33 C
Jalandhar
Thursday, April 2, 2026
spot_img
Home Blog Page 41

ਨਾਨਕ ਦੇ ਸੱਚੇ ਬੋਲਾਂ ਨੂੰ

0

ਨਾਨਕ ਦੇ ਸੱਚੇ ਬੋਲਾਂ ਨੂੰ

ਲੋੜ ਹੈ ਨਾਨਕ ਬਾਣੀ ਦੀ, ਅੱਜ ਕੌਮ ਦੀ ਨਵੀਂ ਪਨੀਰੀ ਨੂੰ।

ਸ਼ਬਦ ਸਾਂਝ ਦੀ ਤਾਕਤ ਸਾਂਭੋ, ਰੂਹ ਦੀ ਅਸਲ ਅਮੀਰੀ ਨੂੰ।

ਮੁੜ ਤੋਂ ਦ੍ਰਿੜ੍ਹ ਕਰਵਾਉ ਖ਼ੁਦ ਨੂੰ, ਕਿਰਤ, ਸ਼ਬਦ, ਵੰਡ ਮੇਲ।

ਜਗੇ ਚਿਰਾਗ ਕਦੇ ਨਾ ਜੱਗ ਤੇ, ਬਿਨ ਬੱਤੀ ਬਿਨ ਤੇਲ।

ਲੋੜ ਹੈ ਸੌਦਾ ਖਰਾ ਸਿਖਾਉਣਾ, ਦੇਸ਼ ਦੇ ਧਨੀ ਅਮੀਰਾਂ ਨੂੰ।

ਸ਼ਬਦ ਹਲੂਣਾ ਦੇਵੋ ਹੁਣ ਤਾਂ, ਸੁੱਤੀਆਂ ਸਰਦ ਜ਼ਮੀਰਾਂ ਨੂੰ।

ਕਾਮੇ ਦੀ ਸੁੱਚੀ ਮਿਹਨਤ ਨੂੰ, ਲੁੱਟਦੇ ਸ਼ਾਹੂਕਾਰਾਂ ਨੂੰ।

ਲੋੜ ਹੈ ਨਾਨਕ ਬਾਣੀ ਦੀ ਅੱਜ, ਧਰਮ ਦੇ ਠੇਕੇਦਾਰਾਂ ਨੂੰ।

ਛੱਡ ਕੇ ਮੰਦਿਰ ਮਸਜਿਦ ਝਗੜੇ, ਅੰਦਰ ਝਾਤ ਪਵਾਉਂਦਾ ਜਾਹ।

ਸਰਬ ਧਰਮ ਸਤਿਕਾਰ ਦੇ ਬੂਟੇ, ਬੰਜਰ ਮਨ ਵਿੱਚ ਲਾਉਂਦਾ ਜਾਹ।

ਸੱਜਣ ਠੱਗ ਤੇ ਕੌਡੇ ਰਾਖ਼ਸ਼, ਖੂਨ ਦੀ ਭੱਠ ਤਪਾਉਂਦੇ ਨੇ।

ਖ਼ੂਨ ਗ਼ਰੀਬ ਦਾ ਕਾੜ੍ਹ ਕਾੜ੍ਹ ਕੇ, ਆਪਣੀ ਪਿਆਸ ਮਿਟਾਉਂਦੇ ਨੇ।

ਚੰਦਰੀ ਖ਼ੂਨੀ ਦੀ ਭੱਠੀ ਉੱਤੇ, ਪਿਆਰ ਦਾ ਮੀਂਹ ਵਰਸਾਉਂਦਾ ਜਾਹ।

ਬਣ ਜਾ ਸਿੱਖ ਅਸਲ ਸਤਿਗੁਰ ਦਾ, ਤਜ ਦੇ ਭੋਜਨ ਭਾਗੋਆਂ ਦਾ।

ਭਾਈ ਲਾਲੋ ਬਣ  ਜਾ ਬੰਦਿਆ ! ਹੱਕ ਦੀ ਅੱਧੀ ਖਾਂਦਾ ਜਾਹ।

ਦੇਸ਼ ਦੀ ਹੱਦ, ਬੋਲੀ ਦੇ ਝਗੜੇ, ਕਿਉਂ ਇਹ ਕਰਦੇ ਫਿਰਦੇ ਓ।

ਲੋਕਾਂ ਵੱਲ ਜਾਂ ਜੋਕਾਂ ਵੱਲ, ਦੱਸੋ ਜੀ ਕਿਹੜੀ ਧਿਰ ਦੇ ਓ।

ਇਕੋ ਮਾਲਕ ਦੇ ਧੀ ਪੁੱਤ ਹਾਂ, ਸਮਝ ਦਾ ਪਾਠ ਪੜ੍ਹਾਉਂਦਾ ਜਾਹ।

ਮਾਂ ਬੋਲੀ ਵੱਲ ਜੋ ਪਿੱਠ ਕਰਦਾ, ਜੀਂਦੇ ਜੀਅ ਮਰ ਜਾਂਦਾ ਏ।

ਮਾਂ ਬੋਲੀ ਦਾ ਸਰਵਣ ਪੁੱਤ ਬਣ, ਇਹ ਸੁਨੇਹਾ ਲਾਉਂਦਾ ਜਾਹ।

ਕਰ ਅਰਦਾਸ ਅਗੰਮੀ ਬੋਲ ’ਚੋਂ, ਆਸ  ਕਦੇ ਵੀ ਮੁੱਕਦੀ ਨਹੀਂ।

ਇਸ ਜੀਵਨ ’ਚੋਂ ਹਿੰਮਤ ਨੂੰ, ਧਰਵਾਸ ਦੀ ਟਾਹਣੀ ਸੁੱਕਦੀ ਨਹੀਂ।

ਪਵਣੁ ਗੁਰੂ, ਪਾਣੀ ਹੈ ਪਿਤਾ,  ਧਰਤੀ ਮਾਤ ਬੁਲਾਉਂਦਾ ਜਾਹ।

ਨਾਨਕ ਦੇ ਸੱਚੇ ਬੋਲਾਂ ਨੂੰ, ਆਪਣੇ ਹਿਰਦੇ ’ਚ ਵਸਾਉਂਦਾ ਜਾਹ।

ਨਵਗੀਤ ਕੌਰ (ਲੁਧਿਆਣਾ)

ਕੌਣ ਕਰਾ ਰਿਹਾ ਹੈ ਬੇਅਦਬੀ ?

0

ਕੌਣ ਕਰਾ ਰਿਹਾ ਹੈ ਬੇਅਦਬੀ ?

ਹਰਪ੍ਰੀਤ ਸਿੰਘ ਸਰਹੰਦ, 88475-46903

ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬੇਅਦਬੀ ਕੌਣ ਕਰਾ ਰਿਹਾ ਹੈ। ਤੁਸੀਂ ਸਭ-ਕੁੱਝ ਜਾਣਦੇ ਹੋ । ਤੁਸੀਂ ਕੋਈ ਅਣਜਾਣ ਬੱਚੇ ਨਹੀਂ ਹੋ। ਜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸੱਤ ਸਾਲ ਦੇ ਲਖਤੇ ਜਿਗਰ ਬਾਬਾ ਫਤਿਹ ਸਿੰਘ ਜੀ ਨੂੰ ਚੰਗੇ-ਮਾੜੇ ਦਾ ਪਤਾ ਸੀ ਤਾਂ ਤੁਹਾਨੂੰ ਚੰਗੇ ਮਾੜੇ ਬੰਦੇ ਦੀ ਪਰਖ ਕਿਉਂ ਨਹੀਂ ਹੈ। ਤੁਸੀਂ ਤਾਂ ਬਾਬਾ ਫਤਿਹ ਸਿੰਘ ਜੀ ਤੋਂ ਦੁਗਣੀ, ਤਿਗਣੀ, ਚੋਗੁਣੀ ਉਮਰ ਦੇ ਹੋ। ਅਕਾਲ ਪੁਰਖ ਵਾਹਿਗੁਰੂ ਨੇ ਸਭ ਨੂੰ ਦਿਮਾਗ ਦਿੱਤਾ ਹੈ। ਕਿਸੇ ਦੀਆਂ ਗੱਲਾਂ ਵਿੱਚ ਕਿਉਂ ਆਉਦੇ ਹੋ। ਗੁਰੂ ਕੋਲੋਂ ਮੱਤ ਲੈ ਕੇ ਆਪਣੀ ਦਿਮਾਗ ਦਾ ਇਸਤੇਮਾਲ ਕਿਉਂ ਨਹੀਂ ਕਰਦੇ। ਕਿਉਂ ਕਿਸੇ ਦੀਆਂ ਗੱਲਾਂ ਦਾ ਵਿਸ਼ਵਾਸ ਕਰ ਲੈਂਦੇ ਹੋ। ਸੰਨ 2015 ਤੋਂ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਤੇ ਇਹ ਰੁਕਣ ਦਾ ਨਾਮ ਵੀ ਨਹੀਂ ਲੈ ਰਹੀਆਂ। ਹੁਣ ਤਾਂ ਦੋਖੀਆਂ ਨੇ ਸਿੱਖਾਂ ਦੇ ਮੁੱਖ ਕੇਂਦਰੀ ਅਸਥਾਨ ਦਰਬਾਰ ਸਾਹਿਬ (ਸ੍ਰੀ ਅਮ੍ਰਿਤਸਰ ਸਾਹਿਬ ) ਜਾ ਹੱਥ ਪਾਇਆ ਹੈ। ਭਾਵੇਂ ਕਿ ਉਸ ਦੋਖੀ ਨੂੰ ਆਪਣੇ ਕੀਤੇ ਹੋਏ ਦੀ ਸਜ਼ਾ ਮਿਲ ਚੁੱਕੀ ਹੈ ਪਰ ਅਸਲ ਦੋਸ਼ੀ ਹਲੇ ਵੀ ਹੱਥ ਨਹੀਂ ਆਇਆ। ਕਹਿਣ ਤੋਂ ਭਾਵ ਜੋ ਬੇਅਦਬੀ ਕਰਵਾ ਰਿਹਾ ਹੈ। ਜੋ ਮਾਸਟਰ-ਮਾਈਡ ਇਹਨਾਂ ਪਿਆਦਿਆਂ ਨੂੰ ਵਰਤ ਰਿਹਾ ਹੈ। ਉਸ ਦਾ ਚਿਹਰਾ ਹਲੇ ਵੀ ਪਰਦੇ ਦੇ ਪਿੱਛੇ ਹੀ ਹੈ। ਅਸੀਂ ਉਡੀਕ ਕਰ ਰਹੇ ਹਾਂ ਕਿ ਪ੍ਰਸ਼ਾਸ਼ਨ, ਦੇਸ਼ ਦਾ ਕਾਨੂੰਨ ਜਾਂ ਪੁਲਿਸ ਕੁੱਝ ਕਰੇਗੀ, ਪਰ ਸਾਨੂੰ ਸਾਰਿਆਂ ਨੂੰ ਇਹ ਵੀ ਪਤਾ ਹੀ ਹੈ ਕਿ ਕਾਨੂੰਨ ਦੇ ਰਖਵਾਲੇ ਵੀ ਕਿਸੇ ਦੇ ਹੁਕਮ ਅਨੁਸਾਰ ਹੀ ਚੱਲਦੇ ਹੁੰਦੇ ਹਨ। ਇਹ ਕੋਈ ਆਮ ਮਸਲਾ ਨਹੀਂ ਹੈ। ਇਸ ਮਸਲੇ ਦੀਆਂ ਤਾਰਾਂ ਰਾਜਨੀਤੀ ਅਤੇ ਧਾਰਮਿਕ ਮਸਲਿਆਂ ਨਾਲ ਬਹੁਤ ਡੁੰਘੀਆਂ ਜੁੜਦੀਆਂ ਹਨ। ਇਹ ਏਨਾਂ ਕੁ ਗੁੱਝਲ਼ਦਾਰ ਮਸਲਾ ਹੈ ਕਿ ਇਸ ਨੂੰ ਹੱਲ ਕਰ ਦੇਣਾ ਕਿਸੇ ਇੱਕ ਵਿਅਕਤੀ ਜਾਂ ਸਿੱਖ ਦੇ ਹੱਥ ਵੱਸ ਨਹੀਂ ਹੈ। ਵੈਸੇ ਵੀ ਆਮ ਸਿੱਖ ਦੀ ਤਾਂ ਹਾਲਤ ਕੁੱਝ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਉਸ ਨੂੰ ਹੁਣ ਇਹ ਗੱਲ ਛੋਟੀ ਜਿਹੀ ਜਾਪਣ ਲੱਗ ਗਈ ਹੈ। ਆਮ ਸਿੱਖ ਹੁਣ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਬਾਰੇ ਸੁਣਦਾ ਹੈ, ਥੋੜ੍ਹਾ ਅਫਸੋਸ ਕਰਦਾ ਹੈ ਤੇ ਅਗਲੇ ਹੀ ਦਿਨ ਸਭ ਕੁੱਝ ਭੁੱਲ ਜਾਦਾ ਹੈ, ਪਰ ਜਾਗਦੀ ਜਮੀਰ ਵਾਲੇ ਇਹ ਬਰਦਾਸ਼ਤ ਨਹੀਂ ਕਰ ਸਕਦੇ ਕਿ ਕੋਈ ਉਨ੍ਹਾਂ ਦੇ ਗੁਰੂ ਦੀ ਬੇਅਦਬੀ ਕਰੇ। ਸੋ ਇਸ ਲੇਖ ਵਿੱਚ ਆਪਾ ਇਹੀ ਵੇਖਾਂਗੇ ਕਿ ਇਹ ਸਭ ਕੁੱਝ ਕੌਣ ਕਰਵਾ ਰਿਹਾ ਹੈ ਤੇ ਕੌਣ ਕਰ ਰਿਹਾ ਹੈ ?

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ : ਇਹ ਬਿਲਕੁਲ ਸੱਚ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਬੰਦੇ ਨਸ਼ੇੜੀ ਹੁੰਦੇ ਹਨ ਪਰ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਕਮਜ਼ੋਰ ਦੱਸਿਆ ਜਾਂਦਾ ਹੈ ਜੋ ਕਿ ਕੋਰਾ ਝੂਠ ਹੁੰਦਾ ਹੈ। ਜਿਹੜੇ ਬੰਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦੇ ਹਨ ਉਹ ਬਿਲਕੁਲ ਠੀਕ ਠਾਕ ਹੁੰਦੇ ਹਨ। ਉਹ ਕਿਸੇ ਵੀ ਤਰ੍ਹਾਂ ਦੇ ਮਾਨਸਿਕ ਰੋਗੀ ਨਹੀਂ ਹੁੰਦੇ ਹਾਂ ਉਹ ਗਰੀਬ ਪਰਿਵਾਰਾਂ ਵਿੱਚੋਂ ਜ਼ਰੂਰ ਹੁੰਦੇ ਹਨ। ਇਨ੍ਹਾਂ ਬੰਦਿਆਂ ਦਾ ਕੋਈ ਵੀ ਧਰਮ ਨਹੀਂ ਹੁੰਦਾ। ਇਹ ਨਾ ਹੀ ਹਿੰਦੂ ਹੁੰਦੇ ਹਨ। ਨਾ ਹੀ ਮੁਸਲਮਾਨ ਜਾਂ ਇਸਾਈ ਅਤੇ ਨਾ ਹੀ ਸਿੱਖ। ਇਹ ਕੇਵਲ ਤੇ ਕੇਵਲ ਲਾਲਚੀ ਇਨਸਾਨ ਹੁੰਦੇ ਹਨ, ਜੋ ਗਰੀਬ ਹੋਣ ਕਰਕੇ ਪੈਸਿਆਂ ਦੇ ਲਾਲਚ ਵਿੱਚ ਆ ਕੇ ਕੁੱਝ ਵੀ ਕਰਨ ਲਈ ਤਿਆਰ ਹੋ ਜਾਦੇ ਹਨ। ਇਹ ਗੁਰੂ ਘਰ ਅੰਦਰ ਵੜ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਫਾੜ ਦਿੰਦੇ ਹਨ ਜਾਂ ਗੁਟਕਾ ਸਾਹਿਬ, ਬਾਣੀ ਦੀਆਂ ਪੋਥੀਆਂ ਜਾਂ ਹੋਰ ਧਾਰਮਿਕ ਗ੍ਰੰਥ ਫਾੜ ਕੇ ਗਲੀਆਂ ਆਦਿ ਵਿੱਚ ਸੁਟ ਦਿੰਦੇ ਹਨ। ਇਹ ਇਸ ਗੱਲ ਤੋਂ ਬਿਲਕੁਲ ਬੇਖਬਰ ਹੁੰਦੇ ਹਨ ਕਿ ਜੇ ਉਹ ਇਹ ਸਭ ਕਰਦੇ ਹੋਏ ਫੜੇ ਜਾਣ ਤਾਂ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਹੈ। ਅਸਲ ਵਿੱਚ ਇਹ ਉਹ ਲੋਕ ਹੁੰਦੇ ਹਨ, ਜਿਨ੍ਹਾਂ ਦੇ ਅੰਦਰ ਦੀ ਇਨਸਾਨੀਅਤ ਮਰ ਚੁੱਕੀ ਹੁੰਦੀ ਹੈ। ਨਸ਼ੇ ਅਤੇ ਗਰੀਬੀ ਨੇ ਇਹਨਾਂ ਦੀ ਸੋਚਣ ਸ਼ਕਤੀ ਖਤਮ ਕਰ ਦਿੱਤੀ ਹੁੰਦੀ ਹੈ। ਕੁੱਝ ਕੁ ਪੈਸਿਆਂ ਦੇ ਲਾਲਚ ਵਿੱਚ ਆ ਕੇ ਇਹ ਭੁੱਲ ਜਾਂਦੇ ਹਨ ਕਿ ਕਰ ਕੀ ਰਹੇ ਹਨ। ਅਸੀਂ ਇਹਨਾਂ ਪਿਆਦਿਆਂ ਨੂੰ ਫੜੇ ਜਾਣ ਤੇ ਚੰਗੀ ਤਰ੍ਹਾਂ ਵੇਖ ਸਕਦੇ ਹਾਂ, ਪਰ ਇਹ ਅਸਲ ਦੋਸ਼ੀ ਨਹੀਂ ਹੁੰਦੇ। ਅਸਲ ਦੋਸ਼ੀ ਤਾਂ ਉਹ ਹੁੰਦੇ ਹਨ, ਜੋ ਇਹ ਸਭ ਕੁੱਝ ਕਰਵਾਉਂਦੇ ਹਨ ਤੇ ਪਰਦੇ ਪਿਛੇ ਰਹਿੰਦੇ ਹਨ।

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਵਾਲੇ ਅਸਲ ਦੋਸ਼ੀ : ਦਰਅਸਲ ਅਸਲੀ ਦੋਸ਼ੀ ਤਾਂ ਉਹ ਹਨ ਜੋ ਇਨ੍ਹਾਂ ਗਰੀਬੜੇ ਜਿਹੇ ਬੰਦਿਆਂ ਤੋਂ ਇਹ ਸਭ ਕੁੱਝ ਕਰਵਾ ਰਹੇ ਹਨ। ਇਹ ਉਹ ਲੋਕ ਹਨ ਜੋ ਸਮਾਜ ਨੂੰ ਬੇਚੇਨ ਵੇਖਣਾ ਚਾਹੁੰਦੇ ਹਨ। ਉਹ ਨਹੀਂ ਚਾਹੁੰਦੇ ਕਿ ਸਾਰੇ ਧਰਮਾਂ ਦੇ ਲੋਕ ਆਪਸ ਵਿੱਚ ਇਕੱਠੇ ਹੋ ਕੇ ਬੇਠਣ। ਇਹ ਲੋਕ ਧਰਮ ਦੇ ਨਾਮ ’ਤੇ ਵੰਡੀਆਂ ਪਾਉਣੀਆਂ ਚਾਹੁੰਦੇ ਹਨ। ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾਉਂਦੇ ਹਨ। ਇਨ੍ਹਾਂ ਲੋਕਾਂ ਦਾ ਵੀ ਕੋਈ ਧਰਮ ਨਹੀਂ ਹੁੰਦਾ। ਇਹ ਰਾਜਨੀਤਕ ਲੋਕ ਵੀ ਹੋ ਸਕਦੇ ਹਨ ਤੇ ਕਿਸੇ ਖੁਫੀਆ ਏਜੰਸੀ ਦੇ ਬੰਦੇ ਵੀ ਹੋ ਸਕਦੇ ਹਨ। ਕਾਫੀ ਤਾਕਤਵਰ ਵੀ ਹੋ ਸਕਦੇ ਹਨ। ਇਹ ਲੋਕ ਕਾਨੂੰਨ ਨੂੰ ਆਪਣੀ ਜੇਬ ਵਿੱਚ ਪਾ ਕੇ ਰੱਖਦੇ ਹਨ। ਕਹਿਣ ਤੋਂ ਭਾਵ ਇਨ੍ਹਾਂ ਨੂੰ ਕਿਸੇ ਵੀ ਕਾਨੂੰਨ ਆਦਿ ਦਾ ਕੋਈ ਡਰ ਨਹੀਂ ਹੁੰਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਲਈ ਪਹਿਲਾਂ ਪੂਰੀ ਤਿਆਰੀ ਕੀਤੀ ਜਾਂਦੀ ਹੈ। ਪੂਰਾ ਪਲਾਨ ਤਿਆਰ ਕੀਤਾ ਜਾਂਦਾ ਹੈ। ਮੈ ਉੱਪਰ ਪਹਿਲਾਂ ਦੱਸ ਚੁੱਕਾ ਹਾਂ ਕਿ ਇਸ ਕੰਮ ਲਈ ਨਸ਼ਈ ਤੇ ਗਰੀਬ ਜਿਹੇ ਬੰਦੇ ਲੱਭੇ ਜਾਂਦੇ ਹਨ। ਫੇਰ ਉਨ੍ਹਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਇਹ ਸਭ ਕੁੱਝ ਕਰਵਾਇਆ ਜਾਂਦਾ ਹੈ। ਸਿਆਣੇ ਕਹਿੰਦੇ ਆ ਕਿ ਕਮਲੇ ਨੂੰ ਨਾ ਮਾਰੋ ਕਮਲੇ ਦੀ ਮਾਂ ਨੂੰ ਮਾਰੋ ਤਾਂ ਜੋ ਮੁੜ ਕੋਈ ਕਮਲਾ ਜਨਮ ਨਾ ਲੈ ਸਕੇ। ਬਿਲਕੁਲ ਇਸੇ ਤਰ੍ਹਾਂ ਇਹਨਾਂ ਬੇਅਦਬੀ ਕਰਨ ਵਾਲਿਆਂ ਦਾ ਤੇ ਬੇਅਦਬੀ ਕਰਵਾਉਣ ਵਾਲਿਆਂ ਦਾ ਮਾਂ-ਪੁੱਤ ਦਾ ਰਿਸ਼ਤਾ ਸਾਹਮਣੇ ਆਉਂਦਾ ਹੈ। ਪੰਜਾਬ ਦੇ ਮਹੌਲ ਨੂੰ ਖਰਾਬ ਕਰਨ ਲਈ ਇਹ ਸਭ ਚਾਲਾਂ ਚੱਲੀਆਂ ਜਾ ਰਹੀਆਂ ਹਨ। ਬਹੁਤੇ ਲੋਕਾਂ ਨੂੰ ਤਾਂ ਇਹ ਗੱਲ ਸੌਣ ਨਹੀਂ ਦੇ ਰਹੀ ਕਿ ਪੰਜਾਬ ਸਿਆ ਨੇ ਦਿੱਲੀ ਨੂੰ ਇੱਕ ਵਾਰ ਫੇਰ ਤੋਂ ਨੱਥ ਪਾ ਲਈ ਹੈ, ਜਿਹੜੇ ਚਾਹੁੰਦੇ ਸਨ ਕਿ ਪੰਜਾਬ ਦਿੱਲੀ ਦਾ ਗੁਲਾਮ ਬਣ ਜਾਵੇ। ਹੋ ਸਕਦਾ ਹੈ ਇਹ ਉਹੀ ਲੋਕ ਹੋਣ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਹੈ। ਪੰਜਾਬ ਕੀ ਉਹ ਲੋਕ ਕਿਸੇ ਵੀ ਸੂਬੇ ਨੂੰ ਖੁਸ਼ਹਾਲ ਨਹੀਂ ਦੇਖਣਾ ਚਾਹੁੰਦੇ, ਜਿਨ੍ਹਾਂ ਦੀ ਜਮੀਰ ਮਰ ਚੁੱਕੀ ਹੈ। ਸਿਆਸੀ ਬੰਦੇ ਦਾ ਵੀ ਵੈਸੇ ਕੋਈ ਦੀਨ ਧਰਮ ਨਹੀਂ ਹੁੰਦਾ। ਉਸ ਨੂੰ ਤਾਂ ਆਪਣੀਆਂ ਵੋਟਾਂ ਤੱਕ ਮਤਲਬ ਹੁੰਦਾ ਹੈ ਤੇ ਉਹ ਹਰ ਹਾਲ ਵਿੱਚ ਤੁਹਾਡੀ ਵੋਟ ਹਾਸਲ ਕਰਨੀ ਚਾਹੁੰਦਾ ਹੈ, ਇਸ ਲਈ ਭਾਵੇਂ ਬੇਅਦਬੀ ਹੀ ਕਿਉਂ ਨਾ ਕਰਵਾਉਣੀ ਪੈ ਜਾਵੇ। ਉਹ ਇਹ ਕਾਰਾ ਕਰਵਾਉਂਦਾ ਹੈ। ਸੋ ਸਾਨੂੰ ਆਪਣੀ ਅਕਲ ਦਾ ਪੂਰਾ ਇਸਤੇਮਾਲ ਕਰ ਕੇ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਸਭ ਕੌਣ ਕਰਵਾ ਰਿਹਾ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਮੇਂ ਆਮ ਸਿੱਖਾਂ ਦਾ ਪ੍ਰਤੀਕਰਮ:- ਕੋਈ ਵੀ ਸਿੱਖ ਇਹ ਬਰਦਾਸ਼ਤ ਨਹੀਂ ਕਰ ਸਕਦਾ ਕਿ ਉਸ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਵੇ। ਸਿੱਖ ਲਈ ਉਹ ਬੰਦਾ ਸਭ ਤੋਂ ਵੱਡਾ ਵੈਰੀ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰ ਰਿਹਾ ਹੈ। ਇਹ ਸੁਭਾਵਕ ਹੀ ਹੈ ਕਿ ਹਰ ਸਿੱਖ ਇਹੀ ਆਖੇਗਾ ਕਿ ਗੁਰੂ ਦੀ ਬੇਅਦਬੀ ਕਰਨ ਵਾਲੇ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬੇਅਦਬੀ ਕਰਨ ਵਾਲੇ ਨੂੰ ਮੌਕੇ ’ਤੇ ਹੀ ਸੋਧਾ ਲਾ ਦਿੱਤਾ ਗਿਆ। ਇਸ ਤੋਂ ਬਾਅਦ ਵੱਖ ਵੱਖ ਸਿੱਖਾਂ ਨੇ ਆਪਣੇ ਵੱਖ ਵੱਖ ਵਿਚਾਰ ਦਿੱਤੇ। ਮੁੱਖ ਰੂਪ ਵਿੱਚ ਸਾਨੂੰ ਦੋ ਤਰ੍ਹਾਂ ਦੇ ਵਿਚਾਰ ਸੁਣਨ ਨੂੰ ਮਿਲੇ। ਇੱਕ ਧੜਾ ਆਖ ਰਿਹਾ ਹੈ ਕਿ ਬੇਅਦਬੀ ਕਰਨ ਵਾਲੇ ਨੂੰ ਮੌਕੇ ’ਤੇ ਸਜ਼ਾ ਮਿਲ ਗਈ ਹੈ, ਇਹ ਬਿਲਕੁਲ ਠੀਕ ਹੋਇਆ ਹੈ ਤੇ ਦੂਸਰਾ ਧੜਾ ਆਖ ਰਿਹਾ ਹੈ ਕਿ ਬੇਅਦਬੀ ਕਰਨ ਵਾਲੇ ਨੂੰ ਮਾਰਨਾ ਨਹੀਂ ਚਾਹੀਦਾ ਸੀ। ਉਸ ਤੋਂ ਪੁੱਛ ਪੜਤਾਲ ਕਰ ਲੈਣੀ ਚਾਹੀਦੀ ਸੀ। ਗੱਲ ਕਰਦੇ ਹਾਂ ਪਹਿਲੇ ਧੜੇ ਦੀ ਉਨ੍ਹਾ ਦੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਨੂੰ ਮੌਕੇ ’ਤੇ ਸੋਧਾ ਲਾ ਦੇਣਾ ਚਾਹੀਦਾ ਹੈ ਤਾਂ ਜੋ ਅੱਗੇ ਨੂੰ ਅਜਿਹੀ ਘਟਨਾ ਨਾ ਵਾਪਰੇ। ਅਸਲ ਵਿੱਚ ਹਰ ਮਨੁੱਖ ਦੀਆਂ ਭਾਵਨਾਵਾਂ ਅਲੱਗ ਅਲੱਗ ਹੁੰਦੀਆਂ ਹਨ। ਅਜਿਹਾ ਉਨ੍ਹਾਂ ਨੇ ਇਸ ਲਈ ਆਖਿਆ ਕਿਉਂਕਿ ਇਹ ਬੇਅਦਬੀਆਂ ਦਾ ਸਿਲਸਿਲਾ 2015 ਤੋਂ ਲਗਾਤਾਰ ਚੱਲਦਾ ਹੀ ਆ ਰਿਹਾ ਸੀ। ਕਈ ਦੋਸ਼ੀ ਫੜੇ ਵੀ ਗਏ, ਪਰ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਕੋਈ ਵੀ ਸਜ਼ਾ ਨਹੀਂ ਦਿੱਤੀ ਗਈ। ਸੰਨ 2015 ਤੋਂ ਹੀ ਸਾਰੀਆਂ ਸਿਆਸੀ ਪਾਰਟੀਆਂ ਨੇ ਇਸ ਗੱਲ ਨੂੰ ਮੁਹਰੇ ਰੱਖਿਆ ਕਿ ਸਾਡੀ ਸਰਕਾਰ ਆਉਣ ’ਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਦਿੱਤੀ ਜਾਵੇਗੀ ਪਰ ਸੱਤ ਸਾਲਾਂ ਵਿੱਚ ਅਜਿਹਾ ਕੁੱਝ ਵੀ ਨਾ ਵਾਪਰਿਆ। ਸਾਡੇ ਬਿਲਕੁਲ ਹੀ ਲਾਗਲੇ ਪਿੰਡ ਤਰਖਾਣ ਮਾਜਰਾ ਅਤੇ ਪਿੰਡ ਜੱਲ੍ਹਾ ਵਿਖੇ ਇੱਕੋ ਹੀ ਦਿਨ ਬੇਅਦਬੀ ਦੀਆਂ ਦੋ ਘਟਨਾਵਾਂ ਵਾਪਰੀਆਂ ਪਰ ਦੋਸ਼ੀ ਨੂੰ ਹਲੇ ਤੱਕ ਵੀ ਕੋਈ ਸਜ਼ਾ ਨਹੀਂ ਮਿਲੀ। ਬਰਗਾੜੀ, ਬਹਿਬਲ ਕਲਾਂ ਤੇ ਕੋਟਕਪੁਰੇ ਦੇ ਕਿਸੇ ਵੀ ਦੋਸ਼ੀ ਨੂੰ ਸਜ਼ਾ ਨਹੀਂ ਮਿਲੀ। ਉਲ਼ਟਾ ਪੁਲਿਸ ਦੀ ਲਾਪਰਵਾਹੀ ਕਾਰਨ ਦੋ ਸਿੰਘ ਸ਼ਹੀਦ ਹੋ ਗਏ। ਜਿਸ ਦਾ ਸਿੱਟਾ ਇਹ ਨਿਕਲ ਰਿਹਾ ਹੈ ਕਿ ਹੁਣ ਸਿੱਖ ਆਪਣੇ ਗੁਰੂ ਦੀ ਬੇਅਦਬੀ ਕਰਨ ਵਾਲੇ ਨੂੰ ਆਪ ਹੀ ਸਜ਼ਾ ਦੇਣ ਲੱਗ ਪਏ ਹਨ ਭਾਵੇਂ ਕਿ ਕਾਨੂੰਨ ਇਸ ਦੀ ਇਜਾਜ਼ਤ ਨਹੀਂ ਦਿੰਦਾ, ਪਰ ਕੁੱਝ ਕੁ ਸਿੱਖਾਂ ਅਤੇ ਸਿੱਖ ਜੱਥੇਬੰਦੀਆਂ ਨੂੰ ਇਹ ਠੀਕ ਲੱਗ ਰਿਹਾ ਹੈ। ਉਨ੍ਹਾਂ ਨੂੰ ਭਾਰਤੀ ਕਾਨੂੰਨ ਅਤੇ ਪੰਜਾਬ ਦੀ ਪੁਲਿਸ ’ਤੇ ਭੋਰਾ ਵੀ ਭਰੋਸਾ ਨਹੀਂ ਹੈ। ਇਸ ਤਰ੍ਹਾਂ ਦੇ ਸਿੱਖ ਆਪਣੀਆਂ ਭਾਵਨਾਵਾਂ ਨੂੰ ਕਾਬੂ ਨਹੀਂ ਕਰ ਪਾਉਂਦੇ। ਉਨ੍ਹਾਂ ਨੂੰ ਲਗਦਾ ਹੈ ਕਿ ਗੁਰੂ ਦੀ ਬੇਅਦਬੀ ਕਰਨ ਵਾਲੇ ਨੂੰ ਸਜ਼ਾ ਮਿਲਣੀ ਹੀ ਚਾਹੀਦੀ ਹੈ, ਇਸ ਲਈ ਉਹ ਜਲਦਬਾਜੀ ਵਿੱਚ ਇਹ ਫ਼ੈਸਲਾ ਲੈ ਲੈਂਦੇ ਹਨ ਤੇ ਦੋਸ਼ੀ ਨੂੰ ਆਪਣੇ ਹਿਸਾਬ ਨਾਲ ਸਜ਼ਾ ਦੇ ਦਿੰਦੇ ਹਨ। ਪੁਰਾਤਨ ਸਿੰਘ ਵੀ ਗੁਰੂ ਦੀ ਬੇਅਦਬੀ ਕਰਨ ਵਾਲੇ ਨੂੰ ਆਪ ਹੀ ਸਜ਼ਾ ਦਿਆ ਕਰਦੇ ਸਨ। ਗੁਰਬਾਣੀ ਫੁਰਮਾਨ ਹੈ ‘‘ਜੈਕਾਰੁ ਕੀਓ ਧਰਮੀਆ ਕਾ; ਪਾਪੀ ਕਉ ਡੰਡੁ ਦੀਓਇ ’’ (ਮਹਲਾ /੮੯) ਦੂਸਰੀ ਧਿਰ ਆਖਦੀ ਹੈ ਕਿ ਦੋਸ਼ੀ ਨੂੰ ਮਾਰਨਾ ਨਹੀਂ ਚਾਹੀਦਾ, ਉਸ ਨੂੰ ਫੜ ਕੇ ਪੁੱਛ ਪੜਤਾਲ ਕਰਨੀ ਚਾਹੀਦੀ ਹੈ। ਉਸ ਤੋਂ ਇਹ ਪਤਾ ਕਰਨਾ ਚਾਹੀਦਾ ਹੈ ਕਿ ਇਹ ਬੇਅਦਬੀ ਦੀਆਂ ਘਟਨਾਵਾਂ ਕੌਣ ਕਰਵਾ ਰਿਹਾ ਹੈ। ਇਸ ਦਾ ਮੁੱਖ ਦੋਸ਼ੀ ਕੌਣ ਹੈ। ਉਨ੍ਹਾਂ ਦੇ ਹਿਸਾਬ ਨਾਲ ਇਹ ਤਰੀਕਾ ਸਹੀ ਨਹੀਂ ਹੈ। ਦੋਸ਼ੀ ਨੂੰ ਜਾਨੋਂ ਨਹੀਂ ਮਾਰਨਾ ਚਾਹੀਦਾ। ਦੋਸ਼ੀ ਨੂੰ ਮਾਰਨ ਨਾਲ ਸਬੂਤ ਵੀ ਮਰ ਜਾਂਦੇ ਹਨ। ਇਹ ਵੀ ਸੋਚਣੀ ਦੂਰ ਅੰਦੇਸ਼ੀ ਵੱਲ ਸੰਕੇਤ ਕਰਦੀ ਹੈ ਕਿ ਦੋਸ਼ੀ ਨੂੰ ਜਾਨੋ ਨਹੀਂ ਮਾਰਨਾਂ ਚਾਹੀਦਾ, ਪਰ ਮੈ ਪਹਿਲਾਂ ਹੀ ਦੱਸ ਚੁੱਕਾ ਹਾਂ ਕਿ ਹਰ ਮਨੁੱਖ ਦਾ ਸੋਚਣ ਦਾ ਨਜਰੀਆਂ ਅਲੱਗ ਅਲੱਗ ਹੁੰਦਾ ਹੈ। ਇੱਕ ਦਮ ਸਹੀ ਫ਼ੈਸਲਾ ਲੈਣ ਦਾ ਗੁਣ ਵੀ ਕਿਸੇ ਕਿਸੇ ਵਿੱਚ ਹੁੰਦਾ ਹੈ। ਮੌਕੇ ’ਤੇ ਮੱਦੇਨਜ਼ਰ ਕੀ ਹੋ ਜਾਵੇ, ਕਿਸੇ ਨੂੰ ਕੁੱਝ ਵੀ ਪਤਾ ਨਹੀਂ ਹੁੰਦਾ।

ਇੱਕ ਬੇਅਦਬੀ ਇਹ ਵੀ ਤਾਂ ਹੈ : ਇੱਕ ਬੇਅਦਬੀ ਗੁਰੂ ਕੇ ਸਰੂਪ ਦੀ ਹੁੰਦੀ ਹੈ ਕਹਿਣ ਤੋਂ ਭਾਵ ਜਿਵੇਂ ਦੋਖੀਆਂ ਦੁਆਰਾ ਗੁਰੂ ਕੇ ਅੰਗ ਫਾੜ ਦੇਣਾ ਜਾਂ ਅੱਗ ਲਗਾ ਦੇਣੀ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਪਹੁੰਚਾ ਦੇਣਾ। ਦੂਸਰੀ ਬੇਅਦਬੀ ਹੁੰਦੀ ਹੈ ਗੁਰੂ ਦਾ ਹੁਕਮ ਨਾ ਮੰਨਣਾ, ਜੋ ਸ਼ਾਇਦ ਮੇਰੇ ਸਮੇਤ ਸਾਰੇ ਹੀ ਕਰਦੇ ਹਨ। ਗੁਰੂ ਦੇ ਹੁਕਮ ਤੋਂ ਬਾਗੀ ਹੋ ਕੇ ਗੁਰਬਾਣੀ ਨੂੰ ਨਾ ਮੰਨਣਾ ਵੀ ਗੁਰੂ ਦੀ ਬੇਅਦਬੀ ਕਰਨਾ ਹੀ ਹੁੰਦਾ ਹੈ। ਵੈਸੇ ਗੁਰਬਾਣੀ ਦੀ ਕੋਈ ਵੀ ਬੇਅਦਬੀ ਨਹੀਂ ਕਰ ਸਕਦਾ, ਪਰ ਜੇ ਅਸੀਂ ਗੁਰੂਆਂ ਦੁਆਰਾ ਲਿਖੀ ਹੋਈ ਬਾਣੀ ਅਨੁਸਾਰ ਕਰਮ ਨਹੀਂ ਕਰਦੇ ਤਾਂ ਅਸੀਂ ਗੁਰੂ ਤੋਂ ਬਾਗੀ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੀ ਕਰ ਰਹੇ ਹੁੰਦੇ ਹਾਂ। ਜਿਹੜੇ ਸਿੱਖ ਨਿਤ ਸ਼ਰਾਬ ਪੀਂਦੇ ਹਨ। ਨਸ਼ਾ ਕਰਦੇ ਹਨ ਉਹ ਗੁਰੂ ਦੇ ਹੁਕਮਾ ਦੀ ਉਲੱਘਣਾ ਕਰ ਕੇ ਗੁਰੂ ਦੀ ਬੇਅਦਬੀ ਹੀ ਕਰ ਰਹੇ ਹੁੰਦੇ ਹਨ। ਜਿਹੜੇ ਦੂਸਰਿਆ ਦਾ ਹੱਕ ਮਾਰ ਕੇ ਆਪਣਾ ਬੈਂਕ ਬੈਲੇਂਸ ਵਧਾਉਂਦੇ ਹਨ, ਉਹ ਗੁਰੂ ਦੀ ਬੇਅਦਬੀ ਹੀ ਕਰ ਰਹੇ ਹੁੰਦੇ ਹਨ। ਜਿਹੜੇ ਦੂਸਰੇ ਦੀ ਧੀ ਭੈਣ ਨੂੰ ਮੈਲ਼ੀ ਨਜ਼ਰ ਨਾਲ ਵੇਖਦੇ ਹਨ, ਉਹ ਗੁਰੂ ਦੋਖੀ ਹੀ ਹੁੰਦੇ ਹਨ। ਸੋ ਕਹਿਣ ਤੋਂ ਭਾਵ ਜਿਹੜਾ ਇਨਸਾਨ ਜਾਂ ਆਪਣੇ ਆਪ ਨੂੰ ਸਿੱਖ ਕਹਾਉਣ ਵਾਲਾ ਗੁਰਬਾਣੀ ਦੀ ਉਲੰਘਣਾ ਕਰਦਾ ਹੈ, ਉਹ ਗੁਰੂ ਦੋਖੀ ਗੁਰੂ ਦੀ ਬੇਅਦਬੀ ਹੀ ਕਰ ਰਿਹਾ ਹੁੰਦਾ ਹੈ। ਅਜਿਹੇ ਗੁਰੂ ਦੋਖੀ ਆਮ ਹੀ ਸਮਾਜ ਵਿੱਚ ਮਿਲ ਜਾਂਦੇ ਹਨ। ਸੋ ਅੰਤ ਵਿੱਚ ਮੈ ਆਪਣੇ ਸਾਰੇ ਵੀਰ ਭੈਣਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਗੁਰੂ ਦੀ ਬੇਅਦਬੀ ਕਰਨ ਵਾਲੇ ਅਤੇ ਕਰਾਉਣ ਵਾਲੇ ਸਾਡੇ ਸਮਾਜ ’ਤੇ ਕਲੰਕ ਹਨ। ਸਾਨੂੰ ਆਪਣੀ ਤੀਖਣ ਬੁੱਧੀ ਨਾਲ ਉਹਨਾਂ ਦੀ ਪਛਾਣ ਕਰਨੀ ਚਾਹੀਦੀ ਹੈ। ਚੰਗਾ ਹੋਵੇ ਜੇ ਬੇਅਦਬੀ ਕਰਨ ਵਾਲੇ ਨੂੰ ਪੁਲਿਸ ਦੇ ਹਵਾਲੇ ਨਾ ਕਰਕੇ ਪੁੱਛ ਪੜਤਾਲ ਰਾਹੀਂ ਉਸ ਨੂੰ ਉਸ ਦੇ ਅਸਲ ਮਾਲਕ ਦਾ ਪਤਾ ਪੁੱਛ ਲਿਆ ਜਾਵੇ। ਜਦੋਂ ਸਾਡੇ ਗੁਰੂ ਘਰਾਂ ਵਿੱਚ ਅਜਿਹੀ ਘਟਨਾ ਵਾਪਰਦੀ ਹੈ ਤਾਂ ਸਾਨੂੰ ਸਾਰਿਆਂ ਨੂੰ ਬੜੇ ਹੀ ਧੀਰਜ ਨਾਲ ਕੰਮ ਲੈਣਾ ਚਾਹੀਦਾ ਹੈ, ਜਲਦਬਾਜੀ ਵਿੱਚ ਕੋਈ ਵੀ ਅਜਿਹਾ ਕਦਮ ਨਹੀਂ ਪੁੱਟਣਾ ਚਾਹੀਦਾ, ਜਿਸ ਦਾ ਭਵਿੱਖ ਵਿੱਚ ਸਾਨੂੰ ਕੋਈ ਨੁਕਸਾਨ ਹੋਵੇ।

ਧੰਨਵਾਦ ਸਹਿਤ

ਹੱਸਣਾ ਕਿੰਨਾ ਕੁ ਜ਼ਰੂਰੀ ਹੈ ?

0

ਹੱਸਣਾ ਕਿੰਨਾ ਕੁ ਜ਼ਰੂਰੀ ਹੈ ?

                       ਡਾ. ਹਰਸ਼ਿੰਦਰ ਕੌਰ, ਐੱਮ.ਡੀ,  28, ਪ੍ਰੀਤ ਨਗਰ,ਲੋਅਰ ਮਾਲ, ਪਟਿਆਲਾ 0175-2216783

    ਜੇਮਜ਼ ਲੈਂਜ ਥਿਊਰੀ ਅਨੁਸਾਰ ਹਾਸਾ, ਤਣਾਓ, ਘਬਰਾਹਟ ਆਦਿ ਹਮੇਸ਼ਾ ਸਰੀਰ ਉੱਤੇ ਕੋਈ ਨਾ ਕੋਈ ਅਸਰ ਵਿਖਾਉਂਦੇ ਹਨ। ਡਾ. ਐਵਰਿਲ ਨੇ ਇਸ ਤੱਥ ਨੂੰ ਘੋਖਣ ਲਈ ਖੋਜ ਸ਼ੁਰੂ ਕੀਤੀ। ਇਸ ਖੋਜ ਵਿਚ ਬੰਦਿਆਂ ਨੂੰ ਤਿੰਨ ਗਰੁੱਪਾਂ ’ਚ ਵੰਡ ਲਿਆ ਗਿਆ। ਇੱਕ ਗਰੁੱਪ ਨੂੰ ਬਹੁਤ ਜ਼ਿਆਦਾ ਹਾਸੇ ਵਾਲਾ ਪ੍ਰੋਗਰਾਮ ਵਿਖਾਇਆ ਗਿਆ, ਇੱਕ ਨੂੰ ਰੋਣ ਵਾਲਾ ਤੇ ਇੱਕ ਨੂੰ ਵਿਚਕਾਰਲੇ ਮੇਲ ਦਾ, ਜਿਸ ਵਿਚ ਨਾ ਬਹੁਤਾ ਹਾਸਾ ਸੀ ਤੇ ਨਾ ਬਹੁਤਾ ਰੋਣਾ।

ਇਨ੍ਹਾਂ ਸਭ ਦਾ ਬਲੱਡ ਪ੍ਰੈੱਸ਼ਰ, ਦਿਲ ਦੀ ਧੜਕਣ, ਸਾਹ, ਚਮੜੀ ਦਾ ਤਾਪਮਾਨ ਅਤੇ ਚਮੜੀ ਅੰਦਰ ਲੰਘਦੀਆਂ ਬਿਜਲੀ ਤਰੰਗਾਂ ਨੂੰ ਘੋਖਿਆ ਗਿਆ। ਨਤੀਜੇ ਕੁੱਝ ਇਸ ਤਰ੍ਹਾਂ ਦੇ ਆਏ ਸਨ :

  1. ਰੋਣ ਅਤੇ ਹੱਸਣ ਵਾਲੇ ਗਰੁੱਪ ਵਿਚਲੇ ਲੋਕਾਂ ਦੇ ਚਮੜੀ ਵਿਚਲੀਆਂ ਤਰੰਗਾਂ ਕਾਫ਼ੀ ਸਰਗਰਮ ਹੋਈਆਂ ਲੱਭੀਆਂ।
  2. ਰੋਣ ਅਤੇ ਬਹੁਤ ਉਦਾਸ ਹੋਣ ਵਾਲਿਆਂ ਵਿਚ ਬਲੱਡ ਪ੍ਰੈੱਸ਼ਰ ਕਾਫ਼ੀ ਵਧਿਆ ਹੋਇਆ ਮਿਲਿਆ।
  3. ਥੋੜ੍ਹਾ ਹੱਸਣ ਅਤੇ ਸਹਿਜ ’ਚ ਰਹਿਣ ਵਾਲੇ ਗਰੁੱਪ ਦਾ ਬਲੱਡ ਪ੍ਰੈੱਸ਼ਰ ਨਾਰਮਲ ਹੀ ਰਿਹਾ। ਇਨ੍ਹਾਂ ਨਤੀਜਿਆਂ ਤੋਂ ਇਹੋ ਤੱਥ ਲਏ ਗਏ ਕਿ ਹੱਸਣ ਨਾਲ ਬਲੱਡ ਪ੍ਰੈੱਸ਼ਰ ਉੱਤੇ ਵਧੀਆ ਅਸਰ ਪੈਂਦਾ ਹੈ।

ਇੱਕ ਹੋਰ ਖੋਜ ਵਿਚ ਕਾਲਜ ਦੇ 53 ਵਿਦਿਆਰਥੀ ਸ਼ਾਮਲ ਕੀਤੇ ਗਏ ਜਿਹੜੇ ਬਹੁਤ ਜ਼ਿਆਦਾ ਘਬਰਾਹਟ ਦੇ ਸ਼ਿਕਾਰ ਸਨ। ਇਸ ਦੇ ਨਾਲ ਹੀ 53 ਨਾਰਮਲ ਵਿਦਿਆਰਥੀ ਦੂਜੇ ਗਰੁੱਪ ਵਿਚ ਸ਼ਾਮਲ ਕਰ ਲਏ ਗਏ। ਸਭ ਨੂੰ ਇਹ ਕਿਹਾ ਗਿਆ ਕਿ ਤੁਹਾਨੂੰ ਕਰੰਟ ਲਾ ਕੇ ਟੈਸਟ ਕੀਤਾ ਜਾਣਾ ਹੈ। ਇਸ ਤੋਂ ਬਾਅਦ ਇਨ੍ਹਾਂ ਨੂੰ ਤਿੰਨ ਹਿੱਸਿਆਂ ਵਿਚ ਵੰਡ ਕੇ ਅਲੱਗ-ਅਲੱਗ ਕਮਰਿਆਂ ਵਿਚ ਬਿਠਾ ਦਿੱਤਾ ਗਿਆ। ਇੱਕ ਕਮਰੇ ਵਿਚ ਹਾਸੇ ਦਾ ਪ੍ਰੋਗਰਾਮ ਲਾਇਆ ਗਿਆ ਸੀ ਤੇ ਇੱਕ ਵਿਚ ਆਮ ਜਿਹੀ ਚਰਚਾ ਸੁਣਾਈ ਗਈ। ਤੀਜੇ ਨਾਰਮਲ ਗਰੁੱਪ ਨੂੰ ਕੋਈ ਵੀ ਫ਼ਿਲਮ ਨਹੀਂ ਵਿਖਾਈ ਗਈ।  ਡਾ. ਐਵਰਿਲ ਨੇ ਅਖ਼ੀਰ ਨਤੀਜੇ ਕੱਢ ਕੇ ਦੱਸਿਆ ਕਿ ਹਰ ਕਿਸੇ ਦੇ ਦਿਲ ਦੀ ਧੜਕਣ ਵਧੀ ਹੋਈ ਲੱਭੀ। ਇਸ ਦੇ ਦੋ ਅਰਥ ਕੱਢੇ ਗਏ। ਅੱਗੋਂ ਆਉਣ ਵਾਲਾ ਮਾੜਾ ਸਮਾਂ ਦਿਲ ਦੀ ਧੜਕਣ ਵਧਾ ਦਿੰਦਾ ਹੈ। ਦੂਜਾ ਨੁਕਤਾ ਇਹ ਸੁਝਾਇਆ ਗਿਆ ਕਿ ਭਾਵੇਂ ਹੱਸਣ ਵਾਲਿਆਂ ਦੇ ਚਿਹਰੇ ਉੱਤੇ ਘਬਰਾਹਟ ਘੱਟ ਦਿਸੀ, ਇਸੇ ਲਈ ਹੋ ਸਕਦਾ ਹੈ ਕਿ ਬੇਤਹਾਸ਼ਾ ਹੱਸਣ ਸਦਕਾ ਦਿਲ ਦੀ ਧੜਕਣ ਕੁੱਝ ਸਮੇਂ ਲਈ ਵਧ ਗਈ ਹੋਵੇ। ਇਹ ਇਸ ਲਈ ਸੋਚਿਆ ਗਿਆ ਕਿਉਂਕਿ ਕੁੱਝ ਸਮੇਂ ਬਾਅਦ ਚੈੱਕਅੱਪ ਕਰਨ ਉੱਤੇ ਹੱਸਣ ਵਾਲਿਆਂ ਦੀ ਧੜਕਣ ਛੇਤੀ ਨਾਰਮਲ ਹੋਈ ਲੱਭੀ।

ਇਸ ਤੋਂ ਬਾਅਦ ਕਿਸੇ ਹੋਰ ਡਾਕਟਰ ਵੱਲੋਂ ਖੋਜ ਅੱਗੇ ਤੋਰੀ ਗਈ। ਉਸ ਵਿਚ ਸਰੀਰ ਅੰਦਰਲੇ ਤਣਾਅ ਦੇ ਹਾਰਮੋਨ ਮਾਪੇ ਗਏ। ਉਸ ਵਾਸਤੇ 20 ਔਰਤਾਂ ਚੁਣੀਆਂ ਗਈਆਂ ਜਿਨ੍ਹਾਂ ਨੂੰ ਚਾਰ ਵੱਖੋ ਵੱਖਰੀਆਂ ਫ਼ਿਲਮਾਂ ਵਿਖਾਈਆਂ ਗਈਆਂ। ਪਹਿਲੀ ਫ਼ਿਲਮ ਵਿਚ ਸਿਰਫ਼ ਕੁਦਰਤੀ ਵਧੀਆ ਥਾਂਵਾਂ ਦਿਖਾਈਆਂ ਗਈਆਂ। ਦੂਜੀ ਬਹੁਤ ਹਾਸੇ ਵਾਲੀ ਸੀ। ਤੀਜੀ ਜੰਗ ਫ਼ਿਲਮ ਵਲੂੰਧਰ ਦੇਣ ਵਾਲੀ ਸੀ। ਚੌਥੀ ਫ਼ਿਲਮ ਡਰਾਉਣ ਵਾਲੀ ਸੀ। ਹਰ ਫ਼ਿਲਮ ਵਿਖਾਉਣ ਤੋਂ 90 ਮਿੰਟ ਪਹਿਲਾਂ ਪਿਸ਼ਾਬ ਵਿਚਲੇ ਹਾਰਮੋਨਾਂ ਦਾ ਟੈਸਟ ਕੀਤਾ ਗਿਆ। ਫਿਰ ਫ਼ਿਲਮ ਵਿਖਾਉਣ ਤੋਂ 90 ਮਿੰਟ ਬਾਅਦ ਦਾ ਵੀ ਟੈਸਟ ਕੀਤਾ ਗਿਆ।

    ਕੁਦਰਤੀ ਖ਼ੂਬਸੂਰਤੀ ਵਾਲੀ ਫ਼ਿਲਮ ਵੇਖਣ ਤੋਂ ਬਾਅਦ ਪਿਸ਼ਾਬ ਵਿਚਲੇ ਐਪੀਨੈਫਰੀਨ ਹਾਰਮੋਨ ਘਟੇ ਹੋਏ ਲੱਭੇ। ਜੰਗ ਵਾਲੀ ਫ਼ਿਲਮ ਵੇਖਣ ਤੋਂ ਬਾਅਦ ਵਧੇ ਹੋਏ ਸਨ। ਡਰਾਵਣੀ ਫ਼ਿਲਮ ਵੇਖਣ ਤੋਂ ਬਾਅਦ ਕੁੱਝ ਹੋਰ ਵਧੇ ਹੋਏ ਸਨ ਪਰ ਕਮਾਲ ਇਹ ਸੀ ਕਿ ਹਾਸੇ ਵਾਲੀ ਫ਼ਿਲਮ ਵੇਖਣ ਤੋਂ ਬਾਅਦ ਵੀ ਹਾਰਮੋਨ ਕਾਫ਼ੀ ਵਧੇ ਹੋਏ ਮਿਲੇ।

ਇਹ ਸਾਰੀਆਂ ਔਰਤਾਂ ਬਿਲਕੁਲ ਨਾਰਮਲ ਸਨ ਤੇ ਕਿਸੇ ਨੂੰ ਵੀ ਕੋਈ ਬੀਮਾਰੀ ਨਹੀਂ ਸੀ। ਇਸ ਖੋਜ ਤੋਂ ਬਾਅਦ ਇਹ ਨਤੀਜਾ ਕੱਢਿਆ ਗਿਆ ਕਿ ਕਿਸੇ ਵੀ ਤਰ੍ਹਾਂ ਦੇ ਜਜ਼ਬਾਤ ਹਾਰਮੋਨ ਵਧਾ ਦਿੰਦੇ ਹਨ। ਇਸ ਖੋਜ ਉੱਤੇ ਬਹੁਤ ਕਿੰਤੂ ਪਰੰਤੂ ਹੋਏ ਕਿਉਂਕਿ ਸਿਰਫ਼ ਔਰਤਾਂ ਸ਼ਾਮਲ ਕੀਤੀਆਂ ਗਈਆਂ ਸਨ ਤੇ ਗਿਣਤੀ ਵੀ ਬਹੁਤ ਘੱਟ ਸੀ। ਇਸੇ ਲਈ ਇੱਕ ਵੱਡੀ ਪੱਧਰ ਉੱਤੇ ਖੋਜ ਸ਼ੁਰੂ ਕੀਤੀ ਗਈ ਜਿਸ ਵਿਚ ਲਹੂ ਵਿਚਲੀ ਹਾਰਮੋਨਾਂ ਦੀ ਮਾਤਰਾ ਮਾਪੀ ਗਈ। ਇਨ੍ਹਾਂ ਹਜ਼ਾਰਾਂ ਲੋਕਾਂ ਦੇ ਇਸੇ ਹੀ ਤਰ੍ਹਾਂ ਯਾਨੀ ਚਾਰੋਂ ਕਿਸਮਾਂ ਦੀਆਂ ਫ਼ਿਲਮਾਂ ਵਿਖਾਉਣ ਤੋਂ ਪਹਿਲਾਂ, ਉਸ ਦੇ ਦੌਰਾਨ ਅਤੇ ਬਾਅਦ ਵਿਚ ਤਣਾਓ ਦੇ ਹਾਰਮੋਨ ਮਾਪਣ ਲਈ ਲਹੂ ਦੇ ਸੈਂਪਲ ਲਏ ਗਏ। ਇਸ ਵਿਚ ਕੌਰਟੀਸੋਲ, ਗਰੋਥ ਹਾਰਮੋਨ, ਡੋਪਾਮੀਨ, ਪ੍ਰੋਲੈਕਟਿਨ, ਐਪੀਨੈਫਰੀਨ, ਨੋਰ ਐਪੀਨੈਫਰੀਨ ਆਦਿ ਮਾਪੇ ਗਏ।

ਇਸ ਵੱਡੀ ਖੋਜ, ਜਿਸ ਵਿਚ ਹਜ਼ਾਰਾਂ ਲੋਕ ਸ਼ਾਮਲ ਸਨ, ਰਾਹੀਂ ਪਤਾ ਲੱਗਿਆ ਕਿ ਹਾਸੇ ਵਾਲੀ ਫ਼ਿਲਮ ਵੇਖਣ ਤੋਂ ਬਾਅਦ ਤਣਾਓ ਦੇ ਸਾਰੇ ਹਾਰਮੋਨ ਘਟ ਚੁੱਕੇ ਸਨ, ਜੋ ਕਾਫ਼ੀ ਦੇਰ ਤੱਕ ਘਟੇ ਰਹੇ। ਸਿਰਫ਼ ਹਾਰਮੋਨ ਹੀ ਨਹੀਂ ਘਟੇ ਬਲਕਿ ਇਮਿਊਨ ਸਿਸਟਮ ਵਿਚ ਰਵਾਨੀ ਵੀ ਹੋਈ ਲੱਭੀ। ਇਸ ਖੋਜ ਵਿਚ ਔਰਤਾਂ ਅਤੇ ਪੁਰਸ਼ ਬਰਾਬਰ ਗਿਣਤੀ ਵਿਚ ਸ਼ਾਮਲ ਕੀਤੇ ਗਏ ਸਨ, ਪਰ ਬਾਕੀ ਫ਼ਿਲਮਾਂ ਵੇਖਣ ਤੋਂ ਬਾਅਦ ਹਾਰਮੋਨ ਘਟੇ ਹੋਏ ਨਹੀਂ ਲੱਭੇ।

ਇੱਕ ਹੋਰ ਵੱਡੀ ਖੋਜ ਰਾਹੀਂ ਸਪਸ਼ਟ ਕੀਤਾ ਗਿਆ ਕਿ ਖੁੱਲ ਕੇ ਹੱਸਣ ਨਾਲ ਪੱਠਿਆਂ ਦੀ ਵਧੀਆ ਕਸਰਤ ਹੋ ਜਾਂਦੀ ਹੈ ਜਿਸ ਨਾਲ ਦਿਲ ਦੀ ਧੜਕਣ ਵਧ ਜਾਂਦੀ ਹੈ, ਸਾਹ ਤੇਜ਼ ਤੇ ਡੂੰਘਾ ਹੋ ਜਾਂਦਾ ਹੈ ਅਤੇ ਸਰੀਰ ਅੰਦਰ ਵੱਧ ਆਕਸੀਜਨ ਖਿੱਚੀ ਜਾਂਦੀ ਹੈ। ਕੁੱਝ ਚਿਰ ਬਾਅਦ ਸਰੀਰ ਦੇ ਪੱਠੇ ਢਿੱਲੇ ਪੈ ਜਾਂਦੇ ਹਨ ਅਤੇ ਤਣਾਓ ਦੇ ਹਾਰਮੋਨ ਬਾਹਰ ਨਿਕਲ ਜਾਣ ਨਾਲ ਦਿਲ ਦੀ ਧੜਕਣ ਝੱਟ ਨਾਰਮਲ ਹੋ ਜਾਂਦੀ ਹੈ, ਸਾਹ ਵੀ ਨਾਰਮਲ ਹੋ ਜਾਂਦਾ ਹੈ ਅਤੇ ਬਲੱਡ ਪ੍ਰੈੱਸ਼ਰ ਵੀ ਠੀਕ ਹੋ ਜਾਂਦਾ ਹੈ। ਸਭ ਤੋਂ ਕਮਾਲ ਦੀ ਗੱਲ ਇਹ ਦਿਸੀ ਕਿ ਬੀਮਾਰੀਆਂ ਨਾਲ ਲੜਨ ਵਾਲਾ ਇਮਿਊਨ ਸਿਸਟਮ ਕਾਫ਼ੀ ਦੇਰ ਤੱਕ ਰਵਾਂ ਰਹਿਣ ਅਤੇ ਇਮਿਊਨਿਟੀ ਵਧਾਉਣ ਵਿਚ ਰੁੱਝਿਆ ਰਿਹਾ ਲੱਭਿਆ।

ਇਹ ਖੋਜ ਇੰਡਿਆਨਾ ਸਟੇਟ ਯੂਨੀਵਰਸਿਟੀ ਵਿਖੇ ਕੀਤੀ ਗਈ ਸੀ ਤੇ ਆਕਸਫੋਰਡ ਯੂਨੀਵਰਸਿਟੀ ਵੱਲੋਂ ਛਾਪੀ ਗਈ। ਇਸ ਖੋਜ ਦੇ ਅੰਤ ਵਿਚ ਇਹ ਨੁਕਤਾ ਲਿਖਿਆ ਸੀ ਕਿ ਖੁੱਲ੍ਹ ਕੇ ਹੱਸਣਾ ਹੁਣ ਆਮ ਲੋਕ ਭੁੱਲ ਹੀ ਚੁੱਕੇ ਹਨ ਅਤੇ ਵਾਧੂ ਤਣਾਅ ਹੇਠ ਬੀਮਾਰੀਆਂ ਸਹੇੜ ਰਹੇ ਹਨ। ਰੋਜ਼ ਹੱਸਣ ਨਾਲ ਜਿੱਥੇ ਤਣਾਅ ਘਟਾਇਆ ਜਾ ਸਕਦਾ ਹੈ, ਉੱਥੇ ਸਰੀਰ ਦੀਆਂ ਬੀਮਾਰੀਆਂ ਨਾਲ ਲੜਨ ਦੀ ਤਾਕਤ ਵੀ ਵਧਾਈ ਜਾ ਸਕਦੀ ਹੈ।

ਯੂਰੋਪੀਅਨ ਸੋਸਾਇਟੀ ਔਫ਼ ਕਾਰਡੀਓਲੋਜੀ ਵੱਲੋਂ ਪੈਰਿਸ ਵਿਚ ਕਈ ਖੋਜਾਂ ਦੌਰਾਨ ਜੋ ਤੱਥ ਸਾਹਮਣੇ ਆਏ ਸਨ, ਜਗ ਜ਼ਾਹਰ ਕੀਤੇ ਗਏ, ਇਹ ਸਨ :

  1. ਹੱਸਣ ਨਾਲ ਸਕਾਰਾਤਮਕ ਊਰਜਾ ਉਪਜਦੀ ਹੈ, ਜੋ ਸੋਚ ਵੀ ਸਾਰਥਕ ਕਰ ਦਿੰਦੀ ਹੈ।
  2. ਹੱਸਣ ਨਾਲ ਗੁੱਸੇ ਦੇ ਦੌਰੇ ਲਗਭਗ ਨਾ-ਬਰਾਬਰ ਹੋ ਜਾਂਦੇ ਹਨ ਤੇ ਗੁੱਸੇ ਤੋਂ ਉਤਪੰਨ ਹੁੰਦੀਆਂ ਬੀਮਾਰੀਆਂ ਤੋਂ ਵੀ ਬਚਾਓ ਹੋ ਜਾਂਦਾ ਹੈ।
  3. ਕੰਮ ਕਰਨ ਦੌਰਾਨ ਹੁੰਦਾ ਤਣਾਓ ਵੀ ਹੱਸਣ ਨਾਲ ਘਟਿਆ ਹੋਇਆ ਲੱਭਿਆ।
  4. ਹਾਰਟ ਅਟੈਕ ਦਾ ਖ਼ਤਰਾ ਵੀ ਕਾਫ਼ੀ ਘੱਟ ਹੋ ਜਾਂਦਾ ਹੈ। ਜਿਸ ਪ੍ਰੈਸ ਕਾਨਫਰੰਸ ਦੌਰਾਨ ਇਨ੍ਹਾਂ ਖੋਜਾਂ ਦਾ ਡਾਕਟਰਾਂ ਨੇ ਖੁਲਾਸਾ ਕੀਤਾ, ਉਸ ਦਾ ਸਿਰਲੇਖ ‘ਡੌਂਟ ਵਰੀ, ਬੀ ਹੈਪੀ’ (ਫ਼ਿਕਰ ਛੱਡੋ, ਖ਼ੁਸ਼ ਰਹੋ) ਰੱਖਿਆ ਸੀ।

ਬਾਲਟੀਮੋਰ ਦੇ ਯੂਨੀਵਰਸਿਟੀ ਔਫ਼ ਮੈਰੀਲੈਂਡ ਮੈਡੀਕਲ ਸਕੂਲ ਦੇ ਡਾ. ਮਾਈਕਲ ਮਿੱਲਰ ਨੇ ਹੱਸਣ ਦੀ ਕਿਰਿਆ ਨਾਲ ਲਹੂ ਦੀਆਂ ਨਾੜੀਆਂ ਦੀ ਅੰਦਰਲੀ ਪਰਤ (ਐਂਡੋਥੀਲੀਅਮ) ਦਾ ਨਿਰੀਖਣ ਕਰਨ ਤੋਂ ਬਾਅਦ ਦੱਸਿਆ ਕਿ ਹੱਸਣ ਨਾਲ ਇਸ ਪਰਤ ਦੀ ਟੁੱਟ-ਫੁੱਟ ਘੱਟ ਹੁੰਦੀ ਹੈ, ਜੋ ਦਿਲ ਸਿਹਤਮੰਦ ਰੱਖਣ ’ਚ ਸਹਾਈ ਹੁੰਦੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮੌਜੂਦਾ ਖੋਜ ਤੋਂ ਪਹਿਲਾਂ ਕਸਰਤ ਅਤੇ ਸੰਤੁਲਿਤ ਖ਼ੁਰਾਕ ਹੀ ਦਿਲ ਵਾਸਤੇ ਵਧੀਆ ਮੰਨੇ ਗਏ ਸਨ ਪਰ ਹੁਣ ਹਾਸੇ ਦਾ ਦਿਲ ਉੱਤੇ ਅਸਰ ਵੇਖ ਕੇ ਹਰ ਕਿਸੇ ਨੂੰ ਖੁੱਲ੍ਹ ਕੇ ਹੱਸਣ ਲਈ ਵੀ ਪਰਚੀ ਉੱਤੇ ਦਵਾਈ ਵਾਂਗ ਲਿਖ ਕੇ ਦੇਣਾ ਪਵੇਗਾ। ਨਕਲੀ ਹਾਸਾ ਵਧੀਆ ਅਸਰ ਨਹੀਂ ਵਿਖਾਉਂਦਾ ਸਗੋਂ ਖਿੜਖਿੜਾ ਕੇ ਹੱਸਣ ਨਾਲ ਹੀ ਵਧੀਆ ਅਸਰ ਦਿਸਦੇ ਹਨ। ਅੱਜ ਕੱਲ੍ਹ ਦੇ ਮਹੌਲ ਵਿਚ ਮੁਸਕੁਰਾਹਟ ਤੱਕ ਹੀ ਲੋਕ ਸੀਮਤ ਹੋ ਕੇ ਰਹਿ ਗਏ ਹਨ ਜਦਕਿ ਖਿੜਖਿੜਾ ਕੇ ਹੱਸਣ ਵਾਲੇ ਨੂੰ ਉਜੱਡ (ਮੂਰਖ) ਕਿਹਾ ਜਾਣ ਲੱਗ ਪਿਆ ਹੈ।

ਡਾ. ਮਿੱਲਰ ਨੇ ਮੀਡੀਆ ਸਾਹਮਣੇ ਆਪਣੀ ਖੋਜ ਦੀਆਂ ਬਾਰੀਕੀਆਂ ਰੱਖੀਆਂ ਅਤੇ ਸਮਝਾਇਆ ਕਿ ਕਿਵੇਂ ਹਾਸੇ ਵਾਲੀਆਂ ਫ਼ਿਲਮਾਂ ਜਾਂ ਛੋਟੇ ਪ੍ਰੋਗਰਾਮ ਦੌਰਾਨ ਸਰੀਰ ਅੰਦਰ ਖਿੜਖਿੜਾ ਕੇ ਹੱਸਣ ਨਾਲ ਲਹੂ ਦੀਆਂ ਨਾੜੀਆਂ ਵੀ ਸਿਹਤਮੰਦ ਹੋ ਜਾਂਦੀਆਂ ਹਨ। ਦਿਲ ਨੂੰ ਵਲੂੰਧਰ ਦੇਣ ਵਾਲੇ ਹਾਦਸੇ ਜਾਂ ਫ਼ਿਲਮਾਂ ਵੇਖਣ ਨਾਲ ਲਹੂ ਦੀਆਂ ਨਾੜੀਆਂ 30 ਤੋਂ 50 ਫੀਸਦੀ ਤੱਕ ਸੁੰਗੜੀਆਂ ਹੋਈਆਂ ਲੱਭੀਆਂ। ਇਸ ਦੇ ਉਲਟ, ਖਿੜਖਿੜਾ ਕੇ ਹੱਸਣ ਤੋਂ ਬਾਅਦ ਨਸਾਂ ਪੂਰੀ ਤਰ੍ਹਾਂ ਖੁੱਲ ਗਈਆਂ।

ਕਮਾਲ ਤਾਂ ਇਹ ਵੇਖਿਆ ਗਿਆ ਕਿ ਰੋਣ ਤੋਂ ਬਾਅਦ ਜਦੋਂ ਉਨ੍ਹਾਂ ਸਾਰਿਆਂ ਨੂੰ ਖੁੱਲ੍ਹ ਕੇ ਹਸਾਇਆ ਗਿਆ ਤਾਂ ਸੁੰਗੜੀਆਂ ਹੋਈਆਂ ਨਾੜੀਆਂ ਝੱਟ ਫੈਲ ਗਈਆਂ। ਡਾ. ਮਿੱਲਰ ਨੇ ਇਹ ਵੀ ਸਪਸ਼ਟ ਕੀਤਾ ਕਿ ਸੁੰਗੜੀਆਂ ਹੋਈਆਂ ਨਾੜੀਆਂ ਅੰਦਰ ਲਗਭਗ ਇੱਕ ਘੰਟੇ ਤੱਕ ਲਹੂ ਦਾ ਵਹਾਓ ਘਟਿਆ ਰਹਿੰਦਾ ਹੈ ਯਾਨੀ ਰੋਣ ਨਾਲ ਜਾਂ ਤਣਾਅ ਨਾਲ ਹਾਰਟ ਅਟੈਕ ਦਾ ਖ਼ਤਰਾ ਕਈ ਗੁਣਾ ਵਧ ਜਾਂਦਾ ਹੈ। ਦੂਜੇ ਪਾਸੇ ਖਿੜਖਿੜਾ ਕੇ ਹੱਸਣ ਨਾਲ ਖੁੱਲੀਆਂ ਨਾੜੀਆਂ 24 ਘੰਟਿਆਂ ਤੱਕ ਵੀ ਬਥੇਰਿਆਂ ਵਿਚ ਖੁੱਲੀਆਂ ਹੋਈਆਂ ਹੀ ਲੱਭੀਆਂ। ਇਹ ਅਸਰ ਸਟੈਟਿਨ ਦਵਾਈਆਂ ਜਾਂ ਤਗੜੀ ਕਸਰਤ ਜਿੰਨਾ ਹੀ ਵਧਿਆ ਲੱਭਿਆ। ਫ਼ਰਕ ਸਿਰਫ਼ ਏਨਾ ਸੀ ਕਿ ਕਸਰਤ ਪੂਰੀ ਇੱਕ ਘੰਟੇ ਦੀ ਕੀਤੀ ਗਈ ਸੀ ਤੇ ਹੱਸਿਆ ਸਿਰਫ਼ 10 ਤੋਂ 15 ਮਿੰਟ ਹੀ ਗਿਆ ਸੀ। ਅਸਰ ਇੱਕੋ ਜਿੰਨਾ ਵਧਿਆ ਸੀ।

ਫਿਨਲੈਂਡ ਦੀ ਯੂਨੀਵਰਸਿਟੀ ਦੇ ਡਾ. ਟੀਅ ਲਾਲੂਕਾ ਨੇ ਇੱਕ ਵੱਖ ਖੋਜ ਰਾਹੀਂ ਸਪਸ਼ਟ ਕੀਤਾ ਸੀ ਕਿ ਹਰ ਰੋਜ਼ ਤਿੰਨ ਘੰਟੇ ਓਵਰਟਾਈਮ ਕੰਮ ਕਰਨ ਨਾਲ ਦਿਲ ਦੇ ਰੋਗ ਅਤੇ ਹਾਰਟ ਅਟੈਕ ਦਾ ਖ਼ਤਰਾ ਚਾਰ ਗੁਣਾ ਵੱਧ ਹੋ ਜਾਂਦਾ ਹੈ। ਇਟਲੀ ਦੇ ਪੀਸਾ ਦੇ ਇੰਸਟੀਚਿਊਟ ਔਫ਼ ਕਲਿਨੀਕਲ ਫ਼ਿਜ਼ਿਓਲੋਜੀ ਦੇ ਡਾ. ਫਰੈਂਕੋ ਬੋਨਾਗਾਈਡੀ ਨੇ 228 ਉਨ੍ਹਾਂ ਲੋਕਾਂ ਉੱਤੇ ਖੋਜ ਕੀਤੀ ਜਿਨ੍ਹਾਂ ਨੂੰ ਓਵਰਟਾਈਮ ਸਦਕਾ ਹਾਰਟ ਅਟੈਕ ਹੋ ਚੁੱਕਿਆ ਸੀ। ਇਨ੍ਹਾਂ ਮਰੀਜ਼ਾਂ ਦਾ 10 ਸਾਲ ਲਗਾਤਾਰ ਖੋਜ ਅਧੀਨ ਚੈੱਕਅੱਪ ਕੀਤਾ ਜਾਂਦਾ ਰਿਹਾ। ਇਨ੍ਹਾਂ ਵਿੱਚੋਂ ਜਿਹੜੇ ਹਰ ਰੋਜ਼ ਕੁੱਝ ਚਿਰ ਖੁੱਲ੍ਹ ਕੇ ਹੱਸਦੇ ਰਹਿੰਦੇ ਸਨ, ਉਨ੍ਹਾਂ ਵਿੱਚੋਂ 78.5 ਫੀਸਦੀ ਲੋਕਾਂ ਨੂੰ ਦੁਬਾਰਾ ਦਿਲ ਦੇ ਰੋਗ ਨਹੀਂ ਹੋਏ, ਪਰ ਘਬਰਾਹਟ ਵਿਚ ਰਹਿੰਦੇ ਲੋਕਾਂ ਵਿੱਚੋਂ 57.4 ਫੀਸਦੀ ਨੂੰ ਜਾਂ ਤਾਂ ਦੁਬਾਰਾ ਹਾਰਟ ਅਟੈਕ ਹੋ ਗਿਆ ਜਾਂ ਲਗਾਤਾਰ ਛਾਤੀ ਵਿਚ ਪੀੜ ਹੁੰਦੀ ਰਹੀ ਜਾਂ ਅਪਰੇਸ਼ਨ ਕਰਵਾਉਣ ਦੀ ਨੌਬਤ ਵੀ ਆਈ।

ਡਾ. ਫਰੈਂਕੋ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਲੋੜੋਂ ਵੱਧ ਖਾਣ ਤੇ ਕਸਰਤ ਨਾ ਕਰਨ ਦੇ ਜਿੰਨੇ ਮਾੜੇ ਅਸਰ ਕੁੱਝ ਸਾਲਾਂ ਬਾਅਦ ਦਿਸਣੇ ਹੁੰਦੇ ਹਨ, ਓਨੇ ਮਾੜੇ ਅਸਰ ਤਣਾਓ ਨਾਲ ਕੁੱਝ ਘੰਟਿਆਂ ਜਾਂ ਦਿਨਾਂ ਵਿਚ ਦਿੱਸ ਪੈਂਦੇ ਹਨ। ਇਨ੍ਹਾਂ ਮਾੜੇ ਅਸਰਾਂ ਤੋਂ ਬਚਣ ਲਈ ਖਿੜਖਿੜਾ ਕੇ ਕੁੱਝ ਮਿੰਟ ਰੋਜ਼ ਹੱਸਣ ਦੀ ਲੋੜ ਹੁੰਦੀ ਹੈ।

ਅਸਟ੍ਰੇਲੀਆ ਦੇ ਰੋਇਲ ਮੈਲਬੋਰਨ ਹਸਪਤਾਲ ਦੇ ਡਾ. ਬਾਰਬਰਾ ਮਰਫ਼ੀ ਨੇ ਅਸਟ੍ਰੇਲੀਆ ਵਿਚ ‘ਬੀਟਿੰਗ ਹਾਰਟ ਪ੍ਰਾਬਲਮ’ ਪ੍ਰੋਗਰਾਮ ਅਧੀਨ ਲੋਕਾਂ ਦੇ ਅੱਠ ਸੈਸ਼ਨ ਤਿਆਰ ਕੀਤੇ ਜਿਸ ਤਹਿਤ ਦਿਲ ਦੇ ਰੋਗਾਂ (ਹਾਰਟ ਅਟੈਕ ਅਤੇ ਦਿਲ ਦੀ ਹੋ ਚੁੱਕੀ ਸਰਜਰੀ ਵਾਲੇ) ਦੇ ਮਰੀਜ਼ਾਂ ਨੂੰ ਢਹਿੰਦੀ ਕਲਾ ਅਤੇ ਤਣਾਓ ਤੋਂ ਬਾਹਰ ਕੱਢਣ ਲਈ ਰੋਜ਼ ਕੁੱਝ ਮਿੰਟ ਖਿੜਖਿੜਾ ਕੇ ਹੱਸਣਾ ਸਿਖਾਇਆ। ਕੁੱਲ ਚਾਰ ਮਹੀਨਿਆਂ ਬਾਅਦ ਹੀ ਉਨ੍ਹਾਂ ਮਰੀਜ਼ਾਂ ਦੀ ਢਹਿੰਦੀ ਕਲਾ ਬਿਲਕੁਲ ਠੀਕ ਹੋ ਗਈ; ਬੌਧਿਕ ਵਿਕਾਸ ਹੋਇਆ ਲੱਭਿਆ; ਯਾਦਦਾਸ਼ਤ ਦਰੁਸਤ ਹੋਈ; ਢਿੱਡ ਦੁਆਲਿਓਂ ਮੋਟਾਪਾ ਘਟਿਆ ਹੋਇਆ ਲੱਭਿਆ; ਰੋਜ਼ ਦੀ ਸੈਰ ਦਾ ਰੂਟੀਨ ਬੱਝ ਗਿਆ ਅਤੇ ਕੋਲੈਸਟਰੋਲ ਵੀ ਕਾਬੂ ਵਿਚ ਹੋ ਗਿਆ। ਇੱਕ ਸਾਲ ਤੋਂ ਬਾਅਦ ਜਦੋਂ ਇਹ ਮਰੀਜ਼ ਦੁਬਾਰਾ ਚੈੱਕਅੱਪ ਕਰਨ ਲਈ ਸੱਦੇ ਗਏ ਤਾਂ ਲਗਭਗ ਸਾਰਿਆਂ ਦੀ ਹੀ ਸਿਹਤ ਪਹਿਲਾਂ ਨਾਲੋਂ ਬਹੁਤ ਬਿਹਤਰ ਸੀ।

ਇਨ੍ਹਾਂ ਸਾਰੀਆਂ ਖੋਜਾਂ ਤੋਂ ਬਾਅਦ ਹੁਣ ਇੱਕ ਗੱਲ ਸਪਸ਼ਟ ਰੂਪ ’ਚ ਸਾਹਮਣੇ ਆ ਚੁੱਕੀ ਹੈ ਕਿ ਤਣਾਓ, ਸਾਡੀ ਜ਼ਿੰਦਗੀ ਛੋਟੀ ਕਰ ਰਿਹਾ ਹੈ। ਕੰਮ ਕਾਰ ਦੇ ਰੁਝੇਵਿਆਂ ਵਿਚ ਸਾਡਾ ਹਾਸਾ ਗੁਆਚ ਚੁੱਕਿਆ ਹੈ। ਇਸੇ ਲਈ ਦੁਨੀਆ ਦੇ ਚੋਟੀ ਦੇ ਡਾਕਟਰਾਂ ਨੇ ਲੰਮੀ ਤੇ ਸਿਹਤਮੰਦ ਜ਼ਿੰਦਗੀ ਦਾ ਰਾਜ਼ ਦੁਨੀਆ ਦੇ ਸਾਹਮਣੇ ਰੱਖ ਦਿੱਤਾ ਹੈ ਅਤੇ ਉਹ ਹੈ-ਰੋਜ਼ 10 ਤੋਂ 15 ਮਿੰਟ ਖਿੜਖਿੜਾ ਕੇ ਹੱਸਣਾ !

ਫਿਰ ਦੇਰ ਕਾਹਦੀ ? ਝਟਪਟ ਸ਼ੀਸ਼ੇ ਸਾਹਮਣੇ ਖੜ੍ਹੇ ਹੋਵੋ ਤੇ ਆਪਣੇ ਖ਼ੂਬਸੂਰਤ ਚਿਹਰੇ ਨੂੰ ਨਿਹਾਰ ਕੇ ਪਿਆਰੀ ਜਿਹੀ ਮੁਸਕਾਨ ਬਿਖੇਰੋ ਅਤੇ ਹੋ ਜਾਓ ਖਿੜਖਿੜਾ ਕੇ ਹੱਸਣਾ ਸ਼ੁਰੂ ! ਵੇਖੋ ਕਿੰਨੀ ਪਿਆਰੀ ਜ਼ਿੰਦਗੀ ਤੁਹਾਡੀ ਉਡੀਕ ਕਰਦੀ ਲੱਭੇਗੀ !

ਸਾਰ :-

ਖੋਜ ਇੱਕ ਨਿਰੰਤਰ ਵਗਦਾ ਦਰਿਆ ਹੁੰਦਾ ਹੈ। ਹੁਣ ਤੱਕ ਦੀਆਂ ਖੋਜਾਂ ਨੇ ਖਿੜਖਿੜਾ ਕੇ ਹੱਸਣ ਨੂੰ ਬਿਹਤਰੀਨ ਦਵਾਈ ਵਜੋਂ ਸਾਬਤ ਕਰ ਦਿੱਤਾ ਹੈ। ਅਜੇ ਹੋਰ ਖੋਜਾਂ ਜਾਰੀ ਹਨ। ਵੇਖੀਏ ਹੋਰ ਕਿਹੜੇ ਨਵੇਂ ਤੱਥ ਸਾਹਮਣੇ ਆਉਂਦੇ ਹਨ। ਗੁਰਬਾਣੀ ਵੀ ਇਹੀ ਉਪਦੇਸ਼ ਕਰਦੀ ਪਈ ਹੈ ਕਿ ‘‘ਬੰਦੇਖੋਜੁ ਦਿਲ ਹਰ ਰੋਜ; ਨਾ ਫਿਰੁ ਪਰੇਸਾਨੀ ਮਾਹਿ ’’ (ਭਗਤ ਕਬੀਰ ਜੀ/੭੨੭)

ਗੁਰਮਤਿ ਬਨਾਮ ਗੁਰਬਾਣੀ

0

ਗੁਰਮਤਿ ਬਨਾਮ ਗੁਰਬਾਣੀ

ਗਿਆਨੀ ਅਵਤਾਰ ਸਿੰਘ

ਗੁਰਮਤਿ ਤੋਂ ਭਾਵ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਦਾ ਰੱਬ ਅਤੇ ਸੰਸਾਰ ਬਾਰੇ ਨਜ਼ਰੀਆ ਹੈ ਅਤੇ ਗੁਰਬਾਣੀ ਤੋਂ ਭਾਵ ਮਨੁੱਖ ਜਾਤੀ ਦੇ ਕਲਿਆਣ ਲਈ ਗੁਰਮਤਿ ਨੂੰ ਲਿਖਤ ਰੂਪ ਦਿੰਦਿਆਂ ਅਨੇਕਾਂ ਸਮਾਜਿਕ ਤੱਥ ਭੀ ਇਸ ਵਿੱਚ ਸ਼ਾਮਲ ਕਰਨਾ ਹੈ। ਇਨ੍ਹਾਂ ਤੱਥਾਂ ’ਚ ਸ਼ਾਮਲ ਹਨ ‘ਸਮਾਜਿਕ ਗਿਆਨ/ਵਿਗਿਆਨ, ਰਵਾਇਤੀ ਧਾਰਮਿਕ ਨਿਯਮ/ਕਰਮ, ਮਿਥਿਹਾਸ (ਯਾਨੀ ਕਾਲਪਨਿਕ ਕਥਾਵਾਂ), ਮੁਹਾਵਰੇ/ਦੰਦ ਕਥਾਵਾਂ, ਅਲੰਕਾਰ ਆਦਿਕ।’

ਗੁਰਬਾਣੀ ਨੂੰ ਨਿਰੰਤਰ ਪੜ੍ਹਨ ਵਾਲ਼ੇ ਗੁਰਸਿੱਖ ਅੰਦਰ ਭੀ ਅਕਸਰ ਇਹ ਦੁਬਿਧਾ ਵੇਖੀ ਗਈ ਹੈ ਕਿ ਜੇਕਰ ਸਾਰੇ ਕੰਮ ਰੱਬ ਕਰਦਾ ਹੈ ਤਾਂ ਗੁਰਬਾਣੀ ਅੰਦਰ ਮਨੁੱਖ ਨੂੰ ਵਾਰ-ਵਾਰ ਕਿਉਂ ਤਾੜਨਾ ਕੀਤੀ ਗਈ ਹੈ ਜਾਂ ਜੇਕਰ ਸਭ ਕੁੱਝ ਮਨੁੱਖ ਨੇ ਕਰਨਾ ਹੈ ਤਾਂ ਰੱਬ; ਸਾਰੇ ਕਾਰਜ ਕਰਨ ਵਾਲ਼ਾ ਕਿਵੇਂ ਹੋਇਆ ? ਕੁੱਝ ਮਨਮਤੀ ਲੋਕ ਤਾਂ ਇੱਥੋਂ ਤੱਕ ਕਹਿੰਦੇ ਭੀ ਸੁਣੇ ਗਏ ਕਿ ਗੁਰਬਾਣੀ; ਅਸਲ ਸਚਿਆਈ ਹੈ, ਪਰ ਗੁਰੂ ਸਾਹਿਬਾਨ ਦੀ ਸੋਚ (ਯਾਨੀ ਕਿ ਗੁਰਮਤਿ) ਨੇ ਆਪਣਾ ਉੱਤਰਾਧਿਕਾਰੀ ਚੁਣਨ ਲੱਗਿਆਂ ਕੁੱਝ ਗ਼ਲਤੀਆਂ ਕੀਤੀਆਂ ਹਨ। ਸੋ ਇਨ੍ਹਾਂ ਭੁਲੇਖਿਆਂ ਨੂੰ ਦੂਰ ਕਰਨ ਲਈ ਹਥਲਾ ਵਿਸ਼ਾ ‘ਗੁਰਮਤਿ ਬਨਾਮ ਗੁਰਬਾਣੀ’ ਵਿਚਾਰਨਾ ਜ਼ਰੂਰੀ ਸਮਝਿਆ ਹੈ।

ਦੁਨਿਆਵੀ ਵਿਦਿਅਕ ਸਿਲੇਬਸ ਨੂੰ ਵੇਖਿਆਂ ਜਾਪਦਾ ਹੈ ਕਿ ਛੋਟੀਆਂ ਜਮਾਤਾਂ ਦੇ ਸਿਲੇਬਸ ’ਚ ਕਈ ਸਾਖੀਆਂ ਭੀ ਵਿਸਥਾਰ ਪੂਰਵਕ ਸ਼ਾਮਲ ਕੀਤੀਆਂ ਜਾਂਦੀਆਂ ਹਨ ਤਾਂ ਜੋ ਮੂਲ ਵਿਸ਼ਾ; ਬੱਚਿਆਂ ਦੀ ਪਕੜ ’ਚ ਲਿਆਂਦਾ ਜਾ ਸਕੇ, ਪਰ ਜਿਉਂ-ਜਿਉਂ ਬੱਚਾ ਉੱਚ ਸਿੱਖਿਆ ਦੀ ਪੜ੍ਹਾਈ ਕਰਦਾ ਹੈ; ਵਾਧੂ ਸਾਖੀਆਂ ਦੀ ਮਿਸਾਲ ਸੰਖੇਪ ਮਾਤਰ ਰਹਿ ਜਾਂਦੀ ਹੈ ਜਾਂ ਬਿਲਕੁਲ ਖ਼ਤਮ ਹੋ ਜਾਂਦੀ ਹੈ ਕਿਉਂਕਿ ਤਦ ਬੱਚਾ ਆਪਣੇ ਵਿਸ਼ੇ ਨੂੰ ਇਸ਼ਾਰੇ ਮਾਤਰ ਨਾਲ਼ ਸਮਝਣਯੋਗ ਹੋ ਚੁੱਕਿਆ ਹੁੰਦਾ ਹੈ। ਇਹੀ ਯੁਕਤੀ ਰੂਹਾਨੀਅਤ ਗਿਆਨ ਯਾਨੀ ਕਿ ਧਾਰਮਿਕ ਗ੍ਰੰਥਾਂ ’ਚ ਦਰਜ ਕੀਤੀ ਮਿਲਦੀ ਹੈ। ਗੁਰਮਤਿ; ਰੂਹਾਨੀਅਤ ਦਾ ਸਿਰਮੌਰ ਵਿਸ਼ਾ (ਪੜਾਅ) ਹੈ ਤਾਂ ਤੇ ਇਸ ਦੀ ਸੋਝੀ ਕਰਾਉਣ ਲਈ ਸਮਾਜਿਕ ਤੱਥ ਭੀ ਵਧੇਰੇ ਵਿਸਥਾਰ ਪੂਰਬਕ ਮਿਲਣਗੇ। ਗੁਰਮਤਿ ਅਤੇ ਗੁਰਬਾਣੀ ਦੀ ਇਸ ਵਿਭਿੰਨਤਾ ਬਾਰੇ ਨਾਸਮਝੀ ਹੀ ਦੁਬਿਧਾ ਦਾ ਕਾਰਨ ਬਣਦੀ ਹੈ।

ਗੁਰੂ ਗ੍ਰੰਥ ਸਾਹਿਬ ਜੀ ਅੰਦਰ ਛੇ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ। ਸਾਰੇ ਗੁਰੂ ਸਾਹਿਬਾਨ ਇੱਕੋ ‘ਨਾਨਕ ਜੋਤਿ’ ਹਨ ਯਾਨੀ ਰੂਹਾਨੀਅਤ ਬਲ, ਸਮਝ ਅਤੇ ਰਹਿਣੀ ਇੱਕੋ ਜਿਹੀ ਸੀ; ਜਿਵੇਂ ਕਿ ਪਾਵਨ ਵਚਨ ਹਨ ‘‘ਜੋਤਿ ਓਹਾ, ਜੁਗਤਿ ਸਾਇ; ਸਹਿ (ਨੇ) ਕਾਇਆ ਫੇਰਿ ਪਲਟੀਐ ’’ (ਬਲਵੰਡ ਸਤਾ/੯੬੬) ਅਰਥ : ਗੁਰੂ ਅੰਗਦ ਸਾਹਿਬ ਜੀ ਅੰਦਰ ਜੋਤਿ ਅਤੇ ਰਹਿਣੀ ਓਹੀ (ਗੁਰੂ ਨਾਨਕ ਸਾਹਿਬ ਜੀ ਵਾਲ਼ੀ) ਸੀ। ਅਸਲ ’ਚ ਗੁਰੂ ਨਾਨਕ ਪਾਤਿਸ਼ਾਹ ਨੇ ਗੁਰੂ ਅੰਗਦ ਸਾਹਿਬ ਦੇ ਰੂਪ ’ਚ ਆਪਣਾ ਸਰੀਰ ਹੀ ਬਦਲਿਆ ਹੈ। ਇਸ ਲਈ ਗੁਰੂ ਨਾਨਕ ਸਾਹਿਬ ਜੀ ਤੋਂ ਇਲਾਵਾ ਬਾਕੀ ਪੰਜ ਗੁਰੂ ਸਾਹਿਬਾਨ ਨੇ ਭੀ ਆਪਣੇ ਹਰ ਸ਼ਬਦ ਦੀ ਸਮਾਪਤੀ ’ਚ ਬਾਣੀਕਾਰ ਵਜੋਂ ‘ਨਾਨਕ’ ਸ਼ਬਦ ਹੀ ਦਰਜ ਕੀਤਾ ਹੈ।

ਗੁਰਬਾਣੀ ਮੁਤਾਬਕ ਰੱਬ; ਜੋਤਿ ਸਰੂਪ ’ਚ ਸਰਬ ਵਿਆਪਕ ਹੈ। ਰੱਬੀ ਜੋਤਿ ਵਰਗਾ ਨਿਰਮਲ (ਰੱਬ ਸਮਾਨ) ਰੂਪ ਹੀ ਸਰਗੁਣ ਵਜੋਂ ‘ਨਾਨਕ ਜੋਤਿ’ ਹੈ ‘‘ਜੋਤਿ ਰੂਪਿ ਹਰਿ ਆਪਿ; ਗੁਰੂ ਨਾਨਕੁ ਕਹਾਯਉ ’’ (ਭਟ ਮਥੁਰਾ/੧੪੦੮) ਤਾਹੀਓਂ ਮੰਨੇ ਜਾਂਦੇ ਸਤਿਯੁਗ ਤੋਂ ‘ਨਾਨਕ ਜੋਤਿ’ ਸੰਸਾਰ ’ਚ ਵਿਚਰਦੀ ਸਮਝਾਈ ਹੈ ‘‘ਸਤਜੁਗਿ ਤੈ ਮਾਣਿਓ; ਛਲਿਓ ਬਲਿ ਬਾਵਨ ਭਾਇਓ ਤ੍ਰੇਤੈ ਤੈ ਮਾਣਿਓ; ਰਾਮੁ ਰਘੁਵੰਸੁ ਕਹਾਇਓ ਦੁਆਪੁਰਿ (’) ਕ੍ਰਿਸਨ ਮੁਰਾਰਿ ਕਲਿਜੁਗਿ (’) ਪ੍ਰਮਾਣੁ ਨਾਨਕ; ਗੁਰੁ ਅੰਗਦੁ ਅਮਰੁ ਕਹਾਇਓ (ਭਟ ਕਲੵ/੧੩੯੦) ਹਥਲੇ ਵਿਸ਼ੇ ਦੀ ਅਗਾਂਹ ਵਿਚਾਰ ਕਰਦਿਆਂ ਕੋਈ ਸੰਦੇਹ ਨਾ ਉਪਜੇ, ਇਸ ਲਈ (ਨਾਨਕ ਜੋਤਿ ਬਾਰੇ) ਐਨਾ ਕੁ ਜਾਣਨਾ ਜ਼ਰੂਰੀ ਸੀ।

ਪਹਿਲੇ ਪੰਜ ਗੁਰੂ ਸਾਹਿਬਾਨ ਦੇ ਜੀਵਨ ਨਾਲ਼ ਸੰਬੰਧਿਤ ਗੁਰਬਾਣੀ ਅੰਦਰ ਸੱਤਾ ਬਲਵੰਡ ਜੀ ਦੀ ਇੱਕ ਵਾਰ ਹੈ, ਜਿਸ ਦੀਆਂ ਅੱਠ ਪਉੜੀਆਂ ਹਨ। ਬਲਵੰਡ ਜੀ ਨੇ ਤੀਜੀ ਪਉੜੀ ’ਚ ਗੁਰੂ ਅੰਗਦ ਸਾਹਿਬ ਜੀ ਬਾਰੇ ਕਿਹਾ ਕਿ ਉਨ੍ਹਾਂ ਨੇ ਮਰਦਾਂ ਵਾਲ਼ੀ ਘਾਲਣਾ ਘਾਲ਼ੀ ਤਾਹੀਓਂ ਗੁਰੂ ਨਾਨਕ ਸਾਹਿਬ ਜੀ ਦੇ ਦਰ ’ਤੇ ਪ੍ਰਵਾਨ ਹੋਏ ‘‘ਪਏ ਕਬੂਲੁ ਖਸੰਮ ਨਾਲਿ; ਜਾਂ ਘਾਲ ਮਰਦੀ ਘਾਲੀ ’’ (ਬਲਵੰਡ ਸਤਾ/੯੬੭) ਅਤੇ ਗੁਰੂ ਅਮਰਦਾਸ ਜੀ ਬਾਰੇ ਸੱਤਾ ਜੀ ਨੇ ਛੇਵੀਂ ਪਉੜੀ ’ਚ ਕਿਹਾ ਕਿ ਉਨ੍ਹਾਂ ਨੇ ਮੇਰੂ-ਪਰਬਤ (ਵਾਙ ਆਪਣੀ ਉੱਚੀ ਸੁਰਤਿ) ਨੂੰ ਮਧਾਣੀ ਬਣਾ ਆਪਣਾ ਸਰੀਰ-ਸਮੁੰਦਰ ਰਿੜਕ ਕੇ 14 ਰਤਨ ਕੱਢੇ, ਜਿਨ੍ਹਾਂ ਨਾਲ਼ ਮਨੁੱਖੀ ਹਿਰਦਿਆਂ ’ਚ ਪ੍ਰਕਾਸ਼ ਹੋਇਆ; ਜਿਵੇਂ ਕਿ ਦੇਵਤਿਆਂ ਨੇ ਸਮੁੰਦਰ ਰਿੜਕ ਕੇ 14 ਰਤਨ ਕੱਢੇ, ਮੰਨੇ ਗਏ ‘‘ਜਿਨਿ ਸਮੁੰਦੁ ਵਿਰੋਲਿਆ; ਕਰਿ ਮੇਰੁ ਮਧਾਣੁ ਚਉਦਹ ਰਤਨ ਨਿਕਾਲਿਅਨੁ; ਕੀਤੋਨੁ ਚਾਨਾਣੁ ’’ (ਬਲਵੰਡ ਸਤਾ/੯੬੮)

ਉਕਤ ਦੋਵੇਂ ਗੁਰੂ ਸਾਹਿਬਾਨ ਦੁਆਰਾ ਕੀਤੀ ਗਈ ਗੁਰਮਤਿ ਅਨੁਸਾਰ ਕਮਾਈ/ਮਿਹਨਤ ਦਾ ਵਰਣਨ ਵਾਰ ਦੀਆਂ ਪਹਿਲੀਆਂ ਛੇ ਪਉੜੀਆਂ ’ਚ ਹੈ, ਪਰ ਬਾਕੀ ਦੋ ਪਉੜੀਆਂ ’ਚ ਚੌਥੇ ਅਤੇ ਪੰਜਵੇਂ ਪਾਤਿਸ਼ਾਹ ਦੁਆਰਾ ਘਾਲ਼ੀ ਘਾਲਣਾ ਬਾਰੇ ਕੋਈ ਜ਼ਿਕਰ ਨਹੀਂ ਸਗੋਂ ਇਨ੍ਹਾਂ ਨੂੰ ਰੱਬ ਦਾ ਰੂਪ ਬਲਕਿ ਰੱਬ ਹੀ ਮੰਨਿਐ; ਜਿਵੇਂ ਕਿ ਸੱਤਾ ਜੀ ਨੇ 7ਵੀਂ ਪਉੜੀ ’ਚ ਗੁਰੂ ਰਾਮਦਾਸ ਜੀ ਬਾਰੇ ਕਿਹਾ ਕਿ ਸਿੱਖ ਸੰਗਤਾਂ ਨੇ ਉਨ੍ਹਾਂ ਨੂੰ ਰੱਬ ਦਾ ਰੂਪ ਜਾਣ ਕੇ ਨਮਸਕਾਰ ਕੀਤੀ ਹੈ ‘‘ਸਿਖੀ ਅਤੈ ਸੰਗਤੀ; ਪਾਰਬ੍ਰਹਮੁ ਕਰਿ ਨਮਸਕਾਰਿਆ ’’ (ਬਲਵੰਡ ਸਤਾ/੯੬੮) ਅਤੇ ਸੱਤਾ ਜੀ ਨੇ ਹੀ 8ਵੀਂ ਪਉੜੀ ’ਚ ਗੁਰੂ ਅਰਜਨ ਸਾਹਿਬ ਜੀ ਬਾਰੇ ਕਿਹਾ ਕਿ ਉਨ੍ਹਾਂ ਅੰਦਰ ਅਕਾਲ ਪੁਰਖ ਨੇ ਆਪ ਬੈਠ ਕੇ ਬਾਣੀ ਲਿਖੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬ ਨੇ ਆਪ ਹੀ ਸੰਪਾਦਨਾ ਕੀਤੀ ‘‘ਆਪੇ ਪਟੀ, ਕਲਮ ਆਪਿ; ਆਪਿ ਲਿਖਣਹਾਰਾ ਹੋਆ ’’ (ਬਲਵੰਡ ਸਤਾ/੯੬੮)

ਉਕਤ ਵਾਰ ਦੀਆਂ ਪਹਿਲੀਆਂ ਛੇ ਪਉੜੀਆਂ ਨੂੰ ਰੂਹਾਨੀਅਤ ਦਾ ਪਹਿਲਾ ਪੜਾਅ ਅਤੇ ਅਗਲੀਆਂ ਦੋ ਪਉੜੀਆਂ ਨੂੰ ਦੂਜਾ ਪੜਾਅ ਸਮਝ ਕੇ ਅਗਾਂਹ ਵਿਚਾਰਿਆ ਜਾਵੇਗਾ। ਪਹਿਲੇ ਪੜਾਅ ’ਚ ਗੁਰੂ ਅੰਗਦ ਸਾਹਿਬ ਅਤੇ ਗੁਰੂ ਅਮਰਦਾਸ ਜੀ ਨੂੰ ਰੱਬ ਦਾ ਰੂਪ ਨਹੀਂ ਮੰਨਿਆ ਤੇ ਨਾ ਹੀ ਕਿਹਾ ਹੈ ਕਿ ਇਹ ਘਾਲਣਾ ਰੱਬ ਨੇ ਘਾਲ਼ੀ ਹੈ, ਪਰ ਦੂਜੇ ਪੜਾਅ ’ਚ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਜੀ ਬਾਰੇ ਇਹ ਦੋਵੇਂ ਗੱਲਾਂ ਕਹੀਆਂ ਹਨ ਕਿਉਂਕਿ ਗੁਰਮਤਿ-ਸਿਧਾਂਤ ਅਨੁਸਾਰ ਭਗਤ ਦੁਆਰਾ ਕੀਤੀ ਕਮਾਈ ਦਾ ਮਹੱਤਵ ਖ਼ੁਦ ਭਗਤ ਨੂੰ ਨਹੀਂ; ਰੱਬ ਨੂੰ ਦੇਈਦਾ ਹੈ ਕਿਉਂਕਿ ਜਦ ਭਗਤ ਆਪਣੇ ਮਨ ਨੂੰ ਸਾਧਦਾ (ਮਨ ਨਾਲ਼ ਸੰਘਰਸ ਕਰਦਾ) ਹੈ ਤਦੋਂ ਮਿਲਦੀ ਸਫਲਤਾ ਪਿੱਛੇ ਰੱਬ ਦੀ ਮਿਹਰ ਹੀ ਕੰਮ ਕਰਦੀ ਪਈ ਹੁੰਦੀ ਹੈ।

ਉਕਤ ਵਿਚਾਰ ਤੋਂ ਇਹ ਸਮਝਣਾ ਹੈ ਕਿ ਪਹਿਲਾ ਪੜਾਅ ਗੁਰਬਾਣੀ ਹੈ ਅਤੇ ਦੂਜਾ ਪੜਾਅ ਗੁਰਮਤਿ। ਧਿਆਨ ਰਹੇ ਕਿ ਪਹਿਲੇ ਪੜਾਅ ਨੂੰ ਗੁਰਮਤਿ ਜਾਂ ਦੂਜੇ ਨੂੰ ਗੁਰਬਾਣੀ ਨਹੀਂ ਕਹਿ ਸਕਦੇ ਕਿਉਂਕਿ ਸਿੱਖ ਨੇ ਗੁਰਬਾਣੀ ਰਾਹੀਂ ਗੁਰਮਤਿ ਵੱਲ ਵਧਣਾ ਹੈ, ਨਾ ਕਿ ਗੁਰਮਤਿ ਰਾਹੀਂ ਗੁਰਬਾਣੀ ਵੱਲ। ਰੂਹਾਨੀਅਤ ਦਾ ਸਰਬੋਤਮ ਪੜਾਅ ਗੁਰਮਤਿ ਹੈ; ਗੁਰਬਾਣੀ ਨਹੀਂ। ਗੁਰਮਤਿ ਦਾ ਜ਼ਿਕਰ ਹਰ ਲੰਬੀ ਰਚਨਾ ਦੀ ਸਮਾਪਤੀ ’ਚ ਹੁੰਦੈ; ਜਿਵੇਂ ਕਿ ‘ਜਪੁ’ ਬਾਣੀ ਦੀ ਸਮਾਪਤੀ ’ਚ ਸਚਖੰਡ ਦਾ ਜ਼ਿਕਰ ਹੈ। ਸਚਖੰਡ; ਨਿਰੋਲ ਗੁਰਮਤਿ ਹੈ, ਇਸ ਪੜਾਅ ’ਚ ਕਿਸੇ ਦੁਨਿਆਵੀ ਤੱਥ ਨੂੰ ਮਿਸਾਲ ਵਜੋਂ ਨਹੀਂ ਲਈਦਾ ਕਿਉਂਕਿ ਸਮਾਜ ’ਚ ਕੋਈ ਐਸਾ ਹੁੰਦਾ ਹੀ ਨਹੀਂ, ਜੋ ਮਿਸਾਲ ਬਣ ਸਕੇ।

ਗੁਰਬਾਣੀ ’ਚ ਕੁੱਲ 5870 ਸ਼ਬਦ ਹਨ। ਇਨ੍ਹਾਂ ’ਚੋਂ 2657 ਸ਼ਬਦਾਂ ’ਚ ‘ਰਹਾਉ’ ਬੰਦ ਹੈ, ਜੋ ਪੂਰੇ ਸ਼ਬਦ ਦਾ ਕੇਂਦਰੀ ਭਾਵ (ਯਾਨੀ ਕਿ ਇਹ ਭੀ ਗੁਰਮਤਿ) ਹੁੰਦਾ ਹੈ। ਇਨ੍ਹਾਂ ਵਿੱਚ 25 ਸ਼ਬਦ ‘ਰਹਾਉ’ ਅਤੇ ‘ਰਹਾਉ ਦੂਜਾ’ ਸਮੇਤ ਹਨ, ਜਿਨ੍ਹਾਂ ’ਚ ਪਹਿਲੇ ‘ਰਹਾਉ’ ’ਚ ਸਵਾਲ ਹੁੰਦਾ ਹੈ ਤੇ ਉਸ ਦਾ ਜਵਾਬ ‘ਰਹਾਉ ਦੂਜਾ’ ’ਚ ਦਿੱਤਾ ਗਿਆ ਹੈ।

ਦੁਨਿਆਵੀ ਵਿੱਦਿਆ ਸਮੇਂ ਪਹਿਲੀ ਜਮਾਤ ਨੂੰ ਪਾਸ ਕਰਦਿਆਂ ਦੂਜੀ ਜਮਾਤ ਦਾ ਸਿਲੇਬਸ ਸਹਿਯੋਗ ਨਹੀਂ ਕਰਦਾ, ਪਰ ਰੂਹਾਨੀਅਤ ਸਿੱਖਿਆ ਦੀ ਪਹਿਲੀ ਜਮਾਤ ਨੂੰ ਪਾਰ ਕਰਨ ਲਈ ਗੁਰਬਾਣੀ ਦਾ ਸਰਬੋਤਮ ਸਿਲੇਬਸ (ਗੁਰਮਤਿ) ਸਹਿਯੋਗ ਕਰਦੈ; ਜਿਵੇਂ ਕਿ ਉਕਤ ਦੂਜੇ ਪੜਾਅ ’ਚ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਜੀ ਬਾਰੇ ਬਿਆਨ ਕੀਤਾ ਗੁਰਮਤਿ ਪੱਖ ਜੇ ਧਿਆਨ ’ਚ ਨਾ ਰੱਖੀਏ ਤਾਂ ਪਹਿਲੇ ਪੜਾਅ ’ਚ ਗੁਰੂ ਅੰਗਦ ਸਾਹਿਬ ਅਤੇ ਗੁਰੂ ਅਮਰਦਾਸ ਸਾਹਿਬ ਜੀ ਦੁਆਰਾ ਘਾਲ਼ੀ ਗਈ ਘਾਲਣਾ; ਖ਼ੁਦ ਨੂੰ ਮਹੱਤਵ ਲੈ ਲਵੇਗੀ। ਇਹੀ ਭੁਲੇਖਾ ਇਹ ਸਵਾਲ ਪੈਦਾ ਕਰਦੈ ਕਿ ਜੇਕਰ ਸਭ ਕੁੱਝ ਰੱਬ ਕਰਦੈ ਤਾਂ ਗੁਰਬਾਣੀ ਅੰਦਰ ਬੰਦੇ ਨੂੰ ਕਿਉਂ ਪ੍ਰੇਰਿਐ ਜਾਂ ਦੋਸ਼ੀ ਮੰਨਿਐ ? ਦਰਅਸਲ ਅਕਸਰ ਸਿੱਖ; ਰੂਹਾਨੀਅਤ ਦੇ ਪਹਿਲੇ ਅਤੇ ਦੂਜੇ ਪੜਾਅ ਦੇ ਅੰਤਰ ਨੂੰ ਪਛਾਣਨ ਦੀ ਬਜਾਇ ਦੋਵਾਂ ਨੂੰ ਇੱਕੋ ਸਮਝ ਬੈਠਦੇ ਹਨ ਕਿਉਂਕਿ ਰੂਹਾਨੀਅਤ ਦੇ ਪਹਿਲੇ ਪੜਾਅ ਨੂੰ ਪਾਰ ਕਰਨ ’ਚ ਦੂਜਾ ਪੜਾਅ ਸਹਿਯੋਗ ਜੋ ਕਰ ਰਿਹਾ ਹੁੰਦਾ ਹੈ। ਇਹੀ ਭੁਲੇਖੇ ਨੂੰ ਜਨਮ ਦਿੰਦਾ ਹੈ। ਇਸ ਗਹਿਰੇ ਰਾਜ਼ ਨੂੰ ਹੋਰ ਗਹਿਰਾਈ ਨਾਲ਼ ਸਮਝਣ ਦੀ ਜ਼ਰੂਰਤ ਹੈ।

ਗੁਰੂ ਅਰਜਨ ਸਾਹਿਬ ਨੇ ਬਾਣੀ ਦੀ ਸੰਪਾਦਨਾ ਕਰਦਿਆਂ; ਜਿਵੇਂ ਵਾਰਾਂ ਨਾਲ਼ ਸਲੋਕ ਦਰਜ ਕੀਤੇ ਓਵੇਂ ਹੀ ਕੁੱਝ ਵਾਰਾਂ ’ਚ ਆਪਣੇ ਵੱਲੋਂ ਉਚਾਰ ਕੇ ਪਉੜੀਆਂ ਭੀ ਦਰਜ ਕੀਤੀਆਂ ਹਨ; ਜਿਵੇਂ ਕਿ ਮਲਾਰ ਰਾਗ ’ਚ ਗੁਰੂ ਨਾਨਕ ਸਾਹਿਬ ਜੀ ਦੀ ਇੱਕ ਵਾਰ ਹੈ, ਜਿਸ ਦੀਆਂ ਪਹਿਲਾਂ 27 ਪਉੜੀਆਂ ਸਨ, ਪਰ 27ਵੀਂ ਪਉੜੀ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਵੱਲੋਂ ਰਚ ਕੇ ਗੁਰੂ ਨਾਨਕ ਸਾਹਿਬ ਜੀ ਦੀ 27ਵੀਂ ਪਉੜੀ ਨੂੰ 28ਵੀਂ ਕਰ ਦਿੱਤਾ ਕਿਉਂਕਿ ਇਹ ਨਿਰੋਲ ਗੁਰਮਤਿ ਸੀ, ਜੋ ਅੰਤ ’ਚ ਹੀ ਚਾਹੀਦੀ ਹੈ। ਗੁਰਬਾਣੀ ਨੂੰ ਲਿਖਤੀ ਰੂਪ ਦੇਣ ਤੋਂ ਪਹਿਲਾਂ ਯਾਨੀ ਕਿ ਗੁਰੂ ਨਾਨਕ ਸਾਹਿਬ ਜੀ ਤਿੰਨ ਸਾਲ ਦੀ ਉਮਰ ’ਚ ਭੀ ਬੱਚਿਆਂ ਨਾਲ਼ ਖੇਲਦਿਆਂ ਕਈ ਵਾਰ ਇਕਾਂਤ ’ਚ ਬੈਠ ਕੇ ਰੱਬ ਨਾਲ਼ ਇਉਂ ਸੰਵਾਦ ਕਰਦੇ ਵੇਖੇ ਗਏ ਸਨ ‘‘ਤੂੰ ਆਪੇ ਆਪਿ ਵਰਤਦਾ; ਆਪਿ ਬਣਤ ਬਣਾਈ ਤੁਧੁ ਬਿਨੁ ਦੂਜਾ ਕੋ ਨਹੀ; ਤੂ ਰਹਿਆ ਸਮਾਈ ਤੇਰੀ ਗਤਿ ਮਿਤਿ ਤੂਹੈ ਜਾਣਦਾ; ਤੁਧੁ ਕੀਮਤਿ ਪਾਈ ਤੂ ਅਲਖ ਅਗੋਚਰੁ ਅਗਮੁ ਹੈ; ਗੁਰਮਤਿ ਦਿਖਾਈ (ਜੋ) ਅੰਤਰਿ ਅਗਿਆਨੁ ਦੁਖੁ ਭਰਮੁ ਹੈ; (ਉਹ) ਗੁਰ ਗਿਆਨਿ (ਨਾਲ਼) ਗਵਾਈ ਜਿਸੁ ਕ੍ਰਿਪਾ ਕਰਹਿ ਤਿਸੁ ਮੇਲਿ ਲੈਹਿ; ਸੋ ਨਾਮੁ ਧਿਆਈ ਤੂ ਕਰਤਾ ਪੁਰਖੁ ਅਗੰਮੁ ਹੈ; ਰਵਿਆ ਸਭ ਠਾਈ (ਠਾਈਂ) ਜਿਤੁ ਤੂ ਲਾਇਹਿ ਸਚਿਆ ! ਤਿਤੁ ਕੋ ਲਗੈ; ਨਾਨਕ ਗੁਣ ਗਾਈ (ਗਾਈਂ)੨੮ ਸੁਧੁ (ਮਲਾਰ ਕੀ ਵਾਰ/ਮਹਲਾ /੧੨੯੧) ਧਿਆਨ ਰਹੇ ਕਿ ਗੁਰੂ ਅਰਜਨ ਸਾਹਿਬ ਜੀ ਨੇ ਜਿਨ੍ਹਾਂ ਵਾਰਾਂ ’ਚ ਆਪਣੇ ਵੱਲੋਂ ਉਚਾਰ ਕੇ ਪਉੜੀਆਂ ਦਰਜ ਕੀਤੀਆਂ ਹਨ, ਉਹ ਸਭ ਸੰਬੰਧਿਤ ਵਾਰ ਦੀ ਅੰਤਮ ਪਉੜੀ ਤੋਂ ਪਹਿਲਾਂ ਜਾਂ ਅੰਤਮ ਦੋ ਪਉੜੀਆਂ ਤੋਂ ਪਹਿਲਾਂ ਹੀ ਦਰਜ ਕੀਤੀਆਂ ਹਨ ਤਾਂ ਜੋ ਅੰਤਮ ਪਉੜੀ ’ਚ ਬਿਆਨ ਕੀਤੀ ਨਿਰੋਲ ਗੁਰਮਤਿ; ਹੋਰ ਸੁਖਾਲੇ ਢੰਗ ਨਾਲ਼ ਸਿੱਖਾਂ ਦੇ ਸਮਝ ਆ ਸਕੇ।

ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤੀ ਗਈ ਮਲਾਰ ਰਾਗ ਦੀ 26ਵੀਂ ਪਉੜੀ ਸਮਝਣੀ ਜ਼ਰੂਰੀ ਹੈ ਤਾਂ ਜੋ 27ਵੀਂ ਨਵੀਂ ਪਉੜੀ ਦਰਜ ਕਰਨ ਦਾ ਮਨੋਰਥ ਪਕੜ ’ਚ ਆ ਜਾਵੇ; 26ਵੀਂ ਪਉੜੀ ਹੈ ‘‘ਪਉੜੀ ਸਿਰਿ ਸਿਰਿ ਹੋਇ ਨਿਬੇੜੁ; ਹੁਕਮਿ ਚਲਾਇਆ ਤੇਰੈ ਹਥਿ ਨਿਬੇੜੁ; ਤੂਹੈ ਮਨਿ ਭਾਇਆ ਕਾਲੁ ਚਲਾਏ ਬੰਨਿ; ਕੋਇ ਰਖਸੀ ਜਰੁ ਜਰਵਾਣਾ; ਕੰਨਿ੍ ਚੜਿਆ ਨਚਸੀ ਸਤਿਗੁਰੁ ਬੋਹਿਥੁ ਬੇੜੁ; ਸਚਾ ਰਖਸੀ ਅਗਨਿ ਭਖੈ ਭੜਹਾੜੁ; ਅਨਦਿਨੁ ਭਖਸੀ ਫਾਥਾ ਚੁਗੈ ਚੋਗ; ਹੁਕਮੀ ਛੁਟਸੀ ਕਰਤਾ ਕਰੇ ਸੁ ਹੋਗੁ; ਕੂੜੁ ਨਿਖੁਟਸੀ ੨੬’’ ਅਰਥ : ਭਾਵੇਂ ਰੱਬ ਨੇ ਆਪਣੇ ਹੁਕਮ ’ਚ ਸਭ ਨੂੰ ਚਲਾਇਐ (ਹੁਕਮਿ ਚਲਾਇਆ), ਫਿਰ ਭੀ ਹਰ ਇੱਕ ਦੇ ਸਿਰ ’ਤੇ ਲਿਖੇ ਲੇਖ ਮੁਤਾਬਕ ਫ਼ੈਸਲਾ ਹੁੰਦਾ ਹੈ (ਸਿਰਿ ਸਿਰਿ ਹੋਇ ਨਿਬੇੜੁ) ਯਾਨੀ ਕੀਤੇ ਕਰਮਾਂ ਦਾ ਫਲ਼; ਵਿਅਕਤੀ ਵਿਸ਼ੇਸ਼ ਨੂੰ ਮਿਲਣਾ ਹੀ ਹੁੰਦਾ ਹੈ ਤਾਂ ਤੇ ਹੇ ਪ੍ਰਭੂ ! ਤੇਰੇ ਹੱਥ ’ਚ (ਸਾਡਾ) ਇਨਸਾਫ਼ ਯਾਨੀ ਭਵਿੱਖ ਹੈ (ਤੇਰੈ ਹਥਿ ਨਿਬੇੜੁ)। ਮੇਰੇ ਮਨ ’ਚ ਤੂੰ ਹੀ ਪਿਆਰਾ ਲੱਗਦਾ ਹੈਂ (ਤੂਹੈ ਮਨਿ ਭਾਇਆ)। ਮੌਤ ਸਭ ਨੂੰ ਬੰਨ੍ਹ ਕੇ ਚਲਾਉਂਦੀ ਹੈ (ਕਾਲੁ ਚਲਾਏ ਬੰਨਿ)। ਕੋਈ ਉਸ ਤੋਂ ਬਚਾ ਨਹੀਂ ਸਕਦਾ (ਕੋਇ ਨ ਰਖਸੀ)। ਜ਼ਾਲਮ ਬੁਢੇਪਾ ਸਾਰਿਆਂ ਦੇ ਮੋਢਿਆਂ ’ਤੇ ਨੱਚਦਾ ਹੈ (ਜਰੁ ਜਰਵਾਣਾ; ਕੰਨਿ੍ ਚੜਿਆ ਨਚਸੀ) ਯਾਨੀ ਬੁਢੇਪਾ ਆਉਣਾ ਹੀ ਹੈ। ਸਤਿਗੁਰੂ ਹੀ ਸੱਚਾ ਜਹਾਜ਼ ਹੈ (ਸਤਿਗੁਰੁ ਬੋਹਿਥੁ ਬੇੜੁ), ਜੋ ਬੁਢੇਪੇ/ਮੌਤ ਦੇ ਡਰ ਤੋਂ ਬਚਾਉਂਦਾ ਹੈ (ਸਚਾ ਰਖਸੀ)। (ਨਿਗੁਰਿਆਂ ਅੰਦਰ) ਅੱਗ ਦਾ ਭਾਂਬੜ ਬਲਦੈ, ਜੋ ਹਰ ਦਿਨ ਵਧਦਾ ਜਾਂਦੈ (ਅਗਨਿ ਭਖੈ ਭੜਹਾੜੁ; ਅਨਦਿਨੁ ਭਖਸੀ)। ਇਸ ਨਫ਼ਰਤ ’ਚ ਫਸਿਆ ਬੰਦਾ ਈਰਖਾ ਦੇ ਚੋਗ ਚੁਗਦੈ (ਫਾਥਾ ਚੁਗੈ ਚੋਗ), (ਪਰ ਐਸਾ ਨਹੀਂ ਕਿ ਇਸ ਦਾ ਇਲਾਜ ਨਹੀਂ, ਇਲਾਜ ਹੈ ਕਿ) ਰੱਬ ਦੇ ਹੁਕਮ ’ਚ ਵਿਚਰਦਾ ਹਾਂ, ਨੂੰ ਸਵੀਕਾਰ ਕੇ ਇਹ ਰੋਗ ਖ਼ਤਮ ਹੁੰਦੈ (ਹੁਕਮੀ ਛੁਟਸੀ)। ਕਰਤਾਰ ਜੋ ਕਰੇਗਾ ਓਹੀ ਹੋਵੇਗਾ। ਝੂਠਾ ਖਿਲਾਰਿਆ ਵਪਾਰ ਅਵੱਸ਼ (ਹੱਥੋਂ) ਸੁੱਟੇਗਾ ਯਾਨੀ ਅੰਤ ਨੂੰ ਮਦਦ ਨਹੀਂ ਕਰੇਗਾ (ਕਰਤਾ ਕਰੇ ਸੁ ਹੋਗੁ; ਕੂੜੁ ਨਿਖੁਟਸੀ)।

ਉਕਤ 26ਵੀਂ ਪਉੜੀ ’ਚ ਇਹ ਜ਼ਿਕਰ ਨਹੀਂ ਕਿ ਇਸ ਰੋਗ ਤੋਂ ਕੌਣ ਮੁਕਤ ਹੁੰਦੈ ਅਤੇ ਕਿਵੇਂ ਹੁੰਦੈ ? ਜਵਾਬ ਹੈ ‘ਗੁਰਮੁਖ ਮੁਕਤ ਹੁੰਦੈ; ਗੁਰੂ ਦੀ ਰਾਹੀਂ ਅਤੇ ਰੱਬ ਦੀ ਕਿਰਪਾ ਨਾਲ਼ ਹੁੰਦੈ’। ਇਹੀ ਜ਼ਿਕਰ ਨਵੀਂ 27ਵੀਂ ਪਉੜੀ ’ਚ ਹੈ ‘‘ਪਉੜੀ ਨਵੀ ਮਹਲਾ ਸਭੋ ਵਰਤੈ ਚਲਤੁ; ਚਲਤੁ ਵਖਾਣਿਆ ਪਾਰਬ੍ਰਹਮੁ ਪਰਮੇਸਰੁ (ਨੂੰ); ਗੁਰਮੁਖਿ (ਨੇ) ਜਾਣਿਆ ਲਥੇ ਸਭਿ ਵਿਕਾਰ; ਸਬਦਿ ਨੀਸਾਣਿਆ ਸਾਧੂ ਸੰਗਿ ਉਧਾਰੁ; ਭਏ ਨਿਕਾਣਿਆ ਸਿਮਰਿ ਸਿਮਰਿ ਦਾਤਾਰੁ; ਸਭਿ ਰੰਗ ਮਾਣਿਆ ਪਰਗਟੁ ਭਇਆ ਸੰਸਾਰਿ (’) ਮਿਹਰ ਛਾਵਾਣਿਆ ਆਪੇ ਬਖਸਿ ਮਿਲਾਏ; ਸਦ ਕੁਰਬਾਣਿਆ ਨਾਨਕ ! ਲਏ ਮਿਲਾਇ; (ਜੋ) ਖਸਮੈ ਭਾਣਿਆ ੨੭ (ਮਲਾਰ ਕੀ ਵਾਰ/ਮਹਲਾ /੧੨੯੧) ਪਦ ਅਰਥ : ਚਲਤ-ਕੌਤਕ/ਤਮਾਸ਼ਾ (ਕਿਸੇ ਨੂੰ ਚੰਗੇ ਪਾਸੇ ਅਤੇ ਕਿਸੇ ਨੂੰ ਮਾੜੇ ਪਾਸੇ ਪ੍ਰੇਰਨਾ)।, ਵਖਾਣਿਆ-ਕਿਹਾ ਜਾ ਸਕਦੈ।, ਸਬਦਿ ਨਿਸਾਣਿਆ-(ਦਿਮਾਗ਼ ’ਚ) ਗੁਰੂ ਸ਼ਬਦ ਰੂਪ ਨਗਾਰਾ ਵੱਜਣ ਨਾਲ਼।, ਸਾਧੂ ਸੰਗਿ-ਗੁਰੂ ਦੀ ਰਾਹੀਂ।, ਭਏ ਨਿਕਾਣਿਆ-ਬੇ-ਮੁਥਾਜ ਹੋ ਗਏ।, ਮਿਹਰ ਛਾਵਾਣਿਆ-ਮਿਹਰ ਰੂਪ ਚੰਦੋਆ ਉਸ ’ਤੇ ਤਣ ਗਿਆ।, ਕੁਰਬਾਣਿਆ- ਮੈ ਕੁਰਬਾਨ ਜਾਂਦਾ ਹਾਂ।, ਖਸਮੈ ਭਾਣਿਆ- ਜੋ ਮਾਲਕ ਨੂੰ ਪਸੰਦ ਆ ਗਏ।

ਸੋ ਉਕਤ 27ਵੀਂ ਪਉੜੀ ਸ਼ਾਮਲ ਕਰਨ ਨਾਲ਼ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰੀ ਗਈ 28ਵੀਂ ਪਉੜੀ (ਉਕਤ ਵਿਚਾਰੀ ਜਾ ਚੁੱਕੀ ਹੈ) ਅਸਾਨੀ ਨਾਲ਼ ਪਕੜ ’ਚ ਆ ਜਾਂਦੀ ਹੈ। ਇਹੀ ਗੁਰਮਤਿ ਹੈ। ਇਸ ਤਰ੍ਹਾਂ ਹੀ ਗੁਰੂ ਰਾਮਦਾਸ ਜੀ ਦੁਆਰਾ ਰਚੀ ਇੱਕ ਸਾਰੰਗ ਕੀ ਵਾਰ ਹੈ, ਜਿਸ ਦੀਆਂ ਪਹਿਲਾਂ 35 ਪਉੜੀਆਂ ਸਨ, ਪਰ ਗੁਰੂ ਅਰਜਨ ਸਾਹਿਬ ਜੀ ਨੇ 35ਵੀਂ ਨਵੀਂ ਪਉੜੀ ਉਚਾਰ ਕੇ ਗੁਰੂ ਰਾਮਦਾਸ ਜੀ ਦੁਆਰਾ ਉਚਾਰੀ 35ਵੀਂ ਪਉੜੀ ਨੂੰ 36ਵੀਂ ਕਰ ਦਿੱਤਾ; ਜਿਵੇਂ ਕਿ ‘‘ਵਡਾ ਆਪਿ ਅਗੰਮੁ ਹੈ; ਵਡੀ ਵਡਿਆਈ ਗੁਰ ਸਬਦੀ ਵੇਖਿ ਵਿਗਸਿਆ; ਅੰਤਰਿ ਸਾਂਤਿ ਆਈ ਸਭੁ ਆਪੇ ਆਪਿ ਵਰਤਦਾ; ਆਪੇ ਹੈ ਭਾਈ ! ਆਪਿ ਨਾਥੁ, ਸਭ ਨਥੀਅਨੁ; ਸਭ ਹੁਕਮਿ ਚਲਾਈ ਨਾਨਕ ! ਹਰਿ ਭਾਵੈ ਸੋ ਕਰੇ; ਸਭ ਚਲੈ ਰਜਾਈ ੩੬ ਸੁਧੁ (ਸਾਰੰਗ ਕੀ ਵਾਰ/ਮਹਲਾ /੧੨੫੧) ਅਰਥ : ਹੇ ਭਾਈ ਜਨੋ ! ਕੁਦਰਤ ਨੂੰ ਰਚਨਹਾਰ ਮਾਲਕ; ਆਪ ਬਹੁਤ ਵੱਡਾ ਹੈ। ਉਸ ਦੀ ਮਹਿਮਾ ਭੀ ਅਪਾਰ ਹੈ। ਗਿਆਨ ਇੰਦ੍ਰਿਆਂ (ਅੱਖ, ਕੰਨ, ਜੀਭ, ਨੱਕ, ਤ੍ਵਚਾ) ਦੀ ਪਹੁੰਚ ਤੋਂ ਪਰੇ ਹੈ (ਵਡਾ ਆਪਿ ਅਗੰਮੁ ਹੈ; ਵਡੀ ਵਡਿਆਈ॥) ਯਾਨੀ ਅਨੁਭਵ ਨਾਲ਼ ਹੀ ਜਾਣਿਆ ਜਾ ਸਕਦੈ। ਗੁਰੂ ਦੇ ਉਪਦੇਸ਼ ਨਾਲ਼ ਉਸ ਨੂੰ ਅਨੁਭਵ ਕਰ ਅਨੰਦ ਮਾਣੀਦਾ ਹੈ, ਅੰਦਰ ਸਥਿਰਤਾ/ਸ਼ਾਂਤੀ ਆ ਜਾਂਦੀ ਹੈ (ਗੁਰ ਸਬਦੀ ਵੇਖਿ ਵਿਗਸਿਆ; ਅੰਤਰਿ ਸਾਂਤਿ ਆਈ॥)। ਹਰ ਥਾਂ ਉਹ ਆਪ ਹੀ ਆਪ ਮੌਜੂਦ ਹੈ। ਆਪ ਹੀ ਮਾਲਕ ਹੈ (ਸਭੁ ਆਪੇ ਆਪਿ ਵਰਤਦਾ; ਆਪੇ ਹੈ ਭਾਈ ! ॥)। ਉਸ ਨੇ ਸਭ ਨੂੰ ਆਪਣੀ ਮਰਿਆਦਾ ’ਚ ਬੰਨ੍ਹਿਆ ਹੈ। ਹੁਕਮ ’ਚ ਚਲਾ ਰਿਹਾ ਹੈ (ਆਪਿ ਨਾਥੁ, ਸਭ ਨਥੀਅਨੁ; ਸਭ ਹੁਕਮਿ ਚਲਾਈ॥)। ਜੋ ਉਸ ਨੂੰ ਪਸੰਦ ਹੈ ਓਹੀ ਕਰਦਾ ਹੈ। ਸਾਰੀ ਲੁਕਾਈ ਉਸ ਦੀ ਰਜ਼ਾ ’ਚ ਚਲਦੀ ਹੈ (ਨਾਨਕ ! ਹਰਿ ਭਾਵੈ ਸੋ ਕਰੇ; ਸਭ ਚਲੈ ਰਜਾਈ ॥੩੬॥)।

ਉਕਤ 36ਵੀਂ ਪਉੜੀ ਨਾਲ਼ ਜੋੜਦੀ ਗੁਰੂ ਰਾਮਦਾਸ ਜੀ ਦੁਆਰਾ ਰਚੀ 34ਵੀਂ ਪਉੜੀ ਨੂੰ ਜਾਣਨਾ ਜ਼ਰੂਰੀ ਹੈ ਤਾਂ ਜੋ 35ਵੀਂ ਨਵੀਂ ਪਉੜੀ ਰਚਨ ਦਾ ਕਾਰਨ ਸਪਸ਼ਟ ਹੋ ਜਾਵੇ; 34ਵੀਂ ਪਉੜੀ ਹੈ ‘‘ਗੁਰ ਪੂਰੇ ਕੀ ਦਾਤਿ; ਨਿਤ ਦੇਵੈ, ਚੜੈ ਸਵਾਈਆ ਤੁਸਿ ਦੇਵੈ ਆਪਿ ਦਇਆਲੁ; ਛਪੈ ਛਪਾਈਆ ਹਿਰਦੈ ਕਵਲੁ ਪ੍ਰਗਾਸੁ; ਉਨਮਨਿ ਲਿਵ ਲਾਈਆ ਜੇ ਕੋ ਕਰੇ ਉਸ ਦੀ ਰੀਸ; ਸਿਰਿ ਛਾਈ ਪਾਈਆ ਨਾਨਕ ! ਅਪੜਿ ਕੋਇ ਸਕਈ; ਪੂਰੇ ਸਤਿਗੁਰ ਕੀ ਵਡਿਆਈਆ ੩੪ ਅਰਥ : ਪੂਰੇ ਗੁਰੂ ਦੁਆਰਾ (ਰੱਬ ਦੀ ਸਿਫ਼ਤ ਕਰਾਉਣ ਵਾਲ਼ੀ) ਦਾਤ ਨਿੱਤ ਮਿਲਦੀ ਹੈ, ਹਰ ਦਿਨ ਵਧਦੀ ਹੈ (ਕਿਉਂਕਿ ਗੁਰੂ ਕੋਲ਼ ਖ਼ਜ਼ਾਨੇ ਭਰੇ ਪਏ ਹਨ) (ਗੁਰ ਪੂਰੇ ਕੀ ਦਾਤਿ; ਨਿਤ ਦੇਵੈ, ਚੜੈ ਸਵਾਈਆ॥) ਉਹ ਦਇਆ ਦਾ ਘਰ ਆਪ ਪ੍ਰਸੰਨ ਹੋ ਕੇ (ਇਹ ਦਾਤ) ਦਿੰਦਾ ਰਹਿੰਦਾ ਹੈ। ਜਿਸ ਨੂੰ ਮਿਲਦੀ ਹੈ ਉਹ ਸੰਸਾਰ ’ਚ ਪ੍ਰਗਟ ਹੋ ਜਾਂਦਾ ਹੈ ਯਾਨੀ ਛੁਪਾਇਆਂ ਛੁਪਦਾ ਨਹੀਂ (ਤੁਸਿ ਦੇਵੈ ਆਪਿ ਦਇਆਲੁ; ਨ ਛਪੈ ਛਪਾਈਆ॥)। ਉਸ ਦਾ ਕਮਲ-ਹਿਰਦਾ ਫੁੱਲ ਖਿੜ ਜਾਂਦਾ ਹੈ। ਪੂਰਨ ਖਿੜਾਓ ’ਚ ਰਹਿੰਦਾ ਹੈ (ਹਿਰਦੈ ਕਵਲੁ ਪ੍ਰਗਾਸੁ; ਉਨਮਨਿ ਲਿਵ ਲਾਈਆ ॥)। ਜਿਹੜਾ ਉਸ ਦੀ ਨਕਲ ਕਰਦਾ ਹੈ, ਉਸ ਵਰਗਾ ਬਣਨਾ ਲੋਚਦਾ ਹੈ; ਉਹ ਆਪਣੇ ਸਿਰ ’ਤੇ ਸੁਆਹ ਪਾ ਲੈਂਦਾ ਹੈ (ਕਿਉਂਕਿ ਅੰਦਰ ਵੈਸੇ ਗੁਣ ਨਹੀਂ ਹੁੰਦੇ) (ਜੇ ਕੋ ਕਰੇ ਉਸ ਦੀ ਰੀਸ; ਸਿਰਿ ਛਾਈ ਪਾਈਆ ॥)। ਪੂਰੇ ਗੁਰੂ ਦੀ ਇਸ ਵਡਿਆਈ ਦੇ ਬਰਾਬਰ ਕੋਈ ਪਹੁੰਚ ਨਹੀਂ ਸਕਦਾ (ਨਾਨਕ ! ਅਪੜਿ ਕੋਇ ਨ ਸਕਈ; ਪੂਰੇ ਸਤਿਗੁਰ ਕੀ ਵਡਿਆਈਆ ॥੩੪॥)।

ਉਕਤ 34ਵੀਂ ਪਉੜੀ ’ਚ ਗੁਰੂ ਦੀ ਮਿਹਰ ਦਾ ਜ਼ਿਕਰ ਹੈ, ਪਰ ਇਹ ਸਭ ’ਤੇ ਨਹੀਂ ਹੁੰਦੀ ਤਾਹੀਓਂ 35ਵੀਂ ਨਵੀਂ ਪਉੜੀ ’ਚ ਬੰਦੇ ਦੇ ਭਾਗ/ਨਸੀਬ, ਰੱਬ ਦੀ ਸਿਫ਼ਤ ਸਲਾਹ, ਸਤਿਗੁਰੂ ਅਤੇ ਗੁਰੂ ਸੰਗਤ ਦੀ ਮਹੱਤਤਾ ਦਾ ਜ਼ਿਕਰ ਹੈ ‘‘ਪਉੜੀ ਮਹਲਾ ਸਚੁ ਖਾਣਾ ਸਚੁ ਪੈਨਣਾ; ਸਚੁ ਨਾਮੁ ਅਧਾਰੁ ਗੁਰਿ+ਪੂਰੈ (ਨੇ) ਮੇਲਾਇਆ; ਪ੍ਰਭੁ ਦੇਵਣਹਾਰੁ ਭਾਗੁ ਪੂਰਾ ਤਿਨ ਜਾਗਿਆ; ਜਪਿਆ ਨਿਰੰਕਾਰੁ ਸਾਧੂ ਸੰਗਤਿ ਲਗਿਆ; ਤਰਿਆ ਸੰਸਾਰੁ ਨਾਨਕ ! ਸਿਫਤਿ ਸਲਾਹ ਕਰਿ; ਪ੍ਰਭ ਕਾ ਜੈਕਾਰੁ ੩੫ (ਸਾਰੰਗ ਕੀ ਵਾਰ/ਮਹਲਾ /੧੨੫੧)

ਉਕਤ 35ਵੀਂ ਨਵੀਂ ਪਉੜੀ ਨੇ ਵਿਚਕਾਰ ਆ ਕੇ 34ਵੀਂ ਪਉੜੀ ਅਤੇ ਅੰਤਮ 36ਵੀਂ ਪਉੜੀ ਦੇ ਵਿਸ਼ੇ ਨੂੰ ਨਿਰੰਤਰ ਜੋੜ ਦਿੱਤਾ ਤਾਂ ਜੋ ਬੰਦੇ ਦੇ ਭਾਗ, ਰੱਬ ਦੀ ਸਿਫ਼ਤ ਆਦਿ ਬਾਰੇ ਭੁਲੇਖਾ ਨਾ ਰਹੇ ਕਿ ਗੁਰੂ ਦੀ ਮਿਹਰ ਸਭ ’ਤੇ ਕਿਉਂ ਨਹੀਂ ਹੁੰਦੀ। ਹੁਣ ਇੱਥੇ ਸਵਾਲ ਪੈਦਾ ਹੋ ਸਕਦਾ ਹੈ ਕਿ ਕੀ ਗੁਰੂ ਨਾਨਕ ਸਾਹਿਬ ਅਤੇ ਗੁਰੂ ਰਾਮਦਾਸ ਜੀ ਦੁਆਰਾ ਉਚਾਰੀ ਗਈ ਉਕਤ ਬਾਣੀ ’ਚ ਪਹਿਲਾਂ ਕੋਈ ਘਾਟ ਰਹੀ ਸੀ, ਜਿਸ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਪੂਰਾ ਕੀਤਾ ਹੈ। ਜਵਾਬ ਹੈ : ਨਹੀਂ। ਦਰਅਸਲ ਗੁਰੂ ਅਰਜਨ ਸਾਹਿਬ ਜੀ ਇਨ੍ਹਾਂ ਦੋਵੇਂ ਵਾਰਾਂ ਦੀ ਅੰਤਮ ਪਉੜੀ ’ਚ ਬਿਆਨ ਕੀਤੇ ਸੰਦੇਸ਼ ਨੂੰ ਹੋਰ ਸਰਲ ਤੇ ਸਪਸ਼ਟ ਕਰ ਸਮਝਾਉਣਾ ਚਾਹ ਰਹੇ ਹਨ, ਜੋ ਸਮੁੱਚੀ ਵਾਰ ਦਾ ਤੱਤ-ਸਾਰ ਹੈ, ਗੁਰਮਤਿ ਹੈ।

ਸੋ ਹਥਲਾ ਵਿਸ਼ਾ ਗੁਰਬਾਣੀ ਵਿੱਚੋਂ ਨਿਰੋਲ ਗੁਰਮਤਿ ਨੂੰ ਪਛਾਣਨਾ ਹੈ ਤਾਂ ਜੋ ਉਸ ਦੀ ਰੌਸ਼ਨੀ ’ਚ ਸਮੁੱਚੀ ਗੁਰਬਾਣੀ ਨੂੰ ਵਿਚਾਰਦਿਆਂ ਕੋਈ ਸੰਦੇਹ ਨਾ ਰਹੇ। ਗੁਰੂ ਨਾਨਕ ਸਾਹਿਬ ਜੀ ਨੇ ‘ਜਪੁ’ ਬਾਣੀ ਦੇ ਅੰਤ ’ਚ ਸਚਖੰਡ ਅਵਸਥਾ ਨੂੰ ਇਉਂ ਰੂਪਮਾਨ ਕੀਤਾ ਹੈ ‘‘ਸਚਖੰਡਿ ਵਸੈ ਨਿਰੰਕਾਰੁ ਕਰਿ ਕਰਿ ਵੇਖੈ; ਨਦਰਿ ਨਿਹਾਲ ਤਿਥੈ; ਖੰਡ ਮੰਡਲ ਵਰਭੰਡ ਜੇ ਕੋ ਕਥੈ; ਅੰਤ ਅੰਤ ਤਿਥੈ; ਲੋਅ ਲੋਅ ਆਕਾਰ ਜਿਵ ਜਿਵ ਹੁਕਮੁ; ਤਿਵੈ ਤਿਵ ਕਾਰ ਵੇਖੈ ਵਿਗਸੈ; ਕਰਿ ਵੀਚਾਰੁ ਨਾਨਕ ! ਕਥਨਾ ਕਰੜਾ ਸਾਰੁ ੩੭’’ (ਜਪੁ) ਅਰਥ : ਸਚਖੰਡ ਅਵਸਥਾ ’ਚ ਨਿਰਾਕਾਰ ਮਾਲਕ ਵੱਸਦਾ ਹੈ (ਕੇਵਲ ਉਸ ਦੀ ਯਾਦ ਵੱਸਦੀ ਹੈ)। ਜੋ ਮਿਹਰ ਭਰੀ ਨਜ਼ਰ ਨਾਲ਼ ਸਭ ਨੂੰ ਪੈਦਾ ਕਰ-ਕਰ ਸੰਭਾਲ਼ਦਾ ਹੈ ਤੇ ਪ੍ਰਸੰਨ ਰਹਿੰਦਾ ਹੈ। ਇਸ ਅਵਸਥਾ ’ਚ ਅਨੇਕਾਂ ਖੰਡ, ਮੰਡਲ, ਬ੍ਰਹਿਮੰਡ, ਲੋਕ, ਆਕਾਰ ਆਦਿ ਪ੍ਰਤੀਤ ਹੁੰਦੇ ਹਨ ਯਾਨੀ ਕਰਤਾਰ ਦੁਆਰਾ ਰਚੀ ਕੁਦਰਤਿ; ਬੇਅੰਤ ਮਹਿਸੂਸ ਹੁੰਦੀ ਹੈ। ਜੇ ਕੋਈ ਇਸ ਦਾ ਅੰਦਾਜ਼ਾ ਲਾਉਣਾ ਚਾਹੇ ਤਾਂ ਕੋਈ ਅੰਤ ਹੀ ਨਹੀਂ। ਹੋਰ ਵਧੀਕ ਇਸ ਦਾ ਵਰਣਨ ਕਰਨਾ; ਲੋਹਾ ਚੱਬਣ ਜਿੰਨਾ ਮੁਸ਼ਕਲ ਹੈ। ਜਿਸ ਤਰ੍ਹਾਂ ਉਸ ਦਾ ਹੁਕਮ ਹੁੰਦਾ ਹੈ, ਉਸ ਤਰ੍ਹਾਂ ਹੀ ਜਗਤ ਦਾ ਕਾਰ ਵਿਹਾਰ ਚੱਲਦਾ ਹੈ। ਮਾਲਕ; ਸਭ ਨੂੰ ਵੇਖਦਾ ਹੈ, ਵਿਚਾਰ ਕਰ-ਕਰ ਕੇ ਖ਼ੁਸ਼ ਹੁੰਦਾ ਹੈ ਯਾਨੀ ਕੋਈ ਭੀ ਉਸ ਦਾ ਹੁਕਮ ਅਦੂਲੀ ਕਰਨ ਵਾਲ਼ਾ ਨਹੀਂ; ਜਿਵੇਂ ਪਿਤਾ ਦੇ ਹੁਕਮ ਨੂੰ ਮੰਨਦੇ ਬੱਚਿਆਂ ਨੂੰ ਵੇਖ ਪਿਤਾ ਸਦਾ ਪ੍ਰਸੰਨ ਚਿੱਤ ਰਹਿੰਦਾ ਹੈ।

ਉਕਤ ਗੁਰਮਤਿ ਨੂੰ ਧਿਆਨ ’ਚ ਰੱਖਦਿਆਂ ਸਮੁੱਚੀ ਗੁਰਬਾਣੀ ਦੀ ਵਿਚਾਰ ਕਰਨ ਸਮੇਂ ਮਨ ’ਚ ਇਹ ਭਰਮ ਨਹੀਂ ਰਹਿੰਦਾ ਕਿ ਰੱਬ ਦੀ ਮਿਹਰ ਤੋਂ ਬਿਨਾਂ ਮਨੁੱਖ ਦੇ ਹੱਥ ’ਚ ਭੀ ਕੁੱਝ ਕਰਨ ਦੀ ਤਾਕਤ ਹੁੰਦੀ ਹੈ। ਵਾਰਾਂ ਦੀਆਂ ਉਕਤ ਅੰਤਮ ਪਉੜੀਆਂ ਵਾਙ ਆਸਾ ਕੀ ਵਾਰ ਦੀ ਅੰਤਮ ਪਉੜੀ ਭੀ ਇਉਂ ਹੈ, ਜੋ ਨਿੱਤ ਸੁਣੀਦੀ ਹੈ ‘‘ਵਡੇ ਕੀਆ ਵਡਿਆਈਆ; ਕਿਛੁ ਕਹਣਾ ਕਹਣੁ ਜਾਇ ਸੋ ਕਰਤਾ ਕਾਦਰ ਕਰੀਮੁ; ਦੇ ਜੀਆ ਰਿਜਕੁ ਸੰਬਾਹਿ ਸਾਈ ਕਾਰ ਕਮਾਵਣੀ; ਧੁਰਿ ਛੋਡੀ ਤਿੰਨੈ ਪਾਇ ਨਾਨਕ ! ਏਕੀ ਬਾਹਰੀ; ਹੋਰ ਦੂਜੀ ਨਾਹੀ ਜਾਇ ਸੋ ਕਰੇ; ਜਿ ਤਿਸੈ ਰਜਾਇ ੨੪ ਸੁਧੁ (ਆਸਾ ਕੀ ਵਾਰ/ਮਹਲਾ /੪੭੫) ਪਦ ਅਰਥ : ਦੇ- ਦਿੰਦਾ ਹੈ।, ਦੇ ਰਿਜਕੁ ਸੰਬਾਹਿ-ਖਾਣਾ-ਪੀਣਾ ਇਕੱਠਾ ਕਰ-ਕਰ ਦਿੰਦਾ ਹੈ।, ਜੀਆ-ਜੀਵਾਂ ਨੂੰ।, ਸਾਈ-ਉਹੋ ਜਿਹੀ।, ਧੁਰਿ-ਧੁਰ ਤੋਂ।, ਤਿੰਨੈ ਪਾਇ- ਉਸ ਨੇ ਪਾ ਕੇ।, ਦੂਜੀ ਨਾਹੀ ਜਾਇ- ਹੋਰ ਥਾਂ ਨਾਹੀਂ ਯਾਨੀ ਕੋਈ ਹੋਰ ਆਸਰਾ ਨਹੀਂ।, ਤਿਸੈ ਰਜਾਇ-ਉਸ (ਰੱਬ) ਦੀ ਮਰਜ਼ੀ।

ਅੰਤ ’ਚ ਜਪੁ ਬਾਣੀ ਦੀ ਮਿਸਾਲ ਲੈਣੀ ਜ਼ਰੂਰੀ ਹੈ ਤਾਂ ਜੋ ਨਿਤਨੇਮ ਕਰਦਿਆਂ ਹਥਲਾ ਵਿਸ਼ਾ ਸਦਾ ਧਿਆਨ ’ਚ ਆਉਂਦਾ ਰਹੇ। ਜਪੁ ਬਾਣੀ ਦੀਆਂ ਕੁੱਲ 38 ਪਉੜੀਆਂ ਅਤੇ 2 ਸਲੋਕ ਹਨ। ਅੰਤਮ 38ਵੀਂ ਪਉੜੀ ’ਚ ਸੁਨਿਆਰ ਦੁਆਰਾ ਸੋਨੇ ਦੇ ਗਹਿਣਿਆਂ ਦੀ ਹੁੰਦੀ ਨਵੀਂ ਘਾੜਤ ਵਾਙ ਜੀਵਨ ਘਾੜਤ ਨੂੰ ਸੰਖੇਪ ’ਚ ਵਿਚਾਰਿਆ ਹੈ। 34 ਤੋਂ 37ਵੀਂ ਪਉੜੀ ਤੱਕ ਰੂਹਾਨੀਅਤ ਦੇ ਪੰਜ ਪੜਾਵਾਂ ਦਾ ਜ਼ਿਕਰ ਹੈ ਅਤੇ 33ਵੀਂ ਪਉੜੀ; ਜਪੁ ਬਾਣੀ ਦੀ ਅਰੰਭਕ ਪਉੜੀ ਤੋਂ ਚਲਦੀ ਵਿਸ਼ਾ ਲੜੀ ਨੂੰ ਸੰਖੇਪ ’ਚ ਸੰਕੋਚਦੀ ਹੈ; ਜਿਵੇਂ ਕਿ ਪਹਿਲੀ ਪਉੜੀ ’ਚ ਜ਼ਿਕਰ ਹੈ ‘‘ਚੁਪੈ, ਚੁਪ ਹੋਵਈ; ਜੇ ਲਾਇ ਰਹਾ ਲਿਵ ਤਾਰ ’’ (ਜਪੁ) ਅਰਥ : ਮੌਨ ਧਾਰਨ ਨਾਲ਼ ਮਨ ਸ਼ਾਂਤ ਨਹੀਂ ਹੋ ਸਕਦਾ ਭਾਵੇਂ ਨਿਰੰਤਰ ਇਕਾਗਰ ਚਿੱਤ ਬੈਠੇ ਰਹੀਏ, ਪਰ ਗੁਰਮਤਿ ਨਜ਼ਰੀਏ ਤੋਂ ਮੌਨ ਧਾਰਨਾ ਅਤੇ ਵੱਧ ਬੋਲਣਾ ਬੰਦੇ ਦੇ ਅਧਿਕਾਰ ’ਚ ਨਹੀਂ; (ਯਾਨੀ ਰੱਬ ਹੀ ਵੱਧ ਬੁਲਾਉਂਦੈ ਜਾਂ ਮੌਨ ਰਖਵਾਉਂਦਾ ਹੈ), ਇਹੀ ਪੱਖ 33ਵੀਂ ਪਉੜੀ ’ਚ ਇਉਂ ਦਰਜ ਹੈ ‘‘ਆਖਣਿ ਜੋਰੁ; ਚੁਪੈ ਨਹ ਜੋਰੁ ’’ ਅਰਥ: ਕੁੱਝ ਕਹਿਣ ਵਿੱਚ ਅਤੇ ਨਾ ਕਹਿਣ ਵਿੱਚ ਯਾਨੀ ਮੌਨ ਧਾਰਨ ’ਚ ਬੰਦੇ ਦਾ ਕੋਈ ਜ਼ੋਰ ਨਹੀਂ ਚੱਲਦਾ।

ਜਪੁ ਬਾਣੀ ਦੀ ਚੌਥੀ ਪਉੜੀ ’ਚ ਦਰਜ ਹੈ ‘‘ਆਖਹਿ ਮੰਗਹਿ ਦੇਹਿ ਦੇਹਿ ਫੇਰਿ ਕਿ ਅਗੈ ਰਖੀਐ ?… ’ ਯਾਨੀ ਕੁੱਝ ਮੰਗਣ ਅਤੇ ਦਾਨ (ਭੇਂਟ) ਕਰਨ ਦਾ ਜ਼ਿਕਰ ਹੈ, ਪਰ ਗੁਰਮਤਿ ਨਜ਼ਰੀਏ ਤੋਂ 33ਵੀਂ ਪਉੜੀ ’ਚ ਇਹ ਵਿਸ਼ਾ ਇਉਂ ਸੰਕੋਚਿਆ ਹੈ ‘‘ਜੋਰੁ ਮੰਗਣਿ; ਦੇਣਿ ਜੋਰੁ ’’ ਅਰਥ : ਕੁੱਝ ਮੰਗਣ ਵਿੱਚ ਅਤੇ ਕੁੱਝ ਭੇਂਟ ਕਰਨ ’ਚ ਬੰਦੇ ਦਾ ਕੋਈ ਜ਼ੋਰ ਨਹੀਂ ਚੱਲਦਾ।

ਜਪੁ ਬਾਣੀ ਦੀ 7ਵੀਂ ਪਉੜੀ ’ਚ ਜ਼ਿਕਰ ਹੈ ਕਿ ਲੰਬੀ ਉਮਰ ਕਰ ਸਾਰੀ ਧਰਤੀ ’ਤੇ ਬੰਦਾ ਪ੍ਰਸਿੱਧ ਭੀ ਹੋ ਜਾਵੇ। ਰਾਜ ਸੱਤਾ ਦਾ ਅਹੰਕਾਰ (ਯਾਨੀ ਹੁਕਮ ਚਲਾਉਣ ਵਾਲ਼ੀ ਸ਼ਕਤੀ ਨੂੰ) ਹਰ ਕੋਈ ਮੰਨਣ ਲੱਗ ਜਾਵੇ। ਵਡਿਆਈ ਭੀ ਮਿਲਣ ਲੱਗ ਜਾਏ ‘‘ਜੇ ਜੁਗ ਚਾਰੇ ਆਰਜਾ; ਹੋਰ ਦਸੂਣੀ ਹੋਇ ਨਵਾ ਖੰਡਾ ਵਿਚਿ ਜਾਣੀਐ; ਨਾਲਿ ਚਲੈ ਸਭੁ ਕੋਇ ਚੰਗਾ ਨਾਉ ਰਖਾਇ ਕੈ; ਜਸੁ ਕੀਰਤਿ ਜਗਿ ਲੇਇ ’’, ਪਰ ਗੁਰਮਤਿ ਨਜ਼ਰੀਏ ਤੋਂ ਲੰਬੀ ਉਮਰ ਕਰਨੀ ਜਾਂ ਜਲਦੀ ਮਰਨਾ ਅਤੇ ਮਨ ’ਚ ਰਾਜ ਸੱਤਾ ਦੇ ਅਹੰਕਾਰ ਦੇ ਸ਼ੋਰ ਬਾਰੇ 33ਵੀਂ ਪਉੜੀ ’ਚ ਇਉਂ ਜ਼ਿਕਰ ਹੈ ‘‘ਜੋਰੁ ਜੀਵਣਿ; ਮਰਣਿ ਨਹ ਜੋਰੁ ਜੋਰੁ , ਰਾਜਿ ਮਾਲਿ ਮਨਿ ਸੋਰੁ ’’ ਯਾਨੀ ਜਲਦੀ ਮਰਨ ਵਿੱਚ ਜਾਂ ਲੰਬੀ ਉਮਰ ਕਰਨ ’ਚ, ਰਾਜ ਸੱਤਾ ਹਾਸਲ ਕਰਨ ’ਚ ਅਤੇ ਮਨ ਵਿੱਚ ਅਹੰਕਾਰ ਪੈਦਾ ਕਰਨ ’ਚ ਬੰਦੇ ਦਾ ਕੋਈ ਅਖ਼ਤਿਆਰ ਨਹੀਂ ਹੁੰਦਾ ।

ਜਪੁ ਬਾਣੀ ਦੀ 13ਵੀਂ ਪਉੜੀ ’ਚ ਜ਼ਿਕਰ ਹੈ ਕਿ ਗੁਰੂ ਉਪਦੇਸ਼ ਮੰਨਣ ਨਾਲ਼ ਉੱਚੀ ਸੁਰਤ ਹੋ ਜਾਂਦੀ ਹੈ ਅਤੇ ਮਨ ਵਿੱਚ ਜਾਗਰੂਕਤਾ ਆ ਜਾਂਦੀ ਹੈ ‘‘ਮੰਨੈ; ਸੁਰਤਿ ਹੋਵੈ, ਮਨਿ ਬੁਧਿ੧੩’’ ਇਸ ਵਿਸ਼ੇ ਨੂੰ ਭੀ 33ਵੀਂ ਪਉੜੀ ’ਚ ਇਉਂ ਸਮੇਟਿਆ ਹੈ ‘‘ਜੋਰੁ ਸੁਰਤੀ; ਗਿਆਨਿ ਵੀਚਾਰਿ ’’ ਯਾਨੀ ਗੁਰੂ ਗਿਆਨ ਅਤੇ ਗੁਰੂ ਸ਼ਬਦ ਵਿਚਾਰ ਨਾਲ਼ ਉੱਚੀ ਸੁਰਤ ਕਰਨ ’ਚ ਬੰਦੇ ਦਾ ਆਪਣਾ ਕੋਈ ਜ਼ੋਰ ਨਹੀਂ ਚੱਲਦਾ। ਇਸ ਪਉੜੀ ਦੇ ਅੰਤ ’ਚ ਇਉਂ ਕਹਿ ਕੇ ਵਿਸ਼ਾ ਸਮਾਪਤ ਕੀਤਾ ਗਿਆ ‘‘ਜਿਸੁ ਹਥਿ ਜੋਰੁ; ਕਰਿ ਵੇਖੈ ਸੋਇ ਨਾਨਕ ! ਉਤਮੁ ਨੀਚੁ ਕੋਇ ੩੩’’ (ਜਪੁ) ਅਰਥ : ਜਿਸ ਮਾਲਕ ਦੇ ਅਧਿਕਾਰ ਵਿੱਚ ਸਾਰੀ ਸਮਰੱਥਾ ਹੈ ਓਹੀ ਜਗਤ ਨੂੰ ਰਚ-ਰਚ ਕੇ ਸੰਭਾਲ਼ਦਾ ਹੈ। ਉਸ ਦੀ ਇਸ ਸਮਰੱਥਾ ਤੋਂ ਬਿਨਾਂ ਜਗਤ ’ਚ ਕੋਈ ਛੋਟਾ-ਵੱਡਾ ਜਾਂ ਸ੍ਰੇਸ਼ਟ ਤੇ ਹੀਣ ਨਹੀਂ ਹੋ ਸਕਦਾ ਹੈ।

ਸੋ ਹਥਲੀ ਵਿਚਾਰ ਤੋਂ ਸਪਸ਼ਟ ਹੁੰਦਾ ਹੈ ਕਿ ਗੁਰਬਾਣੀ ਵਿੱਚ ਦਰਜ ਲੰਬੀਆਂ ਰਚਨਾਵਾਂ ਦੀ ਅੰਤਮ ਪਉੜੀ ਨੂੰ ਸਮਝਾਉਣ ਲਈ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ਕਿਉਂਕਿ ਇਹ ਗੁਰਬਾਣੀ ਦਾ ਤੱਤ-ਸਾਰ (ਗੁਰਮਤਿ) ਹੈ; ਜਿਵੇਂ ‘ਜਪੁ’ ਬਾਣੀ ਦੀ 33ਵੀਂ ਪਉੜੀ ’ਚ ਸਿਰਮੌਰ ਸਿਧਾਂਤ ਹੈ; ਓਵੇਂ ਹੀ ਪੰਜ ਖੰਡਾਂ ਵਾਲ਼ੀ ਲੜੀ ’ਚ ਸਚਖੰਡ ਰੂਪ ਅੰਤਮ 37ਵੀਂ ਪਉੜੀ ਭੀ ਨਿਰੋਲ ਗੁਰਮਤਿ ਹੈ, ਸਿੱਖਾਂ ਲਈ ਮੰਜ਼ਲ ਹੈ। ਸਿੱਖਾਂ ਨੂੰ ਗੁਰਬਾਣੀ ਦਾ ਪ੍ਰਚਾਰ-ਪ੍ਰਸਾਰ ਕਰਦਿਆਂ ਇਸ ਗੁਰਮਤਿ ਨੂੰ ਧਿਆਨ ’ਚ ਰੱਖ ਕੇ ਹੀ ਸਮੁੱਚੀ ਬਾਣੀ ਨੂੰ ਵਾਚਣਾ ਚਾਹੀਦਾ ਹੈ। ਜੇਕਰ ‘‘ਆਖਣਿ ਜੋਰੁ; ਚੁਪੈ ਨਹ ਜੋਰੁ ’’ ਗੁਰਮਤਿ-ਸਿਧਾਂਤ ਨੂੰ ਦਰਕਿਨਾਰ ਕਰ ਪਹਿਲੀ ਪਉੜੀ ‘‘ਚੁਪੈ, ਚੁਪ ਹੋਵਈ; ਜੇ ਲਾਇ ਰਹਾ ਲਿਵ ਤਾਰ ’’ ਦੀ ਵਿਆਖਿਆ ਕਰਾਂਗੇ ਤਾਂ ਜਿੱਥੇ ਕਰਮਕਾਂਡੀ ਬੰਦੇ ਬਾਰੇ ਆਪਣੇ ਮਨ ਅੰਦਰ ਨਫ਼ਰਤ ਪੈਦਾ ਹੋਵੇਗੀ ਓਥੇ ਆਪਣੇ ਆਪ ਨੂੰ ਕਰਮਕਾਂਡ ਮੁਕਤ ਹੋਣ ਦਾ ਭਰਮ ਪੈਦਾ ਹੋਏਗਾ। ਇਸ ਤੋਂ ਜਾਪੇਗਾ ਕਿ ਸ਼ਾਇਦ ਮੈ ਹੀ ਸਤਿਗੁਰੂ ਦਾ ਸੱਚਾ ਸਿੱਖ ਹਾਂ।

ਗੁਰਬਾਣੀ ’ਚ ਜਿੱਥੇ ਤਰਕ ਆਧਾਰਿਤ ਦਲੀਲਾਂ ਵੇਖਣ ਨੂੰ ਮਿਲਦੀਆਂ ਹਨ, ਓਥੇ ਗੁਰਮਤਿ; ਕੇਵਲ ਸ਼ਰਧਾ ਭਾਵਨਾ ਨਾਲ਼ ਵਿਚਾਰਨ ਵਾਲ਼ਾ ਵਿਸ਼ਾ ਹੈ। ਗੁਰੂ ਸਾਹਿਬਾਨ ਨੇ ਗੁਰਮਤਿ ਦਾ ਪ੍ਰਚਾਰ ਕੀਤਾ ਹੈ, ਨਾ ਕਿ ਗੁਰਮਤਿ ਨੂੰ ਸਮਝਾਉਣ ਲਈ ਵਰਤੀਆਂ ਯੁਕਤੀਆਂ ਦਾ। ਕੀ ਜੋਗੀਆਂ ਨਾਲ਼ ਗੋਸਟਿ ਦੌਰਾਨ ਵਰਤੇ ਸ਼ਬਦ ਮੌਲਵੀਆਂ ਨਾਲ਼ ਮੱਕੇ ’ਚ ਦੁਹਰਾਏ ਜਾ ਸਕਦੇ ਹਨ ਜਾਂ ਮੌਲਵੀਆਂ ਨਾਲ਼ ਵਰਤੀ ਸ਼ਬਦਾਵਲੀ ਪੰਡਿਤਾਂ ਨਾਲ਼ ਧਰਮ-ਚਰਚਾ ਕਰਦਿਆਂ ਮੁੜ ਵਰਤੀ ਜਾ ਸਕਦੀ ਹੈ ? ਜਵਾਬ ਹੈ : ਨਹੀਂ। ਸੋ ਸਿੱਖਾਂ ਨੂੰ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ’ਤੇ ਜ਼ੋਰ ਦੇਣਾ ਬਣਦੈ, ਨਾ ਕਿ ਤਰਕ ਆਧਾਰਿਤ ਸਮਾਜਿਕ ਤੱਥਾਂ ਤੱਕ ਸੀਮਤ ਰਹਿਣਾ ਹੈ। ਦੂਜੇ ਪਾਸੇ ਜੋ ਸਿੱਖ ਕਹਿੰਦੇ ਹਨ ਕਿ ਗੁਰਬਾਣੀ ਅਸਲ ਸਚਾਈ ਹੈ, ਪਰ ਗੁਰਮਤਿ ਯਾਨੀ ਕਿ ਗੁਰੂ ਦੀ ਨਿਜੀ ਸੋਚ ਨੇ ਫ਼ੈਸਲੇ ਲੈਂਦਿਆਂ ਕੁੱਝ ਗ਼ਲਤੀਆਂ ਕੀਤੀਆਂ ਹਨ ਉਨ੍ਹਾਂ ਗੁਰੂ ਨਿੰਦਕਾਂ ਲਈ ਇਹੀ ਗੁਰਬਾਣੀ ਵਾਕ ਢੁੱਕਦਾ ਹੈ ‘‘ਜਿਨਾ ਗੁਰੁ ਗੋਪਿਆ ਆਪਣਾ; ਤੇ ਨਰ ਬੁਰਿਆਰੀ   ਹਰਿ ਜੀਉ ਤਿਨ ਕਾ ਦਰਸਨੁ ਨਾ ਕਰਹੁ; ਪਾਪਿਸਟ ਹਤਿਆਰੀ ’’ (ਮਹਲਾ /੬੫੧) ਅਰਥ : ਜਿਨ੍ਹਾਂ ਨੇ ਆਪਣੇ ਸਤਿਗੁਰੂ ਦੀ ਨਿੰਦਿਆ ਕੀਤੀ ਹੈ ਯਾਨੀ ਗੁਰੂ ਦੇ ਗੁਣਾਂ ਨੂੰ ਘਟਾ ਕੇ ਆਂਕਿਆ ਹੈ, ਉਹ ਭੈੜੀ ਸ਼ਕਲ-ਸੂਰਤ ਵਾਲੇ, ਪਾਪੀ ਹਤਿਆਰੇ ਹਨ। ਰੱਬ ਜੀ ਮਿਹਰ ਕਰਨ ਤਾਂ ਜੋ ਉਨ੍ਹਾਂ ਦਾ ਦਰਸ਼ਨ ਹੀ ਕਰਨਾ ਨਾ ਪਵੇ ਯਾਨੀ ਮਰ ਹੀ ਜਾਣ।

ਗੁਰਬਾਣੀ ਉਚਾਰਨ ਅਤੇ ਵਿਸਰਾਮ ਦਾ ਮਹੱਤਵ

0

ਗੁਰਬਾਣੀ ਉਚਾਰਨ ਅਤੇ ਵਿਸਰਾਮ ਦਾ ਮਹੱਤਵ

ਕਿਰਪਾਲ ਸਿੰਘ ਬਠਿੰਡਾ 88378-13661

ਗੁਰੂ ਕਾਲ ਤੋਂ ਲੈ ਕੇ ਹੁਣ ਤੱਕ ਗੁਰਬਾਣੀ ਉਚਾਰਨ ਅਤੇ ਵਿਆਖਿਆ ਸੰਬੰਧੀ ਕਈ ਤਰ੍ਹਾਂ ਦੀਆਂ ਵਿਆਖਿਆ ਪਰਣਾਲੀਆਂ ਪ੍ਰਚਲਿਤ ਰਹੀਆਂ ਹਨ; ਜਿਵੇਂ ਕਿ (1) ਸਹਿਜ ਪਰਣਾਲੀ- ਭਾਵ ਗੁਰਬਾਣੀ ਵਿੱਚੋਂ ਹੀ ਉਚਾਰਨ ਦੀ ਸੇਧ ਲੈਣੀ। (2) ਭਾਈ ਪਰਣਾਲੀ- ਭਾਈ ਗੁਰਦਾਸ ਜੀ ਵਾਲੀ। (3) ਪਰਮਾਰਥੀ ਪਰਣਾਲੀ- ਭਾਈ ਮਿਹਰਬਾਨ, ਭਾਈ ਹਰਿ ਜੀ ਸੋਢੀ, ਸੋਢੀ ਚਤੁਰਭੁਜ। (4) ਉਦਾਸੀ ਪਰਣਾਲੀ- ਸਾਧੂ ਅਨੰਦਘਨ ਤੇ ਸੁਆਮੀ ਸਦਾਨੰਦ। (5) ਨਿਰਮਲਾ ਪਰਣਾਲੀ, ਜਿਸ ’ਚ ਕਵੀ ਭਾਈ ਸੰਤੋਖ ਸਿੰਘ, ਗਿਆਨੀ ਗਿਆਨ ਸਿੰਘ, ਪੰਡਿਤ ਤਾਰਾ ਸਿੰਘ ਨਰੋਤਮ, ਪੰਡਿਤ ਗੁਲਾਬ ਸਿੰਘ, ਗਿਆਨੀ ਦਲ ਸਿੰਘ, ਸੰਤ ਸੰਪੂਰਨ ਸਿੰਘ ਆਦਿ ਸ਼ਾਮਲ ਹਨ। (6) ਸੰਪਰਦਾਈ ਪਰਣਾਲੀ-ਭਾਈ ਮਨੀ ਸਿੰਘ, ਗਿਆਨੀ ਬਦਨ ਸਿੰਘ, ਸੰਤ ਅਮੀਰ ਸਿੰਘ, ਭਾਈ ਭਗਵਾਨ ਸਿੰਘ, ਸੋਢੀ ਬੁੱਢਾ ਸਿੰਘ, ਭਾਈ ਜੋਧ ਸਿੰਘ, ਗਿਆਨੀ ਸੰਤ ਰਾਮ, ਭਾਈ ਬਖ਼ਸ਼ੀਸ਼ ਸਿੰਘ, ਸੰਤ ਗੁਲਾਬ ਸਿੰਘ, ਗਿਆਨੀ ਬਿਸ਼ਨ ਸਿੰਘ ਲੱਖੂਵਾਲ, ਅਕਾਲੀ ਨਿਹਾਲ ਸਿੰਘ ਸੂਰੀ, ਪੰਡਿਤ ਨਰੈਣ ਸਿੰਘ ਗਿਆਨੀ, ਪੰਡਿਤ ਕਰਤਾਰ ਸਿੰਘ ਦਾਖਾ। (7) ਸਿੰਘ ਸਭਾਈ ਪਰਣਾਲੀ, ਜਿਸ ’ਚ ਪ੍ਰਿੰ. ਤੇਜਾ ਸਿੰਘ, ਪ੍ਰੋ. ਸਾਹਿਬ ਸਿੰਘ, ਭਾਈ ਵੀਰ ਸਿੰਘ, ਡਾ. ਮੋਹਨ ਸਿੰਘ ਦੀਵਾਨਾ,  ਡਾ. ਸ਼ੇਰ ਸਿੰਘ, ਪ੍ਰੋ. ਗੰਗਾ ਸਿੰਘ, ਸੋਢੀ ਹਜ਼ਾਰਾ ਸਿੰਘ, ਬੇਦੀ ਬ੍ਰਿਜ ਬੱਲਭ ਸਿੰਘ ਊਨਾ ਆਦਿਕ ਵਿਦਵਾਨ ਸ਼ਾਮਲ ਹਨ। (8) ਕੋਸ਼ਕਾਰੀ, ਜਿਸ ਵਿੱਚ ਭਾਈ ਕਾਹਨ ਸਿੰਘ ਨਾਭਾ ਤੇ ਪ੍ਰੋ. ਪਿਆਰਾ ਸਿੰਘ ਪਦਮ ਸ਼ਾਮਲ ਹਨ, ਪਰ ਮੌਜੂਦਾ ਸਮੇਂ ਦੋ ਵੀਚਾਰਧਾਰਾ ਮੁੱਖ ਤੌਰ ’ਤੇ ਪ੍ਰਚਲਿਤ ਹਨ-ਇੱਕ ਸੰਪਰਦਾਈ ਪਰਣਾਲੀ, ਜੋ ਗੁਰਬਾਣੀ ਲਿਖਤ ਰੂਪ ’ਚ ਲੱਗੀਆਂ ਸਾਰੀਆਂ ਲਗਾਂ ਮਾਤਰਾਵਾਂ ਉਚਾਰਨ ਦੇ ਪੱਖ ਵਿੱਚ ਹਨ ਅਤੇ ਦੂਸਰੀ ਸਿੰਘ ਸਭਾਈ, ਜਿਸ ਨੂੰ ਆਮ ਤੌਰ ’ਤੇ ਮਿਸ਼ਨਰੀ ਪਰਣਾਲੀ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਵੀਚਾਰਧਾਰਾ ਨੂੰ ਪ੍ਰਮੁੱਖ ਤੌਰ ’ਤੇ ਸਿੱਖ ਮਿਸ਼ਨਰੀ ਕਾਲਜ ਪ੍ਰਚਾਰ ਰਹੇ ਹਨ, ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਮਿਸ਼ਨਰੀ ਕਾਲਜ਼/ ਵਿਦਿਆਲੇ ਅਤੇ ਪਰਾਈਵੇਟ ਸੰਸਥਾਵਾਂ ਹੇਠ ਚੱਲ ਰਹੇ ਮਿਸ਼ਨਰੀ ਕਾਲਜ਼ ਸ਼ਾਮਲ ਹਨ। ਇਸ ਵੀਚਾਰਧਾਰਾ ਵਾਲਿਆਂ ਦਾ ਪੱਖ ਹੈ ਕਿ ਗੁਰਬਾਣੀ ’ਚ ਖ਼ਾਸ ਤੌਰ ’ਤੇ ਮਗਰਲੇ ਅੱਖਰਾਂ ਨੂੰ ਵਿਆਕਰਣਿਕ ਤੌਰ ’ਤੇ ਲੱਗੀ ਔਂਕੜ ਅਤੇ ਸਿਹਾਰੀ ਦਾ ਸੰਬੰਧ ਉਚਾਰਨ ਨਾਲ ਨਾਂ ਹੋ ਕੇ ਅਰਥ ਸਮਝਣ ਲਈ ਹੈ ਅਤੇ ਬਾਕੀ ਦੀਆਂ ਸਾਰੀਆਂ ਮਾਤਰਾਵਾਂ ਉਚਾਰੀਆਂ ਜਾਣੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਕੁਝ ਕਿਰਿਆਵਾਚੀ ਸ਼ਬਦਾਂ ਅਤੇ ਕਾਰਕੀ ਅਰਥ ਦੇਣ ਵਾਲੇ ਨਾਂਵ, ਪੜਨਾਂਵ ਸ਼ਬਦਾਂ ਨੂੰ ਗੁਰਬਾਣੀ ਵਿੱਚ ਹੀ ਵਰਤੇ ਅਜਿਹੇ ਸ਼ਬਦਾਂ ਤੋਂ ਸੇਧ ਲੈ ਕੇ ਨਾਸਕੀ ਉਚਾਰਨ ਕੀਤੇ ਜਾਣ ਦੇ ਪੱਖ ’ਚ ਹਨ ਜਿਸ ਦਾ ਸੰਪ੍ਰਦਾਈ ਪ੍ਰਣਾਲੀ ਦੇ ਮੌਜੂਦਾ ਪ੍ਰਚਾਰਕ ਸਖ਼ਤ ਵਿਰੋਧ ਕਰਦੇ ਹਨ। ਇਸ ਵਖਰੇਵੇਂ ਕਾਰਨ ਪੰਥ ’ਚ ਵੀਚਾਰਧਾਰਕ ਅਤੇ ਸਿਧਾਂਤਕ ਤੌਰ ’ਤੇ ਵਖਰੇਵੇਂ ਦਿਨੋ ਦਿਨ ਵਧ ਰਹੇ ਹਨ; ਜਿਸ ਕਾਰਨ ਪੰਥਕ ਸ਼ਕਤੀ ਕਮਜ਼ੋਰ ਹੁੰਦੀ ਜਾ ਰਹੀ ਹੈ। ਇਸ ਵਖਰੇਵੇਂ ਨੂੰ ਘਟਾਉਣ ਲਈ ਚਾਹੀਦਾ ਤਾਂ ਇਹ ਸੀ ਕਿ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਪੰਥ ਦੀਆਂ ਦੋ ਸਿਰਮੌਰ ਸੰਸਥਾਵਾਂ ਹੋਣ ਦੇ ਨਾਤੇ; ਦੋਵੇਂ ਧਿਰਾਂ ਦੇ ਸਾਂਝੇ ਸੰਵਾਦ ਸਮਾਗਮ ਰਚਾ ਕੇ ਉਚਾਰਨ ਸੰਬੰਧੀ ਡੂੰਘੇ ਹੋ ਰਹੇ ਮਤਭੇਦ ਘਟਾਉਣ ਅਤੇ ਅਰਥਾਂ/ ਸਿਧਾਂਤ ਨੂੰ ਉਜਾਗਰ ਕਰਨ ਅਤੇ ਪ੍ਰਚਾਰਨ ਦੇ ਕੰਮ ਕਰਨ, ਪਰ ਇਸ ਸਮੇਂ ਸ਼੍ਰੋਮਣੀ ਕਮੇਟੀ ਦਾ ਨਿਸ਼ਾਨਾ ਧਾਰਮਿਕ ਘੱਟ ਅਤੇ ਸਿਆਸੀ ਵੱਧ ਬਣ ਚੁੱਕਾ ਹੈ। ਇਸ ਤੋਂ ਵੱਧ ਦੁਰਭਾਗ ਇਹ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੁਰਮਤਿ ਅਨੁਸਾਰ ਫ਼ੈਸਲੇ ਲੈਣ ਦੀ ਥਾਂ ਅਕਾਲੀ ਦਲ ਦੇ ਬੁਲਾਰੇ ਵਜੋਂ ਵਿਚਰ ਰਹੇ ਹਨ। ਪਿਛਲੇ ਸਾਲ ਅਕਤੂਬਰ ਮਹੀਨੇ ’ਚ ਪਟਿਆਲੇ ਵਿਖੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਗੁਰਮਤਿ ਇੰਸਟੀਚੂਟ ’ਚ ਸੰਪਰਦਾਈ ਸੋਚ ਨਾਲ ਖੜ੍ਹੇ, ਪੰਜਾਬੀ ਯੂਨੀਵਰਸਿਟੀ ਦੇ ਇੱਕ ਗਰੁੱਪ ਦੇ ਸਕਾਲਰਾਂ ਨੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਇੱਕ ਸੈਮੀਨਾਰ ਕਰਵਾਇਆ ਜਿਸ ਵਿੱਚ ਗਿਆਨੀ ਹਰਪਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵਿਸ਼ੇਸ਼ ਤੌਰ ’ਤੇ ਆਪਣੇ ਭਾਸ਼ਣ ’ਚ ‘ਗੁਰਬਾਣੀ ਜਿਵੇਂ ਲਿਖੀ ਉਵੇਂ ਪੜ੍ਹੀ ਜਾਵੇ’ ’ਤੇ ਜ਼ੋਰ ਦਿੱਤਾ। ਭਾਵੇਂ ਵੀਚਾਰਧਾਰਕ/ ਉਚਾਰਨ ਸੰਬੰਧੀ ਮਤਭੇਦ ਤਾਂ ਚਿਰਾਂ ਤੋਂ ਚੱਲ ਰਹੇ ਹਨ ਪਰ ਦੁਖਦਾਇਕ ਇਹ ਹੈ ਕਿ ਜਥੇਦਾਰ ਦੇ ਦਸਤਖ਼ਤਾਂ ਵਾਲਾ ਕਿਤਾਬਚਾ ਸ਼੍ਰੋਮਣੀ ਕਮੇਟੀ ਵੱਲੋਂ ਛਾਪਿਆ ਗਿਆ, ਜਿਸ ਵਿੱਚ ਗੁਰਬਾਣੀ ਜਿਵੇਂ ਲਿਖੀ ਹੈ ਉਵੇਂ ਪੜ੍ਹੀ ਜਾਣ ਦੀ ਵਕਾਲਤ ਕਰਨ ਤੋਂ ਇਲਾਵਾ ਅਕਾਲ ਤਖ਼ਤ ਤੋਂ ਇਹ ਮੰਗ ਕੀਤੀ ਗਈ ਕਿ ਸਾਰੀਆਂ ਮਾਤਰਾਵਾਂ ਉਚਾਰੇ ਜਾਣ ਤੋਂ ਇਨਕਾਰੀ ਅਤੇ ਆਪਣੇ ਵੱਲੋਂ ਬਿੰਦੀ ਟਿੱਪੀ ਲਾ ਕੇ ਉਚਾਰਨ ਕਰਨ ਦੀ ਸੇਧ ਦੇਣ ਵਾਲੀ ਖੋਜ ਅਤੇ ਪ੍ਰਚਾਰ ਸਮੱਗਰੀ ਛਾਪੇ ਜਾਣ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਰੋਕ ਲਾਈ ਜਾਵੇ। ਇਸ ਕਿਤਾਬਚੇ ਨੂੰ ਮਿਸ਼ਨਰੀ ਵੀਚਾਰਧਾਰਾ ਵਾਲੇ ਤਾਂ ਆਪਣੇ ਵਿਰੋਧ ’ਚ ਮੰਨਦੇ ਹੀ ਹਨ; ਇਹ ਕਿਤਾਬਚਾ ਸੰਪਰਦਾਈ/ ਦਮਦਮੀ ਟਕਸਾਲ ਦੇ ਭਾਵੇਂ ਹੱਕ ’ਚ ਭੁਗਤ ਰਿਹਾ ਜਾਪਦਾ ਹੈ ਪਰ ਜੇ ਇਸ ’ਤੇ ਦੀਰਘ ਵੀਚਾਰ ਕੀਤੀ ਜਾਵੇ ਤਾਂ ਸੰਪਰਦਾਈ ਪਰਣਾਲੀ ਅਤੇ ਦਮਦਮੀ ਟਕਸਾਲ ਦੋਵਾਂ ਦੇ ਵਿਰੋਧ ’ਚ ਭੀ ਭੁਗਤ ਰਿਹਾ ਹੈ।

ਨਿਰਮਲਾ ਪਰਣਾਲੀ ਦੇ ਸਿਰਕੱਢ ਵਿਦਵਾਨ ਚੂੜਾਮਨੀ ਕਵੀ ਸੰਤੋਖ ਸਿੰਘ ਨੇ ੧੮੨੯ ਈ: ’ਚ ਲਿਖੀ ਜਪੁ ਜੀ ਸਾਹਿਬ ਗਰਬ ਗੰਜਨੀ ਸਟੀਕ ’ਚ ਲਿਖਿਆ ਹੈ ‘ਗੁਰੂ ਅਰਜਨ ਜੀ ਕੋ ਭੀ ਬਚਨ ਹੈ, ਜਿਸ ਸਮੇਂ ਗ੍ਰੰਥ ਸਾਹਿਬ ਪੂਰੋ ਲਿਖ੍ਯੋ ਗਯੋ ਹੈ, ਤਬ ਕਿਸੀ ਸਿਖ ਨੇ ਅਰਦਾਸ ਕਰੀ ਹਜ਼ੂਰ, ਬਿੰਦਾ ਔਰ ਅਧਿਕ ਇਨ ਕੋ ਘਾਟੋ ਰਹ੍ਯੋ ਗ੍ਰੰਥ ਸਾਹਿਬ ਮੇਂ । ਸਾਹਿਬ ਜੀ ਨੇ ਕਹ੍ਯੋ : ਅਬ ਨਹੀਂ ਲਗਤ ਹੈ, ਸਿਖ੍ਯ ਬੁਧਿਵਾਨ ਅਗਾਰੀ ਆਪ ਹੀ ਤਿਸੀ ਰੀਤਿ ਪਠ ਕਰਿ ਅਰਥ ਕੋ ਕਰੈਂਗੇ ।’ (ਪੰਨਾ ੧੩੬)   

 ਸ੍ਰੀ ਮਾਨ ਪੰਡਿਤ ਕਰਤਾਰ ਸਿੰਘ ‘ਦਾਖਾ’ ਜੀ ਰਚਿਤ ‘ਸ੍ਰੀ ਗੁਰੂ ਵਿਆਕਰਣ ਪੰਚਾਇਣ’ ਵੀ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਵਾਲੀ ਉਪਰੋਕਤ ਉਚਾਰਨ ਪੱਧਤੀ ਦੀ ਹੀ ਪ੍ਰੋੜ੍ਹਤਾ ਕਰਦੀ ਹੈ। ਉਨ੍ਹਾਂ ਤਾਂ ਇੱਥੋਂ ਤੱਕ ਲਿਖਿਆ ਕਿ ਬਾਣੀ ਦੇ ਕਿਸੇ ਵੀ ਸ਼ਬਦ ਦਾ ਉਚਾਰਨ ਉਸ ਦੇ ਅਰਥ ਨੂੰ ਮੁੱਖ ਰੱਖ ਕੇ ਸ਼੍ਰੋਤੇ ਦੀ ਸਮਝ ਦੇ ਅਨੁਕੂਲ ਕਰੋ ਤਾਂ ਕਿ ਉਸ ਨੂੰ ਸੁਖਾਲਾ ਸਮਝ ਪਵੇ ਕਿਉਂਕਿ ਗੁਰਬਾਣੀ ਕੇਵਲ ਕੋਈ ਪੜ੍ਹਨ ਮਾਤ੍ਰ ਵੇਦ-ਮੰਤ੍ਰ ਨਹੀਂ, ਗੁਰ ਉਪਦੇਸ਼ ਹੈ, ਜੋ ਪਾਠ ਸੁਣਨ ਵਾਲਿਆਂ ਨੂੰ ਸੌਖੇ ਹੀ ਸਮਝ ਆਉਣਾ ਚਾਹੀਦਾ ਹੈ। ਇਸ ਲਈ ਪਾਠ ਕਰਨ ਮੌਕੇ ‘ਬਿੰਦੀ ਟਿੱਪੀ’,  ਤੇ ‘ਅੱਧਕ’ ਆਦਿਕ ਲੋੜੀਂਦੇ ਚਿੰਨ੍ਹਾਂ ਦਾ ਵੱਖ ਵੱਖ ਦੇਸ਼ਾਂ ਦੀ ਭਾਸ਼ਾਈ ਰੀਤ ਤੇ ਵਿਸ਼ੇਸ ਧੁਨੀ ਅਨੁਸਾਰ ਉਚਾਰਨ ਕਰਨਾ ਦੋਸ਼ ਨਹੀਂ। ਇਸ ਤੋਂ ਇਲਾਵਾ ਸੰਪ੍ਰਦਾਈ ਪਰਣਾਲੀ ਦੀ ਸ਼ਾਖ਼ਾ ਦਮਦਮੀ ਟਕਸਾਲ ’ਚ ਸਭ ਤੋਂ ਵੱਡੇ ਵਿਦਿਆ ਮਾਰਤੰਡ ਸਮਝੇ ਜਾਂਦੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਵੱਲੋਂ ਲਿਖੀ ਪੁਸਤਕ ‘ਗੁਰਬਾਣੀ ਪਾਠ ਦਰਸ਼ਨ’ ’ਚ ਬਹੁਤ ਸਾਰੇ ਥਾਵਾਂ ’ਤੇ ਬਿੰਦੀ ਟਿੱਪੀ ਲਾ ਕੇ ਨਾਸਕੀ ਅਤੇ ਅੱਧਕ ਲਾ ਕੇ ਦੁੱਤ ਉਚਾਰਨ ਕੀਤੇ ਜਾਣ ਦੀਆਂ ਹਦਾਇਤਾਂ ਦਰਜ ਹਨ। ਇਸ ਲਈ ਸ਼੍ਰੋਮਣੀ ਕਮੇਟੀ ਵੱਲੋਂ ਛਾਪਿਆ ਗਿਆ ਨਵਾਂ ਕਿਤਾਬਚਾ ਜਿੱਥੇ ਦਮਦਮੀ ਟਕਸਾਲ ਦੇ ਵਿਰੋਧ ’ਚ ਹੈ ਉੱਥੇ ਸ਼੍ਰੋਮਣੀ ਕਮੇਟੀ ਖ਼ੁਦ ਆਪਣੇ ਵਿਰੁੱਧ ਵੀ ਭੁਗਤ ਰਹੀ ਹੈ ਕਿਉਂਕਿ ਹੁਣ ਤੱਕ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾ ਰਹੇ ਪ੍ਰਚਾਰ/ ਪ੍ਰਸਾਰ ਦੇ ਹਿੱਸੇ ਵਜੋਂ ਉਹ ਖ਼ੁਦ ਪ੍ਰਿੰ. ਤੇਜਾ ਸਿੰਘ ਵੱਲੋਂ ਲਿਖਿਆ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਬਦਾਂਤਿਕ ਲਗਾਂ ਮਾਤ੍ਰਾਂ ਦੇ ਗੁੱਝੇ ਭੇਦ’ ਨਾਮ ਦਾ ਕਿਤਾਬਚਾ ਛਾਪ ਕੇ ਵੱਡੀ ਗਿਣਤੀ ’ਚ ਮੁਫਤ ਵੰਡ ਰਹੀ ਹੈ ਅਤੇ ਇਸੇ ਕਿਤਾਬਚੇ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ‘ਸ਼ਬਦਾਰਥ ਪੋਥੀਆਂ’ ਭਾਗ ਪਹਿਲਾ ਦੀ ਭੂਮਿਕਾ ’ਚ ਗੁਰਬਾਣੀ ਪੜ੍ਹਨ ਅਤੇ ਅਰਥ ਸਮਝਣ ਲਈ ਹਿਦਾਇਤਾਂ ਛਾਪ ਰਹੀ ਹੈ। ਇਸ ਦਾ ਭਾਵ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਦਮਦਮੀ ਟਕਸਾਲ ਆਪਣੇ ਵੱਲੋਂ ਹੀ ਛਪਵਾਈਆਂ ਜਾ ਰਹੀਆਂ ਪੁਸਤਕਾਂ ਖ਼ੁਦ ਆਪ ਨਹੀਂ ਪੜ੍ਹਦੇ। ਜਦੋਂ ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਜਾ ਰਹੇ ਦੋਵੇਂ ਕਿਤਾਬਚੇ ਆਮ ਸਿੱਖਾਂ ਦੇ ਹੱਥਾਂ ਵਿੱਚ ਜਾਣਗੇ ਤਾਂ ਸਗੋਂ ਦੁਬਿਧਾ ਹੋਰ ਵਧੇਗੀ ਕਿ ਇਨ੍ਹਾਂ ਦੋਵਾਂ ਕਿਤਾਬਚਿਆਂ ’ਚੋਂ ਕਿਸ ਨੂੰ ਠੀਕ ਮੰਨਿਆ ਜਾਵੇ !

ਗੁਰਬਾਣੀ ’ਚ ਕੇਵਲ ਪੜ੍ਹਨ ਅਤੇ ਉਚਾਰਨ ਨੂੰ ਮਹੱਤਤਾ ਨਹੀਂ ਦਿੱਤੀ ਸਗੋਂ ਸ਼ਬਦ ਵੀਚਾਰ ਅਤੇ ਗੁਰ ਉਪੇਦਸ਼ਾਂ ਮੁਤਾਬਕ ਅਮਲਾਂ ’ਤੇ ਵੱਧ ਜ਼ੋਰ ਦਿੱਤਾ ਗਿਆ ਹੈ ‘‘ਪੜਿਐ ਨਾਹੀ; ਭੇਦੁ ਬੁਝਿਐ ਪਾਵਣਾ (ਮਹਲਾ /੧੪੮), ਪੜਿਆ ਅਣਪੜਿਆ; ਪਰਮ ਗਤਿ ਪਾਵੈ (ਮਹਲਾ /੧੯੭), ਪੜਿ ਪੜਿ ਗਡੀ ਲਦੀਅਹਿ; ਪੜਿ ਪੜਿ ਭਰੀਅਹਿ ਸਾਥ ਪੜਿ ਪੜਿ ਬੇੜੀ ਪਾਈਐ; ਪੜਿ ਪੜਿ ਗਡੀਅਹਿ ਖਾਤ ਪੜੀਅਹਿ ਜੇਤੇ ਬਰਸ ਬਰਸ; ਪੜੀਅਹਿ ਜੇਤੇ ਮਾਸ ਪੜੀਐ ਜੇਤੀ ਆਰਜਾ; ਪੜੀਅਹਿ ਜੇਤੇ ਸਾਸ ਨਾਨਕ  ! ਲੇਖੈ ਇਕ ਗਲ; ਹੋਰੁ ਹਉਮੈ ਝਖਣਾ ਝਾਖ ’’ (ਮਹਲਾ /੪੬੭) ਆਸਾ ਕੀ ਵਾਰ ਦੀ ਇਸ ਪਉੜੀ ’ਚ ਲੇਖੇ ’ਚ ਕੰਮ ਆਉਣ ਵਾਲੀ, ਜਿਸ ਇੱਕ ਗੱਲ ਵੱਲ ਇਸ਼ਾਰਾ ਹੈ ਉਹ ਸ਼ਬਦ ਦੀ ਵੀਚਾਰ ਨਾਲ ਹੀ ਬੁਝੀ ਅਤੇ ਸਮਝੀ ਜਾ ਸਕਦੀ ਹੈ; ਇਸੇ ਕਾਰਨ ਗੁਰੂ ਸਾਹਿਬ ਜੀ ਨੇ ਸ਼ਬਦ ਵੀਚਾਰ ਨੂੰ ਸਭ ਤੋਂ ਉੱਪਰ ਦੱਸਿਆ ਹੈ ‘‘ਸਭਸੈ ਊਪਰਿ; ਗੁਰ ਸਬਦੁ ਬੀਚਾਰੁ ਹੋਰ ਕਥਨੀ ਬਦਉ ; ਸਗਲੀ ਛਾਰ (ਮਹਲਾ /੯੦੪), ਸੇਵਕ ਸਿਖ ਪੂਜਣ ਸਭਿ ਆਵਹਿ; ਸਭਿ ਗਾਵਹਿ ਹਰਿ ਹਰਿ ਊਤਮ ਬਾਨੀ ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ; ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ ’’ (ਮਹਲਾ /੬੬੯) ਗੁਰੂ ਦੇ ਹੁਕਮਾਂ ਨੂੰ ਸਤਿ ਸਤਿ ਕਰ ਮੰਨਣਾ ਵੀ ਤਾਂ ਹੀ ਸੰਭਵ ਹੈ, ਜੇ ਪਹਿਲਾਂ ਗੁਰੂ ਹੁਕਮਾਂ ਦੀ ਸਮਝ ਪਵੇਗੀ ਕਿ ਗੁਰੂ ਸਾਹਿਬ ਦੇ ਹੁਕਮ ਜਾਂ ਆਗਿਆ ਹੈ ਕੀ ? ਨਹੀਂ ਤਾਂ ਬਿਨਾਂ ਸੋਝੀ ਤੋਂ ਪੜ੍ਹਨਾ ‘ਪੜ੍ਹ ਪੜ੍ਹ ਗੱਡੇ ਲੱਦਣ’ ਅਤੇ ‘ਖੂਹ ਖਾਤੇ ਭਰਨ’ ਦੇ ਬਰਾਬਰ ਹੈ, ਜਿਸ ਨੂੰ ਗੁਰੂ ਸਾਹਿਬ ਜੀ ਨੇ ‘ਝਖਣਾ ਝਾਖ’ ਤੇ ‘ਸਗਲੀ ਛਾਰ’ ਕਿਹਾ ਹੈ। ਇਸ ਲਈ ‘ਸਿੰਘ ਸਭਾਈ’/ ਮਿਸ਼ਨਰੀ ਵੀਚਾਰਧਾਰਾ ਦਾ ਮੰਨਣਾ ਹੈ ਕਿ ਗੁਰਬਾਣੀ ਦਾ ਉਚਾਰਨ ਇਸ ਤਰ੍ਹਾਂ ਦਾ ਹੋਵੇ ਕਿ ਪੜ੍ਹਨ ਅਤੇ ਸੁਣਨ ਵਾਲਿਆਂ ਦੇ ਗੁਰਬਾਣੀ ਦੇ ਅਰਥ, ਨਾਲੋਂ ਨਾਲ ਸਮਝ ’ਚ ਆਉਂਦੇ ਜਾਣ ਤਾਂ ਕਿ ਅਣਪੜ੍ਹ ਵਿਅਕਤੀ ਵੀ ਸੁਣ ਕੇ ਪਰਮ ਗਤੀ ਪ੍ਰਾਪਤ ਕਰ ਸਕੇ।

ਇਸ ਉਪਰੰਤ ਦੋ ਸੈਮੀਨਾਰ ਹੋਰ ਹੋਏ, ਜਿਨ੍ਹਾਂ ਵਿੱਚੋਂ ਪਹਿਲਾ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਵਿਖੇ ਹੋਇਆ ਜਿਸ ਵਿੱਚ ਪ੍ਰੋ. ਬਲਕਾਰ ਸਿੰਘ ਨੇ ਮੁੱਖ ਪਰਚਾ ਪੜ੍ਹਿਆ ਅਤੇ ਮਿਸ਼ਨਰੀ ਵੀਚਾਰਧਾਰਾ ਨਾਲ ਸੰਬੰਧਿਤ ਵਿਦਵਾਨ ਪ੍ਰੋ. ਮਨਜੀਤ ਸਿੰਘ, ਗਿਆਨੀ ਕੇਵਲ ਸਿੰਘ, ਪ੍ਰਿੰ. ਨਰਿੰਦਰ ਸਿੰਘ ਦਿੱਲੀ, ਗਿਆਨੀ ਅਵਤਾਰ ਸਿੰਘ ਜਲੰਧਰ ਸੰਪਾਦਕ ਮਿਸ਼ਨਰੀ ਸੇਧਾਂ, ਪ੍ਰਿੰ. ਗੁਰਜਿੰਦਰ ਸਿੰਘ ਗੁਰਮਤਿ ਕਾਲਜ਼ ਮਸਤੂਆਣਾ, ਪ੍ਰੋ. ਕੇਹਰ ਸਿੰਘ, ਐਡਵੋਕੇਟ ਜਸਵਿੰਦਰ ਸਿੰਘ ਅਕਾਲ ਪੁਰਖ ਕੀ ਫੌਜ, ਸ਼੍ਰੋਮਣੀ ਕਮੇਟੀ ਮੈਂਬਰ ਹਰਦੀਪ ਸਿੰਘ ਮੋਹਾਲੀ ਆਦਿਕ ਵਿਦਵਾਨਾਂ ਨੇ ਆਪਣੇ ਵੀਚਾਰ ਤੱਥਾਂ ਸਹਿਤ ਪੇਸ਼ ਕਰਦਿਆਂ ਗੁਰਬਾਣੀ ਨੂੰ ਵਿਆਕਰਣਿਕ ਨਿਯਮਾਂ ਅਤੇ ਅਰਥਾਂ ਨੂੰ ਵਿਚਾਰ ਅਧੀਨ ਰੱਖ ਕੇ ਪੜ੍ਹਨ ਦੀ ਵਕਾਲਤ ਕੀਤੀ। ਗਿਆਨੀ ਜਗਤਾਰ ਸਿੰਘ ਜਾਚਕ ਨੇ ਦੱਸਿਆ ਗੁਰੂ ਗ੍ਰੰਥ ਸਾਹਿਬ ’ਚ ਤਕਰੀਬਨ 46 ਭਾਸ਼ਾਵਾਂ ਅਤੇ ਉਪ ਭਾਸ਼ਾਵਾਂ ਵਿੱਚ ਗੁਰਬਾਣੀ ਉਚਾਰੀ ਗਈ ਹੈ, ਜਿਸ ਵਿੱਚ ਤਤਸਮ ਅਤੇ ਤਦਭਵ ਦੋਵੇਂ ਤਰ੍ਹਾਂ ਦੇ ਸ਼ਬਦ ਦਰਜ ਹਨ। ਇਸ ਗੱਲ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ ਕਿ 12 ਕੋਹ ’ਤੇ ਬੋਲੀ ਬਦਲ ਜਾਂਦੀ ਹੈ। ਇੱਥੋਂ ਤੱਕ ਕਿ ਪੇਂਡੂ ਅਤੇ ਸ਼ਹਿਰੀ ਖੇਤਰ ਦੇ ਵਸਨੀਕਾਂ ਦੇ ਉਚਾਰਨ ਦਾ ਫ਼ਰਕ ਹੁੰਦਾ ਹੈ; ਪੜ੍ਹੇ ਲਿਖੇ ਅਤੇ ਅਨਪੜ੍ਹ ਵਿਅਕਤੀਆਂ ਦੇ ਉਚਾਰਨ ’ਚ ਫ਼ਰਕ ਹੁੰਦਾ ਹੈ, ਇਸ ਲਈ ਜਿਵੇਂ ਲਿਖੀ ਹੈ ਓਵੇਂ ਇੱਕ ਸਾਰ ਉਚਾਰਨ ਹੋ ਹੀ ਨਹੀਂ ਸਕਦਾ; ਉਚਾਰਨ ਵਿੱਚ ਫ਼ਰਕ ਰਹੇਗਾ ਹੀ ਰਹੇਗਾ। ਸਾਨੂੰ ਚਾਹੀਦਾ ਤਾਂ ਇਹ ਹੈ ਕਿ ਗੁਰਬਾਣੀ ਨੂੰ ਵੱਖ ਵੱਖ ਭਾਸ਼ਾਵਾਂ ’ਚ ਉਲੱਥਾ ਕਰਵਾ ਕੇ ਦੁਨੀਆਂ ਦੇ ਕੋਨੇ ਕੋਨੇ ’ਚ ਪਹੁੰਚਾਇਆ ਜਾਵੇ ਤਾਂ ਕਿ ਹਰ ਵਿਅਕਤੀ ਇਸ ਤੋਂ ਲਾਭ ਉਠਾ ਸਕੇ। ਦੂਸਰੀਆਂ ਭਾਸ਼ਾਵਾਂ ’ਚ ਕੀਤੇ ਉਲੱਥਿਆਂ ਨੂੰ ਵੀ ਇਕਸਾਰ ਪੜ੍ਹਨਾ ਇਸ ਤੋਂ ਵੀ ਮੁਸ਼ਕਲ ਹੈ ਕਿਉਂਕਿ ਹਰ ਭਾਸ਼ਾ ਦੀ ਲਿੱਪੀ ਦਾ ਉਚਾਰਨ ਵੱਖਰਾ ਹੁੰਦਾ ਹੈ। ਇਸ ਲਈ ਇਕਸਾਰ ਉੁਚਾਰਨ ’ਤੇ ਜ਼ੋਰ ਦੇਣ ਦੀ ਥਾਂ ਉਚਾਰਨ ਐਸਾ ਹੋਵੇ ਕਿ ਪਾਠ ਕਰਨ ਵਾਲੇ ਪਾਠੀ ਅਤੇ ਸੁਣਨ ਵਾਲੇ ਸਰੋਤੇ ਨੂੰ ਅਰਥ ਭਾਵਾਂ ਦੀ ਨਾਲੋਂ ਨਾਲ ਸਮਝ ਪੈਂਦੀ ਜਾਏ। ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਉਸ ਨਵੇਂ ਕਿਤਾਬਚੇ ’ਚ ਇੱਕ ਗੱਲ ਸਿਧਾਂਤਕ ਤੌਰ ’ਤੇ ਮੁੱਢੋਂ ਗਲਤ ਲਿਖੀ ਹੈ ਕਿ ‘ਆਦਿ ਸਚੁ,  ਜੁਗਾਦਿ ਸਚੁ ॥ ’ਚ 16 ਚਿੰਨ੍ਹਾਂ ਰਾਹੀਂ 9 ਧੁਨੀਆਂ ਪੇਸ਼ ਕੀਤੀਆਂ ਗਈਆਂ ਹਨ। ਇਸ ਦਾ ਪੂਰਾ ਲਾਭ ਤਾਂ ਹੀ ਮਿਲੇਗਾ ਜੇ ਇਨ੍ਹਾਂ ਸਭਨਾਂ ਦਾ ਉਚਾਰਨ ਕੀਤਾ ਜਾਵੇ। ਜੇ ਅਖੀਰਲੇ ਅੱਖਰਾਂ ਨੂੰ ਲੱਗੀ ਔਂਕੜ ਅਤੇ ਸਿਹਾਰੀ ਨਾ ਬੋਲੀ ਜਾਵੇ ਤਾਂ ਇਸ ਦੀਆਂ 4 ਮਾਤਰਾਂ ਉਚਾਰਨ ਤੋਂ ਰਹਿ ਜਾਣਗੀਆਂ ਜਿਸ ਕਾਰਨ ਇਸ ਦਾ ਪ੍ਰਭਾਵ ਘਟ ਜਾਵੇਗਾ ਅਤੇ ਪੂਰਾ ਲਾਭ ਨਹੀਂ ਮਿਲੇਗਾ। ਕਿਸੇ ਮੰਤਰ ਦਾ ਅਸਰ ਘੱਟ ਜਾਂ ਵੱਧ ਹੋਣਾ; ਗੁਰਮਤਿ ਨਹੀਂ ਬਲਕਿ ਵੈਦਿਕ ਵੀਚਾਰਧਾਰਾ ਹੈ, ਜਿਸ ਨੂੰ ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਦੀ 38ਵੀਂ ਪੳੜੀ ’ਚ ਅਥਰਬਣੀ ਭਾਰ ਦੱਸ ਕੇ ਰੱਦ ਕੀਤਾ ਹੈ “ਗੁਰਮਖਿ ਭਾਰ ਅਥਰਬਣਿ ਤਾਰਾ॥ ੩੮॥” ਕਿਉਂਕਿ ਗੁਰਬਾਣੀ ਵੇਦ ਮੰਤਰ ਨਹੀਂ, ਜਿਸ ਦੀਆਂ ਲਗਾਂ ਮਾਤਰਾਵਾਂ ਦਾ ਉਚਾਰਨ ਰਹਿ ਜਾਣ ਕਾਰਨ ਇਸ ਦਾ ਅਸਰ ਘਟ ਜਾਣਾ ਹੈ; ਸਗੋਂ ਸਾਨੂੰ ਜੀਵਨ ਜਾਚ ਦੀ ਸੇਧ ਦਿੰਦੀ ਹੈ, ਅਕਾਲ ਪੁਰਖ ਬਾਰੇ ਸੋਝੀ ਦਿੰਦੀ ਹੈ ਅਤੇ ਸਭਨਾਂ ਜੀਵਾਂ ’ਚ ਪਰਮਾਤਮਾਂ ਦੀ ਜੋਤ ਵੇਖਣ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਗਏ ਇਸ ਨਵੇਂ ਕਿਤਾਬਚੇ ’ਤੇ ਪਾਬੰਦੀ ਲਾਈ ਜਾਵੇ ਅਤੇ ਦੋਵੇਂ ਧਿਰਾਂ ਦੇ ਧਾਰਮਿਕ ਅਤੇ ਅਕੈਡਮਿਕ ਖੇਤਰ ਦੇ ਵਿਦਵਾਨਾਂ; ਜਿਨ੍ਹਾਂ ਨੂੰ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਵੀਚਾਰਧਾਰਾ ਦਾ ਗਿਆਨ ਹੋਵੇ; ਦੀ ਸ਼ਮੂਲੀਅਤ ਨਾਲ ਸਾਂਝੇ ਸੰਵਾਦ ਰਚਾ ਕੇ ਗੁਰਬਾਣੀ ਦੇ ਉਚਾਰਨ ਸੰਬੰਧੀ ਮਤਭੇਦ ਘਟਾਏ ਜਾਣ।

ਇਸ ਉਪਰੰਤ ਦੂਸਰਾ ਸੈਮੀਨਾਰ ਪਟਿਆਲੇ ਵਿਖੇ ਹੋਇਆ, ਜਿਸ ਵਿੱਚ ਮੁੱਖ ਬੁਲਾਰਾ ਡਾ. ਹਰਿਭਜਨ ਸਿੰਘ ਦੇਹਰਾਦੂਨ ਵਾਲੇ ਸਨ। ਇਸ ਵਿੱਚ ਤਕਰੀਬਨ ਦੋਵੇਂ ਵੀਚਾਰਧਾਰਾਵਾਂ ਦੇ ਵਿਦਵਾਨ ਸ਼ਾਮਲ ਸਨ। ਡਾ. ਹਰਿਭਜਨ ਸਿੰਘ ਨੇ ਨਵਾਂ ਹੀ ਵੀਚਾਰ ਪੇਸ਼ ਕੀਤਾ ਕਿ ਪਹਿਲਾਂ ਲੰਡੇ ਅੱਖਰ ਹੀ ਸਨ ਫਿਰ ਲਘੂ ਮਾਤਰਾਵਾਂ ਬਣੀਆਂ, ਜੋ ਬਾਅਦ ’ਚ ਦੀਰਘ ਮਾਤਰਾਵਾਂ ਬਣੀਆਂ ਹਨ, ਇਸ ਲਈ ਲਘੂ ਮਾਤਰਾ ਨੂੰ ਜੇਕਰ ਦੀਰਘ ਮਾਤਰਾ ਕਰਕੇ ਪੜ੍ਹ ਲਿਆ ਜਾਵੇ ਤਾਂ ਇਸ ਵਿੱਚ ਕੋਈ ਹਰਜ ਨਹੀਂ ਸਗੋਂ ਇਸ ਨਾਲ ਅਰਥ ਹੋਰ ਸਪਸ਼ਟ ਹੋ ਜਾਂਦੇ ਹਨ। ਆਪਣਾ ਪੱਖ ਪੂਰਨ ਲਈ ਉਨ੍ਹਾਂ ‘‘ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ; ਜਿਸੁ ਤੂੰ ਆਪਿ ਕਰਾਇਹਿ ॥’’ (ਮਹਲਾ ੫/੭੪੯) ਦੀ ਮਿਸਾਲ ਦਿੰਦੇ ਹੋਏ ਕਿਹਾ ਕਿ ਇੱਥੇ ‘‘ਮੁਕਤ ਭੁਗਤ ਜੁਗਤ’’ ਪੜ੍ਹਨ ਦੀ ਕੋਈ ਤੁਕ ਨਹੀਂ ਕਿਉਂਕਿ ਜੇ ਬਾਅਦ ’ਚ ਇਨ੍ਹਾਂ ਦੇ ਅਰਥ ‘ਮੁਕਤੀ, ਜੁਗਤੀ’ ਹੀ ਕਰਨੇ ਹਨ ਤਾਂ ਕਿਉਂ ਨਾ ਪਹਿਲਾਂ ਹੀ ਪਾਠ ਮੁਕਤੀ, ਜੁਗਤੀ ਕਰ ਲਿਆ ਜਾਵੇ ਤਾਂ ਅਰਥ ਕਰਨ ਦੀ ਲੋੜ ਹੀ ਨਹੀਂ ਪਵੇਗੀ। ਓਪਰੀ ਨਿਗ੍ਹਾ ਨਾਲ ਡਾ. ਹਰਿਭਜਨ ਸਿੰਘ ਦਾ ਇਹ ਸੁਝਾਅ ਬਹੁਤ ਠੀਕ ਲਗਦਾ ਹੈ, ਪਰ ਗੁਰਬਾਣੀ ਵਿਆਕਰਣ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਵੀਚਾਰਧਾਰਾ ਨੂੰ ਸਮਝਣ ਵਾਲੇ ਗਿਆਨੀ ਅਵਤਾਰ ਸਿੰਘ ਸੰਪਾਦਕ ਮਿਸ਼ਨਰੀ ਸੇਧਾਂ ਨੇ ਸਵਾਲ ਕੀਤਾ ਕਿ ਤੁਸੀਂ ਕੇਵਲ ਸੰਸਕ੍ਰਿਤ ਦੇ ਉਨ੍ਹਾਂ ਨਾਂਵ ਸ਼ਬਦਾਂ ਦੀ ਉਦਾਹਰਨ ਦੇ ਰਹੇ ਹੋ, ਜਿਹੜੇ ਸੰਸਕ੍ਰਿਤ ਲਿਖਣਸ਼ੈਲੀ ਵਿੱਚ ਲਿਖੇ ਸਿਹਾਰੀ ਨਾਲ ਜਾਂਦੇ ਹਨ ਪਰ ਪੜ੍ਹੇ ਬਿਹਾਰੀ ਸਹਿਤ ਜਾਂਦੇ ਹਨ। ਜਦੋਂ ਕਿ ਜਿਹੜੇ ਨਾਂਵ ਕਰਤਾ ਕਾਰਕ ਅਤੇ ਪੂਰਨ ਪੂਰਬ ਕਾਰਦੰਤਕ ਦੇ ਅਰਥ ਦੇਣ ਲਈ ਅੰਤ ਸਿਹਾਰੀ ਨਾਲ ਲਿਖੇ ਜਾਂਦੇ ਹਨ ਉਨ੍ਹਾਂ ਨੂੰ ਬਿਹਾਰੀ ਸਹਿਤ ਨਹੀਂ ਪੜ੍ਹਿਆ ਜਾ ਸਕਦਾ; ਜਿਵੇਂ ਕਿ ‘‘ਗੁਰਿ ਨਾਨਕਿ (ਨੇ) ਮੇਰੀ ਪੈਜ ਸਵਾਰੀ ’’ (ਮਹਲਾ /੮੦੬) ਦੇ ਅਰਥ ਹਨ ‘ਗੁਰੂ ਨਾਨਕ ਨੇ ਮੇਰੀ ਇੱਜਤ ਰੱਖ ਲਈ ਹੈ। ਇੱਥੇ ਉਚਾਰਨ ‘ਗੁਰੀ ਨਾਨਕੀ’ ਨਹੀਂ ਕੀਤਾ ਜਾ ਸਕਦਾ’। ਇਸੇ ਤਰ੍ਹਾਂ  ‘‘ਇਕਿ, ਘਰਿ ਆਵਹਿ ਆਪਣੈ; ਇਕਿ, ਮਿਲਿ ਮਿਲਿ ਪੁਛਹਿ ਸੁਖ ’’ (ਮਹਲਾ /੪੧੭) ਤੁਕ ’ਚ ‘ਇਕਿ’ ਸ਼ਬਦ ਦੇ ਅੰਤਲੇ ‘ਕ’ ਨੂੰ ਲੱਗੀ ਸਿਹਾਰੀ ਬਹੁ ਵਚਨ ਦੇ ਅਰਥ ਦਿੰਦੀ ਹੈ; ‘ਘਰਿ’ ਦੇ ‘ਰ’ ਨੂੰ ਲੱਗੀ ਸਿਹਾਰੀ ਅਧਿਕਰਣ ਕਾਰਕ ਦੇ ਤੌਰ ’ਤੇ ਵਰਤੀ ਗਈ ਹੈ, ਜਿਸ ਦਾ ਅਰਥ ਹੈ ‘ਘਰ ਵਿੱਚ’ ਅਤੇ ‘ਮਿਲਿ ਮਿਲਿ’ ਸ਼ਬਦਾਂ ਦੇ ਅੰਤਲੇ ‘ਲ’ ਨੂੰ ਲਗੀ ਸਿਹਾਰੀ ਪੂਰਬ ਪੂਰਨ ਕਾਰਦੰਤਕ ਦੇ ਤੌਰ ’ਤੇ ਅਰਥ ਦਿੰਦੀ ਹੈ ‘ਮਿਲ ਮਿਲ ਕੇ’ ਇਸ ਲਈ ਇਸ ਤੁਕ ਵਿੱਚ ਨਾ ਹੀ ਇਕਿ ਨੂੰ ਇਕੀ ਪੜ੍ਹਿਆ ਜਾ ਸਕਦਾ ਹੈ; ਨਾ ‘ਘਰਿ’ ਨੂੰ ‘ਘਰੀ’ ਅਤੇ ਨਾ ਹੀ ‘ਮਿਲਿ ਮਿਲਿ’ ਨੂੰ ‘ਮਿਲੀ ਮਿਲੀ’।

ਜਵਾਬ ’ਚ ਡਾ. ਹਰਿਭਜਨ ਸਿੰਘ ਨੇ ਕਿਹਾ ਇਨ੍ਹਾਂ ਅੱਖਰਾਂ ਨੂੰ ਹਲਕੀ ‘ਲਾਂ’ ਵਾਙ ਪੜ੍ਹਿਆ ਜਾਵੇ। ਇਸ ਦਾ ਭਾਵ ਇਹ ਹੋਇਆ ਕਿ ਜਿਵੇਂ ਲਿਖਿਆ ਓਵੇਂ ਪੜ੍ਹੇ ਜਾਣ ਦੀ ਰੱਟ ਲਾਉਣ ਵਾਲੇ ਡਾ. ਹਰਿਭਜਨ ਸਿੰਘ ਦੀ ਸਲਾਹ ਵੀ ਨਹੀਂ ਮੰਨਣਗੇ ਕਿਉਂਕਿ ਇਹ ਵੀ ‘ਸਿਹਾਰੀ’ ਨੂੰ ਪ੍ਰਸੰਗ ਅਤੇ ਅਰਥਾਂ ਮੁਤਾਬਕ ਪੜ੍ਹਨ ਦੀ ਸਲਾਹ ਦੇ ਰਹੇ ਹਨ। ਦੂਸਰਾ ਸਵਾਲ ਇਹ ਹੈ ਕਿ ਜੇ ਡਾ. ਹਰਿਭਜਨ ਸਿੰਘ ਲਘੂ ਮਾਤਰਾ ਨੂੰ ਦੀਰਘ ਮਾਤਰਾ ਵਜੋਂ ਪੜ੍ਹੇ ਜਾਣਾ ਦਰੁਸਤ ਮੰਨਦੇ ਹਨ ਤਾਂ ‘ਸਿਹਾਰੀ ਨੂੰ ਬਿਹਾਰੀ’ ’ਚ ਬਦਲੇ ਜਾਣਾ ਤਾਂ ਠੀਕ ਦੀਰਘ ਮਾਤਰਾ ਬਣ ਗਈ ਪਰ ‘ਸਿਹਾਰੀ’ ਦੀ ਦੀਰਘ ਮਾਤਰਾ ‘ਲਾਂ’ ਤਾਂ ਕਦਾਚਿਤ ਨਹੀਂ ਹੈ। ਇਸੇ ਤਰ੍ਹਾਂ ਔਂਕੜ ਦੀ ਦੀਰਘ ਮਾਤਰਾ ਦੁਲੈਂਕੜ ਹੈ, ਨਾ ਕਿ ਹੋੜਾ। ਫਿਰ ਸਾਰੀਆਂ ਮਾਤਰਾਵਾਂ ਬੋਲੇ ਜਾਣ ਦੇ ਹਾਮੀ ‘ਵੀਆਹੁ ਨੂੰ ਵੀਆਹੋ, ਰਾਹੁ ਨੂੰ ਰਾਹੋ, ਮਾਹੁ ਨੂੰ ਮਾਹੋ’ ਕਿਹੜੇ ਨਿਯਮ ਅਧੀਨ ਪੜ੍ਹ ਰਹੇ ਹਨ ਕਿਉਂਕਿ ਇਨ੍ਹਾਂ ਦੇ ਅਰਥ ਤਾਂ ਕਰਮਵਾਰ ‘ਵੀਆਹ, ਰਾਹ, ਮਾਹ’ ਹੀ ਹਨ। ਇਨ੍ਹਾਂ ਦੇ ਅਖੀਰਲੇ ਅੱਖਰ ਨੂੰ ਲੱਗੀ ਔਂਕੜ ਤਾਂ ਇੱਕ ਵਚਨ ਪੁਲਿੰਗ ਸ਼ਬਦਾਂ ਦੇ ਅਰਥ ਦੇਣ ਲਈ ਵਿਆਕਰਣਿਕ ਨਿਯਮਾਂ ਅਨੁਸਾਰ ਲੱਗੀ ਹੈ ਤਾਂ ਇਨ੍ਹਾਂ ਨੂੰ ਬਿਨਾਂ ਔਂਕੜ ਉਚਾਰੇ ਜਾਣ ’ਚ ਕੀ ਹਰਜ਼ ਹੈ ? ਜਿਵੇਂ ਕਿ ‘ਸੁਣਿਐ ਅੰਧੇ ਪਾਵਹਿ ਰਾਹੁ ॥’  (ਜਪੁ) ਵਿੱਚ ਔਂਕੜ ਸਹਿਤ ‘ਰਾਹੁ’ ਇੱਕ ਵਚਨ ਹੈ। ਤੁਕ ਦੇ ਅਰਥ ਹਨ ‘ਨਾਮ ਸੁਣਨ ਨਾਲ ਅੰਧੇ (ਗਿਆਨਹੀਣ) ਮਨੁੱਖ ਵੀ ਪ੍ਰਮਾਤਮਾ ਨੂੰ ਮਿਲਣ ਦਾ ਰਾਹ (ਤਰੀਕਾ) ਲੱਭ ਲੈਂਦੇ ਹਨ’, ਪਰ ‘‘ਰਾਹ ਦੋਵੈ; ਇਕੁ ਜਾਣੈ, ਸੋਈ ਸਿਝਸੀ ’’ (ਮਹਲਾ /੧੪੨) ਵਿੱਚ ਔਂਕੜ ਰਹਿਤ ‘ਰਾਹ’ ਬਹੁ ਵਚਨ ਅਰਥ ਦੇਣ ਲਈ ਹੈ। ਤੁਕ ਦੇ ਅਰਥ ਹਨ (ਮਨੁੱਖ ਜੂਨੀ ਲਈ ਮਾਇਆ ਤੇ ਨਾਮ ਰੂਪੀ) ਦੋ ਰਸਤੇ ਹਨ; (ਇਸ ਜੀਵਨ ’ਚ) ਸਫਲ ਉਹੀ ਹੁੰਦਾ ਹੈ ਜਿਹੜਾ ਦੋਵਾਂ ’ਚੋਂ ਇੱਕ ਪ੍ਰਮਾਤਮਾ ਦੇ ਨਾਮ ਨੂੰ ਚੇਤੇ ਰੱਖਣ ਦਾ ਤਰੀਕਾ (ਰਸਤਾ) ਲੱਭ ਲੈਂਦਾ ਹੈ।

ਗੁਰਬਾਣੀ ਜਿਵੇਂ ਲਿਖੀ ਹੈ ਤਿਵੇਂ ਪੜ੍ਹੀ ਜਾਵੇ ਦਾ ਰੌਲ਼ਾ ਪਾ ਰਹੇ ਵਿਦਵਾਨ ਅਸਲ ਵਿੱਚ ਗੁਰਬਾਣੀ ਵਿਆਕਰਨ ਅਤੇ ਗੁਰਬਾਣੀ ਲਿਖੇ ਜਾਣ ਦੀ ਸ਼ੈਲੀ ਤੋਂ ਅਣਜਾਣ ਹਨ। ਹੋਰਨਾਂ ਦੀ ਤਾਂ ਗੱਲ ਹੀ ਛੱਡੋ ਸਿੱਖੀ ਦੇ ਕੇਂਦਰ ਦਰਬਾਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਦਮਦਮੀ ਟਕਸਾਲ ਦਾ ਵਿਦਿਆਰਥੀ ਹੋਣ ਕਾਰਨ ਉਸ ਨੇ ਸਾਰੇ ਗ੍ਰੰਥੀਆਂ ਨੂੰ ਗਸ਼ਤੀ ਪੱਤਰ ਜਾਰੀ ਕਰ ਵਾਧੂ ਬਿੰਦੀ ਟਿੱਪੀ ਲਾਉਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਗੁਰਬਾਣੀ ਜਿਵੇਂ ਲਿਖੀ ਹੈ ਉਵੇਂ ਹੀ ਸ਼ੁੱਧ ਪਾਠ ਕੀਤਾ ਜਾਵੇ। ਇਸ ਲਈ ਟੀਵੀ ਚੈੱਨਲ ’ਤੇ ਪਰਸਾਰਤ ਹੋਣ ਵਾਲੇ ਪ੍ਰੋਗਰਾਮਾਂ ’ਚ ਬਿੰਦੀ ਟਿੱਪੀ ਲਾਉਣ ਤੋਂ ਬਹੁਤ ਸੰਕੋਚ ਕਰਦੇ ਗ੍ਰੰਥੀ ‘‘ਸਿਧਾ ਪੁਰਖਾ ਕੀਆ ਵਡਿਆਈਆ ’’ (ਸੋ ਦਰੁ/ਮਹਲਾ /) ਨੂੰ ਅੰਤਲਾ ਕੰਨਾ ਬਿਨਾਂ ਬਿੰਦੀ ਬੜਾ ਘੋਟ ਘੋਟ ਕੇ ਪਾਠ ਕਰਦੇ ਆਪਣੇ ਜਣੇ ਸ਼ੁੱਧ ਪਾਠ ਕਰ ਰਹੇ ਹੁੰਦੇ ਹਨ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਹੀ ਸ਼ਬਦ ਮੁੜ ਆਸਾ ਰਾਗ ’ਚ ਪਾਵਨ ਅੰਕ ੩੪੯ ’ਤੇ ਦਰਜ ਹੈ; ਜਿਸ ਵਿੱਚ ‘ਵਡਿਆਈਆਂ’ ਦਾ ਅੰਤਲਾ ਅੱਖਰ ‘ਆ’ ਕੰਨਾਂ ਬਿੰਦੀ ਸਹਿਤ ਆਇਆ ਹੈ। ਇਸੇ ਸ਼ਬਦ ਨੂੰ ਰਹਰਾਸਿ ’ਚ ਬਿਨਾਂ ਬਿੰਦੀ ਪਾਠ ਕਰਨ ਵਾਲੇ ਪਾਠੀ ਦੱਸਣ ਕਿ ਇਨ੍ਹਾਂ ਦੋਵਾਂ ’ਚੋਂ ਕਿਹੜੀ ਤੁਕ ਦਾ ਅਸਰ ਉਹ ਵੱਧ ਜਾਂ ਘੱਟ ਸਮਝਦੇ ਹਨ। ਗੁਰਦੁਆਰਾ ਕਰਮਸਰ ਰਾੜਾ, ਜ਼ਿਲ੍ਹਾ ਲੁਧਿਆਣਾ ਵੱਲੋਂ ‘ਈਸ਼ਰ ਮਾਈਕਰੋ ਮੀਡਿਆ’ ਗੁਰਬਾਣੀ ਸਰਚਰ ਨਾਮ ਦਾ ਇੱਕ ਤਾਕਤਵਰ ਇੰਜਨ ਤਿਆਰ ਕੀਤਾ ਹੈ, ਜਿਸ ਨੂੰ ਸ਼੍ਰੋਮਣੀ ਕਮੇਟੀ ਦੀ ਪਰਵਾਨਗੀ ਹੈ। ਇਸ ਵਿੱਚ ‘ਪਾਠ ਬੋਧ’ ਸਿਰਲੇਖ ਹੇਠ ਅੰਕ ੯ ਅਤੇ ੩੪੯ ਦੋਵਾਂ ਥਾਵਾਂ ’ਤੇ ਇਸ ਤੁਕ ਦੇ ਤਿੰਨੇ ਸ਼ਬਦਾਂ ‘ਸਿਧਾਂ, ਪੁਰਖਾਂ, ਵਡਿਆਈਆਂ’ ਨੂੰ ਅੰਤ ਕੰਨਾ; ਬਿੰਦੀ ਸਹਿਤ ਉਚਾਰਨ ਦੀ ਸੇਧ ਦਿੱਤੀ ਹੈ। ਇਸ ਦਾ ਭਾਵ ਹੈ ਕਿ ਉਚਾਰਨ ਪੱਖੋਂ ‘ਰਾੜਾ ਸੰਸਥਾ’ ਵਾਲੇ ਵੀ ਮਿਸ਼ਨਰੀ ਪ੍ਰਚਾਰਕਾਂ ਨਾਲ ਲਗਭਗ ਸਹਿਮਤ ਹਨ।

ਲੋੜ ਅਨੁਸਾਰ ‘ਬਿੰਦੀ, ਟਿੱਪੀ’ ਸਹਿਤ ਨਾਸਕੀ ਉਚਾਰਨ ਕਰਨ ਵਾਲਿਆਂ ਨੂੰ ਸਾਕਤ, ਗੁਰੂ ਨਿੰਦਕ ਅਤੇ ਕਾਮਰੇਡ ਆਦਿਕ ਲਕਬ ਦੇਣ ਵਾਲੇ ਵਿਦਵਾਨ ਅਤੇ ਦਰਬਾਰ ਸਾਹਿਬ ਦੇ ਮੌਜੂਦਾ ਮੁੱਖ ਗ੍ਰੰਥੀ ਨੂੰ ਕਦੀ ਨਹੀਂ ਵੇਖਿਆ ਗਿਆ ਕਿ ਉਹ ਗਲਤ ਥਾਵਾਂ ’ਤੇ ਵਿਸਰਾਮ ਦੇ ਕੇ ਅਰਥਾਂ ਦੇ ਅਨਰਥ ਕਰਨ ਵਾਲਿਆਂ ਨੂੰ ਅਜਿਹੇ ਲਕਬ ਦਿੰਦੇ ਹੋਣ। ਦਰਬਾਰ ਸਾਹਿਬ ਤੋਂ ਚੈੱਨਲ ’ਤੇ ਪ੍ਰਸਾਰਤ ਹੋ ਰਹੇ ਪਾਠ ਅਤੇ ਸ਼ਬਦ ਕੀਰਤਨ ’ਚੋਂ ਹੇਠਾਂ ਕੁਝ ਉਦਾਹਰਣਾਂ ਦਿੱਤੀਆਂ ਜਾ ਰਹੀਆਂ ਹਨ, ਜਿੱਥੇ ਉਹ ਗਲਤ ਥਾਵਾਂ ’ਤੇ ਵਿਸਰਾਮ ਲਾ ਕੇ ਅਰਥਾਂ ਦੇ ਅਨਰਥ ਕਰ ਰਹੇ ਹਨ :

  1. ਹਰਿ ਬੁਝਨਿ ਨਾਹੀ; ਹਾਰਿਆ ॥ ਪ੍ਰਸੰਗ ਅਨੁਸਾਰ ਅਰਥ ਬਣਦੇ ਹਨ: ਜੋ ਮਨੁੱਖ ਹਰੀ ਪ੍ਰਮਾਤਮਾ ਨੂੰ ਨਹੀਂ ਸਮਝਦੇ ਉਹ ਜੀਵਨ ਬਾਜ਼ੀ ਹਾਰ ਜਾਂਦੇ ਹਨ ਇਸ ਲਈ ਵਿਸਰਾਮ ਚਾਹੀਦਾ ਹੈ ‘ਨਾਹੀ’ ਤੋਂ ਬਾਅਦ, ਪਰ ਵਿਸਰਾਮ ਅਯੋਗ ਥਾਂ ਭਾਵ ‘ਬੁਝਨਿ’ ਤੋਂ ਬਾਅਦ ਲਾ ਕੇ ਅਰਥਾਂ ਦੇ ਅਨਰਥ ਬਣ ਜਾਣਗੇ: ਜੋ ਹਰੀ ਨੂੰ ਬੁਝਦੇ ਹਨ; ਉਹ ਆਪਣੇ ਜੀਵਨ ਦੀ ਬਾਜ਼ੀ ਨਹੀਂ ਹਾਰਦੇ ਜਦੋਂ ਕਿ ਸਾਰੀ ਪਉੜੀ ਦੇ ਅਰਥ ਵੀਚਾਰਨ ਤੋਂ ਸਮਝ ਲੱਗ ਜਾਂਦੀ ਹੈ ਕਿ ਇਹ ਅਰਥ ਢੁੱਕਵੇਂ ਨਹੀਂ ਹਨ।
  2. ਗੋਹੇ ਅਤੈ ਲਕੜੀ ਅੰਦਰਿ; ਕੀੜਾ ਹੋਇ ॥ ਕੀੜਾ ਕਿੱਥੇ ਹੁੰਦਾ ਹੈ ? ਗੋਹੇ ਅਤੇ ਲਕੜੀ ਅੰਦਰ। ਇਸ ਲਈ ਵਿਸਰਾਮ ‘ਅੰਦਰਿ’ ਤੋਂ ਬਾਅਦ ਚਾਹੀਦਾ ਹੈ ਪਰ ਬਹੁਤੇ ਰਾਗੀ ਸਿੰਘ ‘ਲਕੜੀ’ ਤੋਂ ਬਾਅਦ ਵਿਸਰਾਮ ਲਾ ਕੇ ‘ਅੰਦਰਿ ਕੀੜਾ ਹੋਇ॥’ ਇਕੱਠਾ ਪਾਠ ਕਰਦੇ ਹਨ, ਜਿਸ ਨਾਲ ਸਰੋਤੇ ਨਹੀਂ ਸਮਝ ਸਕਦੇ ਕਿ ਕੀੜਾ ਕਿਸ ਅੰਦਰ ਹੁੰਦਾ ਹੈ ?
  3. ਮਨ ਮਹਿ, ਰਾਮ ਨਾਮਾ ਜਾਪਿ ॥ ‘ਮਨ’ ਤੋਂ ਬਾਅਦ ਸੰਬੰਧਕੀ ਸ਼ਬਦ ‘ਮਹਿ’ ਆਉਣ ਸਦਕਾ ‘ਮਨ’ ਅੰਤ ਮੁਕਤਾ ਆਇਆ ਹੈ। ਇਸੇ ਤਰ੍ਹਾਂ ‘ਰਾਮ’ ਦਾ ‘ਮ’ ਮੁਕਤਾ ਹੋਣ ਤੋਂ ਸੰਕੇਤ ਇਹੀ ਮਿਲਦਾ ਹੈ ਕਿ ਇਸ ਤੋਂ ਬਾਅਦ ਲੁਪਤ ਰੂਪ ’ਚ ਸੰਬੰਧਕੀ ਸ਼ਬਦ ‘ਦਾ’ ਆਵੇਗਾ, ਜੋ ‘ਨਾਮਾ’ ਦਾ ਸੰਬੰਧ ‘ਰਾਮ’ ਨਾਲ ਜੋੜੇਗਾ ਭਾਵ ‘ਰਾਮ ਦਾ ਨਾਮ’। ਇਸ ਕਾਰਨ ਵਿਸਰਾਮ ‘ਰਾਮ’ ਤੋਂ ਬਾਅਦ ਦੇਣਾ ਗਲਤ ਹੈ। ਜੇ ‘ਰਾਮ’ ਤੋਂ ਬਾਅਦ ਵਿਸਰਾਮ ਆਉਣਾ ਹੁੰਦਾ ਤਾਂ ਇਹ ਅੰਤ ਮੁਕਤਾ ਹੋਣ ਦੀ ਬਜਾਏ ਔਂਕੜ ਸਹਿਤ ਹੁੰਦਾ (ਮਨ ਮਹਿ ਰਾਮੁ)। ਸਹੀ ਥਾਂ ’ਤੇ ਵਿਸਰਾਮ ਦੇ ਕੇ ਅਰਥ ਬਣਦੇ ਹਨ ‘ਮਨ ਤੋਂ ਰਾਮ ਦਾ ਨਾਮ ਜਪ’, ਪਰ ‘ਰਾਮ’ ਤੋਂ ਬਾਅਦ ਵਿਸਰਾਮ ਦੇਣ ਨਾਲ ਇਸ ਦਾ ਸਬੰਧ ‘ਨਾਮਾ’ ਨਾਲੋਂ ਟੁੱਟ ਗਿਆ ਇਸ ਲਈ ਪਤਾ ਨਹੀਂ ਚੱਲੇਗਾ ਕਿ ‘ਨਾਮ’ ਕਿਸ ਦਾ ਜਪਣਾ ਹੈ ?
  4. ਨਾਨਕ ! ਤੇ ਮੁਖ ਉਜਲੇ ; ਕੇਤੀ ਛੁਟੀ ਨਾਲਿ ॥ ਇਸ ਤੁਕ ’ਚ ‘ਨਾਨਕ’ ਪਦ ਗੁਰਬਾਣੀ ਰਚਨਹਾਰ ਦੀ ਮੋਹਰਛਾਪ ਵਜੋਂ ਵਰਤਿਆ ਗਿਆ ਹੈ, ਜਿਸ ਦਾ ਅੰਤਲਾ ‘ਕ’ ਮੁਕਤਾ ਹੋਣ ਕਰਕੇ ਇਹ ਸੰਬੋਧਨ ਰੂਪ ’ਚ ਹੈ ਭਾਵ ਗੁਰੂ ਨਾਨਕ ਸਾਹਿਬ ਜੀ ਸਾਨੂੰ ਸਿੱਖਿਆ ਦੇਣ ਲਈ ਆਪਣੇ ਆਪ ਨੂੰ ਸੰਬੋਧਨ ਕਰ ਲਿਖ ਰਹੇ ਹਨ ਕਿ ‘ਹੇ ਨਾਨਕ ! ਜਿਨ੍ਹਾਂ ਨੇ ਨਾਮ ਧਿਆਇਆ ਉਨ੍ਹਾਂ ਦੇ ਮੂੰਹ ਰੱਬੀ ਦਰਗਾਹ ’ਚ ਰੌਸ਼ਨ ਹੋ ਗਏ ਅਤੇ ਉਨ੍ਹਾਂ ਨਾਲ ਕਿੰਨੇ ਹੋਰ ਭੀ ਮਾਇਆ ਬੰਧਨਾ ਤੋਂ ਛੁੱਟ ਗਏ।’ ਸੰਬੋਧਨ ’ਚ ਹੋਣ ਕਰਕੇ ‘ਨਾਨਕ’ ਤੋਂ ਬਾਅਦ ਵਿਸਰਾਮ ਚਾਹੀਦਾ ਹੈ, ਪਰ ਬਹੁਤੇ ਪਾਠੀ ਅਤੇ ਕੀਰਤਨੀਏ ਪਾਠ ਕਰਦੇ ਹਨ ‘‘ਨਾਨਕ ਤੇ ਮੁਖ ਉਜਲੇ’’ ਜਦਕਿ ਇਉਂ ਅਰਥ ਬਣ ਜਾਂਦਾ ਹੈ ਕਿ ‘ਨਾਨਕ ਨਾਲੋਂ ਮੁੱਖ ਰੌਸ਼ਨ ਹੋ ਗਏ।’ ਇਹ ਅਰਥਾਂ ਦਾ ਅਨਰਥ ਹੈ।
  5. ਏਹ ਵੈਰੀ, ਮਿਤ੍ਰ ਸਭਿ ਕੀਤਿਆ; ਨਹ ਮੰਗਹਿ ਮੰਦਾ ॥ ਯਾਨੀ ਸਭ ਵੈਰੀ; ਮੇਰੇ ਮਿੱਤਰ ਬਣਾ ਦਿੱਤੇ, ਇਸ ਲਈ ਹੁਣ ਇਹ ਮੇਰਾ ਬੁਰਾ ਨਹੀਂ ਲੋਚਦੇ, ਪਰ ਜਦੋਂ ਵਿਸਰਾਮ ‘ਵੈਰੀ’ ’ਤੇ ਲਗਾਉਣ ਦੀ ਬਜਾਏ ‘ਵੈਰੀ ਮਿਤ੍ਰ’ ਇਕੱਠਾ ਪਾਠ ਕਰ ਦਿੱਤਾ ਜਾਂਦਾ ਹੈ ਤਾਂ ਕੁਝ ਪਤਾ ਨਹੀਂ ਲੱਗਦਾ ਕਿ ਕਿਸ ਨੂੰ ਕੀ ਬਣਾ ਦਿੱਤਾ ?
  6. ਭਗਤ, ਤੇਰੈ ਮਨਿ ਭਾਵਦੇ ; ਦਰਿ ਸੋਹਨਿ ਕੀਰਤਿ ਗਾਵਦੇ ॥ ਇਸ ਤੁਕ ’ਚ ‘ਭਗਤ’ ਸ਼ਬਦ ਬਹੁ ਵਚਨ ਹੋਣ ਕਰਕੇ ਮੁਕਤਾ ਅੰਤ ਆਇਆ ਹੈ, ਨਾ ਕਿ ਲੁਪਤ ਸੰਬੰਧਕੀ ਕਾਰਕ ਹੋਣ ਕਰਕੇ। ਜਦੋਂ ਇੱਕ ਨਾਂਵ ਸ਼ਬਦ ਦੂਸਰੇ ਨਾਂਵ ਜਾਂ ਪੜਨਾਂਵ ਦੇ ਬਿਲਕੁਲ ਨਾਲ ਹੀ ਆਵੇ ਅਤੇ ਉਹ ਦੋਵੇਂ ਨਾਂਵ ਜਾਂ ਪੜਨਾਂਵ ਅੰਤ ‘ਸਿਹਾਰੀ’ ਜਾਂ ਅੰਤ ‘ਦੁਲਾਵਾਂ’ ਸਹਿਤ ਹੋਣ ਜਾਂ ਉਨ੍ਹਾਂ ਦੋਵਾਂ ’ਚੋਂ ਇੱਕ ਦੁਲਾਵਾਂ ਨਾਲ ਤੇ ਦੂਜਾ ਅੰਤ ਸਿਹਾਰੀ ਨਾਲ ਹੋਵੇ ਤਾਂ ਉਹ ਦੋਵੇਂ ਅਧਿਕਰਣ ਕਾਰਕ ’ਚ ਹੁੰਦੇ ਹਨ; ਜਿਵੇਂ ਕਿ ‘ਤੇਰੈ ਮਨਿ’ ਅਰਥ ਬਣਨਗੇ ‘ਤੇਰੇ ਮਨ ਵਿੱਚ’ ਇਨ੍ਹਾਂ ਦੋਵਾਂ ਦਾ ਇਕੱਠਾ ਪਾਠ ਹੋਵੇਗਾ। ਕਦੀ ਵੀ ਦੋਵਾਂ ਦੇ ਵਿਚਕਾਰ ਵਿਸਰਾਮ ਨਹੀਂ ਲੱਗ ਸਕਦਾ। ਸੋ ਇੱਥੇ ਬਿਨਾਂ ਵਿਸਰਾਮ ਪਾਠ ਕੀਤਿਆਂ ਪੂਰੀ ਤੁਕ ਦੇ ਅਰਥ ਹੋਣਗੇ ‘ਹੇ ਪ੍ਰਭੂ ! (ਜਿਹੜੇ) ਭਗਤ ਤੇਰੇ ਦਰ ’ਤੇ ਤੇਰੀ ਸਿਫਤ ਸਲਾਹ ਕਰ ਰਹੇ ਹਨ; (ਉਹ) ਤੈਨੂੰ ਤੇਰੇ ਮਨ ਵਿੱਚ ਚੰਗੇ ਲਗਦੇ ਹਨ’। ਪਰ ਆਮ ਦੇਖਿਆ ਗਿਆ ਹੈ ਕਿ ਪਾਠੀ/ਰਾਗੀ ‘ਤੇਰੈ’ ਤੋਂ ਬਾਅਦ ਵਿਸਰਾਮ ਲਾ ਕੇ ਪਾਠ ਕਰਦੇ ਹਨ ਫਿਰ ਕੋਈ ਪਤਾ ਨਹੀਂ ਲੱਗਦਾ ਕਿ ‘ਤੇਰੇ ਭਗਤ’ ਹੈ ਜਾਂ ‘ਤੇਰੇ ਮਨ’ ਹੈ ਯਾਨੀ ਕਿਸ ਦੇ ਮਨ ਵਿੱਚ ਚੰਗੇ ਲੱਗਦੇ ਹਨ, ਭੁਲੇਖਾ ਪੈਦਾ ਹੋ ਜਾਂਦਾ ਹੈ।
  7. ਜਿਉ ਭਾਵੈ, ਤਿਉ ਰਾਖਿ ਲੈ; ਹਮ, ਸਰਣਿ, ਪ੍ਰਭ ! ਆਏ ਰਾਮ ਰਾਜੇ ॥ ਇਸ ਤੁਕ ’ਚ ‘ਪ੍ਰਭ’ ਅੰਤ ਮੁਕਤਾ ਹੋਣ ਕਰਕੇ ਸੰਬੋਧਨ ਕਾਰਕ ’ਚ ਹੈ ਅਤੇ ਇੱਥੇ ਸੰਬੋਧਨੀ ਵਿਸਰਾਮ ਦੇਣਾ ਜ਼ਰੂਰੀ ਹੈ। ਇਸ ਤੁਕ ਦੇ ਅਨਵੈ ਅਰਥ ਹੋਣ ਕਰਕੇ ਇਸ ਤੋਂ ਪਹਿਲਾਂ ਵੀ ਵਿਸਰਾਮ ਲੱਗਣਾ ਜ਼ਰੂਰੀ ਹੈ। ਉਪਰੋਕਤ ਦੀ ਤਰ੍ਹਾਂ ਸਾਰੇ ਵਿਸਰਾਮ ਦੇ ਕੇ ਸਹੀ ਅਰਥ ਬਣਨਗੇ : ਹੇ ਪ੍ਰਭੂ ! ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਉਸੇ ਤਰ੍ਹਾਂ ਰੱਖ ਲੈ। ਪਰ ਅਣਗਹਿਲੀ ’ਚ ‘ਹਮ’ ਅਤੇ ‘ਪ੍ਰਭ’ ਤੋਂ ਬਾਅਦ ਵਿਸਰਾਮ ਦੇਣ ਦੀ ਬਜਾਏ ‘ਹਮ ਸਰਣਿ’ ਇਕੱਠਾ ਪਾਠ ਕੀਤਾ ਜਾਂਦਾ ਹੈ। ਇਸ ਤਰ੍ਹਾਂ ਗਲਤ ਵਿਸਰਾਮ ਦੇਣ ਨਾਲ ਅਰਥਾਂ ਦੇ ਅਨਰਥ ਹੋ ਜਾਂਦੇ ਹਨ ਕਿਉਂਕਿ ਸਾਰੀ ਤੁਕ ਦੇ ਅਰਥ ਬਣ ਜਾਣਗੇ ‘ਸਾਡੀ ਸ਼ਰਨ ਵਿੱਚ ਪ੍ਰਭੂ ਜੀ ਆ ਗਏ।’
  8. ਕਪੜੁ ਰੂਪੁ ਸੁਹਾਵਣਾ; ਛਡਿ ਦੁਨੀਆ ਅੰਦਰਿ, ਜਾਵਣਾ ॥ ਇਸ ਤੁਕ ਵਿੱਚ ਵਿਖਾਏ ਗਏ ਸਹੀ ਥਾਂ ਵਿਸਰਾਮ ਦੇਣ ਨਾਲ ਅਰਥ ਬਣ ਜਾਣਗੇ ਇਹ ‘ਸੋਹਣਾ ਸਰੀਰ, ਸੋਹਣਾ ਰੂਪ (ਇਸੇ ਜਗਤ ਵਿਚ) ਛੱਡ ਕੇ (ਜੀਵਾਂ ਨੇ) ਤੁਰ ਜਾਣਾ ਹੈ।’, ਪਰ ਜੇ ‘ਸੁਹਾਵਣਾ ਅਤੇ ‘ਅੰਦਰਿ’ ਤੋਂ ਬਾਅਦ ਵਿਸਰਾਮ ਨਾ ਦੇ ਕੇ ਪਾਠ ਕਰੀਏ ‘ਦੁਨੀਆ ਅੰਦਰਿ ਜਾਵਣਾ ॥’; ਇਸ ਦੇ ਅਰਥ ਬਣ ਜਾਣਗੇ ‘ਇਹ ਸੋਹਣਾ ਸਰੀਰ ਤੇ ਸੋਹਣਾ ਰੂਪ ਛੱਡ ਕੇ (ਜੀਵਾਂ ਨੇ) ਦੁਨੀਆਂ ਅੰਦਰ ਤੁਰ ਜਾਣਾ ਹੈ। ਇਹ ਗੁਰਮਤਿ ਅਤੇ ਕੁਦਰਤੀ ਨਿਯਮਾਂ ਦੇ ਵਿਰੁੱਧ ਅਰਥ ਹਨ ਕਿਉਂਕਿ ਦੁਨੀਆਂ ਵਿੱਚ ਤਾਂ ਜੀਵ ਵਿਚਰ ਹੀ ਰਹੇ ਹੁੰਦੇ ਹਨ ਅਗਾਂਹ ਤਾਂ ਮਰਨਾ ਹੀ ਹੋਣਾ ਹੈ।
  9. ਹਰਿ ਸੁਜਾਣੁ, ਨ ਭੁਲਈ ; ਮੇਰੇ ਗੋਵਿੰਦਾ ! ਆਪੇ ਸਤਿਗੁਰੁ ਜੋਗੀ ਜੀਉ ॥ ਦਰਸਾਏ ਗਏ ਸਹੀ ਵਿਸਰਾਮ ਨਾਲ ਅਰਥ ਬਣਦੇ ਹਨ ‘ਹੇ ਮੇਰੇ ਗੋਬਿੰਦ ! ਤੂੰ ਸਿਆਣਾ ਹੈ, ਨਾ ਕਿ ਭੁੱਲਣਹਾਰ। ਆਪ ਹੀ ਸਭ ਨੂੰ ਆਪਣੇ ਨਾਲ ਜੋੜਨ ਵਾਲ਼ਾ ਸੱਚਾ ਸਤਿਗੁਰੂ ਰੂਪ ਹੋ। ਪਰ ਜੇ ਵਿਸਰਾਮ ‘ਸੁਜਾਣੁ ਦੀ ਥਾਂ ‘ਨ’ ’ਤੇ ਲਾ ਦਿੱਤਾ ਜਾਵੇ ਤਾਂ ਅਰਥ ਬਣਨਗੇ ‘ਪ੍ਰਭੂ ਸਿਆਣਾ ਨਹੀਂ, ਭੁੱਲਣਹਾਰ ਹੈ’; ਇਹ ਅਰਥਾਂ ਦਾ ਅਨਰਥ ਹੋਵੇਗਾ, ਜੋ ਅਕਸਰ ਗਲਤ ਪਾਠ ਕਰਦਿਆਂ ਵੇਖਣ ਨੂੰ ਮਿਲਦਾ ਹੈ।

ਸੋ ਉਪਰੋਕਤ ਕੇਵਲ ਨਾ ਮਾਤਰ ਉਦਾਹਰਨਾਂ ਹਨ, ਵੈਸੇ ਇਸ ਤਰ੍ਹਾਂ ਦੀਆਂ ਸੈਂਕੜੇ ਗਲਤੀਆਂ ਰੋਜ਼ਾਨਾ ਹੁੰਦੀਆਂ ਵੇਖੀਦੀਆਂ ਹਨ। ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸਮੇਤ ਸ਼੍ਰੋਮਣੀ ਕਮੇਟੀ ਨੂੰ ਭੀ ਚਾਹੀਦਾ ਹੈ ਕਿ ਨਾਸਕੀ ਉਚਾਰਨ ਕਰਨ ਵਾਲਿਆਂ ਨੂੰ ਕੇਵਲ ਸਾਕਤ, ਗੁਰੂ ਨਿੰਦਕ, ਅਸ਼ੁੱਧ ਪਾਠੀ, ਅਵਿਗਿਆਨੀ ਆਦਿ ਕਹਿਣ ਦੀ ਬਜਾਇ ਗੁਰਬਾਣੀ ਵਿਆਕਰਨ ਨਿਯਮਾਂ ਨੂੰ ਸਮਝ ਕੇ ਕੀਤੇ ਜਾ ਰਹੇ ਸ਼ੁੱਧ ਉਚਾਰਨ ਦੀ ਮਹੱਤਤਾ ਨੂੰ ਸਮਝਣ, ਨਾ ਕਿ ਸ਼ੁੱਧ ਪਾਠ ਕਰਨ ਵਾਲਿਆਂ ਦਾ ਵਿਰੋਧ ਕਰਨ। ਸ਼ੁੱਧ ਪਾਠ ਹੀ ਗੁਰਬਾਣੀ ਦੇ ਭਾਵਾਰਥਾਂ ਨੂੰ ਸਪਸ਼ਟ ਕਰਦਾ ਹੈ ਤਾਂ ਜੋ ਅਯੋਗ ਥਾਂਵਾਂ ’ਤੇ ਵਿਸਰਾਮ ਲਗਾ ਕੇ ਆਪਣੇ ਆਪ ਨੂੰ ਅਗਿਆਨੀ ਪ੍ਰਤੀਤ ਨਾ ਹੋਣਾ ਪਵੇ।

ਕੀ ਗੁਰੂ ਨਾਨਕ ਸਾਹਿਬ ਦਾ ਧਰਮ; ਕੇਵਲ ਇਨਸਾਨੀਅਤ ਧਰਮ ਹੈ ?

0

ਕੀ ਗੁਰੂ ਨਾਨਕ ਸਾਹਿਬ ਦਾ ਧਰਮ; ਕੇਵਲ ਇਨਸਾਨੀਅਤ ਧਰਮ ਹੈ ?

ਗਿਆਨੀ ਅਵਤਾਰ ਸਿੰਘ

ਦਿਮਾਗ਼ੀ ਗਿਆਨ ਦੇ ਮੁਕਾਬਲੇ ਗੁਰਬਾਣੀ ਦਾ ਅਨੁਭਵੀ ਗਿਆਨ; ਬੜਾ ਉੱਚਾ-ਸੁੱਚਾ ਤੇ ਨਿਰਮਲ ਹੈ। ਇਸ ਨੂੰ ਗ੍ਰਹਿਣ ਕਰਨ ਲਈ ਬੰਦੇ ਨੂੰ ਆਪਣੇ ਅਨੁਭਵ ਦਾ ਸਹਾਰਾ ਲੈਣਾ ਪੈਣਾ ਹੈ ਯਾਨੀ ਗੁਰਬਾਣੀ ਮੁਤਾਬਕ ਥੋੜ੍ਹੀ ਬਹੁਤ ਪਹਿਲਾਂ ਕੀਤੀ ਕਮਾਈ ਹੀ ਅਗਲੀ ਪਉੜੀ ਦੇ ਅਨੁਭਵੀ ਗਿਆਨ ਨੂੰ ਸਮਝਣ ਅਤੇ ਉਸ ਨੂੰ ਕਮਾਉਣ ’ਚ ਮਦਦ ਕਰਦੀ ਹੈ। ਧਾਰਮਿਕ ਦ੍ਰਿਸ਼ਟੀਕੋਣ ਤੋਂ ਦਿਮਾਗ਼ੀ ਗਿਆਨ ਬੜਾ ਖ਼ੁਸ਼ਕ ਪ੍ਰਤੀਤ ਹੁੰਦੈ ਕਿਉਂਕਿ ਇਹ, ਅਨੁਭਵ ਗਿਆਨ ਨੂੰ ਦਿਮਾਗ਼ੀ ਪੈਮਾਨੇ ਨਾਲ਼ ਨਾਪਦੈ, ਦਿਮਾਗ਼ੀ ਗਿਆਨ ਵਾਙ ਵਾਚਦੈ, ਜਿਸ ਨੂੰ ਪ੍ਰਗਟ ਕਰਨ ਲਈ ਗੁਰੂ ਸਾਹਿਬਾਨ ਨੇ ਕਸ਼ਟ ਸਹਾਰ-ਸਹਾਰ ਮਨੁੱਖਤਾ ’ਤੇ ਉਪਕਾਰ ਕੀਤਾ ਹੈ।

ਅੱਜ ਸਾਇੰਸ ਯੁੱਗ ਹੈ। ਹਰ ਬੱਚਾ; ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ’ਚ ਪਹੁੰਚ ਕੇ ਤਰਕ ਭਰਪੂਰ ਗੱਲਾਂ ਸੁਣਦੈ। ਬੱਚਿਆਂ ਅੰਦਰ ਧਰਮ ਬਾਰੇ ਭੀ ਕਈ ਸੰਦੇਹ, ਕਈ ਸਵਾਲ ਉਪਜਦੇ ਰਹਿੰਦੇ ਹਨ। ਪਿੱਛੇ ਜਿਹੇ ਇੱਕ ਬੱਚੇ ਨੇ ਪੁੱਛਿਆ ਕਿ ਜਦ ਸੰਸਾਰ ’ਚ ਪਹਿਲਾਂ ਹੀ ਐਨੇ ਧਰਮ ਹਨ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਹੋਰ ਨਵਾਂ ਧਰਮ ਕਿਉਂ ਚਲਾਇਆ ? ਜਵਾਬ ਦਿੰਦਿਆਂ ਪ੍ਰਚਾਰਕ ਸੱਜਣ ਨੇ ਕਿਹਾ ਕਿ ਗੁਰੂ ਜੀ ਨੇ ਨਵਾਂ ਧਰਮ ਨਹੀਂ ਚਲਾਇਆ ਬਲਕਿ ਗੁਰੂ ਜੀ ਦਾ ਧਰਮ; ਇਨਸਾਨੀਅਤ ਹੈ। ਇਸ ਜਵਾਬ ਤੋਂ ਜਾਪਦੈ ਕਿ ਸ਼ਾਇਦ ਇਸ ਸੱਜਣ ਮੁਤਾਬਕ ਬਾਕੀ ਧਰਮਾਂ ’ਚ ਇਨਸਾਨੀਅਤ ਨਹੀਂ ਹੈ। ਅਜਿਹੇ ਹੀ ਵਿਚਾਰ ਇੱਕ ਹੋਰ ਪ੍ਰਸਿੱਧ ਸਿੱਖ ਪ੍ਰਚਾਰਕ ਨੇ ਰੱਖੇ, ਜਿਸ ਉਪਰੰਤ ਕੁੱਝ ਸਮਝਦਾਰ ਸਿੱਖਾਂ ਵੱਲੋਂ ਸਵਾਲ ਉਠਾਏ ਗਏ ਤਾਂ ਉਸ ਨੇ ਇੱਕ ਵੀਡੀਓ ਜਾਰੀ ਕਰ ਕਿਹਾ ਕਿ ਜੇਕਰ ਮੈ ਗ਼ਲਤ ਹਾਂ ਤਾਂ ਉਹ (ਜਿਸ ਨੇ ਪਹਿਲਾਂ ਐਸਾ ਜਵਾਬ ਦਿੱਤੈ) ਠੀਕ ਕਿਵੇਂ ਹੋ ਸਕਦੈ ? ਸੋ ਵੈਸੇ ਭਾਵੇਂ ਪ੍ਰਚਾਰਕਾਂ ਦੇ ਆਪਸੀ ਮਤਭੇਦ ਹੋਣ, ਪਰ ਸੰਗਤ ਦੇ ਸਵਾਲਾਂ ਦਾ ਸਾਮ੍ਹਣਾ ਕਰਨ ਤੋਂ ਬਚਣ ਲਈ ਆਪਣੇ ਤੋਂ ਭਿੰਨ ਵਿਚਾਰ ਰੱਖਣ ਵਾਲ਼ੇ ਦੇ ਪਿੱਛੇ ਭੀ ਛੁਪਣਾ ਪ੍ਰਚਾਰਕਾਂ ਨੇ ਸਿੱਖ ਲਿਆ ਹੈ।

ਗੁਰਬਾਣੀ ਦੇ ਹਰ ਨੁਕਤੇ ’ਤੇ ਆਪਣੇ ਵਿਚਾਰ ਸਿੱਖ-ਸੰਗਤਾਂ ’ਚ ਰੱਖਦਿਆਂ ਬੁਲਾਰੇ ਅੰਦਰ ਸਤਿਗੁਰੂ ਦਾ ਡਰ-ਅਦਬ ਹੋਣਾ ਜ਼ਰੂਰੀ ਹੈ ਤਾਂ ਜੋ ਸਰੋਤਿਆਂ ਦੇ ਮਨਾਂ ਅੰਦਰ ਭੀ ਗੁਰੂ ਪ੍ਰਤੀ ਭੈ-ਭਾਵਨੀ ਵਿਕਸਿਤ ਹੋਵੇ। ਮਨਮਤੀ ਬੋਲ; ਰੂਹਾਨੀਅਤ ਮਾਰਗ ’ਚ ਦੁਬਿਧਾ ਰੂਪ ਪੱਥਰ ਖਿਲਾਰਦੇ ਹਨ। ਸੰਗਤ ਦੇ ਸਵਾਲਾਂ ਦਾ ਜਵਾਬ ਗੁਰਬਾਣੀ ਰਾਹੀਂ ਦੇਣਾ ਬਣਦੈ, ਨਾ ਕਿ ਮਨਮਤ ਨਾਲ਼। ਇਸ ਰੋਗ ਨੇ ਸਿੱਖਾਂ ਅੰਦਰ ਕਈ ਧੜੇ ਬਣਾ ਦਿੱਤੇ ਹਨ। ਛੋਟਾ ਜਿਹਾ ਮਸਲਾ ਸੋਸ਼ਲ ਮੀਡੀਆ ’ਤੇ ਵਿਕਰਾਲ ਰੂਪ ਧਾਰ ਲੈਂਦੈ ਤਾਂ ਤੇ ਗੁਰੂ ਨਾਨਕ ਸਾਹਿਬ ਦੇ ਵਿਲੱਖਣ ਧਰਮ ਨੂੰ ਵਿਚਾਰਨਾ ਲਾਜ਼ਮੀ ਹੈ।

‘ਧਰਮ’; ਸੰਸਕ੍ਰਿਤ ਦਾ ਸ਼ਬਦ ਹੈ। ਇਸ ਦੇ ਕਈ ਅਰਥ ਹਨ, ਪਰ ਮੂਲ ਅਰਥ ਹੈ ‘ਧਾਰਨ ਕਰਨਾ, ਗ੍ਰਹਿਣ ਕਰਨਾ, ਅਪਣਾਉਣਾ’; ਜਿਵੇਂ ਸੰਸਾਰ ਨੂੰ ਗ੍ਰਹਿਣ ਕਰਨ ਵਾਲ਼ਾ ਪਵਿੱਤਰ ਨਿਯਮ; ‘ਧਰਮ’ ਹੈ ਯਾਨੀ ਵਿਖਾਈ ਦਿੰਦੇ ਸੰਸਾਰ ਦਾ ਆਧਾਰ ਭਾਵ ਸਰੋਤ; ਅਦ੍ਰਿਸ਼ ਰੂਪ ’ਚ ਜੋ ਨਿਯਮ ਹੈ, ਉਹ ਧਰਮ ਹੈ। ਮਿਸਾਲ ਵਜੋਂ ਅੱਗ ਦਾ ਧਰਮ; ਸਾੜਨਾ, ਗਰਮ ਕਰਨਾ ਹੈ। ਮਨੁੱਖ ਦਾ ਧਰਮ ਰੱਬ ਅਤੇ ਉਸ ਦੀ ਪਰਜਾ ਨਾਲ਼ ਪਿਆਰ ਕਰਦਿਆਂ ਆਪਣਾ ਗ੍ਰਹਿਸਤੀ ਫ਼ਰਜ਼ ਅਦਾ ਕਰਦੇ ਰਹਿਣਾ ਹੈ।

ਬੱਚੇ ਦੇ ਉਕਤ ਸਵਾਲ ਦਾ ਜਵਾਬ ਇਹ ਹੋਣਾ ਚਾਹੀਦਾ ਸੀ ਕਿ ਮਾਨਵਤਾ ਦਾ ਧਰਮ ਇੱਕੋ ਹੈ, ਨਾ ਕਿ ਕਈ ਅਤੇ ਉਹ ਹੈ ‘ਰਚਨਹਾਰ ਮਾਲਕ ਦੁਆਰਾ ਕੁਦਰਤਿ ਨੂੰ ਬਣਾਉਣ ਵਾਲ਼ੇ ਨਿਯਮਾਂ ਨੂੰ ਸਮਝਦਾ ਹੋਇਆ ਮਨੁੱਖ; ਉਸ ਮਾਲਕ ਨੂੰ ਯਾਦ ਕਰੇ’। ਇਸ ਮੂਲ ਧਰਮ ਦੀ ਵਿਆਖਿਆ ਹਰ ਜਮਾਤ ਨੇ ਆਪਣੀ-ਆਪਣੀ ਮੱਤ ਨਾਲ਼ ਕੀਤੀ ਹੈ ਯਾਨੀ ਹਿੰਦੂ, ਮੁਸਲਿਮ ਆਦਿ ਧਰਮ ਨਹੀਂ ਬਲਕਿ ਮੂਲ ਧਰਮ ਦੀ ਵਿਆਖਿਆ ਕਰਨ ਵਾਲ਼ੇ ਆਪੋ ਆਪਣੇ ਮੱਤ ਹਨ। ਗੁਰਬਾਣੀ ਇਸ ਦੀ ਪੁਸ਼ਟੀ ਕਰਦੀ ਹੈ ‘‘ਬੇਦ ਪੁਰਾਨ ਸਭੈ ਮਤ ਸੁਨਿ ਕੈ; ਕਰੀ ਕਰਮ ਕੀ ਆਸਾ (ਭਗਤ ਕਬੀਰ/੬੫੪), ਬੇਦ ਪੁਰਾਨ ਸਿਮ੍ਰਿਤਿ ਕੇ ਮਤ ਸੁਨਿ (ਕੇ); ਨਿਮਖ ਹੀਏ (ਹਿਰਦੇ) ਬਸਾਵੈ ’’ (ਮਹਲਾ /੬੩੨) ਆਦਿ। ਹੁਣ ਜਦ ਇਹ ਸਾਰੇ ਰਵਾਇਤੀ ਧਰਮ ਨਹੀਂ; ਮੱਤ ਹਨ ਤਾਂ ਇਨ੍ਹਾਂ ਦੁਆਰਾ ਕੀਤੀ ਗਈ ਮੂਲ ਧਰਮ ਦੀ ਵਿਆਖਿਆ ਕਿੰਨੀ ਕੁ ਸਹੀ ਹੈ; ਗੁਰਮਤਿ ਦੀ ਕਸੌਟੀ ’ਤੇ ਲਗਾ ਕੇ ਪਰਖਣਾ ਹੈ। ਗੁਰਮਤਿ; ਆਪ ਭੀ ਆਪਣੇ ਆਪ ਨੂੰ ਧਰਮ ਨਹੀਂ ਸਗੋਂ ਮੱਤ (ਨਵੇਕਲੀ ਵਿਚਾਰਧਾਰਾ) ਮੰਨਦੀ ਹੈ‘‘ਇਕਿ ਆਪਣੀ ਸਿਫਤੀ ਲਾਇਅਨੁ; ਦੇ ਸਤਿਗੁਰ ਮਤੀ ’’ (ਮਹਲਾ /੯੪੮) ਅਰਥ : ਉਸ (ਨਿਰਾਕਾਰ ਰੱਬ) ਨੇ ਸਤਿਗੁਰ ਦੀ ਮੱਤ ਦੇ ਕੇ ਕਈਆਂ ਨੂੰ (ਆਪਣੇ ਬਾਰੇ ਸੋਝੀ ਬਖ਼ਸ਼ ਕਰ) ਆਪਣੀ ਸਿਫ਼ਤ ਸਲਾਹ ਕਰਨ ਵਿੱਚ ਲਗਾ ਲਿਆ।

ਗੁਰਮਤਿ ਦੁਆਰਾ ਕੀਤੀ ਗਈ ਮੂਲ ਧਰਮ ਦੀ ਵਿਆਖਿਆ ਅਨੁਸਾਰ ਰੱਬ ਦੇ ਗੁਣ ਗਾਉਣੇ, ਉਸ ਦਾ ਨਾਮ ਜਪਣਾ ਹੀ ਮੂਲ ਧਰਮ ਹੈ; ਜਿਵੇਂ ‘‘ਸਭ ਮਹਿ; ਪੂਰਿ ਰਹੇ ਪਾਰਬ੍ਰਹਮ ਨਾਨਕ ! ਹਰਿ ਕੀਰਤਨੁ ਕਰਿ; ਅਟਲ ਏਹੁ ਧਰਮ (ਮਹਲਾ /੨੯੯), ਤਜਿ ਸਭਿ ਭਰਮ; ਭਜਿਓ ਪਾਰਬ੍ਰਹਮੁ ਕਹੁ ਨਾਨਕ! ਅਟਲ ਇਹੁ ਧਰਮੁ (ਮਹਲਾ /੧੯੬), ਸਰਬ ਧਰਮ ਮਾਨੋ ਤਿਹ ਕੀਏ; ਜਿਹ ਪ੍ਰਭ ਕੀਰਤਿ ਗਾਈ ’’ (ਮਹਲਾ /੯੦੨) ਪਦ ਅਰਥ : ਪੂਰਿ ਰਹੇ- ਜੋ ਸਰਬ ਵਿਆਪਕ ਹੈ।, ਕੀਰਤਨੁ-ਸਿਫ਼ਤ।, ਤਜਿ-ਛੱਡ ਕੇ।, ਭਜਿਓ-ਸਿਮਰੋ।, ਤਿਹ-ਉਸ ਨੇ।, ਜਿਹ-ਜਿਸ ਨੇ; ਪਰ ਜੇ ਇਨਸਾਨੀਅਤ ਨੂੰ ਧਰਮ ਕਹੀਏ ਤਾਂ ਇਸ ਦਾ ਸੰਬੰਧ; ਬੰਦੇ ਦੇ ਸੰਸਾਰਕ ਜੀਵਨ ਤੱਕ ਹੈ। ਧਰਮ ਨੂੰ ਸਮਾਜਿਕ ਸੰਬੰਧਾਂ ਤੱਕ ਵੇਖਣ ਵਾਲ਼ੇ ਦੀ ਸੋਚ; ਗਿਆਨ ਇੰਦ੍ਰਿਆਂ (ਅੱਖ, ਕੰਨ, ਨੱਕ, ਜੀਭ, ਤ੍ਵਚਾ) ਤੱਕ ਹੁੰਦੀ ਹੈ, ਨਾ ਕਿ ਅਨੁਭਵ ਗਿਆਨ ਤੱਕ। ਗੁਰੂ ਅਰਜਨ ਸਾਹਿਬ ਜੀ ਦੇ ਵਚਨ ਹਨ ਕਿ ਰੱਬ ਨੂੰ ਵੇਖਣ ਵਾਲ਼ੇ ਨੈਣ; ਦੁਨਿਆਵੀ ਅੱਖਾਂ ਨਹੀਂ; ਹੋਰ ਹਨ ‘‘ਨਾਨਕ ! ਸੇ ਅਖੜੀਆਂ ਬਿਅੰਨਿ; ਜਿਨੀ ਡਿਸੰਦੋ ਮਾ ਪਿਰੀ (ਮਹਲਾ /੫੭੭) ਅਰਥ : ਹੇ ਨਾਨਕ! ਜਿਨ੍ਹਾਂ ਅੱਖਾਂ ਨਾਲ਼ ਮੇਰੇ ਪਿਆਰੇ-ਪ੍ਰਭੂ ਦਾ ਦੀਦਾਰ ਹੁੰਦੈ ਉਹ ਹੋਰ ਯਾਨੀ ਅਨਭਵੀ ਅੱਖਾਂ ਹੁੰਦੀਆਂ ਹਨ। ਸੋ ਗੁਰਮਤਿ-ਧਰਮ ਨੂੰ ਕੇਵਲ ਇਨਸਾਨੀਅਤ-ਧਰਮ ਕਹਿਣਾ; ਨਾਸਤਕ ਸੋਚ ਦਾ ਪ੍ਰਤੀਕ ਹੈ ਕਿਉਂਕਿ ਮੂਲ ਧਰਮ ’ਚੋਂ ਇਨਸਾਨੀਅਤ ਨਿਕਲਦੀ ਹੈ, ਨਾ ਕਿ ਇਨਸਾਨੀਅਤ ’ਚੋਂ ਮੂਲ ਧਰਮ; ਜਿਵੇਂ ਕਿ ਰੱਬ ਦਾ ਨਾਮ ਜਪਿਆਂ ਚੰਗਾ ਕਿਰਦਾਰ ਬਣਦੈ, ਜੋ ਇਨਸਾਨੀਅਤ ਪੁਗਾਉਂਦੈ ‘‘ਰਾਮ ਰਾਮ; ਬੋਲਿ ਰਾਮ ਰਾਮ   ਤਿਆਗਹੁ ਮਨ ਕੇ ਸਗਲ ਕਾਮ ਰਹਾਉ … (ਇਹੀ) ਸਗਲ ਧਰਮ ਮਹਿ; ਊਤਮ ਧਰਮ ਕਰਮ ਕਰਤੂਤਿ ਕੈ ਊਪਰਿ, ਕਰਮ (ਮਹਲਾ /੧੧੮੨), ਸਰਬ ਧਰਮ ਮਹਿ; ਸ੍ਰੇਸਟ ਧਰਮੁ ਹਰਿ ਕੋ ਨਾਮੁ ਜਪਿ; (ਹੁੰਦਾ) ਨਿਰਮਲ ਕਰਮੁ (ਯਾਨੀ ਇਨਸਾਨੀਅਤ ਪੁਗਦੀ)’’ (ਸੁਖਮਨੀ/ਮਹਲਾ /੨੬੬) ਸੋ ਇਨਸਾਨੀਅਤ; ਕੇਵਲ ਮਨੁੱਖੀ ਜਾਮੇ ਨਾਲ਼ ਸੰਬੰਧਿਤ ਹੈ ਜਦਕਿ ਧਰਮ ਦਾ ਸੰਬੰਧ; ਜਨਮ ਲੈਣ ਤੋਂ ਪਹਿਲਾਂ ਯਾਨੀ ਚੰਗੇ ਭਾਗ ਵਜੋਂ ਅਤੇ ਮਰਨ ਉਪਰੰਤ ਭੀ ਹੁੰਦੈ।

ਉਕਤ ਕੀਤੀ ਗਈ ਵਿਚਾਰ ਕਿ ਰੱਬ ਨਾਲ਼ ਜੁੜਨਾ ਹੀ ਮੂਲ ਧਰਮ ਹੈ, ਨੂੰ ਵਾਚਣ ਉਪਰੰਤ ਇਹ ਜਾਣ ਲੈਣਾ ਭੀ ਜ਼ਰੂਰੀ ਹੈ ਕਿ ਬਾਕੀ ਸਾਰੇ ਰਵਾਇਤੀ ਧਰਮਾਂ ਨੇ ਰੱਬ ਦੀ ਹੋਂਦ ਨੂੰ ਗੁਰਮਤਿ ਵਾਙ ਕਣ-ਕਣ ’ਚ ਵਿਆਪਕ ਨਹੀਂ ਮੰਨਿਆ ਕਿਉਂਕਿ ਜਦ ਰੱਬ ਦੀ ਸਿਫ਼ਤ ਕਰਨਾ ਹੀ ਮੂਲ ਧਰਮ ਹੈ ਤਾਂ ਰੱਬ ਦੀ ਮੌਜੂਦਗੀ ਨੂੰ ਦਰਸਾਉਂਦੀ ਕਿਰਿਆ ਹੀ ਸਾਰੇ ਧਰਮਾਂ ਨੂੰ ਅਖੌਤੀ ਧਰਮ; ਸਿਧ ਕਰ ਦਿੰਦੀ ਹੈ। ਮੌਲਵੀ (ਮਸਜਿਦ ਦਾ ਇਮਾਮ); ਅੱਲ੍ਹਾ ਨੂੰ ਸੱਤਵੇਂ ਅਕਾਸ਼ ਉੱਪਰ ਬੈਠਾ, ਬਿਆਨ ਕਰਦਾ ਹੈ ਅਤੇ ਮੱਕੇ (ਖ਼ਾਨਾ-ਕਾਅਬਾ) ਨੂੰ ਉਸ ਦਾ ਘਰ ਮੰਨਦੈ ਤਾਹੀਓਂ ਓਥੇ ਸਾਰੇ ਮੁਸਲਮਾਨ ਹੱਜ ਕਰਨ ਜਾਂਦੇ ਹਨ। ਧਰਮ ਦੀ ਇਸ ਵਿਆਖਿਆ ਮੁਤਾਬਕ ਤਾਂ ਅੱਲ੍ਹਾ; ਗੁਰਦੁਆਰੇ, ਮੰਦਿਰ ਆਦਿ ਥਾਂਵਾਂ ’ਤੇ ਭੀ ਨਹੀਂ ਹੋ ਸਕਦਾ ਤਾਹੀਓਂ ਮੌਲਵੀ ਨੇ ਇਨ੍ਹਾਂ ਸਾਰਿਆਂ ਨੂੰ ਕਾਫ਼ਰ ਯਾਨੀ ਨਾਸਤਕ ਮੰਨਿਐ, ਇਸੇ ਕਾਰਨ ਇਸਲਾਮ ਧਰਮ ’ਚ ਕੱਟੜਤਾ ਨੇ ਜਨਮ ਲਿਆ। ਗੁਰੂ ਅਰਜਨ ਸਾਹਿਬ ਨੇ ਵਚਨ ਕੀਤੇ ਕਿ ਸੱਚਾ ਮੁਸਲਮਾਨ ਮੋਮ ਦੀ ਤਰ੍ਹਾਂ ਨਰਮ ਹੁੰਦੈ ‘‘ਮੁਸਲਮਾਣੁ ਮੋਮ ਦਿਲਿ (ਤੋਂ) ਹੋਵੈ ’’ (ਮਹਲਾ /੧੦੮੪) ਗੁਰਬਾਣੀ ਅਨੁਸਾਰ ਰੱਬ; ਹਰ ਥਾਂ ਮੌਜੂਦ ਹੈ ਤਾਹੀਓਂ ਉਹ ਸਭ ਦੀ ਸੰਭਾਲ਼ ਕਰ ਸਕਦਾ ਹੈ। ਜੇਕਰ ਮੌਲਵੀ ਦੀ ਤਰ੍ਹਾਂ ਰੱਬ ਨੂੰ ਕੇਵਲ ਮਸਜਿਦ ’ਚ ਮੰਨੀਏ ਤਾਂ ਬਾਕੀ ਜਨਤਾ ਨੂੰ ਕੌਣ ਪਾਲ਼ੇਗਾ ‘‘ਅਲਹੁ ਏਕੁ ਮਸੀਤਿ (’) ਬਸਤੁ ਹੈ; ਅਵਰੁ ਮੁਲਖੁ ਕਿਸੁ ਕੇਰਾ ’’ (ਭਗਤ ਕਬੀਰ/੧੩੪੯) ਅਰਥ : ਜਦ ਅੱਲ੍ਹਾ ਕੇਵਲ ਮਸਜਿਦ ’ਚ ਵੱਸਦਾ ਹੈ ਤਾਂ ਬਾਕੀ ਸਾਰਾ ਜਹਾਨ ਕਿਸ ਦੇ ਆਸਰੇ ਜਿਊਂਦੈ ? ਸੋ ਇਸਲਾਮ ਮੱਤ ਦੁਆਰਾ ਕੀਤੀ ਮੂਲ ਧਰਮ ਦੀ ਵਿਆਖਿਆ; ਗੁਰਬਾਣੀ ਦੁਆਰਾ ਕੀਤੀ ਮੂਲ ਧਰਮ ਦੀ ਵਿਆਖਿਆ ਤੋਂ ਭਿੰਨ ਹੈ, ਇਸ ਲਈ ਗੁਰੂ ਨਾਨਕ ਸਾਹਿਬ ਨੇ ਅਸਲ ਧਰਮ ਮਨੁੱਖਤਾ ਸਾਮ੍ਹਣੇ ਲਿਆਂਦਾ।

ਸਨਾਤਨੀ ਮੱਤ ਦੁਆਰਾ ਕੀਤੀ ਧਰਮ ਦੀ ਵਿਆਖਿਆ ਮੁਤਾਬਕ ਇੱਕ ਮਾਤਾ ਦੀ ਕੁੱਖ ਤੋਂ ਕਿਸੇ ਯੁਕਤੀ ਨਾਲ਼ ਤਿੰਨ ਦੇਵਤੇ (ਬ੍ਰਹਮਾ, ਵਿਸ਼ਨੂੰ ਤੇ ਸ਼ਿਵ) ਪੈਦਾ ਹੋਏ, ਇਨ੍ਹਾਂ ’ਚੋਂ ਇੱਕ ਬ੍ਰਹਮਾ; ਸੰਸਾਰ ਨੂੰ ਪੈਦਾ ਕਰਦਾ ਹੈ, ਵਿਸ਼ਨੂੰ ਸਭ ਨੂੰ ਰਿਜ਼ਕ ਦਿੰਦਾ ਹੈ ਅਤੇ ਸ਼ਿਵ; ਸਾਰਿਆਂ ਨੂੰ ਮਾਰਦਾ ਹੈ ‘‘ਏਕਾ ਮਾਈ ਜੁਗਤਿ ਵਿਆਈ; ਤਿਨਿ ਚੇਲੇ ਪਰਵਾਣੁ   ਇਕੁ ਸੰਸਾਰੀ, ਇਕੁ ਭੰਡਾਰੀ; ਇਕੁ ਲਾਏ ਦੀਬਾਣੁ ’’ (ਜਪੁ) ਇਸ ਮੱਤ ਦੇ ਪੈਰੋਕਾਰ-ਹਿੰਦੂਆਂ ਨੇ ਵਿਸ਼ਨੂੰ ਅਤੇ ਸ਼ਿਵ ਦੀ ਪੂਜਾ ਕੀਤੀ ਕਿਉਂਕਿ ਵਿਸ਼ਨੂੰ ਤੋਂ ਪਦਾਰਥ ਚਾਹੀਦੇ ਹਨ ਅਤੇ ਸ਼ਿਵ ਪਾਸੋਂ ਮੌਤ ਦਾ ਡਰ ਹੈ। ਬ੍ਰਹਮਾ, ਜਿਸ ਨੇ ਸਭ ਨੂੰ ਪੈਦਾ ਕੀਤਾ, ਮੰਨਿਆ ਗਿਆ, ਉਸ ਦੀ ਹੁਣ (ਯਾਨੀ ਜਨਮ ਹੋ ਜਾਣ ਤੋਂ ਬਾਅਦ) ਬਹੁਤੀ ਲੋੜ ਨਾ ਰਹੀ, ਇਸ ਲਈ ਉਸ ਦੇ ਮੰਦਿਰ ਭੀ ਨਹੀਂ ਬਣਾਏ ਗਏ। ਸੋ ਗੁਰਮਤਿ-ਧਰਮ ਅਤੇ ਸਨਾਤਨੀ-ਧਰਮ ’ਚ ਇੱਕ ਨਿਰਾਕਾਰ ਰੱਬ ਦੀ ਵਿਆਖਿਆ ’ਤੇ ਹੀ ਅੰਤਰ ਹੈ ਤਾਹੀਓਂ ਗੁਰੂ ਸਾਹਿਬ ਨੇ ਆਪਣੀ ਮੱਤ ਨਾਲ਼ ਮੂਲ ਧਰਮ ਦੀ ਅਰੰਭਤਾ ਤੋਂ ਕੀਤੀ, ਜਿਸ ਦੇ ਅਰਥ ਹੀ ਇਨ੍ਹਾਂ ਤਿੰਨੇ ਦੇਵਤਿਆਂ ਦੇ ਵਜੂਦ ਨੂੰ ਰੱਦ ਕਰ ਕੇਵਲ ਇੱਕ ਮਾਲਕ ਹੈ, ਜੋ ਕਣ-ਕਣ ’ਚ ਵਿਆਪਕ ਹੈ, ਸਭ ਨੂੰ ਪੈਦਾ ਕਰਦਾ, ਪਾਲ਼ਦਾ ਤੇ ਨਾਸ਼ ਕਰਦਾ ਹੈ, ਬਾਰੇ ਸੰਖੇਪ ’ਚ ਸਪਸ਼ਟ ਕੀਤਾ। ਭਾਈ ਗੁਰਦਾਸ ਜੀ ਨੇ ਇਸ ਵਿਲੱਖਣਤਾ ਨੂੰ ਇਉਂ ਪ੍ਰਗਟਾਇਆ ‘‘ਮਾਰਿਆ ਸਿਕਾ ਜਗਤ੍ਰਿ ਵਿਚਿ; ਨਾਨਕਿ (ਨੇ) ਨਿਰਮਲ ਪੰਥ ਚਲਾਇਆ’’ (ਭਾਈ ਗੁਰਦਾਸ ਜੀ/ਵਾਰ ਪਉੜੀ ੪੫)

ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਜੋਗੀਆਂ ਦੀ ਮੱਤ ਨੂੰ ਭੀ ਧਰਮ ਕਿਹਾ ਜਾਂਦਾ ਸੀ। ‘ਸਿਧ ਗੋਸਟਿ’ ਬਾਣੀ ’ਚ ਗੁਰੂ ਨਾਨਕ ਸਾਹਿਬ ਜੀ ਨੇ ਜੋਗੀਆਂ ਨਾਲ਼ ਕੀਤੇ ਸਵਾਲ-ਜਵਾਬ ਰਾਹੀਂ ਆਪਣੇ ਮੱਤ ਦੀ ਵਿਲੱਖਣਤਾ ਨੂੰ ਉਜਾਗਰ ਕੀਤਾ। ਜੋਗੀ; ਗ੍ਰਹਿਸਤ ਤਿਆਗ ਜੰਗਲ਼ਾਂ ’ਚ ਧਰਮ ਕਮਾਉਣ ਚਲੇ ਗਏ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਕਿਹਾ ਕਿ ਤੁਹਾਡੇ ਨਾਲ਼ੋਂ ਗ੍ਰਹਿਸਤੀ ਲੋਕ ਚੰਗੇ ਹਨ, ਜੋ ਦੂਸਰਿਆਂ ’ਤੇ ਬੋਝ ਤਾਂ ਨਹੀਂ; ਤੁਸੀਂ ਆਪ ਗ੍ਰਹਿਸਤ ਤਿਆਗ ਕੇ ਫਿਰ ਉਨ੍ਹਾਂ ਗ੍ਰਹਿਸਤੀਆਂ ਪਾਸੋਂ ਮੰਗਣ ਜਾਂਦੇ ਹੋ। ਇਸ ਤਰ੍ਹਾਂ ਗੁਰੂ ਸਾਹਿਬਾਨ ਨੇ ਪ੍ਰਚਲਿਤ ਮੱਤਾਂ (ਧਰਮਾਂ) ਦੀਆਂ ਊਣਤਾਈਆਂ ਉਜਾਗਰ ਕਰ ਜਿੱਥੇ ਉਹ ਰੱਦ ਕੀਤੀਆਂ; ਜਿਵੇਂ ਕਿ ‘‘ਕਾਦੀ, ਕੂੜੁ ਬੋਲਿ ਮਲੁ ਖਾਇ   ਬ੍ਰਾਹਮਣੁ ਨਾਵੈ ਜੀਆ ਘਾਇ   ਜੋਗੀ; ਜੁਗਤਿ ਜਾਣੈ ਅੰਧੁ   ਤੀਨੇ; ਓਜਾੜੇ ਕਾ ਬੰਧੁ (ਮਹਲਾ /੬੬੨), ਪੰਡਿਤੁ; ਸਾਸਤ ਸਿਮ੍ਰਿਤਿ ਪੜਿਆ   ਜੋਗੀ; ਗੋਰਖੁ ਗੋਰਖੁ ਕਰਿਆ   ਮੈ ਮੂਰਖਿ (ਨੇ) ਹਰਿ ਹਰਿ ਜਪੁ ਪੜਿਆ (ਮਹਲਾ /੧੬੩), ਜੋਗੀ; ਗੋਰਖੁ ਗੋਰਖੁ ਕਰੈ   ਹਿੰਦੂ; ਰਾਮ ਨਾਮੁ ਉਚਰੈ   ਮੁਸਲਮਾਨ ਕਾ ਏਕੁ ਖੁਦਾਇ   ਕਬੀਰ ਕਾ ਸੁਆਮੀ; ਰਹਿਆ ਸਮਾਇ ’’ (ਭਗਤ ਕਬੀਰ/੧੧੬੦) ਐਨੀ ਸਿਧਾਂਤਿਕ ਭਿੰਨਤਾ ਹੋਣ ਕਾਰਨ ਹੀ ਭਗਤ ਕਬੀਰ ਜੀ ਨੂੰ ਕਹਿਣਾ ਪਿਆ ‘‘ਪੰਡਿਤ ਮੁਲਾਂ; ਜੋ ਲਿਖਿ ਦੀਆ   ਛਾਡਿ ਚਲੇ ਹਮ; ਕਛੂ ਲੀਆ ’’ (ਭਗਤ ਕਬੀਰ/ ੧੧੫੯) ਪਦ ਅਰਥ : ਜੀਆ ਘਾਇ-ਅੱਤਿਆਚਾਰ ਕਰਕੇ।, ਅੰਧੁ-ਅਗਿਆਨੀ।, ਓਜਾੜੇ ਕਾ ਬੰਧੁ-ਰੂਹਾਨੀਅਤ ਤੋਂ ਸੱਖਣੇ।, ਹਿੰਦੂ; ਰਾਮ ਨਾਮੁ ਉਚਰੈ-ਹਿੰਦੂ; ਦਸ਼ਰਥ ਦੇ ਪੁੱਤਰ (ਰਾਮ) ਦਾ ਨਾਮ ਜਪਦੈ।, ਰਹਿਆ ਸਮਾਇ-ਕਣ ਕਣ ’ਚ ਵਿਆਪਕ। ਦੂਸਰੇ ਪਾਸੇ ਆਪਣਾ ਨਵਾਂ ਮੱਤ ਭੀ ਸਪਸ਼ਟ ਕੀਤਾ ਕਿ ਜੋ ਸਰਬ ਵਿਆਪਕ ਰੱਬ ਹੈ, ਕੇਵਲ ਉਸ ਦਾ ਨਾਮ ਜਪਣਾ, ਉਸ ਦੀ ਸਿਫ਼ਤਿ-ਸਲਾਹ ਕਰਨੀ ਹੀ ਸੱਚਾ ਧਰਮ ਹੈ, ਮੂਲ ਧਰਮ ਹੈ।

ਪ੍ਰਚਲਿਤ ਧਰਮਾਂ ਦੇ ਉਕਤ ਸਿਧਾਂਤਿਕ ਅੰਤਰ ਨੂੰ ਪ੍ਰਚਾਰਕਾਂ ਦੁਆਰਾ ਸਿੱਖ-ਸੰਗਤਾਂ ਸਾਮ੍ਹਣੇ ਨਾ ਖੋਲ੍ਹ ਕੇ ਰੱਖ ਸਕਣ ਕਾਰਨ ਹੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦੇ ਮਨਾਂ ਅੰਦਰ ਧਰਮ ਪ੍ਰਤੀ ਸੰਦੇਹ ਉਪਜਦੇ ਵੇਖੇ ਗਏ ਹਨ। ਇਸ ਦਾ ਇਹ ਬਦਲ ਨਹੀਂ ਹੋ ਸਕਦਾ ਕਿ ਗੁਰੂ ਸਾਹਿਬਾਨ ਦੁਆਰਾ ਕੀਤੀ ਧਰਮ ਦੀ ਵਿਆਖਿਆ ਨੂੰ ਸਰਲ ਸ਼ਬਦਾਂ ’ਚ ਇਨਸਾਨੀਅਤ-ਧਰਮ ਕਹਿ ਦੇਈਏ। ਇਨਸਾਨੀਅਤ ਦਾ ਅਰਥ; ਹਰ ਬੰਦੇ ਦੀ ਨਜ਼ਰ ’ਚ ਆਪਣਾ-ਆਪਣਾ ਹੁੰਦੈ। ਇੱਕ ਸਮਾਜ ਸੇਵੀ ਲਈ ਇਨਸਾਨੀਅਤ; ‘ਮਨੁੱਖਤਾ ਨੂੰ ਪਿਆਰ ਕਰਨਾ’ ਹੈ, ਨਾ ਕਿ ਰੱਬ ਦੀ ਸਿਫ਼ਤ ਕਰਨਾ। ਇੱਕ ਨਾਸਤਕ ਬੰਦੇ ਲਈ ਇਨਸਾਨੀਅਤ; ‘ਹਰ ਧਰਮ ਦਾ ਵਿਰੋਧ ਕਰਨਾ’ ਹੈ ਕਿਉਂਕਿ ਉਸ ਮੁਤਾਬਕ ਧਰਮ; ਇੱਕ ਪਖੰਡ ਹੈ, ਭਰਮ ਹੈ। ਗੁਰਮਤਿ ਮੁਤਾਬਕ ਇਨਸਾਨੀਅਤ; ‘ਹਰ ਇੱਕ ਦੀ ਅਜ਼ਾਦੀ ਤੇ ਸਭ ਨੂੰ ਇੱਕ ਸਮਾਨ ਸਮਝਣਾ’ ਹੈ ਆਦਿ।

ਇਨਸਾਨੀਅਤ ਪੁਗਾਉਣ ਲਈ ਬੰਦੇ ਅੰਦਰ ਦੋ ਗੁਣ ਹੋਣੇ ਜ਼ਰੂਰੀ ਹਨ (ੳ). ਹਾਂ ਪੱਖੀ ਸੋਚ (ਅ). ਸਬਰ-ਸੰਤੋਖ। ਹਾਂ ਪੱਖੀ ਸੋਚ; ਹੋਰਾਂ ਦੀ ਭਾਵਨਾ ਸਮਝ ਕੇ ਉਸ ਦੀ ਕਦਰ ਕਰਦੀ ਹੈ ਅਤੇ ਸਬਰ-ਸੰਤੋਖ; ਉਨ੍ਹਾਂ ਦੀ ਮਦਦ ਕਰਾਉਂਦੇ ਹਨ। ਹੁਣ ਸਵਾਲ ਪੈਦਾ ਹੁੰਦੈ ਕਿ ਇਨ੍ਹਾਂ ਦੋਵੇਂ ਗੁਣਾਂ ਨੂੰ ਮਨੁੱਖ; ਆਪਣੇ ਅੰਦਰ ਵਿਕਸਿਤ ਕਿਵੇਂ ਕਰੇ ? ਜਵਾਬ ਹੈ ‘ਧਰਮ ਕਮਾ ਕੇ’ ਯਾਨੀ ‘ਕੁਦਰਤਿ ਨੂੰ ਬਣਾਨ ਵਾਲ਼ੇ ਨਿਯਮਾਂ ਨੂੰ ਸਮਝਦਿਆਂ ਇਨ੍ਹਾਂ ਦੇ ਰਚੇਤਾ (ਰੱਬ) ਨਾਲ਼ ਪਿਆਰ ਪਾ ਕੇ’। ਜੇ ਅੱਗ ਦਾ ਧਰਮ; ਸਾੜਨਾ ਹੈ ਤਾਂ ਬੰਦੇ ਦਾ ਧਰਮ ਭੀ ਕੁਦਰਤਿ ਨੂੰ ਬਣਾਨ ਵਾਲ਼ੇ ਦੀ ਹੋਂਦ ਤੋਂ ਇਨਕਾਰੀ ਹੋਣਾ ਜਾਂ ਉਸ ਦੀ ਪਰਜਾ ਨਾਲ਼ ਭੇਦ-ਭਾਵ ਕਰਨਾ ਨਹੀਂ ਹੋ ਸਕਦਾ, ਪਰ ਬੰਦਾ ਇਹ ਦੋਵੇਂ ਕੰਮ ਕਰਦੈ ਕਿਉਂਕਿ ਧਾਰਮਿਕ ਗੁਣਾਂ ਤੋਂ ਉਲ਼ਟ ਸਭ ਦੇ ਮਨਾਂ ਅੰਦਰ ਔਗੁਣ ਹਨ, ਹਨ੍ਹੇਰਾ ਹੈ ਤਾਂ ਤੇ ਧਰਮ ਦੀ ਕਸੌਟੀ ’ਤੇ ਆਪਣੇ ਆਪ ਨੂੰ ਪਰਖਣਾ ਹੀ ਧਰਮ ਦਾ ਮੁੱਢਲਾ ਕਾਰਜ ਹੈ। ਇਸ ਨੂੰ ਸਵੈ-ਪੜਚੋਲ ਜਾਂ ਅੰਦਰਲੇ ਤੀਰਥ ’ਤੇ ਇਸ਼ਨਾਨ ਕਰਨਾ ਕਿਹਾ ਹੈ ‘‘ਸੁਣਿਆ ਮੰਨਿਆ ਮਨਿ ਕੀਤਾ ਭਾਉ   ਅੰਤਰਗਤਿ ਤੀਰਥਿ ਮਲਿ ਨਾਉ ..੨੧ (ਜਪੁ) ਅਰਥ : ਰੱਬ ਦੀ ਸਿਫ਼ਤ ਸੁਣ ਕੇ ਉਸ ਨੂੰ ਮੰਨਣਾ ਹੈ ਯਾਨੀ ਯਕੀਨ ਧਾਰਨਾ ਹੈ ਅਤੇ ਦਿਲੋਂ (ਰੱਬ ਨੂੰ) ਪਿਆਰ ਕਰਨਾ ਹੈ ‘‘ਦਿਲਹੁ ਮੁਹਬਤਿ ਜਿੰਨ੍; ਸੇਈ ਸਚਿਆ ’’ (ਬਾਬਾ ਫਰੀਦ ਜੀ/੪੮੮); ਇਉਂ ਅੰਦਰਲੇ ਤੀਰਥ ’ਤੇ ਰਗੜ-ਰਗੜ ਇਸ਼ਨਾਨ ਕਰਨਾ ਅਖਵਾਉਂਦਾ ਹੈ। ਅੰਦਰਲਾ ਹਨ੍ਹੇਰਾ ਦੂਰ ਹੁੰਦਿਆਂ ਹੀ ਬੰਦਾ ਸੱਚੀ ਇਨਸਾਨੀਅਤ ਭੀ ਪੁਗਾਉਣ ਲੱਗਦਾ ਹੈ, ਪਰ ਕੇਵਲ ਇਨਸਾਨੀਅਤ ਨੂੰ ਧਰਮ ਮੰਨ ਕੇ ਹਉਮੈ ਗ੍ਰਸਤ ਬੰਦਾ; ਸਵੈ ਪੜਚੋਲ ਨਹੀਂ ਕਰਦਾ। ਇਸ ਰੋਗ ਨਾਲ਼ ਉਹ ਸਮਝ ਬੈਠੈ ਕਿ ਅਸਲ ਇਨਸਾਨੀਅਤ ਉਸ ਕੋਲ਼ ਹੀ ਹੈ। ਮੂਲ ਧਰਮ ਤੋਂ ਟੁਟਿਆ ਆਪਣੇ ਆਪ ਨੂੰ ਦਿਲੋਂ ਇਉਂ ਮਹਿਸੂਸ ਨਹੀਂ ਕਰੇਗਾ ‘‘ਹਮ ਰੁਲਤੇ ਫਿਰਤੇ ਕੋਈ ਬਾਤ ਪੂਛਤਾ; ਗੁਰ ਸਤਿਗੁਰ ਸੰਗਿ ਕੀਰੇ (ਕੀੜੇ) ਹਮ ਥਾਪੇ (ਮਹਲਾ /੧੬੭), ਤੂ ਸਮਰਥੁ ਵਡਾਮੇਰੀ ਮਤਿ ਥੋਰੀ, ਰਾਮ ! (ਮਹਲਾ /੫੪੭), ਹਮ ਅਪਰਾਧੀ ਸਦ ਭੂਲਤੇ; ਤੁਮ੍ ਬਖਸਨਹਾਰੇ ਰਹਾਉ (ਮਹਲਾ /੮੦੯), ਹਮ ਅੰਧੁਲੇ ਅੰਧ ਬਿਖੈ ਬਿਖੁ ਰਾਤੇ; ਕਿਉ (ਕਿਵੇਂ) ਚਾਲਹ ਗੁਰ ਚਾਲੀ  ? ਸਤਗੁਰੁ ਦਇਆ ਕਰੇ ਸੁਖਦਾਤਾ; ਹਮ ਲਾਵੈ ਆਪਨ ਪਾਲੀ (ਚਰਨੀਂ) (ਮਹਲਾ /੬੬੭), ਹਮ ਮੈਲੇ, ਤੁਮ ਊਜਲ ਕਰਤੇ (ਹੇ ਕਰਤਾਰ!) ਹਮ ਨਿਰਗੁਨ, ਤੂ ਦਾਤਾ   ਹਮ ਮੂਰਖ, ਤੁਮ ਚਤੁਰ ਸਿਆਣੇ; ਤੂ ਸਰਬ ਕਲਾ ਕਾ ਗਿਆਤਾ   ਮਾਧੋ ! ਹਮ ਐਸੇ; ਤੂ ਐਸਾ (ਮਹਲਾ /੬੧੩)

ਗੁਰਬਾਣੀ ’ਚ ਕੋਈ ਭਾਵਨਾਤਮਿਕ ਸ਼ਬਦ ਜਿਵੇਂ ਕਿ ਮਨੁੱਖਤਾ, ਮਾਨਵਤਾ, ਇਨਸਾਨੀਅਤ ਆਦਿ ਦਰਜ ਨਹੀਂ ਕਿਉਂਕਿ ਇਨ੍ਹਾਂ ਰਾਹੀਂ ਵਿਅਕਤੀ ਵਿਸ਼ੇਸ਼ ਨੂੰ ਗ਼ਲਤੀ ਦਾ ਅਹਿਸਾਸ ਨਹੀਂ ਕਰਾਇਆ ਜਾ ਸਕਦਾ। ਜੀਵਨ ਬਦਲਾਅ ਕਰਾਉਣ ਲਈ ਇਹੀ ਨਾਮ ਲੈਣੇ ਪੈਂਦੇ ਹਨ ‘ਪੰਡਿਤ, ਮੂਰਖ, ਗਾਵਾਰ, ਇਆਣਾ, ਨਿਰਲਜ, ਮਨਮੁਖ, ਅੰਧੇ (ਅੰਨ੍ਹੇ), ਕੁੱਤੇ, ਕੂੜਿਆਰ’ ਆਦਿ। ਜੋ ਇਸ ਹਲੂਣੇ ਨਾਲ਼ ਜਾਗ ਪਿਆ ਉਹ, ਗੁਰੂ ਦੀ ਕਿਰਪਾ ਨਾਲ਼ ਦੁਨੀਆ ’ਚ ਨਿਰਸੁਆਰਥ ਇਨਸਾਨੀਅਤ ਕਮਾਉਂਦਾ ਹੋਇਆ ਅੰਤ ਨੂੰ ਰੱਬੀ ਦਰਗਾਹ ’ਚ ਕਬੂਲ ਹੁੰਦਾ ਹੈ, ਪਰ ਜੋ ਫਿਰ ਭੀ ਨਾ ਜਾਗੇ ਉਹ ਅਹੰਕਾਰ ਗ੍ਰਸਤ; ਮੌਕਾਪ੍ਰਸਤ ਬਣ ਪਸ਼ੂ ਪੰਛੀਆਂ ਵਾਙ ਟੀਚਾ ਰਹਿਤ ਜੂਨ ਭੋਗਦੇ ਹੋਏ ਅੰਤ ਨੂੰ ਆਵਾਗਮਣ ਵਾਲ਼ਾ ਦੁਖਦਾਈ ਮਾਰਗ ਅਪਣਾਉਂਦੇ ਹਨ।

ਗੁਰਬਾਣੀ ’ਚ ‘ਧਰਮ’ ਸ਼ਬਦ ਦੇ ਮਿਲਦੇ ਜੁਲਦੇ ਕੁੱਝ ਹੋਰ ਅਰਥ ਭੀ ਹਨ। ਮਤਾਂ ਕਿਤੇ ਭੁਲੇਖਾ ਲੱਗੇ ਉਨ੍ਹਾਂ ਨੂੰ ਵਿਚਾਰਨਾ ਭੀ ਜ਼ਰੂਰੀ ਹੈ। ਗੁਰੂ ਨਾਨਕ ਸਾਹਿਬ ਜੀ ਮੁਤਾਬਕ ਸੰਸਾਰਕ ਝਮੇਲਿਆਂ ’ਚ ਖਚਿਤ ਹੋਣਾ; ਪਰਵਿਰਤਿ ਹੈ ਤੇ ਇਨ੍ਹਾਂ ਤੋਂ ਨਿਰਲੇਪ ਹੋਣਾ; ਨਿਰਵਿਰਤਿ। ਇਨ੍ਹਾਂ ਦੋਵੇਂ ਪਾਸਿਆਂ ਵਿਚਕਾਰ ਧਰਮ; ਵਿਚੋਲਾ ਹੈ ‘‘ਪਰਵਿਰਤਿ ਨਿਰਵਿਰਤਿ ਹਾਠਾ ਦੋਵੈ; ਵਿਚਿ ਧਰਮੁ ਫਿਰੈ ਰੈਬਾਰਿਆ (ਵਿਚੋਲਾ) ’’ (ਮਹਲਾ /੧੨੮੦) ਦੂਜੇ ਪਾਸੇ ਸਤਿਗੁਰੂ ਨੂੰ ਭੀ ਵਿਚੋਲਾ ਮੰਨਿਐ ‘‘ਜੈਸਾ ਸਤਿਗੁਰੁ ਸੁਣੀਦਾ; ਤੈਸੋ ਹੀ ਮੈ ਡੀਠੁ (ਵੇਖ ਲਿਆ) ਵਿਛੁੜਿਆ, ਮੇਲੇ ਪ੍ਰਭੂ (ਨਾਲ਼); ਹਰਿ ਦਰਗਹ ਕਾ ਬਸੀਠੁ (ਵਿਚੋਲਾ)’’ (ਮਹਲਾ /੯੫੭) ਉਕਤ ਕੀਤੀ ਗਈ ਵਿਚਾਰ ਕਿ ਧਰਮ ਦਾ ਅਰਥ ‘ਰੱਬ ਦੀ ਸਿਫ਼ਤ-ਸਲਾਹ ਹੈ, ਰੱਬ ਦਾ ਨਾਮ’ ਹੈ; ਉਸੇ ਤਰ੍ਹਾਂ ਸ਼ਬਦ-ਗੁਰੂ ਦਾ ਅਰਥ ਭੀ ‘ਰੱਬ ਦੀ ਸਿਫ਼ਤ-ਸਲਾਹ ਹੈ, ਰੱਬ ਦਾ ਨਾਮ’ ਹੈ; ਜਿਵੇਂ ਕਿ ‘‘ਧੁਰ ਕੀ ਬਾਣੀ ਆਈ ਤਿਨਿ, ਸਗਲੀ ਚਿੰਤ ਮਿਟਾਈ ’’ (ਮਹਲਾ /੬੨੮) ਅਰਥ : (ਸੰਸਾਰ ਇੱਕ ਦਰਖ਼ਤ ਹੈ, ਇਸ ਦਾ ਮੂਲ-ਧੁਰਾ; ਨਿਰਾਕਾਰ ਰੱਬ ਹੈ) ਮੇਰੇ ਹਿਰਦੇ ’ਚੋਂ ਜਗਤ ਦੇ ਧੁਰੇ-ਨਿਰਾਕਾਰ ਦੀ ਸਿਫ਼ਤ-ਸਲਾਹ ਪ੍ਰਗਟ ਹੋਈ ਹੈ (ਨਾ ਕਿ ਆਕਾਰ ਦੀ) ਉਸ ਨੇ ਮੇਰੀ ਸਾਰੀ ਸੰਸਾਰਕ ਚਿੰਤਾ ਦੂਰ ਕਰ ਦਿੱਤੀ (ਕਿ ਮੈ ਆਹ ਕਰਨੈ ਜਾਂ ਓਹ ਕਰ ਸਕਦਾ ਹਾਂ; ਇਹ ਸਭ ਛੱਡ ਕੇ ਰੱਬੀ ਆਸਰੇ ਰਹਿਣਾ ਸਿੱਖ ਲਿਆ। ਇਹੀ ਹੈ ਚਿੰਤਾ ਮੁਕਤ ਹੋਣਾ।)

ਭਗਤੀ ਭਾਵਨਾ ਵਾਲ਼ੇ ਬੰਦੇ ਲਈ ਰੱਬ ਦਾ ਮਿਲਾਪ; ਇੱਕ ਮੰਜ਼ਲ ਹੈ। ਉਸ ਵੱਲ ਜਾਂਦਾ ਮਾਰਗ ਧਰਮ ਹੈ, ਸਤਿਗੁਰੂ ਹੈ ‘‘ਸਤਿਗੁਰੁ ਧਰਤੀ ਧਰਮ ਹੈ; ਤਿਸੁ ਵਿਚਿ ਜੇਹਾ ਕੋ ਬੀਜੇ; ਤੇਹਾ ਫਲੁ ਪਾਏ ਗੁਰਸਿਖੀ ਅੰਮ੍ਰਿਤੁ ਬੀਜਿਆ; ਤਿਨ ਅੰਮ੍ਰਿਤ ਫਲੁ ਹਰਿ ਪਾਏ ’’ (ਮਹਲਾ /੩੦੨) ਅਰਥ : ਸਤਿਗੁਰੂ ਹੀ ਧਰਮ ਰੂਪ ਧਰਤੀ (ਅਡੋਲ ਹਿਰਦੇ ਦਾ ਪ੍ਰਤੀਕ) ਹੈ ਯਾਨੀ ਰੱਬ ਦੀ ਸਿਫ਼ਤ-ਸਲਾਹ ਰੂਪ ਮਾਰਗ ਹੀ ਸਤਿਗੁਰੂ ਹੈ, ਧਰਮ ਹੈ। ਇਸ ਵਿੱਚ ਜਿਹੋ ਜਿਹੀ ਭਾਵਨਾ ਬੀਜੀ ਜਾਂਦੀ ਹੈ ਯਾਨੀ ਜੈਸੀ ਭਾਵਨਾ ਨਾਲ਼ ਇਸ ਮਾਰਗ ’ਤੇ ਤੁਰੀਦਾ ਹੈ ਵੈਸਾ ਹੀ ਫਲ਼ ਪੈਂਦਾ ਹੈ, ਫਲ਼ ਲੱਗਦਾ ਹੈ। ਸ਼ਰਧਾਵਾਨ ਨੇ ਹਰੀ ਦਾ ਅਮਰ ਕਰ ਦੇਣ ਵਾਲ਼ਾ ਨਾਮ ਬੀਜਿਆ ਯਾਨੀ ਮਾਰਗ ’ਤੇ ਚੱਲਦਿਆਂ ਉਹ, ਹਰੀ ਦਾ ਅੰਮ੍ਰਿਤ ਨਾਮ ਜਪਦੇ ਗਏ ਤਾਹੀਓਂ ਗੁਣ ਦਾਇਕ ਫਲ਼ ਲੱਗਿਆ ਯਾਨੀ ਰੱਬ ਨਾਲ਼ ਸਾਂਝ ਬਣ ਗਈ, ਮੰਜ਼ਲ ਮਿਲ ਗਈ। ਭੱਟ ਗਯੰਦ ਜੀ ਨੇ ਭੀ ਪੰਥੁ (ਮਾਰਗ) ਨੂੰ ਧਰਮ ਕਿਹੈ ‘‘ਲਹਣੈ (ਨੇ) ਪੰਥੁ ਧਰਮ ਕਾ ਕੀਆ ਅਮਰਦਾਸ ਭਲੇ (ਭੱਲੇ) ਕਉ ਦੀਆ ’’ (ਭਟ ਗਯੰਦ/੧੪੦੧) ਗੁਰਬਾਣੀ ’ਚ ਹਰ ਵਾਰ ਧਰਮ ਨੂੰ ਫਲ਼ ਨਹੀਂ; ਫੁੱਲ ਕਿਹੈ ‘‘ਕਰਮ ਪੇਡੁ, ਸਾਖਾ ਹਰੀ; ਧਰਮੁ ਫੁਲੁ, ਫਲੁ ਗਿਆਨੁ (ਮਹਲਾ /੧੧੬੮), ਨਾਨਕ ! ਗੁਰੁ ਸੰਤੋਖੁ ਰੁਖੁ; ਧਰਮੁ ਫੁਲੁ, ਫਲ ਗਿਆਨੁ ’’ (ਮਹਲਾ /੧੪੭), ਫੁੱਲ ਤੋਂ ਬਾਅਦ ਫਲ਼ ਬਣਦੈ ਯਾਨੀ ਕਿ ਫੁੱਲ; ਮਾਰਗ ਹੈ, ਧਰਤੀ ਹੈ, ਸਤਿਗੁਰੂ ਹੈ, ਧਰਮ ਹੈ ਅਤੇ ਫਲ਼; ਮੰਜ਼ਲ ਹੈ, ਰੱਬ ਨਾਲ਼ ਸਾਂਝ ਹੈ। ਬੰਦੇ ਨੇ ਧਰਮ-ਫੁੱਲ ਤੱਕ ਇੱਕ ਕਦਮ ਚੱਲਣਾ ਹੁੰਦੈ; ਅਗਾਂਹ ਸਤਿਗੁਰੂ ਜੀ ਨੇ ਮਿਹਰ ਕਰਦਿਆਂ-ਕਰਦਿਆਂ ਫਲ਼ (ਯਾਨੀ ਮੰਜ਼ਲ) ਤੱਕ ਲੈ ਜਾਣਾ ਹੁੰਦਾ ਹੈ ‘‘ਚਰਨ ਸਰਨਿ ਗੁਰ ਏਕ ਪੈਡਾ ਜਾਇ ਚਲ; ਸਤਿਗੁਰ ਕੋਟਿ ਪੈਡਾ ਆਗੇ ਹੋਇ ਲੇਤ ਹੈ।’’ (ਭਾਈ ਗੁਰਦਾਸ ਜੀ/ਕਬਿੱਤ ੧੧੧)

ਗੁਰਬਾਣੀ ਦਾ ਟੀਕਾ ਕਰਦਿਆਂ ਪ੍ਰੋਫ਼ੈਸਰ ਸਾਹਿਬ ਸਿੰਘ ਜੀ ਨੇ ‘ਬ੍ਰਹਮ ਗਿਆਨੀ’ ਦੇ ਅਰਥ ਕੀਤੇ ਹਨ ‘ਰੱਬ ਨਾਲ਼ ਸਾਂਝ ਪਾ ਚੁੱਕਿਆ ਮਨੁੱਖ’ ਯਾਨੀ ‘ਬ੍ਰਹਮ’ ਦਾ ਅਰਥ ਹੈ ‘ਰੱਬ’ ਤੇ ‘ਗਿਆਨੀ’ ਦਾ ਅਰਥ ਹੈ ‘ਸਾਂਝ ਪਾ ਲਈ’ ਤਾਂ ਤੇ ‘ਗਿਆਨ’ ਦਾ ਅਰਥ ਹੈ ‘ਸਾਂਝ ਪਾਉਣੀ’ ਯਾਨੀ ਕਿ ਫ਼ਲ ਜਾਂ ਮੰਜ਼ਲ’। ਗੁਰੂ ਨਾਨਕ ਸਾਹਿਬ ਜੀ; ਜ਼ਿੰਦਗੀ ਦਾ ਗਹਿਰਾ ਰਾਜ਼ ਸਮਝਾਉਂਦੇ ਹਨ ਕਿ ਬੰਦੇ ਦੁਆਰਾ ਕੀਤੇ ਜਾਂਦੇ ਕੰਮ; ਮਾਨੋ ਇੱਕ ਦਰਖ਼ਤ (ਕਰਮ ਪੇਡੁ) ਹੈ। ਉਸ ਦੀਆਂ ਟਹਿਣੀਆਂ; ਹਰੀ ਦਾ ਨਾਮ ਹੈ (ਸਾਖਾ ਹਰੀ) ਯਾਨੀ ਕੰਮ ਕਰਦਿਆਂ ਹਰੀ ਨੂੰ ਯਾਦ ਰੱਖਣਾ; ਹਰਾ ਭਰਿਆ ਦਰਖ਼ਤ ਹੋਣੈ। ਰੱਬ ਨਾਲ਼ ਸਾਂਝ (ਫਲੁ-ਗਿਆਨੁ) ਬਣਨ ਤੋਂ ਪਹਿਲਾਂ ਧਰਮੁ-ਫੁਲੁ ਲੱਗਣੈ ਯਾਨੀ ਸਤਿਗੁਰੂ (ਜੋ ਰੱਬੀ ਮਾਰਗ ਹੈ) ਨੂੰ ਆਪਣੇ ਹਿਰਦੇ ’ਚ ਦ੍ਰਿੜ੍ਹ ਕਰਨੈ ‘‘ਕਰਮ ਪੇਡੁ, ਸਾਖਾ ਹਰੀ; ਧਰਮੁ ਫੁਲੁ, ਫਲੁ ਗਿਆਨੁ ’’ (ਮਹਲਾ /੧੧੬੮) ਗੁਰੂ ਰਾਮਦਾਸ ਜੀ ਦੇ ਵਚਨ ਹਨ ਕਿ ਧਰਮੁ-ਫੁਲੁ (ਹਿਰਦੇ ’ਚ) ਪੁੰਗਰਨ ਤੋਂ ਬਾਅਦ (ਯਾਨੀ ਰੱਬੀ ਸਿਫ਼ਤ ਕਰਦਿਆਂ) ਪੱਕੇ ਹੋਏ ਗਿਆਨੁ-ਫਲੁ ਦੀ ਮਹਿਕ (ਯਾਨੀ ਰੱਬ ਨਾਲ਼ ਬਣੀ ਸਾਂਝ); ਸਾਰੇ ਜਗਤ ’ਚ ਫੈਲਦੀ ਹੈ ‘‘ਧਰਮੁ ਫੁਲੁ, ਫਲੁ ਗੁਰਿ (ਰਾਹੀਂ) ਗਿਆਨੁ ਦ੍ਰਿੜਾਇਆ; ਬਹਕਾਰ ਬਾਸੁ ਜਗਿ (’) ਦੀਜੈ ’’ (ਮਹਲਾ /੧੩੨੫) ਇਸ ਨੂੰ ਗੁਰੂ ਨਾਨਕ ਜੀ ‘‘ਮਨਿ ਜੀਤੈ ਜਗੁ ਜੀਤੁ’’ (ਜਪੁ) ਆਖਦੇ ਹਨ। ਗੁਰੂ ਨਾਨਕ ਸਾਹਿਬ ਜੀ; ਆਪਣੇ ਇੱਕ ਹੋਰ ਸ਼ਬਦ ’ਚ ਐਨਾ ਕੁ ਵਾਧਾ ਕਰਦੇ ਹਨ ਕਿ ਧਰਮੁ-ਫੁਲੁ (ਹਿਰਦੇ ’ਚ) ਲੱਗਣ ਤੋਂ ਬਾਅਦ ਗਿਆਨੁ-ਫਲੁ ਪਕਦਾ ਹੈ; ਧਿਆਨ ਦੀ ਇਕਾਗਰਤਾ ਉੱਤੇ ਹੁੰਦੀ ਰੱਬ ਦੀ ਮਿਹਰ ਨਾਲ਼ ‘‘ਨਾਨਕ ! ਗੁਰੁ ਸੰਤੋਖੁ ਰੁਖੁ; ਧਰਮੁ ਫੁਲੁ, ਫਲ ਗਿਆਨੁ   ਰਸਿ ਰਸਿਆ ਹਰਿਆ ਸਦਾ; ਪਕੈ ਕਰਮਿ ਧਿਆਨਿ ਪਤਿ ਕੇ ਸਾਦ ਖਾਦਾ ਲਹੈ; ਦਾਨਾ ਕੈ ਸਿਰਿ, ਦਾਨੁ ’’ (ਮਹਲਾ /੧੪੭) ਅਰਥ : ਸਤਿਗੁਰੂ; (ਅਡੋਲ ਧਰਤੀ ਵਾਙ) ਸਬਰ-ਸੰਤੋਖ ਭਰਪੂਰ ਦਰਖ਼ਤ ਹੈ (ਗੁਰੁ ਸੰਤੋਖੁ ਰੁਖੁ)। ਇਸ ਉੱਤੇ ਗਿਆਨੁ-ਫਲੁ ਪੱਕਣ ਤੋਂ ਪਹਿਲਾਂ ਭਾਵੇਂ ਧਰਮੁ-ਫੁਲੁ ਲੱਗਦਾ ਹੈ, ਪਰ ਉਹ ਪੱਕਦਾ ਹੈ ਯਾਨੀ ਫਲ਼ ਬਣਦਾ ਹੈ; ਸ਼ਬਦ-ਸੁਰਤਿ ਦੇ ਧਿਆਨ ਦੀ ਇਕਾਗਰਤਾ ਉੱਤੇ ਹੁੰਦੀ ਰੱਬ ਦੀ ਮਿਹਰ ਨਾਲ਼ (ਪਕੈ ਕਰਮਿ ਧਿਆਨਿ)। ਜਦ ਉਹ ਫਲ਼ ਪੱਕ ਜਾਂਦੈ ਤਾਂ ਸਦਾ ਹਰਾ ਭਰਾ ਰਹਿੰਦਾ ਹੈ, ਰਸ ਨਾਲ਼ ਭਰਿਆ ਰਹਿੰਦਾ ਹੈ (ਰਸਿ ਰਸਿਆ ਹਰਿਆ ਸਦਾ)। ਭਗਤ; ਆਪਣੇ ਮਾਲਕ ਨਾਲ਼ ਬਣੀ ਇਸ ਸਾਂਝ (ਗਿਆਨੁ-ਫਲੁ) ਦਾ ਅਨੰਦ ਮਾਣਦਾ ਹੈ (ਪਤਿ ਕੇ ਸਾਦ ਖਾਦਾ ਲਹੈ)। ਰੱਬ ਦੀ ਮਿਹਰ ਵਾਲ਼ਾ ਦਾਨ (ਕਰਮਿ); ਮਨੁੱਖ ਨੂੰ ਮਿਲੀਆਂ ਸਾਰੀਆਂ ਦਾਤਾਂ ’ਚੋਂ ਸਰਵੋਤਮ ਦਾਨ ਹੁੰਦਾ ਹੈ (ਦਾਨਾ ਕੈ ਸਿਰਿ, ਦਾਨੁ)। ਗੁਰੂ ਨਾਨਕ ਸਾਹਿਬ ਜੀ; ‘ਜਪੁ’ ਬਾਣੀ ਦੀ 25ਵੀਂ ਪਉੜੀ ’ਚ ਰੱਬ ਵੱਲੋਂ ਬੰਦੇ ਨੂੰ ਮਿਲਣ ਵਾਲ਼ੀਆਂ ਸਮੂਹ ਦਾਤਾਂ ਦਾ ਜ਼ਿਕਰ ਕਰਦੇ-ਕਰਦੇ ਅੰਤ ’ਚ ਇਸ ਵਿਸ਼ੇਸ਼ ਦਾਤ ਦਾ ਇਉਂ ਜ਼ਿਕਰ ਕਰਦੇ ਹਨ ‘‘ਜਿਸ ਨੋ ਬਖਸੇ ਸਿਫਤਿ ਸਾਲਾਹ   ਨਾਨਕ ! ਪਾਤਿਸਾਹੀ ਪਾਤਿਸਾਹੁ ੨੫’’ (ਜਪੁ) ਅਰਥ : (ਰੱਬ ਵੱਲੋਂ ਮਨੁੱਖ ਨੂੰ ਮਿਲਦੀਆਂ ਬੇਅੰਤ ਦਾਤਾਂ ਤੋਂ ਇਲਾਵਾ) ਜਿਸ ਨੂੰ (ਆਪਣੀ) ਸਿਫ਼ਤ ਸਲਾਹ ਕਰਨ ਵਾਲ਼ੀ ਦਾਤ ਭੀ ਬਖ਼ਸ਼ਦਾ ਹੈ ਉਹ ਦੁਨਿਆਵੀ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਜਾਂਦਾ ਹੈ ਯਾਨੀ ਦੁਨਿਆਵੀ ਬਾਦਸ਼ਾਹ ਭੀ ਉਸ ਅੱਗੇ ਸਿਰ ਝੁਕਾਉਂਦੇ ਹਨ।

ਸੋ ਗੁਰਮਤਿ ਅਨੁਸਾਰ ਰੱਬ ਨੂੰ ਯਾਦ ਕਰਨਾ ਹੀ ਧਰਮ ਹੈ ‘‘ਬਲਿਓ ਚਰਾਗੁ ਅੰਧੵਾਰ ਮਹਿ; ਸਭ ਕਲਿ ਉਧਰੀ ਇਕ ਨਾਮ ਧਰਮ ਪ੍ਰਗਟੁ ਸਗਲ ਹਰਿ ਭਵਨ ਮਹਿ; ਜਨੁ ਨਾਨਕੁ ਗੁਰੁ, ਪਾਰਬ੍ਰਹਮ !’’ (ਮਹਲਾ /੧੩੮੭) ਅਰਥ : ਹੇ ਜਗਤ ਦੇ ਮਾਲਕ ਪਾਰਬ੍ਰਹਮ! (ਤੇਰਾ ਰੂਪ) ਦਾਸ ਗੁਰੁ ਨਾਨਕੁ; ਸੰਸਾਰਕ ਹਨ੍ਹੇਰੇ ’ਚ ਦੀਵੇ ਵਾਙ ਜਗ ਪਿਐ, ਸਾਰੇ ਸੰਸਾਰ ’ਚ ਪ੍ਰਗਟ ਹੋ ਗਿਐ (ਕਿਉਂਕਿ ਭਰੋਸਾ ਧਾਰ ਮੇਰੇ ਕੋਲ਼ ਆਈ) ਸਾਰੀ ਲੁਕਾਈ (ਤੇਰੇ) ਇੱਕ ਨਾਮ-ਧਰਮ (ਕੇਵਲ ਸਿਫ਼ਤ-ਸਾਲਾਹ) ਦੇ ਆਸਰੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਈ।

ਉਕਤ ਕੀਤੀ ਵਿਚਾਰ ਕਿ ਗੁਰਮਤਿ ਅਨੁਸਾਰ ‘ਧਰਮ’ ਦਾ ਅਰਥ ਹੈ ‘ਰੱਬ ਦੀ ਸਿਫ਼ਤ-ਸਲਾਹ ਕਰਨਾ, ਉਸ ਦਾ ਨਾਮ ਜਪਣਾ’ ਤਾਂ ਜੋ ਰੱਬ ਦੀ ਮਿਹਰ ਹੋਵੇ। ਉਸ ਨਾਲ਼ ਸਾਂਝ/ਮਿਲਾਪ ਹੋਵੇ। ਗੁਰੂ ਨਾਨਕ ਸਾਹਿਬ ਜੀ ‘ਜਪੁ’ ਬਾਣੀ ’ਚ ਜ਼ਿਕਰ ਕਰਦੇ ਹਨ ਕਿ ਧਰਮ (ਜੋ ਰੱਬ ਦਾ ਬੱਝਵਾਂ ਨਿਯਮ ਹੈ) ਹੀ ਦਰਅਸਲ ਸਫ਼ੈਦ ਬਲ਼ਦ ਹੈ (ਜਿਸ ਦੇ ਆਸਰੇ ਧਰਤੀ ਖੜ੍ਹੀ ਹੈ) ਅਤੇ ਰੱਬ ਦੀ ਦਇਆ-ਦ੍ਰਿਸ਼ਟੀ ਨਾਲ਼ (ਇਹ ਧਰਮ; ਮਨੁੱਖ ਦੇ ਹਿਰਦੇ ’ਚ) ਜਨਮ ਲੈਂਦੈ, ਪੁੰਗਰਦਾ ਹੈ ‘‘ਧੌਲੁ ਧਰਮੁ; ਦਇਆ ਕਾ ਪੂਤੁ ’’ (ਜਪੁ)

ਨੋਟ : ਸਨਾਤਨ ਮੱਤ ਨੇ ਕੀਤੀ ਧਰਮ ਦੀ ਵਿਆਖਿਆ ਅਨੁਸਾਰ ਧਰਤੀ ਨੂੰ ਇੱਕ ਬਲ਼ਦ ਨੇ ਚੁੱਕਿਐ, ਪਰ ਗੁਰਮਤਿ-ਧਰਮ ਅਨੁਸਾਰ ਰੱਬ ਦਾ ਬੱਝਵਾਂ ਨਿਯਮ (ਯਾਨੀ ਕਿ ਧਰਮ; ਚੇਤੇ ਰਹੇ ਕਿ ਧਰਮ ਦਾ ਅਰਥ ‘ਸੰਸਾਰ ਨੂੰ ਧਾਰਨ ਕਰਨਾ’ ਹੈ) ਹੀ ਬ੍ਰਹਿਮੰਡ ਨੂੰ ਬੰਨ੍ਹੀ ਖੜ੍ਹਾ ਹੈ ‘‘ਓਇ ਜੁ ਦੀਸਹਿ; ਅੰਬਰਿ ਤਾਰੇ   ਕਿਨਿ ਓਇ ਚੀਤੇ; ਚੀਤਨਹਾਰੇ   ਕਹੁ ਰੇ ਪੰਡਿਤ! ਅੰਬਰੁ ਕਾ ਸਿਉ ਲਾਗਾ  ? ਬੂਝੈ; ਬੂਝਨਹਾਰੁ ਸਭਾਗਾ ਰਹਾਉ   ਸੂਰਜ ਚੰਦੁ ਕਰਹਿ ਉਜੀਆਰਾ   ਸਭ ਮਹਿ ਪਸਰਿਆ; ਬ੍ਰਹਮ ਪਸਾਰਾ   ਕਹੁ ਕਬੀਰ ! ਜਾਨੈਗਾ ਸੋਇ  (ਜਿਸ ਦੇ) ਹਿਰਦੈ ਰਾਮੁ; ਮੁਖਿ (’ ਭੀ) ਰਾਮੈ ਹੋਇ ’’ (ਭਗਤ ਕਬੀਰ ਜੀ/੩੨੯) ਪਦ ਅਰਥ : ਅੰਬਰਿ-ਅਕਾਸ਼ ਵਿੱਚ।, ਚੀਤੇ-ਬਣਾਏ ਯਾਨੀ ਚਿਤਰਕਾਰੀ ਕੀਤੀ।, ਚੀਤਨਹਾਰੇ- ਕਾਰੀਗਰ-ਰੱਬ ਨੇ।, ਕਾ ਸਿਉ ਲਾਗਾ-ਕਿਸ ਆਸਰੇ ਖੜ੍ਹੈ।, ਸਭਾਗਾ-ਵੱਡੇ ਭਾਗਾਂ ਵਾਲ਼ਾ।, ਸੋਇ-ਉਹੀ।

ਧਰਮ; ਰੱਬ ਦੀ ਮਿਹਰ ਨਾਲ਼ ਹਿਰਦੇ ’ਚ ਪ੍ਰਗਟ ਹੁੰਦੈ, ਇਸ ਦਾ ਜ਼ਿਕਰ ਗੁਰੂ ਅਰਜਨ ਸਾਹਿਬ ਭੀ ਕਰਦੇ ਹਨ ‘‘ਭੈ ਅਟਵੀਅੰ, ਮਹਾ ਨਗਰ ਬਾਸੰ; ਧਰਮ ਲਖੵਣ ਪ੍ਰਭ ਮਇਆ ’’ (ਮਹਲਾ /੧੩੫੮) ਅਰਥ : ਧਰਮ ਦੇ ਲੱਛਣ (ਹਿਰਦੇ ’ਚ) ਪ੍ਰਭੂ ਦੀ ਮਿਹਰ ਨਾਲ਼ ਪ੍ਰਗਟ ਹੁੰਦੇ ਹਨ ਫਿਰ ਡਰਾਉਣਾ ਸੰਸਾਰ-ਜੰਗਲ਼ ਭੀ ਵੱਸਦਾ ਵੱਡਾ ਸ਼ਹਿਰ ਪ੍ਰਤੀਤ ਹੁੰਦੈ। ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਰੱਬ ਵੱਲੋਂ ਹੁੰਦੀ ਮਿਹਰ ਉਪਰੰਤ ਧਰਮ ਹਿਰਦੇ ’ਚ ਜਨਮ ਲੈਂਦਾ ਹੈ, ਇਹ ਸਮਝਾਉਣ ਲਈ ਰੱਬ ਨੂੰ ‘ਕਿਰਪਾ ਨਿਧਿ’ ਕਿਹਾ ਹੈ। ਇਹ ਭੀ ਸਪਸ਼ਟ ਕੀਤਾ ਕਿ ਇਹ ਗਹਿਰਾ ਰਾਜ਼; ਬੇਦੁ (ਯਾਨੀ ਗੁਰੂ ਦਾ ਗਿਆਨ) ਦੱਸਦਾ ਹੈ ‘‘ਕਲਿ ਮੈ ਏਕੁ ਨਾਮੁ ਕਿਰਪਾ ਨਿਧਿ; ਜਾਹਿ ਜਪੈ ਗਤਿ ਪਾਵੈ ਅਉਰ ਧਰਮ ਤਾ ਕੈ ਸਮ (ਬਰਾਬਰ) ਨਾਹਨਿ; ਇਹ ਬਿਧਿ ਬੇਦੁ ਬਤਾਵੈ ’’ (ਮਹਲਾ /੬੩੨) ਸੋ ਜਗਤ ਵਿੱਚ ਰੱਬ ਦੇ ਗੁਣ ਗਾਉਣੇ ਸਰਵੋਤਮ ਧਰਮ ਹੈ ਅਤੇ ਰੱਬ ਦੀ ਮਿਹਰ ਹੋਣੀ; ਸਰਬ ਸ੍ਰੇਸ਼ਟ ਦਾਤ ਹੈ ਤਾਂ ਹੀ ਸਰਵੋਤਮ ਕਿਰਦਾਰ ਸਿਰਜੀਦੈ, ਜੋ ਸੱਚੀ ਇਨਸਾਨੀਅਤ ਪੁਗਾ ਸਕਦੈ ‘‘ਰਾਮ ਕੇ ਗੁਨ ਗਾਉ   ਹਲਤੁ ਪਲਤੁ ਹੋਹਿ ਦੋਵੈ ਸੁਹੇਲੇ; ਅਚਰਜ ਪੁਰਖੁ ਧਿਆਉ ਰਹਾਉ ਸਭ ਤੇ ਊਤਮ ਇਹੁ ਕਰਮੁ ਸਗਲ ਧਰਮ ਮਹਿ, ਸ੍ਰੇਸਟ ਧਰਮੁ ’’ (ਮਹਲਾ /੮੯੫)

ਸੋ ਇਹ ਕਹਿਣਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਨਵਾਂ ਧਰਮ ਨਹੀਂ ਚਲਾਇਆ ਤਾਂ ਮੰਨਣਾ ਪੈਣੈ ਕਿ ਗੁਰੂ ਜੀ ਨੇ ਪ੍ਰਚਲਿਤ ਧਰਮਾਂ ਦੀ ਪਾਲਣਾ ਕੀਤੀ ਅਤੇ ਹੋਰਾਂ ਤੋਂ ਕਰਾਉਣ ਲਈ ਚਾਰੋਂ ਦਿਸ਼ਾਵਾਂ ’ਚ ਯਾਤਰਾਵਾਂ ਕੀਤੀਆਂ। ਸਭ ਧਰਮਾਂ ਦੇ ਪੈਰੋਕਾਰਾਂ ਨੂੰ ਦੱਸਿਆ ਕਿ ਤੁਹਾਡੀਆਂ ਪ੍ਰਚਲਿਤ ਰਵਾਇਤਾਂ ਤਾਂ ਠੀਕ ਹਨ, ਪਰ ਇਨ੍ਹਾਂ ਵਿੱਚ ਇਨਸਾਨੀਅਤ ਨੂੰ ਭੀ ਸ਼ਾਮਲ ਕਰੋ। ਸਵਾਲ ਪੈਦਾ ਹੁੰਦਾ ਹੈ ਕਿ ਕੀ ਪ੍ਰਚਲਿਤ ਧਰਮਾਂ ’ਚ ਐਨਾ ਕੁ ਹੀ ਵਾਧਾ ਕਰਨ ਲਈ ਗੁਰੂ ਸਾਹਿਬਾਨ ਨੂੰ ਤਸੀਹੇ ਝੱਲਣੇ ਪਏ ? ਇਸ ਦਾ ਜਵਾਬ ਹੇਠਲੀ ਗੁਰਮਤਿ ਵਿਲੱਖਣਤਾ ’ਚੋਂ ਮਿਲਣਾ ਹੈ।

ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਹਰ ਬੰਦਾ ਮੁਗ਼ਲਾਂ ਤੋਂ ਡਰਿਆ ਉਨ੍ਹਾਂ ਦੀ ਬੋਲੀ ਬੋਲ ਰਿਹਾ ਸੀ। ਸਾਰੇ ਮੁਸਲਮਾਨੀ ਲਿਬਾਸ ਪਹਿਨਣ ਲੱਗੇ ਮਾਨੋ ਇਹੀ ਮੂਲ ਧਰਮ ਹੋਵੇ ‘‘ਸ੍ਰਿਸਟਿ ਸਭ ਇਕ ਵਰਨ ਹੋਈ; ਧਰਮ ਕੀ ਗਤਿ ਰਹੀ ’’ (ਮਹਲਾ /੬੬੩) ਨਵੇਂ ਧਾਰਮਿਕ ਕਿਰਦਾਰ ਸਿਰਜਣੇ ਰੁਕ ਗਏ। ਅੰਦਰੋਂ ਹਿੰਦੂ; ਬਾਹਰੋਂ ਮੁਸਲਮਾਨ ਪ੍ਰਤੀਤ ਹੁੰਦਾ; ਇਸ ਪਖੰਡ ਕਾਰਨ ਰੂਹਾਨੀਅਤ ਜੀਵਨ ਨੂੰ ਪੰਜ ਵਿਕਾਰ ਹੋਰ ਮਾਰਦੇ ਗਏ ‘‘ਕਰਮ ਧਰਮ ਪਾਖੰਡ ਜੋ ਦੀਸਹਿ; ਤਿਨ ਜਮੁ ਜਾਗਾਤੀ ਲੂਟੈ ’’ (ਮਹਲਾ /੭੪੭) ਧਰਮ ਰਾਹੀਂ ਕੀਤੀ ਸਵੈ ਪੜਚੋਲ ਰੂਹਾਨੀਅਤ ਬਲ ਭਰਦੀ ਹੈ, ਪਰ ‘‘ਜਿਨਿ ਆਤਮ ਤਤੁ ਚੀਨਿ੍ਆ ਸਭ ਫੋਕਟ ਧਰਮ ਅਬੀਨਿਆ ’’ (ਭਗਤ ਬੇਣੀ/੧੩੫੧) ਅਰਥ : ਜਿਸ ਨੇ ਆਪਣੇ ਆਪ ਨੂੰ ਨਾ ਪਛਾਣਿਆ ਅਜਿਹੇ ਅੰਨ੍ਹਿਆਂ ਦੇ ਧਾਰਮਿਕ ਕਰਮ; ਕਰਮਕਾਂਡ ਹਨ ਯਾਨੀ ਵਿਖਾਵੇ ਮਾਤਰ ਹਨ। ਭਗਤ ਰਵੀਦਾਸ ਜੀ ਨੇ ਵਚਨ ਕੀਤੇ ‘‘ਪਾਰੁ ਕੈਸੇ ਪਾਇਬੋ ਰੇ !  ਮੋ ਸਉ; ਕੋਊ ਕਹੈ ਸਮਝਾਇ   ਜਾ ਤੇ; ਆਵਾਗਵਨੁ ਬਿਲਾਇ (ਮੁੱਕੇ) ਰਹਾਉ ਬਹੁ ਬਿਧਿ ਧਰਮ ਨਿਰੂਪੀਐ; ਕਰਤਾ ਦੀਸੈ ਸਭ ਲੋਇ   ਕਵਨ ਕਰਮ ਤੇ ਛੂਟੀਐ; ਜਿਹ ਸਾਧੇ, ਸਭ ਸਿਧਿ ਹੋਇ ’’ (ਭਗਤ ਰਵਿਦਾਸ/੩੪੬) ਅਰਥ : ਹੇ ਪੰਡਿਤ! ਭਿਆਨਕ ਸੰਸਾਰ ਸਮੁੰਦਰ ਨੂੰ ਕਿਵੇਂ ਪਾਰ ਕਰੋਗੇ  ? ਕਿਹੜਾ ਕਰਮ-ਧਰਮ; ਆਵਾਗਮਣ ਖ਼ਤਮ ਕਰਦਾ ਹੈ ? ਕਿਸ ਕਰਮ-ਧਰਮ ਦੇ ਕੀਤਿਆਂ ਸਫਲਤਾ ਮਿਲਦੀ ਹੈ ? ਮੈਨੂੰ ਕੋਈ ਸਮਝਾ ਦਿਓ ਤਾਂ ਜੋ ਮੇਰਾ ਆਵਾਗਮਣ ਚੱਕਰ ਖ਼ਤਮ ਹੋਵੇ; ਵੈਸੇ ਤੁਸੀਂ ਧਰਮ ਦੀ ਕਈ ਤਰ੍ਹਾਂ ਵਿਆਖਿਆ ਪਏ ਕਰਦੇ ਹੋ ਤੇ ਉਨ੍ਹਾਂ ਅਸੂਲਾਂ ਨੂੰ ਸਾਰੇ ਮੰਨਦੇ ਭੀ ਹੋ ?

ਭਗਤ ਕਬੀਰ ਜੀ ਦੇ ਵਚਨ ਹਨ ਕਿ ਮੌਲਵੀ, ਪੰਡਿਤ ਆਦਿ ਨੇ ਆਪਣੇ ਚੇਲੇ ਤਾਂ ਬਹੁਤ ਬਣਾ ਲਏ, ਪਰ ਕੁਦਰਤਿ ਨੂੰ ਰਚਨਹਾਰ ਅੱਲ੍ਹਾ ਜਾਂ ਰਾਮ ਨਾਲ਼ ਨਾ ਜੋੜ ਸਕੇ ‘‘ਕਬੀਰ ! ਸਿਖ ਸਾਖਾ ਬਹੁਤੇ ਕੀਏ; ਕੇਸੋ ਕੀਓ ਮੀਤੁ   ਚਾਲੇ ਥੇ ਹਰਿ ਮਿਲਨ ਕਉ; ਬੀਚੈ ਅਟਕਿਓ ਚੀਤੁ ’’ (ਭਗਤ ਕਬੀਰ/੧੩੬੯)

ਗੁਰਮਤਿ-ਧਰਮ ਤੋਂ ਉਲ਼ਟ ਪ੍ਰਚਲਿਤ ਮਨਹੱਠੀ ਰਸਮਾਂ ਕਰਨ ਵਾਲ਼ੇ ਜੋਗੀਆਂ ਨੂੰ ਗੁਰੂ ਨਾਨਕ ਸਾਹਿਬ ਨੇ ਸਮਝਾਉਂਦਿਆਂ ਕਿਹਾ ਕਿ ਤੁਹਾਡਾ ਧਰਮ (ਯਾਨੀ ਕਿ ਮੱਤ) ਪਖੰਡ ਹੈ। ਤੁਸੀਂ ਸੁਆਸਾਂ ਨਾਲ਼ ਪੇਟ ਹਿਲਾਉਂਦੇ ਹੋ। ਸੁਆਸ ਅੰਦਰ ਬਾਹਰ ਕਰਦੇ ਹੋ ਤੇ ਦੋਵੇਂ ਅੱਖਾਂ ਵਿਚਕਾਰ ਸੁਆਸ ਰੋਕਦੇ ਹੋ; ਇਉਂ ਹਰੀ ਨਾਲ਼ ਪ੍ਰੀਤ ਨਹੀਂ ਉਪਜੇਗੀ ‘‘ਨਿਉਲੀ ਕਰਮ ਭੁਇਅੰਗਮ ਭਾਠੀ ਰੇਚਕ ਕੁੰਭਕ ਪੂਰਕ; ਮਨ ਹਾਠੀ ਪਾਖੰਡ ਧਰਮੁ, ਪ੍ਰੀਤਿ ਨਹੀ ਹਰਿ ਸਉ; ਗੁਰ ਸਬਦ ਮਹਾ ਰਸੁ ਪਾਇਆ ’’ (ਮਹਲਾ /੧੦੪੩) ਗੁਰੂ ਤੇਗ਼ ਬਹਾਦਰ ਸਾਹਿਬ ਜੀ ਆਪਣਾ ਅਨੁਭਵ ਬਿਆਨ ਕਰਦਿਆਂ ਆਖਦੇ ਹਨ ਕਿ ਤੀਰਥ ਇਸ਼ਨਾਨ, ਵਰਤ ਆਦਿਕ ਧਰਮ-ਕਰਮ ਨਿਹਫਲ ਹਨ ਕਿਉਂਕਿ ਇਨ੍ਹਾਂ ਨੂੰ ਕੀਤਿਆਂ ਮਨ; ਕਾਬੂ ਨਹੀਂ ਹੁੰਦਾ ‘‘ਤੀਰਥ ਕਰੈ ਬ੍ਰਤ ਫੁਨਿ (ਭੀ) ਰਾਖੈ; ਨਹ ਮਨੂਆ ਬਸਿ (’) ਜਾ ਕੋ ਨਿਹਫਲ ਧਰਮੁ ਤਾਹਿ ਤੁਮ ਮਾਨਹੁ; ਸਾਚੁ ਕਹਤ ਮੈ ਯਾ ਕਉ ’’ (ਮਹਲਾ /੮੩੧)

ਗੁਰੂ ਨਾਨਕ ਸਾਹਿਬ ਨੇ ਮੌਲਵੀਆਂ ਨੂੰ ਕਿਹਾ ਕਿ ਤੁਸੀਂ ਮਿਰਤਕ ਸਰੀਰ ਨੂੰ ਇਸ ਲਈ ਨਹੀਂ ਅੱਗ ’ਚ ਜਲਾਉਂਦੇ ਕਿਉਂਕਿ ਉਸ ਨੇ ਕਿਆਮਤ ਤੋਂ ਬਾਅਦ ਮੁਕਤ ਹੋਣਾ ਹੁੰਦੈ, ਪਰ ਸ਼ਮਸ਼ਾਨ ਦੀ ਮਿੱਟੀ ਚੀਕਣੀ ਹੋਣ ਕਾਰਨ ਕਈ ਵਾਰ ਘੁਮਿਆਰ ਬਰਤਨ ਬਣਾਉਣ ਲਈ ਲੈ ਆਉਂਦਾ ਹੈ ਤੇ ਆਵੀ ਦੀ ਅੱਗ ’ਚ ਓਹੀ ਮਿਰਤਕ-ਦੇਹ ਵਾਲ਼ੀ ਮਿੱਟੀ ਨੂੰ ਸਾੜਦਾ ਹੈ ਤਾਂ ਫਿਰ ਤੁਹਾਡੀ ਕਿਆਮਤ ਉਪਰੰਤ ਮੁਕਤੀ ਦਾ ਕੀ ਬਣਿਆ ‘‘ਮਿਟੀ ਮੁਸਲਮਾਨ ਕੀ; ਪੇੜੈ ਪਈ ਕੁਮਿ੍ਆਰ   ਘੜਿ ਭਾਂਡੇ ਇਟਾ ਕੀਆ; ਜਲਦੀ ਕਰੇ ਪੁਕਾਰ ’’ (ਮਹਲਾ /੪੬੬)

ਸੋ ਉਕਤ ਅਨਮੱਤ ਦੁਆਰਾ ਕੀਤੀ ਮੂਲ ਧਰਮ ਦੀ ਵਿਆਖਿਆ ਅਰਥਹੀਣ ਹੈ ਤਾਹੀਓਂ ਗੁਰਮਤਿ; ਸਹਿਮਤ ਨਹੀਂ ਤੇ ਇਸ ਨੇ ਵੱਖਰੀ ਤੇ ਨਿਵੇਕਲੀ ਮੱਤ ਨਾਲ਼ ਮੂਲ ਧਰਮ ਦੀ ਵਿਆਖਿਆ ਕੀਤੀ। ਜਿਸ ਦੇ ਪ੍ਰਚਾਰ-ਪ੍ਰਸਾਰ ਦੇ ਵਿਰੋਧ ਵਜੋਂ ਗੁਰੂ ਸਾਹਿਬਾਨ ਨੂੰ ਤਸੀਹੇ ਝੱਲਣੇ ਪਏ, ਜੋ ਹੁਣ ਤੱਕ ਸਿੱਖਾਂ ’ਤੇ ਤਸੱਦਦ ਜਾਰੀ ਹੈ ਕਿਉਂਕਿ ਕੱਟੜ ਅੰਧਵਿਸ਼ਵਾਸੀ ਸੱਚ ਸੁਣਨ ਨੂੰ ਤਿਆਰ ਨਹੀਂ ‘‘ਸਾਚ ਧਰਮ ਸਿਉ ਰੁਚਿ ਨਹੀ ਆਵੈ; ਸਤਿ ਸੁਨਤ ਛੋਹਾਇਆ (ਮਹਲਾ /੪੦੨) ਅਰਥ : ਹੇ ਮੂਰਖ ਬੰਦੇ! ਸੱਚੇ ਧਰਮ ਬਾਰੇ ਸੁਣਨ ਨੂੰ ਤੂੰ ਤਿਆਰ ਨਹੀਂ। ਸਚਾਈ ਸੁਣਦਿਆਂ ਹੀ ਤੈਨੂੰ ਖਿੱਝ ਚੜ੍ਹਦੀ ਹੈ। ਇਸ ਸ਼ਬਦ ਦੀ ‘ਰਹਾਉ’ ਪੰਕਤੀ ’ਚ ਮੂਲ ਧਰਮ ਦੀ ਵਿਆਖਿਆ ਇਉਂ ਦਰਜ ਹੈ ‘‘ਸਤਿਗੁਰ ਤੇਰੀ ਆਸਾਇਆ ਪਤਿਤ ਪਾਵਨੁ ਤੇਰੋ ਨਾਮੁ ਪਾਰਬ੍ਰਹਮ! ਮੈ ਏਹਾ ਓਟਾਇਆ ਰਹਾਉ ’’ (ਮਹਲਾ /੪੦੨) ਅਰਥ : ਹੇ ਸਤਿਗੁਰੂ! ਹੇ ਪਾਰਬ੍ਰਹਮ! ਮੈਨੂੰ ਤੇਰੀ ਹੀ ਆਸ ਹੈ। ਤੇਰੀ ਹੀ ਟੇਕ ਹੈ ਕਿ ਤੇਰਾ ਨਾਮ ਰੂਹਾਨੀਅਤ ਪੱਖੋਂ ਡਿੱਗੇ ਹੋਏ ਨੂੰ ਪਵਿੱਤਰ ਕਰਨ ਵਾਲ਼ਾ ਹੈ, ਜੀਵਤ ਕਰ ਦਿੰਦਾ ਹੈ।

ਸਨਾਤਨੀ ਧਰਮ ਅਨੁਸਾਰ ਹਰ ਯੁੱਗ ਦਾ ਧਰਮ ਵੱਖਰਾ-ਵੱਖਰਾ ਹੈ, ਪਰ ਗੁਰਬਾਣੀ ਅਨੁਸਾਰ ਹਰ ਯੁਗ ’ਚ ਰੱਬ ਨੂੰ ਯਾਦ ਕਰਨਾ ਹੀ ਅਸਲ ਧਰਮ ਹੈ‘‘ਏਕੋ ਧਰਮੁ; ਦ੍ਰਿੜੈ ਸਚੁ ਕੋਈ ਗੁਰਮਤਿ ਪੂਰਾ ਜੁਗਿ+ਜੁਗਿ (’) ਸੋਈ (ਮਹਲਾ /੧੧੮੮), ਇਸੁ ਜੁਗ ਕਾ ਧਰਮੁ ਪੜਹੁ ਤੁਮ ਭਾਈ ! ਪੂਰੈ+ਗੁਰਿ (ਨੇ); ਸਭ ਸੋਝੀ ਪਾਈ ਐਥੈ ਅਗੈ; ਹਰਿ ਨਾਮੁ ਸਖਾਈ ’’ (ਮਹਲਾ /੨੩੦) ਤਾਂ ਤੇ ਹਰ ਮਨੁੱਖ ਨੂੰ ਚਾਹੀਦੈ ਕਿ ‘‘ਨਹ ਬਿਲੰਬ ਧਰਮੰ; ਬਿਲੰਬ ਪਾਪੰ ’’ (ਮਹਲਾ /੧੩੫੪) ਯਾਨੀ ਧਰਮ ਕਮਾਉਣ ’ਚ ਦੇਰੀ ਨਾ ਕਰ (ਸਗੋਂ ਧਰਮ ਦਾ ਵਿਰੋਧ ਕਰਨ ਵਾਲ਼ੇ) ਪਾਪ ਤੋਂ ਬਚ।

ਸੋ ਗੁਰਮਤਿ-ਧਰਮ ਨੂੰ ਕੇਵਲ ਇਨਸਾਨੀਅਤ-ਧਰਮ ਕਹਿਣਾ; ਨਾਸਮਝੀ ਦਾ ਪ੍ਰਤੀਕ ਹੈ। ਅਜਿਹੇ ਬੰਦੇ ਸਵੈ ਪੜਚੋਲ ਤੋਂ ਸੱਖਣੇ ਅਤੇ ਰੱਬ ਦੀ ਹੋਂਦ ਤੋਂ ਇਨਕਾਰੀ ਹੁੰਦੇ ਹਨ। ਉਹ ਕਦੇ ਭੀ ਸਰੋਤਿਆਂ ਨੂੰ ਗੁਰਮਤਿ ਅਨੁਸਾਰੀ ਸਵੈ ਪੜਚੋਲ ਕਰਨ ਅਤੇ ਨਿਰਾਕਾਰ-ਰੱਬ, ਜੋ ਕਣ-ਕਣ ’ਚ ਵਿਆਪਕ ਭੀ ਹੈ; ਉੱਤੇ ਭਰੋਸਾ ਰੱਖਣ ਲਈ ਨਹੀਂ ਕਹਿਣਗੇ। ਜਿਸ ਬੱਚੇ ਅੰਦਰੋਂ ਸਵਾਲ ਉਪਜਿਆ ਕਿ ਗੁਰੂ ਜੀ ਨੇ ਇੱਕ ਹੋਰ ਧਰਮ ਕਾਹਦੇ ਲਈ ਚਲਾਇਐ ? ਉਹ, ਇਸ ਜਵਾਬ ਤੋਂ ਕਿ ਗੁਰੂ ਨਾਨਕ ਜੀ ਦਾ ਧਰਮ; ਇਨਸਾਨੀਅਤ ਹੈ, ਸੰਤੁਸ਼ਟ ਨਹੀਂ ਕਿਉਂਕਿ ਇਨਸਾਨੀਅਤ ਸ਼ਬਦ ਹਰ ਇੱਕ ਬੰਦੇ ਲਈ ਵੱਖਰੇ-ਵੱਖਰੇ ਅਰਥ ਰੱਖਦਾ ਹੈ। ਉਸ ਨੂੰ ਸਮਝਾਉਣਾ ਚਾਹੀਦਾ ਸੀ ਕਿ ਅਸਲ ਧਰਮ ਇੱਕ ਹੀ ਹੈ ਤੇ ਉਹ ਹੈ ਰੱਬ ਦੇ ਗੁਣ ਗਾਉਣੇ। ਰੱਬ ਦੇ ਗੁਣਾਂ ਨਾਲ਼ ਤੁਲਨਾਤਮਿਕ ਪੱਖੋਂ ਆਪਣੇ ਔਗੁਣਾਂ ਨੂੰ ਪਰਖ-ਪਰਖ ਦੂਰ ਕਰਨਾ। ਅਜਿਹੀ ਵਿਚਾਰਧਾਰਾ ਰਵਾਇਤੀ ਧਰਮਾਂ ’ਚ ਦਰਜ ਨਾ ਹੋਣ ਕਾਰਨ ਗੁਰੂ ਨਾਨਕ ਸਾਹਿਬ ਜੀ ਨੂੰ ਜਨਮ ਲੈਣਾ ਪਿਆ ਅਤੇ ਸਾਨੂੰ ਮੂਲ ਧਰਮ ਬਾਰੇ ਸਪਸ਼ਟ ਕੀਤਾ।

ਗੁਰਬਾਣੀ; ਸੰਸਾਰ ਦਾ ਪਹਿਲਾ ਧਾਰਮਿਕ ਗ੍ਰੰਥ ਹੈ ਜਿਸ ਦੀ ਸੰਪਾਦਨਾ ਕਰਨ ਵਾਲ਼ੇ ਪੰਜਵੇਂ ਪਾਤਿਸ਼ਾਹ ਜੀ ਨੇ ਇਸ ਵਿੱਚ ਇਹ ਤਾੜਨਾ ਭੀ ਦਰਜ ਕੀਤੀ ਕਿ ਗੁਰਮਤਿ ਪ੍ਰਚਾਰਕ ਸਿੱਖ; ਗੁਰਮਤਿ ਅਨੁਸਾਰ ਪਹਿਲਾਂ ਆਪਣਾ ਮਨ ਕਾਬੂ ਕਰਨਾ ਸਿੱਖਣ ਤਾਂ ਜੋ ਹੋਰਾਂ ਨੂੰ ਲਾਗ ਲਗਾਉਂਦਿਆਂ ਦੁਬਿਧਾ ਨਾ ਰਹੇ ‘‘ਪ੍ਰਥਮੇ ਮਨੁ ਪਰਬੋਧੈ ਅਪਨਾ; ਪਾਛੈ ਅਵਰ ਰੀਝਾਵੈ ਰਾਮ ਨਾਮ ਜਪੁ ਹਿਰਦੈ ਜਾਪੈ; ਮੁਖ ਤੇ ਸਗਲ ਸੁਨਾਵੈ ’’ (ਮਹਲਾ /੩੮੧) ਗੁਰੂ ਅੰਗਦ ਸਾਹਿਬ ਜੀ ਭੀ ਕੁੱਝ ਅਜਿਹਾ ਹੀ ਫ਼ੁਰਮਾ ਰਹੇ ਹਨ ‘‘ਨਾਨਕ ! ਪਰਖੇ ਆਪ ਕਉ; ਤਾ ਪਾਰਖੁ ਜਾਣੁ   ਰੋਗੁ ਦਾਰੂ ਦੋਵੈ ਬੁਝੈ; ਤਾ ਵੈਦੁ ਸੁਜਾਣੁ (ਮਹਲਾ /੧੪੮) ਅਰਥ : ਹੇ ਨਾਨਕ! ਆਖ ਕਿ ਜੋ ਸਿੱਖ (ਗੁਰਮਤਿ ਅਨੁਸਾਰੀ) ਸਵੈ ਪੜਚੋਲ ਕਰਨਾ ਜਾਣਦਾ ਹੈ ਦਰਅਸਲ ਉਹੀ ਹੋਰਾਂ ਦੀ ਭਾਵਨਾ ਨੂੰ ਸਮਝ ਸਕੇਗਾ, ਕਦਰ ਕਰੇਗਾ (ਇਹੀ ਹੈ ਸੱਚੀ ਇਨਸਾਨੀਅਤ)। ਸਰੋਤੇ ਦਾ ਮਾਨਸਿਕ ਰੋਗ ਅਤੇ ਉਸ ਮੁਤਾਬਕ ਗੁਰਮਤਿ ’ਚੋਂ ਢੁੱਕਵੀਂ ਦਵਾ ਦੇਣ ਵਾਲ਼ਾ ਹੀ ਅਸਲ ਵੈਦ ਹੈ। ਸਿਆਣਾ ਵਕਤਾ ਹੈ। ਉੱਚੇ-ਸੁੱਚੇ ਤੇ ਨਿਰਮਲ ਵਿਚਾਰਾਂ ਵਾਲ਼ਾ ਬੁਲਾਰਾ ਹੈ। ਓਹੀ ਗੁਰਬਾਣੀ ਦੇ ਅਨੁਭਵੀ ਗਿਆਨ ਨੂੰ ਸਮਝਣ ਯੋਗ ਹੈ।

ਪੰਥਕ ਮੁੱਦਿਆਂ ’ਤੇ ਮੌਨ ਧਾਰਨ ਵਾਲੇ ਬਾਦਲ ਦੇ ਹਮਾਇਤੀ ਸਾਧਾਂ ਨੂੰ ਮੂੰਹ ਨਾ ਲਾਇਆ ਜਾਵੇ

0

ਗੁਰਦੁਆਰਾ ਸਿੰਘ ਸਭਾ ਆਫ਼ ਵਾਸ਼ਿੰਗਟਨ ਦੀ ਕਮੇਟੀ ਵਲੋਂ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਅਪੀਲ

ਪੰਥਕ ਮੁੱਦਿਆਂ ’ਤੇ ਮੌਨ ਧਾਰਨ ਵਾਲੇ ਬਾਦਲ ਦੇ ਹਮਾਇਤੀ ਸਾਧਾਂ ਨੂੰ ਮੂੰਹ ਨਾ ਲਾਇਆ ਜਾਵੇ

ਵਸ਼ਿੰਗਟਨ, 15 ਫ਼ਰਵਰੀ : ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਤੋਂ ਲੈ ਕੇ ਕਿੰਨੇ ਹੋਰ ਪੰਥਕ ਮਸਲਿਆਂ ’ਤੇ  ਮੂੰਹ ਬੰਦ ਰੱਖਣ ਵਾਲੇ ਸੰਤ ਸਮਾਜ ਵੱਲੋਂ ਆ ਰਹੀਆਂ ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਬਾਦਲ ਦੇ ਸਮਰਥਨ ’ਚ ਵੋਟਾਂ ਪਾਉਣ ਦੀ ਕੀਤੀ ਗਈ ਅਪੀਲ ਦਾ ਸਖਤ ਨੋਟਿਸ ਲੈਂਦੇ ਹੋਏ ਗੁਰਦੁਆਰਾ ਸਿੰਘ ਸਭਾ ਆਫ਼ ਵਾਸ਼ਿੰਗਟਨ ਦੀ ਕਮੇਟੀ ਦੇ ਪ੍ਰਧਾਨ ਸਰਦਾਰ ਦਲਬੀਰ ਸਿੰਘ ਗੁਰਾਇਆ ਵਲੋਂ ਕਮੇਟੀ ਅਤੇ ਕੁਝ ਸਿੱਖ ਚਿੰਤਕਾਂ ਨਾਲ  ਮੀਟਿੰਗ ਰੱਖੀ ਗਈ। ਮੀਟਿੰਗ ’ਚ ਹਾਜਰ ਵੱਡੀ ਗਿਣਤੀ ਮੈਂਬਰਾਂ ਨੇ ਹੈਰਾਨੀ ਪ੍ਰਗਟਾਈ ਕਿ ਸਿੱਖੀ ਨੂੰ ਬ੍ਰਹਮਣਵਾਦ ਦੀ ਪੁੱਠ ਚੜ੍ਹਾਉਣ ’ਚ ਵੱਡਾ ਯੋਗਦਾਨ ਪਾਉਣ ਵਾਲੇ ਇਸ ਸੰਤ ਸਮਾਜ ਨੇ ਕਿਸਾਨੀ ਅੰਦੋਲਨ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗਾਇਬ ਹੋਣ, ਨਸ਼ਿਆਂ ਦੀ ਵਿੱਕਰੀ, ਪੰਜਾਬ ਦੇ ਪਾਣੀ ਖਤਮ ਹੋਣ ਕਿਨਾਰੇ, ਇਤਿਹਾਸ ਦਾ ਮਲੀਆਮੇਟ ਕਰਨ, ਸੌਦਾ ਸਾਧ ਨੂੰ ਮੁਆਫ਼ੀ ਦੇਣ ਵੇਲੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਤੱਕ ਕਿੰਨੇ ਹੋਰ ਪੰਥਕ ਮਸਲਿਆਂ ’ਤੇ ਮੂੰਹ ਬੰਦ ਰੱਖਣ ਵਾਲਾ ਇਹ ਸਾਧ ਲਾਣਾ ਕਿਵੇਂ ਬਾਦਲਾਂ ਦੀਆਂ ਜੁੱਤੀਆਂ ਝਾੜ ਰਿਹਾ ਹੈ।  ਉਨ੍ਹਾਂ ਫੈਸਲਾ ਕੀਤਾ ਕਿ ਵਿਦੇਸ਼ਾਂ ਵਿਚ ਆਉਣ ’ਤੇ ਇਨ੍ਹਾਂ ਸਾਧਾਂ ਨੂੰ ਸੁਆਲ ਕੀਤੇ ਜਾਣਗੇ। ਉਨ੍ਹਾਂ ਸਿੱਖ ਸੰਗਤਾਂ ਨੂੰ ਅਪੀਲ ਵੀ ਕੀਤੀ ਕਿ ਖ਼ੁਦ ਬਾਣੀ ਪੜ੍ਹੀ ਅਤੇ ਸਮਝੀ ਜਾਵੇ ਤਾ ਕਿ ਕੌਮ ਨੂੰ ਲੱਗੇ ਇਸ ਘੁਣ ਤੋਂ ਆਪਣੀਆਂ ਅਗਲੀਆਂ ਪੀੜ੍ਹੀਆਂ ਬਚਾਈਆਂ ਜਾ ਸਕਣ।

ਜਾਰੀ ਕਰਤਾ : ਜਸਵਿੰਦਰ ਸਿੰਘ ਪੰਨੂ
206 941 9700

ਭਾਰਤ ਦੇ ਹਿੰਦੂਤਵੀ ਹਾਕਮਾਂ ਵਲੋਂ ਘੱਟ ਗਿਣਤੀਆਂ ਤੇ ਲਗਾਤਾਰ ਜੁਲਮ ਢਾਹੇ ਜਾਣ ਦੀ ਗੁਰਦੁਆਰਾ ਸਿੰਘ ਸਭਾ ਆਫ ਵਾਸ਼ਿੰਗਟਨ, ਰੈਂਟਨ ਵਲੋਂ ਨਖੇਧੀ

0

ਭਾਰਤ ਦੇ ਹਿੰਦੂਤਵੀ ਹਾਕਮਾਂ ਵਲੋਂ ਘੱਟ ਗਿਣਤੀਆਂ ਤੇ ਲਗਾਤਾਰ ਜੁਲਮ ਢਾਹੇ ਜਾਣ ਦੀ ਗੁਰਦੁਆਰਾ ਸਿੰਘ ਸਭਾ ਆਫ ਵਾਸ਼ਿੰਗਟਨ, ਰੈਂਟਨ ਵਲੋਂ ਨਖੇਧੀ

ਵਸ਼ਿੰਗਟਨ ਮਿਤੀ 15 ਫਰਵਰੀ: ਦੁਨੀਆਂ ਦੇ ਸਭ ਤੋਂ ਵੱਡੇ ਲੋਕ ਤੰਤਰਿਕ ਦੇਸ਼ ਭਾਰਤ ’ਚ ਘੱਟ ਗਿਣਤੀਆਂ ਦੇ ਧਰਮ ਅਤੇ ਸਭਿਆਚਾਰ ’ਤੇ ਹਿੰਦੂਤਵੀਆਂ ਵੱਲੋਂ ਹੋ ਰਹੇ ਹਮਲਿਆਂ ’ਤੇ ਵੀਚਾਰ ਕਰਨ ਲਈ ਗੁਰਦੁਆਰਾ ਸਿੰਘ ਸਭਾ ਆਫ਼ ਵਾਸ਼ਿੰਗਟਨ ਦੇ ਪ੍ਰਧਾਨ ਸਰਦਾਰ ਦਲਬੀਰ ਸਿੰਘ ਗੁਰਾਇਆਂ ਵਲੋਂ ਕਮੇਟੀ ਦੀ ਇੱਕ ਖਾਸ ਮੀਟਿੰਗ ਰੱਖੀ ਗਈ; ਜਿਸ ਵਿਚ ਸਿਆਟਲ ਦੀਆਂ ਨਾਮਵਰ ਸ਼ਖਸ਼ੀਅਤਾਂ ਨੇ ਵੀ ਹਿੱਸਾ ਲਿਆ। ਮੀਟਿੰਗ ਵਿਚ ਭਾਗ ਲੈਣ ਵਾਲੇ ਸਮੂਹ ਸਿੱਖ ਚਿੰਤਕਾਂ ਨੇ ਭਾਰਤ ਦੀ ਹਿੰਦੂਤਵੀ ਸਰਕਾਰ ਦੀ ਪੁਰਜੋਰ ਸ਼ਬਦਾਂ ਵਿਚ ਨਖੇਧੀ ਕੀਤੀ। ਉੱਥੇ ਹਾਜਰ ਸਮੂਹ ਮੈਂਬਰਾਂ ਦੀ ਇੱਕੋ ਰਾਏ ਸੀ ਕਿ ਅਜਿਹੇ ਕਾਰੇ ਪ੍ਰਸ਼ਾਸਨ ਦੀ ਪੂਰਨ ਸਹਿਮਤੀ ਤੋਂ ਬਿਨਾਂ ਹੋ ਹੀ ਨਹੀਂ ਸਕਦੇ। 26 ਜਨਵਰੀ ਨੂੰ ਦਿੱਲੀ ਵਿਚ ਇੱਕ ਗਰੀਬ ਪਰਿਵਾਰ ਦੀ ਸਿੱਖ ਬੱਚੀ ’ਤੇ ਵਰਤਾਏ ਗਏ ਕਹਿਰ ਨੂੰ ਸਾਰੀ ਦੁਨੀਆਂ ਨੇ ਵੇਖਿਆ ਹੈ।  ਬੱਚੀ ਨੂੰ ਅਗਵਾਹ ਕਰਨ ਤੋਂ ਲੈ ਕੇ ਘਟਨਾ ਨੂੰ ਅੰਜਾਮ ਦੇਣ ਤੱਕ ਲਗਭਗ ਦੋ ਘੰਟੇ ਦਾ ਸਮਾਂ ਸੀ। ਅਗਵਾਹ ਕਰਕੇ ਘਰ ਤੱਕ ਲੈ ਕੇ ਜਾਣ ਤੱਕ ਦੋ ਪੁਲਿਸ ਨਾਕੇ ਵੀ ਲੰਘੇ ਜਾਣ ਦੀਆਂ ਖਬਰਾਂ ਹਨ।  ਇਸ ਗੱਲ ਦੀ ਵੀ ਪੁਸ਼ਟੀ ਹੋ ਚੁੱਕੀ ਹੈ ਕਿ ਪੁਲਿਸ ਚੌਕੀ ਸਿਰਫ਼ 600 ਮੀਟਰ ਦੀ ਦੂਰੀ ’ਤੇ ਸੀ।  ਫਿਰ ਇਹ ਕਿਵੇਂ ਮੰਨਿਆ ਜਾਵੇ ਕਿ ਪੁਲਿਸ ਦੀ ਸਹਿਮਤੀ ਤੋਂ ਬਿਨਾਂ ਇਹ ਸ਼ਰਮਨਾਕ ਕਾਰਾ ਸੰਭਵ ਹੋਇਆ ਹੋਵੇ। ਇੱਥੋਂ ਤੱਕ ਕਿ ਅਪਰਾਧੀਆਂ ਨੇ ਖੁਦ ਕਿਹਾ ਕਿ ਪੁਲਿਸ ਸਾਡਾ ਕੀ ਕਰ ਲਵੇਗੀ ?

ਗੱਲ ਇੱਥੇ ਹੀ ਨਹੀਂ ਮੁੱਕੀ। ਸਰਕਾਰ ਦੀ ਸ਼ਹਿ ’ਤੇ ਹਿੰਦੂਤਵੀਆਂ ਗੁੰਡਿਆਂ ਦੇ ਹੌਸਲੇ ਇੱਥੋਂ ਤੱਕ ਵਧ ਚੁੱਕੇ ਹਨ ਕਿ ਉਨ੍ਹਾਂ ਨੇ ਮੁਸਲਮਾਨ ਬੱਚੀਆਂ ਨੂੰ ਸ਼ਰੇਆਮ ਪਰੇਸ਼ਾਨ ਕਰਨਾ ਸ਼ੁਰੂ ਕੀਤਾ ਹੋਇਆ ਹੈ। ਉਨ੍ਹਾਂ ਵਲੋਂ ਆਪਣੇ ਧਰਮ ਮੁਤਾਬਕ ਪਹਿਨੇ ਜਾ ਰਹੇ ਲਿਬਾਸ ਨੂੰ ਲੈ ਕੇ ਸਕੂਲਾਂ ਕਾਲਜਾਂ ਵਿਚ ਉਨ੍ਹਾਂ ’ਤੇ ਹਮਲੇ ਹੋ ਰਹੇ ਹਨ। ਇਨ੍ਹਾਂ ਹਮਲਿਆਂ ਤੋਂ ਇਹ ਗੱਲ ਸਪਸ਼ਟ ਹੈ ਕਿ ਭਾਰਤ ਵਿਚ ਲੋਕਤੰਤਰ ਨਾਮ ਦੀ ਕੋਈ ਗੱਲ ਨਹੀਂ। ਦੁੱਖ ਇਸ ਗੱਲ ਦਾ ਹੈ ਕਿ ਐੱਨ.ਡੀ.ਏ ਦੀ ਭਾਈਵਾਲ ਪਾਰਟੀਆਂ ਨੇ ਤਾਂ ਘੱਟ ਗਿਣਤੀਆਂ ਵਿਰੁੱਧ  ਹੋ ਰਹੇ ਤਸ਼ੱਦਦ ਵਿਰੁੱਧ ਅਵਾਜ਼ ਉਠਾਣੀ ਹੀ ਕੀ ਸੀ; ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਅਕਾਲੀ ਦਲ ਬਾਦਲ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਰਾਜਨੀਤੀ ਬਦਲਣ ਦਾ ਨਾਹਰਾ ਮਾਰਨ ਵਾਲੀ ਆਮ ਆਦਮੀ ਪਾਰਟੀ ਵੀ ਧਾਰਮਿਕ ਘੱਟ ਗਿਣਤੀਆਂ ਦੇ ਹਮਹੂਰੀ ਹੱਕਾਂ ਲਈ ਅਵਾਜ਼ ਉਠਾਉਣ ਤੋਂ ਇਸ ਡਰੋਂ ਮੂੰਹ ਬੰਦ ਰੱਖ ਰਹੇ ਹਨ ਕਿ ਕਦੀ ਹਿੰਦੂ ਵੋਟਰ ਨਰਾਜ਼ ਨਾ ਹੋ ਜਾਣ।  ਹਾਲਾਂਕਿ ਕੋਈ ਵੀ ਸਮਝਦਾਰ ਹਿੰਦੂ ਘੱਟ ਗਿਣਤੀਆਂ ਦੇ ਲਿਬਾਸ ਦੇ ਆਧਾਰਿਤ ਵਿਤਕਰਾ ਕੀਤੇ ਜਾਣ ਦੇ ਹੱਕ ’ਚ ਨਹੀਂ ਹੈ।  ਜੇ ਕੇਵਲ ਜਨੂੰਨੀ ਕਿਸਮ ਦੇ ਬੇਸਮਝ ਹਿੰਦੂਆਂ ਨੂੰ ਇਸੇ ਤਰ੍ਹਾਂ ਵਡਾਵਾ ਮਿਲਦਾ ਰਿਹਾ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਹਿੰਦੂਆਂ ਦੇ ਧਾਰਮਿਕ ਚਿਨ੍ਹਾਂ ਤਿਲਕ ਜੰਝੂ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਦਿੱਤੀ ਕੁਰਬਾਨੀ ਨੂੰ ਅੱਖੋਂ ਪਰੋਖੇ ਕਰਨਾ ਹੋਵੇਗਾ।

ਕਮੇਟੀ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਅਜਿਹੀਆਂ ਸਾਰੀਆਂ ਘਟਨਾਵਾਂ ਨੂੰ ਅਮਰੀਕਨ ਸਰਕਾਰ ਦੇ ਨੁਮਾਇੰਦਿਆਂ ਅਤੇ ਮੀਡੀਏ ਤੱਕ ਪਹੁੰਚਾਇਆ ਜਾਵੇਗਾ ਤਾਂ ਕਿ ਉਹ ਵੀ ਦੁਨੀਆਂ ਦੀ ਸਭ ਤੋਂ ਵੱਡੀ ਕਹਾਉਣ ਵਾਲੀ ਡੈਮੋਕਰੇਸੀ ਵਾਲੇ ਭਾਰਤ ਦੇਸ਼ ਬਾਰੇ ਸਚਾਈ ਜਾਣ ਸਕਣ।

ਜਾਰੀ ਕਰਤਾ : ਜਸਵਿੰਦਰ ਸਿੰਘ ਪੰਨੂ
206 941 9700

ਵੋਟਰ ਵੋਟ ਕਿਸ ਪਾਰਟੀ ਨੂੰ ਪਾਉਣ ?

0

ਵੋਟਰ ਵੋਟ ਕਿਸ ਪਾਰਟੀ ਨੂੰ ਪਾਉਣ ?

ਕਿਰਪਾਲ ਸਿੰਘ ਬਠਿੰਡਾ 88378-13661

ਪੰਜਾਬ ਸਮੇਤ ਸਮੁੱਚੇ ਦੇਸ਼ ਦੀ ਸਿਆਸਤ ਇੰਨੀ ਗੰਧਲੀ ਹੋ ਚੁੱਕੀ ਹੈ ਕਿ ਕਿਸੇ ਵੀ ਪਾਰਟੀ ਨੂੰ ਸਮੁੱਚੇ ਤੌਰ ’ਤੇ ਚੰਗਾ ਨਹੀਂ ਕਿਹਾ ਜਾ ਸਕਦਾ। ਚੋਣ ਪਿੜ ’ਚ ਕੁੱਦੀਆਂ ਸਭ ਪਾਰਟੀਆਂ ਨੇ ਆਪਣੇ ਮੁਢਲੇ ਸਿਧਾਂਤਾਂ ਨੂੰ ਪੂਰਨ ਤੌਰ ’ਤੇ ਤਿਲਾਂਜਲੀ ਦੇ ਕੇ ਇੱਕੋ ਇੱਕ ਟੀਚਾ ਵੱਧ ਤੋਂ ਵੱਧ ਸੀਟਾਂ ਜਿੱਤ ਕੇ ਸਰਕਾਰ ਬਣਾਉਣਾ ਦਾ ਮਿਥ ਰੱਖਿਆ ਹੈ। ਇਸ ਟੀਚੇ ਨੂੰ ਪੂਰਾ ਕਰਨ ਲਈ ਪਾਰਟੀਆਂ ਆਪਣੇ ਉਮੀਦਵਾਰ ਚੁਣਨ ਲਈ ਉਨ੍ਹਾਂ ਦੀ ਭਰੋਸੇਯੋਗਤਾ, ਚੰਗੇ ਕਿਰਦਾਰ ਅਤੇ ਈਮਾਨਦਾਰ ਉਮੀਦਵਾਰ ਚੁਣਨ ਦੀ ਥਾਂ ਆਪਣੀ ਪਾਰਟੀ ਦੇ ਸਥਾਪਿਤ ਆਗੂਆਂ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ; ਉੱਥੇ ਦੂਸਰੀਆਂ ਪਾਰਟੀਆਂ ਦੇ ਦਲਬਦਲੂਆਂ ਨੂੰ ਆਪਣੀ ਪਾਰਟੀ ’ਚ ਸ਼ਾਮਲ ਕਰ ਉਨ੍ਹਾਂ ਨੂੰ ਟਿਕਟਾਂ ਨਾਲ ਨਿਵਾਜ਼ਿਆ ਜਾ ਰਿਹਾ ਹੈ। ਇਸ ਤਰ੍ਹਾਂ ਕਰਨ ਨਾਲ ਆਪਣੀ ਮਾਂ ਪਾਰਟੀ ਦੇ ਪੁਰਾਣੇ ਆਗੂ ਜਿਨ੍ਹਾਂ ਨੂੰ ਟਿਕਟ ਮਿਲਣ ਦੀ ਆਸ ’ਤੇ ਪਾਣੀ ਫਿਰਦਾ ਹੈ ਉਹ ਦਲਬਦਲੀ ਕਰਕੇ ਦੂਸਰੀ ਪਾਰਟੀ ’ਚ ਜਾ ਕੇ ਟਿਕਟ ਹਾਸਲ ਕਰ ਲੈਂਦੇ ਹਨ। ਵੈਸੇ ਤਾਂ ਹਰ ਚੋਣ ਮੌਕੇ ਦਲਬਦਲੂਆਂ ਦੀ ਭਰਮਾਰ ਹੁੰਦੀ ਹੈ ਪਰ ਇਸ ਚੋਣ ’ਚ ਤਾਂ ਦਲਬਦਲੂਆਂ ਦੀ ਇੰਨੀ ਭਰਮਾਰ ਹੈ ਕਿ ਸਾਰੀਆਂ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਦੀ ਹਾਲਤ ਕਿਸੇ ਵੱਡੇ ਰੇਲਵੇ ਜੰਕਸ਼ਨ ’ਤੇ ਪਹੁੰਚੀ ਰੇਲ ਗੱਡੀ ਦੇ ਮੁਸਾਫਰਾਂ ਵਰਗੀ ਬਣੀ ਪਈ ਹੈ ਜਿਹੜੇ ਇੱਕ ਗੱਡੀ ’ਚੋਂ ਉੱਤਰ ਕੇ ਦੂਸਰੀ ਗੱਡੀ ’ਚ ਚੜ੍ਹਨ ਲਈ ਕੋਈ ਕਿਸੇ ਪਾਸੇ ਦੌੜਦੇ ਨਜ਼ਰ ਆਉਂਦੇ ਹਨ ਅਤੇ ਕੁਝ ਦੂਸਰੇ ਪਾਸੇ। ਸਭ ਤੋਂ ਵੱਧ ਦੌੜ ਕੇਂਦਰ ’ਚ ਸੱਤਾਧਾਰੀ ਪਾਰਟੀ ਭਾਜਪਾ ਵੱਲ ਜਾਣ ਦੀ ਲੱਗੀ ਹੈ। ਇਸ ਦਾ ਕਾਰਨ ਇਹ ਨਹੀਂ ਕਿ ਭਾਜਪਾ ਦੇਸ਼ ਅਤੇ ਦੇਸ਼ ਦੇ ਲੋਕਾਂ ਦੀ ਤਰੱਕੀ ਲਈ ਸਭ ਤੋਂ ਉੱਤਮ ਪਾਰਟੀ ਹੈ ਸਗੋਂ ਇਸ ਕਾਰਨ ਕਿ ਕੇਂਦਰ ’ਚ ਸੱਤਾਧਾਰੀ ਹੋਣ ਦੇ ਨਾਤੇ ਉਨ੍ਹਾਂ ਦੇ ਅਧੀਨ ਈ.ਡੀ., ਇਨਕਮ ਟੈਕਸ, ਸੀ.ਬੀ.ਆਈ. ਅਤੇ ਹੋਰ ਸ਼ਕਤੀਸ਼ਾਲੀ ਕੇਂਦਰੀ ਇੰਟੈਲੀਜੈਂਸ ਏਜੰਸੀਆਂ ਹਨ ਜਿਨ੍ਹਾਂ ਰਾਹੀਂ ਕਿਸੇ ਵੀ ਨੇਤਾ ਦੇ ਘਰ ਛਾਪੇ ਮਰਵਾ ਕੇ ਉਸ ਨੂੰ ਮੁਸੀਬਤ ’ਚ ਫਸਾਇਆ ਜਾ ਸਕਦਾ ਹੈ। ਦੇਸ਼ ਦੇ ਲੋਕ, ਕਿਸੇ ਵੀ ਭ੍ਰਿਸ਼ਟ ਆਗੂ ਦੇ ਘਰ ਜਾਂ ਕਾਰੋਬਾਰ ’ਤੇ ਛਾਪੇ ਮਾਰਨ ਦੇ ਵਿਰੋਧ ’ਚ ਨਹੀਂ ਸਗੋਂ ਚਾਹੁੰਦੇ ਹਨ ਕਿ ਹਰ ਭ੍ਰਿਸ਼ਟ ਆਗੂ ’ਤੇ ਕਾਰਵਾਈ ਹੋਵੇ ਪਰ ਸਵਾਲ ਉਸੇ ਸਮੇਂ ਖੜ੍ਹੇ ਹੁੰਦੇ ਹਨ ਜਦੋਂ ਇਹ ਛਾਪੇ ਕੇਵਲ ਚੋਣਾਂ ਮੌਕੇ ਵਿਰੋਧੀ ਧਿਰ ਦੇ ਆਗੂਆਂ ’ਤੇ ਹੀ ਮਾਰੇ ਜਾਣ। ਇਸ ਦੀਆਂ ਬੇਅੰਤ ਉਦਾਹਰਣਾਂ ਹਨ ਜਦੋਂ ਭ੍ਰਿਸ਼ਟ ਤੋਂ ਭ੍ਰਿਸ਼ਟ ਆਗੂ ਵੀ ਸੱਤਾਧਾਰੀ ਪਾਰਟੀ ’ਚ ਸ਼ਾਮਲ ਹੋ ਬੜੀ ਹੀ ਅਸਾਨੀ ਨਾਲ ਤੁਰੰਤ ਕਲੀਨ ਚਿੱਟ ਹਾਸਲ ਕਰਨ ’ਚ ਸਫਲ ਹੋ ਜਾਂਦਾ ਹੈ। ਭਾਜਪਾ ਸੰਬੰਧੀ ਤਾਂ ਮਸ਼ਹੂਰ ਹੈ ਕਿ ਇਸ ਪਾਸ ਐਸੀ ਵਾਸ਼ਿੰਗ ਮਸ਼ੀਨ ਹੈ ਜਿਹੜੀ ਭ੍ਰਿਸ਼ਟਾਚਾਰ ’ਚ ਲਿਪਤ ਹਰ ਆਗੂ ਨੂੰ ਧੋ ਕੇ ਦਾਗ਼ ਰਹਿਤ ਕਰ ਦਿੰਦੀ ਹੈ। ਇਸੇ ਮਸ਼ੀਨ ਦੀ 2021 ’ਚ ਪੱਛਮੀ ਬੰਗਾਲ ’ਚ ਭਾਜਪਾ ਨੇ ਪੂਰੀ ਵਰਤੋਂ ਕੀਤੀ। ਮਮਤਾ ਦੀਦੀ ਤੋਂ ਬਾਅਦ ਦੂਜੇ ਤੀਜੇ ਨੰਬਰ ਦੇ ਆਗੂਆਂ ਸਮੇਤ ਟੀ.ਐੱਮ.ਸੀ ਦੇ ਵੱਡੀ ਗਿਣਤੀ ਆਗੂ ਭਾਜਪਾ ’ਚ ਸ਼ਾਮਲ ਹੋਣ ਨਾਲ ਮਮਤਾ ਇਕੱਲੀ ਪਈ ਦਿੱਸ ਰਹੀ ਸੀ। ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਸਮੇਤ ਸਾਰੀ ਕੇਂਦਰੀ ਵਜਾਰਤ ਅਤੇ ਭਾਜਪਾ ਸਾਸ਼ਤ ਸੂਬਾ ਸਰਕਾਰਾਂ ਦੇ ਮੁੱਖ ਮੰਤਰੀਆਂ ਦੀ ਫ਼ੌਜ ਬੰਗਾਲ ’ਚ ਝੋਕ ਦਿੱਤੀ ਗਈ। ਇੰਜ ਜਾਪਦਾ ਸੀ ਕਿ ਭਾਜਪਾ ਲਈ ਬੰਗਾਲ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਿਨਾਂ ਦੇਸ਼ ਦੀ ਹੋਰ ਕੋਈ ਸਮੱਸਿਆ ਹੀ ਨਹੀਂ ਹੈ। ਕੋਵਿਡ-19 ਮਹਾਂਮਾਰੀ ਦੇ ਵਧ ਰਹੇ ਪ੍ਰਭਾਵ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰ ਪੱਛਮੀ ਬੰਗਾਲ ’ਚ ਭਾਜਪਾ ਨੇ ਜਿਸ ਤਰ੍ਹਾਂ ਵੱਡੀਆਂ ਵੱਡੀਆਂ ਰੈਲੀਆਂ ਖਾਸ ਕਰ ਪ੍ਰਧਾਨ ਮੰਤਰੀ ਦੀਆਂ ਰੈਲੀਆਂ ’ਚ ਦੇਸ਼ ਭਰ ਦੇ ਵਰਕਰ ਅਤੇ ਭਾੜੇ ਦੇ ਬੰਦਿਆਂ ਨਾਲ ਲੱਖਾਂ ਦੀ ਗਿਣਤੀ ’ਚ ਇਕੱਠ ਕੀਤਾ ਜਾਂਦਾ ਸੀ। ਇਸ ਨਾਲ ਆਮ ਦਰਸ਼ਕ ਤਾਂ ਪ੍ਰਭਾਵ ਕਬੂਲ ਰਹੇ ਸਨ ਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨੂੰ ਸੁਣਨ ਲਈ ਲੱਖਾਂ ਲੋਕ ਆ ਰਹੇ ਹਨ ਉਸ ਨਾਲ ਮਮਤਾ ਦੀਦੀ ਦਾ ਤਖ਼ਤਾ ਅਵੱਸ਼ ਪਲਟ ਜਾਏਗਾ ਪਰ ਚੋਣ ਨਤੀਜਿਆਂ ਨੇ ਜਿਸ ਤਰ੍ਹਾਂ ਭਾਜਪਾ ਦੀ ਬਾਜ਼ੀ ਪੁੱਠੀ ਪਾਈ ਇਸ ਨੇ ਵਿਖਾ ਦਿੱਤਾ ਕਿ ਬੰਗਾਲੀ ਵੋਟਰ ਕਾਫੀ ਜਾਗਰੂਕ ਹਨ। ਟੀ.ਐੱਮ.ਸੀ. ਦੀ ਜਿੱਤ ’ਚ ਜਿੱਥੇ ਮਮਤਾ ਦੀਦੀ ਵੱਲੋਂ ਦ੍ਰਿੜਤਾ ਤੇ ਦਲੇਰੀ ਨਾਲ ਮੁਕਾਬਲਾ ਕਰਨਾ ਸੀ ਉੱਥੇ ਕਿਸਾਨ ਆਗੂਆਂ ਵੱਲੋਂ ਪੱਛਮੀ ਬੰਗਾਲ ’ਚ ਭਾਜਪਾ ਹਰਾਉ ਦੇ ਦਿੱਤੇ ਸੱਦੇ ਨੇ ਵੀ ਕਾਫੀ ਵੱਡਾ ਯੋਗਦਾਨ ਪਾਇਆ।

ਬੰਗਾਲ ਚੋਣਾਂ ਤੋਂ ਬਾਅਦ ਹੁਣ 2022 ਦੀਆਂ ਪੰਜਾਬ ਤੇ ਯੂ.ਪੀ. ਵਿਧਾਨ ਸਭਾ ਚੋਣਾਂ ਵਿੱਚ ਕਿਸਾਨ ਅੰਦੋਲਨ ਦੇ ਸਮਰਥਕਾਂ ਦਾ ਵੱਡਾ ਇਮਤਿਹਾਨ ਹੈ ਕਿਉਂਕਿ ਬੰਗਾਲ ਜਿੱਥੇ ਕਿਸਾਨ ਅੰਦੋਲਨ ਦਾ ਬਹੁਤਾ ਪ੍ਰਭਾਵ ਨਹੀਂ ਸੀ ਉੱਥੇ ਪੰਜਾਬ ਉਹ ਧੁਰਾ ਹੈ ਜਿੱਥੋਂ ਸ਼ਕਤੀਸ਼ਾਲੀ ਅੰਦੋਲਨ ਖੜ੍ਹਾ ਹੋਇਆ ਅਤੇ ਪੰਜਾਬ ਤੋਂ ਬਾਅਦ ਹਰਿਆਣਾ ਤੇ ਪੱਛਮੀ ਯੂ.ਪੀ. ਉਹ ਖੇਤਰ ਹੈ ਜਿੱਥੋਂ ਕਿਸਾਨ ਅੰਦੋਲਨ ਨੂੰ ਸਭ ਤੋਂ ਵੱਧ ਹਿਮਾਇਤ ਮਿਲੀ ਜਿਸ ਨਾਲ ਮੋਦੀ ਵਰਗੇ ਤਾਨਾਸ਼ਾਹ ਪ੍ਰਧਾਨ ਮੰਤਰੀ ਨੂੰ ਸਵਾ ਸਾਲ ਪਹਿਲਾਂ ਪਾਸ ਕਰਵਾਏ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ। ਇਨ੍ਹਾਂ ਵਿੱਚੋਂ ਇਸ ਸਮੇਂ ਯੂ.ਪੀ. ਅਤੇ ਪੰਜਾਬ ਸਮੇਤ 5 ਸੂਬਿਆਂ ’ਚ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਹਨ। ਇਸ ਲੇਖ ’ਚ ਕੇਵਲ ਯੂ.ਪੀ. ਅਤੇ ਪੰਜਾਬ ਸੰਬੰਧੀ ਹੀ ਵੀਚਾਰ ਕੀਤੀ ਜਾਣੀ ਹੈ। ਯੂ.ਪੀ. ’ਚ ਭਾਜਪਾ ਦਾ ਆਧਾਰ ਕਾਫੀ ਹੋਣ ਕਰਕੇ ਉੱਥੇ ਤਾਂ ਬੰਗਾਲ ਵਾਲਾ ਭਾਜਪਾ ਹਰਾਉ ਫ਼ਾਰਮੂਲਾ ਹੀ ਚੱਲੇਗਾ ਜੋ ਠੀਕ ਢੰਗ ਨਾਲ ਚੱਲ ਵੀ ਰਿਹਾ ਹੈ। ਕਾਫੀ ਸੰਭਾਵਨਾਵਾਂ ਹਨ ਕਿ ਭਾਜਪਾ ਨੂੰ ਯੂ.ਪੀ. ’ਚੋਂ ਸੱਤਾ ਤੋਂ ਹੱਥ ਧੋਣੇ ਪੈਣਗੇ। ਪੰਜਾਬ ’ਚ ਹਾਲਾਤ ਵੱਖਰੇ ਹਨ ਕਿਉਂਕਿ ਇੱਥੇ ਭਾਜਪਾ ਗੱਠਜੋੜ ਦੀ ਸਰਕਾਰ ਬਣਨੀ ਤਾਂ ਬਹੁਤ ਦੂਰ ਦੀ ਗੱਲ ਹੈ, ਪਰ ਆਪਣੇ ਵਿਧਾਇਕਾਂ ਦੀ ਗਿਣਤੀ ਅਤੇ ਵੋਟ ਪ੍ਰਤੀਸ਼ਤ ਵਧਾਉਣ ਦੇ ਸਿਰਤੋੜ ਯਤਨ ਕਰ ਰਹੀ ਹੈ। ਇਸ ਲਈ ਮਨੁੱਖੀ ਅਧਿਕਾਰਾਂ ਅਤੇ ਕਿਸਾਨੀ ਹਿੱਤਾਂ ਲਈ ਜੂਝਣ ਵਾਲੇ ਪੰਜਾਬੀਆਂ ਲਈ ਇੱਥੇ ਦੂਹਰੀ ਚੁਣੌਤੀ ਹੈ; ਪਹਿਲੀ ਤਾਂ ਭਾਜਪਾ ਗਠਜੋੜ ਦੇ ਜੇਤੂ ਉਮੀਦਵਾਰਾਂ ਦੀ ਗਿਣਤੀ ਪਿਛਲੀ ਵਾਰ ਦੇ ਤਿੰਨ ਵਿਧਾਇਕਾਂ ਤੋਂ ਘਟਾਉਣਾ ਅਤੇ ਦੂਸਰੀ ਭ੍ਰਿਸ਼ਟਾਚਾਰ ਤੋਂ ਮੁਕਤ ਲੋਕ ਹਿਤਕਾਰੀ ਸਰਕਾਰ ਦੀ ਚੋਣ ਕਰਨਾ। ਭਾਜਪਾ ਦੀਆਂ ਨੀਤੀਆਂ ਲੋਕ ਮਾਰੂ ਅਤੇ ਕਾਰਪੋਰੇਟ ਪੱਖੀ ਹੋਣ ਤੋਂ ਇਲਾਵਾ ਧਰਮ ਨਿਰਪੱਖ ਭਾਰਤ ’ਚ ਭਾਈਚਾਰਕ ਸਾਂਝ ਖਤਮ ਕਰ ਘੱਟ ਗਿਣਤੀਆਂ ਲਈ ਬਹੁਤ ਹੀ ਘਾਤਕ ਬਣੀ ਹੈ। ਇਸ ਦੀ ਚੋਣ ਨੀਤੀ, ਅਯੁੱਧਿਆ ਮੰਦਰ, ਕਾਸ਼ੀ ਮਥਰਾ ਮੰਦਰ ਬਣਾਉਣ ਦੇ ਦਾਅਵੇ ਅਤੇ ਧਰਮ ਆਧਾਰਤ ਦੰਗੇ ਕਰਵਾ ਕੇ ਵੋਟਰਾਂ ਦਾ ਧਰੁਵੀਕਰਨ ਕਰ ਬਹੁਗਿਣਤੀ ਹਿੰਦੂਆਂ ਨੂੰ ਆਪਣੇ ਹੱਕ ’ਚ ਭੁਗਤਾ ਕੇ ਚੋਣਾਂ ਜਿੱਤਣਾ ਹੈ। ਜਿਸ ਧਰਮ ਨਿਰਪੱਖ ਦੇਸ਼ ’ਚ ਕਿਸੇ ਹਿੰਦੂ ਲੜਕੀ ਵੱਲੋਂ ਮੁਸਲਿਮ ਲੜਕੇ ਨਾਲ ਸ਼ਾਦੀ ਕਰਨ ਅਤੇ ਮੁਸਲਿਮ ਵਿਦਿਆਰਥਣਾਂ ਵੱਲੋਂ ਬੁਰਕਾ ਪਹਿਨ ਕੇ ਵਿਦਿਆਕ ਸੰਸਥਾਵਾਂ ’ਚ ਆਉਣ ’ਤੇ ਦੋ ਫਿਰਕਿਆਂ ’ਚ ਤਨਾਅ ਵਾਲੀ ਸਥਿਤੀ ਅਤੇ ਕਈ ਵਾਰ ਦੰਗੇ ਫਸਾਦ ਹੋ ਜਾਣੇ ਆਮ ਗੱਲ ਹੋਵੇ; ਜਿੱਥੇ ਕਿਸੇ ਮੁਸਾਲਮਾਨ ਦੇ ਘਰ ਫਰਿਜ਼ ’ਚ ਪਏ ਮੀਟ ਨੂੰ ਗਊ-ਮਾਸ ਦੱਸ ਕੇ ਉਸ ਨੂੰ ਕੁੱਟ ਕੁੱਟ ਮਾਰ ਦੇਣ ਵਾਲੀਆਂ ਘਟਨਾਵਾਂ ਹੋਣ; ਜਿੱਥੇ ਹਿੰਦੂ ਸੰਤ, ਧਰਮ ਸੰਸਦਾਂ ਕਰਕੇ ਹਿੰਦੂ ਧਰਮ ਦੀ ਰੱਖਿਆ ਲਈ ਹਥਿਆਰ ਚੁੱਕਣ ਅਤੇ ਮੁਸਲਮਾਨਾਂ ਦੀ ਅਬਾਦੀ ਨਾ ਵਧਣ ਦੇਣ ਦੇ ਭਾਸ਼ਣ ਦੇਣ; ਉਕਤ ਕਿਸਮਾਂ ਦੇ ਕਿਸੇ ਵੀ ਦੋਸ਼ੀ ਨੂੰ ਹਾਲੀ ਤੱਕ ਕੋਈ ਸਜਾ ਨਾ ਮਿਲੀ ਹੋਵੇ; ਦੂਸਰੇ ਪਾਸੇ ਅਜਿਹੀਆਂ ਮੰਦਭਾਗੀ ਘਟਨਾਵਾਂ ਵਿਰੁੱਧ ਲਿਖਣ ਵਾਲੇ ਲੇਖਕਾਂ ਨੂੰ ਦੇਸ਼ ਦੀ ਸੁਰੱਖਿਆ ਲਈ ਖਤਰਾ ਦੱਸ ਉਨ੍ਹਾਂ ਨੂੰ ਜ਼ੇਲ੍ਹਾਂ ’ਚ ਸੁੱਟਿਆ ਜਾਂਦਾ ਹੋਵੇ; ਆਪਣੇ ਹੱਕਾਂ ਦੀ ਰੱਖਿਆ ਲਈ ਸ਼ਾਂਤਮਈ ਧਰਨਾ ਲਾਈ ਬੈਠੇ ਕਿਸਾਨਾਂ ਨੂੰ ਖ਼ਾਲਸਤਾਨੀ, ਅਤਿਵਾਦੀ, ਪਾਕਿਸਤਾਨ ਅਤੇ ਆਈ.ਐੱਸ.ਆਈ. ਦੇ ਏਜੰਟ, ਦੇਸ਼ ਧਰੋਹੀ, ਮਵਾਲੀ ਆਦਿਕ ਸ਼ਬਦਾਂ ਨਾਲ ਭੰਡਿਆ ਜਾਵੇ। ਭਾਜਪਾ ਸਰਕਾਰ ਵੱਲੋਂ ਪਾਸ ਕੀਤੇ ਗੈਰ ਸੰਵਿਧਾਨਕ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਧਰਨਾ ਲਾਈ ਬੈਠੇ ਭਾਵੇਂ ਮੁਸਲਮਾਨ ਭਾਈਚਾਰਾ ਹੋਵੇ ਭਾਵੇਂ ਕਿਸਾਨ ਹੋਣ; ਉਨ੍ਹਾਂ ਪ੍ਰਤੀ ਚੋਣ ਜਲਸਿਆਂ ’ਚ ਕੇਂਦਰੀ ਮੰਤਰੀ ਵੱਲੋਂ ‘ਦੇਸ਼ ਕੇ ਗਦਾਰੋਂ ਕੋ, ਗੋਲ਼ੀ ਮਾਰੋ ਸਾਲੋਂ ਕੋ’ ਦੇ ਨਾਹਰੇ ਮਾਰਨ ’ਤੇ ਕੋਈ ਕਾਰਵਾਈ ਨਾ ਹੋਵੇ; ਲਖੀਮਪੁਰ ਵਿਖੇ ਕਿਸਾਨਾਂ ਨੂੰ ਜੀਪ ਹੇਠਾਂ ਦ੍ਰੜ ਕੇ ਮਾਰਨ ਵਾਲੇ ਅਸ਼ੀਸ਼ ਮਿਸ਼ਰਾ ਦੀ ਪਹਿਲਾਂ ਤਾਂ ਓਨਾ ਚਿਰ ਗ੍ਰਿਫ਼ਤਾਰੀ ਨਹੀਂ ਹੋਈ ਜਿੰਨੀ ਦੇਰ ਤੱਕ ਸਰਬ ਉੱਚ ਅਦਾਲਤ ਵੱਲੋਂ ਯੂ.ਪੀ ਸਰਕਾਰ ਨੂੰ ਝਾੜਾਂ ਨਹੀਂ ਪਾਈਆਂ ਗਈਆਂ। ਸਰਬ ਉੱਚ ਅਦਾਲਤ ਵੱਲੋਂ ਗਠਿਤ ਜਾਂਚ ਕਮੇਟੀ ਵੱਲੋਂ ਦਿੱਤੀ ਰਿਪੋਰਟ ਮੁਤਾਬਕ ਲਖੀਮਪੁਰ ਘਟਨਾ ਮਹਿਜ਼ ਇੱਕ ਦੁਰਘਟਨਾ ਨਹੀਂ ਬਲਕਿ ਕਤਲਾਂ ਦੀ ਸੋਚੀ ਸਮਝੀ ਸਾਜਸ਼ ਸੀ ਜਿਸ ਵਿੱਚ ਅਸ਼ੀਸ਼ ਮਿਸ਼ਰਾ ਸਮੇਤ ਉਸ ਦਾ ਕੇਂਦਰੀ ਗ੍ਰਹਿ ਰਾਜ ਮੰਤਰੀ ਪਿਤਾ ਅਜੈ ਮਿਸ਼ਰਾ ਦੀ ਵੀ ਸ਼ਮੂਲੀਅਤ ਸੀ; ਇਸ ਦੇ ਬਾਵਜੂਦ ਅਜੈ ਮਿਸ਼ਰਾ ਹਾਲੀ ਤੱਕ ਵੀ ਕੇਂਦਰੀ ਸਰਕਾਰ ’ਚ ਸ਼ਾਮਲ ਹੈ ਅਤੇ 8 ਬੰਦਿਆਂ ਦੇ ਕਾਤਲ ਨੂੰ ਮਹਿਜ਼ 4 ਮਹੀਨਿਆਂ ’ਚ ਅਦਾਲਤ ਵੱਲੋਂ ਉਸ ਨੂੰ ਜਮਾਨਤ ਇਸ ਅਧਾਰ ’ਤੇ ਦੇ ਦਿੱਤੀ ਕਿ ਅਦਾਲਤ ਕੋਲ ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਅਸ਼ੀਸ਼ ਮਿਸ਼ਰਾ ਨੇ ਆਪਣੇ ਡਰਾਇਵਰ ਨੂੰ ਕਿਸਾਨਾਂ ਉੱਪਰ ਗੱਡੀ ਚੜ੍ਹਾਉਣ ਲਈ ਕਿਹਾ ਹੋਵੇ। ਇਹ ਇਨਸਾਫ਼ ਪਸੰਦ ਲੋਕਾਂ ਨੇ ਸੋਚਣਾਂ ਹੈ ਕਿ ਜਦ ਤੱਕ ਉਸ ਦਾ ਪਿਤਾ ਕੇਂਦਰੀ ਗ੍ਰਹਿ ਰਾਜ ਮੰਤਰੀ ਹੈ ਜਿਸ ਦੇ ਅਧੀਨ ਸਾਰੇ ਦੇਸ਼ ਦੀ ਪੁਲਿਸ ਹੈ ਓਨੀ ਦੇਰ ਪੁਲਿਸ ਅਦਾਲਤ ’ਚ ਸਬੂਤ ਪੇਸ਼ ਕਿਵੇਂ ਕਰ ਸਕਦੀ ਹੈ ? ਉਸ ਮੰਤਰੀ ਦੇ ਸ਼ਰਮਨਾਕ ਕਾਰੇ ’ਤੇ ਮੋਦੀ ਸਮੇਤ ਕਿਸੇ ਵੀ ਮੰਤਰੀ ਜਾਂ ਭਾਜਪਾ ਪ੍ਰਧਾਨ ਨੇ ਜ਼ੁਬਾਨ ਨਾ ਖੋਲ੍ਹੀ ਹੋਵੇ ਉਸ ਪਾਰਟੀ ਤੋਂ ਦੇਸ਼ ਦੇ ਲੋਕ ਇਨਸਾਫ਼ ਦੀ ਕੀ ਉਮੀਦ ਰੱਖ ਸਕਦੇ ਹਨ ? ਜਿਸ ਪੰਜਾਬ ਦੇ ਲੋਕ ਹਰ ਜ਼ੁਲਮ ਦੇ ਵਿਰੁੱਧ ਕੇਵਲ ਆਵਾਜ਼ ਉਠਾਉਣ ਦੀ ਨਹੀਂ ਸਗੋਂ ਦ੍ਰਿੜਤਾ ਨਾਲ ਟਾਕਰਾ ਕਰਨ ਅਤੇ ਸ਼ਹੀਦੀਆਂ ਪਾਉਣ ਲਈ ਮਸ਼ਹੂਰ ਹੋਣ ਉਸ ਪੰਜਾਬ ’ਚ ਭਾਜਪਾ ਆਪਣੇ ਜੇਤੂ ਉਮੀਦਵਾਰਾਂ ਦੀ ਗਿਣਤੀ ਜਾਂ ਵੋਟ ਪ੍ਰਤੀਸ਼ਤ ਵਧਾ ਜਾਣ ਤਾਂ ਮੈਂ ਸਮਝਦਾ ਹਾਂ ਕਿ ਇਨਸਾਫ਼ ਪਸੰਦ ਬਹਾਦਰ ਪੰਜਾਬੀਆਂ ਦੇ ਇਖ਼ਲਾਕ ਦੀ ਗਿਰਾਵਟ ਦਾ ਸਿਰਾ ਹੋਵੇਗਾ। ਇਹੋ ਗੱਲ ਯੂ.ਪੀ. ’ਤੇ ਢੁੱਕਦੀ ਹੈ ਜਿੱਥੇ ਲਖੀਮਪੁਰ ਘਟਨਾਂ ਵਾਪਰੀ ਹੋਵੇ; ਘਟਨਾਂ ਦਾ ਸੂਤਰਧਾਰ ਦੋਸ਼ੀ ਮੰਤਰੀ ਹਾਲੇ ਵੀ ਕੁਰਸੀ ’ਤੇ ਬਿਰਾਜਮਾਨ ਹੋਵੇ ਅਤੇ ਉਸ ਦੇ ਪੁੱਤਰ ਨੂੰ ਜਮਾਨਤ ਵੀ ਮਿਲ ਜਾਏ ਪਰ ਕਿਸਾਨਾਂ ਵਿਰੁੱਧ ਕਰਾਸ ਕੇਸ ਦਰਜ ਕਰ ਗ੍ਰਿਫ਼ਤਾਰ ਕੀਤੇ ਹੋਣ ਫਿਰ ਵੀ ਉੱਥੇ ਭਾਜਪਾ ਦੁਬਾਰਾ ਸਰਕਾਰ ਬਣਾ ਜਾਵੇ ਤਾਂ ਇਨਸਾਫ਼ ਕਿੱਥੋਂ ਲੱਭਦੇ ਹੋ ?

ਭਾਜਪਾ ਤੋਂ ਖ਼ਤਰਾ ਕੇਵਲ ਮੁਸਲਮਾਨਾਂ ਨੂੰ ਹੀ ਨਹੀਂ ਬਲਕਿ ਹਰ ਘੱਟ ਗਿਣਤੀ ਸਿੱਖ, ਈਸਾਈ, ਜੈਨੀ, ਬੋਧੀ ਅਤੇ ਦਲਿਤ ਵਰਗ ਨੂੰ ਭੀ ਹੈ। ਈਸਾਈ ਪਾਦਰੀ ਨੂੰ ਬੱਚਿਆਂ ਸਮੇਤ ਉਨ੍ਹਾਂ ਦੀ ਗੱਡੀ ’ਚ ਸੁੱਤਿਆਂ ਪਿਆਂ ਨੂੰ ਅੱਗ ਲਾ ਕੇ ਸਾੜ ਦੇਣ, ਦਲਿਤ ਬੱਚੇ ਵੱਲੋਂ ਪਾਣੀ ਪੀਣ ਲਈ ਮੰਦਰ ਚਲੇ ਜਾਣ ’ਤੇ ਕੁੱਟ ਕੇ ਮਾਰ ਦੇਣਾ, ਦਲਿਤ ਲਾੜੇ ਵੱਲੋਂ ਘੋੜੀ ਚੜ੍ਹਨ ਦੇ ਦੋਸ਼ ਹੇਠ ਕੁੱਟਣਾ ਆਦਕ ਬੇਅੰਤ ਉਦਾਹਰਣਾਂ ਹਨ। ਸਿਆਸੀ ਸਿੱਖ ਕੈਦੀ 26-26 ਸਾਲਾਂ ਤੋਂ ਜੇਲ੍ਹਾਂ ’ਚ ਬੰਦ ਹਨ ਜਿਨ੍ਹਾਂ ਵਿੱਚੋਂ ਕਈਆਂ ਨੂੰ ਇੱਕ ਦਿਨ ਵੀ ਪੈਰੋਲ ਨਹੀਂ ਮਿਲੀ। ਦਵਿੰਦਰਪਾਲ ਸਿੰਘ ਭੁੱਲਰ, ਜੋ 26 ਸਾਲ ਤੋਂ ਜ਼ੇਲ੍ਹ ’ਚ ਬੰਦ ਹੈ, ਜ਼ੇਲ੍ਹ ਦੀ ਹਾਲਤ ਕਾਰਨ ਉਹ ਮਾਨਸਿਕ ਰੋਗੀ ਬਣ ਚੁੱਕਾ ਹੈ, ਉਸ ਨੂੰ ਗੁਰੂ ਨਾਨਕ ਸਾਹਿਬ ਜੀ ਦੀ 550 ਸਾਲਾ ਪ੍ਰਕਾਸ਼ ਸ਼ਤਾਬਦੀ ਮੌਕੇ ਵਾਹ-ਵਾਹ ਖੱਟਣ ਲਈ ਕੇਂਦਰ ਸਰਕਾਰ ਨੇ ਅਕਤੂਬਰ 2019 ’ਚ ਸਜਾ ਮੁਆਫੀ ਦੇ ਕੇ ਰਿਹਾਅ ਕਰਨ ਦਾ ਐਲਾਨ ਕੀਤਾ, ਜਿਸ ਨੂੰ ਇਸ ਸਮੇਂ ਭਾਜਪਾ ਦੀ ਕੇਂਦਰ ਸਰਕਾਰ ਅਤੇ ਕੇਂਦਰੀ ਸਾਸ਼ਤ ਪ੍ਰਦੇਸ਼ ਦਿੱਲੀ ਦੀ ਆਪ ਸਰਕਾਰ ਦੋਵੇਂ ਹੀ ਰਿਹਾਅ ਕਰ ਸਕਦੀਆਂ ਹਨ ਪਰ ਢਾਈ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਜਿੱਥੇ ਕੇਂਦਰੀ ਭਾਜਪਾ ਸਰਕਾਰ ਚੁੱਪ ਹੈ ਉੱਥੇ ‘ਆਪ’ ਸਰਕਾਰ ਦੇ ਗ੍ਰਹਿ ਮੰਤਰੀ ਸਤਿੰਦਰ ਜੈਨ ਦੀ ਅਗਵਾਈ ਵਾਲੇ ਐੱਸ.ਆਰ.ਬੀ ਨੇ ਅੱਜ ਤੋਂ ਸਵਾ ਸਾਲ ਪਹਿਲਾਂ ਉਸ ਦੀ ਰਿਹਾਈ ਦਰਖਾਸਤ ਨੂੰ ਰੱਦ ਕਰਕੇ ਦੱਬੀ ਬੈਠੇ ਹਨ; ਜਿਸ ਦੀ ਸੂਚਨਾ ਨਾ ਤਾਂ ਕੈਦੀ ਨੂੰ ਅਤੇ ਨਾ ਹੀ ਉਸ ਦੇ ਪਰਿਵਾਰ ਨੂੰ ਦਿੱਤੀ ਗਈ, ਜੋ ਕਾਰਨਾਂ ਸਮੇਤ ਤੁਰੰਤ ਦੇਣੀ ਹੁੰਦੀ ਹੈ। ਇਸ ਸੰਬੰਧੀ ਜਦੋਂ ਆਪ ਪਾਰਟੀ ਲਈ ਵੋਟਾਂ ਮੰਗਣ ਆਏ ਇੱਕ ਗਰੁੱਪ ਨੂੰ ਇਸ ਸੰਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਜਵਾਬ ਸੀ ‘ਹਿੰਦੂਆਂ ਦੀਆਂ ਵੋਟਾਂ ਵੀ ਲੈਣੀਆਂ ਹਨ’; ਹਾਲਾਂ ਕਿ ਮੇਰੇ ਧਿਆਨ ’ਚ ਇੱਕ ਵੀ ਐਸਾ ਹਿੰਦੂ ਨਹੀਂ ਜਿਸ ਨੇ ਦਵਿੰਦਰਪਾਲ ਸਿੰਘ ਭੁੱਲਰ ਦੀ ਸਜਾ ਮੁਆਫ਼ੀ ਦਾ ਵਿਰੋਧ ਕੀਤਾ ਹੋਵੇ। ਦੂਸਰੇ ਪਾਸੇ ਸੌਦਾ ਸਾਧ ਹੈ ਜੋ ਕਤਲਾਂ ਅਤੇ ਬਲਾਤਕਾਰਾਂ ਦੇ ਦੋਸ਼ਾਂ ਹੇਠ ਉਮਰ ਕੈਦ ਭੁਗਤ ਰਿਹੈ; ਅਦਾਲਤ ਵੱਲੋਂ ਦੋਸ਼ ਆਇਦ ਕੀਤੇ ਜਾਣ ਸਮੇਂ ਉਸ ਦੇ ਪੈਰੋਕਾਰਾਂ ਵੱਲੋਂ ਕੀਤੀ ਹੁੱਲੜਬਾਜ਼ੀ ’ਚ 40 ਵਿਅਕਤੀ ਮਾਰੇ ਗਏ ਹੋਣ ਅਤੇ ਸਰਕਾਰੀ ਤੇ ਗੈਰਸਰਕਾਰੀ ਜਾਇਦਾਦਾਂ ਦੀ ਵੱਡੇ ਪੱਧਰ ’ਤੇ ਸਾੜਫੂਕ ਕੀਤੀ ਗਈ ਹੋਵੇ, ਕੇਵਲ ਡੇੜ ਮਹੀਨਾ ਪਹਿਲਾਂ ਪੰਜਾਬ ਪੁਲਿਸ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਕੇਸ ਵਿੱਚ ਉਸ ਦੀ ਪੁੱਛਗਿੱਛ ਲਈ ਮੰਗੇ ਗਏ ਪਰੋਡਕਸ਼ਨ ਵਰੰਟ ’ਤੇ ਪੁਲਿਸ ਹਵਾਲੇ ਕਰਨ ਤੋਂ ਇਹ ਕਹਿ ਕੇ ਨਾਂਹ ਕੀਤੀ ਗਈ ਕਿ ਉਸ ਦੇ ਜੇਲ੍ਹ ’ਤੋਂ ਬਾਹਰ ਆਉਣ ’ਤੇ ਮੁੜ ਪੰਚਕੁਲੇ ਵਰਗੀ ਘਟਨਾ ਵਾਪਰ ਸਕਦੀ ਹੈ ਪਰ ਹੁਣ ਜਦੋਂ ਕਿ ਚੋਣ ਜ਼ਾਬਤਾ ਲੱਗਾ ਹੈ ਤਾਂ ਉਸ ਨੂੰ ਭਾਜਪਾ ਸਰਕਾਰ ਵੱਲੋਂ ਵੋਟਾਂ ਦੇ ਲਾਲਚ ਹੇਠ 21 ਦਿਨਾਂ ਦੀ ਫਰਲੋ ਦਿੱਤੀ ਗਈ। ਸੌਦਾ ਸਾਧ ਦੀ ਭਾਜਪਾ ਨਾਲ ਸਾਂਝ ਤਾਂ ਜੱਗ ਜ਼ਾਹਰ ਹੀ ਹੈ ਪਰ ਪੰਜਾਬ ਜਿੱਥੇ 2007 ਤੋਂ ਇਸ ਦੀਆਂ ਕਾਰਵਾਈਆਂ ਸਦਕਾ ਹਾਲਾਤ ਵਿਗੜੇ ਹੋਏ ਹਨ ਉੱਥੋਂ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਬਿਨਾਂ ਚੋਣ ਲੜ ਰਹੀ ਕੋਈ ਵੀ ਹੋਰ ਪਾਰਟੀ ਮੂੰਹ ਖੋਲ੍ਹਣ ਲਈ ਇਸ ਡਰੋਂ ਤਿਆਰ ਨਹੀਂ ਕਿ ਸ਼ਾਇਦ ਸੌਦਾ ਪ੍ਰੇਮੀਆਂ ਦੀ ਜੋ ਵੋਟ ਉਨ੍ਹਾਂ ਨੂੰ ਪੈ ਸਕਦੀ ਹੈ ਕਦੀ ਉਨ੍ਹਾਂ ਦੇ ਮਾਮੂਲੀ ਬਿਆਨ ਸਦਕਾ ਉਸ ਤੋਂ ਵੀ ਹੱਥ ਧੋਣੇ ਨਾ ਪੈ ਜਾਣ। ਜਿਸ ਦੇਸ਼ ਦੀਆਂ ਸਿਆਸੀ ਪਾਰਟੀਆਂ ਦੀ ਟੇਕ ਲੋਕ ਮੁੱਦਿਆਂ ਅਤੇ ਮਨੁੱਖੀ ਅਧਿਕਾਰਾਂ ਦੀ ਬਜਾਏ ਧਰਮ ਆਧਾਰਿਤ ਦੰਗਿਆਂ ਰਾਹੀਂ ਦੋ ਫਿਰਕਿਆਂ ਦਾ ਟਕਰਾ ਕਰਵਾ ਧਰੁਵੀਕਰਨ ਰਾਹੀਂ ਬਹੁ ਗਿਣਤੀ ਫਿਰਕੇ ਦੀ ਵੋਟ ਪ੍ਰਾਪਤ ਕਰਨਾ ਹੋਵੇ; ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਖਾਸ ਕਰ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ ਬਿਲਕੁਲ ਉਲਟ ਹੈ।

ਧਰਮ ਦੀ ਰਾਜਨੀਤੀ ਕਰਨ ਵਾਲੀ ਕੋਈ ਵੀ ਪਾਰਟੀ ਭਾਵੇਂ ਉਹ ਹਿੰਦੂ ਵੋਟਾਂ ’ਤੇ ਹੱਕ ਜਿਤਾਉਣ ਵਾਲੀ ਭਾਜਪਾ ਹੋਵੇ ਜਾਂ ਸਿੱਖਾਂ ਦੀਆਂ ਵੋਟਾਂ ਦੀ ਹੱਕਦਾਰ ਸਮਝਣ ਵਾਲਾ ਅਕਾਲੀ ਦਲ ਹੋਵੇ ਉਨ੍ਹਾਂ ਨੂੰ ਪੂਰਨ ਤੌਰ ’ਤੇ ਨਕਾਰ ਦੇਣਾ ਹੀ ਠੀਕ ਰਹੇਗਾ ਕਿਉਂਕਿ ਕਿਸੇ ਵੀ ਸਿਆਸੀ ਨੇਤਾ ਦਾ ਕੋਈ ਧਰਮ ਨਹੀਂ ਹੁੰਦਾ ਸਗੋਂ ਕੁਰਸੀ ਨਾਲ ਪਿਆਰ ਹੈ। ਆਪਣੀ ਸੌੜੀ ਸਿਆਸਤ ਨਾਲ ਆਪਣੇ ਧਰਮਾਂ ਦਾ ਤਾਂ ਇਹ ਨੁਕਸਾਨ ਹੀ ਕਰ ਰਹੇ ਹਨ ਜਿਨ੍ਹਾਂ ਦੀਆਂ ਅਨੇਕਾਂ ਮਿਸਾਲਾਂ ਸਾਡੇ ਸਾਹਮਣੇ ਹਨ। ਜਦ ਤੱਕ ਇਹ ਪਾਰਟੀਆਂ ਆਪਣੇ ਚੋਣ ਮੈਨੀਫੈਸਟੋ ਨੂੰ ਸਮਾਂ ਬੱਧ ਸਮੇਂ ’ਚ ਪੂਰਾ ਕਰਨ ਦੀ ਲਿਖਤੀ ਕਾਨੂੰਨੀ ਗਰੰਟੀ ਨਹੀਂ ਦਿੰਦੀਆਂ ਉਨ੍ਹਾਂ ਚਿਰ ਇਨ੍ਹਾਂ ਦੇ ਕਿਸੇ ਚੋਣ ਵਾਅਦੇ ’ਤੇ ਭੁੱਲ ਕੇ ਵੀ ਯਕੀਨ ਕਰਨ ਦੀ ਗਲਤੀ ਨਹੀਂ ਕਰਨੀ ਚਾਹੀਦੀ ਕਿਉਂਕਿ ਅੱਜ ਤੱਕ ਕਿਸੇ ਵੀ ਪਾਰਟੀ ਨੇ ਸੱਤਾ ’ਚ ਆਉਣ ਪਿੱਛੋਂ ਵਾਅਦੇ ਪੂਰੇ ਨਹੀਂ ਕੀਤੇ। ਇਸ ਲਈ ਕੇਵਲ ਉਨ੍ਹਾਂ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਵੇਖ ਹੀ ਵੋਟ ਪਾਉਣੀ ਚਾਹੀਦੀ ਹੈ, ਨਾ ਕਿ ਝੂਠੇ ਵਾਅਦਿਆਂ ’ਤੇ ਯਕੀਨ ਕਰਕੇ। ਜਿਹੜਾ ਮੋਦੀ ਡਬਲ ਇੰਜਨ ਸਰਕਾਰ ਬਣਾਉਣ ’ਤੇ ਪੰਜਾਬ ਨੂੰ ਇੱਕ ਲੱਖ ਕਰੋੜ ਰੁਪਏ ਦੀ ਸਹਾਇਤਾ ਦੇਣ ਦਾ ਵਾਅਦਾ ਕਰ ਰਿਹੈ, ਉਸ ਨੂੰ ਪੁੱਛਿਆ ਜਾਵੇ ਕਿ 2014 ਤੋਂ 2017 ਤੱਕ ਡਬਲ ਇੰਜਨ ਸਰਕਾਰ ਹੀ ਸੀ ਜਿਸ ਸਮੇਂ ਕੇਂਦਰ ’ਚ ਅਕਾਲੀ ਭਾਈਵਾਲੀ ਵਾਲੀ ਮੋਦੀ ਸਰਕਾਰ ਅਤੇ ਪੰਜਾਬ ’ਚ ਭਾਜਪਾ ਦੀ ਭਾਈਵਾਲੀ ਵਾਲੀ ਬਾਦਲ ਸਰਕਾਰ ਸੀ ਤਾਂ ਉਸ ਸਮੇਂ ਪੰਜਾਬ ਨੂੰ ਕਿਹੜੀ ਸਹਾਇਤਾ ਕੀਤੀ ਸੀ ? ਕੇਂਦਰ ’ਚ ਮਨਮੋਹਨ ਸਿੰਘ ਦੀ ਕਾਂਗਰਸ ਸਰਕਾਰ ਹੁੰਦਿਆਂ ਬਾਦਲ ਨੂੰ ਮੂੰਹ ਮੰਗੀਆਂ ਗਰਾਂਟਾਂ ਮਿਲਦੀਆਂ ਰਹਿੰਦੀਆਂ ਸਨ ਜਦੋਂ ਕਿ ਡਬਲ ਇੰਜਨ ਵਾਲੇ ਮੋਦੀ ਵੱਲੋਂ ਸਿਫ਼ਰ ਸੀ। ਜਿਹੜਾ ਪ੍ਰਧਾਨ ਮੰਤਰੀ ਕੇਵਲ ਆਪਣੀ ਪਾਰਟੀ ਦੀ ਸਰਕਾਰ ਬਣਾਉਣ ਵਾਲੇ ਸੂਬਿਆਂ ਨੂੰ ਹੀ ਗਰਾਂਟਾਂ ਦੇਣ ਦੀ ਹੀ ਗੱਲ ਕਰਦਾ ਹੈ ਉਸ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਕਹਾਉਣ ਦਾ ਕੀ ਹੱਕ ਹੈ ? ਜਿਸ ਸੰਵਿਧਾਨ ਅਨੁਸਾਰ ਮਿਲੇ ਪਰੋਟੋਕੋਲ ਦੀ ਪੰਜਾਬ ’ਚ ਉਲੰਘਣਾਂ ਹੋਣ ’ਤੇ ਭਾਜਪਾ ਅਤੇ ਪ੍ਰਧਾਨ ਮੰਤਰੀ ਦੁਹਾਈ ਦੇ ਰਹੇ ਹਨ ਉਨ੍ਹਾਂ ਨੂੰ ਸਪਸ਼ਟ ਕਰਨਾ ਚਾਹੀਦੈ ਕਿ ਕੀ ਉਸ ਸੰਵਿਧਾਨ ’ਚ ਇਹ ਵੀ ਲਿਖਿਆ ਹੈ ਕਿ ਉਹ ਉਸੇ ਸੂਬੇ ਨੂੰ ਕੇਂਦਰੀ ਗਰਾਂਟਾਂ ਦੇਣਗੇ ਜਿਸ ਸੂਬੇ ਦੇ ਲੋਕ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਾਉਣਗੇ। ਕੀ ਉਨ੍ਹਾਂ ਨੇ ਸੂਬਿਆਂ ਨੂੰ ਗਰਾਂਟਾਂ ਆਪਣੀ ਜੇਬ ’ਚੋਂ ਦੇਣੀਆਂ ਹਨ ਜਾਂ ਭਾਜਪਾ ਦੇ ਫੰਡਾਂ ’ਚੋਂ ? ਕੇਂਦਰੀ ਸਰਕਾਰ ਨੇ ਜੋ ਕੁਝ ਦੇਣਾ ਹੈ ਸਮੁੱਚੇ ਦੇਸ਼ ਅਤੇ ਸੂਬਿਆਂ ਦੇ ਲੋਕਾਂ ਵੱਲੋਂ ਦਿੱਤੇ ਟੈਕਸਾਂ ’ਚੋਂ ਦੇਣਾ ਹੈ ਜਿਸ ’ਚ ਸਭ ਦਾ ਬਰਾਬਰ ਦਾ ਹਿੱਸਾ ਹੈ। ਵਿਤਕਰਾ ਕਰਨ ਵਾਲਾ ਪ੍ਰਧਾਨ ਮੰਤਰੀ ਦੇਸ਼ ਅਤੇ ਸੰਵਿਧਾਨ ਵਿਰੋਧੀ ਹੈ ਜਿਸ ਨੂੰ ਬਿਲਕੁਲ ਮੂੰਹ ਨਹੀਂ ਲਾਉਣਾ ਚਾਹੀਦਾ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਕੋਈ ਵੀ ਪਾਰਟੀ ਇਨ੍ਹਾਂ ਅਸੂਲਾਂ ’ਤੇ ਖਰੀ ਨਹੀਂ ਉੱਤਰਦੀ ਤਾਂ ਵੋਟ ਕਿਸ ਨੂੰ ਪਾਈ ਜਾਵੇ ? ਜਵਾਬ ਇਹੀ ਹੋਣਾ ਚਾਹੀਦੈ ਕਿ ਪੰਜਾਬ ’ਚ ਵੋਟਰਾਂ ਦੀ ਸਿਆਣਪ ਇਹੀ ਹੋਵੇਗੀ ਜੇ ਉਹ (1) ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਹਰ ਉਸ ਉਮੀਦਵਾਰ ਨੂੰ ਜਿਤਾਉਣ ਜਿਸ ਦੀ ਸਿਆਸਤ ’ਚ ਆਉਣ ਪਿੱਛੋਂ ਜਾਇਦਾਦ ’ਚ ਵਾਧਾ ਆਮ ਲੋਕਾਂ ਦੀ ਜਾਇਦਾਦ ’ਚ ਹੋਏ ਪ੍ਰਤੀਸ਼ਤ ਵਾਧੇ ਤੋਂ ਵੱਧ ਨਾ ਹੋਵੇ। (2) ਹਰ ਉਸ ਉਮੀਦਵਾਰ ਨੂੰ ਪਹਿਲ ਦੇਣ ਜੋ ਭ੍ਰਿਸ਼ਟਾਚਾਰ ਵਿਰੁੱਧ ਅਤੇ ਆਪਣੇ ਸੂਬੇ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਤੱਥਾਂ ਸਹਿਤ ਧੜੱਲੇਦਾਰ ਢੰਗ ਨਾਲ ਆਵਾਜ਼ ਉਠਾਉਣ ਦੇ ਸਮਰਥ ਹੋਵੇ। ਅਜਿਹੇ ਉਮੀਦਵਾਰਾਂ ’ਚ ਮੁੱਖ ਤੌਰ ’ਤੇ ਨਵਜੋਤ ਸਿੰਘ ਸਿੱਧੂ, ਡਾ: ਸਵੈਮਾਨ ਸਿੰਘ, ਬਲਵੀਰ ਸਿੰਘ ਰਾਜੇਵਾਲ, ਲੱਖਾ ਸਿਧਾਣਾ, ਭਗਵੰਤ ਮਾਨ, ਸੁਖਪਾਲ ਸਿੰਘ ਖਹਿਰਾ, ਸਿਮਰਜੀਤ ਸਿੰਘ ਬੈਂਸ ਆਦਿਕ ਆਗੂਆਂ ਦੇ ਨਾਮ ਲਏ ਜਾ ਸਕਦੇ ਹਨ। (3) ਹੁਣ ਤੱਕ ਸੱਤਾ ਦਾ ਸੁੱਖ ਮਾਨਣ ਵਾਲੀਆਂ ਪਰਖੀਆਂ ਪਾਰਟੀਆਂ ਤੋਂ ਖਹਿੜਾ ਛੁਡਵਾ ਬਦਲਾਉ ਲਈ ਵੋਟਾਂ ਪਾਉਣ। ਪੰਜਾਬ ’ਚ ਬਦਲਾਉ ਲਈ ਪਹਿਲੇ ਨੰਬਰ ’ਤੇ ਐੱਸ.ਐੱਸ.ਐੱਮ. ਅਤੇ ਦੂਸਰੇ ਨੰਬਰ ’ਤੇ ਆਮ ਆਦਮੀ ਪਾਰਟੀ ਹੋ ਸਕਦੀ ਹੈ।

ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਕੁਤਾਹੀ ਅਤੇ ਇਸ ਦੇ ਰਾਜਨੀਤੀ ’ਤੇ ਪ੍ਰਭਾਵ

0

ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਕੁਤਾਹੀ ਅਤੇ ਇਸ ਦੇ ਰਾਜਨੀਤੀ ’ਤੇ ਪ੍ਰਭਾਵ

ਕਿਰਪਾਲ ਸਿੰਘ ਬਠਿੰਡਾ 88378-13661

ਲੋਕਤੰਤਰ ਤੇ ਸੰਵਿਧਾਨ ਦੇ ਹਵਾਲੇ ਨਾਲ ਆਪਣੇ ਲਈ ਹੱਕ ਮੰਗਣ ਵਾਲੇ ਜਦੋਂ ਖ਼ੁਦ ਲੋਕਤੰਤਰ ਅਤੇ ਸੰਵਿਧਾਨ ਦੀਆਂ ਧੱਜੀਆਂ ਉਡਾਉਣ ਵਾਲੇ ਹੋਣ ਤਾਂ ਬੜਾ ਹੀ ਅਜ਼ੀਬ ਲਗਦਾ ਹੈ। ਸਾਡੇ ਦੇਸ਼ ’ਚ ਐਸੇ ਲੋਕਾਂ ਦੀ ਕਮੀ ਨਹੀਂ ਜਿਹੜੇ ਆਪਣੇ ਫਰਜ ਪੂਰੇ ਕਰਨ ਦੀ ਥਾਂ ਕੇਵਲ ਆਪਣੇ ਲੋਕਤੰਤਰਕ ਅਤੇ ਸੰਵਿਧਾਨਕ ਹੱਕਾਂ ਦੀ ਗੱਲ ਬੜੀ ਉੱਚੀ ਆਵਾਜ਼ ’ਚ ਉਠਾਉਂਦੇ ਹੋਣ ਪਰ ਦੂਸਰਿਆਂ ਨੂੰ ਇਹੀ ਹੱਕ ਦੇਣ ਤੋਂ ਜ਼ਾਹਰਾ ਤੌਰ ’ਤੇ ਇਨਕਾਰੀ ਹੋਣ। ਭਾਜਪਾ ਵਾਲੇ ਇਸ ਕੰਮ ’ਚ ਸਭ ਤੋਂ ਮੋਹਰੀ ਹਨ। ਗੱਲ 5 ਜਨਵਰੀ 2022 ਨੂੰ ਫਿਰੋਜ਼ਪੁਰ ਵਿਖੇ ਹੋਣ ਵਾਲੀ ਵਿਸ਼ਾਲ ਭਾਜਪਾ ਰੈਲੀ ਲਈ ਪਹੁੰਚ ਰਹੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਕਾਫ਼ਲੇ ਨੂੰ ਰਸਤੇ ’ਚੋਂ ਮੁੜਨ ਲਈ ਮਜ਼ਬੂਰ ਹੋਣ ’ਤੇ ਉੱਠੇ ਸਿਆਸੀ ਬਵਾਲ ਤੋਂ ਸ਼ੁਰੂ ਕਰਦੇ ਹਾਂ।

ਭਾਜਪਾ ਨੂੰ ਬਹੁਤ ਵੱਡੀ ਉਮੀਦ ਸੀ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਮਦਦ ਨਾਲ 5 ਜਨਵਰੀ ਨੂੰ ਭਾਜਪਾ ਵੱਲੋਂ ਕੀਤੀ ਜਾਣ ਵਾਲੀ ਰੈਲੀ ਇਤਿਹਾਸਕ ਹੋਵੇਗੀ ਜਿਸ ਵਿੱਚ 5 ਲੱਖ ਲੋਕ ਸ਼ਾਮਲ ਹੋਣਗੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜਰੀ ’ਚ ਦੂਸਰੀਆਂ ਪਾਰਟੀਆਂ ਖਾਸ ਕਰਕੇ ਕਾਂਗਰਸ ਅਤੇ ਅਕਾਲੀ ਦਲ (ਬਾਦਲ) ’ਚੋਂ ਵੱਡੀ ਗਿਣਤੀ ਕੱਦਾਵਰ ਆਗੂਆਂ ਦੀ ਭਾਜਪਾ ਵਿੱਚ ਸ਼ਾਮੂਲੀਅਤ ਨਾਲ ਪੰਜਾਬ ’ਚ ਭਾਜਪਾ ਦੀ ਚੋਣ ਨੂੰ ਵੱਡਾ ਹੁਲਾਰਾ ਮਿਲੇਗਾ ਪਰ ਰੈਲੀ ’ਚ ਕੁਝ ਸੈਂਕੜਿਆਂ ਦੀ ਗਿਣਤੀ ’ਚ ਲੋਕ ਪਹੁੰਚੇ। ਕੇਂਦਰੀ ਅਤੇ ਸੂਬਾ ਸੁਰੱਖਿਆ ਏਜੰਸੀਆਂ ’ਚ ਆਪਸੀ ਤਾਲਮੇਲ ਦੀ ਰਹੀ ਘਾਟ ਸਦਕਾ ਸੁਰੱਖਿਆ ’ਚ ਰਹੀ ਤਰੁੱਟੀ ਕਾਰਨ ਪ੍ਰਧਾਨ ਮੰਤਰੀ ਦੇ ਰਸਤੇ ’ਚੋਂ ਵਾਪਸ ਮੁੜ ਜਾਣ ’ਤੇ ਰੈਲੀ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ। ਭਾਜਪਾ ਖਾਸ ਕਰਕੇ ਸ਼੍ਰੀ ਮੋਦੀ ’ਚ ਇਹ ਕਲਾ ਹੈ ਕਿ ਉਹ ਕਿਸੇ ਵੀ ਘਟਨਾ ਨੂੰ ਐਸਾ ਨਾਟਕੀ ਰੂਪ ਦਿੰਦੇ ਹਨ ਕਿ ਲੋਕਾਂ ’ਚ ਡਰ ਦਾ ਮਾਹੌਲ ਪੈਦਾ ਕਰਕੇ ਆਪਣੀ ਹਾਰੀ ਹੋਈ ਬਾਜ਼ੀ ਨੂੰ ਜਿੱਤ ਵਿਖਾਉਣ ’ਚ ਸਫਲ ਹੋ ਜਾਂਦੇ ਹਨ। ਜਿਵੇਂ ਕਿ ਸੁਰੱਖਿਆ ਸਿਸਟਮ ’ਚ ਕਮੀਆਂ ਕਾਰਨ 2019 ’ਚ ਹੋਇਆ ਦੁਖਦਾਈ ਪੁਲਵਾਮਾ ਹਮਲਾ ਜਿਸ ’ਚ 40 ਭਾਰਤੀ ਜੁਆਨ ਆਪਣੀਆਂ ਜਾਨਾਂ ਗੁਆ ਬੈਠੇ ਸਨ, ਆਪਣੀ ਇਹ ਨਾਕਾਮੀ ਕਬੂਲਣ ਦੀ ਥਾਂ ਸ਼ਹੀਦਾਂ ਦੀਆਂ ਤਸ਼ਵੀਰਾਂ ਆਪਣੀਆਂ ਚੋਣ ਰੈਲੀਆਂ ’ਚ ਪ੍ਰਕਾਸ਼ਿਤ ਕਰ ਹਮਦਰਦੀ ਲਹਿਰ ਬਣਾ ਚੋਣਾਂ ਜਿੱਤੀਆਂ। ਚੋਣਾਂ ਵਿੱਚ ਕਿਸ ਗੱਲ ਨੂੰ ਮੁੱਦਾ ਬਣਾਉਣਾ ਹੈ ਇਸ ਦਾ ਆਗਾਜ਼ ਖ਼ੁਦ ਪ੍ਰਧਾਨ ਮੰਤਰੀ ਕਰਦੇ ਹਨ। ਫਿਰੋਜ਼ਪੁਰ ਜਿਲ੍ਹੇ ਦੇ ਪਿਆਰੇਆਨਾ ਪਿੰਡ ਦੇ ਨਜ਼ਦੀਕ ਕੌਮੀ ਸ਼ਾਹ ਰਾਹ ’ਤੇ ਓਵਰਫਲਾਈ ’ਤੇ ਘਿਰ ਜਾਣ ਕਾਰਨ 15-20 ਮਿੰਟਾਂ ਦੀ ਉਡੀਕ ਪਿੱਛੋਂ ਵਾਪਸ ਬਠਿੰਡਾ ਹਵਾਈ ਅੱਡੇ ’ਤੇ ਆ ਕੇ ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ “ਆਪਣੇ ਮੁੱਖ ਮੰਤਰੀ ਦਾ ਧੰਨਵਾਦ ਕਰ ਦੇਣਾ ਕਿ ਮੈਂ ਜਿੰਦਾ ਵਾਪਸ ਮੁੜ ਆਇਆ ਹਾਂ।” ਐਸਾ ਬਿਆਨ ਦੇਣ ਪਿਛੇ ਭਾਵਨਾ ਸੀ ਕਿ ਪੰਜਾਬ ’ਚ ਅਮਨ ਕਾਨੂੰਨ ਦੀ ਮਾੜੀ ਸਥਿਤੀ ਅਤੇ ਕਾਂਗਰਸ ਸਰਕਾਰ ਦੀ ਅਸਫਲਤਾ ਅਤੇ ਸਾਜਸ਼ ਸਿੱਧ ਕਰਕੇ ਸਾਰੇ ਦੇਸ਼ ’ਚ ਪੰਜਾਬ ਅਤੇ ਕਾਂਗਰਸ ਵਿਰੁੱਧ ਮਹੌਲ ਪੈਦਾ ਕਰ ਬਾਕੀ ਦੇ ਸੂਬਿਆਂ ਦੀਆਂ ਚੋਣਾਂ ’ਚ ਲਾਭ ਲੈ ਸਕਣ। ਮੋਦੀ ਦੇ ਇਸ ਬਿਆਨ ਪਿੱਛੋਂ ਬਿਨਾਂ ਕਿਸੇ ਜਾਂਚ ਪੜਤਾਲ ਦੇ ਪੰਜਾਬ ਦੀ ਕਾਂਗਰਸ ਸਰਕਾਰ ਵਿਰੁੱਧ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਟਵੀਟ ਕਰ ਅਤੇ ਦੋ ਕੇਂਦਰੀ ਮੰਤਰੀਆਂ ਬੀਬੀ ਸਿਮ੍ਰਿਤੀ ਇਰਾਨੀ ਅਤੇ ਬੀਬੀ ਮੀਨਾਖ਼ਸ਼ੀ ਲੇਖੀ ਨੇ ਪ੍ਰੈੱਸ ਕਾਨਫਰੰਸਾਂ ਰਾਹੀਂ ਇਸ ਤਰ੍ਹਾਂ ਦੀਆਂ ਖ਼ਬਰਾਂ ਫੈਲਾਈਆਂ ਜਿਸ ਨਾਲ ਪੰਜਾਬ ਦੀ ਕਾਂਗਰਸ ਸਰਕਾਰ ਦੀ ਮਹਾਂ ਨਲਾਇਕੀ ਅਤੇ ਪੰਜਾਬ ਦੇ ਲੋਕ ਅਪਰਾਧੀ ਹੋਣ ਦਾ ਦੋਸ਼ ਮੜ੍ਹ ਕੇ, ਮੁੜ 1984 ਵਾਪਰਨ ਦੀ ਪੇਸ਼ੀਨਗੋਈ ਕਰ ਦਿੱਤੀ। ਪ੍ਰਧਾਨ ਮੰਤਰੀ ਨੇ ਤੁਰੰਤ ਕੇਂਦਰੀ ਮੰਤਰੀ ਮੰਡਲ ਦੀ ਹੰਗਾਮੀ ਮੀਟਿੰਗ ਕੀਤੀ ਤੇ ਕੇਂਦਰੀ ਮੰਤਰੀ ਅਨੁਰਾਗ ਠਾਕਰ ਨੇ ਮੰਤਰੀ ਮੰਡਲ ਦੇ ਫੈਸਲੇ ਦੀ ਪ੍ਰੈੱਸ ਨੂੰ ਜਾਣਕਾਰੀ ਦੇਣ ਲਈ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਸਰਕਾਰ ਵਿਰੁੱਧ ਸਖਤ ਕਾਰਵਾਈ ਕਰਨ ਦਾ ਸੰਕੇਤ ਦਿੱਤਾ ਅਤੇ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਨੂੰ ਮਿਲ ਕੇ ਵਿਸਥਾਰਤ ਜਾਣਕਾਰੀ ਦਿੱਤੀ। ਕੈਪਟਨ ਅਮਰਿੰਦਰ ਸਿੰਘ ਨੇ ਪਹਿਲੇ ਹੀ ਦਿਨ ਰਾਸ਼ਟਰਪਤੀ ਦੀ ਮੰਗ ਕਰ ਦਿੱਤੀ। ਮੋਦੀ ਸਰਕਾਰ ਅਤੇ ਭਾਜਪਾ ਵੱਲੋਂ ਜਿਸ ਤੇਜੀ ਅਤੇ ਗੰਭੀਰਤਾ ਨਾਲ ਬਿਆਨਬਾਜ਼ੀ ਕੀਤੀ ਜਾ ਰਹੀ ਸੀ ਇਸ ਨਾਲ ਸ਼ੱਕ ਪੈਦਾ ਹੁੰਦਾ ਸੀ ਕਿ ਸ਼ਾਇਦ ਪੰਜਾਬ ਭਾਜਪਾ ਕਾਨੂੰਨ ਵਿਵਸਥਾ ਦਾ ਬਹਾਨਾ ਬਣਾ ਪੰਜਾਬ ’ਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕਰੇਗੀ।

ਪੰਜਾਬ ਦੇ ਲੋਕਾਂ ਨੇ ਭਾਜਪਾ ਦੇ ਅਜੇਹੇ ਬਿਆਨਾਂ ਦਾ ਸਖਤ ਨੋਟਿਸ ਲੈਂਦਿਆਂ ਆਵਾਜ਼ ਬੁਲੰਦ ਕੀਤੀ ਕਿ ਪੰਜਾਬੀਆਂ ਨੇ ਦੇਸ਼ ਦੀ ਅਜ਼ਾਦੀ ’ਚ ਸਭ ਤੋਂ ਵੱਧ ਹਿੱਸਾ ਪਾਇਆ ਪਰ ਮਿਲੀ ਅਜ਼ਾਦੀ ਦੀ ਬਦੌਲਤ ਦੇਸ਼ ਦੀ ਵੰਡ ਕਾਰਨ ਸਭ ਤੋਂ ਵੱਧ ਜਾਨੀ, ਮਾਲੀ ਅਤੇ ਅੱਧਾ ਪੰਜਾਬ ਗੁਆ ਕੇ ਕੀਮਤ ਪੰਜਾਬ ਨੂੰ ਤਾਰਨੀ ਪਈ। ਅਜ਼ਾਦੀ ਉਪਰੰਤ ਭਾਸ਼ਾ ਦੇ ਆਧਾਰ ’ਤੇ ਸੂਬਾ ਬਣਾਉਣ ਸਮੇਂ ਪੰਜਾਬ ਨਾਲ ਫਿਰ ਧੱਕਾ ਹੋਇਆ ਫ਼ਲਸਰੂਪ ਬਾਕੀ ਦੇ ਪੰਜਾਬ ਦਾ ਪੰਜਾਬੀ ਬੋਲਦਾ ਵੱਡਾ ਹਿੱਸਾ, ਸੂਬੇ ਦੀ ਰਾਜਧਾਨੀ ਅਤੇ ਕੁਦਰਤੀ ਪਾਣੀਆਂ ਦੇ ਵਸੀਲੇ ਪੰਜਾਬ ਤੋਂ ਖੋਹੇ ਗਏ। ਸੰਨ 1982 ’ਚ ਆਪਣੇ ਹੱਕ ਮੰਗੇ ਤਾਂ 1984 ਦਾ ਘੱਲੂਘਾਰ ਵਰਤਾ ਦਿੱਤਾ।  ਸਰਹੱਦੀ ਸੂਬਾ ਹੋਣ ਕਾਰਨ ਪਾਕਿਸਤਾਨ ਨਾਲ ਲੱਗੇ ਯੁੱਧਾਂ ਦੌਰਾਨ ਸਭ ਤੋਂ ਵੱਧ ਜਾਨੀ ਤੇ ਮਾਲੀ ਨੁਕਸਾਨ ਪੰਜਾਬ ਸਹਿੰਦਾ ਰਿਹਾ ਹੈ। ਆਰ.ਐੱਸ.ਐੱਸ. ਅਤੇ ਭਾਜਪਾ ਨੇ ਓਨੇ ਤਿਰੰਗੇ ਝੰਡੇ ਆਪਣੇ ਦਫ਼ਤਰਾਂ ’ਤੇ ਨਹੀਂ ਝੁਲਾਏ ਜਿਸ ਤੋਂ ਵੱਧ ਤਿਰੰਗਿਆਂ ’ਚ ਸਰਹੱਦਾਂ ਦੀ ਰਾਖੀ ਕਰਦਿਆਂ ਪੰਜਾਬ ਦੇ ਨੌਜਵਾਨਾਂ ਦੀਆਂ ਲਾਸ਼ਾਂ ਲਿਪਟ ਕੇ ਆ ਰਹੀਆਂ ਹਨ। ਕੇਂਦਰ ਸਰਕਾਰ ਨੇ 2020 ’ਚ ਕਿਸਾਨ ਵਿਰੋਧੀ ਤਿੰਨ ਕਾਲ਼ੇ ਕਾਨੂੰਨ ਬਣਾਏ ਤਾਂ ਰੱਦ ਕਰਵਾਉਣ ਲਈ ਵਿੱਢੇ ਦੇਸ਼ ਵਿਆਪੀ ਅੰਦੋਲਨ ’ਚ ਸਭ ਤੋਂ ਮੋਹਰੀ ਰੋਲ ਅਤੇ ਵੱਧ ਯੋਗਦਾਨ ਪੰਜਾਬ ਦਾ ਰਿਹਾ ਜਿਸ ਦੀ ਸਜਾ ਸਾਨੂੰ ਮੁੜ 1984 ਵਰਤਾਉਣ ਦੀਆਂ ਧਮਕੀਆਂ ਦੇ ਰੂਪ ’ਚ ਦਿੱਤੀ ਜਾ ਰਹੀ ਹੈ; ਤਾਂ ਸਾਨੂੰ ਚੁਣੌਤੀ ਪ੍ਰਵਾਨ ਹੈ। ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਭਗਵੰਤ ਮਾਨ ਅਤੇ ਸੁਨੀਲ ਜਾਖੜ ਸਮੇਤ ਜਿਨ੍ਹਾਂ ਜਿਨ੍ਹਾਂ ਪੰਜਾਬ ਦੇ ਆਗੂਆਂ ਨੇ ਸੁਰੱਖਿਆ ’ਚ ਕੁਤਾਹੀ ਦੇ ਮਾਮਲੇ ’ਚ ਭਾਜਪਾ ਦਾ ਪੱਖ ਪੂਰਿਆ, ਉਨ੍ਹਾਂ ਸਭਨਾ ਦੀ ਭਾਰੀ ਅਲੋਚਨਾ ਹੋਈ ਕਿ ਇਹ ਆਗੂ ਪੰਜਾਬ ਦਾ ਪੱਖ ਪੂਰਨ ਦੀ ਥਾਂ ਸਿਆਸੀ ਵਿਰੋਧੀਆਂ ਦੇ ਤੌਰ ’ਤੇ ਬਿਆਨ ਦਾਗ਼ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ, ਪ੍ਰਦੇਸ਼ ਕਾਂਗਰਸ ਪ੍ਰਧਾਨ ਅਤੇ ਗ੍ਰਹਿ ਮੰਤਰੀ ਵੱਲੋਂ ਸਖਤ ਸਟੈਂਡ ਲਏ ਜਾਣ ਕਾਰਨ ਉਨ੍ਹਾਂ ਪ੍ਰਤੀ ਹਮਦਰਦੀ ਦੀ ਲਹਿਰ ਬਣੀ ਜੋ ਸਿਆਸੀ ਸਮੀਕਰਨ ਬਦਲ ਸਕਦੀ ਹੈ। ਪੰਜਾਬੀ ਭਾਈਚਾਰੇ ਵੱਲੋਂ ਜਿਸ ਤਰ੍ਹਾਂ ਦੇ ਪ੍ਰਤੀਕਰਮ ਦਿੱਤੇ ਜਾ ਰਹੇ ਸਨ ਉਸ ਤੋਂ ਭਾਜਪਾ ਸਮਝ ਗਈ ਕਿ ਰਾਸ਼ਟਰਪਤੀ ਰਾਜ ਲਾਗੂ ਕਰਨ ਨਾਲ ਭਾਜਪਾ ਪ੍ਰਤੀ ਗੁੱਸਾ ਅਤੇ ਕਾਂਗਰਸ ਨੂੰ ਪੰਜਾਬ ’ਚ ਹਮਦਰਦੀ ਮਿਲ ਸਕਦੀ ਹੈ ਇਸ ਲਈ ਭਾਜਪਾ ਵਫ਼ਦ ਨੇ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਪੰਜਾਬ ਸਰਕਾਰ ਦੇ ਕੇਵਲ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਡੀਜੀਪੀ ਦੀ ਬਰਖਾਸਤਗੀ ਦੀ ਮੰਗ ਹੀ ਕੀਤੀ, ਉਹ ਵੀ ਬੇਮਾਅਨੇ ਰਹੀ ਕਿਉਂਕਿ ਛੇਤੀ ਹੀ ਚੋਣ ਜ਼ਾਬਤਾ ਲਾਗੂ ਹੋ ਗਿਆ। ਕਾਂਗਰਸ ਸਰਕਾਰ ’ਤੇ ਦੋਸ਼ ਲਾਉਂਦਿਆਂ ਭਾਜਪਾ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨੇ 42,750 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਸੀ ਪਰ ਕਾਂਗਰਸ ਵਿਕਾਸ ਵਿਰੋਧੀ ਹੋਣ ਕਰਕੇ ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਸੁਰੱਖਿਆ ਦੇਣ ’ਚ ਅਸਫਲ ਰਹਿਣ ਕਾਰਨ ਵਾਪਸ ਮੁੜਨਾ ਪਿਆ ਜਿਸ ਨਾਲ ਪੰਜਾਬ ਦਾ ਨੁਕਸਾਨ ਹੋਇਆ। ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਤਰੁਟੀ ਲਈ ਜਿੰਮੇਵਾਰ ਕੌਣ ਹੈ; ਇਸ ਦੀ ਜਾਂਚ ਦਾ ਕੰਮ ਤਾਂ ਸਰਬਉੱਚ ਅਦਾਲਤ ਨੇ ਆਪਣੇ ਹੱਥ ਲੈ ਲਿਆ ਹੈ ਇਸ ਲਈ ਆਪਣੇ ਵੱਲੋਂ ਕੋਈ ਟਿੱਪਣੀ ਕਰਨ ਨਾਲੋਂ ਸਾਨੂੰ ਅਦਾਲਤ ਵੱਲੋਂ ਗਠਿਤ ਕਮੇਟੀ ਦੀ ਰਿਪੋਰਟ ਦੀ ਉਡੀਕ ਕਰਨੀ ਚਾਹੀਦੀ ਹੈ। ਪੰਜਾਬ ਸਮੇਤ ਦੇਸ਼ ਦੇ ਬਹੁਤ ਲੋਕ ਇਸ ਕਾਂਡ ਨੂੰ ਮੋਦੀ ਦੀ ਡਰਾਮੇਬਾਜ਼ੀ ਕਿਉਂ ਦੱਸ ਰਹੇ ਹਨ ਇਸ ਦੇ ਹੇਠ ਲਿਖੇ ਕਾਰਨ ਹਨ : 

(1) ਇੱਕ ਵਾਰ ਦੀ ਗੱਲ ਹੈ ਕਿ ਇੱਕ ਔਰਤ ਸਿੱਧੀ ਸਟੇਜ਼ ’ਤੇ ਪਹੁੰਚ ਗਈ ਤੇ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਕੰਨ ਫੜ ਕੇ ਕਹਿਣ ਲੱਗੀ; ਇਹ ਅਜ਼ਾਦੀ ਐ ? ਮੈਨੂੰ ਦੱਸੋ ਅਜ਼ਾਦੀ ਕਿੱਥੇ ਹੈ ? ਨਹਿਰੂ ਨੇ ਸਹਿਜ ’ਚ ਹੀ ਕਿਹਾ ਕੀ ਇਹ ਅਜ਼ਾਦੀ ਨਹੀਂ ਕਿ ਤੂੰ ਪ੍ਰਧਾਨ ਮੰਤਰੀ ਦਾ ਕੰਨ ਫੜ ਲਿਆ।

(2) 1967 ਦੀਆਂ ਆਮ ਚੋਣਾਂ ਤੋਂ ਪਹਿਲਾਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਉੜੀਸਾ ਦੀ ਰਾਜਧਾਨੀ ਭੁਬਨੇਸ਼ਵਰ ਵਿਖੇ ਇੱਕ ਰੈਲੀ ਨੂੰ ਸੰਬੋਧਨ ਕਰ ਰਹੀ ਸੀ ਤਾਂ ਭੀੜ ’ਚੋਂ ਪੱਥਰਬਾਜ਼ੀ ਸ਼ੁਰੂ ਹੋ ਗਈ ਜਿਸ ’ਚੋਂ ਇੱਕ ਵੱਟਾ ਪੀਐੱਮ ਦੇ ਨੱਕ ’ਤੇ ਬੱਜਾ ਜਿਸ ਨਾਲ ਉਸ ਦੇ ਨੱਕ ਦੀ ਹੱਡੀ ਟੁੱਟ ਗਈ ਤੇ ਖੂਨ ਵਹਿਣ ਲੱਗਾ।  ਇੰਦਰਾ ਨੇ ਉਸ ਦੀ ਪ੍ਰਵਾਹ ਨਹੀਂ ਕੀਤੀ ਤੇ ਆਪਣੇ ਰੁਮਾਲ ਨਾਲ ਨੱਕ ਨੂੰ ਦਬਾਅ ਕੇ ਖੂਨ ਰੋਕਿਆ ਤੇ ਭਾਸ਼ਣ ਜਾਰੀ ਰੱਖਿਆ। ਬਾਅਦ ’ਚ ਪੱਟੀ ਕਰਵਾ ਕੇ ਉਸ ਨੂੰ ਸਟੇਜ਼ ਦੇ ਪਿੱਛੇ ਬੈਠਣ ਦੀ ਸਲਾਹ ਦਿੱਤੀ ਜਿਸ ਨੂੰ ਮੰਨਣ ਤੋਂ ਉਸ ਨੇ ਇਨਕਾਰ ਕੀਤਾ ਤੇ ਉਸੇ ਤਰ੍ਹਾਂ ਸਟੇਜ਼ ਦੀ ਪਹਿਲੀ ਕਤਾਰ ਵਿੱਚ ਬੈਠੀ ਰਹੀ ਅਤੇ ਬਾਅਦ ਵਿੱਚ ਕਲਕੱਤਾ ਜਾ ਕੇ ਵੀ ਇਕ ਰੈਲੀ ਨੂੰ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਜੈਪੁਰ ਵਿਖੇ ਵੀ ਉਸ ਦਾ ਵਿਰੋਧ ਹੋਇਆ ਸੀ ਜਿਸ ਨੂੰ ਵੇਖਦਿਆਂ ਸਕਿਉਰਟੀ ਸਟਾਫ ਨੇ ਉਸ ਨੂੰ ਪ੍ਰਚਾਰ ਦੌਰਾ ਰੱਦ ਕਰਨ ਦੀ ਸਲਾਹ ਦਿੱਤੀ ਪਰ ਉਸ ਨੇ ਆਪਣੇ ਤੈਅ ਕੀਤੇ ਸਾਰੇ ਪ੍ਰੋਗਰਾਮ ਬੜੀ ਦ੍ਰਿੜਤਾ ਨਾਲ ਨਿਭਾਉਣ ਤੋਂ ਬਾਅਦ ਦਿੱਲੀ ਆ ਕੇ ਨੱਕ ਦਾ ਉਪ੍ਰੇਸ਼ਨ ਕਰਵਾਇਆ। ਉਸ ਸਮੇਂ ਇੰਦਰਾ ਗਾਂਧੀ ਨੇ ਕਦੀ ਜਾਨ ਨੂੰ ਖਤਰੇ ਦਾ ਰੌਲ਼ਾ ਨਹੀਂ ਪਾਇਆ। ਦੂਜੇ ਪਾਸੇ ਹੁਣ ਤੱਕ ਦਾ ਸਭ ਤੋਂ ਵੱਧ ਸ਼ਕਤੀਸ਼ਾਲੀ ਪ੍ਰਚਾਰਿਆ ਜਾਂਦਾ ਪ੍ਰਧਾਨ ਮੰਤਰੀ; ਫਿਰੋਜਪੁਰ ਵਿਖੇ ਭੀੜ ਜਿਸ ਦੇ ਨੇੜੇ ਤੱਕ ਨਹੀਂ ਆਈ; ਕੁਝ ਕਿਸਾਨ ਇੱਕ ਕਿਲੋਮੀਟਰ ਦੀ ਦੂਰੀ ’ਤੇ ਸਨ ਜਿੱਥੋਂ ਨਾ ਕੋਈ ਉਸ ਵਿਰੁੱਧ ਨਾਹਰੇ ਸੁਣਾਈ ਦਿੰਦੇ ਸਨ ਅਤੇ ਨਾ ਹੀ ਕਿਸੇ ਨੇ ਉਸ ਵੱਲ ਇੱਟ ਵੱਟਾ ਚਲਾਇਆ। ਜੋ ਮੋਦੀ ਦੇ ਨੇੜੇ ਆਏ ਉਹ ਉਸ ਦੇ ਆਪਣੇ ਸਮਰਥਕ ਸਨ ਜੋ ਮੋਦੀ ਜਿੰਦਾਬਾਦ ਦੇ ਨਾਹਰੇ ਲਾ ਰਹੇ ਸਨ; ਫਿਰ ਵੀ ਜਾਨ ਬਚਾ ਕੇ ਜਿੰਦਾ ਮੁੜਨ ਦਾ ਜੋ ਚੀਕ ਚਿਹਾੜਾ ਪਾਇਆ ਉਸ ਨੇ ਸਿੱਧ ਕਰ ਦਿੱਤਾ ਕਿ ਉਹ ਭਾਰਤੀ ਸਮਾਜ ’ਚ ਕਮਜੋਰ ਸਮਝੀ ਜਾਂਦੀ ਇੱਕ ਔਰਤ ਨਾਲੋਂ ਵੀ ਕਮਜੋਰ ਦਿਲ ਵਾਲਾ ਡਰਪੋਕ ਵਿਅਕਤੀ ਹੈ।

(3) 2005 ’ਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ’ਚ ਵਿਦਿਆਰਥੀਆਂ ਨੇ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਅਤੇ ਕਾਲ਼ੇ ਝੰਡੇ ਵਿਖਾਏ। ਬਾਅਦ ’ਚ ਪ੍ਰਦਰਸ਼ਨਕਾਰੀਆਂ ’ਤੇ ਕੇਸ ਦਰਜ ਹੋਏ ਪਰ ਮਨਮੋਹਨ ਸਿੰਘ ਨੇ ਉਹ ਕੇਸ ਵਾਪਸ ਲੈਣ ਲਈ ਕਿਹਾ। ਨਹਿਰੂ ਅਤੇ ਮਨਮੋਹਨ ਸਿੰਘ ਦੀਆਂ ਇਨ੍ਹਾਂ ਉਦਾਹਰਣਾਂ ਤੋਂ ਸਪਸ਼ਟ ਹੁੰਦਾ ਹੈ ਕਿ ਲੋਕਤੰਤਰ ’ਚ ਲੀਡਰ ਅੰਦਰ ਵਿਰੋਧ ਸਹਿਣ ਦਾ ਮਾਦਾ ਭੀ ਹੋਣਾ ਚਾਹੀਦਾ ਹੈ।

(4) 2009 ’ਚ ਜਦੋਂ ਨਰਿੰਦਰ ਮੋਦੀ ਖ਼ੁਦ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਗੁਜਰਾਤ ਦੇ ਦੌਰੇ ਦੌਰਾਨ ਤਤਕਾਲੀ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦਾ ਵਿਰੋਧ ਹੋਇਆ; ਉਨ੍ਹਾਂ ’ਤੇ ਜੁੱਤੀ ਵੀ ਸੁੱਟੀ ਗਈ। ਉਸ ਸਮੇਂ ਕਾਂਗਰਸ ਨੇ ਕਦੀਂ ਗੁਜਰਾਤ ਸੂਬੇ ਵਿਰੁੱਧ ਇਸ ਤਰ੍ਹਾਂ ਦਾ ਬਵਾਲ ਖੜ੍ਹਾ ਨਹੀਂ ਕੀਤਾ ਜਿਸ ਤਰ੍ਹਾਂ ਭਾਜਪਾ ਹੁਣ ਪੰਜਾਬ ਵਿਰੁੱਧ ਕਰ ਰਹੀ ਹੈ ਜਦੋਂ ਕਿ ਇੱਥੇ ਨਾ ਕਿਸੇ ਨੇ ਉਸ ਵਿਰੁੱਧ ਨਾਹਰੇ ਲਗਾਏ, ਨਾ ਕਾਲ਼ੇ ਝੰਡੇ ਵਿਖਾਏ ਤੇ ਨਾ ਹੀ ਕਿਸੇ ਨੇ ਇੱਟ ਵੱਟਾ ਆਦਿ ਮਾਰਿਆ ।

(5). 5 ਅਕਤੂਬਰ 2014 ਤੇ 16 ਜੁਲਾਈ 2015 ਨੂੰ ਬਰਸਾਤ ਕਾਰਨ ਅਤੇ 28 ਜੂਨ 2015 ਨੂੰ ਰੈਲੀ ਵਾਲੀ ਗਰਾਂਊਂਡ ’ਚ ਬਿਜਲੀ ਦੇ ਕਰੰਟ ਲੱਗਣ ਨਾਲ ਹੋਈ ਇੱਕ ਮਾਲੀ ਦੀ ਮੌਤ ਕਾਰਨ ਪ੍ਰਧਾਨ ਮੰਤਰੀ ਮੋਦੀ ਨੇ ਵਾਰਾਨਸੀ ਦਾ ਆਪਣਾ ਦੌਰਾ ਮੌਕੇ ’ਤੇ ਲਗਾਤਾਰ ਤਿੰਨ ਵਾਰ ਰੱਦ ਕੀਤਾ ਸੀ; ਤਾਂ ਫਿਰ ਬਰਸਾਤ ਕਾਰਨ ਪੰਜਾਬ ’ਚ ਫਿਰੋਜ਼ਪੁਰ ਦਾ ਦੌਰਾ ਰੱਦ ਕਿਉਂ ਨਹੀਂ ਕੀਤਾ ਜਦੋਂ ਕਿ ਦਿੱਲੀ ਚੱਲਣ ਤੋਂ ਪਹਿਲਾਂ ਹੀ ਭਾਰੀ ਬਾਰਸ਼ ਹੋ ਰਹੀ ਸੀ ਅਤੇ ਮੌਸਮ ਵਿਭਾਗ ਕਈ ਦਿਨਾਂ ਤੱਕ ਲਗਾਤਾਰ ਬਾਰਸ਼ ਹੋਣ ਦੀਆਂ ਖ਼ਬਰਾਂ ਪਹਿਲਾਂ ਤੋਂ ਦੇ ਰਿਹਾ ਸੀ।

(6) 7 ਨਵੰਬਰ 2014 ਨੂੰ ਦੇਵੇਂਦਰ ਫੜਨਵੀਸ ਮਹਾਰਾਸ਼ਟਰ ਦੇ ਵਾਨਖੇੜੇ ਸਟੇਡੀਅਮ ’ਚ ਸਹੁੰ ਚੁੱਕ ਰਹੇ ਸਨ। ਪੀਐਮ ਮੋਦੀ, ਅਮਿਤ ਸ਼ਾਹ ਸਮੇਤ ਕਈ ਵੀਵੀਆਈਪੀ ਮੌਜੂਦ ਸਨ। ਇਸ ਦੌਰਾਨ ਅਨਿਲ ਮਿਸ਼ਰਾ ਨਾਂ ਦਾ ਵਿਅਕਤੀ ਤਿੰਨ-ਪੱਧਰੀ ਸੁਰੱਖਿਆ ਨੂੰ ਤੋੜ ਕੇ ਪੀਐਮ ਮੋਦੀ ਦੇ ਕੋਲ ਸਟੇਜ ਤੱਕ ਪਹੁੰਚ ਗਿਆ। ਉਸ ਕੋਲ ਨਾ ਤਾਂ ਕੋਈ ਪਛਾਣ ਪੱਤਰ ਸੀ ਅਤੇ ਨਾ ਹੀ ਕੋਈ ਪਾਸ। ਅਨਿਲ ਮਿਸ਼ਰਾ ਨੇ ਅਮਿਤ ਸ਼ਾਹ, ਫੜਨਵੀਸ ਅਤੇ ਊਧਵ ਠਾਕਰੇ ਨਾਲ ਸੈਲਫੀ ਵੀ ਲਈ। ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਭਾਵੇਂ ਜੇਲ੍ਹ ਭੇਜ ਦਿੱਤਾ ਸੀ ਪਰ ਪ੍ਰਧਾਨ ਮੰਤਰੀ ਦੀ ਸੁਰੱਖਿਆ ਜਾਂ ਜਾਨ ਨੂੰ ਖਤਰੇ ਦਾ ਰੌਲ਼ਾ ਕਿਸੇ ਨੇ ਨਹੀਂ ਪਾਇਆ।

(7) ਗੁਜਰਾਤ ਚੋਣਾਂ ਦੌਰਾਨ 12 ਦਸੰਬਰ 2017 ਨੂੰ ਆਪਣੇ ਸਮਰਥਕਾਂ ’ਚ ਜੋਸ਼ ਭਰਨ ਲਈ ਪ੍ਰਧਾਨ ਮੰਤਰੀ ਮੋਦੀ ਨੇ ਇਕਹਿਰੇ ਇੰਜਨ ਵਾਲੇ ਸੀ-ਪਲੇਨ (ਪਾਣੀ ’ਚ ਤਰਨ ਅਤੇ ਹਵਾ ’ਚ ਉੱਡਣ ਦੀ ਸਮਰਥਾ ਰੱਖਣ ਵਾਲੇ ਜਹਾਜ) ਵਿੱਚ ਬੈਠ ਕੇ ਸਟੰਟਬਾਜ਼ੀ ਕੀਤੀ ਜਦੋਂ ਕਿ ਸੁਰੱਖਿਆ ਨਿਯਮਾਂ ਅਨੁਸਾਰ ਪ੍ਰਧਾਨ ਮੰਤਰੀ ਸਿੰਗਲ ਇੰਜਨ ਵਾਲੇ ਪਲੇਨ ’ਚ ਸਵਾਰੀ ਨਹੀਂ ਕਰ ਸਕਦਾ। ਪ੍ਰਧਾਨ ਮੰਤਰੀ ਦੀ ਜਾਨ ਨੂੰ ਜੋਖ਼ਮ ’ਚ ਪਾ ਕੇ ਸਟੰਟਬਾਜ਼ੀ ਕਰਨ ਦੀ ਇਜਾਜ਼ਤ ਕਿਸ ਨੇ ਦਿੱਤੀ ਜਾਂ ਫਿਰ ਮੋਦੀ ਨੇ ਐੱਸਪੀਜੀ ਦੀ ਸਲਾਹ ਦੀ ਪ੍ਰਵਾਹ ਨਹੀਂ ਕੀਤੀ ? ਇਸੇ ਤਰ੍ਹਾਂ ਆਪਣੀ ਇੱਕ ਚੋਣ ਰੈਲੀ ਦੌਰਾਨ ਪ੍ਰਧਾਨ ਮੰਤਰੀ ਨੇ ਰੋਡ ਸ਼ੋਅ ਕਰਦਿਆਂ ਸੁਰੱਖਿਆ ਪ੍ਰੋਟੋਕੋਲ ਨੂੰ ਭੰਗ ਕੀਤਾ ਤੇ ਇੱਕ ਸਮਰਥਕ ਨੇ ਪ੍ਰਧਾਨ ਮੰਤਰੀ ਦਾ ਕਾਫ਼ਲਾ ਰੋਕ ਕੇ ਉਸ ਨੂੰ ਪਗੜੀ ਵੀ ਪਹਿਨਾਈ। ਪ੍ਰਧਾਨ ਮੰਤਰੀ ਨੂੰ ਪ੍ਰੋਟੋਕੋਲ ਭੰਗ ਕਰਨ, ਸਟੰਟਬਾਜ਼ੀ ਤੇ ਡਰਾਮੇਬਾਜ਼ੀ ਕਰਨ ਦੀ ਆਦਤ ਤੇ ਸ਼ੌਕ ਹੈ; ਜਿਸ ਦੀਆਂ ਉਪਰੋਕਤ ਉਦਾਹਰਣਾਂ ਤੋਂ ਇਲਾਵਾ ਹੋਰ ਅਨੇਕਾਂ ਉਦਾਹਰਣਾਂ ਪੁਰਾਣੇ ਅਖ਼ਬਾਰ ਚੋਂ ਲੱਭੀਆਂ ਜਾ ਸਕਦੀਆਂ ਹਨ, ਉਸ ਸਮੇਂ ਇਸ ਤਰ੍ਹਾਂ ਦਾ ਰੌਲ਼ਾ ਕਿਸੇ ਨੇ ਨਾ ਪਾਇਆ ਜਿਵੇਂ ਹੁਣ ਪੰਜਾਬ ’ਚ ਪਾਇਆ ਜਾ ਰਿਹਾ ਹੈ।

(8) 22 ਦਸੰਬਰ 2017 ਵਾਰਾਨਸੀ ਖੇਤਰ ’ਚ ਲੰਕਾ ਗੇਟ ਨਾਮੀ ਸਥਾਨ ’ਤੇ ਇੱਕ ਰੈਲੀ ਨੂੰ ਸੰਬੋਧਨ ਕਰਨਾ ਸੀ। ਰਸਤਾ ਬਨਾਰਸ ਹਿੰਦੂ ਯੂਨੀਵਰਸਟੀ ਵਿੱਚੋਂ ਦੀ ਲੰਘ ਕੇ ਜਾਣ ਦਾ ਸੀ ਜਿੱਥੇ ਯੋਨ ਪੀੜਤ ਵਿਦਿਆਰਥਣਾਂ ਰੋਸ ਪ੍ਰਦਰਸ਼ਨ ਕਰ ਰਹੀਆਂ ਸਨ। ਪੁਲਿਸ ਨੇ ਵਿਦਿਆਰਥਣਾਂ ਨੂੰ ਪ੍ਰਧਾਨ ਮੰਤਰੀ ਦੇ ਰਸਤੇ ’ਚੋਂ ਹਟਾਉਣ ਦਾ ਯਤਨ ਕੀਤਾ ਪਰ ਵਿਦਿਆਰਥਣਾਂ ਨਾ ਮੰਨੀਆਂ ਤੇ ਆਪਣਾ ਪ੍ਰਦਰਸ਼ਨ ਜਾਰੀ ਰੱਖਿਆ। ਉਸ ਸਮੇਂ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੀ ਜਾਨ ਦਾ ਖ਼ਤਰਾ ਕਿਉਂ ਨਾ ਲੱਗਾ ਅਤੇ ਯੂਪੀ ਦੇ ਮੁੱਖ ਮੰਤਰੀ ਅਦਿਤਿਆ ਨਾਥ ਦਾ ਧੰਨਵਾਦ ਕਿਉਂ ਨਾ ਕੀਤਾ ਕਿ ਉਹ ਜਾਨ ਬਚਾ ਕੇ ਜਿੰਦਾ ਵਾਪਸ ਮੁੜ ਗਿਆ।

(9) ਪੀਐਮ ਮੋਦੀ 25 ਦਸੰਬਰ 2017 ਨੂੰ ਨੋਇਡਾ ਵਿਚ ਕਾਲਕਾ ਜੀ ਮੈਟਰੋ ਲਾਈਨ, ਬੋਟੈਨੀਕਲ ਗਾਰਡਨ ਦਾ ਉਦਘਾਟਨ ਕਰਨ ਗਏ ਸਨ। ਉਹਨਾਂ ਦੇ ਕਾਫ਼ਲੇ ਦੀ ਅਗਵਾਈ ਕਰ ਰਹੇ ਦੋ ਪੁਲਿਸ ਵਾਲੇ ਗਲਤ ਰਸਤੇ ਪੈ ਗਏ। ਇਸ ਕਾਰਨ ਪੀਐਮ ਮੋਦੀ ਦਾ ਕਾਫ਼ਲਾ ਮਹਾਮਾਯਾ ਫਲਾਈਓਵਰ ਦੀ ਆਵਾਜਾਈ ਵਿਚ ਫਸ ਗਿਆ। ਉਸ ਸਮੇਂ ਯੂਪੀ ਦੇ ਮੁੱਖ ਮੰਤਰੀ ਅਦਿਤਿਆ ਨਾਥ ਦਾ ਧੰਨਵਾਦ ਕਿਉਂ ਨਾ ਕੀਤਾ ਕਿ ਉਹ ਜਾਨ ਬਚਾ ਕੇ ਜਿੰਦਾ ਵਾਪਸ ਮੁੜ ਗਿਆ। ਕੀ ਜਾਨ ਨੂੰ ਖਤਰਾ ਕੇਵਲ ਪੰਜਾਬ ਅਤੇ ਕਾਂਗਰਸੀ ਸਾਸ਼ਤ ਸੂਬਿਆਂ ’ਚ ਹੀ ਹੁੰਦਾ ਹੈ; ਆਪਣੀ ਪਾਰਟੀ ਵਾਲੀਆਂ ਸਰਕਾਰਾਂ ’ਚ ਜਾਨ ਨੂੰ ਕੋਈ ਖ਼ਤਰਾ ਨਹੀਂ ?

(10) 26 ਮਈ 2018 ਨੂੰ ਵਿਸ਼ਵ ਭਾਰਤੀ ਕਨਵੋਕੇਸ਼ਨ ਦੌਰਾਨ ਪੀਐਮ ਮੋਦੀ ਦੀ ਸੁਰੱਖਿਆ ਵਿਚ ਵੱਡੀ ਕੁਤਾਹੀ ਹੋਈ ਸੀ। ਇੱਕ ਨੌਜਵਾਨ ਐਸਪੀਜੀ ਸੁਰੱਖਿਆ ਵਿਚੋਂ ਲੰਘਦਾ ਹੋਇਆ ਸਿੱਧਾ ਪੀਐਮ ਮੋਦੀ ਕੋਲ ਜਾ ਪਹੁੰਚਿਆ। ਜਦੋਂ ਤੱਕ ਗਾਰਡ ਉਸ ਨੂੰ ਫੜ ਪਾਉਂਦਾ ਤਦ ਤੱਕ ਉਹ ਪੀਐੱਮ ਮੋਦੀ ਕੋਲ ਪਹੁੰਚ ਕੇ ਉਹਨਾਂ ਦੇ ਪੈਰ ਛੂਹ ਚੁੱਕਾ ਸੀ।

(11) 2 ਫ਼ਰਵਰੀ  2019 ਨੂੰ ਪ੍ਰਧਾਨ ਮੰਤਰੀ ਮੋਦੀ ਪੱਛਮੀ ਬੰਗਾਲ ਦੇ ਅਸ਼ੋਕ ਨਗਰ ਵਿਚ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਰੈਲੀ ਦੌਰਾਨ ਬੈਰੀਕੇਡ ਤੋੜ ਕੇ ਭੀੜ ਸਟੇਜ ਵੱਲ ਵਧਣ ਲੱਗੀ। ਇਸ ਤੋਂ ਬਾਅਦ ਪੀਐਮ ਮੋਦੀ ਨੇ 20 ਮਿੰਟਾਂ ਵਿਚ ਆਪਣਾ ਭਾਸ਼ਣ ਖ਼ਤਮ ਕੀਤਾ ਅਤੇ ਐਸਪੀਜੀ ਨੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ।

(12) 14 ਫ਼ਰਵਰੀ 2019 ਨੂੰ ਪ੍ਰਧਾਨ ਮੰਤਰੀ ਮੋਦੀ ਨੇ ਰੁਦਰਪੁਰ ਰੈਲੀ ਨੂੰ ਸੰਬੋਧਨ ਕਰਨਾ ਸੀ। ਮੋਦੀ ਜੀ ਦੇਹਰਾਦੂਨ ਹਵਾਈ ਅੱਡੇ ’ਤੇ ਉੱਤਰੇ ਪਰ ਖਰਾਬ ਮੌਸਮ ਕਾਰਨ ਹੈਲੀਕਾਪਟਰ ਰਾਹੀਂ ਰੁਦਰਪੁਰ ਨਾ ਜਾ ਸਕੇ ਤਾਂ ਉਨ੍ਹਾਂ ਦੇਹਰਾਦੂਨ ਹਵਾਈ ਅੱਡੇ ਤੋਂ ਹੀ ਫ਼ੋਨ ਰਾਹੀਂ ਸੰਬੋਧਨ ਕੀਤਾ। ਇਸੇ ਤਰ੍ਹਾਂ ਇਸ ਤੋਂ ਪਹਿਲਾਂ ਇੱਕ ਵਾਰ ਬਹਰਾਈਚ ਰੈਲੀ ਨੂੰ ਫ਼ੋਨ ਰਾਹੀਂ ਸੰਬੋਧਨ ਕੀਤਾ, ਇਸ ਤਰ੍ਹਾਂ ਹੀ ਫਿਰੋਜ਼ਪੁਰ ਰੈਲੀ ਨੂੰ ਫ਼ੋਨ ਰਾਹੀਂ ਬਠਿੰਡਾ ਜਾਂ ਦਿੱਲੀ ਤੋਂ ਹੀ ਸੰਬੋਧਨ ਕਿਉਂ ਨਾ ਕੀਤਾ ? ਜਦੋਂ ਕਿ ਵਰ੍ਹਦੇ ਮੀਂਹ ’ਚ ਸੜਕ ਰਾਹੀਂ ਜਾਣਾ ਵੀ ਖ਼ਤਰੇ ਤੋਂ ਖਾਲੀ ਨਹੀਂ ਅਤੇ ਇਹ ਵੀ ਪਤਾ ਸੀ ਕਿ ਕਿਸਾਨਾਂ ਦਾ ਉਨ੍ਹਾਂ ਪ੍ਰਤੀ ਗੁੱਸਾ ਖਤਮ ਨਹੀਂ ਹੋਇਆ ਜਿਸ ਕਾਰਨ ਕਈ ਜਥੇਬੰਦੀਆਂ ਨੇ ਉਨ੍ਹਾਂ ਵਿਰੁੱਧ ਜ਼ਿਲ੍ਹਾ ਅਤੇ ਤਹਿਸੀਲ ਪੱਧਰ ’ਤੇ ਰੋਸ ਪ੍ਰਦਰਸ਼ਨ ਕਰਨ ਅਤੇ ਪੁਤਲੇ ਫੂਕਣ ਦਾ ਪ੍ਰੋਗਰਾਮ ਐਲਾਨਿਆ ਹੋਇਆ ਹੈ।

(13) ਉਕਤ ਘਟਨਾਵਾਂ ਤੋਂ ਇਲਾਵਾ ਪੀਐਮ ਮੋਦੀ ਖੁਦ ਕਈ ਵਾਰ ਸੁਰੱਖਿਆ ਪ੍ਰੋਟੋਕੋਲ ਤੋੜ ਕੇ ਲੋਕਾਂ ਨੂੰ ਮਿਲਦੇ ਰਹੇ ਹਨ। ਹਾਲ ਹੀ ’ਚ ਵਿਸ਼ਵਨਾਥ ਕੋਰੀਡੋਰ ਦੇ ਉਦਘਾਟਨ ਲਈ ਵਾਰਾਣਸੀ ਪਹੁੰਚ ਕੇ ਕਈ ਥਾਵਾਂ ’ਤੇ ਪ੍ਰੋਟੋਕੋਲ ਤੋੜਿਆ। ਵਿਦੇਸ਼ੀ ਮਹਿਮਾਨਾਂ ਦੇ ਸਵਾਗਤ ਵਿਚ ਵੀ ਪੀਐਮ ਮੋਦੀ ਕਈ ਵਾਰ ਪ੍ਰੋਟੋਕੋਲ ਤੋੜ ਚੁੱਕੇ ਹਨ। ਸੰਨ 2019 ‘ਚ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੀ ਦਿੱਲੀ ਏਅਰਪੋਰਟ ’ਤੇ ਜੱਫੀ ਪਾਉਣ ਦੀ ਤਸ਼ਵੀਰ ਕਾਫੀ ਵਾਇਰਲ ਹੋਈ ਸੀ। ਹਾਲ ਹੀ ’ਚ ਵਿਸ਼ਵਨਾਥ ਕੋਰੀਡੋਰ ਦੇ ਉਦਘਾਟਨ ਲਈ ਵਾਰਾਨਸੀ ਪਹੁੰਚ ਕੇ ਕਈ ਥਾਵਾਂ ’ਤੇ ਪ੍ਰੋਟੋਕੋਲ ਤੋੜਿਆ।

ਜਦ ਪੱਛਮੀ ਬੰਗਾਲ ਦੀਆਂ ਚੋਣਾਂ ਅਤੇ 30 ਅਕਤੂਬਰ 2021 ਨੂੰ ਤਿੰਨ ਲੋਕ ਸਭਾ ਅਤੇ 29 ਵਿਧਾਨ ਸਭਾ ਦੀਆਂ ਸੀਟਾਂ ਲਈ ਮੱਧਕਾਲੀ ਚੋਣਾਂ ਵਿੱਚ ਕਿਸਾਨ ਅੰਦੋਲਨ ਦੀ ਵਜ੍ਹਾ ਨਾਲ ਭਾਰੀ ਨਮੋਸ਼ੀ ਦਾ ਮੂੰਹ ਵੇਖਣਾ ਪਿਆ ਅਤੇ ਅੱਗੇ ਫ਼ਰਵਰੀ, ਮਾਰਚ ’ਚ ਪੰਜਾਬ, ਯੂਪੀ ਸਮੇਤ 5 ਸੂਬਿਆਂ ’ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ’ਚ ਅੰਦੋਲਨ ਕਾਰਨ ਭਾਰੀ ਨੁਕਾਸਨ ਹੋ ਜਾਣ ਦੇ ਆਉਣ ਲੱਗੇ ਤਾਂ ਬਿਨ੍ਹਾਂ ਕਿਸਾਨਾਂ ਨਾਲ ਸਲਾਹ ਜਾਂ ਮੀਟਿੰਗ ਕੀਤਿਆਂ ਤਿੰਨ ਕਾਨੂੰਨ ਰੱਦ ਕਰਨ ਅਤੇ ਐੱਮਐੱਸਪੀ ਲਈ ਕਮੇਟੀ ਬਣਾਉਣ ਦਾ ਐਲਾਨ ਕਰ ਦਿੱਤਾ। ਜਦ ਕਿਸਾਨ ਫਿਰ ਵੀ ਉੱਠਣ ਲਈ ਤਿਆਰ ਨਾ ਹੋਏ ਤਾਂ ਨਵੰਬਰ ’ਚ ਹੋ ਰਹੇ ਸੰਸਦ ਸੈਸ਼ਨ ’ਚ ਤਿੰਨੇ ਕਾਨੂੰਨ ਰੱਦ ਕਰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਅਤੇ ਕੁਝ ਲਿਖਤੀ ਵਾਅਦੇ ਕੀਤੇ ਜਿਵੇਂ ਕਿ ਐੱਮਐੱਸਪੀ ਕਾਨੂੰਨ ਲਈ ਸਾਂਝੀ ਕਮੇਟੀ ਬਣਾਉਣਾ; ਮੋਰਚੇ ਵਿੱਚ ਭਾਗ ਲੈਣ ਵਾਲੇ ਕਿਸਾਨ ਆਗੂਆਂ ਨੂੰ ਕਮੇਟੀ ’ਚ ਸ਼ਾਮਲ ਕਰਨਾ, ਮੋਰਚੇ ਦੌਰਾਨ ਕਿਸਾਨਾਂ ਅਤੇ ਉਨ੍ਹਾਂ ਦੇ ਸਮੂਹ ਸਮਰਥਕਾਂ ’ਤੇ ਦਰਜ ਹੋਏ ਕੇਸ ਵਾਪਸ ਲੈਣੇ, 26 ਜਨਵਰੀ ਦੀ ਘਟਨਾ ਦੌਰਾਨ ਦਿੱਲੀ ਪੁਲਿਸ ਵੱਲੋਂ ਕਿਸਾਨਾਂ ਦੇ ਫੜੇ ਗਏ ਟਰੈਕਟਰ ਅਤੇ ਹੋਰ ਸਮਾਨ ਵਾਪਸ ਕਰਨੇ। ਇਨ੍ਹਾਂ ਲਿਖਤੀ ਵਾਅਦਿਆਂ ਵਿੱਚੋਂ ਇੱਕ ਵੀ ਵਾਅਦਾ ਹੁਣ ਤੱਕ ਪੂਰਾ ਨਹੀਂ ਹੋਇਆ। ਇਹੀ ਗੁੱਸੇ ਅਤੇ ਰੋਸ ਦੇ ਮੁੱਖ ਕਾਰਨ ਸਨ। ਇਸ ਤੋਂ ਇਲਾਵਾ ਹੇਠ ਲਿਖੇ ਨੁਕਤੇ ਵੀ ਰੋਸ ਵਿੱਚ ਵਾਧਾ ਕਰਦੇ ਸਨ।

(1) ਦੇਸ਼ ਦੇ ਕਿਸਾਨ ਇੱਕ ਸਾਲ ਦੇ ਵੱਧ ਸਮੇਂ ਤੋਂ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ ’ਤੇ 2° ਸੈਂਟੀਗਰੇਡ ਤੱਕ ਦੀ ਅਤਿ ਠੰਡ ਦੇ ਮੌਸਮ ਤੋਂ ਲੈ ਕੇ 46° ਸੈਂਟੀਗਰੇਡ ਦੀ ਅਤਿ ਗਰਮੀ ਦੀ ਰੁੱਤ ਅਤੇ ਵਰਖਾ ਦੀ ਰੁੱਤ ’ਚ ਵਰ੍ਹਦੇ ਮੀਂਹਾਂ ਦੌਰਾਨ ਅਸਮਾਨ ਦੀ ਛੱਤ ਹੇਠ ਸੜਕਾਂ ’ਤੇ ਬੈਠੇ ਰਹੇ ਪਰ ਪ੍ਰਧਾਨ ਮੰਤਰੀ ਨੇ ਅਜਿਹੇ ਸਮੇਂ ਦੌਰਾਨ ਇੱਕ ਵਾਰੀ ਵੀ ਉਨ੍ਹਾਂ ਨੂੰ ਮਿਲ ਕੇ ਗਿਲੇ ਸ਼ਿਕਵੇ ਦੂਰ ਕਰਨ ਲਈ ਮੀਟਿੰਗ ਕਰਨ ਲਈ ਸਮਾਂ ਨਹੀਂ ਕੱਢਿਆ।

(2) ਮੋਰਚੇ ਦੌਰਾਨ 700 ਤੋਂ ਉੱਪਰ ਕਿਸਾਨ ਆਪਣੀਆਂ ਜਾਨਾਂ ਗੁਆ ਚੁੱਕੇ ਸਨ ਪਰ ਮੋਦੀ ਨੇ ਇੱਕ ਵੀ ਸ਼ਬਦ ਉਨ੍ਹਾਂ ਦੀ ਹਮਦਰਦੀ ’ਚ ਨਹੀਂ ਕਿਹਾ ਸਗੋਂ ਅੰਦੋਲਨਜੀਵੀ, ਪ੍ਰਜੀਵੀ ਆਦਿ ਕਹਿ ਕੇ ਉਨ੍ਹਾਂ ਦਾ ਅਪਮਾਨ ਕੀਤਾ। ਵੱਡੇ ਛੋਟੇ ਸਾਰੇ ਮੰਤਰੀਆਂ ਅਤੇ ਭਾਜਪਾ ਆਗੂਆਂ ਨੇ ਕਿਸਾਨਾਂ ਨੂੰ ਖ਼ਾਲਸਤਾਨੀ, ਦੇਸ਼ ਵਿਰੋਧੀ, ਪਾਕਿਸਤਾਨੀ ਅਤੇ ਏਜੰਸੀਆਂ ਦੇ ਏਜੰਟ, ਸਿਆਸਤ ਤੋਂ ਪ੍ਰੇਰਿਤ ਕਾਂਗਰਸ ਦੇ ਏਜੰਟ ਕਹਿ ਕੇ ਬਦਨਾਮ ਕੀਤਾ।

(3) ਕਿਸਾਨਾਂ ਨੂੰ ਧਮਕੀਆਂ ਦੇਣ ਵਾਲੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਪੁੱਤਰ ਅਸ਼ੀਸ਼ ਮਿਸ਼ਰਾ ਨੇ 3 ਅਕਤੂਬਰ 2021 ਨੂੰ ਲਖੀਮਪੁਰ ਖੀਰੀ ਵਿਖੇ ਪ੍ਰਦਰਸ਼ਨ ਕਰ ਵਾਪਸ ਜਾ ਰਹੇ ਕਿਸਾਨਾਂ ਉੱਪਰ ਪਿੱਛੋਂ ਆ ਕੇ ਗੱਡੀ ਚੜ੍ਹਾ ਦਿੱਤੀ। ਸਿੱਟੇ ਵਜੋਂ 4 ਕਿਸਾਨ ਅਤੇ ਇੱਕ ਪੱਤਰਕਾਰ ਦੀ ਮੌਤ ਸਮੇਤ ਕਈ ਗੰਭੀਰ ਰੂਪ ਵਿੱਚ ਜਖ਼ਮੀ ਹੋਏ। ਦੋਸ਼ੀ ਨੂੰ ਫੜਨ ਦੀ ਬਜਾਏ ਉਲਟੇ ਕਿਸਾਨਾਂ ’ਤੇ ਕੇਸ ਦਰਜ ਕਰ ਉਨ੍ਹਾਂ ਦੀਆਂ ਗ੍ਰਿਫ਼ਤਾਰੀਆਂ ਸ਼ੁਰੂ ਕਰ ਦਿੱਤੀਆਂ। ਇਹ ਤਾਂ ਭਲਾ ਹੋਵੇ ਸੋਸ਼ਲ ਮੀਡੀਏ ਦਾ ਕਿ ਬਾਅਦ ’ਚ ਸਾਹਮਣੇ ਆਈਆਂ ਵੀਡੀਓਜ਼ ਨੇ ਉਹ ਸਬੂਤ ਮੁਹੱਈਆ ਕਰਵਾ ਦਿੱਤੇ ਜਿਸ ਨਾਲ ਅਸ਼ੀਸ਼ ਮਿਸ਼ਰਾ ਦੋਸ਼ੀ ਸਿੱਧ ਹੁੰਦਾ ਹੈ। ਅਸ਼ੀਸ਼ ਮਿਸ਼ਰਾ ਦੀ ਗ੍ਰਿਫ਼ਤਾਰੀ ਓਨਾ ਚਿਰ ਨਹੀਂ ਹੋਈ ਜਦ ਤੱਕ ਸੁਪ੍ਰੀਮ ਕੋਰਟ ਨੇ ਯੂ.ਪੀ. ਸਰਕਾਰ ਨੂੰ ਝਾੜ ਨਹੀਂ ਪਾਈ। ਸੁਪ੍ਰੀਮ ਕੋਰਟ ਦੀ ਨਿਗਰਾਨੀ ਹੇਠ ਬਣੀ ਜਾਂਚ ਕਮੇਟੀ ਨੇ ਇਨ੍ਹਾਂ ਕਤਲਾਂ ਨੂੰ ਸਾਜਿਸ਼ ਦੱਸਿਆ ਜਿਸ ’ਚ ਅਜੈ ਮਿਸ਼ਰਾ ਵੀ ਸ਼ਾਮਲ ਹੈ। ਇਸ ਦੇ ਬਾਵਯੂਦ ਅਜੈ ਮਿਸ਼ਰਾ ਹਾਲੀ ਗ੍ਰਹਿ ਮੰਤਰੀ ਦੀ ਕੁਰਸੀ ’ਤੇ ਕਾਇਮ ਹੈ ਜਿਸ ਦੀ ਕਿਸਾਨ ਬਰਖਾਸਤਗੀ ਦੀ ਮੰਗ ਕਰ ਰਹੇ ਹਨ।

ਭਾਜਪਾ ਆਗ਼ੂਆਂ ਦਾ ਇਹ ਕਹਿਣਾ ਕਿ ਪ੍ਰਧਾਨ ਮੰਤਰੀ ਨੇ ਰੈਲੀ ਦੌਰਾਨ ਵਿਕਾਸ ਕਾਰਜਾਂ ਲਈ ਪੰਜਾਬ ਨੂੰ 42,750 ਕਰੋੜ ਦੇ ਪੈਕੇਜ਼ ਦੇਣੇ ਸਨ ਪਰ ਵਿਕਾਸ ਵਿਰੋਧੀਆਂ ਨੇ ਉਨ੍ਹਾਂ ਦੀ ਰੈਲੀ ਰੱਦ ਕਰਵਾ ਪੰਜਾਬ ਦਾ ਨੁਕਸਾਨ ਕੀਤਾ ਹੈ, ਪਰ ਕਾਠ ਦੀ ਹਾਂਡੀ ਵਾਰ ਵਾਰ ਨਹੀਂ ਚੜ੍ਹਦੀ ਵਾਲੀ ਕਹਾਵਤ ਅਨੁਸਾਰ ਇਸ ਵਾਰ ਸੰਕੇਤ ਇਹੀ ਹਨ ਕਿ ਉਨ੍ਹਾਂ ਦੇ ਇਨ੍ਹਾਂ ਫੋਕੇ ਐਲਾਨਾਂ ਅਤੇ ਵਾਅਦਿਆਂ ਨਾਲ ਸਫਲਤਾ ਮਿਲਣ ਦੇ ਦਰਵਾਜੇ ਬੰਦ ਹਨ ਕਿਉਂਕਿ ਜੇ ਵਿਕਾਸ ਕਾਰਜਾਂ ਲਈ ਪੰਜਾਬ ਨੂੰ ਕੁਝ ਦੇਣਾ ਹੈ, ਨਾ ਤਾਂ ਮੋਦੀ ਨੇ ਆਪਣੀ ਜੇਬ ’ਚੋਂ ਅਤੇ ਨਾ ਹੀ ਭਾਜਪਾ ਪਾਰਟੀ ਫੰਡਾਂ ’ਚੋਂ ਦੇਣਾ ਹੈ, ਇਹ ਪਬਲਿਕ ਫੰਡਾਂ ’ਚੋਂ ਮਿਲਣਾ ਹੈ, ਜਿਸ ਵਿੱਚ ਟੈਕਸ ਅਦਾਇਗੀ ਦੇ ਤੌਰ ’ਤੇ ਪੰਜਾਬ ਦਾ ਵੀ ਓਨਾਂ ਹੀ ਹਿੱਸਾ ਅਤੇ ਹੱਕ ਹੈ ਜਿਨਾਂ ਬਾਕੀ ਦੇ ਸੂਬਿਆਂ ਦਾ। ਪਬਲਿਕ ਫੰਡਾਂ ’ਚੋਂ ਪੰਜਾਬ ਦਾ ਹਿੱਸਾ ਆਪਣੀਆਂ ਚੋਣ ਰੈਲੀਆਂ ’ਚ ਐਲਾਨ ਕਰ ਵੋਟਾਂ ਖ੍ਰੀਦਣ ਦਾ ਕੋਈ ਹੱਕ ਨਹੀਂ ਹੈ। ਜੇ ਕੁਝ ਦੇਣਾ ਹੈ ਉਹ ਬਠਿੰਡਾ ਵਿਖੇ ਜਾਂ ਦਿੱਲੀ ਬੈਠੇ ਵੀ ਐਲਾਨ ਕਰ ਸਕਦੇ ਸਨ। ਦੂਸਰੀ ਗੱਲ ਇਹ ਵੀ ਹੈ ਕਿ ਉਸ ਦੇ ਫੋਕੇ ਐਲਾਨਾਂ ’ਤੇ ਕੋਈ ਵਿਸ਼ਵਾਸ ਨਹੀਂ ਰਿਹਾ ਕਿਉਂਕਿ ਚੋਣਾਂ ਸਮੇਂ ਕੀਤੇ ਅਜਿਹੇ ਐਲਾਨ ਕਦੀ ਵੀ ਵਫ਼ਾ ਨਹੀਂ ਹੋਏ; ਹੇਠ ਲਿਖੀਆਂ ਕੁਝ ਉਦਾਹਰਣਾਂ ਦੀ ਵੰਨਗੀ ਹੈ:

(ੳ) ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਗਸਤ 2015 ’ਚ ਚੋਣ ਰੈਲੀ ਦੌਰਾਨ ਮੋਦੀ ਨੇ ਭਰੀ ਸਟੇਜ਼ ’ਤੇ ਕਿਹਾ ਮੈਂ ਆਪਣੇ ਵਾਅਦੇ ਪੂਰੇ ਕਰਨ ਆਇਆ ਹਾਂ ਦੱਸੋ ਤੁਹਾਨੂੰ ਕਿੰਨਾ ਚਾਹੀਦਾ ਹੈ 50,000  ਕਰੋੜ, 60,000; 70,000; 75,000; 80,000 ? ਚਲੋ ਮੈਂ 1.25 ਲੱਖ ਕਰੋੜ ਦਾ ਪੈਕੇਜ਼ ਦੇਣ ਦਾ ਐਲਾਨ ਕਰਦਾ ਹਾਂ, ਪਰ ਸਤੰਬਰ 2020 ਭਾਵ ਅਗਲੀਆਂ ਚੋਣਾਂ ਤੱਕ ਇਸ ਐਲਾਨੇ ਗਏ ਪੈਕੇਜ਼ ’ਚੋ ਬਿਹਾਰ ਨੂੰ ਕੁਝ ਨਹੀਂ ਮਿਲਿਆ। ਭਾਜਪਾ ਦੇ ਹੀ ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਮੁਤਾਬਕ ਉਸ ਪਾਸ ਕੋਈ ਅਜਿਹਾ ਵੇਰਵਾ ਨਹੀਂ ਸੀ। ਜੇ ਬਿਹਾਰ ਨੂੰ ਕੁਝ ਮਿਲਿਆ ਹੁੰਦਾ ਤਾਂ ਕੋਈ ਕਾਰਨ ਹੀ ਨਹੀਂ ਕਿ ਭਾਜਪਾ ਨਾਲ ਸੰਬੰਧਿਤ ਉਪ ਮੁੱਖ ਮੰਤਰੀ ਪਾਸ ਉਸ ਦਾ ਵੇਰਵਾ ਨਾ ਹੋਵੇ। ਇਸ ਦਾ ਭਾਵ ਹੈ ਕਿ ਅਗਸਤ 2015 ’ਚ ਮੋਦੀ ਵੱਲੋਂ ਕੀਤਾ ਐਲਾਨ ਕੇਵਲ ਚੁਣਾਵੀ ਜ਼ੁਮਲਾ ਸੀ।

(ਅ) 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਨੇ ਦੇਸ਼ ਵਾਸੀਆਂ ਨਾਲ ਅਨੇਕਾਂ ਮਨ ਲੁਭਾਊ ਵਾਅਦੇ ਕੀਤੇ ਜਿਵੇਂ ਕਿ ਵਿਦੇਸ਼ਾਂ ’ਚੋਂ ਕਾਲ਼ਾ ਧਨ ਵਾਪਸ ਲਿਆ ਕੇ ਹਰ ਭਾਰਤੀ ਦੇ ਖਾਤੇ ’ਚ 15 ਲੱਖ ਰੁਪਏ ਜਮਾਂ ਕਰਵਾਉਣੇ, ਸਵਾਮੀਨਾਥਨ ਰਿਪੋਰਟ ਲਾਗੂ ਕਰਨੀ, ਛੋਟੇ ਵਾਪਾਰੀਆਂ ਨੂੰ ਪੈਂਨਸ਼ਨ ਦੇਣੀ, ਹਰ ਸਾਲ 2 ਕਰੋੜ ਨੌਕਰੀਆਂ ਦੇਣੀਆਂ, ਦੇਸ਼ ਵਿਕਨੇ ਨਹੀਂ ਦੂੰਗਾ ਆਦਿਕ, ਪਰ ਇਨ੍ਹਾਂ ’ਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ ਸਗੋਂ ਵਾਅਦਿਆਂ ਦੇ ਉਲਟ ਕਾਰਵਾਈ ਕੀਤੀ ਹੈ।

(ੲ) ਜ਼ਬਾਨੀ ਵਾਅਦੇ ਪੂਰੇ ਕਰਨੇ ਤਾਂ ਇੱਕ ਪਾਸੇ ਰਹੇ 2020-21 ਦੇ ਬੱਜ਼ਟ ਵਿੱਚ 3 ਕਰੋੜ ਛੋਟੇ ਵਾਪਾਰੀਆਂ ਨੂੰ ਪੈਂਨਸ਼ਨ ਦੇਣ ਲਈ ਫੰਡ ਰਾਖਵੇਂ ਰੱਖੇ ਪਰ 24 ਫ਼ਰਵਰੀ 2021 ਤੱਕ ਕੇਵਲ 43,583 ਵਾਪਾਰੀਆਂ ਨੂੰ ਹੀ ਪੈਂਨਸ਼ਨ ਲਾਭ ਮਿਲੇ ਜਦੋਂ ਕਿ ਭਾਜਪਾ ਆਗੂ 5 ਲਾਭਕਾਰੀਆਂ ਦੀ ਗਿਣਤੀ 5 ਕਰੋੜ ਦੱਸਦੇ ਸਨ। ਹਰ ਸਾਲ ਪੇਸ਼ ਕੀਤੇ ਸਾਲਾਨਾ ਬੱਜ਼ਟਾਂ ਅਤੇ ਸਾਲ ਦੇ ਅਖੀਰ ’ਤੇ ਪੇਸ਼ ਕੀਤੇ ਸਪਲੀਮੈਂਟ ਬੱਜ਼ਟਾਂ ਵਿੱਚ ਰਾਖਵੇਂ ਫੰਡਾਂ ਦੀ ਰਾਸ਼ੀ 90% ਤੱਕ ਘਟ ਜਾਂਦੀ ਸੀ, ਜਿਸ ਦਾ ਭਾਵ ਲਾਭ ਨਾਮਾਤਰ ਵਾਪਰੀਆਂ ਨੂੰ ਹੀ ਮਿਲਿਆ ਜਦੋਂ ਕਿ ਬਾਕੀਆਂ ਤੋਂ ਕੇਵਲ ਤਾੜੀਆਂ ਮਰਵਾ ਕੇ ਵੋਟਾਂ ਵਟੋਰੀਆਂ ਗਈਆਂ।

ਅਜਿਹਾ ਜ਼ੁਮਲਾ-ਮਾਸਟਰ, ਪ੍ਰਧਾਨ ਮੰਤਰੀ ਜੇ ਕੁਝ ਫਿਰੋਜ਼ਪੁਰ ਰੈਲੀ ’ਚ ਐਲਾਨ ਕਰ ਜਾਂਦਾ ਤਾਂ ਪੰਜਾਬ ਨੂੰ ਕੀ ਪ੍ਰਾਪਤ ਹੋਣਾ ਸੀ ਇਹ ਤਾਂ ਰੱਬ ਜਾਣਦਾ ਹੈ ਪਰ ਲੋਕਾਂ ਦੇ ਨਕਾਰੇ ਹੋਏ ਸਿਆਸੀ ਨੇਤਾਵਾਂ ਦੀ ਵੱਡੀ ਗਿਣਤੀ ਨੂੰ ਆਪਣੀ ਕੀਮਤ ਪਵਾਉਣ ਲਈ ਭਾਜਪਾ ’ਚ ਜਾਣ ਦਾ ਬਹਾਨਾ ਜਰੂਰ ਮਿਲ ਜਾਣਾ ਸੀ ਭਾਵੇਂ ਕਿ ਅਜਿਹੇ ਦਲਬਦਲੂਆਂ ਦੀ ਮਦਦ ਨਾਲ ਭਾਜਪਾ ਦੇ ਪੈਰ ਉਸੇ ਤਰ੍ਹਾਂ ਨਹੀਂ ਲੱਗਣੇ ਜਿਵੇਂ ਕਿ ਟੀਐੱਮਸੀ ਦੇ ਵੱਡੀ ਗਿਣਤੀ ’ਚ ਆਗੂ ਸ਼ਾਮਲ ਕਰਵਾਉਣ ਪਿੱਛੋਂ ਵੀ ਬੰਗਾਲ ’ਚ ਭਾਜਪਾ ਦੇ ਸਰਕਾਰ ਬਣਾਉਣ ਦੇ ਮਨਸੂਬੇ ਸਫਲ ਨਹੀਂ ਹੋਏ ਅਤੇ ਭਾਜਪਾ ਦੀ ਹਾਰ ਉਪ੍ਰੰਤ ਜਿੱਤੇ ਹੋਏ ਆਗੂ ਵੀ ਪੁੱਠੇ ਪੈਰੀਂ ਭੱਜ ਕੇ ਮੁੜ ਮੁਆਫੀਆਂ ਮੰਗ ਕੇ ਟੀਐੱਮਸੀ ’ਚ ਸ਼ਾਮਲ ਹੋ ਗਏ।

(4) ਮੋਦੀ ਦੇ ਹੰਕਾਰੀ ਤੇ ਘੁਮੰਡੀ ਹੋਣ ਦੀ ਪੁਸ਼ਟੀ ਮੇਘਾਲਿਆ ਦੇ ਗਵਰਨਰ ਸਤਿਆ ਪਾਲ ਮਲਿਕ ਦਾ ਉਹ ਬਿਆਨ ਵੀ ਕਰਦਾ ਹੈ ਜਿਸ ਵਿੱਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਜੀ ਨਾਲ ਹੋਈ ਗੱਲਬਾਤ ਦਾ ਵੇਰਵਾ ਦਿੰਦੇ ਹੋਏ ਕਿਹਾ ਹੈ ਉਨ੍ਹਾਂ ਦੀ 5 ਮਿੰਟ ’ਚ ਹੀ ਮੋਦੀ ਨਾਲ ਲੜਾਈ ਹੋ ਗਈ ਜਿਸ ਸਮੇਂ ਉਨ੍ਹਾਂ ਨੇ ਕਿਸਾਨ ਅੰਦੋਲਨ ਦਾ ਹੱਲ ਲੱਭਣ ਦੀ ਬੇਨਤੀ ਕਰਦਿਆਂ ਕਿਹਾ ਕਿ 500 ਕਿਸਾਨ ਆਪਣੀ ਜਾਨ ਗੁਆ ਬੈਠੇ ਹਨ ਇਸ ਲਈ ਜਲਦੀ ਇਸ ਦਾ ਹੱਲ ਲੱਭਿਆ ਜਾਵੇ ਤਾਂ ਉਹ ਇੰਨੇ ਘੁਮੰਡ ’ਚ ਸਨ ਕਿ ਝਟ ਉੱਤਰ ਦਿੱਤਾ ‘ਕਿਆ ਮੇਰੇ ਲਈ ਮਰੇ ਹੈਂ’। ਜਦ ਗਵਰਨਰ ਦੇ ਇਸ ਸਵਾਲ ਕਿ ਜਦ ਕਾਨੂੰਨ ਤੁਸੀਂ ਬਣਾਏ ਹਨ ਤਾਂ ਹੁਣ ਹੱਲ ਵੀ ਤੁਸੀਂ ਹੀ ਲੱਭਣਾ ਹੈ ਤਾਂ ਪ੍ਰਧਾਨ ਮੰਤਰੀ ਨੇ ਬਹੁਤ ਹੀ ਗੁੱਸੇ ’ਚ ਆ ਕੇ ਕਿਹਾ ‘ਜਾਉ ਅਮਿਤ ਸ਼ਾਹ ਸੇ ਬਾਤ ਕਰ ਲਓ’।

(5) ਅਸਲ ’ਚ ਮੋਦੀ ਜੀ ਕਿਸੇ ਦੀ ਸਲਾਹ ਮੰਨਣ ਨੂੰ ਤਿਆਰ ਨਹੀਂ ਹੁੰਦੇ ਅਤੇ ਸਭ ਕੁਝ ਆਪਣੇ ਆਪ ਨੂੰ ਹੀ ਵਿਖਾਉਣਾ ਚਾਹੁੰਦੇ ਹਨ। ਉਨ੍ਹਾਂ ਨੂੰ ਇੱਕਦਮ ਅਚਾਨਕ ਫੈਸਲੇ ਕਰ ਲੋਕਾਂ ਵਿੱਚ ਸ਼ਨਸ਼ਨੀ, ਦੁਬਿਧਾ ਅਤੇ ਬੇਚੈਨੀ ਪੈਦਾ ਕਰਨ ਦਾ ਸ਼ੌਕ ਹੈ ਜਿਵੇਂ ਕਿ 2015 ’ਚ ਮੋਦੀ ਜੀ ਅਚਨਚੇਤ ਲਾਹੌਰ ਪਹੁੰਚੇ ਜਿੱਥੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਵੀ ਚੌਂਕਾ ਦਿੱਤਾ। 8 ਨਵੰਬਰ 2016 ਨੂੰ ਸ਼ਾਮ ਨੂੰ ਨੋਟਬੰਦੀ ਦਾ ਐਲਾਨ ਕਰ ਅੱਧੀ ਰਾਤ ਉਪ੍ਰੰਤ 500/- ਅਤੇ 1000/- ਰੁਪਏ ਦੇ ਨੋਟ ਬੰਦ ਕਰ ਦਿੱਤੇ। ਲੋਕਾਂ ਨੂੰ ਨੋਟ ਬਦਲਵਾਉਣ ਤੇ ਆਪਣੇ ਹੀ ਪੈਸੇ ਬੈਂਕ ’ਚ ਕਢਵਾਉਣ ਲਈ ਲੰਬੀਆਂ ਲਾਈਨਾਂ ’ਚ ਖੜ੍ਹਨਾ ਪਿਆ। ਸੈਂਕੜਿਆਂ ਨੂੰ ਜਾਨ ਗਵਾਉਣੀ ਪਈ ਅਤੇ ਦੇਸ਼ ਦੀ ਆਰਥਿਕਤਾ ਤਬਾਹ ਹੋ ਗਈ। ਦੇਸ਼ ਨੂੰ ਇਸ ਦਾ ਲਾਭ ਕੀ ਹੋਇਆ ਮੋਦੀ ਜੀ ਅੱਜ ਤੱਕ ਜਵਾਬ ਨਹੀਂ ਦੇ ਸਕੇ। 5 ਜੂਨ 2020 ਨੂੰ ਅਚਨਚੇਤ ਤਿੰਨ ਖੇਤੀ ਆਰਡੀਨੈਂਨਸ ਜਾਰੀ ਕੀਤੇ ਕਿਸਾਨਾਂ ਦੇ ਵਿਰੋਧ ਕਰਨ ਦੇ ਬਾਵਯੂਦ ਗੈਰ ਸੰਵਿਧਾਨਕ ਤੌਰ ’ਤੇ ਬਿੱਲ ਪਾਸ ਕਰਵਾ ਕੇ ਬੜੀ ਕਾਹਲ਼ੀ ’ਚ ਕਾਨੂੰਨ ਲਾਗੂ ਕੀਤੇ, ਇਸ ਦੇ ਰੋਸ ਵਜੋਂ ਪ੍ਰਦਰਸ਼ਨ ਕਰਨ ਦਿੱਲੀ ਜਾ ਰਹੇ ਕਿਸਾਨਾਂ ਨੂੰ ਅੱਗੋਂ ਸੜਕਾਂ ਪੁੱਟੀਆਂ, ਕਿੱਲ ਗੱਡੇ, ਕੰਡਿਆਲੀ ਤਾਰਾਂ ਅਤੇ ਭਾਰੇ ਪੱਥਰਾਂ ਨਾਲ 7 ਪ੍ਰਤੀ ਬੈਰੀਕੇਡਿੰਗ ਕਰ ਸਾਲ ਭਰ ਕਿਸਾਨ ਨੂੰ ਗਰਮੀਆਂ, ਸਰਦੀਆਂ ਅਤੇ ਵਰਖਾ ਰੁੱਤਾਂ ’ਚ ਸੜਕਾਂ ’ਤੇ ਰੁਲਣ ਲਈ ਮਜਬੂਰ ਕੀਤਾ ਜਿੱਥੇ 700 ਤੋਂ ਵੱਧ ਕਿਸਾਨ ਆਪਣੀਆਂ ਜਾਨਾਂ ਗੁਆ ਬੈਠੇ। ਮੋਦੀ ਨੇ ਖ਼ੁਦ ਮੀਟਿੰਗ ਕਰਨ ਲਈ ਸਮਾਂ ਨਾ ਕੱਢਿਆ ਤੇ ਅੰਤ 19 ਨਵੰਬਰ 2021 ਨੂੰ ਤਿੰਨੇ ਕਾਨੂੰਨ ਰੱਦ ਕਰ ਸਮਝਦਾ ਹੈ ਕਿ ਉਸ ਨੇ ਕਿਸਾਨਾਂ ’ਤੇ ਬਹੁਤ ਵੱਡਾ ਅਹਿਸਾਨ ਕਰ ਦਿੱਤਾ। ਉਸੇ ਤਰ੍ਹਾਂ ਹੁਣ 5 ਜਨਵਰੀ 2022 ਨੂੰ ਆਪਣੀ ਜਾਨ ਨੂੰ ਖਤਰੇ ਦਾ ਰੌਲ਼ੇ ਪਾ ਕੇ ਅਖੌਤੀ ਰਾਸ਼ਟਰਵਾਦੀ ਲੋਕਾਂ ਦੀ ਹਮਦਰਦੀ ਪ੍ਰਾਪਤ ਕਰਨਾ ਚਾਹੁੰਦਾ ਹੈ।

Most Viewed Posts