ਹਾਂ ਨਾਲ ਹੀ ਕਿਤੇ ਆਵਾਜ਼ ਕੱਢ ਗਿਆ ਤਾਂ ਜਾਨਵਰ ਪਹਿਚਾਣ ਲੈਣਗੇ।

ਕਈ ਚਿਰ ਏਦਾਂ ਹੀ ਚੱਲਦਾ ਰਿਹਾ। ਅਚਾਨਕ ਇੱਕ ਦਿਨ ਕਿਤੇ ਦੂਰ ਗਿੱਦੜਾਂ ਦੇ ਹੁਆਂਕਣ ਦੀ ਆਵਾਜ਼ ਆਈ ਤਾਂ ਉਹ ਵੀ ਆਦਤਨ ਆਪਣੀ ਧੌਣ ਉੱਤੇ ਕਰ ਕੇ ਉਸ ਤਰ੍ਹਾਂ ਦੀ ਆਵਾਜ਼ ਕੱਢ ਗਿਆ। ਆਵਾਜ਼ ਕੱਢਣ ਦੀ ਦੇਰ ਸੀ ਕਿ ਝੱਟਪਟ ਸਾਰੇ ਜਾਨਵਰ ਪਹਿਚਾਣ ਗਏ ਕਿ ਇਹ ਨੀਲੇ ਰੰਗ ਦਾ ਜਾਨਵਰ ਤਾਂ ਗਿੱਦੜ ਹੀ ਹੈ। ਗਿੱਦੜ ਨੇ ਜਾਨ ਬਚਾ ਕੇ ਭੱਜਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਜਾਨਵਰਾਂ ਦੇ ਰੋਹ ਅੱਗੇ ਟਿਕ ਨਾ ਸਕਿਆ ਤੇ ਮਾਰ ਮੁਕਾ ਦਿੱਤਾ ਗਿਆ।

ਮੌਜੂਦਾ ਹਾਲਾਤ ਵੱਲ ਝਾਤ ਮਾਰੀਏਸੰਨ 2019 ਵਿਚ ਟਾਈਮਜ਼ ਆਫ਼ ਇੰਡੀਆ ਵਿਚ ਛਪੇ ਲੇਖ, ‘‘ਪੌਲੀਟਿਕਸ ਇਜ਼ ਆਰਟ ਔਫ਼ ਫੂਲਿਗ ਸਮ ਪੀਪਲ ਆਲ ਦ ਟਾਈਮ’ ਵਿਚ ਸਪਸ਼ਟ ਕੀਤਾ ਗਿਆ ਕਿ ਲੋਕ ਬੇਵਕੂਫ਼ ਨਹੀਂ, ਪਰ ਸਿਆਸੀ ਘਾਘ ਕੁੱਝ ਲੋਕਾਂ ਨੂੰ ਹਮੇਸ਼ਾ ਅਤੇ ਕਈ ਵਾਰ ਸਾਰੇ ਲੋਕਾਂ ਨੂੰ ਕੁੱਝ ਸਮੇਂ ਲਈ ਆਪਣੇ ਚਲਿੱਤਰ ਵਰਤ ਕੇ ਬੇਵਕੂਫ਼ ਬਣਾ ਲੈਂਦੇ ਹਨ।

ਬਥੇਰੇ ਦੁਕਾਨਦਾਰ ਵੀ ਆਪਣਾ ਸਮਾਨ ਵੇਚਣ ਲਈ ਅਜਿਹਾ ਕਰਦੇ ਹਨ। ਇਸ ਲਈ ਪਹਿਲਾਂ ਕਮਜ਼ੋਰ ਤੇ ਛੇਤੀ ਭਰਮਾਏ ਜਾਣ ਵਾਲੇ ਲੋਕ ਚੁਣੇ ਜਾਂਦੇ ਹਨ। ਫਿਰ ਉਨ੍ਹਾਂ ਨੂੰ ਅਜਿਹਾ ਨਾਅਰਾ ਦੇ ਦਿੱਤਾ ਜਾਂਦਾ ਹੈ, ਜਿਸ ਨਾਲ ਉਨ੍ਹਾਂ ਨੂੰ ਜਾਪਣ ਲੱਗ ਜਾਂਦਾ ਹੈ ਕਿ ਉਹ ਇਕਦਮ ਤਾਕਤਵਰ ਅਤੇ ਯੁੱਗ ਪਲਟਾਓ ਲੋਕ ਬਣ ਗਏ ਹਨ। ਇਸ ਭਰਮ ਨੂੰ ਪਾਲਦਿਆਂ ਆਮ ਲੋਕ ਆਪਣੇ ਆਪ ਨੂੰ ਯੁਗ ਪਲਟਾਊ ਤਾਕਤ ਮੰਨ ਕੇ ਸਿਆਸੀ ਲੋਕਾਂ ਦੇ ਅੰਨ੍ਹੇ ਭਗਤ ਹੋ ਨਿਬੜਦੇ ਹਨ।

ਇਹੀ ਕਾਰਨ ਹੈ ਕਿ 130 ਕਰੋੜ ਭਾਰਤੀਆਂ ਵਿੱਚੋਂ ਸਿਰਫ਼ 30 ਕਰੋੜ ਦੀਆਂ ਵੋਟਾਂ ਨਾਲ ਵੀ ਸਿਆਸੀ ਬੰਦਾ ਪੂਰੇ ਭਾਰਤ ਉੱਤੇ ਰਾਜ ਕਰਨ ਲਈ ਤਿਆਰ ਬਰ ਤਿਆਰ ਮਿਲਦਾ ਹੈ। ਅਜਿਹੀ ਜਿੱਤ ਉੱਤੇ ਭਰਮਾਏ ਗਏ ਲੋਕ ਹੋਰ ਭੂਤਰ ਜਾਂਦੇ ਹਨ ਤੇ ਹੁਕਮ ਵਜਾਉਣ ਲਈ ਤਤਪਰ ਰਹਿੰਦੇ ਹਨ ਜਿਵੇਂ ਰਾਜ ਉਹ ਆਪ ਹੀ ਕਰ ਰਹੇ ਹੋਣ ਤੇ ਸਿਆਸੀ ਬੰਦਾ ਸਿਰਫ਼ ਉਨ੍ਹਾਂ ਦੀ ਮਿਹਨਤ ਸਦਕਾ ਹੀ ਟਿਕਿਆ ਹੋਇਆ ਹੈ। ਅਜਿਹੇ ਅੰਨ੍ਹੇ ਭਗਤ ਕਦੇ ਵੀ ਗਿੱਦੜ ਉੱਤੇ ਹੋਏ ਨੀਲੇ ਰੰਗ ਨੂੰ ਪਛਾਣਦੇ ਨਹੀਂ ਭਾਵੇਂ ਉਨ੍ਹਾਂ ਦੇ ਆਪਣੇ ਹੱਕਾਂ ਦਾ ਵੀ ਘਾਣ ਹੋ ਰਿਹਾ ਹੋਵੇ।

ਇਹੀ ਨੁਕਤਾ ਹਰ ਸਿਆਸੀ ਆਗੂ ਅਪਣਾਉਣ ਲੱਗ ਗਿਆ ਹੈ ਕਿ ਉਸ ਨੇ ਸਿਰਫ਼ 35 ਤੋਂ 40 ਫੀਸਦੀ ਵੋਟਰਾਂ ਤੱਕ ਹੀ ਪਹੁੰਚ ਕਰਨੀ ਹੈ, ਜਿਹੜੇ ਆਪਣੇ ਆਪ ਨੂੰ ‘ਰੱਬ’ ਦੇ ਅੰਨ੍ਹੇ ਭਗਤ ਮੰਨ ਕੇ ਸਿਆਸੀ ਤਾਕਤ ਵਿਚ ਆਪਣਾ ਪੂਰਾ ਹੱਥ ਮੰਨਦਿਆਂ ‘ਝੂਠੇ’ ਦੇਸ ਭਗਤ ਵੀ ਆਪੇ ਹੀ ਬਣ ਜਾਂਦੇ ਹਨ। ਇਸ ਤੋਂ ਅੱਗੇ ਬਹੁਤੀ ਮਿਹਨਤ ਕਰਨ ਦੀ ਲੋੜ ਨਹੀਂ ਹੁੰਦੀ। ਸਿਰਫ਼ ਵਿਚ-ਵਿਚ ਇੱਕ ਹੋਰ ਦੇਸ ਭਗਤੀ ਦਾ ਨਾਹਰਾ, ਜਿਹੜਾ ਅੰਨ੍ਹੇ ਭਗਤਾਂ ਨੂੰ ਨਸ਼ੇ ਵਾਂਗ ਆਪਣੇ ਵਸ ਵਿਚ ਕਰ ਕੇ ਹੋਰ ਪੱਕੇ ਕਰਦਾ ਰਹਿੰਦਾ ਹੈ।

ਇਹ ਵਰਤਾਰਾ ਚੁੰਬਕ ਵਾਂਗ ਹੋਰ ਲੋੜਵੰਦਾਂ ਅਤੇ ਕਮਜ਼ੋਰਾਂ ਨੂੰ ਨਾਲ ਜੋੜਦਾ ਹੈ, ਜਿਸ ਨਾਲ ਮਜ਼ਬੂਤ ਸੰਗਠਨ ਤਿਆਰ ਕਰ ਲਿਆ ਜਾਂਦਾ ਹੈ। ਇੰਜ ਸਿਆਸੀ ਪਾਰਟੀ; ਆਪਣਾ ਕੇਡਰ ਵੀ ਤਿਆਰ ਕਰਦੀ ਰਹਿੰਦੀ ਹੈ ਤੇ ਆਪਣੀ ਸੀਟ ਪੱਕੀ ਕਰਨ ਦੇ ਨਾਲ ਆਪਣੇ ਰਿਸ਼ਤੇਦਾਰਾਂ ਨੂੰ ਵੀ ਪੱਕੇ ਸਿਆਸੀ ਘਾਘ ਬਣਾ ਕੇ ਪੂਰਾ ਝੁੰਡ ਤਿਆਰ ਕਰ ਲੈਂਦੀ ਹੈ। ਜਦੋਂ ਰਤਾ ਕੁ ਸੀਟ ਖੁੱਸਦੀ ਜਾਪੇ ਤਾਂ ਅੰਨ੍ਹੇ ਭਗਤਾਂ ਨੂੰ ਮੁਲਕ ਉੱਤੇ ਨਾਲ ਦੇ ਦੇਸ ਵੱਲੋਂ ਹੋ ਚੱਲੇ ਹੱਲੇ ਬਾਰੇ ਝੂਠ ਬੋਲ ਕੇ ਸੱਚੇ ਦੇਸ ਭਗਤ ਸਾਬਤ ਹੋ ਜਾਣ ਲਈ ਫਿਰ ਫੂਕ ਛਕਾ ਦਿੱਤੀ ਜਾਂਦੀ ਹੈ। ਇਹੀ ਕੁੱਝ ਸਾਹਮਣੀ ਵਾਲੀ ਸਿਆਸੀ ਪਾਰਟੀ ਦੇ ਬੰਦਿਆਂ ਨੂੰ ਭ੍ਰਿਸ਼ਟਾਚਾਰੀ ਜਾਂ ਦੇਸ-ਧ੍ਰੋਹੀ ਸਾਬਤ ਕਰਨ ਲਈ ਕੀਤਾ ਜਾਂਦਾ ਹੈ।

ਜੇ ਏਨੀ ਕੁ ਜਾਣਕਾਰੀ ਨਾਲ ਸਭ ਸਮਝ ਆ ਗਈ ਹੋਵੇ ਤਾਂ ਅੱਗੋਂ ਮੇਰੇ ਕਹਿਣ ਲਈ ਕੁੱਝ ਨਹੀਂ ਬਚਿਆ। ਗੁਰੂ ਸਾਹਿਬ ਨੇ ਤਾਂ ਪਹਿਲਾਂ ਹੀ ਸਭ ਕੁੱਝ ਸਮਝਾਇਆ ਹੋਇਆ ਹੈ। ਸਿਰਫ਼ ਸਿਆਣੇ ਬਣਨ ਦੀ ਲੋੜ ਰਹਿ ਗਈ ਹੈ !

ਯਾਤਰਾਵਾਂ, ਤਿਰੰਗਾ, ਜਾਤ-ਪਾਤ, ਹਿੰਸਾ, ਧਾਰਮਿਕ ਵੰਡਾਂ, ਵਤਨੋਂ-ਪਾਰ ਪਹੁੰਚਦੇ ਫੰਡ, ਐੱਨ.ਆਰ.ਆਈ. ਸੰਮੇਲਨ, ਅੱਤਵਾਦੀ ਹਮਲੇ, ਸਰਹੱਦੀ ਖ਼ਤਰੇ, ਧਾਰਮਿਕ ਸਮਾਗਮ ਅਤੇ ਹੋਰ ਵੀ ਅਣਗਿਣਤ ਅਜਿਹੇ ਕਾਰਜਾਂ ਪਿੱਛੇ ਕੀ ਮਨਸ਼ਾ ਹੈ, ਮੈਨੂੰ ਦੱਸਣ ਦੀ ਲੋੜ ਨਹੀਂ !

ਅਖ਼ੀਰ ਵਿਚ ਇਕ ਗੱਲ ਦੀ ਸਿਫ਼ਤ ਕਰਨੀ ਬਣਦੀ ਹੈ। ਮੌਜੂਦਾ ਸਿਆਸੀ ਘਾਘ ਪਹਿਲਿਆਂ ਨਾਲੋਂ ਵੱਧ ਸਿਆਣੇ ਹੋ ਚੁੱਕੇ ਹਨ। ਉਹ ਪਹਿਲਾਂ ਵਾਲੇ ਪੈਂਤੜੇ ਤਾਂ ਵਰਤਦੇ ਹੀ ਹਨ, ਪਰ ਮੀਡੀਆ ਦੀ ਸੰਘੀ ਘੁੱਟਣੀ, ਮੁਫ਼ਤਖੋਰੀ, ਈ.ਡੀ., ਵਿਜੀਲੈਂਸ ਅਤੇ ਝੂਠੇ ਕੇਸ ਵਰਗੇ ਅਚੂਕ ਹਥਿਆਰ ਵਰਤ ਕੇ ਨਵਾਂ ਇਤਿਹਾਸ ਸਿਰਜਣ ਵੱਲ ਤੁਰ ਪਏ ਹਨ ! ਰੱਬ ਖ਼ੈਰ ਕਰੇ ਕਿਉਂਕਿ ਅਜਿਹੇ ਲੋਕਾਂ ਦਾ ਅੰਤ ਤਾਂ ਉਹੀ ਹੈ, ‘‘ਨੰਗਾ ਦੋਜਕਿ ਚਾਲਿਆ ..’’